ਤਾਜਾ ਖ਼ਬਰਾਂ


ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  6 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਵੱਧ ਰਹੇ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਟਰੈਫ਼ਿਕ ਏ.ਡੀ.ਜੀ.ਪੀ. ਐੱਸ.ਐੱਸ. ਚੌਹਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਿਕ...
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  42 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਰਾਜਪਾਲ ਵੱਲੋਂ ਅੱਜ ਹੁਕਮ ਜਾਰੀ ਕਰ ਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਗਿਆ ਹੈ। ਜਿਨ੍ਹਾਂ ਦੇ ਨਾਂਅ ਪ੍ਰਬੋਧ ਕੁਮਾਰ, ਰੋਹਿਤ ....
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  about 1 hour ago
ਬੈਂਗਲੁਰੂ, 17 ਜੁਲਾਈ- ਸੁਪਰੀਮ ਕੋਰਟ ਵੱਲੋਂ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਬੈਂਗਲੁਰੂ 'ਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਬੈਂਗਲੁਰੂ 'ਚ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ ਕਰ ਰਹੇ...
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸਪੀਕਰ ਨੂੰ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ...
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 1 hour ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਦੋ ਦਿਨ ਲਗਾਤਾਰ ਪਏ ਰਹੇ ਮੀਂਹ ਨੇ ਜੈਤੋ ਵਿਖੇ ਸਥਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਛੱਤ ਡਿੱਗ ਗਈ ਹੈ ਅਤੇ ਦੂਜੀ ਬਿਲਡਿੰਗ ਦਾ ਹਿੱਸਾ ਵੀ ਕਿਸੇ ਸਮੇਂ ...
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 1 hour ago
ਮੋਗਾ, 17 ਜੁਲਾਈ- ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਅੱਜ ਤੜਕੇ ਟਾਟਾ 407 ਦੀ ਆਵਾਰਾ ਸਾਨ੍ਹ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸਾਨ੍ਹ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਹਾਲਾਂਕਿ ਟੱਕਰ 'ਚ ਟਾਟਾ 407 ਸੜਕ 'ਤੇ ਪਲਟ ਕੇ ਬੁਰੀ ....
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 1 hour ago
ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿਛਲੇ ਦੋ ਦਿਨ ਤੋ ਹੋ ਰਹੀ ਬਰਸਾਤ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਿਓੁਰ ਵਿਖੇ ਡਰੇਨ 'ਚ ਪਾਣੀ ਵਧੇਰੇ ਆਉਣ ਕਾਰਨ ਪਾਣੀ ਖੇਤਾਂ 'ਚ ਵੜ ਗਿਆ। ਡਰੇਨ ਦੇ ਪਾਣੀ ਨਾਲ ਤਕਰੀਬਨ ਦਰਜਨਾਂ ਏਕੜ ਫ਼ਸਲ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 1 hour ago
ਇਸਲਾਮਾਬਾਦ, 17 ਜੁਲਾਈ- ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਹਾਫ਼ਿਜ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 2 hours ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ........................
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 2 hours ago
ਪਟਿਆਲਾ, 17 ਜੁਲਾਈ(ਅਮਨਦੀਪ ਸਿੰਘ)- ਸਿਮਰਨਜੀਤ ਸਿੰਘ ਬੈਂਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਨੂੰ ਲੈ ਖ਼ੁਦ ਮਹਿੰਦਰਾ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ ਲਈ ....
ਹੋਰ ਖ਼ਬਰਾਂ..

ਨਾਰੀ ਸੰਸਾਰ

ਅੱਲ੍ਹੜ ਉਮਰ ਤੇ ਮਾਪੇ

ਅਕਸਰ ਜਦੋਂ ਘਰਾਂ ਵਿਚ ਬੱਚੇ ਵੱਡੇ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਮਾਪੇ ਆਪਣੇ ਜਵਾਨ ਹੋ ਰਹੇ ਬੱਚਿਆਂ ਅੰਦਰ ਆ ਰਹੀਆਂ ਤਬਦੀਲੀਆਂ ਲਈ ਹਾਣ ਦੇ ਨਹੀਂ ਬਣਦੇ। ਸਾਡੀ ਇਹੀ ਕਮਜ਼ੋਰੀ ਹੈ ਕਿ ਸਾਨੂੰ ਸ਼ੁਰੂ-ਸ਼ੁਰੂ ਵਿਚ ਤਬਦੀਲੀਆਂ ਚੰਗੀਆਂ ਨਹੀਂ ਲਗਦੀਆਂ, ਕਿਉਂਕਿ ਮਾਪੇ ਆਪਣੇ ਬੱਚਿਆਂ ਦਾ ਬਚਪਨ ਹੀ ਦੇਖਣ ਦੇ ਆਦੀ ਹੋ ਚੁੱਕੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਵੱਡਾ ਹੁੰਦਾ ਬੱਚਾ ਵਧ ਰਹੀਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਲੱਗਣ ਲੱਗ ਪੈਂਦਾ ਹੈ। 14 ਜਾਂ 15 ਸਾਲ ਦੀ ਉਮਰ ਵਿਚ ਬੱਚਿਆਂ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆਉਂਦੀਆਂ ਹਨ ਅਤੇ ਜੇਕਰ ਮਾਪੇ ਉਨ੍ਹਾਂ ਦੀ ਜੀਵਨ ਯਾਤਰਾ ਸ਼ੁਰੂ ਕਰਨ ਵਿਚ ਮਦਦ ਕਰਨ ਤਾਂ ਉੱਚੀਆਂ ਮੰਜ਼ਿਲਾਂ ਦਾ ਸਫਰ ਸ਼ੁਰੂ ਕਰ ਰਹੇ ਬੱਚੇ ਸਫਲ ਇਨਸਾਨ ਜ਼ਰੂਰ ਬਣ ਸਕਦੇ ਹਨ। ਅੱਲ੍ਹੜ ਉਮਰ ਜ਼ਿੰਦਗੀ ਦਾ ਉਹ ਪੜਾਅ ਹੈ ਜਦੋਂ ਬਚਪਨ ਆਪਣੀਆਂ ਹੱਦਾਂ ਤੋਂ ਅੱਗੇ ਵਧ ਰਿਹਾ ਹੁੰਦਾ ਹੈ। ਕਈ ਭਲੇ ਪੁਰਸ਼ ਜ਼ਿੰਦਗੀ ਦੇ ਇਸ ਪੜਾਅ ਨੂੰ ਇਕ ਨਵਾਂ ਜਨਮ ਮੰਨਦੇ ਹਨ। ਇਸ ਉਮਰ ਵਿਚ ਬੱਚੇ ਦਲੀਲ ਦੀ ਮੰਗ ਕਰਦੇ ਹਨ, ਉਹ ਪੜ੍ਹਾਈ 'ਤੇ ਜ਼ਿਆਦਾ ਦੇਰ ਤੱਕ ਧਿਆਨ ਕੇਂਦਰਿਤ ਕਰਦੇ ਹਨ। ਅਜਿਹੇ ਮੌਕੇ ਇਨ੍ਹਾਂ ਅੱਲ੍ਹੜਾਂ ਦੇ ਆਪਣੇ ਮਾਪਿਆਂ ਨਾਲ ਅਕਸਰ ਹੀ ਨੋਕ-ਝੋਕ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ।
ਜਿੰਨੀ ਦੇਰ ਮਾਪੇ ਅਤੇ ਅੱਲ੍ਹੜ ਆਪਸ ਵਿਚ ਦੋਸਤ ਨਹੀਂ ਬਣਨਗੇ, ਓਨੀ ਦੇਰ ਤੱਕ ਦੋਵੇਂ ਹੀ ਆਪੋ-ਆਪਣੇ ਰਸਤਿਆਂ 'ਤੇ ਭੱਜ-ਭੱਜ ਕੇ ਥੱਕਦੇ ਰਹਿਣਗੇ। ਇਥੇ ਚਾਹੀਦਾ ਤਾਂ ਇਹ ਹੈ ਕਿ ਬਚਪਨ ਤੋਂ ਅੱਗੇ ਵਧ ਰਹੇ ਬੱਚੇ ਆਪਣੇ ਫਰਜ਼ ਪਛਾਨਣ ਅਤੇ ਮਾਪੇ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਚਾਈਂ-ਚਾਈਂ ਆਪਣੇ ਮੋਢਿਆਂ 'ਤੇ ਚੁੱਕਣ। ਮਾਪਿਆਂ ਨੂੰ ਉਨ੍ਹਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ। ਦੋਸਤੀ ਵਿਚ ਮਾਪੇ ਬੱਚਿਆਂ ਦੇ ਗੁਣਾਂ-ਔਗੁਣਾਂ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਸਕਦੇ ਹਨ। ਮਾਪੇ ਧਿਆਨ ਰੱਖਣ ਕਿ ਕਿਤੇ ਉਨ੍ਹਾਂ ਦੇ ਬੱਚੇ ਪੜ੍ਹਾਈ ਅਤੇ ਹੋਰ ਜ਼ਰੂਰੀ ਖਰਚਿਆਂ ਤੋਂ ਬਿਨਾਂ ਐਸ਼ੋ-ਇਸ਼ਰਤ ਵੱਲ ਤਾਂ ਨਹੀਂ ਖਰਚਾ ਕਰ ਰਹੇ। ਜੇਕਰ ਬੱਚਿਆਂ ਦੇ ਖਰਚੇ ਇਕਦਮ ਵਧ ਜਾਣ ਤਾਂ ਮਾਪੇ ਖਿਆਲ ਰੱਖਣ ਕਿ ਕੁਝ ਗ਼ਲਤ ਤਾਂ ਨਹੀਂ ਵਾਪਰ ਰਿਹਾ, ਕਿਤੇ ਉਨ੍ਹਾਂ ਦੇ ਬੱਚੇ ਕਿਸੇ ਗ਼ਲਤ ਹਾਣ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਕਿਤੇ ਨਸ਼ਿਆਂ ਦੀ ਦਲਦਲ 'ਚ ਤਾਂ ਨਹੀਂ ਜਾ ਰਹੇ। ਜੇ ਬੱਚੇ ਮਾਪਿਆਂ ਦੇ ਮੂਹਰੇ ਉੱਚੀ ਭਾਸ਼ਾ ਵਿਚ ਗੱਲ ਕਰਨ ਲੱਗ ਜਾਣ ਤਾਂ ਮਾਪੇ ਸਮਝ ਲੈਣ ਕਿ ਉਨ੍ਹਾਂ ਦੇ ਜਵਾਨ, ਅੱਲ੍ਹੜ ਹੋਏ ਬੱਚੇ ਹੁਣ ਉਨ੍ਹਾਂ ਦੇ ਹੱਥਾਂ 'ਚੋਂ ਬਾਹਰ ਹੁੰਦੇ ਜਾ ਰਹੇ ਹਨ। ਇਥੇ ਹੁਣ ਮਾਪਿਆਂ ਦੀ ਦੋਸਤੀ, ਉਨ੍ਹਾਂ ਦਾ ਪਿਆਰ ਅਤੇ ਵਧੀਆ ਸਾਥ ਹੀ ਬੱਚਿਆਂ ਨੂੰ ਸਹੀ ਰਸਤੇ 'ਤੇ ਲਿਆ ਸਕਦਾ ਹੈ, ਨਾ ਕਿ ਕੋਈ ਸਖ਼ਤੀ ਕਰਕੇ ਜਾਂ ਡਰਾਵੇ ਵਗੈਰਾ ਦੇ ਕੇ।
ਅਕਸਰ ਕੁਝ ਬੱਚਿਆਂ ਵਿਚ ਅਪਰਾਧ ਕਰਨ ਦੀ ਬਿਰਤੀ ਵੀ ਦੇਖਣ ਨੂੰ ਮਿਲਦੀ ਹੈ। ਇਹ ਸਮਾਂ ਇਨ੍ਹਾਂ ਬੱਚਿਆਂ ਲਈ ਬੜਾ ਨਾਜ਼ੁਕ ਹੁੰਦਾ ਹੈ, ਕਿਉਂਕਿ ਕੁਝ ਕੁ ਅਮੀਰ ਘਰਾਂ ਦੇ ਬੱਚੇ ਕਦੋਂ ਕਿਸ ਪਾਸੇ ਮੁੜ ਜਾਣ, ਘਰ ਵਾਲਿਆਂ ਨੂੰ ਖ਼ਬਰ ਤੱਕ ਵੀ ਨਹੀਂ ਹੁੰਦੀ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੱਚੇ ਕਿਸੇ ਨਾ ਕਿਸੇ ਚਿੰਤਾ 'ਚ ਪਏ ਰਹਿੰਦੇ ਹਨ। ਅਜਿਹੀ ਸਥਿਤੀ 'ਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਚੰਗੇਰਾ, ਉੱਚਾ ਅਤੇ ਦੋਸਤਾਨਾ ਸਲੂਕ ਬਣਾ ਕੇ ਆਪਣੇ ਬਾਹਰ ਭੱਜ ਰਹੇ ਬੱਚਿਆਂ ਨੂੰ ਪਿਆਰ ਨਾਲ ਬੁੱਕਲ ਵਿਚ ਲੈਣਾ ਪਵੇਗਾ। ਜਿੰਨੀ ਦੇਰ ਮਾਪੇ ਆਪਣੇ ਬੱਚਿਆਂ ਦੇ ਮਨ ਦੀ ਭਾਸ਼ਾ ਨਹੀਂ ਪੜ੍ਹਨਗੇ, ਓਨੀ ਦੇਰ ਮਾਪੇ ਅਤੇ ਬੱਚੇ ਦੋਵੇਂ ਹੀ ਉਲਝੇ ਰਹਿਣਗੇ। ਮਾਤਾ-ਪਿਤਾ ਆਪਣੇ ਜਵਾਨ ਹੋਏ ਬੱਚਿਆਂ ਨੂੰ ਚੰਗੀ ਸੰਗਤ, ਲਾਇਬ੍ਰੇਰੀ ਨਾਲ ਜੋੜਨ, ਉਨ੍ਹਾਂ ਨੂੰ ਸਫਲ ਇਨਸਾਨਾਂ ਦੀਆਂ ਸਵੈ-ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕਰਨ। ਸਾਨੂੰ ਇਹ ਹਮੇਸ਼ਾ ਯਾਦ ਰਹੇ ਕਿ ਜਿੰਨੀ ਦੇਰ ਮਾਪਿਆਂ ਦੇ ਘਰ ਸਾਹਿਤਕ ਕਿਤਾਬਾਂ ਨਹੀਂ ਟਿਕਣਗੀਆਂ, ਓਨੀ ਦੇਰ ਉਨ੍ਹਾਂ ਦੇ ਬੱਚੇ ਸਹੀ ਅਤੇ ਗ਼ਲਤ ਦੀ ਪਛਾਣ ਨਹੀਂ ਕਰ ਸਕਣਗੇ। ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਸਮਝਾਉਣ ਕਿ ਉਨ੍ਹਾਂ ਦਾ ਕਿਤਾਬਾਂ ਤੋਂ ਵਧੀਆ ਕੋਈ ਹੋਰ ਦੋਸਤ ਨਹੀਂ।
ਅੱਲ੍ਹੜ ਉਮਰ ਜ਼ਿੰਦਗੀ ਦਾ ਨਾਜ਼ੁਕ ਹੀ ਨਹੀਂ, ਸਗੋਂ ਬੜਾ ਪਿਆਰਾ ਜਿਹਾ ਪੜਾਅ ਹੈ, ਇਸ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ। ਅੱਲ੍ਹੜ ਸਾਡੇ ਸੱਭਿਆਚਾਰ ਦਾ ਓਨੀ ਦੇਰ ਆਦਰ/ਸਤਿਕਾਰ ਨਹੀਂ ਕਰਨਗੇ, ਜਿੰਨੀ ਦੇਰ ਮਾਪੇ ਆਪਣੇ ਜਵਾਨ ਬੱਚਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਨਗੇ। ਪਿਆਰ, ਘੂਰ ਨਾਲੋਂ ਵੀ ਵੱਡਾ ਹਥਿਆਰ ਹੁੰਦਾ ਹੈ। ਮਾਪਿਆਂ ਦੇ ਹੱਥ ਵਿਚ ਬੱਚਿਆਂ ਦੇ ਜੀਵਨ ਦੀ ਡੋਰ ਹੁੰਦੀ ਹੈ। ਮਾਪੇ ਇਸ ਡੋਰ ਦੇ ਤੁਣਕੇ ਨੂੰ ਐਨੇ ਪਿਆਰ ਨਾਲ ਮਾਰਨ ਕਿ ਜਵਾਨ ਹੋ ਰਹੇ ਬੱਚੇ ਅੰਬਰੀਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਵਿਚ ਜੁਟ ਜਾਣ। ਧਿਆਨ ਰਹੇ ਕਿ ਮਾਪਿਆਂ ਵਲੋਂ ਘਰੋਂ ਵਰਤਾਇਆ ਪਿਆਰ ਹੀ ਬੱਚੇ ਅੱਗੇ ਦੂਜਿਆਂ ਨੂੰ ਵੰਡਣਗੇ, ਫਿਰ ਚਾਹੇ ਉਹ ਅਧਿਆਪਕਾਂ 'ਚ ਵੰਡਣ ਤੇ ਚਾਹੇ ਆਪਣੇ ਸੰਗੀ-ਸਾਥੀਆਂ 'ਚ। ਅੱਲ੍ਹੜਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕੇਵਲ ਮਾਪਿਆਂ ਦੀ ਹੀ ਨਹੀਂ, ਸਗੋਂ ਇਸ 'ਚ ਸਮਾਜ ਨੂੰ ਵੀ ਆਪਣਾ ਇਕ ਅਹਿਮ ਰੋਲ ਅਦਾ ਕਰਨਾ ਪਵੇਗਾ। ਅਸੀਂ ਰਹਿੰਦੇ ਜਿਥੇ ਮਰਜ਼ੀ ਹੋਈਏ, ਪਰ ਸਾਡਾ ਭਾਈਚਾਰਾ, ਸੱਭਿਆਚਾਰ ਅਤੇ ਬੋਲਬਾਣੀ ਤਾਂ ਇਕੋ ਹੀ ਹੈ। ਆਓ ਆਪਾਂ ਸਾਰੇ ਰਲ ਕੇ ਆਪਣਾ ਹੀ ਨਹੀਂ, ਆਪਣੇ ਨਾਲ ਦੇ ਸਾਥੀਆਂ ਦੇ ਘਰਾਂ ਵਿਚ ਵੀ ਖੁਸ਼ੀਆਂ ਦੇ ਚਿਰਾਗ ਰੌਸ਼ਨ ਦੇਖਣ ਲਈ ਹੰਭਲਾ ਮਾਰੀਏ। ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਇਸ ਲਈ ਇਨ੍ਹਾਂ ਨੇ ਤਾਂ ਸਮਾਜ ਨੂੰ ਆਪਣੇ ਸ਼ਬਦਾਂ ਦੇ ਜ਼ਰੀਏ ਹੀ ਹੋਕਾ ਦੇਣਾ ਹੁੰਦਾ ਹੈ। ਕਿਸੇ ਵਿਦਵਾਨ ਨੇ ਕਿਆ ਖੂਬ ਲਿਖਿਆ ਹੈ-
'ਹਮਨੇ ਤੋ ਚਿਰਾਗ਼ ਰੌਸ਼ਨ ਕਰ ਦੀਆ, ਅਬ ਹਵਾਓਂ ਸੇ ਜ਼ਿੰਮੇਵਾਰੀ ਆਪ ਕੀ ਹੈ।'


-ਵਿਦਿਆਰਥਣ, ਪੀ.ਐਚ.ਡੀ.,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
kiranpahwa888@gmail.com


ਖ਼ਬਰ ਸ਼ੇਅਰ ਕਰੋ

ਬੱਚੇ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ?

ਬੱਚੇ ਸਿਰਫ ਮਾਂ-ਪਿਓ ਦੀ ਹੀ ਅਸਲੀ ਦੌਲਤ ਨਹੀਂ ਹੁੰਦੇ। ਉਹ ਆਪਣੇ ਦੇਸ਼ ਅਤੇ ਸਮਾਜ ਦੀ ਵੀ ਧਨ-ਦੌਲਤ ਹੁੰਦੇ ਹਨ। ਅੱਜ ਦੇ ਬੱਚੇ ਭਵਿੱਖ ਦੇ ਵਾਰਸ ਵੀ ਹਨ ਤੇ ਸਰਮਾਇਆ ਵੀ। ਬੱਚਿਆਂ ਦਾ ਸਰਬਪੱਖੀ ਵਿਕਾਸ ਹੀ ਦੇਸ਼ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣ ਵਿਚ ਮੀਲ-ਪੱਥਰ ਸਾਬਤ ਹੋ ਸਕਦਾ ਹੈ।
ਬੱਚਿਆਂ ਦੇ ਸਰਬਪੱਖੀ ਵਿਕਾਸ ਵਾਸਤੇ ਬਚਪਨ ਤੋਂ ਹੀ ਗਿਆਨ ਦਿੱਤੇ ਜਾਣ ਦੀ ਲੋੜ ਹੈ। ਕਈ ਮਾਪੇ ਸ਼ੁਰੂ ਤੋਂ ਹੀ ਬੱਚੇ ਦੀ ਕਿਤਾਬੀ ਪੜ੍ਹਾਈ 'ਤੇ ਹੀ ਸਾਰਾ ਜ਼ੋਰ ਲਾ ਦਿੰਦੇ ਹਨ। ਬੱਚੇ ਦੀ ਤੰਦਰੁਸਤੀ ਤੇ ਹੋਰ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਥੇ ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਸੰਤੁਲਿਤ ਸ਼ਖ਼ਸੀਅਤ ਦੇ ਵਿਕਾਸ ਵਾਸਤੇ ਸਰੀਰਕ, ਮਾਨਸਿਕ, ਸਮਾਜਿਕ ਤੇ ਬੌਧਿਕ ਵਿਕਾਸ ਦਾ ਸੁਮੇਲ ਹੋਣਾ ਜ਼ਰੂਰੀ ਹੈ। ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਰਿਸ਼ਟ-ਪੁਸ਼ਟ ਸਰੀਰ ਤੇ ਰੌਸ਼ਨ ਦਿਮਾਗ ਵੀ ਜ਼ਰੂਰੀ ਹੁੰਦਾ ਹੈ।
ਬੱਚੇ ਦੀ ਸਿੱਖਿਆ ਮਾਂ ਦੇ ਗਰਭ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬੱਚੇ ਦਾ ਸੰਤੁਲਿਤ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਘਰੇਲੂ ਮਾਹੌਲ ਸੁਖਾਵਾਂ ਹੋਵੇ। ਜਿਹੋ ਜਿਹਾ ਬਚਪਨ ਵਿਚ ਮਾਹੌਲ ਮਿਲਦਾ ਹੈ, ਉਸ ਦਾ ਪ੍ਰਛਾਵਾਂ ਸਾਰੀ ਉਮਰ ਹੀ ਰਹਿੰਦਾ ਹੈ। ਬੱਚਿਆਂ ਦੀਆਂ ਸਾਰੀਆਂ ਲੋੜਾਂ ਘਰ ਤੋਂ ਹੀ ਪੂਰੀਆਂ ਕੀਤੇ ਜਾਣ ਦੀ ਲੋੜ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਲਈ ਜ਼ਰੂਰੀ ਹਨ। ਖੇਡਾਂ ਸਹਿਣਸ਼ੀਲਤਾ, ਸਹਿਯੋਗ, ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਜ਼ਿੰਦਗੀ ਦੇ ਸੰਘਰਸ਼ ਵਾਸਤੇ ਤਿਆਰ ਰਹਿਣ ਵਾਸਤੇ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਨੰਨੇ-ਮੁੰਨੇ ਬੱਚਿਆਂ ਨੂੰ ਮਾਂ-ਪਿਓ ਦੇ ਪਿਆਰ ਦੇ ਨਾਲ-ਨਾਲ ਦਾਦੇ-ਦਾਦੀ, ਨਾਨੇ-ਨਾਨੀ, ਭੂਆ-ਫੁੱਫੜ, ਤਾਇਆ-ਤਾਈ, ਚਾਚਾ-ਚਾਚੀ, ਭੈਣਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਹੁਣ ਇਕ ਤਾਂ ਪਰਿਵਾਰ ਸੀਮਤ ਹੋ ਰਹੇ ਹਨ ਤੇ ਦੂਜਾ ਮੋਬਾਈਲ ਫੋਨਾਂ ਨੇ ਬੱਚਿਆਂ ਨੂੰ ਪਰਿਵਾਰ ਦੇ ਪਿਆਰ ਤੋਂ ਵਾਂਝਿਆਂ ਕਰ ਦਿੱਤਾ ਹੈ। ਬਹੁਤ ਸਾਰੇ ਸਮਾਜਿਕ ਰਿਸ਼ਤਿਆਂ ਦਾ ਨਿੱਘ ਨਾ ਮਿਲਣ ਕਰਕੇ ਬੱਚੇ ਜ਼ਿਦੀ, ਹਉਮੈਵਾਦੀ ਤੇ ਅਲਹਿਦਗੀ ਪਸੰਦ ਹੋ ਗਏ ਹਨ। ਇਨ੍ਹਾਂ ਪ੍ਰਵਿਰਤੀਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਰੁਕ ਜਾਂਦਾ ਹੈ।
ਜੇਕਰ ਅਸੀਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਸਾਨੂੰ ਸਕੂਲ ਪਾਠਕ੍ਰਮ ਵਿਚ ਬਹੁਤ ਹੀ ਤਬਦੀਲੀਆਂ ਕਰਨ ਦੀ ਲੋੜ ਹੈ। ਬੱਚਿਆਂ ਨੂੰ ਆਪਣੇ ਦੇਸ਼ ਦੇ ਪੁਰਾਤਨ ਇਤਿਹਾਸ, ਸੱਭਿਆਚਾਰ ਤੇ ਵਿਸ਼ੇਸ਼ ਕਰਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਨਿਡਰ ਤੇ ਬਹਾਦਰ ਬਣਾਉਣ ਲਈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਿਵਾ ਜੀ, ਝਾਂਸੀ ਦੀ ਰਾਣੀ, ਰਾਣਾ ਪ੍ਰਤਾਪ ਤੇ ਹੋਰ ਦੇਸ਼ ਭਗਤਾਂ ਦੀਆਂ ਜੀਵਨੀਆਂ ਬਾਰੇ ਪਾਠਕ੍ਰਮ ਵਿਚ ਸ਼ਾਮਿਲ ਪੁਸਤਕਾਂ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।
ਬੱਚਿਆਂ ਨੂੰ ਜਾਦੂ-ਟੂਣਿਆਂ, ਵਹਿਮਾਂ-ਭਰਮਾਂ, ਡਾਕੂਆਂ, ਖਲਨਾਇਕਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਅਤੇ 'ਐ ਮੇਰੇ ਵਤਨ ਕੇ ਲੋਗੋ' ਵਰਗੇ ਦੇਸ਼ ਭਗਤੀ ਦੇ ਗੀਤ ਪੜ੍ਹਾਏ ਜਾਣ ਦੀ ਲੋੜ ਹੈ। ਉਨ੍ਹਾਂ ਦੇ ਸਰਬਪੱਖੀ ਵਿਕਾਸ ਵਾਸਤੇ ਉਨ੍ਹਾਂ ਨੂੰ ਲੱਚਰ ਗੀਤਾਂ ਤੇ ਲੱਚਰ ਸਾਹਿਤ ਤੋਂ ਦੂਰ ਰੱਖਣਾ ਚਾਹੀਦਾ ਹੈ। ਬੱਚਿਆਂ ਵਿਚ ਵਿਗਿਆਨਕ ਅਤੇ ਯਥਾਰਥਵਾਦੀ ਵਿਚਾਰਧਾਰਾ ਪੈਦਾ ਕਰਕੇ ਉਨ੍ਹਾਂ ਨੂੰ ਸਫਲਤਾ ਦੀ ਮੰਜ਼ਿਲ 'ਤੇ ਪਹੁੰਚਾਇਆ ਜਾ ਸਕਦਾ ਹੈ। ਜੇਕਰ ਅਸੀਂ ਬੱਚਿਆਂ 'ਤੇ ਬੋਹੜ ਬਣੇ ਰਹਾਂਗੇ ਤਾਂ ਬੱਚੇ ਵਧ-ਫੁੱਲ ਕੇ ਪ੍ਰਫੁਲਤ ਨਹੀਂ ਹੋ ਸਕਦੇ। ਬੋਹੜਾਂ ਵਰਗੀ ਛਾਂ ਉਨ੍ਹਾਂ ਨੂੰ ਜ਼ਰੂਰ ਦਿਓ ਪਰ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣੀ ਵੀ ਲਾਜ਼ਮੀ ਹੈ।
ਬੱਚਿਆਂ ਨੂੰ ਵਿਰਸੇ ਵਿਚ ਪੂੰਜੀ ਭਾਵੇਂ ਘੱਟ ਦਿਓ ਪਰ ਉਨ੍ਹਾਂ ਨੂੰ ਸਫਲ ਮਨੁੱਖ ਸਿਰਜਣ ਵਾਸਤੇ, ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।


-ਸਾਇੰਸ ਮਿਸਟ੍ਰੈੱਸ, ਸ: ਹਾ: ਸਕੂਲ, ਝੰਡੇਰ (ਅੰਮ੍ਰਿਤਸਰ)। ਮੋਬਾ: 98155-84220

ਔਰਤ ਦੇ ਹੱਕਾਂ ਨੂੰ ਜਾਣੋ

1956 ਵਿਚ ਬਣੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਵਿਚ ਔਰਤਾਂ ਨੂੰ ਕਾਫੀ ਹੱਕ ਦਿੱਤੇ ਗਏ ਹਨ, ਜੋ ਮਹੱਤਵਪੂਰਨ ਹਨ-
* ਕਿਸੇ ਮਰਦ ਦੀ ਜਾਇਦਾਦ ਵਿਚ ਉਸ ਦੀ ਵਿਧਵਾ ਪਤਨੀ, ਮਾਂ, ਬੇਟੀਆਂ ਅਤੇ ਬੇਟੇ ਸਾਰੇ ਪਹਿਲੀ ਸ਼੍ਰੇਣੀ ਦੇ ਵਾਰਸ ਹਨ।
* ਪਿਤਾ ਤੋਂ ਪਹਿਲਾਂ ਮਰਨ ਵਾਲੇ ਲੜਕੇ ਜਾਂ ਲੜਕੀ ਦੇ ਬੱਚਿਆਂ ਨੂੰ ਵੀ ਦਾਦੇ ਦੀ ਸੰਪਤੀ ਵਿਚੋਂ ਬਰਾਬਰ ਦਾ ਹਿੱਸਾ ਮਿਲੇਗਾ।
* ਪਿਤਾ ਦੇ ਰਿਹਾਇਸ਼ੀ ਮਕਾਨ ਵਿਚ ਕੁਆਰੀ, ਵਿਧਵਾ ਜਾਂ ਪਤੀ ਦੁਆਰਾ ਛੱਡੀ ਗਈ, ਸਾਰੀਆਂ ਲੜਕੀਆਂ ਨੂੰ ਰਹਿਣ ਦਾ ਹੱਕ ਹੈ। ਉਹ ਭਰਾਵਾਂ ਦੀ ਮਰਜ਼ੀ ਜਾਂ ਦਇਆ 'ਤੇ ਨਿਰਭਰ ਨਹੀਂ ਹੈ।
* ਪਤੀ ਦੀ ਮੌਤ ਦੇ ਸਮੇਂ ਗਰਭਵਤੀ ਪਤਨੀ ਦਾ ਬੱਚਾ ਵੀ ਸੰਪਤੀ ਦਾ ਓਨਾ ਹੀ ਹੱਕਦਾਰ ਹੈ, ਜਿੰਨੇ ਪਹਿਲਾਂ ਹੋਏ ਬੱਚੇ।
* ਔਰਤ ਦਾ ਆਪਣੀ ਜਾਇਦਾਦ 'ਤੇ ਪੂਰਾ ਅਧਿਕਾਰ ਹੈ, ਉਹ ਉਸ ਨੂੰ ਵੇਚ ਸਕਦੀ ਹੈ, ਗਹਿਣੇ ਰੱਖ ਸਕਦੀ ਹੈ ਜਾਂ ਜਿਸ ਨੂੰ ਚਾਹੇ, ਦੇ ਸਕਦੀ ਹੈ।
* ਔਰਤ ਦੇ ਨਾਂਅ ਜੋ ਵੀ ਜਾਇਦਾਦ, ਗਹਿਣੇ ਜਾਂ ਪੈਸੇ ਉਸ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਬਾਅਦ ਵਿਚ ਮਿਲਦੇ ਹਨ, ਉਹ ਉਸ ਦਾ ਇਸਤਰੀਧਨ ਹੈ ਅਤੇ ਉਸ 'ਤੇ ਸਿਰਫ ਉਸ ਦਾ ਪੂਰਾ ਅਧਿਕਾਰ ਹੈ।
* ਉੱਤਰਾਧਿਕਾਰੀ ਵਿਚ, ਤੋਹਫ਼ੇ ਵਿਚ ਜਾਂ ਤਲਾਕ ਤੋਂ ਬਾਅਦ ਗੁਜ਼ਾਰਾ ਭੱਤੇ ਲਈ ਮਿਲੀ ਚੱਲ-ਅਚੱਲ ਜਾਇਦਾਦ 'ਤੇ ਔਰਤ ਦਾ ਪੂਰਾ ਹੱਕ ਹੁੰਦਾ ਹੈ।
* ਉੱਤਰਾਧਿਕਾਰ ਵਿਚ ਜਾਇਦਾਦ ਮਿਲਣ ਤੋਂ ਬਾਅਦ ਕੋਈ ਵਿਧਵਾ ਦੁਬਾਰਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਇਦਾਦ ਮੋੜਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਸ 'ਤੇ ਉਸ ਦਾ ਪੂਰਾ ਕਾਨੂੰਨੀ ਹੱਕ ਹੈ।
ਇਹ ਹੱਕ ਮਿਲਣ ਦੇ ਬਾਵਜੂਦ ਵੀ ਕਾਨੂੰਨ ਵਿਚ ਕੁਝ ਖਾਮੀਆਂ ਹਨ। ਪਰ 2015 ਵਿਚ ਹਿੰਦੂ ਕਾਨੂੰਨ ਵਿਚ ਸੋਧ ਤੋਂ ਪਿੱਛੋਂ ਲੜਕੀ ਜਨਮ ਸਿੱਧ ਅਧਿਕਾਰ ਹੋਣ ਕਰਕੇ ਆਪਣੇ ਹਿੱਸੇ ਦੀ ਵੰਡ ਦੀ ਮੰਗ ਕਰ ਸਕਦੀ ਹੈ।

ਚੌਲਾਂ ਦਾ ਆਟਾ ਫੇਸਪੈਕ ਲਈ ਅਸਰਦਾਇਕ

ਆਓ ਜਾਣੀਏ ਚੌਲਾਂ ਦੇ ਆਟੇ ਦੀ ਵਰਤੋਂ ਕਿਵੇਂ ਕੀਤੀ ਜਾਵੇ-
ਇਕ ਟੋਨਰ ਦੇ ਰੂਪ ਵਿਚ : ਜਿਨ੍ਹਾਂ ਲੋਕਾਂ ਦੀ ਚਮੜੀ ਤੇਲੀ ਹੋਵੇ, ਉਨ੍ਹਾਂ ਨੂੰ ਚੌਲਾਂ ਦੇ ਆਟੇ ਵਿਚ ਪਾਣੀ ਮਿਲਾ ਕੇ ਰਾਤ ਨੂੰ ਰੱਖ ਦੇਣਾ ਚਾਹੀਦਾ ਹੈ। ਸਵੇਰੇ ਉਸੇ ਪਾਣੀ ਵਿਚ ਅੱਧਾ ਨਿੰਬੂ ਨਿਚੋੜ ਕੇ ਉਸ ਦਾ ਪੇਸਟ ਤਿਆਰ ਕਰ ਲਓ ਅਤੇ ਉਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਥੋੜ੍ਹੀ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਚਮੜੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਚਮੜੀ ਵਿਚ ਚਮਕ ਵੀ ਆਵੇਗੀ। ਸ਼ੁਰੂ ਵਿਚ ਹਫ਼ਤੇ ਵਿਚ ਇਕ ਵਾਰ ਕਰੋ।
ਰੰਗਤ ਨਿਖਾਰਨ ਲਈ : ਰੰਗਤ ਨਿਖਾਰਨ ਲਈ ਚੌਲਾਂ ਦੇ ਆਟੇ ਵਿਚ ਸ਼ਹਿਦ ਅਤੇ ਦਹੀਂ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ ਇਸ ਨੂੰ ਆਪਣੇ ਚਿਹਰੇ ਅਤੇ ਧੌਣ 'ਤੇ ਲਗਾਓ। 15 ਤੋਂ 20 ਮਿੰਟ ਬਾਅਦ ਚਿਹਰਾ ਅਤੇ ਧੌਣ ਧੋ ਲਓ। ਕੁਝ ਸਮੇਂ ਤੱਕ ਨਿਯਮਤ ਕਰਨ ਨਾਲ ਰੰਗ ਵਿਚ ਸੁਧਾਰ ਆ ਜਾਵੇਗਾ।
ਮ੍ਰਿਤ ਚਮੜੀ ਨੂੰ ਹਟਾਉਂਦਾ ਹੈ : ਚੌਲਾਂ ਦੇ ਆਟੇ ਵਿਚ ਥੋੜ੍ਹਾ ਜਿਹਾ ਸ਼ਹਿਦ ਜਾਂ ਜੈਤੂਨ ਦਾ ਤੇਲ ਮਿਲਾ ਕੇ ਸਕਰੱਬ ਤਿਆਰ ਕਰੋ ਅਤੇ ਇਸ ਨੂੰ ਚਿਹਰੇ, ਧੌਣ, ਬਾਹਾਂ ਅਤੇ ਹੱਥਾਂ 'ਤੇ ਲਗਾਓ। ਚਿਹਰੇ 'ਤੇ ਹਥੇਲੀਆਂ ਨਾਲ ਗੋਲ-ਗੋਲ ਘੁਮਾਉਂਦੇ ਹੋਏ ਥੋੜ੍ਹਾ ਆਰਾਮ ਨਾਲ ਰਗੜੋ। ਇਸੇ ਤਰ੍ਹਾਂ ਧੌਣ, ਬਾਹਾਂ ਅਤੇ ਹੱਥ ਹਥੇਲੀਆਂ ਨਾਲ ਹਲਕਾ-ਹਲਕਾ ਰਗੜੋ। ਇਸ ਤਰ੍ਹਾਂ ਮ੍ਰਿਤ ਚਮੜੀ ਸਾਫ਼ ਹੋ ਜਾਂਦੀ ਹੈ।
ਝੁਰੜੀਆਂ ਨੂੰ ਦੂਰ ਕਰਨ ਲਈ : ਵਧਦੀ ਉਮਰ ਵਿਚ ਝੁਰੜੀਆਂ ਪੈਣੀਆਂ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਸਮਾਂ ਰਹਿੰਦੇ ਜੇ ਅਸੀਂ ਸਾਵਧਾਨ ਰਹੀਏ ਅਤੇ ਚਮੜੀ ਦੀ ਸਹੀ ਦੇਖਭਾਲ ਕਰੀਏ ਤਾਂ ਇਸ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਖੀਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਜਦੋਂ ਤੱਕ ਇਹ ਪੇਸਟ ਲੱਗਾ ਹੈ, ਉਦੋਂ ਤੱਕ ਗੱਲ ਨਾ ਕਰੋ। ਕੁਝ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਹਫਤੇ ਵਿਚ ਇਕ ਜਾਂ ਦੋ ਵਾਰ ਕਰੋ।
ਟੈਨਿੰਗ ਹਟਾਉਣ ਲਈ : ਗਰਮੀਆਂ ਵਿਚ ਅਕਸਰ ਟੈਨਿੰਗ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਦੁੱਧ ਮਿਲਾ ਕੇ ਉਸ ਪੇਸਟ ਨੂੰ ਟੈਨਿੰਗ ਵਾਲੀ ਚਮੜੀ 'ਤੇ ਲਗਾਓ, ਥੋੜ੍ਹੀ ਦੇਰ ਬਾਅਦ ਧੋ ਲਓ। ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਡਿਓਡਰੈਂਟ ਦਾ ਵੀ ਕਰਦਾ ਹੈ ਕੰਮ : ਚੌਲਾਂ ਦੇ ਪਾਊਡਰ ਦਾ ਪੇਸਟ ਆਪਣੀਆਂ ਬਗਲਾਂ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਪਸੀਨੇ ਦੀ ਬਦਬੂ ਵੀ ਨਹੀਂ ਆਵੇਗੀ ਅਤੇ ਬਗਲਾਂ ਦਾ ਰੰਗ ਵੀ ਸਾਫ਼ ਹੋਵੇਗਾ।
ਫੇਸਪੈਕ ਲਈ : 2-3 ਵੱਡੇ ਚਮਚ ਕੱਚੇ ਚੌਲਾਂ ਨੂੰ ਠੰਢੇ ਪਾਣੀ ਵਿਚ ਹੌਲੀ ਸੇਕ 'ਤੇ ਗਰਮ ਕਰੋ। ਚੌਲ ਉਬਾਲੋ ਨਾ। ਨਰਮ ਹੋਣ 'ਤੇ ਚੌਲ ਨਿਤਾਰ ਲਓ ਅਤੇ ਚੌਲਾਂ ਦਾ ਪਾਣੀ ਸੁੱਟੋ ਨਾ, ਬਾਅਦ ਵਿਚ ਚਿਹਰਾ ਧੋਣ ਦੇ ਕੰਮ ਵਿਚ ਲਿਆਓ। ਚੌਲਾਂ ਵਿਚ ਇਕ ਚਮਚ ਗਰਮ ਦੁੱਧ ਪਾਓ। ਇਕ ਵੱਡਾ ਚਮਚ ਸ਼ਹਿਦ ਪਾਓ ਅਤੇ ਚੰਗੀ ਤਰ੍ਹਾਂ ਤਿੰਨਾਂ ਨੂੰ ਫੈਂਟੋ। ਫੈਂਟੀ ਹੋਈ ਸਮੱਗਰੀ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਚੌਲਾਂ ਦੇ ਪਾਣੀ ਜਾਂ ਸਾਦੇ ਪਾਣੀ ਨਾਲ ਧੋ ਲਓ। ਇਸੇ ਤਰ੍ਹਾਂ ਚੌਲਾਂ ਨਾਲ ਸੰਤਰਾ, ਸੇਬ, ਸਟ੍ਰਾਬਰੀ ਵੀ ਪੀਸ ਕੇ ਤੁਸੀਂ ਲਗਾ ਸਕਦੇ ਹੋ। ਠੰਢਕ ਲਈ ਦਹੀਂ ਦੇ ਨਾਲ ਮਿਲਾ ਕੇ ਚਿਹਰੇ 'ਤੇ ਅੱਧਾ ਘੰਟਾ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਭਰਵੀਂ ਲੌਕੀ

ਸਮੱਗਰੀ : * 1 ਦਰਮਿਆਨੇ ਆਕਾਰ ਦੀ ਲੌਕੀ।
ਮੈਰੀਨੇਟ ਕਰਨ ਲਈ :
* 50 ਮਿ: ਲਿ: ਨਿੰਬੂ ਦਾ ਰਸ
* 1/2 ਚਮਚਾ ਮਿਰਚ ਪਾਊਡਰ
* 2 ਚਮਚ ਗਰਮ ਮਸਾਲਾ
ਭਰਾਈ ਲਈ :
* 2 ਚਮਚੇ ਤੇਲ
* 1/2 ਚਮਚਾ ਜੀਰਾ ਸਾਬਤ
* 1 ਪਿਆਜ਼ ਕੱਟਿਆ ਹੋਇਆ
* 150 ਗ੍ਰਾ: ਟਮਾਟਰ ਕੱਟੇ ਹਏ
* 3 ਹਰੀਆਂ ਮਿਰਚਾਂ ਕੱਟੀਆਂ ਹੋਈਆਂ
* 1 ਚਮਚ ਅਦਰਕ ਪੇਸਟ
* 2 ਚਮਚ ਲਸਣ ਪੇਸਟ
* 1 ਚਮਚ ਕੱਟਿਆ ਧਨੀਆ
* 200 ਗ੍ਰਾ: ਕੱਦੂਕਸ਼ ਕੀਤਾ ਪਨੀਰ
* ਨਮਕ ਤੇ ਮਿਰਚ ਸਵਾਦ ਮੁਤਾਬਿਕ।
ਵਿਧੀ : 1. ਲੌਕੀ ਨੂੰ ਉਬਲਦੇ ਪਾਣੀ ਵਿਚ ਪਾਓ।
2. ਛਿੱਲ ਕੇ ਲੰਬੇ ਰੁਖ਼ ਬੀਜ ਕੱਢ ਲਓ।
3. ਲੌਕੀ ਉੱਪਰ ਮੈਰੀਨੇਟ ਪਾਓ ਅਤੇ ਇਕ ਘੰਟੇ ਲਈ ਇਕ ਪਾਸੇ ਰੱਖ ਦਿਓ। ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਬਾਕੀ ਸਮੱਗਰੀ ਨਾਲ ਜ਼ੀਰਾ ਪਾਓ।
4. ਪੰਜ ਮਿੰਟ ਲਈ ਤਲੋ।
5. ਲੌਕੀ ਵਿਚ ਭਰਾਈ ਕਰੋ ਅਤੇ ਧਾਗਾ ਲਪੇਟ ਦਿਓ ਤਾਂ ਜੋ ਭਰਾਈ ਨਾ ਨਿਕਲ ਸਕੇ।
6. ਇਕ ਫੋਇਲ ਵਿਚ ਰੱਖ ਕੇ ਗਰਮ ਓਵਨ ਵਿਚ 15 ਤੋਂ 20 ਮਿੰਟ ਤੱਕ ਬੇਕ ਕਰੋ।
7. ਪੁਦੀਨਾ ਅਤੇ ਧਨੀਆ ਚਟਣੀ ਨਾਲ ਗਰਮਾ-ਗਰਮ ਪਰੋਸੋ।
**

ਜਦੋਂ ਹੋਵੋ ਫੁਰਸਤ ਵਿਚ

ਵੈਸੇ ਤਾਂ ਕੰਮ ਵਿਚ ਇਨਸਾਨ ਬਹੁਤ ਰੁੱਝਾ ਰਹਿੰਦਾ ਹੈ ਪਰ ਰੁੱਝੇ ਹੋਏ ਇਨਸਾਨ ਦੇ ਵੀ ਕੁਝ ਕੰਮ ਲਟਕੇ ਰਹਿ ਜਾਂਦੇ ਹਨ ਪਰ ਕਦੇ ਰੁੱਝੇ ਹੋਏ ਇਨਸਾਨ ਨੂੰ ਕੁਝ ਸਮੇਂ ਲਈ ਕੰਮਾਂ ਤੋਂ ਫੁਰਸਤ ਦੇ ਦਿੱਤੀ ਜਾਵੇ ਤਾਂ ਅਜਿਹੇ ਵਿਚ ਉਸ ਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਫੁਰਸਤ ਦੇ ਪਲਾਂ ਦਾ ਕਿਵੇਂ ਮਜ਼ਾ ਲਿਆ ਜਾਵੇ। ਜੇ ਤੁਹਾਨੂੰ ਵੀ ਮੌਕਾ ਮਿਲੇ ਤਾਂ ਆਪਣੇ ਫੁਰਸਤ ਦੇ ਪਲ ਇਧਰ-ਉਧਰ ਸੋਚਣ ਵਿਚ ਬਰਬਾਦ ਨਾ ਕਰੋ, ਉਨ੍ਹਾਂ ਦਾ ਪੂਰਾ ਮਜ਼ਾ ਲਓ।
* ਫੁਰਸਤ ਦੇ ਪਲਾਂ ਵਿਚ ਆਪਣੀ ਪਸੰਦ ਅਨੁਸਾਰ ਭਾਰਤੀ ਸੰਗੀਤ ਜਾਂ ਪੱਛਮੀ ਸੰਗੀਤ ਸੁਣੋ।
* ਆਪਣੇ ਘਰ ਦੇ ਖਿੜਕੀਆਂ, ਦਰਵਾਜ਼ੇ ਖੋਲ੍ਹੋ ਅਤੇ ਕੁਦਰਤ ਦਾ ਅਨੰਦ ਲਓ।
* ਜੋ ਪੁਸਤਕਾਂ, ਮੈਗਜ਼ੀਨ ਤੁਸੀਂ ਵੱਖਰੇ ਪੜ੍ਹਨ ਲਈ ਕਦੇ ਰੱਖੇ ਸੀ, ਉਨ੍ਹਾਂ ਨੂੰ ਪੜ੍ਹ ਲਓ। ਆਪਣੇ ਦਿਮਾਗ ਨੂੰ ਪ੍ਰਸ਼ਨੋਤਰੀ ਅਤੇ ਕ੍ਰਾਸਵਰਡ ਪਜ਼ਲ ਵਿਚ ਲਗਾਓ। ਪਤਾ ਹੀ ਨਹੀਂ ਲੱਗੇਗਾ ਕਿ ਸਮਾਂ ਕਿਵੇਂ ਬੀਤ ਗਿਆ।
* ਆਪਣੀ ਪਸੰਦ ਦੀ ਫਰੂਟ ਚਾਟ ਜਾਂ ਸਬਜ਼ੀਆਂ ਦਾ ਸਲਾਦ ਕੱਟੋ ਅਤੇ ਆਰਾਮ ਨਾਲ ਖਾ ਕੇ ਉਸ ਦਾ ਪੂਰਾ ਅਨੰਦ ਲਓ।
* ਆਪਣੀ ਪਸੰਦ ਦਾ ਵਧੀਆ ਖਾਣਾ ਬਣਾਓ ਅਤੇ ਜ਼ਮੀਨ 'ਤੇ ਬੈਠ ਕੇ ਖਾਣੇ ਦਾ ਲੁਤਫ ਲਓ।
* ਸ਼ਾਮ ਨੂੰ ਆਰਾਮ ਕੁਰਸੀ 'ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲਓ।
* ਕੰਪਿਊਟਰ ਉਪਲਬਧ ਹੋਣ 'ਤੇ ਆਪਣੇ ਦਿਮਾਗ ਦੇ ਵਿਸਥਾਰ ਲਈ ਕੁਝ ਜਾਣਕਾਰੀ ਇਕੱਠੀ ਕਰੋ।
* ਪੁਰਾਣੇ ਮੈਗਜ਼ੀਨਾਂ ਨਾਲ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਉਣ ਦੀਆਂ ਵਿਧੀਆਂ ਇਕੱਠੀਆਂ ਕਰਕੇ ਨੋਟ ਕਰੋ ਅਤੇ ਪੁਰਾਣੇ ਮੈਗਜ਼ੀਨਾਂ ਵਿਚ ਚੰਗੇ ਲੇਖਾਂ ਨੂੰ ਦੁਬਾਰਾ ਪੜ੍ਹੋ। ਤੁਸੀਂ ਉਨ੍ਹਾਂ ਨੂੰ ਦੁਬਾਰਾ ਪੜ੍ਹ ਕੇ ਆਪਣੇ-ਆਪ ਨੂੰ ਤਰੋਤਾਜ਼ਾ ਰੱਖ ਸਕਦੇ ਹੋ।
* ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਫੋਨ ਕਰਨ ਲਈ ਸੋਚ ਰਹੇ ਹੋ, ਟੈਲੀਫੋਨ ਚੁੱਕੋ ਅਤੇ ਉਨ੍ਹਾਂ ਨੂੰ ਫੋਨ ਕਰੋ।
* ਆਪਣੀ ਅਤੇ ਪਰਿਵਾਰ ਦੀਆਂ ਅਲਮਾਰੀਆਂ ਵਿਚ ਕੱਪੜਿਆਂ ਦੀ ਦੁਬਾਰਾ ਸੈਟਿੰਗ ਕਰੋ। ਉਨ੍ਹਾਂ ਦੀ ਸਫ਼ਾਈ ਵੀ ਕਰ ਸਕਦੇ ਹੋ।
* ਜੇ ਤੁਹਾਡੀ ਚਿੱਤਰ ਕਲਾ ਚੰਗੀ ਹੈ ਤਾਂ ਛੋਟੇ-ਮੋਟੇ ਮੌਕਿਆਂ ਲਈ ਕਾਰਡ ਤਿਆਰ ਕਰਕੇ ਰੱਖ ਸਕਦੇ ਹੋ।
* ਘਰ ਦੀ ਸਜਾਵਟ ਵਿਚ ਛੋਟੀ-ਮੋਟੀ ਤਬਦੀਲੀ ਕਰ ਸਕਦੇ ਹੋ।
* ਪੁਰਾਣੀ ਫੋਟੋ ਐਲਬਮ ਦੇਖੋ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਬਿਤਾਏ ਗਏ ਪੁਰਾਣੇ ਚੰਗੇ ਪਲਾਂ ਨੂੰ ਯਾਦ ਕਰੋ।
* ਕੁਝ ਸਮੇਂ ਲਈ ਅੱਖਾਂ ਨੂੰ ਬੰਦ ਕਰਕੇ ਆਸ਼ਾਵਾਦੀ ਸੁਪਨੇ ਲਓ। ਸਮਾਂ ਕਿਵੇਂ ਬੀਤਿਆ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ।
* ਆਪਣੀ ਡਾਇਰੀ ਵਿਚ ਆਪਣੀਆਂ ਚੰਗੀਆਂ ਅਤੇ ਮਾੜੀਆਂ ਭਾਵਨਾਵਾਂ ਨੂੰ ਲਿਖੋ।
* ਕੁਝ ਸਮੇਂ ਲਈ ਆਪਣੇ ਮਨ ਨੂੰ ਸ਼ਾਂਤ ਰੱਖੋ। ਅਗਰਬੱਤੀ ਜਲਾਓ ਅਤੇ ਮਨ ਨੂੰ ਚਿੰਤਾਵਾਂ ਤੋਂ ਦੂਰ ਰੱਖੋ। ਇਨ੍ਹਾਂ ਸਭ ਨਾਲ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੇਗੀ ਅਤੇ ਸਭ ਚੰਗਾ ਲੱਗੇਗਾ।
* ਆਤਮ-ਚਿੰਤਨ ਜ਼ਰੂਰ ਕਰੋ। ਆਪਣੀਆਂ ਕੀਤੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।

ਪਿਤਾ ਦਿਵਸ 'ਤੇ ਵਿਸ਼ੇਸ਼

ਉਹ ਮੌਜਾਂ ਭੁੱਲਦੀਆਂ ਨੀ...

ਮਾਂ ਅਤੇ ਬਾਪ ਦੋਵਾਂ ਦਾ ਹੀ ਰੋਲ ਬੱਚੇ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ। ਮਾਂ ਜੇਕਰ ਮਮਤਾ ਦੀ ਮੂਰਤ ਹੈ ਤਾਂ ਬਾਪ ਉਹ ਛਾਂਦਾਰ ਰੁੱਖ ਹੁੰਦਾ ਹੈ, ਜੋ ਖੁਦ ਧੁੱਪਾਂ ਅਤੇ ਝੱਖੜ ਜਰ ਕੇ ਆਪਣੀ ਔਲਾਦ ਨੂੰ ਹਮੇਸ਼ਾ ਮਹਿਫੂਜ਼ ਰੱਖਦਾ ਹੈ। ਜੋ ਮੌਜਾਂ ਬਾਪੂ ਦੇ ਸਿਰ 'ਤੇ ਔਲਾਦ ਕਰਦੀ ਹੈ, ਉਹ ਹੋਰ ਕੋਈ ਨਹੀਂ ਕਰਵਾ ਸਕਦਾ। ਇਕ ਬਾਪ ਦੀ ਆਪਣੇ ਬੱਚੇ ਨਾਲ ਭਵਨਾਤਮਕ ਸਾਂਝ ਹੁੰਦੀ ਹੈ। ਇਕ ਬਾਪ ਹਰ ਸਮੇਂ ਆਪਣੀ ਔਲਾਦ ਦੇ ਜਨਮ ਦੇ ਸੁਪਨੇ ਬੁਣਦਾ ਹੈ। ਆਪਣੇ ਅੰਸ਼ ਨੂੰ ਆਪਣੀ ਗੋਦ ਵਿਚ ਲੈਣ ਲਈ ਇਕ ਮਾਂ ਨਾਲੋਂ ਕਿਤੇ ਵੱਧ ਉਤਾਵਲਾ ਬਾਪ ਹੁੰਦਾ ਹੈ। ਬਾਪ ਦੇ ਸਾਏ ਹੇਠ ਬੱਚੇ ਬੇਫਿਕਰੀ ਦੀ ਜ਼ਿੰਦਗੀ ਜਿਊਂਦੇ ਹਨ। ਇਸੇ ਲਈ ਤਾਂ ਕਿਹਾ ਗਿਆ ਹੈ-
ਉਹ ਮੌਜਾਂ ਭੁੱਲਦੀਆਂ ਨਹੀਂ
ਜੋ ਬਾਪੂ ਦੇ ਸਿਰ 'ਤੇ ਕਰੀਆਂ।
ਇਕ ਬਾਪ ਸਾਰੀ ਜ਼ਿੰਦਗੀ ਆਪਣੀ ਔਲਾਦ ਲਈ ਅਨੇਕਾਂ ਕੁਰਬਾਨੀਆਂ ਕਰਦਾ ਹੈ ਪਰ ਜਤਾਉਂਦਾ ਕਦੇ ਵੀ ਨਹੀਂ। ਬਾਪ ਦੇ ਸਿਰ 'ਤੇ ਹੀ ਔਲਾਦ ਦੀ ਸਰਦਾਰੀ ਹੁੰਦੀ ਹੈ। ਬਾਪੂ ਅਖਵਾਉਣਾ ਆਸਾਨ ਨਹੀਂ ਹੁੰਦਾ, ਇਸ ਦੇ ਲਈ ਆਪਣੀਆਂ ਖੁਸ਼ੀਆਂ, ਆਪਣੀਆਂ ਸਧਰਾਂ ਨੂੰ ਮਾਰ ਕੇ ਆਪਣੀ ਔਲਾਦ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਪੈਂਦਾ ਹੈ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਕੋਈ ਵੀ, ਕਿਸੇ ਦੀ ਵੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦਾ ਪਰ ਸਿਰਫ ਬਾਪ ਹੀ ਹੁੰਦਾ ਹੈ, ਜੋ ਆਪਣੀ ਔਲਾਦ ਨੂੰ ਆਪਣੇ ਤੋਂ ਵੱਧ ਤਰੱਕੀ ਕਰਦਾ ਦੇਖ ਕੇ ਖੁਸ਼ ਹੁੰਦਾ ਹੈ। ਬਾਪ ਦਾ ਪਿਆਰ ਵੀ ਨਿਸੁਆਰਥ ਹੁੰਦਾ ਹੈ। ਇਕ ਬਾਪ ਦੀ ਅਸਲ ਕੀਮਤ ਉਹੀ ਬੱਚਾ ਦੱਸ ਸਕਦਾ ਹੈ, ਜਿਸ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਹੁੰਦਾ। ਇਕ ਬਾਪ ਹੀ ਹੁੰਦਾ ਹੈ, ਜੋ ਆਪਣੀ ਔਲਾਦ ਦੀ ਉਂਗਲ ਫੜ ਉਸ ਨੂੰ ਜ਼ਿੰਦਗੀ ਦੇ ਔਖੇ-ਸੌਖੇ ਰਾਹਾਂ 'ਤੇ ਚੱਲਣਾ ਅਤੇ ਜ਼ਿੰਦਗੀ ਨਾਲ ਲੜਨਾ ਸਿਖਾਉਂਦਾ ਹੈ।
ਅਕਸਰ ਬਾਪ ਦੇ ਸਖ਼ਤ ਸੁਭਾਅ ਜਾਂ ਰੋਕ-ਟੋਕ ਕਰਨ ਕਾਰਨ ਬੱਚਿਆਂ ਦਾ ਲਗਾਅ ਆਪਣੀ ਮਾਂ ਨਾਲ ਵੱਧ ਹੁੰਦਾ ਹੈ ਅਤੇ ਉਹ ਆਪਣੇ ਬਾਪ ਨਾਲ ਆਪਣੇ ਦਿਲ ਦੀ ਹਰ ਗੱਲ ਕਰਨ ਤੋਂ ਝਿਜਕਦੇ ਹਨ ਪਰ ਬਾਪ ਦੇ ਸੁਭਾਅ ਦੀ ਸਖ਼ਤੀ ਵੀ ਆਪਣੇ ਬੱਚਿਆਂ ਦੇ ਫਾਇਦੇ ਲਈ ਹੀ ਹੁੰਦੀ ਹੈ। ਬਾਹਰੀ ਦੁਨੀਆ ਵਿਚ ਵਿਚਰਨ ਕਾਰਨ ਇਕ ਪੁਰਸ਼ ਇਸ ਸਮਾਜ ਦੀਆਂ ਸਮੱਸਿਆਵਾਂ ਨੂੰ ਜ਼ਿਆਦਾ ਸਮਝਦਾ ਹੈ ਅਤੇ ਇਸੇ ਕਾਰਨ ਉਸ ਦੇ ਸੁਭਾਅ ਵਿਚ ਵੀ ਸਖਤੀ ਹੁੰਦੀ ਹੈ, ਤਾਂ ਕਿ ਉਹ ਆਪਣੀ ਔਲਾਦ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਦੂਰ ਰੱਖ ਸਕੇ।
ਇਕ ਬਾਪ ਸਾਰੀ ਉਮਰ ਕਮਾਈ ਕਰਦਾ ਹੈ ਤੇ ਆਪਣੀ ਖੂਨ-ਪਸੀਨੇ ਦੀ ਕਮਾਈ ਆਪਣੀ ਔਲਾਦ ਦੇ ਲੇਖੇ ਲਾ ਦਿੰਦਾ ਹੈ ਪਰ ਔਲਾਦ ਅਕਸਰ ਆਪਣੇ ਬਾਪੂ ਦੀ ਕੁਰਬਾਨੀ ਨੂੰ ਭੁੱਲ ਜਾਂਦੀ ਹੈ। ਇਸੇ ਕਾਰਨ ਤਾਂ ਸਾਰੀ ਉਮਰ ਔਲਾਦ ਖਾਤਰ ਰੁਲਣ ਵਾਲਾ ਬਾਪੂ ਬੁਢਾਪੇ ਵਿਚ ਔਲਾਦ ਦੇ ਹੱਥੋਂ ਬਿਰਧ ਆਸ਼ਰਮਾਂ ਵਿਚ ਰੁਲਦਾ ਹੈ। ਜਿਨ੍ਹਾਂ ਮੋਢਿਆਂ 'ਤੇ ਚੜ੍ਹ ਬਚਪਨ ਵਿਚ ਔਲਾਦ ਨੂੰ ਸਵਰਗ ਦੇ ਝੂਟੇ ਮਿਲਦੇ ਸਨ, ਉਨ੍ਹਾਂ ਬੁੱਢੇ ਮੋਢਿਆਂ ਨੂੰ ਜਦੋਂ ਸਹਾਰੇ ਦੀ ਲੋੜ ਪੈਂਦੀ ਹੈ ਤਾਂ ਔਲਾਦ ਲਈ ਉਹ ਬਾਪੂ ਬੋਝ ਬਣ ਜਾਂਦਾ ਹੈ। ਇਕ ਬਾਪ ਆਪਣੀ ਸਾਰੀ ਜ਼ਿੰਦਗੀ ਆਪਣੀ ਔਲਾਦ ਦੇ ਲੇਖੇ ਲਾ ਦਿੰਦਾ ਹੈ ਤੇ ਉਹੀ ਔਲਾਦ ਵੱਡੀ ਹੋ ਕੇ ਜਦੋਂ ਆਪਣੇ ਬਾਪ ਨੂੰ ਪੁੱਛਦੀ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਬਣਾਇਆ ਕੀ ਹੈ? ਤਾਂ ਉਸ ਸਮੇਂ ਜੋ ਉਸ ਬੁੱਢੇ ਬਾਪ 'ਤੇ ਬੀਤਦੀ ਹੈ, ਉਹ ਹੋਰ ਕੋਈ ਨਹੀਂ ਸਮਝ ਸਕਦਾ।
ਜਿਸ ਘਰ ਮਾਪਿਆਂ ਦਾ ਸਤਿਕਾਰ ਨਹੀਂ
ਉਹ ਵਸਦਾ ਕਦੇ ਪਰਿਵਾਰ ਨਹੀਂ।


-ਪਿੰਡ ਤਨੂੰਲੀ। ਮੋਬਾ: 99150-33176

ਉੱਚੀ ਅੱਡੀ : ਪ੍ਰੇਸ਼ਾਨੀ ਤੋਂ ਬਚਣ ਲਈ

ਉੱਚੀ ਅੱਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾਉਂਦੀ ਹੈ। ਚਾਹੇ ਬਾਅਦ ਵਿਚ ਉਸ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਵੀ ਸਭ ਜਾਣਦੇ ਹਨ, ਫਿਰ ਵੀ ਕੁਝ ਪੁਸ਼ਾਕਾਂ ਦਾ ਪ੍ਰਭਾਵ ਉੱਚੀ ਅੱਡੀ ਨਾਲ ਹੀ ਬਣਦਾ ਹੈ। ਸਾੜ੍ਹੀ, ਲਹਿੰਗਾ ਪਹਿਨਿਆ ਹੋਵੇ ਅਤੇ ਨਾਲ ਉੱਚੀ ਅੱਡੀ ਹੋਵੇ ਤਾਂ ਗੱਲ ਬਣ ਜਾਂਦੀ ਹੈ।
ਬਹੁਤ ਸਾਰੀਆਂ ਔਰਤਾਂ ਉੱਚੀ ਅੱਡੀ ਪਹਿਨਣ ਤੋਂ ਘਬਰਾਉਂਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਉਹ ਸਹੀ ਤਰ੍ਹਾਂ ਤੁਰ ਨਹੀਂ ਸਕਣਗੀਆਂ ਅਤੇ ਡਿੱਗ ਵੀ ਸਕਦੀਆਂ ਹਨ। ਘਬਰਾਓ ਨਾ, ਆਤਮਵਿਸ਼ਵਾਸ ਰੱਖੋ, ਤੁਸੀਂ ਵੀ ਖੂਬਸੂਰਤੀ ਨਾਲ ਉੱਚੀ ਅੱਡੀ ਨਾਲ ਚੱਲ ਸਕਦੀਆਂ ਹੋ, ਬਸ ਲੋੜ ਹੈ ਕੁਝ ਅਭਿਆਸ ਦੀ। ਫਿਰ ਧਿਆਨ ਦਿਓ ਕੁਝ ਗੱਲਾਂ 'ਤੇ-
* ਸਭ ਤੋਂ ਪਹਿਲਾਂ ਅੱਡੀ ਵਾਲੀ ਚੱਪਲ ਖਰੀਦੋ ਅਤੇ ਘਰ ਵਿਚ ਪਹਿਨ ਕੇ ਉਸ 'ਤੇ ਖੜ੍ਹੇ ਰਹਿਣ ਦਾ ਅਭਿਆਸ ਕਰੋ। ਫਿਰ ਹੌਲੀ-ਹੌਲੀ ਕੁਝ ਕਦਮ ਚੱਲੋ। ਇਹ ਸਭ ਤੁਸੀਂ ਵੱਡੇ ਸ਼ੀਸ਼ੇ ਦੇ ਸਾਹਮਣੇ ਕਰ ਸਕਦੇ ਹੋ। ਜਿਥੇ ਲੱਗੇ ਕਦਮ ਗ਼ਲਤ ਪੈ ਰਿਹਾ ਹੈ, ਉਸ ਨੂੰ ਠੀਕ ਕਰਕੇ ਦੁਬਾਰਾ ਚੱਲੋ।
* ਉੱਚੀ ਅੱਡੀ ਖਰੀਦਦੇ ਸਮੇਂ ਉਸ ਦੀ ਫਿਟਿੰਗ 'ਤੇ ਵਿਸ਼ੇਸ਼ ਧਿਆਨ ਦਿਓ। ਜੇ ਜੁੱਤੀ ਥੋੜ੍ਹੀ ਤੰਗ ਹੈ ਜਾਂ ਥੋੜ੍ਹੀ ਖੁੱਲ੍ਹੀ ਹੈ ਤਾਂ ਤੁਰਨ ਵਿਚ ਤੁਸੀਂ ਲੜਖੜਾ ਸਕਦੇ ਹੋ। ਜੁੱਤੀ ਦਾ ਸਹੀ ਆਕਾਰ ਅਤੇ ਫਿਟਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ।
* ਉੱਚੀ ਅੱਡੀ ਪਹਿਨਣ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਤੁਸੀਂ ਸਟ੍ਰੈਪ ਵਾਲੀ ਸੈਂਡਲ ਲਓ ਤਾਂ ਕਿ ਉਸ ਨੂੰ ਬੰਨ੍ਹ ਕੇ ਤੁਸੀਂ ਆਪਣਾ ਸੰਤੁਲਨ ਠੀਕ ਰੱਖ ਸਕੋ। ਸਟ੍ਰੈਪ ਨੂੰ ਠੀਕ ਢੰਗ ਨਾਲ ਬੰਨ੍ਹੋ।
* ਅੱਡੀ ਵਾਲੀ ਜੁੱਤੀ ਖ਼ਰੀਦਦੇ ਸਮੇਂ ਉਸ ਦੀ ਅੱਡੀ ਹਿਲਾ ਕੇ ਦੇਖ ਲਓ, ਕਿਤੇ ਉਹ ਢਿੱਲੀ ਨਾ ਹੋਵੇ। ਬਹੁਤ ਸਾਰੇ ਸਟ੍ਰੈਪਸ ਅਤੇ ਅਟੈਚਮੈਂਟ ਵਾਲੀ ਅੱਡੀ ਨਾ ਖ਼ਰੀਦੋ, ਕਿਉਂਕਿ ਉਨ੍ਹਾਂ ਨੂੰ ਪਹਿਨ ਕੇ ਤੁਰਨ ਵਿਚ ਪ੍ਰੇਸ਼ਾਨੀ ਆ ਸਕਦੀ ਹੈ। ਜ਼ਿਆਦਾ ਆਰਾਮਦੇਹ ਅੱਡੀ ਲਈ ਪਲੇਟਫਾਰਮ ਅੱਡੀ ਹੀ ਪਹਿਨੋ। ਇਸ ਨਾਲ ਪੈਰ ਨੂੰ ਆਰਾਮ ਰਹਿੰਦਾ ਹੈ। ਥਕਾਨ ਵੀ ਘੱਟ ਹੁੰਦੀ ਹੈ ਅਤੇ ਪੈਰ ਮੁੜਨ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
* ਸ਼ੁਰੂਆਤ ਵਿਚ ਪੈਨਸਿਲ ਅੱਡੀ ਨਾ ਪਹਿਨੋ, ਕਿਉਂਕਿ ਸੰਤੁਲਨ ਬਣਾਉਣਾ ਮੁਸ਼ਕਿਲ ਹੋਵੇਗਾ।
* ਉੱਚੀ ਅੱਡੀ ਪਹਿਨ ਕੇ ਪੌੜੀਆਂ ਚੜ੍ਹਦੇ ਅਤੇ ਉਤਰਦੇ ਸਮੇਂ ਹੈਂਡਰੇਲ ਦੀ ਵਰਤੋਂ ਕਰੋ ਤਾਂ ਕਿ ਸੰਤੁਲਨ ਬਣਿਆ ਰਹੇ। ਬਹੁਤ ਤੇਜ਼ੀ ਨਾਲ ਪੌੜੀ ਨਾ ਚੜ੍ਹੋ, ਨਾ ਉੱਤਰੋ।

ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਦੀ ਸਮੱਸਿਆ

ਜਦੋਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਬਣ ਜਾਂਦੇ ਹਨ ਤਾਂ ਇਹ ਚਿਹਰੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੰਦੇ ਹਨ। ਇਹ ਕਾਲੇ ਧੱਬੇ ਕੰਪਿਊਟਰ 'ਤੇ ਕਾਫੀ ਲੰਬੇ ਸਮੇਂ ਤੱਕ ਕੰਮ ਕਰਨ, ਹਿਮੋਗਲੋਬਿਨ ਦੀ ਕਮੀ, ਅਵਿਵਸਥਿਤ ਜੀਵਨਸ਼ੈਲੀ, ਖਾਨਦਾਨੀ, ਗ਼ਲਤ ਖਾਣ-ਪੀਣ, ਤਣਾਅ ਅਤੇ ਉਨੀਂਦਰੇ ਕਾਰਨ ਆਮ ਤੌਰ 'ਤੇ ਹੁੰਦੇ ਹਨ। ਹਾਲਾਂਕਿ ਅੱਜਕਲ੍ਹ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਇਨ੍ਹਾਂ ਧੱਬਿਆਂ ਨੂੰ ਮਿਟਾਉਣ ਲਈ ਅਨੇਕ ਉਤਪਾਦ ਬਾਜ਼ਾਰ ਵਿਚ ਉਤਾਰ ਚੁੱਕੀਆਂ ਹਨ ਪਰ ਜ਼ਿਆਦਾਤਰ ਸੁੰਦਰਤਾ ਉਤਪਾਦਾਂ ਵਿਚ ਰਸਾਇਣ ਮਿਲੇ ਹੁੰਦੇ ਹਨ, ਜਿਸ ਨਾਲ ਚਮੜੀ ਨੂੰ ਲੰਬੇ ਸਮੇਂ ਵਿਚ ਫਾਇਦੇ ਦੀ ਬਜਾਏ ਨੁਕਸਾਨ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਜੇ ਤੁਸੀਂ ਘਰੇਲੂ ਸੁੰਦਰਤਾ ਸਾਧਨਾਂ ਦੀ ਮਦਦ ਲਓ ਤਾਂ ਇਹ ਸਸਤੇ ਅਤੇ ਲਾਭਦਾਇਕ ਸਾਬਤ ਹੁੰਦੇ ਹਨ।
ਚਿਹਰੇ ਵਿਚ ਬਾਕੀ ਹਿੱਸੇ ਦੇ ਮੁਕਾਬਲੇ ਅੱਖਾਂ ਦੇ ਨਾਲ ਲਗਦੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਅਤੇ ਪਤਲੀ ਹੁੰਦੀ ਹੈ। ਇਸ ਵਿਚ ਕੋਈ ਵੀ ਤੇਲੀ ਗ੍ਰੰਥੀਆਂ ਜਾਂ ਬਰੀਕ ਸੰਰਚਨਾ ਨਹੀਂ ਹੁੰਦੀ। ਚਿਹਰੇ ਦੇ ਇਸ ਭਾਗ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਰਹਿੰਦੀ ਹੈ ਅਤੇ ਇਹ ਭਾਗ ਸਰੀਰ ਦੀ ਅਣਦੇਖੀ, ਦੁਰਦਸ਼ਾ, ਬੁਢਾਪਾ, ਮਾਨਸਿਕ ਤਣਾਅ ਅਤੇ ਪੋਸ਼ਾਹਾਰ ਦੀ ਕਮੀ ਨਾਲ, ਲੋੜੀਂਦੀ ਨੀਂਦ ਦੀ ਕਮੀ ਅਤੇ ਗ਼ਲਤ ਜੀਵਨਸ਼ੈਲੀ ਨੂੰ ਸਾਫ਼ ਦਰਸਾਉਂਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਪਾਣੀ ਦੀ ਕਮੀ ਅਤੇ ਅਨੀਮੀਆ ਦੀ ਵਜ੍ਹਾ ਨਾਲ ਵੀ ਅੱਖਾਂ ਦੇ ਹੇਠਾਂ ਕਾਲੇ ਧੱਬੇ ਪੈ ਜਾਂਦੇ ਹਨ।
ਅੱਖਾਂ ਦੇ ਹੇਠਾਂ ਕਾਲੇ ਧੱਬੇ ਦਾ ਸਹੀ ਇਲਾਜ ਕਰਦੇ ਸਮੇਂ ਬਾਹਰੀ ਇਲਾਜ ਦੇ ਨਾਲ-ਨਾਲ ਅਨੇਕਾਂ ਹੋਰ ਪਹਿਲੂਆਂ 'ਤੇ ਵੀ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਨਿਯਮਤ 'ਏ', 'ਸੀ', 'ਕੇ', 'ਈ' ਅਤੇ ਆਇਰਨ ਦੀ ਪੋਸ਼ਾਹਾਰ ਖੁਰਾਕ ਨਾਲ ਅੱਖਾਂ ਦੇ ਹੇਠਾਂ ਕਾਲੇ ਧੱਬੇ ਘੱਟ ਕੀਤੇ ਜਾ ਸਕਦੇ ਹਨ। ਅਸਲ ਵਿਚ ਆਇਰਨ ਦੀ ਕਮੀ ਕਾਲੇ ਧੱਬਿਆਂ ਦਾ ਮੁੱਖ ਕਾਰਨ ਮੰਨੀ ਜਾਂਦੀ ਹੈ। ਆਇਰਨ ਦੀ ਕਮੀ ਨਾਲ ਖੂਨ ਵਿਚ ਲੋੜੀਂਦੀ ਆਕਸੀਜਨ ਦਾ ਸੰਚਾਰ ਨਹੀਂ ਹੁੰਦਾ। ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਤਾਜ਼ਾ ਫਲ, ਸਲਾਦ, ਪੁੰਗਰੇ ਅਨਾਜ, ਦਹੀਂ, ਮਲਾਈ, ਪੱਤੇਦਾਰ ਹਰੀਆਂ ਸਬਜ਼ੀਆਂ, ਆਂਡਾ ਅਤੇ ਮੱਛੀ ਕਾਫੀ ਸਹਾਇਕ ਸਿੱਧ ਹੁੰਦੇ ਹਨ। ਕਈ ਤਰ੍ਹਾਂ ਦੇ ਤਾਜ਼ਾ ਫਲ ਲੈਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਆਮ ਤੌਰ 'ਤੇ ਹਰ ਰੋਜ਼ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਉਠਦੇ ਹੀ ਇਕ ਗਿਲਾਸ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਸਾਰੇ ਫਲਾਂ ਦੇ ਰਸ ਨੂੰ ਪਾਣੀ ਮਿਲਾ ਕੇ ਲੈਣ ਨਾਲ ਲਾਭ ਮਿਲਦਾ ਹੈ। ਕਿਸੇ ਵੀ ਖੁਰਾਕ ਵਿਚ ਬਦਲਾਅ ਕਰਦੇ ਸਮੇਂ ਆਪਣੇ ਡਾਕਟਰ ਕੋਲੋਂ ਨਿਯਮਤ ਸਲਾਹ ਲੈ ਲੈਣੀ ਚਾਹੀਦੀ ਹੈ। ਆਪਣੀ ਕਸਰਤ ਦੀ ਸੂਚੀ ਵਿਚ ਲੰਬੇ-ਡੂੰਘੇ ਸਾਹਾਂ ਨੂੰ ਜ਼ਰੂਰ ਸ਼ਾਮਿਲ ਕਰ ਲਓ, ਕਿਉਂਕਿ ਇਸ ਨਾਲ ਤਣਾਅ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ ਅਤੇ ਸਰੀਰ ਦੇ ਅੰਗਾਂ ਨੂੰ ਲੋੜੀਂਦੀ ਆਕਸੀਜਨ ਮਿਲਦੀ ਹੈ। ਪੂਰੀ ਨੀਂਦ ਅਤੇ ਆਰਾਮ ਵੀ ਸਰੀਰ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ।
ਬਦਾਮ ਤੇਲ ਵਿਚ ਮੌਜੂਦ ਵਿਟਾਮਿਨ 'ਈ' ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਚਾਰੇ ਪਾਸੇ ਬਦਾਮ ਦੇ ਤੇਲ ਦੀ ਮਾਲਿਸ਼ ਕਰ ਲਓ ਅਤੇ ਇਸ ਨੂੰ ਰਾਤ ਭਰ ਚਮੜੀ 'ਤੇ ਲੱਗਾ ਰਹਿਣ ਤੋਂ ਬਾਅਦ ਸਵੇਰੇ ਸਾਫ ਪਾਣੀ ਨਾਲ ਧੋ ਦਿਓ।
ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਨੂੰ ਦੂਰ ਕਰਨ ਵਿਚ ਨਾਰੀਅਲ ਤੇਲ ਕਾਫੀ ਸਹਾਇਕ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੀ ਨਾਰੀਅਲ ਤੇਲ ਨਾਲ ਮਾਲਿਸ਼ ਕਰੋ ਅਤੇ ਸਵੇਰੇ ਸਾਫ਼, ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨੂੰ ਇਕ ਹਫ਼ਤੇ ਤੱਕ ਲਗਾਉਣ ਤੋਂ ਬਾਅਦ ਕਾਲੇ ਧੱਬੇ ਘੱਟ ਹੋਣੇ ਸ਼ੁਰੂ ਹੋ ਜਾਣਗੇ।
ਅੱਖਾਂ ਦੇ ਹੇਠਾਂ ਕਾਲੇ ਧੱਬੇ ਘੱਟ ਕਰਨ ਵਿਚ ਟਮਾਟਰ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੀ ਵਰਤੋਂ ਨਾਲ ਚਮੜੀ ਕੋਮਲ ਅਤੇ ਨਰਮ ਹੋ ਜਾਂਦੀ ਹੈ ਅਤੇ ਇਸ ਦੀ ਨਿਯਮਤ ਵਰਤੋਂ ਨਾਲ ਅੱਖਾਂ ਦੇ ਹੇਠਾਂ ਕਾਲੇ ਧੱਬੇ ਖ਼ਤਮ ਹੋ ਜਾਂਦੇ ਹਨ।
ਅੱਖਾਂ ਦੇ ਹੇਠਾਂ ਕਾਲੇ ਧੱਬੇ ਘੱਟ ਕਰਨ ਵਿਚ ਤਾਜ਼ੇ ਨਿੰਬੂ ਦਾ ਰਸ ਅਹਿਮ ਭੂਮਿਕਾ ਅਦਾ ਕਰਦਾ ਹੈ। ਨਿੰਬੂ ਦੇ ਰਸ ਨੂੰ ਰੂੰ ਦੀ ਮਦਦ ਨਾਲ ਅੱਖਾਂ ਦੇ ਹੇਠਾਂ ਕਾਲੇ ਧੱਬਿਆਂ 'ਤੇ ਲਗਾ ਕੇ 10 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਇਸ ਦੀ ਨਿਯਮਤ ਵਰਤੋਂ ਨਾਲ ਕਾਲੇ ਧੱਬੇ ਖ਼ਤਮ ਹੋ ਜਾਣਗੇ।
ਅੱਖਾਂ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਅੱਖਾਂ ਦੀ ਥਕਾਨ ਘੱਟ ਹੋ ਜਾਂਦੀ ਹੈ। ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰਨ ਨਾਲ ਤੁਰੰਤ ਆਰਾਮ ਮਹਿਸੂਸ ਹੁੰਦਾ ਹੈ।
ਅੱਖਾਂ ਦੀ ਸਫ਼ਾਈ ਜਾਂ ਛਿੱਟੇ ਮਾਰਨਾ ਵੀ ਕਾਫੀ ਸਹਾਇਕ ਸਾਬਤ ਹੁੰਦਾ ਹੈ। ਪਹਿਲਾਂ ਅੱਖਾਂ ਨੂੰ ਗਰਮ ਪਾਣੀ ਨਾਲ ਧੋਣ ਤੋਂ ਬਾਅਦ ਅੱਖਾਂ ਨੂੰ ਠੰਢੇ ਪਾਣੀ ਨਾਲ ਧੋਵੋ। ਇਸ ਨਾਲ ਅੱਖਾਂ ਵਿਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਖੂਨ ਸੰਕੁਲਤਾ ਤੋਂ ਰਾਹਤ ਮਿਲਦੀ ਹੈ। ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਅੱਖਾਂ ਦੇ ਹੇਠਾਂ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਲੋਸ਼ਨ ਨੂੰ ਹਲਕਾ ਬਣਾਉਣ ਲਈ ਇਸ ਵਿਚ ਪਾਣੀ ਦੀਆਂ ਕੁਝ ਬੂੰਦਾਂ ਮਿਲਾਈਆਂ ਜਾ ਸਕਦੀਆਂ ਹਨ।
ਆਪਣੀ ਚਮੜੀ ਦੀ ਨਿਯਮਤ ਦੇਖਭਾਲ ਵਿਚ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਦੀ ਵੀ ਜ਼ਰੂਰ ਮਾਲਿਸ਼ ਕਰ ਲਓ। ਅੱਖਾਂ ਦੀ ਦੇਖਭਾਲ ਲਈ ਬਹੁਤ ਹੀ ਹੌਲੀ-ਹੌਲੀ ਅਤੇ ਹਲਕੀ ਛੋਹ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ। ਮੇਕਅੱਪ ਨੂੰ ਹਟਾਉਣ ਲਈ ਗਿੱਲੇ ਰੂੰ ਨਾਲ ਕਲੀਂਜ਼ਿੰਗ ਜੈੱਲ ਦੀ ਵਰਤੋਂ ਕਰੋ। ਇਸ ਤੋਂ ਬਾਅਦ ਅੱਖਾਂ ਦੇ ਹੇਠਾਂ ਕ੍ਰੀਮ ਲਗਾਓ ਅਤੇ ਇਸ ਨੂੰ ਗਿੱਲੇ ਰੂੰ ਨਾਲ 10 ਮਿੰਟ ਬਾਅਦ ਹਟਾ ਦਿਓ। ਇਸ ਕ੍ਰੀਮ ਨੂੰ ਰਾਤ ਭਰ ਕਦੇ ਨਾ ਲੱਗਾ ਰਹਿਣ ਦਿਓ। ਅੱਖਾਂ ਦੇ ਹੇਠਾਂ ਆਮ ਮਾਸਕ ਕਦੇ ਨਾ ਲਗਾਓ, ਇਸ ਭਾਗ ਵਿਚ ਅਤਿਅੰਤ ਹਲਕੇ ਰੰਗ ਦੀ ਕ੍ਰੀਮ ਜਾਂ ਸੀਰਮ ਦੀ ਵਰਤੋਂ ਕਰਨੀ ਚਾਹੀਦੀ ਹੈ।
ਅੱਖਾਂ ਦੇ ਕਾਲੇ ਧੱਬਿਆਂ ਲਈ ਖੀਰੇ ਦਾ ਰਸ ਆਮ ਇਲਾਜ ਮੰਨਿਆ ਜਾਂਦਾ ਹੈ। ਖੀਰੇ ਦੇ ਰਸ ਨੂੰ ਹਰ ਰੋਜ਼ ਅੱਖਾਂ ਦੇ ਚਾਰੇ ਪਾਸੇ ਚਮੜੀ 'ਤੇ ਲਗਾ ਕੇ 15 ਮਿੰਟ ਬਾਅਦ ਸਾਫ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ। ਜੇ ਕਾਲੇ ਧੱਬਿਆਂ ਵਿਚ ਸੋਜ ਹੋਵੇ ਤਾਂ ਆਲੂ ਦੇ ਰਸ ਨੂੰ ਖੀਰੇ ਦੇ ਰਸ ਵਿਚ ਬਰਾਬਰ ਮਾਤਰਾ ਵਿਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਚਮੜੀ 'ਤੇ 15 ਮਿੰਟ ਤੱਕ ਲਗਾ ਕੇ ਸਾਫ ਪਾਣੀ ਨਾਲ ਧੋ ਦਿਓ।
ਟਮਾਟਰ ਦਾ ਰਸ ਚਿਹਰੇ ਦੀ ਰੰਗਤ ਨੂੰ ਨਿਖਾਰਨ ਵਿਚ ਅਤਿਅੰਤ ਮਦਦਗਾਰ ਸਾਬਤ ਹੁੰਦਾ ਹੈ।
ਬਾਹਰੀ ਸੁੰਦਰਤਾ ਪ੍ਰਸਾਧਨਾਂ ਦੀ ਉਚਿਤ ਅਤੇ ਨਿਯਮਤ ਵਰਤੋਂ ਦੇ ਨਾਲ-ਨਾਲ ਤੰਦਰੁਸਤ ਜੀਵਨ ਸ਼ੈਲੀ ਅਤੇ ਤਣਾਅਮੁਕਤ ਵਾਤਾਵਰਨ, ਪੂਰੀ ਨੀਂਦ ਵੀ ਕਾਫੀ ਸਹਾਇਕ ਸਿੱਧ ਹੁੰਦੀ ਹੈ। ਰੂੰ ਲੈ ਕੇ ਦੋ ਮੋਟੇ ਸਕਵਾਇਰ ਪੈਡ ਬਣਾ ਲਓ। ਉਨ੍ਹਾਂ ਨੂੰ ਖੀਰੇ ਦੇ ਰਸ ਜਾਂ ਗੁਲਾਬਜਲ ਵਿਚ ਭਿਉਂ ਦਿਓ। ਲੇਟ ਜਾਓ ਅਤੇ ਭਿੱਜੇ ਹੋਏ ਪੈਡ ਨੂੰ 15 ਮਿੰਟ ਤੱਕ ਅੱਖਾਂ 'ਤੇ ਰੱਖ ਲਓ। ਵਰਤੇ ਹੋਏ ਪੈਡ ਨੂੰ ਵੀ ਆਈ ਪੈਡ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਬੰਦ ਪਲਕਾਂ 'ਤੇ ਠੰਢਾ ਦੁੱਧ ਜਾਂ ਬਰਫੀਲਾ ਪਾਣੀ 15-20 ਮਿੰਟ ਤੱਕ ਲਗਾਉਣ ਨਾਲ ਵੀ ਕਾਲੇ ਧੱਬਿਆਂ ਨੂੰ ਮਿਟਾਉਣ ਵਿਚ ਕਾਫੀ ਲਾਭ ਮਿਲਦਾ ਹੈ।

ਆਪਣੇ ਹਾਲਾਤ ਨਾਲ ਲੜਨਾ ਸਿੱਖੋ

ਹਾਲਾਤ ਨਾਲ ਨਜਿੱਠਣ ਦੀ ਸਮਝ ਅਤੇ ਹਾਲਾਤ ਨਾਲ ਲੜਨ ਦੀ ਹਿੰਮਤ ਹੋਵੇ ਤਾਂ ਬੁਰੇ ਵਕਤ ਸਾਨੂੰ ਕਮਜ਼ੋਰ ਨਹੀਂ, ਬਲਕਿ ਮਜ਼ਬੂਤ ਕਰਦੇ ਹਨ ਪਰ ਪ੍ਰੀਖਿਆ ਤੁਹਾਡੀ ਕਾਬਲੀਅਤ, ਮਿਹਨਤ, ਜਜ਼ਬਾ, ਸਿਦਕ, ਚਰਿੱਤਰ ਅਤੇ ਸਮਝ ਦੀ ਪਰਖ ਹੈ। ਜੇਕਰ ਸਾਡੇ ਬੁਰੇ ਹਾਲਾਤ ਰਵਾਉਂਦੇ ਹਨ ਤਾਂ ਇਹ ਸਾਨੂੰ ਸਿਖਾਉਂਦੇ ਵੀ ਹਨ। ਜਿਵੇਂ ਤਨ ਦੀ ਮਜ਼ਬੂਤੀ ਲਈ ਚੰਗੀ ਖੁਰਾਕ ਜ਼ਰੂਰੀ ਹੈ ਉਵੇਂ ਮਨ ਦੀ ਮਜ਼ਬੂਤੀ ਲਈ ਚੰਗੇ ਵਿਚਾਰ ਲਾਜ਼ਮੀ ਹਨ। ਤਨ ਅਤੇ ਮਨ ਦੇ ਸੁਮੇਲ ਨਾਲ ਹੀ ਇਹ ਸੰਭਵ ਹੈ ਕਿ ਆਪਣੇ ਹਾਲਾਤ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਚੀਜ਼ਾਂ ਨਾਲ ਸਹਿਮਤ ਹੋਣਾ ਸਿੱਖੋ, ਜਿਨ੍ਹਾਂ ਨੂੰ ਤੁਸੀਂ ਬਦਲ ਨਹੀਂ ਸਕਦੇ। ਉਨ੍ਹਾਂ ਗੱਲਾਂ ਨੂੰ ਅਣਡਿੱਠ ਕਰਨਾ ਸਿੱਖੋ, ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਸਬੰਧ ਨਹੀਂ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ ਤਾਂ ਨਿਰਾਸ਼ਾ ਹੀ ਹੱਥ ਲੱਗੇਗੀ। ਤੁਸੀਂ ਉਨ੍ਹਾਂ ਲੋਕਾਂ ਪ੍ਰਤੀ ਆਪਣਾ ਖੁਦ ਦਾ ਨਜ਼ਰੀਆ ਬਦਲੋ, ਉਨ੍ਹਾਂ ਵਿਚ ਵੀ ਤਬਦੀਲੀ ਜ਼ਰੂਰ ਆਵੇਗੀ। ਸਭ ਤੋਂ ਵੱਡੀ ਸਮੱਸਿਆ ਜਾਂ ਮੁਸ਼ਕਿਲ ਸਮਾਜ ਵਿਚ ਨਹੀਂ, ਸਗੋਂ ਸਾਡੀ ਆਪਣੀ ਸੋਚ ਅੰਦਰ ਹੁੰਦੀ ਹੈ। ਜਿੰਨਾ ਵੱਧ ਅਸੀਂ ਮੁਸ਼ਕਿਲਾਂ ਦਾ ਜ਼ਿਕਰ ਕਰਾਂਗੇ, ਓਨੀਆਂ ਹੀ ਇਹ ਵੱਧ ਪ੍ਰੇਸ਼ਾਨ ਕਰਦੀਆਂ ਹਨ। ਅਸੀਂ ਸਮੱਸਿਆਵਾਂ ਨੂੰ ਤਾਂ ਜਾਣਦੇ ਹਾਂ ਪਰ ਇਨ੍ਹਾਂ ਦੇ ਹੱਲ ਨੂੰ ਨਹੀਂ ਜਾਣਦੇ।
ਅਕਸਰ ਹਾਰੇ ਹੋਏ ਬੰਦੇ ਦੀ ਸਲਾਹ ਅਤੇ ਜਿੱਤੇ ਹੋਏ ਬੰਦੇ ਦਾ ਤਜਰਬਾ ਬਹੁਤ ਕੰਮ ਆਉਂਦਾ ਹੈ। ਕਿਸੇ ਨੇ ਪੁੱਛਿਆ ਕਿ ਸਫਲ ਹੋਣ ਲਈ ਕਿੰਨੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਉੱਤਰ ਮਿਲਿਆ 'ਜਿੰਨੀ ਮਿਹਨਤ ਇਕ ਨੋਬਲ ਪੁਰਸਕਾਰ ਜਿੱਤਣ ਵਾਲਾ ਵਿਅਕਤੀ ਕਰਦਾ ਹੈ, ਤੁਸੀਂ ਓਨੀ ਮਿਹਨਤ ਕਰੋਗੇ ਤਾਂ ਤੁਹਾਡੀ ਕਾਮਯਾਬੀ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਕਸਰ ਅਸੀਂ ਕਈ ਵਾਰ ਸਬਰ ਦੀ ਲੜਾਈ ਹਾਰ ਜਾਂਦੇ ਹਾਂ। ਅੰਦਰ ਦੀ ਮਜ਼ਬੂਤੀ ਤੋਂ ਬਗੈਰ ਅਸੀਂ ਜਿੱਤ ਵੀ ਹਾਰ ਜਾਂਦੇ ਹਾਂ। ਕਹਿੰਦੇ ਹਨ ਕਿ ਜੇਕਰ ਤੁਸੀਂ ਉਡ ਨਹੀਂ ਸਕਦੇ ਤਾਂ ਦੌੜੋ, ਜੇਕਰ ਦੌੜ ਨਹੀਂ ਸਕਦੇ ਤਾਂ ਤੁਰੋ, ਜੇਕਰ ਤੁਰ ਨਹੀਂ ਸਕਦੇ ਤਾਂ ਰਿੜ੍ਹੋ ਪਰ ਰੁਕੋ ਨਾ। ਸ਼ੌਕ ਸਿਰਫ ਵਿਹਲੇ ਸਮੇਂ ਦੀ ਪੂਰਤੀ ਨਹੀਂ ਹੁੰਦਾ, ਬਲਕਿ ਸ਼ੌਕ ਉਹ ਜਨੂੰਨ ਤੇ ਜਜ਼ਬਾ ਹੈ, ਜੋ ਤੁਹਾਨੂੰ ਕਦੇ ਅੱਕਣ ਅਤੇ ਥੱਕਣ ਨਹੀਂ ਦਿੰਦਾ। ਜ਼ਿੰਦਗੀ ਦੀ ਰਵਾਨਗੀ ਵਿਚ ਹੀ ਰੂਹ ਧੜਕਦੀ ਹੈ। ਇਹ ਜ਼ਿੰਦਗੀ ਜੋਸ਼ ਅਤੇ ਹੋਸ਼ ਦਾ ਸੁਮੇਲ ਹੈ।
ਦਿਲ ਵਿਚ ਮੁਹੱਬਤ ਅਤੇ ਰੂਹ ਵਿਚ ਸੰਗੀਤ। ਚਿਹਰੇ 'ਤੇ ਮੁਸਕਰਾਹਟ ਤੇ ਮਿਲਣੀ ਵਿਚ ਸਲੀਕਾ। ਜੇਕਰ ਤੁਹਾਡੇ ਕੋਲ ਚੰਗੀ ਸਿਹਤ ਹੈ ਤਾਂ ਆਪਣੇ ਆਲੇ-ਦੁਆਲੇ ਨਜ਼ਰ ਮਾਰੋ, ਕਿੰਨੇ ਲੋਕ ਚੰਗੀ ਸਿਹਤ ਲਈ ਤਰਸ ਰਹੇ ਹਨ। ਸਰੀਰਕ ਕੱਦ ਦਾ ਛੋਟਾ ਹੋਣਾ ਕੋਈ ਰੁਕਾਵਟ ਨਹੀਂ, ਬਲਕਿ ਅਸਲ ਰੁਕਾਵਟ ਤੁਹਾਡੀ ਸੋਚ ਦੇ ਕੱਦ ਦਾ ਛੋਟਾ ਹੋਣਾ ਹੈ। ਇਕ ਸਾਂਵਲੇ ਰੰਗ ਦੀ ਲੜਕੀ ਇਸ ਚਿੰਤਾ ਵਿਚ ਹੈ ਕਿ ਉਸ ਦਾ ਰੰਗ ਗੋਰਾ ਕਿਉਂ ਨਹੀਂ ਹੈ? ਗੋਰੇ ਰੰਗ ਵਾਲੀ ਲੜਕੀ ਇਸ ਚਿੰਤਾ ਵਿਚ ਹੈ ਕਿ ਉਸ ਦੇ ਸਿਰ ਦੇ ਵਾਲ ਬਹੁਤ ਛੋਟੇ ਹਨ। ਇਕ ਚੰਗੀ ਤੇ ਸਿਆਣੀ ਕੁੜੀ ਇਸ ਚਿੰਤਾ ਵਿਚ ਹੈ ਕਿ ਉਸ ਦਾ ਕੱਦ ਬਹੁਤ ਛੋਟਾ ਹੈ। ਇਕ ਹੁਸ਼ਿਆਰ ਕੁੜੀ ਇਸ ਚਿੰਤਾ ਵਿਚ ਹੈ ਕਿ ਉਸ ਦਾ ਭਾਰ ਜ਼ਿਆਦਾ ਹੈ। ਕਈ ਆਪਣੀ ਬਦਸੂਰਤੀ ਤੋਂ ਦੁਖੀ ਹਨ ਅਤੇ ਕਈ ਆਪਣੀਆਂ ਹੀ ਆਦਤਾਂ ਤੋਂ ਪ੍ਰੇਸ਼ਾਨ ਹਨ। ਸਾਡੀਆਂ ਜ਼ਿਆਦਾਤਰ ਮੁਸ਼ਕਿਲਾਂ, ਚਿੰਤਾਵਾਂ, ਫਿਕਰ ਸਾਡੇ ਆਪਣੇ-ਆਪ ਨਾਲ ਸਬੰਧਿਤ ਹਨ। ਜਿਸ ਸਮੱਸਿਆ ਦਾ ਕੋਈ ਹੱਲ ਨਾ ਹੋਵੇ, ਸਮਝੋ ਉਹ ਅਸਲ ਵਿਚ ਕੋਈ ਸਮੱਸਿਆ ਹੀ ਨਹੀਂ ਹੁੰਦੀ। ਆਪਣੇ-ਆਪ ਦੀ ਚਿੰਤਾ ਵਿਚ ਅਕਸਰ ਅਸੀਂ ਹਾਲਾਤ ਨਾਲ ਲੜਨਾ ਹੀ ਭੁੱਲ ਜਾਂਦੇ ਹਾਂ। ਸੱਚ ਨੂੰ ਸਵੀਕਾਰ ਕਰਨਾ ਸਿੱਖੋ। ਅਕਸਰ ਜਿਹੜੀਆਂ ਕੁੜੀਆਂ ਜਾਂ ਔਰਤਾਂ ਜ਼ਿਆਦਾ ਜਜ਼ਬਾਤੀ ਹੁੰਦੀਆਂ ਹਨ, ਉਨ੍ਹਾਂ ਵਿਚ ਸਹਿਣਸ਼ੀਲਤਾ ਦੀ ਵੀ ਕਮੀ ਹੁੰਦੀ ਹੈ।
ਜੇਕਰ ਮੌਸਮ ਬਦਲਦੇ ਹਨ ਤਾਂ ਇਹ ਇਕ ਕੁਦਰਤੀ ਨਿਯਮ ਹੈ ਕਿ ਸਾਡੀ ਜ਼ਿੰਦਗੀ ਦਾ ਸਮਾਂ ਵੀ ਬਦਲਦਾ ਰਹਿੰਦਾ ਹੈ। ਸੌਖੇ ਦਿਨਾਂ ਵਿਚ ਇਕੱਠੀ ਕੀਤੀ ਪੂੰਜੀ ਔਖੇ ਦਿਨਾਂ ਵਿਚ ਕੰਮ ਆਉਂਦੀ ਹੈ। ਜੇਕਰ ਲਗਨ, ਇਬਾਦਤ ਅਤੇ ਸ਼ੌਕ ਇਸ਼ਕ ਬਣ ਜਾਵੇ ਤਾਂ ਮੁਸ਼ਕਿਲਾਂ ਨਾਲ ਲੜਨਾ ਵਧੀਆ ਲਗਦਾ ਹੈ। ਮੁਸ਼ਕਿਲਾਂ ਅਤੇ ਰੁਕਾਵਟਾਂ ਜ਼ਿੰਦਗੀ ਦੀ ਸੜਕ 'ਤੇ ਸਪੀਡ ਬਰੇਕਾਂ ਦੀ ਤਰ੍ਹਾਂ ਹੁੰਦੀਆਂ ਹਨ, ਜੋ ਸਾਨੂੰ ਕਈ ਹਾਦਸਿਆਂ ਤੋਂ ਬਚਾਉਂਦੀਆਂ ਹਨ। ਜਿਹੜੇ ਲੋਕ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਤੁਹਾਡਾ ਸਾਥ ਅਤੇ ਸਹਿਯੋਗ ਦਿੰਦੇ ਹਨ, ਤੁਸੀਂ ਉਨ੍ਹਾਂ ਲੋਕਾਂ ਦੇ ਭਰੋਸੇ ਨੂੰ ਕਦੇ ਨਾ ਟੁੱਟਣ ਦਿਓ, ਜੋ ਭਰੋਸਾ ਉਹ ਤੁਹਾਡੇ 'ਤੇ ਕਰਦੇ ਹਨ। ਇਹ ਸਹਿਯੋਗੀ ਤੁਹਾਡੇ ਮਾਪੇ, ਰਿਸ਼ਤੇਦਾਰ, ਦੋਸਤ ਜਾਂ ਆਲੇ-ਦੁਆਲੇ ਦੇ ਚੰਗੀ ਸੋਚ ਵਾਲੇ ਇਨਸਾਨ ਵੀ ਹੋ ਸਕਦੇ ਹਨ। ਜੇਕਰ ਤੁਸੀਂ ਖੁਦ ਚੰਗੇ ਹੋ ਤਾਂ ਬਾਕੀ ਚੰਗੇ ਲੋਕ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਤਿਆਰ ਹੋਣਗੇ। ਸਾਡੀਆਂ ਕਈ ਬੇਟੀਆਂ ਦਾ ਜਨਮ ਬਹੁਤ ਹੀ ਪਛੜੇ, ਗਰੀਬ ਪਰਿਵਾਰ ਵਿਚ ਹੋਇਆ ਪਰ ਇਸ ਦੇ ਬਾਵਜੂਦ ਉਹ ਆਪਣੀ ਯੋਗਤਾ, ਲਿਆਕਤ, ਸਮਝਦਾਰੀ, ਹੁਨਰ ਦੇ ਜ਼ਰੀਏ ਦੁਨੀਆ ਵਿਚ ਆਪਣਾ ਨਾਂਅ ਰੌਸ਼ਨ ਕਰਨ ਵਿਚ ਕਾਮਯਾਬ ਹੋਈਆਂ ਹਨ।


-ਅਮਰਜੀਤ ਬਰਾੜ,
ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਬੱਚਿਆਂ ਦੀਆਂ ਭਾਵਨਾਵਾਂ ਦਾ ਕਿੰਨਾ ਖ਼ਿਆਲ ਰੱਖਦੇ ਹੋ?

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੀ ਹਰ ਮਾਂ ਆਪਣੇ ਤੋਂ ਵੀ ਜ਼ਿਆਦਾ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ, ਉਨ੍ਹਾਂ ਦਾ ਖਿਆਲ ਰੱਖਦੀ ਹੈ। ਪਰ ਸਵਾਲ ਇਹ ਹੈ ਕਿ ਇਸ ਲਾਡ-ਪਿਆਰ ਵਿਚ ਕੀ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਪਰਖਦੇ ਹਾਂ।
1. ਬੱਚਾ ਤੁਹਾਡੇ ਲਈ ਇਕ ਪਿਆਰਾ ਜਿਹਾ ਖਿਡੌਣਾ ਹੈ। ਉਸ ਲਈ ਆਪਣੀ ਪਿਆਰ ਵਾਲੀ ਭਾਵਨਾ ਵਿਚ ਕੀ ਤੁਸੀਂ ਇਹ ਵੀ ਯਾਦ ਰੱਖਦੇ ਹੋ ਕਿ ਉਹ ਇਕ ਜੀਵਤ ਖਿਡੌਣਾ ਹੈ, ਕੋਈ ਬੇਜ਼ਬਾਨ ਚੀਜ਼ ਨਹੀਂ?-(ਕ) ਹਾਂ, ਬਿਲਕੁਲ। (ਖ) ਇਸ ਤਰ੍ਹਾਂ ਦੀ ਸੋਚ ਦੀ ਕੀ ਲੋੜ ਹੈ? (ਗ) ਇਹ ਖਿਆਲ ਤਾਂ ਕਦੇ ਆਇਆ ਹੀ ਨਹੀਂ।
2. ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਕਿ ਘਰ ਵਿਚ ਬੱਚਿਆਂ ਦਾ ਆਪਣਾ ਕੋਈ ਕਮਰਾ, ਕੋਈ ਕੋਨਾ ਭਾਵ ਨਿੱਜੀ ਜਗ੍ਹਾ ਹੋਣੀ ਚਾਹੀਦੀ ਹੈ?-(ਕ) ਨਹੀਂ, ਬਿਲਕੁਲ ਨਹੀਂ। (ਖ) ਹਾਂ, ਕਿਉਂ ਨਹੀਂ? (ਗ) ਇਹ ਤਾਂ ਸਬੰਧਾਂ ਦੀ ਗੁਣਵੱਤਾ 'ਤੇ ਨਿਰਭਰ ਹੈ।
3. ਤੁਸੀਂ ਬੱਚਿਆਂ ਦੀ ਹਰ ਲੋੜ ਪੂਰੀ ਕਰਦੇ ਹੋ, ਸਿਵਾਏ ਉਨ੍ਹਾਂ ਨੂੰ ਇਕ 'ਕੁਆਲਟੀ ਟਾਈਮ' ਦੇਣ ਦੇ। ਕੀ ਇਸ ਦਾ ਤੁਹਾਨੂੰ ਅਫਸੋਸ ਹੋਵੇਗਾ?-(ਕ) ਇਸ ਵਿਚ ਅਫ਼ਸੋਸ ਵਾਲੀ ਕਿਹੜੀ ਗੱਲ ਹੈ? (ਖ) ਅਫਸੋਸ ਹੋਵੇਗਾ, ਬਸ਼ਰਤੇ ਸਮਾਂ ਹੋਵੇ ਅਤੇ ਨਾ ਦੇ ਰਹੇ ਹੋਈਏ। (ਗ) ਬਿਲਕੁਲ, ਭੌਤਿਕ ਚੀਜ਼ਾਂ ਭਾਵਨਾਵਾਂ ਦੀ ਭਰਪਾਈ ਨਹੀਂ ਕਰਦੀਆਂ।
4. ਘਰ ਵਿਚ ਕਿਸੇ ਮਹੱਤਵਪੂਰਨ ਵਿਅਕਤੀ ਜਾਂ ਮਹਿਮਾਨ ਦੇ ਆਉਣ 'ਤੇ ਤੁਸੀਂ ਸੋਚਦੇ ਹੋ-(ਕ) ਕਿ ਘਰ ਵਿਚ ਮੌਜੂਦ ਬੱਚੇ ਦਾ ਭਾਵਨਾਤਮਿਕ ਖਿਆਲ ਰੱਖਣਾ ਹੈ। (ਖ) ਕਿ ਹਰ ਦਿਨ ਤਾਂ ਬੱਚੇ 'ਤੇ ਹੀ ਫੋਕਸ ਰਹਿੰਦੇ ਹੋ, ਅੱਜ ਉਹ ਆਪਣੇ-ਆਪ ਵਿਚ ਮਸਤ ਰਹੇ। (ਗ) ਕਿ ਅੱਜ ਉਹ ਆਪਣੇ ਦੋਸਤਾਂ ਅਤੇ ਖਿਡੌਣਿਆਂ ਨਾਲ ਖੇਡੇ।
5. ਤੁਹਾਡੇ ਨਜ਼ਰੀਏ ਵਿਚ ਬੱਚਿਆਂ ਲਈ ਬਣਾਇਆ ਗਿਆ ਸੰਯੁਕਤ ਰਾਸ਼ਟਰ ਸੰਘ ਦਾ 'ਬਾਲ ਅਧਿਕਾਰ ਘੋਸ਼ਣਾਪੱਤਰ'-
(ਕ) ਇਕ ਜ਼ਰੂਰੀ ਦਸਤਾਵੇਜ਼ ਹੈ, ਜਿਸ ਦੇ ਪ੍ਰਤੀ ਹਰ ਮਾਂ-ਬਾਪ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। (ਖ) ਇਕ ਗ਼ੈਰ-ਜ਼ਰੂਰੀ ਦਸਤਾਵੇਜ਼ ਹੈ, ਜੋ ਮਾਂ-ਬਾਪ ਨੂੰ ਬੱਚਿਆਂ ਪਾਲਣ-ਪੋਸ਼ਣ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ। (ਗ) ਇਸ ਸਬੰਧ ਵਿਚ ਕਦੇ ਕੁਝ ਸੋਚਿਆ ਨਹੀਂ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਸ ਲਈ ਦਿੱਤੇ ਗਏ ਵੱਖ-ਵੱਖ ਬਦਲਾਂ ਵਿਚੋਂ ਉਸੇ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਤੁਹਾਨੂੰ ਹਾਸਲ ਅੰਕਾਂ ਦੇ ਆਧਾਰ 'ਤੇ ਇਸ ਤਰ੍ਹਾਂ ਤੈਅ ਕੀਤਾ ਜਾ ਸਕਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਦਾ ਕਿੰਨਾ ਖਿਆਲ ਰੱਖਦੇ ਹੋ?
ਕ-ਜੇ ਤੁਹਾਨੂੰ ਕੁੱਲ 7 ਜਾਂ ਇਸ ਤੋਂ ਘੱਟ ਅੰਕ ਮਿਲੇ ਹਨ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਜਿੰਨਾ ਮਰਜ਼ੀ ਕਰਦੇ ਹੋਵੋ, ਉਸ ਦੇ ਕੋਈ ਮਨੁੱਖੀ ਅਧਿਕਾਰ ਵੀ ਹਨ, ਇਹ ਗੱਲ ਤੁਸੀਂ ਕਦੇ ਨਹੀਂ ਸੋਚਦੇ। ਬੱਚੇ ਦੇ ਪ੍ਰਤੀ ਪਿਆਰ-ਦੁਲਾਰ ਦਾ ਇਹ ਨਜ਼ਰੀਆ ਸਹੀ ਨਹੀਂ ਹੈ। ਕਿਤੇ ਨਾ ਕਿਤੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਜਗੀਰ ਜਾਂ ਸੰਪਤੀ ਮੰਨ ਕੇ ਚਲਦੇ ਹੋ। ਭਾਵੇਂ ਇਹ ਗੱਲ ਸੋਚਦੇ ਹੋ ਜਾਂ ਨਹੀਂ ਸੋਚਦੇ ਹੋ।
ਖ-ਜੇ ਤੁਹਾਡੇ ਕੁੱਲ ਹਾਸਲ ਅੰਕ 7 ਤੋਂ ਵੱਧ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਆਪਣੇ ਬੱਚੇ ਨੂੰ ਪਿਆਰ ਵੀ ਕਰਦੇ ਹੋ, ਉਸ ਦਾ ਹਰ ਲਿਹਾਜ਼ ਨਾਲ ਖਿਆਲ ਵੀ ਰੱਖਦੇ ਹੋ। ਪਰ ਉਸ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਪ੍ਰਤੀਬੱਧ ਜਾਂ ਬਹੁਤ ਸੰਵੇਦਨਸ਼ੀਲ ਨਹੀਂ ਹੋ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਆਪਣੇ ਬੱਚਿਆਂ ਨੂੰ ਲਾਡ-ਪਿਆਰ ਕਰਦੇ ਹੋ, ਸਗੋਂ ਇਹ ਵੀ ਧਿਆਨ ਰੱਖਦੇ ਹੋ ਕਿ ਉਹ ਇਕ ਜੀਵਤ ਖਿਡੌਣਾ ਹੈ। ਉਸ ਦਾ ਆਪਣਾ ਮੂਡ ਵੀ ਹੁੰਦਾ ਹੈ ਅਤੇ ਮਨੁੱਖੀ ਅਧਿਕਾਰ ਵੀ।


-ਪਿੰਕੀ ਅਰੋੜਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX