ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਉਦਾਸ ਮਨ, ਬੋਝਲ ਤਨ ਅਤੇ ਕਸਰਤ

ਨਿੱਘਰਦੇ ਜਾ ਰਹੇ ਵਾਤਾਵਰਨ ਵਾਲੇ ਇਸ ਸੰਸਾਰ ਵਿਚ ਵੀ ਅਰੋਗ ਤਨ ਅਤੇ ਸੰਤੁਸ਼ਟ ਮਨ ਆਸਰੇ ਸਵਰਗ ਮਾਣ ਸਕਣਾ ਸੰਭਵ ਹੈ | ਬੋਝਲ ਤਨ ਜਾਂ ਬੁਝੇ ਮਨ ਨਾਲ ਅਜਿਹਾ ਕਰ ਸਕਣਾ ਸੰਭਵ ਨਹੀਂ | ਜਿਹੋ-ਜਿਹਾ ਜੀਵਨ-ਢੰਗ ਅਸੀਂ ਅਪਣਾ ਰੱਖਿਆ ਹੈ ਅਤੇ ਜਿਹੋ-ਜਿਹਾ ਸਾਡਾ ਖਾਣ-ਪੀਣ ਹੈ, ਬੋਝਲ ਸਰੀਰ ਵੀ ਅਤੇ ਉਦਾਸ ਮਨ ਵੀ ਲਗਾਤਾਰ ਵਧਦੀ ਜਾ ਰਹੀ ਗਿਣਤੀ 'ਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਹਨ | ਇਕ ਤਰ੍ਹਾਂ ਇਨ੍ਹਾਂ ਦਾ ਇਕ-ਦੂਜੇ ਨਾਲ ਸਬੰਧ ਵੀ ਹੈ | ਸਰੀਰ ਦੇ ਬੋਝ ਤੋਂ ਛੁਟਕਾਰਾ ਪਾਉਣ ਬਾਰੇ ਜਿਹੜੇ ਸੋਚਦੇ ਹਨ, ਉਨ੍ਹਾਂ ਨੂੰ ਚੁਫੇਰਿਓਾ ਕਸਰਤ ਆਰੰਭ ਕਰ ਦੇਣ ਦੀ ਰਾਇ ਮਿਲਦੀ ਹੈ | ਲੰਬੇ ਸਮੇਂ ਤਕ ਦਿੱਤੀ ਇਸ ਰਾਇ ਦੀ ਪਾਲਣਾ ਕਰਦੇ ਰਹਿਣ ਉਪਰੰਤ ਵੀ ਬਹੁਤਿਆਂ ਦੀ ਉਹ ਆਸ ਪੂਰੀ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਨੇ ਕਸਰਤ ਕਰਨੀ ਆਰੰਭ ਕੀਤੀ ਸੀ | ਇਸ ਲਈ, ਕਿਉਂਕਿ ਉਨ੍ਹਾਂ ਦਾ ਖਾਣ-ਪੀਣ ਅੰਕੁਸ਼-ਮੁਕਤ ਸੀ | ਪ੍ਰਤੱਖ ਹੈ ਕਿ ਖਾਣ-ਪੀਣ ਵੱਲ ਧਿਆਨ ਨਾ ਦੇ ਕੇ ਅਤੇ ਨਿਰੋਲ ਕਸਰਤ ਉਪਰ ਨਿਰਭਰ ਹੋ ਕੇ ਸਰੀਰ ਦਾ ਵਜ਼ਨ ਘਟਾਉਣ ਦੀ ਆਸ ਰੱਖਣਾ ਫਜ਼ੂਲ ਹੈ |
ਸਰੀਰ ਦਾ ਵਜ਼ਨ ਤਦ ਵਧਣ ਲੱਗਦਾ ਹੈ, ਜਦ ਸਰੀਰ ਅੰਦਰ ਭੋਜਨ ਦੇ ਰੂਪ 'ਚ ਪ੍ਰਵੇਸ਼ ਕਰ ਰਹੇ ਪਦਾਰਥ, ਸਾਰੇ ਦੇ ਸਾਰੇ, ਊਰਜਾ ਉਪਜਾਉਣ ਲਈ ਖ਼ਰਚ ਨਹੀਂ ਹੁੰਦੇ | ਭੋਜਨ ਦਾ ਅਣਵਰਤਿਆ ਭਾਗ ਸਰੀਰ ਅੰਦਰ ਚਰਬੀ ਦੇ ਰੂਪ 'ਚ ਇਕੱਤਰ ਹੋਣ ਲੱਗਦਾ ਹੈ | ਹਰ ਇਕ ਖਾਣੇ ਉਪਰੰਤ ਸਰੀਰਕ ਚਰਬੀ 'ਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਹੋਰ ਵੀ ਜੋ ਜੋ ਸੰਘੋਂ ਪਾਰ ਹੁੰਦਾ ਹੈ, ਉਸ ਦਾ ਵੀ ਇਹੋ ਹਸ਼ਰ ਹੁੰਦਾ ਹੈ | ਸਰੀਰ ਅੰਦਰ ਜੋ ਵੀ ਜਾ ਰਿਹਾ ਹੈ, ਜੇਕਰ ਉਸ ਦਾ ਨਿਪਟਾਰਾ ਕਰਨ ਦੀ ਹੱਦ ਤਕ ਇਹ ਸਰੀਰ ਕਾਰਜਸ਼ੀਲ ਨਹੀਂ, ਤਦ ਇਸ ਦੇ ਵਜ਼ਨ 'ਚ ਵਾਧਾ ਹੁੰਦੇ ਰਹਿਣਾ ਕੁਦਰਤੀ ਹੈ | ਕਸਰਤ ਦੁਆਰਾ ਸਰੀਰਕ ਸਰਗਰਮੀਆਂ 'ਚ ਵਾਧਾ ਕਰਕੇ ਊਰਜਾ ਦਾ ਨਿਪਟਾਰਾ ਤਾਂ ਕੀਤਾ ਜਾ ਸਕਦਾ ਹੈ, ਪਰ ਕਸਰਤ ਕਰ ਸਕਣ ਦੀ ਵੀ ਹਰ ਇਕ ਵਿਅਕਤੀ ਦੀ ਆਪਣੀ ਸੀਮਾ ਹੈ | ਸਾਈਕਲ ਦੀ ਸਵਾਰੀ ਜਾਂ ਫੇਰੇ-ਤੋਰੇ ਰਾਹੀਂ ਕਿੰਨੀ ਕੁ ਊਰਜਾ ਖ਼ਰਚ ਕੀਤੀ ਜਾ ਸਕਦੀ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਚਮਚ ਭਰ ਖੰਡ ਦੀ ਜਾਂ ਫਿਰ ਇਕ ਰਸਗੁਲੇ ਜਾਂ ਗੁਲਾਬ ਜਾਮਨ ਦੀ ਪੈਦਾ ਊਰਜਾ ਦਾ ਨਿਪਟਾਰਾ ਕਰਨ ਲਈ ਵਿਅਕਤੀ ਨੂੰ ਦੋ ਕਿਲੋਮੀਟਰ ਤੋਂ ਵੀ ਵੱਧ ਦਾ ਫ਼ਾਸਲਾ ਦੌੜ ਕੇ ਜਾਂ ਪੈਦਲ ਤੁਰ ਕੇ ਤੈਅ ਕਰਨਾ ਪੈਂਦਾ ਹੈ | ਸਰੀਰ ਦੀਆਂ ਜੀਵਨ ਨੂੰ ਚਲਦਿਆਂ ਰੱਖ ਰਹੀਆਂ ਕਿਰਿਆਵਾਂ ਪੂਰੀਆਂ ਹੋਣ ਲਈ ਹਰ ਇਕ ਆਦਮੀ ਨੂੰ ਹਰ ਰੋਜ਼ ਢਾਈ ਹਜ਼ਾਰ ਕੈਲੋਰੀਆਂ ਊਰਜਾ ਦੀ ਲੋੜ ਰਹਿੰਦੀ ਹੈ ਅਤੇ ਔਰਤ ਨੂੰ ਇਸ ਨਾਲੋਂ 700 ਕੈਲੋਰੀਆਂ ਘੱਟ | ਇਸ ਤੋਂ ਵਾਧੂ ਸਰੀਰ ਅੰਦਰ ਉਪਜ ਰਹੀ ਊਰਜਾ ਦਾ ਨਿਪਟਾਰਾ ਕਰਨ ਲਈ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸਰਗਰਮ ਰਹਿਣ ਦੀ ਲੋੜ ਹੁੰਦੀ ਹੈ |
ਦੌੜ-ਭੱਜ ਕਰਦਿਆਂ ਅਤੇ ਲਗਭਗ ਕੁਝ ਨਾ ਕਰਦਿਆਂ ਬਿਤਾਏ ਜਾ ਰਹੇ ਜੀਵਨ ਦੌਰਾਨ ਊਰਜਾ ਦੀ ਖਪਤ 'ਚ ਕਿੰਨਾ ਕੁ ਅੰਤਰ ਹੈ, ਇਹ ਜਾਨਣ ਲਈ ਅਫ਼ਰੀਕਾ ਦੇ ਇਕ ਅਜਿਹੇ ਕਬੀਲੇ ਨੂੰ ਪਰਖ ਲਈ ਚੁਣਿਆ ਗਿਆ, ਜਿਸ ਨੇ ਸ਼ਿਕਾਰ ਉਪਰ ਅਤੇ ਕੰਦ-ਮੂਲ ਇਕੱਤਰ ਕਰਨ ਉਪਰ ਨਿਰਭਰ ਜੀਵਨ-ਢੰਗ ਅਪਣਾ ਰੱਖਿਆ ਸੀ | ਇਸ ਕਬੀਲੇ ਦੇ ਪੁਰਸ਼ ਦਿਨ ਭਰ ਸ਼ਿਕਾਰ ਦੀ ਭਾਲ 'ਚ ਭਟਕਦੇ ਫਿਰਦੇ, ਹਰ ਰੋਜ਼ 10 ਕਿਲੋਮੀਟਰ ਦੇ ਲਗਪਗ ਫ਼ਾਸਲਾ ਤੈਅ ਕਰ ਰਹੇ ਸਨ | ਕਬੀਲੇ ਦੀਆਂ ਔਰਤਾਂ ਵੀ ਕੰਦ-ਮੂਲ ਇਕੱਠਾ ਕਰਨ 'ਚ ਰੁੱਝੀਆਂ ਰਹਿੰਦੀਆਂ ਸਨ | ਜਦ ਇਨ੍ਹਾਂ ਦੁਆਰਾ ਪ੍ਰਤੀ ਦਿਨ ਖ਼ਰਚ ਹੋ ਰਹੀ ਊਰਜਾ ਦੀ ਤੁਲਨਾ ਸ਼ਹਿਰ-ਨਿਵਾਸੀਆਂ ਵਲੋਂ ਖ਼ਰਚ ਕੀਤੀ ਜਾ ਰਹੀ ਊਰਜਾ ਨਾਲ ਕੀਤੀ ਗਈ, ਤਦ ਦੇਖਿਆ ਗਿਆ ਕਿ ਦੋਵਾਂ ਵਿਚਕਾਰ ਮਾਮੂਲੀ ਫਰਕ ਸੀ, ਸਿਰਫ਼ ਕੁਝ ਕੁ ਸੌ ਕੈਲੋਰੀਆਂ ਦਾ ਅੰਤਰ | ਆਦਿਵਾਸੀ, ਸ਼ਹਿਰ ਨਿਵਾਸੀਆਂ ਨਾਲੋਂ, ਪ੍ਰਤੀ ਵਿਅਕਤੀ ਅਤੇ ਪ੍ਰਤੀ ਦਿਨ, ਤਿੰਨ ਸੌ ਕੈਲੋਰੀਆਂ ਵੱਧ ਊਰਜਾ ਖ਼ਰਚ ਕਰ ਰਹੇ ਸਨ | ਇਕ ਵੱਖਰੇ ਖੋਜ-ਪ੍ਰਾਜੈਕਟ ਨੇ ਵੀ ਉਪਰੋਕਤ ਪ੍ਰਾਪਤ ਸਿੱਟੇ ਦੀ ਪੁਸ਼ਟੀ ਕੀਤੀ | ਇਸੇ ਖੋਜ-ਪ੍ਰਾਜੈਕਟ ਨੇ ਇਹ ਵੀ ਦਰਸਾਇਆ ਕਿ ਨਿੱਤ ਅੱਧਾ ਘੰਟਾ ਕਸਰਤ ਕਰਦੇ ਵਿਅਕਤੀਆਂ ਦੇ ਸਰੀਰ ਦਾ ਵਜ਼ਨ, ਲੰਬਾ ਸਮਾਂ ਲੰਘ ਜਾਣ ਉਪਰੰਤ ਵੀ, ਘਟਣ ਦੀ ਬਜਾਏ ਸਗੋਂ ਥੋੜ੍ਹਾ ਵਧਿਆ | ਅਜਿਹਾ ਹੋਣ ਦਾ ਕਾਰਨ ਇਹ ਸੀ ਕਿ ਇਨ੍ਹਾਂ ਦੇ ਖਾਣ-ਪੀਣ 'ਚ ਸੰਕੋਚ ਦਾ ਦਖ਼ਲ ਨਹੀਂ ਸੀ |
ਜੇਕਰ ਕਸਰਤ ਰਾਹੀਂ ਸਰੀਰ ਦਾ ਵਜ਼ਨ ਘੱਟ ਕਰਨ ਦਾ ਵਿਚਾਰ ਹੈ, ਤਾਂ ਸਰੀਰ ਦੀ ਲੋੜ ਤੋਂ ਵੱਧ ਗ੍ਰਹਿਣ ਕੀਤੇ ਜਾ ਰਹੇ ਭੋਜਨ ਅਨੁਕੂਲ ਕਸਰਤ 'ਚ ਵੀ ਵਾਧਾ ਹੁੰਦੇ ਰਹਿਣਾ ਜ਼ਰੂਰੀ ਹੈ | ਕਸਰਤ ਕਰਦਿਆਂ, ਦੌੜਦਿਆਂ ਜਾਂ ਟੈਨਿਸ ਜਾਂ ਬੈਡਮਿੰਟਨ ਖੇਡਦਿਆਂ ਨਿਕਲ ਰਹੇ ਪਸੀਨੇ ਨੂੰ ਭਾਂਪ ਕੇ ਅਸੀਂ ਅਨੁਮਾਨ ਲਾ ਲੈਂਦੇ ਹਾਂ ਕਿ ਅਸੀਂ ਢੇਰ ਸਾਰੀ ਊਰਜਾ ਦਾ ਨਿਪਟਾਰਾ ਕਰ ਬੈਠੇ ਹਾਂ | ਪਰ ਸਾਡਾ ਅਨੁਮਾਨ, ਸਹੀ ਨਹੀਂ ਹੁੰਦਾ | ਜਿੰਨੀ ਊਰਜਾ ਖ਼ਰਚ ਹੋ ਜਾਣ ਦਾ ਅਨੁਮਾਨ ਹੁੰਦਾ ਹੈ, ਉਸ ਦਾ ਤੀਜਾ ਹਿੱਸਾ ਹੀ ਭਾਵੇਂ ਖ਼ਰਚ ਹੋਇਆ ਹੁੰਦਾ ਹੈ | ਪਰ ਅਸੀਂ, ਮਨ ਅੰਦਰ ਘਰ ਕਰ ਗਏ ਅਨੁਭਵ ਮੁਤਾਬਿਕ ਆਪਣੇ-ਆਪ ਨੂੰ ਖਾਣ-ਪੀਣ ਦੀ ਖੁੱਲ੍ਹ ਦੇ ਦਿੰਦੇ ਹਾਂ ਅਤੇ ਸੁਸਤਾਉਣ ਵੀ ਲੋੜ ਤੋਂ ਵੱਧ ਲੱਗਦੇ ਹਾਂ | ਇਸ ਤਰ੍ਹਾਂ ਵਹਾਇਆ ਗਿਆ ਪਸੀਨਾ ਨਾ ਵਹਾਉਣ ਬਰਾਬਰ ਹੋ ਜਾਂਦਾ ਹੈ ਅਤੇ ਕੀਤੀ ਕਸਰਤ ਨਾ ਕਰਨ ਬਰਾਬਰ | ਕਸਰਤ, ਪਰ, ਸੀਮਿਤ ਹੱਦ ਤਕ ਹੀ ਊਰਜਾ ਦਾ ਨਿਪਟਾਰਾ ਕਰਨ ਯੋਗ ਹੈ | ਸਰੀਰ ਦਾ ਵਜ਼ਨ ਘਟਾਉਣ ਲਈ, ਨਾਲੋ-ਨਾਲ, ਗ੍ਰਹਿਣ ਕੀਤੇ ਜਾ ਰਹੇ ਭੋਜਨ 'ਚ ਵੀ ਕਟੌਤੀ ਕਰਦੇ ਰਹਿਣ ਦੀ ਲੋੜ ਹੁੰਦੀ ਹੈ |
ਸਰੀਰ ਦਾ ਵਜ਼ਨ ਘੱਟ ਕਰਨ ਲਈ ਜਿਨ੍ਹਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਉਹ ਹਨ : ਮਿੱਥੇ ਸਮੇਂ ਲਈ ਕੀਤੀ ਕਸਰਤ ਦੌਰਾਨ ਓਨੀ ਊਰਜਾ ਖ਼ਰਚ ਨਹੀਂ ਹੁੰਦੀ, ਜਿੰਨੀ ਦਿਨ ਭਰ ਤੁਰਦਿਆਂ-ਫਿਰਦਿਆਂ, ਪੌੜੀਆਂ ਚੜ੍ਹਦਿਆਂ-ਉਤਰਦਿਆਂ, ਸਾਈਕਲ ਦੀ ਸਵਾਰੀ ਕਰਦਿਆਂ, ਇਥੋਂ ਤਕ ਕਿ ਸੋਚਦਿਆਂ-ਵਿਚਾਰਦਿਆਂ ਵੀ ਅਤੇ ਲਿਖਦਿਆਂ-ਪੜ੍ਹਦਿਆਂ ਖਰਚ ਹੁੰਦੀ ਹੈ | ਮਾਸ-ਪੇਸ਼ੀਆਂ ਨੂੰ ਹਰ ਤਰ੍ਹਾਂ ਦੀ ਹਰਕਤ ਕਰਨ ਲਈ ਅਤੇ ਦਿਮਾਗ਼ ਨੂੰ ਹਰ ਸਮੇਂ ਰੱੁਝੇ ਰਹਿਣ ਲਈ ਊਰਜਾ ਚਾਹੀਦੀ ਹੀ ਚਾਹੀਦੀ ਹੈ | ਖਾਣ ਲਈ ਪਦਾਰਥਾਂ ਦੀ ਚੋਣ ਕਰਦਿਆਂ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਹ ਇਕਸਾਰ ਊਰਜਾ ਨਹੀਂ ਉਪਜਾਉਂਦੇ | ਕੁਝ ਖਾਣ-ਪਦਾਰਥ ਤਾਂ ਹੋਰਨਾਂ ਦੇ ਟਾਕਰੇ ਬੇਹੱਦ ਵਧੇਰੇ ਊਰਜਾ ਉਪਜਾਉਣ ਯੋਗ ਹਨ, ਜਿਵੇਂ ਕਿ ਚੀਕਣੇ ਤਲੇ ਹੋਏ, ਵਾਧੂ ਮੈਦੇ ਅਤੇ ਮਿੱਠੇ ਵਾਲੇ ਪਦਾਰਥ | ਉਧਰ, ਛਿਲਕੇਦਾਰ ਦਾਲਾਂ-ਦਾਣੇ ਅਤੇ ਫਲ-ਸਬਜ਼ੀਆਂ, ਇਸ ਦੇ ਮੁਕਾਬਲੇ 'ਚ, ਘੱਟ ਊਰਜਾ ਉਪਜਾ ਰਹੇ ਖਾਣ-ਪਦਾਰਥ ਹਨ | ਰੇਸ਼ੇਦਾਰ ਖਾਣ-ਪਦਾਰਥ ਤਾਂ ਬੜੀ ਮਾਮੂਲੀ ਊਰਜਾ ਉਪਜਾਉਣ ਦੇ ਸ੍ਰੋਤ ਹਨ | ਫਿਰ, ਹਰ ਵਿਕਅਤੀ 'ਚ ਪ੍ਰਕਿਰਿਆਵਾਂ ਦੇ ਨੇਪਰੇ ਚੜ੍ਹਨ ਦੀ ਗਤੀ 'ਚ ਵੀ ਅੰਤਰ ਹੁੰਦਾ ਹੈ | ਊਰਜਾ ਦਾ ਸੁਸਤ ਭੁਗਤਾਨ ਕਰ ਰਹੇ ਵਿਅਕਤੀਆਂ ਨੂੰ , ਹੋਰਨਾਂ ਦੇ ਟਾਕਰੇ, ਘੱਟ ਭੋਜਨ ਗ੍ਰਹਿਣ ਕਰਨ ਦੀ ਲੋੜ ਹੁੰਦੀ ਹੈ |
ਸਰੀਰ 'ਚ ਚਰਬੀ ਜਮ੍ਹਾਂ ਹੁੰਦੀ ਹੀ ਕਿਉਂ ਹੈ, ਜੇਕਰ ਇਸ ਦੀ ਲੋੜ ਹੀ ਨਹੀਂ? ਇਹ ਵਿਵਸਥਾ ਸਾਨੂੰ ਆਪਣੇ ਵਡੇਰਿਆਂ ਤੋਂ ਵਿਰਸੇ 'ਚ ਮਿਲੀ ਹੈ | ਸਾਡੇ ਲਈ ਅੱਜ ਭਾਵੇਂ ਇਹ ਅਣਚਾਹੀ ਸਥਿਤੀ ਹੈ, ਪਰ, ਉਨ੍ਹਾਂ ਲਈ ਇਹ ਅਤੀ ਲਾਭਦਾਇਕ ਸਿੱਧ ਹੋ ਰਹੀ ਵਿਵਸਥਾ ਸੀ | ਉਨ੍ਹਾਂ ਨੂੰ ਹਰ ਸਮੇਂ ਪੇਟ ਭਰ ਖਾਣ ਨੂੰ ਨਸੀਬ ਨਹੀਂ ਸੀ ਹੁੰਦਾ | ਸਰੀਰ ਅੰਦਰ ਇਕੱਤਰ ਹੋਈ ਚਰਬੀ ਉਹ ਤਦ ਵਰਤਣਾ ਆਰੰਭ ਕਰ ਦਿੰਦੇ ਸਨ, ਜਦ ਉਨ੍ਹਾਂ ਨੂੰ ਫਾਕੇ ਕੱਟਣੇ ਪੈਂਦੇ ਸਨ | ਉਨ੍ਹਾਂ ਦਾ ਸ਼ਿਕਾਰ ਉਪਰ ਨਿਰਭਰ ਜੀਵਨ ਬੀਤ ਰਿਹਾ ਸੀ ਅਤੇ ਕਦੀ-ਕਦਾਈਾ ਉਨ੍ਹਾਂ ਨੂੰ ਖਾਲੀ ਹੱਥ ਹੀ ਟਿਕਾਣਿਆਂ 'ਤੇ ਪਰਤਣਾ ਪੈਂਦਾ ਸੀ | ਅਜਿਹੇ ਸਮੇਂ, ਨੱਠ-ਭੱਜ ਕਰ ਰਹੇ ਸਰੀਰ ਨੂੰ ਸਰੀਰ ਅੰਦਰ ਇਕੱਤਰ ਹੋਈ ਚਰਬੀ ਦਾ ਹੀ ਆਸਰਾ ਹੁੰਦਾ ਸੀ | ਇਹ ਵੱਖਰੀ ਗੱਲ ਹੈ ਕਿ ਵਰਤਮਾਨ ਸਥਿਤੀ 'ਚ ਸਰੀਰ ਅੰਦਰ ਇਕੱਤਰ ਹੋਈ ਚਰਬੀ ਲਾਭਦਾਇਕ ਹੋਣ ਦੀ ਬਜਾਏ ਇਸ ਨੂੰ ਬੋਝਲ ਬਣਾਉਂਦੇ ਰਹਿਣ ਦਾ ਸਾਧਨ ਸਿੱਧ ਹੋ ਰਹੀ ਹੈ | ਸਾਡੇ ਵਡੇਰੇ ਜੇਕਰ ਲੁਪਤ ਹੋਣੋਂ ਬਚੇ ਰਹੇ ਹਨ, ਤਦ ਔੜ ਸਮੇਂ ਊਰਜਾ ਉਪਲਬਧ ਕਰਵਾਉਂਦੀ ਵਿਵਸਥਾ ਕਾਰਨ ਹੀ ਬਚੇ ਰਹੇ ਹਨ, ਜਿਸ ਦੇ ਸਿੱਟੇ ਵਜੋਂ ਅਸੀਂ ਵੀ ਸੰਸਾਰ ਵਿਖੇ ਦੇਖ ਸਕੇ ਹਾਂ |
ਉਪਰੋਕਤ ਦੇ ਇਹ ਅਰਥ ਵੀ ਨਹੀਂ ਕਿ ਕਸਰਤ ਕਰਨ ਦਾ ਸਾਡੇ ਲਈ ਕੋਈ ਮਹੱਤਵ ਹੀ ਨਹੀਂ ਹੈ | ਕਸਰਤ ਕਰਨ ਦਾ ਸਾਨੂੰ ਅਰੋਗ ਰੱਖਣ ਲਈ ਅਤੇ ਸਾਡੇ ਮਨ ਨੂੰ ਬੁਸਣ ਨਾ ਦੇਣ ਲਈ ਵਿਸ਼ੇਸ਼ ਮਹੱਤਵ ਹੈ | ਆਲਸ ਤੋਂ ਬਚਣ ਲਈ, ਦਿਲ ਅਤੇ ਦਿਮਾਗ਼ ਨੂੰ ਆਪੋ-ਆਪਣੇ ਕਾਰਜ ਸਹੀ ਢੰਗ ਨਾਲ ਨਿਭਾਉਣ ਯੋਗ ਅਵਸਥਾ 'ਚ ਰੱਖਣ ਲਈ, ਸ਼ਕਰ-ਰੋਗ ਤੋਂ ਬਚੇ ਰਹਿਣ ਲਈ, ਲਹੂ ਦੇ ਦਬਾਓ ਨੂੰ ਵਧਣ ਨਾ ਦੇਣ ਲਈ ਅਤੇ ਬੁਢਾਪੇ ਦੀ ਅਵਸਥਾ 'ਚ ਸਹਿਜ ਢੰਗ ਨਾਲ ਪ੍ਰਵੇਸ਼ ਕਰਨ ਲਈ ਨਿਯਮਿਤ ਕਸਰਤ ਕਰਦੇ ਰਹਿਣ ਦਾ ਕੋਈ ਬਦਲ ਨਹੀਂ | ਸਾਈਕਲ ਦੀ ਸਵਾਰੀ, ਮੰਦਗਤੀ ਨਾਲ ਦੌੜ ਅਤੇ ਸੈਰ ਕਰਨ ਉਪਰ ਨਿਰਭਰ ਕਸਰਤ ਰਾਹੀਂ ਤਨ ਨੂੰ ਰਿਸ਼ਟ-ਪੁਸ਼ਟ ਅਤੇ ਮਨ ਨੂੰ ਚਿੰਤਾਵਾਂ ਤੋਂ ਮੁਕਤ ਰੱਖਿਆ ਜਾ ਸਕਦਾ ਹੈ | ਲੰਬੀ ਮਿਆਦ ਤੱਕ ਬਣੀ ਰਹਿਣ ਵਾਲੀ ਸਰੀਰਕ ਹਰਕਤ ਦੌਰਾਨ ਦਿਮਾਗ਼ ਅੰਦਰ ਅਜਿਹੇ ਰਸ (ਐਾਡਾਰਫਿਨ) ਰਿਸਣ ਲਗਦੇ ਹਨ, ਜਿਹੜੇ ਮਨ ਨੂੰ ਤਣਾਓ ਤੋਂ ਮੁਕਤ ਕਰਵਾ ਕੇ, ਇਸ ਨੂੰ ਚੜ੍ਹਦੀ ਕਲਾ 'ਚ ਵਿਚਰਦਿਆਂ ਰੱਖਦੇ ਹਨ | ਅਜਿਹੀ ਸਥਿਤੀ 'ਚ ਮਨ ਦੀ ਇਕਾਗਰਤਾ ਅਤੇ ਮਾਨਸਿਕ ਰੁਚੀਆਂ ਵਿਚਕਾਰ ਸੰਤੁਲਨ ਵੀ ਬਣਿਆ ਰਹਿੰਦਾ ਹੈ | ਬੀਤਦੀ ਉਮਰ ਦੇ ਨਾਲ ਨਾਲ, ਲਗਾਤਾਰ ਕਸਰਤ ਰਾਹੀਂ, ਸੁੰਗੜਦੇ ਜਾ ਰਹੇ ਦਿਮਾਗ਼ ਅੰਦਰ ਯਾਦਾਸ਼ਤ ਨੂੰ ਲੰਬੀ ਮਿਆਦ ਤੱਕ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਸਰੀਰ ਅੰਦਰ ਵੀ, ਇਸ ਨੂੰ ਅਰੋਗ ਰਹਿਣ ਲਈ ਜੋ-ਜੋ ਚਾਹੀਦਾ ਹੈ, ਭਰਪੂਰ ਮਾਤਰਾ 'ਚ ਰਿਸਦਾ ਰਹਿੰਦਾ ਹੈ |

-ਫ਼ੋਨ : 0175-3046541


ਖ਼ਬਰ ਸ਼ੇਅਰ ਕਰੋ

ਪੰਜ ਤੱਤਾਂ ਦੀ ਦੁਨੀਆ ਵਿਚ ਅੱਜ ਕਿੰਨੇ ਤੱਤ ਹਨ?

ਭਾਸ਼ਾ ਸ਼ਬਦਾਂ ਆਸਰੇ ਤੁਰਦੀ ਹੈ | ਸ਼ਬਦ ਵੇਖੇ-ਸੁਣੇ ਅਨੁਭਵ ਕੀਤੇ ਜਗਤ ਨੂੰ ਵਸਤਾਂ, ਅਨੁਭਵਾਂ, ਸੰਕਲਪਾਂ ਵਿਚ ਸੰਗਠਿਤ ਕਰਦੇ ਹਨ | ਨਵੇਂ ਗਿਆਨ ਨਾਲ ਤੁਰਨ ਲਈ ਸ਼ਬਦਾਂ ਦਾ ਜਗਤ ਵੀ ਫੈਲਦਾ ਹੈ | ਪੁਰਾਣੇ ਸ਼ਬਦਾਂ ਦਾ ਅਰਥ ਸੰਕੋਚ, ਅਰਥ ਵਿਸਤਾਰ ਤੇ ਅਰਥ ਪਰਿਵਰਤਨ ਹੁੰਦਾ ਹੈ | ਸ਼ਬਦ ਦੇ ਅੰਦਰ ਕੁਝ ਵੀ ਨਹੀਂ ਹੁੰਦਾ | ਪਿਆਜ਼ ਵਾਂਗ ਤਹਿ ਦਰ ਤਹਿ ਕਿਸੇ ਵੀ ਸ਼ਬਦ ਦਾ ਅਰਥ ਸਮਝਣ ਦਾ ਯਤਨ ਕਰੋ | ਕੋਸ਼ ਚੁੱਕੋ ਜਾਂ ਕਿਸੇ ਸਿਆਣੇ ਨੂੰ ਪੁੱਛੋ | ਉਹ ਉਸ ਸ਼ਬਦ ਦਾ ਅਰਥ ਦੂਜੇ ਸ਼ਬਦਾਂ ਨਾਲੋਂ ਫਰਕ ਦੱਸਦੇ ਹੋਏ ਸਮਝਾਈ ਜਾਵੇਗਾ | ਗਾਂ, ਮੱਝ ਤੇ ਬੱਕਰੀ ਨਾਲੋਂ ਵੱਖਰੀ ਦੱਸੇਗਾ | ਦੁੱਧ ਦੇਣ, ਨਾ ਦੇਣ ਵਾਲੇ ਜਾਨਵਰਾਂ ਵਾਲੇ ਵਰਗ ਦਾ ਇਕ ਪਸ਼ੂ ਕਹੇਗਾ | ਅਖੀਰ ਤਸਵੀਰ ਦਿਖਾ ਕੇ ਜਾਂ ਗਾਂ ਦਿਖਾ ਕੇ ਗੱਲ ਮੁਕਾਵੇਗਾ | ਨਗਰ ਦਾ ਅਰਥ ਦਸਣ ਲਈ ਉਸ ਨੂੰ ਕਸਬੇ/ਬਸਤੀ ਤੋਂ ਵੱਡਾ ਘਰਾਂ ਦਾ ਇਕੱਠ ਕਹੇਗਾ | ਸ਼ਹਿਰ/ਮਹਾਂਨਗਰ ਤੋਂ ਛੋਟਾ, ਤੇ ਫਿਰ ਉਦਾਹਰਨਾਂ ਦੇ ਕੇ ਗੱਲ ਮੁੱਕੇਗੀ | ਸ਼ਬਦ, ਸੰਕਲਪ, ਅਨੁਭਵ, ਗਿਆਨ ਸਭ ਸਰਲ ਤੋਂ ਜਟਿਲ ਵੱਲ ਯਾਤਰਾ ਕਰਦੇ ਹਨ | ਸਾਧਾਰਨ ਤੋਂ ਵਿਸ਼ੇਸ਼ ਵੱਲ | ਸਥੂਲ ਤੋਂ ਸੂਖਮ ਵੱਲ | ਬਾਰੀਕ ਤੋਂ ਹੋਰ ਬਾਰੀਕ ਵੱਲ |
ਸਾਡੇ ਵੱਡੇ-ਵਡੇਰਿਆਂ ਨੇ ਆਸ-ਪਾਸ ਦਾ ਜਗਤ ਵੇਖਿਆ | ਇਸ ਦੀਆਂ ਭਾਂਤ-ਭਾਂਤ ਦੀਆਂ ਸ਼ੈਆਂ ਤੇ ਜੀਅ ਜੰਤ ਦੇਖੇ | ਬਣਦੇ ਵਿਗਸਦੇ | ਉਗਦੇ/ਜੰਮਦੇ ਮਰਦੇ ਚਿੰਦ-ਪਰਿੰਦ | ਪਸ਼ੂ-ਪੰਛੀ ਤੇ ਮਨੁੱਖ | ਗਲ ਸੜ ਕੇ ਮੁੱਕਦੀ ਟੁੱਟਦੀ ਬਿਨਸਦੀ ਦੁਨੀਆ | ਫੁੱਲ-ਬੂਟੇ ਬਨਸਪਤੀ | ਕਿਥੋਂ ਆਉਂਦਾ ਹੈ ਸਾਰਾ ਕੁਝ? ਕਿਥੇ ਤੁਰ ਜਾਂਦਾ ਹੈ? ਉਨ੍ਹਾਂ ਵੇਖਿਆ ਕਿ ਸਭ ਕੁਝ ਹਵਾ, ਪਾਣੀ, ਮਿੱਟੀ, ਸੇਕ (ਅੱਗ) ਨੂੰ ਆਕਾਸ਼ (ਵਿੱਥ/ਸਪੇਸ) ਵਿਚ ਪਸਾਰ ਕੇ ਹੀ ਖੇਡ ਸਿਰਜ ਰਿਹਾ ਹੈ | ਪੌਣ, ਪਾਣੀ, ਮਿੱਟੀ, ਅੱਗ, ਆਕਾਸ਼ (ਵਿੱਥ/ਸਪੇਸ) ਹੀ ਜੁੜ-ਟੁੱਟ ਕੇ ਸਾਰੇ ਜਗਤ ਨੂੰ ਢਾਅ ਬਣਾ ਰਹੇ ਹਨ | ਇਨ੍ਹਾਂ ਪੰਜ ਮੂਲ ਚੀਜ਼ਾਂ ਨਾਲ ਹੀ ਸਭ ਕੁਝ ਬਣ ਰਿਹਾ ਹੈ | ਇਨ੍ਹਾਂ ਨੂੰ ਉਨ੍ਹਾਂ ਪੰਜ ਤੱਤ/ਪੰਜ ਮੂਲ ਸ਼ੈਆਂ ਮੰਨਣ ਨਾਲ ਗੱਲ ਸ਼ੁਰੂ ਕੀਤੀ | ਬਸ ਪੰਜ ਤੱਤਾਂ ਦਾ ਸੰਕਲਪ ਜੰਮ ਪਿਆ | ਮੋਟੇ ਰੂਪ ਵਿਚ ਤਾਂ ਇਹ ਗੱਲ ਸੱਚ ਹੈ ਪਰ ਵਿਗਿਆਨ ਤਾਂ ਵਿਸ਼ੇਸ਼ ਗਿਆਨ ਹੈ | ਬਾਰੀਕੀ ਨਾਲ ਵੇਖਣ ਜਾਣਨ ਵੱਲ ਰੁਚਿਤ ਹੈ | ਇਸ ਲਈ ਇਸ ਨੇ ਤੱਤਾਂ ਨੂੰ ਸੱਚਮੁੱਚ ਬਾਰੀਕੀ ਨਾਲ ਜਾਣਨ ਦਾ ਯਤਨ ਕੀਤਾ | ਹਰ ਸ਼ੈਅ ਨੂੰ ਅੱਗੇ ਤੋਂ ਅੱਗੇ ਤੋੜ ਕੇ ਜਗਤ ਦੀ ਮੂਲ ਨਿੱਕੀ ਤੋਂ ਨਿੱਕੀ ਇਕਾਈ ਲੱਭਣ ਦਾ ਯਤਨ | ਵੱਖ-ਵੱਖ ਚੀਜ਼ਾਂ ਦੇ ਪਛਾਣੇ ਜਾਣ ਯੋਗ ਨਿੱਕੇ ਤੋਂ ਨਿੱਕੇ ਵੱਖਰੇ ਰੂਪ | ਵੱਖਰੀਆਂ ਇਕਾਈਆਂ | ਤੱਤ ਦੇ ਮੂਲ ਸੰਕਲਪ ਹੀ ਬਦਲ ਗਏ ਇਸ ਨਾਲ | ਐਟਮ ਐਟਮ ਤੋਂ ਛੋਟੇ ਕਣ ਅਤੇ ਐਟਮਾਂ/ਐਟਮ ਦੇ ਕਣਾਂ ਤੋਂ ਬਣੀਆਂ ਵੱਖ-ਵੱਖ ਇਕਾਈਆਂ ਦਾ ਜਟਿਲ ਜਗਤ ਵੇਖ ਕੇ ਵਿਗਿਆਨੀਆਂ ਨੇ ਐਟਮਾਂ/ਤੱਤਾਂ ਤੇ ਉਨ੍ਹਾਂ ਦੇ ਨਿੱਕੇ ਕਣਾਂ ਦੀ ਪਛਾਣ ਕੀਤੀ | ਉਨ੍ਹਾਂ ਦੇ ਰੰਗ ਰੂਪ, ਗੁਣ, ਸੁਭਾਅ, ਵਿਹਾਰ, ਵਿਸ਼ੇਸ਼ਤਾਵਾਂ ਅਨੁਸਾਰ ਉਨ੍ਹਾਂ ਦੇ ਨਾਂਅ ਰੱਖੇ | ਉਨ੍ਹਾਂ ਦਾ ਵਰਗੀਕਰਨ ਕਰਕੇ ਇਸ ਜਟਿਲ ਜਗਤ ਦੀ ਤਸਵੀਰ ਸਮਝਣੀ-ਸਮਝਾਉਣੀ ਸ਼ੁਰੂ ਕੀਤੀ | ਪੰਜ ਤੱਤਾਂ ਦੀ ਮੋਟੀ ਜੇਹੀ ਪਛਾਣ ਆਮ ਆਦਮੀ ਲਈ ਹੀ ਰਹਿ ਗਈ | ਵਿਗਿਆਨੀਆਂ ਨੇ ਤੱਤ ਦੇ ਵਿਸ਼ੇਸ਼ ਅਰਥ ਸਿਰਜ ਕੇ ਦਿਸਦੇ ਜਗਤ ਦੇ ਤੱਤਾਂ ਅਤੇ ਉਨ੍ਹਾਂ ਦੇ ਗੁਣਾਂ ਨੂੰ ਪਛਾਣ ਕੇ ਨਵੇਂ ਤੋਂ ਨਵੇਂ ਤੱਤਾਂ ਦੀ ਖੋਜ ਤੇ ਵਰਗੀਕਰਨ ਦਾ ਨਵਾਂ ਰਾਹ ਫੜਿਆ |
ਵਿਗਿਆਨੀਆਂ ਨੇ ਕਿਹਾ ਮੋਟੀ ਜੇਹੀ ਪਰਿਭਾਸ਼ਾ ਨੂੰ ਛੱਡੋ | ਸਾਡੇ ਲਈ ਤੱਤ ਉਹ ਪਦਾਰਥ ਹੈ ਜਿਸ ਨੂੰ ਤੋੜ ਕੇ ਕੋਈ ਹੋਰ ਪਦਾਰਥ ਬਣਾਉਣਾ ਸੰਭਵ ਨਹੀਂ | ਹਰ ਤੱਤ ਦੂਜੇ ਤੋਂ ਵੱਖਰਾ ਹੈ | ਇਕ ਤੱਤ ਦੇ ਸਾਰੇ ਐਟਮ ਇਕੋ ਜਿਹੇ ਹੁੰਦੇ ਹਨ ਤੇ ਦੂਜੇ ਤੱਤਾਂ ਦੇ ਕਿਸੇ ਵੀ ਐਟਮ ਨਾਲ ਨਹੀਂ ਰਲਦੇ | ਦੁਨੀਆ ਦੀ ਹਰ ਸ਼ੈਅ ਇਨ੍ਹਾਂ ਵਿਚੋਂ ਕੁਝ ਤੱਤਾਂ ਦੇ ਮੇਲ ਨਾਲ ਬਣੀ ਹੋਈ ਹੈ ਜਾਂ ਮੇਲ ਨਾਲ ਬਣੀਆਂ ਸ਼ੈਆਂ ਦਾ ਹੀ ਕੋਈ ਮਿਸ਼ਰਣ ਜਾਂ ਯੋਗਿਕ (ਸੰਯੋਗ) ਹੈ |
ਹੋਰ ਤਾਂ ਹੋਰ ਤੁਹਾਡੇ ਵਲੋਂ ਮੰਨੇ ਜਾਂਦੇ ਪੰਜ ਤੱਤਾਂ ਦਾ ਵੀ ਇਹੋ ਹਾਲ ਹੈ | ਇਨ੍ਹਾਂ ਵਿਚ ਦੋ ਜਾਂ ਦੋ ਤੋਂ ਵੱਧ ਤੱਤ ਹਨ | ਉਨ੍ਹਾਂ ਦੇ ਯੋਗਿਕ ਅਤੇ ਯੋਗਿਕਾਂ ਦੇ ਮਿਸ਼ਰਣ ਹਨ | ਕਿਸੇ ਵੀ ਇਕ ਤੱਤ ਦੇ ਇਕ ਐਟਮ ਵਿਚ ਤਿੰਨ ਤਰ੍ਹਾਂ ਦੇ ਛੋਟੇ-ਛੋਟੇ ਕਣ ਹੁੰਦੇ ਹਨ | ਪ੍ਰੋਟਾਨ, ਨਿਊਟ੍ਰਾਨ ਤੇ ਇਲੈਕਟ੍ਰਾਨ | ਪ੍ਰੋਟਾਨ ਤੇ ਨਿਊਟ੍ਰਾਨ ਸਾਰੇ ਦੇ ਸਾਰੇ ਉਸ ਦੀ ਨਾਭੀ ਵਿਚ ਹੁੰਦੇ ਹਨ | ਇਲੈਕਟ੍ਰਾਨ ਬਾਹਰ ਦੂਰ ਨੇੜੇ ਚੱਕਰ ਕੱਟੀ ਜਾਂਦੇ ਹਨ | ਇਲੈਕਟ੍ਰਾਨਾਂ ਦਾ ਭਾਰ ਬਹੁਤ ਹੀ ਮਾਮੂਲੀ ਹੁੰਦਾ ਹੈ | ਪ੍ਰੋਟਾਨ ਤੇ ਨਿਊਟ੍ਰਾਨ ਇਨ੍ਹਾਂ ਤੋਂ ਸੈਂਕੜੇ ਗੁਣਾਂ ਭਾਰੇ ਹੁੰਦੇ ਹਨ | ਇੰਜ ਐਟਮ ਦਾ ਭਾਰ ਲਗਪਗ ਸਾਰਾ ਹੀ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦਾ ਹੀ ਭਾਰ ਹੁੰਦਾ ਹੈ |
ਨਵੀਂ ਖੋਜ ਨਾਲ ਤੱਤਾਂ ਦੀ ਗਿਣਤੀ ਪੰਜਾਂ ਤੋਂ ਵਧਣੀ ਲਾਜ਼ਮੀ ਸੀ | 10, 20, 30, 40, 50 ਤੋਂ ਇਹ ਛੇਤੀ ਟਪਦੀ ਦਿਸਣ ਲੱਗੀ ਹੈ | ਵਿਗਿਆਨੀਆਂ ਨੇ ਤੱਤਾਂ ਦੀ ਗਿਣਤੀ ਦੇ ਪੰਜਾਂ ਤੋਂ ਵਧਣ ਦੇ ਛੇਤੀ ਹੀ ਪਿਛੋਂ ਇਨ੍ਹਾਂ ਦੇ ਵਰਗੀਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ | ਸਭ ਤੋਂ ਪਹਿਲਾਂ ਸਥੂਲ ਸਾਧਾਰਨ ਵੰਡ ਠੋਸ ਤਰਲ ਤੇ ਗੈਸ ਹੀ ਸੌਖੀ ਲੱਗੀ | ਇਸ ਨਾਲ ਤਸੱਲੀ ਨਾ ਹੋਈ | 1789 ਵਿਚ ਲੈਵਾਇਜ਼ੀਅਰ ਨਾਂਅ ਦੇ ਫਰੈਂਚ ਵਿਗਿਆਨੀ ਨੇ ਉਦੋਂ ਤੱਕ ਗਿਆਤ ਤੇਤੀ ਤੱਤਾਂ ਨੂੰ ਗੈਸਾਂ, ਮੈਟਲਜ਼, ਅਰਥਜ਼ (ਭਾਂਤ ਭਾਂਤ ਦੀਆਂ ਮਿੱਟੀਆਂ) ਤੇ ਨਾਨ ਮੈਟਲਜ਼ ਵਿਚ ਵੰਡਿਆ | ਇਸ ਨਾਲ ਤੱਤਾਂ ਦੀ ਮੋਟੀ ਜੇਹੀ ਪਛਾਣ ਤਾਂ ਹੋ ਗਈ ਪਰ ਕੋਈ ਖਾਸ ਵਿਗਿਆਨਕ ਉਦੇਸ਼ ਇਸ ਨਾਲ ਵੀ ਪੂਰਾ ਨਾ ਹੋਇਆ | ਤੱਤਾਂ ਦੇ ਸੁਭਾਅ ਪੱਖੋਂ ਉਨ੍ਹਾਂ ਨੂੰ ਪਛਾਣਨ ਅਤੇ ਵਰਗਾਂ ਵਿਚ ਵੰਡ ਕੇ ਸੋਚਣ ਦੀ ਪਹਿਲ ਕਰਨ ਵਾਲਾ ਪਹਿਲਾ ਬੰਦਾ ਸੀ ਜਰਮਨ ਵਿਗਿਆਨੀ ਡੋਬਰੇਨਰ | ਉਸ ਨੇ ਤੱਤਾਂ ਦੀਆਂ ਤਿ੍ਕੜੀਆਂ (ਟਰਾਇਐਡਜ਼) ਬਣਾਈਆਂ | ਤੱਤਾਂ ਦੀ ਇਕ ਤਿ੍ਕੜੀ ਵਿਚਲੇ ਦੂਜੇ ਨੰਬਰ ਦੇ ਤੱਤ ਦਾ ਐਟਮੀ ਭਾਰ ਪਹਿਲੇ ਅਤੇ ਤੀਜੇ ਦੀ ਲਗਪਗ ਔਸਤ ਹੁੰਦਾ | ਉਦਾਹਰਨ ਲਈ ਲੀਥੀਅਮ ਸੋਡੀਅਮ ਪੋਟਾਸ਼ੀਅਮ ਦੀ ਤਿ੍ਕੜੀ ਲਓ | ਲਿਥੀਅਮ ਤੇ ਪੋਟਾਸ਼ੀਅਮ ਦੇ ਐਟਮੀ ਭਾਰ 6.9 ਅਤੇ 39 ਹਨ ਅਤੇ ਸੋਡੀਅਮ ਦਾ ਤੇਈ ਜੋ ਕਿ ਲਿਥੀਅਮ ਤੇ ਪੋਟਾਸ਼ੀਅਮ ਦੇ ਜੋੜ ਦਾ ਲਗਪਗ ਅੱਧਾ ਹੈ | ਉਸ ਦੀਆਂ ਤਿ੍ਕੜੀਆਂ ਦੀ ਗੱਲ ਬਹੁਤੀ ਕਾਮਯਾਬ ਨਾ ਹੋਈ ਤਾਂ ਇਕ ਅੰਗਰੇਜ਼ ਜਾਨ ਨਿਊਲੈਂਡਜ਼ ਅੱਗੇ ਆਇਆ | ਉਸ ਨੇ ਸਾਰੇ ਗਿਆਤ ਤੱਤਾਂ ਨੂੰ ਸ਼ੁਰੂ ਤੋਂ ਲੈ ਕੇ ਵਧਦੇ ਐਟਮੀ ਭਾਰਾਂ ਅਨੁਸਾਰ ਲਿਖਿਆ | ਹਾਈਡ੍ਰੋਜਨ ਸਭ ਤੋਂ ਹਲਕਾ ਤੱਤ ਸੀ | ਉਦੋਂ ਤੱਕ ਕੁੱਲ ਛਪੰਜਾ ਤੱਤ ਪਤਾ ਸਨ | ਛਪੰਜਵਾਂ ਤੱਤ ਥੋਰੀਅਮ ਸਭ ਤੋਂ ਭਾਰਾ ਸੀ | ਉਸ ਨੇ ਇਨ੍ਹਾਂ ਤੱਤਾਂ ਦੇ ਗੁਣ ਲਛਣ ਨੋਟ ਕੀਤੇ ਤੇ ਫਿਰ ਕੁਝ ਸਾਂਝਾਂ ਪਛਾਣਨ ਦੀ ਕੋਸ਼ਿਸ਼ ਕੀਤੀ | ਰੌਸ਼ਨੀ ਦੇ ਸੱਤ ਰੰਗ, ਸੰਗੀਤ ਦੀਆਂ ਸੱਤ ਸੁਰਾਂ, ਸੱਤ ਵਾਰ ਆਦਿ ਕਈ ਕੁਝ ਉਸ ਦੇ ਮਨ ਵਿਚ ਆਇਆ | ਸਾ, ਰੇ, ਗਾ, ਮਾ, ਪਾ, ਧਾ, ਨੀ ਦੀਆਂ ਸੱਤ ਸੁਰਾਂ ਬਾਅਦ ਸਾ ਮੁੜ ਆਉਂਦਾ ਹੈ | ਉਸ ਨੇ ਇਸੇ ਲੀਹ ਉਤੇ ਸੋਚ ਕੇ ਪਰਖ ਕੀਤੀ | ਕੁਦਰਤ ਵਿਚ ਮਿਲ ਰਹੇ ਹਰ ਅੱਠਵੇਂ ਤੱਤ ਦੇ ਲੱਛਣ ਮੁੜ ਪਹਿਲੇ ਨਾਲ ਖਾਸੇ ਮਿਲਦੇ ਪ੍ਰਤੀਤ ਹੋਏ | ਕੁਝ ਦੂਰ ਤੱਕ ਇਹ ਨੇਮ ਉਸ ਨੂੰ ਸਪੱਸ਼ਟ ਕੰਮ ਕਰਦਾ ਲੱਗਾ | ਉਸ ਦੇ ਇਸ ਨੇਮ ਨੂੰ ਨੀਊਲੈਡਜ਼ ਲਾਅ ਆਫ਼ ਆਕਟੇਵਜ਼ ਕਿਹਾ ਗਿਆ | ਕੈਲਸ਼ੀਅਮ ਤੱਕ ਔਖੇ ਸੌਖੇ ਇਹ ਨੇਮ ਉਸ ਨੇ ਇਕ-ਇਕ ਖਾਨੇ ਵਿਚ ਦੋ ਵੱਖ-ਵੱਖ ਗੁਣਾਂ ਵਾਲੇ ਤੱਤ ਫਿੱਟ ਕਰ ਕੇ ਗੱਲ ਬਣਾਉਣ ਦਾ ਯਤਨ ਕੀਤਾ | ਇਸ ਪਿੱਛੋਂ ਹੋਰ ਔਖਾ ਹੋ ਗਿਆ | ਤੱਤਾਂ ਦੀ ਗਿਣਤੀ ਵਧੀ | ਨਵੇਂ-ਨਵੇਂ ਤੱਤ ਲੱਭੇ ਜੋ ਨੇਮ ਉਤੇ ਪੂਰੇ ਨਾ ਉਤਰਦੇ ਦਿਸੇ | ਹਾਰ ਕੇ ਵਰਗੀਕਰਨ ਦਾ ਉਸ ਦਾ ਨੇਮ ਵੀ ਛੱਡ ਦਿੱਤਾ ਗਿਆ |
1869 ਤੱਕ ਗਿਆਤ ਤੱਤਾਂ ਦੀ ਗਿਣਤੀ ਵਧ ਕੇ ਤ੍ਰੇਹਠ ਹੋ ਗਈ | ਇਸੇ ਵਰ੍ਹੇ ਰੂਸ ਦੇ ਇਕ ਵਿਗਿਆਨੀ ਮੈਂਡੇਲੀਵ ਨੇ ਇਨ੍ਹਾਂ ਤੱਤਾਂ ਦੀ ਘੋਖ ਕਰ ਕੇ ਤੱਤਾਂ ਬਾਰੇ ਆਪਣੀ ਧਾਰਨਾ ਪੇਸ਼ ਕੀਤੀ, ਜਿਸ ਨੂੰ ਅੱਜ ਮੈਂਡੀਲੀਵ ਦਾ ਪੀਰੀਆਡਿਕ ਲਾਅ ਕਹਿੰਦੇ ਹਨ | ਉਸ ਨੇ ਕਿਹਾ ਕਿ ਤੱਤਾਂ ਦੇ ਗੁਣ ਉਨ੍ਹਾਂ ਦੇ ਐਟਮੀ ਭਾਰਾਂ ਅਨੁਸਾਰ ਨਿਸਚਿਤ ਵਕਫ਼ੇ ਬਾਅਦ ਮੁੜ-ਮੁੜ ਦਿਸਦੇ ਹਨ | (ਇਹ ਗੁਣ ਤੱਤ ਦੇ ਭਾਰ ਦਾ ਪੀਰੀਆਡਿਕ ਫੰਕਸ਼ਨ ਹਨ | ਵਿਗਿਆਨ ਦੀ ਭਾਸ਼ਾ ਵਿਚ ਕਹੀਏ ਤਾਂ) ਇਕੋ ਜਿਹੇ ਗੁਣਾਂ ਵਾਲੇ ਤੱਤ ਇਕ ਨਿਸਚਿਤ ਵਕਫੇ ਬਾਅਦ (ਐਟਮੀ ਭਾਰਾਂ ਪੱਖੋਂ) ਮੁੜ ਨਜ਼ਰ ਆਉਂਦੇ ਹਨ | ਤ੍ਰੇਹਠ ਦੇ ਤ੍ਰੇਹਠ ਤੱਤ ਉਸ ਨੇ ਇਕ ਚਾਰਟ ਬਣਾ ਕੇ ਸੱਤ ਲੇਟਵੀਆਂ ਅੱਤ ਨੌਾ ਖੜ੍ਹੀਆਂ ਲਕੀਰਾਂ ਮਾਰ ਕੇ ਤ੍ਰੇਹਠ ਖਾਨਿਆਂ ਵਿਚ ਵਧਦੇ ਐਟਮੀ ਭਾਰਾਂ ਅਨੁਸਾਰ ਲਿਖੇ | ਹਰ ਲੰਬੀ ਖੜ੍ਹਵੀਂ ਲਾਈਨ ਨੂੰ ਉਸ ਨੇ ਕਾਲਮ ਕਿਹਾ | ਹਰ ਕਾਲਮ ਵਿਚ ਇਕ-ਦੂਜੇ ਦੇ ਹੇਠ ਦਰਜ ਤੱਤਾਂ ਦੇ ਗੁਣ ਇਕੋ ਜਿਹੇ ਸਨ | ਉਸ ਨੇ ਚਾਰਟ ਬਣਾਉਂਦੇ ਸਮੇਂ ਜਦੋਂ ਇਸ ਨੇਮ ਦੀ ਕਿਤੇ-ਕਿਤੇ ਉਲੰਘਣਾ ਵੇਖੀ ਤਾਂ ਇਕੋ ਜਿਹੇ ਗੁਣਾਂ ਵਾਲੇ ਤੱਤ ਉਸੇ ਕਾਲਮ ਵਿਚ ਰੱਖ ਦਿੱਤੇ ਤੇ ਲੋੜ ਅਨੁਸਾਰ ਕੁਝ ਖਾਨੇ ਵਧਾ ਕੇ ਥਾਂ-ਥਾਂ ਖਾਲੀ ਥਾਵਾਂ ਛੱਡ ਦਿੱਤੀਆਂ | ਉਸ ਨੇ ਕਿਹਾ ਕਿ ਇਨ੍ਹਾਂ ਖਾਲੀ ਖਾਨਿਆਂ ਵਾਲੇ ਤੱਤ ਜਦੋਂ ਵੀ ਲੱਭਣਗੇ, ਉਨ੍ਹਾਂ ਦੇ ਗੁਣ ਇਨ੍ਹਾਂ ਨਾਲ ਸਬੰਧਿਤ ਕਾਲਮਾਂ ਵਾਲੇ ਹੀ ਹੋਣਗੇ | ਤੱਤਾਂ ਦੇ ਇਸ ਚਾਰਟ ਨੂੰ ਮੈਂਡੀਲੀਵ ਦਾ ਪੀਰੀਆਡਿਕ ਟੇਬਲ ਕਿਹਾ ਗਿਆ |
ਸਮਾਂ ਪਾ ਕੇ ਇਸ ਨੇਮ ਤੇ ਚਾਰਟ ਵਿਚ ਗੜਬੜੀ ਲੱਗੀ | ਇਸ ਗੜਬੜੀ ਨੂੰ ਹੈਨਰੀ ਮੋਜ਼ਲੇ ਨਾਂਅ ਦੇ ਅੰਗਰੇਜ਼ ਵਿਗਿਆਨੀ ਨੇ ਠੀਕ ਕੀਤਾ | ਉਸ ਨੇ ਕਿਹਾ ਕਿ ਤੱਤਾਂ ਦੇ ਗੁਣ ਐਟਮ ਦੇ ਭਾਰ ਦਾ ਪੀਰੀਆਡਿਕ ਫੰਕਸ਼ਨ ਨਹੀਂ | ਇਹ ਐਟਮ ਦੇ ਨੰਬਰ ਦਾ ਪੀਰੀਆਡਿਕ ਫੰਕਸ਼ਨ ਹਨ | ਜ਼ਰਾ ਤਕਨੀਕੀ ਨੁਕਤਾ ਹੈ ਇਹ ਪਰ ਹੈ ਬੜਾ ਬਾਰੀਕ ਤੇ ਸਮਝਣਯੋਗ | ਸਮਝ ਹੀ ਲਓ ਇਹ | ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਐਟਮ ਵਿਚ ਤਿੰਨ ਤਰ੍ਹਾਂ ਦੇ ਕਣ ਹਨ | ਪ੍ਰੋਟਾਨ, ਨਿਊਟ੍ਰਾਨ ਤੇ ਇਲੈਕਟ੍ਰਾਨ | ਤਿੰਨਾਂ ਦੇ ਕੁੱਲ ਭਾਰ ਨੂੰ ਐਟਮੀ ਭਾਰ ਕਹਿੰਦੇ ਹਨ | ਕਿਸੇ ਵੀ ਐਟਮ ਦਾ ਐਟਮੀ ਭਾਰ ਉਸ ਦੇ ਪ੍ਰੋਟਾਨਾਂ, ਨਿਊਟ੍ਰਾਨਾਂ ਤੇ ਇਲੈਕਟ੍ਰਾਨਾਂ ਦੇ ਭਾਰਾਂ ਦਾ ਜੋੜ ਹੁੰਦਾ ਹੈ | ਇਲੈਕਟ੍ਰਾਨਾਂ ਦਾ ਭਾਰ ਨਾਮਾਤਰ ਹੀ ਹੁੰਦਾ ਹੈ | ਇਸ ਲਈ ਕਿਸੇ ਵੀ ਤੱਤ ਦਾ ਭਾਰ ਉਸ ਦੇ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦੇ ਭਾਰਾਂ ਦਾ ਜੋੜ ਹੀ ਮੰਨਣ ਵਿਚ ਹਰਜ਼ ਨਹੀਂ | ਵਿਗਿਆਨੀਆਂ ਨੇ ਇਸ ਗਿਣਤੀ-ਮਿਣਤੀ ਨੂੰ ਸਰਲ ਕਰਨ ਲਈ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦੋਵਾਂ ਦੇ ਭਾਰ ਜੋ ਲਗਪਗ ਬਰਾਬਰ ਹਨ | ਪੂਰੀ ਤਰ੍ਹਾਂ ਬਰਾਬਰ ਅਤੇ ਇਕ ਇਕਾਈ ਮੰਨ, ਲਏ ਹਨ | ਇੰਜ ਹਰ ਤੱਤ ਦਾ ਐਟਮੀ ਭਾਰ ਉਸ ਵਿਚਲੇ ਪ੍ਰੋਟਾਨਾਂ ਤੇ ਨਿਊਟ੍ਰਾਨਾਂ ਦਾ ਜੋੜ ਮਾਤਰ ਹੈ | ਵਿਗਿਆਨੀਆਂ ਨੇ ਇਹ ਵੀ ਵੇਖਿਆ ਹੈ ਕਿ ਤੱਤਾਂ ਦੇ ਗੁਣ ਮੂਲ ਰੂਪ ਵਿਚ ਪ੍ਰੋਟਾਨਾਂ ਤੇ ਇਲੈਕਟ੍ਰਾਨਾਂ ਉਤੇ ਨਿਰਭਰ ਹਨ ਅਤੇ ਇਨ੍ਹਾਂ ਦੋਵਾਂ ਦੀ ਗਿਣਤੀ ਬਰਾਬਰ ਰਹਿੰਦੀ ਹੈ | ਇਸ ਲਈ ਐਟਮ ਦੀ ਅਸਲ ਪਛਾਣ ਇਲੈਕਟ੍ਰਾਨਾਂ ਜਾਂ ਪ੍ਰੋਟਾਨਾਂ ਦੀ ਗਿਣਤੀ ਤੋਂ ਹੀ ਕਰਨੀ ਬਣਦੀ ਹੈ | ਕਿਸੇ ਵੀ ਤੱਤ ਵਿਚ ਪ੍ਰੋਟਾਨਾਂ (ਜਾਂ ਇਲੈਕਟ੍ਰਾਨਾਂ) ਦੀ ਗਿਣਤੀ ਨੂੰ ਉਸ ਦਾ ਐਟਮੀ ਨੰਬਰ ਕਿਹਾ ਜਾਂਦਾ ਹੈ | ਇਉਂ ਸਮਝੋ ਕਿ ਇਹ ਉਸ ਤੱਤ ਦਾ ਰੋਲ ਨੰਬਰ ਹੈ | ਮੋਜ਼ਲੇ ਨੇ ਮੈਡੇਲੀਵ ਦੇ ਨੇਮ ਨੂੰ ਐਟਮੀ ਭਾਰਾਂ ਦੀ ਥਾਂ ਇਨ੍ਹਾਂ ਨੰਬਰਾਂ (ਰੋਲ ਨੰਬਰਾਂ) ਨਾਲ ਜੋੜਿਆ | ਮੋਜ਼ਲੇ ਦੇ ਬਣਾਏ ਤੱਤਾਂ ਦੇ ਚਾਰਟ ਨੂੰ ਮੈਂਡੇਲੀਵ ਦੇ ਟੇਬਲ ਦੀ ਥਾਂ ਅੱਜਕਲ੍ਹ ਮਾਡਰਨ ਪੀਰੀਆਡਿਕ ਟੇਬਲ ਕਿਹਾ ਜਾਂਦਾ ਹੈ | ਇਸ ਚਾਰਟ ਵਿਚ ਤੱਤਾਂ ਨੂੰ ਲੇਟਵੀਆਂ ਕਤਾਰਾਂ 'ਤੇ ਖੜ੍ਹੇ ਕਾਲਮਾਂ ਵਿਚ ਐਟਮੀ ਨੰਬਰ ਅਨੁਸਾਰ ਦਰਜ ਕੀਤਾ ਗਿਆ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ ਨੰ: 98722-60550.

ਦੁਬਈ ਕ੍ਰੀਕ-ਅਮੀਰਾਤ ਦੀ ਕਾਰੋਬਾਰੀ ਸ਼ਾਹਰਗ

ਕ੍ਰੀਕ ਲੁੂਣੇ ਪਾਣੀ ਵਾਲੀ ਤੰਗ ਖਾੜੀ ਨੂੰ ਕਹਿੰਦੇ ਹਨ | ਦੁਬਈ ਕ੍ਰੀਕ ਅਮੀਰਾਤ ਦੇ ਕਾਰੋਬਾਰ ਦੀ ਸ਼ਾਹਰਗ ਹੈ | ਇਸ ਦਾ ਦੁਬਈ ਦੇ ਵਿਕਾਸ, ਅਰਥ ਵਿਵਸਥਾ ਨੂੰ ਮਜ਼ਬੂਤ ਕਰਨ, ਸੈਰ-ਸਪਾਟੇ ਅਤੇ ਮਨ-ਬਹਿਲਾਵੇ ਦੇ ਸਾਧਨ ਵਧਾਉਣ ਵਿਚ ਬੜਾ ਯੋਗਦਾਨ ਹੈ | ਸਭ ਤੋਂ ਪੁਰਾਤਨ ਸ਼ਹਿਰ ਬਰ ਦੁਬਈ ਅਤੇ ਦੇਰਾ ਇਸ ਦੇ ਕਿਨਾਰੇ ਹੀ ਵਸੇ ਹਨ | 1962 ਤੋਂ ਪਹਿਲਾਂ ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਸਿਰਫ਼ ਤੇ ਸਿਰਫ਼ ਇਸ ਜ਼ਰੀਏ ਅਬਰਾ ਅਤੇ ਡੋਆ ਬੇੜੀਆਂ ਨਾਲ ਹੀ ਜਾਇਆ ਜਾ ਸਕਦਾ ਸੀ | ਕ੍ਰੀਕ ਦੋਵਾਂ ਵਿਚਕਾਰ ਦੂਰੀ ਦਾ ਕਾਰਨ ਵੀ ਸੀ ਅਤੇ ਸੰਪਰਕ ਸੂਤਰ ਵੀ |
ਇਹ ਕ੍ਰੀਕ ਕੁਦਰਤੀ ਬਣੀ ਹੈ | ਇਹ ਦੁਬਈ ਦੀ ਵਿਲੱਖਣ ਖੂਬਸੂਰਤੀ ਦੀ ਲਖਾਇਕ ਹੈ | ਇਹ 10 ਕਿਲੋਮੀਟਰ ਸ਼ਹਿਰ ਦੇ ਅੰਦਰ ਜਾਂਦੀ ਹੈ ਤੇ ਇਸ ਦੀ ਤਰੱਕੀ ਦੀ ਨਾਭੀ ਹੈ | ਪਹਿਲਾਂ ਇਹ ਰਸ-ਅਲ-ਖੋਰ ਵਾਈਲਡ ਲਾਈਫ ਤੱਕ ਸੀ ਪਰ ਹੁਣ ਇਹ ਫਾਰਸ ਦੀ ਖਾੜੀ ਤੱਕ ਹੈ | ਇਤਿਹਾਸਕ ਹਵਾਲਿਆਂ ਅਨੁਸਾਰ ਇਹ ਕਿਸੇ ਵੇਲੇ ਅਲ-ਆਇਨ ਇਲਾਕੇ ਤੱਕ ਜਾਂਦੀ ਸੀ ਜੋ ਕਿ ਮੀਲਾਂ ਬੱਧੀ ਦੂਰ ਅਬੂ ਧਾਬੀ ਵਿਚ ਹੈ | ਪ੍ਰਾਚੀਨ ਯੂਨਾਨ ਦੇ ਲੋਕ ਇਸ ਨੂੰ ਜ਼ਾਰਾ ਦਰਿਆ ਸੱਦਦੇ ਸਨ |
ਇਸ ਨੇ ਦੁਬਈ ਦੀ ਛੋਟੀ ਬੰਦਰਗਾਹ ਵਜੋਂ ਰੋਲ ਨਿਭਾਇਆ | ਇਸ ਥਾਂ ਛੋਟੇ ਜਹਾਜ਼ਾਂ ਅਤੇ ਬੇੜੀਆਂ ਦੀ ਪੱਤਣਗੀਰੀ ਕਾਰਨ ਖਿੱਤੇ ਦੀ ਖੁਸ਼ਹਾਲੀ ਦੀ ਗਾਥਾ 1902 ਦੇ ਨੇੜੇ-ਤੇੜੇ ਸ਼ੁਰੂ ਹੁੁੰਦੀ ਹੈ | ਉਸ ਵਕਤ ਗੁਆਂਢੀ ਬੰਦਰਗਾਹਾਂ ਤੋਂ ਹੀ ਨਹੀਂ ਸਗੋਂ ਭਾਰਤ, ਪੂੁਰਬੀ ਅਫਰੀਕਾ ਸਮੇਤ ਹੋਰ ਦੂਰ-ਦੁਰਾਡੇ ਦੇ ਦੇਸ਼ਾਂ ਦੀਆਂ ਡੋਆਂ/ਜਹਾਜ਼ਾਂ ਦੀ ਲੰਗਰਗਾਹੀ ਇਸ ਅਸਥਾਨ ਉੱਪਰ ਹੋਣੀ ਆਰੰਭ ਹੋ ਗਈ | ਇਕ ਰਿਪੋਰਟ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿਚ ਇਸ ਥਾਂ 300 ਮੋਤੀ-ਭਾਲ ਡੋਆਂ ਖੜ੍ਹਦੀਆਂ ਸਨ ਅਤੇ ਇਨ੍ਹਾਂ ਦੇ ਕਰੀਬ 7000 ਜਹਾਜ਼ਰਾਨ ਹੁੰਦੇ ਸਨ | ਫਿਰ ਪੁਰੇ ਦੀਆਂ ਹਵਾਵਾਂ ਕਾਰਨ ਇਸ ਵਿਚ ਰੇਤ, ਮਿੱਟੀ, ਘੱਟਾ, ਗਾਰ ਜੰਮ ਗਏ ਜਿਸ ਕਾਰਨ ਵੱਡੇ ਜਹਾਜ਼ਾਂ ਦਾ ਚੱਲਣਾ ਮੁਸ਼ਕਿਲ ਹੋ ਗਿਆ | ਦੁਬਈ ਦੇ ਹਾਕਮ ਸ਼ੇਖ ਰਾਸ਼ਿਦ-ਬਿਨ-ਸਈਅਦ ਅਲ ਮਖਤੂਮ ਦੇ ਹੁਕਮਾਂ ਉਪਰ 1950ਵਿਆਂ 'ਚ ਇਸ ਦੀ ਸਾਫ-ਸਫਾਈ ਕਰਵਾਈ ਗਈ | ਗਾਰ ਕੱਢ ਕੇ ਇਸ ਨੂੰ ਡੂੰਘਾ ਕੀਤਾ ਗਿਆ ਅਤੇ ਇਸ ਦੇ ਕੰਢੇੇ ਮਜ਼ਬੂਤ ਕੀਤੇ ਗਏ |
1962 ਵਿਚ ਇਸ ਉੱਪਰ ਅਲ-ਮਖਤੂਮ ਪੁਲ ਬਣਿਆ ਅਤੇ ਪਹਿਲੀ ਵਾਰ ਬਾਰ ਦੁਬਈ ਅਤੇ ਦੇਹਰਾ ਵਿਚਕਾਰ ਸੜਕੀ ਸੰਪਰਕ ਸੰਭਵ ਹੋਇਆ | 1976 ਵਿਚ ਅਲ ਗਰਹੌਦ ਨਾਂਅ ਦਾ ਇਕ ਹੋਰ ਪੁਲ ਉਸਾਰਿਆ ਗਿਆ | ਇਸ ਤੋਂ ਪਹਿਲਾਂ 1975 ਵਿਚ ਅਲ ਸ਼ਿੰਧਾਗਾ ਨਾਂਅ ਦੀ ਸੁਰੰਗ ਵੀ ਬਣਾਈ ਗਈ ਤਾਂ ਕਿ ਵਧ ਰਹੇ ਸੜਕੀ ਟ੍ਰੈਫਿਕ ਦੇ ਪਰੈਸ਼ਰ ਨੂੰ ਘਟਾਇਆ ਜਾ ਸਕੇ |
ਇਹ ਸਭ ਕੁਝ ਬਣਨ ਨਾਲ ਹੁਣ ਸਵਾਰੀ ਢੋਣ ਵਾਲੀਆਂ 'ਅਬਰਾ' ਨਾਂਅ ਦੀਆਂ ਬਹੁਤੀਆਂ ਬੇੜੀਆਂ ਸੈਲਾਨੀਆਂ ਨੂੰ ਸੈਰ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ | ਅਸੀਂ ਖੁਦ ਇਕ ਅਬਰਾ ਵਿਚ ਕ੍ਰੀਕ ਦੀ ਇਕ ਘੰਟਾ ਸੈਰ ਦਾ ਅਨੰਦ ਮਾਣਿਆਂ | ਹਾਂ, ਸ਼ੌਕ ਖਰਚੀਲਾ ਜ਼ਰੂਰ ਪਿਆ | ਚਲੋ, ਖੈਰ! ਭਲਾ ਸ਼ੌਕ ਦਾ ਵੀ ਕੋਈ ਮੁੱਲ ਹੁੰਦੈ! ਬੰਗਲਾਦੇਸ਼ ਦਾ ਨੂਰ ਨਵੀਂ, ਜੋ ਅਬਰਾ ਚਲਾ ਰਿਹਾ ਸੀ, ਨੇ ਦੱਸਿਆ ਕਿ ਕੁੱਲ 174 ਅਬਰਾ ਬੇੜੀਆਂ ਸੈਰ-ਸਪਾਟੇ ਦੇ ਕੰਮ ਵਿਚ ਲਗੀਆਂ ਹਨ | ਭਾਰ ਢੋਣ ਵਾਲੀਆਂ ਡੋਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ | ਉਸ ਅਨੁਸਾਰ ਡੋਆਂ 2 ਘੰਟੇ ਵਿਚ ਇਰਾਨ ਤੱਕ ਅੱਪੜ ਜਾਂਦੀਆਂ ਹਨ | ਕ੍ਰੀਕ ਦੇ ਦੋਵੇਂ ਕਿਨਾਰੇ ਵੱਖ-ਵੱਖ ਆਕਾਰ ਦੀਆਂ ਅਣਗਿਣਤ ਬੇੜੀਆਂ, ਫੈਰੀਆਂ, ਯਾਟ, ਸਟੀਮਰ, ਛੋਟੇ ਜਹਾਜ਼, ਚਲਦੇ ਫਿਰਦੇ ਰੈਸਟੋਰੈਂਟ, ਹੋਟਲਾਂ ਦੁਆਰਾ ਆਪਣੇ ਮਹਿਮਾਨਾਂ ਲਈ ਸੈਰੋ-ਤਫਰੀਹ ਵਾਲੇ ਸੁੰਦਰ ਬੇੜੇ ਖੜ੍ਹੇ ਸਨ | ਪਾਣੀ ਉੱਪਰ ਅਠਖੇਲੀਆਂ ਕਰਦੀਆਂ ਜਲ-ਚਿੜੀਆਂ, ਦੋਵੇਂ ਪਾਸੇ ਦਰਸ਼ਨੀ ਇਮਾਰਤਾਂ, ਨੇੜੇ ਹੀ ਵਿਸ਼ਵ ਦੇ ਸਭ ਤੋਂ ਰੁੱਝੇ ਹਵਾਈ ਅੱਡੇ ਤੋਂ ਪਲ ਪਲ ਉਡਾਣ ਭਰਦੇ ਹਵਾਈ ਜਹਾਜ਼ ਅਤੇ ਨੱਚਦੀਆਂ ਲਹਿਰਾਂ ਨਾਲ ਮਸਤੀ 'ਚ ਝੂੁਮਦੇੇ ਸੈਲਾਨੀ-ਵਾਹ! ਕੈਸਾ ਅਦਭੁੱਤ ਨਜ਼ਾਰਾ ਸੀ!
ਹੁਣ ਸਰਕਾਰ ਕ੍ਰੀਕ ਉਪਰ ਇਕ ਪੈਦਲ-ਯਾਤਰੀ ਪੁਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਹੋਰ ਆਕਰਸ਼ਿਤ ਕੀਤਾ ਜਾ ਸਕੇ | 'ਸਕਾਈ ਗਾਰਡਨ ਪ੍ਰਾਜੈਕਟ' ਤਹਿਤ ਬਣਨ ਵਾਲਾ ਇਹ ਪੁਲ 380 ਮੀਟਰ (1,246.72 ਫੁੱਟ) ਲੰਮਾ, 60 ਮੀਟਰ (196.85 ਫੁੱਟ) ਉੱਚਾ ਹੋਏਗਾ ਅਤੇ ਇਸ ਦਾ ਆਰ-ਪਾਰ ਫੈਲਾਅ (ਸਪੈਨਿੰਗ ਏਰੀਆ) 3, 422 ਵਰਗ ਮੀਟਰ (36, 834 ਵਰਗ ਫੁੱਟ) ਹੋਵੇਗਾ | ਸਿਹਤਮੰਦੀ ਲਈ ਸਾਈਕਲਿੰਗ ਅਤੇ ਰਨਿੰਗ ਟਰੈਕ ਹੋਣਗੇ | ਇਸ ਉੱਪਰ ਵਿੱਕਰੀ ਕੇਂਦਰ ਵੀ ਹੋਣਗੇ ਅਤੇ ਕੁਦਰਤੀ ਛਾਂਦਾਰ ਥਾਵਾਂ ਵੀ | ਇਹ ਪੁਲ ਸ਼ਹਿਰ ਦੇ ਲੈਂਡਮਾਰਕਾਂ ਨੂੰ ਨਦੀ ਕਿਨਾਰਿਆਂ ਨਾਲ ਜੋੜੇਗਾ ਅਤੇ ਪੁਰਾਣੀ ਅਤੇ ਨਵੀਂ ਦੁਬਈ ਦੇ ਅਦਭੁਤ ਨਜ਼ਾਰੇ ਪੇਸ਼ ਕਰੇਗਾ | ਇਸ ਨਾਲ ਦੁਬਈ ਕ੍ਰੀਕ ਦੀ ਦਿੱਖ ਨੂੰ ਚਾਰ ਚੰਦ ਲਗ ਜਾਣਗੇ |

-ਫਗਵਾੜਾ | ਮੋਬਾ : 98766-55055
ਈਮੇਲ : gandamjs@gmail.com

ਵਿਆਹ ਦੀ ਭਾਵੁਕਮਈ ਰਸਮ ਡੋਲੀ ਵਿਦਾ ਹੋਣਾ

ਪੰਜਾਬੀ ਵਿਰਾਸਤ ਵਿਚ ਵਿਆਹਾਂ ਮੌਕੇ ਅਨੇਕਾਂ ਹੀ ਰਸਮਾਂ ਰਿਵਾਜ ਕੀਤੇ ਜਾਂਦੇ ਹਨ | ਵਿਆਹਾਂ ਦੀਆਂ ਰਸਮਾਂ ਨਿਭਾਉਣ ਵਿਚ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰ ਅਤੇ ਸਕੇ ਸੰਬੰਧੀ ਆਪਣਾ ਯੋਗਦਾਨ ਪਾਉਂਦੇ ਹਨ | ਅੱਜ ਵਿਆਹ ਦੀ ਅਹਿਮ ਤੇ ਭਾਵੁਕ ਰਸਮ ਡੋਲੀ ਤੁਰਨ ਦੀ ਰਸਮ ਬਾਰੇ ਗੱਲ ਕਰਾਂਗੇ |
ਕੁੜੀ ਦੇ ਘਰ ਵਿਆਹ ਵਾਲੇ ਦਿਨ ਸ਼ਾਮ ਨੂੰ ਡੋਲੀ ਦੀ ਵਿਦਾਇਗੀ ਅਤੇ ਆਉਣ ਸਮੇਂ ਅਨੇਕਾਂ ਰਸਮੋ-ਰਿਵਾਜ ਕੀਤੇ ਜਾਂਦੇ ਹਨ ਅਤੇ ਲੋਕਗੀਤ ਗਾਏ ਜਾਂਦੇ ਹਨ | ਡੋਲੀ ਤੁਰਨ ਤੋਂ ਪਹਿਲਾਂ ਕੁੜੀ ਵਲੋਂ ਘਰ ਵਧਾਉਣ ਦੀ ਰਸਮ ਕਰਵਾਈ ਜਾਂਦੀ ਹੈ | ਇਸ ਰਸਮ ਵਿਚ ਵਿਆਹੁਲੀ ਕੁੜੀ ਡੋਲੀ ਵਿਚ ਬੈਠਣ ਤੋਂ ਪਹਿਲਾਂ ਤੁਰੀ ਜਾਂਦੀ ਇਕ ਥਾਲੀ ਵਿਚੋਂ ਜਿਸ ਵਿਚ ਮੇਵੇ, ਚਾਵਲ ਅਤੇ ਜੌਾ ਰਲੇ ਹੁੰਦੇ ਹਨ ਦਾ ਬੁੱਕ ਭਰ ਭਰ ਕੇ ਪਿਛਲੇ ਪਾਸੇ ਵੱਲ ਸੁੱਟਦੀ ਹੈ | ਇਸ ਰਸਮ ਦਾ ਭਾਵ ਪੇਕੇ ਪਰਿਵਾਰ ਦੀ ਸੁੱਖ ਮੰਗਣਾ ਅਤੇ ਉਨ੍ਹਾਂ ਦੀ ਆਰਥਿਕ ਖ਼ੁਸ਼ਹਾਲੀ ਨਾਲ ਜੁੜਿਆ ਹੋਇਆ ਹੈ | ਇਹ ਰਸਮ ਨਿਭਾਉਂਦੇ ਸਮੇਂ ਇਹ ਲੋਕ ਗੀਤ ਗਾਇਆ ਜਾਂਦਾ ਹੈ:
ਲਾਡੋ ਛੱਡ ਨੀ ਪੀੜ੍ਹੀ ਦਾ ਪਾਵਾ,
ਸਾਡਾ ਨਹੀਂਓ ਦਾਵਾ,
ਦਾਵੇ ਵਾਲੇ ਲੈ ਨੀ ਚੱਲੇ |
ਇਸੇ ਮੌਕੇ ਧੀ ਦੇ ਪੇਕੇ ਘਰ ਨਾਲ ਡੂੰਘਾ ਰਿਸ਼ਤਾ ਨਿੱਖੜ ਜਾਣ ਦਾ ਹੌਲ ਇਸ ਗੀਤ ਦੀਆਂ ਸਤਰਾਂ ਵਿਚੋਂ ਉਜਾਗਰ ਹੁੰਦਾ ਹੈ :
ਬਾਬਲ ਧਰਮ ਕਰੇਂਦਿਆਂ,
ਮੈਨੂੰ ਰੱਖ ਲੈ ਅੱਜ ਦੀ ਰਾਤ,
ਮੈਂ ਕੀਕਣ ਰੱਖਾਂ ਬੇਟੀਏ
ਤੇਰੀ ਜੰਞ ਬੜੀ ਉਦਾਸ |
ਮੇਰੀ ਜੰਞ ਨੂੰ ਦੇ ਦਿਓ ਛੁੱਟੀਆਂ,
ਮੇਰੇ ਕਾਹਨ ਨੂੰ ਰੱਖ ਲਓ ਰਾਤ,
ਤੇਰੀ ਜੰਞ ਨਾ ਲੈਂਦੀ ਛੁੱਟੀਆਂ,
ਤੇਰਾ ਕਾਹਨ ਨਾ ਰਹਿੰਦਾ ਰਾਤ |
ਇਸ ਮਾਹੌਲ ਸੰਬੰਧੀ ਧੀ ਵਲੋਂ ਲਿਆ ਗਿਆ ਇਕ ਹੋਰ ਹਾਉਕਾ ਜਦੋਂ ਜ਼ਨਾਨੀਆਂ ਪੇਸ਼ ਕਰਦੀਆਂ ਤਾਂ ਉਦਾਸੀ ਦੇ ਰੰਗ ਹੋਰ ਗੂੜ੍ਹੇ ਹੋ ਜਾਂਦੇ ਹਨ :
ਤੇਰੇ ਮਹਿਲਾਂ ਦੇ ਵਿਚ-ਵਿਚ ਵੇ
ਬਾਬਲ ਡੋਲਾ ਨਹੀਂਓ ਲੰਘਦਾ,
ਇਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ |
ਤੇਰੇ ਬਾਗ਼ਾਂ ਦੇ ਵਿਚ ਵਿਚ ਵੇ
ਬਾਬਲ ਡੋਲਾ ਨਹੀਂਓ ਲੰਘਦਾ,
ਮੈਂ ਟਾਹਣ ਕਟਾ ਦੇਵਾਂ,
ਧੀਏ ਘਰ ਜਾਹ ਆਪਣੇ |
ਤੇਰੇ ਮਹਿਲਾਂ ਦੇ ਵਿਚ ਵਿਚ ਵੇ
ਬਾਬਲ ਗੁੱਡੀਆਂ ਕੌਣ ਖੇਡੂ?
ਮੇਰੀਆਂ ਖੇਡਣ ਪੋਤਰੀਆਂ,
ਧੀਏ ਘਰ ਜਾਹ ਆਪਣੇ |
ਅਜਿਹਾ ਪ੍ਰਭਾਵ ਸਿਰਜਿਆ ਜਾਂਦਾ ਹੈ ਜਿਵੇਂ ਧੀ ਦੇ ਰੁਕਣ ਦੇ ਸਭ ਵਸੀਲੇ ਫ਼ੇਲ੍ਹ ਹੋ ਗਏ ਹੋਣ ਤੇ ਸਹੁਰੇ ਘਰ ਜਾਣਾ ਤੈਅ ਹੋ ਗਿਆ ਹੋਵੇ | ਅਜਿਹੇ ਵੇਲੇ ਨੂੰ ਗੀਤ ਦੀਆਂ ਇਹ ਲਾਈਨਾਂ ਜ਼ੁਬਾਨ ਦਿੰਦੀਆਂ ਹਨ :
ਬੋਲ ਨੀ ਮੇਰੀਏ ਬਣ ਤਣ ਕੋਇਲੇ,
ਦੇਸ ਬਿਗਾਨੜੇ ਕਿਉਂ ਚੱਲੀ ਆਂ?
ਇਕ ਵਚਨ ਮੇਰੇ ਬਾਬਲ ਕੀਤਾ,
ਵਚਨ ਪੁਗਾਵਣ ਮੈਂ ਚੱਲੀ ਆਂ |
ਮਾਤਾ ਮੇਰੀ ਨੇ ਦਾਜ ਬਣਾਇਆ,
ਦਾਜ ਪੁਚਾਵਣ ਮੈਂ ਚੱਲੀ ਆਂ |
ਇਸ ਦੇ ਨਾਲ ਹੀ ਇਹ ਬੋਲ ਵੀ ਗੰੂਜਦੇ ਹਨ:
ਕਿੱਥੇ ਨੀ ਬੀਬੀ ਤੇਰਾ ਤੋਰਾ ਫੇਰਾ,
ਕਿੱਥੇ ਬੈਠੀ ਆ ਪੀੜ੍ਹਾ ਡਾਹ |
ਯੋਧੀਂ ਵੇ ਮਾਪਿਓ ਮੇਰਾ ਤੋਰਾ-ਫੇਰਾ,
ਅੰਬਰਸਰ ਬੈਠੀ ਆ ਪੀੜ੍ਹਾ ਡਾਹ |
ਵਿਛੋੜੇ ਦਾ ਸੱਲ੍ਹ ਹਰ ਇਕ ਨੂੰ ਸੱਲ੍ਹਦਾ ਹੈ | ਬਾਬਲ ਵੀ ਮਨ ਦੀ ਕੁੜੀ ਨੂੰ ਤੋਰਨ ਲੱਗਾ ਬੁੱਕ ਬੁੱਕ ਹੰਝੂ ਕੇਰਦਾ ਹੈ | ਉਸ ਦਾ ਵੀਰਾ ਵੀ ਉਦਾਸੀ ਵਿਚ ਡੁੱਬਦਾ ਹੈ | ਭਾਬੀ ਉੱਪਰ ਉਦਾਸੀ ਦਾ ਪਰਛਾਵਾਂ ਥੋੜ੍ਹਾ ਪੇਤਲਾ ਹੁੰਦਾ ਹੈ | ਉਸ ਵੇਲੇ ਹੇਠਲੀਆਂ ਸਤਰਾਂ ਬੋਲੀਆਂ ਜਾਂਦੀਆਂ ਹਨ :
ਬੀਬੀ ਦਾ ਬਾਬਲ ਇਉਂ ਰੋਵੈ,
ਜਿਵੇਂ ਘਟਾ ਸਾਵਣ ਦੀ ਆਈ |
ਤੁਸੀਂ ਕਿਉਂ ਰੋਂਦੇ ਹੋ ਮਾਪਿਓ,
ਇਹ ਜੱਗ ਹੁੰਦੜੀ ਆਈ |
ਬੀਬੀ ਦਾ ਵੀਰਾ ਇਉਂ ਰੋਵੇ,
ਜਿਉਂ ਘਟਾ ਸਾਵਣ ਦੀ ਆਈ
ਬਾਹਰ ਰੋਵੇ ਬੀਬੀ ਦਾ ਵੀਰਾ,
ਅੰਦਰ ਹੱਸੇ ਭਰਜਾਈ |
ਉਦੋਂ ਤਾਂ ਰੋਵੇਂਗੀ ਭਾਬੀਏ ਨੀ,
ਜਦੋਂ ਤੋਰੇਂਗੀ ਆਪਣੀ ਜਾਈ |
ਜਿਉਂ ਜਿਉਂ ਡੋਲੀ ਦੇ ਤੁਰਨ ਦਾ ਵੇਲਾ ਆਉਂਦਾ ਹੈ ਤਾਂ ਮਾਹੌਲ ਹੋਰ ਵਧੇਰੇ ਭਾਵੁਕ ਹੋ ਜਾਂਦਾ ਹੈ | ਡੋਲੀ ਵੱਲ ਧੀ ਨੂੰ ਤੋਰਨ ਵੇਲੇ ਇਹ ਗੀਤ ਵੇਦਨਾ ਬਣ ਕੇ ਉੱਭਰਦੇ :
ਆ ਵੇ ਬਾਬਲਾ ਦੋ ਗੱਲਾਂ ਕਰੀਏ,
ਆਈ ਵਿਛੋੜੇ ਵਾਲੀ ਰਾਤ |
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ,
ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ |
ਹੰਸ ਤੁਰ ਚੱਲੇ ਅੱਖੀਆਂ ਤੋਂ ਦੂਰ,
ਪਾ ਕੇ ਗੂੜ੍ਹਾ ਪਿਆਰ ਬਾਬਲ |
ਆਹ ਲੈ ਮਾਏ ਸਾਂਭ ਕੁੰਜੀਆਂ,
ਧੀਆਂ ਕਰ ਚੱਲੀਆਂ ਸਰਦਾਰੀ |
ਧੀ ਨੂੰ ਰੋਂਦੀ ਕੁਰਲਾਉਂਦੀ ਨੂੰ ਉਸ ਦਾ ਭਰਾ ਮਾਮਾ ਡੋਲੀ ਵਾਲੀ ਕਾਰ ਵਿਚ ਬਿਠਾ ਦਿੰਦੇ ਹਨ | ਇਸ ਸਮੇਂ ਧੀ ਮਾਂ ਨੂੰ ਘਰ ਦੀਆਂ ਚਾਬੀਆਂ ਸੌਾਪਦੀ ਹੈ | ਡੋਲੀ ਵਾਲੀ ਕਾਰ ਵਿਚ ਬੈਠੇ ਧੀ ਜਵਾਈ ਦਾ ਮਾਂ ਲੱਡੂਆਂ ਨਾਲ ਮੂੰਹ ਜੁਠਾਉਂਦੀ ਹੈ ਤੇ ਮਾਂ ਪਿਉ ਤੋਂ ਬਿਨਾਂ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਵਲੋਂ ਪੈਸੇ ਸ਼ਗਨ ਵਜੋਂ ਦਿੱਤੇ ਜਾਂਦੇ ਹਨ | ਫਿਰ ਮਾਂ ਡੋਲੀ ਵਾਲੀ ਕਾਰ ਦੇ ਚਾਰੇ ਟਾਇਰਾਂ 'ਤੇ ਪਾਣੀ ਪਾਉਂਦੀ ਹੈ | ਧੀ ਨਾ ਚਾਹੁੰਦੇ ਹੋਏ ਵੀ ਬਾਬਲ ਘਰੋਂ ਵਿਦਾ ਹੋ ਜਾਂਦੀ ਹੈ | ਅਜੋਕੇ ਸਮੇਂ ਵਿਚ ਡੋਲੀ ਦੀ ਰਸਮ ਵੇਲੇ ਬਹੁਤੀਆਂ ਰਸਮਾਂ ਪੁਰਾਤਨ ਵਿਆਹਾਂ ਵਾਲੀਆਂ ਹੀ ਨਿਭਾਈਆਂ ਜਾਂਦੀਆਂ ਹਨ | ਪੰਜਾਬੀ ਲੋਕ-ਧਾਰਾ ਵਿਚ ਡੋਲੀ ਦੀ ਰਸਮ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ:
ਬਾਬਲ ਵਿਦਾ ਕਰੇਂਦਿਆਂ,
ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਮੈਨੂੰ ਰੱਖ... |
ਕੀਕਣ ਰੱਖਾਂ ਧੀਏ ਮੇਰੀਏ,
ਨੀ ਮੈ ਤਾਂ ਸੱਜਣ ਸਦਾ ਲੇ,
ਆਪ ਨੀ, ਮੈ ਤਾਂ ਸੱਜਣ... |
ਡੋਲੀ ਤੁਰਨ ਸਮੇਂ ਵਿਦਾਇਗੀ ਦੀਆਂ ਰਸਮਾਂ ਖ਼ਤਮ ਹੋਣ ਤੋਂ ਬਾਅਦ ਕੁੜੀ ਦੇ ਭਰਾ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਂਦੇ ਹਨ ਤੇ ਡੋਲੀ ਤੁਰ ਜਾਂਦੀ ਹੈ | ਇਸ ਸਮੇਂ ਲਾੜੇ ਦਾ ਪਿਉ ਡੋਲੀ ਉੱਤੋਂ ਪੈਸੇ ਸੁੱਟਦਾ ਹੈ | ਇਸ ਰਸਮ ਨੂੰ ਕਈਆਂ ਇਲਾਕਿਆਂ ਵਿਚ ਸੋਟ ਦੀ ਰਸਮ ਵੀ ਕਿਹਾ ਜਾਂਦਾ ਹੈ | ਲੋਕ ਗੀਤਾਂ ਰਾਹੀਂ ਲੋਕ ਸਮੂਹ ਆਪਣੀਆਂ ਦੱਬੀਆਂ ਹੋਈਆਂ ਖੁਹਾਇਸ਼ਾਂ ਦਾ ਪ੍ਰਗਟਾਵਾ ਕਰਦੇ ਹਨ | ਪ੍ਰੋ: ਸੈਰੀ ਸਿੰਘ ਅਨੁਸਾਰ ਲੋਕਾਂ ਦੁਆਰਾ ਰਚੇ ਗਏ ਗੀਤਾਂ ਨੂੰ 'ਲੋਕ-ਗੀਤ' ਕਿਹਾ ਜਾਂਦਾ ਹੈ | ਲੇਖਕ ਦਾ ਅਗਿਆਤ ਹੋਣਾ ਇਸ ਦੀ ਮੁੱਖ ਸ਼ਰਤ ਹੈ | ਸੁਹਾਗ ਲੋਕ ਗੀਤਾਂ ਦੀ ਇਕ ਵੰਨਗੀ ਹੈ | ਇਹ ਵਿਆਹੁਲੀ ਕੁੜੀ ਦੇ ਘਰ ਗਾਏ ਜਾਂਦੇ ਹਨ | ਡਾ: ਰਾਜਵੰਤ ਕੌਰ ਪੰਜਾਬੀ ਅਨੁਸਾਰ ਵਿਦਾਇਗੀ ਦੇ ਮੌਕੇ 'ਤੇ ਜੋ ਸੁਹਾਗ ਗੀਤ ਗਾਏ ਜਾਂਦੇ ਹਨ ਉਨ੍ਹਾਂ ਵਿਚਲੀ ਜਜ਼ਬਾਤੀ ਸੁਰ ਦਿਲਾਂ ਨੂੰ ਸਿੱਧੇ ਤੌਰ 'ਤੇ ਤਟ ਫਟੀ ਰੂਪ ਵਿਚ ਵਧੇਰੇ ਪ੍ਰਭਾਵਿਤ ਕਰਦੀ ਹੈ | ਡੋਲੀ ਦੀ ਵਿਦਾਇਗੀ ਦੇ ਗੀਤ ਜਿੱਥੇ ਰਸਮੋ-ਰਿਵਾਜ ਨਾਲ ਸੰਬੰਧਿਤ ਹੁੰਦੇ ਹਨ, ਉੱਥੇ ਉਸ ਸਮੇਂ ਧੀ ਦੇ ਪੇਕੇ ਘਰ ਰਹਿਣ ਦੀਆਂ ਮਨੋਭਾਵਨਾ ਨੂੰ ਵੀ ਪੇਸ਼ ਕਰਦੇ ਹਨ | ਅਜੋਕੇ ਵਿਆਹਾਂ ਵਿਚ ਵੀ ਵਿਦਾਇਗੀ ਵੇਲੇ ਗੀਤ ਗਾਏ ਜਾਂਦੇ ਹਨ | ਪੁਰਾਤਨ ਸਮਿਆਂ ਵਿਚ ਕੁੜੀ ਦੀ ਡੋਲੀ ਊੱਠਾਂ ਜਾਂ ਗੱਡੀਆਂ 'ਤੇ ਜਾਂਦੀ ਸੀ | ਪਰ ਅੱਜ ਆਧੁਨਿਕਤਾ ਦੇ ਯੁੱਗ ਵਿਚ ਤੇਜ਼ ਰਫਤਾਰ ਵਾਲੀਆਂ ਮਹਿੰਗੀਆਂ ਕਾਰਾਂ ਆ ਗਈਆਂ ਹਨ | ਅੱਜ ਫੋਕੀ ਸ਼ੁਹਰਤ ਦੇ ਪੱਟੇ ਪੰਜਾਬੀ ਮਹਿੰਗੀ ਤੋਂ ਮਹਿੰਗੀ ਕਿਰਾਏ ਦੀ ਕਾਰ ਲੈ ਜਾਂਦੇ ਹਨ ਜਿਸ ਨਾਲ ਆਰਥਿਕਤਾ 'ਤੇ ਮਾੜਾ ਅਸਰ ਪੈਂਦਾ ਹੈ ਤੇ ਵਿਆਹ ਮਗਰੋਂ ਮੁੰਡੇ ਜਾਂ ਉਸ ਦੇ ਪਰਿਵਾਰ ਤੇ ਲੱਖਾਂ ਦਾ ਕਰਜ਼ ਹੋ ਜਾਂਦਾ ਹੈ | ਸੋ, ਲੋੜ ਹੈ ਅੱਜ ਪੰਜਾਬੀ ਰੀਤਾਂ ਰਸਮਾਂ ਨੂੰ ਸਾਦੇ ਢੰਗ ਨਾਲ ਨਿਭਾਉਣ ਦੀ ਤਾਂ ਜੋ ਜ਼ਿੰਦਗੀ ਭਰ ਪਰਿਵਾਰ ਸੁਖੀ ਰਹੇ |

-ਮੋਬਾਈਲ : 70878-00168

ਛੋਟੀ ਕਹਾਣੀ ਸਫ਼ਰ ਦਾ ਫ਼ਰਕ

ਪੇਕਾ ਪਿੰਡ ਦੂਰ ਹੋਣ ਕਰਕੇ ਕਿਰਨ ਅਕਸਰ ਛੁੱਟੀਆਂ 'ਚ ਹੀ ਜਾਂਦੀ¢ ਗਰਮੀ ਸਰਦੀ ਦੀਆਂ ਛੁੱਟੀਆਂ ਦਾ ਉਸ ਨਾਲੋਂ ਵੱਧ ਇੰਤਜ਼ਾਰ? ਉਸ ਦੇ ਪਾਪਾ ਨੂੰ ਹੁੰਦਾ¢ ਮਈ ਦੇ ਮਹੀਨੇ ਹੀ ਦਿਨ ਗਿਣਨੇ ਸ਼ੁਰੂ ਕਰ ਦਿੰਦੇ¢
'ਅਗਲੇ ਮਹੀਨੇ ਇਸ ਦਿਨ ਜਾਂ ਇਸ ਤਾਰੀਖ ਨੂੰ ਮੇਰਾ ਪੁੱਤ ਮੇਰੇ ਕੋਲ਼ ਹੋਊ? 'ਅਕਸਰ ਫੋਨ ਕਰਕੇ ਆਖਦੇ¢ ਜਦੋਂ ਦੀ ਮਾਂ ਇਸ ਦੁਨੀਆ ਤੋਂ ਗਈ ਸੀ ਪਿਓ-ਧੀ ਘੰਟਿਆਂਬੱਧੀ ਦੁੱਖ-ਸੁੱਖ ਸਾਂਝਾ ਕਰਦੇ ਰਹਿੰਦੇ¢
ਛੁੱਟੀਆਂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਉੁਹ ਨਿੱਕ-ਸੁੱਕ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ¢ ਕੱਪੜੇ ਪ੍ਰੈੱਸ ਕਰਦੀ, ਬੱਚਿਆਂ ਲਈ ਰਸਤੇ ਵਿੱਚ ਖਾਣ-ਪੀਣ ਦਾ ਸਾਮਾਨ ਪਾਉਂਦੀ, ਜਿਸ ਦਿਨ ਜਾਣਾ ਹੁੰਦਾ ਉਸ ਦਾ ਪਤੀ ਬੱਸ ਚੜ੍ਹਾ ਕੇ ਪਹੁੰਚ ਕੇ ਫੋਨ ਕਰਨ ਦੀ ਤਾਕੀਦ ਕਰਦਾ¢
ਰਸਤੇ ਵਿੱਚ ਪਾਪਾ ਦਾ ਕਿੰਨੀ ਵਾਰੀ ਫੋਨ ਆਉਂਦਾ, 'ਕਿੱਥੇ ਪਹੁੰਚਗੇ? ਕਿਹੜੀ ਬੱਸ ਐ? ਸਿੱਧੀ ਐ ਜਾਂ ਰਸਤੇ 'ਚ ਬਦਲਣੀ ਐਾ? ਕਿੰਨੇ ਵਜੇ ਪਹੁੰਚੋਗੇ? ਖਾਣ ਨੂੰ ਕੀ ਲਿਆ ਕੇ ਰੱਖਾਂ? ਰਮਨ ਲੈਣ ਆਵੇਗਾ ਬੱਸ  ਅੱਡੇ ... ਆਦਿ¢' ਕਿਰਨ ਦਾ ਉਤਸ਼ਾਹ ਹੋਰ ਵਧ ਜਾਂਦਾ¢ ਉਸ ਨੂੰ ਰਸਤੇ ਦੇ ਦਰੱਖਤ ਤੇ ਪੰਛੀ ਵੀ ਹੱਸਦੇ ਪ੍ਰਤੀਤ ਹੁੰਦੇ¢
ਅੱਜ ਉਹ ਪੇਕੇ ਜਾ ਰਹੀ ਸੀ ,ਪਰ ਨਾ ਹੀ ਕੱਪੜੇ ਪ੍ਰੈੱਸ ਕੀਤੇ, ਨਾ ਕੋਈ ਹੋਰ ਉਚੇਚੀ ਤਿਆਰੀ ਕੀਤੀ¢ 
'ਚੱਲੀਏ' ਪਤੀ ਨੇ ਦੋਵਾਂ ਬੱਚਿਆਂ ਨੂੰ ਕਾਰ ਵੱਲ ਲਿਜਾਂਦਿਆਂ ਕਿਹਾ¢
ਬਿਨਾ ਕੁਝ ਬੋਲੇ ਕਿਰਨ ਕਾਰ ਦੀ ਅਗਲੀ ਸੀਟ 'ਤੇ ਬਹਿ ਗਈ¢
ਬਹੁਤ ਸਾਰਾ ਸਫ਼ਰ ਬਿਨਾਂ ਬੋਲਿਆਂ ਹੀ ਬੀਤ ਗਿਆ¢
'ਬੱਚਿਆਂ ਲਈ ਕੁਛ ਖਾਣ ਨੂੰ ਲਿਆਵਾਂ?' ਸ਼ਹਿਰ ਆਉਂਦਿਆਂ ਪਤੀ ਨੇ ਚੁੱਪ ਤੋੜੀ ਤੇ ਕਾਰ ਰੋਕ ਕੇ ਥੋੜੇ੍ਹ ਜਿਹੇ ਫਲ਼ ਕਟਵਾ ਲਿਆਇਆ¢
'ਲੈ ਤੂੰ ਵੀ ਖਾ ਲੈ¢' ਪਤੀ ਨੇ ਲਿਫਾਫਾ ਉਸ ਵੱਲ ਕਰਦਿਆਂ ਕਿਹਾ¢
'ਮੇਰਾ ਮਨ ਨਹੀਂ ਕਰਦਾ¢' ਆਖ ਉਸ ਨੇ ਲਿਫਾਫਾ ਪਿਛਲੀ ਸੀਟ 'ਤੇ ਬੈਠੇ ਬੱਚਿਆਂ ਨੂੰ ਫੜਾ ਦਿੱਤਾ¢
'ਐਨਾ ਲੰਬਾ ਸਫ਼ਰ...' ਕਿਰਨ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ¢
ਉਹਨੂੰ ਕਾਰ ਦੀ ਰਫ਼ਤਾਰ ਹੌਲ਼ੀ ਲੱਗ ਰਹੀ ਸੀ ¢ਸ਼ੀਸ਼ੇ 'ਚੋਂ ਬਾਹਰ ਦੇਖਦਿਆਂ ਦਰੱਖਤ ਵੀ ਉਦਾਸ ਜਿਹੇ ਹੀ ਲੱਗੇ¢
ਉਹੀ ਰਸਤਾ ਤੇ ਉਹੀ ਸਫਰ ਜੋ ਉਸ ਨੂੰ ਸਕੂਨ ਦਿੰਦੇ ਸਨ ਅੱਜ ਨਾ ਮੁਕਦੇ ਸਨ, ਨਾ ਹੱਸਦੇ ਸਨ, ਕਿਉਂਕਿ ਅੱਜ ਮੱਥੇ 'ਤੇ ਹੱਥ ਧਰ ਕੇ ਉਡੀਕਣ ਵਾਲੇ ਪਾਪਾ ਦੀ ਥਾਂ ਉੁਨ੍ਹਾਂ ਦੀਆਂ ਅੰਤਿਮ ਰਸਮਾਂ ਉੁਡੀਕ ਰਹੀਆਂ ਸਨ¢

-ਮੋਬਾਈਲ : 94654-34177

ਪਾਲੀਵੁੱਡ ਝਰੋਖਾ ਗਿੱਪੀ ਗਰੇਵਾਲ ਦੀ 'ਅਨਟੋਲਡ ਸਟੋਰੀ'

2010 ਦੀਆਂ ਸਰਦੀਆਂ ਦੀ ਰੁੱਤ ਨੂੰ ਮੈਂ ਆਪਣੇ ਇਕ ਨਿਰਦੇਸ਼ਕ ਦੋਸਤ ਦੇ ਨਾਲ ਅੰਮਿ੍ਤਸਰ ਦੇ ਇਕ ਮਲਟੀਪਲੈਕਸ 'ਚ 'ਮੇਲ ਕਰਾ ਦੇ ਰੱਬਾ' ਪੰਜਾਬੀ ਫ਼ਿਲਮ ਦੇਖ ਰਿਹਾ ਸੀ | ਇਸ 'ਚ ਨਾਇਕ (ਜਿੰਮੀ ਸ਼ੇਰ ਗਿੱਲ) ਨਾਇਕਾ (ਨੀਰੂ ਬਾਜਵਾ) ਦੇ ਦਰਮਿਆਨ ਦਰਾਰ ਪੈਦਾ ਕਰਨ ਦਾ ਕੰਮ ਨਿਹਾਲ ਅਰਥਾਤ ਗਿੱਪੀ ਗਰੇਵਾਲ ਨੇ ਕੀਤਾ ਸੀ | ਕਹਿਣ ਨੂੰ ਤਾਂ ਇਹ ਰੋਲ ਅਰਧ-ਖਲਨਾਇਕੀ ਪ੍ਰਵਿਰਤੀਆਂ ਦਾ ਸੀ, ਪਰ ਗਿੱਪੀ ਗਰੇਵਾਲ ਨੇ ਆਪਣੀ ਸੁਭਾਵਿਕ ਸ਼ੈਲੀ ਦੀ ਅਭਿਨੈ ਕਲਾ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ | ਲਿਹਾਜ਼ਾ, ਜਦੋਂ ਉਹ ਫ਼ਿਲਮ ਦੇ ਕਲਾਈਮੈਕਸ 'ਚ ਨਾਇਕਾ ਦਾ ਹੱਥ ਖ਼ੁਦ ਨਾਇਕ ਨੂੰ ਫੜਾ ਦਿੰਦਾ ਹੈ ਅਤੇ ਆਪਣੇ ਸਾਥੀਆਂ ਨੂੰ ਮਾਰ-ਕੁਟਾਈ ਤੋਂ ਰੋਕਦਾ ਹੈ ਤਾਂ ਇਹ ਭੂਮਿਕਾ ਗ਼ੈਰ-ਪ੍ਰੰਪਰਾਵਾਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਈ ਸੀ | ਬੇਸ਼ੱਕ ਫ਼ਿਲਮ ਦੇ ਅੰਤ 'ਚ ਨਾਇਕਾ ਤਾਂ ਨਾਇਕ ਦੇ ਨਾਲ ਚਲੀ ਜਾਂਦੀ ਹੈ ਪਰ ਦਰਸ਼ਕਾਂ ਦੀਆਂ ਤਾੜੀਆਂ ਤਾਂ ਨਿਹਾਲ ਦੇ ਨਾਂਅ ਹੀ ਗਈਆਂ ਸਨ |
ਸ਼ਾਇਦ ਗਿੱਪੀ ਨੇ ਖ਼ੁਦ ਵੀ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਇਕ ਛੋਟੀ ਜਿਹੀ ਭੂਮਿਕਾ ਉਸ ਨੂੰ ਸਟਾਰਡਮ ਦੇ ਦਰਵਾਜ਼ੇ ਤੱਕ ਲੈ ਜਾਵੇਗੀ | ਵੈਸੇ ਤਾਂ ਗਿੱਪੀ ਦਾ ਕੈਰੀਅਰ ਹੀ ਛੋਟੀਆਂ-ਛੋਟੀਆਂ ਪ੍ਰਾਪਤੀਆਂ ਤੋਂ ਸ਼ੁਰੂ ਹੋ ਕੇ ਸਿਖਰ ਤੱਕ ਪਹੁੰਚਣ ਦੀ ਪ੍ਰੋੜ੍ਹਤਾ ਕਰਦਾ ਹੈ ਪਰ ਇਸ ਦੇ ਪਿੱਛੇ ਕੀਤੀ ਗਈ ਮਿਹਨਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ |
ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ਨੂੰ ਹੋਇਆ ਸੀ | ਉਸ ਦਾ ਅਸਲੀ ਨਾਂਅ ਰੁਪਿੰਦਰ ਸਿੰਘ ਗਰੇਵਾਲ ਹੈ | ਗਿੱਪੀ ਨੇ ਗਾਇਕ ਤੋਂ ਅਦਾਕਾਰ ਬਣਨ ਵਾਲਾ ਸਫ਼ਰ ਕਈ ਕਿਸ਼ਤਾਂ ਨਾਲ ਪੂਰਾ ਕੀਤਾ ਹੈ | ਸ਼ੁਰੂਆਤ ਤਾਂ ਉਸ ਨੇ ਬਤੌਰ ਇਕ ਗਾਇਕ 'ਫੁਲਕਾਰੀ' ਤੋਂ ਹੀ ਕੀਤੀ ਸੀ ਪਰ ਫੁਲਕਾਰੀ ਦੀ ਸੇਜ਼ ਸਜਾਉਣ ਤੋਂ ਪਹਿਲਾਂ ਉਸ ਨੂੰ ਕਈ ਉਲਟ ਹਾਲਾਤ 'ਚੋਂ ਵੀ ਲੰਘਣਾ ਪਿਆ ਸੀ | ਉਸ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਕਲੀਨਰ ਤੋਂ ਲੈ ਕੇ ਸਵੀਪਰ ਤੱਕ ਦਾ ਕੰਮ ਉਸ ਨੇ ਵਿਦੇਸ਼ਾਂ 'ਚ ਜਾ ਕੇ ਕੀਤਾ ਹੈ | ਪਰ ਬਾਵਜੂਦ ਇਨ੍ਹਾਂ ਔਕੜਾਂ ਦੇ ਉਸ ਨੇ ਆਪਣੀ ਗਾਇਕੀ ਦਾ ਚਿਰਾਗ ਬਲਦਾ ਰੱਖਿਆ ਹੈ | ਕਈ ਲੋਕ ਤਾਂ ਉਸ ਨੂੰ ਹੁਣ ਪੰਜਾਬੀ ਗਾਇਕੀ ਦਾ 'ਰਾਕ ਸਟਾਰ' ਵੀ ਕਹਿੰਦੇ ਹਨ |
ਪਰ ਸਾਡੇ ਮੰਤਵ ਉਸ ਦੇ ਬਤੌਰ ਗਾਇਕ ਹੋਣ ਦੇ ਸੋਹਲੇ ਗਾਉਣਾ ਨਹੀਂ ਹੈ, ਸਗੋਂ ਉਸ ਦੀ ਪੰਜਾਬੀ ਫ਼ਿਲਮਾਂ 'ਚ ਬਤੌਰ ਇਕ ਕਲਾਕਾਰ ਦੀ ਸਥਿਤੀ ਦਾ ਮੁਲਾਂਕਣ ਕਰਨਾ ਹੈ |
ਇਥੇ ਇਹ ਵੀ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਗਿੱਪੀ ਨੇ ਪੰਜਾਬੀ ਸਿਨੇਮਾ ਨੂੰ ਆਪਣਾ ਬਤੌਰ ਇਕ ਲੇਖਕ ਅਤੇ ਨਿਰਦੇਸ਼ਕ ਵੀ ਯੋਗਦਾਨ ਦਿੱਤਾ ਹੈ | ਉਂਜ ਵੀ ਉਸ ਨੇ ਕਈ ਤਰ੍ਹਾਂ ਦੀਆਂ ਪਟਕਥਾਵਾਂ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੀ ਇਮੇਜ (ਦਿੱਖ) ਨੂੰ ਵਿਸ਼ਾਲਤਾ ਪ੍ਰਦਾਨ ਕੀਤੀ ਹੈ | ਇਹ ਉਸ ਦਾ ਆਤਮ-ਵਿਸ਼ਵਾਸ ਹੀ ਸੀ ਕਿ 'ਮੇਲ ਕਰਾ ਦੇ ਰੱਬਾ' ਤੋਂ ਬਾਅਦ 'ਜਿਨ੍ਹੇ ਮੇਰਾ ਦਿਲ ਲੁੱਟਿਆ' ਵਿਚ ਉਹ ਖ਼ੁਦ ਰੁਮਾਂਟਿਕ ਲੀਡ 'ਚ ਆਇਆ | ਗਿੱਪੀ ਦੇ ਇਸ ਮੌਲਿਕ ਹੁਨਰ ਬਾਰੇ ਨਿਰਦੇਸ਼ਕ ਹਰੀ ਦੱਤ ਨੇ ਮੈਨੂੰ ਕਿਹਾ ਸੀ, 'ਗਿੱਪੀ 'ਚ ਕਮਾਲ ਦੀ ਪ੍ਰਤਿਭਾ ਹੈ, ਉਹ ਹਰ ਭੂਮਿਕਾ ਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਯੋਗਤਾ ਰੱਖਦਾ ਹੈ |'
ਭਾਵੇਂ 'ਜਿਨ੍ਹੇ ਮੇਰਾ ਦਿਲ ਲੁੱਟਿਆ' ਅਤੇ 'ਮਿਰਜ਼ਾ : ਦ ਅਨਟੋਲਡ ਸਟੋਰੀ' ਰੁਮਾਂਟਿਕ ਸ਼੍ਰੇਣੀ ਦੀਆਂ ਫ਼ਿਲਮਾਂ ਸਨ ਅਤੇ ਅਜਿਹੀਆਂ ਭੂਮਿਕਾਵਾਂ ਨੂੰ ਦੁਹਰਾਉਣ ਵਾਲਾ ਨਾਇਕ ਟਾਈਪਡ ਹੋ ਜਾਂਦਾ ਹੈ ਪਰ ਗਿੱਪੀ ਨੇ ਅਜਿਹਾ ਨਹੀਂ ਹੋਣ ਦਿੱਤਾ ਸੀ | 2012 ਵਿਚ ਆਈ ਉਸ ਦੀ ਫ਼ਿਲਮ 'ਕੈਰੀ ਆਨ ਜੱਟਾ' ਉਸ ਦੀ ਪ੍ਰਤਿਭਾ ਦਾ ਮੀਲ-ਪੱਥਰ ਸਿੱਧ ਹੋਈ | ਇਹ ਇਕ ਸ਼ੁੱਧ ਕਾਮੇਡੀ ਫ਼ਿਲਮ ਸੀ | ਹੁਣ ਇਹ ਗੱਲ ਵੀ ਸਾਰੇ ਹੀ ਸਮਝਦੇ ਹਨ ਕਿ ਲਗਾਤਾਰ ਕਾਮੇਡੀ ਦਾ ਟੈਂਪੋ ਕਾਇਮ ਰੱਖਣਾ ਆਪਣੇ-ਆਪ 'ਚ ਇਕ ਬਹੁਤ ਵੱਡੀ ਚੁਣੌਤੀ ਹੈ | ਪਰ 'ਕੈਰੀ ਆਨ ਜੱਟਾ' ਨੇ ਸਿੱਧ ਕੀਤਾ ਕਿ ਜੇਕਰ ਕਲਾਕਾਰਾਂ 'ਚ ਦਮ ਹੈ ਤਾਂ ਕਿਸੇ ਵੀ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ | ਦਿਲਚਸਪ ਤੱਥ ਇਹ ਵੀ ਹੈ ਕਿ ਇਸ 'ਚ ਇਕ ਨਹੀਂ ਬਲਕਿ ਦੋ ਤਿੰਨ ਹੋਰ ਕਾਮੇਡੀਅਨ (ਜਸਵਿੰਦਰ ਭੱਲਾ, ਬੀਨੂੰ ਢਿੱਲੋਂ) ਵੀ ਸ਼ਾਮਿਲ ਸਨ | ਇਨ੍ਹਾਂ ਕਲਾਕਾਰਾਂ ਦੇ ਨਾਲ ਗਿੱਪੀ ਨੇ ਬਰਾਬਰ ਦਾ ਲੋਹਾ ਲਿਆ ਸੀ |
ਕਾਮੇਡੀ ਦੇ ਖੇਤਰ 'ਚ ਹੀ ਗਿੱਪੀ ਨੇ 'ਸਿੰਘ ਵਰਸਜ਼ ਕੌਰ', 'ਲੱਕੀ ਦੀ ਅਨਲੱਕੀ ਸਟੋਰੀ', 'ਬੈਸਟ ਆਫ਼ ਲੱਕ' ਅਤੇ 'ਭਾਅ ਜੀ ਇਨ ਪ੍ਰਾਬਲਮ' ਵਿਚ ਆਪਣਾ ਕਦਮ ਅੱਗੇ ਵਧਾਇਆ ਸੀ | ਪਰ ਉਸ ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਉਹ ਕਾਮੇਡੀ ਫ਼ਿਲਮਾਂ ਨੂੰ ਵੀ ਇਕ ਨਵਾਂ ਵਿਸਥਾਰ ਜਾਂ ਵਿਲੱਖਣ ਦਿਸ਼ਾ ਪ੍ਰਦਾਨ ਕਰਦਾ ਰਿਹਾ ਹੈ | ਮਿਸਾਲ ਦੇ ਤੌਰ 'ਤੇ 'ਸਿੰਘ ਵਰਸਜ਼ ਕੌਰ' ਵਿਚ ਕਾਮੇਡੀ ਦੇ ਨਾਲ ਹੀ ਨਾਲ ਐਕਸ਼ਨ ਨੂੰ ਵੀ ਸ਼ਾਮਿਲ ਕੀਤਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਗੁਲ-ਗੁਲਸ਼ਨ-ਗੁਲਫਾਮ: ਬਗੀਚੀਆਂ ਨੂੰ ਪਾਣੀ-ਕਦੋਂ, ਕਿਵੇਂ ਅਤੇ ਕਿੰਨਾ ਲਾਈਏ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰਾ ਵਿਸ਼ਵ ਜਲ ਸੰਕਟ ਨਾਲ ਜੂਝ ਰਿਹਾ ਹੈ | ਕਦੇ ਪੰਜ ਦਰਿਆਵਾਂ ਦੇ ਠਾਠਾਂ ਮਾਰਦੇ ਪਾਣੀ ਵਾਲਾ ਸਾਰਾ ਸੂਬਾ ਪੰਜਾਬ, ਅੱਜ ਪਾਣੀ ਦੇ ਦੁਰਉਪਯੋਗ ਹੋਣ ਸਦਕਾ ਦਿਨ-ਬਦਿਨ ਬੰਜਰ ਹੋਣ ਵੱਲ ਵਧ ਰਿਹਾ ਹੈ | ਖੇਤਾਂ ਤੋਂ ਇਲਾਵਾ ਘਰਾਂ, ਫਾਰਮ ਹਾਊਸਾਂ, ਸਮਾਜਿਕ, ਧਾਰਮਿਕ ਤੇ ਸਰਕਾਰੀ ਸਥਾਨਾਂ 'ਤੇ ਬਣੀਆਂ ਬਗੀਚੀਆਂ ਵਿਚ ਪਾਣੀ ਦੀ ਖੂਬ ਲੋੜ ਪੈਂਦੀ ਹੈ ਅਤੇ ਤਕਨੀਕੀ ਜਾਣਕਾਰੀ ਦੀ ਘਾਟ ਸਦਕਾ ਬਗੀਚੀਆਂ ਵਿਚ ਵੀ ਪਾਣੀ ਬਹੁਤ ਜ਼ਿਆਦਾ ਮਾਤਰਾ ਵਿਚ ਦੁਰਉਪਯੋਗ ਹੋ ਰਿਹਾ ਹੈ | ਜਿਸ ਹਾਲਾਤ ਵਿਚ ਅਸੀਂ ਅੱਜ ਖੜ੍ਹੇ ਹਾਂ, ਸਾਨੂੰ ਬੜੀ ਬਾਰੀਕੀ ਨਾਲ ਸੋਚਣ ਅਤੇ ਸਮਝਣ ਦੀ ਲੋੜ ਹੈ ਕਿ ਪਹਿਲਾਂ ਬਣ ਚੁੱਕੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਗੀਚੀਆਂ ਵਿਚ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੇ ਤਰੀਕੇ ਅਪਣਾਏ ਜਾਣ ਅਤੇ ਇਸ ਤੋਂ ਇਲਾਵਾ ਨਵੀਆਂ ਬਣ ਜਾਂ ਬਣਾਈਆਂ ਜਾ ਰਹੀਆਂ ਬਗੀਚੀਆਂ ਵਿਚ ਪਾਣੀ ਦਾ ਪ੍ਰਵੇਸ਼ ਤਕਨੀਕੀ ਰੂਪ ਵਿਚ ਕਰਨਾ ਚਾਹੀਦਾ ਹੈ |
ਸਾਡੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਆਉਂਦਾ ਹੈ ਕਿ ਪਾਣੀ ਪੌਦਿਆਂ ਜਾਂ ਘਾਹ ਨੂੰ ਕਦੋਂ ਲਾਉਣਾ ਚਾਹੀਦਾ ਹੈ? ਇਸ ਦਾ ਬੜਾ ਸਾਫ ਤੇ ਸਪੱਸ਼ਟ ਜਵਾਬ ਹੈ ਕਿ ਪਾਣੀ ਹਮੇਸ਼ਾ ਸਵੇਰ ਸਮੇਂ ਹੀ ਲਾਉਣਾ ਚਾਹੀਦਾ ਹੈ, ਚਾਹੇ ਉਹ ਪੌਦਿਆਂ ਨੂੰ ਲਾਉਣਾ ਹੋਵੇ ਜਾਂ ਫਿਰ ਘਾਹ ਨੂੰ | ਸਵੇਰ ਵੇਲੇ ਪਾਣੀ ਲਾਉਣ ਪਿਛੇ ਕਈ ਤਕਨੀਕੀ ਪੱਖ ਹਨ, ਜਿਵੇਂ ਕਿ ਸ਼ਾਮ ਜਾਂ ਰਾਤ ਨੂੰ ਲਾਏ ਪਾਣੀ ਨਾਲ ਉੱਲੀ ਰੋਗਾਂ ਦੀ ਆਮਦ ਵਧ ਜਾਂਦੀ ਹੈ, ਜ਼ਿਆਦਾ ਪਾਣੀ ਖੜ੍ਹਾ ਰਹਿਣ ਨਾਲ ਘਾਹ ਜਾਂ ਪੌਦੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ | ਪੰ੍ਰਤੂ ਸਵੇਰ ਵੇਲੇ ਲਾਇਆ ਪਾਣੀ ਸਹੀ ਰੂਪ ਵਿਚ ਜੜ੍ਹਾਂ ਤੱਕ ਪਹੁੰਚਦਾ ਹੈ ਅਤੇ ਲੋੜ ਤੋਂ ਵੱਧ ਲੱਗ ਜਾਣ 'ਤੇ ਦਿਨ ਦੀ ਤਿੱਖੀ ਧੁੱਪ ਵਿਚ ਵਾਸ਼ਪੀਕਰਨ ਹੋਣ ਸਦਕਾ ਬੇਲੋੜਾ ਪਾਣੀ ਪੌਦਿਆਂ ਨੂੰ ਖਰਾਬ ਨਹੀਂ ਕਰਦਾ |
ਪਾਣੀ ਲਾਉਣ ਦੇ ਸਮੇਂ ਤੋਂ ਵੀ ਅਹਿਮ ਗੱਲ ਇਹ ਹੈ ਕਿ ਪਾਣੀ ਲਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ? ਪਾਣੀ ਦਾ ਸਹੀ ਉਪਯੋਗ ਕਰਨ ਲਈ ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਪਾਣੀ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਤੁਹਾਨੂੰ ਬਗੀਚੀ ਦੀ ਮਿੱਟੀ ਬਾਰੇ ਗਿਆਨ ਹੋਣਾ ਲਾਜ਼ਮੀ ਹੈ | ਮਿੱਟੀ ਨੂੰ ਚੰਗੀ ਤਰ੍ਹਾਂ ਗੁੱਡਣਾ ਜ਼ਰੂਰੀ ਹੁੰਦਾ ਹੈ, ਇਸ ਤੋਂ ਮਿੱਟੀ ਵਿਚ ਜੈਵਿਕ ਮਾਦਾ ਹੋਣ ਨਾਲ ਮਿੱਟੀ ਵਿਚ ਪਾਣੀ ਲੰਮੇ ਸਮੇਂ ਤੱਕ ਮੌਜੂਦ ਰਹਿੰਦਾ ਹੈ, ਜਿਸ ਨਾਲ ਪਾਣੀ ਘੱਟ ਜ਼ਾਇਆ ਹੁੰਦਾ ਹੈ | ਜੈਵਿਕ ਮਾਦਾ ਪਾਣੀ ਪੌਦਿਆਂ ਦੀਆਂ ਜੜ੍ਹਾਂ ਤੱਕ ਜਾਣ ਵਿਚ ਵੀ ਸਹਾਈ ਹੁੰਦਾ ਹੈ |
ਪਹਿਲਾਂ ਪਹਿਲ ਪਾਣੀ ਖੁੱਲ੍ਹਾ ਛੱਡ ਕੇ ਲਾਇਆ ਜਾਂਦਾ ਸੀ | ਬਗੀਚੀ ਨੂੰ ਝੋਨੇ ਵਾਂਗ ਪਾਣੀ ਨਾਲ ਭਰ ਦੇਣਾ ਕੋਈ ਸਿਆਣੀ ਗੱਲ ਨਹੀਂ ਹੈ | ਇਸ ਤੋਂ ਬਾਅਦ ਪਾਣੀ ਪਾਈਪ ਰਾਹੀਂ ਦੇਣਾ ਸ਼ੁਰੂ ਹੋਇਆ ਜੋ ਤਰੀਕਾ ਅਜੇ ਵੀ ਕਾਫੀ ਪ੍ਰਚੱਲਿਤ ਹੈ | ਪੰ੍ਰਤੂ ਤਰੱਕੀ ਦੇ ਚਲਦਿਆਂ ਹੁਣ ਬਗੀਚੀਆਂ ਵਿਚ ਪਾਣੀ ਲਾਉਣ ਲਈ ਕਈ ਅਹਿਮ ਤਕਨੀਕਾਂ ਈਜਾਦ ਹੋ ਚੁੱਕੀਆਂ ਹਨ | ਜੇਕਰ ਬਗੀਚੀ ਦਾ ਲਾਅਨ ਕਾਫ਼ੀ ਵੱਡਾ ਹੋਵੇ ਤਾਂ 'ਸਪਰਿੰਕਲਰ' (ਫੁਹਾਰਾ) ਵਿਧੀ ਨੂੰ ਅਪਣਾਇਆ ਜਾਂਦਾ ਹੈ | ਹਾਲਾਂ ਕਿ ਇਸ ਵਿਧੀ ਵਿਚ ਅੱਗੇ ਕਈ ਤਰ੍ਹਾਂ ਦੇ ਤਰੀਕਿਆਂ ਰਾਹੀਂ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਤਰੀਕੇ ਰਾਹੀਂ ਪਾਣੀ ਦਾ ਪ੍ਰਬੰਧ ਕਰਨ ਲਈ ਪਾਈਪਾਂ ਜ਼ਮੀਨ ਅੰਦਰ ਦੱਬੀਆਂ ਜਾਂਦੀਆਂ ਹਨ ਅਤੇ ਬਗੀਚੀ ਦੇ ਡਿਜ਼ਾਈਨ ਅਤੇ ਲੋੜ ਅਨੁਸਾਰ ਪੌਪ-ਅੱਪ ਲਾਏ ਜਾਂਦੇ ਹਨ | ਕਈ ਤਰ੍ਹਾਂ ਦੀਆਂ ਕੰਪਨੀਆਂ ਪਾਈਪਾਂ ਅਤੇ ਸਬੰਧਿਤ ਸਾਮਾਨ ਵੇਚਦੀਆਂ ਹਨ | ਕਈ ਸਥਾਨਾਂ 'ਤੇ ਡਰਿੱਪ ਸਿਸਟਮ ਰਾਹੀਂ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ | ਡਰਿਪ ਵਿਧੀ ਉਸ ਬਗੀਚੀ ਜਾਂ ਪਾਰਕ ਵਿਚ ਵਰਤੀ ਜਾਂਦੀ ਹੈ, ਜਿਥੇ ਵਿਛਾਈਆਂ ਤਾਂ ਪਾਈਪਾਂ ਜਾਂਦੀਆਂ ਹਨ ਪੰ੍ਰਤੂ ਇਹ ਵਿਧੀ ਵੱਡੇ ਰੁੱਖ-ਪੌਦਿਆਂ ਖਾਤਰ ਅਪਣਾਈ ਜਾਂਦੀ ਹੈ | ਇਸ ਵਿਚ ਪਾਣੀ ਵਾਲੀ ਪਾਈਪ ਰੁੱਖ ਦੀ ਜੜ੍ਹ ਕੋਲ ਹੀ ਖੋਲ੍ਹੀ ਜਾਂਦੀ ਹੈ |
ਦਰਅਸਲ ਪਾਣੀ ਦੀ ਲੋੜ ਹਰ ਪੌਦੇ ਨੂੰ ਇਕੋ ਜਿਹੀ ਨਹੀਂ ਹੁੰਦੀ | ਮੋਟੇ ਤੌਰ 'ਤੇ ਵੇਖਿਆ ਜਾਵੇ ਤਾਂ ਭੌਾ-ਕੱਜਣੇ ਪੌਦੇ, ਕੈਕਟਸ ਅਤੇ ਮੌਸਮੀ ਫੁੱਲਾਂ ਦੀਆਂ ਜੜ੍ਹਾਂ ਤਕਰੀਬਨ ਇਕ ਫੁੱਟ ਡੰੂਘਾਈ ਤੱਕ ਪਾਣੀ ਲੋੜਦੀਆਂ ਹਨ, ਦਰਮਿਆਨੇ ਕੱਦ ਦੇ ਪੌਦੇ ਖਾਸ ਕਰ ਝਾੜੀਨੁਮਾ ਪੌਦਿਆਂ ਦੀਆਂ ਜੜ੍ਹਾਂ ਵਿਚ ਪਾਣੀ ਦੋ ਫੁੱਟ ਦੀ ਡੰੂਘਾਈ ਤੱਕ ਪੁੱਜਣਾ ਚਾਹੀਦਾ ਹੁੰਦਾ ਹੈ, ਇਸ ਤੋਂ ਇਲਾਵਾ ਵੱਡੇ ਰੁੱਖਾਂ ਜਾਂ ਪੌਦਿਆਂ ਦੀ ਲੋੜ ਤਕਰੀਬਨ ਤਿੰਨ ਫੁੱਟ ਡੰੂਘਾਈ ਤੱਕ ਹੁੰਦੀ ਹੈ | ਮੌਸਮ ਅਤੇ ਮਿੱਟੀ ਦੀ ਕਿਸਮ ਅਨੁਸਾਰ ਅੰਦਾਜ਼ਨ ਇਕ ਇੰਚ ਪਰਤ ਵਾਲਾ ਪਾਣੀ ਮਿੱਟੀ ਵਿਚ ਛੇ ਇੰਚ ਤੋਂ ਦਸ ਇੰਚ ਦੀ ਡੰੂਘਾਈ ਤੱਕ ਚਲਿਆ ਜਾਂਦਾ ਹੈ | ਵੈਸੇ ਪਾਣੀ ਦੇ ਸਬੰਧ ਵਿਚ ਬਾਰੀਕੀ ਵਿਚ ਜਾਣ ਦਾ ਕੰਮ ਬਗੀਚੀ ਦੇ ਡਿਜ਼ਾਈਨ ਕਰਨ ਵਾਲੇ ਲੈਂਡਸਕੇਪਰ ਜਾਂ ਫਿਰ ਉਸ ਇੰਜੀਨੀਅਰ ਦਾ ਹੁੰਦਾ ਹੈ, ਜਿਸ ਨੇ ਸਾਰੀ ਬਗੀਚੀ ਦੇ ਹਰ ਕੋਨੇ ਵਿਚ ਪਾਣੀ ਦੀ ਪਹੁੰਚ ਕਰਨੀ ਯਕੀਨੀ ਬਣਾਉਣੀ ਹੁੰਦੀ ਹੈ | ਵੱਡੀਆਂ ਬਗੀਚੀਆਂ ਵਿਚ ਪਾਣੀ ਦਾ ਪ੍ਰਬੰਧ ਹਮੇਸ਼ਾ ਤਕਨੀਕੀ ਰੂਪ ਵਿਚ ਕਰਨਾ ਚਾਹੀਦਾ ਹੈ | ਕਈ ਵਾਰ ਕੁਝ ਲੋਕ ਆਪਣੇ-ਆਪ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਪ੍ਰੈਸ਼ਰ ਦਾ ਹਿਸਾਬ ਨਾ ਫਿਟ ਬੈਠਣ ਕਾਰਨ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ |
ਪਾਣੀ ਦੀ ਸੁਚੱਜੀ ਵਰਤੋਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਖਾਸ ਕਰ ਉਨ੍ਹਾਂ ਇਲਾਕਿਆਂ ਜਿਥੇ ਪਾਣੀ ਦੀ ਜ਼ਿਆਦਾ ਕਮੀ ਹੋਵੇ, ਪੌਦਿਆਂ ਦੀ ਚੋਣ ਕਰਨ ਵੇਲੇ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ | ਅੱਜਕਲ੍ਹ ਹਰ ਨਰਸਰੀ ਵਿਚ ਪਾਮ ਜਾਤੀ ਦੇ ਪੌਦੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੇ ਹਨ | ਇਹ ਜਾਤੀ ਸਮੰੁਦਰੀ ਤੱਟਾਂ ਦੇ ਇਲਾਕਿਆਂ ਵਿਚੋਂ ਆਉਂਦੀ ਹੋਣ ਕਰਕੇ ਪਾਣੀ ਦੀ ਜ਼ਿਆਦਾ ਲੋੜ ਮਹਿਸੂਸ ਕਰਦੇ ਹਨ | ਵਿਦੇਸ਼ੀ ਜਾਂ ਹੋਰਨਾਂ ਸੂਬਿਆਂ ਤੋਂ ਆਏ ਰੁੱਖ ਪੌਦਿਆਂ ਨਾਲੋਂ ਸਾਡੇ ਖੁਦ ਦੇ ਖਿੱਤੇ ਵਿਚ ਹੋਣ ਵਾਲੇ ਵਿਰਾਸਤੀ ਫੁੱਲ ਪੌਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ | ਇਕੱਲੇ ਫੁੱਲ-ਪੌਦੇ ਹੀ ਨਹੀਂ ਬਲਕਿ ਘਾਹ ਦੀ ਕਿਸਮ ਦੀ ਚੋਣ ਵੇਲੇ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ | ਵੱਡੇ ਮੈਦਾਨਾਂ ਆਦਿ ਲਈ ਕਲਕੱਤਾ ਘਾਹ ਦੀ ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ |
ਪਾਣੀ ਦੀ ਬਹੁਤਾਤ ਤੇ ਘਾਟ ਦੋਵੇਂ ਮਾੜੀਆਂ ਹੁੰਦੀਆਂ ਹਨ | ਸੋ, ਪਾਣੀ ਪੌਦਿਆਂ ਨੂੰ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ | ਬਗੀਚੀਆਂ ਵਿਚ ਛਾਂਦਾਰ ਰੁੱਖ ਜ਼ਿਆਦਾ ਲਾਉਣੇ ਚਾਹੀਦੇ ਹਨ | ਇਸ ਤਰ੍ਹਾਂ ਕਰਨ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ | ਘਾਹ ਦੀ ਕਟਾਈ ਮਸ਼ੀਨ ਦਾ ਬਲੇਡ ਬਿਲਕੁਲ ਥੱਲੇ ਰੱਖ ਕੇ ਨਹੀਂ ਕਰਨੀ ਚਾਹੀਦੀ ਸਗੋਂ ਥੋੜ੍ਹਾ ਵੱਡਾ ਰੱਖਣਾ ਚਾਹੀਦਾ ਹੈ | ਬਗੀਚੀਆਂ ਵਿਚ ਨਦੀਨ ਵੀ ਪਾਣੀ ਦੀ ਜ਼ਿਆਦਾ ਖਪਤ ਕਰਨ ਦਾ ਸਬੱਬ ਬਣ ਜਾਂਦੇ ਹਨ | ਪੌਦਿਆਂ ਦੀ ਜ਼ਿਆਦਾ ਕਾਂਟ-ਛਾਂਟ ਵੀ ਪਾਣੀ ਦੀ ਲੋੜ ਵਿਚ ਵਾਧਾ ਕਰਦੀ ਹੈ | ਜਿਹੜੀਆਂ ਬਗੀਚੀਆਂ ਵਿਚ ਸਪਰਿੰਕਲਰ ਸਿਸਟਮ ਲਾਏ ਜਾਂਦੇ ਹਨ, ਉਨ੍ਹਾਂ ਦੀ ਦੇਖ-ਰੇਖ ਸਹੀ ਅਤੇ ਸਮੇਂ ਅਨੁਸਾਰ ਕਰਦੇ ਰਹਿਣਾ ਚਾਹੀਦਾ ਹੈ | ਨਵੀਆਂ ਅਤੇ ਵੱਡੀਆਂ ਬਗੀਚੀਆਂ ਵਿਚ ਖੁੱਲ੍ਹਾ ਪਾਣੀ ਲਾਉਣ ਜਾਂ ਪਾਈਪ ਵਾਲੇ ਸਿਸਟਮ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ | ਕੁੱਲ ਮਿਲਾ ਕੇ ਪਾਣੀ ਦੀ ਹਰ ਬੰੂਦ ਕੀਮਤੀ ਹੈ ਅਤੇ ਇਸ ਦੀ ਵਰਤੋਂ ਸੋਚ-ਸਮਝ ਕੇ ਹੀ ਕਰਨੀ ਚਾਹੀਦੀ ਹੈ |

-ਮੋਬਾਈਲ : 98142-39041.
landscapingpeople@rediffmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1970 ਵਿਚ ਜਦੋਂ ਸੋਭਾ ਸਿੰਘ ਆਰਟਿਸਟ ਆਪਣੇ ਪਿੰਡ ਸ੍ਰੀ ਹਰਿਗੋਬਿੰਦਪੁਰ ਆਏ ਸਨ, ਉਸ ਸਮੇਂ ਖਿੱਚੀ ਸੀ | ਉਹ ਸਾਨੂੰ ਆਪਣਾ ਘਰ ਵਿਖਾਲਣ ਲਈ ਲੈ ਕੇ ਗਏ ਸਨ | ਸ੍ਰੀ ਹਰਿਗੋਬਿੰਦਪੁਰ ਦੇ ਚੜ੍ਹਦੇ ਪਾਸੇ ਵੱਲ ਉਨ੍ਹਾਂ ਦਾ ਘਰ ਸੀ ਜਿਹੜਾ ਅਸੀਂ ਸਾਰਿਆਂ ਵੇਖਿਆ ਸੀ | ਏਨੇ ਮਹਾਨ ਆਰਟਿਸਟ ਦਾ ਘਰ ਵੀ ਨਹੀਂ ਸੰਭਾਲਿਆ ਜਾ ਸਕਿਆ | ਉਸ ਵਕਤ ਅਕਾਲੀ ਤੇ ਕਾਂਗਰਸੀ ਲੀਡਰਾਂ ਨੇ ਸੋਭਾ ਸਿੰਘ ਨਾਲ ਫੋਟੋ ਖਿਚਵਾਈ ਸੀ | ਉਤਮ ਸਿੰਘ ਸੈਣੀ, ਸਿਕੰਦਰ ਸਿੰਘ, ਪਿਆਰਾ ਸਿੰਘ ਤੇ ਹੋਰ ਬੁਹਤ ਸਾਰੇ ਸਾਥੀ ਹਾਜ਼ਰ ਹਨ ਇਸ ਤਸਵੀਰ ਵਿਚ |

ਮੋਬਾਈਲ : 98767-41231

ਪੁਲਾੜ ਦੇ ਖੇਤਰ ਵਿਚ ਭਾਰਤ ਦੀ ਹੈਰਾਨੀਜਨਕ ਕ੍ਰਾਂਤੀ

11 ਸਾਲ ਪਹਿਲਾਂ ਭਾਰਤ ਨੇ ਆਪਣਾ ਵਿਸ਼ਾਲ ਚੰਦਰਮਾ ਖੋਜ ਮਿਸ਼ਨ ਲਾਂਚ ਕੀਤਾ ਸੀ ਅਤੇ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਇਸ ਇਲੀਟ ਕਲੱਬ ਵਿਚ ਸ਼ਾਮਿਲ ਹੋਣ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਸੀ | ਹੁਣ 15 ਜੁਲਾਈ 2019 ਨੂੰ ਅਸੀਂ ਚੰਦਰਮਾ ਦੇ ਆਪਣੇ ਦੂਜੇ ਸਫ਼ਰ ਵਿਚ ਜਾਣ ਵਾਲੇ ਹਾਂ | ਚੰਦਰਯਾਨ-1 ਨੇ ਦੁਨੀਆ ਭਰ 'ਚ ਸੁਰਖ਼ੀਆਂ ਹਾਸਲ ਕੀਤੀਆਂ ਸਨ ਕਿਉਂਕਿ ਉਸ ਨੇ ਹੀ ਪਹਿਲੀ ਵਾਰ ਚੰਦਰਮਾ 'ਤੇ ਪਾਣੀ ਦੇ ਹੋਣ ਦੀ ਪੁਸ਼ਟੀ ਕੀਤੀ ਸੀ | ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਮੰਗਲਯਾਨ ਤੋਂ ਵੀ ਆਪਣੇ ਹਿੱਸੇ ਦੀ ਪ੍ਰਸਿੱਧੀ ਹਾਸਲ ਕੀਤੀ ਸੀ, ਕਿਉਂਕਿ ਉਹ ਪਹਿਲੀ ਹੀ ਕੋਸ਼ਿਸ਼ ਵਿਚ ਮੰਗਲ ਗ੍ਰਹਿ 'ਤੇ ਪਹੁੰਚਿਆ ਹੈ ਅਤੇ ਉਹ ਵੀ ਬਹੁਤ ਘੱਟ ਖਰਚ ਵਿਚ | ਹੁਣ ਚੰਦਰਯਾਨ-2 ਚੰਦਰਮਾ ਉੱਤੇ ਇਕ ਰੋਵਰ ਸਾਫਟ-ਲੈਂਡ ਕਰੇਗਾ ਤਾਂ ਕਿ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਨਾਸਾ ਨਾਲ ਵੀ ਸਬੰਧ ਮਜ਼ਬੂਤ ਹੋ ਸਕਣ |
ਚੰਦਰਯਾਨ-1 ਵਿਚ ਸਿਰਫ਼ ਆਰਬਿਟਰ ਅਤੇ ਇੰਪੈਕਟਰ ਹੀ ਸਨ, ਪਰ ਦੂਜਾ ਮਿਸ਼ਨ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੋਵੇਗਾ | ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਇਕ ਤਰ੍ਹਾਂ ਨਾਲ ਇਹ ਸਭ ਬੇਹੱਦ ਆਸਾਂ ਵਾਲੇ ਗਗਨਯਾਨ ਪ੍ਰਾਜੈਕਟ ਦੀ ਪੇਸ਼ਬੰਦੀ ਹੈ, ਜਿਸ ਰਾਹੀਂ ਭਾਰਤ ਨੇ ਸਾਲ 2022 ਤੱਕ ਪੁਲਾੜ ਵਿਚ ਆਦਮੀ ਭੇਜਣ ਦਾ ਟੀਚਾ ਮਿਥਿਆ ਹੈ | ਇਸ ਸਬੰਧ ਵਿਚ 13 ਜੂਨ 2019 ਨੂੰ ਇਸਰੋ ਨੇ ਇਹ ਇਤਿਹਾਸਕ ਐਲਾਨ ਕੀਤਾ ਕਿ ਅਗਲੇ ਸੱਤ ਸਾਲ ਵਿਚ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ | ਆਪਣੇ ਪੁਲਾੜ ਸਟੇਸ਼ਨ ਦੀ ਸਥਾਪਨਾ ਗਗਨਯਾਨ ਮਿਸ਼ਨ ਦਾ ਹੀ ਵਿਸਤਾਰ ਹੋਵੇਗਾ, ਜਿਸ ਹੇਠ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਸੱਤ ਦਿਨ ਤੱਕ ਪੁਲਾੜ (ਲੋਅਰ ਅਰਥ ਆਰਬਿਟ 120-400 ਕਿਮੀ) ਵਿਚ ਭੇਜਿਆ ਜਾਵੇਗਾ | ਪਰ ਗਗਨਯਾਨ ਮਿਸ਼ਨ ਤੋਂ ਬਾਅਦ ਹੀ ਪੁਲਾੜ ਸਟੇਸ਼ਨ ਦਾ ਕੰਮ ਅੱਗੇ ਵਧਾਇਆ ਜਾਵੇਗਾ |
ਇਸਰੋ ਦੇ ਮੁਖੀ ਕੇ. ਸ਼ਿਵਨ ਅਨੁਸਾਰ, 'ਅਸੀਂ ਮੌਜੂਦਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਇਸ ਲਈ ਅਸੀਂ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਚਾਹੁੰਦੇ ਹਾਂ | ਪਰ ਸਾਡਾ ਸਟੇਸ਼ਨ ਜੋ 5 ਤੋਂ 7 ਸਾਲ ਵਿਚ ਸਥਾਪਿਤ ਹੋਵੇਗਾ, ਇਹ ਬਹੁਤ ਵੱਡਾ ਨਹੀਂ ਹੋਵੇਗਾ, ਇਹ ਸਿਰਫ਼ 20 ਟਨ ਦਾ ਹੋਵੇਗਾ ਅਤੇ ਮਾਈਕ੍ਰੋਗ੍ਰੈਵਿਟੀ ਟੈਸਟਸ ਸਮੇਤ ਵਿਗਿਆਨਿਕ ਅਧਿਐਨਾਂ ਲਈ ਵਰਤਿਆ ਜਾਵੇਗਾ | ਇਸ ਸਟੇਸ਼ਨ ਵਿਚ ਲੋਕ 15-20 ਦਿਨ ਤਕ ਰਹਿ ਸਕਣਗੇ |' ਵਰਣਨਯੋਗ ਹੈ ਕਿ ਇਸਰੋ ਦੀ ਯੋਜਨਾ ਉਨ੍ਹਾਂ ਕੌਮਾਂਤਰੀ ਕੋਸ਼ਿਸ਼ਾਂ ਵਿਚ ਸ਼ਾਮਿਲ ਹੋਣ ਦੀ ਵੀ ਹੈ ਜਿਨ੍ਹਾਂ ਹੇਠ ਮਨੁੱਖ ਨੂੰ ਚੰਦਰਮਾ ਅਤੇ ਮੰਗਲ ਗ੍ਰਹਿ 'ਤੇ ਭੇਜਿਆ ਜਾਵੇਗਾ ਅਤੇ ਚੰਦਰਮਾ 'ਤੇ ਮਨੁੱਖੀ ਕਾਲੋਨੀ ਬਣਾਈ ਜਾਵੇਗੀ | ਹਾਲਾਂਕਿ ਪੁਲਾੜ ਸਟੇਸ਼ਨ ਦਾ ਐਲਾਨ ਪਹਿਲੀ ਵਾਰ 13 ਜੂਨ ਨੂੰ ਕੀਤਾ ਗਿਆ, ਪਰ ਇਸ ਦੀ ਮੁੱਖ ਤਕਨਾਲੋਜੀ ਉੱਤੇ ਕਾਫ਼ੀ ਸਮੇਂ ਤੋਂ ਖਾਮੋਸ਼ੀ ਨਾਲ ਕੰਮ ਚੱਲ ਰਿਹਾ ਸੀ |
ਇਸ ਤਕਨਾਲੋਜੀ ਜ਼ਰੀਏ ਆਦਮੀਆਂ ਨੂੰ ਇਕ ਵਾਹਨ ਜਾਂ ਪੁਲਾੜ ਕ੍ਰਾਫ਼ਟ ਤੋਂ ਦੂਜੇ 'ਤੇ ਬਦਲਿਆ ਜਾ ਸਕੇਗਾ, ਪਰ ਫੌਰੀ ਟੀਚਾ ਪੁਲਾੜ ਕ੍ਰਾਫ਼ਟ ਵਿਚ ਦੁਬਾਰਾ ਬਾਲਣ ਭਰਨਾ ਹੈ ਤਾਂ ਕਿ ਉਸ ਨੂੰ ਲੰਬਾ ਜੀਵਨ ਦਿੱਤਾ ਜਾ ਸਕੇ ਅਤੇ ਮੌਜੂਦਾ ਪੁਲਾੜ ਕ੍ਰਾਫ਼ਟ ਨੂੰ ਹੋਰ ਮਹੱਤਵਪੂਰਨ ਸਿਸਟਮ ਟ੍ਰਾਂਸਫਰ ਕਰਨਾ ਵੀ ਹੈ | ਇਸ ਤੋਂ ਇਨਕਾਰ ਕਰਨਾ ਮੁਸ਼ਕਿਲ ਹੈ ਕਿ ਆਪਣੇ ਦੇਸ਼ ਵਿਚ ਲਿੰਗ ਨਾ-ਬਰਾਬਰੀ ਹੈ ਜੋ ਸਮਾਜਿਕ ਤੇ ਆਰਥਿਕ ਤਰੱਕੀ ਵਿਚ ਰੁਕਾਵਟ ਬਣਦੀ ਹੈ, ਪਰ ਚੰਦਰਯਾਨ-2 ਦੀ ਇਕ ਜ਼ਬਰਦਸਤ ਵਰਣਨਯੋਗ ਗੱਲ ਇਹ ਹੈ ਕਿ ਇਸ ਅੰਤਰਗ੍ਰਹਿ ਮਿਸ਼ਨ ਦੀ ਪ੍ਰਾਜੈਕਟ ਨਿਰਦੇਸ਼ਕ ਤੋਂ ਲੈ ਕੇ ਮਿਸ਼ਨ ਨਿਰਦੇਸ਼ਕ ਤੱਕ ਸਾਰੀਆਂ ਔਰਤਾਂ ਹਨ | ਸਵਾਗਤਯੋਗ ਗੱਲ ਇਹ ਹੈ ਕਿ ਇਸ ਮਿਸ਼ਨ ਦੀ ਟੀਮ ਵਿਚ ਲਗਪਗ 30 ਫ਼ੀਸਦੀ ਔਰਤਾਂ ਹਨ | ਚੇਤੇ ਰਹੇ ਕਿ ਇਸਰੋ ਦੇ ਪਹਿਲਾਂ ਵਾਲੇ ਮਿਸ਼ਨਾਂ ਜਿਵੇਂ ਮੰਗਲਯਾਨ ਦੌਰਾਨ ਵੀ ਕੰਟਰੋਲ ਰੂਮ ਵਿਚ ਔਰਤਾਂ ਦੀ ਗਿਣਤੀ ਕਾਫ਼ੀ ਹੁੰਦੀ ਸੀ |
ਇਸ ਨਾਲ ਨਾ ਸਿਰਫ਼ ਇਹ ਵਿਸ਼ਵ ਪੱਧਰੀ ਧਾਰਨਾ ਟੁੱਟਦੀ ਹੈ ਕਿ ਰਾਕੇਟ ਸਾਇੰਸ ਮਰਦਾਂ ਦਾ ਖੇਤਰ ਹੈ ਬਲਕਿ ਇਸ ਤੋਂ ਭਾਰਤੀ ਸੰਗਠਨ ਦੀ ਪ੍ਰੇਰਣਾਦਾਇਕ ਤਸਵੀਰ ਵੀ ਸਾਹਮਣੇ ਆਉਂਦੀ ਹੈ | ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਹ ਪ੍ਰਸੰਸਾਯੋਗ ਕਾਰਜ ਕਰ ਵੀ ਰਹੀਆਂ ਹਨ | ਇਕ ਸਮਾਂ ਸੀ ਜਦੋਂ ਪੁਲਾੜ ਮਿਸ਼ਨਾਂ ਨੂੰ ਕੌਮ ਲਈ ਦਿਖਾਵਟੀ ਪ੍ਰਾਜੈਕਟ ਸਮਝਿਆ ਜਾਂਦਾ ਸੀ | ਅੱਜ ਇਹ ਹੋਂਦ ਲਈ ਜ਼ਰੂਰੀ ਵੀ ਹੈ ਕਿਉਂਕਿ ਅੱਜ ਸੈਟੇਲਾਈਟ ਧਰਤੀ ਦੇ ਅਣਗਿਣਤ ਮਹੱਤਵਪੂਰਨ ਕੰਮਾਂ ਨੂੰ ਕੰਟਰੋਲ ਕਰਦੀਆਂ ਹਨ, ਜਿਵੇਂ ਸੰਚਾਰ, ਮੌਸਮ ਦੀ ਮੈਪਿੰਗ ਆਦਿ | ਅੱਜ ਦਾ ਤੱਥ ਇਹ ਹੈ ਕਿ ਪੁਲਾੜ ਮਨੁੱਖੀ ਜੀਵਨ ਤੋਂ ਬਾਹਰ ਦੀ ਚੀਜ਼ ਨਹੀਂ ਹੈ | ਇਸ ਲਈ ਸਵਾਗਤਯੋਗ ਹੈ ਕਿ ਭਾਰਤ ਤੇ ਇਸਰੋ ਆਪਣੇ ਪੁਲਾੜ ਮਿਸ਼ਨ ਦਾ ਵਿਸਤਾਰ ਕਰ ਰਹੇ ਹਨ | ਇਹ ਕੌਮੀ ਸੁਰੱਖਿਆ ਲਈ ਵੀ ਜ਼ਰੂਰੀ ਹੈ ਪਰ ਵਿਗਿਆਨ ਲਈ ਇਸਰੋ ਨੂੰ ਜੋ ਬਿਨਾਂ ਸ਼ਰਤ ਸਮਰਥਨ ਮਿਲ ਰਿਹਾ ਹੈ, ਉਸ ਦਾ ਵਿਸਤਾਰ ਹੋਰ ਖੇਤਰਾਂ ਵਿਚ ਵੀ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣ ਸਕਾਂਗੇ |
ਕੁਝ ਦਿਨ ਪਹਿਲਾਂ ਮਹਾਰਾਸ਼ਟਰ ਵਿਚ ਕਿਸਾਨ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਕੇਂਦਰ ਨੇ ਜੀ. ਐਮ. ਫਸਲ 'ਤੇ ਰੋਕ ਲਾ ਦਿੱਤੀ ਹੈ | ਇਹ ਇਕ ਭਖਦੀ ਮਿਸਾਲ ਹੈ ਕਿ ਖੱਬੇਪੱਖੀਆਂ ਤੇ ਦੱਖਣੀ ਪੱਖੀਆਂ ਨੇ ਹੱਥ ਮਿਲਾ ਲਿਆ ਹੈ | ਖੇਤੀ ਵਿਚ ਵਿਗਿਆਨ ਨੂੰ ਦਾਖਲ ਨਾ ਹੋਣ ਦੇਣ ਲਈ | ਰਾਜਨੀਤੀ ਨੂੰ ਵਿਗਿਆਨਕ ਫ਼ੈਸਲੇ 'ਤੇ ਭਾਰੂ ਨਹੀਂ ਹੋਣਾ ਦੇਣਾ ਚਾਹੀਦਾ | ਜਦੋਂ ਤੱਕ ਭਾਰਤ ਤੋਂ ਇਹ ਰੋਗ ਦੂਰ ਨਹੀਂ ਹੁੰਦਾ ਉਦੋਂ ਤੱਕ ਅਸੀਂ ਪੇਟੈਂਟਸ ਤੇ ਤਕਨਾਲੋਜੀ 'ਚ ਨਵੇਂਪਨ ਵਿਚ ਪਛੜਦੇ ਹੀ ਰਹਾਂਗੇ | ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਵਿਗਿਆਨ ਦੇ ਫੁੱਲ ਨੂੰ ਹਰ ਥਾਂ ਖਿੜਨ ਦੇਵੇ | ਫਿਲਹਾਲ, ਜੀ. ਐਸ. ਐਲ. ਵੀ. ਮਾਰਕ-3 (ਬਾਹੂਬਲੀ) ਜੋ ਚੰਦਰਯਾਨ-2 ਲੂਨਰਕ੍ਰਾਫ਼ਟ ਨੂੰ ਚੁੱਕ ਕੇ ਲੈ ਜਾਵੇਗਾ ਅਤੇ ਜਿਸ ਦਾ ਵਜ਼ਨ 3.8 ਟਨ ਹੋਵੇਗਾ ਨੂੰ ਸ੍ਰੀਹਰੀਕੋਟਾ ਤੋਂ 15 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ |
ਇਹ ਯਾਨ ਇਸ ਵਾਰ ਚੰਦਰਮਾ ਤੱਕ ਆਰਬਿਟਰ, ਲੈਂਡਰ ਤੇ ਰੋਵਰ ਰਾਹੀਂ ਜਾਵੇਗਾ | ਇਕ ਵਾਰ ਜਦੋਂ ਜੀ. ਐਸ. ਐਲ. ਵੀ. ਜੀਓ ਟ੍ਰਾਂਸਫਰ ਆਰਬਿਟ ਪਹੁੰਚ ਜਾਵੇਗਾ ਤਾਂ ਉਹ ਕ੍ਰਾਫ਼ਟ ਨੂੰ 170 ਕਿ.ਮੀ.__1MP__20,000 ਕਿ.ਮੀ. ਅੰਡਾਕਾਰ ਆਰਬਿਟ ਵਿਚ ਪਾ ਦਵੇਗਾ | ਥਰਸੱਟਰ ਫਾਇਰ ਕਰਕੇ ਕ੍ਰਾਫ਼ਟ ਨੂੰ ਲੂਨਰ ਆਰਬਿਟ ਵੱਲ ਲੈ ਜਾਇਆ ਜਾਵੇਗਾ | 20-21 ਦਿਨ ਵਿਚ 3,84,400 ਕਿ.ਮੀ. ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕ੍ਰਾਫ਼ਟ ਚੰਦਰਮਾ ਦੇ ਆਰਬਿਟ ਵਿਚ ਪਹੁੰਚ ਜਾਵੇਗਾ, ਜਿਥੇ ਪਹੁੰਚ ਕੇ ਵਿਕਰਮ ਨਾਮੀ ਲੈਂਡਰ ਆਰਬਿਟਰ ਤੋਂ ਵੱਖ ਹੋ ਜਾਵੇਗਾ | ਪਰ ਆਰਬਿਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿ.ਮੀ. ਦੇ ਫਾਸਲੇ 'ਤੇ ਚੰਦਰਮਾ ਦੇ ਆਲੇ-ਦੁਆਲੇ ਘੁੰਮਦਾ ਰਹੇਗਾ | 6 ਸਤੰਬਰ ਨੂੰ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸਾਫਟ-ਲੈਂਡਿੰਗ ਕਰੇਗਾ | ਇਸ ਖੇਤਰ ਦੀ ਹਾਲੇ ਤੱਕ ਖੋਜ ਨਹੀਂ ਕੀਤੀ ਗਈ ਹੈ | ਵਿਕਰਮ ਵਿਚ ਜੋ ਨਾਸਾ ਦਾ ਪੇਲੋਡ ਹੋਵੇਗਾ, ਉਹ ਧਰਤੀ ਤੇ ਚੰਦਰਮਾ ਦੇ ਫਾਸਲੇ ਨੂੰ ਮਾਪੇਗਾ ਅਤੇ ਲੈਂਡਰ ਦੀ ਸਹੀ ਲੋਕੇਸ਼ਨ ਦੀ ਭਾਲ ਕਰੇਗਾ | ਅੱਠ ਪੇਲੋਡਜ਼ ਦੇ ਨਾਲ ਆਰਬਿਟਰ ਚੰਦਰਮਾ ਦੀ 3ਡੀ ਮੈਪਿੰਗ ਕਰੇਗਾ ਅਤੇ ਸੋਲਰ ਐਕਸ-ਰੇਅ ਸਪੈਕਟਰਮ ਦੀ ਸਮੀਖਿਆ ਕਰੇਗਾ, ਲੂਨਰ ਅਕਸੋਸਫੀਅਰ ਦਾ ਅਧਿਐਨ ਕਰੇਗਾ ਅਤੇ ਹੋਰ ਕਈ ਕੁਝ ਦੇਖੇਗਾ | ਰੋਵਰ ਲੈਂਡਰ ਤੋਂ ਬਾਹਰ ਨਿਕਲੇਗਾ ਅਤੇ ਚੰਦਰਮਾ ਦੀ ਸਤ੍ਹਾ 'ਤੇ 500 ਮੀ. ਚੱਕਰ ਲਾਉਂਦੇ ਹੋਏ ਕਈ ਤਜਰਬੇ ਕਰੇਗਾ | ਰੋਵਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਚੰਦਰਮਾ ਦੀ ਸਤ੍ਹਾ 'ਤੇ 14 ਧਰਤੀ ਦਿਵਸ ਗੁਜ਼ਾਰੇਗਾ, ਆਰਬਿਟ ਜ਼ਰੀਏ ਚੰਦਰਮਾ ਤੋਂ ਧਰਤੀ ਤੱਕ 15 ਮਿੰਟ ਵਿਚ ਡਾਟਾ ਤੇ ਤਸਵੀਰਾਂ ਭੇਜੇਗਾ | ਚੰਦਰਯਾਨ-2 ਦਾ ਮੁੱਖ ਉਦੇਸ਼ ਚੰਦਰਮਾ 'ਤੇ ਪਾਣੀ, ਹਾਈਡਰੌਲਿਕਸ ਤੇ ਹੋਰ ਖਣਿਜ ਲੱਭਣੇ ਹਨ ਤਾਂ ਕਿ ਭਵਿੱਖ ਵਿਚ ਚੰਦਰਮਾ 'ਤੇ ਮਨੁੱਖ ਵਲੋਂ ਕਾਲੋਨੀ ਸਥਾਪਿਤ ਕਰਨ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ | ਇਸ ਪੂਰੇ ਪ੍ਰਾਜੈਕਟ 'ਤੇ 978 ਕਰੋੜ ਰੁਪਏ ਦਾ ਖਰਚ ਆਵੇਗਾ |

-ਇਮੇਜ ਰਿਫ਼ਲੈਕਸ਼ਨ ਸੈਂਟਰ

ਯੁਵਰਾਜ ਸਿੰਘ ਕ੍ਰਿਕਟ ਤੋਂ ਸੰਨਿਆਸ

ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਦੋ ਵਿਸ਼ਵ ਕੱਪ ਜਿੱਤੇ ਹਨ | 2007 ਵਿਚ ਟੀ-20 ਅਤੇ 2011 ਵਿਚ 50 ਓਵਰਾਂ ਦੇ ਇਕ ਦਿਨਾ ਮੈਚਾਂ ਦਾ ਵਿਸ਼ਵ ਕੱਪ | ਇਨ੍ਹਾਂ ਦੋਵਾਂ ਮੈਚਾਂ ਵਿਚ ਮੁੱਖ ਭੂਮਿਕਾ ਰਹੀ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਦੀ, ਜਿਸ ਨੇ ਲਗਪਗ 2 ਦਹਾਕਿਆਂ ਦੀ ਸ਼ਾਨਦਾਰ ਕ੍ਰਿਕਟ ਖੇਡਣ ਤੋਂ ਬਾਅਦ ਬੀਤੀ 10 ਜੂਨ, 2019 ਨੂੰ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ | ਜਦੋਂ ਇਸ ਸਾਲ ਦੇ ਆਈ.ਪੀ.ਐਲ. ਵਿਚ ਮੰੁਬਈ ਇੰਡੀਅਨ ਵਲੋਂ 37 ਸਾਲਾਂ ਦੇ ਯੁਵਰਾਜ ਸਿੰਘ ਗਿਣੇ-ਚੁਣੇ ਮੈਚਾਂ 'ਚ ਹੀ ਮੈਦਾਨ ਵਿਚ ਉਤਰਿਆ ਸੀ ਉਦੋਂ ਇਹ ਅੰਦਾਜ਼ਾ ਤਾਂ ਨਹੀਂ ਸੀ ਕਿ ਉਹ ਜ਼ਿਆਦਾ ਦਿਨ ਕ੍ਰਿਕਟ ਨਹੀਂ ਖੇਡੇਗਾ | ਖਾਸ ਕਰ ਇਸ ਲਈ ਕਿ ਉਸ ਨੇ ਭਾਰਤ ਦੇ ਲਈ ਆਪਣਾ ਅੰਤਿਮ ਇਕ ਦਿਨਾ ਮੈਚ ਜੂਨ 2017 ਵਿਚ ਵੈਸਟ ਇੰਡੀਜ਼ ਦੇ ਵਿਰੁੱਧ ਖੇਡਿਆ ਸੀ |
ਫਿਲਹਾਲ ਜੇਕਰ ਯੁਵਰਾਜ ਸਿੰਘ ਦੇ ਲੰਬੇ ਸ਼ਾਨਦਾਰ ਅਤੇ ਸਫ਼ਲ ਕ੍ਰਿਕਟ ਕੈਰੀਅਰ ਨੂੰ ਇਕੋ ਵਾਕ ਵਿਚ ਸਮੇਟਿਆ ਜਾਵੇ ਤਾਂ ਉਹ ਇੰਜ ਹੈ ਕਿ ਯੁਵਰਾਜ ਸਿੰਘ ਹੌਸਲੇ ਅਤੇ ਪ੍ਰਤਿਭਾ ਦੀ ਜਿੱਤ ਦਾ ਝੰਡਾ-ਬਰਦਾਰ ਰਿਹਾ ਹੈ | ਖਾਸ ਕਰਕੇ ਇਸ ਲਈ ਕਿ ਉਸ ਨੇ ਵਿਰੋਧੀ ਟੀਮਾਂ ਨੂੰ ਹਰਾਇਆ ਹੀ ਨਹੀਂ ਸਗੋਂ ਉਹ ਕੈਂਸਰ 'ਤੇ ਵੀ ਜਿੱਤ ਦਰਜ ਕਰਕੇ ਕ੍ਰਿਕਟ ਮੈਦਾਨ ਵਿਚ ਵਾਪਸ ਪਰਤਿਆ | ਕਪਿਲ ਦੇਵ ਦੀ ਟੀਮ ਨੇ ਜਦੋਂ 1983 ਵਿਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ, ਉਦੋਂ ਯੁਵਰਾਜ ਸਿੰਘ ਤਿੰਨ ਸਾਲ ਦਾ ਬੱਚਾ ਸੀ, ਕਿਉਂਕਿ ਦੋਵਾਂ ਦਾ ਸਬੰਧ ਚੰਡੀਗੜ੍ਹ ਨਾਲ ਹੈ | ਇਸ ਲਈ ਯੁਵਰਾਜ ਸਿੰਘ ਦੀ ਪਰਵਰਿਸ਼ ਕਪਿਲ ਦੇਵ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਸੁਣਦੇ ਹੋਏ ਹੋਈ ਅਤੇ ਕਪਿਲ ਦੇਵ ਉਸ ਦਾ ਹੀਰੋ ਬਣ ਗਿਆ ਤੇ ਨਾਲ ਹੀ ਯੁਵਰਾਜ ਸਿੰਘ ਨੇ ਵੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ | ਸਾਲ 2003 ਅਤੇ 2007 ਦੀ ਅਸਫ਼ਲਤਾ ਤੋਂ ਬਾਅਦ ਯੁਵਰਾਜ ਸਿੰਘ ਨੂੰ 2011 ਵਿਚ ਫਿਰ ਆਪਣਾ ਸੁਪਨਾ ਸਾਕਾਰ ਕਰਨ ਦਾ ਮੌਕਾ ਮਿਲਿਆ |
ਉਸ ਸਾਲ ਉਹ ਵਿਰੋਧੀਆਂ ਨਾਲ ਹੀ ਨਹੀਂ ਆਪਣੇ-ਆਪ ਨਾਲ ਵੀ ਸੰਘਰਸ਼ ਕਰ ਰਿਹਾ ਸੀ, ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਖਾਮੋਸ਼ ਅਭਿਆਨ ਵਿਚ | ਉਸ ਦੇ ਸਰੀਰ 'ਚ ਕੁਝ ਵਾਪਰ ਰਿਹਾ ਸੀ ਪਰ ਹੌਸਲਾ ਬਰਕਰਾਰ ਸੀ | ਉਹ ਦੱਸਦਾ ਹੈ ਕਿ 'ਮੇਰਾ ਇਕ ਸੁਪਨਾ ਸੀ ਪਰ ਮੈਂ ਇਕ ਮੈਡੀਕਲ ਕੰਡੀਸ਼ਨ (ਲੰਗ ਕੈਂਸਰ) ਦਾ ਸਾਹਮਣਾ ਵੀ ਕਰ ਰਿਹਾ ਸੀ | ਮੇਰਾ ਸਾਹ ਉੱਖੜ ਜਾਂਦਾ ਸੀ ਅਤੇ ਮੈਂ ਨਿਰੰਤਰ ਖੰਘਦਾ ਸੀ | ਪਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਮੈਨੂੰ ਅੱਗੇ ਵਧਣ ਲਈ ਨਿਰੰਤਰ ਪ੍ਰੇਰਿਤ ਕਰਦਾ ਰਹਿੰਦਾ | ਸਾਲ 2011 ਦੇ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ ਨੇ 362 ਦੌੜਾਂ ਬਣਾਈਆਂ ਅਤੇ ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਸੀ ਕਿ ਉਸ ਨੇ 15 ਵਿਕਟਾਂ ਵੀ ਲਈਆਂ | ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਜਿੱਤ 'ਚ ਯੁਵਰਾਜ ਸਿੰਘ ਦੀ ਗੇਂਦਬਾਜ਼ੀ ਦੀ ਮੁੱਖ ਭੂਮਿਕਾ ਸੀ | ਉਸ ਵਲੋਂ ਲਈਆਂ ਵਿਕਟਾਂ ਦੀ ਗਿਣਤੀ ਟੀਮ ਦੇ ਕੁਝ ਸਥਾਪਤ ਗੇਂਦਬਾਜ਼ਾਂ ਤੋਂ ਵੀ ਵੱਧ ਸਨ | ਯੁਵਰਾਜ ਸਿੰਘ ਨੇ ਦੱਸਿਆ, 'ਗੇਂਦਬਾਜ਼ੀ ਕਰਨ ਦਾ ਫ਼ੈਸਲਾ ਮਹੱਤਵਪੂਰਨ ਸੀ |' ਇਸ ਨਾਲ ਟੀਮ ਨੂੰ ਇਕ ਹੋਰ ਗੇਂਦਬਾਜ਼ ਮਿਲ ਗਿਆ, ਜੋ ਨਾ ਸਿਰਫ਼ ਦੌੜਾਂ ਬਣਾਉਣ ਤੋਂ ਰੋਕਣ ਵਿਚ ਕਾਮਯਾਬ ਹੋਇਆ ਬਲਕਿ ਸਾਂਝੇਦਾਰੀਆਂ ਨੂੰ ਵੀ ਤੋੜਨ ਲਈ ਮਹੱਤਵਪੂਰਨ ਵਿਕਟਾਂ ਲੈ ਰਿਹਾ ਸੀ |
ਯੁਵਰਾਜ ਸਿੰਘ ਨੇ ਸਾਲ 2011 ਦੇ ਕ੍ਰਿਕਟ ਵਿਸ਼ਵ ਕੱਪ ਦੇ 9 ਮੈਚਾਂ ਵਿਚ 75 ਓਵਰ ਕੀਤੇ ਅਤੇ ਆਇਰਲੈਂਡ ਵਿਰੁੱਧ ਆਪਣੇ ਵਲੋਂ ਕੀਤੇ 10 ਓਵਰਾਂ ਵਿਚ 31 ਦੌੜਾਂ ਦੇ ਕੇ 5 ਵਿਕਟਾਂ ਲੈਣਾ ਉਸ ਦੀ ਸਰਬੋਤਮ ਗੇਂਦਬਾਜ਼ੀ ਰਹੀ ਸੀ | ਉਸ ਨੇ ਆਪਣਾ ਪੂਰਾ ਕੋਟਾ ਆਸਟ੍ਰੇਲੀਆ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਵਿਰੁੱਧ ਨਾਕ ਆਊਟ ਮੈਚਾਂ ਵਿਚ ਸੱੁਟਿਆ | ਬੱਲੇਬਾਜ਼ ਦੇ ਰੂਪ ਵਿਚ ਵੈਸਟਇੰਡੀਜ਼ ਦੇ ਖਿਲਾਫ਼ ਉਸ ਨੇ 113 ਦੌੜਾਂ ਦੀ ਮੁਕਾਬਲੇਬਾਜ਼ੀ ਦੇ ਨਾਜ਼ੁਕ ਸਮੇਂ 'ਚ ਬਣਾਈਆਂ ਸਨ | ਇਸ ਕੋਸ਼ਿਸ਼ ਲਈ ਯੁਵਰਾਜ ਸਿੰਘ ਨੂੰ 2011 ਦੇ ਵਿਸ਼ਵ ਕੱਪ ਦਾ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ | ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਯੁਵਰਾਜ ਸਿੰਘ ਦੀ ਆਤਮਕਥਾ 'ਦ ਟੈਸਟ ਆਫ਼ ਮਾਈ ਲਾਈਫ਼' 'ਤੇ ਸਚਿਨ ਤੇਂਦੁਲਕਰ ਨੇ ਦੋ ਸਟੀਕ ਸ਼ਬਦ ਕਹੇ ਸਨ 'ਸ਼ੁੱਧ ਪ੍ਰੇਰਨਾ |'
ਆਪਣੀ ਆਤਮਕਥਾ ਵਿਚ ਯੁਵਰਾਜ ਸਿੰਘ ਨੇ ਕ੍ਰਿਕਟ ਤੋਂ ਕੈਂਸਰ ਅਤੇ ਫਿਰ ਕ੍ਰਿਕਟ 'ਚ ਵਾਪਸੀ ਦੀ ਯਾਤਰਾ ਨੂੰ ਬਿਆਨ ਕੀਤਾ ਹੈ | ਉਸ ਦਾ ਕਹਿਣਾ ਸਿੱਧਾ ਅਤੇ ਸੱਚਾ ਹੈ | 'ਕਦੇ ਹਾਰ ਨਾ ਮੰਨੋ' ਸਾਲ 2011 ਦੇ ਵਿਸ਼ਵ ਕੱਪ ਵਿਚ ਯੁਵਰਾਜ ਸਿੰਘ 265 ਇਕ ਦਿਨਾ ਮੈਂਚਾਂ ਦੇ ਤਜਰਬੇ ਨਾਲ ਦਾਖਲ ਹੋਇਆ ਸੀ, ਪਰ ਇਸ ਮੁਕਾਬਲੇਬਾਜ਼ੀ ਤੋਂ ਬਾਅਦ ਉਸ ਦਾ ਕੈਰੀਅਰ 30 ਇਕ ਦਿਨਾ ਮੈਚਾਂ ਤੱਕ ਹੀ ਹੋਰ ਚੱਲਿਆ | ਭਾਵ ਕੁੱਲ ਮਿਲਾ ਕੇ ਯੁਵਰਾਜ ਸਿੰਘ ਨੇ ਆਪਣੇ ਕੈਰੀਅਰ ਵਿਚ 40 ਟੈਸਟ ਖੇਡੇ ਅਤੇ 33.9 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਅਤੇ 9 ਵਿਕਟ ਵੀ ਲਏ | ਪਰ ਉਹ ਛੋਟੇ ਫਾਰਮੈਟ ਵਿਚ ਜ਼ਿਆਦਾ ਸਫ਼ਲ ਰਿਹਾ | ਉਸ ਨੇ 304 ਇਕ ਦਿਨਾ ਮੈਚ ਖੇਡੇ, 36.5 ਦੀ ਔਸਤ ਨਾਲ 8701 ਦੌੜਾਂ ਬਣਾਈਆਂ ਅਤੇ 111 ਵਿਕਟਾਂ ਵੀ ਲਈਆਂ | ਨਾਲ ਹੀ 58 ਟੀ-20 ਮੈਚਾਂ ਵਿਚ 28 ਦੀ ਔਸਤ ਨਾਲ 1177 ਦੌੜਾਂ ਬਣਾਈਆਂ ਅਤੇ 28 ਵਿਕਟਾਂ ਲਈਆਂ |
ਦਰਅਸਲ ਛੋਟੇ ਫਾਰਮੈਟ ਵਿਚ ਭਾਰਤ ਨੂੰ ਸ਼ਕਤੀਸ਼ਾਲੀ ਟੀਮ ਬਣਾਉਣ ਵਿਚ ਯੁਵਰਾਜ ਸਿੰਘ ਦੇ ਯੋਗਦਾਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਇਸ ਸਿਲਸਿਲੇ ਵਿਚ ਉਸ ਦੀਆਂ ਦੋ ਪਾਰੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ | 2002 ਦੀ ਨੈੱਟ ਵੈਸਟ ਟਰਾਫੀ ਦਾ ਇੰਗਲੈਂਡ ਦੇ ਖਿਲਾਫ਼ ਫਾਈਨਲ ਵਿਚ ਯੁਵਰਾਜ ਸਿੰਘ ਅਤੇ ਮੁਹੰਮਦ ਕੈਫ਼ ਦੀ ਅਸਾਧਾਰਨ ਸਾਂਝੇਦਾਰੀ, ਜਿਸ ਦੀ ਬਦੌਲਤ ਭਾਰਤ ਨੇ ਉਸ ਸਮੇਂ ਅਸੰਭਵ ਪ੍ਰਤੀਤ ਹੋਣ ਵਾਲੇ 326 ਦੌੜਾਂ ਦੇ ਨਿਸ਼ਾਨੇ ਨੂੰ ਪਾਰ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ | ਇਸੇ ਤਰ੍ਹਾਂ 2007 ਦੇ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਦੇ ਇਕ ਓਵਰ ਵਿਚ ਯੁਵਰਾਜ ਸਿੰਘ ਨੇ 6 ਛੱਕੇ ਲਗਾਏ ਸਨ |
ਯੁਵਰਾਜ ਸਿੰਘ ਨੇ ਪਿਛਲੇ ਸਾਲ ਹੀ ਤੈਅ ਕਰ ਲਿਆ ਸੀ ਕਿ ਇਸ ਸਾਲ ਦਾ ਆਈ.ਪੀ.ਐਲ. ਉਸ ਦੇ ਕੈਰੀਅਰ ਦਾ ਆਖਰੀ ਹੋਵੇਗਾ | ਹੁਣ ਉਹ ਦੁਨੀਆ ਭਰ ਦੇ ਟੀ-20 ਲੀਗਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦਾ ਅਤੇ ਉਸਨੂੰ ਉਮੀਦ ਹੈ ਕਿ ਇਸ ਦੇ ਲਈ ਉਸ ਨੂੰ ਬੋਰਡ ਤੋਂ ਆਗਿਆ ਮਿਲ ਜਾਵੇਗੀ | ਉਹ ਕਹਿੰਦਾ ਹੈ ਕਿ 'ਮੈਂ ਉਮਰ ਦੇ ਜਿਸ ਮੁਕਾਮ 'ਤੇ ਹਾਂ, ਉਸ ਵਿਚ ਕੁਝ ਫਨ ਕ੍ਰਿਕਟ ਖੇਡਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਓਵਰਸੀਜ਼ ਟੀ-20 ਲੀਗ | ਮੈਂ ਬਾਹਰ ਜਾ ਕੇ ਆਪਣੇ ਜੀਵਨ ਦਾ ਅਨੰਦ ਲੈਣਾ ਚਾਹੁੰਦਾ ਹਾਂ | ਆਪਣੇ ਇੰਟਰਨੈਸ਼ਨਲ ਕੈਰੀਅਰ ਦੇ ਬਾਰੇ ਵਿਚ ਸੋਚਣਾ ਹੁਣ ਮੇਰੇ ਲਈ ਤਣਾਅਪੂਰਨ ਹੋ ਗਿਆ ਹੈ | ਕੋਈ ਨਹੀਂ ਚਾਹੁੰਦਾ ਕਿ ਮੈਂ ਆਈ.ਪੀ.ਐਲ. ਖੇਡਾਂ ਅਤੇ ਮੈਂ ਵੀ ਆਈ.ਪੀ.ਐਲ. ਦੇ ਲਈ ਉਪਲਬਧ ਨਹੀਂ ਹਾਂ | ਮੈਂ ਭਾਰਤ ਤੋਂ ਬਾਹਰ ਜਾ ਕੇ ਖੇਡਣ ਦੀ ਯੋਜਨਾ ਬਣਾ ਰਿਹਾ ਹਾਂ |'
ਆਪਣੇ-ਆਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਥਾਪਤ ਕਰਨ ਲਈ ਯੁਵਰਾਜ ਸਿੰਘ ਨੂੰ ਅਨੇਕਾਂ ਸੰਘਰਸ਼ ਕਰਨੇ ਪਏ | ਉਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਉਸ ਦੇ ਆਪਣੇ ਪਿਤਾ ਯੋਗਰਾਜ ਸਿੰਘ ਨਾਲ ਖਰਾਬ ਰਿਸ਼ਤੇ ਰਹੇ | ਪਿਤਾ-ਪੁੱਤਰ ਵਿਚ ਇਕ ਵਾਰ ਇਸ ਸੰਦਰਭ ਵਿਚ ਖੁੱਲ੍ਹ ਕੇ ਆਪਸੀ ਗੱਲਬਾਤ ਵੀ ਹੋਈ ਅਤੇ ਫਿਰ ਇਸ ਕੜਵਾਹਟ 'ਤੇ ਵਕਤੀ ਤੌਰ 'ਤੇ ਰੋਕ ਲੱਗ ਗਈ | ਇਸ ਬਾਰੇ ਯੁਵਰਾਜ ਸਿੰਘ ਕਹਿੰਦੇ ਹਨ, 'ਮੈਂ ਤਾਂ ਗ੍ਰੋਨ-ਅੱਪ ਹੋ ਗਿਆ ਹਾਂ, ਉਨ੍ਹਾਂ (ਪਿਤਾ) ਬਾਰੇ ਮੈਨੂੰ ਕੁਝ ਨਹੀਂ ਪਤਾ |' ਫਿਲਹਾਲ ਮੁਸ਼ਕਿਲਾਂ ਭਰੇ ਦੌਰ ਦੇ ਬਾਵਜੂਦ ਯੁਵਰਾਜ ਸਿੰਘ ਆਪਣੇ ਹੌਸਲੇ ਅਤੇ ਪ੍ਰਤਿਭਾ ਦੇ ਜ਼ੋਰ 'ਤੇ ਸੁਨਹਿਰੇ ਅੱਖਰਾਂ 'ਚ ਕ੍ਰਿਕਟ ਦੇ ਇਤਿਹਾਸ ਵਿਚ ਆਪਣਾ ਨਾਂਅ ਲਿਖਵਾਉਣ ਵਿਚ ਸਫ਼ਲ ਰਿਹਾ ਹੈ |'

-ਫਿਊਚਰ ਮੀਡੀਆ ਨੈੱਟਵਰਕ |

ਇਕ ਕਹਾਣੀ ਜੋ ਕਦੀ ਖ਼ਤਮ ਨਹੀਂ ਹੋਵੇਗੀ... ਗਿਰੀਸ਼ ਕਰਨਾਡ

1973 ਦੀ ਇਕ ਸ਼ਾਮ ਨੂੰ ਆਪਣੇ ਧਾਰਵਾੜ ਵਾਲੇ ਮਕਾਨ ਵਿਚ ਖਾਣਾ ਖਾਂਦਿਆਂ ਗਿਰੀਸ਼ ਕਰਨਾਡ (1938-2019) ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਝਟਕਾ ਲੱਗਿਆ | ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਪਿਤਾ ਨੂੰ ਕਿਹਾ, 'ਅਤੇ ਅਸੀਂ ਸੋਚਦੇ ਸੀ ਕਿ ਸਾਨੂੰ ਇਹ ਬੇਟਾ ਨਹੀਂ ਚਾਹੀਦਾ... |' ਗਿਰੀਸ਼ ਕਰਨਾਡ ਉਸ ਸਮੇਂ 35 ਸਾਲ ਦੇ ਸਨ ਅਤੇ ਲਾਪ੍ਰਵਾਹੀ ਵਿਚ ਕੀਤੀ ਗਈ ਇਸ ਟਿੱਪਣੀ ਦੀ ਡੂੰਘਾਈ ਵਿਚ ਜਾਣਾ ਚਾਹੁੰਦੇ ਸਨ | ਪਤਾ ਲੱਗਿਆ—ਉਨ੍ਹਾਂ ਦੇ ਮਾਤਾ ਪਿਤਾ ਦੇ ਪਹਿਲਾਂ ਤੋਂ ਹੀ ਤਿੰਨ ਬੱਚੇ ਸਨ ਅਤੇ ਉਹ ਚੌਥਾ ਬੱਚਾ ਨਹੀਂ ਚਾਹੁੰਦੇ ਸਨ, ਜੋ ਉਸ ਸਮੇਂ ਗਰਭ ਵਿਚ ਸੀ | ਇਸ ਲਈ ਉਹ ਪੁਣੇ ਦੇ ਇਕ ਡਾਕਟਰ ਕੋਲ ਗਰਭਪਾਤ ਕਰਾਉਣ ਲਈ ਗਏ, ਪਰ ਲੰਬੀ ਉਡੀਕ ਤੋਂ ਬਾਅਦ ਵੀ ਜਦੋਂ ਡਾਕਟਰ ਕਲੀਨਿਕ 'ਤੇ ਨਹੀਂ ਆਈ ਤਾਂ ਹਾਰ ਮੰਨਦੇ ਹੋਏ ਉਹ ਘਰ ਵਾਪਸ ਆਏ | ਸੋਚੋ! ਜੇ ਉਸ ਦਿਨ ਗਰਭਪਾਤ ਹੋ ਜਾਂਦਾ ਤਾਂ ਦੁਨੀਆ ਗਿਰੀਸ਼ ਕਰਨਾਡ ਨੂੰ ਦੇਖਣ ਤੋਂ ਵਾਂਝੀ ਰਹਿ ਜਾਂਦੀ | ਇਸ ਘਟਨਾ ਨੂੰ ਆਪਣੀ ਆਤਮਕਥਾ 'ਆਦਾਦਾਤਾ ਆਯੁਸ਼ਯ' ਵਿਚ ਲਿਖਦੇ ਹੋਏ ਗਿਰੀਸ਼ ਕਰਨਾਡ ਨੇ ਕਿਹਾ ਸੀ ਕਿ 'ਸੰਯੋਗ ਨਾਲ ਮਿਲੀ ਇਹ ਜਾਣਕਾਰੀ ਮੇਰੇ ਲਈ ਬਿਜਲੀ ਡਿਗਣ ਤੋਂ ਘੱਟ ਨਹੀਂ ਸੀ |' ਗਿਰੀਸ਼ ਕਰਨਾਡ ਨੇ ਆਪਣੀ ਆਤਮਕਥਾ ਡਾ: ਮਧੁਮਾਲਤੀ ਗੁਣੇ ਨੂੰ ਸਮਰਪਿਤ ਕੀਤੀ ਹੈ, ਜੋ ਉਸ ਦਿਨ ਕਲੀਨਿਕ 'ਤੇ ਨਹੀਂ ਪਹੁੰਚੀ ਸੀ |
ਗਿਰੀਸ਼ ਕਰਨਾਡ ਦੀ 10 ਜੂਨ 2019 ਨੂੰ ਆਪਣੇ ਬੰਗਲੁਰੂ ਸਥਿਤ ਨਿਵਾਸ 'ਤੇ ਮੌਤ ਹੋ ਗਈ | ਉਹ 81 ਸਾਲਾਂ ਦੇ ਸਨ | ਕਲਪਨਾ ਕਰੋ ਕਿ ਭਾਰਤੀ ਸੱਭਿਆਚਾਰਕ ਖੇਤਰ ਨੂੰ ਜੇਕਰ ਇਹ 81 ਬਸੰਤਾਂ ਨਾ ਮਿਲਦੀਆਂ ਤਾਂ ਉਹ ਕਿੰਨੇ ਗਿਰੀਸ਼ ਕਰਨਾਡਾਂ ਤੋਂ ਵਾਂਝਾ ਰਹਿ ਜਾਂਦਾ | ਉਸ ਗਿਰੀਸ਼ ਕਰਨਾਡ ਤੋਂ ਜੋ ਗਿਆਨਪੀਠ ਪੁਰਸਕਾਰ ਜੇਤੂ ਨਾਟਕ ਲੇਖਕ ਸਨ, ਜਿਸ ਨੇ ਭਾਰਤੀ ਥੀਏਟਰ ਨੂੰ ਨਵੀ ਦਿਸ਼ਾ ਦਿੱਤੀ | ਉਸ ਗਿਰੀਸ਼ ਕਰਨਾਡ ਤੋਂ ਜੋ ਕੰਨੜ ਵਿਚ 'ਵਮਸ਼ਾ', 'ਵਰਿਕਸ਼ਾ', 'ਕਾਡੂ', 'ਓਾਦਾਨੋਂਦੂ ਕਾਲਾਦਾਲੀ' ਅਤੇ ਹਿੰਦੀ ਵਿਚ 'ਗੋਧੂਲੀ' ਤੇ 'ਉਤਸਵ' ਵਰਗੀਆਂ ਫਿਲਮਾਂ ਦਾ ਸੰਵੇਦਨਸ਼ੀਲ ਨਿਰਦੇਸ਼ਕ ਸੀ | ਉਸ ਗਿਰੀਸ਼ ਕਰਨਾਡ ਤੋਂ ਜੋ 1970 ਤੇ 80 ਦੇ ਦਹਾਕਿਆਂ ਵਿਚ ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਤੇ ਨਸੀਰੂਦੀਨ ਸ਼ਾਹ ਦੇ ਨਾਲ ਕਲਾ ਸਿਨੇਮਾ ਦਾ ਥੰਮ੍ਹ ਸੀ ਅਤੇ ਉਸ ਗਿਰੀਸ਼ ਕਰਨਾਡ ਤੋਂ ਵੀ ਜੋ ਹਾਲ ਦੇ ਸਾਲਾਂ ਵਿਚ ਟਾਈਗਰ ਸੀਰੀਜ਼ (ਏਕ ਥਾ ਟਾਈਗਰ, ਟਾਈਗਰ ਅਭੀ ਜ਼ਿੰਦਾ ਹੈ) ਵਿਚ ਸਲਮਾਨ ਖਾਨ ਨੂੰ ਔਖੇ ਮਿਸ਼ਨ ਉੱਤੇ ਭੇਜਦਾ ਹੈ | ਇਸ ਤੋਂ ਇਲਾਵਾ ਵੀ ਗਿਰੀਸ਼ ਕਰਨਾਡ ਦਾ ਇਕ ਹੋਰ ਪਹਿਲੂ ਸੀ | ਉਹ ਸਮਾਜਿਕ, ਸੱਭਿਆਚਾਰਕ ਜਾਂ ਰਾਜਨੀਤਕ ਮੁੱਦਿਆਂ 'ਤੇ ਆਪਣੀ ਰਾਏ ਹਮੇਸ਼ਾ ਖੁੱਲ੍ਹ ਕੇ ਪ੍ਰਗਟ ਕਰਦੇ ਸਨ ਅਤੇ ਅਕਸਰ ਲੋਕਹਿਤ ਦੇ ਅੰਦੋਲਨਾਂ ਦਾ ਹਿੱਸਾ ਵੀ ਬਣਦੇ ਸਨ |
ਕੌਾਕਣੀ ਬੋਲਣ ਵਾਲੇ ਸਾਰਸਵਤ ਪਰਿਵਾਰ ਵਿਚ ਜਨਮੇ ਗਿਰੀਸ਼ ਕਰਨਾਡ ਨੇ ਅੰਗਰੇਜ਼ੀ ਦੀ ਬਜਾਏ ਕੰਨੜ ਵਿਚ ਆਪਣੇ ਨਾਟਕ ਲਿਖੇ (ਬਾਅਦ ਵਿਚ ਖ਼ੁਦ ਹੀ ਉਨ੍ਹਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ), ਹਾਲਾਂਕਿ ਉਹ ਰੋਡਜ਼ ਸਕਾਲਰ ਸਨ ਅਤੇ ਆਕਸਫੋਰਡ ਯੂਨੀਵਸਿਟੀ ਪ੍ਰੈੱਸ ਦੇ ਨਾਲ ਸੱਤ ਸਾਲ ਤੱਕ ਪ੍ਰਕਾਸ਼ਕ ਸਨ | ਉਨ੍ਹਾਂ ਨੇ ਸਫਲਤਾ ਦੇ ਨਾਲ ਅਨੇਕ ਜਨਤਕ ਅਹੁਦਿਆਂ (ਨਿਰਦੇਸ਼ਕ—ਫਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ, ਚੇਅਰਮੈਨ—ਸੰਗੀਤ ਨਾਟਕ ਅਕਾਦਮੀ, ਨਿਰਦੇਸ਼ਕ—ਨਹਿਰੂ ਸੈਂਟਰ, ਲੰਡਨ) 'ਤੇ ਹੀ ਕੰਮ ਕੀਤਾ, ਜਿਨ੍ਹਾਂ ਵਿਚੋਂ ਕੁਝ ਤਾਂ ਸਮਾਨਾਂਤਰ ਕੋਸ਼ਿਸ਼ਾਂ ਸਨ | ਪਰ ਇਕ ਸਫਲ ਚਾਲਕ ਦੀ ਤਰ੍ਹਾਂ ਉਹ ਹਾਈਵੇ 'ਤੇ ਲੇਨ ਬਦਲਦੇ ਰਹੇ ਅਤੇ ਆਪਣੀ ਮੰਜ਼ਿਲ ਤੱਕ ਵੀ ਪਹੁੰਚੇ | ਜਦੋਂ ਗਿਰੀਸ਼ ਕਰਨਾਡ ਨਿਰਦੇਸ਼ਕ ਫਿਲਮ ਐਾਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਸਨ ਤਾਂ ਓਮ ਪੁਰੀ ਨੂੰ ਰੱਦ ਕਰ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਐਕਟਰ ਵਰਗੀ ਸ਼ਕਲ ਨਹੀਂ ਹੈ, ਪਰ ਗਿਰੀਸ਼ ਕਰਨਾਡ ਦੇ ਦਖਲ ਦੇਣ ਨਾਲ ਓਮ ਪੁਰੀ ਨੂੰ ਦਾਖਲਾ ਮਿਲਿਆ ਅਤੇ ਦੇਸ਼ ਨੂੰ ਇਕ ਸ਼ਾਨਦਾਰ ਅਦਾਕਾਰ ਮਿਲਿਆ |
ਫਿਲਹਾਲ, ਗਿਰੀਸ਼ ਕਰਨਾਡ ਦਾ ਸਭ ਤੋਂ ਵਧੇਰੇ ਮਹੱਤਵ ਤੇ ਪ੍ਰਭਾਵ ਥੀਏਟਰ ਵਿਚ ਸੀ | ਲਗਪਗ 12 ਫਿਲਮਾਂ ਦਾ ਨਿਰਦੇਸ਼ਨ, ਅਨੇਕਾਂ ਟੀ. ਵੀ. ਲੜੀਵਾਰਾਂ ਤੇ ਡਾਕੂਮੈਂਟਰੀਆਂ ਦਾ ਨਿਰਦੇਸ਼ਨ, ਹਿੰਦੀ, ਕੰਨੜ, ਤਾਮਿਲ, ਤੇਲਗੂ ਤੇ ਮਲਿਆਲਮ ਦੀਆਂ 90 ਤੋਂ ਜ਼ਿਆਦਾ ਫਿਲਮਾਂ ਵਿਚ ਅਭਿਨੈ ਕਰਨ ਵਾਲੇ ਗਿਰੀਸ਼ ਕਰਨਾਡ ਨੇ 15 ਨਾਟਕ ਲਿਖੇ | ਇਨ੍ਹਾਂ ਵਿਚੋਂ ਸਮਕਾਲੀ ਵਿਸ਼ਿਆਂ ਦਾ ਬਲ ਅਤੇ ਅਤੀਤ ਵਿਚ ਡੂੰਘੀ ਡੁਬਕੀ ਹੈ | ਗਿਰੀਸ਼ ਕਰਨਾਡ ਨੂੰ ਦੋ ਕਿਸ਼ਤੀਆਂ ਵਿਚ ਪੈਰ ਰੱਖ ਕੇ ਸਫ਼ਰ ਕਰਨਾ ਪਸੰਦ ਸੀ | ਐਕਟਿੰਗ ਵਿਚ ਮੁੱਖ ਧਾਰਾ ਤੇ ਆਰਟ ਫਿਲਮਾਂ | ਨਾਟਕ ਲੇਖਕ ਦੇ ਰੂਪ ਵਿਚ ਕੰਨੜ ਤੇ ਅੰਗਰੇਜ਼ੀ ਭਾਸ਼ਾਵਾਂ, ਨਿਰਦੇਸ਼ਕ ਦੇ ਰੂਪ ਵਿਚ ਸਮਕਾਲੀ ਸਾਹਿਤ ਤੇ ਕਲਾਸਿਕ ਸੱਭਿਆਚਾਰਕ ਨਾਟਕ | ਪਰ ਉਨ੍ਹਾਂ ਨੂੰ ਬਾਲੀਵੁੱਡ ਦੇ ਗੀਤ ਤੇ ਨਿ੍ਤ 'ਤੇ ਵੀ ਕੋਈ ਇਤਰਾਜ਼ ਨਹੀਂ ਸੀ | ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੀ ਸਿਨੇਮਾ ਹਾਲੀਵੁੱਡ ਦੀ ਘੁਸਪੈਠ ਨੂੰ ਆਪਣੀ ਗੀਤ ਤੇ ਨਿ੍ਤ ਦੀ ਪਰੰਪਰਾ ਨਾਲ ਹੀ ਰੋਕ ਸਕਿਆ ਹੈ |
ਭਾਰਤ ਵਿਚ ਗਿਰੀਸ਼ ਕਰਨਾਡ ਵਰਗੀਆਂ ਬਹੁਪੱਖੀ ਪ੍ਰਤਿਭਾਵਾਂ ਘੱਟ ਹੀ ਹੋਈਆਂ ਹਨ ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਇਕ ਗੁਣ ਜੋ ਭਾਰਤੀ ਦਿਲਾਂ 'ਤੇ ਛਾ ਗਿਆ ਹੈ, ਉਹ ਹੈ ਉਨ੍ਹਾਂ ਦੀ ਅਡਿੱਗ, ਸਪੱਸ਼ਟ ਵਿਚਾਰਾਂ ਵਾਲੀ ਉਦਾਰਵਾਦਤਾ | ਉਹ ਕੱਟੜ ਹਿੰਦੂਤਵ ਦੇ ਸਭ ਤੋਂ ਵੱਡੇ ਆਲੋਚਕ ਤੇ ਵਿਰੋਧੀ ਸਨ | ਇਸ ਕਾਰਨ ਪੁਲਿਸ ਜਾਂਚ ਅਨੁਸਾਰ ਉਹ ਦੱਖਣ ਪੰਥੀਆਂ ਦੀ ਹਿੱਟ ਲਿਸਟ ਵਿਚ ਵੀ ਸਨ | ਬੰਗਲੁਰੂ ਵਿਚ ਇਕ ਪ੍ਰਦਰਸ਼ਨ ਦੌਰਾਨ ਗਲ਼ ਵਿਚ ਕਾਲੀ ਪੱਟੀ ਲਟਕਾ ਕੇ ਉਨ੍ਹਾਂ ਨੇ ਕਿਹਾ ਸੀ, 'ਜੇਕਰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਭਾਵ ਨਕਸਲੀ ਹੋਣਾ ਹੈ ਤਾਂ ਮੈਂ ਅਰਬਨ ਨਕਸਲੀ ਹਾਂ |' ਇਹ ਸਨ ਗਿਰੀਸ਼ ਕਰਨਾਡ—ਫ੍ਰੀ ਸਪੀਚ ਦੇ ਚੈਂਪੀਅਨ |
ਵਿਰੋਧਾਭਾਸ ਦੇਖੋ ਕਿ ਜੋ ਮਾਂ ਗਿਰੀਸ਼ ਕਰਨਾਡ ਨੂੰ ਸੰਸਾਰ ਵਿਚ ਲਿਆਉਣਾ ਨਹੀਂ ਚਾਹੁੰਦੀ ਸੀ, ਉਨ੍ਹਾਂ ਨੂੰ ਹੀ ਗਿਰੀਸ਼ ਕਰਨਾਡ ਨੇ ਆਪਣੀ ਸਫਲਤਾ ਦਾ ਸਿਹਰਾ ਦਿੱਤਾ ਹੈ | ਉਨ੍ਹਾਂ ਦੀ ਮਾਂ ਕ੍ਰਿਸ਼ਣਾਬਾਈ ਅੱਲੜ ਉਮਰ ਵਿਚ ਵਿਧਵਾ ਹੋ ਗਈ ਸੀ | ਉਨ੍ਹਾਂ ਨੂੰ ਆਪਣੇ ਵੱਡੇ ਬੇਟੇ ਦੀ ਪਰਵਰਿਸ਼ ਕਰਨ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਫਿਰ ਉਹ ਧਾਰਵਾੜ ਵਿਚ ਨਰਸ ਦੀ ਨੌਕਰੀ ਕਰਦਿਆਂ ਡਾ:” ਰਘੂਨਾਥ ਕਰਨਾਡ ਦੇ ਨਾਲ ਰਹਿਣ ਲੱਗੇ | ਬਾਅਦ ਵਿਚ ਉਨ੍ਹਾਂ ਨਾਲ ਵਿਆਹ ਕੀਤਾ ਤੇ ਚਾਰ ਹੋਰ ਬੱਚਿਆਂ ਦੀ ਪਰਵਰਿਸ਼ ਕੀਤੀ | ਉਨ੍ਹਾਂ ਨੇ 1920 ਦੇ ਦਹਾਕੇ ਦੇ ਔਕੜਾਂ ਭਰੇ ਸਮਾਜਿਕ ਵਾਤਾਵਰਨ ਦਾ ਡਟ ਕੇ ਸਾਹਮਣਾ ਕੀਤਾ ਅਤੇ ਆਪਣੀ ਆਪਬੀਤੀ ਵੀ ਲਿਖੀ, ਜਿਸ ਨੂੰ ਗਿਰੀਸ਼ ਕਰਨਾਡ ਨੇ ਬਾਅਦ ਵਿਚ ਲੱਭਿਆ | ਇਸ ਤਰ੍ਹਾਂ ਗਿਰੀਸ਼ ਕਰਨਾਡ ਦੀ ਮਾਂ ਨੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਆਕਾਰ ਤੇ ਦਿਸ਼ਾ ਦਿੱਤੀ |
ਯੂਨੀਵਰਸਿਟੀ ਵਿਚ ਗਿਰੀਸ਼ ਕਰਨਾਡ ਅੰਗਰੇਜ਼ੀ ਸ਼ਾਇਰੀ ਕਰਨਾ ਚਾਹੁੰਦੇ ਸਨ, ਪਰ ਨਾਟਕ ਲਿਖਣ ਲੱਗੇ, ਜਿਨ੍ਹਾਂ ਵਿਚ ਮਿਥ, ਲੀਜੈਂਡ, ਲੋਕ ਕਥਾ ਤੇ ਇਤਿਹਾਸ ਜ਼ਰੀਏ ਵਰਤਮਾਨ ਨੂੰ ਦੇਖਿਆ ਗਿਆ ਹੈ | ਇਸ ਦਾ ਸਿਹਰਾ ਉਨ੍ਹਾਂ ਨੇ ਏ. ਕੇ. ਰਾਮਾਨੁਜਨ ਨੂੰ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੱਕ ਦੋਸਤੀ ਰਹੀ | ਇਕ ਨਿਰਦੇਸ਼ਕ ਦੇ ਰੂਪ ਵਿਚ ਗਿਰੀਸ਼ ਕਰਨਾਡ ਨੇ 1970 ਦੇ ਦਹਾਕੇ ਵਿਚ ਨਵ-ਵਾਸਤਵਿਕਤਾ 'ਤੇ ਆਧਾਰਿਤ ਨਵੇਂ ਯੁੱਗ ਦੇ ਕੰਨੜ ਸਿਨੇਮਾ ਦੀ ਨੀਂਹ ਰੱਖੀ, ਜਿਸ ਨੂੰ ਉਹ ਸਤਿਆਜੀਤ ਰੇਅ ਤੋਂ ਪ੍ਰੇਰਿਤ ਦੱਸਦੇ ਸਨ | ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਫਿਲਮਾਂ ਉਸ ਪੀੜ੍ਹੀ ਦਾ ਉਤਪਾਦਨ ਸਨ ਜੋ ਨਹਿਰੂਵਾਦੀ ਸੁਪਨੇ ਨਾਲ ਜੁੜੀਆਂ ਹੋਈਆਂ ਸਨ | ਆਪਣੇ ਨਾਟਕ 'ਪਲੇਅ ਵਿਦ ਏ ਕੋਬਰਾ' ਵਿਚ ਗਿਰੀਸ਼ ਕਰਨਾਡ ਨੇ ਲਿਖਿਆ ਹੈ, 'ਤੁਸੀਂ ਕਹਾਣੀ ਸੁਣ ਕੇ ਉਸ ਨੂੰ ਉਥੇ ਨਹੀਂ ਛੱਡ ਸਕਦੇ, ਤੁਸੀਂ ਉਸ ਨੂੰ ਕਿਸੇ ਹੋਰ ਨੂੰ ਵੀ ਸੁਣਾਉਣਾ ਹੈ |' ਸੋ, ਗਿਰੀਸ਼ ਕਰਨਾਡ ਦੀ ਕਹਾਣੀ ਉਨ੍ਹਾਂ ਦੀ ਮੌਤ ਨਾਲ ਖ਼ਤਮ ਨਹੀਂ ਹੋ ਜਾਂਦੀ, ਉਹ ਵਾਰ-ਵਾਰ ਸੁਣਾਈ ਜਾਂਦੀ ਰਹੇਗੀ |
••

ਪਿਤਾ ਦਿਵਸ 'ਤੇ ਵਿਸ਼ੇਸ਼

ਬਾਬਲ ਮੇਰਾ ਕੋਈ ਦੇਸਾਂ ਦਾ ਰਾਜਾ

ਬਾਪ, ਪਿਤਾ, ਬਾਬਲ ਕੁਝ ਅਜਿਹੇ ਛੋਟੇ-ਛੋਟੇ ਸ਼ਬਦ ਹਨ ਜੋ ਆਪਣੇ ਅੰਦਰ ਬਹੁਤ ਵੱਡੇ ਅਰਥ ਸਮੋਈ ਬੈਠੇ ਹਨ | 'ਮਾਂ' ਸ਼ਬਦ ਦੀ ਮਹਾਨਤਾ ਤੋਂ ਅਸੀਂ ਭਲੀ-ਭਾਂਤ ਜਾਣੂ ਹਾਂ | ਅੱਜ ਜੋ ਸਾਡੀ ਹੋਂਦ ਤੇ ਪਛਾਣ ਹੈ, ਆਪਣੇ ਮਾਂ-ਬਾਪ ਕਰਕੇ ਹੈ | ਸੱਚਮੁੱਚ ਮਾਂ-ਬਾਪ ਵਰਗਾ ਪਵਿੱਤਰ ਤੇ ਪਿਆਰਾ ਰਿਸ਼ਤਾ ਸੰਸਾਰ ਵਿਚ ਕੋਈ ਨਹੀਂ | ਇਹ ਸਮਾਜ ਦੇ ਦੋ ਬਹੁਤ ਹੀ ਮਜ਼ਬੂਤ ਥੰਮ੍ਹ ਹਨ ਜਿਨ੍ਹਾਂ ਦੇ ਆਸਰੇ ਬੱਚਿਆਂ ਦਾ ਜੀਵਨ ਵਧਦਾ-ਫੁਲਦਾ ਤੇ ਪ੍ਰਵਾਨ ਚੜ੍ਹਦਾ ਹੈ | ਜੇ ਮਾਂ ਮਮਤਾ ਦੀ ਮੂਰਤ ਹੈ, ਧਰਤੀ 'ਤੇ ਵਸਦਾ ਰੱਬ ਹੈ ਤਾਂ ਬਾਪ ਪੱਥਰ ਦੇ ਜਿਗਰੇ ਵਾਲਾ, ਕੁਰਬਾਨੀ ਦਾ ਪੁਤਲਾ ਤੇ ਸਾਰੀ ਉਮਰ ਲਈ ਬਹੁਤ ਚੰਗਾ ਮਾਰਗ ਦਰਸ਼ਕ ਹੈ | ਬੱਚਿਆਂ ਦੀ ਪਾਲਣਾ, ਪੜ੍ਹਾਈ, ਕੰਮ-ਧੰਦਾ, ਵਿਆਹ-ਸ਼ਾਦੀ ਤੇ ਹੋਰ ਬਹੁਤ ਕੁਝ ਲਈ ਉਹ ਜ਼ਿੰਮੇਵਾਰ ਹੈ | ਜੇ ਇਹ ਕਹੀਏ ਮਾਂ ਘਰ ਦੀ ਨੀਂਹ ਤੇ ਬਾਪ ਘਰ ਦੀ ਮਜ਼ਬੂਤ ਛੱਤ ਹੈ, ਤਾਂ ਕੋਈ ਅਤਿ-ਕਥਨੀ ਵਾਲੀ ਗੱਲ ਨਹੀਂ | ਕਿਸੇ ਇਕ ਦੀ ਅਣਹੋਂਦ ਕਾਰਨ ਬੱਚੇ ਦਾ ਸਰਵਪੱਖੀ ਵਿਕਾਸ ਨਹੀਂ ਹੁੰਦਾ | ਬਾਪ-ਵਿਹੂਣਾ ਬੱਚਾ ਕਈ ਵਾਰ ਸੜੀਅਲ, ਖਿਝੂ ਤੇ ਹੋਰ ਕਈ ਤਕਲੀਫ਼ਾਂ ਦਾ ਸ਼ਿਕਾਰ ਹੋ ਜਾਂਦਾ ਹੈ | ਨੈਤਿਕ ਕਦਰਾਂ-ਕੀਮਤਾਂ ਤੋਂ ਵੀ ਵਾਂਝਾ ਰਹਿ ਜਾਂਦਾ ਹੈ |
ਬਾਪ ਬਣ ਕੇ ਇਨਸਾਨ ਆਪਣੇ-ਆਪ ਨੂੰ ਖੁਸ਼ਨਸੀਬ ਸਮਝਦਾ ਹੈ | ਪਰ ਅਜਿਹਾ ਵਰਤਾਰਾ ਕੁਝ ਸਮਾਂ ਪਹਿਲਾਂ ਨਹੀਂ ਸੀ | ਪੁੱਤ ਦਾ ਬਾਪ ਬਣਨਾ ਖ਼ੁਸ਼ੀਆਂ ਤੇ ਖੇੜਿਆਂ ਦਾ ਸੂਚਕ ਸੀ ਪਰ ਧੀ ਦਾ ਬਾਪ ਬਣਨਾ ਬਹੁਤੀ ਮਾਣ ਵਾਲੀ ਗੱਲ ਨਹੀਂ ਸੀ | ਅੱਜ ਸਮਾਂ ਤੇ ਸੋਚ ਕਰਵਟ ਲੈ ਰਹੇ ਹਨ | ਧੀ ਦਾ ਬਾਪ ਬਣਨਾ ਵੀ ਮਾਣ ਵਾਲੀ ਗੱਲ ਹੈ | ਧੀਆਂ ਲਈ ਬਾਪ ਦਾ ਰਿਸ਼ਤਾ ਬਹੁਤ ਮਹਾਨ ਹੈ | ਧੀਆਂ ਹੀ ਤਾਂ 'ਬਾਬਲ ਮੇਰਾ ਕੋਈ ਦੇਸਾਂ ਦਾ ਰਾਜਾ' ਕਹਿ ਕੇ ਸਤਿਕਾਰਦੀਆਂ ਹਨ | ਬੱਚਿਆਂ ਵਾਸਤੇ ਬਾਪ ਤਾਕਤ ਦਾ ਚਿੰਨ੍ਹ ਹੈ | ਸ਼ਕਤੀ ਦਾ ਸੂਚਕ ਹੈ | ਸਮਾਜ ਵਿਚ ਵਧੇਰੇ ਮਾਣ-ਸਤਿਕਾਰ ਦਾ ਪਾਤਰ ਹੈ | ਇਕ ਬਹੁਤ ਚੰਗਾ ਰਾਹ ਦਸੇਰਾ ਹੈ | ਸਮਾਜ ਵਿਚ ਆਪਣਾ ਨਾਂਅ ਬਣਾ ਕੇ ਰੱਖਦਾ ਹੈ, ਤਾਂ ਜੋ ਰਿਸ਼ਤੇਦਾਰੀ ਵਿਚ ਬੱਚੇ ਸਿਰ ਉੱਚਾ ਕਰ ਕੇ ਤੁਰ ਸਕਣ |
ਜਦੋਂ ਬਾਪ ਦੀ ਜੁੱਤੀ ਬੱਚੇ ਦੇ ਪੈਰੀਂ ਆਉਣ ਲਗਦੀ ਹੈ ਤਾਂ ਬਾਪ ਖ਼ੁਸ਼ ਹੁੰਦੈ | ਮੇਰਾ ਬੱਚਾ ਵੱਡਾ ਹੋ ਗਿਆ ਹੈ | ਦੋਸਤਾਂ ਦੀ ਲੋੜ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਬੱਚੇ ਅਸਲ ਦੋਸਤ ਬਣ ਜਾਂਦੇ ਹਨ, ਧੀਆਂ ਨੂੰ ਪੁੱਤਾਂ ਵਾਂਗ ਪਾਲਣਾ, ਪੜ੍ਹਾਉਣਾ ਤੇ ਸਹੀ ਸੇਧ ਦੇਣਾ ਇਕ ਧਰਮੀ ਬਾਬਲ ਦਾ ਫ਼ਰਜ਼ ਹੈ ਨਿਬੜਦੈ | ਬੱਚੇ ਵੀ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਦੇ ਹਨ | ਨਿਮਰਤਾ, ਹਲੀਮੀ, ਸਹਿਣਸ਼ੀਲਤਾ, ਸਵੈ-ਵਿਸ਼ਵਾਸ ਉੱਚਾ-ਸੁੱਚਾ ਆਚਰਣ ਤੇ ਕਿਰਤ ਕਰਨ ਵਰਗੇ ਗੁਣ ਧਾਰਨ ਕਰਕੇ ਸਮਾਜ ਵਿਚ ਬਾਪ ਦਾ ਨਾਂਅ ਉੱਚਾ ਕਰਦੇ ਹਨ |
ਜਿਥੇ ਮਾਂ ਬੱਚਿਆਂ ਲਈ ਘਰ ਦੇ ਸਾਰੇ ਕੰਮ ਸੁਚੱਜਤਾ ਨਾਲ ਕਰਦੀ ਹੈ, ਉਥੇ ਬਾਪ ਘਰ ਦੀ ਆਰਥਿਕਤਾ ਲਈ ਫ਼ਿਕਰਮੰਦ ਹੈ | ਬੇਸ਼ੱਕ ਅੱਜ ਔਰਤ ਕੰਮਕਾਜ਼ੀ ਤੇ ਕਮਾਊ ਹੈ ਫਿਰ ਵੀ ਵਧੇਰੇ ਜ਼ਿੰਮੇਵਾਰੀ ਮਰਦ ਸਿਰ ਹੈ | ਪਿਤਾ ਦੀ ਅਮੀਰੀ ਤੇ ਜਾਇਦਾਦ ਦਾ ਵੀ ਬੱਚਿਆਂ ਨੂੰ ਮਾਣ ਹੁੰਦਾ ਹੈ |
ਬਾਪ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੇ ਸੰਸਕਾਰ ਦੇ ਕੇ, ਨੈਤਿਕ ਕਦਰਾਂ-ਕੀਮਤਾਂ ਸਿਖਾ ਕੇ ਸੱਚ ਦੇ ਪਾਂਧੀ ਤੇ ਦੇਸ਼ ਦੇ ਸੁਚੱਜੇ ਨਾਗਰਿਕ ਬਣਾਉਂਦਾ ਹੈ, ਆਪ ਹਮੇਸ਼ਾ ਨਸ਼ਾ, ਦਾਜ, ਭਰੂਣ-ਹੱਤਿਆ, ਹਿੰਸਾ ਵਰਗੀਆਂ ਬੁਰਾਈਆਂ ਦੇ ਵਿਰੋਧ ਵਿਚ ਵਿਚਰਦਿਆਂ ਬੱਚਿਆਂ ਲਈ ਚਾਨਣ ਮੁਨਾਰਾ ਬਣਦਾ ਹੈ | ਜੋ ਬਾਪ ਅਜਿਹਾ ਨਹੀਂ ਕਰਦੇ ਬੱਚਿਆਂ ਦਾ ਜੀਵਨ ਹਨੇਰਾ ਕਰਦੇ ਹਨ | ਬੱਚਿਆਂ ਦਾ ਰੋਲ ਮਾਡਲ ਬਣਨ ਲਈ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਬਾਹਰ ਕੱਢਣਾ ਜ਼ਰੂਰੀ | ਕਹਿੰਦੇ ਨੇ 'ਜਿਹੀ ਕੋਕੋ ਤੇਹੇ ਬੱਚੇ' ਜੇ ਬਾਪ ਅੱਛਾ ਤਾਂ ਔਲਾਦ ਮਾੜੀ ਕਿਉਂ? ਪਿਤਾ ਦੇ ਅੰਦਰ ਕੁਰਬਾਨੀ ਦਾ ਅਥਾਹ ਜਜ਼ਬਾ ਹੋਣ ਕਰਕੇ ਤੱਤੇ ਠੰਢੇ ਸਮਿਆਂ ਵਿਚ ਸਭ ਕੁਝ ਆਪਣੇ ਬੱਚਿਆਂ ਤੋਂ ਵਾਰ ਦਿੰਦਾ ਹੈ |
ਖ਼ੁਸ਼ਕਿਸਮਤ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਦੇ ਸਿਰ 'ਤੇ ਮਾਂ-ਬਾਪ ਦੀ ਠੰਢੀ ਮਿੱਠੀ ਛਾਂ ਹੁੰਦੀ ਹੈ | ਬਾਪ ਦਾ ਸਾਇਆ ਸਿਰ ਤੋਂ ਉਠ ਜਾਵੇ ਤਾਂ ਬੱਚੇ ਆਪਣੇ-ਆਪ ਨੂੰ ਉਦਾਸ, ਨਿਮਾਣਾ ਤੇ ਕਮਜ਼ੋਰ ਸਮਝਦੇ ਹਨ | ਪਰ ਉਹ ਬੱਚੇ ਜੋ ਬਾਪ ਦੇ ਦੱਸੇ ਰਾਹਾਂ 'ਤੇ ਚਲਦੇ ਹਨ, ਸਮਾਜ ਵਿਚ ਸਤਿਕਾਰਯੋਗ ਸਥਾਨ ਬਣਾਈ ਰੱਖਦੇ ਹਨ |
ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬਾਪ ਨੇ ਉਂਗਲੀ ਲਾ ਕੇ ਤੁਰਨਾ ਸਿਖਾਇਆ, ਘਰ ਵਸਾਇਆ, ਉਸ ਦਾ ਸਥਾਨ ਕੀ ਹੈ | ਕੀ ਉਹ ਜ਼ਿੰਦਗੀ ਦੇ ਆਖਰੀ ਪਲ 'ਬੁਢਾਪਾ ਘਰ' ਵਿਚ ਤਾਂ ਨਹੀਂ ਬਤੀਤ ਕਰ ਰਿਹਾ? ਉਹ ਦਵਾ-ਦਾਰੂ ਤੋਂ ਔਖਾ ਤਾਂ ਨਹੀਂ? ਕੀ ਉਹ ਤੁਹਾਡੀ ਇਕ-ਪਿਆਰ ਛੋਹ ਨੂੰ ਤੇ ਨਹੀਂ ਤਰਸ ਰਿਹਾ? ਜੇ ਅਜਿਹਾ ਕੁਝ ਵੀ ਹੈ ਤਾਂ ਸੰਭਲੋ ਆਪਣੇ ਜਨਮਦਾਤੇ ਦਾ ਮਿਹਰ ਭਰਿਆ ਹੱਥ ਸਿਰ 'ਤੇ ਰਖਾਓ | ਅਸੀਸਾਂ ਲਓ, ਅਸੀਸ ਬਹੁਤ ਵੱਡੀ ਦਾਤ ਹੈ |
-0-

ਰੁੱਸਣ-ਮਨਾਉਣ ਦੇ ਬਦਲਦੇ ਢੰਗ ਬਲਾਕ, ਡਿਲੀਟ ਤੇ ਐਡ ਦਾ ਜ਼ਮਾਨਾ

ਅੱਜ ਦੇ ਜ਼ਮਾਨੇ ਨੂੰ ਜੇਕਰ ਸੋਸ਼ਲ ਮੀਡੀਆ ਦਾ ਜ਼ਮਾਨਾ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਸੋਸ਼ਲ ਮੀਡੀਆ ਨੇ ਸੰਸਾਰ ਨੂੰ ਗਲੋਬਲ ਪਿੰਡ ਬਣਾ ਦਿੱਤਾ ਹੈ ਤੇ ਲੋਕਾਂ ਦੀ ਨੇੜਤਾ ਏਨੀ ਵਧਾ ਦਿੱਤੀ ਹੈ ਕਿ ਵਿਦੇਸ਼ਾਂ ਵਿਚ ਬੈਠੇ ਰਿਸ਼ਤੇਦਾਰ-ਮਿੱਤਰ ਇਉਂ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਸਾਹਮਣੇ ਬੈਠੇ ਸਾਡੇ ਨਾਲ ਗੱਲਬਾਤ ਕਰ ਰਹੇ ਹਨ | ਜਿੱਥੇ ਸੋਸ਼ਲ ਮੀਡੀਆ ਨੇ ਵਿਦੇਸ਼ਾਂ ਦੀਆਂ ਦੂਰੀਆਂ ਘਟਾਈਆਂ ਹਨ, ਉੱਥੇ ਇਕ ਛੱਤ ਥੱਲੇ ਰਹਿੰਦੇ ਪਤੀ-ਪਤਨੀ, ਬੱਚਿਆਂ, ਮਾਤਾ-ਪਿਤਾ ਨਾਲ ਦੂਰੀਆਂ ਵਧਾ ਦਿੱਤੀਆਂ ਹਨ | ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿਚ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਨਾਲ ਚੈਟ (ਗੱਲਬਾਤ) ਕਰ ਕੇ ਆਪੇ ਮੁਸਕਰਾਉਂਦਾ ਰਹਿੰਦਾ ਹੈ | ਕਈ ਵਾਰ ਨੇੜੇ ਦੇ ਰਿਸ਼ਤੇ ਅਜਿਹੀ ਆਦਤ ਕਾਰਨ ਬੜਾ ਦੁਖੀ ਹੁੰਦੇ ਹਨ | ਘਰਾਂ ਵਿਚ ਅਨੇਕਾਂ ਵਾਰ ਅਜਿਹੀਆਂ ਗੱਲਾਂ ਕਰਕੇ ਰਿਸ਼ਤੇ ਟੁੱਟਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ | ਨੌਜਵਾਨ ਪੀੜ੍ਹੀ ਬੱਸਾਂ, ਗੱਡੀਆਂ, ਪਾਰਕਾਂ ਤੇ ਹੋਰ ਸਭ ਥਾਵਾਂ 'ਤੇ ਉਂਗਲਾਂ ਰਾਹੀਂ ਚੈਟਿੰਗ ਕਰਦੀ, ਲੜਦੀ, ਮੁਸਕਰਾਉਂਦੀ ਆਮ ਦੇਖੀ ਜਾਂਦੀ ਹੈ | ਮੂੰਹ ਖੋਲ੍ਹੇ ਤੋਂ ਬਿਨਾਂ ਹੀ ਉਂਗਲ ਲਾ ਕੇ ਦੂਜੇ ਨੂੰ ਖ਼ੁਸ਼ ਜਾਂ ਨਾਰਾਜ਼ ਕੀਤਾ ਜਾਂਦਾ ਹੈ | ਫੋਨ 'ਤੇ ਲੜਦੇ ਨੌਜਵਾਨ ਲੜਕੇ-ਲੜਕੀਆਂ ਆਮ ਹੀ ਦੇਖੇ ਜਾਂਦੇ ਹਨ | ਜਿਵੇਂ ਅਸੀਂ ਬਚਪਨ ਵਿਚ ਲੜ ਕੇ ਇਕ-ਦੂਜੇ ਨੂੰ 'ਕੱਟੀ-ਕੱਟੀ' ਕਹਿ ਕੇ ਛੱਡ ਦਿੰਦੇ ਸੀ, ਉਵੇਂ ਇਹ ਨੌਜਵਾਨ ਪ੍ਰੇਮੀ-ਪ੍ਰੇਮਿਕਾ, ਪਤੀ-ਪਤਨੀ ਅਤੇ ਦੋਸਤ-ਮਿੱਤਰ ਵੀ ਇਕ ਦੂਜੇ ਨੂੰ ਮੋਬਾਈਲ ਫੋਨ ਤੋਂ ਬਲਾਕ ਕਰ ਦਿੰਦੇ ਹਨ | ਗੱਲਬਾਤ ਕਰਨੀ ਬੰਦ ਕਰ ਦਿੰਦੇ ਹਨ | ਬਹੁਤ ਸਾਰੇ ਲੋਕ ਆਪਣੇ ਮਿੱਤਰਾਂ, ਸਹਿ-ਕਰਮੀਆਂ, ਲੇਖਕਾਂ ਜਾਂ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਦਾ ਗਰੁੱਪ ਬਣਾ ਕੇ ਵੱਖ-ਵੱਖ ਪੋਸਟਾਂ ਪਾਉਂਦੇ ਹਨ, ਚੈਟਿੰਗ ਕਰਦੇ ਹਨ | ਵਿਅਕਤੀਗਤ ਵਖਰੇਵੇਂ ਕਾਰਨ ਹਰ ਇਕ ਦੇ ਦੂਜਿਆਂ ਨਾਲ ਵਿਚਾਰ ਮੇਲ ਨਹੀਂ ਖਾਂਦੇ | ਕਈ ਵਾਰ ਅਜਿਹੇ ਗਰੁੱਪਾਂ ਵਿਚ ਉਂਗਲਾਂ ਨਾਲ ਭਾਵ ਚੈਟਿੰਗ ਕਰ ਕੇ ਲੜਾਈ ਹੁੰਦੀ ਵੀ ਵੇਖੀ ਗਈ ਹੈ | ਕਈ ਵਾਰ ਗਰੁੱਪ ਐਡਮਿਨ ਕਸੂਰਵਾਰ ਨੂੰ ਸਜ਼ਾ ਦੇਣ ਲਈ ਗਰੁੱਪ ਵਿਚੋਂ ਰਿਮੂਵ ਕਰ ਦਿੰਦੇ ਹਨ | ਜਦੋਂ ਕੁਝ ਦਿਨਾਂ ਬਾਅਦ ਗੁੱਸਾ ਸ਼ਾਂਤ ਹੋ ਜਾਂਦਾ ਹੈ, ਉਸ ਵਿਅਕਤੀ ਨੂੰ ਦੁਬਾਰਾ ਫਿਰ ਐਡ ਕਰ ਕੇ ਗਰੁੱਪ ਵਿਚ ਸ਼ਾਮਿਲ ਕਰ ਲੈਂਦੇ ਹਨ | ਪ੍ਰੋਫੈਸ਼ਨਲ ਗਰੁੱਪਾਂ ਵਿਚ ਕਈ ਵਾਰ ਵਿਸ਼ੇ ਤੋਂ ਬਾਹਰ ਦੀ ਗੱਲ ਭੇਜੀ ਜਾਵੇ, ਗਰੁੱਪ ਐਡਮਿਨ ਪੁੱਛਗਿੱਛ ਕਰਕੇ ਪਰਸਨਲ ਨੰਬਰ 'ਤੇ ਫੋਨ ਕਰ ਕੇ ਝਿੜਕਦੇ ਦੇਖੇ ਗਏ ਹਨ ਅਤੇ ਕੁਝ ਦਿਨਾਂ ਲਈ ਗਰੁੱਪ ਵਿਚੋਂ ਡਿਲੀਟ ਕਰ ਕੇ ਹਲਕੀ-ਫੁਲਕੀ ਸਜ਼ਾ ਵੀ ਦਿੱਤੀ ਜਾਂਦੀ ਹੈ |
ਅੱਜ ਦਾ ਜ਼ਮਾਨਾ ਏਨਾ ਬਦਲ ਗਿਆ ਹੈ ਕਿ ਰੁੱਸਣ-ਮਨਾਉਣ ਦਾ ਢੰਗ ਵੀ ਬਦਲ ਗਿਆ ਹੈ | ਕਈ ਵਾਰ ਕਿਸੇ ਸਿਰਫਿਰੇ ਤੋਂ ਰਿਸ਼ਤੇਦਾਰ ਜਾਂ ਜਾਣਕਾਰ, ਜੋ ਸਾਨੂੰ ਪਸੰਦ ਨਾ ਹੋਵੇ, ਉਸ ਤੋਂ ਖਹਿੜਾ ਛੁਡਾਉਣ ਲਈ ਵੀ ਉਸਨੂੰ ਬਲਾਕ ਕਰ ਦਿੱਤਾ ਜਾਂਦਾ ਹੈ | ਜਿਵੇਂ ਕਹਿੰਦੇ ਹਨ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਰਹਿ ਜਾਵੇ | ਭਾਵ ਅਜਿਹੇ ਇਨਸਾਨ ਤੋਂ ਖਹਿੜਾ ਛੁਡਾਉਣ ਲਈ ਉਸ ਦਾ ਨੰਬਰ ਬਲਾਕ (ਬੰਦ) ਕਰ ਦਿੱਤਾ ਜਾਂਦਾ ਹੈ | ਅਜਿਹਾ ਕਰ ਕੇ ਖੁੱਲ੍ਹੇਆਮ ਲੜਾਈ ਤੋਂ ਬਚਿਆ ਜਾ ਸਕਦਾ ਹੈ | ਸੋਸ਼ਲ ਮੀਡੀਆ 'ਤੇ ਲੋਕ ਲੜਦੇ, ਮਿਹਣੋ-ਮਿਹਣੀ ਹੁੰਦੇ, ਇਕ-ਦੂਜੇ ਨੂੰ ਸਵਾਲ-ਜਵਾਬ ਕਰਦੇ ਆਮ ਵੇਖੇ ਜਾਂਦੇ ਹਨ | ਜਿੱਥੇ ਇਸਦੇ ਲਾਭ ਹਨ, ਉੱਥੇ ਹਾਨੀਆਂ ਵੀ ਵੇਖੀਆਂ ਗਈਆਂ ਹਨ | ਜੇਕਰ ਸੋਸ਼ਲ ਮੀਡੀਆ ਸਮਾਜ ਭਲਾਈ ਦੇ ਕੰਮਾਂ ਨੂੰ ਉਤਸ਼ਾਹਿਤ ਕਰ ਕੇ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਦਾਨੀ ਸੱਜਣਾਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਂਦਾ ਹੈ, ਉੱਥੇ ਨੌਜਵਾਨ ਪੀੜ੍ਹੀ ਝੂਠੇ ਬਹਿਕਾਵੇ ਵਿਚ ਆ ਕੇ ਆਪਣੀ ਜ਼ਿੰਦਗੀ ਵੀ ਤਬਾਹ ਕਰਦੀ ਦੇਖੀ ਗਈ ਹੈ | ਦੰਗੇ ਭੜਕਾਉਣ ਵਿਚ ਵੀ ਸੋਸ਼ਲ ਮੀਡੀਆ ਸਭ ਤੋਂ ਅੱਗੇ ਹੈ |
ਆਧੁਨਿਕ ਤਕਨੀਕਾਂ ਵਰਤ ਕੇ ਜਿੱਥੇ ਕਈ ਲੋਕ ਕਈ ਬਿਮਾਰੀਆਂ ਦੇ ਹੱਲ ਲੱਭਦੇ ਹਨ, ਟੈਸਟਾਂ ਦੀ ਤਿਆਰੀ ਕਰਦੇ ਹਨ, ਵੱਡੇ-ਵੱਡੇ ਲੇਖਕਾਂ ਨੂੰ ਪੜ੍ਹਦੇ ਹਨ, ਵੱਖ-ਵੱਖ ਅਖ਼ਬਾਰ ਪੜ੍ਹਦੇ ਅਤੇ ਲਾਭਦਾਇਕ ਕੰਮ ਵੀ ਕਰਦੇ ਹਨ |
ਨੌਜਵਾਨ ਪੀੜ੍ਹੀ ਸਹਿਣਸ਼ੀਲਤਾ ਤੋਂ ਬਹੁਤ ਦੂਰ ਜਾ ਰਹੀ ਹੈ | ਸਾਡੇ ਮਨ ਵਿਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਆਉਂਦਾ ਰਹਿੰਦਾ ਹੈ, ਨਕਾਰਾਤਮਕ ਤੇ ਸਾਕਾਰਤਮਕ ਵੀ | ਆਮ ਲੋਕ ਜਦੋਂ ਵੀ ਕੋਈ ਵਿਚਾਰ ਮਨ ਵਿਚ ਆਇਆ, ਉਦੋਂ ਹੀ ਟਾਈਪ ਕਰਕੇ ਸਬੰਧਿਤ ਵਿਅਕਤੀ ਨੂੰ ਭੇਜ ਦਿੰਦੇ ਹਨ | ਭਾਵ ਵੇਲਾ-ਕੁਵੇਲ਼ਾ, ਰਾਤ-ਸਵੇਰਾ ਵੀ ਨਹੀਂ ਦੇਖਦੇ | ਇਨ੍ਹਾਂ ਗੱਲਾਂ ਕਰਕੇ ਕਈ ਵਾਰ ਉਨ੍ਹਾਂ ਨੂੰ ਪਛਤਾਉਣਾ ਵੀ ਪੈਂਦਾ ਹੈ |
ਸੋਸ਼ਲ ਮੀਡੀਆ ਦੀ ਵਰਤੋਂ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਹੀ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਕੁਝ ਨਾ ਕੁਝ ਚੰਗਾ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਛਤਾਉਣਾ ਨਾ ਪਵੇ |

-ਮੋਬਾਈਲ : 81469-33733

ਪਾਲੀਵੁੱਡ ਝਰੋਖਾ ਅਭਿਨੈ-ਪ੍ਰਭਾਵੀ ਨਾਇਕ : ਜਿੰਮੀ ਸ਼ੇਰਗਿੱਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੰਜਾਬੀ ਸਿਨੇਮਾ ਦੇ ਸੰਦਰਭ 'ਚ ਉਸ ਨੇ ਮਨਮੋਹਨ ਸਿੰਘ ਦੀ ਕਿਰਤ 'ਯਾਰਾਂ ਨਾਲ ਬਹਾਰਾਂ' ਰਾਹੀਂ ਪ੍ਰਵੇਸ਼ ਕੀਤਾ ਸੀ | ਇਹ ਫ਼ਿਲਮ ਕਾਫੀ ਸਫਲ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਪਾਲੀਵੁੱਡ ਦਾ ਚਹੇਤਾ ਨਾਇਕ ਬਣ ਗਿਆ ਸੀ |
ਜਿੰਮੀ ਨੇ ਪੰਜਾਬੀ ਫ਼ਿਲਮਾਂ 'ਚ ਵੀ ਵਿਭਿੰਨ ਪ੍ਰਕਾਰ ਦੀਆਂ ਭੂਮਿਕਾਵਾਂ ਪੇਸ਼ ਕੀਤੀਆਂ ਹਨ | ਉਸ ਦੀ 'ਮੰਨਤ' ਫ਼ਿਲਮ ਬਹੁਤ ਹੀ ਗ਼ੈਰ-ਪ੍ਰੰਪਰਾਵਾਦੀ ਫ਼ਿਲਮ ਸੀ | ਇਸ ਦਾ ਨਾਇਕ (ਨਿਹਾਲ ਸਿੰਘ) ਆਪਣੀ ਮਰ ਚੁੱਕੀ ਪਤਨੀ ਤੋਂ ਪੈਦਾ ਹੋਈ ਇਕਲੌਤੀ ਬੇਟੀ ਦੀ ਤਲਾਸ਼ 'ਚ ਭਟਕਦਾ ਫਿਰਦਾ ਹੈ | ਜਦੋਂ ਉਹ ਉਸ ਨੂੰ ਮਿਲਦੀ ਹੈ ਤਾਂ ਉਹ ਉਸ ਨੂੰ ਪਛਾਣ ਹੀ ਨਹੀਂ ਸਕਦੀ | ਇਕ ਬਾਪ ਦੇ ਇਸ ਅੰਤਰਮੁਖੀ ਸੰਤਾਪ ਨੂੰ ਜਿੰਮੀ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਸੀ | 'ਮੰਨਤ' ਨੇ ਪੰਜਾਬੀ ਸਿਨੇਮਾ ਦੇ ਖੇਤਰ 'ਚ ਇਕ ਨਵਾਂ ਦੌਰ ਕਾਇਮ ਕੀਤਾ ਸੀ |
ਇਸ ਗੰਭੀਰ ਫ਼ਿਲਮ ਦੇ ਉਲਟ ਜਿੰਮੀ ਨੇ 'ਤੇਰਾ ਮੇਰਾ ਕੀ ਰਿਸ਼ਤਾ' (2009) ਵਿਚ ਮੀਤ ਦੇ ਰੂਪ ਵਿਚ, 'ਮੇਲ ਕਰਾ ਦੇ ਰੱਬਾ' (2010) ਅਤੇ 'ਮੰੁਡੇ ਯੂ. ਕੇ. ਦੇ' (2009) ਵਿਚ ਰੁਮਾਂਟਿਕ ਪੱਧਰ ਦੀਆਂ ਭੂਮਿਕਾਵਾਂ ਪੇਸ਼ ਕੀਤੀਆਂ ਸਨ | 'ਮੇਲਾ ਕਰਾ ਦੇ ਰੱਬਾ' ਦੇ ਰੁਮਾਂਟਿਕ ਰੋਲ ਨੂੰ ਉਸ ਨੇ ਇੰਨੀ ਸਹਿਜਤਾ ਅਤੇ ਕੁਸ਼ਲਤਾ ਦੇ ਨਾਲ ਅਭਿਨੀਤ ਕੀਤਾ ਸੀ ਕਿ ਪੀ.ਟੀ.ਸੀ. ਚੈਨਲ ਨੇ ਉਸ ਦੇ ਆਧਾਰ 'ਤੇ ਸਰਬੋਤਮ ਅਦਾਕਾਰ ਦਾ ਇਨਾਮ ਉਸ ਨੂੰ ਦਿੱਤਾ ਸੀ |
ਇਸੇ ਹੀ ਤਰ੍ਹਾਂ ਜਿੰਮੀ ਨੇ ਆਪਣੀ ਅਭਿਨੈ ਪ੍ਰਤਿਭਾ ਦੀ ਵਿਭਿੰਨਤਾ ਪ੍ਰਦਰਸ਼ਤ ਕਰਦਿਆਂ ਹੋਇਆਂ 'ਧਰਤੀ' ਵਿਚ ਜੈਦੀਪ ਸਿੰਘ ਵਡਾਲਾ ਅਤੇ ਜੈ ਸਿੰਘ ਦੇ ਰੂਪ ਵਿਚ ਵਰਤਮਾਨ ਰਾਜਨੀਤੀ ਦੇ ਹਨੇਰਪੱਖੀ ਝੁਕਾਅ ਨੂੰ ਪ੍ਰਦਰਸ਼ਤ ਕੀਤਾ ਸੀ | 'ਧਰਤੀ' ਦਾ ਨਾਇਕ ਇਹ ਸਿੱਧ ਕਰਦਾ ਹੈ ਵਰਤਮਾਨ ਸਮੇਂ 'ਚ ਰਾਜਨੀਤੀ ਦਾ ਸਤਰ ਏਨਾ ਘਟੀਆ ਅਤੇ ਘਿ੍ਣਾਜਨਕ ਹੈ ਕਿ ਕੁਝ ਰਾਜਨੇਤਾ ਆਪਣੇ ਸੁਆਰਥ ਲਈ ਕਿਸੇ ਵੀ ਨੈਤਿਕ ਹੱਦ ਨੂੰ ਤੋੜ ਸਕਦੇ ਹਨ |
ਆਪਣੇ ਰਾਜਨੀਤਕ ਉਦੇਸ਼ਾਂ ਲਈ ਉਹ ਆਪਣਿਆਂ ਨੂੰ ਵੀ ਦਗ਼ਾ ਦੇ ਸਕਦੇ ਹਨ | ਅਪ੍ਰਤੱਖ ਰੂਪ ਵਿਚ 'ਧਰਤੀ' ਵਿਚ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਹੁਣ ਦੀ ਰਾਜਨੀਤੀ ਇਕ ਪ੍ਰਕਾਰ ਦੀ ਨੈਤਿਕਤਾ ਦੀ ਕਤਲਗਾਹ ਹੀ ਬਣ ਗਈ ਹੈ | ਇਸ ਫ਼ਿਲਮ ਦਾ ਇਕ ਹੋਰ ਮਜ਼ਬੂਤ ਪੱਖ ਇਹ ਸੀ ਕਿ ਇਹ ਤਕਨੀਕੀ ਤੌਰ 'ਤੇ ਬਹੁਤ ਹੀ ਘਟੀਆ ਕਿਰਤ ਸੀ | ਸ਼ਾਮ ਕੌਸ਼ਲ ਨੇ ਇਸ ਦੇ ਸਪੈਸ਼ਲ ਅਫੈਕਟਸ ਇਸ ਕੁਸ਼ਲਤਾ ਨਾਲ ਫ਼ਿਲਮਬੱਧ ਕੀਤੇ ਸਨ ਕਿ ਉਹ ਕਿਸੇ ਵੀ ਵਧੀਆ ਬਾਲੀਵੁੱਡ ਦੀ ਐਕਸ਼ਨ ਫ਼ਿਲਮ ਦਾ ਮੁਕਾਬਲਾ ਬੜੀ ਆਸਾਨੀ ਨਾਲ ਕਰ ਸਕਦੇ ਸਨ |
ਜਿੰਮੀ ਸ਼ੇਰਗਿੱਲ ਦੀ ਪੰਜਾਬੀ ਸਿਨੇਮਾ 'ਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਦਾ ਪ੍ਰਗਟਾਵਾ 'ਹੀਰੋ—ਨਾਮ ਯਾਦ ਰੱਖੀਂ' (2016) ਤੋਂ ਵੀ ਆਸਾਨੀ ਨਾਲ ਹੋ ਸਕਦਾ ਹੈ | ਇਹ ਇਕ ਤਰ੍ਹਾਂ ਦੀ ਐਕਸ਼ਨ ਥਿ੍ਲਰ ਫ਼ਿਲਮ ਸੀ | 'ਹੀਰੋ' ਦੀ ਵਧੇਰੇ ਕਰਕੇ ਸ਼ੂਟਿੰਗ ਵੀ ਵਿਦੇਸ਼ਾਂ (ਕੈਨੇਡਾ) ਵਿਚ ਹੋਈ ਸੀ | ਬਲਜੀਤ ਦਿਓ ਦਾ ਨਿਰੇਦਸ਼ਨ ਵੀ ਉੱਚ ਸਤਰ ਦਾ ਸੀ | ਕਹਿਣ ਦਾ ਭਾਵ ਇਹ ਹੈ ਕਿ ਇਸ ਦਾ ਬਜਟ ਅਤੇ ਤਕਨੀਕੀ ਪੱਖ ਕਿਸੇ ਵੀ ਬਾਲੀਵੁੱਡ ਦੇ ਥਿ੍ੱਲਰ ਦਾ ਮੁਕਾਬਲਾ ਕਰ ਸਕਦੇ ਹਨ |
ਸਿਰਫ਼ ਨਾਇਕ ਬਣ ਕੇ ਹੀ ਨਹੀਂ ਬਲਕਿ ਨਿਰਮਾਤਾ ਬਣ ਕੇ ਵੀ ਜਿੰਮੀ ਸ਼ੇਰਗਿੱਲ ਪਾਲੀਵੁੱਡ ਨੂੰ ਪ੍ਰੋਤਸਾਹਤ ਕਰ ਰਿਹਾ ਹੈ | ਇਸ ਦਿ੍ਸ਼ਟੀਕੋਣ ਤੋਂ ਉਸ ਨੇ ਮੰੁਬਈ ਦੀ ਇਰੋਜ਼ ਕੰਪਨੀ ਨਾਲ ਇਕ ਇਕਰਾਰਨਾਮਾ ਕੀਤਾ ਹੋਇਆ ਹੈ | 'ਧਰਤੀ', 'ਟੋਹਰ ਮਿੱਤਰਾਂ ਦੀ', 'ਸਾਡੀ ਲਵ ਸਟੋਰੀ' ਅਤੇ 'ਰੰਗੀਲੇ' ਆਦਿ ਫ਼ਿਲਮਾਂ ਦਾ ਨਿਰਮਾਣ ਇਸ ਗੱਠਜੋੜ ਕਰਕੇ ਹੀ ਸੰਭਵ ਹੋਇਆ ਸੀ |
ਨਿੱਜੀ ਜੀਵਨ 'ਚ ਜਿੰਮੀ ਬਹੁਤ ਹੀ ਅੰਤਰਮੁਖੀ ਪ੍ਰਵਿਰਤੀਆਂ ਵਾਲਾ ਵਿਅਕਤੀ ਹੈ | ਉਸ ਦੀ ਸ਼ਾਦੀ ਦਿੱਲੀ ਦੀ ਪਿ੍ਅੰਕਾ ਪੁਰੀ ਨਾਲ ਹੋਈ ਹੈ ਅਤੇ ਉਸ ਦਾ ਇਕ ਬੇਟਾ (ਵੀਰ ਸ਼ੇਰਗਿੱਲ) ਵੀ ਹੈ |
ਪਰ ਸਾਨੂੰ ਕਿਸੇ ਵੀ ਕਲਾਕਾਰ ਦੇ ਨਿੱਜੀ ਜੀਵਨ ਤੋਂ ਉਸ ਦੀ ਕਲਾ ਨੂੰ ਪਰਖਣਾ ਨਹੀਂ ਚਾਹੀਦਾ | ਕਲਾਕਾਰ ਦੀ ਕਰਮ ਭੂਮੀ ਉਸ ਦੀ ਕਲਾ ਪ੍ਰਤੀ ਪ੍ਰਤੀਬੱਧਤਾ ਹੀ ਹੁੰਦੀ ਹੈ | ਇਸ ਦਿ੍ਸ਼ਟੀਕੋਣ ਤੋਂ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਸਿਨੇਮਾ ਬਾਰੇ ਪ੍ਰਤੀਬੱਧਤਾ ਇਤਿਹਾਸਕ ਮਹੱਤਤਾ ਰੱਖਦੀ ਹੈ | ਸ਼ਾਇਦ ਉਹ ਇਕੱਲਾ ਅਜਿਹਾ ਨਾਇਕ ਹੈ ਜਿਸ ਨੇ ਗਾਇਕ-ਨਾਇਕ ਦੇ ਦੌਰ 'ਚ ਵੀ ਅਭਿਨੈ ਪ੍ਰਭਾਵੀ ਨਾਇਕ ਹੀ ਰਵਾਇਤ ਨੂੰ ਕਾਇਮ ਰੱਖਿਆ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਹਿੰਦੁਸਤਾਨ ਦੀ ਯਾਦ ਵਿਚ ਮਹਾਰਾਣੀ ਵਿਕਟੋਰੀਆ ਦਾ ਦਰਬਾਰ ਹਾਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਰਬਉੱਚ ਸੰਗ੍ਰਹਿ : ਵਿਸ਼ਾਲ ਦਰਬਾਰ ਹਾਲ ਵਿਚ ਚਲਦੇ ਹੋਏ ਅਸੀਂ ਉਸ ਦੇ ਅਨੋਖੇ ਪ੍ਰਦਰਸ਼ਨਾਂ ਨੂੰ ਸਰਾਹਿਆ ਜਿਨ੍ਹਾਂ ਉੱਤੇ ਬੋਰਡਾਂ 'ਤੇ ਉਨ੍ਹਾਂ ਬੇਸ਼ਕੀਮਤੀ ਚੀਜ਼ਾਂ ਦਾ ਵੇਰਵਾ ਵੀ ਸੀ—
• ਸੋਨੇ ਚਾਂਦੀ ਦੀ ਪੇਟੀ ਜਿਸ 'ਤੇ 'ਸੁਰੱਕਸ਼ਕ ਵਿਸ਼ਣੂ' ਆਪਣੇ ਸੱਪ ਸ਼ੇਸ਼ਨਾਗ 'ਤੇ ਲੰਮੇ ਪਏ ਹੋਏ ਹਨ ਜੋ ਮਹਾਰਾਣੀ ਦੀ ਡਾਇਮੰਡ ਜੁਬਲੀ 'ਤੇ 1897 ਵਿਚ ਭੇਟ ਕੀਤੀ ਗਈ ਸੀ | ਨਾਲ ਹੀ ਵਿਸ਼ਣੂ ਦੇ 10 ਅਵਤਾਰਾਂ ਦੀ ਵੀ ਨੱਕਾਸ਼ੀ ਕੀਤੀ ਗਈ ਸੀ |
• ਚੰਦਨ ਦਾ ਹਾਥੀ ਦੰਦ ਅਤੇ ਟੋਰਟੋਈਸ ਸ਼ੈੱਲ ਦਾ ਬਾਰੀਕ ਨੱਕਾਸ਼ੀ ਵਾਲੇ ਪੈਨਲ ਜਿਸ 'ਤੇ ਵਿਸ਼ਣੂ ਦਾ ਪੰਛੀ ਗਰੁੜ ਅਤੇ ਹਾਥੀ ਬਣੇ ਹੋਏ ਸਨ |
• ਸੂਰਤ ਸ਼ਹਿਰ ਦੀਆਂ ਔਰਤਾਂ ਅਤੇ ਕਰਨਾਟਕ ਦੇ ਗੁੜੀ ਘਰ ਕਲਾਕਾਰਾਂ ਵਲੋਂ ਬਣਿਆ ਬੇਸ਼ਕੀਮਤੀ ਚੰਦਨ ਦਾ ਡੱਬਾ |
• ਮਹਿੰਗੇ ਹਾਥੀ ਦੰਦ ਦਾ 19ਵੀਂ ਸਦੀ ਦਾ ਪਿੱਠ ਖੁਰਕਣ ਵਾਲਾ ਹੱਥ |
• 18ਵੀਂ ਸਦੀ ਦੇ ਬਰਤਾਨੀਆ ਵਿਚ ਹਰਮਨਪਿਆਰੇ ਭਾਰਤੀ ਅੰਬੀ ਡਿਜ਼ਾਈਨ ਦੀ ਥੈਲੀ ਜਿਸ 'ਤੇ ਬਰਤਾਨਵੀ ਰਾਜ ਪਰਿਵਾਰ ਦਾ ਰਾਜਸੀ ਚਿੰਨ੍ਹ ਬਣਿਆ ਹੋਇਆ ਸੀ |
• ਵਿਸ਼ਣੂ ਦੀ ਸੋਪ ਸਟੋਨ ਪੱਥਰ ਦੀ ਸੁੰਦਰ ਮੂਰਤੀ ਜੋ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਹਿੱਸਾ ਹੈ | 27 ਬੀ. ਸੀ. ਤੋਂ ਲੈ ਕੇ 395 ਏ. ਡੀ. ਦਰਮਿਆਨ ਭਾਰਤੀ ਸ਼ਿਲਪੀ ਰੋਮਨ ਸਾਮਰਾਜ ਵਿਚ ਸੋਪਸਟੋਨ ਦੀ ਮੋਹਰ ਅਤੇ ਅੰਗੂਠੀਆਂ ਬਰਾਮਦ ਕਰਦੇ ਸਨ |
• ਉਦੋਂ ਸਾਨੂੰ ਅਨੋਖੀ ਮੋਮ ਕਲਾ ਨਾਲ ਬਣੀ ਕਾਂਸੀ ਦੀ ਸ੍ਰੀ ਕ੍ਰਿਸ਼ਨ ਦੀ ਮੂਰਤੀ ਦਿਸੀ ਜੋ 5000 ਸਾਲ ਪੁਰਾਣੀ ਕਲਾ ਹੈ ਪਰ ਹੁਣ ਲੁਪਤ ਹੋ ਗਈ ਹੈ | ਇਸ ਮੁਸ਼ਕਿਲ ਪ੍ਰਕਿਰਿਆ ਵਿਚ, ਸਾਂਚੇ ਵਿਚ ਮੋਮ ਤੋਂ ਸ਼ੁਰੂ ਕਰ ਕੇ, ਫਿਰ ਮਿੱਟੀ ਨਾਲ ਅਤੇ ਅੰਤ ਵਿਚ ਮੋਮ ਪਿਘਲਾ ਕੇ ਤਰਲ ਧਾਤੂ ਉਡੇਲ ਦਿੱਤੀ ਜਾਂਦੀ ਹੈ |
ਏਕੜਾਂ ਵਿਚ ਫੈਲਿਆ ਬਾਗ਼ : ਮਹਾਰਾਜਾ ਦਲੀਪ ਸਿੰਘ, ਭਾਈ ਰਾਮ ਸਿੰਘ, ਭਾਰਤੀ ਸੇਵਕ ਅਤੇ 19ਵੀਂ ਸਦੀ ਦੇ ਲਗਪਗ ਹਰੇਕ ਸੂਬੇ ਤੋਂ ਆਏ ਮਹਾਰਾਣੀ ਵਿਕਟੋਰੀਆ ਦੇ ਬਹੁਕੀਮਤੀ ਤੋਹਫ਼ਿਆਂ ਦੀਆਂ ਅਮਿੱਟ ਯਾਦਾਂ ਲੈ ਕੇ ਅਸੀਂ ਦਰਬਾਰ ਹਾਲ ਤੋਂ ਵਿਦਾ ਲਈ ਅਤੇ ਬਾਹਰ ਬਾਗ਼ ਵਿਚ ਆ ਗਏ | ਉੱਪਰਲੀ ਮੰਜ਼ਿਲ ਤੋਂ ਦਿਸਦੇ 'ਐਡ੍ਰੋਮਿਡਾ' ਫੁਹਾਰੇ ਦੇ ਨੇੜਿਓਾ ਤੋਂ 'ਬਰੋਡ ਵੋਕ' ਰਸਤਾ ਢਲਾਣ ਤੋਂ ਹੇਠਾਂ ਜਾਂਦਾ ਹੋਇਆ ਦੂਰ ਨੀਲੇ ਸਮੁੰਦਰ ਵਿਚ ਮਿਲ ਰਿਹਾ ਸੀ, ਜਿਸ ਦੀ ਪਿੱਠਭੂਮੀ 'ਤੇ ਨੀਲਮ ਜਿਹਾ ਆਕਾਸ਼ ਸੀ |
ਸੁੰਦਰ ਦਿ੍ਸ਼ਾਂ ਵਾਲਾ ਸਮੁੰਦਰ ਕਿਨਾਰਾ : ਪ੍ਰਾਚੀਨ ਸੰਘਣੇ ਜੰਗਲਾਂ ਵਿਚੀਂ ਹੋ ਕੇ ਅਸੀਂ ਦੂਰ ਓਸਰਬੋਨ ਬੀਚ ਵੱਲ ਚੱਲ ਪਏ ਜੋ ਬੀਤੇ ਸਮੇਂ ਵਿਚ ਰਾਜ ਜੋੜੇ ਵਿਕਟੋਰੀਆ ਅਤੇ ਐਲਬਰਡ ਦੀ ਨਿੱਜੀ ਬੀਚ ਸੀ | ਉਥੋਂ ਦਾ ਦਿ੍ਸ਼ ਵਿਸ਼ਾਲਦਰਸ਼ੀ ਅਤੇ ਮਨਮੋਹਣਾ ਸੀ, ਜਿਵੇਂ ਕੋਈ ਚਿੱਤਰਕਲਾ ਹੋਵੇ | ਆਈਸਕ੍ਰੀਮ ਦਾ ਆਨੰਦ ਲੈ ਕੇ ਅਸੀਂ ਮਹਾਰਾਣੀ ਵਿਕਟੋਰੀਆ ਦਾ ਇਸ਼ਨਾਨ ਕੈਰਿਜ ਦੇਖਣ ਗਏ, ਜਿਸ ਨੂੰ ਸਭ ਤੋਂ ਪਹਿਲਾਂ ਸਮੁੰਦਰ ਵਿਚ ਧੱਕਿਆ ਜਾਂਦਾ ਸੀ ਤਾਂ ਕਿ ਮਹਾਰਾਣੀ ਉਸ ਤੋਂ ਉਤਰ ਕੇ ਤੈਰਾਕੀ ਦਾ ਆਨੰਦ ਲੈ ਸਕੇ ਅਤੇ ਬਾਅਦ ਵਿਚ ਉਸ ਦੇ ਅੰਦਰ ਬਣੇ ਕਮਰੇ ਵਿਚ ਗਿੱਲੇ ਕੱਪੜੇ ਬਦਲ ਕੇ ਦੁਬਾਰਾ ਤਿਆਰ ਹੋ ਜਾਵੇ | ਕਲਪਨਾ ਦੇ ਸੰਸਾਰ ਵਿਚ ਮੈਂ ਸਾਲ 1847 ਵਿਚ ਦੇਖਿਆ ਕਿ ਇਸ਼ਨਾਨ-ਕੈਰਿਜ ਸਮੁੰਦਰ ਵਿਚ ਖੜ੍ਹਾ ਹੈ ਅਤੇ ਮਹਾਰਾਣੀ ਗਾਊਨ ਅਤੇ ਛੋਟੀ ਟੋਪੀ ਪਾ ਕੇ ਇਸ਼ਨਾਨ ਲਈ ਉਤਰ ਰਹੀ ਹੈ | ਕਦੀ-ਕਦੀ ਇਸ਼ਨਾਨ ਕੈਰਿਜ ਦੇ ਲਗਪਗ 146 ਮੀਟਰ ਦੇ ਰਸਤੇ ਨੂੰ ਤੈਅ ਕਰਨ ਲਈ ਘੋੜਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ |
ਸ਼ਾਮ ਹੋਣ ਤੋਂ ਪਹਿਲਾਂ ਅਸੀਂ ਵਾਪਸ ਸ਼ਾਹੀ ਭਵਨ ਓਸਰਬੋਨ ਵੱਲ ਚੱਲ ਪਏ ਕਿਉਂਕਿ ਉਸ ਦਾ ਬੰਦ ਹੋਣ ਦਾ ਸਮਾਂ ਨੇੜੇ ਸੀ | ਘਰ ਦੇ ਅਤਿ ਸੁੰਦਰ ਕਮਰੇ ਜਿਵੇਂ ਆਪਣੀ-ਆਪਣੀ ਕਹਾਣੀ ਸੁਣਾਉਂਦੇ ਹੋਣ, ਸੰਸਾਰ ਭਰ ਵਿਚ ਫੈਲੇ ਬਰਤਾਨੀਆ ਸਾਮਰਾਜ ਦੀ, ਰਾਜ ਪਰਿਵਾਰ ਦੀ, ਰਾਜ ਵਿਆਹ ਦੀ, ਰਾਜ ਜੋੜੇ ਦੇ ਨਿੱਜੀ ਜੀਵਨ ਅਤੇ ਪ੍ਰੇਮ ਦੀ... ਅਣਗਿਣਤ ਕਹਾਣੀਆਂ | ਦੂਜੇ ਪਾਸੇ ਅਤੀਤ ਵਿਚ ਗਵਾਚੀ, ਦੁੱਖ ਅਤੇ ਖੁਸ਼ੀ ਦੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਅਤੇ ਯਾਦਾਂ ਸਨ ਜੋ ਮਹਾਰਾਜਾ ਦਲੀਪ ਸਿੰਘ, ਭਾਈ ਰਾਮ ਸਿੰਘ ਅਤੇ ਅਬਦੁਲ ਕਰੀਮ ਨਾਲ ਜੁੜੀਆਂ ਹੋਈਆਂ ਸੀ | ਕੀ ਮਹਾਰਾਣੀ ਨੂੰ ਅਸਲ ਵਿਚ ਭਾਰਤ ਨਾਲ ਬਹੁਤ ਲਗਾਅ ਸੀ, ਜਿਸ ਦਾ ਮੂਕ ਪ੍ਰਤੱਖਦਰਸ਼ੀ ਦਰਬਾਰ ਹਾਲ ਅਤੇ ਇਹ ਸਭ ਭਾਰਤੀ ਸਨ | (ਸਮਾਪਤ)

-seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਮੈਂ ਪਿੰਗਲਵਾੜਾ, ਅੰਮਿ੍ਤਸਰ ਵਿਖੇ ਖਿੱਚੀ ਸੀ | ਭਾਈ ਮਹਿੰਦਰ ਸਿੰਘ ਲੰਦਨ ਵਾਲੇ ਧਾਰਮਿਕ ਸਥਾਨਾਂ ਦੀ ਕਾਰ ਸੇਵਾ ਕਰਦੇ ਹਨ ਤੇ ਪੂਰੇ ਗੁਰਸਿੱਖ ਸੱਜਣ ਹਨ | ਸੋਹਣੀ ਸੂਰਤ ਤੇ ਸੀਰਤ ਦੇ ਮਾਲਕ ਹਨ | ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਨੇ ਪਿੰਡ ਢਾਹਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਬਣਵਾਇਆ ਸੀ | ਬਾਬਾ ਬੁੱਧ ਸਿੰਘ ਸਮਾਜ ਸੇਵਕ ਗੁਰਸਿੱਖ ਸਨ | ਢਾਹਾਂ ਤੋਂ ਬਾਬਾ ਬੁੱਧ ਸਿੰਘ ਸੇਵਾਮੁਕਤ ਕਰ ਦਿੱਤੇ ਗਏ ਸਨ | ਫਿਰ ਉਨ੍ਹਾਂ ਗੜ੍ਹਸ਼ੰਕਰ ਨੇੜੇ ਨਵਾਂ ਹਸਪਤਾਲ ਬਣਵਾਇਆ ਸੀ, ਜਿਥੇ ਉਹ ਲੋਕ ਸੇਵਾ ਕਰਦੇ ਸਨ | ਇਸ ਵਕਤ ਉਹ ਇਸ ਸੰਸਾਰ ਵਿਚ ਨਹੀਂ ਹਨ, ਇਹ ਤਸਵੀਰ ਇਕ ਯਾਦ ਬਣ ਗਈ ਹੈ |

-ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX