ਤਾਜਾ ਖ਼ਬਰਾਂ


ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  8 minutes ago
ਬਾਘਾਪੁਰਾਣਾ, 20 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀ ਦੂਸਰੀ ਮੋਹਲ਼ੇਧਾਰ ਬਰਸਾਤ ਬੇਸ਼ੱਕ 15-20 ਮਿੰਟ ਹੋਈ ਪਰ ਗੰਦੇ ਪਾਣੀ ਅਤੇ ਮੀਂਹ ਨੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਘਾ ਪੁਰਾਣਾ ਦੀ ਮੋਗੇ ਵਾਲੀ ਜੀ.ਟੀ. ਰੋਡ, ਜਿਸ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  21 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  31 minutes ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  48 minutes ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  about 1 hour ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 1 hour ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 1 hour ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 2 hours ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 2 hours ago
ਗੁਹਾਟੀ, 20 ਜੁਲਾਈ- ਅਸਮ ਵਿੱਚ ਹੜ੍ਹ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਆਸਾਮ ਵਿੱਚ ਹੜ੍ਹ ਕਾਰਨ 1.79 ਲੱਖ ਹੈਕਟੇਅਰ ਫ਼ਸਲ ਤਬਾਹ ਹੋ ਚੁੱਕੀ ਹੈ। ਬਾਰਪੋਟਾ ਜ਼ਿਲ੍ਹੇ ਵਿੱਚ 6000 ਤੋਂ ...
ਹੋਰ ਖ਼ਬਰਾਂ..

ਸਾਡੀ ਸਿਹਤ

ਅੱਜ 'ਕੌਮਾਂਤਰੀ ਯੋਗ ਦਿਵਸ' 'ਤੇ ਵਿਸ਼ੇਸ਼

ਰੋਜ਼ ਕਰੋ ਯੋਗ - ਖ਼ਤਮ ਹੋਣਗੇ ਸਭ ਰੋਗ

ਯੋਗ ਭਾਰਤ ਦੇ ਰਿਸ਼ੀਆਂ-ਮੁਨੀਆਂ ਰਾਹੀਂ ਸੰਸਾਰ ਨੂੰ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹੈ। ਯੋਗ ਸਿਰਫ਼ ਆਸਨ ਨਹੀਂ ਹੈ, ਬਲਕਿ ਇਹ ਬਿਨਾਂ ਕਿਸੇ ਖ਼ਰਚ ਦੇ ਫਿਟਨੈੱਸ ਦੀ ਗਾਰੰਟੀ ਵੀ ਦਿੰਦਾ ਹੈ। ਯੋਗ ਸਵੇਰ ਸਮੇਂ ਕੀਤੀ ਜਾਣ ਵਾਲੀ ਕਿਰਿਆ ਹੀ ਨਹੀਂ, ਬਲਕਿ ਇਹ ਰੋਜ਼ਾਨਾ ਦੇ ਕੰਮਾਂ ਨੂੰ ਪੂਰੀ ਸਾਵਧਾਨੀ ਨਾਲ ਕਰਨ ਦੀ ਸ਼ਕਤੀ ਵੀ ਹੈ। ਯੋਗ ਸਾਡੀ ਸੋਚ, ਕੰਮ ਗਿਆਨ ਅਤੇ ਸਮਰਪਣ ਨੂੰ ਤਾਕਤ ਦਿੰਦਾ ਹੈ ਤਾਂ ਜੋ ਅਸੀਂ ਇਕ ਵਧੀਆ ਇਨਸਾਨ ਬਣ ਸਕੀਏ। ਯੋਗ ਨਾਲ ਜਿਥੇ ਅਸੀਂ ਦੂਸਰਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਉਥੇ ਅਸੀਂ ਆਪਣੇ-ਆਪ ਨੂੰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਅੱਜ ਵਿਅਕਤੀ ਆਧੁਨਿਕ ਜੀਵਨ ਸ਼ੈਲੀ ਨਾਲ ਪੈਦਾ ਹੋਈਆਂ ਸਮੱਸਿਆਵਾਂ ਨਾਲ ਪੀੜਤ ਹੈ। ਤਣਾਅ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੌਲੀ-ਹੌਲੀ ਵਿਅਕਤੀ ਨੂੰ ਮਾਰ ਰਹੀਆਂ ਹਨ। ਯੋਗ ਇਨਾਂ ਸਾਰੀਆਂ ਬਿਮਾਰੀਆਂ ਨੂੰ ਖ਼ਤਮ ਕਰਕੇ ਸਰੀਰ, ਮਨ ਅਤੇ ਬੁੱਧੀ ਨੂੰ ਤਣਾਅ ਮੁਕਤ ਕਰਕੇ ਆਨੰਦ ਦਿੰਦਾ ਹੈ। ਥੋੜ੍ਹਾ ਜਿਹਾ ਪ੍ਰਾਣਾਯਾਮ ਜਾਂ ਸ਼ਾਹਾਂ ਦੀਆ ਕਿਰਿਆਵਾਂ ਸਾਨੂੰ ਆਰਾਮ ਅਤੇ ਊਰਜਾ ਦਿੰਦੀਆਂ ਹਨ। ਸੰਯਮ ਅਤੇ ਸੰਤੁਲਨ ਦਾ ਨਾਂਅ ਹੈ ਯੋਗ। ਦਿਮਾਗੀ ਤਣਾਅ ਤੋਂ ਮਨ ਦੀ ਸ਼ਾਂਤੀ ਵੀ ਦਿਵਾਉਂਦਾ ਹੈ ਯੋਗ।
ਯੋਗ ਕੋਈ ਨਵੀਂ ਪ੍ਰਣਾਲੀ ਨਹੀਂ ਹੈ, ਬਲਕਿ ਹਜ਼ਾਰਾਂ ਸਾਲ ਪੁਰਾਣੀ ਪ੍ਰਣਾਲੀ ਹੈ। ਪਰ ਸਾਡੇ ਦੇਸ਼ 'ਚ ਯੋਗ ਕੁਝ ਆਸ਼ਰਮਾਂ ਤੱਕ ਹੀ ਸੀਮਤ ਰਿਹਾ। ਅਜੋਕੇ ਸਮੇਂ ਵਿਚ ਯੋਗ ਗੁਰੂ ਸਵਾਮੀ ਰਾਮਦੇਵ ਨੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇਤਿਹਾਸਕ ਕੰਮ ਕੀਤਾ। 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 69ਵੇਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਦੇ ਲੋਕਾਂ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ। 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ 'ਕੌਮਾਂਤਰੀ ਯੋਗ ਦਿਹਾੜਾ' ਮਨਾਉਣ ਦਾ ਸੰਕਲਪ ਸਰਬ ਸੰਮਤੀ ਨਾਲ ਪਾਸ ਕੀਤਾ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਇਸ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਦਿਵਾਈ। ਹੁਣ 21 ਜੂਨ ਨੂੰ ਪੂਰੇ ਸੰਸਾਰ ਵਿਚ 'ਯੋਗ ਦਿਵਸ' ਮਨਾਇਆ ਜਾਣ ਲੱਗਾ ਹੈ। ਅੱਜ ਜਿਥੇ ਪੂਰੇ ਸੰਸਾਰ ਵਿਚ ਯੋਗ ਦਾ ਬੋਲਬਾਲਾ ਹੈ ਅਤੇ ਹਰ ਕੋਈ ਇਸ ਨੂੰ ਅਪਣਾ ਰਿਹਾ ਹੈ, ਉਥੇ ਨਵੀਂ ਪੀੜ੍ਹੀ ਇੰਟਰਨੈੱਟ ਅਤੇ ਮੋਬਾਈਲ ਵਿਚ ਐਨੀ ਮਸ਼ਰੂਫ ਹੋ ਗਈ, ਕਿ ਉਸ ਨੂੰ ਆਪਣੀ ਤੰਦਰੁਸਤੀ ਦਾ ਰਤਾ ਵੀ ਖ਼ਿਆਲ ਨਹੀਂ। ਮੇਰਾ ਵਿਚਾਰ ਹੈ ਜੇਕਰ ਯੋਗ ਦੀ ਜ਼ਰੂਰਤ ਅੱਜ ਦੀ ਤਰੀਕ ਵਿਚ ਕਿਸੇ ਨੂੰ ਹੈ, ਤਾਂ ਉਹ ਹੈ ਨਵੀਂ ਪੀੜ੍ਹੀ ਨੂੰ। ਕੇਂਦਰੀ ਸਰਕਾਰ ਨੂੰ ਚਾਹੀਦਾ ਹੈ ਕਿ ਯੋਗ ਨੂੰ ਸਕੂਲੀ ਵਿੱਦਿਆ ਵਿਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਜਾਵੇ, ਤਾਂ ਜੋ ਬੱਚਿਆਂ ਵਿਚ ਬਚਪਨ ਤੋਂ ਹੀ ਇਸ ਪ੍ਰਤੀ ਝੁਕਾਅ ਪੈਦਾ ਹੋਵੇ ਅਤੇ ਬਚਪਨ ਬਿਮਾਰੀ ਤੋਂ ਮੁਕਤ ਹੋਵੇ।
ਰੋਜ਼ ਕਰੋ ਯੋਗ, ਖ਼ਤਮ ਹੋਣਗੇ ਸਭ ਰੋਗ
ਤੁਸੀਂ ਜਾਣਦੇ ਹੀ ਹੋ ਕਿ ਯੋਗ ਸੰਸਕ੍ਰਿਤ ਦੇ ਸ਼ਬਦ 'ਯੁਜ਼' ਤੋਂ ਬਣਿਆ ਹੈ। ਯੋਗ ਦਾ ਅਰਥ ਹੈ ਜੋੜਨਾ। ਇਹ ਮਨੁੱਖੀ ਸਰੀਰ ਅੰਦਰ ਮਨ ਅਤੇ ਆਤਮਾ ਵਿਚਕਾਰ ਸੰਜਮ ਪੈਦਾ ਕਰਦਾ ਹੈ, ਜਿਸ ਨਾਲ ਸ਼ਕਤੀਆਂ ਜਾਨਣ ਲੱਗਦੀਆਂ ਹਨ। ਪੁਰਾਣੇ ਸਮੇਂ ਤੋਂ ਹੀ ਯੋਗ ਨੂੰ ਸਮਾਧੀ ਲਾਉਣ, ਯੋਗ ਕਿਰਿਆਵਾਂ ਨਾਲ ਪਰਮਾਤਮਾ ਨੂੰ ਪਾਉਣ ਦਾ ਸਾਧਨ ਮੰਨਿਆ ਜਾਂਦਾ ਰਿਹਾ ਹੈ। ਇਹ ਕਿਸੇ ਵੀ ਉਮਰ ਵਿਚ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਸ਼ੁਰੂ ਵਿਚ ਕਿਸੇ ਯੋਗ ਮਾਹਿਰ ਦੀ ਦੇਖ-ਰੇਖ ਵਿਚ ਹੀ ਅਭਿਆਸ ਕਰਨਾ ਚਾਹੀਦਾ, ਪਤੰਜਲੀ ਰਿਸ਼ੀ ਨੂੰ ਯੋਗ ਦਰਸਨ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਯੋਗ ਨੂੰ 8 ਅੰਗਾਂ ਭਾਵ ਅਸ਼ਟਾਮ ਯੋਗ ਵਿਚ ਕ੍ਰਮਵਾਰ ਇਸ ਪ੍ਰਕਾਰ ਵੰਡਿਆ ਹੈ : 1 ਯਮ, 2 ਨਿਯਮ, 3 ਆਸਨ, 4 ਪ੍ਰਾਣਾਯਾਮ, 5 ਪ੍ਰਤਿਆਹਾਰ, 6 ਧਾਰਨਾ, 7 ਧਿਆਨ ਅਤੇ 8 ਸਮਾਧੀ। ਯੋਗ ਆਸਨ ਕਰਨ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਵੇਂ ਪੱਖੋਂ ਤੰਦਰੁਸਤੀ ਪ੍ਰਾਪਤ ਕਰਦਾ ਹੈ। ਇਸ ਨਾਲ ਜਿਥੇ ਸਰੀਰ ਵਿਚ ਮਜ਼ਬੂਤੀ ਆਉਂਦੀ ਹੈ ਉਥੇ ਪ੍ਰਾਣਸ਼ਕਤੀ ਵੀ ਵਧਦੀ ਹੈ। ਆਯੁਸ਼ ਮੰਤਰਾਲਾ ਭਾਰਤ ਸਰਕਾਰ ਨੇ ਹਰ ਵਿਅਕਤੀ ਵਿਸ਼ੇਸ਼ ਅਤੇ ਸਮਾਜ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੇ ਲਈ, ਯੋਗ ਅਤੇ ਯੋਗਿਕ ਕਿਰਿਆਵਾਂ ਦਾ ਸੰਖੇਪ ਪ੍ਰੋਟੋਕਾਲ ਬਣਾਇਆ ਹੈ, ਜਿਸ ਨੂੰ ਕਿ ਯੋਗ ਦਿਵਸ ਵਾਲੇ ਦਿਨ ਪੂਰੇ ਭਾਰਤ ਵਿਚ ਇਕੋ ਪੈਟਰਨ ਅਨੁਸਾਰ ਕੀਤਾ ਜਾਵੇਗਾ। ਜਿਸ ਅਨੁਸਾਰ ਸ਼ੁਰੂਆਤ ਵਿਚ ਵੰਦਨਾ (ਪ੍ਰਾਥਨਾ) ਉਪਰੰਤ ਖੜ੍ਹੇ ਹੋ ਕੇ ਕਰਨ ਵਾਲੀਆਂ ਕਿਰਿਆਵਾਂ ਜਿਸ ਵਿਚ ਗਰਦਨ ਨੂੰ ਅੱਗੇ ਪਿੱਛੇ ਵੱਲ ਝੁਕਣਾ, ਸੱਜੇ-ਖੁੱਬੇ ਵੱਲ ਝੁਕਣਾ, ਸੱਜੇ-ਖੱਬੇ ਪਾਸੇ ਘੁਮਾਉਣਾ। ਇਸ ਉਪਰੰਤ ਮੋਢਿਆਂ ਦੀ ਕਸਰਤ ਅਤੇ ਫਿਰ ਗੋਡਿਆ ਦੀ ਕਸਰਤ। ਖੜ੍ਹੇ ਹੋ ਕੇ ਕੀਤੇ ਜਾਣ ਵਾਲੇ ਆਸਨ ਵਿਚ ਮੰਤਰਾਲੇ ਵਲੋਂ ਤਾੜ ਆਸਨ, ਵਰਿਕਸ ਆਸਨ, ਪਾਦਹਸਤਾਸਨ, ਅਰਧ-ਚੱਕਰਾਸਨ ਅਤੇ ਤ੍ਰਿਕੋਣਾਸਨ ਸ਼ਾਮਿਲ ਹਨ। ਬੈਠ ਕੇ ਕੀਤੇ ਜਾਣ ਵਾਲੇ ਆਸਨਾਂ ਵਿਚ : ਭਦ੍ਰਾਸਨ (ਗਰਭ ਅਵਸਥਾ ਵਿਚ ਲਾਭਕਾਰੀ ਅਤੇ ਮਹਿਲਾਵਾਂ ਨੂੰ ਮਾਂਹਵਾਰੀ ਸਮੇਂ ਅਕਸਰ ਹੋਣ ਵਾਲੇ ਪੇਟ ਦਰਦ ਤੋਂ ਮੁਕਤੀ ਪ੍ਰਦਾਨ ਕਰਦਾ ਹੈ।) ਵਜਰਾਸਨ (ਪਾਚਨ ਸ਼ਕਤੀ ਵਧਾਉਣ ਵਿਚ ਸਹਾਇਕ), ਅਰਧ ਉਸਟ੍ਰਾਸਨ (ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਕਬਜ਼ ਅਤੇ ਪਿੱਠ ਦਰਦ ਤੋਂ ਨਿਜਾਤ ਮਿਲਦੀ ਹੈ), ਉਸ਼ਟਾਸਨ (ਊਠ ਵਰਗੀ ਸਰੀਰਕ ਸਥਿਤੀ), ਦੰਡ ਆਸਨ, ਉਤਾਨਮੰਡੂਕਾਸਨ, ਮਰੀਚਾਸਨ/ਵਕਰਾਸਨ। ਪੇਟ ਦੇ ਭਾਰ ਕੀਤੇ ਜਾਣ ਵਾਲੇ ਆਸਨਾਂ ਵਿਚ ਭੁਜੰਗਾਸਨ, ਮਕਰਾਸਨ ਅਤੇ ਸ਼ਲਭਾਸਨ ਸ਼ਾਮਿਲ ਹਨ। ਪਿੱਠ ਦੇ ਭਾਰ ਲੇਟ ਕੇ ਕੀਤੇ ਜਾਣ ਵਾਲੇ ਆਸਨਾਂ ਵਿਚ : ਸੇਤੁਬੰਧਾਸਨ, ਉਤਾਨਪਾਦ ਆਸਨ, ਅਰਧਹੱਲਾਸਨ, ਪਵਨਮੁਕਤਾਸਨ ਅਤੇ ਸ਼ਵਾਸਨ ਹਨ। ਆਸਨਾਂ ਤੋਂ ਬਾਅਦ ਸਾਹਾਂ ਦੀਆਂ ਕਿਰਿਆਵਾਂ ਦਾ ਅਭਿਆਸ ਜਿਸ ਵਿਚ ਕਪਾਲਭਾਂਤੀ ਪ੍ਰਾਣਾਯਾਮ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸ਼ੀਤਲੀ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ ਅਤੇ ਧਿਆਨ ਸ਼ਾਮਿਲ ਕੀਤਾ ਗਿਆ ਹੈ। ਸਾਨੂੰ ਆਪਣੇ ਮਨ ਨੂੰ ਹਮੇਸ਼ਾ ਸੰਤੁਲਿਤ ਰੱਖਣਾ ਹੈ, ਇਸ ਵਿਚ ਹੀ ਸਾਡਾ ਆਤਮ ਵਿਕਾਸ ਸਮੋਇਆ ਹੈ ਅਸੀਂ ਆਪਣੇ ਕਰਤੱਵ, ਆਪਣੇ ਅਤੇ ਪਰਿਵਾਰ ਦੇ ਪ੍ਰਤੀ ਕੰਮ, ਸਮਾਜ ਅਤੇ ਸੰਸਾਰ ਪ੍ਰਤੀ, ਸ਼ਾਂਤੀ, ਆਨੰਦ ਅਤੇ ਸਿਹਤ ਦੇ ਪ੍ਰਚਾਰ ਪ੍ਰਤੀਬੱਧਤਾ ਦਾ ਸੰਕਲਪ ਲੈਂਦੇ ਹੋਏ ਪ੍ਰੋਟੋਕੋਲ ਦੀ ਸਮਾਪਤੀ ਕੀਤੀ ਹੈ। ਸਾਰੇ ਸੁਖੀ ਹੋਣ, ਸਾਰੇ ਨਿਰੋਗ ਹੋਣ ਅਤੇ ਕੋਈ ਦੁਖੀ ਨਾ ਹੋਵੇ। ਉਕਤ ਦੱਸੇ ਯੋਗ ਅਭਿਆਸ ਅਸੀਂ ਜੇਕਰ ਹਰ ਰੋਜ਼ ਕਰੀਏ ਤਾਂ ਹੀ 'ਰੋਜ਼ ਕਰੋ ਯੋਗ, ਖ਼ਤਮ ਹੋਣਗੇ ਸਭ ਰੋਗ' ਦੇ ਉਦੇਸ਼ ਨੂੰ ਪੂਰਾ ਕੀਤਾ ਜਾ ਸਕਦਾ ਹੈ।


-ਐਫ. ਐਮ.-70, ਮਾਡਲ ਹਾਊਸ, ਜਲੰਧਰ।


ਖ਼ਬਰ ਸ਼ੇਅਰ ਕਰੋ

ਯਾਦਾਸ਼ਤ ਵਧਾਉਣ ਦੇ ਸੌਖੇ ਉਪਾਅ

ਅੱਜ ਦੇ ਮਸ਼ੀਨੀ ਯੁੱਗ ਵਿਚ ਯਾਦਾਸ਼ਤ ਦਾ ਕਮਜ਼ੋਰ ਹੋਣਾ ਇਕ ਵਿਆਪਕ ਅਤੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਔਸਤ ਦ੍ਰਿਸ਼ਟੀ ਨਾਲ ਬਹੁਤੇ ਲੋਕਾਂ ਦੀ ਯਾਦਾਸ਼ਤ ਲਗਪਗ ਇਕੋ ਜਿਹੀ ਹੁੰਦੀ ਹੈ ਪਰ ਕੁਝ ਬੁੱਧੀਮਾਨ ਵਿਅਕਤੀਆਂ ਦੀ ਯਾਦਾਸ਼ਤ ਹੈਰਾਨੀਜਨਕ ਵੀ ਹੁੰਦੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਾਦਾਸ਼ਤ ਇਕ ਪ੍ਰਾਪਤ ਕੀਤਾ ਗੁਣ ਹੈ, ਜਿਸ ਦਾ ਘੱਟ ਜਾਂ ਤੇਜ਼ ਹੋਣਾ ਜਾਂ ਕਰ ਲੈਣਾ ਬਹੁਤ ਕੁਝ ਸਾਡੇ ਉੱਪਰ ਨਿਰਭਰ ਕਰਦਾ ਹੈ।
ਸਿਹਤ ਦੀ ਦ੍ਰਿਸ਼ਟੀ ਤੋਂ ਯਾਦਾਸ਼ਤ ਕਮਜ਼ੋਰ ਹੋਣ ਕਾਰਨ ਸਰੀਰਕ ਅਤੇ ਦਿਮਾਗੀ ਕਮਜ਼ੋਰੀ, ਅਤਿ ਚੰਚਲਤਾ, ਇਕਾਗਰਤਾ ਦੀ ਕਮੀ ਅਤੇ ਖਾਣ-ਪੀਣ ਦਾ ਅਸੰਜਮ ਮੰਨੇ ਜਾਂਦੇ ਹਨ।
ਦਿਮਾਗ ਦੀ ਬਣਾਵਟ : ਆਕ੍ਰਿਤੀ ਵਿਚ ਦਿਮਾਗ ਸਰੀਰ ਦਾ ਪੰਜਵਾਂ ਭਾਗ ਹੈ ਪਰ ਇਹ ਸਭ ਤੋਂ ਵੱਧ ਮਹੱਤਵਪੂਰਨ ਹੈ। ਦਿਮਾਗ ਦੇ ਅੰਦਰ ਜਾਣ ਵਾਲੇ ਅਤੇ ਬਾਹਰ ਆਉਣ ਵਾਲੇ ਨਾੜੀ ਤੰਤੂਆਂ ਦੀ ਗਿਣਤੀ ਹੀ ਲਗਪਗ 20 ਕਰੋੜ ਹੈ। ਮਨੁੱਖ ਭਾਵੇਂ ਸਭ ਕੁਝ ਖੋ ਬੈਠੇ, ਉਸ ਦੀ ਸੁੱਧ-ਬੁੱਧ ਸਲਾਮਤ ਰਹਿਣੀ ਚਾਹੀਦੀ ਹੈ। ਸ਼ੁਰੂ ਵਿਚ 25 ਸਾਲ ਤੱਕ ਅਸੀਂ ਬਹੁਤੀਆਂ ਗੱਲਾਂ ਯਾਦ ਰੱਖਦੇ ਹਾਂ। 25 ਸਾਲ ਤੋਂ ਬਾਅਦ ਸਿਰਫ ਕੰਮ ਦੀਆਂ ਗੱਲਾਂ ਯਾਦ ਰੱਖਦੇ ਹਾਂ। ਉਮਰ ਵਧਣ ਦੇ ਨਾਲ-ਨਾਲ ਯਾਦਾਸ਼ਤ ਕਮਜ਼ੋਰ ਪੈਣ ਲਗਦੀ ਹੈ। 40 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਵਿਚ ਪਰਿਪੱਕਤਾ ਆ ਜਾਂਦੀ ਹੈ। ਚੰਗੀ ਯਾਦਾਸ਼ਤ ਲਈ ਸਰੀਰ ਅਤੇ ਮਨ ਦਾ ਨਿਰੋਗ ਹੋਣਾ ਜ਼ਰੂਰੀ ਹੈ।
ਯਾਦਾਸ਼ਤ ਦੀ ਕਮੀ ਦੇ ਲੱਛਣ : ਪੜ੍ਹੀਆਂ, ਦੇਖੀਆਂ, ਸੁਣੀਆਂ ਗੱਲਾਂ ਯਾਦ ਨਾ ਰਹਿਣਾ, ਕਿਸੇ ਜਗ੍ਹਾ ਚੀਜ਼ ਰੱਖ ਕੇ ਭੁੱਲ ਜਾਣਾ, ਪੜ੍ਹ ਕੇ ਯਾਦ ਰੱਖਣ ਦੀ ਇੱਛਾ ਨਾ ਹੋਣਾ, ਅਰੁਚੀ, ਆਲਸ, ਚਿੜਚਿੜਾਪਨ, ਕਮਜ਼ੋਰੀ, ਨਿਰਾਸ਼ਾ, ਘਬਰਾਹਟ ਆਦਿ ਦੇਖਣ ਨੂੰ ਮਿਲਦੇ ਹਨ।
ਕਿਵੇਂ ਯਾਦ ਰੱਖੀਏ : ਯਾਦਾਸ਼ਤ ਤੇਜ਼ ਬਣਾਉਣ ਲਈ ਬਹੁਤ ਜ਼ਿਆਦਾ ਅਧਿਐਨ, ਚਿੰਤਨ ਅਤੇ ਮਨਨ ਕਰੋ। ਮਨ ਵਿਚ ਯਾਦ ਰੱਖਣ ਯੋਗ ਗੱਲਾਂ ਦਾ ਚਿੱਤਰ ਇਕ ਗੱਲ ਦਾ ਸਬੰਧ ਕਿਸੇ ਹੋਰ ਗੱਲ ਨਾਲ ਬਣਾ ਕੇ ਰੱਖੋ। ਯਾਦ ਕੀਤੀ ਜਾਣ ਵਾਲੀ ਸਮੱਗਰੀ ਨੂੰ ਵਾਰ-ਵਾਰ ਦੁਹਰਾਉਣਾ, ਲੰਬੀ ਅਤੇ ਔਖੀ ਸਮੱਗਰੀ ਦੇ 25 ਮਿੰਟ ਬਾਅਦ ਪ੍ਰਮੁੱਖ ਤੱਤਾਂ ਨੂੰ ਦੁਬਾਰਾ ਦੁਹਰਾਉਣਾ ਅਤੇ ਚਿੱਤ ਦੀ ਇਕਾਗਰਤਾ ਨਾਲ ਯਾਦਾਸ਼ਤ ਵਧਦੀ ਹੈ।
ਕਿਸੇ ਵੀ ਤਰ੍ਹਾਂ ਦੀ ਕਸਰਤ, ਤਣਾਅ ਆਦਿ ਨਾ ਰੱਖੋ। ਖਾਲੀ ਸਮੇਂ ਆਲਸ ਜਾਂ ਗੱਪਬਾਜ਼ੀ ਵਿਚ ਨਾ ਬਿਤਾਓ। ਕਲਾਸ ਵਿਚ ਜੋ ਪੜ੍ਹਾਇਆ ਜਾਵੇਗਾ, ਉਸ ਨੂੰ ਪਹਿਲਾਂ ਹੀ ਪੜ੍ਹ ਕੇ ਜਾਓ। ਉਥੇ ਧਿਆਨ ਨਾਲ ਸੁਣੋ। ਘਰ ਆ ਕੇ ਨੋਟਿਸ ਤਿਆਰ ਕਰੋ। ਜੋ ਯਾਦ ਕੀਤਾ ਹੈ, ਉਸ ਨੂੰ ਲਿਖ ਕੇ ਵੀ ਦੇਖੋ। ਮਨ ਨੂੰ ਇਕਾਗਰ ਅਤੇ ਸਥਿਰ ਰੱਖਣ ਲਈ ਭ੍ਰਾਮਰੀ ਅਤੇ ਗੁੰਜਨ ਪ੍ਰਾਣਾਯਾਮ ਕੁਝ ਦੇਰ ਕਰੋ। ਹੌਲੀ ਸੰਗੀਤ ਦੇ ਨਾਲ ਆਪਣਾ ਅਧਿਐਨ ਜਾਰੀ ਰੱਖੋ। ਘਰ ਦੇ ਕਿਸੇ ਮੈਂਬਰ, ਮਿੱਤਰ ਜਾਂ ਸਹਿਪਾਠੀ ਨੂੰ ਪ੍ਰਸ਼ਨ ਕਰਨ ਲਈ ਕਹੋ ਅਤੇ ਤੁਸੀਂ ਉੱਤਰ ਦਿਓ। ਇਕ ਵਾਰ ਕਿਸੇ ਪੂਰੀ ਪੁਸਤਕ ਨੂੰ ਦੇਖ ਕੇ ਯਾਦ ਕਰਨਾ ਔਖਾ ਹੁੰਦਾ ਹੈ ਪਰ ਪਾਠ-ਪਾਠ, ਅਧਿਆਇ-ਅਧਿਆਏ ਅੱਗੇ ਪੜ੍ਹੋ, ਯਾਦ ਰੱਖਦੇ ਚਲੋ। ਪੂਰੀ ਪੁਸਤਕ ਯਾਦ ਕਰ ਲਓਗੇ। ਜਦੋਂ ਵੀ ਸਮਾਂ ਮਿਲੇ, ਕਿਤਾਬ ਦੇ ਸਫੇ ਪਲਟ ਕੇ ਯਾਦ ਕੀਤੀਆਂ ਗਈਆਂ ਗੱਲਾਂ 'ਤੇ ਦੁਬਾਰਾ ਧਿਆਨ ਮਾਰ ਲਓ।
ਕੀ ਖਾਈਏ : ਦਿਮਾਗ ਦੀ ਲੋੜ ਦੀ ਪੂਰਤੀ ਕਰਦਾ ਹੈ ਭੋਜਨ। ਇਹ ਯਾਦਾਸ਼ਤ ਵਧਾਉਣ ਵਿਚ ਸਹਾਇਕ ਹੁੰਦਾ ਹੈ। ਪਚਣਯੋਗ, ਹਲਕਾ, ਸੰਤੁਲਿਤ, ਪੌਸ਼ਟਿਕ ਭੋਜਨ ਨਿਯਮਤ ਸਮੇਂ ਸਿਰ ਖਾਓ। ਪੱਤੇਦਾਰ ਸਬਜ਼ੀਆਂ, ਸਲਾਦ, ਲਸਣ, ਦੁੱਧ, ਦਹੀਂ, ਦਾਲ, ਪੱਤਾਗੋਭੀ, ਫੁੱਲਗੋਭੀ, ਸੌਂਫ, ਗੁੜ, ਆਗਰੇ ਦਾ ਪੇਠਾ, ਤਿਲ, ਪਾਲਕ ਖਾਓ, ਤਰਬੂਜ਼, ਗਾਜਰ, ਚੁਕੰਦਰ, ਲੌਕੀ ਵੀ ਖਾਓ। ਫਲਾਂ ਵਿਚ ਜਾਮਣ, ਸਟ੍ਰਾਬੇਰੀ, ਨਾਰੀਅਲ, ਲੀਚੀ, ਅੰਬ, ਸੇਬ, ਸੰਤਰਾ, ਟਮਾਟਰ ਆਦਿ ਖਾਓ।
ਉਪਾਅ : ਸੌਂਫ ਅਤੇ ਮਿਸ਼ਰੀ ਨੂੰ ਵੱਖ-ਵੱਖ ਕੁੱਟ ਕੇ ਬਰਾਬਰ ਮਾਤਰਾ ਵਿਚ ਮਿਲਾ ਕੇ ਹਰ ਰੋਜ਼ ਸਵੇਰੇ ਅਤੇ ਸ਼ਾਮ ਖਾਣ ਤੋਂ ਬਾਅਦ ਇਕ-ਇਕ ਚਮਚ ਲੈਣ ਨਾਲ ਬੁੱਧੀ ਵਧਦੀ ਹੈ। ਲੌਕੀ ਦੀ ਸਬਜ਼ੀ ਅਤੇ ਲੋਕੀ ਦਾ ਤੇਲ ਸਿਰ ਵਿਚ ਲਗਾਉਣ ਨਾਲ ਯਾਦਾਸ਼ਤ ਵਧਦੀ ਹੈ। ਭਿੱਜੇ ਉੜਦ ਨੂੰ ਪੀਸ ਕੇ, ਦੁੱਧ, ਸ਼ੱਕਰ ਮਿਲਾ ਕੇ ਲੈਣ ਨਾਲ ਦਿਮਾਗ ਦੀ ਸਮਰੱਥਾ ਵਧਦੀ ਹੈ। ਧਨੀਆ ਚੂਰਨ ਨੂੰ ਉਬਾਲ ਕੇ ਕਾੜ੍ਹਾ ਬਣਾ ਕੇ ਮਿਸ਼ਰੀ ਦੇ ਨਾਲ ਹਰ ਰੋਜ਼ ਇਕ ਚਮਚ ਲੈਣ ਨਾਲ ਯਾਦਾਸ਼ਤ ਵਧਦੀ ਹੈ।
ਸਹਾਇਕ ਉਪਾਅ ਕੀ ਕਰੀਏ : ਹਰ ਰੋਜ਼ ਸਵੇਰੇ ਖੁੱਲ੍ਹੀ ਹਵਾ ਵਿਚ ਘੁੰਮਣ ਜਾਓ। ਆਪਣੀ ਪਸੰਦ ਦੀ ਕਸਰਤ ਨਿਯਮਤ ਕਰੋ। ਗੱਲਾਂ ਅਤੇ ਪਾਠ ਨੂੰ ਇਕਾਗਰਤਾ ਅਤੇ ਮਨੋਯੋਗ ਨਾਲ ਯਾਦ ਕਰੋ। ਭਰਪੂਰ ਨੀਂਦ ਲਓ। ਖਾਣ-ਪੀਣ, ਕਸਰਤ-ਆਰਾਮ ਵਿਚ ਸੰਯਮ ਹੋਵੇ। ਵਿਚ-ਵਿਚ ਮਨੋਰੰਜਨ ਵੀ ਕਰਦੇ ਰਹੋ। ਦਿਨ ਵਿਚ ਜ਼ਿਆਦਾ ਨਾ ਸੌਵੋਂ। ਦੇਰ ਰਾਤ ਤੱਕ ਨਾ ਜਾਗੋ।
ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਉਠ ਕੇ ਯਾਦ ਕਰੋ। ਤਣਾਅ, ਗੁੱਸਾ, ਚਿੰਤਾ ਤੋਂ ਦੂਰ ਰਹੋ। ਆਪਣੀ ਯਾਦਾਸ਼ਤ ਨੂੰ ਲੈ ਕੇ ਪ੍ਰੇਸ਼ਾਨ ਨਾ ਰਹੋ। ਸਮੇਂ ਨੂੰ ਆਪਣੇ ਅਨੁਸਾਰ ਵਰਤੋ, ਲਾਭ ਜ਼ਰੂਰ ਮਿਲੇਗਾ।

ਸ਼ੂਗਰ ਰੋਗ ਦਾ ਹੋਮਿਓਪੈਥਿਕ ਰਾਹੀਂ ਇਲਾਜ

ਖੂਨ ਵਿਚ ਗੁਲੂਕੋਜ਼ (ਸ਼ੂਗਰ) ਦੀ ਮਾਤਰਾ ਦਾ ਵਧਣਾ ਸ਼ੱਕਰ ਰੋਗ ਕਹਾਉਂਦਾ ਹੈ। ਮੁੱਖ ਰੂਪ ਵਿਚ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਟਾਈਪ-1, ਜਿਸ ਵਿਚ ਸਾਡੇ ਸਰੀਰ ਦੀ ਗ੍ਰੰਥੀ ਪੈਨਕਰੀਆਜ਼ ਇਨਸੂਲਿਨ ਨਹੀਂ ਬਣਾ ਸਕਦੀ। ਸਿੱਟੇ ਵਜੋਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ। ਪ੍ਰਚਲਿਤ ਇਲਾਜ ਪ੍ਰਣਾਲੀ ਵਿਚ ਇਸ ਬਿਮਾਰੀ ਦੇ ਕੰਟਰੋਲ ਲਈ ਇਨਸੂਲਿਨ ਦੇ ਟੀਕੇ ਲਗਾਏ ਜਾਂਦੇ ਹਨ ਅਤੇ ਇਹ ਟੀਕੇ ਸਾਰੀ ਉਮਰ ਹੀ ਲਗਾਉਣੇ ਪੈਂਦੇ ਹਨ। ਹੌਲੀ-ਹੌਲੀ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ ਅਤੇ ਟੀਕੇ ਦੀ ਮਾਤਰਾ ਵੀ ਵਧਦੀ ਜਾਂਦੀ ਹੈ। ਟਾਈਪ-1 ਸ਼ੂਗਰ ਜ਼ਿਆਦਾਤਰ ਬੱਚਿਆਂ ਵਿਚ ਹੁੰਦੀ ਹੈ। ਦੂਜੀ ਟਾਈਪ-2, ਇਸ ਸ਼ੂਗਰ ਵਿਚ ਪੈਨਕਰੀਆਜ਼ ਇਨਸੂਲਿਨ ਘੱਟ ਮਾਤਰਾ ਵਿਚ ਬਣਾਉਂਦਾ ਹੈ ਜਾਂ ਫਿਰ ਸਰਕੀਰ ਦੇ ਸੈੱਲ ਇਨਸੁਲਿਨ ਨੂੰ ਵਰਤਣ ਵਿਚ ਅਸਮਰੱਥ ਹੁੰਦੇ ਹਨ। ਸਿੱਟੇ ਵਜੋਂ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਦੀ ਜਾਂਦੀ ਹੈ। ਪ੍ਰਚਲਿਤ ਇਲਾਜ ਪ੍ਰਣਾਲੀ ਵਿਚ ਇਸ ਤਰ੍ਹਾਂ ਦੀ ਟਾਈਪ-2 ਸ਼ੂਗਰ ਨੂੰ ਕੰਟਰੋਲ ਰੱਖਣ ਲਈ ਦਵਾਈ ਲਗਾ ਦਿੱਤੀ ਜਾਂਦੀ ਹੈ। ਇਸ ਦਵਾਈ ਦਾ ਸੇਵਨ ਮਰੀਜ਼ ਨੂੰ ਪੂਰੀ ਉਮਰ ਕਰਨਾ ਪੈਂਦਾ ਹੈ। ਇਹ ਦਵਾਈ ਖਾਂਦਿਆਂ ਹੋਇਆਂ ਵੀ ਕਈ ਮਰੀਜ਼ਾਂ ਦੀ ਸ਼ੂਗਰ ਵਧਦੀ ਰਹਿੰਦੀ ਹੈ, ਸਿੱਟੇ ਵਜੋਂ ਦਵਾਈ ਦੀ ਮਾਤਰਾ ਵੀ ਵਧਦੀ ਜਾਂਦੀ ਹੈ ਪਰ ਹੌਲੀ-ਹੌਲੀ ਜਦੋਂ ਦਵਾਈ ਨਾਲ ਸ਼ੂਗਰ ਕੰਟਰੋਲ ਹੋਣੀ ਬੰਦ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਇਨਸੂਲਿਨ ਦੇ ਟੀਕੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜੋ ਕਿ ਮਰੀਜ਼ ਨੂੰ ਸਾਰੀ ਉਮਰ ਲਗਾਉਣੇ ਪੈਂਦੇ ਹਨ।
ਸ਼ੂਗਰ ਦੇ ਮਰੀਜ਼ ਦੇ ਮੁੱਖ ਲੱਛਣ : ਵਧੇਰੇ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਵਧੇਰੇ ਭੁੱਖ ਲੱਗਣਾ ਅਤੇ ਖਾਣਾ ਖਾਣ ਤੋਂ ਬਾਅਦ ਵੀ ਖੋਹ ਪੈਣਾ, ਏਨੀ ਭੁੱਖ ਲੱਗਣ ਦੇ ਬਾਵਜੂਦ ਮਰੀਜ਼ ਦਾ ਭਾਰ ਘਟਦਾ ਜਾਂਦਾ ਹੈ। ਜੀਅ ਕੱਚਾ ਹੋਣਾ, ਉਲਟੀ ਆਉਣੀ, ਵਾਰ-ਵਾਰ ਇਨਫੈਕਸ਼ਨ ਹੋਣਾ, ਮੂੰਹ ਵਿਚੋਂ ਬਦਬੂ ਆਉਣੀ, ਕਮਜ਼ੋਰ ਰਹਿਣਾ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਜੇ ਸ਼ੂਗਰ ਦੀ ਬਿਮਾਰੀ ਲੰਮੇ ਸਮੇਂ ਤੱਕ ਚਲਦੀ ਰਹੇ ਤਾਂ ਇਸ ਦਾ ਅਸਰ ਅੱਖਾਂ, ਗੁਰਦਿਆਂ, ਹੱਡੀਆਂ ਅਤੇ ਦਿਲ 'ਤੇ ਪੈਂਦਾ ਹੈ। ਸਿੱਟੇ ਵਜੋਂ ਅੱਖਾਂ ਦੀ ਕਮਜ਼ੋਰੀ, ਗੁਰਦਿਆਂ ਦਾ ਸਹੀ ਕੰਮ ਨਾ ਕਰਨਾ, ਜੋੜਾਂ ਦੀਆਂ ਦਰਦਾਂ ਅਤੇ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਤੇ ਦੌਰਾ, ਕੋਮਾ ਆਦਿ ਵਰਗੀਆਂ ਤਕਲੀਫ਼ਾਂ ਸਾਹਮਣੇ ਆਉਂਦੀਆਂ ਹਨ। ਇਹ ਤਕਲੀਫ਼ਾਂ ਜ਼ਿਆਦਾਤਰ ਸ਼ੂਗਰ ਦੀ ਬਿਮਾਰੀ ਲਈ ਚੱਲ ਰਹੀਆਂ ਦਵਾਈਆਂ ਦੇ ਉਲਟ ਅਸਰ ਹੁੰਦੇ ਹਨ।
ਸ਼ੂਗਰ ਦੇ ਮਰੀਜ਼ ਦਾ ਹੋਮਿਓਪੈਥਿਕ ਇਲਾਜ : ਹੋਮਿਓਪੈਥੀ ਇਕ ਆਧੁਨਿਕ ਅਤੇ ਕੁਦਰਤੀ ਇਲਾਜ ਪ੍ਰਣਾਲੀ ਹੈ ਜੋ ਕਿ ਰੋਗੀ ਦਾ ਇਲਾਜ ਕਰਦੀ ਹੈ। ਹੋਮਿਓਪੈਥਿਕ ਇਲਾਜ ਦੌਰਾਨ ਮਰੀਜ਼ ਦੀ ਸਾਰੀ ਸਰੀਰਕ ਅਤੇ ਮਾਨਸਿਕ ਹਿਸਟਰੀ ਲੈ ਕੇ ਮਰੀਜ਼ ਨੂੰ ਇਕ ਹੋਮਿਓਪੈਥਿਕ ਦਵਾਈ ਦਿੱਤੀ ਜਾਂਦੀ ਹੈ। ਇਹ ਦਵਾਈ ਮਰੀਜ਼ ਦੀ ਬਿਮਾਰੀ ਦੇ ਕਾਰਨ ਦਾ ਜੜ੍ਹ ਤੋਂ ਇਲਾਜ ਕਰਦੀ ਹੈ ਅਤੇ ਕੁਝ ਹੀ ਸਾਲਾਂ ਦੇ ਇਲਾਜ ਤੋਂ ਬਾਅਦ ਮਰੀਜ਼ ਦੀ ਸ਼ੂਗਰ ਨਾਰਮਲ ਹੋ ਜਾਂਦੀ ਹੈ ਅਤੇ ਸ਼ੂਗਰ ਕਾਰਨ ਆਈਆਂ ਹੋਈਆਂ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਂਦੀਆਂ ਹਨ ਅਤੇ ਮਰੀਜ਼ ਬਿਨਾਂ ਦਵਾਈ ਦੇ ਤੰਦਰੁਸਤ ਜ਼ਿੰਦਗੀ ਜੀਅ ਸਕਦਾ ਹੈ। ਇਹੀ ਹੈ ਆਧੁਨਿਕ ਇਲਾਜ ਪ੍ਰਣਾਲੀ ਹੋਮਿਓਪੈਥੀ ਦੀ ਵਿਲੱਖਣਤਾ ਜੋ ਕਿ ਮਰੀਜ਼ ਦਾ ਇਲਾਜ ਕਰਕੇ ਮਰੀਜ਼ ਨੂੰ ਤੰਦਰੁਸਤ ਕਰਦੇ ਹਨ।


-ਰਵਿੰਦਰ ਹੋਮਿਓਪੈਥਿਕ ਕਲੀਨਿਕ, ਮੋਤੀ ਨਗਰ,
ਮਕਸੂਦਾਂ, ਜਲੰਧਰ।
www.ravinderhomeopathy.com

ਕੀ ਤੁਹਾਡੇ ਪੇਟ ਵਿਚ ਗੜਬੜ ਹੈ?

ਪੇਟ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਇਹ ਸਾਡੀ ਸ਼ਖ਼ਸੀਅਤ ਦੀ ਕੁੰਜੀ ਹੈ। ਬਾਹਰ ਨਿਕਲਿਆ ਹੋਇਆ ਪੇਟ ਸਾਡੀ ਸਰੀਰਕ ਤੰਦਰੁਸਤੀ ਦਾ ਸੰਕੇਤ ਕਰਦਾ ਹੈ। ਬਹੁਤੇ ਲੋਕ ਅਕਸਰ ਹੀ ਕਿਸੇ ਨਾ ਕਿਸੇ ਪੇਟ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ।
ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਡਾਕਟਰਾਂ ਕੋਲ ਜਾ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਹਨ। ਕੁਝ ਸ਼ਿਕਾਇਤਾਂ ਬਹੁਤ ਹੀ ਆਮ ਹੁੰਦੀਆਂ ਹਨ ਪਰ ਲੋਕ ਉਨ੍ਹਾਂ ਤੋਂ ਘਬਰਾ ਕੇ ਪ੍ਰੇਸ਼ਾਨ ਹੁੰਦੇ ਹਨ। ਆਓ ਪੇਟ ਦੇ ਕੁਝ ਸਾਧਾਰਨ ਰੋਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਦੇ ਇਲਾਜ ਲਈ ਘਰੇਲੂ ਉਪਾਅ ਅਪਣਾਈਏ।
ਕਬਜ਼ : ਜੇ ਮਲ ਸਖ਼ਤ ਅਤੇ ਖੁਸ਼ਕ ਹੈ ਅਤੇ ਮਲ ਤਿਆਗ ਵਿਚ ਔਖ ਹੁੰਦੀ ਹੈ ਤਾਂ ਤੁਹਾਨੂੰ ਜ਼ਰੂਰ ਕਬਜ਼ ਹੈ। ਇਸ ਵਿਚ ਵੱਧ ਤੋਂ ਵੱਧ ਰੇਸ਼ੇਦਾਰ ਸਬਜ਼ੀਆਂ, ਫਲ, ਚੋਕਰ ਸਮੇਤ ਆਟੇ ਦੀ ਰੋਟੀ, ਈਸਬਗੋਲ ਦੀ ਭੁੱਕੀ ਅਤੇ ਆਲੂਬੁਖਾਰੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ।
* ਰਾਤ ਨੂੰ ਸੌਣ ਸਮੇਂ ਇਕ ਚਮਚ ਸ਼ਹਿਦ ਠੰਢੇ ਪਾਣੀ ਵਿਚ ਪਾ ਕੇ ਪੀਣ ਨਾਲ ਕਬਜ਼ ਠੀਕ ਹੁੰਦੀ ਹੈ।
* ਕੇਲੇ ਦਾ ਮੁਲਾਇਮ ਖੁੱਝਾ ਕਬਜ਼ ਦੂਰ ਕਰਨ ਅਤੇ ਅੰਤੜੀਆਂ ਨੂੰ ਠੀਕ ਕਰਨ ਵਿਚ ਸਹਾਇਕ ਹੁੰਦਾ ਹੈ।
* ਨਿੰਬੂ ਦਾ ਰਸ ਗਰਮ ਪਾਣੀ ਦੇ ਨਾਲ ਰਾਤ ਨੂੰ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।
ਅਲਸਰ : ਭੋਜਨ ਦੇ ਕੁਝ ਘੰਟਿਆਂ ਬਾਅਦ ਰਾਤ ਨੂੰ ਪੇਟ ਦੇ ਉਪਰਲੇ ਭਾਗ ਵਿਚ ਜਲਣ ਅਤੇ ਦਰਦ ਹੋਣ ਲਗਦੀ ਹੈ। ਤੰਬਾਕੂ ਸੇਵਨ ਕਰਨ ਵਾਲਿਆਂ ਵਿਚ ਅਲਸਰ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਰੋਗ ਵਿਚ ਖਾਲੀ ਦੁੱਧ ਨਹੀਂ ਪੀਣਾ ਚਾਹੀਦਾ।
* ਕੈਫੀਨ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਖਾਣਾ 3 ਵਾਰ ਦੀ ਬਜਾਏ 4 ਤੋਂ 5 ਵਾਰ ਥੋੜ੍ਹਾ-ਥੋੜ੍ਹਾ ਕਰਕੇ ਖਾਣਾ ਚਾਹੀਦਾ ਹੈ।
* ਕੇਲੇ ਦਾ ਸੇਵਨ ਵੀ ਲਾਭਦਾਇਕ ਰਹਿੰਦਾ ਹੈ। ਕੇਲਾ ਮਿਊਕਸ ਕੋਸ਼ਾਂ ਦਾ ਵਾਧਾ ਕਰਦਾ ਹੈ, ਜਿਸ ਨਾਲ ਪੇਟ ਨੂੰ ਰਸਾਇਣਾਂ ਤੋਂ ਬਚਾਉਣ ਲਈ ਦੀਵਾਰ ਜਿਹੀ ਬਣ ਜਾਂਦੀ ਹੈ। ਜੋ ਅਲਸਰ ਪਹਿਲਾਂ ਹੀ ਬਣਨਾ ਸ਼ੁਰੂ ਹੋ ਗਿਆ ਹੋਵੇ, ਉਸ ਦਾ ਵੀ ਇਲਾਜ ਹੁੰਦਾ ਹੈ। ਭਾਰਤ ਵਿਚ ਪ੍ਰਚਲਿਤ ਹੈ ਕਿ ਕੱਚੇ ਕੇਲੇ ਨਾਲ ਅਸਰ ਦਾ ਇਲਾਜ ਹੁੰਦਾ ਹੈ।
ਦਸਤ : ਦਸਤ ਆਮ ਤੌਰ 'ਤੇ ਇਕ ਜਾਂ ਦੋ ਦਿਨ ਵਿਚ ਠੀਕ ਹੋ ਜਾਂਦੇ ਹਨ ਪਰ ਇਹ ਕਿਸੇ ਗੰਭੀਰ ਰੋਗ ਦਾ ਵੀ ਲੱਛਣ ਹੋ ਸਕਦਾ ਹੈ।
* ਰੇਸ਼ੇ ਵਾਲੇ ਖਾਧ ਪਦਾਰਥ ਦਸਤ ਵਿਚ ਵੀ ਓਨਾ ਲਾਭ ਪਹੁੰਚਾਉਂਦੇ ਹਨ, ਜਿੰਨਾ ਕਬਜ਼ ਵਿਚ।
* ਇਕ ਬੂੰਦ ਨਿੰਬੂ ਦਾ ਰਸ, ਇਕ ਚਮਚ ਪਾਣੀ, ਥੋੜ੍ਹਾ ਜਿਹਾ ਨਮਕ ਅਤੇ ਸ਼ੱਕਰ ਮਿਲਾ ਕੇ 5 ਵਾਰ ਰੋਜ਼ ਪੀਣ ਨਾਲ ਦਸਤ ਬੰਦ ਹੋ ਜਾਂਦੇ ਹਨ।
* ਜਾਮਣ ਦੇ ਰਸ ਵਿਚ ਸੇਂਧਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ।
* ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲਾਭ ਨਾ ਹੋਵੇ ਅਤੇ ਪੇਟ ਦੇ ਉਪਰਲੇ ਭਾਗ ਵਿਚ ਦਰਦ ਹੁੰਦੀ ਰਹੇ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਗੈਸ : ਇਹ ਰੋਗ ਸਾਨੂੰ ਸਾਰਿਆਂ ਨੂੰ ਥੋੜ੍ਹਾ-ਬਹੁਤ ਹੁੰਦਾ ਹੀ ਰਹਿੰਦਾ ਹੈ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਾਫੀ ਦਰਦਨਾਕ ਹੋ ਸਕਦਾ ਹੈ।
ਇਸ ਤੋਂ ਬਚਣ ਲਈ ਖਾਣਾ ਹਮੇਸ਼ਾ ਆਰਾਮ ਨਾਲ ਖਾਣਾ ਚਾਹੀਦਾ ਹੈ। ਆਰਾਮ ਨਾਲ ਚੱਲਣ ਨਾਲ ਖਾਣਾ ਹਜ਼ਮ ਹੋ ਜਾਂਦਾ ਹੈ। ਤਲੀਆਂ ਹੋਈਆਂ ਚੀਜ਼ਾਂ ਅਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪੇਟ ਨੂੰ ਸੇਕਣ ਨਾਲ ਰਾਹਤ ਮਿਲਦੀ ਹੈ। 10 ਕਾਲੀਆਂ ਮਿਰਚਾਂ ਇਕ ਗਿਲਾਸ ਪਾਣੀ ਵਿਚ ਉਬਾਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ।
ਪਿਚਕਿਆ ਪੇਟ ਸਾਡੇ ਅਸੰਤੋਸ਼ ਨੂੰ ਪ੍ਰਗਟ ਕਰਦਾ ਹੈ ਅਤੇ ਨਿਕਲਿਆ ਹੋਇਆ ਪੇਟ ਸਾਡੇ ਬਿਮਾਰ ਸਰੀਰ ਦੀ ਪਛਾਣ ਹੈ। ਇਸ ਲਈ ਆਪਣੇ ਪੇਟ ਦੀ ਉਚਿਤ ਦੇਖਭਾਲ ਕਰੋ।


-ਮੰਜੂ ਸ਼ਰਮਾ

ਸਿਹਤ ਖ਼ਬਰਨਾਮਾ

ਦਹੀਂ ਬਚਾਏ ਖੂਨ ਦੇ ਦਬਾਅ ਤੋਂ

ਦਹੀਂ ਤੋਂ ਸਾਰੇ ਜਾਣੂ ਹਨ। ਦੁੱਧ ਵਿਚ ਖਮੀਰ ਉਠਣ ਨਾਲ ਉਹ ਦਹੀਂ ਬਣਦਾ ਹੈ। ਦੁੱਧ ਤੋਂ ਦਹੀਂ ਬਣਾਉਣ 'ਤੇ ਉਸ ਦਾ ਗੁਣ ਕਈ ਗੁਣਾ ਵਧ ਜਾਂਦਾ ਹੈ। ਉਸ ਦੀ ਪੌਸ਼ਟਿਕਤਾ ਵਧ ਜਾਂਦੀ ਹੈ। ਨਿਯਮਿਤ ਅਲਪ ਮਾਤਰਾ ਵਿਚ ਦਹੀਂ ਦਾ ਸੇਵਨ ਕਰਨ ਨਾਲ ਭੋਜਨ ਸਹੀ ਪਚਦਾ ਹੈ ਅਤੇ ਭੋਜਨ ਦੇ ਪੌਸ਼ਟਿਕ ਗੁਣਾਂ ਦਾ ਸਹੀ ਲਾਭ ਮਿਲਦਾ ਹੈ। ਦਹੀਂ ਭੋਜਨ ਦੇ ਸਵਾਦ ਨੂੰ ਵਧਾਉਂਦਾ ਹੈ। ਇਹ ਪੇਟ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਂਦਾ ਹੈ। ਨਿਯਮਿਤ ਦਹੀਂ ਸੇਵਨ ਕਰਨ ਵਾਲਿਆਂ ਨੂੰ ਖੂਨ ਦਾ ਦਬਾਅ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਖੂਨ ਦਾ ਦਬਾਅ ਅੱਜਕਲ੍ਹ ਦੀ ਜੀਵਨ ਸ਼ੈਲੀ ਦੀ ਇਕ ਆਮ ਬਿਮਾਰੀ ਹੈ। ਇਹ ਭੱਜ-ਦੌੜ ਵਾਲੀ ਜ਼ਿੰਦਗੀ ਅਤੇ ਅਨਿਯਮਤ ਰੋਜ਼ਮਰ੍ਹਾ ਦੀ ਦੇਣ ਹੈ। ਨਿਯਮਿਤ ਦਹੀਂ ਸੇਵਨ ਕਰਨ ਵਾਲਾ ਖੂਨ ਦੇ ਦਬਾਅ ਦੇ ਖ਼ਤਰੇ ਤੋਂ ਬਚ ਜਾਂਦਾ ਹੈ। ਹਾਲ ਹੀ ਵਿਚ ਹੋਈ ਇਕ ਖੋਜ ਤੋਂ ਇਹ ਨਤੀਜਾ ਨਿਕਲਿਆ ਹੈ। ਦਹੀਂ ਦੀ ਭਾਰਤ ਵਿਚ ਪ੍ਰਾਚੀਨ ਸਮੇਂ ਤੋਂ ਕਈ ਰੂਪਾਂ ਵਿਚ ਵਰਤੋਂ ਹੋ ਰਹੀ ਹੈ।
ਤਣਾਅ ਅਤੇ ਪ੍ਰਦੂਸ਼ਣ ਕਾਰਨ ਬਿਮਾਰੀਆਂ

ਸ਼ਹਿਰੀ ਆਪਾਧਾਪੀ ਅਤੇ ਭੱਜ-ਦੌੜ ਕਾਰਨ ਲੋਕਾਂ ਵਿਚ ਤਣਾਅ ਅਤੇ ਉਦਾਸੀ ਵਧੀ ਹੈ। ਗੱਡੀਆਂ ਦੀ ਬਹੁਤਾਤ ਕਾਰਨ ਪ੍ਰਦੂਸ਼ਣ ਵਧਿਆ ਅਤੇ ਵਾਤਾਵਰਨ ਵਿਚ ਪ੍ਰਾਣ ਹਵਾ ਆਕਸੀਜਨ ਦੀ ਕਮੀ ਹੋਈ। ਸੰਸਾਧਨਾਂ ਦੇ ਕਾਰਨ ਸਰੀਰਕ ਗਤੀਹੀਣਤਾ ਵਧ ਗਈ ਹੈ ਅਤੇ ਕੰਮ, ਕਸਰਤ ਸਿਫ਼ਰ ਹੋ ਗਏ ਹਨ। ਇਨ੍ਹਾਂ ਸਾਰਿਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਵਧ ਗਈਆਂ ਹਨ। ਤਣਾਅ, ਉਦਾਸੀ ਦੇ ਕਾਰਨ ਦਿਮਾਗੀ ਅਤੇ ਕਾਰਜ ਸਮਰੱਥਾ ਵੀ ਪ੍ਰਭਾਵਿਤ ਹੋਈ ਹੈ। ਪ੍ਰਦੂਸ਼ਣ ਦੇ ਕਾਰਨ ਆਕਸੀਜਨ ਦੀ ਕਮੀ ਹੋਈ, ਜਿਸ ਨਾਲ ਖੂਨ ਵਿਚ ਪ੍ਰਾਣਵਾਯੂ ਦੀ ਕਮੀ ਹੋਣ ਨਾਲ ਦਿਲ ਦੇ ਰੋਗਾਂ ਨੂੰ ਪਨਾਹ ਲੈਣ ਦਾ ਮੌਕਾ ਮਿਲਿਆ। ਮਿਹਨਤ ਦੀ ਕਮੀ ਦੇ ਕਾਰਨ ਸ਼ੂਗਰ ਟਾਈਪ-2 ਦੇ ਰੋਗੀ ਵਧੇ। ਸਰੀਰਕ ਗਤੀਸ਼ੀਲਤਾ ਦੀ ਕਮੀ ਕਾਰਨ ਜ਼ੋਰ ਕਮਜ਼ੋਰ ਹੋਣ ਲੱਗੇ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਵਧੀ। ਅੱਜ 74 ਫੀਸਦੀ ਸ਼ਹਿਰੀ ਭਾਰਤੀ ਦਿਲ ਦੇ ਰੋਗੀ ਹੈ। 30 ਤੋਂ 40 ਫੀਸਦੀ ਸ਼ੂਗਰ ਦੇ ਮਰੀਜ਼ ਹਨ। 25 ਫੀਸਦੀ ਸਾਹ ਦੇ ਰੋਗੀ ਹਨ। 30 ਫੀਸਦੀ ਮੋਟਾਪੇ ਦੇ ਸ਼ਿਕਾਰ ਹਨ, 35 ਫੀਸਦੀ ਦੇ ਜੋੜਾਂ ਵਿਚ ਦਰਦ ਹੈ।

ਇੰਤਜ਼ਾਰ ਨਾ ਕਰੋ ਚੀਜ਼ ਦੀ ਮਿਆਦ ਖ਼ਤਮ ਹੋਣ ਦਾ

ਬ੍ਰੈੱਡ, ਬਿਸਕੁਟ, ਬੰਦ ਪੈਕੇਟ, ਬੰਦ ਟਿਨ ਅਤੇ ਖਾਣ-ਪੀਣ ਦੀਆਂ ਡੱਬਾਬੰਦ ਚੀਜ਼ਾਂ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਤਾਂ ਅਸੀਂ ਦੇਖ ਕੇ ਲੈਂਦੇ ਹਾਂ ਅਤੇ ਮਿਤੀ ਲੰਘ ਜਾਣ 'ਤੇ ਉਨ੍ਹਾਂ ਨੂੰ ਸੁੱਟ ਵੀ ਦਿੰਦੇ ਹਾਂ ਪਰ ਘਰ ਵਿਚ ਕੁਝ ਨਿਯਮਤ ਰੂਪ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਮਿਆਦ ਖ਼ਤਮ ਹੋਣ ਵੱਲ ਕਦੀ ਧਿਆਨ ਨਹੀਂ ਦਿੱਤਾ ਜਾਂਦਾ। ਸਾਲਾਂ ਤੱਕ ਉਹ ਸਾਡੇ ਨਾਲ, ਸਾਡੇ ਘਰ ਦਾ ਅੰਗ ਬਣੀਆਂ ਰਹਿੰਦੀਆਂ ਹਨ ਅਤੇ ਕਦੇ ਨਹੀਂ ਧਿਆਨ 'ਚ ਆਉਂਦਾ ਕਿ ਇਨ੍ਹਾਂ ਦੀ ਮਿਆਦ ਸੀਮਤ ਹੈ। ਸਾਨੂੰ ਉਨ੍ਹਾਂ ਨੂੰ ਬਦਲ ਲੈਣਾ ਚਾਹੀਦਾ ਹੈ। ਬਹੁਤੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਤੌਲੀਆ, ਕੰਘਾ, ਵਾਲਾਂ ਵਾਲਾ ਬੁਰਸ਼, ਦੰਦਾਂ ਵਾਲਾ ਬੁਰਸ਼, ਸਿਰਹਾਣਾ, ਸਲੀਪਰ, ਬਾਥ ਸਪੰਜ, ਗੱਦੇ ਆਦਿ ਦੀ ਵੀ ਮਿਆਦ ਹੁੰਦੀ ਹੈ।
ਸਿਰਹਾਣਾ : ਸਿਰਹਾਣਾ ਚਾਹੇ ਫੋਮ ਦਾ ਹੋਵੇ ਜਾਂ ਰੂੰ ਦਾ, ਕੁਝ ਸਮੇਂ ਬਾਅਦ ਆਪਣਾ ਆਕਾਰ ਬਦਲਣ ਲਗਦਾ ਹੈ। ਜਦੋਂ ਵੀ ਤੁਹਾਡਾ ਸਿਰਹਾਣਾ ਆਕਾਰ ਬਦਲਣ ਲੱਗੇ, ਜ਼ਿਆਦਾ ਦੱਬਣ ਲੱਗੇ ਤਾਂ ਸਮਝੋ ਇਸ ਨੂੰ ਬਦਲਣ ਦਾ ਸਮਾਂ ਆ ਗਿਆ ਹੈ, ਕਿਉਂਕਿ ਇਨ੍ਹਾਂ ਵਿਚ ਧੂੜ ਜਮ੍ਹਾਂ ਹੋਣ ਲਗਦੀ ਹੈ, ਜੋ ਸਾਡੀ ਸਿਹਤ 'ਤੇ ਪ੍ਰਭਾਵ ਪਾਉਂਦੀ ਹੈ। ਜਿਵੇਂ ਵਾਰ-ਵਾਰ ਜ਼ੁਕਾਮ-ਖੰਘ ਹੋਣਾ ਜਾਂ ਇਨਫੈਕਸ਼ਨ ਦਾ ਹੋਣਾ ਆਦਿ। ਰੂੰ ਦੇ ਸਿਰਹਾਣੇ ਨੂੰ ਸਾਲ ਵਿਚ ਇਕ ਵਾਰ ਰੂੰ ਦੁਬਾਰਾ ਸਾਫ਼ ਕਰਕੇ ਉਸ ਦਾ ਕਵਰ ਧੋ ਕੇ ਭਰਵਾਓ। ਫੋਮ ਦਾ ਸਿਰਹਾਣਾ ਨਵਾਂ ਖ਼ਰੀਦੋ। ਫੋਮ ਦੇ ਸਿਰਹਾਣੇ ਦੀ ਮਿਆਦ 1 ਤੋਂ 3 ਸਾਲ ਹੁੰਦੀ ਹੈ।
ਤੌਲੀਆ : ਤੌਲੀਆ ਨਿਯਮਤ ਰੂਪ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ। ਇਸ ਦੀ ਵੀ ਆਪਣੀ ਮਿਆਦ ਹੈ। ਬ੍ਰਾਂਡਿਡ ਤੌਲੀਏ ਨੂੰ 2 ਤੋਂ 3 ਸਾਲ ਅਤੇ ਆਮ ਤੌਲੀਏ ਨੂੰ ਇਕ ਤੋਂ ਡੇਢ ਸਾਲ ਤੱਕ ਵਰਤੋਂ ਵਿਚ ਲਿਆਓ। ਰੋਜ਼ ਵਰਤੋਂ ਹੋਣ ਕਾਰਨ ਇਸ ਨੂੰ ਦੋ ਦਿਨ ਵਿਚ ਇਕ ਵਾਰ ਧੋਵੋ ਅਤੇ ਧੁੱਪ ਵਿਚ ਸੁਕਾਓ। ਨਹਾਉਣ ਤੋਂ ਬਾਅਦ ਵੀ ਤੌਲੀਆ ਖੁੱਲ੍ਹੇ ਵਿਚ ਸੁਕਾਓ ਤਾਂ ਕਿ ਬੈਕਟੀਰੀਆ ਉਨ੍ਹਾਂ ਵਿਚ ਜੰਮ ਨਾ ਸਕੇ। ਪੁਰਾਣੇ ਤੌਲੀਏ ਵਿਚ ਬੈਕਟੀਰੀਆ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕਿਉਂਕਿ ਤੌਲੀਏ ਦਾ ਸਿੱਧਾ ਸਬੰਧ ਸਾਡੀ ਚਮੜੀ ਨਾਲ ਹੁੰਦਾ ਹੈ। ਬੱਚਿਆਂ ਦੇ ਤੌਲੀਏ ਰੋਜ਼ ਧੋਵੋ ਅਤੇ ਇਕ ਸਾਲ ਵਿਚ ਬਦਲ ਲਓ। ਤੌਲੀਆ ਹਮੇਸ਼ਾ ਸਫੈਦ ਜਿਹਾ ਹਲਕੇ ਰੰਗ ਦਾ ਲਓ, ਇਸ ਵਿਚ ਜਮ੍ਹਾਂ ਗੰਦਗੀ ਨਜ਼ਰ ਆਉਣ ਲਗਦੀ ਹੈ।
ਗੱਦੇ : ਹਰ ਘਰ ਵਿਚ ਗੱਦਿਆਂ ਦੀ ਵਰਤੋਂ ਸੌਣ ਲਈ ਨਿਯਮਤ ਰੂਪ ਨਾਲ ਹੁੰਦੀ ਹੈ, ਚਾਹੇ ਗੱਦੇ ਰੂੰ ਦੇ ਹੋਣ ਜਾਂ ਫੋਮ ਦੇ। ਇਨ੍ਹਾਂ ਦੀ ਵੀ ਮਿਆਦ ਸੀਮਤ ਹੁੰਦੀ ਹੈ, ਜਿਵੇਂ ਰੂੰ ਦੇ ਗੱਦੇ 2 ਤੋਂ 3 ਸਾਲ ਵਿਚ ਇਕ ਵਾਰ ਖੋਲ੍ਹ ਕੇ ਰੂੰ ਸਾਫ਼ ਕਰਾ ਕੇ ਰੱਖੋ ਅਤੇ ਲੋੜ ਪੈਣ 'ਤੇ ਭਰਵਾਓ ਅਤੇ ਉਸ ਦੇ ਕਵਰ ਨੂੰ ਧੋ ਕੇ ਦੁਬਾਰਾ ਵਰਤੋ। ਰੂੰ ਦੇ ਗੱਦੇ ਛੇਤੀ ਦੱਬਣ ਲਗਦੇ ਹਨ ਅਤੇ ਆਪਣਾ ਅਸਲੀ ਆਕਾਰ ਗੁਆ ਦਿੰਦੇ ਹਨ, ਜਿਸ ਨਾਲ ਕਮਰ, ਧੌਣ, ਮੋਢਿਆਂ ਦਾ ਦਰਦ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਫੋਮ ਦੇ ਗੱਦੇ ਨਾ ਜ਼ਿਆਦਾ ਨਰਮ ਲਓ, ਨਾ ਹੀ ਜ਼ਿਆਦਾ ਸਖ਼ਤ। 6 ਤੋਂ 8 ਸਾਲ ਵਿਚ ਗੱਦੇ ਕਾਫੀ ਦੱਬਣ ਲਗਦੇ ਹਨ ਅਤੇ ਇਨ੍ਹਾਂ ਵਿਚ ਧੂੜ ਜਮ੍ਹਾਂ ਹੋਣ ਲਗਦੀ ਹੈ। ਜਦੋਂ ਵੀ ਲੱਗੇ ਗੱਦੇ ਦੱਬ ਕੇ ਆਪਣਾ ਅਸਲੀ ਆਕਾਰ ਗੁਆ ਰਹੇ ਹਨ ਤਾਂ ਇਨ੍ਹਾਂ ਨੂੰ ਬਦਲ ਦਿਓ। ਗੱਦਿਆਂ ਦੇ ਅੰਦਰ ਜ਼ਿਆਦਾ ਧੂੜ ਨਾ ਜਾਵੇ।
ਬਾਥਰੂਮ ਸਲੀਪਰਸ : ਬਾਥਰੂਮ ਸਲੀਪਰਸ ਦੀ ਵਰਤੋਂ ਦਿਨ ਵਿਚ ਕਈ ਘੰਟੇ ਤੱਕ ਅਸੀਂ ਘਰ ਵਿਚ ਨਿਯਮਤ ਰੂਪ ਨਾਲ ਕਰਦੇ ਹਾਂ, ਜੋ ਦਿਨ ਵਿਚ ਕਈ ਵਾਰ ਗਿੱਲੇ ਹੁੰਦੇ ਹਨ। ਇਨ੍ਹਾਂ ਦਾ ਜੀਵਨ ਬਸ 6 ਮਹੀਨੇ ਤੱਕ ਹੁੰਦਾ ਹੈ, ਕਿਉਂਕਿ ਇਨ੍ਹਾਂ ਵਿਚ ਤਰੇੜਾਂ ਆ ਜਾਂਦੀਆਂ ਹਨ, ਜਿਨ੍ਹਾਂ ਵਿਚ ਬੈਕਟੀਰੀਆ ਆਪਣਾ ਘਰ ਬਣਾ ਲੈਂਦੇ ਹਨ, ਜੋ ਪੈਰਾਂ ਦੀ ਚਮੜੀ ਨੂੰ ਇਨਫੈਕਸ਼ਨ ਦੇ ਸਕਦੇ ਹਨ। ਬਾਥਰੂਮ ਸਲੀਪਰ ਹੇਠੋਂ ਛੇਤੀ ਘਸ ਜਾਂਦੇ ਹਨ ਅਤੇ ਤੁਹਾਡੇ ਡਿਗਣ ਦਾ ਖ਼ਤਰਾ ਬਣਿ ਰਹਿ ਸਕਦਾ ਹੈ, ਇਸ ਲਈ ਇਨ੍ਹਾਂ ਨੂੰ 6 ਤੋਂ 7 ਮਹੀਨੇ ਵਿਚ ਬਦਲਣਾ ਚਾਹੀਦਾ ਹੈ।
ਵਾਲਾਂ ਵਾਲਾ ਬੁਰਸ਼ ਜਾਂ ਕੰਘੀ : ਵਾਲਾਂ ਵਾਲਾ ਬੁਰਸ਼ ਅਤੇ ਕੰਘੇ ਨੂੰ ਇਕ ਸਾਲ ਬਾਅਦ ਜ਼ਰੂਰ ਬਦਲ ਲਓ। ਗੰਦੇ ਜਾਂ ਜ਼ਿਆਦਾ ਪੁਰਾਣੇ ਵਾਲਾਂ ਵਾਲੇ ਬੁਰਸ਼ ਨਾਲ ਤੁਹਾਡੇ ਸਿਰ ਦੀ ਚਮੜੀ ਨੂੰ ਇਨਫੈਕਸ਼ਨ ਹੋ ਸਕਦੀ ਹੈ। ਹਫਤੇ ਵਿਚ ਇਕ ਵਾਰ ਇਨ੍ਹਾਂ ਨੂੰ ਜ਼ਰੂਰ ਸਾਫ਼ ਕਰੋ। ਤਰਲ ਸਾਬਣ ਵਿਚ ਕੋਸਾ ਪਾਣੀ ਮਿਲਾ ਕੇ ਦੰਦਾਂ ਵਾਲੇ ਬੁਰਸ਼ ਨਾਲ ਇਸ ਨੂੰ ਸਾਫ਼ ਕਰੋ। ਇਸ ਦੀ ਉੱਚਿਤ ਦੇਖ-ਭਾਲ ਨਾ ਕਰਨ ਨਾਲ ਵਾਲਾਂ ਦੇ ਡਿਗਣ ਦੀ ਸਮੱਸਿਆ ਹੋ ਸਕਦੀ ਹੈ।
ਦੰਦਾਂ ਵਾਲਾ ਬੁਰਸ਼ : ਦੰਦਾਂ ਵਾਲਾ ਬੁਰਸ਼ ਹਰ ਮਹੀਨੇ ਬਦਲੋ, ਕਿਉਂਕਿ ਅਸੀਂ ਇਸ ਦੀ ਵਰਤੋਂ ਦੰਦਾਂ ਦੀ ਸਫ਼ਾਈ ਲਈ ਕਰਦੇ ਹਾਂ। ਇਨ੍ਹਾਂ ਦੰਦਾਂ ਨਾਲ ਖਾਣਾ ਚੱਬ ਕੇ ਸਾਡੇ ਪੇਟ ਵਿਚ ਜਾਂਦਾ ਹੈ। ਜੇ ਦੰਦਾਂ ਵਾਲਾ ਬੁਰਸ਼ ਗੰਦਾ ਹੋਵੇਗਾ ਤਾਂ ਉਹ ਦੰਦਾਂ ਵਿਚ ਇਨਫੈਕਸ਼ਨ ਦੇਵੇਗਾ ਅਤੇ ਖਾਣੇ ਦੇ ਨਾਲ ਬੈਕਟੀਰੀਆ ਸਾਡੇ ਪੇਟ ਵਿਚ ਚਲੇ ਜਾਣਗੇ, ਜੋ ਸਾਨੂੰ ਪੇਟ ਸਬੰਧੀ ਬਿਮਾਰੀਆਂ ਦਾ ਸ਼ਿਕਾਰ ਬਣਾਉਣਗੇ।
ਬਾਥ ਸਪੰਜ : ਬਾਥ ਸਪੰਜ ਨੂੰ ਬਹੁਤ ਛੇਤੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਸ ਨੂੰ 2 ਹਫ਼ਤੇ ਬਾਅਦ ਬਦਲ ਲਓ। ਹਫ਼ਤੇ ਵਿਚ ਦੋ ਵਾਰ ਇਸ ਨੂੰ ਗਰਮ ਪਾਣੀ ਨਾਲ ਧੋਵੋ ਅਤੇ ਨਹਾਉਣ ਤੋਂ ਬਾਅਦ ਇਸ ਨੂੰ ਟੰਗ ਦਿਓ ਤਾਂ ਕਿ ਪਾਣੀ ਨਿਕਲ ਜਾਵੇ। ਗੰਦਾ ਬਾਥ ਸਪੰਜ ਵਰਤਣ ਨਾਲ ਚਮੜੀ ਵਿਚ ਰੇਸ਼ੇਜ਼ ਹੋ ਸਕਦੇ ਹਨ।
ਇਸ ਲਈ ਸਾਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਉਪਰੋਕਤ ਚੀਜ਼ਾਂ ਦੀ ਮਿਆਦ ਖ਼ਤਮ ਹੋਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

ਸਿਹਤ ਸੁਰੱਖਿਆ : ਨਿਯਮ ਅਤੇ ਪ੍ਰਹੇਜ਼

ਮਨੁੱਖ ਦਾ ਤੰਦਰੁਸਤ ਰਹਿਣਾ ਉਸ ਦੇ ਆਪਣੇ ਹੱਥ ਵਿਚ ਹੈ, ਬਸ਼ਰਤੇ ਉਹ ਆਪਣੇ-ਆਪ ਲਈ ਕੁਝ ਨਿਯਮ ਨਿਰਧਾਰਤ ਕਰੇ। ਜਿਸ ਤਰ੍ਹਾਂ ਕਿਸੇ ਵੀ ਕੰਮ ਲਈ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ, ਉਸੇ ਤਰ੍ਹਾਂ ਤੰਦਰੁਸਤ ਅਤੇ ਰੋਗਮੁਕਤ ਜੀਵਨ ਲਈ ਵੀ ਕੁਝ ਨਿਯਮ ਅਤੇ ਪ੍ਰਹੇਜ਼ ਬਹੁਤ ਜ਼ਰੂਰੀ ਹਨ।
* ਭੋਜਨ ਨਾਲ ਪਾਣੀ ਨਾ ਪੀਓ। ਖਾਣੇ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਹੀ ਪਾਣੀ ਦਾ ਸੇਵਨ ਕਰੋ।
* ਦਿਨ ਭਰ ਵਿਚ 3-4 ਲਿਟਰ ਪਾਣੀ ਦਾ ਸੇਵਨ ਕਰੋ। ਪਿਸ਼ਾਬ ਕਰਨ ਤੋਂ ਬਾਅਦ ਥੋੜ੍ਹਾ ਪਾਣੀ ਜ਼ਰੂਰੀ ਪੀਓ।
* ਅੰਨ ਦਾ ਸੇਵਨ 24 ਘੰਟੇ ਵਿਚ 2 ਵਾਰ ਜਾਂ ਇਕ ਹੀ ਵਾਰ ਕਰੋ। ਵਾਰ-ਵਾਰ ਭਾਰਾ ਭੋਜਨ ਨਾ ਖਾਓ। ਖੂਬ ਭੁੱਖ ਲੱਗਣ 'ਤੇ ਹੀ ਭੋਜਨ ਕਰੋ।
* ਦੁਪਹਿਰ ਦੇ ਭੋਜਨ ਤੋਂ ਬਾਅਦ ਅਤੇ ਸ਼ਾਮ ਦੇ ਭੋਜਨ ਤੋਂ ਬਾਅਦ 10-15 ਮਿੰਟ ਵਜਰ ਆਸਣ 'ਤੇ ਬੈਠੋ।
* ਕਿਸੇ ਵੀ ਤੇਜ਼ ਦਰਦ, ਕਸ਼ਟ, ਕ੍ਰੋਧ ਜਾਂ ਦੁੱਖ ਦੇ ਸਮੇਂ ਭੋਜਨ ਨਾ ਕਰੋ। ਭੋਜਨ ਸ਼ਾਂਤ ਮਨ ਨਾਲ ਅਤੇ ਦਿਲਚਸਪੀ ਨਾਲ ਹੀ ਕਰੋ।
* ਭੁੱਖ, ਅਰੁਚੀ ਜਾਂ ਅਨਿਸਚਿਤਤਾ ਹੋਣ 'ਤੇ ਹਲਕਾ ਭੋਜਨ ਸਿਰਫ ਫਲ, ਸਬਜ਼ੀਆਂ ਜਾਂ ਰਸ, ਸੂਪ, ਲੱਸੀ ਆਦਿ ਹੀ ਲਓ ਜਾਂ ਵਰਤ ਰੱਖੋ।
* ਜੀਰਨ ਅਤੇ ਜਟਿਲ ਰੋਗਾਂ ਦੀ ਹਾਲਤ ਵਿਚ ਹੇਠ ਲਿਖੀਆਂ ਚੀਜ਼ਾਂ ਅਤੇ ਖਾਧ ਪਦਾਰਥ ਤਿਆਗ ਦਿਓ, ਜਿਵੇਂ ਪੱਕੀਆਂ ਦਾਲਾਂ, ਦੁੱਧ, ਖੰਡ, ਚੌਲ, ਆਲੂ, ਨਮਕ, ਮਿਰਚ-ਮਸਾਲੇ, ਚਾਟ, ਖਟਿਆਈ, ਘਿਓ-ਤੇਲ ਵਿਚ ਤਲੇ ਪਕਵਾਨ, ਮਠਿਆਈਆਂ, ਨਮਕੀਨ, ਬੇਸਣ, ਮੈਦਾ ਆਦਿ। * ਆਂਡਾ, ਮਾਸ, ਮੱਛੀ, ਸ਼ਰਾਬ, ਗਾਂਜਾ, ਨਸ਼ੇ, ਭੰਗ, ਅਫੀਮ, ਤੰਬਾਕੂ, ਸਿਗਰਿਟ, ਬੀੜੀ, ਸਾਰੇ ਨਸ਼ੀਲੇ ਮਾਦਕ ਪਦਾਰਥ, ਉਤੇਜਕ ਮਾਦਕ ਰਸਾਇਣ, ਦਵਾਈਆਂ ਅਤੇ ਬੋਤਲਬੰਦ ਪੀਣ ਵਾਲੇ ਪਦਾਰਥਾਂ ਨੂੰ ਹਮੇਸ਼ਾ ਲਈ ਤਿਆਗ ਦਿਓ।
* ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਅਤੇ ਨਿਯਮਾਂ ਦਾ ਠੀਕ ਢੰਗ ਨਾਲ ਪਾਲਣ ਕਰੋ। ਸੰਜਮ ਅਤੇ ਪ੍ਰਹੇਜ਼ ਰੱਖੋ। ਖਾਣ-ਪੀਣ ਵਿਚ ਤਬਦੀਲੀ, ਸੁਧਾਰ ਲਗਾਤਾਰ ਕਰਨ ਨਾਲ ਨਿਸਚਿਤ ਰੂਪ ਨਾਲ ਲਾਭ ਪ੍ਰਾਪਤ ਹੋਣ ਲਗਦਾ ਹੈ।
* ਭੋਜਨ, ਰਹਿਣ-ਸਹਿਣ ਦੇ ਸੁਧਾਰ ਦੇ ਨਾਲ-ਨਾਲ ਕੁਦਰਤੀ ਚਿਕਿਤਸਾ ਦੇ ਸੋਧਕ ਉਪਚਾਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਪਾਚਣ ਸੰਸਥਾਨ ਅਤੇ ਸਰੀਰ ਦੀ ਜੀਵਨੀ ਸ਼ਕਤੀ ਦੀ ਸਰਗਰਮੀ ਵਧੇ ਅਤੇ ਉਸ ਵਿਚ ਸ਼ੁੱਧਤਾ ਆਵੇ।
* ਭੋਜਨ ਦਾ ਕੁਦਰਤੀ ਰੂਪ ਨਾਲ ਸੰਤੁਲਿਤ, ਨਿਯੰਤ੍ਰਿਤ ਅਤੇ ਸ਼ੁੱਧੀਕਾਰਕ, ਪੋਸ਼ਕ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭੋਜਨ ਹੀ ਦਵਾਈ ਹੈ ਅਤੇ ਇਸ ਦੇ ਪਾਲਣ ਤੋਂ ਬਿਨਾਂ ਇਲਾਜ ਅਧੂਰਾ ਹੈ।


-ਮੀਨਾ ਜੈਨ ਛਾਬੜਾ

ਜੀਵਨਦਾਨ ਹੈ ਖ਼ੂਨਦਾਨ

ਖੂਨਦਾਨ ਬਾਰੇ ਤਾਂ ਸਾਰੇ ਜਾਣਦੇ ਹਨ। ਜਦੋਂ ਕਿਸੇ ਲੋੜਵੰਦ ਇਨਸਾਨ ਨੂੰ ਤੰਦਰੁਸਤ ਇਨਸਾਨ ਖੂਨ ਦਿੰਦਾ ਹੈ ਤਾਂ ਉਸ ਨੂੰ ਖੂਨ ਦਾਨ ਕਰਨਾ ਕਹਿੰਦੇ ਹਨ ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਖੂਨ ਕਿਵੇਂ ਦੇਣਾ ਚਾਹੀਦਾ ਹੈ ਅਤੇ ਜੋ ਖੂਨ ਉਹ ਦੇ ਰਹੇ ਹਨ, ਕੀ ਕਿਸੇ ਅਸਲੀ ਲੋੜਵੰਦ ਨੂੰ ਹੀ ਦਿੱਤਾ ਜਾਵੇਗਾ।
ਹੋਰ ਤੱਤ : * ਜਿੰਨਾ ਖੂਨ ਲਿਆ ਜਾਂਦਾ ਹੈ, ਉਹ 21 ਦਿਨ ਵਿਚ ਫਿਰ ਸਰੀਰ ਵਿਚ ਬਣ ਜਾਂਦਾ ਹੈ।
* ਖੂਨ ਬੈਗ ਦੋ ਤਰ੍ਹਾਂ ਦੇ ਹੁੰਦੇ ਹਨ। ਇਕ 350 ਮਿ: ਲਿ: ਅਤੇ ਦੂਜਾ 450 ਮਿ: ਲਿ: ਦਾ। 60 ਕਿੱਲੋ ਭਾਰ ਵਾਲਿਆਂ ਤੋਂ 350 ਮਿ: ਲਿ: ਅਤੇ ਉੱਪਰ ਭਾਰ ਵਾਲਿਆਂ ਤੋਂ 450 ਮਿ: ਲਿ: ਖੂਨ ਲਿਆ ਜਾਂਦਾ ਹੈ।
* ਡਿਸਪੋਜ਼ੇਬਲ ਸਰਿੰਜ ਨਾਲ ਲਏ ਗਏ ਖੂਨ ਨਾਲ ਦੇਣ ਵਾਲੇ ਨੂੰ ਕੋਈ ਇਨਫੈਕਸ਼ਨ ਨਹੀਂ ਹੁੰਦੀ।
* ਜੇ ਕੋਈ ਖੂਨ ਦਾਨੀ ਐਚ.ਆਈ.ਵੀ. ਪਾਜ਼ੇਟਿਵ ਹੋਵੇ ਤਾਂ ਖੂਨ ਬੈਂਕ ਵਾਲੇ ਦਾਨੀ ਨੂੰ ਦੱਸ ਦਿੰਦੇ ਹਨ ਅਤੇ ਸਰਕਾਰੀ ਵਿਭਾਗ ਵਿਚ ਵੀ ਜਾਣਕਾਰੀ ਦੇ ਦਿੰਦੇ ਹਨ ਤਾਂ ਕਿ ਉਸ ਦੀ ਕਾਊਂਸਲਿੰਗ ਹੋ ਸਕੇ। ਇਸ ਦੇ ਖੂਨ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਖੂਨ ਦੀ ਲੋੜ ਕਿਨ੍ਹਾਂ ਹਾਲਤਾਂ ਵਿਚ ਪੈਂਦੀ ਹੈ : * ਡਲਿਵਰੀ ਦੇ ਸਮੇਂ।
* ਕਿਸੇ ਵੀ ਤਰ੍ਹਾਂ ਦੀ ਅੰਦਰੂਨੀ ਅਤੇ ਬਾਹਰੀ ਬਲੀਡਿੰਗ ਹੋਣ 'ਤੇ।
* ਸਾਰੇ ਵੱਡੇ ਆਪ੍ਰੇਸ਼ਨਾਂ ਵਿਚ।
* ਸਰੀਰ ਦੇ ਕਿਸੇ ਅੰਗ ਦੀ ਟ੍ਰਾਂਸਪਲਾਂਟੇਸ਼ਨ ਵਿਚ।
* ਕੈਂਸਰ, ਕੀਮੋਥੈਰੇਪੀ, ਡਾਇਲਸਿਸ, ਥੈਲੀਸੀਮਿਆ, ਹੀਮੋਫੀਲਿਆ ਅਤੇ ਹੋਰ ਕਈ ਬਿਮਾਰੀਆਂ ਵਿਚ।
* ਐਕਸੀਡੈਂਟ ਦੇ ਮਾਮਲਿਆਂ ਵਿਚ।
* ਡੇਂਗੂ ਪਲੇਟਲੈਟਸ ਦੀ ਕਮੀ ਅਤੇ ਪਲਾਜ਼ਮਾ ਵਿਚ ਰੈੱਡ ਸੈੱਲ ਘੱਟ ਹੋਣ 'ਤੇ।
* ਕਦੇ-ਕਦੇ ਬਹੁਤ ਜ਼ਿਆਦਾ ਅਨੀਮਿਕ ਹੋਣ 'ਤੇ। ਅਨੀਮੀਆ ਵਿਚ ਆਇਰਨ ਸਪਲੀਮੈਂਟ, ਟੀਕਾ ਜਾਂ ਖਾਣ-ਪੀਣ ਵਿਚ ਆਇਰਨ ਵਾਲੇ ਖਾਧ ਪਦਾਰਥਾਂ ਨੂੰ ਸ਼ਾਮਿਲ ਕਰਕੇ ਇਸ 'ਤੇ ਕਾਬੂ ਕਰੋ।
ਇਹ ਵੀ ਰੱਖੋ ਜਾਣਕਾਰੀ : * ਖੂਨ ਬੈਂਕ ਤੋਂ ਪੈਸੇ ਦੇ ਕੇ ਖੂਨ ਨਹੀਂ ਲਿਆ ਜਾ ਸਕਦਾ। ਉਸ ਦੇ ਬਦਲੇ ਵਿਚ ਪਰਿਵਾਰ ਨੂੰ ਓਨੇ ਯੂਨਿਟ ਖੂਨ ਦੇਣ ਲਈ ਕਿਹਾ ਜਾਂਦਾ ਹੈ। ਮਜਬੂਰੀ ਹੋਣ 'ਤੇ ਕੁਝ ਸਵੈਇਛਕ ਸੰਸਥਾਵਾਂ ਬਿਨਾਂ ਦਾਨ ਦੇ ਵੀ ਖੂਨ ਦਿੰਦੀਆਂ ਹਨ ਬਸ ਪ੍ਰੋਸੈਸਿੰਗ ਚਾਰਜ ਲੈ ਲੈਂਦੀਆਂ ਹਨ।
ਕੌਣ ਖੂਨ ਦਾਨ ਕਰ ਸਕਦੇ ਹਨ ਅਤੇ ਕੌਣ ਨਹੀਂ
ਜੋ ਦੇ ਸਕਦੇ ਹਨ : * ਖੂਨ ਦੇਣ ਵਾਲੇ ਦੀ ਉਮਰ 18 ਤੋਂ 60 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਭਾਰ 45 ਕਿੱਲੋ ਜਾਂ ਉਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।
* ਹੀਮੋਗਲੋਬਿਨ ਦੀ ਮਾਤਰਾ ਘੱਟ ਤੋਂ ਘੱਟ 12.5 ਹੋਣੀ ਚਾਹੀਦੀ ਹੈ।
* ਦੋ ਵਾਰ ਖੂਨ ਦੇਣ ਦੇ ਵਿਚਕਾਰ 3 ਮਹੀਨੇ ਦਾ ਫਰਕ ਜ਼ਰੂਰੀ ਹੈ।
* ਪਲਸ ਰੇਟ ਅਤੇ ਖੂਨ ਦਾ ਦਬਾਅ ਠੀਕ ਹੋਣਾ ਚਾਹੀਦਾ ਹੈ।
* ਹੋਮਿਓਪੈਥਿਕ, ਆਯੁਰਵੈਦਿਕ, ਯੂਨਾਨੀ ਦਵਾਈ ਲੈਣ ਵਾਲੇ ਵੀ ਖੂਨ ਦਾਨ ਕਰ ਸਕਦੇ ਹਨ ਪਰ ਕੋਈ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ।
* ਧੂੜ, ਧੂੰਆਂ, ਅੱਗ, ਭੱਠੀ ਅਤੇ ਰਸਾਇਣਾਂ ਵਿਚ ਕੰਮ ਕਰਨ ਵਾਲੇ ਵੀ ਖੂਨ ਦੇ ਸਕਦੇ ਹਨ, ਬਸ ਉਨ੍ਹਾਂ ਨੂੰ ਕੋਈ ਅਲਰਜੀ ਨਹੀਂ ਹੋਣੀ ਚਾਹੀਦੀ।
* ਸ਼ਰਾਬ ਪੀਣ ਵਾਲੇ, ਸਿਗਰਿਟ-ਬੀੜੀ ਪੀਣ ਵਾਲੇ ਵੀ ਦੇ ਸਕਦੇ ਹਨ ਪਰ ਖੂਨ ਦੇਣ ਤੋਂ 6 ਘੰਟੇ ਪਹਿਲਾਂ ਤੱਕ ਬੀੜੀ-ਸਿਗਰਿਟ ਦਾ ਸੇਵਨ ਨਾ ਕੀਤਾ ਹੋਵੇ ਅਤੇ 24 ਘੰਟੇ ਪਹਿਲਾਂ ਤੋਂ ਸ਼ਰਾਬ ਨਾ ਪੀਤੀ ਹੋਵੇ, ਤਾਂ ਹੀ ਉਨ੍ਹਾਂ ਵਲੋਂ ਖੂਨ ਦੇਣਾ ਸੁਰੱਖਿਅਤ ਹੈ।
ਜੋ ਨਹੀਂ ਦੇ ਸਕਦੇ : * ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ 'ਤੇ ਖੂਨ ਨਹੀਂ ਦੇ ਸਕਦੇ, ਨਹੀਂ ਤਾਂ ਇਨਫੈਕਸ਼ਨ ਖੂਨ ਦੁਆਰਾ ਪੀੜਤ ਵਿਅਕਤੀ ਨੂੰ ਚਲੀ ਜਾਵੇਗੀ।
* ਕਿਸੇ ਵੀ ਕਾਰਨ ਰੋਗੀ ਹੋਣ 'ਤੇ।
* ਦਿਲ, ਫੇਫੜੇ, ਲਿਵਰ, ਗੁਰਦੇ ਜਾਂ ਦਿਮਾਗੀ ਦੀ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਵੀ ਖੂਨ ਦਾਨ ਨਹੀਂ ਕਰ ਸਕਦਾ।
* ਖੂਨ ਦੇ ਦਬਾਅ ਦੀ ਦਵਾਈ ਲੈਣ ਵਾਲੇ, ਦਮਾ, ਕੈਂਸਰ ਜਾਂ ਹੈਪੇਟਾਈਟਿਸ, ਥਾਇਰਾਇਡ ਵਾਲੇ ਲੋਕ ਵੀ ਖੂਨ ਦਾਨ ਨਹੀਂ ਕਰਦੇ।
* ਤਣਾਅ ਦੀ ਦਵਾਈ ਲੈਣ ਵਾਲੇ ਵੀ ਖੂਨ ਨਹੀਂ ਦੇ ਸਕਦੇ।
* ਫ੍ਰੈਕਚਰ, ਆਪ੍ਰੇਸ਼ਨ ਅਤੇ ਗਾਲ ਬਲੈਡਰ ਹਟੇ ਹੋਏ ਲੋਕ ਵੀ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਖੂਨ ਨਹੀਂ ਦੇ ਸਕਦੇ।
* ਜਿਨ੍ਹਾਂ ਦਾ ਭਾਰ ਆਪਣੇ-ਆਪ ਇਕਦਮ ਘੱਟ ਹੋ ਜਾਵੇ, ਡਾਕਟਰੀ ਜਾਂਚ ਕਰਵਾਏ ਬਿਨਾਂ ਖੂਨ ਨਹੀਂ ਦੇ ਸਕਦੇ।
* ਜਿਨ੍ਹਾਂ ਦਾ ਹੀਮੋਗਲੋਬਿਨ 10 ਤੋਂ ਘੱਟ ਹੋਵੇ ਜਾਂ 18 ਤੋਂ ਉੱਪਰ ਹੋਵੇ।
* ਇੰਸੁਲਿਨ ਲੈਣ ਵਾਲੇ ਲੋਕ ਵੀ।
* ਲੂਜ਼ ਮੋਸ਼ਨ ਹੋਣ 'ਤੇ ਵੀ।


-ਨੀਤੂ

ਗੰਨੇ ਦਾ ਰਸ ਸਵਾਦੀ ਵੀ ਅਤੇ ਸਿਹਤ ਲਈ ਗੁਣਕਾਰੀ ਵੀ...

ਗਰਮੀ ਰੁੱਤੇ ਜਦ ਗਰਮ ਹਵਾ, ਲੂ ਦੀ ਤਪਸ਼ ਅਤੇ ਪਿਆਸ ਸਾਨੂੰ ਹਾਲੋਂ-ਬੇਹਾਲ ਕਰਦੇ ਹਨ ਤਾਂ ਇਸ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਵਜੋਂ ਅਕਸਰ ਅਸੀਂ ਘੜੀ-ਮੁੜੀ ਠੰਢਾ ਪਾਣੀ ਪੀਂਦੇ ਹਾਂ ਪਰ ਜੇ ਇਸ ਸਮੇਂ ਗੰਨੇ ਦਾ ਤਾਜ਼ਾ-ਠੰਢਾ ਰਸ ਪੀਣ ਲਈ ਮਿਲ ਜਾਵੇ ਤਾਂ ਪਿਆਸ ਤਾਂ ਬੁਝਦੀ ਹੀ ਹੈ, ਸਗੋਂ ਮਨ ਨੂੰ ਸੁਖਦ ਜਿਹਾ ਅਹਿਸਾਸ ਵੀ ਹੁੰਦਾ ਹੈ।
ਗਰਮੀ ਦੇ ਮੌਸਮ 'ਚ ਸ਼ਹਿਰਾਂ, ਕਸਬਿਆਂ, ਪਿੰਡਾਂ ਦੀਆਂ ਸੜਕਾਂ ਕੰਢੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ਜਾਂ ਰੇੜ੍ਹੀਆਂ ਆਮ ਹੀ ਨਜ਼ਰੀਂ ਪੈਂਦੀਆਂ ਹਨ, ਜਿਥੇ ਕਿ ਕਿਸਾਨਾਂ ਦੇ ਖੇਤਾਂ ਵਿਚਲੇ ਕੁਦਰਤੀ ਰੂਪ 'ਚ ਉਗਾਏ ਗੰਨਿਆਂ ਨੂੰ ਵੇਲਣੇ ਨਾਲ ਪੀੜ ਕੇ ਰਸ ਕੱਢਿਆ ਜਾਂਦਾ ਹੈ। ਰਸ ਵੇਚਣ ਵਾਲੇ ਦੁਕਾਨਦਾਰ ਗੰਨੇ ਦੇ ਰਸ ਵਿਚ ਪੁਦੀਨਾ, ਅਦਰਕ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਬਰਫ ਵੀ ਮਿਲਾਉਂਦੇ ਹਨ, ਜਿਸ ਨਾਲ ਗੰਨੇ ਦੇ ਰਸ ਦਾ ਅਲੌਕਿਕ ਸਵਾਦ ਹਰ ਕਿਸੇ ਦੇ ਤਨ ਅਤੇ ਮਨ ਨੂੰ ਖੂਬ ਸਰੋਸ਼ਾਰ ਕਰਦਾ ਹੈ।
ਦਰਅਸਲ ਗੰਨੇ ਦਾ ਰਸ ਸਿਰਫ ਮਿੱਠਾ ਅਤੇ ਸਵਾਦੀ ਹੀ ਨਹੀਂ ਹੁੰਦਾ, ਸਗੋਂ ਇਸ ਵਿਚ ਕੁਦਰਤੀ ਤੌਰ 'ਤੇ ਕਈ ਦਵਾਈਆਂ ਵਾਲੇ ਗੁਣ ਵੀ ਹੁੰਦੇ ਹਨ। ਗੰਨੇ ਦੇ ਰਸ ਵਿਚ ਕੈਲੋਰੀਜ਼ ਊਰਜਾ ਤੋਂ ਇਲਾਵਾ ਵਿਟਾਮਿਨ 'ਏ', ਵਿਟਾਮਿਨ 'ਬੀ' ਅਤੇ ਵਿਟਾਮਿਨ 'ਸੀ' ਵਗੈਰਾ ਤੱਤ ਚੋਖੀ ਮਾਤਰਾ 'ਚ ਹੁੰਦੇ ਹਨ। ਪੁਰਾਤਨ ਸਮੇਂ ਤੋਂ ਹੀ ਪੀਲੀਆ (ਯਰਕਾਨ) ਰੋਗ ਪ੍ਰਤੀ ਗੰਨੇ ਦੇ ਰਸ ਨੂੰ ਸਹੀ ਦਵਾਈ ਦੇ ਰੂਪ 'ਚ ਮੰਨਿਆ ਗਿਆ ਹੈ। ਪੀਲੀਏ ਦੇ ਰੋਗੀ ਨੂੰ 5-6 ਦਿਨ ਰੋਜ਼ਾਨਾ ਲਗਾਤਾਰ ਗੰਨੇ ਦਾ ਰਸ ਪਿਆਇਆ ਜਾਵੇ ਤਾਂ ਪੀਲੀਏ ਤੋਂ ਛੇਤੀ ਰਾਹਤ ਮਿਲਦੀ ਹੈ। ਗੰਨੇ ਦੇ ਰਸ ਵਿਚ ਲੋਹ ਤੱਤ ਭਰਪੂਰ ਮਾਤਰਾ ਵਿਚ ਹੋਣ ਕਰਕੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ, ਦਿਮਾਗੀ ਕਾਰਜ ਸ਼ਕਤੀ, ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਪੇਟ ਸਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਗਰਮੀ ਦੇ ਮੌਸਮ ਦਾ ਸਤਾਇਆ, ਥੱਕਿਆ ਅਤੇ ਹਾਰਿਆ ਵਿਅਕਤੀ ਜਦ ਗੰਨੇ ਦੇ ਰਸ ਦਾ ਸੇਵਨ ਕਰਦਾ ਹੈ ਤਾਂ ਜਿਥੇ ਉਸ ਦੀ ਸਰੀਰਕ ਥਕਾਵਟ ਤੇ ਟੁੱਟ-ਭੱਜ ਦੂਰ ਹੁੰਦੀ ਹੈ, ਉਥੇ ਹੀ ਪਾਚਣ ਸ਼ਕਤੀ ਤੇ ਭੁੱਖ ਵਧਦੀ ਹੈ ਅਤੇ ਭੋਜਨ ਵੀ ਛੇਤੀ ਹਜ਼ਮ ਹੁੰਦਾ ਹੈ। ਜੇਕਰ ਗੁਰਦੇ ਦੀ ਖਰਾਬੀ ਜਾਂ ਮੂਤਰ ਦੋਸ਼ ਹੋਵੇ ਤਾਂ ਗੰਨੇ ਦਾ ਰਸ ਪੀਣ ਨਾਲ ਅਜਿਹੀਆਂ ਤਕਲੀਫਾਂ ਵੀ ਛੇਤੀ ਦੂਰ ਹੁੰਦੀਆਂ ਹਨ।
ਅਜੋਕੇ ਸੋਸ਼ਲ, ਪ੍ਰਿੰਟ ਮੀਡੀਆ 'ਤੇ ਕੋਲਡ ਡ੍ਰਿੰਕਸ ਅਤੇ ਹੋਰ ਵੰਨ-ਸੁਵੰਨੇ ਪੀਣ ਵਾਲੇ ਪਦਾਰਥਾਂ ਵਿਚ ਪਾਏ ਜਾ ਰਹੇ ਰਸਾਇਣਕ ਪਦਾਰਥਾਂ, ਰੰਗਾਂ ਦੀ ਬਹੁਤਾਤ ਬਾਰੇ ਹੋ ਰਹੀ ਉਲਟ ਚਰਚਾ ਨੇ ਜਿਥੇ ਗੰਨੇ ਦੇ ਠੰਢੇ-ਮਿੱਠੇ ਰਸ ਦੇ ਘੁੱਟਾਂ ਨੂੰ ਹੋਰ ਵੀ ਸਵਾਦਲਾ ਬਣਾ ਦਿੱਤਾ ਹੈ, ਉਥੇ ਹੀ ਹਰ ਗਰੀਬ ਅਤੇ ਹਮਾਤੜ-ਤਮਾਤੜ ਦੀ ਖ਼ਰੀਦ ਸ਼ਕਤੀ ਵਿਚ ਆਉਣ ਵਾਲੇ ਗੰਨੇ ਦੇ ਰਸ ਦੀਆਂ ਦੁਕਾਨਾਂ 'ਤੇ ਜੁੜੀ ਭੀੜ ਵੀ ਇਸ ਦੀ ਮਹੱਤਤਾ ਦੀ ਸਪੱਸ਼ਟ ਗਵਾਹੀ ਭਰਦੀ ਨਜ਼ਰੀਂ ਪੈਂਦੀ ਹੈ।
ਗੰਨੇ ਦਾ ਰਸ ਪੀਣ ਤੋਂ ਪਹਿਲਾਂ ਜੇ ਕੁਝ ਸਾਵਧਾਨੀਆਂ ਗੌਰ-ਏ-ਨਜ਼ਰ ਕੀਤੀਆਂ ਜਾਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ, ਜਿਵੇਂ ਕਿ ਗੰਨਾ ਸਾਫ਼ ਪਾਣੀ ਨਾਲ ਧੋਤਾ, ਤਾਜ਼ਾ, ਹਰੇ ਰੰਗ ਦਾ ਅਤੇ ਮਿੱਟੀ-ਘੱਟੇ ਤੋਂ ਰਹਿਤ ਹੋਵੇ। ਗੰਨੇ ਨੂੰ ਕਿਸੇ ਕਿਸਮ ਦਾ ਰੋਗ ਜਾਂ ਕੀੜੇ-ਮਕੌੜੇ ਨਾ ਲੱਗੇ ਹੋਣ। ਰਸ ਕੱਢਣ ਵਾਲੀ ਘੁਲਾੜੀ, ਬਰਤਨ, ਗਿਲਾਸ ਆਦਿ ਸਾਫ਼-ਸੁਥਰੇ ਤੇ ਮੱਖੀਆਂ ਤੋਂ ਰਹਿਤ ਹੋਣ।


-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਬਜ਼ੁਰਗਾਂ ਲਈ ਗਰਮੀ ਵਿਚ ਕੀ ਹੋਵੇ ਖਾਣ-ਪੀਣ

ਵਧਦੀ ਉਮਰ ਵਿਚ ਤਾਂ ਹਰ ਮੌਸਮ ਲਾਪ੍ਰਵਾਹੀ ਵਰਤਣ 'ਤੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਅਜਿਹੇ ਵਿਚ ਖੁਦ ਆਪਣੀ ਸਿਹਤ ਦਾ ਧਿਆਨ ਰੱਖੋ, ਜੇ ਘਰ ਵਿਚ ਬਜ਼ੁਰਗ ਹਨ ਤਾਂ ਉਨ੍ਹਾਂ ਦੀ ਸਿਹਤ ਦਾ ਵੀ ਧਿਆਨ ਰੱਖੋ। ਉਨ੍ਹਾਂ ਨੂੰ ਖਾਣ ਲਈ ਉਹੀ ਦਿਓ, ਜੋ ਉਹ ਅਸਾਨੀ ਨਾਲ ਪਚਾ ਸਕਣ, ਤੇਜ਼ ਧੁੱਪ ਤੋਂ ਦੂਰ ਰਹਿਣ ਅਤੇ ਪਾਣੀ ਭਰਪੂਰ ਮਾਤਰਾ ਵਿਚ ਪੀਣ।
ਭੋਜਨ ਹਲਕਾ ਲਓ : ਗਰਮੀ ਦੇ ਮੌਸਮ ਵਿਚ ਪਾਚਣ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਵਿਸ਼ੇਸ਼ ਕਰਕੇ ਵਧਦੀ ਉਮਰ ਵਿਚ। ਅਜਿਹੇ ਵਿਚ ਘੱਟ ਅਤੇ ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਖਾਧਾ ਜਾ ਸਕੇ, ਜਿਵੇਂ ਦਹੀਂ, ਸਬਜ਼ੀ, ਦਾਲ, ਚੌਲ ਆਦਿ। ਇਸ ਤੋਂ ਇਲਾਵਾ ਨਮਕੀਨ ਦਲੀਆ, ਓਟਸ, ਖਿਚੜੀ ਵੀ ਲਓ। ਉਸ ਵਿਚ ਖੂਬ ਸਾਰੀਆਂ ਤਾਜ਼ਾ ਸਬਜ਼ੀਆਂ ਪਾਓ ਤਾਂ ਕਿ ਸਵਾਦ ਵੀ ਚੰਗਾ ਬਣੇ ਅਤੇ ਸਬਜ਼ੀ ਵੀ ਸਰੀਰ ਨੂੰ ਮਿਲ ਸਕੇ। ਇਕੱਠਾ ਭੋਜਨ ਇਕ ਸਮੇਂ ਹੀ ਖਾਣ ਨਾਲੋਂ ਬਿਹਤਰ ਹੈ ਥੋੜ੍ਹਾ-ਥੋੜ੍ਹਾ ਭੋਜਨ ਕੁਝ ਫਰਕ ਨਾਲ ਲਓ। ਆਪਣੇ ਨਾਲ ਭਿੱਜੇ ਬਦਾਮ ਰੱਖ ਲਓ। ਵਿਚਾਲੇ ਭੁੱਖ ਲੱਗਣ 'ਤੇ ਥੋੜ੍ਹੇ ਬਦਾਮ ਖਾ ਲਓ। ਰੋਸਟਿਡ ਨਮਕੀਨ, ਭੁੱਜੇ ਛੋਲੇ ਵੀ ਖਾ ਸਕਦੇ ਹੋ। ਖਾਣੇ ਵਿਚ ਘੱਟ ਤੇਲ ਅਤੇ ਘੱਟ ਮਸਾਲਿਆਂ ਦੀ ਵਰਤੋਂ ਕਰੋ। ਦਹੀਂ ਦਾ ਸੇਵਨ ਜ਼ਰੂਰ ਕਰੋ।
ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਓ : ਵਧਦੀ ਉਮਰ ਨਾਲ ਜੰਕ ਫੂਡ, ਸੜਕ ਕਿਨਾਰੇ ਮਿਲਣ ਵਾਲਾ ਖਾਣਾ ਠੀਕ ਨਹੀਂ ਹੁੰਦਾ। ਇਨ੍ਹਾਂ ਵਿਚ ਮਸਾਲੇ ਵੀ ਤੇਜ਼ ਹੁੰਦੇ ਹਨ ਅਤੇ ਤੇਲ ਵੀ ਜ਼ਿਆਦਾ, ਜੋ ਸਾਡੀ ਪਾਚਣ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
ਫਲ ਅਤੇ ਸਬਜ਼ੀਆਂ ਖਾਓ : ਗਰਮੀਆਂ ਵਿਚ ਮਿਲਣ ਵਾਲੇ ਫਲਾਂ ਵਿਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਜਿਵੇਂ ਖਰਬੂਜ਼ਾ, ਤਰਬੂਜ਼, ਲੀਚੀ, ਮੌਸੰਮੀ ਆਦਿ। ਇਸੇ ਤਰ੍ਹਾਂ ਸਲਾਦ ਵਿਚ ਖੀਰਾ, ਤਰ, ਟਮਾਟਰ ਦਾ ਸੇਵਨ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਸਾਨੂੰ ਭਰਪੂਰ ਵਿਟਾਮਿਨ ਮਿਲਦੇ ਹਨ ਅਤੇ ਉਨ੍ਹਾਂ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਅੰਬ ਦਾ ਸੇਵਨ ਸੀਮਤ ਮਾਤਰਾ ਵਿਚ ਕਰੋ।
ਪਾਣੀ ਖੂਬ ਪੀਓ : ਗਰਮੀ ਵਿਚ ਪਸੀਨਾ ਜ਼ਿਆਦਾ ਆਉਣ ਨਾਲ ਸਰੀਰ ਵਿਚ ਪਾਣੀ ਦਾ ਪੱਧਰ ਘੱਟ ਹੋ ਜਾਂਦਾ ਹੈ, ਇਸ ਲਈ ਗਰਮੀ ਤੋਂ ਬਚਣ ਲਈ ਪਾਣੀ ਦਾ ਖੂਬ ਸੇਵਨ ਕਰੋ, ਤਾਂ ਕਿ ਸਰੀਰ ਵਿਚ ਡੀਹਾਈਡ੍ਰੇਸ਼ਨ ਦੀ ਪ੍ਰੇਸ਼ਾਨੀ ਨਾ ਹੋਵੇ। ਪਾਣੀ ਦੀ ਬੋਤਲ ਅਤੇ ਗਿਲਾਸ ਨਾਲ ਰੱਖੋ ਤਾਂ ਕਿ ਥੋੜ੍ਹੀ-ਥੋੜ੍ਹੀ ਦੇਰ ਵਿਚ ਅੱਧਾ ਗਿਲਾਸ ਪਾਣੀ ਪੀਂਦੇ ਰਹੋ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ, ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਰਸ ਲੈ ਸਕਦੇ ਹੋ। ਇਨ੍ਹਾਂ ਨਾਲ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਸਵੇਰੇ ਸੈਰ 'ਤੇ ਜਾਓ : ਸਵੇਰੇ ਛੇਤੀ ਉੱਠ ਕੇ ਸੈਰ ਕਰਨ ਜਾਓ। ਉਸ ਸਮੇਂ ਵਾਤਾਵਰਨ ਵਿਚ ਤਾਪਮਾਨ ਘੱਟ ਹੁੰਦਾ ਹੈ ਅਤੇ ਸਰੀਰ ਵੀ ਦਿਨ ਭਰ ਚੁਸਤ ਰਹਿੰਦਾ ਹੈ। ਏ. ਸੀ., ਕੂਲਰ ਦੇ ਸਾਹਮਣੇ ਘੱਟ ਬੈਠੋ, ਇਸ ਨਾਲ ਖੂਨ ਦੇ ਸੰਚਾਰ ਘੱਟ ਹੁੰਦਾ ਹੈ। ਹਲਕੀ ਕਸਰਤ ਕਰੋ, ਯੋਗ ਆਸਣ ਕਰੋ। ਜਦੋਂ ਧੁੱਪ ਤੇਜ਼ ਹੋਵੇ, ਬਾਹਰ ਨਾ ਨਿਕਲੋ। ਮਜਬੂਰੀ ਹੋਣ 'ਤੇ ਸਿਰ ਢਕ ਕੇ, ਪਾਣੀ ਦੀ ਬੋਤਲ ਲੈ ਕੇ ਹੀ ਜਾਓ। ਸਰੀਰ ਨੂੰ ਠੰਢਾ ਰੱਖਣ ਵਾਲੇ ਪ੍ਰਾਣਾਯਾਮ ਸਵੇਰ ਨੂੰ ਕਰੋ। ਇਸ ਨਾਲ ਦਿਨ ਭਰ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ।

ਪੇਟ ਅਤੇ ਮੂੰਹ ਨੂੰ ਸ਼ੁੱਧ ਕਰਦੀ ਹੈ ਇਲਾਇਚੀ

ਸੁਗੰਧਿਤ ਚੀਜ਼ ਇਲਾਇਚੀ ਨੂੰ ਸਾਰੇ ਜਾਣਦੇ ਹਨ। ਇਸ ਨੂੰ ਬਹੁਤੇ ਲੋਕ ਭੋਜਨ ਤੋਂ ਬਾਅਦ ਜਾਂ ਪਾਨ ਦੇ ਨਾਲ ਖਾਣਾ ਪਸੰਦ ਕਰਦੇ ਹਨ। ਇਲਾਇਚੀ ਦੋ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਛੋਟੀ ਇਲਾਇਚੀ, ਵੱਡੀ ਇਲਾਇਚੀ। ਵੈਸੇ ਇਹ ਮਸਾਲਿਆਂ ਦੀ ਸ਼੍ਰੇਣੀ ਵਿਚ ਹੈ। ਛੋਟੀ ਇਲਾਇਚੀ ਭੋਜਨ ਦੀ ਸੁਗੰਧ ਅਤੇ ਸਵਾਦ ਨੂੰ ਵਧਾਉਂਦੀ ਹੈ। ਇਸ ਦੀ ਵਰਤੋਂ ਦੁੱਧ, ਚਾਹ, ਕੌਫੀ ਜਾਂ ਮਿੱਠੇ ਪਦਾਰਥਾਂ ਵਿਚ ਜ਼ਿਆਦਾਤਰ ਕੀਤੀ ਜਾਂਦੀ ਹੈ, ਜਦੋਂ ਕਿ ਵੱਡੀ ਇਲਾਇਚੀ ਦੀ ਵਰਤੋਂ ਖਾਣ-ਪੀਣ ਵਿਚ ਹੋਰ ਮਸਾਲਿਆਂ ਦੇ ਨਾਲ ਕੀਤੀ ਜਾਂਦੀ ਹੈ। ਇਹ ਵੀ ਸਵਾਦ ਅਤੇ ਸੁਗੰਧ ਵਧਾਉਣ ਵਿਚ ਸਹਾਇਕ ਹੈ। ਵੱਡੀ ਇਲਾਇਚੀ ਦੀ ਵਰਤੋਂ ਪੁਲਾਵ, ਸਬਜ਼ੀ ਅਤੇ ਨਮਕੀਨ ਚੀਜ਼ਾਂ ਵਿਚ ਕੀਤੀ ਜਾਂਦੀ ਹੈ। ਇਲਾਇਚੀ ਸਾਰੇ ਰੂਪ ਵਿਚ ਮੂੰਹ ਅਤੇ ਪੇਟ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਸੇਵਨ ਨਾਲ ਗਲੇ ਦੀ ਤਕਲੀਫ ਦੂਰ ਹੁੰਦੀ ਹੈ। ਇਹ ਪਾਚਕ ਦਾ ਕੰਮ ਕਰਦੀ ਹੈ। ਛੋਟੀ ਇਲਾਇਚੀ ਪੇਟ ਦੇ ਅਮਲ ਨੂੰ ਦੂਰ ਕਰਦੀ ਹੈ।

ਸਿਹਤ ਖ਼ਬਰਨਾਮਾ

ਬਿਮਾਰੀਆਂ ਬਨਾਮ ਖਾਧ ਬਨਸਪਤੀਆਂ

ਦੁਨੀਆ ਭਰ ਵਿਚ ਸੰਕ੍ਰਾਮਕ ਰੋਗਾਂ ਦੀ ਤੁਲਨਾ ਵਿਚ ਗ਼ੈਰ-ਸੰਕ੍ਰਾਮਕ ਰੋਗਾਂ ਦੇ ਕਾਰਨ 63 ਫੀਸਦੀ ਲੋਕਾਂ ਦੀ ਮੌਤ ਹੁੰਦੀ ਹੈ। ਦਿਲ ਦੇ ਰੋਗ, ਕੈਂਸਰ, ਸ਼ੂਗਰ, ਮੋਟਾਪਾ ਆਦਿ ਵਰਗੇ ਕਾਰਨਾਂ ਕਰਕੇ ਇਹ ਮੌਤਾਂ ਹੁੰਦੀਆਂ ਹਨ। ਇਹ ਬਿਮਾਰੀਆਂ ਮਾਮੂਲੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀਆਂ ਹਨ। ਪੋਸ਼ਕ ਤੱਤ ਸਾਨੂੰ ਖਾਧ ਬਨਸਪਤੀਆਂ ਤੋਂ ਮਿਲ ਸਕਦੇ ਹਨ। ਇਨ੍ਹਾਂ ਦੀ ਪੂਰਤੀ ਕਾਲੀ ਮਿਰਚ, ਦਾਲਚੀਨੀ, ਲਸਣ, ਪਿਆਜ਼, ਮਸੂਰ, ਜੈਤੂਨ, ਕੱਦੂ, ਅਜ਼ਵਾਇਣ, ਸਿੰਘਾੜਾ, ਕਮਲਨਾਲ ਆਦਿ ਹਨ। ਇਹ ਸਾਰੀਆਂ ਬਨਸਪਤੀਆਂ ਸਾਨੂੰ ਬਾਜ਼ਾਰ ਵਿਚ ਬਹੁਤ ਅਸਾਨੀ ਨਾਲ ਮਿਲ ਜਾਂਦੀਆਂ ਹਨ। ਇਨ੍ਹਾਂ ਦੇ ਸੇਵਨ ਨਾਲ ਖਾਨਦਾਨੀ ਅਤੇ ਜੈਵਿਕ ਕਾਰਨਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਬੂ ਹੋ ਜਾਂਦੀਆਂ ਹਨ। ਦਿਲ ਦੇ ਰੋਗ, ਕੈਂਸਰ, ਸ਼ੂਗਰ, ਮੋਟਾਪਾ ਆਦਿ ਸਾਨੂੰ ਖਾਨਦਾਨੀ ਅਤੇ ਜੈਵਿਕ ਕਾਰਨਾਂ ਨਾਲ ਹੋ ਸਕਦੀਆਂ ਹਨ। ਇਨ੍ਹਾਂ ਨੂੰ ਖਾਧ ਬਨਸਪਤੀਆਂ ਜਿਵੇਂ ਕਾਲੀ ਮਿਰਚ, ਦਾਲਚੀਨੀ, ਲਸਣ, ਪਿਆਜ਼, ਮਸੂਰ, ਜੈਤੂਨ, ਕੱਦੂ, ਅਜ਼ਵਾਇਣ, ਸਿੰਘਾੜਾ ਆਦਿ ਨੂੰ ਭੋਜਨ ਵਿਚ ਸ਼ਾਮਿਲ ਕਰਕੇ ਰੋਕ ਸਕਦੇ ਹਾਂ।
ਖੂਨ ਦੇ ਦਬਾਅ ਦੀ ਦਵਾਈ ਨਿਯਮਤ ਖਾਓ

ਸਾਡੇ ਦੇਸ਼ ਵਿਚ ਹੁਣ ਵੀ ਅਜਿਹੇ ਖੂਨ ਦੇ ਦਬਾਅ ਦੇ ਰੋਗੀ ਹਨ, ਜੋ ਖੂਨ ਦੇ ਦਬਾਅ ਦੀ ਦਵਾਈ ਨਿਯਮਤ ਖਾਣ ਵਿਚ ਲਾਪ੍ਰਵਾਹੀ ਕਰ ਜਾਂਦੇ ਹਨ। ਪਿਛਲੇ ਦਿਨੀਂ ਹੋਏ ਦਿਮਾਗੀ ਦੌਰਿਆਂ ਦੇ ਮਾਮਲਿਆਂ ਵਿਚ ਇਹ ਪਾਇਆ ਗਿਆ ਕਿ ਬਹੁਤੇ ਅਜਿਹੇ ਲੋਕਾਂ ਨੂੰ ਦੌਰਾ ਪਿਆ, ਜੋ ਖੂਨ ਦੇ ਦਬਾਅ ਦੀ ਦਵਾਈ ਲੈਣ ਵਿਚ ਲਾਪ੍ਰਵਾਹੀ ਵਰਤ ਜਾਂਦੇ ਸੀ।
ਡਾਕਟਰ ਹਰ ਖੂਨ ਦੇ ਦਬਾਅ ਦੇ ਰੋਗੀ ਨੂੰ ਨਿਯਮਤ ਦਵਾਈ ਲੈਣ ਨੂੰ ਕਹਿੰਦੇ ਹਨ ਪਰ ਕਈ ਰੋਗੀ ਜਾਂ ਤਾਂ ਨਿਯਮਤ ਦਵਾਈ ਨਹੀਂ ਲੈਂਦੇ ਜਾਂ ਹੋਮਿਓਪੈਥੀ ਜਾਂ ਦੇਸੀ ਦਵਾਈਆਂ ਨਾਲ ਖੂਨ ਦਾ ਦਬਾਅ ਘੱਟ ਕਰਨਾ ਚਾਹੁੰਦੇ ਹਨ। ਅਜਿਹੇ ਰੋਗੀ ਅਕਸਰ ਖੂਨ ਦੇ ਦਬਾਅ ਦੀ ਜਾਂਚ ਕਰਵਾਉਣ ਵਿਚ ਵੀ ਸੁਸਤੀ ਵਰਤ ਜਾਂਦੇ ਹਨ। ਦਿਮਾਗੀ ਦੌਰੇ ਤੋਂ ਬਾਅਦ ਬਹੁਤ ਸਾਰੇ ਰੋਗੀਆਂ ਨੂੰ ਅਧਰੰਗ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸਮਾਂ ਮੰਜੇ 'ਤੇ ਬਿਤਾਉਣਾ ਪੈਂਦਾ ਹੈ। ਇਸ ਲਈ ਖੂਨ ਦੇ ਦਬਾਅ ਦੇ ਰੋਗੀਆਂ ਨੂੰ ਕਿਸੇ ਵੀ ਹਾਲਤ ਵਿਚ ਦਵਾਈ ਲੈਣ ਵਿਚ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ। ਆਪਣੇ ਖੂਨ ਦੇ ਦਬਾਅ ਦੀ ਜਾਂਚ ਵੀ ਨਿਯਮਤ ਕਰਾਉਂਦੇ ਰਹਿਣਾ ਚਾਹੀਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX