ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ ਆਪੇ ਖੋਲ੍ਹੀ ਲਾਟਰੀ

ਲੱਖਾ ਸਿੰਘ ਨੇ ਕਿਰਾਏ 'ਤੇ ਇਕ ਦੁਕਾਨ ਲੈ ਕੇ ਪ੍ਰਾਪਰਟੀ ਏਜੰਟ ਦਾ ਕੰਮ ਸ਼ੁਰੂ ਕੀਤਾ ਸੀ | ਪੂਰੇ 6 ਮਹੀਨੇ ਬੀਤ ਗਏ ਪਰ ਕੋਈ ਸੌਦਾ ਨਾ ਕਰਵਾ ਸਕਿਆ ਘਰ ਦਾ ਖ਼ਰਚਾ ਕਿਥੋਂ ਤੁਰਦਾ, ਦੁਕਾਨ ਮਾਲਕ ਨੂੰ 6 ਮਹੀਨੇ ਦਾ ਕਿਰਾਇਆ ਵੀ ਨਹੀਂ ਦੇ ਸਕਿਆ ਸੀ | ਘਰ ਦਾ ਖਰਚਾ ਚਲਾਉਣ ਲਈ ਉਹਦੀ ਪਤਨੀ ਸਿਲਾਈ ਦਾ ਛੋਟਾ-ਮੋਟਾ ਕੰਮ ਕਰਦੀ ਸੀ ਤੇ ਫਿਰ ਇਕ ਦਿਨ ਉਸ ਨੂੰ ਇਕ ਗੱਲ ਸੁਝੀ ਜਿਸ 'ਤੇ ਅਮਲ ਕਰਦੇ ਹੋਏ ਉਹ ਆਰਥਿਕ ਤੰਗੀ ਦੀ ਘੰੁਮਣ ਘੇਰੇ ਵਿਚੋਂ ਨਾ ਸਿਰਫ਼ ਬਾਹਰ ਨਿਕਲ ਆਇਆ ਸਗੋਂ ਕਿਰਾਏ 'ਤੇ ਲਈ ਦੁਕਾਨ ਵੀ ਉਸ ਦੇ ਮਾਲਕ ਨੂੰ ਮੰੂਹ ਮੰਗੀ ਰਕਮ ਦੇ ਕੇ ਖ਼ਰੀਦ ਲਈ | ਆਪਣੇ ਸਾਦੇ ਜਿਹੇ ਘਰ ਨੂੰ ਸ਼ਾਨਦਾਰ ਕੋਠੀ ਦਾ ਰੂਪ ਦੇ ਦਿੱਤਾ | ਸਾਈਕਲ ਦੀ ਥਾਂ ਸੋਹਣੀ ਜਿਹੀ ਕਾਰ ਲੈ ਲਈ, ਉਹਦੇ ਭਰਾ ਅਤੇ ਹੋਰ ਰਿਸ਼ਤੇਦਾਰ ਖ਼ੁਸ਼ ਵੀ ਸਨ ਅਤੇ ਹੈਰਾਨ ਵੀ ਸਨ ਕਿ ਪ੍ਰਾਪਰਟੀ ਦਾ ਕੰਮ ਛੱਡ ਕੇ ਉਸ ਨੇ ਉਸੇ ਦੁਕਾਨ ਵਿਚ ਮੈਰਿਜ ਬਿਊਰੋ ਖੋਲ੍ਹ ਲਿਆ ਸੀ |
ਦਰਅਸਲ ਲੱਖਾ ਸਿੰਘ ਅਖ਼ਬਾਰਾਂ ਵਿਚੋਂ ਖ਼ਬਰ ਪੜ੍ਹ ਕੇ ਉਨ੍ਹਾਂ ਨੂੰ ਚੰਗੇ ਰਿਸ਼ਤੇ ਕਰਾਉਣ ਦਾ ਭਰੋਸਾ ਦੇ ਕੇ ਕੁਝ ਔਰਤਾਂ ਵਿਚੋਂ ਰਿਸ਼ਤਾ ਕਰਵਾ ਕੇ ਵਿਆਹ ਕਰਵਾ ਦਿੰਦਾ ਸੀ | ਵਿਆਹੀ ਗਈ ਔਰਤ ਉਹਦੀ ਆਪਣੀ ਹੀ ਹੁੰਦੀ ਸੀ | ਵਿਆਹ ਤੋਂ 6 ਮਹੀਨੇ ਦੇ ਅੰਦਰ-ਅੰਦਰ ਵਿਆਹੀ ਔਰਤ ਦਾਜ ਲਈ ਤੰਗ ਪ੍ਰੇਸ਼ਾਨ ਕਰਨ, ਮਾਰਕੁੱਟ ਕਰਨ ਦੀ ਰਿਪੋਰਟ ਲਿਖਵਾ ਦਿੰਦੀ ਸੀ | ਫਿਰ ਆਪਸੀ ਜੰਗ ਏਨੀ ਤੇਜ਼ ਹੁੰਦੀ ਜਾਂਦੀ ਕਿ ਮੰੁਡੇ ਵਾਲੇ ਮੋਟੀ ਰਕਮ ਦੇ ਕੇ ਆਪਣੀ ਜਾਨ ਬਚਾ ਲੈਂਦੇ |
ਮੋਟੀ ਰਕਮ ਲੈ ਕੇ ਤਲਾਕ ਦੇ ਕੇ ਆਈ ਔਰਤ ਸਿੱਧੀ ਲੱਖਾ ਸਿੰਘ ਕੋਲ ਆ ਕੇ ਉਸ ਦੀ ਤਾਰੀਫ਼ ਕਰਦੀ ਕਿ ਤੇਰੀ ਹੀ ਸਕੀਮ ਅਨੁਸਾਰ ਕੰਮ ਕਰਕੇ ਮੈਂ 6 ਮਹੀਨਿਆਂ ਵਿਚ 10 ਲੱਖ ਕਮਾ ਲਿਆਈ ਹਾਂ | ਲੱਖਾ ਸਿੰਘ ਅੱਧ ਵੰਡ ਲੈਂਦਾ | ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਰੇ ਮੈਰਿਜ ਬਿਊਰੋ ਵਾਲੇ ਬੇਈਮਾਨ ਨਹੀਂ ਹੁੰਦੇ |

-ਜੇਠੀ ਨਗਰ, ਮਲੇਰਕੋਟਲਾ ਰੋਡ,
ਖੰਨਾ-141401 (ਪੰਜਾਬ) |
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਬੱਚੇ

• ਬੱਚਾ ਪਰਿਵਾਰ ਦਾ ਪ੍ਰਤੀਬਿੰਬ ਹੈ ਅਤੇ ਜਿਵੇਂ ਸੂਰਜ ਪਾਣੀ ਦੇ ਤੁਬਕੇ ਵਿਚ ਪ੍ਰਤੀਬਿੰਬਤ ਹੁੰਦਾ ਹੈ | ਉਸੇ ਤਰ੍ਹਾਂ ਮਾਤਾ ਅਤੇ ਪਿਤਾ ਦੀ ਆਤਮਿਕ ਸਵੱਛਤਾ ਬੱਚੇ ਵਿਚ ਪ੍ਰਤੀਬਿੰਬਤ ਹੁੰਦੀ ਹੈ |
• ਮਾਤਾ-ਪਿਤਾ ਦਾ ਕੀਮਤੀ ਗਹਿਣਾ ਨੇਕ ਬੱਚੇ ਹੁੰਦੇ ਹਨ | ਬੱਚੇ ਅਜਿਹੀ ਰੌਸ਼ਨੀ ਹੁੰਦੇ ਹਨ ਜੋ ਅੰਨ੍ਹੇ ਮਾਪਿਆਂ ਨੂੰ ਵੀ ਸੁਜਾਖਿਆਂ ਬਣਾ ਦਿੰਦੇ ਹਨ |
• ਗਿਆਨ ਤੋਂ ਬਿਨਾਂ ਸ਼ਬਦ, ਮੁਸਕਾਨ ਤੋਂ ਬਿਨਾਂ ਚਿਹਰਾ, ਬੱਚਿਆਂ ਤੋਂ ਬਿਨਾਂ ਘਰ ਅਤੇ ਔਰਤ ਤੋਂ ਬਗੈਰ ਰਸੋਈ ਚੰਗੇ ਨਹੀਂ ਲੱਗਦੇ |
• ਬੱਚੇ ਭਾਵੇਂ ਘਰ ਦੀ ਹੁਲੀਆ ਸੁਆਰ ਨਾ ਸਕਣ ਪਰ ਘਰ ਉਨ੍ਹਾਂ ਦੇ ਹੋਣ ਨਾਲ ਹੀ ਬਣਦਾ ਹੈ |
• ਕਿਸੇ ਸਮਾਜ ਦਾ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮਾਜ ਆਪਣੇ ਬੱਚਿਆਂ ਲਈ ਕੀ ਕਰਦਾ ਹੈ?
• ਜੇ ਤੁਹਾਡੇ ਬੱਚੇ ਚੰਗੇ ਹਨ ਤਾਂ ਤੁਹਾਨੂੰ ਦੌਲਤ ਦੀ ਬਹੁਤੀ ਲੋੜ ਨਹੀਂ ਹੈ | ਜੇ ਤੁਹਾਡੇ ਬੱਚੇ ਮਾੜੇ ਹਨ ਤਾਂ ਤੁਹਾਡੀ ਦੌਲਤ ਕਿਸ ਕੰਮ? ਕਈ ਪਰਿਵਾਰਾਂ ਵਿਚ ਪੁੱਤਰ ਤਾਂ ਕਈ ਹੁੰਦੇ ਹਨ ਪਰ ਵਾਰਿਸ ਬਣਨ ਦੀ ਯੋਗਤਾ ਕਿਸੇ ਵਿਚ ਹੀ ਹੁੰਦੀ ਹੈ |
• ਜੇ ਧੀਆਂ ਨਹੀਂ ਤਾਂ ਤੀਆਂ ਨਹੀਂ | ਅੱਜ ਨਾ ਚੀਚਕ ਵਹੁਟੀਆਂ ਦਿਸਦੀਆਂ ਨੇ, ਨਾ ਅੱਕ, ਨਾ ਸਾਉਣ ਦੇ ਨਜ਼ਾਰੇ | ਨਾ ਤਿ੍ੰਝਣਾਂ ਵਿਚ ਚਰਖੇ ਡਹਿੰਦੇ ਨੇ ਤੇ ਨਾ ਹੀ ਤਕਲੇ 'ਤੇ ਤੰਦ ਪੈਂਦੇ ਹਨ |
• ਜੇ ਸੰਸਾਰ 'ਚ ਧੀਆਂ ਨਾ ਹੁੰਦੀਆਂ ਤਾਂ ਕੋਈ ਕਿਸੇ ਦਾ ਰਿਸ਼ਤੇਦਾਰ ਨਾ ਹੁੰਦਾ |
• ਜਿੰਨੀ ਟੌਹਰ ਪੱਗਾਂ ਦੀ ਹੈ, ਓਨੀ ਸ਼ਾਨ ਗੁੱਤਾਂ ਦੀ ਵੀ ਹੈ | ਓਨੀ ਲੋੜ ਧੀਆਂ ਦੀ ਵੀ ਹੈ, ਜਿੰਨੀ ਲੋੜ ਪੁੱਤਾਂ ਦੀ ਹੈ |
• ਧੀ ਦੇ ਪਿਆਰ ਬਾਰੇ ਥਾਮਸ ਫੁਲਰ ਨੇ ਬਹੁਤ ਸੋਹਣਾ ਲਿਖਿਆ ਹੈ ਕਿ 'ਮੇਰਾ ਪੁੱਤਰ ਉਦੋਂ ਤੱਕ ਮੇਰਾ ਪੁੱਤਰ ਹੈ, ਜਦ ਤੱਕ ਉਸ ਦੀ ਸ਼ਾਦੀ ਨਹੀਂ ਹੁੰਦੀ ਪਰ ਮੇਰੀ ਧੀ ਸਾਰੇ ਸਮਿਆਂ ਲਈ ਮੇਰੀ ਧੀ ਹੈ |'
• ਧੀਆਂ ਮੁਹੱਬਤਾਂ ਦਾ ਖਜ਼ਾਨਾ ਹੁੰਦੀਆਂ ਹਨ | ਛੱਲਾ ਰੱਖਿਆ ਏ ਨੀਹਾਂ 'ਤੇ, ਪੁੱਤਾਂ ਨੇ ਜ਼ਮੀਨ ਵੰਡਣੀ, ਦੁੱਖ ਵੰਡਣੇ ਨੇ ਧੀਆਂ ਨੇ |
• ਧੀਆਂ ਇਸ ਲਈ ਵੀ ਖ਼ਾਸ ਹੁੰਦੀਆਂ ਹਨ ਕਿਉਂਕਿ ਧੀ ਨੂੰ ਅਸੀਂ ਪੁੱਤ ਕਹਿ ਕੇ ਬੁਲਾ ਸਕਦੇ ਹਾਂ ਪਰ ਪੁੱਤ ਨੂੰ ਅਸੀਂ ਧੀ ਕਹਿ ਕੇ ਨਹੀਂ ਬੁਲਾ ਸਕਦੇ |
• ਅਮੀਰ ਉਹ ਨਹੀਂ ਹੁੰਦੇ ਜਿਨ੍ਹਾਂ ਦੇ ਘਰ ਵਿਚ ਪੈਸਾ ਹੈ | ਅਮੀਰ ਉਹ ਹੁੰਦੇ ਹਨ ਜਿਨ੍ਹਾਂ ਦੇ ਘਰ ਵਿਚ ਹੱਸਦੀਆਂ ਨੂੰ ਹਾਂ ਅਤੇ ਬੇਟੀਆਂ ਹਨ |
• ਔਰਤ ਲਈ ਦਾਜ ਇਕ ਸਰਾਪ ਹੈ | ਪੰਜਾਬੀ ਦੇ ਇਕ ਪ੍ਰਸਿੱਧ ਸ਼ਾਇਰ ਦਾਜ ਨੂੰ ਇਕ ਬਿਮਾਰੀ ਕਹਿ ਕੇ ਇੰਜ ਲਿਖਦਾ ਹੈ:
ਜੱਗ ਵਿਚ ਜੇ ਨਾ ਹੁੰਦੀ ਦਾਜ ਦੀ ਬੀਮਾਰੀ,
ਜਨਮ ਤੋਂ ਪਹਿਲਾਂ ਨਾ ਮਰਦੀ ਕੁੜੀ ਵਿਚਾਰੀ |
• ਜਦੋਂ ਭੈਣ ਤਰੱਕੀ ਕਰਦੀ ਹੈ ਤਾਂ ਭਰਾ ਦਾ ਅਹੁਦਾ ਵੀ ਉੱਪਰ ਚੁੱਕਿਆ ਜਾਂਦਾ ਹੈ | ਜਦੋਂ ਭਰਾ ਤਰੱਕੀ ਕਰਦਾ ਹੈ ਤਾਂ ਭੈਣ ਰਸੋਈ ਵਿਚ ਹੁੰਦੀ ਹੈ |
• ਮਾਂ ਚਾਹੀਦੀ ਹੈ, ਭੈਣ ਚਾਹੀਦੀ ਹੈ, ਪਤਨੀ ਚਾਹੀਦੀ ਹੈ ਤਾਂ ਫਿਰ ਧੀ ਕਿਉਂ ਨਹੀਂ ਚਾਹੀਦੀ?
• ਪੁੱਤਾਂ ਨੂੰ ਮਿਠੜੇ ਮੇਵੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਮਿਸ਼ਰੀ ਦੀਆਂ ਡਲੀਆ ਆਖੋ |
• ਕੁੜੀ ਹੋਣਾ ਕੋਈ ਆਸਾਨ ਗੱਲ ਨਹੀਂ ਹੁੰਦੀ | ਅੱਧੇ ਸੁਪਨੇ ਦਿਲ ਵਿਚ ਹੀ ਦਫਨਾਉਣੇ ਪੈਂਦੇ ਹਨ |
• ਮਾਂ-ਬਾਪ ਦੀਆਂ ਅੱਖਾਂ ਵਿਚ ਦੋ ਵਾਰ ਹੰਝੂ ਆਉਂਦੇ ਹਨ | ਇਕ ਧੀ ਦੀ ਡੋਲੀ ਵੇਲੇ ਦੂਜਾ ਜਦੋਂ ਪੁੱਤਰ ਮੰੂਹ ਮੋੜ ਲਵੇ |
• ਧੀਆਂ ਜਦੋਂ ਢਿੱਡ 'ਚ ਹੁੰਦੀਆਂ ਨੇ ਤਾਂ ਮਾਪਿਆਂ ਦਾ ਡਰ ਵੀ, ਕਿ ਕਿਤੇ ਮਾਰ ਹੀ ਨਾ ਦੇਵੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਵਿਅੰਗ ਨਾਕੇ ਦੇ ਚਮਤਕਾਰ

ਸਰਫ਼ੇ ਦੇ ਮੇਰੇ ਸਿਰਫ ਦੋ ਮਾਮੇ ਸਨ | ਇਕ ਫੌਜੀ ਤੇ ਦੂਜਾ ਮੌਜੀ | ਇਸ ਵਕਤ ਦੋਨੋਂ ਰੱਬ ਨੂੰ ਪਿਆਰੇ ਹੋ ਚੱੁਕੇ ਨੇ | ਫੌਜੀ ਨੂੰ ਤਾਂ ਕੁਲ ਖ਼ਲਕਤ ਜਾਣਦੀ ਸੀ ਪਰ ਮੌਜੀ ਮਾਮੇ ਨੇ ਬਾਈਪਾਸ ਚੌਕ ਦੇ ਕੋਲ ਚਾਹ ਦਾ ਖੋਖਾ ਖੋਲਿ੍ਹਆ ਹੋਇਆ ਸੀ | ਗੱਲ ਉਨ੍ਹਾਂ ਸਮਿਆਂ ਦੀ ਹੈ, ਜਦੋਂ ਮੈਂ ਅਜੇ ਪੜ੍ਹਾਈ ਵਿਚ 'ਇਕ ਢਾਇਆ ਢਾਇਆ-ਦੋ ਢਾਏ ਪੰਜ' ਦੇ ਭਾੜਿਆਂ ਨੂੰ ਘੋਟਾ ਲਾਉਂਦਾ ਹੁੰਦਾ ਸੀ ਤੇ ਗਰਮੀਆਂ ਦੀਆਂ ਛੱੁਟੀਆਂ ਕੱਟਣ ਨਾਨਕੇ ਆਇਆ ਹੋਇਆ ਸੀ |
ਮਾਮਾ ਮੌਜੀ ਇਕ ਦਿਨ ਮੈਨੂੰ ਸਾਈਕਲ ਦੇ ਅਗਲੇ ਡੰਡੇ 'ਤੇ ਬਿਠਾ ਕੇ ਆਪਣੇ ਚਾਹ ਦੇ ਖੋਖੇ 'ਤੇ ਲੈ ਗਿਆ | ਮਾਮੇ ਦੇ ਖੋਖੇ ਦੇ ਬਿਲਕੁਲ ਸਾਹਮਣੇ ਪੁਲਿਸ ਵਾਲਿਆਂ ਨੇ ਨਾਕਾ ਲਾਇਆ ਹੋਇਆ ਸੀ | ਥਾਣੇਦਾਰ ਸਰਕਾਰੀ ਗੱਡੀ ਵਿਚ ਮਾਇਆ ਲਾ ਕੇ ਬੰਨ੍ਹੀ ਪੱਗ ਦੇ ਤੁਰਲੇ ਵਾਂਗ ਆਕੜ ਕੇ ਬੈਠਾ ਹੋਇਆ ਸੀ ਤੇ ਦੋ ਸਿਪਾਹੀ ਗੱਡੀਆਂ ਨੂੰ ਰੋਕ ਰਹੇ ਸਨ | ਖੋਖਾ ਖੱੁਲ੍ਹਣ ਦੀ ਦੇਰ ਸੀ ਕਿ ਥਾਣੇਦਾਰ ਨੇ ਚਾਹ ਦਾ ਹੁਕਮ ਚਾੜਿ੍ਹਆ | ਚਾਹ ਪੀਣ ਤੋਂ ਪਹਿਲਾਂ ਇਕ ਸਿਪਾਹੀ ਨੇ ਆਪਣੇ ਬਟੂਏ ਵਿਚੋਂ ਮੋਮੀ ਕਾਗਜ਼ ਕੱਢਿਆ | ਫਿਰ ਉਸ ਵਿਚੋਂ ਫੋੜਿਆਂ 'ਤੇ ਲਾਉਣ ਵਾਲੀ ਕਾਲੇ ਰੰਗ ਦੀ ਮਲ੍ਹਮ ਵਰਗੀ ਕਿਸੇ ਸ਼ੈਅ ਦੀਆਂ ਚੂਹੇ ਦੀਆਂ ਮੇਂਗਣਾਂ ਜਿੱਡੀਆਂ ਤਿੰਨ ਗੋਲੀਆਂ ਵੱਟੀਆਂ ਅਤੇ ਪਾਣੀ ਨਾਲ ਤਿੰਨੋਂ ਇਕ-ਇਕ ਗੋਲੀ ਡਕਾਰ ਗਏ |
ਸਿਪਾਹੀ ਨੇ ਹੁਣ ਇਕ ਫੋਰ-ਵੀਲ੍ਹਰ ਰੋਕਿਆ, ਜੋ ਖਰਬੂਜ਼ਿਆਂ ਨਾਲ ਲੱਦਿਆ ਹੋਇਆ ਸੀ | ਸਿਪਾਹੀ ਨੇ ਡਰਾਈਵਰ ਦੀ ਬਾਰੀ ਖੋਲ੍ਹ ਕੇ ਪਤਾ ਨ੍ਹੀਂ ਉਸ ਨਾਲ ਕੀ ਗੱਲਬਾਤ ਕੀਤੀ | ਦੇਖਦਿਆਂ ਹੀ ਦੇਖਦਿਆਂ ਗੱੁਸੇ ਨਾਲ ਸਿਪਾਹੀ ਦਾ ਮੰੂਹ ਚੰਡਣ ਲਈ ਤੱਤੀਆਂ ਕੀਤੀਆਂ ਛੁਰੀਆਂ ਵਾਂਗ ਲਾਲ ਬੱੁਗੜ ਹੋ ਗਿਆ | ਡਰਾਈਵਰ ਨੇ ਖਰਬੂਜ਼ਿਆਂ ਦੀ ਇਕ ਪੱਲੀ ਚੱੁਕੀ ਤੇ ਮਾਮੇ ਦੇ ਖੋਖੇ ਵਿਚ ਰੱਖ ਕੇ ਆਪੂੰ ਚਲਦਾ ਬਣਿਆ | ਸਿਪਾਹੀ ਥਾਣੇਦਾਰ ਨੂੰ ਦੱਸ ਰਿਹਾ ਸੀ ਕਿ 'ਇਹ ਫੋਰ-ਵੀਲ੍ਹਰ ਜੁਗਾੜਪੁਰ ਵਾਲੇ ਚੇਅਰਮੈਨ ਟੋਕੇ ਸ਼ਾਹ ਦਾ ਹੈ | ਡਰਾਈਵਰ ਉਹਦਾ ਕਾਰਡ ਦਿਖਾ ਰਿਹਾ ਸੀ ਤੇ ਟੈਲੀਫੋਨ 'ਤੇ ਗੱਲ ਕਰਨ ਨੂੰ ਵੀ ਕਹਿ ਰਿਹਾ ਸੀ | ਜਾਂਦੀ ਬਲਾ ਗਲ ਪਾਉਣ ਵਾਲੀ ਗੱਲ ਸੀ, ਇਸੇ ਲਈ ਦਫ਼ਾ ਕੀਤਾ | ਪਿੱਛੇ ਜਏ੍ਹ ਭੱੁਖੜਪੁਰ ਥਾਣੇ ਦੇ ਮੁਨਸ਼ੀ ਨੇ ਏਹਦੇ ਰਾਹੀਂ ਬਦਲੀ ਕਰਵਾਈ ਸੀ | ਜ਼ਮਾਨੇ ਦੀ ਇਸ ਜੂਠ ਨੇ ਠੋਕ ਕੇ ਫੀਸ ਲਈ ਸੀ | ਅਜੇ ਵੀ ਮੁਨਸ਼ੀ ਨੂੰ ਕੋਈ ਨਾ ਕੋਈ ਵਗਾਰ ਪਾਈ ਹੀ ਰੱਖਦਾ ਹੈ | ਹਜ਼ੂਰ! ਬੌਣ੍ਹੀ ਤਾਂ ਮਾੜੀ ਹੋਈ ਆ, ਨੰਗਿਆਂ ਪੈਰਾਂ ਵਾਲਾ ਸਵੇਰੇ-ਸਵੇਰੇ ਕਸੂਮਤ ਲਾ ਗਿਆ | ਬਾਕੀ ਕਰਮਾਂ ਦੀ ਖੇਡ ਆ, ਦੇਖੋ, ਅਜੇ ਸਾਰਾ ਦਿਨ ਬਾਕੀ ਪਿਆ | ਅਸੀਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ |'
ਏਨੇ ਚਿਰ ਨੂੰ ਦੂਜੇ ਪਾਸਿਓਾ ਇਕ ਹੋਰ ਫੋਰ-ਵੀਲ੍ਹਰ ਆ ਗਿਆ | ਸਿਪਾਹੀ ਨੇ ਇਹ ਵੀ ਰੋਕ ਲਿਆ | ਇਸ ਵਿਚ ਦੱੁਧ ਦੇ ਡਰੰਮ ਲੱਦੇ ਹੋਏ ਸਨ | ਜਿਵੇਂ ਕਹਿੰਦੇ ਹਨ ਕਿ ਹਰ ਕਾਲੀ-ਬੋਲੀ ਰਾਤ ਦੇ ਪਿੱਛੋਂ ਚਿੱਟਾ ਦੱੁਧ ਵਰਗਾ ਦਿਨ ਜ਼ਰੂਰ ਚੜ੍ਹਦਾ, ਠੀਕ ਇਸੇ ਤਰ੍ਹਾਂ ਸਿਪਾਹੀ ਦਾ ਉੱਲੀ ਲੱਗੇ ਬਰੈੱਡ ਵਰਗਾ ਬੂਥਾ ਹੁਣ ਗੇਂਦੇ ਦੇ ਫੱੁਲ ਵਾਂਗ ਖਿੜ ਗਿਆ ਸੀ | ਸ਼ਾਇਦ ਇਹ ਰੋਜ਼ ਦਾ ਆਉਣ-ਜਾਣ ਵਾਲਾ ਸੀ ਤੇ ਨਾਕੇ ਵਾਲਿਆਂ ਦਾ ਪੱਕਾ ਗਾਹਕ ਸੀ | ਸਿਪਾਹੀ ਨੇ ਮਾਮੇ ਦੇ ਖੋਖੇ ਵਿਚੋਂ ਕੱਟੇ ਹੋਏ ਮੰੂਹ ਵਾਲੀ ਪਲਾਸਟਿਕ ਦੀ ਪੰਜ ਲਿਟਰ ਦੀ ਕੈਨੀ ਚੱੁਕੀ ਤੇ ਦੱੁਧ ਦੀ ਭਰਵਾ ਕੇ ਫੋਰ-ਵੀਲ੍ਹਰ ਵਾਲੇ ਨੂੰ ਹੱਸਦਿਆਂ-ਹੱਸਦਿਆਂ ਇਵੇਂ ਵਿਦਾ ਕੀਤਾ ਜਿਵੇਂ ਅਫ਼ਸਰ ਸਾਹਿਬਾਨ ਦੀਵਾਲੀ ਦਾ ਗਿਫ਼ਟ ਲੈਣ ਉਪਰੰਤ ਆਈ ਸਾਮੀ ਨੂੰ ਮੁਸਕਰਾਉਂਦੇ ਹੋਏ ਬਾਹਰ ਤੱਕ ਤੋਰਨ ਆਉਂਦੇ ਨੇ | ਫਿਰ ਮਾਮੇ ਨੂੰ ਕਹਿ ਕੇ ਦੱੁਧ ਵਿਚ ਪੱਤੀ ਪਵਾਈ ਤੇ ਦੱੁਧ ਨਾਲ ਗੋਗੜਾਂ ਭਰਨ ਉਪਰੰਤ ਆਪੋ-ਆਪਣੇ ਮੋਰਚੇ ਸੰਭਾਲ ਲਏ |
ਸਿਪਾਹੀ ਨੇ ਹੁਣ ਇਕ ਟਰੱਕ ਰੋਕਿਆ, ਜਿਸ ਵਿਚ ਕੁਝ ਡੰਗਰ ਲੱਦੇ ਹੋਏ ਸਨ | ਸਿਪਾਹੀ ਅਤੇ ਡਰਾਈਵਰ ਵਿਚਲੀ ਗੱਲਬਾਤ ਦਾ ਤਾਪਮਾਨ ਜੇਠ-ਹਾੜ੍ਹ ਦੀ ਕੜਾਕੇ ਦੀ ਧੱੁਪ ਵਾਂਗ ਵਧਦਾ ਜਾ ਰਿਹਾ ਸੀ | ਸਿਪਾਹੀ ਕਹਿ ਰਿਹਾ ਸੀ ਕਿ 'ਇਹ ਡੰਗਰ ਚੋਰੀ ਦੇ ਨੇ, ਤੰੂ ਇਨ੍ਹਾਂ ਨੂੰ ਬੱੁਚੜਖਾਨੇ ਵੇਚਣ ਚੱਲਿਆਂ |' ਪਰ ਡਰਾਈਵਰ ਕਹਿ ਰਿਹਾ ਸੀ ਕਿ 'ਮੰਡੀ ਵਿਚੋਂ ਕਿਸੇ ਠੇਕੇਦਾਰ ਨੇ ਇਹ ਪਸ਼ੂ ਖਰੀਦੇ ਨੇ, ਉਸ ਨੇ ਤਾਂ ਸਿਰਫ ਭਾੜਾ ਹੀ ਲੈਣਾ |' ਕੰਮ ਸੂਤ ਨਾ ਆਉਂਦਾ ਦੇਖ ਕੇ ਸਿਪਾਹੀ ਡਰਾਈਵਰ ਕੋਲੋਂ ਗੱਡੀ ਦਾ ਕਾਗਜ਼ਾਤ ਲੈ ਕੇ ਐਵੇਂ ਹੋਰ ਹੀ ਪਾਸੇ ਨੂੰ ਊਠ ਵਾਂਗ ਬੂਥੀ ਚੱੁਕ ਕੇ ਤੁਰ ਪਿਆ | ਡਰਾਈਵਰ, ਸਿਪਾਹੀ ਦੇ ਮਗਰ-ਮਗਰ ਇੰਜ ਤੁਰਿਆ ਹੋਇਆ ਸੀ ਜਿਵੇਂ ਸੱਜਰ ਸੂਈ ਬੱਕਰੀ ਦੇ ਪਿੱਛੇ-ਪਿੱਛੇ ਉਸ ਦਾ ਮੇਮਣਾ ਭੱਜਾ ਫਿਰਦਾ ਹੋਵੇ | ਭੋਲੇ ਨਾਥ ਦੀ ਰਹਿਮਤ ਹੋਈ ਤਾਂ ਅੱਧੇ-ਪੌਣੇ ਘੰਟੇ ਬਾਅਦ ਦੋਵਾਂ ਵਿਚਕਾਰ ਚੱਲ ਰਹੀ ਗੱਲਬਾਤ ਸਿਰੇ ਲੱਗ ਗਈ | ਮੇਰੀ ਸਮਝ ਮੁਤਾਬਿਕ ਡਰਾਈਵਰ ਨੇ ਪਰਦੇ ਨਾਲ ਸਿਪਾਹੀ ਦੀ ਮੱੁਠ ਵਿਚ ਕੁਝ ਨੋਟ ਫੜਾਏ ਸਨ |
ਸਿਪਾਹੀ ਨੇ ਹੁਣ ਇਕ ਹੋਰ ਟਰੱਕ ਨੂੰ ਹੱਥ ਦਿੱਤਾ | ਇਸ ਟਰੱਕ 'ਤੇ ਜੰਮੂ-ਕਸ਼ਮੀਰ ਦੀ ਨੰਬਰ ਪਲੇਟ ਲੱਗੀ ਹੋਈ ਸੀ | ਬਾਹਰਲੀ ਸਟੇਟ ਦਾ ਨੰਬਰ ਦੇਖ ਕੇ ਸਿਪਾਹੀ ਦੇ ਪੈਰ ਭੁੰਜੇ ਨਹੀਂ ਸਨ ਲੱਗ ਰਹੇ | ਕਈ ਡਰਾਈਵਰ ਵੀ ਸਿਰ-ਫਿਰੇ ਤੇ ਰੱਜ ਕੇ ਫੁਕਰੇ ਹੁੰਦੇ ਹਨ | ਡਰਾਈਵਰ ਨੇ ਟਰੱਕ ਰੋਕਣ ਦੀ ਬਜਾਏ ਰੇਸ ਹੋਰ ਵਧਾ ਦਿੱਤੀ | ਸਿਪਾਹੀ ਵਿਚਾਰਾ ਵਧੀ ਨੂੰ ਬਚ ਗਿਆ | ਉਸ ਨੇ ਭੱਜ ਕੇ ਬਾਰੀ ਨੂੰ ਹੱਥ ਪਾ ਲਿਆ ਤੇ ਡਰਾਈਵਰ ਨੂੰ ਇੰਜ ਥੱਲੇ ਧੂਹ ਲਿਆ ਜਿਵੇਂ ਮੂਸਲ 'ਤੇ ਚੜ੍ਹੀ ਹੋਈ ਤੋਰੀਆਂ ਦੀ ਵੇਲ ਨਾਲੋਂ ਰਾਮਾ ਤੋਰੀ ਖਿੱਚੀਦੀ ਆ | ਸਿਪਾਹੀ ਹੱਥ ਵਿਚ ਫੜੀ ਹੋਈ ਸੋਟੀ ਨਾਲ ਡਰਾਈਵਰ ਨੂੰ ਐਾ ਕੱੁਟ ਰਿਹਾ ਸੀ ਜਿਵੇਂ ਕੋਈ ਅੱਧਖੜ੍ਹ ਔਰਤ ਛੱਪੜ ਕੰਢੇ ਬਹਿ ਕੇ ਥਾਪੀ ਨਾਲ ਖੇਸ-ਦਰੀਆਂ ਕੱੁਟ ਰਹੀ ਹੋਵੇ | ਡਰਾਈਵਰ ਨੇ ਬਥੇਰੇ ਹੱਥ ਜੋੜੇ, 'ਨਹੀਂ ਸਾਬ੍ਹ ਜੀ, ਮੈਂ ਦੇਖਿਆ ਨੲ੍ਹੀਂ |' ਭਲਾ ਮੇਲੇ ਵਿਚ ਚੱਕੀਰਾਹੇ ਦੀ ਕੌਣ ਸੁਣਦਾ ਸੀ? ਥਾਣੇਦਾਰ ਨੇ ਵੀ ਉਸ ਦੀ ਗੱਲ ਸੁਣਨ ਦੀ ਬਜਾਏ ਚਪੇੜਾਂ ਮਾਰ-ਮਾਰ ਕੇ ਉਸ ਦਾ ਮੰੂਹ ਚਲਦੇ ਹੋਏ ਹੀਟਰ ਦੀ ਕੁਆਇਲ ਵਾਂਗੰੂ ਲਾਲ ਸੁਰਖ ਕਰ ਦਿੱਤਾ | ਥਾਣੇਦਾਰ ਨੇ ਸਿਪਾਹੀ ਨੂੰ ਹੁਕਮ ਫੁਰਮਾਇਆ ਕਿ ਗੱਡੀ ਥਾਣੇ ਲਿਜਾ ਕੇ ਬੰਦ ਕਰ ਦਿੱਤੀ ਜਾਵੇ | ਡਰਾਈਵਰ ਵਲੋਂ ਕੱਢੀਆਂ ਗਈਆਂ ਲੇਲ੍ਹੜੀਆਂ ਨੂੰ ਕੋਈ ਫਲ ਨਾ ਪਿਆ | ਕੰਮ ਸੂਤ ਨਾ ਆਉਂਦਾ ਦੇਖ ਕੇ ਡਰਾਈਵਰ ਨੇ ਹੁਣ ਰਿਸ਼ਵਤ ਦਾ ਆਖਰੀ ਤੀਰ ਛੱਡਿਆ, ਜੋ ਨਿਸ਼ਾਨੇ 'ਤੇ ਬੈਠ ਗਿਆ | ਗੱਡੀ ਲੀਹ 'ਤੇ ਆਉਂਦੀ ਦੇਖ ਕੇ ਥਾਣੇਦਾਰ ਨੇ ਵੀ ਮੋਟਾ ਵੱਟਾ ਪਾ ਦਿੱਤਾ | ਅਖੀਰ ਡਰਾਈਵਰ ਆਪਣੀ ਅਤੇ ਬਟੂਏ ਦੀ ਰੂਹ ਨਾਲ ਛਿੱਲ ਲੁਹਾ ਕੇ ਮੰੂਹ ਵਿਚ ਹੀ ਪੁਲਿਸ ਵਾਲਿਆਂ ਨੂੰ ਮਣ-ਮਣ ਪੱਕੇ ਦੀਆਂ ਗਾਲਾਂ ਕੱਢਦਾ ਹੋਇਆ ਤੁਰਦਾ ਹੋ ਗਿਆ |
ਸਿਪਾਹੀ ਨੇ ਹੁਣ ਇਕ ਹੋਰ ਟਰੱਕ ਨੂੰ ਰੋਕਿਆ ਜੋ ਖਾਲੀ ਹੀ ਸੀ | ਸਿਪਾਹੀ ਨੇ ਡਰਾਈਵਰ ਕੋਲੋਂ ਟਰੱਕ ਦੇ ਕਾਗਜ਼-ਪੱਤਰ ਲਏ ਤੇ ਥਾਣੇਦਾਰ ਨੂੰ ਕਹਿਣ ਲੱਗਾ, 'ਸਾਬ੍ਹ ਬਹਾਦਰ ਨਵੇਂ ਬਦਲ ਕੇ ਆਏ ਸਾਬ੍ਹ ਹੁਣਾਂ ਦਾ ਸਾਮਾਨ ਮੁਹਾਲੀ ਤੋਂ ਲਿਆਉਣ ਲਈ ਇਸ ਟਰੱਕ ਵਾਲੇ ਦੀ ਡਿਊਟੀ ਲਾਓ |' ਕਹਾਵਤ ਹੈ ਕਿ ਗੁਰੂ ਜਿਨ੍ਹਾਂ ਦੇ ਟੱਪਣੇ-ਚੇਲੇ ਜਾਣ ਛੜੱਪ | ਥਾਣੇਦਾਰ ਅਤੇ ਸਿਪਾਹੀ ਦੀ ਤਾਂ ਪਹਿਲਾਂ ਹੀ ਸੀਟੀ ਰਲੀ ਹੋਈ ਸੀ ਕਿ ਕਿੱਦਾਂ ਕਿਸੇ ਨੂੰ ਗਧੀਗੇੜ ਪਾ ਕੇ ਮੁਰਗੀ ਫਸਾਉਣੀ ਆਂ | ਡਰਾਈਵਰ ਨੇ ਬਥੇਰੇ ਹਾੜੇ ਕੱਢੇ ਕਿ ਉਸ ਦਾ ਗੇੜਾ ਮਰ ਜਾਊ ਪਰ ਥਾਣੇਦਾਰ ਟੱਸ ਤੋਂ ਮੱਸ ਨਾ ਹੋਇਆ | ਸਿਪਾਹੀ ਡਰਾਈਵਰ ਨੂੰ ਖਿੱਚ ਕੇ ਟਰੱਕ ਵੱਲ ਨੂੰ ਖੜ੍ਹੇ ਤੇ ਡਰਾਈਵਰ ਭੱਜ-ਭੱਜ ਕੇ ਥਾਣੇਦਾਰ ਦੇ ਪੈਰ ਫੜੇ | ਇਥੋਂ ਤੱਕ ਕਿ ਨੱਕ ਰਗੜਨ ਤਾਈਾ ਵੀ ਗਿਆ | ਕਾਫੀ ਦੇਰ ਤੱਕ ਇਹ ਡਰਾਮਾ ਚਲਦਾ ਰਿਹਾ | ਅਖੀਰ ਡਰਾਈਵਰ ਨੂੰ ਆਨੇ ਵਾਲੀ ਥਾਂ 'ਤੇ ਆਉਣਾ ਹੀ ਪਿਆ | ਉਹ ਮੋਟਾ ਲੋਦਾ ਲਵਾ ਕੇ ਤੇ ਆਪਣੀ ਜਾਨ ਛੁਡਾ ਕੇ ਗ਼ਮਗੀਨ ਹੋਇਆ ਐਾ ਤੁਰਿਆ ਜਾ ਰਿਹਾ ਸੀ ਜਿਵੇਂ ਮਲਾਈਦਾਰ ਸੀਟ 'ਤੇ ਲੱਗਾ ਹੋਇਆ ਕੋਈ ਗਜ਼ਟਿਡ ਅਫ਼ਸਰ ਰਿਟਾਇਰਮੈਂਟ ਦੀ ਪਾਰਟੀ ਤੋਂ ਫਾਰਗ ਹੋ ਕੇ ਜਾ ਰਿਹਾ ਹੋਵੇ |
ਹੁਣ ਐਾ ਲਗਦਾ ਸੀ ਜਿਵੇਂ ਪੁਲਿਸ ਵਾਲਿਆਂ ਦੇ ਸਰੀਰ ਚੌਲਾਂ ਜਾਂ ਵੜੀਆਂ ਵਿਚ ਪਈ ਸੁਸਰੀ ਵਾਂਗ ਸੁਸਤ ਤੇ ਢਿੱਲੇ ਪੈ ਗਏ ਹੋਣ | ਇਸ ਲਈ ਸਿਪਾਹੀ ਸਾਬ੍ਹ, ਮਾਮੇ ਕੋਲ ਆ ਕੇ ਕਹਿਣ ਲੱਗੇ, 'ਓਏ ਮੌਜੀ! ਆਪ ਵੀ ਮੌਜ ਕਰ ਤੇ ਸਾਨੂੰ ਵੀ ਕਰਾ, ਜ਼ਰਾ ਰੂਹ ਨਾਲ ਕੰਡੇਦਾਰ ਤੇ ਕੱਟੇ ਦੀ ਮੋਕ ਵਰਗੀ ਗਾੜ੍ਹੀ ਚਾਹ ਬਣਾ | ਉਹ ਸਮਝਿਆ ਕਿ ਨੲ੍ਹੀਂ ਵਾਜਿਆ ਜਿਹਾ, ਮਿੱਠਾ-ਪੱਤੀ ਠੋਕ ਕੇ ਤੇ ਦੱੁਧ ਜ਼ਰਾ ਰੋਕ ਕੇ | ਰਿੱਝਦੀ ਚਾਹ ਵਿਚ ਸਿਪਾਹੀ ਨੇ ਲੱਕੜ ਦੇ ਬੂਰੇ ਵਰਗੀ ਕੋਈ ਵਸਤ ਪਾਈ | ਮਾਮਾ ਚਾਹ ਨੂੰ ਕਾਫੀ ਦੇਰ ਐਾ ਕਾੜ੍ਹਦਾ ਰਿਹਾ ਜਿਵੇਂ ਖੋਆ ਮਾਰਨ ਲੱਗਿਆਂ ਦੱੁਧ ਕਾੜ੍ਹੀਦਾ | ਚਾਹ ਪੀਂਦੇ ਸਾਰ ਹੀ ਥਾਣੇਦਾਰ ਦਾ ਸਰੀਰ ਕੰਡੇ ਵਿਚ ਹੋ ਗਿਆ | ਕਹਿਣ ਲੱਗਾ, 'ਦੱੁਖ ਤੋੜ ਦਿੱਤੇ ਨੇ ਪੀਰਾ, ਚਾਹ ਬਣਾਉਣ ਵਾਲੇ ਤੰੂ | ਜਾਹ ਜੀਂਦਾ ਵਸਦਾ ਰਹਿ, ਭਾਵੇਂ ਭੱੁਖਾ-ਨੰਗਾ ਈ ਰਹਿ | ਤੇਰੇ ਬੱਚੇ ਜੀਣ ਤੇ ਤੇਰਾ ਲਹੂ ਪੀਣ |' ਮੈਂ ਸਮਝ ਨਾ ਸਕਿਆ ਕਿ ਉਹ ਮਾਮੇ ਨੂੰ ਅਸੀਸਾਂ ਨਾਲ ਲੱਦ ਰਿਹਾ ਸੀ ਜਾਂ ਬਦਅਸੀਸਾਂ ਨਾਲ | ਉਨ੍ਹਾਂ ਮਾਮੇ ਨੂੰ ਵੀ ਇਸ ਸਪੈਸ਼ਲ ਚਾਹ ਦਾ ਭੋਗ ਲਵਾਇਆ ਸੀ | ਤਾਈਓਾ ਮਾਮੇ ਦਾ ਚਿਹਰਾ ਨੀਲ ਲਾ ਕੇ ਧੋਤੀ ਹੋਈ ਬੁਨੈਣ ਵਾਂਗ ਨਿੱਖਰ ਆਇਆ ਸੀ | ਸਿਪਾਹੀ, ਥਾਣੇਦਾਰ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ, 'ਜਨਾਬੇ-ਅਲੀ! ਜਿਵੇਂ ਸਾਰਾ ਦਿਨ ਸਾਨੂੰ ਤਪਦੀ ਭੱਠੀ ਦੀ ਕੜਾਹੀ ਵਾਂਗ ਸੇਕ ਮਾਰਦੀ ਧੱੁਪ ਵਿਚ ਭੱਜ-ਨੱਠ ਕਰਨੀ ਪੈਂਦੀ ਆ, ਜੇ ਅਸੀਂ ਮਾੜਾ-ਮੋਟਾ ਜੜ੍ਹੀ-ਬੂਟੀਆਂ ਦਾ ਸੇਵਨ ਨਾ ਕਰੀਏ ਤਾਂ ਦੂਜੇ ਦਿਨ ਹੀ ਮੂਧੇ ਮੰੂਹ ਪੈ ਜਾਈਏ | ਇਹ ਇਨ੍ਹਾਂ ਜੜੀ-ਬੂਟੀਆਂ ਦਾ ਹੀ ਪ੍ਰਤਾਪ ਹੈ ਕਿ ਥਕਾਵਟ ਸਾਡੇ ਨੇੜੇ ਨੲ੍ਹੀਂ ਖੰਘਦੀ ਤੇ ਅਸੀਂ ਨਿਹੰਗਾਂ ਦੇ ਘੋੜੇ ਵਾਂਗ ਹਵਾ ਨਾਲ ਗੱਲਾਂ ਕਰਦੇ ਆਂ | ਚਾਹ ਪੀਣ ਤੋਂ ਬਾਅਦ ਪੁਲਸੀਆਂ ਦੇ ਸਰੀਰ ਬੋਟ ਦੀ ਪਹਿਲੀ ਉਡਾਰੀ ਵਾਂਗ ਨਿੱਕੀਆਂ-ਨਿੱਕੀਆਂ ਉਡਾਰੀਆਂ ਭਰਨ ਲੱਗ ਪਏ ਤੇ ਉਨ੍ਹਾਂ ਨੇ ਫਿਰ ਤੋਂ ਆਪਣੀਆਂ ਡਿਊਟੀਆਂ ਸਾਂਭ ਲਈਆਂ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-507, ਗੋਲਡਨ ਐਵੀਨਿਊ, ਫੇਜ-2, ਗੜ੍ਹਾ ਰੋਡ, ਜਲੰਧਰ-22.

ਇਖਲਾਕੀ ਚਪੇੜ

ਕਾਫੀ ਸਮੇਂ ਤੋਂ ਬਿਰਧ ਆਸ਼ਰਮ ਵਿਚ ਰਹਿ ਰਹੀ ਮੋਹਨ ਦੀ ਮਾਤਾ ਦੀ ਆਸ਼ਰਮ ਵਿਚ ਹੀ ਮੌਤ ਹੋ ਗਈ ਸੀ ਤੇ ਮੋਹਨ ਦੇ ਨਾ ਪੁੱਜਣ ਕਰਕੇ ਆਸ਼ਰਮ ਦੇ ਪ੍ਰਬੰਧਕਾਂ ਵਲੋਂ ਹੀ ਮਿ੍ਤਕਾ ਦਾ ਸਸਕਾਰ ਕਰ ਦਿੱਤਾ ਗਿਆ ਸੀ | ਆਸ਼ਰਮ ਵਲੋਂ ਇਕ ਸੇਵਾਦਾਰ ਨੂੰ ਮੋਹਨ ਪਾਸ ਭੇਜਿਆ ਗਿਆ, ਜਿਸ ਨੇ ਮੋਹਨ ਨੂੰ ਆ ਕੇ ਦੱਸਿਆ ਕਿ ਤੁਹਾਡੀ ਮਾਤਾ ਦਾ ਆਸ਼ਰਮ ਵਲੋਂ ਸਸਕਾਰ ਕਰ ਦਿੱਤਾ ਗਿਆ ਸੀ, ਤੁਸੀਂ ਆਪਣੀ ਮਾਤਾ ਦੀਆਂ ਅਸਥੀਆਂ (ਫੁੱਲਾਂ) ਦੀ ਆਪਣੀ ਮਰਿਆਦਾ ਅਨੁਸਾਰ ਸੰਭਾਲ ਕਰਨ ਲਈ, ਲੈ ਆਵੋ | ਮੋਹਨ ਨੇ ਸੰਦੇਸ਼ ਲੈ ਕੇ ਆਏ ਸੇਵਾਦਾਰ ਨੂੰ 500 ਰੁਪਏ ਤੇ ਇਕ 'ਧੰਨਵਾਦੀ ਲਿਖਤ' ਆਸ਼ਰਮ ਦੇ ਨਾਂਅ 'ਤੇ ਦੇ ਦਿੱਤੀ, ਜਿਸ ਵਿਚ ਲਿਖਿਆ ਸੀ, 'ਆਸ਼ਰਮ ਪ੍ਰਬੰਧਕ ਜੀ, ਆਸ਼ਰਮ ਵਲੋਂ ਮੇਰੀ ਮਾਤਾ ਦੀ ਬੁਢਾਪੇ ਵਿਚ ਬਹੁਤ ਸਾਂਭ-ਸੰਭਾਲ ਕੀਤੀ ਗਈ, ਬਾਕੀ ਰਸਮਾਂ ਵੀ ਆਸ਼ਰਮ ਵਲੋਂ ਪੂਰੀਆਂ ਕਰ ਦੇਣਾ | ਮੈਂ ਆਸ਼ਰਮ ਦਾ ਧੰਨਵਾਦੀ ਤਾਂ ਹਾਂ ਹੀ, ਰਿਣੀ ਵੀ ਰਹਾਂਗਾ |'
ਅੱਜ ਸ਼ਾਮ ਨੂੰ ਮੁਹੱਲੇ ਵਿਚ ਬਹੁਤ ਇਕੱਠ ਸੀ, ਸਾਰੇ ਲੋਕਾਂ ਵਿਚ ਉਸ ਮੁਸਲਮਾਨ ਭਰਾ (ਕਰੀਮ ਬਖ਼ਸ਼) ਨੂੰ ਮਿਲਣ ਲਈ ਬਹੁਤ ਉਤਸੁਕਤਾ ਸੀ, ਜੋ ਕਰਤਾਰ ਦਾ ਵੰਡ ਵੇਲੇ ਦਾ ਭਰਾਵਾਂ ਤੋਂ ਵੀ ਵੱਧ ਜਿਗਰੀ ਦੋਸਤ ਸੀ, ਜਿਸ ਨੇ ਵੰਡ ਵੇਲੇ ਦਿਨ ਕਰਤਾਰ ਦੀ ਮਾਤਾ ਦੀ ਮੌਤ ਹੋ ਜਾਣ ਕਰਕੇ ਤੇ ਕਰਤਾਰ ਦੇ ਆਪਣੇ ਪਿੰਡ ਦੇ ਕਾਫ਼ਲੇ ਨਾਲ ਭਾਰਤ ਚਲੇ ਆਉਣ ਕਰਕੇ, ਕਰਤਾਰ ਦੇ ਦੱਸੇ ਹੋਏ ਅਨੁਸਾਰ ਰਾਤ ਨੂੰ ਆਪਣੇ ਮਜ਼੍ਹਬ ਦੇ ਲੋਕਾਂ ਤੋਂ ਛੁਪ-ਛੁਪਾ ਕੇ ਆਪਣੇ ਘਰ ਦੇ ਗੁੱਠੇ ਪਈ ਇਕ ਮਣਛਿੱਟੀ ਦੇ ਢੇਰ ਵਿਚੋਂ ਹੋਰ ਲੱਕੜ ਬਾਲੇ ਸੁੱਟ ਕੇ ਮਾਤਾ ਦਾ ਸਸਕਾਰ ਕਰ ਦਿੱਤਾ ਤੇ ਫਿਰ ਵੇਲੇ-ਕੁਵੇਲੇ ਵਕਤ ਵਿਚਾਰ ਕੇ ਆਪਣੀ ਮੰੂਹ ਬੋਲੀ ਮਾਂ ਦੇ ਫੁੱਲ ਚੁਗ ਲਏ ਸਨ, ਜੋ ਅੱਜ ਲੈ ਕੇ ਪਾਕਿਸਤਾਨ ਤੋਂ ਭਾਰਤ ਆ ਰਿਹਾ ਸੀ | ਜੋ ਸੁਬ੍ਹਾ ਉਸ ਨੇ ਕਰਤਾਰ ਤੇ ਕਰਤਾਰ ਦੇ ਹੋਰ ਰਿਸ਼ਤੇਦਾਰਾਂ ਨਾਲ ਫੁੱਲ ਪਾਉਣ ਜਾਣਾ ਸੀ |
ਮੁਹੱਲੇ ਦੇ ਲੋਕ ਇਸ ਧਾਰਮਿਕ, ਸੰਵੇਦਨਸ਼ੀਲ ਤੇ ਭਾਵੁਕਤਾ ਭਰਪੂਰ ਗੱਲ ਦੀ ਚਰਚਾ ਆਪਸ ਵਿਚ ਕਰ ਰਹੇ ਸਨ, ਪਰ ਮੋਹਨ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸ ਦੇ ਮੰੂਹ 'ਤੇ ਕਿਸੇ ਨੇ ਇਖਲਾਕੀ ਤਮਾਚਾ ਮਾਰ ਦਿੱਤਾ ਹੋਵੇ |
ਸਵੇਰੇ ਸੁਵੱਖਤੇ ਹੀ ਮੋਹਨ ਤੇਜ਼ ਕਦਮੀਂ ਬਿਰਧ ਆਸ਼ਰਮ ਗਿਆ ਤੇ ਪ੍ਰਬੰਧਕਾਂ ਨੂੰ ਆਪਣੀ ਮਾਤਾ ਦੇ ਫੁੱਲਾਂ ਬਾਰੇ ਪੁੱਛਿਆ | ਇਕ ਬਿਰਧ ਪ੍ਰਬੰਧਕ ਨੇ ਬਹੁਤ ਹਲੀਮੀ ਨਾਲ ਉਸ ਨੂੰ ਹਿੰਦੀ ਵਿਚ ਦੱਸਿਆ, 'ਬੇਟਾ ਵੋਹ ਤੋ ਹਮ ਕੱਲ੍ਹ ਹੀ ਦੂਸਰੀ ਅਸਥੀਉਂ ਕੇ ਸਾਥ ਵਿਸਰਜਨ ਕਰ ਆਏ ਹੈਾ |'
ਮੋਹਨ ਪਛਤਾਵੇ ਭਰੇ ਮਨ ਨਾਲ ਆਸ਼ਰਮ ਵਿਚੋਂ ਬਾਹਰ ਨਿਕਲਿਆ | ਸਾਹਮਣੇ ਤੋਂ ਆ ਰਹੀ ਭੀੜ ਨੂੰ ਆਪਣੇ ਵਜੂਦ ਨੂੰ ਛੁਪਾ ਕੇ ਦੇਖ ਰਿਹਾ ਸੀ, ਜੋ ਇਹ ਭੀੜ ਮਾਤਮੀ-ਰੌਾਅ ਵਿਚ ਬਸ ਅੱਡੇ ਵੱਲ ਜਾ ਰਹੀ ਸੀ | ਕਰੀਮ ਬਖਸ਼ ਨੇ ਫੁੱਲਾਂ ਵਾਲਾ ਕਲਸ ਚੁੱਕਿਆ ਹੋਇਆ ਸੀ ਤੇ ਕਰਤਾਰ ਆਪਣੀਆਂ ਨਮ ਅੱਖਾਂ ਪੂੰਝਦਾ ਹੋਇਆ ਨਾਲ-ਨਾਲ ਤੁਰਿਆ ਜਾ ਰਿਹਾ ਸੀ |

-17-ਐਲ. ਲਹਿਲ ਕਾਲੋਨੀ, ਪਟਿਆਲਾ |
ਮੋਬਾਈਲ : 97798-82050.

ਨਿਵੇਸ਼

ਜਿਵੇਂ ਹੀ ਘੰਟੀ ਵੱਜੀ, ਸੁਮੇਰ ਭੱਜ ਕੇ ਬਾਹਰ ਆਇਆ, ਇਹ ਬੁੜਬੁੜਾਉਂਦਿਆਂ, 'ਯਾਰ ਮੰਗਣ ਵਾਲੇ ਵੀ ਪ੍ਰੇਸ਼ਾਨ ਕਰ ਛੱਡਦੇ ਨੇ, ਟਾਈਮ-ਕੁ-ਟਾਈਮ ਵੀ ਨ੍ਹੀਂ ਵੇਂਹਦੇ, ਆਹ ਦੁਪਹਿਰੇ ਕੋਈ ਮੌਕਾ ਕਿਸੇ ਨੂੰ ਡਿਸਟਰਬ ਕਰਨ ਦਾ | ਇਕ ਤਾਂ ਆਹ ਰਸੀਦ ਬੁੱਕਾਂ ਜੀਆਂ ਲੈ ਕੇ... |' ਪਰ ਬੂਹਾ ਤਾਂ ਖੋਲ੍ਹਣਾ ਹੀ ਪੈਣਾ ਸੀ, 'ਕੋਈ ਜ਼ਰੂਰੀ ਕੰਮ ਵਾਲਾ ਵੀ ਹੋ ਸਕਦੈ, ਕੋਈ ਰਿਸ਼ਤੇਦਾਰ ਵੀ... |'
'ਪਰ ਇਹ ਕੀ?' ਗੇਟ ਖੋਲਿ੍ਹਆ ਸਾਹਮਣੇ ਦੋ ਸਜੇ-ਧਜੇ ਨੌਜਵਾਨ ਤੇ ਨਾਲ ਉਨ੍ਹਾਂ ਦੇ ਇਕ ਪੱਚੀ ਕੁ ਸਾਲ ਦੀ ਮੁਟਿਆਰ | ਇਕ ਦੇ ਹੱਥ ਬਾਲਟੀ ਫੜੀ ਹੋਈ, ਜਿਸ ਵਿਚੋਂ ਕੜਛੀ ਦੀ ਹੱਥੀ ਬਾਹਰ ਦਿਖਾਈ ਦੇ ਰਹੀ ਸੀ | ਕੁਝ ਸਮਝ ਨਾ ਆਇਆ ਸੁਮੇਰ ਦੇ... ਮੰਗਣ ਵਾਲੇ ਤਾਂ ਨਹੀਂ ਲੱਗਦੇ... ਤੇ ਨਾ ਹੀ ਕਿਸੇ ਕੰਪਨੀ ਦੇ ਸੇਲਜ਼ਮੈਨ | ਅਜੇ ਤਾਂ ਸੁਮੇਰ ਸੋਚੀ ਹੀ ਜਾ ਰਿਹਾ ਸੀ ਕਿ ਉਦੋਂ ਹੀ ਬੜੀ ਮਿੱਠੀ ਆਵਾਜ਼ ਵਿਚ ਮੁਟਿਆਰ ਬੋਲੀ, 'ਭਰਾ ਜੀ ਪ੍ਰਸ਼ਾਦ ਲੈ ਲਓ |'
'ਹੈਾ | ਪ੍ਰਸ਼ਾਦ | ਕਾਹਦਾ ਪ੍ਰਸ਼ਾਦ?' ਤੇ ਸਮੇਰੂ ਦੇ ਮਨ ਵਿਚ ਖ਼ਤਰਾ ਭਾਸਿਆ ਕਦੇ ਇਹ ਵਿਦੇਸ਼ੀ ਜਾਸੂਸ ਤਾਂ ਨਹੀਂ ਜੋ ਲੋਕਾਂ ਨੂੰ ਪ੍ਰਸ਼ਾਦ 'ਚ ਮਿਲਾ ਕੇ ਜ਼ਹਿਰ ਦੇ ਰਹੇ ਹੋਣ ਜਾਂ ਕੋਈ ਲੁਟੇਰੇ ਗਰੋਹ ਦੇ ਮੈਂਬਰ ਤਾਂ ਨ੍ਹੀਂ ਜੋ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰਸ਼ਾਦ ਵਿਚ ਬੇਹੋਸ਼ ਕਰਨ ਵਾਲੀ ਦਵਾਈ ਮਿਲਾ ਕੇ ਦੇ ਰਹੇ ਹੋਣ | ਸੋਚ ਨੂੰ ਉਦੋਂ ਬਰੇਕ ਲੱਗੀ ਜਦੋਂ ਬਿਨਾਂ ਬਾਲਟੀ ਵਾਲਾ ਨੌਜਵਾਨ ਬੋਲਿਆ, 'ਭਗਤ ਜੀ ਦੁਦਵੇਸ਼ਵਰ ਜੀ ਮੰਦਰ ਦਾ ਪ੍ਰਸ਼ਾਦ ਹੈ |'
ਸੁਮੇਰ ਲਈ ਫ਼ੈਸਲਾ ਲੈਣਾ ਔਖਾ ਹੋ ਗਿਆ ਕਿ ਉਹ ਪ੍ਰਸ਼ਾਦ ਲਵੇ ਜਾਂ ਨਾ | ਸੰਸ਼ੋਪੰਜ 'ਚ ਪਏ ਨੂੰ ਵੇਖ ਕੇ ਦੂਸਰੇ ਨੌਜਵਾਨ ਨੇ ਬਾਲਟੀ 'ਚ ਪਈ ਕੜਛੀ ਨੂੰ ਹਿਲਾਇਆ ਅਤੇ ਬੜੀ ਹੀ ਹਲੀਮੀ ਨਾਲ ਜਾਣਕਾਰੀ ਦਿੱਤੀ, 'ਰਾਤੀਂ ਦੁਦਵੇਸ਼ਵਰ ਜੀ ਦੇ ਮੰਦਰ ਵਿਚ ਕੀਰਤਨ ਸੀ, ਸਾਰੀ ਰਾਤ ਚਲਦਾ ਰਿਹਾ | ਮੇਰੇ ਦਾਤੇ ਦਾ ਹੁਕਮ ਹੋਇਆ ਕਿ ਘਰਾਂ ਵਿਚ ਬੈਠੇ ਮੇਰੇ ਭਗਤਾਂ-ਅਭਗਤਾਂ ਨੂੰ ਪ੍ਰਸ਼ਾਦ ਜ਼ਰੂਰ ਦੇ ਕੇ ਆਓ | ਕੋਈ ਵੀ ਬੱਚਾ ਇਸ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤੇ ਇਸੇ ਲਈ ਥੋਡੀ ਸੇਵਾ 'ਚ ਹਾਜ਼ਰ ਹਾਂ |' ਉਦੋਂ ਤੱਕ ਸੁਮੇਰ ਸੰਭਲ ਗਿਆ ਸੀ | 'ਯਾਰ ਜੇ ਪ੍ਰਸ਼ਾਦ ਬਚ ਵੀ ਗਿਆ ਸੀ ਤਾਂ ਘਰੋ-ਘਰ ਜਾ ਕੇ ਵੰਡਣ ਦੀ ਬਜਾਏ ਕਿਸੇ ਗਰੀਬ-ਗਰੂਬੜੇ, ਭੁੱਖੇ, ਲਾਚਾਰ, ਬੀਮਾਰ ਦੇ ਮੰੂਹ ਵਿਚ ਪਾਉਣਾ ਸੀ, ਘਰਾਂ ਵਿਚ ਤਾਂ ਲੋਕ ਪਹਿਲਾਂ ਹੀ ਰੱਜੇ ਬੈਠੇ ਹੁੰਦੇ ਨੇ |'
'ਭਗਤ ਜੀ, ਇਹ ਲੰਗਰ ਥੋੜ੍ਹੈ? ਇਹ ਤਾਂ ਪ੍ਰਸ਼ਾਦ ਐ ਪ੍ਰਸ਼ਾਦ | ਦੋਵਾਂ 'ਚ ਫਰਕ ਸਮਝੋ |'
'ਗੱਲ ਤਾਂ ਥੋਡੀ ਠੀਕ ਐ ਪਰ ਪ੍ਰਸ਼ਾਦ ਦਾ ਹੱਕਦਾਰ ਤਾਂ ਮੈਂ ਫੇਰ ਵੀ ਨ੍ਹੀਂ, ਜਦੋਂ ਮੈਂ ਉਥੇ ਜਾ ਕੇ ਹਾਜ਼ਰੀ ਲਵਾਈ ਨ੍ਹੀਂ, ਉਹਦੇ ਚਰਨਾਂ 'ਚ ਜਾ ਕੇ ਸੀਸ ਨਿਵਾਇਆ ਹੀ ਨ੍ਹੀਂ, ਤਾਂ ਮੈਨੂੰ ਪ੍ਰਸ਼ਾਦ ਕਿਉਂ?'
'ਬਸ ਭਗਤ ਜੀ, ਇਥੇ ਈ ਫਰਕ ਐ ਪ੍ਰਾਣੀਆਂ ਦੀ ਸੋਚ ਅਤੇ ਸਾਡੇ ਦਾਤਾ ਦੁਦਵੇਸ਼ਵਰ ਜੀ ਦੀ ਸੋਚ 'ਚ | ਪਾਪੀਆਂ ਨੂੰ ਵੀ ਬਖਸ਼ਣਹਾਰੇ ਸਾਡੇ ਦਾਤਾ ਦਾ ਹਿਰਦਾ ਬੜਾ ਵਿਸ਼ਾਲ ਹੈ | ਭਗਤਾਂ ਦੀ ਹਰ ਕਿਸਮ ਦੀ ਹਾਜ਼ਰੀ ਕਬੂਲ ਕਰ ਲੈਂਦੇ ਨੇ, ਉਹ ਕੀ ਹੋਇਆ, ਜੇ ਤੁਸੀਂ ਰਾਤੀਂ ਉਥੇ ਆਪ ਨ੍ਹੀਂ ਜਾ ਸਕੇ ਥੋਡੇ ਵਲੋਂ ਕੀਤੇ ਗਏ ਦਾਨ ਦੀ ਹਾਜ਼ਰੀ ਤਾਂ ਉਥੇ ਲੱਗ ਈ ਗਈ |'
ਤੇ ਉਦੋਂ ਈ ਚਾਰ ਦਿਨ ਪਹਿਲਾਂ 'ਦੁਦਵੇਸ਼ਵਰ ਕੀਰਤਨ ਮੰਡਲੀ' ਵਲੋਂ ਕੱਟੀ ਗਈ ਸੌ ਰੁਪਏ ਦੀ ਰਸੀਦ ਸੁਮੇਰ ਨੂੰ ਆਪਣੀ ਜੇਬ 'ਚ ਪਈ ਕਹਿੰਦਿਆਂ ਮਹਿਸੂਸ ਹੋਈ, 'ਲੈ ਲੈ ਪ੍ਰਸ਼ਾਦ, ਭਗਤਾ ਲੈ ਲੈ, ਅਗਲੇ ਮਹੀਨੇ ਮੇਰੀ ਸਹੇਲੀ (ਦੂਜੀ ਪਰਚੀ) ਨੂੰ ਮੇਰੀ ਇਕੱਲਤਾ ਖਤਮ ਕਰਨ ਲਈ ਆਉਣ ਦਾ ਰਾਹ ਪੱਧਰਾ ਕਰਦੇ |'

-ਮਕਾਨ ਨੰ: 17205, ਅਗਰਵਾਲ ਕਾਲੋਨੀ, ਬਠਿੰਡਾ | ਮੋਬਾਈਲ : 94177-53892.

'ਮੈਂ' ਤੋਂ ਡਰ ਬੰਦਿਆ...


ਨਿਵੇਂ ਸੁ ਗੌਰਾ ਹੋਇ |
'ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀਂ |'
'ਪੰਛੀ ਕਿੰਨਾ ਵੀ ਅਸਮਾਨ 'ਚ ਉੱਚਾ ਉੱਡ ਲਏ ਅੰਤ ਦਾਣਾ ਚੁਗਣ ਲਈ ਉਹਨੂੰ ਜ਼ਮੀਨ 'ਤੇ ਆਉਣਾ ਹੀ ਪੈਂਦਾ ਹੈ, ਮਨੁੱਖ ਦੀ ਫ਼ਿਤਰਤ ਹੈ, ਉਹਨੂੰ ਜਦ ਰਤਾ ਵੀ ਵਾਹ-ਵਾਹੀ ਮਿਲ ਜਾਏ, ਉਹਨੂੰ ਵਕਤੀ ਤੌਰ 'ਤੇ ਪਰ ਲੱਗ ਜਾਂਦੇ ਹਨ, ਉਹਦੇ ਪੈਰ ਜ਼ਮੀਨ 'ਤੇ ਨਹੀਂ ਟਿਕਦੇ, ਪਰ ਇਹ ਅਹਿਸਾਸ ਸਦੀਵੀ ਨਹੀਂ |
'ਆਦਮੀ ਕੋ ਚਾਹੀਏ, ਵਕਤ ਸੇ ਡਰ ਕਰ ਰਹੇਂ | ਕੌਨ ਜਾਨੇ ਕਿਸ ਘੜੀ, ਵਕਤ ਕਾ ਬਦਲੇ ਮਿਜਾਜ਼ |'
'ਵਕਤ ਸੇ ਦਿਨ ਔਰ ਰਾਤ, ਵਕਤ ਕਾ ਹਰ ਸ਼ੈ ਪੇ ਰਾਜ |'
'ਦਿਨ ਬਦਲਦਿਆਂ ਦੇਰ ਨਹੀਂ ਲੱਗਦੀ, ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ |'
'ਅੱਛੇ ਦਿਨ ਤੇ ਬੁਰੇ ਦਿਨ, ਜਾਨਵਰਾਂ ਜਾਂ ਪੰਛੀਆਂ ਆਦਿ 'ਤੇ ਨਹੀਂ ਆਉਂਦੇ, ਇਨਸਾਨਾਂ 'ਤੇ ਹੀ ਆਉਂਦੇ ਹਨ |'
'ਬੁਰੇ ਦਿਨ ਵੀ ਆ ਜਾਣ ਕਿਸੇ ਦੇ... ਤਾਂ ਉਸ ਲਈ ਵੀ ਸਹਾਰਾ ਹੈ |'
'ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਵਣਗੇ |'
ਸਮਾਂ, ਬੜਾ ਬਲਵਾਨ |
'ਆਦਮੀ ਕੋ ਚਾਹੀਏ, ਵਕਤ ਸੇ ਡਰ ਕਰ ਰਹੇਂ |'
'ਸਿਰ ਨੀਵਾਂ ਕਰ ਦੇਖ |'
ਨਾ ਜੀ ਨਾ, ਧੌਣ ਹੀ ਹੈ, ਜਿਸ 'ਤੇ ਸਿਰ ਰੱਖਿਆ ਹੈ, ਧੌਣ ਹੀ ਆਕੜ ਦਿੰਦੀ ਹੈ, ਸਿਰ ਨੂੰ ਨੀਵਾਂ ਨਹੀਂ ਹੋਣ ਦਿੰਦੀ ਹੈ |
ਬਾਦਸ਼ਾਹਾਂ, ਸੂਰਬੀਰਾਂ ਤੇ ਬੇਅਕਲਾਂ ਜ਼ਿੱਦੀ ਮਨੁੱਖਾਂ ਦੀ ਅਣਖ ਹੈ ਕਿ ਸਿਰ ਜਾਏ ਤਾਂ ਜਾਏ, ਧੌਣ ਵੱਢੀ ਜਾਏ ਤਾਂ ਜਾਏ ਪਰ ਸਿਰ ਕਦੇ ਨਹੀਂ ਝੁਕਣ ਦੇਣਾ |
ਇਸ ਸਮੇਂ ਜੋ ਦੌਰ ਚਲ ਰਿਹਾ ਹੈ, ਉਸ ਨੇ ਹੀ ਮੈਨੂੰ ਪ੍ਰੇਰਨਾ ਦਿੱਤੀ ਹੈ, ਸਿਆਣਿਆਂ ਦੀ ਮੱਤ, ਦਾ ਉਦਾਹਰਨ ਵਰਣਨ ਕਰਨ ਲਈ | ਪੂਰਾ ਉਲੇਖ ਕਰਨ ਤੋਂ ਪਹਿਲਾਂ, ਇਸ ਵਿਸ਼ੇ 'ਤੇ ਹੀ ਇਕ ਬਾਲ ਕਹਾਣੀ ਪੇਸ਼ ਕਰਨਾ ਚਾਹਾਂਗਾ |
ਜਦ ਸੰਸਾਰ 'ਚ ਅਜੇ ਸਮਾਂ ਦੱਸਣ ਵਾਲੀਆਂ, ਮਿੰਟ-ਸਕਿੰਟ ਤੇ ਘੰਟੇ ਦੱਸਣ ਵਾਲੀਆਂ ਘੜੀਆਂ ਈਜਾਦ ਨਹੀਂ ਸਨ ਹੋਈਆਂ, ਕੁੱਕੜ ਦੀ ਬੜੀ ਮਹਾਨਤਾ ਸੀ | ਉਹੀਓ ਸਵੇਰੇ-ਸਵੇਰੇ ਕੁਕੜੰੂ-ਘੜੰੂ, ਵਾਲੀ ਬਾਂਗ ਦੇ ਕੇ ਲੋਕਾਂ ਨੂੰ ਸੁਨੇਹਾ ਦਿੰਦਾ ਸੀ ਕਿ ਉਠੋ ਭਾਈ ਦਿਨ ਚੜ੍ਹਨ ਵਾਲਾ ਹੈ, ਸੂਰਜ ਉਗਣ ਵਾਲਾ ਹੈ | ਲੋਕ ਕੁੱਕੜ ਦੀ ਇਸ ਬਾਂਗ 'ਤੇ ਹੀ ਨਿਰਭਰ ਸਨ | ਕੁੱਕੜ ਨੂੰ ਵੇਖਿਆ ਜੇ ਕੁਕੜੂ-ਘੜੰੂ' ਕਰਦਿਆਂ? ਉਹਦੀ ਧੌਣ ਆਕੜੀ ਹੁੰਦੀ ਹੈ | ਸਿਰ ਉੱਚਾ ਹੁੰਦਾ ਹੈ | ਕੁੱਕੜ ਨੂੰ ਵੀ ਅਹਿਸਾਸ ਹੋ ਗਿਆ ਕਿ ਉਹਦੇ ਬਿਨਾਂ ਦਿਨ ਨਹੀਂ ਚੜ੍ਹ ਸਕਦਾ | ਇਸ ਲਈ ਉਹਦੇ ਮਨ 'ਚ ਹੰਕਾਰ ਆ ਗਿਆ, ਇਕ ਦਿਨ ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਅੱਜ ਤੋਂ ਸਵੇਰੇ-ਸਵੇਰੇ ਬਾਂਗ ਨਹੀਂ ਦਿਆ ਕਰੇਗਾ | ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਇਹ ਬਾਂਗ ਨਹੀਂ ਦਏਗਾ ਤਾਂ ਦਿਨ ਨਹੀਂ ਚੜ੍ਹੇਗਾ | ਸਮਝੋ, ਪਰਲੋ ਆ ਜਾਏਗੀ | ਉਨ੍ਹਾਂ ਜਾ ਕੇ ਕੁੱਕੜ ਅੱਗੇ ਹੱਥ ਜੋੜੇ, ਮਿੰਨਤਾਂ ਤਰਲੇ ਕੀਤੇ ਕਿ ਭਾਈ ਕੁਕੜਾ ਐਦਾਂ ਨਾ ਕਰ | ਕੁੱਕੜ ਨੇ ਧੌਣ ਹੋਰ ਅਕੜਾ ਲਈ, ਸਾਫ਼ ਕਿਹਾ, 'ਕੱਲ੍ਹ ਤੋਂ ਮੈਂ ਨਹੀਂ ਜੇ ਬਾਂਗ ਦੇਣੀ, ਮੇਰਾ ਇਹ ਫ਼ੈਸਲਾ ਅਟੱਲ ਹੈ |' ਭੈਅ-ਭੀਤ ਲੋਕਾਂ ਨੇ ਮੰਦਰਾਂ 'ਚ ਘੰਟੀਆਂ ਵਜਾਈਆਂ, ਭਜਨ ਕੀਰਤਨ ਕੀਤੇ, ਇਹੋ ਸਮਝ ਕੇ ਇਹ ਰਾਤ ਉਨ੍ਹਾਂ ਦੀ ਆਖਰੀ ਰਾਤ ਹੈ, ਭਲਕੇ ਦਾ ਦਿਨ ਵੇਖਣਾ ਉਨ੍ਹਾਂ ਦੇ ਨਸੀਬ 'ਚ ਨਹੀਂ | ਸਾਰੀ ਰਾਤ, ਉਹ ਸੌਾ ਨਹੀਂ ਸਕੇ | ਕੁੱਕੜ ਵੀ ਧੌਣ ਅਕੜਾ ਕੇ ਉਸੇ ਥਾਂ 'ਤੇ ਬੈਠਾ ਰਿਹਾ, ਜਿਥੇ ਬਹਿ ਕੇ ਉਹ ਹਰ ਰੋਜ਼ ਬਾਂਗ ਦਿੰਦਾ ਸੀ ਪਰ ਆਹ ਕੀ? ਲੋਕੀਂ ਵਿਸ਼ਵਾਸ ਨਾ ਕਰਨ ਕਿ ਬਾਵਜੂਦ ਕੁੱਕੜ ਦੇ ਬਾਂਗ ਨਾ ਦੇਣ ਦੇ, ਸੂਰਜ ਚੜ੍ਹ ਆਇਆ, ਨਵੀਂ ਸਵੇਰ ਦੇ ਆਗਮਨ ਦੀਆਂ ਕਿਰਨਾਂ ਚਹੁੰ-ਦਿਸ਼ਾਵਾਂ 'ਚ ਫੈਲ ਗਈਆਂ |
ਲੋਕਾਂ ਦੇ ਗੁੱਸੇ ਦਾ ਪਾਰਾ ਇਕਦਮ ਚੜਿ੍ਹਆ, ਉਨ੍ਹਾਂ ਸਿੱਧਾ ਜਾ ਕੇ ਕੁੱਕੜ ਨੂੰ ਧੌਣੋਂ ਫੜਿਆ ਤੇ ਉਹਦੀ ਧੌਣ ਮਰੋੜ ਕੇ, ਪਰ੍ਹਾਂ ਸੁੱਟੀ |
ਬਸ, ਉਸ ਦਿਨ ਤੋਂ ਮੁਰਗੇ ਦੀ ਇਹ ਭੈੜੀ ਗਤ ਸ਼ੁਰੂ ਹੋ ਗਈ, ਅੱਜ ਤਾੲੀਂ ਸਾਰੇ ਸੰਸਾਰ 'ਚ ਉਹਦੀ ਧੌਣ ਮਰੋੜੀ ਜਾ ਰਹੀ ਹੈ, ਵੱਢੀ ਜਾ ਰਹੀ ਹੈ—ਹੰਕਾਰ ਡਿਗਾ ਸਿਰ ਭਾਰ |
ਮੈਂ ਸ਼ੁਰੂ ਕਰਾਂਗਾ, ਉਲੇਖ ਕਰਾਂਗਾ, ਬਾਲੀਵੁੱਡ ਦੀ ਇਕ ਪ੍ਰਸਿੱਧ ਹਸਤੀ, ਇਕ ਨਾਮੀ ਕਲਾਕਾਰ ਨਸੀਰ-ਉਦ-ਦੀਨ ਸ਼ਾਹ (ਨਸੀਰੂਦੀਨ ਸ਼ਾਹ) ਦਾ | ਇਸ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਰਾਮਾ ਤੋਂ ਐਕਟਿੰਗ ਦੀ ਟ੍ਰੇਨਿੰਗ ਲਈ, ਫੇਰ ਪੂਨਾ ਦੀ ਫ਼ਿਲਮ ਇੰਸਟੀਚਿਊਟ 'ਚੋਂ ਐਡੀਟਿੰਗ ਦਾ ਕੋਰਸ ਪਾਸ ਕੀਤਾ, ਮਗਰੋਂ ਫ਼ਿਲਮਾਂ 'ਚ ਕਿਸਮਤ ਅਜ਼ਮਾਉਣ ਲਈ, ਮੰੁਬਈ (ਉਸ ਵੇਲੇ ਬੰਬਈ) ਆ ਗਿਆ | ਮੈਨੂੰ ਯਾਦ ਹੈ, ਜਿਸ ਵੇਲੇ ਇਹ ਬੰਬਈ ਆਇਆ ਤਾਂ ਛੋਟੀ ਜਿਹੀ ਇੰਡਸਟਰੀ 'ਚ ਥਾਂ-ਥਾਂ ਹਵਾ ਫੈਲ ਗਈ ਕਿ 'ਇਕ ਨੌਜਵਾਨ ਐਕਟਰ ਆਇਆ ਹੈ, ਐਨਾ ਵਧੀਆ ਐਕਟਰ ਹੈ, ਜਿਹੜਾ ਦਲੀਪ ਕੁਮਾਰ (ਯੂਸਫ਼ ਖ਼ਾਨ) ਨੂੰ ਵੀ ਐਕਟਿੰਗ ਦੇ ਮਾਮਲੇ 'ਚ ਪਿਛੇ ਛੱਡ ਦਏਗਾ | ਉਸ ਸਮੇਂ ਦਲੀਪ ਕੁਮਾਰ ਨੂੰ ਸਭ ਤੋਂ ਸਫ਼ਲ, ਸਭ ਤੋਂ ਵਧੀਆ ਐਕਟਰ ਮੰਨਿਆ ਜਾਂਦਾ ਸੀ | ਨਸੀਰੂਦੀਨ ਸ਼ਾਹ ਦਾ ਫ਼ਿਲਮਾਂ 'ਚ ਪ੍ਰਵੇਸ਼ ਹੋਇਆ, ਦਲੀਪ ਸਾਹਿਬ ਨੂੰ ਟੱਕਰ ਤਾਂ ਨਾ ਦੇ ਸਕੇ, ਪਰ ਹਰ ਇਕ ਨੇ ਐਕਟਿੰਗ ਦੀ ਧਾਂਕ ਜ਼ਰੂਰ ਪ੍ਰਵਾਨ ਕੀਤੀ | ਸਭ ਦੇ ਬੁੱਲ੍ਹਾਂ 'ਤੇ ਵਾਹ-ਵਾਹੀ ਸੀ, ਬਈ ਐਕਟਰ ਬਹੁਤ ਵਧੀਆ ਹੈ | ਸਿਫ਼ਤ ਵਧਦੀ ਗਈ, ਸਿਰ ਨੂੰ ਚੜ੍ਹਦੀ ਗਈ |
ਇਕ ਹੋਰ ਨੌਜਵਾਨ ਐਕਟਰ (ਹੀਰੋ) ਦੀ ਚੜ੍ਹਤ ਹੋਈ, ਆਮਿਰ ਖ਼ਾਨ—ਸ਼ੁਰੂ 'ਚ ਇਕ ਅੱਧੀ-ਫ਼ਿਲਮ ਕਮਜ਼ੋਰ ਵੀ ਰਹੀ ਪਰ ਫਿਰ ਹਰ ਫ਼ਿਲਮ ਸੁਪਰਹਿੱਟ | ਸ਼ੁਹਰਤ ਦੀ ਉਪਰਲੀ 'ਪਾਇਦਾਨ' ਹਾਸਲ ਹੋ ਗਈ | ਹਰ ਪਾਸੇ ਇਹੀ ਚਰਚਾ 'ਬੜਾ ਵਧੀਆ ਤੇ ਸਮਝਦਾਰ ਐਕਟਰ ਹੈ |'
ਐਨੀ ਸ਼ੁਹਰਤ ਨਸੀਰੂਦੀਨ ਸ਼ਾਹ ਅੱਜ ਤਾੲੀਂ ਨਹੀਂ ਪਾ ਸਕਿਆ ਪਰ ਇਕਦਮ ਫਰਮਾ ਦਿੱਤਾ, 'ਆਮਿਰ ਖ਼ਾਨ ਨਕਲੀ ਐਕਟਿੰਗ ਕਰਦਾ ਹੈ | ਇਹਨੂੰ ਅਸਲ 'ਚ ਪਤਾ ਹੀ ਨਹੀਂ ਐਕਟਿੰਗ ਕੀ ਹੁੰਦੀ ਹੈ |' ਲੋਕਾਂ ਨੇ ਬੁਰਾ ਮੰਨਿਆ, ਬਹੁਤ ਬੁਰਾ ਮੰਨਿਆ, ਸ਼ੁਕਰ ਹੈ ਆਮਿਰ ਖ਼ਾਨ ਨੇ ਇਸ ਨੂੰ 'ਮੈਂ' ਦਾ ਸਵਾਲ ਨਹੀਂ ਮੰਨਿਆ ਦੜ ਵੱਟ ਰੱਖੀ |
ਐਨੀ ਸ਼ੁਹਰਤ ਨਸੀਰ ਅੱਜ ਤਾੲੀਂ ਨਹੀਂ ਹਾਸਲ ਕਰ ਸਕਿਆ | ਉਮਰ ਦਰਾਜ ਐਕਟਰ ਇਹੋ ਹੀ ਹੋਇਆ ਹੈ, ਸਵਰਗੀ ਅਸ਼ੋਕ ਕੁਮਾਰ ਉਰਫ਼ ਦਾਦਾ ਮੋਨੀ ਉਹ ਆਖਰੀ ਉਮਰ ਤੱਕ ਸਭ ਤੋਂ ਵਧੀਆ ਐਕਟਰ ਰਿਹਾ, ਦੂਜਾ ਮਾਣ ਅਮਿਤਾਭ ਬੱਚਨ ਨੂੰ ਹੈ | ਇਸ 'ਚ 'ਮੈਂ' ਨਹੀਂ ਆਈ ਜੀ, ਵਾਲੀ ਨਿਮਰਤਾ ਅੱਜ ਵੀ ਕਾਇਮ ਹੈ, ਸਫ਼ਲਤਾ ਦਾ ਰਾਜ਼ ਹੈ, ਸਦੀ ਦਾ ਮਹਾਂਨਾਇਕ ਹੈ | ਅਖੀਰਲੇ ਦਿਨਾਂ 'ਚ ਨਸੀਰੂਦੀਨ ਨੂੰ ਕੀ ਸੁਝੀ? ਟੁਕੜੇ-ਟੁਕੜੇ ਗੈਂਗ ਵਾਲਾ ਬਿਆਨ ਦੇ ਦਿੱਤਾ, ਭਾਰਤ 'ਚ ਵਧਦੀ ਅਸਹਿਣਸ਼ੀਲਤਾ 'ਤੇ ਦੁੱਖ ਪ੍ਰਗਟਾਇਆ ਹੈ, ਅਖੇ ਕੱਲ੍ਹ ਮੇਰੇ ਬੱਚਿਆਂ ਨੂੰ ਕੋਈ ਪੁੱਛੇਗਾ ਕਿ ਤੇਰਾ ਧਰਮ ਕੀ ਹੈ? ਤਾਂ ਉਹ ਕੀ ਜਵਾਬ ਦੇਣਗੇ? ਕਿਉਂਕਿ ਇਸ ਨੇ ਦੂਜਾ ਵਿਆਹ ਇਕ ਹਿੰਦੂ ਐਕਟਰਸ ਨਾਲ ਕੀਤਾ ਹੈ, ਰਤਨਾ ਪਾਠਕਾਂ ਅਖ਼ਬਾਰਾਂ 'ਚ ਆ ਗਿਆ, ਮੀਡੀਆ 'ਚ ਛਾ ਗਿਆ, ਫੇਰ ਪੂਛਲ ਸਿਤਾਰੇ ਵਾਂਗ ਗੰੁਮ ਹੋ ਗਿਆ |
'ਮੈਂ ਲੈ ਡੁੱਬੀ....'
ਦਿੱਲੀ 'ਚ ਸਿਆਸਤ ਦੇ ਮੈਦਾਨ 'ਚ ਰਾਹੁਲ ਗਾਂਧੀ | ਬੰਗਾਲ 'ਚ ਮਮਤਾ ਉਸੇ ਲੀਹ 'ਤੇ ਚਲ ਰਹੀ ਹੈ | ਆਂਧਰਾ 'ਚ ਚੰਦਰ ਬਾਬੂ ਨਾਇਡੂ | ਭੱਠਾ ਬਹਿ ਗਿਆ |
'ਮੈਂ ਮੈਂ' ਮਗਰੋਂ 'ਮਾਂ-ਮਾਂ'
'ਮੈਂ' ਦੀ ਮਾਰ ਕਈਆਂ ਨੂੰ ਪਈ, ਕਿਹਨੂੰ ਸਮਝਾਉਗੇ? ਕਿਹਨੂੰ ਜਗਾਓਗੇ?
'ਮੈਂ' ਦੇ ਨਸ਼ੇ 'ਚ ਡੁੱਬੇ, ਅੱਜ ਤਾੲੀਂ ਕਿਸੇ ਇਕ ਨੂੰ ਵੀ ਸਮਝ ਨਾ ਆਈ

ਲਘੂ ਕਥਾ ਪਿੰਡ ਦੀਆਂ ਗਰਾਂਟਾਂ

ਵਿਆਹ ਦੀ ਪਾਰਟੀ 'ਚ ਹਾਜ਼ਰੀ ਭਰਵੀਂ ਸੀ | ਮੇਜ਼ਾਂ ਦੁਆਲੇ ਕੁਰਸੀਆਂ ਡਾਹੀਆਂ ਹੋਈਆਂ ਸਨ | ਮੇਜ਼ ਵਿਸਕੀ ਦੀਆਂ ਬੋਤਲਾਂ, ਖਾਰਿਆਂ, ਪਾਣੀ ਦੇ ਜੱਗਾਂ, ਸਲਾਦ ਦੀਆਂ ਪਲੇਟਾਂ, ਮੱਛੀ ਦੇ ਪਕੌੜਿਆਂ ਤੇ ਰੋਸਟਡ ਚਿਕਨ ਦੇ ਡੌਾਗਿਆਂ ਨਾਲ ਭਰੇ ਹੋਏ ਸਨ | ਆਪਣੇ-ਆਪਣੇ ਸਾਥੀਆਂ ਨਾਲ ਗਰੁੱਪ ਬਣਾ ਕੇ ਬੈਠੇ ਸੱਜਣ ਪੈੱਗ ਲਾਉਂਦੇ, ਹਾਸਾ-ਠੱਠਾ ਕਰਦੇ ਜਸ਼ਨ ਮਨਾ ਰਹੇ ਸਨ |
ਪਿੰਡ ਦਾ ਸਾਬਕਾ ਸਰਪੰਚ ਮੱਘਰ ਸਿੰਘ ਚਿੱਟੇ ਕੁੜਤੇ ਪਜਾਮੇ, ਪੋਚਵੀਂ ਪੱਗ ਤੇ ਦਾਖੀ ਜੈਕਟ ਪਹਿਨੀ ਪੂਰਾ ਫਬਦਾ ਸੀ, ਉਸ ਦੇ ਗਰੁੱਪ ਵਿੱਚ ਉਸ ਨਾਲ ਪਿੰਡ ਦੇ ਕਈ ਪਤਵੰਤੇ ਵਿਅਕਤੀ ਤੇ ਉਸ ਨਾਲ ਰਹੇ ਦੋ ਪੰਚ ਵੀ ਬੈਠੇ ਸਨ | ਸਰਪੰਚ ਦੀ ਟੌਹਰ ਸਾਰੇ ਇਕੱਠ ਵਿੱਚੋਂ ਵੱਖਰੀ ਸੀ, ਪਿੰਡ ਵਾਸੀ ਉਸ ਕੋਲ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਰਹੇ ਸਨ, ਸਰਪੰਚ ਸਾਹਿਬ ਸਰਪੰਚ ਸਾਹਿਬ ਹੋ ਰਹੀ ਸੀ | ਮੱਘਰ ਸਿੰਘ ਚੌੜਾ ਹੋ ਕੇ ਬੈਠਾ ਕਦੇ ਸਿਰ ਹਿਲਾ ਕੇ ਹਾਜ਼ਰੀ ਕਬੂਲ ਕਰਦਾ ਕਦੇ ਹੱਥ ਹਿਲਾ ਕੇ |
ਖਿੱਲੂ ਬਾਜ਼ੀਗਰ ਨੂੰ ਵੀ ਵਿਆਹ ਵਾਲਿਆਂ ਨੇ ਸੱਦਿਆ ਹੋਇਆ ਸੀ, ਜੋ ਉਹਨਾਂ ਦੇ ਘਰੇਲੂ ਕੰਮਾਂ-ਧੰਦਿਆਂ ਵਿਚ ਹੱਥ ਵਟਾਇਆ ਕਰਦਾ ਸੀ | ਉਹ ਪੰਡਾਲ ਦੇ ਇਕ ਪਾਸੇ ਬੈਠਾ ਪੈੱਗ ਲਾ-ਲਾ ਕੇ ਵਾਹਵਾ ਕਰਾਰਾ ਜਿਹਾ ਹੋ ਗਿਆ ਸੀ | ਹੁਣ ਉਹ ਵੀ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸੀ ਸਮਝ ਰਿਹਾ | ਉਹ ਉੱਠਿਆ ਤੇ ਸਰਪੰਚ ਵਾਲੇ ਗਰੁੱਪ ਵਿੱਚ ਪਈ ਇਕ ਖਾਲੀ ਕੁਰਸੀ 'ਤੇ ਜਾ ਬੈਠਾ |
'ਖਿੱਲੂ! ਅਸੀਂ ਕੋਈ ਰਾਇ ਮਸ਼ਵਰਾ ਕਰ ਰਹੇ ਸੀ, ਜੇ ਤੂੰ ਔਧਰ ਬੈਠ ਜਾਵੇਂ |' ਸਰਪੰਚ ਨੇ ਪਰ੍ਹੇ ਪਈ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ, ਸ਼ਾਇਦ ਉਸ ਨੂੰ ਖਿੱਲੂ ਦਾ ਕੋਲ ਬੈਠਣਾ ਚੰਗਾ ਨਹੀਂ ਸੀ ਲੱਗ ਰਿਹਾ |
'ਮੈਂ ਔਧਰ ਕਿਉਂ ਬੈਠਾਂ! ਮੈਂ ਤੈਥੋਂ ਕੋਈ ਘੱਟ ਆਂ, ਮੈਂ ਵੀ ਸੱਦਿਆ ਵਾ ਆਇਆਂ | ਮੈਂ ਤੇਰੀ ਦਾਰੂ ਨੀ ਪੀਂਦਾ ਇਹ ਵਿਆਹ ਵਾਲਿਆਂ ਦੀ ਐ |'' ਖਿੱਲੂ ਵੀ ਦਲੇਰੀ ਫੜ ਗਿਆ ਸੀ |
'ਮੈਨੂੰ ਵੀ ਪਤੈ ਬਈ ਤੂੰ ਵਿਆਹ ਵਾਲਿਆਂ ਦੀ ਪੀਨੈਂ, ਨਾਲੇ ਮੈਂ ਕਿਹੜਾ ਤੈਨੂੰ ਪਿਆਈ ਹੀ ਜਾਨੈਂ, ਮੈਂ ਤਾਂ ਔਧਰ ਬੈਠਣ ਨੂੰ ਹੀ ਕਿਹੈ |' ਸਰਪੰਚ ਨੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ |
'ਤੂੰ ਦਾਰੂ ਕੀ ਪਿਆਏਾਗਾ! ਜਿਹੜਾ ਪਿੰਡ ਦੀਆਂ ਤਾਂ ਸਰਕਾਰੀ ਗਰਾਂਟਾਂ ਛਕ ਗਿਆ | ਅਸੀਂ ਮਿਹਨਤ ਕਰਨ ਵਾਲੇ ਆਦਮੀ ਆਂ, ਨਾ ਹਰਾਮ ਦਾ ਪੈਸਾ ਖਾਈਏ ਤੇ ਨਾ ਹਰਾਮ ਦੀ ਦਾਰੂ ਪੀਈਏ |' ਖਿੱਲੂ ਨੇ ਸਿਰੇ ਦੀ ਸੁਣਾਉਂਦਿਆਂ ਸਰਪੰਚ ਦੀ ਨੀਵੀਂ ਪੁਆ ਦਿੱਤੀ |
ਸਰਪੰਚ ਉੱਠਿਆ ਤੇ ਘਰ ਨੂੰ ਤੁਰ ਪਿਆ | ਉਸ ਕੋਲ ਖਿੱਲੂ ਬਾਜ਼ੀਗਰ ਦੀ ਗੱਲ ਦਾ ਕੋਈ ਜੁਆਬ ਨਹੀਂ ਸੀ |

-ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾ |
ਮੋਬਾਈਲ : 09888275913.

ਦੋ ਮਿੰਨੀ ਕਹਾਣੀਆਂ

ਉਹ ਫੇਰ ਜਿੱਤ ਗਈ...
ਮੈਂ ਮੋਬਾਈਲ 'ਤੇ ਕਿਸੇ ਵੀ ਭੇਜੀ ਵੀਡੀਓ ਸੁਣਨ ਦੇ ਨਾਲ-ਨਾਲ ਦੇਖ ਰਿਹਾ ਸੀ | ਮੈਨੂੰ ਲੱਗਿਆ ਕਿ ਇਸ ਵਿਚ ਵਧੀਆ ਗੱਲਾਂ ਹਨ, ਖਾਸ ਕਰਕੇ ਔਰਤਾਂ ਲਈ | ਮੈਂ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਰਸੋਈ ਵਿਚ ਕੰਮ ਕਰਦੀ ਮੇਰੀ ਪਤਨੀ ਵੀ ਸੁਣ ਲਵੇ | ਉਸ ਨੂੰ ਵੀ ਅਹਿਸਾਸ ਹੋਵੇ ਕਿ ਲੋਕਾਂ ਦੀਆਂ ਔਰਤਾਂ ਕਿੰਨੀਆਂ ਚੰਗੀਆਂ ਹਨ | ਵੀਡੀਓ ਵਿਚ ਇਕ ਮਰਦ ਦੀ ਆਵਾਜ਼ ਸੀ | ਜਿਹੜਾ ਆਪਣੀ ਪਤਨੀ ਦੇ ਹੱਥ ਦੀ ਬਣੀ ਰੋਟੀ ਦੀ ਤਾਰੀਫ਼ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਵਿਆਹ ਤੋਂ ਬਾਅਦ ਪਹਿਲੀ ਵਾਰ ਰੋਟੀ ਪਕਾਉਣ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਵੀ ਪਹਿਲੀ ਰੋਟੀ ਉਸ ਨੂੰ ਦਿੰਦੀ ਸੀ |
ਮੈਂ ਵੀਡੀਓ ਚਲਾ ਕੇ ਆਪਣੀ ਪਤਨੀ ਦੇ ਹਾਵ-ਭਾਵ ਦੇਖ ਰਿਹਾ ਸੀ, ਕਿਉਂਕਿ ਉਸ ਨੇ ਕਦੇ ਵੀ ਮੈਨੂੰ ਪਹਿਲੀ ਰੋਟੀ ਨਹੀਂ ਸੀ ਦਿੱਤੀ | ਮੈਂ ਚਾਹੁੰਦਾ ਸੀ ਕਿ ਉਸ ਨੂੰ ਅਹਿਸਾਸ ਹੋਵੇ ਕਿ ਫ਼ਰਜ਼ ਨਿਭਾਉਣ ਵਿਚ ਉਹ ਦੁਨੀਆ ਤੋਂ ਪਿੱਛੇ ਹੈ | ਔਖੀਆਂ ਗੱਲਾਂ ਦੀ ਸੌਖੀ ਜਿਹੀ ਦਲੀਲ ਦੇ ਕੇ ਵੀ ਉਹ ਮੇਰੇ ਤੋਂ ਹਮੇਸ਼ਾ ਹੀ ਜਿੱਤ ਜਾਂਦੀ ਸੀ ਪਰ ਅੱਜ ਨਹੀਂ ਜਿੱਤ ਸਕੇਗੀ | ਮੈਂ ਅੰਦਰੋ-ਅੰਦਰੀ ਬੜਾ ਖੁਸ਼ ਹੋ ਰਿਹਾ ਸੀ | ਉਸ ਦੀ ਹਾਰ ਅਤੇ ਆਪਣੀ ਪਹਿਲੀ ਜਿੱਤ ਦੇਖਣ ਲਈ |
ਉਹ ਵੀ ਬੜੇ ਧਿਆਨ ਨਾਲ ਸੁਣ ਰਹੀ ਸੀ | ਅਖੀਰ ਉਸ ਦੇ ਮੱਥੇ 'ਤੇ ਤਿਉੜੀ ਉੱਭਰੀ, ਸਹਿਜੇ ਹੀ ਉਸ ਦੇ ਮੰੂਹੋਂ ਨਿਕਲਿਆ, 'ਏਸ ਭਾਈ ਨੇ ਆਪਣੇ ਮਾਂ-ਪਿਓ ਬਾਰੇ ਕੁਝ ਦੱਸਿਆ ਈ ਨੀਂ |' ਨਾਲ ਹੀ ਬੇਟੇ ਨੂੰ 'ਵਾਜ਼ ਮਾਰੀ, 'ਬੇਟੇ ਪਹਿਲਾਂ ਬਾਪੂ ਜੀ ਨੂੰ ਰੋਟੀ ਦੇ ਕੇ ਆਓ |'
ਮੈਂ ਜਿਵੇਂ ਇਕਦਮ ਜਾਗ ਗਿਆ | ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ | ਪਹਿਲਾਂ ਬੇਬੇ ਤੇ ਬਾਪੂ ਜੀ ਨੂੰ ਫਿਰ ਮੈਨੂੰ ਤੇ ਬੱਚਿਆਂ ਨੂੰ | ਮੇਰੀ ਪਤਨੀ ਨੂੰ ਹੋਰ ਕੁਝ ਕਹਿਣ ਦੀ ਜ਼ਰੂਰਤ ਹੀ ਨਾ ਪਈ | ਅੱਜ ਉਹ ਬਿਨਾਂ ਬਹਿਸ ਕੀਤਿਆਂ ਹੀ ਜਿੱਤ ਗਈ |

-ਅੰਮਿ੍ਤ ਕੌਰ
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ |
shergillamritkaur080@gmail.com

ਮੁਕਾਬਲਾ
ਉਹ ਇਕ ਵੱਡਾ ਵਿਗਿਆਨੀ ਸੀ | ਕਈ ਸਾਲਾਂ ਤੋਂ ਬਲੱਡ ਕੈਂਸਰ ਸਬੰਧੀ ਆਧੁਨਿਕ ਖੋਜ 'ਚ ਜੁਟਿਆ ਹੋਇਆ ਸੀ | ਖੋਜ ਦੇ ਨੇੜੇ ਅੱਪੜਦਾ-ਅੱਪੜਦਾ ਕਈ ਵਾਰ ਡਿੱਗ ਪੈਂਦਾ, ਅਸਫ਼ਲ ਹੋ ਜਾਂਦਾ | ਉਸ ਦਾ ਇਕ ਖਾਸ ਮਿੱਤਰ ਉਸ ਨੂੰ ਕਹਿੰਦਾ ਰਹਿੰਦਾ, 'ਯਾਰ! ਕਦੀ ਧਰਮ-ਕਰਮ ਦੀ ਗੱਲ ਵੀ ਕਰ ਲਿਆ ਕਰ | ਕੀ ਐਵੇਂ ਸ਼ੁਦਾਈਆਂ ਵਾਂਗ ਸਾਰਾ-ਸਾਰਾ ਦਿਨ ਗੰਦੀਆਂ ਜਿਹੀਆਂ ਬੋਆਂ ਲੈਬਾਰਟਰੀ 'ਚ ਬੈਠਾ ਸੰੁਘਦਾ ਰਹਿੰਦਾ ਹੈਾ?'
'ਮੇਰਾ ਧਰਮ ਵੀ ਇਹੀ ਹੈ ਤੇ ਕਰਮ ਵੀ | ਮੈਂ ਕਿਸੇ ਰੱਬ-ਰੁੱਬ ਨੂੰ ਨਹੀਂ ਮੰਨਦਾ | ਆਦਮੀ ਦੀ ਸੇਵਾ ਹੀ ਮਹਾਨ ਹੈ | ਨਾਲੇ ਜਿਸ ਕੋਲ ਪੈਸਾ ਐ, ਦੌਲਤ ਐ, ਭਗਵਾਨ ਵੀ ਉਸੇ ਦਾ ਐ ਪਿਆਰੇ |'
ਉਹ ਰਾਤ-ਦਿਨ ਇਕ ਕਰਕੇ ਖੋਜ ਕਰਦਾ ਰਹਿੰਦਾ | ਇਕ ਦਿਨ ਮਿਸ਼ਨ ਬਣਾ ਕੇ ਉਹ ਮੰਜ਼ਿਲ ਵੱਲ ਸਾਬਤ-ਕਦਮੀਂ ਤੁਰਦਾ ਰਿਹਾ | ਹੁਣ ਉਹ ਬੜਾ ਖੁਸ਼ ਨਜ਼ਰੀਂ ਆਉਣ ਲੱਗ ਪਿਆ ਸੀ | ਪਰ ਉਸ ਦਾ ਸਰੀਰ ਪਹਿਲਾਂ ਨਾਲੋਂ ਸਿਥਲ ਪੈ ਰਿਹਾ ਸੀ | ਉਹ ਨਿੱਤ ਕਮਜ਼ੋਰ ਹੋਈ ਜਾ ਰਿਹਾ ਸੀ ਤੇ ਇਕ ਦਿਨ ਉਸ ਦੇ ਦੋਸਤ ਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ | ਮੁੱਕਿਆ ਵੀ ਉਹ ਬਲੱਡ ਕੈਂਸਰ ਨਾਲ, ਜਿਸ ਬਾਰੇ ਉਸ ਨੇ ਅੱਜ ਤਾੲੀਂ ਕਿਸੇ ਨੂੰ ਨਹੀਂ ਸੀ ਦੱਸਿਆ | ਉਸ ਦੀ ਦਿਲੀ ਤਮੰਨਾ ਸੀ ਕਿ ਖੋਜ ਦਾ ਪਹਿਲਾ ਤਜਰਬਾ ਉਹ ਆਪਣੇ 'ਤੇ ਹੀ ਕਰੇਗਾ, ਪੰ੍ਰਤੂ ਉਹ ਆਖਰੀ ਸਟੇਜ 'ਤੇ ਪਹੁੰਚ ਚੁੱਕਿਆ ਸੀ |
ਉਸ ਦੇ ਮਰਨ ਤੋਂ ਅਗਲੇ ਮਹੀਨੇ ਦੇਸ਼ ਦੇ ਸਭ ਤੋਂ ਵੱਡੇ ਰਸਾਲੇ 'ਚ ਬਲੱਡ ਕੈਂਸਰ ਦੀ ਨਵੀਂ ਖੋਜ ਬਾਰੇ ਉਸ ਦਾ ਲੇਖ ਛਪਿਆ, ਜੋ ਉਸ ਨੇ ਮਰਨ ਤੋਂ ਪਹਿਲਾਂ ਭੇਜਿਆ ਹੋਇਆ ਸੀ | ਲੇਖ ਛਪਣ ਤੋਂ ਬਾਅਦ ਉਸ ਦੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸੰਸਾ ਹੋ ਰਹੀ ਸੀ ਪਰ ਉਹ ਇਹ ਸਭ ਕੁਝ ਨਾ ਮਾਣ ਸਕਿਆ |

-ਕਰਮਵੀਰ ਸਿੰਘ ਸੂਰੀ
ਮੋਬਾਈਲ : 98558-00103.

ਸੁਪਨਿਆਂ ਦੀ ਪਰੀ

ਛੋਟੇ ਜਿਹੇ ਸ਼ਹਿਰ ਵਿਚ ਰਹਿੰਦੇ ਗੁਰਦੇਵ ਸਿੰਘ ਦੇ ਘਰ ਦੂਜੀ ਬੇਟੀ ਨੇ ਜਨਮ ਲਿਆ, ਘਰ ਵਿਚ ਸੰਨਾਟਾ ਜਿਹਾ ਛਾ ਗਿਆ | ਸਾਰੇ ਮੁੰਡੇ ਦੀ ਉਮੀਦ ਕਰ ਰਹੇ ਸੀ ਕਿਉਂਕਿ ਇਸ ਵਾਰ ਉਨ੍ਹਾਂ ਨੇ ਕਿਸੇ ਸੰਤ-ਮਹਾਤਮਾ ਕੋਲੋਂ ਦਵਾਈ ਲੈ ਕੇ ਖਾਧੀ ਸੀ ਜਿਸ ਨਾਲ ਕਹਿੰਦੇ ਸ਼ਰਤੀਆ ਮੰਡਾ ਹੀ ਪੈਦਾ ਹੁੰਦਾ ਹੈ | ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਇਸ ਪਰਿਵਾਰ ਨੇ ਗ਼ਲਤ ਧਾਰਨਾ ਰੱਖ ਕੇ ਘਰ ਦਾ ਮਾਹੌਲ ਖਰਾਬ ਕਰ ਦਿੱਤਾ | ਘਰ ਵਿਚ ਕਈ ਦਿਨ ਕੋਈ ਇਕ-ਦੂਜੇ ਨਾਲ ਹੱਸ ਕੇ ਨਹੀਂ ਬੋਲਿਆ | ਗੁਰਦੇਵ ਸਿੰਘ ਦੀ ਪਤਨੀ ਮਨਜੀਤ ਨੇ ਇਕੱਲੀ ਨੇ ਹੌਸਲਾ ਕਰ ਕੇ ਆਪਣੀਆਂ ਬੇਟੀਆਂ ਦਾ ਪਾਲਣ-ਪੋਸ਼ਣ ਕੀਤਾ | ਛੋਟੀ ਬੇਟੀ ਦਾ ਨਾਂ ਅਮਨਦੀਪ ਤੇ ਵੱਡੀ ਦਾ ਨਾਂ ਗੁਰਵਿੰਦਰ ਸੀ | ਅਮਨਦੀਪ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ, ਜਿਸ ਕਾਰਨ ਉਸ ਦੀ ਕਦਰ ਹੋਣ ਲੱਗੀ ਕਿ ਇਸ ਨੇ ਆਪਣੇ ਭਰਾ ਨੂੰ ਲਿਆਂਦਾ ਹੈ ਇਸ ਦੁਨੀਆ ਵਿਚ ਪਹਿਲਾਂ ਕੋਈ ਉਸ ਨੂੰ ਬਹੁਤਾ ਪਿਆਰ ਨਹੀਂ ਸੀ ਕਰਦਾ |
ਅਮਨਦੀਪ ਬਹੁਤ ਹੀ ਸਿਆਣੀ ਤੇ ਸਮਝਦਾਰ ਲੜਕੀ ਸੀ, ਉਹ ਪੜ੍ਹਨ ਵਿਚ ਵੀ ਬਹੁਤ ਹੁਸ਼ਿਆਰ ਸੀ | ਆਪਣੇ ਮਾਂ-ਪਿਓ ਦਾ ਕਹਿਣਾ ਮੰਨਣ ਵਾਲੀ ਤੇ ਆਗਿਆਕਾਰ ਸੀ ਅਮਨਦੀਪ | ਉਹ ਹਰ ਕਲਾਸ ਵਿਚੋਂ ਪਹਿਲੇ ਨੰਬਰ 'ਤੇ ਆਉਂਦੀ ਸੀ | ਦਸਵੀ ਾਵਿਚੋਂ ਉਸ ਦੇ ਚੰਗੇ ਨੰਬਰ ਆਏ ਤੇ ਉਸ ਤੋਂ ਬਾਅਦ ਉਸ ਨੇ ਮੈਡੀਕਲ ਦੀ ਪੜ੍ਹਾਈ ਕੀਤੀ | ਉਸਨੂੰ ਡਾਕਟਰ ਬਣਨ ਦਾ ਬਹੁਤ ਸ਼ੋਕ ਸੀ, ਪ੍ਰੰਤੂ ਕੁਝ ਕਾਰਨਾਂ ਕਰਕੇ ਜਾਂ ਇਹ ਸਮਝ ਲਓ ਕਿ ਉਸ ਦੀ ਕਿਸਮਤ ਵਿਚ ਨਹੀਂ ਸੀ | ਉਸ ਨੂੰ ਡਾਕਟਰੀ ਦੇ ਕੋਰਸ ਵਿਚ ਦਾਖ਼ਲਾ ਨਹੀਂ ਮਿਲਿਆ | ਅਮਨਦੀਪ ਦਾ ਦਿਲ ਟੁੱਟ ਗਿਆ | ਕਾਲਜ ਵਿਚ ਦਾਖ਼ਲਾ ਲੈ ਕੇ ਉਸ ਨੇ ਅੱਗੇ ਪੜ੍ਹਨਾ ਸ਼ੁਰੂ ਕਰ ਦਿੱਤਾ | ਉਥੇ ਵੀ ਉਸ 'ਤੇ ਕਾਲਜ ਦੀ ਰੰਗਤ ਨਹੀਂ ਚੜ੍ਹੀ, ਉਸ ਦਾ ਧਿਆਨ ਸ਼ਿਰਫ ਆਪਣੀ ਪੜ੍ਹਾਈ ਵੱਲ ਹੀ ਸੀ | ਉਸ ਦੀ ਕਲਾਸ ਵਿਚ ਇਕ ਲੜਕਾ ਸੀ ਜੋ ਉਸ ਨੂੰ ਬਹੁਤ ਪਸੰਦ ਕਰਦਾ ਸੀ | ਉਸ ਦਾ ਨਾਂ ਗੁਰਮੀਤ ਸੀ ਪੜ੍ਹਨ ਵਿਚ ਉਹ ਵੀ ਬਹੁਤ ਵਧੀਆ ਸੀ | ਕਦੇ-ਕਦੇ ਕਾਪੀ-ਕਿਤਾਬ ਦੇ ਬਹਾਨੇ ਗੁਰਮੀਤ ਅਮਨ ਨੂੰ ਬੁਲਾਉਣ ਦੀ ਵੀ ਕੋਸ਼ਿਸ ਕਰਦਾ ਸੀ, ਪਰ ਅਮਨ ਦਾ ਧਿਆਨ ਘੱਟ ਹੀ ਸੀ ਇਨ੍ਹਾਂ ਗੱਲਾਂ ਵੱਲ | ਉਹ ਉਸ ਨਾਲ ਓਨੀ ਗੱਲ ਹੀ ਕਰਦੀ ਜਿੰਨੀ ਪੜਾ੍ਹਈ ਨਾਲ ਸਬੰਧਤ ਹੁੰਦੀ | ਕਈ ਵਾਰ ਕੁੜੀਆ ਅਮਨ ਨੂੰ ਗੁਰਮੀਤ ਬਾਰੇ ਗੱਲ ਕਰ ਕੇ ਛੇੜਦੀਆਂ, ਪਰ ਅਮਨ ਥੋੜਾ ਜਿਹਾ ਮੁਸਕਰਾ ਕੇ ਚੁੱਪ ਕਰ ਜਾਂਦੀ | | ਸ਼ਾਇਦ ਉਸ ਦੇ ਮਨ ਵਿਚ ਕੁਝ ਹੋਵੇ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ | ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਰੇ ਅਲੱਗ ਹੋ ਗਏ ਤੇ ਗੁਰਮੀਤ ਲਈ ਅਮਨ ਸੁਪਨਿਆਂ ਦੀ ਪਰੀ ਬਣ ਕੇ ਰਹਿ ਗਈ |
ਸਮਾਂ ਬੀਤਦਾ ਗਿਆ | ਅਮਨ ਨੂੰ ਡਾਕਖਾਨੇ ਵਿਚ ਨੌਕਰੀ ਮਿਲ ਗਈ | ਕੁਝ ਮਹੀਨਿਆਂ ਬਾਅਦ ਉਸਦਾ ਵਿਆਹ ਦਵਿੰਦਰ ਨਾਂ ਦੇ ਲੜਕੇ ਨਾਲ ਹੋ ਗਿਆ, ਜੋ ਸਰਕਾਰੀ ਮਾਸਟਰ ਲੱਗਾ ਹੋਇਆ ਸੀ | ਅਮਨ ਖੁਸ਼ ਸੀ, ਕਿਉਂਕਿ ਦਵਿੰਦਰ ਸੋਹਣਾ-ਸੁਨੱਖਾ, ਉੱਚਾ-ਲੰਬਾ ਗੱਭਰੂ ਜਵਾਨ ਸੀ | ਸਾਲ ਬਾਅਦ ਉਸ ਦੇ ਘਰ ਬੇਟੀ ਨੇ ਜਨਮ ਲਿਆ | ਉਹ ਵੀ ਆਪਣੇ ਪਾਪਾ ਵਾਂਗ ਬਹੁਤ ਹੀ ਸੁੰਦਰ ਸੀ | ਸਾਰੇ ਬਹੁਤ ਖੁਸ਼ ਸਨ | ਅਮਨ ਨੂੰ ਵਿਆਹ ਤੋਂ ਕੁਝ ਕੁ ਦਿਨਾਂ ਬਾਅਦ ਹੀ ਪਤਾ ਲਗ ਗਿਆ ਸੀ ਕਿ ਦਵਿੰਦਰ ਸ਼ਰਾਬ ਦਾ ਸ਼ੋਕੀਨ ਹੈ, ਪ੍ਰੰਤੂ ਉਸ ਨੇ ਆਪਣੇ ਘਰਦਿਆਂ ਕੋਲ ਕੋਈ ਗੱਲ ਨਾ ਕੀਤੀ ਤਾਂ ਕਿ ਉਨ੍ਹਾਂ ਦਾ ਮਨ ਖਰਾਬ ਨਾ ਹੋ ਜਾਵੇ | ਬੇਟੀ ਦੇ ਜਨਮ ਵਾਲੇ ਦਿਨ ਉਸ ਨੇ ਬਹੁਤ ਸ਼ਰਾਬ ਪੀਤੀ ਤੇ ਅਮਨ ਦੇ ਘਰਦਿਆਂ ਨੇ ਵੇਖਿਆ ਤੇ ਉਨ੍ਹਾਂ ਨੇ ਅਮਨ ਨਾਲ ਗੱਲ ਕੀਤੀ | ਪਤਾ ਲੱਗਾ ਕਿ ਉਹ ਹਰ-ਰੋਜ਼ ਹੀ ਪੀਂਦਾ ਹੈ |
ਦੋ ਸਾਲਾਂ ਬਾਅਦ ਅਮਨ ਦੇ ਘਰ ਬੇਟੇ ਨੇ ਜਨਮ ਲਿਆ | ਸਾਰੇ ਬਹੁਤ ਖੁਸ਼ ਸਨ | ਅਮਨ ਆਪਣੇ ਘਰ ਠੀਕ ਸੀ, ਦਵਿੰਦਰ ਦੇ ਸ਼ਰਾਬ ਪੀਣ ਦਾ ਵੀ ਉਸ ਨੇ ਕਦੀ ਬਹੁਤਾ ਵਿਰੋਧ ਨਹੀਂ ਸੀ ਕੀਤਾ ਕਿਉਂਕਿ ਉਹ ਮੰਨਣ ਵਾਲਾ ਨਹੀਂ ਸੀ | ਉਸਦਾ ਸੁਭਾਅ ਵੀ ਬਹੁਤਾ ਵਧੀਆ ਨਹੀਂ ਸੀ | ਇਕ ਦਿਨ ਦਵਿੰਦਰ ਦਾ ਛੋਟਾ ਭਰਾ ਉਨਾਂ ਕੋਲ ਆਇਆ ਤੇ ਉਹ ਦਵਿੰਦਰ ਨੂੰ ਨਾਲ ਲੈ ਕੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਗਏ, ਥੋੜੀ ਦੇਰ ਬਾਅਦ ਫੋਨ ਦੀ ਘੰਟੀ ਵੱਜੀ ਤਾਂ ਸੁਨੇਹਾ ਮਿਲਿਆ ਕਿ ਦੋਵਾਂ ਦਾ ਐਕਸੀਡੈਂਟ ਹੋ ਗਿਆ ਹੈ | ਅਮਨ ਦਫ਼ਤਰ ਤੋਂ ਸਿੱਧੀ ਹਸਪਤਾਲ ਪਹੁੰਚੀ | ਕਈ ਦਿਨ ਤੱਕ ਇਹ ਹੀ ਨਹੀਂ ਪਤਾ ਲੱਗਾ ਕਿ, ਕੀ ਸਮੱਸਿਆ ਹੈ ? ਵੱਡੇ-ਵੱਡੇ ਹਸਪਤਾਲਾਂ ਵਿਚ ਵਿਖਾਇਆ, ਆਖਿਰ ਉਸ ਦਾ ਆਪਰੇਸ਼ਨ ਹੋ ਗਿਆ, ਕਈ ਮਹੀਨੇ ਉਸ ਨੂੰ ਬਿਸਤਰ 'ਤੇ ਪੈਣਾ ਪਿਆ | ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਅਸਰ ਪਿਆ ਇਸ ਘਟਨਾ ਦਾ | ਬੇਟਾ ਰਵੀ 13 ਕੁ ਸਾਲ ਦਾ ਸੀ ਸਾਰੀ ਜ਼ਿੰਮੇਵਾਰੀ ਉਸ 'ਤੇ ਪੈ ਗਈ | ਘਰ ਦੇ ਕੰਮਾਂ ਵਿਚ ਬੇਟੀ ਰੁੱਝ ਗਈ ਤੇ ਬਾਹਰ ਦੇ ਸਾਰੇ ਕੰਮ ਬੇਟੇ ਨੂੰ ਕਰਨੇ ਪੈਂਦੇ ਸਨ | ਬੇਟੀ ਸ਼ੀਤਲ ਬਹੁਤ ਹੀ ਸਿਆਣੀ ਸੀ ਆਪਣੀ ਮੰਮੀ ਵਾਂਗ ਸਾਰਾ ਕੰਮ ਕਰ ਕੇ ਵੀ ਉਹ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਸੀ | ਹਮੇਸ਼ਾ ਜਮਾਤ ਵਿਚੋਂ ਫਸਟ ਆਉਂਦੀ ਸੀ | ਬੀ.ਏ., ਬੀ.ਐੱਡ. ਕਰਨ ਤੋਂ ਬਾਅਦ ਉਸ ਨੂੰ ਸਰਕਾਰੀ ਅਧਿਆਪਿਕਾ ਦੀ ਨੌਕਰੀ ਮਿਲ ਗਈ | ਚੰਗਾ ਰਿਸ਼ਤਾ ਮਿਲ ਗਿਆ ਤੇ ਪਿਓ ਦੇ ਬੈਠਿਆ- ਬੈਠਿਆ ਉਸ ਦਾ ਵਿਆਹ ਵੀ ਕਰ ਦਿੱਤਾ ਗਿਆ | ਪ੍ਰੰਤੂ ਇਧਰ ਬੇਟਾ ਬੁਰੀ ਸੰਗਤ ਵਿਚ ਪੈ ਗਿਆ ਤੇ ਉਹ ਨਸ਼ੇ ਕਰਨ ਲੱਗ ਗਿਆ | ਹਰ ਰੋਜ਼ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਤੇ ਉਹ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਸੀ | ਸਾਰਾ ਦਿਨ ਅਵਾਰਾ-ਗ਼ਰਦੀ ਕਰਦਾ-ਫਿਰਦਾ ਰਹਿੰਦਾ ਸੀ | ਅਮਨ ਇਸ ਗੱਲ ਤੋਂ ਬਹੁਤ ਦੁਖੀ ਸੀ | ਉਹ ਸਾਰਾ ਦਿਨ ਰਵੀ ਨੂੰ ਸਮਝਾਉਂਦੀ ਰਹਿੰਦੀ ਸੀ ਪਰ ਉਸ 'ਤੇ ਕੋਈ ਅਸਰ ਨਹੀਂ ਸੀ | ਇਕ ਦਿਨ ਦਵਿੰਦਰ ਦੀ ਤਬੀਅਤ ਬਹੁਤ ਵਿਗੜ ਗਈ, ਉਸ ਨੂੰ ਹਸਪਤਾਲ ਲੈ ਗਏ | ਉਥੇ ਕਈ ਦਿਨ ਰੱਖਣ ਤੋਂ ਬਾਅਦ ਉਸ ਦੀ ਮੌਤ ਹੋ ਗਈ | ਅਮਨ 'ਤੇ ਦੁੱਖਾਂ ਦਾ ਪਹਾੜ ਢਿੱਗ ਗਿਆ | ਇਧਰੋਂ ਰਵੀ ਦੀ ਨਸ਼ੇ ਦੀ ਆਦਤ ਦਿਨੋਂ-ਦਿਨ ਵਧ ਰਹੀ ਸੀ | ਜਦ ਉਸ ਨੂੰ ਪੈਸੇ ਨਾ ਮਿਲਦੇ ਤਾਂ ਉਹ ਚੋਰੀ ਵੀ ਕਰ ਲੈਂਦਾ ਸੀ | ਕਈ ਵਾਰ ਬਾਹਰ ਲੜਾਈ-ਝਗੜੇ ਕਰ ਕੇ ਉਹ ਠਾਣੇ ਵੀ ਜਾ ਚੁੱਕਾ ਸੀ | ਅਮਨ ਅੰਦਰ ਹੀ ਅੰਦਰ ਘੁਟ-ਘੁਟ ਕੇ ਰਹਿਣ ਲੱਗ ਪਈ | ਇਕ ਦਿਨ ਅਮਨ ਨੂੰ ਡਿਊਟੀ 'ਤੇ ਬੈਠਿਆਂ ਫੋਨ ਆਇਆ ਕਿ ਉਸ ਦਾ ਬੇਟਾ ਠਾਣੇ ਬੈਠਾ ਹੈ ਉਹ ਚੋਰੀ ਕਰਦਿਆਂ ਫੜਿਆ ਗਿਆ ਹੈ | ਅਮਨ ਆਪਣੇ ਦਫਤਰ ਵਿਚੋਂ ਕਿਸੇ ਸਹਿਯੋਗੀ ਨੂੰ ਨਾਲ ਲੈ ਕੇ ਠਾਣੇ ਗਈ | ਜਿਸ ਦਿਨ ਦੀ ਉਸ ਨੇ ਕਲਪਨਾ ਵੀ ਨਹੀਂ ਸੀ ਕੀਤੀ, ਉਹ ਦਿਨ ਵੀ ਉਸ ਨੂੰ ਉਸ ਦੇ ਬੇਟੇ ਨੇ ਅੱਜ ਦਿਖਾ ਦਿੱਤਾ | ਉਸ ਨੂੰ ਠਾਣੇ ਅੰਦਰ ਵੜਦਿਆਂ ਬਹੁਤ ਹੀ ਸ਼ਰਮ ਆਈ | ਅੰਦਰ ਜਾ ਕੇ ਬੈਠੇ, ਥੋੜੀ ਦੇਰ ਬਾਅਦ ਅਫਸਰ ਆਪਣੀ ਸੀਟ 'ਤੇ ਆਇਆ ਤਾਂ ਉਹ ਅਮਨ ਨੂੰ ਵੇਖ ਕੇ ਇਕ-ਦਮ ਚੌਾਕ ਗਿਆ ਤੇ ਹੈਰਾਨ ਹੋ ਕੇ ਬੋਲਿਆ, 'ਅਮਨ ਤੁਸੀਂ ਇਥੇ ਕਿਵੇਂ?' ਅਮਨ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ | ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਬੋਲੇ? ਉਸ ਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੋਣ ਹੈ ਤੇ ਉਸ ਨੂੰ ਕਿਵੇਂ ਜਾਣਦਾ ਹੈ? ਅਫਸਰ ਇਕ ਵਾਰ ਫਿਰ ਬੋਲਿਆ | ਇਸ ਵਾਰ ਉਸ ਦੀ ਆਵਾਜ਼ ਕੁਝ ਭਿੱਜੀ ਹੋਈ ਸੀ, ਹਾਂਜੀ ਅਮਨ ਤੁਹਾਨੂੰ ਕੋਈ ਕੰਮ ਸੀ?... ਦੱਸੋ ਕੀ ਕੰਮ ਹੈ? ਅਮਨ ਕੁਝ ਯਾਦ ਕਰਨ ਲੱਗੀ, ਉਸ ਨੇ ਦਿਮਾਗ 'ਤੇ ਜ਼ੋਰ ਦਿੱਤਾ ਤੇ ਸ਼ਰਮ ਨਾਲ ਸਿਰ ਝੁਕਾ ਕੇ ਬੋਲੀ, 'ਤਕਦੀਰ ਨੇ ਲਿਆਂਦਾ ਹੈ ਮੈਨੂੰ ਇਥੇ, ਨਹੁੰ-ਮਾਸ ਦਾ ਰਿਸ਼ਤਾ ਹੈ, ਛੱਡ ਵੀ ਨ੍ਹੀ ਸਕਦੀ...ਤੁਹਾਡੀ ਕੈਦ 'ਚ ਮੇਰਾ ਬੇਟਾ...ਅਮਨ ਦੀ ਇਕ ਦਮ ਚੀਕ ਨਿਕਲ ਗਈ ਤੇ ਉਹ ਕੁਝ ਹੋਰ ਬੋਲ ਹੀ ਨਾ ਸਕੀ ਤੇ ਲਗਾਤਾਰ ਰੋਂਦੀ ਰਹੀ | ' ਨਾਲ ਗਏ ਸਹਿਯੋਗੀ ਨੇ ਕੁਝ ਕੁ ਗੱਲਾਂ ਅਮਨ ਬਾਰੇ ਦੱਸੀਆਂ ਤਾਂ ਗੁਰਮੀਤ ਨੂੰ ਪਤਾ ਲੱਗਿਆ ਕਿ ਅਮਨ ਦੀ ਜ਼ਿੰਦਗੀ 'ਚ ਕੁਝ ਠੀਕ ਨਹੀਂ ਹੋਇਆ | ਉਸ ਮਹਿਸੂਸ ਕੀਤਾ ਕਿ ਕਿੰਨੇ ਦੁੱਖਾਂ ਵਿਚੋਂ ਲੰਘ ਰਹੀ ਹੈ ਉਹ ਪਰ ਗੁਰਮੀਤ ਅਮਨ ਨੂੰ ਕੁਝ ਬੋਲ ਕੇ ਨਾ ਕਹਿ ਸਕਿਆ ਤੇ ਅਮਨ ਦੇ ਬੇਟੇ ਨੂੰ ਬੁਲਾ ਕੇ ਸਮਝਾਉਣ ਲੱਗਾ | ਅਮਨ ਨੇ ਆਪਣੇ-ਆਪ ਨੂੰ ਸੰਭਾਲਦਿਆਂ ਗਰੁਮੀਤ ਦਾ ਧੰਨਵਾਦ ਕਰ ਕੇ ਉਸ ਨਾਲ ਗੱਲਾਂ ਕਰਨ ਲੱਗੀ ਨੇ ਪਰਿਵਾਰ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਨੇ ਤਾਂ ਵਿਆਹ ਹੀ ਨ੍ਹੀ ਕਰਵਾਇਆ | ਅਮਨ ਦੇ ਮੂੰਹ ਵਿਚੋਂ ਨਿਕਲ ਗਿਆ ਕਿ ਇਹ ਕੰਮ ਵਧੀਆ ਕੀਤਾ ਤੁਸੀਂ ਵਿਆਹ ਨ੍ਹੀ ਕਰਵਾਇਆ... ਬਹੁਤ ਹੀ ਵਧੀਆ ਕੀਤਾ |'
ਗੁਰਮੀਤ ਨੇ ਅਮਨ ਦੀ ਗੱਲ ਸੁਣ ਕੇ ਲੰਮਾ ਹਉਕਾ ਲਿਆ ਤੇ ਸੋਚਣ ਲੱਗਾ ਕਿ ਸੁਪਨਿਆਂ 'ਚ ਪਰੀ ਵਰਗੀ ਦਿਸਦੀ ਸੀ ਅਮਨ... ਮੈਨੂੰ ਕੀ ਪਤਾ ਕਿ ਉਸ ਪਰੀ ਦਾ ਇਹ ਰੂਪ ਵੀ ਮੈਨੂੰ ਇਸੇ ਜਨਮ ਵਿਚ ਹੀ ਵੇਖਣ ਲਈ ਮਿਲੇਗਾ, ਜੋ ਜ਼ਿੰਦਗੀ ਬਾਕੀ ਰਹਿ ਗਈ, ਉਹ ਉਸ ਤੋਂ ਵੀ ਭੈੜੀ ਲੰਘੇਗੀ... ਜੋ ਇਸ ਦੀ ਯਾਦ ਵਿਚ ਪਹਿਲਾਂ ਲੰਘਾ ਚੁੱਕਾ ਹਾਂ |

-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ, ਪਟਿਆਲਾ |

ਕਹਾਣੀ ਬੇ-ਸ਼ਰਮੀ ਜ਼ਿੰਦਾਬਾਦ

ਮਹਾਨਗਰ ਦੇ ਅਮੀਰ ਇਲਾਕੇ ਦੇ ਕੈਲਾਸ਼ ਇਨਕਲੇਵ ਕਾਲੋਨੀ ਦਾ ਇਹ ਪਾਰਕ, ਹੈ ਤਾਂ ਮਿਊਾਸੀਪਲ ਪਾਰਕ ਹੀ ਪਰ ਬਹੁਤ ਹੀ ਸੰੁਦਰ ਹੈ | ਕੁਝ ਗਿਣੇ-ਚੁਣੇ ਅਮੀਰ ਬੰਦਿਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਇਹਨੂੰ ਖੂਬਸੂਰਤ ਬਣਾਇਆ ਹੋਇਐ, ਕੁਝ ਵਾਧੂ ਮਾਲੀ ਰੱਖੇ ਹੋਏ ਨੇ | ਹੈ ਤਾਂ ਪਬਲਿਕ ਪਾਰਕ ਹੀ ਪਰ ਅਸਲ 'ਚ ਹੋਰ ਪਾਰਕਾਂ ਦੇ ਮੁਕਾਬਲੇ ਘੱਟ ਜਾਂ ਇਹ ਕਹਿ ਲਓ ਗਿਣੇ-ਚੁਣੇ ਬੰਦੇ, ਤਕਰੀਬਨ ਸਭ ਦੇ ਦਿਮਾਗ ਹੀ ਸੱਤਵੇਂ ਅਸਮਾਨ 'ਤੇ ਨੇ, ਇਸ ਪਾਰਕ 'ਚ ਸੈਰ ਕਰਨ ਆਉਂਦੇ ਹਨ |
ਅੱਜ ਸਵੇਰੇ ਸੈਰ ਕਰਨ ਪਹੁੰਚੀ ਮਸਖਰਿਆਂ ਦੀ ਤਿੱਕੜੀ 'ਚੋਂ ਇਕ ਮਨੀਸ਼ ਢੀਂਗਰਾ ਤਾੜੀ ਮਾਰ ਕੇ ਦੋਵਾਂ ਦੋਸਤਾਂ ਨੂੰ ਦੂਰੋਂ ਕਾਰ 'ਚੋਂ ਨਿਕਲਦਾ ਕਹਿੰਦਾ, 'ਲੈ ਬਈ ਕੱਲ੍ਹ ਤਾੜੀ ਮਾਰਨ ਵਾਲਾ ਸਤਿਆਨੰਦ ਚਤੁਰਵੇਦੀ ਫਸ ਗਿਆ, ਘੇਰ ਲਿਆ ਮਧੂ ਮੱਖੀਆਂ ਨੇ |' 'ਓਏ, ਆਹੋ | ਮੈਂ ਵੀ ਵੇਖਿਆ ਸੀ ਉਹਨੂੰ ਉਲਝਦਿਆਂ ਸ਼ਹਿਦ ਦੀਆਂ ਮੱਖੀਆਂ ਨਾਲ, ਬਈ ਮੱਖੀਆਂ ਨੂੰ ਨਾਮ ਜਪਣ ਵਾਲਾ ਖੂਨ ਪਸੰਦ ਆ ਗਿਆ', ਦੂਜੇ ਸਤੀਸ਼ ਭੱਲਾ ਨੇ ਖਿਸਿਆਨੀ ਹਾਸੀ ਹੱਸਦਿਆਂ ਕਿਹਾ ਤੇ ਉਹਨੂੰ ਕੱਟਦਿਆਂ ਤੀਜਾ ਪਵਨ ਸਿੰਗਲਾ ਬੋਲਿਆ, 'ਯਾਰ ਸਭ ਬਕਵਾਸ ਹੈ, ਐਵੇਂ ਸਹੁਰੀ ਦਾ ਡਰਾਮਾ ਕਰਦੈ, ਨਾਮ ਜਪਣ ਦਾ, ਨਾਲੇ ਸਾਰਿਆਂ ਨੂੰ ਪਿੱਛੇ ਲਾਉਣ ਦਾ... |'
ਅਸਲ 'ਚ ਹੋਇਆ ਇਸ ਤਰ੍ਹਾਂ ਕਿ ਗੁਜ਼ਰੇ ਕੱਲ੍ਹ, ਸਵੇਰੇ ਜਦੋਂ ਸਾਰੇ ਸੈਰ ਕਰ ਰਹੇ ਸਨ ਤਾਂ ਅਚਾਨਕ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਜਿਹੜਾ ਇਕ ਵੱਡੇ ਦਰੱਖਤ 'ਤੇ ਲੱਗਾ ਹੋਇਆ ਸੀ, ਖੌਰੇ ਕਿਵੇਂ, ਕਿਸੇ ਪੰਛੀ ਨੇ ਛੇੜ ਦਿੱਤਾ ਜਾਂ ਛਿੜ ਗਿਆ | ਮਧੂ ਮੱਖੀਆਂ ਸਾਰੇ ਪਾਰਕ 'ਚ ਫੈਲਣ ਲੱਗੀਆਂ | ਹਫੜਾ-ਦਫੜੀ ਮਚ ਗਈ, ਸਾਰੇ ਤਿਤਰ-ਬਿਤਰ ਹੋਣ ਲੱਗੇ | ਪਾਰਕ ਦੇ ਦੂਰਲੇ ਕੋਨੇ 'ਚੋਂ ਸਤਿਆਨੰਦ ਚਤੁਰਵੇਦੀ ਨੇ ਵੀ ਮਧੂ ਮੱਖੀਆਂ ਦੇ ਹਮਲੇ ਨੂੰ ਦੇਖ ਕੇ ਬਾਹਰ ਜਾਣ ਵਾਲੇ ਗੇਟ ਤੱਕ ਅਪੜਨ ਲਈ ਤੇਜ਼-ਤੇਜ਼ ਕਦਮ ਪੁੱਟਣੇ ਸ਼ੁਰੂ ਕੀਤੇ | ਪਰ ਉਹਨੇ ਇਕ ਬਜ਼ੁਰਗ ਔਰਤ ਮਿਸਿਜ਼ ਗੁਪਤਾ ਨੂੰ ਮਧੂ ਮੱਖੀਆਂ ਨਾਲ ਉਲਝਦਿਆਂ ਦੇਖ ਲਿਆ |
ਹੋਰ ਸਾਰੇ ਹੀ ਨਜ਼ਰ ਬਚਾਉਂਦੇ, ਆਪਣਾ ਭਲਾ ਮਨਾਉਂਦੇ ਤੇਜ਼ ਕਦਮੀ ਨੱਠੀ ਜਾ ਰਹੇ ਸਨ | ਪਰ ਬਾਊ ਸਤਿਆਨੰਦ ਨੇ ਜਦੋਂ ਇਹ ਦੇਖਿਆ ਤਾਂ ਉਹ ਤੇਜ਼ ਕਦਮੀਂ ਮਿਸਿਜ਼ ਗੁਪਤਾ ਤੱਕ ਪਹੁੰਚੇ, ਹਰ ਹੀਲੇ ਉਨ੍ਹਾਂ ਦੇ ਵਾਲਾਂ 'ਚੋਂ ਕਲਿੱਪ ਉਤਾਰ ਕੇ ਵਾਲ ਖੋਲੇ | ਕਈ ਮਧੂ ਮੱਖੀਆਂ ਰੁਮਾਲ ਨਾਲ ਸਿਰ ਦੇ ਵਾਲਾਂ 'ਚੋਂ ਕੱਢੀਆਂ ਤੇ ਕੁਝ ਦੇਰ ਇਸ ਤਰ੍ਹਾਂ ਮਿਸਿਜ਼ ਗੁਪਤਾ ਨੂੰ ਮਦਦ ਕਰਦੇ ਰਹੇ ਤੇ ਨਾਲ ਆਪਣਾ ਵੀ ਬਚਾਅ ਕਰਦੇ ਉਲਝਦੇ ਰਹੇ |
ਸਤਿਆਨੰਦ ਚਤੁਰਵੇਦੀ ਜੀ ਪਾਰਕ 'ਚ ਸੈਰ ਕਰਦਿਆਂ ਰੱਬ ਦਾ ਸਿਮਰਨ ਕਰਦੇ, ਚਟਪਟੀਆਂ ਗੱਲਾਂ 'ਚ ਹਿੱਸਾ ਘੱਟ ਲੈਂਦੇ ਤੇ ਸੈਰ ਖਤਮ ਹੋਣ ਤੋਂ ਬਾਅਦ ਰੋਜ਼ ਜਦੋਂ ਸਾਰਿਆਂ 'ਚ ਬੈਠਦੇ ਤਾਂ ਤਾੜੀਆਂ ਮਾਰਦਿਆਂ ਇਕੱਠੇ 108 ਵਾਰੀ ਰੱਬ ਦਾ ਉੱਚੀ-ਉੱਚੀ ਸਭ ਨੂੰ ਜਾਪ ਕਰਵਾਉਂਦੇ |
ਸੋ, ਕੱਲ੍ਹ ਸਵੇਰੇ ਆਖਰੀ ਛਿਣਾਂ 'ਚ ਨਜ਼ਰ ਬਚਾ ਕੇ ਲੰਘਦੇ ਕਿਸੇ ਨੇ, ਸ਼ਾਇਦ (ਅਸਲ ਸਥਿਤੀ ਨੂੰ ਅਣਗੌਲਦਿਆਂ) ਸਤਿਆਨੰਦ ਜੀ ਨੂੰ ਮਧੂ-ਮੱਖੀਆਂ ਨਾਲ ਉਲਝਦਿਆਂ ਤੱਕ ਕੇ ਗੱਲ ਕਰ ਦਿੱਤੀ ਕਿ ਬਾਕੀ ਸਾਰੇ ਤੇ ਬਚ ਨਿਕਲੇ ਪਰ ਸਤਿਆਨੰਦ ਚਤੁਰਵੇਦੀ ਮਧੂ-ਮੱਖੀਆਂ ਦੀ ਲਪੇਟ 'ਚ ਆ ਗਿਆ | ਗੱਲ ਇਕ ਕੰਨ ਤੋਂ ਦੂਜੇ ਕੰਨ ਤੱਕ ਫੈਲੀ | ਫਿਰ ਮੋਬਾਈਲ ਜਿੰਦਾਬਾਦ, ਪਾਰਕ 'ਚ ਆਉਣ ਵਾਲੇ ਮਸਖਰੇ ਅਮੀਰਾਂ ਨੂੰ ਤੇ ਜਿਵੇਂ ਗੱਲ ਲੱਭ ਗਈ |
ਸੋ ਅੱਜ ਸਤਿਆਨੰਦ ਹਾਲੇ ਨਹੀਂ ਸੀ ਆਇਆ ਅਤੇ ਤਾੜੀ ਮਾਰ ਕੇ ਉਹਦੀ ਨਾਮ ਜਪਣ ਤੇ ਜਪਾਣ ਦੀ ਆਦਤ ਦਾ ਕੁਝ ਕੁ ਦੁਪਹਿਰ ਦੇ ਰੱਜੇ ਅਮੀਰ ਮਜ਼ਾਕ ਉਡਾ ਰਹੇ ਸਨ ਤੇ ਕੁਝ ਕੁ ਕੰਨ ਰਸ ਪੈਂਦਿਆਂ ਮਨ ਪਰਚਾ ਰਹੇ ਸਨ |
'ਬਈ ਮਧੂ-ਮੱਖੀਆਂ ਨੇ ਫੈਸਲਾ ਈ ਕਰ ਦਿੱਤੈ ਕਿ ਸਤਿਆਨੰਦ ਜੀ ਨਿਰਾ ਡਰਾਮਾ ਨੇ', ਇਕ ਹੋਰ ਨੇ ਕਿਹਾ |
'ਓਏ ਹੁਣੇ ਆਉਣਗੇ ਚਤੁਰਵੇਦੀ ਜੀ ਨੱਕ ਮੰੂਹ ਸੁੱਜਿਆ ਲੈ ਕੇ, ਸੈਰ ਕਰਨ, ਕੋਈ ਦਵਾਈ, ਕਰੀਮ ਮੰਗਾ ਕੇ ਰੱਖੋ, ਫਿਰ ਵੀ...' ਇਕ ਹੋਰ ਨੇ ਕਟਾਖਸ਼ ਕਰਦਿਆਂ ਸੈਰ ਕਰਦੇ ਨੇ ਕੋਲੋਂ ਲੰਘਦਿਆਂ ਕਿਹਾ ਸੀ ਕਿ ਪਵਨ ਸਿੰਗਲੇ ਨੇ ਪਹਿਲੇ ਬੋਲਣ ਵਾਲੇ ਦੀ ਬਾਂਹ ਖਿੱਚ ਦਿੱਤੀ, 'ਓਏ ਸਹੁਰੀ ਦਿਆ, ਓਹ ਦੇਖ ਸਤਿਆਨੰਦ ਜੀ ਆ ਗਏ ਨੇ', ਪਾਰਕ ਵਿਚ ਸਤਿਆਨੰਦ ਜੀ ਨੂੰ ਦਾਖਲ ਹੁੰਦਿਆਂ ਵੇਖ ਕੇ ਉਹਨੇ ਕਿਹਾ ਕਿ ਫਿਰ ਰੌਾ ਬਦਲ ਚਤੁਰਵੇਦੀ ਜੀ ਵੱਲ ਮੁਖਾਤਿਬ ਹੁੰਦਿਆਂ ਬੋਲਿਆ, 'ਕਿਉਂ ਜਨਾਬ ਫਿਰ ਘੇਰ ਲਿਆ ਮਧੂ ਮੱਖੀਆਂ ਨੇ ਕੱਲ੍ਹ, ਬਸ ਸਿਰਫ਼ ਤੁਸੀਂ ਹੀ ਫਸ ਗਏ, ਬਾਕੀ ਸਭ ਤੇ ਨਿਕਲ ਗਏ, ਸੇਫ ਐਾਡ ਸਾਊਾਡ (ਅਰਥਾਤ ਸੁਰੱਖਿਅਤ) |'
ਸਤਿਆਨੰਦ ਚਤੁਰਵੇਦੀ ਨੂੰ ਜਵਾਬ ਦੇਣ ਦਾ ਮੌਕਾ ਦਿੱਤੇ ਬਗੈਰ ਇਕ ਹੋਰ ਬੋਲਿਆ, 'ਕਿੰਨੀ ਕੁ ਸੇਵਾ ਹੋ ਗਈ, ਜਨਾਬ?' ਖਿਸਿਆਣੀ ਹਾਸੀ ਉਹਦੇ ਚਿਹਰੇ 'ਤੇ ਪਸਰੀ ਹੋਈ ਸੀ |
ਸਤਿਆਨੰਦ ਚਤੁਰਵੇਦੀ ਉਨ੍ਹਾਂ ਦੀ ਮਨੋਦਸ਼ਾ ਬਾਖੂਬੀ ਸਮਝ ਗਿਆ ਸੀ ਕਿ ਪਿਛਲੀ ਸ਼ਾਮ ਤੋਂ ਹੁਣ ਸਵੇਰ ਤੱਕ ਇਹ ਸਭ ਇਸ ਗੱਲ ਦਾ ਮਜ਼ਾ ਲੈ ਰਹੇ ਨੇ ਕਿ ਬਾਕੀ ਸਾਰੇ ਬਚ ਗਏ ਮਧੂ-ਮੱਖੀਆਂ ਦੇ ਹਮਲੇ ਤੋਂ, ਪਰ ਇਕ ਫਸਿਆ ਤੇ ਉਹ ਵੀ ਮੈਂ ਜਿਹੜਾ ਸਾਡੇ ਨਾਲ ਮੌਜ-ਮਸਤੀ ਕਰਨ, ਊਲ-ਜਲੂਲ ਚੁਗਲੀ-ਚਹੇੜੀ 'ਚ ਹਿੱਸਾ ਨਹੀਂ ਲੈਂਦਾ, ਤਾੜੀ ਮਾਰ ਕੇ ਰੱਬ ਦਾ ਨਾਮ ਜਪਾਉਂਦਾ ਹੈ, ਜਿਸ ਨੂੰ ਉਹ ਮਨ ਹੀ ਮਨ ਨਿਰਾ ਡਰਾਮਾ ਗਰਦਾਨਦੇ ਨੇ |
'ਬਈ ਜੇ ਮੈਨੂੰ ਮੌਕਾ ਦੇਵੋ ਤਾਂ ਹੀ ਮੈਂ ਤੁਹਾਨੂੰ ਕੁਝ ਰੌਸ਼ਨੀ ਪਾਵਾਂ', ਜਦੋਂ ਸਤਿਆਨੰਦ ਚਤੁਰਵੇਦੀ ਜੀ ਨੇ ਉੱਚੀ ਦੇਣੀ ਕਿਹਾ ਤਾਂ ਸਾਰੇ ਚੁੱਪ ਕਰ ਗਏ |
'ਬਈ ਮੈਂ ਤੇ ਮਿਸਿਜ਼ ਗੁਪਤਾ ਨੂੰ ਮੁਸੀਬਤ 'ਚ ਦੇਖ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਸਾਂ | ਉਨ੍ਹਾਂ ਨੂੰ ਇੰਨੀਆਂ ਮਧੂ-ਮੱਖੀਆਂ, ਗਰਦਨ ਦੇ ਕੋਲ ਵਾਲਾ 'ਚ ਚਿਮੜੀਆਂ ਹੋਈਆਂ ਸਨ ਕਿ ਜੇ ਕੋਈ ਮਦਦ ਨਾ ਕਰਦਾ ਤਾਂ ਉਨ੍ਹਾਂ ਦੀ ਹਾਲਤ ਖਰਾਬ ਹੋ ਸਕਦੀ ਸੀ | ਮੈਂ ਤੁਹਾਨੂੰ ਦੋਵਾਂ ਨੂੰ (ਮਨੀਸ਼ ਢੀਂਗਰਾ ਤੇ ਸਤੀਸ਼ ਭੱਲਾ ਵੱਲ ਇਸ਼ਾਰਾ ਕਰਦਿਆਂ) ਤੇਜ਼ ਕਦਮੀਂ ਨਜ਼ਰ ਬਚਾਉਂਦਿਆਂ ਲੰਘਦਿਆਂ ਦੇਖਿਆ ਸੀ |
ਪਰ ਮੈਂ ਰੋਜ਼ ਇਥੇ ਸੈਰ ਕਰਨ ਆਉਣ ਵਾਲੀ ਇਕ ਬਜ਼ੁਰਗ ਔਰਤ ਨੂੰ ਮੁਸੀਬਤ 'ਚ ਛੱਡ ਕੇ ਕਿੱਦਾਂ ਜਾ ਸਕਦਾ ਸਾਂ | ਫਿਰ ਵੀ ਸਾਰੇ ਮਹਾਨੁਭਾਵਾਂ ਨੂੰ ਇਹ ਦੱਸ ਦੇਵਾਂ ਕਿ ਮੈਨੂੰ ਕੋਈ ਮਧੂ-ਮੱਖੀ ਨਹੀਂ ਸੀ ਲੜੀ ਤੇ ਨਾ ਹੀ ਕੋਈ ਉਲਝਣ ਪੇਸ਼ ਆਈ ਸੀ ਪਰ ਮੈਂ ਉਨ੍ਹਾਂ ਨੂੰ ਠੀਕ-ਠਾਕ ਕਰਕੇ, ਫਿਰ ਆਪਣੇ-ਆਪ ਨੂੰ ਦਰੁਸਤ ਕਰਕੇ ਸਭ ਤੋਂ ਬਾਅਦ 'ਚ ਗਿਆਂ |'
ਸਤਿਆਨੰਦ ਚਤੁਰਵੇਦੀ ਤੋਂ ਅਸਲੀਅਤ ਸੁਣ ਕੇ ਮਨੀਸ਼ ਢੀਂਗਰਾ, ਸਤੀਸ਼ ਭੱਲਾ ਤੇ ਸਭ ਹਾਜ਼ਰੀਨ ਚਾਰੇ ਖਾਨੇ ਚਿੱਤ ਹੋ ਗਏ |
ਪਰ ਸ਼ਰਮਸ਼ਾਰੀ ਤੇ ਉਥੇ ਹਾਜ਼ਰ ਹੁੰਦੀ ਹੈ ਜਿਥੇ ਪੈਰ ਜ਼ਮੀਨ 'ਤੇ ਹੋਣ | ਬੇਸ਼ਰਮੀ ਜ਼ਿੰਦਾਬਾਦ-ਸਤੀਸ਼ ਭੱਲਾ ਆਹਿਸਤਾ ਜਿਹੇ ਮਨੀਸ਼ ਢੀਂਗਰਾ ਨੂੰ ਕਹਿਣੋਂ ਨਾ ਹਟਿਆ, 'ਹੱਛਾ, ਹੁਣ ਪਤਾ ਚੱਲਿਐ, ਯਾਰ ਮਧੂ-ਮੱਖੀਆਂ ਨੂੰ ਇਹਦਾ ਖੂਨ ਪਸੰਦ ਨਹੀਂ ਆਇਆ |'

-ਮੋਬਾਈਲ : 98155-09390.

ਸਰਕਾਰ ਵਿਚਾਰੀ ਕੀ ਕਰੇ?

ਭਾਰਤ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ | ਮੇਰੇ ਦੇਸ਼ ਦੀ ਧਰਤੀ |
'ਸੋਨਾ ਉਗਲੇ, ਉਗਲੇ ਹੀਰੇ ਮੋਤੀ,
ਮੇਰੇ ਦੇਸ਼ ਕੀ ਧਰਤੀ |'
ਮੇਰੇ ਦੇਸ਼ ਕੀ ਧਰਤੀ!
ਸੋਨਾ ਨਿਗਲੇ, ਨਿਗਲੇ ਹੀਰੇ ਮੋਤੀ,
ਮੇਰੇ ਦੇਸ਼ ਕੀ ਧਰਤੀ |
ਹਰ ਨਰ ਔਰ ਨਾਰੀ...?
ਭਿ੍ਸ਼ਟਾਚਾਰੀ...?
ਸਭ ਤੋਂ ਵੱਡੀ ਬਿਮਾਰੀ, ਰਗ ਰਗ 'ਚ ਵਾਸਾ, ਲਾਚਾਰ ਹੈ ਮਨੁੱਖ, ਲਾਇਲਾਜ ਹੈ, ਬੇਸ਼ੱਕ ਘਿ੍ਣਾ ਦੀ ਪਾਤਰ ਨਹੀਂ ਛੁਟਕਾਰਾ, ਜ਼ਿੰਦਗੀ ਦਾ ਸਾਰ ਹੈ, ਚਲਣਾ, ਚਲਦੇ ਰਹਿਣਾ, ਨਿਰੰਤਰ ਵਧਣਾ ਅੱਗੇ-ਅੱਗੇ | ਅੰਦਰ, ਧੁਰ ਅੰਦਰ, ਝਾਕਣਾ ਨਾਹੀਂ, ਵਰਨਾ ਰੁਕ ਜਾਓਗੇ, ਦਿਲ ਸੱਚ ਪਹਿਰੇਦਾਰ ਹੈ, ਦਿਮਾਗ਼, ਦਲੀਲਾਂ ਦਾ ਅਥਾਹ ਭੰਡਾਰ, ਸੱਚ ਤੇ ਧਰਮ ਦੀ ਪ੍ਰਵਾਹ ਨਾ ਕਰ, ਦਏ ਹੱਲਾਸ਼ੇਰੀ-ਐ ਬੰਦਿਆ ਤੂੰ ਤੁਰਿਆ ਚਲ, ਤੂੰ ਵਧਦਾ ਚਲ, ਕਰਮਗਤ, ਦਿਲ 'ਚ ਲੁਕੋਈ ਰੱਖ, ਵੇਖੀ ਜਾਏਗੀ ਆਪੇ, ਜਦ ਕਰਮਾਂ ਦੇ ਹੋਣਗੇ ਨਬੇੜੇ, ਅੰਤਲੀ ਅਰਦਾਸ ਤਾਂ ਕਿਤੇ ਹੋਣੀ ਹੈ, ਪਰਮਾਤਮਾ, ਸਵਰਗਵਾਸੀ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ | ਦਿਮਾਗ਼ ਨੇ ਫਲਾਸਫੀ ਝਾੜ ਛੱਡੀ ਹੈ |
ਤੁਸਾਂ ਆਮ ਸੁਣਿਆ ਹੋਣਾ ਹੈ, ਕਿਸੇ ਦੀ ਪ੍ਰਸੰਸਾ ਐਦਾਂ ਕੀਤੀ ਜਾਂਦੀ ਹੈ, ਇਹਦਾ ਦਿਮਾਗ ਬਹੁਤ ਤੇਜ਼ ਏ |
ਐਸ ਵੇਲੇ ਗਰਮੀ ਦਾ ਮੌਸਮ ਏ, ਅਕਾਸ਼ ਤਪ ਰਿਹਾ ਹੈ, ਧਰਤੀ ਵੀ ਖੂਬ ਤਪ ਰਹੀ ਏ, ਕਿਤੇ ਲੂ ਚਲ ਰਹੀ ਹੈ, ਕਿਤੇ ਭਖੇ ਤੰਦੂਰ ਵਾਲਾ ਸੇਕ ਏ | ਬਸ, ਕੁਝ ਦਿਨਾਂ ਮਗਰੋਂ ਮੌਨਸੂਨ ਦੀ ਆਮਦ ਹੋਣ ਵਾਲੀ ਏ | ਮੰੁਬਈ 'ਚ ਅਗਲੇ ਤਿੰਨ ਮਹੀਨੇ ਬਾਰਸ਼ਾਂ ਖੂਬ ਤੇਜ਼ ਹੋਣਗੀਆਂ | ਜੂਨ ਮਹੀਨਾ ਸ਼ੁਰੂ ਹੋਇਐ, ਅੱਜ ਤੋਂ ਹੀ ਲੋਕ ਆਪਣੀਆਂ ਛੱਤਾਂ ਨੂੰ ਚੋਣ ਤੋਂ ਬਚਾਉਣ ਲਈ, ਛੱਤਾਂ 'ਤੇ ਪਲਾਸਟਿਕ ਦੀਆਂ ਤਿ੍ਪਾਲਾਂ ਪਾਉਣ ਲਈ, ਤਿ੍ਪਾਲਾਂ ਦੀ ਖਰੀਦਦਾਰੀ 'ਚ ਜੁਟੇ ਹੋਏ ਨੇ | ਮੈਨੂੰ ਵੀ ਹਰ ਵਰ੍ਹੇ ਬਾਰਿਸ਼ਾਂ ਦੇ ਇਸ ਮੌਸਮ 'ਚ ਆਪਣੀ ਛੱਤ 'ਤੇ ਤਿ੍ਪਾਲ ਨਾਲ ਹੀ ਢੱਕਣੀ ਪੈਂਦੀ ਹੈ | ਕੱਲ੍ਹ ਹੀ ਮੈਂ ਆਪਣੇ ਗੁਆਂਢੀ ਮਹਾਰਾਸ਼ਟਰੀਅਨ ਨਾਲ ਤਿ੍ਪਾਲਾਂ ਖਰੀਦਣ ਗਿਆ | ਤਿ੍ਪਾਲ ਵੇਚਣ ਵਾਲੇ ਨੇ ਭਾਅ ਦੱਸਿਆ, ਨਾਲੇ ਹੀ ਇਹ ਵੀ ਪੱਕਾ ਜਤਾ ਦਿੱਤਾ, 'ਹਮ ਭਾਵ ਤਾਵ ਨਹੀਂ ਕਰਤੇ, ਹਮਾਰਾ ਏਕ ਹੀ ਫਿਕਸਡ ਰੇਟ ਹੈ', ਨਾਲ ਹੀ ਇਹ ਸਹਾਰਾ ਵੀ ਦਿੱਤਾ, 'ਹਾਂ ਅਗਰ ਆਪ ਬਿੱਲ ਨਹੀਂ ਲੋਗੇ ਤੋ ਠੀਕ ਹੈ, ਮਗਰ ਬਿਲ ਲੋਗੇ ਤੋ ਉਪਰ 18 ਪ੍ਰਸੈਂਟ ਜੀ.ਐਸ.ਟੀ. ਦੇਨਾ ਪੜੇਗਾ |
ਮੇਰੇ ਤੋਂ ਪਹਿਲਾਂ ਹੀ ਮੇਰੇ ਗੁਆਂਢੀ ਨੇ ਝੱਟ ਦੇਣੀ ਆਖਿਆ, 'ਬਿਨਾਂ ਜੀ.ਐਸ.ਟੀ. ਦੇ ਹੀ ਦੇ ਦੇ | ਨਾਲ ਹੀ ਮੇਰੇ ਵੱਲ ਵੇਖ ਕੇ ਕਿੰਨੇ ਵਿਸ਼ਵਾਸ ਨਾਲ ਕਿਹਾ, 'ਆਤਿਸ਼ ਸਾਹਬ ਹਮੇਂ ਕਬ ਇੰਦਰ ਦੇਵਤਾ ਨੇ ਪੂਛਨਾ ਹੈ, ਇਸ ਪਰ ਜੀ.ਐਸ.ਟੀ. ਦੀਆ ਹੈ ਜਾਂ ਨਹੀਂ |'
ਸਰਕਾਰ ਵਿਚਾਰੀ ਕੀ ਕਰੇ?
ਪਹਿਲਾਂ ਤਾਂ ਪਤੈ, ਸਾਰਾ ਵੱਡਾ, ਲੱਖਾਂ-ਕਰੋੜਾਂ ਦਾ ਵਪਾਰ ਪਰਚੀਆਂ 'ਤੇ ਚਲਦਾ ਸੀ | ਪਰਚੀਆਂ 'ਤੇ ਦੋਵਾਂ ਧਿਰਾਂ ਦੀ ਇਮਾਨਦਾਰੀ ਬਹੁਤ ਸੀ | ਜ਼ਬਾਨ ਦੀ ਸੀ, ਬਚਤ ਟੈਕਸਾਂ ਦੀ ਸੀ, ਹੁਣ ਵੀ ਅੱਜ ਵੀ ਇਹੋ ਪਿਰਤ ਚਾਲੂ ਹੈ-ਇਉ ਨਹੀਂ ਤਾਂ ਇਉਂ ਸਹੀ |
'ਜ਼ਬਾਨ ਦੀ ਕਦਰ ਕਾਇਮ ਹੈ', ਇਸੇ ਲਈ ਤਾਂ ਕਹਿੰਦੇ ਹਨ 'ਜੀ.ਐਸ.ਟੀ. ਗੱਬਰ ਸਿੰਘ ਟੈਕਸ ਹੈ |'
ਡਾਕੂ ਕੌਣ ਹੈ? ਗੱਬਰ ਸਿੰਘ ਟੈਕਸ ਜਾਂ ਗੌਰਮਿੰਟ ਨੂੰ 'ûਕ ਲਾਉਣ ਵਾਲੇ? ਇਹ ਤਾਂ ਹਾਲ ਹੈ, ਛੋਟੇ ਵਪਾਰੀਆਂ ਦਾ, 3 ਜੂਨ ਨੂੰ ਦੇਸ਼ ਦੇ ਇਕ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ 'ਚ ਹੈੱਡ ਲਾਈਨ ਛਪੀ ਵੱਡੇ ਤੇ ਬਹੁਤ ਵੱਡੇ ਵਪਾਰੀਆਂ ਦੀ ਜੀ.ਐਸ.ਟੀ. ਦੀ ਬੜੀ ਸ਼ਾਤਰ ਤਰੀਕੇ ਨਾਲ ਹੇਰਾ-ਫੇਰੀ ਕਰਨ ਦੀ ਤਫ਼ਸੀਲ ਛਪੀ ਹੈ | ਇਨ੍ਹਾਂ ਹਜ਼ਾਰਾਂ ਕੰਪਨੀਆਂ ਨੇ ਜੀ.ਐਸ.ਟੀ. ਦਾ ਜੋ ਵੇਰਵਾ ਦਿੱਤਾ ਹੈ, ਸਰਕਾਰ ਨੂੰ ਉਨ੍ਹਾਂ ਦਾ ਮੇਲ ਇਨਕਮ ਟੈਕਸ ਰਿਟਰਨਜ਼ ਦੇ ਦਿੱਤੇ ਵੇਰਵੇ ਨਾਲ ਬਿਲਕੁਲ ਨਹੀਂ ਹੈ | ਇਕ ਮਹਿਕਮੇ 'ਚ ਕੁਝ ਹੋਰ, ਦੂਜੇ ਮਹਿਕਮੇ 'ਚ ਕੁਝ ਹੋਰ | ਕਈ ਵਪਾਰੀਆਂ ਨੇ ਤਾਂ ਬਾਹਰੋਂ ਕੀਤੀ ਇੰਪੋਰਟ ਨੂੰ ਇਉਂ ਚਲਾਕੀ ਨਾਲ, ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ ਅਤੇ ਵਿਦੇਸ਼ਾਂ 'ਚ ਲੋੜੀਂਦੇ ਮਾਪਦੰਡ ਤੋਂ ਕਿਤੇ ਜ਼ਿਆਦਾ ਭੇਜ ਕੇ ਉਹਦੇ ਬਦਲੇ ਐਕਸਪੋਰਟ ਕਰਨ ਦੀ ਚਾਲਾਕੀ ਕੀਤੀ ਹੈ | ਇਸ ਘਾਲੇ-ਮਾਲੇ ਨੂੰ ਸੱਚ ਕਰਨ ਲਈ ਕਈ ਬੋਗਸ ਸੈੱਲ ਕੰਪਨੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਅਤਾ-ਪਤਾ ਨਹੀਂ ਤੇ ਜਿਨ੍ਹਾਂ ਦੇ ਡਾਇਰੈਕਟਰ, ਡਰਾਈਵਰ, ਮਾਲੀ ਤੇ ਝੌਾਪੜੀਆਂ 'ਚ ਰਹਿਣ ਵਾਲੇ ਹਨ | ਇਨ੍ਹਾਂ ਦੀ ਖੁੰਬ ਠੱਪਣ ਲਈ ਸਬੰਧਿਤ ਸਰਕਾਰੀ ਮਹਿਕਮਿਆਂ ਵਲੋਂ ਬਾਕਾਇਦਾ ਨੋਟਿਸ ਜਾਰੀ ਕਰ ਦਿੱਤੇ ਗਏ ਹਨ |
ਇਹੋ ਜਿਹੇ ਕਈ ਹੋਰ ਕਾਰਨਾਮੇ ਵੀ ਭਵਿੱਖ 'ਚ ਖੁੱਲ੍ਹ ਕੇ ਸਾਹਮਣੇ ਆਉਣਗੇ | ਸੱਚ ਹੈ, ਜਿਨ੍ਹਾਂ ਸੁਥਣਾ ਸਿਵਾਈਆਂ ਨੇ, ਉਨ੍ਹਾਂ ਰਾਹ ਵੀ ਰੱਖੇ ਹੁੰਦੇ ਨੇ | ਕੋਈ ਵੀ ਕਾਨੂੰਨ ਜਦੋਂ ਬਣਦਾ ਹੈ ਤਾਂ ਦਿਮਾਗ਼ ਦਾ ਇਸਤੇਮਾਲ ਕਰ ਕੇ ਇਹੋ ਜਿਹੇ ਭਿ੍ਸ਼ਟਾਚਾਰੀ, ਉਸ ਦਾ ਤੋੜ ਲੱਭਣ ਲਈ ਯਤਨਸ਼ੀਲ ਹੋ ਜਾਂਦੇ ਹਨ, ਲੱਭ ਵੀ ਲੈਂਦੇ ਹਨ |
'ਮੈਂ ਜੀ.ਐਸ.ਟੀ. ਕੋ ਘੁਮਾਊਾਗੀ, ਤੁਮ ਦੇਖਤੇ ਰਹੀਓ |'
ਪਹਿਲਾਂ ਤੁਸੀਂ, ਬਾਜ਼ਾਰ 'ਚ ਕੋਈ ਚੀਜ਼ ਵੀ ਲੈਣ ਜਾਓ, ਘਰੋਂ ਥੈਲਾ ਲੈ ਕੇ ਜਾਂਦੇ ਸਾਓ, ਅੱਜਕਲ੍ਹ ਜੋ ਕੁਝ ਵੀ ਲੈਣ ਜਾਓ ਬੇਸ਼ੱਕ ਫੜ੍ਹੀ ਲਾਈ ਬੈਠਿਆਂ ਤੋਂ, ਰੇੜ੍ਹੀ ਵਾਲਿਆਂ ਤੋਂ ਸਬਜ਼ੀ ਲੈਣ ਜਾਓ, ਦੁਕਾਨਾਂ ਤੋਂ ਰਾਸ਼ਨ ਲੈਣ ਜਾਓ, ਘਰੋਂ ਕੁਝ ਵੀ ਲਿਜਾਣ ਦੀ ਲੋੜ ਨਹੀਂ, ਪਲਾਸਟਿਕ ਦੀਆਂ ਥੈਲੀਆਂ ਵੇਚਣ ਵਾਲਿਆਂ ਪਾਸ ਹਾਜ਼ਰ ਨੇ | ਨਿੱਕੀਆਂ-ਨਿੱਕੀਆਂ ਥੈਲੀਆਂ ਵੀ ਤੇ ਵੱਡੇ-ਵੱਡੇ ਥੈਲੇ ਵੀ, ਦੁੱਧ, ਦਹੀਂ, ਲੱਸੀ, ਘਿਓ, ਤੇਲ, ਹਲਦੀ, ਲੂਣ-ਮਿਰਚ... ਕਣਕ, ਆਟਾ, ਸਭ ਪਲਾਸਟਿਕ ਦੀਆਂ ਥੈਲੀਆਂ 'ਚ ਬੰਦ ਮਿਲਦਾ ਹੈ | ਤੇ ਪਲਾਸਟਿਕ ਦੀਆਂ ਥੈਲੀਆਂ-ਥੈਲਿਆਂ 'ਚ ਦੁਕਾਨਦਾਰਾਂ ਤੋਂ ਮਿਲਦਾ ਹੈ | ਆਲੇ-ਦੁਆਲੇ ਤੇ ਪਰਿਆਵਰਨ (ਵਾਤਾਵਰਨ) ਲਈ ਇਹ ਪਲਾਸਟਿਕ ਦਾ ਮਾਲ ਕਿੰਨਾ ਬੁਰਾ ਹੈ, ਇਹ ਸਭਨਾਂ ਨੂੰ ਪੂਰੀ ਤਰ੍ਹਾਂ ਪਤਾ ਹੈ | ਗੰਦਗੀ ਦੇ ਢੇਰਾਂ 'ਤੇ ਪਲਾਸਟਿਕ ਦੀਆਂ ਇਹ ਇਸਤੇਮਾਲ ਕੀਤੀਆਂ ਖਾਲੀ ਥੈਲੇ-ਥੈਲੀਆਂ ਤੁਹਾਨੂੰ ਆਮ ਦਿਸਣਗੀਆਂ, ਨਾਲਿਆਂ-ਨਾਲੀਆਂ 'ਚ ਵੇਖੋ, ਇਨ੍ਹਾਂ ਨੇ ਪਾਣੀ ਦਾ ਪ੍ਰਵਾਹ ਰੋਕਿਆ ਹੋਇਆ ਹੈ, ਇਨ੍ਹਾਂ ਦੀ ਐਨੀ ਭਰਮਾਰ ਹੈ ਕਿ ਨਾਲੇ-ਨਾਲੀਆਂ ਇਨ੍ਹਾਂ ਨਾਲ ਤੂਸੇ ਪਏ ਹਨ, ਇਹ ਦਿਸਦਾ ਹੀ ਨਹੀਂ ਕਿ ਥੱਲੇ ਪਾਣੀ ਹੈ ਵੀ ਜਾਂ ਨਹੀਂ | ਸਭਨਾਂ ਨੂੰ ਇਹ ਵੀ ਪਤਾ ਹੈ ਕਿ ਪਲਾਸਟਿਕ ਕਈ ਹਜ਼ਾਰ ਸਾਲ ਤਾੲੀਂ ਨਹੀਂ ਗਲਦਾ | ਅਵਾਰਾ ਪਸ਼ੂ, ਗਾਵਾਂ, ਮੱਝਾਂ ਵੀ ਗੰਦਗੀ ਦੇ ਢੇਰਾਂ 'ਤੇ ਮੰੂਹ ਮਾਰਦੀਆਂ ਇਨ੍ਹਾਂ ਨੂੰ ਨਿਗਲ ਜਾਂਦੀਆਂ ਹਨ, ਕਿੰਨੀ ਵੱਡੀ ਬਿਮਾਰੀ ਦਾ ਕਾਰਨ ਬਣਦੀਆਂ ਹਨ |
ਇਕ ਸਾਲ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਪਲਾਸਟਿਕ ਦੀਆਂ ਥੈਲੇ-ਥੈਲੀਆਂ 'ਤੇ ਬੈਨ ਲਗਾ ਦਿੱਤਾ ਸੀ | ਇਥੋਂ ਤੱਕ ਕਿ ਫੁਟਪਾਥਾਂ 'ਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ, ਉਨ੍ਹਾਂ ਪਾਸੋਂ ਇਹ ਥੈਲੀਆਂ ਮਿਲਣ 'ਤੇ, ਪੰਜ ਹਜ਼ਾਰ ਰੁਪਏ ਜੁਰਮਾਨਾ ਠੋਕਣ ਦਾ ਕਾਨੂੰਨ ਵੀ ਲਾਗੂ ਕਰ ਦਿੱਤਾ ਸੀ | ਕੁਝ ਕੁ ਸਮਾਂ ਤਾਂ ਇਸ ਦੀ ਪਾਲਣਾ ਜਾਰੀ ਰਹੀ, ਪਰ ਅੱਜਕਲ੍ਹ ਇਹ ਚਾਲ ਬੇਢੰਗੀ ਮੁੜ ਸੁਰਜੀਤ ਹੈ—ਰੇਹੜੀ ਵਾਲਿਆਂ, ਫੜ੍ਹੀ ਵਾਲਿਆਂ ਤੇ ਦੁਕਾਨਦਾਰਾਂ ਨੇ ਪਲਾਸਟਿਕ ਦੀਆਂ ਵਰਜਿਤ ਥੈਲੀਆਂ ਦੇ ਪੈਕੇਟ ਲੁਕਾ ਕੇ ਰੱਖੇ ਹੋਏ ਨੇ, ਨਿਸ਼ੰਗ ਜੋ ਮਰਜ਼ੀ ਐ ਲਵੋ | ਇਨ੍ਹਾਂ ਥੈਲੀਆਂ ਦਾ ਮੁੱਲ ਸਿਰਫ਼ ਵੱਡੇ ਮਾਲਾਂ 'ਚ ਹੈ, ਬਾਕੀ ਥਾਂ ਛੋਟੀਆਂ-ਛੋਟੀਆਂ ਮੁਫਤੋ-ਮੁਫਤ | ਅਦਾਲਤਾਂ, ਕਾਨੂੰਨ ਦੀਆਂ ਰਖਵਾਲੀਆਂ ਹਨ | ਉਥੇ ਸੱਚੋ ਹੀ ਸੱਚ ਨਿਬੜੇ?
ਕਾਨੂੰਨ ਦੇ ਰਖਵਾਲਿਆਂ ਦਾ ਹਾਲ ਸੁਣੋ—ਮੈਨੂੰ ਆਪਣੇ ਇਕ ਕੰਮ ਲਈ ਸੌ-ਸੌ ਰੁਪਏ ਦੇ ਦੋ ਸਟੈਂਪ ਪੇਪਰ ਚਾਹੀਦੇ ਸਨ, ਜਿਨ੍ਹਾਂ 'ਤੇ ਐਫੀਡੇਵਿਟ ਟਾਈਪ ਕਰਵਾ ਕੇ ਸਰਕਾਰੀ ਨੋਟਰੀ ਤੋਂ ਰਜਿਸਟਰ ਕਰਵਾਉਣਾ ਸੀ | ਸਟੈਂਪ ਪੇਪਰ ਬੋਰੀਵਲੀ ਦੀ ਅਦਾਲਤ ਤੋਂ ਹੀ ਮਿਲਦੇ ਸਨ | ਲੈਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਸੀ | ਕਈ ਵਕੀਲ ਆ ਗਏ, ਦੱਸਿਆ ਇਹ ਖਿੜਕੀ ਤਾਂ ਤਿੰਨ-ਚਾਰ ਵਜੇ ਖੁੱਲ੍ਹੇਗੀ, ਤਿੰਨ-ਚਾਰ ਘੰਟੇ ਤੁਹਾਨੂੰ ਲਾਈਨ 'ਚ ਲੱਗਣਾ ਪਏਗਾ | ਹੋ ਸਕਦੈ ਜਦ ਤੁਹਾਡੀ ਵਾਰੀ ਆਏ ਤਾਂ ਖਿੜਕੀ ਬੰਦ ਹੋ ਜਾਏ | ਇਸ ਲਈ ਜੇਕਰ ਹੁਣੇ ਹੀ ਝਟਪਟ ਸਟੈਂਪ ਪੇਪਰ ਚਾਹੀਦੇ ਹਨ ਤਾਂ ਦੋ ਸੌ ਰੁਪਏ ਪ੍ਰਤੀ ਸਟੈਂਪ ਪੇਪਰ ਲੱਗਣਗੇ, ਅਸੀਂ ਟਾਈਪ ਵੀ ਕਰਵਾ ਦਿਆਂਗੇ, ਨੋਟਰੀ ਦੀਆਂ ਮੋਹਰਾਂ ਵੀ ਲਗਵਾ ਦਿਆਂਗੇ, ਬਸ ਸਾਢੇ ਤਿੰਨ ਸੌ ਰੁਪਏ ਹੋਰ ਲੱਗਣਗੇ | ਮੈਂ ਧਾਰ ਲਿਆ ਸੀ-ਰਿਸ਼ਵਤ ਨਹੀਂ ਦੇਣੀ, ਲਾਈਨ 'ਚ ਲੱਗਾ ਰਿਹਾ, ਸੱਚਮੁੱਚ ਤਿੰਨ ਕੁ ਘੰਟਿਆਂ ਬਾਅਦ ਸੌ-ਸੌ ਰੁਪਏ ਦੇ ਸਟੈਂਪ ਪੇਪਰ ਮਿਲ ਗਏ, ਇਕ ਜਾਣ-ਪਛਾਣ ਵਾਲਾ ਵਕੀਲ ਮਿਲ ਗਿਆ, ਸੌ-ਸੌ ਰੁਪਏ 'ਚ, ਬਾਹਰ ਜਾ ਕੇ ਟਾਈਪ ਵੀ ਕਰਵਾ ਦਿੱਤੇ ਤੇ ਸਿਰਫ਼ ਇਕ ਸੌ ਰੁਪਏ ਫੀਸ ਦੇ ਕੇ ਨੋਟਰੀ ਵੀ ਕਰਵਾ ਦਿੱਤੇ |
ਮੈਨੂੰ ਲੋਕਲ ਥਾਣੇ 'ਚ ਵੀ ਜਾਣਾ ਪਿਆ, ਇਸੇ ਕੰਮ ਲਈ | ਸ਼ੇਅਰ ਸਰਟੀਫਿਕੇਟ ਦੇ ਗੰੁਮ ਹੋ ਜਾਣ ਦੀ ਰਿਪੋਰਟ/ਸ਼ਿਕਾਇਤ ਦਰਜ ਕਰਾਉਣੀ ਸੀ | ਸਭਨਾਂ ਨੇ ਆਖਿਆ, 'ਉਥੇ ਤਾਂ ਪੈਸੇ ਦੇਣ ਬਿਨਾਂ ਗੱਲ ਨਹੀਂ ਬਣਨੀ, ਉਨ੍ਹਾਂ ਨੇ ਆਪ ਬੀਤੀ ਦੀਆਂ ਮਿਸਾਲਾਂ ਵੀ ਦਿੱਤੀਆਂ ਪਰ ਕਮਾਲ ਹੋ ਗਿਆ, ਥਾਣੇ ਦੇ ਦੋ ਵੱਡੇ ਇੰਸਪੈਕਟਰਾਂ ਨੇ ਮੈਨੂੰ ਬਾਇਜ਼ਤ ਬਿਠਾਇਆ ਤੇ ਦਸ ਮਿੰਟਾਂ 'ਚ ਹੀ ਮੇਰੀ ਰਿਪੋਰਟ ਲਿਖ ਕੇ, ਮੋਹਰ ਸਮੇਤ ਆਪਣੇ ਦਸਤਖ਼ਤ ਕਰਕੇ, ਮੁਸਕਰਾ ਕੇ ਹੱਥ ਮਿਲਾ ਕੇ, ਬਿਨਾਂ ਕੁਝ ਲੈਣ-ਦੇਣ ਦੇ ਉਸੇ ਤਰ੍ਹਾਂ ਬਾਇਜ਼ਤ ਮੈਨੂੰ ਵਿਦਾ ਕਰ ਦਿੱਤਾ |'
ਮੇਰੇ ਮੰੂਹੋਂ ਆਪਣੇ-ਆਪ ਨਿਕਲਿਆ, 'ਕੋਈ ਹਰਿਓ ਬੂਟ ਰਹਿਓ ਰੀ |'
•• 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX