ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਕਦਰ

ਦਸਵੀਂ ਦੇ ਬੋਰਡ ਦੇ ਪੇਪਰ ਅੱਜ ਤੋਂ ਹੀ ਸ਼ੁਰੂ ਸਨ | ਕੇਂਦਰ ਸੁਪਰਡੈਂਟ ਨੇ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਹਦਾਇਤ ਦਿੰਦਿਆਂ ਕਿਹਾ, 'ਜਿਨ੍ਹਾਂ ਵੀ ਬੱਚਿਆਂ ਕੋਲ ਕੋਈ ਕਾਪੀ, ਕਿਤਾਬ ਜਾਂ ਪਰਚੀ ਹੈ, ਉਹ ਹੁਣੇ ਹੀ ਬਾਹਰ ਰੱਖ ਕੇ ਜਾਓ | ਕਿਸੇ ਨੇ ਵੀ ਕੇਂਦਰ ਦੇ ਅੰਦਰ ਲੈ ਕੇ ਨਹੀਂ ਜਾਣਾ | ਜੇ ਕੋਈ ਵੀ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਨਕਲ ਕੇਸ ਬਣਾ ਕੇ ਬੋਰਡ ਨੂੰ ਭੇਜ ਦੇਣਾ ਹੈ | ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |
ਕੇਂਦਰ ਵਿਚ ਅੰਦਰ ਜਾਣ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਆਪਣੀਆਂ ਕਿਤਾਬਾਂ, ਕਾਪੀਆਂ ਬਾਹਰ ਰੱਖ ਦਿੱਤੀਆਂ | ਥੋੜ੍ਹੀ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ | ਸੁਪਰਡੈਂਟ ਮੈਡਮ ਹਰਮਿੰਦਰ ਕੌਰ ਅਤੇ ਹੋਰ ਨਿਗਰਾਨ ਸਟਾਫ ਬੜੇ ਚੁਕੰਨੇ ਹੋ ਕੇ ਆਪਣੀ ਡਿਊਟੀ ਕਰ ਰਹੇ ਸਨ | ਅੱਧਾ ਵਕਤ ਬੀਤਣ ਤੋਂ ਬਾਅਦ ਕੇਂਦਰ ਵਿਚ ਉਡਣ ਦਸਤੇ ਦੀ ਟੀਮ ਆ ਗਈ | ਉਹ ਆ ਕੇ ਚੈੱਕ ਕਰ ਰਹੇ ਸਨ ਕਿ ਕਿਸੇ ਕੋਲ ਕੋਈ ਪਰਚੀ ਤਾਂ ਨਹੀਂ | ਉਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਤਲਾਸ਼ੀ ਲਈ | ਤਿੰਨ ਬੱਚਿਆਂ ਕੋਲੋਂ ਇਤਰਾਜ਼ਯੋਗ ਪਰਚੀਆਂ ਨਿਕਲ ਗਈਆਂ | ਸੁਪਰਡੈਂਟ ਮੈਡਮ ਨੂੰ ਬਹੁਤ ਗੱੁਸਾ ਚੜਿ੍ਹਆ, ਕਿਉਂਕਿ ਉਨ੍ਹਾਂ ਦੇ ਹਦਾਇਤਾਂ ਦੇਣ ਦੇ ਬਾਵਜੂਦ ਵਿਦਿਆਰਥੀ ਇਤਰਾਜ਼ਯੋਗ ਸਮੱਗਰੀ ਲੈ ਕੇ ਬੈਠੇ ਰਹੇ | ਉਨ੍ਹਾਂ ਨੇ ਉਡਣ ਦਸਦੇ ਦੀ ਟੀਮ ਨੂੰ ਕੇਸ ਬਣਾਉਣ ਲਈ ਤਿੰਨ ਫਾਰਮ ਦੇ ਦਿੱਤੇ | ਨਿਗਰਾਨ ਸਟਾਫ ਦੇ ਇਕ ਮੈਂਬਰ ਨੇ ਸੁਨੀਲ ਵੱਲ ਇਸ਼ਾਰਾ ਕਰਦਿਆਂ ਕਿਹਾ, 'ਮੈਡਮ, ਇਹ ਸਕੂਲ ਦੇ ਚੇਅਰਮੈਨ ਸਾਹਿਬ ਦਾ ਬੇਟਾ ਹੈ | ਵੇਖ ਲਓ, ਜੇ ਕੁਝ ਹੋ ਸਕਦਾ ਹੈ ਤਾਂ |' ਇਸ 'ਤੇ ਸੁਪਰਡੈਂਟ ਮੈਡਮ ਨੇ ਕਿਹਾ, 'ਨਹੀਂ, ਮੇਰੀ ਨਜ਼ਰ ਵਿਚ ਸਾਰੇ ਬੱਚੇ ਬਰਾਬਰ ਹਨ | ਜੇ ਕੇਸ ਬਣਨਗੇ ਤਾਂ ਤਿੰਨਾਂ ਦੇ ਹੀ ਬਣਨਗੇ, ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |' ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ | ਅਜਿਹਾ ਕਹਿ ਕੇ ਉਨ੍ਹਾਂ ਨੇ ਤਿੰਨਾਂ ਵਿਦਿਆਰਥੀਆਂ 'ਤੇ ਕੇਸ ਬਣਾ ਦਿੱਤੇ | ਵਿਦਿਆਰਥੀਆਂ ਨੇ ਮੁਆਫ਼ੀ ਵੀ ਮੰਗੀ ਪਰ ਕੋਈ ਫਾਇਦਾ ਨਾ ਹੋਇਆ |
ਸੁਨੀਲ 'ਤੇ ਕੇਸ ਬਣਨ ਵਾਲੀ ਗੱਲ ਸਕੂਲ ਦੇ ਚੇਅਰਮੈਨ ਸਾਹਿਬ ਤੱਕ ਵੀ ਪਹੁੰਚ ਗਈ | ਉਨ੍ਹਾਂ ਨੇ ਸੁਪਰਡੈਂਟ ਮੈਡਮ ਨੂੰ ਆਪਣੇ ਕੋਲ ਦਫਤਰ ਵਿਚ ਬੁਲਾਇਆ ਤੇ ਕਿਹਾ, 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਤਿੰਨ ਵਿਦਿਆਰਥੀਆਂ 'ਤੇ ਕੇਸ ਬਣਾ ਕੇ ਉਨ੍ਹਾਂ ਨੂੰ ਨਕਲ ਨਾ ਕਰਨ ਬਾਰੇ ਪ੍ਰੇਰਿਆ ਹੈ | ਮੈਨੂੰ ਤੁਹਾਡੇ 'ਤੇ ਕੋਈ ਗੱੁਸਾ ਨਹੀਂ ਕਿ ਤੁਸੀਂ ਮੇਰੇ ਪੱੁਤਰ 'ਤੇ ਕੇਸ ਬਣਾਇਆ ਹੈ ਪਰ ਜੇ ਤੁਸੀਂ ਮੇਰੇ ਪੱੁਤਰ ਨੂੰ ਛੱਡ ਦਿੰਦੇ ਤਾਂ ਮੈਨੂੰ ਜ਼ਿਆਦਾ ਗੱੁਸਾ ਚੜ੍ਹਨਾ ਸੀ |' ਸੁਪਰਡੈਂਟ ਮੈਡਮ ਤਾਂ ਸੋਚ ਰਹੇ ਸਨ ਕਿ ਸ਼ਾਇਦ ਉਹ ਕੇਸ ਬਣਨ 'ਤੇ ਗੱੁਸਾ ਕਰਨਗੇ ਪਰ ਹੋਇਆ ਇਸ ਦੇ ਉਲਟ | ਉਨ੍ਹਾਂ ਨੇ ਕਿਹਾ, 'ਸਰ, ਇਹ ਤਾਂ ਤੁਹਾਡੀ ਵਡਿਆਈ ਹੈ, ਜੋ ਤੁਸੀਂ ਮੇਰੀ ਕਦਰ ਕੀਤੀ |' ਇਸ 'ਤੇ ਚੇਅਰਮੈਨ ਸਾਹਿਬ ਨੇ ਕਿਹਾ, 'ਨਕਲ ਮਿੱਠੀ ਜ਼ਹਿਰ ਵਾਂਗ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ | ਜੇ ਤੁਹਾਡੇ ਵਰਗੇ ਇਨਸਾਨ ਆਪਣੀ ਦਿੱਤੀ ਡਿਊਟੀ ਨੂੰ ਠੀਕ ਢੰਲ ਨਾਲ ਬਿਨਾਂ ਕੋਈ ਵਿਤਕਰਾ ਕੀਤਿਆਂ ਕਰਨ ਤਾਂ ਨਕਲ ਕਰਨ ਦੇ ਕੇਸ ਆਪਣੇ-ਆਪ ਖ਼ਤਮ ਹੋ ਜਾਣਗੇ | ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ |' ਹਰਮਿੰਦਰ ਕੌਰ ਮੈਡਮ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਆਪਣੇ-ਆਪ 'ਤੇ ਫ਼ਖ਼ਰ ਮਹਸੂਸ ਹੋਇਆ ਕਿ ਜੋ ਉਨ੍ਹਾਂ ਨੇ ਨਕਲ ਰੋਕਣ ਲਈ ਕਦਮ ਚੱੁਕਿਆ, ਉਹ ਸ਼ਲਾਘਾਯੋਗ ਸੀ |

-BXXV-261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ | ਮੋਬਾ: 97800-32199


ਖ਼ਬਰ ਸ਼ੇਅਰ ਕਰੋ

ਕਹਾਣੀ ਇਲੈਕਟ੍ਰਾਨ ਦੀ...

ਜੋਜ਼ਫ ਜਾੱਨ ਥਾਮਸਨ ਦਾ ਜਨਮ ਚੀਥਮ ਹਿੱਲ, ਮਾਨਚੈਸਟਰ, ਲੰਕਾਸ਼ਾਇਰ, ਇੰਗਲੈਂਡ ਵਿਖੇ ਮਾਤਾ ੲੈਮਾ ਸਵਿੰਡੇਲਸ ਅਤੇ ਪਿਤਾ, ਪੁਰਾਣੀਆਂ ਦੁਰਲੱਭ ਕਿਤਾਬਾਂ ਦੀ ਦੁਕਾਨ ਦੇ ਮਾਲਿਕ, ਜੋਜ਼ਫ ਜੇਮਸ ਥਾਮਸਨ ਦੇ ਘਰ ਹੋਇਆ ਸੀ | ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਇਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿਖੇ ਹੋਈ, ਜਿਥੇ ਉਨ੍ਹਾਂ ਨੇ ਅਦਭੁਤ ਪ੍ਰਤਿਭਾ ਅਤੇ ਵਿਗਿਆਨ ਵਿਚ ਰੁਚੀ ਦਾ ਪ੍ਰਦਰਸ਼ਨ ਕੀਤਾ | ਸੰਨ 1870 ਵਿਚ ਇਨ੍ਹਾਂ ਦਾ ਦਾਖਲਾ ਓਵੈਂਸ ਕਾਲਜ ਵਿਚ ਹੋਇਆ | ਥਾਮਸਨ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸ਼ਾਰਪ ਸਟੀਵਰਟ ਐਾਡ ਕੰਪਨੀ ਵਿਚ ਇਕ ਅਪ੍ਰੈਂਟਿਸ ਇੰਜੀਨੀਅਰ ਦੇ ਰੂਪ ਵਿਚ ਦਾਖਲ ਕਰਵਾ ਦਿੱਤਾ ਜਾਵੇ, ਪਰ ਪਿਤਾ ਦੇ ਦਿਹਾਂਤ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ | ਸੰਨ 1876 ਵਿਚ ਉਹ ਟਿ੍ਨਿਟੀ ਕਾਲਜ ਆ ਗਏ ਅਤੇ ਸੰਨ 1880 ਵਿਚ ਉਨ੍ਹਾਂ ਨੇ ਗਣਿਤ ਵਿਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1881 ਵਿਚ ਉਹ ਟਿ੍ਨਿਟੀ ਕਾਲਜ ਦੇ ਫੈਲੋ ਚੁਣੇ ਗਏ | ਸੰਨ 1883 ਵਿਚ ਐਮ.ਏ. ਦੀ ਡਿਗਰੀ ਉਪਰੰਤ 12 ਜੂਨ, 1884 ਨੂੰ ਉਨ੍ਹਾਂ ਨੂੰ ਰਾਇਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ | ਇਸ ਉਪਰੰਤ ਉਨ੍ਹਾਂ ਨੂੰ ਕੈਂਬਿ੍ਜ ਯੂਨੀਵਰਸਿਟੀ ਵਿਚ ਕੈਵੈਂਡਿਸ਼ ਪ੍ਰੋਫੈਸਰ ਆਫ ਫਿਜ਼ਿਕਸ ਚੁਣਿਆ ਗਿਆ | ਵਿਭਿੰਨ ਵਿਗਿਆਨਕਾਂ ਜਿਵੇਂ ਵਿਲਿਅਮ ਪ੍ਰਾਊਟ ਅਤੇ ਨਾਰਮਨ ਲਾੱਕਯਰ ਨੇ ਇਹ ਸੁਝਾਅ ਦਿੱਤਾ ਕਿ ਪਰਮਾਣੂ ਕੁਝ ਹੋਰ ਮੂਲਭੂਤ ਇਕਾਈਆਂ ਨਾਲ ਮਿਲ ਕੇ ਬਣਿਆ ਹੋਇਆ ਹੈ ਪਰ ਥਾਮਸਨ ਇਸ ਨੂੰ ਲਘੂਤਮ ਆਕਾਰ ਵਾਲੇ ਪਰਮਾਣੂ, ਹਾਈਡ੍ਰੋਜਨ ਨਾਲ ਮਿਲ ਕੇ ਬਣਿਆ ਹੋਇਆ ਮੰਨਦੇ ਸਨ |
ਉਨ੍ਹਾਂ ਨੇ ਸੰਨ 1887 ਵਿਚ ਪਹਿਲੀ ਵਾਰ ਸੁਝਾਅ ਦਿੱਤਾ ਸੀ ਕਿ ਇਸ ਦੀ ਮੂਲਭੂਤ ਇਕਾਈ ਪਰਮਾਣੂ ਦੇ 1000ਵੇਂ ਭਾਗ ਤੋਂ ਵੀ ਛੋਟੀ ਹੈ | ਇਸ ਤਰ੍ਹਾਂ ਉਨ੍ਹਾਂ ਨੇ ਪਰਮਾਣੂ ਕਣ ਦਾ ਸੁਝਾਅ ਦਿੱਤਾ, ਜਿਸ ਨੂੰ ਅੱਜ 'ਇਲੈਕਟ੍ਰਾਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਥਾਮਸਨ ਨੇ ਇਹ ਕੈਥੋਡ ਕਿਰਨਾਂ ਦੇ ਗੁਣਧਰਮਾਂ 'ਤੇ ਖੋਜ ਕਰਦੇ ਹੋਏ ਪਾਇਆ | ਉਨ੍ਹਾਂ ਨੇ 30 ਅਪ੍ਰੈਲ, 1897 ਨੂੰ ਆਪਣੀ ਪਲੇਠੀ ਖੋਜ ਵਿਚ ਪਾਇਆ ਕਿ ਕੈਥੋਡ ਕਿਰਨਾਂ ਹਵਾ ਵਿਚ ਪਰਮਾਣੂ ਆਕਾਰ ਵਾਲੇ ਕਣਾਂ ਤੋਂ ਕਈ ਗੁਣਾ ਵੱਧ ਤੇਜ਼ੀ ਨਾਲ ਗਤੀ ਕਰ ਸਕਦੀਆਂ ਹਨ | ਉਨ੍ਹਾਂ ਨੂੰ ਸੰਨ 1906 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, 1908 ਵਿਚ ਨਾਈਟਹੁੱਡ ਦੀ ਉਪਾਧੀ ਪ੍ਰਾਪਤ ਹੋਈ ਅਤੇ ਸੰਨ 1912 ਵਿਚ 'ਆਰਡਰ ਆੱਫ ਮੈਰਿਟ' ਵਿਚ ਨਿਯੁਕਤੀ ਮਿਲੀ | ਉਨ੍ਹਾਂ ਵਲੋਂ 1914 ਵਿਚ 'ਦ ਐਟੋਮਿਕ ਥਿਊਰੀ' 'ਤੇ ਆਕਸਫੋਰਡ ਯੂਨੀਵਰਸਿਟੀ ਵਿਖੇ ਭਾਸ਼ਣ ਦਿੱਤਾ ਗਿਆ | ਸੰਨ 1918 ਵਿਚ ਉਨ੍ਹਾਂ ਨੂੰ ਕੈਂਬਰਿਜ ਵਿਚ 'ਮਾਸਟਰ ਆਫ ਟਿ੍ਨਿਟੀ' ਕਾਲਜ ਦੇ ਅਹੁਦੇ 'ਤੇ ਸੁਸ਼ੋਭਿਤ ਕੀਤਾ ਗਿਆ ਅਤੇ ਉਹ ਜੀਵਨ ਭਰ ਉਸ ਅਹੁਦੇ 'ਤੇ ਬਣੇ ਰਹੇ |

maninderkaurcareers@gmail.com

ਛਿੱਕ ਕਿਉਂ ਆਉਂਦੀ ਹੈ?

ਪਿਆਰੇ ਬੱਚਿਓ! ਜਦ ਤੁਹਾਨੂੰ, ਤੁਹਾਡੇ ਸਾਥੀ ਜਾਂ ਕਿਸੇ ਹੋਰ ਸ਼ਖ਼ਸ ਨੂੰ ਛਿੱਕ ਆਉਂਦੀ ਹੈ ਤਾਂ ਅਕਸਰ ਤੁਸੀਂ ਸੋਚਦੇ ਹੋਵੋਗੇ ਕਿ ਛਿੱਕ ਕਿਉਂ ਆਉਂਦੀ ਹੈ? ਫਿਰ ਆਓ ਅਸੀਂ ਇਸ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਦੇ ਹਾਂ | ਜੇ ਦੇਖਿਆ ਜਾਵੇ ਤਾਂ ਛਿੱਕ ਆਉਣਾ ਮਨੱੁਖੀ ਸਰੀਰ ਦੀ ਸੁਭਾਵਿਕ ਕਿਰਿਆ ਹੈ ਜੋ ਕਿ ਸਾਡੀ ਇੱਛਾ ਤੋਂ ਬਿਨਾਂ ਹੀ ਹੁੰਦੀ ਹੈ | ਛਿੱਕ ਆਉਣ ਤੋਂ ਪਹਿਲਾਂ ਸਾਡੇ ਸਰੀਰ ਵਿਚ ਮਿੱਠੀ ਜਿਹੀ ਝੁਨਝੁਨਾਹਟ ਪੈਦਾ ਹੁੰਦੀ ਹੈ, ਨੱਕ-ਮੰੂਹ ਵਿਚੋਂ ਬੜੀ ਤੇਜ਼ੀ ਨਾਲ ਹਵਾ ਨਿਕਲਦੀ ਹੈ, ਜਿਸ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਹੁੰਦੀ ਹੈ | ਛਿੱਕ ਆਉਣ ਸਮੇਂ ਅੱਖਾਂ ਆਪਣੇ-ਆਪ ਹੀ ਬੰਦ ਹੋ ਜਾਂਦੀਆਂ ਹਨ | ਨੱਕ ਅੰਦਰਲੀ ਮਿਊਕਸ ਝਿੱਲੀ ਦੀਆਂ ਸੂਖਮ ਨਾੜਾਂ 'ਚ ਜਦ ਕਿਸੇ ਕਾਰਨ ਖੁਜਲਾਹਟ ਹੁੰਦੀ ਹੈ ਤਾਂ ਵੀ ਛਿੱਕ ਆਉਂਦੀ ਹੈ | ਕੁਝ ਲੋਕਾਂ ਨੂੰ ਜ਼ੁਕਾਮ ਹੋਣ ਜਾਂ ਕਿਸੇ ਖਾਸ ਖਾਧ ਪਦਾਰਥ ਤੋਂ ਐਲਰਜੀ ਹੋਣ ਕਰਕੇ ਲਗਾਤਾਰ ਛਿੱਕਾਂ ਵੀ ਆਉਣ ਲਗਦੀਆਂ ਹਨ | ਕਿਸੇ ਹਾਲਤ ਵਿਚ ਜਦ ਕੋਈ ਕਾਗਜ਼ ਦਾ ਟੁਕੜਾ ਜਾਂ ਕੋਈ ਹੋਰ ਬਰੀਕ ਜਿਹੀ ਚੀਜ਼ ਨੱਕ ਅੰਦਰ ਚਲੀ ਜਾਂਦੀ ਹੈ ਤਾਂ ਨੱਕ ਦੀ ਝਿੱਲੀ 'ਚ ਸੁਰਸੁਰਾਹਟ ਪੈਦਾ ਹੋਣ ਅਤੇ ਇਸ ਵਸਤੂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵਜੋਂ ਵੀ ਛਿੱਕਾਂ ਆਉਂਦੀਆਂ ਹਨ |
ਪਿਆਰੇ ਦੋਸਤੋ! ਪੁਰਾਤਨ ਸਮੇਂ ਤੋਂ ਹੀ ਸਾਡੇ ਸਮਾਜ ਵਿਚ ਛਿੱਕ ਸਬੰਧੀ ਅਨੇਕਾਂ ਅੰਧ-ਵਿਸ਼ਵਾਸ ਪ੍ਰਚੱਲਿਤ ਹਨ, ਜਿਵੇਂ ਕਿ ਘਰੋਂ ਬਾਹਰ ਨਿਕਲਣ ਜਾਂ ਕਿਸੇ ਸ਼ੱੁਭ ਕੰਮ ਦੇ ਆਰੰਭ ਸਮੇਂ ਜੇ ਛਿੱਕ ਆ ਜਾਵੇ ਤਾਂ ਛਿੱਕ ਨੂੰ ਬਦਸ਼ਗਨੀ ਮੰਨਦਿਆਂ ਕਈ ਲੋਕ ਕੁਝ ਦੇਰ ਲਈ ਰੁਕ ਜਾਂਦੇ ਹਨ | ਪਰ ਸਾਨੂੰ ਇਹੋ ਜਿਹੇ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ | ਅਕਸਰ ਸਿਹਤ ਮਾਹਿਰਾਂ ਦੀ ਰਾਇ ਹੈ ਕਿ ਛਿੱਕ ਆਉਣ ਸਮੇਂ ਨੱਕ ਜਾਂ ਮੰੂਹ ਨੂੰ ਭੱੁਲ ਕੇ ਵੀ ਆਪਣੀ ਹਥੇਲੀ ਜਾਂ ਉਂਗਲੀਆਂ ਨਾਲ ਜ਼ੋਰ ਦੀ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਨੱਕ-ਮੰੂਹ ਅੰਦਰੋਂ ਨਿਕਲ ਰਹੇ ਹਵਾ ਦੇ ਤੇਜ਼ ਵੇਗ 'ਚ ਰੁਕਾਵਟ ਸਦਕਾ ਅੰਦਰੂਨੀ ਸੂਖਮ ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ |

-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) | ਮੋਬਾ: 98726-48140

ਅਨਮੋਲ ਬਚਨ

• ਜਦੋਂ ਕਦੇ ਆਪ 'ਤੇ ਹੰਕਾਰ ਆ ਜਾਵੇ ਤਾਂ ਮਿੱਟੀ ਤੋਂ ਪੱੁਛ ਲੈਣਾ ਕਿ ਵਿਸ਼ਵ ਵਿਜੇਤਾ ਸਿਕੰਦਰ ਕਿੱਥੇ ਗਿਆ |
• ਜਿਸ ਜ਼ਖ਼ਮ ਤੋਂ ਖੂਨ ਨਹੀਂ ਨਿਕਲਦਾ, ਸਮਝ ਲੈਣਾ ਉਹ ਜ਼ਖਮ ਕਿਸੇ ਆਪਣੇ ਨੇ ਦਿੱਤਾ ਹੈ |
• ਪ੍ਰੇਸ਼ਾਨੀ ਵਿਚ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ, ਕਿਉਂਕਿ ਸਲਾਹ ਗ਼ਲਤ ਹੋ ਸਕਦੀ ਹੈ, ਸਾਥ ਨਹੀਂ |
• ਅੱਜ ਦੇ ਜ਼ਮਾਨੇ ਵਿਚ ਕਿਸੇ ਨੂੰ ਇਹ ਮਹਿਸੂਸ ਨਾ ਹੋਣ ਦੇਣਾ ਕਿ ਤੁਸੀਂ ਅੰਦਰੋਂ ਟੱੁਟੇ ਹੋਏ ਹੋ, ਕਿਉਂਕਿ ਲੋਕ ਟੱੁਟੇ ਹੋਏ ਮਕਾਨ ਦੀਆਂ ਇੱਟਾਂ ਤੱਕ ਚੱੁਕ ਕੇ ਲੈ ਜਾਂਦੇ ਹਨ |
• ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਮਨੱੁਖ ਪਹਾੜਾਂ ਤੋਂ ਨਹੀਂ, ਪੱਥਰਾਂ ਤੋਂ ਠੋਕਰ ਖਾਂਦਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) |
ਮੋਬਾ: 95018-10181

ਲੜੀਵਾਰ ਨਾਵਲ-4: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਪਰ ਜਮਨਾ ਦਾਸ ਉੱਪਰ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ | ਅਸੰਭਵ ਸ਼ਬਦ ਸ਼ਾਇਦ ਉਨ੍ਹਾਂ ਦੇ ਸ਼ਬਦ ਕੋਸ਼ ਵਿਚ ਸ਼ਾਮਿਲ ਨਹੀਂ ਸੀ | ਅਖ਼ਬਾਰਾਂ ਵਿਚ ਅਕਸਰ ਸੰਪਾਦਕ ਦੀ ਡਾਕ ਵਿਚ ਉਨ੍ਹਾਂ ਦੇ ਇਸ ਗੱਡੀ ਦੇ ਰੁਕਣ ਦੀ ਮੰਗ ਨੂੰ ਜਾਇਜ਼ ਜ਼ਾਹਿਰ ਕਰਦੇ ਪੱਤਰ ਛਪਦੇ ਰਹਿੰਦੇ | ਪੰਡਿਤ ਜੀ ਇਹ ਪੱਤਰ ਪੜ੍ਹਦੇ ਤੇ ਖੁਸ਼ ਹੁੰਦੇ | ਕਦੀ-ਕਦੀ ਕਿਸੇ ਅਖ਼ਬਾਰ ਦੀ ਸੰਪਾਦਕੀ ਵੀ ਉਨ੍ਹਾਂ ਦੀ ਮੰਗ ਦੇ ਹੱਕ ਵਿਚ ਛਪ ਜਾਂਦੀ | ਇਹ ਪੜ੍ਹ ਕੇ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲਦਾ | ਭਾਵੇਂ ਕਈ ਵਾਰੀ ਉਨ੍ਹਾਂ ਦੇ ਲੜਕੇ ਕਾਹਲੇ ਵੀ ਪੈ ਜਾਂਦੇ ਪਰ ਪੰਡਿਤ ਜੀ ਅੱਗਿਓਾ ਕਿਹਾ ਕਰਦੇ, 'ਕਲਮ ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੁਹਾਨੂੰ ਪਤਾ ਈ ਏ ਨਾ... ਤੁਸੀਂ ਦੇਖਿਓ ਇਕ ਦਿਨ ਇਸ ਕਲਮ ਦੀ ਤਾਕਤ... ਬਸ ਥੋੜ੍ਹੀ ਉਡੀਕ ਕਰੋ... |'
ਇਹੋ ਜਿਹੀਆਂ ਗੱਲਾਂ ਆਖਦਿਆਂ ਹੀ ਪੰਡਿਤ ਜਮਨਾ ਦਾਸ ਦੇ ਚਿਹਰੇ ਉੱਪਰ ਇਕ ਅਨੋਖੀ ਰੌਣਕ ਆ ਜਾਂਦੀ | ਉਨ੍ਹਾਂ ਦੀਆਂ ਅੱਖਾਂ ਵਿਚ ਇਕ ਅਨੋਖੀ ਆਸ਼ਾਵਾਦੀ ਕਿਰਨ ਚਮਕਦੀ ਮਹਿਸੂਸ ਹੁੰਦੀ... | ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਪੰਡਿਤ ਜੀ ਦੀ ਜ਼ਿੰਦਗੀ ਦਾ ਇਕੋ-ਇਕ ਉਦੇਸ਼ 'ਮਾਲਵਾ ਐਕਸਪ੍ਰੈੱਸ' ਨੂੰ ਦਸੂਹੇ ਰੁਕਵਾਉਣਾ ਹੀ ਹੋਵੇ |
ਡੌਲੀ ਸਮੇਤ ਅੱਜ ਉਸ ਦੀ ਕਲਾਸ ਦੇ ਸਾਰੇ ਬੱਚੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ | ਐਤਵਾਰ ਦੀ ਛੱੁਟੀ ਪਿੱਛੋਂ ਆਪਣੇ ਸਕੂਲ ਦੀ ਵਰਦੀ ਵਿਚ ਬੈਠੇ ਬੱਚੇ ਬਹੁਤ ਚੁਸਤ ਨਜ਼ਰ ਆ ਰਹੇ ਸਨ | ਘਾਹ ਦੇ ਮੈਦਾਨ ਵਿਚ ਬੈਠੇ ਬੱਚੇ ਫੱੁਲਾਂ ਦੀਆਂ ਕਿਆਰੀਆਂ ਵਿਚ ਘਿਰੇ ਖੁਦ ਫੱੁਲਾਂ ਵਰਗੇ ਲੱਗ ਰਹੇ ਸਨ | ਸਾਰਿਆਂ ਦੇ ਚਿਹਰਿਆਂ ਉੱਪਰ ਇਕ ਅਨੋਖੀ ਮੁਸਕਾਨ ਤੇ ਉਤਸ਼ਾਹ ਸੀ |
'ਅੱਛਾ ਡੌਲੀ, ਤੰੂ ਇਹ ਤਾਂ ਦੱਸ ਦਿੱਤਾ ਪਈ ਤੇਰੇ ਦਾਦਾ ਜੀ ਹੀ 'ਹੀ ਮੈਨ' ਜਾਂ 'ਸ਼ਕਤੀਮਾਨ' ਬਣਨ ਜਾ ਰਹੇ ਹਨ ਤੇ 'ਮਾਲਵਾ ਐਕਸਪ੍ਰੈੱਸ' ਗੱਡੀ ਰੋਕਣ ਜਾ ਰਹੇ ਹਨ ਪਰ ਤੰੂ ਇਹ ਨਹੀਂ ਦੱਸਿਆ ਪਈ ਉਹ ਕਿਹੜੇ ਤਰੀਕੇ ਨਾਲ ਇਹ ਕੰਮ ਕਰਨਗੇ... |' ਰਾਜਨ ਨੇ ਹੋਰ ਬੱਚਿਆਂ ਦੀ ਉਤਸੁਕਤਾ ਦੇਖ ਕੇ ਪੱੁਛਿਆ |
'ਰਾਜਨ ਵੀਰੇ! ਉਨ੍ਹਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਜਿਸ ਨਾਲ ਉਹ ਗੱਡੀ ਰੋਕ ਦੇਣਗੇ... ਪਰ ਉਨ੍ਹਾਂ ਕੋਲ ਇਕ ਐਸੀ ਤਾਕਤ ਏ, ਐਸੀ ਸ਼ਕਤੀ ਏ, ਜਿਸ ਨਾਲ ਉਹ ਇਹ ਕੰਮ ਕਰਨਗੇ |'
'ਡੌਲੀ, ਉਹ ਕਿਹੜੀ ਤਾਕਤ ਏ? ਇਹੀਓ ਤੇ ਮੈਂ ਪੱੁਛ ਰਿਹਾਂ... |'
'ਵੀਰੇ! ਉਹ ਤਾਕਤ ਏ ਕਲਮ ਦੀ... ਦਾਦਾ ਜੀ ਕਿਹਾ ਕਰਦੇ ਨੇ ਕਲਮ (ਪੈੱਨ) ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੇ ਇਸ ਕਲਮ ਨਾਲ ਤੁਸੀਂ ਆਪਣੇ ਵਿਚਾਰਾਂ ਦਾ ਜਾਦੂਮਈ ਪ੍ਰਭਾਵ ਪਾ ਕੇ ਕਿਸੇ ਵੀ ਕੰਮ ਵਿਚ ਸਫਲ ਹੋ ਸਕਦੇ ਹੋ | ਮੇਰੇ ਦਾਦਾ ਜੀ ਚਿੱਠੀਆਂ ਲਿਖਦੇ ਰਹਿੰਦੇ ਨੇ, ਅਖ਼ਬਾਰਾਂ ਵਿਚ, ਇਲਾਕੇ ਦੇ ਐਮ.ਐਲ.ਏ. ਜਾਂ ਐਮ. ਪੀ. ਨੂੰ ਰੇਲਵੇ ਮਨਿਸਟਰ ਜਾਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਿਸ ਵਿਚ ਉਹ ਆਪਣੀ ਹੱਕੀ ਮੰਗ ਵਧੀਆ ਢੰਗ ਨਾਲ ਪੇਸ਼ ਕਰਦੇ ਨੇ... |'
'ਗੱਲ ਤੇ ਕੁਝ-ਕੁਝ ਠੀਕ ਲਗਦੀ ਏ ਡੌਲੀ ਦੀ... |' ਤੇਜਿੰਦਰ ਬੋਲਿਆ |
'ਕੁਝ-ਕੁਝ ਨਹੀਂ ਤਜਿੰਦਰ ਵੀਰ ਜੀ... ਮੇਰੀ ਸਾਰੀ ਗੱਲ ਈ ਠੀਕ ਏ | ਜਿੰਨਾ ਲਿਖ ਕੇ ਅਸੀਂ ਆਪਣੇ ਵਿਚਾਰਾਂ ਨੂੰ ਸਮਝਾ ਸਕਦੇ ਹਾਂ, ਓਨਾ ਸ਼ਾਇਦ ਬੋਲ ਕੇ ਨਹੀਂ | ਪਰ ਸ਼ਰਤ ਇਹ ਵੇ ਪਈ ਤੁਹਾਡੇ ਵਿਚਾਰਾਂ ਵਿਚ ਤਾਕਤ ਚਾਹੀਦੀ ਏ | ਅਖ਼ਬਾਰਾਂ ਵਿਚ ਛਪਣ ਨਾਲ ਇਹ ਗੱਲ ਲੋਕਾਂ ਵਿਚ ਪਹੁੰਚਦੀ ਏ... ਲੋਕ ਦਿਲੋਂ ਇਹ ਗੱਲ ਮਹਿਸੂਸ ਕਰਦੇ ਨੇ ਪਈ ਗੱਡੀ ਜ਼ਰੂਰ ਦਸੂਹੇ ਰੁਕਣੀ ਚਾਹੀਦੀ ਏ |' ਡੌਲੀ ਆਖ ਰਹੀ ਸੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੁਝਾਰਤ-50

ਬੱਚਿਓ ਦੇਖਿਆ ਮੈਂ ਇਕ ਗਰਾਂ,
ਗੁੜ ਵਰਗਾ ਮਿੱਠਾ ਉਹਦਾ ਨਾਂਅ |
ਲੋਕਾਂ ਅੱਜ ਵੀ ਫੜੀ ਹੈ ਹਿੰਡ,
ਹੈ ਤਾਂ ਸ਼ਹਿਰ ਪਰ ਕਹਿੰਦੇ ਪਿੰਡ |
ਕੇਂਦਰ ਅਤੇ ਸੂਬਾ ਸਰਕਾਰ,
ਪਿੰਡ ਲਿਖਣ ਨੂੰ ਨਹੀਂ ਤਿਆਰ |
ਭਾਰਤ ਦੇਸ਼, ਸੂਬਾ ਹਰਿਆਣਾ,
ਬਾਤ ਬੁੱਝੂ ਕੋਈ ਬੱਚਾ ਸਿਆਣਾ |
ਅਖਬਾਰ ਵਿਚੋਂ ਬੁਝਾਰਤ ਪੜ੍ਹ ਕੇ,
ਭਲੂਰੀਏ ਦਾ ਨੰਬਰ ਡਾਇਲ ਕਰਕੇ |
ਹਰਿਆਣੇ ਤੋਂ ਫੋਨ ਕੀਤਾ ਛੋਹਰੇ,
ਯੇਹ ਸ਼ਹਿਰ ਤੋ ਪਾਸ ਹੈ ਮੋਰੇ |
—0—
ਹਵਾ ਸਿੰਘ ਹੈ ਮੇਰਾ ਨਾਮ,
ਇਸ ਸ਼ਹਿਰ ਕਾ ਨਾਮ ਗੁੜਗਾਂਵ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਲਹੂ ਭਿੱਜੀ ਮਿੱਟੀ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ-ਹੁਸ਼ਿਆਰਪੁਰ |
ਮੁੱਲ : 50 ਰੁਪਏ, ਪੰਨੇ : 40
ਸੰਪਰਕ : 99151-82971
ਪੰਜਾਬੀ ਬਾਲ ਸਾਹਿਤ ਵਿਚ ਇਤਿਹਾਸਕ ਨਜ਼ਰੀਏ ਤੋਂ ਕਾਫੀ ਰਚਨਾ ਹੋਈ ਹੈ | ਇਸ ਸੰਦਰਭ ਵਿਚ ਅਵਤਾਰ ਸਿੰਘ ਸੰਧੂ ਨੇ 'ਲਹੂ ਭਿੱਜੀ ਮਿੱਟੀ' ਨਾਵਲ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਬੁਨਿਆਦੀ ਤੌਰ 'ਤੇ ਜਲਿ੍ਹਆਂ ਵਾਲਾ ਬਾਗ ਦੇ ਸਾਕੇ ਨੂੰ ਆਧਾਰ ਬਣਾਇਆ ਗਿਆ ਹੈ | ਨਾਵਲਕਾਰ ਇਸ ਨਾਵਲ ਦੇ ਆਰੰਭ ਵਿਚ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ, ਉਸ ਦੀ ਭੈਣ ਅਮਰੋ ਅਤੇ ਗੁਆਂਢਣ ਦੀ ਵਾਰਤਾਲਾਪ ਹੈ | ਅੰਮਿ੍ਤਸਰ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਪਹਿਲੇ ਕਾਂਡ ਦੀ ਸ਼ੁਰੂਆਤ ਕਰਦਾ ਹੈ | ਪਿਛਲਝਾਤ ਵਿਧੀ ਨਾਲ ਸਿਰਜੇ ਇਸ ਇਤਿਹਾਸਕ ਨਾਵਲ ਵਿਚ ਜਲਿ੍ਹਆਂ ਵਾਲੇ ਬਾਗ ਦੇ ਗੋਲੀ ਕਾਂਡ, ਬਾਲ ਭਗਤ ਸਿੰਘ ਦੀ ਇਸ ਘਟਨਾ ਬਾਰੇ ਪ੍ਰਤੀਕਿਰਿਆ, ਉਸ ਦਾ ਘਰਦਿਆਂ ਤੋਂ ਆਗਿਆ ਲੈ ਕੇ ਅੰਮਿ੍ਤਸਰ ਰਵਾਨਾ ਹੋਣਾ, ਜਲਿ੍ਹਆਂ ਵਾਲਾ ਬਾਗ ਪੁੱਜ ਕੇ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਮਿੱਟੀ ਨੂੰ ਨਾਲ ਲਿਆਂਦੀ ਸ਼ੀਸ਼ੀ ਵਿਚ ਪਾਉਣਾ ਅਤੇ ਉਸ ਲਹੂ ਭਿੱਜੀ ਮਿੱਟੀ ਨੂੰ ਤੱਕ-ਤੱਕ ਕੇ ਅੰਗਰੇਜ਼ ਹਕੂਮਤ ਤੋਂ ਬਦਲਾ ਲੈਣ ਦੀ ਭਾਵਨਾ ਦਾ ਪੈਦਾ ਹੋਣਾ ਆਦਿ ਘਟਨਾਵਾਂ ਇਸ ਨਾਵਲ ਦੇ ਇਕ ਮਿਆਰੀ ਰਚਨਾ ਹੋਣ ਦੀ ਸ਼ਾਹਦੀ ਭਰਦੇ ਹਨ | ਇਸ ਬਾਲ ਨਾਵਲ ਵਿਚ ਬਾਲ ਭਗਤ ਸਿੰਘ ਇਕ ਅਜਿਹੇ ਜਾਂਬਾਜ਼ ਨਾਇਕ ਵਜੋਂ ਉੱਭਰਦਾ ਹੈ, ਜੋ ਆਪਣੇ ਦੇਸ਼ ਲਈ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾ ਦਿੰਦਾ ਹੈ ਅਤੇ ਕੁਰਬਾਨੀ ਦੀ ਬੇਮਿਸਾਲ ਉਦਾਹਰਨ ਬਣਦਾ ਹੈ | ਇਹ ਬਾਲ ਨਾਵਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਦਿ੍ੜ੍ਹ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਇਹ ਸੁਨੇਹਾ ਵੀ ਦਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਜ਼ੁਲਮ ਅਤੇ ਜਬਰ ਨਾਲ ਟੱਕਰ ਲੈਣ ਲਈ ਤਤਪਰ ਰਹਿਣਾ ਚਾਹੀਦਾ ਹੈ | ਪਾਤਰਾਂ ਦੇ ਸੰਵਾਦ ਸੰਖੇਪ ਅਤੇ ਦਿਲਚਸਪ ਹਨ | ਕੁੱਲ ਮਿਲਾ ਕੇ ਇਹ ਪੁਸਤਕ ਇਤਿਹਾਸਕ ਬਾਲ ਨਾਵਲ ਦੀ ਪਰੰਪਰਾ ਨੂੰ ਅੱਗੇ ਤੋਰਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਨਿੱਕੇ ਬੱਚੇ ਆਏ ਪ੍ਰਾਹੁਣੇ

ਮਾਸੀ ਆਖੇ ਬੱਚਿਆਂ ਆਉਣਾ,
ਚਿੱਟੀ ਹਫ਼ਤਾ ਇਕ ਬਿਤਾਉਣਾ |
ਬੱਚੇ ਹੁੰਦੇ ਰੱਬ ਦੀ ਦਾਤ,
ਸਾਰੇ ਬੱਚੇ ਬੜੀ ਸੌਗਾਤ |
ਜਦੋਂ ਤਿਆਰੀ ਲੱਗੀ ਹੋਣ,
ਆਉਣ ਲੱਗ ਪਏ ਟੈਲੀਫੋਨ |
ਸਾਰੇ ਆ ਗਏ ਘੱਤ ਵਹੀਰਾਂ,
ਭੋਲੀ, ਰੀਮਾ, ਦੀਪੂ, ਬੀਰ੍ਹਾਂ |
ਆਉਂਦਿਆਂ ਠੰਢੇ ਅਸੀਂ ਮੰਗਾਏ,
ਭੁਜੀਆ ਬਿਸਕੁਟ ਨਾਲ ਖੁਆਏ |
ਮਮਤਾ ਕਹਿੰਦੀ ਚਾਹ ਬਣਾ ਲਓ,
ਵੇਸਣ, ਬਰਫ਼ੀ ਨਾਲ ਮੰਗਾ ਲਓ |
ਰੋਟੀ, ਸਬਜ਼ੀ, ਦਾਲ ਬਣਾਈ,
ਖਾਂਦੇ ਪਾਉਂਦੇ ਹਾਲ ਦੁਹਾਈ |
ਬੱਚਿਆਂ ਘਰ ਦੀਆਂ ਜੜ੍ਹਾਂ ਹਿਲਾਈਆਂ,
ਚੀਜ਼ਾਂ ਕਿਤੇ ਸੀ, ਕਿਤੇ ਪੁਚਾਈਆਂ |
ਘਰ ਦਾ ਸਭ ਕੁਝ ਭੰਨੀਂ ਜਾਂਦੇ,
ਰੱਸੀਆਂ ਦੇ ਨਾਲ ਬੰਨ੍ਹੀਂ ਜਾਂਦੇ |
ਨਿੱਕੇ ਪ੍ਰਾਹੁਣਿਆਂ ਰੌਣਕ ਲਾਈ,
ਸਾਡੀ ਸਭ ਦੀ ਸੁਰਤ ਭੁਲਾਈ |
ਕੋਈ ਚੀਜ਼ ਨਾ ਰਹੀ ਟਿਕਾਣੇ,
ਖਿਲਾਰਾ ਪਾ ਗਏ ਸਾਡੇ ਭਾਣੇ |
ਹਫ਼ਤਾ ਰਹਿ ਉਦਾਸੀ ਪਾ ਗਏ,
ਛੱੁਟੀਆਂ ਵਿਚ ਪ੍ਰਾਹੁਣੇ ਆ ਗਏ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਬਾਲ ਕਵਿਤਾ: ਆਪਣਾ ਦੇਸ਼ ਸਭ ਤੋਂ ਪਿਆਰਾ

ਬਾਹਰ ਜਾਣ ਦਾ ਭੂਤ ਸਿਰਾਂ ਤੋਂ ਬੱਚਿਓ ਤੁਸੀਂ ਉਤਾਰੋ,
ਪੜ੍ਹ-ਲਿਖ ਕੇ ਕਰੋ ਤਰੱਕੀ ਦੇਸ਼ ਦਾ ਕੁਝ ਸਵਾਰੋ |
ਦੇਸ਼ ਆਪਣੇ ਵਰਗੀਆਂ ਮੌਜਾਂ ਹੋਰ ਕਿਤੇ ਨਾ ਮਿਲਣ,
ਦੂਜੇ ਮੁਲਕ ਗੁਲਾਮੀ ਕਰਕੇ ਨਾ ਅਣਖ ਆਪਣੀ ਮਾਰੋ |
ਨਾ ਹੀ ਉਥੇ ਬਾਪੂ ਮਿਲਣਾ, ਨਾ ਹੀ ਮਾਂ ਦਾ ਪਿਆਰ,
ਬੱੁਢਿਆਂ ਮਾਪਿਆਂ ਨੂੰ ਨਾ ਜਾ ਕੇ ਦਿਲੋਂ ਕਦੇ ਵਿਸਾਰੋ |
ਆਪਣੇ ਦੇਸ਼ 'ਚ ਕੀ ਨਹੀਂ ਹੈਗਾ, ਮਿੱਟੀ ਉਗਲੇ ਸੋਨਾ,
ਕਰੋ ਮਿਹਨਤਾਂ ਲਵੋ ਨਜ਼ਾਰੇ, ਸੋਹਣਾ ਜੀਵਨ ਗੁਜ਼ਾਰੋ |
ਬਾਹਰ ਜਾ ਕੇ ਕਈ ਭੱੁਲ ਜਾਂਦੇ ਨੇ, ਦੇਸ਼ ਆਪਣੇ ਦਾ ਪਿਆਰ,
ਡਾਲਰ, ਪੌਾਡ ਦੀ ਦੌੜ ਵਿਚ ਨਾ ਬਲੀ ਰਿਸ਼ਤਿਆਂ ਦੀ ਚਾੜ੍ਹੋ |
ਜਿਥੇ ਜੰਮੇ, ਪਲੇ ਆਪਾਂ ਹਾਂ, ਉਸ ਨੂੰ ਬੁਰਾ ਨਾ ਆਖੋ,
ਦੇਸ਼ ਆਪਣਾ ਹੈ ਸੂਰਬੀਰਾਂ ਦਾ, ਇਤਿਹਾਸ 'ਤੇ ਨਜ਼ਰ ਮਾਰੋ |
ਭਗਤ ਸਿੰਘ, ਸੁਖਦੇਵ, ਸਰਾਭੇ, ਹੱਸ ਕੇ ਫਾਂਸੀਆਂ ਚੁੰਮੀਆਂ,
ਸਕਾਰ ਕਰੋ ਸੁਪਨੇ ਉਨ੍ਹਾਂ ਦੇ, ਫੱੁਲ ਉਨ੍ਹਾਂ 'ਤੇ ਚਾੜ੍ਹੋ |
ਆਪਣਾ ਘਰ ਤਾਂ ਆਪਣਾ ਹੁੰਦਾ, ਬੇਸ਼ੱਕ ਹੋਵੇ ਕੱਚਾ,
'ਬਸਰੇ' ਦੇਖ ਕੇ ਦੂਜਿਆਂ ਦੇ ਨਾ, ਆਪਣਾ ਘਰ ਉਜਾੜੋ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 97790-43348

ਹੇਠਾਂ ਦੇਖੋ ਬੱੁਝੋ ਬਾਤ

1. ਬਾਪੂ ਦੇ ਕੰਨ 'ਚ ਮਾਂ ਵੜਗੀ |
2. ਚਾਚੇ ਆਖੇ ਲਗਦੇ ਨੀਂ,
ਮਾਮੇ ਆਖੇ ਲਗਦੇ |
3. ਚਲਦੀ ਹੈ ਪਰ ਖੜ੍ਹੀ ਹੈ |
4. ਛਪੜੀ ਸੱੁਕ ਗਈ, ਟੀਟੋ ਮਰ ਗਈ |
5. ਵੱਡੀ ਨੂੰ ਹ ਨੇ ਅੱਡ ਕੀਤੇ,
ਛੋਟੀ ਨੂੰ ਹ ਨੇ 'ਕੱਠੇ ਕੀਤੇ |
6. ਬਾਹਰੋਂ ਆਇਆ ਇਕ ਸਿਪਾਹੀ,
ਖਿੱਚ-ਖਿੱਚ ਕੇ ਵਰਦੀ ਲਾਹੀ |
7. ਨੱਕ 'ਤੇ ਬੈਠੀ ਕੰਨ ਫੜੇ |

-ਜੋਧ ਸਿੰਘ ਮੋਗਾ,
210, ਜਮੀਅਤ ਸਿੰਘ ਰੋਡ, ਮੋਗਾ |
ਮੋਬਾ: 62802-58057

ਆਓ ਜਾਣੀਏ ਕੰਪਿਊਟਰ ਦੇ ਭਵਿੱਖ ਬਾਰੇ

ਪਿਆਰੇ ਬੱਚਿਓ, ਕੰਪਿਊਟਰ ਅੱਜ ਸਾਡੀ ਜ਼ਿੰਦਗੀ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ | ਕੰਪਿਊਟਰ ਹਰੇਕ ਖੇਤਰ ਜਿਵੇਂ ਕਿ ਸਿਹਤ, ਸਿੱਖਿਆ, ਵਕਾਲਤ, ਇੰਜੀਨੀਅਰਿੰਗ, ਪਿੰ੍ਰਟਿੰਗ, ਕਾਰਖਾਨਿਆਂ, ਰੇਲਵੇ, ਹਵਾਈ ਜਹਾਜ਼ਾਂ, ਪੁਲਾੜ ਟੈਕਨਾਲੋਜੀ, ਟ੍ਰੈਫਿਕ ਕੰਟਰੋਲ ਅਤੇ ਹੋਰ ਅਨੇਕਾਂ ਕੰਮਾਂ ਨੂੰ ਪੂਰਨ ਕਰਨ ਵਿਚ ਸਾਡੀ ਸਹਾਇਤਾ ਕਰਦਾ ਹੈ | ਕੰਪਿਊਟਰ ਤਕਨੀਕ ਦਾ ਬਹੁਤ ਹੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ | ਕੰਪਿਊਟਰ ਦਾ ਆਕਾਰ ਚਾਹੇ ਛੋਟਾ ਹੋ ਰਿਹਾ ਹੈ ਪਰ ਇਸ ਦੀ ਰਫ਼ਤਾਰ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ | ਇਕ ਸਰਵੇ ਦੇ ਮੁਤਾਬਿਕ ਲਗਪਗ ਹਰ 18 ਮਹੀਨੇ ਬਾਅਦ ਮਾਈਕ੍ਰੋਪ੍ਰੋਸੈੱਸਰਾਂ ਦੀ ਗਣਨਾ ਕਰਨ ਦੀ ਰਫ਼ਤਾਰ ਦੱੁਗਣੀ ਹੋ ਰਹੀ ਹੈ | ਕੰਪਿਊਟਰ ਦੇ ਲਗਾਤਾਰ ਹੋ ਰਹੇ ਵਿਕਾਸ ਕਾਰਨ ਅਸੀਂ ਜੋ ਕੰਮ ਪਹਿਲਾਂ ਹੱਥਾਂ ਨਾਲ ਕਰਦੇ ਸੀ, ਉਨ੍ਹਾਂ ਨੂੰ ਹੁਣ ਅਸੀਂ ਕੰਪਿਊਟਰ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਨਾਲ ਸਾਡੀ ਜ਼ਿੰਦਗੀ ਬਹੁਤ ਹੀ ਸੁਖਾਲੀ ਹੋ ਗਈ ਹੈ | ਆਉਣ ਵਾਲੇ ਸਮੇਂ ਵਿਚ ਕੰਪਿਊਟਰ ਤਕਨਾਲੋਜੀ ਵਿਚ ਹੋਰ ਵਿਕਾਸ ਅਤੇ ਖੋਜਾਂ ਹੋਣਗੀਆਂ, ਜਿਸ ਨਾਲ ਮਨੱੁਖ ਦੀ ਕੰਪਿਊਟਰ ਉੱਪਰ ਨਿਰਭਰਤਾ ਹੋਰ ਵਧ ਜਾਵੇਗੀ | ਜੋ ਕੰਮ ਅੱਜ ਅਸੰਭਵ ਲੱਗ ਰਹੇ ਹਨ, ਉਹ ਕੰਪਿਊਟਰ ਦੀ ਨਵੀਂ ਤਕਨੀਕ ਨਾਲ ਸੰਭਵ ਹੋ ਜਾਣਗੇ |
ਦੂਜੇ ਪਾਸੇ ਕੰਪਿਊਟਰ ਹੈਕਿੰਗ ਦੀ ਸਮੱਸਿਆ ਵਿਚ ਵੀ ਵਿਸ਼ਾਲ ਵਾਧਾ ਹੋਵੇਗਾ | ਕਈ ਨਵੇਂ ਤਰ੍ਹਾਂ ਦੇ ਵਾਇਰਸ ਵੀ ਕੰਪਿਊਟਰ ਡਾਟਾ ਨੂੰ ਪ੍ਰਭਾਵਿਤ ਕਰਨਗੇ | ਸਾਇਬਰ ਸੁਰੱਖਿਆ ਵੀ ਇਕ ਚੁਣੌਤੀ ਬਣ ਜਾਵੇਗਾ | ਇਸ ਲਈ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਪਵੇਗੀ |

-ਮੋਗਾ | ਮੋਬਾ: 82838-00190

ਗਿਆਨ ਦੀਆਂ ਬਾਤਾਂ

* ਸੰਸਦ ਲੰਡਨ ਦਾ ਭਵਨ : ਲੰਡਨ ਵਿਖੇ ਸਥਿਤ ਸੰਸਦ ਭਵਨ ਨੂੰ 'ਵੈਸਟ ਮਿਨਸਟਰ ਪੈਲੇਸ' ਵੀ ਕਿਹਾ ਜਾਂਦਾ ਹੈ | ਇੱਥੋਂ ਦੇ ਮਸ਼ਹੂਰ ਘੰਟਾ ਘਰ ਨੂੰ ਦੁਨੀਆ ਵਿਚ 'ਬਿਗ ਬੈੱਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਦੇ ਅੰਦਰ ਇਕ ਵੱਡ-ਆਕਾਰੀ ਘੰਟਾ ਲੱਗਾ ਹੋਇਆ ਹੈ, ਜਿਹੜਾ ਪਹਿਲੀ ਵਾਰ ਸੰਨ 1959 ਵਿਚ ਵੱਜਿਆ ਸੀ |
* ਰੋਮ ਦਾ ਕੋਲੋਜ਼ਮ ਭਵਨ : ਇਹ ਇਤਿਹਾਸਕ ਇਮਾਰਤ ਲਗਪਗ ਦੋ ਹਜ਼ਾਰ ਸਾਲ ਪੁਰਾਣੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦੇ ਨਿਰਮਾਣ ਵਿਚ 10 ਸਾਲ ਦਾ ਸਮਾਂ ਲੱਗਾ ਸੀ | ਇਸ ਇਮਾਰਤ ਵਿਚ 50 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਸੀ ਤੇ ਇਥੇ ਗਲੈਡੀਏਟਰਜ਼ ਭਾਵ ਯੋਧਿਆਂ ਦੇ ਯੁੱਧ ਕਰਤਬ ਵੇਖੇ ਜਾਂਦੇ ਸਨ ਤੇ ਕਈ ਹੋਰ ਮਨੋਰੰਜਕ ਪ੍ਰੋਗਰਾਮ ਵੀ ਇੱਥੇ ਕਰਵਾਏ ਜਾਂਦੇ ਸਨ |
* ਯੂ. ਕੇ. ਦਾ ਸਟੋਨਹੈਾਜ : ਆਪਣੇ ਅੰਦਰ ਇਤਿਹਾਸ ਦੀਆਂ ਯਾਦਾਂ ਸਮੇਟੀ ਬੈਠੀ ਇਹ ਇਮਾਰਤ 3500 ਸਾਲ ਪੁਰਾਣੀ ਹੈ | ਇਸ ਵਿਚ ਵਿਸ਼ਾਲ ਆਕਾਰ ਦੇ ਪੱਥਰਾਂ ਨੂੰ ਇਕ ਖ਼ਾਸ ਤਰਤੀਬ ਵਿਚ ਖੜ੍ਹੇ ਕਰਕੇ ਇਕ ਸੰੁਦਰ ਰਚਨਾ ਰਚੀ ਗਈ ਹੈ | ਇਸ ਇਮਾਰਤ ਦਾ ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਜਿਨ੍ਹਾਂ ਪੱਥਰਾਂ ਨੂੰ ਵਰਤ ਕੇ ਇਹ ਰਚਨਾ ਰਚੀ ਗਈ ਹੈ, ਉਨ੍ਹਾ ਦਾ ਭਾਰ ਚਾਰ-ਚਾਰ ਟਨ ਦੇ ਕਰੀਬ ਹੈ ਤੇ ਇਹ ਪੱਥਰ ਇਥੇ 380 ਕਿਲੋਮੀਟਰ ਦੀ ਦੂਰੀ ਤੋਂ ਉਸ ਕਾਲ ਵਿਚ ਲਿਆਂਦੇ ਗਏ ਸਨ, ਜਦੋਂ ਕਿ ਆਵਾਜਾਈ ਦੇ ਵਿਕਸਤ ਸਾਧਨ ਮੌਜੂਦ ਨਹੀਂ ਸਨ |
* ਪੈਰਿਸ ਦਾ ਆਈਫ਼ਿਲ ਟਾਵਰ : ਫ਼ਰਾਂਸ ਦੀ ਖ਼ੂਬਸੂਰਤ ਰਾਜਧਾਨੀ ਪੈਰਿਸ ਵਿਖੇ ਸਥਿਤ ਇਹ ਟਾਵਰ 324 ਮੀਟਰ ਭਾਵ 1063 ਫੁੱਟ ਉੱਚਾ ਹੈ | ਇਸ ਨੂੰ ਪ੍ਰਵੇਸ਼ ਦੁਆਰ ਦੇ ਤੌਰ 'ਤੇ ਸੰਨ 1889 ਵਿਚ ਡਿਜ਼ਾਈਨ ਕੀਤਾ ਗਿਆ ਸੀ | ਇਸ ਦੇ ਨਿਰਮਾਣ ਵਿਚ ਦੋ ਸਾਲ ਦਾ ਸਮਾਂ ਲੱਗਾ ਸੀ ਤੇ ਇਸ ਦੇ ਨਿਰਮਾਣ ਵਿਚ ਧਾਤੂ ਦੇ 18 ਹਜ਼ਾਰ ਟੁਕੜੇ ਵਰਤੇ ਗਏ ਸਨ |
* ਮਾਸਕੋ ਦਾ ਸੇਂਟ ਬਾਸਿਲ ਕੈਥੀਡਰਲ : ਰੂਸ ਦੇ ਸ਼ਹਿਰ ਮਾਸਕੋ ਦੇ ਲਾਲ ਚੌਕ ਦੀ ਇਕ ਨੁੱਕਰ ਵਿਚ ਬਣੀ ਇਹ ਖ਼ੂਬਸੂਰਤ ਇਮਾਰਤ 458 ਸਾਲ ਪੁਰਾਣੀ ਹੈ | ਇਸ ਦੇ ਉੱਪਰਲੇ ਹਿੱਸੇ ਵਿਚ ਪਿਆਜ਼ ਦੀ ਸ਼ਕਲ ਦੇ ਬਹੁਰੰਗੀ ਗੰੁਬਦ ਹਨ | ਇਸ ਦਾ ਨਿਰਮਾਣ ਸੰਤ ਬਾਸਿਲ ਦੀ ਯਾਦ ਵਿਚ ਕੀਤਾ ਗਿਆ ਸੀ | ਭਾਰਤ ਦੇ ਮਸ਼ਹੂਰ ਤਾਜ ਮਹੱਲ ਨਾਲ ਜੁੜੀਆਂ ਅਫ਼ਵਾਹਾਂ ਵਾਂਗ ਹੀ ਇਸ ਇਮਾਰਤ ਦੇ ਨਿਰਮਾਣਕਰਤਾਵਾਂ ਸਬੰਧੀ ਵੀ ਇਕ ਅਫ਼ਵਾਹ ਪ੍ਰਚੱਲਿਤ ਹੈ ਕਿ ਰੂਸ ਦੇ ਬਾਦਸ਼ਾਹ ਇਵਾਨ ਨੇ ਉਨ੍ਹਾਂ ਸਾਰੇ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਅੰਨ੍ਹੇ ਕਰਨ ਦਾ ਹੁਕਮ ਸੁਣਾਇਆ ਸੀ, ਤਾਂ ਜੋ ਉਨ੍ਹਾ ਰਾਹੀਂ ਕੋਈ ਹੋਰ ਸ਼ਖ਼ਸ ਇਸ ਤਰ੍ਹਾਂ ਦੀ ਖ਼ੂਬਸੂਰਤ ਇਮਾਰਤ ਦਾ ਨਿਰਮਾਣ ਨਾ ਕਰਵਾ ਸਕੇ |

-410, ਚੰਦਰ ਨਗਰ, ਬਟਾਲਾ | ਮੋਬਾ: 97816-46008

ਬਾਲ ਕਹਾਣੀ: ਵੱਡਿਆਂ ਦਾ ਆਦਰ

ਪਿੰਡ ਮੇਹਰਵਾਲ ਦੇ ਸਰਪੰਚ ਹਮੀਰ ਸਿੰਘ ਦਾ ਇਕਲੌਤਾ ਪੱੁਤਰ ਪ੍ਰਭਨੂਰ ਸਿੰਘ ਇਟਲੀ 'ਚ ਵਸਦਾ ਸੀ | ਉਸ ਦੀ ਪਤਨੀ ਤਨੀਸ਼ ਕੌਰ ਅਤੇ ਦੋ ਬੱਚੇ ਪੱੁਤਰੀ ਮਹਿਕਪ੍ਰੀਤ ਅਤੇ ਪੱੁਤਰ ਜਸ਼ਨ ਸਿੰਘ ਪਿੰਡ ਹੀ ਰਹਿੰਦੇ ਸਨ | ਸਰਪੰਚ ਹਮੀਰ ਸਿੰਘ ਅਤੇ ਉਸ ਦੀ ਘਰਵਾਲੀ ਮਹਾਂ ਕੌਰ ਆਪਣੀ ਨੂੰ ਹ, ਪੋਤਰੀ ਅਤੇ ਪੋਤਰੇ ਨਾਲ ਬੇਹੱਦ ਪਿਆਰ ਕਰਦੇ ਸਨ | ਚਾਰੋ ਜਣੇ ਸੱੁਖੀ-ਸਾਂਦੀ ਵਸਦੇ ਸਨ |
ਮਹਿਕਪ੍ਰੀਤ ਬਹੁਤ ਲਾਇਕ ਅਤੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ | ਉਹ ਪਿੰਡ ਦੇ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ ਸੀ | ਜਸ਼ਨ, ਜੋ ਉਸੇ ਸਕੂਲ ਵਿਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ | ਪੜ੍ਹਾਈ ਵਿਚ ਜ਼ਰਾ ਵੀ ਦਿਲਚਸਪੀ ਨਹੀਂ ਸੀ ਲੈਂਦਾ | ਉਸ ਦੀ ਮੰਮੀ ਨੇ, ਦਾਦਾ ਅਤੇ ਦਾਦੀ ਨੇ ਉਸ ਨੂੰ ਬਹੁਤ ਪਿਆਰ ਨਾਲ ਸਮਝਾਉਣਾ ਪਰ ਉਸ 'ਤੇ ਅਸਰ ਨਾ ਹੁੰਦਾ | ਉਸ ਦੀ ਸ਼ਿਕਾਇਤ ਇਟਲੀ ਵਸਦੇ ਉਸ ਦੇ ਪਿਤਾ ਪ੍ਰਭਨੂਰ ਸਿੰਘ ਕੋਲ ਵੀ ਕੀਤੀ ਜਾਂਦੀ | ਉਹ ਵੀ ਟੈਲੀਫੋਨ 'ਤੇ ਆਪਣੇ ਪੱੁਤਰ ਨੂੰ ਬਥੇਰਾ ਸਮਝਾਉਂਦਾ | ਕਦੇ-ਕਦੇ ਡਰਾਉਂਦਾ ਵੀ ਕਿ ਉਹ ਇਟਲੀ ਤੋਂ ਕਦੇ ਵਾਪਸ ਨਹੀਂ ਆਵੇਗਾ | ਇਹ ਸੁਣ ਕੇ ਜਸ਼ਨ ਰੋਣ ਲੱਗ ਜਾਂਦਾ, ਕਿਉਂਕਿ ਉਹ ਆਪਣੇ ਪਿਤਾ ਨੂੰ ਦਿਲੋਂ ਬਹੁਤ ਪਿਆਰ ਕਰਦਾ ਸੀ | ਉਹ ਝੱਟ ਬੋਲ ਪੈਂਦਾ ਕਿ ਉਹ ਹੁਣ ਦਿਲ ਲਗਾ ਕੇ ਪੜ੍ਹੇਗਾ | ਆਪਣੀ ਮੰਮੀ, ਦੀਦੀ ਮਹਿਕਪ੍ਰੀਤ ਅਤੇ ਦਾਦਾ-ਦਾਦੀ ਦਾ ਕਹਿਣਾ ਮੰਨੇਗਾ | ਉਨ੍ਹਾਂ ਦਾ ਆਦਰ ਕਰੇਗਾ | ਉਸ 'ਤੇ ਇਹ ਅਸਰ ਥੋੜ੍ਹੇ ਕੁ ਦਿਨ ਰਹਿੰਦਾ | ਉਹ ਫਿਰ ਉਸੇ ਤਰ੍ਹਾਂ ਕਰਨ ਲੱਗ ਪੈਂਦਾ |
ਇਕ ਦਿਨ ਜਸ਼ਨ ਘਰੋਂ ਬਾਹਰ ਆਪਣੇ ਦੋਸਤਾਂ ਨਾਲ ਖੇਡਣ ਗਿਆ ਹੋਇਆ ਸੀ | ਮਹਿਕਪ੍ਰੀਤ, ਉਸ ਦੀ ਮੰਮੀ ਤਨੀਸ਼ ਕੌਰ, ਦਾਦਾ-ਦਾਦੀ ਘਰ ਹੀ ਸਨ | ਏਨੇ ਨੂੰ ਇਟਲੀ ਤੋਂ ਪ੍ਰਭਨੂਰ ਦਾ ਫੋਨ ਆ ਗਿਆ | ਉਸ ਨੇ ਜਸ਼ਨ ਬਾਰੇ ਪੱੁਛਿਆ ਤਾਂ ਸਰਪੰਚ ਹਮੀਰ ਸਿੰਘ ਨੇ ਦੱਸਿਆ ਕਿ ਉਸ 'ਤੇ ਕੋਈ ਅਸਰ ਨਹੀਂ | ਪ੍ਰਭਨੂਰ ਸਿੰਘ ਨੇ ਆਪਣੇ ਪਿਤਾ ਨਾਲ ਇਕ ਯੋਜਨਾ ਸਾਂਝੀ ਕੀਤੀ ਕਿ ਉਹ ਜਸ਼ਨ ਨੂੰ ਕਹਿਣ ਕਿ ਉਸ ਦੇ ਪਿਤਾ ਨੇ ਵਿਦੇਸ਼ ਤੋਂ ਕਦੇ ਵਾਪਸ ਨਾ ਆਉਣ ਦਾ ਫੈਸਲਾ ਕੀਤਾ ਹੈ | ਉਹ ਉਦੋਂ ਹੀ ਵਾਪਸ ਆਵੇਗਾ, ਜਦੋਂ ਉਹ ਹਰੇਕ ਜਮਾਤ 'ਚੋਂ ਚੰਗੇ ਨੰਬਰ ਲਵੇਗਾ ਅਤੇ ਵੱਡਿਆਂ ਦਾ ਕਹਿਣਾ ਮੰਨੇਗਾ | ਉਨ੍ਹਾਂ ਦਾ ਆਦਰ ਕਰੇਗਾ | ਜਦੋਂ ਜਸ਼ਨ ਨੂੰ ਇਹ ਗੱਲ ਦੱਸੀ ਤਾਂ ਉਹ ਉਦਾਸ ਹੋ ਗਿਆ | ਉਹ ਅੰਦਰ ਜਾ ਕੇ ਆਪਣੇ ਬੈੱਡ 'ਤੇ ਪੈ ਕੇ ਰੋਣ ਲੱਗ ਪਿਆ | ਉਸ ਨੂੰ ਕਿਸੇ ਨੇ ਚੱੁਪ ਨਾ ਕਰਾਇਆ | ਉਸ ਦੀ ਦੀਦੀ ਬਾਹਰ ਵਿਹੜੇ ਵਿਚ ਬੈਠੀ ਪੜ੍ਹ ਰਹੀ ਸੀ | ਉਸ ਨੇ ਸੁਣਿਆ ਕਿ ਮਹਿਕਪ੍ਰੀਤ ਨੌਵੀਂ ਜਮਾਤ ਦੀ ਪੰਜਾਬੀ ਦੀ ਵਾਰਤਕ ਦੀ ਪੁਸਤਕ 'ਚੋਂ ਪਾਠ 'ਵੱਡਿਆਂ ਦਾ ਆਦਰ' ਪੜ੍ਹ ਰਹੀ ਸੀ |
ਜਸ਼ਨ ਆਪਣੇ ਹੰਝੂ ਪੂੰਝ ਕੇ ਆਪਣੀ ਦੀਦੀ ਕੋਲ ਆਇਆ ਤੇ ਪੱੁਛਣ ਲੱਗਾ, 'ਦੀਦੀ, ਵੱਡਿਆਂ ਦਾ ਆਦਰ ਕਿਵੇਂ ਕੀਤਾ ਜਾਂਦਾ ਹੈ?' ਇਹ ਪਹਿਲਾਂ ਉਹ ਜਸ਼ਨ ਨੂੰ ਕਈ ਵਾਰੀ ਸਮਝਾ ਚੱੁਕੀ ਸੀ ਪਰ ਉਸ 'ਤੇ ਕੋਈ ਅਸਰ ਨਹੀਂ ਸੀ | ਅੱਜ ਜਦੋਂ ਜਸ਼ਨ ਨੇ ਇਹ ਸਵਾਲ ਉਸ ਨੂੰ ਪੱੁਛਿਆ ਤਾਂ ਉਸ ਨੇ ਧਿਆਨ ਨਾਲ ਉਸ ਦੇ ਚਿਹਰੇ ਵੱਲ ਦੇਖਿਆ | ਮਹਿਕਪ੍ਰੀਤ ਨੂੰ ਲੱਗਾ ਕਿ ਉਹ ਦਿਲੋਂ ਉਸ ਨੂੰ ਪੱੁਛ ਰਿਹਾ ਸੀ | ਉਸ ਨੂੰ ਲੱਗਾ ਕਿ ਉਹ ਸੱਚਮੱੁਚ ਬਦਲ ਚੱੁਕਾ ਸੀ | ਪਿਤਾ ਦੀ ਯੋਜਨਾ ਸ਼ਾਇਦ ਕੰਮ ਕਰ ਗਈ ਸੀ | ਉਸ ਨੇ ਪਿਆਰ ਨਾਲ ਜਸ਼ਨ ਨੂੰ ਕੋਲ ਬਿਠਾਇਆ ਅਤੇ ਸਮਝਾਇਆ ਕਿ ਵੱਡਿਆਂ ਦੀ ਹਰ ਆਗਿਆ ਨੂੰ ਮੰਨਣਾ, ਉਨ੍ਹਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਕੇ, ਉਨ੍ਹਾਂ ਮੁਤਾਬਿਕ ਚੱਲਣਾ ਹੀ ਵੱਡਿਆਂ ਦਾ ਸੱਚਾ ਆਦਰ ਹੈ | ਮਹਿਕਪ੍ਰੀਤ ਦੀ ਇਹ ਗੱਲ ਜਦੋਂ ਉਸ ਦੀ ਮੰਮੀ, ਦਾਦਾ-ਦਾਦੀ ਨੇ ਸੁਣੀ ਤਾਂ ਉਹ ਬਹੁਤ ਖੁਸ਼ ਹੋਏ | ਜਸ਼ਨ ਨੇ ਆਪਣੀ ਦੀਦੀ, ਮੰਮੀ, ਦਾਦਾ-ਦਾਦੀ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਵੱਡਿਆਂ ਦਾ ਕਹਿਣਾ ਮੰਨ ਕੇ ਦਿਲੋਂ ਸਦਾ ਉਨ੍ਹਾਂ ਦਾ ਆਦਰ ਕਰੇਗਾ |

-ਮੋਬਾ: 98146-81444

ਚੁਟਕਲੇ

• ਪਤਨੀ (ਪਤੀ ਨੂੰ )-ਮੇਰੀ ਉਮਰ ਪੰਜਾਹ ਸਾਲ ਦੀ ਹੋ ਗਈ, ਤੁਹਾਡਾ ਦੋਸਤ ਅਜੇ ਵੀ ਮੇਰੇ ਮੁਖੜੇ ਦੀ ਤਾਰੀਫ ਕਰਦੈ ਪਰ ਤੁਸੀਂ ਤੇ... |
ਪਤੀ-ਰਮੇਸ਼ ਹੋਣਾ ਐ?
ਪਤਨੀ-ਪਰ ਤੁਹਾਨੂੰ ਕਿਵੇਂ ਪਤਾ?
ਪਤੀ-ਉਹ ਤਾਂ ਕਬਾੜ ਦਾ ਵਪਾਰੀ ਹੈ |
• ਰਮੇਸ਼ ਵਿਆਹ ਲਈ 'ਮੈਰਿਜ ਬਿਊਰੋ' ਦੇ ਦਫਤਰ ਗਿਆ | ਦਫਤਰ ਬੰਦ ਸੀ ਤੇ ਬੋਰਡ ਉੱਪਰ ਲਿਖਿਆ ਸੀ 1 ਤੋਂ 3 ਵਜੇ ਤੱਕ ਦਫਤਰ ਬੰਦ ਰਹੇਗਾ, ਓਨਾ ਚਿਰ ਤੁਸੀਂ ਦੁਬਾਰਾ ਸੋਚ ਲਓ |
• ਲਾੜਾ (ਫੇਰਿਆਂ ਵੇਲੇ ਪੰਡਿਤ ਨੂੰ )-ਪੰਡਿਤ ਜੀ, ਦੁਲਹਨ ਦੇ ਸੱਜੇ ਪਾਸੇ ਬੈਠਾਂ ਜਾਂ ਖੱਬੇ ਪਾਸੇ?
ਪੰਡਿਤ-ਹੁਣ ਤਾਂ ਜਿੱਥੇ ਮਰਜ਼ੀ ਬੈਠ ਜਾ ਬੇਟਾ, ਬਾਅਦ 'ਚ ਤਾਂ ਇਹਨੇ ਤੇਰੇ ਸਿਰ 'ਤੇ ਹੀ ਬੈਠਣਾ |
• ਇਕ ਬੁੱਢੀ ਔਰਤ ਵਿਧਵਾ ਪੈਨਸ਼ਨ ਲਈ ਫਾਰਮ ਭਰਨ ਗਈ |
ਕਲਰਕ-ਮਾਈ ਤੇਰੇ ਘਰ ਵਾਲੇ ਨੂੰ ਮਰੇ ਨੂੰ ਕਿੰਨਾ ਸਮਾਂ ਹੋ ਗਿਆ?
ਔਰਤ-ਵੇ, ਉਹ ਤਾਂ ਹਾਲੇ ਘਰੇ ਈ ਐ |
ਕਲਰਕ-ਫਿਰ ਫਾਰਮ ਕਿਉਂ ਭਰਨ ਆਈ ਏਾ?
ਔਰਤ-ਵੇ ਪੁੱਤ, ਸਰਕਾਰੀ ਕੰਮ ਕਿਹੜਾ ਅੱਜ ਹੀ ਹੋਜੂ, ਜਦ ਨੂੰ ਮੇਰੀ ਪੈਨਸ਼ਨ ਲੱਗੂ, ਉਦੋਂ ਤੱਕ ਤਾਂ ਉਹਨੇ ਗੱਡੀ ਚੜ੍ਹ ਹੀ ਜਾਣੈ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ | ਮੋਬਾ: 94174-47986

ਲੜੀਵਾਰ ਨਾਵਲ-3: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿੱਚਰਵਾਰ ਦਾ ਅੰਕ ਦੇਖੋ)
'ਤਜਿੰਦਰ ਵੀਰੇ, ਉਸ ਗੱਡੀ ਦਾ ਨਾਂਅ ਏ 'ਮਾਲਵਾ ਐਕਸਪ੍ਰੈੱਸ' ਤੇ ਇਸ ਗੱਡੀ ਦਾ ਸਟਾਪੇਜ ਦਸੂਹੇ ਨਹੀਂ ਹੈ | ਇਹ ਗੱਡੀ ਰੁਕਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ | ਹੁਣ ਇਹ ਗੱਡੀ ਫੜਨ ਵਾਸਤੇ ਮੁਸਾਫ਼ਿਰ ਜਾਂ ਤਾਂ ਜਲੰਧਰ ਛਾਉਣੀ ਜਾਂਦੇ ਹਨ ਤੇ ਜਾਂ ਫਿਰ ਉਨ੍ਹਾਂ ਨੂੰ ਪਠਾਨਕੋਟ ਨੇੜੇ ਚੱਕੀ ਪੁਲ 'ਤੇ ਜਾਣਾ ਪੈਂਦਾ ਹੈ... |'
'ਪਰ ਇਹ ਕੰਮ ਤੇ ਬਹੁਤ ਔਖਾ ਏ... |' ਗੌਰਵ ਡੰੂਘੀ ਸੋਚ 'ਚੋਂ ਬਲਿਆ |
'ਔਖਾ ਜ਼ਰੂਰ ਏ ਪਰ ਅਸੰਭਵ ਨਹੀਂ... ਦਾਦਾ ਜੀ ਕਿਹਾ ਕਰਦੇ ਨੇ | ਉਹ ਅਕਸਰ ਕਿਹਾ ਕਰਦੇ ਨੇ ਔਖਾ ਕੰਮ ਉਹੀ ਹੁੰਦਾ ਏ, ਜਿਸ ਦੇ ਵਾਸਤੇ ਅਸੀਂ ਕੋਸ਼ਿਸ਼ ਨਹੀਂ ਕਰਦੇ | ਕੋਸ਼ਿਸ਼ ਤੇ ਮਿਹਨਤ ਹਰ ਔਖੇ ਕੰਮ ਨੂੰ ਸੌਖਾ ਬਣਾ ਦਿੰਦੇ ਨੇ |' ਡੌਲੀ ਆਖ ਰਹੀ ਸੀ ਤੇ ਸਾਰੇ ਬੱਚੇ ਇਕ ਮਨ ਇਕ ਚਿੱਤ ਲਗਾ ਕੇ ਉਸ ਦੀਆਂ ਗੱਲਾਂ ਸੁਣ ਰਹੇ ਸਨ | ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਡੌਲੀ ਦੀਆਂ ਆਖੀਆਂ ਗੱਲਾਂ ਦਾ ਉਨ੍ਹਾਂ ਉੱਪਰ ਇਕ ਅਨੋਖਾ ਅਸਰ ਹੋ ਰਿਹਾ ਸੀ |
ਉਸੇ ਵੇਲੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ | ਸਾਰੇ ਬੱਚੇ ਉੱਠ ਕੇ ਆਪਣੀ ਜਮਾਤ ਵੱਲ ਜਾਣ ਲੱਗੇ |
ਦਸੂਹਾ ਦੇ ਜਵਾਹਰ ਨਗਰ ਵਿਚ ਪੰਡਿਤ ਜਮਨਾ ਦਾਸ ਦਾ ਘਰ ਹੈ | ਉਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ | ਉਨ੍ਹਾਂ ਦਾ ਸਰੀਰ ਇਕਹਿਰਾ ਪਰ ਚੁਸਤ ਹੈ | ਸ਼ਹਿਰ ਦੇ ਮੱੁਖ ਬਾਜ਼ਾਰ ਵਿਚ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ | ਉਨ੍ਹਾਂ ਦੇ ਦੋਵੇਂ ਲੜਕੇ ਦੁਕਾਨ 'ਤੇ ਬੈਠਦੇ ਹਨ |
ਪਿਛਲੇ ਕੁਝ ਸਮੇਂ ਤੋਂ ਪੰਡਿਤ ਜੀ ਦਾ ਝੁਕਾਅ ਲੋਕ ਭਲਾਈ ਦੇ ਕੰਮਾਂ ਵੱਲ ਹੋ ਗਿਆ ਸੀ | ਹੋਰ ਕੰਮਾਂ ਦੇ ਨਾਲ-ਨਾਲ ਹੁਣ ਪਿਛਲੇ ਕੁਝ ਸਮੇਂ ਤੋਂ ਉਹ ਇਹ ਕੋਸ਼ਿਸ਼ ਕਰ ਰਹੇ ਸਨ ਕਿ ਮਾਲਵਾ ਐਕਸਪ੍ਰੈੱਸ ਗੱਡੀ, ਜਿਹੜੀ ਕਿ ਦਸੂਹੇ ਨਹੀਂ ਰੁਕਦੀ, ਉਸ ਦਾ ਸਟਾਪੇਜ ਵੀ ਇਥੇ ਹੋ ਜਾਵੇ |
ਇਸ ਕੰਮ ਵਾਸਤੇ ਉਹ ਅਕਸਰ ਚਿੱਠੀਆਂ ਲਿਖਦੇ ਰਹਿੰਦੇ ਹਨ | ਇਹ ਚਿੱਠੀਆਂ ਆਮ ਤੌਰ 'ਤੇ ਇਲਾਕੇ ਦੇ ਐਮ.ਐਲ.ਏ., ਐਮ. ਪੀ. ਜਾਂ ਰੇਲਵੇ ਅਧਿਕਾਰੀਆਂ ਦੇ ਨਾਂਅ ਹੋਇਆ ਕਰਦੀਆਂ ਸਨ | ਉਹ ਅਕਸਰ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਆਪਣੀ ਮੰਗ ਬਾਰੇ ਚਿੱਠੀਆਂ ਲਿਖਦੇ ਰਹਿੰਦੇ |
ਪੰਡਿਤ ਜੀ ਨੇ ਆਪਣੀ ਮੰਗ ਦੇ ਹੱਕ ਵਿਚ ਕੁਝ ਤੱਥ ਵੀ ਇਕੱਠੇ ਕੀਤੇ ਹੋਏ ਸਨ | ਪਹਿਲਾ ਤਾਂ ਇਹ ਕਿ ਦਸੂਹਾ ਇਕ ਪ੍ਰਾਚੀਨ ਸ਼ਹਿਰ ਹੈ | ਇਥੇ ਕਾਰਵਾਂ-ਪਾਂਡਵਾਂ ਦੇ ਸਮੇਂ ਦਾ ਇਕ ਵਿਸ਼ਾਲ ਤਲਾਬ ਬਣਿਆ ਹੋਇਆ ਹੈ | ਇਸ ਤਲਾਬ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਭੀਮ ਨੇ ਢਾਈ ਟੱਪ ਨਾਲ ਖੋਦਿਆ ਸੀ |
ਦੂਜਾ ਤੱਥ ਇਹ ਕਿ ਦਸੂਹਾ ਦੇ ਉੱਤਰ-ਪੂਰਬ ਵੱਲ ਕੰਢੀ ਇਲਾਕੇ ਦੇ ਬਹੁਤੇ ਲੋਕ ਫੌਜ ਦੀ ਸੇਵਾ ਨਿਭਾਅ ਰਹੇ ਹਨ | ਉਨ੍ਹਾਂ ਨੇ ਜਦ ਵੀ ਛੱੁਟੀ ਆਉਣਾ ਹੁੰਦਾ ਤਾਂ ਉਨ੍ਹਾਂ ਨੇ ਇਥੇ ਉਤਰਨਾ ਹੁੰਦਾ ਹੈ ਤੇ ਜਾਂ ਫਿਰ ਆਪਣੀ ਛੱੁਟੀ ਖ਼ਤਮ ਹੋਣ 'ਤੇ ਇਥੋਂ ਗੱਡੀ ਫੜਨੀ ਹੁੰਦੀ ਹੈ |
ਭਾਵੇਂ ਘਰ ਵਿਚ ਪੰਡਿਤ ਜੀ ਦੇ ਲੜਕੇ ਉਨ੍ਹਾਂ ਦੀ ਇਸ ਗੱਲ 'ਤੇ ਉਨ੍ਹਾਂ ਦਾ ਸਾਥ ਦੇ ਰਹੇ ਸਨ ਪਰ ਮੁਹੱਲੇ ਦੇ ਕਈ ਲੋਕ ਇਸ ਗੱਲ ਦਾ ਮਖੌਲ ਵੀ ਉਡਾਉਂਦੇ ਸਨ | ਅਜਿਹੇ ਲੋਕ ਅਕਸਰ ਕਿਹਾ ਕਰਦੇ, 'ਕਦੀ ਐਨੇ ਛੋਟੇ ਸ਼ਹਿਰ 'ਚ ਵੀ ਇਹ ਗੱਡੀ ਰੁਕ ਸਕਦੀ ਏ... ਜਮਨਾ ਦਾਸ ਤੇ ਐਵੇਂ ਚਿੱਠੀਆਂ ਲਿਖ-ਲਿਖ ਪਾਈ ਜਾਂਦਾ ਏ... ਕੋਈ ਸੁਣਦਾ ਏ ਭਲਾ ਉਹਦੀ ਗੱਲ...?'
(ਬਾਕੀ ਅਗਲੇ ਸਨਿੱਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੁਝਾਰਤ-49

ਪਿਆਰੇ ਬੱਚਿਓ ਅੱਧਾ ਸੰਸਾਰ,
ਮੇਰਾ 'ਕੱਲੇ ਦਾ ਹੈ ਪਰਿਵਾਰ |
ਆਪੇ ਪਾਲਣ-ਪੋਸ਼ਣ ਕਰਦਾ,
ਭੇਦ ਗੁਪਤ ਰੱਖਾਂ ਮੈਂ ਘਰ ਦਾ |
ਜੇ ਕੋਈ ਜੀਅ ਬਾਹਰ ਜਾਵੇ,
ਆਪੇ ਆਪਣਾ ਕੀਤਾ ਪਾਵੇ |
ਜੋ ਜੀਅ ਬੁੱਕਲ ਦੇ ਵਿਚ ਰਹਿੰਦਾ,
ਉਸ ਦਾ ਵਾਲ ਵਿੰਗਾ ਨਾ ਹੁੰਦਾ |
ਬੱਚਿਓ ਮੇਰਾ ਰੰਗ ਹੈ ਨੀਲਾ,
ਬਾਤ ਬੁੱਝਣ ਦਾ ਕਰੋ ਹੁਣ ਹੀਲਾ |
ਇਹ ਨ੍ਹੀਂ ਅੰਕਲ ਜੀ ਸਾਡੇ ਵੱਸ,
ਭਲੂਰੀਆ ਜੀ ਤੁਸੀਂ ਦੇਵੋ ਦੱਸ |
—0—
ਨੋਟ ਕਰੋ ਫਿਰ ਕਾਪੀ ਅੰਦਰ,
ਇਹਦਾ ਉੱਤਰ ਹੈ 'ਸਮੁੰਦਰ'

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਮੈਂ ਤੋਤਾ ਬਣ ਕੇ ਆਇਆ
ਲੇਖਿਕਾ : ਗੁਰਦੀਪ ਕੋਮਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ |
ਮੁੱਲ : 100 ਰੁਪਏ, ਪੰਨੇ : 40
ਸੰਪਰਕ : 94178-44808
ਬੱਚਿਆਂ ਲਈ 'ਬਾਤਾਂ' ਦਾ ਕਦੀਮੀ ਮਹੱਤਵ ਸਵੀਕਾਰ ਕੀਤਾ ਜਾਂਦਾ ਹੈ | 'ਮੈਂ ਤੋਤਾ ਬਣ ਕੇ ਆਇਆ' ਪੁਸਤਕ ਵਿਚ ਲੇਖਿਕਾ ਗੁਰਦੀਪ ਕੋਮਲ ਨੇ ਪੰਜਾਬ ਦੀਆਂ ਪ੍ਰਚਲਿਤ ਲੋਕ ਕਹਾਣੀਆਂ ਨੂੰ ਇਕੱਤਿ੍ਤ ਕਰਕੇ ਦਾਦੀਆਂ-ਨਾਨੀਆਂ ਵਲੋਂ ਬਾਤਾਂ ਸੁਣਾਉਣ ਦੀ ਰਵਾਇਤ ਨੂੰ ਪੁਨਰ ਸੁਰਜੀਤ ਕਰਨ ਦਾ ਸਾਰਥਿਕ ਪ੍ਰਯਤਨ ਕੀਤਾ ਹੈ | ਕੋਮਲ ਨੇ ਇਸ ਪੁਸਤਕ ਵਿਚ 'ਚਿੱਬੜ ਮਾਮਾ', 'ਜੂੰ ਤੇ ਕੁੱਕੜ', 'ਸੁਹਣੀ ਕੁੜੀ', 'ਚੂਹੀ ਤੇ ਚਿੜੀ', 'ਜੱਟ ਦਿਓ ਤੇ ਬਾਂਦਰ', 'ਮੈਂ ਤੋਤਾ ਬਣ ਕੇ ਆਇਆ', 'ਡੈਣ ਤੇ ਹਿੰਮਤੀ ਮੁੰਡਾ', 'ਜੱਟ ਤੇ ਗਿੱਦੜ', 'ਬੁੱਧੂ ਰਾਮ' ਅਤੇ 'ਕਾਟੋ ਤੂੰ ਏਨੀ ਖ਼ਰਾਬ' ਕਹਾਣੀਆਂ ਦੇ ਬਿਰਤਾਂਤ ਨੂੰ ਲੋਕ ਕਹਾਣੀਆਂ ਦੀ ਸ਼ੈਲੀ ਵਿਚ ਉਲੀਕਿਆ ਹੈ | ਇਨ੍ਹਾਂ ਕਹਾਣੀਆਂ ਵਿਚ ਜਨੌਰ ਪਾਤਰ ਵੀ ਮਨੁੱਖਾਂ ਵਾਂਗ ਵਿਚਰਦੇ ਹੋਏ ਮਨੁੱਖ ਦੀਆਂ ਚੰਗਿਆਈਆਂ, ਬੁਰਿਆਈਆਂ ਅਤੇ ਵਿਵਹਾਰ ਨੂੰ ਪ੍ਰਗਟਾਉਂਦੇ ਵਿਖਾਈ ਦਿੰਦੇ ਹਨ | ਇਹ ਕਹਾਣੀਆਂ ਬਾਲ ਪਾਠਕਾਂ ਨੂੰ ਹਿੰਮਤ, ਅਕਲ ਅਤੇ ਦਿ੍ੜ੍ਹ ਨਿਸਚੇ ਵਰਗੇ ਸ਼ੁਭ ਗੁਣਾਂ ਅਤੇ ਭਾਵਨਾਵਾਂ ਨਾਲ ਸੰਕਟ ਉੱਪਰ ਕਾਬੂ ਪਾਉਣ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਲੋਭ-ਲਾਲਚ, ਹਊਮੈ ਅਤੇ ਗੁੱਸੇ ਦਾ ਤਿਆਗ ਕਰਕੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਨਾਇਕ ਬਣਨ ਦਾ ਉਪਦੇਸ਼ ਦਿੰਦੀਆਂ ਹਨ | ਵਰਤਮਾਨ ਡਿਜ਼ੀਟਲ ਯੁੱਗ ਵਿਚ ਇਹ ਉੱਦਮ ਵਿਸ਼ੇਸ਼ ਪ੍ਰਸੰਸਾ ਦੀਆਂ ਧਾਰਨੀ ਬਣਦੀਆਂ ਹਨ | ਇਹ ਕਹਾਣੀਆਂ ਹਰ ਵਰਗ ਦੇ ਪਾਠਕ ਦੇ ਮਨ ਵਿਚ ਆਕਰਸ਼ਣ ਪੈਦਾ ਕਰਕੇ ਸਦੀਆਂ ਪਹਿਲਾਂ ਦੇ ਸਮਾਜ ਉੱਪਰ ਬਾਖ਼ੂਬੀ ਝਾਤੀ ਪਾਉਂਦੀਆਂ ਹਨ | ਕਹਾਣੀਆਂ ਦੇ ਅੰਤ ਵਿਚ ਉਸਾਰੂ ਸਿੱਟੇ ਵੀ ਕੱਢੇ ਹਨ | ਸਮੁੱਚੀ ਪੁਸਤਕ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਅਨਮੋਲ ਬਚਨ

• ਸਾਰੀ ਦੁਨੀਆ ਨੂੰ ਜਿੱਤਣ ਵਾਲਾ ਬਾਪ ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ |
• ਆਪਣੀ ਜ਼ਬਾਨ ਤੋਂ ਕਿਸੇ ਦੀ ਬੁਰਾਈ ਨਾ ਕਰੋ, ਕਿਉਂਕਿ ਬੁਰਾਈ ਤੁਹਾਡੇ ਵਿਚ ਵੀ ਹੈ ਤੇ ਜ਼ਬਾਨ ਦੂਜਿਆਂ ਕੋਲ ਵੀ ਹੈ |
• ਸੋਚ-ਸਮਝ ਕੇ ਰੱੁਸਣਾ ਚਾਹੀਦਾ ਹੈ ਆਪਣਿਆਂ ਨਾਲ, ਮਨਾਉਣ ਦਾ ਰਿਵਾਜ ਅੱਜਕਲ੍ਹ ਖ਼ਤਮ ਹੁੰਦਾ ਜਾ ਰਿਹਾ ਹੈ |
• ਸ਼ਿਕਾਇਤਾਂ ਘੱਟ ਤੇ ਸ਼ੁਕਰੀਆ ਜ਼ਿਆਦਾ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ |
• ਠੰਢੀ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਅਤੇ ਸੁਲਹ ਕੀਤੇ ਹੋਏ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ |
• ਜ਼ਿੰਦਗੀ ਵਿਚ ਪਛਤਾਉਣਾ ਛੱਡੋ, ਕੁਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਪਛਤਾਵੇ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਗੀਤ: ਚਿੜੀ ਚੂਕਦੀ

ਮੱੁਕਿਆ ਘੋਰ ਹਨੇਰਾ,
ਇਕ ਚਿੜੀ ਚੂਕਦੀ |
ਜਾਗੋ ਹੋਇਆ ਸਵੇਰਾ,
ਇਕ ਚਿੜੀ ਚੂਕਦੀ |
ਕੂਲੇ-ਕੂਲੇ ਖੰਭਾਂ ਵਾਲੀ,
ਭੂਰੇ ਚਿੱਟੇ ਰੰਗਾਂ ਵਾਲੀ |
ਉੱਠੋ ਜਾਗ ਪਿਆ ਹੈ,
ਆਖੇ ਚਾਰ-ਚੁਫੇਰਾ |
ਕੋਲ ਖਲੋਈਏ ਉੱਡ ਜਾਵੇ,
ਮਿੱਠੇ-ਮਿੱਠੇ ਗੀਤ ਸੁਣਾਵੇ |
ਕਿੱਦਾਂ ਦੇਖ ਲੈ ਹੱਸਦਾ,
ਧੱੁਪੜੀ ਨਾਲ ਬਨੇਰਾ |
ਸ਼ੇਰਾ ਉੱਠ ਕੇ ਸੁਸਤੀ ਲਾਹ,
ਦੰਦ ਚਮਕਾ ਪਿੰਡੇ ਨਹਾ |
ਕਹਿਣ ਸਿਆਣੇ ਬਹੁਤਾ ਸੌਣਾ,
ਨਹਾਂ ਚੰਗੇਰਾ |
ਮਾਂ ਨੂੰ ਨਹੀਂ ਸਤਾਈਦਾ,
ਖਾ-ਪੀ ਕੇ ਘਰੋਂ ਜਾਈਦਾ |
ਕੰਧ ਉੱਤੇ ਰੱਖ ਜਾਵੀਂ ਤੰੂ,
ਚੋਗਾ ਮੇਰਾ |
ਪੜ੍ਹੀਂ-ਲਿਖੀਂ ਅਫਸਰ ਹੋਵੀਂ,
ਲੋਕਾਂ ਕੋਲੋਂ ਬੰਦੂਕਾਂ ਖੋਹਵੀਂ |
ਹੋਜੇ ਚਿੜੀਆਂ ਦਾ ਵੀ,
ਉੱਡਣ ਸੁਖੇਰਾ |

-ਹਰੀ ਕ੍ਰਿਸ਼ਨ ਮਾਇਰ,
-ਮੋਬਾ: 97806-67686


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX