ਤਾਜਾ ਖ਼ਬਰਾਂ


ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  6 minutes ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  36 minutes ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 1 hour ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 1 hour ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 1 hour ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਅਸਮ 'ਚ ਐਨ.ਆਰ.ਸੀ ਮਾਮਲੇ 'ਚ ਕੇਂਦਰ ਤੇ ਅਸਮ ਸਰਕਾਰ ਦੀਆਂ ਅਰਜ਼ੀਆਂ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ...
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 1 hour ago
ਬੈਂਗਲੁਰੂ, 19 ਜੁਲਾਈ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨਗੇ। ਰਾਜਪਾਲ ਵਜੁਭਾਈ ਬਾਲਾ ਨੇ ਕੁਮਾਰਸਵਾਮੀ ਨੂੰ ਦੁਪਹਿਰ 1.30 ਵਜੇ ਤੱਕ ਬਹੁਮਤ ਸਾਬਤ ਕਰਨ...
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 2 hours ago
ਆਕਲੈਂਡ, 19 ਜੁਲਾਈ (ਹਰਮਨਪ੍ਰੀਤ ਸਿੰਘ ਸੈਣੀ) - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਚਰਚ ਵਿਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਵਿਚ 7 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ...
ਅੱਜ ਦਾ ਵਿਚਾਰ
. . .  about 2 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 10 hours ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਬਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਹੋਰ ਖ਼ਬਰਾਂ..

ਦਿਲਚਸਪੀਆਂ

ਤੀਰ ਤੁੱਕਾ ਪਿੰਡ ਹੀ ਬਣੇਗਾ ਚੰਡੀਗੜ੍ਹ ਵਰਗਾ

ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਣ ਦੀ ਮਾਰ ਹੇਠ ਆਏ ਸ਼ਹਿਰ ਵਾਸੀ ਪਿੰਡਾਂ ਦੇ ਰਹਿਣ-ਸਹਿਣ ਨੂੰ ਚੰਗਾ ਮੰਨਦੇ ਹਨ, ਸ਼ਹਿਰੀਏ ਕਹਿੰਦੇ ਹਨ ਕਿ ਪਿੰਡਾਂ ਦੀ ਆਬੋ ਹਵਾ ਵਧੀਆ ਹੈ, ਸਵੇਰੇ-ਸ਼ਾਮ ਸੈਰ ਕਰਨ ਜਾਂ ਘੁੰਮਣ ਲਈ ਖੇਤਾਂ ਵੱਲ ਨਿਕਲਣਾ ਚੰਗੀ ਸਿਹਤ ਲਈ ਜ਼ਰੂਰੀ ਹੈ, ਪਿੰਡਾਂ ਦਾ ਖੁੱਲ੍ਹਾ ਮਾਹੌਲ ਮਨ-ਭਾਉਂਦਾ ਹੈ |
ਪਰ ਕਿਹਰ ਸਿੰਘ ਦਾ ਵੱਡਾ ਮੁੰਡਾ ਜਦੋਂ ਦਾ ਚੰਡੀਗੜ੍ਹ ਪੜ੍ਹਨ ਗਿਆ ਹੈ, ਬੱਸ ਇਕ ਹੀ ਗੱਲ ਹਰ ਵੇਲੇ ਆਖਦਾ ਕਿ ਚੰਡੀਗੜ੍ਹ ਸ਼ਹਿਰ ਬਹੁਤ ਵਧੀਆ ਹੈ, ਉੱਥੇ ਦਰੱਖਤਾਂ ਦੀ ਭਰਮਾਰ ਹੈ, ਫੁੱਲਾਂ ਲੱਦੇ ਪੌਦੇ ਮਨਮੋਹਣੇ ਹਨ, ਖੁੱਲ੍ਹਾ-ਡੁੱਲ੍ਹਾ ਮਾਹੌਲ ਹੈ | ਮੈਂ ਆਪਣੀ ਜ਼ਿੰਦਗੀ ਚੰਡੀਗੜ੍ਹ ਹੀ ਬਸਰ ਕਰਨੀ ਹੈ | ਚੰਡੀਗੜ੍ਹ ਜਾ ਕੇ ਵਸਣ ਦੀ ਗੱਲ ਕਿਹਰ ਸਿੰਘ ਨੂੰ ਚੰਗੀ ਵੀ ਲਗਦੀ ਸੀ, ਪਰ ਪਿੰਡ ਨਾਲ ਵੀ ਉਸ ਦਾ ਮੋਹ ਟੁੱਟ ਨਹੀਂ ਸਕਦਾ ਸੀ |
ਪਿੰਡ ਹੋਏ ਖੇਡ ਮੇਲੇ ਦੌਰਾਨ ਕਿਹਰ ਸਿੰਘ ਨੇ ਪਿੰਡ ਦੇ ਹੋਰ ਮੁੰਡਿਆਂ ਨੂੰ ਇਕੱਠੇ ਹੋ ਕੇ ਪਿੰਡ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ | ਮੁੰਡਿਆਂ ਦੀ ਟੀਮ ਨਾਲ ਮਿਲ ਕੇ ਕਿਹਰ ਸਿੰਘ ਨੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਦਾ ਇਰਾਦਾ ਬਣਾਇਆ | ਬਾਰਾਂ ਮੁੰਡਿਆਂ ਦੀ ਟੋਲੀ ਨੇ ਹਰੇਕ ਰਸਤੇ ਦੇ ਆਲੇ-ਦੁਆਲੇ ਪੌਦੇ ਲਗਾ ਦਿੱਤੇ | ਸਕੂਲ ਨੂੰ ਜਾਂਦੇ ਰਾਹ 'ਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਮਨਮੋਹਕ ਦਿ੍ਸ਼ ਬਣਾ ਦਿੱਤਾ | ਢੇਰਾਂ ਤੋਂ ਲੈ ਕੇ ਸੜਕਾਂ ਦੁਆਲੇ ਖਿੱਲਰੇ ਕੂੜੇ ਦੀ ਸਫ਼ਾਈ ਖ਼ੁਦ ਕਰਨੀ ਸ਼ੁਰੂ ਕਰ ਦਿੱਤੀ | ਸਕੂਲ ਨਾ ਜਾਂਦੇ ਬੱਚਿਆਂ ਨੂੰ ਪੜ੍ਹਾਉਣਾ, ਸਕੂਲ ਭੇਜਣਾ ਸ਼ੁਰੂ ਕਰ ਦਿੱਤਾ | ਹਰ ਪਾਸੇ ਹਰੇ ਕਚੂਰ ਪੱਤਿਆਂ ਦੀਆਂ ਫੁੱਟਦੀਆਂ ਕਰੰੂਬਲਾਂ ਬੜੀਆਂ ਹੀ ਸੋਹਣੀਆਂ ਲਗਦੀਆਂ ਸਨ | ਪਿੰਡ ਦਾ ਮੂੰਹ ਮੱਥਾ ਹੀ ਬਦਲ ਗਿਆ |
ਕਿਹਰ ਸਿੰਘ ਦਾ ਮੁੰਡਾ ਇਸ ਵਾਰ ਚੰਡੀਗੜ੍ਹ ਤੋਂ ਛੁੱਟੀਆਂ ਵਿਚ ਘਰ ਆਇਆ ਤਾਂ ਉਸ ਮੁੰਡੇ ਨੂੰ ਪਿੰਡ ਦੁਆਲੇ ਗੇੜਾ ਲਗਵਾ ਕੇ ਕਿਹਾ ਸੀ, 'ਕਾਕਾ ਦੇਖ ਅਸੀਂ ਪਿੰਡ ਨੂੰ ਕੀ ਤੋਂ ਕੀ ਬਣਾ ਦਿੱਤਾ ਹੈ, ਦਰੱਖਤਾਂ ਦੇ ਝੁੰਡ ਹੁਣ ਇਕ-ਦੂਜੇ ਨਾਲ ਸਾਂਝ ਪਾਈ ਖੜੇ੍ਹ ਹਨ, ਜਦੋਂ ਸ਼ੂਕਦੀ ਹਵਾ ਇਨ੍ਹਾਂ ਦੇ ਪੱਤਿਆਂ ਵਿਚੋਂ ਲੰਘਦੀ ਹੈ ਤਾਂ ਮਿੱਠੇ ਸੰਗੀਤ ਦਾ ਅਹਿਸਾਸ ਹੁੰਦਾ ਹੈ | ਪੁੱਤਰਾ ਤੁਸੀਂ ਚੰਡੀਗੜ੍ਹ ਵੀ ਜਾਓ, ਪਰ ਥੋੜ੍ਹਾ ਜਿਹਾ ਉੱਦਮ ਕਰਕੇ ਪਿੰਡ ਨੂੰ ਵੀ ਚੰਡੀਗੜ੍ਹ ਵਾਂਗ ਹੀ ਸੋਹਣਾ-ਸੁਨੱਖਾ ਵੀ ਬਣਾਓ |' ਸਾਡੀ ਛੋਟੀ ਜਿਹੀ ਪਹਿਲ ਤੋਂ ਹੁਣ ਹੋਰ ਪਿੰਡਾਂ ਦੇ ਲੋਕ ਵੀ ਦੇਖੋ-ਦੇਖੀ ਆਪਣੇ ਪਿੰਡਾਂ ਨੂੰ ਖ਼ੂਬਸੂਰਤ ਬਣਾ ਰਹੇ ਹਨ |' ਪਿੰਡ ਦੀ ਨੁਹਾਰ ਬਦਲੀ ਦੇਖ ਮੁੰਡਾ ਜੋਸ਼ ਵਿਚ ਆ ਗਿਆ ਸੀ, ਉਸ ਕਿਹਾ 'ਪਾਪਾ ਮੈਂ ਵੀ ਇਨ੍ਹਾਂ ਛੁੱਟੀਆਂ ਵਿਚ ਤੁਹਾਡੇ ਨਾਲ ਹੀ ਪਿੰਡ ਲਈ ਕੰਮ ਕਰਾਂਗਾ, ਜੇ ਸਰਕਾਰਾਂ ਨੇ ਘੇਸਲ ਮਾਰੀ ਹੋਈ ਹੈ, ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ |' ਮੁੰਡੇ ਦੀਆਂ ਗੱਲਾਂ ਸੁਣ ਕੇ ਕਿਹਰ ਸਿੰਘ ਦੀਆਂ ਅੱਖਾਂ ਵਿਚ ਚਮਕ ਆ ਗਈ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਫ਼ੋਨ-9417058020


ਖ਼ਬਰ ਸ਼ੇਅਰ ਕਰੋ

ਫ਼ੀਸ

ਸਕੂਲ ਵਿਚ ਸਵੇਰ ਦੀ ਸਭਾ ਨੂੰ ਮੁੱਖ ਅਧਿਆਪਕ ਜੀ ਨੇ ਸੰਬੋਧਿਤ ਕਰਦੇ ਹੋਏ ਕਿਹਾ, 'ਬੱਚਿਓ, ਤੁਹਾਡੇ ਪੇਪਰ ਨਜ਼ਦੀਕ ਆ ਰਹੇ ਹਨ, ਜਿਨ੍ਹਾਂ ਦੀ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ, ਨਹੀਂ ਤੇ ਤੁਸੀਂ ਪੇਪਰ ਵਿਚ ਨਹੀਂ ਬੈਠ ਸਕਦੇ, ਜਿਹੜੇ ਬੱਚੇ ਘਰੋਂ ਗਰੀਬ ਹਨ, ਮਾਂ-ਬਾਪ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਫੀਸ ਨਹੀਂ ਦੇ ਸਕਦੇ, ਉਹ ਆਪਣੇ ਕਲਾਸ ਇੰਚਾਰਜ ਤੋਂ ਫੀਸ ਮੁਆਫ਼ੀ ਦਾ ਫਾਰਮ ਲੈ ਕੇ ਆਪਣੇ ਮਾਪਿਆਂ ਅਤੇ ਪਿੰਡ ਦੇ ਸਰਪੰਚ ਤੋਂ ਦਸਤਖ਼ਤ ਕਰਵਾ ਕੇ ਵਾਪਸ ਆਪਣੇ ਕਲਾਸ ਇੰਚਾਰਜ ਕੋਲ ਜਮ੍ਹਾਂ ਕਰਵਾ ਦੇਣ, ਉਨ੍ਹਾਂ ਦੀ ਫੀਸ ਮੁਆਫ਼ ਹੋ ਜਾਵੇਗੀ |'
ਇਹ ਸਾਰੀ ਗੱਲ ਅਮਨ ਘਰ ਆ ਕੇ ਆਪਣੀ ਮੰਮੀ ਨੂੰ ਦੱਸਦਾ ਹੈ | ਉਸ ਦੀ ਪਹਿਲਾਂ ਦੀ ਕਈ ਮਹੀਨੇ ਦੀ ਫੀਸ ਰਹਿੰਦੀ ਹੈ | ਅਮਨ ਦੀ ਮੰਮੀ ਨੇ ਕਿਹਾ, 'ਕੋਈ ਗੱਲ ਨੀਂ ਪੁੱਤ, ਮੈਂ ਭੇਜਦੀ ਹਾਂ ਤੇਰੇ ਪਿਓ ਨੂੰ , ਸਕੂਲ ਵਿਚ ਹੀ ਦੇ ਆਊ ਉਹ ਫਾਰਮ ਤੇ ਸਰਪੰਚ ਤੋਂ ਦਸਤਖ਼ਤ ਕਰਵਾ ਕੇ ਅਜੇ ਉਹ ਕੰਜਰ ਸੁੱਤਾ ਪਿਆ, ਉਸ ਸ਼ਰਾਬੀ ਨੂੰ ਪਤਾ ਈ ਨਹੀਂ ਕਿ ਮੰੁਡੇ ਦੀ ਸਕੂਲ ਦੀ ਫੀਸ ਵੀ ਭਰਨੀ ਏ |' ਫੀਸ ਮੁਆਫ਼ੀ ਵਾਲਾ ਫਾਰਮ ਅਮਨ ਮੰਮੀ ਨੂੰ ਫੜਾ ਕੇ ਖ਼ੁਸ਼ੀ-ਖ਼ੁਸ਼ੀ ਸਕੂਲ ਚਲਾ ਗਿਆ |
ਅਮਨ ਦਾ ਡੈਡੀ ਸਰਪੰਚ ਤੋਂ ਫਾਰਮ 'ਤੇ ਦਸਤਖ਼ਤ ਕਰਵਾ ਕੇ ਉਸ ਦੇ ਸਕੂਲ ਵਿਚ ਦੇ ਆਉਂਦਾ ਹੈ | ਉਸ ਦੀ ਰਾਤ ਦੀ ਪੀਤੀ ਸ਼ਰਾਬ ਅਜੇ ਉਤਰੀ ਨਹੀਂ ਸੀ | ਦਿਨ ਚੜ੍ਹੇ ਵੀ ਉਸ ਦੇ ਮੰੂਹ ਵਿਚੋਂ ਸ਼ਰਾਬ ਦੀ ਹਵਾੜ ਆ ਰਹੀ ਸੀ |
ਅਮਨ ਦੀ ਕਲਾਸ ਇੰਚਾਰਜ ਮੈਡਮ ਨੇ ਅਮਨ ਨੂੰ ਬੁਲਾ ਕੇ ਕਿਹਾ, 'ਅਮਨ ਤੇਰੇ ਪਾਪਾ ਫੀਸ ਮੁਆਫ਼ੀ ਦਾ ਫਾਰਮ ਦੇ ਗਏ ਹਨ, ਹੁਣ ਤੇਰੀ ਫੀਸ ਮੁਆਫ਼ ਹੋ ਜਾਵੇਗੀ ਤੇ ਤੂੰ ਪੇਪਰਾਂ ਵਿਚ ਬੈਠ ਸਕਦਾ ਏਾ, ਹੁਣ ਹੋਰ ਮਿਹਨਤ ਕਰਕੇ ਵੱਧ ਤੋਂ ਵੱਧ ਨੰਬਰਾਂ ਨਾਲ ਪਾਸ ਹੋ |' ਅਮਨ ਮੈਡਮ ਨਾਲ ਗੱਲ ਕਰਦਾ ਹੋਇਆ ਬਹੁਤ ਖੁਸ਼ ਸੀ | ਫਿਰ ਮੈਡਮ ਨੇ ਅਮਨ ਨੂੰ ਪੁੱਛਿਆ ਪੁੱਤ ਇਕ ਗੱਲ ਦੱਸ... ਅਮਨ ਖ਼ੁਸ਼ੀ-ਖ਼ੁਸ਼ੀ ਮੈਡਮ ਨੂੰ ਕਹਿੰਦਾ ਹੈ, ਹਾਂਜੀ ਮੈਡਮ ਜੀ ਪੁੱਛੋ | ਮੈਡਮ ਪੁੱਤ ਕੀ ਤੇਰੇ ਪਾਪਾ ਸ਼ਰਾਬ ਪੀਂਦੇ ਨੇ...? ਇਹ ਸਵਾਲ ਸੁਣ ਕੇ ਉਹ ਇਕ ਦਮ ਉਦਾਸ ਹੋ ਗਿਆ ਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ | ਸ਼ਾਇਦ ਉਹ ਸੋਚ ਰਿਹਾ ਸੀ ਕਿ 'ਮੇਰੇ ਡੈਡੀ ਸ਼ਰਾਬ ਤਾਂ ਪੀ ਸਕਦੇ ਨੇ ਪਰ ਉਸ ਕੋਲ ਮੇਰੀ ਫੀਸ ਦੇਣ ਲਈ ਪੈਸੇ ਨਹੀਂ... |'

-ਮੋਬਾਈਲ : 98142-28203.
rajewal3@gmail.com

ਕਾਵਿ-ਵਿਅੰਗ ਕਸ਼ਮਕਸ਼

ਪੈਸੇ ਅਤੇ ਪਿਆਰ ਦੀ ਕਸ਼ਮਕਸ਼ ਵਿਚ,
ਬੰਦਾ ਉਲਝਿਆ ਰਹੇ ਮਜਬੂਰ ਹੋ ਕੇ |
ਕੱਟੇ ਉਮਰ ਕਿਵੇਂ ਉਦਰੇਵਿਆਂ ਦੀ,
ਸਾਰੇ ਸਕੇ ਸਨੇਹੀਆਂ ਤੋਂ ਦੂਰ ਹੋ ਕੇ |
ਇਉਂ ਜਾਪਦਾ ਝਾਗ ਕੇ ਵਾਟ ਲੰਮੀ,
'ਰਾਹੀ' ਭੌਾ 'ਤੇ ਡਿਗਿਆ ਚੂਰ ਹੋ ਕੇ |
ਥੋੜ੍ਹੇ ਸਮੇਂ ਦੀ ਜ਼ਿੰਦਗੀ ਮਿਲੀ ਸਾਨੂੰ,
ਗਾਲ਼ ਦਿੰਦੇ ਹਾਂ ਅਸੀਂ ਮਗ਼ਰੂਰ ਹੋ ਕੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਟੱਬ

ਕਰਦੇ ਗੱਲਾਂ ਨੇ ਬਹੁਤ ਘਨੇਰੀਆਂ ਜੋ,
ਵਿਰਲ ਹੁੰਦੀ ਹੈ ਉਨ੍ਹਾਂ ਦੇ ਵਿਹਾਰ ਦੇ ਵਿਚ |
ਪੂਜਾ ਕਰਦੇ ਜੋ ਨਿੱਜੀ ਸੁਆਰਥਾਂ ਦੀ,
ਹੁੰਦੀ ਖੋਟ ਹੈ ਉਨ੍ਹਾਂ ਦੇ ਪਿਆਰ ਦੇ ਵਿਚ |
ਉਦੋਂ ਰੱਬ ਨੂੰ ਵੀ ਦੱਸਦਾ ਹੈ ਟੱਬ ਬੰਦਾ,
ਹੁੰਦਾ ਜਦੋਂ ਹੈ ਉਹ ਪੂਰੇ ਹੰਕਾਰ ਦੇ ਵਿਚ |
ਛੜੇ ਛਾਂਟ ਨੂੰ ਹੁੰਦਾ ਇਹ ਦੁੱਖ 'ਚੋਹਲਾ',
ਜਾਣਾ ਪੈਂਦਾ ਨਾ ਬਹੁਤਾ ਬਾਜ਼ਾਰ ਦੇ ਵਿਚ |

-ਰਮੇਸ਼ ਬੱਗਾ ਚੋਹਲਾ
1348/17/1, ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ) | ਮੋਬਾਈਲ : 94631-32719.

ਪਾਣੀ ਤੋਂ ਪਿਆਸੇ

ਮੁਹਾਲੀ ਦੇ ਵੀਹ ਨੰਬਰ ਪਾਰਕ ਵਿਚ ਕੁਝ ਸਾਥੀ ਇਕੱਠੇ ਹੁੰਦੇ ਤਾਂ ਉਸ ਇਕੱਤਰਤਾ ਨੂੰ ਸੱਥ ਦਾ ਰੂਪ ਮਿਲ ਜਾਂਦਾ | ਭਲੇ ਵੇਲਿਆਂ ਵਿਚ ਸਰਵਿਸ ਕਰ ਕੇ ਸੇਵਾ-ਮੁਕਤ ਹੋਏ ਵਿਅਕਤੀ ਸਿਆਣਪ ਭਰੀਆਂ ਗੱਲਾਂ ਕਰਦੇ | ਇਕ ਦਿਨ ਆਮ ਵਾਂਗ ਬੈਠੇ ਸਾਥੀ ਗ੍ਰਹਿਆਂ, ਉਪਗ੍ਰਹਿਆਂ ਦੀਆਂ ਗੱਲਾਂ ਕਰਦੇ, ਧਰਤੀ 'ਤੇ ਉੱਤਰੇ ਤਾਂ ਗੱਲ ਪਾਣੀ 'ਤੇ ਆ ਕੇ ਅਟਕ ਗਈ | ਦੋ ਹੋਰ ਵਾਕਫ਼ਕਾਰ ਕੋਲੋਂ ਲੰਘਦੇ, ਗਿਲਾ ਕਰ ਰਹੇ ਸਨ ਕਿ ਦੋ ਹਫਤਿਆਂ ਤੋਂ ਪਾਣੀ ਨਹੀਂ ਆ ਰਿਹਾ | ਕੁਝ ਮਿੰਟ ਪਾਣੀ ਆਉਂਦਾ ਹੈ, ਉਹ ਵੀ ਨਾਮਾਤਰ ਪ੍ਰੈਸ਼ਰ ਤੇ, ਬਸ ਤੁਬਕਾ-ਤੁਬਕਾ | ਗਰਮੀਆਂ ਦੇ ਦਿਨ, ਪਾਣੀ ਬਗੈਰ, ਗੁਜ਼ਾਰਾ ਕਿਵੇਂ ਹੋਵੇ? ਬਹੁਤ ਹਾਹਾਕਾਰ ਮਚਦੀ ਹੈ ਪਰ ਸਥਾਨਕ ਪ੍ਰਬੰਧਕਾਂ ਦੇ ਕੰਨ 'ਤੇ ਜੰੂ ਨਹੀਂ ਸਰਕਦੀ | ਜੇ ਸਰਕਾਰ ਪਾਣੀ ਈ ਨਹੀਂ ਦੇ ਸਕਦੀ, ਹੋਰ ਕੀ ਆਸ ਰੱਖੀ ਜਾ ਸਕਦੀ ਹੈ |
ਸਾਡੇ ਵਿਚੋਂ ਇਕ ਸਾਥੀ ਨੇ, ਉਨ੍ਹਾਂ ਨੂੰ ਦੋ ਮਿੰਟ ਰੁਕ ਕੇ ਉਸਦੀ ਗੱਲ ਸੁਣਨ ਲਈ ਕਿਹਾ | ਉਸ ਕਿਹਾ, 'ਅਜੇ ਹੁਣੇ-ਹੁਣੇ ਹੀ ਚੋਣਾਂ ਹੋ ਕੇ ਹਟੀਆਂ ਹਨ | ਨੇਤਾ ਜੀ ਆਉਂਦੇ ਹਨ ਅਤੇ ਲੁਭਾਉਣੇ ਵਾਅਦੇ ਕਰ ਕੇ ਜਾਂਦੇ | ਤੁਸੀਂ ਤਾੜੀਆਂ ਮਾਰ-ਮਾਰ ਹੱਥ ਲਾਲ ਕਰ ਲੈਂਦੇ | ਤੁਸੀਂ ਸੁਆਮੀ ਭਗਤ ਜੋ ਹੋਏ | ਕਦੇ ਕਦੇ ਉੱਚੀ ਸੋਚ ਵਾਲਾ ਨੇਤਾ ਜੇ ਇਹ ਵੱਡੀ ਯੋਜਨਾ ਐਲਾਨਦਾ... ਅਸੀਂ ਚੰਦ ਉਤੇ ਪਲਾਟ ਕੱਟਣੇ ਹਨ, ਜਿਸ ਨੇ ਬੁਕਿੰਗ ਕਰਵਾਣੀ ਹੈ ਤਾਂ ਛੇਤੀ ਸੌ ਰੁਪਏ ਜਮ੍ਹਾ ਕਰਵਾ ਕੇ ਫਾਰਮ ਲੈ ਲਵੇ | ਤਾਂ ਸ਼ਾਇਦ ਤੁਹਾਡੀ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਤਾਰ ਬਣ ਜਾਣੀ ਸੀ | ਪਰ ਉਨ੍ਹਾਂ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਸੀ ਕਿ ਸਾਨੂੰ ਚੰਦ 'ਤੇ ਨਹੀਂ ਧਰਤੀ 'ਤੇ ਪਾਣੀ ਚਾਹੀਦਾ ਹੈ | ਉਸ ਸਮੇਂ ਸੁਆਮੀ ਭਗਤੀ ਛੱਡ ਕੇ ਲੋਕ ਲੋਕਾਂ ਨਾਲ ਜੁੜਨ | ਹਰ ਖੇਤਰ ਦਾ ਮੰਗ-ਪੱਤਰ ਤਿਆਰ ਹੋਵੇ ਅਤੇ ਸਾਰੇ ਤਖਤੀਆਂ ਲੈ ਕੇ ਖੜ੍ਹੇ ਹੋਵੋ... ਸਾਨੂੰ ਵਿੱਦਿਆ, ਸਿਹਤ ਸਹੂਲਤਾਂ, ਰੁਜ਼ਗਾਰ, ਉਦਯੋਗ ਕਾਨੂੰਨ ਵਿਵਸਥਾ ਅਤੇ ਜਾਨ ਮਾਲ ਦੀ ਰਾਖੀ ਚਾਹੀਦੀ ਹੈ, ਚੰਦ 'ਤੇ ਪਲਾਟ ਨਹੀਂ | ਬੁਰਕੀ 'ਤੇ ਵਿਕੇ ਵੋਟਰ, ਅੱਜ ਨਹੀਂ ਸਦਾ ਹੀ ਪਾਣੀ ਤੋਂ ਪਿਆਸੇ ਰਹਿਣਗੇ |

-ਸੈ-70-1004, ਮੁਹਾਲੀ-160071.
ਮੋਬਾਈਲ : 87259-97333.

ਪਲੀਤ

ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਅਸੀਂ ਇਕ ਢਾਬੇ 'ਤੇ ਚਾਹ ਪੀਣ ਲਈ ਬੈਠ ਗਏ | ਦੇਖਦਿਆਂ-ਦੇਖਦਿਆਂ ਹੋਰ ਕਈ ਸਵਾਰੀਆਂ ਆ ਗਈਆਂ ਤੇ ਚੰਗੀ ਰੌਣਕ ਹੋ ਗਈ |
ਜਦੋਂ ਚਾਹ ਪੀ ਕੇ ਉੱਠੇ ਤਾਂ ਸੇਵਾਦਾਰ ਜੂਠ ਨੂੰ ਇਕ ਬਾਲਟੀ ਵਿਚ ਪਾਈ ਜਾਵੇ | ਮੈਂ ਉਸ ਤੋਂ ਪੁੱਛਿਆ, 'ਇਸ ਜੂਠ ਦਾ ਕੀ ਕਰਦੇ ਹੋ? ਉਹ ਚੁੱਪ ਰਿਹਾ ਤੇ ਅਸੀਂ ਕਾਰ ਵਿਚ ਬੈਠ ਗਏ | ਸਾਡੇ ਨਾਲ ਇਕ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ | ਅਸੀਂ ਹਾਲੀਂ ਥੋੜ੍ਹਾ ਜਿਹਾ ਅੱਗੇ ਗਏ ਸੀ ਤਾਂ ਕੀ ਦੇਖਿਆ ਕਿ ਨੌਕਰ ਉਹੀ ਬਾਲਟੀ ਚੁੱਕ ਕੇ ਨਹਿਰ ਵਿਚ ਸੁੱਟ ਆਇਆ |
ਬੜੇ ਹੈਰਾਨ ਹੋਏ, ਕਾਰ ਰੋਕ ਲਈ ਤਾਂ ਪੁੱਛ ਲਿਆ ਕਿ ਬੱਚੇ ਇਹ ਕੀ ਕੀਤਾ ਹੈ? ਸਾਰਾ ਤਾਂ ਪਾਣੀ ਗੰਦਾ ਹੋਵੇਗਾ | ਉਸ ਨੇ ਹੌਸਲੇ ਨਾਲ ਉੱਤਰ ਦਿੱਤਾ, 'ਤੁਸੀਂ ਮੇਰੇ ਮਾਲਕਾਂ ਨਾਲ ਗੱਲ ਕਰੋ, ਮੈਂ ਤਾਂ ਹੁਕਮ ਦਾ ਬੱਧਾ ਹੋਇਆ ਹਾਂ |'
ਸੁਣ ਕੇ ਚੁੱਪ ਕਰ ਗਏ, ਮਾਲਕਾਂ ਨੂੰ ਕਿਥੋਂ ਲੱਭਣ ਜਾਈਏ |

-35, ਨਿਊ ਜਵਾਹਰ ਨਗਰ, ਜਲੰਧਰ ਸ਼ਹਿਰ |
ਫੋਨ : 0181-5073798, ਮੋਬਾਈਲ : 95175-83411.

ਖ਼ਬਰੀ ਲਿਫ਼ਾਫਾ

ਕੁਝ ਦਿਨ ਪਹਿਲਾਂ ਮੈਂ ਨਾਲ ਦੇ ਪਿੰਡ ਆਪਣੇ ਦੋਸਤ ਦੀ ਖ਼ਬਰ ਲੈਣ ਗਿਆ, ਉਥੇ ਇਕ ਅਜੀਬ ਸ਼ਬਦ ਸੁਣਿਆ (ਖ਼ਬਰੀ ਲਿਫ਼ਾਫਾ) | ਜਦੋਂ ਮੈਂ ਉਥੇ ਖੜ੍ਹੇ ਇਕ ਬਜ਼ੁਰਗ ਨੂੰ ਪੁੱਛਿਆ ਕਿ ਇਹ ਖ਼ਬਰੀ ਲਿਫ਼ਾਫ਼ਾ ਕੀ ਹੈ ਤਾਂ ਉਸ ਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਵਿਚ ਨੱਥਾ ਸਿੰਘ ਨਾਂਅ ਦਾ ਇਕ ਵਿਅਕਤੀ ਰਹਿੰਦਾ ਹੈ ਉਹ ਵਿਆਹ ਸ਼ਾਦੀ ਦੇ ਸਮੇਂ ਤਾਂ ਲੋਕਾਂ ਨੂੰ ਸ਼ਗਨ ਵਿਚ 50-100 (ਰੁਪਏ) ਪਾ ਕੇ ਦਿੰਦਾ ਸੀ ਤੇ ਸਾਰਾ ਪਿੰਡ ਉਸ ਨੂੰ ਕੰਜੂਸ ਕਹਿੰਦਾ ਹੁੰਦਾ ਸੀ ਪਰ ਉਸ ਦੀ ਅਸਲੀਅਤ ਦਾ ਉਦੋਂ ਪਤਾ ਲੱਗਿਆ ਕਿ ਜਦੋਂ ਪਿੰਡ ਦਾ ਪੰਚ ਕਿਸ਼ਨਾ ਇਕ ਭਿਆਨਕ ਬਿਮਾਰੀ ਕਾਲੇ ਪੀਲੀਏ ਦਾ ਸ਼ਿਕਾਰ ਹੋ ਗਿਆ | ਸਾਰਾ ਪਿੰਡ ਉਸ ਦੀ ਖ਼ਬਰ ਲੈ-ਲੈ ਮੁੜ ਆਈ ਗਿਆ, ਜਾਈ ਗਿਆ, ਉਸ ਦੀ ਬਿਮਾਰੀ 'ਤੇ ਜੋ ਪੈਸੇ ਲੱਗਦੇ ਸੀ ਉਹ ਅਲੱਗ ਅਤੇ ਜੋ ਖ਼ਬਰਸਾਰ ਲੈਣ ਲਈ ਆਉਂਦੇ ਸਨ ਉਨ੍ਹਾਂ ਦੇ ਚਾਹ-ਪਾਣੀ 'ਤੇ ਖ਼ਰਚਾ ਵੱਖਰਾ ਹੁੰਦਾ ਸੀ | ਇਸ ਨਾਲ ਉਹ ਦੋਹਰੀ ਮੁਸ਼ਕਿਲ ਵਿਚ ਸਨ ਕਿਉਂਕਿ ਉਹ ਕਿਸੇ ਨੂੰ ਰੋਕ ਨਹੀਂ ਸਕਦਾ ਸੀ ਪਰ ਜਦੋਂ ਨੱਥਾ ਸਿੰਘ ਉਸ ਦੇ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਨੇ ਚਾਹ ਵੀ ਪੁੱਛਣਾ ਮੁਨਾਸਿਫ਼ ਨਾ ਸਮਝਿਆ ਕਿਉਂਕਿ ਜਦੋਂ ਕਿਸ਼ਨੇ ਦੀ ਧੀ ਦਾ ਵਿਆਹ ਸੀ ਤਾਂ ਨੱਥਾ 100 ਰੁਪਏ ਸ਼ਗਨਾਂ ਵਾਲੇ ਲਿਫ਼ਾਫੇ ਵਿਚ ਪਾ ਕੇ ਦੇ ਗਿਆ ਸੀ | ਨੱਥਾ ਸਿੰਘ ਨੇ ਕਿਸ਼ਨੇ ਨੂੰ ਹੌਸਲਾ ਦਿੰਦੇ ਕਿਹਾ ਕੁਝ ਨਹੀਂ ਹੁੰਦਾ ਤੂੰ ਤਕੜਾ ਹੋ ਅਤੇ ਨਾਲ ਹੀ ਇਕ ਲਿਫ਼ਾਫਾ ਉਸ ਦੇ ਹੱਥ ਵਿਚ ਫੜ੍ਹਾ ਉਸ ਦੇ ਘਰੋਂ ਨਿਕਲ ਗਿਆ | ਕਿਸ਼ਨੇ ਤੇ ਉਸ ਦੀ ਘਰਵਾਲੀ ਨੇ ਬੜੀ ਹੀ ਹੈਰਾਨੀ ਨਾਲ ਜਦ ਉਹ ਲਿਫ਼ਾਫਾ ਖੋਲਿ੍ਹਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ | ਨੱਥਾ ਸਿੰਘ ਨੇ ਕਿਸ਼ਨੇ ਦੀ ਗੰਭੀਰ ਬਿਮਾਰੀ ਨੂੰ ਦੇਖਦੇ ਹੋਏ ਉਸ ਨੂੰ ਲਿਫ਼ਾਫ਼ੇ ਵਿਚ ਪਾ 5000 ਹਜ਼ਾਰ ਰੁਪਏ ਦਿੱਤੇ ਸਨ ਤਾਂ ਕਿ ਉਹ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕੇ | ਨੱਥਾ ਸਿੰਘ ਦਾ ਮੰਨਣਾ ਹੈ ਕਿ ਵਿਆਹ ਵਿਅਕਤੀ ਉਦੋਂ ਹੀ ਰੱਖਦੈ ਜਦੋਂ ਉਸ ਕੋਲ ਪੈਸੇ ਹੁੰਦੇ ਹਨ ਪਰ ਬਿਮਾਰੀ ਹਾਲਾਤ ਦੇਖ ਕੇ ਨਹੀਂ ਆਉਂਦੀ ਬਸ ਉਦੋਂ ਤੋਂ ਹੀ ਸਾਡਾ ਸਾਰਾ ਪਿੰਡ ਵਿਆਹ ਸਮੇਂ ਸ਼ਗਨ ਦੇਵੇ ਭਾਵੇਂ ਨਾ ਦੇਵੇ ਪਰ ਕਿਸੇ ਦੇ ਬਿਮਾਰ ਹੋਣ 'ਤੇ ਉਸ ਦੀ ਮੱਦਦ ਕਰਨ ਲਈ ਇਹ ਖਬਰੀ ਲਿਫਾਫਾ ਜ਼ਰੂਰੀ ਪਹੁੰਚਾ ਦਿੰਦੇ ਹਨ ਜਿਸ ਨਾਲ ਕੋਈ ਵੀ ਵਿਅਕਤੀ ਇਲਾਜ ਤੋਂ ਸੱਖਣਾ ਨਹੀਂ ਰਹਿੰਦਾ |

-ਪਿੰਡ ਮੰਡੇਰਾਂ, ਤਹਿ- ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ | ਮੋਬਾਈਲ : 97814-08731.

ਯਾਦਾਂ 'ਚੋਂ: ਵਕਤ ਇਕ ਉਹ ਵੀ ਹੁੰਦਾ ਸੀ

'ਜੀਤੇ' ਚੱਲੀਏ ਖਿੱਦੋ ਖੂੰਡੀ ਖੇਡਣ, ਸਕੂਲੋਂ ਆਉਣ ਤੋਂ ਝੱਟ ਪਿੱਛੋਂ ਹੀ 'ਦਰਸ਼ਨ' ਨੇ ਆ ਆਵਾਜ਼ ਦਿੱਤੀ | ਏਸੇ ਵੇਲੇ , ਮੈਂ ਹੈਰਾਨੀ ਨਾਲ ਪੁੱਛਿਆ, ਹੁਣ ਅਜੇ ਸਕੂਲੋਂ ਦੋ ਮੀਲ ਤੁਰ ਕੇ ਆਏ ਆਂ, ਅਜੇ ਮੱਝ ਨੂੰ ਗੁਤਾਵਾ ਕਰਨਾ ਏਾ, ਪੱਠੇ ਦੱਥੇ ਲਿਆਉਣੇ ਨੇ ਫਿਰ ਚੱਲਾਂਗੇ, ਪਰ ਤੁੰ ਕਿਵੇਂ ਅੱਜ ਵਿਹਲਾ ਜਿਹਾ ਹੋਇਆ ਫਿਰਦੈਂ ਏਸੇ ਵੇਲੇ? ਮਾਂ ਛੱਲੀਆਂ ਤੜਵਾਉਣ ਖੇਤ ਗਈ ਆ, ਮੈਂ ਇਧਰ ਆ ਗਿਆ | ਮਹੁਰਿਆ ਤੂੰ ਵੀ ਖੇਤ ਜਾ ਕੇ ਚਾਚੀ ਨਾਲ ਕੋਈ ਕੰਮ ਧੰਦਾ ਕਰਵਾ ਆਉਂਦਾ ਤੇਰਾ ਰਾਹ ਦੇਖਦੀ ਹੋਣੀ ਏਾ | ਚੱਲ ਛੱਡ ਜੇ ਹੁਣ ਆ ਹੀ ਗਿਆ ਏਾ ਤਾਂ ਚੁੱਕੋ ਤਿੰਨ ਦਾਤੀਆਂ ਮਿੰਟਾਂ 'ਚ ਪੱਠੇ ਲਿਆ ਕੇ ਕੁਤਰ ਦੇਨੇ ਆਂ , ਛੋਟੇ ਤੂੰ ਖਾਲ ਦੇ ਬੰਨੇ ਤੋਂ ਥੋੜ੍ਹੀ ਜਿਹੀ ਖੰਡੀ ਵੱਢ ਲਈਾ ਪੱਠੇ ਸੁਆਦਲੇ ਹੋ ਜਾਂਦੇ ਨੇ ਨਾਲੇ ਦੁੱਧ ਵੱਧਦੈ | ਝੱਟ ਹੀ ਅਸੀਂ ਪੱਠੇ ਲਿਆ ਕੇ ਕੁਤਰ ਕੇ ਮਾਂ ਤੋਂ ਖੇਡਣ ਜਾਣ ਦੀ ਇਜਾਜ਼ਤ ਲੈ ਲਈ | ਖੇਡ ਮੈਦਾਨ ਵੱਲ ਜਾਂਦੇ ਮੇਰੇ ਹੱਥ ਵਿਚ ਫੜਿਆ ਖਿੱਦੋ ਵੇਖ ਕੇ ਦਰਸ਼ਨ ਪੁੱਛਣ ਲੱਗਾ, ਜੀਤੇ ਖਿੱਦੋ 'ਤੇ ਏਨੀਆਂ ਵਧੀਆ ਪਿੜੀਆਂ ਕੀਹਨੇ ਪਾਈਆਂ ਨੇ? ਮੈਨੂੰ ਮਾਂ ਨੇ ਸਿਖਾਈਆਂ ਸੀ ਮੈਂ ਕਿਹਾ | ਖਿੱਦੋ ਤਾਂ ਤੂੰ ਬਹੁਤ ਵਧੀਆ ਬਣਾਉਣਾ ਏਾ ਪਰ ਖੂੰਡੀਆਂ ਦੀਆਂ ਸੱਟਾਂ ਇਸ ਨੂੰ ਹਾਲੋਂ ਬੇਹਾਲ ਕਰ ਦਿੰਦੀਆਂ ਨੇ, ਦਰਸ਼ਨ ਦੀ ਗੱਲ ਅਜੇ ਵਿਚਾਲੇ ਹੀ ਸੀ ਕਿ ਛੋਟਾ ਬੋਲ ਪਿਆ, ਲੰਬੜਾਂ ਦਾ ਮੁੰਡਾ ਹਾਕੀ ਲੈ ਕੇ ਆਉਂਦੈ ਉਹ ਭਲਾ ਕਿੰਨੇ ਕੁ ਦੀ ਆਉਂਦੀ ਏ ਵੀਰੇ? ਛੋਟੇ ਵੀਰ ਜਿੰਨੇ ਦੀ ਮਰਜ਼ੀ ਹੋਵੇ ਖੂੰਡੀ ਦਾ ਮੁਕਾਬਲਾ ਨਹੀਂ ਕਰ ਸਕਦੀ | ਖੂੰਡੀ ਦਾ ਠੁੱਲ ਜਿੰਨਾ ਜੰਮ ਕੇ ਲੱਗਦੈ ਹਾਕੀ ਦਾ ਕਿੱਥੇ, ਮੈਂ ਕਿਹਾ | ਖੇਡ ਖੂਡ ਕੇ ਘਰ ਨੂੰ ਮੁੜਦਿਆਂ ਦਰਸ਼ਨ ਕਹਿੰਦਾ ਸਾਡਾ ਵਿਹੜਾ ਛੱਲੀਆਂ ਨਾਲ ਭਰਿਆ ਪਿਐ, ਜਿਸ ਦਿਨ ਕੱਢਣ ਲਈ ਮਸ਼ੀਨ ਆਊ ਅਸੀਂ ਆਹਵਤ ਸੱਦਾਂਗੇ ਤੁਸੀਂ ਵੀ ਆਇਓ' ਨਾਲੇ ਖਾਵਾਂ ਪੀਵਾਂਗੇ ਨਾਲੇ ਕੰਮ ਦੇਖਾਂਗੇ | ਨਿਰਾ ਦੇਖਾਂਗੇ ਨਹੀਂ ਕਰਾਂਗੇ ਵੀ ਤੇਰੀਆਂ ਸਾਰੀਆਂ ਛੱਲੀਆਂ ਕੱਢਵਾ ਕੇ ਮੁੜਾਂਗੇ | ਛੋਟਾ ਬੋਲਿਆ 'ਤੂੁੰ ਚਾਚੀ ਨੂੰ ਕਹੀਂ ਘਰੇ ਪਕੌੜੇ ਗੁਲਗੁਲੇ ਖੀਰ ਬਣਾਵੇ, ਮਾਂ ਕਹਿੰਦੀ ਆ ਬਾਜ਼ਾਰੀ ਚੀਜ਼ਾਂ ਦਾ ਕੋਈ ਵਸਾਹ ਨਹੀਂ ਹੁੰਦਾ |' ਚੱਲ ਠੀਕ ਆ ਕਹਿ ਕੇ ਦਰਸ਼ਨ ਆਪਣੀ ਗਲੀ ਮੁੜ ਗਿਆ | ਵੀਰੇ ਛੇਤੀ ਚੱਲ ਮੈਂ ਅਜੇ ਸਬਕ ਵੀ ਯਾਦ ਕਰਨਾ ਏਾ, ਨਹੀਂ ਤਾਂ ਮਾਸਟਰ ਜੀ ਨੇ 'ਡੰਡਾ ਪੀਰ ਏ ਵਿਗੜਿਆਂ ਤਿਗੜਿਆਂ ਦਾ, 'ਗੁਣਗੁਣਾਉਂਦੇ ਸਵੇਰੇ ਹੀ ਮੇਰੀ ਸੀਟ ਵੱਲ ਤੁਰ ਪੈਣਾ ਏਾ, ਛੋਟਾ ਬੋਲਿਆ | ਘਰ ਪੁੱਜੇ ਤਾਂ ਮਾਂ ਧਾਰ ਕੱਢਦੀ ਪਈ ਸੀ | ਛੇ ਦਹਾਕੇ ਦੇ ਕਰੀਬ ਬੀਤ ਗਏ ਨੇ ਬਚਪਨ ਦੀਆਂ ਭੋਲੀਆਂ-ਭਾਲੀਆਂ ਸਿਧ-ਪੱਧਰੀਆਂ ਗੱਲਾਂ ਤੇ ਆੜੀਆਂ ਨਾਲ ਬਿਤਾਏ ਉਹ ਖੂਬਸੂਰਤ ਪਲਾਂ ਨੂੰ ਯਾਦ ਕਰਕੇ ਮੈਂ ਕਈ ਵਾਰ ਗੰਭੀਰ ਹੋ ਜਾਨਾਂ ਤਾਂ ਮਾਂ ਝੱਟ ਗੱਲ ਬਦਲਦੀ ਕਹਿ ਦਿੰਦੀ ਏ 'ਪੁਰਾਣੀ ਬੇੜੀ 'ਚ ਸੋਚਾਂ ਦਾ ਬਹੁਤਾ ਭਾਰ ਨਹੀਂ ਪਾਈਦਾ, ਉਹਦੀ ਨਜ਼ਰ ਸਵੱਲੀ ਰਵੇ੍ਹ ਤਾਂ ਸਾਰੇ ਵਕਤ ਹੀ ਚੰਗੇ ਨੇ |

-ਸਾਹਨੇਵਾਲ | ਮੋਬਾਈਲ : 98144-51558

ਕਾਵਿ-ਵਿਅੰਗ: ਭਲਾ ਬਨਾਮ ਬੁਰਾ

ਭਲ਼ੇ ਕਾਰਜਾਂ ਲਈ ਨਾ ਵਿਹਲ ਮਿਲਦੀ,
ਬੁਰੇ ਧੰਦਿਆਂ ਵਿਚ ਗ਼ਲਤਾਨ ਰਹਿੰਦੇ |
ਏਸੇ ਵਾਸਤੇ ਸ਼ਾਂਤ ਨਹੀਂ ਰਹਿ ਸਕਦੇ,
ਹਰ ਵਕਤ ਦੁਖ਼ੀ-ਹੈਰਾਨ ਰਹਿੰਦੇ |
ਜਿਹੜੇ ਦੂਜਿਆਂ ਨਾਲ ਨਿਆਂ ਕਰਦੇ,
ਬੜੇ ਸਫ਼ਲ ਉਹ ਨੇਕ ਇਨਸਾਨ ਰਹਿੰਦੇ |
ਬੁਜ਼ਦਿਲ ਪਿੱਠ ਦਿਖਾ ਕੇ ਦੌੜ ਜਾਂਦੇ,
ਯੋਧੇ ਨਿੱਠ ਕੇ ਵਿਚ ਮੈਦਾਨ ਰਹਿੰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸੋਚ

ਉਹ ਆਪਣੇ ਸਕੂਲ ਵਿਚ ਇਕ ਮਿਹਨਤੀ ਅਧਿਆਪਕ ਸੀ | ਸਮੇਂ-ਸਮੇਂ 'ਤੇ ਉਹ ਗਰੀਬ ਬੱਚਿਆਂ ਦੀ ਮਦਦ ਕਰਦਾ ਸੀ | ਇਸ ਵਾਰੀ ਗਰਮੀ ਦੀਆਂ ਛੁੱਟੀਆਂ ਤੋਂ ਇਕ ਦਿਨ ਪਹਿਲਾਂ ਉਸ ਦੀ ਸਾਰੇ ਸਕੂਲ ਦੇ ਬੱਚਿਆਂ ਨੂੰ ਕੜਾਹ ਖਵਾਉਣ ਦੀ ਇੱਛਾ ਸੀ | ਉਸ ਨੇ ਮਿਡ-ਡੇਅ ਮੀਲ ਬਣਾਉਂਦੀਆਂ ਔਰਤਾਂ ਨਾਲ ਗੱਲ ਕੀਤੀ ਕਿ ਮੈਨੂੰ ਰਾਸ਼ਨ ਲਿਖ ਦੇਵੋ, ਮੈਂ ਲੈ ਆਉਂਦਾ ਹਾਂ ਪਰ ਉਨ੍ਹਾਂ ਆਖਿਆ ਕਿ ਅੱਜ ਵੀਰਵਾਰ ਹੈ ਅਤੇ ਕੜ੍ਹੀ-ਚਾਵਲ ਬਣਾਉਣੇ ਹਨ | ਅੱਜ ਲਈ ਸਮਾਂ ਨਹੀਂ | ਇਹ ਸੁਣ ਕੇ ਉਸ ਅਧਿਆਪਕ ਨੇ ਸੋਚਿਆ ਕਿਉਂ ਨਾ ਅੱਜ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਲੱਡੂ ਖੁਆ ਦਿੱਤੇ ਜਾਣ | ਉਹ ਅਧਿਆਪਕ ਸਕੂਲ ਦੇ ਨੇੜੇ ਇਕ ਮਠਿਆਈ ਦੀ ਦੁਕਾਨ ਤੋਂ ਲੱਡੂ ਲੈ ਆਇਆ ਅਤੇ ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚ ਵੰਡ ਦਿੱਤੇ | ਇਹ ਵੇਖ ਕੇ ਇਕ ਮੈਡਮ ਆਖਣ ਲੱਗੀ, 'ਸਰ ਇਹ ਪੀਲੇ ਲੱਡੂ ਅੱਜ ਵੀਰਵਾਰ ਕਰਕੇ ਖੁਆਏ ਹਨ, ਦਾਨ ਦੇ ਰੂਪ ਵਿਚ?' ਸੁਣ ਕੇ ਉਹ ਅਧਿਆਪਕ ਦੰਗ ਰਹਿ ਗਿਆ, ਕਿਉਂਕਿ ਇਹ ਉਸ ਦੀ ਅਜਿਹੀ ਮਨਸ਼ਾ ਨਹੀਂ ਸੀ ਉਹ ਤਾਂ ਕੜਾਹ ਖੁਆਉਣਾ ਚਾਹੁੰਦਾ ਸੀ ਪਰ ਮੈਡਮ ਦੀ ਸੋਚ ਮਾਸਟਰ ਜੀ ਨੂੰ ਸੋਚਾਂ ਵਿਚ ਪਾ ਗਈ |

-ਨਵਦੀਪ ਸਿੰਘ ਭਾਟੀਆ
9, ਸ਼ਿਵਮ ਅਪਾਰਟਮੈਂਟਸ, ਖਾਨਪੁਰ ਕੁਰਾਲੀ ਰੋਡ, ਖਰੜ (ਮੁਹਾਲੀ) |

ਕੂੜੇ ਦੀ ਛਾਂਟੀ

ਚਿਰਾਂ ਪਿੱਛੋਂ ਕੈਨੇਡਾ ਤੋਂ ਮੁੜਿਆ ਮੀਕਾ, ਸਵੇਰੇ-ਸਵੇਰੇ ਆਪਣੇ ਬਚਪਨ ਦੇ ਦੋਸਤ ਜੀਤੇ ਨਾਲ ਸੈਰ ਲਈ ਨਿਕਲਿਆ ਸੀ | ਆਪਣੇ ਕਸਬਾਨੁਮਾ ਪਿੰਡ ਨਾਲ ਜੁੜੀਆਂ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦਿਆਂ ਉਹ ਨਾਲੋ-ਨਾਲ ਇੱਥੇ ਅਤੇ ਉੱਥੇ ਦੀ ਤੁਲਨਾ ਵੀ ਕਰੀ ਜਾ ਰਿਹਾ ਸੀ | ਇੰਨੇ ਨੂੰ ਇਕ ਮਿਊਾਸਪਲ ਕਮੇਟੀ ਦਾ ਇੱਕ ਸਫ਼ਾਈ ਸੇਵਕ ਉਨ੍ਹਾਂ ਦੇ ਅੱਗਿਓਾ ਕੂੜੇ-ਕਰਕਟ ਵਾਲੀ ਇਕ ਸਾਈਕਲ ਰੇਹੜੀ ਲੈ ਕੇ ਲੰਘਿਆ | ਜੀਤਾ, ਜੋ ਮੀਕੇ ਕੋਲੋਂ ਕੈਨੇਡਾ ਦੀਆਂ ਸਿਫ਼ਤਾਂ ਸੁਣ-ਸੁਣ ਅੱਕਿਆ ਪਿਆ ਸੀ, ਨੂੰ ਆਪਣੇ ਕਸਬੇ ਦੀ ਮਿਊਾਸਪਲ ਕਮੇਟੀ ਦੁਆਰਾ ਸ਼ੁਰੂ ਕੀਤੀ ਇਹ ਮੁਹਿੰਮ ਇਕ ਉਪਲੱਬਧੀ ਜਾਪੀ ਤੇ ਉਸ ਬੜੇ ਹੀ ਮਾਣ ਨਾਲ ਕਿਹਾ, 'ਲੈ ਦੇਖ ਲੈ ਮੀਕੇ, ਹੁਣ ਸਾਡੇ ਇੱਥੇ ਵੀ ਘਰ-ਘਰ ਤੋਂ ਕੂੜਾ ਲੈ ਜਾਣ ਦਾ ਪ੍ਰਬੰਧ ਹੈਗਾ |'
ਉਸ ਦੀ ਇਹ ਗੱਲ ਸੁਣ ਮੀਕਾ ਮੁਸਕਰਾਇਆ ਤੇ ਨਾਲ ਹੀ ਉਸ ਮੋੜਵਾਂ ਸੁਆਲ ਪਾ ਦਿੱਤਾ, ਪਰ ਇਹ ਤਾਂ ਸਾਰਾ ਕੂੜਾ-ਕਰਕਟ ਇੱਕੋ ਥਾਂ ਪੁਆ ਕੇ ਲੈ ਜਾ ਰਿਹਾ , 'ਕੀ ਤੁਹਾਡੇ ਵੱਖ-ਵੱਖ ਕੂੜੇ ਦੀ ਛਾਂਟੀ ਨਹੀਂ ਕਰਦੇ?'
'ਛਾਂਟੀ, ਉਹ ਕਿਵੇਂ? '
'ਜਿਵੇਂ ਸਾਡੇ ਵੱਖ-ਵੱਖ ਕੂੜੇ ਨੂੰ ਵੱਖ਼ ਸਾਂਭਿਆ ਜਾਂਦਾ ਹੈ, ਕੱਚ-ਪਲਾਸਟਿਕ ਅਲੱਗ, ਬਾਕੀ ਗਲਣਸ਼ੀਲ ਕੂੜਾ ਅਲੱਗ |'
'ਅੱਛਾ-ਅੱਛਾ! ਉਹ ਤਾਂ ਭਰਾਵਾ ਸਾਡੇ ਇੱਥੇ ਵੀ ਹੁੰਦਾ |'
' ਪਰ ਉਹ ਕਿਵੇਂ? '
ਮੀਕੇ ਦੇ ਇਹ ਪੁੱਛਣ ਦੀ ਦੇਰ ਸੀ ਕਿ ਉਹ ਦੋਵੇਂ ਗੱਲਾਂ ਕਰਦੇ-ਕਰਦੇ ਸੜਕ ਕਿਨਾਰੇ ਲੱਗੇ ਇਕ ਢੇਰ ਕੋਲ ਪੁੱਜ ਗਏ | ਉਨ੍ਹਾਂ ਦੇ ਅੱਗੇ ਜਾ ਰਹੀ ਰੇਹੜੀ ਵਾਲੇ ਨੇ ਆਪਣਾ ਸਾਰਾ ਕੂੜਾ-ਕਰਕਟ ਉੱਥੇ ਉਲਟਾ ਦਿੱਤਾ ਤੇ ਉੱਥੇ ਪਹਿਲਾਂ ਤੋਂ ਹੀ ਮੌਜੂਦ, ਮੋਢੇ ਨਾਲ ਖ਼ਾਲੀ ਥੈਲੇ ਲਟਕਾਈ ਖੜ੍ਹੀਆਂ ਦੋ ਗਰੀਬੜੀਆਂ, ਉਸ ਕੂੜੇ 'ਚੋਂ ਤੇਜ਼ੀ ਨਾਲ ਕੱਚ-ਪਲਾਸਟਿਕ ਅਤੇ ਰੱਦੀ ਕਾਗਜ਼ ਦੀ ਛਾਂਟੀ ਕਰਨ ਲੱਗੀਆਂ | ਜਿਉਂ ਹੀ ਮੀਕੇ ਦੇ ਸੁਆਲ ਦੇ ਜੁਆਬ ਵਿਚ ਜੀਤੇ ਨੇ ਉਨ੍ਹਾਂ ਔਰਤਾਂ ਵੱਲ ਇਸ਼ਾਰਾ ਕੀਤਾ ਤਾਂ ਇੰਡੀਆ 'ਚ ਚਲਦੇ ਕੂੜੇ-ਕਰਕਟ ਦੀ ਛਾਂਟੀ ਦੇ ਇਸ ਅਜੀਬ ਪ੍ਰਬੰਧ ਨੂੰ ਦੇਖ ਮੀਕੇ ਦਾ ਮੂੰਹ ਅੱਡਿਆ ਹੀ ਰਹਿ ਗਿਆ |

-ਬਗੀਚੀ ਮੁਹੱਲਾ ਮਾਹਿਲਪੁਰ, ਹੁਸ਼ਿਆਰਪੁਰ |
ਮੋਬਾਈਲ : 9855024495.

ਚਾਨਣ ਮੁਨਾਰੇ

ਫੋਨ 'ਤੇ ਇਕ ਅਣਜਾਣ ਵਿਅਕਤੀ ਨਾਲ ਹੋਈ ਗੱਲਬਾਤ ਨੇ ਸੇਵਾਮੁਕਤ ਮਾਸਟਰ ਹਰਪਾਲ ਸਿੰਘ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਸਨ | ਉਸ ਦੀ ਸੋਚ 'ਚ ਅਤੀਤ ਰੂਪੀ ਕਿਤਾਬ ਦੇ ਪੰਨੇ ਆਪ-ਮੁਹਾਰੇ ਪਲਟਣ ਲੱਗੇ |
ਪੰਦਰਾਂ ਵਰ੍ਹੇ ਪਹਿਲਾਂ ਚੋਣਾਂ 'ਚ ਡਿਊਟੀ ਲੱਗੀ ਹੋਣ 'ਤੇ ਹਰਪਾਲ ਸਿੰਘ ਦੀ ਡਿਊਟੀ ਆਪਣੀ ਪੋਲਿੰਗ ਪਾਰਟੀ ਨਾਲ ਇਕ ਦੂਰ-ਦੁਰਾਡੇ ਪਿੰਡ 'ਚ ਲੱਗੀ ਸੀ | ਅਣਜਾਣ ਥਾਵਾਂ 'ਤੇ ਪਿੰਡਾਂ ਨੂੰ ਦੇਖਣ ਦੀ ਇੱਛਾ ਰੱਖਣ ਵਾਲੇ ਹਰਪਾਲ ਸਿੰਘ ਪੋਲਿੰਗ ਪਾਰਟੀ ਨਾਲ ਪਿੰਡ ਦੇ ਐਲੀਮੈਂਟਰੀ ਸਕੂਲ 'ਚ ਰਾਤ ਠਹਿਰੇ | ਦਿਨ ਚੜ੍ਹਦਿਆਂ ਹੀ ਪੋਲਿੰਗ ਸ਼ੁਰੂ ਹੋ ਚੁੱਕੀ ਸੀ | ਦੁਪਹਿਰ ਦੀ ਰੋਟੀ ਖਾਣ ਸਮੇਂ ਮਿਲੇ ਥੋੜ੍ਹੇ ਜਿਹੇ ਵਕਤ ਦੌਰਾਨ ਇਕ ਚੁਸਤ-ਚਲਾਕ ਤੇ ਮਾੜਚੂ ਜਿਹੇ ਦਿਸਣ ਵਾਲੇ ਗਿਆਰਾਂ ਕੁ ਸਾਲ ਦੇ ਮੰੁਡੇ ਅਰਸ਼ਪ੍ਰੀਤ ਦੀਆਂ ਹਰਕਤਾਂ ਨੇ ਉਸ ਦਾ ਧਿਆਨ ਖਿਚਿਆ | ਮੱਲੋਮੱਲੀ ਉਸ ਦੀ ਮੰੁਡੇ ਨਾਲ ਗੱਲਬਾਤ ਸ਼ੁਰੂ ਹੋ ਗਈ |
'ਮੇਰੀ ਮਾਂ ਭੱਜ ਗਈ ਆ ਤੇ ਪਿਤਾ ਨਸ਼ਾ ਕਰਦਾ ਏ |'
ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅਰਸ਼ਪ੍ਰੀਤ ਬੇਬਾਕ ਬੋਲ ਗਿਆ |
'ਕਿਹੜੀ ਜਮਾਤ 'ਚ ਪੜ੍ਹਦਾ ਏਾ ਤੇ ਕਿਹੜੇ ਸਕੂਲ 'ਚ |'
'ਇਸੇ ਸਕੂਲ 'ਚ ਪੰਜਵੀਂ ਜਮਾਤ 'ਚ |'
'ਤੇ ਘਰ ਦਾ ਰੋਟੀ-ਪਾਣੀ ਕਿਵੇਂ ਚਲਦਾ ਏ?'
'ਦਾਦਾ-ਦਾਦੀ ਕੰਮ ਕਰਦੇ ਨੇ ਤੇ ਕੁਝ ਲੋਕ ਮਦਦ ਕਰਦੇ ਨੇ, ਮੈਨੂੰ ਕਵੀਸ਼ਰੀ ਵੀ ਆਉਂਦੀ ਏ | ਮੇਲੇ 'ਚ ਕੁਝ ਪੈਸੇ ਵੀ ਮੈਨੂੰ ਮਿਲੇ ਸੀ |'
'ਅਰਸ਼ਪ੍ਰੀਤ ਬੇਟਾ, ਮੇਰੀਆਂ ਦੋ-ਤਿੰਨ ਗੱਲਾਂ ਜ਼ਿੰਦਗੀ 'ਚ ਚੇਤੇ ਰੱਖਣਾ | ਕਿਤਾਬਾਂ ਨਾਲ, ਪੜ੍ਹਾਈ ਨਾਲ ਦੋਸਤੀ ਪਾ ਲਵੋ ਤੇ ਸਾਰੀ ਜ਼ਿੰਦਗੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣਾ | ਮਿਹਨਤ ਕਰੀ ਜਾਵੋ, ਪਰਮਾਤਮਾ ਆਪ ਹੀ ਤੁਹਾਡੀ ਮਦਦ ਕਰੇਗਾ | ਹੁਣ ਸ਼ਾਇਦ ਹੀ ਮੈਂ ਤੁਹਾਡੇ ਪਿੰਡ ਆਵਾਂ | ਪਰ ਤੁਸੀਂ ਆਪਣੀ ਜ਼ਿੰਦਗੀ ਬਣਾਉਣ ਲਈ ਪੜ੍ਹਾਈ ਤੇ ਮਿਹਨਤ ਦਾ ਪੱਲਾ ਨਹੀਂ ਛੱਡਣਾ | ਔਰ ਹਾਂ, ਤੁਸੀਂ ਆਪਣੇ ਦੰਦ ਸ਼ਾਇਦ ਰੋਜ਼ਾਨਾ ਸਾਫ਼ ਨਹੀਂ ਕਰਦੇ ਇਹ ਖਰਾਬ ਹੋ ਰਹੇ ਹਨ | ਰੋਜ਼ਾਨਾ ਦੰਦ ਸਾਫ਼ ਕਰਨੇ ਤੇ ਸਰੀਰ ਦੀ ਸਫ਼ਾਈ ਲਈ ਰੋਜ਼ਾਨਾ ਇਸ਼ਨਾਨ ਕਰਨਾ |'
ਇਹ ਕਹਿੰਦਿਆਂ ਮਾਸਟਰ ਹਰਪਾਲ ਸਿੰਘ ਨੇ ਅਰਸ਼ਪ੍ਰੀਤ ਨੂੰ ਕਾਪੀਆਂ, ਪੈੱਨ, ਬੁਰਸ਼ ਤੇ ਟੁੱਥਪੇਸਟ ਆਦਿ ਖਰੀਦਣ ਲਈ ਕੁਝ ਪੈਸੇ ਦਿੱਤੇ | ਉਸ ਦੀ ਅਰਸ਼ਪ੍ਰੀਤ ਨਾਲ ਪਹਿਲੀ ਤੇ ਹੁਣ ਤੱਕ ਦੀ ਆਖਰੀ ਮੁਲਾਕਾਤ ਸੀ | ਵਾਪਸੀ 'ਤੇ ਨੌਕਰੀ ਤੇ ਹੋਰ ਸਮਾਜਿਕ ਰੁਝੇਵਿਆਂ ਨੇ ਹਰਪਾਲ ਤੇ ਅਰਸ਼ਪ੍ਰੀਤ ਦੀ ਇਸ ਮਿਲਣੀ ਦੀ ਯਾਦ ਰੂਪੀ ਤਸਵੀਰ ਨੂੰ ਸਮੇਂ ਦੇ ਮਿੱਟੀ-ਘੱਟੇ ਨਾਲ ਢਕ ਲਿਆ |
...ਤੇ ਹੁਣ ਫਿਰ ਇਸ ਟੈਲੀਫੋਨ ਦੀ ਗੱਲਬਾਤ ਨੇ ਇਸ ਤਸਵੀਰ 'ਤੇ ਪਾਈ ਮਿੱਟੀ ਨੂੰ ਪੂੰਝ ਕੇ ਪੰਦਰਾਂ ਵਰ੍ਹੇ ਪੁਰਾਣੀ ਸਾਫ਼ ਤੇ ਸਪੱਸ਼ਟ ਤਸਵੀਰ ਉਸ ਦੇ ਸਾਹਮਣੇ ਲਿਆ ਦਿੱਤੀ | ਟੈਲੀਫੋਨ 'ਤੇ ਗੱਲ ਕਰਨ ਵਾਲਾ ਅਣਜਾਣ ਵਿਅਕਤੀ ਹੋਰ ਕੋਈ ਨਹੀਂ, ਸਗੋਂ ਅਰਸ਼ਪ੍ਰੀਤ ਹੀ ਸੀ, ਜੋ ਵਾਰ-ਵਾਰ ਹਰਪਾਲ ਸਿੰਘ ਨੂੰ ਕਹਿ ਰਿਹਾ ਸੀ ਕਿ ਮੈਂ ਅਧਿਆਪਕ ਹਰਪਾਲ ਸਿੰਘ ਦੀਆਂ ਕਹੀਆਂ ਗੱਲਾਂ ਨੂੰ ਪੱਲੇ ਬੰਨ੍ਹ ਲਿਆ ਸੀ ਤੇ ਪੰਜਵੀਂ ਪਾਸ ਕਰਨ ਤੋਂ ਬਾਅਦ ਲਾਗਲੇ ਸਰਕਾਰੀ ਸਕੂਲ 'ਚੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਪਾਸ ਕਰਕੇ ਈ.ਟੀ.ਟੀ. ਤੇ ਟੈੱਟ ਪਾਸ ਕਰਕੇ ਉਸ ਨੇ ਅਧਿਆਪਨ ਕਿੱਤੇ ਨੂੰ ਅਪਨਾ ਲਿਆ ਸੀ | ਜ਼ਿੰਦਗੀ 'ਚ ਨਸ਼ੇ ਤੋਂ ਦੂਰ ਰਹਿ ਕੇ ਕਿਤਾਬਾਂ ਦੀ ਕੀਤੀ ਸੰਗਤ ਨੇ ਉਸ ਦੀ ਤੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਸੀ | ਜੋ ਮੈਂ ਤੁਹਾਡੇ ਤੋਂ ਸਿੱਖਿਆ ਉਹ ਮੈਂ ਹੁਣ ਅਧਿਆਪਕ ਬਣ ਕੇ ਅੱਗੇ ਵੰਡ ਰਿਹਾ ਹਾਂ | ਔਰ ਹਾਂ... ਮੈਂ ਉਸ ਦਿਨ ਤੋਂ ਅੱਜ ਤੱਕ ਰੋਜ਼ਾਨਾ ਦੰਦ ਸਾਫ਼ ਕਰਨ ਤੇ ਇਸ਼ਨਾਨ ਕਰਨ ਦੀ ਆਦਤ... ਕਹਿੰਦਿਆਂ ਅਰਸ਼ਪ੍ਰੀਤ ਦਾ ਗਚ ਭਰ ਆਇਆ ਸੀ |
ਹਰਪਾਲ ਸਿੰਘ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ | ਉਹ ਸੋਚਣ ਲੱਗਾ ਕਿ ਇਕ ਰੌਸ਼ਨ ਦੀਵਾ ਹੀ ਹੋਰਨਾਂ ਦੀਵਿਆਂ ਨੂੰ ਰੌਸ਼ਨ ਕਰ ਸਕਦਾ ਹੈ | ਇਕ ਅਧਿਆਪਕ ਦੀ ਕਹੀ ਇਕ ਛੋਟੀ ਜਿਹੀ ਗੱਲ ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ 'ਚ ਅਹਿਮ ਮੋੜ ਲਿਆ ਸਕਦੀ ਹੈ | ਅਧਿਆਪਨ ਕਿੱਤੇ ਦੀ ਪਵਿੱਤਰਤਾ ਤੇ ਮਹਾਨਤਾ ਅੱਗੇ ਉਸ ਦਾ ਸਿਰ ਸ਼ਰਧਾ ਨਾਲ ਝੁਕ ਗਿਆ |

-ਮੋਬਾ: 98159-42652.

ਹਾਸਾ ਠੱਠਾ

• ਇਕ ਜੱਟ ਖੇਤੀਬਾੜੀ ਦੇ ਕੰਮ ਤੋਂ ਡਰਦਾ ਕਵਿਤਾ ਲਿਖਣ ਲੱਗ ਪਿਆ | ਉਸ ਦੀਆਂ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ਛਪ ਚੁੱਕੀਆਂ ਸਨ ਪਰ ਉਸ ਨੂੰ ਕਦੇ ਵੀ ਕਿਸੇ ਵਲੋਂ ਕਵੀ ਦਰਬਾਰ ਲਈ ਸੱਦਾ ਨਾ ਆਇਆ | ਫਿਰ ਉਹ ਸਿਫਾਰਸ਼ ਨਾਲ ਕਿਸੇ ਕਵੀ ਦਰਬਾਰ ਵਿਚ ਸ਼ਾਮਿਲ ਹੋਣ ਵਿਚ ਕਾਮਯਾਬ ਹੋ ਗਿਆ | ਅੱਗੇ ਲੋਕਾਂ ਦੀ ਭੀੜ ਵੇਖ ਕੇ ਉਹ ਖੁਸ਼ ਹੋਇਆ | ਉਸ ਨੇ ਨਾਲ ਬੈਠੇ ਕਿਸੇ ਕਵੀ ਨੂੰ ਕੂਹਣੀ ਮਾਰ ਕੇ ਪੁੱਛਿਆ, 'ਇਸ ਸ਼ਹਿਰ ਵਿਚ ਕਿੰਨੇ ਸਰੋਤੇ ਹਨ | ਪਰ ਕਵੀਆਂ ਦੀ ਗਿਣਤੀ ਬਹੁਤ ਘੱਟ ਹੈ | ਨਾਲ ਵਾਲਾ ਫਿਰ ਬੋਲਿਆ, 'ਇਹ ਸਰੋਤੇ ਨਹੀਂ, ਇਹ ਸਾਰੇ ਕਵੀ ਹਨ ਜੋ ਸਟੇਜ 'ਤੇ ਆਉਣ ਦੀ ਜ਼ਿੱਦ ਕਰ ਰਹੇ ਹਨ |' ਕਵੀ ਦਰਬਾਰ ਸ਼ੁਰੂ ਹੋਇਆ ਤਾਂ ਮੰਚ ਸੰਚਾਲਕ ਨੇ ਜੱਟ ਕਵੀ ਨੂੰ ਪੁੱਛਿਆ, 'ਤੁਹਾਡੀਆਂ ਹੁਣ ਤੱਕ ਕਿੰਨੀਆਂ ਪੁਸਤਕਾਂ ਵਿਕ ਚੁੱਕੀਆਂ ਹਨ' ਤਾਂ ਜੱਟ ਕਵੀ ਬੋਲਿਆ, 'ਪੁਸਤਕ ਤਾਂ ਕੋਈ ਨਹੀਂ ਵਿਕੀ, ਪਰ ਕਵੀ ਬਣਨ ਤੋਂ ਘਰਵਾਲੀ ਦੇ ਗਹਿਣੇ, ਘਰ ਦੀ ਅਲਮਾਰੀ ਅਤੇ ਘਰ ਦੇ ਬਰਤਨ ਜ਼ਰੂਰ ਵਿਕ ਗਏ ਹਨ |'
ਨਿਰਸੰਦੇਹ ਪੰਜਾਬੀ ਆਪਣਾ ਮਾਖੌਲ ਆਪ ਉਡਾਉਣਾ ਜਾਣਦੇ ਹਨ | ਇਹੀ ਇਨ੍ਹਾਂ ਦੀ ਫਰਾਖਦਿਲੀ ਹੈ |

-ਅਮਰਜੀਤ ਬਰਾੜ
ਪਿੰਡ ਗੋਲੇਵਾਲਾ, (ਫਰਦੀਕੋਟ)
ਮੋਬਾਈਲ : 94179-49079.

• ਵਿਆਹ ਤੋਂ ਬਾਅਦ ਸਹੁਰਾ ਜਵਾਈ ਨੂੰ ਫੋਨ ਕਰਦਾ ਹੈ |
ਸਹੁਰਾ-'ਹੋਰ ਸੁਣਾ ਪੁੱਤਰਾ ਕੀ ਹਾਲ ਐ' ?
ਜਵਾਈ-'ਹਾਲ ਤਾਂ ਬੁਰਾ ਐ ਪਾਪਾ ਜੀ, ਤੁਹਾਡੀ ਕੁੜੀ ਬਹੁਤ ਖੂਨ ਪੀਂਦੀ ਏ ਮੇਰਾ' |
ਸਹੁਰਾ-ਅੱਖਾਂ ਭਰਦੇ ਹੋਏ 'ਬੱਸ ਪੁੱਤਰਾ ਚੁੱਪ ਹੀ ਭਲੀ ਐ, ਹੁਣ ਤੂੰ ਸੋਚ ਮੇਰਾ ਕੀ ਹਾਲ ਹੋਵੇਗਾ ?
• ਕੁੜੀ ਵਾਲੇ ਵਿਚੋਲੇ ਨੂੰ -ਸਾਨੂੰ ਤਾਂ ਇਹੋ ਜਿਹਾ ਮੁੰਡਾ ਚਾਹੀਦਾ ਜਿਹੜਾ ਖਾਂਦਾ ਪੀਂਦਾ ਨਾ ਹੋਵੇ |
ਵਿਚੋਲਾ- ਇਹੋ ਜਿਹਾ ਮੁੰਡਾ ਤਾਂ ਪੀ.ਜੀ.ਆਈ. ਵਿਚ ਹੀ ਮਿਲੇਗਾ |

-ਮਨਜੀਤ ਪਿਉਰੀ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX