ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸੱਚਖੰਡ ਪਿਆਨਾ ਅਰਧ-ਸ਼ਤਾਬਦੀ 'ਤੇ ਵਿਸ਼ੇਸ਼

ਪੰਥ ਦੀ ਮਹਾਨ ਗੁਰਬਾਣੀ ਵਿਆਖਿਆਕਾਰ ਸ਼ਖ਼ਸੀਅਤ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ

ਖ਼ਾਲਸਾ ਪੰਥ ਦੀ ਸਿਰਮੌਰ ਧਾਰਮਿਕ ਸ਼ਖ਼ਸੀਅਤ, ਸਰਬਗੁਣ ਸੰਪੰਨ, ਵਿੱਦਿਆ ਅਲੰਕ੍ਰਿਤ, ਮਹਾਨ ਪਰਉਪਕਾਰੀ, ਗੁਰਬਾਣੀ ਰਸ ਵਿਚ ਭਿੱਜੀ ਨਿਰਮਲ ਆਤਮਾ, ਨਿਰੋਲ ਖਾਲਸਾਈ ਸਿਧਾਂਤ ਦੀ ਮੂਰਤਿ, ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ 50 ਸਾਲਾ (ਅਰਧ ਸ਼ਤਾਬਦੀ) ਸੱਚਖੰਡ ਗਮਨ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਜਨਮ 1902 ਵਿਚ ਬਾਬਾ ਰੂੜ ਸਿੰਘ ਦੇ ਗ੍ਰਹਿ ਮਾਤਾ ਅਨੰਦ ਕੌਰ ਦੀ ਕੁੱਖੋਂ ਹੋਇਆ। 13 ਮਹੀਨਿਆਂ ਦੀ ਉਮਰ ਵਿਚ ਹੀ ਆਪ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਦਾ ਪਾਲਣ-ਪੋਸ਼ਣ ਦਾਦੀ ਮਾਤਾ ਰਾਜ ਕੌਰ ਨੇ ਕੀਤਾ। 18 ਸਾਲ ਦੀ ਉਮਰ ਵਿਚ 1920 'ਚ ਅੰਮ੍ਰਿਤ ਦੀ ਦਾਤ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਜਥੇ ਤੋਂ ਪ੍ਰਾਪਤ ਕੀਤੀ। ਉਸੇ ਸਾਲ ਹੀ ਆਪ ਦੀ ਸ਼ਾਦੀ ਬੀਬੀ ਕਿਸ਼ਨ ਕੌਰ ਨਾਲ ਪਿੰਡ ਰਾਜੋਆਣਾ ਵਿਖੇ ਹੋਈ। ਆਪ ਦੇ ਦੋ ਸਪੁੱਤਰ ਭਾਈ ਕਰਤਾਰ ਸਿੰਘ ਤੇ ਭਾਈ ਭਗਵਾਨ ਸਿੰਘ ਹੋਏ। 1921 ਈ: 'ਚ ਗੁਰਮਤਿ ਵਿੱਦਿਆ ਅਤੇ ਰੂਹਾਨੀਅਤ ਦੇ ਅਨੰਦ ਨੂੰ ਪ੍ਰਾਪਤ ਕਰਨ ਲਈ ਆਪ ਪੱਕੇ ਤੌਰ 'ਤੇ ਸ੍ਰੀਮਾਨ ਸੰਤ ਗਿ: ਸੁੰਦਰ ਸਿੰਘ ਭਿੰਡਰਾਂ ਵਾਲਿਆਂ ਦੇ ਜਥੇ ਵਿਚ ਸ਼ਾਮਿਲ ਹੋ ਗਏ।
ਆਪ ਲਗਾਤਾਰ 9 ਸਾਲ ਉਨ੍ਹਾਂ ਦੀ ਸੰਗਤ ਵਿਚ ਰਹੇ ਤੇ ਉਨ੍ਹਾਂ ਕੋਲੋਂ ਗੁਰਮਤਿ ਵਿੱਦਿਆ ਦਾ ਵਿਸ਼ਾਲ ਗਿਆਨ ਪ੍ਰਾਪਤ ਕੀਤਾ ਅਤੇ ਸੇਵਾ ਸਿਮਰਨ ਦੀ ਮਹਾਨ ਘਾਲਣਾ ਘਾਲੀ।
ਸੰਤ ਗਿਆਨੀ ਸੁੰਦਰ ਸਿੰਘ ਨੇ ਆਪਣੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਪ ਨੂੰ ਦਮਦਮੀ ਟਕਸਾਲ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਪ੍ਰਤੀ ਵਿਸ਼ੇਸ਼ ਸਿੱਖਿਆਵਾਂ ਦ੍ਰਿੜ੍ਹ ਕਰਵਾਈਆਂ। ਗੁਰਮਤਿ ਵਿੱਦਿਆ ਪੜ੍ਹਾਉਂਦਿਆਂ ਹੋਇਆਂ ਇਸ ਬਚਨ ਨੂੰ ਆਪਣੇ ਸਿਰ ਉੱਪਰ ਗੁਰੂ ਕਲਗੀਧਰ ਜੀ ਦਾ ਹੁਕਮ ਰੂਪੀ ਡੰਡਾ ਸਮਝ ਕੇ ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਅਰਥ ਪੜ੍ਹਾਉਣ ਦੀ ਜ਼ਿੰਮੇਵਾਰੀ ਅਖੀਰਲੇ ਸਵਾਸਾਂ ਤੱਕ ਨਿਭਾਉਣੀ ਹੈ। ਮਾਇਆ ਅਤੇ ਹੋਰ ਕਿਸੇ ਤਰ੍ਹਾਂ ਦੀ ਇੱਛਾ ਨਹੀਂ ਕਰਨੀ, ਨਿਸ਼ਕਾਮ ਰਹਿ ਕੇ ਸੇਵਾ ਕਰਨੀ ਹੈ। ਜੋ ਮਾਇਆ ਆਵੇ, ਉਹ ਪਰਉਪਕਾਰ ਲਈ ਖਰਚ ਕਰਨੀ। ਸੰਜਮ 'ਚ ਰਹਿੰਦਿਆਂ ਸਾਦਾ ਖਾਣਾ, ਸਾਦਾ ਪਹਿਨਣਾ ਤੇ ਘੱਟ ਬੋਲਣਾ। ਕਿਸੇ ਤਰ੍ਹਾਂ ਦੀ ਹਊਮੈ ਨਹੀਂ ਕਰਨੀ ਤੇ ਲੋਕ ਦਿਖਾਵਾ ਨਹੀਂ ਕਰਨਾ। ਹਿਰਦੇ 'ਚ ਗੁਰਮਤਿ ਗਰੀਬੀ ਧਾਰਨ ਕਰਕੇ ਰੱਖਣੀ। ਕਥਾ ਤੋਂ ਉਪਰੰਤ ਇਕਾਂਤ ਵਿਚ ਰਹਿ ਕੇ ਗੁਰਬਾਣੀ ਨਾਲ ਸੁਰਤਿ ਜੋੜ ਕੇ ਰੱਖਣੀ, ਇਸੇ ਸਾਧਨ ਦੁਆਰਾ ਹੀ ਤੁਹਾਡੀ ਲਿਵ ਅਕਾਲ ਪੁਰਖ ਪ੍ਰਮੇਸ਼ਰ ਨਾਲ ਜੁੜੀ ਰਹੇਗੀ।
ਮਿਲੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਆਪ ਨੇ ਲਗਾਤਾਰ 39 ਸਾਲ ਪੰਥ ਦੀ ਅਣਥੱਕ ਸੇਵਾ ਕਰਦਿਆਂ 27 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ, 5 ਕਥਾ ਸ੍ਰੀ ਦਸਮ ਗ੍ਰੰਥ ਸਾਹਿਬ, 1 ਕਥਾ ਭਾਈ ਗੁਰਦਾਸ ਦੀਆਂ ਵਾਰਾਂ ਕਬਿਤ ਸਵੈਯੇ, 30 ਕਥਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅਤੇ ਪੰਥ ਪ੍ਰਕਾਸ਼ ਦੀ ਵਿਆਖਿਆ ਵੀ ਕੀਤੀ। ਦਮਦਮੀ ਟਕਸਾਲ 'ਚ ਆਪ ਲਗਪਗ ਡੇਢ ਸੌ ਸਿੰਘਾਂ ਨੂੰ ਹਮੇਸ਼ਾ ਨਾਲ ਰੱਖ ਕੇ ਗੁਰਮਤਿ ਵਿੱਦਿਆ ਪੜ੍ਹਾਉਂਦੇ ਰਹੇ। ਆਪ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਦੇ ਨਾਲ ਹੋਰ ਧਰਮਾਂ ਦੀ ਜਾਣਕਾਰੀ ਲਈ ਵੇਦਾਂਤ, ਨਿਆਇ ਤੇ ਯੋਗ ਦਰਸ਼ਨ ਅਤੇ ਵਿਚਾਰ ਸਾਗਰ, ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਤਰਕ ਸੰਗ੍ਰਹਿ ਅਤੇ ਨਿਆਇ ਮੁਕਤਾਵਲੀ ਆਦਿ ਗ੍ਰੰਥ ਵੀ ਪੜ੍ਹਾਉਂਦੇ ਸਨ, ਜਿਸ ਕਾਰਨ ਆਪ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਦੇ ਆਗੂਆਂ ਵਿਚ ਵੀ ਸਤਿਕਾਰਤ ਰਹੇ।
ਵਿੱਦਿਅਕ ਸੇਵਾ ਤੋਂ ਇਲਾਵਾ ਆਪ ਨੇ ਅਨੇਕ ਗੁਰਧਾਮਾਂ ਦੀ ਵੀ ਸੇਵਾ ਕਰਵਾਈ, ਜਿਨ੍ਹਾਂ 'ਚੋਂ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਦਮਦਮਾ ਸਾਹਿਬ ਅਤੇ ਪੰਜੋਖਰਾ ਸਾਹਿਬ ਵਿਖੇ ਦਰਬਾਰ ਸਾਹਿਬ ਅਤੇ ਸਰੋਵਰ ਦੀ ਸੇਵਾ ਕਰਵਾਈ। ਆਪ ਦੇ ਵਿਦਿਆਰਥੀ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਸਾਰੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਵਿਖੇ ਹੈੱਡ ਗ੍ਰੰਥੀ, ਕਥਾਵਾਚਕ ਅਤੇ ਗ੍ਰੰਥੀ ਸਿੰਘ ਰਹੇ ਹਨ ਅਤੇ ਅੱਜਕਲ੍ਹ ਵੀ ਕਈ ਸਿੰਘ ਸਾਹਿਬਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਆਪ ਨੇ ਸਿੱਖ ਸੰਗਤਾਂ ਵਿਚ ਗੁਰੂਧਾਮਾਂ ਪ੍ਰਤੀ ਸ਼ਰਧਾ ਪੈਦਾ ਕਰਨ ਹਿਤ ਇਕ ਵਾਰ ਪੰਜਾਂ ਤਖ਼ਤ ਸਾਹਿਬਾਨ ਦੀ ਪੈਦਲ ਤੁਰ ਕੇ ਯਾਤਰਾ ਵੀ ਕੀਤੀ। ਆਪ ਉੱਚ ਕੋਟੀ ਦੇ ਕਵੀ ਵੀ ਸਨ। ਉਨ੍ਹਾਂ ਦਾ 'ਗੁਰਮੁਖ ਪ੍ਰਕਾਸ਼' ਵੱਡ-ਅਕਾਰੀ ਕਾਵਿ ਰਚਨਾ ਪੜ੍ਹਨਯੋਗ ਹੈ। ਆਪ ਗੁਰਬਾਣੀ ਕਥਾ ਦੁਆਰਾ ਪਖੰਡ ਅਤੇ ਦੇਹਧਾਰੀ ਗੁਰੂਡੰਮ੍ਹ ਦਾ ਡਟ ਕੇ ਵਿਰੋਧ ਕਰਦੇ ਸਨ। ਆਪ ਦੇ ਮਸਤਿਕ ਦਾ ਅਤੇ ਗੁਰਬਾਣੀ ਕਥਾ ਦਾ ਅਲੌਕਿਕ ਪ੍ਰਭਾਵ ਸੀ। ਜਿਹੜਾ ਵੀ ਉਨ੍ਹਾਂ ਤੋਂ ਗੁਰਬਾਣੀ ਕਥਾ ਸਰਵਣ ਕਰਦਾ ਸੀ, ਉਹ ਹਮੇਸ਼ਾ ਲਈ ਤਿਆਰ-ਬਰ-ਤਿਆਰ ਹੋ ਕੇ ਗੁਰਮਤਿ ਦਾ ਪ੍ਰਪੱਕ ਧਾਰਨੀ ਹੋ ਜਾਂਦਾ ਸੀ। ਆਪ ਤੋਂ ਗੁਰਮਤਿ ਵਿੱਦਿਆ ਪ੍ਰਾਪਤ ਕਰਕੇ ਅੱਜਕਲ੍ਹ ਅਨੇਕਾਂ ਗਿਆਨੀ ਸਿੰਘ ਦੇਸ਼-ਵਿਦੇਸ਼ਾਂ ਵਿਚ ਗੁਰਮਤਿ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਹਨ। ਆਪ ਦੀ ਕੀਤੀ ਕਥਾ ਦੀਆਂ ਰਿਕਾਰਡ ਕੀਤੀਆਂ ਕੈਸਿਟਾਂ ਅੱਜ ਵੀ ਪੰਥ ਦੇ ਕਥਾਵਾਚਕਾਂ ਦੀ ਰਹਿਨੁਮਾਈ ਕਰ ਰਹੀਆਂ ਹਨ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸਿੱਖ ਸੰਗਤਾਂ ਬਹੁਤ ਉਤਸ਼ਾਹ ਨਾਲ ਮਨਾ ਰਹੀਆਂ ਸਨ। ਉਸ ਸ਼ਤਾਬਦੀ ਵਿਚ ਸੰਤ ਗਿਆਨੀ ਗੁਰਬਚਨ ਸਿੰਘ 'ਖਾਲਸਾ' ਦਾ ਵਿਸ਼ੇਸ਼ ਯੋਗਦਾਨ ਸੀ। ਸ਼ਤਾਬਦੀ ਸਮਾਗਮਾਂ ਦੀ ਸਮਾਪਤੀ 'ਤੇ ਆਪ ਨੇ ਪ੍ਰਸੰਨ ਹੋ ਕੇ 31 ਜਨਵਰੀ, 1967 ਵਿਚ ਸੰਤ ਗਿਆਨੀ ਕਰਤਾਰ ਸਿੰਘ 'ਖਾਲਸਾ' ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦੇ ਅਗਲੇ ਮੁਖੀ ਥਾਪ ਦਿੱਤਾ ਸੀ। ਆਪ ਦੀ ਸੇਵਾ ਵਿਚੋਂ ਹੀ ਸੰਤ ਗਿ: ਕਰਤਾਰ ਸਿੰਘ 'ਖ਼ਾਲਸਾ', ਸੰਤ ਗਿ: ਜਰਨੈਲ ਸਿੰਘ ਖ਼ਾਲਸਾ ਅਤੇ ਸੰਤ ਬਾਬਾ ਠਾਕੁਰ ਸਿੰਘ ਤਿੰਨ ਦਮਦਮੀ ਟਕਸਾਲ ਦੇ ਮੁਖੀ ਵਰੋਸਾਏ ਸਨ। ਆਪ ਜਥੇ ਸਮੇਤ ਗੁਰਮਤਿ ਪ੍ਰਚਾਰ ਕਰਦੇ ਦੇਸ਼ ਦੇ ਕੋਨੇ-ਕੋਨੇ ਵਿਚ ਵਿਚਰਦੇ ਹੋਏ ਨਗਰ ਮਹਿਤਾ (ਅੰਮ੍ਰਿਤਸਰ) ਵਿਖੇ ਆਏ ਸਨ। ਸ਼ਾਮ ਦੀ ਕਥਾ ਕਰਕੇ 1:30 ਵਜੇ ਅੰਮ੍ਰਿਤ ਵੇਲੇ 15 ਹਾੜ੍ਹ (28 ਜੂਨ) 1969 ਈ: ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਆਪ ਦੇ ਇਸ ਸੱਚਖੰਡ ਪਿਆਨੇ ਵਾਲੇ ਅਸਥਾਨ 'ਤੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਦਾ ਮੁੱਖ ਕੇਂਦਰ ਸਥਾਪਤ ਕੀਤਾ। 27, 28, 29 ਜੂਨ (ਦਿਨ ਵੀਰਵਾਰ, ਸ਼ੁੱਕਰਵਾਰ, ਸਨਿਚਰਵਾਰ) ਨੂੰ ਉਨ੍ਹਾਂ ਮਹਾਂਪੁਰਖਾਂ ਦਾ 50 ਸਾਲਾ (ਅਰਧ ਸ਼ਤਾਬਦੀ) ਸੱਚਖੰਡ ਗਮਨ ਦਿਹਾੜਾ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮੇਂ 27 ਜੂਨ ਨੂੰ ਸ਼ਾਮ 6 ਵਜੇ ਤੋਂ ਕਵੀ ਦਰਬਾਰ, 28 ਜੂਨ ਨੂੰ ਸ਼ਾਮ 6 ਵਜੇ ਤੋਂ ਢਾਡੀ ਦਰਬਾਰ, 29 ਜੂਨ ਨੂੰ ਮੁੱਖ ਸਮਾਗਮ ਸਵੇਰੇ 10 ਵਜੇ ਤੋਂ 3 ਵਜੇ ਤੱਕ ਚੱਲੇਗਾ।


-ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ।


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸਮਾਗਮਾਂ 'ਤੇ ਵਿਸ਼ੇਸ਼

'ਗਗਨ ਮੈ ਥਾਲੁ' ਆਰਤੀ ਨੂੰ ਵਿਸ਼ਵ ਪੱਧਰ 'ਤੇ ਪ੍ਰਚਾਰਨ ਦੀ ਲੋੜ

ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 'ਗਗਨ ਮੈ ਥਾਲ' ਆਰਤੀ ਸਗਲ ਸ੍ਰਿਸ਼ਟੀ ਦੀ ਉਸਤਤ ਵਿਚ ਲਿਖੀ ਗਈ ਇਕ ਲਾਸਾਨੀ ਅਤੇ ਅਦੁੱਤੀ ਕਲਾਸਕੀ ਰਚਨਾ ਹੈ। ਇਸ ਮਹਾਨ ਰਚਨਾ ਨੂੰ ਕਾਇਨਾਤੀ ਤਰਾਨਾ ਕਿਹਾ ਜਾ ਸਕਦਾ ਹੈ। ਇਹ ਆਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪਣੀ ਪੂਰਬੀ ਭਾਰਤ ਦੀ ਉਦਾਸੀ ਵੇਲੇ 1508 ਦੇ ਆਸ-ਪਾਸ ਜਗਨਨਾਥ ਪੁਰੀ ਦੇ ਮੰਦਰ ਵਿਚ ਉਚਾਰੀ ਸੀ। ਇਸ ਆਰਤੀ ਦਾ ਮੂਲ ਭਾਵ ਇਹ ਹੈ ਕਿ ਸਾਰੀ ਸ੍ਰਿਸ਼ਟੀ ਹਰ ਪਲ ਉਸ ਅਮੂਰਤ ਦੈਵੀ ਸ਼ਕਤੀ ਦੀ ਆਰਤੀ ਉਤਾਰਨ ਵਿਚ ਰੁੱਝੀ ਹੋਈ ਹੈ, ਜਿਸ ਨੇ ਇਸ ਨੂੰ ਸਾਜਿਆ ਹੈ। ਗੁਰਬਾਣੀ ਅਨੁਸਾਰ ਉਸ ਮੂਲ ਸ਼ਕਤੀ ਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਉਹ ਅਦਿੱਖ, ਅਕਾਲ ਅਤੇ ਜੂਨੀ ਤੋਂ ਰਹਿਤ ਹੈ। ਉਹ ਹਮੇਸ਼ਾ ਵਿਦਮਾਨ ਸੀ ਅਤੇ ਹਮੇਸ਼ਾ-ਹਮੇਸ਼ਾ ਲਈ ਵਿਦਮਾਨ ਰਹੇਗਾ। ਇਸ ਪਰਮ ਸ਼ਕਤੀ ਬਾਰੇ ਦਾਰਸ਼ਨਿਕ ਵਿਚਾਰ ਨੂੰ ਗੁਰਬਾਣੀ ਦੇ ਮੂਲ ਮੰਤਰ ਵਿਚ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ :
ੴ ਸਤਿ ਨਾਮੁ ਕਰਤਾ ਪੁਰਖੁਨਿਰਭਉ ਨਿਰਵੈਰੁਅਕਾਲ ਮੂਰਤਿਅਜੂਨੀ ਸੈਭੰ
ਗੁਰ ਪ੍ਰਸਾਦਿ॥॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁਨਾਨਕ ਹੋਸੀ ਭੀ ਸਚੁ॥ ੧॥
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਰਮਾਨ ਅਨੁਸਾਰ ਸਾਰੀ ਸ੍ਰਿਸ਼ਟੀ ਇਸ ਅਕਾਲ ਪੁਰਖ ਦੀ ਸਾਜਨਾ ਦਾ ਜ਼ੱਰਾ-ਜ਼ੱਰਾ ਇਹ ਅਦਭੁਤ ਆਰਤੀ ਉਤਾਰਨ ਵਿਚ ਲੀਨ ਹੈ। ਗੁਰੂ ਜੀ ਵਲੋਂ ਰਚਿਤ ਆਰਤੀ ਦਾ ਆਗਾਜ਼ ਇਨ੍ਹਾਂ ਤੁਕਾਂ ਨਾਲ ਹੁੰਦਾ ਹੈ :
'ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਰਿਕਾ ਮੰਡਲ ਜਨਕ ਮੋਤੀ॥
ਧੂਪ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ ੧॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥...'
ਭਾਵੇਂ ਇਸ ਆਰਤੀ ਦਾ ਮੂਲ ਵਿਚਾਰ ਮੰਦਰ ਵਿਚ ਥਾਲ ਵਿਚ ਬਲਦੇ ਦੀਪ ਸਜਾ ਕੇ ਧੂਫ਼ ਬੱਤੀ ਨਾਲ ਉਤਾਰੀ ਜਾਣ ਵਾਲੀ ਦੁਨਿਆਵੀ ਆਰਤੀ ਤੋਂ ਲਿਆ ਗਿਆ ਹੈ ਪਰ ਇਸ ਵਿਚਾਰ ਦਾ ਪਸਾਰ ਕਾਇਨਾਤੀ ਰੂਪ ਵਾਲਾ ਹੈ ਅਤੇ ਸਾਰੀ ਸ੍ਰਿਸ਼ਟੀ ਦੇ ਅਲੌਕਿਕ ਅਤੇ ਰਹੱਸਮਈ ਵਰਤਾਰੇ ਨੂੰ ਇਸ ਦੇ ਕਲਾਵੇ ਵਿਚ ਲਿਆ ਗਿਆ ਹੈ। ਬਾਬਾ ਨਾਨਕ ਦੀ ਇਸ ਆਰਤੀ ਦਾ ਵਿਚਾਰ, ਰਾਗ, ਧੁਨੀ ਅਤੇ ਅਲੰਕਾਰ ਇਸ ਕਦਰ ਦਿਲਟੁੰਬਵੇਂ ਹਨ ਕਿ ਇਸ ਨੂੰ ਪੜ੍ਹਨ-ਸੁਣਨ ਵਾਲਾ ਆਪਮੁਹਾਰੇ ਮੰਤਰ-ਮੁਗਧ ਹੋ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਇਕ ਵਿਲੱਖਣ ਪਹਿਲੂ ਇਹ ਹੈ ਕਿ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਵਿਚ ਕਰਮ-ਕਾਂਡ ਅਤੇ ਭੇਖ ਵਾਲੀ ਜੀਵਨ ਸ਼ੈਲੀ ਅਤੇ ਖੋਖਲੀਆਂ ਧਾਰਮਿਕ ਰਹੁ-ਰੀਤਾਂ ਨੂੰ ਸਿਰਫ ਨਕਾਰਿਆ ਹੀ ਨਹੀਂ, ਬਲਕਿ ਉਨ੍ਹਾਂ ਦੇ ਸਮਾਨਾਂਤਰ ਉਨ੍ਹਾਂ ਦਾ ਬਦਲਵਾਂ ਰੂਪ ਵੀ ਪੇਸ਼ ਕੀਤਾ। ਸਿੱਧਾਂ ਨਾਲ ਗੋਸ਼ਟਿ, ਸੂਰਜ ਨੂੰ ਪਾਣੀ ਦੇਣ ਵਾਲੀ ਸਾਖੀ ਅਤੇ ਜਨੇਊ ਦੇ ਖੰਡਨ ਕਰਨ ਵਾਲੀ ਬਾਣੀ ਰਾਹੀਂ ਉਨ੍ਹਾਂ ਨੇ ਫਰੇਬੀ ਅਤੇ ਕਰਮ-ਕਾਂਡੀ ਵਿਵਸਥਾ ਦੀ ਨਿਖੇਧੀ ਕਰਕੇ ਇਸ ਦੀ ਥਾਂ ਸੱਚ 'ਤੇ ਅਧਾਰਤ ਬਦਲਵੀਂ ਤਰਜ਼ ਦਾ ਵਿਕਲਪ ਪੇਸ਼ ਕੀਤਾ। ਸੱਚੇ ਸੌਦੇ ਵਾਲੀ ਗਾਥਾ ਵੀ ਝੂਠੇ ਸੌਦੇ ਦੇ ਨਿਖੇਧ ਦਾ ਪ੍ਰਮਾਣ ਹੈ। ਗਗਨ ਮੈ ਥਾਲ ਆਰਤੀ ਵੀ ਕਰਮ ਕਾਂਡੀ ਪਖੰਡ ਦੇ ਵਿਰੋਧ ਵਾਲੀ ਸੋਚ ਦੀ ਹੀ ਪੈਦਾਇਸ਼ ਹੈ। ਇਸ ਆਰਤੀ ਵਿਚ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਅਲੰਕਾਰਾਂ ਰਾਹੀਂ ਇਹ ਵਰਣਨ ਕੀਤਾ ਹੈ ਕਿ ਸਗਲੀ ਕਾਇਨਾਤ ਕਿਸੇ ਅਦਿੱਖ ਅਮੂਰਤ ਸ਼ਕਤੀ (ਅਕਾਲ ਪੁਰਖ਼) ਦੀ ਆਰਤੀ ਉਤਾਰਨ ਵਿਚ ਹਰ ਪਲ ਲੀਨ ਹੈ, ਇਸ ਲਈ ਥੋੜ੍ਹਚਿਰੀ ਦੁਨਿਆਵੀ ਆਰਤੀ ਦੀ ਬਜਾਏ ਇਸ ਸਦੀਵੀ ਅਤੇ ਕਾਇਨਾਤੀ ਆਰਤੀ ਬਾਰੇ ਚੇਤੰਨ ਹੋ ਕੇ ਇਸ ਵਿਚ ਲੀਨ ਹੋਣ ਦੀ ਲੋੜ ਹੈ ਅਤੇ ਕੁਦਰਤ ਦੀ ਮਹਿਮਾ ਦੀ ਉਸਤਤ ਕਰਦੇ ਹੋਏ ਪ੍ਰਕ੍ਰਿਤਕ ਜੀਵਨ ਜਾਚ ਅਪਣਾਉਣ ਦੀ ਲੋੜ ਹੈ।
ਇਸ ਆਰਤੀ ਵਿਚ ਸਾਰੇ ਗਗਨ ਨੂੰ ਇਕ ਥਾਲ ਕਿਆਸਿਆ ਗਿਆ ਹੈ ਅਤੇ ਆਰਤੀ ਦੇ ਗਗਨ ਰੂਪੀ ਇਸ ਥਾਲ ਵਿਚ ਚੰਦ ਸੂਰਜ ਦੀਪਕ ਹਨ ਅਤੇ ਤਾਰੇ ਮਾਨੋ ਮੋਤੀ ਸਜਾਏ ਹੋਏ ਹਨ। ਚੰਦਨ ਦੇ ਜੰਗਲਾਂ ਵਿਚੋਂ ਸੁਗੰਧਿਤ ਹਵਾ ਧੂਫ਼ ਵਾਂਗ ਖੁਸ਼ਬੋਈਆਂ ਬਿਖੇਰ ਰਹੀ ਹੈ। ਰੁਮਕਦੀ ਹੋਈ ਪੌਣ ਇਸ ਇਲਾਹੀ ਆਰਤੀ ਦੀ ਚੌਰ ਅਤੇ ਸਗਲ ਬਨਸਪਤੀ ਇਸ 'ਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ। ਇਹ ਆਰਤੀ ਮੰਦਰਾਂ ਵਿਚ ਪਦਾਰਥਕ ਸਮੱਗਰੀ ਵਰਤ ਕੇ ਕੁਝ ਕੁ ਸਮੇਂ ਲਈ ਕੀਤੀ ਜਾਂਦੀ ਆਰਤੀ ਦੇ ਮੁਕਾਬਲੇ ਇਹ ਇਕ ਅਜਿਹੀ ਆਰਤੀ ਹੈ, ਜੋ ਆਦਿ ਜੁਗਾਦਿ ਤੋਂ ਹੁੰਦੀ ਆ ਰਹੀ ਹੈ ਅਤੇ ਅਨੰਤ ਸਮੇਂ ਤੱਕ ਚਲਦੀ ਰਹਿਣੀ ਹੈ। ਅਸਲ ਵਿਚ ਇਹ ਆਰਤੀ ਕੋਈ ਸਧਾਰਨ ਰਚਨਾ ਨਹੀਂ, ਬਲਕਿ ਇਹ ਇਕ ਅਜਿਹਾ ਦਾਰਸ਼ਨਿਕ ਅਤੇ ਕਾਇਨਾਤੀ ਤਰਾਨਾ ਹੈ, ਜਿਸ ਦਾ ਸਗਲ ਸ੍ਰਿਸ਼ਟੀ ਦਾ ਕਣ-ਕਣ ਹਰ ਪਲ ਗਾਇਨ ਕਰ ਰਿਹਾ ਹੈ।
ਭਾਰਤੀ ਉਪ-ਮਹਾਂਦੀਪ ਦੇ ਮਹਾਨ ਸ਼ਾਇਰ ਅਤੇ ਚਿੰਤਕ ਗੁਰੂਦੇਵ ਰਬਿੰਦਰ ਨਾਥ ਟੈਗੋਰ ਨੇ ਵੀ ਇਸ ਆਰਤੀ ਦੀ ਬੜੇ ਉੱਚੇ ਅਤੇ ਸੁੱਚੇ ਸ਼ਬਦਾਂ ਵਿਚ ਮਹਿਮਾ ਕੀਤੀ ਸੀ। ਪੰਜਾਬੀ ਅਦੀਬ ਅਤੇ ਫ਼ਿਲਮੀ ਐਕਟਰ ਬਲਰਾਜ ਸਾਹਨੀ ਨੇ ਇਕ ਵਾਰ ਗੁਰੂਦੇਵ ਟੈਗੋਰ, ਜੋ ਕਿ ਉਸ ਸਮੇਂ ਸ਼ਾਂਤੀ ਨਿਕੇਤਨ ਵਿਖੇ ਪੜ੍ਹਾਉਂਦੇ ਸਨ, ਨੂੰ ਬੇਨਤੀ ਕੀਤੀ ਕਿ ਤੁਸੀਂ ਭਾਰਤ ਦਾ ਸ਼ਾਨਦਾਰ ਕੌਮੀ ਤਰਾਨਾ ਲਿਖਿਆ ਹੈ, ਤੁਸੀਂ ਅਜਿਹਾ ਹੀ ਇਕ ਵਿਸ਼ਵ ਤਰਾਨਾ ਵੀ ਲਿਖਣ ਦੀ ਕਿਰਪਾ ਕਰੋ। ਇਹ ਸੁਣ ਕੇ ਰਬਿੰਦਰ ਨਾਥ ਟੈਗੋਰ ਹੁਰਾਂ ਨੇ ਉੱਤਰ ਦਿੱਤਾ ਕਿ ਅਜਿਹਾ ਤਰਾਨਾ ਤਾਂ ਬੜਾ ਸਮਾਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ, ਜੋ ਇਹ 16ਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਦੇ ਰੂਪ ਵਿਚ ਲਿਖਿਆ ਸੀ ਅਤੇ ਜਿਸ ਦਾ ਗਾਇਨ ਉਨ੍ਹਾਂ ਨੇ ਜਗਨਨਾਥ ਪੁਰੀ ਵਿਖੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ ਸਾਰੇ ਵਿਸ਼ਵ ਦਾ ਹੀ ਨਹੀਂ, ਬਲਕਿ ਸਾਰੀ ਕਾਇਨਾਤ ਦਾ ਤਰਾਨਾ ਹੈ। ਗੁਰੂਦੇਵ ਟੈਗੋਰ ਇਸ ਆਰਤੀ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਖੁਦ ਇਸ ਦਾ ਅਨੁਵਾਦ ਆਪਣੀ ਮਾਤ ਭਾਸ਼ਾ ਬੰਗਲਾ ਵਿਚ ਵੀ ਕੀਤਾ ਸੀ।
ਇਹ ਆਰਤੀ ਮਹਿਜ਼ ਆਰਤੀ ਨਹੀ ਹੈ, ਬਲਕਿ ਗੁਰਬਾਣੀ ਦੇ ਕੁਦਰਤ ਬਾਰੇ ਦ੍ਰਿਸ਼ਟੀਕੋਣ ਦਾ ਮੂਲ ਸੂਤਰ ਪੇਸ਼ ਕਰਦੀ ਹੈ। ਗੁਰਬਾਣੀ ਵਿਚ ਕੁਦਰਤ ਬਾਰੇ ਜੋ ਇਕ ਨਿਵੇਕਲਾ ਸਿਧਾਂਤ ਪੇਸ਼ ਕੀਤਾ ਗਿਆ ਹੈ, ਇਹ ਆਰਤੀ ਉਸ ਦਾ ਕੇਂਦਰ ਬਿੰਦੂ ਸਾਬਤ ਹੁੰਦੀ ਹੈ। ਗੁਰਬਾਣੀ ਅਨੁਸਾਰ ਕੁਦਰਤ ਹੀ ਅੰਤਿਮ ਸੱਚ ਹੈ ਅਤੇ ਇਸ ਨੂੰ ਸਾਜਣ ਵਾਲਾ ਵੀ ਸੱਚਾ ਪੁਰਖ ਭਾਵ ਸੱਚਾ ਪਾਤਸ਼ਾਹ ਹੀ ਹੈ। ਗੁਰੂ ਜੀ ਦਾ ਫ਼ਰਮਾਨ ਹੈ, 'ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸ਼ਾਹ॥' ਇਸੇ ਤਰ੍ਹਾਂ ਉਹ ਫ਼ਰਮਾਉਂਦੇ ਹਨ, 'ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥' ਭਾਵ ਜੋ ਵੀ ਸਾਨੂੰ ਵਿਖਾਈ-ਸੁਣਾਈ ਦਿੰਦਾ ਹੈ ਜਾਂ ਨਿਰਾਕਾਰ ਹੈ, ਉਹ ਸਭ ਕੁਦਰਤ ਹੈ ਅਤੇ ਆਕਾਸ਼, ਪਾਤਾਲ ਅਤੇ ਸਭ ਵਿਖਾਈ ਦਿੰਦੇ ਵਜੂਦ ਅਤੇ ਆਕਾਰ ਕੁਦਰਤ ਹੀ ਹਨ। ਪੌਣ, ਪਾਣੀ, ਅਗਨੀ ਅਤੇ ਧਰਤੀ ਸਭ ਵੀ ਕੁਦਰਤ ਹਨ। ਇਹ ਸਭ ਕੁਦਰਤ ਕੁਝ ਉਸ ਕਰਤਾਪੁਰਖ ਕਾਦਰ ਦੀ ਸਾਜੀ ਹੋਈ ਹੈ, ਜੋ ਖੁਦ ਇਕ ਅਦਿੱਖ ਪਵਿੱਤਰ ਹਸਤੀ ਹੈ।
ਗੁਰਬਾਣੀ ਵਿਚ ਕੁਦਰਤ ਦੀ ਅਪਰੰਮਪਾਰਤਾ, ਬੇਅੰਤਤਾ, ਵੰਨ-ਸੁਵੰਨਤਾ ਅਤੇ ਸਦੀਵਤਾ ਦੀ ਮਹਿਮਾ ਅਤੇ ਇਸ ਦੇ ਮਨੁੱਖ਼ ਸਮੇਤ ਬਾਕੀ ਜੀਵਾਂ ਦੇ ਇਸ ਨਾਲ ਸਹਿਹੋਂਦ ਅਤੇ ਸਹਿਜਤਾ ਵਾਲੇ ਰਿਸ਼ਤੇ ਦਾ ਬੜੇ ਵਿਸਮਾਦੀ ਲਹਿਜ਼ੇ ਨਾਲ ਜ਼ਿਕਰ ਕੀਤਾ ਗਿਆ ਹੈ। ਕੁਦਰਤ ਦੀ ਵਿਸ਼ਾਲਤਾ ਅਤੇ ਬੇਅੰਤਤਾ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ, 'ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਿਨਿ ਇਕ ਵਾਤ॥ ਭਾਵ ਪਤਾਲਾਂ ਦੇ ਹੇਠ ਹੋਰ ਬੇਅੰਤ ਪਾਤਾਲ ਹਨ ਅਤੇ ਅਕਾਸ਼ਾਂ ਤੋਂ ਉੱਤੇ ਅਨੰਤ ਆਕਾਸ਼ ਹਨ। ਸਭ ਵੇਦ ਅਤੇ ਹੋਰ ਗ੍ਰੰਥ ਇਸ ਗੱਲ 'ਤੇ ਇਕਮਤ ਹਨ ਕਿ ਇਨ੍ਹਾਂ ਦੀ ਖੋਜ ਭਾਲ ਕਰਦੇ-ਕਰਦੇ ਸਭ ਥੱਕ-ਹਾਰ ਜਾਂਦੇ ਹਨ ਪਰ ਕਦੇ ਵੀ ਪੂਰੀ ਨਹੀਂ ਹੁੰਦੀ। ਵਿਗਿਆਨ ਵੀ ਇਸ ਨੂੰ ਇਕ ਸੀਮਤ ਹੱਦ ਤੱਕ ਹੀ ਸਮਝ ਸਕੀ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਹੀ ਫੁਰਮਾਨ ਹੈ 'ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਇ ਲਖਿਆ॥' ਭਾਵ ਕੁਦਰਤ ਵਿਸ਼ਾਲਤਾ ਦੇ ਵਰਤਾਰਿਆਂ ਅਤੇ ਨਜ਼ਾਰਿਆਂ ਦਾ ਕੋਈ ਲੇਖਾ ਨਹੀਂ ਲਿਖਿਆ ਜਾ ਸਕਦਾ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸੰਯੁਕਤ ਡਾਇਰੈਕਟਰ, ਯੋਜਨਾਬੰਦੀ ਵਿਭਾਗ,
ਪੰਜਾਬ ਸਰਕਾਰ, ਚੰਡੀਗੜ੍ਹ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦਗਾਰ ਵਿਚ ਤਬਦੀਲ ਕੀਤੀ ਜਾਵੇ ਬਸੀ ਪਠਾਣਾਂ ਜੇਲ੍ਹ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੈਂ ਲਗਪਗ ਪਿਛਲੇ ਡੇਢ ਵਰ੍ਹੇ ਤੋਂ ਲਗਾਤਾਰ ਪੂਰੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲ ਕੇ, ਉਨ੍ਹਾਂ ਦੇ ਸਪੁਰਦ ਸਾਰੇ ਲੋੜੀਂਦੇ ਦਸਤਾਵੇਜ਼ ਕਰ ਦੇਵਾਂ, ਤਾਂ ਕਿ ਉਹ ਇਸ ਮਾਮਲੇ ਵਿਚ ਵਿਧੀਪੂਰਵਕ, ਬਣਦੀ ਕਾਰਵਾਈ ਆਰੰਭ ਕਰ ਸਕਣ। ਇਸ ਸਬੰਧ ਵਿਚ ਉਨ੍ਹਾਂ ਨਾਲ ਮੁਲਾਕਾਤ ਵਾਸਤੇ ਵਕਤ ਮੁਕੱਰਰ ਕਰਨ ਲਈ ਮੈਂ ਅਨੇਕਾਂ ਵਾਰ ਟੈਲੀਫੋਨ ਰਾਹੀਂ ਸੰਪਰਕ ਵੀ ਕੀਤਾ, ਪਰ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਸਬੰਧਤ ਇਸ ਅਤੀ ਸੰਜੀਦਾ ਮਾਮਲੇ ਲਈ ਵਾਰ-ਵਾਰ ਬੇਨਤੀ ਕਰਨ 'ਤੇ ਵੀ ਹਾਲੇ ਤੱਕ ਸਫਲਤਾ ਨਹੀਂ ਮਿਲ ਸਕੀ। ਇਹ ਇਕ ਵਿਡੰਬਨਾ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਹਰ ਵਾਰ ਹੀ ਮਿੱਠਾ ਜਿਹਾ ਵਿਹਾਰਕ ਲਾਰਾ ਲਾ ਕੇ ਪੱਲਾ ਝਾੜ ਜਾਂਦੇ ਰਹੇ।
ਇੱਥੇ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦਸੰਬਰ, 2017 ਵਿਚ ਪੰਜਾਬ ਸਰਕਾਰ ਦੇ ਹਵਾਲੇ ਨਾਲ ਅਖ਼ਬਾਰਾਂ ਵਿਚ ਖ਼ਬਰ ਛਪੀ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੈਰ-ਸਪਾਟਾ ਵਿਭਾਗ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਨੂੰ ਹਦਾਇਤ ਕੀਤੀ ਹੈ ਕਿ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਨੌਵੀਂ ਪਾਤਸ਼ਾਹੀ ਦੇ ਇਕ ਯਾਦਗਾਰੀ ਸਮਾਰਕ ਵਜੋਂ ਵਿਕਸਤ ਕਰਨ ਲਈ ਪ੍ਰੋਜੈਕਟ ਤਿਆਰ ਕਰਕੇ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇ। ਮੇਰੀ ਜਾਚੇ ਇਹ ਮਹਿਜ਼ ਲੋਕ ਦਿਖਾਵੇ ਲਈ ਕਾਹਲੀ ਵਿਚ ਚੁੱਕੇ ਕਦਮ ਤੋਂ ਸਿਵਾ ਹੋਰ ਕੁਝ ਨਹੀਂ ਸੀ। ਮੁੱਖ ਮੰਤਰੀ ਦੇ ਇਸ ਨੁਮਾਇਸ਼ੀ ਐਲਾਨ ਦਾ ਮੰਤਵ ਇਸ ਸਾਰੇ ਮਾਮਲੇ ਦੀ ਸੰਜੀਦਗੀ ਨੂੰ ਵੱਟੇ-ਖਾਤੇ ਪਾਉਣ ਦਾ ਹੀ ਸੀ। ਮੁੱਖ ਮੰਤਰੀ ਨੇ ਅਜਿਹਾ ਐਲਾਨ ਫ਼ਤਹਿਗੜ੍ਹ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਰਗਾਹ ਵਿਖੇ ਨਤਮਸਤਕ ਹੋਣ ਸਮੇਂ 26 ਦਸੰਬਰ, 2017 ਵਿਚ ਕੀਤਾ ਸੀ, ਪਰ ਇਹ ਮਹਿਜ਼ ਇਕ ਛਲਾਵਾ ਹੀ ਸਾਬਤ ਹੋਇਆ, ਜਿਸ ਦਾ ਕੋਈ ਵੀ ਸਾਰਥਿਕ ਤੇ ਅਨੁਭਵੀ ਸਿੱਟਾ, ਦੋ ਸਾਲ ਦੀ ਮੁੱਦਤ ਬੀਤ ਜਾਣ ਤੋਂ ਬਾਅਦ ਵੀ ਕਿਸੇ ਰੂਪ ਵਿਚ ਸਾਹਮਣੇ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਬਸੀ ਪਠਾਣਾਂ ਦੀ ਸਬ ਜੇਲ੍ਹ ਮੁਗਲ ਹਕੂਮਤ ਦੇ ਸਮੇਂ ਪੁਰਾਣੀ ਸਰਹੰਦੀ ਇੱਟ ਨਾਲ ਤਾਮੀਰ ਕੀਤੀ ਗਈ ਸੀ, ਜਿਸ ਨੂੰ ਸੂਬਾ ਸਰਹੰਦ ਦੀ ਹਵਾਲਾਤੀ ਬੈਰਕ ਵਜੋਂ ਲਗਪਗ 350/400 ਸਾਲ ਪਹਿਲਾਂ ਉਸਾਰਿਆ ਗਿਆ ਜਾਪਦਾ ਹੈ। ਦੁੱਖ ਦੀ ਗੱਲ ਹੈ ਕਿ ਹੁਣ ਫੇਰ ਕੁਝ ਦਿਨ ਹੋਏ ਪੰਜਾਬ ਦੇ ਜੇਲ੍ਹ ਮਹਿਕਮੇ ਦੇ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ 4 ਜੂਨ ਨੂੰ ਪਟਿਆਲਾ ਵਿਖੇ ਇਹ ਐਲਾਨ ਕਰ ਦਿੱਤਾ ਹੈ ਕਿ ਬਸੀ ਪਠਾਣਾਂ ਦੀ ਇਸ ਜ਼ਿਕਰ ਅਧੀਨ ਪੁਰਾਤਨ ਜੇਲ੍ਹ ਦੀ ਮੁਰੰਮਤ ਕਰਵਾ ਕੇ ਦੁਬਾਰਾ ਨਵੇਂ ਸਿਰਿਓਂ, ਇਸ ਨੂੰ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਵਜੋਂ ਵਰਤੋਂ ਵਿਚ ਲਿਆਂਦਾ ਜਾਵੇਗਾ। ਮੇਰੀ ਜਾਚੇ ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਵਿਚ ਇਸ ਜਗ੍ਹਾ 'ਤੇ ਹੁਣ ਗੁਰੂ ਸਾਹਿਬਾਨ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਦੀ ਤਾਮੀਰ ਕਰਨਾ ਹੀ ਯੋਗ ਕਦਮ ਹੋਵੇਗਾ। ਬਹਰਹਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਸਹਿਯੋਗ ਨਾਲ ਹੀ ਇਹ ਕੰਮ ਨੇਪਰੇ ਚੜ੍ਹ ਸਕੇਗਾ। ਮੇਰੀ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਜੇ ਉਹ ਇਸ ਕੰਮ ਲਈ ਸੁਹਿਰਦ ਹਨ ਤਾਂ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਦੀ ਜ਼ਮੀਨ 'ਤੇ ਪੁਰਾਤਨ ਇਮਾਰਤ ਦਾ ਕਬਜ਼ਾ ਤੁਰੰਤ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਕਮੇਟੀ ਦੇ ਨਾਂਅ 'ਤੇ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਜਾਂ ਬਸੀ ਪਠਾਣਾਂ ਦੇ ਸਥਾਨਕ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਦੀ ਸਥਾਨਕ ਕਮੇਟੀ ਦੇ ਸਪੁਰਦ ਕਰ ਦਿੱਤਾ ਜਾਵੇ ਤਾਂ ਕਿ ਗੁਰਦੁਆਰਾ ਸਾਹਿਬ ਦੇ ਨਿਰਮਾਣ ਦਾ ਕਾਰਜ ਮਰਿਆਦਾ ਪੂਰਵਕ ਆਰੰਭ ਕੀਤਾ ਜਾ ਸਕੇ।
ਪਰ ਸਮੂਹ ਸਿੱਖ ਸੰਗਤਾਂ ਦੀ ਪ੍ਰਬਲ ਇੱਛਾ ਹੈ ਕਿ ਇਸ ਪੁਰਾਤਨ ਜੇਲ੍ਹ ਬਸੀ ਪਠਾਣਾਂ ਦੀ ਪੁਰਾਤਨ ਇਮਾਰਤ ਨਾਲ ਇਸ ਦੀ ਕੇਵਲ ਪੁਰਾਤਨ ਦਿੱਖ ਬਹਾਲੀ ਲਈ ਲੋੜੀਂਦੀ ਮੁਰੰਮਤ ਤੋਂ ਬਿਨਾਂ ਹੋਰ ਕੋਈ ਵੀ ਛੇੜਛਾੜ ਨਾ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਵਲੋਂ ਇਸ ਦੀ ਲੋੜੀਂਦੀ ਮੁਰੰਮਤ ਕਰਕੇ ਇਸ ਦੀ ਪੁਰਾਤਨ ਦਿੱਖ ਨੂੰ ਯਾਦਗਾਰ ਵਜੋਂ ਬਰਕਰਾਰ ਰੱਖਿਆ ਜਾਵੇ। ਇਸ ਕਾਰਜ ਲਈ ਪੰਜਾਬ ਸਰਕਾਰ ਵਲੋਂ ਪੁਰਾਤੱਤਵ ਵਿਭਾਗ ਨੂੰ ਤੁਰੰਤ 10 ਕਰੋੜ ਦੀ ਲੋੜੀਂਦੀ ਰਾਸ਼ੀ ਮੁਹੱਈਆ ਕੀਤੀ ਜਾਵੇ। ਅਜਿਹਾ ਕਰਨ ਨਾਲ ਇਹ ਪੁਰਾਤਨ ਇਮਾਰਤ ਆਪਣੇ-ਆਪ ਵਿਚ ਹੀ ਇਕ ਯਾਦਗਾਰੀ ਸਮਾਰਕ ਬਣ ਜਾਵੇਗਾ।
ਇੱਥੇ ਇਹ ਦੱਸਣਯੋਗ ਹੋਵੇਗਾ ਕਿ ਪ੍ਰਸਿੱਧ ਇਤਿਹਾਸਕਾਰਾਂ ਵਲੋਂ ਉਨ੍ਹਾਂ ਦੀ ਖੋਜ ਵਿਚ ਦਿੱਤੇ ਹਵਾਲਿਆਂ ਅਨੁਸਾਰ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ, ਸ੍ਰੀ ਤੇਗ ਬਹਾਦੁਰ ਜੀ, ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ, ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ 10/11 ਸਾਵਣ ਬਿਕਰਮੀ ਸੰਮਤ 1732 ਅਰਥਾਤ 10/11 ਜੁਲਾਈ, 1675 ਈਸਵੀ ਨੂੰ ਦਿੱਲੀ ਤਖ਼ਤ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਏ ਤਾਂ ਰਸਤੇ ਵਿਚ ਰੋਪੜ ਪੁਲਿਸ ਚੌਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ ਦੇ ਰੰਘੜਾਂ ਵਲੋਂ ਕੀਤੀ ਮੁਖ਼ਬਰੀ ਦੇ ਆਧਾਰ 'ਤੇ ਉਨ੍ਹਾਂ ਨੂੰ 12 ਸਾਵਣ ਬਿਕਰਮੀ ਸੰਮਤ 1732 ਅਰਥਾਤ 12 ਜੁਲਾਈ, 1675 ਈਸਵੀ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇ ਹੀ ਦਿਨ 13 ਸਾਵਣ, 1732 ਅਰਥਾਤ 13 ਜੁਲਾਈ, 1675 ਨੂੰ ਹਾਕਮ ਸਰਹੰਦ ਅਬਦੁਲ ਅਜ਼ੀਜ਼ ਦਿਲਾਵਰ ਖਾਂ ਅੱਗੇ ਪੇਸ਼ ਕੀਤਾ, ਜਿਸ ਨੇ ਗੁਰੂ ਜੀ ਨੂੰ ਬਸੀ ਪਠਾਣਾਂ ਦੀ ਹਵਾਲਾਤ ਵਿਚ ਬੰਦ ਕਰਕੇ ਇਸ ਦੀ ਇਤਲਾਹ ਦਿੱਲੀ ਦਰਬਾਰ ਨੂੰ ਭੇਜ ਦਿੱਤੀ। 'ਗੁਰੂ ਕੀਆਂ ਸਾਖੀਆਂ' ਨਾਮੀ ਪੁਸਤਕ ਦੀ ਸਾਖੀ 29 ਵਿਚ ਇਹ ਬਿਰਤਾਂਤ ਇਸ ਤਰ੍ਹਾਂ ਦਰਜ ਹੈ-
'ਹਾਕਮ ਸਰਹੰਦ ਸੇ ਪਤਾ ਚਲਾ ਕਿ ਗੁਰੂ ਤੇਗ ਬਹਾਦਰ ਕਸ਼ਮੀਰੀ ਬ੍ਰਾਹਮਨਾ ਕੀ ਫ਼ਰਿਆਦ ਲੈ ਕੇ ਦਿਹਲੀ ਜਾ ਰਹਾ ਹੈ, ਇਨ੍ਹੇ ਹਿਰਾਸਤ ਮੇਂ ਲੈ ਲੇਨਾ ਜ਼ਰੂਰੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ। ਮੋਬਾ: 98140-33362

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ

ਗੁ: ਪਿੰਡ ਅਕੋਈ ਸਾਹਿਬ (ਸੰਗਰੂਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਵਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਰਾਜ ਸਰਕਾਰ ਵਲੋਂ ਵੀ ਵੱਡੇ ਪੱਧਰ 'ਤੇ ਯਤਨ ਆਰੰਭੇ ਗਏ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਰਾਜ ਦੇ ਉਨ੍ਹਾਂ ਸਥਾਨਾਂ ਦੀ ਸੂਚੀ ਬਣਾਈ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਪਏ। ਉਨ੍ਹਾਂ ਥਾਵਾਂ ਵਿਚ ਸੰਗਰੂਰ ਜ਼ਿਲ੍ਹੇ ਦੇ ਕਈ ਇਲਾਕੇ ਸ਼ਾਮਿਲ ਹਨ। ਇਨ੍ਹਾਂ ਅਸਥਾਨਾਂ ਵਿਚ ਸੰਗਰੂਰ-ਲੁਧਿਆਣਾ ਮਾਰਗ 'ਤੇ ਵਸਦਾ ਪਿੰਡ ਅਕੋਈ ਸਾਹਿਬ ਵੀ ਸ਼ਾਮਿਲ ਹੈ। ਇਤਹਾਸਕ ਤੱਥਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ, ਜੋ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ, ਦੇ ਅੰਤਰਗਤ 6500 ਮੀਲ ਦਾ ਸਫ਼ਰ ਤੈਅ ਕੀਤਾ ਸੀ। ਇਸ ਉਦਾਸੀ ਵੇਲੇ ਉਨ੍ਹਾਂ ਨਾਲ ਭਾਈ ਮਰਦਾਨਾ ਵੀ ਸੀ। ਉਦਾਸੀ ਦੀ ਸਮਾਪਤੀ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਤੋਂ ਜੀਂਦ, ਪਹੇਵਾ, ਅਨਦਾਨਾ, ਸੁਨਾਮ, ਨਾਨਕਿਆਣਾ ਸਾਹਿਬ (ਮੰਗਵਾਲ) ਤੋਂ ਹੁੰਦੇ ਹੋਏ ਅਕੋਈ ਸਾਹਿਬ ਦੀ ਧਰਤੀ 'ਤੇ ਪੁੱਜੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਇਸ ਧਰਤੀ ਉੱਤੇ ਆਏ ਤਾਂ ਇਹ ਜਗ੍ਹਾ ਉਜਾੜ ਸੀ ਅਤੇ ਇਥੇ ਕੋਈ ਨਗਰ ਨਹੀਂ ਸੀ। ਗੁਰੂ ਜੀ ਦੇ ਮੁੱਖ ਤੋਂ ਬਾਣੀ ਸੁਣ ਕੇ ਨੇੜੇ ਦੀ ਸੰਗਤ ਗੁਰੂ ਜੀ ਕੋਲ ਆਈ ਅਤੇ ਉਨ੍ਹਾਂ ਦੀ ਜਲ-ਪਾਣੀ ਨਾਲ ਸੇਵਾ ਕੀਤੀ।
ਗੁਰੂ ਨਾਨਕ ਦੇਵ ਜੀ ਨੇ ਜਦ ਨਗਰ ਦੇ ਨਾਂਅ ਬਾਰੇ ਪੁੱਛਿਆ ਤਾਂ ਇਕ ਮਾਈ ਨੇ ਕਿਹਾ, 'ਸਤਿਗੁਰੂ, ਇਥੇ ਤਾਂ ਕੋਈ ਨਗਰ ਹੀ ਨਹੀਂ ਹੈ' ਤਾਂ ਗੁਰੂ ਜੀ ਨੇ ਇਸ ਥਾਂ ਦਾ ਨਾਂਅ 'ਅਕੋਈ ਸਾਹਿਬ' ਉਚਾਰਨ ਕੀਤਾ। ਇਸ ਥਾਂ ਉੱਤੇ ਬਣੇ ਗੁਰੂ-ਘਰ ਦੀ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਗੁਰਦੁਆਰਾ ਕਮੇਟੀ ਵਲੋਂ ਕੀਤੀ ਜਾ ਰਹੀ ਹੈ। ਇਸ ਪਵਿੱਤਰ ਅਸਥਾਨ ਦੇ ਸੇਵਾਦਾਰ ਅਤੇ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੇ ਸ: ਹਰਬੰਸ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਤੋਂ ਇਲਾਵਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਚਾਲੇ ਪਾਏ ਅਤੇ ਭਾਈ ਕੀ ਡਰੋਲੀ ਤੋਂ ਗੋਰਖ ਮਤੇ ਦੇ ਰਸਤੇ ਜਾਂਦੇ ਹੋਏ ਕਾਂਝਲੇ ਪਿੰਡ ਤੋਂ ਸੰਮਤ 1673 ਬਿਕਰਮੀ (1616 ਈ:) ਨੂੰ ਅਕੋਈ ਸਾਹਿਬ ਪੁੱਜੇ। ਇਥੇ ਗੁਰੂ ਸਾਹਿਬ ਨੇ ਇਕ ਕਰੀਰ ਦੇ ਦਰੱਖਤ ਨਾਲ ਘੋੜਾ ਬੰਨ੍ਹਿਆ ਜੋ ਅੱਜ ਵੀ ਮੌਜੂਦ ਹੈ। ਇਸ ਤੋਂ ਇਲਾਵਾ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ 5 ਮੱਘਰ ਸੰਮਤ 1722 ਨੂੰ ਮਾਤਾ ਨਾਨਕੀ ਜੀ (ਗੁਰੂ ਜੀ ਦੇ ਮਾਤਾ ਜੀ), ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਨੱਥਾ ਰਾਮ ਜੀ ਰਬਾਬੀ ਜਥੇ ਸਮੇਤ ਕੁਝ ਸਮਾਂ ਅਕੋਈ ਸਾਹਿਬ ਠਹਿਰੇ ਸਨ। ਸ: ਹਰਬੰਸ ਸਿੰਘ ਨੇ ਇਹ ਵੀ ਦੱਸਿਆ ਕਿ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਵਾਰ ਕੇ ਮਾਛੀਵਾੜਾ, ਰਾਏਕੋਟ, ਮੂਲੋਵਾਲ ਹੁੰਦੇ ਹੋਏ ਇਸ ਅਸਥਾਨ 'ਤੇ ਪੁੱਜੇ ਸਨ। ਗੁਰੂ-ਘਰ ਦੇ ਮੈਨੇਜਰ ਦੱਸਦੇ ਹਨ ਕਿ ਇਸ ਅਸਥਾਨ ਦੀ ਸੇਵਾ ਕਰਨ ਵਿਚ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦਾ ਅਹਿਮ ਯੋਗਦਾਨ ਰਿਹਾ ਹੈ। ਅਕੋਈ ਸਾਹਿਬ ਲੰਬਾ ਸਮਾਂ ਰਾਜ ਦੇ ਸਿਆਸੀ ਨਕਸ਼ੇ ਉੱਤੇ ਵੀ ਛਾਇਆ ਰਿਹਾ। ਸਾਬਕਾ ਮੈਂਬਰ ਪਾਰਲੀਮੈਂਟ ਸ: ਰਣਜੀਤ ਸਿੰਘ ਅਤੇ ਬੀਬੀ ਨਿਰਲੇਪ ਕੌਰ ਵੀ ਇਸ ਪਿੰਡ ਨਾਲ ਸਬੰਧਤ ਸਨ। ਗੁਰੂ-ਘਰ ਦੇ ਗ੍ਰੰਥੀ ਸਿੰਘ ਅਤੇ ਇਸ ਪਿੰਡ ਦੇ ਵਸਨੀਕ ਸ: ਦਰਸ਼ਨ ਸਿੰਘ ਦੱਸਦੇ ਹਨ ਕਿ ਪਿੰਡ ਅਕੋਈ ਸਾਹਿਬ ਇਤਿਹਾਸਕ ਨਗਰੀ ਹੋਣ ਦੇ ਬਾਵਜੂਦ ਚੰਗੀਆਂ ਸੜਕਾਂ, ਚੰਗੀਆਂ ਸਿਹਤ ਸੇਵਾਵਾਂ ਅਤੇ ਪਾਣੀ ਦੇ ਨਿਕਾਸ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਮਹਿਰੂਮ ਹੈ। ਪਿੰਡ ਵਾਸੀ ਸਰਕਾਰੀ ਮਿਡਲ ਸਕੂਲ ਨੂੰ ਅੱਪਗ੍ਰੇਡ ਕਰਨ ਦੀ ਮੰਗ ਵੀ ਕਰ ਰਹੇ ਹਨ। ਇਲਾਕਾ ਨਿਵਾਸੀਆਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਵਲੋਂ ਚੋਣਵੇਂ ਅਸਥਾਨਾਂ ਦੀ ਕੀਤੀ ਚੋਣ ਉਪਰੰਤ ਹੁਣ ਅਕੋਈ ਸਾਹਿਬ ਦੀ ਕਾਇਆ ਕਲਪ ਨਿਸਚੇ ਤਬਦੀਲ ਹੋਵੇਗੀ।


-ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ, ਸੰਗਰੂਰ।

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਬਚਿੱਤਰ ਸਿੰਘ

ਭਾਈ ਬਚਿੱਤਰ ਸਿੰਘ ਸ਼ਹੀਦਾਂ ਦੇ ਮਹਾਨ ਪਰਿਵਾਰ ਦੇ ਕੁਲਭੂਸ਼ਣ ਸਨ। ਉਹ ਅਮਰ ਸ਼ਹੀਦ ਭਾਈ ਮਨੀ ਸਿੰਘ ਦੇ ਸਪੁੱਤਰ ਸਨ। ਉਨ੍ਹਾਂ ਦੇ ਵੱਡੇ-ਵਡੇਰੇ ਛੇਵੇਂ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਗੁਰੂ-ਘਰ ਦੀ ਸੇਵਾ ਨਿਭਾਅ ਰਹੇ ਸਨ। ਭਾਈ ਮਨੀ ਸਿੰਘ ਨੇ ਆਪਣੇ ਪੰਜ ਸਪੁੱਤਰਾਂ ਨੂੰ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਅਰਪਿਤ ਕੀਤਾ ਹੋਇਆ ਸੀ। ਇਨ੍ਹਾਂ ਬਹਾਦਰ ਸੂਰਬੀਰਾਂ ਵਿਚੋਂ ਭਾਈ ਅਜਬ ਸਿੰਘ, ਭਾਈ ਅਨਿਕ ਸਿੰਘ ਅਤੇ ਭਾਈ ਅਜੈਬ ਸਿੰਘ ਨੇ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹੀਦੀ ਜਾਮ ਪੀਤੇ। ਭਾਈ ਉਦੈ ਸਿੰਘ ਨੇ ਸ਼ਾਹੀ ਟਿੱਬੀ 'ਤੇ ਸ਼ਹਾਦਤ ਪਾਈ ਅਤੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਭਾਈ ਬਚਿੱਤਰ ਸਿੰਘ ਨੇ ਕੋਟਲਾ ਨਿਹੰਗ ਖ਼ਾਨ ਵਿਖੇ ਅੰਤਿਮ ਸਾਹ ਲਏ। ਭਾਈ ਸਾਹਿਬ ਨੇ 1699 ਈ: ਵਿਚ ਅੰਮ੍ਰਿਤਪਾਨ ਕੀਤਾ। ਉਹ ਬਹੁਤ ਹੀ ਬਹਾਦਰ, ਸਾਹਸੀ ਅਤੇ ਚੜ੍ਹਦੀ ਕਲਾ ਵਾਲੇ ਸਿੰਘ ਸਨ। ਸੰਨ 1700 ਵਿਚ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਕਿਲ੍ਹਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਇਕ ਖੂਨੀ ਹਾਥੀ ਨੂੰ ਸ਼ਰਾਬ ਪਿਆ ਕੇ ਉਸ ਦੇ ਮੱਥੇ 'ਤੇ ਫੌਲਾਦੀ ਤਵੇ ਅਤੇ ਸ਼ਸਤਰ ਬੰਨ੍ਹ ਕੇ ਛੱਡ ਦਿੱਤਾ। ਕਲਗੀਧਰ ਪਾਤਿਸ਼ਾਹ ਜੀ ਨੇ ਸੂਹ ਮਿਲਣ 'ਤੇ ਕਿਹਾ ਕਿ ਉਸ ਹਾਥੀ ਦਾ ਮੁਕਾਬਲਾ ਭਾਰੀ ਸਰੀਰ ਅਤੇ ਕੱਦ-ਕਾਠ ਵਾਲਾ ਦੁਨੀ ਚੰਦ ਕਰੇਗਾ। ਦੁਨੀ ਚੰਦ ਡਰ ਗਿਆ ਅਤੇ ਰਾਤ ਨੂੰ ਕਿਲ੍ਹੇ ਵਿਚੋਂ ਭੱਜ ਗਿਆ।
ਮਹਾਰਾਜ ਜੀ ਨੇ ਛੋਟੇ ਜਿਹੇ ਕੱਦ ਅਤੇ ਪਤਲੇ ਸਰੀਰ ਦੇ ਭਾਈ ਬਚਿੱਤਰ ਸਿੰਘ ਵੱਲ ਦੇਖ ਕੇ ਕਿਹਾ ਕਿ ਉਸ ਹਾਥੀ ਦਾ ਮੁਕਾਬਲਾ ਸਾਡਾ ਇਹ ਸ਼ੇਰ ਕਰੇਗਾ। ਭਾਈ ਸਾਹਿਬ ਨੇ ਸੀਸ ਨਿਵਾਇਆ। ਮਹਾਰਾਜ ਜੀ ਨੇ ਨਾਗਣੀ ਬਰਛਾ ਬਖ਼ਸ਼ਿਆ। ਜਦੋਂ ਮਦਮਸਤ ਹਾਥੀ ਚਿੰਘਾੜਦਾ ਹੋਇਆ ਕਿਲ੍ਹੇ ਵੱਲ ਵਧਿਆ ਤਾਂ ਭਾਈ ਸਾਹਿਬ ਨੇ ਘੋੜੇ ਦੀਆਂ ਰਕਾਬਾਂ ਵਿਚ ਖੜ੍ਹੇ ਹੋ ਕੇ ਹਾਥੀ ਦੇ ਮੱਥੇ ਵਿਚ ਇਸ ਤਰ੍ਹਾਂ ਬਰਛਾ ਮਾਰਿਆ ਕਿ ਉਹ ਤਵੀਆਂ ਨੂੰ ਪਾੜ ਕੇ ਹਾਥੀ ਦਾ ਮੱਥਾ ਵਿੰਨ੍ਹ ਗਿਆ। ਦਰਦ ਨਾਲ ਤੜਫ਼ਦਾ ਹੋਇਆ ਹਾਥੀ ਪਿੱਛੇ ਵੱਲ ਨੂੰ ਭੱਜ ਪਿਆ ਅਤੇ ਆਪਣੀ ਹੀ ਫ਼ੌਜ ਦੇ ਅਨੇਕਾਂ ਸਿਪਾਹੀ ਲਿਤਾੜ ਦਿੱਤੇ। ਭਾਈ ਸਾਹਿਬ ਨੇ ਨਿਰਮੋਹਗੜ੍ਹ ਦੀ ਜੰਗ ਵਿਚ ਵੀ ਆਪਣੀ ਬੀਰਤਾ ਦੇ ਜੌਹਰ ਦਿਖਾਏ। ਜਦੋਂ ਦਸੰਬਰ, 1704 ਈ: ਨੂੰ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਦਸਮ ਪਾਤਸ਼ਾਹ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਖਾਲੀ ਕਰਾ ਲਿਆ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ਤਾਂ ਭਾਈ ਬਚਿੱਤਰ ਸਿੰਘ ਨੇ ਮਲਕਪੁਰ ਰੰਘੜਾਂ ਦੇ ਮੈਦਾਨ ਵਿਚ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿਚ ਉਨ੍ਹਾਂ ਦੇ ਡੂੰਘੇ ਜ਼ਖਮ ਲੱਗੇ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੰਭੀਰ ਜ਼ਖਮੀ ਹੋਏ ਭਾਈ ਸਾਹਿਬ ਨੂੰ ਸ੍ਰੀ ਦਸਮੇਸ਼ ਜੀ ਦੇ ਸ਼ਰਧਾਲੂ ਨਿਹੰਗ ਖ਼ਾਨ ਦੀ ਹਵੇਲੀ ਪਹੁੰਚਾ ਦਿੱਤਾ। ਸ੍ਰੀ ਕਲਗੀਧਰ ਜੀ ਵੀ ਉਸ ਸਮੇਂ ਹਵੇਲੀ ਵਿਚ ਸਨ। ਆਪ ਜੀ ਨੇ ਨਿਹੰਗ ਖ਼ਾਨ ਨੂੰ ਭਾਈ ਬਚਿੱਤਰ ਸਿੰਘ ਦੀ ਸਾਂਭ-ਸੰਭਾਲ ਕਰਨ ਲਈ ਕਿਹਾ ਅਤੇ ਆਪ ਚਮਕੌਰ ਸਾਹਿਬ ਵੱਲ ਕੂਚ ਕੀਤਾ। ਨਿਹੰਗ ਖ਼ਾਨ ਦੀ ਸਪੁੱਤਰੀ ਬੀਬੀ ਮੁਮਤਾਜ਼ ਭਾਈ ਸਾਹਿਬ ਦੀ ਦੇਖਭਾਲ ਵਿਚ ਜੁਟ ਗਈ। ਕਿਸੇ ਦੀ ਮੁਖ਼ਬਰੀ 'ਤੇ ਰੋਪੜ ਚੌਕੀ ਦੇ ਜਾਫ਼ਰ ਅਲੀ ਖ਼ਾਨ ਨੇ ਹਵੇਲੀ ਨੂੰ ਘੇਰ ਕੇ ਤਲਾਸ਼ੀ ਲਈ। ਜਦੋਂ ਉਹ ਉਸ ਕਮਰੇ ਦੀ ਤਲਾਸ਼ੀ ਲੈਣ ਲੱਗਾ, ਜਿਥੇ ਭਾਈ ਬਚਿੱਤਰ ਸਿੰਘ ਮੌਤ ਨਾਲ ਜੂਝ ਰਹੇ ਸਨ, ਤਾਂ ਪਠਾਣ ਨੇ ਕਿਹਾ ਕਿ ਇਸ ਕਮਰੇ ਵਿਚ ਮੇਰਾ ਧੀ-ਜਵਾਈ ਹਨ। ਇਹ ਸੁਣ ਕੇ ਜਾਫਰ ਅਲੀ ਵਾਪਸ ਚਲਾ ਗਿਆ। ਅਗਲੀ ਸਵੇਰ ਭਾਈ ਸਾਹਿਬ ਚਲਾਣਾ ਕਰ ਗਏ। ਬੀਬੀ ਮੁਮਤਾਜ਼ ਨੇ 130 ਸਾਲ ਦੀ ਉਮਰ ਭੋਗੀ ਪਰ ਵਿਆਹ ਨਾ ਕਰਵਾਇਆ। ਉਹ ਉਸੇ ਥਾਂ 'ਤੇ ਬੰਦਗੀ ਕਰਦੀ ਰਹੀ। ਅੱਜਕਲ੍ਹ ਇਸੇ ਥਾਂ 'ਤੇ ਭਾਈ ਬਚਿੱਤਰ ਸਿੰਘ ਅਤੇ ਬੀਬੀ ਮੁਮਤਾਜ਼ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਪੰਜਾਬ ਵਿਚ ਇਤਿਹਾਸ ਸੰਭਾਲਣ ਦੇ ਯਤਨ ਕਿਵੇਂ ਆਰੰਭ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਤੋਂ ਇਲਾਵਾ ਹੋਰ ਵੀ ਕੁਝ ਨਿਯਮ ਤੈਅ ਹੋਏ ਅਤੇ ਇਹ ਸੁਸਾਇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਬਣ ਗਈ। ਆਖ਼ਰ 9 ਫਰਵਰੀ, 1947 ਈ: ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਖੋਲ੍ਹਣ ਦੀ ਰਸਮ ਹੋਈ ਅਤੇ 'ਗੁਰੂ ਰਾਮਦਾਸ ਨਿਵਾਸ' ਦੇ ਹਾਲ ਨੰਬਰ 4 ਵਿਚ ਇਹ ਲਾਇਬ੍ਰੇਰੀ ਕਾਇਮ ਹੋ ਗਈ। ਇਸ ਲਾਇਬ੍ਰੇਰੀ ਦਾ ਮੰਤਵ ਸਿੱਖ ਇਤਿਹਾਸ, ਸਿੱਖ ਧਰਮ, ਸਿੱਖ ਸਾਹਿਤ ਸਬੰਧੀ ਲਿਖਿਆ, ਛਪਿਆ, ਅਣਛਪਿਆ ਖ਼ਜ਼ਾਨਾ ਇਕ ਥਾਂ ਇਕੱਤਰ ਕਰਨਾ ਸੀ ਤਾਂ ਜੋ ਇਤਿਹਾਸਕ ਖੋਜ ਦੇ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕਣ। ਲਾਇਬ੍ਰੇਰੀ ਵਿਖੇ ਸਿੱਖ ਇਤਿਹਾਸ, ਗੁਰੂ ਇਤਿਹਾਸ ਸਬੰਧੀ ਮੂਲ ਸਰੋਤ, ਹੱਥ-ਲਿਖਤ ਖਰੜੇ, ਪੋਥੀਆਂ, ਪੁਰਾਣੇ ਰਿਕਾਰਡ, ਦੁਰਲੱਭ ਪੁਸਤਕਾਂ, ਹੁਕਮਨਾਮੇ, ਸਨਦਾਂ, ਤਸਵੀਰਾਂ ਰੱਖੀਆਂ ਜਾਣ ਲੱਗੀਆਂ। ਇਸ ਤੋਂ ਪਹਿਲਾਂ ਗੁਰੂ ਰਾਮਦਾਸ ਲਾਇਬ੍ਰੇਰੀ ਵੀ ਸੰਨ 1929 ਤੋਂ ਗੁਰੂ ਰਾਮਦਾਸ ਨਿਵਾਸ ਵਿਖੇ ਹੀ ਚੱਲ ਰਹੀ ਸੀ। ਲਾਇਬ੍ਰੇਰੀ ਵਿਖੇ ਆਉਣ ਵਾਲੇ ਬਾਹਰਲੇ ਖੋਜੀਆਂ ਲਈ ਰਿਹਾਇਸ਼ ਦੇ ਪ੍ਰਬੰਧ ਗੁਰੂ ਨਾਨਕ ਨਿਵਾਸ ਵਿਖੇ ਕੀਤੇ ਜਾਂਦੇ ਸਨ।
'ਸਿੱਖ ਹਿਸਟਰੀ ਸੁਸਾਇਟੀ' ਦਾ ਖੋਜ ਕਾਰਜ ਅਸਲ ਮਾਅਨਿਆਂ ਵਿਚ ਡਾ: ਗੰਡਾ ਸਿੰਘ, ਸ: ਰਣਧੀਰ ਸਿੰਘ ਸਿੰਘ ਰੀਸਰਚ ਸਕਾਲਰ ਅਤੇ ਮੁਨਸ਼ੀ ਫੈਜ਼ੁਲ ਹੱਕ ਉਰਦੂ ਫਾਰਸੀ ਦੇ ਵਿਦਵਾਨ ਦੇ ਉੱਦਮਾਂ ਅਤੇ ਮਿਹਨਤ ਰਾਹੀਂ ਚੱਲ ਰਿਹਾ ਸੀ। ਮੁਨਸ਼ੀ ਫ਼ੈਜ਼ੁਲ ਹੱਕ ਰਾਹੀਂ ਫ਼ਾਰਸੀ ਦੀਆਂ ਦੁਰਲੱਭ ਪੁਸਤਕਾਂ ਦੇ ਉਤਾਰੇ ਕਰਵਾਉਣ ਦਾ ਕਾਰਜ ਅਰੰਭਿਆ ਗਿਆ। ਉਨ੍ਹਾਂ ਕੁਝ ਸਮੇਂ ਵਿਚ ਹੀ ਗੁਰੂ ਨਾਨਕ ਜੰਤਰੀ ਦੀਆਂ ਚਾਰ ਜਿਲਦਾਂ (1469 ਤੋਂ 1650 ਈ:) ਲਿਖ ਲਈਆਂ ਸਨ, ਅਗਸਤ, 1947 ਵਿਚ ਉਹ ਸਿੱਖ ਹਿਸਟਰੀ ਸੁਸਾਇਟੀ ਦੇ ਕਾਰਜ ਤੋਂ ਫ਼ਾਰਗ ਹੋ ਗਏ, ਜਿਸ ਕਾਰਨ ਇਹ ਕਾਰਜ ਅਧੂਰਾ ਰਹਿ ਗਿਆ। ਸਿੱਖ ਹਿਸਟਰੀ ਸੁਸਾਇਟੀ ਦਾ ਮੰਤਵ ਸਿੱਖ ਇਤਿਹਾਸ ਦੀ ਖੋਜ ਲਈ ਉਤਸ਼ਾਹ ਪੈਦਾ ਕਰਨਾ, ਖੋਜ ਸਬੰਧੀ ਇਤਿਹਾਸਕ ਪੱਤਰਾਂ ਰਾਹੀਂ ਦੁਰਲੱਭ ਇਤਿਹਾਸ ਨੂੰ ਪਾਠਕਾਂ ਤੱਕ ਪਹੁੰਚਾਉਣਾ, ਕਿਤਾਬੀ ਰੂਪ ਵਿਚ ਇਤਿਹਾਸ ਨੂੰ ਛਾਪਣਾ ਅਤੇ ਦੁਰਲੱਭ ਹੱਥ-ਲਿਖਤ ਖਰੜਿਆਂ ਅਤੇ ਇਤਿਹਾਸ ਦੀ ਸੰਭਾਲ ਕਰਨਾ ਸੀ। ਸਿੱਖ ਹਿਸਟਰੀ ਸੁਸਾਇਟੀ ਨੇ 6-7 ਸਾਲਾਂ ਦੇ ਵਕਫੇ ਵਿਚ ਹੀ ਕਈ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ ਵਿਚ 'ਮਾਖਜ਼ਿ ਤਵਾਰੀਖਿ-ਸਿੱਖਾਂ' (ਫ਼ਾਰਸੀ), 'ਔਰਾਕਿ ਪ੍ਰੀਸ਼ਾਨ-ਤਵਾਰੀਖਿ ਪੰਜਾਬ' (ਫ਼ਾਰਸੀ), 'ਮੁਖ਼ਤਿਸਰ ਨਾਨਕ ਸ਼ਾਹੀ ਜੰਤਰੀ' (ਉਰਦੂ), 'ਸਿੱਖ ਇਤਿਹਾਸਕ ਯਾਦਗਾਰਾਂ', 'ਗੁਰਪ੍ਰਣਾਲੀਆਂ', 'ਵਾਰ ਅੰਮ੍ਰਿਤਸਰ ਕੀ', 'ਸ਼ਾਹਨਾਮਾ-ਇ-ਰਣਜੀਤ ਸਿੰਘ', 'ਤਵਾਰੀਖ ਅੰਮ੍ਰਿਤਸਰ' (ਉਰਦੂ, ਫ਼ਾਰਸੀ), 'ਪ੍ਰੇਮ ਸੁਮਾਰਗ ਗ੍ਰੰਥ', 'ਸੂਚੀ-ਪੱਤ੍ਰ' (ਦੋ ਭਾਗ), 'ਅਫ਼ਗਾਨਿਸਤਾਨ ਵਿਚ ਇਕ ਮਹੀਨਾ' ਆਦਿ ਹਨ। ਸਿੱਖ ਹਿਸਟਰੀ ਸੁਸਾਇਟੀ ਦੇ 'ਇਤਿਹਾਸਕ ਪੱਤ੍ਰ' ਵਿਚ ਸਮੇਂ-ਸਮੇਂ 'ਤੇ ਛਪੀ ਇਤਿਹਾਸਕ ਸਮੱਗਰੀ ਨੂੰ ਵੀ ਬਾਅਦ ਵਿਚ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ, ਸ੍ਰੀ ਅੰਮ੍ਰਿਤਸਰ।
simran.sidhu662@gmail.com

ਰਹੱਸਮਈ ਪ੍ਰਾਚੀਨ ਮੰਦਰ

ਕੰਨਿਆ ਕੁਮਾਰੀ ਦੇਵੀ ਮੰਦਰ (ਤਾਮਿਲਨਾਡੂ)

ਕੰਨਿਆ ਕੁਮਾਰੀ ਦੇਵੀ ਪ੍ਰਾਚੀਨ ਮੰਦਰ ਦੱਖਣੀ ਭਾਰਤ ਦੇ ਸੁੰਦਰ ਨਗਰ ਕੰਨਿਆ ਕੁਮਾਰੀ (ਤਾਮਿਲਨਾਡੂ) ਦੇ ਸਮੁੰਦਰੀ ਤੱਟ ਉੱਪਰ ਹਿੰਦ ਮਹਾਰਾਸ਼ਟਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਸੰਗਮ ਸਥਲ ਉੱਪਰ ਸਥਿਤ ਹੈ। ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਇਸ ਮੰਦਰ ਦਾ ਮਨਮੋਹਕ ਦਵਾਰ ਲਾਸਾਨੀ ਨਜ਼ਾਰਾ ਪੇਸ਼ ਕਰਦਾ ਹੈ। ਸਾਖੀ ਅਨੁਸਾਰ ਇਸ ਮੰਦਰ ਦਾ ਇਤਿਹਾਸ ਸ਼ਿਵ ਜੀ ਅਤੇ ਬਾਣਾਸੁਰ ਰਾਖਸ਼ਸ਼ ਦੀ ਲੜਕੀ ਕੰਨਿਆ ਕੁਮਾਰੀ ਨਾਲ ਸਬੰਧਤ ਹੈ। ਹੋਰ ਇਤਿਹਾਸ ਮੁਤਾਬਿਕ ਸ਼ਿਵ ਭਗਵਾਨ ਦੀ ਪੂਜਾ ਕਰਨ ਉਪਰੰਤ ਵੀ ਉਹ ਲੜਕੀ ਸ਼ਿਵ ਜੀ ਭਗਵਾਨ ਨੂੰ ਨਹੀਂ ਪਾ ਸਕੀ ਸੀ, ਇਸ ਲਈ ਉਸ ਨੇ ਜੀਵਨ ਭਰ ਕੁਆਰੀ ਰਹਿਣ ਦਾ ਵਰ ਪ੍ਰਾਪਤ ਕਰ ਲਿਆ ਸੀ। ਦੇਵਤਿਆਂ ਨੇ ਕੰਨਿਆ ਕੁਮਾਰੀ ਦੇਵੀ ਦੀ ਵੀਰਤਾ ਤੋਂ ਖ਼ੁਸ਼ ਹੋ ਕੇ ਸਮੁੰਦਰੀ ਤੱਟ ਉੱਪਰ ਹਵਨ ਕਰਵਾਇਆ ਸੀ, ਜਿਸ ਨੂੰ ਸ਼ਕਤੀ ਸਥਲ ਵਜੋਂ ਵੀ ਪੂਜਿਆ ਜਾਣ ਲੱਗਾ। ਦੱਖਣੀ ਭਾਰਤ ਦੇ ਚੋਲ ਅਤੇ ਪਾਡਿਅਨ ਸ਼ਾਸਕਾਂ ਦੁਆਰਾ ਕੰਨਿਆ ਕੁਮਾਰੀ ਦੇਵੀ ਮੰਦਰ ਦਾ ਨਿਰਮਾਣ ਕਰਵਾਇਆ ਗਿਆ ਸੀ, ਜੋ ਕੰਨਿਆ ਕੁਮਾਰੀ ਦੇਵੀ ਦੀ ਵੀਰਤਾ ਨੂੰ ਪ੍ਰਗਟ ਕਰਦਾ ਹੈ। ਦੱਖਣੀ ਭਾਰਤ ਦੇ ਇਸ ਪ੍ਰਸਿੱਧ ਮੰਦਰ ਨੂੰ ਅਮਨ ਕੁਮਾਰੀ ਮੰਦਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਦਾ ਦੱਖਣੀ ਦੁਆਰ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਣ ਕਾਰਨ ਬੰਦ ਰਹਿੰਦਾ ਹੈ। ਸਾਰੇ ਸ਼ਰਧਾਲੂ ਉੱਤਰੀ ਦੁਆਰ ਰਾਹੀਂ ਹੀ ਮੰਦਰ ਵਿਚ ਦਰਸ਼ਨਾਂ ਲਈ ਪ੍ਰਵੇਸ਼ ਕਰਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਪੈ ਪਾਇ ਮਨਾਈ ਸੋਇ ਜੀਉ॥ ਸਤਿਗੁਰ ਪੁਰਖਿ ਮਿਲਾਇਆ

ਸਿਰੀਰਾਗੁ ਮਹਲਾ ੫
ਪੈ ਪਾਇ ਮਨਾਈ ਸੋਇ ਜੀਉ॥
ਸਤਿਗੁਰ ਪੁਰਖਿ ਮਿਲਾਇਆ
ਤਿਸੁ ਜੇਵਡੁ ਅਵਰੁ ਨ ਕੋਇ ਜੀਉ॥ ੧॥ ਰਹਾਉ॥
ਗੋਸਾਈ ਮਿਹੰਡਾ ਇਠੜਾ॥
ਅੰਮ ਅਬੇ ਥਾਵਹੁ ਮਿਠੜਾ॥
ਭੈਣ ਭਾਈ ਸਭਿ ਸਜਣਾ
ਤੁਧੁ ਜੇਹਾ ਨਾਹੀ ਕੋਇ ਜੀਉ॥ ੧॥
ਤੇਰੈ ਹੁਕਮੇ ਸਾਵਣੁ ਆਇਆ॥
ਮੈ ਸਤ ਕਾ ਹਲੁ ਜੋਆਇਆ॥
ਨਾਉ ਬੀਜਣ ਲਗਾ ਆਸ ਕਰਿ
ਹਰਿ ਬੋਹਲ ਬਖਸ ਜਮਾਇ ਜੀਉ॥ ੨॥
ਹਉ ਗੁਰ ਮਿਲਿ ਇਕੁ ਪਛਾਣਦਾ॥
ਦੁਯਾ ਕਾਗਲੁ ਚਿਤਿ ਨ ਜਾਣਦਾ॥
ਹਰਿ ਇਕਤੈ ਕਾਰੈ ਲਾਇਓਨੁ
ਜਿਉ ਭਾਵੈ ਤਿਂਵੈ ਨਿਬਾਹਿ ਜੀਉ॥ ੩॥
ਤੁਸੀ ਭੋਗਿਹੁ ਭੁੰਚਹੁ ਭਾਈਹੋ॥
ਗੁਰਿ ਦੀਬਾਣਿ ਕਵਾਇ ਪੈਨਾਈਓ॥
ਹਉ ਹੋਆ ਮਾਹਰੁ ਪਿੰਡ ਦਾ
ਬੰਨਿ ਆਦੇ ਪੰਜਿ ਸਰੀਕ ਜੀਉ॥ ੪॥
ਹਉ ਆਇਆ ਸਾਮ੍ਰੈ ਤਿਹੰਡੀਆ॥
ਪੰਜਿ ਕਿਰਸਾਣ ਮੁਜੇਰੇ ਮਿਹਡਿਆ॥
ਕੰਨੁ ਕੋਈ ਕਢਿ ਨ ਹੰਘਈ
ਨਾਨਕ ਵੁਠਾ ਘੁਘਿ ਗਿਰਾਉ ਜੀਉ॥ ੫॥
(ਅੰਗ 73)
ਪੰਚਮ ਗੁਰਦੇਵ ਜੀ ਦੀ ਇਸ ਅਸਟਪਦੀ ਦੇ 21 ਅੰਕ ਹਨ। ਇਸ ਲਈ ਤਿੰਨ ਮੰਗਲਵਾਰਾਂ ਨੂੰ 5-5 ਅੰਕਾਂ 'ਤੇ ਵਿਚਾਰ ਕੀਤੀ ਜਾਵੇਗੀ ਅਤੇ ਚੌਥੇ ਮੰਗਲਵਾਰ ਨੂੰ ਬਾਕੀ ਦੇ 6 ਅੰਕਾਂ 'ਤੇ ਵਿਚਾਰ ਹੋਵੇਗੀ।
ਪਦ ਅਰਥ : ਪੈ ਪਾਇ-ਪੈਰੀਂ ਪੈ ਕੇ, ਚਰਨੀ ਲੱਗ ਕੇ। ਮਨਾਈ-ਮਨਾਉਂਦਾ ਹਾਂ, ਆਰਾਧਦਾ ਹਾਂ ਜਿਵੇਂ ਕਿ ਆਖੀਦਾ ਹੈ ਕਿ ਹੇ ਭਾਈ ਗੁਰੂ ਨੂੰ ਮਨਾ ਕੇ ਇਸ ਸ਼ੁੱਭ ਕਾਰਜ ਲਈ ਜਾਈਂ। ਸੋਇ-ਉਸ ਨੂੰ। ਜੇਵਡੁ-ਜੇਡਾ ਵੱਡਾ। ਅਵਰੁ-ਹੋਰ। ਗੋਸਾਈ-ਸ੍ਰਿਸ਼ਟੀ ਦਾ ਮਾਲਕ, ਪਰਮਾਤਮਾ। ਮਿਹੰਡਾ-ਮੇਰਾ। ਇਠੜਾ-ਇੱਠੜਾ, ਬਹੁਤ ਪਿਆਰਾ। ਅੰਮ-ਅੰਮਾ, ਮਾਂ। ਅਬੇ-ਅੱਬਾ, ਬਾਪ, ਪਿਤਾ। ਥਾਵਹੁ-ਕੋਲੋਂ, ਨਾਲੋਂ।
ਸਾਵਣੁ-ਵਰਖਾ ਰੁੱਤ ਦਾ ਮਹੀਨਾ ਜਦੋਂ ਹਰ ਪਾਸੇ ਹਰਿਆਵਲ ਹੁੰਦੀ ਹੈ ਭਾਵ ਤੇਰੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਸਮਾਂ ਆਇਆ ਹੈ। ਮੈ ਸਤ ਕਾ-ਮੈਂ ਸੱਚ ਰੂਪੀ ਜੀਵਨ ਦਾ। ਹਲੁ ਜੋਆਇਆ-ਹਲ ਜੋੜਿਆ ਹੈ। ਆਸ ਕਰਿ-ਤੇਰੇ ਭਰੋਸੇ 'ਤੇ। ਨਾਉ ਬੀਜਣ ਲਗਾ-(ਸਰੀਰ ਰੂਪੀ ਖੇਤ ਵਿਚ) ਨਾਮ ਬੀਜਣ ਲੱਗਾ ਹਾਂ। ਬੋਹਲ-ਢੇਰ, ਦਾਣਿਆਂ ਦਾ ਢੇਰ। ਬੋਹਲ ਬਖਸ-ਬਖਸ਼ਿਸ਼ਾਂ ਦਾ ਬੋਹਲ। ਹਉ-ਮੈਂ। ਦੁਯਾ-ਦੂਜਾ। ਕਾਗਲੁ-ਕਾਗਜ਼। ਹਰਿ-ਪਰਮਾਤਮਾ ਨੇ। ਹਰਿ ਇਕਤੈ ਕਾਰੈ ਲਾਇਓਨੁ-ਪਰਮਾਤਮਾ ਨੇ ਮੈਨੂੰ ਇਕ ਨਾਮ ਸਿਮਰਨ ਦੇ ਕਾਰਜ ਵਿਚ ਹੀ ਲਾ ਦਿੱਤਾ ਹੈ। ਜਿਉ ਭਾਵੈ-ਜਿਵੇਂ ਉਸ ਦੀ ਮਰਜ਼ੀ ਹੋਵੇਗੀ। ਤਿਵੈ ਨਿਬਾਹਿ ਜੀਉ-ਇਸ ਕਾਰ ਅਥਵਾ ਕਾਰਜ ਨੂੰ ਸਿਰੇ ਚਾੜ੍ਹ ਦੇਵੇਗਾ।
ਭੋਗਿਹੁ ਭੁੰਚਹੁ-ਨਾਮ ਰੂਪੀ ਰਸ ਨੂੰ ਆਪ ਛਕੋ ਅਤੇ ਦੂਜਿਆਂ ਨੂੰ ਛਕਾਓ। ਦੀਬਾਣਿ-ਦੀਵਾਨ ਵਿਚ, ਦਰਬਾਰ ਵਿਚ। ਕਵਾਇ-ਪੋਸ਼ਾਕ, ਸ਼ੋਭਾ ਦਾ ਲਿਬਾਸ, ਸਿਰੋਪਾਓ। ਪੈਨਾਈਓ-ਪਹਿਨਾ ਦਿੱਤਾ ਹੈ। ਮਾਹਰੁ-ਚੌਧਰੀ, ਮੋਹਰੀ। ਪਿੰਡ ਦਾ-ਸਰੀਰ ਦਾ। ਬੰਨਿ-ਬੰਨ੍ਹ ਕੇ। ਆਦੇ-ਲਿਆਂਦੇ। ਪੰਜਿ ਸਰੀਕ-ਸ਼ਰੀਕਾ ਕਰਨ ਵਾਲੇ ਮਨੁੱਖ ਦੇ ਪੰਜ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵਿਰੋਧੀ। ਸਾਮ੍ਰੈ-ਸ਼ਰਨ ਵਿਚ। ਤਿਹੰਡੀਆ-ਤੁਹਾਡੀ। ਕਿਰਸਾਣ-ਕਿਸਾਨ। ਮੁਜੇਰੇ-ਮੁਜ਼ਾਰੇ। ਮਿਹਡਿਆ-ਮੇਰੇ। ਕੰਨੁ-ਮੋਢਾ ਭਾਵ ਸਿਰ। ਹੰਘਈ-ਸਕਦਾ। ਵੁਠਾ-ਵਸ ਪਿਆ। ਘੁਘਿ-ਸੰਘਣੀ ਵਸੋਂ ਵਾਲਾ। ਗਿਰਾਉ-ਗ੍ਰਾਮ, ਪਿੰਡ।
ਅਸਟਪਦੀ ਦੀ ਰਹਾਉ ਵਾਲੀ ਤੁਕ ਵਿਚ ਸ਼ਬਦ ਆਇਆ ਹੈ 'ਮਨਾਈ', ਜਿਸ ਦੇ ਸਾਧਾਰਨ ਅਰਥ ਹਨ ਕਿਸੇ ਰੁੱਸੇ ਨੂੰ ਮਨਾਉਣਾ ਪਰ ਗੁਰੂ ਜੀ ਤਾਂ 'ਸਤਿਗੁਰ ਪੁਰਖਿ ਮਿਲਾਇਆ' ਦੁਆਰਾ ਇਸ ਗੱਲ ਵੱਲ ਸੰਕੇਤ ਕਰ ਰਹੇ ਹਨ ਕਿ ਸਤਿਗੁਰੂ ਪੁਰਖ ਨੇ ਮੇਰਾ ਪਰਮਾਤਮਾ ਨਾਲ ਮਿਲਾਪ ਕਰਵਾ ਦਿੱਤਾ ਹੈ। ਤਾਂ ਫਿਰ ਮਨਾਉਣ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਇਸ ਲਈ ਇਥੇ ਮਨਾਈ ਤੋਂ ਭਾਵ ਹੈ ਮਨਾਉਂਦਾ ਹੈ, ਅਰਾਧਨਾ ਕਰਦਾ ਹੈ, ਜਿਵੇਂ ਆਮ ਕਹਿ ਦੇਈਦਾ ਹੈ ਕਿ ਤੁਸੀਂ ਸ਼ੁੱਭ ਕਾਰਜ ਲਈ ਜਾ ਰਹੇ ਹੋ, ਗੁਰੂ ਨੂੰ ਮਨਾ ਕੇ ਜਾਂ ਧਿਆ ਕੇ ਜਾਉ-
ਜਿਨੀ ਗੁਰੂ ਮਨਾਇਆ
ਰਜਿ ਰਜਿ ਸੇਈ ਖਾਹਿ॥
(ਰਾਗੁ ਮਾਰੂ ਕੀ ਵਾਰ ਮਹਲਾ ੫, ਅੰਗ 1096)
ਦੂਜੇ ਜਿਸ ਨੂੰ ਮਾਲਕ ਪ੍ਰਭੂ ਮਾਤਾ-ਪਿਤਾ, ਭੈਣ-ਭਰਾਵਾਂ ਅਤੇ ਸਾਕ-ਸੰਬੰਧੀਆਂ ਤੋਂ ਵੀ ਪਿਆਰਾ ਹੋਵੇ, ਅਜਿਹੇ ਪਿਆਰੇ ਤੋਂ ਪਰਮਾਤਮਾ ਕਿਵੇਂ ਗੁੱਸੇ ਹੋ ਸਕਦਾ ਹੈ ਕਿ ਉਸ ਨੂੰ ਮਨਾਉਣ ਦੀ ਲੋੜ ਪਵੇ।
ਸਤਿਗੁਰਾਂ ਦੀ ਬਿਰਤੀ ਜਦੋਂ ਪੂਰਨ ਤੌਰ 'ਤੇ ਪ੍ਰਭੂ ਚਰਨਾਂ ਵਿਚ ਜੁੜ ਗਈ ਤਾਂ ਆਪ ਜੀ ਨੇ ਜਦੋਂ ਫਿਰ ਸਤਿ ਦਾ ਹਲ ਜੋਅ ਕੇ ਸਤਿ ਦਾ ਬੀਜ ਬੀਜਿਆ ਤਾਂ ਨਾਮ ਰੂਪੀ ਦਾਣਿਆਂ ਦਾ ਅੰਬਾਰ ਲੱਗ ਗਿਆ। ਮਿਹਰਾਂ ਦੇ ਸਾਈਂ ਗੁਰੂ ਪਿਤਾ ਨੇ (ਗੁਰੂ ਰਾਮਦਾਸ ਜੀ) ਨੇ ਪ੍ਰਸੰਨ ਹੋ ਕੇ ਗੁਰਤਾ ਦੀ ਪੁਸ਼ਾਕ ਪਹਿਨਾ ਦਿੱਤੀ ਤਾਂ ਪੰਜੇ ਮਹਾਂਬਲੀ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਆਪ ਜੀ ਨੇ ਵੱਸ ਵਿਚ ਕਰ ਲਏ। ਰਾਗੁ ਬਸੰਤ ਕੀ ਵਾਰ ਮਹਲਾ ੫ ਵਿਚ ਵੀ ਆਪ ਜੀ ਦੇ ਪਾਵਨ ਬਚਨ ਹਨ-
ਪੰਜੇ ਬਧੇ ਮਹਾਬਲੀ
ਕਰਿ ਸਚਾ ਢੋਆ॥
ਆਪਣੇ ਚਰਣ ਜਪਾਇਅਨੁ
ਵਿਚਿ ਦਯੁ ਖੜੋਆ॥
ਰੋਗ ਸੋਗ ਸਭਿ ਮਿਟਿ ਗਏ
ਨਿਤ ਨਵਾ ਨਿਰੋਆ॥ (ਅੰਗ 1193)
ਪੰਜੇ-ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ)। ਬਲੀ-ਬਲਵਾਨ। ਮਹਾ-ਵੱਡੇ। ਢੋਆ-ਭੇਟਾ। ਜਪਾਇਅਨੁ-ਉਸ ਨੇ ਜਪਾਏ। ਦਯੁ-ਦਿਆਲ ਪ੍ਰਭੂ। ਨਿਰੋਆ-ਅਰੋਗ।
ਅੱਖਰੀਂ ਅਰਥ : ਗੁਰੂ ਦੇ ਚਰਨੀਂ ਲੱਗ ਕੇ ਮੈਂ ਪਰਮਾਤਮਾ ਨੂੰ ਮਨਾਉਣ ਅਥਵਾ ਆਰਾਧਨ ਦੇ ਯਤਨ ਕਰ ਰਿਹਾ ਹਾਂ। (ਜਦੋਂ ਤੋਂ) ਗੁਰੂ ਪੁਰਖ ਨੇ ਮੇਰਾ ਪਰਮਾਤਮਾ ਨਾਲ ਮਿਲਾਪ ਕਰਵਾਇਆ ਹੈ, ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ। ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਬੜਾ ਪਿਆਰਾ ਹੈ, ਜੋ ਮੈਨੂੰ ਆਪਣੇ ਮਾਤਾ-ਪਿਤਾ ਨਾਲੋਂ ਵੀ ਵੱਧ ਪਿਆਰਾ ਲਗਦਾ ਹੈ। ਭੈਣ, ਭਰਾ ਅਤੇ ਹੋਰ ਸੱਜਣਾਂ-ਮਿੱਤਰਾਂ ਵਿਚੋਂ ਤੇਰੇ ਵਰਗਾ ਕੋਈ ਨਹੀਂ।
ਹੇ ਪ੍ਰਭੂ, ਤੇਰੇ ਹੁਕਮ ਵਿਚ ਹੀ ਜਦੋਂ ਗੁਰੂ ਨਾਲ ਮਿਲਾਪ ਹੋਇਆ, ਮੇਰੇ ਲਈ ਮਾਨੋ ਸਾਵਣ ਦਾ ਮਹੀਨਾ ਆ ਗਿਆ (ਸਾਵਣ ਦੇ ਮਹੀਨੇ ਵਿਚ ਮੀਂਹ ਸਦਕਾ ਜਿਵੇਂ ਸਾਰਾ ਵਾਤਾਵਰਨ ਹਰਿਆ-ਭਰਿਆ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧਕ ਦੇ ਮਨ ਵਿਚ ਪ੍ਰਭੂ ਦੇ ਪ੍ਰੇਮ ਸਦਕਾ ਸ਼ਾਂਤੀ ਵਰਤ ਗਈ ਹੈ) ਅਤੇ ਮੈਂ ਸੱਚ ਰੂਪੀ ਜੀਵਨ ਦਾ ਹਲ ਜੋਆ ਹੈ। ਇਸ ਸਰੀਰ ਰੂਪੀ ਖੇਤ ਵਿਚ ਮੈਂ ਨਾਮ ਨੂੰ ਬੀਜਿਆ ਹੈ, ਇਸ ਆਸ ਵਿਚ ਕਿ ਤੇਰੀਆਂ ਬਖਸ਼ਿਸ਼ਾਂ ਦਾ ਬੋਹਲ ਇਕੱਠਾ ਹੋਵੇਗਾ।
ਗੁਰੂ ਨੂੰ ਮਿਲ ਕੇ ਹੇ ਪ੍ਰਭੂ, ਮੈਂ ਇਕ ਤੇਰੇ ਨਾਲ ਹੀ ਪਛਾਣ ਅਥਵਾ ਸਾਂਝ ਪਾਈ ਹੈ। ਤੇਰੇ ਇਕ ਨਾਮ ਤੋਂ ਬਿਨਾਂ ਕਿਸੇ ਹੋਰ ਕਾਗਜ਼ 'ਤੇ ਲਿਖੇ ਲੇਖਿਆਂ ਦੀ ਮੈਨੂੰ ਸੋਝੀ ਨਹੀਂ। ਮੈਨੂੰ ਤਾਂ ਪਰਮਾਤਮਾ ਨੇ ਹੁਣ ਇਕ ਹੀ (ਨਾਮ ਜਪਣ) ਦੇ ਕਾਰਜ ਵਿਚ ਲਾਇਆ ਹੋਇਆ ਹੈ। ਹੁਣ ਜਿਵੇਂ ਉਸ ਦੀ ਮਰਜ਼ੀ ਹੋਵੇਗੀ, ਇਸ ਕਾਰਜ ਨੂੰ ਸਿਰੇ ਚਾੜ੍ਹ ਦੇਵੇਗੀ।
ਹੇ ਮੇਰੇ ਭਾਈਓ, ਤੁਸੀਂ ਨਾਮ ਰੂਪੀ ਭੋਜਨ ਨੂੰ ਆਪ ਛਕੋ ਅਤੇ ਦੂਜਿਆਂ ਨੂੰ ਛਕਾਓ। ਗੁਰੂ ਨੇ ਤਾਂ ਮੈਨੂੰ ਨਾਮ ਰੂਪੀ ਪੁਸ਼ਾਕ ਪਹਿਨਾ ਦਿੱਤੀ ਹੈ, ਜਿਸ ਸਦਕਾ ਮੈਂ ਇਸ ਸਰੀਰ ਰੂਪੀ ਪਿੰਡ ਦਾ ਮਾਨੋ ਚੌਧਰੀ ਅਥਵਾ ਮੋਹਰੀ ਬਣ ਗਿਆ ਹਾਂ। ਗੁਰੂ ਦੀ ਅਜਿਹੀ ਕਿਰਪਾ ਦ੍ਰਿਸ਼ਟੀ ਹੋਈ ਹੈ ਕਿ ਸਰੀਰ ਰੂਪੀ ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ) ਮੈਂ ਹੁਣ ਬੰਨ੍ਹ ਲਿਆਂਦੇ ਹਨ ਭਾਵ ਕਾਬੂ ਵਿਚ ਕਰ ਲਏ ਹਨ।
ਪੰਜਵੀਂ ਨਾਨਕ ਜੋਤਿ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਜਦੋਂ ਤੋਂ ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਉਦੋਂ ਤੋਂ ਪੰਜ ਗਿਆਨ ਇੰਦਰੀਆਂ ਰੂਪ ਕਿਰਸਾਣ ਮੇਰੇ ਮੁਜ਼ਾਰੇ (ਕਾਮੇ) ਬਣ ਗਏ ਹਨ ਭਾਵ ਮੇਰੇ ਕਾਬੂ ਵਿਚ ਹਨ। ਕੋਈ ਵੀ ਗਿਆਨ ਇੰਦ੍ਰਾ ਹੁਣ ਸਿਰ ਨਹੀਂ ਚੁੱਕ ਸਕਦਾ। ਫਲਸਰੂਪ ਮੇਰਾ ਸਰੀਰ ਰੂਪੀ ਨਗਰ (ਪਿੰਡ) ਚੰਗੇ ਗੁਣਾਂ ਦੀ ਸੰਘਣੀ ਵਸੋਂ ਨਾਲ ਵਸ ਪਿਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਜਨਮ ਦਿਨ 'ਤੇ ਵਿਸ਼ੇਸ਼

ਪਰਉਪਕਾਰੀ ਸੰਤ ਬਾਬਾ ਚਮਨ ਦਾਸ ਉਦਾਸੀ

ਬਾਬਾ ਸ੍ਰੀ ਚੰਦ ਜੀ ਦੁਆਰਾ ਚਲਾਈ ਉਦਾਸੀ ਸੰਪਰਦਾਇ 'ਚ ਅਨੇਕਾਂ ਉੱਚਕੋਟੀ ਦੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਗੁਰੂ ਉਪਦੇਸ਼ ਰਾਹੀਂ ਸੰਸਾਰ ਦੇ ਜੀਵਾਂ ਨੂੰ ਸੱਚ ਦੇ ਮਾਰਗ 'ਤੇ ਤੋਰਿਆ। ਐਸੇ ਹੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੋਬਿੰਦ ਦਾਸ ਫਗਵਾੜੇ ਵਾਲਿਆਂ ਦੇ ਅਨਿਨ ਸ਼ਰਧਾਲੂ, ਨਾਮ ਦੇ ਰਸੀਏ, ਦਇਆ ਤੇ ਪ੍ਰੇਮ ਦੇ ਸਾਗਰ ਸੰਤ ਬਾਬਾ ਚਮਨ ਦਾਸ ਹੋਏ ਹਨ, ਜਿਨ੍ਹਾਂ ਦਾ ਜਨਮ ਅੱਜ ਤੋਂ 71 ਸਾਲ ਪਹਿਲਾਂ 13 ਹਾੜ੍ਹ ਨੂੰ ਮਾਤਾ ਮੰਗੋ ਦੇਵੀ ਦੀ ਪਵਿੱਤਰ ਕੁੱਖ ਤੋਂ ਪਿਤਾ ਸ੍ਰੀ ਚੰਦੂ ਰਾਮ ਦੇ ਗ੍ਰਹਿ ਵਿਖੇ ਪਿੰਡ ਕਾਂਗੜ ਬਡੇੜਾ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਹੋਇਆ। ਛੋਟੀ ਉਮਰ ਵਿਚ ਹੀ ਆਪ ਨੂੰ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਗੋਬਿੰਦ ਦਾਸ ਦੀ ਸ਼ਰਨ ਵਿਚ ਡੇਰਾ ਫਗਵਾੜਾ ਵਿਖੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸੇ ਅਸਥਾਨ ਵਿਖੇ ਹੀ ਆਪ ਨੇ ਉਦਾਸੀ ਧਾਰਨ ਕੀਤੀ। ਸੰਤ ਬਾਬਾ ਗੋਬਿੰਦ ਦਾਸ ਆਪ ਦੀ ਸੇਵਾ ਤੋਂ ਖੁਸ਼ ਹੋ ਕੇ ਆਪ ਨੂੰ ਆਪਣੇ ਜਿਊਂਦੇ ਜੀਅ ਗੱਦੀ ਦੇ ਵਾਰਸ ਬਣਾ ਗਏ। ਸੰਤ ਬਾਬਾ ਗੋਬਿੰਦ ਦਾਸ 6 ਫਰਵਰੀ, 1968 ਨੂੰ ਸੱਚਖੰਡ ਜਾ ਬਿਰਾਜੇ। ਉਸ ਸਮੇਂ ਬਾਬਾ ਚਮਨ ਦਾਸ ਦੀ ਉਮਰ ਛੋਟੀ ਹੀ ਸੀ। ਆਪ ਨੇ ਡੇਰੇ ਦੀ ਸੇਵਾ ਸੰਭਾਲਣ ਸਮੇਂ ਸਭ ਤੋਂ ਪਹਿਲਾਂ ਆਪਣੇ ਗੁਰੂ-ਪਿਤਾ ਦੀ ਯਾਦ ਵਿਚ ਸੁੰਦਰ ਸਮਾਧ ਦੀ ਉਸਾਰੀ ਕਰਵਾਈ ਅਤੇ ਡੇਰੇ ਅੰਦਰ ਹਾਲ ਕਮਰੇ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਕਈ ਵੱਡੀਆਂ ਇਮਾਰਤਾਂ ਦੀ ਉਸਾਰੀ ਕਰਵਾਈ। ਆਪਣੇ ਗੁਰੂ ਪਿਤਾ ਦੀ ਯਾਦ ਵਿਚ ਇੰਗਲੈਂਡ ਦੀ ਧਰਤੀ 'ਤੇ ਬਲਿਸਟਨ ਸ਼ਹਿਰ ਵਿਖੇ ਇਕ ਸੁੰਦਰ ਡੇਰਾ ਸਥਾਪਤ ਕੀਤਾ। ਆਪ ਨੇ ਡੇਰਾ ਫਗਵਾੜਾ ਅਤੇ ਇੰਗਲੈਂਡ ਵਿਚ ਅਖੰਡ ਪਾਠਾਂ ਅਤੇ ਕੀਰਤਨ ਦੀਆਂ ਝੜੀਆਂ ਲਾ ਦਿੱਤੀਆਂ। ਲੋਕਾਈ ਨੂੰ ਰੱਬ ਵਾਲੇ ਪਾਸੇ ਲਾਉਣ ਦੇ ਨਾਲ-ਨਾਲ ਮਨੁੱਖਤਾ ਦੀ ਸਿਹਤਯਾਬੀ ਲਈ ਮੁਫਤ ਮੈਡੀਕਲ ਕੈਂਪ ਵੀ ਲਾਏ। ਆਪ ਆਪਣਾ ਪੂਰਾ ਜੀਵਨ ਲੋਕ ਭਲਾਈ ਨੂੰ ਸਮਰਪਿਤ ਕਰਦੇ ਹੋਏ 2 ਅਗਸਤ, 2012 ਨੂੰ ਸੱਚਖੰਡ ਜਾ ਬਿਰਾਜੇ। ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਚਮਨ ਦਾਸ ਦਾ ਜਨਮ ਦਿਨ 13 ਹਾੜ੍ਹ ਮੁਤਾਬਿਕ 27 ਜੂਨ ਦਿਨ ਵੀਰਵਾਰ ਨੂੰ ਡੇਰਾ ਸੰਤ ਬਾਬਾ ਗੋਬਿੰਦ ਦਾਸ, ਮੁਹੱਲਾ ਗੋਬਿੰਦਪੁਰਾ, ਫਗਵਾੜਾ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਦੇਸ ਰਾਜ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 25 ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉੱਘੇ ਰਾਗੀ, ਢਾਡੀ ਅਤੇ ਸੰਤ-ਮਹਾਂਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।


-ਸੁਰਿੰਦਰ ਪਾਲ ਸਿੰਘ,
ਪਿੰਡ ਤੇ ਡਾਕ: ਅਧਿਕਾਰੇ, ਜ਼ਿਲ੍ਹਾ ਹੁਸ਼ਿਆਰਪੁਰ।

ਪ੍ਰੇਰਨਾ-ਸਰੋਤ

ਵਿਅਕਤੀ ਦੀ ਸ਼ਖ਼ਸੀਅਤ ਹੀ ਉਸ ਦੇ ਪ੍ਰਭਾਵ ਦਾ ਕਾਰਨ ਬਣਦੀ ਹੈ

ਜੇ ਦੁਨੀਆ ਦੇ ਮਹਾਨ ਵਿਅਕਤੀਆਂ, ਜਿਨ੍ਹਾਂ ਵਿਚ ਨੇਤਾ, ਵਿਚਾਰਕ, ਲੇਖਕ, ਲੋਕਨਾਇਕ ਆਦਿ ਸ਼ਾਮਿਲ ਹਨ, ਦੀ ਗੱਲ ਕਰੀਏ ਤਾਂ ਸਾਨੂੰ ਹਮੇਸ਼ਾ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਹੀ ਉਨ੍ਹਾਂ ਦੇ ਪ੍ਰਭਾਵ ਦਾ ਕਾਰਨ ਬਣਦੀ ਹੈ। ਇਹ ਪ੍ਰਭਾਵ ਸਿਰਫ ਗਿਣੇ-ਚੁਣੇ ਲੋਕਾਂ 'ਤੇ ਨਹੀਂ, ਸਗੋਂ ਪੂਰੇ ਸਮਾਜ 'ਤੇ ਦਿਖਾਈ ਦਿੰਦਾ ਹੈ। ਸਚਾਈ ਤਾਂ ਇਹ ਹੈ ਕਿ ਉਨ੍ਹਾਂ ਨੇ ਸਾਡੇ ਸਨਮੁਖ ਅਸਲ ਅਤੇ ਸੱਚੇ ਵਿਚਾਰ ਰੱਖੇ ਹਨ। ਭੂਤਕਾਲ ਵਿਚ ਅਜਿਹੇ ਮਹਾਨ ਵਿਅਕਤੀਆਂ ਨੇ ਜੋ ਵੀ ਰਚਨਾਵਾਂ ਜਾਂ ਕਿਤਾਬਾਂ ਸਾਡੇ ਸਾਹਮਣੇ ਰੱਖੀਆਂ ਹਨ, ਉਨ੍ਹਾਂ ਦੇ ਅਧਿਐਨ ਅਤੇ ਮੁੱਲਾਂਕਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੇ ਜਿਹੜੇ ਵਿਚਾਰ ਸਾਡੇ ਲਈ ਛੱਡੇ ਹਨ, ਉਨ੍ਹਾਂ ਦੇ ਅਧਿਐਨ ਅਤੇ ਅਮਲ ਦੀ ਲੋੜ ਹੈ। ਅਸਲ ਵਿਚ ਨਵੇਂ ਅਤੇ ਸੁਤੰਤਰ ਵਿਚਾਰ ਜੋ ਸੰਸਾਰ ਵਿਚ ਪੇਸ਼ ਕੀਤੇ ਹਨ, ਉਹ ਤਾਂ ਕੇਵਲ ਗਿਣੇ-ਚੁਣੇ ਹੀ ਹਨ। ਜਦ ਅਸੀਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਉਹ ਕੋਈ ਬਹੁਤ ਵੱਡੇ ਦਿੱਗਜ ਨਹੀਂ ਲਗਦੇ ਪਰ ਅਸੀਂ ਇਹ ਜਾਣਦੇ ਹਾਂ ਕਿ ਉਹ ਆਪਣੇ ਸਮੇਂ ਦੇ ਦਿੱਗਜ ਸਨ। ਉਨ੍ਹਾਂ ਦਾ ਵੱਡਾਪਨ ਕੇਵਲ ਉਨ੍ਹਾਂ ਦੀਆਂ ਲਿਖਤਾਂ ਜਾਂ ਵਿਚਾਰਾਂ ਕਾਰਨ ਨਹੀਂ ਸੀ, ਨਾ ਹੀ ਉਨ੍ਹਾਂ ਦੇ ਭਾਸ਼ਣ ਦੇ ਕਾਰਨ ਸੀ। ਉਨ੍ਹਾਂ ਦੀ ਮਹਾਨਤਾ ਦਾ ਕਾਰਨ ਤਾਂ ਹੋਰ ਹੀ ਸੀ, ਜੋ ਸੀ ਉਨ੍ਹਾਂ ਦੀ ਸ਼ਖ਼ਸੀਅਤ। ਕਿਸੇ ਵੀ ਮਹਾਨ ਵਿਅਕਤੀ ਦੀ ਮਹਾਨਤਾ ਵਿਚ ਦੋ-ਤਿਹਾਈ ਹਿੱਸਾ ਉਸ ਦੀ ਸ਼ਖ਼ਸੀਅਤ ਦਾ ਹੁੰਦਾ ਹੈ। ਬਾਕੀ ਇਕ-ਤਿਹਾਈ ਹਿੱਸਾ ਉਸ ਦੀ ਬੁੱਧੀ ਅਤੇ ਸ਼ਬਦਾਂ ਦਾ ਹੁੰਦਾ ਹੈ।


-ਜਲੰਧਰ। ਮੋਬਾ: 94175-50741

ਪੂਰਨ ਭਗਤ ਦਾ ਖੂਹ ਤੇ ਭੋਰਾ ਹੋਣ ਲੱਗੇ ਕਬਰਸਤਾਨ ਵਿਚ ਤਬਦੀਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪੁਰਾਣੀ ਚਲੀ ਆ ਰਹੀ ਹਿੰਦੂ ਰੀਤ ਮੁਤਾਬਿਕ ਪੂਰਨ ਭਗਤ ਦੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਨ ਤੋਂ ਬਾਅਦ ਅੱਜ ਵੀ ਮੁਸਲਮਾਨ ਔਰਤਾਂ ਆਪਣੀ ਚੁੰਨੀ ਜਾਂ ਪਹਿਨੇ ਹੋਏ ਕੱਪੜੇ ਦੀ ਕਤਰਨ ਖੂਹ ਦੇ ਪਾਸ ਪੁਰਾਣੇ ਰੁੱਖ 'ਤੇ ਬੰਨ੍ਹ ਜਾਂਦੀਆਂ ਹਨ। ਇਹ ਉਹੀ ਖੂਹ ਹੈ, ਜਿਸ ਵਿਚ ਪੂਰਨ ਭਗਤ ਦੇ ਪਿਤਾ ਰਾਜਾ ਸਾਲਿਵਾਹਨ ਨੇ ਆਪਣੀ ਦੂਸਰੀ ਪਤਨੀ ਰਾਣੀ ਲੂਣਾ ਦੀ ਝੂਠੀ ਸ਼ਿਕਾਇਤ 'ਤੇ ਪੂਰਨ ਦੇ ਹੱਥ-ਪੈਰ ਕਟਵਾ ਕੇ ਸੁਟਵਾ ਦਿੱਤਾ ਸੀ। ਦੱਸਦੇ ਹਨ ਕਿ ਜਦੋਂ ਇਸ ਖੂਹ ਦੇ ਲਾਗਿਓਂ ਜੋਗੀ ਆਚਾਰੀਆ ਗੋਰਖਨਾਥ ਆਪਣੇ ਚੇਲਿਆਂ ਸਹਿਤ ਲੰਘੇ ਤਾਂ ਖੂਹ ਵਿਚੋਂ ਪੂਰਨ ਦੀ ਆਵਾਜ਼ ਸੁਣ ਕੇ ਉਨ੍ਹਾਂ ਉਸ ਨੂੰ ਚਮਤਕਾਰੀ ਢੰਗ ਨਾਲ ਬਾਹਰ ਕੱਢ ਲਿਆ। ਕੁਝ ਹਫ਼ਤਿਆਂ ਜਾਂ ਮਹੀਨਿਆਂ ਤੱਕ ਇਥੇ ਪਾਸ ਹੀ ਭੋਰੇ ਵਿਚ ਪੂਰਨ ਦਾ ਇਲਾਜ ਕਰਨ ਤੋਂ ਬਾਅਦ ਉਸ ਦੇ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋਣ ਤੋਂ ਬਾਅਦ ਉਹ ਉਸ ਨੂੰ ਆਪਣੇ ਨਾਲ ਲੈ ਕੇ ਇਥੋਂ 120 ਕਿਲੋਮੀਟਰ ਦੀ ਦੂਰੀ 'ਤੇ ਟਿੱਲਾ ਜੋਗੀਨਾਥ ਵਿਖੇ ਚਲੇ ਗਏ। ਉਸ ਤੋਂ ਬਾਅਦ ਪੂਰਨ ਪੱਕੇ ਤੌਰ 'ਤੇ ਗੁਰੂ ਗੋਰਖਨਾਥ ਦਾ ਚੇਲਾ ਬਣ ਗਿਆ। ਪੂਰਨ ਭਗਤ ਦੇ ਖੂਹ ਦੇ ਪਾਸ ਹੀ ਥੋੜ੍ਹਾ ਅੱਗੇ ਖੇਤਾਂ ਵਿਚ ਉਸ ਭੋਰੇ ਦੇ ਵੀ ਖੰਡਰ ਅਜੇ ਤੱਕ ਮੌਜੂਦ ਹਨ, ਜਿਸ ਵਿਚ ਜੋਤਸ਼ੀਆਂ ਦੇ ਕਹਿਣ 'ਤੇ ਰਾਜਾ ਸਾਲਿਵਾਹਨ ਨੇ ਪੂਰਨ ਨੂੰ ਬਾਲ-ਅਵਸਥਾ ਵਿਚ ਆਪਣੇ ਅਤੇ ਰਾਣੀ ਇੱਛਰਾਂ ਤੋਂ ਦੂਰ ਸਾਧੂਆਂ-ਸੰਨਿਆਸੀਆਂ ਦੀ ਦੇਖ-ਰੇਖ ਵਿਚ ਕਈ ਵਰ੍ਹਿਆਂ ਤੱਕ ਰੱਖਿਆ ਸੀ। ਇਸ ਦੇ ਪਾਸ ਹੀ ਉਸ ਟਿੱਲੇ ਦੇ ਖੰਡਰ ਵੀ ਮੌਜੂਦ ਹਨ, ਜਿਸ ਨੂੰ ਪੰਜਾਬ ਡਿਸਟ੍ਰਿਕਟ ਗਜ਼ਟੀਅਰ, ਅੰਕ-23 ਏ, ਸਫ਼ਾ 14 'ਤੇ ਬਾਬਾ ਗੋਰਖਨਾਥ ਦਾ ਟਿੱਲਾ ਲਿਖ ਕੇ ਸੰਬੋਧਿਤ ਕੀਤਾ ਗਿਆ ਹੈ। ਗਜ਼ਟੀਅਰ ਦੇ ਅਨੁਸਾਰ ਇਸੇ ਸਥਾਨ 'ਤੇ ਜੋਗੀ ਗੋਰਖਨਾਥ ਬਿਰਾਜੇ ਸਨ। ਇਸੇ ਤਰ੍ਹਾਂ ਖੂਹ ਦੇ ਬਿਲਕੁਲ ਨਾਲ ਇਕ ਪ੍ਰਾਚੀਨ ਮੰਦਰ ਵੀ ਮੌਜੂਦ ਹੈ। ਤਵਾਰੀਖ਼-ਏ-ਸਿਆਲਕੋਟ ਦੇ ਅਨੁਸਾਰ ਸੰਨ 1857 ਦੇ ਗ਼ਦਰ ਤੋਂ ਪਹਿਲਾਂ ਤੱਕ ਰਾਜਾ ਸਾਲਿਵਾਹਨ ਦੁਆਰਾ ਉਪਰੋਕਤ ਸਥਾਨ 'ਤੇ ਬਣਵਾਇਆ ਮੰਦਰ, ਲੰਗਰ-ਖ਼ਾਨਾ, ਇਸ਼ਨਾਨ-ਘਰ, ਧਰਮਸ਼ਾਲਾ ਅਤੇ ਪੂਰਨ ਭਗਤ ਦੀ ਸਮਾਧ ਆਦਿ ਮੌਜੂਦ ਸਨ, ਪਰ ਸੰਨ 1857 'ਚ ਹੋਏ ਸਿਪਾਹੀ ਵਿਦਰੋਹ ਦੌਰਾਨ ਉਹ ਸਭ ਤਹਿਸ-ਨਹਿਸ ਹੋ ਗਏ। ਮਈ, 2013 ਵਿਚ ਇਸ ਮੰਦਰ ਦੀਆਂ ਝੜ ਰਹੀਆਂ ਦੀਵਾਰਾਂ ਨੂੰ ਬਚਾਉਣ ਲਈ ਇਨ੍ਹਾਂ 'ਤੇ ਸੀਮੈਂਟ ਦਾ ਪਲਸਤਰ ਕਰਨ ਤੋਂ ਬਾਅਦ ਲਾਲ ਰੰਗ ਦਾ ਚੂਨਾ ਫੇਰ ਕੇ ਮੱਥੇ 'ਤੇ 'ਓਮ' ਲਿਖ ਦਿੱਤਾ ਗਿਆ। ਉਸੇ ਦੌਰਾਨ ਮੰਦਰ ਦੇ ਨਾਲ ਲਗਦੇ ਖੂਹ ਦੇ ਪਾਸ ਹੀ ਇਕ ਅਖੌਤੀ ਪੀਰ ਦੀ ਮਜ਼ਾਰ ਵੀ ਕਾਇਮ ਕਰ ਦਿੱਤੀ ਗਈ। ਕਿਸੇ ਵਲੋਂ ਵੀ ਇਤਰਾਜ਼ ਨਾ ਕਰਨ 'ਤੇ ਵੇਖਦਿਆਂ ਹੀ ਵੇਖਦਿਆਂ ਸਾਲ 2017 ਦੇ ਅਖੀਰ ਤੱਕ 3-4 ਕਬਰਾਂ ਹੋਰ ਵੀ ਕਾਇਮ ਹੋ ਗਈਆਂ। ਇਹ ਕੋਈ ਚੰਗਾ ਸੰਕੇਤ ਨਹੀਂ ਹੈ ਅਤੇ ਇਹ ਵੀ ਤਹਿ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਇਸ ਪ੍ਰਤੀ ਸੰਜੀਦਗੀ ਨਾਲ ਧਿਆਨ ਨਾ ਦਿੱਤਾ ਤਾਂ ਇਥੋਂ ਪੂਰਨ ਭਗਤ ਦੇ ਮੰਦਰ ਦੇ ਲੁਪਤ ਹੋਣ ਲੱਗਿਆਂ ਅਤੇ ਇਸ ਸਮਾਰਕ ਦੇ ਕਬਰਸਤਾਨ ਵਿਚ ਤਬਦੀਲ ਹੋਣ ਲੱਗਿਆਂ ਬਹੁਤਾ ਸਮਾਂ ਨਹੀਂ ਲੱਗੇਗਾ।


-ਅੰਮ੍ਰਿਤਸਰ। ਮੋਬਾ: 93561-27771

ਧਾਰਮਿਕ ਸਾਹਿਤ

ਪੂਰਨ ਸੋਈ ਸੰਤੁ
(ਭਾਗ ਪਹਿਲਾ)
ਲੇਖਕ ਤੇ ਪ੍ਰਕਾਸ਼ਕ : ਭੀਖੇਸ਼ਾਹੀਏ ਸੇਵਕ ਜਥਾ, ਅਵਾਣ ਭੀਖੇ ਸ਼ਾਹ (ਕਪੂਰਥਲਾ)
ਪੰਨੇ : 444 ਸੰਪਰਕ : 94644-33688


ਇਸ ਸੰਸਾਰ ਅੰਦਰ ਅਨੇਕ ਮਹਾਂਪੁਰਸ਼ ਰੱਬੀ ਹੁਕਮ ਅੰਦਰ ਮਾਨਵਤਾ ਦੇ ਕਲਿਆਣ ਲਈ ਆਉਂਦੇ ਹਨ, ਜਿਨ੍ਹਾਂ ਵਿਚੋਂ ਇਕ ਸਨ ਸੰਤ ਦਰਸ਼ਨ ਸਿੰਘ (ਕੁੱਲੀ ਵਾਲੇ) ਘਣੂਪੁਰ ਕਾਲੇ, ਜ਼ਿਲ੍ਹਾ ਅੰਮ੍ਰਿਤਸਰ। ਗੁਰਬਾਣੀ ਅਨੁਸਾਰ ਉਹੋ ਸੰਤ ਪੂਰਨ ਹਨ, ਜਿਹੜੇ ਸਾਰਾ ਸਾਸ ਪ੍ਰਭੂ ਨੂੰ ਚਿਤਵਦੇ ਹਨ ਅਤੇ ਪਰਮਾਰਥ ਦੇ ਰਾਹ ਚਲਦਿਆਂ ਪਰਉਪਕਾਰੀ ਜੀਵਨ ਜਿਊਂਦੇ ਹਨ। ਇਸ ਪੁਸਤਕ ਦਾ ਪਹਿਲਾ ਭਾਗ ਅਜਿਹੇ ਹੀ ਪੂਰਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀਆਂ ਜੀਵਨ ਸਾਖੀਆਂ ਉੱਤੇ ਆਧਾਰਿਤ ਹੈ। ਪ੍ਰਥਮੇ, ਸੰਤ ਜੀ ਦੀਆਂ ਸੁੰਦਰ ਰੰਗਦਾਰ ਤਸਵੀਰਾਂ ਹਨ ਤੇ ਨਾਲ ਹੀ ਉਨ੍ਹਾਂ ਵਲੋਂ ਸਥਾਪਤ ਕੀਤੇ ਗਏ ਗੁਰਦੁਆਰਾ ਸਾਹਿਬ ਘਣੂਪੁਰ ਦਾ ਚਿੱਤਰ ਹੈ।
ਪੁਸਤਕ ਸੰਤ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਆਧਾਰ ਬਣਾ ਕੇ ਮੁਰੱਤਬ ਕੀਤੀ ਗਈ ਹੈ। ਸੰਤਾਂ ਦੇ ਜੀਵਨ ਬਿਰਤਾਂਤ ਦੇ ਨਾਲ-ਨਾਲ ਗੁਰਬਾਣੀ ਅਤੇ ਗੁਰੂ-ਇਤਿਹਾਸ ਦੀਆਂ ਸਾਖੀਆਂ ਨਾਲ ਮਿਲਦੇ ਢੁਕਵੇਂ ਬਚਨ ਵੀ ਅੰਕਿਤ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਅਤੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ 'ਪਰਵਾਨਾ' ਅਨੁਸਾਰ ਸੰਤ ਜੀ ਦੀ ਨਜ਼ਰ ਵਿਚ ਬਰਕਤ ਸੀ, ਬਚਨਾਂ ਵਿਚ ਬਰਕਤ ਸੀ, ਹੱਥਾਂ ਅਤੇ ਚਰਨਾਂ ਵਿਚ ਬਰਕਤ ਸੀ।
ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਸੰਤ ਜੀ ਦੇ ਜੀਵਨ ਪੜਾਵਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਤਰਤੀਬਵਾਰ ਲਿਖਿਆ ਹੈ ਤੇ ਹਰੇਕ ਸਾਖੀ ਵਿਚ ਲੋਕਾਈ ਨੂੰ ਸਹੀ ਸੇਧ ਪ੍ਰਦਾਨ ਕਰਨ ਲਈ ਗੁਰਬਾਣੀ ਦੇ ਬੇਅੰਤ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦਿੱਤੇ ਹਨ।
ਪੁਸਤਕ ਦੀਆਂ ਸਮਸਤ ਸਾਖੀਆਂ ਵਿਚ ਸੰਤ ਕੁੱਲੀ ਵਾਲਿਆਂ ਦੀ ਸੰਗਤ ਸੇਵਾ, ਲੰਗਰ ਸੇਵਾ ਅਤੇ ਗੁਰਮਤਿ ਸਿਧਾਂਤਾਂ ਨੂੰ ਪ੍ਰਚਾਰਨ ਦੀ ਸੇਵਾ ਦਾ ਭਾਵਪੂਰਤ ਉਲੇਖ ਮਿਲਦਾ ਹੈ। ਹਰੇਕ ਜੀਵਨ ਸਾਖੀ ਪਾਠਕ ਲਈ ਕੋਈ ਨਾ ਕੋਈ ਸਾਰਥਕ ਸੁਨੇਹੜਾ ਦਿੰਦੀ ਹੈ। 'ਮੰਗਲਾਚਰਨ' ਨਾਲ ਪੁਸਤਕ ਦੀ ਆਰੰਭਤਾ ਹੁੰਦੀ ਹੈ। ਬਾਬਾ ਜੀ ਦਾ ਜਨਮ ਪਿਤਾ ਬਾਵਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਆਪ ਨਾਮਬਾਣੀ ਦੀ ਗੁੜ੍ਹਤੀ ਲੈ ਕੇ ਵਿਚਰਨ ਲੱਗੇ।
ਕਬੀਰ ਸੇਈ ਕੁਲ ਭਲੀ ਜਾ ਕੁਲ ਹਰਿ ਕੇ ਦਾਸੁ॥ (ਅੰਗ 1370)
ਸੰਸਾਰਕ ਕਾਰ-ਵਿਹਾਰ ਕਰਦਿਆਂ ਵੀ ਉਨ੍ਹਾਂ ਦੀ ਬਿਰਤੀ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ। ਆਪ ਦਾ ਅਨੇਕ ਪੂਰੇ-ਸੂਰੇ ਸੰਤਾਂ-ਮਹਾਂਪੁਰਖਾਂ ਨਾਲ ਮੇਲ ਹੋਇਆ, ਜਿਸ ਨਾਲ ਨਾਮ ਦਾ ਰੰਗ ਹੋਰ ਮਜੀਠ ਹੋ ਗਿਆ। ਗ੍ਰਹਿਸਥੀ ਜੀਵਨ ਜਿਊਂਦਿਆਂ ਵੀ ਉਹ 'ਗੁਰਮੁਖ ਮਾਇਆ ਵਿਚ ਉਦਾਸੀ' ਵਾਂਗ ਵਿਚਰੇ। ਸੰਸਾਰਕ ਮੋਹ ਮਾਇਆ ਤੋਂ ਨਿਰਲੇਪ, ਅੱਠੇ ਪਹਿਰ ਪ੍ਰਭੂ ਦੀ ਬੰਦਗੀ ਤੇ ਸੰਗਤਾਂ ਦੀ ਸੇਵਾ ਦੇ ਲੇਖੇ ਲਾਉਂਦੇ।
ਬਾਬਾ ਜੀ ਪੰਡੋਰੀ ਰਾਜਪੂਤਾਂ ਵਿਖੇ ਕੁੱਲੀ ਬਣਾ ਕੇ ਰਹਿਣ ਲੱਗੇ ਤੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ। ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ, ਲੋੜਵੰਦਾਂ ਦੀ ਸਹਾਇਤਾ ਕੀਤੀ। ਉਨ੍ਹਾਂ 17 ਫਰਵਰੀ, 1977 ਨੂੰ ਕੁੱਲੀ ਅੰਦਰ ਅਖੰਡ ਪਾਠ ਕਰਵਾ ਕੇ ਸਾਲਾਨਾ ਗੁਰਮਤਿ ਸਮਾਗਮਾਂ ਦੀ ਪਿਰਤ ਪਾਈ, ਜਿਨ੍ਹਾਂ ਵਿਚ ਪੁੱਜੇ ਹੋਏ ਸੰਤ ਮਹਾਂਪੁਰਖ ਪਧਾਰਦੇ। ਬਾਬਾ ਜੀ ਦੇ ਕੁਝ ਬਚਨ-
'ਮੂਰਖ ਚਾਰ ਪ੍ਰਕਾਰ ਦੇ ਹਨ। ਪਹਿਲੇ ਮਨਮੁਖ, ਦੂਜੇ ਸੂਮ, ਤੀਜੇ ਨਾਸਤਕ ਅਤੇ ਚੌਥੇ ਸੰਸਾਰ ਦੇ ਅਗਿਆਨੀ ਲੋਕਾਂ ਨੇ ਪੁੱਤ, ਸਾਧੂ-ਸੰਤਾਂ ਤੇ ਭਗਤ ਜਨਾਂ ਨੂੰ ਮੂਰਖ ਸਮਝਿਆ ਹੈ।'
ਬਾਬਾ ਜੀ ਨੇ ਵਿਦੇਸ਼ਾਂ ਵਿਚ ਜਾ ਕੇ ਵੀ ਸਿੱਖੀ ਦਾ ਪ੍ਰਚਾਰ ਕੀਤਾ। ਪੁਸਤਕ ਦੇ ਪਹਿਲੇ ਭਾਗ ਵਿਚ ਉਸ ਸੰਗਤ ਦਾ ਜ਼ਿਕਰ ਹੈ, ਜਿਹੜੀ 1983 ਤੱਕ ਉਨ੍ਹਾਂ ਦੇ ਦਰਸ਼ਨ-ਦੀਦਾਰਿਆਂ ਲਈ ਆਈ। ਸੰਤ ਜੀ ਨਾਲ ਸਬੰਧਿਤ ਦਰਜਨਾਂ ਰੰਗੀਨ ਚਿੱਤਰਾਂ ਵਾਲੀ ਇਹ ਵੱਡ-ਆਕਾਰੀ ਪੁਸਤਕ ਸ਼ਰਧਾ ਤੇ ਗਿਆਨ ਦਾ ਸਿਖਰ ਹੈ।


tirathsinghdhillon04@gmail.com

ਸੰਗੀਤਕ ਵਿਦਵਾਨਾਂ ਦੀ ਗੁਰਮਤਿ ਸੰਗੀਤ ਨੂੰ ਕਿਤਾਬੀ ਦੇਣ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
4. ਡਾ: ਜਸਬੀਰ ਕੌਰ ਪਟਿਆਲਾ : ਪੰਜਾਬੀ ਯੂਨਿਵਰਸਿਟੀ ਪਟਿਆਲਾ ਨਾਲ ਸਬੰਧਤ ਡਾ: ਜਸਬੀਰ ਕੌਰ ਵੀ ਗਾਇਨ ਅਤੇ ਲੇਖਨ ਦੇ ਸ਼ਲਾਘਾਯੋਗ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਵਸੀਅ ਖੋਜ ਕਰਕੇ ਇਨ੍ਹਾਂ ਪੁਸਤਕਾਂ ਦੀ ਰਚਨਾ ਕੀਤੀ ਹੈ- 'ਗੁਰਮਤਿ ਸੰਗੀਤ ਦੀ ਇਤਿਹਾਸਕ ਵਿਲੱਖਣਤਾ' ਭਾਗ ਪਹਿਲਾ ਤੇ ਦੂਜਾ, 'ਗੁਰੂ ਅਰਜਨ ਬਾਣੀ ਸੰਗੀਤ ਪ੍ਰਬੰਧ', 12 ਵਿਸ਼ੇਸ਼ ਮੈਗਜ਼ੀਨ ਅੰਕਾਂ ਦੀ ਪ੍ਰਕਾਸ਼ਨਾ, 'ਧਰਮ ਅਤੇ ਸੰਸਕ੍ਰਿਤੀ' ਅਤੇ ਹੋਰ ਪੁਸਤਕਾਂ ਸ਼ਾਮਿਲ ਹਨ।
5. ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ : ਸੁਰੀਲੇ ਕੀਰਤਨੀਏ ਅਤੇ ਕਲਮ ਦੇ ਧਨੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਬੜੀ ਹੀ ਖੋਜ ਭਰਪੂਰ, ਸਰਲ ਸ਼ਬਦਾਵਲੀ ਵਾਲੀਆਂ ਅਤੇ ਰੌਚਿਕਤਾ ਭਰਪੂਰ ਦੋ ਪੁਸਤਕਾਂ ਗੁਰਮਤਿ ਸੰਗੀਤ ਬਾਰੇ ਲਿਖੀਆਂ ਹਨ। ਪਹਿਲੀ ਪੁਸਤਕ ਦਾ ਨਾਂਅ ਹੈ, 'ਗੁਰਮਤਿ ਸੰਗੀਤ ਦੇ ਅਨਮੋਲ ਰਤਨ' ਅਤੇ ਦੂਜੀ ਪੁਸਤਕ ਹੈ 'ਪ੍ਰਸਿੱਧ ਕੀਰਤਨਕਾਰ ਬੀਬੀਆਂ'।
6: ਪ੍ਰੋਫੈਸਰ ਤਾਰਾ ਸਿੰਘ : ਪ੍ਰੋਫੈਸਰ ਤਾਰਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਆਪਣੇ ਕਿਆਮ ਦੌਰਾਨ ਗੁਰਮਤਿ ਸੰਗੀਤ ਲਈ ਮਹਾਨ ਕਾਰਜ ਕੀਤੇ। ਉਨ੍ਹਾਂ ਦੀਆਂ ਇਹ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। 'ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ', 'ਗੁਰੂ ਨਾਨਕ ਦੇਵ ਰਾਗ ਰਤਨਾਵਲੀ', 'ਸ੍ਰੀ ਗੁਰੂ ਅਮਰਦਾਸ ਰਾਗ ਰਤਨਾਵਲੀ', 'ਗੁਰੂ ਅਮਰਦਾਸ ਰਾਗ ਰਤਨਾਕਰ', 'ਗੁਰੂ ਰਾਮਦਾਸ ਰਾਗ ਰਤਨਾਵਲੀ', 'ਗੁਰੂ ਅਰਜਨ ਦੇਵ ਰਤਨਾਵਲੀ', 'ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ', 'ਗੁਰੂ ਗੋਬਿੰਦ ਸਿੰਘ ਰਾਗ ਰਤਨਾਵਲੀ', 'ਭਗਤ ਰਾਗ ਰਤਨਾਵਲੀ' ਅਤੇ 'ਪੜਤਾਲ ਗਾਇਕੀ'। ਇਸ ਤੋਂ ਇਲਾਵਾ ਉਨ੍ਹਾਂ ਨੇ ਖਿਆਲ ਅਤੇ ਟੱਪੇ ਦੇ ਮਹਾਨ ਗਾਇਕਾਂ ਦੀ ਭਾਰਤੀ ਸੰਗੀਤ ਨੂੰ ਦੇਣ ਸਮੇਤ ਗੁਰਮਤਿ ਸੰਗੀਤ ਸਬੰਧੀ ਅਹਿਮ ਖੋਜ ਪੱਤਰ ਲਿਖੇ ਹਨ।
ਇਨ੍ਹਾਂ ਤੋਂ ਇਲਾਵਾ ਡਾ: ਹਰਜਸ ਕੌਰ ਨੇ 'ਗੁਰਮਤਿ ਸੰਗੀਤ ਦੀ ਵਿਹਾਰਕ ਪਰੰਪਰਾ', ਡਾਕਟਰ ਗੀਤਾ ਪੇਂਟਲ ਨੇ ਹਿੰਦੀ ਵਿਚ ਇਕ ਪੁਸਤਕ, ਸੰਤ ਸਰਵਣ ਸਿੰਘ ਗੰਧਰਬ ਨੇ ਦੋ ਪੁਸਤਕਾਂ, ਡਾਕਟਰ ਦਰਸ਼ਨ ਸਿੰਘ ਨਰੂਲਾ ਨੇ 'ਗੁਰੂ ਨਾਨਕ ਸੰਗੀਤਗੱਯ', ਹਿੰਦੀ ਅਤੇ ਗੁਰਬਾਣੀ ਸੰਗੀਤ ਬਾਰੇ ਪੁਸਤਕਾਂ ਦੀ ਰਚਨਾ ਕੀਤੀ ਹੈ। ਏ. ਐੱਸ. ਗੋਸਲ ਨੇ 'ਸਿੱਖ ਧਰਮ ਅਤੇ ਸੰਗੀਤ', ਗਿਆਨੀ ਲਾਲ ਸਿੰਘ ਨੇ 'ਚੌਕੀ ਸਾਹਿਬ ਦੀ ਮਰਿਯਾਦਾ' ਪੁਸਤਕ ਲਿਖੀ ਹੈ। ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਰਾਗੀ ਭਾਈ ਅਵਤਾਰ ਸਿੰਘ-ਗੁਰਚਰਨ ਸਿੰਘ ਨੇ 'ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ' ਭਾਗ ਪਹਿਲਾ ਅਤੇ ਦੂਜਾ, 'ਕੀਰਤਨ ਸੰਦਰਭ ਦੇ ਸਰੂਪ', ਪ੍ਰੋਫੈਸਰ ਗੁਰ ਪ੍ਰਤਾਪ ਸਿੰਘ ਗਿੱਲ ਨੇ 'ਗੁਰਮਤਿ ਸੰਗੀਤ ਵਿਚ ਪ੍ਰਯੁਕਤ ਲੋਕ ਸੰਗੀਤਕ ਤੱਤ' ਦੇ ਨਾਂਅ ਵੀ ਆਉਂਦੇ ਹਨ। ਪਿਆਰਾ ਸਿੰਘ ਪਦਮ ਨੇ ਇਕ ਪੁਸਤਕ ਹਿੰਦੀ ਵਿਚ, ਗਿਆਨ ਸਿੰਘ ਐਬਟਾਬਾਦ ਨੇ ਭਗਤ ਰਾਗ ਰਤਨਾਵਲੀ ਅਤੇ ਸੀਤਲ ਸਿੰਘ ਸਿਤਾਰਾ ਯੂ.ਕੇ ਨੇ 'ਗੁਰਬਾਣੀ ਕੋਮਲ ਕਲਾ' ਨਾਂਅ ਦੀ ਪੁਸਤਕ ਲਿਖੀ ਹੈ, ਜਿਸ ਵਿਚ ਪ੍ਰਸਿੱਧ ਕੀਰਤਨੀਏ ਭਾਈ ਹਰਜੋਤ ਸਿੰਘ ਜ਼ਖ਼ਮੀ (ਜਲੰਧਰ) ਨੇ ਉਨ੍ਹਾਂ ਦਾ ਸਾਥ ਦਿੱਤਾ ਹੈ।
ਇਸ ਦੇ ਨਾਲ-ਨਾਲ ਗੁਰਮਤਿ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਨੇ ਵੀ ਇਕ ਪੁਸਤਕ ਉਨ੍ਹਾਂ ਦੇ ਸ਼ਗਿਰਦ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦੱਸਣ ਅਨੁਸਾਰ ਲਿਖੀ ਹੈ। ਇਸ ਤੋਂ ਇਲਾਵਾ ਜਵੱਦੀ ਟਕਸਾਲ ਦੀ ਦੇਣ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਲੁਧਿਆਣਾ ਸਥਿਤ ਇਸ ਟਕਸਾਲ ਨੇ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਲਈ ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ ਭਾਗ ਪਹਿਲਾ ਤੇ ਦੂਜਾ, 31 ਮੁੱਖ ਰਾਗ ਸ੍ਰੀ 'ਗੁਰੂ ਗ੍ਰੰਥ ਸਾਹਿਬ ਰਾਗ ਸਰੂਪ ਨਿਰਣੈ', 'ਰਾਗ ਨਾਦ ਸ਼ਬਦਿ ਸੋਹਣੇ', 'ਗਉੜੀ ਰਾਗਿ ਸੁਲੱਖਣੀ' ਅਨੇਕ ਪੁਸਤਕਾਂ ਤੋਂ ਇਲਾਵਾ ਅਨੇਕਾਂ ਖੋਜ ਪਰਚੇ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਸਾਥ ਡਾ: ਜਸਬੀਰ ਕੌਰ ਪਟਿਆਲਾ ਨੇ ਦਿੱਤਾ ਹੈ।


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਕੱਲ੍ਹ ਸਥਾਪਨਾ ਦਿਵਸ 'ਤੇ ਵਿਸ਼ੇਸ਼

ਇਕ ਫ਼ਲਸਫ਼ੇ ਦਾ ਨਾਂਅ ਹੈ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਨਾ-ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੋਣ ਕਾਰਨ ਹੀ ਸਿੱਖਾਂ ਲਈ ਪੂਜਣਯੋਗ ਹੈ, ਸਗੋਂ ਅਨੰਦਪੁਰ ਸਾਹਿਬ ਸਿੱਖੀ ਦਾ ਬੁਲੰਦ ਸੰਕਲਪ, ਇਕ ਫ਼ਲਸਫ਼ਾ ਅਤੇ ਸਿੱਖ ਦਰਸ਼ਨ ਦਾ ਇਕ ਸਥੂਲ ਅਮਲ ਵੀ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, 'ਖ਼ਾਲਸੇ ਨੂੰ ਸਦਾ ਹੀ ਅਨੰਦਪੁਰ ਦਾ ਵਾਸੀ ਰਹਿਣਾ ਹੀ ਉਚਿਤ ਹੈ। ਉਸ ਨੂੰ ਛੱਡਿਆਂ ਧੱਕੇ, ਧੇੜੇ, ਠੇਡੇ, ਠੋਕਰਾਂ, ਮੁਸੀਬਤਾਂ ਤੇ ਮੁਸ਼ਕਿਲਾਂ ਹੀ ਹਨ।'
ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 714 'ਤੇ ਅੰਕਿਤ 'ਰਾਗ ਟੋਡੀ' ਵਿਚ ਮਨੁੱਖ ਨੂੰ ਸਦੀਵੀ ਅਨੰਦ, ਜਿਸ ਨੂੰ ਵਿਸਮਾਦੀ ਅਵਸਥਾ ਵੀ ਆਖਿਆ ਗਿਆ ਹੈ, ਦੀ ਪ੍ਰਾਪਤੀ ਦਾ ਤਰੀਕਾ ਦੱਸਦਿਆਂ ਫ਼ੁਰਮਾਉਂਦੇ ਹਨ, 'ਹੇ ਭਾਈ! ਜੇ ਤੇਰੀ ਇੱਛਾ ਸਦੀਵੀ ਅਨੰਦ ਤੇ ਖੁਸ਼ੀ ਦੀ ਅਵਸਥਾ ਵਿਚ ਰਹਿਣ ਦੀ ਹੈ ਤਾਂ ਸਦਾ ਪਰਮਾਤਮਾ ਦੀ ਕੀਰਤੀ (ਸਿਮਰਨ) ਕਰ, ਭਾਵ ਸਦਾ ਸਰਬ-ਵਿਆਪਕ ਸ਼ਕਤੀ ਦੀ ਚੇਤਨਾ ਵਿਚ ਭਿੱਜਿਆ ਰਹਿ।'
ਇਸੇ ਰੱਬੀ ਫ਼ੁਰਮਾਨ ਦਾ ਅਮਲੀ ਪ੍ਰਗਟਾਵਾ ਕਰਨ ਲਈ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 'ਕੀਰਤਪੁਰ ਸਾਹਿਬ' ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ 'ਸ੍ਰੀ ਅਨੰਦਪੁਰ ਸਾਹਿਬ' ਵਸਾਇਆ ਸੀ। ਜਿਸ ਪਾਵਨ ਜਰਖੇਜ਼ ਭੂਮੀ 'ਤੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਸਿਆ ਹੋਇਆ ਹੈ, ਇਸ ਦਾ ਪਹਿਲਾ ਨਾਂਅ 'ਮਾਖੋਵਾਲ' ਸੀ। ਕਿਹਾ ਜਾਂਦਾ ਹੈ ਕਿ ਇਥੇ ਇਕ ਮਾਖੋ ਨਾਂਅ ਦਾ ਦੈਂਤ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵਸਣ ਨਹੀਂ ਦਿੰਦਾ ਸੀ। ਕਈ ਇਤਿਹਾਸਕਾਰਾਂ ਨੇ ਮਾਖੋ ਨੂੰ ਡਾਕੂ ਲਿਖਿਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 19 ਜੂਨ, 1665 ਈਸਵੀ, ਮੁਤਾਬਕ 21 ਹਾੜ, 1722 ਬਿਕਰਮੀ ਨੂੰ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ 'ਤੇ 'ਚੱਕ ਨਾਨਕੀ' ਪਿੰਡ ਵਜੋਂ ਬੰਨ੍ਹਿਆ ਸੀ, ਜਿਸ ਨੂੰ ਬਾਅਦ ਵਿਚ 1689 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਅਨੰਦਪੁਰ ਸਾਹਿਬ' ਦਾ ਨਾਂਅ ਦਿੱਤਾ। ਇਸ ਨਗਰੀ ਦੀ ਨੀਂਹ ਨੌਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਰਖਵਾਈ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਹ ਧਰਤੀ ਰਿਆਸਤ ਕਹਿਲੂਰ ਦੇ ਰਾਜੇ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਤੋਂ ਮੁੱਲ ਖਰੀਦ ਕੇ ਇੱਥੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂਅ 'ਤੇ 'ਚੱਕ ਨਾਨਕੀ' ਨਗਰ ਵਸਾਇਆ ਤਾਂ ਇੱਥੇ ਇਲਾਹੀ ਨਦਰਿ ਪਈ ਤੇ ਮਾਖੋ ਦੈਂਤ ਭੱਜ ਗਿਆ। 'ਮਾਖੋਵਾਲ' ਵੀਰਾਨ ਧਰਤੀ ਨਹੀਂ ਰਿਹਾ, ਸਗੋਂ ਗੁਰੂ ਸਾਹਿਬਾਨ ਦੀ ਅਗੰਮੀ ਦ੍ਰਿਸ਼ਟੀ ਤੇ ਪਾਵਨ ਚਰਨ ਛੋਹ ਨਾਲ ਸੁਹਾਵਣਾ ਨਗਰ ਬਣ ਗਿਆ। 'ਗੁਰ ਸੋਭਾ' ਗ੍ਰੰਥ ਦਾ ਕਰਤਾ ਲਿਖਦਾ ਹੈ, 'ਮਾਖੋਵਾਲ ਸੁਹਾਵਣਾ ਸਤਿਗੁਰ ਕੋ ਅਸਥਾਨ।'
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਨ ਆਏ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਲਈ 9 ਸਾਲ ਦੀ ਉਮਰ ਵਿਚ ਇੱਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਲਈ ਦਿੱਲੀ ਵੱਲ ਤੋਰਿਆ ਸੀ। 'ਮੈਦਾਨ-ਏ-ਜੰਗ' ਵਿਚ ਭਾਈ ਘਨੱਈਆ ਜੀ ਵਲੋਂ ਬਿਨਾਂ ਵਿਤਕਰਾ ਕੀਤਿਆਂ ਦੁਸ਼ਮਣ ਫ਼ੌਜਾਂ ਦੇ ਜ਼ਖ਼ਮੀ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਕੇ ਸਿੱਖ ਧਰਮ ਦਾ 'ਨਾ ਕੋ ਬੈਰੀ ਨਹੀ ਬਿਗਾਨਾ' ਦਾ ਸੰਕਲਪ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਅਮਲੀ ਰੂਪ 'ਚ ਦੁਨੀਆ ਦੇ ਸਾਹਮਣੇ ਦ੍ਰਿਸ਼ਟਮਾਨ ਕੀਤਾ ਗਿਆ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਜਬਰ-ਜ਼ੁਲਮ ਦੇ ਖਿਲਾਫ਼ ਸੱਚ ਦੀ ਜੰਗ ਦੌਰਾਨ 'ਪੰਜ ਕਿਲ੍ਹੇ' ਬਣਾਏ। ਇਹ ਕਿਲ੍ਹੇ ਨਾ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਦੀ ਦੁਸ਼ਮਣ ਦੇ ਹਮਲਿਆਂ ਤੋਂ ਹੀ ਰੱਖਿਆ ਕਰਦੇ ਸਨ, ਸਗੋਂ ਇਨ੍ਹਾਂ ਦੀ ਆਤਮਿਕ ਦ੍ਰਿਸ਼ਟੀ ਤੋਂ ਵੀ ਅਹਿਮੀਅਤ ਘੱਟ ਨਹੀਂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਕੇਸਗੜ੍ਹ' ਨੂੰ ਕੇਂਦਰ ਵਿਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲ੍ਹੇ ਉਸਾਰੇ। ਕੇਸਗੜ੍ਹ ਦੇ ਅਸਥਾਨ 'ਤੇ 'ਪੰਜ ਪਿਆਰਿਆਂ' ਦੀ ਚੋਣ ਕਰਕੇ 'ਖ਼ਾਲਸਾ ਪੰਥ' ਦੀ ਸਾਜਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਸਨਮਾਨ ਲਈ ਦੁਨੀਆ ਦਾ ਸਭ ਤੋਂ ਅਹਿਮ ਤੇ ਵੱਡਾ ਇਨਕਲਾਬ ਸੀ। ਭਾਈ ਨੰਦ ਲਾਲ ਜੀ ਮੁਤਾਬਕ 'ਇਹ ਸਿੱਖ ਫ਼ਲਸਫ਼ੇ ਦੇ ਅਸੂਲ ਦਾ ਕੇਂਦਰ ਹੈ, ਇਸ ਕਰਕੇ ਇਸ ਨੂੰ ਕੇਸਗੜ੍ਹ ਆਖਿਆ ਜਾਂਦਾ ਹੈ।' 'ਕੇਸ' ਸ਼ਬਦ ਫ਼ਾਰਸੀ ਵਿਚ ਰੱਬੀ ਅਸੂਲ, ਅਕਾਲ ਦੀ ਪ੍ਰਭੂਸੱਤਾ ਲਈ ਵਰਤਿਆ ਜਾਂਦਾ ਹੈ। ਕੇਸਗੜ੍ਹ 'ਚ ਖ਼ਾਲਸੇ ਦਾ ਫ਼ਲਸਫ਼ਾ ਮਹਿਫ਼ੂਜ਼ ਕੀਤਾ ਗਿਆ ਹੈ। ਕੇਸਗੜ੍ਹ ਤੋਂ ਹੀ ਦਸਮ ਪਿਤਾ ਨੇ 80 ਹਜ਼ਾਰ ਦੇ ਇਕੱਠ ਵਿਚੋਂ ਯੋਗਤਾ ਤੇ ਗੁਣਾਂ ਦੇ ਆਧਾਰ 'ਤੇ 'ਪੰਜ ਪਿਆਰੇ' ਸਜਾ ਕੇ ਸਿੱਖ ਕੌਮ ਨੂੰ 'ਸਿਲੈਕਸ਼ਨ' (ਗੁਣਤੰਤਰ) ਦਾ ਰਾਜਨੀਤਕ ਨਮੂਨਾ ਦਿੱਤਾ ਸੀ।
ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਕੇਸਗੜ੍ਹ' ਦੀ ਰੱਖਿਆ ਲਈ ਪੰਜ ਕਿਲ੍ਹੇ ਉਸਾਰੇ, ਉਸੇ ਤਰ੍ਹਾਂ ਹੀ 'ਖ਼ਾਲਸਾ ਸਾਜਨਾ ਵੇਲੇ' ਸਦੀਵੀ ਆਤਮਿਕ ਅਡੋਲਤਾ ਕਾਇਮ ਰੱਖਣ ਲਈ ਸਿੱਖ ਨੂੰ ਪੰਜ ਕਕਾਰੀ ਫ਼ਿਲਾਸਫ਼ੀ ਦਿੱਤੀ। ਦਸਮ ਪਿਤਾ ਦੇ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ 'ਤੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੇ ਜਿੰਨੇ ਵੀ ਹਮਲੇ ਹੋਏ, ਉਨ੍ਹਾਂ 'ਚ ਕਦੇ ਵੀ ਇਕੱਠੇ ਪੰਜ ਕਿਲ੍ਹਿਆਂ ਤੱਕ ਦੁਸ਼ਮਣ ਫ਼ੌਜਾਂ ਨਹੀਂ ਪਹੁੰਚ ਸਕੀਆਂ। ਜਦੋਂ ਤੱਕ ਪੰਜ ਕਿਲ੍ਹੇ ਨਹੀਂ ਜਿੱਤੇ ਜਾਂਦੇ, ਕੇਸਗੜ੍ਹ ਸਾਹਿਬ ਤੱਕ ਦੁਸ਼ਮਣ ਫ਼ੌਜਾਂ ਦਾ ਪੁੱਜਣਾ ਅਸੰਭਵ ਸੀ। 'ਪੰਜ ਕਿਲ੍ਹਿਆਂ' ਦਾ ਫ਼ਲਸਫ਼ਾ ਦੱਸਦਾ ਹੈ ਕਿ, 'ਕਿਸੇ ਸਿੱਖ ਨੂੰ ਜਿੱਤਣ (ਉਸ ਨੂੰ ਆਤਮਿਕ ਅਡੋਲਤਾ, ਸਰੀਰਕ ਨਿਰਮੋਹਤਾ ਨੂੰ ਖ਼ਤਮ ਕਰਨ) ਤੋਂ ਪਹਿਲਾਂ ਵੈਰੀ ਨੂੰ ਉਸ ਦੇ ਪੰਜ ਗੁਣ ਮੁਕਾਉਣੇ ਪੈਣਗੇ, ਜਿਹੜੇ ਪ੍ਰਤੀਕ ਰੂਪ ਵਿਚ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੰਜ ਕੱਕਿਆਂ ਅਤੇ ਪੰਜ ਰਹਿਤਾਂ ਵਜੋਂ ਦਿੱਤੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਸਭ ਤੋਂ ਪਹਿਲਾ ਕਿਲ੍ਹਾ 'ਅਨੰਦਗੜ੍ਹ ਸਾਹਿਬ' ਹੀ ਉਸਾਰਿਆ ਸੀ। ਇਹ ਅਪ੍ਰੈਲ, 1689 ਵਿਚ ਬਣਨਾ ਸ਼ੁਰੂ ਹੋਇਆ ਸੀ। ਇਹ ਕਿਲ੍ਹਾ ਸਭ ਤੋਂ ਮਜ਼ਬੂਤ ਤੇ ਉੱਚਾ ਮੰਨਿਆ ਜਾਂਦਾ ਸੀ, ਜਿਹੜਾ ਕਿ ਸ਼ਹਿਰ ਤੋਂ ਦੱਖਣ ਵੱਲ ਅੱਧ ਕੁ ਮੀਲ ਪਹਾੜੀ ਨੂੰ ਕੱਟ ਕੇ 150 ਫ਼ੁੱਟ ਦੇ ਕਰੀਬ ਉਚਾਈ 'ਤੇ ਬਣਾਇਆ ਗਿਆ ਸੀ। ਅਨੰਦਪੁਰ 'ਤੇ ਫ਼ਤਹਿ ਪਾਉਣ ਲਈ ਮੁਗ਼ਲਾਂ ਤੇ ਪਹਾੜੀ ਰਾਜਿਆਂ ਦਾ ਸਭ ਤੋਂ ਵੱਧ ਜ਼ੋਰ ਇਸ ਕਿਲ੍ਹੇ ਨੂੰ ਕਬਜ਼ੇ ਵਿਚ ਲੈਣ 'ਤੇ ਹੀ ਲੱਗਾ ਰਿਹਾ। ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਸਾਨੂੰ ਵਾਰ-ਵਾਰ ਆਪਣੇ ਆਤਮਿਕ 'ਅਨੰਦਗੜ੍ਹ' ਨੂੰ ਮਜ਼ਬੂਤ ਤੇ ਕਾਇਮ ਰੱਖਣ ਦੀ ਹੀ ਸਿੱਖਿਆ ਦਿੰਦਾ ਹੈ।
ਪੰਜ ਕਿਲ੍ਹਿਆਂ ਵਿਚੋਂ ਕਿਲ੍ਹਾ ਲੋਹਗੜ੍ਹ ਖ਼ਾਸ ਅਹਿਮੀਅਤ ਰੱਖਦਾ ਸੀ। ਇਥੇ ਹੀ ਸਿੱਖ ਫ਼ੌਜਾਂ ਦਾ ਹਥਿਆਰ ਬਣਾਉਣ ਦਾ ਕਾਰਖਾਨਾ ਲੱਗਾ ਹੋਇਆ ਸੀ। ਇਸੇ ਕਿਲ੍ਹੇ ਦਾ ਮਜ਼ਬੂਤ ਦਰਵਾਜ਼ਾ ਤੋੜਨ ਲਈ ਪਹਾੜੀ ਫ਼ੌਜਾਂ ਨੇ ਸ਼ਰਾਬ ਪਿਲਾ ਕੇ ਇਕ ਮਸਤ ਹਾਥੀ ਨੂੰ ਭੇਜਿਆ ਸੀ, ਜਿਸ ਨੂੰ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛਾ ਮਾਰ ਕੇ ਮੋੜਿਆ। ਇਹ ਕਿਲ੍ਹਾ ਸਿੱਖ ਫ਼ਲਸਫ਼ੇ ਨੂੰ ਰੂਪਮਾਨ ਕਰਦਾ ਹੈ ਕਿ, ਆਪਣੇ ਅਨੰਦਗੜ੍ਹ ਨੂੰ ਕਾਇਮ ਰੱਖਣ ਅਤੇ ਕੇਸਗੜ੍ਹ ਦੀ ਪ੍ਰਭੂਸੱਤਾ ਤੱਕ ਦੁਸ਼ਮਣ ਫ਼ੌਜ ਨੂੰ ਪਹੁੰਚਣ ਤੋਂ ਰੋਕਣ ਲਈ ਸਿੱਖ ਨੇ 'ਸਰਬ ਲੋਹ ਦੀ ਰਛਿਆ' ਦਾ ਅਕੀਦਾ ਨਹੀਂ ਛੱਡਣਾ। ਸਿੱਖ ਨੇ ਸਰਬਲੋਹ ਨੂੰ 'ਅਕਾਲ' ਦਾ ਪ੍ਰਤੀਕ ਸਮਝ ਕੇ ਅੰਗ-ਸੰਗ ਰੱਖਣਾ ਹੈ। ਲੋਹਗੜ੍ਹ ਸਿੱਖ ਵਿਚੋਂ ਕਾਇਰਤਾ ਦੇ ਬੁਜ਼ਦਿਲੀ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੰਦਾ ਹੈ। ਇਹ ਸਿੱਖ ਨੂੰ ਆਪਣਾ ਹੌਸਲਾ ਤੇ ਮਨੋਬਲ ਲੋਹੇ ਵਰਗਾ ਫ਼ੌਲਾਦੀ ਬਣਾਉਣ ਦੀ ਸਿੱਖਿਆ ਦਿੰਦਾ ਹੈ।
ਤੀਜੇ ਕਿਲ੍ਹੇ ਹੋਲਗੜ੍ਹ ਦਾ ਫ਼ਲਸਫ਼ਾ ਸਿੱਖ ਨੂੰ ਸਦਾ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਾ ਹੈ। 'ਹੋਲ' ਦਾ ਅਰਥ ਹੈ 'ਹਮਲਾ' ਅਤੇ ਇਹ ਸ਼ਬਦ 'ਹੂਲ' ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਨੇਕ ਅਤੇ ਭਲੇ ਕੰਮ ਲਈ ਜੂਝਣਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਹੋਲਗੜ੍ਹ' ਦੇ ਸਥਾਨ ਤੋਂ 'ਹੋਲੇ' ਦੀ ਰੀਤ ਆਰੰਭ ਕੀਤੀ। ਸਿੱਖਾਂ ਵਿਚ ਸਰੀਰਕ ਰਿਸ਼ਟ-ਪੁਸ਼ਟਤਾ ਅਤੇ ਸ਼ਸਤਰ ਕਲਾਵਾਂ ਲਈ ਉਤਸ਼ਾਹ ਜਾਗਣ ਲੱਗਾ। ਇਸ ਕਿਲ੍ਹੇ ਦਾ ਫ਼ਲਸਫ਼ਾ ਇਹ ਸੁਨੇਹਾ ਦਿੰਦਾ ਹੈ ਕਿ ਆਲਸ ਦਾ ਸ਼ਿਕਾਰ ਹੋਈਆਂ ਕੌਮਾਂ ਦਾ ਭਵਿੱਖ ਸੁਨਹਿਰਾ ਨਹੀਂ ਹੁੰਦਾ।
ਚੌਥਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਸਿੱਖ ਨੂੰ ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਸੁਨੇਹਾ ਦਿੰਦਾ ਹੈ। ਸਿੱਖ ਫ਼ਲਸਫ਼ੇ ਦੀ ਅਗੰਮੀ ਸਥਿਰਤਾ ਤੇ ਬੁਲੰਦੀ 'ਫ਼ਤਹਿ' ਵਿਚ ਹੀ ਹੈ। ਸਿੱਖ ਹਰ ਵੇਲੇ ਵਾਹਿਗੁਰੂ ਦੀ ਓਟ ਮੰਗਦਾ ਹੈ ਅਤੇ ਜਦੋਂ ਉਹ ਇਸ ਓਟ ਵਿਚ ਦੁਸ਼ਮਣ 'ਤੇ ਜਿੱਤ ਹਾਸਲ ਕਰਦਾ ਹੈ ਤਾਂ ਆਪਣੀ ਨਹੀਂ, ਸਗੋਂ 'ਵਾਹਿਗੁਰੂ ਕੀ ਜੀ ਫ਼ਤਹਿ।' ਦਾ ਡੰਕਾ ਵਜਾਉਂਦਾ ਹੈ। ਫ਼ਤਹਿਗੜ੍ਹ ਕਿਲ੍ਹਾ ਸਿੱਖ ਨੂੰ ਹਰ ਹਾਲਤ ਵਿਚ ਬੁਲੰਦ ਹੌਸਲੇ ਵਿਚ ਰਹਿਣ ਦਾ ਵੀ ਸੁਨੇਹਾ ਦਿੰਦਾ ਹੈ।
ਪੰਜਵਾਂ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਉੱਤਰ-ਪੂਰਬ ਵੱਲ ਤਕਰੀਬਨ 5 ਕਿਲੋਮੀਟਰ ਦੂਰ 'ਤਾਰਾਗੜ੍ਹ' ਸਿੱਖ ਨੂੰ ਭਗਤੀ-ਸ਼ਕਤੀ ਦੇ ਸੁਮੇਲ ਦੀ ਜਾਚ ਸਿੱਖਣ ਦਾ ਫ਼ਲਸਫ਼ਾ ਦਿੰਦਾ ਹੈ। ਇਸ ਕਿਲ੍ਹੇ ਦਾ ਨਿਰਮਾਣ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਾਸਪੁਰ ਰਿਆਸਤ ਵਾਲੇ ਪਾਸੇ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਣ ਅਤੇ ਦੁਸ਼ਮਣ ਦੀਆਂ ਸਰਗਰਮੀਆਂ 'ਤੇ ਬਾਜ਼ ਨਜ਼ਰ ਰੱਖਣ ਲਈ ਇਕ ਉੱਚੀ ਪਹਾੜੀ 'ਤੇ ਕੀਤਾ ਸੀ, ਉਥੇ ਇਸ ਕਿਲ੍ਹੇ ਵਿਚ ਅਨੇਕਾਂ ਆਤਮ ਜਗਿਆਸੂ ਬ੍ਰਹਮ ਅਵਸਥਾ ਵਿਚ ਲੀਨ ਰਹਿੰਦੇ ਸਨ। ਇਕ ਉੱਚੀ ਪਹਾੜੀ ਦੀ ਟੀਸੀ 'ਤੇ ਬਣਿਆ ਇਹ ਕਿਲ੍ਹਾ ਮਾਨੋ ਕਹਿ ਰਿਹਾ ਹੋਵੇ ਕਿ ਸਿੱਖ ਦਾ ਇਖਲਾਕ ਵੀ ਇਸੇ ਤਰ੍ਹਾਂ ਬੁਲੰਦ ਹੋਣਾ ਚਾਹੀਦਾ ਹੈ। ਸਿੱਖ ਨੇ ਹਮੇਸ਼ਾ ਆਪਣੀ ਆਤਮਿਕ ਸਥਿਰਤਾ ਦੀਆਂ ਦੁਸ਼ਮਣ ਪ੍ਰਵਿਰਤੀਆਂ 'ਤੇ ਵੀ ਬਾਜ਼ ਅੱਖ ਰੱਖ ਕੇ ਸੁਚੇਤ ਰਹਿਣਾ ਹੈ।
ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਨੂੰ ਸਨਮੁਖ ਰੱਖ ਕੇ ਸਿੱਖ ਕੌਮ ਨੂੰ ਆਪਾ-ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਕੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਦੇ ਵਾਰਿਸ ਹਾਂ? ਕੀ ਅਸੀਂ ਅਨੰਦਪੁਰ ਦੇ ਵਾਸੀ ਕਹਾਉਣ ਦੇ ਹੱਕਦਾਰ ਹਾਂ? ਸਾਡਾ 'ਕੇਸਗੜ੍ਹ' ਅੱਜ ਕਿੰਨਾ ਕੁ ਮਜ਼ਬੂਤ ਹੈ? ਅੱਜ ਸਿੱਖ ਕੌਮ ਦੇ ਅੰਦਰੂਨੀ ਤੇ ਬਾਹਰੀ ਸੰਕਟਾਂ ਦਾ ਕਾਰਨ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਫ਼ਲਸਫ਼ੇ ਤੋਂ ਮੁਨਕਰ ਹੋਣਾ ਹੀ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਦਲਿ ਭੰਜਨ ਗੁਰੁ ਸੂਰਮਾ...

ਮੀਰੀ-ਪੀਰੀ ਦੇ ਮਾਲਕ, ਹਰਮਨ-ਪਿਆਰੇ, ਪਰਉਪਕਾਰੀ ਸੂਰਮੇ, ਸੰਤ-ਸਿਪਾਹੀ, ਬੰਦੀਛੋੜ, ਨਿਮਰਤਾ ਦੇ ਪੁੰਜ, ਦੀਨ-ਦੁਨੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ 18 ਜੂਨ, 1595 ਈ: ਨੂੰ ਪਿੰਡ ਵਡਾਲੀ ਵਿਖੇ ਹੋਇਆ।
ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਅਵਤਾਰ ਧਾਰਨ ਕਰਨ ਵਾਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੁੰਦਰ, ਚਮਕਦੇ ਹੋਏ ਮੁਖ-ਮੰਡਲ ਨੂੰ ਦੇਖ ਕੇ ਦਾਈ ਅਨੰਦ-ਵਿਭੋਰ ਹੋ ਕੇ ਸੋਚਣ ਲੱਗ ਪਈ-
ਬਾਲ ਅਨੇਕ ਭਏ ਮਮ ਹਾਥ ਨਹੀ
ਇਸਕੇ ਸਮ ਕੋ ਦੁਤਿ ਪਾਵਤਿ।
ਸੁੰਦਰ ਸੂਰਤਿ ਸ਼ੋਭਾ ਤੇ ਪੂਰਤਿ
ਸ੍ਰੀ ਮੁਖ ਮਦ ਮਨੋ ਮੁਸ਼ਕਾਵਤਿ॥
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਭਾਈ ਗੁਰਦਾਸ ਜੀ ਗੁਰੂ ਪਾਤਸ਼ਾਹ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਾਰੇ ਲਿਖਦੇ ਹਨ-
ਗੁਰ ਗੋਵਿੰਦੁ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ।
ਅਚਰਜ ਨੋ ਅਚਰਜ ਮਿਲੈ
ਵਿਸਮਾਦੈ ਵਿਸਮਾਦ ਮਿਲੰਦਾ। (ਵਾਰ 24 : 21)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਪਨ ਦਾ ਬਹੁਤ ਸਾਰਾ ਸਮਾਂ ਗੁਰੂ-ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਬੀਤਿਆ। ਬਾਬਾ ਪ੍ਰਿਥੀ ਚੰਦ ਨੇ ਲਾਲਚ ਅਤੇ ਈਰਖਾ ਦੇ ਕਾਰਨ 3 ਵਾਰ ਬਾਲ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਖ਼ਤਮ ਕਰਵਾਉਣ ਦਾ ਯਤਨ ਕੀਤਾ। ਪਹਿਲਾਂ ਇਕ ਦਾਈ ਨੂੰ ਭੇਜਿਆ ਗਿਆ, ਜੋ ਆਪਣੇ ਥਣਾਂ 'ਤੇ ਜ਼ਹਿਰ ਲਗਾ ਕੇ ਆਈ। ਦੂਜੀ ਵਾਰ ਸਪੇਰੇ ਦੁਆਰਾ ਸੱਪ ਨੂੰ ਆਪ ਦੇ ਕਮਰੇ ਵਿਚ ਛੁਡਵਾ ਦਿੱਤਾ ਗਿਆ ਪਰ ਦੋਵੇਂ ਵਾਰ ਖਾਲੀ ਗਏ। ਤੀਜੀ ਵਾਰ ਇਕ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਭੇਜਿਆ ਗਿਆ। ਖਿਡਾਵੇ ਨੇ ਦਹੀਂ ਵਿਚ ਜ਼ਹਿਰ ਰਲਾ ਕੇ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਅਚਾਨਕ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਉਥੇ ਪਹੁੰਚ ਗਏ ਤੇ ਦਹੀਂ ਪਿਲਾਉਣ ਵਾਲੇ ਬ੍ਰਾਹਮਣ ਦਾ ਸਾਰਾ ਭੇਦ ਖੁੱਲ੍ਹ ਗਿਆ। ਬ੍ਰਾਹਮਣ ਸ਼ੂਲ ਪੈ ਜਾਣ ਕਰਕੇ ਤੜਪ-ਤੜਪ ਕੇ ਮਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ-
ਲੇਪੁ ਨ ਲਾਗੋ ਤਿਲ ਕਾ ਮੂਲਿ॥
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ ੧॥
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ॥
ਪਾਪੀ ਮੂਆ ਗੁਰ ਪਰਤਾਪਿ॥ (ਅੰਗ 1137)
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਗਿਆਨ ਸੀ। ਆਪ ਜੀ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਕੀਤਾ ਜਾਣਾ ਚਾਹੀਦਾ ਹੈ। ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਦੀ ਸਿੱਖਿਆ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਦੇਣ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਕੀਦ ਕੀਤੀ ਕਿ ਗੁਰਬਾਣੀ ਦੀ ਸਿੱਖਿਆ ਦੇ ਨਾਲ ਅਸਤਰ-ਸ਼ਸਤਰ ਦੀ ਵਿੱਦਿਆ ਵੀ ਦਿੱਤੀ ਜਾਵੇ। ਬਾਬਾ ਬੁੱਢਾ ਜੀ ਨੇ ਤੀਰ-ਕਿਰਪਾਨ, ਨੇਜਾਬਾਜ਼ੀ, ਘੋੜਸਵਾਰੀ ਆਦਿ ਸੂਰਬੀਰਾਂ ਵਾਲੇ ਸਾਰੇ ਕਰਤਬਾਂ ਵਿਚ ਸਾਹਿਬਜ਼ਾਦੇ ਨੂੰ ਨਿਪੁੰਨ ਕਰ ਦਿੱਤਾ। ਸੰਨ 1606 ਵਿਚ ਜਦੋਂ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਲੈ ਆਉਣ ਦਾ ਹੁਕਮ ਜਾਰੀ ਕਰ ਦਿੱਤਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਸਾਰੇ ਹਾਲਾਤ ਦੀ ਜਾਣਕਾਰੀ ਦੇ ਕੇ 'ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਸੰਗਤ ਦੇ ਸਾਹਮਣੇ ਭਰੇ ਦੀਵਾਨ ਵਿਚ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ।' (ਗੁਰ ਇਤਿਹਾਸ) ਪ੍ਰੋ: ਸਾਹਿਬ ਸਿੰਘ, ਪੰਨਾ 206
ਉਸ ਸਮੇਂ ਆਪ ਜੀ ਦੀ ਉਮਰ 11 ਸਾਲ ਸੀ। ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਇਕ ਮੀਰੀ ਦੀ ਭਾਵ, ਸੰਸਾਰਕਤਾ ਅਤੇ ਸ਼ਕਤੀ ਦੀ ਪ੍ਰਤੀਕ, ਦੂਜੀ ਪੀਰੀ ਦੀ ਭਾਵ ਭਗਤੀ ਤੇ ਧਰਮ-ਸਾਧਨਾ ਦੀ ਪ੍ਰਤੀਕ। ਗੁਰੂ ਜੀ ਨੇ ਸਮਝਾਇਆ ਕਿ ਮੀਰੀ ਤੇ ਪੀਰੀ ਇਕ-ਦੂਜੇ ਦੀਆਂ ਪੂਰਕ ਹਨ। ਮੀਰੀ-ਪੀਰੀ ਦੇ ਸਿਧਾਂਤ ਦਾ ਧਾਰਨੀ ਹੀ ਸਾਰਿਆਂ ਵਿਚ ਇਕ ਅਕਾਲ ਪੁਰਖ ਦੀ ਜੋਤ ਦੇਖ ਸਕਦਾ ਹੈ ਤੇ ਸਰਬੱਤ ਦਾ ਭਲਾ ਮੰਗ ਸਕਦਾ ਹੈ। ਭਾਈ ਗੁਰਦਾਸ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਦੁੱਤੀ ਸ਼ਖ਼ਸੀਅਤ ਬਾਰੇ ਲਿਖਦੇ ਹਨ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ-ਪੀਰੀ ਵਾਲੇ ਭਾਰੀ ਗੁਰੂ, ਤਖ਼ਤ 'ਤੇ ਬੈਠੇ ਹਨ। ਮਾਨੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਕਾਇਆ ਬਦਲ ਕੇ ਹਰਿਗੋਬਿੰਦ ਰੂਪ ਮੂਰਤ ਸਵਾਰੀ ਹੈ। ਦਲਾਂ ਦਾ ਨਾਸ਼ ਕਰਨ ਵਾਲਾ ਵੱਡਾ ਪਰਉਪਕਾਰੀ ਸੂਰਮਾ ਗੁਰੂ ਪ੍ਰਗਟ ਹੋਇਆ ਹੈ-
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ॥
(ਵਾਰ ੧ : ੪੮)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮਹਿਸੂਸ ਕੀਤਾ ਕਿ ਮਨੁੱਖਤਾ ਨੂੰ ਕੁਚਲੇ ਅਤੇ ਦਬਾਏ ਜਾਣ ਤੋਂ ਰੋਕਣ ਲਈ ਮਨੁੱਖੀ ਹਿਰਦੇ ਵਿਚ ਐਸਾ ਜਜ਼ਬਾ ਪੈਦਾ ਹੋਣਾ ਜ਼ਰੂਰੀ ਹੈ, ਜਿਸ ਦੇ ਅਹਿਸਾਸ ਨਾਲ ਨਾ ਕੋਈ ਕਿਸੇ ਤੋਂ ਡਰੇ ਅਤੇ ਨਾ ਕਿਸੇ ਨੂੰ ਡਰਾਵੇ। ਬਲਵਾਨ ਤੋਂ ਡਰ ਕੇ ਕੋਈ ਆਪਣੇ-ਆਪ ਨੂੰ ਨੀਵਾਂ ਨਾ ਸਮਝੇ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਇਸ ਅਹਿਸਾਸ ਦਾ ਬੀਜ ਬੀਜਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਚਮ ਪਾਤਸ਼ਾਹ ਤੱਕ ਗੁਰੂ ਸਾਹਿਬਾਨ ਨੇ ਅਖੌਤੀ ਨੀਚ ਸਮਝੇ ਜਾਣ ਵਾਲੇ ਲੋਕਾਂ ਦੇ ਹਿਰਦੇ ਵਿਚ ਸਵੈਮਾਣ ਦੀ ਭਾਵਨਾ ਨੂੰ ਜਗਾਇਆ। ਉਸ ਅਹਿਸਾਸ ਦੇ ਬੀਜ ਨੂੰ ਪਨਪਨ ਦੀ ਜਗ੍ਹਾ ਦਿੱਤੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਅਹਿਸਾਸ ਰੂਪੀ ਬੀਜ ਨੂੰ ਰੁੱਖ ਦਾ ਰੂਪ ਦੇਣ ਦਾ ਉਪਰਾਲਾ ਕੀਤਾ। ਹਥਿਆਰ ਫੜਨ ਲਈ ਮਨ ਦੀ ਜਾਗ੍ਰਿਤੀ ਜ਼ਰੂਰੀ ਹੈ। ਸਵੈਮਾਣ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੋਣ ਤੋਂ ਬਾਅਦ ਹੀ ਆਪਣੀ ਰੱਖਿਆ ਅਤੇ ਦੂਜਿਆਂ ਨੂੰ ਜ਼ੁਲਮ ਤੋਂ ਬਚਾਉਣ ਲਈ ਹਥਿਆਰ ਫੜੇ ਜਾ ਸਕਦੇ ਹਨ। ਗੁਰੂ ਸਾਹਿਬ ਨੇ ਸਮਝਾਇਆ ਕਿ ਧਰਮ ਦੀ ਰੱਖਿਆ ਲਈ ਬੀਰ-ਰਸ ਜ਼ਰੂਰੀ ਹੈ। ਬੀਰ-ਰਸ ਪੈਦਾ ਕਰਨ ਲਈ ਗੁਰਸਿੱਖਾਂ ਨੂੰ ਉਤਸ਼ਾਹਮਈ ਜੀਵਨ ਜਿਉਣ ਦੀ ਪ੍ਰੇਰਨਾ ਦੇਣ ਲਈ ਗੁਰੂ ਸਾਹਿਬ ਨੇ ਸੰਨ 1609 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ। ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਢਾਡੀ ਬੀਰ ਰਸ ਪੈਦਾ ਕਰਨ ਲਈ ਵਾਰਾਂ ਗਾਉਂਦੇ ਹਨ।
ਗੁਰੂ ਸਾਹਿਬ ਦੀ ਅਗਵਾਈ ਵਿਚ ਗੁਰਸਿੱਖਾਂ ਨੇ ਸ਼ਿਕਾਰ ਵੀ ਖੇਡਣਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦੁਆਬੇ ਤੇ ਮਾਲਵੇ ਵੱਲ ਗਏ, ਉਥੋਂ ਕਰਤਾਰਪੁਰ ਪਹੁੰਚੇ। ਕਰਤਾਰਪੁਰ ਦੇ ਨੇੜੇ ਪਠਾਣਾਂ ਦਾ ਪਿੰਡ ਵਡਾਮੀਰ ਸੀ। ਉਥੋਂ ਦੇ ਬਹੁਤ ਸਾਰੇ ਨੌਜਵਾਨ ਗੁਰੂ ਜੀ ਕੋਲ ਭਰਤੀ ਹੋ ਗਏ। ਉਨ੍ਹਾਂ ਵਿਚੋਂ ਇਕ ਪੈਂਦੇ ਖਾਂ ਸੀ, ਜੋ ਗੁਰੂ ਜੀ ਦੀ ਖਾਸ ਕਿਰਪਾ ਦਾ ਪਾਤਰ ਬਣਿਆ।
1615 ਈ: ਵਿਚ ਆਪ ਸ੍ਰੀ ਅੰਮ੍ਰਿਤਸਰ ਵਾਪਸ ਆਏ। 1616 ਈ: ਵਿਚ ਗਿਲਟੀ ਤਾਪ ਨੇ ਜ਼ੋਰ ਫੜ ਲਿਆ। ਪੰਜਾਬ, ਸਰਹਿੰਦ, ਦਿੱਲੀ ਤੇ ਆਗਰੇ ਤੱਕ ਬਹੁਤ ਤਬਾਹੀ ਹੋਈ। ਕਸ਼ਮੀਰ ਵਿਚ 1616 ਤੋਂ 1624 ਤੱਕ 8 ਸਾਲ ਇਸ ਗਿਲਟੀ ਤਾਪ ਦਾ ਪ੍ਰਕੋਪ ਰਿਹਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 1616 ਈ: ਵਿਚ ਕਸ਼ਮੀਰ ਗਏ ਤੇ ਦਸਵੰਧ ਦੀ ਪੂੰਜੀ ਨਾਲ ਗਰੀਬਾਂ ਦੀ ਮਦਦ ਸ਼ੁਰੂ ਕਰ ਦਿੱਤੀ। ਦੁਖੀਆਂ ਦਾ ਦਰਦ ਵੰਡਾਉਂਦੇ ਰਹੇ, ਸੇਵਾ ਕਰਦੇ ਰਹੇ ਤੇ 1618 ਈ: ਵਿਚ ਸ੍ਰੀ ਅੰਮ੍ਰਿਤਸਰ ਵਾਪਸ ਆਏ। ਸ੍ਰੀ ਅੰਮ੍ਰਿਤਸਰ ਵਿਚ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਗਿਣਤੀ ਵਧਦੀ ਦੇਖ ਕੇ 'ਬਿਬੇਕਸਰ' ਤਿਆਰ ਕਰਵਾਇਆ। ਗਿਲਟੀ-ਤਾਪ ਤੋਂ ਹੋਣ ਵਾਲੀ ਤਬਾਹੀ ਬਾਰੇ ਸੁਣ ਕੇ ਜਹਾਂਗੀਰ ਵੀ ਕਸ਼ਮੀਰ ਤੇ ਫਿਰ ਲਾਹੌਰ ਵਿਚ ਹਿੰਦੂ, ਮੁਸਲਮਾਨਾਂ ਦੇ ਮੂੰਹੋਂ ਗੁਰੂ ਜੀ ਦੀ ਸਿਫਤ-ਸਾਲਾਹ ਸੁਣ ਕੇ ਚਿੰਤਤ ਹੋ ਗਿਆ। ਗੁਰੂ ਜੀ ਦਾ ਹਰਮਨ-ਪਿਆਰਾ ਹੋਣਾ ਉਸ ਕੋਲੋਂ ਸਹਾਰਿਆ ਨਾ ਗਿਆ। ਆਗਰਾ ਪਹੁੰਚ ਕੇ ਜਹਾਂਗੀਰ ਨੇ ਹੁਕਮ ਜਾਰੀ ਕਰ ਦਿੱਤਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਜਾਵੇ। ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਹੋਣ ਦੇ ਬਾਅਦ ਗੁਰੂ ਜੀ ਨੇ ਤਿੰਨ ਦਿਨ ਭੋਜਨ ਨਹੀਂ ਕੀਤਾ, ਕਿਉਂਕਿ ਉਹ ਭੋਜਨ ਜ਼ੁਲਮ ਨਾਲ ਇਕੱਠੇ ਕੀਤੇ ਧਨ ਨਾਲ ਤਿਆਰ ਕੀਤਾ ਗਿਆ ਸੀ। ਅੰਤ ਵਿਚ ਗੁਰਸਿੱਖਾਂ ਦੁਆਰਾ ਮਿਹਨਤ ਕਰਕੇ ਲਿਆਂਦੇ ਗਏ ਧਨ ਨਾਲ ਤਿਆਰ ਕੀਤੇ ਗਏ ਭੋਜਨ ਨੂੰ ਹੀ ਸਵੀਕਾਰ ਕੀਤਾ ਗਿਆ।
ਗਵਾਲੀਅਰ ਦੇ ਕਿਲ੍ਹੇ ਵਿਚ 52 ਰਾਜੇ ਪਹਿਲਾਂ ਹੀ ਨਜ਼ਰਬੰਦ ਸਨ। ਗੁਰੂ ਜੀ ਉਨ੍ਹਾਂ ਨਿਰਾਸ਼ ਰਾਜਿਆਂ ਨੂੰ ਹੌਸਲਾ ਰੱਖਣ ਲਈ ਪ੍ਰੇਰਦੇ ਰਹਿੰਦੇ। ਗੁਰੂ ਪਾਤਸ਼ਾਹ ਦੀ ਰਹਿਣੀ-ਬਹਿਣੀ, ਕਥਨੀ ਅਤੇ ਕਰਨੀ ਦਾ ਐਸਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਵੀ ਸੰਗਤ ਵਿਚ ਜੁੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਬੰਦੀ ਰਾਜਿਆਂ ਦੀ ਪੀੜ ਨੂੰ ਗੁਰੂ ਜੀ ਨੇ ਪੂਰੀ ਤਰ੍ਹਾਂ ਮਹਿਸੂਸ ਕੀਤਾ। ਇਸ ਲਈ ਜਦੋਂ ਵਜ਼ੀਰ ਖਾਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਲੈ ਕੇ ਗਵਾਲੀਅਰ ਪਹੁੰਚਿਆ ਤਾਂ ਗੁਰੂ ਜੀ ਨੇ ਉਨ੍ਹਾਂ ਰਾਜਿਆਂ ਦੀ ਰਿਹਾਈ ਤੋਂ ਬਿਨਾਂ ਆਪ ਕਿਲ੍ਹੇ ਤੋਂ ਬਾਹਰ ਜਾਣਾ ਸਵੀਕਾਰ ਨਹੀਂ ਕੀਤਾ।
ਜਹਾਂਗੀਰ ਦੇ ਇਹ ਕਹਿਣ 'ਤੇ ਕਿ ਜਿਹੜੇ ਗੁਰੂ ਜੀ ਦਾ ਪੱਲਾ ਫੜ ਕੇ ਆ ਸਕਦੇ ਹਨ, ਰਿਹਾਅ ਕਰ ਦਿੱਤੇ ਜਾਣਗੇ, ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ, ਜਿਸ ਦੀ ਇਕ-ਇਕ ਕਲੀ ਫੜ ਕੇ ਸਾਰੇ ਰਾਜੇ ਬਾਹਰ ਆ ਗਏ। ਆਪ ਜੀ ਨੂੰ ਉਸ ਸਮੇਂ ਤੋਂ 'ਬੰਦੀ ਛੋੜ ਦਾਤਾ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
ਗੁਰੂ ਜੀ ਲਈ ਗ਼ਰੀਬ-ਅਮੀਰ ਸਾਰੇ ਬਰਾਬਰ ਸਨ। ਜਦੋਂ ਜਹਾਂਗੀਰ ਸ੍ਰੀ ਅੰਮ੍ਰਿਤਸਰ ਆਇਆ, ਉਸ ਨੂੰ ਵੀ ਉਹੀ ਲੰਗਰ ਛਕਾਇਆ ਗਿਆ, ਜੋ ਸੰਗਤ ਛਕਦੀ ਸੀ। ਇਹੀ ਨਹੀਂ, ਬਲਕਿ ਗ਼ਰੀਬ ਮਾਈ ਭਾਗਭਰੀ ਦੇ ਹੱਥਾਂ ਦਾ ਪਿਆਰ ਅਤੇ ਸ਼ਰਧਾ ਨਾਲ ਬਣਾਇਆ ਗਿਆ ਖੱਦਰ ਦਾ ਕੁਰਤਾ ਸਵੀਕਾਰ ਕਰਨਾ, ਡਰੋਲੀ ਦੇ ਇਕ ਪਿੰਡ ਵਿਚ ਰਹਿੰਦੇ ਗ਼ਰੀਬ ਸਿੱਖ ਭਾਈ ਸਾਧੂ ਅਤੇ ਉਸ ਦੇ ਪੁੱਤਰ ਭਾਈ ਰੂਪਾ ਕੋਲ ਠੰਢਾ ਪਾਣੀ ਪੀਣ ਲਈ ਕੜਕਦੀ ਧੁੱਪ ਵਿਚ ਪਹੁੰਚਣਾ, ਭਾਈ ਕੱਟੂ ਸ਼ਾਹ ਦੀ ਮੰਗ 'ਤੇ ਸ਼ਹਿਦ ਨਾ ਦੇਣ 'ਤੇ ਆਪ ਸ਼ਹਿਦ ਸਵੀਕਾਰ ਨਾ ਕਰਨਾ ਆਦਿ ਦ੍ਰਿਸ਼ਟਾਂਤ ਸਿੱਖਾਂ ਨਾਲ ਗੁਰੂ ਸਾਹਿਬ ਦੇ ਪਿਆਰ ਦੇ ਲਖਾਇਕ ਹਨ।
ਅੱਜ ਸਮਾਜ ਵਿਚ ਫੈਲੇ ਦੁਰਾਚਾਰ, ਵੈਰ-ਵਿਰੋਧ, ਈਰਖਾ ਦੀ ਜਗ੍ਹਾ ਸਦਾਚਾਰ, ਭਰਾਤਰੀ ਭਾਵ ਅਤੇ ਪਿਆਰ ਜਾਗ ਸਕਦਾ ਹੈ। ਸਿਰਫ ਲੋੜ ਹੈ ਗੁਰੂ ਜੀ ਦੀ ਜੀਵਨ ਲੋਅ ਦੇ ਪ੍ਰਕਾਸ਼ ਵਿਚ ਆਪਣੇ-ਆਪਨੂੰ ਦੇਖਣ, ਪੜਤਾਲਣ ਅਤੇ ਪਹਿਚਾਨਣ ਦੀ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦਗਾਰ ਵਿਚ ਤਬਦੀਲ ਕੀਤੀ ਜਾਵੇ ਬਸੀ ਪਠਾਣਾਂ ਜੇਲ੍ਹ

ਸਿੱਖ ਕੌਮ ਦੇ ਵਿਦਵਾਨ ਇਤਿਹਾਸਕਾਰਾਂ ਡਾਕਟਰ ਗੰਡਾ ਸਿੰਘ, ਡਾਕਟਰ ਫੌਜਾ ਸਿੰਘ, ਡਾਕਟਰ ਤਾਰਨ ਸਿੰਘ, ਪ੍ਰੋਫੈਸਰ ਪਿਆਰਾ ਸਿੰਘ ਪਦਮ ਤੇ ਡਾਕਟਰ ਸੁਖਦਿਆਲ ਸਿੰਘ ਅਤੇ ਕਈ ਹੋਰਾਂ ਦੀ ਖੋਜ ਅਨੁਸਾਰ ਕੁਝ ਨਵੇਂ ਇਤਿਹਾਸਕ ਤੱਥ ਸਾਹਮਣੇ ਆਏ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਉਪਰੰਤ ਜਦੋਂ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ ਦਿੱਲੀ ਤਖ਼ਤ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਏ ਤਾਂ ਰਸਤੇ ਵਿਚ ਰੋਪੜ ਪੁਲਿਸ ਚੌਂਕੀ ਦੇ ਦਰੋਗੇ ਨੂਰ ਮੁਹੰਮਦ ਖਾਂ ਮਿਰਜ਼ਾ ਨੇ ਪਿੰਡ ਮਲਿਕਪੁਰ ਰੰਘੜਾਂ ਦੇ ਰੰਘੜਾਂ ਵਲੋਂ ਕੀਤੀ ਮੁਖਬਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਪਰਗਨਾ ਘਨੌਲਾ ਤੋਂ ਬਿਕਰਮੀ ਸੰਮਤ 1732 ਵਿਚ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਦੇ ਆਹਲਾ ਮੁਕੱਦਮ ਅੱਗੇ ਸਰਹੰਦ ਵਿਖੇ ਪੇਸ਼ ਕਰ ਦਿੱਤਾ ਅਤੇ ਉਸ ਨੇ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਜੀ ਨੂੰ ਸਾਥੀਆਂ ਸਮੇਤ ਬਸੀ ਪਠਾਣਾਂ ਦੇ ਕੈਦਖਾਨੇ ਦੀ ਇਕ ਅਸਥਾਈ ਹਵਾਲਾਤ ਵਿਚ ਬੰਦ ਕਰਨ ਦਾ ਹੁਕਮ ਦਿੱਤਾ। ਇਸ ਸਮੇਂ ਦੌਰਾਨ ਗੁਰੂ ਜੀ ਦੀ ਗ੍ਰਿਫ਼ਤਾਰੀ ਦੇ ਸਬੰਧ ਵਿਚ ਇਕ ਮੁਰਾਸਲਾ ਬਮੂਜਬ ਇਤਲਾਹ, ਬਾਦਸ਼ਾਹ ਔਰੰਗਜ਼ੇਬ ਨੂੰ ਮਾਰਫ਼ਤ ਗਵਰਨਰ ਲਾਹੌਰ ਭੇਜ ਦਿੱਤਾ। ਔਰੰਗਜ਼ੇਬ ਨੇ ਗੁਰੂ ਜੀ ਨੂੰ ਰਿਹਾਅ ਕਰਕੇ, ਬਾਅਦਬ ਤਰੀਕੇ ਨਾਲ ਦਿੱਲੀ ਪੁੱਜਣ ਦੀ ਆਗਿਆ ਦੇ ਦਿੱਤੀ। ਇਤਿਹਾਸਕਾਰਾਂ ਦੀ ਖੋਜ ਅਨੁਸਾਰ ਇਸ ਖ਼ਤ-ਓ-ਖ਼ਿਤਾਬਤ ਨੂੰ ਉਸ ਵੇਲੇ ਦੇ ਸਾਧਨਾਂ ਦੀ ਰਫ਼ਤਾਰ ਅਨੁਸਾਰ ਲਗਪਗ 4 ਮਹੀਨੇ ਲੱਗ ਗਏ। ਇੰਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਾਥੀਆਂ ਸਮੇਤ ਬਸੀ ਪਠਾਣਾਂ ਦੇ ਕੈਦਖਾਨੇ ਵਿਚ ਲਗਪਗ 4 ਮਹੀਨੇ ਤੱਕ ਕੈਦ ਰਹੇ। ਇਸ ਸਮੇਂ ਗੁਰੂ ਜੀ ਦੇ ਸਾਥੀਆਂ ਵਿਚ ਦੀਵਾਨ ਮਤੀ ਦਾਸ ਅਤੇ ਸਤੀ ਦਾਸ ਪੁੱਤਰਾਨ ਹੀਰਾ ਮੱਲ ਛਿੱਬਰ, ਦਿਆਲ ਦਾਸ ਪੁੱਤਰ ਮਾਈ ਦਾਸ ਬਲੌਤ ਵੀ ਸ਼ਾਮਿਲ ਸਨ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਾਥ ਨਾ ਛੱਡਣ ਅਤੇ ਆਪਣੇ ਸਿੱਖੀ ਸਿਦਕ 'ਤੇ ਪਰਪੱਕ ਰਹਿਣ ਕਾਰਨ ਅਤੇ ਇਸਲਾਮ ਦੇ ਕਲਮੇ ਨਾ ਪੜ੍ਹਨ ਕਾਰਨ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਭਾਈ ਮਤੀ ਦਾਸ ਨੂੰ ਆਰੇ ਨਾਲ ਦੁਫਾੜ ਕਰਕੇ ਸ਼ਹੀਦ ਕੀਤਾ ਗਿਆ, ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜ਼ਿੰਦਾ ਜਲਾ ਕੇ ਸ਼ਹੀਦ ਕੀਤਾ ਗਿਆ ਅਤੇ ਭਾਈ ਦਿਆਲਾ ਜੀ ਨੂੰ ਪਾਣੀ ਦੇ ਉੱਬਲਦੇ ਕੜਾਹੇ ਵਿਚ ਸੁੱਟ ਕੇ ਉਬਾਲ ਕੇ ਸ਼ਹੀਦ ਕੀਤਾ ਗਿਆ। ਇਹ ਸਾਰੀਆਂ ਸ਼ਹੀਦੀਆਂ ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਸਾਹਿਬ ਦੀਆਂ ਨਜ਼ਰਾਂ ਦੇ ਸਾਹਮਣੇ ਦਿੱਲੀ ਵਿਚ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਕੱਟ ਕੇ ਚਾਂਦਨੀ ਚੌਂਕ ਵਿਚ ਸ਼ਹੀਦ ਕਰਨ ਤੋਂ ਪਹਿਲਾਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੀਆਂ ਹਿਰਦੇਵੇਧਕ ਸ਼ਹਾਦਤਾਂ ਸਮੇਂ ਜ਼ਾਲਮ ਤੇ ਕਠੋਰ ਚਿੱਤ ਬਾਦਸ਼ਾਹ ਔਰੰਗਜ਼ੇਬ ਵੀ ਮੌਕੇ 'ਤੇ ਹਾਜ਼ਰ ਰਿਹਾ।
ਨੌਵੇਂ ਗੁਰੂ ਸ੍ਰੀ ਤੇਗ਼ ਬਹਾਦਰ ਸਾਹਿਬ ਜੀ ਦੀ ਗ੍ਰਿਫ਼ਤਾਰੀ ਅਤੇ ਬਸੀ ਪਠਾਣਾਂ ਦੇ ਕੈਦਖਾਨੇ ਵਿਚ 4 ਮਹੀਨੇ ਤੱਕ ਬੰਦ ਰਹਿਣ ਦਾ ਉਲੇਖ ਵਿਦਵਾਨ ਇਤਿਹਾਸਕਾਰਾਂ ਨੇ 'ਭਟ ਵਹੀ ਮੁਲਤਾਨੀ ਸਿੰਧੀ ਖਾਤਾ ਬਲੋਤੋਂ' ਦੇ ਹਵਾਲੇ ਨਾਲ ਹੇਠ ਲਿਖੇ ਅਨੁਸਾਰ ਕੀਤਾ ਹੈ :
'ਗੁਰੂ ਤੇਗ਼ ਬਹਾਦਰ ਜੀ ਮਹਲ ਨਾਮਾ ਕੋ ਨੂਰ ਮੁਹੰਮਦ ਖਾਂ ਮਿਰਜ਼ਾ ਚੌਕੀ ਰੋਪੜ ਵਾਲੇ ਨੇ ਸਦਾਲ ਸ੍ਹਤਰੇ ਸੈ ਬਤੀਸ ਸਾਵਨ ਪਰਬਿਸ਼ਤੇ ਬਾਰਾਂ ਕੇ ਦਿਹੁੰ ਗਾਉਂ ਮਲਿਕੁਪੁਰ ਰੰਘੜਾਂ ਪਰਗਨਾ ਘਨੌਲਾ ਸੇ ਪਕੜ ਕੇ ਸਰਹੰਦ ਪਹੁੰਚਾਇਆ ਗੈਲ ਦੀਵਾਨ ਮਤੀ ਦਾਸ ਸਤੀ ਦਾਸ ਬੇਟੇ ਹੀਰਾ ਮਲ ਛਿੱਬਰ ਕੇ ਗੈਲ ਦਿਆਲ ਦਾਸ ਬੇਟਾ ਮਾਈ ਦਾਸ ਬਲੌਤ ਕਾ ਪਕੜਿਆ ਆਇਆ ਗੁਰੂ ਜੀ ਚਾਰ ਮਾਸ ਬਸੀ ਪਠਾਨਾਂ ਕੇ ਬੰਦੀਖਾਨੇ ਮੇਂ ਬੰਦ ਰਹੇ ਆਠ ਦਿਵਸ ਦਿੱਲੀ ਕੋਤਵਾਲੀ ਮੇਂ ਕੈਦ ਰਹੇ।'
ਗੁਰੂ ਕੀਆਂ ਸਾਖੀਆਂ (ਸਾਖੀ 29) ਵਿਚ ਇਉਂ ਲਿਖਿਆ ਹੈ :
'ਸਰਹੰਦ ਵਾਸੀ ਭੰਡਾਰੀ ਸਿੱਖ ਨੇ ਚੱਕ ਨਾਨਕੀ ਮੇਂ ਮਾਤਾ ਨਾਨਕੀ ਜੀ ਕੋ ਪਤਾ ਕੀਆ ਕਿ ਗੁਰੂ ਜੀ ਬਮੈ ਤੀਨ ਸਿਖਾਂ ਕੇ ਬਸੀ ਹਵਾਲਾਤ ਮੇਂ ਬੰਦ ਹੈਂ। ਸਰਹੰਦ ਸੇ ਆਈ ਖਬਰ ਚੱਕ ਨਾਨਕੀ ਕੇ ਚਮਾਂ ਦਿਸਾਂ ਮੇਂ ਫੈਲ ਗਈ। ਮਾਤਾ ਨਾਨਕੀ ਜੀ ਨੇ ਦੀਵਾਨ ਦਰਘਾ ਮਲ ਤੇ ਚਉਪਤ ਰਾਇ ਕੋ ਭੰਡਾਰੀ ਸਿਖ ਕੇ ਗ੍ਰਹ ਮੇਂ ਭੇਜ ਕੇ ਸਾਰਾ ਪਤਾ ਕੀਆ। ਗੁਰੂ ਜੀ ਤੀਨ ਮਾਸ ਤੇ ਜਾਦਾ ਬਸੀ ਪਠਾਨਾ ਕੇ ਬੰਦੀਖਾਨੇ ਮੇਂ ਬੰਦ ਰਹੇ। ਦੁਸ਼ਟਾਂ ਨੇ ਸਰੀਰ ਕੋ ਘਨਾ ਕਸ਼ਟ ਦੀਆ। ਤੀਨ ਮਾਸ ਬਾਅਦ ਦੇਹਲੀ ਸੇ ਪਰਵਾਨਾ ਆਨੇ ਸੇ ਗੁਰੂ ਜੀ ਕੋ ਲੋਹੇ ਕੇ ਪਿੰਜਰੇ ਮੇਂ ਬੰਦ ਕਰਕੇ ਇਨੈ ਦੇਹਲੀ ਕੀ ਤ੍ਰਫ ਰਵਾਨਾ ਕਰ ਦੀਆ। ਸੰਮਤ ਸਤਰ੍ਹੈ ਸੈ ਬਤੀਸ ਮੰਗਸਰ ਵਦੀ ਤ੍ਰੇਦਸੀ ਵੀਰਵਾਰ ਕੇ ਦਿਹੁ ਗੁਰੂ ਜੀ ਕੋ ਦੇਹਲੀ ਪੁਚਾਇ ਦੀਆ।'
ਉਪਰੋਕਤ ਹਵਾਲਿਆਂ ਅਨੁਸਾਰ ਮੈਂ ਪਹਿਲੀ ਵਾਰ ਮਿਤੀ 17 ਨਵੰਬਰ, 2017 ਨੂੰ ਸਾਥੀਆਂ ਸਮੇਤ ਇਸ ਪੁਰਾਤਨ ਜੇਲ੍ਹ ਦਾ ਨਿਰੀਖਣ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਦਾ ਕਬਜ਼ਾ ਪ੍ਰਾਪਤ ਕਰਨ ਲਈ ਅਪੀਲ ਕੀਤੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਯੋਜਨਾਬਧ ਤਰੀਕੇ ਨਾਲ ਮੁਸਬਤ ਕਾਰਵਾਈ ਕਰਕੇ ਅਤੇ ਪੰਜਾਬ ਸਰਕਾਰ ਨਾਲ ਲਿਖਤ-ਪੜ੍ਹਤ ਕਰਕੇ, ਦਿੱਲੀ ਦੀ ਕੋਤਵਾਲੀ ਵਾਂਗ ਹੀ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਦਾ ਕਬਜ਼ਾ ਲੈਂਦੇ ਅਤੇ ਨੌਵੀਂ ਪਾਤਸ਼ਾਹੀ ਅਤੇ ਉਨ੍ਹਾਂ ਦੇ ਨਾਲ ਅਕਹਿ ਤਸੀਹੇ ਸਹਾਰ ਕੇ ਸ਼ਹੀਦ ਹੋਏ ਗੁਰ ਸਿੱਖਾਂ ਦਾ ਯਾਦਗਾਰੀ ਅਸਥਾਨ ਸਥਾਪਿਤ ਕਰਦੇ, ਜਿੱਥੇ ਗੁਰੂ ਤੇਗ਼ ਬਹਾਦਰ ਸਾਹਿਬ ਲਗਪਗ 4 ਮਹੀਨੇ ਤੱਕ ਕੈਦ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 450 'ਤੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਫੁਰਮਾਨ ਹੈ:
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 450)
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ। ਮੋਬਾ: 98140-33362

ਗੁ: ਸ੍ਰੀ ਗੁਰੂ ਨਾਨਕ ਦੇਵ ਜੀ, ਪਿੰਡ ਨਾਨਕਪੁਰ ਜਗੇੜਾ (ਲੁਧਿਆਣਾ)

ਐਨ ਉਸ ਵੇਲੇ ਜਦੋਂ ਸਮੁੱਚਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅਨੰਤ ਖੁਸ਼ੀਆਂ ਤੇ ਰੂਹਾਨੀ ਮੁਹੱਬਤ ਦਾ ਸੋਮਾ ਸਮਝ ਕੇ ਮਨਾ ਰਿਹਾ ਹੈ ਤਾਂ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਡੇਹਲੋਂ ਨੇੜਲੇ ਵਿਧਾਨ ਸਭਾ ਹਲਕਾ ਪਾਇਲ ਦਾ ਪਿੰਡ ਨਾਨਕਪੁਰ ਜਗੇੜਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵਜੋਂ ਚਰਚਾ ਵਿਚ ਆਇਆ ਹੈ। ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰੇ ਉਦਾਸੀਆਂ ਦੌਰਾਨ ਵਿਸ਼ਵ ਯਾਤਰਾ ਜਾਂ ਉਨ੍ਹਾਂ ਵਲੋਂ ਮੁਬਾਰਕ ਕੀਤੇ ਇਲਾਕਿਆਂ ਦੀ ਥਾਹ ਪਾਉਣਾ ਮੁਸ਼ਕਿਲ ਹੈ, ਪਰ ਉਨ੍ਹਾਂ ਪੂਜਨੀਕ ਥਾਵਾਂ ਵਿਚੋਂ ਕਿਸੇ ਸਮੇਂ ਝਿੰਗੜ ਜਗਹੇੜਾ ਦੀ ਕਹੀ ਜਾਣ ਵਾਲੀ ਧਰਤੀ ਨੂੰ ਨਾਨਕਪੁਰ ਜਗੇੜਾ ਕਰਕੇ ਸਤਿਕਾਰ ਮਿਲਣਾ ਹੀ ਹਰ ਸਿੱਖ ਦੀ ਗੁਰੂ ਸਾਹਿਬ ਪ੍ਰਤੀ ਅਕੀਦਤ ਦਾ ਸਬੂਤ ਹੈ। ਇਸ ਪਿੰਡ ਦੀ ਮਹੱਤਤਾ ਨੂੰ ਇਤਿਹਾਸ ਹੋਰ ਵੀ ਭਰਵੀਂ ਬੁੱਕਲ ਵਿਚ ਲੈਂਦਾ ਹੈ ਕਿ ਇਥੇ ਕੱਚੇ ਥੜ੍ਹੇ 'ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਐਨ ਉਸੇ ਥਾਂ ਉੱਤੇ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਆਪਣਾ ਆਸਣ ਲਾਇਆ ਅਤੇ ਜਗੇੜਾ ਦੀ ਧਰਤੀ ਦੀ ਮਹਿਮਾ ਵਿਚ ਅਥਾਹ ਵਾਧਾ ਕੀਤਾ। ਸਮਾਂ ਬਦਲਣ ਨਾਲ ਇਥੇ ਗੁਰਦੁਆਰਾ ਮੰਜੀ ਸਾਹਿਬ ਦੀ ਸੁੰਦਰ ਇਮਾਰਤ ਦੀ ਉਸਾਰੀ ਕਰਵਾਈ ਗਈ ਹੈ, ਜੋ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਹੈ ਅਤੇ ਥੜ੍ਹਾ ਸਾਹਿਬ ਨੂੰ ਮੰਜੀ ਸਾਹਿਬ ਦਾ ਰੂਪ ਦੇ ਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਜਾਇਆ ਹੋਇਆ ਹੈ।
ਇਸ ਪਿੰਡ ਦਾ ਪਹਿਲਾ ਨਾਂਅ ਝਿੰਗੜ ਜਗਹੇੜਾ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨ ਪੈ ਜਾਣ ਬਾਅਦ ਇਸ ਦਾ ਨਾਂਅ ਨਾਨਕਪੁਰ ਜਗੇੜਾ ਪੈ ਗਿਆ। ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਚਰਨ ਪਾਏ ਹੋਏ ਹਨ। ਉਸ ਸਮੇਂ ਡੇਰਿਆਂ 'ਤੇ ਮਹੰਤਾਂ ਦਾ ਕਬਜ਼ਾ ਸੀ ਤਾਂ ਨਾਨਕਿਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਨੂੰ ਜਾਣ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਅੰਦਰ ਬਣੇ ਡੇਰੇ ਵਿਚ ਆਏ ਸਨ, ਉਸ ਸਮੇਂ ਇਥੇ ਝਿੜੀ ਵਿਚ ਇਕ ਛੱਪੜੀ ਸੀ ਅਤੇ ਪਿੱਪਲ ਦੇ ਦਰੱਖਤ ਹੇਠ ਕੱਚੇ ਥੜ੍ਹੇ 'ਤੇ ਬਿਰਾਜਮਾਨ ਹੋਏ ਸਨ। ਸੰਨ 1920 ਵਿਚ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਡੇਰਿਆਂ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿਚ ਤਬਦੀਲ ਹੋਇਆ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸੇ ਕੜੀ ਹੇਠ ਨਾਨਕਪੁਰ ਜਗੇੜਾ ਦੇ ਡੇਰੇ ਨੂੰ 1935 ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਤਬਦੀਲ ਕੀਤਾ ਗਿਆ, ਜਿਸ ਦਾ ਪਹਿਲਾ ਗ੍ਰੰਥੀ ਬਾਬਾ ਲਾਲ ਦਾਸ ਜੀ ਨੂੰ ਬਣਾਇਆ ਗਿਆ, ਜਿਨ੍ਹਾਂ ਕੋਲ ਪਿੰਡ ਦੇ ਬੱਚੇ ਗੁਰਮੁਖੀ ਪੜ੍ਹਨ ਆਇਆ ਕਰਦੇ ਸਨ। ਹੁਣ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਲਈ ਕੀਤੇ ਐਲਾਨ ਬਾਅਦ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੇ ਯਤਨਾਂ ਸਦਕਾ ਨਾਨਕਪੁਰ ਜਗੇੜਾ ਨੂੰ 3 ਕਰੋੜ ਦੀ ਰਾਸ਼ੀ ਮਿਲੇਗੀ, ਜਿਸ ਨਾਲ ਪਿੰਡ ਦਾ ਸਮੁੱਚਾ ਵਿਕਾਸ ਕਰਵਾ ਕੇ ਪਿੰਡ ਦੀ ਦਿੱਖ ਸੁੰਦਰ ਬਣਾਈ ਜਾਵੇਗੀ।


-ਅੰਮ੍ਰਿਤਪਾਲ ਸਿੰਘ ਕੈਲੇ
ਡੇਹਲੋਂ। ਮੋਬਾ: 99153-00427

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਤਾਰੂ ਸਿੰਘ ਜੀ

ਭਾਈ ਤਾਰੂ ਸਿੰਘ ਪਿੰਡ ਪੂਹਲੇ ਦਾ ਰਹਿਣ ਵਾਲਾ ਨੌਜਵਾਨ ਗੁਰਸਿੱਖ ਸੀ। ਉਸ ਦੇ ਪਿਤਾ ਦਾ ਸਾਇਆ ਬਚਪਨ ਵਿਚ ਹੀ ਸਿਰੋਂ ਉੱਠ ਗਿਆ ਸੀ। ਉਸ ਦੀ ਬਹਾਦਰ ਮਾਤਾ ਨੇ ਆਪਣੇ ਇਕੋ-ਇਕ ਸਪੁੱਤਰ ਅਤੇ ਸਪੁੱਤਰੀ ਨੂੰ ਗੁਰਬਾਣੀ ਦੀਆਂ ਲੋਰੀਆਂ ਨਾਲ ਪਾਲਿਆ। ਉਸ ਨੇ ਭਾਈ ਤਾਰੂ ਸਿੰਘ ਦੀ ਰਗ-ਰਗ ਵਿਚ ਗੁਰੂ ਸਾਹਿਬਾਨ ਦੇ ਮਹਾਨ ਆਦਰਸ਼ ਭਰ ਦਿੱਤੇ ਸਨ। ਮਾਂ, ਧੀ ਅਤੇ ਪੁੱਤਰ ਹਰ ਸਮੇਂ ਰੱਬੀ ਪਿਆਰ ਅਤੇ ਮਨੁੱਖਤਾ ਦੀ ਸੇਵਾ ਵਿਚ ਗੜੂੰਦ ਰਹਿੰਦੇ ਸਨ। ਇਨ੍ਹਾਂ ਦੇ ਉੱਚੇ-ਸੁੱਚੇ ਇਖ਼ਲਾਕ, ਸੁਚੱਜੇ ਜੀਵਨ ਅਤੇ ਮਿੱਠੇ ਸੁਭਾਅ ਕਾਰਨ ਸਾਰੇ ਲੋਕ ਹੀ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ। ਭਾਈ ਤਾਰੂ ਸਿੰਘ ਖੇਤੀ ਦਾ ਕੰਮ ਕਰਦੇ ਸਨ ਅਤੇ ਆਪਣੀ ਕਿਰਤ-ਕਮਾਈ ਵਿਚੋਂ ਹਰ ਸਮੇਂ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਛਕਾਉਂਦੇ ਰਹਿੰਦੇ ਸਨ। ਕਈ ਵਾਰ ਸਿੰਘਾਂ ਦੇ ਜਥੇ ਵੀ ਉਨ੍ਹਾਂ ਕੋਲ ਕੁਝ ਦੇਰ ਠਹਿਰ ਜਾਂਦੇ ਸਨ। ਮਾਵਾਂ-ਧੀਆਂ ਲੰਗਰ ਤਿਆਰ ਕਰਦੀਆਂ ਅਤੇ ਭਾਈ ਤਾਰੂ ਸਿੰਘ ਲਿਜਾ ਕੇ ਸਿੰਘਾਂ ਨੂੰ ਛਕਾਉਂਦੇ। ਇਕ ਅਕ੍ਰਿਤਘਣ ਹਰਭਗਤ ਨਿਰੰਜਨੀਏ ਨੇ ਨਵਾਬ ਜ਼ਕਰੀਆ ਖਾਨ ਕੋਲ ਜਾ ਕੇ ਭਾਈ ਤਾਰੂ ਸਿੰਘ ਦੀ ਮੁਖ਼ਬਰੀ ਕਰ ਦਿੱਤੀ। ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਡਰ ਅਤੇ ਲਾਲਚ ਦੇ ਕੇ ਮੁਸਲਮਾਨ ਬਣਨ ਲਈ ਕਿਹਾ ਗਿਆ। ਭਾਈ ਸਾਹਿਬ ਨੇ ਕਿਹਾ ਕਿ ਮੁਸਲਮਾਨ ਹੋ ਕੇ ਵੀ ਦੁੱਖ-ਸੁਖ ਤੇ ਮੌਤ ਤੋਂ ਛੁਟਕਾਰਾ ਨਹੀਂ ਹੋਣਾ ਤਾਂ ਆਪਣਾ ਇਮਾਨ, ਧਰਮ ਕਿਉਂ ਛੱਡੀਏ? ਇਹ ਸਿੱਖੀ ਤਾਂ ਕੇਸਾਂ-ਸਵਾਸਾਂ ਨਾਲ ਨਿਭੇਗੀ। ਇਸ ਨਿਰਭੈ ਅਤੇ ਨਿਰਵੈਰ ਸਿੱਖ ਨੂੰ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ ਪਰ ਉਹ ਸਿਦਕ ਤੋਂ ਨਾ ਡੋਲਿਆ। ਅਖੀਰ ਪਹਿਲੀ ਜੁਲਾਈ, 1745 ਈ: ਨੂੰ ਭਾਈ ਸਾਹਿਬ ਦੀ ਖੋਪਰੀ ਉਤਾਰ ਦਿੱਤੀ ਗਈ।

ਪੰਜਾਬ ਵਿਚ ਇਤਿਹਾਸ ਸੰਭਾਲਣ ਦੇ ਯਤਨ ਕਿਵੇਂ ਆਰੰਭ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਅਪ੍ਰੈਲ, 1946 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬੋਰਡ ਦੀ ਸਰਪ੍ਰਸਤੀ ਦਾ ਜ਼ਿੰਮਾ ਲਿਆ ਅਤੇ ਇਸ ਦੇ ਅਹੁਦੇਦਾਰਾਂ ਵਜੋਂ ਬਾਬਾ ਪ੍ਰੇਮ ਸਿੰਘ ਹੋਤੀ ਨੂੰ ਪ੍ਰਧਾਨ, ਪ੍ਰੋ: ਤੇਜਾ ਸਿੰਘ ਮੀਤ ਪ੍ਰਧਾਨ ਅਤੇ ਡਾ: ਗੰਡਾ ਸਿੰਘ ਦੀ ਸਕੱਤਰ ਵਜੋਂ ਚੋਣ ਹੋਈ, ਇਸ ਤੋਂ ਇਲਾਵਾ ਬੋਰਡ ਆਫ ਕੰਟਰੋਲ ਦੇ 10 ਮੈਂਬਰ ਬਣਾਏ ਗਏ। ਸੁਸਾਇਟੀ ਦੇ ਮੁੱਖ ਉਦੇਸ਼ਾਂ, ਸਿੱਖ ਇਤਿਹਾਸ ਸਬੰਧੀ ਖੋਜ ਅਤੇ ਲਾਇਬ੍ਰੇਰੀ ਦੀ ਆਰੰਭਤਾ ਸਬੰਧੀ ਯੋਜਨਾਵਲੀ ਪ੍ਰਕਾਸ਼ਿਤ ਕੀਤੀ ਗਈ। ਇਸ ਸੁਸਾਇਟੀ ਨੇ ਸਭ ਤੋਂ ਪਹਿਲਾਂ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ' ਦੇ ਮੁਖੀ, ਅਹੁਦੇਦਾਰਾਂ ਨੂੰ ਪ੍ਰੇਰ ਕੇ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਅਪ੍ਰੈਲ, 1946 ਵਿਚ ਹੀ ਕਾਇਮ ਕਰਵਾਈ, ਜਿਸ ਦੀ ਪੂਰਣਤਾ ਤੇ ਸੰਭਾਲ ਦੀ ਜ਼ਿੰਮੇਵਾਰੀ ਵੀ ਸਿੱਖ ਹਿਸਟਰੀ ਸੁਸਾਇਟੀ ਨੂੰ ਸੌਂਪੀ ਗਈ। ਸ: ਰਣਧੀਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਗੁਰਦੁਆਰਾ ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਨਾਲ ਹੀ ਸੁਸਾਇਟੀ ਦੇ ਖੋਜ ਕਾਰਜਾਂ ਵਿਚ ਜੁਟੇ ਸਨ, ਦੀ ਯੋਗਤਾ ਅਤੇ ਲਗਨ ਨੂੰ ਵੇਖਦਿਆਂ ਉਨ੍ਹਾਂ ਨੂੰ ਲਾਇਬ੍ਰੇਰੀਅਨ ਨਿਯੁਕਤ ਕੀਤਾ ਗਿਆ।
ਇਸ ਲਾਇਬ੍ਰੇਰੀ ਵਿਖੇ ਖੋਜੀ, ਵਿਦਵਾਨ ਇਥੇ ਹੀ ਬੈਠ ਖੋਜ ਕਾਰਜ ਕਰ ਸਕਣ, ਇਸ ਲਈ 'ਸਿੱਖ ਸੈਂਟਰਲ ਲਾਇਬ੍ਰੇਰੀ' ਦਾ ਨਾਂਅ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਰੱਖ ਦਿੱਤਾ ਗਿਆ, ਤਾਂ ਜੋ ਕਿਸੇ ਵੀ ਮੰਤਵ ਲਈ ਪੁਸਤਕ ਜਾਂ ਕੋਈ ਵੀ ਦੁਰਲੱਭ ਸਮੱਗਰੀ ਇਥੋਂ ਬਾਹਰ ਨਾ ਜਾ ਸਕੇ। ਇਸ ਤੋਂ ਇਲਾਵਾ 'ਦਰਬਾਰ ਸਾਹਿਬ ਕਮੇਟੀ' ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀ ਪ੍ਰਕਾਸ਼ਿਤ ਸਕੀਮ ਅਨੁਸਾਰ ਘੰਟਾਘਰ ਵਾਲੀ ਥਾਂ ਚੜ੍ਹਦੇ ਦਰਵਾਜ਼ੇ ਦੇ ਦੋਹੀਂ ਪਾਸੀਂ ਬੁੰਗੇ ਇਸ ਢੰਗ ਨਾਲ ਬਣਾਉਣ ਕਿ ਉਨ੍ਹਾਂ ਵਿਚ ਇਕ ਪਾਸੇ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਤੇ ਦੂਜੇ ਪਾਸੇ ਉਸ ਨਾਲ ਸਬੰਧਿਤ 'ਸਿੱਖ ਅਜਾਇਬ ਘਰ' ਤੇ 'ਤਸਵੀਰ ਘਰ' ਖੋਲ੍ਹੇ ਜਾ ਸਕਣ। ਸੁਸਾਇਟੀ ਦੀ ਸਬ ਕਮੇਟੀ ਦੀ ਮੰਗ ਅਨੁਸਾਰ 8 ਅਪ੍ਰੈਲ, 1946 ਵਿਚ 'ਬੋਰਡ ਆਫ ਕੰਟਰੋਲ' ਨੇ ਪ੍ਰੋ: ਤੇਜਾ ਸਿੰਘ, ਸ: ਈਸ਼ਰ ਸਿੰਘ ਮਝੈਲ, ਸ: ਸੋਹਨ ਸਿੰਘ (ਹੈੱਡ ਲਾਇਬ੍ਰੇਰੀਅਨ, ਸ: ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਲਾਹੌਰ ਤੇ ਸਕੱਤਰ ਡਾ: ਗੰਡਾ ਸਿੰਘ ਦੀ ਸਬ-ਕਮੇਟੀ ਬਣਾਈ, ਜੋ 10 ਅਪ੍ਰੈਲ, 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਨੂੰ ਮਿਲੀ ਅਤੇ ਇਸ ਸਬੰਧੀ ਹੋਈ ਗੱਲਬਾਤ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਮਤਾ ਨੰ: 822 ਮਿਤੀ 27.4.1946 ਰਾਹੀਂ ਕੁਝ ਫੈਸਲੇ ਪ੍ਰਵਾਨ ਹੋਏ ਕਿ ਸੈਂਟਰਲ ਸਿੱਖ ਲਾਇਬ੍ਰੇਰੀ ਖੋਲ੍ਹਣ ਦਾ ਫੈਸਲਾ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 490 ਮਿਤੀ 20.4.45 ਰਾਹੀਂ ਹੋ ਚੁੱਕਾ ਹੈ, ਕਿਤਾਬਾਂ ਸਿੱਖ ਹਿਸਟਰੀ ਸੁਸਾਇਟੀ, ਅੰਮ੍ਰਿਤਸਰ ਦੁਆਰਾ ਖਰੀਦੀਆਂ ਜਾਣਗੀਆਂ ਤੇ ਉਸ ਦੇ ਸਕੱਤਰ ਕੋਲ ਇਕ ਸਮੇਂ ਇਕ ਹਜ਼ਾਰ ਰੁ: ਤੱਕ ਦੀਆਂ ਕਿਤਾਬਾਂ ਖ਼ਰੀਦਣ ਦਾ ਅਧਿਕਾਰ ਹੋਵੇਗਾ, ਲਾਇਬ੍ਰੇਰੀਅਨ ਦੀ ਨਿਯੁਕਤੀ ਸਿੱਖ ਹਿਸਟਰੀ ਸੁਸਾਇਟੀ ਦੀ ਸਿਫਾਰਸ਼ ਅਨੁਸਾਰ ਹੋਵੇਗੀ, ਸ਼੍ਰੋਮਣੀ ਕਮੇਟੀ ਦੇ ਜੋ ਮੁਲਾਜ਼ਮ ਹਿਸਟਰੀ ਖੋਜ ਕਾਰਜ 'ਤੇ ਲੱਗੇ ਹਨ, ਸੁਸਾਇਟੀ ਦੀ ਹਦਾਇਤ ਅਤੇ ਨਿਗਰਾਨੀ ਅਨੁਸਾਰ ਕਾਰਜ ਕਰਨਗੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਰੀਸਰਚ ਸਕਾਲਰ ਸਿੱਖ ਇਤਿਹਾਸ ਰੀਸਰਚ ਬੋਰਡ, ਸ੍ਰੀ ਅੰਮ੍ਰਿਤਸਰ।
simran.sidhu662@gmail.com

ਭਾਰਤ ਦੇ ਪ੍ਰਾਚੀਨ ਮੰਦਰ-3

ਭੈਰਵ ਮੰਦਰ ਉਜੈਨ (ਮੱਧ ਪ੍ਰਦੇਸ਼)

ਕਾਲ ਭੈਰਵ ਮੰਦਰ 'ਉਜੈਨ ਨਗਰੀ' ਮੱਧ ਪ੍ਰਦੇਸ਼ ਤੋਂ 8 ਕਿਲੋਮੀਟਰ ਦੀ ਦੂਰੀ 'ਤੇ ਸ਼ਿਪਰਾ ਨਦੀ ਦੇ ਤੱਟ ਉੱਪਰ ਸਥਿਤ ਹੈ। ਇਹ ਰਹੱਸਮਈ ਮੰਦਰ 6 ਹਜ਼ਾਰ ਸਾਲ ਪੁਰਾਣਾ ਹੈ। ਕਾਲ ਭੈਰਵ ਸ਼ਿਵ ਜੀ ਦਾ ਹੀ ਪ੍ਰਚੰਡ ਅਤੇ ਤੇਜਸਵੀ ਰੂਪ ਮੰਨਿਆ ਗਿਆ ਹੈ। ਪੁਰਾਣ ਦੱਸਦੇ ਹਨ ਕਿ ਸ਼ਿਵ ਜੀ ਭਗਵਾਨ ਦੇ ਪੰਜਵੇਂ ਅਵਤਾਰ ਭੈਰਵ ਨਾਥ ਹੀ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਕਾਲ ਭੈਰਵ ਦਾ ਜਨਮ ਸ਼ਿਵ ਜੀ ਭਗਵਾਨ ਦੇ ਖੂਨ ਨਾਲ ਹੀ ਹੋਇਆ ਸੀ ਅਤੇ ਕਾਲ ਭੈਰਵ ਦਾ ਇਹ ਯੁਵਾ ਰੂਪ ਹੀ ਉਜੈਨ ਨਗਰੀ ਵਿਚ ਸਥਿਤ ਹੈ। ਭੈਰਵ ਸ਼ਬਦ ਤਿੰਨਾਂ ਨਾਵਾਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਨੂੰ ਮਿਲਾ ਕੇ ਹੀ ਬਣਦਾ ਹੈ। ਪ੍ਰਾਚੀਨ ਸਮੇਂ ਵਿਚ ਇਸ ਮੰਦਰ ਵਿਚ ਸਿਰਫ ਤਾਂਤਰਿਕ ਹੀ ਜਾਂਦੇ ਸਨ, ਜੋ ਕਾਲ ਭੈਰਵ ਨੂੰ ਖੁਸ਼ ਕਰਨ ਲਈ ਪਸ਼ੂਆਂ ਦੀ ਬਲੀ ਦੇ ਕੇ ਮਦੁਰਾਪਾਨ ਕਰਵਾਉਂਦੇ ਸਨ ਪਰ ਹੌਲੀ-ਹੌਲੀ ਮਾਸ ਦੀ ਬਲੀ ਦੀ ਪਰੰਪਰਾ ਖ਼ਤਮ ਹੋ ਗਈ ਪਰ (ਮਦੁਰਾ) ਸ਼ਰਾਬ ਦਾ ਭੋਗ ਹੁਣ ਵੀ ਲਗਾਇਆ ਜਾਂਦਾ ਹੈ।
ਮੰਦਰ ਦੇ ਬਾਹਰ ਹਮੇਸ਼ਾ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਪ੍ਰਸ਼ਾਦ ਦੇ ਰੂਪ ਵਿਚ ਫੁੱਲਾਂ ਨਾਲ ਸ਼ਰਾਬ ਵੀ ਮਿਲਦੀ ਹੈ, ਜੋ ਕਾਲ ਭੈਰਵ ਮੰਦਰ ਵਿਚ ਚੜ੍ਹਾਈ ਜਾਂਦੀ ਹੈ। ਮੰਦਰ ਦੇ ਪੁਰਾਣੇ ਪੁਜਾਰੀ ਦੱਸਦੇ ਹਨ ਕਿ ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ। ਕਈ ਪੀੜ੍ਹੀਆਂ ਤੋਂ ਸੇਵਾ ਕਰ ਰਹੇ ਸ਼ਰਧਾਲੂ ਦੱਸਦੇ ਹਨ ਕਿ ਉਨ੍ਹਾਂ ਦੇ ਦਾਦੇ ਦੇ ਸਮੇਂ ਇਸ ਰਹੱਸ ਨੂੰ ਉਜਾਗਰ ਕਰਨ ਲਈ ਇਕ ਅੰਗਰੇਜ਼ ਨੇ ਇਸ ਮੰਦਰ ਦੀ ਜਾਂਚ ਕਰਵਾਈ ਸੀ। ਉਸ ਨੇ ਮੰਦਰ ਦੇ ਆਲੇ-ਦੁਆਲੇ ਖੁਦਵਾਈ ਵੀ ਕਰਵਾਈ ਸੀ ਪਰ ਇਹ ਰਾਜ਼ ਉਜਾਗਰ ਨਹੀਂ ਹੋ ਸਕਿਆ। ਇਹ ਕਿਹਾ ਜਾਂਦਾ ਹੈ ਕਿ ਉਹ ਅੰਗਰੇਜ਼ ਵੀ ਬਾਅਦ ਵਿਚ ਕਾਲ ਭੈਰਵ ਦਾ ਸ਼ਰਧਾਲੂ ਬਣ ਗਿਆ ਸੀ ਤੇ ਉਸ ਨੇ ਹਮੇਸ਼ਾ ਹੀ ਇਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਮੰਦਰ ਦੀ ਪ੍ਰਸਿੱਧੀ ਅਤੇ ਮਹੱਤਤਾ ਨੂੰ ਦੇਖਦੇ ਹੋਏ ਉਜੈਨ ਪ੍ਰਸ਼ਾਸਨ ਵਲੋਂ ਇਸ ਮੰਦਰ ਨੂੰ ਮਨਜ਼ੂਰੀ ਮਿਲੀ ਹੋਈ ਹੈ ਅਤੇ ਪ੍ਰਸ਼ਾਸਨ ਵਲੋਂ ਵੀ ਖਾਸ ਦਿਨਾਂ ਵਿਚ ਕਾਲ ਭੈਰਵ ਦੀ ਮੂਰਤੀ ਨੂੰ ਮਦੁਰਾ ਦਾ ਭੋਗ ਲਗਾਇਆ ਜਾਂਦਾ ਹੈ। ਇਸ ਮੰਦਰ ਦਾ ਰਹੱਸ ਅੱਜ ਆਧੁਨਿਕ ਵਿਗਿਆਨ ਨੂੰ ਵੀ ਚੁਣੌਤੀ ਦਿੰਦਾ ਹੈ। ਇਸ ਰਹੱਸ ਨੂੰ ਜਾਨਣ ਲਈ ਸਾਨੂੰ ਕਾਲ ਭੈਰਵ ਮੰਦਰ ਦੀ ਯਾਤਰਾ ਕਰਨੀ ਚਾਹੀਦੀ ਹੈ।


-ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਤੁਧੁ ਆਪੇ ਆਪੁ ਉਪਾਇਆ॥

ਸਿਰੀਰਾਗੁ ਮਹਲਾ ੧ ਘਰੁ ੩
ਤੁਧੁ ਆਪੇ ਆਪੁ ਉਪਾਇਆ॥
ਦੂਜਾ ਖੇਲੁ ਕਰਿ ਦਿਖਲਾਇਆ॥
ਸਭੁ ਸਚੋ ਸਚੁ ਵਰਤਦਾ
ਜਿਸੁ ਭਾਵੈ ਤਿਸੈ ਬੁਝਾਇ ਜੀਉ॥ ੨੦॥
ਗੁਰ ਪਰਸਾਦੀ ਪਾਇਆ॥
ਤਿਥੈ ਮਾਇਆ ਮੋਹੁ ਚੁਕਾਇਆ॥
ਕਿਰਪਾ ਕਰਿ ਕੈ ਆਪਣੀ
ਆਪੇ ਲਏ ਸਮਾਇ ਜੀਉ॥ ੨੧॥
ਗੋਪੀ ਨੈ ਗੋਆਲੀਆ॥
ਤੁਧੁ ਆਪੇ ਗੋਇ ਉਠਾਲੀਆ॥
ਹੁਕਮੀ ਭਾਂਡੇ ਸਾਜਿਆ
ਤੂੰ ਆਪੇ ਭੰਨਿ ਸਵਾਰਿ ਜੀਉ॥ ੨੨॥
ਜਿਨ ਸਤਿਗੁਰ ਸਿਉ ਚਿਤੁ ਲਾਇਆ॥
ਤਿਨੀ ਦੂਜਾ ਭਾਉ ਚੁਕਾਇਆ॥
ਨਿਰਮਲ ਜੋਤਿ ਤਿਨ ਪ੍ਰਾਣੀਆ
ਓਇ ਚਲੇ ਜਨਮੁ ਸਵਾਰਿ ਜੀਉ॥ ੨੩॥
ਤੇਰੀਆ ਸਦਾ ਸਦਾ ਚੰਗਿਆਈਆ॥
ਮੈ ਰਾਤਿ ਦਿਹੈ ਵਡਿਆਈਆਂ॥
ਅਣਮੰਗਿਆ ਦਾਨੁ ਦੇਵਣਾ
ਕਹੁ ਨਾਨਕ ਸਚੁ ਸਮਾਲਿ ਜੀਉ॥ ੨੪॥ ੧॥ (ਅੰਗ 73)
ਪਦ ਅਰਥ : ਆਪੇ ਆਪੁ-ਆਪਣੇ ਆਪ ਨੂੰ। ਉਪਾਇਆ-ਪੈਦਾ ਕੀਤਾ ਹੈ। ਦੂਜਾ ਖੇਲੁ-ਕੁਦਰਤ ਅਤੇ ਜਗਤ ਰਚਨਾ ਦਾ ਤਮਾਸ਼ਾ। ਕਰਿ ਦਿਖਲਾਇਆ-ਕਰਕੇ ਦਿਖਾਇਆ ਹੈ। ਸਭੁ-ਹਰੇਕ ਥਾਂ। ਸਚੋ ਸਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ ਦਾ ਹੀ। ਵਰਤਦਾ-ਵਰਤਾਰਾ ਹੈ। ਜਿਸੁ ਭਾਵੈ-ਜਿਸ 'ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਤਿਸੈ ਬੁਝਾਇ-ਉਸ ਨੂੰ (ਇਹ ਭੇਦ) ਸਮਝਾ ਦਿੰਦਾ ਹੈ।
ਗੁਰਪਰਸਾਦੀ-ਗੁਰੂ ਦੀ ਕਿਰਪਾ ਨਾਲ। ਪਾਇਆ-(ਇਸ ਭੇਦ ਨੂੰ) ਪਾ ਲਿਆ ਹੈ, ਜਿਸ ਨੂੰ ਇਸ ਭੇਦ ਦੀ ਸੋਝੀ ਪੈ ਜਾਂਦੀ ਹੈ। ਤਿਥੈ-ਉਸ ਦੇ (ਹਿਰਦੇ ਵਿਚੋਂ)। ਮਾਇਆ ਮੋਹੁ ਚੁਕਾਇਆ-ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਆਪੇ ਲਏ ਸਮਾਇ-ਆਪਣੇ ਵਿਚ ਸਮਾਅ ਲੈਂਦਾ ਹੈ, ਆਪਣੇ ਵਿਚ ਲੀਨ ਕਰ ਲੈਂਦਾ ਹੈ। ਨੈ-ਨਦੀ (ਜਮਨਾ ਨਦੀ)। ਗੋਆਲੀਆ-ਗਊਆਂ ਚਾਰਨ ਵਾਲਾ, ਗੋਪਾਲ, ਗੋਆਲਾ। ਗੋਇ-ਧਰਤੀ। ਉਠਾਲੀਆ-ਉਠਾਈ ਹੋਈ ਹੈ, ਚੁੱਕੀ ਹੋਈ ਹੈ। ਹੁਕਮੀ-(ਆਪਣੇ) ਹੁਕਮ ਨਾਲ ਹੀ। ਭਾਂਡੇ-ਜੀਵ ਰੂਪੀ ਭਾਂਡੇ। ਸਾਜਿਆ-ਬਣਾਇਆ ਹੈ। ਭੰਨਿ ਸਵਾਰਿ ਜੀਉ-ਭੰਨ ਕੇ ਸਵਾਰਨ ਵਾਲਾ ਹੈ ਭਾਵ ਮਾਰ ਕੇ ਜੀਵਾਲਣ ਵਾਲਾ ਹੈ।
ਦੂਜਾ ਭਾਉ-ਦੂਜੀ ਮਾਇਆ ਦਾ ਪਿਆਰ। ਚੁਕਾਇਆ-ਚੁਕਾ ਲਿਆ ਹੈ, ਦੂਰ ਕਰਲਿਆ ਹੈ। ਨਿਰਮਲ-ਪਵਿੱਤਰ। ਤਿਨ-ਉਨ੍ਹਾਂ। ਓਇ-ਉਹ। ਸਵਾਰਿ-ਸੰਵਾਰ ਕੇ। ਚੰਗਿਆਈਆ-ਗੁਣ, ਨੇਕੀਆਂ। ਦਿਹੈ-ਦਿਨ। ਵਡਿਆਈਆ-ਸਲਾਹੁੰਦਾ ਹਾਂ। ਅਣਮੰਗਿਆ-ਮੰਗਣ ਤੋਂ ਬਿਨਾਂ ਹੀ। ਦਾਨੁ ਦੇਵਣਾ-ਦਾਨ ਦਿੰਦਾ ਹੈ।
ਪਰਮਾਤਮਾ ਦੇ ਗੁਣਾਂ ਨੂੰ ਵਰਨਣ ਕੀਤਾ ਨਹੀਂ ਜਾ ਸਕਦਾ, ਜੋ ਆਪਣੇ-ਆਪ ਨੂੰ ਆਪ ਹੀ ਪੈਦਾ ਕਰਕੇ ਪ੍ਰਗਟ ਹੋਇਆ ਹੈ ਅਤੇ ਸਭਨਾਂ ਅੰਦਰ ਗੁਪਤ ਰੂਪ ਅਥਵਾ ਸੂਖਮ ਰੂਪ ਵਿਚ ਰਮਿਆ ਹੋਇਆ ਹੈ। ਜਗਤ ਦਾ ਸਹਾਰਾ ਅਜਿਹਾ ਪ੍ਰਭੂ ਸਭ ਜੀਵਾਂ ਦੀ ਸਾਂਭ-ਸੰਭਾਲ ਵੀ ਕਰਦਾ ਹੈ। ਰਾਗੁ ਮਾਰੂ ਸੋਲਹੇ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਆਪੇ ਆਪੁ ਉਪਾਇ ਉਪੰਨਾ॥
ਸਭ ਮਹਿ ਵਰਤੈ ਏਕੁ ਪਰਛੰਨਾ॥
ਸਭਨਾ ਸਾਰ ਕਰੇ ਜਗਜੀਵਨੁ
ਜਿਨਿ ਅਪਣਾ ਆਪੁ ਪਛਾਤਾ ਹੇ॥
(ਅੰਗ 1051)
ਉਪਾਇ-ਪੈਦਾ ਕਰਦਾ ਹੈ। ਉਪੰਨਾ-ਪ੍ਰਗਟ ਹੋਇਆ ਹੈ। ਪਰਛੰਨਾ-ਗੁਪਤ ਅਥਵਾ ਸੂਖਮ ਰੂਪ ਵਿਚ। ਜਗਜੀਵਨ-ਜਗਤ ਨੂੰ ਜੀਵਨ ਦੇਣ ਵਾਲਾ, ਜਗਤ ਦਾ ਸਹਾਰਾ।
ਜਿਹੜੇ ਉਸ ਮੂਲ ਪ੍ਰਭੂ ਦੇ ਲੜ ਲਗਦੇ ਹਨ, ਉਹ ਸੁਖ ਪਾਉਂਦੇ ਹਨ ਪਰ ਜੋ ਮਾਇਕ ਪਦਾਰਥਾਂ ਪਿੱਛੇ ਲੱਗੇ ਰਹਿੰਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਹੀ ਗੁਆ ਲੈਂਦੇ ਹਨ-
ਇਕਿ ਮੂਲਿ ਲਾਗੇ ਓਨੀ ਸੁਖੁ ਪਾਇਆ॥
ਡਾਲੀ ਲਾਗੇ ਤਿਨੀ ਜਨਮੁ ਗਵਾਇਆ॥ (ਅੰਗ 1051)
ਮੂਲਿ-ਮੂਲ ਪ੍ਰਭੂ ਵਿਚ, ਜਗਤ ਦੇ ਰਚਨਹਾਰ ਵਿਚ। ਡਾਲੀ-ਡਾਲੀਆਂ ਪਿੱਛੇ, ਮਾਇਕ ਪਦਾਰਥਾਂ ਪਿੱਛੇ। ਤਿਨੀ-ਉਨ੍ਹਾਂ ਨੇ।
ਆਤਮਿਕ ਰੂਪੀ ਫਲ ਅਰਥਾਤ ਆਤਮਿਕ ਜੀਵਨ ਦੇਣ ਵਾਲਾ ਫਲ ਉਨ੍ਹਾਂ ਜੀਵਾਂ ਨੂੰ ਹੀ ਲਗਦਾ ਹੈ, ਜੋ ਆਤਮਿਕ ਰੂਪੀ ਫਲ ਅਰਥਾਤ ਆਤਮਿਕ ਜੀਵਨ ਦੇਣ ਵਾਲੀਆਂ ਸਿਫਤ ਸਾਲਾਹ ਦੀਆਂ ਗੱਲਾਂ ਕਰਦੇ ਹਨ, ਅੰਮ੍ਰਿਤਮਈ ਬਚਨ ਬੋਲਦੇ ਹਨ-
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ
ਜੋ ਬੋਲਹਿ ਅੰਮ੍ਰਿਤ ਬਾਤਾ ਹੇ॥ (ਅੰਗ 1051)
ਅੰਮ੍ਰਿਤ ਫਲ-ਆਤਮਿਕ ਜੀਵਨ ਦੇਣ ਵਾਲੇ ਫਲ। ਅੰਮ੍ਰਿਤ ਬਾਤਾ-ਅੰਮ੍ਰਿਤਮਈ ਬਚਨ ਬੋਲਦੇ ਹਨ।
ਇਸ ਪ੍ਰਕਾਰ ਜਿਹੜਾ ਪ੍ਰਾਣੀ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਸਰੀਰ ਨੂੰ ਗ੍ਰੱਸਣ ਵਾਲੇ ਪਾਪਾਂ ਤੋਂ ਦੂਰ ਕਰ ਲੈਂਦਾ ਹੈ। ਅਜਿਹੇ ਪ੍ਰਾਣੀ ਜਿਸ ਫਲ ਦੀ ਵੀ ਕਾਮਨਾ ਕਰਦਾ ਹੈ, ਉਸ ਦੀ ਹੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਉਸ ਦਾ ਮਨ ਫਿਰ ਨਾਮ ਵਿਚ ਪਸੀਜ ਜਾਂਦਾ ਹੈ, ਮਜੀਠ ਦੇੇ ਪੱਕੇ ਰੰਗ ਵਾਂਗ ਨਾਮ ਵਿਚ ਰੰਗਿਆ ਜਾਂਦਾ ਹੈ-
ਕੋਟ ਗਹੀ ਕੇ ਪਾਪ ਨਿਵਾਰੇ॥
ਸਦਾ ਹਰਿ ਜੀਉ ਰਾਖੈ ਉਰ ਧਾਰੇ॥
ਜੋ ਇਛੇ ਸੋਈ ਫਲੁ ਪਾਏ
ਜਿਉ ਰੰਗੁ ਮਜੀਠੈ ਰਾਤਾ ਹੇ॥ (ਅੰਗ 1051)
ਕੋਟਿ-ਕਿਲ੍ਹਾ, ਸਰੀਰ। ਗਹੀ ਪਾਪ-ਗ੍ਰਹਸਣ ਵਾਲੇ ਪਾਪ। ਨਿਵਾਰ-ਦੂਰ ਕਰ ਲੈਂਦਾ ਹੈ। ਉਰਧਾਰੇ-ਹਿਰਦੇ ਵਿਚ ਵਸਾਈ ਰੱਖਦਾ ਹੈ। ਰੰਗੁ ਮਜੀਠੈ-ਮਜੀਠ ਦਾ ਰੰਗ (ਜੋ ਪੱਕਾ ਹੁੰਦਾ ਹੈ, ਉਤਰਦਾ ਨਹੀਂ)।
ਇਸ ਲਈ ਹੇ ਭਾਈ, ਜਿਸ ਪ੍ਰਭੂ ਦੇ ਦਰ 'ਤੇ ਮੰਗਤੇ ਬਣ ਕੇ ਅਸੀਂ ਮੰਗਦੇ ਹਾਂ, ਉਸ ਗੁਣਾਂ ਦੇ ਖਜ਼ਾਨੇ ਮਾਲਕ ਨੂੰ ਸਦਾ ਸਿਮਰਨਾ ਚਾਹੀਦਾ ਹੈ-
ਗੁਣ ਨਿਧਾਨ ਸਿਮਰੰਤਿ ਨਾਨਕ
ਸਗਲ ਜਾਚੰਤ ਜਾਚਿਕਹ॥
(ਸਲੋਕ ਸਹਸਕ੍ਰਿਤੀ ਮਹਲਾ ੫, ਅੰਗ 1357)
ਜਾਚੰਤ-ਮੰਗਦੇ ਹਾਂ। ਜਾਚਿਕਹ-ਮੰਗਤੇ।
ਅੱਖਰੀਂ ਅਰਥ : ਹੇ ਪ੍ਰਭੂ, ਤੂੰ ਆਪ ਹੀ ਆਪਣੇ ਆਪ ਨੂੰ ਪੈਦਾ ਕੀਤਾ ਹੈ ਅਤੇ ਜਗਤ ਵਿਚ ਮਾਇਆ ਦਾ ਤਮਾਸ਼ਾ ਵੀ ਤੂੰ ਆਪ ਹੀ ਪੈਦਾ ਕਰਕੇ ਦਿਖਾਇਆ ਹੈ। ਸਦਾ ਥਿਰ ਪ੍ਰਭੂ ਦਾ ਹੀ ਹਰ ਥਾਂ ਵਰਤਾਰਾ ਹੈ ਭਾਵ ਹਰ ਥਾਂ ਮੌਜੂਦ ਹੈ। ਜਿਸ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸ ਨੂੰ ਇਹ ਭੇਦ ਸਮਝਾ ਦਿੰਦਾ ਹੈ, ਉਸ ਨੂੰ ਇਸ ਭੇਦ ਦੀ ਸੋਝੀ ਪੈ ਜਾਂਦੀ ਹੈ।
ਗੁਰੂ ਦੀ ਕਿਰਪਾ ਸਦਕਾ ਜਿਸ ਨੂੰ ਇਸ ਭੇਦ ਦੀ ਸੋਝੀ ਪੈ ਜਾਂਦੀ ਹੈ, ਉਸ ਦੇ (ਹਿਰਦੇ ਵਿਚੋਂ) ਪਰਮਾਤਮਾ ਮਾਇਆ ਦੇ ਮੋਹ ਨੂੰ ਦੂਰ ਕਰ ਦਿੰਦਾ ਹੈ ਅਤੇ ਆਪਣੀ ਕਿਰਪਾ ਸਦਕਾ ਫਿਰ ਆਪ ਹੀ ਉਸ ਨੂੰ ਆਪਣੇ ਵਿਚ ਸਮਾਅ ਲੈਂਦਾ ਹੈ ਅਰਥਾਤ ਆਪਣੇ ਵਿਚ ਲੀਨ ਕਰ ਲੈਂਦਾ ਹੈ।
ਹੇ ਪ੍ਰਭੂ, ਤੂੰ ਆਪ ਹੀ (ਜਮਨਾ) ਨਦੀ 'ਤੇ ਗਊਆਂ ਨੂੰ ਚਾਰਨ ਵਾਲਾ ਗੋਪਾਲਾ ਹੈਂ। ਆਪ ਹੀ, ਹੇ ਪ੍ਰਭੂ, ਤੂੰ ਧਰਤੀ ਨੂੰ ਉਠਾਇਆ ਹੋਇਆ ਹੈ। ਆਪਣੇ ਹੁਕਮ ਦੁਆਰਾ ਹੀ ਜੀਵ ਰੂਪ ਭਾਂਡਿਆਂ ਨੂੰ ਸਾਜਿਆ (ਬਣਾਇਆ) ਹੈ ਅਤੇ ਤੂੰ ਆਪੇ ਹੀ ਇਨ੍ਹਾਂ ਨੂੰ ਭੰਨ ਕੇ (ਨਾਸ ਕਰਕੇ) ਫਿਰ ਸਵਾਰਨ ਵਾਲਾ ਹੈਂ (ਭਾਵ ਮਾਰ ਕੇ ਫਿਰ ਆਪ ਹੀ ਜੀਵਾਲਣ ਵਾਲਾ ਹੈਂ)।
ਜਿਨ੍ਹਾਂ ਨੇ ਸਤਿਗੁਰੂ ਵਿਚ ਆਪਣੇ ਮਨ ਨੂੰ ਲਾਇਆ ਹੈ, ਉਨ੍ਹਾਂ ਨੇ ਆਪਣੇ ਅੰਦਰੋਂ ਮਾਇਆ ਦੇ ਮੋਹ ਨੂੰ ਦੂਰ ਕਰ ਲਿਆ ਹੈ। ਫਲਸਰੂਪ ਅਜਿਹੇ ਪ੍ਰਾਣੀਆਂ ਦੀ ਆਤਮਿਕ ਜੋਤਿ ਪਵਿੱਤਰ ਹੋ ਜਾਂਦੀ ਹੈ ਅਤੇ ਉਹ ਆਪਣਾ (ਮਨੁੱਖਾ) ਜਨਮ ਸੰਵਾਰ ਕੇ ਇਥੋਂ ਜਾਂਦੇ ਹਨ।
ਹੇ ਪ੍ਰਭੂ, ਤੇਰੀਆਂ ਸਦਾ ਕਾਇਮ ਰਹਿਣ ਵਾਲੀਆਂ ਚੰਗਿਆਈਆਂ ਅਥਵਾ ਗੁਣਾਂ ਨੂੰ ਮੈਂ ਦਿਨ-ਰਾਤ ਸਲਾਹੁੰਦਾ ਰਹਿੰਦਾ ਹਾਂ। ਤੂੰ ਬਿਨਾਂ ਮੰਗਣ ਤੋਂ ਦਾਤਾਂ ਦੇਣ ਵਾਲਾ ਹੈਂ। ਇਸ ਲਈ, ਹੇ ਭਾਈ, ਉਸ ਸਦਾ ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਰੱਖ।


-217-ਆਰ, ਮਾਡਲ ਟਾਊਨ, ਜਲੰਧਰ।

ਕਥਾਵਾਚਕ ਭਾਈ ਦਲੀਪ ਸਿੰਘ ਰਸੂਲਪੁਰ

ਭਾਈ ਦਲੀਪ ਸਿੰਘ ਰਸੂਲਪੁਰ ਦਾ ਜਨਮ ਮਾਤਾ ਦਵਿੰਦਰ ਕੌਰ ਦੀ ਕੁੱਖੋਂ ਪਿਤਾ ਸ: ਦਲਵਿੰਦਰ ਸਿੰਘ ਦੇ ਗ੍ਰਹਿ ਪਿੰਡ ਰਸੂਲਪੁਰ, ਜ਼ਿਲ੍ਹਾ ਪਟਿਆਲਾ ਵਿਖੇ 13 ਅਪ੍ਰੈਲ, 1990 ਨੂੰ ਹੋਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਢੁੰਢਿਆਲ ਖ਼ਾਲਸਾ ਸਕੂਲ ਪਟਿਆਲਾ ਤੋਂ ਪ੍ਰਾਪਤ ਕੀਤੀ। ਉਪਰੰਤ ਭਾਈ ਸਾਹਿਬ ਨੇ ਸੰਤ ਬਾਬਾ ਕਰਮ ਸਿੰਘ ਅਕੈਡਮੀ ਤੋਂ ਮਿਊਜ਼ਿਕ ਡਿਪਲੋਮਾ, ਕੀਰਤਨ ਅਤੇ ਤਬਲੇ ਦੀ ਤਾਲੀਮ ਹਾਸਲ ਕੀਤੀ। ਉਨ੍ਹਾਂ ਨੇ 10 ਤੋਂ 17 ਸਾਲ ਦੀ ਉਮਰ ਤੱਕ ਗੁਰਦੁਆਰਾ ਸਿਵਲ ਲਾਈਨ ਪਾਸੀ ਰੋਡ, ਪਟਿਆਲਾ ਵਿਖੇ ਬਤੌਰ ਸੇਵਾਦਾਰ ਦੀ ਡਿਊਟੀ ਵੀ ਨਿਭਾਈ। ਬਾਅਦ ਵਿਚ ਆਪ ਨੇ ਵਿਦੇਸ਼ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਦਾ ਮਨ ਬਣਾ ਲਿਆ ਤੇ ਪਹਿਲੀ ਵਾਰ ਥਾਈਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਵਿਖੇ ਸਿੱਖ ਇਤਿਹਾਸ ਦਾ ਪ੍ਰਚਾਰ ਕੀਤਾ। ਉਨ੍ਹਾਂ ਨੂੰ ਇਸ ਪਾਸੇ ਹੋਰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਵੱਡੇ ਭਰਾ ਭਾਈ ਗੁਰਿੰਦਰ ਸਿੰਘ ਜੋ ਕਿ ਪਿੰਡ ਰਸੂਲਪੁਰ ਵਿਖੇ ਰਹਿੰਦੇ ਹਨ, ਵਲੋਂ ਘਰ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਭਾਈ ਦਲੀਪ ਸਿੰਘ ਹਾਂਗਕਾਂਗ, ਸਿੰਗਾਪੁਰ ਅਤੇ ਮਲੇਸ਼ੀਆ ਵਿਖੇ ਦੋ ਵਾਰ ਸਿੱਖੀ ਦਾ ਪ੍ਰਚਾਰ ਕਰ ਚੁੱਕੇ ਹਨ। ਅੱਜਕਲ੍ਹ ਭਾਈ ਦਲੀਪ ਸਿੰਘ ਗੁਰਦੁਆਰਾ ਸਿੰਘ ਸਭਾ ਬੈਂਕਾਕ ਵਿਖੇ ਬਤੌਰ ਕਥਾਵਾਚਕ ਸੇਵਾ ਦੇ ਨਾਲ-ਨਾਲ ਅਰਦਾਸੀਏ ਅਤੇ ਦਫ਼ਤਰੀ ਕੰਮਕਾਜ ਦੀ ਵੀ ਸੇਵਾ ਨਿਭਾਅ ਰਹੇ ਹਨ।


-ਰਾਜਿੰਦਰ ਸਿੰਘ ਮੌਜੀ,
ਦੇਵੀਗੜ੍ਹ।

ਜਨਮ ਦਿਨ 'ਤੇ ਵਿਸ਼ੇਸ਼

ਸੰਤ ਬਾਬਾ ਵਰਿਆਮ ਸਿੰਘ ਰਤਵਾੜਾ

ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਵਾਲਿਆਂ ਨੇ ਆਪਣਾ ਪੂਰਾ ਜੀਵਨ ਸੇਵਾ, ਸਿਮਰਨ ਅਤੇ ਲੋਕ ਭਲੇ ਲਈ ਜੀਵਿਆ। ਪਰਉਪਕਾਰੀ, ਨਾਮਰਸੀਏ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅਸੀਸ ਅਤੇ ਪ੍ਰੇਰਨਾ ਨਾਲ ਬਾਬਾ ਵਰਿਆਮ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਕਰਕੇ ਸਿੱਖ ਸੰਗਤ ਵਿਚ ਵਿਸ਼ੇਸ਼ ਥਾਂ ਬਣਾ ਲਈ। ਆਪ ਦਾ ਜਨਮ 17 ਜੂਨ, 1918 ਈ: ਨੂੰ ਪਿੰਡ ਧਮੋਟ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਚਪਨ ਤੋਂ ਹੀ ਆਪ ਦੀ ਰੁਚੀ ਪ੍ਰਭੂ ਸਿਮਰਨ ਤੇ ਲੋਕ ਭਲੇ ਦੇ ਕਾਰਜਾਂ ਵੱਲ ਸੀ। ਆਪ ਨੇ ਫੌਜ ਦੀ ਨੌਕਰੀ ਦੌਰਾਨ ਵੀ ਪਰਉਪਕਾਰੀ ਕਾਰਜਾਂ ਦੇ ਨਾਲ-ਨਾਲ ਧਰਮ ਪ੍ਰਚਾਰ ਦੀ ਡਿਊਟੀ ਨੂੰ ਵੀ ਬੜੇ ਉਤਸ਼ਾਹ ਅਤੇ ਪ੍ਰੇਮ ਨਾਲ ਨਿਭਾਇਆ।
ਪਰਉਪਕਾਰੀ ਰੂਹ ਬਾਬਾ ਈਸ਼ਰ ਸਿੰਘ ਦੀ ਪ੍ਰੇਰਨਾ ਨਾਲ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਵਿਚ ਫਾਰਮ ਆਬਾਦ ਕੀਤਾ। ਇਥੇ ਰਹਿੰਦਿਆਂ ਆਪਣੇ ਜੀਵਨ ਦੀ ਖੁਸ਼ਬੂ ਨਾਲ ਹਜ਼ਾਰਾਂ ਲੋਕਾਂ ਤੋਂ ਨਸ਼ੇ ਛੁਡਾ ਕੇ ਸਿੱਖੀ ਧਾਰਨ ਕਰਵਾ ਕੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦੇ ਮਹਾਨ ਕਾਰਜ ਕੀਤੇ। ਥੋੜ੍ਹੇ ਸਮੇਂ ਬਾਅਦ ਫਾਰਮ ਛੱਡ ਕੇ ਪੰਜਾਬ ਦੇ ਨਵੇਂ ਬਣੇ ਮੌਜੂਦਾ ਜ਼ਿਲ੍ਹਾ ਅਜੀਤਗੜ੍ਹ (ਮੋਹਾਲੀ) ਦੇ ਪਛੜੇ ਇਲਾਕੇ ਵਿਚ ਪ੍ਰਚਾਰ ਲਈ ਕਮਰਕੱਸੇ ਕਰ ਲਏ, ਜਿਥੇ ਅੱਜਕਲ੍ਹ ਨਿਊ ਚੰਡੀਗੜ੍ਹ ਦਾ ਨਵਾਂ ਸ਼ਹਿਰ ਉਸਾਰੀ ਅਧੀਨ ਹੈ। 1986 ਵਿਚ ਚੰਡੀਗੜ੍ਹ-ਮੁਹਾਲੀ ਦੇ ਨੇੜੇ ਪਿੰਡ ਰਤਵਾੜਾ (ਨੇੜੇ ਮੁੱਲਾਂਪੁਰ ਗਰੀਬਦਾਸ) ਵਿਖੇ ਧਰਮ ਪ੍ਰਚਾਰ ਕੇਂਦਰ ਸਥਾਪਿਤ ਕਰਕੇ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਨੂੰ ਦ੍ਰਿੜ੍ਹ ਕਰਵਾ ਕੇ ਮਾਨਵਤਾ ਦੇ ਧਰਮ ਵਜੋਂ ਪ੍ਰਚਾਰਨਾ ਸ਼ੁਰੂ ਕੀਤਾ। 1993 ਈ: ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਪਿੰਡ-ਪਿੰਡ ਜਾ ਕੇ ਹੜ੍ਹ-ਪੀੜਤਾਂ ਦੀ ਸਹਾਇਤਾ ਕੀਤੀ। ਇਸ ਭਿਆਨਕ ਦੁੱਖ ਦੇ ਸਮੇਂ ਆਪ ਲੋੜਵੰਦਾਂ ਲਈ ਮਸੀਹਾ ਬਣ ਕੇ ਬਹੁੜੇ। ਜਨਵਰੀ, 2000 ਵਿਚ ਗੁਜਰਾਤ ਵਿਚ ਆਏ ਭੁਚਾਲ ਦੇ ਮੌਕੇ ਗੁਜਰਾਤ ਪੁੱਜੇ। ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ 1 ਕਰੋੜ 27 ਲੱਖ ਰੁਪਏ ਦੀ ਰਾਹਤ ਸਮੱਗਰੀ ਵੰਡ ਕੇ ਇਕ ਸੱਚੇ-ਸੁੱਚੇ ਧਰਮੀ ਸਿੱਖ ਦੀ ਤਸਵੀਰ ਇਸ ਇਲਾਕੇ ਦੇ ਲੋਕਾਂ ਵਿਚ ਪੇਸ਼ ਕੀਤੀ।
ਬਾਬਾ ਜੀ ਭਾਵੇਂ 31 ਅਕਤੂਬਰ, 2001 ਨੂੰ ਸਿੱਖ ਸੰਗਤ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਲੋਕ-ਭਲੇ ਦੇ ਕਾਰਜ ਨਿਰੰਤਰ ਉਸੇ ਤਰ੍ਹਾਂ ਚੱਲ ਰਹੇ ਹਨ। ਉਨ੍ਹਾਂ ਦੇ ਜਨਮ ਦਿਨ 'ਤੇ 17 ਜੂਨ ਨੂੰ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ।


E-mail : bhagwansinghjohal@gmail.com

ਸੰਗੀਤਕ ਵਿਦਵਾਨਾਂ ਦੀ ਗੁਰਮਤਿ ਸੰਗੀਤ ਨੂੰ ਕਿਤਾਬੀ ਦੇਣ

ਜਿਥੇ ਸਿੱਖ ਪੰਥ ਵਿਚ ਅਨੇਕਾਂ ਰਾਗੀਆਂ ਅਤੇ ਰਬਾਬੀਆਂ ਨੇ ਸਮੇਂ-ਸਮੇਂ ਉੱਤੇ ਆਪਣੀ ਉੱਚ ਕੋਟੀ ਦੀ ਗੁਰਮਤਿ ਸੰਗੀਤ ਗਾਇਨ ਸ਼ੈਲੀ ਰਾਹੀਂ, ਮਹਾਨ ਸੇਵਾ ਕੀਤੀ ਹੈ, ਉਥੇ ਹੀ ਗੁਰਮਤਿ ਸੰਗੀਤ ਦੇ ਪ੍ਰੇਮੀ ਅਤੇ ਕਦਰਦਾਨ ਹਮੇਸ਼ਾ ਉਨ੍ਹਾਂ ਮਹਾਨ ਵਿਦਵਾਨਾਂ ਦੇ ਵੀ ਸ਼ੁਕਰਗੁਜ਼ਾਰ ਰਹਿਣਗੇ, ਜਿਨ੍ਹਾਂ ਨੇ ਗੁਰਮਤਿ ਸੰਗੀਤ ਦੇ ਮਹਾਨ ਖਜ਼ਾਨੇ ਨੂੰ ਕਿਤਾਬੀ ਰੂਪ ਦਿੱਤਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਵਿਰਾਸਤ ਦਾ ਲਾਹਾ ਪ੍ਰਾਪਤ ਕਰਕੇ ਇਸ ਖੇਤਰ ਵਿਚ ਨਾਮਣਾ ਖੱਟ ਸਕਣ।
1. ਸਰਦਾਰ ਬਲਬੀਰ ਸਿੰਘ ਕੰਵਲ ਯੂ.ਕੇ. : ਇਸ ਵੇਲੇ ਇੰਗਲੈਂਡ ਵਿਚ ਵਸ ਰਹੇ ਬਜ਼ੁਰਗ ਵਿਦਵਾਨ ਅਤੇ ਗੁਰਮਤਿ ਸੰਗੀਤ ਦੇ ਉੱਚ ਕੋਟੀ ਦੇ ਪਾਰਖੂ ਸ: ਬਲਬੀਰ ਸਿੰਘ ਕੰਵਲ ਨੇ ਜਿਥੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਨਾਯਾਬ ਪੁਸਤਕਾਂ ਦੀ ਰਚਨਾ ਕੀਤੀ ਹੈ, ਉਥੇ ਖੇਡਾਂ ਦੇ ਖੇਤਰ ਬਾਰੇ ਵੀ ਬਹੁਤ ਉੱਚ ਪਾਏ ਦੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਪਈਆਂ ਹਨ। ਉਨ੍ਹਾਂ ਦੀ ਵੱਡ ਆਕਾਰੀ ਪੁਸਤਕ ਦਾ ਸਿਰਲੇਖ ਹੈ 'ਪੰਜਾਬ ਦੇ ਪ੍ਰਸਿੱਧ ਰਾਗੀ ਅਤੇ ਰਬਾਬੀ'। ਇਸ ਪੁਸਤਕ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦੇ ਰਹੇ ਪ੍ਰਾਚੀਨ ਰਬਾਬੀਆਂ ਦੇ ਨਾਲ-ਨਾਲ ਸਿੱਖ ਪੰਥ ਦੇ ਸਿਰਮੌਰ ਸਾਰੇ ਹੀ ਰਾਗੀ ਜਥਿਆਂ ਬਾਰੇ ਬਹੁਤ ਉਮਦਾ ਅਤੇ ਵਿਲੱਖਣ ਜਾਣਕਾਰੀ ਦਿੱਤੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਗੁਰਮਤਿ ਸੰਗੀਤ ਬਾਰੇ ਇਕ ਹੋਰ ਪੁਸਤਕ ਦੀ ਰਚਨਾ ਵੀ ਕੀਤੀ ਹੈ-'ਪੰਜਾਬ ਦੇ ਕਲਾਕਾਰ ਅਤੇ ਸੰਗੀਤਕ ਘਰਾਣੇ', ਇਸ ਰਾਹੀਂ ਉਨ੍ਹਾਂ ਨੇ ਪੰਜਾਬ ਨਾਲ ਜੁੜੇ ਸੰਗੀਤਕ ਘਰਾਣਿਆਂ ਬਾਰੇ ਵਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ।
2. ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ : ਗੁਰਮਤਿ ਸੰਗੀਤ ਦੇ ਮਹਾਨ ਆਚਾਰੀਆ ਰਾਸ਼ਟਰਪਤੀ ਪੁਰਸਕਾਰ ਜੇਤੂ ਅਤੇ ਹੋਰ ਅਨੇਕਾਂ ਸਨਮਾਨਾਂ ਨਾਲ ਨਿਵਾਜੇ ਮਹਾਨ ਸੰਗੀਤਕ ਵਿਦਵਾਨ ਪ੍ਰੋਫੈਸਰ ਕਰਤਾਰ ਸਿੰਘ ਨੇ ਡੂੰਘੀ ਖੋਜ ਕਰਕੇ 7 ਪੁਸਤਕਾਂ ਗੁਰਮਤਿ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ। ਇਨ੍ਹਾਂ ਪੁਸਤਕਾਂ ਦੇ ਨਾਂਅ ਹਨ-'ਗੁਰਮਤਿ ਸੰਗੀਤ ਦਰਪਣ', 'ਗੁਰੂ ਅੰਗਦ ਦੇਵ ਸੰਗੀਤ ਦਰਪਣ', 'ਗੁਰਮਤਿ ਸੰਗੀਤ ਦਰਪਣ' ਭਾਗ ਪਹਿਲਾ, ਦੂਜਾ ਤੇ ਤੀਜਾ, 'ਗੁਰਮਤਿ ਸੰਗੀਤ' ਭਾਗ ਪਹਿਲਾ ਵਿਚ 15, ਭਾਗ ਦੂਜਾ ਵਿਚ 16 ਸ਼ੁੱਧ ਰਾਗਾਂ ਬਾਰੇ ਜਾਣਕਾਰੀ ਹੈ ਜਦਕਿ ਤੀਜੇ ਭਾਗ ਵਿਚ ਮਿਸ਼ਰਤ ਅਤੇ ਰਾਗ ਪ੍ਰਕਾਰ ਸਬੰਧੀ ਜਾਣਕਰੀ ਹੈ। 'ਭਗਤ ਬਾਣੀ ਸੰਗੀਤ ਦਰਪਣ' ਅਤੇ 'ਗੁਰੂ ਤੇਗ ਬਹਾਦਰ ਸੰਗੀਤ ਦਰਪਣ' (ਅੰਗਰੇਜ਼ੀ ਅਤੇ ਪੰਜਾਬੀ ਵਿਚ) ਉਨ੍ਹਾਂ ਦੀਆਂ ਹੋਰ ਪ੍ਰਮੁੱਖ ਪੁਸਤਕਾਂ ਹਨ।
3. ਡਾਕਟਰ ਗੁਰਨਾਮ ਸਿੰਘ : ਉੱਚ ਕੋਟੀ ਦੇ ਗਾਇਨ ਦੇ ਨਾਲ-ਨਾਲ ਡਾ: ਗੁਰਨਾਮ ਸਿੰਘ ਵਲੋਂ ਗੁਰਮਤਿ ਸੰਗੀਤ ਬਾਰੇ ਬਹੁਤ ਵਡਮੁੱਲੀਆਂ ਪੁਸਤਕਾਂ ਦੀ ਰਚਨਾ ਕੀਤੀ ਗਈ ਹੈ, ਜਿਨ੍ਹਾਂ ਵਿਚ 'ਆਦਿ ਗ੍ਰੰਥ ਰਾਗ ਕੋਸ਼', 'ਗੁਰਮਤਿ ਸੰਗੀਤ ਰਾਗ ਰਤਨਾਵਲੀ', 'ਗੁਰਮਤਿ ਸੰਗੀਤ ਪ੍ਰਬੰਧ ਅਤੇ ਪਸਾਰ', 'ਸ੍ਰੀ ਗੁਰੂ ਗ੍ਰੰਥ ਰਾਗ ਰਤਨਾਕਰ' ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਖੋਜ ਭਰਪੂਰ ਲੇਖ ਲਿਖੇ ਹਨ। ਅੰਗਰੇਜ਼ੀ ਵਿਚ '$us}co&o{}ca& Stud਼ of 7uru ©anak 2aan} (1988)' ਨਾਂਅ ਦੀ ਪੁਸਤਕ ਹਾਲੇ ਖਰੜੇ ਦੇ ਰੂਪ ਵਿਚ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਪੂਰਨ ਭਗਤ ਦਾ ਖੂਹ ਤੇ ਭੋਰਾ ਹੋਣ ਲੱਗੇ ਕਬਰਸਤਾਨ ਵਿਚ ਤਬਦੀਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸੇ ਪ੍ਰਕਾਰ ਪਿੰਡ ਕਰੋਲ਼ ਵਿਚਲੇ ਇਤਿਹਾਸਕ ਤੇ ਵਿਸ਼ਵ ਪ੍ਰਸਿੱਧ ਪੂਰਨ ਭਗਤ ਦੇ ਖੂਹ ਤੱਕ ਸਿਰਫ਼ ਸਾਢੇ ਸੱਤ ਕਿਲੋਮੀਟਰ ਦਾ ਫਾਸਲਾ ਤਹਿ ਕਰਨ ਲਈ ਕਈ ਛੋਟੇ-ਛੋਟੇ ਪਿੰਡਾਂ ਤੇ ਰਸਤਿਆਂ 'ਚੋਂ ਹੋ ਕੇ ਪਹੁੰਚਣਾ ਪੈਂਦਾ ਹੈ। ਸਿਆਲਕੋਟ ਛਾਉਣੀ ਦੀ ਕਸ਼ਮੀਰ ਰੋਡ 'ਤੇ ਘੰਟਾ-ਘਰ ਦੇ ਸਾਹਮਣੇ ਲਾਰੀ ਅੱਡੇ ਤੋਂ ਜਿਹੜੀ ਬੱਸ ਪਿੰਡ ਬਾਜਵਤ ਨੂੰ ਜਾਂਦੀ ਹੈ, ਉਸ ਦੀ ਮਾਰਫ਼ਤ ਪਿੰਡ ਕਰੋਲ਼ ਤੱਕ ਪਹੁੰਚਿਆ ਜਾ ਸਕਦਾ ਹੈ। ਬਾਜਵਤ ਨੂੰ ਜਾਣ ਵਾਲੀ ਬੱਸ ਦਿਨ ਵਿਚ ਸਿਰਫ਼ ਦੋ ਵਾਰ ਹੀ ਜਾਂਦੀ ਹੈ। ਇਸ ਲਈ ਅੱਗੋਂ-ਪਿੱਛੋਂ ਪਿੰਡ ਕਰੋਲ਼ ਜਾਣ ਲਈ ਤੋੜ-ਤੋੜ ਕੇ ਆਟੋ ਰਿਕਸ਼ਾ ਲੈਣਾ ਪੈਂਦਾ ਹੈ। ਇਸ ਦੇ ਲਈ ਲਾਰੀ ਅੱਡੇ ਤੋਂ ਪਹਿਲਾਂ ਪਿੰਡ ਕਮਾਨਵਾਲਾ ਪਹੁੰਚਣਾ ਪੈਂਦਾ ਹੈ, ਜੋ ਕਿ ਚਪਰਾੜ ਰੋਡ 'ਤੇ ਹੈ। ਪਿੰਡ ਕਮਾਨਵਾਲਾ ਤੋਂ ਗੁਲਬਹਾਰ ਅੱਡਾ ਪਹੁੰਚ ਕੇ, ਇਥੋਂ ਪਿੰਡ ਕਰੋਲ਼ ਜਾਣ ਲਈ ਆਟੋ-ਰਿਕਸ਼ਾ ਜਾਂ ਟਾਂਗੇ ਆਮ ਮਿਲ ਜਾਂਦੇ ਹਨ। ਪਿੰਡ ਕਰੋਲ਼ ਇਥੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਹ ਪਿੰਡ ਕੋਟਲੀ ਸੱਯਦ ਅਮੀਰ ਸੈਕਟਰ ਵਿਚ ਆਉਂਦਾ ਹੈ। ਪਿੰਡ ਦੀ ਮੁੱਖ ਸੜਕ ਦੇ ਬਿਲਕੁਲ ਉੱਪਰ ਪ੍ਰਸਿੱਧ ਜੋਗੀ ਗੋਰਖ਼ਨਾਥ ਦੇ ਸ਼੍ਰੋਮਣੀ ਭਗਤ, ਪੂਰਨ ਭਗਤ ਦਾ ਖੂਹ, ਭੋਰਾ, ਬਾਗ਼ ਅਤੇ ਟਿੱਲਾ ਮੌਜੂਦ ਹੈ। ਕਰੋਲ਼ ਪਿੰਡ ਹਿੰਦ-ਪਾਕਿ ਸਰਹੱਦ ਦੇ ਬਿਲਕੁਲ ਪਾਸ ਵਸਿਆ ਹੋਇਆ ਹੋਣ ਕਰਕੇ ਸ਼ਾਮ ਢਲਦਿਆਂ ਹੀ ਇਥੇ ਕਰਫ਼ਿਊ ਵਰਗਾ ਮਾਹੌਲ ਬਣ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ
ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਮੂਨਕ ਕਲਾਂ (ਹੁਸ਼ਿਆਰਪੁਰ)

ਇਤਿਹਾਸਕ ਅਸਥਾਨ ਪਿੰਡ ਮੂਨਕ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਦਾ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ, ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਸ੍ਰੀ ਹਰਿਗੋਬਿੰਦਪੁਰ ਦੀ ਰਚਨਾ ਕਰਕੇ 500 ਸਿੱਖ ਯੋਧਿਆਂ ਸਹਿਤ 15 ਜੂਨ, 1628 ਈ: ਨੂੰ ਇਸ ਅਸਥਾਨ 'ਤੇ ਚਰਨ ਪਾ ਕੇ ਇਕ ਸੁਨਹਿਰੀ ਇਤਿਹਾਸਕ ਪੰਨਾ ਸਿਰਜਿਆ। ਸਾਖੀ ਸਾਹਿਤ ਅਨੁਸਾਰ ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਪਹਿਲਾਂ ਟਾਹਲੀ ਦੀ ਦਾਤਣ ਕਰਕੇ ਉਸ ਨੂੰ ਦੋ ਥਾਂ ਤੋਂ ਚੀਰ ਕੇ ਧਰਤੀ ਵਿਚ ਗੱਡ ਦਿੱਤਾ। ਸਮਾਂ ਪਾ ਕੇ ਦੋ ਪਾੜਾਂ ਵਿਚ ਇਹ ਵਿਸ਼ਾਲ ਟਾਹਲੀ ਦਾ ਦਰੱਖਤ ਹੋ ਗਿਆ, ਜਿਸ ਕਰਕੇ ਇਸ ਜਗ੍ਹਾ ਦਾ ਨਾਂਅ ਗੁਰਦੁਆਰਾ ਟਾਹਲੀ ਸਾਹਿਬ ਪ੍ਰਸਿੱਧ ਹੋ ਗਿਆ। ਇਹ ਅਸਥਾਨ ਪਠਾਨਕੋਟ ਰੋਡ 'ਤੇ ਟਾਂਡਾ ਤੋਂ 4 ਕਿਲੋਮੀਟਰ ਦੂਰ ਬਲਾਕ ਟਾਂਡਾ ਅਧੀਨ ਪਿੰਡ ਮੂਣਕਾਂ ਉਤਰ ਦਿਸ਼ਾ ਵੱਲ 1 ਕਿਲੋਮੀਟਰ ਨਦੀ ਦੇ ਕਿਨਾਰੇ ਸਥਿਤ ਹੈ। ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿਚ ਇਸ ਅਸਥਾਨ ਦੀ ਸੇਵਾ ਨਿਭਾਅ ਰਹੇ ਭਾਈ ਹਰਪ੍ਰੀਤ ਸਿੰਘ, ਭਾਈ ਕੁਲਦੀਪ ਸਿੰਘ ਅਤੇ ਸ੍ਰੀਮਾਨ ਨਾਗਰ ਸਿੰਘ ਅਨੁਸਾਰ ਸਤਿਗੁਰੂ ਜੀ ਦੇ ਘੋੜੇ ਨੇ ਆਪਣੇ ਸੁੰਮ ਨਾਲ ਪਾਣੀ ਦਾ ਝਰਨਾ ਵਗਾਇਆ, ਜਿਥੇ ਕਿ ਸ੍ਰੀ ਬਾਉਲੀ ਸਾਹਿਬ ਸੁਭਾਇਮਾਨ ਹੈ। ਸੰਗਤਾਂ ਦੇ ਇਸ਼ਨਾਨ ਲਈ ਪਵਿੱਤਰ ਸਰੋਵਰ ਹੈ, ਜਿਸ ਦੀ ਆਰੰਭਤਾ ਸੰਤ ਬਾਬਾ ਨਿਹਾਲ ਸਿੰਘ ਨੇ ਪੰਜ ਪਿਆਰਿਆਂ ਸਹਿਤ 14 ਜੂਨ, 1992 ਈ: ਨੂੰ ਕੀਤੀ ਸੀ। ਲੰਗਰ ਹਾਲ ਦੀ ਸੁੰਦਰ ਇਮਾਰਤ ਅਤੇ ਬਹੁਤ ਸਾਰੇ ਰਿਹਾਇਸ਼ ਵਾਸਤੇ ਕਮਰੇ ਵੀ ਬਣਾਏ ਗਏ ਹਨ। ਇਸ ਸਾਲ ਸਾਲਾਨਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ 18 ਜੂਨ ਨੂੰ ਪੂਰੀ ਸ਼ਾਨੋ-ਸ਼ੌਕਤ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX