ਤਾਜਾ ਖ਼ਬਰਾਂ


ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  8 minutes ago
ਬਾਘਾਪੁਰਾਣਾ, 20 ਜੁਲਾਈ (ਬਲਰਾਜ ਸਿੰਗਲਾ)- ਗਰਮੀ ਦੀ ਰੁੱਤ ਦੀ ਦੂਸਰੀ ਮੋਹਲ਼ੇਧਾਰ ਬਰਸਾਤ ਬੇਸ਼ੱਕ 15-20 ਮਿੰਟ ਹੋਈ ਪਰ ਗੰਦੇ ਪਾਣੀ ਅਤੇ ਮੀਂਹ ਨੇ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਾਘਾ ਪੁਰਾਣਾ ਦੀ ਮੋਗੇ ਵਾਲੀ ਜੀ.ਟੀ. ਰੋਡ, ਜਿਸ ...
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  21 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  31 minutes ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  48 minutes ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  about 1 hour ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 1 hour ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 1 hour ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 2 hours ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 2 hours ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 2 hours ago
ਗੁਹਾਟੀ, 20 ਜੁਲਾਈ- ਅਸਮ ਵਿੱਚ ਹੜ੍ਹ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਆਸਾਮ ਵਿੱਚ ਹੜ੍ਹ ਕਾਰਨ 1.79 ਲੱਖ ਹੈਕਟੇਅਰ ਫ਼ਸਲ ਤਬਾਹ ਹੋ ਚੁੱਕੀ ਹੈ। ਬਾਰਪੋਟਾ ਜ਼ਿਲ੍ਹੇ ਵਿੱਚ 6000 ਤੋਂ ...
ਹੋਰ ਖ਼ਬਰਾਂ..

ਖੇਡ ਜਗਤ

ਫਰੈਂਚ ਓਪਨ ਟੈਨਿਸ ਨੇ ਬਣਾਏ ਨਵੇਂ ਕੀਰਤੀਮਾਨ

ਫਰਾਂਸ ਦੇਸ਼ ਦੀ ਚੀਕਣੀ ਮਿੱਟੀ ਉੱਤੇ ਹੁੰਦੇ ਟੈਨਿਸ ਦੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫਰੈਂਚ ਓਪਨ ਵਿਚ ਇਸ ਵਾਰ ਨਵੇਂ ਕੀਰਤੀਮਾਨ ਬਣੇ ਹਨ। ਇਸ ਵਾਰ ਦੋ ਅਜਿਹੇ ਜੇਤੂ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਨੇ ਰਿਕਾਰਡ ਵਾਰ ਖਿਤਾਬ ਜਿੱਤਿਆ, ਜਦਕਿ ਦੂਜੇ ਨੇ ਰਿਕਾਰਡ ਬਣਾਉਣ ਵਾਲੇ ਢੰਗ ਨਾਲ ਖਿਤਾਬ ਜਿੱਤਿਆ। ਚੀਕਣੀ ਮਿੱਟੀ ਯਾਨੀ ਕਲੇਅ ਕਰੋਟ ਦੇ ਬੇਤਾਜ ਬਾਦਸ਼ਾਹ ਮੰਨੇ ਜਾਂਦੇ ਸਪੇਨ ਦੇ ਰਾਫੇਲ ਨਡਾਲ ਨੇ ਚੌਥੀ ਸੀਡ ਆਸਟਰੀਆ ਦੇ ਡੋਮਿਨਿਕ ਥਇਏਮ ਨੂੰ ਚਾਰ ਸੈੱਟਾਂ ਵਿਚ ਹਰਾ ਕੇ 12ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਅਤੇ ਮਹਿਲਾ ਵਰਗ ਵਿਚ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਆਪਣੇ ਜੀਵਨ ਦਾ ਪਹਿਲਾ ਗ੍ਰੈਂਡ ਸਲੈਮ ਜਿੱਤ ਕੇ ਰਿਕਾਰਡ ਬਣਾਇਆ। ਪੁਰਸ਼ਾਂ ਦੇ ਵਰਗ ਵਿਚ ਦੂਜੀ ਸੀਡ ਨਡਾਲ ਨੇ ਇਹ ਖਿਤਾਬੀ ਮੁਕਾਬਲਾ 3 ਘੰਟੇ 1 ਮਿੰਟ ਵਿਚ ਜਿੱਤਿਆ। ਨਡਾਲ ਨੇ ਪਿਛਲੇ ਸਾਲ ਇਸੇ ਵਿਰੋਧੀ ਯਾਨੀ ਥਇਏਮ ਨੂੰ ਲਗਾਤਾਰ 3 ਸੈੱਟਾਂ ਵਿਚ ਹਰਾਇਆ ਸੀ ਅਤੇ ਇਸ ਵਾਰ 4 ਸੈੱਟਾਂ ਵਿਚ ਜਿੱਤ ਹਾਸਲ ਕੀਤੀ।
ਖਿਤਾਬੀ ਮੈਚ ਦੀ ਖਾਸ ਗੱਲ ਇਹ ਵੀ ਸੀ ਕਿ ਨਡਾਲ ਨੇ ਦੂਜਾ ਸੈੱਟ ਹਾਰ ਜਾਣ ਦਾ ਗੁੱਸਾ ਥਇਏਮ ਉੱਤੇ ਇਸ ਕਦਰ ਕੱਢਿਆ ਕਿ ਥਇਏਮ ਤੀਜੇ ਤੇ ਚੌਥੇ ਸੈੱਟ ਵਿਚ ਸਿਰਫ 2 ਪੁਆਇੰਟ ਹੀ ਹਾਸਲ ਕਰ ਸਕਿਆ ਸੀ। ਹੋਰ ਵੀ ਦਿਲਚਸਪ ਗੱਲ ਇਹ ਰਹੀ ਕਿ ਇਹ ਦੋਵੇਂ ਖਿਡਾਰੀ ਲਗਾਤਾਰ ਦੂਜੇ ਸਾਲ ਫ੍ਰੈਂਚ ਓਪਨ ਦਾ ਫਾਈਨਲ ਖੇਡ ਰਹੇ ਸਨ। ਥਇਏਮ ਨੇ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਟਾਪ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 5 ਸੈੱਟਾਂ ਵਿਚ ਹਰਾਇਆ ਸੀ ਪਰ ਨਡਾਲ ਵਿਰੁੱਧ ਫ਼ਾਈਨਲ ਵਿਚ ਉਹ ਇਹ ਕਾਰਨਾਮਾ ਦੁਹਰਾ ਨਹੀਂ ਸਕਿਆ। ਨਡਾਲ ਦਾ ਇਹ ਕੁੱਲ 18ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਨਡਾਲ ਨੇ 12 ਫ੍ਰੈਂਚ ਓਪਨ ਦੇ ਇਲਾਵਾ 3 ਯੂ.ਐੱਸ. ਓਪਨ, 2 ਵਿੰਬਲਡਨ ਅਤੇ 1 ਆਸਟ੍ਰੇਲੀਅਨ ਓਪਨ ਖਿਤਾਬ ਜਿੱਤੇ ਹਨ। ਨਡਾਲ ਹੁਣ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ ਦੋ ਕਦਮ ਦੂਰ ਹੈ। ਨਡਾਲ ਨੇ ਫ੍ਰੈਂਚ ਓਪਨ ਨੂੰ 2005, 2006, 2007, 2008, 2010, 2011, 2012, 2013, 2014, 2017, 2018 ਅਤੇ 2019 ਵਿਚ ਜਿੱਤਿਆ ਹੈ।
ਦੂਜੇ ਪਾਸੇ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਆਪਣਾ ਪਹਿਲਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਰੂਪ ਵਿਚ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਇਸ ਬਾਬਤ ਬੇਹੱਦ ਦਿਲਚਸਪ ਗੱਲ ਇਹ ਹੈ ਕਿ ਇਹ ਸਟਾਰ ਟੈਨਿਸ ਖਿਡਾਰਨ ਸਿਰਫ 3 ਸਾਲ ਪਹਿਲਾਂ ਤੱਕ ਇਕ ਪੇਸ਼ੇਵਰ ਕ੍ਰਿਕਟਰ ਸੀ। ਉਹ ਸਾਲ 1973 ਵਿਚ ਮਾਰਗ੍ਰੇਟ ਕੋਰਟ ਤੋਂ ਬਾਅਦ ਪਹਿਲੀ ਆਸਟ੍ਰੇਲੀਅਈ ਖਿਡਾਰਨ ਹੈ, ਜਿਸ ਨੇ ਆਪਣੇ ਦੇਸ਼ ਲਈ ਗ੍ਰੈਂਡ ਸਲੈਮ ਜਿੱਤਿਆ ਹੈ। ਬਾਰਟੀ 3 ਸਾਲ ਪਹਿਲਾਂ ਤੱਕ ਆਸਟ੍ਰੇਲੀਆ ਲਈ ਪੇਸ਼ੇਵਰ ਕ੍ਰਿਕਟ ਖੇਡਦੀ ਸੀ ਅਤੇ ਰਾਸ਼ਟਰੀ ਮਹਿਲਾ ਟੀਮ ਵਿਚ ਖੇਡਣ ਦੇ ਨੇੜੇ ਸੀ, ਹਾਲਾਂਕਿ ਉਸ ਨੇ ਆਪਣੇ ਖੇਡ ਜੀਵਨ ਵਿਚ ਵੱਡਾ ਬਦਲਾਅ ਕਰਦੇ ਹੋਏ ਟੈਨਿਸ ਖੇਡਣ ਦਾ ਫੈਸਲਾ ਕੀਤਾ। ਉਹ ਸਫਲ ਜੂਨੀਅਰ ਟੈਨਿਸ ਖਿਡਾਰਨ ਰਹੀ ਅਤੇ 2011 ਵਿਚ ਜੂਨੀਅਰ ਮਹਿਲਾ ਵਿੰਬਲਡਨ ਖਿਤਾਬ ਜਿੱਤਿਆ, ਜਦਕਿ 3 ਮਹਿਲਾ ਡਬਲਜ਼ ਫਾਈਨਲ ਵਿਚ ਵੀ ਖੇਡੀ ਪਰ ਖੇਡ ਦੇ ਦਬਾਅ ਕਾਰਨ ਉਸ ਨੇ ਟੈਨਿਸ ਛੱਡਣ ਦਾ ਫੈਸਲਾ ਕੀਤਾ ਅਤੇ 2014 ਵਿਚ ਕ੍ਰਿਕਟ ਵਿਚ ਹੱਥ ਅਜ਼ਮਾਇਆ। ਉਹ ਆਸਟ੍ਰੇਲੀਆ ਵਿਚ ਪੇਸ਼ੇਵਰ ਟੀਮ ਨਾਲ ਜੁੜੀ ਅਤੇ ਵੱਕਾਰੀ ਬਿੱਗ ਬੈਸ਼ ਲੀਗ ਵਿਚ ਬ੍ਰਿਸਬੇਨ ਹੀਟਸ ਵਲੋਂ ਵੀ ਖੇਡੀ ਪਰ ਇਕ ਵਾਰ ਫਿਰ ਟੈਨਿਸ ਵੱਲ ਮੁੜੀ, ਕਿਉਂਕਿ ਸ਼ਾਇਦ ਉਸ ਦਾ ਇਹ ਵੱਡਾ ਖਿਤਾਬ ਜਿੱਤਣਾ ਸਿਤਾਰਿਆਂ ਵਿਚ ਲਿਖਿਆ ਹੋਇਆ ਸੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਵਿਸ਼ਵ ਕ੍ਰਿਕਟ ਕੱਪ ਦੇ ਅੰਗ-ਸੰਗ

ਇਸ ਵੇਲੇ ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਕ੍ਰਿਕਟ ਪ੍ਰੇਮੀ ਇੰਗਲੈਂਡ ਅਤੇ ਵੇਲਜ਼ ਦੀ ਧਰਤੀ 'ਤੇ ਹੋ ਰਹੇ 12ਵੇਂ ਵਿਸ਼ਵ ਕ੍ਰਿਕਟ ਕੱਪ ਦੇ ਰੰਗ 'ਚ ਰੰਗਿਆ ਹੋਇਆ ਹੈ। ਵਿਸ਼ਵ ਕੱਪ ਦੌਰਾਨ ਜਿੱਥੇ ਵੱਖ-ਵੱਖ ਟੀਮਾਂ ਤੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਨਾਲ ਖੇਡ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ, ਉੱਥੇ ਖਿਡਾਰੀਆਂ, ਪ੍ਰਬੰਧਕਾਂ, ਦਰਸ਼ਕਾਂ ਤੇ ਸੰਚਾਲਕਾਂ ਦੀਆਂ ਗਤੀਵਿਧੀਆਂ ਵੀ ਖਿੱਚ ਦਾ ਕੇਂਦਰ ਬਣੀਆ ਹੋਈਆਂ ਹਨ।
ਕ੍ਰਿਕਟ ਪ੍ਰੇਮੀਆਂ ਦਾ ਸਨਮਾਨ
ਪਹਿਲੀ ਵਾਰ ਕ੍ਰਿਕਟ ਦੇ ਇਤਿਹਾਸ 'ਚ ਕ੍ਰਿਕਟ ਪ੍ਰੇਮੀਆਂ ਨੂੰ ਵੀ ਗਲੋਬਲ ਸਪੋਰਟਸ ਐਵਾਰਡਾਂ ਨਾਲ 14 ਜੂਨ ਨੂੰ ਮਾਨਚੈਸਟਰ ਵਿਖੇ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਲੰਬੇ ਅਰਸੇ ਤੋਂ ਕ੍ਰਿਕਟ ਮੈਦਾਨਾਂ ਦਾ ਸ਼ਿੰਗਾਰ ਬਣਿਆ ਪਾਕਿਸਤਾਨੀ ਕ੍ਰਿਕਟ ਚਾਚਾ (ਅਬਦੁਲ ਜਲੀਲ), ਦੋ ਭਾਰਤੀ ਕ੍ਰਿਕਟ ਪ੍ਰੇਮੀ ਸੁਧੀਰ ਕੁਮਾਰ ਗੌਤਮ ਤੇ ਸੁਗਮੁਰ ਕੁਮਾਰ, ਬੰਗਲਾਦੇਸ਼ੀ ਕ੍ਰਿਕਟ ਪ੍ਰੇਮੀ ਸ਼ੋਇਬ ਅਲੀ, ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਗਿਯਾਨ ਸੇਨਾਨਾਇਕੇ ਸ਼ਾਮਿਲ ਹਨ। ਸੁਧੀਰ ਗੌਤਮ ਆਪਣੇ ਸਰੀਰ ਨੂੰ ਤਿਰੰਗੇ ਦੇ ਰੰਗ 'ਚ ਰੰਗ ਕੇ, ਮਿੱਸ ਯੂ ਸਚਿਨ ਛਾਤੀ 'ਤੇ ਲਿਖ ਕੇ ਕੌਮਾਂਤਰੀ ਮੈਚਾਂ 'ਚ ਤਿਰੰਗਾ ਲਹਿਰਾਉਂਦਾ ਨਜ਼ਰ ਆਉਂਦਾ ਹੈ। ਸੁਗਮੁਰ ਕੁਮਾਰ ਵੀ ਇਸੇ ਤਰ੍ਹਾਂ ਤਿਰੰਗੇ ਦੇ ਰੰਗ 'ਚ ਰੰਗਿਆ ਹੁੰਦਾ ਹੈ ਅਤੇ ਆਪਣੀ ਛਾਤੀ 'ਤੇ ਮਹਿੰਦਰ ਸਿੰਘ ਧੋਨੀ ਦਾ ਨਾਂਅ ਲਿਖ ਕੇ ਅੰਤਰਰਾਸ਼ਟਰੀ ਮੈਚਾਂ 'ਚ ਤਿਰੰਗਾ ਲਹਿਰਾਉਂਦਾ ਹੈ। ਪਾਕਿਸਤਾਨੀ ਕ੍ਰਿਕਟ ਪ੍ਰੇਮੀ ਕ੍ਰਿਕਟ ਚਾਚਾ ਤਕਰੀਬਨ 5 ਦਹਾਕਿਆਂ ਤੋਂ ਕੌਮਾਂਤਰੀ ਮੈਚਾਂ 'ਚ ਪਾਕਿਸਤਾਨੀ ਝੰਡੇ ਵਾਲੇ ਹਰੇ ਰੰਗ ਦਾ ਚੋਲਾ ਪਹਿਨ ਕੇ ਪਾਕਿ ਟੀਮ ਨੂੰ ਲਗਪਗ 300 ਮੈਚਾਂ 'ਚ ਹੱਲਾਸ਼ੇਰੀ ਦੇ ਚੁੱਕਾ ਹੈ। ਸ੍ਰੀਲੰਕਾਈ ਕ੍ਰਿਕਟ ਪ੍ਰੇਮੀ ਗਿਯਾਨ ਸੇਨਾਨਾਇਕੇ ਨੇ ਸਿਰਫ 17 ਸਾਲ ਦੀ ਉਮਰ 'ਚ 1986 'ਚ ਹੋਏ ਵਿਸ਼ਵ ਕੱਪ ਤੋਂ ਕੌਮਾਂਤਰੀ ਮੈਚਾਂ ਨੂੰ ਸਟੇਡੀਅਮਾਂ 'ਚ ਜਾ ਕੇ ਦੇਖਣਾ ਸ਼ੁਰੂ ਕੀਤਾ ਸੀ। ਉਹ ਸ੍ਰੀਲੰਕਾ ਦੀ ਟੀਮ ਕਿੱਟ ਪਹਿਨ ਕੇ ਕੌਮਾਂਤਰੀ ਮੈਚਾਂ ਦੌਰਾਨ ਸਟੇਡੀਅਮਾਂ 'ਚ ਸ੍ਰੀਲੰਕਾ ਦਾ ਝੰਡਾ ਲੈ ਕੇ ਪੁੱਜਦਾ ਹੈ।
ਬਾਰਿਸ਼ ਬਣੀ ਖਲਨਾਇਕਾ
ਯੂਰਪੀ ਮੁਲਕਾਂ 'ਚ 3 ਡਬਲਿਯੂ 'ਤੇ ਕਦੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ, ਵਾਲੀ ਕਹਾਵਤ ਮਸ਼ਹੂਰ ਹੈ-ਵਰਕ, ਵੂਮੈਨ ਤੇ ਵੈਦਰ। ਇਸ ਕਹਾਵਤ ਨੂੰ ਆਲਮੀ ਕ੍ਰਿਕਟ ਕੱਪ 'ਚ ਮੌਸਮ (ਵੈਦਰ) ਸਹੀ ਸਾਬਤ ਕਰ ਰਿਹਾ ਹੈ। ਹੁਣ ਤੱਕ ਵਿਸ਼ਵ ਕੱਪ ਦੇ ਚਾਰ ਮੈਚ ਬਾਰਿਸ਼ ਦੀ ਭੇਟ ਚੜ੍ਹ ਚੁੱਕੇ ਹਨ। ਮੀਂਹ ਕਾਰਨ ਰੱਦ ਹੋਏ ਮੈਚ ਵਿਸ਼ਵ ਕੱਪ ਦੀਆਂ ਦਾਅਵੇਦਾਰ ਟੀਮਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਜੋ ਟੀਮਾਂ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ, ਉਨ੍ਹਾਂ ਨੂੰ ਬਾਰਿਸ਼ ਕਾਰਨ ਰੱਦ ਹੋਏ ਮੈਚਾਂ ਨਾਲ ਬਹੁਤਾ ਫਰਕ ਨਹੀਂ ਪੈ ਰਿਹਾ ਪਰ ਵਿਸ਼ਵ ਕੱਪ ਦੀਆਂ ਦਾਅਵੇਦਾਰ ਟੀਮਾਂ ਦੇ ਸੈਮੀਫਾਈਨਲ 'ਚ ਪੁੱਜਣ ਲਈ ਬਾਰਿਸ਼ ਘਾਤਕ ਸਿੱਧ ਹੋ ਸਕਦੀ ਹੈ। ਵਰਖਾ ਕਾਰਨ ਰੱਦ ਹੋਏ ਮੈਚਾਂ ਦੌਰਾਨ ਕੱਟਿਆ ਜਾਣ ਵਾਲਾ ਇਕ-ਇਕ ਅੰਕ ਵੀ ਤਾਕਤਵਰ ਟੀਮਾਂ ਦੇ ਸੈਮੀਫਾਈਨਲ 'ਚ ਪੁੱਜਣ ਦੇ ਰਾਹ 'ਚ ਵੱਡਾ ਅੜਿੱਕਾ ਬਣ ਸਕਦਾ ਹੈ। ਇਸ ਤਰ੍ਹਾਂ ਵਿਸ਼ਵ ਕੱਪ 'ਚ ਬਾਰਿਸ਼ ਇਕ ਖਲਨਾਇਕਾ ਦੇ ਰੂਪ 'ਚ ਸਾਹਮਣੇ ਆ ਰਹੀ ਹੈ।
ਏਸ਼ੀਅਨ ਦਰਸ਼ਕਾਂ ਦਾ ਜੋਸ਼
ਵਿਸ਼ਵ ਕੱਪ 'ਚ ਖੇਡ ਰਹੀਆਂ 10 ਟੀਮਾਂ 'ਚੋਂ ਪੰਜ ਟੀਮਾਂ ਏਸ਼ੀਆ ਨਾਲ ਸਬੰਧਿਤ ਹਨ। ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਏਸ਼ੀਆ ਮਹਾਂਦੀਪ ਦੀਆਂ ਪੰਜ ਟੀਮਾਂ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਹਨ। ਇਸ ਕਰਕੇ ਵਿਸ਼ਵ ਕੱਪ 'ਚ ਏਸ਼ੀਅਨ ਮੁਲਕਾਂ ਦੇ ਦਰਸ਼ਕਾਂ ਦਾ ਵੱਡੀ ਗਿਣਤੀ 'ਚ ਖੇਡ ਮੈਦਾਨਾਂ 'ਚ ਪੁੱਜਣਾ ਸੁਭਾਵਿਕ ਹੈ। ਖਾਸ ਤੌਰ 'ਤੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਕਿਸੇ ਟੀਮ ਖਿਲਾਫ ਖੇਡਦੀਆਂ ਹਨ ਤਾਂ ਅੱਧ ਤੋਂ ਵੱਧ ਦਰਸ਼ਕ ਇਨ੍ਹਾਂ ਦੋਵਾਂ ਮੁਲਕਾਂ ਨਾਲ ਸਬੰਧਿਤ ਹੁੰਦੇ ਹਨ। ਸਟੇਡੀਅਮ ਤਿਰੰਗੇ ਅਤੇ ਹਰੇ ਰੰਗ ਦੇ ਝੰਡਿਆਂ ਨਾਲ ਰੰਗੇ ਜਾਂਦੇ ਹਨ। ਏਸ਼ੀਅਨ ਮੁਲਕਾਂ ਦੇ ਦਰਸ਼ਕਾਂ ਦੀ ਖਾਸੀਅਤ ਇਹ ਹੈ ਕਿ ਆਪਣੀ ਖੁਸ਼ੀ ਦਾ ਇਜ਼ਹਾਰ ਨੱਚ-ਟੱਪ ਕੇ ਅਤੇ ਸੰਗੀਤਕ ਉਪਕਰਨ ਵਜਾ ਕੇ ਕਰਦੇ ਹਨ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਮੈਚ ਕਿਸੇ ਏਸ਼ੀਅਨ ਮੁਲਕ 'ਚ ਹੀ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਪ੍ਰੇਮੀਆਂ ਦਾ ਜਨੂੰਨ ਇਸ ਗੱਲ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਭਾਰਤ-ਪਾਕਿ ਮੈਚ ਦੀਆਂ ਟਿਕਟਾਂ 1500 ਪੌਂਡ ਤੱਕ ਵੀ ਵਿਕੀਆਂ ਹਨ ਭਾਵ ਡੇਢ ਲੱਖ ਰੁਪਏ 'ਚ ਇਕ ਮੈਚ ਦੀ ਟਿਕਟ ਵਿਕਣਾ ਕ੍ਰਿਕਟ 'ਚ ਨਵਾਂ ਕੀਰਤੀਮਾਨ ਹੈ। ਇਸ ਦੇ ਨਾਲ ਹੀ ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਵੀ ਟਿਕਟਾਂ ਇਕ ਲੱਖ ਭਾਵ 1000 ਡਾਲਰ ਤੱਕ ਵਿਕੀਆਂ ਹਨ।


-ਪਟਿਆਲਾ। ਮੋਬਾ: 97795-90575

ਖੇਡਾਂ ਸਾਡੇ ਪਿੰਡਾਂ ਅਤੇ ਸ਼ਹਿਰਾਂ ਦੀ ਪਛਾਣ ਬਣਨ

ਜਦੋਂ ਪੰਜਾਬ ਦੇ ਪਿੰਡਾਂ ਦੀ ਪਛਾਣ, ਜਦੋਂ ਪੰਜਾਬ ਦੇ ਸ਼ਹਿਰਾਂ ਦੀ ਸ਼ਨਾਖਤ ਉਥੇ ਖੇਡੀਆਂ ਜਾਣ ਵਾਲੀਆਂ ਖੇਡਾਂ ਨਾਲ ਹੋਣ ਲੱਗ ਪਵੇਗੀ, ਅਸੀਂ ਸਮਝਦੇ ਹਾਂ ਕਿ ਇਹ ਰੁਝਾਨ ਖੇਡਾਂ ਪੱਖੋਂ ਬਹੁਤ ਹੀ ਵੱਡੀ ਖੁਸ਼ਖਬਰੀ ਦਾ ਸਬੱਬ ਬਣ ਜਾਵੇਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਪਿੰਡਾਂ ਅਤੇ ਸ਼ਹਿਰਾਂ 'ਚ ਇਸ ਕਿਸਮ ਦਾ ਖੇਡ ਸੱਭਿਆਚਾਰ ਪੈਦਾ ਕਰਨਾ ਜ਼ਰੂਰੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਧਰਤੀ ਪੂਰੇ ਦੇਸ਼ 'ਚੋਂ ਖੇਡਾਂ ਦੇ ਖੇਤਰ 'ਚ ਮਾਣਯੋਗ ਅਤੇ ਮਾਣਮੱਤੀਆਂ ਪ੍ਰਾਪਤੀਆਂ ਕਰੇ। ਪਰ ਸਾਡੇ ਪਿੰਡਾਂ ਅਤੇ ਸ਼ਹਿਰਾਂ 'ਚ ਮੌਜੂਦਾ ਖੇਡ ਝਾਕੀਆਂ ਇਹ ਹਨ ਕਿ ਹੁਣ ਸਾਡੇ ਸਾਰੇ ਪਿੰਡ ਅਤੇ ਸ਼ਹਿਰ ਸਿਰਫ ਕ੍ਰਿਕਟ ਖੇਡਣ ਵਾਲੇ ਹੀ ਜਾਣੇ ਜਾਂਦੇ ਹਨ। ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ। ਹਾਕੀ, ਫੁੱਟਬਾਲ, ਵਾਲੀਬਾਲ, ਕੁਸ਼ਤੀ, ਕਬੱਡੀ ਆਦਿ ਖੇਡਾਂ ਇਸੇ ਕ੍ਰਿਕਟ ਦੇ ਰੁਝਾਨ 'ਚ ਦਮ ਤੋੜ ਰਹੀਆਂ ਹਨ। ਇਕ ਜ਼ਮਾਨਾ ਸੀ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ਅਤੇ ਸੰਸਾਰਪੁਰ ਹਾਕੀ ਕਰਕੇ ਜਾਣੇ ਜਾਂਦੇ ਸਨ। ਫਿਰ ਮਿੱਠਾਪੁਰ ਹਾਕੀ ਲਈ ਪ੍ਰਸਿੱਧ ਹੋ ਗਿਆ। ਮੋਗਾ ਜ਼ਿਲ੍ਹੇ 'ਚ ਤਖਾਣਬੱਧ, ਗੁਰਦਾਸਪੁਰ 'ਚ ਚਹਿਲ, ਦੂਜੇ ਪਾਸੇ ਬਾਬਾ ਬਕਾਲਾ ਹਾਕੀ ਦੇ ਕਰਕੇ ਜਾਣੇ ਜਾਂਦੇ ਹਨ। ਮਹਿਲਾ ਹਾਕੀ 'ਚ ਸੰਗਰੂਰ ਜ਼ਿਲ੍ਹੇ ਦਾ ਪਿੰਡ ਡੀਨੀਵਾਲ ਮਸ਼ਹੂਰ ਰਿਹਾ। ਫੁੱਟਬਾਲ ਖੇਤਰ 'ਚ ਮਾਹਿਲਪੁਰ, ਹੁਸ਼ਿਆਰਪੁਰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਪਨਾਮ ਪਿੰਡ ਵੀ ਫੁੱਟਬਾਲ ਕਰਕੇ ਮਸ਼ਹੂਰ ਹੋਇਆ। ਫਗਵਾੜਾ ਸ਼ਹਿਰ ਦਾ ਫੁੱਟਬਾਲ ਪ੍ਰੇਮ ਜੇ.ਸੀ.ਟੀ. ਫਗਵਾੜਾ ਨੂੰ ਕੌਣ ਭੁੱਲ ਸਕਦਾ ਹੈ? ਕੁਸ਼ਤੀ 'ਚ ਅੰਮ੍ਰਿਤਸਰ ਜ਼ਿਲ੍ਹੇ ਦਾ ਸੁਰ ਸਿੰਘ ਪਿੰਡ ਚਮਕਦਾ ਰਿਹਾ। ਹੁਣ ਤਰਨ ਤਾਰਨ ਜ਼ਿਲ੍ਹੇ 'ਚ ਆ ਜਾਣ ਵਾਲਾ ਸੁਰ ਸਿੰਘ ਪਿੰਡ ਕੁਸ਼ਤੀ ਦਾ ਮੱਕਾ ਹੈ। ਕਬੱਡੀ ਦੇ ਖੇਤਰ 'ਚ ਮਾਲਵਾ ਅਤੇ ਦੁਆਬਾ ਖੇਤਰ ਨੇ ਆਪਣੀ ਇਕ ਖਾਸ ਪਛਾਣ ਬਣਾਈ। ਸੰਗਰੂਰ ਜ਼ਿਲ੍ਹੇ ਵਿਚੋਂ ਮੁੱਕੇਬਾਜ਼ਾਂ ਅਤੇ ਭਾਰਤੋਲਕਾਂ ਨੇ ਵਾਹ-ਵਾਹ ਖੱਟੀ। ਨਵਾਂਸ਼ਹਿਰ ਦੇ ਕਈ ਪਿੰਡਾਂ ਦੇ ਵੇਟ ਲਿਫਟਿੰਗ ਦਾ ਰੁਝਾਨ ਇਹ ਸਿੱਧ ਕਰਦਾ ਹੈ ਕਿ ਇਸ ਇਲਾਕੇ 'ਚੋਂ ਆਉਣ ਵਾਲੇ ਸਮੇਂ 'ਚ ਕਈ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਸਕਦੇ ਹਨ।
ਆਖਰ ਇਹ ਖੇਡ ਸੱਭਿਆਚਾਰ ਕਿੰਜ ਪੈਦਾ ਹੋਵੇ, ਜਦੋਂ ਸਾਡੇ ਪੰਜਾਬ ਦੇ ਇਲਾਕੇ ਵੱਖ-ਵੱਖ ਖੇਡਾਂ ਨੂੰ ਸਮਰਪਿਤ ਹੋ ਜਾਣਾ, ਪ੍ਰਸਿੱਧ ਹੋ ਜਾਣ। ਇਸ ਵਾਸਤੇ ਸਰਕਾਰੀ ਮਦਦ ਦੀ ਲੋੜ ਵੀ ਹੈ। ਵੱਖ-ਵੱਖ ਇਲਾਕਿਆਂ ਦੇ ਖੇਡ ਕਲੱਬ ਪਿੰਡ ਦੀ ਪੰਚਾਇਤ ਹੋਂਦ 'ਚ ਲੈ ਕੇ ਆਵੇ, ਸਕੂਲਾਂ 'ਚ ਉਸ ਖੇਡ ਦੀ ਟੀਮ ਬਣੇ ਪਰ ਸਾਨੂੰ ਅਫਸੋਸ ਹੈ ਕਿ ਸਾਡੇ ਪਿੰਡ ਦੇ ਸਰਪੰਚ, ਪੰਚ ਅਤੇ ਸਕੂਲ ਮੁਖੀ ਵੀ ਤਾਂ ਕ੍ਰਿਕਟ ਦੇ ਦੀਵਾਨੇ ਬਣੇ ਬੈਠੇ ਹਨ। ਹੁਣ ਪਿੰਡਾਂ 'ਚ ਵੀ ਧੜਾਧੜ ਕ੍ਰਿਕਟ ਦੇ ਟੂਰਨਾਮੈਂਟ ਆਯੋਜਿਤ ਹੋਣ ਲੱਗ ਪਏ ਹਨ। ਕੋਈ ਤਾਂ ਪੰਜਾਬ ਦੇ ਖੇਡ ਜਗਤ ਦੀ ਖ਼ਬਰਸਾਰ ਲਵੇ। ਸਾਨੂੰ ਸਾਡੇ ਪਿੰਡਾਂ 'ਚ ਵੰਨਸੁਵੰਨੀਆਂ ਖੇਡਾਂ ਵਾਲਾ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ। ਕੁਝ ਸਾਲ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਓਚਾਨਾ ਦੀ ਪੰਚਾਇਤ ਨੇ ਜੋਸ਼ੀ ਰਾਮ ਦੀ ਪ੍ਰਧਾਨਗੀ 'ਚ 28 ਪਿੰਡਾਂ 'ਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਫੈਸਲਾ ਕੀਤਾ ਸੀ ਕਿ ਕ੍ਰਿਕਟ ਉਨ੍ਹਾਂ ਦੇ ਪਿੰਡਾਂ 'ਚ ਦੂਜੀਆਂ ਖੇਡਾਂ ਨੂੰ ਹਰਮਨ-ਪਿਆਰਾ ਨਹੀਂ ਹੋਣ ਦੇ ਰਹੀ।
ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੀ ਧਰਤੀ 'ਤੇ ਕੁਝ ਇਲਾਕੇ ਖਾਸ ਖੇਡਾਂ ਲਈ ਮਸ਼ਹੂਰ ਹੋ ਜਾਣ ਤਾਂ ਸਾਨੂੰ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਖੇਡਾਂ ਦੇ ਵੈਟਰਨ ਖਿਡਾਰੀਆਂ ਦਾ ਪੂਰੀ ਤਨਦੇਹੀ ਨਾਲ ਸਾਥ ਦੇਣਾ ਹੋਵੇਗਾ, ਜੇ ਉਹ ਆਪਣੀ ਖੇਡ ਨੂੰ ਆਪਣੇ ਇਲਾਕੇ, ਪਿੰਡਾਂ, ਸ਼ਹਿਰਾਂ 'ਚ ਮਕਬੂਲ ਕਰਨਾ ਚਾਹੁੰਦੇ ਹੋਣ। ਕਿਸੇ ਇਕ ਨੂੰ ਤਾਂ ਅੱਗੇ ਲੱਗਣਾ ਪਵੇਗਾ, ਬਾਕੀਆਂ ਨੂੰ ਉਸ ਦਾ ਸਾਥ ਦੇਣਾ ਪਵੇਗਾ। ਹੌਲੀ-ਹੌਲੀ ਉਹ ਖੇਡ ਉਸ ਇਲਾਕੇ 'ਚ ਸੁਰਜੀਤ ਹੋਣੀ ਸ਼ੁਰੂ ਹੋ ਜਾਵੇਗੀ। ਫਿਰ ਉਸ ਇਲਾਕੇ 'ਚ ਉਸ ਖੇਡ ਨੂੰ ਸਮਰਪਿਤ ਇਕ ਵੱਡਾ ਕਾਰਵਾਂ ਬਣ ਜਾਵੇਗਾ, ਜੋ ਉਸ ਇਲਾਕੇ 'ਚ ਉਸ ਖੇਡ ਦੀ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੋ ਜਾਵੇਗਾ।
ਅਸੀਂ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚਾਂ-ਪੰਚਾਂ ਅਤੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਖੇਡ ਜਗਤ ਦਾ ਭਲਾ ਚਾਹੁਣ ਲਈ ਇਕੱਠੇ ਹੋ ਕੇ ਹੱਲਾ ਮਾਰੀਏ, ਤਾਂ ਕਿ 'ਮੇਰੀ ਖੇਡ ਮੇਰੇ ਇਲਾਕੇ ਦੀ ਪਛਾਣ' ਬਣ ਜਾਵੇ। ਹੁਣ ਅਸੀਂ ਕ੍ਰਿਕਟ ਦੇ ਟੂਰਨਾਮੈਂਟ ਆਯੋਜਿਤ ਕਰਵਾਉਣੇ ਛੱਡੀਏ, ਆਪਣੇ ਪਿੰਡਾਂ 'ਚ ਦੂਜੀਆਂ ਖੇਡਾਂ ਨੂੰ ਸੁਰਜੀਤ ਕਰੀਏ। ਇਹ ਨਾ ਦੇਖੀਏ ਕਿ ਨੌਜਵਾਨ ਪੀੜ੍ਹੀ ਨੂੰ ਪਸੰਦ ਕੀ ਹੈ। ਇਹ ਵਿਚਾਰੀਏ ਕਿ ਪੰਜਾਬ ਦੇ ਖੇਡ ਜਗਤ ਦਾ ਭਲਾ ਕਿਵੇਂ ਹੋ ਸਕਦਾ ਹੈ? ਕਿੰਨਾ ਚੰਗਾ ਹੋਵੇ ਜੇਕਰ ਪੰਜਾਬ ਦੇ ਸਾਰੇ ਪਿੰਡ ਵੱਖ-ਵੱਖ ਖੇਡਾਂ ਲਈ ਪ੍ਰਸਿੱਧ ਹੋ ਜਾਣ ਅਤੇ ਭਾਰਤੀ ਖੇਡ ਜਗਤ ਨੂੰ ਪੰਜਾਬ ਦਾ ਯੋਗਦਾਨ ਸਭ ਤੋਂ ਵੱਧ ਹੋਵੇ, ਉਹ ਵੀ ਹਰ ਖੇਡ ਵਿਚ।


-ਅੰਮ੍ਰਿਤਸਰ। ਮੋਬਾ: 98155-35410

ਹੱਥ ਕੱਟੇ ਜਾਣ ਦੇ ਬਾਵਜੂਦ ਵੀ ਬਣਿਆ ਦੌੜਨ ਦੇ ਵਿਚ ਚੈਂਪੀਅਨ ਸ੍ਰੀਪਾਲ

ਇਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੁਵਾੜਿਆਂ ਵਾਲੀ ਦਾ ਸ੍ਰੀਪਾਲ ਇਕ ਤੇਜ਼ ਦੌੜਾਕ ਵਜੋਂ ਆਪਣਾ ਅਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕਰ ਰਿਹਾ ਹੈ ਅਤੇ ਬਿਨਾਂ ਸ਼ੱਕ ਇਕ ਦਿਨ ਉਹ ਭਾਰਤ ਦਾ ਨਾਂਅ ਵੀ ਰੌਸ਼ਨ ਕਰੇਗਾ। ਪਿਤਾ ਰਾਮਪਾਲ ਦੇ ਘਰ ਮਾਤਾ ਬਿਮਲਾ ਦੇਵੀ ਦੀ ਕੁੱਖੋਂ ਜਨਮੇ ਸ੍ਰੀਪਾਲ ਨੂੰ ਭਾਵੇਂ ਹਮੇਸ਼ਾ ਘਰ ਦੀ ਗਰੀਬੀ ਦਾ ਝੋਰਾ ਮਾਰਦਾ ਹੈ ਪਰ ਉਹ ਆਪਣੇ ਅਕੀਦੇ 'ਤੇ ਕਾਇਮ ਹੈ ਅਤੇ ਹਿੰਮਤ ਤੇ ਕੁਝ ਕਰ ਸਕਣ ਦੀ ਚਾਹਤ ਨਾਲ ਗਰੀਬੀ ਨਾਲ 2-4 ਹੁੰਦੇ ਵੀ ਉਹ ਸਟੇਟ ਚੈਂਪੀਅਨ ਬਣਿਆ ਹੈ। ਸ੍ਰੀਪਾਲ ਅਜੇ 11 ਸਾਲ ਦਾ ਸੀ ਅਤੇ ਪੰਜਵੀਂ ਕਲਾਸ ਦਾ ਵਿਦਿਆਰਥੀ ਸੀ, ਇਕ ਦਿਨ ਉਹ ਆਪਣੇ ਪਿਤਾ ਨਾਲ ਮਜ਼ਦੂਰੀ ਵਜੋਂ ਹੱਥ ਵਟਾ ਰਿਹਾ ਸੀ ਤਾਂ ਪੱਠੇ ਕੁਤਰਨ ਵਾਲੀ ਮਸ਼ੀਨ ਵਿਚ ਉਸ ਦਾ ਸੱਜਾ ਹੱਥ ਆ ਗਿਆ ਅਤੇ ਉਸ ਦੀ ਬਾਂਹ ਕੱਟੀ ਗਈ। ਗਰੀਬੀ ਦਾਵੇ ਵਿਚ ਮਾਂ-ਬਾਪ ਨੇ ਪੈਸੇ ਇਕੱਠੇ ਕਰ ਬਥੇਰਾ ਇਲਾਜ ਕਰਵਾਇਆ ਪਰ ਸ਼ਾਇਦ ਉਸ ਦੀ ਅਗਲੇਰੀ ਜ਼ਿੰਦਗੀ ਇਸ ਕਦਰ ਹੀ ਸੀ ਕਿ ਉਹ ਹਮੇਸ਼ਾ ਇਕ ਬਾਂਹ ਨਾਲ ਹੀ ਆਪਣਾ ਜੀਵਨ ਨਿਰਬਾਹ ਕਰੇਗਾ।
ਸ੍ਰੀਪਾਲ ਨੂੰ ਸਕੂਲ ਵਿਚ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਇਕ ਦਿਨ ਸਕੂਲ ਵਿਚ ਉਸ ਨੇ ਆਪਣੇ ਨਾਲ ਦੇ ਵਿਦਿਆਰਥੀਆਂ ਨੂੰ ਆਪਣੇ ਨਾਲ ਖਿਡਾਉਣ ਲਈ ਆਖਿਆ ਪਰ ਅੱਗਿਓਂ ਵਿਦਿਆਰਥੀਆਂ ਨੇ ਤਾਅਨਾ ਮਾਰਿਆ ਕਿ ਤੇਰੀ ਤਾਂ ਇਕ ਬਾਂਹ ਕੱਟੀ ਹੋਈ ਹੈ, ਤੂੰ ਸਾਡੇ ਨਾਲ ਨਹੀਂ ਖੇਡ ਸਕੇਂਗਾ। ਸ੍ਰੀਪਾਲ ਨੂੰ ਆਪਣੀ ਹੋਣੀ 'ਤੇ ਤਰਸ ਆਇਆ ਅਤੇ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਅਤੇ ਵੱਜੇ ਹੋਏ ਤਾਅਨੇ ਨੇ ਉਸ ਨੂੰ ਟਿਕਣ ਨਹੀਂ ਦਿੱਤਾ ਅਤੇ ਉਸ ਨੇ ਨਿਸਚਾ ਕਰ ਲਿਆ ਕਿ ਇਕ ਦਿਨ ਉਹ ਮਾਣਮੱਤਾ ਖਿਡਾਰੀ ਬਣੇਗਾ। ਉਸ ਨੂੰ ਉੱਘੇ ਕੋਚ ਹਾਕਮ ਚੰਦ ਹਾਕੂ ਦਾ ਸਾਥ ਮਿਲਿਆ ਅਤੇ ਉਸ ਨੇ ਦੌੜਨਾ ਸ਼ੁਰੂ ਕਰ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਪੰਜਾਬ ਪੱਧਰ 'ਤੇ ਉਸ ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ। ਸਾਲ 2013 ਵਿਚ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਹੋਈ, ਜਿਥੇ ਉਸ ਨੇ 1500 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਚੁੰਮ ਲਿਆ। ਸਾਲ 2015 ਵਿਚ ਉੱਤਰ ਪ੍ਰਦੇਸ਼ ਦੇ ਸ਼ਹਿਰ ਗਾਜ਼ੀਆਬਾਦ ਵਿਖੇ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਸ੍ਰੀਪਾਲ ਨੇ ਭਾਗ ਲੈ ਕੇ 1500 ਮੀਟਰ ਦੌੜ ਵਿਚ ਚਾਂਦੀ ਅਤੇ 5000 ਮੀਟਰ ਦੌੜ ਵਿਚ ਇਕ ਵਾਰ ਫਿਰ ਸੋਨੇ ਦੇ ਤਗਮੇ 'ਤੇ ਆਪਣੀ ਜਿੱਤ ਦੀ ਮੋਹਰ ਲਗਾ ਦਿੱਤੀ।
ਸਾਲ 2016 ਵਿਚ ਪੰਚਕੂਲਾ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿਚ ਇਕ ਵਾਰ ਫਿਰ ਪਿਛਲੀ ਜਿੱਤ ਨੂੰ ਦੁਹਰਾਉਂਦੇ ਹੋਏ 1500 ਮੀਟਰ ਵਿਚ ਚਾਂਦੀ ਅਤੇ 5000 ਮੀਟਰ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਸਾਲ 2017 ਵਿਚ ਜੈਪੁਰ ਵਿਚ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੀ 5000 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2017 ਵਿਚ ਪੈਰਾ ਸਟੇਟ ਚੈਂਪੀਅਨਸ਼ਿਪ ਵਿਚ ਲੌਂਗ ਜੰਪ, ਟ੍ਰਿਪਲ ਜੰਪ ਅਤੇ 1500 ਮੀਟਰ ਦੌੜ ਅਤੇ 5000 ਮੀਟਰ ਦੌੜ ਵਿਚ ਸੋਨ ਤਗਮੇ ਹੀ ਨਹੀਂ ਜਿੱਤੇ, ਸਗੋਂ ਉਹ ਬੈਸਟ ਅਥਲੀਟ ਵੀ ਚੁਣਿਆ ਗਿਆ। ਸਾਲ 2019 ਵਿਚ ਹੋਈ ਸਟੇਟ ਪੈਰਾ ਚੈਂਪੀਅਨਸ਼ਿਪ ਵਿਚ ਵੀ ਸ੍ਰੀਪਾਲ ਨੇ ਇਕ ਵੱਡਾ ਰਿਕਾਰਡ ਬਣਾਉਂਦੇ ਹੋਏ ਟ੍ਰਿਪਲ ਜੰਪ ਵਿਚ ਸੋਨ ਤਗਮਾ, 1500 ਮੀਟਰ ਵਿਚ ਸੋਨ ਤਗਮਾ ਅਤੇ 5000 ਮੀਟਰ ਵਿਚ ਵੀ ਸੋਨ ਤਗਮਾ ਲੈ ਕੇ ਆਪਣੇ-ਆਪ ਸਾਬਤ ਕਰ ਦਿੱਤਾ ਕਿ ਇਕ ਦਿਨ ਉਹ ਦੇਸ਼ ਲਈ ਖੇਡੇਗਾ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ ਪਰ ਤਸਵੀਰ ਦੇ ਦੂਸਰੇ ਪਾਸੇ ਨਜ਼ਰ ਮਾਰੀ ਜਾਵੇ ਤਾਂ ਆਉਣ ਵਾਲੇ ਸਮੇਂ ਦਾ ਇਹ ਰੌਸ਼ਨ ਸਿਤਾਰਾ ਜਿੱਥੇ ਪਰਿਵਾਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ, ਉਥੇ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ ਅਤੇ ਉਹ ਚਾਹੁੰਦਾ ਹੈ ਕਿ ਸਰਕਾਰ ਉਸ ਨੂੰ ਕੋਈ ਨੌਕਰੀ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਏ ਤਾਂ ਕਿ ਉਹ ਦੇਸ਼ ਲਈ ਖੇਡ ਕੇ ਭਾਰਤ ਮਾਤਾ ਦਾ ਨਾਂਅ ਉੱਚਾ ਕਰ ਸਕੇ ਅਤੇ ਉਸ ਦੀਆਂ ਨਜ਼ਰਾਂ 2020 ਵਿਚ ਹੋਣ ਵਾਲੀ ਪੈਰਾ ਉਲੰਪਿਕ 'ਤੇ ਟਿਕੀਆਂ ਹੋਈਆਂ ਹਨ। ਮੇਰੀਆਂ ਸ਼ੁੱਭ ਇੱਛਾਵਾਂ ਸ੍ਰੀਪਾਲ ਦੇ ਨਾਲ ਹਨ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

'ਰਨ ਮਸ਼ੀਨ' ਦਾ ਨਵਾਂ ਕਾਰਨਾਮਾ

ਕੁਝ ਲੋਕ ਦੁਨੀਆ ਵਿਚ ਇਹੋ ਜਿਹੀਆਂ ਪੈੜਾਂ ਪਾ ਜਾਂਦੇ ਹਨ, ਜਿਨ੍ਹਾਂ ਉੱਤੇ ਚੱਲਣ ਦੀ ਹਰ ਇਨਸਾਨ ਸੋਚਦਾ ਰਹਿੰਦਾ ਹੈ ਅਤੇ ਧੰਨ ਹੁੰਦੀਆਂ ਹਨ ਉਹ ਮਾਵਾਂ ਜੋ ਇਹੋ ਜਿਹੀਆਂ ਸ਼ਖ਼ਸੀਅਤਾਂ ਨੂੰ ਜਨਮ ਦਿੰਦੀਆਂ ਹਨ, ਜੋ ਦੁਨੀਆ ਵਿਚ ਆਪਣੀ ਵਿਲੱਖਣ ਪਛਾਣ ਬਣਉਂਦੇ ਹਨ। ਅੱਜ ਅਸੀਂ ਇਹੋ ਜਿਹੀ ਸ਼ਖ਼ਸੀਅਤ ਦੀ ਹੀ ਗੱਲ ਕਰਨ ਜਾ ਰਹੇ ਹਾਂ, ਜੋ ਕਿਸੇ ਵੀ ਜਾਣ-ਪਛਾਣ ਦੀ ਮੁਥਾਜ ਨਹੀਂ ਅਤੇ ਦੁਨੀਆ ਵਿਚ ਆਪਣੀ ਮਿਹਨਤ ਸਦਕਾ ਉਸ ਨੇ ਆਪਣੇ-ਆਪ ਨੂੰ ਉਸ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਅਜੇ ਤੱਕ ਕੋਈ ਨਹੀਂ ਪਹੁੰਚ ਸਕਿਆ ਹੈ। ਅੱਜ ਅਸੀਂ ਉਸ ਮਹਾਨ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੂੰ ਦੁਨੀਆ 'ਰਨ ਮਸ਼ੀਨ' ਅਤੇ 'ਕਿੰਗ ਕੋਹਲੀ' ਦੇ ਨਾਂਅ ਨਾਲ ਜਾਣਦੀ ਹੈ। ਉਂਜ ਤਾਂ ਕਿੰਗ ਕੋਹਲੀ ਬਾਰੇ ਹਰ ਇਨਸਾਨ ਚੰਗੀ ਤਰ੍ਹਾਂ ਜਾਣਦਾ ਹੈ ਪਰ ਪਿੱਛੇ ਜਿਹੇ ਕੋਹਲੀ ਨੇ ਜਿਸ ਮੁਕਾਮ ਨੂੰ ਛੋਹਿਆ ਹੈ, ਉਸ ਬਾਰੇ ਦੱਸਣ ਦੀ ਬਹੁਤ ਵਿਸ਼ੇਸ਼ ਇੱਛਾ ਸੀ।
ਅਜੇ ਤੱਕ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਹੀ ਕ੍ਰਿਕਟ ਦੇ ਸਾਰੇ ਕੀਰਤੀਮਾਨਾਂ ਲਈ ਜਾਣਿਆ ਜਾਂਦਾ ਹੈ ਪਰ ਕਿੰਗ ਕੋਹਲੀ ਨੇ ਇਸ ਸਮੇਂ ਸਚਿਨ ਤੇਂਦੁਲਕਰ ਦੀਆਂ ਪੈੜਾਂ ਨੱਪਦੇ ਹੋਏ ਕ੍ਰਿਕਟ ਦੀ ਦੁਨੀਆ ਵਿਚ ਤਹਿਲਕਾ ਮਚਾਉਂਦੇ ਹੋਏ ਉਨ੍ਹਾਂ ਸਾਰੇ ਕੀਰਤੀਮਾਨਾਂ ਨੂੰ ਆਪਣੇ ਨਾਂਅ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਸਿਰਫ ਕੋਹਲੀ ਦੇ ਤਾਜੇ ਸਿਰਜੇ ਇਤਿਹਾਸ ਬਾਰੇ ਹੀ ਗੱਲ ਕਰਾਂਗੇ ਜਦੋਂ ਕੋਹਲੀ ਨੇ ਇਸ ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਖਿਲਾਫ ਸਭ ਤੋਂ ਤੇਜ਼ 11,000 ਸਕੋਰ ਬਣਾਉਣ ਦਾ ਕਾਰਨਾਮਾ ਕੀਤਾ। 'ਰਨ ਮਸ਼ੀਨ' ਨੇ 16 ਜੂਨ ਨੂੰ ਪਾਕਿਸਤਾਨ ਦੇ ਖਿਲਾਫ ਆਪਣੀ ਇਕ ਦਿਨਾ-ਮੈਚਾਂ ਦੀ 222ਵੀਂ ਪਾਰੀ ਵਿਚ ਇਹ ਕਾਰਨਾਮਾ ਕਰ ਵਿਖਾਇਆ। ਅਜੇ ਤੱਕ ਸਭ ਤੋਂ ਤੇਜ਼ 11,000 ਰਨ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂਅ ਸੀ, ਉਸ ਨੇ ਇਹ ਅੰਕੜਾ 276 ਪਾਰੀਆਂ ਵਿਚ ਛੋਹਿਆ ਸੀ। ਇਸ ਗੱਲ ਤੋਂ ਅਸੀਂ ਇਹ ਸਾਫ਼ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਗ ਕੋਹਲੀ ਜੋ ਕਿ ਇਸ ਵੇਲੇ ਦੁਨੀਆ ਦਾ ਚੋਟੀ ਦਾ ਬੱਲੇਬਾਜ਼ ਹੈ, ਦੇ ਇਨ੍ਹਾਂ ਕੀਰਤੀਮਾਨਾਂ ਦੇ ਕੋਈ ਨੇੜੇ-ਤੇੜੇ ਵੀ ਨਹੀਂ ਹੈ। ਕੋਹਲੀ ਨੇ ਸਭ ਤੋਂ ਤੇਜ਼ 11,000 ਸਕੋਰ 59.6 ਦੀ ਔਸਤ ਅਤੇ 93.1 ਦੇ ਸਟਰਾਈਕ ਰੇਟ ਨਾਲ ਬਣਾਏ ਹਨ। ਕੋਹਲੀ ਜੋ ਕਿ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਵੀ ਰਿਹਾ ਹੈ, ਨੇ ਤੇਜ਼-ਤਰਾਰ ਖੇਡ ਨਾਲ ਇਸ ਸਮੇਂ ਕ੍ਰਿਕਟ ਦੀ ਦੁਨੀਆ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਤੇ ਇਕ ਵੱਖਰੀ ਥਾਂ 'ਤੇ ਭਾਰਤੀ ਕ੍ਰਿਕਟ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਅਜੇ ਵਿਸ਼ਵ ਕੱਪ ਚੱਲ ਰਿਹਾ ਹੈ ਅਤੇ ਭਾਰਤੀ ਟੀਮ ਕਪਤਾਨ ਕੋਹਲੀ ਦੀ ਅਗਵਾਈ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।


-ਮੋਬਾ: 94174-79449

ਐੱਫ. ਆਈ. ਐੱਚ. ਹਾਕੀ ਸੀਰੀਜ਼

ਪੁਰਸ਼ ਤੇ ਮਹਿਲਾ ਵਰਗ ਵਿਚ ਉੱਤਮ ਪ੍ਰਦਰਸ਼ਨ

ਖੇਡ ਜਗਤ ਵਿਚ ਕਈ ਉਲਟ-ਫੇਰ ਦੇਖਣ ਨੂੰ ਮਿਲਦੇ ਹਨ। ਜੇ ਭਾਰਤ ਏਸ਼ੀਅਨ ਖੇਡਾਂ ਵਿਚ ਜੇਤੂ ਹੋ ਜਾਂਦਾ ਤਾਂ ਆਪਣੇ-ਆਪ ਹੀ ਉਸ ਨੂੰ ਉਲੰਪਿਕ ਵਿਚ ਦਾਖਲਾ ਮਿਲ ਜਾਣਾ ਸੀ ਪਰ ਕਈ ਵਾਰ ਅਜਿਹਾ ਕੁਝ ਇਸ ਤਰ੍ਹਾਂ ਦਾ ਵਾਪਰ ਜਾਂਦਾ ਹੈ ਕਿ ਜਿਸ 'ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਜਾਪਾਨ ਇਨ੍ਹਾਂ ਏਸ਼ੀਅਨ ਖੇਡਾਂ ਵਿਚ ਜੇਤੂ ਰਿਹਾ, ਜੋ ਇਸ ਵਾਰ ਭਾਰਤ ਤੋਂ ਬੁਰੀ ਤਰ੍ਹਾਂ 7-2 ਨਾਲ ਹਾਰਿਆ ਹੈ। ਉਸ ਨੂੰ ਇਸ ਗੱਲ ਦਾ ਸੰਤੋਸ਼ ਮਿਲ ਸਕਦਾ ਹੈ ਕਿ ਉਹ ਘਰੇਲੂ ਦੇਸ਼ ਹੋਣ ਕਰਕੇ ਉਲੰਪਿਕ ਖੇਡਾਂ ਕਰਾਉਣ ਕਰਕੇ ਉਲੰਪਿਕ ਵਿਚ ਭਾਗ ਲੈਣ ਦਾ ਹੱਕਦਾਰ ਹੈ।
ਭਾਰਤ ਨੂੰ ਪੂਰਾ ਸੰਤੋਸ਼ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਉਲੰਪਿਕ ਵਿਚ ਪਹੁੰਚ ਕੇ ਕਿਸੇ ਤਗਮੇ ਦੀ ਪ੍ਰਾਪਤੀ ਵੀ ਕਰੇਗਾ। ਭਾਰਤ ਦਾ ਪੁਰਸ਼ ਹਾਕੀ ਵਿਚ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ। ਭਾਰਤ ਦਾ ਉਲੰਪਿਕ ਵਿਚ 8 ਸੋਨ ਤਗਮੇ ਪ੍ਰਾਪਤ ਕਰਨ ਦਾ ਰਿਕਾਰਡ ਹੈ। ਕੁਝ ਲੋਕ ਮਾਸਕੋ ਉਲੰਪਿਕ 1980 ਦਾ ਤਗਮਾ ਇਸ ਵਿਚ ਸ਼ਾਮਿਲ ਨਹੀਂ ਕਰਦੇ. ਕਿਉਂਕਿ ਤਕੜੀਆਂ ਟੀਮਾਂ ਜਿਵੇਂ ਜਰਮਨੀ, ਹਾਲੈਂਡ, ਅਰਜਨਟੀਨਾ, ਸਪੇਨ ਆਦਿ ਨੇ ਖੇਡਾਂ ਦਾ ਬਾਈਕਾਟ ਕੀਤਾ ਸੀ ਤੇ ਉਨ੍ਹਾਂ ਨੇ ਇਸ ਵਿਚ ਹਿੱਸਾ ਨਹੀਂ ਸੀ ਲਿਆ, ਪਰ ਪੇਪਰ 'ਤੇ ਤਾਂ ਭਾਰਤ 8 ਵਾਰ ਦਾ ਜੇਤੂ ਹੀ ਅਖਵਾਉਂਦਾ ਹੈ। ਜੇ ਉਸ ਸਮੇਂ ਦਾ ਅੱਜ ਦੇ ਸਮੇਂ ਨਾਲ ਮੁਕਾਬਲਾ ਕਰੀਏ ਤਾਂ ਭਾਰਤੀ ਹਾਕੀ ਵਿਚ ਇਹ ਅਹਿਮ ਗੱਲ ਸਾਡੇ ਸਾਹਮਣੇ ਮਾਣ ਵਾਲੀ ਨਜ਼ਰ ਆਉਂਦੀ ਹੈ ਕਿ ਜਦੋਂ ਭਾਰਤੀ ਹਾਕੀ ਦਾ ਸੰਸਾਰ ਵਿਚ ਬੋਲਬਾਲਾ ਸੀ ਤਾਂ ਉਸ ਸਮੇਂ ਮਹਿਲਾ ਹਾਕੀ ਬਹੁਤ ਪਛੜੇ ਹੋਏ ਰੂਪ ਵਿਚ ਸੀ। ਪਰ ਅਜੋਕੇ ਦੌਰ ਵਿਚ ਆ ਕੇ ਮਹਿਲਾ ਹਾਕੀ ਨੇ ਜੋ ਇਸ ਵਿਚ ਵਿਕਾਸ ਕੀਤਾ ਹੈ, ਉਸ ਦੀ ਦਾਦ ਦੇਣੀ ਬਣਦੀ ਹੈ। ਖਾਸ ਤੌਰ 'ਤੇ ਹਰਿਆਣੇ ਦੇ ਸ਼ਾਹਬਾਦ ਦੀ ਦੇਣ ਭਾਰਤ ਲਈ ਬਹੁਤ ਸਾਰਥਿਕ ਸਾਬਤ ਹੋਈ ਹੈ। ਹੁਣ ਭਾਰਤੀ ਮਹਿਲਾ ਹਾਕੀ ਸੰਸਾਰ ਦੀਆਂ ਤਕੜੀਆਂ ਟੀਮਾਂ ਵਿਚ ਜਾਣੀ ਜਾਂਦੀ ਹੈ। ਉਲੰਪਿਕ ਦੀਆਂ ਖੇਡਾਂ ਜੋ ਅਗਲੇ ਸਾਲ ਜਾਪਾਨ ਦੇ ਸ਼ਹਿਰ ਟੋਕੀਓ ਵਿਚ ਹੋ ਰਹੀਆਂ ਹਨ, ਉਹ ਭਾਰਤ ਲਈ ਦੋਵੇਂ ਵੰਨਗੀਆਂ ਪੁਰਸ਼ ਤੇ ਮਹਿਲਾ ਵਿਚ ਖਾਸ ਹਨ। ਭਾਰਤ ਇਸ ਸਮੇਂ ਉਲੰਪਿਕ ਵਿਚ ਭਾਗ ਲੈਣ ਲਈ ਬੜੀ ਤਾਕਤ ਨਾਲ ਸਫਲਤਾਪੂਰਵਕ ਯਤਨ ਕਰ ਰਿਹਾ ਹੈ ਤੇ ਪੂਰੀ ਉਮੀਦ ਹੈ ਕਿ ਭਾਰਤ ਉਲੰਪਿਕ ਵਿਚ ਦੋਵੇਂ ਰੂਪਾਂ ਵਿਚ ਭਾਗ ਲਵੇਗਾ ਪਰ ਏਨਾ ਹੀ ਕਾਫੀ ਨਹੀਂ। ਦੋਵੇਂ ਵੰਨਗੀਆਂ ਵਿਚ ਯੂਰਪ ਦੀਆਂ ਟੀਮਾਂ ਵਾਂਗ ਆਪਣੀ ਜਿਸਮਾਨੀ ਤਾਕਤ ਵਧਾ ਕੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਨਾ ਹੋਵੇਗਾ, ਆਖਰੀ ਪਲਾਂ ਦੇ ਦਬਾਅ ਤੋਂ ਮੁਕਤ ਹੋਣਾ ਹੋਵੇਗਾ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਸੰਜੇ ਮਾਂਜਰੇਕਰ ਦੀਆਂ ਨਜ਼ਰਾਂ ਵਿਚ ਵਿਸ਼ਵ ਕੱਪ ਵਿਚ ਭਾਰਤ ਸਭ ਤੋਂ ਚੰਗੀ ਟੀਮ

ਜ਼ਬਰਦਸਤ ਪ੍ਰਤਿਭਾ ਦੇ ਬਾਵਜੂਦ ਸੰਜੇ ਮਾਂਜਰੇਕਰ ਦਾ ਕ੍ਰਿਕਟ ਕੈਰੀਅਰ ਤਾਂ ਉਮੀਦਾਂ ਅਨੁਸਾਰ ਨਹੀਂ ਰਿਹਾ, ਪਰ ਆਪਣੇ ਸ਼ਾਨਦਾਰ ਕ੍ਰਿਕਟ ਗਿਆਨ ਤੇ ਸਮਝ ਕਾਰਨ ਉਹ ਸਫ਼ਲ ਕੁਮੈਂਟਰ ਜ਼ਰੂਰ ਬਣ ਗਏ ਹਨ। ਇਹੀ ਵਜ੍ਹਾ ਹੈ ਕਿ ਆਈ. ਸੀ. ਸੀ. ਨੇ ਮੌਜੂਦਾ ਵਿਸ਼ਵ ਕੱਪ ਲਈ ਜਿਨ੍ਹਾਂ ਤਿੰਨ ਭਾਰਤੀ ਆਵਾਜ਼ਾਂ ਦੀ ਚੋਣ ਕੀਤੀ ਹੈ, ਉਨ੍ਹਾਂ ਵਿਚ ਸੌਰਵ ਗਾਂਗੁਲੀ ਤੇ ਹਰਸ਼ ਭੋਗਲੇ ਦੇ ਨਾਲ ਸੰਜੇ ਮਾਂਜਰੇਕਰ ਵੀ ਹਨ। ਆਪਣੇ ਟੈਸਟ ਕਰੀਅਰ ਵਿਚ 37.14 ਦੀ ਔਸਤ ਨਾਲ 2043 ਦੌੜਾਂ ਬਣਾਉਣ ਵਾਲੇ ਸੰਜੇ ਮਾਂਜਰੇਕਰ ਆਪਣੀ ਤਕਨੀਕੀ ਬੱਲੇਬਾਜ਼ੀ ਲਈ ਜਿੰਨੇ ਪ੍ਰਸਿੱਧ ਸਨ, ਓਨੇ ਹੀ ਆਪਣੀ ਡੂੰਘੀ ਤੇ ਸਟੀਕ ਸਮੀਖਿਆ ਲਈ ਵੀ ਪ੍ਰਸਿੱਧ ਹਨ। ਇਸ ਲਈ ਉਹ ਇਕਦਮ ਸਹੀ ਵਿਅਕਤੀ ਹਨ ਕਿ ਉਨ੍ਹਾਂ ਤੋਂ ਜਾਣਿਆ ਇਕ ਇਸ ਵਿਸ਼ਵ ਕੱਪ ਵਿਚ ਭਾਰਤ ਦੀ ਸੰਭਾਵਨਾ ਕੀ ਹੈ ਅਤੇ ਛੋਟੇ ਫਾਰਮੈਟ ਦੇ ਇਸ ਦੌਰ ਵਿਚ ਟੈਸਟ ਕ੍ਰਿਕਟ ਦਾ ਕੀ ਭਵਿੱਖ ਹੈ?
ਸੰਜੇ ਮਾਂਜਰੇਕਰ ਅਨੁਸਾਰ, 'ਵਿਸ਼ਵ ਕੱਪ ਵਿਚ ਭਾਰਤ ਸਭ ਤੋਂ ਚੰਗੀ ਟੀਮ ਹੈ। ਉਹ ਵਿਸ਼ਵ ਜੇਤੂ ਬਣੇਗੀ ਜਾਂ ਨਹੀਂ, ਇਹ ਬਿਲਕੁਲ ਵੱਖਰੀ ਗੱਲ ਹੈ। ਜਦੋਂ ਤੁਸੀਂ ਕਿਸੇ ਦੇਸ਼ ਨਾਲ ਇਕ ਦਿਨਾ ਲੜੀ ਖੇਡ ਰਹੇ ਹੁੰਦੇ ਹੋ ਤਾਂ ਏਨਾ ਦਬਾਅ ਨਹੀਂ ਹੁੰਦਾ ਜਿੰਨਾ ਵਿਸ਼ਵ ਕੱਪ ਦੇ ਸੈਮੀਫਾਈਨਲ ਜਾਂ ਫਾਈਨਲ ਵਿਚ ਹੁੰਦਾ ਹੈ, ਉਦੋਂ ਪੂਰੀ ਤੌਰ 'ਤੇ ਵੱਖਰੇ ਕਿਸਮ ਦੀ ਕ੍ਰਿਕਟ ਹੋ ਜਾਂਦੀ ਹੈ। ਇਸ ਮਾਮਲੇ ਵਿਚ ਭਾਰਤ ਮਜ਼ਬੂਤ ਹੈ। ਮਾਨਸਿਕ ਦ੍ਰਿਸ਼ਟੀ ਵਿਚ ਭਾਰਤ ਸਭ ਤੋਂ ਮਜ਼ਬੂਤ ਟੀਮ ਹੈ, ਬਾਕੀ ਟੀਮਾਂ ਏਨਾ ਦਬਾਅ ਬਰਦਾਸ਼ਤ ਨਹੀਂ ਕਰ ਪਾਉਂਦੀਆਂ।'
ਸੰਜੇ ਮਾਂਜਰੇਕਰ ਟੀਮ ਵਿਚ ਰਿਸ਼ਭ ਪੰਤ ਨੂੰ ਵੀ ਦੇਖਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਤ ਦੀ ਮੌਜੂਦਗੀ ਨਾਲ ਵਿਰੋਧੀ ਥੋੜ੍ਹਾ ਚਿੰਤਤ ਰਹਿੰਦਾ ਹੈ। ਸੰਜੇ ਮਾਂਜਰੇਕਰ ਅਨੁਸਾਰ, 'ਪੰਤ ਨੂੰ ਵਾਈਲਡ ਕਾਰਡ ਦੇ ਰੂਪ ਵਿਚ ਖਿਡਾਇਆ ਜਾ ਸਕਦਾ ਸੀ। ਉਸ ਦੇ ਕੋਲ ਨਿਸਚਿਤ ਤੌਰ 'ਤੇ ਟੈਂਪਰਾਮੈਂਟ ਹੈ। ਉਹ ਟੈਸਟ ਵਿਚ ਸਫਲ ਰਿਹਾ ਹੈ, ਇਸ ਲਈ ਉਹ ਉਨ੍ਹਾਂ ਖਿਡਾਰੀਆਂ ਵਿਚੋਂ ਨਹੀਂ ਹੈ ਜੋ ਮੌਕਾ ਤੇ ਸਥਿਤੀ ਦੇ ਕਾਰਨ ਦਬਾਅ ਵਿਚ ਆ ਜਾਣਗੇ।' ਉਂਝ ਟੀਮ ਦੀ ਫਿਲਹਾਲ ਚੋਣ ਨਾਲ ਸੰਜੇ ਮਾਂਜਰੇਕਰ ਖੁਸ਼ ਹੈ, ਖ਼ਾਸ ਕਰਕੇ ਇਸ ਲਈ ਕਿਸੇ ਦੀ ਚੋਣ ਕਿਸੇ ਚੰਗੇ ਖਿਡਾਰੀ ਦੀ ਕੀਮਤ 'ਤੇ ਨਹੀਂ ਕੀਤੀ ਗਈ ਹੈ। ਉਹ ਵਿਸ਼ਵ ਕੱਪ ਤੋਂ ਵੀ ਪਹਿਲਾਂ ਤੋਂ ਕਹਿੰਦੇ ਆ ਰਹੇ ਹਨ ਕਿ ਭਾਰਤ ਦੀ ਥੋੜ੍ਹੀ ਕਮਜ਼ੋਰੀ ਨੰਬਰ 4, 5 ਤੇ 6 'ਤੇ ਹੈ ਅਤੇ ਭਾਰਤ ਦੀ ਤਾਕਤ ਟੌਪ ਤਿੰਨ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਵਿਚ ਹੈ।
ਸੰਜੇ ਮਾਂਜਰੇਕਰ ਵਿਸ਼ੇਸ਼ ਤੌਰ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਤੋਂ ਪ੍ਰਭਾਵਿਤ ਹਨ, ਨਾ ਸਿਰਫ਼ ਉਨ੍ਹਾਂ ਤੋਂ ਜੋ ਟੀਮ ਵਿਚ ਹਨ ਬਲਕਿ ਉਨ੍ਹਾਂ ਤੋਂ ਵੀ ਜੋ ਟੀਮ ਵਿਚ ਆਉਣ ਦੀ ਦਸਤਕ ਦੇ ਰਹੇ ਹਨ। ਉਹ ਦੱਸਦੇ ਹਨ, 'ਇਸ ਸਾਲ ਦੇ ਆਈ. ਪੀ. ਐਲ. ਵਿਚ ਨਵਦੀਪ ਸੈਣੀ, ਪ੍ਰਸਿੱਧ ਕ੍ਰਿਸ਼ਣਾ ਤੇ ਖਲੀਲ ਅਹਿਮਦ ਨੇ ਜੋ ਰਫ਼ਤਾਰ ਤੇ ਜੋਸ਼ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜ਼ਬਰਦਸਤ ਹੁਨਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਜੋ ਟੈਂਪਰਾਮੈਂਟ ਦੇ ਲਿਹਾਜ਼ ਨਾਲ ਵੀ ਚੰਗਾ ਹੈ ਅਤੇ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਤੋਂ ਵੀ ਜਿਨ੍ਹਾਂ ਨੇ ਹਾਲੇ ਭਾਰਤ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ ਹੈ।
ਜਿਥੋਂ ਤੱਕ ਕੋਚਿੰਗ ਦੀ ਗੱਲ ਹੈ ਤਾਂ ਉਹ ਕਹਿੰਦੇ ਹਨ, 'ਮੈਂ ਇਹ ਕੰਮ ਨਹੀਂ ਕਰ ਸਕਦਾ। ਜਦੋਂ ਮੈਂ ਮੁੰਬਈ ਦਾ ਕਪਤਾਨ ਸੀ ਤਾਂ ਆਖ਼ਰੀ ਦੋ-ਤਿੰਨ ਸਾਲਾਂ ਵਿਚ ਮੈਂ ਦੋਵੇਂ ਕੋਚ ਤੇ ਖਿਡਾਰੀ ਸੀ, ਮੈਂਟਰ ਜ਼ਿਆਦਾ ਬਣਿਆ ਹੋਇਆ ਸੀ। ਕੋਚਿੰਗ ਵਿਚ ਸਮੱਸਿਆ ਇਹ ਹੈ ਕਿ ਤੁਸੀਂ ਖਿਡਾਰੀਆਂ ਦੇ ਮੁਥਾਜ ਹੋ ਜਾਂਦੇ ਹੋ। ਆਪਣੀਆਂ ਚੰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੇਕਰ ਤੁਹਾਡੇ ਕੋਲ ਚੰਗੀ ਟੀਮ ਨਹੀਂ ਹੈ ਤਾਂ ਤੁਸੀਂ ਨੌਕਰੀ ਗਵਾ ਬੈਠੋਗੇ। ਕੁਮੈਂਟਰੀ ਕਰਨਾ ਜ਼ਿਆਦਾ ਸੌਖਾ ਅਤੇ ਸਿੱਧਾ ਕੰਮ ਹੈ।' ਸੰਜੇ ਮਾਂਜਰੇਕਰ ਜਦੋਂ ਖਿਡਾਰੀ ਸਨ ਤਾਂ ਉਹ ਕੁਮੈਂਟਰੀ ਨਹੀਂ ਸੁਣਦੇ ਸਨ, ਜਦ ਕਿ ਰਵੀ ਸ਼ਾਸਤਰੀ ਵੈਸਟਇੰਡੀਜ਼ ਵਿਚ ਖੇਡਦੇ ਹੋਏ ਵੀ ਆਸਟ੍ਰੇਲੀਆ ਤੋਂ ਪ੍ਰਸਾਰਨ ਸੁਣਦੇ ਸਨ। ਕ੍ਰਿਕਟ ਦੇਖਣ ਦੀ ਬਜਾਏ ਸੰਜੇ ਮਾਂਜਰੇਕਰ ਨੂੰ ਕ੍ਰਿਕਟ ਖੇਡਣਾ ਜ਼ਿਆਦਾ ਪਸੰਦ ਸੀ।
ਫਿਲਹਾਲ, ਹੁਣ ਸੰਜੇ ਮਾਂਜਰੇਕਰ ਨੂੰ ਕੁਮੈਂਟੇਟਰ ਜ਼ਿਆਦਾ ਪਸੰਦ ਹੈ, ਉਨ੍ਹਾਂ ਨੂੰ ਇੰਗਲੈਂਡ ਦੇ ਨਾਸਿਰ ਹੁਸੈਨ ਸਭ ਤੋਂ ਚੰਗੇ ਲਗਦੇ ਹਨ। ਉਨ੍ਹਾਂ ਅਨੁਸਾਰ ਆਸਟ੍ਰੇਲੀਆ ਦੇ ਇਯਾਨ ਚੈਪਲ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਆਪਣਾ ਮੂੰਹ ਉਸ ਸਮੇਂ ਤਕ ਨਹੀਂ ਖੋਲ੍ਹਦੇ ਜਦੋਂ ਤੱਕ ਉਨ੍ਹਾਂ ਕੋਲ ਕਹਿਣ ਨੂੰ ਕੁਝ ਮਹੱਤਵਪੂਰਨ ਨਾ ਹੋਵੇ। ਸੰਜੇ ਮਾਂਜਰੇਕਰ ਦੱਸਦੇ ਹਨ, 'ਮੈਨੂੰ ਬਿਲ ਲਾਰੀ ਨੂੰ ਸੁਣਨਾ ਵੀ ਚੰਗਾ ਲਗਦਾ ਸੀ, ਉਨ੍ਹਾਂ ਦੀ ਤਾਂ ਆਦਤ ਪੈ ਜਾਂਦੀ ਸੀ। ਕੁਝ ਅਸਲ ਵਿਚ ਚੰਗੇ ਕੁਮੈਂਟੇਟਰ ਹਨ ਜਿਵੇਂ ਸਾਈਮਨ ਡੌਲ ਤੇ ਇਯਾਨ ਬਿਸ਼ਪ ਜੋ ਆਈ. ਪੀ. ਐਲ. ਕਵਰੇਜ ਦੇ ਥੰਮ੍ਹ ਹਨ।'

ਲਿਵਰਪੂਲ ਫੁੱਟਬਾਲ ਨੇ ਰਚਿਆ ਇਤਿਹਾਸ

ਇੰਗਲੈਂਡ ਦੇ ਇਤਿਹਾਸਕ ਕਲੱਬ, ਲਿਵਰਪੂਲ ਫੁੱਟਬਾਲ ਕਲੱਬ ਨੇ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ 'ਯੂਏਫਾ ਚੈਂਪੀਅਨਜ਼ ਲੀਗ' ਦੇ ਖਿਤਾਬ ਨੂੰ ਜਿੱਤਦੇ ਹੋਏ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਖੇ ਹੋਏ ਫਾਈਨਲ ਮੁਕਾਬਲੇ ਵਿਚ ਲਿਵਰਪੂਲ ਨੇ ਆਪਣੇ ਹੀ ਦੇਸ਼ ਦੀ ਇਕ ਹੋਰ ਟੀਮ ਟੌਟਨਹਮ ਹੌਟਸਪਰ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਪਿਛਲੇ ਮਹੀਨੇ, ਮਹਿਜ਼ ਇਕ ਅੰਕ ਨਾਲ ਪ੍ਰੀਮੀਅਰ ਲੀਗ ਦੇ ਖਿਤਾਬ ਤੋਂ ਵਾਂਝੇ ਰਹਿਣ ਤੋਂ ਬਾਅਦ, ਸਮੁੱਚੇ ਲਿਵਰਪੂਲ ਕਲੱਬ ਲਈ ਇਹ ਖਿਤਾਬੀ ਜਿੱਤ ਕਾਫੀ ਮਾਅਨੇ ਰੱਖਦੀ ਹੈ ਪਰ ਖਾਸਕਰ ਕੋਚ ਜਰਗਨ ਕਲੌਪ ਦੀ ਮਿਹਨਤ ਰੰਗ ਲਿਆਈ ਹੈ। ਨਾਲ ਹੀ ਜ਼ਿਕਰ ਕਰਨਾ ਬਣਦਾ ਹੈ ਲਿਵਰਪੂਲ ਦੇ ਸਟਾਰ ਖਿਡਾਰੀ ਮੁਹੰਮਦ ਸਾਲਾਹ ਦਾ, ਜੋ ਪਿਛਲੇ ਸਾਲ ਰੀਅਲ ਮੈਡਰਿਡ ਖ਼ਿਲਾਫ਼ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿਚ ਸਿਰਫ਼ 30 ਮਿੰਟ ਖੇਡਣ ਤੋਂ ਬਾਅਦ ਜ਼ਖ਼ਮੀ ਹੋ ਕੇ ਨਮ ਪਲਕਾਂ ਨਾਲ ਮੈਦਾਨ ਵਿਚੋਂ ਬਾਹਰ ਹੋ ਗਏ ਸਨ। ਉਸ ਫਾਈਨਲ ਵਿਚ ਰੀਅਲ ਮੈਡਰਿਡ ਦੇ ਕਪਤਾਨ ਸਰਜੀਓ ਰਾਮੋਸ ਨਾਲ ਟੱਕਰ ਤੋਂ ਬਾਅਦ ਸਾਲਾਹ ਦਾ ਮੋਢਾ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਹੀ ਮੈਦਾਨ ਛੱਡ ਕੇ ਜਾਣਾ ਪਿਆ ਸੀ। ਇਸ ਵਾਰ ਦੇ ਫਾਈਨਲ ਵਿਚ ਉਨ੍ਹਾਂ ਨੇ ਦੂਜੇ ਮਿੰਟ ਵਿਚ ਹੀ ਗੋਲ ਕਰਕੇ ਫਿਰ ਆਪਣੀ ਟੀਮ ਦੀ ਖ਼ਿਤਾਬੀ ਜਿੱਤ ਵਿਚ ਯੋਗਦਾਨ ਦੇ ਕੇ ਪਿਛਲੇ ਸਾਲ ਦੀ ਖ਼ਿਤਾਬੀ ਕਮੀ ਮਿਟਾਈ।
ਇਸ ਵਾਰ ਦੇ ਯੂਏਫਾ ਚੈਂਪੀਅਨਜ਼ ਲੀਗ ਦੇ ਫਾਈਨਲ ਦੀ ਖ਼ਾਸੀਅਤ ਇਹ ਸੀ ਕਿ ਫਾਈਨਲ ਵਿਚ ਇਕੋ ਦੇਸ਼ ਦੀਆਂ ਦੋ ਟੀਮਾਂ ਆਹਮੋ-ਸਾਹਮਣੇ ਸਨ ਪਰ ਅੰਤ ਨੂੰ ਬਾਜ਼ੀ ਲਿਵਰਪੂਲ ਨੇ ਮਾਰੀ। ਸ਼ੁਰੂਆਤੀ ਅਗੇਤ ਲੈਣ ਤੋਂ ਬਾਅਦ ਲਿਵਰਪੂਲ ਨੇ ਮੈਚ ਨੂੰ ਕਾਬੂ ਵਿਚ ਰੱਖਿਆ ਅਤੇ ਖਿਤਾਬੀ ਮੈਚ ਵਿਚ ਬਿਨਾਂ ਗੋਲ ਖਾਧੇ ਖਿਤਾਬ ਜਿੱਤ ਕੇ ਵੀ ਇਕ ਨਵਾਂ ਰਿਕਾਰਡ ਬਣਾ ਦਿੱਤਾ। ਕੋਚ ਜਰਗਨ ਕਲੌਪ ਦੀ ਬਿਹਤਰੀਨ ਲਿਵਰਪੂਲ ਟੀਮ ਵਿਚ ਕਪਤਾਨ ਜੌਰਡਨ ਹੈਂਡਰਸਨ, ਵਰਜਿਲ ਵੈਨ ਡਾਈਕ, ਮੁਹੰਮਦ ਸਾਲਾਹ, ਸਾਦੀਓ ਮਾਨੇ, ਜੀਨੀ ਵਾਈਨਾਲਡਮ, ਐਂਡੀ ਰਾਬਰਟਸਨ, ਐਲੇਕਜ਼ੈਂਡਰ ਆਰਨਲਡ, ਫ਼ਾਬਿਨ੍ਹੋ, ਰੋਬਰਟੋ ਫਰਮੀਨੋ, ਜੇਮਸ ਮਿਲਨਰ ਅਤੇ ਖਾਸ ਕਰ ਗੋਲਕੀਪਰ ਐਲੀਸਨ ਬੈਕਰ ਸ਼ਾਨਦਾਰ ਖੇਡੇ ਅਤੇ ਇਸ ਇਤਿਹਾਸਕ ਟੀਮ ਦੀ ਇਤਿਹਾਸਕ ਜਿੱਤ ਪੱਕੀ ਕੀਤੀ। ਲਿਵਰਪੂਲ ਦੀ ਇਹ ਖਿਤਾਬੀ ਜਿੱਤ ਨੂੰ ਫੁੱਟਬਾਲ ਜਗਤ ਇਕ ਹੱਕਦਾਰ ਟੀਮ ਦੀ ਜਿੱਤ ਵਜੋਂ ਵੇਖਦਾ ਹੈ, ਕਿਉਂਕਿ ਇਸ ਟੀਮ ਨੇ ਸਾਰਾ ਸੀਜ਼ਨ ਬਿਹਤਰੀਨ ਖੇਡ ਵਿਖਾਈ ਸੀ ਅਤੇ ਇਸ ਦਾ ਖਿਤਾਬ ਜਿੱਤਣਾ ਬਣਦਾ ਵੀ ਸੀ।
ਇਸੇ ਤਰ੍ਹਾਂ, ਯੂਰਪੀ ਫੁੱਟਬਾਲ ਦੇ ਦੂਜੇ ਸਭ ਤੋਂ ਵੱਡੇ ਖਿਤਾਬ ਲਈ ਵੀ ਦੋ ਅੰਗਰੇਜ਼ ਟੀਮਾਂ ਦਾ ਭੇੜ ਹੋਇਆ, ਜਿੱਥੇ ਚੇਲਸੀ ਨੇ ਯੂਰੋਪਾ ਲੀਗ ਦੇ ਇਕਤਰਫਾ ਫਾਈਨਲ ਮੁਕਾਬਲੇ ਵਿਚ ਵਿਰੋਧੀ ਆਰਸਨਲ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਯੂਰੋਪਾ ਲੀਗ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਚੇਲਸੀ ਨੇ ਆਖ਼ਰੀ ਵਾਰ 2013 ਵਿਚ ਇਹ ਖ਼ਿਤਾਬ ਜਿੱਤਿਆ ਸੀ। ਚੇਲਸੀ ਲਈ ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਹੈਡਾਰਡ ਨੇ ਇਸ ਮੈਚ ਵਿਚ 2 ਗੋਲ ਕੀਤੇ ਅਤੇ ਇਕ ਗੋਲ ਕਰਨ ਵਿਚ ਮਦਦ ਵੀ ਕੀਤੀ। ਇੰਗਲਿਸ਼ ਕਲੱਬ ਲਈ ਉਨ੍ਹਾਂ ਦਾ ਇਹ ਆਖ਼ਰੀ ਮੈਚ ਵੀ ਹੋ ਨਿੱਬੜਿਆ, ਕਿਉਂਕਿ ਉਨ੍ਹਾਂ ਦੇ ਸਪੈਨਿਸ਼ ਮਹਾਰਥੀ ਰੀਅਲ ਮੈਡਰਿਡ ਨਾਲ ਜੁੜਨ ਦਾ ਐਲਾਨ ਕੀਤਾ ਹੋਇਆ ਹੈ। ਇਕ ਕੋਚ ਦੇ ਰੂਪ ਵਿਚ ਚੇਲਸੀ ਦੇ ਮਾਰੀਸੀਓ ਸਾਰੀ ਦੇ ਜੀਵਨ ਦੀ ਇਹ ਪਹਿਲੀ ਟਰਾਫੀ ਹੈ, ਜਦਕਿ ਚੇਲਸੀ ਨੇ ਪੰਜਵੀਂ ਵਾਰ ਯੂਰਪੀ ਟੂਰਨਾਮੈਂਟ ਦਾ ਫਾਈਨਲ ਜਿੱਤਿਆ। ਰੌਚਕ ਗੱਲ ਇਹ ਹੈ ਕਿ ਆਪਣੇ ਸਟਾਰ ਖਿਡਾਰੀ ਵਾਂਗ ਸਾਰੀ ਵੀ ਕਲੱਬ ਬਦਲਣ ਦੀ ਸੋਚ ਰਹੇ ਹਨ। ਇਸ ਦੌਰਾਨ, ਚੇਲਸੀ ਯੂਰਪਾ ਲੀਗ ਵਿਚ ਬਿਨਾਂ ਕੋਈ ਮੈਚ ਹਾਰੇ ਖ਼ਿਤਾਬ ਜਿੱਤਣ ਵਾਲੀ ਪਹਿਲੀ ਟੀਮ ਵੀ ਬਣੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਅਰਜਨ ਐਵਾਰਡੀ ਫੁੱਟਬਾਲ ਖਿਡਾਰੀ ਇੰਦਰ ਸਿੰਘ

ਫੁੱਟਬਾਲ ਵਿਚ ਇੰਦਰ ਸਿੰਘ ਜਾਣਿਆ-ਪਹਿਚਾਣਿਆ ਚਿਹਰਾ ਹੈ। ਫਾਰਵਰਡ ਖੇਡਣ ਵਾਲੇ ਇੰਦਰ ਸਿੰਘ ਨੇ ਕਹਿੰਦੇ-ਕਹਾਉਂਦੇ ਸਟਾਪਰਾਂ ਨੂੰ ਮੈਚਾਂ ਵਿਚ ਵਖ਼ਤ ਪਾਈ ਰੱਖਿਆ। ਫੁੱਟਬਾਲ ਜਾਣਕਾਰਾਂ ਮੁਤਾਬਿਕ ਇੰਦਰ ਸਿੰਘ ਦੇ ਹਾਣ-ਪ੍ਰਵਾਨ ਦਾ ਕੋਈ ਫੁੱਟਬਾਲਰ ਨਜ਼ਰ ਨਹੀਂ ਆਉਂਦਾ। 1943 ਨੂੰ ਜਨਮੇ ਇੰਦਰ ਸਿੰਘ ਨੇ 1960 ਵਿਚ ਲੀਡਰ ਕਲੱਬ ਜਲੰਧਰ ਵਲੋਂ ਆਪਣਾ ਫੁੱਟਬਾਲ ਕੈਰੀਅਰ ਦਾ ਆਗਾਜ਼ ਕੀਤਾ। 1974 ਵਿਚ ਹੋਈ ਸੰਤੋਸ਼ ਟਰਾਫੀ ਵਿਚ ਇੰਦਰ ਸਿੰਘ ਨੇ ਸਭ ਤੋਂ ਵੱਧ ਗੋਲ ਦਾਗੇ। 1974 ਸੰਤੋਸ਼ ਟਰਾਫੀ ਵਿਚ ਪੰਜਾਬ ਵਲੋਂ ਖੇਡਦਿਆਂ ਇੰਦਰ ਸਿੰਘ ਨੇ 23 ਸ਼ਾਨਦਾਰ ਗੋਲ ਕੀਤੇ। 1974 ਸੰਤੋਸ਼ ਟਰਾਫੀ ਦਾ ਫਾਈਨਲ ਮੁਕਾਬਲਾ ਗੋਆ ਨਾਲ ਹੋਇਆ। ਇਸ ਫਾਈਨਲ ਮੁਕਾਬਲੇ ਵਿਚ ਇੰਦਰ ਸਿੰਘ ਨੇ ਹੈਟ੍ਰਿਕ ਮਾਰ ਖਿਤਾਬ ਪੰਜਾਬ ਦੀ ਝੋਲੀ ਪਾਇਆ। ਸੰਤੋਸ਼ ਟਰਾਫੀ ਵਿਚ ਪੰਜਾਬ ਟੀਮ ਨੇ ਕੁੱਲ 46 ਗੋਲ ਕੀਤੇ। ਇਕੱਲੇ ਇੰਦਰ ਸਿੰਘ ਨੇ 23 ਗੋਲ ਕੀਤੇ। ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਇੰਦਰ ਸਿੰਘ ਨੇ 1963 ਵਿਚ ਕੀਤੀ। ਭਾਰਤੀ ਟੀਮ ਵਲੋਂ 1964 ਵਿਚ ਏਸ਼ੀਆ ਕੱਪ ਖੇਡਿਆ। ਪਹਿਲੇ ਮੁਕਾਬਲੇ ਵਿਚ ਹੀ ਇੰਦਰ ਸਿੰਘ ਨੇ ਸਾਊਥ ਕੋਰੀਆ ਨੂੰ ਗੋਲ ਦਾਗਿਆ। ਭਾਰਤੀ ਟੀਮ ਨੇ ਇਹ ਮੈਚ 2-0 ਗੋਲਾ ਨਾਲ ਜਿੱਤਿਆ। ਇਸ ਟੂਰਨਾਮੈਂਟ ਵਿਚ ਭਾਰਤ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਏਸ਼ੀਆ ਕੱਪ ਵਿਚ ਇੰਦਰ ਸਿੰਘ ਨੂੰ ਬੈਸਟ ਰਾਈਟ ਆਊਟ ਐਲਾਨਿਆ ਗਿਆ।
1966 ਏਸ਼ੀਆ ਗੇਮਜ਼ ਬੈਂਕਾਕ ਵਿਚ ਇੰਦਰ ਸਿੰਘ ਨੇ ਆਪਣੀ ਖੇਡ ਦੇ ਜੌਹਰ ਵਿਖਾਏ। 1964 ਮਲੇਸ਼ੀਆ ਕੱਪ ਵਿਚ ਭਾਰਤੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕੰਬੋਡੀਆ ਤੇ ਸਾਊਥ ਕੋਰੀਆ ਨੇ ਦੋ ਯਾਦਗਰੀ ਗੋਲ ਦਾਗੇ। 1969 ਵਿਚ ਭਾਰਤ ਸਰਕਾਰ ਨੇ ਭਾਰਤੀ ਫੁੱਟਬਾਲ ਦੇ ਇਸ ਅਨਮੋਲ ਹੀਰੇ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਇੰਦਰ ਸਿੰਘ ਦੀ ਤੇਜ਼-ਤਰਾਰ ਖੇਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਜਦੋਂ ਰੂਸ ਦੀ ਟੀਮ ਭਾਰਤ ਦੇ ਦੌਰ 'ਤੇ ਆਈ ਤਾਂ ਰੂਸੀ ਟੀਮ ਨੇ ਭਾਰਤ ਦੇ ਵੱਖੋ-ਵੱਖਰੀਆਂ ਟੀਮਾਂ ਨਾਲ ਮੈਚ ਖੇਡੇ। ਇਸ ਰੂਸੀ ਟੀਮ ਨੇ ਕਿਸੇ ਟੀਮ ਤੇ ਖਿਡਾਰੀ ਦੀ ਇਕ ਨਾ ਚੱਲਣ ਦਿੱਤੀ। ਇਸ ਰੂਸੀ ਟੀਮ ਦਾ ਮੁਕਾਬਲਾ ਲੀਡਰਜ਼ ਕਲੱਬ ਜਲੰਧਰ ਨਾਲ ਹੋਇਆ। ਲੀਡਰਜ਼ ਕਲੱਬ ਵਲੋਂ ਇੰਦਰ ਸਿੰਘ ਖੇਡ ਰਿਹਾ ਸੀ। ਰੂਸ ਦੀ ਇਸ ਤਾਕਤਵਰ ਟੀਮ ਨੇ ਲੀਡਰਜ਼ ਕਲੱਬ ਨੂੰ ਕਈ ਗੋਲ ਦਾਗੇ ਪਰ ਇਸ ਮੁਕਾਬਲੇ ਵਿਚ ਇੰਦਰ ਸਿੰਘ ਨੇ ਰੂਸ ਦੇ ਸਟੋਪਰਾਂ ਨੂੰ ਚਕਵਾਂ ਦੇ ਕੇ ਇਕ ਦਰਸ਼ਨੀ ਗੋਲ ਦਾਗਿਆ। ਇੰਦਰ ਸਿੰਘ ਦੇ ਇਸ ਗੋਲ ਦੀ ਪ੍ਰਸੰਸਾ ਪੂਰੇ ਫੁੱਟਬਾਲ ਜਗਤ ਵਿਚ ਹੋਈ। ਅੱਜ ਵੀ ਜਦੋਂ ਕਿਤੇ ਭਾਰਤੀ ਫੁੱਟਬਾਲ ਦੀ ਗੱਲ ਚਲਦੀ ਹੈ ਤਾਂ ਇੰਦਰ ਸਿੰਘ ਵਲੋਂ ਦਾਗੇ ਇਸ ਗੋਲ ਦੀ ਹਮੇਸ਼ਾ ਚਰਚਾ ਹੁੰਦੀ ਹੈ।
ਇਸ ਤੋਂ ਇਲਾਵਾ ਇੰਦਰ ਸਿੰਘ ਦੋ ਵਾਰੀ ਆਲ ਸਟਾਰ ਏਸ਼ੀਆ ਟੀਮ ਦਾ ਮੈਂਬਰ ਵੀ ਰਿਹਾ। ਪਹਿਲੀ ਵਾਰ 1967 ਵਿਚ ਅਤੇ ਦੂਜੀ ਵਾਰ 1968 ਵਿਚ। ਇੰਦਰ ਸਿੰਘ ਦੀ ਖੇਡ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਭਾਰਤ ਤੋਂ ਇਲਾਵਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ 1967 ਵਿਚ ਇੰਦਰ ਸਿੰਘ ਨੂੰ ਮਲੇਸ਼ੀਆ ਵਲੋਂ ਖੇਡਣ ਲਈ ਪੇਸ਼ਕਸ਼ ਕੀਤੀ। ਪਰ ਦੇਸ਼ ਪ੍ਰੇਮੀ ਇੰਦਰ ਸਿੰਘ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਆਖਿਆ ਕਿ ਉਹ ਆਪਣੇ ਮੁਲਕ ਵਲੋਂ ਹੀ ਫੁੱਟਬਾਲ ਖੇਡੇਗਾ। ਭਾਰਤੀ ਫੁੱਟਬਾਲ ਦੇ ਸੁਨਹਿਰੀ ਯੁੱਗ ਦੇ ਸੁਨਹਿਰੀ ਖਿਡਾਰੀਆਂ ਦੀਆਂ ਖੇਡ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਭਾਵੇਂ ਅੱਜ ਭਾਰਤੀ ਫੁੱਟਬਾਲ ਦਾ ਮਿਆਰ ਬਹੁਤ ਡਿੱਗ ਚੁੱਕਾ ਹੈ ਪਰ ਜਦੋਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਮਨ ਨੂੰ ਤਸੱਲੀ ਹੁੰਦੀ ਹੈ ਕਿ ਭਾਰਤੀ ਫੁੱਟਬਾਲ ਵਿਚ ਅਜਿਹੇ ਸਾਹ ਸਵਾਰ ਪੈਦਾ ਹੋਏ, ਜਿਨ੍ਹਾਂ ਨੇ ਫੁੱਟਬਾਲ ਜਗਤ ਵਿਚ ਖੂਬ ਨਾਂਅ ਚਮਕਾਇਆ ਹੈ। ਆਪਣੀ ਖੇਡ ਨਾਲ ਇੰਦਰ ਸਿੰਘ ਨੇ ਭਾਰਤੀ ਫੁੱਟਬਾਲ ਨੂੰ ਸਿਖਰਾਂ ਦੇ ਦਰਸ਼ਨ ਕਰਵਾਏ। ਇੰਦਰ ਸਿੰਘ ਨੂੰ ਪਰਾਇਡ ਆਫ ਫਗਵਾੜਾ ਨਾਲ ਸਨਮਾਨਿਆ ਜਾ ਚੁੱਕਾ ਹੈ। ਆਪਣੀ ਖੇਡ ਨਾਲ ਖੂਬ ਨਾਂਅ ਕਮਾਉਣ ਤੋਂ ਇਲਾਵਾ ਇੰਦਰ ਸਿੰਘ ਪੰਜਾਬ ਦੇ ਚਰਚਿਤ ਫੁੱਟਬਾਲ ਕਲੱਬ ਜੇ.ਸੀ.ਟੀ. ਮਿੱਲ ਫਗਵਾੜਾ ਨੇ ਲੰਬਾ ਸਮਾਂ ਮੈਨੇਜਰ ਰਹੇ ਹਨ।


-ਮੋਬਾ: 97792-07572

ਵਿਸ਼ਵ ਦੀ ਨੰਬਰ ਇਕ ਖਿਡਾਰਨ ਹੈ ਅਰਜਨ ਐਵਾਰਡ ਵਿਜੇਤਾ ਅਥਲੀਟ ਦੀਪਾ ਮਲਕ

ਵਿਸ਼ਵ ਦੀ ਨੰਬਰ ਇਕ ਖਿਡਾਰਨ ਹੈ ਪੈਰਾ ਅਥਲੀਟ ਦੀਪਾ ਮਲਕ। ਇਸੇ ਕਰਕੇ ਤਾਂ ਦੇਸ਼ ਦੇ ਬੜੇ ਹੀ ਵੱਡੇ ਐਵਾਰਡ ਜਾਣੀ ਅਰਜਨ ਐਵਾਰਡ ਨਾਲ ਹੀ ਨਹੀਂ ਸਨਮਾਨੀ ਗਈ, ਸਗੋਂ ਦੇਸ਼ ਦੇ ਹੋਰ ਵੀ ਵਕਾਰੀ ਸਨਮਾਨ ਉਸ ਦੀ ਝੋਲੀ ਪੈਣ ਦਾ ਮਾਣ ਹਾਸਲ ਹੈ ਅਤੇ ਭਾਰਤ ਨੂੰ ਅਜਿਹੀਆਂ ਸ਼ਖ਼ਸੀਅਤਾਂ 'ਤੇ ਮਾਣ ਹੀ ਨਹੀਂ, ਸਗੋਂ ਦੀਪਾ ਮਲਕ ਨੇ ਵੀ ਭਾਰਤ ਦਾ ਮਾਣ ਪੂਰੇ ਸੰਸਾਰ ਵਿਚ ਵਧਾਇਆ ਹੈ। ਦੀਪਾ ਮਲਕ ਦਾ ਜਨਮ 30 ਸਤੰਬਰ, 1970 ਨੂੰ ਹਰਿਆਣਾ ਪ੍ਰਾਂਤ ਦੇ ਪਿੰਡ ਭਾਈਸਵਾਲ ਵਿਚ ਹੋਇਆ ਅਤੇ ਹਾਦਸਾ ਹੋ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਟਿਕੀ ਪਰ ਉਸ ਨੇ ਐਨਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਹੌਸਲਾ ਨਹੀਂ ਹਾਰਿਆ ਅਤੇ ਉਹ ਬੁਲੰਦ ਹੌਸਲੇ ਦੀ ਅਜਿਹੀ ਮਿਸਾਲ ਬਣੀ, ਜਿਸ ਕਰਕੇ ਦੀਪਾ ਮਲਕ ਅੱਜ ਸਭ ਲਈ ਖਾਸ ਕਰਕੇ ਔਰਤਾਂ ਲਈ ਇਕ ਰੋਲ ਮਾਡਲ ਹੈ। ਉਹ ਖੇਡਾਂ ਦੇ ਖੇਤਰ ਵਿਚ ਬਹੁਪੱਖੀ ਸ਼ਖ਼ਸੀਅਤ ਹੈ ਅਤੇ ਉਹ ਸ਼ਾਟਪੁੱਟ, ਜੈਵਲਨ ਥਰੋ, ਡਿਸਕਸ ਥਰੋ, ਸਵੀਮਿੰਗ ਅਤੇ ਮੋਟਰਸਾਈਕਲਿੰਗ ਵੀ ਕਰਦੀ ਹੈ ਅਤੇ ਇਨ੍ਹਾਂ ਸਾਰੀਆਂ ਹੀ ਖੇਡਾਂ ਵਿਚ ਉਸ ਨੇ ਵਿਸ਼ਵ ਵਿਆਪੀ ਵੱਡੇ ਖਿਤਾਬ ਭਾਰਤ ਦੀ ਝੋਲੀ ਪਾਏ ਹਨ। ਜੇਕਰ ਉਸ ਵਲੋਂ ਜਿੱਤੇ ਤਗਮਿਆਂ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਪੱਧਰ 'ਤੇ ਉਸ ਨੇ 58 ਸੋਨ ਤਗਮੇ, 5 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ 23 ਤਗਮੇ ਜਿੱਤ ਕੇ ਭਾਰਤ ਦੇ ਤਿਰੰਗੇ ਨੂੰ ਹੋਰ ਬੁਲੰਦੀਆਂ 'ਤੇ ਲਹਿਰਾਇਆ ਹੈ।
ਸਾਲ 2018 ਵਿਚ ਜੈਕਾਰਤਾ ਵਿਖੇ ਹੋਈਆਂ ਪੈਰਾ ਏਸ਼ੀਅਨ ਖੇਡਾਂ ਵਿਚ ਦੀਪਾ ਮਲਕ ਨੇ ਜੈਵਲਿਨ ਥਰੋ ਵਿਚ 2 ਕਾਂਸੀ ਦੇ ਤਗਮੇ ਅਤੇ 1 ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸਾਲ 2016 ਵਿਚ ਰੀਓ ਜਨੇਰੀਓ ਵਿਚ ਹੋਈ ਪੈਰਾ ਉਲੰਪਿਕ ਵਿਚ ਉਹ ਭਾਰਤ ਦੀਆਂ ਔਰਤਾਂ ਵਿਚ ਇਕੋ-ਇਕ ਤਗਮਾ ਵਿਜੇਤਾ ਬਣੀ ਅਤੇ ਉਸ ਨੇ ਸ਼ਾਟਪੁੱਟ ਵਿਚ ਪੂਰੇ ਵਿਸ਼ਵ ਵਿਚ ਦੂਜਾ ਸਥਾਨ ਹਾਸਲ ਕੀਤਾ। ਸਾਲ 2015 ਵਿਚ ਦੇਸ਼ ਦੋਹਾ ਵਿਚ ਅਥਲੈਟਿਕ ਵਰਲਡ ਚੈਂਪੀਅਨਸ਼ਿਪ ਵਿਚ ਸ਼ਾਟਪੁੱਟ ਖੇਡਦਿਆਂ 5ਵਾਂ ਸਥਾਨ ਹਾਸਲ ਕੀਤਾ। ਸਾਲ 2016 ਵਿਚ ਡੁਬਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2014 ਵਿਚ ਏਸ਼ੀਅਨ ਪੈਰਾ ਖੇਡਾਂ ਵਿਚ ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ ਹੀ ਨਹੀਂ ਜਿੱਤਿਆ, ਸਗੋਂ ਉਸ ਨੇ ਏਸ਼ੀਅਨ ਰਿਕਾਰਡ ਵੀ ਬਣਾਇਆ। ਸਾਲ 2015 ਵਿਚ ਦੋਹਾ ਅਤੇ ਚੈਨਾ ਵਿਚ ਬੀਜਿੰਗ ਵਿਚ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ। ਸਾਲ 2012 ਵਿਚ ਮਲੇਸ਼ੀਆ ਵਿਚ ਮਲੇਸ਼ੀਅਨ ਓਪਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋ ਅਤੇ ਡਿਸਕਸ ਥਰੋ ਵਿਚ 2 ਸੋਨ ਤਗਮੇ ਜਿੱਤ ਕੇ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਸਾਲ 2011 ਵਿਚ ਡੁਬਈ ਸ਼ਾਰਜਾਹ ਵਿਖੇ 2 ਕਾਂਸੀ ਦੇ ਤਗਮੇ ਜਿੱਤ ਕੇ ਦੋ ਏਸ਼ਅਨ ਰਿਕਾਰਡ ਬਣਾਏ।
ਸਾਲ 2010 ਵਿਚ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਇਕੋ-ਇਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਔਰਤ ਬਣੀ। ਸਾਲ 2010 ਵਿਚ ਹੀ ਇੰਗਲੈਂਡ ਵਿਚ ਹੋਈਆਂ ਪੈਰਾ ਖੇਡਾਂ ਵਿਚ ਦੀਪਾ ਮਲਕ ਨੇ 3 ਸੋਨ ਤਗਮੇ ਸ਼ਾਟਪੁੱਟ, ਡਿਸਕਸ ਥਰੋ ਅਤੇ ਜੈਵਲਿਨ ਥਰੋ ਵਿਚ ਆਪਣੇ ਨਾਂਅ ਕਰਕੇ ਪੂਰੇ ਏਸ਼ੀਆ ਵਿਚ ਇਕ ਵੱਡਾ ਰਿਕਾਰਡ ਬਣਾਇਆ। ਸਾਲ 2009 ਵਿਚ ਭਾਰਤ ਵਿਚ ਹੋਈਆਂ ਵਰਲਡ ਗੇਮ ਖੇਡਾਂ ਵਿਚ ਵੀ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ। ਇਥੇ ਹੀ ਬਸ ਨਹੀਂ, ਉਹ ਵੀਲ੍ਹਚੇਅਰ 'ਤੇ ਹੋਣ ਕਰਕੇ ਉਸ ਨੇ ਮੋਟਰ ਸਪੋਰਟਸ ਵਿਚ ਵੀ ਕਈ ਖਿਤਾਬ ਆਪਣੇ ਨਾਂਅ ਕੀਤੇ ਹਨ। ਚੇਨਈ ਤੋਂ ਦਿੱਲੀ ਤੱਕ 3278 ਕਿਲੋਮੀਟਰ ਦੀ ਉਹ ਕਾਰ ਰੇਸ ਵੀ ਕਰ ਚੁੱਕੀ ਹੈ ਅਤੇ ਪੂਰੇ 9 ਦਿਨਾਂ ਵਿਚ ਕਾਰ ਉਪਰ ਲੇਹ-ਲਦਾਖ ਦੀ ਯਾਤਰਾ ਕਰਕੇ ਉਸ ਨੇ ਸਾਬਤ ਕਰ ਦਿੱਤਾ ਕਿ ਹਿੰਮਤ ਅਤੇ ਹੌਸਲੇ ਨਾਲ ਅਪਾਹਜ ਆਦਮੀ ਵੀ ਆਮ ਆਦਮੀਆਂ ਵਾਂਗ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਸਾਲ 2012 ਵਿਚ ਭਾਰਤ ਸਰਕਾਰ ਵਲੋਂ ਦੀਪਾ ਮਲਕ ਨੂੰ ਅਰਜਨ ਐਵਾਰਡ ਨਾਲ ਸਨਮਾਨਿਆ ਗਿਆ। ਸਾਲ 2014 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਉਸ ਨੂੰ ਰੋਲ ਮਾਡਲ ਐਵਾਰਡ ਦੇ ਨਾਲ ਵੀ ਸਨਮਾਨਿਆ ਗਿਆ। ਸਾਲ 2009-10 ਵਿਚ ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਮਹਾਰਾਸ਼ਟਰਾ ਛਤਰਪਤੀ ਐਵਾਰਡ ਨਾਲ ਸਨਮਾਨਿਆ। ਸਾਲ 2008 ਵਿਚ ਉਸ ਨੂੰ ਹਰਿਆਣਾ ਸਰਕਾਰ ਨੇ ਹਰਿਆਣਾ ਕਰਮ ਭੂਮੀ ਐਵਾਰਡ ਨਾਲ ਸਨਮਾਨਿਆ।
ਸਾਲ 2006 ਵਿਚ ਮਹਾਰਾਸ਼ਟਰ ਸਰਕਾਰ ਨੇ ਸਵਾਲਾਵਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਸਾਲ 2017 ਵਿਚ ਭਾਰਤ ਸਰਕਾਰ ਵਲੋਂ ਉਸ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ ਤੇ ਇਸ ਦੇ ਨਾਲ ਹੀ ਉਸ ਨੂੰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਵਲੋਂ ਮਹਾਨ ਔਰਤ ਦਾ ਦਰਜਾ ਦੇ ਕੇ ਸਨਮਾਨਿਆ ਗਿਆ। ਸਾਲ 2010-12 ਵਿਚ ਏਸ਼ੀਅਨ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਉਸ ਦਾ ਲਿਮਕਾ ਵਰਲਡ ਰਿਕਾਰਡ ਵਿਚ ਵੀ ਨਾਂਅ ਦਰਜ ਹੋਇਆ। ਸਾਲ 2009 ਵਿਚ ਉਸ ਨੂੰ ਨਾਰੀ ਗੌਰਵ ਪੁਰਸਕਾਰ ਨਾਲ ਸਨਮਾਨਿਆ ਗਿਆ। ਸਾਲ 2009 ਵਿਚ ਹੀ ਗੁਰੂ ਗੋਬਿੰਦ ਸੌਰੀਆ ਪੁਰਸਕਾਰ ਨਾਲ ਸਨਮਾਨਿਆ ਗਿਆ ਤੇ 2007 ਦੀ ਰੋਟਰੀ ਵੋਮੈਨ ਵੀ ਰਹੀ ਤੇ ਸਾਲ 2013 ਵਿਚ ਉਸ ਨੂੰ ਕਰਮਵੀਰ ਚੱਕਰ ਐਵਾਰਡ ਨਾਲ ਵੀ ਸਨਮਾਨਿਆ ਗਿਆ। ਸਾਲ 2013 ਵਿਚ ਉਸ ਨੂੰ ਫੈਮੀਨਾ ਐਵਾਰਡ ਵਿਚ ਪਿਆਰੀ ਔਰਤ ਦੇ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਉਸ ਦੀ ਝੋਲੀ ਵਿਚ ਦੇਸ਼ ਪੱਧਰੀ ਤੇ ਸੰਸਾਰ ਪੱਧਰੀ ਐਵਾਰਡ ਪਏ ਹਨ। ਦੀਪਾ ਮਲਕ ਦੇ ਜੇਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਅੱਜਕਲ੍ਹ ਉਹ ਆਪਣੇ ਪਤੀ ਕਰਨਲ ਬਿਕਰਮ ਸਿੰਘ ਤੇ ਆਪਣੀਆਂ ਦੋ ਬੇਟੀਆਂ ਨਾਲ ਜਿੱਥੇ ਪਰਿਵਾਰਕ ਜ਼ਿੰਦਗੀ ਬਤੀਤ ਕਰ ਰਹੀ ਹੈ, ਉੱਥੇ ਖੇਡਾਂ ਦੇ ਖੇਤਰ ਵਿਚ ਵੀ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਖੇਡ ਮੰਤਰਾਲਾ ਭਾਰਤ ਸਰਕਾਰ ਵਿਚ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਸੱਚਮੁੱਚ ਦੀਪਾ ਮਲਕ ਭਾਰਤ ਦਾ ਉਹ ਨਗੀਨਾ ਹੈ, ਜਿਸ 'ਤੇ ਭਾਰਤ ਹੀ ਨਹੀਂ, ਪੂਰਾ ਸੰਸਾਰ ਮਾਣ ਕਰਦਾ ਹੈ।


-ਪਿੰਡ ਤੇ ਡਾਕ: ਬੁੱਕਣਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਗ੍ਰਾਹਮ ਰੀਡ : ਕੀ ਭਾਰਤੀ ਹਾਕੀ ਟੀਮ ਲਈ ਅਸਰਦਾਰ ਕੋਚ ਸਾਬਤ ਹੋਵੇਗਾ?

ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ 6 ਜੂਨ ਤੋਂ ਲੈ ਕੇ 15 ਤੱਕ ਐਫ.ਆਈ.ਐਚ. ਮੈਨਜ਼ ਸੀਰੀਜ਼ ਫਾਈਨਲ ਚੱਲਿਆ, ਜਿਸ ਵਿਚ ਭਾਰਤ, ਜਾਪਾਨ, ਮੈਕਸੀਕੋ, ਪੋਲੈਂਡ, ਰੂਸ, ਦੱਖਣੀ ਅਫਰੀਕਾ, ਯੂ.ਐਸ.ਏ., ਉਜ਼ਬੇਕਿਸਤਾਨ ਦੀਆਂ ਟੀਮਾਂ ਨੇ ਭਾਗ ਲਿਆ। ਭਾਰਤੀ ਹਾਕੀ ਪ੍ਰੇਮੀਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਕਿ ਭਾਰਤ ਨੇ 2020 'ਚ ਟੋਕੀਓ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਕੁਆਲੀਫਿਕੇਸ਼ਨ ਦੇ ਅਗਲੇ ਗੇੜ ਲਈ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਭਾਰਤੀ ਟੀਮ ਦੱਖਣੀ ਅਫਰੀਕਾ ਨੂੰ ਫਾਈਨਲ ਵਿਚ 5-1 ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਭਾਰਤੀ ਹਾਕੀ ਟੀਮ ਦੀ ਵਾਗਡੋਰ ਨਵਨਿਯੁਕਤ ਗ੍ਰਾਹਮ ਰੀਡ ਦੇ ਹੱਥਾਂ 'ਚ ਹੈ, ਜੋ ਕਿ ਆਸਟਰੇਲੀਆ ਨਾਲ ਸਬੰਧਤ ਹੈ। ਟੋਕੀਓ ਉਲੰਪਿਕ 2020 ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀ ਨਿਯੁਕਤੀ ਹੋਈ ਹੈ। ਹਾਕੀ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸਾਂਝੀ ਸਲਾਹ ਦੇ ਮੁਤਾਬਿਕ ਇਸ ਆਸਟਰੇਲੀਆਈ ਕੋਚ ਨੂੰ ਨਿਯੁਕਤ ਕੀਤਾ ਗਿਆ, ਜਿਸ ਦਾ ਪਹਿਲਾ ਯਤਨ ਭਾਰਤੀ ਟੀਮ ਨੂੰ ਉਲੰਪਿਕ ਹਾਕੀ ਟੋਕੀਓ ਲਈ ਕੁਆਲੀਫਾਈ ਕਰਵਾਉਣਾ, ਦੂਜਾ ਮਿਸ਼ਨ ਉਲੰਪਿਕ ਹਾਕੀ 'ਚ ਭਾਰਤੀ ਪ੍ਰਦਰਸ਼ਨ ਨੂੰ ਸੁਧਾਰਨਾ ਹੈ। ਰੀਡ ਕੋਚ ਨੇ ਭਾਵੇਂ ਭਾਰਤੀ ਹਾਕੀ ਟੀਮ ਦੀ ਵਾਗਡੋਰ ਸੰਭਾਲ ਕੇ ਮਾਣ ਮਹਿਸੂਸ ਕੀਤਾ ਪਰ ਉਸ ਦੀ ਕੋਚਿੰਗ ਦੀ ਸਖ਼ਤ ਪ੍ਰੀਖਿਆ ਵੀ ਨਾਲ ਹੀ ਸਿਰ 'ਤੇ ਖੜ੍ਹੀ ਹੈ। ਇਸ ਤੋਂ ਪਹਿਲਾਂ ਹਾਲੈਂਡ 'ਚ ਉਹ ਕੌਮੀ ਟੀਮ ਦਾ ਅਸਿਸਟੈਂਟ ਕੋਚ ਸੀ। ਜਿਥੋਂ ਤੱਕ ਉਸ ਦੇ ਵਿਸ਼ਵ ਪੱਧਰ 'ਤੇ ਰਹਿ ਚੁੱਕੇ ਖਿਡਾਰੀ ਹੋਣ ਦਾ ਸਵਾਲ ਹੈ, ਉਹ ਇਕ ਉੱਤਮ ਦਰਜੇ ਦਾ ਖਿਡਾਰੀ ਸੀ। ਆਸਟ੍ਰੇਲੀਆ ਦੀ ਜਿਸ ਟੀਮ ਨੇ 1992 'ਚ ਬਾਰਸੀਲੋਨਾ ਵਿਖੇ ਉਲੰਪਿਕ ਜਿੱਤੀ ਸੀ, ਉਹ ਉਸ ਟੀਮ ਦਾ ਮੈਂਬਰ ਰਹਿ ਚੁੱਕਾ ਹੈ। ਉਹ ਫੁੱਲਬੈਕ ਅਤੇ ਮਿਡਫੀਲਡਰ ਦੀ ਭੂਮਿਕਾ ਅਦਾ ਕਰਦਾ ਰਿਹਾ ਅਤੇ ਆਧੁਨਿਕ ਹਾਕੀ ਨਾਲ ਬਾਖੂਬੀ ਵਾਕਿਫ਼ ਹੈ। ਉਸ ਲਈ ਇਹ ਮਾਣ ਵਾਲੀ ਗੱਲ ਹੈ ਕਿ 4 ਵਾਰੀ ਆਸਟ੍ਰੇਲੀਆ ਟੀਮ ਦੇ ਚੈਂਪੀਅਨਜ਼ ਟਰਾਫੀ ਜਿੱਤਣ ਵੇਲੇ ਉਹ ਟੀਮ ਦਾ ਮੈਂਬਰ ਸੀ।
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਵਿਦੇਸ਼ੀ ਕੋਚ ਦੀ ਭਾਰਤੀ ਟੀਮ ਲਈ ਨਿਯੁਕਤੀ ਕਦੇ ਵੀ ਹਾਕੀ ਇੰਡੀਆ ਲਈ ਇਕ ਸੁਖਾਵਾਂ ਤਜਰਬਾ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਏਸ਼ੀਅਨ ਖੇਡਾਂ 'ਚ ਟੀਮ ਭਾਰਤੀ ਕੋਚ ਹਰਿੰਦਰਾ ਸਿੰਘ ਦੇ ਮਾਰਗ-ਦਰਸ਼ਨ 'ਚ ਖੇਡੀ ਸੀ। ਉਸ ਵੇਲੇ ਇਸ ਭਾਰਤੀ ਕੋਚ ਤੋਂ ਆਸਾਂ ਤਾਂ ਬਹੁਤ ਸਨ ਪਰ ਭਾਰਤੀ ਟੀਮ ਲੜਖੜਾ ਗਈ ਸੀ, ਵਿਸ਼ਵ ਕੱਪ ਹਾਕੀ 'ਚ ਵੀ ਭਾਰਤੀ ਟੀਮ ਦਾ ਮਾੜਾ ਹੀ ਹਾਲ ਰਿਹਾ। ਸਿੱਟੇ ਵਜੋਂ ਭਾਰਤੀ ਕੋਚ ਦੀ ਛੁੱਟੀ ਕਰ ਦਿੱਤੀ ਗਈ। ਅਸੀਂ ਮਹਿਸੂਸ ਕਰਦੇ ਹਾਂ ਕਿ ਜੇਕਰ ਭਾਰਤੀ ਟੀਮ ਏਸ਼ੀਅਨ ਖੇਡਾਂ 'ਚ ਸੋਨਾ ਜਿੱਤ ਕੇ ਘੱਟੋ-ਘੱਟ ਉਲੰਪਿਕ ਲਈ ਕੁਆਲੀਫਾਈ ਕਰ ਜਾਂਦੀ ਤਾਂ ਦੇਸ਼ ਵਿਚ ਸਵਦੇਸ਼ੀ ਕੋਚ ਦੀ ਕਹਾਣੀ ਹੋਰ ਹੀ ਹੋਣੀ ਸੀ। ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਹੋਰ ਵੀ ਕਈ ਆਸਟ੍ਰੇਲੀਅਨ ਕੋਚ ਭਾਰਤੀ ਟੀਮ ਨਾਲ ਜੁੜੇ ਰਹੇ ਹਨ, ਜਿਵੇਂ ਮਾਈਕਲ ਨੋਬਜ, ਟੈਰੀ ਵਾਲਸ਼, ਰਿਕ ਚਾਰਲਸਵਰਥਾ। ਰੀਡ 2009 'ਚ ਆਸਟ੍ਰੇਲੀਆ ਟੀਮ ਦਾ ਅਸਿਸਟੈਂਟ ਕੋਚ ਵੀ ਰਿਹਾ, 2012 'ਚ ਜਦੋਂ ਆਸਟ੍ਰੇਲੀਆ ਦੀ ਟੀਮ ਨੇ ਚੈਂਪੀਅਨਜ਼ ਟਰਾਫੀ ਜਿੱਤੀ, ਉਸ 'ਚ ਗ੍ਰਾਹਮ ਰੀਡ ਦੀ ਕੋਚ ਦੇ ਤੌਰ 'ਤੇ ਪ੍ਰਮੁੱਖ ਭੂਮਿਕਾ ਰਹੀ, 2014 'ਚ ਉਹ ਆਸਟ੍ਰੇਲੀਆ ਟੀਮ ਦਾ ਚੀਫ ਕੋਚ ਰਿਹਾ, ਜਦੋਂ ਆਸਟ੍ਰੇਲੀਆ ਵਿਸ਼ਵ ਦੀ ਨੰਬਰ 1 ਟੀਮ ਬਣੀ, ਉਸ ਦੀ ਰਹਿਨੁਮਾਈ 'ਚ ਆਸਟ੍ਰੇਲੀਆ ਨੇ ਵਰਲਡ ਲੀਗ ਸੈਮੀਫਾਈਨਲ ਜਿੱਤੀ। ਰੀਡ 2017 'ਚ ਐਮਸਟਰਡਮ (ਹਾਲੈਂਡ) ਕਲੱਬ ਦਾ ਚੀਫ ਕੋਚ ਬਣਿਆ। ਉਸ ਦੇ ਕੋਚਿੰਗ ਕੈਰੀਅਰ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ 2018 ਵਰਲਡ ਕੱਪ ਹਾਕੀ 'ਚ ਨੀਦਰਲੈਂਡ ਦੀ ਜਿਸ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ, ਉਹ ਉਸ ਦਾ ਸਹਾਇਕ ਕੋਚ ਸੀ। ਇਸ ਤਰ੍ਹਾਂ ਹਾਕੀ ਦੇ ਖੇਤਰ 'ਚ ਹਾਲੈਂਡ ਅਤੇ ਆਸਟ੍ਰੇਲੀਆ ਦੀਆਂ ਧੜੱਲੇਦਾਰ ਟੀਮਾਂ ਨਾਲ ਜੁੜਿਆ ਇਹ ਅਨੁਭਵੀ ਕੋਚ ਭਾਰਤੀ ਟੀਮ ਲਈ ਜੇ ਅਸਰਦਾਰ ਸਾਬਤ ਹੋ ਗਿਆ ਤਾਂ ਸਾਡੇ ਹਾਕੀ ਜਗਤ ਲਈ ਇਕ ਮਸੀਹਾ ਬਣ ਸਕਦੈ।
ਜਿਸ ਕੋਚ ਨੇ ਕੁਝ ਸਾਬਤ ਕਰਨਾ ਹੈ, ਉਸ ਨੇ ਇਕ-ਦੋ ਟੂਰਨਾਮੈਂਟਾਂ ਵਿਚ ਹੀ ਕਰ ਦੇਣਾ ਹੈ। 2-3 ਸਾਲਾਂ 'ਚ ਕੁਝ ਸਾਬਤ ਕਰਨ ਦੇ ਖੋਖਲੇ ਦਾਅਵੇ ਸਿਰਫ ਆਪਣਾ ਵਕਤ ਪਾਸ ਕਰਨਾ ਹੀ ਹੁੰਦਾ ਹੈ। ਸਾਨੂੰ ਉਮੀਦ ਹੈ ਕਿ 54 ਸਾਲਾ ਗ੍ਰਾਹਮ ਰੀਡ ਭਾਰਤੀ ਟੀਮ ਲਈ ਅਸਰਦਾਰ ਸਾਬਤ ਹੋ ਸਕਦੈ, ਜੇ ਟੀਮ ਚੋਣ ਉਸ ਦੀ ਮਰਜ਼ੀ ਦੇ ਖਿਡਾਰੀਆਂ ਦੀ ਹੁੰਦੀ ਰਹੇ। ਐਫ.ਆਈ.ਐਚ. ਮੈਨਜ਼ ਸੀਰੀਜ਼ ਫਾਈਨਲ ਜਿੱਤ ਕੇ ਜਿਥੇ ਭਾਰਤ ਦੀਆਂ ਉਲੰਪਿਕ ਹਾਕੀ ਖੇਡਣ ਦੀਆਂ ਸੰਭਾਵਨਾਵਾਂ ਵਧਦੀਆਂ ਹਨ, ਉਥੇ ਅਸਟ੍ਰੇਲੀਆ ਮੂਲ ਦੇ ਕੋਚ ਗ੍ਰਾਹਮ ਰੀਡ ਪ੍ਰਤੀ ਸਾਡਾ ਭਰੋਸਾ ਵੀ ਵਧਦਾ ਹੈ। ਉਮੀਦ ਕਰਦੇ ਹਾਂ ਕਿ ਇਹ ਆਸਟਰੇਲੀਆਈ ਕੋਚ ਭਾਰਤੀ ਹਾਕੀ ਜਗਤ ਦਾ ਉਹ ਸੁਪਨਾ ਪੂਰਾ ਕਰਕੇ ਦਿਖਾਵੇਗਾ, ਜਿਸ ਲਈ ਮੁੱਦਤਾਂ ਤੋਂ ਇੰਤਜ਼ਾਰ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX