ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਨਾਰੀ ਸੰਸਾਰ

ਤਕਨੀਕ ਦੇ ਸਮਾਜ 'ਤੇ ਮਾੜੇ ਅਸਰ

ਪਤੀ-ਪਤਨੀ ਵਿਚਕਾਰ ਗੱਲ-ਗੱਲ 'ਤੇ ਬਹਿਸ ਹੁੰਦੀ ਹੈ। ਦੋਵਾਂ ਦੀ ਹਊਮੇ, ਕਾਬਲੀਅਤ ਇਕ-ਦੂਜੇ 'ਤੇ ਹਾਵੀ ਹੁੰਦੀ ਹੈ। ਇਸ ਸਭ ਦਾ ਅਸਰ ਪੈਂਦਾ ਹੈ ਬੱਚਿਆਂ 'ਤੇ ਜਿਨ੍ਹਾਂ ਦੀ ਸਾਰੀ ਉਮਰ ਡਰ ਦੇ ਸਾਏ ਹੇਠ ਲੰਘਦੀ ਹੈ। ਭਰਾ-ਭਰਾ ਦਾ ਵੈਰੀ ਹੈ। ਗੱਲ ਚਾਹੇ ਜ਼ਮੀਨ ਦੀ ਹੋਵੇ, ਘਰ ਦੇ ਬਟਵਾਰੇ ਦੀ ਜਾਂ ਮਾਂ-ਪਿਓ ਨੂੰ ਆਪਣੇ ਕੋਲ ਰੱਖਣ ਦੀ, ਭਰਾ-ਭਰਾ ਦਾ ਦੁਸ਼ਮਣ ਬਣ ਬੈਠਦਾ ਹੈ। ਗੱਲ-ਗੱਲ 'ਤੇ ਗੰਡਾਸੀਆਂ-ਸੋਟੇ ਚਲਦੇ ਹਨ, ਖੂਨ-ਖਰਾਬਾ ਹੁੰਦਾ ਹੈ। ਇਹ ਉਹੀ ਭੈਣ-ਭਰਾ ਹੁੰਦੇ ਹਨ ਜੋ ਛੋਟੇ ਹੁੰਦਿਆਂ ਆਪਸ ਵਿਚ ਅਥਾਹ ਪਿਆਰ ਕਰਦੇ ਹਨ, ਮਾਂ-ਪਿਓ 'ਤੇ ਆਪਣੀ ਜਾਨ ਛਿੜਕਦੇ ਹਨ, ਫਿਰ ਵੱਡੇ ਹੋ ਕੇ ਇਹ ਸਭ ਕਿਉਂ?
ਦੋਸਤ-ਮਿੱਤਰ ਜੋ ਬਚਪਨ ਵਿਚ ਇਕੱਠੇ ਖੇਡਦੇ, ਵੱਡੇ ਹੁੰਦੇ ਹਨ, ਛੋਟੀ ਜਿਹੀ ਗੱਲ 'ਤੇ ਖੂਨ-ਖਰਾਬੇ 'ਤੇ ਉੱਤਰ ਆਉਂਦੇ ਹਨ। ਘਰ ਖਰਾਬ ਹੋ ਜਾਂਦੇ ਹਨ। ਅਖ਼ਬਾਰਾਂ ਅਤੇ ਟੀ.ਵੀ. 'ਤੇ ਅਜਿਹੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹਨ। ਬਜ਼ੁਰਗ ਮਾਂ-ਪਿਉ ਨੂੰ ਬੱਚੇ ਘਰ ਰੱਖਣ ਨੂੰ ਤਿਆਰ ਨਹੀਂ। ਬਿਰਧ ਆਸ਼ਰਮ ਇਨ੍ਹਾਂ ਲੋਕਾਂ ਨਾਲ ਭਰੇ ਪਏ ਹਨ। ਅੱਜ ਹਰ ਬੰਦਾ ਤਣਾਅ 'ਚ ਰਹਿੰਦਾ ਹੈ। 90 ਫੀਸਦੀ ਲੋਕਾਂ ਨੂੰ ਤਣਾਅ ਦੀ ਬਿਮਾਰੀ ਹੈ। ਇਸ ਦਾ ਕਾਰਣ ਹੈ-ਇਕੱਲਤਾ।
ਮਨੁੱਖ ਦਾ ਖੂਨ ਦਿਨੋ-ਦਿਨ ਸਫ਼ੈਦ ਹੋ ਰਿਹਾ ਹੈ ਲਾਲਸਾਵਾਂ ਨੇ ਇੰਨਾ ਕੁ ਘੇਰ ਲਿਆ ਹੈ ਕਿ ਬੰਦਾ ਬੰਦੇ ਦਾ ਵੈਰੀ ਬਣਿਆ ਪਿਆ ਹੈ। ਕਈ ਬੱਚਿਆਂ ਵਿਚ ਵੀ ਅਪਰਾਧਿਕ ਪ੍ਰਵਿਰਤੀ ਦੇਖਣ ਨੂੰ ਮਿਲਦੀ ਹੈ। ਇਸ ਸਭ ਕੁਝ ਦਾ ਇਕ ਕਾਰਨ ਟੀ. ਵੀ. ਸੀਰੀਅਲ ਅਤੇ ਇੰਟਰਨੈੱਟ ਵੀ ਹੈ। ਇਕੱਲੇ ਰਹਿੰਦੇ ਵਿਅਕਤੀ ਲਈ ਟੀ. ਵੀ. ਅਤੇ ਨੈੱਟ ਹੀ ਇਕ ਸਹਾਰਾ ਹੈ। ਸਾਰਾ ਦਿਨ ਇਕੱਲਾ ਰਹਿੰਦਾ ਬੱਚਾ ਅਤੇ ਵੱਡਾ ਹਿੰਸਕ ਵੀਡੀਓ ਦੇਖਦਾ ਰਹਿੰਦਾ ਹੈ, ਜੋ ਬਾਅਦ ਵਿਚ ਨੁਕਸਾਨ ਦਾ ਕਾਰਨ ਬਣਦਾ ਹੈ। ਮਾਂ-ਪਿਓ ਨੂੰ ਇਸ ਸਭ ਦਾ ਪਤਾ ਉਦੋਂ ਲਗਦਾ ਹੈ ਜਦੋਂ ਕੁਝ ਮਾੜਾ ਵਾਪਰ ਜਾਂਦਾ ਹੈ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਵਪਾਰ ਵਿਚ ਘਾਟਾ, ਇਕਤਰਫ਼ਾ ਪਿਆਰ, ਬੱਚਿਆਂ ਦੀ ਲੜਾਈ ਅਤੇ ਹੋਰ ਕਈ ਅਜਿਹੇ ਮਾਮਲੇ ਹਨ, ਜੋ ਇਕ ਇਨਸਾਨ ਨੂੰ ਖੂਨ ਖਰਾਬੇ ਤੱਕ ਪਹੁੰਚਾ ਦਿੰਦੇ ਹਨ। ਨਿੱਕੀ ਜਿਹੀ ਗੱਲ 'ਤੇ ਡਾਂਗਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਰ ਬੰਦਾ ਇਕ-ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ।
ਅੱਜ ਹਰ ਸ਼ਹਿਰ-ਕਸਬੇ ਵਿਚ ਤਣਾਅ ਨੂੰ ਘੱਟ ਕਰਨ ਲਈ ਯੋਗਾ, ਹੈਲਥ ਸੈਂਟਰ, ਜਿੰਮ ਆਦਿ ਚੱਲ ਪਏ ਹਨ। ਹਰ ਬੰਦਾ ਆਪਣਾ ਤਣਾਅ, ਡਿਪਰੈਸ਼ਨ, ਇਕੱਲਾਪਣ ਘੱਟ ਕਰਨ ਲਈ ਇਨ੍ਹਾਂ ਸੈਟਰਾਂ ਵਿਚ ਆਉਂਦਾ ਹੈ। ਪਰ ਇਹ ਇਲਾਜ ਸੈਂਟਰ ਵੀ ਉਦੋਂ ਹੀ ਸਫ਼ਲ ਹੁੰਦੇ ਹਨ ਜਦੋਂ ਇਨਸਾਨ ਆਪਣੇ ਅੰਦਰ ਦੀ ਹਾਊਮੇ, ਈਰਖਾ ਖ਼ਤਮ ਕਰਕੇ ਲੜਾਈ-ਝਗੜੇ ਦਾ ਤਿਆਗ ਕਰਦਾ ਹੈ। ਅੱਜਕਲ੍ਹ ਨਵੀਆਂ ਤੋਂ ਨਵੀਆਂ ਆਨਲਾਈਨ ਗੇਮਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ।
ਗੇਮਾਂ ਦੇ ਕਈ ਪੜਾਅ ਹੁੰਦੇ ਹਨ। ਭਾਰਤ ਵਿਚ ਗੇਮਾਂ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਗੇਮਾਂ ਦੇ ਸ਼ਿਕਾਰ ਸਾਰੇ ਨੌਜਵਾਨ ਹੀ ਹੁੰਦੇ ਹਨ, ਜੋ ਕਿਸੇ ਨਾ ਕਿਸੇ ਕਾਰਨ ਤਣਾਅ 'ਚੋਂ ਗੁਜ਼ਰ ਰਹੇ ਹਨ। ਮਾਤਾ-ਪਿਤਾ ਵਲੋਂ ਬੱਚਿਆਂ ਨੂੰ ਬਣਦਾ ਪਿਆਰ ਨਾ ਦੇਣਾ, ਉਨ੍ਹਾਂ ਨੂੰ ਸਮਾਂ ਨਾ ਦੇਣਾ ਵੀ ਇਸ ਦਾ ਇਕ ਕਾਰਨ ਹੈ। ਅੱਜ ਇਕ ਵਿਅਕਤੀ ਲਈ ਸੰਯੁਕਤ ਪਰਿਵਾਰ ਬਹੁਤ ਮਾਅਨੇ ਰੱਖਦਾ ਹੈ। ਬੰਦਾ ਜਿੰਨਾ ਸਂਾਝੇ ਪਰਿਵਾਰ ਵਿਚ ਰਹੇਗਾ, ਉਸ ਦਾ ਤਣਾਅ, ਇਕੱਲਾਪਨ ਓਨਾ ਹੀ ਘੱਟ ਹੋਵੇਗਾ। ਨਵੀਂ ਪੀੜ੍ਹੀ ਵੀ ਗ਼ਲਤ ਆਦਤਾਂ ਦਾ ਸ਼ਿਕਾਰ ਨਹੀਂ ਹੋਵੇਗੀ। ਅੱਜ ਸਾਨੂੰ ਸਹੀ ਸੋਚ ਅਪਣਾਉਣ ਦੀ ਬਹੁਤ ਲੋੜ ਹੈ।


-ਸੈਲੀ ਰੋਡ, ਪਠਾਨਕੋਟ।
ਮੋਬਾ: 97807-85049


ਖ਼ਬਰ ਸ਼ੇਅਰ ਕਰੋ

ਖ਼ਰੀਦਦਾਰੀ ਸਮੇਂ ਆਪਣੇ ਹੱਕਾਂ-ਫ਼ਰਜ਼ਾਂ ਪ੍ਰਤੀ ਵੀ ਰਹੀਏ ਜਾਗਰੂਕ

ਇਸ ਵਪਾਰਕ, ਮਾਰਕੀਟ ਯੁੱਗ ਦੇ ਚਲਦਿਆਂ ਜਦੋਂ ਅਸੀਂ ਬਾਜ਼ਾਰੋਂ ਕੋਈ ਵੀ ਸਾਮਾਨ ਖਰੀਦਣ ਲਈ ਜਾਂਦੇ ਹਾਂ ਤਾਂ ਸਾਡੀ ਨਿਗ੍ਹਾ ਸਭ ਤੋਂ ਪਹਿਲਾਂ ਦੁਕਾਨਦਾਰਾਂ, ਕੰਪਨੀਆਂ ਵਲੋਂ ਲਗਾਏ ਗਏ ਦਿਲਕਸ਼ ਇਸ਼ਤਿਹਾਰਾਂ, ਸਟਿੱਕਰਾਂ ਉੱਪਰ ਜ਼ਰੂਰ ਹੀ ਪੈਂਦੀ ਹੈ, ਜਿਨ੍ਹਾਂ ਉੱਪਰ ਆਕਰਸ਼ਕ ਰੰਗਾਂ, ਢੰਗਾਂ ਨਾਲ ਰੇਟਾਂ 'ਚ ਭਾਰੀ ਕਮੀ, ਭਾਰੀ ਛੋਟ, ਇਕ ਖਰੀਦੋ-ਇਕ ਮੁਫ਼ਤ ਆਦਿ ਲਿਖਿਆ ਹੁੰਦਾ ਹੈ। ਉਸ ਸਮੇਂ ਅਸੀਂ ਸੁਭਾਵਿਕ ਹੀ ਆਰਥਿਕ ਪੱਖੋਂ ਮਹਿਸੂਸ ਕਰਦੇ ਹਾਂ ਕਿ ਸਾਮਾਨ ਘੱਟ ਕੀਮਤ 'ਤੇ ਮਿਲ ਰਿਹਾ ਹੈ, ਜਿਸ ਦੀ ਵਜ੍ਹਾ ਸਦਕਾ ਅਸੀਂ ਲਾਲਚ 'ਚ ਬਿਨਾਂ ਲੋੜੋਂ ਹੀ ਅਜਿਹੇ ਰੰਗ, ਉਤਪਾਦ, ਵਸਤਾਂ ਖਰੀਦ ਲੈਂਦੇ ਹਾਂ, ਜਿਨ੍ਹਾਂ ਦੀ ਜਲਦੀ ਘਰ ਵਿਚ ਜ਼ਰੂਰਤ ਹੀ ਨਹੀਂ ਹੁੰਦੀ। ਗੱਲ ਕੀ, ਸਿੱਧੇ-ਅਸਿੱਧੇ ਤੌਰ 'ਤੇ ਘਰੇਲੂ ਬਜਟ ਡਾਵਾਂਡੋਲ ਕਰ ਲਿਆ ਜਾਂਦਾ ਹੈ। ਜੇ ਦੇਖਿਆ ਜਾਵੇ ਤਾਂ ਵਪਾਰੀ ਜਾਂ ਦੁਕਾਨਦਾਰ ਭਾਰੀ ਸੇਲ, ਮੁਫ਼ਤ ਤੋਹਫ਼ੇ ਆਦਿ ਜਿਹੀਆਂ ਮਨਲੁਭਾਊ ਸਕੀਮਾਂ ਤੁਹਾਡੀ ਸੋਚ-ਵਿਚਾਰ, ਤਜਰਬੇ ਅਤੇ ਮੁਨਾਫ਼ਾ ਖੱਟਣ ਦੇ ਮਨਸੂਬੇ ਤਹਿਤ ਹੀ ਚਾਲੂ ਕਰਦੇ ਹਨ। ਕਈ ਕੰਪਨੀਆਂ ਤਾਂ ਆਪਣੇ ਉਤਪਾਦਾਂ ਉੱਪਰ ਪਹਿਲਾਂ ਹੀ ਅਸਲ ਰੇਟ ਤੋਂ ਡਿਉਢਾ ਜਾਂ ਦੁੱਗਣਾ ਮੁੱਲ ਲਿਖ ਕੇ ਸਾਨੂੰ ਉਸ 'ਤੇ ਛੋਟ ਜਾਂ ਕੋਈ ਤੋਹਫ਼ਾ ਦੇਣ ਦਾ ਲਾਲਚ ਦੇ ਕੇ ਭਰਮਾ ਰਹੇ ਹੁੰਦੇ ਹਨ। ਪਰ ਪੰਜੇ ਉਂਗਲਾਂ ਤਾਂ ਬਰਾਬਰ ਵੀ ਨਹੀਂ ਹੁੰਦੀਆਂ। ਕਈ ਥਾਈਂ ਤਾਂ ਸੇਲ 'ਚ ਵਿਕ ਰਿਹਾ ਸਾਮਾਨ ਮਿਆਰੀ ਵੀ ਨਹੀਂ ਹੁੰਦਾ ਹੈ। ਕੱਪੜੇ ਜਾਂ ਬੂਟਾਂ ਦੀਆਂ ਦੁਕਾਨਾਂ ਵਾਲੇ ਆਪਣਾ ਮਾਲ ਥੋੜ੍ਹਾ ਨੁਕਸਾਨਿਆ ਜਾਂ ਪੁਰਾਣਾ ਦੱਸ ਕੇ ਪਾਰਦਰਸ਼ਤਾ ਨਾਲ ਕੁਝ ਸਸਤਾ ਵੀ ਵੇਚ ਰਹੇ ਹੁੰਦੇ ਹਨ। ਉਹ ਸੇਲ ਵਾਲੇ ਗ਼ਲਤ ਨਹੀਂ ਹੁੰਦੇ ਪਰ ਕੋਈ ਵੀ ਅਜਿਹਾ ਸਾਮਾਨ ਖਰੀਦਣ ਤੋਂ ਪਹਿਲਾਂ ਸਾਨੂੰ ਸਹਿਜਤਾ ਨਾਲ, ਠੰਢੇ ਮਨ ਨਾਲ 2-3 ਦੁਕਾਨਾਂ ਤੋਂ ਉਸ ਦੀ ਕੀਮਤ, ਗੁਣਵੱਤਾ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕਈ ਗਾਹਕ ਤਾਂ ਰੇੜ੍ਹੀਆਂ-ਫੜ੍ਹੀਆਂ ਜਾਂ ਗਲੀ ਵਿਚ ਸਾਮਾਨ ਵੇਚਣ ਵਾਲੇ ਲੋਕਾਂ ਤੋਂ ਸਸਤੇ ਦੇ ਲਾਲਚ 'ਚ ਸਾਮਾਨ ਖਰੀਦਦੇ ਹਨ ਜੋ ਕਿ ਕਈ ਵਾਰ ਨਕਲੀ ਜਾਂ ਘਟੀਆ ਵੀ ਨਿਕਲ ਸਕਦਾ ਹੈ। ਜੇ ਸਸਤੇ ਦੇ ਚੱਕਰ 'ਚ ਨਾ ਪੈ ਕੇ ਵਿਸ਼ਵਾਸਪਾਤਰ ਡੀਲਰ, ਦੁਕਾਨਦਾਰ ਤੋਂ ਸਾਮਾਨ ਖਰੀਦ ਕੇ ਉਸ ਦਾ ਬਿੱਲ ਵੀ ਲਿਆ ਜਾਵੇ ਤਾਂ ਅਸੀਂ ਕਈ ਤਰ੍ਹਾਂ ਦੀ ਖੱਜਲ-ਖੁਆਰੀ, ਪੈਸੇ, ਸਮੇਂ ਦੀ ਬਰਬਾਦੀ ਤੋਂ ਬਚ ਸਕਦੇ ਹਾਂ।
ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕਰੀਬ 90 ਫ਼ੀਸਦੀ ਗਾਹਕ ਸਾਮਾਨ ਖਰੀਦਣ ਉਪਰੰਤ ਦੁਕਾਨਦਾਰ ਤੋਂ ਬਿੱਲ ਹੀ ਨਹੀਂ ਮੰਗਦੇ। ਭਾਵੇਂ ਗਾਹਕ ਸੇਲ ਤੋਂ ਹੀ ਸਾਮਾਨ ਕਿਉਂ ਨਾ ਖਰੀਦ ਰਿਹਾ ਹੋਵੇ, ਉਸ ਦਾ ਹੱਕ ਹੈ ਕਿ ਬਿੱਲ ਲਿਆ ਜਾਵੇ। ਮੰਨ ਲਓ ਕੱਲ੍ਹ ਨੂੰ ਕੋਈ ਵੀ ਉਤਪਾਦ, ਯੰਤਰ ਘਟੀਆ ਕਵਾਲਿਟੀ ਦਾ ਨਿਕਲ ਆਵੇ ਜਾਂ ਰੱਬ ਨਾ ਕਰੇ, ਉਸ ਸਦਕਾ ਕਿਸੇ ਸਮੇਂ ਦੁਰਘਟਨਾ ਹੀ ਵਾਪਰ ਜਾਵੇ ਤਾਂ ਗਾਹਕ ਨੂੰ ਗਾਰੰਟੀ ਮੁਤਾਬਿਕ ਰਿਆਇਤ ਤਾਂ ਬਿੱਲ ਹੋਣ 'ਤੇ ਹੀ ਮਿਲ ਸਕੇਗੀ। ਭਾਵੇਂ ਸੇਲ ਹੀ ਲੱਗੀ ਹੋਵੇ, ਗਾਹਕ ਅਤੇ ਦੁਕਾਨਦਾਰ ਦੋਵਾਂ ਦਾ ਫ਼ਰਜ਼ ਬਣਦਾ ਹੈ ਕਿ ਬਿੱਲ ਕਟਵਾ ਕੇ ਬਣਦਾ ਟੈਕਸ ਵੀ ਦਿੱਤਾ ਜਾਵੇ। ਮਾਰਕੀਟ 'ਚੋਂ ਸਾਮਾਨ ਖਰੀਦਣ ਵੇਲੇ ਸਾਨੂੰ ਉਤਪਾਦ ਦੇ ਐਮ.ਆਰ.ਪੀ. ਅਤੇ ਜੀ.ਐਸ.ਟੀ. ਬਾਰੇ ਵੀ ਜਾਗਰੂਕਤਾ ਦੀ ਲੋੜ ਹੈ। ਅਕਸਰ ਕਈ ਦੁਕਾਨਦਾਰ ਕਿਸੇ ਵਸਤੂ ਨੂੰ ਵੇਚਣ ਸਮੇਂ ਉਸ 'ਤੇ ਲਿਖੇ ਐਮ.ਆਰ.ਪੀ. (ਵੱਧ ਤੋਂ ਵੱਧ ਮੁੱਲ) ਉੱਪਰ ਜੀ.ਐਸ.ਟੀ. (ਵਸਤੂ ਤੇ ਸੇਵਾ ਕਰ) ਵੱਖਰਾ ਲੈ ਕੇ ਗਾਹਕ ਦਾ ਸ਼ੋਸ਼ਣ ਕਰ ਰਹੇ ਹੁੰਦੇ ਹਨ ਪਰ ਕਾਨੂੰਨ ਮੁਤਾਬਿਕ ਹਰ ਉਤਪਾਦ 'ਤੇ ਐਮ.ਆਰ.ਪੀ. ਲਿਖਣਾ ਜ਼ਰੂਰੀ ਹੁੰਦਾ ਹੈ ਅਤੇ ਗਾਹਕ ਨੇ ਸਿਰਫ ਐਮ.ਆਰ.ਪੀ. ਹੀ ਦੇਣਾ ਹੁੰਦਾ ਹੈ, ਕਿਉਂਕਿ ਐਮ.ਆਰ.ਪੀ. ਵਿਚ ਜੀ.ਐਸ.ਟੀ. ਅਤੇ ਹੋਰ ਟੈਕਸ ਪਹਿਲਾਂ ਹੀ ਜੁੜੇ ਹੁੰਦੇ ਹਨ। ਗਾਹਕ ਦਾ ਹੱਕ ਹੈ ਕਿ ਜੇ ਤੁਸੀਂ ਸਾਮਾਨ ਦਾ ਬਿੱਲ ਲਿਆ ਹੈ ਅਤੇ ਖ਼ਰੀਦੇ ਉਤਪਾਦ ਦੀ ਗਾਰੰਟੀ-ਮਿਆਰ ਮੁਤਾਬਿਕ ਸਾਮਾਨ ਘਟੀਆ ਨਿਕਲਣ 'ਤੇ ਉਹ ਜ਼ਿਲ੍ਹਾ, ਸੂਬਾ ਪੱਧਰੀ ਕੰਜ਼ਿਊਮਰ ਕੋਰਟ ਵਿਚ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਨੁਕਸਾਨ ਦੀ ਭਰਪਾਈ ਤੱਕ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਟਾਂ 'ਚ ਸ਼ਿਕਾਇਤ ਦਰਜ ਕਰਵਾਉਣ 'ਤੇ ਕੋਈ ਖਰਚਾ ਵੀ ਨਹੀਂ ਆਉਂਦਾ।


-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾ: 70870-48140

ਗਰਮੀਆਂ ਵਿਚ ਤਰਾਵਟ ਲਈ ਸ਼ਰਬਤ

ਤਰਬੂਜ਼ ਦਾ ਸ਼ਰਬਤ
ਸਮੱਗਰੀ : ਇਕ ਗਿਲਾਸ ਸ਼ਰਬਤ ਬਣਾਉਣ ਲਈ ਪੱਕੇ ਲਾਲ ਤਰਬੂਜ਼ ਦੇ ਗੁੱਦੇ ਦੇ ਟੁਕੜੇ 175 ਗ੍ਰਾਮ, ਅੱਧਾ ਚਮਚ ਬਰੀਕ ਪੀਸਿਆ ਹੋਇਆ ਅਦਰਕ, 1 ਚਮਚ ਸ਼ੱਕਰ, ਤਾਜ਼ੇ ਸੰਤਰੇ ਦਾ ਰਸ 2 ਚਮਚ, ਸਾਫ਼-ਸ਼ੁੱਧ ਪਾਣੀ ਲੋੜ ਅਨੁਸਾਰ ਅਤੇ ਚੁਟਕੀ ਕੁ ਸੇਂਧਾ ਨਮਕ।
ਵਿਧੀ : ਤਰਬੂਜ਼ ਦੇ ਟੁਕੜਿਆਂ ਦਾ ਰਸ ਕੱਢ ਕੇ ਇਸ ਵਿਚ ਪੀਸਿਆ ਹੋਇਆ ਅਦਰਕ, ਸੰਤਰੇ ਦਾ ਰਸ, ਸ਼ੱਕਰ ਅਤੇ ਸੇਂਧਾ ਨਮਕ ਪਾ ਦਿਓ। ਚਾਹੋ ਤਾਂ ਥੋੜ੍ਹਾ ਜਿਹਾ ਠੰਢਾ ਪਾਣੀ ਮਿਲਾ ਲਓ। ਇਹ ਸ਼ਰਬਤ ਵਿਟਾਮਿਨਾਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਜੇ ਨਿਯਮਤ ਤੌਰ 'ਤੇ 40 ਦਿਨ ਤੱਕ ਇਸ ਨੂੰ ਪੀਤਾ ਜਾਵੇ ਤਾਂ ਚਿਹਰਾ ਦਮਕਣ ਲਗਦਾ ਹੈ ਅਤੇ ਸਰੀਰ ਰਿਸ਼ਟ-ਪੁਸ਼ਟ ਅਤੇ ਸੁਡੌਲ ਹੁੰਦਾ ਹੈ।
ਪੁਦੀਨੇ ਦਾ ਸ਼ਰਬਤ
ਸਮੱਗਰੀ : ਪੁਦੀਨੇ ਦੇ ਪੱਤੇ 250 ਗ੍ਰਾਮ, ਸ਼ੱਕਰ ਡੇਢ ਕਿੱਲੋ, ਸਾਈਟ੍ਰਿਕ ਐਸਿਡ 20 ਗ੍ਰਾਮ, ਖਾਣੇ ਦਾ ਹਰਾ ਰੰਗ ਅੱਧਾ ਚਮਚ, ਸੋਡੀਅਮ ਬੇਂਜੋਇਟ ਅੱਧਾ ਚਮਚ, ਨਮਕ 50 ਗ੍ਰਾਮ, ਕਾਲੀ ਮਿਰਚ ਅਤੇ ਜ਼ੀਰਾ 10-10 ਗ੍ਰਾਮ, ਕਾਲਾ ਨਮਕ 5 ਗ੍ਰਾਮ ਅਤੇ ਅੱਧਾ ਲਿਟਰ ਪਾਣੀ।
ਵਿਧੀ : ਹਰੇ ਪੁਦੀਨੇ ਦੇ ਪੱਤਿਆਂ ਨੂੰ ਸਾਫ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਬਰੀਕ ਪੀਸ ਲਓ। ਨਮਕ, ਕਾਲਾ ਨਮਕ, ਕਾਲੀ ਮਿਰਚ ਅਤੇ ਜ਼ੀਰਾ ਬਰੀਕ ਪੀਸ ਲਓ। ਇਕ ਭਾਂਡੇ ਵਿਚ ਡੇਢ ਕਿੱਲੋ ਸ਼ੱਕਰ ਅਤੇ ਅੱਧਾ ਲਿਟਰ ਪਾਣੀ ਪਾ ਕੇ ਚਾਸ਼ਣੀ ਬਣਾਓ। ਜਦੋਂ ਉਬਾਲਾ ਆਉਣ ਲੱਗੇ ਤਾਂ ਸਾਈਟ੍ਰਿਕ ਐਸਿਡ ਪਾ ਕੇ, ਪੁਣ ਕੇ ਚਾਸ਼ਣੀ ਠੰਢੀ ਕਰ ਲਓ।
ਇਸ ਵਿਚ ਬਰੀਕ ਪੀਸੇ ਹੋਏ ਪੁਦੀਨੇ ਦੇ ਪੱਤੇ, ਹਰਾ ਰੰਗ, ਨਮਕ ਆਦਿ ਸਭ ਸਮੱਗਰੀ ਪਾ ਕੇ ਮਿਲਾ ਲਓ। ਬਸ ਸ਼ਰਬਤ ਤਿਆਰ ਹੈ। ਇਸ ਨੂੰ ਬੋਤਲਾਂ ਵਿਚ ਥੋੜ੍ਹੀ ਖਾਲੀ ਜਗ੍ਹਾ ਰੱਖ ਕੇ ਭਰ ਲਓ। ਇਕ ਭਾਗ ਸ਼ਰਬਤ ਅਤੇ 5 ਭਾਗ ਪਾਣੀ ਮਿਲਾ ਕੇ ਸੇਵਨ ਕਰੋ।


-ਉਮੇਸ਼ ਕੁਮਾਰ ਸਾਹੂ

ਖ਼ੂਬਸੂਰਤੀ ਟਿਪਸ

* ਗੁਲਾਬ ਅਤੇ ਸ਼ਹਿਦ ਦਾ ਮਿਸ਼ਰਣ ਚਮੜੀ ਦੀ ਡੂੰਘਾਈ ਤੱਕ ਸਫ਼ਾਈ ਕਰਦਾ ਹੈ ਅਤੇ ਇਕ ਬਿਹਤਰੀਨ ਟੌਨਿਕ ਦਾ ਕੰਮ ਕਰਦਾ ਹੈ। ਸ਼ਹਿਦ ਨੂੰ ਰੋਜ਼ਾਨਾ ਚਮੜੀ 'ਤੇ ਲਗਾਉਣ ਨਾਲ ਚਮੜੀ ਚਮਕਦਾਰ ਅਤੇ ਕੋਮਲ ਹੋ ਜਾਂਦੀ ਹੈ। ਚਿਹਰੇ 'ਤੇ ਸ਼ਹਿਦ ਦੀ ਨਿਯਮਤ ਵਰਤੋਂ ਨਾਲ ਕਿੱਲ-ਮੁਹਾਸਿਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਸਵੇਰੇ ਉਠਦੇ ਹੀ ਇਕ ਗਿਲਾਸ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਖ਼ਤਮ ਹੋ ਜਾਂਦੀ ਹੈ।
* ਬੁੱਲ੍ਹਾਂ ਦੀ ਕੋਮਲਤਾ ਬਣਾਈ ਰੱਖਣ ਲਈ ਸਾਫ਼ ਦੰਦਾਂ ਵਾਲੇ ਬੁਰਸ਼ ਨਾਲ ਮ੍ਰਿਤ ਚਮੜੀ ਹਟਾ ਕੇ ਬੁੱਲ੍ਹਾਂ 'ਤੇ ਬਦਾਮ ਤੇਲ ਜਾਂ ਸ਼ਹਿਦ ਦਾ ਹਲਕਾ ਲੇਪ ਲਗਾ ਲਓ।
* ਤਰਬੂਜ਼ ਦਾ ਰਸ ਇਕ ਵਧੀਆ ਸਕਿਨ ਟੋਨਰ ਹੈ ਅਤੇ ਰੁੱਖੇਪਨ ਨੂੰ ਵੀ ਘੱਟ ਕਰਦਾ ਹੈ। ਇਹ ਚਮੜੀ ਨੂੰ ਠੰਢਕ, ਤਾਜ਼ਾ ਅਤੇ ਕੋਮਲ ਬਣਾਉਂਦਾ ਹੈ। ਇਸ ਦਾ ਰਸ ਚਿਹਰੇ 'ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ। ਹਰ ਤਰ੍ਹਾਂ ਦੀ ਚਮੜੀ ਲਈ ਫਰੂਟ ਮਾਸਕ ਕੇਲਾ, ਸੇਬ, ਪਪੀਤਾ ਵਰਗੇ ਫਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ 'ਤੇ ਲਗਾਓ। 30 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਠੰਢਕ ਪਹੁੰਚੇਗੀ, ਮ੍ਰਿਤ ਚਮੜੀ ਸਾਫ਼ ਹੋਵੇਗੀ ਅਤੇ ਸਨ ਟੈਨਿੰਗ ਮਿਟੇਗੀ।
* ਕੂਲਿੰਗ ਮਾਸਕ : ਖੀਰੇ ਦੇ ਰਸ ਵਿਚ 2 ਚਮਚ ਪਾਊਡਰ ਵਾਲਾ ਦੁੱਧ ਅਤੇ ਇਕ ਆਂਡੇ ਦਾ ਚਿੱਟਾ ਹਿੱਸਾ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ ਅਤੇ ਜਦੋਂ ਸੁੱਕ ਜਾਵੇ ਤਾਂ ਪਾਣੀ ਨਾਲ ਧੋ ਲਓ।
* ਤੇਲੀ ਚਮੜੀ ਲਈ : 1 ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਉਸ ਨੂੰ ਪਾਣੀ ਨਾਲ ਧੋ ਲਓ।
* ਅੱਖਾਂ ਦਾ ਮੇਕਅਪ : ਦਿਨ ਵਿਚ ਹਮੇਸ਼ਾ ਆਈ ਪੈਨਸਿਲ ਦੀ ਵਰਤੋਂ ਕਰੋ ਜਾਂ ਫਿਰ ਪਲਕਾਂ ਨੂੰ ਭੂਰੇ ਜਾਂ ਗ੍ਰੇਡ ਆਈ ਸ਼ੈਡੋ ਨਾਲ ਲਾਈਨ ਕਰੋ। ਇਸ ਨਾਲ ਅੱਖਾਂ ਨੂੰ ਸਾਫਟ ਇਫੈਕਟ ਮਿਲੇਗਾ। ਉਸ ਤੋਂ ਬਾਅਦ ਅੱਖਾਂ 'ਤੇ ਸਿਰਫ ਇਕ ਜਾਂ ਦੋ ਕੋਟਸ ਮਸਕਾਰਾ ਦੇ ਲਗਾਓ। ਇਸ ਨਾਲ ਅੱਖਾਂ ਗਹਿਰੀਆਂ ਅਤੇ ਚਮਕਦਾਰ ਦਿਸਣਗੀਆਂ।
* ਤਰਬੂਜ਼, ਪਾਣੀ ਅਤੇ ਤਰ (ਕਕੜੀ) ਗਰਮੀ ਦੇ ਸਭ ਤੋਂ ਚੰਗੇ ਖਾਧ ਪਦਾਰਥ ਹਨ। ਅਸਲ ਵਿਚ ਕੁਦਰਤ ਨੇ ਸਾਨੂੰ ਅਜਿਹੇ ਫਲ ਦਿੱਤੇ ਹਨ, ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਗਰਮੀ ਨੂੰ ਦੂਰ ਕਰ ਸਕਦੇ ਹਾਂ। ਖਰਬੂਜ਼ੇ, ਤਰਬੂਜ਼, ਤਰ ਆਦਿ ਗਰਮੀਆਂ ਦੌਰਾਨ ਉਪਲਬਧ ਹੁੰਦੇ ਹਨ। ਇਨ੍ਹਾਂ ਫਲਾਂ ਵਿਚ ਕਾਫੀ ਪਾਣੀ ਭਰਿਆ ਰਹਿੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਮੌਜੂਦ ਗੰਦਾ ਪਾਣੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਜੇ ਤੁਹਾਨੂੰ ਗਰਮੀਆਂ ਦੇ ਮੌਸਮ ਵਿਚ ਕਾਫੀ ਪਸੀਨਾ ਆਉਂਦਾ ਹੈ ਤਾਂ ਖਰਬੂਜ਼ੇ, ਤਰਬੂਜ਼ ਅਤੇ ਤਰ ਵਰਗੇ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ।
* ਪੁਦੀਨੇ ਦੇ ਪੱਤੇ, ਨਿੰਬੂ ਦੇ ਨਾਲ ਪਾਣੀ ਅਤੇ ਬਰਫ਼ : ਪੁਦੀਨੇ ਦੇ ਪੱਤਿਆਂ ਵਿਚ ਠੰਢਕ ਹੁੰਦੀ ਹੈ, ਜਿਸ ਨਾਲ ਪਾਚਣ ਕਿਰਿਆ ਵਿਚ ਸਹਾਇਤਾ ਮਿਲਦੀ ਹੈ। ਪੁਦੀਨੇ ਨੂੰ ਗਰਮ ਪਾਣੀ ਵਿਚ ਉਬਾਲ ਕੇ ਕੁਝ ਦੇਰ ਲਈ ਛੱਡ ਦਿਓ। ਠੰਢਾ ਹੋਣ 'ਤੇ ਇਕ ਚਮਚ ਨਿੰਬੂ ਦਾ ਰਸ ਗਿਲਾਸ ਵਿਚ ਪਾ ਦਿਓ। ਇਸ ਤੋਂ ਬਾਅਦ ਠੰਢਕ ਲਈ ਬਰਫ ਉਸ ਵਿਚ ਪਾ ਲਓ। ਇਸ ਨੂੰ ਹੋਰ ਫਾਇਦੇਮੰਦ ਬਣਾਉਣ ਲਈ ਇਸ ਵਿਚ ਸ਼ਹਿਦ, ਨਮਕ ਅਤੇ ਕਾਲੀ ਮਿਰਚ ਦੀ ਕੁਝ ਮਾਤਰਾ ਮਿਲਾ ਲਓ। ਨਮਕ ਅਤੇ ਕਾਲੀ ਮਿਰਚ ਨਾ ਹੋਵੇ ਤਾਂ ਅਜਿਹੇ ਵਿਚ ਤੁਸੀਂ ਸੇਂਧਾ ਨਮਕ ਅਤੇ ਚਾਟ ਮਸਾਲਾ ਵੀ ਵਰਤ ਸਕਦੇ ਹੋ।
**

ਕੀ ਤੁਹਾਡਾ ਬੱਚਾ ਜ਼ਿਆਦਾ ਸੰਵੇਦਨਸ਼ੀਲ ਹੈ?

ਜੇ ਤੁਹਾਡਾ ਬੱਚਾ ਛੋਟੀ-ਛੋਟੀ ਗੱਲ 'ਤੇ ਨਖਰਾ ਦਿਖਾਵੇ, ਖਾਣੇ ਵਿਚ ਆਨਾਕਾਨੀ ਕਰੇ, ਕੱਪੜੇ ਪਹਿਨਣ ਵਿਚ ਚੂਜ਼ੀ ਹੋਵੇ ਤਾਂ ਸਮਝ ਲਓ ਤੁਹਾਡਾ ਬੱਚਾ ਬਹੁਤ ਸੰਵੇਦਨਸ਼ੀਲ ਹੈ। ਇਹ ਤਾਂ ਕੁਝ ਸ਼ੁਰੂਆਤੀ ਲੱਛਣ ਹਨ ਪਰ ਉਹ ਜਿਵੇਂ-ਜਿਵੇਂ ਵੱਡਾ ਹੁੰਦਾ ਹੈ, ਉਸ ਦੇ ਵਿਵਹਾਰ ਵਿਚ ਬਦਲਾਅ ਆਉਣ ਲਗਦੇ ਹਨ। ਅਜਿਹੇ ਬੱਚੇ ਦੇ ਇਸ ਵਿਵਹਾਰ ਨੂੰ ਕੁਝ ਹੋਰ ਲੱਛਣਾਂ ਨਾਲ ਵੀ ਜਾਣਿਆ ਜਾ ਸਕਦਾ ਹੈ, ਜਿਵੇਂ-
* ਉਹ ਹਰ ਵਾਰ ਖਾਣ ਲਈ ਕੋਈ ਨਾ ਕੋਈ ਨਵੀਂ ਚੀਜ਼ ਦੀ ਮੰਗ ਕਰਦਾ ਹੈ ਜਾਂ ਜੇ ਉਸ ਨੂੰ ਕੋਈ ਨਵੀਂ ਚੀਜ਼ ਖਾਣ ਲਈ ਦਿੱਤੀ ਜਾਵੇ ਤਾਂ ਉਹ ਉਸ ਨੂੰ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਜਾਂ ਫਿਰ ਉਹ ਹਰ ਵਾਰ ਇਕ ਹੀ ਚੀਜ਼ ਖਾਣ ਦੀ ਮੰਗ ਕਰਦਾ ਹੈ। ਸਵੇਰੇ, ਦੁਪਹਿਰ, ਸ਼ਾਮ, ਰਾਤ ਨੂੰ ਉਸ ਨੂੰ ਸਿਰਫ ਉਹੀ ਖਾਣੇ ਵਿਚ ਚੰਗਾ ਲਗਦਾ ਹੈ।
* ਕੀ ਤੁਹਾਡਾ ਬੱਚਾ ਦੂਜੇ ਬੱਚਿਆਂ ਦੀ ਤੁਲਨਾ ਵਿਚ ਛੇਤੀ ਥੱਕਦਾ ਹੈ? ਦੂਜੇ ਬੱਚਿਆਂ ਦੇ ਨਾਲ ਖੇਡਣ ਦੌਰਾਨ ਉਸ ਨੂੰ ਵਾਰ-ਵਾਰ ਸਾਹ ਚੜ੍ਹਨਾ, ਪਸੀਨਾ ਆਉਣਾ, ਥੱਕ ਕੇ ਬੈਠ ਜਾਣਾ ਜਾਂ ਦੂਜੇ ਬੱਚਿਆਂ ਨਾਲ ਲਗਾਤਾਰ ਖੇਡ ਨਾ ਸਕਣਾ।
* ਬਿਸਤਰ 'ਤੇ ਆਉਣ ਤੋਂ ਬਾਅਦ ਉਸ ਨੂੰ ਦੇਰ ਤੱਕ ਨੀਂਦ ਨਾ ਆਉਣਾ ਜਾਂ ਸਵੇਰੇ ਉੱਠਣ ਤੋਂ ਬਾਅਦ ਰਾਤ ਨੂੰ ਬੁਰੇ ਸੁਪਨੇ ਆਉਣ ਦੀ ਸ਼ਿਕਾਇਤ ਕਰਨੀ।
* ਸਕੂਲ ਜਾਣ ਵਿਚ ਆਨਾਕਾਨੀ ਕਰਨਾ। ਸਕੂਲ ਜਾਂਦੇ ਸਮੇਂ ਵਾਰ-ਵਾਰ ਰੋਣਾ-ਵਿਲਕਣਾ। ਸਕੂਲ ਜਾਣ ਤੋਂ ਬਾਅਦ ਉਥੋਂ ਮੁੜ ਕੇ ਆਉਣ ਨੂੰ ਮਨ ਨਾ ਕਰਨਾ।
* ਕਿਸੇ ਨਵੇਂ ਮਾਹੌਲ ਵਿਚ ਬਹੁਤ ਮੁਸ਼ਕਿਲ ਨਾਲ ਅਡਜਸਟ ਹੋਣਾ। ਘਰ ਵਿਚ ਹੋਣ ਵਾਲੇ ਕਿਸੇ ਛੋਟੇ-ਵੱਡੇ ਬਦਲਾਅ ਨੂੰ ਬਹੁਤ ਦੇਰ ਨਾਲ ਸਵੀਕਾਰ ਕਰਨਾ।
ਜੇ ਤੁਹਾਡੇ ਬੱਚੇ ਵਿਚ ਵੀ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਜਾਂ ਉਸ ਦੇ 3-4 ਲੱਛਣ ਉਪਰੋਕਤ ਦੱਸੇ ਗਏ ਲੱਛਣਾਂ ਨਾਲ ਮਿਲਦੇ-ਜੁਲਦੇ ਹਨ ਤਾਂ ਅਜਿਹੇ ਬੱਚੇ ਨੂੰ ਅੰਤਰਮੁਖੀ ਕਿਹਾ ਜਾਂਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਹਨ। ਮਾਪੇ ਹੀ ਨਹੀਂ, ਸਗੋਂ ਪਰਿਵਾਰ ਦੇ ਦੂਜੇ ਲੋਕ ਵੀ ਉਨ੍ਹਾਂ ਨੂੰ ਜ਼ਿੱਦੀ ਮੰਨਣ ਲਗਦੇ ਹਨ। ਅਜਿਹਾ ਨਹੀਂ ਹੈ। ਅਜਿਹੇ ਬੱਚਿਆਂ ਨੂੰ ਬਹੁਤ ਸੰਵੇਦਨਸ਼ੀਲ ਬੱਚੇ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਇਸ ਸਿੰਡ੍ਰੋਮ ਵਿਚੋਂ ਕਿਵੇਂ ਬਾਹਰ ਕੱਢਿਆ ਜਾਵੇ, ਆਓ ਜਾਣੀਏ-
ਬਹੁਤ ਸੰਵੇਦਨਸ਼ੀਲ ਬੱਚਾ ਦੂਜਿਆਂ ਨੂੰ ਭਾਵੇਂ ਹੀ ਦਿਸਣ ਵਿਚ ਜ਼ਿੱਦੀ ਲਗਦਾ ਹੈ ਪਰ ਅਜਿਹੇ ਬੱਚੇ ਰਚਨਾਤਮਕ, ਸੰਵੇਦਨਸ਼ੀਲ, ਕਲਪਨਾਸ਼ੀਲ ਅਤੇ ਬੁੱਧੀਮਾਨ ਹੁੰਦੇ ਹਨ। ਅਜਿਹਾ ਖਾਨਦਾਨੀ ਵੀ ਹੁੰਦਾ ਹੈ। ਮਾਤਾ ਜਾਂ ਪਿਤਾ ਦੋਵਾਂ ਵਿਚੋਂ ਕਿਸੇ ਦੇ ਵੀ ਲੱਛਣ ਬਚਪਨ ਵਿਚ ਉਸ ਵਰਗੇ ਹੁੰਦੇ ਹਨ। ਦੋਵਾਂ ਵਿਚੋਂ ਕੋਈ ਸਾਥੀ ਬਹੁਤ ਸੰਵੇਦਨਸ਼ੀਲ ਵੀ ਹੋ ਸਕਦਾ ਹੈ।
ਬਹੁਤ ਸੰਵੇਦਨਸ਼ੀਲ ਬੱਚੇ ਦੇ ਪਾਲਣ-ਪੋਸ਼ਣ 'ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ। ਰਾਤ ਦੇ ਸਮੇਂ ਦੇਰ ਨਾਲ ਸੌਣਾ ਜਾਂ ਅਨਿਯਮਤ ਖਾਣੇ ਨਾਲ ਉਸ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਉਸ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਓ। ਸਮੇਂ ਸਿਰ ਖਾਣਾ, ਉਸ ਦੇ ਖੇਡਣ ਅਤੇ ਦੂਜੇ ਬੱਚਿਆਂ ਦੇ ਨਾਲ ਸਮਾਂ ਬਿਤਾਉਣ, ਸਕੂਲੋਂ ਮਿਲੇ ਘਰ ਦੇ ਕੰਮ ਅਤੇ ਸੌਣ ਦੀ ਇਕ ਰੁਟੀਨ ਬਣਾ ਕੇ ਚੱਲੋ।
ਉਸ ਨੂੰ ਸਮਾਜਿਕ ਕਰੋ : ਬਹੁਤ ਸੰਵੇਦਨਸ਼ੀਲ ਬੱਚੇ ਕਾਫੀ ਹੱਦ ਤੱਕ ਸਮਾਜਿਕ ਫੋਬੀਆ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਬਾਹਰ ਘੁਮਾਉਣ ਲੈ ਜਾਓ। ਦੂਜਿਆਂ ਵਿਚ ਸਮਾਂ ਬਿਤਾਉਣ ਅਤੇ ਭੀੜ ਵਿਚ ਰਹਿਣ ਨਾਲ ਉਸ ਦੇ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਉਸ ਨੂੰ ਦੂਜਿਆਂ ਨਾਲ ਮਿਲਣ-ਜੁਲਣ ਦਿਓ ਅਤੇ ਉਸ ਨੂੰ ਬਾਹਰ ਲਿਜਾਣ ਤੋਂ ਪਹਿਲਾਂ ਉਸ ਨੂੰ ਮਾਨਸਿਕ ਤੌਰ 'ਤੇ ਤਿਆਰ ਕਰੋ।
ਉਸ ਨਾਲ ਜੁੜੋ : ਉਸ ਨੂੰ ਪਿਆਰ ਨਾਲ ਥਪਥਪਾਉਣ, ਸ਼ਾਬਾਸ਼ ਦੇਣ ਨਾਲ ਖੁਸ਼ੀ ਮਿਲਦੀ ਹੈ। ਗੁੱਸੇ ਅਤੇ ਚਿੰਤਾ ਭਾਵਾਂ ਦੇ ਪ੍ਰਤੀ ਉਸ ਨੂੰ ਸੁਚੇਤ ਬਣਾਓ। ਉਹ ਇਨ੍ਹਾਂ ਤੋਂ ਕਿਵੇਂ ਆਪਣੇ-ਆਪ ਨੂੰ ਦੂਰ ਰੱਖੇ, ਇਸ ਲਈ ਕੋਸ਼ਿਸ਼ ਕਰੋ।
ਸਮਾਂ ਦਿਓ : ਜ਼ਿਆਦਾ ਸੰਵੇਦਨਸ਼ੀਲ ਬੱਚੇ ਨੂੰ ਦੂਜਿਆਂ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਉਸ ਨੂੰ ਜ਼ਿਆਦਾ ਸਮਾਂ ਦੇਣ ਦੀ ਲੋੜ ਹੈ। ਸਕੂਲੋਂ ਮੁੜ ਕੇ ਆਉਣ ਤੋਂ ਬਾਅਦ ਉਸ ਨੂੰ ਬਹੁਤ ਸਾਰੇ ਕੰਮਾਂ ਜਿਵੇਂ ਟਿਊਸ਼ਨ ਜਾਂ ਹੋਰ ਗਤੀਵਿਧੀਆਂ ਵਿਚ ਨਾ ਲਗਾਓ। ਬੱਚੇ ਨੂੰ ਬੱਚਾ ਹੀ ਸਮਝੋ, ਕਿਉਂਕਿ ਉਹ ਬਹੁਤ ਸੰਵੇਦਨਸ਼ੀਲ ਹੈ, ਉਸ ਨੂੰ ਦੂਜੀਆਂ ਹੋਰ ਗਤੀਵਿਧੀਆਂ ਦੁਆਰਾ ਆਮ ਵਰਗਾ ਬਣਾਉਣ ਦੀ ਕੋਸ਼ਿਸ਼ ਕਰੋ।

ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?

ਪੁੰਗਰੇ ਅਨਾਜ ਹਮੇਸ਼ਾ ਤੋਂ ਪੌਸ਼ਟਿਕ ਖਾਧ ਪਦਾਰਥ ਦੇ ਰੂਪ ਵਿਚ ਮਸ਼ਹੂਰ ਰਹੇ ਹਨ। ਹਾਲ ਦੇ ਸਾਲਾਂ ਵਿਚ ਜਿਵੇਂ-ਜਿਵੇਂ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ, ਉਵੇਂ-ਉਵੇਂ ਪੁੰਗਰੇ ਅਨਾਜਾਂ ਦੀ ਵਰਤੋਂ ਵਿਚ ਵੀ ਵਾਧਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਬਾਜ਼ਾਰ ਵਿਚ ਵੱਡੇ ਪੈਮਾਨੇ 'ਤੇ ਖਾਣ ਲਈ ਤਿਆਰ ਪੁੰਗਰੇ ਅਨਾਜ ਉਪਲਬਧ ਹਨ। ਪਰ ਇਨ੍ਹਾਂ ਦੇ ਬਾਰੇ ਵਿਚ ਸਮੇਂ-ਸਮੇਂ 'ਤੇ ਕਈ ਕਿਸਮ ਦੀ ਖੋਜ ਸਮੱਗਰੀ ਵੀ ਮੀਡੀਆ ਵਿਚ ਆਉਂਦੀ ਰਹਿੰਦੀ ਹੈ, ਜੋ ਇਨ੍ਹਾਂ ਦੀ ਵਰਤੋਂ 'ਤੇ ਕਈ ਕਿਸਮ ਦੇ ਸਵਾਲ ਉਠਾਉਂਦੀ ਹੈ। ਤੁਸੀਂ ਇਨ੍ਹਾਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਜਾਣਕਾਰੀ ਨੂੰ ਪਰਖਦੇ ਹਾਂ।
1. ਸਿਹਤ ਲਈ ਕਿਸ ਪੱਧਰ ਦੇ ਪੁੰਗਰੇ ਅਨਾਜ ਸਹੀ ਹਨ?
(ਕ) ਬਸ ਪੁੰਗਰਨਾ ਫੁੱਟਿਆ ਹੀ ਹੋਵੇ। (ਖ) ਪੁੰਗਰਣਾ ਕਈ ਦਿਨ ਪੁਰਾਣਾ ਹੋ ਚੁੱਕਾ ਹੋਵੇ। (ਗ) ਕਦੇ ਵੀ ਉਸ ਦੀ ਪੌਸ਼ਟਿਕਤਾ ਵਿਚ ਕੋਈ ਫਰਕ ਨਹੀਂ ਪੈਂਦਾ।
2. ਪੁੰਗਰੇ ਅਨਾਜਾਂ ਵਿਚ ਕਿਹੜੇ ਵਿਟਾਮਿਨ ਸਭ ਤੋਂ ਵੱਧ ਪਾਏ ਜਾਂਦੇ ਹਨ?
(ਕ) 'ਈ' ਅਤੇ 'ਕੇ'।
(ਖ) 'ਡੀ' ਅਤੇ 'ਈ'।
(ਗ) 'ਏ' ਅਤੇ 'ਸੀ'।
3. ਐਂਟੀਆਕਸੀਡੈਂਟ ਸੁੱਕੇ ਅਨਾਜ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜਾਂ ਪੁੰਗਰੇ ਵਿਚ?
(ਕ) ਸੁੱਕੇ।
(ਖ) ਪੁੰਗਰੇ।
(ਗ) ਦੋਵਾਂ ਵਿਚ ਬਰਾਬਰ।
4. ਕੀ ਬਜ਼ੁਰਗਾਂ ਲਈ ਵੀ ਪੁੰਗਰੇ ਅਨਾਜ ਫਾਇਦੇਮੰਦ ਹੁੰਦੇ ਹਨ?
(ਕ) ਹਾਂ। (ਖ) ਨਹੀਂ, ਕਿਉਂਕਿ ਉਨ੍ਹਾਂ ਲਈ ਇਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ। (ਗ) ਇਹ ਤਾਂ ਅਜ਼ਮਾ ਕੇ ਪਤਾ ਲੱਗ ਸਕਦਾ ਹੈ।
5. ਕੀ ਪੁੰਗਰੇ ਅਨਾਜ ਵਿਚ ਚਰਬੀ, ਫੈਟੀ ਐਸਿਡ ਵਿਚ ਬਦਲ ਜਾਂਦੀ ਹੈ?
(ਕ) ਨਹੀਂ।
(ਖ) ਹਾਂ।
(ਗ) ਕਦੇ-ਕਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਦਿੱਤੇ ਗਏ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਪੁੰਗਰੇ ਅਨਾਜ ਖਾਣ ਤੋਂ ਭਾਵੇਂ ਤੁਹਾਨੂੰ ਕੋਈ ਪ੍ਰਹੇਜ਼ ਨਾ ਹੋਵੇ ਪਰ ਪੁੰਗਰੇ ਅਨਾਜਾਂ ਸਬੰਧੀ ਤੁਹਾਡੀ ਵਿਗਿਆਨਕ ਜਾਣਕਾਰੀ ਬਹੁਤ ਸੀਮਤ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜਾਂ ਨੂੰ ਇਕ ਸਿਹਤਮੰਦ ਖਾਧ ਸਮੱਗਰੀ ਮੰਨਦੇ ਹੋ, ਸਗੋਂ ਬਹੁਤ ਕੁਝ ਇਸ ਦੇ ਫਾਇਦਿਆਂ ਬਾਰੇ ਵੀ ਜਾਣਦੇ ਹੋ। ਪਰ ਸਮਗਰਤਾ ਵਿਚ ਪੁੰਗਰੇ ਅਨਾਜਾਂ ਨੂੰ ਲੈ ਕੇ ਇਕ ਵਿਗਿਆਨਕ ਦਿਸ਼ਾਬੋਧ ਦੀ ਤੁਹਾਡੇ ਵਿਚ ਕਮੀ ਹੈ।
ਗ-ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜ ਖਾਣਾ ਪਸੰਦ ਕਰਦੇ ਹੋ, ਸਗੋਂ ਇਨ੍ਹਾਂ ਦੀ ਸਿਹਤ ਸਬੰਧੀ ਖਾਸੀਅਤ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਨਾਲ ਹੀ ਤੁਸੀਂ ਦੂਜਿਆਂ ਨੂੰ ਵੀ ਪੁੰਗਰੇ ਅਨਾਜ ਖਾਣ ਲਈ ਉਤਸ਼ਾਹਿਤ ਕਰਦੇ ਹੋ।
**

ਅੱਲ੍ਹੜ ਉਮਰ ਤੇ ਮਾਪੇ

ਅਕਸਰ ਜਦੋਂ ਘਰਾਂ ਵਿਚ ਬੱਚੇ ਵੱਡੇ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਮਾਪੇ ਆਪਣੇ ਜਵਾਨ ਹੋ ਰਹੇ ਬੱਚਿਆਂ ਅੰਦਰ ਆ ਰਹੀਆਂ ਤਬਦੀਲੀਆਂ ਲਈ ਹਾਣ ਦੇ ਨਹੀਂ ਬਣਦੇ। ਸਾਡੀ ਇਹੀ ਕਮਜ਼ੋਰੀ ਹੈ ਕਿ ਸਾਨੂੰ ਸ਼ੁਰੂ-ਸ਼ੁਰੂ ਵਿਚ ਤਬਦੀਲੀਆਂ ਚੰਗੀਆਂ ਨਹੀਂ ਲਗਦੀਆਂ, ਕਿਉਂਕਿ ਮਾਪੇ ਆਪਣੇ ਬੱਚਿਆਂ ਦਾ ਬਚਪਨ ਹੀ ਦੇਖਣ ਦੇ ਆਦੀ ਹੋ ਚੁੱਕੇ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਵੱਡਾ ਹੁੰਦਾ ਬੱਚਾ ਵਧ ਰਹੀਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਲੱਗਣ ਲੱਗ ਪੈਂਦਾ ਹੈ। 14 ਜਾਂ 15 ਸਾਲ ਦੀ ਉਮਰ ਵਿਚ ਬੱਚਿਆਂ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆਉਂਦੀਆਂ ਹਨ ਅਤੇ ਜੇਕਰ ਮਾਪੇ ਉਨ੍ਹਾਂ ਦੀ ਜੀਵਨ ਯਾਤਰਾ ਸ਼ੁਰੂ ਕਰਨ ਵਿਚ ਮਦਦ ਕਰਨ ਤਾਂ ਉੱਚੀਆਂ ਮੰਜ਼ਿਲਾਂ ਦਾ ਸਫਰ ਸ਼ੁਰੂ ਕਰ ਰਹੇ ਬੱਚੇ ਸਫਲ ਇਨਸਾਨ ਜ਼ਰੂਰ ਬਣ ਸਕਦੇ ਹਨ। ਅੱਲ੍ਹੜ ਉਮਰ ਜ਼ਿੰਦਗੀ ਦਾ ਉਹ ਪੜਾਅ ਹੈ ਜਦੋਂ ਬਚਪਨ ਆਪਣੀਆਂ ਹੱਦਾਂ ਤੋਂ ਅੱਗੇ ਵਧ ਰਿਹਾ ਹੁੰਦਾ ਹੈ। ਕਈ ਭਲੇ ਪੁਰਸ਼ ਜ਼ਿੰਦਗੀ ਦੇ ਇਸ ਪੜਾਅ ਨੂੰ ਇਕ ਨਵਾਂ ਜਨਮ ਮੰਨਦੇ ਹਨ। ਇਸ ਉਮਰ ਵਿਚ ਬੱਚੇ ਦਲੀਲ ਦੀ ਮੰਗ ਕਰਦੇ ਹਨ, ਉਹ ਪੜ੍ਹਾਈ 'ਤੇ ਜ਼ਿਆਦਾ ਦੇਰ ਤੱਕ ਧਿਆਨ ਕੇਂਦਰਿਤ ਕਰਦੇ ਹਨ। ਅਜਿਹੇ ਮੌਕੇ ਇਨ੍ਹਾਂ ਅੱਲ੍ਹੜਾਂ ਦੇ ਆਪਣੇ ਮਾਪਿਆਂ ਨਾਲ ਅਕਸਰ ਹੀ ਨੋਕ-ਝੋਕ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ।
ਜਿੰਨੀ ਦੇਰ ਮਾਪੇ ਅਤੇ ਅੱਲ੍ਹੜ ਆਪਸ ਵਿਚ ਦੋਸਤ ਨਹੀਂ ਬਣਨਗੇ, ਓਨੀ ਦੇਰ ਤੱਕ ਦੋਵੇਂ ਹੀ ਆਪੋ-ਆਪਣੇ ਰਸਤਿਆਂ 'ਤੇ ਭੱਜ-ਭੱਜ ਕੇ ਥੱਕਦੇ ਰਹਿਣਗੇ। ਇਥੇ ਚਾਹੀਦਾ ਤਾਂ ਇਹ ਹੈ ਕਿ ਬਚਪਨ ਤੋਂ ਅੱਗੇ ਵਧ ਰਹੇ ਬੱਚੇ ਆਪਣੇ ਫਰਜ਼ ਪਛਾਨਣ ਅਤੇ ਮਾਪੇ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਚਾਈਂ-ਚਾਈਂ ਆਪਣੇ ਮੋਢਿਆਂ 'ਤੇ ਚੁੱਕਣ। ਮਾਪਿਆਂ ਨੂੰ ਉਨ੍ਹਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ। ਦੋਸਤੀ ਵਿਚ ਮਾਪੇ ਬੱਚਿਆਂ ਦੇ ਗੁਣਾਂ-ਔਗੁਣਾਂ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਸਕਦੇ ਹਨ। ਮਾਪੇ ਧਿਆਨ ਰੱਖਣ ਕਿ ਕਿਤੇ ਉਨ੍ਹਾਂ ਦੇ ਬੱਚੇ ਪੜ੍ਹਾਈ ਅਤੇ ਹੋਰ ਜ਼ਰੂਰੀ ਖਰਚਿਆਂ ਤੋਂ ਬਿਨਾਂ ਐਸ਼ੋ-ਇਸ਼ਰਤ ਵੱਲ ਤਾਂ ਨਹੀਂ ਖਰਚਾ ਕਰ ਰਹੇ। ਜੇਕਰ ਬੱਚਿਆਂ ਦੇ ਖਰਚੇ ਇਕਦਮ ਵਧ ਜਾਣ ਤਾਂ ਮਾਪੇ ਖਿਆਲ ਰੱਖਣ ਕਿ ਕੁਝ ਗ਼ਲਤ ਤਾਂ ਨਹੀਂ ਵਾਪਰ ਰਿਹਾ, ਕਿਤੇ ਉਨ੍ਹਾਂ ਦੇ ਬੱਚੇ ਕਿਸੇ ਗ਼ਲਤ ਹਾਣ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ, ਕਿਤੇ ਨਸ਼ਿਆਂ ਦੀ ਦਲਦਲ 'ਚ ਤਾਂ ਨਹੀਂ ਜਾ ਰਹੇ। ਜੇ ਬੱਚੇ ਮਾਪਿਆਂ ਦੇ ਮੂਹਰੇ ਉੱਚੀ ਭਾਸ਼ਾ ਵਿਚ ਗੱਲ ਕਰਨ ਲੱਗ ਜਾਣ ਤਾਂ ਮਾਪੇ ਸਮਝ ਲੈਣ ਕਿ ਉਨ੍ਹਾਂ ਦੇ ਜਵਾਨ, ਅੱਲ੍ਹੜ ਹੋਏ ਬੱਚੇ ਹੁਣ ਉਨ੍ਹਾਂ ਦੇ ਹੱਥਾਂ 'ਚੋਂ ਬਾਹਰ ਹੁੰਦੇ ਜਾ ਰਹੇ ਹਨ। ਇਥੇ ਹੁਣ ਮਾਪਿਆਂ ਦੀ ਦੋਸਤੀ, ਉਨ੍ਹਾਂ ਦਾ ਪਿਆਰ ਅਤੇ ਵਧੀਆ ਸਾਥ ਹੀ ਬੱਚਿਆਂ ਨੂੰ ਸਹੀ ਰਸਤੇ 'ਤੇ ਲਿਆ ਸਕਦਾ ਹੈ, ਨਾ ਕਿ ਕੋਈ ਸਖ਼ਤੀ ਕਰਕੇ ਜਾਂ ਡਰਾਵੇ ਵਗੈਰਾ ਦੇ ਕੇ।
ਅਕਸਰ ਕੁਝ ਬੱਚਿਆਂ ਵਿਚ ਅਪਰਾਧ ਕਰਨ ਦੀ ਬਿਰਤੀ ਵੀ ਦੇਖਣ ਨੂੰ ਮਿਲਦੀ ਹੈ। ਇਹ ਸਮਾਂ ਇਨ੍ਹਾਂ ਬੱਚਿਆਂ ਲਈ ਬੜਾ ਨਾਜ਼ੁਕ ਹੁੰਦਾ ਹੈ, ਕਿਉਂਕਿ ਕੁਝ ਕੁ ਅਮੀਰ ਘਰਾਂ ਦੇ ਬੱਚੇ ਕਦੋਂ ਕਿਸ ਪਾਸੇ ਮੁੜ ਜਾਣ, ਘਰ ਵਾਲਿਆਂ ਨੂੰ ਖ਼ਬਰ ਤੱਕ ਵੀ ਨਹੀਂ ਹੁੰਦੀ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੱਚੇ ਕਿਸੇ ਨਾ ਕਿਸੇ ਚਿੰਤਾ 'ਚ ਪਏ ਰਹਿੰਦੇ ਹਨ। ਅਜਿਹੀ ਸਥਿਤੀ 'ਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨਾਲ ਚੰਗੇਰਾ, ਉੱਚਾ ਅਤੇ ਦੋਸਤਾਨਾ ਸਲੂਕ ਬਣਾ ਕੇ ਆਪਣੇ ਬਾਹਰ ਭੱਜ ਰਹੇ ਬੱਚਿਆਂ ਨੂੰ ਪਿਆਰ ਨਾਲ ਬੁੱਕਲ ਵਿਚ ਲੈਣਾ ਪਵੇਗਾ। ਜਿੰਨੀ ਦੇਰ ਮਾਪੇ ਆਪਣੇ ਬੱਚਿਆਂ ਦੇ ਮਨ ਦੀ ਭਾਸ਼ਾ ਨਹੀਂ ਪੜ੍ਹਨਗੇ, ਓਨੀ ਦੇਰ ਮਾਪੇ ਅਤੇ ਬੱਚੇ ਦੋਵੇਂ ਹੀ ਉਲਝੇ ਰਹਿਣਗੇ। ਮਾਤਾ-ਪਿਤਾ ਆਪਣੇ ਜਵਾਨ ਹੋਏ ਬੱਚਿਆਂ ਨੂੰ ਚੰਗੀ ਸੰਗਤ, ਲਾਇਬ੍ਰੇਰੀ ਨਾਲ ਜੋੜਨ, ਉਨ੍ਹਾਂ ਨੂੰ ਸਫਲ ਇਨਸਾਨਾਂ ਦੀਆਂ ਸਵੈ-ਜੀਵਨੀਆਂ ਪੜ੍ਹਨ ਲਈ ਪ੍ਰੇਰਿਤ ਕਰਨ। ਸਾਨੂੰ ਇਹ ਹਮੇਸ਼ਾ ਯਾਦ ਰਹੇ ਕਿ ਜਿੰਨੀ ਦੇਰ ਮਾਪਿਆਂ ਦੇ ਘਰ ਸਾਹਿਤਕ ਕਿਤਾਬਾਂ ਨਹੀਂ ਟਿਕਣਗੀਆਂ, ਓਨੀ ਦੇਰ ਉਨ੍ਹਾਂ ਦੇ ਬੱਚੇ ਸਹੀ ਅਤੇ ਗ਼ਲਤ ਦੀ ਪਛਾਣ ਨਹੀਂ ਕਰ ਸਕਣਗੇ। ਮਾਪੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਸਮਝਾਉਣ ਕਿ ਉਨ੍ਹਾਂ ਦਾ ਕਿਤਾਬਾਂ ਤੋਂ ਵਧੀਆ ਕੋਈ ਹੋਰ ਦੋਸਤ ਨਹੀਂ।
ਅੱਲ੍ਹੜ ਉਮਰ ਜ਼ਿੰਦਗੀ ਦਾ ਨਾਜ਼ੁਕ ਹੀ ਨਹੀਂ, ਸਗੋਂ ਬੜਾ ਪਿਆਰਾ ਜਿਹਾ ਪੜਾਅ ਹੈ, ਇਸ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ। ਅੱਲ੍ਹੜ ਸਾਡੇ ਸੱਭਿਆਚਾਰ ਦਾ ਓਨੀ ਦੇਰ ਆਦਰ/ਸਤਿਕਾਰ ਨਹੀਂ ਕਰਨਗੇ, ਜਿੰਨੀ ਦੇਰ ਮਾਪੇ ਆਪਣੇ ਜਵਾਨ ਬੱਚਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਨਗੇ। ਪਿਆਰ, ਘੂਰ ਨਾਲੋਂ ਵੀ ਵੱਡਾ ਹਥਿਆਰ ਹੁੰਦਾ ਹੈ। ਮਾਪਿਆਂ ਦੇ ਹੱਥ ਵਿਚ ਬੱਚਿਆਂ ਦੇ ਜੀਵਨ ਦੀ ਡੋਰ ਹੁੰਦੀ ਹੈ। ਮਾਪੇ ਇਸ ਡੋਰ ਦੇ ਤੁਣਕੇ ਨੂੰ ਐਨੇ ਪਿਆਰ ਨਾਲ ਮਾਰਨ ਕਿ ਜਵਾਨ ਹੋ ਰਹੇ ਬੱਚੇ ਅੰਬਰੀਂ ਉਡਾਰੀਆਂ ਮਾਰਨ ਦੀ ਕੋਸ਼ਿਸ਼ ਵਿਚ ਜੁਟ ਜਾਣ। ਧਿਆਨ ਰਹੇ ਕਿ ਮਾਪਿਆਂ ਵਲੋਂ ਘਰੋਂ ਵਰਤਾਇਆ ਪਿਆਰ ਹੀ ਬੱਚੇ ਅੱਗੇ ਦੂਜਿਆਂ ਨੂੰ ਵੰਡਣਗੇ, ਫਿਰ ਚਾਹੇ ਉਹ ਅਧਿਆਪਕਾਂ 'ਚ ਵੰਡਣ ਤੇ ਚਾਹੇ ਆਪਣੇ ਸੰਗੀ-ਸਾਥੀਆਂ 'ਚ। ਅੱਲ੍ਹੜਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕੇਵਲ ਮਾਪਿਆਂ ਦੀ ਹੀ ਨਹੀਂ, ਸਗੋਂ ਇਸ 'ਚ ਸਮਾਜ ਨੂੰ ਵੀ ਆਪਣਾ ਇਕ ਅਹਿਮ ਰੋਲ ਅਦਾ ਕਰਨਾ ਪਵੇਗਾ। ਅਸੀਂ ਰਹਿੰਦੇ ਜਿਥੇ ਮਰਜ਼ੀ ਹੋਈਏ, ਪਰ ਸਾਡਾ ਭਾਈਚਾਰਾ, ਸੱਭਿਆਚਾਰ ਅਤੇ ਬੋਲਬਾਣੀ ਤਾਂ ਇਕੋ ਹੀ ਹੈ। ਆਓ ਆਪਾਂ ਸਾਰੇ ਰਲ ਕੇ ਆਪਣਾ ਹੀ ਨਹੀਂ, ਆਪਣੇ ਨਾਲ ਦੇ ਸਾਥੀਆਂ ਦੇ ਘਰਾਂ ਵਿਚ ਵੀ ਖੁਸ਼ੀਆਂ ਦੇ ਚਿਰਾਗ ਰੌਸ਼ਨ ਦੇਖਣ ਲਈ ਹੰਭਲਾ ਮਾਰੀਏ। ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ, ਇਸ ਲਈ ਇਨ੍ਹਾਂ ਨੇ ਤਾਂ ਸਮਾਜ ਨੂੰ ਆਪਣੇ ਸ਼ਬਦਾਂ ਦੇ ਜ਼ਰੀਏ ਹੀ ਹੋਕਾ ਦੇਣਾ ਹੁੰਦਾ ਹੈ। ਕਿਸੇ ਵਿਦਵਾਨ ਨੇ ਕਿਆ ਖੂਬ ਲਿਖਿਆ ਹੈ-
'ਹਮਨੇ ਤੋ ਚਿਰਾਗ਼ ਰੌਸ਼ਨ ਕਰ ਦੀਆ, ਅਬ ਹਵਾਓਂ ਸੇ ਜ਼ਿੰਮੇਵਾਰੀ ਆਪ ਕੀ ਹੈ।'


-ਵਿਦਿਆਰਥਣ, ਪੀ.ਐਚ.ਡੀ.,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
kiranpahwa888@gmail.com

ਬੱਚੇ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ?

ਬੱਚੇ ਸਿਰਫ ਮਾਂ-ਪਿਓ ਦੀ ਹੀ ਅਸਲੀ ਦੌਲਤ ਨਹੀਂ ਹੁੰਦੇ। ਉਹ ਆਪਣੇ ਦੇਸ਼ ਅਤੇ ਸਮਾਜ ਦੀ ਵੀ ਧਨ-ਦੌਲਤ ਹੁੰਦੇ ਹਨ। ਅੱਜ ਦੇ ਬੱਚੇ ਭਵਿੱਖ ਦੇ ਵਾਰਸ ਵੀ ਹਨ ਤੇ ਸਰਮਾਇਆ ਵੀ। ਬੱਚਿਆਂ ਦਾ ਸਰਬਪੱਖੀ ਵਿਕਾਸ ਹੀ ਦੇਸ਼ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣ ਵਿਚ ਮੀਲ-ਪੱਥਰ ਸਾਬਤ ਹੋ ਸਕਦਾ ਹੈ।
ਬੱਚਿਆਂ ਦੇ ਸਰਬਪੱਖੀ ਵਿਕਾਸ ਵਾਸਤੇ ਬਚਪਨ ਤੋਂ ਹੀ ਗਿਆਨ ਦਿੱਤੇ ਜਾਣ ਦੀ ਲੋੜ ਹੈ। ਕਈ ਮਾਪੇ ਸ਼ੁਰੂ ਤੋਂ ਹੀ ਬੱਚੇ ਦੀ ਕਿਤਾਬੀ ਪੜ੍ਹਾਈ 'ਤੇ ਹੀ ਸਾਰਾ ਜ਼ੋਰ ਲਾ ਦਿੰਦੇ ਹਨ। ਬੱਚੇ ਦੀ ਤੰਦਰੁਸਤੀ ਤੇ ਹੋਰ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਇਥੇ ਇਹ ਸਮਝਣ ਦੀ ਲੋੜ ਹੈ ਕਿ ਬੱਚੇ ਦੀ ਸੰਤੁਲਿਤ ਸ਼ਖ਼ਸੀਅਤ ਦੇ ਵਿਕਾਸ ਵਾਸਤੇ ਸਰੀਰਕ, ਮਾਨਸਿਕ, ਸਮਾਜਿਕ ਤੇ ਬੌਧਿਕ ਵਿਕਾਸ ਦਾ ਸੁਮੇਲ ਹੋਣਾ ਜ਼ਰੂਰੀ ਹੈ। ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਰਿਸ਼ਟ-ਪੁਸ਼ਟ ਸਰੀਰ ਤੇ ਰੌਸ਼ਨ ਦਿਮਾਗ ਵੀ ਜ਼ਰੂਰੀ ਹੁੰਦਾ ਹੈ।
ਬੱਚੇ ਦੀ ਸਿੱਖਿਆ ਮਾਂ ਦੇ ਗਰਭ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬੱਚੇ ਦਾ ਸੰਤੁਲਿਤ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਘਰੇਲੂ ਮਾਹੌਲ ਸੁਖਾਵਾਂ ਹੋਵੇ। ਜਿਹੋ ਜਿਹਾ ਬਚਪਨ ਵਿਚ ਮਾਹੌਲ ਮਿਲਦਾ ਹੈ, ਉਸ ਦਾ ਪ੍ਰਛਾਵਾਂ ਸਾਰੀ ਉਮਰ ਹੀ ਰਹਿੰਦਾ ਹੈ। ਬੱਚਿਆਂ ਦੀਆਂ ਸਾਰੀਆਂ ਲੋੜਾਂ ਘਰ ਤੋਂ ਹੀ ਪੂਰੀਆਂ ਕੀਤੇ ਜਾਣ ਦੀ ਲੋੜ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਲਈ ਜ਼ਰੂਰੀ ਹਨ। ਖੇਡਾਂ ਸਹਿਣਸ਼ੀਲਤਾ, ਸਹਿਯੋਗ, ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਜ਼ਿੰਦਗੀ ਦੇ ਸੰਘਰਸ਼ ਵਾਸਤੇ ਤਿਆਰ ਰਹਿਣ ਵਾਸਤੇ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਨੰਨੇ-ਮੁੰਨੇ ਬੱਚਿਆਂ ਨੂੰ ਮਾਂ-ਪਿਓ ਦੇ ਪਿਆਰ ਦੇ ਨਾਲ-ਨਾਲ ਦਾਦੇ-ਦਾਦੀ, ਨਾਨੇ-ਨਾਨੀ, ਭੂਆ-ਫੁੱਫੜ, ਤਾਇਆ-ਤਾਈ, ਚਾਚਾ-ਚਾਚੀ, ਭੈਣਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਹੁਣ ਇਕ ਤਾਂ ਪਰਿਵਾਰ ਸੀਮਤ ਹੋ ਰਹੇ ਹਨ ਤੇ ਦੂਜਾ ਮੋਬਾਈਲ ਫੋਨਾਂ ਨੇ ਬੱਚਿਆਂ ਨੂੰ ਪਰਿਵਾਰ ਦੇ ਪਿਆਰ ਤੋਂ ਵਾਂਝਿਆਂ ਕਰ ਦਿੱਤਾ ਹੈ। ਬਹੁਤ ਸਾਰੇ ਸਮਾਜਿਕ ਰਿਸ਼ਤਿਆਂ ਦਾ ਨਿੱਘ ਨਾ ਮਿਲਣ ਕਰਕੇ ਬੱਚੇ ਜ਼ਿਦੀ, ਹਉਮੈਵਾਦੀ ਤੇ ਅਲਹਿਦਗੀ ਪਸੰਦ ਹੋ ਗਏ ਹਨ। ਇਨ੍ਹਾਂ ਪ੍ਰਵਿਰਤੀਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਰੁਕ ਜਾਂਦਾ ਹੈ।
ਜੇਕਰ ਅਸੀਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਸਾਨੂੰ ਸਕੂਲ ਪਾਠਕ੍ਰਮ ਵਿਚ ਬਹੁਤ ਹੀ ਤਬਦੀਲੀਆਂ ਕਰਨ ਦੀ ਲੋੜ ਹੈ। ਬੱਚਿਆਂ ਨੂੰ ਆਪਣੇ ਦੇਸ਼ ਦੇ ਪੁਰਾਤਨ ਇਤਿਹਾਸ, ਸੱਭਿਆਚਾਰ ਤੇ ਵਿਸ਼ੇਸ਼ ਕਰਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਨਿਡਰ ਤੇ ਬਹਾਦਰ ਬਣਾਉਣ ਲਈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਿਵਾ ਜੀ, ਝਾਂਸੀ ਦੀ ਰਾਣੀ, ਰਾਣਾ ਪ੍ਰਤਾਪ ਤੇ ਹੋਰ ਦੇਸ਼ ਭਗਤਾਂ ਦੀਆਂ ਜੀਵਨੀਆਂ ਬਾਰੇ ਪਾਠਕ੍ਰਮ ਵਿਚ ਸ਼ਾਮਿਲ ਪੁਸਤਕਾਂ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।
ਬੱਚਿਆਂ ਨੂੰ ਜਾਦੂ-ਟੂਣਿਆਂ, ਵਹਿਮਾਂ-ਭਰਮਾਂ, ਡਾਕੂਆਂ, ਖਲਨਾਇਕਾਂ ਤੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੇ ਜਾਣ ਦੀ ਲੋੜ ਹੈ। ਉਨ੍ਹਾਂ ਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਅਤੇ 'ਐ ਮੇਰੇ ਵਤਨ ਕੇ ਲੋਗੋ' ਵਰਗੇ ਦੇਸ਼ ਭਗਤੀ ਦੇ ਗੀਤ ਪੜ੍ਹਾਏ ਜਾਣ ਦੀ ਲੋੜ ਹੈ। ਉਨ੍ਹਾਂ ਦੇ ਸਰਬਪੱਖੀ ਵਿਕਾਸ ਵਾਸਤੇ ਉਨ੍ਹਾਂ ਨੂੰ ਲੱਚਰ ਗੀਤਾਂ ਤੇ ਲੱਚਰ ਸਾਹਿਤ ਤੋਂ ਦੂਰ ਰੱਖਣਾ ਚਾਹੀਦਾ ਹੈ। ਬੱਚਿਆਂ ਵਿਚ ਵਿਗਿਆਨਕ ਅਤੇ ਯਥਾਰਥਵਾਦੀ ਵਿਚਾਰਧਾਰਾ ਪੈਦਾ ਕਰਕੇ ਉਨ੍ਹਾਂ ਨੂੰ ਸਫਲਤਾ ਦੀ ਮੰਜ਼ਿਲ 'ਤੇ ਪਹੁੰਚਾਇਆ ਜਾ ਸਕਦਾ ਹੈ। ਜੇਕਰ ਅਸੀਂ ਬੱਚਿਆਂ 'ਤੇ ਬੋਹੜ ਬਣੇ ਰਹਾਂਗੇ ਤਾਂ ਬੱਚੇ ਵਧ-ਫੁੱਲ ਕੇ ਪ੍ਰਫੁਲਤ ਨਹੀਂ ਹੋ ਸਕਦੇ। ਬੋਹੜਾਂ ਵਰਗੀ ਛਾਂ ਉਨ੍ਹਾਂ ਨੂੰ ਜ਼ਰੂਰ ਦਿਓ ਪਰ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣੀ ਵੀ ਲਾਜ਼ਮੀ ਹੈ।
ਬੱਚਿਆਂ ਨੂੰ ਵਿਰਸੇ ਵਿਚ ਪੂੰਜੀ ਭਾਵੇਂ ਘੱਟ ਦਿਓ ਪਰ ਉਨ੍ਹਾਂ ਨੂੰ ਸਫਲ ਮਨੁੱਖ ਸਿਰਜਣ ਵਾਸਤੇ, ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।


-ਸਾਇੰਸ ਮਿਸਟ੍ਰੈੱਸ, ਸ: ਹਾ: ਸਕੂਲ, ਝੰਡੇਰ (ਅੰਮ੍ਰਿਤਸਰ)। ਮੋਬਾ: 98155-84220

ਔਰਤ ਦੇ ਹੱਕਾਂ ਨੂੰ ਜਾਣੋ

1956 ਵਿਚ ਬਣੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਵਿਚ ਔਰਤਾਂ ਨੂੰ ਕਾਫੀ ਹੱਕ ਦਿੱਤੇ ਗਏ ਹਨ, ਜੋ ਮਹੱਤਵਪੂਰਨ ਹਨ-
* ਕਿਸੇ ਮਰਦ ਦੀ ਜਾਇਦਾਦ ਵਿਚ ਉਸ ਦੀ ਵਿਧਵਾ ਪਤਨੀ, ਮਾਂ, ਬੇਟੀਆਂ ਅਤੇ ਬੇਟੇ ਸਾਰੇ ਪਹਿਲੀ ਸ਼੍ਰੇਣੀ ਦੇ ਵਾਰਸ ਹਨ।
* ਪਿਤਾ ਤੋਂ ਪਹਿਲਾਂ ਮਰਨ ਵਾਲੇ ਲੜਕੇ ਜਾਂ ਲੜਕੀ ਦੇ ਬੱਚਿਆਂ ਨੂੰ ਵੀ ਦਾਦੇ ਦੀ ਸੰਪਤੀ ਵਿਚੋਂ ਬਰਾਬਰ ਦਾ ਹਿੱਸਾ ਮਿਲੇਗਾ।
* ਪਿਤਾ ਦੇ ਰਿਹਾਇਸ਼ੀ ਮਕਾਨ ਵਿਚ ਕੁਆਰੀ, ਵਿਧਵਾ ਜਾਂ ਪਤੀ ਦੁਆਰਾ ਛੱਡੀ ਗਈ, ਸਾਰੀਆਂ ਲੜਕੀਆਂ ਨੂੰ ਰਹਿਣ ਦਾ ਹੱਕ ਹੈ। ਉਹ ਭਰਾਵਾਂ ਦੀ ਮਰਜ਼ੀ ਜਾਂ ਦਇਆ 'ਤੇ ਨਿਰਭਰ ਨਹੀਂ ਹੈ।
* ਪਤੀ ਦੀ ਮੌਤ ਦੇ ਸਮੇਂ ਗਰਭਵਤੀ ਪਤਨੀ ਦਾ ਬੱਚਾ ਵੀ ਸੰਪਤੀ ਦਾ ਓਨਾ ਹੀ ਹੱਕਦਾਰ ਹੈ, ਜਿੰਨੇ ਪਹਿਲਾਂ ਹੋਏ ਬੱਚੇ।
* ਔਰਤ ਦਾ ਆਪਣੀ ਜਾਇਦਾਦ 'ਤੇ ਪੂਰਾ ਅਧਿਕਾਰ ਹੈ, ਉਹ ਉਸ ਨੂੰ ਵੇਚ ਸਕਦੀ ਹੈ, ਗਹਿਣੇ ਰੱਖ ਸਕਦੀ ਹੈ ਜਾਂ ਜਿਸ ਨੂੰ ਚਾਹੇ, ਦੇ ਸਕਦੀ ਹੈ।
* ਔਰਤ ਦੇ ਨਾਂਅ ਜੋ ਵੀ ਜਾਇਦਾਦ, ਗਹਿਣੇ ਜਾਂ ਪੈਸੇ ਉਸ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਬਾਅਦ ਵਿਚ ਮਿਲਦੇ ਹਨ, ਉਹ ਉਸ ਦਾ ਇਸਤਰੀਧਨ ਹੈ ਅਤੇ ਉਸ 'ਤੇ ਸਿਰਫ ਉਸ ਦਾ ਪੂਰਾ ਅਧਿਕਾਰ ਹੈ।
* ਉੱਤਰਾਧਿਕਾਰੀ ਵਿਚ, ਤੋਹਫ਼ੇ ਵਿਚ ਜਾਂ ਤਲਾਕ ਤੋਂ ਬਾਅਦ ਗੁਜ਼ਾਰਾ ਭੱਤੇ ਲਈ ਮਿਲੀ ਚੱਲ-ਅਚੱਲ ਜਾਇਦਾਦ 'ਤੇ ਔਰਤ ਦਾ ਪੂਰਾ ਹੱਕ ਹੁੰਦਾ ਹੈ।
* ਉੱਤਰਾਧਿਕਾਰ ਵਿਚ ਜਾਇਦਾਦ ਮਿਲਣ ਤੋਂ ਬਾਅਦ ਕੋਈ ਵਿਧਵਾ ਦੁਬਾਰਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਇਦਾਦ ਮੋੜਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਸ 'ਤੇ ਉਸ ਦਾ ਪੂਰਾ ਕਾਨੂੰਨੀ ਹੱਕ ਹੈ।
ਇਹ ਹੱਕ ਮਿਲਣ ਦੇ ਬਾਵਜੂਦ ਵੀ ਕਾਨੂੰਨ ਵਿਚ ਕੁਝ ਖਾਮੀਆਂ ਹਨ। ਪਰ 2015 ਵਿਚ ਹਿੰਦੂ ਕਾਨੂੰਨ ਵਿਚ ਸੋਧ ਤੋਂ ਪਿੱਛੋਂ ਲੜਕੀ ਜਨਮ ਸਿੱਧ ਅਧਿਕਾਰ ਹੋਣ ਕਰਕੇ ਆਪਣੇ ਹਿੱਸੇ ਦੀ ਵੰਡ ਦੀ ਮੰਗ ਕਰ ਸਕਦੀ ਹੈ।

ਚੌਲਾਂ ਦਾ ਆਟਾ ਫੇਸਪੈਕ ਲਈ ਅਸਰਦਾਇਕ

ਆਓ ਜਾਣੀਏ ਚੌਲਾਂ ਦੇ ਆਟੇ ਦੀ ਵਰਤੋਂ ਕਿਵੇਂ ਕੀਤੀ ਜਾਵੇ-
ਇਕ ਟੋਨਰ ਦੇ ਰੂਪ ਵਿਚ : ਜਿਨ੍ਹਾਂ ਲੋਕਾਂ ਦੀ ਚਮੜੀ ਤੇਲੀ ਹੋਵੇ, ਉਨ੍ਹਾਂ ਨੂੰ ਚੌਲਾਂ ਦੇ ਆਟੇ ਵਿਚ ਪਾਣੀ ਮਿਲਾ ਕੇ ਰਾਤ ਨੂੰ ਰੱਖ ਦੇਣਾ ਚਾਹੀਦਾ ਹੈ। ਸਵੇਰੇ ਉਸੇ ਪਾਣੀ ਵਿਚ ਅੱਧਾ ਨਿੰਬੂ ਨਿਚੋੜ ਕੇ ਉਸ ਦਾ ਪੇਸਟ ਤਿਆਰ ਕਰ ਲਓ ਅਤੇ ਉਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ। ਥੋੜ੍ਹੀ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਚਮੜੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਚਮੜੀ ਵਿਚ ਚਮਕ ਵੀ ਆਵੇਗੀ। ਸ਼ੁਰੂ ਵਿਚ ਹਫ਼ਤੇ ਵਿਚ ਇਕ ਵਾਰ ਕਰੋ।
ਰੰਗਤ ਨਿਖਾਰਨ ਲਈ : ਰੰਗਤ ਨਿਖਾਰਨ ਲਈ ਚੌਲਾਂ ਦੇ ਆਟੇ ਵਿਚ ਸ਼ਹਿਦ ਅਤੇ ਦਹੀਂ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ ਇਸ ਨੂੰ ਆਪਣੇ ਚਿਹਰੇ ਅਤੇ ਧੌਣ 'ਤੇ ਲਗਾਓ। 15 ਤੋਂ 20 ਮਿੰਟ ਬਾਅਦ ਚਿਹਰਾ ਅਤੇ ਧੌਣ ਧੋ ਲਓ। ਕੁਝ ਸਮੇਂ ਤੱਕ ਨਿਯਮਤ ਕਰਨ ਨਾਲ ਰੰਗ ਵਿਚ ਸੁਧਾਰ ਆ ਜਾਵੇਗਾ।
ਮ੍ਰਿਤ ਚਮੜੀ ਨੂੰ ਹਟਾਉਂਦਾ ਹੈ : ਚੌਲਾਂ ਦੇ ਆਟੇ ਵਿਚ ਥੋੜ੍ਹਾ ਜਿਹਾ ਸ਼ਹਿਦ ਜਾਂ ਜੈਤੂਨ ਦਾ ਤੇਲ ਮਿਲਾ ਕੇ ਸਕਰੱਬ ਤਿਆਰ ਕਰੋ ਅਤੇ ਇਸ ਨੂੰ ਚਿਹਰੇ, ਧੌਣ, ਬਾਹਾਂ ਅਤੇ ਹੱਥਾਂ 'ਤੇ ਲਗਾਓ। ਚਿਹਰੇ 'ਤੇ ਹਥੇਲੀਆਂ ਨਾਲ ਗੋਲ-ਗੋਲ ਘੁਮਾਉਂਦੇ ਹੋਏ ਥੋੜ੍ਹਾ ਆਰਾਮ ਨਾਲ ਰਗੜੋ। ਇਸੇ ਤਰ੍ਹਾਂ ਧੌਣ, ਬਾਹਾਂ ਅਤੇ ਹੱਥ ਹਥੇਲੀਆਂ ਨਾਲ ਹਲਕਾ-ਹਲਕਾ ਰਗੜੋ। ਇਸ ਤਰ੍ਹਾਂ ਮ੍ਰਿਤ ਚਮੜੀ ਸਾਫ਼ ਹੋ ਜਾਂਦੀ ਹੈ।
ਝੁਰੜੀਆਂ ਨੂੰ ਦੂਰ ਕਰਨ ਲਈ : ਵਧਦੀ ਉਮਰ ਵਿਚ ਝੁਰੜੀਆਂ ਪੈਣੀਆਂ ਇਕ ਕੁਦਰਤੀ ਪ੍ਰਕਿਰਿਆ ਹੈ ਪਰ ਸਮਾਂ ਰਹਿੰਦੇ ਜੇ ਅਸੀਂ ਸਾਵਧਾਨ ਰਹੀਏ ਅਤੇ ਚਮੜੀ ਦੀ ਸਹੀ ਦੇਖਭਾਲ ਕਰੀਏ ਤਾਂ ਇਸ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਖੀਰੇ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਜਦੋਂ ਤੱਕ ਇਹ ਪੇਸਟ ਲੱਗਾ ਹੈ, ਉਦੋਂ ਤੱਕ ਗੱਲ ਨਾ ਕਰੋ। ਕੁਝ ਦੇਰ ਤੱਕ ਉਸ ਨੂੰ ਸਾਫ਼ ਪਾਣੀ ਨਾਲ ਧੋ ਲਓ। ਅਜਿਹਾ ਹਫਤੇ ਵਿਚ ਇਕ ਜਾਂ ਦੋ ਵਾਰ ਕਰੋ।
ਟੈਨਿੰਗ ਹਟਾਉਣ ਲਈ : ਗਰਮੀਆਂ ਵਿਚ ਅਕਸਰ ਟੈਨਿੰਗ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ। ਇਸ ਵਾਸਤੇ ਚੌਲਾਂ ਦੇ ਆਟੇ ਵਿਚ ਦੁੱਧ ਮਿਲਾ ਕੇ ਉਸ ਪੇਸਟ ਨੂੰ ਟੈਨਿੰਗ ਵਾਲੀ ਚਮੜੀ 'ਤੇ ਲਗਾਓ, ਥੋੜ੍ਹੀ ਦੇਰ ਬਾਅਦ ਧੋ ਲਓ। ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਡਿਓਡਰੈਂਟ ਦਾ ਵੀ ਕਰਦਾ ਹੈ ਕੰਮ : ਚੌਲਾਂ ਦੇ ਪਾਊਡਰ ਦਾ ਪੇਸਟ ਆਪਣੀਆਂ ਬਗਲਾਂ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਪਸੀਨੇ ਦੀ ਬਦਬੂ ਵੀ ਨਹੀਂ ਆਵੇਗੀ ਅਤੇ ਬਗਲਾਂ ਦਾ ਰੰਗ ਵੀ ਸਾਫ਼ ਹੋਵੇਗਾ।
ਫੇਸਪੈਕ ਲਈ : 2-3 ਵੱਡੇ ਚਮਚ ਕੱਚੇ ਚੌਲਾਂ ਨੂੰ ਠੰਢੇ ਪਾਣੀ ਵਿਚ ਹੌਲੀ ਸੇਕ 'ਤੇ ਗਰਮ ਕਰੋ। ਚੌਲ ਉਬਾਲੋ ਨਾ। ਨਰਮ ਹੋਣ 'ਤੇ ਚੌਲ ਨਿਤਾਰ ਲਓ ਅਤੇ ਚੌਲਾਂ ਦਾ ਪਾਣੀ ਸੁੱਟੋ ਨਾ, ਬਾਅਦ ਵਿਚ ਚਿਹਰਾ ਧੋਣ ਦੇ ਕੰਮ ਵਿਚ ਲਿਆਓ। ਚੌਲਾਂ ਵਿਚ ਇਕ ਚਮਚ ਗਰਮ ਦੁੱਧ ਪਾਓ। ਇਕ ਵੱਡਾ ਚਮਚ ਸ਼ਹਿਦ ਪਾਓ ਅਤੇ ਚੰਗੀ ਤਰ੍ਹਾਂ ਤਿੰਨਾਂ ਨੂੰ ਫੈਂਟੋ। ਫੈਂਟੀ ਹੋਈ ਸਮੱਗਰੀ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਚੌਲਾਂ ਦੇ ਪਾਣੀ ਜਾਂ ਸਾਦੇ ਪਾਣੀ ਨਾਲ ਧੋ ਲਓ। ਇਸੇ ਤਰ੍ਹਾਂ ਚੌਲਾਂ ਨਾਲ ਸੰਤਰਾ, ਸੇਬ, ਸਟ੍ਰਾਬਰੀ ਵੀ ਪੀਸ ਕੇ ਤੁਸੀਂ ਲਗਾ ਸਕਦੇ ਹੋ। ਠੰਢਕ ਲਈ ਦਹੀਂ ਦੇ ਨਾਲ ਮਿਲਾ ਕੇ ਚਿਹਰੇ 'ਤੇ ਅੱਧਾ ਘੰਟਾ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਭਰਵੀਂ ਲੌਕੀ

ਸਮੱਗਰੀ : * 1 ਦਰਮਿਆਨੇ ਆਕਾਰ ਦੀ ਲੌਕੀ।
ਮੈਰੀਨੇਟ ਕਰਨ ਲਈ :
* 50 ਮਿ: ਲਿ: ਨਿੰਬੂ ਦਾ ਰਸ
* 1/2 ਚਮਚਾ ਮਿਰਚ ਪਾਊਡਰ
* 2 ਚਮਚ ਗਰਮ ਮਸਾਲਾ
ਭਰਾਈ ਲਈ :
* 2 ਚਮਚੇ ਤੇਲ
* 1/2 ਚਮਚਾ ਜੀਰਾ ਸਾਬਤ
* 1 ਪਿਆਜ਼ ਕੱਟਿਆ ਹੋਇਆ
* 150 ਗ੍ਰਾ: ਟਮਾਟਰ ਕੱਟੇ ਹਏ
* 3 ਹਰੀਆਂ ਮਿਰਚਾਂ ਕੱਟੀਆਂ ਹੋਈਆਂ
* 1 ਚਮਚ ਅਦਰਕ ਪੇਸਟ
* 2 ਚਮਚ ਲਸਣ ਪੇਸਟ
* 1 ਚਮਚ ਕੱਟਿਆ ਧਨੀਆ
* 200 ਗ੍ਰਾ: ਕੱਦੂਕਸ਼ ਕੀਤਾ ਪਨੀਰ
* ਨਮਕ ਤੇ ਮਿਰਚ ਸਵਾਦ ਮੁਤਾਬਿਕ।
ਵਿਧੀ : 1. ਲੌਕੀ ਨੂੰ ਉਬਲਦੇ ਪਾਣੀ ਵਿਚ ਪਾਓ।
2. ਛਿੱਲ ਕੇ ਲੰਬੇ ਰੁਖ਼ ਬੀਜ ਕੱਢ ਲਓ।
3. ਲੌਕੀ ਉੱਪਰ ਮੈਰੀਨੇਟ ਪਾਓ ਅਤੇ ਇਕ ਘੰਟੇ ਲਈ ਇਕ ਪਾਸੇ ਰੱਖ ਦਿਓ। ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਬਾਕੀ ਸਮੱਗਰੀ ਨਾਲ ਜ਼ੀਰਾ ਪਾਓ।
4. ਪੰਜ ਮਿੰਟ ਲਈ ਤਲੋ।
5. ਲੌਕੀ ਵਿਚ ਭਰਾਈ ਕਰੋ ਅਤੇ ਧਾਗਾ ਲਪੇਟ ਦਿਓ ਤਾਂ ਜੋ ਭਰਾਈ ਨਾ ਨਿਕਲ ਸਕੇ।
6. ਇਕ ਫੋਇਲ ਵਿਚ ਰੱਖ ਕੇ ਗਰਮ ਓਵਨ ਵਿਚ 15 ਤੋਂ 20 ਮਿੰਟ ਤੱਕ ਬੇਕ ਕਰੋ।
7. ਪੁਦੀਨਾ ਅਤੇ ਧਨੀਆ ਚਟਣੀ ਨਾਲ ਗਰਮਾ-ਗਰਮ ਪਰੋਸੋ।
**

ਜਦੋਂ ਹੋਵੋ ਫੁਰਸਤ ਵਿਚ

ਵੈਸੇ ਤਾਂ ਕੰਮ ਵਿਚ ਇਨਸਾਨ ਬਹੁਤ ਰੁੱਝਾ ਰਹਿੰਦਾ ਹੈ ਪਰ ਰੁੱਝੇ ਹੋਏ ਇਨਸਾਨ ਦੇ ਵੀ ਕੁਝ ਕੰਮ ਲਟਕੇ ਰਹਿ ਜਾਂਦੇ ਹਨ ਪਰ ਕਦੇ ਰੁੱਝੇ ਹੋਏ ਇਨਸਾਨ ਨੂੰ ਕੁਝ ਸਮੇਂ ਲਈ ਕੰਮਾਂ ਤੋਂ ਫੁਰਸਤ ਦੇ ਦਿੱਤੀ ਜਾਵੇ ਤਾਂ ਅਜਿਹੇ ਵਿਚ ਉਸ ਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਫੁਰਸਤ ਦੇ ਪਲਾਂ ਦਾ ਕਿਵੇਂ ਮਜ਼ਾ ਲਿਆ ਜਾਵੇ। ਜੇ ਤੁਹਾਨੂੰ ਵੀ ਮੌਕਾ ਮਿਲੇ ਤਾਂ ਆਪਣੇ ਫੁਰਸਤ ਦੇ ਪਲ ਇਧਰ-ਉਧਰ ਸੋਚਣ ਵਿਚ ਬਰਬਾਦ ਨਾ ਕਰੋ, ਉਨ੍ਹਾਂ ਦਾ ਪੂਰਾ ਮਜ਼ਾ ਲਓ।
* ਫੁਰਸਤ ਦੇ ਪਲਾਂ ਵਿਚ ਆਪਣੀ ਪਸੰਦ ਅਨੁਸਾਰ ਭਾਰਤੀ ਸੰਗੀਤ ਜਾਂ ਪੱਛਮੀ ਸੰਗੀਤ ਸੁਣੋ।
* ਆਪਣੇ ਘਰ ਦੇ ਖਿੜਕੀਆਂ, ਦਰਵਾਜ਼ੇ ਖੋਲ੍ਹੋ ਅਤੇ ਕੁਦਰਤ ਦਾ ਅਨੰਦ ਲਓ।
* ਜੋ ਪੁਸਤਕਾਂ, ਮੈਗਜ਼ੀਨ ਤੁਸੀਂ ਵੱਖਰੇ ਪੜ੍ਹਨ ਲਈ ਕਦੇ ਰੱਖੇ ਸੀ, ਉਨ੍ਹਾਂ ਨੂੰ ਪੜ੍ਹ ਲਓ। ਆਪਣੇ ਦਿਮਾਗ ਨੂੰ ਪ੍ਰਸ਼ਨੋਤਰੀ ਅਤੇ ਕ੍ਰਾਸਵਰਡ ਪਜ਼ਲ ਵਿਚ ਲਗਾਓ। ਪਤਾ ਹੀ ਨਹੀਂ ਲੱਗੇਗਾ ਕਿ ਸਮਾਂ ਕਿਵੇਂ ਬੀਤ ਗਿਆ।
* ਆਪਣੀ ਪਸੰਦ ਦੀ ਫਰੂਟ ਚਾਟ ਜਾਂ ਸਬਜ਼ੀਆਂ ਦਾ ਸਲਾਦ ਕੱਟੋ ਅਤੇ ਆਰਾਮ ਨਾਲ ਖਾ ਕੇ ਉਸ ਦਾ ਪੂਰਾ ਅਨੰਦ ਲਓ।
* ਆਪਣੀ ਪਸੰਦ ਦਾ ਵਧੀਆ ਖਾਣਾ ਬਣਾਓ ਅਤੇ ਜ਼ਮੀਨ 'ਤੇ ਬੈਠ ਕੇ ਖਾਣੇ ਦਾ ਲੁਤਫ ਲਓ।
* ਸ਼ਾਮ ਨੂੰ ਆਰਾਮ ਕੁਰਸੀ 'ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲਓ।
* ਕੰਪਿਊਟਰ ਉਪਲਬਧ ਹੋਣ 'ਤੇ ਆਪਣੇ ਦਿਮਾਗ ਦੇ ਵਿਸਥਾਰ ਲਈ ਕੁਝ ਜਾਣਕਾਰੀ ਇਕੱਠੀ ਕਰੋ।
* ਪੁਰਾਣੇ ਮੈਗਜ਼ੀਨਾਂ ਨਾਲ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਉਣ ਦੀਆਂ ਵਿਧੀਆਂ ਇਕੱਠੀਆਂ ਕਰਕੇ ਨੋਟ ਕਰੋ ਅਤੇ ਪੁਰਾਣੇ ਮੈਗਜ਼ੀਨਾਂ ਵਿਚ ਚੰਗੇ ਲੇਖਾਂ ਨੂੰ ਦੁਬਾਰਾ ਪੜ੍ਹੋ। ਤੁਸੀਂ ਉਨ੍ਹਾਂ ਨੂੰ ਦੁਬਾਰਾ ਪੜ੍ਹ ਕੇ ਆਪਣੇ-ਆਪ ਨੂੰ ਤਰੋਤਾਜ਼ਾ ਰੱਖ ਸਕਦੇ ਹੋ।
* ਜਿਨ੍ਹਾਂ ਨੂੰ ਤੁਸੀਂ ਕਾਫੀ ਸਮੇਂ ਤੋਂ ਫੋਨ ਕਰਨ ਲਈ ਸੋਚ ਰਹੇ ਹੋ, ਟੈਲੀਫੋਨ ਚੁੱਕੋ ਅਤੇ ਉਨ੍ਹਾਂ ਨੂੰ ਫੋਨ ਕਰੋ।
* ਆਪਣੀ ਅਤੇ ਪਰਿਵਾਰ ਦੀਆਂ ਅਲਮਾਰੀਆਂ ਵਿਚ ਕੱਪੜਿਆਂ ਦੀ ਦੁਬਾਰਾ ਸੈਟਿੰਗ ਕਰੋ। ਉਨ੍ਹਾਂ ਦੀ ਸਫ਼ਾਈ ਵੀ ਕਰ ਸਕਦੇ ਹੋ।
* ਜੇ ਤੁਹਾਡੀ ਚਿੱਤਰ ਕਲਾ ਚੰਗੀ ਹੈ ਤਾਂ ਛੋਟੇ-ਮੋਟੇ ਮੌਕਿਆਂ ਲਈ ਕਾਰਡ ਤਿਆਰ ਕਰਕੇ ਰੱਖ ਸਕਦੇ ਹੋ।
* ਘਰ ਦੀ ਸਜਾਵਟ ਵਿਚ ਛੋਟੀ-ਮੋਟੀ ਤਬਦੀਲੀ ਕਰ ਸਕਦੇ ਹੋ।
* ਪੁਰਾਣੀ ਫੋਟੋ ਐਲਬਮ ਦੇਖੋ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਬਿਤਾਏ ਗਏ ਪੁਰਾਣੇ ਚੰਗੇ ਪਲਾਂ ਨੂੰ ਯਾਦ ਕਰੋ।
* ਕੁਝ ਸਮੇਂ ਲਈ ਅੱਖਾਂ ਨੂੰ ਬੰਦ ਕਰਕੇ ਆਸ਼ਾਵਾਦੀ ਸੁਪਨੇ ਲਓ। ਸਮਾਂ ਕਿਵੇਂ ਬੀਤਿਆ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ।
* ਆਪਣੀ ਡਾਇਰੀ ਵਿਚ ਆਪਣੀਆਂ ਚੰਗੀਆਂ ਅਤੇ ਮਾੜੀਆਂ ਭਾਵਨਾਵਾਂ ਨੂੰ ਲਿਖੋ।
* ਕੁਝ ਸਮੇਂ ਲਈ ਆਪਣੇ ਮਨ ਨੂੰ ਸ਼ਾਂਤ ਰੱਖੋ। ਅਗਰਬੱਤੀ ਜਲਾਓ ਅਤੇ ਮਨ ਨੂੰ ਚਿੰਤਾਵਾਂ ਤੋਂ ਦੂਰ ਰੱਖੋ। ਇਨ੍ਹਾਂ ਸਭ ਨਾਲ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੇਗੀ ਅਤੇ ਸਭ ਚੰਗਾ ਲੱਗੇਗਾ।
* ਆਤਮ-ਚਿੰਤਨ ਜ਼ਰੂਰ ਕਰੋ। ਆਪਣੀਆਂ ਕੀਤੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX