ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਬਾਲ ਸੰਸਾਰ

ਹਵਾਈ ਜਹਾਜ਼ ਦਾ ਬਲੈਕ ਬਾਕਸ ਕੀ ਹੁੰਦਾ ਹੈ?

ਪਿਆਰੇ ਬੱਚਿਉ, ਤੁਸੀਂ ਅਕਸਰ ਅਸਮਾਨ ਵਿਚ ਉੱਡਦੇ ਹਵਾਈ ਜਹਾਜ਼ ਜ਼ਰੂਰ ਦੇਖੇ ਹੋਣਗੇ, ਜੋ ਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਬਹੁਤ ਜਲਦੀ ਪਹੁੰਚ ਜਾਂਦੇ ਹਨ ਪਰ ਕਈ ਵਾਰ ਟੀ.ਵੀ. ਉੱਤੇ ਇਨ੍ਹਾਂ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਦੀਆਂ ਦੁਖਦਾਈ ਖ਼ਬਰਾਂ ਵੀ ਆਉਂਦੀਆਂ ਹਨ | ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਮੀਲ ਉਚਾਈ 'ਤੇ ਉੱਡ ਰਹੇ ਜਹਾਜ਼ ਦੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਕਿਵੇਂ ਲਗਾਇਆ ਜਾਂਦਾ ਹੈ? ਆਮ ਤੌਰ 'ਤੇ ਬਲੈਕ ਬਾਕਸ ਨੂੰ ਸੁਰੱਖਿਆ ਦੀ ਦਿ੍ਸ਼ਟੀ ਤੋਂ ਜਹਾਜ਼ ਦੇ ਪਿਛਲੇ ਹਿੱਸੇ ਵਿਚ ਰੱਖਿਆ ਜਾਂਦਾ ਹੈ | ਇਹ ਬਾਕਸ ਬਹੁਤ ਹੀ ਮਜ਼ਬੂਤ ਮੰਨੀ ਜਾਣ ਵਾਲੀ ਧਾਤੂ ਟਾਈਟੇਨੀਅਮ ਦਾ ਬਣਿਆ ਹੁੰਦਾ ਹੈ ਤਾਂ ਜੋ ਕਿਸੇ ਵੀ ਦੁਰਘਟਨਾ ਦੀ ਸਥਿਤੀ ਵਿਚ ਬਲੈਕ ਬਾਕਸ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਦੁਰਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ | ਬਲੈਕ ਬਾਕਸ ਦੀ ਖੋਜ ਆਸਟਰੇਲੀਆ ਦੇ ਮਹਾਨ ਵਿਗਿਆਨਕ ਡੇਵਿਡ ਰੋਨਾਲਡ ਡੀ. ਐਮ. ਵੈਰਨ ਨੇ ਕੀਤੀ ਸੀ | ਸਾਲ 1960 ਵਿਚ ਆਸਟ੍ਰੇਲੀਆ ਪਹਿਲਾ ਅਜਿਹਾ ਦੇਸ਼ ਸੀ, ਜਿਸ ਨੇ ਜਹਾਜ਼ ਵਿਚ ਬਲੈਕ ਬਾਕਸ ਲਗਾਉਣਾ ਲਾਜ਼ਮੀ ਕਰ ਦਿੱਤਾ ਸੀ | ਕਿਸੇ ਵੀ ਹਵਾਈ ਜਹਾਜ਼ ਦੇ ਦੁਰਘਟਨਾ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਬਲੈਕ ਬਾਕਸ ਦੀ ਅਹਿਮ ਭੂਮਿਕਾ ਹੁੰਦੀ ਹੈ |

-ਮਲੌਦ (ਲੁਧਿਆਣਾ) |


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਅਕਲ ਅਤੇ ਪਰਉਪਕਾਰ

ਪਿਆਰੇ ਬੱਚਿਓ! ਨਿਰਵੈਰ ਸਿੰਘ ਨਾਂਅ ਦਾ ਇਕ ਨੇਕ ਇਨਸਾਨ ਇਕ ਜੰਗਲ ਵਿਚੋਂ ਲੰਘ ਰਿਹਾ ਸੀ | ਰਸਤੇ ਵਿਚ ਉਸ ਨੇ ਇਕ ਦਰੱਖ਼ਤ ਹੇਠਾਂ ਵੱਡੇ ਸਾਰੇ ਪਿੰਜਰੇ ਵਿਚ ਇਕ ਸ਼ੇਰ ਨੂੰ ਬੰਦ ਦੇਖਿਆ | ਉਹ ਡਰਦਾ-ਡਰਦਾ ਪਿੰਜਰੇ ਦੇ ਨਜ਼ਦੀਕ ਚਲਾ ਗਿਆ | ਉਸ ਨੇ ਦੇਖਿਆ ਕਿ ਸ਼ੇਰ ਦੇ ਪੈਰ ਵਿਚ ਇਕ ਵੱਡਾ ਸਾਰਾ ਕੰਡਾ ਚੱੁਭਿਆ ਹੋਇਆ ਸੀ | ਸ਼ੇਰ ਡਾਹਢੀ ਪੀੜ ਨਾਲ ਕੁਰਲਾ ਰਿਹਾ ਸੀ | ਨੇਕ ਇਨਸਾਨ ਨਿਰਵੈਰ ਸਿੰਘ ਕੋਲੋਂ ਸ਼ੇਰ ਦੀ ਇਹ ਦੁਖਦਾਈ ਹਾਲਤ ਬਰਦਾਸ਼ਤ ਨਾ ਹੋਈ | ਉਸ ਨੇ ਸ਼ੇਰ ਦੀ ਬੇਨਤੀ ਭਰੀ ਮਿੰਨਤ ਮੰਨ ਕੇ ਉਸ ਨੂੰ ਪਿੰਜਰੇ ਵਿਚੋਂ ਕੱਢ ਕੇ ਉਸ ਦੀ ਪੀੜ ਨੂੰ ਮਹਿਸੂਸ ਕਰਦੇ ਹੋਏ ਪੈਰ 'ਚੋਂ ਕੰਡਾ ਕੱਢ ਦਿੱਤਾ | ਹੌਲੀ-ਹੌਲੀ ਜਦੋਂ ਸ਼ੇਰ ਦੇ ਪੈਰ ਦੀ ਪੀੜ ਘਟੀ ਤਾਂ ਨੇਕ ਇਨਸਾਨ ਨਿਰਵੈਰ ਸਿੰਘ ਉਥੋਂ ਚੱਲਣ ਲਈ ਤਿਆਰ ਹੋ ਗਿਆ |
ਨਿਰਵੈਰ ਨੇ ਅਜੇ ਚੱਲਣ ਲਈ ਪਹਿਲਾ ਕਦਮ ਪੱੁਟਿਆ ਹੀ ਸੀ ਕਿ ਸ਼ੇਰ ਦਹਾੜਦਾ ਹੋਇਆ ਕਹਿਣ ਲੱਗਾ, 'ਤੁਸੀਂ ਆਦਮ ਜਾਤ ਬੜੇ ਚਲਾਕ ਹੋ | ਸ਼ਿਕਾਰੀ ਨੇ ਮੈਨੂੰ ਪਿੰਜਰੇ 'ਚ ਬੰਦ ਕਰਕੇ ਮੈਨੂੰ ਬੜੀ ਤਕਲੀਫ ਦਿੱਤੀ ਹੈ | ਇਸ ਦਾ ਬਦਲਾ ਮੈਂ ਤੇਰੇ ਕੋਲੋਂ ਲਵਾਂਗਾ ਅਤੇ ਤੈਨੂੰ ਖਾ ਕੇ ਆਪਣੀ ਭੱੁਖ ਮਿਟਾਵਾਂਗਾ |' ਨਿਰਵੈਰ ਨੇ ਸ਼ੇਰ ਨੂੰ ਉਸ ਦੇ ਬਚਨ ਯਾਦ ਕਰਾਏ ਕਿ ਉਸ ਨੇ ਬਚਨ ਦਿੱਤਾ ਸੀ ਕਿ ਉਹ ਉਸ ਨੂੰ ਖਾਵੇਗਾ ਨਹੀਂ, ਸਗੋਂ ਜਾਣ ਦੇਵੇਗਾ | ਪਰ ਸ਼ੇਰ ਦਾ ਗੱੁਸਾ ਅਤੇ ਹੰਕਾਰ ਸਿਖਰ 'ਤੇ ਪਹੁੰਚ ਚੱੁਕਾ ਸੀ | ਉਹ ਨਾ ਮੰਨਿਆ | ਨਿਰਵੈਰ ਨੂੰ ਆਪਣੀਆਂ ਅੱਖਾਂ ਸਾਹਮਣੇ ਮੌਤ ਨੱਚਦੀ ਹੋਈ ਦਿਖਾਈ ਦੇਣ ਲੱਗੀ | ਉਸ ਨੂੰ ਇਕ ਗੱਲ ਸੱੁਝੀ | ਉਹ ਸ਼ੇਰ ਨੂੰ ਕਹਿਣ ਲੱਗਾ, 'ਤੰੂ ਜੇ ਮੈਨੂੰ ਖਾਣਾ ਹੀ ਚਾਹੁੰਦਾ ਏਾ ਤਾਂ ਬੇਸ਼ੱਕ ਖਾ ਲੈ ਪਰ ਪਹਿਲਾਂ ਪੰਜ ਅਕਲਮੰਦਾਂ ਤੋਂ ਪੱੁਛ ਲੈ | ਜੇਕਰ ਉਹ ਤੇਰੇ ਇਸ ਕਰਮ ਨੂੰ ਠੀਕ ਦੱਸਣ ਤਾਂ ਤੰੂ ਮੈਨੂੰ ਬੇਸ਼ੱਕ ਮਾਰ ਕੇ ਖਾ ਜਾਵੀਂ |' ਸ਼ੇਰ ਕਹਿੰਦਾ ਕਿ 'ਜੰਗਲ 'ਚੋਂ ਪੰਜ ਅਕਲਮੰਦ ਕਿਥੋਂ ਲੱਭਣਗੇ? ਤੰੂ ਇਉਂ ਕਰ ਕਿ ਜੰਗਲ ਵਿਚ ਹੀ ਪੰਜਾਂ ਚੀਜ਼ਾਂ ਤੋਂ ਪੱੁਛ ਲੈ | ਉਹ ਜੇਕਰ ਤੇਰੀ ਗੱਲ ਮੰਨ ਕੇ ਤੇਰੇ ਹੱਕ ਵਿਚ ਫੈਸਲਾ ਦਿੰਦੇ ਹਨ ਤਾਂ ਮੈਂ ਤੈਨੂੰ ਨਹੀਂ ਖਾਵਾਂਗਾ |'
ਨੇਕ ਇਨਸਾਨ ਨਿਰਵੈਰ ਸਿੰਘ ਅਤੇ ਸ਼ੇਰ ਉਥੋਂ ਚੱਲ ਪਏ | ਰਸਤੇ ਵਿਚ ਨਿਰਵੈਰ ਨੇ ਵਾਰੋ-ਵਾਰੀ ਸਭ ਤੋਂ ਵੱਡੇ ਸਾਰੇ ਬੋਹੜ ਦੇ ਦਰੱਖ਼ਤ ਨੂੰ , ਫਿਰ ਬੱੁਢੇ ਬਲਦ ਨੂੰ , ਫਿਰ ਹਿਰਨ ਨੂੰ , ਫਿਰ ਮਗਰਮੱਛ ਨੂੰ ਆਪਣੀ ਦੱੁਖ ਭਰੀ ਕਹਾਣੀ ਦੱਸੀ ਅਤੇ ਇਨਸਾਫ ਕਰਨ ਲਈ ਕਿਹਾ | ਉਹ ਸਾਰੇ ਬੋਲੇ ਕਿ ਮਨੱੁਖ ਬਹੁਤ ਅਕ੍ਰਿਤਘਣ ਅਤੇ ਸਵਾਰਥੀ ਹੈ | ਸਭ ਨੇ ਮਨੱੁਖ ਦੀਆਂ ਆਪਣੇ ਨਾਲ ਕੀਤੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਨੱੁਖ ਜਾਤ ਕਿਸੇ ਵੀ ਤਰ੍ਹਾਂ ਰਹਿਮ ਦੀ ਹੱਕਦਾਰ ਨਹੀਂ ਹੈ, ਇਸ ਕਰਕੇ ਉਹ ਨੇਕ ਇਨਸਾਨ ਨਿਰਵੈਰ ਸਿੰਘ ਨੂੰ ਖਾ ਜਾਵੇ | ਇਹ ਸੁਣ ਕੇ ਜਦੋਂ ਗੱੁਸੇ ਨਾਲ ਗਰਜਾ ਹੋਇਆ ਸ਼ੇਰ ਉਸ ਨੂੰ ਖਾਣ ਲੱਗਾ ਤਾਂ ਨਿਰਵੈਰ ਬੋਲਿਆ, 'ਐ ਜੰਗਲ ਦੇ ਰਾਜਾ! ਇਕ ਪੰਜਵਾਂ ਇਨਸਾਫ ਕਰਤਾ ਅਜੇ ਬਾਕੀ ਹੈ | ਕਿਸੇ ਪੰਜਵੇਂ ਨੂੰ ਪੱੁਛ ਕੇ ਦੇਖੀਏ | ਜੇ ਉਹ ਵੀ ਕਹਿ ਦੇਵੇ ਕਿ ਤੰੂ ਖਾ ਲੈ ਤਾਂ ਤੰੂ ਬੇਸ਼ੱਕ ਬਿਨਾਂ ਹੋਰ ਦੇਰ ਕੀਤਿਆਂ ਮੈਨੂੰ ਖਾ ਜਾਵੀਂ |' ਸ਼ੇਰ ਮੰਨ ਗਿਆ |
ਉਨ੍ਹਾਂ ਨੂੰ ਅੱਗਿਓਾ ਆਉਂਦਾ ਇਕ ਗਿੱਦੜ ਮਿਲਿਆ | ਨਿਰਵੈਰ ਨੇ ਸਾਰੀ ਗੱਲ ਉਸ ਨੂੰ ਸੁਣਾਈ ਅਤੇ ਇਨਸਾਫ ਮੰਗਿਆ | ਗਿੱਦੜ ਕਹਿਣ ਲੱਗਾ, 'ਮੇਰੀ ਬੱੁਧੀ ਬੜੀ ਕਮਜ਼ੋਰ ਏ | ਮੇਰੇ ਪੱਲੇ ਗੱਲ ਤਾਂ ਹੀ ਪੈਂਦੀ ਏ, ਜੇ ਮੈਂ ਅਸਲੀ ਹਾਲਤ ਵਿਚ ਸਭ ਕੁਝ ਅੱਖੀਂ ਵਾਪਰਦਾ ਦੇਖਾਂ | ਗੱਲ ਕਿਥੋਂ ਸ਼ੁਰੂ ਹੋਈ ਸੀ?' ਸ਼ੇਰ ਕਹਿਣ ਲੱਗਾ ਕਿ 'ਠੀਕ ਏ, ਤੰੂ ਉਸ ਥਾਂ 'ਤੇ ਪਹੁੰਚ ਕੇ ਸਾਰੇ ਹਾਲਾਤ ਦੇਖ ਕੇ ਫੈਸਲਾ ਸੁਣਾਈਾ |' ਉਹ ਤਿੰਨੇ ਜਣੇ ਮੁੜ ਪਿੰਜਰੇ ਦੇ ਕੋਲ ਆ ਗਏ | ਨਿਰਵੈਰ ਨੇ ਮੁੜ ਸਾਰੀ ਕਹਾਣੀ ਦੱਸੀ | ਗਿੱਦੜ ਕਹਿਣ ਲੱਗਾ, 'ਸ਼ੇਰ ਕਿਥੇ ਖੜ੍ਹਾ ਸੀ? ਤੰੂ ਕਿਥੇ ਖੜ੍ਹਾ ਸੀ? ਪਿੰਜਰਾ ਕਿਥੇ ਪਿਆ ਸੀ?' ਗਿੱਦੜ ਦੁਆਰਾ ਲਗਾਤਾਰ ਇਸ ਤਰ੍ਹਾਂ ਸਵਾਲ 'ਤੇ ਸਵਾਲ ਪੱੁਛੇ ਜਾਣ ਤੋਂ ਸ਼ੇਰ ਹੋਰ ਗੱੁਸੇ ਨਾਲ ਭਰ ਗਿਆ | ਉਹ ਗੱੁਸੇ ਨਾਲ ਏਨੀ ਉੱਚੀ ਦਹਾੜਿਆ ਕਿ ਸਾਰਾ ਜੰਗਲ ਕੰਬ ਉੱਠਿਆ | ਸ਼ੇਰ ਗੱੁਸੇ ਵਿਚ ਸਾਰੀ ਸੱੁਧ-ਬੱੁਧ ਗਵਾ ਚੱੁਕਾ ਸੀ | ਉਹ ਤੇਜ਼ ਤੁਰਦਾ ਹੋਇਆ ਝੱਟ ਪਿੰਜਰੇ ਅੰਦਰ ਜਾ ਖੜ੍ਹਾ ਹੋਇਆ ਅਤੇ ਕਹਿਣ ਲੱਗਾ, 'ਮੈਂ ਇਥੇ ਪਿੰਜਰੇ ਵਿਚ ਖੜ੍ਹਾ ਸਾਂ |' ਗਿੱਦੜ ਕਹਿਣ ਲੱਗਾ, 'ਪਿੰਜਰੇ ਦੀ ਤਾਕੀ ਬੰਦ ਸੀ ਜਾਂ ਖੱੁਲ੍ਹੀ?' ਸ਼ੇਰ ਥੋੜ੍ਹਾ ਜਿਹਾ ਨਰਮ ਹੋ ਕੇ ਬੋਲਿਆ, 'ਬੰਦ ਸੀ |' ਗਿੱਦੜ ਫਿਰ ਨਿਰਵੈਰ ਵੱਲ ਮੰੂਹ ਕਰਕੇ ਬੋਲਿਆ, 'ਕਿਵੇਂ ਬੰਦ ਸੀ? ਤਾਕੀ ਉਵੇਂ ਬੰਦ ਕਰਕੇ ਦਿਖਾ |' ਨਿਰਵੈਰ ਤੁਰੰਤ ਅੱਗੇ ਵਧਿਆ ਅਤੇ ਉਸ ਨੇ ਤਾਕੀ ਬੰਦ ਕਰਕੇ ਉਸ ਨੂੰ ਤਾਲਾ ਲਗਾ ਦਿੱਤਾ | ਗਿੱਦੜ ਨੇ ਸ਼ੇਰ ਨੂੰ ਸੰਬੋਧਨ ਕਰਦਿਆਂ ਕਿਹਾ, 'ਤੰੂ ਬੜਾ ਕ੍ਰਿਤਘਣ ਏਾ | ਤੈਨੂੰ ਇਹੋ ਸਜ਼ਾ ਮਿਲਣੀ ਚਾਹੀਦੀ ਏ ਕਿ ਤੰੂ ਪਿੰਜਰੇ 'ਚ ਬੰਦ ਰਹੇਂ |' ਸ਼ੇਰ ਬੜਾ ਦਹਾੜਿਆ | ਨੇਕ ਇਨਸਾਨ ਨਿਰਵੈਰ ਸਿੰਘ ਅਤੇ ਗਿੱਦੜ ਹੱਸਦੇ ਹੋਏ ਅੱਗੇ ਚਲੇ ਗਏ |

-ਮੋਬਾ: 98146-81444

ਓਜ਼ੋਨ ਪ੍ਰਦੂਸ਼ਣ ਕੀ ਹੈ

ਬੱਚਿਓ, ਵਾਯੂਮੰਡਲ ਵਿਚ ਓਜ਼ੋਨ ਦੋ ਪਰਤਾਂ ਵਿਚ ਪਾਈ ਜਾਂਦੀ ਹੈ | ਇਹ ਪਰਤ ਵਾਯੂਮੰਡਲ ਦੇ ਉੱਪਰ ਅਤੇ ਦੂਜੀ ਪਰਤ ਜ਼ਮੀਨ ਦੀ ਸਤ੍ਹਾ 'ਤੇ ਪਾਈ ਜਾਂਦੀ ਹੈ | ਇਸ ਆਧਾਰ 'ਤੇ ਓਜ਼ੋਨ ਚੰਗੀ ਅਤੇ ਮਾੜੀ ਦੋ ਤਰ੍ਹਾਂ ਦੀ ਹੈ |
ਚੰਗੀ ਓਜ਼ੋਨ ਵਾਯੂਮੰਡਲ ਦੇ ਉੱਪਰ ਲਗਪਗ 15 ਤੋਂ 50 ਕਿਲੋਮੀਟਰ ਤੱਕ ਫੈਲੀ ਹੋਈ ਹੈ | ਇਸ ਨੂੰ ਸਟ੍ਰੇਟੋਸਫੇਰਿਕ ਓਜ਼ੋਨ ਵੀ ਕਹਿੰਦੇ ਹਨ | ਇਹ ਓਜ਼ੋਨ ਸੂਰਜ ਤੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਨੂੰ ਸੋਖ ਲੈਂਦੀ ਹੈ |
ਮਾੜੀ ਓਜ਼ੋਨ ਜ਼ਮੀਨ ਦੀ ਸਤ੍ਹਾ ਨਾਲ ਹੁੰਦੀ ਹੈ | ਇਸ ਨੂੰ ਟ੍ਰੋਪੋਸਫੇਰਿਕ ਓਜ਼ੋਨ ਵੀ ਕਹਿੰਦੇ ਹਨ | ਇਹ ਓਜ਼ੋਨ ਨਾਈਟ੍ਰੋਜਨ ਆਕਸਾਈਡ ਅਤੇ ਕਾਰਬਨਿਕ ਯੋਗਿਕਾਂ ਦੀ ਸੂਰਜ ਦੀ ਰੌਸ਼ਨੀ ਵਿਚ ਆਪਸੀ ਕਿਰਿਆ ਨਾਲ ਪੈਦਾ ਹੁੰਦੀ ਹੈ | ਇਹ ਯੋਗਿਕ ਮੋਟਰ-ਗੱਡੀਆਂ, ਕਾਰਖਾਨੇ ਅਤੇ ਭੱਠੇ ਆਦਿ ਤੋਂ ਨਿਕਲਦੇ ਹਨ | ਇਸ ਓਜ਼ੋਨ ਦੇ ਹਵਾ ਵਿਚ ਰਲਣ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜਿਸ ਨੂੰ ਓਜ਼ੋਨ ਪ੍ਰਦੂਸ਼ਣ ਕਹਿੰਦੇ ਹਨ | ਇਸ ਨਾਲ ਦਮਾ, ਸਾਹ ਨਲੀ ਸੋਜ਼, ਅੱਖਾਂ ਵਿਚ ਖਾਰਸ਼, ਛਾਤੀ ਵਿਚ ਦਰਦ ਅਤੇ ਸਿਰਦਰਦ ਹੋ ਸਕਦਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ |
ਮੋਬਾ: 79864-99563

ਚੁਟਕਲੇ

• ਪਤਨੀ (ਪਤੀ ਨੂੰ )-ਮੈਂ ਜੀ ਤੁਹਾਡੇ ਲਈ ਸ਼ਰਟ ਲਿਆਈ ਹਾਂ |
ਪਤੀ (ਖੁਸ਼ ਹੋ ਕੇ)-ਕਿੰਨੇ ਦੀ?
ਪਤਨੀ-ਪੰਜ ਹਜ਼ਾਰ ਦੀ ਸਾੜ੍ਹੀ ਨਾਲ ਮੁਫ਼ਤ |
• ਬਿੱਟੂ-ਅੱਜ ਖਾਣਾ ਬਾਹਰ ਖਾਵਾਂਗੇ |
ਪਤਨੀ (ਖੁਸ਼ ਹੋ ਕੇ)-ਮੈਂ ਦੋ ਮਿੰਟ 'ਚ ਤਿਆਰ ਹੋ ਕੇ ਆਈ |
ਬਿੱਟੂ-ਠੀਕ ਹੈ, ਮੈਂ ਬਾਹਰ ਚਟਾਈ ਵਿਛਾਉਂਦਾ ਹਾਂ, ਤੰੂ ਰੋਟੀ ਬਣਾ ਕੇ ਲੈ ਆਵੀਂ |
• ਚੋਣਾਂ ਦੇ ਦਿਨਾਂ ਵਿਚ ਇਕ ਨੇਤਾ ਭਾਸ਼ਣ ਦੇ ਰਿਹਾ ਸੀ-'ਦੇਖੋ ਜਿਵੇਂ ਲੋਹੇ ਨੂੰ ਲੋਹਾ ਹੀ ਕੱਟ ਸਕਦਾ ਹੈ, ਹੀਰੇ ਨੂੰ ਹੀਰਾ ਹੀ ਕੱਟ ਸਕਦਾ ਹੈ... |'
ਏਨੇ ਨੂੰ ਨੇਤਾ ਜੀ ਨੂੰ ਪਿੱਛਿਓਾ ਆ ਕੇ ਕੱੁਤੇ ਨੇ ਕੱਟ ਲਿਆ ਤੇ ਲੋਕਾਂ ਵਿਚ ਹਾਸਾ ਪੈ ਗਿਆ |
• ਇਕ ਵਾਰ ਇਕ ਅੰਗਰੇਜ਼ ਪਰਿਵਾਰ ਸਮੇਤ ਭਾਰਤ ਆਇਆ | ਰਾਤ ਨੂੰ ਸਾਰੀਆਂ ਬੱਤੀਆਂ ਬੰਦ ਕਰ ਦਿੱਤੀਆਂ | ਉਸ ਵੇਲੇ ਇਕ ਜੁਗਨੂੰ ਆ ਗਿਆ | ਅੰਗਰੇਜ਼ ਬੋਲਿਆ, 'ਓਹ ਮਾਈ ਗੌਡ, ਇੰਡੀਆ ਦਾ ਮੱਛਰ ਏਨਾ ਅਡਵਾਂਸ ਹੈ, ਟਾਰਚ ਲੈ ਕੇ ਲੱਭ ਰਿਹਾ ਹੈ |'

-ਅਮਨਦੀਪ ਮਾਨ ਭੰੂਦੜੀ,
ਕੈਲੋਨਾ, ਬਿ੍ਟਿਸ਼ ਕੋਲੰਬੀਆ, ਕੈਨੇਡਾ |

ਲੜੀਵਾਰ ਨਾਵਲ-5: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਕੁਝ ਦੇਰ ਚੱੁਪ ਰਹਿਣ ਪਿੱਛੋਂ ਡੌਲੀ ਨੇ ਫਿਰ ਕਹਿਣਾ ਸ਼ੁਰੂ ਕੀਤਾ, 'ਦਾਦਾ ਜੀ, ਸਾਨੂੰ ਇਹ ਵੀ ਦੱਸਦੇ ਹੁੰਦੇ ਆ ਪਈ ਚਲਦੀ ਗੱਡੀ ਇਕ ਵਧੀਆ ਸੰਦੇਸ਼ ਵੀ ਸਾਨੂੰ ਦਿੰਦੀ ਏ... |'
'ਉਹ ਕਿਹੜਾ ਸੰਦੇਸ਼ ਏ ਡੌਲੀ ਦੀਦੀ... ਸਾਨੂੰ ਵੀ ਦੱਸੋ |' ਪ੍ਰੀਤ ਨੇ ਉਤਸੁਕਤਾ ਨਾਲ ਪੱੁਛਿਆ |
'ਚਲਦੀ ਗੱਡੀ ਸਾਨੂੰ ਇਹ ਸੰਦੇਸ਼ ਦਿੰਦੀ ਏ ਪਈ ਚੱਲਣਾ ਹੀ ਜ਼ਿੰਦਗੀ ਹੈ | ਹਮੇਸ਼ਾ ਅੱਗੇ ਵਧੋ, ਢੇਰੀ ਢਾਹ ਕੇ ਨਾ ਬੈਠੋ... ਸਫਲਤਾ ਤੁਹਾਡੇ ਪੈਰ ਚੁੰਮੇਗੀ... ਤੇ ਜੇਕਰ ਹਾਰ ਕੇ ਜਾਂ ਢੇਰੀ ਢਾਹ ਕੇ ਬੈਠ ਗਏ ਤਾਂ ਸਮਝੋ ਜ਼ਿੰਦਗੀ ਦੇ ਇਮਤਿਹਾਨ 'ਚੋਂ ਹਾਰ ਗਏ |' ਡੌਲੀ ਦੱਸ ਰਹੀ ਸੀ ਤੇ ਦੂਜੇ ਬੈਠੇ ਮੰਤਰ ਮੁਗਧ ਹੋ ਕੇ ਉਸ ਦੀਆਂ ਗੱਲਾਂ ਸੁਣ ਰਹੇ ਸਨ |
ਉਸੇ ਵੇਲੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ | ਡੌਲੀ ਸਮੇਤ ਸਾਰੇ ਬੱਚੇ ਉੱਠ ਕੇ ਆਪਣੀ ਜਮਾਤ ਵੱਲ ਜਾਣ ਲੱਗੇ |
ਦੂਜੇ ਦਿਨ ਅੱਧੀ ਛੱੁਟੀ ਵੇਲੇ ਜਦ ਸਾਰੇ ਬੱਚੇ ਘਾਹ ਦੇ ਮੈਦਾਨ ਵਿਚ ਇਕੱਠੇ ਹੋਏ ਤਾਂ ਗੌਰਵ ਛਿੱਕਾਂ ਮਾਰ ਰਿਹਾ ਸੀ | ਉਸ ਦੇ ਨੱਕ ਵਿਚੋਂ ਪਾਣੀ ਵਗ ਰਿਹਾ ਸੀ ਤੇ ਉਹ ਵਾਰ-ਵਾਰ ਆਪਣੇ ਰੁਮਾਲ ਨਾਲ ਆਪਣਾ ਨੱਕ ਸਾਫ਼ ਕਰ ਰਿਹਾ ਸੀ |
'ਗੌਰਵ ਵੀਰ ਜੀ! ਕੀ ਗੱਲ ਹੋ ਗਈ ਏ ਅੱਜ ਸੱੁਖ ਨਾਲ ਛਿੱਕਾਂ ਈ ਮਾਰੀ ਜਾਂਦੇ ਓ ਸਵੇਰ ਦੇ...?' ਡੌਲੀ ਨੇ ਪੱੁਛਿਆ |
'ਲਗਦਾ ਏ ਗੌਰਵ ਨੂੰ ਕੋਈ ਬਹੁਤਾ ਈ ਯਾਦ ਕਰ ਰਿਹਾ ਏ, ਜਿਹੜੀ ਸਵੇਰ ਦੀ ਛਿੱਕਾਂ ਦੀ ਗੱਡੀ ਚਲਦੀ ਹੋਈ ਏ...', ਗੌਰਵ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਰਾਜਨ ਨੇ ਗੌਰਵ ਨੂੰ ਛੇੜਿਆ |
'ਕਰ ਲਓ ਮਜ਼ਾਕ ਜਿੰਨਾ ਹੁੰਦਾ ਏ | ਮੇਰਾ ਬੁਰਾ ਹਾਲ ਏ ਜ਼ੁਕਾਮ ਨਾਲ... ਤੇ ਤੁਹਾਨੂੰ ਗੱਲਾਂ ਆਉਂਦੀਆਂ ਨੇ... |' ਗੌਰਵ ਨੇ ਥੋੜ੍ਹਾ ਗਿਲਾ ਕਰਦੇ ਹੋਏ ਆਖਿਆ |
'ਇਹ ਮਜ਼ਾਕ ਨਹੀਂ ਬਈ ਗੌਰਵ... ਛਿੱਕਾਂ ਤਾਂ ਹੀ ਆਉਂਦੀਆਂ ਨੇ ਜੇਕਰ ਕੋਈ ਕਿਸੇ ਨੂੰ ਯਾਦ ਕਰੇ ਤਾਂ... |' ਤਜਿੰਦਰ ਨੇ ਹੱਸਦਿਆਂ ਕਿਹਾ |
'ਬਸ ਠੀਕ ਆ... ਨਾ ਉਹ ਛਿੱਕਾਂ ਐਦਾਂ ਦੀਆਂ ਹੁੰਦੀਆਂ... ਤੈਨੂੰ ਕੌਣ ਸਮਝਾਏ |'
'ਠੀਕ ਆ ਬਈ ਗੌਰਵ ਦੀ ਗੱਲ | ਉਹ ਛਿੱਕ ਕਦੀ-ਕਦਾਈਾ ਟਾਵੀਂ-ਟਾਵੀਂ ਆਉਂਦੀ ਏ, ਤੇ ਬੜੀ ਕਰਾਰੀ ਹੁੰਦੀ ਏ, ਪਰ ਇਥੇ ਤਾਂ ਛਿੱਕਾਂ ਦੀ ਗੱਡੀ ਚੱਲੀ ਹੋਈ ਏ |' ਰਾਜਨ ਦੀ ਗੱਲ 'ਤੇ ਸਾਰੇ ਹੱਸ ਪਏ |
'ਵਾਹ ਪਈ ਵਾਹ... ਕਿਤੇ ਛਿੱਕਾਂ ਦੀ ਗੱਡੀ ਤੇ ਕਿਤੇ ਮਾਲਵਾ ਐਕਸਪ੍ਰੈੱਸ ਗੱਡੀ... | ਇਥੇ ਤਾਂ ਗੱਡੀਆਂ ਈ ਗੱਡੀਆਂ | ਕਿਤੇ ਗੱਡੀਆਂ ਦਾ ਜੰਕਸ਼ਨ ਨਾ ਬਣ ਜਾਵੇ ਦਸੂਹੇ 'ਚ... |' ਪ੍ਰੀਤ ਜਿਹੜੀ ਹੁਣ ਤੱਕ ਚੱੁਪ ਬੈਠੀ ਸੀ, ਹੱਥ 'ਤੇ ਹੱਥ ਮਾਰ ਕੇ ਹੱਸਦਿਆਂ ਬੋਲੀ |
ਦੂਜੇ ਬੱਚਿਆਂ ਦੇ ਵੀ ਹੱਸਦਿਆਂ ਅੱਖਾਂ ਵਿਚੋਂ ਪਾਣੀ ਆ ਗਿਆ |
ਕੁਝ ਦੇਰ ਚੱੁਪ ਰਹਿਣ ਪਿੱਛੋਂ ਰਾਜਨ ਬੋਲਿਆ, 'ਹਾਂ, ਸੱਚ ਡੌਲੀ ਦੀ ਗੱਲ ਤੋਂ ਯਾਦ ਆਇਆ, ਤੁਹਾਡੀ ਮਾਲਵਾ ਐਕਸਪ੍ਰੈੱਸ ਦੀ ਕੀ ਪੁਜ਼ੀਸ਼ਨ ਏ... ਕਿਥੇ ਤੱਕ ਪਹੁੰਚੀ ਗੱਲ...?'
'ਵੀਰ ਜੀ! ਰਾਤ ਦਾਦਾ ਜੀ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਦਸੂਹੇ ਦੇ ਐਮ.ਐਲ.ਏ. ਸਾਹਿਬ ਦੀ ਇਕ ਲੈਟਰ ਆਈ ਏ, ਜਿਸ ਵਿਚ ਉਨ੍ਹਾਂ ਨੇ ਲਿਖਿਆ ਏ ਪਈ ਉਨ੍ਹਾਂ ਨੂੰ ਭਾਰਤ ਦੇ ਰੇਲ ਮੰਤਰੀ ਦੀ ਇਕ ਲੈਟਰ ਮਿਲੀ ਏ, ਜਿਸ ਵਿਚ ਉਨ੍ਹਾਂ ਲਿਖਿਆ ਏ ਕਿ ਉਹ (ਰੇਲ ਮੰਤਰੀ) 'ਮਾਲਵਾ ਐਕਸਪ੍ਰੈੱਸ' ਦੇ ਦਸੂਹਾ ਵਿਖੇ ਰੁਕਣ ਬਾਰੇ ਮਾਮਲੇ ਦੇ ਹਰ ਪਹਿਲੂ 'ਤੇ ਵਿਚਾਰ ਕਰ ਰਹੇ ਹਨ |'
'ਡੌਲੀ, ਲਗਦਾ ਏ ਤੇਰੇ ਦਾਦਾ ਜੀ ਗੱਡੀ ਮਗਰ ਹੱਥ ਧੋ ਕੇ ਹੀ ਪੈ ਗਏ ਨੇ', ਤਜਿੰਦਰ ਨੇ ਡੌਲੀ ਦੀ ਗੱਲ ਸੁਣਦਿਆਂ ਕਿਹਾ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਮੋਬਾਈਲ : 98552-35424

ਬੁਝਾਰਤ-51

ਦੇਖੀ ਇਕ ਨਰਸ ਅਨੋਖੀ,
ਜਿਹੜੀ ਮਿਹਨਤ ਕਰਦੀ ਚੋਖੀ |
ਜੋ ਜ਼ਾਬਤੇ ਵਿਚ ਹੈ ਰਹਿੰਦੀ.
ਇਕ ਪੈਸਾ ਤਨਖਾਹ ਨਾ ਲੈਂਦੀ |
ਕੋਈ ਛੇੜੇ ਤਾਂ ਟੀਕਾ ਲਾਵੇ,
ਝੱਟ ਉਹ ਉਸ ਦੀ ਚੀਕ ਕਢਾਵੇ |
ਸਭ ਨੂੰ ਮਿੱਠੀ ਦੇਵੇ ਦਵਾਈ,
ਜਿਹੜੀ ਹਰ ਕਿਸੇ ਨੂੰ ਭਾਈ |
ਭਲੂਰੀਏ ਪਾਈ ਚੁਣ ਬੁਝਾਰਤ,
ਬੁੱਝੋ ਬੱਚਿਓ ਹੁਣ ਬੁਝਾਰਤ |
ਇਹ ਬੁਝਾਰਤ ਔਖੀ ਡਾਢੀ,
ਅੰਕਲ ਏਨੀ ਅਕਲ ਨਾ ਸਾਡੀ |
—0—
ਰਾਜੂ, ਰਿੰਕੂ ਅਤੇ ਲੱਖੀ
ਬੱਚਿਓ ਇਹ ਹੈ ਮਧੂ-ਮੱਖੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਦੁਨੀਆ ਵਿਚ ਸਭ ਤੋਂ ਪਹਿਲੀ ਵਾਰ

• ਪਾਕਿਸਤਾਨ 'ਚ 14.3.2018 ਨੂੰ ਸਿੱਖ ਭਾਈਚਾਰੇ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ 'ਸਿੱਖ ਆਨੰਦ ਕਾਰਜ' ਐਕਟ ਲਾਗੂ ਹੋਇਆ |
• ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ 'ਚ ਸ੍ਰੀ ਹਰਿਮੰਦਰ ਸਾਹਿਬ (17 ਤੋਂ 24 ਫਰਵਰੀ, 2018) ਪਰਿਵਾਰ ਸਮੇਤ ਪਹੁੰਚਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ | ਉਨ੍ਹਾਂ ਨਾਲ ਪਤਨੀ ਸੋਫੀ ਗਰੇਗੋਇਰ, ਧੀ ਐਲਾ ਗਰੇਸ, ਪੱੁਤਰ ਹੈਡਰੀਅਨ ਟਰੂਡੋ ਤੇ ਜੇਵੀਅਰ ਜੇਮਜ਼ ਟਰੂਡੋ ਸਨ |
• ਫੀਫਾ (ਵਿਸ਼ਵ ਕੱਪ ਫੱੁਟਬਾਲ) ਸਭ ਤੋਂ ਪਹਿਲਾਂ 13 ਜੁਲਾਈ, 1930 ਨੂੰ ਉਰੂਗਾਏ ਵਿਚ ਖੇਡਿਆ ਗਿਆ |
• 9 ਜੁਲਾਈ, 2017 ਨੂੰ ਬਰਤਾਨਵੀ ਨਾਗਰਿਕ ਰੈਡਨਕ੍ਰਾਸ ਨੇ ਪਹਿਲੀ ਵਾਰ ਦੁਨੀਆ 'ਚ ਇਕ ਬੱਚੀ ਨੂੰ ਜਨਮ ਦਿੱਤਾ |
• ਰੋਬੋਟ ਸੋਫੀਆ ਅਕਤੂਬਰ, 2017 ਵਿਚ ਸਾਊਦੀ ਅਰਬ ਦੀ ਨਾਗਰਿਕਤਾ ਲੈਣ ਵਾਲੀ ਦੁਨੀਆ ਦੀ ਪਹਿਲੀ ਰੋਬੋਟ ਹੈ | ਉਸ ਕੋਲ ਸਾਊਦੀ ਅਰਬ ਦੀਆਂ ਔਰਤਾਂ ਨਾਲੋਂ ਵੱਧ ਅਧਿਕਾਰ ਹਨ |
• 'ਟਾਈਮ' ਮੈਗਜ਼ੀਨ ਨੇ ਪਹਿਲੀ ਵਾਰ 1927 ਵਿਚ 'ਪਰਸਨ ਆਫ ਦੀ ਯੀਅਰ' ਇਨਾਮ ਦੇਣਾ ਸ਼ੁਰੂ ਕੀਤਾ, ਜੋ ਐਾਟਲਾਟਿਕ ਵਿਚ ਇਕੱਲਿਆਂ ਜਹਾਜ਼ ਚਲਾਉਣ ਲਈ ਚਾਰਲਸ ਲਿੰਡਬਰਗ ਨੂੰ ਦਿੱਤਾ ਗਿਆ ਸੀ |
• ਹਾਰਟ ਸਰਜਨ ਡਾ: ਡੈਟਨ ਕੂਲੀ ਨੇ ਦੁਨੀਆ 'ਚ ਪਹਿਲੀ ਵਾਰ ਮਸਨੂਈ ਦਿਲ ਟਰਾਂਸਪਲਾਂਟ ਕੀਤਾ ਸੀ | ਉਨ੍ਹਾਂ ਦੀ ਟੀਮ ਨੇ 1,18,000 ਤੋਂ ਵੱਧ ਦਿਲ ਦੇ ਆਪ੍ਰੇਸ਼ਨ ਕੀਤੇ |
• ਦੁਨੀਆ ਦਾ ਸਭ ਤੋਂ ਪਹਿਲਾ ਵਿਸ਼ਵ ਵਿਦਿਆਲਾ 'ਤਕਸ਼ਿਲਾ' ਸੀ, ਜੋ 700 ਸਾਲ ਈਸਾ ਪੂਰਵ 'ਭਾਰਤ' ਵਿਚ ਸਥਾਪਿਤ ਹੋਇਆ, ਜਿਥੇ ਦੁਨੀਆ ਭਰ ਦੇ 10,500 ਵਿਦਿਆਰਥੀ 60 ਵਿਸ਼ਿਆਂ ਵਿਚ ਪੜ੍ਹਾਈ ਕਰਦੇ ਸਨ |

-ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252

ਬਾਲ ਕਵਿਤਾ: ਮੇਰੇ ਪਾਪਾ

ਮੇਰੇ ਪਾਪਾ ਸਭ ਤੋਂ ਪਿਆਰੇ,
ਜੱੁਗ ਜੱੁਗ ਜੀਣ ਸਾਡੀ ਅੱਖ ਦੇ ਤਾਰੇ |
ਕਰਦੇ ਸਾਨੂੰ ਬਹੁਤ ਪਿਆਰ,
ਘੁਮਾਉਣ ਲੈ ਜਾਂਦੇ ਹਰ ਐਤਵਾਰ |
ਜੋ ਮੈਂ ਮੰਗਾਂ ਝੱਟ ਲੈ ਆਉਂਦੇ,
ਕਿਸੇ ਗੱਲੋਂ ਨਾ ਤਰਸਾਉਂਦੇ |
ਬੇਟਾ-ਬੇਟਾ ਮੈਨੂੰ ਕਰਦੇ ਰਹਿੰਦੇ,
ਪਿਆਰ ਨਾਲ ਮੱਥਾ ਚੁੰਮ ਲੈਂਦੇ |
ਕਦੇ ਨਾ ਮੈਨੂੰ ਹੁੰਦੇ ਗੱੁਸੇ,
ਨਾ ਹੀ ਅੱਜ ਤੱਕ ਕਦੇ ਉਹ ਰੱੁਸੇ |
ਜਾਨਵਰਾਂ ਨਾਲ ਦੋਸਤੀ ਲਾਉਂਦੇ,
ਬੱਚਿਆਂ ਵਾਂਗੰੂ ਲਾਡ ਲਡਾਉਂਦੇ |
ਬੱਚਿਆਂ ਦੇ ਨਾਲ ਬਣਦੇ ਬੱਚੇ,
ਪਾਪਾ ਮੇਰੇ ਮਨ ਦੇ ਸੱਚੇ |
ਬਜ਼ੁਰਗਾਂ ਦਾ ਕਰਦੇ ਬਹੁਤ ਸਤਿਕਾਰ,
'ਬਸਰੇ' ਯਾਰਾਂ ਦੇ ਨੇ ਯਾਰ |

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਮੇਰਾ ਪੈੱਨ

ਮੇਰਾ ਪੈੱਨ ਹੈ ਕਿੰਨਾ ਸੋਹਣਾ,
ਇਹਦੇ ਵਰਗਾ ਕੋਈ ਹੋਰ ਨਈਾ ਹੋਣਾ |
ਨਾ ਇਹ ਸਸਤਾ, ਨਾ ਇਹ ਮਹਿੰਗਾ,
ਮੇਰੇ ਹੱਥ ਵਿਚ ਬਿਲਕੁਲ ਸੈੱਟ ਹੈ ਬਹਿੰਦਾ |
ਬੜੀ ਸੋਹਣੀ ਹੈ ਇਸ ਦੀ ਬਨਾਵਟ,
ਸੁੰਦਰ ਲਿਖਦਾ ਇਹ ਲਿਖਾਵਟ |
ਨੀਲਾ ਰੰਗ ਹੈ, ਨੀਲਾ ਸਿੱਕਾ,
ਏਹਦੇ ਅੱਗੇ ਸਭ ਕੁਝ ਹੈ ਫਿੱਕਾ |
ਚੰਗੇ ਲੇਖ ਲਿਖਣ ਤੋਂ ਨਾ ਡਰਦਾ,
ਇਹ ਹੈ ਸੱਚ ਦੀ ਰਾਖੀ ਕਰਦਾ |
ਮੈਨੂੰ ਹੈ ਮੇਰੇ ਪੈੱਨ 'ਤੇ ਮਾਣ,
ਬਣਾਇਆ ਹੈ, ਇਸ ਨੇ ਮੈਨੂੰ ਇਕ ਚੰਗਾ ਇਨਸਾਨ |

-ਰੇਖਾ ਦੇਵੀ,
ਪਿੰਡ ਭੋਆ (ਪਠਾਨਕੋਟ) |

ਕੀ ਤੁਸੀਂ ਜਾਣਦੇ ਹੋ?

1. ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ?
2. ਬਾਬਰ ਦੀ ਆਤਮਕਥਾ ਦੀ ਕੀ ਨਾਂਅ ਹੈ?
3. ਕਿਸ ਨੂੰ ਮਹਾਨ ਮੁਗਲ ਸਮਰਾਟ ਕਿਹਾ ਜਾਂਦਾ ਹੈ?
4. ਸ਼ਾਹਜਹਾਂ ਦੁਆਰਾ ਬਣਵਾਈ ਗਈ ਸਭ ਤੋਂ ਪ੍ਰਸਿੱਧ ਇਮਾਰਤ ਕਿਹੜੀ ਹੈ?
5. ਅਕਬਰ ਦਾ ਸਭ ਤੋਂ ਪ੍ਰਸਿੱਧ ਦਰਬਾਰੀ ਕੌਣ ਸੀ?
6. ਕਿਸ ਮੁਗਲ ਸਮਰਾਟ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ?
7. ਈਸਾਈਆਂ ਦੀ ਪ੍ਰਸਿੱਧ ਧਾਰਮਿਕ ਪੁਸਤਕ ਕਿਹੜੀ ਹੈ?
8. ਬੰਦਾ ਬਹਾਦਰ ਦਾ ਅਸਲੀ ਨਾਂਅ ਕੀ ਸੀ?
9. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਲਿਖੀ ਚਿੱਠੀ ਨੂੰ ਕੀ ਕਹਿੰਦੇ ਹਨ?
10. 'ਜ਼ਫ਼ਰਨਾਮਾ' ਦਾ ਕੀ ਅਰਥ ਹੈ?
ਜਵਾਬ : (1) ਰਾਸ਼ਟਰਪਤੀ, (2) ਤੁਜ਼ਕ-ਏ-ਬਾਬਰੀ, (3) ਅਕਬਰ, (4) ਤਾਜ ਮਹੱਲ, (5) ਬੀਰਬਲ, (6) ਜਹਾਂਗੀਰ ਨੇ, (7) ਬਾਈਬਲ, (8) ਲਛਮਣ ਦਾਸ, (9) ਜ਼ਫ਼ਰਨਾਮਾ, (10 ਜਿੱਤ ਦਾ ਖ਼ਤ |

-ਬਲਵਿੰਦਰਜੀਤ ਕੌਰ ਬਾਜਵਾ,
ਚੱਕਲਾਂ (ਰੋਪੜ) | balwinderjitbajwa9876@gmail.com

ਬਾਲ ਕਹਾਣੀ: ਕਦਰ

ਦਸਵੀਂ ਦੇ ਬੋਰਡ ਦੇ ਪੇਪਰ ਅੱਜ ਤੋਂ ਹੀ ਸ਼ੁਰੂ ਸਨ | ਕੇਂਦਰ ਸੁਪਰਡੈਂਟ ਨੇ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਹਦਾਇਤ ਦਿੰਦਿਆਂ ਕਿਹਾ, 'ਜਿਨ੍ਹਾਂ ਵੀ ਬੱਚਿਆਂ ਕੋਲ ਕੋਈ ਕਾਪੀ, ਕਿਤਾਬ ਜਾਂ ਪਰਚੀ ਹੈ, ਉਹ ਹੁਣੇ ਹੀ ਬਾਹਰ ਰੱਖ ਕੇ ਜਾਓ | ਕਿਸੇ ਨੇ ਵੀ ਕੇਂਦਰ ਦੇ ਅੰਦਰ ਲੈ ਕੇ ਨਹੀਂ ਜਾਣਾ | ਜੇ ਕੋਈ ਵੀ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਨਕਲ ਕੇਸ ਬਣਾ ਕੇ ਬੋਰਡ ਨੂੰ ਭੇਜ ਦੇਣਾ ਹੈ | ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |
ਕੇਂਦਰ ਵਿਚ ਅੰਦਰ ਜਾਣ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਆਪਣੀਆਂ ਕਿਤਾਬਾਂ, ਕਾਪੀਆਂ ਬਾਹਰ ਰੱਖ ਦਿੱਤੀਆਂ | ਥੋੜ੍ਹੀ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ | ਸੁਪਰਡੈਂਟ ਮੈਡਮ ਹਰਮਿੰਦਰ ਕੌਰ ਅਤੇ ਹੋਰ ਨਿਗਰਾਨ ਸਟਾਫ ਬੜੇ ਚੁਕੰਨੇ ਹੋ ਕੇ ਆਪਣੀ ਡਿਊਟੀ ਕਰ ਰਹੇ ਸਨ | ਅੱਧਾ ਵਕਤ ਬੀਤਣ ਤੋਂ ਬਾਅਦ ਕੇਂਦਰ ਵਿਚ ਉਡਣ ਦਸਤੇ ਦੀ ਟੀਮ ਆ ਗਈ | ਉਹ ਆ ਕੇ ਚੈੱਕ ਕਰ ਰਹੇ ਸਨ ਕਿ ਕਿਸੇ ਕੋਲ ਕੋਈ ਪਰਚੀ ਤਾਂ ਨਹੀਂ | ਉਨ੍ਹਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਤਲਾਸ਼ੀ ਲਈ | ਤਿੰਨ ਬੱਚਿਆਂ ਕੋਲੋਂ ਇਤਰਾਜ਼ਯੋਗ ਪਰਚੀਆਂ ਨਿਕਲ ਗਈਆਂ | ਸੁਪਰਡੈਂਟ ਮੈਡਮ ਨੂੰ ਬਹੁਤ ਗੱੁਸਾ ਚੜਿ੍ਹਆ, ਕਿਉਂਕਿ ਉਨ੍ਹਾਂ ਦੇ ਹਦਾਇਤਾਂ ਦੇਣ ਦੇ ਬਾਵਜੂਦ ਵਿਦਿਆਰਥੀ ਇਤਰਾਜ਼ਯੋਗ ਸਮੱਗਰੀ ਲੈ ਕੇ ਬੈਠੇ ਰਹੇ | ਉਨ੍ਹਾਂ ਨੇ ਉਡਣ ਦਸਦੇ ਦੀ ਟੀਮ ਨੂੰ ਕੇਸ ਬਣਾਉਣ ਲਈ ਤਿੰਨ ਫਾਰਮ ਦੇ ਦਿੱਤੇ | ਨਿਗਰਾਨ ਸਟਾਫ ਦੇ ਇਕ ਮੈਂਬਰ ਨੇ ਸੁਨੀਲ ਵੱਲ ਇਸ਼ਾਰਾ ਕਰਦਿਆਂ ਕਿਹਾ, 'ਮੈਡਮ, ਇਹ ਸਕੂਲ ਦੇ ਚੇਅਰਮੈਨ ਸਾਹਿਬ ਦਾ ਬੇਟਾ ਹੈ | ਵੇਖ ਲਓ, ਜੇ ਕੁਝ ਹੋ ਸਕਦਾ ਹੈ ਤਾਂ |' ਇਸ 'ਤੇ ਸੁਪਰਡੈਂਟ ਮੈਡਮ ਨੇ ਕਿਹਾ, 'ਨਹੀਂ, ਮੇਰੀ ਨਜ਼ਰ ਵਿਚ ਸਾਰੇ ਬੱਚੇ ਬਰਾਬਰ ਹਨ | ਜੇ ਕੇਸ ਬਣਨਗੇ ਤਾਂ ਤਿੰਨਾਂ ਦੇ ਹੀ ਬਣਨਗੇ, ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ |' ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ | ਅਜਿਹਾ ਕਹਿ ਕੇ ਉਨ੍ਹਾਂ ਨੇ ਤਿੰਨਾਂ ਵਿਦਿਆਰਥੀਆਂ 'ਤੇ ਕੇਸ ਬਣਾ ਦਿੱਤੇ | ਵਿਦਿਆਰਥੀਆਂ ਨੇ ਮੁਆਫ਼ੀ ਵੀ ਮੰਗੀ ਪਰ ਕੋਈ ਫਾਇਦਾ ਨਾ ਹੋਇਆ |
ਸੁਨੀਲ 'ਤੇ ਕੇਸ ਬਣਨ ਵਾਲੀ ਗੱਲ ਸਕੂਲ ਦੇ ਚੇਅਰਮੈਨ ਸਾਹਿਬ ਤੱਕ ਵੀ ਪਹੁੰਚ ਗਈ | ਉਨ੍ਹਾਂ ਨੇ ਸੁਪਰਡੈਂਟ ਮੈਡਮ ਨੂੰ ਆਪਣੇ ਕੋਲ ਦਫਤਰ ਵਿਚ ਬੁਲਾਇਆ ਤੇ ਕਿਹਾ, 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਤਿੰਨ ਵਿਦਿਆਰਥੀਆਂ 'ਤੇ ਕੇਸ ਬਣਾ ਕੇ ਉਨ੍ਹਾਂ ਨੂੰ ਨਕਲ ਨਾ ਕਰਨ ਬਾਰੇ ਪ੍ਰੇਰਿਆ ਹੈ | ਮੈਨੂੰ ਤੁਹਾਡੇ 'ਤੇ ਕੋਈ ਗੱੁਸਾ ਨਹੀਂ ਕਿ ਤੁਸੀਂ ਮੇਰੇ ਪੱੁਤਰ 'ਤੇ ਕੇਸ ਬਣਾਇਆ ਹੈ ਪਰ ਜੇ ਤੁਸੀਂ ਮੇਰੇ ਪੱੁਤਰ ਨੂੰ ਛੱਡ ਦਿੰਦੇ ਤਾਂ ਮੈਨੂੰ ਜ਼ਿਆਦਾ ਗੱੁਸਾ ਚੜ੍ਹਨਾ ਸੀ |' ਸੁਪਰਡੈਂਟ ਮੈਡਮ ਤਾਂ ਸੋਚ ਰਹੇ ਸਨ ਕਿ ਸ਼ਾਇਦ ਉਹ ਕੇਸ ਬਣਨ 'ਤੇ ਗੱੁਸਾ ਕਰਨਗੇ ਪਰ ਹੋਇਆ ਇਸ ਦੇ ਉਲਟ | ਉਨ੍ਹਾਂ ਨੇ ਕਿਹਾ, 'ਸਰ, ਇਹ ਤਾਂ ਤੁਹਾਡੀ ਵਡਿਆਈ ਹੈ, ਜੋ ਤੁਸੀਂ ਮੇਰੀ ਕਦਰ ਕੀਤੀ |' ਇਸ 'ਤੇ ਚੇਅਰਮੈਨ ਸਾਹਿਬ ਨੇ ਕਿਹਾ, 'ਨਕਲ ਮਿੱਠੀ ਜ਼ਹਿਰ ਵਾਂਗ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ | ਜੇ ਤੁਹਾਡੇ ਵਰਗੇ ਇਨਸਾਨ ਆਪਣੀ ਦਿੱਤੀ ਡਿਊਟੀ ਨੂੰ ਠੀਕ ਢੰਲ ਨਾਲ ਬਿਨਾਂ ਕੋਈ ਵਿਤਕਰਾ ਕੀਤਿਆਂ ਕਰਨ ਤਾਂ ਨਕਲ ਕਰਨ ਦੇ ਕੇਸ ਆਪਣੇ-ਆਪ ਖ਼ਤਮ ਹੋ ਜਾਣਗੇ | ਲੋੜ ਹੈ ਲੋਕਾਂ ਨੂੰ ਜਾਗਰੂਕ ਹੋਣ ਦੀ |' ਹਰਮਿੰਦਰ ਕੌਰ ਮੈਡਮ ਨੂੰ ਉਨ੍ਹਾਂ ਦੀ ਗੱਲ ਸੁਣ ਕੇ ਆਪਣੇ-ਆਪ 'ਤੇ ਫ਼ਖ਼ਰ ਮਹਸੂਸ ਹੋਇਆ ਕਿ ਜੋ ਉਨ੍ਹਾਂ ਨੇ ਨਕਲ ਰੋਕਣ ਲਈ ਕਦਮ ਚੱੁਕਿਆ, ਉਹ ਸ਼ਲਾਘਾਯੋਗ ਸੀ |

-BXXV-261/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ | ਮੋਬਾ: 97800-32199

ਕਹਾਣੀ ਇਲੈਕਟ੍ਰਾਨ ਦੀ...

ਜੋਜ਼ਫ ਜਾੱਨ ਥਾਮਸਨ ਦਾ ਜਨਮ ਚੀਥਮ ਹਿੱਲ, ਮਾਨਚੈਸਟਰ, ਲੰਕਾਸ਼ਾਇਰ, ਇੰਗਲੈਂਡ ਵਿਖੇ ਮਾਤਾ ੲੈਮਾ ਸਵਿੰਡੇਲਸ ਅਤੇ ਪਿਤਾ, ਪੁਰਾਣੀਆਂ ਦੁਰਲੱਭ ਕਿਤਾਬਾਂ ਦੀ ਦੁਕਾਨ ਦੇ ਮਾਲਿਕ, ਜੋਜ਼ਫ ਜੇਮਸ ਥਾਮਸਨ ਦੇ ਘਰ ਹੋਇਆ ਸੀ | ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਇਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਵਿਖੇ ਹੋਈ, ਜਿਥੇ ਉਨ੍ਹਾਂ ਨੇ ਅਦਭੁਤ ਪ੍ਰਤਿਭਾ ਅਤੇ ਵਿਗਿਆਨ ਵਿਚ ਰੁਚੀ ਦਾ ਪ੍ਰਦਰਸ਼ਨ ਕੀਤਾ | ਸੰਨ 1870 ਵਿਚ ਇਨ੍ਹਾਂ ਦਾ ਦਾਖਲਾ ਓਵੈਂਸ ਕਾਲਜ ਵਿਚ ਹੋਇਆ | ਥਾਮਸਨ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸ਼ਾਰਪ ਸਟੀਵਰਟ ਐਾਡ ਕੰਪਨੀ ਵਿਚ ਇਕ ਅਪ੍ਰੈਂਟਿਸ ਇੰਜੀਨੀਅਰ ਦੇ ਰੂਪ ਵਿਚ ਦਾਖਲ ਕਰਵਾ ਦਿੱਤਾ ਜਾਵੇ, ਪਰ ਪਿਤਾ ਦੇ ਦਿਹਾਂਤ ਦੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ | ਸੰਨ 1876 ਵਿਚ ਉਹ ਟਿ੍ਨਿਟੀ ਕਾਲਜ ਆ ਗਏ ਅਤੇ ਸੰਨ 1880 ਵਿਚ ਉਨ੍ਹਾਂ ਨੇ ਗਣਿਤ ਵਿਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1881 ਵਿਚ ਉਹ ਟਿ੍ਨਿਟੀ ਕਾਲਜ ਦੇ ਫੈਲੋ ਚੁਣੇ ਗਏ | ਸੰਨ 1883 ਵਿਚ ਐਮ.ਏ. ਦੀ ਡਿਗਰੀ ਉਪਰੰਤ 12 ਜੂਨ, 1884 ਨੂੰ ਉਨ੍ਹਾਂ ਨੂੰ ਰਾਇਲ ਸੁਸਾਇਟੀ ਦਾ ਫੈਲੋ ਚੁਣਿਆ ਗਿਆ | ਇਸ ਉਪਰੰਤ ਉਨ੍ਹਾਂ ਨੂੰ ਕੈਂਬਿ੍ਜ ਯੂਨੀਵਰਸਿਟੀ ਵਿਚ ਕੈਵੈਂਡਿਸ਼ ਪ੍ਰੋਫੈਸਰ ਆਫ ਫਿਜ਼ਿਕਸ ਚੁਣਿਆ ਗਿਆ | ਵਿਭਿੰਨ ਵਿਗਿਆਨਕਾਂ ਜਿਵੇਂ ਵਿਲਿਅਮ ਪ੍ਰਾਊਟ ਅਤੇ ਨਾਰਮਨ ਲਾੱਕਯਰ ਨੇ ਇਹ ਸੁਝਾਅ ਦਿੱਤਾ ਕਿ ਪਰਮਾਣੂ ਕੁਝ ਹੋਰ ਮੂਲਭੂਤ ਇਕਾਈਆਂ ਨਾਲ ਮਿਲ ਕੇ ਬਣਿਆ ਹੋਇਆ ਹੈ ਪਰ ਥਾਮਸਨ ਇਸ ਨੂੰ ਲਘੂਤਮ ਆਕਾਰ ਵਾਲੇ ਪਰਮਾਣੂ, ਹਾਈਡ੍ਰੋਜਨ ਨਾਲ ਮਿਲ ਕੇ ਬਣਿਆ ਹੋਇਆ ਮੰਨਦੇ ਸਨ |
ਉਨ੍ਹਾਂ ਨੇ ਸੰਨ 1887 ਵਿਚ ਪਹਿਲੀ ਵਾਰ ਸੁਝਾਅ ਦਿੱਤਾ ਸੀ ਕਿ ਇਸ ਦੀ ਮੂਲਭੂਤ ਇਕਾਈ ਪਰਮਾਣੂ ਦੇ 1000ਵੇਂ ਭਾਗ ਤੋਂ ਵੀ ਛੋਟੀ ਹੈ | ਇਸ ਤਰ੍ਹਾਂ ਉਨ੍ਹਾਂ ਨੇ ਪਰਮਾਣੂ ਕਣ ਦਾ ਸੁਝਾਅ ਦਿੱਤਾ, ਜਿਸ ਨੂੰ ਅੱਜ 'ਇਲੈਕਟ੍ਰਾਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਥਾਮਸਨ ਨੇ ਇਹ ਕੈਥੋਡ ਕਿਰਨਾਂ ਦੇ ਗੁਣਧਰਮਾਂ 'ਤੇ ਖੋਜ ਕਰਦੇ ਹੋਏ ਪਾਇਆ | ਉਨ੍ਹਾਂ ਨੇ 30 ਅਪ੍ਰੈਲ, 1897 ਨੂੰ ਆਪਣੀ ਪਲੇਠੀ ਖੋਜ ਵਿਚ ਪਾਇਆ ਕਿ ਕੈਥੋਡ ਕਿਰਨਾਂ ਹਵਾ ਵਿਚ ਪਰਮਾਣੂ ਆਕਾਰ ਵਾਲੇ ਕਣਾਂ ਤੋਂ ਕਈ ਗੁਣਾ ਵੱਧ ਤੇਜ਼ੀ ਨਾਲ ਗਤੀ ਕਰ ਸਕਦੀਆਂ ਹਨ | ਉਨ੍ਹਾਂ ਨੂੰ ਸੰਨ 1906 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, 1908 ਵਿਚ ਨਾਈਟਹੁੱਡ ਦੀ ਉਪਾਧੀ ਪ੍ਰਾਪਤ ਹੋਈ ਅਤੇ ਸੰਨ 1912 ਵਿਚ 'ਆਰਡਰ ਆੱਫ ਮੈਰਿਟ' ਵਿਚ ਨਿਯੁਕਤੀ ਮਿਲੀ | ਉਨ੍ਹਾਂ ਵਲੋਂ 1914 ਵਿਚ 'ਦ ਐਟੋਮਿਕ ਥਿਊਰੀ' 'ਤੇ ਆਕਸਫੋਰਡ ਯੂਨੀਵਰਸਿਟੀ ਵਿਖੇ ਭਾਸ਼ਣ ਦਿੱਤਾ ਗਿਆ | ਸੰਨ 1918 ਵਿਚ ਉਨ੍ਹਾਂ ਨੂੰ ਕੈਂਬਰਿਜ ਵਿਚ 'ਮਾਸਟਰ ਆਫ ਟਿ੍ਨਿਟੀ' ਕਾਲਜ ਦੇ ਅਹੁਦੇ 'ਤੇ ਸੁਸ਼ੋਭਿਤ ਕੀਤਾ ਗਿਆ ਅਤੇ ਉਹ ਜੀਵਨ ਭਰ ਉਸ ਅਹੁਦੇ 'ਤੇ ਬਣੇ ਰਹੇ |

maninderkaurcareers@gmail.com

ਛਿੱਕ ਕਿਉਂ ਆਉਂਦੀ ਹੈ?

ਪਿਆਰੇ ਬੱਚਿਓ! ਜਦ ਤੁਹਾਨੂੰ, ਤੁਹਾਡੇ ਸਾਥੀ ਜਾਂ ਕਿਸੇ ਹੋਰ ਸ਼ਖ਼ਸ ਨੂੰ ਛਿੱਕ ਆਉਂਦੀ ਹੈ ਤਾਂ ਅਕਸਰ ਤੁਸੀਂ ਸੋਚਦੇ ਹੋਵੋਗੇ ਕਿ ਛਿੱਕ ਕਿਉਂ ਆਉਂਦੀ ਹੈ? ਫਿਰ ਆਓ ਅਸੀਂ ਇਸ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਦੇ ਹਾਂ | ਜੇ ਦੇਖਿਆ ਜਾਵੇ ਤਾਂ ਛਿੱਕ ਆਉਣਾ ਮਨੱੁਖੀ ਸਰੀਰ ਦੀ ਸੁਭਾਵਿਕ ਕਿਰਿਆ ਹੈ ਜੋ ਕਿ ਸਾਡੀ ਇੱਛਾ ਤੋਂ ਬਿਨਾਂ ਹੀ ਹੁੰਦੀ ਹੈ | ਛਿੱਕ ਆਉਣ ਤੋਂ ਪਹਿਲਾਂ ਸਾਡੇ ਸਰੀਰ ਵਿਚ ਮਿੱਠੀ ਜਿਹੀ ਝੁਨਝੁਨਾਹਟ ਪੈਦਾ ਹੁੰਦੀ ਹੈ, ਨੱਕ-ਮੰੂਹ ਵਿਚੋਂ ਬੜੀ ਤੇਜ਼ੀ ਨਾਲ ਹਵਾ ਨਿਕਲਦੀ ਹੈ, ਜਿਸ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਹੁੰਦੀ ਹੈ | ਛਿੱਕ ਆਉਣ ਸਮੇਂ ਅੱਖਾਂ ਆਪਣੇ-ਆਪ ਹੀ ਬੰਦ ਹੋ ਜਾਂਦੀਆਂ ਹਨ | ਨੱਕ ਅੰਦਰਲੀ ਮਿਊਕਸ ਝਿੱਲੀ ਦੀਆਂ ਸੂਖਮ ਨਾੜਾਂ 'ਚ ਜਦ ਕਿਸੇ ਕਾਰਨ ਖੁਜਲਾਹਟ ਹੁੰਦੀ ਹੈ ਤਾਂ ਵੀ ਛਿੱਕ ਆਉਂਦੀ ਹੈ | ਕੁਝ ਲੋਕਾਂ ਨੂੰ ਜ਼ੁਕਾਮ ਹੋਣ ਜਾਂ ਕਿਸੇ ਖਾਸ ਖਾਧ ਪਦਾਰਥ ਤੋਂ ਐਲਰਜੀ ਹੋਣ ਕਰਕੇ ਲਗਾਤਾਰ ਛਿੱਕਾਂ ਵੀ ਆਉਣ ਲਗਦੀਆਂ ਹਨ | ਕਿਸੇ ਹਾਲਤ ਵਿਚ ਜਦ ਕੋਈ ਕਾਗਜ਼ ਦਾ ਟੁਕੜਾ ਜਾਂ ਕੋਈ ਹੋਰ ਬਰੀਕ ਜਿਹੀ ਚੀਜ਼ ਨੱਕ ਅੰਦਰ ਚਲੀ ਜਾਂਦੀ ਹੈ ਤਾਂ ਨੱਕ ਦੀ ਝਿੱਲੀ 'ਚ ਸੁਰਸੁਰਾਹਟ ਪੈਦਾ ਹੋਣ ਅਤੇ ਇਸ ਵਸਤੂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵਜੋਂ ਵੀ ਛਿੱਕਾਂ ਆਉਂਦੀਆਂ ਹਨ |
ਪਿਆਰੇ ਦੋਸਤੋ! ਪੁਰਾਤਨ ਸਮੇਂ ਤੋਂ ਹੀ ਸਾਡੇ ਸਮਾਜ ਵਿਚ ਛਿੱਕ ਸਬੰਧੀ ਅਨੇਕਾਂ ਅੰਧ-ਵਿਸ਼ਵਾਸ ਪ੍ਰਚੱਲਿਤ ਹਨ, ਜਿਵੇਂ ਕਿ ਘਰੋਂ ਬਾਹਰ ਨਿਕਲਣ ਜਾਂ ਕਿਸੇ ਸ਼ੱੁਭ ਕੰਮ ਦੇ ਆਰੰਭ ਸਮੇਂ ਜੇ ਛਿੱਕ ਆ ਜਾਵੇ ਤਾਂ ਛਿੱਕ ਨੂੰ ਬਦਸ਼ਗਨੀ ਮੰਨਦਿਆਂ ਕਈ ਲੋਕ ਕੁਝ ਦੇਰ ਲਈ ਰੁਕ ਜਾਂਦੇ ਹਨ | ਪਰ ਸਾਨੂੰ ਇਹੋ ਜਿਹੇ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ | ਅਕਸਰ ਸਿਹਤ ਮਾਹਿਰਾਂ ਦੀ ਰਾਇ ਹੈ ਕਿ ਛਿੱਕ ਆਉਣ ਸਮੇਂ ਨੱਕ ਜਾਂ ਮੰੂਹ ਨੂੰ ਭੱੁਲ ਕੇ ਵੀ ਆਪਣੀ ਹਥੇਲੀ ਜਾਂ ਉਂਗਲੀਆਂ ਨਾਲ ਜ਼ੋਰ ਦੀ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਨੱਕ-ਮੰੂਹ ਅੰਦਰੋਂ ਨਿਕਲ ਰਹੇ ਹਵਾ ਦੇ ਤੇਜ਼ ਵੇਗ 'ਚ ਰੁਕਾਵਟ ਸਦਕਾ ਅੰਦਰੂਨੀ ਸੂਖਮ ਨਾੜੀਆਂ ਨੂੰ ਨੁਕਸਾਨ ਹੋ ਸਕਦਾ ਹੈ |

-ਯਸ਼ਪਾਲ ਗੁਲਾਟੀ,
ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) | ਮੋਬਾ: 98726-48140

ਅਨਮੋਲ ਬਚਨ

• ਜਦੋਂ ਕਦੇ ਆਪ 'ਤੇ ਹੰਕਾਰ ਆ ਜਾਵੇ ਤਾਂ ਮਿੱਟੀ ਤੋਂ ਪੱੁਛ ਲੈਣਾ ਕਿ ਵਿਸ਼ਵ ਵਿਜੇਤਾ ਸਿਕੰਦਰ ਕਿੱਥੇ ਗਿਆ |
• ਜਿਸ ਜ਼ਖ਼ਮ ਤੋਂ ਖੂਨ ਨਹੀਂ ਨਿਕਲਦਾ, ਸਮਝ ਲੈਣਾ ਉਹ ਜ਼ਖਮ ਕਿਸੇ ਆਪਣੇ ਨੇ ਦਿੱਤਾ ਹੈ |
• ਪ੍ਰੇਸ਼ਾਨੀ ਵਿਚ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ, ਕਿਉਂਕਿ ਸਲਾਹ ਗ਼ਲਤ ਹੋ ਸਕਦੀ ਹੈ, ਸਾਥ ਨਹੀਂ |
• ਅੱਜ ਦੇ ਜ਼ਮਾਨੇ ਵਿਚ ਕਿਸੇ ਨੂੰ ਇਹ ਮਹਿਸੂਸ ਨਾ ਹੋਣ ਦੇਣਾ ਕਿ ਤੁਸੀਂ ਅੰਦਰੋਂ ਟੱੁਟੇ ਹੋਏ ਹੋ, ਕਿਉਂਕਿ ਲੋਕ ਟੱੁਟੇ ਹੋਏ ਮਕਾਨ ਦੀਆਂ ਇੱਟਾਂ ਤੱਕ ਚੱੁਕ ਕੇ ਲੈ ਜਾਂਦੇ ਹਨ |
• ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਮਨੱੁਖ ਪਹਾੜਾਂ ਤੋਂ ਨਹੀਂ, ਪੱਥਰਾਂ ਤੋਂ ਠੋਕਰ ਖਾਂਦਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) |
ਮੋਬਾ: 95018-10181

ਲੜੀਵਾਰ ਨਾਵਲ-4: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਪਰ ਜਮਨਾ ਦਾਸ ਉੱਪਰ ਲੋਕਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ | ਅਸੰਭਵ ਸ਼ਬਦ ਸ਼ਾਇਦ ਉਨ੍ਹਾਂ ਦੇ ਸ਼ਬਦ ਕੋਸ਼ ਵਿਚ ਸ਼ਾਮਿਲ ਨਹੀਂ ਸੀ | ਅਖ਼ਬਾਰਾਂ ਵਿਚ ਅਕਸਰ ਸੰਪਾਦਕ ਦੀ ਡਾਕ ਵਿਚ ਉਨ੍ਹਾਂ ਦੇ ਇਸ ਗੱਡੀ ਦੇ ਰੁਕਣ ਦੀ ਮੰਗ ਨੂੰ ਜਾਇਜ਼ ਜ਼ਾਹਿਰ ਕਰਦੇ ਪੱਤਰ ਛਪਦੇ ਰਹਿੰਦੇ | ਪੰਡਿਤ ਜੀ ਇਹ ਪੱਤਰ ਪੜ੍ਹਦੇ ਤੇ ਖੁਸ਼ ਹੁੰਦੇ | ਕਦੀ-ਕਦੀ ਕਿਸੇ ਅਖ਼ਬਾਰ ਦੀ ਸੰਪਾਦਕੀ ਵੀ ਉਨ੍ਹਾਂ ਦੀ ਮੰਗ ਦੇ ਹੱਕ ਵਿਚ ਛਪ ਜਾਂਦੀ | ਇਹ ਪੜ੍ਹ ਕੇ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲਦਾ | ਭਾਵੇਂ ਕਈ ਵਾਰੀ ਉਨ੍ਹਾਂ ਦੇ ਲੜਕੇ ਕਾਹਲੇ ਵੀ ਪੈ ਜਾਂਦੇ ਪਰ ਪੰਡਿਤ ਜੀ ਅੱਗਿਓਾ ਕਿਹਾ ਕਰਦੇ, 'ਕਲਮ ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੁਹਾਨੂੰ ਪਤਾ ਈ ਏ ਨਾ... ਤੁਸੀਂ ਦੇਖਿਓ ਇਕ ਦਿਨ ਇਸ ਕਲਮ ਦੀ ਤਾਕਤ... ਬਸ ਥੋੜ੍ਹੀ ਉਡੀਕ ਕਰੋ... |'
ਇਹੋ ਜਿਹੀਆਂ ਗੱਲਾਂ ਆਖਦਿਆਂ ਹੀ ਪੰਡਿਤ ਜਮਨਾ ਦਾਸ ਦੇ ਚਿਹਰੇ ਉੱਪਰ ਇਕ ਅਨੋਖੀ ਰੌਣਕ ਆ ਜਾਂਦੀ | ਉਨ੍ਹਾਂ ਦੀਆਂ ਅੱਖਾਂ ਵਿਚ ਇਕ ਅਨੋਖੀ ਆਸ਼ਾਵਾਦੀ ਕਿਰਨ ਚਮਕਦੀ ਮਹਿਸੂਸ ਹੁੰਦੀ... | ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਪੰਡਿਤ ਜੀ ਦੀ ਜ਼ਿੰਦਗੀ ਦਾ ਇਕੋ-ਇਕ ਉਦੇਸ਼ 'ਮਾਲਵਾ ਐਕਸਪ੍ਰੈੱਸ' ਨੂੰ ਦਸੂਹੇ ਰੁਕਵਾਉਣਾ ਹੀ ਹੋਵੇ |
ਡੌਲੀ ਸਮੇਤ ਅੱਜ ਉਸ ਦੀ ਕਲਾਸ ਦੇ ਸਾਰੇ ਬੱਚੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ | ਐਤਵਾਰ ਦੀ ਛੱੁਟੀ ਪਿੱਛੋਂ ਆਪਣੇ ਸਕੂਲ ਦੀ ਵਰਦੀ ਵਿਚ ਬੈਠੇ ਬੱਚੇ ਬਹੁਤ ਚੁਸਤ ਨਜ਼ਰ ਆ ਰਹੇ ਸਨ | ਘਾਹ ਦੇ ਮੈਦਾਨ ਵਿਚ ਬੈਠੇ ਬੱਚੇ ਫੱੁਲਾਂ ਦੀਆਂ ਕਿਆਰੀਆਂ ਵਿਚ ਘਿਰੇ ਖੁਦ ਫੱੁਲਾਂ ਵਰਗੇ ਲੱਗ ਰਹੇ ਸਨ | ਸਾਰਿਆਂ ਦੇ ਚਿਹਰਿਆਂ ਉੱਪਰ ਇਕ ਅਨੋਖੀ ਮੁਸਕਾਨ ਤੇ ਉਤਸ਼ਾਹ ਸੀ |
'ਅੱਛਾ ਡੌਲੀ, ਤੰੂ ਇਹ ਤਾਂ ਦੱਸ ਦਿੱਤਾ ਪਈ ਤੇਰੇ ਦਾਦਾ ਜੀ ਹੀ 'ਹੀ ਮੈਨ' ਜਾਂ 'ਸ਼ਕਤੀਮਾਨ' ਬਣਨ ਜਾ ਰਹੇ ਹਨ ਤੇ 'ਮਾਲਵਾ ਐਕਸਪ੍ਰੈੱਸ' ਗੱਡੀ ਰੋਕਣ ਜਾ ਰਹੇ ਹਨ ਪਰ ਤੰੂ ਇਹ ਨਹੀਂ ਦੱਸਿਆ ਪਈ ਉਹ ਕਿਹੜੇ ਤਰੀਕੇ ਨਾਲ ਇਹ ਕੰਮ ਕਰਨਗੇ... |' ਰਾਜਨ ਨੇ ਹੋਰ ਬੱਚਿਆਂ ਦੀ ਉਤਸੁਕਤਾ ਦੇਖ ਕੇ ਪੱੁਛਿਆ |
'ਰਾਜਨ ਵੀਰੇ! ਉਨ੍ਹਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਜਿਸ ਨਾਲ ਉਹ ਗੱਡੀ ਰੋਕ ਦੇਣਗੇ... ਪਰ ਉਨ੍ਹਾਂ ਕੋਲ ਇਕ ਐਸੀ ਤਾਕਤ ਏ, ਐਸੀ ਸ਼ਕਤੀ ਏ, ਜਿਸ ਨਾਲ ਉਹ ਇਹ ਕੰਮ ਕਰਨਗੇ |'
'ਡੌਲੀ, ਉਹ ਕਿਹੜੀ ਤਾਕਤ ਏ? ਇਹੀਓ ਤੇ ਮੈਂ ਪੱੁਛ ਰਿਹਾਂ... |'
'ਵੀਰੇ! ਉਹ ਤਾਕਤ ਏ ਕਲਮ ਦੀ... ਦਾਦਾ ਜੀ ਕਿਹਾ ਕਰਦੇ ਨੇ ਕਲਮ (ਪੈੱਨ) ਵਿਚ ਤਲਵਾਰ ਨਾਲੋਂ ਜ਼ਿਆਦਾ ਤਾਕਤ ਹੁੰਦੀ ਏ... ਤੇ ਇਸ ਕਲਮ ਨਾਲ ਤੁਸੀਂ ਆਪਣੇ ਵਿਚਾਰਾਂ ਦਾ ਜਾਦੂਮਈ ਪ੍ਰਭਾਵ ਪਾ ਕੇ ਕਿਸੇ ਵੀ ਕੰਮ ਵਿਚ ਸਫਲ ਹੋ ਸਕਦੇ ਹੋ | ਮੇਰੇ ਦਾਦਾ ਜੀ ਚਿੱਠੀਆਂ ਲਿਖਦੇ ਰਹਿੰਦੇ ਨੇ, ਅਖ਼ਬਾਰਾਂ ਵਿਚ, ਇਲਾਕੇ ਦੇ ਐਮ.ਐਲ.ਏ. ਜਾਂ ਐਮ. ਪੀ. ਨੂੰ ਰੇਲਵੇ ਮਨਿਸਟਰ ਜਾਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਿਸ ਵਿਚ ਉਹ ਆਪਣੀ ਹੱਕੀ ਮੰਗ ਵਧੀਆ ਢੰਗ ਨਾਲ ਪੇਸ਼ ਕਰਦੇ ਨੇ... |'
'ਗੱਲ ਤੇ ਕੁਝ-ਕੁਝ ਠੀਕ ਲਗਦੀ ਏ ਡੌਲੀ ਦੀ... |' ਤੇਜਿੰਦਰ ਬੋਲਿਆ |
'ਕੁਝ-ਕੁਝ ਨਹੀਂ ਤਜਿੰਦਰ ਵੀਰ ਜੀ... ਮੇਰੀ ਸਾਰੀ ਗੱਲ ਈ ਠੀਕ ਏ | ਜਿੰਨਾ ਲਿਖ ਕੇ ਅਸੀਂ ਆਪਣੇ ਵਿਚਾਰਾਂ ਨੂੰ ਸਮਝਾ ਸਕਦੇ ਹਾਂ, ਓਨਾ ਸ਼ਾਇਦ ਬੋਲ ਕੇ ਨਹੀਂ | ਪਰ ਸ਼ਰਤ ਇਹ ਵੇ ਪਈ ਤੁਹਾਡੇ ਵਿਚਾਰਾਂ ਵਿਚ ਤਾਕਤ ਚਾਹੀਦੀ ਏ | ਅਖ਼ਬਾਰਾਂ ਵਿਚ ਛਪਣ ਨਾਲ ਇਹ ਗੱਲ ਲੋਕਾਂ ਵਿਚ ਪਹੁੰਚਦੀ ਏ... ਲੋਕ ਦਿਲੋਂ ਇਹ ਗੱਲ ਮਹਿਸੂਸ ਕਰਦੇ ਨੇ ਪਈ ਗੱਡੀ ਜ਼ਰੂਰ ਦਸੂਹੇ ਰੁਕਣੀ ਚਾਹੀਦੀ ਏ |' ਡੌਲੀ ਆਖ ਰਹੀ ਸੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੁਝਾਰਤ-50

ਬੱਚਿਓ ਦੇਖਿਆ ਮੈਂ ਇਕ ਗਰਾਂ,
ਗੁੜ ਵਰਗਾ ਮਿੱਠਾ ਉਹਦਾ ਨਾਂਅ |
ਲੋਕਾਂ ਅੱਜ ਵੀ ਫੜੀ ਹੈ ਹਿੰਡ,
ਹੈ ਤਾਂ ਸ਼ਹਿਰ ਪਰ ਕਹਿੰਦੇ ਪਿੰਡ |
ਕੇਂਦਰ ਅਤੇ ਸੂਬਾ ਸਰਕਾਰ,
ਪਿੰਡ ਲਿਖਣ ਨੂੰ ਨਹੀਂ ਤਿਆਰ |
ਭਾਰਤ ਦੇਸ਼, ਸੂਬਾ ਹਰਿਆਣਾ,
ਬਾਤ ਬੁੱਝੂ ਕੋਈ ਬੱਚਾ ਸਿਆਣਾ |
ਅਖਬਾਰ ਵਿਚੋਂ ਬੁਝਾਰਤ ਪੜ੍ਹ ਕੇ,
ਭਲੂਰੀਏ ਦਾ ਨੰਬਰ ਡਾਇਲ ਕਰਕੇ |
ਹਰਿਆਣੇ ਤੋਂ ਫੋਨ ਕੀਤਾ ਛੋਹਰੇ,
ਯੇਹ ਸ਼ਹਿਰ ਤੋ ਪਾਸ ਹੈ ਮੋਰੇ |
—0—
ਹਵਾ ਸਿੰਘ ਹੈ ਮੇਰਾ ਨਾਮ,
ਇਸ ਸ਼ਹਿਰ ਕਾ ਨਾਮ ਗੁੜਗਾਂਵ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਬਾਲ ਸਾਹਿਤ

ਲਹੂ ਭਿੱਜੀ ਮਿੱਟੀ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ-ਹੁਸ਼ਿਆਰਪੁਰ |
ਮੁੱਲ : 50 ਰੁਪਏ, ਪੰਨੇ : 40
ਸੰਪਰਕ : 99151-82971
ਪੰਜਾਬੀ ਬਾਲ ਸਾਹਿਤ ਵਿਚ ਇਤਿਹਾਸਕ ਨਜ਼ਰੀਏ ਤੋਂ ਕਾਫੀ ਰਚਨਾ ਹੋਈ ਹੈ | ਇਸ ਸੰਦਰਭ ਵਿਚ ਅਵਤਾਰ ਸਿੰਘ ਸੰਧੂ ਨੇ 'ਲਹੂ ਭਿੱਜੀ ਮਿੱਟੀ' ਨਾਵਲ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਬੁਨਿਆਦੀ ਤੌਰ 'ਤੇ ਜਲਿ੍ਹਆਂ ਵਾਲਾ ਬਾਗ ਦੇ ਸਾਕੇ ਨੂੰ ਆਧਾਰ ਬਣਾਇਆ ਗਿਆ ਹੈ | ਨਾਵਲਕਾਰ ਇਸ ਨਾਵਲ ਦੇ ਆਰੰਭ ਵਿਚ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ, ਉਸ ਦੀ ਭੈਣ ਅਮਰੋ ਅਤੇ ਗੁਆਂਢਣ ਦੀ ਵਾਰਤਾਲਾਪ ਹੈ | ਅੰਮਿ੍ਤਸਰ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਪਹਿਲੇ ਕਾਂਡ ਦੀ ਸ਼ੁਰੂਆਤ ਕਰਦਾ ਹੈ | ਪਿਛਲਝਾਤ ਵਿਧੀ ਨਾਲ ਸਿਰਜੇ ਇਸ ਇਤਿਹਾਸਕ ਨਾਵਲ ਵਿਚ ਜਲਿ੍ਹਆਂ ਵਾਲੇ ਬਾਗ ਦੇ ਗੋਲੀ ਕਾਂਡ, ਬਾਲ ਭਗਤ ਸਿੰਘ ਦੀ ਇਸ ਘਟਨਾ ਬਾਰੇ ਪ੍ਰਤੀਕਿਰਿਆ, ਉਸ ਦਾ ਘਰਦਿਆਂ ਤੋਂ ਆਗਿਆ ਲੈ ਕੇ ਅੰਮਿ੍ਤਸਰ ਰਵਾਨਾ ਹੋਣਾ, ਜਲਿ੍ਹਆਂ ਵਾਲਾ ਬਾਗ ਪੁੱਜ ਕੇ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਮਿੱਟੀ ਨੂੰ ਨਾਲ ਲਿਆਂਦੀ ਸ਼ੀਸ਼ੀ ਵਿਚ ਪਾਉਣਾ ਅਤੇ ਉਸ ਲਹੂ ਭਿੱਜੀ ਮਿੱਟੀ ਨੂੰ ਤੱਕ-ਤੱਕ ਕੇ ਅੰਗਰੇਜ਼ ਹਕੂਮਤ ਤੋਂ ਬਦਲਾ ਲੈਣ ਦੀ ਭਾਵਨਾ ਦਾ ਪੈਦਾ ਹੋਣਾ ਆਦਿ ਘਟਨਾਵਾਂ ਇਸ ਨਾਵਲ ਦੇ ਇਕ ਮਿਆਰੀ ਰਚਨਾ ਹੋਣ ਦੀ ਸ਼ਾਹਦੀ ਭਰਦੇ ਹਨ | ਇਸ ਬਾਲ ਨਾਵਲ ਵਿਚ ਬਾਲ ਭਗਤ ਸਿੰਘ ਇਕ ਅਜਿਹੇ ਜਾਂਬਾਜ਼ ਨਾਇਕ ਵਜੋਂ ਉੱਭਰਦਾ ਹੈ, ਜੋ ਆਪਣੇ ਦੇਸ਼ ਲਈ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾ ਦਿੰਦਾ ਹੈ ਅਤੇ ਕੁਰਬਾਨੀ ਦੀ ਬੇਮਿਸਾਲ ਉਦਾਹਰਨ ਬਣਦਾ ਹੈ | ਇਹ ਬਾਲ ਨਾਵਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਦਿ੍ੜ੍ਹ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਇਹ ਸੁਨੇਹਾ ਵੀ ਦਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਜ਼ੁਲਮ ਅਤੇ ਜਬਰ ਨਾਲ ਟੱਕਰ ਲੈਣ ਲਈ ਤਤਪਰ ਰਹਿਣਾ ਚਾਹੀਦਾ ਹੈ | ਪਾਤਰਾਂ ਦੇ ਸੰਵਾਦ ਸੰਖੇਪ ਅਤੇ ਦਿਲਚਸਪ ਹਨ | ਕੁੱਲ ਮਿਲਾ ਕੇ ਇਹ ਪੁਸਤਕ ਇਤਿਹਾਸਕ ਬਾਲ ਨਾਵਲ ਦੀ ਪਰੰਪਰਾ ਨੂੰ ਅੱਗੇ ਤੋਰਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:),
ਮੋਬਾ: 98144-23703

ਨਿੱਕੇ ਬੱਚੇ ਆਏ ਪ੍ਰਾਹੁਣੇ

ਮਾਸੀ ਆਖੇ ਬੱਚਿਆਂ ਆਉਣਾ,
ਚਿੱਟੀ ਹਫ਼ਤਾ ਇਕ ਬਿਤਾਉਣਾ |
ਬੱਚੇ ਹੁੰਦੇ ਰੱਬ ਦੀ ਦਾਤ,
ਸਾਰੇ ਬੱਚੇ ਬੜੀ ਸੌਗਾਤ |
ਜਦੋਂ ਤਿਆਰੀ ਲੱਗੀ ਹੋਣ,
ਆਉਣ ਲੱਗ ਪਏ ਟੈਲੀਫੋਨ |
ਸਾਰੇ ਆ ਗਏ ਘੱਤ ਵਹੀਰਾਂ,
ਭੋਲੀ, ਰੀਮਾ, ਦੀਪੂ, ਬੀਰ੍ਹਾਂ |
ਆਉਂਦਿਆਂ ਠੰਢੇ ਅਸੀਂ ਮੰਗਾਏ,
ਭੁਜੀਆ ਬਿਸਕੁਟ ਨਾਲ ਖੁਆਏ |
ਮਮਤਾ ਕਹਿੰਦੀ ਚਾਹ ਬਣਾ ਲਓ,
ਵੇਸਣ, ਬਰਫ਼ੀ ਨਾਲ ਮੰਗਾ ਲਓ |
ਰੋਟੀ, ਸਬਜ਼ੀ, ਦਾਲ ਬਣਾਈ,
ਖਾਂਦੇ ਪਾਉਂਦੇ ਹਾਲ ਦੁਹਾਈ |
ਬੱਚਿਆਂ ਘਰ ਦੀਆਂ ਜੜ੍ਹਾਂ ਹਿਲਾਈਆਂ,
ਚੀਜ਼ਾਂ ਕਿਤੇ ਸੀ, ਕਿਤੇ ਪੁਚਾਈਆਂ |
ਘਰ ਦਾ ਸਭ ਕੁਝ ਭੰਨੀਂ ਜਾਂਦੇ,
ਰੱਸੀਆਂ ਦੇ ਨਾਲ ਬੰਨ੍ਹੀਂ ਜਾਂਦੇ |
ਨਿੱਕੇ ਪ੍ਰਾਹੁਣਿਆਂ ਰੌਣਕ ਲਾਈ,
ਸਾਡੀ ਸਭ ਦੀ ਸੁਰਤ ਭੁਲਾਈ |
ਕੋਈ ਚੀਜ਼ ਨਾ ਰਹੀ ਟਿਕਾਣੇ,
ਖਿਲਾਰਾ ਪਾ ਗਏ ਸਾਡੇ ਭਾਣੇ |
ਹਫ਼ਤਾ ਰਹਿ ਉਦਾਸੀ ਪਾ ਗਏ,
ਛੱੁਟੀਆਂ ਵਿਚ ਪ੍ਰਾਹੁਣੇ ਆ ਗਏ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਬਾਲ ਕਵਿਤਾ: ਆਪਣਾ ਦੇਸ਼ ਸਭ ਤੋਂ ਪਿਆਰਾ

ਬਾਹਰ ਜਾਣ ਦਾ ਭੂਤ ਸਿਰਾਂ ਤੋਂ ਬੱਚਿਓ ਤੁਸੀਂ ਉਤਾਰੋ,
ਪੜ੍ਹ-ਲਿਖ ਕੇ ਕਰੋ ਤਰੱਕੀ ਦੇਸ਼ ਦਾ ਕੁਝ ਸਵਾਰੋ |
ਦੇਸ਼ ਆਪਣੇ ਵਰਗੀਆਂ ਮੌਜਾਂ ਹੋਰ ਕਿਤੇ ਨਾ ਮਿਲਣ,
ਦੂਜੇ ਮੁਲਕ ਗੁਲਾਮੀ ਕਰਕੇ ਨਾ ਅਣਖ ਆਪਣੀ ਮਾਰੋ |
ਨਾ ਹੀ ਉਥੇ ਬਾਪੂ ਮਿਲਣਾ, ਨਾ ਹੀ ਮਾਂ ਦਾ ਪਿਆਰ,
ਬੱੁਢਿਆਂ ਮਾਪਿਆਂ ਨੂੰ ਨਾ ਜਾ ਕੇ ਦਿਲੋਂ ਕਦੇ ਵਿਸਾਰੋ |
ਆਪਣੇ ਦੇਸ਼ 'ਚ ਕੀ ਨਹੀਂ ਹੈਗਾ, ਮਿੱਟੀ ਉਗਲੇ ਸੋਨਾ,
ਕਰੋ ਮਿਹਨਤਾਂ ਲਵੋ ਨਜ਼ਾਰੇ, ਸੋਹਣਾ ਜੀਵਨ ਗੁਜ਼ਾਰੋ |
ਬਾਹਰ ਜਾ ਕੇ ਕਈ ਭੱੁਲ ਜਾਂਦੇ ਨੇ, ਦੇਸ਼ ਆਪਣੇ ਦਾ ਪਿਆਰ,
ਡਾਲਰ, ਪੌਾਡ ਦੀ ਦੌੜ ਵਿਚ ਨਾ ਬਲੀ ਰਿਸ਼ਤਿਆਂ ਦੀ ਚਾੜ੍ਹੋ |
ਜਿਥੇ ਜੰਮੇ, ਪਲੇ ਆਪਾਂ ਹਾਂ, ਉਸ ਨੂੰ ਬੁਰਾ ਨਾ ਆਖੋ,
ਦੇਸ਼ ਆਪਣਾ ਹੈ ਸੂਰਬੀਰਾਂ ਦਾ, ਇਤਿਹਾਸ 'ਤੇ ਨਜ਼ਰ ਮਾਰੋ |
ਭਗਤ ਸਿੰਘ, ਸੁਖਦੇਵ, ਸਰਾਭੇ, ਹੱਸ ਕੇ ਫਾਂਸੀਆਂ ਚੁੰਮੀਆਂ,
ਸਕਾਰ ਕਰੋ ਸੁਪਨੇ ਉਨ੍ਹਾਂ ਦੇ, ਫੱੁਲ ਉਨ੍ਹਾਂ 'ਤੇ ਚਾੜ੍ਹੋ |
ਆਪਣਾ ਘਰ ਤਾਂ ਆਪਣਾ ਹੁੰਦਾ, ਬੇਸ਼ੱਕ ਹੋਵੇ ਕੱਚਾ,
'ਬਸਰੇ' ਦੇਖ ਕੇ ਦੂਜਿਆਂ ਦੇ ਨਾ, ਆਪਣਾ ਘਰ ਉਜਾੜੋ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) |
ਮੋਬਾ: 97790-43348

ਹੇਠਾਂ ਦੇਖੋ ਬੱੁਝੋ ਬਾਤ

1. ਬਾਪੂ ਦੇ ਕੰਨ 'ਚ ਮਾਂ ਵੜਗੀ |
2. ਚਾਚੇ ਆਖੇ ਲਗਦੇ ਨੀਂ,
ਮਾਮੇ ਆਖੇ ਲਗਦੇ |
3. ਚਲਦੀ ਹੈ ਪਰ ਖੜ੍ਹੀ ਹੈ |
4. ਛਪੜੀ ਸੱੁਕ ਗਈ, ਟੀਟੋ ਮਰ ਗਈ |
5. ਵੱਡੀ ਨੂੰ ਹ ਨੇ ਅੱਡ ਕੀਤੇ,
ਛੋਟੀ ਨੂੰ ਹ ਨੇ 'ਕੱਠੇ ਕੀਤੇ |
6. ਬਾਹਰੋਂ ਆਇਆ ਇਕ ਸਿਪਾਹੀ,
ਖਿੱਚ-ਖਿੱਚ ਕੇ ਵਰਦੀ ਲਾਹੀ |
7. ਨੱਕ 'ਤੇ ਬੈਠੀ ਕੰਨ ਫੜੇ |

-ਜੋਧ ਸਿੰਘ ਮੋਗਾ,
210, ਜਮੀਅਤ ਸਿੰਘ ਰੋਡ, ਮੋਗਾ |
ਮੋਬਾ: 62802-58057

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX