ਤਾਜਾ ਖ਼ਬਰਾਂ


ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  3 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  13 minutes ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  30 minutes ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  51 minutes ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 1 hour ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 1 hour ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 1 hour ago
ਗੁਹਾਟੀ, 20 ਜੁਲਾਈ- ਅਸਮ ਵਿੱਚ ਹੜ੍ਹ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਆਸਾਮ ਵਿੱਚ ਹੜ੍ਹ ਕਾਰਨ 1.79 ਲੱਖ ਹੈਕਟੇਅਰ ਫ਼ਸਲ ਤਬਾਹ ਹੋ ਚੁੱਕੀ ਹੈ। ਬਾਰਪੋਟਾ ਜ਼ਿਲ੍ਹੇ ਵਿੱਚ 6000 ਤੋਂ ...
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 minute ago
ਇਸਲਾਮਾਬਾਦ, 20 ਜੁਲਾਈ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੀ ਬਹੁ-ਚਰਚਿਤ ਅਮਰੀਕੀ ਯਾਤਰਾ 'ਤੇ ਅੱਜ ਰਵਾਨਾ ਹੋ ਗਏ। ਅਗਸਤ 2018 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦਾ ਇਹ ਪਹਿਲਾ ਅਮਰੀਕੀ ਦੌਰਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਡੰਗਰਾਂ ਨੂੰ ਗਰਮੀ ਤੋਂ ਬਚਾਵੋ

ਗਰਮੀ ਹੁਣ ਪੂਰੇ ਜ਼ੋਰ ਨਾਲ ਪੈ ਰਹੀ ਹੈ। ਇਸ ਕਰਕੇ ਜਿਥੇ ਫ਼ਸਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਉਥੇ ਡੰਗਰਾਂ ਨੂੰ ਵੀ ਗਰਮੀ ਤੋਂ ਬਚਾਉਣਾ ਚਾਹੀਦਾ ਹੈ। ਦੋਗਲੀਆਂ ਗਊਆਂ ਤਾਂ ਮੱਝਾਂ ਨਾਲੋਂ ਵੀ ਵੱਧ ਗਰਮੀ ਮੰਨਦੀਆਂ ਹਨ, ਜੇਕਰ ਇਨ੍ਹਾਂ ਨੂੰ ਗਰਮੀ ਤੋਂ ਨਾ ਬਚਾਇਆ ਜਾਵੇ ਤਾਂ ਕੇਵਲ ਦੁੱਧ ਹੀ ਨਹੀਂ ਘਟ ਜਾਂਦਾ ਸਗੋਂ ਇਹ ਬਿਮਾਰ ਵੀ ਹੋ ਜਾਂਦੀਆਂ ਹਨ। ਡੰਗਰਾਂ ਦਾ ਧਿਆਨ ਇਨਸਾਨਾਂ ਤੋਂ ਵੀ ਵੱਧ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਬੋਲ ਕੇ ਆਪਣਾ ਦੁੱਖ ਜ਼ਾਹਿਰ ਨਹੀਂ ਕਰ ਸਕਦੇ। ਉਨ੍ਹਾਂ ਨੂੰ ਜਿਸ ਖੂੰਡੇ ਨਾਲ ਬੰਨ੍ਹ ਦਿੱਤਾ ਉਨ੍ਹਾਂ ਨੇ ਤਾਂ ਉਥੇ ਹੀ ਖੜ੍ਹੇ ਰਹਿਣਾ ਹੈ। ਡੰਗਰਾਂ ਨੂੰ ਤਾਂ ਬੱਚਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ। ਸਵੇਰੇ ਸ਼ਾਮ ਇਨਾਂ ਨਾਲ ਗੱਲਾਂ ਕਰੋ, ਪਿਆਰ ਕਰੋ ਤੇ ਪਲੋਸੋ, ਇਨ੍ਹਾਂ ਦੇ ਚਿਹਰੇ ਉਤੇ ਖ਼ੁਸ਼ੀ ਨਜ਼ਰ ਆਵੇਗੀ।
1. ਧੁੱਪ ਦੇ ਹੁੰਦਿਆਂ ਹੀ ਡੰਗਰਾਂ ਨੂੰ ਸੰਘਣੀ ਛਾਂ ਵਾਲੇ ਰੁੱਖ ਹੇਠ ਬੰਨ੍ਹਿਆ ਜਾਵੇ। ਜੇਕਰ ਅਜਿਹਾ ਨਹੀਂ ਹੋ ਸਕਦਾ ਤਾਂ ਹਵਾਦਾਰ ਸ਼ੈੱਡ ਵਿਚ ਰੱਖਿਆ ਜਾਵੇ। ਸ਼ੈੱਡ ਵਿਚ ਪੱਖੇ ਲਗਾਏ ਜਾਣ, ਜੇ ਹੋ ਸਕੇ ਤਾਂ ਕੂਲਰ ਵੀ ਲਗਾਏ ਜਾਣ। ਸ਼ੈਡ ਦੇ ਚੌਗਿਰਦੇ ਖੱਸ ਦੀਆਂ ਸਫ਼ਾਂ ਨੂੰ ਗਿੱਲਾ ਕਰ ਕੇ ਟੰਗਿਆ ਜਾਵੇ ।
2. ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਡੰਗਰਾਂ ਨੂੰ ਤਾਜ਼ਾ ਪਾਣੀ ਪਿਲਾਇਆ ਜਾਵੇ। ਪਾਣੀ ਸਾਫ਼ ਸੁਥਰਾ ਤੇ ਟਿਊਬਵੈਲ ਦਾ ਤਾਜ਼ਾ ਹੋਣਾ ਚਾਹੀਦਾ ਹੈ।
3. ਇਸ ਮਹੀਨੇ ਪਸ਼ੂਆਂ ਨੂੰ ਦਿਨ ਵਿਚ ਦੋ ਵਾਰ ਨੁਹਾਇਆ ਜਾਵੇ। ਕਈ ਪਸ਼ੂ ਪਾਲਕਾਂ ਨੇ ਫ਼ੁਆਰੇ ਲਗਾਏ ਹੋਏ ਹਨ, ਜਿਨ੍ਹਾਂ ਨਾਲ ਡੰਗਰਾਂ ਨੂੰ ਨੁਹਾਇਆ ਜਾਂਦਾ ਹੈ। ਦੋਗਲੀਆਂ ਗਊਆਂ ਲਈ ਤਾਂ ਇਹ ਬਹੁਤ ਜ਼ਰੂਰੀ ਹੈ ।
ਗਰਮੀਆਂ ਵਿਚ ਆਮ ਕਰਕੇ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਗਰਮੀ ਦੇ ਨਾਲੋ-ਨਾਲ ਹਰੇ ਚਾਰੇ ਦੀ ਘਾਟ ਵੀ ਇਸ ਦਾ ਕਾਰਨ ਬਣਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਪਸ਼ੂ ਨੂੰ ਰੋਜ਼ਾਨਾ 40 ਕਿਲੋ ਹਰਾ ਚਾਰਾ ਚਾਹੀਦਾ ਹੈ। ਪੰਜਾਬ ਵਿਚ ਲਗਭਗ ਸਾਰੀ ਧਰਤੀ ਹੀ ਸੇਂਜੂ ਹੈ। ਇਸ ਕਰਕੇ ਇੱਥੇ ਸਾਰਾ ਸਾਲ ਹਰਾ ਚਾਰਾ ਪੈਦਾ ਕੀਤਾ ਜਾ ਸਕਦਾ ਹੈ। ਸਾਨੂੰ ਇਹ ਪ੍ਰਪੱਕ ਕਰ ਲੈਣਾ ਚਾਹੀਦਾ ਹੈ ਕਿ ਚਾਰੇ ਦੀ ਬਿਜਾਈ ਦੀ ਅਜਿਹੀ ਸਕੀਮ ਬਣਾਈ ਜਾਵੇ ਤਾਂ ਜੋ ਲੋੜ ਅਨੁਸਾਰ ਹਰਾ ਚਾਰਾ ਮਿਲਦਾ ਰਹੇ। ਗਰਮੀਆਂ ਵਿਚ ਮੱਕੀ, ਬਾਜਰਾ ਤੇ ਚਰ੍ਹੀ ਮੁੱਖ ਚਾਰੇ ਹਨ, ਜੇਕਰ ਇਨ੍ਹਾਂ ਵਿਚ ਰਵਾਂਹ ਰਲਾ ਕੇ ਬੀਜ ਦਿੱਤੇ ਜਾਣ ਤਾਂ ਚਾਰਾ ਹੋਰ ਵੀ ਪੌਸ਼ਟਿਕ ਹੋ ਜਾਂਦਾ ਹੈ। ਰਵਾਂਹ ਉਂਝ ਵੀ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ। ਇਸ ਦੇ ਨਾਲ ਹੀ ਪਸ਼ੂ ਨੂੰ ਲੋੜੀਂਦੀ ਖੁਰਾਕ ਵੀ ਚਾਹੀਦੀ ਹੈ। ਇਸ ਵਿਚ ਮਿਨਰਲ ਮਿਕਸਚਰ ਅਤੇ ਆਉਡਾਈਜ਼ ਲੂਣ ਵੀ ਹੋਣਾ ਚਾਹੀਦਾ ਹੈ। ਪਸ਼ੂ ਖੁਰਾਕ ਜਿਸ ਨੂੰ ਵੰਡਾ ਵੀ ਆਖਿਆ ਜਾਂਦਾ ਹੈ, ਰੋਜ਼ਾਨਾ ਤਿੰਨ ਕੁ ਕਿਲੋ ਜ਼ਰੂਰ ਪਾਉਣੀ ਚਾਹੀਦੀ ਹੈ। ਕਿਸਾਨਾਂ ਲਈ ਆਪ ਸੰਤੁਲਿਤ ਫੀਡ ਬਣਾਉਣਾ ਔਖਾ ਹੈ। ਸਾਰੇ ਤੱਤਾਂ ਨੂੰ ਇਕੱਠਾ ਕਰਨਾ ਤੇ ਸਹੀ ਮਾਤਰਾ ਵਿਚ ਰਲਾਉਣਾ ਕਠਿਨ ਹੋ ਜਾਂਦਾ ਹੈ। ਚੰਗੀਆਂ ਕੰਪਨੀਆਂ ਵੱਲੋਂ ਬਣਾਈ ਜਾ ਰਹੀ ਸੰਪੂਰਨ ਪਸ਼ੂ ਖੁਰਾਕ ਵਰਤੀ ਜਾਵੇ। ਇਹ ਆਮ ਆਖਿਆ ਜਾਂਦਾ ਹੈ ਪੌਸ਼ਟਿਕ ਆਹਾਰ-ਬਿਹਤਰ ਆਹਾਰ ਹੈ। ਜੇਕਰ ਖ਼ੁਰਾਕ ਵਧੀਆ ਹੋਵੇ ਤਾਂ ਡੰਗਰ ਸਿਹਤਮੰਦ ਰਹਿੰਦੇ ਹਨ, ਦੁੱਧ ਅਤੇ ਚਿਕਨਾਈ ਵਿਚ ਵਾਧਾ ਹੁੰਦਾ ਹੈ। ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਨੂੰ ਵਧੀਆ ਮੰਨਿਆ ਜਾਂਦਾ ਹੈ।
ਮਹਿਰਾਂ ਦਾ ਮੰਨਣਾ ਹੈ ਕਿ ਸੋਇਆਬੀਨ ਦੀ ਕਾਸ਼ਤ ਪੰਜਾਬ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਕਾਸ਼ਤ ਲਈ ਹੁਣ ਢੁੱਕਵਾਂ ਸਮਾਂ ਹੈ। ਐੱਸ.ਐੱਲ. 958, ਐੱਸ.ਐੱਲ. 744 ਅਤੇ ਐੱਸ.ਐੱਲ. 525 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ ਇਕ ਏਕੜ ਲਈ 30 ਕਿਲੋ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਬਰੈਡੀਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲਵੋ। ਸੋਇਆਬੀਨ ਦੀ ਖੇਤੀ ਮੱਕੀ ਵਿਚ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਲਾਈਨਾਂ ਵਿਚਕਾਰ ਇਕ ਲਾਈਨ ਸੋਇਆਬੀਨ ਦੀ ਬੀਜੀ ਜਾ ਸਕਦੀ ਹੈ।


ਖ਼ਬਰ ਸ਼ੇਅਰ ਕਰੋ

ਝੋਨੇ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ

ਲੇਜ਼ਰ ਕਰਾਹੇ ਦੀ ਵਰਤੋਂ ਅਤੇ ਖੇਤ ਦੀ ਤਿਆਰੀ: ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫ਼ਸਲ ਦਾ ਵਧੀਆ ਪੁੰਗਾਰ ਮਿਲਦਾ ਹੈ। ਖੇਤ ਨੂੰ ਤਿਆਰ ਕਰਨ ਲਈ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰੀ ਹੱਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ ਲਗਾਉ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਉ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨ ਨਾਲ ਪਾਣੀ ਦੀ 25-30 ਫ਼ੀਸਦੀ ਬੱਚਤ ਹੁੰਦੀ ਹੈ। ਝੋਨੇ ਦੇ ਝਾੜ ਵਿਚ 5-10 ਫ਼ੀਸਦੀ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ। ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਬਹੁਤ ਹੀ ਬਾਰੀਕੀ ਅਤੇ ਵਧੀਆ ਢੰਗ ਨਾਲ ਪੱਧਰਾ ਕਰ ਲਵੋ ਤਾਂ ਕਿ ਖੇਤ ਵਿਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਸਾਰੇ ਖਾਲਿਆਂ ਅਤੇ ਕਿਆਰਿਆਂ ਦੀਆਂ ਵੱਟਾਂ ਠੀਕ ਕਰ ਲਉ। ਖੇਤ ਵਿਚ ਕੱਦੂ ਠੀਕ ਢੰਗ ਨਾਲ ਭਾਵ ਪੱਧਰਾ ਕਰੋ, ਇਸ ਤਰ੍ਹਾਂ ਕਰਨ ਨਾਲ ਤਾਂ ਕਿ ਛੋਟੇ ਪੌਦੇ ਚੰਗੀ ਤਰ੍ਹਾਂ ਉੱਗਣਗੇ ਅਤੇ ਨਦੀਨਾਂ ਦੀ ਵੀ ਉੱਚਿਤ ਰੋਕਥਾਮ ਹੋਵੇਗੀ। ਚੰਗੀ ਤਰ੍ਹਾਂ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ ਕਿਉਂਕਿ ਪਾਣੀ ਜ਼ਮੀਨ ਵਿਚ ਘੱਟ ਰਿਸੇਗਾ।
ਘੱਟ ਸਮਾਂ ਲੈਣ ਵਾਲੀਆ ਉੱਨਤ ਕਿਸਮਾਂ : ਪੀ.ਏ.ਯੂ. ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ. ਆਰ. 121, ਪੀ. ਆਰ. 122, ਪੀ. ਆਰ. 124, ਪੀ. ਆਰ. 126 ਅਤੇ ਪੀ. ਆਰ. 127 ਵਿਕਸਿਤ ਕੀਤੀਆਂ ਹਨ। ਇਹ ਮੌਜੂਦਾ ਹਾਲਾਤ ਵਿਚ ਖੇਤੀ ਲਈ ਬੇਹੱਦ ਢੁਕਵੀਆਂ ਹਨ। ਇਹ ਘੱਟ ਸਮੇਂ ਵਿਚ ਅਤੇ ਘੱਟ ਪਾਣੀ ਦੀ ਖਪਤ ਨਾਲ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਹਨ। ਘੱਟ ਸਮੇਂ ਵਾਲੀਆਂ (120 ਦਿਨਾਂ) ਕਿਸਮਾਂ ਨੂੰ ਆਮ ਪੈਦਾਵਾਰ ਲਈ 100-120 ਸੈਂਟੀਮੀਟਰ ਪਾਣੀ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਪੀ. ਆਰ. 126 ਵਿਸ਼ੇਸ਼ ਤੌਰ 'ਤੇ ਉੱਭਰਵੇਂ ਗੁਣਾਂ ਕਰਕੇ ਪ੍ਰਚਲਿਤ ਹੈ ਜੋ ਘੱਟ ਸਮੇਂ ਵਿਚ (ਪਨੀਰੀ ਦੀ ਲਵਾਈ ਤੋਂ 93 ਦਿਨ ਦੇ ਅੰਦਰ) ਪੱਕਦੀ ਹੈ ਅਤੇ ਝਾੜ ਦੇ ਮਾਮਲੇ ਵਿਚ ਵਧੇਰੇ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਵੀ ਵਧੀਆ ਸਾਬਤ ਹੋਈ ਹੈ। ਘੱਟ ਸਮਾਂ ਲੈਣ ਕਰਕੇ ਇਹ ਕਿਸਮ ਹਨੇਰੀ, ਝੱਖੜ, ਸੋਕਾ, ਭਾਰੀ ਬਾਰਿਸ਼ਾਂ ਆਦਿ ਦੇ ਪ੍ਰਭਾਵ ਅਤੇ ਕੀੜੇ-ਮਕੌੜੇ ਬਿਮਾਰੀਆਂ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸ ਕਰਕੇ ਇਸ ਦੀ ਕਾਸ਼ਤ ਉੱਪਰ ਖਰਚੇ ਵੀ ਘੱਟ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਅਤੇ ਸੁਚੱਜੀ ਹੋ ਜਾਂਦੀ ਹੈ। ਘੱਟ ਸਮੇਂ ਵਿਚ ਪੱਕਣ ਕਰਕੇ ਫ਼ਸਲੀ ਚੱਕਰ ਵਿਚ ਤੀਜੀ ਫ਼ਸਲ ਵੀ ਬੀਜੀ ਜਾ ਸਕਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ਵਿਚ ਵਾਧਾ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰਕੇ ਪਹਿਲੇ ਸਾਲ ਹੀ ਇਸ ਕਿਸਮ ਦੀ 14 ਫ਼ੀਸਦੀ ਰਕਬੇ ਵਿਚ ਕਾਸ਼ਤ ਕੀਤੀ ਗਈ।
ਪਨੀਰੀ ਪੁੱਟ ਕੇ ਲਾਉਣ ਦਾ ਸਮਾਂ : ਝੋਨਾ ਜੂਨ ਦੇ ਸ਼ੁਰੂ ਵਿਚ ਲਗਾਉਣ ਨਾਲ ਜ਼ਿਆਦਾ ਗਰਮੀ ਹੋਣ ਕਰਕੇ ਅਤੇ ਹਵਾ ਵਿਚ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜੇਕਰ ਝੋਨਾ 13 ਜੂਨ ਤੋਂ ਬਾਅਦ ਲਗਾਇਆ ਜਾਵੇ ਤਾਂ ਇਸ ਮਹੀਨੇ ਦੇ ਅਖੀਰ ਵਿਚ ਬਰਸਾਤ ਸ਼ੁਰੂ ਹੋਣ ਨਾਲ ਹਵਾ ਵਿਚ ਨਮੀਂ ਵੱਧਣ ਕਰਕੇ, ਪਾਣੀ ਦਾ ਵਾਸ਼ਪੀਕਰਨ ਘੱਟਦਾ ਹੈ, ਜਿਸ ਨਾਲ ਪਾਣੀ ਦੀ ਖਪਤ ਘੱਟ ਜਾਂਦੀ ਹੈ।
ਸਿੰਚਾਈ ਪ੍ਰਬੰਧਨ : ਝੋਨੇ ਦੀ ਲੁਆਈ ਤੋਂ ਪਹਿਲੇ ਦੋ ਹਫਤੇ ਤੱਕ ਖੇਤ ਵਿਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਾਣੀ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਵਕਫ਼ੇ 'ਤੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘਟਦਾ ਹੈ। ਨਿਰੰਤਰ ਪਾਣੀ ਖੜ੍ਹਾ ਕਰਕੇ ਰੱਖਣ ਦੇ ਮੁਕਾਬਲੇ, ਪਾਣੀ ਦਾ ਪੱਧਰ 5 ਤੋਂ 8 ਸੈਂਟੀਮੀਟਰ ਰੱਖਣ ਨਾਲ 50 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਝੋਨੇ ਦੇ ਝਾੜ ਵਿਚ ਵੀ ਕੋਈ ਗਿਰਾਵਟ ਨਹੀਂ ਆਉਂਦੀ ਹੈ।


-ਮੋਬਾਈਲ : 91-94654-20097
balwinderdhillon.pau@gmail.com

ਝੋਨੇ ਅਤੇ ਬਾਸਮਤੀ ਵਿਚ ਨਦੀਨਾਂ ਦੀ ਰੋਕਥਾਮ

ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਵਿਚੋਂ ਇਕ ਹੈ। ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦਾ ਹਮਲਾ ਇਸ ਦੇ ਝਾੜ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਕੱਲੇ ਜੇ ਨਦੀਨਾਂ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਫ਼ਸਲ ਦਾ ਝਾੜ 30-50 ਪ੍ਰਤੀਸ਼ਤ ਤੱਕ ਘਟ ਜਾਂਦਾ ਹੈ। ਝਾੜ ਦਾ ਘਾਟਾ ਨਦੀਨਾਂ ਦੀ ਕਿਸਮ ਅਤੇ ਘਣਤਾ ਉੱਪਰ ਨਿਰਭਰ ਕਰਦਾ ਹੈ। ਨਦੀਨ ਸਿਰਫ ਫ਼ਸਲ ਦਾ ਝਾੜ ਹੀ ਨਹੀਂ ਘਟਾਉਂਦੇ ਬਲਕਿ ਫ਼ਸਲ ਦੀ ਗੁਣਵੱਤਾ ਨੂੰ ਵੀ ਘੱਟ ਕਰਦੇ ਹਨ। ਇਹ ਨਦੀਨ ਕੀੜੇ-ਮਕੌੜੇ ਅਤੇ ਬੀਮਾਰੀਆਂ ਨੂੰ ਵੀ ਸ਼ਰਨ ਦਿੰਦੇ ਹਨ। ਫ਼ਸਲ ਨਾਲੋਂ ਵਧੇਰੇ ਤੇਜ਼ ਵਾਧਾ ਹੋਣ ਕਾਰਨ ਜ਼ਮੀਨ ਵਿਚਲੇ ਖਾਦ ਪਦਾਰਥਾਂ ਨੂੰ ਆਪਣੇ ਲਈ ਵਰਤਦੇ ਹਨ, ਤੇ ਖਾਦ ਪਦਾਰਥਾਂ ਦੀ ਕਮੀ ਕਰਕੇ ਫ਼ਸਲੀ ਬੂਟਿਆਂ ਦੇ ਤਣੇ ਕਮਜ਼ੋਰ ਹੋ ਜਾਂਦੇ ਹਨ ਅਤੇ ਕਮਜੋਰ ਫ਼ਸਲ ਜਲਦੀ ਡਿੱਗ ਜਾਂਦੀ ਹੈ। ਇਸ ਤਰ੍ਹਾਂ ਨਦੀਨ ਸਿੱਧੇ ਅਤੇ ਅਸਿੱਧੇ ਤੌਰ ਤੇ ਫ਼ਸਲ ਦਾ ਨੁਕਸਾਨ ਕਰਦੇ ਹਨ।
ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਜਿਵੇਂ ਕਿ ਘਾਹ ਵਰਗੇ ਸਵਾਂਕ, ਸਵਾਂਕੀ, ਕਣਕੀ, ਨੜੀ; ਚੌੜੀ ਪੱਤੀ ਵਾਲਿਆਂ ਵਿਚ ਘਰਿੱਲਾ, ਸਣੀ, ਮਿਰਚ ਬੂਟੀ; ਮੌਥੇ ਵਰਗੇ ਛਤਰੀ ਵਾਲਾ ਮੋਥਾ, ਗੰਢਾਂ ਵਾਲ ਮੋਥਾ ਅਤੇ ਘੂੰਈ ਪ੍ਰਮੁੱਖ ਹਨ। ਇਨ੍ਹਾਂ ਨਦੀਨਾਂ ਦੀ ਰੋਕਥਾਮ ਹੇਠਾਂ ਦਿੱਤੇ ਗਏ ਢੰਗ ਵਰਤ ਕੇ ਕੀਤੀ ਜਾ ਸਕਦੀ ਹੈ।
ਸਿੱਧੀ ਬੀਜੀ ਝੋਨੇ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ: ਸਿੱਧੀ ਬਿਜਾਈ ਕੀਤੀ ਝੋਨੇ ਦੀ ਫ਼ਸਲ ਵਿਚ ਨਦੀਨਾਂ ਦੀ ਸੱਮਸਿਆ ਵਧੇਰੇ ਹੁੰਦੀ ਹੈ। ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਨਦੀਨਾਂ ਦੀ ਅਸਰਦਾਇਕ ਰੋਕਥਾਮ ਕੀਤੀ ਜਾ ਸਕਦੀ ਹੈ।
ਬਚੇ ਹੋਏ ਨਦੀਨਾਂ ਨੂੰ ਗੋਡੀ ਕਰਕੇ ਜਾਂ ਹੱਥ ਨਾਲ ਖਿੱਚ ਕੇ ਪੁੱਟ ਦਿਉ।
ਝੋਨੇ ਅਤੇ ਬਾਸਮਤੀ ਦੀ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ: ਝੋਨੇ ਅਤੇ ਬਾਸਮਤੀ ਦੀ ਪਨੀਰੀ ਵਿਚ ਸਵਾਂਕ ਅਤੇ ਕਈ ਤਰ੍ਹਾਂ ਦੇ ਮੌਸਮੀ ਘਾਹ ਵੱਡੀ ਸਮੱਸਿਆ ਹੁੰਦੇ ਹਨ। ਝੋਨੇ ਦੀ ਪਨੀਰੀ ਨਦੀਨ ਮੁਕਤ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਝੋਨੇ ਦੀ ਲੁਆਈ ਸਮੇਂ ਕਈ ਵਾਰ ਝੋਨੇ ਦੀ ਸ਼ਕਲ ਨਾਲ ਮਿਲਦੇ-ਜੁਲਦੇ ਨਦੀਨ ਵੀ ਖੇਤ ਵਿਚ ਲੱਗ ਜਾਂਦੇ ਹਨ। ਇਨ੍ਹਾਂ ਦੀ ਰੋਕਥਾਮ ਹੇਠਾਂ ਦਿੱਤੀਆਂ ਗਈਆਂ ਨਦੀਨ-ਨਾਸ਼ਕ ਦਵਾਈਆਂ ਵਰਤ ਕੇ ਕੀਤੀ ਜਾ ਸਕਦੀ ਹੈ।
ਲੁਆਈ ਤੋਂ ਬਾਅਦ ਨਦੀਨਾਂ ਦੀ ਰੋਕਥਾਮ
* ਗੋਡੀ ਕਰਕੇ ਨਦੀਨ ਕੱਢਣਾ: ਪਨੀਰੀ ਲਾਉਣ ਤੋਂ 15 ਅਤੇ 30 ਦਿਨ ਬਾਅਦ ਪੈਡੀ ਵੀਡਰ ਦੀ ਵਰਤੋ ਕਰਕੇ ਨਦੀਨਾਂ ਨੂੰ ਕਾਬੂ ਕਰ ਸਕਦੇ ਹਾਂ, ਜਿਥੇ ਪੈਡੀ ਵੀਡਰ ਨਾ ਚਲਦਾ ਹੋਵੇ ਉੱਥੇ ਨਦੀਨ ਹੱਥਾਂ ਨਾਲ ਪੁੱਟ ਦਿਓ।
* ਨਦੀਨ ਨਾਸ਼ਕਾਂ ਦੀ ਵਰਤੋਂ ਕਰ ਕੇ: ਨਦੀਨਾਂ ਦੇ ਅਨੁਸਾਰ ਵੱਖ-ਵੱਖ ਸਮੇਂ ਤੇ ਨਦੀਨ ਨਾਸ਼ਕ ਦਾ ਛਿੜਕਾਅ ਕਰਨ ਨਾਲ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
rਝੋਨੇ ਦੀ ਲੁਆਈ ਤੋਂ 10-12 ਦਿਨਾਂ ਅੰਦਰ ਨਦੀਨ ਨਾਸ਼ਕਾਂ ਦੀ ਵਰਤੋਂ : ਨਦੀਨ ਨਾਸ਼ਕ ਗਰੈਨਿਟ 240 ਐਸ ਸੀ (ਪਿਨੌਕਸੁਲਮ) 40 ਮਿਲੀਲਿਟਰ ਪ੍ਰਤੀ ਏਕੜ ਨੂੂੰ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਜੋ ਜਾਂਦੀ ਹੈ। ਜਿਨ੍ਹਾਂ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਹੋਵੇ ਉਥੇ ਇਸ ਨਦੀਨ ਨਾਸ਼ਕ ਦੀ ਵਰਤੋਂ ਬਹੁਤ ਅਸਰਦਾਇਕ ਹੈ। ਛਿੜਕਾਅ ਤੋਂ ਪਹਿਲਾਂ ਖੇਤ ਵਿਚ ਖੜ੍ਹੇ ਪਾਣੀ ਨੂੰ ਕੱਢ ਦਿਉ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਓ।
rਝੋਨੇ ਦੀ ਲੁਆਈ ਤੋਂ 20-25 ਦਿਨਾਂ ਅੰਦਰ ਨਦੀਨ ਨਾਸ਼ਕਾਂ ਦੀ ਵਰਤੋਂ (ਸਵਾਂਕ ਅਤੇ ਝੋਨੇ ਦੇ ਮੋਥਿਆਂ ਦੀ ਰੋਕਥਾਮ ਲਈ): ਸਵਾਂਕ ਅਤੇ ਝੋਨੇ ਦੇ ਮੋਥਿਆਂ ਦੀ ਰੋਕਥਾਮ ਲਈ 100 ਮਿਲੀਲਿਟਰ ਪ੍ਰਤੀ ਏਕੜ ਨੌਮਿਨੀਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਲੁਆਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿਚ ਲੈਪਟੋਕਲੋਆ (ਚੀਨੀ ਘਾਹ) ਅਤੇ ਕਣਕੀ ਦੀ ਸਮੱਸਿਆ ਹੋਵੇ ਉਥੇ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੌਕਸਾਪ੍ਰੋਪ) ਨੂੰ 150 ਲਿਟਰ ਪਾਣੀ ਵਿਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਪਹਿਲਾਂ ਫ਼ਸਲ ਵਿਚ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।
rਚੌੜੀ ਪੱਤੀ ਵਾਲੇ ਨਦੀਨਾਂ ਅਤੇ ਮੋਥਿਆਂ ਦੀ ਰੋਕਥਾਮ ਲਈ: ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਘੱਰਿਲਾ, ਸਣੀ ਆਦਿ ਦੀ ਰੋਕਥਾਮ ਹੇਠ ਲਿਖੇ ਰਸਾਇਣ ਵਰਤ ਕੇ ਕੀਤੀ ਜਾ ਸਕਦੀ ਹੈ।
ਕੁਝ ਧਿਆਨ ਰੱਖਣ ਯੋਗ ਗੱਲਾਂ
* ਝੋਨੇ ਅਤੇ ਬਾਸਮਤੀ ਦੀ ਹਮੇਸ਼ਾ ਨਦੀਨ ਰਹਿਤ ਅਤੇ ਨਰੋਈ ਪਨੀਰੀ ਵਰਤੋ।
* ਨਦੀਨ ਨਾਸ਼ਕ ਦਵਾਈ ਦੀ ਚੋਣ ਨਦੀਨਾਂ ਦੀ ਕਿਸਮ ਅਨੁਸਾਰ ਹੀ ਕਰੋ।
* ਨਦੀਨ ਨਾਸ਼ਕ ਦੀ ਵਰਤੋਂ ਸਮੇਂ ਦਸਤਾਨੇ, ਗੈਸਮਾਸਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜਾਮਾ/ਪੈਂਟ ਜ਼ਰੂਰ ਪਾਉ।
* ਨਦੀਨ ਨਾਸ਼ਕ ਦਾ ਇਕ ਸਾਰ ਫਾਇਦਾ ਲੈਣ ਲਈ ਕੱਦੂ ਕੀਤਾ ਖੇਤ ਪੱਧਰਾ ਹੋਣਾ ਚਾਹੀਦਾ ਹੈ।
* ਹਰ ਸਾਲ ਨਦੀਨ-ਨਾਸ਼ਕ ਗਰੁੱਪ ਬਦਲ ਕੇ ਛਿੜਕਾਅ ਕਰੋ ਤਾਂ ਜੋ ਨਦੀਨਾਂ ਵਿਚ ਨਦੀਨਨਾਸ਼ਕਾਂ ਦਵਾਈਆ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਰੋਕਿਆ ਜਾ ਸਕੇ।
* ਸਪਰੇਅ ਲਈ ਹਮੇਸ਼ਾ ਸਾਫ਼ ਪਾਣੀ ਹੀ ਵਰਤੋਂ।


-ਮੋਬਾਈਲ : +91-9646220333

ਪੰਜਾਬ ਵਿਚ ਝੋਨੇ ਦੀ ਲਵਾਈ

ਇਸ ਵੇਲੇ ਪੰਜਾਬ ਵਿਚ ਝੋਨੇ ਦੀ ਲਵਾਈ ਜ਼ੋਰਾਂ 'ਤੇ ਹੈ। ਮਜ਼ਦੂਰਾਂ ਦੀ ਪੂਰੀ ਸੇਵਾ ਹੁੰਦੀ ਹੈ। ਦਿਨੇ ਕੰਮ ਕਰਦੇ ਹਨ ਤੇ ਰਾਤ ਨੂੰ ਬੋਰਾਂ 'ਤੇ ਢੋਲਕੀ ਖੜਕਦੀ ਹੈ, ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕੇ ਪੰਜਾਬ ਵਿਚ ਝੋਨੇ ਦੀ ਕਿਹੜੀ ਕਿਸਮ ਲੱਗ ਰਹੀ ਹੈ। ਪੰਜਾਬ ਦੇ ਖੇਤੀ ਅਦਾਰੇ ਕਈ ਸਾਲਾਂ ਤੋਂ ਕਹਿ ਰਹੇ ਹਨ ਕੇ ਕਿਸਾਨਾਂ ਨੂੰ ਪੂਸਾ ਝੋਨਾ ਨਹੀਂ ਲਾਉਣਾ ਚਾਹੀਦਾ, ਇਸ ਦੇ ਕਈ ਨੁਕਸ ਵੀ ਗਿਣਾਉਂਦੇ ਹਨ ਤੇ ਬਦਲਵੀਆਂ ਕਿਸਮਾਂ ਵੀ ਸੁਝਾਉਂਦੇ ਹਨ। ਪਰ ਇਸ ਸਾਰੇ ਪ੍ਰਚਾਰ ਦੇ ਬਾਵਜੂਦ ਕਿਸਾਨ ਪੂਸਾ 44 ਦਾ ਖਹਿੜਾ ਨਹੀਂ ਛੱਡ ਰਹੇ, ਇਸ ਵਾਰ ਇਸ ਦੇ ਬੀਜ ਦੀ ਬਹੁਤ ਮੰਗ ਸੀ, ਦੁਕਾਨਾਂ 'ਤੇ ਪਹਿਲੋਂ ਸਾਈ ਦੇਣੀ ਪੈਂਦੀ ਸੀ। ਇਕ ਅਨੁਮਾਨ ਅਨੁਸਾਰ ਇਸ ਵਾਰ ਤਿੰਨ ਚੌਥਾਈ ਹਿੱਸਾ ਕਾਸ਼ਤ ਪੂਸਾ ਦੀ ਹੀ ਹੋਵੇਗੀ। ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਅਗਿਆਤ ਕਾਰਨ ਹਨ, ਜੋ ਖੇਤੀ ਸੇਵਾਵਾਂ ਵਾਲਿਆਂ ਨੂੰ ਸਮਝ ਨਹੀਂ ਲੱਗੇ? ਜਾਂ ਕਿਉਂ ਕਿਸਾਨ ਪੂਸਾ ਨੂੰ ਹੀ ਪਸੰਦ ਕਰਦਾ ਹੈ? ਧਰਤੀ ਹੇਠਲੇ ਪਾਣੀ ਲਈ ਜੇ ਅਦਾਰੇ ਫਿਕਰਮੰਦ ਹਨ ਤਾਂ, ਉਪਰੋਕਤ ਵਿਸ਼ੇ 'ਤੇ ਖੋਜ ਕਰਨੀ ਪਵੇਗੀ। ਆਮ ਦੇਸੀ ਕਿਸਾਨ ਦੀ ਗੱਲ ਸੁਣਨੀ ਪਵੇਗੀ, ਤਾਂ ਹੀ ਉਹ ਸਾਡੀ ਗੱਲ ਸੁਣਨ ਲਈ ਰਾਜ਼ੀ ਹੋਵੇਗਾ ।

ਮੋਬਾ: 98159-45018

ਵਿਰਾਸਤੀ ਰੁੱਖ 'ਸਰੀਂਹ'

ਪੰਜਾਬ ਦੇ ਜੇ ਤਿੰਨ-ਚਾਰ ਦਹਾਕੇ ਪਿਛਾਂਹ ਦੇਖਿਆ ਜਾਵੇ ਤਾਂ ਅੱਜ ਨਾਲੋਂ ਕਾਫੀ ਹਰਿਆ ਭਰਿਆ ਸੀ ਜਿਉਂ-ਜਿਉਂ ਪੰਜਾਬ ਤਰੱਕੀ ਦੀ ਰਾਹ 'ਤੇ ਵਧਿਆ ਇਸ ਨੇ ਆਪਣਾ ਪਾਣੀ, ਆਪਣੇ ਵਿਰਾਸਤੀ ਰੁੱਖ, ਆਪਣਾ ਹਰਿਆਲੀ ਦਾ ਦੌਰ ਲਗਪਗ ਗਵਾ ਲਿਆ ਹੈ ਜਾਂ ਕਹਿ ਲਾਈਏ ਕਾਰਖਾਨਿਆਂ ਦੀ ਭੇਟ ਚੜ੍ਹ ਗਿਆ ਹੈ, ਤੇ ਜਿਹੜਾ ਬਚਿਆ ਖੁਚਿਆ ਹੈ ਸੜਕਾਂ ਦੇ ਜੰਜਾਲ ਵਿਛਾਉਣ ਦੀ ਭੇਟ ਚੜ੍ਹ ਰਿਹਾ ਹੈ, ਸੜਕਾਂ ਦਾ ਜੰਜਾਲ ਵੀ ਜ਼ਰੂਰੀ ਹੈ ਪਰ ਇਸ ਦੇ ਨਾਲ-ਨਾਲ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣਾ ਜ਼ਰੂਰੀ ਹੈ ਜੋ ਕੇ ਬਿਲਕੁਲ ਘਟਦਾ ਜਾ ਰਿਹਾ ਹੈ ਤੇ ਇਸ ਦੀ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ, ਬੱਸ ਉਹ ਤਰੱਕੀ-ਤਰੱਕੀ ਦੀ ਰਟ ਲਾ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੇ ਚੱਕਰ 'ਚ ਹਨ?
ਆਓ ਆਪਾਂ ਗੱਲ ਕਰਦੇ ਹਾਂ ਅੱਜ ਆਪਣੇ ਵਿਰਾਸਤੀ ਰੁੱਖ ਸਰੀਂਹ ਦੀ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅੱਗੇ ਪਿੰਡਾਂ ਦੀਆਂ ਢੱਕੀਆਂ, ਖੂਹਾਂ ਤੇ ਮੋਟਰਾਂ 'ਤੇ ਆਮ ਦੇਖਣ ਨੂੰ ਮਿਲਦਾ ਸੀ, ਜੋ ਕੇ ਅੱਜਕਲ੍ਹ ਨਹੀਂ ਮਿਲਦਾ। ਇਸ ਰੁੱਖ ਤੋਂ ਨਵੀਂ ਪੀੜ੍ਹੀ ਬਿਲਕੁਲ ਅਣਜਾਣ ਹੈ। ਇਸ ਦਾ ਅੰਗਰੇਜ਼ੀ ਨਾਂਅ ਅਲਬੀਜਿਆ ਹੈ ਇਹ 1772 'ਚ ਇਕ ਇਟੈਲੀਅਨ ਫਿਲਿੱਪੋ ਨੇ ਲੱਭਿਆ ਸੀ , ਇਹ ਤਕਰੀਬਨ 150 ਕਿਸਮਾਂ ਦਾ ਹੁੰਦਾ ਹੈ, ਇਹ ਝਾੜੀਆਂ ਦੇ ਰੂਪ 'ਚ ਵੀ ਮਿਲਦਾ ਹੈ ਤੇ ਰੁੱਖਾਂ ਦੇ ਰੂਪ 'ਚ ਵੀ?
ਇਹ ਏਸ਼ੀਆ, ਅਫਰੀਕਾ, ਅਮਰੀਕਾ ਆਸਟ੍ਰੇਲੀਆ ਆਦਿ ਮੁਲਕਾਂ 'ਚ ਪਾਇਆ ਜਾਂਦਾ ਹੈ, ਇਸ ਦੇ ਵੱਖਰੀ-ਵੱਖਰੀ ਜਗ੍ਹਾ ਵੱਖਰੇ ਰੰਗਾਂ ਦੇ ਫੁੱਲ ਹੁੰਦੇ ਹਨ ਜਿਵੇਂ ਚਿੱਟੇ ਗੁਲਾਨਾਰੀ, ਹਲਕੇ ਪੀਲੇ ਆਦਿ ਅਤੇ ਇਹ ਗਹਿਣਿਆਂ ਵਰਗੇ ਹੁੰਦੇ ਨੇ। ਇਸ ਲਈ ਇਸ ਨੂੰ ਗਹਿਣਿਆਂ ਦਾ ਰੁੱਖ ਵੀ ਕਿਹਾ ਜਾਂਦਾ ਹੈ।
ਇਹ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ, ਜੰਗਲੀ ਸਰੀਂਹ ਦੇ ਪੱਤਿਆਂ ਦਾ ਰਸ ਬਣਾ ਕੇ ਜੇ ਕਿਸੇ ਜਾਨਵਰ ਦੀ ਅੱਖ 'ਚ ਚਿੱਟਾ ਫੋਲਾ ਹੋਵੇ ਉਸ 'ਚ ਪਾਇਆ ਜਾਵੇ ਤਾਂ ਉਹ ਠੀਕ ਹੋ ਜਾਂਦਾ ਹੈ, ਪੰਜਾਬ 'ਚ ਇਸ ਦੇ ਪੱਤਿਆਂ ਨੂੰ ਸ਼ੁੱਭ ਸ਼ਗਨ ਮੰਨਿਆਂ ਜਾਂਦਾ ਹੈ, ਬੱਚੇ ਦੇ ਜਨਮ ਵੇਲੇ ਸਰੀਂਹ ਤੇ ਨਿੰਮ ਦੇ ਪੱਤੇ ਘਰ ਦੇ ਮੂਹਰੇ ਬੰਨ੍ਹੇ ਜਾਂਦੇ ਹਨ, ਪਰ ਅੱਜਕਲ੍ਹ ਅਸੀਂ ਪੰਜਾਬੀ ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਭੁੱਲਦੇ ਜਾ ਰਹੇ ਹਾਂ ਲੋੜ ਹੈ ਇਨ੍ਹਾਂ ਨੂੰ ਬਚਾਉਣ ਦੀ, ਇਨ੍ਹਾਂ ਨਾਲ ਪਿਆਰ ਪਾਉਣ ਦੀ, ਇਨ੍ਹਾਂ ਦੀ ਖੂਬਸੂਰਤੀ ਨੂੰ ਆਪਣੇ ਰੁਝੇਵੇਂ ਭਰੇ ਸਮੇਂ 'ਚੋਂ ਸਮਾਂ ਕੱਢ ਕੇ ਤੱਕਣ ਦੀ, ਇਹ ਅਪ੍ਰੈਲ-ਮਈ ਦੇ ਮਹੀਨੇ ਪੂਰਾ ਖਿੜਿਆ ਹੁੰਦਾ ਹੈ।


ravinderravi949@gmail.com

ਜੁਲਾਈ ਮਹੀਨੇ ਦੇ ਖੇਤੀ ਰੁਝੇਵੇਂ

ਵਣ ਖੇਤੀ : ਜ਼ਿਆਦਾਤਰ ਦਰੱਖਤ ਜਿਵੇਂ ਕਿ ਸਫੈਦਾ, ਕਿੱਕਰ, ਸੂਬਾਬੁਲ, ਟਾਹਲੀ, ਡੇਕ, ਨਿੰਮ, ਸਾਗਵਾਨ ਆਦਿ ਦੇ ਬੂਟੇ ਬਰਸਾਤੀ ਮੌਸਮ (ਜੁਲਾਈ-ਅਗਸਤ) ਵਿਚ ਲਗਾਉਣੇ ਚਾਹੀਦੇ ਹਨ। ਬੂਟੇ ਦੇ ਲਗਾਉਣ ਲਈ ਟੋਏ ਦਾ ਆਕਾਰ 50×50×50 ਸੈਂਟੀਮੀਟਰ ਹੋਵੇ, ਜਿਸ ਵਿਚ ਗੋਹੇ ਦੀ ਗਲੀ-ਸੜੀ ਖਾਦ ਅਤੇ ਉਪਰਲੀ ਮਿੱਟੀ ਮਿਲਾ ਕੇ ਭਰ ਲੈਣਾ ਚਾਹੀਦਾ ਹੈ। ਲਿਫਾਫਾ ਉਤਾਰ ਕੇ ਬੂਟੇ ਟੋਏ ਦੇ ਵਿਚਕਾਰ ਲਗਾਓ। ਇਹ ਧਿਆਨ ਰੱਖਿਆ ਜਾਵੇ ਕਿ ਲਿਫ਼ਾਫ਼ਾ ਉਤਾਰਨ ਵੇਲੇ ਜੜ੍ਹਾਂ ਅਤੇ ਮਿੱਟੀ ਦੀ ਗਾਚੀ ਨੂੰ ਨੁਕਸਾਨ ਨਾ ਹੋਵੇ। ਬੂਟਾ ਲਗਾ ਕੇ ਉਸੇ ਵੇਲੇ ਪਾਣੀ ਲਗਾ ਦਿਓ।
ਪਾਪਲਰ : ਪਹਿਲੇ ਦੋ ਸਾਲ ਸਾਉਣੀ ਦੀਆਂ ਸਾਰੀਆਂ ਫ਼ਸਲਾਂ (ਝੋਨੇ ਤੋਂ ਇਲਾਵਾ) ਪਾਪਲਰ ਵਿਚ ਉਗਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਮੱਕੀ, ਜੁਆਰ, ਬਾਜਰਾ, ਗਿੰਨੀ ਘਾਹ। ਪਾਪਲਰ ਦੀ ਨਰਸਰੀ ਵਿਚੋਂ ਭੱਬੂ ਕੁੱਤਾ ਅਤੇ ਪੱਤਾ ਲਪੇਟ ਸੁੰਡੀ ਨਾਲ ਪ੍ਰਭਾਵਿਤ ਪੱਤਿਆਂ ਨੂੰ ਇਕੱਠਾ ਕਰਕੇ ਨਸ਼ਟ ਕਰਨ ਨਾਲ ਇਨ੍ਹਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਸਫ਼ੈਦਾ : ਸਫ਼ੈਦਾ ਆਮ ਕਰਕੇ ਖੇਤਾਂ ਦੇ ਦੁਆਲੇ ਵੱਟਾਂ ਉੱਤੇ ਲਗਾਇਆ ਜਾਂਦਾ ਹੈ। ਸਫੈਦੇ ਦੇ ਕਨੋਲ ਸੀ-72, ਸੀ-413 ਅਤੇ ਸੀ-2045 ਪੰਜਾਬ ਵਿਚ ਕਾਸ਼ਤ ਲਈ ਢੁਕਵੇਂ ਹਨ। ਫ਼ਸਲਾਂ ਦਾ ਦਰੱਖਤਾਂ ਨਾਲ ਧੁੱਪ ਲਈ ਮੁਕਾਬਲਾ ਘਟਾਉਣ ਲਈ ਦਰੱਖਤਾਂ ਦੀਆਂ ਕਤਾਰਾਂ ਉੱਤਰ-ਦੱਖਣ ਦਿਸ਼ਾ ਵੱਲ ਲਗਾਓ। ਸਫੈਦੇ ਦੇ ਬੰਨਿਆਂ ਉੱਤੇ ਲਾਈਆਂ ਕਤਾਰਾਂ ਦੇ ਨਾਲ-ਨਾਲ 10-15 ਮੀਟਰ ਚੌੜੇ ਕਿਆਰੇ ਵਿਚ ਬੀਜੀ ਫਸਲ ਨੂੰ ਵੱਖਰੇ ਫ਼ਸਲ ਪ੍ਰਬੰਧ ਨਾਲ ਉਗਾਉਣਾ ਚਾਹੀਦਾ ਹੈ। ਦਾਣੇਦਾਰ ਫ਼ਸਲਾਂ ਦੀ ਬਜਾਏ ਚਾਰੇ ਦੀਆਂ ਫ਼ਸਲਾਂ ਜਿਵੇਂ ਕਿ ਬਾਜਰਾ, ਜੁਆਰ ਦੀ ਬਿਜਾਈ 10-15 ਮੀਟਰ ਚੌੜੇ ਦਰੱਖਤਾਂ ਨਾਲ ਲਗਦੇ ਕਿਆਰੇ ਵਿਚ ਕਰਨੀ ਚਾਹੀਦੀ ਹੈ।


ਸੰਯੋਜਕ : ਅਮਰਜੀਤ ਸਿੰਘ

ਵਾਢੀ ਦੇ ਸੀਜ਼ਨ ਦਾ ਆਖ਼ਰੀ ਕੰਮ : ਤੂੜੀ ਸਾਂਭਣਾ

ਅਜੋਕੇ ਮਸ਼ੀਨੀਕਰਨ ਦੇ ਦੌਰ ਵਿਚ ਹਾੜੀ ਦਾ ਸੀਜ਼ਨ ਕਾਫ਼ੀ ਛੋਟਾ ਹੋ ਗਿਆ ਹੈ। ਪਹਿਲੇ ਸਮਿਆਂ 'ਚ ਸਾਰਾ ਕੰਮ ਹੱਥੀਂ ਹੋਣ ਕਰਕੇ ਕਣਕ ਦੀ ਵਾਢੀ ਦਾ ਸੀਜ਼ਨ ਕਾਫ਼ੀ ਜ਼ਿਆਦਾ ਲੰਬਾ ਸਮਾਂ ਚੱਲਦਾ ਸੀ। ਪਰ ਹੁਣ ਨਵੀਂ ਤਕਨੀਕ ਅਤੇ ਵਧਦੀ ਹੋਈ ਮਸ਼ੀਨਰੀ ਨੇ ਵਾਢੀ ਦਾ ਕੰਮ ਦਾ ਕਾਫ਼ੀ ਸੁਖ਼ਾਲਾ ਕਰ ਦਿੱਤਾ ਹੈ। ਵਾਢੀ ਦੇ ਸੀਜ਼ਨ ਦਾ ਆਖ਼ਰੀ ਕੰਮ ਹੁੰਦਾ ਹੈ : ਤੂੜੀ ਦੀ ਸੰਭਾਲ ਕਰਨਾ। ਸਮੇਂ ਦੇ ਫ਼ੇਰਬਦਲ ਨਾਲ ਤੂੜੀ ਦੀ ਸਾਂਭ-ਸੰਭਾਲ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ। ਤੂੜੀ ਦੀ ਸੰਭਾਲ ਕਿਸਾਨਾਂ ਦੁਆਰਾ ਸਾਲ ਭਰ ਲਈ ਆਪਣੇ ਘਰੇਲੂ ਪਸ਼ੂਆਂ ਦੀ ਵਰਤੋਂ ਵਾਸਤੇ ਅਤੇ ਵਪਾਰਕ ਪੱਖਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਸ ਸਾਲ ਸੀਜ਼ਨ ਦੇ ਆਖ਼ਰੀ ਮਹੀਨਿਆਂ 'ਚ ਤੂੜੀ ਮਹਿੰਗੀ ਵਿਕਣ ਕਰਕੇ ਕਿਸਾਨਾਂ ਦਾ ਤੂੜੀ ਸੰਭਾਲਣ ਵੱਲ ਧਿਆਨ ਵਧੇੇਰੇ ਆਕਰਸ਼ਿਤ ਹੋਇਆ ਹੈ। ਤੂੜੀ ਨੂੰ ਆਮ ਕਰਕੇ ਘਰਾਂ ਅੰਦਰ ਬਣਾਏ ਵੱਡੇ ਕਮਰਿਆਂ 'ਚ ਸੰਭਾਲਿਆ ਜਾਂਦਾ ਹੈ। ਘਰਾਂ ਦੇ ਨੇੜੇ ਜਾਂ ਖੇਤ ਵਿਚ ਕੁੱਪ ਬਣਾ ਕੇ ਤੂੜੀ ਸੰਭਾਲਣ ਦਾ ਰਿਵਾਜ ਬਦਲ ਗਿਆ ਹੈ। ਉਸ ਦੀ ਜਗ੍ਹਾ ਧੜਾਂ ਬਣਾ ਕੇ ਲਿੱਪਣ ਨੇ ਲੈ ਲਈ ਹੈ। ਇਹ ਕਾਫ਼ੀ ਮਿਹਨਤ ਅਤੇ ਤਕਨੀਕ ਵਾਲਾ ਕੰਮ ਹੈ ਜਾਂ ਕਹਿ ਲਈਏ ਕਿ ਥੋੜ੍ਹੇ ਥਾਂ ਵਿਚ ਵਧੇਰੇ ਤੂੜੀ ਸੰਭਾਲਣ ਦਾ ਨਾਂਅ ਹੈ। ਤੂੜੀ ਦੇ ਢੇਰ ਨੂੰ ਵਿਧੀਬੱਧ ਤਰੀਕੇ ਨਾਲ ਘਾਣੀ ਦੁਆਰਾ ਲਿੱਪਿਆ ਜਾਂਦਾ ਹੈ। ਲਿੱਪਣ ਦਾ ਕੰਮ ਆਮ ਕਰਕੇ ਪੁਰਸ਼ ਅਤੇ ਔਰਤ ਮਜ਼ਦੂਰ ਕਰਦੇ ਹਨ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਤੂੜੀ ਸੰਭਾਲਣ ਦਾ ਕੰਮ ਕਾਫ਼ੀ ਮਸ਼ੱਕਤ ਵਾਲਾ ਅਤੇ ਖ਼ਰਚੀਲਾ ਹੈ।


-ਪਿੰਡ ਤੇ ਡਾਕ : ਸਿਰਸੜੀ, ਫ਼ਰੀਦਕੋਟ-151207.
ਮੋਬਾ. 98156-59110

ਪੰਜਾਬ ਵਿਚ ਤਿਲਾਂ ਦੀ ਕਾਸ਼ਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਲਾਂ ਦੀਆਂ 2 ਕਿਸਮਾਂ (ਪੰਜਾਬ ਤਿਲ ਨੰ: 2 ਅਤੇ ਆਰ ਟੀ 346) ਸਿਫ਼ਾਰਸ਼ ਕੀਤੀਆਂ ਗਈਆਂ ਹਨ।
ਪੰਜਾਬ ਤਿਲ ਨੰ: 2: ਇਸ ਨੂੰ ਭਰਪੂਰ ਸ਼ਾਖਾਂ ਫੁੱਟਦੀਆਂ ਹਨ ਅਤੇ ਵਧੇਰੇ ਫ਼ਲੀਆਂ ਲੱਗਦੀਆਂ ਹਨ । ਇਸ ਕਿਸਮ ਦੇ ਬੀਜ ਚਿੱਟੇ ਅਤੇ ਮੋਟੇ ਹੁੰਦੇ ਹਨ ਜਿਨਾਂ ਵਿਚ 49 ਫ਼ੀਸਦੀ ਤੇਲ ਹੁੰਦਾ ਹੈ । ਇਸ ਉੱਤੇ ਤਿਲਾਂ ਦੇ ਫੁੱਲਾਂ ਦਾ ਰੋਗ (ਫਾਇਲੋਡੀ) ਅਤੇ ਝੁਲਸ ਰੋਗ ਘੱਟ ਲੱਗਦੇ ਹਨ। ਇਹ 90 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ 2.8 ਕੁਇੰਟਲ ਪ੍ਰਤੀ ਏਕੜ ਹੈ।
ਆਰ. ਟੀ. 346: ਇਸ ਨੂੰ ਭਰਪੂਰ ਸ਼ਾਖਾਵਾਂ ਫੁੱਟਦੀਆਂ ਹਨ । ਇਸ ਕਿਸਮ ਦੇ ਬੀਜ ਚਿੱਟੇ ਅਤੇ ਮੋਟੇ ਹੁੰਦੇ ਹਨ ਜਿਨ੍ਹਾਂ ਵਿਚ 49 ਫ਼ੀਸਦੀ ਤੇਲ ਹੁੰਦਾ ਹੈ। ਇਸ ਉੱਤੇ ਫਲੀ ਦੇ ਗੜੂੰਏਂ ਦਾ ਘੱਟ ਹਮਲਾ ਹੁੰਦਾ ਹੈ। ਇਹ 87 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 2.6 ਕੁਇੰਟਲ ਪ੍ਰਤੀ ਏਕੜ ਹੈ ।
ਤਿਲਾਂ ਦੀ ਸਫ਼ਲ ਕਾਸ਼ਤ ਦੇ ਢੰਗ
ਤਿਲਾਂ ਦੀ ਫ਼ਸਲ ਚੰਗੇ ਜਲ ਨਿਕਾਸ ਵਾਲੀ ਰੇਤਲੀ ਮੈਰਾ ਜ਼ਮੀਨ ਵਿਚ ਬਹੁਤ ਚੰਗੀ ਹੁੰਦੀ ਹੈ । ਇਸ ਫ਼ਸਲ ਲਈ ਖੇਤ ਚੰਗਾ ਤਿਆਰ ਕਰੋ। ਦੋ ਜਾਂ ਤਿੰਨ ਵਾਰ ਵਾਹੋ ਅਤੇ ਹਰ ਵਾਰੀ ਸੁਹਾਗਾ ਦਿਉ । ਤਿਲ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ 'ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਤੇ ਵਿਸ਼ਾਣੂ ਰੋਗ ਦਾ ਜ਼ਿਆਦਾ ਹਮਲਾ ਹੋ ਜਾਂਦਾ ਹੈ। ਇਕ ਏਕੜ ਦੀ ਬਿਜਾਈ ਲਈ ਇਕ ਕਿੱਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਬਿਜਾਈ ਤੋਂ ਪਹਿਲਾਂ 21 ਕਿੱਲੋ ਨਾਈਟ੍ਰੋਜਨ ਤੱਤ (45 ਕਿਲੋ ਯੂਰੀਆ) ਪ੍ਰਤੀ ਏਕੜ ਡਰਿਲ ਨਾਲ ਪਾਉ। ਜ਼ਿਆਦਾ ਖਾਦ ਨਾ ਵਰਤੋ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫੈਲਾਅ ਹੀ ਵਧਦਾ ਹੈ। ਬਿਜਾਈ ਤੋਂ 3 ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ। ਇਸ ਫ਼ਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਫ਼ਸਲ ਪੱਕਣ 'ਤੇ ਆਉਂਦੀ ਹੈ ਤਾਂ ਪੌਦੇ ਪੀਲੇ ਪੈ ਜਾਂਦੇ ਹਨ। ਇਹਨੂੰ ਵੱਢ ਕੇ ਨਿੱਕੇ-ਨਿੱੱਕੇ ਪੂਲੇ ਬਣਾ ਕੇ ਸਿੱਧੇ ਖੜੇ ਕਰੋ। ਪੂਲਿਆਂ ਨੂੰ ਸੁਕਾ ਕੇ ਦੋ ਝੜਾਈਆਂ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ ।
ਪੌਦ ਸੁਰੱਖਿਆ : ਕੀੜੇ ਮਕੌੌੌੜੇ
ਪੱੱਤੇ ਦਾ ਜਾਲਾ ਜਾਂ ਫ਼ਲੀ ਦਾ ਗੜੂੰਆਂ: ਇਸ ਦੀਆਂ ਸੁੰਡੀਆਂ ਟਾਹਣੀ ਦੀ ਟੀਸੀ ਦੇ ਦੋ-ਤਿੰਨ ਪੱੱੱਤਿਆਂ ਨੂੰ ਜਾਲੇ ਨਾਲ ਜੋੜ ਕੇ ਉਨ੍ਹਾਂ ਨੂੰ ਵਿਚੋਂ ਖਾਂਦੀਆਂ ਹਨ ਜਾਂ ਫ਼ਲੀ ਵਿਚ ਮੋਰੀਆਂ ਕਰ ਕੇ ਬਣ ਰਹੇ ਦਾਣਿਆਂ ਨੂੰ ਖਾਂਦੀਆਂ ਹਨ। ਜੇ ਛੋਟੀ ਫ਼ਸਲ 'ਤੇ ਹਮਲਾ ਹੋਵੇ ਤਾਂ ਬੂਟੇ ਮਰ ਵੀ ਜਾਂਦੇ ਹਨ। ਫ਼ਸਲ ਦੀ ਬਿਜਾਈ ਸਿਫ਼ਾਰਸ਼ ਸਮੇਂ 'ਤੇ ਕਰੋ ।
ਤੇਲਾ: ਇਹ ਕੀੜਾ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦਾ ਹੈ। ਇਹ ਵਿਸ਼ਾਣੂ ਮਾਦਾ ਵੀ ਛੱਡਦਾ ਹੈ, ਜਿਸ ਦਾ ਫੁੱਲਾਂ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਫ਼ਲ ਚੰਗਾ ਨਹੀਂ ਪੈਂਦਾ। ਜੂਨ ਵਿਚ ਅਗੇਤੀ ਬਿਜਾਈ ਨਾ ਕਰੋ ਕਿਉਂਕਿ ਅਗੇਤੀ ਫ਼ਸਲ 'ਤੇ ਤੇਲੇ ਦਾ ਹਮਲਾ ਜ਼ਿਆਦਾ ਹੁੰਦਾ ਹੈ।
ਭੱਬੂ ਕੁੱਤਾ: ਇਸ ਦਾ ਸਰੀਰ ਵਾਲਾਂ ਨਾਲ ਢੱਕਿਆ ਹੁੰਦਾ ਹੈ। ਕਈ ਵਾਰ ਇਹ ਕੀੜਾ ਫ਼ਸਲ ਉੱਪਰ ਵੱਡੇ ਪੱਧਰ 'ਤੇ ਹਮਲਾ ਕਰਦਾ ਹੈ। ਇਸ ਦੀਆਂ ਸੁੰਡੀਆਂ ਪੱਤੇ ਅਤੇ ਨਰਮ ਤਣੇ ਚੱਟਮ ਕਰ ਜਾਂਦੀਆਂ ਹਨ। ਛੋਟੀ ਉਮਰ ਦੀਆਂ ਸੁੰਡੀਆਂ ਝੁੰਡਾਂ ਵਿਚ ਫ਼ਸਲ ਖਾਂਦੀਆਂ ਹਨ ਅਤੇ ਵੱਡੇ ਸੁੰਡੇ ਇਕ ਖੇਤ ਵਿਚੋਂ ਦੂਸਰੇ ਖੇਤ ਵਿਚ ਚਲੇ ਜਾਂਦੇ ਹਨ। ਨਿੱਕੀਆਂ ਸੁੰਡੀਆਂ ਨੂੰ ਮਾਰਨ ਲਈ ਹਮਲੇ ਵਾਲੇ ਪੱਤੇ ਜਾਂ ਬੂਟੇ ਤੋੜ ਕੇ ਦਬਾਅ ਦਿਉ। ਵੱਡੇ ਸੁੰਡੇ ਪੈਰਾਂ ਹੇਠਾਂ ਮਸਲ ਕੇ ਜਾਂ ਇਕੱਠੇ ਕਰ ਕੇ ਮਿੱਟੀ ਦੇ ਤੇਲ ਵਾਲੇ ਪਾਣੀ ਵਿਚ ਪਾ ਕੇ ਮਾਰੇ ਜਾ ਸਕਦੇ ਹਨ।
ਬਿਮਾਰੀਆਂ : ਫਾਇਲੋਡੀ: ਮਾਈਕੋਪਲਾਜ਼ਮਾ ਵਰਗੇ ਜੀਵ (ਐਮ. ਐਲ. ਓ.) ਇਸ ਰੋਗ ਦੇ ਕਾਰਨ ਹਨ। ਇਸ ਨਾਲ ਫੁੱਲ ਪੱਤਿਆਂ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ ਅਤੇ ਫ਼ਲੀਆਂ ਨਹੀਂ ਬਣਦੀਆਂ । ਇਹ ਰੋਗ ਤੇਲੇ ਰਾਹੀਂ ਫੈਲਦਾ ਹੈ। ਰੋਗੀ ਬੂਟੇ ਪੁੱਟਦੇ ਰਹੋ ਤਾਂ ਕਿ ਬਿਮਾਰੀ ਅੱਗੇ ਨਾ ਫੈਲ ਸਕੇ। ਫਾਇਲੋਡੀ। ਵਾਲੇ ਬੂਟਿਆਂ ਨੂੰ ਪੁੱਟ ਕੇ ਮਿੱਟੀ ਹੇਠ ਦਬਾ ਦਿਉ ।
ਝੁਲਸ ਰੋਗ: ਇਹ ਬਿਮਾਰੀ ਫੁੱਲ ਨਿਕਲਣ ਸਮੇਂ ਸ਼ੁਰੂ ਹੁੰਦੀ ਹੈ। ਸ਼ੁਰੂ ਵਿਚ ਪੱਤਿਆਂ ਉੱਤੇ ਟੇਢੇ ਧੱਬੇ, ਜਿਹੜੇ ਵਿਚਕਾਰੋਂ ਹਲਕੇ ਤੇ ਸਿਰਿਆਂ ਤੋਂ ਗੂੜ੍ਹੇ ਭੂਰੇ ਰੰਗ ਦੇ ਹੁੰਦੇ ਹਨ, ਪੈ ਜਾਂਦੇ ਹਨ। ਇਹ ਧੱਬੇ ਪੱਤਿਆਂ ਦੀਆਂ ਡੰਡੀਆਂ, ਤਣੇ ਤੇ ਫ਼ਲੀਆਂ 'ਤੇ ਵੀ ਪੈ ਜਾਂਦੇ ਹਨ। ਬਿਮਾਰ ਬੂਟੇ ਝੁਲਸੇ ਨਜ਼ਰ ਆਉਂਦੇ ਹਨ ਅਤੇ ਪੱਤੇ ਸੜ ਕੇ ਡਿੱਗ ਪੈਂਦੇ ਹਨ। ਨਾਈਟ੍ਰੋਜਨ ਖਾਦ ਦੀ ਸੰਕੋਚਵੀਂ ਵਰਤੋਂ ਕਰੋ ਅਤੇ ਖੇਤਾਂ ਨੂੰ ਨਦੀਨਾਂ ਤੋਂ ਮੁਕਤ ਰੱਖੋ ।


-ਰਾਕੇਸ਼ ਕੁਮਾਰ ਸ਼ਰਮਾ
ਖੇਤਰੀ ਖੋਜ ਕੇਂਦਰ, ਬੱਲ੍ਹੋਵਾਲ ਸੌਂਖੜੀ।

ਬੇਰ ਦੇ ਬਾਗ਼ਾਂ ਤੋਂ ਵੱਧ ਮੁਨਾਫ਼ਾ ਲੈਣ ਲਈ ਕੀ ਕਰੀਏ?

ਬੇਰ ਭਾਰਤ ਦਾ ਪ੍ਰਾਚੀਨ ਅਤੇ ਹਰਮਨ ਪਿਆਰਾ ਫ਼ਲ ਹੈ ਅਤੇ ਦੇਸ਼ ਵਿਚ ਪੁਰਾਤਨ ਸਮੇਂ ਤੋਂ ਇਸ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਇਹ ਵਿਟਾਮਿਨ 'ਸੀ', ਪ੍ਰੋਟੀਨ ਅਤੇ ਕਈ ਖਣਿਜ ਤੱਤਾਂ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਨਾਲ ਭਰਪੂਰ ਹੁੰਦਾ ਹੈ। ਬੇਰ ਦਾ ਬੂਟਾ ਕਈ ਤਰ੍ਹਾਂ ਦੇ ਜਲਵਾਯੂ ਸਹਾਰ ਸਕਦਾ ਹੈ ਜਿਸ ਕਾਰਨ ਇਸ ਨੂੰ ਤਕਰੀਬਨ ਸਾਰੇ ਭਾਰਤ ਵਿਚ ਉਗਾਇਆ ਜਾ ਸਕਦਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੁਸ਼ਕ ਅਤੇ ਅਰਧ ਖੁਸ਼ਕ ਇਲਾਕਿਆਂ ਵਿਚ ਬੇਰਾਂ ਦੀ ਖੇਤੀ ਵਪਾਰਕ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ 1767 ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ ਜੋ ਕਿ ਵੱਖ-ਵੱਖ ਫ਼ਲਾਂ ਹੇਠ ਰਕਬੇ ਵਿਚ ਪੰਜਵੇਂ ਸਥਾਨ 'ਤੇ ਆੳਂੁਦਾ ਹੈ। ਪੰਜਾਬ 29,626 ਟਨ ਸਾਲਾਨਾ ਬੇਰ ਦਾ ਉਤਪਾਦਨ ਕਰਦਾ ਹੈ, ਜਿਸ ਵਿਚ ਸੰਗਰੂਰ, ਪਟਿਆਲਾ, ਮਾਨਸਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦਾ ਖਾਸ ਯੋਗਦਾਨ ਹੈ।
ਕਾਂਟ-ਛਾਂਟ ਦੀ ਵਿਧੀ ਅਤੇ ਸਮਾਂ : ਬੇਰਾਂ ਦੇ ਦਰੱਖਤਾਂ ਨੂੰ ਸਿਹਤਮੰਦ ਬਣਾਈ ਰੱਖਣ ਅਤੇ ਉਨ੍ਹਾਂ ਤੋਂ ਨਿਰੰਤਰ ਵਧੀਆ ਅਤੇ ਵਧੇਰੇ ਮਾਤਰਾ ਵਿਚ ਫ਼ਲ ਪ੍ਰਾਪਤ ਕਰਨ ਲਈ ਬੂਟਿਆਂ ਦੀ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜ਼ਰੂਰੀ ਹੁੰਦਾ ਹੈ। ਬੇਰ ਚਾਲੂ ਮੌਸਮ ਦੌਰਾਨ ਫੁੱਟੀਆਂ ਨਵੀਆਂ ਸ਼ਾਖਾਵਾਂ 'ਤੇ ਪੱਤਿਆਂ ਦੇ ਆਧਾਰ ਵਿਚ ਲਗਦੇ ਹਨ। ਇਸ ਲਈ ਚੰਗੇ ਅਤੇ ਭਰਪੂਰ ਵਾਧੇ ਲਈ ਨਿਯਮਤ ਸਾਲਾਨਾ ਕਾਂਟ-ਛਾਂਟ ਜ਼ਰੂਰੀ ਹੁੰਦੀ ਹੈ। ਇਹ ਬੂਟੇ 'ਤੇ ਵੱਧ ਤੋਂ ਵੱਧ ਫ਼ਲ ਪੈਦਾ ਕਰਨ ਲਈ ਜਗ੍ਹਾ ਪ੍ਰਦਾਨ ਕਰਦੀ ਹੈ। ਬਿਨਾਂ ਕਾਂਟ-ਛਾਂਟ ਕੀਤੇ ਬੂਟੇ ਦੀ ਛਤਰੀ ਗ਼ੈਰ-ਜ਼ਰੂਰੀ ਵਧ ਜਾਂਦੀ ਹੈ ਅਤੇ ਅੰਦਰੋਂ ਖਾਲੀ ਹੋ ਜਾਂਦੀ ਹੈ। ਇਸ ਨਾਲ ਫੁਟਾਰੇ ਦਾ ਵਾਧਾ ਕਮਜ਼ੋਰ ਪੈ ਜਾਂਦਾ ਹੈ ਅਤੇ ਬੂਟਾ ਚੰਗੇ ਅਤੇ ਵੱਡੇ ਆਕਾਰ ਦੇ ਫ਼ਲ ਦੇਣ ਤੋਂ ਅਸਮੱਰਥ ਹੋ ਜਾਂਦਾ ਹੈ। ਅਜਿਹੇ ਦਰੱਖਤ ਆਰਥਿਕ ਤੌਰ 'ਤੇ ਪੈਦਾਵਾਰ ਨਹੀਂ ਦਿੰਦੇ ਅਤੇ ਬਹੁਤ ਸਾਰੀ ਜਗ੍ਹਾ ਵਿਅਰਥ ਮੱਲ ਲੈਂਦੇ ਹਨ। ਛਤਰੀ ਦੇ ਜ਼ਿਆਦਾ ਫੈਲਾਅ ਤੋਂ ਬਚਣ ਲਈ, ਯੋਗ ਧੁੱਪ ਅਤੇ ਹਵਾ ਪਹੁੰਚਣ ਲਈ ਟਹਿਣੀਆਂ ਨੂੰ ਥੋੜ੍ਹਾ-ਥੋੜ੍ਹਾ ਵਿਰਲਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬੇਰ ਦੀ ਕਾਂਟ-ਛਾਂਟ ਸਬੰਧੀ ਕੀਤੇ ਤਜਰਬੇ ਦੱਸਦੇ ਹਨ ਕਿ ਕਾਂਟ ਪਿਛਲੇ ਸਾਲ ਦੀਆਂ ਟਹਿਣੀਆਂ ਦੀ 25 ਤੋਂ 50 ਫੀਸਦੀ ਕਟਾਈ ਅਤੇ ਟੇਢੀਆਂ-ਮੇਢੀਆਂ ਟੁੱਟੀਆਂ, ਜ਼ਮੀਨ ਨਾਲ ਲਗਦੀਆਂ ਅਤੇ ਬਿਮਾਰੀ ਵਾਲੀਆਂ ਟਹਿਣੀਆਂ ਨੁੂੰ ਵਿਰਲਾ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਨਵੀਂ ਫੋਟ ਉਪਰ ਜ਼ਿਆਦਾ ਫੁੱਲ-ਫਲਾਕਾ ਆਵੇ ਅਤੇ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਬੇਰਾਂ ਦੇ ਦਰੱਖਤ ਅਪਣੇ ਪੱਤੇ ਸੁੱਟ ਕੇ ਮਈ ਮਹੀਨੇ ਵਿਚ ਨੀਂਦਰ ਅਵੱਸਥਾ ਵਿਚ ਚਲੇ ਜਾਂਦੇ ਹਨ। ਇਸ ਲਈ ਮਈ ਦੇ ਦੂਜੇ ਪੰਦ੍ਹਰਵਾੜੇ ਜਾਂ ਜੂਨ ਦੇ ਸ਼ੁਰੂ ਵਿਚ ਕਾਂਟ-ਛਾਂਟ ਕੀਤੀ ਜਾ ਸਕਦੀ ਹੈ। ਸਨੋਰ-2 ਕਿਸਮ ਦੇ ਬੂਟਿਆਂ ਦੀ ਕਾਂਟ-ਛਾਂਟ ਅਪ੍ਰੈਲ ਮਹੀਨੇ ਦੇ ਤੀਸਰੇ ਹਫਤੇ ਵਿਚ ਕੀਤੀ ਜਾਣੀ ਚਾਹੀਦੀ ਹੈ। ਇਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਅੱਠ ਅੱਖਾਂ ਛੱਡ ਕੇ ਉਪਰੋਂ ਕੱਟ ਦੇਣ ਨਾਲ ਵੱਧ ਉਪਜ ਅਤੇ ਚੰਗੀ ਕਿਸਮ ਦੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ। ਬੇਰ ਦੀ ਫ਼ਸਲ ਵਿਚ 4-5 ਸਾਲ ਬਾਅਦ ਭਾਰੀ ਕਾਂਟ-ਛਾਂਟ (75 ਫੀਸਦੀ ਤੱਕ) ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ। ਜ਼ਿਆਦਾ ਕਾਂਟ-ਛਾਂਟ ਹਰ ਸਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਟਹਿਣੀਆਂ ਬਹੁਤ ਜ਼ਿਆਦਾ ਵਧਦੀਆਂ ਹਨ ਅਤੇ ਫ਼ਲ ਘੱਟ ਮਿਲਦਾ ਹੈ, ਜਿਸ ਨਾਲ ਬਾਗ਼ਬਾਨ ਦਾ ਨੁਕਸਾਨ ਹੁੰਦਾ ਹੈ।
ਪੁਰਾਣੇ ਬਾਗ਼ਾਂ ਨੂੰ ਮੁੜ-ਸੁਰਜੀਤ ਕਰਨਾ : ਬੇਰ ਦੇ ਦਰੱਖਤਾਂ ਦੀ ਹਰ ਵਰ੍ਹੇ ਜੇਕਰ ਕਾਂਟ-ਛਾਂਟ ਠੀਕ ਨਾ ਕੀਤੀ ਜਾਵੇ ਤਾਂ ਕੁਝ ਵਰ੍ਹਿਆਂ ਲਈ ਫ਼ਸਲ ਦੇਣ ਤੋਂ ਬਾਅਦ ਉਨ੍ਹਾਂ ਦੇ ਫ਼ਲ ਛੋਟੇ ਅਤੇ ਪੈਦਾਵਾਰ ਘੱਟ ਹੋ ਜਾਂਦੀ ਹੈ। ਬਿਨਾਂ ਕਾਂਟ-ਛਾਂਟ ਕੀਤੇ ਦਰੱਖਤਾਂ ਵਿਚ ਹਰ ਸਾਲ ਪੁਰਾਣੀ ਲੱਕੜੀ ਇਕੱਠੀ ਹੁੰਦੀ ਰਹਿੰਦੀ ਹੈ। ਅਜਿਹੇ ਦਰੱਖਤ ਕਮਜ਼ੋਰ ਢਾਂਚੇ ਨਾਲ ਅਣਉਤਪਾਦਤ ਬਣ ਜਾਂਦੇ ਹਨ ਅਤੇ ਬੜੀ ਆਸਾਨੀ ਨਾਲ ਧੂੜੇਦਾਰ ਉੱਲੀ ਜਿਹੀ ਬਿਮਾਰੀ ਅਤੇ ਫ਼ਲ-ਮੱਖੀ, ਲ਼ਾਖ ਦੇ ਕੀੜੇ ਅਤੇ ਸਿੳਂੁਕ ਜਿਹੇ ਕੀੜੇ-ਮਕੌੜਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਫ਼ਲਾਂ ਦਾ ਆਕਾਰ ਘਟ ਜਾਂਦਾ ਹੈ ਅਤੇ ਫ਼ਲ ਬੇਢੱਬੇ, ਝੁਰੜੀਆਂ ਵਾਲੇ ਬਣ ਜਾਦੇ ਹਨ ਅਤੇ ਪੱਕਣ ਤੋਂ ਪਹਿਲਾਂ ਹੀ ਡਿਗ ਪੈਂਦੇ ਹਨ। ਅਜਿਹੇ ਦਰੱਖਤ ਕਾਂਟ-ਛਾਂਟ ਕਰਕੇ ਮੁੜ ਜੀਵਤ ਅਤੇ ਸੁਰਜੀਤ ਕੀਤੇ ਜਾ ਸਕਦੇ ਹਨ। ਇਸ ਅਮਲ ਵਿਚ ਦਰੱਖਤਾਂ ਦਾ 50-75 ਫੀਸਦੀ ਕੱਟਣਾ ਅਤੇ ਨਾਲ ਦੇ ਨਾਲ ਬਿਮਾਰ, ਟੁੱਟੀਆਂ, ਫਸੀਆਂ ਅਤੇ ਲਾਖ ਹਮਲੇ ਵਾਲੀਆਂ ਟਹਿਣੀਆਂ ਦੀ ਪੂਰੀ ਕਟਾਈ ਸ਼ਾਮਿਲ ਹੈ। ਕਾਂਟ-ਛਾਂਟ ਤੋਂ ਬਾਅਦ ਦਰੱਖਤਾਂ 'ਤੇ (0.2 ਫੀਸਦੀ) ਕੈਪਟਾਨ ਦਾ ਛਿੜਕਾਅ ਕਰਨਾ ਚਾਹੀਦਾ ਹੈ। ਜੁਲਾਈ ਵਿਚ ਵਰਖਾ ਸ਼ੁਰੂ ਹੋਣ ਦੇ ਨਾਲ ਨਾਈਟ੍ਰੋਜਨ ਖਾਦ ਦੀ ਇਕ ਤਕੜੀ ਖੁਰਾਕ ਤਕਰੀਬਨ ਇਕ ਕਿਲੋ ਖਾਲਸ ਨਾਈਟ੍ਰੋਜਨ 12-15 ਸਾਲ ਪੁਰਾਣੇ ਰੁੱਖਾਂ ਨੂੰ ਦੇਣੀ ਚਾਹੀਦੀ ਹੈ ਦਰੱਖਤਾਂ ਨੂੰ ਫੁੱਲ ਨਿਕਲਣ ਤੋਂ ਪਹਿਲਾਂ ਅਗਸਤ-ਸਤੰਬਰ ਵਿਚ 0.05 ਫੀਸਦੀ ਕੈਰਾਥੇਨ ਦਾ ਦੋ-ਤਿੰਨ ਵਾਰ ਛਿੜਕਾਅ ਕਰਨਾ ਚਾਹੀਦਾ ਹੈ। ਕਾਂਟ-ਛਾਂਟ ਦੇ ਮੁਤਾਬਿਕ ਪਹਿਲੇ ਸਾਲ ਭਾਵੇਂ 30-50 ਫੀਸਦੀ ਝਾੜ ਘਟੇਗਾ ਪਰ ਅਗਲੇ ਸਾਲਾਂ ਵਿਚ ਦਰੱਖਤ ਫਿਰ ਪੂਰਾ ਝਾੜ ਅਤੇ ਚੰਗੇ ਫ਼ਲ ਦੇਣਾ ਸ਼ੁਰੂ ਕਰ ਦੇਣਗੇ।
**

ਸਾਉਣੀ ਮੱਕੀ ਦੀ ਸਫ਼ਲ ਕਾਸ਼ਤ ਦੇ ਜ਼ਰੂਰੀ ਨੁਕਤੇ

ਮੱਕੀ ਭਿੰਨ- ਭਿੰਨ ਜਲਵਾਯੂ ਵਿਚ ਹੋਣ ਵਾਲੀ ਪ੍ਰਭਾਵੀ ਫ਼ਸਲ ਹੈ। ਭਾਰਤ ਵਿਚ ਮੱਕੀ, ਝੋਨੇ ਅਤੇ ਕਣਕ ਤੋਂ ਬਾਅਦ ਤੀਜੀ ਪ੍ਰਮੁੱੱਖ ਫ਼ਸਲ ਹੈ। ਮੱਕੀ ਦੀ ਫ਼ਸਲ ਲੱਗਭਗ 100 ਦਿਨਾਂ ਵਿਚ ਪੱਕ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਖਪਤ ਘੱਟ ਹੁੰਦੀ ਹੈ। ਇਸ ਦੀ ਕਾਸ਼ਤ ਬਰਾਨੀ ਇਲਾਕਿਆਂ ਵਿਚ ਵੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਮੱਕੀ ਦੀ ਕਾਸ਼ਤ ਨੂੰ ਜ਼ਿਆਦਾ ਲਾਹੇਵੰਦ ਬਣਾਉਣ ਲਈ ਇਸ ਦੀ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਜਿਵੇਂ ਕਿ ਸਵੀਟ ਕੌਰਨ (ਮਿੱਠੀ ਮੱਕੀ), ਪੌਪ ਕੌਰਨ (ਫੁੱਲਿਆਂ ਵਾਲੀ ਮੱਕੀ) ਅਤੇ ਬੇਬੀ ਕੌਰਨ (ਕੱਚੀ ਮੱਕੀ) ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਨ੍ਹਾਂ ਲਈ ਪੀ ਏ ਯੂ ਵਲੋਂ ਖ਼ਾਸ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸਿਫ਼ਾਰਿਸ਼ ਕੀਤੀ ਹੋਈ ਹੈ, ਜਿਨ੍ਹਾਂ ਦਾ ਮਿਆਰ ਹਰ ਕੁਆਲਿਟੀ ਪੱਧਰ 'ਤੇ ਪੂਰਾ ਹੈ। ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜਰੂਰੀ ਹੈ:
ਬਿਜਾਈ ਦਾ ਸਮਾਂ: ਸੇਂਜੂ ਹਾਲਤਾਂ ਵਿਚ ਮੱਕੀ ਦੀ ਬਿਜਾਈ ਅਖ਼ੀਰ ਜੂਨ ਤੱਕ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਗਲੀ ਫ਼ਸਲ ਦੀ ਬਿਜਾਈ ਜਿਵੇਂ ਕਿ ਆਲੂ, ਤੋਰੀਆ, ਕਣਕ ਆਦਿ ਲਈ ਖੇਤ ਸਮੇਂ ਸਿਰ ਖ਼ਾਲੀ ਹੋ ਜਾਂਦੇ ਹਨ। ਸਮੇਂ ਸਿਰ ਬੀਜੀ ਫ਼ਸਲ ਤੋਂ ਝਾੜ ਵੀ ਚੰਗਾ ਮਿਲਦਾ ਹੈ ਅਤੇ ਬਾਰਿਸ਼ਾਂ ਵਿਚ ਜ਼ਿਆਦਾ ਪਾਣੀ ਦੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ।
ਖਾਲੀਆਂ ਵਿਚ ਬਿਜਾਈ: ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿਚ ਕੀਤੀ ਜਾ ਸਕਦੀ ਹੈ ਜਿਸ ਨਾਲ ਖ਼ੁਸ਼ਕ ਅਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲਗਦਾ ਹੈ। ਖਾਲੀਆਂ ਵਿਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।
ਬੈੱਡ ਜਾਂ ਵੱਟਾਂ 'ਤੇ ਬਿਜਾਈ: ਬੈੱਡ ਜਾਂ ਵੱਟਾਂ 'ਤੇ ਬਿਜਾਈ ਨਾਲ ਮੱਕੀ ਦੇ ਉਗਣ ਸਮੇਂ ਜ਼ਿਆਦਾ ਬਾਰਿਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ 'ਤੇ ਕਰੋ, ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ 'ਤੇ ਵੱਟਾਂ ਦੇ ਪਾਸੇ 'ਤੇ 6-7 ਸੈਂਟੀਮੀਟਰ ਦੀ ਉਚਾਈ 'ਤੇ ਬਿਜਾਈ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ 'ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀ, ਪੌਸ਼ਟਿਕ ਤੱਤ, ਧੁੱਪ, ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਮੱਕੀ ਦੀਆਂ ਕਤਾਰਾਂ ਵਿਚ ਇਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ 35-45 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ। ਇਸ ਪਿੱਛੋਂ ਮੱਕੀ ਵਿਚ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ । ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਵਰਤੋ ਜਾਂ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐਸ ਸੀ ਦਾ ਛਿੜਕਾਅ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਡੀਲੇ-ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲਿ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਖਾਦਾਂ ਦੀ ਵਰਤੋਂ: ਪੌਸ਼ਟਿਕ ਤੱਤਾਂ ਦਾ ਮੱਕੀ ਦੀਆਂ ਦੋਗਲੀਆਂ ਕਿਸਮਾਂ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਦੀ ਵਰਤੋਂ ਵੀ ਮੱਕੀ ਲਈ ਬਹੁਤ ਲਾਹੇਵੰਦ ਹੈ। ਇਨ੍ਹਾਂ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 11, ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਨੂੰ 110 ਕਿਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 2, ਕੇਸਰੀ ਅਤੇ ਪਰਲ ਪੌਪ ਕੌਰਨ ਨੂੰ 75 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ.ਏ.ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ।
ਪੱੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਜ਼ਰੂਰਤ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਅੰਤਰ ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿਚ 10 ਪੌਦਿਆਂ ਦੇ ਉਪਰੋ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆਂ ਪ੍ਰਤੀ ਏਕੜ ਦਾ ਛੱਟਾ ਦਿਓ।
ਸਿੰਚਾਈ: ਆਮ ਤੌਰ 'ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ 'ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਖ਼ਾਸ ਕਰਕੇ ਨਿੱਸਰਣ ਅਤੇ ਸੂਤ ਕੱਤਣ ਸਮੇਂ।
ਮੱਕੀ ਦੇ ਗੜੂੰਏ ਦੀ ਰੋਕਥਾਮ : ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੁੱਖ ਕੀੜਾ ਹੈ। ਪੰਜਾਬ ਵਿਚ ਮੱਕੀ ਉੱਪਰ ਇਸ ਦਾ ਹਮਲਾ ਅਪ੍ਰੈਲ ਤੋਂ ਜੁਲਾਈ ਵਿਚ ਹੁੰਦਾ ਹੈ। ਇਸਦੇ ਪਤੰਗੇ 10-15 ਦਿਨ ਦੀ ਫ਼ਸਲ ਉੱਪਰ ਆਂਡੇ ਦੇਣ ਨੂੰ ਤਰਜੀਹ ਦਿੰਦੇ ਹਨ। ਨਵ ਜੰਮੀਆਂ ਸੁੰਡੀਆਂ ਪੱਤਿਆਂ ਉੱਪਰ ਖਰੋਚਾ ਬਣਾ ਕੇ ਖਾਂਦੀਆਂ ਹਨ। ਹਮਲੇ ਵਾਲੀਆਂ ਗੋਭਾਂ ਵਿਚੋਂ ਨਵੇਂ ਨਿਕਲੇ ਪੱਤਿਆਂ ਉਪਰ ਨਿੱਕੀਆਂ ਨਿੱਕੀਆਂ ਮੋਰੀਆਂ ਕਤਾਰਾਂ ਵਿਚ ਹੁੰਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ।
ਮੱਕੀ ਦੀ ਕਟਾਈ ਅਤੇ ਦਾਣਿਆਂ ਦੀ ਸਾਂਭ ਸੰਭਾਲ: ਮੱਕੀ ਦੀ ਕਟਾਈ ਉਸ ਸਮੇਂ ਕਰ ਲਉ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ। ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਹੁੰਦੇ ਹਨ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਛੱਲੀਆਂ ਦੇ ਪਰਦੇ ਲਾਹੁਣ ਅਤੇ ਦਾਣੇ ਕੱਢਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਪਰਦਿਆਂ ਸਮੇਤ ਛੱਲੀਆਂ 'ਚੋਂ ਦਾਣੇ ਕੱਢੇ ਜਾ ਸਕਦੇ ਹਨ। ਦਾਣਿਆਂ ਨੂੰ ਖੁਸ਼ਕ ਅਤੇ ਠੰਡੀਆਂ ਹਾਲਤਾਂ ਵਿਚ ਸਟੋਰ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਵਿਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਹੋਵੇ। ਮੰਡੀ ਵਿਚ ਮੱਕੀ ਦਾ ਸਹੀ ਮੁੱਲ ਲੈਣ ਲਈ ਇਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਮੰਡੀਕਰਨ ਕਰਨਾ ਚਾਹੀਦਾ ਹੈ। ਜੇ ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ ਜ਼ਿਆਦਾ ਹੈ ਤਾਂ ਇਸ ਨੂੰ ਮੰਡੀ ਵਿਚ ਮੌਜੂਦ ਤਿੰਨ ਟਨ ਸਮੱਰਥਾ ਵਾਲੇ ਡਰਾਇਰ ਨਾਲ ਸੁਕਾ ਲੈਣਾ ਚਾਹੀਦਾ ਹੈ।


-ਮੋਬਾਈਲ : 98726-60990.

ਜੁਲਾਈ ਮਹੀਨੇ ਦੇ ਰੁਝੇਵੇਂ

ਫੁੱਲ ਗੋਭੀ
ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45×30 ਸੈ. ਮੀ. ਦੇ ਫਾਸਲੇ 'ਤੇ ਖੇਤ ਵਿਚ ਲਾਓ। 40 ਟਨ ਗਲੀ ਸੜੀ ਰੂੜੀ, 55 ਕਿੱਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫਤ ਬਾਅਦ ਪਾਓ।
ਸ਼ਕਰਕੰਦੀ
ਸ਼ਕਰਕੰਦੀ ਦੀ ਕਿਸਮ ਪੀ.ਐਸ.ਪੀ. 21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25000-30000 ਕਟਿੰਗ ਵੱਟਣ ਤੇ 60 ਸੈ. ਮੀ. ਅਤੇ ਪੌਦਿਆਂ ਵਿਚਕਾਰ 30 ਸੈ. ਮੀ. ਦੇ ਫਾਸਲੇ 'ਤੇ ਲਾਓ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 115 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਧੀਆ ਫਸਲ ਲਈ ਪਾਓ।

ਕਿਸਾਨਾਂ ਲਈ ਸਿਰਦਰਦੀ, ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੀ ਫ਼ਸਲ ਵਿਚੋਂ ਚੂਹਿਆਂ ਦੀ ਰੋਕਥਾਮ:-ਅਗਸਤ ਮਹੀਨੇ ਦੌਰਾਨ ਜਦੋਂ ਫ਼ਸਲ ਗੱਬੇ 'ਤੇ ਆਈ ਹੋਵੇ ਤਾਂ ਚੂਹੇ ਮਾਰ ਦਵਾਈ ਦੀ ਵਰਤੋਂ ਕਰੋ ਨਹੀਂ ਤਾਂ ਪਿਛੇਤ ਹੋਣ ਦੀ ਹਾਲਤ ਵਿਚ ਚੂਹਾ ਦਵਾਈ ਖਾਣ ਤੋਂ ਗੁਰੇਜ਼ ਕਰੇਗਾ।
ਕਮਾਦ ਦੀ ਫ਼ਸਲ ਵਿਚੋਂ ਚੂਹਿਆਂ ਦੀ ਰੋਕਥਾਮ:-ਕਿਉਂਕਿ ਕਮਾਦ ਦੀ ਫ਼ਸਲ ਚੂਹਿਆਂ ਦੇ ਵਾਧੇ ਅਤੇ ਰਹਿਣ ਲਈ ਬਹੁਤ ਹੀ ਢੁਕਵੀਂ ਫ਼ਸਲ ਹੈ, ਇਸ ਲਈ ਸਾਲ ਵਿਚ ਦੋ ਵਾਰ, ਪਹਿਲਾ ਜੁਲਾਈ ਮਹੀਨੇ, ਝੋਨੇ ਦੀ ਲਵਾਈ ਤੋਂ ਬਾਅਦ ਅਤੇ ਦੂਜਾ ਅਕਤੂਬਰ-ਨਵੰਬਰ ਮਹੀਨੇ, ਝੋਨੇ ਦੀ ਕਟਾਈ ਤੋਂ ਬਾਅਦ ਚੂਹਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਨ੍ਹਾਂ ਦੋਵਾਂ ਸਮਿਆਂ ਦੌਰਾਨ 15-15 ਦਿਨਾਂ ਬਾਅਦ ਦੋ ਵਾਰ ਜ਼ਹਿਰੀਲਾ ਚੋਗਾ ਵਰਤਣਾ ਚਾਹੀਦਾ ਹੈ, ਪਹਿਲਾ ਜ਼ਿੰਕ ਫਾਸਫਾਈਡ ਅਤੇ ਦੂਜਾ ਰੈਕੁਮਿਨ ਜਾਂ ਬਰੋਮਾਡਾਇਓਲੋਨ ਦੀ ਵਰਤੋਂ ਕਰਕੇ।
ਗੇਝ ਪਾਉਣੀ : ਜਿੰਕ ਫਾਸਫਾਈਡ ਵਾਲਾ ਜ਼ਹਿਰੀਲਾ ਚੋਗਾ ਵਰਤਣ ਤੋਂ ਪਹਿਲਾਂ ਬਗੈਰ ਜ਼ਹਿਰ ਤੋਂ ਅਨਾਜ ਦੇ ਦਾਣੇ, ਖੰਡ ਅਤੇ ਤੇਲ ਦੇ ਮਿਸ਼ਰਣ ਨੂੰ ਖੇਤ ਵਿਚ 30-40 ਵੱਖ-ਵੱਖ ਥਾਵਾਂ 'ਤੇ ਕਾਗਜ਼ ਦੀਆਂ ਪੁੜੀਆਂ ਵਿਚ ਰੱਖ ਕੇ ਗੇਝ ਪਾ ਲੈਣੀ ਚਾਹੀਦੀ ਹੈ।
ਜ਼ਹਿਰੀਲਾ ਚੋਗਾ ਪਾਉਣਾ: ਬਗੈਰ ਜ਼ਹਿਰ ਤੋਂ ਚੋਗਾ ਰੱਖਣ ਤੋਂ 2-3 ਦਿਨਾਂ ਬਾਅਦ 10 ਗ੍ਰਾਮ ਜ਼ਿੰਕ ਫਾਸਫਾਈਡ/ ਬਰੋਮਾਡਾਇਓਲੋਨ ਜਾਂ 20 ਗ੍ਰਾਮ ਰੈਕੁਮਿਨ ਵਾਲੇ ਚੋਗੇ ਨੂੰ ਕਾਗਜ਼ ਵਿਚ ਪਾ ਕੇ ਖੇਤ ਵਿਚ 40 ਵੱਖ -ਵੱਖ ਥਾਵਾਂ ਤੇ ਰੱਖੋ।
ਸਾਵਧਾਨੀਆਂ: ਕਿਉਂਕਿ ਉਪਰੋਕਤ ਜ਼ਹਿਰੀਲੀਆਂ ਦਵਾਈਆਂ ਬਹੁਤ ਹੀ ਜ਼ਹਿਰੀਲੀਆਂ ਹੁੰਦੀਆਂ ਹਨ ਇਸ ਲਈ ਇਨ੍ਹਾਂ ਦੀ ਵਰਤੋਂ ਬਹੁਤ ਹੀ ਸਾਵਧਾਨੀ ਪੂਰਵਕ ਕਰਨੀ ਚਾਹੀਦੀ ਹੈ।
(1) ਚੂਹੇਮਾਰ ਦਵਾਈਆਂ ਅਤੇ ਜ਼ਹਿਰੀਲਾ ਚੋਗਾ ਪਾਲਤੂ ਜਾਨਵਰਾਂ ਅਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
(2) ਚੋਗੇ ਵਿਚ ਦਵਾਈ ਹੱਥਾਂ ਤੇ ਦਸਤਾਨੇ ਪਾ ਕੇ ਮਿਲਾਉ ਅਤੇ ਨੱਕ, ਅੱਖਾਂ ਅਤੇ ਮੂੰਹ ਵਿਚ ਪੈਣ ਤੋਂ ਬਚਾਉ।
(3) ਜ਼ਹਿਰੀਲਾ ਚੋਗਾ ਲਿਜਾਣ ਲਈ ਪਲਾਸਟਿਕ ਦੇ ਲਿਫਾਫੇ ਵਰਤੋਂ ਅਤੇ ਵਰਤਣ ਤੋਂ ਬਾਅਦ ਲਿਫਾਫਿਆਂ ਨੂੰ ਦਬਾਅ ਦਿਉ
(4) ਬਚਿਆ ਚੋਗਾ ਅਤੇ ਮਰੇ ਚੂਹੇ ਇਕੱਠੇ ਕਰਕੇ ਜ਼ਮੀਨ ਵਿਚ ਦਬਾਅ ਦਿਉ।
(5) ਜ਼ਿੰਕ ਫਾਸਫਾਈਡ ਦੀ ਵਰਤੋਂ ਵੇਲੇ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਮਰੀਜ਼ ਦੇ ਗਲੇ ਵਿਚ ਉਂਗਲ ਪਾ ਕੇ ਉਲਟੀਆਂ ਕਰਵਾਓ ਅਤੇ ਜਿੰਨੀ ਜਲਦੀ ਹੋ ਸਕੇ ਮਰੀਜ਼ ਨੂੰ ਡਾਕਟਰ ਕੋਲ ਪਹੁੰਚਾਓ। ਬਰੋਮਾਡਾਇਓਲੋਨ ਦਵਾਈ ਦਾ ਅਸਰ ਵਿਟਾਮਿਨ ਨਾਲ ਘਟ ਜਾਂਦਾ ਹੈ ਜੋ ਡਾਕਟਰ ਦੀ ਨਿਗਰਾਨੀ ਹੇਠ ਦੇਣੀ ਚਾਹੀਦੀ ਹੈ।
(3) ਵਾਤਾਵਰਨ ਨੂੰ ਸਾਫ਼ ਰੱਖ ਕੇ ਰੋਕਥਾਮ:- ਖੇਤਾਂ ਦੀਆਂ ਵੱਟਾਂ ਨੂੰ ਸਮੇਂ-ਸਮੇਂ 'ਤੇ ਢਾਅ ਕੇ ਦੁਬਾਰਾ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੁਰਾਣੀਆਂ ਖੁੱਡਾਂ ਨਸ਼ਟ ਕੀਤੀਆਂ ਜਾ ਸਕਣ । ਸੜਕਾਂ, ਨਹਿਰਾਂ, ਖਾਲਾਂ ਅਤੇ ਰੇਲਵੇ ਲਾਈਨਾਂ ਨਾਲ ਖਾਲੀ ਪਈਆਂ ਜ਼ਮੀਨਾਂ ਅਤੇ ਜੰਗਲ ਚੂਹਿਆਂ ਦੇ ਵਾਧੇ ਲਈ ਬਹੁਤ ਹੀ ਸਹਾਇਕ ਸਿੱਧ ਹੁੰਦੇ ਹਨ ਇਸ ਲਈ ਇਨ੍ਹਾਂ ਥਾਵਾਂ 'ਤੇ ਚੂਹਿਆਂ ਦੀ ਰੋਕਥਾਮ ਕਰਨ ਦੇ ਉਪਰਾਲੇ ਪਹਿਲ ਦੇ ਆਧਾਰ 'ਤੇ ਕਰਨੇ ਚਾਹੀਦੇ ਹਨ।
(4) ਕੁਦਰਤੀ ਰੋਕਥਾਮ: ਉੱਲੂ, ਇੱਲਾਂ, ਸ਼ਿਕਰਾ, ਬਾਜ, ਸੱਪ, ਬਿੱਲੀਆਂ, ਨਿਉਲੇ ਅਤੇ ਗਿੱਦੜ ਚੂਹਿਆਂ ਦੇ ਕੁਦਰਤੀ ਦੁਸ਼ਮਣ ਹਨ ਇਸ ਲਈ ਇਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਇਕ ਹੀ ਦੇ ਤਰੀਕੇ ਨਾਲ ਚੂਹਿਆਂ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ, ਇਸ ਲਈ ਫ਼ਸਲਾਂ ਦੀਆਂ ਵੱਖ-ਵੱਖ ਅਵਸਥਾਵਾਂ ਤੇ ਬਹੁਪੱਖੀ ਯੋਜਨਾਬੰਦੀ ਨਾਲ ਵੱਖ-ਵੱਖ ਤਰੀਕੇ ਅਪਣਾ ਕੇ ਚੂਹਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਚੰਗੇ ਨਤੀਜੇ ਲੈਣ ਲਈ ਚੂਹੇ ਮਾਰ ਮੁਹਿੰਮ ਪਿੰਡ ਪੱਧਰ 'ਤੇ ਚਲਾ ਕੇ ਪਿੰਡ ਦੀ ਸਾਰੀ ਜ਼ਮੀਨ, ਬੀਜੀ ਹੋਈ, ਬਾਗ਼ਾਂ ਵਾਲੀ, ਜੰਗਲਾਤ, ਖਾਲੀ ਥਾਵਾਂ 'ਤੇ ਸਾਂਝੇ ਤੌਰ 'ਤੇ ਚੂਹਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ।
(ਸਮਾਪਤ)


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਮੋਬਾਈਲ : 94630-71919.

ਜੱਗ ਨੂੰ ਰਜਾਉਣ ਵਾਲਿਆ

ਤੈਨੂੰ ਅੰਨ-ਦਾਤਾ ਹੁਣ ਮੰਨਦੇ ਨੇ ਸਾਰੇ,
ਹਰ ਇਕ ਦੇਸ਼ ਵਾਸੀ ਤੈਨੂੰ ਸਤਿਕਾਰੇ,
ਜਿੰਦ ਤੇਰੇ ਉਤੋਂ ਘੋਲ ਘੁਮਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ-ਰਾਤ ਤੇਰੇ ਅਸੀਂ ਗਾਈਏ,
ਜੱਗ ਨੂੰ ਰਜਾਉਣ ਵਾਲਿਆ...।

ਕੰਮ ਵਿਚ ਭੁੱਖੇ ਰਹਿ ਕੇ, ਉਨੀਂਦਰੇ ਸਹਾਰਦਾ,
ਔਖਾ ਏ ਗੁਜ਼ਾਰਾ ਤੇਰੇ, ਸਾਰੇ ਪਰਿਵਾਰ ਦਾ,
ਤੇਰੀਆਂ ਹਿੰਮਤਾਂ ਤੋਂ ਵਾਰੇ ਵਾਰੇ ਜਾਈਏ,
ਜੱਗ ਨੂੰ ਰਜਾਉਣ ਵਾਲਿਆ
ਗੁਣ ਦਿਨ ਰਾਤ ਤੇਰੇ...।

ਖੇਤਾਂ ਵਿਚ ਫ਼ਸਲਾਂ ਤੂੰ, ਪੁੱਤਾਂ ਵਾਂਗੂ ਪਾਲਦਾ,
ਫਿਕਰ ਨਹੀਂ ਕਿਸੇ ਨੂੰ ਵੀ, ਤੇਰੇ ਮੰਦੇ ਹਾਲ ਦਾ,
ਵੱਡੇ ਜਿਗਰੇ ਦੀ ਕਦਰ ਅਸੀਂ ਪਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ ਰਾਤ ਤੇਰੇ...।

ਇੱਛਾ ਤੇਰੀ ਸਦਾ ਰਹਿੰਦੀ, ਜੱਗ ਨੂੰ ਰਜਾਉਣ ਦੀ,
ਅਨਾਜ ਦੇ ਭੰਡਾਰਾਂ ਵਿਚ, ਵੱਡਾ ਹਿੱਸਾ ਪਾਉਣ ਦੀ,
ਅੰਬਾਰ ਉੱਚੇ-ਉੱਚੇ ਅੰਨ ਦੇ ਲਗਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ ਰਾਤ ਤੇਰੇ...।

ਤੇਰੀਆਂ ਹੀ ਮਿਹਨਤਾਂ 'ਤੇ, ਜੱਗ ਮੌਜਾਂ ਮਾਣਦਾ,
ਕੀ ਤੇਰੇ ਦੁੱਖ ਜੱਟਾ, ਵਿਰਲਾ ਹੀ ਜਾਣਦਾ,
'ਆਤਮਾ ਸਿੰਘ' ਕੋਲੋਂ ਗੀਤ ਲਿਖਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ-ਰਾਤ ਤੇਰੇ...।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564.

ਖੂਹ ਬਣੇ ਭੂਤ

ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ 'ਤੇ ਹੀ ਹੋਇਆ। ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸ ਨੂੰ ਖੂਹ ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। ਪਾਣੀ ਲਈ ਇਸ ਵਿਚ ਬੂਝਲੀਆਂ ਰੱਖੀਆਂ ਜਾਂਦੀਆਂ ਸਨ। ਸਮੇਂ ਨਾਲ ਡੂੰਘੀਆਂ ਖੂਹੀਆਂ ਹੋਂਦ ਵਿਚ ਆਈਆਂ। ਅਜੋਕੇ ਸਮੇਂ ਵਿਚ ਇਸ ਸਭ ਕੁਝ ਨੂੰ ਮੱਛੀ ਮੋਟਰਾਂ ਨੇ ਪਿੱਛੇ ਧੱਕ ਦਿੱਤਾ ਹੈ, ਆਮ ਲੋਕ ਤਿੰਨ ਤੋਂ ਪੰਜ ਇੰਚ ਦਾ ਬੋਰ ਕਰਦੇ ਹਨ, ਪਰ ਸਰਕਾਰੀ ਬੋਰ 20 ਇੰਚ ਤੱਕ ਵੀ ਹੁੰਦੇ ਹਨ। ਜੋ ਪਾਣੀ ਨਾ ਲੱਭਣ ਜਾਂ ਹੋਰ ਕਾਰਨਾਂ ਕਰਕੇ ਉਵੇਂ ਹੀ ਛੱਡ ਦਿੱਤੇ ਜਾਂਦੇ ਹਨ। ਉਜਾੜ ਜਾਂ ਸ਼ਮਸ਼ਾਨਘਾਟਾਂ ਵਿਚਲੇ ਇਹ ਪੁਰਾਣੇ ਖੂਹ, ਖੂਹੀਆਂ ਤੇ ਵੱਡੇ ਬੋਰ ਜਿੱਥੇ ਸੱਪਾਂ ਦਾ ਘਰ ਹੁੰਦੇ ਹਨ, ਉੱਥੇ ਕਿਸੇ ਭਟਕੇ ਰਾਹੀ ਜਾਂ ਬੱਚੇ ਲਈ ਭੂਤ ਬਣ ਆਪਣੇ ਵਿਚ ਸੁੱਟ ਲੈਂਦੇ ਹਨ। ਇਸੇ ਤਰ੍ਹਾਂ ਨੰਗੀਆਂ ਤਾਰਾਂ ਲਟਕਦੀਆਂ ਮਿਲ ਜਾਣਗੀਆਂ। ਸਰਕਾਰਾਂ ਕੋਲ ਹੋਰ ਬਥੇਰੇ ਝਮੇਲੇ ਹੁੰਦੇ ਹਨ। ਇਸ ਲਈ ਹੁਣ ਇਹ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਣੇ ਆਲੇ-ਦੁਆਲੇ ਪਏ ਇਨ੍ਹਾਂ ਲਾਵਾਰਸ ਮੌਤ ਦੇ ਖੂਹਾਂ ਦੀ ਨਿਸ਼ਾਨਦੇਹੀ ਕਰ ਕੇ ਆਪਣੇ ਇਲਾਕੇ ਦੇ ਪੰਚ, ਸਰਪੰਚ, ਬੀਡੀਪੀਓ, ਕੌਂਸਲਰ, ਐਮ. ਐਲ. ਏ., ਐਮ. ਪੀ. ਆਦਿ ਨੂੰ ਸੂਚਿਤ ਕਰਕੇ ਬੰਦ ਕਰਵਾਈਏ। ਅੱਜਕਲ੍ਹ ਤਾਂ ਤਕਰੀਬਨ ਹਰੇਕ ਕੋਲ ਕੈਮਰੇ ਵਾਲਾ ਫੋਨ ਹੈ, ਫੋਟੋ ਵੀ ਖਿੱਚ ਕੇ ਪਾਈ ਜਾ ਸਕਦੀ ਹੈ। ਜਿਨ੍ਹਾਂ ਕੋਲ ਵੱਟਸਐਪ ਹੈ, ਉਹ ਸਹੀ ਲੋਕੇਸ਼ਨ ਵੀ ਇਨ੍ਹਾਂ ਅਫਸਰਾਂ ਨੂੰ ਭੇਜ ਸਕਦੇ ਹਨ। ਇਸ ਕੰਮ 'ਤੇ ਕੋਈ ਖਰਚਾ ਨਹੀਂ ਹੈ, ਪਰ ਸਕੂਨ ਮੁਫ਼ਤ ਵਿਚ ਮਿਲੇਗਾ।


-ਮੋਬਾ: 98159-45018

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX