ਤਾਜਾ ਖ਼ਬਰਾਂ


ਵਾਪਰ ਰਹੇ ਸੜਕ ਹਾਦਸਿਆਂ 'ਤੇ ਲਗਾਮ ਲਗਾਉਣ ਲਈ ਟਰੈਫਿਕ ਪੁਲਿਸ ਵੱਲੋਂ ਲਿਆ ਗਿਆ ਇਹ ਫ਼ੈਸਲਾ
. . .  3 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਵੱਧ ਰਹੇ ਸੜਕ ਹਾਦਸਿਆਂ 'ਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਨੂੰ ਬਚਾਇਆ ਜਾ ਸਕਦਾ ਹੈ। ਇਸੇ ਨੂੰ ਦੇਖਦੇ ਹੋਏ ਟਰੈਫ਼ਿਕ ਏ.ਡੀ.ਜੀ.ਪੀ. ਐੱਸ.ਐੱਸ. ਚੌਹਾਨ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਟਰੈਫ਼ਿਕ ...
ਆਈ.ਪੀ.ਐੱਸ ਅਹੁਦੇ ਦੇ ਤਿੰਨ ਅਧਿਕਾਰੀ ਪਦ ਉੱਨਤ ਹੋ ਕੇ ਬਣੇ ਡੀ.ਜੀ.ਪੀ
. . .  33 minutes ago
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਰਾਜਪਾਲ ਵੱਲੋਂ ਅੱਜ ਹੁਕਮ ਜਾਰੀ ਕਰ ਕੇ ਸਾਲ 1988 ਬੈਚ ਦੇ ਤਿੰਨ ਆਈ.ਪੀ.ਐੱਸ ਅਹੁਦੇ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਗਿਆ ਹੈ। ਜਿਨ੍ਹਾਂ ਦੇ ਨਾਂਅ ਪ੍ਰਬੋਧ ਕੁਮਾਰ, ਰੋਹਿਤ ....
ਕੁਮਾਰਸਵਾਮੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ
. . .  58 minutes ago
ਬੈਂਗਲੁਰੂ, 17 ਜੁਲਾਈ- ਸੁਪਰੀਮ ਕੋਰਟ ਵੱਲੋਂ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਬੈਂਗਲੁਰੂ 'ਚ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਬੈਂਗਲੁਰੂ 'ਚ ਕਾਂਗਰਸੀ ਵਿਧਾਇਕਾਂ ਦੇ ਨਾਲ ਬੈਠਕ ਕਰ ਰਹੇ...
ਸੰਵਿਧਾਨ, ਅਦਾਲਤ ਅਤੇ ਲੋਕਪਾਲ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ ਫ਼ੈਸਲਾ- ਕਰਨਾਟਕ ਦੇ ਸਪੀਕਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਕਰਨਾਟਕ ਸੰਕਟ ਨੂੰ ਲੈ ਕੇ 15 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸਪੀਕਰ ਨੂੰ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫ਼ੈਸਲਾ ਲੈਣ ਲਈ ਕਿਹਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ...
ਜੈਤੋ ਵਿਖੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਡਿੱਗੀ ਛੱਤ
. . .  about 1 hour ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਦੋ ਦਿਨ ਲਗਾਤਾਰ ਪਏ ਰਹੇ ਮੀਂਹ ਨੇ ਜੈਤੋ ਵਿਖੇ ਸਥਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਦੀ ਛੱਤ ਡਿੱਗ ਗਈ ਹੈ ਅਤੇ ਦੂਜੀ ਬਿਲਡਿੰਗ ਦਾ ਹਿੱਸਾ ਵੀ ਕਿਸੇ ਸਮੇਂ ...
ਆਵਾਰਾ ਸਾਨ੍ਹ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟਿਆ ਵਾਹਨ, ਵਾਲ-ਵਾਲ ਬਚਿਆ ਚਾਲਕ
. . .  about 1 hour ago
ਮੋਗਾ, 17 ਜੁਲਾਈ- ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਅੱਜ ਤੜਕੇ ਟਾਟਾ 407 ਦੀ ਆਵਾਰਾ ਸਾਨ੍ਹ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸਾਨ੍ਹ ਦੀ ਮੌਤ ਹੋ ਗਈ ਅਤੇ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਹਾਲਾਂਕਿ ਟੱਕਰ 'ਚ ਟਾਟਾ 407 ਸੜਕ 'ਤੇ ਪਲਟ ਕੇ ਬੁਰੀ ....
ਡਰੇਨ 'ਚ ਪਾਣੀ ਜ਼ਿਆਦਾ ਆਉਣ ਕਾਰਨ ਦਰਜਨਾਂ ਏਕੜ ਫ਼ਸਲ ਹੋਈ ਤਬਾਹ
. . .  about 1 hour ago
ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)- ਪਿਛਲੇ ਦੋ ਦਿਨ ਤੋ ਹੋ ਰਹੀ ਬਰਸਾਤ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਿਓੁਰ ਵਿਖੇ ਡਰੇਨ 'ਚ ਪਾਣੀ ਵਧੇਰੇ ਆਉਣ ਕਾਰਨ ਪਾਣੀ ਖੇਤਾਂ 'ਚ ਵੜ ਗਿਆ। ਡਰੇਨ ਦੇ ਪਾਣੀ ਨਾਲ ਤਕਰੀਬਨ ਦਰਜਨਾਂ ਏਕੜ ਫ਼ਸਲ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  54 minutes ago
ਇਸਲਾਮਾਬਾਦ, 17 ਜੁਲਾਈ- ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਹਾਫ਼ਿਜ਼ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ...
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ
. . .  about 1 hour ago
ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫ਼ਿਜ਼ ਸਈਦ ਗ੍ਰਿਫ਼ਤਾਰ........................
ਪੇਸ਼ੀ ਲਈ ਪਟਿਆਲਾ ਦੀ ਮਾਨਯੋਗ ਅਦਾਲਤ ਪਹੁੰਚੇ ਬ੍ਰਹਮ ਮਹਿੰਦਰਾ
. . .  about 2 hours ago
ਪਟਿਆਲਾ, 17 ਜੁਲਾਈ(ਅਮਨਦੀਪ ਸਿੰਘ)- ਸਿਮਰਨਜੀਤ ਸਿੰਘ ਬੈਂਸ 'ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਕੀਤੇ ਮਾਣਹਾਨੀ ਦੇ ਮੁਕੱਦਮੇ ਨੂੰ ਲੈ ਖ਼ੁਦ ਮਹਿੰਦਰਾ ਅੱਜ ਪਟਿਆਲਾ ਦੀ ਮਾਨਯੋਗ ਅਦਾਲਤ 'ਚ ਪੇਸ਼ੀ ਲਈ ....
ਹੋਰ ਖ਼ਬਰਾਂ..

ਦਿਲਚਸਪੀਆਂ

ਤਵੀਤਾਂ ਵਾਲਾ ਟਰਾਂਸਫਾਰਮਰ

ਗੱਲ ਝੋਨੇ ਦੇ ਸੀਜ਼ਨ 1995 ਦੀ ਹੈ ਕਿ ਪਿੰਡ ਕਰਮਗੜ੍ਹ ਦੀ ਸੜਕ ਨਾਲ ਲੱਗਦੇ ਖੇਤਾਂ ਵਿਚ ਲੱਗਿਆ ਬਿਜਲੀ ਦਾ ਟਰਾਂਸਫਾਰਮਰ 2-3 ਮਹੀਨਿਆਂ ਵਿਚ ਤੀਜੀ ਵਾਰ ਸੜ ਗਿਆ। ਟਰਾਂਸਫਾਰਮਰ ਉੱਪਰ ਚਲਦੀਆਂ ਮੋਟਰਾਂ ਵਾਲੇ ਖਪਤਕਾਰਾਂ ਨੂੰ ਕਾਫੀ ਔਖ ਮਹਿਸੂਸ ਹੋ ਰਹੀ ਸੀ। ਜਦੋਂ ਇਸ ਵਾਰ ਟਰਾਂਸਫਾਰਮਰ ਸੜਿਆ ਤਾਂ ਜਿਸ ਖਪਤਕਾਰ ਦੀਆਂ ਦੋ ਮੋਟਰਾਂ ਪੈਂਦੀਆਂ ਸਨ ਉਸ ਦੀ ਘਰ ਵਾਲੀ ਨੂੰ ਕਿਸੇ ਮਸਖਰੇ ਨੇ ਕਹਿ ਦਿੱਤਾ ਕਿ ਤੁਹਾਡੇ ਟਰਾਂਸਫਾਰਮਰ ਨੂੰ ਕੋਈ ਕਸਰ ਹੋ ਸਕਦੀ ਹੈ, ਤੁਸੀਂ ਜਿਨ੍ਹਾਂ ਤੋਂ ਇਹ ਜ਼ਮੀਨ ਖਰੀਦੀ ਸੀ, ਹੋ ਸਕਦੈ ਉਨ੍ਹਾਂ ਦਾ ਕੋਈ ਵੱਡ-ਵਡੇਰਾ ਹੀ ਟਰਾਂਸਫਾਰਮਰ ਸਾੜਦਾ ਹੋਵੇ। ਆਖਰ ਇਸ ਦਾ ਹੱਲ ਲੱਭਿਆ ਗਿਆ। ਪਰਿਵਾਰ ਦਾ ਇਕ ਬੰਦਾ ਭੇਜ ਕੇ ਬਧਾਤੇ ਪਿੰਡ ਦੇ ਕਿਸੇ ਸਿਆਣੇ ਤੋਂ ਤਵੀਤ ਲਿਆ ਕੇ ਟਰਾਂਸਫਾਰਮਰ ਦੀਆਂ ਟਿਊਬਾਂ 'ਤੇ ਧੂਫ ਬਗੈਰਾ ਕਰਕੇ ਬੰਨ੍ਹਿਆ ਗਿਆ। ਕੁਝ ਦਿਨਾਂ ਤੋਂ ਟਰਾਂਸਫਾਰਮਰ ਠੀਕ-ਠਾਕ ਚੱਲ ਰਿਹਾ ਸੀ ਅਤੇ ਪਰਿਵਾਰ ਵਾਲਿਆਂ ਦੀ ਤਸੱਲੀ ਹੋ ਗਈ ਸੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਨਾ ਚਾਹੁੰਦੇ ਹੋਏ ਵੀ ਉਹ ਟਰਾਂਸਫਾਰਮਰ ਦੇਖਣ ਗਿਆ। ਮੈਨੂੰ ਦੇਖਣ 'ਤੇ ਪਤਾ ਲੱਗਿਆ ਕਿ ਉਸ ਟਰਾਂਸਫਾਰਮਰ 'ਤੇ ਸਿਰਫ਼ 3 ਮੋਟਰਾਂ ਹੀ ਚੱਲਦੀਆਂ ਹਨ। ਉਸ ਦੇ ਸੜਨ ਕਾਰਨ ਉਸ ਨੂੰ ਬਦਲਾਉਣ ਲਈ ਚੜ੍ਹਾਵਾ ਸਿਰਫ਼ ਦੋ ਪਰਿਵਾਰਾਂ ਨੂੰ ਬਿਜਲੀ ਵਾਲਿਆਂ ਨੂੰ ਦੇਣਾ ਪੈਂਦਾ ਹੈ, ਕਿਉਂਕਿ ਇਕ ਪਰਿਵਾਰ ਦੀਆਂ ਦੋ ਮੋਟਰਾਂ ਹਨ, ਉਸ ਨੂੰ ਹਰ ਵਾਰ ਦੁੱਗਣਾ ਖਰਚਾ ਕਰਨਾ ਪੈਂਦਾ ਸੀ। ਜਿਸ ਕਰਕੇ ਉਨ੍ਹਾਂ ਨੂੰ ਕਸਰ ਵਾਲੀ ਗੱਲ ਸੁਖਾਲੀ ਲੱਗੀ। ਦੁੱਗਣੇ ਖਰਚੇ ਨਾਲੋਂ ਤਵੀਤ ਕਰਾਉਣਾ ਠੀਕ ਲੱਗਿਆ। ਮੈਨੂੰ ਟਰਾਂਸਫਾਰਮਰ ਨੇੜੇ ਫਿਰਦੇ ਨੂੰ ਦੇਖ ਕੇ ਮੋਟਰ ਵਾਲਾ ਗੁਰਦੇਵ ਮੇਰੇ ਕੋਲ ਆ ਕੇ ਕਹਿਣ ਲੱਗਾ, 'ਬਾਈ 'ਕੀ ਹਾਲ ਹੈ' ਮੈਂ ਕਿਹਾ ਮੇਰਾ ਹਾਲ ਤਾਂ ਠੀਕ ਹੈ, ਤੁਹਾਡਾ ਟਰਾਂਸਫਾਰਮਰ ਤਾਂ ਤੰਦਰੁਸਤ ਹੈ। ਉਹ ਬੋਲਿਆ ਜਦੋਂ ਦਾ ਅਸੀਂ ਇਹਦਾ ਉਪਾਅ ਕਰਾਇਆ, ਹੁਣ ਠੀਕ-ਠਾਕ ਚਲਦਾ ਹੈ। ਮੈਂ ਆਪਣੇ ਵਿਚਾਰ ਅਨੁਸਾਰ ਉਸ ਨੂੰ ਦੱਸਿਆ ਕਿ ਮਸ਼ੀਨਰੀ ਨੂੰ ਕੋਈ ਕਸਰ ਵਗੈਰਾ ਨਹੀਂ ਹੁੰਦੀ, ਇਹ ਤਾਂ ਬਿਜਲੀ ਦੇ ਅਧਿਕਾਰੀ ਘਟੀਆ ਕਿਸਮ ਦਾ ਟਰਾਂਸਫਾਰਮਰ ਖਰੀਦ ਕੇ ਕਮਿਸ਼ਨ ਨਾਲ ਆਪਣੇ ਪੇਟ ਭਰਦੇ ਹਨ। ਬਾਹਰ ਲੱਗੀ ਪਲੇਟ ਤੋਂ ਕਿਤੇ ਘੱਟ ਮਟੀਰੀਅਲ ਅੰਦਰ ਹੁੰਦਾ ਹੈ, ਜਿਸ ਕਰਕੇ ਇਹ ਜਲਦੀ ਸੜ ਜਾਂਦਾ ਹੈ ਤੇ ਭ੍ਰਿਸ਼ਟ ਸਿਸਟਮ ਵਿਚ ਚੜ੍ਹਾਵਾ ਦੇ ਕੇ ਇਸ ਨੂੰ ਵਾਰ-ਵਾਰ ਬਦਲਾਉਣਾ ਪੈਂਦਾ ਹੈ। ਮਾੜੇ ਸਿਸਟਮ ਦੀ 'ਕਸਰ' ਦੂਰ ਕਰਨ ਲਈ ਤੁਹਾਨੂੰ ਤਵੀਤਾਂ ਦਾ ਖਹਿੜਾ ਛੱਡ ਕੇ ਇਸ ਨੂੰ ਬਦਲਣ ਲਈ ਜਥੇਬੰਦ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਸ ਨੂੰ ਮੇਰੀ ਗੱਲ ਕਾਫੀ ਹੱਦ ਤੱਕ ਸਮਝ ਪੈ ਰਹੀ ਸੀ ਪਰ ਮੇਰੇ ਕਹਿਣ 'ਤੇ ਟਰਾਂਸਫਾਰਮਰ ਤੋਂ ਤਵੀਤ ਲਾਹੁਣਾ ਉਸ ਨੂੰ ਔਖਾ ਲੱਗ ਰਿਹਾ ਸੀ। ਕਹਿਣ ਲੱਗਾ, 'ਬਾਈ ਜੀ ਲੱਗਾ ਰਹਿਣ ਦਿਨੇ ਆਂ, ਇਸ ਨਾਲ ਕਿਹੜਾ ਟਰਾਂਸਫਾਰਮਰ 'ਤੇ ਲੋਡ ਪੈਣਾ ਹੈ।'

-ਮੋਬਾਈਲ : 96461-26096.


ਖ਼ਬਰ ਸ਼ੇਅਰ ਕਰੋ

ਪਾਰਕਿੰਗ

ਇਕ ਪ੍ਰਸਿੱਧ ਕੰਪਨੀ ਦੇ ਵਿਚ 25 ਕਰਮਚਾਰੀ ਕੰਮ ਕਰਦੇ ਸਨ, ਉਨ੍ਹਾਂ ਨੂੰ ਚੰਗੀ ਤਨਖਾਹ ਮਿਲਦੀ ਸੀ। ਉਹ ਆਪੋ-ਆਪਣੀਆਂ ਕਾਰਾਂ 'ਤੇ ਆਉਂਦੇ ਸਨ। ਇਨ੍ਹਾਂ ਵਿਚੋਂ ਕੁਝ ਕਰਮਚਾਰੀ ਡਿਊਟੀ 'ਤੇ ਲੇਟ ਆਉਂਦੇ ਸਨ। ਕੰਪਨੀ ਦੇ ਮਾਲਕ ਨੇ ਉਨ੍ਹਾਂ ਨੂੰ ਕਈ ਵਾਰ ਪਿਆਰ ਨਾਲ ਸਮਝਾਇਆ। ਪ੍ਰੰਤੂ ਉਹ ਫਿਰ ਵੀ ਲੇਟ ਆਉਂਦੇ ਸਨ। ਅਖੀਰ ਵਿਚ ਉਸ ਨੂੰ ਫਾਰਮੂਲਾ ਸੁੱਝਿਆ, ਉਸ ਨੇ ਕੰਪਨੀ ਦੇ ਕਰਮਚਾਰੀਆਂ ਲਈ ਇਕ ਅਜਿਹੀ ਪਾਰਕਿੰਗ ਬਣਾਈ ਜਿਸ ਵਿਚ 24 ਕਾਰਾਂ ਹੀ ਆ ਸਕਦੀਆਂ ਸਨ ਅਤੇ ਨਾਲ ਹੀ ਇਕ ਕਾਰ ਲਈ ਅਜਿਹੀ ਪਾਰਕਿੰਗ ਬਣਾਈ ਜੋ ਸ਼ਟਰ ਲਗਾ ਕੇ ਬੰਦ ਹੁੰਦੀ ਸੀ। ਪਾਰਕਿੰਗ 'ਤੇ ਇਕ ਬੋਰਡ ਲਗਾ ਦਿੱਤਾ ਜਿਸ 'ਤੇ ਲਿਖਿਆ 24 ਕਾਰਾਂ ਲਈ ਪਾਰਕਿੰਗ ਮੁਫ਼ਤ ਹੈ ਪ੍ਰੰਤੂ 25ਵੀਂ ਕਾਰ ਵਾਲੇ ਨੂੰ ਪਾਰਕਿੰਗ ਲਈ ਰੋਜ਼ਾਨਾ 100 ਰੁਪਏ ਫੀਸ ਦੇਣੀ ਪਵੇਗੀ। ਇਸ ਸੂਚਨਾ ਨੂੰ ਪੜ੍ਹ ਕੇ ਸਾਰੇ ਕੰਪਨੀ ਦੇ ਕਰਮਚਾਰੀ ਸਮੇਂ ਸਿਰ ਡਿਊਟੀ ਆਉਣ ਲੱਗੇ ਅਤੇ ਉਸ ਦੇ ਫਾਰਮੂਲਾ ਪੂਰੀ ਤਰ੍ਹਾਂ ਸਫ਼ਲ ਰਿਹਾ।

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034.
ਮੋਬਾਈਲ : 092105-88990.

ਪੀਤੋ ਦੀ ਮਮਤਾ

ਸਾਡੀ ਗਲੀ ਵਿਚ ਇਕ ਕੁੱਤੀ ਰਹਿੰਦੀ ਸੀ ਜਿਸ ਦਾ ਨਾਂਅ ਪੀਤੋ ਸੀ। ਇਹ ਨਾਂਅ ਉਸ ਦਾ ਕਿਵੇਂ ਪਿਆ 'ਕੋਈ ਪਤਾ ਨਹੀਂ ਸੀ। ਜਦੋਂ ਕੋਈ ਉਸ ਨੂੰ ਪੀਤੋ-ਪੀਤੋ ਕਹਿ ਕੇ ਆਵਾਜ਼ ਮਾਰਦਾ ਤਾਂ ਉਹ ਭੱਜੀ ਆਉਂਦੀ। ਸਾਰੀ ਗਲੀ ਹੀ ਉਸ ਨੂੰ ਖਾਣ-ਪੀਣ ਨੂੰ ਕੁਝ ਨਾ ਕੁਝ ਪਾਉਂਦੀ ਰਹਿੰਦੀ ਸੀ। ਬੱਚੇ ਉਸ ਨਾਲ ਖੇਡਦੇ, ਉਸ ਦੇ ਉੱਤੇ ਬੈਠ ਜਾਂਦੇ, ਉਹ ਕੁਝ ਨਾ ਕਹਿੰਦੀ। ਹੁਣ ਗਲੀ ਦੀਆਂ ਔਰਤਾਂ ਪੀਤੋ ਨੂੰ ਵੇਖ ਕੇ ਬੂਹੇ ਬੰਦ ਕਰ ਲੈਦੀਆਂ ਅਤੇ ਨਾਲ ਹੀ ਇਕ ਦੂਜੀ ਨੂੰ ਕਹਿੰਦੀਆਂ, 'ਭਾਈ ਧਿਆਨ ਰੱਖਿਆ ਕਰੋ, ਇਹ ਤਾਂ ਸੂਣ ਵਾਲੀ ਹੈ। ਕੀ ਪਤਾ ਕਦੋਂ ਅੰਦਰ ਵੜ ਕੇ ਬੱਚੇ ਦੇ ਦੇਵੇ।' ਪੱਕੀਆਂ ਗਲੀਆਂ, ਪੱਕੇ ਘਰ ਪੀਤੋ ਨੂੰ ਕਿਤੇ ਵੀ ਕੋਈ ਟਿਕਾਣਾ ਨਾ ਮਿਲਦਾ। ਸਾਰੇ ਉਸ ਨੂੰ ਦੁਰ-ਦੁਰ ਕਰਦੇ। ਇਕ ਦਿਨ ਸ਼ਾਮ ਨੂੰ ਉਹ ਸਾਡੇ ਵਿਹੜੇ 'ਚ ਆ ਖੜ੍ਹੀ ਹੋਈ। ਮੈਂ ਵੀ ਉਸ ਨੂੰ ਬਾਹਰ ਕੱਢਣ ਲਈ ਭੱਜੀ ਪਰ ਉਹ ਤਾਂ ਮੇਰੇ ਪੈਰਾਂ 'ਚ ਲਿਟ ਗਈ ਅਤੇ ਨਾਲ ਹੀ ਉਹ ਚੂਕਦੀ-ਚੂਕਦੀ ਮੇਰੇ ਵੱਲ ਇੰਜ ਝਾਕੀ ਜਿਵੇਂ ਮੇਰੀਆਂ ਲੇਲ੍ਹੜੀਆਂ ਕੱਢ ਰਹੀ ਹੋਵੇ। ਮੈਂ ਆਪਣੇ ਬੇਟੇ ਨੂੰ ਨਾਲ ਲਾਇਆ ਅਤੇ ਬਾਹਰ ਗਲੀ 'ਚ ਬੈਠਕ ਦੀ ਖਿੜਕੀ ਨਾਲ ਕੂਲਰ ਦਾ ਸਟੈਂਡ ਗੱਡਿਆ ਹੋਇਆ ਸੀ। ਸਰਦੀਆਂ ਕਰਕੇ ਕੂਲਰ ਅੰਦਰ ਰੱਖਿਆ ਹੋਇਆ ਸੀ। ਸਟੈਂਡ ਦੇ ਉੱਪਰ ਅਤੇ ਪਾਸੇ ਤੇ ਕੁਝ ਫੱਟੇ ਅਤੇ ਫੱਟੀਆਂ ਲਾ ਕੇ ਅੰਦਰ ਬੋਰੀ ਵਿਛਾ ਦਿੱਤੀ। ਸਮਝਦਾਰ ਪੀਤੋ ਝੱਟ ਉਸ ਘੁਰਨੇ 'ਚ ਵੜ ਕੇ ਬੈਠ ਗਈ। ਅਗਲੇ ਦਿਨ ਹੀ ਗਲੀ ਦੇ ਬੱਚੇ ਅਤੇ ਔਰਤਾਂ ਉਸ ਦੇ ਦਿੱਤੇ ਚਾਰ ਕਤੂਰਿਆਂ ਨੂੰ ਵੇਖ ਰਹੇ ਸਨ। ਹੁਣ ਸਾਰੀ ਗਲੀ ਉਸ ਦੀ ਸੇਵਾ 'ਚ ਲੱਗ ਗਈ। ਪੀਤੋ ਦੇ ਭਾਂਡੇ ਦੁੱਧ, ਹਲਵੇ ਅਤੇ ਗੁੱਲਗਲਿਆਂ ਨਾਲ ਭਰੇ ਰਹਿੰਦੇ। ਗਲੀ 'ਚੋਂ ਜੋ ਵੀ ਦੋਧੀ ਲੰਘਦਾ ਬੱਚੇ ਸੂਈ ਕੁੱਤੀ ਲਈ ਦੁੱਧ ਪੁਆ ਲੈਂਦੇ। ਦੋਧੀ ਵੀ ਬਿਨਾਂ ਨਾਂਹ-ਨੁੱਕਰ ਕੀਤੇ ਭਾਂਡਾ ਭਰ ਦਿੰਦੇ। ਐਨੀ ਸੇਵਾ ਤਾਂ ਜਣੇਪੇ 'ਚ ਕਈ ਔਰਤਾਂ ਦੀ ਨਹੀਂ ਹੁੰਦੀ ਹੋਣੀ ਜਿੰਨੀ ਪੀਤੋ ਦੀ ਹੋ ਰਹੀ ਸੀ। ਇਕ ਰਾਤ ਨੂੰ ਮੀਂਹ ਅਤੇ ਝਖੇੜਾ ਚੜ੍ਹ ਆਇਆ। ਬੱਦਲ ਗੱਜੇ, ਜ਼ੋਰਾਂ ਦਾ ਮੀਂਹ ਨਾਲ ਤੂਫ਼ਾਨ, ਉਪਰੋਂ ਬਿਜਲੀ ਬੰਦ ਹੋ ਗਈ। ਮੈਨੂੰ ਲੱਗਾ ਜਿਵੇਂ ਗੇਟ ਖੜਕਿਆ ਹੋਵੇ , ਫੇਰ ਮੈਂ ਸੋਚਿਆ ਕਿ ਹਵਾ ਦੇ ਜ਼ੋਰ ਨਾਲ ਹੋਵੇਗਾ। ਜਦੋਂ ਦੁਬਾਰਾ ਖੜਕਿਆ ਅਤੇ ਨਾਲ ਹੀ ਪੀਤੋ ਦੇ ਪੰਜੇ ਦੀ ਆਵਾਜ਼ ਆਈ ਤਾਂ ਮੈਂ ਅਤੇ ਮੇਰਾ ਪਤੀ ਟਾਰਚ ਲੈ ਕੇ ਗਏ। ਬਾਹਰ ਪੀਤੋ ਇਕ ਕਤੂਰੇ ਨੂੰ ਮੂੰਹ 'ਚ ਚੁੱਕੀ ਖੜ੍ਹੀ ਸੀ, ਦੂਜਾ ਥੜ੍ਹੀ 'ਤੇ ਪਿਆ ਚਿਆਉਂ- ਚਿਆਉਂ ਕਰੀ ਜਾਂਦਾ ਸੀ। ਦੋ ਕਤੂਰੇ ਹੇਠਾਂ ਗਲੀ 'ਚ ਡਿੱਗੇ ਪਏ ਸਨ। ਅਸੀਂ ਪਹਿਲਾਂ ਕਤੂਰਿਆਂ ਨੂੰ ਚੁੱਕ ਕੇ ਥੜ੍ਹੀ 'ਤੇ ਬੈਠਾਇਆ ਫੇਰ ਫੱਟੇ ਅਤੇ ਫੱਟੀਆਂ ਰੱਸੀ ਨਾਲ ਬੰਨ੍ਹੀਆਂ, ਉਤੇ ਮੋਮੀ ਲਿਫ਼ਾਫ਼ਾ ਦੇ ਕੇ ਹੇਠਾਂ ਸੁੱਕੀ ਬੋਰੀ ਵਿਛਾ ਦਿੱਤੀ। ਚਾਰੇ ਕਤੂਰਿਆਂ ਨੂੰ ਚੁੱਕ ਕੇ ਘੁਰਨੇ 'ਚ ਵਾੜਿਆ ਹੀ ਸੀ ਕਿ ਪੀਤੋ ਆਪੇ ਹੀ ਵੜ ਕੇ ਬੈਠ ਗਈ। ਮੈਂ ਟਾਰਚ ਮਾਰ ਕੇ ਵੇਖਿਆ ਚਾਰੇ ਕਤੂਰੇ ਦੁੱਧ ਚੁੰਘ ਰਹੇ ਸਨ ਅਤੇ ਪੀਤੋ ਮੀਂਹ 'ਚ ਭਿੱਜੇ ਕਤੂਰਿਆਂ ਨੂੰ ਆਪਣੀ ਜੀਭ ਨਾਲ ਚੱਟ ਰਹੀ ਸੀ। ਪੀਤੋ ਦੀ ਮਮਤਾ ਵੇਖ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ। ਮੈਂ ਸੋਚ ਰਹੀ ਸੀ ਕਿ ਮਾਂ ਕੋਈ ਵੀ ਹੋਵੇ ਭਾਵਨਾ ਇਕੋ ਜਿਹੀ ਹੀ ਹੁੰਦੀ ਹੈ। ਕਿੰਨੀ ਨਿਰਮਲ ਅਤੇ ਕਿੰਨੀ ਨਿਰ-ਸੁਆਰਥ ਹੁੰਦਾ ਹੈ ਮਾਂ ਦਾ ਪਿਆਰ।

-ਗਿਦੱੜਬਾਹਾ। ਮੋਬਾਈਲ : 82888-42066
mkbrargdb@gmail.com

ਕਾਵਿ-ਵਿਅੰਗ

ਸੱਚ ਦੀ ਭਾਲ

* ਨਵਰਾਹੀ ਘੁਗਿਆਣਵੀ *
ਸਾਧ, ਸਾਧ ਨੂੰ ਵੇਖ ਕੇ ਤੁੱਠਦਾ ਨਹੀਂ,
ਚੋਰ, ਚੋਰਾਂ ਦਾ ਬਣੇ ਭਿਆਲ਼ ਬੇਸ਼ੱਕ।
ਛੋਟੇ ਬੱਚਿਆਂ ਦਾ, ਬੁੱਢੇ ਮਾਪਿਆਂ ਦਾ,
ਪੈਂਦਾ ਰੱਖਣਾ ਬੜਾ ਖ਼ਿਆਲ ਬੇਸ਼ੱਕ।
ਜ਼ਰ, ਜ਼ੋਰੂ, ਜ਼ਮੀਨ ਬਿਨ ਨਹੀਂ ਸਰਦਾ,
ਨਿਭਦਾ ਕੋਈ ਨਾ ਇਨ੍ਹਾਂ 'ਚੋਂ ਨਾਲ ਬੇਸ਼ੱਕ।
ਰਸਤਾ ਸੱਚ, ਇਨਸਾਫ਼ ਦਾ ਬੜਾ ਔਖਾ,
ਸਿਰੜੀ ਨਹੀਂ ਤਿਆਗਦੇ ਭਾਲ਼ ਬੇਸ਼ੱਕ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਬੋਝ

ਇਕ ਸੀ ਪਿੱਠੂ। ਉਹ ਬੋਝ ਢੋਹਣ ਦਾ ਕੰਮ ਕਰਦਾ ਸੀ। ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਹੁੰਚਦਾ ਸੀ। ਇਸ ਲਈ ਪਿਆਰ ਨਾਲ ਸਭ ਉਸਨੂੰ ਪਿੱਠੂ-ਪਿੱਠੂ ਕਹਿ ਕੇ ਪੁਕਾਰਦੇ। ਪਰਿਵਾਰ ਵੱਡਾ ਹੋਣ ਕਰਕੇ ਉਸ ਦੇ ਮੋਢਿਆਂ 'ਤੇ ਕਾਫੀ ਭਾਰ ਸੀ। ਉਸ ਦੀ ਰੋਜ਼ੀ-ਰੋਟੀ ਦਾ ਇਕੋ-ਇਕ ਹੀ ਜ਼ਰੀਆ ਸੀ। ਇਸ ਲਈ ਸਵੇਰ ਤੋਂ ਸ਼ਾਮ ਤੱਕ ਮਜ਼ਦੂਰੀ ਕਰ ਆਪਣਾ ਤੇ ਬੱਚਿਆਂ ਦਾ ਪੇਟ ਪਾਲਦਾ। ਕਈ ਵਾਰ ਤਾਂ ਭੁੱਖਾ-ਪਿਆਸਾ ਰਹਿ ਕੇ ਕੰਮ ਕਰਨਾ ਪੈਂਦਾ। ਉਮਰ ਨਾਲ ਉਸ ਦਾ ਸਰੀਰ ਢਲਦਾ ਗਿਆ। ਉਹ ਕਮਜ਼ੋਰ ਪੈ ਗਿਆ। ਬਿਸਤਰੇ ਨੇ ਆ ਉਸ ਨੂੰ ਘੇਰਿਆ। ਉਸ ਲਈ ਕੰਮ ਕਰਨਾ ਔਖਾ ਹੋ ਗਿਆ, ਬਲਕਿ ਲੱਤਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਬੰਦਾ ਮਰਦਾ ਕੀ ਨਹੀਂ ਕਰਦਾ, ਉਹ ਮਜਬੂਰ ਸੀ। ਹੌਲੀ-ਹੌਲੀ ਬੱਚੇ ਪੜ੍ਹ-ਲਿਖ ਕੇ ਵੱਡੇ ਹੋ ਗਏ। ਉਹ ਭਾਰ ਜੋ ਉਸ 'ਤੇ ਸੀ ਹੋਸ਼ ਸੰਭਾਲਦੇ ਉਨ੍ਹਾਂ 'ਤੇ ਆ ਪਿਆ। ਘਰ ਨੇ ਇਕ ਨਵਾਂ ਮੋੜ ਲਿਆ। ਬਜ਼ੁਰਗ ਬਾਪ ਦੇ ਮਨ ਅੰਦਰ ਇਕ ਖੁਸ਼ੀ ਦੀ ਲਹਿਰ ਦੌੜਨ ਲੱਗੀ, ਖੁਸ਼ੀ ਹੋਵੇ ਵੀ ਕਿਉਂ ਨਾ। ਉਹ ਸੁੱਖ ਜੋ ਬੱਚਿਆਂ ਪਾਸੋਂ ਮਿਲਣਾ ਸੀ, ਉਹ ਅਥਾਹ ਸੀ। ਦਿਨ-ਬ-ਦਿਨ ਉਸ ਲਈ ਉੱਠਣਾ-ਬੈਠਣਾ ਤੇ ਚੱਲਣਾ-ਫਿਰਨਾ ਔਖਾ ਹੋ ਗਿਆ। ਘਰ ਦੀ ਸਾਰੀ ਤਾਕਤ ਬੁੱਢੇ ਸਰੀਰ 'ਤੇ ਜਾ ਸਿਮਟੀ। ਇਹ ਉਸ ਦੀ ਖੁਸ਼ਕਿਸਮਤੀ ਸੀ। ਚੰਗੀ ਔਲਾਦ ਕਰਮਾਂ ਵਾਲਿਆਂ ਨੂੰ ਹੀ ਨਸੀਬ 'ਚ ਹੁੰਦੀ ਐ। ਬਿਮਾਰ ਹੋਣ ਦੇ ਬਾਵਜੂਦ ਉਹ ਪ੍ਰਸੰਨਚਿੱਤ ਰਹਿੰਦਾ ਸੀ ਕਿਉਂਕਿ ਬੱਚੇ ਉਸ ਦੀ ਦੇਖ-ਰੇਖ ਖੂਬ ਕਰ ਰਹੇ ਸਨ। ਅੱਜ ਪਰਮਾਤਮਾ ਦੀ ਉਸ ਉਤੇ ਕਿਰਪਾ ਹੈ। ਕੁਦਰਤ ਦੀਆਂ ਬਣਾਈਆਂ ਤਿੰਨੋਂ ਚੀਜ਼ਾਂ ਰੋਟੀ, ਕੱਪੜਾ ਤੇ ਮਕਾਨ ਉਸ ਕੋਲ ਮੌਜੂਦ ਹਨ, ਅੱਜ ਘਰ ਦੇ ਵਾਰੇ ਨਿਆਰੇ ਹਨ ਤੇ ਰੰਗ ਕੁਝ ਹੋਰ ਦਾ ਹੋਰ ਹੈ। ਜੋ ਬੋਝ ਇਕ ਪਿਤਾ ਨੇ ਆਪਣੇ ਮੋਢਿਆਂ 'ਤੇ ਚੁੱਕਿਆ ਹੋਇਆ ਸੀ, ਬੱਚਿਆਂ ਨੇ ਆਪਣੇ ਸਿਰ 'ਤੇ ਲੈ ਲਿਆ।

ਪਰ ਖਿਆਲ ਉਹੀ ਘਿਸੇ-ਪਿਟੇ

ਮਾਂ (ਧੀ ਨੂੰ) ਪੁੱਤਰ ਵਿਆਹ ਕਰਾਉਣਾ ਸਾਡੇ ਸਮਾਜ ਦੀ ਮੰਗ ਆ, ਵਰਨਾ ਬੰਦਾ ਐਵੇਂ ਭਟਕਦਾ ਰਹਿੰਦਾ, 'ਉਲਟੇ ਸਿੱਧੇ ਬੋਲ-ਕੁਬੋਲ ਵੀ ਸੁਣਨ ਨੂੰ ਮਿਲਦੇ ਐ। ਹਰ ਚੀਜ਼ ਉਮਰ ਨਾਲ ਹੀ ਚੰਗੀ ਲੱਗਦੀ ਐ, ਅੱਗੋਂ ਤੂੰ ਸਮਝਦਾਰ ਐਂ ਪੁੱਤਰ। '
ਰੂਬੀ-ਪਰ ਮਾਂ ਜੇ ਵਿਆਹ ਤੋਂ ਬਾਅਦ ਨਿਭੇ ਹੀ ਨਾ ਤਾਂ ਫਿਰ ਕੀ ਉਲਟੇ-ਸਿੱਧੇ ਬੋਲ ਸੁਣਨ ਨੂੰ ਨਹੀਂ ਮਿਲਣਗੇ?
ਮਾਂ-ਪੁੱਤਰ, ਤੂੰ ਐਦਾਂ ਕਿਉਂ ਸੋਚਦੀ ਆਂ?
ਰੂਬੀ-ਇਸ ਲਈ ਕਿ ਸਾਡਾ ਹੋਇਆ ਹਾਈ-ਫਾਈ ਸਟਾਈਲ ਤੇ ਨਿੰਦੀ ਬਿਲਕੁਲ ਮਾਂ ਨਾਲ ਚਿਪਕਿਆ ਰਹਿਣ ਵਾਲਾ। ਮੇਰੇ ਨਾਲੋਂ ਨੰਬਰ ਕੁਝ ਵੱਧ ਜ਼ਰੂਰ ਲੈ ਲੈਂਦਾ ਵਾ ਪਰ ਖਿਆਲ ਉਹੀ ਘਿਸੇ-ਪਿਟੇ।
ਮਾਂ-ਕੀ ਮਤਲਬ?
ਰੂਬੀ-ਮਤਲਬ, ਅੱਜ ਨਿੰਦੀ ਕਹਿੰਦਾ ਕਿ ਆਪਾਂ ਤਾਂ ਮੰਮਾ-ਪਾਪਾ ਨਾਲ ਹੀ ਰਹਿਣਾ, ਹੁਣ ਤੁਸੀਂ ਵੀ ਤਾਂ ਵੀਰੇ ਤੇ ਭਾਬੀ ਨੂੰ ਅਲੱਗ ਮਕਾਨ ਵਿਚ ਰਹਿਣ ਦੀ ਇਜਾਜ਼ਤ ਦੇ ਹੀ ਦਿੱਤੀ ਸੀ ਨਾ?
ਮਾਂ ਨੇ ਅੰਦਰੋਂ ਹਉਕਾ ਭਰਿਆ ਤੇ ਅੱਖਾਂ ਵਿਚੋਂ ਡਿਗਦੇ ਹੰਝੂਆਂ ਨੂੰ ਛੁਪਾ ਨਾ ਸਕੀ, ਪਤਾ ਨਹੀਂ ਰੂਬੀ ਸਮਝ ਸਕੀ ਕਿ ਨਹੀਂ।

ਤੀਰ ਤੁੱਕਾ ਪਿੰਡ ਹੀ ਬਣੇਗਾ ਚੰਡੀਗੜ੍ਹ ਵਰਗਾ

ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਣ ਦੀ ਮਾਰ ਹੇਠ ਆਏ ਸ਼ਹਿਰ ਵਾਸੀ ਪਿੰਡਾਂ ਦੇ ਰਹਿਣ-ਸਹਿਣ ਨੂੰ ਚੰਗਾ ਮੰਨਦੇ ਹਨ, ਸ਼ਹਿਰੀਏ ਕਹਿੰਦੇ ਹਨ ਕਿ ਪਿੰਡਾਂ ਦੀ ਆਬੋ ਹਵਾ ਵਧੀਆ ਹੈ, ਸਵੇਰੇ-ਸ਼ਾਮ ਸੈਰ ਕਰਨ ਜਾਂ ਘੁੰਮਣ ਲਈ ਖੇਤਾਂ ਵੱਲ ਨਿਕਲਣਾ ਚੰਗੀ ਸਿਹਤ ਲਈ ਜ਼ਰੂਰੀ ਹੈ, ਪਿੰਡਾਂ ਦਾ ਖੁੱਲ੍ਹਾ ਮਾਹੌਲ ਮਨ-ਭਾਉਂਦਾ ਹੈ |
ਪਰ ਕਿਹਰ ਸਿੰਘ ਦਾ ਵੱਡਾ ਮੁੰਡਾ ਜਦੋਂ ਦਾ ਚੰਡੀਗੜ੍ਹ ਪੜ੍ਹਨ ਗਿਆ ਹੈ, ਬੱਸ ਇਕ ਹੀ ਗੱਲ ਹਰ ਵੇਲੇ ਆਖਦਾ ਕਿ ਚੰਡੀਗੜ੍ਹ ਸ਼ਹਿਰ ਬਹੁਤ ਵਧੀਆ ਹੈ, ਉੱਥੇ ਦਰੱਖਤਾਂ ਦੀ ਭਰਮਾਰ ਹੈ, ਫੁੱਲਾਂ ਲੱਦੇ ਪੌਦੇ ਮਨਮੋਹਣੇ ਹਨ, ਖੁੱਲ੍ਹਾ-ਡੁੱਲ੍ਹਾ ਮਾਹੌਲ ਹੈ | ਮੈਂ ਆਪਣੀ ਜ਼ਿੰਦਗੀ ਚੰਡੀਗੜ੍ਹ ਹੀ ਬਸਰ ਕਰਨੀ ਹੈ | ਚੰਡੀਗੜ੍ਹ ਜਾ ਕੇ ਵਸਣ ਦੀ ਗੱਲ ਕਿਹਰ ਸਿੰਘ ਨੂੰ ਚੰਗੀ ਵੀ ਲਗਦੀ ਸੀ, ਪਰ ਪਿੰਡ ਨਾਲ ਵੀ ਉਸ ਦਾ ਮੋਹ ਟੁੱਟ ਨਹੀਂ ਸਕਦਾ ਸੀ |
ਪਿੰਡ ਹੋਏ ਖੇਡ ਮੇਲੇ ਦੌਰਾਨ ਕਿਹਰ ਸਿੰਘ ਨੇ ਪਿੰਡ ਦੇ ਹੋਰ ਮੁੰਡਿਆਂ ਨੂੰ ਇਕੱਠੇ ਹੋ ਕੇ ਪਿੰਡ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ | ਮੁੰਡਿਆਂ ਦੀ ਟੀਮ ਨਾਲ ਮਿਲ ਕੇ ਕਿਹਰ ਸਿੰਘ ਨੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਦਾ ਇਰਾਦਾ ਬਣਾਇਆ | ਬਾਰਾਂ ਮੁੰਡਿਆਂ ਦੀ ਟੋਲੀ ਨੇ ਹਰੇਕ ਰਸਤੇ ਦੇ ਆਲੇ-ਦੁਆਲੇ ਪੌਦੇ ਲਗਾ ਦਿੱਤੇ | ਸਕੂਲ ਨੂੰ ਜਾਂਦੇ ਰਾਹ 'ਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਮਨਮੋਹਕ ਦਿ੍ਸ਼ ਬਣਾ ਦਿੱਤਾ | ਢੇਰਾਂ ਤੋਂ ਲੈ ਕੇ ਸੜਕਾਂ ਦੁਆਲੇ ਖਿੱਲਰੇ ਕੂੜੇ ਦੀ ਸਫ਼ਾਈ ਖ਼ੁਦ ਕਰਨੀ ਸ਼ੁਰੂ ਕਰ ਦਿੱਤੀ | ਸਕੂਲ ਨਾ ਜਾਂਦੇ ਬੱਚਿਆਂ ਨੂੰ ਪੜ੍ਹਾਉਣਾ, ਸਕੂਲ ਭੇਜਣਾ ਸ਼ੁਰੂ ਕਰ ਦਿੱਤਾ | ਹਰ ਪਾਸੇ ਹਰੇ ਕਚੂਰ ਪੱਤਿਆਂ ਦੀਆਂ ਫੁੱਟਦੀਆਂ ਕਰੰੂਬਲਾਂ ਬੜੀਆਂ ਹੀ ਸੋਹਣੀਆਂ ਲਗਦੀਆਂ ਸਨ | ਪਿੰਡ ਦਾ ਮੂੰਹ ਮੱਥਾ ਹੀ ਬਦਲ ਗਿਆ |
ਕਿਹਰ ਸਿੰਘ ਦਾ ਮੁੰਡਾ ਇਸ ਵਾਰ ਚੰਡੀਗੜ੍ਹ ਤੋਂ ਛੁੱਟੀਆਂ ਵਿਚ ਘਰ ਆਇਆ ਤਾਂ ਉਸ ਮੁੰਡੇ ਨੂੰ ਪਿੰਡ ਦੁਆਲੇ ਗੇੜਾ ਲਗਵਾ ਕੇ ਕਿਹਾ ਸੀ, 'ਕਾਕਾ ਦੇਖ ਅਸੀਂ ਪਿੰਡ ਨੂੰ ਕੀ ਤੋਂ ਕੀ ਬਣਾ ਦਿੱਤਾ ਹੈ, ਦਰੱਖਤਾਂ ਦੇ ਝੁੰਡ ਹੁਣ ਇਕ-ਦੂਜੇ ਨਾਲ ਸਾਂਝ ਪਾਈ ਖੜੇ੍ਹ ਹਨ, ਜਦੋਂ ਸ਼ੂਕਦੀ ਹਵਾ ਇਨ੍ਹਾਂ ਦੇ ਪੱਤਿਆਂ ਵਿਚੋਂ ਲੰਘਦੀ ਹੈ ਤਾਂ ਮਿੱਠੇ ਸੰਗੀਤ ਦਾ ਅਹਿਸਾਸ ਹੁੰਦਾ ਹੈ | ਪੁੱਤਰਾ ਤੁਸੀਂ ਚੰਡੀਗੜ੍ਹ ਵੀ ਜਾਓ, ਪਰ ਥੋੜ੍ਹਾ ਜਿਹਾ ਉੱਦਮ ਕਰਕੇ ਪਿੰਡ ਨੂੰ ਵੀ ਚੰਡੀਗੜ੍ਹ ਵਾਂਗ ਹੀ ਸੋਹਣਾ-ਸੁਨੱਖਾ ਵੀ ਬਣਾਓ |' ਸਾਡੀ ਛੋਟੀ ਜਿਹੀ ਪਹਿਲ ਤੋਂ ਹੁਣ ਹੋਰ ਪਿੰਡਾਂ ਦੇ ਲੋਕ ਵੀ ਦੇਖੋ-ਦੇਖੀ ਆਪਣੇ ਪਿੰਡਾਂ ਨੂੰ ਖ਼ੂਬਸੂਰਤ ਬਣਾ ਰਹੇ ਹਨ |' ਪਿੰਡ ਦੀ ਨੁਹਾਰ ਬਦਲੀ ਦੇਖ ਮੁੰਡਾ ਜੋਸ਼ ਵਿਚ ਆ ਗਿਆ ਸੀ, ਉਸ ਕਿਹਾ 'ਪਾਪਾ ਮੈਂ ਵੀ ਇਨ੍ਹਾਂ ਛੁੱਟੀਆਂ ਵਿਚ ਤੁਹਾਡੇ ਨਾਲ ਹੀ ਪਿੰਡ ਲਈ ਕੰਮ ਕਰਾਂਗਾ, ਜੇ ਸਰਕਾਰਾਂ ਨੇ ਘੇਸਲ ਮਾਰੀ ਹੋਈ ਹੈ, ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ |' ਮੁੰਡੇ ਦੀਆਂ ਗੱਲਾਂ ਸੁਣ ਕੇ ਕਿਹਰ ਸਿੰਘ ਦੀਆਂ ਅੱਖਾਂ ਵਿਚ ਚਮਕ ਆ ਗਈ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਫ਼ੋਨ-9417058020

ਫ਼ੀਸ

ਸਕੂਲ ਵਿਚ ਸਵੇਰ ਦੀ ਸਭਾ ਨੂੰ ਮੁੱਖ ਅਧਿਆਪਕ ਜੀ ਨੇ ਸੰਬੋਧਿਤ ਕਰਦੇ ਹੋਏ ਕਿਹਾ, 'ਬੱਚਿਓ, ਤੁਹਾਡੇ ਪੇਪਰ ਨਜ਼ਦੀਕ ਆ ਰਹੇ ਹਨ, ਜਿਨ੍ਹਾਂ ਦੀ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ, ਨਹੀਂ ਤੇ ਤੁਸੀਂ ਪੇਪਰ ਵਿਚ ਨਹੀਂ ਬੈਠ ਸਕਦੇ, ਜਿਹੜੇ ਬੱਚੇ ਘਰੋਂ ਗਰੀਬ ਹਨ, ਮਾਂ-ਬਾਪ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਫੀਸ ਨਹੀਂ ਦੇ ਸਕਦੇ, ਉਹ ਆਪਣੇ ਕਲਾਸ ਇੰਚਾਰਜ ਤੋਂ ਫੀਸ ਮੁਆਫ਼ੀ ਦਾ ਫਾਰਮ ਲੈ ਕੇ ਆਪਣੇ ਮਾਪਿਆਂ ਅਤੇ ਪਿੰਡ ਦੇ ਸਰਪੰਚ ਤੋਂ ਦਸਤਖ਼ਤ ਕਰਵਾ ਕੇ ਵਾਪਸ ਆਪਣੇ ਕਲਾਸ ਇੰਚਾਰਜ ਕੋਲ ਜਮ੍ਹਾਂ ਕਰਵਾ ਦੇਣ, ਉਨ੍ਹਾਂ ਦੀ ਫੀਸ ਮੁਆਫ਼ ਹੋ ਜਾਵੇਗੀ |'
ਇਹ ਸਾਰੀ ਗੱਲ ਅਮਨ ਘਰ ਆ ਕੇ ਆਪਣੀ ਮੰਮੀ ਨੂੰ ਦੱਸਦਾ ਹੈ | ਉਸ ਦੀ ਪਹਿਲਾਂ ਦੀ ਕਈ ਮਹੀਨੇ ਦੀ ਫੀਸ ਰਹਿੰਦੀ ਹੈ | ਅਮਨ ਦੀ ਮੰਮੀ ਨੇ ਕਿਹਾ, 'ਕੋਈ ਗੱਲ ਨੀਂ ਪੁੱਤ, ਮੈਂ ਭੇਜਦੀ ਹਾਂ ਤੇਰੇ ਪਿਓ ਨੂੰ , ਸਕੂਲ ਵਿਚ ਹੀ ਦੇ ਆਊ ਉਹ ਫਾਰਮ ਤੇ ਸਰਪੰਚ ਤੋਂ ਦਸਤਖ਼ਤ ਕਰਵਾ ਕੇ ਅਜੇ ਉਹ ਕੰਜਰ ਸੁੱਤਾ ਪਿਆ, ਉਸ ਸ਼ਰਾਬੀ ਨੂੰ ਪਤਾ ਈ ਨਹੀਂ ਕਿ ਮੰੁਡੇ ਦੀ ਸਕੂਲ ਦੀ ਫੀਸ ਵੀ ਭਰਨੀ ਏ |' ਫੀਸ ਮੁਆਫ਼ੀ ਵਾਲਾ ਫਾਰਮ ਅਮਨ ਮੰਮੀ ਨੂੰ ਫੜਾ ਕੇ ਖ਼ੁਸ਼ੀ-ਖ਼ੁਸ਼ੀ ਸਕੂਲ ਚਲਾ ਗਿਆ |
ਅਮਨ ਦਾ ਡੈਡੀ ਸਰਪੰਚ ਤੋਂ ਫਾਰਮ 'ਤੇ ਦਸਤਖ਼ਤ ਕਰਵਾ ਕੇ ਉਸ ਦੇ ਸਕੂਲ ਵਿਚ ਦੇ ਆਉਂਦਾ ਹੈ | ਉਸ ਦੀ ਰਾਤ ਦੀ ਪੀਤੀ ਸ਼ਰਾਬ ਅਜੇ ਉਤਰੀ ਨਹੀਂ ਸੀ | ਦਿਨ ਚੜ੍ਹੇ ਵੀ ਉਸ ਦੇ ਮੰੂਹ ਵਿਚੋਂ ਸ਼ਰਾਬ ਦੀ ਹਵਾੜ ਆ ਰਹੀ ਸੀ |
ਅਮਨ ਦੀ ਕਲਾਸ ਇੰਚਾਰਜ ਮੈਡਮ ਨੇ ਅਮਨ ਨੂੰ ਬੁਲਾ ਕੇ ਕਿਹਾ, 'ਅਮਨ ਤੇਰੇ ਪਾਪਾ ਫੀਸ ਮੁਆਫ਼ੀ ਦਾ ਫਾਰਮ ਦੇ ਗਏ ਹਨ, ਹੁਣ ਤੇਰੀ ਫੀਸ ਮੁਆਫ਼ ਹੋ ਜਾਵੇਗੀ ਤੇ ਤੂੰ ਪੇਪਰਾਂ ਵਿਚ ਬੈਠ ਸਕਦਾ ਏਾ, ਹੁਣ ਹੋਰ ਮਿਹਨਤ ਕਰਕੇ ਵੱਧ ਤੋਂ ਵੱਧ ਨੰਬਰਾਂ ਨਾਲ ਪਾਸ ਹੋ |' ਅਮਨ ਮੈਡਮ ਨਾਲ ਗੱਲ ਕਰਦਾ ਹੋਇਆ ਬਹੁਤ ਖੁਸ਼ ਸੀ | ਫਿਰ ਮੈਡਮ ਨੇ ਅਮਨ ਨੂੰ ਪੁੱਛਿਆ ਪੁੱਤ ਇਕ ਗੱਲ ਦੱਸ... ਅਮਨ ਖ਼ੁਸ਼ੀ-ਖ਼ੁਸ਼ੀ ਮੈਡਮ ਨੂੰ ਕਹਿੰਦਾ ਹੈ, ਹਾਂਜੀ ਮੈਡਮ ਜੀ ਪੁੱਛੋ | ਮੈਡਮ ਪੁੱਤ ਕੀ ਤੇਰੇ ਪਾਪਾ ਸ਼ਰਾਬ ਪੀਂਦੇ ਨੇ...? ਇਹ ਸਵਾਲ ਸੁਣ ਕੇ ਉਹ ਇਕ ਦਮ ਉਦਾਸ ਹੋ ਗਿਆ ਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ | ਸ਼ਾਇਦ ਉਹ ਸੋਚ ਰਿਹਾ ਸੀ ਕਿ 'ਮੇਰੇ ਡੈਡੀ ਸ਼ਰਾਬ ਤਾਂ ਪੀ ਸਕਦੇ ਨੇ ਪਰ ਉਸ ਕੋਲ ਮੇਰੀ ਫੀਸ ਦੇਣ ਲਈ ਪੈਸੇ ਨਹੀਂ... |'

-ਮੋਬਾਈਲ : 98142-28203.
rajewal3@gmail.com

ਕਾਵਿ-ਵਿਅੰਗ ਕਸ਼ਮਕਸ਼

ਪੈਸੇ ਅਤੇ ਪਿਆਰ ਦੀ ਕਸ਼ਮਕਸ਼ ਵਿਚ,
ਬੰਦਾ ਉਲਝਿਆ ਰਹੇ ਮਜਬੂਰ ਹੋ ਕੇ |
ਕੱਟੇ ਉਮਰ ਕਿਵੇਂ ਉਦਰੇਵਿਆਂ ਦੀ,
ਸਾਰੇ ਸਕੇ ਸਨੇਹੀਆਂ ਤੋਂ ਦੂਰ ਹੋ ਕੇ |
ਇਉਂ ਜਾਪਦਾ ਝਾਗ ਕੇ ਵਾਟ ਲੰਮੀ,
'ਰਾਹੀ' ਭੌਾ 'ਤੇ ਡਿਗਿਆ ਚੂਰ ਹੋ ਕੇ |
ਥੋੜ੍ਹੇ ਸਮੇਂ ਦੀ ਜ਼ਿੰਦਗੀ ਮਿਲੀ ਸਾਨੂੰ,
ਗਾਲ਼ ਦਿੰਦੇ ਹਾਂ ਅਸੀਂ ਮਗ਼ਰੂਰ ਹੋ ਕੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਟੱਬ

ਕਰਦੇ ਗੱਲਾਂ ਨੇ ਬਹੁਤ ਘਨੇਰੀਆਂ ਜੋ,
ਵਿਰਲ ਹੁੰਦੀ ਹੈ ਉਨ੍ਹਾਂ ਦੇ ਵਿਹਾਰ ਦੇ ਵਿਚ |
ਪੂਜਾ ਕਰਦੇ ਜੋ ਨਿੱਜੀ ਸੁਆਰਥਾਂ ਦੀ,
ਹੁੰਦੀ ਖੋਟ ਹੈ ਉਨ੍ਹਾਂ ਦੇ ਪਿਆਰ ਦੇ ਵਿਚ |
ਉਦੋਂ ਰੱਬ ਨੂੰ ਵੀ ਦੱਸਦਾ ਹੈ ਟੱਬ ਬੰਦਾ,
ਹੁੰਦਾ ਜਦੋਂ ਹੈ ਉਹ ਪੂਰੇ ਹੰਕਾਰ ਦੇ ਵਿਚ |
ਛੜੇ ਛਾਂਟ ਨੂੰ ਹੁੰਦਾ ਇਹ ਦੁੱਖ 'ਚੋਹਲਾ',
ਜਾਣਾ ਪੈਂਦਾ ਨਾ ਬਹੁਤਾ ਬਾਜ਼ਾਰ ਦੇ ਵਿਚ |

-ਰਮੇਸ਼ ਬੱਗਾ ਚੋਹਲਾ
1348/17/1, ਗਲੀ ਨੰ: 8, ਰਿਸ਼ੀ ਨਗਰ, ਐਕਸਟੈਨਸ਼ਨ (ਲੁਧਿਆਣਾ) | ਮੋਬਾਈਲ : 94631-32719.

ਪਾਣੀ ਤੋਂ ਪਿਆਸੇ

ਮੁਹਾਲੀ ਦੇ ਵੀਹ ਨੰਬਰ ਪਾਰਕ ਵਿਚ ਕੁਝ ਸਾਥੀ ਇਕੱਠੇ ਹੁੰਦੇ ਤਾਂ ਉਸ ਇਕੱਤਰਤਾ ਨੂੰ ਸੱਥ ਦਾ ਰੂਪ ਮਿਲ ਜਾਂਦਾ | ਭਲੇ ਵੇਲਿਆਂ ਵਿਚ ਸਰਵਿਸ ਕਰ ਕੇ ਸੇਵਾ-ਮੁਕਤ ਹੋਏ ਵਿਅਕਤੀ ਸਿਆਣਪ ਭਰੀਆਂ ਗੱਲਾਂ ਕਰਦੇ | ਇਕ ਦਿਨ ਆਮ ਵਾਂਗ ਬੈਠੇ ਸਾਥੀ ਗ੍ਰਹਿਆਂ, ਉਪਗ੍ਰਹਿਆਂ ਦੀਆਂ ਗੱਲਾਂ ਕਰਦੇ, ਧਰਤੀ 'ਤੇ ਉੱਤਰੇ ਤਾਂ ਗੱਲ ਪਾਣੀ 'ਤੇ ਆ ਕੇ ਅਟਕ ਗਈ | ਦੋ ਹੋਰ ਵਾਕਫ਼ਕਾਰ ਕੋਲੋਂ ਲੰਘਦੇ, ਗਿਲਾ ਕਰ ਰਹੇ ਸਨ ਕਿ ਦੋ ਹਫਤਿਆਂ ਤੋਂ ਪਾਣੀ ਨਹੀਂ ਆ ਰਿਹਾ | ਕੁਝ ਮਿੰਟ ਪਾਣੀ ਆਉਂਦਾ ਹੈ, ਉਹ ਵੀ ਨਾਮਾਤਰ ਪ੍ਰੈਸ਼ਰ ਤੇ, ਬਸ ਤੁਬਕਾ-ਤੁਬਕਾ | ਗਰਮੀਆਂ ਦੇ ਦਿਨ, ਪਾਣੀ ਬਗੈਰ, ਗੁਜ਼ਾਰਾ ਕਿਵੇਂ ਹੋਵੇ? ਬਹੁਤ ਹਾਹਾਕਾਰ ਮਚਦੀ ਹੈ ਪਰ ਸਥਾਨਕ ਪ੍ਰਬੰਧਕਾਂ ਦੇ ਕੰਨ 'ਤੇ ਜੰੂ ਨਹੀਂ ਸਰਕਦੀ | ਜੇ ਸਰਕਾਰ ਪਾਣੀ ਈ ਨਹੀਂ ਦੇ ਸਕਦੀ, ਹੋਰ ਕੀ ਆਸ ਰੱਖੀ ਜਾ ਸਕਦੀ ਹੈ |
ਸਾਡੇ ਵਿਚੋਂ ਇਕ ਸਾਥੀ ਨੇ, ਉਨ੍ਹਾਂ ਨੂੰ ਦੋ ਮਿੰਟ ਰੁਕ ਕੇ ਉਸਦੀ ਗੱਲ ਸੁਣਨ ਲਈ ਕਿਹਾ | ਉਸ ਕਿਹਾ, 'ਅਜੇ ਹੁਣੇ-ਹੁਣੇ ਹੀ ਚੋਣਾਂ ਹੋ ਕੇ ਹਟੀਆਂ ਹਨ | ਨੇਤਾ ਜੀ ਆਉਂਦੇ ਹਨ ਅਤੇ ਲੁਭਾਉਣੇ ਵਾਅਦੇ ਕਰ ਕੇ ਜਾਂਦੇ | ਤੁਸੀਂ ਤਾੜੀਆਂ ਮਾਰ-ਮਾਰ ਹੱਥ ਲਾਲ ਕਰ ਲੈਂਦੇ | ਤੁਸੀਂ ਸੁਆਮੀ ਭਗਤ ਜੋ ਹੋਏ | ਕਦੇ ਕਦੇ ਉੱਚੀ ਸੋਚ ਵਾਲਾ ਨੇਤਾ ਜੇ ਇਹ ਵੱਡੀ ਯੋਜਨਾ ਐਲਾਨਦਾ... ਅਸੀਂ ਚੰਦ ਉਤੇ ਪਲਾਟ ਕੱਟਣੇ ਹਨ, ਜਿਸ ਨੇ ਬੁਕਿੰਗ ਕਰਵਾਣੀ ਹੈ ਤਾਂ ਛੇਤੀ ਸੌ ਰੁਪਏ ਜਮ੍ਹਾ ਕਰਵਾ ਕੇ ਫਾਰਮ ਲੈ ਲਵੇ | ਤਾਂ ਸ਼ਾਇਦ ਤੁਹਾਡੀ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਤਾਰ ਬਣ ਜਾਣੀ ਸੀ | ਪਰ ਉਨ੍ਹਾਂ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਸੀ ਕਿ ਸਾਨੂੰ ਚੰਦ 'ਤੇ ਨਹੀਂ ਧਰਤੀ 'ਤੇ ਪਾਣੀ ਚਾਹੀਦਾ ਹੈ | ਉਸ ਸਮੇਂ ਸੁਆਮੀ ਭਗਤੀ ਛੱਡ ਕੇ ਲੋਕ ਲੋਕਾਂ ਨਾਲ ਜੁੜਨ | ਹਰ ਖੇਤਰ ਦਾ ਮੰਗ-ਪੱਤਰ ਤਿਆਰ ਹੋਵੇ ਅਤੇ ਸਾਰੇ ਤਖਤੀਆਂ ਲੈ ਕੇ ਖੜ੍ਹੇ ਹੋਵੋ... ਸਾਨੂੰ ਵਿੱਦਿਆ, ਸਿਹਤ ਸਹੂਲਤਾਂ, ਰੁਜ਼ਗਾਰ, ਉਦਯੋਗ ਕਾਨੂੰਨ ਵਿਵਸਥਾ ਅਤੇ ਜਾਨ ਮਾਲ ਦੀ ਰਾਖੀ ਚਾਹੀਦੀ ਹੈ, ਚੰਦ 'ਤੇ ਪਲਾਟ ਨਹੀਂ | ਬੁਰਕੀ 'ਤੇ ਵਿਕੇ ਵੋਟਰ, ਅੱਜ ਨਹੀਂ ਸਦਾ ਹੀ ਪਾਣੀ ਤੋਂ ਪਿਆਸੇ ਰਹਿਣਗੇ |

-ਸੈ-70-1004, ਮੁਹਾਲੀ-160071.
ਮੋਬਾਈਲ : 87259-97333.

ਪਲੀਤ

ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਅਸੀਂ ਇਕ ਢਾਬੇ 'ਤੇ ਚਾਹ ਪੀਣ ਲਈ ਬੈਠ ਗਏ | ਦੇਖਦਿਆਂ-ਦੇਖਦਿਆਂ ਹੋਰ ਕਈ ਸਵਾਰੀਆਂ ਆ ਗਈਆਂ ਤੇ ਚੰਗੀ ਰੌਣਕ ਹੋ ਗਈ |
ਜਦੋਂ ਚਾਹ ਪੀ ਕੇ ਉੱਠੇ ਤਾਂ ਸੇਵਾਦਾਰ ਜੂਠ ਨੂੰ ਇਕ ਬਾਲਟੀ ਵਿਚ ਪਾਈ ਜਾਵੇ | ਮੈਂ ਉਸ ਤੋਂ ਪੁੱਛਿਆ, 'ਇਸ ਜੂਠ ਦਾ ਕੀ ਕਰਦੇ ਹੋ? ਉਹ ਚੁੱਪ ਰਿਹਾ ਤੇ ਅਸੀਂ ਕਾਰ ਵਿਚ ਬੈਠ ਗਏ | ਸਾਡੇ ਨਾਲ ਇਕ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ | ਅਸੀਂ ਹਾਲੀਂ ਥੋੜ੍ਹਾ ਜਿਹਾ ਅੱਗੇ ਗਏ ਸੀ ਤਾਂ ਕੀ ਦੇਖਿਆ ਕਿ ਨੌਕਰ ਉਹੀ ਬਾਲਟੀ ਚੁੱਕ ਕੇ ਨਹਿਰ ਵਿਚ ਸੁੱਟ ਆਇਆ |
ਬੜੇ ਹੈਰਾਨ ਹੋਏ, ਕਾਰ ਰੋਕ ਲਈ ਤਾਂ ਪੁੱਛ ਲਿਆ ਕਿ ਬੱਚੇ ਇਹ ਕੀ ਕੀਤਾ ਹੈ? ਸਾਰਾ ਤਾਂ ਪਾਣੀ ਗੰਦਾ ਹੋਵੇਗਾ | ਉਸ ਨੇ ਹੌਸਲੇ ਨਾਲ ਉੱਤਰ ਦਿੱਤਾ, 'ਤੁਸੀਂ ਮੇਰੇ ਮਾਲਕਾਂ ਨਾਲ ਗੱਲ ਕਰੋ, ਮੈਂ ਤਾਂ ਹੁਕਮ ਦਾ ਬੱਧਾ ਹੋਇਆ ਹਾਂ |'
ਸੁਣ ਕੇ ਚੁੱਪ ਕਰ ਗਏ, ਮਾਲਕਾਂ ਨੂੰ ਕਿਥੋਂ ਲੱਭਣ ਜਾਈਏ |

-35, ਨਿਊ ਜਵਾਹਰ ਨਗਰ, ਜਲੰਧਰ ਸ਼ਹਿਰ |
ਫੋਨ : 0181-5073798, ਮੋਬਾਈਲ : 95175-83411.

ਖ਼ਬਰੀ ਲਿਫ਼ਾਫਾ

ਕੁਝ ਦਿਨ ਪਹਿਲਾਂ ਮੈਂ ਨਾਲ ਦੇ ਪਿੰਡ ਆਪਣੇ ਦੋਸਤ ਦੀ ਖ਼ਬਰ ਲੈਣ ਗਿਆ, ਉਥੇ ਇਕ ਅਜੀਬ ਸ਼ਬਦ ਸੁਣਿਆ (ਖ਼ਬਰੀ ਲਿਫ਼ਾਫਾ) | ਜਦੋਂ ਮੈਂ ਉਥੇ ਖੜ੍ਹੇ ਇਕ ਬਜ਼ੁਰਗ ਨੂੰ ਪੁੱਛਿਆ ਕਿ ਇਹ ਖ਼ਬਰੀ ਲਿਫ਼ਾਫ਼ਾ ਕੀ ਹੈ ਤਾਂ ਉਸ ਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਵਿਚ ਨੱਥਾ ਸਿੰਘ ਨਾਂਅ ਦਾ ਇਕ ਵਿਅਕਤੀ ਰਹਿੰਦਾ ਹੈ ਉਹ ਵਿਆਹ ਸ਼ਾਦੀ ਦੇ ਸਮੇਂ ਤਾਂ ਲੋਕਾਂ ਨੂੰ ਸ਼ਗਨ ਵਿਚ 50-100 (ਰੁਪਏ) ਪਾ ਕੇ ਦਿੰਦਾ ਸੀ ਤੇ ਸਾਰਾ ਪਿੰਡ ਉਸ ਨੂੰ ਕੰਜੂਸ ਕਹਿੰਦਾ ਹੁੰਦਾ ਸੀ ਪਰ ਉਸ ਦੀ ਅਸਲੀਅਤ ਦਾ ਉਦੋਂ ਪਤਾ ਲੱਗਿਆ ਕਿ ਜਦੋਂ ਪਿੰਡ ਦਾ ਪੰਚ ਕਿਸ਼ਨਾ ਇਕ ਭਿਆਨਕ ਬਿਮਾਰੀ ਕਾਲੇ ਪੀਲੀਏ ਦਾ ਸ਼ਿਕਾਰ ਹੋ ਗਿਆ | ਸਾਰਾ ਪਿੰਡ ਉਸ ਦੀ ਖ਼ਬਰ ਲੈ-ਲੈ ਮੁੜ ਆਈ ਗਿਆ, ਜਾਈ ਗਿਆ, ਉਸ ਦੀ ਬਿਮਾਰੀ 'ਤੇ ਜੋ ਪੈਸੇ ਲੱਗਦੇ ਸੀ ਉਹ ਅਲੱਗ ਅਤੇ ਜੋ ਖ਼ਬਰਸਾਰ ਲੈਣ ਲਈ ਆਉਂਦੇ ਸਨ ਉਨ੍ਹਾਂ ਦੇ ਚਾਹ-ਪਾਣੀ 'ਤੇ ਖ਼ਰਚਾ ਵੱਖਰਾ ਹੁੰਦਾ ਸੀ | ਇਸ ਨਾਲ ਉਹ ਦੋਹਰੀ ਮੁਸ਼ਕਿਲ ਵਿਚ ਸਨ ਕਿਉਂਕਿ ਉਹ ਕਿਸੇ ਨੂੰ ਰੋਕ ਨਹੀਂ ਸਕਦਾ ਸੀ ਪਰ ਜਦੋਂ ਨੱਥਾ ਸਿੰਘ ਉਸ ਦੇ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਨੇ ਚਾਹ ਵੀ ਪੁੱਛਣਾ ਮੁਨਾਸਿਫ਼ ਨਾ ਸਮਝਿਆ ਕਿਉਂਕਿ ਜਦੋਂ ਕਿਸ਼ਨੇ ਦੀ ਧੀ ਦਾ ਵਿਆਹ ਸੀ ਤਾਂ ਨੱਥਾ 100 ਰੁਪਏ ਸ਼ਗਨਾਂ ਵਾਲੇ ਲਿਫ਼ਾਫੇ ਵਿਚ ਪਾ ਕੇ ਦੇ ਗਿਆ ਸੀ | ਨੱਥਾ ਸਿੰਘ ਨੇ ਕਿਸ਼ਨੇ ਨੂੰ ਹੌਸਲਾ ਦਿੰਦੇ ਕਿਹਾ ਕੁਝ ਨਹੀਂ ਹੁੰਦਾ ਤੂੰ ਤਕੜਾ ਹੋ ਅਤੇ ਨਾਲ ਹੀ ਇਕ ਲਿਫ਼ਾਫਾ ਉਸ ਦੇ ਹੱਥ ਵਿਚ ਫੜ੍ਹਾ ਉਸ ਦੇ ਘਰੋਂ ਨਿਕਲ ਗਿਆ | ਕਿਸ਼ਨੇ ਤੇ ਉਸ ਦੀ ਘਰਵਾਲੀ ਨੇ ਬੜੀ ਹੀ ਹੈਰਾਨੀ ਨਾਲ ਜਦ ਉਹ ਲਿਫ਼ਾਫਾ ਖੋਲਿ੍ਹਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ | ਨੱਥਾ ਸਿੰਘ ਨੇ ਕਿਸ਼ਨੇ ਦੀ ਗੰਭੀਰ ਬਿਮਾਰੀ ਨੂੰ ਦੇਖਦੇ ਹੋਏ ਉਸ ਨੂੰ ਲਿਫ਼ਾਫ਼ੇ ਵਿਚ ਪਾ 5000 ਹਜ਼ਾਰ ਰੁਪਏ ਦਿੱਤੇ ਸਨ ਤਾਂ ਕਿ ਉਹ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕੇ | ਨੱਥਾ ਸਿੰਘ ਦਾ ਮੰਨਣਾ ਹੈ ਕਿ ਵਿਆਹ ਵਿਅਕਤੀ ਉਦੋਂ ਹੀ ਰੱਖਦੈ ਜਦੋਂ ਉਸ ਕੋਲ ਪੈਸੇ ਹੁੰਦੇ ਹਨ ਪਰ ਬਿਮਾਰੀ ਹਾਲਾਤ ਦੇਖ ਕੇ ਨਹੀਂ ਆਉਂਦੀ ਬਸ ਉਦੋਂ ਤੋਂ ਹੀ ਸਾਡਾ ਸਾਰਾ ਪਿੰਡ ਵਿਆਹ ਸਮੇਂ ਸ਼ਗਨ ਦੇਵੇ ਭਾਵੇਂ ਨਾ ਦੇਵੇ ਪਰ ਕਿਸੇ ਦੇ ਬਿਮਾਰ ਹੋਣ 'ਤੇ ਉਸ ਦੀ ਮੱਦਦ ਕਰਨ ਲਈ ਇਹ ਖਬਰੀ ਲਿਫਾਫਾ ਜ਼ਰੂਰੀ ਪਹੁੰਚਾ ਦਿੰਦੇ ਹਨ ਜਿਸ ਨਾਲ ਕੋਈ ਵੀ ਵਿਅਕਤੀ ਇਲਾਜ ਤੋਂ ਸੱਖਣਾ ਨਹੀਂ ਰਹਿੰਦਾ |

-ਪਿੰਡ ਮੰਡੇਰਾਂ, ਤਹਿ- ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ | ਮੋਬਾਈਲ : 97814-08731.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX