ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹੋਰ ਖ਼ਬਰਾਂ..

ਲੋਕ ਮੰਚ

ਅੱਗ ਲੱਗਣ ਤੋਂ ਬਚਾਅ ਲਈ ਸਾਵਧਾਨੀ ਜ਼ਰੂਰੀ!

ਅੱਜਕਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਤਾਪਮਾਨ ਵੀ ਆਪਣੇ ਸਿਖਰਾਂ 'ਤੇ ਹੈ। ਹਰ ਜੀਵ-ਜੰਤੂ ਤੇ ਪ੍ਰਾਣੀ ਗਰਮੀ ਤੋਂ ਪ੍ਰਭਾਵਿਤ ਹੋਇਆ ਪਿਆ ਹੈ। ਅਜਿਹੇ ਸਮੇਂ ਵਿਚ ਦਰੱਖਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਨ ਦਾ ਖਦਸ਼ਾ ਰਹਿੰਦਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ, ਕਿਉਂਕਿ ਜੰਗਲਾਂ ਨੂੰ ਅੱਗ ਲੱਗਣ ਨਾਲ ਜਿੱਥੇ ਤਾਪਮਾਨ ਵਿਚ ਹੋਰ ਜ਼ਿਆਦਾ ਵਾਧਾ ਹੋ ਜਾਂਦਾ ਹੈ, ਉੱਥੇ ਹੀ ਅੱਗ ਲੱਗਣ ਨਾਲ ਕਈ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਕੁਦਰਤ ਦਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਜੀਵ-ਜੰਤੂਆਂ ਦੀਆਂ ਨਸਲਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ। ਕਈ ਵਾਰ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਦੇ ਘਰ ਅੱਗ ਨਾਲ ਤਬਾਹ ਹੋ ਜਾਂਦੇ ਹਨ। ਜੰਗਲ, ਸੁੱਕੇ ਨਾੜ, ਸੁੱਕੇ ਦਰੱਖਤਾਂ, ਬੂਟਿਆਂ, ਝਾੜੀਆਂ ਆਦਿ ਨੂੰ ਅੱਗ ਲੱਗਣ ਨਾਲ ਬਹੁਤੇ ਜੀਵ-ਜੰਤੂ ਨਾ ਚਾਹੁੰਦੇ ਹੋਏ ਵੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਸਾਡੇ ਵੱਡੇ-ਵਡੇਰਿਆਂ ਤੇ ਮਹਾਂਪੁਰਖਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਜਾਣ-ਬੁੱਝ ਕੇ ਜੰਗਲਾਂ, ਝਾੜੀਆਂ, ਬੂਟੀਆਂ, ਸੁੱਕੇ ਦਰੱਖਤਾਂ ਆਦਿ ਨੂੰ ਅੱਗ ਲਗਾਉਣਾ ਕੇਵਲ ਪਾਪ ਹੀ ਨਹੀਂ, ਸਗੋਂ ਮਹਾਂਪਾਪ ਹੈ, ਜਿਸ ਦਾ ਖਮਿਆਜ਼ਾ ਕੁਦਰਤ ਵਲੋਂ ਮਨੁੱਖ ਨੂੰ ਭੁਗਤਣਾ ਹੀ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਪੱਧਰ 'ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੰਗਲਾਂ, ਜੜ੍ਹੀ ਬੂਟੀਆਂ, ਝਾੜੀਆਂ, ਘਾਹ ਆਦਿ ਨੂੰ ਅੱਗ ਲੱਗਣ ਦੀ ਨੌਬਤ ਹੀ ਨਾ ਆਵੇ। ਸਾਨੂੰ ਆਪਣੇ ਖੇਤਾਂ ਦੇ ਵਿਅਰਥ ਘਾਹ-ਫੂਸ, ਨਾੜ ਆਦਿ ਨੂੰ ਵੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਾਂ ਥੋੜ੍ਹੀ-ਬਹੁਤੀ ਅੱਗ ਲਗਾਉਣ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਅੱਗ ਨਾ ਫੈਲੇ। ਕਈ ਵਾਰ ਸਾਡੇ ਖੇਤਾਂ ਵਿਚ ਜਾਂ ਵਣ-ਸੰਪਦਾ ਦੇ ਨੇੜੇ ਜਾਂ ਸੁੱਕੇ ਘਾਹ-ਫੂਸ ਦੇ ਕੋਲ ਕਈ ਵਾਰ ਬਿਜਲੀ ਦੀਆਂ ਤਾਰਾਂ ਵਿਚੋਂ ਰੌਸ਼ਨੀ ਨਿਕਲਦੀ ਨਜ਼ਰ ਆਉਂਦੀ ਹੈ ਜਾਂ ਬਿਜਲੀ ਦੀਆਂ ਤਾਰਾਂ ਵਿਚ ਕੋਈ ਹੋਰ ਨੁਕਸ ਨਜ਼ਰ ਆਉਂਦਾ ਹੈ ਤਾਂ ਸਾਨੂੰ ਫੌਰੀ ਤੌਰ 'ਤੇ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਜਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ। ਆਪਣੇ ਮਨ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਕਈ ਵਾਰ ਖੇਤਾਂ ਵਿਚ ਖੂਹਾਂ 'ਤੇ ਜਾਂ ਖੇਤਾਂ ਵਿਚ ਬਣਾਏ ਹੋਏ ਧਾਰਮਿਕ ਅਸਥਾਨਾਂ 'ਤੇ ਦੀਵੇ ਜਾਂ ਧੂਪ ਆਦਿ ਜਗਾ ਦਿੰਦੇ ਹਾਂ, ਜੋ ਕਿ ਬਾਅਦ ਵਿਚ ਤੇਜ਼ ਹਨੇਰੀ ਚੱਲਣ ਆਦਿ ਨਾਲ ਆਲੇ-ਦੁਆਲੇ ਦੇ ਖੇਤਰ ਵਿਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਬਾਰੇ ਵੀ ਜੇਕਰ ਅਸੀਂ ਥੋੜ੍ਹਾ ਧਿਆਨ ਰੱਖੀਏ ਤਾਂ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰ ਸਕੇਗੀ। ਇਸ ਤੋਂ ਇਲਾਵਾ ਜੇਕਰ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸਾਡੇ ਕੋਲ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਫਾਇਰ ਬ੍ਰਿਗੇਡ ਆਦਿ ਦਾ ਸੰਪਰਕ ਨੰਬਰ ਵੀ ਆਪਣੇ ਕੋਲ ਰੱਖਣਾ ਚਾਹੀਦਾ ਹੈ। ਬੀੜੀ-ਸਿਗਰਟ ਆਦਿ ਪੀਣ ਵਾਲੇ ਵਿਅਕਤੀਆਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸੋ, ਬਿਹਤਰ ਇਹੋ ਹੋਵੇਗਾ ਕਿ ਕਿਸੇ ਵੀ ਦੁਰਘਟਨਾ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਅਸੀਂ ਆਪ ਸੁਚੇਤ ਹੋ ਜਾਈਏ ਅਤੇ ਉਸ ਦੇ ਬਚਾਅ ਲਈ ਯਥਾਸੰਭਵ ਉਪਰਾਲੇ ਕਰੀਏ ਅਤੇ ਮਾਨਵਤਾ ਧਰਮ ਨਿਭਾਈਏ। ਇਹੋ ਇਨਸਾਨੀਅਤ ਹੈ ਤੇ ਇਹੋ ਕੁਦਰਤ ਨਾਲ ਸੱਚਾ ਪਿਆਰ ਹੈ।

-ਸ੍ਰੀ ਅਨੰਦਪੁਰ ਸਾਹਿਬ। ਮੋਬਾ: 94785-61356


ਖ਼ਬਰ ਸ਼ੇਅਰ ਕਰੋ

ਆਓ! ਮਰ ਕੇ ਜਿਊਂਦੇ ਰਹਿਣ ਦਾ ਪੁੰਨ ਖੱਟੀਏ

ਛੋਟੇ ਹੁੰਦੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਪਸ਼ੂਆਂ ਦੇ ਸਰੀਰ ਮਰਨ ਤੋਂ ਬਾਅਦ ਵੀ ਕੰਮ ਆ ਜਾਂਦੇ ਹਨ ਪਰ ਬੰਦੇ ਦਾ ਸਰੀਰ ਕਿਸੇ ਦਾ ਕਾਜ ਨਹੀਂ ਸਵਾਰਦਾ। ਪਰ ਅੱਜ ਵਿਗਿਆਨ ਦਾ ਯੁੱਗ ਹੈ ਅਤੇ ਹੁਣ ਇਹ ਸੰਭਵ ਹੋ ਗਿਆ ਹੈ ਕਿ ਮਰਨ ਤੋਂ ਬਾਅਦ ਵੀ ਬੰਦੇ ਦੇ ਸਰੀਰ ਤੋਂ ਕੰਮ ਲਿਆ ਜਾ ਸਕਦਾ ਹੈ। ਅੱਜ ਹਜ਼ਾਰਾਂ ਮਨੁੱਖ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ, ਗੁਰਦਿਆਂ, ਜਿਗਰ ਜਾਂ ਪਾਚਕ ਗ੍ਰੰਥੀਆਂ ਦੇ ਖ਼ਰਾਬ ਹੋ ਜਾਣ ਕਾਰਨ ਜਾਂ ਖੂਨ ਦੀ ਕਮੀ ਹੋਣ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਲੋਕ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ, ਅੱਖਾਂ ਦੇ ਪਾਰਦਰਸ਼ੀ ਪਰਦੇ (ਕੋਰਨੀਆ) ਖ਼ਰਾਬ ਹੋ ਜਾਣ ਕਾਰਨ ਜੋਤਹੀਣ ਹੋ ਜਾਂਦੇ ਹਨ। ਜੇਕਰ ਅਸੀਂ ਆਪਣੇ ਤੰਦਰੁਸਤ ਅੰਗ ਅਤੇ ਖ਼ੂਨ ਜ਼ਰੂਰਤਮੰਦਾਂ ਲਈ ਦਾਨ ਕਰਨ ਦੀ ਹਿੰਮਤ ਵਿਖਾਈਏ ਤਾਂ ਲੱਖਾਂ ਮਰੀਜ਼ਾਂ ਨੂੰ ਜ਼ਿੰਦਗੀ ਰੂਪੀ ਤੋਹਫ਼ਾ ਦੇ ਸਕਦੇ ਹਾਂ ਅਤੇ ਹਜ਼ਾਰਾਂ ਹੀ ਜੋਤਹੀਣਾਂ ਦੀ ਬੇਰੰਗ ਜ਼ਿੰਦਗੀ ਵਿਚ ਰੰਗ ਭਰੇ ਜਾ ਸਕਦੇ ਹਨ। 18 ਸਾਲ ਦੀ ਉਮਰ ਤੋਂ ਉੱਪਰ ਦਾ ਹਰ ਇਕ ਸਿਹਤਮੰਦ ਸਰੀਰ ਆਪਣੀ ਮਰਜ਼ੀ ਨਾਲ ਅਤੇ ਇਸ ਤੋਂ ਛੋਟੀ ਉਮਰ ਦਾ ਆਪਣੇ ਮਾਂ-ਪਿਓ ਦੀ ਆਗਿਆ ਨਾਲ ਅੰਗਦਾਨ ਕਰ ਸਕਦਾ ਹੈ। ਅਸੀਂ ਜਿਊਂਦੇ ਜੀਅ ਇਕ ਗੁਰਦਾ, ਜਿਗਰ ਜਾਂ ਪਾਚਨ ਗ੍ਰੰਥੀ (ਪੈਂਕਰੀਆਜ਼) ਦਾ ਇਕ ਭਾਗ ਅਤੇ ਹੱਡੀਆਂ ਦੀ ਮਿੱਝ (ਬੋਨ ਮੈਰੋ) ਦੇ ਰੂਪ ਵਿਚ ਅੰਗਦਾਨ ਕਰਕੇ ਬਿਨਾਂ ਕਿਸੇ ਸਰੀਰਕ ਹਾਨੀ ਦੇ ਪਹਿਲਾਂ ਵਾਂਗ ਹੀ ਆਮ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਹਰ 3 ਮਹੀਨਿਆਂ ਬਾਅਦ ਖੂਨ ਦਾਨ ਕਰਕੇ ਵੀ ਕਈ ਜ਼ਿੰਦਗੀਆਂ ਬਚਾਅ ਸਕਦੇ ਹਾਂ। ਇਕ ਸਰੀਰ ਦੀ ਮੌਤ ਤੋਂ ਬਾਅਦ ਉਸ ਦਾ ਦਿਲ, ਦਿਲ ਦੇ ਵਾਲਵ, ਫੇਫੜੇ, ਗੁਰਦੇ, ਪਾਚਕ ਗ੍ਰੰਥੀਆਂ, ਅੱਖਾਂ, ਚਮੜੀ (ਸਿਝਕਨ), ਹੱਡੀਆਂ, ਹੱਡੀਆਂ ਦੀ ਮਿੱਝ, ਜੋੜਨ ਵਾਲੇ ਟਿਸ਼ੂ (ਕੁਨੈਕਟਿੰਗ ਟਿਸ਼ੂਜ਼), ਕੰਨਾਂ ਦਾ ਵਿਚਕਾਰਲਾ ਭਾਗ (ਮਿਡਲ ਈਅਰ) ਅਤੇ ਖੂਨ ਵਾਲੀਆਂ ਨਾੜੀਆਂ (ਬਲੱਡ ਵੈਸਲਜ਼) ਦਾ ਦਾਨ ਕੀਤਾ ਜਾ ਸਕਦਾ ਹੈ। ਅਸੀਂ ਆਪਣਾ ਪੂਰਾ ਸਰੀਰ ਵੀ ਡਾਕਟਰੀ ਵਿੱਦਿਆ ਅਤੇ ਖੋਜ ਲਈ ਦਾਨ ਕਰ ਸਕਦੇ ਹਾਂ। ਲੱਖਾਂ ਲੋਕ ਹਸਪਤਾਲਾਂ ਵਿਚ ਬੈਠੇ ਸਾਡੀ ਰਾਹ ਤੱਕ ਰਹੇ ਹਨ। ਹੁਣ ਜੇਕਰ ਤੁਸੀਂ ਆਪਣੀ ਮੌਤ ਤੋਂ ਬਾਅਦ ਕਿਸੇ ਨੂੰ ਜੀਵਨ ਦੇਣ ਦਾ ਮਨ ਬਣਾ ਲਿਆ ਹੈ ਤਾਂ ਆਪਣੇ ਸਥਾਨਕ ਹਸਪਤਾਲ ਨਾਲ ਤੁਰੰਤ ਰਾਬਤਾ ਕਾਇਮ ਕਰੋ। ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇੰਟਰਨੈੱਟ ਦੀ ਵੀ ਵਰਤੋਂ ਕਰ ਸਕਦੇ ਹੋ। ਮੌਜੂਦਾ ਸਮੇਂ ਵਿਚ ਹਸਪਤਾਲਾਂ ਵਲੋਂ ਅੰਗਦਾਨ ਕਰਨ ਲਈ ਆਨਲਾਈਨ ਫਾਰਮ ਭਰਨ ਦੀ ਵੀ ਸੁਵਿਧਾ ਉਪਲਬਧ ਹੈ। ਅੰਗ ਦਾਨ ਕਰਨ ਦੇ ਆਪਣੇ ਇਸ ਫੈਸਲੇ ਬਾਰੇ ਆਪਣੇ ਪਰਿਵਾਰ ਨੂੰ ਜ਼ਰੂਰ ਦੱਸੋ, ਤਾਂ ਜੋ ਉਹ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਇੱਛਾ ਨੂੰ ਪੂਰਾ ਕਰ ਸਕਣ। ਜਦੋਂ ਰੋਜ਼ਾਨਾ ਅਨਮੋਲ ਮਾਨਵ ਅੰਗ (ਅੱਖਾਂ, ਦਿਲ, ਗੁਰਦੇ, ਆਦਿ) ਮਰਨ ਵਾਲੇ ਲੋਕਾਂ ਨਾਲ ਦਫ਼ਨਾ ਦਿੱਤੇ ਜਾਂਦੇ ਹਨ ਤਾਂ ਸਾਨੂੰ ਏਨੀ ਚਿੰਤਾ ਕਿਉਂ ਨਹੀਂ ਹੁੰਦੀ। ਸਾਨੂੰ ਲੋੜ ਹੈ ਮਾਨਵ ਅੰਗਾਂ ਦੀ ਕੀਮਤ ਸਮਝਣ ਦੀ। ਆਓ ਅਸੀਂ ਵੀ ਹੰਭਲਾ ਮਾਰੀਏ ਅਤੇ ਮਰ ਕੇ ਵੀ ਕਿਸੇ ਦੀ ਖੁਸ਼ੀ ਦਾ ਕਾਰਨ ਬਣੀਏ।

-ਪਿੰਡ ਕੌਲਸੇੜੀ, ਤਹਿ: ਧੂਰੀ, ਜ਼ਿਲ੍ਹਾ ਸੰਗਰੂਰ। ਮੋਬਾ: 81959-29011

ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਲਈ ਤਿਆਰ

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖ਼ਤਮ ਹੋ ਚੁੱਕਾ ਹੈ। ਦੂਜੀ ਪਰਤ ਲਗਪਗ 100 ਤੋਂ 200 ਫੁੱਟ ਉੱਤੇ ਹੈ। ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ, ਜੋ ਕਿ ਅਗਲੇ ਦਹਾਕੇ ਤੱਕ ਖ਼ਤਮ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖ਼ਤਮ ਹੋ ਜਾਣ ਕਾਰਨ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖ਼ਤਮ ਹੋ ਜਾਣਗੀਆਂ। ਵਿਗਿਆਨ ਦੱਸਦਾ ਹੈ ਕਿ ਤਿੰਨ ਪਰਤਾਂ ਵਿਚੋਂ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ-ਕੁਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਤਾਂ ਇਹ ਪਾਣੀ ਕਈ ਸਦੀਆਂ ਤੱਕ ਪੀਣ-ਯੋਗ ਨਹੀਂ ਰਹੇਗਾ। ਦੂਜੀ ਅਤੇ ਤੀਜੀ ਪਰਤ ਵਿਚ ਪਾਣੀ ਲੱਖਾਂ ਸਾਲਾਂ ਤੱਕ ਪਹੁੰਚਦਾ ਹੈ। ਇਸ ਵਿਚਲਾ ਤੁਪਕਾ-ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ। ਦਰਿਆਈ ਪਾਣੀ ਪੰਜਾਬ ਤੋਂ ਬਾਹਰ ਜਾਣ ਕਾਰਨ ਪੰਜਾਬੀ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਮਾਹਿਰਾਂ ਅਨੁਸਾਰ ਇਕ ਕਿਲੋ ਚੌਲ ਪੈਦਾ ਕਰਨ ਲਈ 4000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਪੰਜਾਬ ਦੇ 14 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ। ਪੰਜਾਬ ਵਿਚ ਆਉਂਦੇ 15-20 ਸਾਲਾਂ ਵਿਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਤੋਂ ਵੱਧ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿਚ ਕਈ ਤਰ੍ਹਾਂ ਦੇ ਕੀਮਤੀ ਤੱਤ ਹੁੰਦੇ ਹਨ, ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ। ਦਰਿਆਈ ਪਾਣੀਆਂ ਦੀ ਅਣਹੋਂਦ ਕਾਰਨ ਇਹ ਕਮੀ ਸਾਨੂੰ ਰਸਾਇਣਕ ਖਾਦਾਂ ਦੁਆਰਾ ਪੂਰੀ ਕਰਨੀ ਪੈਂਦੀ ਹੈ। ਦਰਿਆਈ ਪਾਣੀ ਬਾਹਰ ਭੇਜਣ ਕਾਰਨ ਪੰਜਾਬ ਦਾ ਅਣਮੁੱਲਾ ਖਜ਼ਾਨਾ ਖ਼ਤਮ ਹੋਣ ਕੰਢੇ ਹੈ। ਅਜਿਹੇ ਹਾਲਾਤ ਵਿਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਵੀ ਉਪਰਾਲੇ ਕਰਨ ਦੀ ਲੋੜ ਹੈ, ਤਾਂ ਕਿ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ।

-ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ। ਮੋਬਾ: 99143-21818

ਕਿਉਂ ਘਟ ਰਹੀ ਹੈ ਸਹਿਣਸ਼ੀਲਤਾ

ਮੌਜੂਦਾ ਦੌਰ 'ਚ ਜਿੱਥੇ ਜ਼ਿੰਦਗੀ ਨੇ ਰਫਤਾਰ ਫੜੀ ਹੈ, ਉੱਥੇ ਹੀ ਤਕਨੀਕੀ ਯੁੱਗ ਨੇ ਵੀ ਮਨੁੱਖਾਂ ਦੇ ਦਿਮਾਗ਼ 'ਤੇ ਡੂੰਘਾ ਅਸਰ ਪਾਇਆ ਹੈ। ਇਕ ਪਾਸੇ ਮਨੁੱਖ ਜਿੱਥੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ 'ਚ ਲੱਗਾ ਹੁੰਦਾ ਹੈ, ਉੱਥੇ ਹੀ ਤਕਨੀਕੀ ਕੰਮਾਂ ਨੇ ਵੀ ਮਨੁੱਖ ਨੂੰ ਆਪਣੀ ਜਕੜ 'ਚ ਲੈ ਲਿਆ ਹੈ। ਗੱਲ ਚਾਹੇ ਲੈਪਟਾਪ ਦੀ ਹੋਵੇ, ਟੀ.ਵੀ. ਦੀ ਹੋਵੇ, ਮੋਬਾਈਲ ਦੀ ਹੋਵੇ ਜਾਂ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਕਾਰਾਂ ਦੀ, ਤੁਸੀਂ ਵਿਹਲੜ ਬੰਦੇ ਨੂੰ ਵੀ ਰੁੱਝਿਆ ਹੀ ਪਾਓਗੇ ਤੇ ਜਿਹੜੇ ਬੰਦੇ ਕੰਮ ਕਰਦੇ ਹਨ, ਉਹ ਤਾਂ ਰੁੱਝੇ ਹੀ ਹੁੰਦੇ ਹਨ। ਪੜ੍ਹਾਈ ਦਾ ਭਾਰ ਵੀ ਮੌਜੂਦਾ ਸਮੇਂ 'ਚ ਹਰ ਵਰਗ ਦੇ ਵਿਦਿਆਰਥੀ 'ਤੇ ਹੈ, ਕਿਸੇ ਨੂੰ ਪਾਸ ਹੋਣ ਦੀ ਚਿੰਤਾ ਦਾ ਡਰ ਸਤਾਉਂਦਾ ਹੈ ਤੇ ਕਿਸੇ ਨੂੰ ਮੈਰਿਟ 'ਚ ਥਾਂ ਪ੍ਰਾਪਤ ਹੋਣ ਦਾ। ਇਸੇ ਉਧੇੜ-ਬੁਣ 'ਚ ਮਨੁੱਖ ਆਪਣੀਆਂ ਸਰੀਕਰ ਲੋੜਾਂ ਅਤੇ ਜੀਵਨ 'ਚ ਖੁਸ਼ ਰਹਿਣ ਦੇ ਤਰੀਕਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਬੀਤੇ ਸਮਿਆਂ 'ਚ ਲੋਕ ਇਕ-ਦੂਜੇ ਨਾਲ ਆਪਣਾ ਦੁੱਖ-ਸੁਖ ਫਰੋਲ ਲੈਂਦੇ ਸਨ, ਹੁਣ ਮੌਜੂਦਾ ਦੌਰ 'ਚ ਫੇਸਬੁੱਕ ਤੇ ਵਟਸਐਪ ਆਦਿ ਐਪਾਂ 'ਤੇ ਲੋਕ ਆਪਣੀ ਨਿੱਜੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਦਿੰਦੇ ਹਨ। ਛੋਟੀ ਤੋਂ ਛੋਟੀ ਘਟਨਾ ਤੋਂ ਲੈ ਕੇ ਵੱਡੀ ਘਟਨਾ ਵੀ ਲੋਕਾਂ ਤੱਕ ਮਿੰਟਾਂ-ਸਕਿੰਟਾਂ 'ਚ ਪਹੁੰਚ ਜਾਂਦੀ ਹੈ। ਕੰਮ ਦਾ ਦਬਾਅ ਹੋਵੇ, ਪੜ੍ਹਾਈ ਦਾ ਦਬਾਅ ਹੋਵੇ ਜਾਂ ਘਰ-ਪਰਿਵਾਰ ਦਾ ਦਬਾਅ ਹੋਵੇ, ਲੋਕ ਆਪਣੀ ਭੜਾਸ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਨੈੱਟਵਰਕ 'ਤੇ ਕੱਢਦੇ ਹਨ। ਕੁਝ ਲੋਕ ਤਾਂ ਸੋਸ਼ਲ ਸਾਈਟਾਂ 'ਤੇ ਵੀ ਇਕ-ਦੂਜੇ ਨਾਲ ਇੰਜ ਲੜਦੇ ਹਨ ਕਿ ਜੇਕਰ ਇਨ੍ਹਾਂ ਨੂੰ ਇਕੱਠੇ ਕਰ ਦਿੱਤਾ ਜਾਵੇ ਤਾਂ ਗੱਲ ਮਾਰ-ਕੁੱਟ ਤੱਕ ਪੁੱਜ ਜਾਵੇ। ਪੜ੍ਹੇ-ਲਿਖੇ ਵਰਗ ਦੀ ਜੇ ਗੱਲ ਕਰੀਏ ਤਾਂ ਜਿਸ ਘਰ 'ਚ ਲਗਪਗ 5-6 ਜੀਅ ਹੋਣ, ਉਨ੍ਹਾਂ ਸਭ ਕੋਲ ਮੋਬਾਈਲ ਹੁੰਦਾ ਹੈ, ਜੇਕਰ ਅਨਪੜ੍ਹ ਵਰਗ ਦੀ ਗੱਲ ਕਰੀਏ ਤਾਂ ਘਰ 'ਚ ਇਕ ਜਾਂ ਦੋ ਮੈਂਬਰਾਂ ਕੋਲ ਫੋਨ ਹੁੰਦਾ ਹੈ। ਮੋਬਾਈਲ ਕਾਰਨ ਘਰ ਵਿਚਲੇ ਦੂਜੇ ਮੈਂਬਰਾਂ ਦੇ ਨਾਲ ਗੱਲਬਾਤ ਬਹੁਤ ਘੱਟ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਮੋਹ ਖਤਮ ਜਿਹਾ ਹੋ ਜਾਂਦਾ ਹੈ। ਘਰ 'ਚ ਕੀ ਹੋ ਰਿਹਾ ਹੈ, ਜ਼ਿਆਦਾਤਰ ਬੱਚਿਆਂ ਨੂੰ ਅਤੇ ਜ਼ਿਆਦਾਤਰ ਮਾਪਿਆਂ ਨੂੰ ਬੱਚਿਆਂ ਬਾਰੇ ਪਤਾ ਹੀ ਨਹੀਂ ਹੁੰਦਾ। ਸਹਿਣਸ਼ੀਲਤਾ ਇਹ ਇਕ ਸ਼ਬਦ ਮਾਤਰ ਨਹੀਂ ਹੈ। ਕਿਸੇ ਦੇ ਕਹੇ ਮਾੜੇ ਸ਼ਬਦਾਂ ਨੂੰ ਜਰਨਾ, ਕਿਸੇ ਮੁਸ਼ਕਿਲ ਦੀ ਘੜੀ 'ਚ ਆਪਣੇ-ਆਪ ਨੂੰ ਸੰਭਾਲਣਾ ਜਾਂ ਕਿਸੇ ਹੋਰ ਨੂੰ ਸਹਾਰਾ ਦੇਣਾ ਸਹਿਣਸ਼ੀਲਤਾ ਦੀਆਂ ਮੁੱਖ ਉਦਾਹਰਣਾਂ ਹਨ। ਲੋਕਾਂ 'ਚ ਸਹਿਣਸ਼ੀਲਤਾ ਦੀ ਘਾਟ ਇਸ ਲਈ ਜ਼ਿਆਦਾ ਵਧ ਰਹੀ ਹੈ, ਕਿਉਂਕਿ ਉਹ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਬਾਰੇ ਹੀ ਸੋਚਣ ਲੱਗ ਪਏ ਹਨ। ਉਨ੍ਹਾਂ ਕੋਲ ਆਪਣੇ ਪਰਿਵਾਰ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਮੌਤ ਨੂੰ ਤਾਂ ਹੁਣ ਲੋਕ ਖੇਡ ਹੀ ਸਮਝਣ ਲੱਗ ਪਏ ਹਨ। ਖੁਦਕੁਸ਼ੀ ਵਰਗੀਆਂ ਅਣਸੁਖਾਵੀਆਂ ਘਟਨਾਵਾਂ ਸਾਨੂੰ ਅਕਸਰ ਟੀ.ਵੀ. ਜਾਂ ਅਖ਼ਬਾਰਾਂ 'ਚ ਪੜ੍ਹਨ ਤੇ ਦੇਖਣ ਨੂੰ ਮਿਲਦੀਆਂ ਹਨ। ਮੌਤ ਕਿਸੇ ਮਸਲੇ ਦਾ ਹੱਲ ਨਹੀਂ ਹੈ। ਜ਼ਿੰਦਗੀ ਨੂੰ ਜਿਊਣ ਦੇ ਤਰੀਕੇ ਸਿੱਖੋ। ਤੁਸੀਂ ਜਿਨ੍ਹਾਂ ਹਾਲਾਤਾਂ 'ਚ ਜੀਅ ਰਹੇ ਹੋ, ਜੇਕਰ ਉਹ ਹਾਲਾਤ ਤੁਹਾਡੇ ਅਨੁਸਾਰ ਨਹੀਂ ਹਨ ਅਤੇ ਤੁਸੀਂ ਉਨ੍ਹਾਂ ਹਾਲਾਤਾਂ ਨੂੰ ਬਦਲ ਨਹੀਂ ਸਕਦੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਖੁਦ ਹੀ ਉਨ੍ਹਾਂ ਹਾਲਾਤਾਂ ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲਵੋ। ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਕੁਝ ਮਿੰਟਾਂ ਦੇ ਗੁੱਸੇ ਕਰਕੇ ਆਪਣੇ ਤੇ ਆਪਣੇ ਘਰ ਵਾਲਿਆਂ ਬਾਰੇ ਸੋਚ-ਸਮਝ ਕੇ ਹੀ ਕੋਈ ਕਦਮ ਚੁੱਕੋ। ਪੜ੍ਹਾਈ 'ਚ ਨਾਕਾਮ ਹੋਣ ਵਾਲੇ ਨਾਬਾਲਗ ਵੀ ਆਤਮਹੱਤਿਆ ਜਿਹੇ ਕਦਮ ਚੁੱਕ ਰਹੇ ਹਨ। ਬਿਜ਼ਨੈੱਸ 'ਚ ਫੇਲ੍ਹ ਹੋਇਆ ਵਿਅਕਤੀ, ਕਰਜਾ ਨਾ ਦੇਣ 'ਚ ਅਸਮਰੱਥ ਵਿਅਕਤੀ ਜਾਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਤਮਹੱਤਿਆ ਕਰਨੀ ਕੋਈ ਵੱਡੀ ਪ੍ਰਾਪਤੀ ਨਹੀਂ, ਸਗੋਂ ਇਹ ਤੁਹਾਡੇ ਜਾਣ ਤੋਂ ਮਗਰੋਂ ਤੁਹਾਡੇ ਪਰਿਵਾਰ 'ਤੇ ਲੱਗਣ ਵਾਲਾ ਦਾਗ ਹੈ। ਅਜਿਹੇ ਮੌਕਿਆਂ 'ਤੇ ਜੇਕਰ ਤੁਸੀਂ ਕੁਝ ਸਮਾਂ ਸ਼ਾਂਤ ਰਹਿ ਕੇ ਇਨ੍ਹਾਂ ਮਸਲਿਆਂ ਦਾ ਹੱਲ ਤਲਾਸ਼ੋ ਜਾਂ ਕਿਸੇ ਨਾਲ ਗੱਲਬਾਤ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਕਰੋ ਤਾਂ ਜ਼ਰੂਰ ਤੁਹਾਡੇ ਮਸਲੇ ਸੁਲਝ ਜਾਣਗੇ।

-ਮੋਬਾ: 81465-73901

ਬੱਚਿਆਂ ਨੂੰ ਸੁੰਦਰ ਪੰਜਾਬੀ ਲਿਖਾਈ ਸਿਖਾਈਏ

ਪੰਜਾਬੀ ਨੂੰ ਪੜ੍ਹਨਾ, ਲਿਖਣਾ, ਬੋਲਣਾ ਅਤੇ ਵਿਚਾਰਨਾ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ। ਇਹ ਸਾਡੀ ਮਾਂ ਬੋਲੀ ਹੈ ਪਰ ਅਜੇ ਵੀ ਕਈ ਮਾਂ-ਬੋਲੀ ਤੋਂ ਕੋਹਾਂ ਦੂਰ ਹਨ। ਜਿਹੜਾ ਕੰਮ ਮਾਤ ਭਾਸ਼ਾ ਵਿਚ ਹੁੰਦਾ ਹੈ, ਉਸ ਦੀ ਕੋਈ ਰੀਸ ਨਹੀਂ ਹੁੰਦੀ। ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਦਾ ਗਿਆਨ ਰੱਖਣਾ ਚੰਗੀ ਗੱਲ ਹੈ, ਦੂਜੀ ਭਾਸ਼ਾ ਨੂੰ ਸਿੱਖਦੇ ਹੋਏ ਮਾਂ-ਬੋਲੀ ਪੰਜਾਬੀ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ। ਬੱਚਿਆਂ ਵਿਚ ਸ਼ੁਰੂ ਤੋਂ ਹੀ ਪੰਜਾਬੀ ਪ੍ਰਤੀ ਪਿਆਰ ਭਰ ਦੇਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਪੰਜਾਬੀ 'ਚ ਕੀਤੀਆਂ ਜਾਣ, ਛੋਟੇ-ਛੋਟੇ ਵਾਕ ਬੱਚੇ ਨੂੰ ਆਪਣੇ ਵੱਲ ਖਿੱਚਦੇ ਹਨ। ਬੱਚੇ ਦੀ ਲਿਖਾਈ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਕ ਵਾਰ ਲਿਖਾਈ ਬਣ ਗਈ ਤਾਂ ਬਣ ਗਈ, ਨਹੀਂ ਫਿਰ ਨਹੀਂ ਬਦਲਦੀ, ਉਹੋ ਜਿਹੀ ਰਹਿੰਦੀ ਹੈ। ਸਾਫ਼-ਸੁਥਰੀ ਵਧੀਆ ਲਿਖਾਈ ਸਦਾ ਬਰਕਰਾਰ ਰਹਿੰਦੀ ਹੈ। ਖੁਸ਼ਕੱਤ ਲਿਖਾਈ ਹਰ ਇਕ ਦਾ ਮਨ ਮੋਹ ਲੈਂਦੀ ਹੈ ਅਤੇ ਹਰ ਕੋਈ ਚੰਗੀ ਲਿਖਾਈ ਦੀ ਪ੍ਰਸ਼ੰਸਾ ਕਰਦਾ ਹੈ। ਮਾੜੀ ਲਿਖਾਈ ਦੇਖ ਕੇ ਕੋਈ ਵੀ ਖੁਸ਼ ਨਹੀਂ ਹੁੰਦਾ।ਕਈ ਦਵਾਈਆਂ ਦੀਆਂ ਪਰਚੀਆਂ 'ਤੇ ਗੌਰ ਨਾਲ ਦੇਖਣ 'ਤੇ ਵੀ ਪਰਚੀ ਨਹੀਂ ਪੜ੍ਹੀ ਜਾਂਦੀ। ਹੋਰ ਤਾਂ ਹੋਰ, ਅੱਖਰਾਂ ਦਾ ਪਤਾ ਨਹੀਂ ਚੱਲਦਾ, ਸਾਰੇ ਅੱਖਰ ਇਕੋ ਜਿਹੇ, ਇਕੋ ਜਿਹੀ ਮੋਟਾਈ 'ਤੇ ਹੁੰਦੇ ਹਨ। ਇਹ ਲਿਖਾਈ ਕਿਸ ਤੋਂ ਸਿੱਖੀ, ਕਮਾਲ ਦੀ ਗੱਲ ਹੈ। ਚੰਗਾ ਉਸਤਾਦ ਆਪਣੇ ਸ਼ਗਿਰਦਾਂ ਨੂੰ ਪਹਿਲਾਂ ਇਕ-ਇਕ ਅੱਖਰ ਸੋਹਣਾ ਲਿਖਣਾ ਸਿਖਾਉਂਦਾ ਹੈ, ਫਿਰ ਸ਼ਬਦਾਂ ਦੀ ਸੁੰਦਰਤਾ ਅਤੇ ਫਿਰ ਵਾਕਾਂ 'ਤੇ ਆਉਂਦਾ ਹੈ। ਇਹ ਲਿਖਾਈ ਸਾਡਾ ਆਧਾਰ ਹੁੰਦੀ ਹੈ। ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਲੇਖਕਾਂ ਨਾਲ ਮਿਲਣੀ ਕਰਵਾਈ ਜਾਵੇ, ਜਿਸ ਤੋਂ ਬੱਚੇ ਪ੍ਰਭਾਵਿਤ ਹੋਣਗੇ ਅਤੇ ਸੇਧ ਲੈਣਗੇ। ਚੰਗੇ ਪ੍ਰਸਿੱਧ ਲੇਖਕ ਜਿਨ੍ਹਾਂ ਨੇ ਬੁਲੰਦੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਦੀਆਂ ਤਸਵੀਰਾਂ, ਲਿਖਤਾਂ, ਲੇਖ ਅਤੇ ਕਿਤਾਬਾਂ ਬੱਚਿਆਂ ਨੂੰ ਦਿਖਾਈਆਂ ਜਾਣ। ਲੇਖਕ ਤੇ ਪਾਠਕ ਦਾ ਨੇੜਲਾ ਸਬੰਧ ਹੋਵੇ ਅਤੇ ਇਕ-ਦੂਜੇ ਨੂੰ ਸਮਝਦੇ ਹੋਣ। ਬਹੁਤ ਘੱਟ ਲੋਕ ਹਨ, ਜਿਹੜੇ ਪੂਰਾ ਅਖ਼ਬਾਰ ਪੜ੍ਹਦੇ ਹੋਣਗੇ, ਨਹੀਂ ਤਾਂ ਮੋਟੀਆਂ-ਮੋਟੀਆਂ ਤਰਦੀਆਂ-ਤਰਦੀਆਂ ਖ਼ਬਰਾਂ ਪੜ੍ਹ ਕੇ ਅਖ਼ਬਾਰ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਕੰਮ ਦੀ ਹੀ ਖ਼ਬਰ ਪੜ੍ਹੀ ਜਾਂਦੀ ਹੈ। ਵਧੀਆ ਪਾਠਕ ਖ਼ਬਰਾਂ, ਲੇਖ, ਸੰਪਾਦਕੀ ਪੰਨਾ, ਮੈਗਜ਼ੀਨ, ਅੱਜ ਦਾ ਵਿਚਾਰ ਸਭ ਪੜ੍ਹਦੇ ਹਨ ਅਤੇ ਗਿਆਨ ਵਿਚ ਵਾਧਾ ਕਰਦੇ ਹਨ। ਕਈ ਪੰਜਾਬੀ ਲੋਕ ਪੰਜਾਬ ਵਿਚ ਰਹਿੰਦੇ ਹਨ, ਪੰਜਾਬ ਦਾ ਖਾਂਦੇ ਹਨ, ਪੰਜਾਬ ਵਿਚ ਕੰਮ ਕਰਦੇ ਹਨ, ਪਰ ਉਹ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦੇ ਹਨ, ਮਾਂ ਬੋਲੀ ਨੂੰ ਸਤਿਕਾਰ ਨਹੀਂ ਦਿੰਦੇ, ਘਰਾਂ ਵਿਚ ਵੀ ਪੰਜਾਬੀ ਨਹੀਂ ਬੋਲਦੇ। ਅੱਜ ਦੇ ਬੱਚੇ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ। ਬੱਚਾ ਅੰਗਰੇਜ਼ੀ ਭਾਸ਼ਾ ਜੀਅ ਸਦਕੇ ਸਿੱਖੇ ਪਰ ਮਾਂ-ਬੋਲੀ ਤੋਂ ਕਿਨਾਰਾ ਨਾ ਕਰੇ। ਜਦੋਂ ਅਸੀਂ ਪੰਜਾਬੀ ਮਾਂ-ਬੋਲੀ ਵਿਚ ਬੋਲਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਮਾਂ ਆ ਗਈ ਹੁੰਦੀ ਹੈ, ਕੋਲ ਬੈਠੀ ਹੈ, ਗੱਲਾਂ ਕਰ ਰਹੀ ਹੈ। ਆਓ! ਸਾਰੇ ਰਲ ਕੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੀਏ, ਸਾਰੇ ਕੰਮ ਪੰਜਾਬੀ ਵਿਚ ਕਰੀਏ, ਪੰਜਾਬੀ ਬੋਲੀਏ ਅਤੇ ਸੁੰਦਰ ਲਿਖਾਈ ਵਿਚ ਪੰਜਾਬੀ ਲਿਖੀਏ।

-29/166, ਗਲੀ ਹਜ਼ਾਰਾ ਸਿੰਘ, ਮੋਗਾ-142001. ਮੋਬਾ: 97810-40140

ਵਿਦੇਸ਼ਾਂ ਵਿਚ ਕੁੜੀਆਂ ਦੇ ਨਾਲ ਜਾਣ ਦਾ ਸੁਪਨਾ ਲੈਣ ਵਾਲੇ ਮੁੰਡੇ ਸੋਚ-ਸਮਝ ਕੇ ਕਦਮ ਪੁੱਟਣ

ਇਨ੍ਹੀਂ ਦਿਨੀਂ ਹਰੇਕ ਪੰਜਾਬੀ ਮੁੰਡਾ ਇਹੋ ਸੋਚਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ 'ਤੇ ਇਕ ਵਾਰ ਪਹੁੰਚ ਜਾਵੇ, ਫਿਰ ਉਹ ਆਪਣੇ ਘਰਦਿਆਂ ਦੀ ਗਰੀਬੀ ਦੂਰ ਕਰ ਦੇਵੇਗਾ। ਮਾਪੇ ਆਪਣੇ ਪੁੱਤ ਲਈ ਕੋਈ ਆਈਲੈਟਸ ਵਾਲੀ ਕੁੜੀ ਲੱਭਦੇ ਹਨ ਤੇ ਕੁੜੀ ਵਾਲਿਆਂ ਵਲੋਂ ਕੈਨੇਡਾ, ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਦੇ ਕਿਸੇ ਕਾਲਜ ਦੀ ਸਾਰੇ ਸਾਲ ਦੀ ਫੀਸ ਤੇ ਹੋਰ ਕਈ ਖਰਚੇ ਮੁੰਡੇ ਵਾਲਿਆਂ ਨਾਲ ਤੈਅ ਕੀਤੇ ਜਾਂਦੇ ਹਨ। ਵੀਜ਼ਾ ਆਉਣ 'ਤੇ ਵਿਆਹ ਲਈ ਵੀ ਸੌਦਾ ਕੀਤਾ ਜਾਂਦਾ ਹੈ। ਜਦੋਂ ਕੁੜੀ ਕੈਨੇਡਾ ਜਾਂ ਕਿਸੇ ਹੋਰ ਯੂਰਪੀ ਦੇਸ਼ ਪਹੁੰਚ ਜਾਂਦੀ ਹੈ, ਮੁੰਡੇ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਉਹ ਸੋਚਦੇ ਹਨ ਕਿ ਸਾਡਾ ਪੁੱਤ ਵੀ ਬਸ ਹੁਣ ਕੁਝ ਮਹੀਨਿਆਂ ਬਾਅਦ ਵਿਦੇਸ਼ੀ ਧਰਤੀ 'ਤੇ ਕੁੜੀ ਕੋਲ ਪਹੁੰਚ ਜਾਵੇਗਾ। ਕੁਝ ਮਹੀਨੇ ਤਾਂ ਕੁੜੀ ਵੀ ਵਿਦੇਸ਼ ਨਵੀਂ-ਨਵੀਂ ਗਈ ਹੋਣ ਕਾਰਨ ਮੁੰਡੇ ਨਾਲ ਫੋਨ 'ਤੇ ਵਧੀਆ ਗੱਲ ਕਰਦੀ ਰਹਿੰਦੀ ਹੈ। ਹੌਲੀ-ਹੌਲੀ ਕੁੜੀ ਦੀ ਫੋਨ 'ਤੇ ਗੱਲਬਾਤ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬੁਲਾਉਣ ਵਾਲਾ ਲਾਰਾ ਵੀ ਦਿਨੋ-ਦਿਨ ਵੱਡਾ ਹੋਈ ਜਾਂਦਾ ਹੈ। ਮੁੰਡੇ ਤੇ ਮਾਪਿਆਂ ਨੂੰ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿ ਅਸੀਂ ਤਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਕੁੜੀ ਮੁੰਡੇ ਨੂੰ ਬੁਲਾਉਣ ਲਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੀ। ਆਖ਼ਰਕਾਰ ਕੁੜੀ ਮੁੰਡੇ ਨੂੰ ਵਿਦੇਸ਼ ਵਿਚ ਬੁਲਾਉਣ ਤੋਂ ਬਿਲਕੁਲ ਜਵਾਬ ਦੇ ਦਿੰਦੀ ਹੈ। ਕੁੜੀ ਤੇ ਉਸ ਦੇ ਮਾਪੇ ਪੈਸਿਆਂ ਦੇ ਲਾਲਚ ਕਰਕੇ ਅਜਿਹੇ ਮੁੰਡਿਆਂ ਨਾਲ ਧੋਖਾ ਕਰਦੇ ਹਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਦੇ ਅਨੇਕਾਂ ਮੁੰਡਿਆਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ। ਅੱਜ ਪੰਜਾਬ ਵਿਚ ਮੁੰਡੇ ਬਾਹਰਲੇ ਮੁਲਕਾਂ ਵਿਚ ਜਾਣ ਲਈ ਧੜਾਧੜ ਆਈਲੈਟਸ ਵਾਲੀਆਂ ਕੁੜੀਆਂ ਲੱਭ ਰਹੇ ਹਨ। ਮਾਪੇ ਆਪਣੀਆਂ ਕੁੜੀਆਂ ਨੂੰ ਆਈਲੈਟਸ ਕਰਵਾ ਕੇ ਆਪਣੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲਿਆਂ ਅੱਗੇ ਰੱਖਦੇ ਹਨ। ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਪਰ ਅਫ਼ਸੋਸ ਕਿ ਹੁਣ ਇਹ ਸਿਲਸਿਲਾ ਵਧ ਰਿਹਾ ਹੈ। ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਜ਼ਿਆਦਾ ਹੋਣ ਕਰਕੇ ਕੰਮ ਕੋਈ ਨਾ ਮਿਲਣ 'ਤੇ ਸਾਡੇ ਨੌਜਵਾਨਾਂ ਕੋਲ ਹੁਣ ਇਕੋ-ਇਕ ਰਾਹ ਵਿਦੇਸ਼ ਜਾਣਾ ਹੀ ਬਚਿਆ ਹੈ, ਜਿਥੇ ਜ਼ਿਆਦਾਤਰ ਮੁੰਡੇ ਆਪ ਆਈਲੈਟਸ ਨਾ ਕਲੀਅਰ ਹੋਣ ਕਰਕੇ ਆਈਲੈਟਸ 'ਚ ਚੰਗੇ ਬੈਂਡ ਪ੍ਰਾਪਤ ਕੁੜੀਆਂ ਦਾ ਸਹਾਰਾ ਲੱਭਦੇ ਹਨ। ਕੁਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਨਾਲ ਸਬੰਧਿਤ ਵਿਅਕਤੀ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ ਜਿਸ ਕੁੜੀ ਨੂੰ ਵਿਦੇਸ਼ ਭੇਜਣ ਲਈ ਉਸ ਮੁੰਡੇ ਨੇ ਲੱਖਾਂ ਰੁਪਏ ਜ਼ਮੀਨ ਵੇਚ ਕੇ ਖਰਚ ਕੀਤੇ ਸਨ, ਉਸ ਕੁੜੀ ਨੇ ਕਾਫੀ ਟਾਈਮ ਬਾਅਦ ਉਸ ਮੁੰਡੇ ਨੂੰ ਕੈਨੇਡਾ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ, ਕਦੇ ਵੀ ਵਿਦੇਸ਼ ਜਾਣ ਲਈ ਕਾਹਲੀ ਵਿਚ ਫੈਸਲੇ ਨਹੀਂ ਲੈਣੇ ਚਾਹੀਦੇ। ਇਸ ਦੇ ਨਾਲ ਹੀ ਲੋੜੀਂਦੀ ਕਾਨੂੰਨੀ ਲਿਖਤ-ਪੜ੍ਹਤ ਵੀ ਕਰਨੀ ਚਾਹੀਦੀ ਹੈ, ਤਾਂ ਕਿ ਬਾਅਦ ਵਿਚ ਤੁਹਾਡੇ ਵਲੋਂ ਲਿਆ ਫੈਸਲਾ ਪਛਤਾਵੇ ਦਾ ਕਾਰਨ ਨਾ ਬਣੇ ਸਮਾਜ ਵਿਚ ਧੋਖਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਸ ਕਰਕੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ।

-ਕੁਸਲਾ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 94650-33331

ਖੇਰੂੰ-ਖੇਰੂੰ ਹੋ ਰਹੇ ਸਮਾਜਿਕ ਰਿਸ਼ਤੇ

ਮਨੁੱਖੀ ਜ਼ਿੰਦਗੀ ਬਹੁਤ ਖੂਬਸੂਰਤ ਪਰਮਾਤਮਾ ਵਲੋਂ ਬਖਸ਼ਿਆ ਹੋਇਆ ਅਨਮੋਲ ਤੋਹਫ਼ਾ ਹੈ। ਮਨੁੱਖੀ ਜ਼ਿੰਦਗੀ ਦਾ ਇਹ ਸਫ਼ਰ ਬੱਚੇ ਦਾ ਇਸ ਦੁਨੀਆ ਵਿਚ ਆ ਕੇ ਪਹਿਲੀ ਕਿਲਕਾਰੀ ਮਾਰਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜੋ ਫਿਰ ਭੋਲੇ-ਭਾਲੇ ਬਚਪਨ ਵਿਚੋਂ ਲੰਘਦਾ ਹੋਇਆ ਮਸਤ ਤੇ ਅਲਬੇਲੀ ਜਵਾਨੀ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਜਵਾਨੀ ਦਾ ਰੰਗ-ਰਸ ਮਾਣਦਾ ਹੋਇਆ ਮਨੁੱਖ ਆਖਰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਯਾਨੀ ਬੁਢਾਪੇ ਦਾ ਸ਼ਿਕਾਰ ਹੋ ਜਾਂਦਾ ਹੈ, ਜੋ ਫਿਰ ਮਨੁੱਖੀ ਜ਼ਿੰਦਗੀ ਦੇ ਨਾਲ ਹੀ ਖ਼ਤਮ ਹੁੰਦਾ ਹੈ। ਜ਼ਿੰਦਗੀ ਦੇ ਇਸ ਸਫ਼ਰ 'ਤੇ ਮਨੁੱਖ ਨੂੰ ਕਈ ਰਿਸ਼ਤੇ ਮਿਲਦੇ ਹਨ। ਕੁਝ ਰਿਸ਼ਤੇ ਤਾਂ ਇਸ ਨੂੰ ਵਿਰਾਸਤ ਵਿਚੋਂ ਹੀ ਮਿਲਦੇ ਹਨ, ਜਿਨ੍ਹਾਂ ਨੂੰ ਪਰਿਵਾਰਕ ਰਿਸ਼ਤੇ ਕਹਿੰਦੇ ਹਨ। ਕੁਝ ਰਿਸ਼ਤੇ ਇਹ ਆਮ ਬੋਲਚਾਲ ਰਾਹੀਂ ਸਿਰਜਦਾ ਹੈ, ਜਿਨ੍ਹਾਂ ਨੂੰ ਮਿੱਤਰ-ਸੱਜਣ ਆਖਦੇ ਹਾਂ। ਇਨ੍ਹਾਂ ਰਿਸ਼ਤਿਆਂ 'ਤੇੇ ਆਧਾਰਿਤ ਹੀ ਫਿਰ ਇਕ ਸਮਾਜ ਹੋਂਦ ਵਿਚ ਆਉਂਦਾ ਹੈ, ਜੋ ਮਨੁੱਖ ਨੂੰ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ ਸਿਖਾਉਂਦਾ ਹੈ, ਮਨੁੱਖੀ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਂਦਾ ਹੈ। ਕਈ ਵਾਰ ਕਿਸੇ ਰਿਸ਼ਤੇ ਵਿਚ ਆਈ ਥੋੜ੍ਹੀ-ਬਹੁਤੀ ਖਟਾਸ ਹੀ ਮਨੁੱਖ ਦੇ ਜ਼ਿੰਦਗੀ ਜਿਊਣ ਦੇ ਰਸ ਨੂੰ ਬਰਬਾਦ ਕਰ ਦਿੰਦੀ ਹੈ। ਕਿਉਂਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤੇ-ਨਾਤੇ ਲਾਲਚ ਵੱਸ ਖੁਦਗਰਜ਼ੀ ਦਾ ਸ਼ਿਕਾਰ ਹੁੰਦੇ ਆਮ ਦੇਖੇ ਜਾ ਰਹੇ ਹਨ। ਸਮਾਜਿਕ ਤਾਣਾ-ਬਾਣਾ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ। ਸਦੀਆਂ ਪੁਰਾਣੀ ਰਿਸ਼ਤਿਆਂ ਦੀ ਪਰਿਵਾਰਕ ਸਾਂਝ ਟੁੱਟ ਰਹੀ ਹੈ। ਰਿਸ਼ਤੇ-ਨਾਤਿਆਂ ਦਾ ਅੱਜ ਬਹੁਤ ਬੁਰੀ ਤਰ੍ਹਾਂ ਘਾਣ ਹੋ ਰਿਹਾ ਹੈ। ਅੱਜ ਮਨੁੱਖ ਗ਼ਲਤ ਤਰੀਕਿਆਂ ਨਾਲ ਧਨ-ਦੌਲਤ ਇਕੱਠੀ ਕਰਨ ਵਿਚ ਰੁੱਝਿਆ ਹੋਇਆ ਹੈ। ਨਫ਼ਰਤ, ਈਰਖਾ ਨੇ ਇਸ ਨੂੰ ਹਰ ਪਾਸਿਓਂ ਘੇਰੀ ਰੱਖਿਆ ਹੈ। ਅੱਜ ਮਨੁੱਖ ਦੀ ਸੋਚ ਇਥੋਂ ਤੱਕ ਡਿਗ ਚੁੱਕੀ ਹੈ ਕਿ ਬਜ਼ੁਰਗ ਮਾਂ-ਬਾਪ ਜੋ ਕਿਸੇ ਵਕਤ ਪਰਿਵਾਰ ਦੇ ਸ਼ਿੰਗਾਰ ਹੁੰਦੇ ਸੀ, ਅੱਜ ਬਿਰਧ ਆਸ਼ਰਮਾਂ ਵਿਚ ਦਿਨ-ਕਟੀ ਕਰ ਰਹੇ ਹਨ। ਮੈਨੂੰ ਇਹ ਲਿਖਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ: ਮੋਹਨ ਸਿੰਘ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ-
ਲੈਂਦੇ ਸੀ ਤਿੰਨ ਪੀੜ੍ਹੀਆਂ, ਇਕੋ ਵਿਹੜੇ ਪਾਲ।
ਹੁਣ ਤਾਂ 'ਕੱਲਾ ਪੁੱਤ ਵੀ, ਰਹੇ ਨਾ ਬਾਪੂ ਨਾਲ।
ਟੁੱਟੀ ਇੱਟ ਵਿਸ਼ਵਾਸ ਦੀ,
ਹਿੱਲ ਗਿਆ ਪਰਿਵਾਰ।
ਖੱਖੜੀ-ਖੱਖੜੀ ਹੋ ਗਿਆ,
ਸੀ ਜੋ ਵਾਂਗ ਅਨਾਰ।
ਅੱਜ ਭਾਵੇਂ ਮਨੁੱਖ ਨੇ ਹਰ ਖੇਤਰ ਵਿਚ ਕਾਫੀ ਤਰੱਕੀ ਕਰ ਲਈ ਹੈ ਪਰ ਨੈਤਿਕਤਾ ਪੱਖੋਂ ਇਹ ਕੰਗਾਰ ਹੋ ਚੁੱਕਾ ਹੈ। ਅੱਜ ਇਸ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ-
ਨਾ ਕੋਈ ਰਿਸ਼ਤੇਦਾਰੀ ਇਥੇ,
ਅੰਗ-ਸਾਕ ਨਾ ਭਾਈ।
ਵਿਚ ਖੁਦਗਰਜ਼ੀ ਲੋਕਾਂ ਦੇਖੀ,
ਰੱਬਾ ਮੇਰੀ ਦੁਹਾਈ।
ਰਿਸ਼ਤੇ-ਨਾਤੇ ਖੁਦਗਰਜ਼ੀ ਦੇ,
ਹੋਏ ਆਉਣ ਸ਼ਿਕਾਰ।
ਮਿੱਤਰ-ਸੱਜਣ ਜਿੰਨੇ ਵੀ ਹਨ,
ਸਭ ਮਤਲਬ ਦੇ ਯਾਰ।
ਸੋ, ਅੱਜ ਲੋੜ ਹੈ ਮਨੁੱਖ ਨੂੰ ਆਪਣੇ ਪੁਰਾਣੇ ਖ਼ਤਮ ਹੁੰਦੇ ਜਾ ਰਹੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਨੂੰ ਸੰਭਾਲਣ ਦੀ।

-ਰੱਤੇਵਾਲ (ਨਵਾਂਸ਼ਹਿਰ)।
ਮੋਬਾ: 94635-05286

ਚਿੰਤਾ ਦਾ ਵਿਸ਼ਾ ਹਨ ਜਨਤਾ ਦੇ ਧਰਨੇ-ਪ੍ਰਦਰਸ਼ਨ

ਸਮਾਜ ਵਿਚ ਆਏ ਦਿਨ ਕੁਝ ਨਾ ਕੁਝ ਨਵਾਂ ਘਟਦਾ ਰਹਿੰਦਾ ਹੈ। ਸੜਕ ਦੁਰਘਟਨਾਵਾਂ ਅਤੇ ਨੌਜਵਾਨਾਂ ਨੂੰ ਪੁਲਿਸ ਵਲੋਂ ਚੁੱਕਣ ਦੇ ਨਾਲ-ਨਾਲ ਕਿਸੇ ਸਮਾਜਿਕ ਵਿਅਕਤੀ ਦੇ ਨਾਲ ਮਾੜੇ ਵਿਹਾਰ ਦੀਆਂ ਘਟਨਾਵਾਂ ਦੇ ਬਾਅਦ ਜਨਤਾ ਨੂੰ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਤਦ ਜਾ ਕੇ ਪ੍ਰਸ਼ਾਸਨ ਕਾਰਵਾਈ ਕਰਦਾ ਹੈ। ਅੱਜਕਲ੍ਹ ਹਰ ਘਟਨਾ ਨੂੰ ਲੈ ਕੇ ਸੰਘਰਸ਼ ਦਾ ਰਸਤਾ ਅਪਣਾਉਣਾ ਹੀ ਪੈਂਦਾ ਹੈ, ਇਸ ਨੂੰ ਸਮਾਜ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ।
ਇਨ੍ਹਾਂ ਧਰਨੇ-ਪ੍ਰਦਰਸ਼ਨਾਂ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪ੍ਰਸ਼ਾਸਨ ਦੀ ਜਾਂ ਕਿਸੇ ਦੀ ਧੱਕੇਸ਼ਾਹੀ ਬਣਦੀ ਹੈ। ਜਿਵੇਂ ਪਿਛਲੇ ਦਿਨੀਂ ਇਕ ਪ੍ਰਸਿੱਧ ਸਮਾਜ ਸੇਵਕ ਦੇ ਪਿਤਾ ਦੇ ਨਾਲ ਮਾਰਕੁੱਟ ਕਰਨ ਤੋਂ ਬਾਅਦ ਲੋਕਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ, ਜਾਮ ਲਗਾਉਣਾ ਪਿਆ, ਜਿਸ ਉੱਤੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਕਾਰਵਾਈ ਨੂੰ ਅੰਜ਼ਾਮ ਦਿੱਤਾ। ਜੇਕਰ ਕੋਈ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਉੱਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੁੰਦੀ ਹੈ, ਜਿਸ ਵਿਚ ਤੇਜ਼ੀ ਲਿਆਉਣ ਲਈ ਲੋਕਾਂ ਨੂੰ ਧਰਨੇ-ਪ੍ਰਦਰਸ਼ਨ ਕਰਨੇ ਪੈਦੇਂ ਹਨ।
ਕਈ ਵਾਰ ਕਿਸੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਂ ਧਰਨੇ ਦੇ ਦਿੱਤੇ ਜਾਂਦੇ ਹਨ ਪਰ ਜਦੋਂ ਗੱਲ ਸਾਹਮਣੇ ਆਉਂਦੀ ਹੈ ਤਾਂ ਗੱਲ ਕੁਝ ਹੋਰ ਹੀ ਹੁੰਦੀ ਹੈ। ਇਸ ਦੇ ਪਿੱਛੇ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਕਹੀ ਜਾ ਸਕਦੀ ਹੈ। ਲੋਕ ਕਹਿੰਦੇ ਹਨ ਹੁਣੇ ਹੀ ਕਾਰਵਾਈ ਹੋਵੇ ਜਾਂ ਹੁਣੇ ਸਮੱਸਿਆ ਦਾ ਹੱਲ ਹੋਵੇ ਪਰ ਉਸ ਕਾਰਜ ਨੂੰ ਕਈ ਵਾਰ ਸਮਾਂ ਲੱਗਦਾ ਹੈ ਜਾਂ ਉਸ ਕਾਰਵਾਈ ਦਾ ਤਰੀਕਾ ਵੱਖ ਹੁੰਦਾ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਕਈ ਵਾਰ ਇੰਨੀ ਤਲਖੀ ਆ ਜਾਂਦੀ ਹੈ ਕਿ ਇਸ ਵਿਚ ਕਈ ਵਾਰ ਝੜਪਾਂ ਵੀ ਹੋ ਜਾਂਦੀਆਂ ਹਨ, ਜਿਸ ਉੱਤੇ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਹੁੰਦਾ ਹੀ ਹੈ ਪਰ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੇ ਜਾਮਾਂ ਅਤੇ ਧਰਨਿਆਂ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ, ਲੋਕਾਂ ਨੂੰ ਚਾਹੀਦਾ ਹੈ ਕਿ ਸੋਚ-ਸਮਝ ਕੇ ਹੀ ਅਜਿਹੇ ਕਦਮ ਪੁੱਟਣ ਅਤੇ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਕਿ ਉਹ ਅਜਿਹਾ ਪ੍ਰਬੰਧ ਕਰੇ, ਜਿਸ ਨਾਲ ਲੋਕਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਨਾ ਹੋਣਾ ਪਵੇ।

-ਮ: ਨੰ: 86-ਏ, ਵਾ: ਨੰ: 5, ਗੜ੍ਹਦੀਵਾਲਾ (ਹੁਸ਼ਿਆਰਪੁਰ)।
ਮੋਬਾ: 94177-17095

ਇਨਸਾਨੀ ਗ਼ਲਤੀਆਂ ਕਾਰਨ ਧਰਤੀ ਦੀ ਹੋਂਦ ਖ਼ਤਰੇ ਵਿਚ!

ਧਰਤੀ, ਜਿਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਉਹ ਮਾਂ ਆਪਣੇ ਬੱਚਿਆਂ ਵਲੋਂ ਆਪਣੇ ਸੁਆਰਥ ਦੀ ਪੂਰਤੀ ਲਈ ਕੀਤੇ ਕੰਮਾਂ ਕਾਰਨ ਅੱਜ ਅਜਿਹੀ ਸਥਿਤੀ 'ਤੇ ਪਹੁੰਚ ਗਈ ਹੈ, ਜਿਥੇ ਕਿ ਮਨੁੱਖੀ ਜੀਵਨ ਖਤਰੇ ਵਿਚ ਪੈ ਗਿਆ ਹੈ। ਧਾਰਮਿਕ ਗ੍ਰੰਥਾਂ ਵਿਚ ਵੀ ਧਰਤੀ ਨੂੰ ਮਾਂ ਦੇ ਬਰਾਬਰ ਅਤੇ ਪਾਣੀ ਨੂੰ ਪਿਤਾ ਦੱਸਿਆ ਗਿਆ ਹੈ ਪਰ ਜਿਸ ਤੇਜ਼ੀ ਨਾਲ ਮਨੁੱਖ ਨੇ ਕੁਦਰਤੀ ਸਰੋਤਾਂ ਦਾ ਖਾਤਮਾ ਕੀਤਾ, ਉਹ ਸਾਡੇ ਸਾਰਿਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜੇਕਰ ਅਸੀਂ ਹੁਣ ਵੀ ਧਰਤੀ, ਪਾਣੀ ਤੇ ਹਵਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਸ ਧਰਤੀ 'ਤੇ ਜਿਊਣਾ ਵੀ ਦੁੱਭਰ ਹੋ ਜਾਵੇਗਾ। ਵਾਤਾਵਰਨ ਪ੍ਰਦੂਸ਼ਣ ਜਿਥੇ ਪਹਿਲਾਂ ਹੀ ਇਨਸਾਨੀ ਜ਼ਿੰਦਗੀ ਨੂੰ ਖਾਤਮੇ ਵੱਲ ਲਿਜਾ ਰਿਹਾ ਹੈ, ਉਸ ਤੋਂ ਵੀ ਕਿਤੇ ਵੱਧ ਖਤਰਨਾਕ ਸ਼ਹਿਰਾਂ ਅਤੇ ਪਿੰਡਾਂ ਵਿਚ ਲੱਗ ਰਹੇ ਧੜਾਧੜ ਮੋਬਾਈਲ ਟਾਵਰਾਂ 'ਚੋਂ ਨਿਕਲਦੀਆਂ ਕਿਰਨਾਂ ਨੇ ਜਿਥੇ ਪੰਛੀਆਂ ਨੂੰ ਵੀ ਖ਼ਤਮ ਕੀਤਾ ਹੈ, ਉਥੇ ਹੀ ਮਨੁੱਖ ਵੀ ਇਨ੍ਹਾਂ ਕਿਰਨਾਂ ਤੋਂ ਬਚ ਨਹੀਂ ਸਕਿਆ। ਅਜੇ ਵੀ ਸਮਾਂ ਹੈ ਕਿ ਅਸੀਂ ਆਪਣੀ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ ਕਰੀਏ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ-ਭਰਿਆ ਤੇ ਸਵੱਛ ਵਾਤਾਵਰਨ ਮੁਹੱਈਆ ਹੋ ਸਕੇ। ਮਨੁੱਖ ਨੇ ਆਪਣੇ ਸੁਆਰਥ ਲਈ ਧਰਤੀ ਦੀ ਸੁੰਦਰਤਾ ਨਾਲ ਛੇੜਛਾੜ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਪਰ ਇਹ ਨਹੀਂ ਸੋਚਿਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਤਬਾਹੀ ਦੇ ਰਾਹ ਤਿਆਰ ਕਰ ਦਿੱਤੇ ਹਨ। ਕੁਦਰਤ ਨੇ ਸਾਨੂੰ ਧਰਤੀ 'ਤੇ ਵੱਖ-ਵੱਖ ਰੂਪਾਂ ਵਿਚ ਸ਼ਿੰਗਾਰ ਜਿਵੇਂ ਪਰਬਤ, ਪਹਾੜ, ਝਰਨੇ, ਝੀਲਾਂ, ਬਾਗ, ਜੰਗਲ ਆਦਿ ਵਰਗੇ ਸੁੰਦਰ ਕੁਦਰਤੀ ਨਜ਼ਾਰੇ ਬਖਸ਼ੇ ਹਨ, ਜਿਨ੍ਹਾਂ ਨੂੰ ਦੇਖ ਕੇ ਮਨੁੱਖ ਦੀ ਸਾਰੀ ਥਕਾਵਟ ਪਲਾਂ ਵਿਚ ਹੀ ਦੂਰ ਹੋ ਜਾਂਦੀ ਹੈ ਪਰ ਅਫਸੋਸ ਕਿ ਮਨੁੱਖ ਨੇ ਇਸ ਕੁਦਰਤੀ ਦਾਤ ਨੂੰ ਮਾਂ ਵਰਗਾ ਸਤਿਕਾਰ ਨਹੀਂ ਦਿੱਤਾ। ਅੱਜ ਵਧ ਰਿਹਾ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਅਤੇ ਥਾਂ-ਥਾਂ 'ਤੇ ਗੰਦਗੀ ਦੇ ਢੇਰਾਂ ਨੇ ਧਰਤੀ ਦੀ ਕੁਦਰਤੀ ਨੁਹਾਰ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਧਰਤੀ ਨੇ ਮਨੁੱਖ ਨੂੰ ਮਾਂ ਵਰਗਾ ਪਿਆਰ ਦੇ ਕੇ ਆਪਣਾ-ਆਪ ਮਨੁੱਖ ਤੋਂ ਵਾਰ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਇਸ ਨੂੰ ਮਾਂ ਦਾ ਸਤਿਕਾਰ ਦਿੱਤਾ ਹੈ? ਸਾਨੂੰ ਚਾਹੀਦਾ ਹੈ ਕਿ ਅਸੀਂ ਧਰਤੀ ਮਾਤਾ ਨੂੰ ਸ਼ਿੰਗਾਰਨ ਅਤੇ ਇਸ ਦੀ ਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਿਲੋਂ ਸਵੀਕਾਰ ਕਰਕੇ ਆਪਣਾ ਅਹਿਮ ਯੋਗਦਾਨ ਪਾਈਏ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਮਾਂ ਨੂੰ ਦੁਬਾਰਾ ਹਰਿਆ-ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਤੇ ਸਵੱਛ ਜੀਵਨ ਬਤੀਤ ਕਰਨ, ਨਾ ਕਿ ਉਹ ਸਾਨੂੰ ਸਾਡੀ ਇਸ ਕੀਤੀ ਵੱਡੀ ਗ਼ਲਤੀ ਕਾਰਨ ਕੋਸਦੀਆਂ ਰਹਿਣ, ਕਿਉਂਕਿ ਇਨਸਾਨੀ ਗ਼ਲਤੀ ਕਾਰਨ ਹੀ ਧਰਤੀ ਦੀ ਹੋਂਦ ਖਤਰੇ ਵਿਚ ਹੈ ਅਤੇ ਇਸ ਨੂੰ ਬਚਾਉਣਾ ਚਾਹੀਦਾ ਹੈ।

-ਸਮਾਜਿਕ ਸਿੱਖਿਆ ਮਿਸਟ੍ਰੈੱਸ, ਮਗਰ ਸਾਹਿਬ। ਮੋਬਾ: 98148-88648

ਆਓ! ਪਾਣੀ ਦੀ ਬੱਚਤ ਲਈ ਸਭ ਯਤਨਸ਼ੀਲ ਹੋਈਏ

ਪਾਣੀ ਇਕ ਅਮੁੱਲ ਵਸਤੂ ਹੈ, ਕਿਉਂਕਿ ਇਸ ਦੇ ਬਗੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਹੀ ਰਹੇ ਹਾਂ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ ਤਾਂ 80-90 ਫੁੱਟ ਤੋਂ ਵੱਧ ਖੁਦਾਈ ਕਰਨ 'ਤੇ ਵੀ ਪਾਣੀ ਹੱਥ ਨਹੀਂ ਲਗਦਾ ਜੋ ਕਿ ਨਿਕਟ ਭਵਿੱਖ ਲਈ ਬੇਹੱਦ ਖਤਰੇ ਵਾਲੀ ਗੱਲ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਕੇ ਇਸ ਨੂੰ ਖ਼ਤਮ ਕਰਨ 'ਤੇ ਤੁਲੇ ਹੋਏ ਹਾਂ। ਹੁਣ ਜੇਕਰ ਇਸ ਦੀ ਹੋ ਰਹੀ ਦੁਰਵਰਤੋਂ ਦੀ ਗੱਲ ਕਰੀਏ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਵਲੋਂ ਸਵੇਰੇ ਉੱਠਣ ਸਾਰ ਹੀ ਵਾਸ਼ਬੇਸਿਨਾਂ ਉੱਪਰ ਬੁਰਸ਼ ਕਰਦੇ ਸਮੇਂ ਲਗਾਤਾਰ ਟੂਟੀ ਚਲਾ ਕੇ ਕਈ-ਕਈ ਲਿਟਰ ਪਾਣੀ ਅਜਾਈਂ ਡੋਲ੍ਹ ਦਿੱਤਾ ਜਾਂਦਾ ਹੈ। ਨਹਾਉਣ ਲਈ ਜਿਥੇ ਤਕਰੀਬਨ 20 ਲਿਟਰ ਪਾਣੀ ਕਾਫੀ ਹੁੰਦਾ ਹੈ, ਉਥੇ ਕਈ ਲੋਕਾਂ ਵਲੋਂ ਫੁਹਾਰੇ ਜਾਂ ਖੁੱਲ੍ਹੀਆਂ ਪਾਈਪਾਂ ਰਾਹੀਂ ਕਈ-ਕਈ ਬਾਲਟੀਆਂ ਪਾਣੀ ਵਿਅਰਥ ਕਰ ਦਿੱਤਾ ਜਾਂਦਾ ਹੈ। ਘਰੇਲੂ ਸਵਾਣੀਆਂ ਵਲੋਂ ਜਿਥੇ ਕੱਪੜੇ ਧੋਂਦੇ ਸਮੇਂ ਉਨ੍ਹਾਂ ਵਿਚੋਂ ਸਰਫ ਆਦਿ ਕੱਢਣ ਲਈ ਬੇਹੱਦ ਖੁੱਲ੍ਹਾ ਪਾਣੀ ਵਰਤਿਆ ਜਾਂਦਾ ਹੈ, ਉਥੇ ਆਪਣੇ ਘਰਾਂ ਦੀਆਂ ਫਰਸ਼ਾਂ, ਬੂਹੇ, ਬਾਰੀਆਂ ਅਤੇ ਰੌਸ਼ਨਦਾਨਾਂ ਆਦਿ ਦੀਆਂ ਜਾਲੀਆਂ ਨੂੰ ਵੀ ਪਾਣੀ ਦੇ ਮੋਟੇ ਪ੍ਰੈਸ਼ਰਾਂ ਨਾਲ ਹੀ ਚਮਕਾਇਆ ਜਾਂਦਾ ਹੈ। ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਦੂਸ਼ਿਤ ਹੋਣ ਕਾਰਨ ਅੱਜ ਘਰ-ਘਰ ਦੀ ਰਸੋਈ ਵਿਚ ਆਰ.ਓ. ਫਿਲਟਰ ਲੱਗ ਗਏ ਹਨ, ਜਿਨ੍ਹਾਂ ਦੁਆਰਾ ਪਾਣੀ ਫਿਲਟਰ ਕਰਨ ਸਮੇਂ ਤਕਰੀਬਨ 70 ਫੀਸਦੀ ਪਾਣੀ ਵਿਅਰਥ ਕੱਢ ਦਿੱਤਾ ਜਾਂਦਾ ਹੈ, ਜੋ ਗਲੀਆਂ-ਨਾਲੀਆਂ ਵਿਚੋਂ ਹੁੰਦਾ ਹੋਇਆ ਗੰਦੇ ਛੱਪੜਾਂ-ਟੋਭਿਆਂ ਵਿਚ ਚਲਾ ਜਾਂਦਾ ਹੈ, ਜਦਕਿ ਇਸ ਪਾਣੀ ਨੂੰ ਕੱਪੜੇ ਧੋਣ ਅਤੇ ਸਫਾਈ ਆਦਿ ਦੇ ਕੰਮਾਂ ਲਈ ਬੜੀ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ। ਜਿਵੇਂ ਇਕ ਕਹਾਵਤ ਹੈ ਕਿ ਸਾਂਝੇ ਬਾਬੇ ਨੂੰ ਕੋਈ ਨਹੀਂ ਪਿੱਟਦਾ, ਅਜਿਹਾ ਹੀ ਹਾਲ ਵੱਖ-ਵੱਖ ਸਰਕਾਰੀ ਅਦਾਰਿਆਂ (ਸਕੂਲਾਂ, ਕਚਹਿਰੀਆਂ, ਹਸਪਤਾਲਾਂ) ਦਾ ਹੈ, ਜਿਨ੍ਹਾਂ ਵਿਚ ਲੱਗੀਆਂ ਟੂਟੀਆਂ ਸਮੇਂ ਸਿਰ ਰਿਪੇਅਰ ਨਾ ਹੋਣ ਕਾਰਨ ਸਾਰਾ ਸਾਲ ਟਪਕਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਸਥਾਪਤ ਵੱਖ-ਵੱਖ ਕਾਰਖਾਨੇ, ਫੈਕਟਰੀਆਂ, ਹੋਟਲਾਂ ਅਤੇ ਢਾਬਿਆਂ ਆਦਿ ਦੀ ਰਹਿੰਦ-ਖੂੰਹਦ ਨੂੰ ਵੀ ਪਾਣੀ ਦੇ ਤੇਜ਼ ਪ੍ਰੈਸ਼ਰਾਂ ਨਾਲ ਹੀ ਰੋੜ੍ਹਿਆ ਜਾਂਦਾ ਹੈ। ਹੁਣ ਜੇਕਰ ਸਾਡੇ ਅੰਨਦਾਤੇ ਕਿਸਾਨ ਦੀ ਗੱਲ ਕਰੀਏ ਤਾਂ ਹੋਰ ਕਿਸੇ ਫਸਲ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਨਾ ਹੋਣ ਕਾਰਨ ਇਸ ਦਾ ਜ਼ਿਆਦਾ ਰੁਝਾਨ ਝੋਨੇ ਦੀ ਫਸਲ ਵੱਲ ਹੀ ਬਣਿਆ ਹੋਇਆ ਹੈ। ਸੋ, ਸਾਨੂੰ ਸਭ ਨੂੰ ਜਿਥੇ ਇਸ ਗੰਭੀਰ ਮਸਲੇ ਪ੍ਰਤੀ ਸਮਾਂ ਰਹਿੰਦੇ ਸੁਚੇਤ ਹੋ ਕੇ ਪਾਣੀ ਦੀ ਬੱਚਤ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਉਥੇ ਸਰਕਾਰਾਂ ਨੂੰ ਵੀ ਝੋਨੇ ਦੀ ਫਸਲ ਦਾ ਕੋਈ ਯੋਗ ਬਦਲ ਜ਼ਰੂਰ ਵਿਕਸਤ ਕਰਨਾ ਚਾਹੀਦਾ ਹੈ, ਕਿਉਂਕਿ ਕਿਸਾਨ ਵੀ ਇਸ ਝੋਨੇ ਦੀ ਫਸਲ ਤੋਂ ਖਹਿੜਾ ਛੁਡਵਾਉਣ ਲਈ ਦੋਵੇਂ ਹੱਥੀਂ ਤਿਆਰ ਖੜ੍ਹਾ ਨਜ਼ਰ ਆ ਰਿਹਾ ਹੈ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585

ਨਸ਼ਿਆਂ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਯਤਨ ਕਰਨ ਦੀ ਲੋੜ

ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ। ਨਸ਼ਾ ਕੋਈ ਵੀ ਹੈ, ਉਸ ਦਾ ਮਾਰੂ ਪ੍ਰਭਾਵ ਹੀ ਪੈਂਦਾ ਹੈ। ਸਮੇਂ ਦੀ ਬਰਬਾਦੀ, ਪੈਸੇ ਦਾ ਉਜਾੜਾ, ਸਿਹਤ ਦਾ ਵਿਗਾੜ, ਆਦਰ-ਸਨਮਾਨ ਦਾ ਘਟਣਾ, ਲੋਕਾਂ ਦੀ ਨਾਪਸੰਦੀ, ਦਿਮਾਗ ਦਾ ਹੌਲਾ ਪੈ ਜਾਣਾ, ਸੋਚਣ ਸ਼ਕਤੀ 'ਤੇ ਸੱਟ ਵੱਜਣੀ ਆਦਿ ਨਸ਼ੇ ਦੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ। ਕੁਝ ਲੋਕ ਤਾਂ ਸੌਖੀ ਨੀਂਦ ਲਈ, ਕੁਝ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਨਿਰਾਸ਼ਾ ਨੂੰ ਦੂਰ ਕਰਨ ਲਈ, ਘਰੇਲੂ ਕਲੇਸ਼, ਤਣਾਅ, ਕਰਜ਼, ਮਾੜੀ ਸੁਹਬਤ ਕਾਰਨ, ਕੁਝ ਆਸ਼ਕੀ ਦੇ ਪੱਟੇ ਤੋੜ-ਵਿਛੋੜੇ ਤੋਂ ਦੁਖੀ ਤੇ ਕੁਝ ਪਹਿਲਾਂ ਸ਼ੌਕ ਨਾਲ, ਫਿਰ ਪੂਰੀ ਤਰ੍ਹਾਂ ਨਸ਼ਿਆਂ 'ਚ ਗਲਤਾਨ ਹੋ ਜਾਂਦੇ ਹਨ। ਕੁਝ ਵੀ ਹੋਵੇ, ਨਸ਼ੇ ਕਰਨ ਨਾਲ ਹੱਲ ਨਹੀਂ ਹੋਣ ਲੱਗਾ। ਬਸ ਵਹਿਮ ਹੀ ਹੈ ਕਿ ਕੁਝ ਰਾਹਤ ਮਿਲ ਜਾਵੇਗੀ। ਇਸ ਨਾਲ ਬੰਦਾ ਲਾਪ੍ਰਵਾਹ ਹੋਵੇਗਾ ਤੇ ਸਮੱਸਿਆਵਾਂ ਹੋਰ ਵੀ ਪ੍ਰਚੰਡ ਰੂਪ ਧਾਰ ਲੈਣਗੀਆਂ। ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਜ ਸੁਚੱਜੇ ਉਪਰਾਲੇ ਕਰਨ ਦੀ ਲੋੜ ਭਾਸਦੀ ਹੈ। ਸਾਡੀ ਸਰਕਾਰ ਦਾ ਨੌਜਵਾਨ ਵਰਗ ਲਈ ਰੁਜ਼ਗਾਰ ਪੈਦਾ ਕਰਨਾ ਪਹਿਲਾ ਤੇ ਬੇਹੱਦ ਜ਼ਰੂਰੀ ਫਰਜ਼ ਬਣਦਾ ਹੈ। ਇਸ ਨਾਲ ਨੌਜਵਾਨ ਆਰ੍ਹੇ ਲੱਗਣਗੇ, ਵਿਅਸਤ ਰਹਿਣਗੇ, ਪੁੱਠੇ-ਸਿੱਧੇ ਕੰਮਾਂ ਤੇ ਨਸ਼ਿਆਂ ਵੱਲ ਧਿਆਨ ਹੀ ਨਹੀਂ ਜਾਵੇਗਾ। ਆਪਣੀ ਜ਼ਿੰਦਗੀ ਦੇ ਮਕਸਦ, ਉਦੇਸ਼, ਨਿਸ਼ਾਨੇ, ਮੰਜ਼ਿਲ ਵੱਲ ਧਿਆਨ ਕੇਂਦਰਿਤ ਕਰਨਗੇ। ਦੂਜਾ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ। ਪਿੰਡ-ਪਿੰਡ ਵਿਚ ਖੇਡ ਦੇ ਮੈਦਾਨ ਤੇ ਜਿੰਮ ਮੁਹੱਈਆ ਕਰਾਉਣੇ ਪੈਣਗੇ। ਖੇਡ ਦੇ ਮੈਦਾਨ ਵਿਚ ਕੋਈ ਖੇਡੇਗਾ, ਕੋਈ ਦੇਖੇਗਾ ਤੇ ਜਿੰਮ 'ਚ ਵੀ ਜ਼ੋਰ-ਅਜ਼ਮਾਇਸ਼ੀ ਹੋਵੇਗੀ। ਨੌਜਵਾਨ ਨਸ਼ਿਆਂ ਵੱਲ ਆਕਰਸ਼ਤ ਨਹੀਂ ਹੋਣਗੇ। ਤੀਜਾ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਗਿਆਨ ਪ੍ਰਤੀ ਚੇਸ਼ਟਾ ਪੈਦਾ ਕਰਨ ਦੀ ਲੋੜ ਹੈ। ਲਾਇਬ੍ਰੇਰੀਆਂ ਪਿੰਡ ਪੱਧਰ 'ਤੇ ਖੋਲ੍ਹਣੀਆਂ ਚਾਹੀਦੀਆਂ ਹਨ। ਇਸ ਨਾਲ ਵੱਖ-ਵੱਖ ਵਿਸ਼ਿਆਂ 'ਤੇ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੇਗੀ। ਚੌਥਾ ਅਧਿਆਤਮਿਕਤਾ ਨਾਲ ਜੋੜਨ ਦੇ ਉਪਰਾਲੇ ਵੀ ਵੱਡੇ ਪੱਧਰ 'ਤੇ ਹੋਣੇ ਚਾਹੀਦੇ ਹਨ, ਤਾਂ ਕਿ ਧਾਰਮਿਕ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਉੱਤੇ ਚਲਦੇ ਹੋਏ ਸੁਚੱਜੀ ਜੀਵਨ ਜਾਚ ਸਿੱਖ ਸਕਣ। ਨੌਜਵਾਨਾਂ ਵਿਚ ਸਾਰਥਿਕ ਰੁਝੇਵਾਂ ਬਣਿਆ ਰਹਿਣਾ ਚਾਹੀਦਾ ਹੈ ਤਾਂ ਕਿ ਬਹੁਤੀ ਵਿਹਲ ਨਾ ਮਿਲ ਸਕੇ। ਕਿਉਂਕਿ 'ਵਿਹਲਾ ਮਨ ਸ਼ੈਤਾਨ ਦਾ ਘਰ' ਹੁੰਦਾ ਹੈ। ਸੋ, ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਡੀ ਸਰਕਾਰ, ਮਾਪੇ, ਅਧਿਆਪਕ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਗੱਲ ਕੀ ਸਭ ਨੂੰ ਸਮੂਹਿਕ ਰੂਪ ਵਿਚ ਹੰਭਲਾ ਮਾਰਨ ਦੀ ਲੋੜ ਹੈ।

-ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)-143605. ਮੋਬਾ: 98144-12921

ਮਨੁੱਖ ਜਾਤੀ ਨੂੰ ਸੁਸਤ ਤੇ ਨਿਕੰਮਾ ਬਣਾ ਦੇਵੇਗਾ ਆਉਣ ਵਾਲਾ ਕੰਪਿਊਟਰੀਕ੍ਰਿਤ ਮਸ਼ੀਨੀ ਯੁੱਗ

ਸਿਹਤ ਮਾਹਿਰਾਂ ਨੇ ਮਨੁੱਖ ਜਾਤੀ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਇਕ ਦਹਾਕੇ ਵਿਚ ਬਹੁਤ ਜ਼ਿਆਦਾ ਆਧੁਨਿਕ ਕੰਪਿਊਟਰਕ੍ਰਿਤ ਮਸ਼ੀਨਾਂ ਨਾਲ ਕੰਮਕਾਜ ਦੇ ਕਾਰਨ ਆਦਮੀ ਆਲਸੀ, ਸੁਸਤ ਅਤੇ ਪੂਰੀ ਤਰ੍ਹਾਂ ਨਿਕੰਮਾ ਹੋ ਜਾਵੇਗਾ। ਸਰੀਰਕ ਮਿਹਨਤ ਦੇ ਸਾਰੇ ਕੰਮਕਾਜ ਮਸ਼ੀਨਾਂ ਨਿਪਟਾ ਦੇਣਗੀਆਂ ਅਤੇ ਉਹ ਆਪਣਾ ਜ਼ਿਆਦਾ ਸਮਾਂ ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਫੋਨ ਆਦਿ ਵੇਖਣ ਵਰਗੇ ਵਿਹਲੇ ਕੰਮਾਂ ਵਿਚ ਲਗਾਵੇਗਾ, ਜਿਸ ਨਾਲ ਮੋਟਾਪਾ ਵਧੇਗਾ। ਬ੍ਰਿਟੇਨ ਦੇ ਲੰਡਨ ਸਿਹਤ ਵਿਗਿਆਨ ਸਕੂਲ ਦੇ ਭੋਜਨ ਮਾਹਿਰ ਡਾ: ਐਂਡ੍ਰਿਊ ਪ੍ਰੋਟਿੰਸ ਅਨੁਸਾਰ ਆਉਣ ਵਾਲੇ 10 ਸਾਲਾਂ ਵਿਚ ਮਨੁੱਖ ਜਾਤੀ ਨੂੰ ਮੋਟਾਪੇ ਦੀ ਮਹਾਂਮਾਰੀ ਨਾਲ ਲੜਨਾ ਪੈ ਸਕਦਾ ਹੈ। ਨਵੀਆਂ ਖੋਜਾਂ ਦੇ ਚਲਦਿਆਂ ਹਰੇਕ ਵਿਅਕਤੀ ਕੋਲ ਜ਼ਿਆਦਾ ਖਾਲੀ ਸਮਾਂ ਹੋਵੇਗਾ, ਜਿਸ ਨਾਲ ਨਿਕੰਮਾਪਣ ਅਤੇ ਫਿਰ ਮੋਟਾਪਾ ਵਧੇਗਾ। ਮੋਟਾਪੇ ਦੇ ਕਾਰਨ ਕਈ ਖਤਰਨਾਕ ਬਿਮਾਰੀਆਂ ਜਨਮ ਲੈ ਸਕਦੀਆਂ ਹਨ। ਡਾ: ਪ੍ਰੋਟਿੰਸ ਦਾ ਕਹਿਣਾ ਹੈ ਕਿ ਮੋਟਾਪੇ ਦੀ ਸ਼ੁਰੂਆਤ ਤਾਂ ਹੁਣੇ ਤੋਂ ਹੋ ਚੁੱਕੀ ਹੈ। ਰੋਬੋਟ ਮਾਹਿਰਾਂ ਅਨੁਸਾਰ ਅਗਲੇ ਕੁਝ ਸਾਲਾਂ ਵਿਚ ਸਭ ਤਰ੍ਹਾਂ ਦੀਆਂ ਸਰੀਰਕ ਕਿਰਿਆਵਾਂ ਦਾ ਸਥਾਨ ਕੰਪਿਊਟਰੀਕ੍ਰਿਤ ਮਸ਼ੀਨੀ ਨੈੱਟਵਰਕ ਲੈ ਲਵੇਗਾ। ਪਹਿਲਾਂ ਇਹ ਸਭ ਇਕ ਸੁਪਨੇ ਵਾਂਗ ਨਜ਼ਰ ਆਉਂਦਾ ਸੀ, ਪਰ ਹੁਣ ਹਕੀਕਤ ਦਾ ਰੂਪ ਲੈਂਦਾ ਜਾ ਰਿਹਾ ਹੈ। ਅਮਰੀਕਾ ਦੀ ਕਾਰਨੇਗੀ ਮੇਲੋਨ ਯੂਨੀਵਰਸਿਟੀ ਦੇ ਰਾਕੇਟ ਸੰਸਥਾਨ ਦੇ ਪ੍ਰਮੁੱਖ ਡਾ: ਤਾਕਾਓ ਕਾਨਾਡੇ ਅਨੁਸਾਰ ਘਰ ਦੀ ਸਾਫ-ਸਫਾਈ ਦਾ ਸਾਰਾ ਕੰਮ ਇੰਟੈਲੀਜੈਂਟ ਕਲੀਨਿੰਗ ਮਸ਼ੀਨ ਕਰ ਦੇਵੇਗੀ। ਬਹੁਤ ਜ਼ਿਆਦਾ ਆਧੁਨਿਕ ਵਾਸ਼ਿੰਗ ਮਸ਼ੀਨ, ਜੋ ਕੱਪੜਿਆਂ ਨੂੰ ਧੋਣ ਦਾ ਕੰਮ ਜਿੰਨੀ ਤੇਜ਼ੀ ਨਾਲ ਕਰੇਗੀ, ਓਨੀ ਤੇਜ਼ੀ ਨਾਲ ਉਨ੍ਹਾਂ ਨੂੰ ਸੁਕਾ ਵੀ ਦੇਵੇਗੀ ਅਤੇ ਕੱਪੜਿਆਂ ਨੂੰ ਪ੍ਰੈਸ ਕਰਨ ਦੀ ਜ਼ਰੂਰਤ ਵੀ ਨਹੀਂ ਰਹੇਗੀ। ਰਸੋਈਆਂ ਆਦਿ ਸਮਾਰਟ ਕਿਚਨ ਵਿਚ ਬਦਲ ਜਾਣਗੀਆਂ, ਜਿੱਥੇ ਕੁੱਕਰ, ਫਰਿੱਜ, ਅਲਮਾਰੀਆਂ ਆਦਿ ਸਭ ਚੀਜ਼ਾਂ ਕੰਪਿਊਟਰ ਨੈੱਟਵਰਕ ਨਾਲ ਜੁੜੀਆਂ ਹੋਣਗੀਆਂ, ਹੋਲੋਗ੍ਰਾਫਿਕ ਵਰਚੁਅਲ ਰਿਐਲਟੀ ਨਾਂਅ ਦੀ ਮਸ਼ੀਨ ਰਾਹੀਂ ਤੁਸੀਂ ਆਪਣੇ ਘਰਾਂ ਤੋਂ ਹੀ ਦਫਤਰਾਂ ਆਦਿ ਦੇ ਕੰਮਕਾਜ ਨਿਪਟਾ ਸਕੋਗੇ ਅਤੇ ਨਾਲ ਹੀ ਦੂਰ-ਦੁਰਾਡੇ ਬੈਠੇ ਆਪਣੇ ਦੋਸਤਾਂ ਨਾਲ ਗੱਲਬਾਤ ਹੋ ਸਕੇਗੀ। ਇੰਟਰਨੈੱਟ ਅਤੇ ਮੋਬਾਈਲ ਬੀਤੇ ਸਮੇਂ ਦੀਆਂ ਚੀਜ਼ਾਂ ਹੋ ਜਾਣਗੀਆਂ। ਸਰੀਰਕ ਮਾਹਿਰਾਂ ਦਾ ਕਹਿਣਾ ਹੈ ਕਿ ਇੰਟੈਲੀਜੈਂਟ ਕੰਪਿਊਟਰ ਨੈੱਟਵਰਕ ਰਾਹੀਂ ਸਰੀਰਕ ਮਿਹਨਤ ਦੀ ਲੋੜ ਨਹੀਂ ਰਹੇਗੀ ਅਤੇ ਲੋਕਾਂ ਕੋਲ ਵਿਹਲਾ ਸਮਾਂ ਹੋਵੇਗਾ, ਪਰ ਦੂਸਰੇ ਮਨੋਵਿਗਿਆਨੀਆਂ ਦਾ ਆਖਣਾ ਹੈ ਕਿ ਸਭ ਨਾਲ ਅਜਿਹਾ ਨਹੀਂ ਹੋਵੇਗਾ। ਸਮਾਜ ਦੋ ਵਰਗਾਂ ਵਿਚ ਵੰਡਿਆ ਜਾਵੇਗਾ। ਸਮਾਜ ਦੀ ਇਸ ਵੰਡ ਨਾਲ ਸਮਾਜਿਕ ਤਣਾਅ ਵਧੇਗਾ। ਵੱਡੇ ਪੈਮਾਨੇ 'ਤੇ ਇਨ੍ਹਾਂ ਖੋਜਾਂ ਦੇ ਖ਼ਿਲਾਫ਼ ਅੰਦੋਲਨ ਹੋ ਸਕਦੇ ਹਨ। ਮਨੁੱਖ ਜਾਤੀ ਲਈ ਇਹ ਇਕ ਨਵੀਂ ਚੁਣੌਤੀ ਹੋਵੇਗੀ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ

ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਦੀ ਅਮੀਰ ਸੱਭਿਅਤਾ ਦੀਆਂ ਅਨੇਕਾਂ ਵਰਤੋਂ ਵਾਲੀਆਂ ਨਿਸ਼ਾਨੀਆਂ ਹੁਣ ਸਾਡੇ ਸੱਭਿਆਚਾਰ ਦੇ ਖ਼ਜ਼ਾਨੇ ਵਿਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਪੱਖੀਆਂ, ਖੂਹਾਂ, ਲੋਕ-ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿੱਖੜਦੇ ਜਾ ਰਹੇ ਹਨ। ਅਸੀਂ ਦਿਨੋ-ਦਿਨ ਕੰਮਾਂ ਵਿਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਰਗਰ, ਨੂਡਲਸ, ਪੀਜ਼ੇ ਵਰਗੀਆਂ ਚੀਜ਼ਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ। ਜੇ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ, ਖੇਸ ਤੇ ਪੱਖੀਆਂ ਆਦਿ ਦੀ ਤਾਂ ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦੇ ਨਾਂਅ ਤੱਕ ਨਹੀਂ ਪਤਾ। ਮਨੁੱਖੀ ਜੀਵਨ ਵਿਚ ਤਕਨੀਕੀ ਵਿਕਾਸ ਨੇ ਜਿੱਥੇ ਇਕ ਪਾਸੇ ਜੀਵਨ ਸੌਖਾ ਕੀਤਾ ਹੈ, ਉਥੇ ਕੁਦਰਤ ਤੋਂ ਮਨੁੱਖ ਦੀ ਦੂਰੀ ਵੀ ਵਧਾ ਦਿੱਤੀ ਹੈ। ਮਸ਼ੀਨੀ ਯੁੱਗ ਆਉਣ ਦੇ ਨਾਲ ਏ.ਸੀ. ਵਿਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ? ਨਵੀਂ ਤਕਨਾਲੋਜੀ ਦੇ ਆਉਣ ਨਾਲ ਪੱਖੀ ਵੀ ਹੁਣ ਸਾਡੇ ਜੀਵਨ ਵਿਚੋਂ ਲਗਪਗ ਅਲੋਪ ਹੀ ਹੈ। ਡਿਨਰ ਸੈੱਟ ਤੇ ਵਧੀਆਂ ਭਾਂਡਿਆਂ ਦੀ ਵਰਤੋਂ ਘਰ ਵਿਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ ਕਿਉਂ ਪੁੱਛਣਗੇ? ਸਰਦੀਆਂ ਵਿਚ ਕਮਰਿਆਂ ਵਿਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਖੇਸਾਂ ਦੀ ਪਛਾਣ ਕਿੱਥੋਂ ਹੋਵੇਗੀ? ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਪਤਾ ਨਹੀਂ ਹੈ। ਹੁਣ ਗੱਲ ਕਰੀਏ ਮਾਂ-ਬੋਲੀ ਦੀ, ਲੋਕ ਆਪਣੀ ਮਾਂ-ਬੋਲੀ ਨੂੰ ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜੀ ਰੱਖਣ, ਤਾਂ ਹੀ ਬੱਚਿਆਂ ਵਿਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ। ਮਾਂ-ਬੋਲੀ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਪਹਿਰਾਵੇ ਅਤੇ ਖੇਡਾਂ ਵਿਚ ਵੀ ਬਦਲਾਅ ਆ ਗਿਆ ਹੈ। ਅਜੋਕੇ ਸਮੇਂ ਵਿਚ ਬੱਚਿਆਂ, ਨੌਜਵਾਨਾਂ ਨੂੰ ਚੋਪੜ, ਕੋਟਲਾ ਛਪਾਕੀ, ਗੁੱਲੀ-ਡੰਡਾ ਵਰਗੀਆਂ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ। ਅਜੋਕੇ ਸਮੇਂ ਵਿਚ ਲੋੜ ਹੈ ਜਾਗਰੂਕਤਾ ਦੀ, ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਂਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿਚ ਦੇਵੇ। ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਉਨ੍ਹਾਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿਚ ਹੋਵੇਗੀ। ਜੇ ਇਸੇ ਤਰ੍ਹਾਂ ਅਸੀਂ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇਕ ਦਿਨ ਅਸੀਂ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ। ਤਰੱਕੀ ਹਰ ਸਮਾਜ ਲਈ ਜ਼ਰੂਰੀ ਹੈ ਪਰ ਸਾਨੂੰ ਆਪਣਾ ਸੱਭਿਆਚਾਰ ਵੀ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਕੋਈ ਦਰਖ਼ਤ ਆਪਣੀ ਜੜ੍ਹ ਤੋਂ ਉੱਖੜ ਕੇ ਵਧ-ਫੁੱਲ ਨਹੀਂ ਸਕਦਾ ਤੇ ਨਾ ਹੀ ਕੋਈ ਪੰਛੀ ਟੁੱਟੇ ਖੰਭਾਂ ਨਾਲ ਪਰਵਾਜ ਭਰ ਸਕਦਾ ਹੈ।

-ਮੋਬਾ: 97816-60021

ਧਾਰਮਿਕ ਸਥਾਨਾਂ 'ਤੇ ਵੱਜ ਰਹੇ ਸਪੀਕਰ

ਧਾਰਮਿਕ ਸਥਾਨਾਂ ਅਤੇ ਸਾਡੇ ਆਪਣੇ ਘਰਾਂ ਵਿਚ ਵੱਜ ਰਹੇ ਉੱਚੀ ਆਵਾਜ਼ ਵਿਚ ਸਪੀਕਰਾਂ ਨੇ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਧਾਰਮਿਕ ਸਥਾਨਾਂ ਦੀ ਗਿਣਤੀ ਬਹੁਤ ਵਧ ਗਈ ਹੈ। ਇਨ੍ਹਾਂ ਸਥਾਨਾਂ 'ਤੇ ਸਵੇਰੇ 3-4 ਵਜੇ ਉੱਚੀ-ਉੱਚੀ ਆਵਾਜ਼ ਵਿਚ ਸਪੀਕਰ ਲਾ ਦਿੱਤੇ ਜਾਂਦੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਕਦੇ ਇਹ ਸੋਚਣ ਦਾ ਯਤਨ ਨਹੀਂ ਕਰਦੇ ਕਿ ਹੋ ਸਕਦਾ ਇਸ ਸਮੇਂ ਕੋਈ ਬੱਚਾ ਪੜ੍ਹ ਰਿਹਾ ਹੋਵੇ ਜਾਂ ਕੋਈ ਬਿਮਾਰ ਜਿਹੜਾ ਸਾਰੀ ਰਾਤ ਤਕਲੀਫ ਵਿਚ ਰਿਹਾ ਹੋਵੇ, ਉਹ ਕੁਝ ਪਲ ਦੀ ਨੀਂਦ ਲੈ ਰਿਹਾ ਹੋਵੇ। ਇਹ ਧਾਰਮਿਕ ਸਥਾਨ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋ ਸਕਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਘਰ ਵਿਚ ਪਾਠ-ਪੂਜਾ ਆਦਿ ਕਰਵਾਉਂਦਾ ਹੈ ਤਾਂ ਉੱਚੀ-ਉੱਚੀ ਆਵਾਜ਼ ਵਿਚ ਦੇਰ ਰਾਤ ਤੱਕ ਸਪੀਕਰ ਵੱਜਦਾ ਰਹਿੰਦਾ ਹੈ। ਉਸ ਘਰ ਦੇ ਲੋਕ ਤਾਂ ਅਗਲੇ ਦਿਨ ਕੰਮ ਖ਼ਤਮ ਕਰਕੇ ਆਰਾਮ ਕਰ ਸਕਦੇ ਹਨ ਪਰ ਜਿਹੜੇ ਆਂਢ-ਗੁਆਂਢ ਦੇ ਲੋਕਾਂ ਨੇ ਆਪਣੇ ਕੰਮ 'ਤੇ ਜਾਣਾ ਹੁੰਦਾ ਹੈ, ਉਨ੍ਹਾਂ ਨਾਲ ਕੀ ਵਾਪਰਦਾ ਹੈ, ਇਹ ਕੋਈ ਨਹੀਂ ਸੋਚਦਾ। ਕੀ ਧਰਮ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਕਿਸੇ ਨੂੰ ਕਸ਼ਟ ਦਿਓ? ਜੇਕਰ ਕੋਈ ਇਸ ਸਬੰਧੀ ਕਿਸੇ ਧਾਰਮਿਕ ਸੰਸਥਾ ਨੂੰ ਬੇਨਤੀ ਕਰਦਾ ਹੈ ਕਿ ਆਵਾਜ਼ ਘੱਟ ਕਰ ਲਈ ਜਾਵੇ ਤਾਂ ਅੱਗਿਓਂ ਇਹ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਜਿਹੜਾ ਵਿਆਹ ਵਾਲੇ ਘਰ ਵਿਚ ਡੀ.ਜੇ. ਵੱਜ ਰਿਹਾ ਹੈ, ਪਹਿਲਾਂ ਉਹ ਬੰਦ ਕਰਵਾਓ। ਜੇਕਰ ਵਿਆਹ ਵਾਲੇ ਉੱਚੀ ਆਵਾਜ਼ ਵਿਚ ਡੀ.ਜੇ. ਲਾ ਕੇ ਗ਼ਲਤ ਕੰਮ ਕਰ ਰਹੇ ਹਨ ਤਾਂ ਕੀ ਸਾਨੂੰ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ? ਜੇਕਰ ਇਨ੍ਹਾਂ ਸਪੀਕਰਾਂ ਦੀ ਆਵਾਜ਼ ਦਾ ਕੋਈ ਅਸਰ ਹੋਇਆ ਹੁੰਦਾ ਤਾਂ ਸਾਡੇ ਸਮਾਜ ਵਿਚੋਂ ਰਿਸ਼ਵਤਖੋਰੀ, ਹੇਰਾਫੇਰੀ, ਅਸਹਿਣਸ਼ੀਲਤਾ ਆਦਿ ਅਲਾਮਤਾਂ ਖ਼ਤਮ ਹੋ ਚੁੱਕੀਆਂ ਹੁੰਦੀਆਂ। ਚੰਡੀਗੜ੍ਹ ਵਿਚ ਕੋਈ ਧਾਰਮਿਕ ਸਥਾਨ ਉੱਚੀ ਆਵਾਜ਼ ਵਿਚ ਸਪੀਕਰ ਨਹੀਂ ਲਾ ਸਕਦਾ। ਸਾਨੂੰ ਇਸ ਪ੍ਰਤੀ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤਾਂ ਅਸੀਂ ਬਹੁਤ ਪਿੱਛੇ ਛੱਡ ਆਏ ਹਾਂ। ਦੁੱਖ ਦੀ ਗੱਲ ਇਹ ਹੈ ਕਿ ਸਾਰੀਆਂ ਸਰਕਾਰਾਂ ਨੇ ਸਿਰਫ ਉਹ ਕੰਮ ਕਰਨਾ ਹੁੰਦਾ ਹੈ, ਜਿਸ ਨਾਲ ਵੋਟ ਬੈਂਕ ਵਧੇ। ਲੋਕਾਂ ਦੀ ਤਕਲੀਫ ਨੂੰ ਮਹਿਸੂਸ ਕਰਨਾ ਤੇ ਤਕਲੀਫ ਵਿਚੋਂ ਕੱਢਣਾ ਆਦਿ ਨਹੀਂ। ਜੇ ਪੰਜਾਬ ਵਿਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਇਨ੍ਹਾਂ ਸਪੀਕਰਾਂ ਦੀਆਂ ਆਵਾਜ਼ਾਂ 'ਤੇ ਪਾਬੰਦੀ ਲਗਾਈ ਜਾਵੇ ਅਤੇ ਟ੍ਰੈਫਿਕ ਵਿਚ ਸੁਧਾਰ ਕਰ ਲਏ ਜਾਣ ਤਾਂ ਸਾਡਾ ਪੰਜਾਬ ਵੀ ਵਿਦੇਸ਼ ਤੋਂ ਘੱਟ ਨਹੀਂ ਹੋਵੇਗਾ।

-ਪਿੰਡ ਤੇ ਡਾਕ: ਕਲੇਰ ਕਲਾਂ (ਗੁਰਦਾਸਪੁਰ)। ਮੋਬਾ: 99145-38888

ਪ੍ਰਦੂਸ਼ਣ ਦਾ ਸਭ ਤੋਂ ਘਾਤਕ ਰੂਪ : ਈ-ਕਚਰਾ

ਮੋਬਾਈਲ ਦੀ ਵਰਤੋਂ ਸਾਰੇ ਖੇਤਰਾਂ ਵਿਚ ਏਨੀ ਵਧ ਗਈ ਹੈ ਕਿ ਇਸ ਦਾ ਕਚਰਾ ਕਿੰਨਾ ਘਾਤਕ ਹੁੰਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ। ਇਸ ਤਰ੍ਹਾਂ ਹੋਰ ਈ-ਕਚਰੇ ਨਾਲ ਜੁੜੀਆਂ ਹੋਈਆਂ ਵਸਤਾਂ ਜਿਵੇ ਇੰਟਰਨੈੱਟ ਤੇ ਹੋਰ ਬਿਜਲਈ ਸਾਧਨ ਜਦੋਂ ਬਿਲਕੁਲ ਨਕਾਰਾ ਹੋ ਜਾਂਦੇ ਹਨ ਤਾਂ ਇਹ ਇਕੱਠਾ ਹੋਇਆ ਕਚਰਾ ਜਿਸ ਨੂੰ ਈ-ਕਚਰਾ ਕਿਹਾ ਜਾਂਦਾ ਹੈ, ਇਸ ਨਾਲ ਸਾਡਾ ਜੀਵਨ ਹੋਰ ਪ੍ਰਦੂਸ਼ਿਤ ਹੁੰਦਾ ਹੈ। ਫਿਰ ਖਰਾਬ ਕੰਪਿਊਟਰ ਤੇ ਖਰਾਬ ਮੋਬਾਈਲ ਦੇ ਕਚਰੇ ਦੀ ਵਰਤੋਂ ਕਿਸ ਤ੍ਹਰਾਂ ਕੀਤੀ ਜਾਵੇ, ਇਸ ਬਾਰੇ ਸਾਡੇ ਵਿਗਿਆਨੀ ਫਿਕਰਮੰਦ ਹੋਣੇ ਲਾਜ਼ਮੀ ਹਨ। ਇਸ ਕਚਰੇ ਵਿਚ ਵਾਧਾ ਹੁਣ ਏਨਾ ਘਾਤਕ ਸਾਬਤ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਸ ਈ-ਕਚਰੇ ਤੇ ਬਿਜਲਈ-ਕਚਰੇ ਲਈ ਖਾਸ ਕਾਨੂੰਨ ਬਣਨੇ ਸ਼ੁਰੂ ਹੋ ਗਏ ਹਨ। ਇਸ ਈ-ਕਚਰੇ ਨੂੰ ਆਮ ਕੂੜੇ ਦੇ ਢੇਰ 'ਤੇ ਸੁੱਟ ਦੇਣਾ ਬਹੁਤ ਘਾਤਕ ਸਿੱਧ ਹੋਇਆ ਹੈ। ਇਸ ਤੋਂ ਪਹਿਲਾਂ ਈ-ਕਚਰੇ ਦਾ ਖਾਤਮਾ ਕਰਨ ਲਈ ਇਸ ਨੂੰ ਹੋਰ ਪਲਾਸਟਿਕ ਦੀਆਂ ਵਸਤਾਂ ਵਾਂਗ ਕਬਾੜ ਵਿਚ ਵੇਚਣ ਦੀ ਰਵਾਇਤ ਸੀ ਪਰ ਜਦੋਂ ਇਸ ਦੀਆਂ ਧਾਤਾਂ ਵਿਚੋਂ ਘਾਤਕ ਨਤੀਜੇ ਸਾਹਮਣੇ ਆਏ ਤਾਂ ਸਰਕਾਰ ਇਸ ਸਬੰਧੀ ਚੌਕਸ ਹੋ ਗਈ। ਜਦੋਂ ਇਸ ਨੂੰ ਤੋੜਨ ਵੇਲੇ ਘਾਤਕ ਬਿਜਲਈ ਰੌਸ਼ਨੀ ਧਾਤਾਂ ਨਿਕਲੀਆਂ ਤਾਂ ਇਸ ਨਾਲ ਖਤਰਨਾਕ ਬਿਮਾਰੀਆਂ ਦੇ ਫੈਲਣ ਦਾ ਡਰ ਹਰ ਥਾਂ 'ਤੇ ਫੈਲਣਾ ਸ਼ੁਰੂ ਹੋ ਗਿਆ। ਵਿਗਿਆਨੀਆਂ ਦਾ ਇਹ ਮਤ ਸਾਹਮਣੇ ਆਇਆ ਕਿ ਇਸ ਨੂੰ ਪਲਾਂਟ ਬਣਾ ਕੇ ਵਿਗਿਆਨਕ ਢੰਗ ਨਾਲ ਖਤਮ ਕਰਨਾ ਹੀ ਠੀਕ ਹੈ। ਸਰਕਾਰ ਨੇ ਜਦੋਂ ਸਮਾਜ ਵਿਚ ਇਸ ਦੇ ਮਾਰੂ ਪ੍ਰਭਾਵਾਂ ਨੂੰ ਦੇਖਿਆ ਤਾਂ ਵੱਖੋ-ਵੱਖਰੇ ਅਦਾਰਿਆਂ ਨੂੰ ਇਸ ਕਚਰੇ ਨੂੰ ਸਾਂਭਣ ਦੇ ਪੰਜਾਬ ਸਰਕਾਰ ਵਲੋਂ ਨੋਟਿਸ ਜਾਰੀ ਕੀਤੇ ਗਏ। ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਪਲਾਸਟਿਕ ਨੂੰ ਪੂਰੀ ਤਰਾਂ ਖਤਮ ਨਹੀਂ ਕੀਤਾ ਜਾ ਸਕਦਾ, ਇਸ ਦੀ ਗਲੀ-ਸੜੀ ਹੋਈ ਰਹਿੰਦ-ਖੂੰਹਦ ਸਦਾ ਸਾਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਇਥੋਂ ਤੱਕ ਕਿ ਪਸ਼ੂ ਵੀ ਇਸ ਪਲਾਸਟਿਕ ਨੂੰ ਪਚਾ ਨਹੀਂ ਸਕਦੇ। ਪਰ ਜ਼ਰਾ ਇਹ ਸੋਚੋ ਕਿ ਬਿਜਲਈ ਧਾਤਾਂ ਕਿੰਨੀਆਂ ਘਾਤਕ ਸਾਬਤ ਹੋ ਸਕਦੀਆਂ ਹਨ। ਇਸ ਨੂੰ ਜੜ੍ਹ ਤੋਂ ਹੀ ਖਤਮ ਕਰਨ ਲਈ ਵਿਗਿਆਨਕ ਅਗਵਾਈ ਸਹੀ ਰਸਤਾ ਹੈ। ਇਸ ਈ-ਕਚਰੇ ਨੂੰ ਦੂਰ ਕਰਨ ਲਈ ਪਹਿਲਾਂ ਪਲਾਸਟਿਕ ਨੂੰ ਅਲੱਗ ਕੀਤਾ ਜਾਂਦਾ ਹੈ, ਫਿਰ ਧਾਤਾਂ ਦੀ ਵਾਰੀ ਆਉਂਦੀ ਹੈ। ਕੁਝ ਵਿਗਿਆਨੀਆਂ ਦਾ ਇਹ ਵਿਚਾਰ ਵੀ ਬਹੁਤ ਮਹੱਤਵਪੂਰਨ ਹੈ ਕਿ ਈ-ਕਚਰੇ ਦੀ ਰੀਸਾਈਕਲਿੰਗ ਕਰਨਾ ਵੀ ਇਕ ਕਾਰਗਰ ਸਾਧਨ ਹੈ ਪਰ ਪਲਾਸਟਿਕ ਦੀ ਰੀਸਾਈਕਲ ਲਈ ਮਹਿੰਗੀ ਮਸ਼ੀਨਰੀ ਦੀ ਲੋੜ ਹੈ। ਸਰਕਾਰੀ ਅੰਕੜੇ ਮੁਤਾਬਕ 40 ਟਨ ਕੂੜਾ ਈ-ਕਚਰੇ ਦਾ ਇਕੱਠਾ ਹੋ ਗਿਆ ਹੈ। ਇਹ ਸਾਰਾ ਕਚਰਾ ਸਰਕਾਰੀ ਤੇ ਨਿੱਜੀ ਅਦਾਰਿਆਂ ਵਲੋਂ ਪੈਦਾ ਕੀਤਾ ਜਾ ਰਿਹਾ ਹੈ। ਇਹ ਈ-ਕਚਰਾ ਹੁਣ ਸਰਕਾਰਾਂ ਲਈ ਇਕ ਵੱਡੀ ਚੁਣੌਤੀ ਹੈ। ਸਾਰੇ ਵੱਡੇ ਅਦਾਰੇ, ਸਿੱਖਿਆ ਸੰਸਥਾਵਾਂ, ਸਰਕਾਰੀ ਦਫਤਰ, ਹਸਪਤਾਲਾਂ ਦਾ ਈ-ਕਚਰਾ ਪਲਾਂਟ 'ਤੇ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਸ ਕੰਮ ਦੀ ਨਿਗਰਾਨੀ ਕਰਨ ਲਈ ਈ-ਕਚਰੇ ਲਈ ਹੋਰ ਤਕਨੀਕੀ ਮਾਹਿਰਾਂ ਤੇ ਨਿਗਰਾਨੀ ਲਈ ਨੋਡਲ ਅਫਸਰਾਂ ਦੀ ਲੋੜ ਹੈ। ਇਸ ਨੂੰ ਸਾਂਭਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜੋ ਲੋਕ ਵੱਡੀਆਂ ਸੰਸਥਾਵਾਂ ਚਲਾਉਂਦੇ ਹਨ, ਉਹ ਆਪ ਪਲਾਂਟ ਲਗਾ ਕੇ ਇਸ ਨੂੰ ਸਾਂਭਣ, ਇਸ ਵਿਚ ਹੀ ਬਿਹਤਰੀ ਹੈ।

-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295

ਮੋਬਾਈਲ ਫੋਨ 'ਚ ਗਵਾਚਿਆ ਬਚਪਨ

ਦੋਸਤੋ, ਵਿਗਿਆਨ ਨੇ ਏਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਕਈ ਵਾਰ ਤਾਂ ਯਕੀਨ ਕਰਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਸੰਸਾਰੀਕਰਨ ਨੇ ਹਰ ਇਕ ਵਸਤੂ ਨੂੰ ਬਹੁਤ ਨੇੜੇ ਲੈ ਆਂਦਾ ਹੈ। ਸਾਇੰਸ ਦੀ ਸਭ ਤੋਂ ਮਹੱਤਵਪੂਰਨ ਖੋਜ ਮੋਬਾਈਲ ਫੋਨ ਮੰਨੀ ਗਈ ਹੈ। ਇਕ ਜਗ੍ਹਾ ਤੋਂ ਦੂਜੀ ਜਗ੍ਹਾ ਬੈਠੇ ਵਿਅਕਤੀ ਨਾਲ ਝਟਪਟ ਹੀ ਗੱਲ ਹੋ ਜਾਂਦੀ ਹੈ। ਹੁਣ ਇੰਟਰਨੈੱਟ ਦੀਆਂ ਸਹੂਲਤਾਂ ਮਿਲਣ ਕਾਰਨ ਇਕ-ਦੂਜੇ ਨੂੰ ਮੋਬਾਈਲ ਰਾਹੀਂ ਦੇਖਿਆ ਵੀ ਜਾ ਸਕਦਾ ਹੈ। ਵੈਸੇ ਤਾਂ ਮੋਬਾਈਲ ਫੋਨ ਬਹੁਤ ਹੀ ਅਣਮੁੱਲੀ ਵਸਤੂ ਹੈ ਪਰ ਜੇਕਰ ਅਜਿਹੀ ਵਸਤੂ ਗ਼ਲਤ ਹੱਥਾਂ ਵਿਚ ਚਲੀ ਜਾਵੇ ਤਾਂ ਬੇਲੋੜੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਬਹੁਤ ਖ਼ਤਰਨਾਕ ਸਾਬਤ ਹੁੰਦੇ ਹਨ। ਅੱਜਕਲ੍ਹ ਸਕੂਲੀ ਬੱਚਿਆਂ ਵਿਚ ਮੋਬਾਈਲ ਫੋਨ ਦਾ ਰੁਝਾਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਬੱਚੇ ਗਲੀਆਂ ਵਿਚ ਖੇਡਦੇ ਆਮ ਨਜ਼ਰ ਆਉਂਦੇ ਸਨ। ਬੱਚੇ ਗਲੀਆਂ ਵਿਚ ਟੋਲੀਆਂ ਬਣਾ ਕੇ ਘੁੰਮਦੇ, ਪਾਰਕਾਂ ਵਿਚ ਖੇਡਦੇ, ਜਿਸ ਨੂੰ ਦੇਖ ਕੇ ਬਹੁਤ ਚੰਗਾ ਪ੍ਰਤੀਤ ਹੁੰਦਾ। ਪਰ ਅੱਜਕਲ੍ਹ ਤਾਂ ਇਹ ਸਭ ਕਿਤੇ ਦੇਖਣ ਨੂੰ ਹੀ ਨਹੀਂ ਮਿਲਦਾ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਬੱਚੇ ਅਲੋਪ ਹੀ ਹੋ ਚੁੱਕੇ ਹੋਣ। ਬਹੁਤ ਘੱਟ ਥਾਵਾਂ 'ਤੇ ਬੱਚੇ ਖੇਡਦੇ ਹੋਏ ਮਿਲਣਗੇ। ਇਹ ਬੱਚੇ ਸਾਨੂੰ ਨਜ਼ਰੀਂ ਜ਼ਰੂਰ ਆਉਂਦੇ ਹਨ ਪਰ ਉਨ੍ਹਾਂ ਨੇ ਹੱਥਾਂ ਵਿਚ ਡੱਬੀਆਂ ਜਿਹੀਆਂ (ਮੋਬਾਈਲ) ਚੁੱਕੀਆਂ ਹੋਣਗੀਆਂ ਅਤੇ ਉਸ ਵਿਚ ਉਂਗਲਾਂ ਮਾਰਦੇ ਨਜ਼ਰ ਆਉਂਦੇ ਹਨ। ਇਸ ਸਭ ਦਾ ਜ਼ਿੰਮੇਵਾਰ ਕੌਣ ਹੈ? ਉਹ ਕੰਪਨੀ ਜਿਸ ਨੇ ਮੋਬਾਈਲ ਫੋਨ ਬਣਾਇਆ? ਜਾਂ ਉਹ ਦੁਕਾਨ ਜਿਸ ਤੋਂ ਮੋਬਾਈਲ ਫੋਨ ਖਰੀਦਿਆ ਗਿਆ? ਨਹੀਂ, ਇਸ ਦੇ ਜ਼ਿੰਮੇਵਾਰ ਹਨ ਬੱਚੇ ਦੇ ਮਾਤਾ-ਪਿਤਾ। ਕਈ ਜਗ੍ਹਾ ਬੱਚੇ ਦੇ ਮਾਪੇ ਬੜਾ ਹੁੱਬ ਕੇ ਦੱਸਣਗੇ ਕਿ ਸਾਡੇ ਬੱਚੇ ਨੂੰ ਸਾਰਾ ਫੋਨ ਚਲਾਉਣਾ ਆਉਂਦਾ, ਜੋ ਮਰਜ਼ੀ ਪੁੱਛ ਲਓ ਇਹਨੂੰ ਸਾਰਾ ਪਤਾ। ਫਿਰ ਜਦੋਂ ਬੱਚੇ ਨੂੰ ਮੋਬਾਈਲ ਫੋਨ ਦੀ ਆਦਤ ਪੈ ਜਾਂਦੀ ਹੈ, ਫਿਰ ਸਕੂਲ ਜਾ ਕੇ ਅਧਿਆਪਕ ਨੂੰ ਕਹਿਣਗੇ, 'ਸਾਡਾ ਬੱਚਾ ਸਾਰਾ ਦਿਨ ਫੋਨ ਨੀਂ ਛੱਡਦਾ, ਸਾਰਾ ਦਿਨ ਫੋਨ ਨਾਲ ਲੱਗਿਆ ਰਹਿੰਦਾ।' ਦੱਸੋ ਹੁਣ ਅਧਿਆਪਕ ਕੀ ਕਰੇ? ਅਧਿਆਪਕ ਵੀ ਫਸ ਗਿਆ। ਗ਼ਲਤੀ ਕਿਸੇ ਦੀ, ਭੁਗਤਣ ਵਾਲਾ ਬੱਚਾ ਅਤੇ ਅਧਿਆਪਕ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਬਾਈਲ ਫੋਨਾਂ ਦੀਆਂ ਖਤਰਨਾਕ ਕਿਰਨਾਂ ਵੱਡਿਆਂ ਦੇ ਮੁਕਾਬਲੇ ਬੱਚਿਆਂ ਦੇ ਦਿਮਾਗ 'ਤੇ ਜਲਦੀ ਅਸਰ ਪਾਉਂਦੀਆਂ ਹਨ। ਅਮਰੀਕੀ ਸੰਸਥਾ ਐਫ.ਸੀ.ਸੀ. ਨੇ ਵੀ ਆਪਣੀ ਰਿਪੋਰਟ ਵਿਚ ਬੱਚਿਆਂ ਪ੍ਰਤੀ ਬਹੁਤ ਗੰਭੀਰ ਬਿਮਾਰੀਆਂ ਨੂੰ ਪੇਸ਼ ਕੀਤਾ ਹੈ। ਬੱਚਿਆਂ ਦੀ ਯਾਦਸ਼ਕਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਹੁਣ ਤਾਂ ਹਸਪਤਾਲਾਂ ਵਿਚ ਇਨ੍ਹਾਂ ਬਿਮਾਰੀਆਂ ਸਬੰਧੀ ਇਲਾਜ ਕਰਨ ਲਈ ਵਾਰਡ ਵੀ ਬਣਾਏ ਜਾ ਰਹੇ ਹਨ। ਇਸ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਬੱਚਿਆਂ ਦਾ ਬਚਪਨ ਹੀ ਨਹੀਂ ਸੰਭਾਲ ਸਕੇ ਤਾਂ ਭਵਿੱਖ ਵਿਚ ਤੰਦਰੁਸਤ ਨਾਗਰਿਕ ਕਿਥੋਂ ਲੱਭਾਂਗੇ?

-ਆਜ਼ਾਦ ਨਗਰ, ਨਿਊ ਸ਼ਿਮਲਾਪੁਰੀ, ਲੁਧਿਆਣਾ।
ਮੋਬਾ: 99143-21818





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX