ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  6 minutes ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  22 minutes ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  30 minutes ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  40 minutes ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  50 minutes ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  about 1 hour ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  about 1 hour ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  about 2 hours ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  about 2 hours ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਤਕਨੀਕ ਦੇ ਸਮਾਜ 'ਤੇ ਮਾੜੇ ਅਸਰ

ਪਤੀ-ਪਤਨੀ ਵਿਚਕਾਰ ਗੱਲ-ਗੱਲ 'ਤੇ ਬਹਿਸ ਹੁੰਦੀ ਹੈ। ਦੋਵਾਂ ਦੀ ਹਊਮੇ, ਕਾਬਲੀਅਤ ਇਕ-ਦੂਜੇ 'ਤੇ ਹਾਵੀ ਹੁੰਦੀ ਹੈ। ਇਸ ਸਭ ਦਾ ਅਸਰ ਪੈਂਦਾ ਹੈ ਬੱਚਿਆਂ 'ਤੇ ਜਿਨ੍ਹਾਂ ਦੀ ਸਾਰੀ ਉਮਰ ਡਰ ਦੇ ਸਾਏ ਹੇਠ ਲੰਘਦੀ ਹੈ। ਭਰਾ-ਭਰਾ ਦਾ ਵੈਰੀ ਹੈ। ਗੱਲ ਚਾਹੇ ਜ਼ਮੀਨ ਦੀ ਹੋਵੇ, ਘਰ ਦੇ ਬਟਵਾਰੇ ਦੀ ਜਾਂ ਮਾਂ-ਪਿਓ ਨੂੰ ਆਪਣੇ ਕੋਲ ਰੱਖਣ ਦੀ, ਭਰਾ-ਭਰਾ ਦਾ ਦੁਸ਼ਮਣ ਬਣ ਬੈਠਦਾ ਹੈ। ਗੱਲ-ਗੱਲ 'ਤੇ ਗੰਡਾਸੀਆਂ-ਸੋਟੇ ਚਲਦੇ ਹਨ, ਖੂਨ-ਖਰਾਬਾ ਹੁੰਦਾ ਹੈ। ਇਹ ਉਹੀ ਭੈਣ-ਭਰਾ ਹੁੰਦੇ ਹਨ ਜੋ ਛੋਟੇ ਹੁੰਦਿਆਂ ਆਪਸ ਵਿਚ ਅਥਾਹ ਪਿਆਰ ਕਰਦੇ ਹਨ, ਮਾਂ-ਪਿਓ 'ਤੇ ਆਪਣੀ ਜਾਨ ਛਿੜਕਦੇ ਹਨ, ਫਿਰ ਵੱਡੇ ਹੋ ਕੇ ਇਹ ਸਭ ਕਿਉਂ?
ਦੋਸਤ-ਮਿੱਤਰ ਜੋ ਬਚਪਨ ਵਿਚ ਇਕੱਠੇ ਖੇਡਦੇ, ਵੱਡੇ ਹੁੰਦੇ ਹਨ, ਛੋਟੀ ਜਿਹੀ ਗੱਲ 'ਤੇ ਖੂਨ-ਖਰਾਬੇ 'ਤੇ ਉੱਤਰ ਆਉਂਦੇ ਹਨ। ਘਰ ਖਰਾਬ ਹੋ ਜਾਂਦੇ ਹਨ। ਅਖ਼ਬਾਰਾਂ ਅਤੇ ਟੀ.ਵੀ. 'ਤੇ ਅਜਿਹੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹਨ। ਬਜ਼ੁਰਗ ਮਾਂ-ਪਿਉ ਨੂੰ ਬੱਚੇ ਘਰ ਰੱਖਣ ਨੂੰ ਤਿਆਰ ਨਹੀਂ। ਬਿਰਧ ਆਸ਼ਰਮ ਇਨ੍ਹਾਂ ਲੋਕਾਂ ਨਾਲ ਭਰੇ ਪਏ ਹਨ। ਅੱਜ ਹਰ ਬੰਦਾ ਤਣਾਅ 'ਚ ਰਹਿੰਦਾ ਹੈ। 90 ਫੀਸਦੀ ਲੋਕਾਂ ਨੂੰ ਤਣਾਅ ਦੀ ਬਿਮਾਰੀ ਹੈ। ਇਸ ਦਾ ਕਾਰਣ ਹੈ-ਇਕੱਲਤਾ।
ਮਨੁੱਖ ਦਾ ਖੂਨ ਦਿਨੋ-ਦਿਨ ਸਫ਼ੈਦ ਹੋ ਰਿਹਾ ਹੈ ਲਾਲਸਾਵਾਂ ਨੇ ਇੰਨਾ ਕੁ ਘੇਰ ਲਿਆ ਹੈ ਕਿ ਬੰਦਾ ਬੰਦੇ ਦਾ ਵੈਰੀ ਬਣਿਆ ਪਿਆ ਹੈ। ਕਈ ਬੱਚਿਆਂ ਵਿਚ ਵੀ ਅਪਰਾਧਿਕ ਪ੍ਰਵਿਰਤੀ ਦੇਖਣ ਨੂੰ ਮਿਲਦੀ ਹੈ। ਇਸ ਸਭ ਕੁਝ ਦਾ ਇਕ ਕਾਰਨ ਟੀ. ਵੀ. ਸੀਰੀਅਲ ਅਤੇ ਇੰਟਰਨੈੱਟ ਵੀ ਹੈ। ਇਕੱਲੇ ਰਹਿੰਦੇ ਵਿਅਕਤੀ ਲਈ ਟੀ. ਵੀ. ਅਤੇ ਨੈੱਟ ਹੀ ਇਕ ਸਹਾਰਾ ਹੈ। ਸਾਰਾ ਦਿਨ ਇਕੱਲਾ ਰਹਿੰਦਾ ਬੱਚਾ ਅਤੇ ਵੱਡਾ ਹਿੰਸਕ ਵੀਡੀਓ ਦੇਖਦਾ ਰਹਿੰਦਾ ਹੈ, ਜੋ ਬਾਅਦ ਵਿਚ ਨੁਕਸਾਨ ਦਾ ਕਾਰਨ ਬਣਦਾ ਹੈ। ਮਾਂ-ਪਿਓ ਨੂੰ ਇਸ ਸਭ ਦਾ ਪਤਾ ਉਦੋਂ ਲਗਦਾ ਹੈ ਜਦੋਂ ਕੁਝ ਮਾੜਾ ਵਾਪਰ ਜਾਂਦਾ ਹੈ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਵਪਾਰ ਵਿਚ ਘਾਟਾ, ਇਕਤਰਫ਼ਾ ਪਿਆਰ, ਬੱਚਿਆਂ ਦੀ ਲੜਾਈ ਅਤੇ ਹੋਰ ਕਈ ਅਜਿਹੇ ਮਾਮਲੇ ਹਨ, ਜੋ ਇਕ ਇਨਸਾਨ ਨੂੰ ਖੂਨ ਖਰਾਬੇ ਤੱਕ ਪਹੁੰਚਾ ਦਿੰਦੇ ਹਨ। ਨਿੱਕੀ ਜਿਹੀ ਗੱਲ 'ਤੇ ਡਾਂਗਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਰ ਬੰਦਾ ਇਕ-ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ।
ਅੱਜ ਹਰ ਸ਼ਹਿਰ-ਕਸਬੇ ਵਿਚ ਤਣਾਅ ਨੂੰ ਘੱਟ ਕਰਨ ਲਈ ਯੋਗਾ, ਹੈਲਥ ਸੈਂਟਰ, ਜਿੰਮ ਆਦਿ ਚੱਲ ਪਏ ਹਨ। ਹਰ ਬੰਦਾ ਆਪਣਾ ਤਣਾਅ, ਡਿਪਰੈਸ਼ਨ, ਇਕੱਲਾਪਣ ਘੱਟ ਕਰਨ ਲਈ ਇਨ੍ਹਾਂ ਸੈਟਰਾਂ ਵਿਚ ਆਉਂਦਾ ਹੈ। ਪਰ ਇਹ ਇਲਾਜ ਸੈਂਟਰ ਵੀ ਉਦੋਂ ਹੀ ਸਫ਼ਲ ਹੁੰਦੇ ਹਨ ਜਦੋਂ ਇਨਸਾਨ ਆਪਣੇ ਅੰਦਰ ਦੀ ਹਾਊਮੇ, ਈਰਖਾ ਖ਼ਤਮ ਕਰਕੇ ਲੜਾਈ-ਝਗੜੇ ਦਾ ਤਿਆਗ ਕਰਦਾ ਹੈ। ਅੱਜਕਲ੍ਹ ਨਵੀਆਂ ਤੋਂ ਨਵੀਆਂ ਆਨਲਾਈਨ ਗੇਮਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ।
ਗੇਮਾਂ ਦੇ ਕਈ ਪੜਾਅ ਹੁੰਦੇ ਹਨ। ਭਾਰਤ ਵਿਚ ਗੇਮਾਂ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਗੇਮਾਂ ਦੇ ਸ਼ਿਕਾਰ ਸਾਰੇ ਨੌਜਵਾਨ ਹੀ ਹੁੰਦੇ ਹਨ, ਜੋ ਕਿਸੇ ਨਾ ਕਿਸੇ ਕਾਰਨ ਤਣਾਅ 'ਚੋਂ ਗੁਜ਼ਰ ਰਹੇ ਹਨ। ਮਾਤਾ-ਪਿਤਾ ਵਲੋਂ ਬੱਚਿਆਂ ਨੂੰ ਬਣਦਾ ਪਿਆਰ ਨਾ ਦੇਣਾ, ਉਨ੍ਹਾਂ ਨੂੰ ਸਮਾਂ ਨਾ ਦੇਣਾ ਵੀ ਇਸ ਦਾ ਇਕ ਕਾਰਨ ਹੈ। ਅੱਜ ਇਕ ਵਿਅਕਤੀ ਲਈ ਸੰਯੁਕਤ ਪਰਿਵਾਰ ਬਹੁਤ ਮਾਅਨੇ ਰੱਖਦਾ ਹੈ। ਬੰਦਾ ਜਿੰਨਾ ਸਂਾਝੇ ਪਰਿਵਾਰ ਵਿਚ ਰਹੇਗਾ, ਉਸ ਦਾ ਤਣਾਅ, ਇਕੱਲਾਪਨ ਓਨਾ ਹੀ ਘੱਟ ਹੋਵੇਗਾ। ਨਵੀਂ ਪੀੜ੍ਹੀ ਵੀ ਗ਼ਲਤ ਆਦਤਾਂ ਦਾ ਸ਼ਿਕਾਰ ਨਹੀਂ ਹੋਵੇਗੀ। ਅੱਜ ਸਾਨੂੰ ਸਹੀ ਸੋਚ ਅਪਣਾਉਣ ਦੀ ਬਹੁਤ ਲੋੜ ਹੈ।


-ਸੈਲੀ ਰੋਡ, ਪਠਾਨਕੋਟ।
ਮੋਬਾ: 97807-85049


ਖ਼ਬਰ ਸ਼ੇਅਰ ਕਰੋ

ਖ਼ਰੀਦਦਾਰੀ ਸਮੇਂ ਆਪਣੇ ਹੱਕਾਂ-ਫ਼ਰਜ਼ਾਂ ਪ੍ਰਤੀ ਵੀ ਰਹੀਏ ਜਾਗਰੂਕ

ਇਸ ਵਪਾਰਕ, ਮਾਰਕੀਟ ਯੁੱਗ ਦੇ ਚਲਦਿਆਂ ਜਦੋਂ ਅਸੀਂ ਬਾਜ਼ਾਰੋਂ ਕੋਈ ਵੀ ਸਾਮਾਨ ਖਰੀਦਣ ਲਈ ਜਾਂਦੇ ਹਾਂ ਤਾਂ ਸਾਡੀ ਨਿਗ੍ਹਾ ਸਭ ਤੋਂ ਪਹਿਲਾਂ ਦੁਕਾਨਦਾਰਾਂ, ਕੰਪਨੀਆਂ ਵਲੋਂ ਲਗਾਏ ਗਏ ਦਿਲਕਸ਼ ਇਸ਼ਤਿਹਾਰਾਂ, ਸਟਿੱਕਰਾਂ ਉੱਪਰ ਜ਼ਰੂਰ ਹੀ ਪੈਂਦੀ ਹੈ, ਜਿਨ੍ਹਾਂ ਉੱਪਰ ਆਕਰਸ਼ਕ ਰੰਗਾਂ, ਢੰਗਾਂ ਨਾਲ ਰੇਟਾਂ 'ਚ ਭਾਰੀ ਕਮੀ, ਭਾਰੀ ਛੋਟ, ਇਕ ਖਰੀਦੋ-ਇਕ ਮੁਫ਼ਤ ਆਦਿ ਲਿਖਿਆ ਹੁੰਦਾ ਹੈ। ਉਸ ਸਮੇਂ ਅਸੀਂ ਸੁਭਾਵਿਕ ਹੀ ਆਰਥਿਕ ਪੱਖੋਂ ਮਹਿਸੂਸ ਕਰਦੇ ਹਾਂ ਕਿ ਸਾਮਾਨ ਘੱਟ ਕੀਮਤ 'ਤੇ ਮਿਲ ਰਿਹਾ ਹੈ, ਜਿਸ ਦੀ ਵਜ੍ਹਾ ਸਦਕਾ ਅਸੀਂ ਲਾਲਚ 'ਚ ਬਿਨਾਂ ਲੋੜੋਂ ਹੀ ਅਜਿਹੇ ਰੰਗ, ਉਤਪਾਦ, ਵਸਤਾਂ ਖਰੀਦ ਲੈਂਦੇ ਹਾਂ, ਜਿਨ੍ਹਾਂ ਦੀ ਜਲਦੀ ਘਰ ਵਿਚ ਜ਼ਰੂਰਤ ਹੀ ਨਹੀਂ ਹੁੰਦੀ। ਗੱਲ ਕੀ, ਸਿੱਧੇ-ਅਸਿੱਧੇ ਤੌਰ 'ਤੇ ਘਰੇਲੂ ਬਜਟ ਡਾਵਾਂਡੋਲ ਕਰ ਲਿਆ ਜਾਂਦਾ ਹੈ। ਜੇ ਦੇਖਿਆ ਜਾਵੇ ਤਾਂ ਵਪਾਰੀ ਜਾਂ ਦੁਕਾਨਦਾਰ ਭਾਰੀ ਸੇਲ, ਮੁਫ਼ਤ ਤੋਹਫ਼ੇ ਆਦਿ ਜਿਹੀਆਂ ਮਨਲੁਭਾਊ ਸਕੀਮਾਂ ਤੁਹਾਡੀ ਸੋਚ-ਵਿਚਾਰ, ਤਜਰਬੇ ਅਤੇ ਮੁਨਾਫ਼ਾ ਖੱਟਣ ਦੇ ਮਨਸੂਬੇ ਤਹਿਤ ਹੀ ਚਾਲੂ ਕਰਦੇ ਹਨ। ਕਈ ਕੰਪਨੀਆਂ ਤਾਂ ਆਪਣੇ ਉਤਪਾਦਾਂ ਉੱਪਰ ਪਹਿਲਾਂ ਹੀ ਅਸਲ ਰੇਟ ਤੋਂ ਡਿਉਢਾ ਜਾਂ ਦੁੱਗਣਾ ਮੁੱਲ ਲਿਖ ਕੇ ਸਾਨੂੰ ਉਸ 'ਤੇ ਛੋਟ ਜਾਂ ਕੋਈ ਤੋਹਫ਼ਾ ਦੇਣ ਦਾ ਲਾਲਚ ਦੇ ਕੇ ਭਰਮਾ ਰਹੇ ਹੁੰਦੇ ਹਨ। ਪਰ ਪੰਜੇ ਉਂਗਲਾਂ ਤਾਂ ਬਰਾਬਰ ਵੀ ਨਹੀਂ ਹੁੰਦੀਆਂ। ਕਈ ਥਾਈਂ ਤਾਂ ਸੇਲ 'ਚ ਵਿਕ ਰਿਹਾ ਸਾਮਾਨ ਮਿਆਰੀ ਵੀ ਨਹੀਂ ਹੁੰਦਾ ਹੈ। ਕੱਪੜੇ ਜਾਂ ਬੂਟਾਂ ਦੀਆਂ ਦੁਕਾਨਾਂ ਵਾਲੇ ਆਪਣਾ ਮਾਲ ਥੋੜ੍ਹਾ ਨੁਕਸਾਨਿਆ ਜਾਂ ਪੁਰਾਣਾ ਦੱਸ ਕੇ ਪਾਰਦਰਸ਼ਤਾ ਨਾਲ ਕੁਝ ਸਸਤਾ ਵੀ ਵੇਚ ਰਹੇ ਹੁੰਦੇ ਹਨ। ਉਹ ਸੇਲ ਵਾਲੇ ਗ਼ਲਤ ਨਹੀਂ ਹੁੰਦੇ ਪਰ ਕੋਈ ਵੀ ਅਜਿਹਾ ਸਾਮਾਨ ਖਰੀਦਣ ਤੋਂ ਪਹਿਲਾਂ ਸਾਨੂੰ ਸਹਿਜਤਾ ਨਾਲ, ਠੰਢੇ ਮਨ ਨਾਲ 2-3 ਦੁਕਾਨਾਂ ਤੋਂ ਉਸ ਦੀ ਕੀਮਤ, ਗੁਣਵੱਤਾ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕਈ ਗਾਹਕ ਤਾਂ ਰੇੜ੍ਹੀਆਂ-ਫੜ੍ਹੀਆਂ ਜਾਂ ਗਲੀ ਵਿਚ ਸਾਮਾਨ ਵੇਚਣ ਵਾਲੇ ਲੋਕਾਂ ਤੋਂ ਸਸਤੇ ਦੇ ਲਾਲਚ 'ਚ ਸਾਮਾਨ ਖਰੀਦਦੇ ਹਨ ਜੋ ਕਿ ਕਈ ਵਾਰ ਨਕਲੀ ਜਾਂ ਘਟੀਆ ਵੀ ਨਿਕਲ ਸਕਦਾ ਹੈ। ਜੇ ਸਸਤੇ ਦੇ ਚੱਕਰ 'ਚ ਨਾ ਪੈ ਕੇ ਵਿਸ਼ਵਾਸਪਾਤਰ ਡੀਲਰ, ਦੁਕਾਨਦਾਰ ਤੋਂ ਸਾਮਾਨ ਖਰੀਦ ਕੇ ਉਸ ਦਾ ਬਿੱਲ ਵੀ ਲਿਆ ਜਾਵੇ ਤਾਂ ਅਸੀਂ ਕਈ ਤਰ੍ਹਾਂ ਦੀ ਖੱਜਲ-ਖੁਆਰੀ, ਪੈਸੇ, ਸਮੇਂ ਦੀ ਬਰਬਾਦੀ ਤੋਂ ਬਚ ਸਕਦੇ ਹਾਂ।
ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕਰੀਬ 90 ਫ਼ੀਸਦੀ ਗਾਹਕ ਸਾਮਾਨ ਖਰੀਦਣ ਉਪਰੰਤ ਦੁਕਾਨਦਾਰ ਤੋਂ ਬਿੱਲ ਹੀ ਨਹੀਂ ਮੰਗਦੇ। ਭਾਵੇਂ ਗਾਹਕ ਸੇਲ ਤੋਂ ਹੀ ਸਾਮਾਨ ਕਿਉਂ ਨਾ ਖਰੀਦ ਰਿਹਾ ਹੋਵੇ, ਉਸ ਦਾ ਹੱਕ ਹੈ ਕਿ ਬਿੱਲ ਲਿਆ ਜਾਵੇ। ਮੰਨ ਲਓ ਕੱਲ੍ਹ ਨੂੰ ਕੋਈ ਵੀ ਉਤਪਾਦ, ਯੰਤਰ ਘਟੀਆ ਕਵਾਲਿਟੀ ਦਾ ਨਿਕਲ ਆਵੇ ਜਾਂ ਰੱਬ ਨਾ ਕਰੇ, ਉਸ ਸਦਕਾ ਕਿਸੇ ਸਮੇਂ ਦੁਰਘਟਨਾ ਹੀ ਵਾਪਰ ਜਾਵੇ ਤਾਂ ਗਾਹਕ ਨੂੰ ਗਾਰੰਟੀ ਮੁਤਾਬਿਕ ਰਿਆਇਤ ਤਾਂ ਬਿੱਲ ਹੋਣ 'ਤੇ ਹੀ ਮਿਲ ਸਕੇਗੀ। ਭਾਵੇਂ ਸੇਲ ਹੀ ਲੱਗੀ ਹੋਵੇ, ਗਾਹਕ ਅਤੇ ਦੁਕਾਨਦਾਰ ਦੋਵਾਂ ਦਾ ਫ਼ਰਜ਼ ਬਣਦਾ ਹੈ ਕਿ ਬਿੱਲ ਕਟਵਾ ਕੇ ਬਣਦਾ ਟੈਕਸ ਵੀ ਦਿੱਤਾ ਜਾਵੇ। ਮਾਰਕੀਟ 'ਚੋਂ ਸਾਮਾਨ ਖਰੀਦਣ ਵੇਲੇ ਸਾਨੂੰ ਉਤਪਾਦ ਦੇ ਐਮ.ਆਰ.ਪੀ. ਅਤੇ ਜੀ.ਐਸ.ਟੀ. ਬਾਰੇ ਵੀ ਜਾਗਰੂਕਤਾ ਦੀ ਲੋੜ ਹੈ। ਅਕਸਰ ਕਈ ਦੁਕਾਨਦਾਰ ਕਿਸੇ ਵਸਤੂ ਨੂੰ ਵੇਚਣ ਸਮੇਂ ਉਸ 'ਤੇ ਲਿਖੇ ਐਮ.ਆਰ.ਪੀ. (ਵੱਧ ਤੋਂ ਵੱਧ ਮੁੱਲ) ਉੱਪਰ ਜੀ.ਐਸ.ਟੀ. (ਵਸਤੂ ਤੇ ਸੇਵਾ ਕਰ) ਵੱਖਰਾ ਲੈ ਕੇ ਗਾਹਕ ਦਾ ਸ਼ੋਸ਼ਣ ਕਰ ਰਹੇ ਹੁੰਦੇ ਹਨ ਪਰ ਕਾਨੂੰਨ ਮੁਤਾਬਿਕ ਹਰ ਉਤਪਾਦ 'ਤੇ ਐਮ.ਆਰ.ਪੀ. ਲਿਖਣਾ ਜ਼ਰੂਰੀ ਹੁੰਦਾ ਹੈ ਅਤੇ ਗਾਹਕ ਨੇ ਸਿਰਫ ਐਮ.ਆਰ.ਪੀ. ਹੀ ਦੇਣਾ ਹੁੰਦਾ ਹੈ, ਕਿਉਂਕਿ ਐਮ.ਆਰ.ਪੀ. ਵਿਚ ਜੀ.ਐਸ.ਟੀ. ਅਤੇ ਹੋਰ ਟੈਕਸ ਪਹਿਲਾਂ ਹੀ ਜੁੜੇ ਹੁੰਦੇ ਹਨ। ਗਾਹਕ ਦਾ ਹੱਕ ਹੈ ਕਿ ਜੇ ਤੁਸੀਂ ਸਾਮਾਨ ਦਾ ਬਿੱਲ ਲਿਆ ਹੈ ਅਤੇ ਖ਼ਰੀਦੇ ਉਤਪਾਦ ਦੀ ਗਾਰੰਟੀ-ਮਿਆਰ ਮੁਤਾਬਿਕ ਸਾਮਾਨ ਘਟੀਆ ਨਿਕਲਣ 'ਤੇ ਉਹ ਜ਼ਿਲ੍ਹਾ, ਸੂਬਾ ਪੱਧਰੀ ਕੰਜ਼ਿਊਮਰ ਕੋਰਟ ਵਿਚ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਨੁਕਸਾਨ ਦੀ ਭਰਪਾਈ ਤੱਕ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਟਾਂ 'ਚ ਸ਼ਿਕਾਇਤ ਦਰਜ ਕਰਵਾਉਣ 'ਤੇ ਕੋਈ ਖਰਚਾ ਵੀ ਨਹੀਂ ਆਉਂਦਾ।


-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾ: 70870-48140

ਗਰਮੀਆਂ ਵਿਚ ਤਰਾਵਟ ਲਈ ਸ਼ਰਬਤ

ਤਰਬੂਜ਼ ਦਾ ਸ਼ਰਬਤ
ਸਮੱਗਰੀ : ਇਕ ਗਿਲਾਸ ਸ਼ਰਬਤ ਬਣਾਉਣ ਲਈ ਪੱਕੇ ਲਾਲ ਤਰਬੂਜ਼ ਦੇ ਗੁੱਦੇ ਦੇ ਟੁਕੜੇ 175 ਗ੍ਰਾਮ, ਅੱਧਾ ਚਮਚ ਬਰੀਕ ਪੀਸਿਆ ਹੋਇਆ ਅਦਰਕ, 1 ਚਮਚ ਸ਼ੱਕਰ, ਤਾਜ਼ੇ ਸੰਤਰੇ ਦਾ ਰਸ 2 ਚਮਚ, ਸਾਫ਼-ਸ਼ੁੱਧ ਪਾਣੀ ਲੋੜ ਅਨੁਸਾਰ ਅਤੇ ਚੁਟਕੀ ਕੁ ਸੇਂਧਾ ਨਮਕ।
ਵਿਧੀ : ਤਰਬੂਜ਼ ਦੇ ਟੁਕੜਿਆਂ ਦਾ ਰਸ ਕੱਢ ਕੇ ਇਸ ਵਿਚ ਪੀਸਿਆ ਹੋਇਆ ਅਦਰਕ, ਸੰਤਰੇ ਦਾ ਰਸ, ਸ਼ੱਕਰ ਅਤੇ ਸੇਂਧਾ ਨਮਕ ਪਾ ਦਿਓ। ਚਾਹੋ ਤਾਂ ਥੋੜ੍ਹਾ ਜਿਹਾ ਠੰਢਾ ਪਾਣੀ ਮਿਲਾ ਲਓ। ਇਹ ਸ਼ਰਬਤ ਵਿਟਾਮਿਨਾਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਜੇ ਨਿਯਮਤ ਤੌਰ 'ਤੇ 40 ਦਿਨ ਤੱਕ ਇਸ ਨੂੰ ਪੀਤਾ ਜਾਵੇ ਤਾਂ ਚਿਹਰਾ ਦਮਕਣ ਲਗਦਾ ਹੈ ਅਤੇ ਸਰੀਰ ਰਿਸ਼ਟ-ਪੁਸ਼ਟ ਅਤੇ ਸੁਡੌਲ ਹੁੰਦਾ ਹੈ।
ਪੁਦੀਨੇ ਦਾ ਸ਼ਰਬਤ
ਸਮੱਗਰੀ : ਪੁਦੀਨੇ ਦੇ ਪੱਤੇ 250 ਗ੍ਰਾਮ, ਸ਼ੱਕਰ ਡੇਢ ਕਿੱਲੋ, ਸਾਈਟ੍ਰਿਕ ਐਸਿਡ 20 ਗ੍ਰਾਮ, ਖਾਣੇ ਦਾ ਹਰਾ ਰੰਗ ਅੱਧਾ ਚਮਚ, ਸੋਡੀਅਮ ਬੇਂਜੋਇਟ ਅੱਧਾ ਚਮਚ, ਨਮਕ 50 ਗ੍ਰਾਮ, ਕਾਲੀ ਮਿਰਚ ਅਤੇ ਜ਼ੀਰਾ 10-10 ਗ੍ਰਾਮ, ਕਾਲਾ ਨਮਕ 5 ਗ੍ਰਾਮ ਅਤੇ ਅੱਧਾ ਲਿਟਰ ਪਾਣੀ।
ਵਿਧੀ : ਹਰੇ ਪੁਦੀਨੇ ਦੇ ਪੱਤਿਆਂ ਨੂੰ ਸਾਫ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਬਰੀਕ ਪੀਸ ਲਓ। ਨਮਕ, ਕਾਲਾ ਨਮਕ, ਕਾਲੀ ਮਿਰਚ ਅਤੇ ਜ਼ੀਰਾ ਬਰੀਕ ਪੀਸ ਲਓ। ਇਕ ਭਾਂਡੇ ਵਿਚ ਡੇਢ ਕਿੱਲੋ ਸ਼ੱਕਰ ਅਤੇ ਅੱਧਾ ਲਿਟਰ ਪਾਣੀ ਪਾ ਕੇ ਚਾਸ਼ਣੀ ਬਣਾਓ। ਜਦੋਂ ਉਬਾਲਾ ਆਉਣ ਲੱਗੇ ਤਾਂ ਸਾਈਟ੍ਰਿਕ ਐਸਿਡ ਪਾ ਕੇ, ਪੁਣ ਕੇ ਚਾਸ਼ਣੀ ਠੰਢੀ ਕਰ ਲਓ।
ਇਸ ਵਿਚ ਬਰੀਕ ਪੀਸੇ ਹੋਏ ਪੁਦੀਨੇ ਦੇ ਪੱਤੇ, ਹਰਾ ਰੰਗ, ਨਮਕ ਆਦਿ ਸਭ ਸਮੱਗਰੀ ਪਾ ਕੇ ਮਿਲਾ ਲਓ। ਬਸ ਸ਼ਰਬਤ ਤਿਆਰ ਹੈ। ਇਸ ਨੂੰ ਬੋਤਲਾਂ ਵਿਚ ਥੋੜ੍ਹੀ ਖਾਲੀ ਜਗ੍ਹਾ ਰੱਖ ਕੇ ਭਰ ਲਓ। ਇਕ ਭਾਗ ਸ਼ਰਬਤ ਅਤੇ 5 ਭਾਗ ਪਾਣੀ ਮਿਲਾ ਕੇ ਸੇਵਨ ਕਰੋ।


-ਉਮੇਸ਼ ਕੁਮਾਰ ਸਾਹੂ

ਖ਼ੂਬਸੂਰਤੀ ਟਿਪਸ

* ਗੁਲਾਬ ਅਤੇ ਸ਼ਹਿਦ ਦਾ ਮਿਸ਼ਰਣ ਚਮੜੀ ਦੀ ਡੂੰਘਾਈ ਤੱਕ ਸਫ਼ਾਈ ਕਰਦਾ ਹੈ ਅਤੇ ਇਕ ਬਿਹਤਰੀਨ ਟੌਨਿਕ ਦਾ ਕੰਮ ਕਰਦਾ ਹੈ। ਸ਼ਹਿਦ ਨੂੰ ਰੋਜ਼ਾਨਾ ਚਮੜੀ 'ਤੇ ਲਗਾਉਣ ਨਾਲ ਚਮੜੀ ਚਮਕਦਾਰ ਅਤੇ ਕੋਮਲ ਹੋ ਜਾਂਦੀ ਹੈ। ਚਿਹਰੇ 'ਤੇ ਸ਼ਹਿਦ ਦੀ ਨਿਯਮਤ ਵਰਤੋਂ ਨਾਲ ਕਿੱਲ-ਮੁਹਾਸਿਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਸਵੇਰੇ ਉਠਦੇ ਹੀ ਇਕ ਗਿਲਾਸ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਦਾ ਮਿਸ਼ਰਣ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਖ਼ਤਮ ਹੋ ਜਾਂਦੀ ਹੈ।
* ਬੁੱਲ੍ਹਾਂ ਦੀ ਕੋਮਲਤਾ ਬਣਾਈ ਰੱਖਣ ਲਈ ਸਾਫ਼ ਦੰਦਾਂ ਵਾਲੇ ਬੁਰਸ਼ ਨਾਲ ਮ੍ਰਿਤ ਚਮੜੀ ਹਟਾ ਕੇ ਬੁੱਲ੍ਹਾਂ 'ਤੇ ਬਦਾਮ ਤੇਲ ਜਾਂ ਸ਼ਹਿਦ ਦਾ ਹਲਕਾ ਲੇਪ ਲਗਾ ਲਓ।
* ਤਰਬੂਜ਼ ਦਾ ਰਸ ਇਕ ਵਧੀਆ ਸਕਿਨ ਟੋਨਰ ਹੈ ਅਤੇ ਰੁੱਖੇਪਨ ਨੂੰ ਵੀ ਘੱਟ ਕਰਦਾ ਹੈ। ਇਹ ਚਮੜੀ ਨੂੰ ਠੰਢਕ, ਤਾਜ਼ਾ ਅਤੇ ਕੋਮਲ ਬਣਾਉਂਦਾ ਹੈ। ਇਸ ਦਾ ਰਸ ਚਿਹਰੇ 'ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ। ਹਰ ਤਰ੍ਹਾਂ ਦੀ ਚਮੜੀ ਲਈ ਫਰੂਟ ਮਾਸਕ ਕੇਲਾ, ਸੇਬ, ਪਪੀਤਾ ਵਰਗੇ ਫਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ 'ਤੇ ਲਗਾਓ। 30 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਠੰਢਕ ਪਹੁੰਚੇਗੀ, ਮ੍ਰਿਤ ਚਮੜੀ ਸਾਫ਼ ਹੋਵੇਗੀ ਅਤੇ ਸਨ ਟੈਨਿੰਗ ਮਿਟੇਗੀ।
* ਕੂਲਿੰਗ ਮਾਸਕ : ਖੀਰੇ ਦੇ ਰਸ ਵਿਚ 2 ਚਮਚ ਪਾਊਡਰ ਵਾਲਾ ਦੁੱਧ ਅਤੇ ਇਕ ਆਂਡੇ ਦਾ ਚਿੱਟਾ ਹਿੱਸਾ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ ਅਤੇ ਜਦੋਂ ਸੁੱਕ ਜਾਵੇ ਤਾਂ ਪਾਣੀ ਨਾਲ ਧੋ ਲਓ।
* ਤੇਲੀ ਚਮੜੀ ਲਈ : 1 ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਉਸ ਨੂੰ ਪਾਣੀ ਨਾਲ ਧੋ ਲਓ।
* ਅੱਖਾਂ ਦਾ ਮੇਕਅਪ : ਦਿਨ ਵਿਚ ਹਮੇਸ਼ਾ ਆਈ ਪੈਨਸਿਲ ਦੀ ਵਰਤੋਂ ਕਰੋ ਜਾਂ ਫਿਰ ਪਲਕਾਂ ਨੂੰ ਭੂਰੇ ਜਾਂ ਗ੍ਰੇਡ ਆਈ ਸ਼ੈਡੋ ਨਾਲ ਲਾਈਨ ਕਰੋ। ਇਸ ਨਾਲ ਅੱਖਾਂ ਨੂੰ ਸਾਫਟ ਇਫੈਕਟ ਮਿਲੇਗਾ। ਉਸ ਤੋਂ ਬਾਅਦ ਅੱਖਾਂ 'ਤੇ ਸਿਰਫ ਇਕ ਜਾਂ ਦੋ ਕੋਟਸ ਮਸਕਾਰਾ ਦੇ ਲਗਾਓ। ਇਸ ਨਾਲ ਅੱਖਾਂ ਗਹਿਰੀਆਂ ਅਤੇ ਚਮਕਦਾਰ ਦਿਸਣਗੀਆਂ।
* ਤਰਬੂਜ਼, ਪਾਣੀ ਅਤੇ ਤਰ (ਕਕੜੀ) ਗਰਮੀ ਦੇ ਸਭ ਤੋਂ ਚੰਗੇ ਖਾਧ ਪਦਾਰਥ ਹਨ। ਅਸਲ ਵਿਚ ਕੁਦਰਤ ਨੇ ਸਾਨੂੰ ਅਜਿਹੇ ਫਲ ਦਿੱਤੇ ਹਨ, ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਗਰਮੀ ਨੂੰ ਦੂਰ ਕਰ ਸਕਦੇ ਹਾਂ। ਖਰਬੂਜ਼ੇ, ਤਰਬੂਜ਼, ਤਰ ਆਦਿ ਗਰਮੀਆਂ ਦੌਰਾਨ ਉਪਲਬਧ ਹੁੰਦੇ ਹਨ। ਇਨ੍ਹਾਂ ਫਲਾਂ ਵਿਚ ਕਾਫੀ ਪਾਣੀ ਭਰਿਆ ਰਹਿੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਸਰੀਰ ਵਿਚ ਮੌਜੂਦ ਗੰਦਾ ਪਾਣੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਜੇ ਤੁਹਾਨੂੰ ਗਰਮੀਆਂ ਦੇ ਮੌਸਮ ਵਿਚ ਕਾਫੀ ਪਸੀਨਾ ਆਉਂਦਾ ਹੈ ਤਾਂ ਖਰਬੂਜ਼ੇ, ਤਰਬੂਜ਼ ਅਤੇ ਤਰ ਵਰਗੇ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ।
* ਪੁਦੀਨੇ ਦੇ ਪੱਤੇ, ਨਿੰਬੂ ਦੇ ਨਾਲ ਪਾਣੀ ਅਤੇ ਬਰਫ਼ : ਪੁਦੀਨੇ ਦੇ ਪੱਤਿਆਂ ਵਿਚ ਠੰਢਕ ਹੁੰਦੀ ਹੈ, ਜਿਸ ਨਾਲ ਪਾਚਣ ਕਿਰਿਆ ਵਿਚ ਸਹਾਇਤਾ ਮਿਲਦੀ ਹੈ। ਪੁਦੀਨੇ ਨੂੰ ਗਰਮ ਪਾਣੀ ਵਿਚ ਉਬਾਲ ਕੇ ਕੁਝ ਦੇਰ ਲਈ ਛੱਡ ਦਿਓ। ਠੰਢਾ ਹੋਣ 'ਤੇ ਇਕ ਚਮਚ ਨਿੰਬੂ ਦਾ ਰਸ ਗਿਲਾਸ ਵਿਚ ਪਾ ਦਿਓ। ਇਸ ਤੋਂ ਬਾਅਦ ਠੰਢਕ ਲਈ ਬਰਫ ਉਸ ਵਿਚ ਪਾ ਲਓ। ਇਸ ਨੂੰ ਹੋਰ ਫਾਇਦੇਮੰਦ ਬਣਾਉਣ ਲਈ ਇਸ ਵਿਚ ਸ਼ਹਿਦ, ਨਮਕ ਅਤੇ ਕਾਲੀ ਮਿਰਚ ਦੀ ਕੁਝ ਮਾਤਰਾ ਮਿਲਾ ਲਓ। ਨਮਕ ਅਤੇ ਕਾਲੀ ਮਿਰਚ ਨਾ ਹੋਵੇ ਤਾਂ ਅਜਿਹੇ ਵਿਚ ਤੁਸੀਂ ਸੇਂਧਾ ਨਮਕ ਅਤੇ ਚਾਟ ਮਸਾਲਾ ਵੀ ਵਰਤ ਸਕਦੇ ਹੋ।
**

ਕੀ ਤੁਹਾਡਾ ਬੱਚਾ ਜ਼ਿਆਦਾ ਸੰਵੇਦਨਸ਼ੀਲ ਹੈ?

ਜੇ ਤੁਹਾਡਾ ਬੱਚਾ ਛੋਟੀ-ਛੋਟੀ ਗੱਲ 'ਤੇ ਨਖਰਾ ਦਿਖਾਵੇ, ਖਾਣੇ ਵਿਚ ਆਨਾਕਾਨੀ ਕਰੇ, ਕੱਪੜੇ ਪਹਿਨਣ ਵਿਚ ਚੂਜ਼ੀ ਹੋਵੇ ਤਾਂ ਸਮਝ ਲਓ ਤੁਹਾਡਾ ਬੱਚਾ ਬਹੁਤ ਸੰਵੇਦਨਸ਼ੀਲ ਹੈ। ਇਹ ਤਾਂ ਕੁਝ ਸ਼ੁਰੂਆਤੀ ਲੱਛਣ ਹਨ ਪਰ ਉਹ ਜਿਵੇਂ-ਜਿਵੇਂ ਵੱਡਾ ਹੁੰਦਾ ਹੈ, ਉਸ ਦੇ ਵਿਵਹਾਰ ਵਿਚ ਬਦਲਾਅ ਆਉਣ ਲਗਦੇ ਹਨ। ਅਜਿਹੇ ਬੱਚੇ ਦੇ ਇਸ ਵਿਵਹਾਰ ਨੂੰ ਕੁਝ ਹੋਰ ਲੱਛਣਾਂ ਨਾਲ ਵੀ ਜਾਣਿਆ ਜਾ ਸਕਦਾ ਹੈ, ਜਿਵੇਂ-
* ਉਹ ਹਰ ਵਾਰ ਖਾਣ ਲਈ ਕੋਈ ਨਾ ਕੋਈ ਨਵੀਂ ਚੀਜ਼ ਦੀ ਮੰਗ ਕਰਦਾ ਹੈ ਜਾਂ ਜੇ ਉਸ ਨੂੰ ਕੋਈ ਨਵੀਂ ਚੀਜ਼ ਖਾਣ ਲਈ ਦਿੱਤੀ ਜਾਵੇ ਤਾਂ ਉਹ ਉਸ ਨੂੰ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਜਾਂ ਫਿਰ ਉਹ ਹਰ ਵਾਰ ਇਕ ਹੀ ਚੀਜ਼ ਖਾਣ ਦੀ ਮੰਗ ਕਰਦਾ ਹੈ। ਸਵੇਰੇ, ਦੁਪਹਿਰ, ਸ਼ਾਮ, ਰਾਤ ਨੂੰ ਉਸ ਨੂੰ ਸਿਰਫ ਉਹੀ ਖਾਣੇ ਵਿਚ ਚੰਗਾ ਲਗਦਾ ਹੈ।
* ਕੀ ਤੁਹਾਡਾ ਬੱਚਾ ਦੂਜੇ ਬੱਚਿਆਂ ਦੀ ਤੁਲਨਾ ਵਿਚ ਛੇਤੀ ਥੱਕਦਾ ਹੈ? ਦੂਜੇ ਬੱਚਿਆਂ ਦੇ ਨਾਲ ਖੇਡਣ ਦੌਰਾਨ ਉਸ ਨੂੰ ਵਾਰ-ਵਾਰ ਸਾਹ ਚੜ੍ਹਨਾ, ਪਸੀਨਾ ਆਉਣਾ, ਥੱਕ ਕੇ ਬੈਠ ਜਾਣਾ ਜਾਂ ਦੂਜੇ ਬੱਚਿਆਂ ਨਾਲ ਲਗਾਤਾਰ ਖੇਡ ਨਾ ਸਕਣਾ।
* ਬਿਸਤਰ 'ਤੇ ਆਉਣ ਤੋਂ ਬਾਅਦ ਉਸ ਨੂੰ ਦੇਰ ਤੱਕ ਨੀਂਦ ਨਾ ਆਉਣਾ ਜਾਂ ਸਵੇਰੇ ਉੱਠਣ ਤੋਂ ਬਾਅਦ ਰਾਤ ਨੂੰ ਬੁਰੇ ਸੁਪਨੇ ਆਉਣ ਦੀ ਸ਼ਿਕਾਇਤ ਕਰਨੀ।
* ਸਕੂਲ ਜਾਣ ਵਿਚ ਆਨਾਕਾਨੀ ਕਰਨਾ। ਸਕੂਲ ਜਾਂਦੇ ਸਮੇਂ ਵਾਰ-ਵਾਰ ਰੋਣਾ-ਵਿਲਕਣਾ। ਸਕੂਲ ਜਾਣ ਤੋਂ ਬਾਅਦ ਉਥੋਂ ਮੁੜ ਕੇ ਆਉਣ ਨੂੰ ਮਨ ਨਾ ਕਰਨਾ।
* ਕਿਸੇ ਨਵੇਂ ਮਾਹੌਲ ਵਿਚ ਬਹੁਤ ਮੁਸ਼ਕਿਲ ਨਾਲ ਅਡਜਸਟ ਹੋਣਾ। ਘਰ ਵਿਚ ਹੋਣ ਵਾਲੇ ਕਿਸੇ ਛੋਟੇ-ਵੱਡੇ ਬਦਲਾਅ ਨੂੰ ਬਹੁਤ ਦੇਰ ਨਾਲ ਸਵੀਕਾਰ ਕਰਨਾ।
ਜੇ ਤੁਹਾਡੇ ਬੱਚੇ ਵਿਚ ਵੀ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ ਜਾਂ ਉਸ ਦੇ 3-4 ਲੱਛਣ ਉਪਰੋਕਤ ਦੱਸੇ ਗਏ ਲੱਛਣਾਂ ਨਾਲ ਮਿਲਦੇ-ਜੁਲਦੇ ਹਨ ਤਾਂ ਅਜਿਹੇ ਬੱਚੇ ਨੂੰ ਅੰਤਰਮੁਖੀ ਕਿਹਾ ਜਾਂਦਾ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਹਨ। ਮਾਪੇ ਹੀ ਨਹੀਂ, ਸਗੋਂ ਪਰਿਵਾਰ ਦੇ ਦੂਜੇ ਲੋਕ ਵੀ ਉਨ੍ਹਾਂ ਨੂੰ ਜ਼ਿੱਦੀ ਮੰਨਣ ਲਗਦੇ ਹਨ। ਅਜਿਹਾ ਨਹੀਂ ਹੈ। ਅਜਿਹੇ ਬੱਚਿਆਂ ਨੂੰ ਬਹੁਤ ਸੰਵੇਦਨਸ਼ੀਲ ਬੱਚੇ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਇਸ ਸਿੰਡ੍ਰੋਮ ਵਿਚੋਂ ਕਿਵੇਂ ਬਾਹਰ ਕੱਢਿਆ ਜਾਵੇ, ਆਓ ਜਾਣੀਏ-
ਬਹੁਤ ਸੰਵੇਦਨਸ਼ੀਲ ਬੱਚਾ ਦੂਜਿਆਂ ਨੂੰ ਭਾਵੇਂ ਹੀ ਦਿਸਣ ਵਿਚ ਜ਼ਿੱਦੀ ਲਗਦਾ ਹੈ ਪਰ ਅਜਿਹੇ ਬੱਚੇ ਰਚਨਾਤਮਕ, ਸੰਵੇਦਨਸ਼ੀਲ, ਕਲਪਨਾਸ਼ੀਲ ਅਤੇ ਬੁੱਧੀਮਾਨ ਹੁੰਦੇ ਹਨ। ਅਜਿਹਾ ਖਾਨਦਾਨੀ ਵੀ ਹੁੰਦਾ ਹੈ। ਮਾਤਾ ਜਾਂ ਪਿਤਾ ਦੋਵਾਂ ਵਿਚੋਂ ਕਿਸੇ ਦੇ ਵੀ ਲੱਛਣ ਬਚਪਨ ਵਿਚ ਉਸ ਵਰਗੇ ਹੁੰਦੇ ਹਨ। ਦੋਵਾਂ ਵਿਚੋਂ ਕੋਈ ਸਾਥੀ ਬਹੁਤ ਸੰਵੇਦਨਸ਼ੀਲ ਵੀ ਹੋ ਸਕਦਾ ਹੈ।
ਬਹੁਤ ਸੰਵੇਦਨਸ਼ੀਲ ਬੱਚੇ ਦੇ ਪਾਲਣ-ਪੋਸ਼ਣ 'ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ। ਰਾਤ ਦੇ ਸਮੇਂ ਦੇਰ ਨਾਲ ਸੌਣਾ ਜਾਂ ਅਨਿਯਮਤ ਖਾਣੇ ਨਾਲ ਉਸ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਲਈ ਉਸ ਨੂੰ ਸਮੇਂ ਸਿਰ ਸੌਣ ਦੀ ਆਦਤ ਪਾਓ। ਸਮੇਂ ਸਿਰ ਖਾਣਾ, ਉਸ ਦੇ ਖੇਡਣ ਅਤੇ ਦੂਜੇ ਬੱਚਿਆਂ ਦੇ ਨਾਲ ਸਮਾਂ ਬਿਤਾਉਣ, ਸਕੂਲੋਂ ਮਿਲੇ ਘਰ ਦੇ ਕੰਮ ਅਤੇ ਸੌਣ ਦੀ ਇਕ ਰੁਟੀਨ ਬਣਾ ਕੇ ਚੱਲੋ।
ਉਸ ਨੂੰ ਸਮਾਜਿਕ ਕਰੋ : ਬਹੁਤ ਸੰਵੇਦਨਸ਼ੀਲ ਬੱਚੇ ਕਾਫੀ ਹੱਦ ਤੱਕ ਸਮਾਜਿਕ ਫੋਬੀਆ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਬਾਹਰ ਘੁਮਾਉਣ ਲੈ ਜਾਓ। ਦੂਜਿਆਂ ਵਿਚ ਸਮਾਂ ਬਿਤਾਉਣ ਅਤੇ ਭੀੜ ਵਿਚ ਰਹਿਣ ਨਾਲ ਉਸ ਦੇ ਸੁਭਾਅ ਵਿਚ ਤਬਦੀਲੀ ਆਉਂਦੀ ਹੈ। ਉਸ ਨੂੰ ਦੂਜਿਆਂ ਨਾਲ ਮਿਲਣ-ਜੁਲਣ ਦਿਓ ਅਤੇ ਉਸ ਨੂੰ ਬਾਹਰ ਲਿਜਾਣ ਤੋਂ ਪਹਿਲਾਂ ਉਸ ਨੂੰ ਮਾਨਸਿਕ ਤੌਰ 'ਤੇ ਤਿਆਰ ਕਰੋ।
ਉਸ ਨਾਲ ਜੁੜੋ : ਉਸ ਨੂੰ ਪਿਆਰ ਨਾਲ ਥਪਥਪਾਉਣ, ਸ਼ਾਬਾਸ਼ ਦੇਣ ਨਾਲ ਖੁਸ਼ੀ ਮਿਲਦੀ ਹੈ। ਗੁੱਸੇ ਅਤੇ ਚਿੰਤਾ ਭਾਵਾਂ ਦੇ ਪ੍ਰਤੀ ਉਸ ਨੂੰ ਸੁਚੇਤ ਬਣਾਓ। ਉਹ ਇਨ੍ਹਾਂ ਤੋਂ ਕਿਵੇਂ ਆਪਣੇ-ਆਪ ਨੂੰ ਦੂਰ ਰੱਖੇ, ਇਸ ਲਈ ਕੋਸ਼ਿਸ਼ ਕਰੋ।
ਸਮਾਂ ਦਿਓ : ਜ਼ਿਆਦਾ ਸੰਵੇਦਨਸ਼ੀਲ ਬੱਚੇ ਨੂੰ ਦੂਜਿਆਂ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਉਸ ਨੂੰ ਜ਼ਿਆਦਾ ਸਮਾਂ ਦੇਣ ਦੀ ਲੋੜ ਹੈ। ਸਕੂਲੋਂ ਮੁੜ ਕੇ ਆਉਣ ਤੋਂ ਬਾਅਦ ਉਸ ਨੂੰ ਬਹੁਤ ਸਾਰੇ ਕੰਮਾਂ ਜਿਵੇਂ ਟਿਊਸ਼ਨ ਜਾਂ ਹੋਰ ਗਤੀਵਿਧੀਆਂ ਵਿਚ ਨਾ ਲਗਾਓ। ਬੱਚੇ ਨੂੰ ਬੱਚਾ ਹੀ ਸਮਝੋ, ਕਿਉਂਕਿ ਉਹ ਬਹੁਤ ਸੰਵੇਦਨਸ਼ੀਲ ਹੈ, ਉਸ ਨੂੰ ਦੂਜੀਆਂ ਹੋਰ ਗਤੀਵਿਧੀਆਂ ਦੁਆਰਾ ਆਮ ਵਰਗਾ ਬਣਾਉਣ ਦੀ ਕੋਸ਼ਿਸ਼ ਕਰੋ।

ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?

ਪੁੰਗਰੇ ਅਨਾਜ ਹਮੇਸ਼ਾ ਤੋਂ ਪੌਸ਼ਟਿਕ ਖਾਧ ਪਦਾਰਥ ਦੇ ਰੂਪ ਵਿਚ ਮਸ਼ਹੂਰ ਰਹੇ ਹਨ। ਹਾਲ ਦੇ ਸਾਲਾਂ ਵਿਚ ਜਿਵੇਂ-ਜਿਵੇਂ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ, ਉਵੇਂ-ਉਵੇਂ ਪੁੰਗਰੇ ਅਨਾਜਾਂ ਦੀ ਵਰਤੋਂ ਵਿਚ ਵੀ ਵਾਧਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਬਾਜ਼ਾਰ ਵਿਚ ਵੱਡੇ ਪੈਮਾਨੇ 'ਤੇ ਖਾਣ ਲਈ ਤਿਆਰ ਪੁੰਗਰੇ ਅਨਾਜ ਉਪਲਬਧ ਹਨ। ਪਰ ਇਨ੍ਹਾਂ ਦੇ ਬਾਰੇ ਵਿਚ ਸਮੇਂ-ਸਮੇਂ 'ਤੇ ਕਈ ਕਿਸਮ ਦੀ ਖੋਜ ਸਮੱਗਰੀ ਵੀ ਮੀਡੀਆ ਵਿਚ ਆਉਂਦੀ ਰਹਿੰਦੀ ਹੈ, ਜੋ ਇਨ੍ਹਾਂ ਦੀ ਵਰਤੋਂ 'ਤੇ ਕਈ ਕਿਸਮ ਦੇ ਸਵਾਲ ਉਠਾਉਂਦੀ ਹੈ। ਤੁਸੀਂ ਇਨ੍ਹਾਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਜਾਣਕਾਰੀ ਨੂੰ ਪਰਖਦੇ ਹਾਂ।
1. ਸਿਹਤ ਲਈ ਕਿਸ ਪੱਧਰ ਦੇ ਪੁੰਗਰੇ ਅਨਾਜ ਸਹੀ ਹਨ?
(ਕ) ਬਸ ਪੁੰਗਰਨਾ ਫੁੱਟਿਆ ਹੀ ਹੋਵੇ। (ਖ) ਪੁੰਗਰਣਾ ਕਈ ਦਿਨ ਪੁਰਾਣਾ ਹੋ ਚੁੱਕਾ ਹੋਵੇ। (ਗ) ਕਦੇ ਵੀ ਉਸ ਦੀ ਪੌਸ਼ਟਿਕਤਾ ਵਿਚ ਕੋਈ ਫਰਕ ਨਹੀਂ ਪੈਂਦਾ।
2. ਪੁੰਗਰੇ ਅਨਾਜਾਂ ਵਿਚ ਕਿਹੜੇ ਵਿਟਾਮਿਨ ਸਭ ਤੋਂ ਵੱਧ ਪਾਏ ਜਾਂਦੇ ਹਨ?
(ਕ) 'ਈ' ਅਤੇ 'ਕੇ'।
(ਖ) 'ਡੀ' ਅਤੇ 'ਈ'।
(ਗ) 'ਏ' ਅਤੇ 'ਸੀ'।
3. ਐਂਟੀਆਕਸੀਡੈਂਟ ਸੁੱਕੇ ਅਨਾਜ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜਾਂ ਪੁੰਗਰੇ ਵਿਚ?
(ਕ) ਸੁੱਕੇ।
(ਖ) ਪੁੰਗਰੇ।
(ਗ) ਦੋਵਾਂ ਵਿਚ ਬਰਾਬਰ।
4. ਕੀ ਬਜ਼ੁਰਗਾਂ ਲਈ ਵੀ ਪੁੰਗਰੇ ਅਨਾਜ ਫਾਇਦੇਮੰਦ ਹੁੰਦੇ ਹਨ?
(ਕ) ਹਾਂ। (ਖ) ਨਹੀਂ, ਕਿਉਂਕਿ ਉਨ੍ਹਾਂ ਲਈ ਇਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ। (ਗ) ਇਹ ਤਾਂ ਅਜ਼ਮਾ ਕੇ ਪਤਾ ਲੱਗ ਸਕਦਾ ਹੈ।
5. ਕੀ ਪੁੰਗਰੇ ਅਨਾਜ ਵਿਚ ਚਰਬੀ, ਫੈਟੀ ਐਸਿਡ ਵਿਚ ਬਦਲ ਜਾਂਦੀ ਹੈ?
(ਕ) ਨਹੀਂ।
(ਖ) ਹਾਂ।
(ਗ) ਕਦੇ-ਕਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਦਿੱਤੇ ਗਏ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਪੁੰਗਰੇ ਅਨਾਜ ਖਾਣ ਤੋਂ ਭਾਵੇਂ ਤੁਹਾਨੂੰ ਕੋਈ ਪ੍ਰਹੇਜ਼ ਨਾ ਹੋਵੇ ਪਰ ਪੁੰਗਰੇ ਅਨਾਜਾਂ ਸਬੰਧੀ ਤੁਹਾਡੀ ਵਿਗਿਆਨਕ ਜਾਣਕਾਰੀ ਬਹੁਤ ਸੀਮਤ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜਾਂ ਨੂੰ ਇਕ ਸਿਹਤਮੰਦ ਖਾਧ ਸਮੱਗਰੀ ਮੰਨਦੇ ਹੋ, ਸਗੋਂ ਬਹੁਤ ਕੁਝ ਇਸ ਦੇ ਫਾਇਦਿਆਂ ਬਾਰੇ ਵੀ ਜਾਣਦੇ ਹੋ। ਪਰ ਸਮਗਰਤਾ ਵਿਚ ਪੁੰਗਰੇ ਅਨਾਜਾਂ ਨੂੰ ਲੈ ਕੇ ਇਕ ਵਿਗਿਆਨਕ ਦਿਸ਼ਾਬੋਧ ਦੀ ਤੁਹਾਡੇ ਵਿਚ ਕਮੀ ਹੈ।
ਗ-ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜ ਖਾਣਾ ਪਸੰਦ ਕਰਦੇ ਹੋ, ਸਗੋਂ ਇਨ੍ਹਾਂ ਦੀ ਸਿਹਤ ਸਬੰਧੀ ਖਾਸੀਅਤ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਨਾਲ ਹੀ ਤੁਸੀਂ ਦੂਜਿਆਂ ਨੂੰ ਵੀ ਪੁੰਗਰੇ ਅਨਾਜ ਖਾਣ ਲਈ ਉਤਸ਼ਾਹਿਤ ਕਰਦੇ ਹੋ।
**

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX