ਤਾਜਾ ਖ਼ਬਰਾਂ


ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਬਾਲਿਆਂਵਾਲੀ, 13 ਨਵੰਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਦੌਲਤਪੁਰਾ ਵਿਖੇ ਨਵ ਵਿਆਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਅਮਨ (21) ਪੁੱਤਰ ਮੇਜਰ ਸਿੰਘ ਦਾ ਟਰੈਕਟਰ ਤੋਂ ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ...
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  1 day ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  1 day ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  1 day ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  1 day ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਹੋਰ ਖ਼ਬਰਾਂ..

ਖੇਡ ਜਗਤ

ਕੌਮਾਂਤਰੀ ਫੁੱਟਬਾਲ ਵਿਚ ਭਾਰਤ ਦਾ ਸੰਘਰਸ਼ ਜਾਰੀ

ਕਿਸੇ ਵੀ ਟੀਮ ਦਾ ਕੌਮਾਂਤਰੀ ਪੱਧਰ ਉੱਤੇ ਮੁਲਾਂਕਣ ਕਰਨਾ ਹੋਵੇ ਤਾਂ ਉਸ ਖੇਡ ਦਾ ਵਿਸ਼ਵ ਕੱਪ ਸਭ ਤੋਂ ਵੱਡਾ ਪੈਮਾਨਾ ਹੁੰਦਾ ਹੈ। ਜੇਕਰ ਇਹੀ ਪੈਮਾਨਾ ਭਾਰਤੀ ਫੁੱਟਬਾਲ ਉੱਤੇ ਵੀ ਲਾਗੂ ਕੀਤਾ ਜਾਵੇ ਤਾਂ ਇਹ ਪਤਾ ਲਗਦਾ ਹੈ ਕਿ ਫ਼ੀਫ਼ਾ ਵਿਸ਼ਵ ਕੱਪ ਖੇਡਣ ਲਈ ਭਾਰਤ ਦਾ ਸੰਘਰਸ਼ ਹਾਲੇ ਤੱਕ ਵੀ ਜਾਰੀ ਹੈ ਅਤੇ ਇਸ ਨੂੰ ਬੂਰ ਪੈਂਦਾ ਹੁਣ ਵੀ ਨਜ਼ਰ ਨਹੀਂ ਆ ਰਿਹਾ। ਲੰਘੇ ਦਿਨੀਂ, ਆਦਿਲ ਖਾਨ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਬੰਗਲਾਦੇਸ਼ ਨੂੰ 1-1 ਨਾਲ ਡਰਾਅ ਉੱਤੇ ਤਾਂ ਰੋਕ ਲਿਆ ਪਰ ਇਸ ਨਾਲ ਉਸ ਦੇ ਫੁੱਟਬਾਲ ਮਹਾਂਕੁੰਭ ਲਈ ਕੁਆਲੀਫਾਈ ਕਰਨ ਦੀਆਂ ਰਹਿੰਦੀਆਂ-ਖੂਹੰਦੀਆਂ ਉਮੀਦਾਂ ਨੂੰ ਵੀ ਕਰਾਰਾ ਝਟਕਾ ਲੱਗ ਗਿਆ ਹੈ। ਕਤਰ ਖਿਲਾਫ ਪਿਛਲੇ ਮੈਚ ਵਿਚ ਗੋਲਹਿਤ ਡਰਾਅ ਖੇਡਣ ਵਾਲੇ ਭਾਰਤ ਨੂੰ ਇਸ ਮੈਚ ਵਿਚ ਜਿੱਤ ਦਰਜ ਕਰਨੀ ਚਾਹੀਦੀ ਸੀ ਪਰ ਉਸ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ ਤੇ ਇਸ ਵਿਚਾਲੇ ਬੰਗਲਾਦੇਸ਼ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕੀਤਾ। ਇਸ ਮੈਚ ਵਿਚ ਵੀ ਅੰਕ ਵੰਡਣ ਨਾਲ ਭਾਰਤ ਦਾ ਗਰੁੱਪ 'ਈ' ਵਿਚ ਅੱਗੇ ਦਾ ਰਸਤਾ ਕਾਫੀ ਮੁਸ਼ਕਿਲ ਹੋ ਗਿਆ ਹੈ। ਭਾਰਤ 3 ਮੈਚਾਂ ਵਿਚੋਂ ਮਹਿਜ਼ 2 ਅੰਕ ਲੈ ਕੇ ਆਪਣੇ ਗਰੁੱਪ ਵਿਚ ਚੌਥੇ ਸਥਾਨ ਉੱਤੇ ਹੈ। ਇਸ ਤਰ੍ਹਾਂ ਭਾਰਤੀ ਟੀਮ ਦਾ ਪਿਛਲੇ 20 ਸਾਲਾਂ ਵਿਚ ਬੰਗਲਾਦੇਸ਼ ਉੱਤੇ ਜਿੱਤ ਦਰਜ ਕਰਨ ਦਾ ਇੰਤਜ਼ਾਰ ਹੋਰ ਲੰਮੇਰਾ ਹੋ ਗਿਆ ਹੈ।
ਭਾਰਤ ਨੇ ਆਪਣੇ ਇਸ ਗੁਆਂਢੀ ਦੇਸ਼ ਨੂੰ ਆਖਰੀ ਵਾਰ 1999 ਵਿਚ ਸੈਫ ਖੇਡਾਂ ਵਿਚ ਹਰਾਇਆ ਸੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 3 ਮੈਚ ਡਰਾਅ ਰਹੇ ਹਨ, ਜਦਕਿ 2009 ਸੈਫ ਖੇਡਾਂ ਵਿਚ ਬੰਗਲਾਦੇਸ਼ ਜਿੱਤ ਦਰਜ ਕਰਨ ਵਿਚ ਸਫਲ ਰਿਹਾ ਸੀ। ਭਾਰਤ ਹੁਣ 14 ਨਵੰਬਰ ਨੂੰ ਅਫ਼ਗਾਨਿਸਤਾਨ ਅਤੇ 10 ਨਵੰਬਰ ਨੂੰ ਓਮਾਨ ਨਾਲ ਉਸ ਦੀ ਹੀ ਧਰਤੀ ਉੱਤੇ ਭਿੜੇਗਾ। ਇਸ ਦੌਰਾਨ ਜੋ ਕੰਮ ਭਾਰਤ ਦੀ ਸੀਨੀਅਰ ਟੀਮ ਨਹੀਂ ਸੀ ਕਰ ਸਕੀ, ਉਹ ਭਾਰਤ ਦੀ ਜੂਨੀਅਰ ਟੀਮ ਨੇ ਕਰ ਵਿਖਾਇਆ। ਸੰਜੋਗ ਦੀ ਗੱਲ ਹੈ ਕਿ ਜੂਨੀਅਰ ਮਹਿਲਾ ਟੀਮ ਭਾਰਤ ਨੇ ਉਸੇ ਦਿਨ ਬੰਗਲਾਦੇਸ਼ ਨੂੰ ਪੈਨਲਟੀ ਸ਼ੂਟਆਊਟ ਵਿਚ 5-3 ਨਾਲ ਹਰਾ ਕੇ ਸੈਫ ਅੰਡਰ-15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਦੋਵੇਂ ਟੀਮਾਂ ਨਿਰਧਾਰਤ ਸਮੇਂ ਵਿਚ ਕੋਈ ਗੋਲ ਨਹੀਂ ਕਰ ਸਕੀਆਂ ਸਨ। ਭਾਰਤੀ ਟੀਮ ਨੇ ਹਮਲਵਾਰ ਰੁਖ਼ ਅਪਣਾਇਆ, ਜਦਕਿ ਬੰਗਲਾਦੇਸ਼ ਨੇ ਜਵਾਬੀ ਹਮਲੇ ਕੀਤੇ ਪਰ ਕੋਈ ਵੀ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੀ। ਪੈਨਲਟੀ ਸ਼ੂਟਆਊਟ ਵਿਚ ਭਾਰਤੀ ਗੋਲਕੀਪਰ ਆਦ੍ਰਿਜਾ ਸਰਖੇਲ ਨੇ ਬੰਗਲਾਦੇਸ਼ ਦਾ ਪਹਿਲਾ ਸ਼ਾਟ ਬਚਾ ਲਿਆ ਸੀ ਅਤੇ ਭਾਰਤੀ ਕਪਤਾਨ ਸ਼ਿਲਕੀ ਦੇਵੀ ਨੇ ਆਖਰੀ ਪੈਨਲਟੀ ਉੱਤੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਇਹੋ ਜਿਹੀ ਖੇਡ ਦੀ ਲੋੜ ਭਾਰਤ ਦੀ ਮੌਜੂਦਾ ਕੌਮੀ ਸੀਨੀਅਰ ਟੀਮ ਨੂੰ ਵਿਖਾਉਣ ਦੀ ਲੋੜ ਹੈ।
ਮੌਜੂਦਾ ਸਮੇਂ ਫ਼ੀਫ਼ਾ ਵਿਸ਼ਵ ਦਰਜਾਬੰਦੀ ਵਿਚ ਭਾਰਤ 104ਵੇਂ ਸਥਾਨ ਉੱਤੇ ਹੈ ਅਤੇ ਇਹ ਵੀ ਏਡੇ ਵੱਡੇ ਦੇਸ਼ ਵਾਸਤੇ ਕੋਈ ਬਾਹਲੀ ਵਧੀਆ ਦਰਜਾਬੰਦੀ ਨਹੀਂ ਹੈ ਅਤੇ ਭਾਰਤ ਦੇ ਸੰਘਰਸ਼ ਕਰ ਰਹੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ। ਹੁਣ ਤੱਕ ਫ਼ੀਫ਼ਾ ਵਿਸ਼ਵ ਕੱਪ ਨਾ ਖੇਡ ਸਕਣ ਦੇ ਖੱਪੇ ਨੂੰ ਦੇਸ਼ ਦਾ ਘਰੇਲੂ ਫੁੱਟਬਾਲ ਢਾਂਚਾ ਕਾਫੀ ਹੱਦ ਤੱਕ ਭਰ ਸਕਦਾ ਸੀ ਪਰ ਦੇਸ਼ ਦੀ ਵੱਡੀ ਲੀਗ ਯਾਨੀ ਭਾਰਤ ਦੀ ਆਪਣੀ ਪੇਸ਼ੇਵਰ ਫੁੱਟਬਾਲ ਲੀਗ 'ਇੰਡੀਅਨ ਸੁਪਰ ਲੀਗ' ਮਹਿਜ਼ ਇਕ ਪੇਸ਼ੇਵਰ ਲੀਗ ਅਤੇ ਟੀਮਾਂ ਦੇ ਮਾਲਕਾਂ ਭਾਵ ਫਰੈਂਚਾਇਜ਼ੀ ਲਈ ਫਾਇਦੇ ਦਾ ਸੌਦਾ ਸਾਬਤ ਹੋਣ ਤੋਂ ਅੱਗੇ ਕੌਮੀ ਟੀਮ ਲਈ ਜ਼ਿਆਦਾ ਯੋਗਦਾਨ ਨਹੀਂ ਪਾ ਸਕੀ। ਪੰਜਾਬ ਨਾਲ ਸਬੰਧਤ ਕਿਸੇ ਵੀ ਟੀਮ ਨੂੰ ਇਸ ਵੱਡੀ ਲੀਗ ਵਿਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੇ ਕਿਸੇ ਸ਼ਹਿਰ ਦੀ ਟੀਮ ਬਣਾਈ ਗਈ। ਜੇਕਰ ਅਜਿਹਾ ਹੁੰਦਾ ਤਾਂ ਸਾਡੇ ਪੰਜਾਬ ਦੇ ਪੁੰਗਰਦੇ ਖਿਡਾਰੀਆਂ ਨੂੰ ਵੀ ਬਹੁਤ ਫਾਇਦਾ ਹੋਣਾ ਸੀ। ਇਸੇ ਤਰ੍ਹਾਂ ਦੇਸ਼ ਦੀ ਪ੍ਰਮੁੱਖ ਘਰੇਲੂ ਲੀਗ ਆਈ-ਲੀਗ ਨੂੰ ਵੀ ਮੂਹਰੇ ਕੀਤੇ ਜਾਣ ਦੀ ਸਖ਼ਤ ਲੋੜ ਹੈ ਅਤੇ ਫੁੱਟਬਾਲ ਕੇਂਦਰਾਂ ਦੇ ਕੋਚਾਂ ਨੂੰ ਵੀ ਖੇਡ ਦੀ ਤਾਜ਼ਾ ਜਾਣਕਾਰੀ ਹੋਵੇ, ਤਾਂ ਜਾ ਕੇ ਕਿਤੇ ਭਾਰਤ ਦਾ ਕੌਮਾਂਤਰੀ ਫੁੱਟਬਾਲ ਵਿਚ ਮੁੜ ਨਾਂਅ ਬਣ ਸਕੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਇਸ ਵਾਰ ਟੋਕੀਓ 'ਚ ਤਗਮੇ ਦੀ ਮਜ਼ਬੂਤ ਦਾਅਵੇਦਾਰੀ : ਅਮਿਤ ਪੰਘਲ

ਨਾਪੀ ਤੋਲੀ ਮੁਸਕਾਨ, ਹਵਾ ਵਿਚ ਪੰਚ ਅਤੇ ਫਿਰ ਪਰੰਪਰਾਗਤ ਸਲੂਟ। ਮੁਕਾਬਲਾ ਜਿੱਤਣ ਤੋਂ ਬਾਅਦ ਅਮਿਤ ਪੰਘਲ ਦਾ ਜਸ਼ਨ ਮਨਾਉਣ ਦਾ ਇਹ ਸਿਗਨੇਚਰ ਸਟਾਈਲ ਹੈ। ਅਕਟਰਿਨਬਰਗ ਵਿਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਇਹ ਸਟਾਈਲ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ 51 ਕਿੱਲੋ ਭਾਰ ਵਰਗ ਵਿਚ ਅਮਿਤ ਉਜ਼ਬੇਕਿਸਤਾਨ ਦੇ ਸ਼ਾਖੋਬਿਦੀਨ ਜ਼ਿਰੋਵ ਤੋਂ ਹਾਰ ਗਿਆ ਅਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ। ਪਰ ਇਸ ਦੇ ਬਾਵਜੂਦ ਅਮਿਤ ਦਾ ਗਜ਼ਬ ਦਾ ਹੌਸਲਾ ਦਿਖਾਈ ਦਿੱਤਾ, ਜਿਸ 'ਤੇ ਹਰ ਕਿਸੇ ਦਾ ਧਿਆਨ ਗਿਆ।
23 ਸਾਲਾ ਅਮਿਤ ਦੇ ਇਸੇ ਹੌਸਲੇ ਤੇ ਮਾਨਸਿਕ ਸੰਤੁਲਨ ਨੇ ਉਸ ਨੂੰ ਇਤਿਹਾਸ ਬਣਾਉਣ ਵਿਚ ਸਹਿਯੋਗ ਕੀਤਾ। ਉਹ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਮੁੱਕੇਬਾਜ਼ ਹਨ। ਆਪਣੇ ਇਸ ਪ੍ਰਦਰਸ਼ਨ ਤੋਂ ਉਨ੍ਹਾਂ ਨੇ ਨਾ ਸਿਰਫ ਟੋਕੀਓ ਉਲੰਪਿਕ 2020 ਲਈ ਕੁਆਲੀਫਾਈ ਕਰ ਲਿਆ ਹੈ ਬਲਕਿ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਉਲੰਪਿਕ ਤਗਮਾ ਜਿੱਤਣ ਦੀ ਜ਼ਬਰਦਸਤ ਤਾਕਤ ਰੱਖਦੇ ਹਨ। ਭਾਰਤ ਦੀ ਚੋਣ ਕਮੇਟੀ (ਮੁੱਕੇਬਾਜ਼ੀ) ਦੇ ਮੈਂਬਰ ਵੀ. ਦੇਵਰਾਜਨ ਦਾ ਕਹਿਣਾ ਹੈ ਕਿ 'ਮੈਂ ਅਮਿਤ ਨੂੰ ਕਦੀ ਵੀ ਬਹੁਤ ਆਕ੍ਰਾਮਕ ਜਾਂ ਅਤਿ ਆਲਸੀ ਹੁੰਦੇ ਹੋਏ ਨਹੀਂ ਦੇਖਿਆ। ਮੁਕਾਬਲਾ ਜਿੱਤਣ ਤੋਂ ਬਾਅਦ ਵੀ ਉਹ ਕਦੀ ਅਤਿ ਉਤਸ਼ਾਹਿਤ ਨਹੀਂ ਹੁੰਦਾ ਹੈ। ਬਾਕਸਿੰਗ ਇਕ ਇਸ ਤਰ੍ਹਾਂ ਦੀ ਖੇਡ ਹੈ ਜਿਸ ਵਿਚ ਇਕ ਪੰਚ ਵਿਚ ਕਹਾਣੀ ਬਦਲ ਜਾਂਦੀ ਹੈ, ਇਸ ਲਈ ਆਪਣੇ ਮਨ 'ਤੇ ਕਾਬੂ ਰੱਖਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਅਮਿਤ ਦਾ ਆਪਣੇ ਉੱਪਰ ਗਜ਼ਬ ਦਾ ਕੰਟਰੋਲ ਹੈ। ਉਸ ਦੀ ਸ਼ਾਲੀਨਤਾ ਤੇ ਚੰਗੀ ਖੇਡ ਉਸ ਨੂੰ ਬਹੁਤ ਦੂਰ ਤੱਕ ਲੈ ਜਾਵੇਗੀ। ਉਸ ਤੋਂ ਟੋਕੀਓ ਉਲੰਪਿਕ ਵਿਚ ਤਗਮੇ ਦੀ ਉਮੀਦ ਕੀਤੀ ਜਾ ਸਕਦੀ ਹੈ। ਬਸ, ਸਾਨੂੰ ਉਸ 'ਤੇ ਦਬਾਅ ਨਹੀਂ ਪਾਉਣਾ ਚਾਹੀਦਾ।'
ਅਮਿਤ ਦੀ ਸਫ਼ਲਤਾ ਦਾ ਸਫ਼ਰ ਗੁਹਾਟੀ ਦੇ ਕਰਮਬੀਰ ਨਵੀਨ ਚੰਦਰਾ ਬੋਰਦੋਲੋਈ ਇੰਡੋਰ ਸਟੇਡੀਅਮ ਤੋਂ ਸ਼ੁਰੂ ਹੋਇਆ ਸੀ। ਇਹ 2016 ਦੀ ਗੱਲ ਹੈ, ਅਮਿਤ ਨੇ ਪਹਿਲੀ ਵਾਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਸੀ, ਇੰਡੀਆ ਓਪਨ ਦੇ ਫਾਈਨਲ ਵਿਚ ਸਚਿਨ ਸਿਵਾਚ ਨੂੰ ਹਰਾ ਕੇ। 5 ਫੁੱਟ 9 ਇੰਚ ਦਾ ਯੂਥ ਵਰਲਡ ਚੈਂਪੀਅਨ ਸਿਵਾਚ 52 ਕਿੱਲੋ ਭਾਰ ਵਰਗ ਵਿਚ ਸਭ ਤੋਂ ਲੰਮਾ ਮੁੱਕੇਬਾਜ਼ਾਂ ਵਿਚੋਂ ਇਕ ਹੈ। 49 ਕਿੱਲੋ ਭਾਰ ਵਰਗ ਉਲੰਪਿਕ ਮੁਕਾਬਲਾ ਨਹੀਂ ਹੈ, ਇਸ ਲਈ ਅਮਿਤ ਨੇ ਉਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ 2016 ਦੇ ਸ਼ੁਰੂ ਵਿਚ ਆਪਣੀ ਕੈਟੇਗਰੀ ਬਦਲ ਕੇ 52 ਕਿੱਲੋ ਭਾਰ ਵਰਗ ਕੀਤੀ ਸੀ। ਅਮਿਤ 5 ਫੁੱਟ 2 ਇੰਚ ਦਾ ਹੈ, ਇਸ ਲਈ ਸਿਵਾਚ ਦੇ ਸੀਨੇ ਤੱਕ ਹੀ ਆਉਂਦਾ ਹੈ। ਇਸ ਦੇ ਬਾਵਜੂਦ ਅਮਿਤ ਨੇ ਲੰਮੇ ਸਿਵਾਚ ਦੇ ਹਮਲੇ ਤੋਂ ਆਪਣੇ-ਆਪ ਨੂੰ ਬਚਾਇਆ ਅਤੇ ਸਿਵਾਚ ਦੇ ਸਿਰ 'ਤੇ ਅਨੇਕ ਪੰਚ ਮਾਰੇ।
ਅਮਿਤ ਤੋਂ ਦੋ ਵਾਰ ਹਾਰਨ ਵਾਲੇ ਸਿਵਾਚ ਦਾ ਕਹਿਣਾ ਹੈ, 'ਲੰਮੇ ਮੁੱਕੇਬਾਜ਼ ਦੇ ਵਿਰੁੱਧ ਅਮਿਤ ਜਵਾਬੀ ਹਮਲੇ 'ਤੇ ਵਿਸ਼ਵਾਸ ਰੱਖਦਾ ਹੈ। ਉਹ ਆਪਣੇ ਨੂੰ ਬਚਾਉਂਦਾ ਹੈ ਅਤੇ ਤੁਰੰਤ ਅੰਦਰ ਵੜਦੇ ਹੋਏ ਆਪਣੇ ਪੰਚ ਖੋਲ੍ਹ ਦਿੰਦਾ ਹੈ ਅਤੇ ਉਸ ਦੇ ਪੰਚ ਹਮੇਸ਼ਾ ਟੀਚੇ 'ਤੇ ਹੁੰਦੇ ਹਨ।'
52 ਕਿੱਲੋ ਭਾਰ ਵਰਗ ਵਿਚ ਆਉਣ ਤੋਂ ਪਹਿਲਾਂ ਅਮਿਤ 49 ਕਿੱਲੋ ਭਾਰ ਵਰਗ ਵਿਚ ਕਮਾਲ ਕਰਿਆ ਕਰਦਾ ਸੀ। ਉਸ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਤਗਮਾ ਜਿੱਤਿਆ ਸੀ ਅਤੇ ਏਸ਼ੀਅਨ ਖੇਡਾਂ ਵਿਚ ਉਜ਼ਬੇਕਿਸਤਾਨ ਦੇ ਉਲੰਪਿਕ ਚੈਂਪੀਅਨ ਹਸਨਬਾਏ ਦੁਸਮਤੋਵ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ।
ਅਮਿਤ ਦੱਸਦੇ ਹਨ, 'ਪਹਿਲਾਂ ਮੇਰੇ ਕੋਲ ਇਕ ਪੰਚ ਸੀ, ਹੁਣ ਮੈਂ 204 ਪੰਚ ਜੋੜ ਲਏ ਹਨ। ਮੈਂ ਪਹਿਲਾਂ ਸਿਰਫ਼ ਕਾਊਂਟਰ ਖੇਡਦਾ ਸੀ, ਪਰ ਹੁਣ ਮੈਂ ਹਮਲਾਵਰ ਹਾਂ ਅਤੇ ਬੈਕਸਟੈੱਪ 'ਤੇ ਵੀ ਖੇਡ ਸਕਦਾ ਹਾਂ।' ਅਮਿਤ ਨੂੰ ਆਪਣੇ ਦੇਸ਼ ਲਈ ਤਗਮਾ ਜਿੱਤਣ ਦਾ ਸ਼ੌਕ ਹੈ। ਉਹ ਜਾਣਦਾ ਹੈ ਕਿ ਫਾਈਨਲ ਵਿਚ ਉਸ ਦੀ ਕੀ ਕਮੀ ਰਹੀ, ਜਿਸ ਨੂੰ ਦੂਰ ਕਰਕੇ ਉਸ ਨੇ ਟੋਕੀਓ ਵਿਚ ਸੋਨ ਪ੍ਰਦਰਸ਼ਨ ਦੇਣ ਦਾ ਸਖ਼ਤ ਇਰਾਦਾ ਬਣਾਇਆ ਹੋਇਆ ਹੈ ਅਤੇ ਹਰ ਭਾਰਤੀ ਦੀ ਵੀ ਇਹੀ ਇੱਛਾ ਹੈ ਕਿ ਉਹ ਉਲੰਪਿਕ 'ਚ ਤਗਮਾ ਲੈ ਕੇ ਆਏ।

ਦੁਨੀਆ ਦੀ ਸਰਬੋਤਮ ਮੁੱਕੇਬਾਜ਼

ਮੈਰੀਕਾਮ ਨਹੀਂ ਕਿਸੇ ਨੇ ਬਣ ਜਾਣਾ

ਪਿਛਲੇ ਦਿਨੀਂ ਜਦੋਂ ਵਿਸ਼ਵ ਦੀ ਸਰਬੋਤਮ ਮੁੱਕੇਬਾਜ਼ ਮੈਰੀਕਾਮ ਨੇ ਰੂਸ 'ਚ ਸੰਪੰਨ ਹੋਈ ਮਹਿਲਾ ਵਿਸ਼ਵ ਚੈਂਪੀਅਨਸ਼ਿਪ 'ਚ ਆਪਣਾ ਅੱਠਵਾਂ ਤਗਮਾ ਜਿੱਤਿਆ ਤਾਂ ਉਹ ਭਾਰਤੀ ਖੇਡ ਇਤਿਹਾਸ ਦਾ ਸੁਨਹਿਰੀ ਦਿਨ ਸੀ। ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਜੇਤੂ ਮੌਕਿਆਂ 'ਤੇ ਤਿਰੰਗੇ 'ਚ ਲਿਪਟੀ ਮੈਰੀਕਾਮ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਭਾਰਤੀ ਖੇਡਾਂ 'ਚ ਮਹਿਲਾਵਾਂ ਦੇ ਪਰਚਮ ਦੀ ਹਕੀਕਤ ਖੁਦ ਬਿਆਨ ਕਰਦੇ ਹਨ। 36 ਵਰ੍ਹਿਆਂ ਦੀ 3 ਬੱਚਿਆਂ ਦੀ ਮਾਂ ਰਾਜ ਸਭਾ ਮੈਂਬਰ ਮੈਰੀਕਾਮ ਦੇ ਜੀਵਨ ਅਤੇ ਸੰਘਰਸ਼ ਦੀ ਜੇਤੂ ਗਾਥਾ ਸਿਰਫ ਕਿਸੇ ਫਿਲਮ ਦੀ ਕਹਾਣੀ ਨਹੀਂ, ਸਗੋਂ ਇਕ ਅਜਿਹੀ ਦਾਸਤਾਨ ਹੈ ਜੋ ਘਰ-ਘਰ 'ਚ ਲੋਕਾਂ ਦੀ ਜ਼ਬਾਨ 'ਤੇ ਹੈ। ਸੁਪਰ ਮੌਮ ਮੈਰੀਕਾਮ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਭਾਵੇਂ ਯੂਰਪੀ ਚੈਂਪੀਅਨ ਤੁਰਕੀ ਦੀ ਬੁਸੇਨਾਜ ਕੋਕਿਰੋਗਲੂ ਤੋਂ ਹਾਰ ਕੇ ਕਾਂਸੀ ਤਗਮਾ ਹੀ ਜਿੱਤ ਸਕੀ ਪਰ ਆਪਣੇ ਜਿੱਤੇ ਇਸ ਅੱਠਵੇਂ ਤਗਮੇ ਨਾਲ ਮੈਰੀਕਾਮ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ। ਉਹ ਹੁਣ ਵਿਸ਼ਵ ਮੁੱਕੇਬਾਜ਼ੀ ਦੇ ਇਤਿਹਾਸ ਵਿਚ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਵਿਚ 8 ਤਗਮੇ ਜਿੱਤਣ ਵਾਲੀ ਪਹਿਲੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਹੈ। ਇਸ ਤੋਂ ਪਹਿਲਾਂ ਕਿਊਬਾ ਦੇ ਫੈਲਿਕਸ ਸਾਵੋਨ ਨੇ ਸਭ ਤੋਂ ਜ਼ਿਆਦਾ 7 ਤਗਮੇ (6 ਸੋਨੇ ਅਤੇ ਇਕ ਚਾਂਦੀ, 1986-1999 'ਚ) ਜਿੱਤੇ ਸਨ। ਆਇਰਲੈਂਡ ਦੀ ਮਹਿਲਾ ਮੁੱਕੇਬਾਜ਼ ਕੇਟੀ ਟੇਲਰ ਨੇ 6 ਤਗਮੇ (5 ਸੋਨ, 1 ਕਾਂਸੀ) ਜਿੱਤੇ ਹਨ।
ਮੈਰੀਕਾਮ ਭਾਰਤੀ ਮੁੱਕੇਬਾਜ਼ੀ ਦੀ ਉਹ ਸੁਨਹਿਰੀ ਕਵਿਤਾ ਹੈ, ਜਿਸ ਨੇ ਮਹਿਲਾ ਬਾਕਸਿੰਗ ਨੂੰ ਅੱਗੇ ਵਧਾਇਆ। ਖੇਡ ਰਤਨ, ਅਰਜਨ ਐਵਾਰਡ, ਪਦਮਸ੍ਰੀ, ਪਦਮ ਭੂਸ਼ਣ ਨਾਲ ਨਿਵਾਜੀ ਜਾ ਚੁੱਕੀ ਮਨੀਪੁਰ ਦੀ ਬੇਟੀ ਮੈਰੀਕਾਮ ਇਕ ਗਰੀਬ ਪਰਿਵਾਰ 'ਚੋਂ ਨਿਕਲ ਕੇ ਅੱਜ ਮੁੱਕੇਬਾਜ਼ੀ 'ਚ ਵਿਸ਼ਵ ਦੀ ਸਰਬੋਤਮ ਖਿਡਾਰਨ ਦਾ ਦਰਜਾ ਹਾਸਲ ਕਰ ਚੁੱਕੀ ਹੈ। ਮੁੱਕੇਬਾਜ਼ੀ ਦੀ ਪਟਰਾਣੀ ਬਣੀ ਮੈਰੀਕਾਮ ਦਾ 51 ਕਿਲੋਗ੍ਰਾਮ ਵਰਗ 'ਚ ਇਹ ਪਹਿਲਾ ਤਗਮਾ ਹੈ।
ਮੈਰੀਕਾਮ ਦੀਆਂ ਪ੍ਰਾਪਤੀਆਂ ਦੀ ਲੰਬੀ ਲੜੀ 'ਚ ਉਸ ਨੇ ਸੰਨ 2012 ਦੀਆਂ ਲੰਡਨ ਉਲੰਪਿਕ ਖੇਡਾਂ 'ਚ ਕਾਂਸੀ ਤਗਮਾ ਜਿੱਤਿਆ ਸੀ। 2014 ਇਚਿਊਨ ਏਸ਼ੀਅਨ ਖੇਡਾਂ 'ਚ ਸੋਨੇ ਦਾ ਤਗਮਾ, ਜਦਕਿ 2010 ਗਵਾਂਗਜੂ ਏਸ਼ੀਆਡ 'ਚ ਕਾਂਸੀ ਤਗਮਾ ਜਿੱਤਿਆ ਸੀ। ਏਸ਼ੀਅਨ ਚੈਂਪੀਅਨਸ਼ਿਪ 'ਚ ਮੁੱਕੇਬਾਜ਼ੀ ਦੀ ਸਨਸਨੀ ਮੈਰੀਕਾਮ ਨੇ 5 ਸੋਨੇ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2018 ਦੀਆਂ ਗੋਲਡ ਕਾਸਟ ਰਾਸ਼ਟਰ ਮੰਡਲ ਖੇਡਾਂ 'ਚ ਸੋਨਾ ਲੁੱਟਿਆ। ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਮੈਰੀਕਾਮ ਦੇ ਮੁੱਕਿਆਂ ਦਾ ਅਜਿਹਾ ਜਾਦੂ ਚੱਲਿਆ ਕਿ ਅੱਜ ਉਹ ਆਲਮੀ ਤਗਮਾ ਸੂਚੀ 'ਚ ਸਿਖਰ 'ਤੇ ਬਿਰਾਜਮਾਨ ਹੈ। ਵਿਸ਼ਵ ਚੈਂਪੀਅਨਸ਼ਿਪ 'ਚ ਮੈਰੀਕਾਮ ਨੇ 2001 'ਚ ਚਾਂਦੀ (ਸਕ੍ਰੇਟਨ) ਤਗਮਾ, ਸੰਨ 2002 (ਐਟਾਲਿਆ) 'ਚ ਸੋਨਾ, 2005 (ਪੋਡਾਲਸਕੀ) 'ਚ ਸੋਨ ਤਗਮਾ, ਸੰਨ 2006 (ਨਵੀਂ ਦਿੱਲੀ) ਸੋਨਾ, 2008 (ਨਿੰਗਬੋਸਿਟੀ) 'ਚ ਸੋਨ ਤਗਮਾ, ਸੰਨ 2010 (ਬ੍ਰਿਜਟਾਊਨ) 'ਚ ਸੋਨਾ ਅਤੇ 2018 'ਚ ਨਵੀਂ ਦਿੱਲੀ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਗਮਾ ਹਾਸਲ ਕੀਤਾ।
ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਨੇੜੇ ਇਕ ਗੁੰਮਨਾਮ ਪਿੰਡ ਖੰਗਥੇਈ ਦੀ ਰਹਿਣ ਵਾਲੀ ਪਿਤਾ ਮੰਗਤੇ ਟੋਪਨਾ ਤੇ ਮਾਤਾ ਏਖੋਮ ਕਾਮ ਦੀ ਲਾਡਲੀ ਬੇਟੀ ਨੂੰ ਗੁਰਬਤ ਨਾਲ ਜੂਝਦਿਆਂ ਦੋ ਛੋਟੀਆਂ ਭੈਣਾਂ ਦੀ ਦੇਖਭਾਲ, ਪਿਤਾ ਨਾਲ ਖੇਡਾਂ 'ਚ ਕੰਮ, ਮੱਛੀਆਂ ਫੜਨਾ, ਪੜ੍ਹਾਈ ਕਰਨ ਦੇ ਨਾਲ-ਨਾਲ ਇਹ ਜਨੂਨ ਹੀ ਸੀ ਕਿ ਇਕ ਕਿਸਾਨ ਦੀ ਪੇਂਡੂ ਧੀ, ਗੁੰਮਨਾਮ ਪੇਂਡੂ ਪਿਛੋਕੜ 'ਚੋਂ ਨਿਕਲ ਕੇ ਪੂਰੀ ਦੁਨੀਆ 'ਤੇ ਛਾ ਜਾਵੇ ਤੇ ਉਹ ਵੀ ਮੁੱਕੇਬਾਜ਼ੀ ਵਰਗੀ ਖੇਡ 'ਚ, ਜੇਕਰ ਇਹ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।
ਜ਼ਿੱਦੀ ਸੁਭਾਅ ਅਤੇ ਹਰ ਗੱਲ ਨੂੰ ਬੇਬਾਕੀ ਨਾਲ ਕਹਿਣ ਵਾਲੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਮਨੀਪੁਰ ਦੇ ਹੀ ਡਿਕੋ ਸਿੰਘ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀ ਹੈ। ਸੰਨ 2000 ਤੋਂ ਰਾਸ਼ਟਰੀ ਚੈਂਪੀਅਨ ਬਣਨ ਤੋਂ ਬਾਅਦ ਮੈਰੀਕਾਮ ਦਾ ਸ਼ੁਰੂ ਹੋਇਆ ਸਫਰ ਹੁਣ ਸੁਨਹਿਰੀ ਸੁਰਖੀਆਂ ਦੇ ਖੂਬਸੂਰਤ ਫਰੇਮ ਤੱਕ ਪਹੁੰਚ ਕੇ ਵੀ ਜਾਰੀ ਹੈ। ਮੈਰੀਕਾਮ ਦੇ ਕਰੀਅਰ ਨਾਲ ਜੁੜੀ ਇਕ ਭੇਦਭਰੀ ਅਤੇ ਖੂਬਸੂਰਤ ਗੱਲ ਇਹ ਵੀ ਰਹੀ ਕਿ ਮੁੱਕੇਬਾਜ਼ੀ 'ਚ ਇਸ ਮੁਕਾਮ 'ਤੇ ਪਹੁੰਚਣ ਵਾਲੀ ਮੈਰੀਕਾਮ ਦੇ ਪਿਤਾ ਨੂੰ ਉਸ ਸਮੇਂ ਹੀ ਪਤਾ ਲੱਗਾ ਕਿ ਉਸ ਦੀ ਬੇਟੀ ਵੱਡੀ ਖਿਡਾਰਨ ਹੈ, ਜਦੋਂ ਉਸ ਨੇ ਆਪਣੀ ਬੇਟੀ ਦੀ ਤਸਵੀਰ ਅਖ਼ਬਾਰ 'ਚ ਛਪੀ ਦੇਖੀ।
ਮਰਹੂਮ ਮੁਹੰਮਦ ਅਲੀ ਨੂੰ ਉਹ ਆਪਣਾ ਆਦਰਸ਼ ਮੰਨਦੀ ਹੈ। 1 ਮਾਰਚ, 1983 ਨੂੰ ਜਨਮੀ ਮਹਾਨ ਮੁੱਕੇਬਾਜ਼ ਮੈਰੀਕਾਮ ਮਨੀਪੁਰ ਪੁਲਿਸ ਵਿਚ ਉੱਚ ਅਹੁਦੇ 'ਤੇ ਬਿਰਾਜਮਾਨ ਹੈ। ਉਸ ਦਾ ਅਗਲਾ ਨਿਸ਼ਾਨਾ ਟੋਕੀਓ ਉਲੰਪਿਕ 'ਚ ਤਗਮਾ ਜਿੱਤਣਾ ਹੈ। ...ਖੈਰ, ਮੈਰੀਕਾਮ ਦੀਆਂ ਪ੍ਰਾਪਤੀਆਂ ਦੀ ਸੁਨਹਿਰੀ ਇਬਾਰਤ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ, 'ਮੈਰੀਕਾਮ ਨਹੀਂ ਕਿਸੇ ਨੇ ਬਣ ਜਾਣਾ।'


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਪੰਜਾਬ ਦਾ ਮਾਣ ਭਾਰਤੀ ਹਾਕੀ ਦਾ ਕਪਤਾਨ ਮਨਪ੍ਰੀਤ ਸਿੰਘ

ਟੋਕੀਓ ਉਲੰਪਿਕ ਹਾਕੀ ਖੇਡਣ ਲਈ ਕੁਆਲੀਫਾਇੰਗ ਮੈਚਾਂ ਤਹਿਤ ਓਡੀਸ਼ਾ ਦੀ ਰਾਜਧਾਨੀ ਭੁਬਨੇਸ਼ਵਰ ਵਿਖੇ 1 ਅਤੇ 2 ਨਵੰਬਰ ਨੂੰ ਭਾਰਤੀ ਹਾਕੀ ਟੀਮ ਰੂਸ ਦੀ ਟੀਮ ਵਿਰੁੱਧ ਬੈਕ-ਟੂ-ਬੈਕ ਮੈਚ ਖੇਡ ਰਹੀ ਹੈ, ਜਿਸ ਦੇ ਕਪਤਾਨ ਮਨਪ੍ਰੀਤ ਸਿੰਘ ਹਨ, ਜੋ ਪੰਜਾਬ ਦਾ ਮਾਣ ਹੈ, ਜਿਸ ਕਪਤਾਨ ਖਿਡਾਰੀ 'ਤੇ ਪੰਜਾਬੀਆਂ ਨੂੰ ਫਖ਼ਰ ਹੈ, ਅੱਜ ਉਸ ਬਾਰੇ ਗੱਲ ਕਰੀਏ।
ਮਨਪ੍ਰੀਤ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਨਾਲ ਸਬੰਧਤ ਹਾਕੀ ਖਿਡਾਰੀ ਹੈ। ਤੁਹਾਨੂੰ ਚੇਤੇ ਹੋਵੇਗਾ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਵੀ ਇਸੇ ਪਿੰਡ ਦੇ ਹਨ। ਖੇਤੀਬਾੜੀ ਕਰਦੇ ਪਰਿਵਾਰ ਦੇ ਬਜ਼ੁਰਗ ਸ: ਸਰੂਪ ਸਿੰਘ ਨੂੰ ਹਾਕੀ ਦਾ ਬਹੁਤ ਸ਼ੌਕ ਸੀ ਅਤੇ ਮਨ ਦੀ ਮਨਸ਼ਾ ਸੀ ਕਿ ਉਨ੍ਹਾਂ ਦਾ ਪੋਤਰਾ ਮਨਪ੍ਰੀਤ ਸਿੰਘ ਇਕ ਦਿਨ ਪ੍ਰਗਟ ਸਿੰਘ ਵਾਂਗ ਦੁਨੀਆ ਦਾ ਬਹੁਚਰਚਿਤ ਖਿਡਾਰੀ ਬਣੇ। ਮਨਪ੍ਰੀਤ ਦੇ ਪਿਤਾ ਬਲਜੀਤ ਨੇ ਬਜ਼ੁਰਗਾਂ ਦੀ ਮਨਸ਼ਾ ਨੂੰ ਪੂਰੀ ਕਰਨ ਲਈ ਮਨਪ੍ਰੀਤ ਨੂੰ ਹਾਕੀ ਲਈ ਪ੍ਰੇਰਿਤ ਕੀਤਾ। ਗੁਰੂ ਨਾਨਕ ਪਬਲਿਕ ਸਕੂਲ ਮਿੱਠਾਪੁਰ 'ਚ ਪੜ੍ਹਦਿਆਂ ਹੀ ਮਨਪ੍ਰੀਤ ਨੂੰ ਹਾਕੀ ਦੀ ਲਗਨ ਲੱਗ ਗਈ। ਸੁਰਜੀਤ ਸਿੰਘ ਮਿੱਠਾਪੁਰ ਮਨਪ੍ਰੀਤ ਦੇ ਮੁਢਲੇ ਕੋਚ ਬਣੇ। ਪਿੰਡ ਮਿੱਠਾਪੁਰ ਦੇ ਦਰੋਗਾ ਪਰਿਵਾਰ ਨਾਲ ਸਬੰਧਤ ਅਤੇ ਦਰੋਗਾ ਮੁਹੱਲੇ 'ਚ ਵਸਦੇ ਮਨਪ੍ਰੀਤ ਨੇ ਛੇਤੀ ਹੀ ਸੁਰਜੀਤ ਹਾਕੀ ਅਕੈਡਮੀ ਜਲੰਧਰ 'ਚ ਦਾਖਲਾ ਪਾਉਣ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਮਨਪ੍ਰੀਤ ਦੱਸਦਾ ਹੈ ਕਿ ਨੌਨਿਹਾਲ ਹਾਕੀ ਖਿਡਾਰੀ ਲਈ ਸੁਰਜੀਤ ਹਾਕੀ ਅਕੈਡਮੀ 'ਚ ਦਾਖਲਾ ਲੈਣਾ ਹੀ ਕੌਮੀ ਹਾਕੀ ਟੀਮ 'ਚ ਸ਼ਮੂਲੀਅਤ ਵਾਂਗ ਹੁੰਦਾ ਹੈ। ਮਨਪ੍ਰੀਤ ਦੀ ਮਾਂ ਮਨਜੀਤ ਕੌਰ ਦੀ ਮਨਸ਼ਾ ਸੀ ਕਿ ਮਨਪ੍ਰੀਤ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੇ। ਇਸ ਲਈ 2005 'ਚ ਮਨਪ੍ਰੀਤ ਸੁਰਜੀਤ ਹਾਕੀ ਅਕੈਡਮੀ 'ਚ ਦਾਖਲਾ ਲੈਣ ਵਿਚ ਕਾਮਯਾਬ ਹੋ ਗਿਆ, ਆਪਣੀ ਮਿਹਨਤ ਅਤੇ ਲਗਨ ਨਾਲ।
ਵਿਸ਼ਵ ਕੱਪ ਹਾਕੀ ਅਤੇ ਉਲੰਪਿਕ ਹਾਕੀ ਟੀਮ 'ਚ ਮਨਪ੍ਰੀਤ ਦੀ ਚੋਣ ਉਸ ਨੂੰ ਆਪਣੇ ਖੇਡ ਕੈਰੀਅਰ ਦੀ ਵੱਡੀ ਪ੍ਰਾਪਤੀ ਲੱਗੀ। ਸੋ, ਲੰਡਨ ਉਲੰਪਿਕ ਹਾਕੀ, ਵਿਸ਼ਵ ਕੱਪ ਹਾਕੀ 2014 ਅਤੇ ਰੀਓ ਉਲੰਪਿਕ ਹਾਕੀ (2016), ਚੈਂਪੀਅਨ ਟਰਾਫੀ ਹਾਕੀ, ਸਾਰੇ ਅਹਿਮ ਟੂਰਨਾਮੈਂਟਾਂ 'ਚ ਆਪਣੀ ਖੇਡ ਕਲਾ ਦੀ ਬਦੌਲਤ ਅਤੇ ਇਕ ਅਨੁਸ਼ਾਸਨਬੱਧ ਖਿਡਾਰੀ ਹੋਣ ਸਦਕਾ ਲਗਾਤਾਰ ਕੌਮੀ ਟੀਮ 'ਚ ਹਾਜ਼ਰੀ ਬਣਾਉਣ ਵਾਲਾ ਮਨਪ੍ਰੀਤ ਸਿੰਘ ਇਕ ਮਿਡਫੀਲਡਰ ਦੇ ਤੌਰ 'ਤੇ ਖੇਡਣ ਦਾ ਭਾਵੇਂ ਵੱਡਾ ਤਜਰਬਾ ਰੱਖਦਾ ਹੈ ਪਰ ਕਪਤਾਨੀ ਅਤੇ ਇਕ ਸਫ਼ਲ ਕਪਤਾਨੀ ਬਹੁਤ ਸਾਰੇ ਲੀਡਰਸ਼ਿਪ ਦੇ ਹੋਰ ਗੁਣਾਂ ਦੀ ਵੀ ਮੰਗ ਕਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਤਜਰਬੇਕਾਰ ਕਪਤਾਨ ਘਰੇਲੂ ਮੈਦਾਨ 'ਚ ਮੈਚਾਂ ਦੇ ਕਿਸੇ ਵੀ ਪਲ ਦੇਸ਼ ਵਾਸੀਆਂ ਨੂੰ ਨਿਰਾਸ਼ ਨਹੀਂ ਹੋਣ ਦੇਵੇਗਾ ਅਤੇ ਟੋਕੀਓ ਉਲੰਪਿਕ ਹਾਕੀ ਖੇਡਣ ਦੀ ਟਿਕਟ ਉਸ ਦੀ ਟੀਮ ਜ਼ਰੂਰ ਹਾਸਲ ਕਰੇਗੀ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਹਾਦਸੇ ਵਿਚ ਇਕ ਪੈਰ ਗਵਾਉਣ ਤੋਂ ਬਾਅਦ ਵੀ ਨਹੀਂ ਰੁਕੇ ਅਕਸ਼ੇ ਭਾਰਦਵਾਜ ਦੇ ਕਦਮ

'ਮੱਤ ਪੂਛ ਐ ਅਸਮਾਨ ਕਿ ਉਡਾਨ ਕਿਤਨੀ ਬਾਕੀ ਹੈ, ਏਕ ਪੈਰ ਗਿਆ ਤੋ ਕਿਆ ਹੁਆ ਅਬੀ ਦੂਸਰੇ ਮੇ ਜਾਨ ਬਾਕੀ ਹੈ।' ਅਕਸ਼ੇ ਭਾਰਦਵਾਜ ਦਾ ਹਾਦਸੇ ਵਿਚ ਇਕ ਪੈਰ ਚਲਾ ਗਿਆ ਪਰ ਉਸ ਦੇ ਬੁਲੰਦ ਹੌਸਲੇ ਦੇ ਨਾਲ ਉਸ ਦੇ ਕਦਮ ਰੁਕੇ ਨਹੀਂ, ਸਗੋਂ ਉਹ ਦੌੜ ਕੇ ਸ਼ਾਂਤੀ ਦਾ ਹੀ ਨਹੀਂ, ਸਗੋਂ ਸਵਸਥ ਭਾਰਤ ਦਾ ਸੰਦੇਸ਼ ਦਿੰਦਾ ਹੈ ਅਤੇ ਉਹ ਦੂਸਰਿਆਂ ਲਈ ਇਕ ਵੱਡੀ ਮਿਸਾਲ ਹੈ। ਅਕਸ਼ੇ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਬਿਜਨੌਰ ਵਿਖੇ ਪਿਤਾ ਸਤੀਸ਼ ਕੁਮਾਰ ਦੇ ਘਰ ਮਾਤਾ ਸਵੀਤਾ ਸ਼ਰਮਾ ਦੀ ਕੁੱਖੋਂ 6 ਅਕਤੂਬਰ, 1993 ਨੂੰ ਹੋਇਆ ਅਤੇ ਅਕਸ਼ੇ ਇਕ ਜਾਂਬਾਜ਼ ਖਿਡਾਰੀ ਸੀ ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇਕ ਸੜਕ ਹਾਦਸੇ ਵਿਚ ਉਸ ਦਾ ਸੱਜਾ ਪੈਰ ਕੱਟਿਆ ਗਿਆ। ਹੋਏ ਇਸ ਹਾਦਸੇ ਨਾਲ ਅਕਸ਼ੇ ਦੀ ਜ਼ਿੰਦਗੀ ਇਕਦਮ ਬਦਲ ਗਈ, ਕਿਉਂਕਿ ਪਿਤਾ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਅਕਸ਼ੇ ਹੀ ਘਰ ਦਾ ਸਹਾਰਾ ਸੀ। ਪਰਿਵਾਰ ਵਿਚ ਸੋਗੀ ਲਹਿਰ ਦੌੜ ਗਈ ਅਤੇ ਘਰ ਦਾ ਵਿਕਾਸ ਵੀ ਰੁਕ ਗਿਆ। ਪਰ ਅਕਸ਼ੇ ਨੇ ਸਬਰ ਦਾ ਘੁੱਟ ਭਰ ਜੀਵਨ ਦੀ ਇਸ ਹੋਣੀ ਨੂੰ ਸਵੀਕਾਰ ਕਰ ਲਿਆ।
ਅਕਸ਼ੇ ਦੇ ਵੱਡੇ ਭਰਾ ਮੁਨੀਸ਼ ਭਾਰਦਵਾਜ ਨੇ ਹੌਸਲਾ ਦੇਣ ਦੇ ਨਾਲ-ਨਾਲ ਜੈਪੁਰ ਤੋਂ ਅਕਸ਼ੇ ਦੇ ਨਕਲੀ ਪੈਰ ਲਗਵਾ ਦਿੱਤਾ, ਜਿਸ ਨਾਲ ਅਕਸ਼ੇ ਚੱਲ ਤਾਂ ਸਕਦਾ ਸੀ ਪਰ ਅਪਾਹਜ ਹੋ ਜਾਣ ਦੇ ਬਾਵਜੂਦ ਵੀ ਉਹ ਜ਼ਿੰਦਗੀ ਵਿਚ ਜੋ ਕੁਝ ਕਰਨਾ ਚਾਹੁੰਦਾ ਸੀ, ਉਸ ਲਈ ਉਹ ਪੈਰ ਠੀਕ ਨਹੀਂ ਸੀ ਅਤੇ ਛੇਤੀ ਹੀ ਉਸ ਦੇ ਭਰਾ ਨੇ ਜਰਮਨੀ ਦੀ ਕੰਪਨੀ ਦਾ ਬਣਿਆ ਨਕਲੀ ਪੈਰ ਅਕਸ਼ੇ ਦੇ ਲਗਵਾ ਦਿੱਤਾ ਅਤੇ ਅਕਸ਼ੇ ਨੇ ਉਸ ਪੈਰ ਦੇ ਸਹਾਰੇ ਖੇਡ ਦੇ ਮੈਦਾਨ ਵਿਚ ਪੈਰ ਧਰਿਆ। ਉਸ ਦੀ ਦੋਸਤੀ ਪੈਰਾ ਖਿਡਾਰੀ ਅਨਿਲ ਦਲਾਲ, ਸਾਕਸੀ ਰਾਜਪੂਤ, ਸੁਮਿਤ ਚੌਧਰੀ ਅਤੇ ਨਵਾਬ ਖਾਨ ਵਰਗੇ ਪੈਰਾ ਖਿਡਾਰੀਆਂ ਨਾਲ ਹੋਈ ਅਤੇ ਉਨ੍ਹਾਂ ਨੇ ਅਕਸ਼ੇ ਨੂੰ ਹੋਰ ਉਤਸ਼ਾਹਤ ਕੀਤਾ ਅਤੇ ਅਕਸ਼ੇ ਨੇ ਆਪਣੇ ਇਰਾਦੇ ਨੂੰ ਪੂਰਾ ਮਜ਼ਬੂਤ ਬਣਾ ਲਿਆ। ਅਕਸ਼ੇ ਭਾਰਦਵਾਜ ਨੇ ਹੁਣ ਤੱਕ 7 ਵੱਡੀਆਂ ਮੈਰਾਥਨ ਦੌੜਾਂ ਦੌੜ ਕੇ ਇਕ ਰਿਕਾਰਡ ਹੀ ਨਹੀਂ ਬਣਾਇਆ, ਸਗੋਂ ਉਹ ਮਾਨਵਤਾ, ਸ਼ਾਂਤੀ ਅਤੇ ਸਵੱਸਥ ਭਾਰਤ ਦਾ ਜੋ ਸੰਦੇਸ਼ ਦੇ ਰਿਹਾ ਹੈ, ਉਸ ਦੀ ਮੌਜੂਦਾ ਦੌਰ ਵਿਚ ਅਤੀ ਲੋੜ ਹੈ ਅਤੇ ਅਕਸ਼ੇ ਦੀ ਸੋਚ ਅਤੇ ਜਜ਼ਬੇ ਨੂੰ ਦਿਲੋਂ ਸਲਾਮ ਹੈ।


-ਮੋਬਾ: 98551-14484

ਕਬੱਡੀ ਵਾਲਿਆਂ ਦੀ ਖਿੱਚੋਤਾਣ ਦੇ ਨਿਕਲਣ ਲੱਗੇ ਨਤੀਜੇ

ਪੰਜਾਬੀਆਂ ਦੇ ਖੂਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦਾ ਜਿੰਨਾ ਘੇਰਾ ਵਿਸ਼ਾਲ ਹੋਇਆ ਹੈ, ਓਨੇ ਹੀ ਇਸ ਦੇ ਕੁਝ ਸੰਚਾਲਕਾਂ ਦੀ ਅੰਦਰੂਨੀ ਖਿੱਚੋਤਾਣ ਦੇ ਕਿੱਸੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਵਰ੍ਹੇ ਪੰਜਾਬ ਦੀ ਧਰਤੀ 'ਤੇ ਸਰਗਰਮ ਦੋ ਫੈਡਰੇਸ਼ਨਾਂ ਵਲੋਂ ਕਰਵਾਏ ਗਏ ਡੋਪ ਟੈਸਟਾਂ ਕਾਰਨ ਪੈਦਾ ਹੋਏ ਵੱਖ-ਵੱਖ ਵਿਵਾਦਾਂ ਦੇ ਨਤੀਜੇ ਸਾਹਮਣੇ ਆਏ ਹਨ। ਨਿਵੇਕਲੀ ਗੱਲ ਇਹ ਹੈ ਕਿ ਕਬੱਡੀ ਵਾਲਿਆਂ ਦੀ ਖਿੱਚੋਤਾਣ 'ਚੋਂ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਨਤੀਜਿਆਂ 'ਚੋਂ ਉਪਜੀਆਂ ਕੁਝ ਸਾਰਥਿਕ ਸਰਗਮੀਆਂ ਸ਼ਲਾਘਾਯੋਗ ਹਨ ਅਤੇ ਇਹ ਕਬੱਡੀ ਵਾਲਿਆਂ ਨੂੰ ਬਹੁਤ ਪਹਿਲਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸਨ।
ਕਬੱਡੀ ਵਾਲਿਆਂ ਦੀ ਖਿੱਚੋਤਾਣ ਦੀ ਬਦੌਲਤ ਕੌਮਾਂਤਰੀ ਮੰਚ 'ਤੇ ਪਹਿਲੀ ਵੱਡੀ ਸਰਗਰਮੀ ਦੇਖਣ ਨੂੰ ਮਿਲੀ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਸਰਗਰਮ ਬਹੁਤ ਸਾਰੀਆਂ ਕਬੱਡੀ ਫੈਡਰੇਸ਼ਨਾਂ ਡੋਪਿੰਗ ਖਿਲਾਫ ਇਕਮੱਤ ਹੁੰਦੀਆਂ ਨਜ਼ਰ ਆਈਆਂ ਹਨ। ਉੱਘੇ ਕਬੱਡੀ ਸੰਚਾਲਕ ਸਰਬ ਥਿਆੜਾ ਨੇ ਦੱਸਿਆ ਕਿ ਅਮਰੀਕਾ 'ਚ ਹੋਈ ਇਕ ਬੈਠਕ 'ਚ ਵੱਖ-ਵੱਖ ਦੇਸ਼ਾਂ 'ਚ ਸਥਾਪਤ ਕਬੱਡੀ ਜਥੇਬੰਦੀਆਂ ਦੇ ਨੁਮਾਇੰਦੇ ਭਾਵੇਂ ਇਕ ਕੌਮਾਂਤਰੀ ਫੈਡਰੇਸ਼ਨ ਬਣਾਉਣ ਲਈ ਤਾਂ ਅਜੇ ਇਕਮੱਤ ਨਹੀਂ ਹੋਏ ਪਰ ਉਨ੍ਹਾਂ ਡੋਪਿੰਗ ਖਿਲਾਫ ਇਕਜੁੱਟ ਹੋ ਕੇ ਮੁਹਿੰਮ ਚਲਾਉਣ ਲਈ ਜ਼ਰੂਰ ਸਹਿਮਤੀ ਬਣਾ ਲਈ, ਜੋ ਬਹੁਤ ਸਵਾਗਤਯੋਗ ਕਦਮ ਹੈ।
ਇਸ ਲੀਗ ਨੇ ਕਬੱਡੀ ਜਗਤ 'ਚ ਇਕ ਨਵਾਂ ਕੰਮ ਕੀਤਾ ਹੈ, ਉਹ ਹੈ ਸਪਾਂਸਰਸ਼ਿਪ ਹਾਸਲ ਕਰਨ ਦਾ। ਇਸ ਪਾਸੇ ਪਲੇਠਾ ਕਦਮ ਨਾਮਵਰ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਨੇ ਕੁਝ ਪ੍ਰਵਾਸੀ ਖੇਡ ਪ੍ਰਮੋਟਰਾਂ ਦੀ ਮਦਦ ਨਾਲ ਅੰਡਰ-21 ਵਰਗ ਦੀਆਂ ਚਾਰ ਟੀਮਾਂ ਬਣਾ ਕੇ ਚੁੱਕਿਆ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਚਾਰ ਟੀਮਾਂ ਦੇ ਮੁਕਾਬਲੇ ਕਰਵਾਉਣ ਦੀ ਇਸ ਵਾਰ ਗਰਮੀਆਂ 'ਚ ਸ਼ੁਰੂਆਤ ਕੀਤੀ। ਇਨ੍ਹਾਂ ਟੀਮਾਂ 'ਚ ਸ਼ਾਮਿਲ ਸਾਰੇ ਖਿਡਾਰੀਆਂ ਨੂੰ ਡੋਪ ਰਹਿਤ ਕਬੱਡੀ ਖੇਡਣ ਲਈ ਮਾਨਸਿਕ ਤੌਰ 'ਤੇ ਤਕੜਾ ਕੀਤਾ ਗਿਆ ਅਤੇ ਇਨ੍ਹਾਂ ਦੇ ਡੋਪ ਟੈਸਟ ਕਰਨ ਦਾ ਸਿਲਸਿਲਾ ਇਸੇ ਸੀਜ਼ਨ ਤੋਂ ਸ਼ੁਰੂ ਕੀਤਾ ਜਾਣਾ ਹੈ।
ਦੱਸਣਯੋਗ ਹੈ ਕਿ ਭਾਰਤੀ ਕਬੱਡੀ ਸੰਚਾਲਕਾਂ ਵਲੋਂ ਵੱਖ-ਵੱਖ ਕੋਚਾਂ ਦੁਆਰਾ ਤਿਆਰ ਕੀਤੇ ਖਿਡਾਰੀਆਂ ਨੂੰ ਲੈ ਕੇ ਕਲੱਬਾਂ/ਅਕੈਡਮੀਆਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਸਨ ਪਰ ਜੂਨੀਅਰ ਵਰਗ ਦੀ ਕਬੱਡੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਅਜਿਹਾ ਕਰਨ ਨਾਲ ਕੋਚਾਂ 'ਚ ਵੀ ਨਿਰਾਸ਼ਾ ਪਾਈ ਜਾਂਦੀ ਸੀ, ਕਿਉਂਕਿ ਵੱਡੇ-ਵੱਡੇ ਕਲੱਬਾਂ ਵਾਲੇ ਉਨ੍ਹਾਂ ਦੇ ਤਿਆਰ ਕੀਤੇ ਖਿਡਾਰੀ ਲੈ ਜਾਂਦੇ ਸਨ ਅਤੇ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ। ਕਬੱਡੀ ਜਥੇਬੰਦੀਆਂ ਵਲੋਂ ਜੂਨੀਅਰ ਟੀਮਾਂ ਤਿਆਰ ਕਰਨ ਨਾਲ ਕਬੱਡੀ ਦੀ ਪਨੀਰੀ ਤਿਆਰ ਕਰਨ ਵਾਲੇ ਕੋਚਾਂ ਨੂੰ ਵੀ ਉਤਸ਼ਾਹ ਤੇ ਸਤਿਕਾਰ ਮਿਲੇਗਾ। ਦੱਸਣਯੋਗ ਹੈ ਕਿ ਚਾਲੂ ਸਾਲ ਦੇ ਮੱਧ 'ਚ ਜਿਸ ਤਰ੍ਹਾਂ ਵਿਦੇਸ਼ਾਂ 'ਚ ਕਾਫੀ ਵੱਡੇ ਬਜਟ ਵਾਲੇ ਕਬੱਡੀ ਮੁਕਾਬਲੇ ਰੱਦ ਹੋਏ ਸਨ, ਉਨ੍ਹਾਂ ਤੋਂ ਕਬੱਡੀ ਪ੍ਰੇਮੀਆਂ 'ਚ ਨਿਰਾਸ਼ਾ ਪਾਈ ਗਈ ਸੀ। ਪਰ ਕਬੱਡੀ ਵਾਲਿਆਂ ਦੀ ਡੋਪਿੰਗ ਨੂੰ ਲੈ ਕੇ ਹੋਈ ਖਿੱਚੋਤਾਣ 'ਚੋਂ ਪਹਿਲੀ ਵਾਰ ਕੁਝ ਸਾਰਥਕ ਸਰਗਰਮੀਆਂ ਤੇ ਨਤੀਜੇ ਸਾਹਮਣੇ ਆਏ ਹਨ ਭਾਵ ਕਬੱਡੀ ਵਾਲਿਆਂ ਦੇ ਆਪਣੇ ਵਿਰੋਧ 'ਚੋਂ ਵਿਕਾਸ ਦੀਆਂ ਨਵੀਆਂ ਉਮੀਦਾਂ ਪੈਦਾ ਹੋਈਆਂ ਹਨ, ਜਿਨ੍ਹਾਂ ਨੂੰ 'ਜੀ ਆਇਆਂ' ਕਹਿਣਾ ਬਣਦਾ ਹੈ।


-ਪਟਿਆਲਾ।
ਮੋਬਾ: 97795-90575

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX