ਤਾਜਾ ਖ਼ਬਰਾਂ


ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  0 minutes ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  15 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  29 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  46 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  57 minutes ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਮਸਤੂਆਣਾ ਸਾਹਿਬ (ਬਹਾਦਰਪੁਰ)

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਸਬੰਧੀ ਵੱਖ-ਵੱਖ ਸਿੱਖ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਦਾ ਮੱਤ ਅਤੇ ਰਾਇ ਵੱਖੋ-ਵੱਖਰੀ ਰਹੀ ਹੈ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਸਤੂਆਣਾ ਸਾਹਿਬ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ, ਜਿਸ ਦੀ ਸੇਵਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਲੋਂ ਬਾਅਦ ਵਿਚ ਕਰਵਾਈ ਗਈ ਸੀ, ਸੁਸ਼ੋਭਿਤ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਪਿੰਡ ਬਹਾਦਰਪੁਰ ਵਿਖੇ ਆਏ ਸਨ, ਜਿੱਥੇ ਸ਼ਾਨਦਾਰ ਗੁਰੂ-ਘਰ ਦੀ ਇਮਾਰਤ ਸੁਸ਼ੋਭਿਤ ਹੈ। ਮਸਤੂਆਣਾ ਸਾਹਿਬ ਸੰਗਰੂਰ-ਬਰਨਾਲਾ ਮੁੱਖ ਮਾਰਗ ਤੋਂ 7 ਕੁ ਕਿਲੋਮੀਟਰ ਦੀ ਦੂਰੀ ਉੱਤੇ ਬਡਰੁੱਖਾਂ ਅਤੇ ਬਹਾਦਰਪੁਰ ਪਿੰਡਾਂ ਦੀ ਹਦੂਦ ਨਾਲ ਜੁੜਿਆ ਹੋਇਆ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ (ਸਰਵੇ) ਸ: ਕਪੂਰ ਸਿੰਘ ਘੁੰਮਣ ਦੀ ਪੁਸਤਕ 'ਬਡਰੁੱਖਾਂ ਸਰਵੇ' ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਿੱਥੇ ਹੁਣ ਮਸਤੂਆਣਾ ਹੈ, ਇਹ ਪਹਿਲਾਂ ਜਨੇਰ ਦਾ ਥੇਹ ਸੀ, ਜਿੱਥੋਂ ਦਾ ਭੂਮੀਆ ਚੋਰ ਇਲਾਕੇ ਭਰ ਵਿਚ ਮਸ਼ਹੂਰ ਸੀ। ਭੂਮੀਆ ਫਿਰੋਜ਼ਪੁਰ ਜ਼ਿਲ੍ਹੇ ਦਾ ਸੀ ਪਰ ਉਹ ਇਸ ਬੀੜ ਵਿਚ ਰਹਿੰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਜਦ ਇਸ ਅਸਥਾਨ 'ਤੇ ਚਰਨ ਪਾਏ ਤਾਂ ਭੂਮੀਏ ਨੇ ਉਨ੍ਹਾਂ ਨੂੰ ਪ੍ਰਸ਼ਾਦਾ ਛਕਣ ਲਈ ਕਿਹਾ। ਗੁਰੂ ਸਾਹਿਬ ਨੇ ਭੂਮੀਏ ਨੂੰ ਕਿਹਾ ਕਿ ਚਾਰ ਬਚਨ ਸਾਡੇ ਮੰਨ, ਤਦ ਪ੍ਰਸ਼ਾਦਾ ਛਕਾਂਗੇ। ਗਰੀਬ ਮਾਰ ਨਹੀਂ ਕਰਨੀ, ਲੂਣ ਹਰਾਮ ਨਹੀਂ ਕਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ ਅਤੇ ਸੱਚ ਬੋਲਣਾ। ਭੂਮੀਏ ਨੇ ਬਚਨ ਮੰਨਣ ਦਾ ਇਕਰਾਰ ਕੀਤਾ।
ਮਸਤੂਆਣਾ ਤੋਂ 2 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਬਹਾਦਰਪੁਰ ਪਿੰਡ ਦੇ ਨੰਬਰਦਾਰ ਅਤੇ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਮੈਂਬਰ ਨੰਬਰਦਾਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਸੰਗਰੂਰ-ਬਰਨਾਲਾ ਮੁੱਖ ਮਾਰਗ ਉੱਤੇ ਸਥਿਤ ਪਿੰਡ ਬਹਾਦਰਪੁਰ ਵਿਖੇ ਗੁਰੂ ਨਾਨਕ ਦੇਵ ਜੀ 1499 ਤੋਂ 1506 ਈ: ਵਾਲੀ ਪਹਿਲੀ ਉਦਾਸੀ ਦੌਰਾਨ ਆਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਦਿੱਲੀ ਤੋਂ ਬਾਂਗਰ ਵਿਚੋਂ ਦੀ ਜਾਂਦਿਆਂ ਗੁਰੂ ਸਾਹਿਬ ਸੁਨਾਮ, ਬਹਾਦਰਪੁਰ, ਮਸਤੂਆਣਾ ਝਿੜਾ, ਅਕੋਈ ਸਾਹਿਬ, ਨਾਨਕਿਆਣਾ (ਮੰਗਵਾਲ) ਹੁੰਦਿਆਂ ਇੱਥੇ ਪਧਾਰੇ ਸਨ। ਬਾਅਦ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਗੁਰ ਸਾਗਰ ਮਸਤੂਆਣਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਸਾਰਿਆ ਗਿਆ ਗੁਰਦੁਆਰਾ ਸਾਹਿਬ ਹੈ, ਤੋਂ ਇਲਾਵਾ ਵਿੱਦਿਅਕ ਕੇਂਦਰਾਂ ਦਾ ਵੀ ਮੁੱਢ ਬੰਨ੍ਹਿਆ।
ਮੌਜੂਦਾ ਸਮੇਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਸੰਤ ਅਤਰ ਸਿੰਘ ਗੁਰ ਸਾਗਰ ਮਸਤੂਆਣਾ ਟਰੱਸਟ ਦੇ ਮੌਜੂਦਾ ਪ੍ਰਧਾਨ ਪੰਥ ਦੀ ਸਿਰਮੌਰ ਸ਼ਖ਼ਸੀਅਤ ਸ: ਸੁਖਦੇਵ ਸਿੰਘ ਢੀਂਡਸਾ ਹਨ ਅਤੇ ਸਕੱਤਰ ਵਜੋਂ ਇੰਜੀਨੀਅਰ ਜਸਵੰਤ ਸਿੰਘ ਖਹਿਰਾ ਸੇਵਾਵਾਂ ਨਿਭਾਅ ਰਹੇ ਹਨ। ਸ: ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਧਰਮ ਦੇ ਪ੍ਰਚਾਰ ਲਈ ਗੁਰਮਤਿ ਕਾਲਜ ਤੋਂ ਇਲਾਵਾ ਅਕਾਲ ਡਿਗਰੀ ਕਾਲਜ, ਫਾਰਮੇਸੀ ਕਾਲਜ, ਸਰੀਰਕ ਸਿੱਖਿਆ ਕਾਲਜ, ਗੁਰਮਤਿ ਕੋਰਸ ਅਕਾਲ ਅਕੈਡਮੀ, ਐਮ.ਐਡ./ਬੀ.ਐੱਡ. ਤੋਂ ਇਲਾਵਾ ਐਮ.ਏ. ਅੰਗਰੇਜ਼ੀ, ਸਮਾਜ ਵਿਗਿਆਨ, ਇਤਿਹਾਸ, ਐਮ.ਐਸ.ਸੀ. (ਮੈਥ, ਕੈਮਿਸਟਰੀ), ਬੀ.ਐਸ.ਸੀ. ਐਗਰੀਕਲਚਰ ਅਤੇ ਗਤਕਾ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਸ: ਖਹਿਰਾ ਨੇ ਦੱਸਿਆ ਕਿ ਉਪਰੋਕਤ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦਾ ਕੇਂਦਰ ਵੀ ਇਸ ਅਸਥਾਨ ਉੱਤੇ ਸਥਿਤ ਹੈ। ਮਸਤੂਆਣਾ ਸਾਹਿਬ ਦੀ ਹਦੂਦ ਨਾਲ ਲੱਗਦੇ ਇਸ ਇਲਾਕੇ ਦੇ ਵੱਡੇ ਪਿੰਡਾਂ ਵਿਚ ਸ਼ੁਮਾਰ ਬਡਰੁੱਖਾਂ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਯਤਨਸ਼ੀਲ ਹਨ ਕਿ ਗੁਰੂ ਸਾਹਿਬ ਦੇ ਆਗਮਨ ਦਿਵਸ ਉੱਤੇ ਇਸ ਪੂਰੇ ਇਲਾਕੇ ਦੀ ਨੁਹਾਰ ਬਦਲੀ ਜਾਵੇ, ਤਾਂ ਜੋ ਇਸ ਦੀ ਪਹਿਚਾਣ ਆਪਣੇ-ਆਪ ਵਿਚ ਇਕ ਮਿਸਾਲ ਹੋਵੇ।


-ਅਮਨਦੀਪ ਸਿੰਘ ਬਿੱਟਾ,
ਮੋਬਾ: 98140-21672
ਸਤਨਾਮ ਸਿੰਘ ਦਮਦਮੀ
ਮੋਬਾ: 97814-37111


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਸਥਾਈ ਕੇਂਦਰਾਂ ਦੀ ਲੋੜ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰੀਆਂ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਆਪਣੇ ਵੱਖਰੇ ਪ੍ਰੋਗਰਾਮ ਤਿਆਰ ਕਰ ਰਹੀਆਂ ਹਨ। ਸਰਕਾਰਾਂ ਨੇ ਭਾਵੇਂ ਅਜੇ ਤੱਕ ਆਪਣੇ ਪ੍ਰੋਗਰਾਮ ਜੱਗ ਜ਼ਾਹਰ ਨਹੀਂ ਕੀਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਨ੍ਹਾਂ ਪ੍ਰੋਗਰਾਮਾਂ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਅੰਦਰ ਥਾਂ-ਪੁਰ-ਥਾਂ ਗੁਰਮਤਿ ਸਮਾਗਮ ਅਤੇ ਸੈਮੀਨਾਰ ਕੀਤੇ ਜਾ ਰਹੇ ਹਨ। ਗੁਰਮਤਿ ਸਮਾਗਮਾਂ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਦੂਜੇ ਅਧਿਕਾਰੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼ਮੂਲੀਅਤ ਕਰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਕੀਰਤਨੀ ਜਥੇ ਤੇ ਕਥਾਵਾਚਕ ਭੇਜੇ ਜਾਂਦੇ ਹਨ। ਦੀਵਾਨ ਸਜਾਏ ਜਾਂਦੇ ਹਨ ਤੇ ਕਥਾ-ਕੀਰਤਨ ਹੁੰਦਾ ਹੈ।
ਸੈਮੀਨਾਰਾਂ ਵਿਚ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਿਲਾਸਫ਼ੀ ਬਾਰੇ ਲੈਕਚਰ ਦੇਣ ਲਈ ਵਿਦਵਾਨਾਂ ਨੂੰ ਸੱਦਿਆ ਜਾਂਦਾ ਹੈ। ਇਨ੍ਹਾਂ ਵਿਚ ਵੱਖ-ਵੱਖ ਧਰਮਾਂ ਤੇ ਜਾਤਾਂ ਨਾਲ ਸਬੰਧਤ ਲੈਕਚਰਾਰ ਹੁੰਦੇ ਹਨ। ਇਹ ਸਮਝ ਲਿਆ ਜਾਂਦਾ ਹੈ ਕਿ ਸੈਮੀਨਾਰ 'ਚ ਸ਼ਾਮਿਲ ਹੋਣ ਵਾਲੇ ਲੈਕਚਰਾਰ ਗੁਰੂ ਨਾਨਕ ਦੇ ਫਲਸਫ਼ੇ ਦੀ ਪੂਰਨ ਜਾਣਕਾਰੀ ਰੱਖਦੇ ਹਨ, ਜਿਸ ਲਈ ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਕੁਝ ਕਹਿਣ ਦੀ ਲੋੜ ਨਹੀਂ। ਕੋਲਕਾਤਾ 'ਚ ਪਿਛਲੇ ਦਿਨੀਂ ਇਕ ਅਜਿਹਾ ਹੀ ਸੈਮੀਨਾਰ ਹੋਇਆ। ਉੱਘੇ ਵਿਦਵਾਨਾਂ ਨੇ ਉਸ ਵਿਚ ਹਿੱਸਾ ਲਿਆ। ਸਵੇਰ ਦੇ ਸੈਸ਼ਨ 'ਚ ਸਿੱਖ ਵਿਦਵਾਨਾਂ ਨੇ ਖੋਜ ਭਰਪੂਰ ਲੈਕਚਰ ਦਿੱਤੇ। ਸਰੋਤਿਆਂ ਨੇ ਉਨ੍ਹਾਂ ਦਾ ਰਸ ਮਾਣਿਆ ਤੇ ਵਾਹ-ਵਾਹ ਕੀਤੀ ਪਰ ਦੁਪਹਿਰ ਦੇ ਸੈਸ਼ਨ 'ਚ ਬੋਲਣ ਵਾਲੇ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਅਨੁਸਾਰ ਨਹੀਂ ਬੋਲ ਸਕੇ। ਸਾਡਾ ਵਿਚਾਰ ਹੈ ਕਿ ਜਿਨ੍ਹਾਂ ਵਿਦਵਾਨਾਂ ਨੇ ਸੈਮੀਨਾਰ ਵਿਚ ਬੋਲਣਾ ਹੋਵੇ, ਉਨ੍ਹਾਂ ਨੂੰ ਪਹਿਲਾਂ ਸੈਮੀਨਾਰ ਦੇ ਵਿਸ਼ੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਤਾਂ ਜੋ ਅਜਿਹੇ ਸੈਮੀਨਾਰਾਂ ਦਾ ਪੱਧਰ ਬਣਿਆ ਰਹੇ ਤੇ ਸਰੋਤੇ ਲਾਭ ਉਠਾ ਸਕਣ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਵੱਖਵਾਦ ਤੋਂ ਪਰੇ ਹਟ ਕੇ ਏਕਤਾ ਉੱਤੇ ਜ਼ੋਰ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਧਾਰਮਿਕ ਸ਼ੋਸ਼ਣ, ਸਮਾਜਿਕ ਵਿਤਕਰੇ ਅਤੇ ਰਾਜਸੀ ਅੱਤਿਆਚਾਰ ਤੋਂ ਲੋਕਾਈ ਦੀ ਆਜ਼ਾਦੀ 'ਤੇ ਜ਼ੋਰ ਦਿੰਦੀ ਹੈ। ਵਰਤਮਾਨ ਦੌਰ 'ਚ ਸਾਰਾ ਸੰਸਾਰ ਹਿੰਸਾ ਦੇ ਗੇੜ ਤੋਂ ਪੀੜਤ ਹੈ। ਜਿਧਰ ਵੀ ਝਾਤੀ ਮਾਰੀ ਜਾਵੇ, ਓਧਰ ਹੀ ਲੋਕ ਹਿੰਸਾ ਤੋਂ ਪੀੜਤ ਹਨ। ਇਸ ਲਈ ਇਹ ਸਮਾਂ ਹੈ ਜਦ ਕਿ ਸੰਸਾਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਂਤੀ ਅਤੇ ਪ੍ਰੇਮ ਭਾਵ ਦੀ ਫ਼ਿਲਾਸਫ਼ੀ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ।
ਲੋਕਾਂ ਅੰਦਰ ਸਦਭਾਵ ਦਾ ਪ੍ਰਚਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ 'ਚ 48 ਹਜ਼ਾਰ ਮੀਲ ਦਾ ਸਫ਼ਰ ਕੀਤਾ ਹੈ। ਜਿੱਥੇ ਵੀ ਉਹ ਗਏ, ਉਨ੍ਹਾਂ ਨੇ ਕਿਸੇ ਦੂਜੇ ਧਰਮ ਦਾ ਵਿਰੋਧ ਨਹੀਂ ਕੀਤਾ, ਬਲਕਿ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਧਰਮ ਦੇ ਪੈਰੋਕਾਰ ਰਹਿ ਕੇ ਅਕਾਲ ਪੁਰਖ ਦੀ ਅਰਾਧਨਾ ਕਰਨ ਅਤੇ ਚੰਗੇ ਕੰਮ ਕਰਨ। ਉਨ੍ਹਾਂ ਨੇ ਲੋਕਾਂ ਅੰਦਰ ਸਦਭਾਵਨਾ ਅਤੇ ਸ਼ਾਂਤੀ ਤੇ ਪ੍ਰੇਮ ਭਾਵਨਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਪ੍ਰਵਿਰਤੀ ਅਜਿਹੀ ਸੀ, ਉਹ ਜਿੱਥੇ ਬੈਠ ਜਾਂਦੇ ਉਹ ਧਰਤੀ ਹਰਿਆਵਲੀ ਹੋ ਜਾਂਦੀ, ਭਾਗਾਂਵਾਲੀ ਬਣ ਜਾਂਦੀ। ਜਿਹੜੇ ਜੀਵ ਗੁਰੂ ਜੀ ਦੇ ਦਰਸ਼ਨ ਕਰਦੇ, ਉਹ ਉਮਾਹ 'ਚ ਆ ਜਾਂਦੇ। ਗੁਰਮਤਿ ਅਨੁਸਾਰ 'ਬਾਣੀ ਗੁਰੂ ਹੈ' ਤੇ 'ਗੁਰੂ ਬਾਣੀ ਹੈ'। ਪਰ ਇਸ ਦੇ ਪ੍ਰਤੱਖ ਦਰਸ਼ਨ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਚੱਲ ਕੇ ਹੀ ਕੀਤੇ ਜਾ ਸਕਦੇ ਹਨ।
ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰੂ ਜੀ ਦੀ ਫ਼ਿਲਾਸਫ਼ੀ ਦਾ ਪ੍ਰਚਾਰ ਕਰਨ ਲਈ ਸਿੱਖ ਕੌਮ ਲਈ ਇਕ ਬਹੁਤ ਵੱਡਾ ਅਵਸਰ ਹੈ। ਭਾਰਤ ਅਤੇ ਭਾਰਤ ਤੋਂ ਬਾਹਰ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ। 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਐਸੇ ਸਥਾਨਾਂ ਦਾ ਪਤਾ ਲਾਉਣ ਲਈ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਸੀ। ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਚਾਰ ਲਈ ਮੰਜੀਆਂ ਸਥਾਪਿਤ ਕੀਤੀਆਂ ਅਤੇ ਇਕ ਭਾਈ ਅਲਮਤ ਨੂੰ ਬੰਗਾਲ, ਬਿਹਾਰ ਅਤੇ ਓਡੀਸ਼ਾ 'ਚ ਸਥਾਪਿਤ ਮੰਜੀਆਂ ਦਾ ਮੁਖੀ ਨਿਯੁਕਤ ਕੀਤਾ ਅਤੇ ਢਾਕਾ ਨੂੰ ਪੂਰਬੀ ਭਾਰਤ 'ਚ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ। ਵਰਤਮਾਨ 'ਚ ਵੀ ਅਜਿਹੇ ਕੇਂਦਰ ਬਣਾਉਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਥਾਈ ਯਾਦਗਾਰਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਹਰ ਸੂਬੇ ਦੀ ਰਾਜਧਾਨੀ 'ਚ 'ਗੁਰੂ ਨਾਨਕ ਭਵਨ' ਸਥਾਪਿਤ ਹੋਵੇ, ਜਿਹੜਾ ਗੁਰੂ ਜੀ ਦੀ ਬਾਣੀ ਅਤੇ ਫ਼ਿਲਾਸਫ਼ੀ ਦੇ ਪ੍ਰਚਾਰ ਲਈ ਕੇਂਦਰ ਵਜੋਂ ਕੰਮ ਕਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਕੋਈ 20 ਲੱਖ ਲੋਕ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਨ ਲਈ ਪਟਨਾ ਸਾਹਿਬ ਪਹੁੰਚੇ ਸਨ। ਜਿੰਨੇ ਦਿਨ ਸਮਾਗਮ ਚੱਲਦੇ ਰਹੇ, ਲੋਕ ਗੁਰੂ ਜੱਸ ਮਾਣਦੇ ਰਹੇ। ਬਾਅਦ ਵਿਚ ਇਨ੍ਹਾਂ ਦੀ ਲੜੀ ਟੁੱਟ ਗਈ। ਕੋਲਕਾਤਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਬਹੁਤ ਵੱਡਾ ਸਮਾਗਮ ਹੋਇਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸ਼ਹਿਰ 'ਚ ਕਿਸੇ ਸੜਕ ਦਾ ਨਾਂਅ ਰੱਖਿਆ ਜਾਵੇ। ਸਰਕਾਰ ਨੇ ਸਿੱਖਾਂ ਦੀ ਮੰਗ ਮੰਨ ਕੇ ਸ਼ਹਿਰ ਦੇ ਕੇਂਦਰੀ ਹਿੱਸੇ 'ਚ 'ਮੇਓ ਰੋਡ' ਦਾ ਨਾਂਅ 'ਗੁਰੂ ਨਾਨਕ ਸਾਰਨੀ' ਕਰ ਦਿੱਤਾ। 50 ਸਾਲ ਬੀਤ ਚੁੱਕੇ ਹਨ ਪਰ ਲੋਕਾਂ ਦੀ ਜ਼ਬਾਨ 'ਤੇ 'ਗੁਰੂ ਨਾਨਕ ਸਾਰਨੀ' ਨਹੀਂ ਚੜ੍ਹਿਆ ਤੇ ਅੱਜ ਵੀ ਲੋਕ ਉਸ ਸੜਕ ਨੂੰ 'ਮੇਓ ਰੋਡ' ਹੀ ਕਹਿੰਦੇ ਹਨ। ਇਸ ਤਰ੍ਹਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕੋਲਕਾਤਾ ਵਰਗੇ ਸ਼ਹਿਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਗੁਰੂ ਨਾਨਕ ਭਵਨ ਬਣਾਉਣ ਲਈ ਰਾਜ ਸਰਕਾਰ ਤੋਂ ਮੰਗ ਕੀਤੀ ਜਾਵੇ। ਭਵਨ ਗੁਰੂ ਨਾਨਕ ਦੀ ਫ਼ਿਲਾਸਫ਼ੀ ਦੇ ਪ੍ਰਚਾਰ ਦਾ ਕੇਂਦਰ ਹੋਵੇ, ਜਿਸ ਵਿਚ ਸਿੱਖ ਲਾਇਬ੍ਰੇਰੀ, ਸਿੱਖ ਅਧਿਐਨ ਕੇਂਦਰ, ਸਰਾਂ ਹੋਵੇ। ਬੰਗਲਾਦੇਸ਼ 'ਚ ਸਥਿਤ ਇਤਿਹਾਸਕ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਲੋਕ ਕੋਲਕਾਤਾ ਰਾਹੀਂ ਬੰਗਲਾਦੇਸ਼ ਲਈ ਸਫ਼ਰ ਕਰਦੇ ਹਨ।
ਪੰਜਾਬ ਤੋਂ ਆਉਣ ਵਾਲੇ ਜਥੇ ਕੋਲਕਾਤਾ 'ਚ ਠਹਿਰਦੇ ਹਨ। ਐਸੇ ਯਾਤਰੀਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕੋਲਕਾਤਾ 'ਚ ਸਰਾਂ ਬਣਨੀ ਚਾਹੀਦੀ ਹੈ। ਇਸ ਨਾਲ ਗੁਰੂ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਦਦ ਮਿਲੇਗੀ। ਭਾਰਤ 'ਚ ਕਿਸੇ ਪਾਸੇ ਵੀ ਚਲੇ ਜਾਈਏ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਵਾਲੇ ਸਥਾਨ ਮਿਲਦੇ ਹਨ। ਪੂਰਬੀ ਭਾਰਤ 'ਚ ਯਾਤਰਾ 'ਤੇ ਆਉਣ ਵਾਲੇ ਲੋਕ ਕੋਲਕਾਤਾ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਓਡੀਸ਼ਾ 'ਚ ਪੁਰੀ ਦੀ ਯਾਤਰਾ ਦੇ ਨਾਲ-ਨਾਲ ਪਟਨਾ ਸਾਹਿਬ ਦੇ ਦਰਸ਼ਨ ਵੀ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗੁਰਮਤਿ ਸਮਾਗਮਾਂ ਅਤੇ ਸੈਮੀਨਾਰਾਂ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਥਾਈ ਕੇਂਦਰ ਬਣਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇ।


-ਮੋਬਾ: 98315-48113

ਗੁਰਮਤਿ ਸੰਗੀਤ ਦੇ ਛੇ ਅਨਮੋਲ ਹੀਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਸਤਾਦ ਮਹਿੰਗਾ ਸਿੰਘ : ਗੁਰਮਤਿ ਸੰਗੀਤ ਅਤੇ ਨੇਤਰਹੀਣ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਸਮਰਪਤ ਮਹਾਨ ਸ਼ਖ਼ਸੀਅਤ ਉਸਤਾਦ ਮਹਿੰਗਾ ਸਿੰਘ ਦਾ ਜਨਮ 1 ਅਕਤੂਬਰ, 1920 ਨੂੰ ਉੱਚੀ ਪੱਲੀ, ਜ਼ਿਲ੍ਹਾ ਨਵਾਂਸ਼ਹਿਰ ਵਿਚ ਹੋਇਆ। ਇਕ ਮੰਦਭਾਗੀ ਘਟਨਾ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਜਾਂਦੀ ਰਹੀ ਪਰ ਇਸ ਦੌਰਾਨ ਗਿਆਨ ਦਾ ਚਿਰਾਗ ਅੰਦਰ ਰੌਸ਼ਨ ਹੋ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਉਸਤਾਦ ਸ੍ਰੀ ਰਘੂਨਾਥ ਰਾਓ ਕੁਲਕਰਣੀ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਸੰਗੀਤ ਦੇ ਨਾਲ-ਨਾਲ ਉਨ੍ਹਾਂ ਨੂੰ ਦਸਤਕਾਰੀ ਦੇ ਅਨੇਕ ਕੰਮਾਂ ਵਿਚ ਵੀ ਮੁਹਾਰਤ ਹਾਸਲ ਸੀ। ਉਨ੍ਹਾਂ ਨੇ ਸੰਨ 1960 ਤੋਂ 1976 ਤੱਕ 16 ਸਾਲ ਨੇਤਰਹੀਣ ਬੱਚਿਆਂ ਨੂੰ ਤਬਲਾ, ਵਾਜਾ, ਬਰੇਲ ਲਿਪੀ ਅਤੇ ਦਸਤਕਾਰੀ ਦੀ ਸਿਖਲਾਈ ਦਿੱਤੀ। 4 ਸਾਲ ਤੱਕ ਉਨ੍ਹਾਂ ਨੇ ਅਕਾਲ ਗੁਰਮਤਿ ਸੰਗੀਤ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ। ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸੰਨ 1981 ਵਿਚ ਸੁਲਤਾਨਪੁਰ ਲੋਧੀ ਵਿਖੇ ਸਨਮਾਨਿਤ ਕੀਤਾ ਗਿਆ। 30 ਜੁਲਾਈ, 2010 ਨੂੰ ਇਹ ਮਹਾਨ ਕਲਾਕਾਰ ਦੁਨੀਆ ਤੋਂ ਹਮੇਸ਼ਾ ਲਈ ਕੂਚ ਕਰ ਗਿਆ।
ਪ੍ਰੋ: ਅਵਤਾਰ ਸਿੰਘ ਨਾਜ਼ : ਆਪ ਦਾ ਜਨਮ ਪਿਤਾ ਜੈਰਾਮ ਸਿੰਘ ਦੇ ਗ੍ਰਹਿ 24 ਜਨਵਰੀ, 1933 ਨੂੰ ਹੋਇਆ। ਉਨ੍ਹਾਂ ਨੇ ਮਾਸਟਰ ਮੋਹਨ ਲਾਲ ਸਿੰਧੀ, ਸੰਤ ਸੁਜਾਨ ਸਿੰਘ, ਉਸਤਾਦ ਸੰਤੋਖ ਸਿੰਘ, ਪੰਡਿਤ ਵੇਦ ਵਿਆਸ ਜੋਸ਼ੀ ਅਤੇ ਪ੍ਰੋ: ਬੀ.ਐਨ. ਦੱਤਾ ਕੋਲੋਂ ਸੰਗੀਤ ਦੀ ਸਿੱਖਿਆ ਲਈ। ਸੰਨ 1962 ਵਿਚ ਉਨ੍ਹਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਸੰਗੀਤ ਦੇ ਪ੍ਰੋਫੈਸਰ ਦੀ ਸੇਵਾ ਸੰਭਾਲੀ, ਜਿਹੜੀ ਸੰਨ 2002 ਤੱਕ ਨਿਰੰਤਰ ਜਾਰੀ ਰਹੀ। ਉਨ੍ਹਾਂ ਦੇ ਪ੍ਰਸਿੱਧ ਸ਼ਾਗਿਰਦਾਂ ਦੇ ਨਾਂਅ ਹਨ-ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ), ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਸੁਰਿੰਦਰ ਸਿੰਘ ਜੋਧਪੁਰੀ (ਸਾਬਕਾ ਹਜ਼ੂਰੀ ਰਾਗੀ), ਭਾਈ ਸਤਿੰਦਰਬੀਰ ਸਿੰਘ, ਭਾਈ ਬਲਦੇਵ ਸਿੰਘ (ਦੋਵੇਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ)। ਸਭ ਤੋਂ ਵੱਧ ਸ਼ਾਗਿਰਦਾਂ ਦੇ ਉਸਤਾਦ ਹੋਣ ਦਾ ਮਾਣ ਪ੍ਰੋ: ਅਵਤਾਰ ਸਿੰਘ ਨਾਜ਼ ਹੁਰਾਂ ਨੂੰ ਪ੍ਰਾਪਤ ਮੰਨਿਆ ਜਾਂਦਾ ਹੈ। ਸਿੱਖ ਪੰਥ ਦੀ ਝੋਲੀ ਨਾਮਵਰ ਕੀਰਤਨੀਏ ਪਾਉਣ ਬਦਲੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰੋ: ਨਾਜ਼ ਨੂੰ ਸਨਮਾਨਿਤ ਕੀਤਾ ਗਿਆ ਸੀ। ਗੁਰਮਤਿ ਸੰਗੀਤ ਦੀ ਮਹਾਨ ਅਤੇ ਵਡਮੁੱਲੀ ਦਾਤ ਵੰਡਦੇ ਹੋਏ ਨਾਜ਼ ਜੀ 29 ਨਵੰਬਰ, 2007 ਨੂੰ ਸਦੀਵੀ ਵਿਛੋੜਾ ਦੇ ਗਏ।
ਪ੍ਰਿੰਸੀਪਲ ਗੁਰਜੰਟ ਸਿੰਘ (ਨੈਸ਼ਨਲ ਐਵਾਰਡੀ) : ਪ੍ਰਿੰਸੀਪਲ ਗੁਰਜੰਟ ਸਿੰਘ ਐਮ.ਏ. ਦਾ ਜਨਮ 13 ਅਪ੍ਰੈਲ, 1949 ਨੂੰ ਪਿੰਡ ਖਿਉਵਾਲੀ, ਜ਼ਿਲ੍ਹਾ ਮੁਕਤਸਰ ਵਿਚ ਪਿਤਾ ਸ: ਨਿਰੰਜਨ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਮੁਢਲੀ ਤਾਲੀਮ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਹਗੜ੍ਹ ਅੰਧਵਿਦਿਆਲੇ ਤੋਂ ਹਾਸਲ ਕੀਤੀ। ਸੰਨ 1976 ਵਿਚ ਉਨ੍ਹਾਂ ਨੇ ਪੋਲੀਟਿਕਲ ਸਾਇੰਸ ਦੀ ਐਮ.ਏ. ਕੀਤੀ ਅਤੇ ਨਾਲ ਹੀ ਸੂਰਮਾ ਸਿੰਘ ਆਸ਼ਰਮ ਦੇ ਪ੍ਰਿੰਸੀਪਲ ਵਜੋਂ ਸੇਵਾ ਸੰਭਾਲੀ। ਇਸ ਸੇਵਾ ਦੌਰਾਨ ਉਨ੍ਹਾਂ ਇਕ ਪ੍ਰਚਾਰਕ ਦੇ ਤੌਰ 'ਤੇ ਕਥਾ, ਲੈਕਚਰ ਅਤੇ ਕੀਰਤਨ ਦੀ ਸੇਵਾ ਵੀ ਕੀਤੀ। ਵੱਖ-ਵੱਖ ਖੇਤਰਾਂ ਵਿਚ ਅਤੇ ਖਾਸਕਰ ਵਿੱਦਿਅਕ ਖੇਤਰ ਵਿਚ ਉਨ੍ਹਾਂ ਦੇ ਉੱਘੇ ਯੋਗਦਾਨ ਸਦਕਾ 25 ਮਾਰਚ, 1979 ਨੂੰ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਨੀਲਮ ਸੰਜੀਵਾ ਰੈਡੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਪਰ 5 ਸਾਲ ਬਾਅਦ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਉਨ੍ਹਾਂ ਇਹ ਸਨਮਾਨ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਨੇਤਰਹੀਣ ਲੜਕੀਆਂ ਦੀ ਸਾਂਭ-ਸੰਭਾਲ ਲਈ ਇਕ ਸੰਸਥਾ ਬਣਾਉਣ ਦੀ ਸੋਚਦਿਆਂ ਉਨ੍ਹਾਂ 26 ਮਾਰਚ, 1985 ਨੂੰ 'ਬੀਬੀ ਭਾਨੀ ਇਸਤਰੀ ਨੇਤਰਹੀਣ ਕਿਰਤ ਅਤੇ ਸਿਖਲਾਈ ਕੇਂਦਰ' ਦੀ ਨੀਂਹ ਰੱਖੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਜਥੇਦਾਰ ਪ੍ਰੇਮ ਸਿੰਘ ਲਾਲਪੁਰਾ ਹੱਥੋਂ ਕੌਮੀ ਐਵਾਰਡ ਦਿੱਤਾ ਗਿਆ। ਗੁਰੂ ਦੇ ਹੁਕਮ ਵਿਚ ਮਹਾਨ ਸੇਵਾਵਾਂ ਨਿਭਾਉਂਦੇ ਹੋਏ ਪ੍ਰਿੰਸੀਪਲ ਗੁਰਜੰਟ ਸਿੰਘ 8 ਅਪ੍ਰੈਲ, 2010 ਨੂੰ ਗੁਰਪੁਰੀ ਸਿਧਾਰ ਗਏ। ਉਨ੍ਹਾਂ ਦੇ ਉੱਘੇ ਸ਼ਾਗਿਰਦਾਂ ਵਿਚ ਭਾਈ ਗੁਰਮੇਜ ਸਿੰਘ, ਮਾਸਟਰ ਭੋਲਾ ਨਾਥ, ਭਾਈ ਅਮਰੀਕ ਸਿੰਘ, ਭਾਈ ਦਰਸ਼ਨ ਸਿੰਘ ਅਤੇ ਹੋਰ ਅਨੇਕਾਂ ਨਾਂਅ ਸ਼ਾਮਿਲ ਹਨ।
ਬਾਬਾ ਦਰਸ਼ਨ ਸਿੰਘ : ਬਾਬਾ ਦਰਸ਼ਨ ਸਿੰਘ ਦਾ ਜਨਮ ਪਹਿਲੀ ਮਾਰਚ, 1942 ਨੂੰ ਪਿੰਡ ਝੇਰਾਂ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਪਿਤਾ ਬਿਸ਼ਨ ਸਿੰਘ ਦੇ ਗ੍ਰਹਿ ਮਾਤਾ ਤ੍ਰਿਪਤ ਕੌਰ ਦੀ ਕੁੱਖੋਂ ਹੋਇਆ। ਸੰਗੀਤ ਦੀ ਮੁਢਲੀ ਸਿੱਖਿਆ ਉਨ੍ਹਾਂ ਨੇ ਸੂਰਮਾ ਸਿੰਘ ਆਸ਼ਰਮ ਤੋਂ ਪ੍ਰਾਪਤ ਕੀਤੀ। ਉਸਤਾਦ ਮਹਿੰਗਾ ਸਿੰਘ ਦੀ ਨਿਗਰਾਨੀ ਵਿਚ ਉਨ੍ਹਾਂ 'ਸੂਰਮਾ ਸਿੰਘ ਭੁਝੰਗੀ ਸਭਾ' ਬਣਾਈ, ਜਿਸ ਨੇ ਹਰ ਸਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਉੱਤੇ ਕੀਰਤਨ ਦਰਬਾਰ ਸ਼ੁਰੂ ਕੀਤੇ। ਉਹ ਲੰਮਾ ਸਮਾਂ ਭਾਰਤ ਨੇਤਰਹੀਣ ਸੇਵਕ ਸਭਾ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਤਰਹੀਣ ਸੰਗੀਤ ਵਿਦਿਆਲਾ ਵੀ ਸਥਾਪਤ ਕਰਵਾਇਆ। ਆਪਣੇ ਜੀਵਨ ਦਾ ਬਹੁਤਾ ਸਮਾਂ ਉਨ੍ਹਾਂ ਨੇਤਰਹੀਣਾਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਲਈ ਕੰਮ ਕਰਦਿਆਂ ਬਤੀਤ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਦੀ ਅਣਥੱਕ ਮਿਹਨਤ ਸਕਦਾ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠਲੇ ਪ੍ਰਬੰਧਾਂ ਵਾਲੇ ਵੱਖ-ਵੱਖ ਗੁਰਧਾਮਾਂ ਅਤੇ ਅਦਾਰਿਆਂ ਅਤੇ ਸਰਕਾਰੀ ਮਹਿਕਮਿਆਂ ਵਿਚ ਨੇਤਰਹੀਣਾਂ ਨੂੰ ਸੰਗੀਤ ਅਧਿਆਪਕਾਂ ਵਜੋਂ ਨੌਕਰੀਆਂ ਮਿਲੀਆਂ ਹੋਈਆਂ ਹਨ। ਇਹੋ ਜਿਹੇ ਹੋਰ ਅਨੇਕਾਂ ਪਰਉਪਕਾਰ ਕਰਦੇ ਹੋਏ ਬਾਬਾ ਦਰਸ਼ਨ ਸਿੰਘ 10 ਮਈ, 2012 ਨੂੰ ਸਦੀਵੀ ਵਿਛੋੜਾ ਦੇ ਗਏ।


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਕਿਸ਼ਨ ਸਿੰਘ ਗੜਗੱਜ

ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਹ ਪਰਵਾਨੇ ਆਜ਼ਾਦੀ ਦੀ ਲਾਟ 'ਤੇ ਨਿਛਾਵਰ ਹੋ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਬੱਬਰ ਅਕਾਲੀ ਲਹਿਰ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਇਸ ਲਹਿਰ ਦੇ ਮੋਢੀ ਕਿਸ਼ਨ ਸਿੰਘ ਦਾ ਜਨਮ ਪਿੰਡ ਬੜਿੰਗ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਇਹ ਕੱਦਾਵਰ, ਬਲਵਾਨ, ਨਿਡਰ ਨੌਜਵਾਨ ਫੌਜ ਵਿਚ ਭਰਤੀ ਹੋ ਗਿਆ। ਜਦੋਂ 1919 ਦੀ ਖੂਨੀ ਵਿਸਾਖੀ ਦਾ ਸਾਕਾ ਹੋਇਆ ਤਾਂ ਕਿਸ਼ਨ ਸਿੰਘ ਦਾ ਖੂਨ ਖੌਲ ਉੱਠਿਆ ਅਤੇ ਇਸ ਨੇ ਫੌਜ ਵਿਚ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਫੌਜ ਦੀ ਨੌਕਰੀ ਛੱਡ ਕੇ 1920 ਈ: ਵਿਚ ਉਹ ਅਕਾਲੀ ਲਹਿਰ ਨਾਲ ਜੁੜ ਗਿਆ। ਇਸ ਸਮੇਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਮੋਰਚਾ ਚੱਲ ਰਿਹਾ ਸੀ। ਮੋਰਚੇ ਦੇ ਸ਼ਾਂਤ ਸਿੰਘਾਂ ਉੱਤੇ ਤਸ਼ੱਦਦ ਕਰਕੇ ਸ੍ਰੀ ਨਨਕਾਣਾ ਸਾਹਿਬ ਵਿਖੇ 150 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਸ਼ਨ ਸਿੰਘ ਨੇ ਸ਼ਾਂਤਮਈ ਸੰਘਰਸ਼ ਦੀ ਥਾਂ ਸ਼ਸਤ੍ਰਧਾਰੀ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਉਸ ਦੀਆਂ ਗਰਮਜੋਸ਼ੀ ਵਾਲੀਆਂ ਧੜੱਲੇਦਾਰ ਤਕਰੀਰਾਂ ਨੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਉਸ ਨੇ ਸਰਕਾਰ ਤੋਂ ਬਾਗੀ ਹੋ ਕੇ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਅੰਗਰੇਜ਼ ਸਰਕਾਰ ਵਿਰੁੱਧ ਇਕ ਚੱਕਰਵਰਤੀ ਜਥਾ ਬਣਾਇਆ ਅਤੇ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ ਸੋਧਣਾ ਸ਼ੁਰੂ ਕੀਤਾ। ਅਗਸਤ, 1922 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ 'ਬੱਬਰ ਅਕਾਲੀ ਦੁਆਬਾ ਅਖ਼ਬਾਰ' ਸ਼ੁਰੂ ਕੀਤਾ ਗਿਆ। ਇਸ ਵਿਚ ਜੋਸ਼ ਅਤੇ ਬੀਰ ਰਸ ਦੀਆਂ ਕਵਿਤਾਵਾਂ, ਇਤਿਹਾਸ ਦੇ ਖੂਨੀ ਪੱਤਰੇ ਅਤੇ ਅੰਗਰੇਜ਼ਾਂ ਦੀਆਂ ਵਧੀਕੀਆਂ ਬਾਰੇ ਲਿਖਿਆ ਜਾਂਦਾ ਸੀ। ਇਨ੍ਹਾਂ ਦੀਆਂ ਭਾਵਪੂਰਤ ਲਿਖਤਾਂ ਅਤੇ ਭਾਸ਼ਣਾਂ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਲੋਕਾਂ ਵਿਚ ਚੇਤਨਾ ਫੈਲ ਗਈ। ਮੁਖ਼ਬਰਾਂ ਦੇ ਆਸਰੇ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 28 ਫਰਵਰੀ, 1925 ਨੂੰ 6 ਬੱਬਰਾਂ ਨੂੰ ਫਾਂਸੀ, 38 ਨੂੰ 7-7 ਸਾਲ ਦੀ ਕੈਦ ਅਤੇ 10 ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਫਾਂਸੀ ਤੋਂ ਇਕ ਦਿਨ ਪਹਿਲਾਂ ਸ: ਕਿਸ਼ਨ ਸਿੰਘ ਨੇ ਇਕ ਪ੍ਰਭਾਵਸ਼ਾਲੀ ਤਕਰੀਰ ਦਿੱਤੀ ਤੇ ਕਿਹਾ ਕਿ ਸਾਡੇ ਧੰਨ ਭਾਗ ਹਨ, ਜੋ ਅਸੀਂ ਉਨ੍ਹਾਂ ਦੇਸ਼-ਭਗਤਾਂ ਦੀ ਕਤਾਰ ਵਿਚ ਖੜ੍ਹੇ ਹਾਂ, ਜਿਨ੍ਹਾਂ ਨੇ ਮਾਂ-ਭੂਮੀ ਦੀ ਬੰਦਖਲਾਸੀ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਸਾਨੂੰ ਲਾਲੀਆਂ ਚੜ੍ਹੀਆਂ ਹੋਈਆਂ ਹਨ ਅਤੇ ਸਾਡੇ ਦਿਲਾਂ ਅੰਦਰ ਆਜ਼ਾਦੀ ਦੀ ਮਸ਼ਾਲ ਲਟ-ਲਟ ਬਲ ਰਹੀ ਹੈ। 27 ਫਰਵਰੀ, 1926 ਨੂੰ ਅੰਮ੍ਰਿਤ ਵੇਲੇ ਸਾਰੇ ਬੱਬਰਾਂ ਨੇ ਨਿੱਤਨੇਮ ਕੀਤਾ ਅਤੇ ਦਗਦਗ਼ ਕਰਦੇ ਚਿਹਰਿਆਂ ਨਾਲ ਮੌਤ ਵਿਆਹੁਣ ਤੁਰ ਪਏ। ਸ: ਕਿਸ਼ਨ ਸਿੰਘ ਗੜਗੱਜ ਆਪਣੇ ਹੋਰ ਸਾਥੀਆਂ ਸ: ਕਰਮ ਸਿੰਘ, ਸ: ਸੰਤਾ ਸਿੰਘ, ਸ: ਦਲੀਪ ਸਿੰਘ ਅਤੇ ਸ: ਧਰਮ ਸਿੰਘ ਨਾਲ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋ ਗਏ। ਅੱਜ ਸਿੱਖ ਕੌਮ ਦੀ ਗਿਣਤੀ ਭਾਵੇਂ ਘੱਟ ਹੈ ਪਰ ਇਨ੍ਹਾਂ ਨੇ ਸਿੱਧ ਕੀਤਾ ਹੈ-
ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,
ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ।
ਬੰਦੇ ਗਿਣੋ ਨਾ, ਸਗੋਂ ਇਹ ਕਰੋ ਗਿਣਤੀ,
ਓਸ ਕੌਮ ਵਿਚ ਹੋਏ ਸ਼ਹੀਦ ਕਿੰਨੇ।

200 ਸਾਲ ਪੁਰਾਣੀ ਟਕਸਾਲ ਦੀ ਹੋਂਦ ਬਣੀ ਬੁਝਾਰਤ

ਅੰਮ੍ਰਿਤਸਰ ਦੇ ਕਟੜਾ ਹਰੀ ਸਿੰਘ ਭੰਗੀ ਦੇ ਟਕਸਾਲ ਚੌਕ 'ਚ ਮੌਜੂਦ ਲਗਪਗ 200 ਸਾਲ ਪੁਰਾਣੀ ਇਮਾਰਤ ਜੋ ਕਿ ਸਰਕਾਰੀ ਦਸਤਾਵੇਜ਼ਾਂ ਵਿਚ ਭੰਗੀ ਟਕਸਾਲ ਦੇ ਨਾਂਅ ਹੇਠ ਦਰਜ ਹੈ, ਬਾਰੇ ਇਤਿਹਾਸ ਦੀਆਂ ਪੁਸਤਕਾਂ ਵਿਚ ਬਹੁਤੀ ਜਾਣਕਾਰੀ ਦਰਜ ਨਾ ਹੋਣ ਕਰਕੇ ਉਸ ਦੀ ਹੋਂਦ ਬੁਝਾਰਤ ਬਣੀ ਹੋਈ ਹੈ। ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਉਪਰੋਕਤ ਇਮਾਰਤ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਇਸ ਦੇ ਮੌਜੂਦਾ ਮਾਲਕਾਂ ਵਲੋਂ ਪੰਜਾਬ ਸਰਕਾਰ ਦੇ ਵਿਰਾਸਤੀ ਇਮਾਰਤਾਂ ਦੀ ਨਵਉਸਾਰੀ ਲਈ ਕਾਇਮ ਕੀਤੇ ਹੈਰੀਟੇਜ ਐਂਡ ਪਰਮੋਸ਼ਨ ਬੋਰਡ ਨੂੰ ਸਮਾਰਕ ਦੇ ਨਵ-ਨਿਰਮਾਣ ਲਈ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਇਸ ਇਮਾਰਤ ਦੇ ਜ਼ਮੀਨਦੋਜ਼ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਬੋਰਡ ਵਲੋਂ ਸਮਾਰਕ ਦੇ ਨਵਨਿਰਮਾਣ ਲਈ ਮਨਜ਼ੂਰੀ ਨਾ ਮਿਲਣ 'ਤੇ ਟਕਸਾਲ ਚੌਕ ਵਿਚ ਲੱਖਾਂ ਰੁਪਇਆਂ ਦੀ ਲਾਗਤ ਨਾਲ ਉੱਥੇ ਮੌਜੂਦ ਨਾਜਾਇਜ਼ ਉਸਾਰੀਆਂ ਅਤੇ ਬਿਜਲੀ ਦੀਆਂ ਤਾਰਾਂ ਦੇ ਝੁੰਡ, ਖੰਭੇ, ਟਿਊਬਵੈੱਲ ਆਦਿ ਨੂੰ ਹਟਾ ਕੇ ਚੌਕ 'ਚ ਚੀਨੀ ਦੀਆਂ ਰੰਗਦਾਰ ਟਾਈਲਾਂ ਲਗਾ ਕੇ ਚੌਕ ਨੂੰ ਖੁੱਲ੍ਹਾ ਅਤੇ ਖ਼ੂਬਸੂਰਤ ਬਣਾ ਦਿੱਤਾ ਗਿਆ ਹੈ।
ਇਤਿਹਾਸ ਦੇ ਜਾਣਕਾਰਾਂ ਅਨੁਸਾਰ ਭੰਗੀ ਮਿਸਲ ਦੇ ਸ਼ਾਸਨ ਸਮੇਂ ਸ਼ਹਿਰ ਦੇ ਚੌਕ ਚੁਰਸਤੀ ਅਟਾਰੀ ਦੇ ਪਾਸ ਹਰੀ ਸਿੰਘ ਭੰਗੀ ਵਲੋਂ ਉਸਾਰੇ ਕਟੜਾ ਹਰੀ ਸਿੰਘ ਭੰਗੀ ਵਿਚ ਸਿੱਕੇ ਢਾਲਣ ਲਈ ਇਹ ਟਕਸਾਲ ਲਗਵਾਈ ਗਈ ਸੀ, ਜਿਸ ਦਾ ਬਾਕੀ ਮਿਸਲਾਂ ਦੇ ਸਰਦਾਰਾਂ ਨਾਲ ਕੋਈ ਸੰਬੰਧ ਨਹੀਂ ਸੀ। ਪੁਰਾਤਨ ਸਿੱਕਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਭੰਗੀ ਮਿਸਲ ਵਾਲੀ ਟਕਸਾਲ 'ਚ ਸੰਨ 1775 ਵਿਚ ਜੋ ਸਿੱਕੇ ਢਲਵਾਏ ਗਏ ਸਨ, ਉਨ੍ਹਾਂ 'ਤੇ ਇਕ ਪਾਸੇ 'ਸਿੱਕਾ ਜਦ ਬਰ ਹਰ ਦੋ ਆਲਮ ਫ਼ਜ਼ਲ ਸੱਚਾ ਸਾਹਿਬ ਤੇਗ਼ ਫ਼ਤਿਹ ਗੋਬਿੰਦ ਸਿੰਘ ਸ਼ਾਹ ਨਾਨਕ ਵਹਾਬ ਅਸਤਿ' ਅਤੇ ਦੂਜੇ ਪਾਸੇ 'ਜ਼ਰਬ ਸ੍ਰੀ ਅੰਮ੍ਰਿਤਸਰ ਜਲੂਸ, ਤਖ਼ਤ ਅਕਾਲ ਤਖ਼ਤ ਸੰਮਤ 1832' ਇਬਾਰਤ ਦਰਜ ਸੀ, ਜਦੋਂ ਕਿ ਇਸੇ ਟਕਸਾਲ ਤੋਂ ਜਾਰੀ ਕੁਝ ਹੋਰਨਾਂ ਸਿੱਕਿਆਂ 'ਤੇ ਇਕ ਪਾਸੇ 'ਅਕਾਲ ਸਹਾਇ ਗੁਰੂ ਨਾਨਕ ਜੀ' ਅਤੇ ਦੂਜੇ ਪਾਸੇ 'ਸਿੱਕਾ ਜਦ ਬਰ ਸਿਮ ਓ ਜ਼ਰ ਤੇਗ਼ ਨਾਨਕ ਵਹਾਬ ਅਸਤਿ ਫ਼ਤਿਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਨ ਫ਼ਜ਼ਲ ਸੱਚਾ ਸਾਹਿਬ ਅਸਤਿ' ਇਬਾਰਤ ਦਰਜ ਸੀ। ਭੰਗੀ ਟਕਸਾਲ ਤੋਂ ਸੰਨ 1775 ਤੋਂ ਲੈ ਕੇ ਸੰਨ 1800 ਦੇ ਕੁਝ ਵਰ੍ਹੇ ਬਾਅਦ ਤੱਕ ਵੀ ਸਿੱਕੇ ਢਾਲੇ ਜਾਂਦੇ ਰਹੇ।
ਡਿਸਟ੍ਰਿਕਟ ਗਜ਼ਟੀਅਰ ਅੰਮ੍ਰਿਤਸਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰ ਸਾਲ ਨਵੇਂ ਸਿੱਕੇ ਅੰਮ੍ਰਿਤਸਰ ਅਤੇ ਲਾਹੌਰ ਟਕਸਾਲ ਵਿਚ ਢਲਾਏ ਜਾਂਦੇ ਸਨ ਅਤੇ ਕਿਲ੍ਹਾ ਗੋਬਿੰਦਗੜ੍ਹ ਵਾਲੀ ਟਕਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਿੱਖ ਰਾਜ ਦੇ ਸਿੱਕੇ ਭੰਗੀਆਂ ਦੀ ਉਕਤ ਕਟੜਾ ਹਰੀ ਸਿੰਘ ਭੰਗੀ ਵਿਚਲੀ ਟਕਸਾਲ ਤੋਂ ਹੀ ਢਾਲੇ ਜਾਂਦੇ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1803 ਦੇ ਕਰੀਬ ਜਿਹੇ ਅੰਮ੍ਰਿਤਸਰ ਦੀ ਟਕਸਾਲ ਤੋਂ ਨ੍ਰਤਕੀ ਮੋਰਾਂ ਜੋ ਕਿ ਬਾਅਦ ਵਿਚ ਰਾਣੀ ਮੋਰਾਂ ਬਣੀ, ਦੇ ਕਹਿਣ 'ਤੇ ਉਸ ਦੇ ਨਾਂਅ 'ਤੇ ਮੋਰਾਂ ਸ਼ਾਹੀ ਸਿੱਕਾ ਵੀ ਜਾਰੀ ਕੀਤਾ ਸੀ। ਉਸ ਉੱਪਰ ਮੋਰ ਦੀ ਪੂਛ ਉੱਕਰੀ ਹੋਈ ਸੀ, ਪਰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋਂ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਅਤੇ ਮੋਰਾਂ ਸ਼ਾਹੀ ਸਿੱਕੇ, ਜਿਨ੍ਹਾਂ ਨੂੰ ਆਰਸੀ ਦੀ ਮੋਹਰ ਅਤੇ ਅਸ਼ਰਫ਼ੀ ਵੀ ਕਿਹਾ ਜਾਂਦਾ ਸੀ, ਸੰਨ 1827 'ਚ ਬੰਦ ਹੋ ਗਏ।


-ਅੰਮ੍ਰਿਤਸਰ। ਮੋਬਾ: 93561-27771

ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਨੀ ਸਿੰਘ ਨੇ

ਭਾਈ ਮਨੀ ਸਿੰਘ ਦਾ ਜਨਮ ਸੰਨ 1644 ਨੂੰ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫ਼ਰਗੜ੍ਹ ਰਿਆਸਤ ਮੁਲਤਾਨ (ਹੁਣ ਪਾਕਿਸਤਾਨ ਵਿਚ) ਵਿਖੇ ਮਾਤਾ ਮਧਰੀ ਬਾਈ ਦੀ ਕੁੱਖੋਂ ਹੋਇਆ। ਭਾਈ ਸਾਹਿਬ ਦੇ ਪਿਤਾ ਜੀ ਦੇ 12 ਭਰਾ ਸਨ। ਭਾਈ ਮਨੀ ਸਿੰਘ 13 ਸਾਲ ਦੀ ਉਮਰ ਵਿਚ ਆਪਣੇ ਪਿਤਾ ਜੀ ਨਾਲ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤਪੁਰ ਸਾਹਿਬ ਆਏ ਅਤੇ ਮੁੜ ਘਰ ਨਹੀਂ ਗਏ, ਗੁਰੂ ਜੀ ਦੀ ਸੇਵਾ ਨੂੰ ਹੀ ਸਮਰਪਿਤ ਹੋ ਗਏ।
ਭਾਈ ਸਾਹਿਬ ਨੇ ਸੰਗਤਾਂ ਨੂੰ ਲੰਗਰ ਛਕਾਉਣ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਮੰਗ ਕੇ ਲਈ। 15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਦਾ ਵਿਆਹ ਭਾਈ ਲੱਖੀ ਰਾਏ ਵਣਜਾਰਾ ਦੀ ਬੇਟੀ ਬੀਬੀ ਸੀਤੋ ਬਾਈ ਨਾਲ ਹੋਇਆ। ਭਾਈ ਲੱਖੀ ਰਾਏ ਵਣਜਾਰਾ ਨੂੰ ਸਿੱਖ ਕੌਮ ਲੱਖੀ ਸ਼ਾਹ ਵਣਜਾਰਾ ਦੇ ਨਾਂਅ ਨਾਲ ਜਾਣਦੀ ਹੈ। ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਨੇ ਹੀ ਆਪਣੇ ਦਿੱਲੀ ਦੇ ਰਾਏਸੀਨਾ ਨਿਵਾਸ ਦੇ ਮਕਾਨ 'ਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਸਕਾਰ ਕਰਨ ਲਈ ਉਨ੍ਹਾਂ ਦਾ ਧੜ ਰੱਖ ਕੇ ਘਰ ਨੂੰ ਅਗਨ ਭੇਟ ਕਰ ਦਿੱਤਾ ਸੀ। ਹੁਣ ਉਸੇ ਅਸਥਾਨ 'ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਕੇ ਰੁਕੇ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬੁਲਾ ਕੇ 9 ਮਹੀਨੇ 9 ਦਿਨ ਅਤੇ 9 ਘੜੀਆਂ ਵਿਚ ਉਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ। ਇਸ ਬੀੜ ਨੂੰ ਬਾਅਦ ਵਿਚ ਟਕਸਾਲੀ ਬੀੜ ਦਾ ਨਾਂਅ ਵੀ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਤਲਵੰਡੀ ਸਾਬੋ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ 'ਚ ਬਾਬਾ ਦੀਪ ਸਿੰਘ ਨੇ ਵੀ ਭਾਈ ਮਨੀ ਸਿੰਘ ਦਾ ਸਾਥ ਦਿੱਤਾ। ਸੰਨ 1733 ਈ: ਨੂੰ ਵੀ ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇ ਤੋਂ ਦੀਵਾਲੀ ਮਨਾਉਣ ਦੀ ਪ੍ਰਵਾਨਗੀ ਲੈ ਲਈ ਪਰ ਪ੍ਰਵਾਨਗੀ ਇਸ ਸ਼ਰਤ 'ਤੇ ਦਿੱਤੀ ਗਈ ਕਿ ਉਨ੍ਹਾਂ ਵਲੋਂ ਸਰਕਾਰੀ ਖਜ਼ਾਨੇ ਵਿਚ ਪੰਜ ਹਜ਼ਾਰ ਰੁਪਏ ਜਜ਼ੀਆ ਟੈਕਸ ਜਮ੍ਹਾਂ ਕਰਵਾਉਣਾ ਹੋਵੇਗਾ। ਜਦੋਂ ਮੁਗ਼ਲ ਸ਼ਾਸਕ ਨੂੰ ਪਤਾ ਲੱਗਾ ਕਿ ਦੀਵਾਲੀ 'ਤੇ ਵੱਡੀ ਗਿਣਤੀ ਵਿਚ ਸਿੱਖ ਅੰਮ੍ਰਿਤਸਰ ਪਹੁੰਚ ਰਹੇ ਹਨ ਤਾਂ ਉਸ ਨੇ ਸਿੱਖਾਂ 'ਤੇ ਹਮਲਾ ਬੋਲ ਕੇ ਕਤਲੇਆਮ ਦੀ ਯੋਜਨਾ ਬਣਾ ਲਈ। ਇਸ ਯੋਜਨਾ ਦੀ ਸੂਹ ਭਾਈ ਮਨੀ ਸਿੰਘ ਨੂੰ ਮਿਲ ਗਈ।
ਉਨ੍ਹਾਂ ਨੇ ਸੱਦਾ-ਪੱਤਰ ਭੇਜ ਕੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਮੁਗ਼ਲ ਸ਼ਾਸਕਾਂ ਦੀ ਨੀਅਤ ਠੀਕ ਨਹੀਂ ਹੈ, ਇਸ ਲਈ ਦੀਵਾਲੀ ਨਹੀਂ ਮਨਾਈ ਜਾਵੇਗੀ। ਇਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਨਾ ਮਨਾਇਆ ਗਿਆ ਪਰ ਲਾਹੌਰ ਦੇ ਸੂਬੇ ਨੇ ਭਾਈ ਮਨੀ ਸਿੰਘ ਨੂੰ ਕਿਹਾ ਕਿ ਜਜ਼ੀਆ ਜਮ੍ਹਾਂ ਕਰਵਾਇਆ ਜਾਵੇ। ਭਾਈ ਮਨੀ ਸਿੰਘ ਨੇ ਕਿਹਾ ਕਿ ਸੰਗਤ ਅੰਮ੍ਰਿਤਸਰ ਨਹੀਂ ਆਈ ਤੇ ਕੋਈ ਚੜ੍ਹਾਵਾ ਨਹੀਂ ਚੜ੍ਹਿਆ, ਇਸ ਲਈ ਸਾਨੂੰ ਵਿਸਾਖੀ ਤੱਕ ਦੀ ਮੋਹਲਤ ਦੇ ਦਿੱਤੀ ਜਾਵੇ। ਸੂਬੇ ਨੇ ਵਿਸਾਖੀ ਤੱਕ ਦੀ ਮੋਹਲਤ ਦੇ ਦਿੱਤੀ।
ਜਜ਼ੀਆ ਕਰ ਨਾ ਦੇਣ ਕਰਕੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸਾਹਿਬ ਨੂੰ ਲਾਹੌਰ ਜੇਲ੍ਹ ਵਿਚ ਬੰਦ ਕਰਕੇ ਕਈ ਤਰ੍ਹਾਂ ਦੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਈ ਮਨੀ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੈਕਾਰਿਆਂ ਦੀ ਗੂੰਜ ਨਾਲ ਮੁਗ਼ਲਾਂ ਦੀਆਂ ਸਾਰੀਆਂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ। ਇਸ 'ਤੇ ਗੁੱਸੇ 'ਚ ਆਏ ਮੁਗ਼ਲ ਸੂਬੇ ਨੇ ਪਹਿਲਾਂ ਭਾਈ ਮਨੀ ਸਿੰਘ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਤੇ ਉਨ੍ਹਾਂ ਪਿੱਛੋਂ 1734 ਈ: ਨੂੰ ਨਿਖਾਸ ਚੌਕ ਲਾਹੌਰ ਵਿਖੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਪਰ ਭਾਈ ਸਾਹਿਬ ਆਪਣੇ ਸਾਥੀਆਂ ਦੀ ਸ਼ਹਾਦਤ ਸਮੇਂ ਅਤੇ ਆਪਣੇ 'ਤੇ ਹੁੰਦੇ ਜ਼ੁਲਮ ਸਮੇਂ ਲਗਾਤਾਰ ਨਾਮ ਸਿਮਰਨ ਕਰਦੇ ਰਹੇ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਅੱਜ ਅਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਹਰ ਸਾਲ ਮਨਾਇਆ ਜਾਂਦਾ ਹੈ ਪਰ ਅਸੀਂ ਸਿਰਫ ਇਕ ਸਮਾਗਮ ਦੀ ਤਰ੍ਹਾਂ ਹੀ ਅਜਿਹੇ ਮਹਾਨ ਸ਼ਹੀਦਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜੇ ਮਨਾ ਕੇ 'ਆਪਣਾ ਫਰਜ਼ ਪੂਰਾ ਹੋਇਆ ਹੈ' ਸਮਝ ਲੈਂਦੇ ਹਾਂ ਪਰ ਆਪਣੀ ਨਵੀਂ ਪੀੜ੍ਹੀ ਜੋ ਧਰਮ ਤੋਂ ਦੂਰ ਜਾ ਰਹੀ ਹੈ, ਨੂੰ ਆਪਣੇ ਇਨ੍ਹਾਂ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਂਦੇ।


-ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ।

ਪ੍ਰਾਚੀਨ ਮੰਦਰ

ਬਿਜਲੀ ਮਹਾਂਦੇਵ ਮੰਦਰ ਕੁੱਲੂ

ਸਾਰੇ ਦੇਸ਼ ਵਿਚ ਸ਼ਿਵ ਜੀ ਭਗਵਾਨ ਦੇ ਅਨੇਕਾਂ ਮੰਦਰਾਂ ਵਿਚੋਂ ਅਨੋਖਾ ਤੇ ਅਦਭੁੱਤ ਹੈ ਬਿਜਲੀ ਮਹਾਂਦੇਵ ਮੰਦਰ ਕੁੱਲੂ। ਕਹਿੰਦੇ ਹਨ ਇਸ ਅਨੋਖੇ ਮੰਦਰ ਵਿਚ ਹਰ 12 ਸਾਲ ਵਿਚ ਅਸਮਾਨੀ ਬਿਜਲੀ ਨਾਲ ਸ਼ਿਵ ਲਿੰਗ ਬੁਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਅਤੇ ਫਿਰ ਆਪਣੇ-ਆਪ ਹੀ ਇਸ ਦਾ ਪੁਨਰਨਿਰਮਾਣ ਹੋ ਜਾਂਦਾ ਹੈ। ਹਰ ਵਾਰ ਬਿਜਲੀ ਸਿਰਫ਼ ਸ਼ਿਵਲਿੰਗ ਉੱਪਰ ਹੀ ਡਿਗਦੀ ਹੈ। ਇਸ ਮੰਦਰ 'ਤੇ ਜਾਣ ਲਈ ਦੋ ਰਸਤੇ ਹਨ। ਪਹਿਲਾ ਰਸਤਾ ਕੁੱਲੂ ਤੋਂ 22 ਕਿਲੋਮੀਟਰ ਦਾ ਸਫ਼ਰ, ਅੱਗੇ 3 ਕਿਲੋਮੀਟਰ ਪੈਦਲ ਯਾਤਰਾ ਹੈ। ਬਿਆਸ ਦਰਿਆ ਨੂੰ ਪਾਰ ਕਰਨ ਉਪਰੰਤ ਅਗਲਾ ਸਫ਼ਰ ਰੋਮਾਂਚਕ ਪਗਡੰਡੀਆਂ ਦਾ ਸਫ਼ਰ ਹੈ। ਦੂਜਾ ਰਸਤਾ ਮਨਾਲੀ ਤੋਂ ਸ਼ੁਰੂ ਹੁੰਦਾ ਹੈ। ਮਨਾਲੀ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ 'ਨਗਰ' ਕਸਬਾ। ਇਸ ਤੋਂ 15 ਕਿਲੋਮੀਟਰ ਅੱਗੇ ਜਾਨਾ ਵਾਟਰ ਫਾਲ ਆਉਂਦਾ ਹੈ। ਇਸ ਤੋਂ ਅੱਗੇ ਸ਼ੁਰੂ ਹੁੰਦਾ ਲਗਪਗ ਡੇਢ ਘੰਟੇ ਦਾ ਖ਼ਤਰਨਾਕ ਪਹਾੜੀ ਸਫ਼ਰ, ਜਿਸ ਦੇ ਰਸਤੇ ਵਿਚ ਚਟਾਨਾਂ ਤੇ ਵੱਡੇ-ਵੱਡੇ ਪੱਥਰ ਆਉਂਦੇ ਹਨ। ਇਕ ਵਿਸ਼ਾਲ ਅਤੇ ਦਿਓਕੱਦ ਪਹਾੜ ਦੀ ਚੋਟੀ ਉੱਪਰ ਸਥਿਤ ਹੈ ਬਿਜਲੀ ਮਹਾਂਦੇਵ ਮੰਦਰ ਜੋ ਸਮੁੰਦਰੀ ਤਲ ਤੋਂ 2450 ਮੀਟਰ ਦੀ ਉਚਾਈ 'ਤੇ ਸਥਿਤ ਹੈ। ਵੇਦ, ਪੁਰਾਣ ਅਨੁਸਾਰ ਇਸ ਰਹੱਸਮਈ ਮੰਦਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਜਿਸ ਪਹਾੜੀ ਚੋਟੀ ਉੱਪਰ ਇਹ ਮੰਦਰ ਸਥਿਤ ਹੈ, ਉਸ ਨੂੰ ਅੱਜ ਵੀ 'ਕੋਲਾਂਤ ਰਾਖਸ਼ਸ਼ ਦਾ ਸੀਸ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁੱਲੂ ਸ਼ਹਿਰ ਦਾ ਨਾਮਕਰਨ ਵੀ 'ਕੋਲਾਂਤ' ਤੋਂ ਹੀ ਹੋਇਆ ਹੈ। ਇਸ ਮੰਦਰ ਦੀ ਯਾਤਰਾ ਦਾ ਸਫ਼ਰ ਬਹੁਤ ਹੀ ਰੌਚਕ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ॥

ਸਿਰੀਰਾਗੁ ਮਹਲਾ ੫
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ॥
ਦੇ ਕੰਨੁ ਸੁਣਹੁ ਅਰਦਾਸਿ ਜੀਉ॥
ਠੋਕਿ ਵਜਾਇ ਸਭ ਡਿਠੀਆ
ਤੁਸਿ ਆਪੇ ਲਇਅਨੁ ਛਡਾਇ ਜੀਉ॥ ੧੨॥
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ
ਇਹੁ ਹੋਆ ਹਲੇਮੀ ਰਾਜੁ ਜੀਉ॥ ੧੩॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ॥
ਬੋਲਾਇਆ ਬੋਲੀ ਖਸਮ ਦਾ॥
ਬਹੁ ਮਾਣੁ ਕੀਆ ਤੁਧੁ ਉਪਰੇ
ਤੂੰ ਆਪੇ ਪਾਇਹਿ ਥਾਇ ਜੀਉ॥ ੧੪॥
ਤੇਰਿਆ ਭਗਤਾ ਭੁਖ ਸਦ ਤੇਰੀਆ॥
ਹਰਿ ਲੋਚਾ ਪੂਰਨ ਮੇਰੀਆ॥
ਦੇਹੁ ਦਰਸੁ ਸੁਖਦਾਤਿਆ
ਮੈ ਗਲਿ ਵਿਚਿ ਲੈਹੁ ਮਿਲਾਇ ਜੀਉ॥ ੧੫॥
ਤੁਧੁ ਜੇਵਡੁ ਅਵਰੁ ਨ ਭਾਲਿਆ॥
ਤੂੰ ਦੀਪ ਲੋਅ ਪਇਆਲਿਆ॥
ਤੂੰ ਥਾਨਿ ਥਨੰਤਰਿ ਰਵਿ ਰਹਿਆ
ਨਾਨਕ ਭਗਤਾ ਸਚੁ ਅਧਾਰੁ ਜੀਉ॥ ੧੬॥
(ਅੰਗ 74)
ਪਦ ਅਰਥ : ਸੇਵੇ-ਸੇਂਵਦੀ ਹੈ, ਸਿਮਰਦੀ ਹੈ। ਦੇ ਕੰਨੁ-ਕੰਨ ਦੇ ਕੇ, ਬੜੇ ਧਿਆਨ ਨਾਲ। ਸੁਣਹੁ-ਸੁਣਦੇ ਹੋ। ਠੋਕਿ ਵਜਾਇ-ਠੋਕ ਵਜਾ ਕੇ, ਚੰਗੀ ਤਰ੍ਹਾਂ ਨਾਲ ਪਰਖ ਕੇ। ਸਭ ਡਿਠੀਆ-ਸਾਰੀ ਲੋਕਾਈ ਨੂੰ ਦੇਖ ਲਿਆ ਹੈ। ਤੁਸਿ-ਪ੍ਰਸੰਨ ਹੋ ਕੇ। ਲਇਅਨੁ ਛਡਾਇ-ਛੁਡਾਅ ਲਿਆ ਹੈ।
ਪੈ-ਜ਼ੋਰ ਪਾ ਕੇ, ਦਬਾਅ ਪਾ ਕੇ। ਮਿਹਰਵਾਣ-ਮਿਹਰਵਾਨ ਪ੍ਰਭੂ ਦਾ। ਨ ਰਞਾਣਦਾ-ਦੁਖੀ ਨਹੀਂ ਕਰਦਾ, ਤੰਗ ਨਹੀਂ ਕਰਦਾ। ਸਭ ਸੁਖਾਲੀ-ਸਾਰੀ ਲੁਕਾਈ। ਵੁਠੀਆ-ਵਸਣ ਲੱਗ ਪਈ ਹੈ। ਹੋਆ ਹਲੇਮੀ ਰਾਜੁ-ਹਲੀਮੀ ਵਾਲਾ ਰਾਜ ਕਾਇਮ ਹੋ ਗਿਆ ਹੈ, ਨਿਮ੍ਰਿਤਾ ਵਾਲਾ ਰਾਜ।
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ-ਮੇਰੇ ਅੰਦਰ ਇਕ ਰਸ ਨਾਮ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਬੋਲਾਇਆ ਬੋਲੀ-ਬੋਲਾਇਆ ਹੋਇਆ ਹੀ ਬੋਲਦਾ ਹਾਂ। ਖਸਮ ਦਾ-ਮਾਲਕ ਦਾ। ਤੁਧੁ ਉਪਰੇ-ਤੇਰੇ 'ਤੇ ਹੀ। ਪਾਇਹਿ ਥਾਇ-ਕਬੂਲ ਕਰ ਲਵੇਂਗਾ। ਭੁਖ ਸਚ ਤੇਰੀਆ-ਤੇਰੇ ਦਰਸ਼ਨਾਂ ਦੀ ਸਦਾ ਭੁੱਖ (ਤਾਂਘ) ਲੱਗੀ ਰਹਿੰਦੀ ਹੈ।
ਹਰਿ ਲੋਚਾ ਪੂਰਨ ਮੇਰੀਆ-ਮੇਰੀ ਵੀ ਇਸ ਲੋਚਾ (ਤਾਂਘ) ਨੂੰ ਪੂਰੀ ਕਰੋ। ਸੁਖਦਾਤਿਆ-ਹੇ ਸੁਖਾਂ ਨੂੰ ਦੇਣ ਵਾਲੇ ਪ੍ਰਭੂ। ਮੈ ਗਲ ਵਿਚਿ ਲੈਹੁ-ਮੈਂ ਆਪਣੀ ਗਲਵਕੜੀ ਵਿਚ ਲੈ ਕੇ। ਲੈਹੁ ਮਿਲਾਇ-ਆਪਣੇ ਨਾਲ ਮਿਲਾ ਲਓ।
ਤੁਧੁ ਜੇਵਡੁ-ਤੇਰੇ ਜੇਡਾ ਵੱਡਾ। ਅਵਰੁ-ਹੋਰ ਕੋਈ। ਨ ਭਾਲਿਆ-ਨਹੀਂ ਲੱਭਾ। ਦੀਪ-ਦੀਪਾਂ ਵਿਚ, ਟਾਪੂਆਂ (ਚੌਹਾਂ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਏ ਦੇਸ਼)। ਲੋਅ-ਲੋਕਾਂ ਵਿਚ। ਪਇਆਲਿਆ-ਪਤਾਲਾਂ ਵਿਚ। ਥਾਨਿ ਧਨੰਤਰਿ-ਹਰੇਕ ਥਾਂ, ਸਭਨੀ ਥਾਈਂ। ਰਵਿ ਰਹਿਆ-ਵਿਆਪਕ ਹੈਂ। ਆਧਾਰੁ-ਆਸਰਾ ਹੈ, ਸਹਾਰਾ ਹੈ।
ਪਰਮਾਤਮਾ ਦੀ ਮਿਹਰ ਦੀ ਨਜ਼ਰ ਸਭ ਜੀਵਾਂ 'ਤੇ ਹੈ ਪਰ ਇਹ ਵੱਖਰੀ ਗੱਲ ਹੈ ਕਿ ਕਿਸੇ 'ਤੇ ਬਹੁਤੀ ਹੈ ਅਤੇ ਕਿਸੇ 'ਤੇ ਥੋੜ੍ਹੀ ਹੈ। ਉਸ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਇਸ ਗੱਲ ਦੀ ਸੋਝੀ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖਾਂ ਨੂੰ ਹੁੰਦੀ ਹੈ। ਗੁਰਵਾਕ ਹੈ-
ਸਭਨਾ ਉਪਰਿ ਨਦਰਿ ਪ੍ਰਭ ਤੇਰੀ॥
ਕਿਸੈ ਥੋੜੀ ਕਿਸੈ ਹੈ ਘਣੇਰੀ॥
(ਰਾਗੁ ਮਾਝ ਮਹਲਾ ੩, ਅੰਗ 119)
ਘਨੇਰੀ-ਬਹੁਤੀ।
ਪਰ ਸ੍ਰਿਸ਼ਟੀ ਦਾ ਰਚਨਹਾਰ ਪ੍ਰਭੂ ਆਪ ਹੀ ਇਸ ਨੂੰ ਨਾਸ ਵੀ ਕਰਨ ਵਾਲਾ ਹੈ-
ਜਿਨਿ ਸਿਰਜੀ ਤਿਨਿ ਆਪੇ ਗੋਈ॥
(ਅੰਗ 119)
ਸਿਰਜੀ-ਪੈਦਾ ਕੀਤੀ ਹੈ, ਰਚਿਆ ਹੈ। ਤਿਨਿ-ਉਹ। ਗੋਈ-ਨਾਸ ਕਰਦਾ ਹੈ।
ਇਸ ਲਈ ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਸਦਾ ਚੇਤੇ ਰੱਖੋ, ਜਿਸ ਸਦਕਾ ਫਿਰ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਪਰਮਾਤਮਾ ਵਿਚ ਬਿਰਤੀ ਜੁੜੀ ਰਹੇਗੀ-
ਨਾਨਕ ਨਾਮੁ ਸਮਾਲਿ ਸਦਾ ਤੂੰ
ਸਹਜੇ ਸਚਿ ਸਮਾਵਣਿਆ॥ (ਅੰਗ 119)
ਸਮਾਲਿ-ਚੇਤੇ ਰੱਖ। ਸਹਜੇ-ਆਤਮਿਕ ਅਡੋਲਤਾ ਵਿਚ ਟਿਕ ਕੇ।
ਸਦਾ ਥਿਰ ਪ੍ਰਭੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਜਾਣ (ਪਾ) ਸਕਦਾ (ਕਿ ਉਹ ਕਿੰਨਾ ਕੁ ਵੱਡਾ ਹੈ)। ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਮੌਜੂਦ ਹੈ। ਇਸ ਲਈ ਉਸ ਥਿਰ ਰਹਿਣ ਵਾਲੇ ਪ੍ਰਭੂ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਨੂੰ ਸਦਾ ਧਿਆਉਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਗੁਰਵਾਕ ਹੈ-
ਸਚੇ ਅੰਤੁ ਨ ਜਾਣੈ ਕੋਈ॥
ਥਾਨਿ ਥਨੰਤਰਿ ਸਚਾ ਸੋਈ॥
ਨਾਨਕ ਸਚੁ ਧਿਆਈਐ ਸਦ ਹੀ
ਅੰਤਰਜਾਮੀ ਜਾਣੋ ਜੀਉ॥
(ਰਾਗੁ ਮਾਝ ਮਹਲਾ ੫, ਅੰਗ 107)
ਅੰਤਰਜਾਮੀ-ਦਿਲਾਂ ਦੀ ਜਾਣਨ ਵਾਲਾ।
ਰਾਗੁ ਸੂਹੀ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ, ਤੇਰਾ ਨਾਮ ਭਗਤਾਂ ਦਾ ਸਹਾਰਾ ਅਤੇ ਸੰਤਾਂ ਦਾ ਆਸਰਾ ਹੈ-
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ
ਸਚਾ ਸਿਰਜਨਹਾਰਾ॥ (ਅੰਗ 746)
ਤੇਰੇ ਪਦਾਰਥ ਸਦਾ ਕਾਇਮ ਰਹਿਣ ਵਾਲੇ ਹਨ, ਤੇਰੇ ਭੰਡਾਰਾਂ ਵਿਚ ਕਦੇ ਕਮੀ ਨਹੀਂ ਆਉਣ ਵਾਲੀ ਅਤੇ ਤੇਰਾ ਦਰਬਾਰ ਸਦਾ ਸਥਿਰ ਰਹਿਣ ਵਾਲਾ ਹੈ-
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ॥ (ਅੰਗ 746)
ਤੇਰੀ ਹਸਤੀ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ, ਤੇਰੇ ਦਰਸ਼ਨ ਅਦੁੱਤੀ ਹਨ। ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਮੈਂ ਉਨ੍ਹਾਂ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਐਨਾ ਪਿਆਰਾ ਲਗਦਾ ਹੈ-
ਤੇਰਾ ਰੂਪੁ ਅਗੰਮੁ ਹੈ
ਅਨੂਪੁ ਤੇਰਾ ਦਰਸਾਰਾ॥
ਹਉਂ ਕੁਰਬਾਣੀ ਤੇਰਿਆ ਸੇਵਕਾ
ਜਿਨ੍ਰ ਹਰਿ ਨਾਮੁ ਪਿਆਰਾ॥
(ਅੰਗ 746-47)
ਅਗੰਮੁ-ਜਿਸ ਤੱਕ ਪਹੁੰਚ ਨਾ ਹੋ ਸਕੇ। ਅਨੂਪੁ-ਅਦੁੱਤੀ। ਦਰਸਾਰਾ-ਦਰਸ਼ਨ।
ਅੱਖਰੀਂ ਅਰਥ : ਹੇ ਪ੍ਰਭੂ, ਸਾਰੀ ਸ੍ਰਿਸ਼ਟੀ ਤੈਨੂੰ ਸੇਂਵਦੀ ਹੈ, ਤੇਰਾ ਸਿਮਰਨ ਕਰਦੀ ਹੈ। ਤੂੰ ਹਰੇਕ ਦੀ ਅਰਜੋਈ (ਅਰਦਾਸ) ਕੰਨ ਲਾ ਕੇ ਭਾਵ ਬੜੇ ਧਿਆਨ ਨਾਲ ਸੁਣਦਾ ਹੈਂ। (ਅਸਾਂ) ਸਾਰੀ ਲੋਕਾਈ ਨੂੰ ਚੰਗੀ ਤਰ੍ਹਾਂ ਨਾਲ ਪਰਖ ਕੇ ਦੇਖ ਲਿਆ ਹੈ, ਜਿਸ ਕਿਸੇ ਨੂੰ ਵੀ ਵਿਕਾਰਾਂ ਤੋਂ ਛੁਡਾਇਆ ਹੈ, ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛੁਡਾਇਆ ਹੈ।
ਸਭ 'ਤੇ ਦਇਆ ਕਰਨ ਵਾਲੇ ਪ੍ਰਭੂ ਦਾ ਹੁਣ ਅਜਿਹਾ ਹੁਕਮ ਹੋ ਗਿਆ ਹੈ, ਅਜਿਹੀ ਕਿਰਪਾ ਦ੍ਰਿਸ਼ਟੀ ਹੋਈ ਹੈ ਕਿ ਜ਼ੋਰ-ਜ਼ੁਲਮ ਨਾਲ ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ, ਜਿਸ ਸਦਕਾ ਸਾਰੀ ਲੋਕਾਈ ਸੁਖੀ-ਸੁਖੀ ਅਨੰਦ ਨਾਲ ਵਸਣ ਲੱਗ ਪਈ ਹੈ ਅਤੇ ਸਾਰੇ ਹਲੀਮੀ ਵਾਲਾ ਰਾਜ ਕਾਇਮ ਹੋ ਗਿਆ ਹੈ।
ਹੁਣ ਪਰਮਾਤਮਾ ਦੀ ਅਜਿਹੀ ਕਿਰਪਾ ਦ੍ਰਿਸ਼ਟੀ ਹੋਈ ਹੈ ਕਿ ਹਿਰਦੇ ਅੰਦਰ ਇਕ ਰਸ ਨਾਮ ਅੰਮ੍ਰਿਤ ਦੀ ਧਾਰਾ ਵਰਸ ਰਹੀ ਹੈ। ਹੁਣ ਮਾਲਕ ਦੀ ਜੋ ਮਰਜ਼ੀ ਹੈ, ਮੈਂ ਉਹੀ ਬੋਲ ਬੋਲਦਾ ਹਾਂ। ਹੇ ਪ੍ਰਭੂ, ਮੈਂ ਕੇਵਲ ਤੇਰੇ 'ਤੇ ਹੀ ਮਾਣ ਕਰਦਾ ਹਾਂ, ਤੇਰਾ ਹੀ ਓਟ ਆਸਰਾ ਤੱਕਦਾ ਹਾਂ। (ਮੈਨੂੰ ਨਿਸਚਾ ਹੈ ਕਿ) ਤੂੰ ਆਪੇ ਹੀ ਮੈਨੂੰ ਆਪਣੇ ਦਰ 'ਤੇ ਪ੍ਰਵਾਨ ਕਰ ਲਵੇਂਗਾ।
ਹੇ ਪ੍ਰਭੂ, ਤੇਰਿਆਂ ਭਗਤਾਂ ਨੂੰ ਸਦਾ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ ਹੈ। ਮੇਰੀ ਵੀ ਲੋਚਾ ਅਰਥਾਤ ਤਾਂਘ ਨੂੰ ਪੂਰੀ ਕਰੋ। ਹੇ ਸੁਖਾਂ ਦੇ ਦਾਤੇ, ਮੈਨੂੰ ਵੀ ਦਰਸ਼ਨ ਦਿਓ, ਮੈਨੂੰ ਆਪਣੇ ਗਲ ਨਾਲ ਲਾ ਲਓ।
ਪੰਜਵੀਂ ਨਾਨਕ ਜੋਤਿ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਮੈਂ ਤੇਰੇ ਜੇਡਾ ਹੋਰ ਕਿਸੇ ਨੂੰ ਨਹੀਂ ਦੇਖਿਆ। ਤੂੰ ਦੀਪਾਂ, ਸਾਰੇ ਭਵਨਾਂ ਵਿਚ ਅਤੇ ਪਤਾਲਾਂ ਵਿਚ ਵਿਆਪ ਰਿਹਾ ਹੈਂ। ਤੂੰ ਸਭਨੀਂ ਥਾਈਂ ਭਾਵ ਕਣ-ਕਣ ਵਿਚ ਸਮਾਇਆ ਹੋਇਆ ਹੈਂ। ਹੇ ਸਦਾ ਥਿਰ ਰਹਿਣ ਵਾਲੇ ਪ੍ਰਭੂ, ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

'ਸੂਖਮ' ਵਿਚ ਹੈ ਸ਼ਖ਼ਸੀਅਤ ਵਿਕਾਸ ਦੀ ਅਸਲ ਤਾਕਤ

ਯੋਗ ਸ਼ਾਸਤਰ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਅਜਿਹੇ ਨਿਯਮਾਂ ਨੂੰ ਲੱਭ ਲਿਆ ਹੈ, ਜਿਸ ਰਾਹੀਂ ਸ਼ਖ਼ਸੀਅਤ ਦਾ ਵਿਕਾਸ ਕੀਤਾ ਜਾ ਸਕਦਾ ਹੈ। ਅਜਿਹੇ ਨਿਯਮਾਂ ਵੱਲ ਅਤੇ ਉਪਾਵਾਂ ਵੱਲ ਠੀਕ-ਠਾਕ ਧਿਆਨ ਦੇ ਕੇ ਮਨੁੱਖ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ ਅਤੇ ਉਸ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ। ਵਿਵਾਰਕਾਂ ਗੱਲਾਂ ਵਿਚੋਂ ਇਹ ਵੀ ਇਕ ਹੈ ਅਤੇ ਸਾਰੀ ਸਿੱਖਿਆ ਦਾ ਭੇਵ ਵੀ ਹੈ। ਇਸ ਦੀ ਉਪਯੋਗਤਾ ਸਰਬ-ਦਿਸ਼ਾਵੀਂ ਹੈ। ਭਾਵੇਂ ਪਰਿਵਾਰ ਹੋਵੇ, ਗਰੀਬ, ਅਮੀਰ, ਵਪਾਰੀ ਜਾਂ ਧਾਰਮਿਕ, ਸਾਰਿਆਂ ਦੇ ਜੀਵਨ ਵਿਚ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੀ ਮਹੱਤਵ ਦੀ ਇਕ ਗੱਲ ਹੈ। ਅਜਿਹੇ ਕਈ ਸੂਖ਼ਮ ਨਿਯਮ ਹਨ, ਜੋ ਭੌਤਿਕ ਨਿਯਮਾਂ ਤੋਂ ਪਰੇ ਹਨ ਭਾਵ ਭੌਤਿਕ ਜਗਤ, ਮਾਨਸਿਕ ਜਾਂ ਅਧਿਆਤਮਕ ਜਗਤ ਵਰਗੀਆਂ ਕੋਈ ਸੁਤੰਤਰ ਸੱਤਾ/ਗੱਦੀ ਨਹੀਂ ਹੈ, ਜੋ ਕੁਝ ਹੈ, ਸਭ ਇਕ ਤੱਤ ਹੈ। ਇੰਜ ਕਹੀਏ ਕਿ ਇਕ ਸ਼ੰਕੂ ਆਕਾਰ ਦੀ ਵਸਤੂ ਹੈ ਜੋ ਆਧਾਰ ਤੋਂ ਬਹੁਤ ਮੋਟੀ ਅਤੇ ਸਥੂਲ ਹੈ। ਜਿਵੇਂ-ਜਿਵੇਂ ਇਸ ਦੀ ਉਚਾਈ ਵਧਦੀ ਹੈ, ਇਹ ਪਤਲੀ ਅਤੇ ਸੂਖਮ ਹੁੰਦੀ ਜਾਂਦੀ ਹੈ। ਇਸ ਸੂਖਮ ਨੂੰ ਹੀ ਆਤਮਾ ਕਹਿੰਦੇ ਹਨ ਅਤੇ ਸਥੂਲ ਨੂੰ ਸਰੀਰ। ਜੋ ਕੁਝ ਇਕ ਅਣੂ ਵਿਚ ਹੈ, ਉਹ ਹੀ ਬ੍ਰਹਿਮੰਡ ਵਿਚ ਹੈ। ਸਾਰੀ ਦੁਨੀਆ ਠੀਕ ਇਸੇ ਤਰ੍ਹਾਂ ਹੈ। ਬ੍ਰਹਿਮੰਡ ਦੀਆਂ ਵਿਸ਼ਾਲ ਵਸਤਾਂ ਤਾਂ ਅਸੀਂ ਦੇਖ ਸਕਦੇ ਹਾਂ ਪਰ ਅਣੂ ਜਾਂ ਪ੍ਰਮਾਣੂ ਨੂੰ ਨਹੀਂ। ਇਸੇ ਤਰ੍ਹਾਂ ਸਥੂਲ ਸਰੀਰ ਨੂੰ ਤਾਂ ਦੇਖ ਸਕਦੇ ਹਾਂ ਪਰ ਸੂਖਮ ਤੱਤ ਆਤਮਾ ਨੂੰ ਨਹੀਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪੰਜਾਬ ਵਿਚ ਇਤਿਹਾਸ ਸੰਭਾਲਣ ਦੇ ਯਤਨ ਕਿਵੇਂ ਆਰੰਭ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਤਿਹਾਸਕ ਕਾਰਜਾਂ ਅਤੇ ਇਤਿਹਾਸ ਦੀ ਸੰਭਾਲ ਤਹਿਤ ਹੋਂਦ ਵਿਚ ਆਈ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਜਲਦ ਹੀ (ਲਗਪਗ 1950) ਸ੍ਰੀ ਹਰਿਮੰਦਰ ਸਾਹਿਬ ਦੇ ਆਟਾ ਮੰਡੀ ਬਾਜ਼ਾਰ ਵੱਲ ਪੈਂਦੇ ਮੁੱਖ ਦੁਆਰ ਉੱਪਰ ਬਣੇ 'ਭਾਈ ਸੰਤੋਖ ਸਿੰਘ ਹਾਲ' ਵਿਖੇ ਸਥਾਪਿਤ ਕੀਤੀ ਗਈ, ਜਿਥੇ ਅੱਜ ਤੱਕ ਸਥਾਪਿਤ ਹੈ। 'ਸਿੱਖ ਇਤਿਹਾਸ ਰੀਸਰਚ ਬੋਰਡ' ਵੀ ਇਸੇ ਇਮਾਰਤ ਵਿਚ ਆਪਣੇ ਖੋਜ ਕਾਰਜ ਕਰ ਰਿਹਾ ਹੈ। ਡਾ: ਗੰਡਾ ਸਿੰਘ, ਸ: ਰਣਧੀਰ ਸਿੰਘ ਅਤੇ ਸ: ਸ਼ਮਸ਼ੇਰ ਸਿੰਘ ਅਸ਼ੋਕ ਇਤਿਹਾਸਕ ਖੋਜੀ ਵਿਦਵਾਨਾਂ ਨੇ ਇਸ ਲਾਇਬ੍ਰੇਰੀ ਅਤੇ ਇਤਿਹਾਸ ਬੋਰਡ ਦੇ ਭੰਡਾਰ ਲਈ ਜਿਥੋਂ ਕਿਤਿਓਂ ਵੀ ਕਿਸੇ ਦੁਰਲੱਭ ਪੋਥੀ, ਖਰੜੇ ਜਾਂ ਕਿਤਾਬ ਦੀ ਜਾਣਕਾਰੀ ਮਿਲਦੀ, ਉਥੇ ਜਾ ਪਹੁੰਚ ਕੀਤੀ ਅਤੇ ਅਨਮੋਲ ਖ਼ਜ਼ਾਨਾ ਇਕੱਤਰ ਕੀਤਾ। 'ਸਿੱਖ ਹਿਸਟਰੀ ਸੁਸਾਇਟੀ' ਦੀ 1950 ਵਿਚ ਛਪੀ ਪੁਸਤਕ-ਸੂਚੀ ਅਨੁਸਾਰ 1950 ਈ: ਦੇ ਸਮੇਂ ਲਾਇਬ੍ਰੇਰੀ ਵਿਖੇ 2335 ਪੰਜਾਬੀ ਪੁਸਤਕਾਂ, 1548 ਅੰਗਰੇਜ਼ੀ ਪੁਸਤਕਾਂ ਤੋਂ ਇਲਾਵਾ ਆਸਾਮੀ, ਹਿੰਦੀ, ਉਰਦੂ, ਫ਼ਾਰਸੀ, ਸਿੰਧੀ, ਬੰਗਾਲੀ ਪੁਸਤਕਾਂ ਉਪਲਬਧ ਸਨ।
'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਅਨੁਸਾਰ 1968 ਸਮੇਂ ਇਥੇ 382 ਹੱਥ-ਲਿਖਤਾਂ ਮੌਜੂਦ ਸਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਦੁਆਰਾ ਜਾਰੀ ਕੀਤੇ ਹੁਕਮਨਾਮੇ, 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤ ਬੀੜਾਂ ਵੀ ਸ਼ਾਮਿਲ ਸਨ। ਸਿੱਖ ਇਤਿਹਾਸ ਸਬੰਧੀ ਵੱਡੀ ਮਾਤਰਾ ਵਿਚ ਜਮ੍ਹਾਂ ਦੁਰਲੱਭ ਖ਼ਜ਼ਾਨਾ ਅਤੇ ਤਾਰੀਖ਼ੀ ਰਿਕਾਰਡ ਨੂੰ ਜੂਨ, 1984 ਦੇ ਖੂਨੀ ਸਾਕੇ ਵੇਲੇ ਇਸ ਲਾਇਬ੍ਰੇਰੀ ਵਿਚੋਂ ਫੌਜ ਲੈ ਗਈ ਅਤੇ ਇਸ ਦਾ ਬਹੁਤ ਥੋੜ੍ਹਾ ਹਿੱਸਾ ਵਾਪਸ ਕੀਤਾ ਗਿਆ। ਕੁਝ ਪੁਸਤਕਾਂ ਤੇ ਇਤਿਹਾਸਕ ਰਿਕਾਰਡ ਸਾੜੇ ਜਾਣ ਤੇ ਖੁਰਦ-ਬੁਰਦ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਸ ਤਬਾਹੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਸਾਰਾ ਰਿਕਾਰਡ ਸੜ ਗਿਆ, ਜਿਸ ਵਿਚੋਂ ਬਹੁਤ ਕੁਝ ਕੌਮੀ ਪੱਧਰ 'ਤੇ ਇਤਿਹਾਸ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਸੀ। ਇਥੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨਾਲ ਸਬੰਧਿਤ ਰਿਕਾਰਡ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬਹੁਤ ਮਹੱਤਵਪੂਰਨ ਦਸਤਾਵੇਜ਼ ਵੀ ਸਨ। ਭਾਵੇਂ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਪੁਨਰਗਠਨ ਕੀਤਾ ਗਿਆ, ਪਰ ਜੋ ਦੁਰਲੱਭ ਖ਼ਜ਼ਾਨਾ ਨਸ਼ਟ ਹੋ ਗਿਆ, ਉਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਲਾਇਬ੍ਰੇਰੀ ਦੇ ਪੁਨਰਗਠਨ ਲਈ ਨਿਰੰਤਰ ਇਸ਼ਤਿਹਾਰਾਂ, ਸੰਸਥਾਵਾਂ ਅਤੇ ਵਿਅਕਤੀਆਂ ਦੇ ਸਹਿਯੋਗ ਰਾਹੀਂ ਪੁਸਤਕਾਂ ਅਤੇ ਖਰੜੇ ਇਕੱਤਰ ਕੀਤੇ ਗਏ ਹਨ ਅਤੇ ਨਿਰੰਤਰ ਕੀਤੇ ਜਾ ਰਹੇ ਹਨ। ਬਹੁਤ ਸਾਰੇ ਵਿਦਵਾਨਾਂ ਵਲੋਂ ਆਪਣੀਆਂ ਨਿੱਜੀ ਲਾਇਬ੍ਰੇਰੀਆਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਗਈਆਂ ਹਨ।
ਇਸ ਸਮੇਂ ਲਾਇਬ੍ਰੇਰੀ ਵਿਖੇ 24000 ਤੋਂ ਉੱਪਰ ਕਿਤਾਬਾਂ ਪੰਜਾਬੀ, ਅੰਗਰੇਜ਼ੀ, ਉਰਦੂ, ਫ਼ਾਰਸੀ, ਹਿੰਦੀ, ਗੁਜਰਾਤੀ, ਤੇਲਗੂ ਆਦਿ ਭਾਸ਼ਾਵਾਂ ਵਿਚ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 530 ਸਰੂਪ ਅਤੇ 1200 ਦੇ ਕਰੀਬ ਹੋਰ ਹੱਥ-ਲਿਖਤ ਪੋਥੀਆਂ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਸੁਨਹਿਰੀ ਬੀੜ ਅਤੇ ਇਕ ਸੂਖਮ ਸਰੂਪ ਵੀ ਇਸ ਲਾਇਬ੍ਰੇਰੀ ਵਿਖੇ ਸੁਸ਼ੋਭਿਤ ਹੈ। ਲੰਬੇ ਸਮੇਂ ਤੋਂ ਪਈਆਂ ਵੱਖ-ਵੱਖ ਪੁਰਾਤਨ ਅਖ਼ਬਾਰਾਂ ਇਥੇ ਸੁਚੱਜੇ ਢੰਗ ਨਾਲ ਆਪਟੀਮਾਇਜ਼ਰ ਵਿਚ ਸੰਭਾਲ ਤਹਿਤ ਰੱਖੀਆਂ ਹਨ। ਇਥੇ ਪ੍ਰਾਪਤ ਪੁਰਾਤਨ ਅਖ਼ਬਾਰਾਂ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖੀਆਂ ਹਨ। ਇਸ ਲਾਇਬ੍ਰੇਰੀ ਵਿਖੇ 245 ਫੋਟੋ ਐਲਬਮ ਮੌਜੂਦ ਹਨ, ਜੋ ਕਿ ਧਰਮ ਯੁੱਧ ਮੋਰਚਿਆਂ, ਹੋਰ ਅਕਾਲੀ ਮੋਰਚਿਆਂ ਅਤੇ ਸ਼ਤਾਬਦੀਆਂ ਨਾਲ ਸਬੰਧਿਤ ਹਨ।
ਲਾਇਬ੍ਰੇਰੀ ਵਿਖੇ ਸਿੱਖ ਇਤਿਹਾਸ ਤੇ ਸਾਹਿਤ ਸਬੰਧੀ ਅਨੇਕਾਂ ਮੈਗਜ਼ੀਨਾਂ ਵੀ ਉਪਲਬਧ ਹਨ, ਜੋ ਖੋਜੀਆਂ ਲਈ ਲਾਭਦਾਇਕ ਸਾਬਤ ਹੁੰਦੇ ਹਨ। ਸਮੁੱਚੇ ਅਨਮੋਲ ਖ਼ਜ਼ਾਨੇ ਦੀ ਸੰਭਾਲ, ਟਰੀਟਮੈਂਟ ਅਤੇ ਪ੍ਰੀਜ਼ਰਵ ਕਰਨ ਲਈ ਇਥੇ ਸਥਿਤ ਫਿਊਮੀਗੇਸ਼ਨ ਚੈਂਬਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਖਜ਼ਾਨੇ ਦਾ ਡਿਜੀਟਾਈਜੇਸ਼ਨ ਕਾਰਜ ਵੀ ਲਗਾਤਾਰ ਮੌਜੂਦਾ ਇੰਚਾਰਜ ਬਗੀਚਾ ਸਿੰਘ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਇੰਚਾਰਜ ਵਜੋਂ ਸੇਵਾ ਨਿਭਾਅ ਚੁੱਕੀਆਂ ਸ਼ਖ਼ਸੀਅਤਾਂ ਵਿਚ ਸ: ਰਣਧੀਰ ਸਿੰਘ (ਡੂਮਛੇੜੀ), ਸ: ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਜੰਗ ਸਿੰਘ, ਸ: ਅਜੀਤ ਸਿੰਘ ਅੰਬਾਲਵੀ, ਸ: ਸੁਰਜੀਤ ਸਿੰਘ, ਸ: ਜਸਮਿੱਤਰ ਸਿੰਘ, ਸ: ਗੁਰਮੁਖ ਸਿੰਘ, ਸ: ਦਵਿੰਦਰ ਸਿੰਘ ਵਿਦਿਆਰਥੀ, ਸ: ਸਰਮੁਖ ਸਿੰਘ ਅਮੋਲ, ਸ: ਦਵਿੰਦਰ ਸਿੰਘ ਦੁੱਗਲ, ਸ: ਜਸਬੀਰ ਸਿੰਘ ਸਾਬਰ, ਸ: ਸਤਨਾਮ ਸਿੰਘ, ਸ: ਹਰਭਜਨ ਸਿੰਘ, ਸ: ਅਨੂਪ ਸਿੰਘ, ਸ: ਬਲਕਾਰ ਸਿੰਘ, ਸ: ਮਹਿੰਦਰ ਸਿੰਘ, ਡਾ: ਰੂਪ ਸਿੰਘ (ਮੁੱਖ ਸਕੱਤਰ), ਸ: ਤਰਲੋਚਨ ਸਿੰਘ, ਸ: ਸੁਲੱਖਣ ਸਿੰਘ, ਸ: ਹਰਭਜਨ ਸਿੰਘ, ਸ: ਇਕਬਾਲ ਸਿੰਘ, ਸ: ਬਲਵਿੰਦਰ ਸਿੰਘ ਜੌੜਾਸਿੰਘਾ (ਸਕੱਤਰ), ਸ: ਗੁਰਬਚਨ ਸਿੰਘ (ਮੀਤ-ਸਕੱਤਰ), ਸ: ਹਰਦੀਪ ਸਿੰਘ, ਸ: ਰਾਮ ਸਿੰਘ, ਸ: ਭੁਪਿੰਦਰ ਸਿੰਘ, ਸ: ਸੁਖਦੇਵ ਸਿੰਘ ਤੇ ਡਾ: ਜੋਗੇਸ਼ਵਰ ਸਿੰਘ ਆਦਿ ਦੇ ਨਾਂਅ ਪ੍ਰਮੁੱਖ ਹਨ।
ਡਾ: ਅਨੁਰਾਗ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ: ਰੂਪ ਸਿੰਘ ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਬਤੌਰ ਡਾਇਰੈਕਟਰ ਸੇਵਾ ਨਿਭਾਅ ਚੁੱਕੇ ਹਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਸਮੁੱਚਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯਤ ਕੀਤੇ ਬੋਰਡ ਦੇ ਮੈਂਬਰਾਂ ਦੀ ਅਗਵਾਈ ਅਨੁਸਾਰ ਚੱਲ ਰਿਹਾ ਹੈ। ਬੋਰਡ ਦੇ ਮੈਂਬਰਾਂ ਵਜੋਂ ਪ੍ਰੋ: ਪ੍ਰਭਜੋਤ ਕੌਰ, ਡਾ: ਬਲਵੰਤ ਸਿੰਘ ਢਿੱਲੋਂ, ਡਾ: ਪਰਮਵੀਰ ਸਿੰਘ, ਸ: ਹਰਵਿੰਦਰ ਸਿੰਘ ਖ਼ਾਲਸਾ ਸੇਵਾਵਾਂ ਨਿਭਾਅ ਰਹੇ ਹਨ। ਸਿੱਖ ਇਤਿਹਾਸ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਵਲੋਂ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। (ਸਮਾਪਤ)


-ਰੀਸਰਚ ਸਕਾਲਰ ਸਿੱਖ ਇਤਿਹਾਸ ਰੀਸਰਚ ਬੋਰਡ,
ਸ੍ਰੀ ਅੰਮ੍ਰਿਤਸਰ।
simran.sidhu662@gmail.com

ਜਨਮ ਦਿਹਾੜੇ 'ਤੇ ਵਿਸ਼ੇਸ਼

ਗੁਰ ਸ਼ਬਦ ਵਿਚ ਰੰਗੀ ਆਤਮਾ ਭਾਈ ਰਣਧੀਰ ਸਿੰਘ

ਭਾਈ ਰਣਧੀਰ ਸਿੰਘ ਦਾ ਜਨਮ 7 ਜੁਲਾਈ, 1878 ਈ: ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਨੱਥਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਪੰਜਾਬ ਕੌਰ ਦੀ ਕੁੱਖ ਤੋਂ ਹੋਇਆ। ਆਪ ਨੇ ਮੁਢਲੀ ਸਿੱਖਿਆ ਨਾਭੇ ਤੋਂ ਹਾਸਲ ਕੀਤੀ। ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਲਿਆ। ਕਾਲਜ ਪੜ੍ਹਦਿਆਂ ਹੀ ਗੁਰਬਾਣੀ ਅਤੇ ਗੁਰਸ਼ਬਦ ਦੀ ਰੰਗਣ ਵਿਚ ਰੰਗੇ ਗਏ। 22 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਕਰਕੇ ਅਜੇ ਜੀਵਨ ਦਾ ਸਫਰ ਆਰੰਭ ਕਰਨਾ ਸੀ ਕਿ ਪੰਜਾਬ ਵਿਚ ਪਲੇਗ ਵਰਗੀ ਭਿਆਨਕ ਬਿਮਾਰੀ ਫੈਲ ਗਈ। 1902 ਈ: ਵਿਚ ਪਲੇਗ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਅੰਗਰੇਜ਼ ਸਰਕਾਰ ਨੇ ਇੰਗਲੈਂਡ ਤੋਂ ਆਏ ਡਾਕਟਰ ਫਿਸ਼ਰ ਨਾਲ ਭਾਈ ਸਾਹਿਬ ਦੀ ਨਾਇਬ-ਤਹਿਸੀਲਦਾਰ ਵਜੋਂ ਨਿਯੁਕਤੀ ਕੀਤੀ। ਇਸ ਤੋਂ ਛੇਤੀ ਪਿੱਛੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਸਰਬਲੋਹ ਦੇ ਧਾਰਨੀ ਬਣ ਕੇ ਬਿਬੇਕੀ ਜੀਵਨ ਆਰੰਭ ਕਰ ਦਿੱਤਾ। ਇਸ ਤੋਂ ਪਿੱਛੋਂ ਕੁਝ ਸਮਾਂ ਐਬਟਾਬਾਦ (ਪਾਕਿਸਤਾਨ) ਵਿਖੇ ਹੈੱਡ ਕਲਰਕ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ। ਪਰ ਆਪ ਦੇ ਹਿਰਦੇ ਵਿਚ ਸਿੱਖ ਧਰਮ ਲਈ ਅਥਾਹ ਪ੍ਰੇਮ ਸੀ। ਉਹ ਨਹੀਂ ਸੀ ਚਾਹੁੰਦੇ ਕਿ ਸਿੱਖ ਸਰਦਾਰ ਅੰਗਰੇਜ਼ ਸਰਕਾਰ ਦੇ ਹੱਥਾਂ ਵਿਚ ਖੇਡਣ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਲਈ ਕਮਰਕੱਸਾ ਕਰ ਲਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਅਵਸਰ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨੇੜੇ ਹੋਣ ਵਾਲੇ ਨਾਚ-ਗਾਣੇ ਤੇ ਮੁਜਰੇ ਬੰਦ ਕਰਵਾਏ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਮੁਕਤੀ ਦਿਵਾਈ। 1914 ਈ: ਵਿਚ ਅੰਗਰੇਜ਼ ਹਕੂਮਤ ਵੱਲੋਂ ਵਾਇਸਰਾਏ ਭਵਨ ਦੇ ਵਿਸਥਾਰ ਲਈ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਗੁ: ਸ੍ਰੀ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹੇ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਨਿਹੱਥੇ ਮੁਸਾਫਿਰਾਂ ਉੱਪਰ ਗੋਲੀ ਚਲਾਉਣ ਦੀ ਘਟਨਾ ਤੋਂ ਪਿੱਛੋਂ ਭਾਈ ਸਾਹਿਬ ਨੇ ਹਕੂਮਤ ਨਾਲ ਸਿੱਧੀ ਟੱਕਰ ਲੈਣ ਲਈ ਤਿਆਰੀ ਆਰੰਭ ਕੀਤੀ। ਦੇਸ਼ ਭਗਤਾਂ ਨਾਲ ਫਿਰੋਜ਼ਪੁਰ ਛਾਉਣੀ 'ਤੇ ਹਮਲਾ ਕਰਨ ਅਤੇ ਲਾਹੌਰ ਸਾਜ਼ਿਸ਼ ਕੇਸ ਵਿਚ ਆਪ ਨੂੰ ਗ੍ਰਿਫਤਾਰ ਕਰਕੇ 30 ਮਾਰਚ 1916 ਨੂੰ ਆਪ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਾਈ ਸਾਹਿਬ ਨੇ ਜੇਲ੍ਹ ਯਾਤਰਾ ਦੌਰਾਨ 42 ਦੇ ਲਗਭਗ ਪੁਸਤਕਾਂ ਗੁਰਮਤਿ ਸਾਹਿਤ ਦੀ ਝੋਲੀ ਵਿਚ ਪਾਈਆਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਪੰਥ ਦੀ ਅਜਿਹੀ ਰੰਗਰੱਤੜੀ ਆਤਮਾ ਸਨ, ਜੋ ਸੱਚਖੰਡ ਪਿਆਨੇ ਤੱਕ ਲਗਾਤਾਰ ਸਿੱਖ ਹਿਤਾਂ ਲਈ ਕਾਰਜਸ਼ੀਲ ਰਹੇ। 83 ਸਾਲ ਦੀ ਉਮਰ ਭੋਗ ਕੇ ਆਪ 16 ਅਪ੍ਰੈਲ 1961 ਨੂੰ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋ ਗਏ।


bhagwansinghjohal@gmail.com

ਪਾਵਨ ਗੁਫ਼ਾ ਬਾਬਾ ਬਰਫ਼ਾਨੀ ਸ੍ਰੀ ਅਮਰਨਾਥ

ਪ੍ਰਕਿਰਤੀ ਅਤੇ ਆਸਥਾ ਦੇ ਸੰਗਮ, ਪਾਵਨ ਗੁਫ਼ਾ ਬਾਬਾ ਬਰਫ਼ਾਨੀ ਸ੍ਰੀ ਅਮਰਨਾਥ, ਧਰਤੀ ਦੇ ਸਵਰਗ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ਤੋਂ 48 ਕਿੱਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਚਾਰੇ ਪਾਸੇ ਬਰਫ ਦੀ ਚਾਦਰ ਲਪੇਟੀ ਹਿਮਾਲਿਆ ਦੀ ਚੋਟੀ ਅਤੇ ਠੰਢੀਆਂ ਹਵਾਵਾਂ 'ਚ 'ਬਮ ਬਮ ਬਾਬਾ ਭੋਲੇ ਨਾਥ...' ਦੇ ਜੈਕਾਰਿਆਂ ਦੀ ਗੂੰਜ ਅਮਰਨਾਥ ਯਾਤਰਾ ਨੂੰ ਸ਼ਰਧਾਮਈ ਬਣਾਉਂਦੀ ਹੈ। ਇਸ ਪਾਵਨ ਗੁਫ਼ਾ ਸ੍ਰੀ ਅਮਰਨਾਥ 'ਚ ਸ਼ਰਧਾਲੂ ਹਰ ਸਾਲ ਬਣਨ ਵਾਲੇ ਕੁਦਰਤੀ ਹਿਮ ਸ਼ਿਵ ਲਿੰਗ ਦੀ ਪੂਜਾ ਅਰਚਨਾ ਕਰਦੇ ਹਨ। ਇਸ ਵਾਰ ਇਹ ਯਾਤਰਾ 29 ਜੂਨ ਤੋਂ 26 ਅਗਸਤ (ਰੱਖੜ ਪੁੰਨਿਆ) ਤੱਕ 48 ਦਿਨ ਚੱਲੇਗੀ। ਸ੍ਰੀ ਅਮਰਨਾਥ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਬੇਸ ਕੈਂਪ ਪਹਿਲਗਾਮ ਜਾਂ ਬਾਲਟਾਲ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰਾਚੀਨ ਕਥਾ ਅਨੁਸਾਰ ਭੋਲੇ ਨਾਥ ਨੇ ਇਸ ਪਾਵਨ ਗੁਫ਼ਾ ਵਿਚ ਮਾਤਾ ਪਾਰਵਤੀ ਨੂੰ ਅਮਰ ਹੋਣ ਦਾ ਰਹੱਸ ਦੱਸਿਆ ਸੀ। ਇਹ ਅਮਰ ਕਥਾ ਗੁਫ਼ਾ 'ਚ ਰਹਿੰਦੇ ਕਬੂਤਰਾਂ ਦੇ ਜੋੜੇ ਨੇ ਵੀ ਸੁਣ ਲਈ ਸੀ। ਉਹ ਵੀ ਅਮਰ ਹੋ ਗਏ। ਅੱਜ ਵੀ ਕਦੇ-ਕਦੇ ਕਬੂਤਰਾਂ ਦਾ ਉਹ ਜੋੜਾ ਗੁਫ਼ਾ ਵਿਚ ਵਿਖਾਈ ਦਿੰਦਾ ਹੈ। ਗੁਫ਼ਾ ਤੱਕ ਪੁੱਜਣ ਲਈ ਦੋ ਰਸਤੇ ਹਨ ਪਰ ਰਵਾਇਤੀ ਯਾਤਰਾ ਮਾਰਗ ਪਹਿਲਗਾਮ ਤੋਂ ਚੰਦਨਵਾੜੀ, ਪਿਸੂ ਘਾਟੀ, ਸ਼ੇਸ਼ਨਾਗ ਤੇ ਪੰਜ ਤਰਨੀ ਹੁੰਦਾ ਹੋਇਆ ਹੈ। ਦੂਸਰਾ ਰਸਤਾ ਬਾਲਟਾਲ ਤੋਂ ਗੁਫ਼ਾ ਤੱਕ ਦੀ ਦੂਰੀ 18 ਕਿੱਲੋਮੀਟਰ ਹੈ।
ਬੇਸ ਕੈਂਪ ਪਹਿਲਗਾਮ ਤੋਂ ਯਾਤਰੀ 16 ਕਿੱਲੋਮੀਟਰ ਸਫਰ ਕਰ ਚੰਦਨਵਾੜੀ ਪਹੁੰਚਦੇ ਹਨ। ਭੋਲੇ ਸ਼ੰਕਰ ਨੇ ਇਥੇ ਆਪਣੇ ਮੱਥੇ ਦਾ ਚੰਦਨ ਛੱਡਿਆ ਸੀ। ਚੰਦਨਵਾੜੀ ਤੋਂ 3 ਕਿੱਲੋਮੀਟਰ ਪਿੱਸੂ ਘਾਟੀ ਹੈ। ਇਥੇ ਦੇਵਤਿਆਂ, ਰਾਖਸ਼ਾਂ ਨੂੰ ਮਾਰ ਕੇ ਉਨ੍ਹਾਂ ਦਾ ਚੂਰਨ ਬਣਾ ਛੱਡਿਆ ਸੀ, ਜਿਹੜਾ ਚੋਟੀ ਦਾ ਰੂਪ ਧਾਰ ਭਾਵ ਪਿਸੂ ਟੌਪ ਬਣ ਗਿਆ। ਪਿਸੂ ਟੌਪ ਤੋਂ ਯਾਤਰੀ 9 ਕਿੱਲੋਮੀਟਰ ਦੂਰੀ ਤੈਅ ਕਰ ਸ਼ੇਸ਼ਨਾਗ ਪੁੱਜਦੇ ਹਨ। ਸ਼ੇਸ਼ਨਾਗ ਤੋਂ ਪੰਜ ਤਰਨੀ 14 ਕਿੱਲੋਮੀਟਰ ਹੈ। ਇਥੋਂ ਯਾਤਰੂ ਸੰਗਮ ਘਾਟੀ ਹੁੰਦੇ ਹੋਏ 6 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਪਾਵਨ ਗੁਫ਼ਾ ਤੱਕ ਪਹੁੰਚਦੇ ਹਨ। ਬਾਲਟਾਲ ਤੋਂ ਪਾਵਨ ਗੁਫ਼ਾ ਤੱਕ ਦਾ 18 ਕਿਲੋਮੀਟਰ ਰਸਤਾ ਤੰਗ ਤੇ ਚੜ੍ਹਾਈ ਵਾਲਾ ਹੈ। ਪਾਵਨ ਗੁਫ਼ਾ ਤੱਕ ਪਹੁੰਚਣ ਤੋਂ ਪਹਿਲਾਂ ਸ਼ਰਧਾਲੂ ਅਮਰਾਵਤੀ ਨਦੀ ਵਿਚ ਇਸ਼ਨਾਨ ਕਰਦੇ ਹਨ। ਫਿਰ ਗੁਫ਼ਾ'ਚ ਸ਼ਿਵਲਿੰਗ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਦੇ ਹਨ। ਰਸਤੇ ਵਿਚ ਲੰਗਰ ਤੇ ਡਾਕਟਰੀ ਸਹਾਇਤਾ ਕੈਂਪ ਲਗਾਏ ਜਾਂਦੇ ਹਨ। ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਪਾਵਨ ਗੁਫ਼ਾ ਬਾਬਾ ਬਰਫਾਨੀ ਸ੍ਰੀ ਅਮਰਨਾਥ ਯਾਤਰਾ ਸਮਾਪਤ ਹੁੰਦੀ ਹੈ।


-ਪਿੰਡ ਪ੍ਰੀਤਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਧਾਰਮਿਕ ਸਾਹਿਤ

ਗੁਰਮਤਿ ਅੰਕੜਾ ਕੋਸ਼
ਲੇਖਕ : ਘੀਲਾ ਸਿੰਘ ਗਹਿਰੀ ਬੁੱਟਰ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।
ਕੀਮਤ : 300 ਰੁਪਏ ਸਫ਼ੇ : 192
ਸੰਪਰਕ : 0183-5011003


ਘੀਲਾ ਸਿੰਘ ਗਹਿਰੀ ਬੁੱਟਰ ਨੇ ਧਾਰਮਿਕ ਖੇਤਰ ਵਿਚ ਇਕ ਅਸਲੋਂ ਹੀ ਨਵੇਂ ਨਿਵੇਕਲੇ ਵਿਸ਼ੇ ਉੱਤੇ ਪੁਸਤਕ ਰਚਨਾ ਕੀਤੀ ਹੈ। ਇਹ ਅਣਛੋਹਿਆ ਵਿਸ਼ਾ ਹੈ। ਇਸ ਵਾਰਤਕ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਖੋਜ ਭਰਪੂਰ ਲੇਖ ਹਨ। ਇਹ ਪੁਸਤਕ ਗੁਰਬਾਣੀ ਵਿਚ ਆਉਂਦੇ ਅੰਕੜਾ ਸ਼ਬਦਾਂ ਦੇ ਵੇਰਵਿਆਂ ਦੇ ਸਹੀ ਅਰਥਾਂ ਬਾਰੇ ਕੀਮਤੀ ਜਾਣਕਾਰੀ ਦਿੰਦੀ ਹੈ। ਪੁਸਤਕ ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਆਉਂਦੇ ਅੰਕੜਿਆਂ ਸਬੰਧੀ ਸ਼ਬਦਾਂ ਦੀ ਭਾਵਪੂਰਤ ਵਿਆਖਿਆ ਪ੍ਰਸਤੁਤ ਕਰਦੀ ਹੈ। ਸਿੱਖ ਧਰਮ ਤੋਂ ਇਲਾਵਾ ਹਿੰਦੂ ਧਰਮ ਦੇ ਵੇਦ ਸ਼ਾਸਤਰਾਂ, ਸਿਮ੍ਰਤੀਆਂ, ਪੁਰਾਣਾਂ, ਇਸਲਾਮ ਦੇ ਫਿਰਕਿਆਂ, ਯੋਗਾਸਣਾਂ ਅਤੇ ਯੋਗ ਅੰਗਾਂ ਦੀ ਵਿਆਖਿਆ ਵੀ ਕੀਤੀ ਗਈ ਹੈ।
ਪੁਸਤਕ ਦੀ ਆਰੰਭਤਾ ਮੰਗਲਾਚਰਨ ਨਾਲ ਹੁੰਦੀ ਹੈ। ਮੰਗਲਾਚਰਨ ਦਸਮ ਪਾਤਸ਼ਾਹ ਵਲੋਂ ਰਚਿਤ ਚੰਡੀ ਦੀ ਵਾਰ ਵਿਚੋਂ ਹੈ। ਘੀਲਾ ਸਿੰਘ ਨੇ ਪੁਸਤਕ ਵਿਚ 84 ਲੱਖ ਜੂਨਾਂ ਦੇ ਨਾਂਅ ਤੱਕ ਦੇ ਅੰਕੜਿਆਂ ਦੇ ਅਰਥ ਕੀਤੇ ਹਨ। ਪੁਸਤਕ ਵਿਚੋਂ ਕੁਝ ਟੂਕਾਂ-ਦੋ ਹਉਮੈ (ਤੇਰ ਮੇਰ), ਦੋ ਭਾਉ (ਪ੍ਰਭੂ ਪ੍ਰੇਮ, ਸੰਸਾਰਕ ਪ੍ਰੇਮ), ਤ੍ਰੈ ਗੁਣ (ਰਜੋ, ਤਮੋ, ਸਤੋ), ਚਾਰ ਖਾਣੀਆਂ, ਚਾਰ ਵੇਦ, ਅੱਠ ਸਿੱਧੀਆਂ, ਨੌਂ ਪ੍ਰਕਾਰ ਦੀ ਭਗਤੀ, ਤੇਰਾਂ ਤਾਲਾਂ, ਚੌਦਾਂ ਭਵਨਾਂ, ਬਾਰਾਂ ਮਹੀਨਿਆਂ, ਸੋਲਾਂ ਸ਼ਿੰਗਾਰਾਂ, ਚੌਬੀਸ ਅਵਤਾਰ, ਰਾਗ ਮਾਲਾ ਦੇ ਰਾਗ ਰਾਗਣੀਆਂ ਸਮੇਤ ਹਰੇਕ ਨੁਕਤੇ ਬਾਰੇ ਸਾਰਥਕ, ਠੋਸ ਅਤੇ ਗੁਰਬਾਣੀ ਆਧਾਰਿਤ ਜਾਣਕਾਰੀ ਹੈ। ਪੁਸਤਕ ਬਾਲਕਾਂ ਨੂੰ ਸਿੱਖੀ ਫ਼ਲਸਫ਼ਾ ਸਮਝਾਉਣ ਲਈ ਬੜੀ ਕਾਰਗਰ ਹੈ।
ਸਮੇਂ ਅਤੇ ਭਾਰ ਦੇ ਪੈਮਾਨੇ, ੴ, ਦੋ ਹਉਮੈ, ਦੋ ਦੀਵੇ, ਤਿੰਨ ਸਰੀਰ, ਤਿੰਨ ਚੇਲੇ, ਤ੍ਰਿਕੁਟੀ, ਤਿੰਨ ਲੋਕ (ਭਵਣਾਂ) ਬਾਰੇ ਨਿਗਰ ਵਿਆਖਿਆ ਹੈ।
ਸਾਚੇ ਤੇ ਪਵਨਾ ਭਟਿਆ, ਪਵਨੈ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ, ਘਟਿ ਘਟਿ ਜੋਤਿ ਸਮੋਇ॥ (ਦੇਵ ਲੋਕ, ਮਾਤ ਲੋਕ, ਪਾਤਾਲ ਲੋਕ) (ਪੰਨਾ 35)
ਇਸੇ ਪ੍ਰਕਾਰ ਚਾਰ ਸਾਧਨਾ, ਚਾਰ ਜੁਗਾਂ, ਪੰਜ ਕੋਸ਼ ਤਹਿਤ ਪੰਜ ਮੁਕਤਿਆਂ, ਪੰਜ ਪਿਆਰਿਆਂ ਤੋਂ ਪੰਜ ਭਰਮਾਂ, 6 ਸ਼ਾਸਤਰਾਂ ਤੋਂ ਛੇ ਲੱਪਣਾਂ ਤੱਕ, ਸੱਤ ਆਕਾਸ਼ਾਂ ਤੋਂ ਸੱਤ ਰਿਖੀ/ਰਿਸ਼ੀ ਤੱਕ, ਸੱਪਾਂ ਦੀਆਂ 8 ਕੁਲੀਆਂ ਤੋਂ ਬਾਣੀ ਉਚਾਰਨ ਦੀਆਂ ਅੱਠ ਥਾਵਾਂ, ਧਰਤੀ ਦੇ ਨੌਂ ਖੰਡਾਂ ਤੋਂ ਨਵਰਾਤਰੇ ਤੱਕ, ਦਸ ਗੁਰੂ ਸਾਹਿਬਾਨ ਤੋਂ ਦਸ ਪ੍ਰਕਾਰ ਦੇ ਅਸ੍ਵਮੇਧ ਯੱਗਾਂ, ਮੁਸਲਮਾਨ ਦੀਆਂ ਦਸ ਦਹੀਆਂ, ਮਨ ਨੂੰ ਸੋਧਣ ਦੇ ਗਿਆਰਾਂ ਚਾਵਾਂ ਤੋਂ 11 ਰੂਦ੍ਰ ਤੱਕ, 12 ਸ਼ਿਵਲਿੰਗਾਂ ਤੋਂ ਬਾਰਾਂ ਰਾਸਾਂ, ਤੇਰਾਂ ਤਰ੍ਹਾਂ ਦੇ ਪਿੱਤਰ ਦਾਨਾਂ ਤੋਂ ਤੇਰਾਂ ਤਾਲਾਂ ਤੱਕ, ਚੌਦਾਂ ਗੁਣ ਸਰੋਤੇ ਦੇ ਤੋਂ ਚੌਦਾਂ ਪ੍ਰਕਾਰ ਦੀ ਵਿੱਦਿਆ ਤੱਕ, ਪੰਦਰਾਂ ਭਗਤਾਂ, 16 ਰੱਬੀ ਕਲਾਵਾਂ ਤੋਂ ਸੋਲ੍ਹਾਂ ਪ੍ਰਕਾਰ ਦੀ ਪੂਜਾ, ਅਠਾਰਾਂ ਸਿੱਧੀਆਂ ਤੋਂ ਅਠਾਰਾਂ ਵਰਨਾਂ, ਵੀਹ ਵਿਸਵੇ, ਇੱਕੀ ਕੁੱਲਾਂ, ਪੁਰਸ਼ਾਂ ਦੇ 22 ਲੱਖਣਾਂ, 36 ਪ੍ਰਕਾਰ ਦੇ ਭੋਜਨਾਂ, 52 ਅੱਖਰਾਂ, 52 ਵੀਰਾਂ, 68 ਹਿੰਦੂ ਤੀਰਥਾਂ, 72 ਮੁਸਲਿਮ ਫਿਰਕਿਆਂ ਤੇ 72 ਨਾੜੀਆਂ ਬਾਰੇ ਬਹੁਤ ਅਮੁੱਲੀ ਜਾਣਕਾਰੀ ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣਾਂ ਸਹਿਤ ਪੁਸਤਕ ਵਿਚ ਦਰਜ ਹੈ। ਅਸਲ ਵਿਚ ਇਹ ਪੁਸਤਕ ਬ੍ਰਹਿਮੰਡ ਦੇ ਗੁੱਝੇ ਭੇਦਾਂ ਨੂੰ ਸਮਝਣ ਵਾਲੀ ਇਕ ਰੈਫਰੈਂਸ ਬੁੱਕ (ਹਵਾਲਾ ਪੁਸਤਕ) ਦਾ ਦਰਜਾ ਰੱਖਦੀ ਹੈ, ਜਿਸ ਲਈ ਘੀਲਾ ਸਿੰਘ ਵਧਾਈ ਦਾ ਹੱਕਦਾਰ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX