ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  16 minutes ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  about 1 hour ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  about 3 hours ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  about 3 hours ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  about 4 hours ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  about 4 hours ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  about 5 hours ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  about 4 hours ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਨਮ ਕਪੂਰ : ਮੌਜਾਂ ਹੀ ਮੌਜਾਂ

ਆਨੰਦ ਆਹੂਜਾ ਦੀ ਧਰਮਪਤਨੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਜਾਹਨਵੀ ਕਪੂਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੀਆਂ ਉਸ ਦੇ ਸਬੰਧ 'ਚ ਨੇਹਾ ਧੂਪੀਆ ਦੇ ਸ਼ੋਅ 'ਚ ਕਹੀਆਂ ਗੱਲਾਂ ਦਾ ਗੁੱਸਾ ਨਹੀਂ ਕਿਉਂਕਿ ਕਦੇ-ਕਦੇ ਮਜ਼ਾਕ 'ਚ ਉਹ ਕਈ ਕੁਝ ਬੋਲ ਜਾਂਦੀ ਹੈ। ਦੁਨੀਆ ਦੇ ਵਧੀਆ ਭੋਜਨ ਤਾਂ ਬਾਕੀਆਂ ਦੀ ਥਾਂ ਸੋਨਮ ਨੂੰ ਰੇਹੜੀਆਂ 'ਤੇ ਵਿਕਦਾ ਭੋਜਨ ਸੁਆਦਲਾ ਲਗਦਾ ਹੈ। ਰੇਹੜੀ ਦੇ ਗੋਲ-ਗੱਪੇ ਖਾਣ ਨੂੰ ਉਹ ਲੋਚਦੀ ਰਹਿੰਦੀ ਹੈ, ਤਰਸਦੀ ਰਹਿੰਦੀ ਹੈ। ਗੋਲ-ਗੱਪਿਆਂ ਦੀ ਸ਼ੌਕੀਨਣ ਸੋਨਮ ਦੇ ਵਿਆਹ ਨੂੰ ਸਾਲ ਹੋ ਗਿਆ ਹੈ। ਕਰੋ ਗੱਲ ਤਦ ਵਿਹਲ ਨਹੀਂ ਸੀ ਤੇ ਹੁਣ ਜਾਪਾਨ ਜਾ ਕੇ ਸੋਨਮ ਨੇ ਅਧੂਰੇ ਰਹਿ ਗਏ ਵਿਆਹ ਦੇ ਚਾਅ ਪੂਰੇ ਕੀਤੇ ਹਨ। ਜਨਮ ਦਿਨ, ਹਨੀਮੂਨ ਤੇ ਵਿਆਹ ਦੀ ਵਰ੍ਹੇਗੰਢ ਇਹ ਤਿੰਨ ਅਹਿਮ ਦਿਨ ਸੋਨਮ ਨੇ ਮਨਾ ਕੇ ਆਪਣੇ-ਆਪ ਨੂੰ ਸੰਸਾਰ ਦੀ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਔਰਤ ਮੰਨਿਆ ਹੈ। ਇਥੇ ਔਰਤ ਪ੍ਰਧਾਨ ਫ਼ਿਲਮਾਂ ਬਹੁਤ ਔਖੀਆਂ ਬਣਦੀਆਂ ਹਨ ਤੇ ਸੋਨਮ ਨੇ ਜਾਪਾਨ 'ਚ ਜਾ ਕੇ ਇਕ 'ਵੈੱਬ ਚੈਨਲ' ਨੂੰ ਕਿਹਾ ਕਿ 'ਆਇਸ਼ਾ', 'ਨੀਰਜਾ', 'ਖੂਬਸੂਰਤ' ਫ਼ਿਲਮਾਂ ਲਈ ਤਾਂ ਇਥੋਂ ਦੇ ਹੀਰੋਜ਼ ਨੇ ਨੱਕ-ਬੁੱਲ੍ਹ ਵੱਟ ਲਏ ਤੇ ਪਾਕਿਸਤਾਨੀ ਹੀਰੋ ਫਵਾਦ ਖ਼ਾਨ ਦਾ ਹੋਵੇ ਭਲਾ, ਉਸ ਨਾਲ ਉਸ ਦੀ ਕੀਤੀ ਫ਼ਿਲਮ ਲੋਕਾਂ ਨੇ ਪਸੰਦ ਕੀਤੀ। ਸੋਨਮ ਫ਼ਿਲਮੀ ਲੋਕਾਂ ਨੂੰ ਭੁੱਲ ਕੇ ਆਪਣੇ-ਆਪ ਨੂੰ ਸਹੀ ਸਾਬਤ ਕਰ ਕੇ ਜਾਪਾਨ ਦੀ ਸੈਰ, ਵਿਆਹ ਦੇ ਅਧੂਰੇ ਚਾਅ ਤੇ ਮਸਤੀ ਕਰ ਰਹੀ ਹੈ।


ਖ਼ਬਰ ਸ਼ੇਅਰ ਕਰੋ

ਕੈਟਰੀਨਾ ਕੈਫ਼

ਬਣੇਗੀ ਪੀ. ਟੀ. ਊਸ਼ਾ

ਬਹੁਤ ਦੀਵਾਨੇ ਹਨ ਕੈਟਰੀਨਾ ਕੈਫ਼ ਦੇ ਤੇ ਕੈਟੀ ਦਾ ਨਵਾਂ ਵੀਡੀਓ ਤਾਂ ਧੁੰਮਾਂ ਪਾ ਰਿਹਾ ਹੈ। ਇਸ ਵੀਡੀਓ ਵਿਚ ਆਪਣੇ ਚਹੇਤਿਆਂ 'ਚ ਘਿਰੀ ਹੋਈ ਉਹ ਨਜ਼ਰ ਆ ਰਹੀ ਹੈ। ਉਸ ਨਾਲ ਫੋਟੋਆਂ, ਸੈਲਫੀ ਲਈ ਮਾਰੋ-ਮਾਰੀ ਪਈ ਹੋਈ ਹੈ। ਇਕ ਚਹੇਤੇ ਨੇ ਸੈਲਫੀ ਦੇ ਚੱਕਰ 'ਚ ਆਪਣਾ ਫੋਨ ਤੁੜਵਾ ਲਿਆ ਤੇ ਦੂਸਰੇ ਪ੍ਰਸੰਸਕ ਨੂੰ ਕੈਟੀ ਤੋਂ ਝਿੜਕਾਂ ਪਈਆਂ। ਅਕਸ਼ੈ ਨਾਲ ਉਹ ਇਸ ਸਮੇਂ 'ਸੂਰਜਵੰਸ਼ੀ' ਫ਼ਿਲਮ ਕਰ ਰਹੀ ਹੈ। ਰੋਹਿਤ ਸ਼ੈਟੀ ਦੀ ਇਹ ਫ਼ਿਲਮ ਹੈ। ਕੈਟੀ ਹਰ ਬਿਆਨ ਸੋਚ-ਸਮਝ ਕੇ ਦੇ ਰਹੀ ਹੈ। ਦੂਸਰੀ ਵਰਗੀ ਸੋਹਣੀ ਹੋਣ ਲਈ ਕੋਈ ਫਾਰਮੂਲਾ ਉਸ ਅਨੁਸਾਰ ਨਹੀਂ ਹੈ ਤੇ ਇਸ ਲਈ ਤਣਾਅ ਨਹੀਂ ਲੈਣਾ ਚਾਹੁੰਦੀ। ਕੀ ਕੈਟੀ ਫ਼ਿਲਮਾਂ ਤੋਂ ਕੋਈ 'ਬਰੇਕ' ਲੈ ਰਹੀ ਹੈ, ਇਹ ਗੱਲ ਵੀ ਸੋਸ਼ਲ ਮੀਡੀਆ 'ਤੇ ਆ ਰਹੀ ਹੈ। 36 ਸਾਲ ਦੀ ਉਹ ਹੋ ਗਈ ਹੈ। ਕਸਰਤ 'ਤੇ ਹੀ ਉਹ ਜ਼ੋਰ ਦਿੰਦੀ ਹੈ। ਉਂਜ 'ਬਰੇਕ' ਤੋਂ ਪਹਿਲਾਂ ਵੀ ਕੈਟੀ ਸਮਾਂ ਕੱਢ ਕੇ ਮਨੋਰੰਜਨ ਪਾਰਟੀਆਂ ਤੇ ਨਿੱਜੀ ਸਮਾਰੋਹਾਂ 'ਚ ਜਾ ਕੇ ਮਨ ਨੂੰ ਤਰੋਤਾਜ਼ਾ ਕਰਦੀ ਨਜ਼ਰ ਆਈ ਹੈ। ਬਾਦਸ਼ਾਹ ਦੇ ਨਾਲ ਉੱਤਰਾਖੰਡ 'ਚ ਕੈਟੀ ਨੇ ਇਕ ਵਿਆਹ ਦੇਖਿਆ ਤੇ ਉਸ 'ਚ ਉਹ ਖੂਬ ਨੱਚੀ ਵੀ। ਰੇਵਤੀ ਸ਼ਰਮਾ ਨੇ ਪੀ.ਟੀ. ਊਸ਼ਾ ਦੀ ਬਾਇਓਪਿਕ ਲਈ ਕੈਟਰੀਨਾ ਨੂੰ ਹੀ ਲਿਆ ਹੈ। ਹਾਲਾਂਕਿ ਅਧਿਕਾਰਕ ਤੌਰ 'ਤੇ ਇਸ ਦਾ ਐਲਾਨ ਨਹੀਂ ਹੋਇਆ। 24 ਘੰਟਿਆਂ 'ਚੋਂ 40 ਮਿੰਟ ਹੀ ਕਸਰਤ ਲਈ ਕੱਢੋ ਕੈਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ। ਹਰ ਮੁਸਕਰਾਉਂਦੇ ਚਿਹਰੇ ਦੇ ਪਿੱਛੇ ਦਰਦ ਲੁਕਿਆ ਹੁੰਦਾ ਹੈ, ਕਹਿ ਕੇ ਸਲਮਾਨ ਖ਼ਾਨ ਦਾ ਜ਼ਿਕਰ ਕਰਨ ਵਾਲੀ ਕੈਟਰੀਨਾ ਕੈਫ਼ ਦੇ ਕਰੀਅਰ ਨੂੰ ਕਦੇ ਨਿਵਾਣ ਵੱਲ ਨਹੀਂ ਦੇਖਿਆ ਗਿਆ। ਕਾਰਨ ਸੁਹੱਪਣ, ਪ੍ਰਤਿਭਾ, ਫਿਟਨੈੱਸ, ਅਭਿਨੈ, ਡਾਂਸ ਤੇ ਤਾਲਮੇਲ ਦੀ ਕਲਾ ਸਭ 'ਚ ਉਹ ਨਿਪੁੰਨ ਹੈ।... ਤੇ ਹਾਂ ਪੀ.ਟੀ. ਊਸ਼ਾ ਬਣ ਗਈ ਤਾਂ ਬਾਇਓਪਿਕ ਵਾਲੀ ਰੀਝ ਵੀ ਪੂਰੀ ਹੋ ਜਾਵੇਗੀ।

ਸਨਾ ਖ਼ਾਨ : ਚੱਲ ਸੋ ਚੱਲ

ਮਸ਼ਹੂਰ ਡਾਂਸਰ, ਮਾਡਲ ਤੇ ਅਭਿਨੇਤਰੀ ਸਨਾ ਖ਼ਾਨ 'ਯੇ ਹੈ ਹਾਈ ਸੁਸਾਇਟੀ' ਫ਼ਿਲਮ 'ਚ ਸੋਨੀਆ ਦੀ ਭੂਮਿਕਾ ਵਿਚ ਸੀ। 'ਗੋਲ', 'ਬਾਂਬੇ ਟੂ ਗੋਆ', 'ਜਯ ਹੋ', 'ਵਜਹ ਤੁਮ ਹੋ', 'ਅਯੋਗਯ', 'ਟਾਇਲਟ-ਏਕ ਪ੍ਰੇਮ ਕਥਾ' ਆਦਿ ਹਿੰਦੀ ਫ਼ਿਲਮਾਂ ਵੀ ਸਨਾ ਨੇ ਕੀਤੀਆਂ। ਤੇਲਗੂ ਫ਼ਿਲਮਾਂ ਵੀ ਕਰ ਚੁੱਕੀ ਸਨਾ ਦਾ ਤਾਜ਼ਾ ਵੀਡੀਓ ਦੇਖ ਕੇ ਅੰਦਾਜ਼ਾ ਇਹ ਹੀ ਲਗਦਾ ਹੈ ਕਿ ਸਨਾ ਸੰਤੁਸ਼ਟ ਹੈ ਤੇ ਫ਼ਿਲਮੀ ਜੀਵਨ ਦਾ ਅਨੰਦ ਲੈ ਰਹੀ ਹੈ। 'ਬਿੱਗ ਬੌਸ-6' 'ਚ ਸਲਮਾਨ ਖ਼ਾਨ ਦੀ ਸਭ ਤੋਂ ਵੱਧ ਪਸੰਦੀਦਾ ਸਨਾ ਖ਼ਾਨ ਸੀ ਤੇ 'ਜਯ ਹੋ' 'ਚ ਮੰਤਰੀ ਦੀ ਬੇਟੀ ਦਾ ਕਿਰਦਾਰ ਖਾਸ ਤੌਰ 'ਤੇ ਸਨਾ ਖ਼ਾਨ ਨੇ ਨਿਭਾਇਆ ਸੀ। ਅਰਥਾਤ ਸੱਲੂ ਦੀ ਨਜ਼ਰ 'ਚ ਸਨਾ ਪ੍ਰਵਾਨ ਅਭਿਨੇਤਰੀ ਹੈ। ਸਨਾ ਦੇ 'ਬੈਲੇ ਡਾਂਸ' ਵਾਲੇ ਵੀਡੀਓ ਨੂੰ 6 ਲੱਖ ਤੋਂ ਵੱਧ ਲੋਕਾਂ ਨੇ ਇਕ ਦਿਨ 'ਚ ਦੇਖ ਕੇ ਰਿਕਾਰਡ ਕਾਇਮ ਕੀਤਾ ਹੈ। ਕੋਰੀਓਗ੍ਰਾਫਰ ਐਲਵਿਨ ਲੂਈਸ ਨਾਲ ਪਿਆਰ ਦਾ ਇਜ਼ਹਾਰ ਉਹ ਵੀਡੀਓ 'ਚ ਕਰ ਚੁੱਕੀ ਹੈ। ਗੰਦੇ ਟਰਿੱਕ ਵਰਤ ਕੇ ਅਕਸਰ ਸੁਰਖੀਆਂ 'ਚ ਉਹ ਰਹਿੰਦੀ ਹੈ। ਬਹੁਤ ਹੀ ਪਤਲੀ ਜਿਹੀ ਪਾਰਦਰਸ਼ੀ ਸਾੜ੍ਹੀ ਪਹਿਨ ਕੇ ਇਕ ਪਾਰਟੀ 'ਚ ਉਹ ਆਈ ਤਾਂ ਸਾਰੇ ਉਸ ਦੇ ਇਸ ਪਹਿਰਾਵੇ ਨੂੰ ਦੇਖ ਮੂੰਹ 'ਚ ਉਂਗਲੀਆਂ ਪਾਉਣ ਲਈ ਮਜਬੂਰ ਹੋਏ। ਤਿਉਹਾਰਾਂ ਦੀ ਗੱਲ ਕਰੀਏ ਤਾਂ ਉਹ 'ਹੋਲੀ' ਨਹੀਂ ਭੁੱਲਦੀ ਤੇ ਹਾਂ ਇਕੋ ਹੀ ਨਾਂਅ ਹੋਣ ਕਾਰਨ ਸਨਾ ਨੂੰ ਲੋਕਾਂ ਨੇ ਬਹੁਤ ਸਤਾਇਆ ਕਿਉਂਕਿ ਸੜਕ ਹਾਦਸੇ ਵਿਚ ਸਨਾ ਖ਼ਾਨ ਅਭਿਨੇਤਰੀ ਦੀ ਮੌਤ ਦੀ ਖ਼ਬਰ ਆ ਗਈ ਸੀ ਪਰ ਇਹ ਸਨਾ ਖ਼ਾਨ ਪਾਕਿਸਤਾਨ ਦੀ ਨਾਇਕਾ ਸੀ। ਇਧਰ ਕਈ ਪ੍ਰਸੰਸਕ ਇਥੇ ਦੀ ਸਨਾ ਖ਼ਾਨ ਨੂੰ ਸਮਝ ਰਹੇ ਸਨ। ਸਨਾ ਦਾ ਵਿਚਾਰ ਇਹੀ ਹੈ ਕਿ ਇਕੱਲਾ ਹਿੰਦੀ ਫ਼ਿਲਮਾਂ 'ਤੇ ਨਿਰਭਰ ਰਹਿ ਕੇ ਭੁੱਖੇ ਰਹਿ ਕੇ ਮਰਨ ਵਾਲੀ ਗੱਲ ਹੈ। ਇਸ ਲਈ ਸਨਾ ਟੀ.ਵੀ. 'ਤੇ ਵੀ ਸਰਗਰਮ ਹੈ ਤੇ ਦੱਖਣ ਦੀਆਂ ਫ਼ਿਲਮਾਂ ਉਹ ਵੱਧ ਤੋਂ ਵੱਧ ਕਰਨ ਨੂੰ ਤਿਆਰ ਹੈ। ਸਨਾ ਇਹੀ ਚਾਹੁੰਦੀ ਹੈ ਕਿ ਹਾਲੇ 5-7 ਸਾਲ ਹੋਰ ਉਸ ਦੇ ਕਰੀਅਰ ਨੂੰ ਚਮਕਾ ਸਕਦੇ ਹਨ। ਇਸ ਲਈ ਜਿੱਧਰ ਵੀ ਕੰਮ ਹੈ, ਕੰਮ ਕੀਤਾ ਜਾਵੇ।


-ਸੁਖਜੀਤ ਕੌਰ

ਕਾਰਤਿਕ ਆਰੀਅਨ

ਸਾਊ ਤੇ ਕਮਾਊ

ਹੁਣ ਤਾਂ ਪਤਾ ਲਗ ਹੀ ਰਿਹਾ ਹੈ ਕਿ ਕਾਰਤਿਕ ਆਰੀਅਨ ਦਾ ਸਾਰਾ ਅਲੀ ਖ਼ਾਨ ਨਾਲ ਮੋਹ ਦਾ ਰਿਸ਼ਤਾ ਪਕੇਰਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਕਾਰਤਿਕ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਸ਼ਰਮਾਉਂਦੇ ਹੋਏ ਆਰੀਅਨ ਸਾਬ੍ਹ ਕਹਿ ਰਹੇ ਨੇ ਕਿ ਕਿਸੇ ਨਾਲ ਅਤਿ-ਰੁਮਾਂਟਿਕ ਦ੍ਰਿਸ਼ ਦੇਣੇ ਹੋਣ ਤਾਂ ਉਹ ਸਾਰਾ ਅਲੀ ਦਾ ਨਾਂਅ ਹੀ ਲਏਗਾ। ਇਮਤਿਆਜ਼ ਅਲੀ ਦੀ 'ਲਵ ਆਜਕਲ੍ਹ-2' 'ਚ ਕਾਰਤਿਕ ਦੇ ਨਾਲ ਇਹੀ ਸਾਰਾ ਅਲੀ ਹੀਰੋਇਨ ਹੈ। ਸ਼ਿਮਲਾ ਵਿਖੇ ਹਫ਼ਤਾ ਕੁ ਪਹਿਲਾਂ ਕਾਰਤਿਕ ਭਾਈਜਾਨ ਸ਼ੂਟਿੰਗ 'ਤੇ ਸਨ। ਇਥੇ ਬਹੁਤ ਸਾਰੇ ਪ੍ਰਸੰਸਕਾਂ ਨੂੰ ਮਿਲ ਕੇ ਕਾਰਤਿਕ ਖੂਬ ਖੁਸ਼ ਹੋਇਆ ਸੀ। ਸਾਰਾ ਨਾਲ ਜਦ ਸ਼ੂਟਿੰਗ ਖਤਮ ਹੋਈ ਤਦ ਵਿਛੜਨ ਲੱਗਿਆਂ ਉਹ ਬਹੁਤ ਭਾਵੁਕ ਹੋਇਆ ਤੇ ਰਣਵੀਰ ਸਿੰਘ ਨੇ ਇਹ ਸਭ ਦੇਖ ਕੇ ਕਿਹਾ ਕਿ ਫਿਕਰ ਨਾ ਕਰ ਸਾਰਾ ਮੁੰਬਈ ਹੀ ਰਹਿੰਦੀ ਹੈ। ਸੁਣਿਆ ਹੈ ਕਿ ਕਾਰਤਿਕ ਦੇ ਇਸ ਪ੍ਰੇਮ ਰਿਸ਼ਤੇ 'ਚ ਰਣਵੀਰ ਸਿੰਘ ਵਿਚੋਲਾ ਹੈ। ਸੱਚ ਹੈ ਕਾਰਤਿਕ ਨੇ ਵਿਆਹ ਸਾਰਾ ਨਾਲ ਹੀ ਕਰਵਾਉਣ ਦੀ ਗੱਲ ਪੱਲੇ ਬੰਨ੍ਹ ਲਈ ਹੈ। ਸੈਫ਼ ਅਲੀ ਦੀਆਂ ਨਜ਼ਰਾਂ 'ਚ ਸਾਊ ਮੁੰਡਾ ਬਣਨ ਦੀ ਉਹ ਹਰ ਕੋਸ਼ਿਸ਼ ਕਰ ਰਿਹਾ ਹੈ। ਧੜਾਧੜ ਪੈਸੇ ਕਮਾਉਣੇ ਨੇ ਤਾਂ ਜੋ ਸੈਫ਼ ਦੀਆਂ ਨਜ਼ਰਾਂ 'ਚ ਉਹ 'ਸਾਊ ਤੇ ਕਮਾਊ' ਨਜ਼ਰ ਆਏ। ਸਾਰਾ ਖਾਨਦਾਨੀ ਨਵਾਬਾਂ 'ਚੋਂ ਹੈ ਤੇ ਢੇਰ ਸਾਰਾ ਪੈਸਾ ਕਾਰਤਿਕ ਆਪਣੀ ਰਾਜ ਕੁਮਾਰੀ ਲਈ ਜੋੜਨਾ ਚਾਹੁੰਦਾ ਹੈ। ਹੁਣ ਸਾਫ਼ ਸੰਕੇਤ ਹਨ ਕਿ ਕਾਰਤਿਕ ਆਰੀਅਨ ਦਾ ਦਿਲੀ ਪਿਆਰ ਸਾਰਾ ਨਾਲ ਹੈ ਤੇ ਇਹ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਹ 'ਲਵ ਆਜਕਲ੍ਹ' ਵੀ ਕਿਆ ਸ਼ੈਅ ਹੈ।

ਸਕੂਲ ਵਿਚ ਮੁੰਡੇ ਕੁੱਟਦੀ ਸੀ ਈਸ਼ਾ ਗੁਪਤਾ

ਫ਼ਿਲਮ 'ਚੱਕਰਵਿਊ' ਵਿਚ ਪੁਲਿਸੀਆ ਵਰਦੀ ਪਾ ਕੇ ਰੀਆ ਮੈਨਨ ਦਾ ਕਿਰਦਾਰ ਨਿਭਾਉਣ ਵਾਲੀ ਈਸ਼ਾ ਗੁਪਤਾ ਨੇ ਹੁਣ 'ਵਨ ਡੇ' ਵਿਚ ਫਿਰ ਇਕ ਵਾਰ ਔਰਤ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਇਥੇ ਉਸ ਦੇ ਕਿਰਦਾਰ ਦਾ ਨਾਂਅ ਲਕਸ਼ਮੀ ਰਾਠੀ ਹੈ ਅਤੇ ਉਸ ਨੂੰ ਹਰਿਆਣਾ ਦੀ ਦਿਖਾਇਆ ਗਿਆ ਹੈ।
ਦੋ ਫ਼ਿਲਮਾਂ ਵਿਚ ਵਰਦੀ ਵਿਚ ਨਜ਼ਰ ਆਈ ਈਸ਼ਾ ਨੂੰ ਵਰਦੀ ਨਾਲ ਕਾਫੀ ਲਗਾਅ ਹੈ। ਉਹ ਇਸ ਲਈ ਕਿਉਂਕਿ ਪਿਤਾ ਏਅਰਫੋਰਸ ਵਿਚ ਸਨ। ਉਹ ਕਹਿੰਦੀ ਹੈ, 'ਪਾਪਾ ਨੂੰ ਜਦੋਂ ਵਰਦੀ ਵਿਚ ਦੇਖਦੀ ਸੀ ਤਾਂ ਮੈਨੂੰ ਵੀ ਵਰਦੀ ਪਾਉਣ ਦੀ ਇੱਛਾ ਹੁੰਦੀ ਸੀ। ਵਰਦੀ ਵਿਚ ਉਨ੍ਹਾਂ ਦਾ ਰੋਅਬ ਹੀ ਕੁਝ ਹੋਰ ਹੋ ਜਾਂਦਾ ਸੀ। ਵਰਦੀ ਤੁਹਾਡੇ ਰੁਤਬੇ ਦਾ ਪ੍ਰਤੀਕ ਹੁੰਦੀ ਹੈ ਅਤੇ ਇਸ ਨੂੰ ਪਾਉਣਾ ਮਾਣ ਦੀ ਗੱਲ ਹੁੰਦੀ ਹੈ। ਆਪਣੀਆਂ ਦੋ ਫ਼ਿਲਮਾਂ ਵਿਚ ਵਰਦੀ ਪਾ ਕੇ ਮੈਂ ਪਾਇਆ ਕਿ ਇਸ ਨੂੰ ਪਾਉਂਦੇ ਹੀ ਖ਼ੁਦ ਵਿਚ ਕਿੰਨਾ ਬਦਲਾਅ ਮਹਿਸੂਸ ਕੀਤਾ ਜਾਂਦਾ ਹੈ। ਸ਼ੂਟਿੰਗ ਦੌਰਾਨ ਜਦੋਂ ਕਦੀ ਵਰਦੀ ਪਾਈ ਉਦੋਂ ਪਾਪਾ ਨੂੰ ਜ਼ਰੂਰ ਯਾਦ ਕਰਿਆ ਕਰਦੀ ਸੀ।'
ਪਾਪਾ ਦੀ ਇਸ ਲਾਡਲੀ ਦੀ ਵਜ੍ਹਾ ਕਰਕੇ ਪਾਪਾ ਨੂੰ ਕਈ ਵਾਰ ਬੇਟੀ ਦੇ ਸਕੂਲ ਜਾਣਾ ਪਿਆ ਸੀ। ਉਹ ਇਸ ਲਈ ਕਿ ਬੇਟੀ ਸਕੂਲ ਵਿਚ ਮੁੰਡਿਆਂ ਨੂੰ ਕੁੱਟ ਦਿੰਦੀ ਸੀ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਈਸ਼ਾ ਕਹਿੰਦੀ ਹੈ, 'ਇਹ ਉਦੋਂ ਦੀ ਗੱਲ ਹੈ ਜਦੋਂ ਅਸੀਂ ਦਿੱਲੀ ਵਿਚ ਰਹਿੰਦੇ ਸੀ। ਖੇਡਾਂ ਵਿਚ ਮੇਰੀ ਰੁਚੀ ਬਹੁਤ ਸੀ ਅਤੇ ਮੈਂ ਚੰਗੀ ਖਿਡਾਰਨ ਵੀ ਸੀ। ਕਈ ਵਾਰ ਖੇਡਾਂ ਦੀ ਵਜ੍ਹਾ ਨਾਲ ਮੁੰਡਿਆਂ ਨਾਲ ਪੰਗਾ ਹੋ ਜਾਂਦਾ ਸੀ ਅਤੇ ਮੈਂ ਸਕੂਲ ਵਿਚ ਕਈ ਮੁੰਡਿਆਂ ਨੂੰ ਕੁੱਟਿਆ ਸੀ। ਫਿਰ ਪਾਪਾ ਨੂੰ ਸਕੂਲ ਵਿਚ ਬੁਲਾਇਆ ਜਾਂਦਾ ਅਤੇ ਸਾਡੀ ਅਧਿਆਪਕਾ ਅਕਸਰ ਉਨ੍ਹਾਂ ਨੂੰ ਇਹੀ ਸ਼ਿਕਾਇਤ ਕਰਦੀ ਕਿ 'ਗੁਪਤਾ ਜੀ, ਤੁਹਾਡੀ ਬੇਟੀ ਇਸ ਤਰ੍ਹਾਂ ਦੀ ਕਿਉਂ ਹੈ?' ਬਾਅਦ ਵਿਚ ਪਾਪਾ ਅਕਸਰ ਮੈਨੂੰ ਇਹੀ ਕਹਿੰਦੇ ਕਿ, 'ਮੈਂ ਤੈਨੂੰ ਮੁੰਡਿਆਂ ਦੀ ਤਰ੍ਹਾਂ ਪਾਲਿਆ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਮੁੰਡਿਆਂ ਨੂੰ ਕੁੱਟਿਆ ਕਰੇਂ।'
ਸਕੂਲ ਵਿਚ ਮੁੰਡਿਆਂ ਨਾਲ ਦੋ-ਦੋ ਹੱਥ ਕਰਨ ਵਾਲੀ ਈਸ਼ਾ ਨੇ ਬਾਅਦ ਵਿਚ ਵਕੀਲ ਬਣਨ ਦੀ ਸੋਚੀ ਪਰ ਉਸ ਦਾ ਨਸੀਬ ਉਸ ਨੂੰ ਫ਼ਿਲਮਾਂ ਵਿਚ ਲੈ ਆਇਆ। ਫ਼ਿਲਮਾਂ ਵਿਚ ਵੀ ਉਸ ਨੂੰ ਕੋਈ ਸੰਘਰਸ਼ ਨਹੀਂ ਕਰਨਾ ਪਿਆ ਸੀ। ਅਨੁਪਮ ਖੇਰ ਦੇ ਐਕਟਿੰਗ ਸਕੂਲ ਵਿਚ ਅਭਿਨੈ ਦਾ ਕੋਰਸ ਕਰਨ ਤੋਂ ਬਾਅਦ ਉਸ ਨੇ ਸੋਚਿਆ ਕਿ ਹੁਣ ਨਿਰਮਾਤਾਵਾਂ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ। ਪਹਿਲਾਂ ਇਕ ਵੱਡੇ ਨਿਰਮਾਤਾ ਨੂੰ ਮਿਲੀ ਅਤੇ ਦੋ-ਤਿੰਨ ਦਿਨ ਬਾਅਦ ਉਹ ਮੁਕੇਸ਼ ਭੱਟ ਦੇ ਦਫ਼ਤਰ ਗਈ। ਉਥੇ ਨਿਰਦੇਸ਼ਕ ਕੁਨਾਲ ਦੇਸ਼ਮੁਖ ਵੀ ਸਨ ਅਤੇ ਉਨ੍ਹਾਂ ਨੇ ਅਗਲੇ ਦਿਨ ਫੋਨ ਕਰ ਕੇ ਖ਼ੁਸ਼ਖ਼ਬਰੀ ਦਿੱਤੀ ਕਿ 'ਜੰਨਤ-2' ਵਿਚ ਉਸ ਨੂੰ ਕਾਸਟ ਕੀਤਾ ਗਿਆ ਹੈ। ਪਹਿਲਾਂ ਇਸ ਫ਼ਿਲਮ ਲਈ ਪ੍ਰਾਚੀ ਦੇਸਾਈ ਫਾਈਨਲ ਹੋਈ ਸੀ ਪਰ ਕੁਝ ਕਾਰਨਾਂ ਕਰਕੇ ਉਹ ਇਹ ਫ਼ਿਲਮ ਕਰ ਸਕਣ ਵਿਚ ਅਸਮਰੱਥ ਸੀ ਤੇ ਈਸ਼ਾ ਨੂੰ ਲਿਆ ਗਿਆ। 'ਵਨ ਡੇ' ਲਈ ਵੀ ਪਹਿਲਾਂ ਜ਼ਰੀਨ ਖਾਨ ਨਾਲ ਗੱਲਬਾਤ ਹੋਈ ਸੀ ਪਰ ਬਾਅਦ ਵਿਚ ਈਸ਼ਾ ਦਾ ਦਾਖਲਾ ਹੋ ਗਿਆ।
ਹੁਣ ਉਹ ਇਕ ਵੈੱਬ ਸੀਰੀਜ਼ ਵਿਚ ਵੀ ਕੰਮ ਕਰ ਰਹੀ ਹੈ ਅਤੇ ਇਹ ਸਤੰਬਰ ਵਿਚ ਨੈੱਟਫਲਿਕਸ 'ਤੇ ਆਏਗੀ। ਆਪਣੇ ਐਗਰੀਮੈਂਟ ਦੇ ਚਲਦਿਆਂ ਉਹ ਇਸ ਲੜੀ ਦਾ ਨਾਂਅ ਤੇ ਕੰਮ ਬਾਰੇ ਦੱਸ ਨਹੀਂ ਸਕਦੀ।
ਭਾਵ ਇਸ ਬਾਰੇ ਜਾਣਨ ਲਈ ਸਤੰਬਰ ਤੱਕ ਇੰਤਜ਼ਾਰ ਕਰਨਾ ਹੋਵੇਗਾ।

ਤਾਪਸੀ ਨਿਭਾਏਗੀ ਮਿਤਾਲੀ ਰਾਜ ਦੀ ਭੂਮਿਕਾ

ਫ਼ਿਲਮ 'ਸੂਰਮਾ' ਵਿਚ ਹਾਕੀ ਖਿਡਾਰਨ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਤਾਪਸੀ ਪੰਨੂੰ ਕ੍ਰਿਕਟ ਖਿਡਾਰਨ ਦੀ ਭੂਮਿਕਾ ਨਿਭਾਏਗੀ। ਨਾਮੀ ਔਰਤ ਕ੍ਰਿਕਟਰ ਮਿਤਾਲੀ ਰਾਜ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਲਈ ਤਾਪਸੀ ਨੂੰ ਕਰਾਰਬੱਧ ਕੀਤਾ ਗਿਆ ਹੈ ਅਤੇ ਉਹ ਇਸ ਵਿਚ ਮਿਤਾਲੀ ਰਾਜ ਦੀ ਭੂਮਿਕਾ ਨਿਭਾਏਗੀ।
ਮਿਤਾਲੀ ਰਾਜ ਇਕਮਾਤਰ ਇਸ ਤਰ੍ਹਾਂ ਦੀ ਔਰਤ ਕ੍ਰਿਕਟਰ ਹੈ ਜਿਸ ਦੇ ਨਾਂਅ ਇਕ ਦਿਨਾ ਮੈਚਾਂ ਵਿਚ ਛੇ ਹਜ਼ਾਰ ਤੋਂ ਜ਼ਿਆਦਾ ਦੌੜਾਂ ਹਨ। ਇਸ ਤਰ੍ਹਾਂ ਦੀ ਕ੍ਰਿਕਟਰ ਦੀ ਭੂਮਿਕਾ ਨਿਭਾਉਣ ਲਈ ਤਾਪਸੀ ਵੀ ਚੰਗੀ ਉਤਸ਼ਾਹਿਤ ਹੈ। ਇਨ੍ਹੀਂ ਦਿਨੀਂ 'ਸਾਂਡ ਕੀ ਆਂਖ' ਦੀ ਸ਼ੂਟਿੰਗ ਵਿਚ ਰੁੱਝੀ ਤਾਪਸੀ ਲਈ ਇਹ ਦੂਜਾ ਮੌਕਾ ਹੈ ਜਦੋਂ ਉਹ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਕਿਰਦਾਰ ਨਿਭਾਏਗੀ। 'ਸਾਂਡ ਕੀ ਆਂਖ' ਵਿਚ ਉਹ ਅਧੇੜ ਉਮਰ ਦੀ ਸ਼ਾਰਪਸ਼ੂਟਰ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਹ ਕਿਰਦਾਰ ਵੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ। ਤਾਪਸੀ ਨੂੰ ਇੰਡੀਅਨ ਕ੍ਰਿਕਟ ਜਰਸੀ ਵਿਚ ਪੇਸ਼ ਕਰ ਰਹੀ ਫ਼ਿਲਮ ਦਾ ਨਿਰਮਾਣ ਵਾਏਕਾਮ 18 ਵਲੋਂ ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ਲਈ ਨਿਰਦੇਸ਼ਕ ਦੀ ਭਾਲ ਜਾਰੀ ਹੈ।

ਡਾਕਟਰੀ ਛੱਡ ਅਭਿਨੇਤਰੀ ਬਣੀ ਮੋਨਿਕਾ ਰਾਵਣ

ਹਾਲੀਆ ਪ੍ਰਦਰਸ਼ਿਤ ਫ਼ਿਲਮ 'ਵਨ ਡੇ' ਦਾ ਪ੍ਰਮੋਸ਼ਨ ਗੀਤ ਮੋਨਿਕਾ ਰਾਵਣ ਤੇ ਈਸ਼ਾ ਗੁਪਤਾ 'ਤੇ ਫ਼ਿਲਮਾਇਆ ਗਿਆ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਸ਼ਹਿਰ ਦੀ ਰਹਿਣ ਵਾਲੀ ਮੋਨਿਕਾ ਹੁਣ ਹੌਲੀ-ਹੌਲੀ ਬਾਲੀਵੁੱਡ ਵਿਚ ਆਪਣੇ ਪੈਰ ਜਮਾਉਂਦੀ ਜਾ ਰਹੀ ਹੈ। ਪੰਜਾਬੀ ਫ਼ਿਲਮ ਸਨਅਤ ਲਈ ਵੀ ਉਸ ਦਾ ਚਿਹਰਾ ਨਵਾਂ ਨਹੀਂ ਹੈ। 2015 ਵਿਚ ਆਈ ਪੰਜਾਬੀ ਫ਼ਿਲਮ 'ਆਜ਼ਾਦੀ-ਦ-ਫ੍ਰੀਡਮ' ਵਿਚ ਉਸ ਨੇ ਅਭਿਨੈ ਕੀਤਾ ਸੀ, ਨਾਲ ਹੀ ਕਈ ਸੰਗੀਤ ਵੀਡੀਓ ਵੀ ਕੀਤੇ। ਜਦੋਂ ਉਹ ਮੁੰਬਈ ਆਈ ਸੀ ਤਾਂ ਇਥੇ ਵੀ ਇਕ ਸੰਗੀਤ ਕੰਪਨੀ ਲਈ ਕਈ ਐਲਬਮ ਕੀਤੇ। ਬਾਅਦ ਵਿਚ ਫ਼ਿਲਮ 'ਵਿਰਾਮ' ਵਿਚ ਵੀ ਕੰਮ ਕੀਤਾ। ਉਸ ਨੂੰ ਮਾਡਲਿੰਗ ਅਸਾਈਨਮੈਂਟ ਵੀ ਮਿਲਦੇ ਰਹੇ ਅਤੇ ਕੁਝ ਟੀ. ਵੀ. ਸ਼ੋਅ ਲਈ ਐਂਕਰਿੰਗ ਵੀ ਕੀਤੀ। ਆਪਣੇ ਦਮ 'ਤੇ ਮੋਨਿਕਾ ਨੇ ਇਹ ਸਭ ਕੀਤਾ ਅਤੇ ਉਸ ਨੂੰ ਖ਼ੁਸ਼ੀ ਹੈ ਕਿ ਉਸ ਨੇ ਅਭਿਨੈ ਦਾ ਰਸਤਾ ਚੁਣਿਆ।
ਉਂਝ, ਉਹ ਜਦੋਂ ਪੜ੍ਹਾਈ ਕਰ ਰਹੀ ਸੀ ਉਦੋਂ ਮਾਂ-ਬਾਪ ਦੀ ਇੱਛਾ ਸੀ ਕਿ ਬੇਟੀ ਬਹੁਤ ਪੜ੍ਹਾਈ ਕਰੇ ਅਤੇ ਮੋਨਿਕਾ ਨੇ ਵੀ ਦਿਲ ਲਗਾ ਕੇ ਪੜ੍ਹਾਈ ਕੀਤੀ ਅਤੇ ਉਹ ਦੰਦਾਂ ਦੀ ਸਰਜਨ ਬਣ ਗਈ। ਬਤੌਰ ਸਰਜਨ ਉਸ ਨੇ ਸ੍ਰੀਗੰਗਾਨਗਰ ਵਿਚ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ। ਛੇ ਮਹੀਨੇ ਬਾਅਦ ਲੱਗਿਆ ਕਿ ਅਭਿਨੈ ਦੀ ਦੁਨੀਆ ਉਸ ਨੂੰ ਬੁਲਾ ਰਹੀ ਹੈ। ਸੋ, ਮੈਡੀਕਲ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਮੋਨਿਕਾ ਅਨੁਸਾਰ ਅਕਸਰ ਇਹ ਦੇਖਿਆ ਗਿਆ ਹੈ ਕਿ ਮਾਂ-ਬਾਪ ਆਪਣੀ ਮਰਜ਼ੀ ਬੱਚਿਆਂ 'ਤੇ ਠੋਸ ਦਿੰਦੇ ਹਨ ਅਤੇ ਇਸ ਵਜ੍ਹਾ ਕਰਕੇ ਬੱਚੇ ਅੱਗੇ ਚੱਲ ਕੇ ਘੁਟਨ ਮਹਿਸੂਸ ਕਰਨ ਲਗਦੇ ਹਨ। 'ਮੇਰੀ ਦਿਲਚਸਪੀ ਅਭਿਨੈ ਵਿਚ ਸੀ ਪਰ ਮੇਰੇ ਮਾਪਿਆਂ ਦੀ ਇੱਛਾ ਸੀ ਕਿ ਮੈਂ ਡਾਕਟਰ ਬਣਾਂ, ਸੋ ਬਣ ਗਈ। ਪਰ ਮਨ ਵਿਚ ਅਧੂਰਾਪਨ ਸੀ। ਅਭਿਨੈ ਤੋਂ ਦੂਰੀ ਬਣਾ ਲੈਣ ਦਾ ਰੰਜ ਵੀ ਸੀ। ਆਖ਼ਿਰ ਦਿਲ ਦੀ ਗੱਲ ਮੰਨ ਕੇ ਮੈਂ ਅਭਿਨੈ ਵਲ ਰੁਖ ਕਰ ਲਿਆ। ਚੰਗੀ ਗੱਲ ਇਹ ਰਹੀ ਕਿ ਮੇਰੇ ਮਾਂ-ਬਾਪ ਨੇ ਮੇਰੇ ਫੈਸਲੇ ਦਾ ਸਵਾਗਤ ਕੀਤਾ ਅਤੇ ਹੁਣ ਮੈਨੂੰ ਆਪਣੇ ਦਮ 'ਤੇ ਨਾਂਅ ਕਮਾਉਂਦਿਆਂ ਦੇਖ ਕੇ ਉਹ ਖ਼ੁਸ਼ ਹਨ, ਉਹ ਕਹਿੰਦੀ ਹੈ।
ਆਪਣੇ ਨਾਂਅ ਨੂੰ ਹੋਰ ਮਸ਼ਹੂਰ ਕਰਨ ਲਈ ਉਹ ਕਹਿੰਦੀ ਹੈ ਕਿ ਫ਼ਿਲਮ 'ਕਾਰਵਾਂ' ਦਾ ਗੀਤ 'ਮੋਨਿਕਾ ਓ ਮਾਈ ਡਾਰਲਿੰਗ...' ਦਾ ਰੀਮਿਕਸ ਵਰਸ਼ਨ ਬਣੇ ਅਤੇ ਉਸ 'ਤੇ ਫ਼ਿਲਮਾਇਆ ਜਾਵੇ। ਇਸ ਨਾਲ ਉਸ ਦਾ ਨਾਂਅ ਹੋਰ ਹਰਮਨਪਿਆਰਾ ਹੋਵੇਗਾ। ਇਨ੍ਹੀਂ ਦਿਨੀਂ ਉਹ ਇਕ ਮਰਾਠੀ ਫ਼ਿਲਮ ਕਰ ਰਹੀ ਹੈ ਤੇ ਇਕ ਡਰਾਉਣੀ ਫ਼ਿਲਮ ਲਈ ਵੀ ਗੱਲਬਾਤ ਜਾਰੀ ਹੈ। ਉਹ ਪੰਜਾਬੀ ਫ਼ਿਲਮਾਂ ਵੀ ਕਰਨਾ ਚਾਹੁੰਦੀ ਹੈ। 'ਮੇਰੀ ਸ਼ੁਰੂਆਤ ਪੰਜਾਬੀ ਫ਼ਿਲਮ ਤੋਂ ਹੋਈ ਸੀ। ਹੁਣ ਜਦੋਂ ਮੈਂ ਮਰਾਠੀ ਫ਼ਿਲਮ ਕਰ ਸਕਦੀ ਹਾਂ ਤਾਂ ਪੰਜਾਬੀ ਫ਼ਿਲਮ ਕਰਨ ਵਿਚ ਕੀ ਹਰਜ਼ ਹੈ, ਬਸ਼ਰਤੇ ਭੂਮਿਕਾ ਚੰਗੀ ਹੋਣੀ ਚਾਹੀਦੀ' ਉਹ ਦੱਸਦੀ ਹੈ।


-ਮੁੰਬਈ ਪ੍ਰਤੀਨਿਧ

ਫਲੈਸ਼ ਬੈਕ

ਪੰਜਾਬੀ ਫ਼ਿਲਮ : ਮਾਮਾ ਜੀ

ਗੋਪਾਲ ਸਹਿਗਲ ਦੀ ਪੇਸ਼ਕਸ਼ ਪੰਜਾਬੀ ਫ਼ਿਲਮ 'ਮਾਮਾ ਜੀ' 1964 ਵਿਚ ਬਣੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਰੌਸ਼ਨ ਭਾਰਦਵਾਜ ਦਾ ਤੇ ਨਿਰਮਾਣ ਗੋਪਾਲ ਸਹਿਗਲ ਤੇ ਐਸ.ਪੀ. ਮਲਹੋਤਰਾ ਦਾ ਸੀ। ਮੁੱਖ ਭੂਮਿਕਾ ਸਿੱਧ-ਪੱਧਰੇ ਜਿਹੇ ਕਿਰਦਾਰ ਦੀ ਗੋਪਾਲ ਸਹਿਗਲ ਦੀ ਸੀ, ਸਾਥੀ ਨਾਇਕਾ ਇੰਦਰਾ ਬਿੱਲੀ ਸੀ। ਇਸ ਫ਼ਿਲਮ 'ਚ ਕਾਮੇਡੀ, ਰੁਮਾਂਸ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਤਾਣਾ-ਬਾਣਾ ਪੇਸ਼ ਕੀਤਾ ਗਿਆ। ਗੋਪਾਲ ਸਹਿਗਲ ਦਾ ਕਿਰਦਾਰ ਬੜਾ ਸਧਾਰਨ ਜਿਹਾ ਸੀ, ਜੋ ਆਪਣੀ ਭੈਣ ਦੇ ਘਰ ਰਹਿੰਦਾ ਹੈ। ਆਪਣੇ ਜੀਜੇ ਦੇ ਤਾਅਨੇ-ਮਿਹਣੇ ਵੀ ਸੁਣਦਾ ਰਹਿੰਦਾ ਹੈ। ਘਰ ਦਾ ਕੰਮ ਜਿਹੜਾ ਵੀ ਕਰਨ ਜਾਂਦਾ ਹੈ, ਉਹ ਉਲਟਾ ਹੋ ਜਾਂਦਾ ਹੈ। ਅਖੀਰ ਉਹ ਘਰੋਂ ਚਲੇ ਜਾਂਦਾ ਹੈ। ਜਾਂਦਾ-ਜਾਂਦਾ ਆਪਣੇ ਨਾਨਾ ਜੀ ਦੀ ਫੋਟੋ ਲਾਗੇ ਖਲੋ ਕੇ ਕਹਿੰਦਾ ਹੈ, 'ਤੁਸੀਂ ਤਾਂ ਚਲੇ ਗਏ ਓ ਅਫਰੀਕਾ, ਪਰ ਮੈਨੂੰ ਇਥੇ ਛੱਡ ਗਏ, ਕੋਈ ਨਹੀਂ ਪਿਆਰ ਕਰਦਾ, ਫਿਰ ਉਹ ਘਰੋਂ ਨਿਕਲ ਜਾਂਦਾ ਹੈ। ਜਿਵੇਂ ਹੀ ਘਰੋਂ ਬਾਹਰ ਚਲਿਆ ਜਾਂਦਾ ਹੈ ਤਾਂ ਸਾਥਣ ਲਾਲੀ ਮਿਲਦੀ ਹੈ। ਇਸ ਕਿਰਦਾਰ ਨੂੰ ਇੰਦਰਾ ਬਿੱਲੀ ਨੇ ਨਿਭਾਇਆ ਸੀ। ਕੁਝ ਦਿਨਾਂ ਬਾਅਦ ਘਰ ਵਕੀਲ ਆਉਂਦਾ ਹੈ ਕਿ ਬੰਸੀ ਗੋਪਾਲ (ਗੋਪਾਲ ਸਹਿਗਲ) ਦੇ ਨਾਨਾ ਜੀ ਸਵਰਗਵਾਸ ਹੋ ਗਏ ਹਨ ਤੇ ਸਾਰੀ ਜਾਇਦਾਦ ਬੰਸੀ ਦੇ ਨਾਂਅ ਕਰ ਗਏ ਹਨ। ਬੰਸੀ ਦਸਤਖ਼ਤ ਕਰਕੇ ਨਗਦੀ ਤੇ ਜਾਇਦਾਦ ਲੈ ਲਵੇ। ਬਸ ਫਿਰ ਕੀ ਸੀ, ਜੀਜਾ ਬੰਸੀ ਨੂੰ ਲੱਭ ਲੈਂਦਾ ਹੈ।
ਵਰਮਾ ਮਲਿਕ ਤੇ ਨਕਸ਼ ਲਾਇਲਪੁਰੀ ਦੇ ਗੀਤਾਂ ਨੂੰ ਸੰਗੀਤਕਾਰ ਐਸ. ਮਦਨ ਨੇ ਮਹਿੰਦਰ ਕਪੂਰ, ਸੁਮਨ ਕਲਿਆਣਪੁਰ, ਸ਼ਮਸ਼ਾਦ ਬੇਗਮ, ਊਸ਼ਾ ਮੰਗੇਸ਼ਕਰ ਤੇ ਮੀਨੂ ਪ੍ਰਸ਼ੋਤਮ ਤੋਂ ਗਵਾਇਆ ਹੈ। ਫ਼ਿਲਮ ਦੀ ਕਹਾਣੀ ਤੇ ਸੰਵਾਦ ਮੁਲਖ ਰਾਜ ਭਾਖੜੀ ਦੇ ਹਨ। ਮਹਿਮੂਦ ਦਾ 'ਮਦਾਰੀ' ਗੀਤ ਵੀ ਕਾਫ਼ੀ ਵਧੀਆ ਹੈ। ਗੋਪਾਲ ਸਹਿਗਲ 'ਤੇ ਫ਼ਿਲਮਾਇਆ ਗੀਤ 'ਕਰ ਪੰਜਾਬ ਦੀ ਸੈਰ' ਕਈ ਥਾਵਾਂ 'ਤੇ ਫ਼ਿਲਮਾਇਆ ਗਿਆ। ਇਸ ਗੀਤ ਨੂੰ ਰਫੀ ਸਾਹਿਬ ਨੇ ਗਾਇਆ ਹੈ। 'ਤੇਰਾ ਵਿਛੋੜਾ ਜ਼ਾਲਮਾ', 'ਇਹ ਗੱਲ ਕਿਸੇ ਨੂੰ ਦੱਸੀਂ ਨਾ', 'ਜੁੱਤੀ ਲੈਣੀ ਸਿਤਾਰਿਆਂ ਵਾਲੀ ਭਾਵੇਂ ਤੂੰ ਲੈ ਦੇ' ਆਦਿ ਗੀਤਾਂ ਦੀ ਮਿਠਾਸ ਅੱਜ ਵੀ ਬਰਕਰਾਰ ਹੈ। ਸੰਗੀਤਕਾਰ ਐਸ. ਮਦਨ ਕਿਹਾ ਕਰਦੇ ਸਨ ਕਿ ਇਨ੍ਹਾਂ ਗੀਤਾਂ ਨੂੰ ਤਿਆਰ ਕਰਨ ਲਈ ਅਸੀਂ ਕਈ-ਕਈ ਦਿਨ ਰਿਹਰਸਲ ਕਰਿਆ ਕਰਦੇ ਸਾਂ। ਫਿਰ ਕਈ ਦਿਨਾਂ ਬਾਅਦ ਜਾ ਕੇ ਗੀਤ ਰਿਕਾਰਡ ਕਰਦੇ ਸੀ।
ਇਸ ਫ਼ਿਲਮ 'ਚ ਜ਼ਿੰਦਗੀ ਦੇ ਕਈ ਰੰਗ ਦਿਖਾਏ ਗਏ ਹਨ। ਜਿਵੇਂ ਗ਼ਰੀਬੀ, ਫਕੀਰੀ, ਅਮੀਰੀ, ਬਰਬਾਦੀ ਆਦਿ। ਹਰੇਕ ਤਰ੍ਹਾਂ ਦੇ ਰੋਲ ਨੂੰ ਗੋਪਾਲ ਸਹਿਗਲ ਨੇ ਆਪਣੇ ਹੀ ਸਟਾਈਲ ਦੇ ਅਭਿਨੈ ਨਾਲ ਨਿਭਾਇਆ। ਇੰਦਰਾ ਬਿੱਲੀ ਤੇ ਖਰੈਤੀ ਭੈਂਗੇ ਦਾ ਰੋਲ ਵਧੀਆ ਰਿਹਾ। ਮਧੂਮਤੀ ਤੇ ਅਰੁਣਾ ਦਾ ਡਾਂਸ ਵਧੀਆ ਸੀ। ਅੱਜ ਵੀ ਇਸ ਫ਼ਿਲਮ ਦਾ ਨਾਂਅ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ।


-ਤਰਸੇਮ ਬੱਧਣ

ਸ਼ਬਾਨਾ-ਸ਼ੈਫਾਲੀ ਇਕੱਠੀਆਂ ਲੜੀਵਾਰ 'ਚ

ਸ਼ਬਾਨਾ ਆਜ਼ਮੀ ਅਤੇ ਸ਼ੈਫਾਲੀ ਸ਼ਾਹ ਨੇ ਸਾਲ 2005 ਵਿਚ ਬਣੀ ਫ਼ਿਲਮ '15 ਪਾਰਕ ਐਵਨਿਊ' ਵਿਚ ਇਕੱਠਿਆਂ ਕੰਮ ਕੀਤਾ ਸੀ। ਉਸ ਤੋਂ ਬਾਅਦ ਹੁਣ ਦੋਵੇਂ ਵਿਪੁਲ ਸ਼ਾਹ ਵਲੋਂ ਬਣਾਏ ਜਾ ਰਹੇ ਲੜੀਵਾਰ ਵਿਚ ਇਕੱਠੀਆਂ ਦਿਸਣਗੀਆਂ। ਇਸ ਦੀ ਕਹਾਣੀ ਇਹ ਹੈ ਕਿ ਦੂਰ-ਦਰਾਜ ਦੇ ਪਿੰਡਾਂ ਦੇ ਹਸਪਤਾਲਾਂ ਵਿਚ ਇਲਾਜ ਦੇ ਨਾਂਅ 'ਤੇ ਮਰੀਜ਼ ਦੀ ਜ਼ਿੰਦਗੀ ਨਾਲ ਕਿਵੇਂ ਖਿਲਵਾੜ ਕੀਤਾ ਜਾਂਦਾ ਹੈ। ਸ਼ੈਫਾਲੀ ਇਸ ਵਿਚ ਡਾਕਟਰ ਦੀ ਭੂਮਿਕਾ ਨਿਭਾਅ ਰਹੀ ਹੈ ਤੇ ਸ਼ਬਾਨਾ ਇਥੇ ਹਸਪਤਾਲ ਦੇ ਮਾਲਕ ਦੀ ਭੂਮਿਕਾ ਵਿਚ ਹੈ। ਵਿਪੁਲ ਨੇ ਜਦੋਂ ਕਹਾਣੀ ਲਿਖੀ ਤਾਂ ਉਹ ਇਸ 'ਤੇ ਫ਼ਿਲਮ ਬਣਾਉਣਾ ਚਾਹੁੰਦੇ ਸਨ। ਜਦੋਂ ਕਹਾਣੀ ਦਾ ਵਿਸਾਤਰ ਵਧਦਾ ਚਲਿਆ ਗਿਆ ਤਾਂ ਲੱਗਿਆ ਕਿ ਇਸ 'ਤੇ ਦੋ ਘੰਟੇ ਦੀ ਫ਼ਿਲਮ ਬਣਾਉਣਾ ਸੰਭਵ ਨਹੀਂ ਹੈ। ਸੋ, ਕਹਾਣੀ ਨੂੰ ਲੜੀਵਾਰ ਵਿਚ ਤਬਦੀਲ ਕਰ ਦਿੱਤਾ ਗਿਆ।
ਲੜੀਵਾਰ ਵਿਚ ਥ੍ਰਿਲਰ ਦਾ ਪੁਟ ਵੀ ਰੱਖਿਆ ਗਿਆ ਹੈ ਅਤੇ ਇਸ ਦਾ ਨਾਮਕਰਨ ਹੋਣਾ ਬਾਕੀ ਹੈ। ਇਸ ਦੀ ਸ਼ੂਟਿੰਗ ਇੰਦੌਰ ਤੇ ਭੁਪਾਲ ਵਿਚ ਕੀਤੀ ਜਾਵੇਗੀ ਅਤੇ ਇਹ ਤੈਅ ਹੋਣਾ ਬਾਕੀ ਹੈ ਕਿ ਕਿਸ ਚੈਨਲ 'ਤੇ ਇਹ ਪ੍ਰਸਾਰਿਤ ਹੋਵੇਗਾ।


-ਮੁੰਬਈ ਪ੍ਰਤੀਨਿਧ

'ਕਬਜ਼ਾ' ਵਿਚ ਬਲਰਾਜ ਦੀ ਲੇਖਨੀ ਦਾ ਕਮਾਲ

'ਕਾਮੇਡੀ ਸਰਕਸ', 'ਏਂਟਰਟੇਨਮੈਂਟ ਕੀ ਰਾਤ' ਫੇਮ ਕਾਮੇਡੀਅਨ ਬਲਰਾਜ ਸਮੇਂ-ਸਮੇਂ 'ਤੇ ਪੰਜਾਬੀ ਫ਼ਿਲਮਾਂ ਲਈ ਆਪਣੀ ਲੇਖਨੀ ਰਾਹੀਂ ਯੋਗਦਾਨ ਦਿੰਦੇ ਆਏ ਹਨ। 'ਅੰਬਰਸਰੀਆ', 'ਕਪਤਾਨ', 'ਸਾਡੇ ਸੀ ਐਮ ਸਾਅਬ' ਆਦਿ ਪੰਜਾਬੀ ਫ਼ਿਲਮਾਂ ਲਈ ਲੇਖਨ ਦਾ ਕੰਮ ਕਰਨ ਵਾਲੇ ਬਲਰਾਜ ਨੇ ਹੁਣ ਲੇਖਕ ਮਿੱਤਰ ਸੁਮੀਤ ਮਾਵੀ ਦੇ ਨਾਲ ਮਿਲ ਕੇ ਪੰਜਾਬੀ ਫ਼ਿਲਮ 'ਕਬਜ਼ਾ-ਸਰਹੱਦਾਂ 'ਤੇ' ਦੀ ਕਹਾਣੀ ਲਿਖੀ ਹੈ। ਬਲਰਾਜ ਅਨੁਸਾਰ ਇਹ ਕਾਮੇਡੀ ਫ਼ਿਲਮ ਹੈ ਅਤੇ ਇਸ ਵਿਚ ਭਾਰਤ-ਪਾਕਿ ਸਰਹੱਦ ਨੂੰ ਕੇਂਦਰ ਵਿਚ ਰੱਖ ਕੇ ਕਹਾਣੀ ਲਿਖੀ ਗਈ ਹੈ।


-ਮੁੰਬਈ ਪ੍ਰਤੀਨਿਧ

ਰੋਨਿਤ ਨੂੰ ਨਿਰਦੇਸ਼ਿਤ ਕਰਨਗੇ ਰੋਹਿਤ

ਉਂਝ ਤਾਂ ਰਾਏ ਭਰਾ ਰੋਹਿਤ ਤੇ ਰੋਨਿਤ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੈ ਪਰ ਰਿਤਿਕ ਰੌਸ਼ਨ ਦੀ ਫ਼ਿਲਮ 'ਕਾਬਿਲ' ਵਿਚ ਦੋਵੇਂ ਭਰਾ ਪਰਦੇ 'ਤੇ ਇਕੱਠੇ ਦਿਸੇ ਸਨ। ਹੁਣ ਨਿਰਦੇਸ਼ਕ ਬਣ ਕੇ ਰੋਹਿਤ ਆਪਣੇ ਭਰਾ ਰੋਨਿਤ ਨੂੰ ਨਿਰਦੇਸ਼ਿਤ ਕਰਨਗੇ। ਉਹ ਆਪਣੀ ਫ਼ਿਲਮ ਵਿਚ ਬਾਪ-ਬੇਟੇ ਦੀ ਕਹਾਣੀ ਪੇਸ਼ ਕਰਨਗੇ ਅਤੇ ਰੋਨਿਤ ਇਸ ਵਿਚ ਪਿਤਾ ਦੀ ਭੂਮਿਕਾ ਨਿਭਾਉਣਗੇ। ਸੰਜੈ ਗੁਪਤਾ ਵਲੋਂ ਬਣਾਈ ਫ਼ਿਲਮ 'ਦਸ ਕਹਾਨੀਆਂ' ਵਿਚ ਰੋਹਿਤ ਵਲੋਂ ਨਿਰਦੇਸ਼ਿਤ 'ਰਾਈਸ ਪਲੇਟ' ਵੀ ਸੀ ਅਤੇ ਉਦੋਂ ਤੋਂ ਉਸ ਦੇ ਦਿਲ ਵਿਚ ਫੀਚਰ ਫ਼ਿਲਮ ਨਿਰਦੇਸ਼ਿਤ ਕਰਨ ਦੀ ਤਮੰਨਾ ਪੈਦਾ ਹੋ ਰਹੀ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ।


-ਮੁੰਬਈ ਪ੍ਰਤੀਨਿਧ

ਬਿਦਿਤਾ, ਮੇਘਨਾ ਦੀ 'ਮੋਕਸ਼ ਟੂ ਮਾਇਆ'

ਨਿਰਦੇਸ਼ਿਕ ਮਨੋਜ ਸਿੰਘ ਨੇ ਬਿਦਿਤਾ ਬਾਗ਼ ਅਤੇ ਮੇਘਨਾ ਮਲਿਕ (ਲੜੀਵਾਰ 'ਲਾਡੋ' ਦੀ ਅੰਮਾ ਜੀ) ਨੂੰ ਲੈ ਕੇ 'ਮੋਕਸ਼ ਟੂ ਮਾਇਆ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਮੋਹ-ਮਾਇਆ ਦੇ ਭੰਵਰ ਜਾਲ ਵਿਚ ਫਸ ਕੇ ਇਨਸਾਨ ਦੀ ਕੀ ਹਾਲਤ ਹੋ ਜਾਂਦੀ ਹੈ। ਫ਼ਿਲਮ ਵਿਚ ਅਹਿਸਾਨ ਖ਼ਾਨ, ਰਾਜ ਪ੍ਰੇਮੀ, ਨੀਰਜ ਭਾਰਦਵਾਜ, ਮੁਨੀ ਝਾਅ, ਸ਼ਵੇਤਾ ਠਾਕੁਰ ਤੇ ਮੇਘਾ ਭੱਟ ਨੇ ਵੀ ਅਭਿਨੈ ਕੀਤਾ ਹੈ ਅਤੇ ਇਹ 26 ਜੁਲਾਈ ਨੂੰ ਪ੍ਰਦਰਸ਼ਿਤ ਹੋਵੇਗੀ।


-ਮੁੰਬਈ ਪ੍ਰਤੀਨਿਧ

ਅਦਾਕਾਰੀ ਦਾ ਮੁਜੱਸਮਾ : ਅਨੀਤਾ ਦੇਵਗਨ

ਪੰਜਾਬੀ ਫ਼ਿਲਮਾਂ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਅਨੀਤਾ ਦੇਵਗਨ ਨਾਲ ਕੁਝ ਪਲ ਬਿਤਾਉਣ ਦਾ ਸਬੱਬ ਬਣਿਆ ਤਾਂ ਮੈਂ ਉਨ੍ਹਾਂ ਦੀ ਜ਼ਿੰਦਗੀ ਅਤੇ ਫ਼ਿਲਮੀ ਅਨੁਭਵ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਅੰਮ੍ਰਿਤਸਰ ਦੀ ਧਰਤੀ ਨਾਲ ਸਬੰਧ ਰੱਖਣ ਵਾਲੀ ਅਨੀਤਾ ਨੂੰ ਥੀਏਟਰ ਨਾਲ ਡਾਹਢਾ ਪਿਆਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਪੜ੍ਹਦਿਆਂ ਹੀ ਉਸ ਨੂੰ ਥੀਏਟਰ ਦੀ ਲਗਨ ਲੱਗ ਗਈ ਤੇ ਉਸ ਨੇ ਬਹੁਤ ਸਾਰੇ ਨਾਟਕਾਂ ਵਿਚ 1992 ਤੋਂ ਅਦਾਕਾਰੀ ਸ਼ੁਰੂ ਕੀਤੀ ਤੇ ਆਪਣੇ ਹਮਸਫ਼ਰ ਹਰਦੀਪ ਗਿੱਲ ਜੋ ਕਿ ਇਕ ਬੇਹਤਰੀਨ ਕਲਾਕਾਰ ਅਤੇ ਪੰਜਾਬੀ ਫ਼ਿਲਮਾਂ ਵਿਚ ਜਾਨਦਾਰ ਭੂਮਿਕਾ ਨਿਭਾਉਂਦਾ ਹੈ, ਨਾਲ ਮਿਲਣ ਦਾ ਮੌਕਾ ਵੀ ਇਸ ਥੀਏਟਰ ਦੀ ਦੁਨੀਆ ਰਾਹੀਂ ਹੀ ਪ੍ਰਾਪਤ ਹੋਇਆ।
ਖਾਣਾ ਪਕਾਉਣਾ, ਸੰਗੀਤ ਸੁਣਨਾ, ਪੁਸਤਕਾਂ ਪੜ੍ਹਨਾ ਕਵਿਤਾਵਾਂ ਅਤੇ ਲੇਖ ਲਿਖਣਾ ਤੇ ਕਿਸੇ ਡਰਾਮੇ ਜਾਂ ਕਹਾਣੀ ਦੀ ਸਕ੍ਰਿਪਟ ਲਿਖਣੀ ਉਸ ਦੇ ਮੁਢਲੇ ਸ਼ੌਕ ਹਨ। ਅਨੀਤਾ ਨੇ ਪੰਜਾਬੀ ਫ਼ਿਲਮਾਂ ਰਾਹੀਂ ਅਤੇ ਥੀਏਟਰ ਰਾਹੀਂ ਪੰਜਾਬੀ ਪਿਆਰਿਆਂ ਦੇ ਦਿਲਾਂ ਉੱਪਰ ਰਾਜ ਕੀਤਾ ਹੈ ਅਤੇ ਆਪਣੇ ਹੁਨਰ ਨਾਲ ਸਭ ਨੂੰ ਮੋਹਿਆ ਹੈ।
ਅਨੀਤਾ ਦੀ ਕਲਾ ਵਿਚ ਇਕ ਸੁਭਾਵਿਕਤਾ ਹੈ, ਪੰਜਾਬੀ ਬੋਲੀ ਬੋਲਣ ਦਾ ਸੁਭਾਵਿਕ ਲਹਿਜ਼ਾ ਉਸ ਦੀ ਭੂਮਿਕਾ ਅਤੇ ਕਾਮੇਡੀ ਨੂੰ ਹੋਰ ਜਾਨਦਾਰ ਬਣਾ ਦਿੰਦਾ ਹੈ। 1992 ਤੋਂ ਥੀਏਟਰ ਜਗਤ ਵਿਚ ਨਾਮਣਾ ਖੱਟ ਰਹੀ ਇਸ ਅਦਾਕਾਰਾ ਨੇ ਫ਼ਿਲਮਾਂ ਵਿਚ ਆਪਣੀ ਵਿਸ਼ੇਸ਼ ਕਿਰਦਾਰਾਂ ਨਾਲ ਪਛਾਣ ਬਣਾਉਣ ਦੇ ਬਾਵਜੂਦ ਥੀਏਟਰ ਕਰਨਾ ਨਹੀਂ ਛੱਡਿਆ। ਕੇਵਲ ਧਾਲੀਵਾਲ ਅਤੇ ਹੋਰ ਮੰਝੇ ਹੋਏ ਨਿਰਦੇਸ਼ਕਾਂ ਦੇ ਨਿਰਦੇਸ਼ਨ ਹੇਠ ਉਹ ਹਾਲੇ ਵੀ ਥੀਏਟਰ ਕਰ ਰਹੀ ਹੈ। ਉਸ ਨੇ ਟੀ.ਵੀ. ਸੀਰੀਅਲਾਂ ਰਾਹੀਂ ਵੀ ਆਪਣੀ ਛਾਪ ਛੱਡੀ, ਜਿਨ੍ਹਾਂ ਵਿਚ ਲੂਰੀ, ਪੰਚਣੀ, ਹਕੀਮ ਤਾਰਾ ਚੰਦ ਵਿਸ਼ੇਸ਼ ਤੌਰ 'ਤੇ ਸਲਾਹੁਣਯੋਗ ਹਨ। ਉਹ ਆਪਣੀ ਕਲਾ ਨੂੰ ਸਿਖ਼ਰਾਂ ਤੱਕ ਲੈ ਜਾਣ ਵਿਚ ਆਪਣੇ ਹਮਸਫ਼ਰ ਹਰਦੀਪ ਗਿੱਲ ਦਾ ਵਿਸ਼ੇਸ਼ ਯੋਗਦਾਨ ਮੰਨਦੀ ਹੈ। ਉਸ ਨੇ 'ਜੱਟ ਐਂਡ ਜੂਲੀਅਟ-1', 'ਜੱਟ ਐਂਡ ਜੂਲੀਅਟ-2', 'ਅੰਗਰੇਜ਼', 'ਬੰਬੂਕਾਟ', 'ਮੰਜੇ ਬਿਸਤਰੇ', 'ਰੱਬ ਦਾ ਰੇਡੀਓ', 'ਕੁੜਮਾਈਆਂ' ਅਤੇ 'ਛੜਾ' ਵਰਗੀਆਂ ਬਿਹਤਰੀਨ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੀਆਂ ਧੁੰਮਾਂ ਪਾਈਆਂ ਹਨ। ਉਸ ਨੇ ਮਾਂ ਦੇ ਰੋਲ ਵਿਚ ਭਾਵਨਾਵਾਂ, ਜਜ਼ਬੇ ਅਤੇ ਚੰਗੀ ਅਦਾਕਾਰੀ ਦੇ ਜੌਹਰ ਵਿਖਾਏ ਹਨ।
ਉਸ ਨੇ ਥੀਏਟਰ ਅਤੇ ਫ਼ਿਲਮਾਂ ਵਿਚ ਬਰਾਬਰ ਦਾ ਸੰਤੁਲਨ ਬਣਾਈ ਰੱਖਿਆ ਤੇ ਵੱਡੇ ਸ਼ਹਿਰਾਂ ਵਿਚ ਉਹ ਆਪਣੇ ਸ਼ੋਅ ਕਰਕੇ ਪੰਜਾਬੀ ਰੰਗਮੰਚ ਵਿਚ ਆਪਣਾ ਸੁਚੱਜਾ ਯੋਗਦਾਨ ਦੇ ਰਹੀ ਹੈ। ਉਹ ਪੰਜਾਬੀ ਫ਼ਿਲਮਾਂ ਦੀ ਵਰਤਮਾਨ ਸਥਿਤੀ ਤੋਂ ਸੰਤੁਸ਼ਟ ਹੈ ਤੇ ਉਸ ਨੇ ਲਗਪਗ ਹਰ ਹੀਰੋ ਦਲਜੀਤ ਦੁਸਾਂਝ, ਅਮਰਿੰਦਰ ਗਿੱਲ, ਤਰਸੇਮ ਜੱਸੜ, ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਆਦਿ ਨਾਲ ਵੀ ਫ਼ਿਲਮਾਂ ਕੀਤੀਆਂ ਹਨ ਤੇ ਇਕ ਤਸੱਲੀ ਦਾ ਅਹਿਸਾਸ ਉਸ ਦੇ ਚਿਹਰੇ ਤੋਂ ਝਲਕਦਾ ਹੈ। ਉਹ ਸਮਝਦੀ ਹੈ ਕਿ ਪੰਜਾਬੀ ਫ਼ਿਲਮਾਂ ਵਿਚ ਪੇਂਡੂ ਜੀਵਨ ਸੱਭਿਆਚਾਰ ਦੀਆਂ ਝਲਕਾਂ ਇਸ ਦੀ ਅਮੀਰੀ ਵਿਚ ਵਾਧਾ ਕਰਦੀਆਂ ਹਨ। ਉਸ ਦੇ ਅਨੁਸਾਰ ਪੰਜਾਬੀ ਫ਼ਿਲਮਾਂ ਵਿਚ ਪ੍ਰੋਫੈਸ਼ਨਲਿਜ਼ਮ ਹਾਵੀ ਹੈ। ਉਸ ਦੀ ਹਿੰਦੀ ਫ਼ਿਲਮਾਂ ਵਿਚ ਕੰਮ ਕਰਨ ਦੀ ਵੀ ਇੱਛਾ ਹੈ। ਜੇਕਰ ਚੰਗੇ ਮਹੱਤਵਪੂਰਨ ਰੋਲ ਵਾਲੀ ਫ਼ਿਲਮ ਮਿਲੇ ਤਾਂ ਉਹ ਆਪਣਾ ਕਿਰਦਾਰ ਬਾਖੂਬੀ ਨਿਭਾਉਣਾ ਚਾਹੇਗੀ।
ਜਦ ਮੈਂ ਪੁੱਛਿਆ ਕਿ ਉਸ ਦੀ ਕੋਈ ਹੋਰ ਖਾਹਿਸ਼ ਹੈ ਕਿ ਉਹ ਕੋਈ ਰੋਲ ਕਰਨਾ ਚਾਹੁੰਦੀ ਹੋਵੇ ਜਿਸ ਦੀ ਉਸ ਨੇ ਕਲਪਨਾ ਕੀਤੀ ਪਰ ਅਜੇ ਤੱਕ ਕੀਤਾ ਨਹੀਂ ਤਾਂ ਉਸ ਨੇ ਬੜੇ ਆਤਮ-ਵਿਸ਼ਵਾਸ ਤੇ ਭਾਵੁਕਤਾ ਨਾਲ ਕਿਹਾ ਕਿ ਉਹ ਕਰੈਕਟਰ ਰੋਲ ਵਿਚ ਮੁੱਖ ਭੂਮਿਕਾ ਨਿਭਾਅ ਕੇ ਆਪਣੀ ਸੰਤੁਸ਼ਟੀ ਦੀ ਚਰਮ ਸੀਮਾ ਹਾਸਲ ਕਰ ਲਵੇਗੀ। ਜੇਕਰ ਉਸ ਨੂੰ ਕੋਈ ਅਜਿਹੀ ਸਕ੍ਰਿਪਟ ਮਿਲੇ ਤਾਂ ਉਹ ਬਿਲਕੁਲ ਤਸੱਲੀ ਅਨੁਭਵ ਕਰੇਗੀ। ਬਹੁਤ ਹੀ ਸੁਭਾਵਿਕ ਸਾਦਗੀ ਭਰਪੂਰ ਸ਼ਖ਼ਸੀਅਤ ਅਨੀਤਾ ਦੇਵਗਨ ਮੰਨਦੀ ਹੈ ਕਿ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਨਵਾਂਪਨ ਦੇਣਾ ਅਦਾਕਾਰ ਦਾ ਕੰਮ ਹੈ। ਉਹ ਸਮਝਦੀ ਹੈ ਕਿ ਹਰ ਭੂਮਿਕਾ ਕਰਦਿਆਂ ਆਪਣੇ-ਆਪ ਨੂੰ ਭੁੱਲ ਕੇ ਕੀਤੀ ਅਦਾਕਾਰੀ ਹੀ ਕਿਸੇ ਵੀ ਕਰੈਕਟਰ ਦੀ ਸਫ਼ਲਤਾ ਨੂੰ ਨਿਰਧਾਰਤ ਕਰਦੀ ਹੈ।
ਉਸ ਦੇ ਅਨੁਸਾਰ ਹਰ ਰਿਸ਼ਤਾ ਆਪਣੀ ਛਾਂ ਦਾ ਮੁੱਲ ਮੰਗਦਾ ਹੈ ਤੇ ਅਦਾਕਾਰੀ ਦਾ ਰਿਸ਼ਤਾ ਵੀ ਦਰਸ਼ਕਾਂ ਨਾਲ ਛਾਂ ਦਾ ਰਿਸ਼ਤਾ ਮੰਗਦਾ ਹੈ। ਉਹ ਸਮਝਦੇ ਹਨ ਕਿ ਅਦਾਕਾਰਾਂ ਦੀ ਜ਼ਿੰਦਗੀ ਵਿਚ ਆਪਣੀ ਕਲਾ ਦੀ ਪਹਿਲ ਹੁੰਦੀ ਹੈ ਤੇ ਕਈ ਵਾਰ ਨਿੱਜੀ ਰੁਝੇਵੇਂ ਛੱਡਣੇ ਪੈਂਦੇ ਹਨ।
ਪਰ ਸਾਕਾਰਾਤਮਿਕ ਊਰਜਾ ਰੱਖਣਾ ਤੇ ਸਾਫ਼ ਸਪੱਸ਼ਟ ਢੰਗ ਨਾਲ ਆਪਣੀ ਅਦਾਕਾਰੀ ਕਰਨਾ ਕਲਾ ਨੂੰ ਹੋਰ ਨਿਖਾਰ ਦਿੰਦਾ ਹੈ। ਪੂਰਬਲੇ ਪੰਜਾਬੀ ਸਿਨੇਮਾ ਤੇ ਹੁਣ ਦੇ ਪੰਜਾਬੀ ਸਿਨੇਮਾ ਦੀ ਤੁਲਨਾ ਕਰਦਿਆਂ ਉਹ ਤਸੱਲੀ ਪ੍ਰਗਟ ਕਰਦੀ ਹੈ, ਹੁਣ ਪੰਜਾਬੀ ਸਿਨੇਮਾ ਸਮੇਂ ਦਾ ਹਾਣੀ ਹੈ। ਉਹ ਸਾਰੇ ਕਿਰਦਾਰ ਜੋ ਦਰਸ਼ਕ ਪਸੰਦ ਕਰਦੇ ਹਨ, ਉਹ ਉਸ ਨੂੰ ਵੀ ਚੰਗੇ ਲਗਦੇ ਹਨ। 'ਯਮਲਾ ਪਗਲਾ ਦੀਵਾਨਾ ਅਗੇਨ' ਵਿਚ ਵੀ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅਨੀਤਾ ਦੇਵਗਨ ਨੇ ਫ਼ਿਲਮਾਂ ਦੀ ਗਿਣਤੀ ਵਧਾਉਣ ਵਿਚ ਯਕੀਨ ਨਹੀਂ ਰੱਖਿਆ ਸਗੋਂ ਗੁਣਾਤਮਿਕਤਾ ਵਧਾਈ ਹੈ। 2007-08 ਤੋਂ ਫ਼ਿਲਮੀ ਸਫ਼ਰ ਸ਼ੁਰੂ ਕਰਕੇ ਅੱਜ ਤੱਕ ਲਗਾਤਾਰ ਹਿੱਟ ਫ਼ਿਲਮਾਂ ਕਰ ਰਹੀ ਅਨੀਤਾ ਦੇਵਗਨ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਢੇਰ ਸਾਰੀਆਂ ਉਮੀਦਾਂ ਹਨ।


-ਐਚ.ਐਮ.ਵੀ. ਜਲੰਧਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX