ਤਾਜਾ ਖ਼ਬਰਾਂ


ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  14 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  28 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  45 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  56 minutes ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਹੋਰ ਖ਼ਬਰਾਂ..

ਖੇਡ ਜਗਤ

2019 ਵਿਸ਼ਵ ਕੱਪ ਦੀਆਂ ਤਿੰਨ ਯਾਦਗਾਰ ਗੇਂਦਾਂ

ਕ੍ਰਿਕਟ ਦੇ ਇਤਿਹਾਸ ਵਿਚ ਅਨੇਕ ਸਟਾਈਲਿਸ਼ ਬੱਲੇਬਾਜ਼ ਹੋਏ ਹਨ-ਗੁੰਡੱਪਾ ਵਿਸ਼ਵਨਾਥ, ਜ਼ਹੀਰ ਅੱਬਾਸ, ਡੇਵਿਡ ਗਾਵਰ, ਐਲਵਿਨ ਕਾਲੀਚਰਨ ਅਤੇ ਹੁਣ ਵਿਰਾਟ ਕੋਹਲੀ, ਜਿਨ੍ਹਾਂ ਦੀ ਬੱਲੇਬਾਜ਼ੀ ਨੂੰ ਦੇਖਣ ਦਾ ਅਨੁਭਵ ਆਸ਼ਾ ਭੌਂਸਲੇ ਦੀ ਆਵਾਜ਼ ਵਿਚ ਖ਼ਿਆਮ ਦੇ ਸੰਗੀਤ 'ਤੇ ਸ਼ਹਿਰਯਾਰ ਦੀ ਗ਼ਜ਼ਲ ਸੁਣਨ ਵਰਗਾ ਹੁੰਦਾ ਹੈ, ਦੇਖਣਯੋਗ ਕਵਰ ਡਰਾਈਵ, ਕੋਮਲ ਲੈੱਗ ਗਲਾਸ ਜਾਂ ਫਿਰ ਸਿੱਧੇ ਟੈਕਸਟ-ਬੁੱਕ ਤੋਂ ਨਿਕਲਿਆ ਸਟ੍ਰੇਟ ਡ੍ਰਾਈਵ। ਪਰ ਇਨ੍ਹਾਂ ਬੱਲੇਬਾਜ਼ਾਂ ਦਾ ਵੀ ਕੋਈ 'ਸ਼ਾਟ' ਉਹ 'ਕਲਟ ਸਟੈੱਟਸ' ਨਹੀਂ ਰੱਖਦਾ ਜੋ ਕਿਸੇ ਗਾਇਕ ਦਾ ਏਕਲ ਗੀਤ ਰੱਖਦਾ ਹੈ, ਜਿਵੇਂ ਮੁਹੰਮਦ ਰਫ਼ੀ ਦਾ 'ਹਾਂ ਤੁਮ ਮੁਝੇ ਯੂੰ ਭੁਲਾ ਨਾ ਪਾਓਗੇ' ਜਾਂ ਫਿਰ ਲਤਾ ਮੰਗੇਸ਼ਕਰ ਦਾ 'ਏ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ।'
ਪਰ ਇਹ ਗੱਲ ਗੇਂਦਬਾਜ਼ਾਂ 'ਤੇ ਲਾਗੂ ਨਹੀਂ ਹੁੰਦੀ ਹੈ। ਕ੍ਰਿਕਟ ਵਿਚ ਇਕ ਜਾਦੂਈ ਗੇਂਦ ਤੋਂ ਜ਼ਿਆਦਾ ਕੁਝ ਵੀ ਏਨਾ ਯਾਦਗਾਰ ਨਹੀਂ ਹੁੰਦਾ ਹੈ। ਹਾਲਾਂਕਿ ਕ੍ਰਿਕਟ ਦੇ ਜੋ ਛੋਟੇ ਫਾਰਮੈਟ (ਇਕ ਦਿਨਾ ਤੇ ਟੀ-20) ਹਨ। ਉਹ ਗੇਂਦਬਾਜ਼ਾਂ ਲਈ ਇਕ ਤਰ੍ਹਾਂ ਨਾਲ 'ਮੌਤ ਦਾ ਫਰਮਾਨ' ਹਨ (ਸਪਾਟ ਵਿਕੇਟ, ਗੇਂਦਾਂ ਤੇ ਖੇਤਰ ਰੱਖਿਅਕਾਂ 'ਤੇ ਪਾਬੰਦੀਆਂ, ਫ੍ਰੀ ਹਿੱਟ ਦੇ ਰੂਪ ਵਿਚ ਨੋ-ਬਾਲ ਦੀ ਸਜ਼ਾ ਆਦਿ) ਕਿਉਂਕਿ ਦਰਸ਼ਕ ਚੌਕੇ ਤੇ ਛੱਕੇ ਦੇਖਣਾ ਚਾਹੁੰਦੇ ਹਨ, ਪਰ ਇਨ੍ਹਾਂ ਹੱਦਾਂ ਦੇ ਬਾਵਜੂਦ ਗੇਂਦਬਾਜ਼ ਆਪਣੀ ਕਲਾ ਤੇ ਪ੍ਰਤਿਭਾ ਨਾਲ ਅਕਸਰ ਜਾਦੂ ਕਰ ਜਾਂਦੇ ਹਨ। ਇਸ ਲਈ ਕ੍ਰਿਕਟ ਵਿਚ 'ਬਾਲ ਆਫ਼ ਦ ਸੈਂਚੁਰੀ' (ਸ਼ੇਨ ਵਾਰਨ ਵਲੋਂ ਮਾਈਕ ਗੈਟਿੰਗ ਨੂੰ ਰਾਊਂਡ ਦ ਲੈੱਗਸ ਬੋਲਡ ਕਰਨਾ) ਤਾਂ ਹੈ, ਪਰ 'ਸ਼ਾਟ ਆਫ਼ ਦ ਸੈਂਚੁਰੀ' ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੇਂਦਾਂ ਹਨ ਜੋ ਯਾਦਗਾਰ ਬਣ ਗਈਆਂ ਹਨ, ਜਿਵੇਂ 1983 ਦੇ ਵਿਸ਼ਵ ਕੱਪ ਫਾਈਨਲ ਵਿਚ ਬਲਵਿੰਦਰ ਸਿੰਘ ਸੰਧੂ ਦੀ ਗੇਂਦ ਨੂੰ ਗੋਰਡਨ ਗ੍ਰੀਨਿਜ਼ ਵਲੋਂ ਛੱਡਣਾ ਅਤੇ ਫਿਰ ਬੋਲਡ ਹੋ ਜਾਣਾ ਜਾਂ ਫਿਰ 1985 ਵਿਚ ਚੈਂਪੀਅਨਜ਼ ਆਫ਼ ਚੈਂਪੀਅਨ ਟ੍ਰਾਫੀ ਦੇ ਫਾਈਨਲ ਵਿਚ ਕਪਿਲ ਦੇਵ ਵਲੋਂ ਕਾਸਿਮ ਉਮਰ ਨੂੰ ਸਵਿਨਿੰਗ ਯਾਰਕਰ ਨਾਲ ਬੋਲਡ ਕਰਨਾ।
ਇਸੇ ਤਰ੍ਹਾਂ ਇੰਗਲੈਂਡ ਤੇ ਵੇਲਸ ਵਿਚ ਇਸ ਸਮੇਂ ਖੇਡੇ ਜਾ ਰਹੇ ਵਿਸ਼ਵ ਕੱਪ ਵਿਚ ਤਿੰਨ ਇਸ ਤਰ੍ਹਾਂ ਦੀਆਂ ਗੇਂਦਾਂ ਸੁੱਟੀਆਂ ਗਈਆਂ ਹਨ ਜੋ ਹਮੇਸ਼ਾ ਲਈ ਯਾਦਗਾਰ ਬਣ ਗਈਆਂ ਹਨ। ਇਹ ਗੇਂਦਾਂ ਲਾਪ੍ਰਵਾਹ ਸੰਦਰਭ ਵਿਚ ਵੀ ਤੁਰੰਤ ਹੀ ਦਿਮਾਗ਼ੀ ਰੀਲ ਨੂੰ ਸਰਗਰਮ ਕਰ ਦਿੰਦੀਆਂ ਹਨ ਅਤੇ ਖੇਡ ਦਾ ਪੂਰਾ ਦ੍ਰਿਸ਼ ਅੱਖਾਂ ਸਾਹਮਣੇ ਆ ਜਾਂਦਾ ਹੈ। ਇਹ ਤਿੰਨ ਗੇਂਦਾਂ ਹਨ-ਮੁਹੰਮਦ ਸ਼ੰਮੀ ਦੀ ਅੰਦਰ ਆਉਂਦੀ ਹੋਈ ਗੇਂਦ ਜਿਸ ਨੇ ਸ਼ਾਈ ਹੋਪ ਨੂੰ ਬੋਲਡ ਕੀਤਾ, ਮਿਟਚੇਲ ਸਟਾਰਕ ਦੀ ਯੋਰਕਰ ਜਿਸ ਨੇ ਬੇਨ ਸਟੋਕਸ ਨੂੰ ਬੋਲਡ ਕੀਤਾ ਅਤੇ ਕੁਲਦੀਪ ਯਾਦਵ ਦੀ ਫਲੋਟਿੰਗ ਬਿਊਟੀ ਜਿਸ ਨੇ ਬਾਬਰ ਆਜ਼ਮ ਨੂੰ ਚਕਮਾ ਦਿੰਦੇ ਹੋਏ ਬੋਲਡ ਕੀਤਾ। ਇਨ੍ਹਾਂ ਤਿੰਨਾਂ ਗੇਂਦਾਂ ਵਿਚੋਂ ਸਭ ਤੋਂ ਚੰਗੀ ਕਿਹੜੀ ਸੀ? ਇਹ ਤੈਅ ਕਰਨਾ ਮੁਸ਼ਕਿਲ ਹੈ, ਇਸ ਲਈ ਇਨ੍ਹਾਂ ਨੂੰ ਕੋਈ ਲੜੀ ਨੰਬਰ ਨਹੀਂ ਦਿੱਤਾ ਗਿਆ ਹੈ। ਹਾਂ, ਏਨਾ ਤੈਅ ਹੈ ਕਿ ਤਿੰਨੇ ਹੀ ਹਮੇਸ਼ਾ ਯਾਦ ਕੀਤੀਆਂ ਜਾਣ ਵਾਲੀਆਂ ਯਾਦਗਾਰ ਗੇਂਦਾਂ ਹਨ।
ਦਰਅਸਲ, ਗੇਂਦ ਦੀ ਗੁਣਵਤਾ ਅਤੇ ਖੇਡ ਦੇ ਕਿਸ ਸੰਦਰਭ ਵਿਚ ਉਹ ਸੁੱਟੀ ਗਈ, ਇਹ ਦੋ ਗੱਲਾਂ ਤੈਅ ਕਰਦੀਆਂ ਹਨ ਕਿ ਉਸ ਗੇਂਦ ਨੂੰ ਕਿੰਨੇ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਇਸ ਲਈ ਪਹਿਲਾਂ ਗੁਣਵੱਤਾ 'ਤੇ ਗੱਲ ਕਰਦੇ ਹਾਂ। ਸ਼ੰਮੀ ਦੀ ਗੇਂਦ ਅੰਦਰ ਸੀਮ ਹੋਣ ਤੋਂ ਪਹਿਲਾਂ ਹਵਾ ਵਿਚ ਘੁੰਮੀ। ਜ਼ਿਆਦਾ ਨਾਟਕੀ ਅੰਦਾਜ਼ ਵਿਚ ਸਟਾਰਕ ਨੇ ਕੋਣ ਦੇ ਨਾਲ ਗੇਂਦ ਨੂੰ ਬਾਹਰ ਘੁਮਾਇਆ ਅਤੇ ਫਿਰ ਉਹ ਜ਼ਿਆਦਾ ਘਾਤਕ ਅੰਦਾਜ਼ ਵਿਚ ਵਾਪਸ ਸਵਿੰਗ ਹੋਈ। ਜਿਥੋਂ ਤੱਕ ਕੁਲਦੀਪ ਦੀ ਗੱਲ ਹੈ ਤਾਂ ਉਨ੍ਹਾਂ ਦੀ ਫਲਾਈਟ ਕਰ ਰਹੀ ਗੇਂਦ ਪਹਿਲਾਂ ਬਾਹਰ ਨੂੰ ਡ੍ਰਿਫਟ ਹੋਈ ਅਤੇ ਫਿਰ ਵਾਪਸ ਸਟੰਪਸ ਵਿਚ ਮੁੜ ਗਈ। ਹੁਣ ਖੇਡ ਦੇ ਸੰਦਰਭ ਵਿਚ ਦੇਖਦੇ ਹਾਂ। ਭਾਰਤ ਸਿਰਫ਼ 268 ਦੌੜਾਂ ਦਾ ਬਚਾਅ ਕਰ ਰਿਹਾ ਸੀ ਅਤੇ ਇਹ ਕੋਈ ਵੱਡਾ ਸਕੋਰ ਨਹੀਂ ਸੀ ਜਦੋਂ ਟੀਮਾਂ 50 ਓਵਰ ਵਿਚ 300-350 ਦੇ ਟੀਚੇ ਨੂੰ ਵੀ ਸਫਲ਼ਤਾ ਨਾਲ ਮੁਕਾਬਲਾ ਕਰ ਰਹੀਆਂ ਹੋਣ।
ਇਸੇ ਤਰ੍ਹਾਂ ਸ਼ੰਮੀ ਨੇ ਵੈਸਟਇੰਡੀਜ਼ ਦੇ ਸ਼ਾਈ ਨੂੰ ਬੋਲਡ ਕੀਤਾ ਜੋ ਇਕ ਪਾਸੇ ਨੂੰ ਸੰਭਾਲਣ ਵਿਚ ਮਜ਼ਬੂਤ ਸੀ। ਸਟੋਕਸ ਇੰਗਲੈਂਡ ਨੂੰ ਸਫ਼ਲਤਾਪੂਰਨ ਸੰਕਟ ਤੋਂ ਉਭਾਰ ਰਹੇ ਸਨ ਕਿ ਉਦੋਂ ਸਟਾਰਕ ਦੀ ਬਿਜਲੀ ਚਮਕੀ। ਬਾਬਰ ਨੇ ਫ਼ਖ਼ਰ ਜਮਾਂ ਦੇ ਨਾਲ 104 ਦੌੜਾਂ ਦੀ ਸਾਂਝੇਦਾਰੀ ਕਰ ਲਈ ਸੀ ਉਦੋਂ ਕੁਲਦੀਪ ਨੇ ਆਪਣਾ ਜਲਵਾ ਦਿਖਾਇਆ। ਖੇਡ ਦਾ ਰੁਖ ਬਦਲਣ ਵਾਲੀਆਂ ਇਨ੍ਹਾਂ ਤਿੰਨ ਗੇਂਦਾਂ ਨੇ ਇਸ ਵਿਸ਼ਵ ਕੱਪ ਨੂੰ ਉਹ ਜੀਵਨ ਬਖ਼ਸ਼ਿਆ ਜਿਸ ਦੀ ਉਹ ਨਿਰਾਸ਼ਾ ਵਿਚ ਭਾਲ ਕਰ ਰਿਹਾ ਸੀ।
ਪਰ ਜਦੋਂ ਸ਼ੰਮੀ ਨੇ ਸਵਿੰਗ ਗੇਂਦ ਦੀ ਤਰ੍ਹਾਂ ਸੀਮ ਗੇਂਦ ਸੁੱਟ ਕੇ ਸ਼ਾਈ ਨੂੰ ਬੋਲਡ ਕੀਤਾ ਅਤੇ ਉਨ੍ਹਾਂ ਤੋਂ ਇਹ ਪਤਾ ਕੀਤਾ ਗਿਆ ਕਿ ਉਹ ਇਸ ਦਾ ਸਿਹਰਾ ਕਿਸ ਨੂੰ ਦਿੰਦੇ ਹਨ ਤਾਂ ਸ਼ੰਮੀ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਸ਼ੰਮੀ ਨੇ ਕਿਹਾ, 'ਇਸ ਗੇਂਦ ਦਾ ਸਿਹਰਾ ਮੈਂ ਆਪਣੇ ਆਪ ਨੂੰ ਹੀ ਦੇਣਾ ਚਾਹਾਂਗਾ ਕਿਉਂਕਿ ਮੇਰੇ ਸਾਹਮਣੇ ਹੀ ਬਹੁਤ ਵੱਡੀਆਂ ਚੁਣੌਤੀਆਂ ਸਨ। ਪਿਛਲੇ ਡੇਢ ਦੋ ਸਾਲਾਂ ਦੌਰਾਨ ਜੋ ਕੁਝ ਹੋਇਆ, ਮੈਨੂੰ ਹੀ ਉਸ ਦਾ ਅਨੁਭਵ ਕਰਨਾ ਪਿਆ, ਮੈਨੂੰ ਹੀ ਸਾਹਮਣਾ ਕਰਨਾ ਪਿਆ ਅਤੇ ਮੈਂ ਹੀ ਉਸ ਤੋਂ ਬਾਹਰ ਨਿਕਲ ਕੇ ਆਇਆ। ਇਸ ਲਈ ਸਿਹਰਾ ਕਿਸ ਨੂੰ ਦਿੱਤਾ ਜਾਵੇ? ਸਿਹਰਾ ਮੈਂ ਸਿਰਫ਼ ਆਪਣੇ-ਆਪ ਨੂੰ ਹੀ ਦੇਣਾ ਚਾਹੁੰਦਾ ਹਾਂ।' ਸਾਇਦ ਇਹ ਠੀਕ ਵੀ ਹੈ, ਜਿਸ ਨੇ ਯਾਦਗਾਰ ਗੇਂਦ ਪਾਈ ਸਿਹਰਾ ਵੀ ਉਸ ਨੂੰ ਹੀ ਮਿਲਣਾ ਚਾਹੀਦਾ।

-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਗ਼ਲਤ ਸਾਬਤ ਹੋਈਆਂ ਕਈ ਭਵਿੱਖਬਾਣੀਆਂ

ਵਿਸ਼ਵ ਕ੍ਰਿਕਟ ਕੱਪ ਦੇ ਰੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸ੍ਰੀਲੰਕਾ ਵਰਗੀ ਸੰਘਰਸ਼ਮਈ ਦੌਰ 'ਚੋਂ ਗੁਜ਼ਰ ਰਹੀ ਆਸਟ੍ਰੇਲੀਆ ਅਤੇ ਪਾਕਿਸਤਾਨ ਵਰਗੀਆਂ ਟੀਮਾਂ ਤੋਂ ਮੈਚ ਹਾਰਨ ਕਰਕੇ ਇੰਗਲੈਂਡ ਦੀ ਟੀਮ ਨੂੰ ਆਖਰੀ ਪੜਾਅ 'ਤੇ ਆ ਕੇ ਸੈਮੀਫਾਈਨਲ 'ਚ ਪੁੱਜਣ ਲਈ ਹੋਰਨਾਂ ਟੀਮਾਂ ਦੀਆਂ ਜਿੱਤਾਂ-ਹਾਰਾਂ 'ਤੇ ਨਿਰਭਰ ਹੋਣਾ ਪੈ ਗਿਆ ਹੈ। ਟੇਵਿਆਂ ਨੂੰ ਝੂਠਾ ਪਾਉਂਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਅਜੇ ਤੱਕ ਇਕ ਮੈਚ ਹਾਰਿਆ ਹੈ ਅਤੇ ਆਖਰੀ 4 'ਚ ਥਾਂ ਬਣਾਉਣ ਵੱਲ ਕਦਮ ਵਧਾ ਲਏ ਹਨ। ਭਾਰਤੀ ਟੀਮ ਨੇ ਉਮੀਦਾਂ ਤੋਂ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆ ਦੀ ਟੀਮ ਨੇ ਆਰੰਭ 'ਚ ਭਾਰਤ ਹੱਥੋਂ ਮੈਚ ਹਾਰਨ ਉਪਰੰਤ ਚੈਂਪੀਅਨਾਂ ਵਾਂਗ ਅੱਗੇ ਵਧਣਾ ਸ਼ੁਰੂ ਕੀਤਾ ਅਤੇ ਸਭ ਤੋਂ ਪਹਿਲਾਂ ਸੈਮੀਫਾਈਨਲ 'ਚ ਥਾਂ ਬਣਾ ਲਈ ਹੈ। ਇਸੇ ਤਰ੍ਹਾਂ ਬੰਗਲਾਦੇਸ਼ ਦੀ ਟੀਮ ਨੇ ਵੀ ਭਵਿੱਖਬਾਣੀਆਂ ਤੋਂ ਉਲਟ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਨੂੰ ਹਰਾ ਕੇ ਤਰਥੱਲੀ ਮਚਾ ਦਿੱਤੀ। ਅਫ਼ਗਾਨਿਸਤਾਨ ਦੀ ਟੀਮ ਟੇਵਿਆਂ ਤੋਂ ਉਲਟ ਚੰਗੀ ਮੁਕਾਬਲੇਬਾਜ਼ੀ ਵਾਲੀ ਟੀਮ ਤਾਂ ਸਾਬਤ ਹੋਈ ਪਰ ਜਿੱਤਾਂ ਲਈ ਤਰਸ ਰਹੀ ਹੈ।
ਖਿਡਾਰੀਆਂ ਦੇ ਪਲਟਵਾਰ
ਸੰਸਾਰ ਕੱਪ ਲਈ ਚੁਣੀ ਗਈ ਪਾਕਿਸਤਾਨ ਦੀ ਟੀਮ 'ਚ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਪਹਿਲਾਂ ਸ਼ਾਮਿਲ ਨਹੀਂ ਕੀਤਾ ਗਿਆ ਸੀ। ਫਿਰ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਖਲ ਉਪਰੰਤ ਮੁਹੰਮਦ ਆਮਿਰ ਨੂੰ ਟੀਮ 'ਚ ਪਾਇਆ ਗਿਆ। ਨਤੀਜਾ ਸਭ ਦੇ ਸਾਹਮਣੇ ਹੈ, ਆਮਿਰ ਇਸ ਵੇਲੇ ਵਿਸ਼ਵ ਕੱਪ 2019 'ਚ ਪਾਕਿ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ ਹੋਇਆ ਹੈ। ਇਸੇ ਤਰ੍ਹਾਂ ਵੈਸਟਇੰਡੀਜ਼ ਮੂਲ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਪਹਿਲਾਂ ਇੰਗਲਿਸ਼ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਸਲਾਮੀ ਬੱਲੇਬਾਜ਼ ਐਲੈਕਸ ਹੇਲਜ਼ ਦੇ ਆਖਰੀ ਸਮੇਂ ਟੀਮ 'ਚੋਂ ਬਾਹਰ ਹੋਣ ਉਪਰੰਤ ਜੋਫਰਾ ਨੂੰ ਇੰਗਲੈਂਡ ਦੀ ਟੀਮ 'ਚ ਥਾਂ ਮਿਲੀ ਅਤੇ ਉਹ ਇੰਗਲੈਂਡ ਦੇ ਗੇਂਦਬਾਜ਼ੀ ਹਮਲੇ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੋ ਰਿਹਾ ਹੈ। ਇਸੇ ਤਰ੍ਹਾਂ ਭਾਰਤੀ ਟੀਮ 'ਚ ਧਾਕੜ ਬੱਲੇਬਾਜ਼ ਤੇ ਵਿਕਟਕੀਪਰ ਰਿਸ਼ਭ ਪੰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ ਪਰ ਕੁਦਰਤ ਉਸ ਦੇ ਹੱਕ 'ਚ ਸੀ। ਸ਼ਿਖਰ ਧਵਨ ਜ਼ਖਮੀ ਹੋਣ ਕਾਰਨ ਭਾਰਤੀ ਟੀਮ 'ਚੋਂ ਬਾਹਰ ਹੋ ਗਿਆ ਅਤੇ ਰਿਸ਼ਭ ਪੰਤ ਨੂੰ ਟੀਮ 'ਚ ਥਾਂ ਮਿਲ ਗਈ ਅਤੇ ਉਸ ਨੇ ਮੌਕੇ ਦਾ ਫਾਇਦਾ ਵੀ ਉਠਾਇਆ।
ਟੀਮਾਂ ਦੇ ਹਮਾਇਤੀ
ਸੰਸਾਰ ਕੱਪ ਲਈ ਵੱਖ-ਵੱਖ ਟੀਮਾਂ ਦੇ ਚਾਹੁਣ ਵਾਲੇ ਹੁੰਮ-ਹੁਮਾ ਕੇ ਇੰਗਲੈਂਡ ਪੁੱਜੇ ਹੋਏ ਹਨ। ਇਕ ਅੰਦਾਜ਼ੇ ਮੁਤਾਬਿਕ ਏਸ਼ੀਅਨ ਟੀਮਾਂ ਦੇ ਹਮਾਇਤੀ ਸਭ ਤੋਂ ਵੱਡੀ ਗਿਣਤੀ 'ਚ ਇੰਗਲੈਂਡ ਪੁੱਜੇ ਹੋਏ ਹਨ, ਜਿਨ੍ਹਾਂ ਦੀ ਗਿਣਤੀ 80 ਹਜ਼ਾਰ ਤੋਂ ਇਕ ਲੱਖ ਤੱਕ ਮੰਨੀ ਜਾ ਰਹੀ ਹੈ। ਸਿੰਗਾਪੁਰ ਤੋਂ ਆਪਣੀ ਗੱਡੀ ਰਾਹੀਂ 49 ਘੰਟੇ ਦਾ ਸੜਕੀ ਸਫਰ ਤੈਅ ਕਰਕੇ ਇੰਗਲੈਂਡ ਪੁੱਜਿਆ ਮਾਥੁਰ ਪਰਿਵਾਰ ਅਤੇ 87 ਸਾਲਾਂ ਦੀ ਮਾਤਾ ਚਾਰੂਲਤਾ ਪਟੇਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ੍ਰੀਮਤੀ ਪਟੇਲ 1983 ਦੇ ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਚੈਂਪੀਅਨ ਬਣਨ ਦਾ ਸਫਰ ਅੱਖੀਂ ਦੇਖਣ ਵਾਲਿਆਂ 'ਚ ਸ਼ਾਮਿਲ ਹੈ ਅਤੇ ਹੁਣ ਵੀ ਵਡੇਰੀ ਉਮਰ ਦੇ ਬਾਵਜੂਦ ਭਾਰਤੀ ਟੀਮ ਨੂੰ ਵੱਖ-ਵੱਖ ਮੈਚਾਂ 'ਚ ਉਤਸ਼ਾਹਿਤ ਕਰਦੀ ਨਜ਼ਰ ਆ ਰਹੀ ਹੈ। ਸ੍ਰੀਮਤੀ ਪਟੇਲ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਹੋਰਨਾਂ ਖਿਡਾਰੀਆਂ ਨੇ ਬੰਗਲਾਦੇਸ਼ ਖਿਲਾਫ ਮੈਚ ਤੋਂ ਬਾਅਦ ਅਸ਼ੀਰਵਾਦ ਵੀ ਲਿਆ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਫੈਨ ਭਾਰਤੀ ਟੀਮ ਨੂੰ ਉਤਸ਼ਾਹਿਤ ਕਰਨ ਤੇ ਕ੍ਰਿਕਟ ਦਾ ਅਨੰਦ ਮਾਣਨ ਲਈ ਵਲੈਤ ਪੁੱਜੇ ਹੋਏ ਹਨ।
ਚੰਗੀ ਮੁਕਾਬਲੇਬਾਜ਼ੀ
12ਵਾਂ ਵਿਸ਼ਵ ਕ੍ਰਿਕਟ ਕੱਪ ਚੰਗੀ ਮੁਕਾਬਲੇਬਾਜ਼ੀ ਲਈ ਯਾਦ ਰੱਖਿਆ ਜਾਵੇਗਾ। ਇਸ ਕੱਪ ਦੌਰਾਨ ਤਕਰੀਬਨ ਸਾਰੇ ਮੈਚ ਹੀ ਵਧੀਆ ਮੁਕਾਬਲੇਬਾਜ਼ੀ ਵਾਲੇ ਸਾਬਤ ਹੋਏ। ਕੱਪ ਦੌਰਾਨ ਮਾੜੀ ਕਮਜ਼ੋਰ ਸਮਝੀ ਜਾਣ ਵਾਲੀ ਅਫ਼ਗਾਨਿਸਤਾਨ ਦੀ ਟੀਮ ਨੇ ਲਗਭਗ ਹਰੇਕ ਮੈਚ 'ਚ ਵਿਰੋਧੀ ਟੀਮਾਂ ਨੂੰ ਚੰਗੀ ਚੁਣੌਤੀ ਦਿੱਤੀ। ਇਹ ਟੀਮ ਕੱਪ ਦੌਰਾਨ ਭਾਵੇਂ ਕੋਈ ਮੈਚ ਨਹੀਂ ਜਿੱਤ ਸਕੀ ਪਰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਜਿਸ ਤਰ੍ਹਾਂ ਸਖਤ ਚੁਣੌਤੀ ਦਿੱਤੀ, ਉਹ ਕਾਬਿਲੇ ਤਾਰੀਫ ਹੈ। ਅਫ਼ਗਾਨ ਟੀਮ ਤਜਰਬੇ ਦੀ ਘਾਟ ਕਾਰਨ ਉਕਤ ਦੋਵੇਂ ਟੀਮਾਂ ਖਿਲਾਫ ਮੈਚ ਹਾਰੀ। ਇਸ ਟੀਮ ਦੀ ਚੋਣ 'ਤੇ ਵੀ ਕਈ ਤਰ੍ਹਾਂ ਦੀਆਂ ਉਂਗਲਾਂ ਉੱਠੀਆਂ। ਇਸੇ ਤਰ੍ਹਾਂ ਵੈਸਟ ਇੰਡੀਜ਼ ਦੀ ਟੀਮ ਵੀ ਕੇਰੇਨ ਪੋਲਾਰਡ, ਸੁਨੀਲ ਨਰਾਇਣ ਤੇ ਡੈਰੇਨ ਬਰਾਵੋ ਵਰਗੇ ਖਿਡਾਰੀਆਂ ਦੀ ਚੋਣ ਨਾ ਕਰਨ ਕਰਕੇ, ਕੁਝ ਮੈਚ ਜਿੱਤ ਦੇ ਦੁਆਰ 'ਤੇ ਜਾ ਕੇ ਹਾਰੀ। ਸ੍ਰੀਲੰਕਾ ਦੀ ਟੀਮ ਨੇ ਉਮੀਦਾਂ ਤੋਂ ਵਧੀਆ ਖੇਡ ਦਿਖਾਈ। ਇਸ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਨੂੰ ਰੌਚਿਕਤਾ ਪ੍ਰਦਾਨ ਕਰ ਦਿੱਤੀ। ਬੰਗਲਾਦੇਸ਼ ਦੀ ਟੀਮ ਨੇ ਆਪਣੇ-ਆਪ ਨੂੰ ਭਵਿੱਖ ਦੀ ਤਾਕਤ ਵਜੋਂ ਉਭਾਰਿਆ। (ਸਮਾਪਤ)


-ਪਟਿਆਲਾ।
ਮੋਬਾ: 97795-90575

ਪੁਰਾਤਨ ਉਲੰਪਿਕ ਖੇਡਾਂ ਦੀ ਰੌਚਿਕ ਗਾਥਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਏਥਨ ਦਾ ਰਾਜ ਪ੍ਰਬੰਧ ਜਿਥੇ ਅਪਣੇ ਨਾਗਰਿਕਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵੱਲ ਧਿਆਨ ਦਿੰਦਾ ਸੀ, ਉਥੇ ਸਪਾਰਟਾ ਦਾ ਰਾਜਾ ਆਪਣੇ ਨਾਗਰਿਕਾਂ ਦੇ ਮਹਿਜ਼ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਹੋਣ 'ਤੇ ਜ਼ੋਰ ਦਿੰਦਾ ਸੀ। ਇਨ੍ਹਾਂ ਵੱਖ-ਵੱਖ ਰਾਜ ਪ੍ਰਣਾਲੀਆਂ ਦੇ ਫਲਸਰੂਪ ਏਥਨ ਵਿਚ ਯੋਧੇ ਅਤੇ ਵਿਦਵਾਨ ਦੋਵੇਂ ਪੈਦਾ ਹੋਏ ਜਿਵੇਂ ਸੁਕਰਾਤ ਅਰਸਤੂ ਅਤੇ ਸਿਕੰਦਰ ਮਹਾਨ ਆਦਿ। ਜਦੋਂ ਕਿ ਸਪਾਰਟਾ ਰਿਆਸਤ ਵਿਚ ਕੇਵਲ ਬਲਸ਼ਾਲੀ ਯੋਧੇ ਪੈਦਾ ਹੋਏ। ਸਪਾਰਟਾ ਦੀ ਫੌਜੀ ਹਕੂਮਤ ਵਲੋਂ ਸਰੀਰਕ ਤੌਰ 'ਤੇ ਅਪਾਹਜ ਜਾਂ ਕਮਜ਼ੋਰ ਬੱਚਿਆਂ ਨੂੰ ਟਿਬਰੀ ਨਾਂਅ ਦੀ ਪਹਾੜੀ ਤੋਂ ਸੁੱਟ ਕੇ ਮਾਰ ਦਿੱਤਾ ਜਾਂਦਾ ਸੀ। ਬੱਚਿਆਂ ਦੀ ਸ਼ਨਾਖਤੀ ਪਰੇਡ ਕਰਵਾਈ ਜਾਂਦੀ ਸੀ। ਬਚਪਨ ਦੌਰਾਨ ਹੀ ਉਨ੍ਹਾਂ ਨੂੰ ਕੁਝ ਸਮੇਂ ਵਾਸਤੇ ਫੌਜੀ ਬੈਰਕਾਂ ਵਿਚ ਰੱਖਿਆ ਜਾਂਦਾ ਸੀ। ਸਪਾਰਟਾ ਦੇ ਰਾਜੇ ਦਾ ਫੁਰਮਾਨ ਸੀ ਕਿ ਉਸ ਨੂੰ ਕੇਵਲ ਤੇ ਕੇਵਲ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਨਾਗਰਿਕਾਂ ਦੀ ਲੋੜ ਹੈ। ਫੌਜੀ ਸਿਖਲਾਈ ਹਰ ਇਕ ਨਾਗਰਿਕ ਵਾਸਤੇ ਲਾਜ਼ਮੀ ਸੀ। ਉਨ੍ਹਾਂ ਸਮਿਆਂ ਦੌਰਾਨ ਹੀ ਏਥਨ ਵਾਸੀਆਂ ਵਲੋਂ ਇਸ ਕਹਾਵਤ ਨੂੰ ਜਨਮ ਦਿੱਤਾ ਗਿਆ ਪ੍ਰਤੀਤ ਹੁੰਦਾ ਹੈ ਕਿ 'ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ'।
ਇਨ੍ਹਾਂ ਖੇਡਾਂ ਦੀ ਸ਼ੁਰੂਆਤ ਦੇ ਧਾਰਮਿਕ ਕਾਰਨ ਤੋਂ ਇਲਾਵਾ ਇਕ ਹੋਰ ਦੰਦ ਕਥਾ ਇਨ੍ਹਾਂ ਦੀ ਸ਼ੁਰੂਆਤ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਯੂਨਾਨ ਦੀ ਇਕ ਰਿਆਸਤ ਦੇ ਤਾਕਤਵਰ ਰਾਜੇ ਨੇ ਆਪਣੀ ਧੀ ਦੇ ਵਿਆਹ ਵਾਸਤੇ ਇਹ ਸ਼ਰਤ ਰੱਖੀ ਕਿ ਜਿਹੜਾ ਰਾਜਕੁਮਾਰ ਉਸ ਦੀ ਧੀ ਨੂੰ ਆਪਣੇ ਰੱਥ 'ਤੇ ਬਿਠਾ ਕੇ ਸਹੀ ਸਲਾਮਤ ਉਸ ਤੋਂ ਜਾਂ ਉਸ ਵਲੋਂ ਨਿਯਤ ਕੀਤੇ ਯੋਧਿਆਂ ਤੋਂ ਬਚ ਕੇ ਮਿਥੀ ਹੱਦ ਨੂੰ ਪਾਰ ਕਰ ਜਾਵੇਗਾ, ਉਹ ਆਪਣੀ ਧੀ ਦਾ ਵਿਆਹ ਉਸੇ ਰਾਜਕੁਮਾਰ ਨਾਲ ਕਰੇਗਾ। ਇਸ ਸ਼ਰਤ ਨੂੰ ਪੂਰਾ ਕਰਦਿਆਂ ਕਈ ਰਾਜਕੁਮਾਰ ਰਾਜੇ ਹੱਥੋਂ ਕਤਲ ਹੋ ਗਏ। ਆਖਰ ਏਥਨ ਦਾ ਰਾਜਕੁਮਾਰ ਇਹ ਸ਼ਰਤ ਪੂਰੀ ਕਰਨ ਵਿਚ ਸਫ਼ਲ ਹੋ ਗਿਆ। ਉਸ ਨੇ ਸ਼ਰਤ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਸ ਸਾਰਥੀ ਨਾਲ ਗੰਢਤੁੱਪ ਕਰ ਲਈ ਸੀ, ਜਿਸ ਨੇ ਉਸ ਦਾ ਪਿੱਛਾ ਕਰਨ ਵਾਲੇ ਰੱਥ ਦੀ ਰਥਵਾਨੀ ਕਰਨੀ ਸੀ। ਉਸ ਰਥਵਾਨ ਨੇ ਮਿਲੀਭੁਗਤ ਨਾਲ ਸਬੰਧਿਤ ਰੱਥ ਦਾ ਪਹੀਆ ਕਮਜ਼ੋਰ ਪਾ ਲਿਆ, ਜੋ ਕੁਝ ਦੂਰੀ ਉੱਤੇ ਜਾ ਕੇ ਤੈਅਸ਼ੁਦਾ ਸਕੀਮ ਅਨੁਸਾਰ ਟੁੱਟ ਗਿਆ ਅਤੇ ਰਾਜ ਕੁਮਾਰ ਮਿਥੀ ਹੱਦ ਟੱਪਣ ਵਿਚ ਸਫ਼ਲ ਹੋ ਗਿਆ। ਇਸ ਵਿਆਹ ਦੀ ਖੁਸ਼ੀ ਵਿਚ ਉਸ ਨੇ ਜੀਅਸ ਦੇਵਤਾ ਦੇ ਮੰਦਰ ਵਿਖੇ ਇਕ ਬਹੁਤ ਵੱਡਾ ਸਮਾਗਮ ਕਰਵਾਇਆ, ਜਿਸ ਦੌਰਾਨ ਤਰ੍ਹਾਂ-ਤਰ੍ਹਾਂ ਦੇ ਕਰਤਵ ਮੁਕਾਬਲੇ ਕਰਵਾਏ ਗਏ, ਜੋ ਅੱਗੇ ਜਾ ਕੇ ਪੁਰਾਤਨ ਉਲੰਪਿਕ ਖੇਡਾਂ ਦੀ ਬੁਨਿਆਦ ਬਣੇ।
ਔਰਤਾਂ ਨੂੰ ਪੁਰਾਤਨ ਉਲੰਪਿਕ ਖੇਡਾਂ ਵਿਚ ਭਾਗ ਲੈਣ ਅਤੇ ਖੇਡਾਂ ਨੂੰ ਦੇਖਣ ਦੀ ਸਖ਼ਤ ਮਨਾਹੀ ਸੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲੀ ਔਰਤ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ ਸੀ। ਇਕ ਵਾਰ 'ਕਾਲਿਪੇਤੀਆਰਾ' ਨਾਂਅ ਦੀ ਔਰਤ ਮਰਦਾਵਾਂ ਭੇਸ ਬਦਲ ਕੇ ਇਸ ਲਈ ਇਨ੍ਹਾਂ ਖੇਡਾਂ ਨੂੰ ਦੇਖਣ ਚਲੇ ਗਈ, ਤਾਂ ਕਿ ਉਹ ਆਪਣੇ ਪੁੱਤਰ ਨੂੰ ਖੇਡਾਂ 'ਚ ਭਾਗ ਲੈਂਦਿਆਂ ਦੇਖ ਸਕੇ। ਜਦੋਂ ਉਹਦਾ ਪੁੱਤਰ ਮੁਕਾਬਲਾ ਜਿੱਤ ਕੇ ਉਲੰਪਿਕ ਚੈਂਪੀਅਨ ਬਣਿਆ ਤਾਂ ਉਹ ਖੁਸ਼ੀ ਵਿਚ ਉਛਲਣ ਲੱਗ ਪਈ। ਇਸ ਦੌਰਾਨ ਉਸ ਦੇ ਔਰਤ ਹੋਣ ਬਾਰੇ ਭੇਦ ਖੁੱਲ੍ਹ ਗਿਆ। ਉਸ ਔਰਤ ਦੇ ਪੁੱਤਰ ਤੋਂ ਇਲਾਵਾ ਉਸ ਦਾ ਪਿਤਾ ਅਤੇ ਭਰਾ ਵੀ ਆਪਣੇ ਸਮੇਂ ਦੇ ਚੈਂਪੀਅਨ ਸਨ, ਜਿਨ੍ਹਾਂ ਦਾ ਸਤਿਕਾਰ ਕਰਕੇ ਔਰਤ ਨੂੰ ਮੁਆਫ਼ ਕਰ ਦਿੱਤਾ ਗਿਆ। ਇਸ ਉਪਰੰਤ ਉਲੰਪੀਆਡ ਸਟੇਡੀਅਮ ਵਿਚ ਦਾਖਲ ਹੋਣ ਵਾਲਿਆਂ ਦੀ ਬਕਾਇਦਾ ਜਾਂਚ ਕਰਨੀ ਆਰੰਭ ਕਰ ਦਿੱਤੀ ਗਈ। ਖੁਦਾਈ ਦੌਰਾਨ ਮਿਲੀਆਂ ਮੂਰਤੀਆਂ ਅਤੇ ਧਾਤੂ ਵਸਤਾਂ ਉੱਤੇ ਉਕਰੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਖਿਡਾਰੀ ਅਲਫ਼ ਨੰਗੇ ਹੋ ਕੇ ਇਨ੍ਹਾਂ ਖੇਡਾਂ ਵਿਚ ਸ਼ਿਰਕਤ ਕਰਦੇ ਸਨ। ਅਜਿਹਾ ਵੱਧ ਤੋਂ ਵੱਧ ਕਾਰਗੁਜ਼ਾਰੀ ਦਿਖਾਉਣ ਦੀ ਗਰਜ਼ ਨਾਲ ਕੀਤਾ ਜਾਂਦਾ ਸੀ, ਕਿਉਂਕੀ ਉਸ ਜ਼ਮਾਨੇ ਦੇ ਕੱਪੜੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿਚ ਰੁਕਾਵਟ ਪੈਦਾ ਕਰਦੇ ਸਨ।
ਪੁਰਾਤਨ ਉਲੰਪਿਕ ਖੇਡਾਂ 4 ਸਾਲ ਬਾਅਦ 6 ਅਗਸਤ ਤੋਂ 18 ਸਤੰਬਰ ਦੇ ਵਿਚਕਾਰ ਕਰਵਾਈਆਂ ਜਾਂਦੀਆਂ ਸਨ। ਇਨ੍ਹਾਂ ਦੀ ਅਟਲਤਾ ਕਾਰਨ ਸਮਕਾਲੀ ਇਤਿਹਾਸਕਾਰ ਘਟਨਾਵਾਂ ਦਾ ਹਵਾਲਾ ਦੇਣ ਸਮੇਂ ਉਲੰਪਿਕ ਖੇਡਾਂ ਦੀ ਪੈਰਵੀ ਕਰਦੇ ਸਨ। ਪੁਰਾਣੀਆਂ ਉਲੰਪਿਕ ਖੇਡਾਂ ਵਿਚ ਸਮੇਂ ਦੇ ਨਾਲ ਈਵੈਂਟਸ ਦੀ ਗਿਣਤੀ ਵਧਦੀ ਗਈ। ਇਨ੍ਹਾਂ ਵਿਚ ਮੁੱਖ ਤੌਰ 'ਤੇ ਰੱਥ ਦੌੜਾਂ, ਘੋੜ ਦੌੜਾਂ, ਮੱਲ ਯੁੱਧ (ਕੁਸ਼ਤੀ ਅਤੇ ਮੁੱਕੇਬਾਜ਼ੀ ਦਾ ਸੁਮੇਲ), ਵੱਖ-ਵੱਖ ਦੂਰੀ ਦੀਆਂ ਦੌੜਾਂ, ਲੰਬੀ ਛਾਲ, ਉੱਚੀ ਛਾਲ, ਡਿਸਕਸ ਥਰੋਅ, ਜੈਵਲੀਅਨ ਥਰੋਅ, ਤਲਵਾਰਬਾਜ਼ੀ, ਤੀਰਅੰਦਾਜ਼ੀ ਅਤੇ ਪਟੈਥਲਿਨ (ਪੰਜ ਟਰੈਕ ਅਤੇ ਫ਼ੀਲਡ ਇਵੈਂਟਸ) ਆਦਿ ਪ੍ਰਮੁੱਖ ਖੇਡ ਪ੍ਰਤੀਯੋਗਤਾਵਾਂ ਸ਼ਾਮਿਲ ਸਨ। ਰੱਥ ਦੌੜਾਂ ਦੀ ਈਵੈਂਟ ਨੂੰ ਸਭ ਤੋਂ ਖ਼ਤਰਨਾਕ ਅਤੇ ਜੋਖ਼ਮ ਵਾਲੀ ਮੰਨਿਆ ਜਾਂਦਾ ਸੀ। ਰੱਥ ਅੱਗੇ 2 ਅਤੇ 4 ਘੋੜੇ ਜੋੜੇ ਜਾਂਦੇ ਸਨ। ਰੱਥ ਦੌੜ ਦਾ ਫ਼ਾਸਲਾ 2.5 ਮੀਲ ਤੋਂ 8 ਮੀਲ ਦਾ ਰੱਖਿਆ ਹੁੰਦਾ ਸੀ। ਲੰਬੀ ਦੂਰੀ ਦੀ ਮੈਰਾਥਨ ਦੌੜ ਭਾਵੇਂ ਪੁਰਾਤਨ ਉਲੰਪਿਕ ਖੇਡਾਂ ਦੀ ਸੂਚੀ ਵਿਚ ਸ਼ਾਮਿਲ ਨਹੀਂ ਸੀ ਪਰ ਯੂਨਾਨੀ ਇਤਿਹਾਸ ਨਾਲ ਸਬੰਧਿਤ ਇਕ ਦਿਲਚਸਪ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਨ 1908 ਦੀਆਂ ਉਲੰਪਿਕ ਖੇਡਾਂ ਵਿਚ ਇਸ ਮਹੱਤਵਪੂਰਨ ਅਤੇ ਜਾਨ ਹਲੂਣਵੀਂ ਈਵੈਂਟ ਨੂੰ ਆਧੁਨਿਕ ਉਲੰਪਿਕ ਖੇਡਾਂ ਵਿਚ ਸ਼ਾਮਿਲ ਕੀਤਾ ਗਿਆ।
ਇਸ ਘਟਨਾ ਅਨੁਸਾਰ ਏਥਨ ਰਾਜ ਦੀਆਂ ਫੌਜਾਂ ਦਾ ਦੁਸ਼ਮਣ ਰਿਆਸਤ ਦੀਆਂ ਫੌਜਾਂ ਨਾਲ ਯੁੱਧ ਏਥਨ ਤੋਂ 26 ਮੀਲ ਦੀ ਦੂਰੀ 'ਤੇ ਸਥਿਤ ਮੈਰਾਥਨ ਮੈਦਾਨ ਵਿਚ ਹੋਇਆ ਸੀ। ਫਿਡਪੀਡਸ ਨਾਂਅ ਦੇ ਜਿਸ ਸੈਨਿਕ ਨੇ ਫੌਜੀ ਹੁਕਮ ਦੀ ਪਾਲਣਾ ਕਰਦਿਆਂ ਸੂਰਜ ਦੇ ਅਸਤ ਹੋਣ ਤੋਂ ਪਹਿਲਾਂ ਏਥਨ ਵਾਸੀਆਂ ਨੂੰ ਜਿੱਤ ਦੀ ਖਬਰ ਦਿੱਤੀ ਸੀ, ਉਹ ਤੇਜ਼ੀ ਨਾਲ ਖਤਮ ਕੀਤੇ ਪੰਧ ਕਾਰਨ ਲੱਗੇ ਹੱਦੋਂ ਵੱਧ ਜ਼ੋਰ ਸਦਕਾ ਖਬਰ ਦਿੰਦੇ ਸਾਰ ਦਮ ਤੋੜ ਗਿਆ ਸੀ। ਉਸ ਜਾਂਬਾਜ ਸੈਨਿਕ ਦੀ ਯਾਦ ਨੂੰ ਤਰੋਤਾਜ਼ਾ ਰੱਖਣ ਲਈ ਇਹ ਦੌੜ ਸ਼ੁਰੂ ਕੀਤੀ ਗਈ, ਜਿਸ ਦੀ ਲੰਬਾਈ 26 ਮੀਲ 385 ਗਜ਼ ਰੱਖੀ ਗਈ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੁਰਾਤਨ ਉਲੰਪਿਕ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਉਲੰਪੀਆਡ ਸਥਿਤ ਜੀਅਸ ਦੇਵਤਾ ਦੇ ਮੰਦਰ ਵਿਖੇ ਲੱਗੇ ਪਵਿਤਰ ਮੰਨੇ ਜਾਂਦੇ ਜੈਤੂਨ ਦੇ ਰੁੱਖਾਂ ਦੀ ਛਿੱਲ, ਟਾਹਣੀਆਂ ਅਤੇ ਪੱਤਿਆਂ ਤੋਂ ਬਣੇ ਤਾਜ ਪਹਿਨਾਏ ਜਾਂਦੇ ਸਨ। ਉਸ ਵਕਤ ਇਸ ਨੂੰ ਸਭ ਤੋਂ ਕੀਮਤੀ ਇਨਾਮ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਜੈਤੂਨ ਦਾ ਤੇਲ ਵੀ ਜੇਤੂਆਂ ਨੂੰ ਦਿੱਤਾ ਜਾਂਦਾ ਸੀ। ਯੂਨਾਨੀ ਲੋਕ ਜੈਤੂਨ ਨੂੰ ਤਾਕਤ ਅਤੇ ਬੁੱਧੀ ਦੀ ਦੇਵੀ ਦੇ ਪ੍ਰਤੀਕ ਵਜੋਂ ਮਾਨਤਾ ਦਿੰਦੇ ਆਏ ਹਨ। (ਸਮਾਪਤ)


-ਮੋਬਾ: 98722-38722

ਰਿਸ਼ੀਕੇਸ਼ ਦਾ ਮਾਣ ਸੋਨ ਤਗਮਾ ਜੇਤੂ ਖਿਡਾਰੀ ਧਨਵੀਰ ਸਿੰਘ ਭੰਡਾਰੀ

ਧਨਵੀਰ ਸਿੰਘ ਭੰਡਾਰੀ ਨੂੰ ਜੇਕਰ ਪੂਰੇ ਉੱਤਰਾਖੰਡ ਦਾ ਮਾਣ ਆਖ ਦਿੱਤਾ ਜਾਵੇ ਤਾਂ ਅਤਿਕਥਨੀ ਨਹੀਂ ਆਖੀ ਜਾ ਸਕਦੀ ਪਰ ਇਸ ਦੇ ਨਾਲ ਹੀ ਪਵਿੱਤਰ ਗੰਗਾ ਨਦੀ ਦੇ ਕਿਨਾਰੇ ਵਸੇ ਸ਼ਹਿਰ ਰਿਸ਼ੀਕੇਸ ਦੇ ਵਾਸੀ ਆਖਦੇ ਹਨ ਕਿ ਧਨਵੀਰ ਸਿੰਘ ਸਾਡਾ ਮਾਣ ਹੈ। ਧਨਵੀਰ ਸਿੰਘ ਦਾ ਜਨਮ ਰਿਸ਼ੀਕੇਸ ਵਿਖੇ 10 ਮਈ, 1985 ਨੂੰ ਪਿਤਾ ਸੱਤਿਆ ਸਿੰਘ ਦੇ ਘਰ ਮਾਤਾ ਗਨੇਸੀ ਦੇਵੀ ਦੀ ਕੁੱਖੋਂ ਤਪੋਵਨ ਲਖਸ਼ਮਣ ਝੂਲਾ ਵਿਖੇ ਹੋਇਆ। ਧਨਵੀਰ ਸਿੰਘ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲੀ ਪੱਧਰ 'ਤੇ ਹੀ ਇਕ ਚੰਗੇ ਦੌੜਾਕ ਵਜੋਂ ਉੱਭਰਿਆ ਅਤੇ ਉਹ 1500 ਮੀਟਰ, 3000 ਮੀਟਰ ਅਤੇ 5000 ਮੀਟਰ ਦੌੜ ਵਿਚ ਸਕੂਲ ਵਜੋਂ ਚੈਂਪੀਅਨ ਬਣਿਆ ਅਤੇ ਧਨਵੀਰ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਲਈ ਦੌੜੇਗਾ ਅਤੇ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰੇਗਾ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਸਾਲ 2009 ਵਿਚ ਉਹ ਆਪਣੇ ਇਕ ਦੋਸਤ ਨਾਲ ਬਾਜ਼ਾਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਵਾਹਨ ਨੇ ਬੁਰੀ ਤਰ੍ਹਾਂ ਲਪੇਟ ਵਿਚ ਲੈ ਲਿਆ ਅਤੇ ਉਹ ਦੋਵੇਂ ਦੋਸਤ ਜ਼ਖਮੀ ਹੋ ਗਏ।
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਧਨਵੀਰ ਸਿੰਘ ਦਾ ਡਾਕਟਰੀ ਇਲਾਜ ਚੱਲਿਆ ਪਰ ਇਲਾਜ ਹੋਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਪਾਈਨਲ ਕੋਰਡ ਇੰਜਰੀ ਹੋ ਜਾਣ ਦੀ ਪੁਸ਼ਟੀ ਕਰ ਦਿੱਤੀ ਭਾਵ ਉਸ ਦੇ ਨਿਚਲੇ ਹਿੱਸੇ ਨੇ ਕੰਮ ਕਰਨਾ ਛੱਡ ਦਿੱਤਾ ਅਤੇ ਜਦ ਇਸ ਗੱਲ ਦਾ ਪਤਾ ਧਨਵੀਰ ਸਿੰਘ ਨੂੰ ਲੱਗਾ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਅਤੇ ਉਹ ਸੋਚਣ ਲੱਗਾ ਕਿ ਕੀ ਤੋਂ ਕੀ ਹੋ ਗਿਆ। ਧਨਵੀਰ ਸਿੰਘ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ਵਿਚ ਚਲਾ ਗਿਆ। ਮਾਂ-ਬਾਪ ਨੇ ਆਸਰਾ ਦਿੱਤਾ ਅਤੇ ਉਸ ਨੂੰ ਬੈਸਾਖੀਆਂ ਦੇ ਸਹਾਰੇ ਚੱਲਣ ਦੇ ਸਮਰੱਥ ਕਰ ਦਿੱਤਾ। ਇਕ ਦਿਨ ਉਹ ਘਰ ਵਿਚ ਬੈਠਾ ਦੂਰ ਤੱਕ ਵਿਸ਼ਾਲ ਹਿਮਾਲਿਆ ਦੇ ਪਹਾੜ ਤੱਕ ਰਿਹਾ ਸੀ ਅਤੇ ਧਨਵੀਰ ਸਿੰਘ ਨੇ ਸੋਚਿਆ ਕਿ ਕੁਦਰਤ ਵੀ ਕਿੰਨੀ ਮਹਾਨ ਹੈ, ਪਹਾੜਾਂ ਵਿਚੋਂ ਦੀ ਦੁੱਧ ਰੰਗੀ ਇਕ ਬੱਦਲੀ ਉੱਚੀ ਉਡਾਨ ਭਰਦੀ ਦਿਖਾਈ ਦਿੱਤੀ ਤਾਂ ਧਨਵੀਰ ਸਿੰਘ ਸੋਚਣ ਲੱਗਾ ਕਿ, 'ਇਤਨੀ ਠੋਕਰੇਂ ਦੇਨੇ ਕੇ ਲੀਏ ਸ਼ੁਕਰੀਆਂ ਏ ਜ਼ਿੰਦਗੀ, ਚਲਨੇ ਕਾ ਨਾ ਸਹੀ ਸੰਭਲਨੇ ਕਾ ਹੁਨਰ ਤੋ ਆ ਈ ਜਾਏਗਾ...।' ਕੁਦਰਤ ਦਾ ਭਾਣਾ ਸਵੀਕਾਰ ਕਰ ਧਨਵੀਰ ਹੌਂਸਲੇ ਵਿਚ ਆਇਆ ਅਤੇ ਮਨ ਨੇ ਉਡ ਰਹੀ ਬੱਦਲੀ ਵਾਂਗ ਉਡਾਨ ਭਰੀ ਅਤੇ ਅੰਗੜਾਈ ਲੈ ਕੇ ਬੋਲਿਆ, 'ਜ਼ਿੰਦਗੀ ਚੱਲਨੇ ਕਾ ਨਾਮ ਹੈ...।' ਧਨਵੀਰ ਸਿੰਘ ਨੇ ਯੋਗਾ ਕਰਨਾ ਅਤੇ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਇਸ ਖੇਤਰ ਵਿਚ ਯੋਗ ਗੁਰੂ ਬਣਿਆ। ਇਕ ਦਿਨ ਉਸ ਨੂੰ ਸਪਾਈਨਲ ਕੋਰਡ ਇੰਜਰੀ ਤੋਂ ਹੀ ਪੀੜਤ ਅਤੇ ਪੈਰਾ ਖਿਡਾਰੀ ਗਜਿੰਦਰ ਸਿੰਘ ਨੇਗੀ ਦਾ ਫੋਨ ਆਇਆ। ਉਸ ਨੇ ਉਸ ਨੂੰ ਅੰਗਹੀਣ ਭਾਵ ਪੈਰਾ ਖੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਧਨਵੀਰ ਸਿੰਘ ਨੂੰ ਲੱਗਾ ਕਿ ਜਿਵੇਂ ਉਸ ਦੀ ਉਡਾਨ ਨੂੰ ਹੋਰ ਪੰਖ ਲੱਗ ਗਏ ਅਤੇ ਧਨਵੀਰ ਸਿੰਘ ਵੀਲ੍ਹਚੇਅਰ ਉੱਪਰ ਖੇਡਾਂ ਦੀ ਤਿਆਰੀ ਕਰਨ ਲੱਗਿਆ ਅਤੇ ਗਜਿੰਦਰ ਸਿੰਘ ਨੇਗੀ ਹੀ ਉਸ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਲਵਲੀ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਪੈਰਾ ਖੇਡਾਂ ਵਿਚ ਹਿੱਸਾ ਦਿਵਾਉਣ ਲਈ ਲੈ ਕੇ ਆਇਆ, ਜਿੱਥੇ ਧਨਵੀਰ ਸਿੰਘ ਨੇ ਸ਼ਾਟਪੁੱਟ ਵਿਚ ਸੋਨ ਤਗਮਾ ਅਤੇ ਡਿਸਕਸ ਥਰੋ ਅਤੇ ਜੈਵਲਿਨ ਥਰੋ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ।
ਫਿਰ ਧਨਵੀਰ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਕ ਤੋਂ ਇਕ ਪ੍ਰਾਪਤੀਆਂ ਕਰਨ ਲੱਗਿਆ। ਜਦ ਉਸ ਦਾ ਨਾਂਅ ਉੱਤਰਾਖੰਡ ਵਿਚ ਚਰਚਾ ਵਿਚ ਆਇਆ ਤਾਂ ਉੱਤਰਾਖੰਡ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦੇ ਕੋਚ ਹਰੀਸ਼ ਚੌਧਰੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਦੀ ਚੋਣ ਵੀਲ੍ਹਚੇਅਰ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਟੀਮ ਵਿਚ ਇਕ ਸਫਲ ਬੈਟਸਮੈਨ ਬਣਿਆ ਅਤੇ ਬਹੁਤ ਸਾਰੇ ਮੈਚਾਂ ਵਿਚ ਉਹ ਮੈਨ ਆਫ ਦਾ ਮੈਚ ਚੁਣਿਆ ਗਿਆ। ਸਾਲ 2019 ਦੇ ਖੇਲ ਮਹਾਂਕੁੰਭ ਵਿਚ ਉਸ ਨੇ ਸ਼ਾਟਪੁੱਟ ਅਤੇ ਡਿਸਕਸ ਥਰੋ ਵਿਚ 2 ਸੋਨ ਤਗਮੇ ਜਿੱਤੇ ਅਤੇ ਉੱਤਰਾਖੰਡ ਦੀਆਂ ਸਟੇਟ ਖੇਡਾਂ ਵਿਚ ਵੀ ਉਸ ਨੇ ਭਾਗ ਲਿਆ, ਜਿਥੇ ਇਕ ਸੋਨ ਤਗਮਾ ਅਤੇ ਇਕ ਕਾਂਸੀ ਦਾ ਤਗਮਾ ਆਪਣੀ ਝੋਲੀ ਪਾ ਕੇ ਆਪਣੇ ਪ੍ਰਾਂਤ ਦਾ ਮਾਣ ਵਧਾਇਆ। ਧਨਵੀਰ ਸਿੰਘ ਮਾਣ ਨਾਲ ਆਖਦਾ ਹੈ ਕਿ ਖੇਡਣਾ ਉਸ ਦਾ ਸ਼ੌਕ ਵੀ ਹੈ ਅਤੇ ਉਸ ਦੀ ਆਦਤ ਵੀ ਹੈ। ਧਨਵੀਰ ਸਿੰਘ ਖੇਡਾਂ ਦੇ ਨਾਲ-ਨਾਲ ਜਿੱਥੇ ਸਕੂਲ ਵਿਚ ਬੱਚਿਆਂ ਨੂੰ ਸਿੱਖਿਅਕ ਬਣਾ ਰਿਹਾ ਹੈ, ਉਥੇ ਉਹ ਯੋਗਾ ਵਿਚ ਵੀ ਐਮ. ਏ. ਕਰ ਰਿਹਾ ਹੈ ਅਤੇ ਯੋਗ ਸਾਧਨਾ ਨਾਲ ਉਹ ਯੋਗ ਸਿਖਾ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾ ਰਿਹਾ ਹੈ।


-ਮੋਗਾ। ਮੋਬਾ: 98551-14484

ਜਿੱਤਿਆ ਰਿਕਾਰਡ 12ਵਾਂ ਫਰੈਂਚ ਓਪਨ ਖ਼ਿਤਾਬ

ਲਾਲ ਬਜਰੀ 'ਤੇ ਕਾਇਮ ਰਹੀ ਨਡਾਲ ਦੀ ਬਾਦਸ਼ਾਹਤ

ਸਾਲ 2019 ਦਾ ਪਹਿਲਾ ਅੱਧ ਰਾਫੇਲ ਨਡਾਲ ਦੇ ਕੈਰੀਅਰ ਦੇ ਇਤਿਹਾਸ ਵਿਚ ਸੁਨਹਿਰੀ ਪ੍ਰਾਪਤੀ ਵਜੋਂ ਯਾਦ ਕੀਤਾ ਜਾਵੇਗਾ। ਇਸ ਵਰ੍ਹੇ ਟੈਨਿਸ ਕੋਰਟ 'ਤੇ ਉਹ ਮੁਕੱਦਰ ਦਾ ਸਿਕੰਦਰ ਬਣ ਕੇ ਛਾਇਆ ਹੋਇਆ ਹੈ, ਜਿੱਤ ਦੀ ਦੇਵੀ ਉਸ ਉੱਤੇ ਪੂਰੀ ਤਰ੍ਹਾਂ ਮਿਹਰਬਾਨ ਹੈ। ਹਾਲ ਹੀ 'ਚ ਫਰੈਂਚ ਓਪਨ 'ਚ ਸਪੇਨ ਦੇ ਟੈਨਿਸ ਸਟਾਰ ਨਡਾਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਕਲੇ ਕੋਰਟ ਦਾ ਕਿੰਗ (ਲਾਲ ਬਜਰੀ ਦਾ ਬਾਦਸ਼ਾਹ) ਕਿਉਂ ਕਿਹਾ ਜਾਂਦਾ ਹੈ? 33 ਸਾਲਾਂ ਦੇ ਨਡਾਲ ਨੇ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਡੋਮੀਨਿਕ ਥਇਏਮ ਨੂੰ ਹਰਾ ਕੇ ਆਪਣਾ ਰਿਕਾਰਡ 12ਵਾਂ ਫਰੈਂਚ ਓਪਨ ਖਿਤਾਬ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਉਸ ਦੇ ਗਰੈਂਡ ਸਲੈਮ ਖਿਤਾਬਾਂ ਦੀ ਲੜੀ 18 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਉਹ 11 ਫਰੈਂਚ ਓਪਨ, ਇਕ ਆਸਟ੍ਰੇਲੀਆ ਓਪਨ, ਦੋ ਵਿੰਬਲਡਨ ਅਤੇ 3 ਯੂ. ਐਸ. ਓਪਨ ਖਿਤਾਬ ਜਿੱਤ ਚੁੱਕਾ ਹੈ। ਫਰੈਂਚ ਓਪਨ 'ਚ ਨਡਾਲ ਨੇ ਹੁਣ ਤੱਕ 94 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਿਰਫ ਦੋ ਹੀ ਹਾਰੇ ਹਨ। ਦੂਜੇ ਪਾਸੇ ਇਕ ਵਾਰ ਫਿਰ ਕੈਰੀਅਰ ਦੇ ਪਹਿਲੇ ਗਰੈਂਡ ਸਲੈਮ ਜਿੱਤਣ ਦੀ ਡੋਮੀਨਿਕ ਥਇਏਮ ਦੀ ਹਸਰਤ ਪੂਰੀ ਨਾ ਹੋ ਸਕੀ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਚੌਥੇ ਨੰਬਰ ਦੇ ਖਿਡਾਰੀ ਥਇਏਮ ਨੂੰ ਚਾਰ ਸੈਟਾਂ 'ਚ 6-3, 5-7, 6-1, 6-1 ਨਾਲ ਹਰਾ ਕੇ ਇਹ ਖਿਤਾਬ ਜਿੱਤ ਲਿਆ।
ਫਰੈਂਚ ਓਪਨ ਦੇ ਫਾਈਨਲ 'ਤੇ ਸਰਸਰੀ ਨਜ਼ਰ ਮਾਰੀਏ ਤਾਂ ਵਿਸ਼ਵ ਨੰਬਰ 4 ਥਇਏਮ 'ਤੇ ਨਡਾਲ ਸ਼ੁਰੂਆਤ ਤੋਂ ਹੀ ਹਾਵੀ ਰਿਹਾ, ਹਾਲਾਂਕਿ ਥਇਏਮ ਨੇ ਉਸ ਨੂੰ ਪੂਰੀ ਚੁਣੌਤੀ ਦਿੱਤੀ। ਪਹਿਲੇ ਸੈਟ 'ਚ ਇਕ ਸਮੇਂ ਸਕੋਰ 3-3 'ਤੇ ਬਰਾਬਰ ਸੀ ਪਰ ਨਡਾਲ ਨੇ ਖੇਡ 'ਤੇ ਪਕੜ ਬਣਾਉਂਦਿਆਂ ਫੋਰਹੈਡ ਅਤੇ ਬੈਕਹੈਡ ਦਾ ਮੁਹਾਰਤ ਭਰਿਆ ਮੁਜ਼ਾਹਰਾ ਕਰਦਿਆਂ ਜਿੱਤ ਹਾਸਲ ਕੀਤੀ। ਦੋਵਾਂ ਖਿਡਾਰੀਆਂ ਦਰਮਿਆਨ ਦੂਜਾ ਸੈੱਟ ਬੇਹੱਦ ਰੁਮਾਂਚਿਕ ਰਿਹਾ, 5-5 ਦੀ ਬਰਾਬਰੀ ਤੋਂ ਬਾਅਦ ਥਇਏਮ ਨੇ ਦਮਦਾਰ ਗਰਾਊਂਡ ਸਟਰੋਕ ਖੇਡੇ ਤੇ ਦੂਜਾ ਸੈੱਟ ਆਪਣੇ ਨਾਂਅ ਕਰ ਲਿਆ। ਤੀਜੇ ਸੈਟ ਵਿਚ ਨਡਾਲ ਨੇ ਥਇਏਮ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਅਸਾਨੀ ਨਾਲ ਅਗਲੇ ਸੈਟ 6-1, 6-1 ਦੇ ਵੱਡੇ ਫਰਕ ਨਾਲ ਮੈਚ 'ਤੇ ਜੇਤੂ ਹਸਤਾਖਰ ਕੀਤੇ। ਇਸ ਮੈਚ ਵਿਚ ਨਡਾਲ ਨੇ ਕੁਲ 38 ਵਿਨਰਜ਼ ਲਗਾਏ, ਜਦਕਿ ਥਇਏਮ 31 ਵਿਨਰਜ਼ ਹੀ ਲਗਾ ਸਕੇ।
ਫਰੈਂਚ ਓਪਨ ਦੇ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਰਾਫੇਲ ਨਡਾਲ ਨੇ ਵਿਸ਼ਵ ਰੈਂਕਿੰਗ ਵਿਚ ਤੀਜੇ ਨੰਬਰ ਦੇ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਅਸਾਨੀ ਨਾਲ ਹਰਾ ਕੇ 26ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇ। ਇਸ ਤੋਂ ਪਹਿਲਾਂ 2005 ਵਿਚ ਦੋਵੇਂ ਸੈਮੀਫਾਈਨਲ 'ਚ ਭਿੜ ਚੁੱਕੇ ਹਨ। ਸੰਨ 2006, 2007, 2008, 2011 'ਚ ਦੋਵੇਂ ਫਰੈਂਚ ਓਪਨ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਏ ਪਰ ਜਿੱਤ ਦੀ ਇਬਾਰਤ ਨਡਾਲ ਦੇ ਨਾਂਅ ਹੀ ਲਿਖੀ ਗਈ। ਦੂਜਾ ਸੈਮੀਫਾਈਨਲ ਵੱਡੇ ਉਲਟਫੇਰ ਵਾਲਾ ਸਾਬਤ ਹੋਇਆ। ਖਿਤਾਬ ਦੇ ਵੱਡੇ ਦਾਅਵੇਦਾਰ ਦੁਨੀਆ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਹਰਾ ਕੇ ਥਇਏਮ ਨੇ ਜਿਥੇ ਪਹਿਲੀ ਵਾਰ ਫਾਈਨਲ ਖੇਡਣ ਦਾ ਹੱਕ ਹਾਸਲ ਕੀਤਾ, ਉਥੇ ਜੋਕੋਵਿਕ ਦੇ ਲਗਾਤਾਰ 26 ਮੈਚ ਜਿੱਤਣ ਦੀ ਲੈਅ ਨੂੰ ਵੀ ਤੋੜ ਦਿਖਾਇਆ। ਫਾਈਨਲ 'ਚ ਥਇਏਮ ਤਜਰਬੇਕਾਰ ਨਡਾਲ ਅੱਗੇ ਟਿਕ ਨਾ ਸਕੇ ਤੇ ਨਡਾਲ ਨੇ ਰਿਕਾਰਡ 12ਵੀਂ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤ ਕੇ ਸਾਬਤ ਕਰ ਦਿੱਤਾ, ਲਾਲ ਬਜਰੀ 'ਤੇ ਉਸ ਦੀ ਬਾਦਸ਼ਾਹਤ ਕਾਇਮ ਹੈ।
ਫਰੈਂਚ ਓਪਨ ਦਾ ਮਹਿਲਾ ਸਿੰਗਲ ਖਿਤਾਬ ਇਸ ਵਾਰ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਚੈਕ ਗਣਰਾਜ ਦੀ ਮਾਰਕੇਤਾ ਬੋਰਡੂਸੋਵਾ ਨੂੰ ਹਰਾ ਕੇ ਜਿੱਤਿਆ। ਦੋਵੇਂ ਖਿਡਾਰਨਾਂ ਕਿਸੇ ਗਰੈਂਡਸਲੈਮ ਦੇ ਖਿਤਾਬੀ ਮੁਕਾਬਲੇ 'ਚ ਪਹਿਲੀ ਵਾਰ ਪਹੁੰਚੀਆਂ ਸਨ। ਇਹ ਖਿਤਾਬ ਜਿੱਤਣ ਵਾਲੀ ਬਾਰਟੀ ਪੰਜਵੀਂ ਆਸਟ੍ਰੇਲੀਅਨ ਮਹਿਲਾ ਹੈ। ਪਿਛਲੀ ਵਾਰ ਆਸਟ੍ਰੇਲੀਆ ਲਈ ਮਾਰਗ੍ਰੇਟ ਕੋਰਟ ਨੇ 1973 'ਚ ਫਾਈਨਲ ਜਿੱਤਿਆ ਸੀ। 23 ਸਾਲਾਂ ਦੀ ਬਾਰਟੀ ਇਸ ਜਿੱਤ ਨਾਲ ਰੈਂਕਿੰਗ 'ਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਬਾਰਟੀ ਨੇ 8 ਸਾਲ ਬਾਅਦ ਆਸਟ੍ਰੇਲੀਆ ਨੂੰ ਕੋਈ ਗਰੈਂਡ ਸਲੈਮ ਦਿਵਾਇਆ ਹੈ। ਪਿਛਲੀ ਵਾਰ ਸਮਾਥਾ ਸਟੋਰਸ ਨੇ 2011 'ਚ ਯੂ.ਐਸ. ਓਪਨ ਜਿੱਤਿਆ ਸੀ। 5 ਸਾਲ ਪਹਿਲਾਂ ਬਾਰਟੀ ਟੈਨਿਸ ਛੱਡ ਕੇ ਕ੍ਰਿਕਟ ਖਿਡਾਰੀ ਬਣ ਗਈ ਸੀ ਪਰ ਸ਼ਾਨਦਾਰ ਟੈਨਿਸ ਕੋਰਟ 'ਚ ਵਾਪਸੀ ਕਰਦਿਆਂ ਆਸਟ੍ਰੇਲੀਆਈ ਸਨਸਨੀ ਨੇ ਪਲੇਠਾ ਖਿਤਾਬ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।


-ਮੋਬਾ: 94636-12204

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX