ਤਾਜਾ ਖ਼ਬਰਾਂ


ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  12 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  26 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  43 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  54 minutes ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਹੋਰ ਖ਼ਬਰਾਂ..

ਲੋਕ ਮੰਚ

ਸਾਈਕਲ ਚਲਾਉਣ 'ਚ ਸ਼ਰਮ ਨਾ ਕਰੋ

ਸਾਈਕਲ ਇਕ ਅਜਿਹਾ ਹਲਕਾ ਜਿਹਾ ਦੋਪਹੀਆ ਵਾਹਨ ਹੈ, ਜਿਸ ਨੂੰ ਕਿਸੇ ਈਂਧਨ ਜਾਂ ਖਰਚੇ ਤੋਂ ਬਗੈਰ ਬੱਚੇ ਤੋਂ ਬੁੱਢੇ ਤੱਕ ਹਰ ਕੋਈ ਚਲਾ ਸਕਦਾ ਹੈ। ਮਨੁੱਖੀ ਸ਼ਕਤੀ ਨਾਲ ਚੱਲਣ ਵਾਲਾ ਬਿਨਾਂ ਇੰਜਣ ਤੋਂ, ਘੱਟ ਕੀਮਤ ਵਾਲਾ, ਘੱਟ ਖਰਚ ਵਾਲਾ ਤੇ ਆਸਾਨੀ ਨਾਲ ਮੁਰੰਮਤ ਹੋਣ ਵਾਲਾ ਇਹ ਇਕ ਅਜਿਹਾ ਸਾਧਨ ਹੈ, ਜੋ ਹਰ ਬੰਦੇ ਦੀ ਪਹੁੰਚ ਵਿਚ ਹੈ। ਇਕ ਵਾਰ ਥੋੜ੍ਹੇ ਜਿਹੇ ਪੈਸੇ ਲਾ ਕੇ ਸਾਰੀ ਉਮਰ ਮੁਫ਼ਤ ਦੀ ਸਵਾਰੀ ਕਰੋ। ਸਾਈਕਲ ਆਵਾਜਾਈ ਦੇ ਸਾਧਨ ਵਜੋਂ ਹੀ ਨਹੀਂ, ਬਲਕਿ ਸਿੱਖਿਆ, ਸਿਹਤ ਸੰਭਾਲ ਅਤੇ ਖੇਡਾਂ ਵਿਚ ਵੀ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਕੋਈ ਸਮਾਂ ਸੀ ਕਿ ਲੋਕ ਪੈਦਲ ਹੀ ਜਾਂਦੇ ਸਨ। 19ਵੀਂ ਸਦੀ ਵਿਚ ਮਸ਼ੀਨੀ ਯੁੱਗ ਦੀ ਸ਼ੁਰੂਆਤ ਨੇ ਜਦੋਂ ਸਾਈਕਲ ਦੀ ਕਾਢ ਨੂੰ ਜਨਮ ਦਿੱਤਾ ਤਾਂ ਪਿੰਡਾਂ ਵਿਚ ਟਾਵੇਂ-ਟਾਵੇਂ ਸਾਈਕਲ ਨਜ਼ਰ ਆਉਣ ਲੱਗੇ। ਇਸ ਨੇ ਮਨੁੱਖੀ ਜੀਵਨ ਵਿਚ ਆਵਾਜਾਈ ਨੂੰ ਸਰਲ ਬਣਾ ਦਿੱਤਾ। ਜ਼ਿੰਦਗੀ ਨੂੰ ਸਾਵੀਂ ਰਫਤਾਰ ਦੇਣ ਵਾਲੇ ਇਸ ਸਾਥੀ ਨੂੰ ਅੱਜ ਆਵਾਜਾਈ ਦਾ ਘਟੀਆ ਸਾਧਨ ਸਮਝ ਕੇ ਤੇ ਵਰਤੋਂ 'ਚ ਲਿਆਉਣ ਲਈ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਪੜ੍ਹਿਆ-ਲਿਖਿਆ ਤਬਕਾ ਸਾਈਕਲ ਚਲਾਉਣ ਨੂੰ ਸ਼ਾਨ ਦੇ ਖਿਲਾਫ ਸਮਝਣ ਲੱਗਿਆ ਹੈ। ਪੰਜਾਬੀ ਲੋਕ ਫੋਕੀ ਦਿਖਾਵੇਬਾਜ਼ੀ ਤੋਂ ਕਦੇ ਬਾਜ਼ ਨਹੀਂ ਆਉਂਦੇ। ਉਂਜ ਅਸੀਂ ਹਰ ਕੰਮ ਵਿਚ ਵਿਦੇਸ਼ੀ ਲੋਕਾਂ ਦੀ ਰੀਸ ਕਰਦੇ ਹਾਂ, ਫਿਰ ਸਾਈਕਲ ਦੀ ਸਵਾਰੀ ਸਾਨੂੰ ਕਿਉਂ ਨੀਵਾਂ ਮਹਿਸੂਸ ਕਰਵਾਉਂਦੀ ਹੈ? ਜਦਕਿ ਵਿਦੇਸ਼ਾਂ ਵਿਚ ਤਾਂ ਵੱਡੀਆਂ-ਵੱਡੀਆਂ ਹਸਤੀਆਂ ਤੱਕ ਸਾਈਕਲ ਦੀ ਸਵਾਰੀ ਕਰਦੀਆਂ ਹਨ। ਮੋਟਰ ਵਾਹਨਾਂ ਕਾਰਨ ਦੁਰਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਵਿਚ ਪ੍ਰਦੂਸ਼ਣ ਤੇ ਆਲਮੀ ਤਪਸ਼ ਨੂੰ ਵਧਾਉਂਦਾ ਹੈ, ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਮੋਟਰ ਵਾਹਨਾਂ ਦੀ ਵਰਤੋਂ ਘਟਾ ਕੇ ਵਾਤਾਵਰਨ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਈਏ ਅਤੇ ਪੈਟਰੋਲੀਅਮ ਦੀ ਸੰਭਾਲ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਾ ਲਾਭ ਉਠਾ ਸਕਣ। ਜਿਹੜੇ ਲੋਕ ਬਹੁਤ ਸਾਈਕਲ ਚਲਾਉਂਦੇ ਹਨ, ਉਹ ਸਦਾ ਤੰਦਰੁਸਤ ਰਹਿੰਦੇ ਹਨ ਤੇ ਤੰਦਰੁਸਤ ਲੰਮੀਆਂ ਉਮਰਾਂ ਭੋਗਦੇ ਹਨ। ਸਹੀ ਮਾਅਨੇ ਵਿਚ ਦੇਖਿਆ ਜਾਵੇ ਤਾਂ ਤੁਹਾਡੇ ਸਰੀਰ ਨੂੰ ਜਿੰਨਾ ਲਾਭ ਸਸਤਾ ਸਾਈਕਲ ਚਲਾਉਣ ਨਾਲ ਪਹੁੰਚਦਾ ਹੈ, ਓਨਾ ਸ਼ਾਇਦ ਲੱਖਾਂ ਦੀਆਂ ਮਸ਼ੀਨਾਂ ਵੀ ਫਾਇਦੇਮੰਦ ਸਾਬਤ ਨਹੀਂ ਹੋ ਸਕਦੀਆਂ। ਸਾਈਕਲ ਚਲਾਉਣ ਵਾਲੇ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ 43 ਫੀਸਦੀ ਘੱਟ ਹੋ ਜਾਂਦਾ ਹੈ। ਇਸ ਨਾਲ ਧੜਕਣ ਨਾਰਮਲ ਅਤੇ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਅੱਜਕਲ੍ਹ ਨੌਜਵਾਨ ਭਾਰ ਘਟਾਉਣ ਲਈ ਜਿੰਮ ਵਿਚ ਜਾ ਕੇ ਖੂਬ ਪਸੀਨਾ ਕੱਢਦੇ ਹਨ, ਪਰ ਰੋਜ਼ਾਨਾ ਕੁਝ ਸਮਾਂ ਸਾਈਕਲ ਚਲਾਉਣ ਨਾਲ ਸਰੀਰ 'ਚ ਮੌਜੂਦ ਵਾਧੂ ਚਰਬੀ ਜਲਦੀ ਘੱਟ ਹੋ ਜਾਂਦੀ ਹੈ। ਸਾਈਕਲ ਚਲਾਉਣ ਨਾਲ ਸਾਡਾ ਸਰੀਰ ਮਜ਼ਬੂਤ ਹੋ ਜਾਂਦਾ ਹੈ ਅਤੇ ਸਾਡੀ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ।

ਮੋਬਾ: 94178-31583


ਖ਼ਬਰ ਸ਼ੇਅਰ ਕਰੋ

ਪੰਚਾਇਤੀ ਆਮਦਨ ਦਾ ਮੁੱਖ ਸਰੋਤ ਸ਼ਾਮਲਾਤ ਜ਼ਮੀਨਾਂ

ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਨੂੰ ਲੀਹ ਉੱਤੇ ਲੈ ਕੇ ਆਉਣ ਲਈ ਸਰਕਾਰ ਵਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਇਸੇ ਪ੍ਰਸੰਗ ਵਿਚ ਸ਼ਾਮਲਾਤ ਜ਼ਮੀਨਾਂ ਦਾ ਅਧਿਆਇ ਜੁੜਦਾ ਹੈ। 1961 ਤੋਂ ਪਹਿਲਾਂ ਸ਼ਾਮਲਾਤ ਜ਼ਮੀਨਾਂ ਸਬੰਧੀ ਕੋਈ ਪਰਿਭਾਸ਼ਾ ਨਹੀਂ ਸੀ। ਇਸ ਲਈ ਪੰਜਾਬ ਪਿੰਡ ਕਾਮਨਲੈਂਡਜ਼ (ਰੈਗੂਲੇਸ਼ਨ) ਐਕਟ 1961 ਦੀ ਸਥਾਪਨਾ ਕਰਕੇ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਕੀਤੀ ਗਈ। ਇਸ ਐਕਟ ਤੋਂ ਪਹਿਲਾਂ ਜ਼ਮੀਨੀ ਮਾਲਕਾਂ ਨੂੰ ਸ਼ਾਮਲਾਤ ਦੇ ਹਿੱਸੇ ਦਾ ਅਧਿਕਾਰ ਸੀ ਜਦੋਂ ਕਿ ਗੈਰ ਮਾਲਕ ਡੰਗਰ ਚਾਰਨ ਅਤੇ ਲੱਕੜਾਂ ਇਕੱਠੀਆਂ ਕਰਨ ਤੱਕ ਸੀਮਤ ਸਨ। ਇਸ ਐਕਟ ਦੀ ਸਥਾਪਨਾ ਨਾਲ ਸ਼ਾਮਲਾਤ ਜ਼ਮੀਨਾਂ ਦੇ ਪ੍ਰਬੰਧ ਵਿਚ ਪਿੰਡ ਦਾ ਹਰ ਵੋਟਰ ਹਿੱਸੇਦਾਰ ਬਣਿਆ। 1961 ਦੇ ਐਕਟ ਤਹਿਤ ਨਜਾਇਜ਼ ਕਬਜ਼ੇ ਛੁਡਾਉਣ ਲਈ ਕੁਲੈਕਟਰ ਪੰਚਾਇਤ ਲੈਂਡ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ। ਹਰ ਸਾਲ ਗ੍ਰਾਮ ਪੰਚਾਇਤਾਂ ਇਨ੍ਹਾਂ ਅਦਾਲਤਾਂ ਜ਼ਰੀਏ ਸ਼ਾਮਲਾਤਾਂ ਤੋਂ ਨਜਾਇਜ਼ ਕਬਜ਼ੇ ਛੁਡਵਾ ਰਹੀਆਂ ਹਨ। 2017 ਵਿਚ ਪੰਜਾਬ ਕੋਲ 1,70,033 ਏਕੜ ਸ਼ਾਮਲਾਤ ਤੇ ਸਾਂਝੀਆਂ ਜ਼ਮੀਨਾਂ ਸਨ, ਜਿਨ੍ਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਚਾਇਤਾਂ ਹਰ ਸਾਲ ਮਈ-ਜੂਨ ਮਹੀਨੇ ਅਖ਼ਬਾਰੀ ਇਸ਼ਤਿਹਾਰ ਦੇ ਕੇ ਸ਼ਾਮਲਾਤਾਂ ਦੀ ਬੋਲੀ ਕਰਦੀਆਂ ਹਨ। ਇਸ ਨਾਲ ਪੰਚਾਇਤਾਂ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਪੰਚਾਇਤ ਸੰਮਤੀਆਂ ਦੀ ਆਮਦਨ ਵੀ ਵਧਦੀ ਹੈ। ਸ਼ਾਮਲਾਤ ਜ਼ਮੀਨਾਂ ਦੇ ਤਬਾਦਲੇ ਲਈ ਨੀਤੀ ਵੀ ਨਿਰਧਾਰਤ ਕੀਤੀ ਗਈ ਹੈ। ਪਰ ਇਨ੍ਹਾਂ ਤਬਾਦਲਿਆਂ ਦੀ ਕਾਗਜ਼ੀ ਕਾਰਵਾਈ ਲੰਬੀ ਹੋਣ ਕਰਕੇ ਆਮ ਬੰਦੇ ਹੰਭ ਜਾਂਦੇ ਹਨ। ਸ਼ਾਮਲਾਤ ਜ਼ਮੀਨਾਂ ਨੂੰ ਦਾਨ ਦੇਣ ਲਈ 1964 ਦੇ ਰੂਲ 13-ਏ ਅਧੀਨ ਭੂਮੀ ਹੀਣਾਂ ਅਤੇ ਗਰੀਬਾਂ ਨੂੰ ਰਹਿਣ ਲਈ ਜ਼ਮੀਨ ਦੇਣ ਦਾ ਉਪਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ, ਪਸ਼ੂ ਹਸਪਤਾਲ ਅਤੇ ਡਿਸਪੈਂਸਰੀ ਲਈ ਵੀ ਜ਼ਮੀਨ ਦਾਨ ਦਿੱਤੀ ਜਾ ਸਕਦੀ ਹੈ। ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖ ਕੇ 1961 ਦੇ ਐਕਟ ਤਹਿਤ ਪਸ਼ੂਆਂ ਦੀ ਚਰਾਂਦ ਅਤੇ ਸੁੱਕੀ ਲੱਕੜ ਚੁੱਕਣ ਦੀ ਖੁੱਲ੍ਹ ਹੈ। ਜਦੋਂ ਤੋਂ ਸਰਕਾਰ ਨੇ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਨਿਯਮ ਐਕਟ ਨਿਰਧਾਰਿਤ ਕੀਤੇ ਹਨ, ਉਦੋਂ ਤੋਂ ਸ਼ਾਮਲਾਤ ਜ਼ਮੀਨਾਂ ਸਬੰਧੀ ਜਾਗਰੂਕਤਾ ਪੈਦਾ ਹੋਈ ਹੈ। ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਇਨ੍ਹਾਂ ਦੀ ਰਾਖੀ ਲਈ ਕੰਨੀ ਕਤਰਾਉਂਦੇ ਹਨ। ਕਾਰਨ ਇਹ ਕਿ ਕੋਈ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦਾ। ਕਈ ਪੰਚਾਇਤਾਂ ਕੋਲ ਇਨ੍ਹਾਂ ਦੀ ਰਾਖੀ ਲਈ ਫੰਡ ਨਹੀਂ ਹੁੰਦੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਲਈ ਸੌਖੀ ਅਤੇ ਵੱਖਰੀ ਨੀਤੀ ਨਿਰਧਾਰਿਤ ਕਰਕੇ ਆਪਣੇ ਪੱਧਰ 'ਤੇ ਫੈਸਲੇ ਕਰੇ। ਜੋ ਸ਼ਾਮਲਾਤਾਂ ਵਿਚ ਮਕਾਨ ਬਣਾ ਚੁੱਕੇ ਹਨ, ਉਨ੍ਹਾਂ ਨੂੰ ਨਿਯਮਿਤ ਕਰੇ। ਇਸ ਨਾਲ ਕਈ ਕਿਸਮ ਦੇ ਝਗੜਿਆਂ ਅਤੇ ਭਾਈਚਾਰਕ ਏਕਤਾ ਨੂੰ ਲਗਦੀ ਸੱਟ ਤੋਂ ਬਚਿਆ ਜਾ ਸਕਦਾ ਹੈ।

-ਅਬਿਆਣਾ ਕਲਾਂ। ਮੋਬਾ: 98781-11445

ਬਚਪਨ 'ਤੇ ਮੰਡਰਾਉਂਦਾ ਹਿੰਸਾ ਦਾ ਖ਼ਤਰਾ

ਬੱਚੇ ਕਿਸੇ ਵੀ ਸਮਾਜ ਅਤੇ ਦੇਸ਼ ਦਾ ਭਵਿਖ ਹੁੰਦੇ ਹਨ ਪਰ ਇਸ ਨੂੰ ਦੁਖਾਂਤ ਹੀ ਸਮਝਿਆ ਜਾਵੇਗਾ ਕਿ ਅੱਜ ਬਚਪਨ ਬੜਾ ਉਦਾਸ ਤੇ ਧੁੰਦਲਾ ਨਜ਼ਰ ਆ ਰਿਹਾ ਹੈ। ਕਦੀ ਪ੍ਰਮੁੱਖ ਅਖ਼ਬਾਰਾਂ ਦੇ 'ਬਾਲ ਪੰਨੇ' ਬਾਲ ਮਨੋਵਿਗਿਆਨ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਜੀਵਨ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਅਤੇ ਬਾਲ ਕਥਾ ਪੇਸ਼ ਕਰਦੇ ਸਨ ਪਰ ਅੱਜ ਉਹ ਬਾਲ ਪੰਨੇ ਸੁੰਗੜ ਗਏ ਹਨ। ਦੂਸਰੇ ਪਾਸੇ ਵੱਖ-ਵੱਖ ਟੀ.ਵੀ. ਚੈਨਲਾਂ ਰਾਹੀਂ ਪਰੋਸੀ ਜਾ ਰਹੀ ਅਸ਼ਲੀਲਤਾ ਕਾਰਨ ਬੱਚਿਆਂ ਦਾ ਬਚਪਨ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਵਿਗਾੜਨ 'ਚ ਹਿੰਸਕ ਫਿਲਮਾਂ ਵੀ ਕੋਈ ਕਸਰ ਨਹੀਂ ਛੱਡ ਰਹੀਆਂ। ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਜੁਰਮ ਹੈ, ਪਰ ਸਾਡੇ ਦੇਸ਼ ਦੀ ਇਹ ਤ੍ਰਾਸਦੀ ਰਹੀ ਹੈ ਕਿ ਇਥੇ ਬਚਪਨ ਨੂੰ ਬਚਾਉਣ ਦੀ ਚਿੰਤਾ ਸਿਰਫ਼ ਖੋਖਲੇ ਆਦਰਸ਼ਵਾਦ ਦੇ ਦਾਇਰੇ 'ਚ ਹੀ ਸਿਮਟ ਕੇ ਰਹਿ ਗਈ ਹੈ। ਕਿਧਰੇ ਬਸਤਿਆਂ ਦੇ ਬੋਝ ਹੇਠ ਬੱਚਿਆਂ ਦਾ ਬਚਪਨ ਦੱਬਿਆ ਗਿਆ ਹੈ ਅਤੇ ਕਿਤੇ ਸਿੱਖਿਆ ਤੇ ਸਿਹਤ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿਣ ਵਾਲੇ ਬੱਚੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਥੇ ਹੀ ਬਸ ਨਹੀਂ, ਉਹ ਇਕ ਪਾਸੇ ਮਨੁੱਖੀ ਅੱਤਿਆਚਾਰ ਤੋਂ ਪੀੜਤ ਹਨ, ਦੂਸਰੇ ਪਾਸੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਫਲਸਰੂਪ ਘਰੇਲੂ ਫੁੱਟ ਦਾ ਮਾਰੂ ਪ੍ਰਭਾਵ ਇਨ੍ਹਾਂ ਬੱਚਿਆਂ 'ਤੇ ਪੈ ਰਿਹਾ ਹੈ। ਬੱਚਿਆਂ ਦੇ ਬਚਪਨ ਨਾਲ ਸਬੰਧਿਤ ਅਜਿਹੇ ਕਈ ਸਵਾਲਾਂ 'ਤੇ ਸੰਜੀਦਗੀ ਨਾਲ ਚਰਚਾ ਕਰਨ ਦੀ ਜ਼ਰੂਰਤ ਹੈ। ਅਕਸਰ ਮਾਪੇ ਆਪਣੇ ਬੱੱੱਚਿਆਂ ਦੇ ਮਨੋਵਿਗਿਆਨ ਨੂੰ ਸਮਝੇ ਬਿਨਾਂ ਉਨ੍ਹਾਂ 'ਤੇ ਆਪਣੀਆਂ ਇੱਛਾਵਾਂ ਠੋਸ ਦਿੰਦੇ ਹਨ। ਉਨ੍ਹਾਂ 'ਤੇ ਪ੍ਰੀਖਿਆ ਵਿਚੋਂ ਚੰਗੇ ਅੰਕ ਲੈਣ ਲਈ ਦਬਾਅ ਬਣਾਉਂਦੇ ਹਨ। ਅਸਲ ਵਿਚ ਇਹ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬੱਚੇ ਚਾਹੁੰਦੇ ਕੀ ਹਨ? ਉਨ੍ਹਾਂ ਦੀਆਂ ਇੱਛਾਵਾਂ ਨੂੰ ਸਹੀ ਢੰਗ ਨਾਲ ਸਮਝਣ ਲਈ ਮਾਪਿਆਂ ਨੂੰ ਆਪਣੇ ਅੰਦਰ ਵੀ ਇਕ ਮਨੋਵਿਗਿਆਨਕ ਨਜ਼ਰੀਆ ਵਿਕਸਤ ਕਰਨਾ ਹੋਵੇਗਾ। ਅਕਸਰ ਇਹ ਵੇਖਣ ਵਿਚ ਆਇਆ ਹੈ ਕਿ ਮਾਂ-ਪਿਓ ਜਿਸ ਟੀਚੇ ਨੂੰ ਆਪ ਹਾਸਲ ਨਹੀਂ ਕਰ ਸਕੇ, ਉਹ ਉਸ ਟੀਚੇ ਤੱਕ ਆਪਣੇ ਬੱਚਿਆਂ ਨੂੰ ਪਹੁੰਚਾਉਣ ਲਈ ਹਰ ਕੋਸ਼ਿਸ਼ ਕਰਦੇ ਹਨ। ਇਸ ਮਕਸਦ ਦੀ ਪੂਰਤੀ ਲਈ ਉਹ ਬੱਚੇ 'ਤੇ ਟਿਊਸ਼ਨ, ਕੋਚਿੰਗ ਅਤੇ ਹੋਰ ਵਸੀਲਿਆਂ ਰਾਹੀਂ ਦਬਾਅ ਬਣਾਉਂਦੇ ਹਨ ਭਾਵ ਉਨ੍ਹਾਂ ਦੇ ਬਚਪਨ ਨਾਲ ਖਿਲਵਾੜ ਕਰਦੇ ਹਨ, ਇਹ ਜਾਣਨ ਤੋਂ ਬਿਨਾਂ ਕਿ ਉਨ੍ਹਾਂ ਦੇ ਬੱਚੇ ਵਿਚ ਉਸ ਟੀਚੇ ਤੱਕ ਪਹੁੰਚਣ ਦੀ ਸਮਰੱਥਾ ਵੀ ਹੈ ਕਿ ਨਹੀਂ। ਸਸਪੈਂਸ, ਥ੍ਰਿਲਰ, ਹਾਰਰ ਸ਼ੋਅ, ਸੋਪ ਓਪੇਰਾ ਆਦਿ ਵੇਖਣ ਵਾਲੇ ਬੱਚਿਆਂ 'ਤੇ ਬੜਾ ਡੂੰਘਾ ਮਨੋਵਿਗਿਆਨਕ ਤੇ ਭਾਵਨਾਤਮਕ ਅਸਰ ਪੈਂਦਾ ਹੈ। ਜ਼ਰੂਰਤ ਹੈ ਬੱਚਿਆਂ ਦੇ ਬਚਪਨ ਨੂੰ ਟੀ.ਵੀ. ਤੇ ਫਿਲਮਾਂ ਵਿਚ ਵਿਖਾਈ ਜਾ ਰਹੀ ਹਿੰਸਾ, ਮਾਰਧਾੜ ਤੇ ਅਸ਼ਲੀਲਤਾ ਦੇ ਮੰਡਰਾ ਰਹੇ ਖਤਰੇ ਤੋਂ ਬਚਾਈਏ।

-ਪ੍ਰੀਤ ਨਗਰ, ਡਾਕ: ਚੌਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਪਸ਼ੂ ਪਾਲਣ ਧੰਦੇ ਪ੍ਰਤੀ ਲੋਕਾਂ ਦਾ ਘਟਦਾ ਰੁਝਾਨ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਜ਼ਿਆਦਾ ਵਸੋਂ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਹੈ। ਖੇਤੀਬਾੜੀ ਧੰਦੇ ਵਿਚ ਜਿਥੇ ਕਿਸਾਨਾਂ ਨੇ ਖੂਬ ਮਿਹਨਤ ਕਰਕੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ, ਉਥੇ ਜੀਵਨ ਪੱਧਰ ਵੀ ਉੱਚਾ ਚੁੱਕਿਆ ਅਤੇ ਤਰੱਕੀ ਦੇ ਬੇਸ਼ੁਮਾਰ ਝੰਡੇ ਗੱਡੇ। ਖੇਤੀ ਦੇ ਨਾਲ-ਨਾਲ ਕਿਸਾਨਾਂ ਵਲੋਂ ਸਹਾਇਕ ਧੰਦੇ ਵਜੋਂ ਅਪਣਾਏ ਪਸ਼ੂ ਪਾਲਣ ਧੰਦੇ ਨਾਲ ਜਿਥੇ ਕਿਸਾਨਾਂ ਨੇ ਵੱਡੀ ਮਾਤਰਾ ਵਿਚ ਦੁੱਧ ਪੈਦਾ ਕਰਕੇ ਆਪਣੇ ਘਰ ਦੇ ਦੁੱਧ, ਦਹੀਂ, ਲੱਸੀ ਅਤੇ ਘਿਓ ਨਾਲ ਆਪਣੀ ਨਿਰੋਈ ਸਿਹਤ ਦੀ ਸਿਰਜਣਾ ਕੀਤੀ, ਉਥੇ ਦੁੱਧ ਦਾ ਵੱਡੀ ਪੱਧਰ 'ਤੇ ਵਪਾਰ ਕਰਕੇ ਆਪਣੀ ਆਮਦਨ ਵਿਚ ਵੀ ਚੋਖਾ ਵਾਧਾ ਕੀਤਾ। ਅੱਜ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੁਆਰਾ ਪੈਦਾ ਕੀਤੇ ਜਾ ਰਹੇ ਦੁੱਧ ਦੀਆਂ ਕੀਮਤਾਂ ਵਿਚ ਜਿਥੇ ਨਾਮਾਤਰ ਵਾਧਾ ਹੋ ਰਿਹਾ ਹੈ, ਉਥੇ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ (ਫੀਡ), ਦਵਾਈਆਂ ਅਤੇ ਸਾਂਭ-ਸੰਭਾਲ ਦੇ ਖਰਚੇ ਲਗਾਤਾਰ ਅਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜਿਥੇ ਸਮੇਂ ਦੀਆਂ ਸਰਕਾਰਾਂ ਵਲੋਂ ਪਸ਼ੂਆਂ ਦੀ ਨਸਲ ਸੁਧਾਰ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ, ਉਥੇ ਪਿੰਡਾਂ ਵਿਚਲੇ ਪਸ਼ੂ-ਹਸਪਤਾਲ ਵੀ ਕਿਸਾਨਾਂ ਦੇ ਪਸ਼ੂਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਬਹੁਤੇ ਕਾਰਗਰ ਸਿੱਧ ਨਹੀਂ ਹੋ ਰਹੇ। ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਵੀ ਹਨ ਜਿਥੇ ਜਾਂ ਤਾਂ ਪਸ਼ੂ ਹਸਪਤਾਲ ਹੀ ਨਹੀਂ ਹਨ, ਜੇ ਹਸਪਤਾਲ ਹਨ ਤਾਂ ਉਥੇ ਕੋਈ ਡਾਕਟਰ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਨਿੱਜੀ ਡਾਕਟਰਾਂ ਕੋਲੋਂ ਮਹਿੰਗੇ ਖਰਚੇ 'ਤੇ ਕਰਵਾਉਣਾ ਪੈ ਰਿਹਾ ਹੈ। ਪਸ਼ੂ ਘੱਟ ਅਤੇ ਦੁੱਧ ਜ਼ਿਆਦਾ ਮਾਤਰਾ ਵਿਚ ਹੋਣਾ ਕਿਤੇ ਨਾ ਕਿਤੇ ਨਕਲੀ ਦੁੱਧ ਦੇ ਹੋ ਰਹੇ ਪੱਧਰ ਦੇ ਕਾਰੋਬਾਰ ਪ੍ਰਤੀ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। ਨਕਲੀ ਦੁੱਧ ਕਾਰਨ ਜਿਥੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ, ਉਥੇ ਅਸਲੀ ਦੁੱਧ ਦੀਆਂ ਕੀਮਤਾਂ ਵਿਚ ਘੱਟ ਵਾਧਾ ਹੋ ਰਿਹਾ ਹੈ। ਹਰ ਸਾਲ ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਵੱਖ-ਵੱਖ ਥਾਵਾਂ ਉੱਪਰ ਛਾਪੇ ਮਾਰ ਕੇ ਨਕਲੀ ਦੁੱਧ ਪ੍ਰਤੀ ਕਾਰਵਾਈ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਵਾ ਕੇ ਆਪਣੀ ਖਾਨਾਪੂਰਤੀ ਕਰ ਲਈ ਜਾਂਦੀ ਹੈ ਅਤੇ ਬਾਅਦ ਵਿਚ ਇਹ ਧੰਦਾ ਬੇਖੌਫ ਉਵੇਂ ਦਾ ਉਵੇਂ ਹੀ ਚਲਦਾ ਰਹਿੰਦਾ ਹੈ। ਸੋ, ਸਰਕਾਰ ਨੂੰ ਕਿਸਾਨਾਂ ਦੇ ਡੁੱਬਦੇ ਜਾ ਰਹੇ ਇਸ ਸਹਾਇਕ ਧੰਦੇ ਨੂੰ ਬਚਾਉਣ ਲਈ ਜਿਥੇ ਬਾਜ਼ਾਰਾਂ ਵਿਚ ਨਕਲੀ ਵਿਕ ਰਹੇ ਦੁੱਧ ਦੇ ਧੰਦੇ ਪ੍ਰਤੀ ਬੇਹੱਦ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਇਸ ਧੰਦੇ ਉੱਪਰ ਹੋਣ ਵਾਲੇ ਸਭ ਤਰ੍ਹਾਂ ਦੇ ਖਰਚਿਆਂ ਉੱਪਰ ਖਾਸ ਰਿਆਇਤਾਂ ਦੇਣ ਵੱਲ ਤਵੱਜੋ ਦੇਣੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਕਿਸਾਨੀ ਦੇ ਹੋਰ ਨਿਘਾਰ ਵੱਲ ਜਾਣ ਦੇ ਨਾਲ-ਨਾਲ ਨਕਲੀ ਦੁੱਧ ਅਤੇ ਇਸ ਤੋਂ ਬਣੇ ਖਾਧ ਪਦਾਰਥ ਖਾ-ਖਾ ਕੇ ਅਜੋਕਾ ਪੰਜਾਬ ਭਿਆਨਕ ਬਿਮਾਰੀਆਂ ਦਾ ਘਰ ਬਣ ਜਾਵੇਗਾ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਚੰਗੀ ਸੇਧ ਲੈਣ ਲਈ ਕਿਤਾਬਾਂ ਨਾਲ ਜੁੜਨ ਨੌਜਵਾਨ

ਵਰਤਮਾਨ ਸਮੇਂ ਪੰਜਾਬੀਆਂ ਦੇ ਸਾਹਮਣੇ ਇਕ ਚੁਣੌਤੀ ਆਪਣੀ ਕੁਰਾਹੇ ਪਈ ਜਵਾਨੀ ਨੂੰ ਸਾਂਭਣ ਦੀ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਕੇ ਬਿਖੜੇ ਰਾਹਾਂ ਵੱਲ ਵਗ ਤੁਰੀ ਹੈ। ਸਾਡੀ ਨਵੀਂਂ ਪੀੜ੍ਹੀ ਮੌਜੂਦਾ ਸਮੇਂ ਨਸ਼ੇ, ਗੈਂਗਵਾਰ, ਫੋਕੀ ਸ਼ੁਹਰਤ, ਵਿਖਾਵੇਬਾਜ਼ੀ, ਲੱਚਰ ਸੱਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਇਨ੍ਹਾਂ ਸਮਾਜਿਕ ਕੁਰੀਤੀਆ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਮੁਕਤ ਕਰਵਾਉਣ ਦਾ ਇਕ ਸਾਰਥਿਕ ਹੱਲ ਹੋ ਸਕਦਾ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਕਿਤਾਬ ਸੱਭਿਆਚਾਰ ਨਾਲ ਜੋੜੀਏ। ਇਸ ਕਾਰਜ ਲਈ ਸਾਨੂੰ ਸਭ ਤੋਂ ਪਹਿਲਾਂ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਹਰ ਇਨਸਾਨ ਆਪਣੇ ਵਿੱਤ ਅਨੁਸਾਰ ਆਪਣੇ ਘਰ ਵਿਚ ਹੀ ਇਕ ਛੋਟੀ ਲਾਇਬ੍ਰੇਰੀ ਉਸਾਰਦਾ ਪਰ ਅਸੀਂ ਪੰਜਾਬੀ ਮੌਜੂਦਾ ਸਮੇਂ ਸਾਹਿਤ ਪੜ੍ਹਨ-ਲਿਖਣ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ, ਸਾਡੇ ਤਾਂ ਬਹੁਤੇ ਘਰਾਂ ਵਿਚ ਰੋਜ਼ਾਨਾ ਅਖ਼ਬਾਰ ਵੀ ਨਹੀਂ ਪੜ੍ਹਿਆ ਜਾਂਦਾ, ਚੰਗੀਆਂ ਸੇਧ ਦੇਣ ਵਾਲੀਆ ਕਿਤਾਬਾਂ ਤਾਂ ਬਹੁਤ ਦੂਰ ਦੀ ਗੱਲ ਹੋ ਚੁੱਕੀ ਹੈ। ਇਸ ਸੰਦਰਭ ਵਿਚ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਜਾਗਰੂਕ ਵਰਗ ਨੂੰ ਪਹਿਲ ਦੇ ਅਧਾਰ ਉੱਤੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿਚ ਲਾਇਬ੍ਰੇਰੀ ਖੁਲ੍ਹਵਾਉਣ ਲਈ ਆਪਣੀ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਚੰਗੀਆ ਕਿਤਾਬਾਂ ਕਿਸੇ ਵੀ ਇਨਸਾਨ ਦੇ ਵਿਅਕਤੀਤਵ ਵਿਚ ਹੈਰਾਨੀਜਨਕ ਤਬਦੀਲੀ ਲਿਆਉਣ ਵਿਚ ਸਹਾਈ ਹੋ ਸਕਦੀਆਂ ਹਨ। ਇਤਿਹਾਸ ਵਿਚ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੇ ਜੀਵਨ ਸੰਘਰਸ਼ ਨੂੰ ਪੜ੍ਹ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਗਾ ਸਕਦੀ ਹੈ। ਅੱਜ ਦੇ ਸਮੇਂ ਸੂਚਨਾ ਤਕਨੀਕ ਨੇ ਹਰੇਕ ਖੇਤਰ ਵਿਚ ਆਪਣੀ ਛਾਪ ਛੱਡੀ ਹੈ, ਪਰ ਇਸ ਦੇ ਕਈ ਨਕਾਰਾਤਮਿਕ ਪਹਿਲੂ ਵੀ ਸਾਡੇ ਸਾਹਮਣੇ ਆਏ ਹਨ। ਜਿਵੇਂ ਵਰਤਮਾਨ ਸਮੇਂ ਸਾਡੀ ਜਵਾਨੀ ਘੰਟਿਆਂਬੱਧੀ ਸੋਸ਼ਲ ਮੀਡੀਆ ਉੱਤੇ ਊਟ-ਪਟਾਂਗ ਵੀਡੀਓ ਵੇਖਣ ਵਿਚ ਆਪਣਾ ਕੀਮਤੀ ਸਮਾਂ ਅਜਾਈਂ ਗਵਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ, ਇਕੱਲਾ ਲਾਇਬ੍ਰੇਰੀ ਬਣਾਉਣ ਜਾਂ ਵੱਡੀ ਗਿਣਤੀ ਦੀਆਂ ਕਿਤਾਬਾਂ ਰੱਖਣ ਨਾਲ ਗੱਲ ਨਹੀਂ ਬਣਨੀ ਸਗੋਂ ਲਾਇਬ੍ਰੇਰੀ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ।

-ਕੰਪਿਊਟਰ ਅਧਿਆਪਕ, ਸ: ਹਾ: ਸਕੂਲ, ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 94655-76022

 

ਨਸ਼ੇ ਦੇ ਰੁਝਾਨ 'ਤੇ ਠੱਲ੍ਹ ਪਾਉਣ ਦੀ ਲੋੜ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਦੇਸ਼-ਭਗਤਾਂ, ਦਾਨੀਆਂ ਦੀ ਜਨਮ ਭੂਮੀ ਹੈ। ਸੰਸਾਰ ਦੇ ਕਿਸੇ ਕੋਨੇ ਝਾਤੀ ਮਾਰੀਏ ਤਾਂ ਇਸ ਧਰਤੀ ਦੇ ਜਾਇਆਂ ਦੀ ਪਛਾਣ ਹੀ ਨਿਰਾਲੀ ਹੈ। ਪੰਜਾਬੀਆਂ ਦਾ ਖਾਣ-ਪੀਣ ਖੁੱਲ੍ਹਾ-ਡੁੱਲ੍ਹਾ ਹੈ। ਭਲਿਆਂ ਸਮਿਆਂ 'ਚ ਕੋਈ ਪ੍ਰਾਹੁਣਾ ਘਰ ਆਉਂਦਾ ਤਾਂ ਚਾਹ, ਦੁੱਧ, ਲੱਸੀ ਨਾਲ ਮਹਿਮਾਨ-ਨਿਵਾਜੀ ਦੀ ਖਿਦਮਤ ਹੁੰਦੀ ਜਾਂ ਕਿਤੇ ਬਾਹਰ ਕੋਈ ਕੰਮ-ਕਾਰ ਲਈ ਘਰੋਂ ਤੁਰਦਾ ਗੁੜ ਦੀ ਰੋੜੀ ਨਾਲ ਮੂੰਹ 'ਚ ਮਿਠਾਸ ਭਰਦਾ ਸੀ ਪਰ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਨੇ ਜਕੜ ਲਿਆ ਹੈ। ਕੋਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਅ ਰਿਹਾ ਹੈ ਅਤੇ ਕੋਈ ਪੁਲਿਸ 'ਤੇ ਉਂਗਲੀ ਉਠਾ ਰਿਹਾ ਹੈ ਪਰ ਜਦੋਂ ਮਚਦੀ ਅੱਗ ਦੇ ਭਾਂਬੜ ਆਪਣੇ ਘਰ ਵੱਲ ਆਉਂਦੇ ਨੇ ਤਾਂ ਠੀਕਰਾ ਕਿਸੇ ਸਿਰ ਤਾਂ ਭੰਨਣਾ ਹੀ ਪੈਣਾ। ਜਿਨ੍ਹਾਂ ਮਾਪਿਆਂ ਦੀ ਔਲਾਦ ਆਗਿਆਕਾਰ ਹੋਵੇ, ਮਿਹਨਤੀ ਅਤੇ ਸਮੇਂ ਦੀ ਹਾਣੀ ਹੋਵੇ, ਉਸ ਵਰਗਾ ਸਵਰਗ ਨਹੀਂ ਪਰ ਜੇਕਰ ਭੈੜੀ ਸੰਗਤ ਦੀ ਰੰਗਤ ਚੜ੍ਹ ਜਾਵੇ ਤਾਂ ਉਸ ਵਰਗਾ ਨਰਕ ਨਹੀਂ। ਵਕਤ ਲੰਘੇ ਤੋਂ ਦਹਾੜਾਂ ਮਾਰ ਕੇ ਪਿੱਟਣ ਦਾ ਕੀ ਫਾਇਦਾ, ਜਦੋਂ ਸਮਾਂ ਬੀਤ ਚੁੱਕਾ ਹੋਵੇ, ਅਸੀਂ ਕਈ ਵਾਰ ਬੇਲੋੜਾ ਮਾਣ ਕਰਕੇ ਲਾਡਲੀ ਔਲਾਦ ਦਾ ਨੁਕਸਾਨ ਅਤੇ ਆਪਣੇ-ਆਪ ਨਾਲ ਧੋਖਾ ਕਰ ਲੈਂਦੇ ਹਾਂ। ਪਰ ਫੜ-ਫੜ ਸੁਧਾਰ ਘਰ ਭੇਜਣ ਦੀ ਬਜਾਏ ਇਨ੍ਹਾਂ ਮਾੜੇ ਰਸਤੇ ਤੁਰੇ ਨੌਜਵਾਨਾਂ ਨੂੰ ਸਮਝਾਉਣ, ਨਸ਼ਾ ਛੁਡਾਊ ਕੇਂਦਰ 'ਚ ਵੱਧ ਤੋਂ ਵੱਧ ਕਾਉਂਸਲਿੰਗ ਦੀ ਲੋੜ ਹੈ। ਸੁਧਾਰ ਘਰਾਂ 'ਚ ਵੀ ਕਲਾਸਾਂ ਲਗਾ ਕੇ ਮਾੜੇ ਕੰਮਾਂ, ਨਸ਼ਿਆਂ ਤੋਂ ਜਾਗਰੂਕ ਕਰਨਾ ਚਾਹੀਦਾ ਪਰ ਇਹ ਕਾਰਜ ਕਰਨ ਲਈ ਸਰਕਾਰ ਅਤੇ ਸਿਆਸੀ ਲੋਕਾਂ ਦੇ ਇਰਾਦੇ ਸਾਫ਼ ਅਤੇ ਨੇਕ ਹੋਣੇ ਚਾਹੀਦੇ ਹਨ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਲੋਕਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਾਉਣੇ ਚਾਹੀਦੇ ਹਨ ਅਤੇ ਪੁਲਿਸ ਨੂੰ ਲੋਕਾਂ ਦੇ ਹੋਰ ਨੇੜੇ ਹੋਣਾ ਚਾਹੀਦਾ ਹੈ। ਗੁੱਸੇ ਦੇ ਲਹਿਜੇ ਨਾਲੋਂ ਹੋ ਸਕਦਾ ਪਿਆਰ ਨਾਲ ਵਿਗੜੇ ਨੌਜਵਾਨਾਂ ਨੂੰ ਮੋੜਿਆ ਜਾ ਸਕੇ। ਕੁਝ ਜਵਾਨੀ ਨੂੰ ਤਾਂ ਨਸ਼ੇ ਨੇ ਆਪਣੀ ਜਕੜ ਵਿਚ ਲੈ ਲਿਆ ਅਤੇ ਕੁਝ ਪ੍ਰਦੇਸਾਂ ਦਾ ਰੁਖ਼ ਅਖ਼ਤਿਆਰ ਕਰ ਗਈ ਹੈ। ਜਿਹੜੇ ਵਪਾਰੀ ਨਸ਼ੇ ਦਾ ਵਪਾਰ ਕਰਦੇ ਹਨ, ਉਨ੍ਹਾਂ ਨਾਲ ਨਰਮੀ ਨਾ ਵਰਤੀ ਜਾਵੇ, ਇਮਾਨਦਾਰੀ ਨਾਲ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਮਾੜੇ ਅਨਸਰਾਂ ਦੀ ਪਿੱਠ ਨਹੀਂ ਥਾਪੜਨੀ ਚਾਹੀਦੀ। ਪੰਜਾਬ ਦੀ ਧਰਤੀ ਧਾਹਾਂ ਮਾਰ-ਮਾਰ ਪੁਕਾਰ ਰਹੀ ਹੈ। ਦੁੱਧ-ਮੱਖਣਾਂ ਨਾਲ ਪਲੇ ਪੁੱਤਾਂ ਨੂੰ ਨਸ਼ੇ ਦਾ ਦੈਂਤ ਨਿਗਲ ਰਿਹਾ ਹੈ। ਪੁਲਿਸ ਇਮਾਨਦਾਰੀ ਨਾਲ ਇਸ ਸਮੇਂ ਨਾਲ ਨਜਿੱਠੇ ਅਤੇ ਨਸ਼ਾ ਵਪਾਰੀਆਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਣਾ ਚਾਹੀਦਾ ਹੈ, ਤਾਂ ਹੀ ਇਸ ਭਾਗਾਂ-ਨਸੀਬਾਂ ਵਾਲੀ ਧਰਤੀ ਦੀ ਲੱਜ-ਪੱਤ ਰਹੇਗੀ।

-ਪਿੰਡ ਤੇ ਡਾਕ: ਜਲਾਲਦੀਵਾਲ।
ਮੋਬਾ: 98141-11305

ਵਿਦੇਸ਼ ਨਾਲੋਂ ਆਪਣਾ ਦੇਸ਼ ਚੰਗਾ

ਸਾਡੇ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ ਬਹੁਤ ਪੈਰ ਪਸਾਰ ਚੁੱਕੀ ਹੈ। ਗਰੀਬ ਨੂੰ ਮਜ਼ਦੂਰੀ ਨਹੀਂ ਮਿਲਦੀ, ਪੜ੍ਹੇ-ਲਿਖੇ ਨੂੰ ਕੋਈ ਰੁਜ਼ਗਾਰ ਨੌਕਰੀ ਨਹੀਂ ਮਿਲ ਰਹੀ, ਮਜ਼ਦੂੁਰ ਮਜ਼ਦੂਰੀ ਦੀ ਭਾਲ 'ਚ ਦਰ-ਦਰ ਭਟਕ ਰਿਹਾ, ਪੜ੍ਹਿਆ-ਲਿਖਿਆ ਆਪਣੀਆਂ ਡਿਗਰੀਆਂ ਲੈ ਕੇ ਘੁੰਮ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਦੀ ਇਕੋ-ਇਕ ਕਿਰਨ ਆਈਲਟਸ ਪਾਸ ਕਰਕੇ ਵਿਦੇਸ਼ਾਂ ਵਿਚ ਜਾਣਾ, ਜਿਸ ਲਈ ਉਹ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਭਾਵ ਜ਼ਮੀਨ-ਜਾਇਦਾਦ ਵੇਚ ਵੱਟ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਚਲੇ ਜਾਂਦੇ ਹਨ। ਉਨ੍ਹਾਂ ਨੂੰ ਉਥੇ ਜਾ ਕੇ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ, ਇਸ ਲਈ ਉਨ੍ਹਾਂ ਨੂੰ ਉਥੇ ਜਾ ਕੇ ਮਜ਼ਦੂਰੀ ਹੀ ਕਰਨੀ ਪੈਂਦੀ ਹੈ। ਨੌਜਵਾਨ ਆਪਣੇ ਦੇਸ਼ ਵਿਚ ਮਜ਼ਦੂਰੀ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਹਨ ਜਦੋਂਕਿ ਉਹ ਅੱਖਾਂ ਤੋਂ ਉਹਲੇ ਵਿਦੇਸ਼ ਵਿਚ ਜਾ ਕੇ ਸਖ਼ਤ ਮਿਹਨਤ ਕਰਦੇ ਹਨ। ਵਿਦੇਸ਼ ਜਾਣ ਲਈ ਜੋ ਰੁਪਏ ਪੈਸਾ ਬਰਬਾਦ ਕਰਦੇ ਹਨ ਉਨ੍ਹਾਂ ਨਾਲ ਉਹ ਇਥੇ ਆਪਣੀ ਖ਼ੁਦਮੁਖਤਿਆਰੀ ਵਾਲਾ ਕੰਮ ਕਰ ਸਕਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਅਤੇ ਸਾਡੇ ਨੌਜਵਾਨ ਵਰਗ ਮੁੰਡੇ ਭਾਵੇਂ ਕੁੜੀਆਂ ਨੂੰ ਬਾਹਰ ਜਾਣ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ।
ਸਾਡੇ ਲੋਕ ਜਦੋਂ ਆਪਣਾ ਇਥੋਂ ਦਾ ਕਿੱਤਾ ਛੱਡ ਕੇ ਬਾਹਰ ਜਾਂਦੇ ਹਨ ਤਾਂ ਉਹ ਆਪਣਾ ਕਿੱਤਾ ਪ੍ਰਵਾਸੀ ਮਜ਼ਦੂਰਾਂ ਨੂੰ ਸੌਂਪ ਕੇ ਜਾਂਦੇ ਹਨ। ਜੇ ਮੰਨ ਲਿਆ ਜਾਵੇ ਕਿ ਬਿਹਾਰ ਤੋਂ ਲੋਕ ਪੰਜਾਬ ਵਿਚ ਜ਼ਿਆਦਾ ਮਜ਼ਦੂਰੀ ਅਤੇ ਰੁਜ਼ਗਾਰ ਮਿਲਣ ਕਰਕੇ ਹੀ ਆਉਂਦੇ ਹਨ ਅਤੇ ਸਾਡੇ ਨੌਜਵਾਨ ਇਥੋਂ ਜ਼ਿਆਦਾ ਪੈਸਾ ਕਮਾਉਣ ਲਈ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ। ਪੰਜਾਬ ਦੀ ਖੇਤੀ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੈ। ਸਾਡੇ ਲੋਕ ਕੰਮ ਕਰਨ ਦੀ ਬਜਾਏ ਅੱਜ ਵੀ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਵਿਚ ਰੇਲਵੇ ਸਟੇਸ਼ਨਾਂ 'ਤੇ ਬੈਠੇ ਹਨ ਜਦੋਂ ਕਿ ਉਨ੍ਹਾਂ ਦੀ ਉਡੀਕ ਵਿਚ ਸਮਾਂ ਨਸ਼ਟ ਕਰਨ ਦੀ ਥਾਂ ਖ਼ੁਦ ਵੀ ਕੰਮ ਕਰ ਸਕਦੇ ਹਨ। ਕਿੰਨਾ ਚੰਗਾ ਹੁੰਦਾ ਜੇਕਰ ਸਾਡਾ ਨੌਜਵਾਨ ਬਾਹਰ ਜਾਣ ਦੀ ਬਜਾਏ ਇਥੇ ਮਨ ਲਾ ਕੇ ਕੰਮ ਕਰੇ, ਸਾਡਾ ਪੈਸਾ ਸਾਡੇ ਦੇਸ਼ ਵਿਚ ਹੀ ਰਹਿ ਜਾਵੇ, ਜਿਸ ਨਾਲ ਸਾਡਾ ਦੇਸ਼ ਵੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇ, ਪਰ ਸਾਡੀਆ ਮਾੜੀਆਂ ਸਰਕਾਰਾਂ, ਮਾੜੇ ਲੀਡਰ ਸਾਡੇ ਪੰਜਾਬ ਦੇ ਬਾਰੇ ਸੋਚਦੇ ਹੀ ਨਹੀਂ। ਇਥੇ ਰੁਜ਼ਗਾਰ ਦੀ ਕੋਈ ਘਾਟ ਨਹੀਂ, ਹਰ ਮਹਿਕਮੇ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਜੇਕਰ ਝਾਤ ਮਾਰੀਏ ਤੇ ਵੇਖੀਏ, ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਾਡਾ ਸੂਬਾ ਮਜ਼ੂਦਰੀ ਦੇ ਰਿਹਾ ਹੈ, ਜੇਕਰ ਇਹੀ ਮਜ਼ਦੂਰੀ ਸਾਡੇ ਨੌਜਵਾਨਾਂ ਨੂੰ ਦਿੱਤੀਆ ਜਾਣ ਤਾਂ ਸ਼ਾਇਦ ਉਹ ਵਿਦੇਸ਼ਾਂ ਵਿਚ ਨਾ ਜਾਣ ਤੇ ਇਥੋਂ ਦਾ ਪੈਸਾ ਉਥੇ ਜਾ ਕੇ ਨਾ ਬਰਬਾਦ ਕਰਨ, ਆਪਣੀਆਂ ਜਾਇਦਾਦਾਂ ਬਚਾ ਕੇ ਇਥੇ ਹੀ ਕਾਮਯਾਬ ਹੋ ਸਕਦੇ ਹਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਡੀਆਂ ਸਰਕਾਰਾਂ ਤੇ ਲੀਡਰਾਂ ਦੀ ਸੋਚ ਬਦਲੇ ਤਾਂ ਉਹ ਵਿਦੇਸ਼ ਜਾਣ ਲਈ ਗੁਰੇਜ਼ ਕਰਨ ਅਤੇ ਕਹਿਣ ਕਿ ਵਿਦੇਸ਼ ਨਾਲੋਂ ਸਾਡਾ ਹੀ ਦੇਸ਼ ਚੰਗਾ ਹੈ।

-ਮੋਬਾ: 94632-59121

ਸੋਸ਼ਲ ਮੀਡੀਆ 'ਤੇ ਮਸਰੂਫ਼ ਨੌਜਵਾਨ ਪੀੜ੍ਹੀ

ਕੋਈ ਸਮਾਂ ਸੀ, ਜਦੋਂ ਸੋਸ਼ਲ ਮੀਡੀਆ ਨੇ ਨਵੇਂ-ਨਵੇਂ ਪੈਰ ਪਸਾਰੇ ਸਨ, ਹਰ ਕੋਈ ਇਸ ਦਾ ਪ੍ਰਸੰਸਕ ਸੀ, ਕਿਉਂਕਿ ਇਸ 'ਤੇ ਦਿਖਾਈਆਂ ਜਾਣ ਵਾਲੀਆਂ ਸੱਚੀਆਂ ਘਟਨਾਵਾਂ ਨੇ ਲੋਕਾਂ ਦਾ ਧਿਆਨ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵਲੋਂ ਹਟਾ ਕੇ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਲੋਕਾਂ ਦੀ ਇਹ ਧਾਰਨਾ ਬਣ ਗਈ ਸੀ ਕਿ ਜਿਹੜੀ ਖ਼ਬਰ ਨੂੰ ਅਖ਼ਬਾਰਾਂ 'ਚ ਦੂਜੇ ਦਿਨ ਪੜ੍ਹਨਾ ਹੁੰਦਾ ਸੀ, ਉਹ ਉਸੇ ਸਮੇਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਕੇ ਦੇਸ਼-ਵਿਦੇਸ਼ਾਂ ਦੀ ਸੈਰ ਕਰਨ ਲੱਗ ਜਾਂਦੀ ਹੈ, ਪਰ ਇਹ ਦੌਰ ਕੁਝ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਛੇਤੀ ਹੀ ਸੋਸ਼ਲ ਮੀਡੀਆ ਵਲੋਂ ਲੋਕਾਂ ਦੀ ਨਜ਼ਰ 'ਚ ਆਪਣੀ ਭਰੋਸੇਯੋਗਤਾ ਨੂੰ ਖੋ ਦਿੱਤਾ ਗਿਆ, ਕਿਉਂਕਿ ਕੁਝ ਘਟੀਆ ਲੋਕਾਂ ਵਲੋਂ ਪਰੋਸੀ ਜਾਣ ਵਾਲੀ ਘਟੀਆ ਕਿਸਮ ਦੀ ਸਮੱਗਰੀ ਨੇ ਸਾਫ਼ ਕਿਰਦਾਰਾਂ ਵਾਲੇ ਲੋਕਾਂ ਦੇ ਦਿਲਾਂ 'ਚ ਸੋਸ਼ਲ ਮੀਡੀਆ ਪ੍ਰਤੀ ਘਿਰਣਾ ਪੈਦਾ ਕਰ ਦਿੱਤੀ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ 'ਤੇ ਦਿਖਾਈ ਜਾਣ ਵਾਲੀ ਸੱਚੀ ਘਟਨਾ ਵੀ ਝੂਠੀ ਜਾਪਣ ਲੱਗੀ ਹੈ। ਅੱਜ ਦੇ ਨੌਜਵਾਨ ਤਾਂ ਹਾਲੇ ਵੀ ਇਸ ਦੀ ਗ੍ਰਿਫ਼ਤ 'ਚ ਬੁਰੀ ਤਰ੍ਹਾਂ ਕੈਦ ਹਨ, ਉਹ ਘੰਟਿਆਂਬੱਧੀ ਸੋਸ਼ਲ ਮੀਡੀਆ 'ਤੇ ਵਿਅਸਤ ਹੋ ਕੇ ਆਪਣੇ ਮੁੱਲਵਾਨ ਸਮੇਂ ਨੂੰ ਅਜਾਈਂ ਗੁਆ ਰਹੇ ਹਨ। ਬੇਸ਼ੱਕ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਕੁਝ ਸਾਲਾਂ ਬਾਅਦ ਲੱਗੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਕੀਮਤੀ ਸਮੇਂ ਨੂੰ ਭੰਗ ਦੇ ਭਾੜੇ ਖਰਾਬ ਕਰ ਦਿੱਤਾ ਹੈ, ਪਰ ਉਸ ਵਕਤ ਕੀਤੇ ਗਏ ਪਛਤਾਵੇ ਦਾ ਉਨ੍ਹਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਗਿਆ ਵਿਦਿਆਰਥੀ ਵਰਗ ਆਪਣੀ ਪੜ੍ਹਾਈ ਦੇ ਸਮਿਆਂ ਦੌਰਾਨ ਵੀ ਸੋਸ਼ਲ ਮੀਡੀਆ 'ਤੇ ਲੱਗਾ ਰਹਿੰਦਾ ਹੈ। ਇੱਥੋਂ ਤੱਕ ਕਿ ਇਨ੍ਹਾਂ ਵਿੱਦਿਅਕ ਅਦਾਰਿਆਂ 'ਚ ਪੜ੍ਹਾਉਣ ਵਾਲੇ ਅਧਿਆਪਕ ਤੇ ਅਧਿਆਪਕਾਵਾਂ ਵੀ ਵਿਦਿਆਰਥੀਆਂ ਦੇ ਸਾਹਮਣੇ ਬੈਠੇ ਸੋਸ਼ਲ ਮੀਡੀਆ 'ਤੇ ਮਸਰੂਫ ਦੇਖੇ ਜਾ ਸਕਦੇ ਹਨ। ਕਈ ਵਾਰ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਸਮਾਜ ਦੇ ਗਲਤ ਅਨਸਰ ਝੂਠੀਆਂ ਅਫਵਾਹਾਂ ਫੈਲਾ ਕੇ ਦੇਸ਼ ਅੰਦਰ ਅਮਨ-ਅਮਾਨ ਨਾਲ ਰਹਿ ਰਹੇ ਲੋਕਾਂ ਅੰਦਰ ਨਫ਼ਰਤਾਂ ਭਰ ਦਿੰਦੇ ਹਨ। ਸੋ, ਮੁੱਦੇ ਦੀ ਗੱਲ ਤਾਂ ਇਹੀ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਜਿੱਦਾਂ ਦਾ ਮਰਜ਼ੀ ਹੋਵੇ, ਪਰ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਦੀ ਹੋਂਦ ਕਾਰਨ ਖ਼ਤਰੇ ਵਿਚ ਹੈ। ਮਾਪਿਆਂ ਨੂੰ ਲੋੜ ਹੈ ਕਿ ਉਹ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਰਾਂ ਨੂੰ ਇਸ ਦੇ ਕਾਲੇ ਸਾਏ ਤੋਂ ਵੀ ਦੂਰ ਰੱਖਣ, ਤਾਂ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਸਿਰਜ ਸਕਣ। ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਇਸ ਦੁਨੀਆ 'ਚ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਨਸਾਨ ਦੀ ਸੋਚ ਉਸ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ। ਇਸ ਲਈ ਮਾੜਾ ਇੰਟਰਨੈੱਟ ਨਹੀਂ, ਸੋਸ਼ਲ ਮੀਡੀਆ ਨਹੀਂ, ਬਲਕਿ ਮਾੜੀ ਤਾਂ ਸਾਡੀ ਵਰਤੋਂ ਹੈ। ਆਓ, ਸਾਰੇ ਰਲ਼ ਕੇ ਸਾਂਝੇ ਉਪਰਾਲੇ ਕਰੀਏ ਤੇ ਇਸ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਸਮਾਜ ਲਈ ਕੋਈ ਚੰਗਾ ਸੁਨੇਹਾ ਘਰ-ਘਰ ਪਹੁੰਚਾਈਏ।

-ਪੀ.ਐੱਚ.ਡੀ. ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX