ਤਾਜਾ ਖ਼ਬਰਾਂ


ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  14 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  28 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  45 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  56 minutes ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਖੇਤੀ ਵਿਚ ਵਡਮੁੱਲਾ ਪਾਣੀ ਕਿਵੇਂ ਬਚਾਈਏ?

ਪੰਜਾਬ ਵਿਚ ਝੋਨੇ ਦੀ ਕਾਸ਼ਤ ਮੌਜੂਦਾ ਸਾਉਣੀ ਦੀ ਰੁੱਤ ਦੌਰਾਨ ਕਰੀਬਨ 75 ਲੱਖ ਏਕੜ ਰਕਬੇ ਵਿਚ ਕੀਤੀ ਜਾ ਰਹੀ ਹੈ। ਅਨੁਮਾਨ ਮੁਤਾਬਿਕ 6 ਮਹੀਨੇ ਵਿਚ 160 ਲੱਖ ਟਨ ਝੋਨਾ ਪੈਦਾ ਕਰਨ ਲਈ ਤਕਰੀਬਨ 75 ਖਰਬ ਲੀਟਰ ਪਾਣੀ ਦੀ ਖਪਤ ਹੋਵੇਗੀ। ਰਾਜ ਦੇ ਕੁੱਲ ਖੇਤੀ ਯੋਗ ਰਕਬੇ ਵਿਚੋਂ 70 ਫੀਸਦੀ ਖੇਤਰਫ਼ਲ ਵਿਚ ਫ਼ਸਲਾਂ ਨੂੰ ਟਿਊਬਵੈਲਾਂ ਰਾਹੀਂ ਸਿੰਜਿਆ ਜਾ ਰਿਹਾ ਹੈ। ਜ਼ਮੀਨਦੋਜ਼ ਪਾਣੀ ਨੂੰ ਟਿਊਬਵੈਲਾਂ ਰਾਹੀਂ ਬਾਹਰ ਕੱਢਣ ਦੀ ਦਰ 149 ਫੀਸਦੀ (ਸਾਲ 2013) ਤੋਂ ਵਧ ਕੇ 165 ਫੀਸਦੀ (ਸਾਲ 2019) ਹੋ ਗਈ ਹੈ। ਸੂਬੇ ਦੇ 138 ਬਲਾਕਾਂ ਵਿਚੋਂ ਜ਼ਿਆਦਾ ਪਾਣੀ ਕੱਢਣ ਵਾਲੇ ਬਲਾਕਾਂ ਦੀ ਗਿਣਤੀ 109 ਹੋ ਗਈ ਹੈ। 1960-61 ਵਿਚ ਪੰਜਾਬ ਵਿਚ 7445 ਟਿਊਬਵੈਲ ਸਨ, ਜਿਨਾਂ੍ਹ ਦੀ ਗਿਣਤੀ 2017-18 ਵਿਚ ਵਧ ਕੇ 14.76 ਲੱਖ ਹੋ ਗਈ ਹੈ। ਝੋਨੇ ਦੀ ਕਾਸ਼ਤ ਕਰਕੇ 1990 ਤੋਂ 2000 ਦੇ ਵਿਚਾਲੇ 25 ਸੈਂਟੀਮੀਟਰ ਸਾਲਾਨਾ ਦੀ ਦਰ ਨਾਲ ਡਿਗਣ ਵਾਲਾ ਪਾਣੀ ਦਾ ਪੱਧਰ, ਸੰਨ 2000 ਤੋਂ 2008 ਦੇ ਵਿਚਾਲੇ 84 ਸੈਂਟੀਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ ਹੈ। 10 ਸਾਲ ਪਹਿਲਾਂ ਜਿਹੜੇ ਬੋਰ 50-60 ਫੁੱਟ ਤੱਕ ਹੁੰਦੇ ਸਨ, ਓਹੀ ਬੋਰ 80-90 ਫੁੱਟ ਤੱਕ ਪਹੁੰਚ ਚੁੱਕੇ ਹਨ। ਇਸੇ ਕਰਕੇ ਦੁਆਬੇ ਦੇ ਕਿਸਾਨ 150 ਫੁੱਟ ਤੋਂ ਜ਼ਿਆਦਾ ਨੀਵੇਂ ਬੋਰ ਕਰਵਾ ਰਹੇ ਹਨ।
ਝੋਨੇ ਦੀਆਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ - ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਕੇ ਪੰਜਾਬ ਵਿਚ ਝੋਨੇ ਦੀ ਕਾਸ਼ਤ ਅਧੀਨ ਰਕਬਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਚਾਲੂ ਸੀਜ਼ਨ ਦੌਰਾਨ ਮੱਕੀ ਦੇ ਅਧੀਨ 1.60 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਹਰਿਆਣੇ ਵਿਚ ਤਕਰੀਬਨ 39000 ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥੱਲਿਓਂ ਕੱਢ ਕੇ ਮੱਕੀ, ਨਰਮਾ, ਕਪਾਹ ਅਤੇ ਅਰਹਰ ਦੀ ਕਾਸ਼ਤ ਥੱਲੇ ਲਿਆਂਦਾ ਗਿਆ ਹੈ। ਸਾਉਣੀ 2018 ਦੌਰਾਨ ਕਪੂਰਥਲਾ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ 265 ਹੈਕਟੇਅਰ ਵਿਚ ਕੀਤੀ ਗਈ ਸੀ। ਝੋਨੇ ਦੀ ਕਾਸ਼ਤ ਅਧੀਨ ਰਕਬਾ 1.17 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ। ਜੋਕਿ ਸਾਉਣੀ 2018 ਦੇ ਵਿਚ 1.19 ਲੱਖ ਹੈਕਟੇਅਰ ਸੀ।
ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ - ਝੋਨੇ ਦੀ ਫ਼ਸਲ ਦੀ ਮਾਰਕਟਿੰਗ ਤੋਂ ਚੰਗੀ ਵੱਟਤ ਹੋਣ ਕਾਰਨ ਜ਼ਿੰਮੀਦਾਰਾਂ ਵੱਲੋਂ ਇਸ ਦੀ ਕਾਸ਼ਤ ਲਗਾਤਾਰ ਕੀਤੀ ਜਾ ਰਹੀ ਹੈ। ਜਦੋਂ ਕਿ ਅੰਕੜਿਆਂ ਮੁਤਾਬਿਕ ਇਕ ਕਿੱਲੋ ਝੋਨਾ ਪੈਦਾ ਕਰਨ ਲਈ ਤਕਰੀਬਨ 4000 ਲੀਟਰ ਪਾਣੀ ਦੀ ਖਪਤ ਕੀਤੀ ਜਾਂਦੀ ਹੈ। ਭਾਵ 18 ਰੁਪਏ ਦੀ ਵੱਟਤ ਲਈ 80,000 ਰੁਪਏ ਦੀ ਕੀਮਤ ਦਾ ਵੱਡਮੁੱਲਾ ਪਾਣੀ ਵਰਤਿਆ ਜਾ ਰਿਹਾ ਹੈ। ਇਕ ਅਨੁਮਾਨ ਮੁਤਾਬਕ ਜੇਕਰ ਅਸੀ ਆਪਣੇ ਪਾਣੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ 2025 ਤੱਕ ਪੰਜਾਬ ਵਿਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਕੁਦਰਤੀ ਸਰੋਤਾਂ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜਿੰਨੀ ਦੇਰ ਝੋਨੇ ਦੀ ਕਾਸ਼ਤ ਦਾ ਕੋਈ ਬਦਲ ਨਹੀਂ ਲੱਭਦਾ, ਜ਼ਿੰਮੀਦਾਰਾਂ ਨੂੰ ਲੰਬਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਗੈਰ-ਮਨਜ਼ੂਰਸ਼ੁਦਾ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਦਾ ਮੋਹ ਛੱਡ ਕੇ ਪੀ ਏ ਯੂ, ਲੁਧਿਆਣਾ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਮਨਜ਼ੂਰਸ਼ੁਦਾ ਕਿਸਮਾਂ ਜਿਵੇਂ ਕਿ ਪੀ ਆਰ 124, ਪੀ ਆਰ 126 ਜਾਂ ਬਾਸਮਤੀ ਦੀਆਂ ਕਿਸਮਾਂ ਜਿਵੇਂ ਕਿ ਪੂਸਾ 1121, ਪੂਸਾ 1509, ਪੂਸਾ ਬਾਸਮਤੀ 1718 ਅਤੇ ਪੂਸਾ ਬਾਸਮਤੀ 1637 ਆਦਿ ਦੀ ਕਾਸ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਕ ਚੰਗਾ ਵਾਹੀਵਾਨ ਹੋਣ ਨਾਤੇ ਵਿਚਾਰ ਇਹ ਬਣਦਾ ਹੈ ਕਿ ਘੱਟ ਤੋਂ ਘੱਟ ਖਰਚੇ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਚੰਗਾ ਝਾੜ ਲਿਆ ਜਾਵੇ ਨਾ ਕਿ ਝੋਨੇ ਦੀਆਂ ਗੈਰ-ਮਨਜੂਰਸ਼ੁਦਾ ਲੰਬੇ ਸਮੇਂ ਵਾਲੀਆਂ ਕਿਸਮਾਂ 'ਤੇ ਵਧੇਰੇ ਖਰਚਾ ਕਰਕੇ ਦਾੜ੍ਹੀ ਨਾਲੋਂ ਮੁੱਛਾਂ ਲੰਬੀਆਂ ਕੀਤੀਆਂ ਜਾਣ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਜ਼ਿਲ੍ਹਾ ਪਸਾਰ ਮਾਹਰ (ਸੀਨੀਅਰ ਮੋਸਟ), ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ। ਸੰਪਰਕ : 01822-232543


ਖ਼ਬਰ ਸ਼ੇਅਰ ਕਰੋ

ਛੋਟੇ ਤੇ ਬੇਜ਼ਮੀਨੇ ਕਿਸਾਨਾਂ ਲਈ ਵਿਰਸੇ ਦਾ ਵਰਦਾਨ ਬੱਕਰੀ ਪਾਲਣ

ਸਾਡੇ ਸੱਭਿਆਚਾਰ, ਭੁਗੋਲਿਕ ਚੌਗਿਰਦੇ ਅਤੇ ਆਰਥਿਕਤਾ ਵਿਚ ਬੱਕਰੀ ਦੀ ਮੈਂ-ਮੈਂ ਆਮ ਦਿਖਦੀ ਅਤੇ ਸੁਣਦੀ ਸੀ। ਵਿਕਾਸਸ਼ੀਲ ਗਤੀ ਨੇ ਬੱਕਰੀ ਪਾਲਣੀ ਅਤੇ ਮੱਝ ਪਾਲਣ ਨੂੰ ਗਰੀਬ-ਅਮੀਰ ਦੇ ਪਾੜੇ ਵਜੋਂ ਸਥਾਪਤ ਕੀਤਾ। ਗਰੀਬ ਦੇ ਘਰ ਦੀ ਮੁਢਲੀ ਆਰਥਿਕਤਾ ਬੱਕਰੀਆਂ ਉੱਤੇ ਟਿਕੀ ਹੋਈ ਸੀ। ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਦੀ ਪਾਲਣਾ ਗਰੀਬ, ਛੋਟਾ ਕਿਸਾਨ ਅਤੇ ਬੇਜ਼ਮੀਨਾ ਵੀ ਕਰ ਸਕਦਾ ਹੈ। ਇਸ ਦੋ ਥਣੇ ਜਾਨਵਰ ਨੂੰ ਗਰੀਬ ਦਾ ਫਰਿੱਜ ਵੀ ਕਿਹਾ ਜਾਂਦਾ ਸੀ। ਜਦੋਂ ਚਾਹੇ ਉਦੋਂ ਦੋ ਧਾਰਾਂ ਮਾਰ ਕੇ ਦੁੱਧ ਕੱਢਿਆ ਜਾ ਸਕਦਾ ਹੈ। ਇਸ ਸਾਊ ਅਤੇ ਸ਼ਰੀਫ਼ ਜਾਨਵਰ ਨੂੰ ਬੱਚੇ ਅਤੇ ਔਰਤਾਂ ਵੀ ਬੰਨ੍ਹ ਛੱਡ ਸਕਦੀਆਂ ਹਨ।
ਬੱਕਰੀ ਸੱਭਿਆਚਾਰਕ ਵੰਨਗੀ ਨੂੰ ਇਉਂ ਰੂਪਮਾਨ ਕਰਦੀ ਹੈ, 'ਦਰਾਣੀ ਦੁੱਧ ਰਿੜਕੇ, ਜਠਾਣੀ ਦੁੱਧ ਰਿੜਕੇ, ਮੈਂ ਲੈਂਦੀ ਸੀ ਬਿੜਕਾਂ ਵੇ, ਚੰਨਾਂ ਲਿਆ ਬੱਕਰੀ ਦੁੱਧ ਰਿੜਕਾਂ ਵੇ'। ਸਮਾਜਿਕ ਤੱਥ ਹੈ ਕਿਸੇ ਦੀ ਬੱਕਰੀ ਗੁਆਚ ਗਈ ਲੱਭਣ 'ਤੇ ਦੋ ਮਾਲਕਣਾਂ ਬਣ ਗਈਆਂ। ਦੋਵਾਂ ਨੇ ਆਪਣੇ-ਆਪਣੇ ਹੱਕ ਜਤਾਏ। ਪਹਿਲੀ ਕਹਿੰਦੀ ਮੈਂ ਇਸ ਦੇ ਦੁੱਧ 'ਚੋਂ ਘਿਓ ਜੋੜਿਆ ਜੋ ਮੇਰੇ ਘਰ ਪਿਆ ਹੈ। ਦੂਜੀ ਕਹਿੰਦੀ ਬੱਕਰੀ ਦਾ ਦੁੱਧ ਥੋੜ੍ਹਾ ਅਤੇ ਘੱਟ ਫੈਟ ਵਾਲਾ ਹੁੰਦਾ ਹੈ, ਇਸ ਦਾ ਘਿਓ ਨਹੀਂ ਜੁੜ ਸਕਦਾ। ਪੰਚਾਇਤ ਨੇ ਦੋਵਾਂ ਇਸਤਰੀਆਂ ਨੂੰ ਇਕ ਗੜਵੀ ਪਾਣੀ ਦੀ ਦਿੱਤੀ, ਕਿ ਇਸ ਨਾਲ ਇਸ਼ਨਾਨ ਕਰ ਕੇ ਆਓ। ਪਹਿਲੀ ਨੇ ਰੁਮਾਲ ਲੈ ਕੇ ਗਿੱਲਾ ਕਰਕੇ ਸਾਰੇ ਸਰੀਰ 'ਤੇ ਫੇਰਿਆ, ਜਦੋਂ ਕਿ ਦੂਜੀ ਨੇ ਸਰੀਰ ਉੱਪਰ ਪਾਣੀ ਦੀ ਗੜਵੀ ਸੁੱਟ ਲਈ, ਅੱਧੇ ਤੋਂ ਵੱਧ ਸਰੀਰ ਪਾਣੀ ਤੋਂ ਬਿਨਾਂ ਰਹਿ ਗਿਆ। ਆਉਂਦੀ ਸਾਰ ਦੋਵਾਂ ਦੀਆਂ ਦਲੀਲਾਂ ਸੁਣੀਆਂ ਗਈਆਂ। ਪਹਿਲੀ ਇਸਤਰੀ ਨੇ ਰੁਮਾਲ ਨਾਲ ਨਹਾਉਣ ਦੀ ਦਲੀਲ ਦਿੱਤੀ, ਦੂਜੀ ਇਸਤਰੀ ਨੇ ਉਪਰੋਂ ਗੜਵੀ ਪਾਣੀ ਸੁੱਟਣ ਦੀ ਦਲੀਲ ਦਿੱਤੀ। ਪਹਿਲੀ ਇਸਤਰੀ ਦੇ ਸਿਆਣਪ ਅਤੇ ਸੰਜਮ ਨੂੰ ਸਮਝਦੇ ਹੋਏ ਘਿਓ ਜੋੜਨ ਦੀ ਦਲੀਲ ਨਾਲ ਸਰਪੰਚ ਸਹਿਮਤ ਹੋਇਆ ਗਿਆ। ਇਸ ਲਈ ਬੱਕਰੀ ਪਹਿਲੀ ਇਸਤਰੀ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਆਜੜੀ ਅਤੇ ਸ਼ੇਰ ਦੀ ਕਹਾਣੀ ਵੀ ਸਾਡੀ ਸਿੱਖਿਆ ਅਤੇ ਸੱਭਿਆਚਾਰ ਦਾ ਵਿਸ਼ਾ ਹੈ। ਆਮ ਬੱਕਰੀ 14-15 ਮਹੀਨੇ ਦੀ ਸੂਅ ਪੈਂਦੀ ਹੈ। ਬੱਕਰੀ ਗਰਭ ਧਾਰਨ ਤੋਂ 145-156 ਦਿਨਾਂ ਤੱਕ ਸੂਅ ਪੈਂਦੀ ਹੈ। ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਸਬਸਿਡੀ ਅਧੀਨ ਵੀ ਲਿਆਂਦਾ ਗਿਆ ਹੈ। ਅੱਜ ਦੇ ਸਮੇਂ ਨਿਵੇਕਲਾ ਪਹਿਲੂ ਇਹ ਹੈ ਕਿ ਇਸ ਦਾ ਦੁੱਧ ਦਵਾਈ ਦੇ ਤੌਰ 'ਤੇ ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁੁਸਤ ਤਹਿਤ ਬੱਕਰੀ ਦੇ ਦੁੱਧ ਤੋਂ ਥੈਲੇਸਿਮੀਆਂ ਦੇ ਇਲਾਜ ਦੀ ਸ਼ੁਰੂਆਤ ਕਰਨਾ ਵਿਚਾਰ ਅਧੀਨ ਹੈ। ਕੁੱਲ ਦੁਨੀਆ ਵਿਚ ਬੱਕਰੀ ਦੀਆਂ 102 ਪ੍ਰਜਾਤੀਆਂ ਹਨ। ਜਦੋਂ ਕਿ ਇਕੱਲੇ ਭਾਰਤ ਵਿਚ 20 ਪ੍ਰਜਾਤੀਆਂ ਹਨ। ਬੱਕਰੀ ਨੂੰ ਗਰੀਬ ਦੀ ਗਾਂ ਵੀ ਕਿਹਾ ਜਾਂਦਾ ਹੈ। ਪਹਿਲੇ ਜ਼ਮਾਨੇ ਵਿਚ ਬੱਕਰੀ ਦੀ ਖੁਰਾਕ ਕਿੱਕਰ ਦੀਆਂ ਫਲੀਆਂ (ਤੁੱਕੇ) ਅਤੇ ਘਾਹ ਬੂਟੀਆਂ ਹੁੰਦੀਆਂ ਸਨ। ਲੋਕ ਇਨ੍ਹਾਂ ਨੂੰ ਚਾਰ ਕੇ ਬਹੁਤੇ ਖਰਚੇ ਤੋਂ ਬਚ ਜਾਂਦੇ ਸਨ। ਦੁੱਧ ਦੇ ਨਾਲ ਇਸ ਜਾਤੀ ਦਾ ਮੀਟ ਵੀ ਕਾਫੀ ਪ੍ਰਚਲਿੱਤ ਹੈ।
ਹੁਣ ਪੰਜਾਬ ਦਾ ਪਸ਼ੂ ਪਾਲਣ ਮਹਿਕਮਾ ਵੀ ਬੱਕਰੀ ਪਾਲਣ ਦੇ ਕਿੱਤੇ ਪ੍ਰਤੀ ਕਿਰਿਆਸ਼ੀਲ ਹੈ। ਪੰਜਾਬ ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। 2013 ਦੀ ਪਸ਼ੂ ਜਨਗਣਨਾ ਅਨੁਸਾਰ ਪੰਜਾਬ ਵਿਚ ਬੱਕਰੀਆਂ ਦੀ ਗਿਣਤੀ 3 ਲੱਖ 27 ਹਜ਼ਾਰ ਤੋਂ ਵੱਧ ਸੀ। ਪਹਿਲੇ ਬੱਕਰੀਆਂ ਦਾ ਇਕੱਠ ਜਿਸਨੂੰ ਇੱਜੜ ਕਹਿੰਦੇ ਸਨ, ਉਸ ਨੂੰ ਚਾਰਨ ਵਾਲੇ ਨੂੰ ਆਜੜੀ ਕਹਿੰਦੇ ਸਨ। ਹੁਣ ਇੱਜੜ ਅਤੇ ਆਜੜੀ ਘੱਟ ਹਨ। ਪਿਛਲੇ ਜ਼ਮਾਨੇ ਦੀ ਤਰ੍ਹਾਂ ਹੁਣ ਇੱਜੜ ਅਤੇ ਆਜੜੀ ਆਮ ਨਹੀਂ ਦਿਖਦੇ। ਸਰਕਾਰ ਦੇ ਉਪਰਾਲਿਆਂ ਕਰਕੇ ਬੱਕਰੀ ਪਾਲਣ ਦਾ ਕਿੱਤਾ ਅਪਣਾਉਣ ਲਈ ਮੁੜ ਸੁਰਜੀਤੀ ਸ਼ੁਰੂ ਹੋਈ ਹੈ, ਪਰ ਮੱਧਮ ਤੋਰ ਹੈ। ਕਈ ਲੋਕ ਸ਼ੌਕ ਅਤੇ ਵਿਹੜੇ ਦੇ ਸ਼ਿੰਗਾਰ ਵਜੋਂ ਵੀ ਬੱਕਰੀ ਪਾਲਦੇ ਹਨ। ਬੱਕਰੀ ਦੀਆਂ ਮੀਂਗਣਾਂ ਦੀ ਖਾਦ ਖੇਤਾਂ ਵਾਸਤੇ ਕਾਫੀ ਉਪਜਾਊ ਰਹਿੰਦੀ ਹੈ। ਅੱਜ ਵੀ ਹਰ ਜ਼ਿਮੀਦਾਰ ਪਰਿਵਾਰ ਨੂੰ ਅਤੇ ਜੋ ਜ਼ਿਮੀਂਦਾਰੀ ਦੇ ਕਿੱਤੇ ਨਾਲ ਸਬੰਧਿਤ ਹਨ, ਬੱਕਰੀ ਪਾਲਣ ਦਾ ਕਿੱਤਾ ਸਹਾਇਕ ਕਿੱਤੇ ਵਜੋਂ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਛੋਟੇ ਅਤੇ ਮੱਧਮ ਕਿਸਾਨਾਂ ਨੂੰ ਆਰਥਿਕ ਹੁਲਾਰਾ ਮਿਲ ਸਕੇ।


-ਮੋਬਾਈਲ : 98781-11445.

ਫ਼ਸਲੀ ਬਿਮਾਰੀਆਂ ਤੋਂ ਬਚਾਅ ਲਈ ਗ਼ੈਰ-ਰਸਾਇਣਕ ਤਰੀਕੇ ਅਪਣਾਓ

ਫ਼ਸਲਾਂ ਦੇ ਉਤਪਾਦਨ ਅਤੇ ਗੁਣਵੱਤਾ ਘਟਾਉਣ ਲਈ ਬਿਮਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਹਰ ਸਾਲ ਵਿਕਾਸਸ਼ੀਲ ਦੇਸ਼ਾਂ ਵਿਚ ਬਿਮਾਰੀਆਂ ਦੇ ਹਮਲੇ ਕਾਰਨ ਫ਼ਸਲਾਂ ਦੇ ਝਾੜ ਦਾ ਤਕਰੀਬਨ 10-15 ਫੀਸਦੀ ਨੁਕਸਾਨ ਹੋ ਜਾਂਦਾ ਹੈ। ਫ਼ਸਲਾਂ ਦੀ ਸੰਘਣੀ ਖੇਤੀ, ਵੱਧ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੀ ਬਿਜਾਈ ਅਤੇ ਵਾਤਾਵਰਨ ਵਿਚ ਬਦਲਾਅ ਆਉਣ ਕਰਕੇ ਫ਼ਸਲਾਂ ਉੱਤੇ ਬਿਮਾਰੀਆਂ ਦਾ ਹਮਲਾ ਵਧ ਰਿਹਾ ਹੈ। ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਲੀਨਾਸ਼ਕ ਜਾਂ ਖੇਤੀ ਰਸਾਇਣਾਂ ਦੀ ਬੇਲੋੜੀ ਅਤੇ ਅੰਧਾਧੁੰਦ ਵਰਤੋਂ ਕਰਨ ਨਾਲ ਬਿਮਾਰੀਆਂ ਦੇ ਜੀਵਾਣੂੰਆਂ ਵਿਚ ਇਨ੍ਹਾਂ ਨਾਲ ਲੜਨ ਦੀ ਸ਼ਕਤੀ ਘੱਟ ਰਹੀ ਹੈ। ਇਸ ਕਰਕੇ ਸਾਡੇ ਵਿਗਿਆਨੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਗ਼ੈਰ-ਰਸਾਇਣਿਕ ਤਰੀਕੇ ਅਪਣਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਵਿਚ ਅਸੀਂ ਬਿਮਾਰੀ ਤੋਂ ਬਚਾਅ ਕਰਨ ਵਾਲੀਆਂ ਕਿਸਮਾਂ, ਖੇਤੀਬਾੜੀ ਦੀ ਕਾਰਜਵਿਧੀ ਵਿਚ ਤਬਦੀਲੀ, ਜੈਵਿਕ ਢੰਗ ਅਪਣਾਅ ਕੇ ਉਲੀਨਾਸ਼ਕਾਂ ਦੀ ਅੰਧਾ ਧੁੰਦ ਵਰਤੋਂ ਨੂੰ ਘਟਾ ਕੇ ਇਨ੍ਹਾਂ ਬਿਮਾਰੀਆਂ 'ਤੇ ਕਾਬੂ ਪਾ ਸਕਦੇ ਹਾਂ। ਇਸ ਲੇਖ ਵਿਚ ਅਜਿਹੇ ਕੁਝ ਢੰਗ ਜਾਂ ਤਰੀਕੇ ਹੇਠਾਂ ਦਿੱਤੇ ਗਏ ਹਨ :-
ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ
ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਬਿਜਾਈ ਸਾਡੀਆਂ ਪ੍ਰਮੁੱਖ ਫ਼ਸਲਾਂ ਖਾਸ ਕਰਕੇ ਕਣਕ, ਝੋਨਾ, ਆਲੂ, ਦਾਲਾਂ, ਕਪਾਹ, ਗੰਨਾ ਆਦਿ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਦਾ ਇਕ ਮਹੱਤਵਪੂਰਨ ਢੰਗ ਹੈ। ਇਨ੍ਹਾਂ ਕਿਸਮਾਂ ਦੀ ਵਰਤੋਂ ਕਰਨਾ ਇਕ ਚੰਗਾ ਤੇ ਲਾਹੇਵੰਦ ਸਰੋਤ ਹੈ, ਕਿਉਂਕਿ ਇਨ੍ਹਾਂ 'ਤੇ ਬਿਮਾਰੀਆਂ ਦੇ ਇਲਾਜ ਲਈ ਵਾਧੂ ਲਾਗਤ ਦੀ ਲੋੜ ਨਹੀਂ ਪੈਂਦੀ ਅਤੇ ਇਹ ਵਾਤਾਵਰਨ ਪ੍ਰਤੀ ਵੀ ਸੁਰੱਖਿਅਤ ਹਨ। ਝੋਨੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਕਿਸਮਾਂ ਦੀ ਸਹੀ ਚੋਣ ਇਕ ਬਹੁਤ ਹੀ ਭਰੋਸੇਯੋਗ ਢੰਗ ਸਾਬਿਤ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੀਆਂ ਝੋਨੇ ਦੀਆਂ ਕਿਸਮਾਂ ਪੀ ਆਰ 127, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121 ਅਤੇ ਪੰਜਾਬ ਬਾਸਮਤੀ 3, ਪੰਜਾਬ ਵਿਚ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪ੍ਰਚੱਲਿਤ ਸਾਰੀਆਂ ਕਿਸਮਾਂ ਵਿਰੁੱਧ ਲੜਨ ਦੀ ਸਮਰੱਥਾ ਰੱਖਦੀਆਂ ਹਨ। ਦੇਸੀ ਕਪਾਹ ਦੀ ਕਿਸਮ ਐਲ ਡੀ 1019 ਸੋਕਾ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਕਣਕ ਦੀਆਂ ਕੁੰਗੀਆਂ ਖਾਸ ਕਰਕੇ ਪੀਲੀ ਕੁੰਗੀ ਲਈ ਦੀ ਵਰਤੋਂ, ਇਸ ਦੀ ਰੋਕਥਾਮ ਵਿਚ ਸਭ ਤੋਂ ਫਾਇਦੇਮੰਦ ਸਾਬਿਤ ਹੋਈ ਹੈ। ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 677, ਐਚ ਡੀ 1105 ਅਤੇ ਐਚ ਡੀ 3086 ਪੀਲੀ ਕੁੰਗੀ ਦੇ ਵਿਰੁੱਧ ਲੜਨ ਦੀ ਸਮਰੱਥਾ ਰੱਖਣ ਵਾਲੀਆਂ ਚੰਗੀਆਂ ਉਦਾਹਰਣਾਂ ਹਨ। ਇਸੇ ਤਰ੍ਹਾਂ ਦਾਲਾਂ ਵਿਚ ਪੀ ਬੀ ਜੀ-7, ਛੋਲਿਆਂ ਦੇ ਝੁਲਸ ਰੋਗ ਵਿਰੱਧ ਅਤੇ ਮੂੰਗੀ ਦੀਆਂ ਕਿਸਮਾਂ ਐਮ ਐਲ 2056 ਅਤੇ ਐਮ ਐਲ 818, ਸੋਇਆਬੀਨ ਦੀਆਂ ਐਸ ਐਲ 525, ਐਸ ਐਸ 744 ਅਤੇ ਐਸ ਐਲ 958 ਚਿਤਕਬਰੇ ਰੋਗ ਵਿਰੱਧ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਗੰਨੇ ਦੀਆਂ ਕਿਸਮਾਂ ਸੀ ਓ ਪੀ ਬੀ 91, ਸੀ ਓ ਪੀ ਬੀ 92, ਸੀ ਓ ਪੀ ਬੀ 94, ਸੀ ਓ 238 ਅਤੇ ਸੀ ਓ 118, ਕਿਸਮਾਂ ਰੱਤਾ ਰੋਗ ਦਾ ਟਾਕਰਾ ਕਰਦੀਆਂ ਹਨ। ਬਾਜਰੇ ਦੀ ਹਾਈਬ੍ਰਿਡ ਕਿਸਮ ਪੀ ਐਚ ਬੀ -2884 ਹਰੇ ਸਿੱੱਟਿਆਂ ਦਾ ਰੋਗ, ਗੂੰਦੀਆ ਰੋਗ ਅਤੇ ਦਾਣਿਆਂ ਦੀ ਕਾਂਗਿਆਰੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਸਬਜ਼ੀਆਂ ਦੀਆਂ ਫ਼ਸਲਾਂ ਵਿਚ ਜੜ੍ਹਗੰਢ ਨੀਮਾਟੋਡ ਰੋਗ ਦੀ ਰੋਕਥਾਮ ਕਰਨ ਵਿਚ ਵੀ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦਾ ਅਹਿਮ ਯੋਗਦਾਨ ਹੈ। ਉਦਾਹਰਣ ਦੇ ਤੌਰ 'ਤੇ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਗਈ ਟਮਾਟਰਾਂ ਦੀ ਕਿਸਮ ਪੰਜਾਬ ਐਨ ਆਰ 7, ਸਬਜ਼ੀਆਂ ਦੇ ਜੜ੍ਹਗੰਢ ਰੋਗ ਦੀ ਰੋਕਥਾਮ ਕਰਨ ਵਿਚ ਕਾਮਯਾਬ ਰਹੀ ਹੈ। ਇਸੇ ਹੀ ਤਰ੍ਹਾਂ ਟਮਾਟਰਾਂ ਦੀ ਕਿਸਮ ਪੰਜਾਬ ਵਰਖਾ ਬਹਾਰ-4, ਭਿੰਡੀ ਦੀ ਪੰਜਾਬ-8, ਘੀਆ ਕੱਦੂ ਦੀ ਪੰਜਾਬ ਕੋਮਲ ਅਤੇ ਮਿਰਚਾਂ ਦੀ ਪੰਜਾਬ 27 ਵਿਸ਼ਾਣੂੰ ਰੋਗਾਂ ਦਾ ਟਾਕਰਾ ਕਰਨ ਲਈ ਸਮਰੱਥਾ ਰੱਖਦੀਆਂ ਹਨ।
ਰੋਗ ਰਹਿਤ ਬੀਜ ਜਾਂ ਪਨੀਰੀ ਦੀ ਵਰਤੋਂ : ਖੇਤੀ ਦੀ ਬੁਨਿਆਦ ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ 'ਤੇ ਨਿਰਭਰ ਕਰਦੀ ਹੈ। ਚੰਗੀ ਜ਼ਮੀਨ ਵਿਚ ਬੀਜਿਆ ਚੰਗਾ ਬੀਜ ਹੀ ਵੱਧ ਝਾੜ ਦੇ ਕੇ ਸਾਨੂੰ ਮਾਲਾ-ਮਾਲ ਕਰ ਦਿੰਦਾ ਹੈ। ਫ਼ਸਲ ਦੀ ਪੈਦਾਵਾਰ ਵਿਚ 18-20 ਫੀਸਦੀ ਦਾ ਵਾਧਾ ਸੁਧਰੀਆਂ ਕਿਸਮਾਂ ਦੇ ਬੀਜ ਦੀ ਵਰਤੋਂ ਨਾਲ ਹੀ ਸੰਭਵ ਹੈ। ਬੀਜ 'ਤੇ ਬਹੁਤ ਸਾਰੇ ਸੂਖਮ ਜੀਵ ਲੱਗ ਜਾਂਦੇ ਹਨ ਜੋ ਕਿ ਬੀਜ ਦੀ ਸਿਹਤ ਖਰਾਬ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਅਸੀਂ ਬੀਜ ਵਾਲੇ ਕੀਟਾਣੂੰਆਂ ਦੇ ਨਾਂਅ ਨਾਲ ਜਾਣਦੇ ਹਾਂ। ਕਿਸਾਨ ਵੀਰ ਅਕਸਰ ਘਰ ਵਿਚ ਰੱਖਿਆ ਬੀਜ ਹੀ ਵਰਤਦੇ ਹਨ। ਅਜਿਹਾ ਬੀਜ ਆਮ ਤੌਰ 'ਤੇ ਬਹੁਤ ਸਾਰੇ ਬੀਜ ਰਾਹੀਂ ਲੱਗਣ ਵਾਲੇ ਰੋਗਾਂ ਦੀ ਮਾਰ ਹੇਠ ਆਉਣ ਕਰਕੇ ਘਟੀਆ ਹੁੰਦਾ ਹੈ, ਇਸ ਲਈ ਤਸਦੀਕਸ਼ੁਦਾ ਰੋਗ ਰਹਿਤ ਨਰੋਏ ਬੀਜ ਜਾਂ ਪਨੀਰੀ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਝੋਨੇ ਵਿਚ ਝੁਲਸ ਰੋਗ, ਸ਼ੀਥ ਰੌਟ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਅਤੇ ਝੰਡਾ ਰੋਗ, ਗੰਨੇ ਵਿਚ ਰੱਤਾ ਰੋਗ, ਮੂੰਗੀ ਅਤੇ ਅਰਹਰ ਵਿਚ ਪੱੱਤਿਆਂ ਦੇ ਧੱੱਬੇ ਆਦਿ ਰੋਗਾਂ ਤੋਂ ਬਚਾਉਣ ਲਈ ਪ੍ਰਮਾਣਿਤ ਅਤੇ ਬਿਮਾਰੀ ਰਹਿਤ ਬੀਜ ਦੀ ਵਰਤੋਂ ਬਹੁਤ ਕਾਰਗਰ ਹੈ।
ਸੂਰਜੀ ਗਰਮੀ ਦੀ ਵਰਤੋਂ : ਪੌਲੀਹਾਊਸ ਵਿਚ ਕਾਸ਼ਤ ਕਰਨ ਵਾਲੀਆਂ ਸਬਜ਼ੀਆਂ ਉਤੇ ਜੜ੍ਹਗੰਢ ਨੀਮਾਟੋਡ, ਸਕਲੈਰੋਟੀਨੀਆ ਅਤੇ ਫੁਜ਼ੇਰੀਅਮ ਉਲੀਆਂ ਆਦਿ ਦਾ ਬਹੁਤ ਜ਼ਿਆਦਾ ਹਮਲਾ ਹੋਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਮਿੱਟੀ ਵਿਚ ਰਹਿਣ ਵਾਲੇ ਇਨ੍ਹਾਂ ਜੀਵਾਣੂੰਆਂ ਨੂੰ ਸੂਰਜੀ ਗਰਮੀ ਵਾਲੇ ਇਲਾਜ ਨਾਲ ਘਟਾਇਆ ਜਾ ਸਕਦਾ ਹੈ। ਮਈ-ਜੂਨ ਦੇ ਮਹੀਨੇ ਖੇਤ ਨੂੰ ਭਰਵਾਂ ਪਾਣੀ ਲਗਾ ਕੇ 50 ਮਾਈਕ੍ਰੋਨ ਦੀ ਪਲਾਸਟਿਕ ਸ਼ੀਟ ਨਾਲ 30 ਦਿਨਾਂ ਲਈ ਢੱਕ ਦਿਓ। ਇਸ ਤਰ੍ਹਾਂ ਕਰਨ ਨਾਲ ਸੂਰਜੀ ਗਰਮੀ ਦੇ ਨਾਲ ਪਲਾਸਟਿਕ ਸ਼ੀਟ ਦੇ ਅੰਦਰ ਮਿੱਟੀ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਨਾਲ ਮਿੱਟੀ ਵਿਚਲੇ ਇਹ ਜੀਵਾਣੂੰ ਮਰ ਜਾਂਦੇ ਹਨ। ਸੂਰਜੀ ਗਰਮੀ ਦੀ ਵਰਤੋਂ ਕਰਕੇ ਅਸੀਂ ਕਣਕ ਅਤੇ ਜੌਆਂ ਦੀ ਕਾਂਗਿਆਰੀ ਦੀ ਰੋਕਥਾਮ ਵੀ ਕਰ ਸਕਦੇ ਹਾਂ।
ਜੈਵਿਕ ਢੰਗਾਂ ਦੀ ਵਰਤੋਂ : ਬਿਮਾਰੀਆਂ ਨੂੰ ਰੋਕਣ ਲਈ ਜੈਵਿਕ ਢੰਗਾਂ ਦੀ ਵਰਤੋਂ ਸਾਡੇ ਵਾਤਾਵਰਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਸਮਤੀ ਦਾ ਝੰਡਾ ਰੋਗ, ਆਲਅੂਾਂ ਦੇ ਖਰੀਂਢ ਅਤੇ ਮਟਰਾਂ ਦੇ ਉਖੇੜੇ ਰੋਗ ਨੂੰ ਮਿੱਤਰ ਉਲੀਆਂ (ਟਰਾਈਕੋਡਰਮਾ ਹਾਰਜ਼ੀਐਨਮ) ਅਤੇ ਮਿੱਤਰ ਜੀਵਾਣੂੰਆਂ (ਸੂਡੋਮੋਨਾਸ ਫਲੋਰੇਸੇਂਸ) ਨਾਲ ਬੀਜ ਦੀ ਸੋਧ ਨਾਲ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸਬਜ਼ੀਆਂ ਵਾਲੀਆਂ ਜੜ੍ਹ-ਗੰਢ ਰੋਗੀ ਜ਼ਮੀਨਾਂ ਵਿਚ ਲਸਣ/ਪਿਆਜ਼ ਦਾ ਫ਼ਸਲੀ ਚੱਕਰ ਅਪਣਾਉਣ ਨਾਲ ਜੜ੍ਹ-ਗੰਢ ਨੀਮਾਟੋਡ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਣ/ਗੇਂਦਾ ਜਾਂ ਤਾਰਾਮੀਰਾ ਦੀ ਹਰੀ ਖਾਦ ਕਰਨ ਨਾਲ ਵੀ ਜੜ੍ਹ-ਗੰਢ ਨੀਮਾਟੋਡ ਰੋਗ ਨੂੰ ਘਟਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਢੈਂਚੇ ਦੀ ਹਰੀ ਖਾਦ ਆਲੂਆਂ ਦੇ ਧੱਫੜੀ ਰੋਗ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।
ਖੇਤੀ ਕਾਰਜ ਵਿਧੀਆਂ ਦੀ ਵਰਤੋਂ : ਖੇਤੀ ਕਾਰਜ ਵਿਧੀਆਂ ਜਿਵੇਂ ਕਿ ਬਿਜਾਈ ਦੇ ਸਮੇਂ ਵਿਚ ਤਬਦੀਲੀ, ਨਦੀਨਾਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ, ਖੇਤਾਂ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ ਅਤੇ ਬੂਟੇ ਲਗਾਉਣ ਦਾ ਢੰਗ ਆਦਿ ਨਾਲ ਵੀ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਛੋਲਿਆਂ ਅਤੇ ਮਟਰਾਂ ਦੀ ਅਗੇਤੀ ਬਿਜਾਈ ਕਰਨ ਨਾਲ ਉਖੇੜੇ ਰੋਗ ਦਾ ਜ਼ਿਆਦਾ ਹਮਲਾ ਹੁੰਦਾ ਹੈ ਜਦੋਂ ਕਿ ਜੁਲਾਈ ਦੇ ਪਹਿਲੇ ਪੰਦ੍ਹਰਵਾੜੇ ਬਿਜਾਈ ਵਾਲੀ ਫ਼ਸਲ ਇਸ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸੇ ਹੀ ਤਰ੍ਹਾਂ ਆਲੂ ਦੀ ਸਤੰਬਰ ਬਿਜਾਈ ਵਾਲੀ ਫ਼ਸਲ 'ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਹੀਂ ਹੁੰਦਾ ਜਦੋਂ ਕਿ ਇਹ ਬਿਮਾਰੀ ਪੱਤਝੜ ਅਤੇ ਬਹਾਰ ਰੁੱਤ ਵਾਲੀ ਫ਼ਸਲ 'ਤੇ ਵਧੇਰੇ ਹਮਲਾ ਕਰਦੀ ਹੈ।
ਨਿੰਬੂ ਜਾਤੀ ਦੇ ਬੂਟੇ ਲਗਾਉਣ ਸਮੇਂ ਪਿਉਂਦੀ ਅੱਖ ਨੂੰ 30-45 ਸੈਟੀਂਮੀਟਰ ਜ਼ਮੀਨ ਤੋਂ ਉਪਰ ਰੱਖਣ ਨਾਲ ਬੂਟਾ ਗੂੰਦੀਆ ਰੋਗ ਤੋਂ ਬਚ ਸਕਦਾ ਹੈ। ਜਦੋਂ ਇਕੋ ਹੀ ਖੇਤ ਵਿਚੋਂ ਲਗਾਤਾਰ ਇਕ ਹੀ ਫ਼ਸਲ ਲਈ ਜਾਂਦੀ ਹੈ ਤਾਂ ਉਸ ਖੇਤ ਵਿਚ ਜ਼ਮੀਨ ਰਾਹੀਂ ਲੱਗਣ ਵਾਲੇ ਰੋਗਾਂ ਦਾ ਹਮਲਾ ਵੱਧ ਜਾਂਦਾ ਹੈ। ਇਸ ਕਰਕੇ ਫ਼ਸਲੀ ਚੱਕਰ ਅਪਣਾਉਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਮਿੱਟੀ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕਪਾਹ, ਮਟਰ, ਛੋਲੇ, ਅਲਸੀ, ਅਰਹਰ, ਟਮਾਟਰ, ਛੋਲੇ ਆਦਿ ਦੀ ਫੁਜ਼ੇਰੀਅਮ ਵਿਲਟ ਅਤੇ ਗੰਨੇ ਦੇ ਰੱਤਾ ਰੋਗ ਦੀ ਰੋਕਥਾਮ ਕਰਨ ਲਈ ਫ਼ਸਲੀ ਚੱਕਰ ਅਪਣਾਉਣਾ ਕਾਰਗਰ ਸਿੱਧ ਹੁੰਦਾ ਹੈ।
ਬਿਮਾਰੀਆਂ ਦੀ ਰੋਕਥਾਮ ਲਈ ਉਪਰੋਕਤ ਦੱਸੇ ਗਏ ਗ਼ੈਰ-ਰਸਾਇਣਕ ਤਰੀਕੇ ਅਪਣਾਅ ਕੇ ਉਲੀਨਾਸ਼ਕਾਂ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ। ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸੁਰੱਖਿਅਤ ਖੇਤੀ ਦੇ ਇਹ ਢੰਗ ਅਪਣਾਉਣੇ ਜ਼ਰੂਰੀ ਹਨ।


-ਪੌਦਾ ਰੋਗ ਵਿਭਾਗ
ਮੋਬਾਈਲ : 94637-47280

ਕਿੱਥੇ ਲਾਈਏ ਰੁੱਖ

ਅੱਜਕਲ੍ਹ ਚਾਰੇ ਪਾਸੇ ਰੁੱਖ ਲਾਉਣ ਦਾ ਵਿਚਾਰ ਚੱਲ ਰਿਹਾ ਹੈ। ਸ਼ਹਿਰਾਂ ਵਿਚ ਕਈ ਸੰਸਥਾਵਾਂ ਲੱਖਾਂ ਰੁੱਖ ਲਾਉਣ ਦੇ ਦਾਅਵੇ ਕਰ ਰਹੀਆਂ ਹਨ। ਧੜਾਧੜ ਬੂਟੇ ਵੰਡੇ ਜਾ ਰਹੇ ਹਨ। ਇਹ ਸਭ ਕੁਝ ਵਾਤਾਵਰਨ ਨੂੰ ਬਚਾਉਣ ਦੇ ਨਾਂਅ 'ਤੇ ਹੋ ਰਿਹਾ ਹੈ। ਪਰ ਅਸਲ ਵਿਚ ਕੀ ਹੋ ਰਿਹਾ ਹੈ, ਵਿਚਾਰਨ ਵਾਲੀ ਗੱਲ ਹੈ। ਕਿਸੇ ਨੂੰ ਵੀ ਪੁੱਛ ਲਓ, ਉਸ ਨੂੰ ਇਹ ਨਹੀਂ ਪਤਾ ਕਿ ਕਿੱਥੇ ਰੁੱਖ ਲਾਉਣੇ ਹਨ ਤੇ ਪਹਿਲੇ ਦੋ ਚਾਰ ਸਾਲ ਸੰਭਾਲੇਗਾ ਕੌਣ? ਸਿਰਫ ਆਪਣਾ ਨਾਂਅ ਚਮਕਾਉਣ ਲਈ ਇਸ ਭੇਡ ਚਾਲ ਦਾ ਹਿੱਸਾ ਬਣਦੇ ਹਨ। ਕਈਆਂ ਨੇ ਤਾਂ ਚੋਖੀ ਕਮਾਈ ਵੀ ਕਰ ਲਈ ਹੈ। ਰੁੱਖ ਲਾਉਣੇ ਸਾਡੀ ਲੋੜ ਹੈ, ਪਰ ਉਸ ਤੋਂ ਪਹਿਲੋਂ ਇਲਾਕੇ ਦੇ ਪੌਣ ਪਾਣੀ, ਮਿੱਟੀ ਦੀ ਕਿਸਮ ਅਤੇ ਪਹਿਲੋਂ ਲੱਗੇ ਰੁੱਖਾਂ ਅਤੇ ਬਨਸਪਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਜ਼ਰੂਰੀ ਹੈ, ਨਹੀਂ ਤਾਂ ਵਾਤਾਵਰਨ ਤੇ ਧਰਤੀ ਦਾ ਨੁਕਸਾਨ ਵੀ ਹੋ ਸਕਦਾ ਹੈ। ਗੈਰ-ਜ਼ਰੂਰੀ ਤੇ ਨੁਕਸਾਨਦਾਇਕ ਕੀੜੇ-ਮਕੌੜੇ ਵੀ ਵੱਧ ਸਕਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕੇ ਈਕੋ ਬੈਲੰਸ ਰੱਖਣ ਲਈ ਰੁੱਖਾਂ ਦੀ ਇਲਾਕਾਈ ਵੰਡ ਕਰੇ ਤਾਂ ਕਿ ਵਾਤਾਵਰਨ ਅਨੁਕੂਲ ਰਹਿ ਸਕੇ। ਆਪਣੀ ਧਰਤੀ ਲਈ ਭਾਵੁਕ ਹੋਣਾ ਚੰਗੀ ਗੱਲ ਹੈ, ਪਰ ਧਰਤੀ ਪ੍ਰਤੀ ਜ਼ਿੰਮੇਵਾਰ ਹੋਣਾ ਸਿਆਣਪ ਗਿਣੀ ਜਾਵੇਗੀ। ਆਓ, ਰੁੱਖ ਭਾਵੇਂ ਘੱਟ ਲਾਈਏ, ਪਰ ਸਹੀ ਥਾਵਾਂ 'ਤੇ ਲੋੜੀਂਦੇ ਰੁੱਖ ਹੀ ਲਾਈਏ।


-ਮੋਬਾ: 98159-45018

ਆਜਾ ਦੋਸਤਾ ਵੇ ਰਲ ਕੇ...

ਉੱਠ ਗਾਫਿਲਾ ਤੂੰ ਜਾਗ ਕਿਉਂ ਵੱਟ ਲਈ ਏ ਚੁੱਪ ਵੇ,
ਫਿਰ ਪਊ ਪਛਤਾਉਣਾ ਜਦੋਂ ਟੁੱਕੇ ਗਏ ਰੁੱਖ ਵੇ।
ਵੇ ਮਾਰ ਹੰਭਲਾ ਜ਼ਮੀਰਾਂ ਆਪਾਂ ਸੁੱਤੀਆਂ ਜਗਾਈਏ,
ਆਜਾ ਦੋਸਤਾ ਵੇ ਰਲ ਕੇ ਰੁੱਖ, ਪਾਣੀ, ਪੰਛੀ ਬਚਾਈਏ।
ਵਾਤਾਵਰਨ ਨੂੰ ਰੁੱਖ ਸਦਾ ਇਹ ਸਾਫ਼ ਨੇ ਬਣਾਉਂਦੇ,
ਸਾਨੂੰ ਦਿੰਦੇ ਠੰਢੀ ਛਾਂ ਆਪ ਇਹ ਧੁੱਪ ਨੇ ਹੰਢਾਉਂਦੇ।
ਅਰਜਨ, ਆਂਵਲਾ, ਸਹਾਂਜਣਾ ਨੇ ਬੜੇ ਗੁਣਕਾਰੀ,
ਨਿਰੋਗ ਰੱਖਦੇ ਨੇ ਸਾਨੂੰ ਦੂਰ ਭਜਾਉਂਦੇ ਨੇ ਬਿਮਾਰੀ।
ਲਾ ਕੇ ਰੁੱਖ ਆਪਾਂ ਸਾਰੇ ਬਰਸਾਤਾਂ ਮੋੜ ਲਿਆਈਏ,
ਆਜਾ ਦੋਸਤਾ ਵੇ ਰਲ ਕੇ........।

ਹੈ ਬੜੀ ਕੀਮਤੀ ਨਿਆਮਤ ਸਾਡੇ ਜੀਵਨ ਵਿਚ ਪਾਣੀ,
ਜੇ ਆ ਗਈ ਇਸ ਦੀ ਖੜੋਤ ਹੋ ਜੂ ਖ਼ਤਮ ਕਹਾਣੀ।
ਸਾਂਭ ਕੁਦਰਤੀ ਸਰੋਤ ਇਹ ਵਡਮੁੱਲਾ ਸਰਮਾਇਆ,
ਪਾਣੀ ਦੀ ਮਹੱਤਤਾ ਨੂੰ ਗੁਰਾਂ ਬਾਣੀ ਵਿਚ ਫ਼ਰਮਾਇਆ।
ਤੂੰ ਹੋ ਜਾ ਚੌਕੰਨਾ ਘੰਟੀ ਖਤਰੇ ਦੀ ਆਪਾਂ ਨਾ ਵਜਾਈਏ,
ਆਜਾ ਦੋਸਤਾ ਵੇ ਰਲ ਕੇ..........।

ਉੱਡ ਗਏ ਜੇ ਦੂਰ ਮੋਰ, ਕੋਇਲਾਂ, ਘੁੱਗੀਆਂ, ਗੁਟਾਰਾਂ,
ਬਾਗਾਂ ਵਿਚ ਬੋਲਣਾ ਨਾ ਕਿਸੇ ਉੱਡ ਜਾਣੀਆਂ ਬਹਾਰਾਂ।
ਖੁਸ ਗਏ ਜੇ ਸਾਥੋਂ ਬਣ ਕੇ 'ਘਲੋਟੀ' ਰਹਿ ਜਾਊ ਬਾਤ ਵੇ,
ਮਿੱਠੀਆਂ ਆਵਾਜ਼ਾਂ ਨਾਲ ਰੰਗੀਨ ਕੌਣ ਕਰੂ ਪ੍ਰਭਾਤ ਵੇ।
ਆਓ ਆਲ੍ਹਣੇ ਬਣਾ ਕੇ ਪਿੰਡ-ਪਿੰਡ ਆਪਾਂ ਲਟਕਾਈਏ,
ਆ ਜਾ ਦੋਸਤੇ ਵੇ ਰਲ ਕੇ..............।


-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ, ਲੁਧਿਆਣਾ।
ਮੋਬਾ: 98143-81472

ਖੇਤੀ ਸਾਹਿਤ

ਮੇਰੇ ਰੰਗ ਮੇਰੀਆਂ ਯਾਦਾਂ
ਲੇਖਕ : ਸੰਪੂਰਨ ਸਿੰਘ ਚਾਨੀਆਂ
(ਸਟੇਟ ਐਵਾਰਡੀ)
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਪੰਜਾਬੀ ਸੱਥ ਲਾਂਬੜਾ (ਜਲੰਧਰ)।
ਮੁੱਲ : 250 ਰੁਪਏ, ਪੰਨੇ : 180
ਸੰਪਰਕ : 94630-25521.


ਹਥਲੀ ਪੁਸਤਕ ਸ: ਸੰਪੂਰਨ ਸਿੰਘ ਚਾਨੀਆਂ ਵਲੋਂ ਲਿਖੀ ਗਈ ਹੈ। ਅਜੋਕੇ ਸਮੇਂ ਵਿਚ ਕਿਸਾਨੀ ਸੰਕਟ ਵਿਚ ਫਸੀ ਹੋਈ ਹੈ। ਕਿਸੇ ਸਮੇਂ ਪੰਜ ਦਰਿਆਵਾਂ ਦੀ ਇਹ ਧਰਤੀ ਅੰਨ ਦਾ ਭੰਡਾਰ ਕਹੀ ਜਾਂਦੀ ਸੀ। ਕਿਸਾਨਾਂ ਨੇ ਹਰਾ ਇਨਕਲਾਬ ਲਿਆ ਕੇ ਆਪਣੀ ਮਿਹਨਤ ਨਾਲ ਅਨਾਜ ਦੀਆਂ ਲਹਿਰਾਂ-ਬਹਿਰਾਂ ਲਗਾ ਦਿੱਤੀਆਂ। ਪਰ ਅੱਜ ਉਹੀ ਕਿਸਾਨ ਮਜਬੂਰੀਵਸ ਖ਼ੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ। ਇਸ ਪੁਸਤਕ ਦਾ ਵਿਸ਼ਾ ਵੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਸੁਝਾਵਾਂ ਨਾਲ ਸਬੰਧਤ ਹੈ। ਸੰਪੂਰਨ ਸਿੰਘ ਚਾਨੀਆਂ ਵਲੋਂ ਲਿਖੇ ਗਏ ਲੇਖ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦੀਆਂ ਯਾਦਾਂ ਅਤੇ ਪੰਜਾਬ ਦੀ ਕਿਸਾਨੀ ਨੂੰ ਪੇਸ਼ ਸਮੱਸਿਆਵਾਂ ਨੂੰ ਨਿਵੇਕਲੇ ਰੂਪ ਵਿਚ ਬਿਆਨ ਕਰਦੇ ਹਨ। ਸ: ਚਾਨੀਆਂ ਖ਼ੁਦ ਇਕ ਕਿਸਾਨ ਅਤੇ ਸੇਵਾਮੁਕਤ ਖੇਤੀਬਾੜੀ ਅਫ਼ਸਰ ਹਨ। ਇਸ ਲਈ ਉਨ੍ਹਾਂ ਬੇਹੱਦ ਸਾਦੇ ਢੰਗ ਨਾਲ ਖੇਤੀਬਾੜੀ ਨਾਲ ਸਬੰਧਿਤ ਆਪਣੇ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੰਬਾ ਸਮਾਂ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਨਾਲ ਬਿਤਾਇਆ। ਹੁਣ ਅਖ਼ਬਾਰਾਂ ਵਿਚ ਛਪੇ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਕੇ ਪੈਰ-ਪੈਰ 'ਤੇ ਦਮ ਤੋੜ ਰਹੀ ਪੰਜਾਬ ਦੀ ਕਿਸਾਨੀ ਦੇ ਰੰਗ-ਰੂਪ ਨੂੰ ਬਦਲਣ ਲਈ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕੀਤਾ ਹੈ।
ਇਸ ਪੁਸਤਕ ਵਿਚ ਉਨ੍ਹਾਂ ਨੇ ਆਪਣੀ ਪਸੰਦ ਅਤੇ ਕਿੱਤੇ ਨਾਲ ਜੁੜੇ ਚਾਲੀ ਲੇਖਾਂ ਨੂੰ ਪਾਠਕਾਂ ਨਾਲ ਸਾਂਝਿਆ ਕੀਤਾ ਹੈ, ਇਸ ਤੋਂ ਇਲਾਵਾ ਕਾਵਿ-ਕਿਆਰੀ, ਜਿਸ ਵਿਚ ਕਿਸਾਨੀ ਨਾਲ ਜੁੜੀਆਂ 14 ਕਵਿਤਾਵਾਂ ਹਨ, ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਖੇਤੀ ਨਾਲ ਸਬੰਧਿਤ ਲੇਖਾਂ ਵਿਚ ਉਨ੍ਹਾਂ ਨੇ ਫ਼ਸਲਾਂ ਨੂੰ ਬੀਜਣ ਤੋਂ ਲੈ ਕੇ ਉਪਜ ਦੇ ਵੇਚਣ ਤਕ ਕਿਸਾਨੀ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਬੜੀ ਠੇਠ ਭਾਸ਼ਾ ਵਿਚ ਵਰਨਣ ਕੀਤਾ ਹੈ। ਪੁਸਤਕ ਵਿਚ ਮਿੱਟੀ ਦੀ ਪਰਖ ਤੋਂ ਲੈ ਕੇ ਫ਼ਸਲ ਬੀਜਣ, ਸਾਂਭ-ਸੰਭਾਲ, ਫ਼ਸਲ ਨੂੰ ਲੱਗਣ ਵਾਲੇ ਰੋਗਾਂ ਤੋਂ ਬਚਣ ਦੇ ਸੁਝਾਅ ਦੇਣ ਤੋਂ ਇਲਾਵਾ ਅਜੋਕੇ ਸਮੇਂ ਵਿਚ ਨਵੀਆਂ ਕਿਸਮਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।
ਸੰਪੂਰਨ ਸਿੰਘ ਚਾਨੀਆਂ ਦੀ ਇਸ ਪੁਸਤਕ ਵਿਚਲੀ ਭਾਸ਼ਾ ਅਤੇ ਸ਼ਬਦਾਵਲੀ ਪੇਂਡੂ ਪਾਠਕਾਂ ਦੇ ਆਸਾਨੀ ਨਾਲ ਸਮਝ ਆਉਣ ਵਾਲੀ ਹੈ, ਚਾਹੇ ਇਹ ਲੇਖਕ ਦੀ ਪਲੇਠੀ ਪੁਸਤਕ ਹੈ। ਪਰ ਉਸ ਵਲੋਂ ਲਗਾਤਾਰ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਲਿਖਣ ਕਾਰਨ ਇਸ ਪੁਸਤਕ ਵਿਚੋਂ ਉਨ੍ਹਾਂ ਦੇ ਚੰਗੇ ਲਿਖਾਰੀ ਹੋਣ ਦੀ ਝਲਕ ਮਿਲਦੀ ਹੈ। ਲੇਖਾਂ ਤੋਂ ਇਲਾਵਾ ਲੇਖਕ ਨੇ ਪੁਸਤਕ ਦੇ ਅਖ਼ੀਰ 'ਤੇ ਕਾਵਿ-ਕਿਆਰੀ ਵਿਚ ਬਹੁਤ ਸੁੰਦਰ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਹਨ। ਉਮੀਦ ਕਰਦੇ ਹਾਂ ਕਿ ਸ: ਚਾਨੀਆਂ ਭਵਿੱਖ ਵਿਚ ਵੀ ਆਪਣੇ ਲਿਖਣ ਦੇ ਇਸ ਕਾਰਜ ਨੂੰ ਜਾਰੀ ਰੱਖਣਗੇ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਪੁਸਤਕ ਲਈ ਉਹ ਵਧਾਈ ਦੇ ਪਾਤਰ ਹਨ।


-ਹਰਜਿੰਦਰ ਸਿੰਘ
ਮੋਬਾਈਲ : 98726-60161

ਲੰਘੇ ਵੇਲੇ ਦਾ ਬਲਬ ਸੀ ਲਾਲਟੈਨ

ਸਮੇਂ ਦੇ ਬਦਲਣ ਨਾਲ ਭਾਵੇਂ ਸਾਡੇ ਪੰਜਾਬੀ ਵਿਰਸੇ ਵਿਚੋਂ ਕਈ ਚੀਜ਼ਾਂ ਹੌਲੀ-ਹੌਲੀ ਅਲੋਪ ਹੋ ਚੁੱਕੀਆਂ ਹਨ ਪਰ ਜਦੋਂ ਵੀ ਕਦੇ ਵਿਰਾਸਤੀ ਮੇਲਿਆਂ ਜਾਂ ਅਜਾਇਬਘਰਾਂ ਵਿਚ ਅਸੀਂ ਇਨ੍ਹਾਂ ਚੀਜ਼ਾਂ ਨੂੰ ਵੇਖਦੇ ਹਾਂ ਤਾਂ ਸਾਨੂੰ ਉਹ ਪੁਰਾਤਨ ਸਮਾਂ ਯਾਦ ਆ ਜਾਂਦਾ ਹੈ ਜਦੋਂ ਅਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਰਤਦੇ ਹੁੰਦੇ ਸਾਂ।
ਲਾਲਟੈਨ, ਜਿਸ ਤੋਂ ਅੱਜ ਦੀ ਨਵੀਂ ਪੀੜ੍ਹੀ ਸ਼ਾਇਦ ਅਣਜਾਣ ਹੋਵੇ, ਇਕ ਅਜਿਹੀ ਸ਼ੈਅ ਸੀ, ਜੋ ਉਸ ਸਮੇਂ ਘਰਾਂ 'ਚ ਬਿਜਲੀ ਦੀ ਸਹੂਲਤ ਨਾ ਹੋਣ 'ਤੇ ਸਾਨੂੰ ਚਾਨਣ ਦਿੰਦੀ ਸੀ। ਉਦੋਂ ਘਰ ਕੱਚੇ ਹੁੰਦੇ ਸਨ ਤੇ ਲੋਕਾਂ ਦਾ ਰਹਿਣ-ਸਹਿਣ ਵੀ ਸਾਦਾ ਹੁੰਦਾ ਸੀ। ਸ਼ਾਮ ਨੂੰ ਹਨੇਰਾ ਹੋਣ ਤੇ ਕੋਈ ਵੀ ਕੰਮ ਕਰਨ ਲਈ ਲਾਲਟੈਨ ਹੀ ਲੋਕਾਂ ਦਾ ਇਕੋ ਇਕ ਸਹਾਰਾ ਹੁੰਦਾ ਸੀ। ਜਦੋਂ ਵੀ ਰਾਤ ਸਮੇਂ ਲਾਲਟੈਨ ਦੀ ਲੋੜ ਪੈਣੀ ਤਾਂ ਉਸ ਨੂੰ ਕਿੱਲੀ ਤੋਂ ਲਾਹ ਕੇ ਜਗਾ ਲਿਆ ਜਾਂਦਾ ਸੀ। ਲਾਲਟੈਨ ਦੀ ਰੌਸ਼ਨੀ ਸਾਰੇ ਘਰ ਵਿਚ ਗੁਜ਼ਾਰੇ ਜੋਗਾ ਚਾਨਣ ਕਰ ਦਿੰਦੀ ਸੀ। ਰਾਤ ਨੂੰ ਰੋਟੀ ਪਕਾਉਣ, ਬੱਚਿਆਂ ਦੇ ਪੜ੍ਹਨ ਵੇਲੇ, ਵਿਆਹ ਸਮੇਂ, ਬਾਹਰ ਮਾਲ ਡੰਗਰ ਸਾਂਭਣ ਸਮੇਂ, ਖੇਤਾਂ 'ਚ ਜਾਣ ਸਮੇਂ ਤੇ ਹਨ੍ਹੇਰੇ ਚ ਕੋਈ ਵੀ ਚੀਜ਼ ਲੱਭਣ ਵੇਲੇ ਲਾਲਟੈਨ ਦੀਵਾ ਹੀ ਇਕੋ ਇਕ ਸਾਧਨ ਹੁੰਦਾ ਸੀ।
ਲਾਲਟੈਨ ਲੋਹੇ ਦੀਆਂ ਪੱਤੀਆਂ ਤੇ ਤਾਰਾਂ ਨਾਲ ਤਿਆਰ ਕੀਤੀ ਜਾਂਦੀ ਹੈ। ਲਾਲਟੈਨ ਦੇ ਹੇਠਲੇ ਹਿੱਸੇ ਵਿਚ ਟੈਂਕੀ ਹੁੰਦੀ ਸੀ, ਜਿੱਥੇ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ। ਇਸ ਟੈਂਕੀ ਵਿਚ ਇਕ ਬੱਤੀ ਪਾਈ ਜਾਂਦੀ ਸੀ, ਜੋ ਉੱਪਰ ਲੱਗੀ ਚਾਬੀ ਨਾਲ ਲਾਲਟੈਨ ਜਗਾਉਣ ਸਮੇਂ ਲੋੜ ਮੁਤਾਬਕ ਬਾਹਰ ਕੱਢੀ ਜਾਂਦੀ ਸੀ। ਟੈਂਕੀ ਦੇ ਦੋਵਾਂ ਪਾਸਿਆਂ 'ਤੇ ਲੋਹੇ ਦੀਆਂ ਪਤਲੀਆਂ ਪਾਈਪਾਂ ਲਗਾ ਕੇ ਉੱਪਰ ਕਰਕੇ ਇਸ ਨੂੰ ਇਕ ਫਰੇਮ ਦਾ ਰੂਪ ਦਿੱਤਾ ਜਾਂਦਾ ਸੀ। ਇਸ ਫਰੇਮ ਅੰਦਰ ਦੋ ਤਾਰਾਂ ਦੀ ਮਦਦ ਨਾਲ ਕੱਚ ਦਾ ਸ਼ੀਸ਼ਾ (ਚਿਮਨੀ) ਫਿੱਟ ਕੀਤਾ ਜਾਂਦਾ ਸੀ। ਚਿਮਨੀ ਉੱਪਰ ਗੋਲ ਢੱਕਣ ਦਿੱਤਾ ਹੁੰਦਾ ਸੀ ਤੇ ਉੱਪਰ ਲਾਲਟੈਨ ਨੂੰ ਫੜਨ ਲਈ ਕੁੰਡਾ ਲਗਾਇਆ ਜਾਂਦਾ ਸੀ। ਲਾਲਟੈਨ ਜਗਾਉਣ ਸਮੇਂ ਤੀਲਾਂ ਵਾਲੀ ਡੱਬੀ ਤੇ ਮਿੱਟੀ ਦੇ ਤੇਲ ਦੀ ਲੋੜ ਪੈਂਦੀ ਸੀ। ਟੈਂਕੀ ਦੇ ਉੱਪਰ ਸੱਜੇ ਪਾਸੇ ਤੋਂ ਪਹਿਲਾਂ ਚਿਮਨੀ ਨੂੰ ਉੱਪਰ ਚੁੱਕਿਆ ਜਾਂਦਾ ਸੀ ਫਿਰ ਬੱਤੀ ਉੱਪਰ ਕਰਕੇ ਲਾਲਟੈਨ ਜਗਾ ਕੇ ਉਸ ਨੂੰ ਕਿੱਲੀ 'ਤੇ ਟੰਗ ਦਿੱਤਾ ਜਾਂਦਾ ਸੀ।
ਅੱਜਕਲ੍ਹ ਘਰਾਂ ਵਿਚ ਰੌਸ਼ਨੀ ਲਈ ਲਾਲਟੈਨ ਦੀ ਜਗਾ ਬਿਜਲੀ ਦੇ ਬਲਬ, ਟਿਊਬਾਂ ਤੇ ਆਧੁਨਿਕ ਲਾਈਟਾਂ ਆ ਗਈਆਂ ਹਨ। ਭਾਵੇਂ ਅੱਜ ਵੀ ਕਈ ਕੰਪਨੀਆਂ ਸੋਲਰ ਲਾਲਟੈਨਾਂ ਬਣਾ ਰਹੀਆਂ ਹਨ ਪਰ ਅੱਜ ਦੀ ਪੀੜ੍ਹੀ ਨੂੰ ਇਸ ਬਿਜਲੀ ਤੋਂ ਬਿਨਾਂ ਚੱਲਣ ਵਾਲੀ ਲਾਲਟੈਨ ਬਾਰੇ ਕੋਈ ਜਾਣਕਾਰੀ ਨਹੀਂ। ਅੱਜ ਦੇ ਸਮੇਂ ਨਾ ਇਹ ਲਾਲਟੈਨ ਸੌਖੀ ਮਿਲਦੀ ਹੈ ਨਾ ਮਿੱਟੀ ਦਾ ਤੇਲ,ਸਾਡੇ ਦੇਸ਼ ਵਿਚ ਅੱਜ ਵੀ ਕਈ ਘਰਾਂ ਵਿਚ ਬਿਜਲੀ ਨਹੀਂ ਪਹੁੰਚੀ ਇਸ ਕਰਕੇ ਉਹ ਲੋਕ ਅੱਜ ਵੀ ਲਾਲਟੈਨ ਦੀ ਵਰਤੋਂ ਕਰਦੇ ਹਨ ਪਰ ਸਾਡੇ ਪੰਜਾਬ ਵਿਚ ਹੁਣ ਲਾਲਟੈਨ ਦਾ ਚਾਨਣ ਕਿਤੇ ਨਹੀਂ ਹੁੰਦਾ ਤੇ ਘਰ ਦੇ ਇਕ ਖੂੰਜੇ 'ਚ ਪਈ ਹੀ ਮਿਲਦੀ ਹੈ।


-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX