ਤਾਜਾ ਖ਼ਬਰਾਂ


ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਫਿਲੌਰ, 23 ਅਗਸਤ (ਇੰਦਰਜੀਤ ਚੰਦੜ੍ਹ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿੰਜਾਈ ਅਤੇ ਡ੍ਰੇਨੇਜ਼ ਵਿਭਾਗ ਨੂੰ ਜਲੰਧਰ ਦੇ ਪਿੰਡ ਮਿਉਵਾਲ ਵਿਖੇ ਸਤਲੁਜ ਦੇ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ...
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਸੰਗਰੂਰ, 23 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਵਿਸ਼ਵਕਰਮਾ ਮੰਦਿਰ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਗਰਮਾ ਗਿਆ ਜਦ ਮੰਦਿਰ ਦੀ ਇਮਾਰਤ ਅੰਦਰ ਸਸ਼ੋਭਿਤ ...
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਅਟਾਰੀ ,23 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)- ਟੋਕੀਓ ਵਿਚ ਹੋਏ ਉਲੰਪਿਕ ਟੈੱਸਟ ਟੂਰਨਾਮੈਂਟ ਵਿਚ ਜੇਤੂ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਣ 'ਤੇ ਉਨ੍ਹਾਂ ਦੇ ਕੋਚ ਕਿਰਨਦੀਪ ...
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਠਿੰਡਾ, 23 ਅਗਸਤ (ਨਾਇਬ ਸਿੱਧੂ)- ਫੈਡਰੇਸ਼ਨ ਆਫ਼ ਇੰਡੀਆ ਚੈਂਬਰ ਆਫ਼ ਕਾਮਰਸ ਇੰਡਸਟਰੀ (ਫਿੱਕੀ) ਜੋ ਕਿ ਕੇਂਦਰ ਸਰਕਾਰ ਨੂੰ ..
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਮਾਨਸਾ ਨੂੰ ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਰਾਸ਼ਟਰੀ ਪੁਰਸਕਾਰ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ

ਗੁ: ਝਿੜਾ ਸਾਹਿਬ ਕਾਂਝਲਾ (ਸੰਗਰੂਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਪੰਜਾਬ ਸਰਕਾਰ ਵਲੋਂ ਕੁਝ ਚੋਣਵੇਂ ਅਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਗੁਰੂ ਸਾਹਿਬ ਦੇ ਚਰਨ ਪਏ, ਉਨ੍ਹਾਂ ਵਿਚ ਗੁਰਦੁਆਰਾ ਝਿੜਾ ਸਾਹਿਬ ਪਿੰਡ ਕਾਂਝਲਾ ਦੀ ਪਵਿੱਤਰ ਧਰਤੀ ਵੀ ਸ਼ੁਮਾਰ ਹੈ। ਇਹ ਅਸਥਾਨ ਮਸਤੂਆਣਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਸੰਗਰੂਰ, ਬਾਲੀਆਂ ਬਰਨਾਲਾ ਸੜਕ ਉੱਤੇ ਸਥਿਤ ਹੈ। ਧੂਰੀ ਤੋਂ ਇਹ ਗੁਰੂ ਘਰ 12 ਕਿੱਲੋਮੀਟਰ ਅਤੇ ਸੰਗਰੂਰ ਤੋਂ 10 ਕਿੱਲੋਮੀਟਰ ਦੀ ਦੂਰੀ ਉੱਤੇ ਹੈ। ਗੁਰਦੁਆਰਾ ਝਿੜਾ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਸ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਮੇਂ-ਦਰ-ਸਮੇਂ ਇਸ ਧਰਤੀ ਉੱਤੇ ਆਏ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਝਿੜਾ ਸਾਹਿਬ ਦੇ ਇਤਿਹਾਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰਕ ਅਤੇ ਸੰਸਾਰਕ ਸੁੱਖਾਂ ਦਾ ਤਿਆਗ ਕਰਦਿਆਂ ਸੁਲਤਾਨਪੁਰ ਦੀ ਧਰਤੀ ਤੋਂ ਪਹਿਲੀ ਉਦਾਸੀ ਸ਼ੁਰੂ ਕਰਦਿਆਂ ਤਕਰੀਬਨ 6500 ਮੀਲ ਦਾ ਪੈਂਡਾ 7 ਸਾਲਾਂ ਵਿਚ ਤੈਅ ਕਰਦਿਆਂ ਵਾਪਸੀ ਸਮੇਂ ਦਿੱਲੀ ਤੋਂ ਜੀਂਦ, ਪੇਹਵਾ, ਅਨਦਾਣਾ, ਸੁਨਾਮ, ਕਮਾਲਪੁਰ, ਮੰਗਵਾਲ (ਗੁਰਦੁਆਰਾ ਨਾਨਕਿਆਣਾ ਸਾਹਿਬ) ਤੋਂ ਅਕੋਈ ਸਾਹਿਬ ਹੁੰਦਿਆਂ ਆਪਣੇ ਸਾਥੀ ਭਾਈ ਮਰਦਾਨਾ ਸਮੇਤ ਇਸ ਅਸਥਾਨ ਉੱਤੇ ਪੁੱਜੇ। ਜਦ ਗੁਰੂ ਸਾਹਿਬ ਇੱਥੇ ਆਏ ਤਾਂ ਇਸ ਅਸਥਾਨ ਉੱਤੇ ਉਸ ਸਮੇਂ ਇਕ ਦਰੱਖ਼ਤਾਂ ਦਾ ਝੁੰਡ (ਝਿੜਾ) ਸੀ।
ਵਿਚਾਰਕਾਂ ਅਨੁਸਾਰ ਸਤਿਗੁਰਾਂ ਦੇ ਪ੍ਰਵਚਨਾਂ ਅਨੁਸਾਰ ਕੁਝ ਸਮੇਂ ਬਾਅਦ ਇੱਥੇ ਨਗਰ ਆਬਾਦ ਹੋ ਗਿਆ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਉੱਤੇ ਸੰਗਤਾਂ ਨੇ ਮਿੱਟੀ ਦਾ ਉੱਚਾ ਥੜ੍ਹਾ ਬਣਾ ਦਿੱਤਾ। ਬਿਕਰਮੀ 1617 (1560 ਈ:) ਵਿਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਕੀ ਡਰੋਲੀ ਤੋਂ ਨਾਨਕਮਤਾ ਜਾਣ ਸਮੇਂ 101 ਘੋੜ ਸਵਾਰਾਂ ਸਮੇਤ ਇਸ ਅਸਥਾਨ ਉੱਤੇ ਪੁੱਜੇ। ਇਤਿਹਾਸਕ ਮੱਤ ਅਨੁਸਾਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ। ਕੀਰਤਪੁਰ ਤੋਂ ਪਟਿਆਲਾ, ਆਲੋਅਰਖ, ਭਵਾਨੀਗੜ੍ਹ, ਫੱਗੂਵਾਲਾ, ਘਰਾਚੋਂ, ਸੁਨਾਮ, ਗੁਰਦੁਆਰਾ ਨਾਨਕਿਆਣਾ ਸਾਹਿਬ, ਅਕੋਈ ਤੋਂ ਹੁੰਦੇ ਹੋਏ 7 ਮਾਘ ਬਿਕਰਮੀ 1722 ਨੂੰ ਇਸ ਅਸਥਾਨ ਉੱਤੇ ਪੁੱਜੇ। ਉਸ ਸਮੇਂ ਉਨ੍ਹਾਂ ਨਾਲ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ। ਪਿੰਡ ਵਾਸੀਆਂ ਨੇ ਬਹੁਤ ਸੇਵਾ ਕੀਤੀ। ਬਾਅਦ ਵਿਚ ਸੰਤ ਅਤਰ ਸਿੰਘ ਨੇ ਇਸ ਅਸਥਾਨ ਉੱਤੇ 40 ਦੀਵਾਨ ਲਾ ਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਪ੍ਰੇਰਿਆ। ਦਰਬਾਰ ਸਾਹਿਬ ਦੀ ਨੀਂਹ ਵੈਸਾਖ 7 ਬਿਕਰਮੀ 1969 (18 ਅਪ੍ਰੈਲ, 1912) ਨੂੰ ਰੱਖੀ ਅਤੇ ਗੁਰਦੁਆਰਾ ਝਿੜਾ ਸਾਹਿਬ ਦੀ ਸੇਵਾ ਸੰਤਾਂ ਨੇ ਆਪਣੀ ਦੇਖ-ਰੇਖ ਹੇਠ ਕਰਵਾਈ। 1965 ਵਿਚ ਇਹ ਗੁਰਦੁਆਰਾ ਸੈਕਸ਼ਨ 87 ਅਧੀਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆ ਗਿਆ ਹੈ।
1996 ਵਿਚ ਬਾਬਾ ਹਰਬੰਸ ਸਿੰਘ ਨੇ ਇਸ ਅਸਥਾਨ ਦੀ ਸੇਵਾ ਆਰੰਭ ਕਰਵਾਈ ਅਤੇ ਹੁਣ ਪ੍ਰਧਾਨ ਦਰਸ਼ਨ ਸਿੰਘ ਕਾਂਝਲਾ ਅਤੇ ਮੈਨੇਜਰ ਮਲਕੀਤ ਸਿੰਘ ਦੀ ਸਾਂਝੀ ਰਹਿਨੁਮਾਈ ਹੇਠ ਗੁਰਪੁਰਬ, ਸੰਤ ਅਤਰ ਸਿੰਘ ਦੀ ਬਰਸੀ 19, 20 ਅਤੇ 21 ਮਾਘ ਨੂੰ ਮਨਾਉਣ ਤੋਂ ਇਲਾਵਾ ਸੰਤ ਬਿਸ਼ਨ ਸਿੰਘ ਦੀ ਬਰਸੀ 1 ਭਾਦੋਂ ਨੂੰ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ। ਗੁਰੂ-ਘਰ 6 ਏਕੜ ਵਿਚ ਅਤੇ ਗੁਰਦੁਆਰਾ ਸਾਹਿਬ ਕੋਲ ਵਾਹੀਯੋਗ 40 ਏਕੜ ਜ਼ਮੀਨ ਹੈ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਰਾਜ ਸਰਕਾਰ ਵਲੋਂ ਉਨ੍ਹਾਂ ਥਾਵਾਂ ਦੀ ਪਹਿਚਾਣ ਕਰਦਿਆਂ ਉਨ੍ਹਾਂ ਨਗਰਾਂ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ। ਅੱਜ ਇਹ ਗੁਰੂ-ਘਰ ਕੇਵਲ ਸੰਗਰੂਰ ਵਿਚ ਹੀ ਨਹੀਂ, ਬਲਕਿ ਦੇਸ਼-ਵਿਦੇਸ਼ ਵਿਚ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਵਜੋਂ ਮਕਬੂਲ ਹੈ।


-ਅਮਨਦੀਪ ਸਿੰਘ ਬਿੱਟਾ
ਮੋਬਾ: 98140-21672
ਸਤਨਾਮ ਸਿੰਘ ਦਮਦਮੀ
ਮੋਬਾ: 97814-37111


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਦੇਵ ਜੀ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸੰਦੇਸ਼ ਦੇਣ ਲਈ ਦੇਸ਼-ਦੁਨੀਆ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਜਨਮ ਸਾਖੀਆਂ ਮੌਜੂਦ ਹਨ, ਜਿਹੜੀਆਂ ਗੁਰੂ ਜੀ ਦੀ ਸਿੱਖਿਆ, ਸਫ਼ਰ ਅਤੇ ਸਿਧਾਂਤ ਸਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਜਨਮ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਹਰ ਧਰਮ ਦੇ ਸ਼ਰਧਾਲੂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸ਼ੁੱਭ ਕਾਰਜ ਕਰਨ 'ਤੇ ਜ਼ੋਰ ਦਿੰਦੇ ਸਨ। ਗੁਰੂ ਜੀ ਜਬਰੀ ਧਰਮ ਪਰਿਵਰਨ ਦੇ ਖ਼ਿਲਾਫ਼ ਸਨ ਅਤੇ ਉਹ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਨੂੰ ਉਸ ਦੇ ਆਪਣੇ ਧਰਮ ਗ੍ਰੰਥ ਦੀਆਂ ਸਦਾਚਾਰਕ ਸਿੱਖਿਆਵਾਂ ਧਾਰਨ ਕਰਨ 'ਤੇ ਜ਼ੋਰ ਦਿੰਦੇ ਸਨ। ਉਹ ਮੁਸਲਮਾਨ ਨੂੰ ਚੰਗਾ ਮੁਸਲਮਾਨ ਅਤੇ ਹਿੰਦੂ ਨੂੰ ਚੰਗਾ ਹਿੰਦੂ ਬਣਨ ਦੀ ਸਿੱਖਿਆ ਦਿੰਦੇ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਧਰਮਾਂ ਦੇ ਲੋਕ ਉਨ੍ਹਾਂ ਦੇ ਸ਼ਰਧਾਲੂ ਬਣਦੇ ਜਾ ਰਹੇ ਸਨ।
ਗੁਰੂ ਨਾਨਕ ਸਾਹਿਬ ਨੇ ਜਿਹੜੇ ਅਸਥਾਨਾਂ ਦੀ ਯਾਤਰਾ ਕੀਤੀ, ਉਥੇ ਗੁਰਧਾਮ ਕਾਇਮ ਹਨ। ਗੁਰੂ ਨਾਨਕ ਨਾਮ-ਲੇਵਾ ਸੰਗਤ ਇਨ੍ਹਾਂ ਦੀ ਸੇਵਾ-ਸੰਭਾਲ ਕਰਦੀ ਹੈ। ਇਨ੍ਹਾਂ ਅਸਥਾਨਾਂ ਦੀ ਯਾਤਰਾ ਕਰਨਾ ਸਿੱਖ ਆਪਣਾ ਧਾਰਮਿਕ ਫ਼ਰਜ਼ ਸਮਝਦੇ ਹਨ। ਜਿਹੜੇ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਸਰਹੱਦਾਂ ਰੋੜਾ ਬਣ ਗਈਆਂ ਹਨ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਬਹੁਤੇ ਗੁਰਧਾਮ ਮੌਜੂਦਾ ਪਾਕਿਸਤਾਨ ਵਿਚ ਸਥਿਤ ਹਨ, ਜਿਥੇ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਅਤੇ ਕਈ ਵਾਰੀ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਗੁਰਧਾਮ ਪਾਕਿਸਤਾਨ ਤੋਂ ਅੱਗੇ ਅਰਬ ਦੇਸ਼ਾਂ ਵਿਚ ਮੌਜੂਦ ਹਨ, ਉਥੇ ਜਾਣਾ ਹੋਰ ਵਧੇਰੇ ਮੁਸ਼ਕਿਲ ਹੋ ਜਾਂਦਾ ਹੈ। ਮੱਕਾ-ਮਦੀਨਾ ਤੱਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਹੋਣ ਦੇ ਠੋਸ ਸਬੂਤ ਮੌਜੂਦ ਹਨ, ਜਿਨ੍ਹਾਂ ਦੀ ਸੇਵਾ-ਸੰਭਾਲ ਸਥਾਨਕ ਸ਼ਰਧਾਲੂਆਂ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਜਦੋਂ ਕਿਤੇ ਇਨ੍ਹਾਂ ਦੇਸ਼ਾਂ ਵਿਚ ਮੌਜੂਦ ਗੁਰੂ ਜੀ ਦੀਆਂ ਨਿਸ਼ਾਨੀਆਂ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਨਾਲ ਸਬੰਧਿਤ ਇਕ ਦਸਤਾਵੇਜ਼ ਡਾ: ਜਸਬੀਰ ਸਿੰਘ ਸਰਨਾ ਰਾਹੀਂ ਸਾਹਮਣੇ ਆਇਆ ਹੈ। ਇਸ ਦਸਤਾਵੇਜ਼ ਦੀ ਸਮੱਗਰੀ ਸਈਦ ਪ੍ਰਿਥੀਪਾਲ ਸਿੰਘ ਨੇ ਆਪਣੇ ਭਾਸ਼ਨਾਂ ਰਾਹੀਂ ਪ੍ਰਦਾਨ ਕੀਤੀ ਸੀ।
1902 ਵਿਚ ਕਸ਼ਮੀਰ ਵਿਖੇ ਮੁਜ਼ੱਫ਼ਰ ਹੁਸੈਨ ਸ਼ਾਹ ਦੇ ਘਰ ਪੈਦਾ ਹੋਏ ਇਕ ਬੱਚੇ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਰੱਖਿਆ ਗਿਆ। ਪਿੰਡ ਤੋਂ ਮੁਢਲੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਉੱਚ ਵਿੱਦਿਆ ਗ੍ਰਹਿਣ ਕਰਨ ਲਈ ਮੱਕੇ ਮਦੀਨੇ ਗਿਆ ਅਤੇ ਵਾਪਸ ਆ ਕੇ ਗੁਰੂ-ਘਰ ਨਾਲ ਜੁੜ ਗਿਆ। 1935 ਵਿਚ ਪਰਿਵਾਰ ਸਮੇਤ ਸਿੰਘ ਸਜ ਗਿਆ। ਸਿੱਖੀ ਧਾਰਨ ਕਰਨ ਉਪਰੰਤ ਇਸ ਦਾ ਨਾਂਅ ਸਈਦ ਮੁਸ਼ਤਾਕ ਹੁਸੈਨ ਤੋਂ ਸਈਦ ਪ੍ਰਿਥੀਪਾਲ ਸਿੰਘ, ਇਸ ਦੀ ਪਤਨੀ ਦਾ ਨਾਂਅ ਗੁਲਜ਼ਾਰ ਬੇਗ਼ਮ ਤੋਂ ਇੰਦਰਜੀਤ ਕੌਰ ਅਤੇ ਪੁੱਤਰ ਦਾ ਨਾਂਅ ਮਹਿਮੂਦ ਨਜ਼ੀਰ ਤੋਂ ਭਗਤ ਸਿੰਘ ਰੱਖਿਆ ਗਿਆ ਜਿਸ ਨੂੰ ਬਾਅਦ ਵਿਚ ਸੰਤ ਪ੍ਰਿਥੀਪਾਲ ਸਿੰਘ (ਸਈਦ) ਵੀ ਕਿਹਾ ਜਾਣ ਲੱਗਿਆ। ਦੇਸ਼-ਵਿਦੇਸ਼ ਦੇ ਵੱਖ-ਵੱਖ ਨਗਰਾਂ ਵਿਚ ਇਨ੍ਹਾਂ ਨੇ ਬਹੁਤ ਹੀ ਭਾਵਪੂਰਤ ਭਾਸ਼ਨ ਦਿੱਤੇ, ਜਿਨ੍ਹਾਂ ਨੂੰ ਸੁਣਨ ਲਈ ਸਿੱਖ ਦੂਰੋਂ-ਨੇੜਿਉਂ ਆ ਜੁੜਦੇ ਸਨ। ਇਨ੍ਹਾਂ ਦੁਆਰਾ ਦਿੱਤੇ ਗਏ ਭਾਸ਼ਨਾਂ ਨੂੰ ਇਕ ਸਿੱਖ ਸ਼ਰਧਾਲੂ ਨੇ ਲਿਖ ਲਿਆ ਅਤੇ ਇਹ ਇਕ ਦਸਤਾਵੇਜ਼ ਦੇ ਰੂਪ ਵਿਚ ਸੰਭਾਲ ਲਏ ਗਏ। ਭਾਵੇਂ ਕਿ ਮੌਖਿਕ ਇਤਿਹਾਸ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਪਰ ਇਹ ਬਹੁਤ ਹੀ ਰੌਚਿਕ ਅਤੇ ਭਾਵਪੂਰਤ ਹੁੰਦੀਆਂ ਹਨ ਜਿਹੜੀਆਂ ਕਿ ਪੜ੍ਹਨ-ਸੁਣਨ ਵਾਲਿਆਂ ਨੂੰ ਆਕਰਸ਼ਿਤ ਕਰਦੀਆਂ ਹਨ। ਦਸਤਾਵੇਜ਼ੀ ਇਤਿਹਾਸ ਦਾ ਮੁੱਢ ਵੀ ਕਈ ਵਾਰੀ ਮੌਖਿਕ ਇਤਿਹਾਸ ਰਾਹੀਂ ਹੀ ਬੱਝਦਾ ਹੈ। ਮੌਖਿਕ ਇਤਿਹਾਸ 'ਤੇ ਅਧਾਰਿਤ ਇਸ ਦਸਤਾਵੇਜ਼ ਵਿਚ ਅਨੇਕਾਂ ਨਾਵਾਂ, ਥਾਵਾਂ, ਨਗਰਾਂ, ਪਸ਼ੂ-ਪੰਛੀਆਂ, ਮਾਰਗਾਂ ਅਤੇ ਸ਼ਖ਼ਸੀਅਤਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਤੋਂ ਜਿਥੇ ਵਿਦਿਆਰਥੀ ਅਤੇ ਖੋਜਾਰਥੀ ਲਾਹਾ ਲੈ ਸਕਦੇ ਹਨ, ਉਥੇ ਇਹ ਜਨ-ਸਧਾਰਨ ਦੀ ਜਾਣਕਾਰੀ ਵਿਚ ਵੀ ਲਾਹੇਵੰਦ ਵਾਧਾ ਕਰਦਾ ਹੈ। ਮੱਕਾ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਕਿਸੇ ਵੀ ਗ਼ੈਰ-ਮੁਸਲਮਾਨ ਦੇ ਜਾਣ ਦੀ ਮਨਾਹੀ ਹੈ। ਗੁਰੂ ਜੀ ਨੇ ਇਸ ਅਸਥਾਨ ਦੀ ਯਾਤਰਾ ਹੀ ਨਹੀਂ ਕੀਤੀ, ਬਲਕਿ ਇਥੋਂ ਦੀ ਧਾਰਮਿਕ ਸ਼੍ਰੇਣੀ ਨੂੰ ਮਹੱਤਵਪੂਰਨ ਸੰਦੇਸ਼ ਵੀ ਦਿੱਤਾ ਸੀ, ਜਿਸ ਦਾ ਵਿਸਥਾਰਪੂਰਵਕ ਵਰਨਣ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵੀ ਕੀਤਾ ਹੈ-
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। (ਵਾਰ 1, ਪਉੜੀ 33)
ਗੁਰੂ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਸਬੰਧੀ ਉਕਤ ਦਸਤਾਵੇਜ਼ ਵਿਚ ਦੋ ਕਿਤਾਬਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਵਿਚ ਇਕ ਹੈ 'ਸਿਯਾਹਤੋ ਬਾਬਾ ਨਾਨਕ ਫ਼ਕੀਰ' ਭਾਵ ਸਫ਼ਰਨਾਮਾ ਬਾਬਾ ਨਾਨਕ ਫ਼ਕੀਰ ਅਤੇ ਦੂਜਾ ਹੈ 'ਤਵਾਰੀਖ਼ ਅਰਬ'। ਸਈਦ ਦੱਸਦਾ ਹੈ ਕਿ ਇਨ੍ਹਾਂ ਵਿਚੋਂ ਪਹਿਲੀ ਕਿਤਾਬ ਤਾਜਦੀਨ ਦੀ ਅਤੇ ਦੂਜੀ ਖ਼ਵਾਜ਼ਾ ਜੈਨਲਉਬਦੀਨ ਦੀ ਲਿਖੀ ਹੋਈ ਹੈ। ਇਨ੍ਹਾਂ ਦੋਵੇਂ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੈ ਜਿਸ ਤੋਂ ਉਨ੍ਹਾਂ ਦੀ ਅਰਬ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਜਦੀਨ ਦਾ ਕਰਤਾ ਦੱਸਦਾ ਹੈ ਕਿ ਉਸ ਨੇ ਗੁਰੂ ਨਾਨਕ ਸਾਹਿਬ ਨਾਲ ਅਰਬ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਜਿਹੜੀਆਂ ਕਰਾਮਾਤਾਂ ਅਤੇ ਘਟਨਾਵਾਂ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਕਲਮਬੱਧ ਕਰਕੇ ਇਕ ਕਿਤਾਬ ਦਾ ਰੂਪ ਦਿੱਤਾ, ਜਿਸ ਦੀ ਇਕ ਕਾਪੀ ਮਦੀਨੇ ਦੀ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਸੀ।
ਖ਼ਵਾਜ਼ਾ ਜੈਨਲਉਬਦੀਨ ਮੱਕੇ ਦਾ ਵਸਨੀਕ ਸੀ ਅਤੇ ਇਹ ਕਾਜ਼ੀ ਰੁਕਨਦੀਨ ਦੇ ਨਾਲ ਉਸ ਸਮੇਂ ਕਾਅਬੇ ਵਿਖੇ ਪੁੱਜਾ ਸੀ ਜਦੋਂ ਸ਼ਹਿਰ ਵਿਚ ਇਹ ਰੌਲਾ ਪੈ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਅਬਾ ਘੁਮਾ ਦਿੱਤਾ ਹੈ। ਇਹ ਲਿਖਦਾ ਹੈ ਕਿ ਕਾਅਬਾ ਵਿਖੇ ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਤਿੰਨ ਸਵਾਲ ਕੀਤੇ ਜਿਹੜੇ ਸੰਗੀਤ, ਕੇਸਾਂ ਅਤੇ ਖ਼ਾਨਾ ਕਾਅਬਾ ਨਾਲ ਸਬੰਧਿਤ ਸਨ। ਕੁਰਾਨ ਦੇ ਹਵਾਲੇ ਨਾਲ ਅਰਬੀ ਭਾਸ਼ਾ ਵਿਚ ਗੁਰੂ ਜੀ ਦੇ ਉੱਤਰ ਸੁਣ ਕੇ ਕਾਜ਼ੀ ਦੇ ਮਨ ਵਿਚ ਗੁਰੂ ਜੀ ਪ੍ਰਤੀ ਸ਼ਰਧਾ ਪੈਦਾ ਹੋ ਗਈ ਅਤੇ ਬਾਅਦ ਵਿਚ ਇਹ ਗੁਰੂ ਜੀ ਦਾ ਮੁਰੀਦ ਬਣ ਗਿਆ। ਗੁਰੂ ਜੀ ਦੇ ਮੱਕੇ ਤੋਂ ਮਦੀਨੇ ਜਾਣ ਸਮੇਂ ਇਸ ਨੇ ਉਨ੍ਹਾਂ ਨੂੰ ਇਕ ਰੇਸ਼ਮੀ ਚੋਗਾ (ਚੋਲਾ) ਪੇਸ਼ ਕੀਤਾ, ਜਿਸ 'ਤੇ ਕੁਰਾਨ ਸ਼ਰੀਫ਼ ਦੀਆਂ ਕੁਝ ਆਇਤਾਂ ਅਤੇ ਗੁਰੂ ਜੀ ਦੀ ਸਿਫ਼ਤ-ਸਲਾਹ ਲਿਖੀ ਹੋਈ ਸੀ। ਗੁਰੂ ਜੀ ਆਪਣਾ ਆਸਾ (ਸੋਟਾ) ਅਤੇ ਇਕ ਖੜਾਂਵ ਇਸ ਨੂੰ ਨਿਸ਼ਾਨੀ ਵਜੋਂ ਦੇ ਗਏ ਸਨ। ਗੁਰੂ ਜੀ ਦੇ ਜਾਣ ਪਿੱਛੋਂ ਕਾਜ਼ੀ ਰੁਕਨਦੀਨ ਨੂੰ ਕਾਫ਼ਰ ਹੋਣ ਦਾ ਫ਼ਤਵਾ ਲਾਇਆ ਗਿਆ ਅਤੇ ਜੂਨ ਮਹੀਨੇ 22 ਦਿਨ ਤਸੀਹੇ ਦਿੱਤੇ ਗਏ ਅਤੇ ਆਖ਼ਰੀ ਦਿਨ ਗੁਰੂ ਜੀ ਦਾ ਸੰਦੇਸ਼ ਦਿੰਦਾ ਹੋਇਆ ਇਹ ਇਸ ਦੁਨੀਆ ਤੋਂ ਕੂਚ ਕਰ ਗਿਆ। ਖ਼ਵਾਜ਼ਾ ਜੈਨਲਉਬਦੀਨ ਦੱਸਦਾ ਹੈ ਕਿ ਮੱਕੇ ਫੇਰੀ ਦੌਰਾਨ ਕਾਜ਼ੀ ਨੇ ਗੁਰੂ ਜੀ ਨੂੰ 360 ਸਵਾਲ ਕੀਤੇ ਅਤੇ ਗੁਰੂ ਜੀ ਨੇ ਸਭਨਾਂ ਦਾ ਤਸੱਲੀਬਖ਼ਸ਼ ਉੱਤਰ ਦਿਤਾ ਸੀ। ਇਹ ਸਵਾਲ-ਜਵਾਬ ਇਸ ਦੀ ਕਿਤਾਬ ਵਿਚ ਦਰਜ ਦੱਸੇ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਕੇਵਲ ਇਕੋ ਉਦੇਸ਼ ਸੀ ਕਿ ਲੋਕਾਈ ਨੂੰ ਪ੍ਰਭੂ-ਮਾਰਗ ਅਨੁਸਾਰ ਸਦਾਚਾਰਕ ਜੀਵਨ ਬਸਰ ਕਰਨ ਦੀ ਪ੍ਰੇਰਨਾ ਦੇਣਾ। ਜਦੋਂ ਗੁਰੂ ਜੀ ਨੂੰ ਕੋਈ ਪੀਰ ਇਹ ਕਹਿੰਦਾ ਹੈ ਕਿ ਕਿਸੇ ਧਨਾਢ ਜਾਂ ਹੰਕਾਰੀ ਨੂੰ ਸਿੱਧੇ ਰਾਹ ਪਾਓ ਤਾਂ ਗੁਰੂ ਜੀ ਕਹਿੰਦੇ ਹਨ, 'ਮੈਂ ਆਇਆ ਹੀ ਇਸੇ ਲਈ ਹਾਂ। ਖੁਦਾ ਭਲਾ ਕਰੇਗਾ।' ਅਨੇਕਾਂ ਘਟਨਾਵਾਂ ਇਸ ਦਸਤਾਵੇਜ਼ ਵਿਚ ਦਰਜ ਹਨ ਜਦੋਂ ਗੁਰੂ ਜੀ ਹੰਕਾਰੀਆਂ ਦੇ ਹੰਕਾਰ ਦਾ ਨਾਸ਼, ਕ੍ਰੋਧੀਆਂ ਨੂੰ ਸ਼ਾਂਤ ਅਤੇ ਧਾਰਮਿਕ ਆਗੂਆਂ ਨੂੰ ਸਿੱਧੇ ਰਾਹ ਪਾਉਂਦੇ ਹਨ। ਸਮੁੱਚੇ ਅਰਬ ਦੇ ਪ੍ਰਮੁੱਖ ਨਗਰਾਂ ਦੀ ਯਾਤਰਾ ਕਰਨ ਦੇ ਪ੍ਰਮਾਣ ਇਸ ਵਿਚੋਂ ਮਿਲਦੇ ਹਨ। ਜਿਹੜੇ ਨਗਰਾਂ ਦਾ ਜ਼ਿਕਰ ਇਸ ਦਸਤਾਵੇਜ਼ ਵਿਚ ਆਇਆ ਹੈ, ਉਨ੍ਹਾਂ ਦੇ ਨਾਂਅ ਇਹ ਹਨ-ਉੱਮਰਾ, ਅਦਨ, ਇਨੂਲਸ (ਈਰਾਨ ਦਾ ਸ਼ਹਿਰ), ਸਖੋਰ ਸ਼ਹਿਰ, ਕਰਾਚੀ, ਕੂਫ਼ਾ (ਕਰਬਲਾ), ਕੈ ਕੈ (ਮਿਸਰ ਦਾ ਸ਼ਹਿਰ), ਜੱਦਾਹ, ਡੇਰਾ ਇਸਮਾਈਲ ਖ਼ਾਨ, ਪਠਾਨਵਲੀ, ਬਹਿਤੁਲ ਮਕੂਸ, ਬਗ਼ਦਾਦ, ਮਠਨਕੋਟ, ਮਦੀਨਾ, ਮੱਕਾ, ਲਾਹੌਰ ਆਦਿ।
ਇਨ੍ਹਾਂ ਨਗਰਾਂ ਦੀ ਯਾਤਰਾ ਦੌਰਾਨ ਜਿਹੜੇ ਪ੍ਰਮੁੱਖ ਅਸਥਾਨਾਂ 'ਤੇ ਗੁਰੂ ਜੀ ਨੇ ਡੇਰਾ ਲਾਇਆ ਸੀ ਜਾਂ ਜਿਥੇ ਗੁਰੂ ਜੀ ਦੀ ਯਾਦ ਵਿਚ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਦੇ ਨਾਂਅ ਹਨ-ਅਕਾਲ ਬੁੰਗਾ (ਕਰਾਚੀ ਬੰਦਰਗਾਹ ਨੇੜੇ), ਅਦਨ ਦਾ ਕਿਬਲਾ, ਅੰਮ੍ਰਿਤਸਰ, ਸਾਧੂ ਬੇਲਾ, ਹੁਜਰਾ ਨਾਨਕ ਸ਼ਾਹ ਕਲੰਦਰ (ਬਹਿਤੁਲ ਮਕੂਸ), ਹੁਜਰਾ ਬਾਬਾ ਨਾਨਕ ਫ਼ਕੀਰ (ਮੱਕੇ ਦੇ ਪੱਛਮ ਵੱਲ), ਨਾਨਕ ਸ਼ਾਹ ਕਲੰਦਰ (ਜੱਦਾਹ ਸ਼ਰੀਫ਼), ਵਲੀ-ਹਿੰਦ ਮਸੀਤ (ਉੱਮਰਾ), ਨਾਨਕ ਵਲੀ ਹਿੰਦ (ਕੂਫ਼ਾ ਦੇ ਕਬਰਸਤਾਨ ਵਿਖੇ), ਮਠਨਕੋਟ, ਵਲੀ ਹਿੰਦ ਚਸ਼ਮਾ (ਬਗ਼ਦਾਦ) ਆਦਿ।
ਅਰਬ ਦੇਸ਼ਾਂ ਦੇ ਸਫ਼ਰ ਦੌਰਾਨ ਲਗਪਗ ਹਰ ਵਰਗ ਦੇ ਲੋਕ ਗੁਰੂ ਜੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਚਾਰ-ਚਰਚਾ ਕਰਨ ਲਈ ਆਉਂਦੇ ਸਨ। ਕਈ ਥਾਵਾਂ 'ਤੇ ਗੁਰੂ ਜੀ ਨੂੰ ਕਾਫ਼ਰ ਕਹਿ ਕੇ ਮਾਰਨ ਦਾ ਯਤਨ ਕੀਤਾ ਗਿਆ ਪਰ ਜਦੋਂ ਕ੍ਰੋਧ ਦੇ ਭਰੇ-ਪੀਤੇ ਲੋਕ ਗੁਰੂ ਜੀ ਦੇ ਦਰਸ਼ਨ ਕਰਦੇ ਤਾਂ ਉਨ੍ਹਾਂ ਦਾ ਮਨ ਸ਼ਾਂਤ ਹੋ ਜਾਂਦਾ। ਗੁਰੂ ਜੀ ਦੇ ਕੌਤਕ ਦੇਖ ਕੇ ਕਈ ਮੰਨੇ-ਪ੍ਰਮੰਨੇ ਪੀਰ ਉਨ੍ਹਾਂ ਨੂੰ ਨਬੀ ਦਾ ਦਰਜਾ ਦਿੰਦੇ ਹਨ। ਉਨ੍ਹਾਂ ਦੀਆਂ ਅਧਿਆਤਮਿਕ ਅਤੇ ਅਲੌਕਿਕ ਸ਼ਕਤੀਆਂ ਨੂੰ ਦੇਖ ਕੇ ਕਿਹਾ ਗਿਆ ਕਿ 'ਖੁਦਾਵੰਦ ਕਰੀਮ ਆਲਮਗੀਰ ਜਾਮਾ ਪਹਿਨ ਕੇ ਦੁਨੀਆ ਦਾ ਸਫ਼ਰ ਕਰ ਰਹੇ ਹਨ'। ਜਿਹੜੇ ਉਨ੍ਹਾਂ ਦਾ ਦਰਸ਼ਨ ਕਰ ਲੈਂਦੇ ਹਨ ਉਹ ਬਖ਼ਸ਼ੇ ਜਾਂਦੇ ਹਨ, ਦੋਜ਼ਖ਼ ਦੀ ਅੱਗ ਤੋਂ ਬਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੰਨਤ ਨਸੀਬ ਹੁੰਦੀ ਹੈ। ਇਸ ਸਫ਼ਰਨਾਮੇ ਵਿਚ ਜਿਹੜੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਆਇਆ ਹੈ ਉਹ ਹਨ-ਅਹਿਮਦ ਸਾਦਿਕ, ਅਬਦੁਲ ਰਹਿਮਾਨ ਦਸਤਗੀਰ (ਬਗ਼ਦਾਦ ਦਾ ਪੀਰ), ਅਮਰ ਰਜ਼ਾ (ਬਹਿਲੋਲ ਪੀਰ ਦਾ ਮੁਰੀਦ), ਅਲੀ (ਹਜ਼ਰਤ), ਆਇਸ਼ਾ, ਅੱਛਰ ਸਿੰਘ ਜਥੇਦਾਰ (ਲਾਹੌਰ ਦੇ ਗੁਰਦੁਆਰੇ ਦਾ ਪ੍ਰਧਾਨ), ਇਬਨੇ ਅਸਵੁੱਧ, ਇਬਨੇ ਵਲਿਦ ਕਾਜ਼ੀ (ਸਈਦ), ਇਬਨੇ ਵਾਹਿਦ (ਸੂਫ਼ੀ), ਇਬਰਾਹੀਮ (ਹਜ਼ਰਤ), ਇਮਾਮ ਦੀਨ ਸ਼ਾਹ (ਸਈਦ ਪ੍ਰਿਥੀਪਾਲ ਸਿੰਘ ਦਾ ਸ਼ਗਿਰਦ), ਈਸਾ (ਹਜ਼ਰਤ), ਸਲੀਮਾ, ਸ਼ਾਹ ਸ਼ਰਫ਼ (ਹੱਜ ਕਰਨ ਵਾਲੇ ਇਕ ਕਬੀਲੇ ਦਾ ਸਰਦਾਰ), ਹਾਜ਼ੀ ਗ਼ੁਲਾਮ ਅਹਿਮਦ (ਕੁਰੈਸ਼ ਕਬੀਲੇ ਦਾ ਸਰਦਾਰ), ਹੁਸੈਨ, ਕਾਰੂੰ ਹਮੀਦ (ਮਿਸਰ ਦਾ ਬਾਦਸ਼ਾਹ), ਗੁਰਮੁਖ ਸਿੰਘ ਮੁਸਾਫ਼ਿਰ, ਗ਼ੁਲਾਮ ਕਾਦਰ (ਇਮਾਮ), ਗ਼ੁਲਾਮ ਯਹੀਆ ਖ਼ਾਨ (ਸਲੀਮਾ ਦਾ ਪਤੀ ਅਤੇ ਕੂਫ਼ਾ ਦਾ ਸੌਦਾਗਰ), ਜੀਵਣ (ਮੱਕੇ ਦੀ ਮਸਜਿਦ ਦਾ ਸੇਵਾਦਾਰ), ਜੈਨਲਉਬਦੀਨ (ਖਵਾਜ਼ਾ, ਲਿਖਾਰੀ), ਜ਼ਫ਼ਰ (ਇਮਾਮ), ਤਾਜਦੀਨ (ਲਿਖਾਰੀ), ਦਾਊਦ (ਹਜ਼ਰਤ), ਪਾਸ਼ਾਹਾਲੀ (ਕਾਜ਼ੀ), ਪੀਰ ਜਲਾਲ (ਮਿਸਰ ਦੇ ਬਾਦਸ਼ਾਹ ਦਾ ਮੁਰਸ਼ਦ), ਬਹਿਲੋਲ (ਬਗ਼ਦਾਦ ਦੇ ਬਾਹਰ ਦਜ਼ਲਾ ਦਰਿਆ ਕੰਢੇ ਰਹਿਣ ਵਾਲਾ ਫ਼ਕੀਰ), ਬਾਬਾ ਨੋਕੰਠੀ ਦਾਸ (ਉਦਾਸੀ ਸਾਧੂ), ਮਹਿਬੂਬ ਰਹਿਮਾਨ (ਖ਼ਵਾਜ਼ਾ ਜੈਨਲਉਬਦੀਨ ਦੇ ਖ਼ਾਨਦਾਨ ਵਿਚੋਂ), ਮਜੀਦ (ਮਿਸਰ ਦਾ ਵਸਨੀਕ), ਮੁਹੰਮਦ ਸਾਹਿਬ (ਹਜ਼ਰਤ), ਮੂਸਾ (ਹਜ਼ਰਤ), ਮੋਹਨ ਸਿੰਘ ਜਥੇਦਾਰ, ਯਾਕੂਬ ਇਬਨੇ ਸਹਿਲੱਬ, ਰੁਕਨਦੀਨ (ਕਾਜ਼ੀ)। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨਵਰਸਿਟੀ, ਪਟਿਆਲਾ।

ਸੰਤਾਂ-ਮਹਾਂਪੁਰਖਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰੂ ਪੰਥ ਸਿਧਾਂਤ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਤੱਕ ਇਕ ਨਿਰਮਲ ਖ਼ਾਲਸਾ ਪੰਥ ਸੀ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਸਰੋਤ ਅਤੇ ਜ਼ਰੀਆ ਕਲਯੁਗੀ ਜੀਵਨ ਦਾ ਕੀਰਤਨ ਰਾਹੀਂ ਉਦਾਰ ਕਰਨਾ ਸੀ। ਕੀਰਤਨ ਬਿਨਾਂ ਕੋਈ ਸਤਿਸੰਗ ਅਤੇ ਸੰਮੇਲਨ ਨਹੀਂ ਸੀ ਹੋਇਆ ਕਰਦਾ। ਸੰਨ 1925 ਵਿਚ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੰਨੇ-ਪ੍ਰਮੰਨੇ ਨਿਰਮਲੇ ਮਹੰਤ, ਸੰਤ ਅਤੇ ਉਦਾਸੀ ਮਹਾਂਪੁਰਖ ਦੀਵਾਨਾਂ ਵਿਚ ਕੀਰਤਨ ਕਰਿਆ ਕਰਦੇ ਸਨ। ਸਾਧੂ ਬਿਰਤੀ ਹੋਣ ਕਰਕੇ ਉਨ੍ਹਾਂ ਵਲੋਂ ਗਾਇਨ ਕੀਤੇ ਜਾਂਦੇ ਕੀਰਤਨ ਦਾ ਸੰਗਤਾਂ ਉੱਤੇ ਬਹੁਤ ਅਸਰ ਹੁੰਦਾ ਸੀ। ਸੰਤ ਬਾਬਾ ਮਿਸ਼ਰਾ ਸਿੰਘ ਕੀਰਤਨਕਾਰ ਨਿਰਮਲ ਡੇਰਾ ਅੰਮ੍ਰਿਤਸਰ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂਸਰ ਦੇ ਉੱਚ ਕੋਟੀ ਦੇ ਤਕਰੀਬਨ ਇਕ ਹਜ਼ਾਰ ਤੋਂ ਵੱਧ ਨਿਰਮਲੇ ਸੰਤ ਮਹੰਤ ਗੁਰਮਤਿ ਕੀਰਤਨ ਦੇ ਮਹਾਨ ਗਿਆਤਾ ਅਤੇ ਸ਼ਾਸਤਰਕਾਰ ਸਨ। ਇਸ ਲੇਖ ਰਾਹੀਂ ਅਸੀਂ ਉਨ੍ਹਾਂ ਮਹਾਂਪੁਰਖ ਕੀਰਤਨੀਆਂ ਵਿਚੋਂ ਕੁਝ ਇਕ ਦਾ ਜ਼ਿਕਰ ਕਰਾਂਗੇ।
1. ਬਾਬਾ ਸ਼ਾਮ ਸਿੰਘ ਅਡਣਸ਼ਾਹੀ : ਆਪ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮਹਾਨ ਕੀਰਤਨੀਏ ਭਾਈ ਮਨਸਾ ਸਿੰਘ ਦੇ ਸਮਕਾਲੀ ਹੋਏ ਹਨ। ਆਪ ਦਾ ਜਨਮ ਸੰਨ 1803 ਵਿਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਸੰਗੀਤ ਵੱਲ ਸੀ। ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਈਜਾਦ ਕੀਤੇ ਇਕ ਨਵੇਂ ਸਾਜ਼ ਸਾਰੰਦਾ ਨਾਲ ਕੀਰਤਨ ਦਾ ਰਿਆਜ਼ ਕੀਤਾ ਅਤੇ ਇਸ ਵਿਚ ਏਨੇ ਪ੍ਰਪੱਕ ਹੋ ਗਏ ਕਿ ਤਕਰੀਬਨ 78 ਸਾਲ ਦੇ ਰਿਕਾਰਡ ਸਮੇਂ ਤੱਕ ਉਹ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਤੜਕਸਾਰ 2 ਵਜੇ ਦੀ ਤਿੰਨ ਪਹਿਰੇ ਦੀ ਡਿਊਟੀ ਦੌਰਾਨ ਕੀਰਤਨ ਕਰਦੇ ਰਹੇ। ਉਨ੍ਹਾਂ ਨੇ ਕਦੇ ਵੀ ਇਸ ਡਿਊਟੀ ਵਿਚ ਨਾਗਾ ਨਹੀਂ ਸੀ ਪੈਣ ਦਿੱਤਾ। ਸੰਨ 1884-85 ਵਿਚ ਉਨ੍ਹਾਂ ਨੇ ਬਾਬੂ ਸੀਤਾ ਰਾਮ ਮੁਰਦਾਬਾਦੀ ਦੀ ਸ਼ਾਗਿਰਦੀ ਕੀਤੀ ਅਤੇ ਹਰਮੋਨੀਅਮ ਵੀ ਸਿੱਖਿਆ। ਉਨ੍ਹਾਂ ਨੇ ਪੁਸਤਕ 'ਹਰਿ ਭਗਤਿ ਪ੍ਰੇਮਾਕਰ' ਸੰਨ 1913 ਵਿਚ ਲਿਖੀ। ਗੁਰੂ-ਘਰ ਦੀ ਕੀਰਤਨ ਰਾਹੀਂ ਮਹਾਨ ਸੇਵਾ ਕਰਦੇ ਹੋਏ ਮਹੰਤ ਸ਼ਾਮ ਸਿੰਘ 125 ਸਾਲ ਦੀ ਉਮਰ ਭੋਗ ਕੇ ਸੰਨ 1928 ਵਿਚ ਬ੍ਰਹਮਲੀਨ ਹੋ ਗਏ। ਉਨ੍ਹਾਂ ਦਾ ਸਾਰੰਦਾ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿਚ ਇਕ ਨਿਸ਼ਾਨੀ ਵਜੋਂ ਰੱਖਿਆ ਗਿਆ ਹੈ।
2. ਮਹੰਤ ਗੱਜਾ ਸਿੰਘ : ਇਹ ਵੀ 19ਵੀਂ ਸਦੀ ਦੇ ਇਕ ਗੁਰਮਤਿ ਸੰਗੀਤ ਦੇ ਮਹਾਨ ਫਨਕਾਰ ਸਨ। ਇਨ੍ਹਾਂ ਦਾ ਜਨਮ ਸੰਨ 1849 ਵਿਚ ਹੋਇਆ। ਮਹੰਤ ਗੱਜਾ ਸਿੰਘ ਅਤਿਅੰਤ ਮੁਸ਼ਕਿਲ ਸਾਜ਼ ਤਾਊਸ ਵਜਾਉਣ ਦੇ ਏਡੇ ਪ੍ਰਵੀਨ ਅਤੇ ਮੰਨੇ ਹੋਏ ਕਲਾਕਾਰ ਸਨ ਕਿ ਜਿਸ ਨੇ ਵੀ ਉਨ੍ਹਾਂ ਦਾ ਤਾਊਸ ਨਾਲ ਗਾਇਨ/ਕੀਰਤਨ ਸੁਣਿਆ, ਉਸ ਨੇ ਉਨ੍ਹਾਂ ਨੂੰ ਆਪਣੇ ਦਿਲ ਵਿਚ ਹੀ ਸਮਾ ਲਿਆ। ਉਨ੍ਹਾਂ ਦੀ ਸਰਬਸ੍ਰੇਸ਼ਠ ਸੰਗੀਤ ਕਲਾ ਨੂੰ ਵੇਖਦੇ ਹੋਏ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਨੇ ਉਨ੍ਹਾਂ ਨੂੰ ਸੰਨ 1862 ਵਿਚ ਦਰਬਾਰੀ ਗਾਇਕ ਦਾ ਦਰਜਾ ਦੇ ਕੇ ਪਟਿਆਲਾ ਲੈ ਆਂਦਾ ਸੀ। ਆਪਣੇ ਸਮੇਂ ਦੀ ਬਹੁਤ ਵੱਡੀ ਫਨਕਾਰਾ ਗੌਹਰ ਜਾਨ, ਜੋ ਰੱਜ ਕੇ ਸੁਰੀਲੀ ਸੀ, ਉਹਨੇ ਇਕ ਵਾਰ ਮਹਾਰਾਜਾ ਪਟਿਆਲਾ ਦੇ ਸੱਦੇ ਨੂੰ ਠੁਕਰਾ ਕੇ ਪਟਿਆਲੇ ਆਉਣ ਤੋਂ ਨਾਂਹ ਕਰ ਦਿੱਤੀ। ਉਹ ਕਲਕੱਤੇ ਰਹਿੰਦੀ ਸੀ। ਮਹਾਰਾਜੇ ਦੀ ਨਿਰਾਸ਼ਾ ਨੂੰ ਵੇਖ ਕੇ ਮਹੰਤ ਜੀ ਕਲਕੱਤੇ ਨੂੰ ਰਵਾਨਾ ਹੋ ਗਏ। ਉਥੇ ਤਾਊਸ ਨਾਲ ਕੀਰਤਨ ਕਰਦਿਆਂ ਵੇਖ ਕੇ ਗੌਹਰ ਜਾਨ ਉਨ੍ਹਾਂ ਦੇ ਚਰਨਾਂ ਉੱਤੇ ਢੇਰੀ ਹੋ ਗਈ ਅਤੇ ਆਖਿਆ 'ਮੈਂ ਆਪ ਕੀ ਬਾਂਦੀ (ਦਾਸੀ) ਹੂੰ, ਮੈਂ ਆਪਕਾ ਹੁਕਮ ਬਜਾ ਲੂੰਗੀ' ਅਤੇ ਇਸ ਤਰ੍ਹਾਂ ਉਸ ਨੇ ਪਟਿਆਲੇ ਆ ਕੇ ਗਾਇਆ। ਮਹੰਤ ਗੱਜਾ ਸਿੰਘ ਦਾ ਸਿੱਕਾ ਉਸਤਾਦ ਅਲੀ ਬਖਸ਼ ਖਾਨ, ਭਾਈ ਮਹਿਬੂਬ ਅਲੀ, ਉਸਤਾਦ ਗਾਮਨ ਖਾਨ ਵਰਗੇ ਵੱਡੇ ਕਲਾਕਾਰ ਵੀ ਮੰਨਦੇ ਸਨ। ਮਹੰਤ ਗੱਜਾ ਸਿੰਘ ਨੇ ਗੁਰਮਤਿ ਸੰਗੀਤ ਬਾਰੇ ਦੋ ਕਿਤਾਬਾਂ ਲਿਖੀਆਂ-'ਗੁਰਮਤਿ ਸੰਗੀਤ ਨਿਰਣਯੇ' ਅਤੇ 'ਗੁਰਮਤਿ ਸੰਗੀਤ'। ਗੁਰਮਤਿ ਸੰਗੀਤ ਦੀ ਮਹਾਨ ਸੇਵਾ ਕਰਦਿਆਂ ਤਾਊਸ ਦੇ ਧਰੂ ਤਾਰੇ ਮਹੰਤ ਗੱਜਾ ਸਿੰਘ ਸੰਨ 1916 ਵਿਚ ਚੜ੍ਹਾਈ ਕਰ ਗਏ।
3. ਸੰਤ ਸੁਜਾਨ ਸਿੰਘ : ਸੰਤ ਸੁਜਾਨ ਸਿੰਘ ਅਣਵੰਡੇ ਭਾਰਤ ਦੇ ਅਤਿ ਸੁਰੀਲੇ ਅਤੇ ਮਹਾਨ ਗੁਣੀਜਨ ਕੀਰਤਨਕਾਰ ਹੋਏ ਹਨ। ਉਨ੍ਹਾਂ ਦਾ ਕੀਰਤਨ ਕਰਨ ਦਾ ਇਕ ਵਿਲੱਖਣ ਅੰਦਾਜ਼ ਸੀ। ਉਨ੍ਹਾਂ ਦੀ ਆਵਾਜ਼ ਏਨੀ ਸੁਰੀਲੀ ਸੀ ਅਤੇ ਵਿਆਖਿਆ ਦਾ ਢੰਗ ਏਨਾ ਨਿਵੇਕਲਾ ਸੀ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸੰਤ ਸੁਜਾਨ ਸਿੰਘ ਦਾ ਜਨਮ 25 ਅਕਤੂਬਰ, 1911 ਨੂੰ ਜ਼ਿਲ੍ਹਾ ਝੰਗ (ਪਾਕਿਸਤਾਨ) ਦੇ ਪਿੰਡ ਬਾਘ ਵਿਚ ਹੋਇਆ। ਸੰਤ ਭੋਲਾ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਕੀਰਤਨ ਦੀ ਦਾਤ ਮਿਲੀ। ਦੇਸ਼ ਦੀ ਵੰਡ ਤੋਂ ਬਾਅਦ ਸੰਨ 1949 ਵਿਚ ਉਹ ਕਰੋਲ ਬਾਗ ਦਿੱਲੀ ਆ ਗਏ ਅਤੇ ਉਥੇ ਕੀਰਤਨ ਦੀਆਂ ਛਹਿਬਰਾਂ ਲੱਗਣ ਲੱਗ ਪਾਈਆਂ। ਇਕ ਵਾਰੀ ਉਨ੍ਹਾਂ ਨੂੰ ਕੀਰਤਨ ਗਾਇਨ ਕਰਦਿਆਂ ਸੁਣ ਕੇ ਗ਼ਜ਼ਲ ਦੀ ਮਹਾਨ ਫਨਕਾਰਾ ਬੇਗ਼ਮ ਅਖ਼ਤਰ ਉਨ੍ਹਾਂ ਦੇ ਚਰਨਾਂ ਉੱਤੇ ਢਹਿ ਪਈ। ਸੰਤ ਸੁਜਾਨ ਸਿੰਘ ਜ਼ਿਆਦਾਤਰ ਕੱਵਾਲੀ ਅੰਦਾਜ਼ ਵਿਚ ਕੀਰਤਨ ਗਾਇਨ ਕਰਦੇ ਸਨ ਅਤੇ ਸੁਰ ਦੇ ਬਹੁਤ ਪੱਕੇ ਸਨ। ਉਹ ਪਹਿਲੀ ਜਨਵਰੀ, 1970 ਨੂੰ ਚੋਲਾ ਤਿਆਗ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੰਤ ਸੁਰਜੀਤ ਸਿੰਘ ਅਤੇ ਸੰਤ ਗੁਰਮੁਖ ਸਿੰਘ ਇਹ ਸੇਵਾ ਨਿਭਾਉਂਦੇ ਰਹੇ।
4. ਸੰਤ ਸਰਵਣ ਸਿੰਘ ਗੰਧਰਬ ਡੁਮੇਲੀ : ਸੰਤ ਸਰਵਣ ਸਿੰਘ ਦਾ ਜਨਮ ਫਗਵਾੜੇ ਲਾਗਲੇ ਪਿੰਡ ਭੁੱਲਾਰਾਈ ਵਿਖੇ ਹੋਇਆ। ਬਚਪਨ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਲੋਅ ਜਾਂਦੀ ਰਹੀ। ਘਰਦਿਆਂ ਨੇ ਉਨ੍ਹਾਂ ਨੂੰ ਡੁਮੇਲੀ ਵਾਲੇ ਸੰਤ ਦਲੀਪ ਸਿੰਘ ਦੇ ਸਨਮੁਖ ਕਰ ਦਿੱਤਾ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਸੰਗੀਤ ਦੀ ਡਬਲ ਐਮ.ਏ. ਕੀਤੀ। ਉਹ ਸਿਤਾਰ, ਦਿਲਰੁਬਾ ਅਤੇ ਜਲਤਰੰਗ ਸਮੇਤ ਅਨੇਕ ਸਾਜ਼ ਵਜਾਉਣ ਦੇ ਮਾਹਿਰ ਸਨ। ਉਨ੍ਹਾਂ ਨੇ ਸਿਤਾਰ ਦੀ ਸਿੱਖਿਆ ਵਿਸ਼ਵ ਪ੍ਰਸਿੱਧ ਪੰਡਿਤ ਰਵੀ ਸ਼ੰਕਰ ਤੋਂ ਪ੍ਰਾਪਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀਆਂ ਗੁਰਮਤਿ ਸੰਗੀਤ ਬਾਰੇ ਦੋ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ। ਆਪਣੇ ਪਿੰਡ ਭੁੱਲਾਰਾਈ ਵਿਖੇ ਹੀ ਸੰਤ ਸਰਵਣ ਸਿੰਘ ਗੰਧਰਬ ਨੇ ਇਕ ਨਿਪੁੰਨ ਸੰਗੀਤ ਵਿਦਿਆਲੇ ਦੀ ਸਥਾਪਨਾ ਵੀ ਕੀਤੀ ਅਤੇ ਗੁਰਮਤਿ ਸੰਗੀਤ ਦੀ ਵਿੱਦਿਆ ਨੂੰ ਅਗਾਂਹ ਵਿਦਿਆਰਥੀਆਂ ਨਾਲ ਜੋੜਿਆ। ਉਨ੍ਹਾਂ ਦੇ ਸ਼ਾਗਿਰਦਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਸ਼੍ਰੋਮਣੀ ਰਾਗੀ ਸਵਰਗੀ ਭਾਈ ਬੰਤਾ ਸਿੰਘ, ਭਾਈ ਸੱਜਣ ਸਿੰਘ ਅਤੇ ਹੋਰ ਅਨੇਕਾਂ ਸ਼ਾਮਿਲ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਕਾਲੀ ਫੂਲਾ ਸਿੰਘ

ਆਪ ਦਾ ਜਨਮ 1761 ਈ: ਵਿਚ ਨਿਸ਼ਾਨਾਂ ਵਾਲੀ ਮਿਸਲ ਦੇ ਯੋਧੇ ਸ: ਈਸ਼ਰ ਸਿੰਘ ਦੇ ਘਰ ਪਿੰਡ ਸ਼ੀਹਾਂ ਵਿਖੇ ਹੋਇਆ। ਹਾਲੇ ਇਨ੍ਹਾਂ ਦੀ ਉਮਰ ਸਿਰਫ ਇਕ ਸਾਲ ਹੀ ਸੀ ਕਿ ਧਰਮੀ ਪਿਤਾ ਵੱਡੇ ਘੱਲੂਘਾਰੇ ਦੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸਰੀਰ ਤਿਆਗ ਗਏ। ਸਿਦਕੀ ਮਾਤਾ ਨੇ ਗੁਰਬਾਣੀ ਦੀਆਂ ਲੋਰੀਆਂ ਦਿੱਤੀਆਂ। ਭਾਈ ਨਰੈਣ ਸਿੰਘ ਨੇ ਧਾਰਮਿਕ ਵਿੱਦਿਆ ਦਿੱਤੀ। ਦਸ ਸਾਲ ਦੀ ਉਮਰ ਵਿਚ ਹੀ ਹੋਣਹਾਰ ਬਾਲਕ ਨੇ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ ਸਨ। ਕੁਝ ਸਮੇਂ ਵਿਚ ਹੀ ਉਹ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵਿਚ ਵੀ ਨਿਪੁੰਨ ਹੋ ਗਿਆ। ਛੇਤੀ ਹੀ ਇਨ੍ਹਾਂ ਦੀ ਮਾਤਾ ਦਾ ਅੰਤਿਮ ਸਮਾਂ ਵੀ ਆ ਗਿਆ ਪਰ ਚਲਾਣੇ ਤੋਂ ਪਹਿਲਾਂ ਮਹਾਨ ਮਾਂ ਨੇ ਆਪਣੇ ਇਕਲੌਤੇ ਲਾਲ ਨੂੰ ਸੇਵਾ ਅਤੇ ਸਿੱਖੀ ਵਿਚ ਪ੍ਰਪੱਕ ਰਹਿਣ ਦੀ ਤਾਕੀਦ ਕੀਤੀ। ਨੌਜਵਾਨ ਫੂਲਾ ਸਿੰਘ ਨੇ ਆਪਣਾ ਘਰ-ਬਾਰ ਅਤੇ ਜ਼ਮੀਨ-ਜਾਇਦਾਦ ਵੰਡ ਦਿੱਤੀ ਅਤੇ ਮਿਸਲ ਸ਼ਹੀਦਾਂ ਵਿਚ ਸ਼ਾਮਿਲ ਹੋ ਗਏ। 30 ਕੁ ਵਰ੍ਹਿਆਂ ਦੀ ਉਮਰ ਵਿਚ ਹੀ ਉਹ ਆਪਣੀ ਬੇਮਿਸਾਲ ਹਿੰਮਤ, ਸਿੱਖੀ-ਸਿਦਕ, ਦੂਰਅੰਦੇਸ਼ੀ ਅਤੇ ਬਹਾਦਰੀ ਕਾਰਨ ਇਕ ਜਥੇ ਦੇ ਜਥੇਦਾਰ ਬਣ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਅਕਾਲੀ ਸਿੰਘਾਂ ਦਾ ਮੁਖੀ ਮੰਨ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਬੰਧ ਸੌਂਪ ਦਿੱਤਾ। ਭਾਵੇਂ ਸਿੰਘ ਸਾਹਿਬ ਸਦਾ ਹੀ ਖ਼ਾਲਸਾ ਰਾਜ ਦੇ ਅਣਥੱਕ ਸੇਵਾਦਾਰ ਰਹੇ ਪਰ ਉਨ੍ਹਾਂ ਨੇ ਮਹਾਰਾਜੇ ਦੀ ਅਧੀਨਗੀ ਕਬੂਲ ਨਾ ਕੀਤੀ ਅਤੇ ਸੁਤੰਤਰ ਹੀ ਵਿਚਰੇ। ਮਹਾਰਾਜਾ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ। ਇਥੋਂ ਤੱਕ ਕਿ ਉਨ੍ਹਾਂ ਦੁਆਰਾ ਲਾਈ ਕੋਰੜਿਆਂ ਦੀ ਸਜ਼ਾ ਵੀ ਪ੍ਰਵਾਨ ਕੀਤੀ।
ਅਕਾਲੀ ਜੀ ਅੰਗਰੇਜ਼ਾਂ ਦੇ ਸਖ਼ਤ ਖ਼ਿਲਾਫ਼ ਸਨ ਅਤੇ ਮਹਾਰਾਜੇ ਦੀ ਅੰਗਰੇਜ਼ਾਂ ਨਾਲ ਸੰਧੀ ਦੇ ਵੀ ਵਿਰੁੱਧ ਸਨ। ਜਿਥੇ ਵੀ ਕੋਈ ਖ਼ਤਰੇ ਵਾਲੀ ਥਾਂ ਹੁੰਦੀ ਸੀ, ਅਕਾਲੀ ਜੀ ਆਪਣੇ ਨਿਹੰਗ ਸਿੰਘਾਂ ਦਾ ਜਥਾ ਲੈ ਕੇ ਪਹੁੰਚਦੇ ਅਤੇ ਅੱਗੇ ਹੋ ਕੇ ਵਾਰ ਝਲਦੇ ਸਨ। ਇਨ੍ਹਾਂ ਨੇ ਮਹਾਰਾਜੇ ਦੀਆਂ ਅਨੇਕਾਂ ਮੁਹਿੰਮਾਂ ਅਤੇ ਲੜਾਈਆਂ ਵਿਚ ਭਾਗ ਲਿਆ ਅਤੇ ਬਹਾਦਰੀ ਦੇ ਬਾਕਮਾਲ ਕਾਰਨਾਮੇ ਕੀਤੇ। ਉਹ ਹਰ ਕੰਮ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਕੇ ਆਰੰਭ ਕਰਦੇ ਸਨ ਅਤੇ ਫਿਰ ਕਦੇ ਪਿੱਛੇ ਨਹੀਂ ਮੁੜਦੇ ਸਨ। ਅਟਕ ਦਰਿਆ ਨੂੰ ਪਾਰ ਕਰਨਾ, ਜੈਕਾਰੇ ਗੂੰਜਾਉਂਦੇ ਹੋਏ ਵੈਰੀ ਦੇ ਮੋਰਚਿਆਂ ਵਿਚ ਵੜ ਜਾਣਾ, ਹੱਥੋ-ਹੱਥੀ ਲੜਾਈ ਵਿਚ ਦੁਸ਼ਮਣ ਨੂੰ ਖ਼ਤਮ ਕਰ ਦੇਣਾ, ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ, ਸਿਰਫ ਰੱਬ ਤੋਂ ਸਿਵਾ ਹੋਰ ਕਿਸੇ ਤੋਂ ਨਾ ਡਰਨਾ ਉਨ੍ਹਾਂ ਦੇ ਬਾਂਕੇ ਸੁਭਾਅ ਦਾ ਕਮਾਲ ਸਨ। ਉਨ੍ਹਾਂ ਨੇ ਅਜਿੱਤ ਸਮਝੇ ਜਾਂਦੇ ਗਾਜ਼ੀਆਂ ਪਠਾਣਾਂ ਨੂੰ ਆਪਣੀ ਤਲਵਾਰ ਦਾ ਲੋਹਾ ਮੰਨਵਾ ਦਿੱਤਾ ਸੀ। ਨੌਸ਼ਹਿਰੇ ਦੀ ਜੰਗ ਵਿਚ ਉਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ। ਅਚਾਨਕ ਇਕ ਪਠਾਣ ਨੇ ਚਟਾਨ ਦੇ ਉਹਲੇ ਵਿਚ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਆਪਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਉਹ ਸ਼ਹੀਦੀ ਪਾ ਗਏ। ਮਹਾਰਾਜੇ ਨੇ ਸੇਜਲ ਅੱਖਾਂ ਨਾਲ ਆਪ ਦਾ ਸਸਕਾਰ ਦਰਿਆ ਲੁੰਡੇ (ਕਾਬਲ) ਦੇ ਕਿਨਾਰੇ ਸਰਕਾਰੀ ਸਨਮਾਨਾਂ ਨਾਲ ਕੀਤਾ। ਉਨ੍ਹਾਂ ਦੀ ਯਾਦਗਾਰ ਅੱਜ ਵੀ ਨੌਸ਼ਹਿਰੇ ਵਿਖੇ ਲੁੰਡੇ ਦਰਿਆ ਦੇ ਕਿਨਾਰੇ ਕਾਇਮ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਹਾਦਰ ਜਥੇਦਾਰ ਦੀ ਯਾਦ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ 'ਬੁਰਜ ਬਾਬਾ ਫੂਲਾ ਸਿੰਘ ਅਕਾਲੀ' ਤਾਮੀਰ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਸਾਰੀ ਦਰਸ਼ਨੀ ਡਿਓੜੀ ਕਰ ਰਹੀ ਸੇਵਾ ਸੰਭਾਲ ਦੀ ਮੰਗ

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਲੋਂ ਮਾਈ ਸੇਵਾ ਬਾਜ਼ਾਰ ਨੂੰ ਮੁੜਦੇ ਰਸਤੇ 'ਤੇ ਸਥਾਪਿਤ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਦਰਸ਼ਨੀ ਡਿਓੜੀ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਅਤੇ ਇਸ ਦੀ ਡਾਟ ਵਿਚ ਡੂੰਘੀਆਂ ਦਰਾੜਾਂ ਪੈ ਚੁੱਕੀਆਂ ਹਨ। ਇਸ ਦੇ ਇਲਾਵਾ ਰੱਖ-ਰਖਾਅ ਦੀ ਕਮੀ ਦੇ ਚੱਲਦਿਆਂ ਹਾਲ ਹੀ ਵਿਚ ਨੋਇਡਾ ਦੀ ਆਰਟ ਕੰਜ਼ਰਵੇਸ਼ਨ ਸਲਿਊਸ਼ਨ ਸੰਸਥਾ ਵਲੋਂ ਮਾਹਿਰਾਂ ਦੀ ਦੇਖ-ਰੇਖ ਵਿਚ ਡਿਉੜੀ ਦੀਆਂ ਦੀਵਾਰਾਂ ਅਤੇ ਛੱਤਾਂ 'ਤੇ ਕੀਤੀ ਖ਼ੂਬਸੂਰਤ ਮੀਨਾਕਾਰੀ ਵੀ ਨਸ਼ਟ ਹੋ ਰਹੀ ਹੈ।
ਪਹਿਲਾਂ ਗੁਰਦੁਆਰਾ ਦਰਸ਼ਨੀ ਡਿਓੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਡਿਉੜੀ ਦੇ ਹੇਠਾਂ ਕੀਤਾ ਜਾਂਦਾ ਸੀ ਪਰ ਫਿਰ ਪ੍ਰਕਾਸ਼ ਕਰਨ ਦਾ ਸਥਾਨ ਉਪਰਲੀ ਮੰਜ਼ਿਲ 'ਤੇ ਬਣਾ ਲਿਆ ਗਿਆ, ਜਿੱਥੇ ਜਾਣ ਲਈ ਡਿਉੜੀ ਦੇ ਇਕ ਪਾਸੇ ਬਾਜ਼ਾਰ ਵਲੋਂ ਛੋਟੀਆਂ ਅਤੇ ਤੰਗ ਪੌੜੀਆਂ ਬਣਾਈਆਂ ਗਈਆਂ ਹਨ। ਦੇਸ਼ ਦੀ ਵੰਡ ਅਤੇ ਉਸ ਦੇ ਲੰਬਾ ਸਮਾਂ ਬਾਅਦ ਤੱਕ ਵੀ ਉਪਰੋਕਤ ਇਤਿਹਾਸਕ ਗੁਰਦੁਆਰੇ ਵਿਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ 'ਚ ਹੋਣ ਵਾਲੀ ਆਰਤੀ ਸਮੇਂ ਬਾਜ਼ਾਰ ਵਿਚਲੀਆਂ ਦੁਕਾਨਾਂ ਦੇ ਸਭ ਧਰਮਾਂ ਦੇ ਦੁਕਾਨਦਾਰ ਅਤੇ ਬਾਜ਼ਾਰ ਵਿਚ ਆਉਣ ਵਾਲੇ ਗਾਹਕ ਹੱਥ ਜੋੜ ਖੜ੍ਹੇ ਹੋ ਜਾਇਆ ਕਰਦੇ ਸਨ। ਇਹ ਰਵਾਇਤ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਹੈ ਅਤੇ ਪੰਜ-ਆਬ ਹੈਰੀਟੇਜ ਫਾਊਂਡੇਸ਼ਨ ਨਾਮੀ ਸੰਸਥਾ ਵਲੋਂ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਵਿਸ਼ਵਾਸ 'ਚ ਲੈ ਕੇ ਇਸ ਰਵਾਇਤ ਨੂੰ ਮੁੜ ਸ਼ੁਰੂ ਕੀਤੇ ਜਾਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਗੁਰੂ ਸਾਹਿਬ ਦੇ ਵਕਤ ਇਸ ਡਿਉੜੀ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਦੇ ਹਿੱਸੇ ਵਿਚ ਕੋਈ ਆਬਾਦੀ ਨਹੀਂ ਸੀ ਅਤੇ ਸਿਰਫ਼ ਗੁਰੂ ਕੇ ਮਹਿਲ ਅਤੇ ਟੋਭਾ ਭਾਈ ਸਾਲ੍ਹੋ ਦੇ ਇਰਦ-ਗਿਰਦ ਹੀ ਕੁਝ ਕੁ ਘਰ ਮੌਜੂਦ ਸਨ। ਦੱਸਣਯੋਗ ਹੈ ਕਿ ਗੁਰੂ ਕੇ ਮਹਿਲ ਗੁਰੂ ਸਾਹਿਬ ਦਾ ਰਿਹਾਇਸ਼ੀ ਮਕਾਨ ਹੈ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰੀ ਗਈ ਇਹ ਸਭ ਤੋਂ ਪਹਿਲੀ ਰਿਹਾਇਸ਼ੀ ਇਮਾਰਤ ਹੈ, ਜਿਸ ਦਾ ਨਿਰਮਾਣ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਮੁਕੰਮਲ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਜੀ ਵੀ ਇੱਥੇ ਨਿਵਾਸ ਕਰਦੇ ਸਨ ਅਤੇ ਛੇਵੇਂ ਸਤਿਗੁਰਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸੂਰਜ ਮੱਲ ਜੀ, ਅਣੀ ਰਾਇ ਜੀ ਅਤੇ ਬਾਬਾ ਅਟੱਲ ਰਾਇ ਜੀ ਦਾ ਜਨਮ ਵੀ ਇਸੇ ਅਸਥਾਨ 'ਤੇ ਹੋਇਆ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ' ਪੁਸਤਕ ਵਿਚ ਪੁਰਾਤਨ ਪੁਸਤਕਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਜੀ ਨੇ ਉਪਰੋਕਤ ਦਰਸ਼ਨੀ ਡਿਉੜੀ ਰਾਮਦਾਸਪੁਰ (ਪੁਰਾਣੇ ਸ਼ਹਿਰ) ਦੀ ਬਣਵਾਈ ਸੀ ਅਤੇ ਉਹ ਜਦ ਗੁਰੂ ਕੇ ਮਹਿਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਆਉਂਦੇ ਸਨ ਤਾਂ ਇਸ ਥਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਸਾਰ ਨਤਮਸਤਕ ਕਰਿਆ ਕਰਦੇ ਸਨ। ਇਸੇ ਪ੍ਰਕਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੀ ਗੁਰੂ ਕੇ ਮਹਿਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਿਆਂ ਇਸ ਡਿਉੜੀ ਦੇ ਸਥਾਨ ਤੋਂ ਸੱਚਖੰਡ ਦੇ ਦਰਸ਼ਨ ਕਰਦੇ ਸਨ। ਗੁਰਦੁਆਰਾ ਦਰਸ਼ਨੀ ਡਿਉੜੀ ਦੀ ਮੌਜੂਦਾ ਹਾਲਤ ਨੂੰ ਲੈ ਕੇ ਸੰਗਤਾਂ ਅਤੇ ਉਪਰੋਕਤ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਨਿਰਾਸ਼ਤਾ ਬਣੀ ਹੋਈ ਹੈ ਅਤੇ ਉਨ੍ਹਾਂ ਵਲੋਂ ਇਸ ਅਸਥਾਨ ਨੂੰ ਜਿਉਂ ਦਾ ਤਿਉਂ ਰੱਖਦਿਆਂ ਇਸ ਦੀ ਨਵਉਸਾਰੀ ਦੀ ਮੰਗ ਕੀਤੀ ਜਾ ਰਹੀ ਹੈ।


-ਅੰਮ੍ਰਿਤਸਰ। ਮੋਬਾ: 93561-27771

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਅਨੋਖੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ

ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਜੀ ਨੇ ਸੰਸਾਰ ਭਰ ਵਿਚ ਸ਼ਹੀਦੀ ਦੀ ਇਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ। ਉਹ ਸਦਾ-ਸਦਾ ਲਈ ਰਹਿੰਦੀ ਦੁਨੀਆ ਤੱਕ ਜੱਗ ਤੇ ਝੂਲਦਾ ਰਹੇਗਾ ਤੇ ਭਾਈ ਸਾਹਿਬ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ। ਜ਼ਾਲਮ ਹੁਕਮਰਾਨ ਕਈ ਸਦੀਆਂ ਭੋਲੀ-ਭਾਲੀ ਜਨਤਾ ਨੂੰ ਲੁੱਟਦੇ, ਕੁੱਟਦੇ ਤੇ ਡੰਡੇ ਦੇ ਜ਼ੋਰ ਨਾਲ ਰਾਜ ਕਰਦੇ ਰਹੇ। ਭਾਈ ਤਾਰੂ ਸਿੰਘ ਪਿੰਡ ਪੂਹਲਾ ਦਾ ਰਹਿਣ ਵਾਲਾ ਗੁਰਸਿੱਖ ਸੀ। ਇਤਿਹਾਸ ਵਿਚ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਜੱਟ ਸੰਧੂ ਸਨ। ਛੋਟੇ ਜਿਹੇ ਕਿਸਾਨ ਸਨ। ਇਨ੍ਹਾਂ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮੁਕਤਸਰ ਸਾਹਿਬ ਦੀ ਲੜਾਈ ਵਿਚ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਸ਼ਹੀਦੀ ਜਾਮ ਪੀ ਗਏ ਸਨ। ਘਰ ਵਿਚ ਮਾਤਾ ਤੇ ਇਕ ਭੈਣ ਸੀ ਜੋ ਵਿਆਹੀ ਹੋਈ ਸੀ, ਪਰ ਉਸਦਾ ਪਤੀ ਗੁਜ਼ਰ ਚੁੱਕਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਬੜੇ ਔਖੇ ਦਿਨ ਵੇਖਣੇ ਪਏ। ਉਸ ਸਮੇਂ ਹਕੂਮਤ ਨੇ ਸਿੱਖਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ। ਸਿੱਖ ਜੰਗਲਾਂ ਵਿਚ ਜਾ ਛੁਪੇ ਸਨ। ਭਾਈ ਸਾਹਿਬ ਜੋ ਕੁੱਝ ਕਮਾਉਂਦੇ ਸਨ, ਸਿੱਖਾਂ ਨੂੰ ਜੰਗਲਾਂ ਬੇਲਿਆਂ ਵਿਚ ਜਾ ਕੇ ਲੰਗਰ ਪਾਣੀ ਛਕਾ ਆਉਂਦੇ ਸਨ। ਪਿੰਡ ਪੂਹਲੇ ਦੇ ਲਾਗੇ ਹੀ ਇਕ ਰੱਖ ਵਿਚ ਕਦੇ ਕਦਾਈ ਕੁਝ ਸਿੰਘ ਆ ਕੇ ਠਹਿਰ ਜਾਂਦੇ ਸਨ, ਜੋ ਹਕੂਮਤ ਨਾਲ ਗਾਹੇ-ਬਗਾਹੇ ਟੱਕਰ ਲੈ ਲੈਂਦੇ ਸਨ। ਭਾਈ ਸਾਹਿਬ ਲੰਗਰ ਤਿਆਰ ਕਰ ਕੇ ਉਸ ਰੱਖ ਵਿਚ ਰਾਤ ਨੂੰ ਉਨ੍ਹਾਂ ਸਿੱਖਾਂ ਨੂੰ ਛਕਾ ਆਉਂਦੇ ਤੇ ਨਾਲੇ ਹੋਰ ਵੀ ਕਈ ਪ੍ਰਕਾਰ ਦੀ ਮਦਦ (ਸੂਹ ਵਗੈਰਾ) ਦੇ ਆਉਂਦੇ ਸਨ। ਜਦ ਇਸ ਸਾਰੀ ਗੱਲ ਦਾ ਪਤਾ ਜ਼ਾਲਮ ਹਕੂਮਤ ਦੇ ਮੁਖਬਿਰ ਜੰਡਿਆਲਾ ਨਿਵਾਸੀ ਹਰਭਗਤ ਨਿਰੰਜਨੀਏ ਨੂੰ ਲੱਗਾ ਤਾਂ ਉਸ ਨੇ ਝੱਟ ਜਾ ਕੇ ਸੂਬੇਦਾਰ ਜ਼ਕਰੀਆਂ ਖਾਂ ਨੂੰ ਇਤਲਾਹ ਦਿੱਤੀ ਕਿ ਇਕ ਸਿੱਖ ਜਿਸ ਦਾ ਨਾਂਅ ਭਾਈ ਤਾਰੂ ਸਿੰਘ ਹੈ ਤੇ ਉਹ ਪਿੰਡ ਪੂਹਲਿਆਂ ਦਾ ਰਹਿਣ ਵਾਲਾ ਹੈ, ਹਕੂਮਤ ਦੇ ਵਿਰੋਧੀਆਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਹੈ ਤੇ ਲੰਗਰ ਪਾਣੀ ਵੀ ਛਕਾਉਂਦਾ ਹੈ। ਆਪ ਵੀ ਉਨ੍ਹਾਂ ਨਾਲ ਰਲ ਕੇ ਰਾਤ ਨੂੰ ਲੁੱਟਾਂ-ਖੋਹਾਂ ਕਰਦਾ ਤੇ ਸੰਨ੍ਹਾਂ ਲਾਉਂਦਾ ਹੈ। ਜ਼ਕਰੀਆਂ ਖਾਂ ਦੇ ਹੁਕਮ ਮੁਤਾਬਿਕ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਂ ਦੀ ਕਚਹਿਰੀ ਵਿਚ ਪੇਸ਼ ਕਰਨ ਉਪਰੰਤ ਹਕੂਮਤ ਨੇ ਬਾਗ਼ੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ ਡਾਕੇ ਤੇ ਹੋਰ ਕਈ ਤਰ੍ਹਾਂ ਦੇ ਮਨਘੜ੍ਹਤ ਦੋਸ਼ ਲਾ ਕੇ ਭਾਈ ਸਾਹਿਬ ਨੂੰ ਕੇਸ ਕਤਲ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਲਲਕਾਰ ਕੇ ਕਿਹਾ ਕਿ ਇਹ ਕਦੇ ਨਹੀ ਹੋ ਸਕਦਾ, ਇਸ ਸਿੱਖ ਦਾ ਸਿੱਦਕ ਕੇਸਾਂ, ਸੁਆਸਾਂ ਨਾਲ ਨਿਭੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਂ ਗੁੱਸੇ ਵਿਚ ਆ ਗਿਆ।
ਭਾਈ ਸਾਹਿਬ ਦੇ ਨਾਂਹ ਕਰਨ ਤੇ ਅੰਤ ਵਿਚ ਫਤਵਾ ਦਿੱਤਾ ਗਿਆ ਕਿ ਇਸ ਦੀ ਖੋਪਰੀ ਉਤਾਰ ਦਿੱਤੀ ਜਾਵੇ। ਜਲਾਦਾਂ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ। ਖ਼ੂਨ ਦੀਆਂ ਧਾਰਾਂ ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ। ਆਪ ਅਡੋਲ ਚਿੱਤ ਜਪੁ ਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ। ਭਾਈ ਤਾਰੂ ਸਿੰਘ ਜੀ ਨੂੰ ਕਚਹਿਰੀ ਦੇ ਬਾਹਰ ਸੁੱਟ ਦਿੱਤਾ ਗਿਆ। ਉੱਥੋਂ ਕੁਝ ਸਿੱਖ ਸਰਕਾਰੀ ਕਾਰਵਾਈ ਪੂਰੀ ਕਰ ਕੇ ਭਾਈ ਸਾਹਿਬ ਨੂੰ ਨੇੜੇ ਦੀ ਧਰਮਸ਼ਾਲਾ ਵਿਚ ਲੈ ਗਏ। ਉੱਥੇ ਭਾਈ ਸਾਹਿਬ ਦਾ ਜਿੰਨਾ ਇਲਾਜ ਸੰਭਵ ਸੀ, ਓਨਾ ਕੀਤਾ ਗਿਆ। ਥੋੜ੍ਹੇ ਦਿਨ ਬਾਅਦ ਜ਼ਕਰੀਆ ਖਾਂ ਬਿਮਾਰ ਹੋ ਗਿਆ ਤੇ ਕਾਜ਼ੀਆਂ ਅਤੇ ਹਕੀਮਾਂ ਦੇ ਇਲਾਜ ਦੇ ਬਾਵਜੂਦ ਬਚ ਨਾ ਸਕਿਆ। ਖੋਪਰੀ ਉਤਾਰਨ ਤੋਂ 22 ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਵੀ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਭਾਈ ਤਾਰੂ ਸਿੰਘ ਜੀ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਅਸਥਾਨ 'ਤੇ ਕੀਤਾ ਗਿਆ। ਭਾਈ ਸਾਹਿਬ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿਚ ਇਕ ਵੱਖਰੀ ਮਿਸਾਲ ਕਾਇਮ ਕੀਤੀ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022.
dharmindersinghchabba@gmail.com

ਪ੍ਰਸਿੱਧ ਪ੍ਰਾਚੀਨ ਮੰਦਰ

ਆਦਿ ਹਿਮਾਨੀ ਚਮੁੰਡਾ ਦੇਵੀ ਮੰਦਰ

ਸਮੁੱਚੇ ਹਿਮਾਚਲ ਪ੍ਰਦੇਸ਼ ਨੂੰ ਦੇਵਤਿਆਂ ਦਾ ਘਰ ਮੰਨਿਆ ਜਾਂਦਾ ਹੈ। ਪੂਰੇ ਹਿਮਾਚਲ ਪ੍ਰਦੇਸ਼ ਵਿਚ ਲਗਪਗ ਦੋ ਹਜ਼ਾਰ ਤੋਂ ਵੱਧ ਪ੍ਰਾਚੀਨ ਮੰਦਰ ਹਨ। ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਚਮੁੰਡਾ ਦੇਵੀ ਨਾਂਅ ਦਾ ਕਸਬਾ ਆਉਂਦਾ ਹੈ। ਇਥੋਂ 13 ਕਿਲੋਮੀਟਰ ਦੀ ਦੂਰੀ 'ਤੇ ਉੱਤਰ-ਪੂਰਬ ਵਿਚਬਾਣ ਗੰਗਾ ਨਦੀ ਕਿਨਾਰੇ ਪਹਾੜ ਦੀ ਚੋਟੀ 'ਤੇ ਸਥਿਤ ਹੈ ਵਿਸ਼ਵ ਪ੍ਰਸਿੱਧ ਪ੍ਰਾਚੀਨ 'ਆਦਿ ਹਿਮਾਨੀ ਚਮੁੰਡਾ ਦੇਵੀ ਮੰਦਰ', ਜੋ ਸਮੁੰਦਰੀ ਤਲ ਤੋਂ 3185 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਪ੍ਰਾਚੀਨ ਮੰਦਰ 1660 ਵਿਚ ਰਾਜਾ ਚੰਦਰ ਭਾਨ ਚੰਦ ਕਟੋਚ ਨੇ ਬਣਵਾਇਆ ਸੀ। ਭਾਰਤ ਦੇ ਪ੍ਰਾਚੀਨ 51 ਸ਼ਕਤੀਪੀਠਾਂ ਵਿਚ ਇਸ ਮੰਦਰ ਦਾ ਜ਼ਿਕਰ ਆਉਂਦਾ ਹੈ। ਪੁਰਾਤਨ ਮਿਥਿਹਾਸਕ ਹਵਾਲਿਆਂ ਅਨੁਸਾਰ ਇਸ ਸਥਾਨ 'ਤੇ ਮਾਤਾ ਦੁਰਗਾ ਆਪਣਾ ਰੂਪ ਬਦਲ ਕੇ ਰਹਿ ਰਹੀ ਸੀ। ਇਥੇ ਹੀ ਜੰਗਲੀ ਖੇਤਰ ਵਿਚ ਰਹਿੰਦੇ ਦੋ ਰਾਖਸ਼ਸ਼ ਚੰਡ ਤੇ ਮੁੰਡ ਨੇ ਮਾਤਾ ਉੱਪਰ ਹਮਲਾ ਕਰ ਦਿੱਤਾ ਸੀ। ਮਾਤਾ ਕ੍ਰੋਧਿਤ ਹੋ ਗਈ ਸੀ ਅਤੇ ਆਪਣੇ ਅਸਲੀ ਰੂਪ ਵਿਚ ਆ ਕੇ ਦੋ ਭਾਰੀ ਪੱਥਰਾਂ ਨਾਲ ਚੰਡ ਤੇ ਮੁੰਡ ਦਾ ਨਰਸੰਘਾਰ ਕਰ ਦਿੱਤਾ ਸੀ। ਜਿਨ੍ਹਾਂ ਪੱਥਰਾਂ ਨਾਲ ਉਨ੍ਹਾਂ ਨੂੰ ਮਾਰਿਆ ਗਿਆ ਸੀ, ਉਨ੍ਹਾਂ ਵਿਚੋਂ ਅੱਜ ਵੀ ਇਕ ਪੱਥਰ ਨੇੜੇ ਸ਼ਿਵ ਜੀ ਮੰਦਰ ਵਿਚ ਸੁਸ਼ੋਭਿਤ ਹੈ। ਇਨ੍ਹਾਂ ਰਾਖਸ਼ਸ਼ਾਂ ਦੇ ਨਾਂਅ 'ਤੇ ਹੀ ਚਮੁੰਡਾ ਦੇਵੀ ਮਾਤਾ ਦਾ ਨਾਮਕਰਨ ਹੋਇਆ ਹੈ।
ਸਾਲ 1992 ਤੱਕ ਇਸ ਮੰਦਰ ਦੀ ਹਾਲਤ ਬਹੁਤ ਖਸਤਾ ਰਹੀ ਹੈ। ਇਸ ਇਲਾਕੇ ਦੇ ਪ੍ਰਸਿੱਧ ਸ਼ਰਧਾਲੂ ਮਿਸਟਰ ਪੀ.ਡੀ. ਸੈਣੀ ਨੇ ਲਗਾਤਾਰ ਵੀਹ ਸਾਲ ਸੇਵਾ ਕਰਕੇ ਇਸ ਦਾ ਪੁਨਰ-ਨਿਰਮਾਣ ਕੀਤਾ ਸੀ। ਸਾਲ 2013 ਵਿਚ ਹਿਮਾਚਲ ਸਰਕਾਰ ਵਲੋਂ ਇਸ ਮੰਦਰ ਨੂੰ ਆਪਣੇ ਅਧੀਨ ਕਰ ਲਿਆ ਗਿਆ ਸੀ। ਸਾਲ 2014 ਵਿਚ ਅਸਮਾਨੀ ਬਿਜਲੀ ਡਿੱਗਣ ਅਤੇ ਜੰਗਲ ਨੂੰ ਅੱਗ ਲੱਗ ਜਾਣ ਕਾਰਨ ਇਹ ਮੰਦਰ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਸੀ। ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਕਾਰਨ ਅੱਜ ਵੀ ਇਸ ਦੇ ਪੁਨਰ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ। ਚਮੁੰਡਾ ਦੇਵੀ ਕਸਬੇ ਤੋਂ ਇਸ ਮੰਦਰ ਦਾ ਸਫ਼ਰ ਪਥਰੀਲਾ ਤੇ ਕਠਿਨ ਹੈ। ਅੱਧੇ ਸਫ਼ਰ ਤੱਕ ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਹੈ। ਪਹਾੜੀ ਸਫ਼ਰ ਦੀ ਥਕਾਵਟ ਦੂਰ ਕਰਨ ਲਈ ਰਸਤੇ ਵਿਚ ਚਾਹ-ਪਾਣੀ ਦੀਆਂ ਦੁਕਾਨਾਂ ਆਮ ਮਿਲ ਜਾਂਦੀਆਂ ਹਨ। ਮੰਦਰ ਉੱਪਰ ਰਹਿਣ ਦਾ ਪੂਰਾ ਪ੍ਰਬੰਧ ਹੈ। ਮੰਦਰ ਦੇ ਆਲੇ-ਦੁਆਲੇ ਦਾ ਦ੍ਰਿਸ਼ ਮਨਮੋਹਕ ਤੇ ਰੌਚਕ ਹੈ। ਪਰਬਤਆਰੋਹੀਆਂ ਲਈ ਇਹ ਇਕ ਸੁੰਦਰ ਟਰੈਕ ਵੀ ਹੈ। ਬਹੁਤ ਸਾਰੇ ਪਰਬਤਆਰੋਹੀ ਅਕਸਰ ਇਸ ਸਫ਼ਰ ਦਾ ਅਨੰਦ ਮਾਣਦੇ ਹਨ। ਸਰਦੀਆਂ ਵਿਚ ਇਥੇ ਬਰਫ਼ਬਾਰੀ ਵੀ ਹੁੰਦੀ ਹੈ, ਜਿਸ ਨਾਲ ਮੰਦਰ ਬਰਫ਼ ਨਾਲ ਢਕਿਆ ਜਾਂਦਾ ਹੈ। ਇਹ ਇਲਾਕਾ ਜੰਗਲੀ ਹੋਣ ਕਾਰਨ ਅਕਸਰ ਇਥੇ ਜੰਗਲੀ ਜਾਨਵਰ ਵੀ ਦਿਖਾਈ ਦਿੰਦੇ ਹਨ ਪਰ ਪਰਬਤਆਰੋਹੀ ਬਿਨਾਂ ਕਿਸੇ ਭੈਅ ਦੇ ਇਸ ਕੁਦਰਤੀ ਮਾਹੌਲ ਦਾ ਪੂਰਾ ਅਨੰਦ ਮਾਣਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਹਉ ਗੋਸਾਈ ਦਾ ਪਹਿਲਵਾਨੜਾ॥

ਸਿਰੀਰਾਗੁ ਮਹਲਾ ੫
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ
ਦਯੁ ਬੈਠਾ ਵੇਖੈ ਆਪਿ ਜੀਉ॥ ੧੭॥
ਵਾਤ ਵਜਨਿ ਟੰਮਕ ਭੇਰੀਆ॥
ਮਲ ਲਥੇ ਲੈਦੇ ਫੇਰੀਆ॥
ਨਿਹਤੇ ਪੰਜਿ ਜੁਆਨ ਮੈ
ਗੁਰ ਥਾਪੀ ਦਿਤੀ ਕੰਡਿ ਜੀਉ॥ ੧੮॥
ਸਭ ਇਕਠੇ ਹੋਇ ਆਇਆ॥
ਘਰਿ ਜਾਸਨਿ ਵਾਟ ਵਟਾਇਆ॥
ਗੁਰਮੁਖਿ ਲਾਹਾ ਲੈ ਗਏ॥
ਮਨਮੁਖ ਚਲੇ ਮੂਲੁ ਗਵਾਇ ਜੀਉ॥ ੧੯॥
ਤੂੰ ਵਰਨਾ ਚਿਹਨਾ ਬਾਹਰਾ॥
ਹਰਿ ਦਿਸਹਿ ਹਾਜਰੁ ਜਾਹਰਾ॥
ਸੁਣਿ ਸੁਣਿ ਤੁਝੈ ਧਿਆਇਦੇ
ਤੇਰੇ ਭਗਤ ਰਤੇ ਗੁਣਤਾਸੁ ਜੀਉ॥ ੨੦॥
ਮੈ ਜੁਗਿ ਜੁਗਿ ਦਯੈ ਸੇਵੜੀ॥
ਗੁਰ ਕਟੀ ਮਿਹਡੀ ਜੇਵੜੀ॥
ਹਉ ਬਾਹੁੜਿ ਛਿੰਝ ਨ ਨਚਊ
ਨਾਨਕ ਅਉਸਰੁ ਲਧਾ ਭਾਲਿ ਜੀਉ॥ ੨੧॥ ੨॥ ੨੯॥ (ਅੰਗ 74)
ਪਦ ਅਰਥ : ਹਉ-ਮੈਂ। ਗੋਸਾਈ-ਮਾਲਕ ਪ੍ਰਭੂ। ਪਹਿਲਵਾਨੜਾ-ਛੋਟਾ ਜਿਹਾ ਪਹਿਲਵਾਨ। ਦੁਮਾਲੜਾ-ਕੁਸ਼ਤੀ ਵਿਚ ਬਾਕੀ ਪਹਿਲਵਾਨਾਂ ਨੂੰ ਹਰਾ ਕੇ ਪੱਗ ਦਾ ਜੋ ਸਰੋਪਾ ਮਿਲਦਾ ਹੈ, ਇਸ ਨੂੰ ਦਮਾਲੜਾ ਆਖਦੇ ਹਨ। ਇਸ ਦਮਾਲੜੇ ਨੂੰ ਪਹਿਲਾਂ ਬਾਂਸ 'ਤੇ ਟੰਗ ਕੇ ਸਾਰਿਆਂ ਨੂੰ ਦਿਖਾਇਆ ਜਾਂਦਾ ਹੈ। ਦਯੁ-ਪਰਮਾਤਮਾ। ਵਾਤ-ਵਾਜੇ। ਟੰਮਕ-ਛੋਟੇ ਨਗਾਰੇ। ਭੇਰੀਆ-ਤੂਤਣੀਆਂ। ਮਲ-ਪਹਿਲਵਾਨ। ਲਥੇ-ਨਿਤਰੇ ਹਨ। ਲੈਦੇ ਫੇਰੀਆ-ਫੇਰੀਆਂ ਲੈ ਰਹੇ ਹਨ। ਨਿਹਤੇ-ਕਾਬੂ ਕਰ ਲਏ, ਵੱਸ ਵਿਚ ਕਰ ਲਏ। ਕੰਡਿ-ਪਿੱਠ 'ਤੇ। ਇਕਠੇ ਹੋਇ ਆਇਆ-ਇਕੱਠੇ ਹੋ ਕੇ ਆਉਂਦੇ ਹਨ। ਘਰਿ ਜਾਸਨਿ-ਪਰ ਜਦੋਂ ਘਰ ਨੂੰ ਜਾਂਦੇ ਹਨ। ਵਾਟ ਵਟਾਇਆ-ਰਸਤੇ ਨੂੰ ਬਦਲਾ ਕੇ ਜਾਂਦੇ ਹਨ, ਵੱਖ ਵੱਖ ਰਸਤੇ ਜਾਂਦੇ ਹਨ। ਗੁਰਮੁਖਿ ਲਾਹਾ ਲੈ ਗਏ-ਗੁਰੂ ਅਨੁਸਾਰੀ ਤਾਂ ਇਥੋਂ ਨਾਮ ਦਾ ਲਾਹਾ ਖੱਟ ਜਾਂਦੇ ਹਨ। ਮਨਮੁਖ-ਆਪਣੇ ਮਨ ਦੇ ਆਖੇ ਲੱਗਣ ਵਾਲਾ। ਮੂਲੁ ਗਵਾਇ ਜੀਉ-ਆਪਣੀ ਪਹਿਲੀ ਵੀ ਰਾਸ ਪੂੰਜੀ ਗਵਾ ਬੈਠਦਾ ਹੈ।
ਵਰਨਾ-ਰੂਪਾਂ, ਰੰਗਾਂ। ਚਿਹਨਾ-ਚਿਹਨ ਚੱਕਰ। ਬਾਹਰਾ-ਰਹਿਤ ਹੈਂ। ਹਾਜਰੁ ਜਾਹਰਾ-ਹਾਜ਼ਰ ਨਾਜ਼ਰ। ਸੁਣਿ ਸੁਣਿ-(ਤੇਰੀਆਂ ਵਡਿਆਈਆਂ) ਸੁਣ ਸੁਣ ਕੇ। ਰਤੇ-ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਗੁਣਤਾਸੁ-ਗੁਣਾਂ ਦਾ ਖਜ਼ਾਨਾ ਪ੍ਰਭੂ। ਜੁਗਿ ਜੁਗਿ-ਸਦਾ। ਦਯੈ-ਪਰਮਾਤਮਾ ਦੀ। ਸੇਵੜੀ-ਸੇਵਾ ਭਗਤੀ। ਮਿਹਡੀ-ਮੇਰੀ। ਜੇਵੜੀ-(ਮੋਹ ਦੀ) ਫਾਹੀ। ਹਉ-ਮੈਂ। ਬਾਹੁੜਿ-ਮੁੜ। ਨ ਨਚਊ-ਨਹੀਂ ਨੱਚਾਂਗਾ। ਅਉਸਰੁ-ਮੌਕਾ, ਸਮਾਂ। ਲਧਾ-ਲੱਭ ਲਿਆ ਹੈ।
ਮਨੁੱਖੀ ਮਨ ਕਦੇ ਸਥਿਰ ਹੋ ਕੇ ਨਹੀਂ ਬੈਠਦਾ, ਸਦਾ ਮਾਇਆ ਦੇ ਪਿੱਛੇ ਲੱਗ ਕੇ ਦੌੜ-ਭੱਜ ਕਰਦਾ ਰਹਿੰਦਾ ਹੈ। ਪੰਛੀਆਂ ਵਾਂਗ ਕਦੇ ਆਕਾਸ਼ ਚੜ੍ਹ ਜਾਂਦਾ ਹੈ, ਜਿਸ ਸਦਕਾ ਪੰਜ ਚੋਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਇਸ ਦੀ ਗੁਣਾਂ ਵਾਲੀ ਪੂੰਜੀ ਨੂੰ ਲੁੱਟਦੇ ਰਹਿੰਦੇ ਹਨ ਪਰ ਜਦੋਂ ਗੁਰੂ ਦੇ ਸ਼ਬਦ ਦੁਆਰਾ ਇਨ੍ਹਾਂ ਪੰਜ ਚੋਰਾਂ ਨੂੰ ਸਰੀਰ ਰੂਪੀ ਨਗਰ ਵਿਚੋਂ ਕੱਢ ਦੇਈਏ ਤਾਂ ਇਹ ਸਰੀਰ ਰੂਪੀ ਨਗਰ ਵਸ ਜਾਂਦਾ ਹੈ ਅਰਥਾਤ ਮਨ ਮਾਇਆ ਦੇ ਪਿੱਛੇ ਦੌੜਨ ਤੋਂ ਹਟ ਜਾਂਦਾ ਹੈ ਅਤੇ ਇਹ ਫਿਰ ਸਥਿਰ ਹੋ ਜਾਂਦਾ ਹੈ। ਫਲਸਰੂਪ ਇਸ ਨੂੰ ਫਿਰ ਸੋਭਾ ਤੇ ਵਡਿਆਈ ਮਿਲਦੀ ਹੈ। ਰਾਗੁ ਪ੍ਰਭਾਤੀ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਮਨੁ ਮਾਇਆ ਮਨੁ ਧਾਇਆ
ਮਨੁ ਪੰਖੀ ਆਕਾਸਿ॥
ਤਸਕਰ ਸਬਦਿ ਨਿਵਾਰਿਆ
ਨਗਰੁ ਵੁਠਾ ਸਾਬਾਸਿ॥
(ਰਾਗ ਪ੍ਰਭਾਤੀ ਮਹਲਾ ੧, ਅੰਗ 1330)
ਧਾਇਆ-ਦੌੜ ਭੱਜ ਕਰਦਾ ਹੈ। ਤਸਕਰ-ਕਾਮਾਦਿਕ, ਚੋਰ। ਨਿਵਾਰਿਆ-ਅੰਦਰੋਂ ਕੱਢ ਦਿੱਤਾ। ਨਗਰੁ-ਸਰੀਰ ਰੂਪੀ ਨਗਰ। ਵੁਠਾ-ਵਸ ਜਾਂਦਾ ਹੈ। ਸਾਬਾਸਿ-ਵਡਿਆਈ ਮਿਲਦੀ ਹੈ, ਸੋਭਾ ਹੁੰਦੀ ਹੈ।
ਪਰ ਜਦੋਂ ਗੁਰੂ ਕਰਤਾਰ ਬਖਸ਼ਿਸ਼ ਦਾ (ਸਿਰ 'ਤੇ) ਹੱਥ ਧਰਦਾ ਹੈ ਤਾਂ ਇਸ ਨੂੰ ਸ੍ਰੇਸ਼ਟ ਰੱਬੀ ਸਿਫਤ ਸਾਲਾਹ ਦਾ ਅਜਿਹਾ ਖਜ਼ਾਨਾ ਮਿਲ ਜਾਂਦਾ ਹੈ, ਜਿਸ ਦੀ ਬਰਕਤ ਨਾਲ ਕਾਮਾਦਿਕ ਪੰਜੇ ਚੋਰਾਂ ਨੂੰ ਮਾਰ ਕੇ ਫਿਰ ਇਹ ਆਤਮਿਕ ਅਨੰਦ ਨੂੰ ਮਾਣਦਾ ਹੈ-
ਮਨੁ ਦਾਤਾ ਮਨੁ ਮੰਗਤਾ
ਮਨ ਸਿਰਿ ਗੁਰੁ ਕਰਤਾਰੁ॥
ਪੰਚ ਮਾਰਿ ਸੁਖੁ ਪਾਇਆ
ਐਸਾ ਬ੍ਰਹਮੁ ਵੀਚਾਰੁ॥ (ਅੰਗ 1330)
ਪੰਚ ਮਾਰਿ-ਕਾਮਾਦਿਕ ਪੰਜੇ ਵਿਕਾਰਾਂ ਨੂੰ ਮਾਰ ਕੇ। ਬ੍ਰਹਮੁ ਵੀਚਾਰੁ-ਰੱਬੀ ਸਿਫਤ ਸਾਲਾਹ।
ਕਾਮਾਦਿਕ ਪੰਜ ਵਿਕਾਰਾਂ ਨੂੰ ਗੁਰਬਾਣੀ ਵਿਚ ਮਹਾਂਵਲੀ, ਪਹਿਲਵਾਨ ਆਦਿ ਕਰਕੇ ਗਰਦਾਨਿਆ ਗਿਆ ਹੈ, ਕਿਉਂਕਿ ਇਨ੍ਹਾਂ (ਵਿਕਾਰਾਂ) 'ਤੇ ਕਾਬੂ ਪਾਉਣਾ ਬੜਾ ਕਠਿਨ ਹੈ ਪਰ ਜੋ ਪ੍ਰਾਣੀ ਨਾਮ ਰੂਪੀ ਸਿਮਰਨ ਦੀ ਸੱਚੀ ਭੇਟਾ ਪ੍ਰਭੂ ਨੂੰ ਅਰਪਨ ਕਰਦਾ ਹੈ, ਪਰਮਾਤਮਾ ਅਜਿਹੇ ਪ੍ਰਾਣੀ 'ਤੇ ਮਿਹਰਬਾਨ ਹੋ ਕੇ ਉਸ ਦੇ ਪੰਜੇ ਹੀ ਮਹਾਂਵਲੀ ਭਾਵ ਪੰਜੇ ਹੀ ਵਿਕਾਰ ਬੰਨ੍ਹ ਦਿੰਦਾ ਹੈ, ਜਿਸ ਸਦਕਾ ਅਜਿਹੇ ਜਗਿਆਸੂ ਦੇ ਸਾਰੇ ਹੀ ਰੋਗ ਸੁਭਾਵਿਕ ਹੀ ਮਿਟ ਜਾਂਦੇ ਹਨ, ਖ਼ਤਮ ਹੋ ਜਾਂਦੇ ਹਨ ਅਤੇ ਫਿਰ ਉਹ ਸਦਾ ਪਵਿੱਤਰ ਆਤਮਾ ਵਾਲਾ ਸਦਾ ਅਰੋਗ ਰਹਿੰਦਾ ਹੈ ਭਾਵ ਉਸ ਨੂੰ ਫਿਰ ਕਿਸੇ ਪ੍ਰਕਾਰ ਦੇ ਰੋਗ ਆਦਿ ਨਹੀਂ ਪੋਂਹਦੇ। ਅਜਿਹਾ ਪ੍ਰਾਣੀ ਫਿਰ ਸਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਸੀ, ਉਸ ਦਾ ਹੀ ਸਰੂਪ ਹੋ ਜਾਂਦਾ ਹੈ-
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥
ਰੋਗ ਸੋਗ ਸਭਿ ਮਿਟ ਗਏ
ਨਿਤ ਨਵਾ ਨਰੋਆ॥
ਦਿਨੁ ਰੈਣਿ ਨਾਮੁ ਧਿਆਇਦਾ
ਫਿਰਿ ਪਾਇ ਨ ਮੋਆ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥
(ਰਾਗੁ ਬਸੰਤੁ ਕੀ ਵਾਰ ਮਹਲਾ ੫, ਅੰਗ 1193)
ਪੰਜੇ-ਕਾਮਆਦਿਕ ਪੰਜੇ ਹੀ ਵਿਕਾਰ। ਮਹਾਂਬਲੀ-ਬਲਵਾਨ। ਢੋਆ-ਭੇਟਾ। ਦਯੁ-ਪ੍ਰਭੂ। ਰੈਣਿ-ਰਾਤ।
ਅੱਖਰੀਂ ਅਰਥ : ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ ਮੈਂ ਛੋਟਾ ਜਿਹਾ ਪਹਿਲਵਾਨ ਸੀ ਪਰ ਗੁਰੂ ਦੇ ਮਿਲਾਪ ਸਦਕਾ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ। ਜਗਤ ਰੂਪੀ ਛਿੰਝ ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਜਿਸ ਨੂੰ ਪ੍ਰਭੂ ਆਪ ਬੈਠਾ ਦੇਖ ਰਿਹਾ ਹੈ। ਵਾਜੇ, ਢੋਲ, ਤੂਤਣੀਆਂ ਆਦਿ ਵੱਜ ਰਹੇ ਹਨ ਭਾਵ ਸਭ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਪਹਿਲਵਾਨ ਵੀ ਆ ਇਕੱਠੇ ਹੋ ਗਏ ਹਨ ਅਤੇ ਪਿੜ ਅਰਥਾਤ ਜਗਤ ਅਖਾੜੇ ਵਿਚ ਫੇਰੀਆਂ ਲੈ ਰਹੇ ਹਨ। ਜਦੋਂ ਗੁਰੂ ਨੇ ਮੇਰੀ ਪਿੱਠ 'ਤੇ ਥਾਪੜਾ ਦਿੱਤਾ ਤਾਂ ਮੈਂ ਪੰਜੇ ਕਾਮਾਦਿਕ ਵਿਰੋਧੀ ਜੁਆਨ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਆਪਣੇ ਕਾਬੂ ਵਿਚ ਕਰ ਲਏ ਹਨ। ਇਥੇ ਇਸ ਜਗਤ ਅਖਾੜੇ ਵਿਚ ਸਭ ਇਕੱਠੇ ਹੋ ਕੇ ਆਏ ਹਨ ਪਰ ਆਪਣੇ ਘਰੀਂ ਜਾਣ ਵੇਲੇ (ਆਪਣੇ ਆਪਣੇ ਕੀਤੇ ਕਰਮਾਂ ਅਨੁਸਾਰ) ਵੱਖਰੇ-ਵੱਖਰੇ ਟਿਕਾਣਿਆਂ 'ਤੇ ਪੁੱਜ ਜਾਣਗੇ ਭਾਵ ਵੱਖ-ਵੱਖ ਜੂਨਾਂ ਵਿਚ ਪੈ ਜਾਣਗੇ। ਜਿਹੜੇ ਗੁਰੂ ਦੇ ਦਰਸਾਏ ਮਾਰਗ 'ਤੇ ਤੁਰੇ, ਉਹ ਨਾਮ ਸਿਮਰਨ ਦਾ ਲਾਹਾ ਖੱਟ ਕੇ ਲੈ ਗਏ ਪਰ ਆਪਹੁਦਰੇ ਮਨਮੁਖ ਆਪਣੀ ਪਹਿਲੀ ਕੀਤੀ ਕਮਾਈ (ਕੀਤੇ ਚੰਗੇ ਕੰਮ) ਵੀ ਗਵਾ ਲੈਂਦੇ ਹਨ।
ਹੇ ਪ੍ਰਭੂ, ਤੇਰਾ ਨਾ ਕੋਈ ਰੂਪ ਰੰਗ ਹੈ ਅਤੇ ਨਾ ਹੀ ਕੋਈ ਚਿਹਨ ਚੱਕਰ ਹੈ ਪਰ ਫਿਰ ਵੀ ਤੂੰ ਆਪਣੇ ਭਗਤ ਜਨਾਂ ਨੂੰ ਹਾਜ਼ਰ ਨਾਜ਼ਰ ਦਿਸਦਾ ਹੈਂ, ਪ੍ਰਤੀਤ ਹੁੰਦਾ ਹੈ। ਤੇਰੇ ਭਗਤ ਜਨ ਵਡਿਆਈਆਂ ਸੁਣ-ਸੁਣ ਕੇ ਤੈਨੂੰ ਸਿਮਰਦੇ ਹਨ। ਹੇ ਪ੍ਰਭੂ, ਤੂੰ ਗੁਣਾਂ ਦਾ ਖਜ਼ਾਨਾ ਹੈਂ ਅਤੇ ਤੇਰੇ ਭਗਤ ਜਨ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ।
ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਸਦਾ ਹੀ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ, ਜਿਸ ਸਦਕਾ ਗੁਰੂ ਨੇ ਮੇਰੀ ਮੋਹ ਦੀ ਫਾਹੀ ਕੱਟ ਦਿੱਤੀ ਹੈ। ਹੁਣ ਗੁਰੂ ਦੀ ਕਿਰਪਾ ਸਦਕਾ ਮੈਂ ਮੁੜ ਇਸ ਜਗਤ ਅਖਾੜੇ ਵਿਚ ਨਹੀਂ ਨੱਚਾਂਗਾ ਭਾਵ ਮੁੜ ਜਨਮ ਨਹੀਂ ਲਵਾਂਗਾ। ਗੁਰੂ ਦੀ ਕਿਰਪਾ ਸਦਕਾ ਢੂੰਡ ਕੇ ਮੈਂ ਭਗਤੀ ਦਾ ਅਵਸਰ ਪ੍ਰਾਪਤ ਕਰ ਲਿਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਖ਼ਸੀਅਤ ਵਿਕਾਸ ਦਾ ਸਾਰ ਹੈ : ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਵਿਕਾਸ ਸਬੰਧੀ ਲਿਖਦੇ ਹਨ ਕਿ ਮਨੁੱਖੀ ਸ਼ਖ਼ਸੀਅਤ ਦਾ ਅਨੋਖਾ ਕੇਂਦਰ ਪੰਜ ਪਰਦਿਆਂ ਨਾਲ ਢਕਿਆ ਹੈ। ਇਹ ਹਨ ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤੇ ਅਨੰਦਮਈ ਕੋਸ਼। ਇਹ ਸਾਰੇ ਪਰਦੇ ਸਾਡੇ ਸਰੀਰ ਵਿਚ ਵਿਆਪਕ ਹਨ ਅਤੇ ਸਾਡੀਆਂ ਕਿਰਿਆਵਾਂ ਨੂੰ ਕਾਬੂ ਕਰਦੇ ਹਨ। ਸ਼ਖ਼ਸੀਅਤ ਦੇ ਵਿਕਾਸ ਤੋਂ ਭਾਵ ਹੈ ਵਿਅਕਤੀ ਦੇ ਉੱਚ ਆਦਰਸ਼ਾਂ ਨਾਲ ਤਾਲਮੇਲ ਪੈਦਾ ਕਰਨਾ। ਅੰਨਮਈ ਕੋਸ਼ ਸਾਡੇ ਸਰੀਰ ਅਤੇ ਗਿਆਨ ਇੰਦਰੀਆਂ ਨਾਲ ਸਬੰਧ ਰੱਖਦਾ ਹੈ। ਜਿਹੜਾ ਵਿਅਕਤੀ ਕੇਵਲ ਇਸ ਕੋਸ਼ ਨਾਲ ਜੁੜਿਆ ਰਹਿੰਦਾ ਹੈ ਅਤੇ ਮਾਨਸਿਕ ਕੋਸ਼ ਦੀ ਵਰਤੋਂ ਨਹੀਂ ਕਰਦਾ, ਉਹ ਪਸ਼ੂਆਂ ਸਮਾਨ ਜੀਵਨ ਬਤੀਤ ਕਰਦਾ ਹੈ, ਕਿਉਂਕਿ ਉਸ ਦਾ ਸੁਖ-ਦੁੱਖ ਸਿਰਫ ਇੰਦਰੀਆਂ ਤੱਕ ਸੀਮਤ ਰਹਿੰਦਾ ਹੈ।
ਇੱਛਾਵਾਂ, ਪੁਰਾਣੀਆਂ ਆਦਤਾਂ, ਗ਼ਲਤ ਸੁਭਾਅ, ਜੋਸ਼ ਅਤੇ ਬੁਰੇ ਸੰਸਕਾਰਾਂ ਕਾਰਨ ਮਨ ਦੇ ਨੀਵੇਂ ਪੱਧਰ ਨਾਲ ਸੰਘਰਸ਼ ਕਰਨ ਨਾਲ ਹੀ ਵਿਅਕਤੀ ਦਾ ਵਿਕਾਸ ਹੁੰਦਾ ਹੈ। ਸਾਡੇ ਮਨ ਦਾ ਨੀਵੇਂ ਪੱਧਰ ਨਾਲ ਜਿੰਨਾ ਘੱਟ ਤਾਲਮੇਲ ਅਤੇ ਉੱਚੇ ਪੱਧਰ ਨਾਲ ਜਿੰਨਾ ਵੱਧ ਤਾਲਮੇਲ ਹੋਵੇਗਾ ਅਤੇ ਅਸੀਂ ਜਿੰਨੀ ਵੱਧ ਅਕਲ ਜਾਂ ਬੁੱਧੀ ਦੀ ਵਰਤੋਂ ਕਰਾਂਗੇ, ਓਨੀ ਹੀ ਸ਼ਖ਼ਸੀਅਤ ਨਿੱਖਰੇਗੀ। ਇਸ ਲਈ ਮਨ ਨੂੰ ਕਾਬੂ ਰੱਖਣ, ਪੁਰਾਣੀਆਂ ਆਦਤਾਂ ਨੂੰ ਕਾਬੂ ਰੱਖਣ ਅਤੇ ਨਵੀਆਂ ਲਾਭਕਾਰੀ/ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਹ ਸੰਘਰਸ਼ ਹੀ ਸਾਨੂੰ ਪੂਰਨ ਅਤੇ ਸੱਭਿਅਕ ਬਣਾਉਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਬਰਸੀ 'ਤੇ ਵਿਸ਼ੇਸ਼

ਮਾਲਵੇ ਦੇ ਗੁਰਮਤਿ ਪ੍ਰਚਾਰਕ : ਭਾਈ ਰੂਪ ਚੰਦ

ਮਾਲਵੇ ਦੇ ਗੁਰਮਤਿ ਪ੍ਰਚਾਰਕ ਰੂਪ ਚੰਦ ਦਾ ਜਨਮ 15 ਵਿਸਾਖ, 1671 ਬਿਕਰਮੀ (ਸੰਨ 1614 ਈ:) ਨੂੰ ਪਿੰਡ ਤੁਕਲਾਣੀ ਵਿਖੇ ਮਾਤਾ ਸੂਰਤੀ ਦੀ ਕੁੱਖੋਂ ਭਾਈ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਕ ਸਾਲ ਦੀ ਉਮਰ ਵਿਚ ਭਾਈ ਰੂਪ ਚੰਦ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਈ। ਮਾਤਾ ਸੂਰਤੀ ਨੇ ਬਾਲਕ ਨੂੰ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦਿਆਂ ਲੋਰੀਆਂ ਦਿੱਤੀਆਂ। ਗੁਰਬਾਣੀ ਰੂਪੀ ਗੁਰੂ ਦਾ ਹੱਥ ਮਾਤਾ ਹਮੇਸ਼ਾ ਬਾਲਕ ਦੇ ਸਿਰ 'ਤੇ ਰੱਖਦੀ। ਆਪ ਦੇ ਮਾਤਾ-ਪਿਤਾ ਦਾ ਉਦੇਸ਼ ਸੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਨ੍ਹਾਂ ਅਸੂਲਾਂ ਦੀ ਪਾਣ ਭਾਈ ਰੂਪ ਚੰਦ ਨੂੰ ਚੜ੍ਹਾਈ ਗਈ।
ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਦੇ ਨਾਂਅ 'ਤੇ ਆਪਣੇ ਹੱਥੀਂ ਮੋਹੜੀ ਗੱਡੀ। ਗੁਰੂ ਸਾਹਿਬ ਨੇ ਭਾਈ ਰੂਪ ਚੰਦ ਤੋਂ ਜਲ ਛਕ ਕੇ ਨਗਰ ਵਸਾਉਣ ਦਾ ਵਰ ਦਿੱਤਾ। ਬਠਿੰਡਾ ਜ਼ਿਲ੍ਹੇ ਦਾ ਇਹ ਇਤਿਹਾਸ ਪਿੰਡ ਹੈ। ਗੁਰੂ ਸਾਹਿਬ ਇਥੇ 6 ਮਹੀਨੇ 9 ਦਿਨ, 9 ਪਲ, 9 ਘੜੀਆਂ ਠਹਿਰੇ। ਭਾਈ ਰੂਪ ਚੰਦ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਭਾਈ ਰੂਪ ਚੰਦ ਨੂੰ 'ਭਾਈ' ਦੀ ਉਪਾਧੀ ਦਿੱਤੀ। ਉਥੋਂ ਵਿਦਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਇਕ ਕ੍ਰਿਪਾਨ ਅਤੇ ਇਕ ਚੋਲਾ ਪਹਿਨਣ ਦੀ ਬਖਸ਼ਿਸ਼ ਕੀਤੀ ਪਰ ਭਾਈ ਰੂਪ ਚੰਦ ਸ਼ਰਧਾ ਵੱਸ ਦੋਵੇਂ ਦਾਤਾਂ ਸਿਰ 'ਤੇ ਰੱਖ ਕੇ ਖੜ੍ਹਾ ਰਿਹਾ। ਗੁਰੂ ਜੀ ਨੇ ਇਕ ਹੋਰ ਵਰ ਦਿੱਤਾ। ਤੇਰੀ ਜ਼ਬਾਨ ਵਿਚ ਵੀ ਤਲਵਾਰ ਜਿੰਨੀ ਸ਼ਕਤੀ ਹੋਵੇਗੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਿਦਰਾਣੇ ਵਾਲੀ ਜੰਗ ਦੀ ਫਤਹਿ ਪਿੱਛੋਂ ਪਿੰਡ ਭਾਈ ਰੂਪਾ ਵਿਖੇ ਦਰਸ਼ਨ ਦਿੱਤੇ। ਇਥੇ ਗੁਰੂ ਸਾਹਿਬ ਨੇ ਭਾਈ ਰੂਪ ਚੰਦ ਤੋਂ ਮਿੱਸਾ ਪ੍ਰਸ਼ਾਦਾ, ਦਹੀਂ, ਮੱਖਣ ਛਕ ਕੇ ਭਾਈ ਕਿਆਂ ਨੂੰ ਲੰਗਰ ਚਲਾਉਣ ਦਾ ਹੁਕਮ ਦਿੱਤਾ। ਗੁਰਮਤਿ ਦੇ ਮਹਾਨ ਪ੍ਰਚਾਰਕ, ਬ੍ਰਹਮ ਗਿਆਨੀ ਭਾਈ ਰੂਪ ਚੰਦ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਵਣ ਵਦੀ 1, ਸੰਮਤ 1766 ਬਿਕਰਮੀ (ਸੰਨ 1709 ਈ:) ਨੂੰ 95 ਸਾਲ ਦੀ ਉਮਰ ਬਤੀਤ ਕਰਕੇ ਸੱਚਖੰਡ ਪਿਆਨਾ ਕਰ ਗਏ। ਬ੍ਰਹਮ ਗਿਆਨੀ ਭਾਈ ਰੂਪ ਚੰਦ ਦੀ 310ਵੀਂ ਬਰਸੀ 17 ਜੁਲਾਈ ਦਿਨ ਬੁੱਧਵਾਰ ਨੂੰ ਸਮਾਧ ਭਾਈ (ਮੋਗਾ) ਵਿਖੇ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।


-1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ। karnailsinghma@gmail.com

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ 'ਰਾਗੁ ਮਲਾਰ'

ਮਹਾਨ ਭਾਰਤ ਦੇਸ਼ 'ਚ ਹਰ ਸਾਲ ਆਉਂਦੀ ਜੇਠ-ਹਾੜ੍ਹ ਮਹੀਨਿਆਂ ਦੀ 'ਗ੍ਰੀਖਮ ਰੁੱਤ' ਦੇ ਹੋ ਜਾਣ ਤੋਂ ਬਾਅਦ ਸਾਵਣ-ਭਾਦਰੋਂ ਮਹੀਨਿਆਂ 'ਚ ਵਰਖਾ ਰੁੱਤ ਦਾ ਅਜਿਹਾ ਸਮਾਂ ਆਉਂਦਾ ਹੈ, ਜਿਸ ਦੌਰਾਨ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਹੋਣ ਸਦਕਾ ਖੁੱਲ੍ਹੇ ਅਸਮਾਨ 'ਚ ਬੱਦਲਾਂ ਦੇ ਨਾਲ ਕਾਲੀ ਘਟਾ ਦਾ ਆਉਣਾ, ਬਿਜਲੀ ਦਾ ਚਮਕਣਾ, ਗਰਜਣ ਦੀ ਆਵਾਜ਼ ਦਾ ਪੈਦਾ ਹੋਣਾ ਤੇ ਇਕ ਝੜੀ ਦੇ ਰੂਪ ਵਿਚ ਮੀਂਹ ਦਾ ਕਈ ਦਿਨਾਂ ਤੱਕ ਪੈਣਾ, ਮੋਰ ਤੇ ਬਬੀਹਾ ਵਰਗੇ ਪੰਛੀਆਂ ਦੁਆਰਾ ਬੋਲਣ ਤੋਂ ਇਲਾਵਾ ਜਿਥੇ ਇਹ ਸਾਰੇ ਵਰਣਿਤ ਪਹਿਲੂ ਚਰਚਾ 'ਚ ਰਹਿੰਦੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮਹਾਨ ਸ਼ਬਦ ਕੀਰਤਨ ਚੌਕੀ ਦੀ ਮਰਿਆਦਾ 'ਚ ਉਚੇਚੇ ਤੌਰ 'ਤੇ ਹਰ ਸਾਲ 'ਰਾਗੁ ਮਲਾਰ' ਵਿਚ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਪਵਿੱਤਰ ਸ਼ਬਦ ਕੀਰਤਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗੁ ਮਲਾਰ ਸਬੰਧੀ ਇਸ ਤਰ੍ਹਾਂ ਕਿਰਪਾ ਕਰਦੇ ਹਨ-
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਅੰਗ 1283)
ਇਕ ਅਧਿਐਨ ਮੁਤਾਬਿਕ ਸੰਗੀਤਕ, ਸਾਹਿਤਕ, ਇਤਿਹਾਸਕ, ਪ੍ਰਕ੍ਰਿਤਕ ਤੋਂ ਇਲਾਵਾ ਚੋਟੀ ਦੇ ਚਿੱਤਰਕਾਰਾਂ ਦੁਆਰਾ ਬਣਾਏ ਗਏ ਕਲਾਤਮਿਕ ਚਿੱਤਰਾਂ 'ਚੋਂ ਪ੍ਰਗਟ ਹੁੰਦੇ ਵਿਰਾਸਤੀ ਭਾਵਾਂ ਦਾ ਸ਼ਿੰਗਾਰ ਬਣੇ ਇਸ ਮਨਮੋਹਣੇ ਰਾਗ ਨੂੰ 'ਹਿੰਦੁਸਤਾਨੀ ਸ਼ਾਸਤਰੀ ਸੰਗੀਤ' ਦੀ ਘਰਾਣੇਦਾਰ ਗਾਇਨ-ਵਾਦਨ ਪ੍ਰੰਪਰਾ 'ਚ ਰਾਗੁ ਮਲਾਰ ਨੂੰ 'ਰਾਗ ਮਲਹਾਰ' ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਸਾਹਿਤਕ ਦ੍ਰਿਸ਼ਟੀ ਤੋਂ 'ਮਲਹਾਰ' ਦੇ ਸ਼ਾਬਦਿਕ ਅਰਥ ਕਰਦਿਆਂ ਚੋਟੀ ਦੇ ਵਿਦਵਾਨਾਂ ਅਨੁਸਾਰ 'ਵਰਖਾ ਦੀ ਰੁੱਤ' ਵਿਚ ਮੀਂਹ ਪੈਣ ਨਾਲ ਧਰਤੀ 'ਤੇ ਗੰਦਗੀ ਦੀ ਸਫ਼ਾਈ ਹੋ ਜਾਂਦੀ ਹੈ, ਇਸੇ ਕਰਕੇ ਹੀ ਇਸ ਰਾਗ ਦਾ ਨਾਮ 'ਮਲਹਾਰ' ਹੈ। ਸੰਗੀਤਕ ਪੱਖ ਤੋਂ ਗੁਰਮਤਿ ਸੰਗੀਤ ਦੀ ਪਰੰਪਰਾ ਵਿਚ ਸ਼ੁੱਧ ਗੰਧਾਰ ਵਾਲਾ ਰਾਗੁ ਮਲਾਰ ਜਿਥੇ ਸੁਰਾਤਮਕ ਆਧਾਰ ਹੈ, ਉਥੇ ਹੋਰ ਦਿਲਚਸਪ ਪਹਿਲੂ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਰਾਗ ਮਲਾਰ, ਸ਼ੁੱਧ ਮਲਾਰ ਤੇ ਸ਼ਾਸਤਰੀ ਸੰਗੀਤ ਦੇ ਮਹਾਨ ਸੰਗੀਤ ਸਮਰਾਟ 'ਮੀਆਂ ਤਾਨਸੇਨ' ਦੇ ਰਾਗ 'ਮੀਆਂ ਮਲਹਾਰ' ਬਾਰੇ ਬਾਖੂਬੀ ਜ਼ਿਕਰ ਹੁੰਦਾ ਹੈ। ਦਰਅਸਲ ਮਲਾਰ ਇਕ ਵੱਖਰਾ ਰਾਗ ਹੈ, ਕਿਉਂਕਿ ਮਲਾਰ ਨੂੰ ਨਾਂਅ ਦੇ ਪੱਖੋਂ ਸ਼ੁੱਧ ਮਲਾਰ ਭਾਵ ਮਲਾਰ ਰਾਗ ਦਾ ਸ਼ੁੱਧ ਰੂਪ ਸਮਝਣ ਦਾ ਭਰਮ ਪੈਦਾ ਹੋ ਜਾਂਦਾ ਹੈ। ਇਸ ਦੁਬਿਧਾ ਤੋਂ ਬਾਹਰ ਨਿਕਲਣ ਲਈ ਸੁਰਾਤਮਕ ਪਹਿਲੂ ਤੋਂ ਰਾਗੁ ਮਲਾਰ ਦੀ (ਗੁਰਮਤਿ ਸੰਗੀਤ ਵਾਲੇ) ਦੀ ਪਹਿਚਾਣ ਜਾਤੀ ਸੰਪੂਰਨ-ਸੰਪੂਰਨ ਤੇ ਥਾਟ ਖਮਾਜ ਹੈ ਜਦਕਿ ਰਾਗ ਸ਼ੁੱਧ ਮਲਾਰ ਰਾਗ ਦੁਰਗਾ ਵਰਗਾ ਹੈ। ਪਾਠਕ ਇਸ ਗੱਲ ਨੂੰ ਧਿਆਨ ਵਿਚ ਲੈਣ ਕਿ ਸਥਿਤੀ ਬਿਲਕੁਲ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਰਾਗ ਸਾਰੰਗ ਤੇ ਸ਼ੁੱਧ ਸਾਰੰਗ ਨੂੰ ਅਣਜਾਣੇ 'ਚ ਹੀ ਸਮਝਣ ਦੀ ਗ਼ਲਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮੀਆਂ ਤਾਨਸੇਨ ਦਾ ਰਚਿਤ ਰਾਗ 'ਮੀਆਂ ਮਲਹਾਰ' ਹੈ, ਜਿਸ ਵਿਚ ਕੋਮਲ ਗੰਧਾਰ ਦਾ ਗੁਣੀ ਜਨ ਪ੍ਰਯੋਗ ਕਰਦੇ ਹਨ। ਅਹਿਮ ਗੱਲ ਇਹ ਵੀ ਹੈ ਕਿ ਇਸ ਰਾਗ ਵਿਚ ਦੋ ਛੋਟੇ ਖਿਆਲ ਬਹੁਤ ਹੀ ਪ੍ਰਸਿੱਧ ਹਨ, ਜਿਨ੍ਹਾਂ 'ਚ (1) ਬੋਲ ਰੇ ਪਪੀਅਰਾ, (2) ਬਿਜਰੀ ਚਮਕੇ ਬਰਸੇ ਬੰਦਿਸ਼ਾਂ ਦਾ ਗਾਇਨ ਤਿੰਨ ਤਾਲ ਵਿਚ ਕੀਤਾ ਜਾਂਦਾ ਹੈ।
ਮਲਹਾਰ ਦੀ ਆਪਣੀ ਸੁਰਾਤਮਿਕ ਹੋਂਦ ਤੋਂ ਇਲਾਵਾ ਇਸ ਦੇ ਹੋਰ ਪ੍ਰਕਾਰ ਜਿਵੇਂ-ਸ਼ੁੱਧ ਮਲਹਾਰ, ਮੀਆਂ ਮਲਹਾਰ, ਮੇਘ ਮਲਹਾਰ, ਸੂਰ ਮਲਹਾਰ, ਗੌਂਡ ਮਲਹਾਰ, ਰਾਮਦਾਸੀ ਮਲਹਾਰ, ਨਟ ਮਲਹਾਰ, ਛਾਇਆ ਮਲਹਾਰ, ਸੋਰਠ ਮਲਹਾਰ, ਮੀਰਾ ਬਾਈ ਦੀ ਮਲਹਾਰ, ਦੇਸ ਮਲਹਾਰ, ਦੇਸੀ ਮਲਹਾਰ, ਜੈਅੰਤ ਮਲਹਾਰ, ਕਾਨੜਾ ਮਲਹਾਰ, ਨਾਇਕੀ ਮਲਹਾਰ, ਚੰਚਲਸ ਮਲਹਾਰ, ਪਟ ਮਲਹਾਰ, ਰੂਪ ਮੰਜਰੀ ਮਲਹਾਰ, ਤਿਲਕ ਮਲਹਾਰ, ਸਵੇਤ ਮਲਹਾਰ, ਕੇਦਾਰ ਮਲਹਾਰ, ਅੰਜਨੀ ਮਲਹਾਰ, ਜਾਨਕੀ ਮਲਹਾਰ, ਚੰਦ੍ਰ ਮਲਹਾਰ, ਅਰੁਣਾ ਮਲਹਾਰ, ਚਰਜੂ ਕੀ ਮਲਹਾਰ, ਸਾਮੰਤ ਮਲਹਾਰ, ਜੋਗ ਮਲਹਾਰ ਅਤੇ ਗੌਂਡਗਿਰੀ ਮਲਹਾਰ ਆਦਿ ਪ੍ਰਕਾਰ ਰਾਗ ਹੋਂਦ ਵਿਚ ਦੱਸੇ ਜਾਂਦੇ ਹਨ।
ਗੁਰਮਤਿ ਸੰਗੀਤ ਦੀ ਮਹਾਨ ਮਰਿਆਦਾ ਵਿਚ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਾਜ਼ਰ ਹਜ਼ੂਰੀ ਰਾਗੀ ਜਥੇ ਵਲੋਂ ਰਾਗੁ ਮਲਾਰ ਵਿਚ ਆਰੰਭਕ ਆਲਾਪ ਉਪਰੰਤ ਬਿਲੰਵਤ ਲੈਅ 'ਚ ਇਕ ਤਾਲ 'ਚ (ਜ਼ਿਆਦਾਤਰ) ਮੰਗਲਾਚਰਨ ਉਪਰੰਤ ਤਿੰਨ ਤਾਲ, ਇਕ ਤਾਲ, ਰੂਪਕ, ਝੱਪ ਤਾਲ ਜਾਂ ਫਰੋਦਸਤ ਤਾਲ ਆਦਿ 'ਚ ਸ਼ਬਦ ਦਾ ਗਾਇਨ ਕਰਨ ਸਮੇਂ ਪਹਿਲਾਂ ਤਾਲਬੱਧ ਅਲਾਪ, ਬੋਲ ਆਲਾਪ, ਬੋਲ ਬਾਂਟ ਤੋਂ ਇਲਾਵਾ ਆਕਾਰ 'ਚ ਤਾਨਾਂ (ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਰਗਮ ਨੂੰ ਗਾਇਨ ਕਰਨ ਦੀ ਆਗਿਆ ਨਹੀਂ ਹੈ) ਤੇ ਬੋਲਤਾਨਾਂ ਆਦਿ ਦਾ ਪ੍ਰਯੋਗ ਕਰਦਿਆਂ ਸ਼ਬਦ ਦੀ ਪ੍ਰਧਾਨਤਾ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈ। ਸ਼ਬਦ ਗਾਇਨ ਸਮੇਂ ਜੋੜੀ ਵਾਲਾ ਗੁਰਸਿੱਖ ਵੀਰ ਸਥਾਈ ਦੇ ਗਾਇਨ ਸਮੇਂ ਛੋਟੀਆਂ-ਛੋਟੀਆਂ ਤਿਹਾਈਆਂ, ਮੁਖੜੇ, ਮੋਹਰੇ, ਟੁਕੜੇ ਤੇ ਪਰਨਾਂ ਦਾ ਬਾਖੂਬੀ ਵਾਦਨ ਕਰਦਾ ਹੈ। ਨਾਲ-ਨਾਲ ਤੰਤੀ ਸਾਜ਼ ਵਾਲਾ ਗੁਰਸਿੱਖ ਵੀਰ ਗਾਇਨ ਦੀ ਹੂ-ਬ-ਹੂ ਸੰਗਤ ਕਰਕੇ ਹਾਜ਼ਰੀ ਲਗਵਾਉਂਦਾ ਹੈ। ਜ਼ਿਕਰਯੋਗ ਹੈ ਕਿ 'ਪੜਤਾਲ' ਗਾਇਕੀ ਦੀ ਇਸ ਰਾਗ ਵਿਚ ਵਿਸ਼ੇਸ਼ਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਤਰਤੀਬ ਅਨੁਸਾਰ 1254 ਅੰਗ ਤੋਂ ਆਰੰਭ ਹੁੰਦੇ ਇਸ ਸਤਿਕਾਰਯੋਗ ਰਾਗ ਨੂੰ ਸਤਾਈਵਾਂ ਸਥਾਨ ਬਖਸ਼ਿਸ਼ ਹੈ, ਜਿਸ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 14, ਤੀਜੇ ਮਹਾਰਾਜ ਜੀ ਦੇ 16, ਚੌਥੇ ਪਾਤਸ਼ਾਹ ਜੀ ਦੇ 9 ਅਤੇ 31 ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਇਸ ਰਾਗ ਵਿਚ 'ਮਲਾਰ ਮਹਲਾ ੪ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਦੋ ਸ਼ਬਦ 1265 ਤੇ 1266 ਅੰਗ 'ਤੇ ਅਤੇ ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਅੰਗ 1271 ਤੋਂ 1273 ਤੱਕ 8 ਸ਼ਬਦ ਦਰਜ ਹਨ। ਅੰਗ 1278 ਤੋਂ 1291 ਤੱਕ 'ਵਾਰ ਮਲਾਰੁ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ' ਵਿਚ ਪਵਿੱਤਰ ਗੁਰਬਾਣੀ ਦਰਜ ਹੈ, ਜਿਸ ਦੀਆਂ ਕੁੱਲ 28 ਪਉੜੀਆਂ ਦਰਜ ਹਨ। ਯਾਦ ਰਹੇ, ਇਨ੍ਹਾਂ ਪਉੜੀਆਂ ਵਿਚ ਦਰਜ ਗੁਰਬਾਣੀ ਵਿਚ ਪਉੜੀ ਸੰਖਿਆ 27 ਪੰਜਵੇਂ ਗੁਰੂ ਮਹਾਰਾਜ ਜੀ ਦੀ ਰਚਨਾ ਹੈ ਜਦਕਿ 27 ਪਉੜੀਆਂ ਪਹਿਲੇ ਪਾਤਸ਼ਾਹ ਜੀ ਦੀਆਂ ਹਨ। ਸਤਿਗੁਰੂ ਜੀ ਦੀ ਰਹਿਮਤ ਸਦਕਾ ਇਸ ਵਾਰ ਵਿਚ ਕੁੱਲ 58 ਸਲੋਕ ਵੀ ਦਰਜ ਹਨ, ਜਿਨ੍ਹਾਂ 'ਚ ਪਉੜੀ ਸੰਖਿਆ 21 ਨਾਲ 4 ਸਲੋਕ, ਹੋਰ ਸਾਰੀਆਂ ਪਉੜੀਆਂ ਨਾਲ 2-2 ਸਲੋਕ ਦਰਜ ਹਨ। ਕ੍ਰਮਵਾਰ ਸਲੋਕਾਂ ਦੀ ਰਚਨਾ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 24, ਦੂਜੇ ਪਾਤਸ਼ਾਹ ਜੀ ਦੇ 5, ਤੀਜੇ ਪਾਤਸ਼ਾਹ ਜੀ ਦੇ 27 ਅਤੇ 2 ਸਲੋਕ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਅੰਗ 1292 ਤੋਂ 1293 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਨਾਮਦੇਵ ਜੀ ਦੇ 2 ਸ਼ਬਦ ਅਤੇ 3 ਸ਼ਬਦ ਭਗਤ ਰਵਿਦਾਸ ਜੀ ਦੇ ਦਰਜ ਹਨ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ)-144410. ਮੋਬਾ: 98789-24026

ਧਾਰਮਿਕ ਸਾਹਿਤ

ਤੇਰਾ ਕੋਈ ਨਾ ਸਾਨੀ
ਲੇਖਕ : ਡਾ: ਅਮਰਜੀਤ ਕੌਰ ਨਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ
ਕੀਮਤ : 125, ਪੰਨੇ : 70
ਸੰਪਰਕ : 98850-16918


ਲੇਖਿਕਾ ਨੇ ਇਸ ਤੋਂ ਪਹਿਲਾਂ 4 ਗਜ਼ਲ-ਸੰਗ੍ਰਹਿ, ਬਾਲ ਸਾਹਿਤ, ਵਿਆਕਰਨ ਆਦਿ ਸਮੇਤ 52 ਪੁਸਤਕਾਂ ਦੀ ਰਚਨਾ ਕੀਤੀ ਹੈ। ਵਿਚਾਰ ਗੋਚਰੀ ਪੁਸਤਕ ਦਾ ਮੁੱਖ ਮੰਤਵ ਅਜੋਕੇ ਮਸ਼ੀਨੀ ਯੁੱਗ ਅੰਦਰ ਮਸ਼ੀਨ ਬਣ ਕੇ ਰਹਿ ਗਏ ਲੋਕਾਂ, ਖਾਸ ਕਰ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣਾ ਹੈ, ਤਾਂ ਕਿ ਉਹ ਗੁਰਮਤਿ ਮਾਰਗ ਦੇ ਪਾਂਧੀ ਬਣ ਸਕਣ। ਪੁਸਤਕ ਪ੍ਰਸਿੱਧ ਗੁਰਮਤਿ ਵਿਆਖਿਆਕਾਰ ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲਿਆਂ ਨੂੰ ਸਮਰਪਿਤ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਬੜੀਆਂ ਹੀ ਭਾਵ ਪੂਰਤ ਅਤੇ ਮਨ ਨੂੰ ਟੁੁੁੰਬਣ ਵਾਲੀਆਂ ਹਨ। ਕੁਝ ਵੰਨਗੀਆਂ :
ਇਕ ਦੂਜੇ ਨੂੰ ਦੇਂਦੇ ਤੋਹਫ਼ੇ ਮੁਸਕਣੀ ਤੇ ਪਿਆਰ ਦੇ,
ਮਹਿਕ ਵੰਡਦੇ ਨੇ ਦਸਮੇਸ਼ ਦੇ ਦਰਬਾਰ ਦੇ। (ਪੰਨਾ : 21)
ਤੋਹਫ਼ੇ ਵਿਚ ਵੀ ਸਿਰਫ਼ ਬਗ਼ਾਵਤ ਦੇਣੀ ਪੈਂਦੀ ਹੈ,
ਸੱਚ ਦੀ ਰਾਖੀ ਲਈ ਸ਼ਹਾਦਤ ਦੇਣੀ ਪੈਂਦੀ ਹੈ। (ਪੰਨਾ : 24)
ਕੇਸਗੜ੍ਹ ਸਾਹਿਬ ਦੀ ਵਿਸਾਖੀ, ਬੋਲੇ ਗੁਰੂ ਗੋਬਿੰਦ ਸਿੰਘ, ਜਾਗੋ ਜਾਗੋ ਜਾਗੋ, ਹਿੰਦੂ ਧਰਮ ਦਾ ਰਾਖਾ, ਮੇਰਾ ਪਾਤਸ਼ਾਹ ਤਿੰਨ ਪਹਿਰੀ ਕਵਿਤਾ, ਭਾਈ ਮਨੀ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਸਿਰਲੇਖਾਂ ਅਧੀਨ ਕਾਵਿ-ਰਚਨਾਵਾਂ ਪਾਠਕਾਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਪਾਉਣ ਵਾਲੀਆਂ ਹਨ। ਪੁਸਤਕ ਵਿਚਲੇ ਕੁਝ ਦੋਹੇ ਕਮਾਲ ਦੇ ਹਨ-
ਸੱਚੇ ਦਿਲ ਤੋਂ ਕਰੇ ਜੋ ਬਾਣੀ ਦਾ ਸਤਿਕਾਰ,
ਉਸ ਦੀ ਡੁੱਬਦੀ ਬੇੜੀ ਨੂੰ ਵਾਹਿਗੁਰੂ ਕਰਦਾ ਪਾਰ।
(ਪੰਨਾ : 51)
ਪੁਸਤਕ ਪਾਠਕਾਂ ਨੂੰ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨ ਦੇ ਸਮਰੱਥ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

ਗੁਰਦੁਆਰਾ ਮਸਤੂਆਣਾ ਸਾਹਿਬ (ਬਹਾਦਰਪੁਰ)

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਸਬੰਧੀ ਵੱਖ-ਵੱਖ ਸਿੱਖ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਦਾ ਮੱਤ ਅਤੇ ਰਾਇ ਵੱਖੋ-ਵੱਖਰੀ ਰਹੀ ਹੈ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਸਤੂਆਣਾ ਸਾਹਿਬ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ, ਜਿਸ ਦੀ ਸੇਵਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਲੋਂ ਬਾਅਦ ਵਿਚ ਕਰਵਾਈ ਗਈ ਸੀ, ਸੁਸ਼ੋਭਿਤ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਪਿੰਡ ਬਹਾਦਰਪੁਰ ਵਿਖੇ ਆਏ ਸਨ, ਜਿੱਥੇ ਸ਼ਾਨਦਾਰ ਗੁਰੂ-ਘਰ ਦੀ ਇਮਾਰਤ ਸੁਸ਼ੋਭਿਤ ਹੈ। ਮਸਤੂਆਣਾ ਸਾਹਿਬ ਸੰਗਰੂਰ-ਬਰਨਾਲਾ ਮੁੱਖ ਮਾਰਗ ਤੋਂ 7 ਕੁ ਕਿਲੋਮੀਟਰ ਦੀ ਦੂਰੀ ਉੱਤੇ ਬਡਰੁੱਖਾਂ ਅਤੇ ਬਹਾਦਰਪੁਰ ਪਿੰਡਾਂ ਦੀ ਹਦੂਦ ਨਾਲ ਜੁੜਿਆ ਹੋਇਆ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ (ਸਰਵੇ) ਸ: ਕਪੂਰ ਸਿੰਘ ਘੁੰਮਣ ਦੀ ਪੁਸਤਕ 'ਬਡਰੁੱਖਾਂ ਸਰਵੇ' ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਿੱਥੇ ਹੁਣ ਮਸਤੂਆਣਾ ਹੈ, ਇਹ ਪਹਿਲਾਂ ਜਨੇਰ ਦਾ ਥੇਹ ਸੀ, ਜਿੱਥੋਂ ਦਾ ਭੂਮੀਆ ਚੋਰ ਇਲਾਕੇ ਭਰ ਵਿਚ ਮਸ਼ਹੂਰ ਸੀ। ਭੂਮੀਆ ਫਿਰੋਜ਼ਪੁਰ ਜ਼ਿਲ੍ਹੇ ਦਾ ਸੀ ਪਰ ਉਹ ਇਸ ਬੀੜ ਵਿਚ ਰਹਿੰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਜਦ ਇਸ ਅਸਥਾਨ 'ਤੇ ਚਰਨ ਪਾਏ ਤਾਂ ਭੂਮੀਏ ਨੇ ਉਨ੍ਹਾਂ ਨੂੰ ਪ੍ਰਸ਼ਾਦਾ ਛਕਣ ਲਈ ਕਿਹਾ। ਗੁਰੂ ਸਾਹਿਬ ਨੇ ਭੂਮੀਏ ਨੂੰ ਕਿਹਾ ਕਿ ਚਾਰ ਬਚਨ ਸਾਡੇ ਮੰਨ, ਤਦ ਪ੍ਰਸ਼ਾਦਾ ਛਕਾਂਗੇ। ਗਰੀਬ ਮਾਰ ਨਹੀਂ ਕਰਨੀ, ਲੂਣ ਹਰਾਮ ਨਹੀਂ ਕਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ ਅਤੇ ਸੱਚ ਬੋਲਣਾ। ਭੂਮੀਏ ਨੇ ਬਚਨ ਮੰਨਣ ਦਾ ਇਕਰਾਰ ਕੀਤਾ।
ਮਸਤੂਆਣਾ ਤੋਂ 2 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਬਹਾਦਰਪੁਰ ਪਿੰਡ ਦੇ ਨੰਬਰਦਾਰ ਅਤੇ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਮੈਂਬਰ ਨੰਬਰਦਾਰ ਹਰਚਰਨ ਸਿੰਘ ਦਾ ਕਹਿਣਾ ਹੈ ਕਿ ਸੰਗਰੂਰ-ਬਰਨਾਲਾ ਮੁੱਖ ਮਾਰਗ ਉੱਤੇ ਸਥਿਤ ਪਿੰਡ ਬਹਾਦਰਪੁਰ ਵਿਖੇ ਗੁਰੂ ਨਾਨਕ ਦੇਵ ਜੀ 1499 ਤੋਂ 1506 ਈ: ਵਾਲੀ ਪਹਿਲੀ ਉਦਾਸੀ ਦੌਰਾਨ ਆਏ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਦਿੱਲੀ ਤੋਂ ਬਾਂਗਰ ਵਿਚੋਂ ਦੀ ਜਾਂਦਿਆਂ ਗੁਰੂ ਸਾਹਿਬ ਸੁਨਾਮ, ਬਹਾਦਰਪੁਰ, ਮਸਤੂਆਣਾ ਝਿੜਾ, ਅਕੋਈ ਸਾਹਿਬ, ਨਾਨਕਿਆਣਾ (ਮੰਗਵਾਲ) ਹੁੰਦਿਆਂ ਇੱਥੇ ਪਧਾਰੇ ਸਨ। ਬਾਅਦ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਗੁਰ ਸਾਗਰ ਮਸਤੂਆਣਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਸਾਰਿਆ ਗਿਆ ਗੁਰਦੁਆਰਾ ਸਾਹਿਬ ਹੈ, ਤੋਂ ਇਲਾਵਾ ਵਿੱਦਿਅਕ ਕੇਂਦਰਾਂ ਦਾ ਵੀ ਮੁੱਢ ਬੰਨ੍ਹਿਆ।
ਮੌਜੂਦਾ ਸਮੇਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਸੰਤ ਅਤਰ ਸਿੰਘ ਗੁਰ ਸਾਗਰ ਮਸਤੂਆਣਾ ਟਰੱਸਟ ਦੇ ਮੌਜੂਦਾ ਪ੍ਰਧਾਨ ਪੰਥ ਦੀ ਸਿਰਮੌਰ ਸ਼ਖ਼ਸੀਅਤ ਸ: ਸੁਖਦੇਵ ਸਿੰਘ ਢੀਂਡਸਾ ਹਨ ਅਤੇ ਸਕੱਤਰ ਵਜੋਂ ਇੰਜੀਨੀਅਰ ਜਸਵੰਤ ਸਿੰਘ ਖਹਿਰਾ ਸੇਵਾਵਾਂ ਨਿਭਾਅ ਰਹੇ ਹਨ। ਸ: ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਧਰਮ ਦੇ ਪ੍ਰਚਾਰ ਲਈ ਗੁਰਮਤਿ ਕਾਲਜ ਤੋਂ ਇਲਾਵਾ ਅਕਾਲ ਡਿਗਰੀ ਕਾਲਜ, ਫਾਰਮੇਸੀ ਕਾਲਜ, ਸਰੀਰਕ ਸਿੱਖਿਆ ਕਾਲਜ, ਗੁਰਮਤਿ ਕੋਰਸ ਅਕਾਲ ਅਕੈਡਮੀ, ਐਮ.ਐਡ./ਬੀ.ਐੱਡ. ਤੋਂ ਇਲਾਵਾ ਐਮ.ਏ. ਅੰਗਰੇਜ਼ੀ, ਸਮਾਜ ਵਿਗਿਆਨ, ਇਤਿਹਾਸ, ਐਮ.ਐਸ.ਸੀ. (ਮੈਥ, ਕੈਮਿਸਟਰੀ), ਬੀ.ਐਸ.ਸੀ. ਐਗਰੀਕਲਚਰ ਅਤੇ ਗਤਕਾ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਸ: ਖਹਿਰਾ ਨੇ ਦੱਸਿਆ ਕਿ ਉਪਰੋਕਤ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦਾ ਕੇਂਦਰ ਵੀ ਇਸ ਅਸਥਾਨ ਉੱਤੇ ਸਥਿਤ ਹੈ। ਮਸਤੂਆਣਾ ਸਾਹਿਬ ਦੀ ਹਦੂਦ ਨਾਲ ਲੱਗਦੇ ਇਸ ਇਲਾਕੇ ਦੇ ਵੱਡੇ ਪਿੰਡਾਂ ਵਿਚ ਸ਼ੁਮਾਰ ਬਡਰੁੱਖਾਂ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ ਦਾ ਕਹਿਣਾ ਹੈ ਕਿ ਇਸ ਇਲਾਕੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਯਤਨਸ਼ੀਲ ਹਨ ਕਿ ਗੁਰੂ ਸਾਹਿਬ ਦੇ ਆਗਮਨ ਦਿਵਸ ਉੱਤੇ ਇਸ ਪੂਰੇ ਇਲਾਕੇ ਦੀ ਨੁਹਾਰ ਬਦਲੀ ਜਾਵੇ, ਤਾਂ ਜੋ ਇਸ ਦੀ ਪਹਿਚਾਣ ਆਪਣੇ-ਆਪ ਵਿਚ ਇਕ ਮਿਸਾਲ ਹੋਵੇ।


-ਅਮਨਦੀਪ ਸਿੰਘ ਬਿੱਟਾ,
ਮੋਬਾ: 98140-21672
ਸਤਨਾਮ ਸਿੰਘ ਦਮਦਮੀ
ਮੋਬਾ: 97814-37111

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਸਥਾਈ ਕੇਂਦਰਾਂ ਦੀ ਲੋੜ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰੀਆਂ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਆਪਣੇ ਵੱਖਰੇ ਪ੍ਰੋਗਰਾਮ ਤਿਆਰ ਕਰ ਰਹੀਆਂ ਹਨ। ਸਰਕਾਰਾਂ ਨੇ ਭਾਵੇਂ ਅਜੇ ਤੱਕ ਆਪਣੇ ਪ੍ਰੋਗਰਾਮ ਜੱਗ ਜ਼ਾਹਰ ਨਹੀਂ ਕੀਤੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਨ੍ਹਾਂ ਪ੍ਰੋਗਰਾਮਾਂ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਦੇਸ਼ ਅੰਦਰ ਥਾਂ-ਪੁਰ-ਥਾਂ ਗੁਰਮਤਿ ਸਮਾਗਮ ਅਤੇ ਸੈਮੀਨਾਰ ਕੀਤੇ ਜਾ ਰਹੇ ਹਨ। ਗੁਰਮਤਿ ਸਮਾਗਮਾਂ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਦੂਜੇ ਅਧਿਕਾਰੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼ਮੂਲੀਅਤ ਕਰਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਕੀਰਤਨੀ ਜਥੇ ਤੇ ਕਥਾਵਾਚਕ ਭੇਜੇ ਜਾਂਦੇ ਹਨ। ਦੀਵਾਨ ਸਜਾਏ ਜਾਂਦੇ ਹਨ ਤੇ ਕਥਾ-ਕੀਰਤਨ ਹੁੰਦਾ ਹੈ।
ਸੈਮੀਨਾਰਾਂ ਵਿਚ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਿਲਾਸਫ਼ੀ ਬਾਰੇ ਲੈਕਚਰ ਦੇਣ ਲਈ ਵਿਦਵਾਨਾਂ ਨੂੰ ਸੱਦਿਆ ਜਾਂਦਾ ਹੈ। ਇਨ੍ਹਾਂ ਵਿਚ ਵੱਖ-ਵੱਖ ਧਰਮਾਂ ਤੇ ਜਾਤਾਂ ਨਾਲ ਸਬੰਧਤ ਲੈਕਚਰਾਰ ਹੁੰਦੇ ਹਨ। ਇਹ ਸਮਝ ਲਿਆ ਜਾਂਦਾ ਹੈ ਕਿ ਸੈਮੀਨਾਰ 'ਚ ਸ਼ਾਮਿਲ ਹੋਣ ਵਾਲੇ ਲੈਕਚਰਾਰ ਗੁਰੂ ਨਾਨਕ ਦੇ ਫਲਸਫ਼ੇ ਦੀ ਪੂਰਨ ਜਾਣਕਾਰੀ ਰੱਖਦੇ ਹਨ, ਜਿਸ ਲਈ ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਕੁਝ ਕਹਿਣ ਦੀ ਲੋੜ ਨਹੀਂ। ਕੋਲਕਾਤਾ 'ਚ ਪਿਛਲੇ ਦਿਨੀਂ ਇਕ ਅਜਿਹਾ ਹੀ ਸੈਮੀਨਾਰ ਹੋਇਆ। ਉੱਘੇ ਵਿਦਵਾਨਾਂ ਨੇ ਉਸ ਵਿਚ ਹਿੱਸਾ ਲਿਆ। ਸਵੇਰ ਦੇ ਸੈਸ਼ਨ 'ਚ ਸਿੱਖ ਵਿਦਵਾਨਾਂ ਨੇ ਖੋਜ ਭਰਪੂਰ ਲੈਕਚਰ ਦਿੱਤੇ। ਸਰੋਤਿਆਂ ਨੇ ਉਨ੍ਹਾਂ ਦਾ ਰਸ ਮਾਣਿਆ ਤੇ ਵਾਹ-ਵਾਹ ਕੀਤੀ ਪਰ ਦੁਪਹਿਰ ਦੇ ਸੈਸ਼ਨ 'ਚ ਬੋਲਣ ਵਾਲੇ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਅਨੁਸਾਰ ਨਹੀਂ ਬੋਲ ਸਕੇ। ਸਾਡਾ ਵਿਚਾਰ ਹੈ ਕਿ ਜਿਨ੍ਹਾਂ ਵਿਦਵਾਨਾਂ ਨੇ ਸੈਮੀਨਾਰ ਵਿਚ ਬੋਲਣਾ ਹੋਵੇ, ਉਨ੍ਹਾਂ ਨੂੰ ਪਹਿਲਾਂ ਸੈਮੀਨਾਰ ਦੇ ਵਿਸ਼ੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਤਾਂ ਜੋ ਅਜਿਹੇ ਸੈਮੀਨਾਰਾਂ ਦਾ ਪੱਧਰ ਬਣਿਆ ਰਹੇ ਤੇ ਸਰੋਤੇ ਲਾਭ ਉਠਾ ਸਕਣ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਵੱਖਵਾਦ ਤੋਂ ਪਰੇ ਹਟ ਕੇ ਏਕਤਾ ਉੱਤੇ ਜ਼ੋਰ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਧਾਰਮਿਕ ਸ਼ੋਸ਼ਣ, ਸਮਾਜਿਕ ਵਿਤਕਰੇ ਅਤੇ ਰਾਜਸੀ ਅੱਤਿਆਚਾਰ ਤੋਂ ਲੋਕਾਈ ਦੀ ਆਜ਼ਾਦੀ 'ਤੇ ਜ਼ੋਰ ਦਿੰਦੀ ਹੈ। ਵਰਤਮਾਨ ਦੌਰ 'ਚ ਸਾਰਾ ਸੰਸਾਰ ਹਿੰਸਾ ਦੇ ਗੇੜ ਤੋਂ ਪੀੜਤ ਹੈ। ਜਿਧਰ ਵੀ ਝਾਤੀ ਮਾਰੀ ਜਾਵੇ, ਓਧਰ ਹੀ ਲੋਕ ਹਿੰਸਾ ਤੋਂ ਪੀੜਤ ਹਨ। ਇਸ ਲਈ ਇਹ ਸਮਾਂ ਹੈ ਜਦ ਕਿ ਸੰਸਾਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਂਤੀ ਅਤੇ ਪ੍ਰੇਮ ਭਾਵ ਦੀ ਫ਼ਿਲਾਸਫ਼ੀ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ।
ਲੋਕਾਂ ਅੰਦਰ ਸਦਭਾਵ ਦਾ ਪ੍ਰਚਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ 'ਚ 48 ਹਜ਼ਾਰ ਮੀਲ ਦਾ ਸਫ਼ਰ ਕੀਤਾ ਹੈ। ਜਿੱਥੇ ਵੀ ਉਹ ਗਏ, ਉਨ੍ਹਾਂ ਨੇ ਕਿਸੇ ਦੂਜੇ ਧਰਮ ਦਾ ਵਿਰੋਧ ਨਹੀਂ ਕੀਤਾ, ਬਲਕਿ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਧਰਮ ਦੇ ਪੈਰੋਕਾਰ ਰਹਿ ਕੇ ਅਕਾਲ ਪੁਰਖ ਦੀ ਅਰਾਧਨਾ ਕਰਨ ਅਤੇ ਚੰਗੇ ਕੰਮ ਕਰਨ। ਉਨ੍ਹਾਂ ਨੇ ਲੋਕਾਂ ਅੰਦਰ ਸਦਭਾਵਨਾ ਅਤੇ ਸ਼ਾਂਤੀ ਤੇ ਪ੍ਰੇਮ ਭਾਵਨਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਪ੍ਰਵਿਰਤੀ ਅਜਿਹੀ ਸੀ, ਉਹ ਜਿੱਥੇ ਬੈਠ ਜਾਂਦੇ ਉਹ ਧਰਤੀ ਹਰਿਆਵਲੀ ਹੋ ਜਾਂਦੀ, ਭਾਗਾਂਵਾਲੀ ਬਣ ਜਾਂਦੀ। ਜਿਹੜੇ ਜੀਵ ਗੁਰੂ ਜੀ ਦੇ ਦਰਸ਼ਨ ਕਰਦੇ, ਉਹ ਉਮਾਹ 'ਚ ਆ ਜਾਂਦੇ। ਗੁਰਮਤਿ ਅਨੁਸਾਰ 'ਬਾਣੀ ਗੁਰੂ ਹੈ' ਤੇ 'ਗੁਰੂ ਬਾਣੀ ਹੈ'। ਪਰ ਇਸ ਦੇ ਪ੍ਰਤੱਖ ਦਰਸ਼ਨ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਚੱਲ ਕੇ ਹੀ ਕੀਤੇ ਜਾ ਸਕਦੇ ਹਨ।
ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰੂ ਜੀ ਦੀ ਫ਼ਿਲਾਸਫ਼ੀ ਦਾ ਪ੍ਰਚਾਰ ਕਰਨ ਲਈ ਸਿੱਖ ਕੌਮ ਲਈ ਇਕ ਬਹੁਤ ਵੱਡਾ ਅਵਸਰ ਹੈ। ਭਾਰਤ ਅਤੇ ਭਾਰਤ ਤੋਂ ਬਾਹਰ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ। 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਐਸੇ ਸਥਾਨਾਂ ਦਾ ਪਤਾ ਲਾਉਣ ਲਈ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਸੀ। ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਚਾਰ ਲਈ ਮੰਜੀਆਂ ਸਥਾਪਿਤ ਕੀਤੀਆਂ ਅਤੇ ਇਕ ਭਾਈ ਅਲਮਤ ਨੂੰ ਬੰਗਾਲ, ਬਿਹਾਰ ਅਤੇ ਓਡੀਸ਼ਾ 'ਚ ਸਥਾਪਿਤ ਮੰਜੀਆਂ ਦਾ ਮੁਖੀ ਨਿਯੁਕਤ ਕੀਤਾ ਅਤੇ ਢਾਕਾ ਨੂੰ ਪੂਰਬੀ ਭਾਰਤ 'ਚ ਸਿੱਖੀ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ। ਵਰਤਮਾਨ 'ਚ ਵੀ ਅਜਿਹੇ ਕੇਂਦਰ ਬਣਾਉਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਥਾਈ ਯਾਦਗਾਰਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਹਰ ਸੂਬੇ ਦੀ ਰਾਜਧਾਨੀ 'ਚ 'ਗੁਰੂ ਨਾਨਕ ਭਵਨ' ਸਥਾਪਿਤ ਹੋਵੇ, ਜਿਹੜਾ ਗੁਰੂ ਜੀ ਦੀ ਬਾਣੀ ਅਤੇ ਫ਼ਿਲਾਸਫ਼ੀ ਦੇ ਪ੍ਰਚਾਰ ਲਈ ਕੇਂਦਰ ਵਜੋਂ ਕੰਮ ਕਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਕੋਈ 20 ਲੱਖ ਲੋਕ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਨ ਲਈ ਪਟਨਾ ਸਾਹਿਬ ਪਹੁੰਚੇ ਸਨ। ਜਿੰਨੇ ਦਿਨ ਸਮਾਗਮ ਚੱਲਦੇ ਰਹੇ, ਲੋਕ ਗੁਰੂ ਜੱਸ ਮਾਣਦੇ ਰਹੇ। ਬਾਅਦ ਵਿਚ ਇਨ੍ਹਾਂ ਦੀ ਲੜੀ ਟੁੱਟ ਗਈ। ਕੋਲਕਾਤਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਬਹੁਤ ਵੱਡਾ ਸਮਾਗਮ ਹੋਇਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਸ਼ਹਿਰ 'ਚ ਕਿਸੇ ਸੜਕ ਦਾ ਨਾਂਅ ਰੱਖਿਆ ਜਾਵੇ। ਸਰਕਾਰ ਨੇ ਸਿੱਖਾਂ ਦੀ ਮੰਗ ਮੰਨ ਕੇ ਸ਼ਹਿਰ ਦੇ ਕੇਂਦਰੀ ਹਿੱਸੇ 'ਚ 'ਮੇਓ ਰੋਡ' ਦਾ ਨਾਂਅ 'ਗੁਰੂ ਨਾਨਕ ਸਾਰਨੀ' ਕਰ ਦਿੱਤਾ। 50 ਸਾਲ ਬੀਤ ਚੁੱਕੇ ਹਨ ਪਰ ਲੋਕਾਂ ਦੀ ਜ਼ਬਾਨ 'ਤੇ 'ਗੁਰੂ ਨਾਨਕ ਸਾਰਨੀ' ਨਹੀਂ ਚੜ੍ਹਿਆ ਤੇ ਅੱਜ ਵੀ ਲੋਕ ਉਸ ਸੜਕ ਨੂੰ 'ਮੇਓ ਰੋਡ' ਹੀ ਕਹਿੰਦੇ ਹਨ। ਇਸ ਤਰ੍ਹਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਕੋਲਕਾਤਾ ਵਰਗੇ ਸ਼ਹਿਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਗੁਰੂ ਨਾਨਕ ਭਵਨ ਬਣਾਉਣ ਲਈ ਰਾਜ ਸਰਕਾਰ ਤੋਂ ਮੰਗ ਕੀਤੀ ਜਾਵੇ। ਭਵਨ ਗੁਰੂ ਨਾਨਕ ਦੀ ਫ਼ਿਲਾਸਫ਼ੀ ਦੇ ਪ੍ਰਚਾਰ ਦਾ ਕੇਂਦਰ ਹੋਵੇ, ਜਿਸ ਵਿਚ ਸਿੱਖ ਲਾਇਬ੍ਰੇਰੀ, ਸਿੱਖ ਅਧਿਐਨ ਕੇਂਦਰ, ਸਰਾਂ ਹੋਵੇ। ਬੰਗਲਾਦੇਸ਼ 'ਚ ਸਥਿਤ ਇਤਿਹਾਸਕ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਲੋਕ ਕੋਲਕਾਤਾ ਰਾਹੀਂ ਬੰਗਲਾਦੇਸ਼ ਲਈ ਸਫ਼ਰ ਕਰਦੇ ਹਨ।
ਪੰਜਾਬ ਤੋਂ ਆਉਣ ਵਾਲੇ ਜਥੇ ਕੋਲਕਾਤਾ 'ਚ ਠਹਿਰਦੇ ਹਨ। ਐਸੇ ਯਾਤਰੀਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕੋਲਕਾਤਾ 'ਚ ਸਰਾਂ ਬਣਨੀ ਚਾਹੀਦੀ ਹੈ। ਇਸ ਨਾਲ ਗੁਰੂ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਦਦ ਮਿਲੇਗੀ। ਭਾਰਤ 'ਚ ਕਿਸੇ ਪਾਸੇ ਵੀ ਚਲੇ ਜਾਈਏ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਵਾਲੇ ਸਥਾਨ ਮਿਲਦੇ ਹਨ। ਪੂਰਬੀ ਭਾਰਤ 'ਚ ਯਾਤਰਾ 'ਤੇ ਆਉਣ ਵਾਲੇ ਲੋਕ ਕੋਲਕਾਤਾ ਦੇ ਨਾਲ-ਨਾਲ ਬੰਗਲਾਦੇਸ਼ ਅਤੇ ਓਡੀਸ਼ਾ 'ਚ ਪੁਰੀ ਦੀ ਯਾਤਰਾ ਦੇ ਨਾਲ-ਨਾਲ ਪਟਨਾ ਸਾਹਿਬ ਦੇ ਦਰਸ਼ਨ ਵੀ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗੁਰਮਤਿ ਸਮਾਗਮਾਂ ਅਤੇ ਸੈਮੀਨਾਰਾਂ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਥਾਈ ਕੇਂਦਰ ਬਣਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇ।


-ਮੋਬਾ: 98315-48113

ਗੁਰਮਤਿ ਸੰਗੀਤ ਦੇ ਛੇ ਅਨਮੋਲ ਹੀਰੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਸਤਾਦ ਮਹਿੰਗਾ ਸਿੰਘ : ਗੁਰਮਤਿ ਸੰਗੀਤ ਅਤੇ ਨੇਤਰਹੀਣ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਸਮਰਪਤ ਮਹਾਨ ਸ਼ਖ਼ਸੀਅਤ ਉਸਤਾਦ ਮਹਿੰਗਾ ਸਿੰਘ ਦਾ ਜਨਮ 1 ਅਕਤੂਬਰ, 1920 ਨੂੰ ਉੱਚੀ ਪੱਲੀ, ਜ਼ਿਲ੍ਹਾ ਨਵਾਂਸ਼ਹਿਰ ਵਿਚ ਹੋਇਆ। ਇਕ ਮੰਦਭਾਗੀ ਘਟਨਾ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਜਾਂਦੀ ਰਹੀ ਪਰ ਇਸ ਦੌਰਾਨ ਗਿਆਨ ਦਾ ਚਿਰਾਗ ਅੰਦਰ ਰੌਸ਼ਨ ਹੋ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਉਸਤਾਦ ਸ੍ਰੀ ਰਘੂਨਾਥ ਰਾਓ ਕੁਲਕਰਣੀ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਸੰਗੀਤ ਦੇ ਨਾਲ-ਨਾਲ ਉਨ੍ਹਾਂ ਨੂੰ ਦਸਤਕਾਰੀ ਦੇ ਅਨੇਕ ਕੰਮਾਂ ਵਿਚ ਵੀ ਮੁਹਾਰਤ ਹਾਸਲ ਸੀ। ਉਨ੍ਹਾਂ ਨੇ ਸੰਨ 1960 ਤੋਂ 1976 ਤੱਕ 16 ਸਾਲ ਨੇਤਰਹੀਣ ਬੱਚਿਆਂ ਨੂੰ ਤਬਲਾ, ਵਾਜਾ, ਬਰੇਲ ਲਿਪੀ ਅਤੇ ਦਸਤਕਾਰੀ ਦੀ ਸਿਖਲਾਈ ਦਿੱਤੀ। 4 ਸਾਲ ਤੱਕ ਉਨ੍ਹਾਂ ਨੇ ਅਕਾਲ ਗੁਰਮਤਿ ਸੰਗੀਤ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਚ ਗੁਰਬਾਣੀ ਕੀਰਤਨ ਦੀ ਸਿੱਖਿਆ ਦਿੱਤੀ। ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸੰਨ 1981 ਵਿਚ ਸੁਲਤਾਨਪੁਰ ਲੋਧੀ ਵਿਖੇ ਸਨਮਾਨਿਤ ਕੀਤਾ ਗਿਆ। 30 ਜੁਲਾਈ, 2010 ਨੂੰ ਇਹ ਮਹਾਨ ਕਲਾਕਾਰ ਦੁਨੀਆ ਤੋਂ ਹਮੇਸ਼ਾ ਲਈ ਕੂਚ ਕਰ ਗਿਆ।
ਪ੍ਰੋ: ਅਵਤਾਰ ਸਿੰਘ ਨਾਜ਼ : ਆਪ ਦਾ ਜਨਮ ਪਿਤਾ ਜੈਰਾਮ ਸਿੰਘ ਦੇ ਗ੍ਰਹਿ 24 ਜਨਵਰੀ, 1933 ਨੂੰ ਹੋਇਆ। ਉਨ੍ਹਾਂ ਨੇ ਮਾਸਟਰ ਮੋਹਨ ਲਾਲ ਸਿੰਧੀ, ਸੰਤ ਸੁਜਾਨ ਸਿੰਘ, ਉਸਤਾਦ ਸੰਤੋਖ ਸਿੰਘ, ਪੰਡਿਤ ਵੇਦ ਵਿਆਸ ਜੋਸ਼ੀ ਅਤੇ ਪ੍ਰੋ: ਬੀ.ਐਨ. ਦੱਤਾ ਕੋਲੋਂ ਸੰਗੀਤ ਦੀ ਸਿੱਖਿਆ ਲਈ। ਸੰਨ 1962 ਵਿਚ ਉਨ੍ਹਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ ਸੰਗੀਤ ਦੇ ਪ੍ਰੋਫੈਸਰ ਦੀ ਸੇਵਾ ਸੰਭਾਲੀ, ਜਿਹੜੀ ਸੰਨ 2002 ਤੱਕ ਨਿਰੰਤਰ ਜਾਰੀ ਰਹੀ। ਉਨ੍ਹਾਂ ਦੇ ਪ੍ਰਸਿੱਧ ਸ਼ਾਗਿਰਦਾਂ ਦੇ ਨਾਂਅ ਹਨ-ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ), ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਸੁਰਿੰਦਰ ਸਿੰਘ ਜੋਧਪੁਰੀ (ਸਾਬਕਾ ਹਜ਼ੂਰੀ ਰਾਗੀ), ਭਾਈ ਸਤਿੰਦਰਬੀਰ ਸਿੰਘ, ਭਾਈ ਬਲਦੇਵ ਸਿੰਘ (ਦੋਵੇਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ)। ਸਭ ਤੋਂ ਵੱਧ ਸ਼ਾਗਿਰਦਾਂ ਦੇ ਉਸਤਾਦ ਹੋਣ ਦਾ ਮਾਣ ਪ੍ਰੋ: ਅਵਤਾਰ ਸਿੰਘ ਨਾਜ਼ ਹੁਰਾਂ ਨੂੰ ਪ੍ਰਾਪਤ ਮੰਨਿਆ ਜਾਂਦਾ ਹੈ। ਸਿੱਖ ਪੰਥ ਦੀ ਝੋਲੀ ਨਾਮਵਰ ਕੀਰਤਨੀਏ ਪਾਉਣ ਬਦਲੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰੋ: ਨਾਜ਼ ਨੂੰ ਸਨਮਾਨਿਤ ਕੀਤਾ ਗਿਆ ਸੀ। ਗੁਰਮਤਿ ਸੰਗੀਤ ਦੀ ਮਹਾਨ ਅਤੇ ਵਡਮੁੱਲੀ ਦਾਤ ਵੰਡਦੇ ਹੋਏ ਨਾਜ਼ ਜੀ 29 ਨਵੰਬਰ, 2007 ਨੂੰ ਸਦੀਵੀ ਵਿਛੋੜਾ ਦੇ ਗਏ।
ਪ੍ਰਿੰਸੀਪਲ ਗੁਰਜੰਟ ਸਿੰਘ (ਨੈਸ਼ਨਲ ਐਵਾਰਡੀ) : ਪ੍ਰਿੰਸੀਪਲ ਗੁਰਜੰਟ ਸਿੰਘ ਐਮ.ਏ. ਦਾ ਜਨਮ 13 ਅਪ੍ਰੈਲ, 1949 ਨੂੰ ਪਿੰਡ ਖਿਉਵਾਲੀ, ਜ਼ਿਲ੍ਹਾ ਮੁਕਤਸਰ ਵਿਚ ਪਿਤਾ ਸ: ਨਿਰੰਜਨ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਮੁਢਲੀ ਤਾਲੀਮ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਹਗੜ੍ਹ ਅੰਧਵਿਦਿਆਲੇ ਤੋਂ ਹਾਸਲ ਕੀਤੀ। ਸੰਨ 1976 ਵਿਚ ਉਨ੍ਹਾਂ ਨੇ ਪੋਲੀਟਿਕਲ ਸਾਇੰਸ ਦੀ ਐਮ.ਏ. ਕੀਤੀ ਅਤੇ ਨਾਲ ਹੀ ਸੂਰਮਾ ਸਿੰਘ ਆਸ਼ਰਮ ਦੇ ਪ੍ਰਿੰਸੀਪਲ ਵਜੋਂ ਸੇਵਾ ਸੰਭਾਲੀ। ਇਸ ਸੇਵਾ ਦੌਰਾਨ ਉਨ੍ਹਾਂ ਇਕ ਪ੍ਰਚਾਰਕ ਦੇ ਤੌਰ 'ਤੇ ਕਥਾ, ਲੈਕਚਰ ਅਤੇ ਕੀਰਤਨ ਦੀ ਸੇਵਾ ਵੀ ਕੀਤੀ। ਵੱਖ-ਵੱਖ ਖੇਤਰਾਂ ਵਿਚ ਅਤੇ ਖਾਸਕਰ ਵਿੱਦਿਅਕ ਖੇਤਰ ਵਿਚ ਉਨ੍ਹਾਂ ਦੇ ਉੱਘੇ ਯੋਗਦਾਨ ਸਦਕਾ 25 ਮਾਰਚ, 1979 ਨੂੰ ਦੇਸ਼ ਦੇ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਨੀਲਮ ਸੰਜੀਵਾ ਰੈਡੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਪਰ 5 ਸਾਲ ਬਾਅਦ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਉਨ੍ਹਾਂ ਇਹ ਸਨਮਾਨ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਨੇਤਰਹੀਣ ਲੜਕੀਆਂ ਦੀ ਸਾਂਭ-ਸੰਭਾਲ ਲਈ ਇਕ ਸੰਸਥਾ ਬਣਾਉਣ ਦੀ ਸੋਚਦਿਆਂ ਉਨ੍ਹਾਂ 26 ਮਾਰਚ, 1985 ਨੂੰ 'ਬੀਬੀ ਭਾਨੀ ਇਸਤਰੀ ਨੇਤਰਹੀਣ ਕਿਰਤ ਅਤੇ ਸਿਖਲਾਈ ਕੇਂਦਰ' ਦੀ ਨੀਂਹ ਰੱਖੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਜਥੇਦਾਰ ਪ੍ਰੇਮ ਸਿੰਘ ਲਾਲਪੁਰਾ ਹੱਥੋਂ ਕੌਮੀ ਐਵਾਰਡ ਦਿੱਤਾ ਗਿਆ। ਗੁਰੂ ਦੇ ਹੁਕਮ ਵਿਚ ਮਹਾਨ ਸੇਵਾਵਾਂ ਨਿਭਾਉਂਦੇ ਹੋਏ ਪ੍ਰਿੰਸੀਪਲ ਗੁਰਜੰਟ ਸਿੰਘ 8 ਅਪ੍ਰੈਲ, 2010 ਨੂੰ ਗੁਰਪੁਰੀ ਸਿਧਾਰ ਗਏ। ਉਨ੍ਹਾਂ ਦੇ ਉੱਘੇ ਸ਼ਾਗਿਰਦਾਂ ਵਿਚ ਭਾਈ ਗੁਰਮੇਜ ਸਿੰਘ, ਮਾਸਟਰ ਭੋਲਾ ਨਾਥ, ਭਾਈ ਅਮਰੀਕ ਸਿੰਘ, ਭਾਈ ਦਰਸ਼ਨ ਸਿੰਘ ਅਤੇ ਹੋਰ ਅਨੇਕਾਂ ਨਾਂਅ ਸ਼ਾਮਿਲ ਹਨ।
ਬਾਬਾ ਦਰਸ਼ਨ ਸਿੰਘ : ਬਾਬਾ ਦਰਸ਼ਨ ਸਿੰਘ ਦਾ ਜਨਮ ਪਹਿਲੀ ਮਾਰਚ, 1942 ਨੂੰ ਪਿੰਡ ਝੇਰਾਂ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਪਿਤਾ ਬਿਸ਼ਨ ਸਿੰਘ ਦੇ ਗ੍ਰਹਿ ਮਾਤਾ ਤ੍ਰਿਪਤ ਕੌਰ ਦੀ ਕੁੱਖੋਂ ਹੋਇਆ। ਸੰਗੀਤ ਦੀ ਮੁਢਲੀ ਸਿੱਖਿਆ ਉਨ੍ਹਾਂ ਨੇ ਸੂਰਮਾ ਸਿੰਘ ਆਸ਼ਰਮ ਤੋਂ ਪ੍ਰਾਪਤ ਕੀਤੀ। ਉਸਤਾਦ ਮਹਿੰਗਾ ਸਿੰਘ ਦੀ ਨਿਗਰਾਨੀ ਵਿਚ ਉਨ੍ਹਾਂ 'ਸੂਰਮਾ ਸਿੰਘ ਭੁਝੰਗੀ ਸਭਾ' ਬਣਾਈ, ਜਿਸ ਨੇ ਹਰ ਸਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਉੱਤੇ ਕੀਰਤਨ ਦਰਬਾਰ ਸ਼ੁਰੂ ਕੀਤੇ। ਉਹ ਲੰਮਾ ਸਮਾਂ ਭਾਰਤ ਨੇਤਰਹੀਣ ਸੇਵਕ ਸਭਾ ਦੇ ਜਨਰਲ ਸਕੱਤਰ ਅਤੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਤਰਹੀਣ ਸੰਗੀਤ ਵਿਦਿਆਲਾ ਵੀ ਸਥਾਪਤ ਕਰਵਾਇਆ। ਆਪਣੇ ਜੀਵਨ ਦਾ ਬਹੁਤਾ ਸਮਾਂ ਉਨ੍ਹਾਂ ਨੇਤਰਹੀਣਾਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਲਈ ਕੰਮ ਕਰਦਿਆਂ ਬਤੀਤ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਦੀ ਅਣਥੱਕ ਮਿਹਨਤ ਸਕਦਾ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠਲੇ ਪ੍ਰਬੰਧਾਂ ਵਾਲੇ ਵੱਖ-ਵੱਖ ਗੁਰਧਾਮਾਂ ਅਤੇ ਅਦਾਰਿਆਂ ਅਤੇ ਸਰਕਾਰੀ ਮਹਿਕਮਿਆਂ ਵਿਚ ਨੇਤਰਹੀਣਾਂ ਨੂੰ ਸੰਗੀਤ ਅਧਿਆਪਕਾਂ ਵਜੋਂ ਨੌਕਰੀਆਂ ਮਿਲੀਆਂ ਹੋਈਆਂ ਹਨ। ਇਹੋ ਜਿਹੇ ਹੋਰ ਅਨੇਕਾਂ ਪਰਉਪਕਾਰ ਕਰਦੇ ਹੋਏ ਬਾਬਾ ਦਰਸ਼ਨ ਸਿੰਘ 10 ਮਈ, 2012 ਨੂੰ ਸਦੀਵੀ ਵਿਛੋੜਾ ਦੇ ਗਏ।


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਕਿਸ਼ਨ ਸਿੰਘ ਗੜਗੱਜ

ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਹ ਪਰਵਾਨੇ ਆਜ਼ਾਦੀ ਦੀ ਲਾਟ 'ਤੇ ਨਿਛਾਵਰ ਹੋ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਬੱਬਰ ਅਕਾਲੀ ਲਹਿਰ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਇਸ ਲਹਿਰ ਦੇ ਮੋਢੀ ਕਿਸ਼ਨ ਸਿੰਘ ਦਾ ਜਨਮ ਪਿੰਡ ਬੜਿੰਗ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਇਹ ਕੱਦਾਵਰ, ਬਲਵਾਨ, ਨਿਡਰ ਨੌਜਵਾਨ ਫੌਜ ਵਿਚ ਭਰਤੀ ਹੋ ਗਿਆ। ਜਦੋਂ 1919 ਦੀ ਖੂਨੀ ਵਿਸਾਖੀ ਦਾ ਸਾਕਾ ਹੋਇਆ ਤਾਂ ਕਿਸ਼ਨ ਸਿੰਘ ਦਾ ਖੂਨ ਖੌਲ ਉੱਠਿਆ ਅਤੇ ਇਸ ਨੇ ਫੌਜ ਵਿਚ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਫੌਜ ਦੀ ਨੌਕਰੀ ਛੱਡ ਕੇ 1920 ਈ: ਵਿਚ ਉਹ ਅਕਾਲੀ ਲਹਿਰ ਨਾਲ ਜੁੜ ਗਿਆ। ਇਸ ਸਮੇਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਮੋਰਚਾ ਚੱਲ ਰਿਹਾ ਸੀ। ਮੋਰਚੇ ਦੇ ਸ਼ਾਂਤ ਸਿੰਘਾਂ ਉੱਤੇ ਤਸ਼ੱਦਦ ਕਰਕੇ ਸ੍ਰੀ ਨਨਕਾਣਾ ਸਾਹਿਬ ਵਿਖੇ 150 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਸ਼ਨ ਸਿੰਘ ਨੇ ਸ਼ਾਂਤਮਈ ਸੰਘਰਸ਼ ਦੀ ਥਾਂ ਸ਼ਸਤ੍ਰਧਾਰੀ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਉਸ ਦੀਆਂ ਗਰਮਜੋਸ਼ੀ ਵਾਲੀਆਂ ਧੜੱਲੇਦਾਰ ਤਕਰੀਰਾਂ ਨੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਉਸ ਨੇ ਸਰਕਾਰ ਤੋਂ ਬਾਗੀ ਹੋ ਕੇ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਅੰਗਰੇਜ਼ ਸਰਕਾਰ ਵਿਰੁੱਧ ਇਕ ਚੱਕਰਵਰਤੀ ਜਥਾ ਬਣਾਇਆ ਅਤੇ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ ਸੋਧਣਾ ਸ਼ੁਰੂ ਕੀਤਾ। ਅਗਸਤ, 1922 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ 'ਬੱਬਰ ਅਕਾਲੀ ਦੁਆਬਾ ਅਖ਼ਬਾਰ' ਸ਼ੁਰੂ ਕੀਤਾ ਗਿਆ। ਇਸ ਵਿਚ ਜੋਸ਼ ਅਤੇ ਬੀਰ ਰਸ ਦੀਆਂ ਕਵਿਤਾਵਾਂ, ਇਤਿਹਾਸ ਦੇ ਖੂਨੀ ਪੱਤਰੇ ਅਤੇ ਅੰਗਰੇਜ਼ਾਂ ਦੀਆਂ ਵਧੀਕੀਆਂ ਬਾਰੇ ਲਿਖਿਆ ਜਾਂਦਾ ਸੀ। ਇਨ੍ਹਾਂ ਦੀਆਂ ਭਾਵਪੂਰਤ ਲਿਖਤਾਂ ਅਤੇ ਭਾਸ਼ਣਾਂ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਲੋਕਾਂ ਵਿਚ ਚੇਤਨਾ ਫੈਲ ਗਈ। ਮੁਖ਼ਬਰਾਂ ਦੇ ਆਸਰੇ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 28 ਫਰਵਰੀ, 1925 ਨੂੰ 6 ਬੱਬਰਾਂ ਨੂੰ ਫਾਂਸੀ, 38 ਨੂੰ 7-7 ਸਾਲ ਦੀ ਕੈਦ ਅਤੇ 10 ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਫਾਂਸੀ ਤੋਂ ਇਕ ਦਿਨ ਪਹਿਲਾਂ ਸ: ਕਿਸ਼ਨ ਸਿੰਘ ਨੇ ਇਕ ਪ੍ਰਭਾਵਸ਼ਾਲੀ ਤਕਰੀਰ ਦਿੱਤੀ ਤੇ ਕਿਹਾ ਕਿ ਸਾਡੇ ਧੰਨ ਭਾਗ ਹਨ, ਜੋ ਅਸੀਂ ਉਨ੍ਹਾਂ ਦੇਸ਼-ਭਗਤਾਂ ਦੀ ਕਤਾਰ ਵਿਚ ਖੜ੍ਹੇ ਹਾਂ, ਜਿਨ੍ਹਾਂ ਨੇ ਮਾਂ-ਭੂਮੀ ਦੀ ਬੰਦਖਲਾਸੀ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਸਾਨੂੰ ਲਾਲੀਆਂ ਚੜ੍ਹੀਆਂ ਹੋਈਆਂ ਹਨ ਅਤੇ ਸਾਡੇ ਦਿਲਾਂ ਅੰਦਰ ਆਜ਼ਾਦੀ ਦੀ ਮਸ਼ਾਲ ਲਟ-ਲਟ ਬਲ ਰਹੀ ਹੈ। 27 ਫਰਵਰੀ, 1926 ਨੂੰ ਅੰਮ੍ਰਿਤ ਵੇਲੇ ਸਾਰੇ ਬੱਬਰਾਂ ਨੇ ਨਿੱਤਨੇਮ ਕੀਤਾ ਅਤੇ ਦਗਦਗ਼ ਕਰਦੇ ਚਿਹਰਿਆਂ ਨਾਲ ਮੌਤ ਵਿਆਹੁਣ ਤੁਰ ਪਏ। ਸ: ਕਿਸ਼ਨ ਸਿੰਘ ਗੜਗੱਜ ਆਪਣੇ ਹੋਰ ਸਾਥੀਆਂ ਸ: ਕਰਮ ਸਿੰਘ, ਸ: ਸੰਤਾ ਸਿੰਘ, ਸ: ਦਲੀਪ ਸਿੰਘ ਅਤੇ ਸ: ਧਰਮ ਸਿੰਘ ਨਾਲ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋ ਗਏ। ਅੱਜ ਸਿੱਖ ਕੌਮ ਦੀ ਗਿਣਤੀ ਭਾਵੇਂ ਘੱਟ ਹੈ ਪਰ ਇਨ੍ਹਾਂ ਨੇ ਸਿੱਧ ਕੀਤਾ ਹੈ-
ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,
ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ।
ਬੰਦੇ ਗਿਣੋ ਨਾ, ਸਗੋਂ ਇਹ ਕਰੋ ਗਿਣਤੀ,
ਓਸ ਕੌਮ ਵਿਚ ਹੋਏ ਸ਼ਹੀਦ ਕਿੰਨੇ।

200 ਸਾਲ ਪੁਰਾਣੀ ਟਕਸਾਲ ਦੀ ਹੋਂਦ ਬਣੀ ਬੁਝਾਰਤ

ਅੰਮ੍ਰਿਤਸਰ ਦੇ ਕਟੜਾ ਹਰੀ ਸਿੰਘ ਭੰਗੀ ਦੇ ਟਕਸਾਲ ਚੌਕ 'ਚ ਮੌਜੂਦ ਲਗਪਗ 200 ਸਾਲ ਪੁਰਾਣੀ ਇਮਾਰਤ ਜੋ ਕਿ ਸਰਕਾਰੀ ਦਸਤਾਵੇਜ਼ਾਂ ਵਿਚ ਭੰਗੀ ਟਕਸਾਲ ਦੇ ਨਾਂਅ ਹੇਠ ਦਰਜ ਹੈ, ਬਾਰੇ ਇਤਿਹਾਸ ਦੀਆਂ ਪੁਸਤਕਾਂ ਵਿਚ ਬਹੁਤੀ ਜਾਣਕਾਰੀ ਦਰਜ ਨਾ ਹੋਣ ਕਰਕੇ ਉਸ ਦੀ ਹੋਂਦ ਬੁਝਾਰਤ ਬਣੀ ਹੋਈ ਹੈ। ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਉਪਰੋਕਤ ਇਮਾਰਤ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਇਸ ਦੇ ਮੌਜੂਦਾ ਮਾਲਕਾਂ ਵਲੋਂ ਪੰਜਾਬ ਸਰਕਾਰ ਦੇ ਵਿਰਾਸਤੀ ਇਮਾਰਤਾਂ ਦੀ ਨਵਉਸਾਰੀ ਲਈ ਕਾਇਮ ਕੀਤੇ ਹੈਰੀਟੇਜ ਐਂਡ ਪਰਮੋਸ਼ਨ ਬੋਰਡ ਨੂੰ ਸਮਾਰਕ ਦੇ ਨਵ-ਨਿਰਮਾਣ ਲਈ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਇਸ ਇਮਾਰਤ ਦੇ ਜ਼ਮੀਨਦੋਜ਼ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਬੋਰਡ ਵਲੋਂ ਸਮਾਰਕ ਦੇ ਨਵਨਿਰਮਾਣ ਲਈ ਮਨਜ਼ੂਰੀ ਨਾ ਮਿਲਣ 'ਤੇ ਟਕਸਾਲ ਚੌਕ ਵਿਚ ਲੱਖਾਂ ਰੁਪਇਆਂ ਦੀ ਲਾਗਤ ਨਾਲ ਉੱਥੇ ਮੌਜੂਦ ਨਾਜਾਇਜ਼ ਉਸਾਰੀਆਂ ਅਤੇ ਬਿਜਲੀ ਦੀਆਂ ਤਾਰਾਂ ਦੇ ਝੁੰਡ, ਖੰਭੇ, ਟਿਊਬਵੈੱਲ ਆਦਿ ਨੂੰ ਹਟਾ ਕੇ ਚੌਕ 'ਚ ਚੀਨੀ ਦੀਆਂ ਰੰਗਦਾਰ ਟਾਈਲਾਂ ਲਗਾ ਕੇ ਚੌਕ ਨੂੰ ਖੁੱਲ੍ਹਾ ਅਤੇ ਖ਼ੂਬਸੂਰਤ ਬਣਾ ਦਿੱਤਾ ਗਿਆ ਹੈ।
ਇਤਿਹਾਸ ਦੇ ਜਾਣਕਾਰਾਂ ਅਨੁਸਾਰ ਭੰਗੀ ਮਿਸਲ ਦੇ ਸ਼ਾਸਨ ਸਮੇਂ ਸ਼ਹਿਰ ਦੇ ਚੌਕ ਚੁਰਸਤੀ ਅਟਾਰੀ ਦੇ ਪਾਸ ਹਰੀ ਸਿੰਘ ਭੰਗੀ ਵਲੋਂ ਉਸਾਰੇ ਕਟੜਾ ਹਰੀ ਸਿੰਘ ਭੰਗੀ ਵਿਚ ਸਿੱਕੇ ਢਾਲਣ ਲਈ ਇਹ ਟਕਸਾਲ ਲਗਵਾਈ ਗਈ ਸੀ, ਜਿਸ ਦਾ ਬਾਕੀ ਮਿਸਲਾਂ ਦੇ ਸਰਦਾਰਾਂ ਨਾਲ ਕੋਈ ਸੰਬੰਧ ਨਹੀਂ ਸੀ। ਪੁਰਾਤਨ ਸਿੱਕਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਭੰਗੀ ਮਿਸਲ ਵਾਲੀ ਟਕਸਾਲ 'ਚ ਸੰਨ 1775 ਵਿਚ ਜੋ ਸਿੱਕੇ ਢਲਵਾਏ ਗਏ ਸਨ, ਉਨ੍ਹਾਂ 'ਤੇ ਇਕ ਪਾਸੇ 'ਸਿੱਕਾ ਜਦ ਬਰ ਹਰ ਦੋ ਆਲਮ ਫ਼ਜ਼ਲ ਸੱਚਾ ਸਾਹਿਬ ਤੇਗ਼ ਫ਼ਤਿਹ ਗੋਬਿੰਦ ਸਿੰਘ ਸ਼ਾਹ ਨਾਨਕ ਵਹਾਬ ਅਸਤਿ' ਅਤੇ ਦੂਜੇ ਪਾਸੇ 'ਜ਼ਰਬ ਸ੍ਰੀ ਅੰਮ੍ਰਿਤਸਰ ਜਲੂਸ, ਤਖ਼ਤ ਅਕਾਲ ਤਖ਼ਤ ਸੰਮਤ 1832' ਇਬਾਰਤ ਦਰਜ ਸੀ, ਜਦੋਂ ਕਿ ਇਸੇ ਟਕਸਾਲ ਤੋਂ ਜਾਰੀ ਕੁਝ ਹੋਰਨਾਂ ਸਿੱਕਿਆਂ 'ਤੇ ਇਕ ਪਾਸੇ 'ਅਕਾਲ ਸਹਾਇ ਗੁਰੂ ਨਾਨਕ ਜੀ' ਅਤੇ ਦੂਜੇ ਪਾਸੇ 'ਸਿੱਕਾ ਜਦ ਬਰ ਸਿਮ ਓ ਜ਼ਰ ਤੇਗ਼ ਨਾਨਕ ਵਹਾਬ ਅਸਤਿ ਫ਼ਤਿਹ-ਏ-ਗੋਬਿੰਦ ਸ਼ਾਹ-ਏ-ਸ਼ਾਹਾਨ ਫ਼ਜ਼ਲ ਸੱਚਾ ਸਾਹਿਬ ਅਸਤਿ' ਇਬਾਰਤ ਦਰਜ ਸੀ। ਭੰਗੀ ਟਕਸਾਲ ਤੋਂ ਸੰਨ 1775 ਤੋਂ ਲੈ ਕੇ ਸੰਨ 1800 ਦੇ ਕੁਝ ਵਰ੍ਹੇ ਬਾਅਦ ਤੱਕ ਵੀ ਸਿੱਕੇ ਢਾਲੇ ਜਾਂਦੇ ਰਹੇ।
ਡਿਸਟ੍ਰਿਕਟ ਗਜ਼ਟੀਅਰ ਅੰਮ੍ਰਿਤਸਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰ ਸਾਲ ਨਵੇਂ ਸਿੱਕੇ ਅੰਮ੍ਰਿਤਸਰ ਅਤੇ ਲਾਹੌਰ ਟਕਸਾਲ ਵਿਚ ਢਲਾਏ ਜਾਂਦੇ ਸਨ ਅਤੇ ਕਿਲ੍ਹਾ ਗੋਬਿੰਦਗੜ੍ਹ ਵਾਲੀ ਟਕਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਿੱਖ ਰਾਜ ਦੇ ਸਿੱਕੇ ਭੰਗੀਆਂ ਦੀ ਉਕਤ ਕਟੜਾ ਹਰੀ ਸਿੰਘ ਭੰਗੀ ਵਿਚਲੀ ਟਕਸਾਲ ਤੋਂ ਹੀ ਢਾਲੇ ਜਾਂਦੇ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1803 ਦੇ ਕਰੀਬ ਜਿਹੇ ਅੰਮ੍ਰਿਤਸਰ ਦੀ ਟਕਸਾਲ ਤੋਂ ਨ੍ਰਤਕੀ ਮੋਰਾਂ ਜੋ ਕਿ ਬਾਅਦ ਵਿਚ ਰਾਣੀ ਮੋਰਾਂ ਬਣੀ, ਦੇ ਕਹਿਣ 'ਤੇ ਉਸ ਦੇ ਨਾਂਅ 'ਤੇ ਮੋਰਾਂ ਸ਼ਾਹੀ ਸਿੱਕਾ ਵੀ ਜਾਰੀ ਕੀਤਾ ਸੀ। ਉਸ ਉੱਪਰ ਮੋਰ ਦੀ ਪੂਛ ਉੱਕਰੀ ਹੋਈ ਸੀ, ਪਰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋਂ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਅਤੇ ਮੋਰਾਂ ਸ਼ਾਹੀ ਸਿੱਕੇ, ਜਿਨ੍ਹਾਂ ਨੂੰ ਆਰਸੀ ਦੀ ਮੋਹਰ ਅਤੇ ਅਸ਼ਰਫ਼ੀ ਵੀ ਕਿਹਾ ਜਾਂਦਾ ਸੀ, ਸੰਨ 1827 'ਚ ਬੰਦ ਹੋ ਗਏ।


-ਅੰਮ੍ਰਿਤਸਰ। ਮੋਬਾ: 93561-27771

ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਭਾਈ ਮਨੀ ਸਿੰਘ ਨੇ

ਭਾਈ ਮਨੀ ਸਿੰਘ ਦਾ ਜਨਮ ਸੰਨ 1644 ਨੂੰ ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫ਼ਰਗੜ੍ਹ ਰਿਆਸਤ ਮੁਲਤਾਨ (ਹੁਣ ਪਾਕਿਸਤਾਨ ਵਿਚ) ਵਿਖੇ ਮਾਤਾ ਮਧਰੀ ਬਾਈ ਦੀ ਕੁੱਖੋਂ ਹੋਇਆ। ਭਾਈ ਸਾਹਿਬ ਦੇ ਪਿਤਾ ਜੀ ਦੇ 12 ਭਰਾ ਸਨ। ਭਾਈ ਮਨੀ ਸਿੰਘ 13 ਸਾਲ ਦੀ ਉਮਰ ਵਿਚ ਆਪਣੇ ਪਿਤਾ ਜੀ ਨਾਲ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤਪੁਰ ਸਾਹਿਬ ਆਏ ਅਤੇ ਮੁੜ ਘਰ ਨਹੀਂ ਗਏ, ਗੁਰੂ ਜੀ ਦੀ ਸੇਵਾ ਨੂੰ ਹੀ ਸਮਰਪਿਤ ਹੋ ਗਏ।
ਭਾਈ ਸਾਹਿਬ ਨੇ ਸੰਗਤਾਂ ਨੂੰ ਲੰਗਰ ਛਕਾਉਣ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਮੰਗ ਕੇ ਲਈ। 15 ਸਾਲ ਦੀ ਉਮਰ ਵਿਚ ਭਾਈ ਮਨੀ ਸਿੰਘ ਦਾ ਵਿਆਹ ਭਾਈ ਲੱਖੀ ਰਾਏ ਵਣਜਾਰਾ ਦੀ ਬੇਟੀ ਬੀਬੀ ਸੀਤੋ ਬਾਈ ਨਾਲ ਹੋਇਆ। ਭਾਈ ਲੱਖੀ ਰਾਏ ਵਣਜਾਰਾ ਨੂੰ ਸਿੱਖ ਕੌਮ ਲੱਖੀ ਸ਼ਾਹ ਵਣਜਾਰਾ ਦੇ ਨਾਂਅ ਨਾਲ ਜਾਣਦੀ ਹੈ। ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਨੇ ਹੀ ਆਪਣੇ ਦਿੱਲੀ ਦੇ ਰਾਏਸੀਨਾ ਨਿਵਾਸ ਦੇ ਮਕਾਨ 'ਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਸਕਾਰ ਕਰਨ ਲਈ ਉਨ੍ਹਾਂ ਦਾ ਧੜ ਰੱਖ ਕੇ ਘਰ ਨੂੰ ਅਗਨ ਭੇਟ ਕਰ ਦਿੱਤਾ ਸੀ। ਹੁਣ ਉਸੇ ਅਸਥਾਨ 'ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਆ ਕੇ ਰੁਕੇ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਬੁਲਾ ਕੇ 9 ਮਹੀਨੇ 9 ਦਿਨ ਅਤੇ 9 ਘੜੀਆਂ ਵਿਚ ਉਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ। ਇਸ ਬੀੜ ਨੂੰ ਬਾਅਦ ਵਿਚ ਟਕਸਾਲੀ ਬੀੜ ਦਾ ਨਾਂਅ ਵੀ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਤਲਵੰਡੀ ਸਾਬੋ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ 'ਚ ਬਾਬਾ ਦੀਪ ਸਿੰਘ ਨੇ ਵੀ ਭਾਈ ਮਨੀ ਸਿੰਘ ਦਾ ਸਾਥ ਦਿੱਤਾ। ਸੰਨ 1733 ਈ: ਨੂੰ ਵੀ ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇ ਤੋਂ ਦੀਵਾਲੀ ਮਨਾਉਣ ਦੀ ਪ੍ਰਵਾਨਗੀ ਲੈ ਲਈ ਪਰ ਪ੍ਰਵਾਨਗੀ ਇਸ ਸ਼ਰਤ 'ਤੇ ਦਿੱਤੀ ਗਈ ਕਿ ਉਨ੍ਹਾਂ ਵਲੋਂ ਸਰਕਾਰੀ ਖਜ਼ਾਨੇ ਵਿਚ ਪੰਜ ਹਜ਼ਾਰ ਰੁਪਏ ਜਜ਼ੀਆ ਟੈਕਸ ਜਮ੍ਹਾਂ ਕਰਵਾਉਣਾ ਹੋਵੇਗਾ। ਜਦੋਂ ਮੁਗ਼ਲ ਸ਼ਾਸਕ ਨੂੰ ਪਤਾ ਲੱਗਾ ਕਿ ਦੀਵਾਲੀ 'ਤੇ ਵੱਡੀ ਗਿਣਤੀ ਵਿਚ ਸਿੱਖ ਅੰਮ੍ਰਿਤਸਰ ਪਹੁੰਚ ਰਹੇ ਹਨ ਤਾਂ ਉਸ ਨੇ ਸਿੱਖਾਂ 'ਤੇ ਹਮਲਾ ਬੋਲ ਕੇ ਕਤਲੇਆਮ ਦੀ ਯੋਜਨਾ ਬਣਾ ਲਈ। ਇਸ ਯੋਜਨਾ ਦੀ ਸੂਹ ਭਾਈ ਮਨੀ ਸਿੰਘ ਨੂੰ ਮਿਲ ਗਈ।
ਉਨ੍ਹਾਂ ਨੇ ਸੱਦਾ-ਪੱਤਰ ਭੇਜ ਕੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਮੁਗ਼ਲ ਸ਼ਾਸਕਾਂ ਦੀ ਨੀਅਤ ਠੀਕ ਨਹੀਂ ਹੈ, ਇਸ ਲਈ ਦੀਵਾਲੀ ਨਹੀਂ ਮਨਾਈ ਜਾਵੇਗੀ। ਇਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਨਾ ਮਨਾਇਆ ਗਿਆ ਪਰ ਲਾਹੌਰ ਦੇ ਸੂਬੇ ਨੇ ਭਾਈ ਮਨੀ ਸਿੰਘ ਨੂੰ ਕਿਹਾ ਕਿ ਜਜ਼ੀਆ ਜਮ੍ਹਾਂ ਕਰਵਾਇਆ ਜਾਵੇ। ਭਾਈ ਮਨੀ ਸਿੰਘ ਨੇ ਕਿਹਾ ਕਿ ਸੰਗਤ ਅੰਮ੍ਰਿਤਸਰ ਨਹੀਂ ਆਈ ਤੇ ਕੋਈ ਚੜ੍ਹਾਵਾ ਨਹੀਂ ਚੜ੍ਹਿਆ, ਇਸ ਲਈ ਸਾਨੂੰ ਵਿਸਾਖੀ ਤੱਕ ਦੀ ਮੋਹਲਤ ਦੇ ਦਿੱਤੀ ਜਾਵੇ। ਸੂਬੇ ਨੇ ਵਿਸਾਖੀ ਤੱਕ ਦੀ ਮੋਹਲਤ ਦੇ ਦਿੱਤੀ।
ਜਜ਼ੀਆ ਕਰ ਨਾ ਦੇਣ ਕਰਕੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸਾਹਿਬ ਨੂੰ ਲਾਹੌਰ ਜੇਲ੍ਹ ਵਿਚ ਬੰਦ ਕਰਕੇ ਕਈ ਤਰ੍ਹਾਂ ਦੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਈ ਮਨੀ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੈਕਾਰਿਆਂ ਦੀ ਗੂੰਜ ਨਾਲ ਮੁਗ਼ਲਾਂ ਦੀਆਂ ਸਾਰੀਆਂ ਸ਼ਰਤਾਂ ਮੰਨਣ ਤੋਂ ਨਾਂਹ ਕਰ ਦਿੱਤੀ। ਇਸ 'ਤੇ ਗੁੱਸੇ 'ਚ ਆਏ ਮੁਗ਼ਲ ਸੂਬੇ ਨੇ ਪਹਿਲਾਂ ਭਾਈ ਮਨੀ ਸਿੰਘ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਤੇ ਉਨ੍ਹਾਂ ਪਿੱਛੋਂ 1734 ਈ: ਨੂੰ ਨਿਖਾਸ ਚੌਕ ਲਾਹੌਰ ਵਿਖੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਪਰ ਭਾਈ ਸਾਹਿਬ ਆਪਣੇ ਸਾਥੀਆਂ ਦੀ ਸ਼ਹਾਦਤ ਸਮੇਂ ਅਤੇ ਆਪਣੇ 'ਤੇ ਹੁੰਦੇ ਜ਼ੁਲਮ ਸਮੇਂ ਲਗਾਤਾਰ ਨਾਮ ਸਿਮਰਨ ਕਰਦੇ ਰਹੇ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਅੱਜ ਅਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਹਰ ਸਾਲ ਮਨਾਇਆ ਜਾਂਦਾ ਹੈ ਪਰ ਅਸੀਂ ਸਿਰਫ ਇਕ ਸਮਾਗਮ ਦੀ ਤਰ੍ਹਾਂ ਹੀ ਅਜਿਹੇ ਮਹਾਨ ਸ਼ਹੀਦਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜੇ ਮਨਾ ਕੇ 'ਆਪਣਾ ਫਰਜ਼ ਪੂਰਾ ਹੋਇਆ ਹੈ' ਸਮਝ ਲੈਂਦੇ ਹਾਂ ਪਰ ਆਪਣੀ ਨਵੀਂ ਪੀੜ੍ਹੀ ਜੋ ਧਰਮ ਤੋਂ ਦੂਰ ਜਾ ਰਹੀ ਹੈ, ਨੂੰ ਆਪਣੇ ਇਨ੍ਹਾਂ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂੰ ਨਹੀਂ ਕਰਵਾਉਂਦੇ।


-ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ।

ਪ੍ਰਾਚੀਨ ਮੰਦਰ

ਬਿਜਲੀ ਮਹਾਂਦੇਵ ਮੰਦਰ ਕੁੱਲੂ

ਸਾਰੇ ਦੇਸ਼ ਵਿਚ ਸ਼ਿਵ ਜੀ ਭਗਵਾਨ ਦੇ ਅਨੇਕਾਂ ਮੰਦਰਾਂ ਵਿਚੋਂ ਅਨੋਖਾ ਤੇ ਅਦਭੁੱਤ ਹੈ ਬਿਜਲੀ ਮਹਾਂਦੇਵ ਮੰਦਰ ਕੁੱਲੂ। ਕਹਿੰਦੇ ਹਨ ਇਸ ਅਨੋਖੇ ਮੰਦਰ ਵਿਚ ਹਰ 12 ਸਾਲ ਵਿਚ ਅਸਮਾਨੀ ਬਿਜਲੀ ਨਾਲ ਸ਼ਿਵ ਲਿੰਗ ਬੁਰੀ ਤਰ੍ਹਾਂ ਨਸ਼ਟ ਹੋ ਜਾਂਦਾ ਹੈ ਅਤੇ ਫਿਰ ਆਪਣੇ-ਆਪ ਹੀ ਇਸ ਦਾ ਪੁਨਰਨਿਰਮਾਣ ਹੋ ਜਾਂਦਾ ਹੈ। ਹਰ ਵਾਰ ਬਿਜਲੀ ਸਿਰਫ਼ ਸ਼ਿਵਲਿੰਗ ਉੱਪਰ ਹੀ ਡਿਗਦੀ ਹੈ। ਇਸ ਮੰਦਰ 'ਤੇ ਜਾਣ ਲਈ ਦੋ ਰਸਤੇ ਹਨ। ਪਹਿਲਾ ਰਸਤਾ ਕੁੱਲੂ ਤੋਂ 22 ਕਿਲੋਮੀਟਰ ਦਾ ਸਫ਼ਰ, ਅੱਗੇ 3 ਕਿਲੋਮੀਟਰ ਪੈਦਲ ਯਾਤਰਾ ਹੈ। ਬਿਆਸ ਦਰਿਆ ਨੂੰ ਪਾਰ ਕਰਨ ਉਪਰੰਤ ਅਗਲਾ ਸਫ਼ਰ ਰੋਮਾਂਚਕ ਪਗਡੰਡੀਆਂ ਦਾ ਸਫ਼ਰ ਹੈ। ਦੂਜਾ ਰਸਤਾ ਮਨਾਲੀ ਤੋਂ ਸ਼ੁਰੂ ਹੁੰਦਾ ਹੈ। ਮਨਾਲੀ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ 'ਨਗਰ' ਕਸਬਾ। ਇਸ ਤੋਂ 15 ਕਿਲੋਮੀਟਰ ਅੱਗੇ ਜਾਨਾ ਵਾਟਰ ਫਾਲ ਆਉਂਦਾ ਹੈ। ਇਸ ਤੋਂ ਅੱਗੇ ਸ਼ੁਰੂ ਹੁੰਦਾ ਲਗਪਗ ਡੇਢ ਘੰਟੇ ਦਾ ਖ਼ਤਰਨਾਕ ਪਹਾੜੀ ਸਫ਼ਰ, ਜਿਸ ਦੇ ਰਸਤੇ ਵਿਚ ਚਟਾਨਾਂ ਤੇ ਵੱਡੇ-ਵੱਡੇ ਪੱਥਰ ਆਉਂਦੇ ਹਨ। ਇਕ ਵਿਸ਼ਾਲ ਅਤੇ ਦਿਓਕੱਦ ਪਹਾੜ ਦੀ ਚੋਟੀ ਉੱਪਰ ਸਥਿਤ ਹੈ ਬਿਜਲੀ ਮਹਾਂਦੇਵ ਮੰਦਰ ਜੋ ਸਮੁੰਦਰੀ ਤਲ ਤੋਂ 2450 ਮੀਟਰ ਦੀ ਉਚਾਈ 'ਤੇ ਸਥਿਤ ਹੈ। ਵੇਦ, ਪੁਰਾਣ ਅਨੁਸਾਰ ਇਸ ਰਹੱਸਮਈ ਮੰਦਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਜਿਸ ਪਹਾੜੀ ਚੋਟੀ ਉੱਪਰ ਇਹ ਮੰਦਰ ਸਥਿਤ ਹੈ, ਉਸ ਨੂੰ ਅੱਜ ਵੀ 'ਕੋਲਾਂਤ ਰਾਖਸ਼ਸ਼ ਦਾ ਸੀਸ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਕੁੱਲੂ ਸ਼ਹਿਰ ਦਾ ਨਾਮਕਰਨ ਵੀ 'ਕੋਲਾਂਤ' ਤੋਂ ਹੀ ਹੋਇਆ ਹੈ। ਇਸ ਮੰਦਰ ਦੀ ਯਾਤਰਾ ਦਾ ਸਫ਼ਰ ਬਹੁਤ ਹੀ ਰੌਚਕ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ॥

ਸਿਰੀਰਾਗੁ ਮਹਲਾ ੫
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ॥
ਦੇ ਕੰਨੁ ਸੁਣਹੁ ਅਰਦਾਸਿ ਜੀਉ॥
ਠੋਕਿ ਵਜਾਇ ਸਭ ਡਿਠੀਆ
ਤੁਸਿ ਆਪੇ ਲਇਅਨੁ ਛਡਾਇ ਜੀਉ॥ ੧੨॥
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ
ਇਹੁ ਹੋਆ ਹਲੇਮੀ ਰਾਜੁ ਜੀਉ॥ ੧੩॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ॥
ਬੋਲਾਇਆ ਬੋਲੀ ਖਸਮ ਦਾ॥
ਬਹੁ ਮਾਣੁ ਕੀਆ ਤੁਧੁ ਉਪਰੇ
ਤੂੰ ਆਪੇ ਪਾਇਹਿ ਥਾਇ ਜੀਉ॥ ੧੪॥
ਤੇਰਿਆ ਭਗਤਾ ਭੁਖ ਸਦ ਤੇਰੀਆ॥
ਹਰਿ ਲੋਚਾ ਪੂਰਨ ਮੇਰੀਆ॥
ਦੇਹੁ ਦਰਸੁ ਸੁਖਦਾਤਿਆ
ਮੈ ਗਲਿ ਵਿਚਿ ਲੈਹੁ ਮਿਲਾਇ ਜੀਉ॥ ੧੫॥
ਤੁਧੁ ਜੇਵਡੁ ਅਵਰੁ ਨ ਭਾਲਿਆ॥
ਤੂੰ ਦੀਪ ਲੋਅ ਪਇਆਲਿਆ॥
ਤੂੰ ਥਾਨਿ ਥਨੰਤਰਿ ਰਵਿ ਰਹਿਆ
ਨਾਨਕ ਭਗਤਾ ਸਚੁ ਅਧਾਰੁ ਜੀਉ॥ ੧੬॥
(ਅੰਗ 74)
ਪਦ ਅਰਥ : ਸੇਵੇ-ਸੇਂਵਦੀ ਹੈ, ਸਿਮਰਦੀ ਹੈ। ਦੇ ਕੰਨੁ-ਕੰਨ ਦੇ ਕੇ, ਬੜੇ ਧਿਆਨ ਨਾਲ। ਸੁਣਹੁ-ਸੁਣਦੇ ਹੋ। ਠੋਕਿ ਵਜਾਇ-ਠੋਕ ਵਜਾ ਕੇ, ਚੰਗੀ ਤਰ੍ਹਾਂ ਨਾਲ ਪਰਖ ਕੇ। ਸਭ ਡਿਠੀਆ-ਸਾਰੀ ਲੋਕਾਈ ਨੂੰ ਦੇਖ ਲਿਆ ਹੈ। ਤੁਸਿ-ਪ੍ਰਸੰਨ ਹੋ ਕੇ। ਲਇਅਨੁ ਛਡਾਇ-ਛੁਡਾਅ ਲਿਆ ਹੈ।
ਪੈ-ਜ਼ੋਰ ਪਾ ਕੇ, ਦਬਾਅ ਪਾ ਕੇ। ਮਿਹਰਵਾਣ-ਮਿਹਰਵਾਨ ਪ੍ਰਭੂ ਦਾ। ਨ ਰਞਾਣਦਾ-ਦੁਖੀ ਨਹੀਂ ਕਰਦਾ, ਤੰਗ ਨਹੀਂ ਕਰਦਾ। ਸਭ ਸੁਖਾਲੀ-ਸਾਰੀ ਲੁਕਾਈ। ਵੁਠੀਆ-ਵਸਣ ਲੱਗ ਪਈ ਹੈ। ਹੋਆ ਹਲੇਮੀ ਰਾਜੁ-ਹਲੀਮੀ ਵਾਲਾ ਰਾਜ ਕਾਇਮ ਹੋ ਗਿਆ ਹੈ, ਨਿਮ੍ਰਿਤਾ ਵਾਲਾ ਰਾਜ।
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ-ਮੇਰੇ ਅੰਦਰ ਇਕ ਰਸ ਨਾਮ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਬੋਲਾਇਆ ਬੋਲੀ-ਬੋਲਾਇਆ ਹੋਇਆ ਹੀ ਬੋਲਦਾ ਹਾਂ। ਖਸਮ ਦਾ-ਮਾਲਕ ਦਾ। ਤੁਧੁ ਉਪਰੇ-ਤੇਰੇ 'ਤੇ ਹੀ। ਪਾਇਹਿ ਥਾਇ-ਕਬੂਲ ਕਰ ਲਵੇਂਗਾ। ਭੁਖ ਸਚ ਤੇਰੀਆ-ਤੇਰੇ ਦਰਸ਼ਨਾਂ ਦੀ ਸਦਾ ਭੁੱਖ (ਤਾਂਘ) ਲੱਗੀ ਰਹਿੰਦੀ ਹੈ।
ਹਰਿ ਲੋਚਾ ਪੂਰਨ ਮੇਰੀਆ-ਮੇਰੀ ਵੀ ਇਸ ਲੋਚਾ (ਤਾਂਘ) ਨੂੰ ਪੂਰੀ ਕਰੋ। ਸੁਖਦਾਤਿਆ-ਹੇ ਸੁਖਾਂ ਨੂੰ ਦੇਣ ਵਾਲੇ ਪ੍ਰਭੂ। ਮੈ ਗਲ ਵਿਚਿ ਲੈਹੁ-ਮੈਂ ਆਪਣੀ ਗਲਵਕੜੀ ਵਿਚ ਲੈ ਕੇ। ਲੈਹੁ ਮਿਲਾਇ-ਆਪਣੇ ਨਾਲ ਮਿਲਾ ਲਓ।
ਤੁਧੁ ਜੇਵਡੁ-ਤੇਰੇ ਜੇਡਾ ਵੱਡਾ। ਅਵਰੁ-ਹੋਰ ਕੋਈ। ਨ ਭਾਲਿਆ-ਨਹੀਂ ਲੱਭਾ। ਦੀਪ-ਦੀਪਾਂ ਵਿਚ, ਟਾਪੂਆਂ (ਚੌਹਾਂ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਏ ਦੇਸ਼)। ਲੋਅ-ਲੋਕਾਂ ਵਿਚ। ਪਇਆਲਿਆ-ਪਤਾਲਾਂ ਵਿਚ। ਥਾਨਿ ਧਨੰਤਰਿ-ਹਰੇਕ ਥਾਂ, ਸਭਨੀ ਥਾਈਂ। ਰਵਿ ਰਹਿਆ-ਵਿਆਪਕ ਹੈਂ। ਆਧਾਰੁ-ਆਸਰਾ ਹੈ, ਸਹਾਰਾ ਹੈ।
ਪਰਮਾਤਮਾ ਦੀ ਮਿਹਰ ਦੀ ਨਜ਼ਰ ਸਭ ਜੀਵਾਂ 'ਤੇ ਹੈ ਪਰ ਇਹ ਵੱਖਰੀ ਗੱਲ ਹੈ ਕਿ ਕਿਸੇ 'ਤੇ ਬਹੁਤੀ ਹੈ ਅਤੇ ਕਿਸੇ 'ਤੇ ਥੋੜ੍ਹੀ ਹੈ। ਉਸ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਇਸ ਗੱਲ ਦੀ ਸੋਝੀ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗੁਰਮੁਖਾਂ ਨੂੰ ਹੁੰਦੀ ਹੈ। ਗੁਰਵਾਕ ਹੈ-
ਸਭਨਾ ਉਪਰਿ ਨਦਰਿ ਪ੍ਰਭ ਤੇਰੀ॥
ਕਿਸੈ ਥੋੜੀ ਕਿਸੈ ਹੈ ਘਣੇਰੀ॥
(ਰਾਗੁ ਮਾਝ ਮਹਲਾ ੩, ਅੰਗ 119)
ਘਨੇਰੀ-ਬਹੁਤੀ।
ਪਰ ਸ੍ਰਿਸ਼ਟੀ ਦਾ ਰਚਨਹਾਰ ਪ੍ਰਭੂ ਆਪ ਹੀ ਇਸ ਨੂੰ ਨਾਸ ਵੀ ਕਰਨ ਵਾਲਾ ਹੈ-
ਜਿਨਿ ਸਿਰਜੀ ਤਿਨਿ ਆਪੇ ਗੋਈ॥
(ਅੰਗ 119)
ਸਿਰਜੀ-ਪੈਦਾ ਕੀਤੀ ਹੈ, ਰਚਿਆ ਹੈ। ਤਿਨਿ-ਉਹ। ਗੋਈ-ਨਾਸ ਕਰਦਾ ਹੈ।
ਇਸ ਲਈ ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਸਦਾ ਚੇਤੇ ਰੱਖੋ, ਜਿਸ ਸਦਕਾ ਫਿਰ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਪਰਮਾਤਮਾ ਵਿਚ ਬਿਰਤੀ ਜੁੜੀ ਰਹੇਗੀ-
ਨਾਨਕ ਨਾਮੁ ਸਮਾਲਿ ਸਦਾ ਤੂੰ
ਸਹਜੇ ਸਚਿ ਸਮਾਵਣਿਆ॥ (ਅੰਗ 119)
ਸਮਾਲਿ-ਚੇਤੇ ਰੱਖ। ਸਹਜੇ-ਆਤਮਿਕ ਅਡੋਲਤਾ ਵਿਚ ਟਿਕ ਕੇ।
ਸਦਾ ਥਿਰ ਪ੍ਰਭੂ ਦੇ ਗੁਣਾਂ ਦਾ ਕੋਈ ਅੰਤ ਨਹੀਂ ਜਾਣ (ਪਾ) ਸਕਦਾ (ਕਿ ਉਹ ਕਿੰਨਾ ਕੁ ਵੱਡਾ ਹੈ)। ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਮੌਜੂਦ ਹੈ। ਇਸ ਲਈ ਉਸ ਥਿਰ ਰਹਿਣ ਵਾਲੇ ਪ੍ਰਭੂ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਨੂੰ ਸਦਾ ਧਿਆਉਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਗੁਰਵਾਕ ਹੈ-
ਸਚੇ ਅੰਤੁ ਨ ਜਾਣੈ ਕੋਈ॥
ਥਾਨਿ ਥਨੰਤਰਿ ਸਚਾ ਸੋਈ॥
ਨਾਨਕ ਸਚੁ ਧਿਆਈਐ ਸਦ ਹੀ
ਅੰਤਰਜਾਮੀ ਜਾਣੋ ਜੀਉ॥
(ਰਾਗੁ ਮਾਝ ਮਹਲਾ ੫, ਅੰਗ 107)
ਅੰਤਰਜਾਮੀ-ਦਿਲਾਂ ਦੀ ਜਾਣਨ ਵਾਲਾ।
ਰਾਗੁ ਸੂਹੀ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ, ਤੇਰਾ ਨਾਮ ਭਗਤਾਂ ਦਾ ਸਹਾਰਾ ਅਤੇ ਸੰਤਾਂ ਦਾ ਆਸਰਾ ਹੈ-
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ
ਸਚਾ ਸਿਰਜਨਹਾਰਾ॥ (ਅੰਗ 746)
ਤੇਰੇ ਪਦਾਰਥ ਸਦਾ ਕਾਇਮ ਰਹਿਣ ਵਾਲੇ ਹਨ, ਤੇਰੇ ਭੰਡਾਰਾਂ ਵਿਚ ਕਦੇ ਕਮੀ ਨਹੀਂ ਆਉਣ ਵਾਲੀ ਅਤੇ ਤੇਰਾ ਦਰਬਾਰ ਸਦਾ ਸਥਿਰ ਰਹਿਣ ਵਾਲਾ ਹੈ-
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ॥ (ਅੰਗ 746)
ਤੇਰੀ ਹਸਤੀ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ, ਤੇਰੇ ਦਰਸ਼ਨ ਅਦੁੱਤੀ ਹਨ। ਸਤਿਗੁਰਾਂ ਦੇ ਪਾਵਨ ਬਚਨ ਹਨ ਕਿ ਮੈਂ ਉਨ੍ਹਾਂ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਐਨਾ ਪਿਆਰਾ ਲਗਦਾ ਹੈ-
ਤੇਰਾ ਰੂਪੁ ਅਗੰਮੁ ਹੈ
ਅਨੂਪੁ ਤੇਰਾ ਦਰਸਾਰਾ॥
ਹਉਂ ਕੁਰਬਾਣੀ ਤੇਰਿਆ ਸੇਵਕਾ
ਜਿਨ੍ਰ ਹਰਿ ਨਾਮੁ ਪਿਆਰਾ॥
(ਅੰਗ 746-47)
ਅਗੰਮੁ-ਜਿਸ ਤੱਕ ਪਹੁੰਚ ਨਾ ਹੋ ਸਕੇ। ਅਨੂਪੁ-ਅਦੁੱਤੀ। ਦਰਸਾਰਾ-ਦਰਸ਼ਨ।
ਅੱਖਰੀਂ ਅਰਥ : ਹੇ ਪ੍ਰਭੂ, ਸਾਰੀ ਸ੍ਰਿਸ਼ਟੀ ਤੈਨੂੰ ਸੇਂਵਦੀ ਹੈ, ਤੇਰਾ ਸਿਮਰਨ ਕਰਦੀ ਹੈ। ਤੂੰ ਹਰੇਕ ਦੀ ਅਰਜੋਈ (ਅਰਦਾਸ) ਕੰਨ ਲਾ ਕੇ ਭਾਵ ਬੜੇ ਧਿਆਨ ਨਾਲ ਸੁਣਦਾ ਹੈਂ। (ਅਸਾਂ) ਸਾਰੀ ਲੋਕਾਈ ਨੂੰ ਚੰਗੀ ਤਰ੍ਹਾਂ ਨਾਲ ਪਰਖ ਕੇ ਦੇਖ ਲਿਆ ਹੈ, ਜਿਸ ਕਿਸੇ ਨੂੰ ਵੀ ਵਿਕਾਰਾਂ ਤੋਂ ਛੁਡਾਇਆ ਹੈ, ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛੁਡਾਇਆ ਹੈ।
ਸਭ 'ਤੇ ਦਇਆ ਕਰਨ ਵਾਲੇ ਪ੍ਰਭੂ ਦਾ ਹੁਣ ਅਜਿਹਾ ਹੁਕਮ ਹੋ ਗਿਆ ਹੈ, ਅਜਿਹੀ ਕਿਰਪਾ ਦ੍ਰਿਸ਼ਟੀ ਹੋਈ ਹੈ ਕਿ ਜ਼ੋਰ-ਜ਼ੁਲਮ ਨਾਲ ਕੋਈ ਕਿਸੇ ਨੂੰ ਦੁਖੀ ਨਹੀਂ ਕਰਦਾ, ਜਿਸ ਸਦਕਾ ਸਾਰੀ ਲੋਕਾਈ ਸੁਖੀ-ਸੁਖੀ ਅਨੰਦ ਨਾਲ ਵਸਣ ਲੱਗ ਪਈ ਹੈ ਅਤੇ ਸਾਰੇ ਹਲੀਮੀ ਵਾਲਾ ਰਾਜ ਕਾਇਮ ਹੋ ਗਿਆ ਹੈ।
ਹੁਣ ਪਰਮਾਤਮਾ ਦੀ ਅਜਿਹੀ ਕਿਰਪਾ ਦ੍ਰਿਸ਼ਟੀ ਹੋਈ ਹੈ ਕਿ ਹਿਰਦੇ ਅੰਦਰ ਇਕ ਰਸ ਨਾਮ ਅੰਮ੍ਰਿਤ ਦੀ ਧਾਰਾ ਵਰਸ ਰਹੀ ਹੈ। ਹੁਣ ਮਾਲਕ ਦੀ ਜੋ ਮਰਜ਼ੀ ਹੈ, ਮੈਂ ਉਹੀ ਬੋਲ ਬੋਲਦਾ ਹਾਂ। ਹੇ ਪ੍ਰਭੂ, ਮੈਂ ਕੇਵਲ ਤੇਰੇ 'ਤੇ ਹੀ ਮਾਣ ਕਰਦਾ ਹਾਂ, ਤੇਰਾ ਹੀ ਓਟ ਆਸਰਾ ਤੱਕਦਾ ਹਾਂ। (ਮੈਨੂੰ ਨਿਸਚਾ ਹੈ ਕਿ) ਤੂੰ ਆਪੇ ਹੀ ਮੈਨੂੰ ਆਪਣੇ ਦਰ 'ਤੇ ਪ੍ਰਵਾਨ ਕਰ ਲਵੇਂਗਾ।
ਹੇ ਪ੍ਰਭੂ, ਤੇਰਿਆਂ ਭਗਤਾਂ ਨੂੰ ਸਦਾ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ ਹੈ। ਮੇਰੀ ਵੀ ਲੋਚਾ ਅਰਥਾਤ ਤਾਂਘ ਨੂੰ ਪੂਰੀ ਕਰੋ। ਹੇ ਸੁਖਾਂ ਦੇ ਦਾਤੇ, ਮੈਨੂੰ ਵੀ ਦਰਸ਼ਨ ਦਿਓ, ਮੈਨੂੰ ਆਪਣੇ ਗਲ ਨਾਲ ਲਾ ਲਓ।
ਪੰਜਵੀਂ ਨਾਨਕ ਜੋਤਿ ਦੇ ਪਾਵਨ ਬਚਨ ਹਨ ਕਿ ਹੇ ਪ੍ਰਭੂ, ਮੈਂ ਤੇਰੇ ਜੇਡਾ ਹੋਰ ਕਿਸੇ ਨੂੰ ਨਹੀਂ ਦੇਖਿਆ। ਤੂੰ ਦੀਪਾਂ, ਸਾਰੇ ਭਵਨਾਂ ਵਿਚ ਅਤੇ ਪਤਾਲਾਂ ਵਿਚ ਵਿਆਪ ਰਿਹਾ ਹੈਂ। ਤੂੰ ਸਭਨੀਂ ਥਾਈਂ ਭਾਵ ਕਣ-ਕਣ ਵਿਚ ਸਮਾਇਆ ਹੋਇਆ ਹੈਂ। ਹੇ ਸਦਾ ਥਿਰ ਰਹਿਣ ਵਾਲੇ ਪ੍ਰਭੂ, ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

'ਸੂਖਮ' ਵਿਚ ਹੈ ਸ਼ਖ਼ਸੀਅਤ ਵਿਕਾਸ ਦੀ ਅਸਲ ਤਾਕਤ

ਯੋਗ ਸ਼ਾਸਤਰ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਅਜਿਹੇ ਨਿਯਮਾਂ ਨੂੰ ਲੱਭ ਲਿਆ ਹੈ, ਜਿਸ ਰਾਹੀਂ ਸ਼ਖ਼ਸੀਅਤ ਦਾ ਵਿਕਾਸ ਕੀਤਾ ਜਾ ਸਕਦਾ ਹੈ। ਅਜਿਹੇ ਨਿਯਮਾਂ ਵੱਲ ਅਤੇ ਉਪਾਵਾਂ ਵੱਲ ਠੀਕ-ਠਾਕ ਧਿਆਨ ਦੇ ਕੇ ਮਨੁੱਖ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ ਅਤੇ ਉਸ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ। ਵਿਵਾਰਕਾਂ ਗੱਲਾਂ ਵਿਚੋਂ ਇਹ ਵੀ ਇਕ ਹੈ ਅਤੇ ਸਾਰੀ ਸਿੱਖਿਆ ਦਾ ਭੇਵ ਵੀ ਹੈ। ਇਸ ਦੀ ਉਪਯੋਗਤਾ ਸਰਬ-ਦਿਸ਼ਾਵੀਂ ਹੈ। ਭਾਵੇਂ ਪਰਿਵਾਰ ਹੋਵੇ, ਗਰੀਬ, ਅਮੀਰ, ਵਪਾਰੀ ਜਾਂ ਧਾਰਮਿਕ, ਸਾਰਿਆਂ ਦੇ ਜੀਵਨ ਵਿਚ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੀ ਮਹੱਤਵ ਦੀ ਇਕ ਗੱਲ ਹੈ। ਅਜਿਹੇ ਕਈ ਸੂਖ਼ਮ ਨਿਯਮ ਹਨ, ਜੋ ਭੌਤਿਕ ਨਿਯਮਾਂ ਤੋਂ ਪਰੇ ਹਨ ਭਾਵ ਭੌਤਿਕ ਜਗਤ, ਮਾਨਸਿਕ ਜਾਂ ਅਧਿਆਤਮਕ ਜਗਤ ਵਰਗੀਆਂ ਕੋਈ ਸੁਤੰਤਰ ਸੱਤਾ/ਗੱਦੀ ਨਹੀਂ ਹੈ, ਜੋ ਕੁਝ ਹੈ, ਸਭ ਇਕ ਤੱਤ ਹੈ। ਇੰਜ ਕਹੀਏ ਕਿ ਇਕ ਸ਼ੰਕੂ ਆਕਾਰ ਦੀ ਵਸਤੂ ਹੈ ਜੋ ਆਧਾਰ ਤੋਂ ਬਹੁਤ ਮੋਟੀ ਅਤੇ ਸਥੂਲ ਹੈ। ਜਿਵੇਂ-ਜਿਵੇਂ ਇਸ ਦੀ ਉਚਾਈ ਵਧਦੀ ਹੈ, ਇਹ ਪਤਲੀ ਅਤੇ ਸੂਖਮ ਹੁੰਦੀ ਜਾਂਦੀ ਹੈ। ਇਸ ਸੂਖਮ ਨੂੰ ਹੀ ਆਤਮਾ ਕਹਿੰਦੇ ਹਨ ਅਤੇ ਸਥੂਲ ਨੂੰ ਸਰੀਰ। ਜੋ ਕੁਝ ਇਕ ਅਣੂ ਵਿਚ ਹੈ, ਉਹ ਹੀ ਬ੍ਰਹਿਮੰਡ ਵਿਚ ਹੈ। ਸਾਰੀ ਦੁਨੀਆ ਠੀਕ ਇਸੇ ਤਰ੍ਹਾਂ ਹੈ। ਬ੍ਰਹਿਮੰਡ ਦੀਆਂ ਵਿਸ਼ਾਲ ਵਸਤਾਂ ਤਾਂ ਅਸੀਂ ਦੇਖ ਸਕਦੇ ਹਾਂ ਪਰ ਅਣੂ ਜਾਂ ਪ੍ਰਮਾਣੂ ਨੂੰ ਨਹੀਂ। ਇਸੇ ਤਰ੍ਹਾਂ ਸਥੂਲ ਸਰੀਰ ਨੂੰ ਤਾਂ ਦੇਖ ਸਕਦੇ ਹਾਂ ਪਰ ਸੂਖਮ ਤੱਤ ਆਤਮਾ ਨੂੰ ਨਹੀਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪੰਜਾਬ ਵਿਚ ਇਤਿਹਾਸ ਸੰਭਾਲਣ ਦੇ ਯਤਨ ਕਿਵੇਂ ਆਰੰਭ ਹੋਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਤਿਹਾਸਕ ਕਾਰਜਾਂ ਅਤੇ ਇਤਿਹਾਸ ਦੀ ਸੰਭਾਲ ਤਹਿਤ ਹੋਂਦ ਵਿਚ ਆਈ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਜਲਦ ਹੀ (ਲਗਪਗ 1950) ਸ੍ਰੀ ਹਰਿਮੰਦਰ ਸਾਹਿਬ ਦੇ ਆਟਾ ਮੰਡੀ ਬਾਜ਼ਾਰ ਵੱਲ ਪੈਂਦੇ ਮੁੱਖ ਦੁਆਰ ਉੱਪਰ ਬਣੇ 'ਭਾਈ ਸੰਤੋਖ ਸਿੰਘ ਹਾਲ' ਵਿਖੇ ਸਥਾਪਿਤ ਕੀਤੀ ਗਈ, ਜਿਥੇ ਅੱਜ ਤੱਕ ਸਥਾਪਿਤ ਹੈ। 'ਸਿੱਖ ਇਤਿਹਾਸ ਰੀਸਰਚ ਬੋਰਡ' ਵੀ ਇਸੇ ਇਮਾਰਤ ਵਿਚ ਆਪਣੇ ਖੋਜ ਕਾਰਜ ਕਰ ਰਿਹਾ ਹੈ। ਡਾ: ਗੰਡਾ ਸਿੰਘ, ਸ: ਰਣਧੀਰ ਸਿੰਘ ਅਤੇ ਸ: ਸ਼ਮਸ਼ੇਰ ਸਿੰਘ ਅਸ਼ੋਕ ਇਤਿਹਾਸਕ ਖੋਜੀ ਵਿਦਵਾਨਾਂ ਨੇ ਇਸ ਲਾਇਬ੍ਰੇਰੀ ਅਤੇ ਇਤਿਹਾਸ ਬੋਰਡ ਦੇ ਭੰਡਾਰ ਲਈ ਜਿਥੋਂ ਕਿਤਿਓਂ ਵੀ ਕਿਸੇ ਦੁਰਲੱਭ ਪੋਥੀ, ਖਰੜੇ ਜਾਂ ਕਿਤਾਬ ਦੀ ਜਾਣਕਾਰੀ ਮਿਲਦੀ, ਉਥੇ ਜਾ ਪਹੁੰਚ ਕੀਤੀ ਅਤੇ ਅਨਮੋਲ ਖ਼ਜ਼ਾਨਾ ਇਕੱਤਰ ਕੀਤਾ। 'ਸਿੱਖ ਹਿਸਟਰੀ ਸੁਸਾਇਟੀ' ਦੀ 1950 ਵਿਚ ਛਪੀ ਪੁਸਤਕ-ਸੂਚੀ ਅਨੁਸਾਰ 1950 ਈ: ਦੇ ਸਮੇਂ ਲਾਇਬ੍ਰੇਰੀ ਵਿਖੇ 2335 ਪੰਜਾਬੀ ਪੁਸਤਕਾਂ, 1548 ਅੰਗਰੇਜ਼ੀ ਪੁਸਤਕਾਂ ਤੋਂ ਇਲਾਵਾ ਆਸਾਮੀ, ਹਿੰਦੀ, ਉਰਦੂ, ਫ਼ਾਰਸੀ, ਸਿੰਧੀ, ਬੰਗਾਲੀ ਪੁਸਤਕਾਂ ਉਪਲਬਧ ਸਨ।
'ਸਾਡਾ ਹੱਥ ਲਿਖਤ ਪੰਜਾਬੀ ਸਾਹਿਤ' ਅਨੁਸਾਰ 1968 ਸਮੇਂ ਇਥੇ 382 ਹੱਥ-ਲਿਖਤਾਂ ਮੌਜੂਦ ਸਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਦੁਆਰਾ ਜਾਰੀ ਕੀਤੇ ਹੁਕਮਨਾਮੇ, 400 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤ ਬੀੜਾਂ ਵੀ ਸ਼ਾਮਿਲ ਸਨ। ਸਿੱਖ ਇਤਿਹਾਸ ਸਬੰਧੀ ਵੱਡੀ ਮਾਤਰਾ ਵਿਚ ਜਮ੍ਹਾਂ ਦੁਰਲੱਭ ਖ਼ਜ਼ਾਨਾ ਅਤੇ ਤਾਰੀਖ਼ੀ ਰਿਕਾਰਡ ਨੂੰ ਜੂਨ, 1984 ਦੇ ਖੂਨੀ ਸਾਕੇ ਵੇਲੇ ਇਸ ਲਾਇਬ੍ਰੇਰੀ ਵਿਚੋਂ ਫੌਜ ਲੈ ਗਈ ਅਤੇ ਇਸ ਦਾ ਬਹੁਤ ਥੋੜ੍ਹਾ ਹਿੱਸਾ ਵਾਪਸ ਕੀਤਾ ਗਿਆ। ਕੁਝ ਪੁਸਤਕਾਂ ਤੇ ਇਤਿਹਾਸਕ ਰਿਕਾਰਡ ਸਾੜੇ ਜਾਣ ਤੇ ਖੁਰਦ-ਬੁਰਦ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਸ ਤਬਾਹੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਸਾਰਾ ਰਿਕਾਰਡ ਸੜ ਗਿਆ, ਜਿਸ ਵਿਚੋਂ ਬਹੁਤ ਕੁਝ ਕੌਮੀ ਪੱਧਰ 'ਤੇ ਇਤਿਹਾਸ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਸੀ। ਇਥੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਨਾਲ ਸਬੰਧਿਤ ਰਿਕਾਰਡ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬਹੁਤ ਮਹੱਤਵਪੂਰਨ ਦਸਤਾਵੇਜ਼ ਵੀ ਸਨ। ਭਾਵੇਂ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਪੁਨਰਗਠਨ ਕੀਤਾ ਗਿਆ, ਪਰ ਜੋ ਦੁਰਲੱਭ ਖ਼ਜ਼ਾਨਾ ਨਸ਼ਟ ਹੋ ਗਿਆ, ਉਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਲਾਇਬ੍ਰੇਰੀ ਦੇ ਪੁਨਰਗਠਨ ਲਈ ਨਿਰੰਤਰ ਇਸ਼ਤਿਹਾਰਾਂ, ਸੰਸਥਾਵਾਂ ਅਤੇ ਵਿਅਕਤੀਆਂ ਦੇ ਸਹਿਯੋਗ ਰਾਹੀਂ ਪੁਸਤਕਾਂ ਅਤੇ ਖਰੜੇ ਇਕੱਤਰ ਕੀਤੇ ਗਏ ਹਨ ਅਤੇ ਨਿਰੰਤਰ ਕੀਤੇ ਜਾ ਰਹੇ ਹਨ। ਬਹੁਤ ਸਾਰੇ ਵਿਦਵਾਨਾਂ ਵਲੋਂ ਆਪਣੀਆਂ ਨਿੱਜੀ ਲਾਇਬ੍ਰੇਰੀਆਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਗਈਆਂ ਹਨ।
ਇਸ ਸਮੇਂ ਲਾਇਬ੍ਰੇਰੀ ਵਿਖੇ 24000 ਤੋਂ ਉੱਪਰ ਕਿਤਾਬਾਂ ਪੰਜਾਬੀ, ਅੰਗਰੇਜ਼ੀ, ਉਰਦੂ, ਫ਼ਾਰਸੀ, ਹਿੰਦੀ, ਗੁਜਰਾਤੀ, ਤੇਲਗੂ ਆਦਿ ਭਾਸ਼ਾਵਾਂ ਵਿਚ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 530 ਸਰੂਪ ਅਤੇ 1200 ਦੇ ਕਰੀਬ ਹੋਰ ਹੱਥ-ਲਿਖਤ ਪੋਥੀਆਂ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਸੁਨਹਿਰੀ ਬੀੜ ਅਤੇ ਇਕ ਸੂਖਮ ਸਰੂਪ ਵੀ ਇਸ ਲਾਇਬ੍ਰੇਰੀ ਵਿਖੇ ਸੁਸ਼ੋਭਿਤ ਹੈ। ਲੰਬੇ ਸਮੇਂ ਤੋਂ ਪਈਆਂ ਵੱਖ-ਵੱਖ ਪੁਰਾਤਨ ਅਖ਼ਬਾਰਾਂ ਇਥੇ ਸੁਚੱਜੇ ਢੰਗ ਨਾਲ ਆਪਟੀਮਾਇਜ਼ਰ ਵਿਚ ਸੰਭਾਲ ਤਹਿਤ ਰੱਖੀਆਂ ਹਨ। ਇਥੇ ਪ੍ਰਾਪਤ ਪੁਰਾਤਨ ਅਖ਼ਬਾਰਾਂ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖੀਆਂ ਹਨ। ਇਸ ਲਾਇਬ੍ਰੇਰੀ ਵਿਖੇ 245 ਫੋਟੋ ਐਲਬਮ ਮੌਜੂਦ ਹਨ, ਜੋ ਕਿ ਧਰਮ ਯੁੱਧ ਮੋਰਚਿਆਂ, ਹੋਰ ਅਕਾਲੀ ਮੋਰਚਿਆਂ ਅਤੇ ਸ਼ਤਾਬਦੀਆਂ ਨਾਲ ਸਬੰਧਿਤ ਹਨ।
ਲਾਇਬ੍ਰੇਰੀ ਵਿਖੇ ਸਿੱਖ ਇਤਿਹਾਸ ਤੇ ਸਾਹਿਤ ਸਬੰਧੀ ਅਨੇਕਾਂ ਮੈਗਜ਼ੀਨਾਂ ਵੀ ਉਪਲਬਧ ਹਨ, ਜੋ ਖੋਜੀਆਂ ਲਈ ਲਾਭਦਾਇਕ ਸਾਬਤ ਹੁੰਦੇ ਹਨ। ਸਮੁੱਚੇ ਅਨਮੋਲ ਖ਼ਜ਼ਾਨੇ ਦੀ ਸੰਭਾਲ, ਟਰੀਟਮੈਂਟ ਅਤੇ ਪ੍ਰੀਜ਼ਰਵ ਕਰਨ ਲਈ ਇਥੇ ਸਥਿਤ ਫਿਊਮੀਗੇਸ਼ਨ ਚੈਂਬਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਖਜ਼ਾਨੇ ਦਾ ਡਿਜੀਟਾਈਜੇਸ਼ਨ ਕਾਰਜ ਵੀ ਲਗਾਤਾਰ ਮੌਜੂਦਾ ਇੰਚਾਰਜ ਬਗੀਚਾ ਸਿੰਘ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਇੰਚਾਰਜ ਵਜੋਂ ਸੇਵਾ ਨਿਭਾਅ ਚੁੱਕੀਆਂ ਸ਼ਖ਼ਸੀਅਤਾਂ ਵਿਚ ਸ: ਰਣਧੀਰ ਸਿੰਘ (ਡੂਮਛੇੜੀ), ਸ: ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਜੰਗ ਸਿੰਘ, ਸ: ਅਜੀਤ ਸਿੰਘ ਅੰਬਾਲਵੀ, ਸ: ਸੁਰਜੀਤ ਸਿੰਘ, ਸ: ਜਸਮਿੱਤਰ ਸਿੰਘ, ਸ: ਗੁਰਮੁਖ ਸਿੰਘ, ਸ: ਦਵਿੰਦਰ ਸਿੰਘ ਵਿਦਿਆਰਥੀ, ਸ: ਸਰਮੁਖ ਸਿੰਘ ਅਮੋਲ, ਸ: ਦਵਿੰਦਰ ਸਿੰਘ ਦੁੱਗਲ, ਸ: ਜਸਬੀਰ ਸਿੰਘ ਸਾਬਰ, ਸ: ਸਤਨਾਮ ਸਿੰਘ, ਸ: ਹਰਭਜਨ ਸਿੰਘ, ਸ: ਅਨੂਪ ਸਿੰਘ, ਸ: ਬਲਕਾਰ ਸਿੰਘ, ਸ: ਮਹਿੰਦਰ ਸਿੰਘ, ਡਾ: ਰੂਪ ਸਿੰਘ (ਮੁੱਖ ਸਕੱਤਰ), ਸ: ਤਰਲੋਚਨ ਸਿੰਘ, ਸ: ਸੁਲੱਖਣ ਸਿੰਘ, ਸ: ਹਰਭਜਨ ਸਿੰਘ, ਸ: ਇਕਬਾਲ ਸਿੰਘ, ਸ: ਬਲਵਿੰਦਰ ਸਿੰਘ ਜੌੜਾਸਿੰਘਾ (ਸਕੱਤਰ), ਸ: ਗੁਰਬਚਨ ਸਿੰਘ (ਮੀਤ-ਸਕੱਤਰ), ਸ: ਹਰਦੀਪ ਸਿੰਘ, ਸ: ਰਾਮ ਸਿੰਘ, ਸ: ਭੁਪਿੰਦਰ ਸਿੰਘ, ਸ: ਸੁਖਦੇਵ ਸਿੰਘ ਤੇ ਡਾ: ਜੋਗੇਸ਼ਵਰ ਸਿੰਘ ਆਦਿ ਦੇ ਨਾਂਅ ਪ੍ਰਮੁੱਖ ਹਨ।
ਡਾ: ਅਨੁਰਾਗ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਡਾ: ਰੂਪ ਸਿੰਘ ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਬਤੌਰ ਡਾਇਰੈਕਟਰ ਸੇਵਾ ਨਿਭਾਅ ਚੁੱਕੇ ਹਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਸਮੁੱਚਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਨਿਯਤ ਕੀਤੇ ਬੋਰਡ ਦੇ ਮੈਂਬਰਾਂ ਦੀ ਅਗਵਾਈ ਅਨੁਸਾਰ ਚੱਲ ਰਿਹਾ ਹੈ। ਬੋਰਡ ਦੇ ਮੈਂਬਰਾਂ ਵਜੋਂ ਪ੍ਰੋ: ਪ੍ਰਭਜੋਤ ਕੌਰ, ਡਾ: ਬਲਵੰਤ ਸਿੰਘ ਢਿੱਲੋਂ, ਡਾ: ਪਰਮਵੀਰ ਸਿੰਘ, ਸ: ਹਰਵਿੰਦਰ ਸਿੰਘ ਖ਼ਾਲਸਾ ਸੇਵਾਵਾਂ ਨਿਭਾਅ ਰਹੇ ਹਨ। ਸਿੱਖ ਇਤਿਹਾਸ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਵਲੋਂ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। (ਸਮਾਪਤ)


-ਰੀਸਰਚ ਸਕਾਲਰ ਸਿੱਖ ਇਤਿਹਾਸ ਰੀਸਰਚ ਬੋਰਡ,
ਸ੍ਰੀ ਅੰਮ੍ਰਿਤਸਰ।
simran.sidhu662@gmail.com

ਜਨਮ ਦਿਹਾੜੇ 'ਤੇ ਵਿਸ਼ੇਸ਼

ਗੁਰ ਸ਼ਬਦ ਵਿਚ ਰੰਗੀ ਆਤਮਾ ਭਾਈ ਰਣਧੀਰ ਸਿੰਘ

ਭਾਈ ਰਣਧੀਰ ਸਿੰਘ ਦਾ ਜਨਮ 7 ਜੁਲਾਈ, 1878 ਈ: ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਨੱਥਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਪੰਜਾਬ ਕੌਰ ਦੀ ਕੁੱਖ ਤੋਂ ਹੋਇਆ। ਆਪ ਨੇ ਮੁਢਲੀ ਸਿੱਖਿਆ ਨਾਭੇ ਤੋਂ ਹਾਸਲ ਕੀਤੀ। ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਲਿਆ। ਕਾਲਜ ਪੜ੍ਹਦਿਆਂ ਹੀ ਗੁਰਬਾਣੀ ਅਤੇ ਗੁਰਸ਼ਬਦ ਦੀ ਰੰਗਣ ਵਿਚ ਰੰਗੇ ਗਏ। 22 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਕਰਕੇ ਅਜੇ ਜੀਵਨ ਦਾ ਸਫਰ ਆਰੰਭ ਕਰਨਾ ਸੀ ਕਿ ਪੰਜਾਬ ਵਿਚ ਪਲੇਗ ਵਰਗੀ ਭਿਆਨਕ ਬਿਮਾਰੀ ਫੈਲ ਗਈ। 1902 ਈ: ਵਿਚ ਪਲੇਗ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਅੰਗਰੇਜ਼ ਸਰਕਾਰ ਨੇ ਇੰਗਲੈਂਡ ਤੋਂ ਆਏ ਡਾਕਟਰ ਫਿਸ਼ਰ ਨਾਲ ਭਾਈ ਸਾਹਿਬ ਦੀ ਨਾਇਬ-ਤਹਿਸੀਲਦਾਰ ਵਜੋਂ ਨਿਯੁਕਤੀ ਕੀਤੀ। ਇਸ ਤੋਂ ਛੇਤੀ ਪਿੱਛੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਸਰਬਲੋਹ ਦੇ ਧਾਰਨੀ ਬਣ ਕੇ ਬਿਬੇਕੀ ਜੀਵਨ ਆਰੰਭ ਕਰ ਦਿੱਤਾ। ਇਸ ਤੋਂ ਪਿੱਛੋਂ ਕੁਝ ਸਮਾਂ ਐਬਟਾਬਾਦ (ਪਾਕਿਸਤਾਨ) ਵਿਖੇ ਹੈੱਡ ਕਲਰਕ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ। ਪਰ ਆਪ ਦੇ ਹਿਰਦੇ ਵਿਚ ਸਿੱਖ ਧਰਮ ਲਈ ਅਥਾਹ ਪ੍ਰੇਮ ਸੀ। ਉਹ ਨਹੀਂ ਸੀ ਚਾਹੁੰਦੇ ਕਿ ਸਿੱਖ ਸਰਦਾਰ ਅੰਗਰੇਜ਼ ਸਰਕਾਰ ਦੇ ਹੱਥਾਂ ਵਿਚ ਖੇਡਣ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਲਈ ਕਮਰਕੱਸਾ ਕਰ ਲਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਅਵਸਰ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨੇੜੇ ਹੋਣ ਵਾਲੇ ਨਾਚ-ਗਾਣੇ ਤੇ ਮੁਜਰੇ ਬੰਦ ਕਰਵਾਏ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਮੁਕਤੀ ਦਿਵਾਈ। 1914 ਈ: ਵਿਚ ਅੰਗਰੇਜ਼ ਹਕੂਮਤ ਵੱਲੋਂ ਵਾਇਸਰਾਏ ਭਵਨ ਦੇ ਵਿਸਥਾਰ ਲਈ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਗੁ: ਸ੍ਰੀ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹੇ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਨਿਹੱਥੇ ਮੁਸਾਫਿਰਾਂ ਉੱਪਰ ਗੋਲੀ ਚਲਾਉਣ ਦੀ ਘਟਨਾ ਤੋਂ ਪਿੱਛੋਂ ਭਾਈ ਸਾਹਿਬ ਨੇ ਹਕੂਮਤ ਨਾਲ ਸਿੱਧੀ ਟੱਕਰ ਲੈਣ ਲਈ ਤਿਆਰੀ ਆਰੰਭ ਕੀਤੀ। ਦੇਸ਼ ਭਗਤਾਂ ਨਾਲ ਫਿਰੋਜ਼ਪੁਰ ਛਾਉਣੀ 'ਤੇ ਹਮਲਾ ਕਰਨ ਅਤੇ ਲਾਹੌਰ ਸਾਜ਼ਿਸ਼ ਕੇਸ ਵਿਚ ਆਪ ਨੂੰ ਗ੍ਰਿਫਤਾਰ ਕਰਕੇ 30 ਮਾਰਚ 1916 ਨੂੰ ਆਪ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਾਈ ਸਾਹਿਬ ਨੇ ਜੇਲ੍ਹ ਯਾਤਰਾ ਦੌਰਾਨ 42 ਦੇ ਲਗਭਗ ਪੁਸਤਕਾਂ ਗੁਰਮਤਿ ਸਾਹਿਤ ਦੀ ਝੋਲੀ ਵਿਚ ਪਾਈਆਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਪੰਥ ਦੀ ਅਜਿਹੀ ਰੰਗਰੱਤੜੀ ਆਤਮਾ ਸਨ, ਜੋ ਸੱਚਖੰਡ ਪਿਆਨੇ ਤੱਕ ਲਗਾਤਾਰ ਸਿੱਖ ਹਿਤਾਂ ਲਈ ਕਾਰਜਸ਼ੀਲ ਰਹੇ। 83 ਸਾਲ ਦੀ ਉਮਰ ਭੋਗ ਕੇ ਆਪ 16 ਅਪ੍ਰੈਲ 1961 ਨੂੰ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋ ਗਏ।


bhagwansinghjohal@gmail.com

ਪਾਵਨ ਗੁਫ਼ਾ ਬਾਬਾ ਬਰਫ਼ਾਨੀ ਸ੍ਰੀ ਅਮਰਨਾਥ

ਪ੍ਰਕਿਰਤੀ ਅਤੇ ਆਸਥਾ ਦੇ ਸੰਗਮ, ਪਾਵਨ ਗੁਫ਼ਾ ਬਾਬਾ ਬਰਫ਼ਾਨੀ ਸ੍ਰੀ ਅਮਰਨਾਥ, ਧਰਤੀ ਦੇ ਸਵਰਗ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ਤੋਂ 48 ਕਿੱਲੋਮੀਟਰ ਦੀ ਦੂਰੀ 'ਤੇ ਸੁਸ਼ੋਭਿਤ ਹੈ। ਚਾਰੇ ਪਾਸੇ ਬਰਫ ਦੀ ਚਾਦਰ ਲਪੇਟੀ ਹਿਮਾਲਿਆ ਦੀ ਚੋਟੀ ਅਤੇ ਠੰਢੀਆਂ ਹਵਾਵਾਂ 'ਚ 'ਬਮ ਬਮ ਬਾਬਾ ਭੋਲੇ ਨਾਥ...' ਦੇ ਜੈਕਾਰਿਆਂ ਦੀ ਗੂੰਜ ਅਮਰਨਾਥ ਯਾਤਰਾ ਨੂੰ ਸ਼ਰਧਾਮਈ ਬਣਾਉਂਦੀ ਹੈ। ਇਸ ਪਾਵਨ ਗੁਫ਼ਾ ਸ੍ਰੀ ਅਮਰਨਾਥ 'ਚ ਸ਼ਰਧਾਲੂ ਹਰ ਸਾਲ ਬਣਨ ਵਾਲੇ ਕੁਦਰਤੀ ਹਿਮ ਸ਼ਿਵ ਲਿੰਗ ਦੀ ਪੂਜਾ ਅਰਚਨਾ ਕਰਦੇ ਹਨ। ਇਸ ਵਾਰ ਇਹ ਯਾਤਰਾ 29 ਜੂਨ ਤੋਂ 26 ਅਗਸਤ (ਰੱਖੜ ਪੁੰਨਿਆ) ਤੱਕ 48 ਦਿਨ ਚੱਲੇਗੀ। ਸ੍ਰੀ ਅਮਰਨਾਥ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ ਬੇਸ ਕੈਂਪ ਪਹਿਲਗਾਮ ਜਾਂ ਬਾਲਟਾਲ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਪ੍ਰਾਚੀਨ ਕਥਾ ਅਨੁਸਾਰ ਭੋਲੇ ਨਾਥ ਨੇ ਇਸ ਪਾਵਨ ਗੁਫ਼ਾ ਵਿਚ ਮਾਤਾ ਪਾਰਵਤੀ ਨੂੰ ਅਮਰ ਹੋਣ ਦਾ ਰਹੱਸ ਦੱਸਿਆ ਸੀ। ਇਹ ਅਮਰ ਕਥਾ ਗੁਫ਼ਾ 'ਚ ਰਹਿੰਦੇ ਕਬੂਤਰਾਂ ਦੇ ਜੋੜੇ ਨੇ ਵੀ ਸੁਣ ਲਈ ਸੀ। ਉਹ ਵੀ ਅਮਰ ਹੋ ਗਏ। ਅੱਜ ਵੀ ਕਦੇ-ਕਦੇ ਕਬੂਤਰਾਂ ਦਾ ਉਹ ਜੋੜਾ ਗੁਫ਼ਾ ਵਿਚ ਵਿਖਾਈ ਦਿੰਦਾ ਹੈ। ਗੁਫ਼ਾ ਤੱਕ ਪੁੱਜਣ ਲਈ ਦੋ ਰਸਤੇ ਹਨ ਪਰ ਰਵਾਇਤੀ ਯਾਤਰਾ ਮਾਰਗ ਪਹਿਲਗਾਮ ਤੋਂ ਚੰਦਨਵਾੜੀ, ਪਿਸੂ ਘਾਟੀ, ਸ਼ੇਸ਼ਨਾਗ ਤੇ ਪੰਜ ਤਰਨੀ ਹੁੰਦਾ ਹੋਇਆ ਹੈ। ਦੂਸਰਾ ਰਸਤਾ ਬਾਲਟਾਲ ਤੋਂ ਗੁਫ਼ਾ ਤੱਕ ਦੀ ਦੂਰੀ 18 ਕਿੱਲੋਮੀਟਰ ਹੈ।
ਬੇਸ ਕੈਂਪ ਪਹਿਲਗਾਮ ਤੋਂ ਯਾਤਰੀ 16 ਕਿੱਲੋਮੀਟਰ ਸਫਰ ਕਰ ਚੰਦਨਵਾੜੀ ਪਹੁੰਚਦੇ ਹਨ। ਭੋਲੇ ਸ਼ੰਕਰ ਨੇ ਇਥੇ ਆਪਣੇ ਮੱਥੇ ਦਾ ਚੰਦਨ ਛੱਡਿਆ ਸੀ। ਚੰਦਨਵਾੜੀ ਤੋਂ 3 ਕਿੱਲੋਮੀਟਰ ਪਿੱਸੂ ਘਾਟੀ ਹੈ। ਇਥੇ ਦੇਵਤਿਆਂ, ਰਾਖਸ਼ਾਂ ਨੂੰ ਮਾਰ ਕੇ ਉਨ੍ਹਾਂ ਦਾ ਚੂਰਨ ਬਣਾ ਛੱਡਿਆ ਸੀ, ਜਿਹੜਾ ਚੋਟੀ ਦਾ ਰੂਪ ਧਾਰ ਭਾਵ ਪਿਸੂ ਟੌਪ ਬਣ ਗਿਆ। ਪਿਸੂ ਟੌਪ ਤੋਂ ਯਾਤਰੀ 9 ਕਿੱਲੋਮੀਟਰ ਦੂਰੀ ਤੈਅ ਕਰ ਸ਼ੇਸ਼ਨਾਗ ਪੁੱਜਦੇ ਹਨ। ਸ਼ੇਸ਼ਨਾਗ ਤੋਂ ਪੰਜ ਤਰਨੀ 14 ਕਿੱਲੋਮੀਟਰ ਹੈ। ਇਥੋਂ ਯਾਤਰੂ ਸੰਗਮ ਘਾਟੀ ਹੁੰਦੇ ਹੋਏ 6 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਪਾਵਨ ਗੁਫ਼ਾ ਤੱਕ ਪਹੁੰਚਦੇ ਹਨ। ਬਾਲਟਾਲ ਤੋਂ ਪਾਵਨ ਗੁਫ਼ਾ ਤੱਕ ਦਾ 18 ਕਿਲੋਮੀਟਰ ਰਸਤਾ ਤੰਗ ਤੇ ਚੜ੍ਹਾਈ ਵਾਲਾ ਹੈ। ਪਾਵਨ ਗੁਫ਼ਾ ਤੱਕ ਪਹੁੰਚਣ ਤੋਂ ਪਹਿਲਾਂ ਸ਼ਰਧਾਲੂ ਅਮਰਾਵਤੀ ਨਦੀ ਵਿਚ ਇਸ਼ਨਾਨ ਕਰਦੇ ਹਨ। ਫਿਰ ਗੁਫ਼ਾ'ਚ ਸ਼ਿਵਲਿੰਗ ਦੇ ਦਰਸ਼ਨ ਤੇ ਪੂਜਾ ਅਰਚਨਾ ਕਰਦੇ ਹਨ। ਰਸਤੇ ਵਿਚ ਲੰਗਰ ਤੇ ਡਾਕਟਰੀ ਸਹਾਇਤਾ ਕੈਂਪ ਲਗਾਏ ਜਾਂਦੇ ਹਨ। ਸਾਉਣ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਪਾਵਨ ਗੁਫ਼ਾ ਬਾਬਾ ਬਰਫਾਨੀ ਸ੍ਰੀ ਅਮਰਨਾਥ ਯਾਤਰਾ ਸਮਾਪਤ ਹੁੰਦੀ ਹੈ।


-ਪਿੰਡ ਪ੍ਰੀਤਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਧਾਰਮਿਕ ਸਾਹਿਤ

ਗੁਰਮਤਿ ਅੰਕੜਾ ਕੋਸ਼
ਲੇਖਕ : ਘੀਲਾ ਸਿੰਘ ਗਹਿਰੀ ਬੁੱਟਰ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।
ਕੀਮਤ : 300 ਰੁਪਏ ਸਫ਼ੇ : 192
ਸੰਪਰਕ : 0183-5011003


ਘੀਲਾ ਸਿੰਘ ਗਹਿਰੀ ਬੁੱਟਰ ਨੇ ਧਾਰਮਿਕ ਖੇਤਰ ਵਿਚ ਇਕ ਅਸਲੋਂ ਹੀ ਨਵੇਂ ਨਿਵੇਕਲੇ ਵਿਸ਼ੇ ਉੱਤੇ ਪੁਸਤਕ ਰਚਨਾ ਕੀਤੀ ਹੈ। ਇਹ ਅਣਛੋਹਿਆ ਵਿਸ਼ਾ ਹੈ। ਇਸ ਵਾਰਤਕ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਖੋਜ ਭਰਪੂਰ ਲੇਖ ਹਨ। ਇਹ ਪੁਸਤਕ ਗੁਰਬਾਣੀ ਵਿਚ ਆਉਂਦੇ ਅੰਕੜਾ ਸ਼ਬਦਾਂ ਦੇ ਵੇਰਵਿਆਂ ਦੇ ਸਹੀ ਅਰਥਾਂ ਬਾਰੇ ਕੀਮਤੀ ਜਾਣਕਾਰੀ ਦਿੰਦੀ ਹੈ। ਪੁਸਤਕ ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਆਉਂਦੇ ਅੰਕੜਿਆਂ ਸਬੰਧੀ ਸ਼ਬਦਾਂ ਦੀ ਭਾਵਪੂਰਤ ਵਿਆਖਿਆ ਪ੍ਰਸਤੁਤ ਕਰਦੀ ਹੈ। ਸਿੱਖ ਧਰਮ ਤੋਂ ਇਲਾਵਾ ਹਿੰਦੂ ਧਰਮ ਦੇ ਵੇਦ ਸ਼ਾਸਤਰਾਂ, ਸਿਮ੍ਰਤੀਆਂ, ਪੁਰਾਣਾਂ, ਇਸਲਾਮ ਦੇ ਫਿਰਕਿਆਂ, ਯੋਗਾਸਣਾਂ ਅਤੇ ਯੋਗ ਅੰਗਾਂ ਦੀ ਵਿਆਖਿਆ ਵੀ ਕੀਤੀ ਗਈ ਹੈ।
ਪੁਸਤਕ ਦੀ ਆਰੰਭਤਾ ਮੰਗਲਾਚਰਨ ਨਾਲ ਹੁੰਦੀ ਹੈ। ਮੰਗਲਾਚਰਨ ਦਸਮ ਪਾਤਸ਼ਾਹ ਵਲੋਂ ਰਚਿਤ ਚੰਡੀ ਦੀ ਵਾਰ ਵਿਚੋਂ ਹੈ। ਘੀਲਾ ਸਿੰਘ ਨੇ ਪੁਸਤਕ ਵਿਚ 84 ਲੱਖ ਜੂਨਾਂ ਦੇ ਨਾਂਅ ਤੱਕ ਦੇ ਅੰਕੜਿਆਂ ਦੇ ਅਰਥ ਕੀਤੇ ਹਨ। ਪੁਸਤਕ ਵਿਚੋਂ ਕੁਝ ਟੂਕਾਂ-ਦੋ ਹਉਮੈ (ਤੇਰ ਮੇਰ), ਦੋ ਭਾਉ (ਪ੍ਰਭੂ ਪ੍ਰੇਮ, ਸੰਸਾਰਕ ਪ੍ਰੇਮ), ਤ੍ਰੈ ਗੁਣ (ਰਜੋ, ਤਮੋ, ਸਤੋ), ਚਾਰ ਖਾਣੀਆਂ, ਚਾਰ ਵੇਦ, ਅੱਠ ਸਿੱਧੀਆਂ, ਨੌਂ ਪ੍ਰਕਾਰ ਦੀ ਭਗਤੀ, ਤੇਰਾਂ ਤਾਲਾਂ, ਚੌਦਾਂ ਭਵਨਾਂ, ਬਾਰਾਂ ਮਹੀਨਿਆਂ, ਸੋਲਾਂ ਸ਼ਿੰਗਾਰਾਂ, ਚੌਬੀਸ ਅਵਤਾਰ, ਰਾਗ ਮਾਲਾ ਦੇ ਰਾਗ ਰਾਗਣੀਆਂ ਸਮੇਤ ਹਰੇਕ ਨੁਕਤੇ ਬਾਰੇ ਸਾਰਥਕ, ਠੋਸ ਅਤੇ ਗੁਰਬਾਣੀ ਆਧਾਰਿਤ ਜਾਣਕਾਰੀ ਹੈ। ਪੁਸਤਕ ਬਾਲਕਾਂ ਨੂੰ ਸਿੱਖੀ ਫ਼ਲਸਫ਼ਾ ਸਮਝਾਉਣ ਲਈ ਬੜੀ ਕਾਰਗਰ ਹੈ।
ਸਮੇਂ ਅਤੇ ਭਾਰ ਦੇ ਪੈਮਾਨੇ, ੴ, ਦੋ ਹਉਮੈ, ਦੋ ਦੀਵੇ, ਤਿੰਨ ਸਰੀਰ, ਤਿੰਨ ਚੇਲੇ, ਤ੍ਰਿਕੁਟੀ, ਤਿੰਨ ਲੋਕ (ਭਵਣਾਂ) ਬਾਰੇ ਨਿਗਰ ਵਿਆਖਿਆ ਹੈ।
ਸਾਚੇ ਤੇ ਪਵਨਾ ਭਟਿਆ, ਪਵਨੈ ਤੇ ਜਲ ਹੋਇ॥
ਜਲ ਤੇ ਤ੍ਰਿਭਵਣ ਸਾਜਿਆ, ਘਟਿ ਘਟਿ ਜੋਤਿ ਸਮੋਇ॥ (ਦੇਵ ਲੋਕ, ਮਾਤ ਲੋਕ, ਪਾਤਾਲ ਲੋਕ) (ਪੰਨਾ 35)
ਇਸੇ ਪ੍ਰਕਾਰ ਚਾਰ ਸਾਧਨਾ, ਚਾਰ ਜੁਗਾਂ, ਪੰਜ ਕੋਸ਼ ਤਹਿਤ ਪੰਜ ਮੁਕਤਿਆਂ, ਪੰਜ ਪਿਆਰਿਆਂ ਤੋਂ ਪੰਜ ਭਰਮਾਂ, 6 ਸ਼ਾਸਤਰਾਂ ਤੋਂ ਛੇ ਲੱਪਣਾਂ ਤੱਕ, ਸੱਤ ਆਕਾਸ਼ਾਂ ਤੋਂ ਸੱਤ ਰਿਖੀ/ਰਿਸ਼ੀ ਤੱਕ, ਸੱਪਾਂ ਦੀਆਂ 8 ਕੁਲੀਆਂ ਤੋਂ ਬਾਣੀ ਉਚਾਰਨ ਦੀਆਂ ਅੱਠ ਥਾਵਾਂ, ਧਰਤੀ ਦੇ ਨੌਂ ਖੰਡਾਂ ਤੋਂ ਨਵਰਾਤਰੇ ਤੱਕ, ਦਸ ਗੁਰੂ ਸਾਹਿਬਾਨ ਤੋਂ ਦਸ ਪ੍ਰਕਾਰ ਦੇ ਅਸ੍ਵਮੇਧ ਯੱਗਾਂ, ਮੁਸਲਮਾਨ ਦੀਆਂ ਦਸ ਦਹੀਆਂ, ਮਨ ਨੂੰ ਸੋਧਣ ਦੇ ਗਿਆਰਾਂ ਚਾਵਾਂ ਤੋਂ 11 ਰੂਦ੍ਰ ਤੱਕ, 12 ਸ਼ਿਵਲਿੰਗਾਂ ਤੋਂ ਬਾਰਾਂ ਰਾਸਾਂ, ਤੇਰਾਂ ਤਰ੍ਹਾਂ ਦੇ ਪਿੱਤਰ ਦਾਨਾਂ ਤੋਂ ਤੇਰਾਂ ਤਾਲਾਂ ਤੱਕ, ਚੌਦਾਂ ਗੁਣ ਸਰੋਤੇ ਦੇ ਤੋਂ ਚੌਦਾਂ ਪ੍ਰਕਾਰ ਦੀ ਵਿੱਦਿਆ ਤੱਕ, ਪੰਦਰਾਂ ਭਗਤਾਂ, 16 ਰੱਬੀ ਕਲਾਵਾਂ ਤੋਂ ਸੋਲ੍ਹਾਂ ਪ੍ਰਕਾਰ ਦੀ ਪੂਜਾ, ਅਠਾਰਾਂ ਸਿੱਧੀਆਂ ਤੋਂ ਅਠਾਰਾਂ ਵਰਨਾਂ, ਵੀਹ ਵਿਸਵੇ, ਇੱਕੀ ਕੁੱਲਾਂ, ਪੁਰਸ਼ਾਂ ਦੇ 22 ਲੱਖਣਾਂ, 36 ਪ੍ਰਕਾਰ ਦੇ ਭੋਜਨਾਂ, 52 ਅੱਖਰਾਂ, 52 ਵੀਰਾਂ, 68 ਹਿੰਦੂ ਤੀਰਥਾਂ, 72 ਮੁਸਲਿਮ ਫਿਰਕਿਆਂ ਤੇ 72 ਨਾੜੀਆਂ ਬਾਰੇ ਬਹੁਤ ਅਮੁੱਲੀ ਜਾਣਕਾਰੀ ਗੁਰਬਾਣੀ ਦੇ ਅਨੇਕਾਂ ਢੁਕਵੇਂ ਪ੍ਰਮਾਣਾਂ ਸਹਿਤ ਪੁਸਤਕ ਵਿਚ ਦਰਜ ਹੈ। ਅਸਲ ਵਿਚ ਇਹ ਪੁਸਤਕ ਬ੍ਰਹਿਮੰਡ ਦੇ ਗੁੱਝੇ ਭੇਦਾਂ ਨੂੰ ਸਮਝਣ ਵਾਲੀ ਇਕ ਰੈਫਰੈਂਸ ਬੁੱਕ (ਹਵਾਲਾ ਪੁਸਤਕ) ਦਾ ਦਰਜਾ ਰੱਖਦੀ ਹੈ, ਜਿਸ ਲਈ ਘੀਲਾ ਸਿੰਘ ਵਧਾਈ ਦਾ ਹੱਕਦਾਰ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX