ਤਾਜਾ ਖ਼ਬਰਾਂ


ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  11 minutes ago
ਨਵੀਂ ਦਿੱਲੀ, 24 ਅਗਸਤ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਜੇਤਲੀ ਦਾ...
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  25 minutes ago
ਚੰਡੀਗੜ੍ਹ, 24 ਅਗਸਤ- ਤਕਨੀਕੀ ਸਿੱਖਿਆ ਵਿਭਾਗ ਵਲੋਂ ਇਸ ਸਾਲ ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਫ਼ੈਸਲਾ ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ...
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  5 minutes ago
ਡੇਰਾਬਸੀ, 24 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਅੱਜ ਰਿਏਕਟਰ ਫਟਣ...
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  45 minutes ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸਬ ਡਵੀਜ਼ਨ ਫਿਲੌਰ 'ਚ ਪੈਂਦੇ ਪਿੰਡ ....
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 24 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਹੈ। ਲੰਬੀ ਬਿਮਾਰੀ ਤੋਂ ਬਾਅਦ ਅੱਜ ਦੁਪਹਿਰ ਨੂੰ ਜੇਤਲੀ ਦਾ...
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  about 1 hour ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪਾਕਿਸਤਾਨ ਦੀ ਸਰਕਾਰ ਦੇ ਹੱਕ 'ਚ ਅਤੇ ...
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਏਮਜ਼ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦੀ ਗਈ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੁਪਹਿਰ ਨੂੰ ਅਰੁਣ ਜੇਤਲੀ ਦਾ...
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  about 1 hour ago
ਦੁਬਈ, 24 ਅਗਸਤ - ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਕਾਂਗੜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ
. . .  about 1 hour ago
ਸੁਲਤਾਨਪੁਰ ਲੋਧੀ, 24 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ...
ਰੋਹਟੀ ਪੁਲ ਨਾਭਾ ਦੇ ਚੌਕੀ ਇੰਚਾਰਜ 'ਤੇ ਲੱਗੇ ਨਸ਼ਾ ਵਿੱਕਰੀ ਦੇ ਇਲਜ਼ਾਮ
. . .  about 2 hours ago
ਨਾਭਾ, 24 ਅਗਸਤ (ਅਮਨਦੀਪ ਸਿੰਘ ਲਵਲੀ)- ਇਤਿਹਾਸਕ ਨਗਰੀ ਨਾਭਾ ਦੇ ਨਜ਼ਦੀਕ ਪੈਂਦੇ ਰੋਹਟੀ ਪੁਲ ਵਿਖੇ ਨਸ਼ੇ ਦੀ ਵਿੱਕਰੀ ਨੂੰ ਲੈ ਰੋਹਟੀ ਛੰਨਾ ਪਿੰਡ ਦੇ ਵਸਨੀਕਾਂ ਵਲੋਂ ਧਰਨਾ ਲਗਾਇਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਹਨਦੀਪ ਸਿੰਘ ਖੱਟੜਾ ਦੀ ਅਗਵਾਈ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਉਣ-ਔਰਤ ਲਈ ਖ਼ੁਸ਼ੀਆਂ-ਖੇੜਿਆਂ ਦਾ ਮਹੀਨਾ

ਸਾਉਣ ਦਾ ਮਹੀਨਾ ਸਾਲ ਦੇ ਬਾਕੀ ਸਾਰੇ ਮਹੀਨਿਆਂ ਦੇ ਮੁਕਾਬਲੇ ਵੱਧ ਰੰਗੀਲਾ ਹੈ ਅਤੇ ਔਰਤਾਂ ਲਈ ਖਾਸ ਕਰਕੇ ਇਸ ਮਹੀਨੇ ਦਾ ਮਹੱਤਵ ਹੋਰ ਵਧ ਜਾਂਦਾ ਹੈ, ਕਿਉਂਕਿ ਇਹ ਔਰਤਾਂ ਦੀ ਆਜ਼ਾਦੀ ਦਾ ਮਹੀਨਾ ਹੈ। ਸਿਰਫ ਮਹੀਨਾ ਹੀ ਨਹੀਂ, ਸਗੋਂ ਇਕ ਖਾਸ ਕਿਸਮ ਦਾ ਤਿਉਹਾਰ ਜਿਸ ਨੂੰ ਕਿ 'ਸਾਵਣ ਮਹੀਨੇ ਦਾ ਤਿਉਹਾਰ' ਵੀ ਕਿਹਾ ਜਾ ਸਕਦਾ ਹੈ। ਇਹ ਨਾ ਕੇਵਲ ਗਰਮ ਰੁੱਤ ਵਿਚ ਤਬਦੀਲੀ ਦਾ ਪ੍ਰਤੀਕ ਹੈ, ਬਲਕਿ ਇਸ ਮਹੀਨੇ ਦੀ ਉਡੀਕ ਉਹ ਔਰਤਾਂ ਬੜੀ ਬੇਸਬਰੀ ਨਾਲ ਕਰਦੀਆਂ ਹਨ। ਸਾਉਣ ਮਹੀਨਾ ਇਕ ਮੌਕਾ ਹੈ ਵਿਆਹ ਤੋਂ ਬਾਅਦ ਪੁਰਾਣੀਆਂ ਸਹੇਲੀਆਂ ਨੂੰ ਮੁੜ ਮਿਲਣ ਦਾ, ਦਿਲ ਅੰਦਰ ਚਿਰਾਂ ਤੋਂ ਦੱਬੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦਾ, ਮਰਦ ਪ੍ਰਧਾਨ ਸਮਾਜ ਦੀਆਂ ਕਈ ਬੰਦਸ਼ਾਂ ਤੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਦਾ, ਕਈ ਰਿਸ਼ਤਿਆਂ ਦੀਆਂ ਪਾਬੰਦੀਆਂ ਅਤੇ ਫਰਜ਼ਾਂ ਤੋਂ ਕੁਝ ਸਮੇਂ ਲਈ ਨਿਜਾਤ ਪਾਉਣ ਦਾ। ਗਿੱਧਾ, ਬੋਲੀਆਂ ਤੇ ਪੀਂਘਾਂ ਝੂਟਣਾ ਇਸ ਤਰ੍ਹਾਂ ਹੈ, ਜਿਵੇਂ ਗਰਮੀ ਨਾਲ ਮਚ ਰਹੀ ਧਰਤੀ 'ਤੇ ਅਚਾਨਕ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਂਦਾ ਹੈ। ਔਰਤ ਕਦੇ ਨਹੀਂ ਚਾਹੁੰਦੀ ਕਿ ਮਰਦ ਉਨ੍ਹਾਂ ਦੇ ਇਨ੍ਹਾਂ ਜਸ਼ਨਾਂ ਵਿਚ ਕੋਈ ਦਖਲਅੰਦਾਜ਼ੀ ਕਰੇ, ਕਿਉਂਕਿ ਔਰਤ ਦੀ ਨਿੱਜੀ ਜ਼ਿੰਦਗੀ ਵਿਚ ਮਰਦ ਦੀ ਦਖਲਅੰਦਾਜ਼ੀ ਐਨੀ ਵੱਧ ਹੈ ਕਿ ਉਸ ਨੂੰ ਇਸ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਅ ਸਕੇ। ਨਰਮ ਤੇ ਗੋਰੀਆਂ ਤਲੀਆਂ 'ਤੇ ਮਹਿੰਦੀ ਦੇ ਵੇਲ-ਬੂਟੇ, ਗਿੱਧੇ ਵਿਚ ਤਾੜੀਆਂ ਦਾ ਸੰਗੀਤ, ਮਨ ਦੀਆਂ ਪਰਤਾਂ ਨੂੰ ਫਰੋਲਣ ਦਾ ਖੁੱਲ੍ਹਾ ਸਮਾਂ, ਮਨਪਸੰਦ ਸ਼ਿੰਗਾਰ ਕਰਨ ਦੀ ਖੁਸ਼ੀ, ਕੁਦਰਤ ਦੀ ਗੋਦ ਵਿਚ ਖੇਡਣ-ਕੁੱਦਣ ਦਾ ਅਨੰਦ, ਵੰਗਾਂ ਅਤੇ ਪੰਜੇਬਾਂ ਦੀ ਛਣਕਾਰ ਆਦਿ ਜ਼ਿੰਦਗੀ ਦੀ ਲੈਅ, ਤਾਲ ਅਤੇ ਗਤੀ ਵਿਚ ਸੁਮੇਲ ਲਿਆਉਂਦਾ ਹੈ। ਦਿਲ ਦੇ ਨੰਗੇ ਚਿੱਟੇ ਭਾਵਾਂ ਦਾ ਸਿੱਧਾ ਪ੍ਰਸਾਰਨ, ਤਨ ਅਤੇ ਮਨ 'ਤੇ ਪਈਆਂ ਝਰੀਟਾਂ ਦੀਆਂ ਪੀੜਾਂ ਨੂੰ ਆਪਸ ਵਿਚ ਵੰਡਣ ਦਾ ਸਬੱਬ ਸਾਉਣ ਹੀ ਦਿੰਦਾ ਹੈ। ਕੁੜੀਆਂ-ਚਿੜੀਆਂ ਅਤੇ ਵਿਆਹੀਆਂ ਔਰਤਾਂ ਆਪਣੀਆਂ ਭਾਵਨਾਵਾਂ ਦਾ ਬੇਖੌਫ ਪ੍ਰਗਟਾਵਾ ਕਰਦੀਆਂ ਹਨ। ਰੁੱਖ, ਬੂਟੇ ਅਤੇ ਔਰਤ ਧਰਤੀ ਅਤੇ ਸੰਸਾਰ ਦੀ ਪ੍ਰਤੀਨਿਧਤਾ ਕਰਦੇ ਹਨ। ਹਵਾ, ਪਾਣੀ, ਧਰਤੀ ਅਤੇ ਮਨੁੱਖਤਾ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਵੱਧ ਤੋਂ ਵੱਧ ਔਰਤ ਦਾ ਸਤਿਕਾਰ, ਰੁੱਖਾਂ ਅਤੇ ਪਾਣੀ ਦੇ ਸੋਮਿਆਂ ਦੀ ਸੰਭਾਲ। ਸਾਉਣ ਮਹੀਨੇ ਸੰਕਲਪ ਇਹ ਹੋਣੇ ਚਾਹੀਦੇ ਹਨ, ਕਿਉਂਕਿ ਜੇ ਰੁੱਖ ਨਹੀਂ ਹੋਣਗੇ ਤਾਂ ਪੀਂਘਾਂ ਤੇ ਪੰਛੀ ਕਿੱਥੇ ਹੋਣਗੇ ਤੇ ਜੇ ਧੀਆਂ ਨਹੀਂ ਹੋਣਗੀਆਂ ਤਾਂ ਸਮਾਜ ਵਿਚ ਤੰਦਰੁਸਤੀ ਤੇ ਖੁਸ਼ਹਾਲੀ ਕਿਵੇਂ ਹੋਵੇਗੀ।


ਪਿੰਡ ਗੋਲੇਵਾਲਾ, ਫਰੀਦਕੋਟ,
ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਪਾਈਏ ਕੰਮ ਦੀ ਆਦਤ

ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੁਕਵੀਂ ਅਗਵਾਈ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ ਬੈੱਡ ਆਦਿ ਨੂੰ ਸਾਫ਼ ਕਰਨਾ ਕੋਈ ਮੁਸ਼ਕਿਲ ਨਹੀਂ ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ-ਘੱਟ ਐਤਵਾਰ (ਛੁੱਟੀ ਵਾਲੇ ਦਿਨ) ਇਨ੍ਹਾਂ ਚੀਜ਼ਾਂ ਦੀ ਸਫ਼ਾਈ ਜ਼ਰੂਰ ਕਰਨ। ਉਹ ਆਪਣਾ ਮੰਜਾ-ਬਿਸਤਰਾ ਆਪ ਵਿਛਾਉਣ ਅਤੇ ਸਵੇਰੇ ਉੱਠਣ 'ਤੇ ਉਹਨੂੰ ਆਪ ਹੀ ਇਕੱਠਾ ਕਰਨ, ਠੀਕ ਕਰੇ। ਚਾਦਰਾਂ ਨੂੰ ਸਲੀਕੇ ਨਾਲ ਵਿਛਾਉਣ ਜਾਂ ਉਨ੍ਹਾਂ ਨੂੰ ਤਹਿ ਕਰਕੇ ਠੀਕ ਥਾਂ 'ਤੇ ਰੱਖਣ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਣ। ਧੋਤੇ ਹੋਏ ਕੱਪੜਿਆਂ ਦੀ ਤਹਿ ਕਰਨ ਅਤੇ ਠੀਕ ਥਾਂ 'ਤੇ ਰੱਖਣ ਵਿਚ ਮਾਪਿਆਂ ਦੀ ਮਦਦ ਕਰਨ।
ਘਰ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਜਾਂ ਤਾਂ ਇਕੱਲੀ ਮਾਂ ਹੀ ਕਰਦੀ ਹੈ ਜਾਂ ਕਦੇ-ਕਦੇ ਪਿਤਾ ਹੱਥ ਵਟਾਉਂਦਾ ਹੈ। ਘਰ ਦੇ ਕੰਮਾਂ ਵਿਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ, ਭਾਵੇਂ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ਵਿਚ ਮੁੰਡਾ-ਕੁੜੀ ਹਰੇਕ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ਵਿਚ ਦੋਵੇਂ ਜਾਂ ਕੋਈ ਇਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ਉੱਤੇ ਹੀ ਪੈਂਦਾ ਹੈ। ਮਾਂ ਅਤੇ ਪਿਤਾ ਦੋਵਾਂ ਨੂੰ ਰਲ-ਮਿਲ ਕੇ ਹੀ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ-ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿਚ ਇਸ ਪ੍ਰਤੀ ਸ਼ੌਕ ਅਤੇ ਲਗਨ ਵੀ ਪੈਦਾ ਹੋਵੇਗੀ।
ਕਈ ਘਰਾਂ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਫਲਾਨਾ ਕੰਮ ਕੁੜੀਆਂ ਦੇ ਕਰਨ ਵਾਲਾ ਹੈ ਅਤੇ ਫਲਾਨਾ ਮੁੰਡਿਆਂ ਦੇ। ਜਿਥੇ ਅੱਜ ਕੁੜੀਆਂ ਸਕੂਟਰ, ਮੋਟਰਸਾਈਕਲ, ਕਾਰਾਂ ਚਲਾਉਂਦੀਆਂ ਹਨ, ਤਾਂ ਕੀ ਮੁੰਡਿਆਂ ਨੂੰ ਰਸੋਈ ਦੇ ਕੰਮ ਨਹੀਂ ਸਿੱਖਣੇ ਚਾਹੀਦੇ? ਕਿਉਂਕਿ ਬਿਨਾਂ ਹੱਥ-ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਹਨ। ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ ਦੇ ਸਾਫ਼-ਸੁਫ਼ਾਈ, ਭਾਂਡੇ ਧੋਣ-ਮਾਂਜਣ ਜਾਂ ਨਿੱਕੇ-ਮੋਟੇ ਕੱਪੜੇ ਧੋਣ ਦੇ ਕੰਮਾਂ ਵਿਚ ਨਹੀਂ ਲਾਇਆ ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਦੱਸਣੀ ਚਾਹੀਦੀ ਹੈ, ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।
ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਿਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ/ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ-ਕਾਪੀਆਂ ਨੂੰ ਕੱਢ ਕੇ, ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ-ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜੁਮੈਟਰੀ ਬਾਕਸ ਵਿਚਲਾ ਸਾਮਾਨ ਸਾਫ਼ ਕਰਕੇ ਰੱਖਣਾ, ਕਿਤਾਬਾਂ/ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਾਮਾਨ ਰੱਖਣਾ, ਜੁੱਤੀਆਂ ਨੂੰ ਥਾਂ ਸਿਰ/ਸ਼ੂਜ਼ ਰੈਕ ਵਿਚ ਰੱਖਣਾ ਆਦਿ ਕਿੰਨੇ ਹੀ ਨਿੱਕੇ-ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖ-ਰੇਖ ਹੇਠ ਸਿਖਾ ਸਕਦੇ ਹਨ।
ਜੇ ਬੱਚੇ ਨੂੰ ਘਰੇ ਇਕੱਲਿਆਂ ਛੱਡਣਾ ਪੈ ਰਿਹਾ ਹੈ ਤਾਂ ਉਹਨੂੰ ਦੱਸੋ ਕਿ ਘਰ ਨੂੰ ਅੰਦਰੋਂ ਕਿਵੇਂ ਬੰਦ ਕਰਨਾ ਹੈ, ਕਿਵੇਂ ਦਰਵਾਜ਼ਾ ਖੋਲ੍ਹਣਾ ਹੈ। ਤਾਲਾ ਕਿਵੇਂ ਲਾਉਣਾ ਹੈ, ਕਿਵੇਂ ਖੋਲ੍ਹਣਾ ਹੈ। ਗੈਸ ਸਟੋਵ ਜਗਾਉਣਾ ਤੇ ਬੰਦ ਕਰਨਾ, ਪੁਰਾਣੇ ਕਾਗਜ਼ਾਂ ਤੋਂ ਮਨੋਰੰਜਨ ਲਈ ਲਿਫਾਫੇ ਬਣਾਉਣੇ, ਪੁਰਾਣੀਆਂ ਚੀਜ਼ਾਂ ਤੋਂ ਕਲਾਤਮਕ ਚੀਜ਼ਾਂ ਬਣਾਉਣੀਆਂ ਆਦਿ ਅਜਿਹੇ ਕੰਮ ਹਨ, ਜਿਹੜੇ ਅੱਗੇ ਚੱਲ ਕੇ ਬੱਚਿਆਂ ਨੂੰ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਿਚ ਸਹਾਈ ਹੁੰਦੇ ਹਨ।


navsangeetsingh1957@gmail.com

ਬਰਸਾਤ ਦੇ ਮੌਸਮ ਵਿਚ ਸੁੰਦਰਤਾ ਸਾਵਧਾਨੀਆਂ

ਬਰਸਾਤ ਦੇ ਮੌਸਮ ਦੌਰਾਨ ਦਿਨ ਦੇ ਸਮੇਂ ਦਾ ਮੇਕਅੱਪ ਹਲਕਾ, ਸਰਲ ਅਤੇ ਸੂਖਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਅਸਟ੍ਰਿੰਜਿੰਟ ਲੋਸ਼ਨ ਨੂੰ ਬਰਾਬਰ ਮਾਤਰਾ ਵਿਚ ਗੁਲਾਬ ਜਲ ਵਿਚ ਮਿਲਾ ਕੇ ਫਰਿੱਜ ਵਿਚ ਰੱਖ ਦਿਓ ਅਤੇ ਚਮੜੀ ਦੀ ਸਫ਼ਾਈ ਤੋਂ ਬਾਅਦ ਠੰਢੇ ਲੋਸ਼ਨ ਨੂੰ ਸੂਤੀ ਕੱਪੜੇ ਦੇ ਪੈਡ ਨਾਲ ਚਮੜੀ ਨੂੰ ਰੰਗਤ ਪ੍ਰਦਾਨ ਕਰਨ ਲਈ ਵਰਤੋ। ਇਸ ਨਾਲ ਨਾ ਸਿਰਫ ਚਮੜੀ ਨੂੰ ਚਮਕ ਮਿਲੇਗੀ, ਸਗੋਂ ਇਸ ਨਾਲ ਚਮੜੀ ਦੇ ਛੇਕ ਬੰਦ ਕਰਨ ਵਿਚ ਵੀ ਮਦਦ ਮਿਲੇਗੀ। ਇਕ ਬਰਫ਼ ਦੇ ਟੁਕੜੇ ਨੂੰ ਸਾਫ਼ ਕੱਪੜੇ ਵਿਚ ਲਪੇਟ ਕੇ ਇਸ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਓ। ਇਸ ਨਾਲ ਚਿਹਰੇ ਦੇ ਮੁਸਾਮ ਬੰਦ ਕਰਨ ਵਿਚ ਮਦਦ ਮਿਲੇਗੀ। ਜੇ ਤੁਸੀਂ ਪਾਊਡਰ ਵਰਤ ਰਹੇ ਹੋ ਤਾਂ ਹਲਕੀ ਗਿੱਲੀ ਸਪੰਜ ਨਾਲ ਪੂਰੇ ਚਿਹਰੇ ਅਤੇ ਧੌਣ 'ਤੇ ਲਗਾਓ, ਜਿਸ ਨਾਲ ਇਹ ਚਮੜੀ 'ਤੇ ਜੰਮ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ। ਵਾਟਰਪਰੂਫ ਮਸਕਾਰਾ ਅਤੇ ਆਈ-ਲਾਈਨਰ ਨਾਲ ਅੱਖਾਂ ਦੇ ਮੇਕਅੱਪ ਨੂੰ ਗਰਮ ਰੁੱਤ ਵਿਚ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਆਪਣੀਆਂ ਪਲਕਾਂ ਨੂੰ ਭੂਰੇ ਜਾਂ ਸਲੇਟੀ ਰੰਗ ਦੀ ਲਾਈਨ ਨਾਲ ਢਕੋ ਅਤੇ ਇਹ ਦਿਨ ਭਰ ਤੁਹਾਨੂੰ ਸੌਮਯ ਸੁਭਾਗ ਪ੍ਰਦਾਨ ਕਰਨਗੀਆਂ। ਲਿਪਸਟਿਕ ਵਰਤਦੇ ਸਮੇਂ ਹਲਕੇ ਗੁਲਾਬੀ ਰੰਗ, ਭੂਰੇ ਜਾਂ ਬੈਂਗਣੀ ਰੰਗ ਵਰਗੇ ਹਲਕੇ ਰੰਗਾਂ ਦੀ ਵਰਤੋਂ ਕਰੋ। ਬਸ਼ਰਤੇ ਇਹ ਤੁਹਾਡੀ ਚਮੜੀ ਦੇ ਰੰਗ ਦੇ ਅਨੁਕੂਲ ਹੋਵੇ। ਜੇ ਤੁਹਾਡੀ ਚਮੜੀ ਦਾ ਰੰਗ ਪੀਲਾ ਹੈ ਤਾਂ ਨਾਰੰਗੀ ਸ਼ੇਡ ਦੀ ਬਜਾਏ ਗੁਲਾਬੀ ਸ਼ੇਡ ਅਪਣਾਓ। ਯਾਦ ਰੱਖੋ ਕਿ ਰੰਗ ਬਹੁਤਾ ਚਮਕੀਲਾ ਨਹੀਂ ਹੋਣਾ ਚਾਹੀਦਾ।
ਬਰਸਾਤ ਦੇ ਮੌਸਮ ਵਿਚ ਮਲਾਈਦਾਰ ਅਤੇ ਤੇਲੀ ਪਦਾਰਥਾਂ ਨਾਲ ਬਣੇ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸ਼ੁੱਧ ਗਲਿਸਰੀਨ ਅਤੇ ਸ਼ਹਿਦ ਦੀ ਵਰਤੋਂ ਨਾਲ ਜ਼ਿਆਦਾ ਪਸੀਨਾ ਆ ਸਕਦਾ ਹੈ। ਮਲਾਈਦਾਰ ਫਾਊਂਡੇਸ਼ਨ ਅਤੇ ਆਈ ਸ਼ੈਡੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਾਊਡਰ ਸ਼ੇਡ ਅਤੇ ਬਲਸ਼ਰ ਜ਼ਿਆਦਾ ਸਾਰਥਿਕ ਹੁੰਦੇ ਹਨ। ਪ੍ਰਸਾਧਨ ਸਮੱਗਰੀ ਵਿਚ ਹਲਕੀ ਭੀਨੀ ਸੁਗੰਧ ਹੋਣੀ ਚਾਹੀਦੀ ਹੈ।
ਬਰਸਾਤ ਦੇ ਮੌਸਮ ਦੌਰਾਨ ਕੁਦਰਤੀ ਉਤਪਾਦਾਂ ਵਿਚ ਗੁਲਾਬ ਜਲ ਅਤੇ ਗੁਲਾਬ ਆਧਾਰਿਤ ਚਮੜੀ ਟਾਨਿਕ ਫਾਇਦੇਮੰਦ ਮੰਨੇ ਜਾ ਸਕਦੇ ਹਨ। ਗੁਲਾਬ ਕੁਦਰਤੀ ਤੌਰ 'ਤੇ ਸ਼ੀਤਲਤਾ ਵਰਧਕ ਮੰਨਿਆ ਜਾਂਦਾ ਹੈ। ਖੀਰਾ, ਪਪੀਤਾ, ਨਿੰਬੂ ਰਸ, ਖਸ ਨਾਲ ਬਣੇ ਸੁੰਦਰਤਾ ਉਤਪਾਦਾਂ ਨੂੰ ਗਰਮੀ ਦੌਰਾਨ ਸੁੰਦਰਤਾ ਸਬੰਧੀ ਸਮੱਸਿਆਵਾਂ ਲਈ ਵਰਤਿਆ ਜਾ ਸਕਦਾ ਹੈ।
ਬਰਸਾਤ ਦੇ ਮੌਸਮ ਵਿਚ ਦੁਲਹਨਾਂ ਦੇ ਸੁੰਦਰਤਾ ਸ਼ਿੰਗਾਰ ਨੂੰ ਸ਼ੁੱਭ ਦਿਨ ਤੋਂ ਤਿੰਨ ਹਫ਼ਤੇ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ। ਵੱਖ-ਵੱਖ ਤਰੀਕਿਆਂ ਤੇ ਡੂੰਘੇ ਅਧਿਐਨ ਤੋਂ ਬਾਅਦ ਜੋ ਤੁਹਾਨੂੰ ਪਸੰਦ ਆਵੇ, ਉਸ ਨੂੰ ਅਪਣਾਉਣਾ ਚਾਹੀਦਾ ਹੈ ਪਰ ਜੇਕਰ ਸ਼ਾਦੀ ਰਾਤ ਦੇ ਸਮੇਂ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਗੂੜ੍ਹੇ ਰੰਗਾਂ ਦੀ ਵਰਤੋਂ ਕਰੋ, ਕਿਉਂਕਿ ਚਮਕਦਾਰ ਰੰਗਾਂ ਨਾਲ ਦੁਲਹਨਾਂ ਦੀ ਆਭਾ ਫਿੱਕੀ ਦਿਖਾਈ ਦੇਵੇਗੀ। ਵਿਆਹ ਦੌਰਾਨ ਮੱਥੇ ਦੀ ਬਿੰਦੀ ਸੁੰਦਰਤਾ ਦਾ ਅਟੁੱਟ ਅੰਗ ਮੰਨੀ ਜਾਂਦੀ ਹੈ। ਆਪਣੀ ਪੋਸ਼ਾਕ ਨਾਲ ਮਿਲਦੇ-ਜੁਲਦੇ ਰੰਗ ਦੀ ਚਮਕਦਾਰ ਬਿੰਦੀ ਦੀ ਵਰਤੋਂ ਕਰੋ।

ਇੰਜ ਕਰੋ ਫਰਿੱਜ ਦੀ ਦੇਖਭਾਲ

* ਫਰਿੱਜ ਨੂੰ ਕੰਧ ਨਾਲ ਜੋੜ ਕੇ ਨਾ ਰੱਖੋ ਅਤੇ ਹਵਾਦਾਰ ਜਗ੍ਹਾ 'ਤੇ ਕੰਧ ਤੋਂ ਘੱਟੋ-ਘੱਟ 6 ਇੰਚ ਅਤੇ ਦੂਜੇ ਦੋਵਾਂ ਪਾਸਿਆਂ ਦੀ ਕੰਧ ਤੋਂ ਦੂਰੀ ਘੱਟੋ-ਘੱਟ 4 ਇੰਚ ਹੋਵੇ।
* ਹਰੇਕ ਹਫ਼ਤੇ ਫਰਿੱਜ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਫਰਿੱਜ ਦੀ ਸਫ਼ਾਈ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਬੰਦ ਕਰ ਦਿਓ।
* ਫਰਿੱਜ ਵਿਚ ਕਦੇ ਵੀ ਗਰਮ ਸਾਮਾਨ ਨਾ ਰੱਖੋ। ਗਰਮ ਸਾਮਾਨ ਪਹਿਲਾਂ ਠੰਢਾ ਹੋਣ ਦਿਓ, ਫਿਰ ਰੱਖੋ। ਇਸੇ ਤਰ੍ਹਾਂ ਫਰਿੱਜ ਵਿਚੋਂ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰਨ ਲਈ ਚੁੱਲ੍ਹੇ 'ਤੇ ਨਾ ਰੱਖੋ। ਉਸ ਨੂੰ ਪਹਿਲਾਂ ਆਮ ਤਾਪਮਾਨ ਵਿਚ ਆਉਣ ਦਿਓ, ਫਿਰ ਲੋੜ ਮੁਤਾਬਿਕ ਸਮੱਗਰੀ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰੋ।
* ਫਰਿੱਜ ਦੇ ਚਾਲੂ ਰਹਿਣ 'ਤੇ ਦਰਵਾਜ਼ਾ ਦੇਰ ਤੱਕ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਨਾਲ ਫਰਿੱਜ ਦੇ ਅੰਦਰ ਦਾ ਤਾਪਮਾਨ ਵਧੇਗਾ ਅਤੇ ਠੰਢਾ ਕਰਨ ਵਿਚ ਬੇਲੋੜੀ ਬਿਜਲੀ ਦੀ ਖਪਤ ਵਧੇਗੀ।
* ਫਰਿੱਜ ਦੀ ਬਾਹਰੀ ਸਤ੍ਹਾ 'ਤੇ ਬਰਫ਼ ਨਾ ਜੰਮੇ। ਜੇ ਜੰਮੇ ਤਾਂ ਡੀਫ੍ਰਾਸਟ ਕਰ ਦਿਓ। ਜੇ ਬਰਫ਼ ਜੰਮ ਜਾਵੇ ਤਾਂ ਉਸ ਨੂੰ ਚਾਕੂ ਜਾਂ ਕਿਸੇ ਨੋਕਦਾਰ ਚੀਜ਼ ਨਾਲ ਉਖਾੜਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਫਰਿੱਜ ਖਰਾਬ ਹੋ ਸਕਦੀ ਹੈ।
* ਫਰਿੱਜ ਦੇ ਤਾਪਮਾਨ ਨੂੰ ਇਕਦਮ ਘੱਟ ਜਾਂ ਵੱਧ ਨਾ ਕਰੋ, ਸਗੋਂ ਹੌਲੀ-ਹੌਲੀ ਘੱਟ ਜਾਂ ਵੱਧ ਕਰੋ।
* ਜੇ ਬਰਫ਼ ਦੇ ਟੁਕੜਿਆਂ ਦੀ ਲੋੜ ਨਾ ਹੋਵੇ ਤਾਂ ਬਰਫ਼ ਦੀ ਟਰੇਅ ਵਿਚ ਪਾਣੀ ਨਾ ਪਾਓ। ਫਰਿੱਜ ਵਿਚ ਇਕ ਵਾਰ ਬਰਫ਼ ਜੰਮ ਜਾਣ ਤੋਂ ਬਾਅਦ ਵਰਤ ਲਓ ਜਾਂ ਸੁੱਟ ਦਿਓ ਪਰ ਪਿਘਲ ਜਾਣ ਤੋਂ ਬਾਅਦ ਦੁਬਾਰਾ ਬਰਫ਼ ਬਣਨ 'ਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
* ਫਰਿੱਜ ਨੂੰ ਝਟਕੇ ਨਾਲ ਅਤੇ ਵਾਰ-ਵਾਰ ਨਾ ਖੋਲ੍ਹੋ। ਇਸ ਨਾਲ ਫਰਿੱਜ ਦਾ ਬਲਬ ਫਿਊਜ਼ ਹੋ ਸਕਦਾ ਹੈ ਅਤੇ ਦਰਵਾਜ਼ੇ ਦੇ ਚੌਖਟ 'ਤੇ ਲੱਗੀ ਰਬੜ ਖਰਾਬ ਹੋ ਸਕਦੀ ਹੈ।
* ਪੱਕੇ ਹੋਏ ਖਾਧ ਪਦਾਰਥਾਂ ਨੂੰ ਢੱਕਣ ਵਾਲੇ ਭਾਂਡਿਆਂ ਵਿਚ ਬੰਦ ਕਰਕੇ ਹੀ ਫਰਿੱਜ ਵਿਚ ਰੱਖਣਾ ਚਾਹੀਦਾ ਹੈ। ਘੱਟ ਤਾਪਮਾਨ 'ਤੇ ਫਰਿੱਜ ਨੂੰ ਚਲਾਉਣ 'ਤੇ ਖਾਧ ਪਦਾਰਥ ਜ਼ਿਆਦਾ ਦਿਨਾਂ ਤੱਕ ਸੁਰੱਖਿਅਤ ਰਹਿੰਦੇ ਹਨ।
* ਸਬਜ਼ੀਆਂ ਹਮੇਸ਼ਾ ਧੋ ਕੇ ਅਤੇ ਸੁਕਾ ਕੇ ਹੀ ਫਰਿੱਜ ਵਿਚ ਰੱਖਣੀਆਂ ਚਾਹੀਦੀਆਂ ਹਨ।
ਵਿਸ਼ਵਾਸ ਹੈ ਕਿ ਏਨੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਤੁਹਾਡੀ ਫਰਿੱਜ ਜ਼ਿਆਦਾ ਦਿਨਾਂ ਤੱਕ ਚੱਲੇਗੀ ਅਤੇ ਤੁਹਾਨੂੰ ਰੋਜ਼-ਰੋਜ਼ ਮਕੈਨਿਕ ਨਹੀਂ ਬੁਲਾਉਣਾ ਪਵੇਗਾ।
**

ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?

ਪੁੰਗਰੇ ਅਨਾਜ ਹਮੇਸ਼ਾ ਤੋਂ ਪੌਸ਼ਟਿਕ ਖਾਧ ਪਦਾਰਥ ਦੇ ਰੂਪ ਵਿਚ ਮਸ਼ਹੂਰ ਰਹੇ ਹਨ। ਹਾਲ ਦੇ ਸਾਲਾਂ ਵਿਚ ਜਿਵੇਂ-ਜਿਵੇਂ ਲੋਕਾਂ ਵਿਚ ਸਿਹਤ ਪ੍ਰਤੀ ਚੇਤਨਤਾ ਵਧੀ ਹੈ, ਉਵੇਂ-ਉਵੇਂ ਪੁੰਗਰੇ ਅਨਾਜਾਂ ਦੀ ਵਰਤੋਂ ਵਿਚ ਵੀ ਵਾਧਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਬਾਜ਼ਾਰ ਵਿਚ ਵੱਡੇ ਪੈਮਾਨੇ 'ਤੇ ਰੇਡੀ ਟੂ ਈਟ ਪੁੰਗਰੇ ਅਨਾਜ ਉਪਲਬਧ ਹਨ, ਪਰ ਇਨ੍ਹਾਂ ਬਾਰੇ ਸਮੇਂ-ਸਮੇਂ 'ਤੇ ਕਈ ਕਿਸਮ ਦੀ ਖੋਜ ਸਮੱਗਰੀ ਵੀ ਮੀਡੀਆ ਵਿਚ ਆਉਂਦੀ ਰਹਿੰਦੀ ਹੈ, ਜੋ ਇਨ੍ਹਾਂ ਦੀ ਵਰਤੋਂ 'ਤੇ ਕਈ ਕਿਸਮ ਦੇ ਸਵਾਲ ਉਠਾਉਂਦੀ ਰਹਿੰਦੀ ਹੈ। ਤੁਸੀਂ ਇਨ੍ਹਾਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਜਾਣਕਾਰੀ ਨੂੰ ਪਰਖਦੇ ਹਾਂ।
1. ਸਿਹਤ ਲਈ ਕਿਸ ਪੱਧਰ ਦੇ ਪੁੰਗਰੇ ਅਨਾਜ ਬਿਹਤਰ ਹੁੰਦੇ ਹਨ?
(ਕ) ਬਸ ਪੂੰਗ ਫੁੱਟਿਆ ਹੀ ਹੋਵੇ।
(ਖ) ਪੂੰਗ ਕਈ ਦਿਨ ਪੁਰਾਣਾ ਹੋ ਚੁੱਕਾ ਹੋਵੇ।
(ਗ) ਜਦੋਂ ਮਰਜ਼ੀ, ਉਸ ਦੀ ਪੌਸ਼ਟਿਕਤਾ ਵਿਚ ਕੋਈ ਫਰਕ ਨਹੀਂ ਪੈਂਦਾ।
2. ਪੁੰਗਰੇ ਅਨਾਜ ਭਾਵ ਸਪ੍ਰਾਊਟਸ ਵਿਚ ਕਿਹੜੇ ਵਿਟਾਮਿਨ ਸਭ ਤੋਂ ਜ਼ਿਆਦਾ ਪਾਏ ਜਾਂਦੇ ਹਨ?
(ਕ) 'ਈ' ਅਤੇ 'ਕੇ'।
(ਖ) 'ਡੀ' ਅਤੇ 'ਈ'।
(ਗ) 'ਏ' ਅਤੇ 'ਸੀ'।
3. ਐਂਟੀਆਕਸੀਡੈਂਟ ਸੁੱਕੇ ਅਨਾਜ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜਾਂ ਪੁੰਗਰੇ ਵਿਚ?
(ਕ) ਸੁੱਕੇ ਵਿਚ।
(ਖ) ਪੁੰਗਰੇ ਵਿਚ।
(ਗ) ਦੋਵਾਂ ਵਿਚ ਬਰਾਬਰ।
4. ਕੀ ਬਜ਼ੁਰਗਾਂ ਲਈ ਵੀ ਪੁੰਗਰੇ ਅਨਾਜ ਫਾਇਦੇਮੰਦ ਹੁੰਦੇ ਹਨ?
(ਕ) ਹਾਂ। (ਖ) ਨਹੀਂ, ਕਿਉਂਕਿ ਉਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ।
(ਗ) ਇਹ ਤਾਂ ਅਜ਼ਮਾ ਕੇ ਹੀ ਪਤਾ ਲੱਗ ਸਕਦਾ ਹੈ।
5. ਕੀ ਪੁੰਗਰੇ ਅਨਾਜ ਵਿਚ ਚਰਬੀ, ਫੈਟੀ ਐਸਿਡ ਵਿਚ ਬਦਲ ਜਾਂਦੀ ਹੈ?
(ਕ) ਨਹੀਂ। (ਖ) ਹਾਂ। (ਗ) ਕਦੇ-ਕਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਸ ਲਈ ਦਿੱਤੇ ਗਏ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਪੁੰਗਰੇ ਅਨਾਜਾਂ ਸਬੰਧੀ ਕਿੰਨਾ ਜਾਣਦੇ ਹੋ?
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਪੁੰਗਰੇ ਅਨਾਜ ਖਾਣ ਤੋਂ ਭਾਵੇਂ ਤੁਹਾਨੂੰ ਕੋਈ ਪ੍ਰਹੇਜ਼ ਨਾ ਹੋਵੇ ਪੁੰਗਰੇ ਅਨਾਜਾਂ ਬਾਰੇ ਤੁਹਾਡੀ ਵਿਗਿਆਨਕ ਜਾਣਕਾਰੀ ਬਹੁਤ ਸੀਮਤ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜਾਂ ਨੂੰ ਇਕ ਸਿਹਤਮੰਦ ਖਾਧ ਸਮੱਗਰੀ ਮੰਨਦੇ ਹੋ, ਸਗੋਂ ਬਹੁਤ ਕੁਝ ਇਸ ਦੇ ਫਾਇਦਿਆਂ ਬਾਰੇ ਵੀ ਜਾਣਦੇ ਹੋ। ਪਰ ਸਮੱਗਰਤਾ ਵਿਚ ਪੁੰਗਰੇ ਅਨਾਜਾਂ ਨੂੰ ਲੈ ਕੇ ਇਕ ਵਿਗਿਆਨਕ ਦਿਸ਼ਾਬੋਧ ਦੀ ਤੁਹਾਡੇ ਵਿਚ ਕਮੀ ਹੈ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜ ਖਾਣੇ ਪਸੰਦ ਕਰਦੇ ਹੋ, ਸਗੋਂ ਇਨ੍ਹਾਂ ਦੀ ਸਿਹਤ ਸਬੰਧੀ ਖਾਸੀਅਤਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਨਾਲ ਹੀ ਤੁਸੀਂ ਦੂਜਿਆਂ ਨੂੰ ਵੀ ਪੁੰਗਰੇ ਅਨਾਜ ਖਾਣ ਲਈ ਉਤਸ਼ਾਹਿਤ ਕਰਦੇ ਹੋ।

ਰੁੱਤਾਂ ਦੇ ਰੰਗਾਂ ਅਨੁਸਾਰ ਬਦਲੋ ਪਹਿਰਾਵੇ ਦੇ ਰੰਗ

ਰੁੱਤਾਂ ਦੇ ਬਦਲਣ ਦੇ ਨਾਲ ਹੀ ਜਿਥੇ ਮੌਸਮ ਵਿਚ ਤਬਦੀਲੀ ਆ ਜਾਂਦੀ ਹੈ, ਉਥੇ ਹੀ ਸਾਡੇ ਖਾਣ-ਪੀਣ ਅਤੇ ਪਹਿਰਾਵੇ ਵਿਚ ਵੀ ਵੱਡੀ ਤਬਦੀਲੀ ਆ ਜਾਂਦੀ ਹੈ। ਰੁੱਤ ਦੇ ਬਦਲਣ ਨਾਲ ਸਾਡੇ ਵਲੋਂ ਪਾਏ ਜਾਂਦੇ ਪਹਿਰਾਵੇ/ਕੱਪੜਿਆਂ ਦੇ ਰੰਗਾਂ, ਕਿਸਮ, ਟੈਕਸਚਰ ਅਤੇ ਬਣਤਰ ਵਿਚ ਵੀ ਤਬਦੀਲੀ ਆ ਜਾਂਦੀ ਹੈ। ਵੱਡੀ ਗਿਣਤੀ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਰੁੱਤਾਂ ਦੇ ਬਦਲਣ ਮੌਕੇ ਪਤਾ ਹੀ ਨਹੀਂ ਚਲਦਾ ਕਿ ਉਹ ਆਪਣੇ ਪਹਿਰਾਵੇ ਵਿਚ ਕਿੰਜ ਬਦਲਾਓ ਲਿਆਉਣ। ਪਹਿਰਾਵਾ ਹਮੇਸ਼ਾ ਆਪਣੇ ਸਰੀਰ ਦੀ ਬਣਤਰ ਦੇ ਅਨੁਸਾਰ ਹੀ ਪਾਉਣਾ ਚਾਹੀਦਾ ਹੈ। ਆਮ ਤੌਰ 'ਤੇ ਗਰਮੀ, ਸਰਦੀ ਅਤੇ ਮੌਨਸੂਨ ਰੁੱਤਾਂ ਦੌਰਾਨ ਹੀ ਔਰਤਾਂ ਨੂੰ ਆਪਣੇ ਪਹਿਰਾਵੇ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਵਿਚ ਲੋਂੜੀਂਦੀ ਤਬਦੀਲੀ ਕਰਨੀ ਪੈਂਦੀ ਹੈ ।
ਮੌਨਸੂਨ ਦਾ ਪਹਿਰਾਵਾ : ਗਰਮੀ, ਸਰਦੀ ਦੇ ਨਾਲ ਬਰਸਾਤ ਦੀ ਰੁੱਤ ਵਿਚ ਮਹਿਲਾਵਾਂ ਵਲੋਂ ਪਾਏ ਜਾਣ ਵਾਲੇ ਪਹਿਰਾਵੇ ਉੱਪਰ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮੌਨਸੂਨ ਦੀ ਰੁੱਤ ਦੌਰਾਨ ਪੀਕਾਕ ਪ੍ਰਿੰਟਸ, ਫਲਾਵਰ ਪ੍ਰਿੰਟਸ, ਪੋਲਕਾ ਡਾਟਸ, ਕਾਰਟੂਨ ਪ੍ਰਿੰਟਸ, ਏਨੀਮਲ, ਟਾਈਬਲ, ਟਾਈਗਰ, ਸਨੇਕ ਵਰਗੇ ਪ੍ਰਿੰਟਾਂ ਵਾਲੇ ਕੱਪੜੇ ਵੀ ਪਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇੰਡੋ ਵੈਸਟਰਨ ਪਹਿਰਾਵੇ ਵਿਚ ਪਟਿਆਲਾ ਸੂਟ ਸਲਵਾਰ, ਹੈਰਮ ਪੈਂਟਸ, ਪੈਂਟਸ, ਜੀਨਸ, ਕੈਪਰੀ, ਸ਼ਾਟਰਸ, ਕਾਫਤਾਨ, ਟਯੂਨਿਕ, ਸਕਰਟ, ਟੀ-ਸ਼ਰਟ, ਸ਼ਰਟ ਵੀ ਪਾਏ ਜਾ ਸਕਦੇ ਹਨ। ਨਿਯਾਨ, ਸ਼ਿਫਾਨ, ਜਾਰਜੈਟ, ਲਾਈਟ ਕਾਟਨ, ਨਾਇਲਾਨ ਕੱਪੜੇ ਜਲਦੀ ਸੁੱਕ ਜਾਂਦੇ ਹਨ, ਇਸ ਲਈ ਇਸ ਤਰ੍ਹਾਂ ਦੇ ਕੱਪੜੇ ਵੀ ਪਾਏ ਜਾ ਸਕਦੇ ਹਨ ਪਰ ਇਹ ਕੱਪੜੇ ਤੰਗ ਜਾਂ ਸਰੀਰ ਨਾਲ ਕੱਸੇ ਹੋਏ ਨਹੀਂ ਹੋਣੇ ਚਾਹੀਦੇ, ਕਿਉਂਕਿ ਮੌਨਸੂਨ ਦੀ ਬਰਸਾਤ ਵਿਚ ਗਿੱਲੇ ਹੋ ਕੇ ਅਜਿਹੇ ਕੱਪੜੇ ਸਰੀਰ ਨਾਲ ਚਿਪਕ ਜਾਂਦੇ ਹਨ। ਇਸ ਲਈ ਮੌਨਸੂਨ ਵਿਚ ਛਤਰੀ ਜਾਂ ਰੇਨ ਕੋਟ ਹਮੇਸ਼ਾ ਆਪਣੇ ਨਾਲ ਰੱਖੋ।
ਮੌਨਸੂਨ ਦੇ ਦਿਨਾਂ ਦੌਰਾਨ ਜੇ ਬਰਸਾਤ ਪੈਂਦੀ ਹੋਵੇ ਤਾਂ ਕਾਲੇ ਰੰਗ ਦੇ ਕੱਪੜੇ ਜ਼ਿਆਦਾਤਰ ਪਾਉਣੇ ਚਾਹੀਦੇ ਹਨ। ਬਰਸਾਤ ਵਿਚ ਭਿੱਜ ਜਾਣ ਤੋਂ ਬਾਅਦ ਗੂੜ੍ਹੇ ਜਾਂ ਕਾਲੇ ਰੰਗ ਦੇ ਕੱਪੜੇ ਜਲਦੀ ਹੀ ਸੁੱਕ ਜਾਂਦੇ ਹਨ। ਕਾਲੇ ਕੱਪੜੇ ਪਾਰਦਰਸ਼ੀ ਵੀ ਨਹੀਂ ਹੁੰਦੇ। ਅਕਸਰ ਹੀ ਵੇਖਿਆ ਜਾਂਦਾ ਹੈ ਕਿ ਬਰਸਾਤ ਵਿਚ ਭਿੱਜਣ ਤੋਂ ਬਾਅਦ ਅਨੇਕਾਂ ਮਹਿਲਾਵਾਂ ਦੇ ਕੱਪੜੇ ਪਾਰਦਰਸ਼ੀ ਹੋ ਕੇ ਉਨ੍ਹਾਂ ਦਾ ਅੰਗ ਪ੍ਰਦਰਸ਼ਨ ਕਰਨ ਲਗਦੇ ਹਨ, ਇਸ ਲਈ ਬਰਸਾਤ ਵਿਚ ਅਜਿਹੇ ਰੰਗਾਂ ਵਾਲੇ ਕੱਪੜੇ ਕਦੇ ਵੀ ਨਾ ਪਾਓ, ਜੋ ਕਿ ਗਿੱਲੇ ਹੋਣ ਤੋਂ ਬਾਅਦ ਪਾਰਦਰਸ਼ੀ ਬਣ ਜਾਣ। ਕਾਲੇ ਰੰਗ ਦੇ ਕੱਪੜੇ ਹੋਰਨਾਂ ਰੰਗਾਂ ਦੇ ਕੱਪੜਿਆਂ ਨਾਲ ਪੂਰੀ ਤਰ੍ਹਾਂ ਮੈਚਿੰਗ ਕਰ ਲੈਂਦੇ ਹਨ। ਬਰਸਾਤ ਦੇ ਦਿਨਾਂ ਵਿਚ ਛਤਰੀ ਜ਼ਰੂਰ ਨਾਲ ਰੱਖੋ। ਇਸ ਤੋਂ ਇਲਾਵਾ ਨੌਕਰੀਪੇਸ਼ਾ ਅਤੇ ਲੰਬਾ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਆਪਣੇ ਨਾਲ ਹਰ ਸਮੇਂ ਇਕ ਵੱਖਰਾ ਸੂਟ ਵੀ ਆਪ ਦੇ ਬੈਗ ਵਿਚ ਰੱਖਣਾ ਚਾਹੀਦਾ ਹੈ, ਤਾਂ ਕਿ ਬਰਸਾਤ ਕਾਰਨ ਪਾਏ ਹੋਏ ਕੱਪੜੇ ਗਿੱਲੇ ਹੋਣ ਤੋਂ ਬਾਅਦ ਦੂਜੇ ਸੁੱਕੇ ਅਤੇ ਸਾਫ ਸੂੁਟ ਨੂੰ ਪਾਇਆ ਜਾ ਸਕੇ। ਮੌਨਸੂਨ ਰੁੱਤ ਦੌਰਾਨ ਅਜਿਹੇ ਕੱਪੜੇ ਕਦੇ ਨਾ ਪਾਓ ਜੋ ਕਿ ਬਰਸਾਤ ਵਿਚ ਭਿੱਜਣ ਤੋਂ ਬਾਅਦ ਰੰਗ ਛੱਡਣ। ਕੁਝ ਪਹਿਰਾਵੇ ਸਦਾਬਹਾਰ ਵੀ ਹੁੰਦੇ ਹਨ। ਗੁੰਦਵੇਂ ਸਰੀਰ ਵਾਲੀਆਂ ਸੋਹਣੀਆਂ ਮੁਟਿਆਰਾਂ ਦੇ ਵੱਖੀਆਂ ਤੋਂ ਤੰਗ ਕੁੜਤੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਰੁੱਤ ਵਿਚ ਹੀ ਬਹੁਤ ਸੋਹਣੀ ਲਗਦੀ ਹੈ। ਤੁਹਾਡੇ ਪਾਏ ਹੋਏ ਪਹਿਰਾਵੇ ਨੂੰ ਵੇਖ ਕੇ ਵੇਖਣ ਵਾਲਿਆਂ ਨੂੰ ਚੱਲ ਰਹੀ ਅਤੇ ਆ ਰਹੀ ਰੁੱਤ ਦੇ ਰੰਗ ਦਾ ਝਲਕਾਰਾ ਪੈਣਾ ਚਾਹੀਦਾ ਹੈ। ਅਸਲ ਵਿਚ ਹਰ ਰੁੱਤ ਵਿਚ ਤੁਹਾਡਾ ਪਹਿਰਾਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਵੇਖਣ ਵਾਲੇ ਸੋਚੀਂ ਪੈ ਜਾਣ ਕਿ ਤੁਸੀਂ ਰੁੱਤਾਂ ਦੇ ਰੰਗਾਂ ਅਨੁਸਾਰ ਆਪਣੇ ਪਹਿਰਾਵੇ ਦੇ ਰੰਗ ਬਦਲਦੇ ਹੋ ਜਾਂ ਫਿਰ ਰੁੱਤਾਂ ਹੀ ਤੁਹਾਡੇ ਪਹਿਰਾਵੇ ਦੇ ਰੰਗਾਂ ਨੂੰ ਵੇਖ ਕੇ ਆਪਣਾ ਰੰਗ ਬਦਲਦੀਆਂ ਨੇ।


-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਗ੍ਰਹਿਣੀ ਉਹੀ ਜੋ ਨਵਾਂ ਅਜ਼ਮਾਏ

* ਆਲੂ ਦੇ ਚਿਪਸ ਕੱਟ ਕੇ ਹਲਦੀ ਲਗਾਓ ਅਤੇ ਨਮਕ ਮਿਲੇ ਪਾਣੀ ਵਿਚ ਪਾ ਦਿਓ। ਇਸ ਪਾਣੀ ਵਿਚ 2-4 ਬੂੰਦਾਂ ਨਿੰਬੂ ਦਾ ਰਸ ਮਿਲਾ ਦਿਓ। 10 ਮਿੰਟ ਬਾਅਦ ਕੱਢ ਕੇ, ਪੂੰਝ ਕੇ ਸੁਕਾ ਲਓ। ਇਹ ਚਿਪਸ ਸਫੈਦ ਅਤੇ ਖਸਤਾ ਬਣਨਗੇ।
* ਕਰੀ ਪੱਤਿਆਂ ਨੂੰ ਨਾਰੀਅਲ ਦੇ ਤੇਲ ਵਿਚ ਉਬਾਲ ਕੇ ਛਾਣ ਲਓ। ਵਰਤੋਂ ਕਰਨ ਨਾਲ ਵਾਲ ਸਫੈਦ ਨਹੀਂ ਹੋਣਗੇ।
* ਜ਼ਿਆਦਾ ਮਿੱਠੀਆਂ ਜਾਂ ਤਲੀਆਂ-ਭੁੱਜੀਆਂ ਚੀਜ਼ਾਂ ਖਾਣ ਨਾਲ ਕਈ ਵਾਰ ਪੇਟ ਫੁੱਲਣ ਲਗਦਾ ਹੈ ਜਾਂ ਫਿਰ ਖੱਟੇ ਡਕਾਰ ਆਉਣ ਲਗਦੇ ਹਨ। ਅਜਿਹੇ ਵਿਚ 5 ਕਾਲੀਆਂ ਮਿਰਚਾਂ ਨਾਲ 10 ਪੁਦੀਨੇ ਦੇ ਪੱਤਿਆਂ ਨੂੰ ਮੂੰਹ ਵਿਚ ਰੱਖ ਕੇ ਹੌਲੀ-ਹੌਲੀ ਚਬਾਓ। ਆਰਾਮ ਮਿਲੇਗਾ।
* ਜੇ ਕੱਪੜੇ 'ਤੇ ਚਿਕਨਾਈ ਜਾਂ ਘਿਓ-ਤੇਲ ਦੇ ਦਾਗ ਪੈ ਜਾਣ ਤਾਂ ਕੱਪੜੇ 'ਤੇ ਟੈਲਕਮ ਪਾਊਡਰ ਛਿੜਕੋ। ਉੱਪਰੋਂ ਦੀ ਉਸ 'ਤੇ ਅਖ਼ਬਾਰ ਅਤੇ ਕੋਈ ਭਾਰੀ ਚੀਜ਼ ਰੱਖ ਦਿਓ। ਚਿਕਨਾਈ ਅਖ਼ਬਾਰ 'ਤੇ ਆ ਜਾਵੇਗੀ।
* ਪੀਸੀ ਹੋਈ ਲਾਲ ਮਿਰਚ ਵਿਚ ਥੋੜ੍ਹਾ ਪੀਸਿਆ ਹੋਇਆ ਨਮਕ ਮਿਲਾ ਕੇ ਰੱਖ ਦੇਣ ਨਾਲ ਉਹ ਕਈ ਮਹੀਨਿਆਂ ਤੱਕ ਖ਼ਰਾਬ ਨਹੀਂ ਹੁੰਦੀ। ਬਰਸਾਤ ਵਿਚ ਕੀੜੇ ਵੀ ਨਹੀਂ ਲਗਦੇ।
* ਆਲੂ ਦੀ ਪਤਲੀ ਫਾਂਕ ਅੱਖਾਂ 'ਤੇ ਰੱਖਣ ਨਾਲ ਅੱਖਾਂ ਦੀ ਥਕਾਨ ਦੂਰ ਹੁੰਦੀ ਹੈ।
* ਉਲਟੀ ਤੋਂ ਬਚਣ ਲਈ ਪੁਦੀਨੇ ਦੀਆਂ ਟਹਿਣੀਆਂ ਨੂੰ ਚੂਸੋ।
* ਜੇ ਕੈਂਚੀ ਦੀ ਧਾਰ ਖਰਾਬ ਹੋ ਗਈ ਹੋਵੇ ਤਾਂ ਕੈਂਚੀ ਨੂੰ ਕਿਸੇ ਕੱਚ ਦੀ ਬੋਤਲ 'ਤੇ ਕੱਟਣ ਦੀ ਮੁਦਰਾ ਵਿਚ ਚਲਾਓ। ਧਾਰ ਠੀਕ ਹੋ ਜਾਵੇਗੀ।
* ਰਸ ਨਿਕਲੇ ਨਿੰਬੂ ਦੀਆਂ ਛਿੱਲਾਂ ਨੂੰ ਰਾਤ ਨੂੰ ਇਕ ਮੱਗ ਵਿਚ ਭਿਉਂ ਦਿਓ। ਅਗਲੇ ਦਿਨ ਉਸ ਨੂੰ ਬਾਲਟੀ ਵਿਚ ਪਾ ਕੇ ਨਹਾਓ। ਸਰੀਰ ਵਿਚੋਂ ਭਿੰਨੀ-ਭਿੰਨੀ ਖੁਸ਼ਬੂ ਆਵੇਗੀ ਅਤੇ ਚਮੜੀ ਵੀ ਮੁਲਾਇਮ ਹੋਵੇਗੀ।
* ਸ੍ਰੀਖੰਡ ਬਣਾਉਂਦੇ ਸਮੇਂ ਦਹੀਂ ਵਿਚੋਂ ਨਿਕਲੇ ਹੋਏ ਪਾਣੀ ਨੂੰ ਨਾ ਸੁੱਟੋ। ਉਸ ਪਾਣੀ ਨਾਲ ਤੁਸੀਂ ਚੌਲ ਬਣਾ ਸਕਦੇ ਹੋ ਜਾਂ ਉਸ ਪਾਣੀ ਨੂੰ ਤੁਸੀਂ ਦਿਨ ਭਰ ਲੱਸੀ ਦੀ ਤਰ੍ਹਾਂ ਪੀ ਸਕਦੇ ਹੋ।
* ਕਸਟਰਡ ਨੂੰ ਖੱਟਾ ਕਰਨ ਲਈ ਸੰਤਰਾ ਜਾਂ ਅੰਗੂਰ ਕੱਟ ਕੇ ਪਾਓ।
* ਚਮੜੀ 'ਤੇ ਦਹੀਂ ਦਾ ਲੇਪ ਕਰਨ ਨਾਲ ਚਮੜੀ ਦੀ ਟੋਨਿੰਗ ਹੁੰਦੀ ਹੈ।
* ਗੈਸ ਬਣਨ ਦੀ ਹਾਲਤ ਵਿਚ ਮਿਸ਼ਰੀ ਨਾਲ ਪੁਦੀਨੇ ਦੇ 8-10 ਪੱਤੇ ਚਬਾ ਕੇ ਖਾਓ। ਪੇਟ ਹਲਕਾ ਰਹੇਗਾ, ਭੁੱਖ ਵੀ ਖੁੱਲ੍ਹ ਕੇ ਲੱਗੇਗੀ।
* ਜੇ ਕੱਪੜੇ 'ਤੇ ਬਾਲ ਪੈੱਨ ਦੀ ਸਿਆਹੀ ਦਾ ਦਾਗ ਪੈ ਗਿਆ ਹੋਵੇ ਤਾਂ ਨਹੁੰ ਪਾਲਿਸ਼ ਰਿਮੂਵਰ ਲਗਾ ਦਿਓ। ਦਾਗ ਹਟ ਜਾਵੇਗਾ।
* ਦੁੱਧ ਉਬਾਲਦੇ ਸਮੇਂ ਪਤੀਲੇ ਵਿਚ ਕੜਛੀ ਪਾ ਦਿਓ। ਦੁੱਧ ਉਬਲ ਕੇ ਬਾਹਰ ਨਹੀਂ ਆਵੇਗਾ।
* ਚੌਲਾਂ ਦੀ ਖੀਰ ਬਣਾਉਂਦੇ ਸਮੇਂ ਚੌਲਾਂ ਨੂੰ ਪਹਿਲਾਂ ਘਿਓ ਵਿਚ ਥੋੜ੍ਹਾ ਭੁੰਨ ਲਓ। ਖੀਰ ਭਾਂਡੇ ਨਾਲ ਚਿਪਕੇਗੀ ਨਹੀਂ।
* ਚੌਲ ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਸੂਤੀ ਕੱਪੜਿਆਂ 'ਤੇ ਕਲਫ ਲਗਾਓ।
* ਮੈਦੇ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਫਰਿੱਜ ਵਿਚ ਰੱਖੋ। ਇਹ ਮਹੀਨਿਆਂ ਤੱਕ ਖਰਾਬ ਨਹੀਂ ਹੋਵੇਗਾ।
* ਸ਼ਹਿਦ ਅਤੇ ਦਹੀਂ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ ਅਤੇ ਧੌਣ 'ਤੇ ਲਗਾਉਣ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ।
* ਮੂੰਹ ਦੀ ਬਦਬੂ ਦੂਰ ਕਰਨ ਲਈ ਪੁਦੀਨੇ ਦੇ ਪੱਤਿਆਂ ਨੂੰ ਗਰਮ ਪਾਣੀ ਵਿਚ ਖੂਬ ਉਬਾਲੋ। ਜਦੋਂ ਕਾੜ੍ਹਾ ਠੰਢਾ ਹੋ ਜਾਵੇ ਤਾਂ ਕੁਰਲੀ ਅਤੇ ਗਰਾਰੇ ਕਰੋ। ਮੂੰਹ ਨੂੰ ਤਾਜ਼ਗੀ ਵੀ ਮਿਲੇਗੀ, ਮਹਿਕ ਵੀ ਆਉਣ ਲੱਗੇਗੀ।
* ਫਰਿੱਜ ਵਿਚ ਬਰਫ ਦੀ ਟ੍ਰੇਅ ਚਿਪਕ ਜਾਂਦੀ ਹੈ। ਟ੍ਰੇਅ ਨੂੰ ਰੱਖਣ ਤੋਂ ਪਹਿਲਾਂ ਉਸ ਦੇ ਥੱਲੇ 'ਤੇ ਮੋਮਬੱਤੀ ਰਗੜੋ, ਟ੍ਰੇਅ ਚਿਪਕੇਗੀ ਨਹੀਂ।
* ਚਮੜੇ ਦੇ ਫਰਨੀਚਰ 'ਤੇ ਲੱਗੇ ਦਾਗ ਆਫਟਰ ਸ਼ੇਵ ਲੋਸ਼ਨ ਨਾਲ ਸਾਫ਼ ਕਰੋ। ਇਹ ਬਿਲਕੁਲ ਖ਼ਤਮ ਹੋ ਜਾਣਗੇ ਅਤੇ ਫਰਨੀਚਰ ਦਾ ਚਮੜਾ ਵੀ ਖਰਾਬ ਨਹੀਂ ਹੋਵੇਗਾ।
* ਸੋਨੇ ਦੇ ਗਹਿਣਿਆਂ ਵਿਚ ਚਮਕ ਲਿਆਉਣ ਲਈ ਉਨ੍ਹਾਂ ਨੂੰ ਇਕ ਘੰਟੇ ਤੱਕ ਪਾਣੀ ਵਿਚ ਸਿਰਕਾ ਪਾ ਕੇ ਡੁਬੋ ਦਿਓ। ਬਾਅਦ ਵਿਚ ਬੁਰਸ਼ ਨਾਲ ਸਾਫ਼ ਕਰ ਦਿਓ।

ਝੁਲਸਦੀ ਧੁੱਪ ਵਿਚ ਇੰਜ ਕਰੋ ਆਪਣੀ ਬਗ਼ੀਚੀ ਦੀ ਦੇਖਭਾਲ

ਤੇਜ਼ ਧੁੱਪ ਵਿਚ ਜਿਸ ਤਰ੍ਹਾਂ ਸਾਨੂੰ ਪਿਆਸ ਲਗਦੀ ਹੈ ਅਤੇ ਪਾਣੀ ਪੀਣ ਲਈ ਮਨ ਲਲਚਾਉਂਦਾ ਹੈ, ਠੀਕ ਇਸੇ ਤਰ੍ਹਾਂ ਪੌਦਿਆਂ ਆਦਿ ਨੂੰ ਵੀ ਜ਼ਿਆਦਾ ਪਾਣੀ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਵੀ ਆਪਣੀ ਬਗੀਚੀ ਵਿਚ ਲੱਗੇ ਪੌਦਿਆਂ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਹੇਠ ਲਿਖੇ ਉਪਾਅ ਕਰਨੇ ਹੀ ਹੋਣਗੇ :
* ਗਰਮੀ ਦੇ ਮੌਸਮ ਵਿਚ ਪਾਣੀ ਦੀ ਘਾਟ ਅਤੇ ਤੇਜ਼ ਧੁੱਪ ਨਾਲ ਪੌਦੇ ਝੁਲਸ ਕੇ ਨਸ਼ਟ ਹੋ ਸਕਦੇ ਹਨ। ਇਸ ਲਈ ਮੌਸਮੀ ਪੌਦਿਆਂ ਤੋਂ ਇਲਾਵਾ ਸਾਰੇ ਪੌਦਿਆਂ ਨੂੰ ਤੇਜ਼ ਧੁੱਪ ਤੋਂ ਬਚਾਓ ਅਤੇ ਉੱਚਿਤ ਮਾਤਰਾ ਵਿਚ ਪਾਣੀ ਦਿਓ।
* ਦੁਪਹਿਰ ਸਮੇਂ ਤੇਜ਼ ਧੁੱਪ ਵਿਚ ਪੌਦਿਆਂ ਨੂੰ ਪਾਣੀ ਦੇਣ ਦੀ ਗਲਤੀ ਨਾ ਕਰੋ। ਇਸ ਤਰ੍ਹਾਂ ਪੌਦਿਆਂ ਦੀਆਂ ਜੜ੍ਹਾਂ ਵਿਚ ਭਾਫ਼ ਬਣਨ ਲਗਦੀ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਸੂਰਜ ਨਿਕਲਣ ਅਤੇ ਸੂਰਜ ਛੁਪਣ ਦੇ ਬਾਅਦ ਹੀ ਪੌਦਿਆਂ ਨੂੰ ਪਾਣੀ ਦਿਓ।
* ਇਸੇ ਤਰ੍ਹਾਂ ਦੀਵਾਰਾਂ ਅਤੇ ਫਰਸ਼ ਦੇ ਤਪਣ ਨਾਲ ਵਰਾਂਡੇ ਆਦਿ ਵਿਚ ਰੱਖੇ ਪੌਦੇ ਝੁਲਸ ਸਕਦੇ ਹਨ। ਵਰਾਂਡੇ ਵਿਚ ਰੱਖੇ ਗਮਲਿਆਂ ਆਦਿ ਨੂੰ ਫੁਹਾਰੇ ਨਾਲ ਪਾਣੀ ਦੇ ਕੇ ਝੁਲਸਦੀ ਗਰਮੀ ਤੋਂ ਬਚਾਇਆ ਜਾ ਸਕਦਾ ਹੈ।
* ਏਅਰ ਕੰਡੀਸ਼ਨਰ ਦੇ ਪਿੱਛੇ ਤੋਂ ਨਿਕਲਣ ਵਾਲੀ ਗਰਮ ਹਵਾ ਦੇ ਨੇੜੇ ਜੇਕਰ ਗਮਲੇ ਰੱਖੇ ਹੋਣ ਤਾਂ ਉਨ੍ਹਾਂ ਨੂੰ ਹਟਾ ਦਿਓ, ਤਾਂ ਕਿ ਪੌਦੇ ਉਸ ਦੀ ਹਵਾ ਨਾਲ ਨਸ਼ਟ ਨਾ ਹੋਣ।
* ਤਪਦੀ ਧੁੱਪ ਵਿਚ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈ ਦਾ ਛਿੜਕਾਅ ਨਾ ਕਰੋ। ਬਹੁਤ ਜ਼ਰੂਰੀ ਹੋਣ 'ਤੇ ਘੱਟ ਮਾਤਰਾ ਵਿਚ ਦਿਨ ਦੇ ਛਿਪਾਅ ਤੋਂ ਬਾਅਦ ਹੀ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
* ਜਿਨ੍ਹਾਂ ਥਾਵਾਂ 'ਤੇ ਤਪਸ਼ ਥੋੜ੍ਹੀ ਘੱਟ ਹੈ, ਉੱਥੇ 50 ਫੀਸਦੀ ਸਨ-ਪਰੂਫ ਸ਼ੇਡਿਗ ਨੈੱਟ ਠੀਕ ਰਹੇਗਾ।
* ਛਾਂ ਦੇ ਲਈ ਇੰਨਾ ਬਰੀਕ ਕੱਪੜਾ ਇਸਤੇਮਾਲ ਕਰੋ ਕਿ ਧੁੱਪ ਰੁਕੇ ਨਾ, ਸਗੋਂ ਛਣ ਕੇ ਪੌਦਿਆਂ ਨੂੰ ਮਿਲੇ। ਹਵਾ/ਪਾਣੀ ਦੀ ਤਰ੍ਹਾਂ ਨਿਸ਼ਚਿਤ ਮਾਤਰਾ ਵਿਚ ਧੁੱਪ ਵੀ ਪੌਦਿਆਂ ਲਈ ਜ਼ਰੂਰੀ ਹੈ।
* ਫੁੱਲ ਵਾਲੇ ਮੌਸਮੀ ਪੌਦਿਆਂ ਜਿਵੇਂ ਕਾਸਮਾਸ, ਜੀਨੀਆ, ਵਿਨਕਾ ਰੋਜੀਆ, ਪੋਰਟੂਲਾਕਾ ਆਦਿ ਜਿਹੀਆਂ ਕਿਸਮਾਂ ਨੂੰ ਛੱਡ ਕੇ ਨਰਮ ਪੱਤਿਆਂ ਵਾਲੇ ਪੌਦਿਆਂ ਨੂੰ ਹੀ ਛਾਂ ਦੀ ਜ਼ਰੂਰਤ ਹੁੰਦੀ ਹੈ।
* ਕੈਲਡੀਅਮ, ਕੋਮੀਆ, ਕੋਲੀਅਸ ਅਤੇ ਕ੍ਰੋਟਿਨ ਜਿਹੇ ਪੌਦਿਆਂ ਦੇ ਕੋਮਲ ਪੱਤੇ ਤੇਜ਼ ਧੁੱਪ ਵਿਚ ਝੁਲਸ ਕੇ ਫਿੱਕੇ ਪੈ ਜਾਂਦੇ ਹਨ। ਅਜਿਹੇ ਪੌਦਿਆਂ ਨੂੰ ਛਾਂ ਵਿਚ ਰੱਖੋ, ਤਾਂ ਕਿ ਉਹ ਝੁਲਸਣ ਅਤੇ ਰੰਗ ਖਰਾਬ ਹੋਣ ਤੋਂ ਬਚ ਸਕਣ।
* ਇਨਡੋਰ ਪਲਾਂਟਸ ਨੂੰ ਹਫਤੇ ਵਿਚ ਇਕ ਵਾਰ ਜਾਂ ਮਹੀਨੇ ਵਿਚ ਦੋ ਵਾਰ ਬਾਹਰ ਦੀ ਛਾਂ ਵਿਚ ਰੱਖ ਸਕਦੇ ਹੋ।
* ਬਗੀਚੀ ਵਿਚ ਇਕ ਪਾਸੇ ਕੁਝ ਸੰਘਣੇ ਪੱਤਿਆਂ ਵਾਲੇ ਦਰੱਖਤ ਨੇੜੇ-ਤੇੜੇ ਲਗਾ ਕੇ ਗਮਲਿਆਂ ਨੂੰ ਉਨ੍ਹਾਂ ਦੀ ਛਾਂ ਵਿਚ ਰੱਖ ਕੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕਦਾ ਹੈ, ਥਾਂ ਦੀ ਘਾਟ ਵਿਚ ਗਮਲਿਆਂ ਨੂੰ ਦੀਵਾਰ ਦੀ ਛਾਂ ਵਿਚ ਵੀ ਰੱਖ ਸਕਦੇ ਹੋ।
* ਧੂੜ ਭਰੀ ਤੇਜ਼ ਹਵਾ ਨਾਲ ਪੱਤਿਆਂ 'ਤੇ ਧੂੜ ਜੰਮ ਜਾਂਦੀ ਹੈ ਅਤੇ ਪੱਤੇ ਮੁਰਝਾਉਣ ਲੱਗਦੇ ਹਨ। ਅਜਿਹੇ ਮੌਸਮ ਵਿਚ ਪੱਤਿਆਂ 'ਤੇ ਠੰਢੇ ਪਾਣੀ ਦਾ ਛਿੜਕਾਅ ਕਰੋ। ਇਸ ਤਰ੍ਹਾਂ ਪੱਤੇ ਤਾਜ਼ਾ ਅਤੇ ਚਮਕਦਾਰ ਲੱਗਣਗੇ।
ਇਸ ਤਰ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਅਤੇ ਸੂਝ-ਬੂਝ ਨਾਲ ਗਰਮੀ ਦੇ ਤਪਦੇ ਦਿਨਾਂ ਵਿਚ ਵੀ ਤੁਸੀਂ ਆਪਣੀ ਬਗੀਚੀ ਦੀ ਹਰਿਆਵਲ ਦਾ ਪੂਰਾ ਅਨੰਦ ਲੈ ਸਕਦੇ ਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ,
(ਮੋਗਾ)-142048

ਗੂਗਲ ਖੋਜ ਨੂੰ ਲੈ ਕੇ ਤੁਸੀਂ ਕਿੰਨੇ ਵਿਵਹਾਰਕ ਹੋ?

ਦੁਨੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਜਾਣਨਾ ਹੋਵੇ ਅਤੇ ਤੁਸੀਂ ਕਿਸੇ ਦੀ ਮਦਦ ਚਾਹੁੰਦੇ ਹੋ ਤਾਂ ਜੇ ਮਦਦਗਾਰ ਤੁਹਾਡੀ ਮਦਦ ਨਹੀਂ ਕਰ ਸਕਦਾ ਤਾਂ ਉਹ ਝੱਟ ਕਹੇਗਾ, 'ਗੂਗਲ ਸਰਚ ਕਰ ਲਓ।' ਜੀ ਹਾਂ, ਗੂਗਲ ਸਾਡੀ ਹਰ ਖੋਜ ਦੀ ਮੰਜ਼ਿਲ ਬਣ ਗਿਆ ਹੈ। ਪਰ ਇਹ ਸ਼ਾਰਟਕਟ ਕਈ ਵਾਰ ਬਹੁਤ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਆਪਣੀ ਗੂਗਲ ਸਰਚ ਨੂੰ ਲੈ ਕੇ ਜ਼ਰੂਰੀ ਹੈ ਕਿ ਅਸੀਂ ਵਿਵਹਾਰਕ ਹੋਈਏ। ਕੀ ਤੁਸੀਂ ਵਿਵਹਾਰਿਕ ਹੋ? ਆਓ ਪਰਖਦੇ ਹਾਂ।
1. ਬੱਚੇ ਨੂੰ ਇਕ ਅਜਿਹੇ ਵਿਸ਼ੇ ਦਾ ਸਕੂਲੋਂ ਕੰਮ ਮਿਲਿਆ ਹੈ, ਜਿਸ ਨੂੰ ਤੁਸੀਂ ਕਦੇ ਨਹੀਂ ਪੜ੍ਹਿਆ। ਫਿਰ ਵੀ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਕੂਲ ਦੇ ਕੰਮ ਵਿਚ ਉਸ ਦੀ ਮਦਦ ਕਰ ਸਕੋਗੇ, ਕਿਉਂਕਿ-
(ਕ) ਗੂਗਲ ਜੁ ਹੈ। (ਖ) ਤੁਹਾਡੀ ਇਕ ਦੋਸਤ ਨੇ ਉਸ ਵਿਸ਼ੇ ਵਿਚ ਪੀ.ਐਚ.ਡੀ. ਕੀਤੀ ਹੋਈ ਹੈ ਅਤੇ ਤੁਹਾਨੂੰ ਭਰੋਸਾ ਹੈ ਕਿ ਲੋੜ ਪੈਣ 'ਤੇ ਉਹ ਤੁਹਾਡੀ ਮਦਦ ਕਰੇਗੀ। (ਗ) ਸਹਿਕਰਮੀਆਂ ਵਿਚੋਂ ਕਿਸੇ ਨੂੰ ਤਾਂ ਉਸ ਵਿਸ਼ੇ ਦੀ ਜਾਣਕਾਰੀ ਹੋਵੇਗੀ ਹੀ।
2. ਤੁਸੀਂ ਕਿਸੇ ਵਿਸ਼ੇ 'ਤੇ ਜ਼ਰੂਰੀ ਸੰਦਰਭ ਜੁਟਾਉਣ ਲਈ ਇਸ ਕਰਕੇ ਲਾਇਬ੍ਰੇਰੀ ਜਾਣਾ ਬੰਦ ਕਰ ਦਿੱਤਾ ਹੈ, ਕਿਉਂਕਿ-(ਕ) ਲਾਇਬ੍ਰੇਰੀ ਵਿਚ ਸਾਰੀਆਂ ਕਿਤਾਬਾਂ ਪੁਰਾਣੀਆਂ ਅਤੇ ਸਮਾਂ ਲੰਘਾ ਚੁੱਕੀਆਂ ਹਨ। (ਖ) ਗੂਗਲ ਵਿਚ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਭੰਡਾਰ ਹੈ, ਫਿਰ ਕਿਉਂ ਲਾਇਬ੍ਰੇਰੀ ਦੇ ਚੱਕਰ ਲਗਾਏ ਜਾਣ। (ਗ) ਲਾਇਬ੍ਰੇਰੀ ਨਾਲ ਸੰਦਰਭ ਜੁਟਾਉਣਾ ਹੁਣ ਚਲਣ ਵਿਚ ਨਹੀਂ ਹੈ।
3. ਤੁਸੀਂ ਕਿਸੇ ਵੀ ਸਬਜ਼ੀ ਨੂੰ ਖਾਣ ਨਾਲ ਹੋਣ ਵਾਲੇ ਫਾਇਦਿਆਂ ਨੂੰ ਜਾਣਨ ਲਈ-(ਕ) ਮੰਮੀ ਨੂੰ ਫੋਨ ਕਰਕੇ ਪੁੱਛਦੇ ਹੋ। (ਖ) ਗੂਗਲ 'ਤੇ ਖੋਜ ਕਰਦੇ ਹੋ। (ਗ) ਆਪਣੀ ਡਾਇਟੀਸ਼ੀਅਨ ਨਾਲ ਸੰਪਰਕ ਕਰਦੇ ਹੋ। 4. ਤੁਹਾਡੇ ਸਰੀਰ ਵਿਚ ਕਿਸੇ ਜਗ੍ਹਾ ਲਗਾਤਾਰ ਸੋਜ ਬਣੀ ਹੋਈ ਹੈ। ਕਿਤੇ ਇਹ ਕਿਸੇ ਤਰ੍ਹਾਂ ਦੇ ਕੈਂਸਰ ਦਾ ਲੱਛਣ ਤਾਂ ਨਹੀਂ ਹੈ, ਇਹ ਜਾਣਨ ਲਈ ਤੁਸੀਂ-
(ਕ) ਆਪਣੇ ਦਫ਼ਤਰ ਦੇ ਬੁੱਧੀਮਾਨ ਲੋਕਾਂ ਤੋਂ ਸਲਾਹ ਲੈਂਦੇ ਹੋ। (ਖ) ਡਾਕਟਰ ਨੂੰ ਸੋਜ ਦਿਖਾ ਕੇ ਪੁੱਛਦੇ ਹੋ। (ਗ) ਗੂਗਲ ਵਿਚ ਖੋਜ ਕਰਕੇ ਲੱਛਣਾਂ ਦੇ ਆਧਾਰ 'ਤੇ ਖੁਦ ਤੈਅ ਕਰਦੇ ਹੋ।
5. ਤੁਹਾਡਾ ਹਾਲ ਹੀ ਵਿਚ ਵਿਆਹ ਹੋਇਆ ਹੈ ਅਤੇ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਨੌਕਰੀ ਮਿਲੀ ਹੈ। ਜ਼ਾਹਿਰ ਹੈ ਹਾਲੇ ਤੁਸੀਂ ਬੱਚਾ ਨਹੀਂ ਚਾਹੁੰਦੇ ਪਰ ਅਸਾਵਧਾਨੀ ਦੇ ਚਲਦੇ ਗਰਭਵਤੀ ਹੋ ਗਏ ਹੋ। ਇਸ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣ ਲਈ ਤੁਸੀਂ-(ਕ) ਆਪਣੀਆਂ ਅਨੁਭਵੀ ਸਹੇਲੀਆਂ ਦੀ ਮਦਦ ਲਓਗੇ। (ਖ) ਡਾਕਟਰ ਨੂੰ ਪੂਰੀ ਗੱਲ ਦੱਸ ਕੇ ਉਸ ਦੀ ਮਦਦ ਲਓਗੇ। (ਗ) ਗੂਗਲ ਖੋਜ ਕਰਕੇ ਖੁਦ ਹੀ ਗਰਭਪਾਤ ਦੇ ਤਰੀਕੇ ਲੱਭ ਲਓਗੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਲਈ ਦਿੱਤੇ ਗਏ ਬਦਲਵੇਂ ਜਵਾਬਾਂ ਵਿਚੋਂ ਉਸੇ ਜਵਾਬ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜਿਸ ਨੂੰ ਤੁਸੀਂ ਵਾਕਿਆ ਹੀ ਸਹੀ ਮੰਨਦੇ ਹੋ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੀ ਗੂਗਲ ਸਰਚ ਕਿੰਨੀ ਵਿਵਹਾਰਕ ਹੈ।
ਕ-ਜੇ ਤੁਸੀਂ 20 ਜਾਂ ਉਸ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਤੁਸੀਂ ਬਿਨਾਂ ਸ਼ੱਕ ਗੂਗਲ ਖੋਜ ਦੇ ਸਾਰੇ ਫਾਇਦੇ-ਨੁਕਸਾਨ ਸਮਝਦੇ ਹੋ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਬਹੁਤ ਵਿਵਹਾਰਕ ਹੋ। ਆਪਣੀ ਇਹ ਸਮਝ ਬਣਾਈ ਰੱਖੋ।
ਖ-ਜੇ ਤੁਹਾਡੇ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਕਾਫੀ ਹੱਦ ਤੱਕ ਵਿਵਹਾਰਕ ਹੋ ਪਰ ਪੂਰੀ ਤਰ੍ਹਾਂ ਨਹੀਂ। ਗੂਗਲ ਦੇ ਨਾਲ-ਨਾਲ ਤੁਹਾਡੇ ਕੋਲ ਕਿਸੇ ਭਰੋਸੇਯੋਗ ਜਾਣਕਾਰੀ ਲਈ ਹੋਰ ਵੀ ਕਈ ਬਦਲ ਹਨ। ਪਰ ਤੁਸੀਂ ਪੂਰੀ ਤਰ੍ਹਾਂ ਗੂਗਲ ਦੀ ਸਮੱਗਰੀ ਦੀ ਵਰਤੋਂ ਨੂੰ ਲੈ ਕੇ ਵਿਵਹਾਰਕ ਹੋ, ਅਜਿਹਾ ਨਹੀਂ ਕਿਹਾ ਜਾ ਸਕਦਾ।
ਗ-ਜੇ ਤੁਹਾਡੇ ਹਾਸਲ ਅੰਕ 10 ਤੋਂ ਘੱਟ ਹਨ ਤਾਂ ਮੁਆਫ਼ ਕਰਨਾ, ਤੁਸੀਂ ਗੂਗਲ ਦੇ ਫੰਦੇ ਵਿਚ ਹੋ। ਕਿਸੇ ਦਿਨ ਤੁਹਾਡੇ ਲਈ ਇਹ ਫੰਦਾ ਬਹੁਤ ਘਾਤਕ ਸਾਬਤ ਹੋ ਸਕਦਾ ਹੈ।


-ਪਿੰਕੀ ਅਰੋੜਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX