ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  9 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  30 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  40 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  52 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  1 minute ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  37 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 1 hour ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਹੋਰ ਖ਼ਬਰਾਂ..

ਬਾਲ ਸੰਸਾਰ

ਸੱਪਾਂ ਦੀ ਦੁਨੀਆ

ਸਾਡੇ ਦੇਸ਼ ਵਿਚ ਸੱਪਾਂ ਦੀਆਂ ਜਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਸਿਰਫ 12 ਫੀਸਦੀ ਹੀ ਜ਼ਹਿਰੀਲੀਆਂ ਹਨ | ਸਾਡੇ ਆਲੇ-ਦੁਆਲੇ ਦਿਖਾਈ ਦੇਣ ਵਾਲੇ ਸੱਪਾਂ ਵਿਚ ਜ਼ਿਆਦਾਤਰ ਜ਼ਹਿਰ ਤੋਂ ਰਹਿਤ ਹੁੰਦੇ ਹਨ | ਸੱਪਾਂ ਪ੍ਰਤੀ ਮਨੱੁਖ ਦੇ ਡਰ ਦਾ ਮੂਲ ਕਾਰਨ ਉਸ ਦਾ ਜ਼ਹਿਰੀਲਾ ਹੋਣਾ ਹੀ ਹੈ ਪਰ ਕੁਝ ਮਨੋਵਿਗਿਆਨੀਆਂ ਅਨੁਸਾਰ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਅਸਲ ਕਾਰਨ ਸੱਪ ਦਾ ਜ਼ਹਿਰ ਨਾ ਹੋ ਕੇ ਸਦਮਾ ਹੁੰਦਾ ਹੈ | ਦੂਜਾ ਪਹਿਲੂ ਇਹ ਹੈ ਕਿ ਸੱਪ ਚੂਹਿਆਂ ਨੂੰ ਖਾ ਕੇ ਭਾਰਤ ਵਿਚ ਤਕਰੀਬਨ 18 ਕਰੋੜ ਲੋਕਾਂ ਦਾ ਭੋਜਨ ਹਰ ਸਾਲ ਬਚਾਉਂਦੇ ਹਨ | ਭਾਰਤ ਹੀ ਨਹੀਂ, ਕਈ ਹੋਰ ਦੇਸ਼ਾਂ ਵਿਚ ਨਾਗ ਪੂਜਾ ਦੀ ਪਰੰਪਰਾ ਦਾ ਜ਼ਿਕਰ ਮਿਲਦਾ ਹੈ | ਮਿਸਰ ਵਿਚ ਨੀਲ ਨਦੀ ਦੇ ਕਿਨਾਰੇ ਹਜ਼ਾਰਾਂ ਸੱਪਾਂ ਦੇ ਵਿਸ਼ੇਸ਼ ਪੂਜਾ ਸਥਾਨ ਬਣੇ ਸਨ | ਇਸ਼ਨਾਨ ਉਪਰੰਤ ਕੁਆਰੀਆਂ ਕੁੜੀਆਂ ਪਾਣੀ ਅਤੇ ਫੱੁਲਾਂ ਨਾਲ ਸੱਪਾਂ ਦੇ ਸਥਾਨਾਂ ਦੀ ਪੂਜਾ ਕਰਦੀਆਂ ਸਨ, ਤਾਂ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਹੋਣ | ਮਿਸਰ ਦੇ ਕਈ ਪ੍ਰਾਚੀਨ ਸਮਰਾਟਾਂ ਦੇ ਮੁਕਟ ਵਿਚ ਵੀ 'ਨਾਗ ਦੀ ਮੂਰਤੀ' ਬਣੀ ਹੁੰਦੀ ਸੀ | ਉਥੋਂ ਦੀ ਸੰਸਕ੍ਰਿਤੀ ਵਿਚ ਨਾਗ ਪੂਜਾ ਦੀ ਪਰੰਪਰਾ ਚਾਲੀ ਹਜ਼ਾਰ ਸਾਲ ਪੁਰਾਣੀ ਹੈ | ਇਥੋਂ ਦੇ ਕਈ ਬੱੁਧ ਮੱਠਾਂ ਵਿਚ ਵੀ ਭਗਵਾਨ ਬੱੁਧ ਦੀਆਂ ਮੂਰਤੀਆਂ ਦੇ ਇਰਦ-ਗਿਰਦ ਕਈ ਸੋਨੇ, ਚਾਂਦੀ ਅਤੇ ਲਾਲ ਪੱਥਰਾਂ ਨਾਲ ਤਰਾਸ਼ੇ ਅਨੋਖੇ ਸੱਪਾਂ ਦੇ ਸਥਾਨ ਬਣੇ ਹਨ, ਜਿਨ੍ਹਾਂ ਦੀ ਹਰ ਪੂਰਨਮਾਸ਼ੀ ਨੂੰ ਪੂਜਾ ਹੁੰਦੀ ਹੈ | ਇਥੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬੱੁਧ ਨੂੰ ਸੱਪਾਂ ਨਾਲ ਅਥਾਹ ਪ੍ਰੇਮ ਸੀ | ਮਲੇਸ਼ੀਆ ਵਿਚ ਸੱਪਾਂ ਦਾ ਇਕ ਅਨੋਖਾ ਮੰਦਰ ਹੈ, ਜਿਸ ਨੂੰ 'ਕੋਰ-ਸੁਰਕਾਂਗ' ਨਾਂਅ ਨਾਲ ਜਾਣਿਆ ਜਾਂਦਾ ਹੈ |
ਨਾਰਵੇ ਦੇ ਇਤਿਹਾਸ ਵਿਚ ਨਾਗ ਨੂੰ ਧਰਤੀ ਦਾ ਸਵਾਮੀ ਕਿਹਾ ਜਾਂਦਾ ਹੈ | ਭਾਰਤ ਵਾਂਗ ਉਥੇ ਵੀ ਵਰਖਾ ਦੇ ਮੌਸਮ ਵਿਚ ਨਾਗ ਪੂਜਾ ਦੀ ਪਰੰਪਰਾ ਹੈ | ਬੇਬੀਲੋਨੀਆਂ ਵਿਚ ਤਾਂ ਸੱਪ ਨੂੰ ਧਰਤੀ ਦਾ ਵੀਰ ਪੱੁਤਰ ਕਿਹਾ ਜਾਂਦਾ ਹੈ | ਇਸ ਦੀ ਵਿਸ਼ੇਸ਼ ਪੂਜਾ ਉਸ ਸਮੇਂ ਕੀਤੀ ਜਾਂਦੀ ਸੀ, ਜਦ ਅਸਮਾਨ ਵਿਚ ਇੰਦਰ ਧਨੁਸ਼ ਨਿਕਲਿਆ ਹੋਵੇ | ਦੱਖਣੀ ਅਫਰੀਕਾ ਦੇ ਕੁਝ ਜੀਵ ਵਿਗਿਆਨੀਆਂ ਨੇ ਸੱਪਾਂ ਦੀਆਂ ਵੱਖ-ਵੱਖ ਨਸਲਾਂ 'ਤੇ ਖੋਜ ਕਰਕੇ ਇਹ ਸਾਬਤ ਕੀਤਾ ਹੈ ਕਿ ਸੱਪ ਬਹੁਤ ਘੱਟ ਵਿਕਸਿਤ ਬੱੁਧੀ ਵਾਲਾ ਜੀਵ ਹੈ ਅਤੇ ਇਸ ਦੀ ਯਾਦ ਸ਼ਕਤੀ ਏਨੀ ਨਹੀਂ ਹੈ ਕਿ ਇਹ ਕਿਸੇ ਘਟਨਾਕ੍ਰਮ ਨੂੰ ਯਾਦ ਰੱਖ ਸਕੇ | ਇਹ ਤੱਥ ਸਰਾਸਰ ਬੇਬੁਨਿਆਦ ਹੈ ਕਿ ਸੱਪ ਆਪਣੇ ਦੁਸ਼ਮਣ ਤੋਂ ਬਦਲਾ ਲੈਂਦਾ ਹੈ | ਸੋ, ਫ਼ਿਲਮੀ ਕਹਾਣੀਆਂ ਤੋਂ ਸੁਚੇਤ ਰਹੋ, ਉਹ ਸਿਰਫ ਵਹਿਮ ਹੈ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 97813-76990


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਚਮਕਦੇ ਦੰਦ

ਆਸ਼ੂ ਦਾ ਸੁਭਾਅ ਬਹੁਤ ਅਵੇਸਲਾ ਸੀ | ਉਸ ਨੂੰ ਸਕੂਲ ਜਾਣ ਲਈ ਅਕਸਰ ਹੀ ਦੇਰ ਹੋ ਜਾਂਦੀ ਸੀ, ਕਿਉਂਕਿ ਉਹ ਸਵੇਰੇ ਸਮੇਂ ਸਿਰ ਨਹੀਂ ਉੱਠਦਾ ਸੀ | ਉਸ ਦੇ ਮੰਮੀ ਉਸ ਨੂੰ ਬੁਰਸ਼ ਕਰਨ ਲਈ ਕਹਿੰਦੇ ਤਾਂ ਉਹ ਉਨ੍ਹਾਂ ਦਾ ਕਹਿਣਾ ਟਾਲ ਦਿੰਦਾ | ਉਹ ਬਿਨਾਂ ਬੁਰਸ਼ ਕੀਤਿਆਂ ਹੀ ਨਾਸ਼ਤਾ ਕਰ ਲੈਂਦਾ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਉਸ ਦਾ ਪੀ.ਟੀ. ਅਧਿਆਪਕ ਜਦੋਂ ਬੱਚਿਆਂ ਨੂੰ ਕਹਿੰਦਾ ਕਿ 'ਜਿਹੜੇ ਬੱਚੇ ਬੁਰਸ਼ ਕਰਕੇ ਨਹੀਂ ਆਏ, ਉਹ ਬੱਚੇ ਬਾਹਰ ਆ ਜਾਓ' ਤਾਂ ਉਹ ਅਧਿਆਪਕ ਨੂੰ ਝੂਠ ਹੀ ਕਹਿ ਦਿੰਦਾ ਕਿ ਉਹ ਬੁਰਸ਼ ਕਰਕੇ ਆਇਆ ਹੈ | ਹੌਲੀ-ਹੌਲੀ ਉਸ ਦੇ ਦੰਦਾਂ ਦੀ ਚਮਕ ਵੀ ਪੇਤਲੀ ਪੈਣ ਲੱਗੀ | ਉਸ ਦੇ ਦੰਦ ਵੀ ਖਰਾਬ ਹੋਣ ਲੱਗੇ | ਛੱੁਟੀਆਂ ਹੁੰਦੇ ਹੀ ਉਹ ਆਪਣੇ ਭੂਆ ਜੀ ਕੋਲ ਚਲਾ ਗਿਆ | ਉਸ ਦੇ ਭੂਆ ਜੀ ਦੇ ਦੋ ਬੱਚੇ ਸਨ-ਜਪਨੂਰ ਅਤੇ ਜਪਰੋਜ | ਉਨ੍ਹਾਂ ਦੇ ਦੰਦ ਸ਼ੀਸ਼ੇ ਵਾਂਗ ਚਮਕਦੇ ਸਨ | ਦੇਖਣ ਨੂੰ ਬਹੁਤ ਸੋਹਣੇ ਲਗਦੇ ਸਨ | ਆਸ਼ੂ ਦਾ ਦਿਲ ਕਰੇ ਕਿ ਉਹ ਉਨ੍ਹਾਂ ਨੂੰ ਪੱੁਛੇ ਕਿ ਉਨ੍ਹਾਂ ਦੰਦ ਐਨੇ ਸੋਹਣੇ ਕਿਵੇਂ ਹਨ? ਪਰ ਉਹ ਉਨ੍ਹਾਂ ਨੂੰ ਪੱੁਛਣ ਵਿਚ ਸ਼ਰਮ ਮਹਿਸੂਸ ਕਰ ਰਿਹਾ ਸੀ |
ਉਹ ਸਵੇਰੇ ਉੱਠਦਿਆਂ ਹੀ ਬੁਰਸ਼ ਕਰਦੇ | ਦੇਖੋ-ਦੇਖੀ ਬੁਰਸ਼ ਤਾਂ ਉਸ ਨੂੰ ਵੀ ਕਰਨਾ ਪੈਂਦਾ ਪਰ ਉਹ ਸਿਰਫ ਆਪਣੇ ਭੂਆ ਜੀ ਨੂੰ ਵਿਖਾਉਣ ਲਈ ਹੀ ਬੁਰਸ਼ ਕਰਦਾ | ਜਪਨੂਰ ਅਤੇ ਜਪਰੋਜ ਦਾ ਮਨ ਕਰਦਾ ਕਿ ਉਹ ਉਸ ਨੂੰ ਬੁਰਸ਼ ਕਰਨਾ ਸਿਖਾਉਣ ਪਰ ਉਹ ਇਹ ਸੋਚ ਕੇ ਕਿ ਉਹ ਬੁਰਾ ਨਾ ਮੰਨ ਜਾਵੇ, ਸਭ ਕੁਝ ਦੇਖ ਕੇ ਵੀ ਚੱੁਪ ਰਹਿੰਦੇ | ਇਕ ਦਿਨ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੱੁਤਾ ਪਿਆ ਸੀ | ਅਚਾਨਕ ਉਸ ਦੀਆਂ ਦਾੜ੍ਹਾਂ ਵਿਚ ਦਰਦ ਹੋਣ ਲੱਗ ਪਈ | ਕੁਝ ਸਮਾਂ ਤਾਂ ਉਹ ਦਰਦ ਸਹਿੰਦਾ ਰਿਹਾ ਪਰ ਜਦੋਂ ਉਸ ਤੋਂ ਦਰਦ ਸਹਾਰਿਆ ਨਾ ਗਿਆ ਤਾਂ ਉਸ ਨੂੰ ਆਪਣੇ ਭੂਆ ਜੀ ਨੂੰ ਉਠਾਉਣਾ ਹੀ ਪਿਆ | ਉਸ ਦੇ ਭੂਆ ਜੀ ਨੇ ਉਸ ਨੂੰ ਦਰਦ ਦੀ ਗੋਲੀ ਦੇ ਕੇ ਉਸ ਦਾ ਦਰਦ ਹਟਾ ਦਿੱਤਾ | ਸਵੇਰੇ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ਡਾਕਟਰ ਨੇ ਉਸ ਨੂੰ ਕਿਹਾ, 'ਬੇਟਾ, ਠੀਕ ਢੰਗ ਨਾਲ ਹਰ ਰੋਜ਼ ਬੁਰਸ਼ ਨਾ ਕਰਨ ਕਾਰਨ ਤੇਰੇ ਦੰਦ ਖਰਾਬ ਹੋ ਚੱੁਕੇ ਹਨ | ਲੰਬੇ ਸਮੇਂ ਤੱਕ ਤੇਰਾ ਇਲਾਜ ਚੱਲੇਗਾ | ਤੇਰੇ ਇਕ-ਦੋ ਦੰਦ ਟੀਕੇ ਲਗਾ ਕੇ ਠੀਕ ਵੀ ਕਰਨੇ ਪੈਣਗੇ |' ਡਾਕਟਰ ਦੀਆਂ ਗੱਲਾਂ ਸੁਣ ਕੇ ਉਹ ਚੀਖਾਂ ਮਾਰਨ ਲੱਗ ਪਿਆ ਪਰ ਉਹ ਉਸ ਦਾ ਸੁਪਨਾ ਹੀ ਸੀ | ਉਹ ਬੈੱਡ 'ਤੇ ਉੱਠ ਕੇ ਬੈਠ ਗਿਆ | ਉਸ ਦੀਆਂ ਚੀਖਾਂ ਸੁਣ ਕੇ ਉਸ ਦੇ ਭੂਆ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਚੀਖਾਂ ਮਾਰਨ ਦਾ ਕਾਰਨ ਪੱੁਛਿਆ | ਉਸ ਨੇ ਸਾਰਾ ਕੁਝ ਦੱਸ ਦਿੱਤਾ | ਰਾਤ ਨੂੰ ਤਾਂ ਉਹ ਸੌਾ ਗਿਆ | ਸਵੇਰੇ ਉੱਠਣ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਖੁਦ ਉਸ ਦੇ ਕੋਲ ਖਲੋ ਕੇ ਬੁਰਸ਼ ਕਰਨਾ ਸਿਖਾਇਆ | ਨਾਸ਼ਤਾ ਕਰਨ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ, 'ਆਸ਼ੂ ਬੇਟਾ, ਰਾਤ ਵਾਲੀ ਘਟਨਾ ਸੁਪਨਾ ਨਹੀਂ, ਸਗੋਂ ਸੱਚ ਸੀ | ਜਿਹੜੇ ਬੱਚੇ ਠੀਕ ਢੰਗ ਨਾਲ ਬੁਰਸ਼ ਨਹੀਂ ਕਰਦੇ, ਸਮੇਂ ਸਿਰ ਦੰਦਾਂ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਨੂੰ ਡਾਕਟਰਾਂ ਕੋਲ ਜਾਣਾ ਹੀ ਪੈਂਦਾ ਹੈ | ਉਨ੍ਹਾਂ ਦੇ ਦੰਦਾਂ ਵਿਚ ਖਰਾਬੀ ਆ ਹੀ ਜਾਂਦੀ ਹੈ |'
ਉਹ ਥੋੜ੍ਹੀ ਦੇਰ ਤਾਂ ਚੱੁਪ ਰਿਹਾ ਪਰ ਉਸ ਤੋਂ ਪੱੁਛਣ ਤੋਂ ਬਿਨਾਂ ਰਿਹਾ ਨਾ ਗਿਆ | ਉਸ ਨੇ ਆਪਣੇ ਭੂਆ ਜੀ ਨੂੰ ਸਵਾਲ ਕੀਤਾ, 'ਭੂਆ ਜੀ, ਜਪਨੂਰ ਅਤੇ ਜਪਰੋਜ ਦੇ ਦੰਦ ਮੋਤੀਆਂ ਵਾਂਗ ਕਿਵੇਂ ਚਮਕ ਰਹੇ ਹਨ?' ਉਸ ਦੇ ਭੂਆ ਜੀ ਬੋਲੇ, 'ਬੇਟਾ, ਤੇਰੇ ਦੰਦ ਵੀ ਮੋਤੀਆਂ ਵਾਂਗ ਹੀ ਚਮਕ ਸਕਦੇ ਹਨ, ਜੇਕਰ ਤੰੂ ਵੀ ਉਨ੍ਹਾਂ ਵਾਂਗ ਸਵੇਰੇ ਉੱਠ ਕੇ ਬੁਰਸ਼ ਕਰੇਂ, ਉਹ ਵੀ ਠੀਕ ਢੰਗ ਨਾਲ | ਉਹ ਤਾਂ ਤੈਨੂੰ ਕਈ ਦਿਨ ਤੋਂ ਸਮਝਾਉਣਾ ਚਾਹੁੰਦੇ ਸਨ |' ਉਸ ਨੂੰ ਭੂਆ ਜੀ ਦੀ ਨਸੀਹਤ ਸਮਝ ਆ ਗਈ | ਉਸ ਨੇ ਵੀ ਆਪਣੇ ਦੰਦਾਂ ਨੂੰ ਠੀਕ ਢੰਗ ਨਾਲ ਬੁਰਸ਼ ਕਰਨਾ ਸ਼ੁਰੂ ਕਰ ਦਿੱਤਾ | ਉਸ ਦੇ ਮੰਮੀ ਨੇ ਸ਼ੁਕਰ ਮਨਾਇਆ ਕਿ ਉਸ ਨੂੰ ਵੀ ਦੰਦਾਂ ਦੀ ਸੰਭਾਲ ਦਾ ਗਿਆਨ ਹੋ ਗਿਆ ਹੈ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |

ਬੁਝਾਰਤ-54

ਟੋਟੇ ਜੋੜ ਬਣਾਇਆ ਕੁਦਰਤ,
ਕੰਨ ਵਿਚ ਸਮਝਾਇਆ ਕੁਦਰਤ |
ਵੰਡਣੀ ਹੈ ਤੂੰ ਸਦਾ ਮਿਠਾਸ,
ਕੁੜੱਤਣ ਦੇ ਨਹੀਂ ਜਾਣਾ ਪਾਸ |
ਗਰਮੀ ਵਿਚ ਮੈਂ ਪਿਆਸ ਬੁਝਾਵਾਂ,
ਤਪਦੇ ਸੀਨੇ ਵਿਚ ਠੰਢ ਪਾਵਾਂ |
ਦੋ ਧੀਆਂ ਤੇ ਇਕ ਹੈ ਪੁੱਤਰ,
ਬੱਚਿਓ ਬਾਤ ਦਾ ਦਿਓ ਹੁਣ ਉੱਤਰ |
'ਭਲੂਰੀਆ' ਜੀ ਇਹ ਬਾਤ ਹੈ ਔਖੀ,
ਥੋੜ੍ਹੀ ਜਿਹੀ ਕਰ ਦਿਓ ਸੌਖੀ |
ਨਿਸ਼ਾਨੀ ਦੱਸ ਦਿੰਨਾ ਮੈਂ ਮੋਟੀ,
ਸ਼ਕਲ ਇਸ ਦੀ ਵਾਂਗ ਹੈ ਸੋਟੀ |
—0—
ਸੁਣ ਕੇ ਝੱਟ ਸੀ ਬੋਲਿਆ ਚੰਨਾ,
'ਭਲੂਰੀਆ' ਜੀ ਇਹ ਮਿੱਠਾ 'ਗੰਨਾ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਚੁਟਕਲੇ

• ਇਕ ਸਰਕਾਰੀ ਦਫ਼ਤਰ ਦੇ ਬਾਹਰ ਇਕ ਸੂਚਨਾ ਬੋਰਡ 'ਤੇ ਲਿਖਿਆ ਸੀ, 'ਕਿਰਪਾ ਕਰਕੇ ਰੌਲਾ ਨਾ ਪਾਓ |' ਇਕ ਸ਼ਰਾਰਤੀ ਬੱਚੇ ਨੇ ਉਸ ਦੇ ਅੱਗੇ ਵੱਡੇ ਸ਼ਬਦਾਂ ਵਿਚ ਲਿਖ ਦਿੱਤਾ, 'ਨਹੀਂ ਤਾਂ ਅਸੀਂ ਜਾਗ ਜਾਵਾਂਗੇ |'
• ਇਕ ਨੇਤਾ ਜੀ ਨੇ ਹਸਪਤਾਲ ਦੇ ਨਵੇਂ ਬਣੇ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕਰਦੇ ਹੋਏ ਆਪਣੇ ਭਾਸ਼ਣ ਵਿਚ ਕਿਹਾ, 'ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਸਪਤਾਲ ਵਾਲਿਆਂ ਨੇ ਇਹ ਥੀਏਟਰ ਬਣਾਇਆ ਹੈ, ਜਿਸ ਦਾ ਰੋਗੀਆਂ ਦੇ ਮਨੋਰੰਜਨ ਲਈ ਹੋਣਾ ਬਹੁਤ ਜ਼ਰੂਰੀ ਹੈ |'
• ਅਮਨ (ਸ਼ਿੰਕੂ ਬਾਬੂ ਨੂੰ )-ਤੁਸੀਂ ਆਪਣੇ ਦਫਤਰ ਵਿਚ ਸਿਰਫ ਵਿਆਹੇ ਹੋਏ ਪੁਰਸ਼ ਹੀ ਕਿਉਂ ਨੌਕਰ ਰੱਖਦੇ ਹੋ?
ਸ਼ਿੰਕੂ ਬਾਬੂ-ਯਾਰ, ਇਸ ਲਈ ਕਿ ਜਦੋਂ ਮੈਂ ਉਨ੍ਹਾਂ ਨੂੰ ਗਾਲਾਂ ਦਿੰਦਾ ਹਾਂ ਤਾਂ ਘਰ ਦੀ ਆਦਤ ਪੈਣ ਕਰਕੇ ਉਨ੍ਹਾਂ ਨੂੰ ਬੁਰਾ ਨਹੀਂ ਲਗਦਾ |
• ਤਮੰਨਾ (ਦੁਕਾਨਦਾਰ ਨੂੰ )-ਭਾਈ ਸਾਹਿਬ, ਤੁਸੀਂ ਤਾਂ ਕਿਹਾ ਸੀ ਕਿ ਇਹ ਬਲਬ ਦੀ ਇਕ ਮਹੀਨੇ ਦੀ ਗਾਰੰਟੀ ਹੈ ਪਰ ਇਹ ਤਾਂ ਪੰਦਰਾਂ ਦਿਨ ਵਿਚ ਹੀ ਫਿਊਜ਼ ਹੋ ਗਿਆ |
ਦੁਕਾਨਦਾਰ-ਤੁਹਾਨੂੰ ਨਹੀਂ ਪਤਾ ਮੈਡਮ, ਪੰਦਰਾਂ ਦਿਨ ਤੱਕ ਇਹ ਸਾਡੀ ਦੁਕਾਨ ਵਿਚ ਵੀ ਜਗਦਾ ਰਿਹਾ ਹੈ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਗੀਤ: ਛੱੁਟੀਆਂ ਦੇ ਦਿਨ

ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਖੇਡੇ-ਮੱਲ੍ਹੇ ਖੂਬ, ਬੜਾ ਘੁੰਮ ਲਿਆ ਸਾਰੇ |
ਪਹਿਲੋਂ ਅਸੀਂ ਛੱੁਟੀਆਂ 'ਚ ਗਏ ਨਾਨਕੇ |
ਸਕੂਲ ਵਾਲਾ ਕੰਮ ਵੀ ਮੁਕਾਇਆ ਆਣ ਕੇ |
ਸਾਰਿਆਂ ਨੂੰ ਅਸੀਂ ਬੜੇ ਲਗਦੇ ਪਿਆਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਕੀਤੀਆਂ ਪੜ੍ਹਾਈਆਂ ਅਸੀਂ, ਐਸ਼ ਪੂਰੀ ਲੱੁਟੀ |
ਪਤਾ ਵੀ ਨਾ ਲੱਗੇ ਕਦੋਂ ਬੀਤ ਜਾਵੇ ਛੱੁਟੀ?
ਗੱੁਸੇ ਨਾ ਕੋਈ ਹੋਏ, ਕੋਈ ਝਿੜਕਾਂ ਨਾ ਮਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਰੱਜ-ਰੱਜ ਸੱੁਤੇ, ਨਾ ਕੋਈ ਤੜਕੇ ਜਗਾਉਂਦਾ |
ਨਿੱਕੀ-ਨਿੱਕੀ ਗੱਲ ਉੱਤੇ, ਰੋਕ ਨਾ ਕੋਈ ਲਾਉਂਦਾ |
ਮਾਪਿਆਂ ਦੇ ਨਾਲ ਹੋ ਕੇ ਕੰਮ ਕਈ ਸਵਾਰੇ |
ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਛੱੁਟੀਆਂ 'ਚ 'ਚਿੱਟੀ' ਜਾ ਕੇ, ਰੌਣਕਾਂ ਸੀ ਲਾਈਆਂ |
ਦੱੁਧ-ਚਾਹ ਦੇ ਨਾਲ ਸਾਨੂੰ ਬਰਫੀਆਂ ਖਿਲਾਈਆਂ |
ਇਹੋ ਜਿਹੇ ਮੌਕੇ ਨਹੀਂ ਲੱਭਣੇ ਦੁਬਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਆਓ ਕਿਤਾਬਾਂ ਦੀ ਕਰੀਏ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫ਼ਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ | ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ |
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ | ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ | ਕੁਝ ਬੱਚੇ ਤੇ ਉਨਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਦਿੰਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ | ਕਿਤਾਬਾਂ ਫਟਣ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ |
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ | ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਜਿਸ ਨਾਲ ਕਿਤਾਬ ਦੀ ਜਿਲਦ ਵਿਚਕਾਰਲਾ ਧਾਗਾ ਟੁੱਟ ਜਾਵੇਗਾ | ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ | ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ | ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ | ਅੱਜਕਲ੍ਹ ਕਿਤਾਬਾਂ ਵਾਸਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ | ਸੋ ਆਓ, ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ | ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ |

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ | ਮੋਬਾ: 94630-57786

ਅਨਮੋਲ ਬਚਨ

• ਜੋ ਲੋਕ ਦੂਜਿਆਂ ਦੇ ਦਰਦ ਨੂੰ ਸਮਝਦੇ ਹਨ, ਉਹ ਕਦੇ ਵੀ ਕਿਸੇ ਦੇ ਦਰਦ ਦੀ ਵਜ੍ਹਾ ਨਹੀਂ ਬਣਦੇ |
• ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |
• ਪ੍ਰਵਾਹ ਹੀ ਦੱਸਦੀ ਹੈ ਕਿ ਸਾਨੂੰ ਦੂਜਿਆਂ ਦਾ ਕਿੰਨਾ ਖਿਆਲ ਹੈ, ਨਹੀਂ ਤਾਂ ਕੋਈ ਤਰਾਜੂ ਨਹੀਂ ਹੁੰਦਾ ਰਿਸ਼ਤਿਆਂ ਨੂੰ ਤੋਲਣ ਲਈ |
• ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ |
• ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੰੂਹਦੇ ਹਨ |
• ਜ਼ਿੰਦਗੀ ਦੀਆਂ ਠੋਕਰਾਂ ਸਿਰਫ ਉਨ੍ਹਾਂ ਨੂੰ ਹੀ ਸਜ਼ਾ ਦਿੰਦੀਆਂ ਹਨ, ਜਿਨ੍ਹਾਂ ਨੂੰ ਰੱਬ ਦਾ ਨਾਂਅ ਲੈ ਕੇ ਸੰਭਲ ਜਾਣ ਦੀ ਆਦਤ ਹੋਵੇ |
• ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਪਰ ਜਿਥੇ ਕਦਰ ਹੀ ਨਾ ਹੋਵੇ, ਉਥੇ ਰਿਸ਼ਤੇ ਨਿਭਾਉਣੇ ਮੁਸ਼ਕਿਲ ਹੋ ਜਾਂਦੇ ਹਨ |

-ਬਲਵਿੰਦਰ ਜੀਤ ਕੌਰ ਬਾਜਵਾ,
ਚੱਕਲਾਂ (ਰੋਪੜ) | ਮੋਬਾ: 94649-18164

ਬਾਲ ਕਵਿਤਾ: ਕਿਤਾਬ

ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ,
ਮੈਂ ਬੱਚਿਓ ਇਕ ਕਿਤਾਬ ਹਾਂ |
ਮੈਂ ਝੋਲੀ ਵਿਚ ਸਮਾਈ ਬੈਠੀ ਹਾਂ,
ਲੱਖਾਂ ਕੋਹਾਂ ਦਾ ਗਿਆਨ ਜੀ |
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਅੱਖਰਾਂ ਦੇ ਸਹਾਰੇ ਸ਼ਬਦਾਂ ਦਾ ਬਣਾਉਂਦੀ ਹਾਰ |
ਤਸਵੀਰਾਂ ਮੇਰੇ ਸ਼ਿੰਗਾਰ ਦਾ ਆਧਾਰ ਹਨ |
ਤੁਹਾਡੇ ਛੋਟੇ-ਵੱਡੇ ਬਸਤਿਆਂ ਦੀ ਪਹਿਚਾਣ ਹਾਂ |
ਮੈਂ ਬੜੀ........... |
ਮੇਰੀ ਕਦਰ ਕਰੋ ਮੈਂ ਕਦਰ ਵਧਾਵਾਂਗੀ |
ਪੜ੍ਹੋ ਮੈਨੂੰ ਮਨ ਦੀਆਂ ਅੱਖਾਂ ਨਾਲ |
ਸੱਤ ਸਮੁੰਦਰੋਂ ਪਾਰ ਲੈ ਜਾਵਾਂਗੀ
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਮੈਂ ਬੱਚਿਓ ਇਕ ਕਿਤਾਬ ਹਾਂ |

-ਜਤਿੰਦਰ ਕੌਰ,
ਹੈੱਡ ਟੀਚਰ, ਸੀ.ਐਸ. ਸਕੂਲ ਮਾਨਗੜ੍ਹ (ਅੰਮਿ੍ਤਸਰ) | ਮੋਬਾ: 88728-69779

ਲੜੀਵਾਰ ਨਾਵਲ-8: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਹਾਂ ਵੀਰ ਜੀ, ਬਹੁਤ ਸੈਰ ਕੀਤੀ, ਕਈ ਜਗ੍ਹਾ ਘੁੰਮੀਆਂ | ਰੇਡੀਓ ਸਟੇਸ਼ਨ, ਟੀ. ਵੀ. ਸਟੇਸ਼ਨ, ਸੋਢਲ ਮੰਦਰ ਤੇ ਸਭ ਤੋਂ ਵੱਧ ਕੇ ਮੈਂ ਦੇਖਿਆ ਅੱਪੂ ਘਰ... |'
'ਅੱਛਾ, ਅੱਪੂ ਘਰ 'ਚ ਕੀ-ਕੀ ਦੇਖਿਆ?'
'ਦੇਖਣ ਨੂੰ ਤਾਂ ਉਥੇ ਬਹੁਤ ਕੁਝ ਸੀ, ਝੂਲੇ, ਟ੍ਰੇਨ ਦੀ ਸੈਰ, ਬੋਟਿੰਗ ਤੇ ਸਭ ਤੋਂ ਵਧੀਆ ਸਨ-ਡਾਇਨਾਸੋਰ ਦੇ ਮਾਡਲ... |'
'ਇਹ ਡਾਇਨਾਸੋਰ ਕੀ ਹੁੰਦੇ ਨੇ ਪ੍ਰੀਤ?' ਤਜਿੰਦਰ ਨੇ ਉਤਸੁਕਤਾ ਨਾਲ ਪੱੁਛਿਆ |
'ਇਹ ਡਾਇਨਾਸੋਰ ਬਹੁਤ ਵੱਡੇ ਆਕਾਰ ਦੇ ਜਾਨਵਰ ਹੁੰਦੇ ਹਨ, ਜਿਹੜੇ ਕਿ ਲੱਖਾਂ ਸਾਲ ਪਹਿਲਾਂ ਇਸ ਧਰਤੀ ਉੱਪਰ ਰਿਹਾ ਕਰਦੇ ਸਨ | ਹੁਣ ਭਾਵੇਂ ਉਹ ਖ਼ਤਮ ਹੋ ਗਏ ਹਨ, ਪਰ ਫਿਰ ਵੀ ਉਨ੍ਹਾਂ ਦੀਆਂ ਡੈੱਡ ਬਾਡੀਜ਼ ਪੋਲਜ਼ (ਧਰੁਵਾਂ) 'ਤੇ ਪਈਆਂ ਹਨ | ਧਰੁਵਾਂ 'ਤੇ ਕਿਉਂਕਿ ਠੰਢ ਬਹੁਤ ਹੁੰਦੀ ਏ ਤੇ ਠੰਢ ਵਿਚ ਕੋਈ ਵੀ ਚੀਜ਼ ਜਲਦੀ ਖਰਾਬ ਨਹੀਂ ਹੁੰਦੀ...' ਪ੍ਰੀਤ ਆਖ ਰਹੀ ਸੀ |
'ਪਰ ਇਹ ਡਾਇਨਾਸੋਰ ਜਲੰਧਰ ਕਿਸ ਤਰ੍ਹਾਂ ਆ ਗਏ?' ਰਾਜਨ ਨੇ ਇਹ ਗੱਲ ਪੱੁਛੀ ਤਾਂ ਸਾਰੇ ਬੱਚੇ ਹੱਸ ਪਏ |
'ਵੀਰ ਜੀ! ਜਲੰਧਰ ਦੇ ਅੱਪੂ-ਘਰ ਦੇ ਡਾਇਨਾਸੋਰ ਅਸਲੀ ਡਾਇਨਾਸੋਰ ਨਹੀਂ ਹਨ | ਇਹ ਤਾਂ ਉਨ੍ਹਾਂ ਦੇ ਮਾਡਲ (ਨਮੂਨੇ) ਬਣਾਏ ਗਏ ਹਨ, ਜਿਹੜੇ ਕਿ ਬਿਜਲੀ ਨਾਲ ਚਲਦੇ ਹਨ | ਇਨ੍ਹਾਂ ਉੱਪਰ ਬੈਠ ਕੇ ਬੱਚੇ ਝੂਟੇ ਲੈਂਦੇ ਹਨ |'
'ਅੱਛਾ ਬਈ ਹੁਣ ਤੁਸੀਂ ਅੱਪੂ ਘਰ ਦੀ ਸੈਰ ਹੀ ਕਰੀ ਜਾਓਗੇ ਜਾਂ ਕਿ ਮੇਰੀ ਗੱਲ ਵੀ ਸੁਣੋਗੇ? ਡੌਲੀ ਨੇ ਦੂਜੇ ਬੱਚਿਆਂ ਦਾ ਖਿਆਲ ਆਪਣੇ ਵੱਲ ਕਰਦਿਆਂ ਆਖਿਆ |
'ਹਾਂ ਦੱਸ ਬਈ ਡੌਲੀ, ਤੰੂ ਕੀ ਕਹਿਣਾ ਏ? ਤੰੂ ਵੀ ਕਿਤੇ ਗਈ ਸੀ ਛੱੁਟੀਆਂ 'ਚ...?' ਗੌਰਵ ਨੇ ਪੱੁਛਿਆ |
'ਨਹੀਂ ਵੀਰੇ, ਮੈਂ ਕਿਥੇ ਜਾਣਾ ਸੀ | ਮੈਨੂੰ ਵੀ ਤੇਰੇ ਵਾਂਗੰੂ ਛੱੁਟੀਆਂ 'ਚ ਜ਼ੁਕਾਮ ਹੋ ਗਿਆ ਸੀ... ਪਰ ਮੈਂ ਗੱਲ ਕਰਨ ਲੱਗੀ ਸੀ ਗੱਡੀ ਦੀ... |'
'ਹਾਂ ਹਾਂ ਸੌਰੀ ਬਈ ਦੋਸਤੋ! ਸਾਡਾ ਮੇਨ ਟਾਪਿਕ ਤੇ ਅੱਜ ਮਿਸ ਈ ਹੋ ਚੱਲਿਆ ਸੀ... ਡੌਲੀ ਦੱਸੋ ਜ਼ਰਾ ਛੱੁਟੀਆਂ ਵਿਚ ਮਾਲਵਾ ਐਕਸਪ੍ਰੈੱਸ ਦੀ ਕੀ ਪ੍ਰਾਗਰੈਸ ਰਹੀ?' ਰਾਜਨ ਨੇ ਉਤਸੁਕਤਾ ਨਾਲ ਪੱੁਛਿਆ |
'ਮਾਲਵਾ ਐਕਸਪ੍ਰੈੱਸ ਦੇ ਠਹਿਰਾਅ ਤੋਂ ਇਲਾਵਾ ਹੁਣ ਦਾਦਾ ਜੀ ਸਟੇਸ਼ਨ ਦੇ ਪਲੇਟਫਾਰਮ 'ਤੇ ਇਕ ਕਰਵਡ ਸ਼ੈੱਡ (ਛੱਤ ਵਾਲਾ ਸ਼ੈੱਡ) ਬਣਵਾਉਣ ਦੀ ਮੰਗ ਵੀ ਕਰ ਰਹੇ ਨੇ, ਕਿਉਂਕਿ ਬਾਰਸ਼ ਜਾਂ ਧੱੁਪ ਵਿਚ ਯਾਤਰੀਆਂ ਨੂੰ ਬਾਹਰ ਬੈਠਣਾ ਪੈਂਦਾ ਏ |'
'ਚੱਲੋ ਇਹ ਵੀ ਠੀਕ ਮੰਗ ਡਿਮਾਂਡ (ਮੰਗ) ਏ... ਪਰ ਸਾਨੂੰ ਮਾਲਵਾ ਐਕਸਪ੍ਰੈੱਸ ਬਾਰੇ ਦੱਸੋ... ਸਾਡੀਆਂ ਭਾਵਨਾਵਾਂ ਇਸ ਗੱਡੀ ਨਾਲ ਜੁੜ ਚੱੁਕੀਆਂ ਨੇ... | ਕਦੋਂ ਰੁਕ ਰਹੀ ਏ ਗੱਡੀ ਦਸੂਹੇ ਸਟੇਸ਼ਨ 'ਤੇ?'
'ਦੇਖੋ ਵੀਰ ਜੀ! ਇਸ ਤਰ੍ਹਾਂ ਦੇ ਵੱਡੇ ਕੰਮ ਏਨੀ ਜਲਦੀ ਨਹੀਂ ਹੋਇਆ ਕਰਦੇ | ਥੋੜ੍ਹਾ ਸਮਾਂ ਜ਼ਰੂਰ ਲਗਦਾ ਏ | ਦਾਦਾ ਜੀ ਨੂੰ ਸਥਾਨਕ ਐਮ.ਐਲ.ਏ., ਐਮ. ਪੀ. ਤੇ ਹੋਰ ਸਮਾਜਿਕ ਸੰਸਥਾਵਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਏ | ਇਸ ਹੱਕੀ ਮੰਗ ਬਾਰੇ ਜਲੰਧਰ ਦੀ ਲੋਕਲ ਪ੍ਰੈੱਸ ਆਪਣੇ ਸੰਪਾਦਕੀ ਜਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਆਪਣੇ ਅਖ਼ਬਾਰ ਵਿਚ ਛਾਪਦੇ ਰਹਿੰਦੇ ਨੇ | ਬਾਕੀ ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ ਏ | ਇਕ ਨਾ ਇਕ ਦਿਨ ਲੋਕਾਂ ਦੀ ਇਹ ਮੰਗ ਵੀ ਪੂਰੀ ਹੋ ਜਾਵੇਗੀ |' ਡੌਲੀ ਆਖ ਰਹੀ ਸੀ | (ਬਾਕੀ ਅਗਲੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਪਲਸਤਰ ਕੀਤੀ ਕੰਧ 'ਤੇ ਚਿੱਟੇ ਰਵੇ ਕਿਉਂ ਬਣਦੇ ਹਨ

ਬੱਚਿਓ, ਸੀਮੈਂਟ ਅਤੇ ਰੇਤ ਦੇ ਮਿਸ਼ਰਨ ਵਿਚ ਪਾਣੀ ਪਾ ਕੇ ਗਿੱਲਾ ਕੀਤਾ ਜਾਂਦਾ ਹੈ, ਜਿਸ ਨੂੰ ਮੋਰਟਾਰ ਕਹਿੰਦੇ ਹਨ | ਇਸ ਦੀ ਵਰਤੋਂ ਮਕਾਨ ਬਣਾਉਣ, ਪਲਸਤਰ ਕਰਨ, ਫਰਸ਼ ਲਗਾਉਣ ਅਤੇ ਪੁਲ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ | ਸੀਮੈਂਟ ਕੈਲਸ਼ੀਅਮ ਆਕਸਾਈਡ, ਸਿਲੀਕਾਨ ਡਾਇਆਕਸਾਈਡ, ਐਲੂਮੀਨੀਅਮ ਆਕਸਾਈਡ ਅਤੇ ਸਲਫੇਟ ਦਾ ਮਿਸ਼ਰਨ ਹੈ |
ਸੀਮੈਂਟ ਵਿਚ ਕੈਲਸ਼ੀਅਮ ਆਕਸਾਈਡ ਨਾਲ ਪਾਣੀ ਦੀ ਕਿਰਿਆ ਕਾਰਨ ਕੈਲਸ਼ੀਅਮ ਹਾਈਡ੍ਰੋਕਸਾਈਡ ਬਣਦਾ ਹੈ | ਕੰਧ ਜਾਂ ਛੱਤਾਂ ਆਦਿ ਵਿਚ ਮੀਂਹ ਪੈਣ ਨਾਲ ਜਾਂ ਕਿਸੇ ਹੋਰ ਕਾਰਨ ਨਾਲ ਪਾਣੀ ਰਿਸਦਾ ਰਹਿੰਦਾ ਹੈ | ਕੈਲਸ਼ੀਅਮ ਹਾਈਡ੍ਰੋ-ਕਸਾਈਡ ਪਾਣੀ ਵਿਚ ਘੁਲਣਸ਼ੀਲ ਹੈ | ਇਹ ਮੁਸਾਮਾਂ ਰਾਹੀਂ ਸਤ੍ਹਾ 'ਤੇ ਆ ਜਾਂਦਾ ਹੈ | ਇਹ ਹਵਾ ਵਿਚਲੀ ਕਾਰਬਨ ਡਾਇਆਕਸਾਈਡ ਨਾਲ ਕਿਰਿਆ ਕਰ ਕੇ ਕੈਲਸ਼ੀਅਮ ਕਾਰਬੋਨੇਟ ਬਣਾਉਂਦਾ ਹੈ | ਇਹ ਪਾਣੀ ਵਿਚ ਘੁਲਦਾ ਨਹੀਂ | ਪਾਣੀ ਦਾ ਵਾਸ਼ਪੀਕਰਨ ਹੋ ਜਾਂਦਾ ਹੈ | ਕੈਲਸ਼ੀਅਮ ਕਾਰਬੋਨੇਟ ਦੇ ਸਤ੍ਹਾ 'ਤੇ ਚਿੱਟੇ ਰੰਗ ਦੇ ਰਵੇ ਰਹਿ ਜਾਂਦੇ ਹਨ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ |
ਮੋਬਾਈਲ : 79864-99563.

ਬਾਲ ਕਹਾਣੀ: ਭਲਾ ਜਾਂ ਗੁਨਾਹ

ਬੱਚੇ ਸਭ ਨੂੰ ਬਹੁਤ ਪਿਆਰੇ ਲਗਦੇ ਹਨ, ਕਿਉਂਕਿ ਬੱਚੇ ਮਾਸੂਮ ਹੁੰਦੇ ਨੇ, ਨਾਦਾਨ ਹੁੰਦੇ ਨੇ, ਹਰ ਭੇਦ-ਭਾਵ ਤੋਂ ਅਣਜਾਣ ਹੁੰਦੇ ਨੇ, ਕੋਮਲ ਹੁੰਦੇ ਨੇ, ਮਨ ਦੇ ਸੱਚੇ ਹੁੰਦੇ ਨੇ, ਬੱਚੇ ਖਿੜਦੇ ਫੁੱਲ ਹੁੰਦੇ ਨੇ | ਸੋ ਸਭ ਨੂੰ ਆਪਣੇ ਵੱਲ ਮੱਲੋ-ਮੱਲੀ ਆਕਰਸ਼ਿਤ ਕਰ ਲੈਂਦੇ ਨੇ |
ਮੇਰੀ ਇਹ ਕਹਾਣੀ ਵੀ ਇਕ ਅਜਿਹੀ ਘਟਨਾ ਨਾਲ ਜੁੜੀ ਹੋਈ ਹੈ | ਜਦ ਮੇਰਾ ਦੋਸਤ ਅਮਿਤ ਆਪਣੇ ਇਕ ਬਿਮਾਰ ਰਿਸ਼ਤੇਦਾਰ ਨੂੰ ਮਿਲਣ ਉਸ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਗਿਆ ਸੀ | ਉਹ ਜਦ ਉਥੇ ਪਹੁੰਚਿਆ ਤਾਂ ਮਰੀਜ਼ਾਂ ਨੂੰ ਮਿਲਣ ਦਾ ਸਮਾਂ ਲੰਘ ਚੁੱਕਾ ਸੀ | ਹੁਣ ਲਗਪਗ ਦੋ ਘੰਟੇ ਬਾਅਦ ਹੀ ਦੁਬਾਰਾ ਮਿਲਣ ਦਾ ਸਮਾਂ ਮਿਲਣਾ ਸੀ | ਉਸ ਨੇ ਅੰਦਰ ਜਾਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਤਾਂ ਜੋ ਉਹ ਕਿਸੇ ਤਰ੍ਹਾਂ ਮਰੀਜ਼ ਨੂੰ ਮਿਲ ਕੇ ਆਪਣੇ ਆਫਿਸ ਜਲਦੀ ਵਾਪਸ ਜਾ ਸਕੇ | ਪਰ ਉਥੋਂ ਦੇ ਸਟਾਫ਼ ਨੇ ਉਸ ਦੀ ਇਕ ਨਾ ਮੰਨੀ ਤੇ ਵਿਚਾਰਾ ਸ਼ਸ਼ੋਪੰਜ ਵਿਚ ਫਸ ਗਿਆ ਕਿ ਹੁਣ ਉਹ ਕੀ ਕਰੇ ਤੇ ਕੀ ਨਾ ਕਰੇ, ਕਿਉਂਕਿ ਉਹ ਦਫਤਰੋਂ ਕੁਝ ਸਮੇਂ ਦੀ ਛੁੱਟੀ ਲੈ ਕੇ ਆਇਆ ਸੀ | ਜੇ ਅੱਜ ਉਹ ਮਰੀਜ਼ ਨੂੰ ਬਿਨਾਂ ਮਿਲਿਆਂ ਵਾਪਸ ਚਲਾ ਜਾਂਦਾ ਤਾਂ ਕੱਲ੍ਹ ਫਿਰ ਆਉਣ ਦਾ ਪੰਗਾ ਰਹਿਣਾ ਸੀ ਤੇ ਅੱਜ ਮਿਲਣ ਦੀ ਸੋਚਦਾ ਤਾਂ ਲੰਬੀ ਉਡੀਕ ਕਰਨ ਦਾ ਯੱਭ ਸੀ ਤੇ ਉਪਰੋਂ ਦਫ਼ਤਰ ਦੀ ਖਿੱਚ | ਉਹ ਕੋਈ ਫੈਸਲਾ ਨਹੀਂ ਲੈ ਰਿਹਾ ਸੀ ਕਿ ਇਸੇ ਜੱਕੋ-ਤੱਕੋ ਵਿਚ ਉਸ ਨੂੰ ਭੁੱਖ ਮਹਿਸੂਸ ਹੋਣ ਲੱਗੀ ਤਾਂ ਉਹ ਕੰਟੀਨ ਵੱਲ ਤੁਰ ਗਿਆ ਕਿ ਚਲੋ ਉਥੇ ਜਾ ਕੇ ਕੁਝ ਖਾਨੇ-ਪੀਨੇ ਆਂ, ਨਾਲੇ ਕੁਝ ਸਮਾਂ ਪਾਸ ਹੋ ਜਾਊ | ਉਹ ਕੰਟੀਨ ਪੁਹੰਚਿਆ ਤੇ ਉਥੇ ਜਾ ਕੇ ਇਕ ਕੋਲਡ ਡਰਿੰਕ ਤੇ ਨਾਲ ਬਰਗਰ ਲੈ ਕੇ ਖਾਣ ਲੱਗ ਪਿਆ | ਤਾਂ ਉਸ ਨੇ ਦੇਖਿਆ ਕਿ ਉਸ ਦੇ ਸਾਹਮਣੇ ਕੁਝ ਦੂਰੀ 'ਤੇ ਇਕ ਪਿਆਰਾ ਜਿਹਾ ਬੱਚਾ ਖੜ੍ਹਾ ਸੀ ਜੋ ਉਸ ਨੂੰ ਬਰਗਰ ਖਾਂਦੇ ਨੂੰ ਇਕ ਟੱਕ ਦੇਖ ਰਿਹਾ ਸੀ | ਜਿਸ ਨੂੰ ਦੇਖ ਕੇ ਅਮਿਤ ਮੁਸਕਰਾਇਆ ਤੇ ਉਠ ਕੇ ਉਹਦੇ ਕੋਲ ਜਾ ਕੇ ਬੋਲਿਆ | 'ਬੇਟਾ ਬਰਗਰ ਖਾਏਾਗਾ |' 'ਹਾਂ ਅੰਕਲ' ਉਸ ਨੇ ਸਿਰ ਹਿਲਾਉਂਦਿਆਂ ਕਿਹਾ ਤੇ ਅਮਿਤ ਨੇ ਇਕ ਬਰਗਰ ਹੋਰ ਮੰਗਵਾਇਆ ਤੇ ਉਸ ਬੱਚੇ ਨੂੰ ਦੇ ਦਿੱਤਾ | ਉਹ ਫਟਾਫਟ ਖਾਣ ਲੱਗ ਪਿਆ | ਜਿਵੇਂ ਉਹ ਕਾਫ਼ੀ ਦੇਰ ਤੋਂ ਭੁੱਖਾ ਹੋਵੇ | ਇਹ ਦੇਖ ਕੇ ਅਮਿਤ ਬੜਾ ਹੈਰਾਨ ਹੋਇਆ ਕਿ ਬੱਚਾ ਤਾਂ ਚੰਗੇ ਘਰ ਦਾ ਲੱਗਦਾ ਪਰ ਫਿਰ ਇਹ ਏਨਾ ਭੁੱਖਾ ਕਿਵੇਂ? ਉਹ ਅਜੇ ਸੋਚ ਰਿਹਾ ਸੀ ਕਿ ਉਸ ਦੇ ਕੰਨੀਂ ਇਕ ਕੜਕਦੀ ਆਵਾਜ਼ ਪਈ, 'ਇਹ ਬਰਗਰ ਇਹਨੂੰ ਕੀਹਨੇ ਲੈ ਕੇ ਦੇ ਦਿੱਤਾ |' 'ਜੀ ਮੈਂ' ਅਮਿਤ ਬੋਲਿਆ |
'ਉਹ ਸ਼ਾਇਦ ਤੁਹਾਨੂੰ ਪਤਾ ਨਹੀਂ ਭਾਈ ਸਾਹਿਬ, ਮੈਂ ਇਸ ਦੇ ਪੇਟ ਦੀ ਸਕੈਨਿੰਗ ਕਰਵਾਉਣ ਲਈ ਇਸ ਨੂੰ ਭੁੱਖੇ ਪੇਟ ਲੈ ਕੇ ਆਈ ਸੀ ਤੇ ਤੁਸੀਂ ਮੇਰੀ ਸਾਰੀ ਕੀਤੀ ਕਰਾਈ ਖੂਹ 'ਚ ਪਾ 'ਤੀ |' 'ਸੌਰੀ ਮੈਮ, ਮੇਰੇ ਕੋਲੋਂ ਅਣਜਾਣੇ 'ਚ ਬਹੁਤ ਵੱਡੀ ਗ਼ਲਤੀ ਹੋ ਗਈ |' 'ਤੇ ਤੁਹਾਡੀ ਗ਼ਲਤੀ ਦਾ ਖਮਿਆਜ਼ਾ ਹੁਣ ਮੈਨੂੰ ਭੁੱਗਤਣਾ ਪੈਣਾ, ਹੁਣ ਮੈਨੂੰ ਕੱਲ੍ਹ ਨੂੰ ਫਿਰ 18-20 ਕਿੱਲੋਮੀਟਰ ਤੋਂ ਆਉਣਾ ਪੈਣਾ ਧੱਕੇ ਖਾਂਦੀ ਨੂੰ , ਨਾਲੇ ਇਹ ਵਿਚਾਰਾ ਫਿਰ ਕੱਲ੍ਹ ਨੂੰ ਭੁੱਖਾ ਰਹੂਗਾ |' ਉਹ ਬੱਚੇ ਨੂੰ ਬਾਹੋਂ ਫੜ ਕੇ ਗੁੱਸੇ ਨਾਲ ਖਿਚਦੀ ਹੋਈ ਬੋਲਦੀ ਜਾ ਰਹੀ ਸੀ ਤੇ ਬੱਚਾ ਅਮਿਤ ਨੂੰ ਬਾਏ-ਬਾਏ ਕਰ ਰਿਹਾ ਸੀ | ਮੇਰਾ ਦੋਸਤ ਖੜ੍ਹਾ ਸੋਚ ਰਿਹਾ ਸੀ ਕਿ ਅੱਜਕਲ੍ਹ ਭਲੇ ਦਾ ਜ਼ਮਾਨਾ ਨਹੀਂ ਰਿਹਾ | ਭਲਾ ਵੀ ਸੋਚ ਸਮਝ ਕੇ ਕਰਨਾ ਚਾਹੀਦਾ | ਉਹ ਅੱਜ ਆਪਣੀ ਅਣਜਾਣੇ 'ਚ ਕੀਤੀ ਗ਼ਲਤੀ ਲਈ ਇੰਜ ਪਛਤਾ ਰਿਹਾ ਸੀ | ਜਿਵੇਂ ਉਸ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ |
ਬੱਚਿਓ, ਇਸ ਕਹਾਣੀ ਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਅਣਜਾਣ ਬੰਦੇ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ | ਜੋ ਸਾਡੇ ਲਈ ਬਹੁਤ ਘਾਤਕ ਵੀ ਸਿੱਧ ਹੋ ਸਕਦੀ ਹੈ |

-ਪਿੰਡ ਗਿੱਲਾਂ, ਡਾਕ: ਚਮਿਆਰਾ, ਜ਼ਿਲ੍ਹਾ ਜਲੰਧਰ | ਮੋਬਾ : 97790-43348.

ਅਜੀਬੋ-ਗ਼ਰੀਬ ਦੁਨੀਆ ਮੱਕੜੀਆਂ ਦੀ

ਪਿਆਰੇ ਬੱਚਿਓ! ਮੱਕੜੀਆਂ ਦੀ ਅਜੀਬੋ-ਗ਼ਰੀਬ ਦੁਨੀਆ ਬਾਰੇ ਬਹੁਤ ਕੁਝ ਪਤਾ ਲਗਦਾ ਹੈ | ਜਿਸ ਤਰ੍ਹਾਂ ਕਿ:
• ਆਪਣੇ ਜਾਲੇ ਲਈ ਮੱਕੜੀਆਂ ਜੋ ਤਾਰ ਬੁਣਦੀਆਂ ਹਨ ਉਹ ਰੇਸ਼ਮ ਦੇ ਕੀੜੇ ਰਾਹੀਂ ਤਿਆਰ ਕੀਤੇ ਗਏ ਧਾਗੇ ਤੋਂ ਛੇ ਗੁਣਾਂ ਪਤਲਾ ਹੁੰਦਾ ਹੈ |
• ਸਾਰੀਆਂ ਮੱਕੜੀਆਂ ਧਾਗਾ ਬਣਾਉਣ ਦੇ ਯੋਗ ਨਹੀਂ ਹੁੰਦੀਆਂ | ਮੱਕੜੀਆਂ ਦੇ 25000 ਵੰਸ਼ਾਂ ਦੀਆਂ 40 ਹਜ਼ਾਰ ਪਰਜਾਤੀਆਂ ਹਨ |
• ਕਈ ਮੱਕੜੀਆਂ ਦਾ ਜ਼ਹਿਰ ਸੱਪ ਤੋਂ ਵੀ ਜ਼ਿਆਦਾ ਮਹਿੰਗਾ ਤੇ ਘਾਤਕ ਹੁੰਦਾ ਹੈ | ਮੱਕੜੀ ਦਾ ਇਕ ਗ੍ਰਾਮ ਜ਼ਹਿਰ ਇਕੱਠਾ ਕਰਨ ਲਈ 8000 ਮੱਕੜੀਆਂ ਨੂੰ ਮਾਰਨਾ ਪੈਂਦਾ ਹੈ |
• ਮੌਜੂਦਾ ਸਮੇਂ 'ਚ ਮੱਕੜੀ ਤੋਂ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਟੀਕੇ ਤੇ ਸੀਰਪ ਤਿਆਰ ਕੀਤੇ ਜਾਂਦੇ ਹਨ | ਜੋ ਹਜ਼ਾਰਾਂ ਜਾਨਾਂ ਨੂੰ ਬਚਾ ਕੇ ਮਨੁੱਖੀ ਜ਼ਿੰਦਗੀ ਲਈ ਵਰਦਾਨ ਸਾਬਤ ਹੋ ਰਿਹਾ ਹੈ |
• ਮੱਕੜੀ ਦੀ ਸੰੁਘਣ ਤੇ ਸੁਣਨ ਦੀ ਸ਼ਕਤੀ ਨਹੀਂ ਹੁੰਦੀ | ਇਸ ਲਈ ਲੱਤਾਂ ਦੀਆਂ ਮਾਸ-ਪੇਸ਼ੀਆਂ ਏਨੀਆਂ ਬਰੀਕ ਹੁੰਦੀਆਂ ਹਨ ਕਿ ਇਸ ਨੂੰ ਆਪਣੇ ਆਸ-ਪਾਸ ਦੀਆਂ ਸਾਰੀਆਂ ਗਤੀਵਿਧੀਆਂ ਦਾ ਤੁਰੰਤ ਪਤਾ ਲੱਗ ਜਾਂਦਾ ਹੈ |
• ਮੱਕੜੀ ਦਾ ਧਾਗਾ ਏਨਾ ਪਤਲਾ ਹੁੰਦਾ ਹੈ ਕਿ ਇਕ ਪੌਾਡ ਧਾਗੇ ਨਾਲ ਪੂਰੀ ਧਰਤੀ ਨੂੰ ਸੱਤ ਵਾਰ ਲਪੇਟਿਆ ਜਾ ਸਕਦਾ ਹੈ, ਹੈ ਨਾ ਹੈਰਾਨੀ ਦੀ ਗੱਲ |
• ਮੱਕੜੀ ਇਕ ਵਾਰ 'ਚ ਦੋ ਤੋਂ ਤਿੰਨ ਹਜ਼ਾਰ ਤੱਕ ਆਂਡੇ ਦਿੰਦੀ ਹੈ ਅਤੇ ਆਂਡਿਆਂ ਨੂੰ ਧਾਗੇ ਨਾਲ ਲਪੇਟ ਕੇ ਇਕ ਗੁੱਛਾ ਜਿਹਾ ਬਣਾ ਲੈਂਦੀ ਹੈ ਤਾਂ ਕਿ ਕੋਈ ਖਤਰਾ ਮੁੱਲ ਨਾ ਲਿਆ ਜਾਵੇ |
• ਇਸ ਦਾ ਜ਼ਹਿਰ ਮਨੁੱਖ ਨੂੰ ਮਾਰ ਨਹੀਂ ਸਕਦਾ ਪਰ ਅਮਰੀਕਾ 'ਚ ਕਾਲੇ ਰੰਗ ਦੀਆਂ ਮੱਕੜੀਆਂ ਦਾ ਜ਼ਹਿਰ ਏਨਾ ਜ਼ਹਿਰੀਲਾ ਹੁੰਦਾ ਹੈ ਜੋ ਮਨੁੱਖ ਨੂੰ ਵੀ ਮਾਰ ਸਕਦਾ ਹੈ |

-ਡੀ. ਆਰ. ਬੰਦਨਾ
511-ਖਹਿਰਾ ਇਨਕਲੇਵ, ਜਲੰਧਰ-144007.

ਬਾਲ ਗੀਤ ਪਾਣੀ

ਆਓ ਰਲ ਕੇ ਬਚਾਈਏ ਸਾਰੇ ਪਾਣੀ ਹਾਣੀਓ,
ਨਹੀਂ ਹੋ ਜਾਊ ਖਤਮ ਕਹਾਣੀ ਹਾਣੀਓ |

ਇਹੀ ਸੋਚ ਸੋਚ ਦਿਲ, ਰਹੇ ਘਬਰਾਉਂਦਾ,
ਪਾਣੀ ਬਿਨ ਜੀਵਨ ਰਹੂ ਕਦੋਂ ਤੱਕ ਜਿਊਾਦਾ,
ਆਉਂਦੀ ਠੀਕ ਨਹੀਂ ਉਲਝੀ ਹੋਈ ਤਾਣੀ ਹਾਣੀਓ
ਆਓ ਰਲ ਕੇ ਬਚਾਈਏ, ਸਾਰੇ ਪਾਣੀ ਹਾਣੀਓ |

ਬੜਾ ਲੱਗਦਾ ਹੈ ਦੁੱਖ, ਜਦੋਂ ਵੱਢੇ ਕੋਈ ਰੁੱਖ,
ਭੁੱਲ ਗਏ ਅਸੀਂ ਕਾਹਤੋਂ, ਇਕ ਰੁੱਖ ਸੌ ਸੁੱਖ,
ਬਣ ਜਾਣ ਨਾ ਇਹ, ਬੀਤੇ ਦੀ ਕਹਾਣੀ ਹਾਣੀਓ,
ਆਓ, ਰਲ ਬਚਾਈਏ, ਸਾਰੇ ਪਾਣੀਓ ਹਾਣੀਓ |

ਪਾਣੀ ਬਿਨਾਂ ਬੰਜਰ, ਹੋ ਜਾਣੀਆਂ ਜ਼ਮੀਨਾਂ,
ਫੇਰ ਕਿਸ ਕੰਮ ਇਹ, ਜੋ ਖਰੀਦੀਆਂ ਮਸ਼ੀਨਾਂ,
ਰੁੱਤ ਬਹਾਰਾਂ ਵਾਲੀ, ਫੇਰ ਰੁੱਸ ਜਾਣੀ ਹਾਣੀਓ,
ਆਓ, ਰਲ ਬਚਾਈਏ ਸਾਰੇ ਪਾਣੀ ਹਾਣੀਓ |

ਕੁਝ ਆਪਾਂ ਸੋਚੋ ਖੇੜੀ, ਸੋਚਣ ਕੁਝ ਸਰਕਾਰਾਂ,
ਬਚੀ ਰਹੇ ਕਿਸਾਨੀ, ਇਹ ਵੀ ਕਰ ਲਉ ਵਿਚਾਰਾਂ,
ਰਹੇ ਖਿੜਿਆ ਗੁਲਾਬ, ਟਾਹਣੀ ਟਾਹਣੀ ਹਾਣੀਓ,
ਆਓ ਰਲ ਬਚਾਈਏ, ਸਾਰੇ ਪਾਣੀ ਹਾਣੀਓ |

-ਸੁਰਿੰਦਰ ਚਹਿਲ ਖੇੜੀ
ਪਿੰਡ ਖੇੜੀ ਚਹਿਲਾਂ-148025. ਜ਼ਿਲ੍ਹਾ ਸੰਗਰੂਰ |
ਮੋਬਾਈਲ : 94655-20414.

ਲੜੀਵਾਰ ਨਾਵਲ-7: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਡੌਲੀ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਪਈ ਤੰੂ ਐਨੀਆਂ ਗੱਲਾਂ ਯਾਦ ਕਿਵੇਂ ਰੱਖ ਲੈਨੀ ਏਾ, ਸਾਨੂੰ ਤਾਂ ਆਪਣਾ ਸਬਕ ਬੜੀ ਮੁਸ਼ਕਿਲ ਯਾਦ ਹੁੰਦਾ ਏ |' ਤਜਿੰਦਰ ਆਖ ਰਿਹਾ ਸੀ |
'ਵੀਰ ਜੀ... ਇਹ ਸਭ ਸ਼ੌਕ ਦੀ ਗੱਲ ਏ... |'
'ਚੰਗਾ ਸ਼ੌਕ ਏ ਬਈ ਗੱਡੀਆਂ ਰੋਕਣ ਦਾ', ਗੌਰਵ ਨੇ ਆਖਿਆ ਤੇ ਸਾਰੇ ਹੱਸ ਪਏ |
'ਅੱਜ ਗੌਰਵ ਨੂੰ ਵੀ ਗੱਲਾਂ ਆਉਣ ਲੱਗ ਪਈਆਂ... ਛਿੱਕਾਂ ਜੁ ਰੁਕ ਗਈਆਂ', ਰਾਜਨ ਨੇ ਗੌਰਵ ਨੂੰ ਮੋੜਵਾਂ ਜਵਾਬ ਦਿੱਤਾ |
ਇਕ ਵਾਰ ਫਿਰ ਸਾਰੇ ਹੱਸ ਪਏ |
'ਵੀਰ ਜੀ! ਵੈਸੇ ਕਮਾਲ ਦੀ ਗੱਲ ਏ, ਜਦੋਂ ਸ਼ਾਮ ਨੂੰ ਹਫ਼ੇ ਹੋਏ ਦਾਦਾ ਜੀ ਸਾਈਕਲ 'ਤੇ ਘਰ ਆਉਂਦੇ ਨੇ ਤਾਂ ਉਨ੍ਹਾਂ ਦਾ ਚਿਹਰਾ ਦੇਖਣ ਵਾਲਾ ਹੁੰਦਾ ਏ... ਬਹੁਤ ਪ੍ਰਭਾਵਸ਼ਾਲੀ, ਦਗਦਗ ਕਰਦਾ ਚਿਹਰਾ, ਜਿਵੇਂ ਕਿਸੇ ਸਾਧੂ ਸੰਨਿਆਸੀ ਦਾ ਚਿਹਰਾ ਹੁੰਦਾ ਏ', ਡੌਲੀ ਅਨੋਖੇ ਵਿਸ਼ਵਾਸ ਨਾਲ ਆਖ ਰਹੀ ਸੀ |
'ਅੱਛਾ! ਯਕੀਨ ਜਿਹਾ ਨਹੀਂ ਆਉਂਦਾ... ਮੈਂ ਤੇ ਸੋਚਿਆ ਸੀ ਐਨੀ ਸਾਈਕਲ ਚਲਾ ਕੇ ਦਾਦਾ ਜੀ ਥੱਕ ਜਾਂਦੇ ਹੋਣਗੇ |' ਪ੍ਰੀਤ ਨੇ ਗੱਲਬਾਤ ਵਿਚ ਸ਼ਾਮਿਲ ਹੁੰਦਿਆਂ ਆਖਿਆ |
'ਨਹੀਂ ਪ੍ਰੀਤ... ਤੰੂ ਗ਼ਲਤ ਸਮਝ ਰਹੀ ਏਾ | ਕੰਮ ਪ੍ਰਤੀ ਲਗਨ ਤੇ ਉਤਸ਼ਾਹ ਉਨ੍ਹਾਂ ਨੂੰ ਥੱਕਣ ਨਹੀਂ ਦਿੰਦਾ | ਥਕਾਵਟ ਤੇ ਕਮਜ਼ੋਰੀ ਉਨ੍ਹਾਂ ਦੇ ਨੇੜੇ ਵੀ ਨਹੀਂ ਫਟਕਦੀ | ਉਨ੍ਹਾਂ ਦੇ ਚਿਹਰੇ ਉੱਪਰ ਇਕ ਵੱਖਰੀ ਕਿਸਮ ਦਾ ਨੂਰ ਹੁੰਦਾ ਏ... | ਅੱਖਾਂ ਵਿਚ ਆਸ ਦੀ ਕਿਰਨ ਹੁੰਦੀ ਏ... ਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਨੇੜੇ ਆ ਰਹੀ ਮਹਿਸੂਸ ਹੁੰਦੀ ਏ |' ਡੌਲੀ ਆਖ ਰਹੀ ਸੀ |
'ਸਾਨੂੰ ਜ਼ਿੰਦਗੀ 'ਚ ਆਸ਼ਾਵਾਦੀ ਤਾਂ ਹੋਣਾ ਈ ਚਾਹੀਦਾ ਏ | ਇਕ ਦਿਨ ਦੱੁਗਲ ਸਰ ਨੇ ਕਲਾਸ ਵਿਚ ਦੱਸਿਆ ਸੀ |' ਰਾਜਨ ਨੇ ਆਪਣੇ ਦੋਸਤਾਂ ਨੂੰ ਯਾਦ ਕਰਾਇਆ |
'ਅੱਜ ਅੱਧੀ ਛੱੁਟੀ ਕਾਫੀ ਲੰਬੀ ਹੋ ਗਈ ਏ, ਸ਼ਾਇਦ ਰਾਜਨ ਦੇ ਜਨਮ ਦਿਨ ਕਰਕੇ |' ਗੌਰਵ ਇਕ ਵਾਰੀ ਫਿਰ ਸ਼ੁਰੂ ਹੋ ਗਿਆ ਸੀ |
'ਤੰੂ ਟਲ ਜਾ... ਗੱਲ ਕਰਨੋਂ ਹਟਦਾ ਨਹੀਂ ਫਿਰ ਵੀ... ਤੈਨੂੰ ਤੇ ਛਿੱਕਾਂ ਲੱਗੀਆਂ ਈ ਚੰਗੀਆਂ | ਇਕ ਹੱਥ 'ਚ ਰੁਮਾਲ ਲੈ ਕੇ ਸਾਫ਼ ਕਰੀ ਜਾਵੇਂ... ਬਸ |' ਰਾਜਨ ਨੇ ਗੌਰਵ ਨੂੰ ਜਵਾਬ ਦਿੱਤਾ |
ਸਾਰੇ ਬੱਚੇ ਹਲਕਾ ਜਿਹਾ ਮੁਸਕਰਾਏ |
'ਅੱਜ ਸ਼ਾਇਦ ਸਟਾਫ ਮੀਟਿੰਗ ਹੋ ਰਹੀ ਏ, ਦੱੁਗਲ ਸਰ ਸਵੇਰੇ ਸੁਨੀਤਾ ਮੈਡਮ ਕੋਲ ਖੜ੍ਹੇ ਗੱਲ ਕਰ ਰਹੇ ਸਨ |' ਪ੍ਰੀਤ ਨੇ ਦੱਸਿਆ |
ਕੰਟੀਨ ਤੋਂ ਥੋੜ੍ਹਾ ਅੱਗੇ ਚੱਲ ਕੇ ਅਜੇ ਆਏ ਸਨ ਕਿ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਕ੍ਰਿਸਮਿਸ ਦੀਆਂ ਛੱੁਟੀਆਂ ਪਿੱਛੋਂ ਪਹਿਲੀ ਜਨਵਰੀ ਨੂੰ ਬੱਚਿਆਂ ਦੇ ਸਕੂਲ ਦੁਬਾਰਾ ਖੱੁਲ੍ਹ ਗਏ | ਇਕ ਹਫ਼ਤੇ ਦੀਆਂ ਛੱੁਟੀਆਂ ਕੱਟਣ ਤੋਂ ਬਾਅਦ ਅੱਜ ਬੱਚੇ ਹੋਰ ਵੀ ਚੁਸਤ ਲੱਗ ਰਹੇ ਸਨ | ਸਾਰੇ ਬੱਚੇ ਇਕ-ਦੂਜੇ ਨੂੰ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਸਨ | ਸਰਦੀ ਵਧਣ ਕਾਰਨ ਧੁੰਦ ਪੈ ਗਈ ਸੀ | ਪਰ ਦੁਪਹਿਰ ਅੱਧੀ ਛੱੁਟੀ ਹੋਣ ਤੱਕ ਧੁੰਦ ਉਡ ਗਈ ਸੀ ਅਤੇ ਕੋਸੀ-ਕੋਸੀ ਧੱੁਪ ਨਿਕਲ ਆਈ ਸੀ | ਰਾਜਨ ਤੇ ਦੂਜੇ ਬੱਚੇ ਲਾਅਨ ਵਿਚ ਜਾ ਬੈਠੇ ਸਨ | ਬੱਚੇ ਇਕ-ਦੂਜੇ ਨੂੰ ਆਪਣੀਆਂ ਬਿਤਾਈਆਂ ਛੱੁਟੀਆਂ ਬਾਰੇ ਦੱਸ ਰਹੇ ਸਨ |
'ਪ੍ਰੀਤ, ਮੈਨੂੰ ਪਤਾ ਲੱਗਾ ਤੰੂ ਜਲੰਧਰ ਗਈ ਸੀ... |' ਡੌਲੀ ਨੇ ਪੱੁਛਿਆ |
'ਹਾਂ ਡੌਲੀ, ਮੈਂ ਚਾਰ ਕੁ ਦਿਨ ਆਪਣੇ ਮਾਮਾ ਜੀ ਕੋਲ ਜਲੰਧਰ ਗਈ ਸੀ |'
'ਫੇਰ ਤੇ ਖੂਬ ਸੈਰ ਕੀਤੀ ਹੋਵੇਗੀ ਪ੍ਰੀਤ ਨੇ ਜਲੰਧਰ ਸ਼ਹਿਰ ਦੀ... |' ਰਾਜਨ ਨੇ ਹੱਸਦਿਆਂ ਪੱੁਛਿਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) | ਮੋਬਾ : 98552-35424

ਬੁਝਾਰਤ-53

ਪਿਆਰੇ ਬੱਚਿਓ ਦੋ ਨੇ ਭੈਣਾਂ,
ਆਖਰ ਤੱਕ ਜਿਨ੍ਹਾਂ ਵੱਖ ਰਹਿਣਾ |
ਇਕੋ ਮਾਂ ਤੋਂ ਜੰਮੀਆਂ-ਜਾਈਆਂ,
ਵੱਖ ਹੋ ਕੇ ਫਿਰ ਮਿਲ ਨਾ ਪਾਈਆਂ |
ਟਨਾਂ ਦੇ ਟਨ ਭਾਰ ਇਹ ਚੁੱਕਣ,
ਕਦੇ ਨਾ ਅੱਕਣ, ਕਦੇ ਨਾ ਥੱਕਣ |
ਦੇਸ਼ ਸੇਵਾ ਵਿਚ ਪਾਉਣ ਇਹ ਹਿੱਸਾ,
ਭਲੂਰੀਏ ਤਾਂ ਹੀ ਲਿਖਿਆ ਕਿੱਸਾ |
ਬੁੱਝੋ ਹੁਣ ਤੁਸੀਂ ਬਾਤ ਇਹ ਮੇਰੀ,
ਹੋਏ ਥੋਡੀ ਉਮਰ ਲੰਮੇਰੀ |
ਬੱਚੇ ਮੂੰਹੋਂ ਕੁਝ ਨਾ ਆਖਣ,
ਇਕ-ਦੂਜੇ ਦੇ ਮੂੰਹ ਵੱਲ ਝਾਕਣ |
ਸਰ ਜੀ ਦੱਸੋ ਚੀਜ਼ ਇਹ ਕੀ,
ਭਲੂਰੀਏ ਦੱਸਿਆ 'ਰੇਲ ਦੀ ਲੀਹ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਰੌਚਕ ਜਾਣਕਾਰੀ

• ਸੱਪ ਅਤੇ ਗੰਡੋਏ ਦੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ |
• ਉੱਲੂ ਅਜਿਹਾ ਪੰਛੀ ਹੈ, ਜੋ ਆਪਣੇ ਪਿੱਛੇ ਵੀ ਦੇਖ ਸਕਦਾ ਹੈ |
• ਤਿਤਲੀ ਆਪਣੇ ਪੈਰਾਂ ਨਾਲ ਫੱੁਲਾਂ ਦਾ ਸੁਆਦ ਪਰਖਦੀ ਹੈ |
• ਡਾਲਫਿਨ ਮੱਛੀ ਸੌਾਦੇ ਸਮੇਂ ਵੀ ਆਪਣੀ ਇਕ ਅੱਖ ਖੱੁਲ੍ਹੀ ਰੱਖਦੀ ਹੈ |
• ਬੱਤਖਾਂ ਕੇਵਲ ਸਵੇਰ ਵੇਲੇ ਹੀ ਆਂਡੇ ਦਿੰਦੀਆਂ ਹਨ |

-ਸ਼ੰਕਰ ਮੋਗਾ

ਤਸਵੀਰ ਦੇਖੋ ਤੇ ਬੁੱਝੋ ਬਾਤ

1. ਚਾਰ ਲੱਤਾਂ ਪਰ ਤੁਰਦੀ ਨੀ
2. ਗੋਰੀ ਚਿੱਟੀ ਲੰਮੀ ਰਾਣੀ, ਸਿਰ 'ਤੇ ਤਾਜ ਹਰਾ
3. ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਤੇ ਇਕੋ ਬੋਦੀ |
4. ਇਕੋ ਘਰ ਵਿਚ ਨੌਾ ਨਿਆਣੇ, ਜੁੜ ਜੁੜ ਬੈਠੇ ਬੜੇ ਸਿਆਣੇ |
5. ਫਲ਼ ਵੀ ਤੇ ਫੁੱਲ ਵੀ, ਬਹੁਤਾ ਨਹੀਂ ਮੁੱਲ ਵੀ
6. ਉਤੋਂ ਹਰਾ ਤੇ ਵਿਚੋਂ ਲਾਲ, ਕਾਲੇ ਮੋਤੀ ਜੜੇ ਕਮਾਲ

-ਜੋਧ ਸਿੰਘ ਮੋਗਾ
ਮੋਬਾਈਲ : 62802-58057.

ਅਨਮੋਲ ਵਚਨ

• ਪਰਮਾਤਮਾ ਦੇ ਇਨਸਾਫ਼ ਦੀ ਚੱਕੀ ਹੌਲੀ ਜ਼ਰੂਰ ਚਲਦੀ ਹੈ ਪਰ ਪੀਸਦੀ ਬਹੁਤ ਬਾਰੀਕ ਹੈ |
• ਪੈਸੇ ਨੂੰ ਪਸੰਦ ਕਰੋ ਸਿਰਫ਼ ਇਸ ਹੱਦ ਤੱਕ ਕਿ ਲੋਕ ਆਪ ਨੂੰ ਨਾਪਸੰਦ ਨਾ ਕਰਨ |
• ਦੋਸਤ ਦਵਾਈ ਤੋਂ ਵੀ ਜ਼ਿਆਦਾ ਚੰਗੇ ਹੁੰਦੇ ਹਨ ਕਿਉਂਕਿ ਦਵਾਈ ਤਾਂ ਐਕਸਪਾਇਰ (ਤਾਰੀਖ ਖਤਮ ਹੋ ਜਾਂਦੀ) ਹੋ ਜਾਂਦੀ ਹੈ ਪਰ ਚੰਗੇ ਦੋਸਤਾਂ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ |
• ਮੰਜ਼ਿਲ ਚਾਹੇ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਰਸਤੇ ਹਮੇਸ਼ਾ ਪੈਰਾਂ ਦੇ ਥੱਲੇ ਹੰੁਦੇ ਹਨ |
• ਸਾਥ ਸ਼ਬਦ ਕਹਿਣ ਨੂੰ ਤਾਂ ਬਹੁਤ ਛੋਟਾ ਹੈ ਪਰ ਜੇ ਕੋਈ ਦਿਲ ਤੋਂ ਸਾਥ ਦੇਵੇ ਤਾਂ ਜ਼ਿੰਦਗੀ ਹੀ ਨਹੀਂ ਰੂਹ ਤੱਕ ਬਦਲ ਜਾਂਦੀ ਹੈ |
• ਬੇਗਾਨਿਆਂ ਨੂੰ ਆਪਣਾ ਬਣਾਉਣਾ ਆਸਾਨ ਹੈ ਪਰ ਆਪਣਿਆਂ ਨੂੰ ਆਪਣੇ ਬਣਾ ਕੇ ਰੱਖਣਾ ਬਹੁਤ ਮੁਸ਼ਕਿਲ ਹੈ |

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ-140117, ਜ਼ਿਲ੍ਹਾ ਰੋਪੜ |
ਮੋਬਾਈਲ : 95018-10181.

ਬਾਲ ਕਵਿਤਾ: ਘਟਾ ਕਾਲੀਏ...

ਘਟਾ ਕਾਲੀਏ ਵਰ੍ਹ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੂੰ |
ਫ਼ਸਲਾਂ, ਬਾਗ਼, ਬਗੀਚੇ ਮੁਰਝਾਏ,
ਧਰਤੀ ਜਲ-ਥਲ ਕਰ ਜਾ ਤੰੂ |
ਝੜੀ ਵਾਂਗ ਵਰ੍ਹ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੰੂ |
ਤਲਾਬ, ਛੱਪੜ, ਟੋਭੇ ਸੁੱਕ ਗਏ |
ਬਿਨ ਪਾਣੀ ਜਲ-ਜੀਵ ਮੁੱਕ ਗਏ |
ਕਾਲੀਏ ਬਦਲੀਏ | ਦੇਰ ਨਾ ਲਾ,
ਗਰਮੀ ਕਰਕੇ ਸਭ ਕੰਮ ਰੁਕ ਗਏ |
ਖੇਤ, ਨਦੀ, ਨਾਲੇ ਭਰ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੰੂ |

-ਮੁਖਤਾਰ ਗਿੱਲ
ਪ੍ਰੀਤ ਨਗਰ, ਡਾ: ਚੋਗਾਵਾਂ-143109 (ਅੰਮਿ੍ਤਸਰ) | ਮੋਬਾ : 98140-82217.

ਚੁਟਕਲੇ

• ਸ਼ਹਿਰ ਦੀ ਕੁੜੀ ਦਾ ਵਿਆਹ ਇਕ ਪਿੰਡ ਵਿਚ ਹੋ ਗਿਆ | ਕੁੜੀ ਦੀ ਸੱਸ ਨੇ ਉਸ ਨੂੰ ਮੱਝ ਨੂੰ ਘਾਹ (ਪੱਠੇ) ਪਾਉਣ ਲਈ ਕਿਹਾ | ਮੱਝ ਦੇ ਮੰੂਹ ਵਿਚ ਝੱਗ ਦੇਖ ਕੇ ਉਹ ਵਾਪਸ ਆ ਗਈ | ਸੱਸ ਨੇ ਪੱੁਛਿਆ, 'ਕੀ ਹੋਇਆ ਧੀਏ?'
ਕੁੜੀ ਬੋਲੀ, 'ਮੱਝ ਅਜੇ ਕਾਲਗੇਟ ਕਰ ਰਹੀ ਹੈ, ਮੰਮੀ ਜੀ |'
• ਕੁੜੀ-ਕੀ ਕਰ ਰਹੇ ਹੋ?
ਮੁੰਡਾ-ਮੰੂਗਫਲੀ ਖਾ ਰਿਹਾ ਹਾਂ |
ਕੁੜੀ-'ਕੱਲਾ-'ਕੱਲਾ?
ਮੁੰਡਾ-ਹੋਰ ਦਸ ਰੁਪਏ ਦੀ ਮੰੂਗਫਲੀ ਦਾ ਲੰਗਰ ਲਾਵਾਂ?
• ਡਾਕਟਰ-ਮੋਟਾਪੇ ਦਾ ਇਕੋ-ਇਕ ਇਲਾਜ ਹੈ, ਬਸ ਇਕ ਰੋਟੀ ਖਾਇਆ ਕਰ |
ਕੋਮਲ-ਡਾਕਟਰ ਸਾਹਿਬ, ਇਹ ਇਕ ਰੋਟੀ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ?
• ਅਧਿਆਪਕ-ਦੱਸੋ ਬੱਚਿਓ, ਵਾਸਕੋਡੀਗਾਮਾ ਭਾਰਤ ਕਦੋਂ ਆਇਆ ਸੀ?
ਭੁਪਿੰਦਰ-ਜੀ ਸਰਦੀਆਂ ਵਿਚ ਆਇਆ ਸੀ |
ਅਧਿਆਪਕ-ਕੀ ਤੰੂ ਪਾਗਲ ਏਾ? ਤੈਨੂੰ ਕਿਸ ਨੇ ਕਿਹਾ?
ਭੁਪਿੰਦਰ-ਸਰ ਤੁਹਾਡੀ ਸਹੁੰ, ਮੈਂ ਕਿਤਾਬ ਵਿਚ ਫੋਟੋ ਦੇਖੀ ਸੀ, ਉਸ ਨੇ ਕੋਟ ਪਾਇਆ ਹੋਇਆ ਸੀ |

-ਅਵਤਾਰ ਸਿੰਘ ਕਰੀਰ,
ਮੋਗਾ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX