ਤਾਜਾ ਖ਼ਬਰਾਂ


ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ
. . .  1 day ago
ਮੁੰਬਈ ,19 ਅਗਸਤ -ਪ੍ਰਸਿੱਧ ਸੰਗੀਤਕਾਰ ਖ਼ਯਾਮ ਦਾ ਦੇਹਾਂਤ ਹੋ ਗਿਆ , ਉਹ 93 ਸਾਲ ਦੇ ਸਨ ।
ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਐੱਮ.ਪੀ. ਚੌਧਰੀ ਤੇ ਵਿਧਾਇਕ ਲਾਡੀ ਵੱਲੋਂ ਦੌਰਾ
. . .  1 day ago
ਲੋਹੀਆਂ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਜਿੱਥੋਂ ਸਤਲੁਜ ਦਰਿਆ ਦੇ ਬੰਨ੍ਹ ਨੇ ਟੁੱਟ ਕੇ ਕਰੀਬ 30 ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਦਾ ਜਲੰਧਰ ਤੋਂ ...
ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  1 day ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  1 day ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  1 day ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  1 day ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  1 day ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  1 day ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  1 day ago
ਫ਼ਾਜ਼ਿਲਕਾ,19 ਅਗਸਤ (ਪ੍ਰਦੀਪ ਕੁਮਾਰ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਪਕੜੇ ਗਏ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਕੇਸ 'ਚ ਫਸਾਉਣ ਅਤੇ ਦੋਸ਼ੀਆਂ ਦੀ ਕੁੱਟਮਾਰ ...
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  1 day ago
ਨਾਭਾ, 19 ਅਗਸਤ (ਕਰਮਜੀਤ ਸਿੰਘ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜਦੋਂ ਚੰਨ 'ਤੇ ਪਏ ਪਹਿਲੇ ਮਨੁੱਖ ਦੇ ਕਦਮ

ਮਨੁੱਖ ਦੇ ਚੰਨ 'ਤੇ ਪਹੁੰਚਣ ਦੇ ਪੰਜ ਦਹਾਕੇ' ਪੂਰੇ ਹੋ ਗਏ ਹਨ | ਅੱਜ ਤੋਂ 3 ਸਾਲ ਬਾਅਦ ਕੋਈ ਭਾਰਤ ਵਾਸੀ ਵੀ ਚੰਨ 'ਤੇ ਉਤਰੇਗਾ ਅਤੇ ਚੰਨ 'ਤੇ ਪਹੁੰਚ ਕੇ ਭਾਰਤੀ ਤਿਰੰਗਾ ਲਹਿਰਾਉਣ ਵਿਚ ਕਾਮਯਾਬੀ ਹਾਸਲ ਕਰਕੇ ਭਾਰਤ ਦੇ ਮਾਣ ਵਿਚ ਵਾਧਾ ਕਰੇਗਾ | ਅਜਿਹੇ ਮਿਸ਼ਨ ਨੂੰ ਨੇਪਰੇ ਚਾੜ੍ਹਣ ਲਈ ਭਾਰਤੀ ਵਿਗਿਆਨੀ ਲਗਾਤਾਰ ਯਤਨਸ਼ੀਲ ਹਨ |
50 ਸਾਲ ਪਹਿਲਾਂ 16 ਜੁਲਾਈ 1969 ਨੂੰ ਅਮਰੀਕਾ ਦੇ ਫਲੋਰੀਡਾ ਤੋਂ ਸਥਾਨਕ ਸਮੇਂ ਅਨੁਸਾਰ ਦਿਨ ਦੇ ਢਾਈ ਵਜੇ ਅਪੋਲੋ 11 ਰਵਾਨਾ ਹੋਇਆ ਸੀ ਅਤੇ 20 ਜੁਲਾਈ 1969 ਨੂੰ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਯਾਨ ਈਗਲ ਤੋਂ ਬਾਹਰ ਨਿਕਲਿਆ | ਚੰਨ 'ਤੇ ਕਦਮ ਰੱਖਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਦੀ ਵੱਡੀ ਛਲਾਂਗ ਹੈ |' ਐਲਡਰਿਨ ਬਜ ਅਤੇ ਆਰਮਸਟ੍ਰਾਂਗ ਨੇ ਚੰਨ ਦੀ ਸਤ੍ਹਾ 'ਤੇ ਤਿੰਨ ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮਾਂ ਬਿਤਾਇਆ | ਇਸ ਛੋਟੇ ਜਿਹੇ ਸਮੇਂ ਨੇ ਸਾਡੇ ਲਈ ਚੰਦਰਮਾ ਨੂੰ ਪਰੰਪਰਾਗਤ ਕਥਾਵਾਂ, ਮਿਥਕਾਂ, ਕਵੀਆਂ ਦੀਆਂ ਕਲਪਨਾਵਾਂ ਅਤੇ ਕਥਾਵਾਂ ਤੋਂ ਕੁਝ ਜ਼ਿਆਦਾ ਸਮਝੇ ਜਾਣ ਦਾ ਦੁਆਰ ਖੋਲ੍ਹ ਦਿੱਤਾ | ਸਾਡੇ ਤੋਂ, ਸਾਡੀਆਂ ਧਾਰਨਾਵਾਂ ਤੋਂ ਕੁਝ ਚੁਰਾ ਲਿਆ | ਅੱਜ ਉਨ੍ਹਾਂ ਨੂੰ ਫਿਰ ਯਾਦ ਕਰਨ ਦਾ ਸਮਾਂ ਹੈ | ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ 'ਤੇ ਅਮਰੀਕੀ ਪੁਲਾੜ ਏਜੰਸੀ 'ਨਾਸਾ' ਕੁਝ ਅਨੋਖਾ ਕਰਨ ਵਾਲੀ ਹੈ | 'ਚੰਦਰਯਾਨ-2' ਨੂੰ ਚੰਨ ਦੇ ਰਸਤੇ 'ਤੇ ਰਵਾਨਾ ਕਰ ਕੇ ਅਸੀਂ ਵੀ ਇਸ ਮੌਕੇ ਨੂੰ ਮਨਾ ਹੀ ਰਹੇ ਹਾਂ, ਭਾਵੇਂ ਦੋ ਦਿਨ ਬਾਅਦ ਹੀ ਸਹੀ | ਫਿਲਹਾਲ ਨਾਸਾ ਚੰਨ 'ਤੇ ਕਦਮ ਰੱਖਣ ਵਾਲੇ ਦਰਜਨ ਭਰ ਲੋਕਾਂ ਵਿਚੋਂ ਜੋ ਚਾਰ ਜ਼ਿੰਦਾ ਹਨ ਅਤੇ ਉਨ੍ਹਾਂ 530 ਲੱਖ ਲੋਕਾਂ ਵਿਚੋਂ ਕੁਝ ਇਕ ਜਿਨ੍ਹਾਂ ਨੇ ਇਸ ਘਟਨਾ ਨੂੰ ਟੀ. ਵੀ. 'ਤੇ ਦੇਖਿਆ, ਉਨ੍ਹਾਂ ਤੋਂ ਅਨੁਭਵ ਜਾਣਨ ਦੀ ਕੋਸ਼ਿਸ਼ ਕਰੇਗਾ |
ਫਲੋਰੀਡਾ ਸਥਿਤ 'ਕੈਨੇਡੀ ਸਪੇਸ ਸੈਂਟਰ' ਨੇ ਵੀ ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਬੇਹੱਦ ਖ਼ਾਸ ਇੰਤਜ਼ਾਮ ਕੀਤੇ ਹਨ | ਇਸ ਤੋਂ ਇਲਾਵਾ ਨਾਸਾ ਆਪਣੇ 'ਜਾਨਸਨ ਸਪੇਸ ਸੈਂਟਰ' ਲੈਬੋਰੇਟਰੀ ਵਿਚ ਰੱਖੇ ਅਪੋਲੋ ਮਿਸ਼ਨ ਰਾਹੀਂ ਚੰਨ ਦੀ ਸਤ੍ਹਾ ਤੋਂ ਇਕੱਠੇ ਕੀਤੇ ਗਏ ਬਹੁਤ ਸਾਰੇ ਨਮੂਨਿਆਂ ਨੂੰ 50 ਸਾਲਾਂ ਤੋਂ ਬਾਅਦ ਪਹਿਲੀ ਵਾਰ ਖੋਲ੍ਹੇਗਾ | ਇਨ੍ਹਾਂ ਨਮੂਨਿਆਂ ਵਿਚੋਂ ਤਾਂ ਕੁਝ ਹਾਲੇ ਤੱਕ ਅਣਛੋਹੇ ਹਨ | ਇਨ੍ਹਾਂ ਨਮੂਨਿਆਂ ਦਾ ਅਤਿਆਧੁਨਿਕ ਤਕਨੀਕ ਨਾਲ ਪ੍ਰੀਖਣ ਹੋਣ 'ਤੇ ਉਮੀਦ ਹੈ ਕਿ ਚੰਨ ਬਾਰੇ ਨਵੇਂ ਰਹੱਸ ਖੱੁਲ੍ਹਣਗੇ | ਚੰਨ ਵੱਲ ਦੇਖਣ ਵਾਲੇ ਵਿਗਿਆਨੀਆਂ ਨੂੰ ਨਵੀਂ ਰਾਹ ਮਿਲੇਗੀ | 50 ਸਾਲ ਪਹਿਲਾਂ ਦੀ ਉਸ ਘਟਨਾ ਤੋਂ ਲੈ ਕੇ ਹੁਣ ਤੱਕ ਚੰਨ ਨੂੰ ਜਾਣਨ-ਸਮਝਣ ਦੀਆਂ ਅਣਥੱਕ ਕੋਸ਼ਿਸ਼ਾਂ ਹੁੰਦੀਆਂ ਹੀ ਰਹੀਆਂ ਹਨ | ਇਸ ਦਾ ਨਤੀਜਾ ਇਹ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਨਸਾਨੀ ਕਦਮ ਚੰਨ 'ਤੇ ਪੈ ਚੁੱਕੇ ਹਨ ਅਤੇ 96 ਬੋਰੇ ਮਨੁੱਖੀ ਮਲ ਤੋਂ ਇਲਾਵਾ ਬਹੁਤ ਸਾਰਾ ਕੂੜਾ-ਕਰਕਟ ਮਨੁੱਖ ਉਥੇ ਛੱਡ ਆਇਆ ਹੈ |
ਅੱਜ ਇਸ ਗੱਲ ਦੀ ਪਰਵਾਹ ਸ਼ਾਇਦ ਹੀ ਕਿਸੇ ਨੂੰ ਹੋਵੇ ਕਿ ਪੁਲਾੜ ਯਾਤਰੀ ਅਸਲ ਵਿਚ ਕਦੀ ਚੰਨ 'ਤੇ ਨਹੀਂ ਉਤਰੇ ਬਲਕਿ ਸਟੂਡੀਓ ਵਿਚ ਫਰਜੀ ਵੀਡੀਓ ਜ਼ਰੀਏ ਰੂਸ ਨੂੰ ਨੀਵਾਂ ਦਿਖਾਉਣ ਲਈ ਇਹ ਅਮਰੀਕੀ ਪ੍ਰੋਪੋਗੈਂਡਾ ਸੀ | ਕੋਈ ਇਨ੍ਹਾਂ ਸਵਾਲਾਂ 'ਚ ਵੀ ਨਹੀਂ ਉਲਝਣਾ ਦਾ ਕਿ ਚੰਨ 'ਤੇ ਹਵਾ ਤੋਂ ਬਿਨਾਂ ਝੰਡਾ ਕਿਵੇਂ ਲਹਿਰਾਇਆ ਜਾਂ ਬੂਟ ਦੇ ਨਿਸ਼ਾਨ ਕਿਵੇਂ ਬਣੇ ਜਾਂ ਉਥੋਂ ਦਾ ਅਸਮਾਨ ਕਾਲਾ ਕਿਉਂ ਹੈ, ਉਥੇ ਤਾਰੇ ਕਿਉਂ ਨਹੀਂ ਦਿਸਦੇ, ਵਗੈਰਾ-ਵਗੈਰਾ... | ਹੁਣ ਉਹ ਸਭ ਇਤਿਹਾਸ ਹੈ | ਇਹ ਮਨੁੱਖ ਸਮੇਤ 'ਚੰਦਰਾਨ ਅਪੋਲੋ-11' ਦਾ ਹੀ ਦਿਖਾਇਆ ਰਸਤਾ ਅਤੇ ਦਿੱਤੀ ਹੋਈ ਹਿੰਮਤ ਹੈ ਕਿ ਅੱਜ ਚੰਨ 'ਤੇ ਪਹੁੰਚਣ ਲਈ ਦਰਜਨ ਭਰ ਤੋਂ ਜ਼ਿਆਦਾ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ | ਉਦੋਂ ਉਥੇ ਪਹੁੰਚਣਾ ਚਮਤਕਾਰ ਸੀ ਪਰ ਹੁਣ ਵਪਾਰ ਬਣਨ ਵਾਲਾ ਹੈ | ਇਸ ਸਾਲ ਬਹੁਤ ਸਾਰੇ ਦੇਸ਼ ਆਪਣੇ ਯਾਨ ਉਥੇ ਭੇਜ ਰਹੇ ਹਨ | ਸਾਲ 2022 ਤੱਕ ਚੰਦਰਮਾ 'ਤੇ ਭਾਰੀ ਭੀੜ ਜਮ੍ਹਾਂ ਹੋਵੇਗੀ | ਸਾਲ 2025 ਤੱਕ ਉਥੇ ਮਨੁੱਖੀ ਉੱਦਮ ਕੁਝ ਵੱਡਾ ਸਥਾਪਿਤ ਕਰ ਲਵੇਗਾ |
ਚੰਨ 'ਤੇ ਮਨੁੱਖ ਦੇ ਪਹੁੰਚਣ ਤੋਂ 50 ਸਾਲ ਬਾਅਦ ਹੁਣ ਤੱਕ ਵੀ ਕਈ ਸਵਾਲਾਂ ਦਾ ਅਜੇ ਤੱਕ ਜਵਾਬ ਨਹੀਂ ਲੱਭਿਆ | ਆਖਿਰ ਕਿਉਂ ਸਭ ਪਹੁੰਚਣਾ ਚਾਹੁੰਦੇ ਹਨ ਚੰਨ 'ਤੇ, ਚੰਨ ਨੂੰ ਲੈ ਕੇ ਇਸ ਕਦਰ ਚਾਹਤ ਦਾ ਸਮੁੰਦਰ ਕਿਉਂ ਉਮੜਿਆ ਹੈ, ਪਿਛਲੇ ਇਕ-ਦੋ ਦਹਾਕਿਆਂ ਦੇ ਅੰਦਰ? ਸਾਲ 1950 ਵਿਚ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਅਗਲੇ ਦੋ ਦਹਾਕਿਆਂ ਵਿਚ ਸਾਡੇ ਵਿਚੋਂ ਕੋਈ ਮਨੁੱਖ ਚੰਨ ਦੀ ਸਤ੍ਹਾ 'ਤੇ ਚਹਿਲਕਦਮੀ ਕਰਦਾ ਦਿਸ ਸਕੇਗਾ | ਅੱਜ ਇਹ ਕਥਾ-ਕਹਾਣੀ ਵਰਗਾ ਜ਼ਰੂਰ ਲੱਗਦਾ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਕੋਈ ਇਹ ਪੁੱਛੇ ਕਿ ਇਸ ਵਾਰ ਦੀਆਂ ਛੁੱਟੀਆਂ ਵਿਚ ਕਿਥੇ ਜਾਣ ਦਾ ਇਰਾਦਾ ਹੈ ਤਾਂ ਜਵਾਬ ਮਿਲੇ ਕਿ ਆਕਾਸ਼ ਵਿਚ | ਮੈਂ ਬਹੁਤ ਦਿਨਾਂ ਤੋਂ ਸੋਚਦਾ ਸੀ ਕਿ ਇਕ ਵਾਰ ਚੰਨ 'ਤੇ ਜਾ ਕੇ ਆਵਾਂ | ਚੰਨ 'ਤੇ ਪਹੁੰਚਣ ਦਾ ਟੀਚਾ ਸਾਰਿਆਂ ਲਈ ਵੱਖਰਾ ਅਤੇ ਸਭ ਦੇ ਵੱਖਰੇ ਹਿਤ ਹਨ | ਇਹ ਬਿਨਾਂ ਸ਼ੱਕ ਸਿਰਫ਼ ਭਾਵਨਾਤਮਕ, ਤਕਨੀਕੀ ਜਾਂ ਵਿਗਿਆਨੀ ਖੋਜ ਤੋਂ ਪ੍ਰੇਰਿਤ ਨਹੀਂ ਹੈ |
ਕੁਝ ਦੇਸ਼ ਚੰਨ ਦੇ ਸੋਮਿਆਂ 'ਤੇ ਨਜ਼ਰਾਂ ਟਿਕਾਈ ਬੈਠੇ ਹਨ, ਤੇ ਕੁਝ ਦਾ ਇਰਾਦਾ ਇਸ ਤੋਂ ਵੀ ਵੱਖਰਾ ਹੈ | ਜ਼ਿਆਦਾਤਰ ਦੇਸ਼ ਜਾਣ ਚੁੱਕੇ ਹਨ ਕਿ ਇਥੇ ਜ਼ਬਰਦਸਤ ਖਣਿਜਾਂ ਭੰਡਾਰ ਹਨ | ਕਿਸੇ ਨੂੰ ਹੀਲੀਅਮ ਗੈਸ ਦਾ ਭਰਪੂਰ ਭੰਡਾਰ ਆਕਰਸ਼ਿਤ ਕਰਦਾ ਹੈ ਤੇ ਕਿਸੇ ਨੂੰ ਕੋਈ ਹੋਰ ਤੱਤ | ਕੁਝ ਇਥੇ ਦੀਆਂ ਵਸਤਾਂ ਦੇ ਸਹਾਰੇ ਇਥੇ ਇਕ ਟਿਕਾਊ, ਵਪਾਰਕ ਉਦਯੋਗ ਸ਼ੁਰੂ ਕਰਨ ਦੇ ਮੌਕੇ ਦੇ ਤੌਰ 'ਤੇ ਦੇਖ ਰਹੇ ਹਨ | ਕੁਝ ਕਾਰਪੋਰੇਟ ਇਸ ਵਿਚ ਪੁਲਾੜ ਸੈਲਾਨੀਆਂ ਦੀਆਂ ਸੰਭਾਵਨਾਵਾਂ ਲੱਭ ਚੁੱਕੇ ਹਨ | ਇਹ ਧਰਤੀ ਤੋਂ ਨੇੜੇ ਹੈ, ਅਤਿਆਧੁਨਿਕ ਰਾਕੇਟਾਂ ਜ਼ਰੀਏ ਹੁਣ ਇਕ-ਦੋ ਦਿਨ ਵਿਚ ਪਹੁੰਚਣ ਅਤੇ ਓਨੇ ਹੀ ਸਮੇਂ ਵਿਚ ਵਾਪਸ ਆਇਆ ਜਾ ਸਕਦਾ ਹੈ | ਕੁਝ ਨੂੰ ਲਗਦਾ ਹੈ ਕਿ ਨੇੜ ਭਵਿੱਖ ਵਿਚ ਜਦੋਂ ਚੰਦਰਮਾ ਦੇ ਸੋਮਿਆਂ ਦੀ ਵਰਤੋਂ ਸ਼ੁਰੂ ਹੋਵੇਗੀ ਤਾਂ ਭਾਰ ਢੋਣ ਵਾਲਿਆਂ ਦੀ ਜ਼ਰੂਰਤ ਪਵੇਗੀ ਤੇ ਉਹ ਉਸ ਲਈ ਤਿਆਰ ਹੋ ਰਹੇ ਹਨ | ਕੋਈ ਖੁਦਾਈ ਉਪਕਰਨ ਅਤੇ ਚੰਨ 'ਤੇ ਜ਼ਰੂਰੀ ਹੋਣ ਵਾਲੀ ਤਕਨੀਕੀ ਦੇ ਵਿਕਾਸ ਨਾਲ ਅਰਬਾਂ ਕਮਾਉਣ ਦੇ ਸੁਪਨੇ ਸੰਜੋਈ ਬੈਠਾ ਹੈ | ਕਿਸੇ ਦਾ ਇਰਾਦਾ ਮਨੁੱਖੀ ਬਸਤੀਆਂ ਵਸਾਉਣ ਦਾ ਹੈ ਤੇ ਉਹ ਸੰਭਾਵਿਤ ਘਰ ਲੱਭ ਰਿਹਾ ਹੈ | ਕੋਈ ਇਥੋਂ ਮੰਗਲ ਅਤੇ ਦੂਜੇ ਗ੍ਰਹਿਆਂ ਲਈ ਲਾਂਚਿੰਗ ਪੈਡ ਬਣਾਉਣਾ ਚਾਹੁੰਦਾ ਹੈ | ਇਸ ਤੋਂ ਇਹ ਸਫ਼ਰ ਸਸਤਾ, ਸੌਖਾ ਅਤੇ ਸੰਖੇਪ ਹੋ ਜਾਵੇਗਾ |
ਚੰਨ ਭਵਿੱਖ ਦੇ ਮਿਸ਼ਨਾਂ ਲਈ ਸੌਰਮੰਡਲ ਦੇ ਦੂਜੇ ਗ੍ਰਹਿਆਂ 'ਤੇ ਜਾਣ ਲਈ ਇਕ ਸਟੇਸ਼ਨ ਦੇ ਤੌਰ 'ਤੇ ਵੀ ਵਿਕਸਤ ਕਰਨ ਲਈ ਸਭ ਤੋਂ ਵਧੀਆ ਹੈ | ਉਂਝ ਵੀ ਚੰਦਰਮਾ 'ਤੇ ਰਾਕੇਟ ਲਈ ਬਾਲਣ ਉਥੇ ਉਪਲੱਬਧ ਹੋ ਜਾਵੇਗਾ | ਯੂਰਪੀ ਸਪੇਸ ਏਜੰਸੀ ਸਵੀਕਾਰਦੀ ਹੈ ਕਿ ਇਸ ਰਫ਼ਤਾਰ ਨਾਲ ਚੱਲੇ ਤਾਂ ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਖੋਜ ਸਟੇਸ਼ਨ ਜ਼ਰੂਰ ਬਣ ਜਾਵੇਗਾ | ਉਸ ਅਨੁਸਾਰ ਚੰਨ 'ਤੇ ਰਹਿਣ ਲਈ ਸਾਰੀ ਜ਼ਰੂਰੀ ਸਮੱਗਰੀ ਚੰਦਰਮਾ ਦੀ ਹੀ ਧਰਤੀ 'ਤੇ ਮੌਜੂਦ ਹੈ, ਉਥੇ ਊਰਜਾ ਦਾ ਵੀ ਇੰਤਜ਼ਾਮ ਹੈ | ਇਸ ਲਈ ਉਹ ਥ੍ਰੀਡੀ ਪਿ੍ੰਟਿੰਗ ਦਾ ਸਹਾਰਾ ਲੈ ਕੇ ਖੋਜ ਸੈਂਟਰ ਦੇ ਇਸ ਤਰ੍ਹਾਂ ਦੇ ਢਾਂਚੇ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਚੁੱਕੀ ਹੈ, ਜਿਸ 'ਤੇ ਉਲਕਾ ਪਿੰਡਾਂ ਅਤੇ ਵਿਕੀਰਣ ਦਾ ਅਸਰ ਨਾ ਪਵੇ | ਪ੍ਰੋ. ਯਸ਼ਪਾਲ ਨੇ ਕਿਹਾ ਸੀ ਕਿ ਚੰਨ 'ਤੇ 50 ਤੋਂ 75 ਸਾਲ ਬਾਅਦ ਇਨਸਾਨੀ ਬਸਤੀ ਸੰਭਵ ਹੈ ਪਰ ਹਾਲੇ ਨਹੀਂ | ਹੁਣ ਇਸਰੋ ਕਹਿੰਦਾ ਹੈ, ਅਸੀਂ ਬਸਤੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਹੁਣ ਉਹ ਸਭ ਸਮਝ, ਤਕਨੀਕ ਅਤੇ ਤਾਕਤ ਮੌਜੂਦ ਹੈ | ਚੰਨ 'ਤੇ ਬਹੁਤ ਸਾਰਾ ਬਰਫੀਲਾ ਪਾਣੀ ਅਤੇ ਚਟਾਨਾਂ ਵਿਚ ਕੈਦ ਆਕਸੀਜਨ, ਸਾਡੀ ਹਵਾ, ਪਾਣੀ ਦੀ ਜ਼ਰੂਰਤ ਪੂਰੀ ਕਰ ਦੇਣਗੇ | ਇੰਫ੍ਰਾਰੈੱਡ ਈਅਰ ਥਰਮਾਮੀਟਰ ਅਤੇ ਐਲ. ਈ. ਡੀ. ਆਧਾਰਿਤ ਉਪਕਰਨ, ਵੱਖ-ਵੱਖ ਤਰ੍ਹਾਂ ਦੇ ਸੈਂਸਰ, ਤਰ੍ਹਾਂ-ਤਰ੍ਹਾਂ ਦੇ ਰੋਬੋਟ ਆਦਿ ਚੰਨ 'ਤੇ ਜੀਵਨ ਨੂੰ ਸੁਖਾਲਾ ਕਰ ਦੇਣਗੇ |
ਭਾਰਤ 2022 ਅਤੇ ਅਮਰੀਕਾ 2024 ਵਿਚ ਆਪਣਾ ਮਨੁੱਖ ਸਮੇਤ ਪੁਲਾੜਯਾਨ ਚੰਨ ਵਲ ਰਵਾਨਾ ਕਰਨ ਵਾਲਾ ਹੈ, ਉਦੋਂ ਨਵੇਂ ਅਨੁਭਵਾਂ ਦਾ ਪਤਾ ਲੱਗੇਗਾ | ਸਵਿਸ ਬੈਂਕ ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ 2030 ਵਿਚ ਪੁਲਾੜ ਯਾਤਰੀ 8000 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਵਧਦਾ-ਫੁੱਲਦਾ ਕਾਰੋਬਾਰ ਹੋਵੇਗਾ | ਭਾਰਹੀਣਤਾ ਦਾ ਮਜ਼ਾ ਲੈਣ ਲਈ 500 ਡਾਲਰ ਜਾਂ ਚੰਨ ਤੱਕ ਜਾਣ ਦਾ ਸ਼ੁਰੂਆਤੀ ਕਿਰਾਇਆ 150 ਮਿਲੀਅਨ ਡਾਲਰ ਹੋ ਸਕਦਾ ਹੈ | ਦਾਅਵਾ ਇਹ ਵੀ ਹੈ ਕਿ ਸਿਰਫ਼ 10 ਘੰਟਿਆਂ ਵਿਚ ਚੰਨ ਤੱਕ ਪਹੁੰਚਾ ਦੇਣਗੇ | ਇਕ ਕੰਪਨੀ 'ਸਪੇਸ ਐਕਸ' ਤਾਂ ਸੈਲਾਨੀਆਂ ਦੀ ਬਜਾਏ ਢੁਆਈ ਵਿਚ ਜ਼ਿਆਦਾ ਰੁਚੀ ਲੈ ਰਹੀ ਹੈ | ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ ਹੈ | ਸੰਭਵ ਹੈ ਕਿ ਜਦੋਂ ਮਨੁੱਖ ਸੱਭਿਅਤਾ ਚੰਨ ਨੂੰ ਛੂਹਣ ਦੀ ਸ਼ਤਾਬਦੀ ਮਨਾਉਣ ਵਾਲੀ ਹੋਵੇਗੀ ਤਾਂ ਬਿਨਾਂ ਸ਼ੱਕ ਇਸ ਨਾਲ ਸਬੰਧਿਤ ਅਨੇਕ ਪ੍ਰੋਗਰਾਮ ਚੰਨ 'ਤੇ ਆਯੋਜਿਤ ਹੋਣਗੇ |

-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਵਿਦਾਇਗੀ ਦੇ ਦਿ੍ਸ਼

ਪੰਜਾਬ ਅਣਗਿਣਤ ਸਮਰਾਟਾਂ ਦੀ ਸਲਤਨਤ ਰਿਹਾ ਹੈ ਜਿਨ੍ਹਾਂ ਵਿਚ ਸਿਕੰਦਰ ਅਤੇ ਅਕਬਰ ਵਰਗੇ ਨਾਂਅ ਵੀ ਸ਼ਾਮਿਲ ਹਨ, ਪਰ ਜੋ ਪੰਜਾਬ ਦੀ ਆਨ ਅਤੇ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਪਹਿਲਾਂ ਕਦੀ ਵੀ ਨਹੀਂਾ ਰਹੀ | ਮਹਾਰਾਜਾ ਰਣਜੀਤ ਸਿੰਘ ਸ਼ਾਇਦ ਪਹਿਲਾ ਤੇ ਆਖਰੀ ਰਾਜਾ ਸੀ ਜਿਸ ਨੇ ਪੰਜਾਬ ਵਿਚ ਸੁਤੰਤਰ ਪੰਜਾਬੀ ਰਾਜ ਕਾਇਮ ਕੀਤਾ ਤੇ ਸੰਸਾਰ ਵਿਚ ਪੰਜਾਬੀਆਂ ਦੀ ਵਡਿਆਈ ਤੇ ਦਲੇਰੀ ਦਾ ਸਿੱਕਾ ਜਮਾਇਆ | ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਸਦੀਆਂ ਪਿੱਛੋਂ ਅਮਨ ਅਤੇ ਚੈਨ ਦਾ ਯੁੱਗ ਪ੍ਰਦਾਨ ਕੀਤਾ |
ਡਾ: ਹਰਨਾਮ ਸਿੰਘ ਸ਼ਾਨ ਦੇ ਅਨੁਸਾਰ ਪੰਜਾਬੀਆਂ ਨੇ ਵੀ ਸਮੂਹਿਕ ਤੌਰ 'ਤੇ ਜਿੰਨਾ ਪਿਆਰ ਤੇ ਸਤਿਕਾਰ ਉਸ ਮਹਾਨ ਪੰਜਾਬੀ ਭਾਵ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ, ਉਸ ਤੋਂ ਪਹਿਲਾਂ ਅਜਿਹਾ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਜਾਂ ਗ਼ੈਰ-ਪੰਜਾਬੀ ਨੂੰ ਕਦੇ ਵੀ ਦਿੱਤਾ ਗਿਆ ਹੋਵੇ | ਸ਼ਾਇਦ ਹੀ ਕਿਸੇ ਰਾਜੇ, ਮਹਾਰਾਜੇ ਦੇ ਚਲਾਣੇ 'ਤੇ ਉਹ ਕਦੇ ਮਜਮੂਈ ਤੌਰ 'ਤੇ ਇੰਨੇ ਰੋਏ ਤੇ ਕੁਰਲਾਏ ਹੋਣ ਜਿੰਨੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ 27 ਜੂਨ, 1839 ਨੂੰ ਅੱਖਾਂ ਮੀਟ ਜਾਣ 'ਤੇ ਰੋਏ | ਮਹਾਰਾਜਾ ਨਾਲ ਹਰੇਕ ਵਰਗ ਦਾ ਪਿਆਰ ਸੀ | ਇਸ ਕਰਕੇ ਉਸ ਸਮੇਂ ਲਾਹੌਰ ਸ਼ਾਹਿਰ ਦੇ ਹਰ ਅਮੀਰ ਅਤੇ ਗ਼ਰੀਬ ਨੂੰ , ਮੁਸਲਮਾਨ, ਹਿੰਦੂ ਤੇ ਸਿੱਖ ਨੂੰ ਰੋਂਦਿਆਂ ਦੇਖਿਆ ਗਿਆ |
ਸਈਅਦ ਮੁਹੰਮਦ ਲਤੀਫ਼ ਜਿਸ ਨੇ 1891 ਵਿਚ 'ਹਿਸਟਰੀ ਆਫ਼ ਪੰਜਾਬ' ਕਿਤਾਬ ਲਿਖੀ ਸੀ, ਲਿਖਦਾ ਹੈ, ਮਹਾਰਾਜਾ ਦੀ ਅਰਥੀ ਨਾਲ ਜਾ ਰਹੇ ਢੋਲ ਰੋਣੀਆਂ ਆਵਾਜ਼ਾਂ ਕੱਢ ਰਹੇ ਸਨ, ਰਾਗੀ ਮਾਤਮੀ ਗੀਤ ਗਾ ਰਹੇ ਸਨ ਤੇ ਉਨ੍ਹਾਂ ਦੇ ਸਾਜ ਵੀ ਵੇਖਣ ਵਾਲਿਆਂ ਵਿਚ ਰੰਜ ਤੇ ਮਾਤਮ ਪਸਾਰ ਰਹੇ ਸਨ | ਇਸ ਦੇ ਨਾਲ ਹੀ ਉਸ ਬਹੁਤ ਵੱਡੇ ਮਾਤਮੀ ਇਕੱਠ ਵਿਚ ਸ਼ਾਮਿਲ ਲੋਕਾਂ ਦੇ ਗ਼ਮਗੀਨ ਚਿਹਰੇ ਉਨ੍ਹਾਂ ਦੇ ਦਿਲਾਂ ਦੇ ਅੰਦਰ ਦੀ ਵੇਦਨਾ ਨੂੰ ਸਪੱਸ਼ਟ ਤੌਰ 'ਤੇ ਪ੍ਰਗਟ ਕਰਦੇ ਸਨ ਤੇ ਨਾਲ ਹੀ ਜ਼ਾਹਰ ਕਰਦੇ ਸਨ ਉਸ ਪਿਆਰ ਤੇ ਸਨੇਹ ਨੂੰ , ਜੋ ਉਨ੍ਹਾਂ ਦੇ ਦਿਲਾਂ ਅੰਦਰ ਸਵਰਗੀ ਮਾਲਕ ਲਈ ਸੀ ਤੇ ਜੋ ਉਨ੍ਹਾਂ ਨੂੰ ਉਵੇਂ ਹੀ ਪਿਆਰ ਕਰਦਾ ਸੀ | ਇਨ੍ਹਾਂ ਸਾਰੀਆਂ ਗੱਲਾਂ ਨੇ ਮਿਲ ਕੇ ਦਿ੍ਸ਼ ਨੂੰ ਰੰਜੀਦਾ ਬਣਾ ਰੱਖਿਆ ਸੀ |
ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ -
ਮਹਾਰਾਜ ਕੌ ਸਰੀਰ ਦਾਹ ਹੋਤ ਦੇਖਿ ਦੇਖਿ,
ਰੋਵਤੇ ਅਮੀਰ ਔ ਫਕੀਰ ਛੋਡ ਤਾਬ ਕੌ |
ਭਾਖੈਂ-ਆਜ ਖਾਕ ਭਈ ਬੀਰਤਾਈ ਬੀਰਨ ਕੀ,
ਮੀਰਨ ਕੀ ਮੀਰਤਾ ਅੰਮੀਰਨ ਪ੍ਰਭਾਵ ਕੋ |
ਹਿੰਦੁਨ ਕੀ ਹਿੰਦ ਜਹੀ ਸਿੰਘਨ ਕੀ ਜਿੰਦ ਜਰੀ,
ਗਾਯਨ ਰਹਿ ਗਵੀਅਨ ਕੋ ਜਰਯੋ ਆਫਤਾਬ ਕੌ |
ਭੁਪਨ ਆਬਾਦੀ ਜਰੀ ਅਵਪੁਰ ਕੀ ਗਾਦੀ ਜਰੀ,
ਜਦ ਗਯੋ ਸੁਹਾਗ ਭਾਗ ਸਗਰੀ ਪੰਜਾਬ ਕੌ |

ਤਵਾਰੀਖ ਗੁਰੂ ਖ਼ਾਲਸਾ ਵਿਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ 'ਜਦ ਮਹਾਰਾਜਾ ਦਾ ਬਵਾਨ ਕਿਲ੍ਹੇ ਤੋਂ ਬਾਹਰ ਨਿਕਲਿਆ ਤਾਂ ਅੱਗੇ ਬੇਅੰਤ ਖ਼ਲਕਤ ਆਪਣੇ ਪਿਆਰੇ ਮਹਾਰਾਜੇ ਦੇ ਅੰਤਿਮ ਦਰਸ਼ਨ ਕਰਨ ਲਈ ਇਕੱਠੀ ਹੋਈ ਸੀ | ਕੋਈ ਅਜਿਹਾ ਆਦਮੀ ਨਹੀਂ ਸੀ ਜਿਸ ਦੇ ਚਿਹਰੇ ਤੇ ਉਦਾਸੀਨਤਾ, ਫਿਕਰ ਅਤੇ ਸ਼ੋਕ ਦੇ ਚਿੰਨ੍ਹ ਨਾ ਪ੍ਰਗਟ ਹੁੰਦੇ ਹੋਣ |' ਮਹਾਰਾਜ ਰਣਜੀਤ ਸਿੰਘ ਇਕ ਸੂਝਵਾਨ ਤੇ ਇਨਸਾਫ਼-ਪਸੰਦ ਇਨਸਾਨ ਸੀ | ਇਹੀ ਕਾਰਨ ਸੀ ਉਸ ਦੇ ਰਾਜ ਨੂੰ ਹਰ ਵਿਅਕਤੀ ਆਪਣਾ ਰਾਜ ਸਮਝਦਾ ਸੀ | ਇਕ ਅੰਗਰੇਜ਼ ਮਿਲਟਰੀ ਸੈਕਟਰੀ ਕੈਪਟਨ ਔਜਬਰਨ ਨੇ ਆਪਣੀ ਇਕ ਚਿੱਠੀ ਵਿਚ ਉਸ ਸਮੇਂ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ |
'ਤੁਸੀਂ ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਈ ਪੀੜ ਦੀ ਤੀਖਣਤਾ ਨੂੰ ਚਿਤਾਰ ਵੀ ਨਹੀਂ ਸਕਦੇ | ਲਾਹੌਰ ਤੋਂ ਜਾਣ ਤੋਂ ਪਹਿਲਾਂ ਲਿਖੀ ਚਿੱਠੀ ਵਿਚ ਆਪਣੇ ਹਮਵਤਨਾਂ ਨੂੰ ਉਸ ਨੇ ਦੱਸਿਆ ਜਿਨ੍ਹਾਂ ਅਹਿਸਾਸਾਂ ਤੇ ਜਜ਼ਬਿਆਂ ਨਾਲ ਉਨ੍ਹਾਂ ਨੂੰ ਹਰ ਕੋਈ ਪਿਆਰਦਾ ਤੇ ਸਤਿਕਾਰਦਾ ਰਿਹਾ ਸੀ, ਉਹ ਇੰਨੇ ਡੂੰਘੇ ਤੇ ਹਾਰਦਿਕ ਸਨ ਕਿ ਉਨ੍ਹਾਂ ਦੇ ਹੁਕਮਾਂ, ਹਦਾਇਤਾਂ ਤੇ ਇਸ਼ਾਰਿਆਂ (ਜਦੋਂ ਮਹਾਰਾਜਾ ਬੋਲਣੋ ਰੁਕ ਗਏ ਸਨ) ਨੂੰ ਵੀ ਆਖਰੀ ਸਮੇਂ ਤੱਕ ਵੱਧ ਤੋਂ ਵੱਧ ਨਿਸਚਿਤ ਤਾਬੇਦਾਰੀ ਨਾਲ ਮੰਨਿਆ ਜਾਂਦਾ ਰਿਹਾ ਹੈ |'
ਸਈਅਦ ਵਹੀਦੁਦੀਨ ਜੋ ਕਿ ਰਣਜੀਤ ਸਿੰਘ ਦੇ ਸਮੇਂ ਦੇ ਫਕੀਰ ਅਜ਼ੀਜ਼ਉਦੀਨ ਦੇ ਘਰਾਣੇ ਵਿਚੋਂ ਸੀ, ਨੇ ਆਪਣੀ ਪੁਸਤਕ 'ਦਾ ਰੀਅਲ ਰਣਜੀਤ ਸਿੰਘ' ਵਿਚ ਲਿਖਿਆ ਹੈ ਕਿ ਬੁੱਢੇ ਸ਼ੇਰ ਨੂੰ ਆਖਿਰ ਮੌਤ ਨੇ ਆਪਣੇ ਪਿੰਜਰੇ ਵਿਚ ਪਾ ਹੀ ਲਿਆ | ਫਕੀਰ ਆਜ਼ੀਜ਼ਉਦੀਨ ਜੋ ਆਖਰੀ ਸਮੇਂ ਤੱਕ ਮਹਾਰਾਜਾ ਦੇ ਨਾਲ ਸੀ ਜਿਸ ਨੂੰ ਮਹਾਰਾਜੇ ਨੇ ਦਾਨ ਪੁੰਨ ਲਈ ਕਿਹਾ ਸੀ, ਇਥੋਂ ਤੱਕ ਕਿ ਮਹਾਰਾਜਾ ਨੇ ਕੋਹਿਨੂਰ ਹੀਰਾ ਵੀ ਜਗਨਨਾਥ ਮੰਦਰ ਨੂੰ ਦੇਣ ਲਈ ਕਿਹਾ ਦਿੱਤਾ ਸੀ |
ਮਹਾਰਾਜਾ ਦੀ ਚਿਤਾ ਬਾਰੇ ਉਹ ਲਿਖਦਾ ਹੈ, 'ਪੂਰਾ ਲਾਹੌਰ ਗ਼ਮਗੀਨ ਸੀ | ਮਹਾਰਾਜੇ ਦੀਆਂ ਕੁਝ ਰਾਣੀਆਂ ਤੇ ਦਾਸੀਆਂ ਅਤੇ ਕੁਝ ਚਹੇਤੇ ਵਜ਼ੀਰ ਸਤੀ ਹੋਣ ਲਈ ਤਿਆਰ ਸਨ | ਸ਼ਹਿਰ ਦੇ ਬਾਜ਼ਾਰਾਂ ਦੇ ਦੋਵਾਂ ਪਾਸਿਆਂ ਦੇ ਲੋਕ ਕਤਾਰਾਂ ਬੰਨ੍ਹੀ ਖੜ੍ਹੇ ਸਨ | ਜਦੋਂ ਅਰਥੀ ਲੰਘੀ ਲੋਕੀਂ ਉੱਚੀ-ਉੱਚੀ ਰੋਂਦੇ ਸਨ | ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਆਪਣੇ-ਆਪਣੇ ਤਰੀਕੇ ਨਾਲ ਪ੍ਰਾਰਥਨਾਵਾਂ ਕੀਤੀਆਂ | ਰਾਣੀਆਂ ਆਪਣੇ ਜ਼ੇਵਰ ਉਤਾਰਦੀਆਂ ਤੇ ਗ਼ਰੀਬਾਂ ਵੱਲ ਸੁੱਟਦੀਆਂ ਜਾ ਰਹੀਆਂ ਸਨ |
ਉਸ ਸਮੇਂ ਮੌਕੇ ਦੇ ਗਵਾਹ ਡਾ: ਹਾਨਿਗਬਰਗਰ ਨੇ ਉਨ੍ਹਾਂ ਦੇ ਮਾਤਮੀ ਜਲੂਸ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ, 'ਉਸ ਨੂੰ ਵੇਖ ਕੇ ਸਾਡੇ ਦਿਲ ਧੜਕ ਰਹੇ ਸਨ |'
ਇਕ ਸਮਕਾਲੀ ਮਰਾਠੀ ਪੱਤਰ ਜਿਸ ਨੂੰ ਜੀ.ਐਸ. ਸਰ ਡਿਸਾਈ ਨੇ ਆਪਣੇੇ ਇਕ ਪੇਪਰ ਵਿਚ ਦਰਜ ਕੀਤਾ, ਵਿਚ ਲਿਖਿਆ ਹੈ ਕਿ ਮਹਾਰਾਜੇ ਦੀ ਚਿਖਾ ਦੁਆਲੇ ਇੱਕਤਰ ਹੋਈ ਭੀੜ ਨੇ ਉਸ ਉੱਤੇ ਝਬਦੇ ਹੀ, ਲਪਕਣ ਤੇ ਉਨ੍ਹਾਂ ਦੀ ਦੇਹ ਨਾਲ ਹੀ ਆਪਣੇ-ਆਪ ਨੂੰ ਸਾੜ ਲੈਣ ਦਾ ਜੋ ਆਪ-ਮੁਹਾਰਾ ਯਤਨ ਕੀਤਾ ਸੀ, ਉਸ ਨੂੰ ਬੜੀ ਮੁਸ਼ਕਿਲ ਨਾਲ ਠੱਲਿ੍ਹਆ ਤੇ ਰੋਕਿਆ ਗਿਆ | ਨੈਸ਼ਨਲ ਆਰਕਾਈਵ ਆਫ ਇੰਡੀਆ ਨਵੀਂ ਦਿੱਲੀ ਵਿਚ ਪਈਆਂ ਸਿਕਰੇਟ ਕਰੌਸ ਫਾਈਲਜ਼ ਅਨੁਸਾਰ 27-28 ਜੂਨ 1839 ਦੇ ਪੰਜਾਬ ਅਖ਼ਬਾਰ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਚਲਾਣੇ ਤੇ ਦਾਹ ਸੰਸਕਾਰ ਸਮੇਂ ਜੋ ਦੁੱਖ ਤੇ ਕਲੇਸ਼ ਹਰ ਉਮਰ ਦੇ ਲੋਕਾਂ ਨੇ ਮਹਿਸੂਸ ਕੀਤਾ ਸੀ ਅਤੇ ਜੋ ਕੁਰਲਾਹਟ ਉਦੋਂ ਲਾਹੌਰ ਵਿਚ ਪਈ ਸੀ, ਉਸ ਨੂੰ ਬਿਆਨ ਕਰਦਿਆਂ ਦਿਲ ਪਾਸ ਪਾਸ ਹੋ ਜਾਂਦਾ ਹੈ |
ਸੋਹਨ ਲਾਲ ਸੂਰੀ ਜੋ ਮਹਾਰਾਜਾ ਰਣਜੀਤ ਦਾ ਡਾਇਰੀ ਨਵੀਸ ਸੀ ਜਿਸ ਨੇ ਉਮਦਾ-ਉਤ-ਤਵਾਰੀਖ ਲਿਖੀ | ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਇਕ ਇਕ ਦਿਨ ਦਾ ਹਾਲ ਦਰਜ ਹੈ | ਮਹਾਰਾਜੇ ਦੇ ਦਿਹਾਂਤ ਸਬੰਧੀ ਉਹ ਲਿਖਦਾ ਹੈ ਕਿ ਲੋਕਾਂ ਦੀ ਭੀੜ ਦੀ ਅਵਾਜ਼ ਅਤੇ ਹੜਬੜਾਹਟ ਕਾਰਨ ਦਰਬਾਰ ਵਿਚ ਉਥਲ-ਪੁਥਲ ਮਚੀ ਪਈ ਸੀ | ਸਾਰੇ ਪਾਸੇ ਤੋਂ ਆ ਰਹੀਆਂ ਰੋਣ ਦੀਆਂ ਉੱਚੀਆਂ ਅਵਾਜ਼ਾਂ ਵਿਚ ਮਹਾਰਾਜਾ ਨੂੰ ਚੁੱਕ ਕੇ ਬਿਵਾਨ ਉੱਪਰ ਪਾਇਆ ਗਿਆ | ਸਾਰੀਆਂ ਰਾਣੀਆਂ ਅਤੇ ਬੇਗਮਾਂ ਬੁਰੀ ਤਰ੍ਹਾਂ ਰੋ ਰਹੀਆਂ ਸਨ ਜਿਵੇਂ ਉਹ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੀਆਂ ਹੋਣ | ਇੰਝ ਲੱਗ ਰਿਹਾ ਸੀ ਜਿਵੇਂ ਪੂਰਾ ਚਮਕਦਾ ਦਿਨ ਹਨੇਰੇ ਵਿਚ ਡੁੱਬ ਗਿਆ ਹੈ | ਚਿਤਾ ਦੇ ਦੁਆਲੇ ਸਾਰੇ ਸਰਦਾਰਾਂ ਨੇ ਆਪਣੇ ਸਿਰ ਸਜਦੇ ਵਿਚ ਰੱਖ ਲਏ ਸਨ |
ਕਨੱਈਆ ਲਾਲ ਜਿਸ ਨੇ ਤਾਰੀਖ-ਏ-ਪੰਜਾਬ 1875 ਵਿਚ ਲਿਖੀ ਸੀ, ਨੇ ਉਸ ਸਮੇਂ ਦਾ ਹਾਲ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ ਉਸ ਵੇਲੇ ਹਜ਼ਾਰਾਂ ਨੌਕਰ ਚਾਕਰ ਤੇ ਸ਼ਹਿਰ ਦੇ ਲੋਕ ਮਹਾਰਾਜੇ ਦੀ ਅਰਥੀ ਦੇ ਨਾਲ ਜਾ ਰਹੇ ਸਨ, ਹਜ਼ਾਰਾਂ ਰੁਪਈਆਂ, ਬੁਤਕੀਆਂ ਤੇ ਮੋਤੀਆਂ ਦੀ ਬਰਸਾਤ ਕੀਤੀ ਗਈ ਅਤੇ ਮਹਾਰਾਜੇ ਦੇ ਬਿਵਾਨ ਨੂੰ ਹਜ਼ੂਰੀ ਬਾਗ਼ ਦੇ ਪੱਛਮੀ ਦਰਵਾਜ਼ੇ ਰਾਹੀਂ ਦਰਿਆ ਰਾਵੀ ਦੇ ਕੰਢੇ ਲਿਜਾਇਆ ਗਿਆ | ਚਿਤਾ ਨੂੰ ਬਾਲਣ ਤੋਂ ਬਾਅਦ ਇਕ ਕਬੂਤਰਾਂ ਦਾ ਜੋੜਾ ਵੀ ਆ ਕੇ ਚਿਤਾ ਵਿਚ ਡਿੱਗ ਕੇ ਮਰ ਗਿਆ ਅਤੇ ਨਾਲ ਹੀ ਇਕ ਬੱਦਲੀ ਵੀ ਅਕਾਸ਼ ਵਿਚੋਂ ਉਠੀ ਅਤੇ ਪਾਣੀ ਦੀਆਂ ਬੰੂਦਾਂ ਵਰ੍ਹਣ ਲੱਗੀਆਂ | ਇਉਂ ਜਾਪਦਾ ਸੀ ਕਿ ਮਹਾਰਾਜਾ ਦੇ ਮਿ੍ਤਕ ਸਰੀਰ ਉਪਰ ਅਸਮਾਨ ਵੀ ਸ਼ੋਕ ਦੇ ਅੱਥਰੂ ਕੇਰ ਰਿਹਾ ਸੀ | ਅਜਿਹੇ ਵਿਆਪਕ ਵਿਰਲਾਪ, ਅਜਿਹੀ ਸਮੂਹਿਕ ਕੁਰਲਾਹਟ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਪਿਆਰ, ਉਨਾਂ ਦੀ ਸੇਵਾ ਤੇ ਸੰਭਾਲ ਲਈ ਉਸ ਵਲੋਂ ਉਮਰਾਂਬੱਧੀ ਕੀਤੀ ਗਈ ਘਾਲਣਾ ਅਤੇ ਉਨ੍ਹਾਂ ਦਾ ਮਾਣ-ਤਾਣ ਵਧਾਉਣ ਲਈ ਕੀਤਾ ਗਿਆ ਅਜਿਹਾ ਉੱਦਮ ਹੀ ਸੀ ਜੋ ਉਨ੍ਹਾਂ ਤੋਂ ਪਹਿਲਾਂ ਕਦੇ ਵੀ ਕਿਸੇ ਹੋਰ ਨੇ ਨਹੀਂ ਕੀਤਾ ਸੀ |
ਜੇ. ਸੀ. ਮਾਰਸ ਮੈਨ ਨੇ ਲਿਖਿਆ ਹੈ ਕਿ ਉਹ ਆਪਣੇ ਸਮੇਂ ਵਿਚ ਕੁਸਤਨਤੁਨੀਆਂ ਤੋਂ ਲੈ ਕੇ ਪੀਨਿੰਗ ਤਕ ਸਭ ਤੋਂ ਵੱਡੇ ਤੇ ਗ਼ੈਰ-ਮਮੂਲੀ ਇਨਸਾਨ ਸਨ |
ਡਾ: ਮੈਕਗਰੈਗਰ ਨੇ ਆਪਣੀ ਕਿਤਾਬ 'ਦਾ ਹਿਸਟਰੀ ਆਫ਼ ਦਾ ਸਿੱਖ' ਵਿਚ ਲਿਖਿਆ ਹੈ, 'ਕਿ 1839 ਵਿਚ ਜਦੋਂ ਉਹ ਸਵਰਗਵਾਸ ਹੋਏ ਸਨ ਤਾਂ ਸਾਰੇ ਦੇਸ਼ ਵਿਚ ਬੜਾ ਡੂੰਘਾ ਜਗੱਤਰੀ ਸੋਗ ਛਾ ਗਿਆ ਗਿਆ ਸੀ |' ਇਸ ਬਾਰੇ ਸਰ ਗੋਕਲ ਚੰਦ ਨਾਰੰਗ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਉਸ ਸਮੇਂ ਹਰ ਕਿਸੇ ਨੇ ਇਵੇਂ ਮਹਿਸੂਸ ਕੀਤਾ ਸੀ ਜਿਵਾੇ ਕਿ ਉਸ ਦਾ ਆਪਣਾ ਪਿਤਾ ਤੇ ਰਾਖਾ ਉਸ ਤੋਂ ਖੁੰਝ ਗਿਆ ਹੋਵੇ | ਇਹ ਗੱਲ ਹਰ ਥਾਂ ਕਹੀ ਗਈ ਸੀ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਦੀ ਧਰਤੀ ਰੰਡੀ ਹੋ ਗਈ ਹੈ |
ਕੁਝ ਇਤਿਹਾਸਕਾਰਾਂ ਵਲੋਂ 4 ਰਾਣੀਆਂ ਅਤੇ ਸੱਤ ਦਾਸੀਆਂ ਦੇ ਰਣਜੀਤ ਸਿੰਘ ਦੀ ਚਿਤਾ ਨਾਲ ਸਤੀ ਹੋਣ ਬਾਰੇ 'ਸਤੀ ਪ੍ਰਥਾ' ਦੀ ਰਣਜੀਤ ਸਿੰਘ ਦੇ ਸਮੇਂ ਪਾਲਣਾ ਦੀ ਨਿੰਦਿਆਂ ਕੀਤੀ ਗਈ ਹੈ ਪਰ ਉਪਰੋਕਤ ਇਤਿਹਾਸਕ ਸਰੋਤਾਂ ਨੂੰ ਘੋਖ ਕੇ ਇਹ ਸਾਬਿਤ ਹੋ ਜਾਂਦੇ ਹੈ ਕਿ ਉਹ 'ਸਤੀ ਪ੍ਰਥਾ' ਨਹੀਂ ਸੀ, ਸਗੋਂ ਰਾਣੀਆਂ ਦਾ ਰਾਜੇ ਨਾਲ ਪਿਆਰ ਹੀ ਸੀ | ਕਨੱਈਆ ਲਾਲ 'ਤਾਰੀਖ ਏ ਪੰਜਾਬ' ਵਿਚ ਲਿਖਦਾ ਹੈ ਕਿ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀਆਂ ਲੜਕੀਆਂ ਮਹਾਰਾਜਾ ਨਾਲ ਸਤੀ ਹੋਣ ਲਈ ਤਿਆਰ ਹੋ ਗਈਆਂ | ਪਹਿਲਾਂ ਉਨ੍ਹਾਂ ਨੇ ਆਪਣੀ ਇੱਛਾ ਨਾਲ ਆਪਣੀਆਂ ਜਗੀਰਾਂ, ਮਾਲ, ਧਨ, ਦੌਲਤ ਨਕਦੀ ਗਹਿਣੇ ਦਾਨ ਵਿਚ ਦੇ ਦਿੱਤੇ ਅਤੇ ਫਿਰ ਉਹ ਸੱਚੀ ਪ੍ਰੀਤ ਕਾਰਨ ਮਹਿਲਾਂ ਵਿਚੋਂ ਬਾਹਰ ਨਿਕਲ ਆਈਆਂ | ਜੇਕਰ ਸਤੀ ਦੀ ਪ੍ਰਥਾ ਦੀ ਪਾਲਣਾ ਕੀਤੀ ਗਈ ਹੁੰਦੀ ਤਾਂ ਬਾਕੀ ਰਾਣੀਆਂ ਦਾ ਵੀ 'ਸਤੀ ਹੋਣਾ' ਤੈਅ ਸੀ ਅਤੇ ਦਾਸੀਆਂ ਦੇ ਸਤੀ ਹੋਣ ਦਾ ਕੋਈ ਕਾਰਨ ਹੀ ਨਹੀਂ ਸੀ ਬਣਦਾ |

-ਮਾਰਫਤ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ |
ਮੋਬਾਈਲ : 98149-75686

ਕੁਦਰਤੀ ਝਰਨਿਆਂ ਤੇ ਨਜ਼ਾਰਿਆਂ ਵਾਲਾ ਕਸੌਲੀ

ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕੇ ਤੋਂ ਹਿਮਾਲਿਆ ਪਰਬਤ ਵੱਲ ਰੁਖ਼ ਕਰਦਿਆਂ ਚੰਡੀਗੜ੍ਹ ਤੋਂ 66 ਕਿਲੋਮੀਟਰ ਦੀ ਦੂਰੀ 'ਤੇ ਸਮੰੁਦਰ ਤੱਟ ਤੋਂ 6000 ਦੀ ਔਸਤਨ ਉਚਾਈ ਤੇ ਕੁਦਰਤੀ ਝਰਨਿਆਂ ਵਾਲਾ ਕਸੌਲੀ ਸੈਲਾਨੀਆਂ ਤੇ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ | ਕਸੌਲੀ ਤੋਂ ਸ਼ਿਮਲਾ ਦੀ ਦੂਰੀ 75 ਕਿਲੋਮੀਟਰ ਹੈ ਤੇ ਮਨਾਲੀ 275 ਕਿਲੋਮੀਟਰ ਦੀ ਵਿੱਥ 'ਤੇ ਹੈ | ਮੀਟਰ ਗੇਜ਼ ਰੇਲਵੇ ਲਾਈਨ 'ਤੇ ਧਰਮਪੁਰ ਨਜ਼ਦੀਕ ਰੇਲਵੇ ਸਟੇਸ਼ਨ ਪੈਂਦਾ ਹੈ | ਇਸ ਤੋਂ ਪਹਿਲਾਂ ਕਿ ਕਸੌਲੀ ਦੀ ਵਿਸ਼ੇਸ਼ਤਾ, ਪਾਣੀ ਦੀ ਸਮੱਸਿਆ ਤੇ ਕੁਦਰਤੀ ਸੋਮਿਆਂ ਬਾਰੇ ਚਰਚਾ ਕੀਤੀ ਜਾਵੇ, ਸਾਡੇ ਵਾਸਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨਿਵੇਕਲੇ ਪਹਾੜੀ ਇਲਾਕੇ ਦਾ ਪਿਛੋਕੜ ਤੇ ਮਿਲਟਰੀ ਛਾਉਣੀ ਸਥਾਪਤ ਕਰਨ ਦੀ ਲੋੜ ਕਿਉਂ ਪਈ, ਇਸ ਬਾਰੇ ਇਕ ਝਾਤ ਮਾਰ ਲਈ ਜਾਵੇ |
ਪਿਛੋਕੜ : 17ਵੀਂ ਸਦੀ ਦੇ ਸ਼ੁਰੂ 'ਚ ਕੁਝ ਪਨਵਰ ਘਰਾਣੇ ਦੇ ਰਾਜਪੂਤ ਮੁਗਲਾਂ ਵਲੋਂ ਧਾਰਮਿਕ ਅੱਤਿਆਚਾਰਾਂ ਦੇ ਸਤਾਏ ਹੋਏ ਸੁਰੱਖਿਅਤ ਥਾਵਾਂ ਦੀ ਭਾਲ 'ਚ ਪਹਾੜਾਂ ਵੱਲ ਨੂੰ ਕੂਚ ਕਰ ਗਏ, ਇਨ੍ਹਾਂ ਪਰਿਵਾਰਾਂ ਨੇ ਕਸੂਲ ਘਾਟੀ ਜਿਸ ਨੂੰ 'ਕਸੋਵਲੀ' ਵੀ ਕਿਹਾ ਜਾਂਦਾ ਸੀ ਅਤੇ ਜਿਥੇ ਪਾਣੀ ਦੀ ਕੋਈ ਘਾਟ ਨਹੀਂ ਸੀ, ਉਥੇ ਜਾ ਡੇਰੇ ਲਾਏ |
ਸੰਨ 1816 'ਚ ਨਿਪਾਲੀਆਂ ਨਾਲ ਜੰਗ ਉਪਰੰਤ ਗੋਰਖਿਆਂ ਨੇ ਈਸਟ ਇੰਡੀਆ ਕੰਪਨੀ ਨਾਲ ਸੀਗਲੀ ਸੰਧੀ ਕਰ ਲਈ ਜਿਸ ਕਰਕੇ ਹੋਰਨਾ ਬਿੰਦੂਆਂ ਤੋਂ ਇਲਾਵਾ ਕਸੌਲੀ ਦੇ ਉੱਤਰੀ ਖੇਤਰ ਵਾਲਾ ਇਲਾਕਾ ਸਬਾਥੂ (ਜ਼ਿਲ੍ਹਾ ਸੋਲਨ) ਜਿਥੇ ਕਿ ਅੱਜਕਲ੍ਹ ਗੋਰਖਾ ਰੈਜੀਮੈਂਟਲ ਸੈਂਟਰ ਹੈ, ਅੰਗਰੇਜ਼ਾਂ ਨੂੰ ਸੌਾਪ ਦਿੱਤਾ | ਬਰਤਾਨੀਆ ਨੇ ਆਪਣੇ ਫ਼ੌਜੀਆਂ ਨੂੰ ਸਿਹਤਯਾਬ ਰੱਖਣ ਲਈ ਇਹ ਸਥਾਨ ਭਾਵ ਵਾਲਾ ਸਬਾਥੂ ਡਿਪੋ ਕਾਇਮ ਕੀਤਾ ਸੀ | ਇਥੇ ਹਰ ਸਾਲ ਅਪ੍ਰੈਲ ਤੋਂ 15 ਅਕਤੂਬਰ ਤੱਕ ਬਰਤਾਨੀਆ ਦੀ ਫੌਜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 500 ਦੀ ਕੁੱਲ ਨਫਰੀ ਤੱਕ ਵਾਤਾਵਰਨ ਦੀ ਤਬਦੀਲੀ ਵਾਸਤੇ ਭੇਜਿਆ ਜਾਂਦਾ ਸੀ |
ਪ੍ਰਸਿੱਧ ਵਿਦਵਾਨ ਤੇ ਉੱਘੇ ਇਤਿਹਾਸਕਾਰ ਸਵ: ਖ਼ੁਸ਼ਵੰਤ ਸਿੰਘ ਅਨੁਸਾਰ ਬਰਤਾਨਵੀ ਸਰਕਾਰ ਨੇ ਕਸੌਲੀ ਪਹਾੜੀ ਇਲਾਕਾ 5000 ਰੁਪਏ ਦੀ ਰਕਮ ਨਾਲ ਖਰੀਦ ਲਿਆ ਤੇ ਉਥੇ ਮਿਲਟਰੀ ਛਾਉਣੀ ਕਾਇਮ ਕੀਤੀ | ਇਹ ਛਾਉਣੀ ਅੰਬਾਲਾ ਮਿਲਟਰੀ ਬਿ੍ਗੇਡ ਏਰੀਏ ਦਾ ਹਿੱਸਾ ਸੀ ਤੇ ਉਸ ਸਮੇਂ ਸਰਹਿੰਦ ਮਿਲਟਰੀ ਜ਼ਿਲ੍ਹੇ ਦੇ ਅਧਿਕਾਰ ਹੇਠ ਸੀ | ਖ਼ੁਸ਼ਵੰਤ ਸਿੰਘ ਮੁਤਾਬਿਕ ਕਸੌਲੀ ਉਨ੍ਹਾਂ ਫ਼ੌਜੀ ਛਾਉਣੀਆਂ ਦੀ ਲੜੀ ਵਿਚੋਂ ਇਕ ਸੀ, ਜਿਥੇ ਸੰਨ 1840 ਦੇ ਆਸ-ਪਾਸ ਗ਼ੈਰੀਜਨਾਂ 'ਚ ਬਰਤਾਨਵੀ ਫ਼ੌਜਾਂ ਨੂੰ ਸਿੱਖ ਫ਼ੌਜਾਂ ਨਾਲ ਜੰਗ ਲੜਨ ਵਾਸਤੇ ਤਿਆਰ ਕੀਤਾ ਜਾਂਦਾ ਸੀ |
ਇਸ ਸਮੇਂ ਕਸੌਲੀ ਛਾਉਣੀ 'ਚ ਇਕ ਇਨਫੈਂਟਰੀ ਬਿ੍ਗੇਡ, ਕੈਂਟ ਬੋਰਡ, ਵਿਰਾਸਤੀ ਬਾਜ਼ਾਰ, ਕਸੌਲੀ ਕਲੱਬ, ਇਕ ਛੋਟਾ ਵਿਸ਼ੇਸ਼ ਏਅਰ ਫੋਰਸ ਸਟੇਸ਼ਨ ਮਾਈਕ੍ਰੋਵੇਵ ਸਟੇਸ਼ਨ, ਸੈਂਟਰਲ ਰਿਸਰਚ ਇੰਸਟੀਚਿਊਟ (ਸੀ.ਆਰ.ਆਈ.) ਤੇ ਹੋਰ ਸਥਿਤ ਹਨ |
ਵਿਸ਼ੇਸ਼ਤਾ ਤੇ ਵਾਤਾਵਰਨ : ਸਿੱਖ ਰਾਜ ਤੋਂ ਬਾਅਦ ਬਿ੍ਟਿਸ਼ ਇੰਡੀਆ ਸਰਕਾਰ ਨੇ ਕਸੌਲੀ ਨੂੰ ਪਹਾੜੀ ਆਵਾਜਾਈ-ਸਥਾਨ ਵਜੋਂ ਵਿਕਸਤ ਕੀਤਾ ਤੇ ਸਭ ਤੋਂ ਪਹਿਲਾਂ ਛਾਉਣੀ ਬਹਾਲ ਕਰਨ ਦੇ ਨਾਲ ਗਿਰਜਾ ਘਰਾਂ ਦੀ ਉਸਾਰੀ ਸ਼ੁਰੂ ਹੋਈ | ਸੰਨ 1844 'ਚ ਚਰਚ ਆਫ਼ ਇੰਗਲੈਂਡ, ਫਿਰ ਸੰਨ 1847 'ਚ ਰੋਮਨ ਕੈਥੋਲਿਕ ਚਰਚ ਤੇ ਆਖਿਰ 'ਚ 1879 'ਚ ਇਕ ਹੋਰ ਗਿਰਜਾ ਘਰ ਕਾਇਮ ਕੀਤਾ |
ਸੰਨ 1860 'ਚ ਬਦਨਾਮ ਜਨਰਲ ਡਾਇਰ ਦੇ ਬਾਪ ਨੇ ਕਸੌਲੀ ਬਰੂ-ਐਰਈ ਕਾਇਮ ਕੀਤੀ ਜੋ ਕਿ ਸੰਨ 1873 'ਚ ਮੋਹਨ ਮੀਕਨ ਨੇ ਖਰੀਦ ਲਈ, ਜਿਥੋਂ ਦੀ ਸੋਲਨ ਨੰਬਰ 1 ਵਿਸਕੀ ਬੜੀ ਮਸ਼ਹੂਰ ਹੈ |
658 ਏਕੜ ਵਾਲੇ ਰਕਬੇ 'ਚ ਫੈਲਿਆ ਲੰਮੀ ਪਰਬਤ ਸ਼੍ਰੇਣੀ ਵਾਲਾ ਖੂਬਸੂਰਤ ਕਸੌਲੀ ਚੀੜ, ਦੇਵਦਾਰ, ਸਫੇਦ ਪੱਤਿਆਂ ਵਾਲਾ ਬਲੂਤ (ਓਕ) ਜੰਗਲੀ ਚੈਰੀ, ਘੋੜਾ ਅਖਰੋਟ ਅਤੇ ਹੋਰ ਕਈ ਕਿਸਮ ਦੇ ਦਰੱਖਤਾਂ ਨਾਲ ਢਕਿਆ ਹੋਇਆ ਹੈ | ਸਰਦ ਰੁੱਤ ਸਮੇਂ ਕੁਦਰਤ ਦੀ ਨਿਹਮਤ ਸਦਕਾ ਇਹ ਲੰਮੀ ਪਹਾੜੀ ਬਹੁਰੰਗੀ ਫੁੱਲਾਂ ਨਾਲ ਆਪ ਮੁਹਾਰੇ ਸਜ ਜਾਂਦੀ ਹੈ ਜਿਸ ਦੀ ਮਹਿਕ ਵਾਲਾ ਨਜ਼ਾਰਾ ਬਿਆਨ ਨਹੀਂ ਕੀਤਾ ਜਾ ਸਕਦਾ |
ਜਲਵਾਯੂ ਤੇ ਵਾਤਾਵਰਨ ਤਬਦੀਲੀ ਦਾ ਅਸਰ ਇਸ ਅਨਮੋਲ ਧਰਤੀ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | ਦਿੱਲੀ, ਪੰਜਾਬ, ਹਰਿਆਣਾ ਵਾਲੀਆਂ ਗਰਮ ਹਵਾਵਾਂ ਕਾਰਨ ਗਰਮੀਆਂ ਦੇ ਮੌਸਮ 'ਚ ਦਿਨ ਦੇ ਸਮੇਂ ਔਸਤਨ ਤਾਪਮਾਨ 30 ਡਿਗਰੀ ਸੈਲਸੀਅਸ ਤੇ ਰਾਤ ਨੂੰ 24 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ | ਉਂਜ ਸਾਲਾਨਾ 16 ਇੰਚ ਔਸਤਨ ਬਾਰਿਸ਼ ਤੇ ਠੰਢੀਆਂ ਹਵਾਵਾਂ ਮੌਸਮ ਸੁਹਾਵਣਾ ਬਣਾ ਦਿੰਦੀਆਂ ਹਨ | ਸਰਦ ਰੁੱਤ ਸਮੇਂ ਥੋੜ੍ਹੀ ਬਹੁਤੀ ਬਰਫ਼ ਵੀ ਪੈਂਦੀ ਹੈ | ਸੰਨ 1905 'ਚ ਕਸੌਲੀ 'ਚ 4ੱ ਫੁੱਟ ਬਰਫ਼ ਰਿਕਾਰਡ ਕੀਤੀ ਗਈ ਸੀ |
ਲਾਲ ਰੰਗ ਦੀ ਮਿਨੀਵੇਟ ਦੇ ਝੰੁਡ, ਕਈ ਕਿਸਮ ਦੀਆਂ ਰੰਗ-ਬਰੰਗੀਆਂ ਚਿੜੀਆਂ, ਦਾਲਚੀਨੀ ਚਿੜੀ, ਕਾਲਾ ਤਿੱਤਰ, ਬੁਲਬੁਲ, ਗਰਮੀਆਂ 'ਚ ਕੋਇਲ ਤੇ ਹੋਰ ਸੰੁਦਰ ਪਰਿੰਦੇ ਚਹਿਕਦੇ-ਮਹਿਕਦੇ ਮਨਾਂ ਨੂੰ ਮੋਹ ਲੈਂਦੇ ਹਨ | ਇਸ ਤੋਂ ਇਲਾਵਾ ਜੰਗਲੀ ਜਾਨਵਰ ਜਿਵੇਂ ਕਿ ਕੰਡੈਲਾ, ਲੰੂਬੜ, ਚੂਹਾ-ਹਿਰਨ, ਲੰਗੂਰ, ਲਾਲ ਬਾਂਦਰ, ਗਿੱਦੜ, ਜੰਗਲੀ ਬਿੱਲੀ, ਚੀੜ ਦੇ ਦਰੱਖਤਾਂ ਦੇ ਆਸ-ਪਾਸ ਘੰੁਮਦੇ ਆਮ ਦਿਖਾਈ ਦਿੰਦੇ ਹਨ | ਕਦੇ-ਕਦੇ ਤੇਂਦੂਆ ਵੀ ਗੇੜੇ ਲਾਉਂਦਾ ਰਹਿੰਦਾ ਹੈ |
ਮੰਕੀ ਪੁਆਇੰਟ : ਕਸੌਲੀ ਦੀ ਲੰਮੀ ਪਰਬਤ ਸ਼੍ਰੇਣੀ ਦੇ ਦੱਖਣ ਵੱਲ ਨੂੰ ਉਭਰਿਆ ਭੂ-ਦਿ੍ਸ਼ ਸੈਲਾਨੀਆਂ ਵਾਸਤੇ ਹਮੇਸ਼ਾ ਖਿੱਚ ਦਾ ਕੇਂਦਰ ਬਣਦਾ ਹੈ | ਇਸ ਨੂੰ ਜੱਦੀ ਨਿਵਾਸੀਆਂ ਵਲੋਂ ਬਿ੍ਟਿਸ਼ ਕਰਨਲ 'ਟੈਪਸ ਦਾ ਨੱਕ' ਦਾ ਨਾਂਅ ਦਿੱਤਾ ਗਿਆ ਸੀ, ਜਿਸ ਨੂੰ ਹੁਣ 'ਮੰਕੀ ਪੁਆਇੰਟ' ਕਿਹਾ ਜਾਂਦਾ ਹੈ | ਇਸ ਪਹਾੜੀ ਦੇ ਸਿਖਰ 'ਤੇ ਇਕ ਪੱਥਰ ਸੀ, ਜਿਸ ਨੂੰ ਸਥਾਨਕ ਲੋਕ 'ਕਰਕ ਦੇਵ' ਕਹਿ ਕੇ ਪੂਜਾ ਕਰਦੇ ਸਨ | ਇਸ ਜਗ੍ਹਾ 'ਤੇ ਹੁਣ ਹਨੂੰਮਾਨ ਮੰਦਰ ਸਥਾਪਿਤ ਹੈ | ਜਦੋਂ ਮੌਸਮ ਸਾਫ਼ ਹੁੰਦਾ ਹੈ ਤਾਂ ਇਸ ਟੀਸੀ ਤੋਂ ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਸਤਿਲੁਜ ਤੇ ਹੋਰ ਇਲਾਕੇ ਵੀ ਅਸਾਨੀ ਨਾਲ ਸ਼ਨਾਖਤ ਕੀਤੇ ਜਾ ਸਕਦੇ ਹਨ |
ਜ਼ਿਕਰਯੋਗ ਹੈ ਕਿ ਦੋ ਅੰਗਰੇਜ਼ ਭੈਣਾਂ ਜਦੋਂ ਉਹ ਬੰਦਰ ਪੁਆਇੰਟ 'ਤੇ ਪਹੁੰਚਣ ਵਾਸਤੇ ਘੋੜੇ 'ਤੇ ਸਵਾਰ ਸਨ ਤਾਂ ਘੋੜਾ ਠੁੱਡਾ ਖਾ ਕੇ ਡਿੱਗ ਪਿਆ ਤੇ ਬੱਚੀਆਂ ਮਸਲੀਆਂ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ | ਉਨ੍ਹਾਂ ਦੀ ਪਹਾੜੀ ਦੇ ਆਧਾਰ 'ਤੇ ਕਬਰ ਬਣਾ ਕੇ ਉਸ ਦੇ ਆਸ-ਪਾਸ ਸਰੂ ਦੇ ਪੌਦੇ ਲਗਾ ਦਿੱਤੇ ਗਏ ਜੋ ਕਿ ਆਕਰਸ਼ਕ ਪਿਕਨਿਕ ਪੁਆਇੰਟ ਹੈ ਪੰ੍ਰਤੂ ਰਾਤ ਦੇ ਸਮੇਂ ਉਥੇ ਕੋਈ ਨਹੀਂ ਜਾਂਦਾ | ਖ਼ੁਸ਼ਵੰਤ ਸਿੰਘ ਨੇ ਇਸ ਜਗ੍ਹਾ ਦਾ ਜ਼ਿਕਰ ਕਰਦਿਆਂ ਲਿਖਿਆ, 'ਬਰਤਾਨਵੀ ਤਾਂ ਚਲੇ ਗਏ ਪੰ੍ਰਤੂ ਆਪਣੇ ਪਿੱਛੇ ਭੂਤ ਛੱਡ ਗਏ |' ਵੈਸੇ ਤਾਂ ਸੈਰ ਕਰਨ ਵਾਸਤੇ ਉਪਰਲਾ ਤੇ ਹੇਠਲਾ ਮਾਲ ਬਹੁਤ ਵਧੀਆ ਪੱਧਰੀ ਜਗ੍ਹਾ ਹੈ |
ਸੀ.ਆਰ.ਆਈ. : ਕੋਈ ਸਮਾਂ ਸੀ ਜਦੋਂ ਟੀ.ਬੀ. ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਹੁੰਦਾ ਪਰ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਚੀੜ ਦੇ ਦਰੱਖਤਾਂ ਦੀ ਖੁਸ਼ਬੂ ਵਾਲੀ ਆਬੋ-ਹਵਾ ਇਸ ਰੋਗ ਨੂੰ ਦੂਰ ਕਰਨ 'ਚ ਸਹਾਈ ਹੋ ਸਕਦੀ ਹੈ | ਇਸ ਵਾਸਤੇ ਸੰਨ 1900 ਦੇ ਸ਼ੁਰੂ 'ਚ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਕਸੌਲੀ ਪਾਸਚਰ ਸੰਸਥਾਨ ਕਾਇਮ ਕੀਤਾ ਗਿਆ ਹੈ ਤੇ ਟੀ.ਬੀ. ਸੈਨੇਟੋਰੀਅਮ ਵੀ ਬਣਾਏ ਗਏ | ਵਿਸ਼ੇਸ਼ ਤੌਰ 'ਤੇ ਇਥੇ ਐਾਟੀ ਰੈਬੀਜ਼ ਟੀਕੇ, ਪਾਗਲ ਕੁੱਤੇ ਤੇ ਸੱਪਾਂ ਆਦਿ ਦੇ ਕੱਟਣ ਦੇ ਇਲਾਜ ਵਾਸਤੇ ਟੀਕੇ ਬਣਨ ਲੱਗੇ | 3 ਮਈ, 1905 ਨੂੰ ਇਸ ਸੰਸਥਾ ਦਾ ਨਾਂਅ ਬਦਲ ਕੇ ਸੈਂਟਰਲ ਰਿਸਰਚ ਇੰਸਟੀਚਿਊਟ (ਸੀ.ਆਰ.ਆਈ.) ਯਾਨੀ ਕਿ ਕੇਂਦਰੀ ਖੋਜ ਸੰਸਥਾ ਰੱਖ ਦਿੱਤਾ ਗਿਆ | ਇਸ ਦਾ ਮੁੱਖ ਉਦੇਸ਼ ਤੇ ਕਰਤਵ ਮੈਡੀਕਲ ਤੇ ਜਨਤਕ ਸਿਹਤ ਤੇ ਮਨੁੱਖੀ ਸਰੋਤ ਦਾ ਵਿਕਾਸ ਤੇ ਜੀਵਨ ਬਚਾਊ ਦਵਾਈਆਂ ਜਿਵੇਂ ਕਿ ਡੀ.ਪੀ.ਟੀ. ਗਰੁੱਪ ਦੇ ਟੀਕੇ ਵੀ ਬਣਾਉਣਾ ਹੈ |ਸੀ.ਆਰ.ਆਈ. ਦੇ ਉੱਚ ਅਧਿਕਾਰੀ ਡਾ: ਵਿਜੈ ਕੁਮਾਰ ਨੇ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਸਮੇਂ ਵਿਸ਼ਵ ਭਰ 'ਚ ਕੇਵਲ ਕਸੌਲੀ ਹੀ ਇਕੋ ਇਕ ਐਸੀ ਖੋਜੀ ਸੰਸਥਾ ਸੀ, ਜਿਥੇ ਇਸ ਕਿਸਮ ਦੇ ਰੋਗਾਂ ਦਾ ਇਲਾਜ ਤੇ ਟੀਕੇ ਬਣਾਏ ਜਾਂਦੇ ਸਨ | ਅੱਜਕਲ੍ਹ ਤਾਂ ਇਥੇ ਮਾਈਕ੍ਰੋਬਾਇਆਲੋਜੀ ਦੀ ਉਚੇਰੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਫੋਨ : 0172-2740991.

ਸਨਮਾਨਜਨਕ ਜ਼ਿੰਦਗੀ ਚਾਹੁੰਦੇ ਹਨ ਸਾਂਸੀ ਕਬੀਲੇ ਦੇ ਲੋਕ

ਪੰਜਾਬ ਵਿਚ ਨਸ਼ਿਆਂ ਦਾ ਦੈਂਤ ਲਗਾਤਾਰ ਖੌਰੂ ਪਾ ਰਿਹਾ ਹੈ ਪਰ ਸਰਕਾਰਾਂ ਦਾ ਇਸ ਬੰਦੇਖਾਣੀ ਵਬਾ ਵੱਲ ਕੋਈ ਧਿਆਨ ਨਹੀਂ | ਪੁਲਿਸ ਨਸ਼ਾਬੰਦੀ ਦੇ ਨਾਂਅ ਤੇ ਨਸ਼ੱਈਆਂ, ਛੋਟੇ ਤਸਕਰਾਂ ਤੇ ਕੋਰੀਅਰਾਂ (ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਲਈ ਰੱਖੇ ਨੌਜਵਾਨ) ਨੂੰ ਫੜ ਕੇ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ | ਸਿਆਸਤ, ਪੁਲਿਸ ਤੇ ਨਸ਼ਾ ਤਸਕਰਾਂ ਦਾ ਆਪਸੀ ਗੱਠਜੋੜ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਵਿਚ ਸਭ ਤੋਂ ਵੱਡਾ ਅੜਿੱਕਾ ਹੈ | ਸਰਹੱਦਾਂ 'ਤੇ ਤਾਇਨਾਤ ਸੁਰੱਖਿਆ ਬਲ ਨਸ਼ੇ ਦਾ ਬੁਲਿਟਨ ਜਾਰੀ ਕਰਦਿਆਂ ਸਰਹੱਦੋਂ ਪਾਰਲੀ ਖੇਪ ਬਾਰੇ ਨਵੇਂ-ਨਵੇਂ ਅੰਕੜੇ ਨਸ਼ਰ ਕਰਦੇ ਹਨ | ਹਾਲਤ ਇਹ ਹੈ ਕਿ ਸਰਹੱਦੀ ਜ਼ਿਲਿਆਂ ਦੇ ਬਹੁਤੇ ਨਿਵਾਸੀਆਂ ਨੂੰ ਸਰਹੱਦ ਪਾਰੋਂ ਤਾਂ ਜਿਹੜਾ ਮਾਲ ਪਹੁੰਚਦਾ ਹੈ ਉਹ ਵੱਖਰਾ ਹੈ ਪਰ ਇਹ ਲੋਕ ਆਪਣੇ ਤੌਰ 'ਤੇ ਵੀ ਨਸ਼ਿਆਂ ਰਾਹੀਂ ਆਪਣੀ ਰੋਟੀ-ਰੋਜ਼ੀ ਤੋਰਦੇ ਹਨ | ਕਿਉਂਕਿ ਉਨ੍ਹਾਂ ਲੋਕਾਂ ਕੋਲ ਕੋਈ ਵੀ ਆਮਦਨ ਦਾ ਹੀਲਾ ਵਸੀਲਾ ਨਹੀਂ | ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਕਈ ਮਰਦਾਂ ਦੇ ਨਾਲ ਇਥੋਂ ਦੀਆਂ ਔਰਤਾਂ ਵੀ ਸ਼ਰੇ੍ਹਆਮ ਨਸ਼ਾ ਵੇਚਦੀਆਂ ਤੇ ਤਿਆਰ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ | ਸਰਹੱਦੀ ਲੋਕਾਂ ਕੋਲ ਤਾਂ ਮੁੱਢਲੀਆਂ ਸਹੂਲਤਾਂ ਜਿਵੇਂ ਸਿਹਤ ਸਿੱਖਿਆ ਸੁਰੱਖਿਆ ਵੀ ਨਹੀਂ ਹਨ | ਸੂਬੇ ਦੇ ਇਨ੍ਹਾਂ ਸਰਹੱਦੀ ਪਿੰਡਾਂ ਨੂੰ ਲਗਦੇ ਦਰਿਆ ਨਹਿਰਾਂ, ਨਾਲਿਆਂ ਉਤੇ ਪੁਲ ਹੀ ਨਹੀਂ ਹਨ | ਕਈ ਥਾਵਾਂ ਤੇ ਫ਼ੌਜ ਵਲੋਂ ਪੁਲ ਆਰਜ਼ੀ ਤੌਰ 'ਤੇ ਬਣਾਏ ਗਏ ਹਨ ਪਰ ਜਿਉਂ ਹੀ ਬਾਰਸ਼ਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਉਹ ਪੁਲ ਚੁੱਕ ਲੈਂਦੀ ਹੈ ਤਾਂ ਕਿ ਉਹ ਬਾਰਸ਼ ਦੇ ਪਾਣੀ ਵਿਚ ਨਾ ਰੁੜ੍ਹ ਜਾਣ | ਜਾਣੀ ਇਹ ਪੁਲ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਜ਼ਿਆਦਾ ਮਹਿੰਗੇ ਹਨ ਜਿਹੜੇ ਇਨ੍ਹਾਂ ਦਿਨਾਂ ਵਿਚ ਦਰਿਆ ਤੈਰ ਕੇ ਪਾਰ ਕਰਦੇ ਹਨ | ਬਹੁਤੀ ਵਾਰੀ ਤਾਂ ਉਹ ਦਰਿਆ ਪਾਰ ਕਰਦੇ ਰੁੜ੍ਹ ਵੀ ਜਾਂਦੇ ਹਨ | ਇਸ ਦੇ ਬਾਵਜੂਦ ਉਹ 'ਜ਼ਰਾਇਮ ਪੇਸ਼ਾ' ਲੋਕ ਅਖਵਾਉਂਦੇ ਹਨ |
ਪੰਜਾਬ ਵਿਚ ਨਸ਼ਿਆਂ 'ਤੇ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੇ ਇਕ ਸਰਵੇ ਕਰਵਾਇਆ ਹੈ ਜਿਸ ਵਿਚ 7.2 ਲੱਖ ਦੇ ਕਰੀਬ ਪੰਜਾਬੀ ਚਿੱਟਾ, ਅਫੀਮ, ਭੁੱਕੀ, ਨਸ਼ੀਲੀਆਂ ਗੋਲੀਆਂ ਤੇ 28 ਲੱਖ ਦੇ ਕਰੀਬ ਪੰਜਾਬੀ ਸ਼ਰਾਬ ਤੋਂ ਪੈਦਾ ਹੋਈਆਂ ਬੀਮਾਰੀਆਂ ਦੇ ਸ਼ਿਕਾਰ ਹਨ | ਕੋਕੀਨ, ਟੀਕਿਆਂ ਵਾਲੇ ਵੱਖਰੇ ਹਨ | ਨਸ਼ਿਆਂ ਦੀ ਮੰਡੀ ਦੇ ਇਨ੍ਹਾਂ ਮਗਰਮੱਛਾਂ ਨੂੰ ਕੋਈ ਨਹੀਂ ਛੇੜਦਾ ਬਸ ਨਸ਼ਈ ਹੀ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ |
ਸਰਕਾਰਾਂ ਤੇ ਪੁਲਿਸ ਦੇ ਇਸ ਵਰਤਾਰੇ ਦਾ ਸਭ ਤੋਂ ਵੱਧ ਸ਼ਿਕਾਰ ਇਥੋਂ ਦੇ ਸਾਂਸੀ ਕਬੀਲੇ ਦੇ ਕੁਝ ਲੋਕ ਹੋਏ ਹਨ | ਇਨ੍ਹਾਂ ਦਾ ਮੁੱਖ ਧੰਦਾ ਨਸ਼ਾ ਵੇਚਣਾ ਹੀ ਬਣ ਗਿਆ ਹੈ | ਪੁਲਿਸ ਨੂੰ ਇਨ੍ਹਾਂ ਦੇ ਘਰ ਦਬਸ਼ ਦੇਣੀ, ਬੱਚੇ ਬੁੱਢੇ ਤੇ ਨੌਜਵਾਨਾਂ ਉਤੇ ਮੁਕੱਦਮੇ ਦਰਜ ਕਰਨੇ ਬਹੁਤ ਹੀ ਸੌਖੇ ਹੁੰਦੇ ਹਨ | ਜਦੋਂ ਉੱਚ ਪੁਲਿਸ ਅਧਿਕਾਰੀ ਥਾਣਿਆਂ ਤੋਂ ਕੇਸ ਮੰਗਦੇ ਹਨ ਤਾਂ ਪੁਲਿਸ ਰਾਤੋ ਰਾਤ ਹੀ ਇਨ੍ਹਾਂ 'ਤੇ ਪਰਚੇ ਦਰਜ ਕਰਕੇ ਇਨ੍ਹਾਂ ਨੂੰ ਘੇਰ ਕੇ ਥਾਣੇ ਲਿਆ ਬਿਠਾਉਂਦੀ ਹੈ | ਝੂਠੇ ਸੱਚੇ ਪਰਚੇ ਦਰਜ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਖਾਨਾਪੂਰਤੀ ਕਰ ਦਿੰਦੇ ਹਨ |
ਉਕਤ ਕਿਸਮ ਦੀ ਘਟਨਾ ਦੇ ਸਿਲਸਿਲੇ ਵਿਚ ਨਾਭਾ ਦੇ ਇਕੋ ਥਾਣੇ ਵਿਚ ਪੁਲਿਸ ਵਲੋਂ ਇਕ ਮਹੀਨੇ ਵਿਚ ਸਾਂਸੀ ਕਬੀਲੇ ਦੇ 6 ਵਿਅਕਤੀਆਂ ਜਿਨ੍ਹਾਂ ਵਿਚ 4 ਔਰਤਾਂ ਸ਼ਾਮਿਲ ਸਨ, ਉਤੇ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਕੀਤੇ ਗਏ ਸਨ | ਇਨ੍ਹਾਂ ਵਿਚ ਇਕ 18 ਕੁ ਸਾਲ ਦੀ ਸਟੈਨੋ ਦਾ ਕੋਰਸ ਕਰਦੀ ਬੱਚੀ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ | ਉਸ ਦੀ ਵਿਧਵਾ ਮਾਂ ਨੇ ਦੱਸਿਆ ਕਿ ਉਸ ਨੇ ਬੇਟੀ ਦੀ ਥਾਂ ਉਸ ਨੂੰ ਜੇਲ੍ਹ ਭੇਜਣ ਲਈ ਮਿੰਨਤਾਂ ਕੀਤੀਆਂ ਪਰ ਕਿਸੇ ਨੇ ਕੋਈ ਨਹੀਂ ਸੁਣੀ | ਉਹ ਚਾਹੁੰਦੀ ਸੀ ਕਿ ਉਸ ਨੇ ਤਾਂ ਸਾਰੀ ਉਮਰ ਇਸ ਜੁਰਮ ਦੀ ਦੁਨੀਆ ਵਿਚ ਗੁਜ਼ਾਰ ਦਿੱਤੀ ਹੁਣ ਘੱਟੋ-ਘੱਟ ਉਸ ਦੀ ਧੀ ਤਾਂ ਇਸ ਤੋਂ ਬਚੀ ਰਹੇ | ਪਰ ਜਦੋਂ ਉਹ ਕਾਲ ਕੋਠੜੀ ਵਿਚ ਤਾੜ ਦਿੱਤੀ ਗਈ ਹੈ ਤਾਂ ਪੜ੍ਹਾਈ ਤਾਂ ਕੀ ਹੁਣ ਤਾਂ ਉਹ ਵੀ ਇਸ ਅਪਰਾਧਿਕ ਦੁਨੀਆ ਦੀ ਨਿਵਾਸੀ ਬਣ ਕੇ ਘਰ ਪਰਤੇਗੀ |
ਅਸਲ ਵਿਚ ਇਸ ਪੁਲਸੀਆ ਕਾਰਵਾਈ ਦਾ ਮੁੱਢ ਉਦੋਂ ਬੱਝਾ ਜਦੋਂ ਨਸ਼ਿਆਂ ਦੀ ਬਹੁਤਾਤ ਤੋਂ ਅੱਕੇ ਰੋਹਟੀ ਛੰਨਾਂ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਦੋ ਵਾਰੀ ਇੱਥੇ ਧਰਨਾ ਦੇ ਕੇ ਪੁਲਿਸ 'ਤੇ ਸਾਂਸੀਆਂ ਨਾਲ ਮਿਲੇ ਹੋਣ ਦਾ ਦੋਸ਼ ਲਾਇਆ | ਇਥੋਂ ਤੱਕ ਕਿ ਉਨ੍ਹਾਂ ਨੇ ਸਾਂਸੀਆਂ 'ਤੇ ਨਜ਼ਰ ਰੱਖਣ ਲਈ ਪਿੰਡ 'ਚ ਨਾਕਾ ਵੀ ਲਾ ਦਿੱਤਾ ਸੀ |
ਦਰਅਸਲ ਸੋਚਣ ਵਾਲੀ ਗੱਲ ਹੈ ਕਿ ਸਾਂਸੀਆਂ ਕੋਲ ਨਸ਼ਾ ਆਉਂਦਾ ਕਿਥੋਂ ਹੈ? ਨਸ਼ਿਆਂ ਦੀ ਸਪਲਾਈ ਲਾਈਨ ਕਿੱਥੇ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬਰਾਦਰੀ ਦੇ ਕੁਝ ਲੋਕਾਂ ਦਾ ਮਜਬੂਰੀਵੱਸ ਮੱੁਖ ਕਿੱਤਾ ਛੋਟੀ ਮੋਟੀ ਚੋਰੀ, ਜੇਬ ਕੱਟਣਾ , ਬੱਸਾਂ ਵਿਚ ਔਰਤਾਂ ਦੇ ਗਹਿਣੇ ਆਦਿ ਤੇ ਹੱਥ ਸਾਫ ਕਰਨਾ ਤੇ ਨਸ਼ਾ ਤਸਕਰੀ ਹੀ ਬਣ ਗਿਆ ਹੈ | ਬੇਜ਼ਮੀਨੇ ਤੇ ਸਾਧਨ ਵਿਹੂਣੇ ਇਸ ਸਮਾਜ ਦੇ ਲੋਕਾਂ ਕੋਲ ਰੋਟੀ-ਰੋਜ਼ੀ ਕਮਾਉਣ ਦਾ ਕੋਈ ਹੋਰ ਸਾਧਨ ਨਹੀਂ ਹੈ | ਉਕਤ ਕਿਸਮ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਬਹੁਗਿਣਤੀ ਇਸ ਬਰਾਦਰੀ ਵਾਲੇ ਪਿੰਡਾਂ ਰੋਹਟੀ ਛੰਨਾਂ, ਮੰਡੌੜ , ਅਲੀਪੁਰ ਵਿਖੇ ਇਨ੍ਹਾਂ ਲੋਕਾਂ ਨੂੰ ਨੇੜਿਓਾ ਤੱਕਣ ਸਮਝਣ ਦਾ ਮੌਕਾ ਮਿਲਿਆ | ਬਰਾਦਰੀ ਦੇ ਇਕ ਟੈੱਟ ਪਾਸ ਨੌਜਵਾਨ ਅਤੇ ਹੋਰ ਬਰਾਦਰੀ ਵਾਲਿਆਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਸਰਕਾਰਾਂ ਕੋਲ ਉਨ੍ਹਾਂ ਲਈ ਰੁਜ਼ਗਾਰ ਦਾ ਕੋਈ ਅਜੰਡਾ ਨਹੀ ਹੈਾ | ਬਰਾਦਰੀ ਦੇ ਬਹੁਤੇ ਮਰਦ ਪੁਲਿਸ ਦੀ ਕੁਟਾਈ ਦੀ ਝਾਲ ਨਾ ਝਲਦੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ | ਇਸ ਕਮਾਈ ਵਿਚੋਂ ਪੁਲਿਸ, ਵਕੀਲ, ਕੋਰਟ ਕਚਹਿਰੀਆਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ | ਸਾਰੀ ਉਮਰ ਉਨ੍ਹਾਂ ਦੀ ਪੇਸ਼ੀਆਂ ਭੁਗਤਦਿਆਂ ਨਿਕਲ ਜਾਂਦੀ ਹੈ | ਹੱਡ ਨਕਾਰਾ ਹੋ ਜਾਂਦੇ ਹਨ | ਜਿਸ ਕਾਰਨ ਉਹ ਦਿਹਾੜੀ ਕਰਨ ਦੇ ਕਾਬਲ ਵੀ ਨਹੀਂ ਰਹਿੰਦੇ | ਵਿਧਵਾ ਰੇਖਾ ਦਾ ਕਹਿਣਾ ਹੈ ਕਿ ਮਗਨਰੇਗਾ ਅਧੀਨ ਅੱਵਲ ਤਾਂ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ | ਜੇਕਰ ਮਿਲਦੀ ਹੈ ਤਾਂ ਪਿੰਡ ਦੇ ਚੌਧਰੀਆਂ ਦੀਆਂ ਨਾਲੀਆਂ ਸਾਫ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਰੇਗਾ ਅਧੀਨ ਆਈ ਉਜਰਤ ਵੀ ਸਾਲਾਂ ਬੱਧੀ ਨਹੀਂ ਦਿੱਤੀ ਜਾਂਦੀ |
-ਇਹ ਛੋਟੇ ਮੋਟੇ ਅਪਰਾਧ ਹੀ ਇਸ ਬਰਾਦਰੀ ਦੇ ਕਈ ਲੋਕਾਂ ਦੀ ਪਹਿਚਾਣ ਬਣ ਚੁੱਕੇ ਹਨ | ਕਈ ਔਰਤਾਂ ਦਾ ਕਹਿਣਾ ਹੈ ਕਿ ਉਹ ਥਾਣੇ, ਜੇਲਾਂ, ਅਦਾਲਤਾਂ ਦਾ ਬੇ-ਗ਼ੈਰਤ ਤੇ ਕਸ਼ਟਮਈ ਜੀਵਨ ਆਪਣੇ ਬੱਚਿਆਂ ਲਈ ਹਰਗਿਜ਼ ਨਹੀਂ ਚਾਹੁੰਦੀਆਂ | ਕੁਝ ਪਰਿਵਾਰਾਂ ਨੇ ਇਸ ਕਿੱਤੇ ਨੂੰ ਛੱਡਣ ਦਾ ਯਤਨ ਕੀਤਾ ਪਰ ਬਦਨਾਮੀ ਅਤੇ ਰੋਜ਼ਗਾਰ ਦੀ ਅਣਹੋਂਦ ਉਨ੍ਹਾਂ ਨੂੰ ਮੁੜ ਉਸੇ ਜੁਰਮ ਦੀ ਦੁਨੀਆਂ ਵਿਚ ਧਕੇਲ ਦਿੰਦੀ ਹੈ, ਜਦੋਂ ਕਿ ਇਸ ਕਿੱਤੇ ਨਾਲ ਨਾਂਅ ਤਾਂ ਉਹ ਸ਼ਾਹੂਕਾਰ ਬਣੇ ਤੇ ਨਾ ਹੀ ਕੋਈ ਇੱਜ਼ਤ ਮਾਣ ਵਾਲਾ ਜੀਵਨ ਹੀ ਜੀਅ ਸਕੇ | ਅਲੀਪੁਰ ਦੇ ਕੁਝ ਸਾਂਸੀ ਪਰਿਵਾਰਾਂ ਦਾ ਕਹਿਣਾ ਸੀ ਕਿ 'ਇਹ ਸਾਨੂੰ ਹੀ ਪਤਾ ਹੈ ਕਿ ਸਮਾਜਿਕ ਰੁਤਬੇ ਵਿਹੂਣੀ, ਅਦਾਲਤ, ਪੁਲਿਸ ਜੇਲ੍ਹਾਂ ਦੀ ਜ਼ਿੰਦਗੀ ਅਸੀਂ ਕਿਵੇਂ ਜਿਊਾਦੇ ਹਾਂ | ਪਿੰਡ ਦੇ ਚੌਧਰੀਆਂ, ਪੁਲਿਸ ਤੇ ਹੋਰ ਗ਼ੈਰ ਸਮਾਜੀ ਅਨਸਰਾਂ ਵਲੋਂ ਉਨ੍ਹਾਂ ਦੀਆਂ ਧੀਆਂ ਭੈਣਾਂ ਨਾਲ ਕਿਸ ਤਰ੍ਹਾਂ ਦਾ ਗੈਰ ਇਖਲਾਕੀ, ਗ਼ੈਰ-ਕਾਨੂੰਨੀ ਸਲੂਕ ਕੀਤਾ ਜਾਂਦਾ ਹੈ |'
ਪੜ੍ਹਨ ਲਿਖਣ ਦੇ ਬਾਵਜੂਦ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਦੀ ਕੋਈ ਵਿਵਸਥਾ ਨਹੀਂ ਹੈ | ਮੰਡੌੜ ਪਿੰਡ ਵਾਲਿਆਂ ਕੁਝ ਵਿਅਕਤੀਆਂ ਦਾ ਕਹਿਣਾ ਸੀ ਕਿ ਕਮਾਈ ਦਾ ਵੱਡਾ ਹਿੱਸਾ ਪੁਲਿਸ ਲੈ ਜਾਂਦੀ ਹੈ | ਜਦੋਂ ਉਨ੍ਹਾਂ ਆਪਣੇ ਮੋਢਿਆਂ 'ਤੇ ਸਟਾਰ ਲਗਵਾਉਣੇ ਹੁੰਦੇ ਹਨ ਤਾਂ ਬਲੀ ਦਾ ਬੱਕਰਾ ਸਾਂਸੀ ਬਰਾਦਰੀ ਦੇ ਲੋਕਾਂ ਨੂੰ ਹੀ ਬਣਾਇਆ ਜਾਂਦਾ ਹੈ | ਉਹ ਕੱਚੇ ਘਰਾਂ ਤੇ ਝੌਪੜੀਆਂ ਵਿਚ ਰਹਿਣ ਲਈ ਮਜਬੂਰ ਹਨ | ਇਥੋਂ ਤਕ ਕਿ ਬਰਾਦਰੀ ਦੇ ਇਕ ਮੁੰਡੇ ਨੂੰ ਫਰਨੀਚਰ ਦੀ ਦੁਕਾਨ ਵਿਚ ਕੰਮ ਉਦੋਂ ਹੀ ਮਿਲਿਆ ਜਦੋਂ ਕਿਸੇ ਮੋਹਤਬਰ ਵਿਅਕਤੀ ਨੇ ਉਸਦੀ ਜਾਮਨੀ ਦਿੱਤੀ | ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਨੌਕਰੀ ਦੇਣ ਵਾਸਤੇ ਫਾਰਮ ਭਰਵਾਏ ਸਨ ਪਰ ਸਰਕਾਰ ਬਣਨ 'ਤੇ ਉਨ੍ਹਾਂ ਫਾਰਮਾਂ ਦਾ ਕੀ ਬਣਿਆ, ਕੋਈ ਪਤਾ ਨਹੀਂ ਲੱਗਾ | ਪੰਜਾਬੀ ਯੂਨੀਵਰਸਟੀ ਦੇ ਸੇਵਾ ਮੁਕਤ ਉੱਘੇ ਲੇਖਕ ਕਿਰਪਾਲ ਕਜ਼ਾਕ ਨੇ ਤਾਂ ਇਥੋਂ ਤਕ ਕਿਹਾ ਕਿ ਸਾਂਸੀ ਬਰਾਦਰੀ ਨੂੰ ਤਾਂ ਐਸ ਟੀ ਦਾ ਦਰਜਾ ਵੀ ਹਾਸਲ ਨਹੀਂ ਹੈ |
ਸਾਂਸੀ ਕਬੀਲਾ ਅੰਗਰੇਜ਼ੀ ਹਕੂਮਤ ਦੇ ਵੇਲੇ ਤੋਂ ਹੀ ਅਪਰਾਧਿਕ ਪਰ ਅਹਿੰਸਕ ਕਾਰਵਾਈਆਂ ਲਈ ਜਾਣਿਆਂ ਜਾਂਦਾ ਹੈ | ਹਕੂਮਤਾਂ ਵਲੋਂ ਨਜ਼ਰ ਅੰਦਾਜ਼ ਕੀਤੀ ਇਹ ਬਰਾਦਰੀ ਪੀੜ੍ਹੀ-ਦਰ-ਪੀੜ੍ਹੀ ਇਸ ਧੰਦੇ 'ਚ ਹੀ ਲਿਪਤ ਰਹੀ ਹੈ | ਰਾਜਸਥਾਨ ਦੇ ਪਿਛੋਕੜ ਵਾਲਾ ਇਹ ਸਾਂਸੀ ਕਬੀਲਾ 18 ਵੀਂ/19ਵੀਂ ਸਦੀ ਵਿਚ ਕੰਮ ਦੀ ਭਾਲ ਵਿਚ ਪੰਜਾਬ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਆ ਵਸਿਆ ਸੀ | ਅੰਗਰੇਜ਼ ਹਕੂਮਤ ਵਲੋਂ 'ਕਿ੍ਮੀਨਲ ਟਰਾਈਬ ਐਕਟ' ਦੇ ਤਹਿਤ ਇਨ੍ਹਾਂ ਨੂੰ ਅਪਰਾਧੀ ਕਬੀਲਾ ਘੋਸ਼ਿਤ ਕੀਤਾ ਗਿਆ ਸੀ ਜੋ 31 ਅਗਸਤ 1952 ਤਕ ਜਾਰੀ ਰਿਹਾ | ਉਦੋਂ ਪਰਿਵਾਰ ਦੇ ਮੁਖੀ ਲਈ ਹਰ ਰੋਜ਼ ਥਾਣੇ ਵਿਚ ਹਾਜ਼ਰੀ ਲੁਆਉਣੀ ਜ਼ਰੂਰੀ ਹੁੰਦੀ ਸੀ | ਅੰਗਰੇਜ਼ ਹਕੂਮਤ ਨੇ ਇਨ੍ਹਾਂ ਨੂੰ ਅਪਰਾਧ ਦੀ ਦੁਨੀਆ ਵਿਚੋਂ ਕੱਢਣ ਲਈ ਉਨ੍ਹਾਂ ਪਰਿਵਾਰਾਂ ਨੂੰ ਇਸ ਹਾਜ਼ਰੀ ਤੋਂ ਛੋਟ ਦਿੱਤੀ ਜੋ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਸਨ | ਪਰ ਹੁਣ ਅਜ਼ਾਦ ਦੇਸ਼ ਦੀਆਂ ਹਕੂਮਤਾਂ ਨੇ ਵੀ ਇਨ੍ਹਾਂ ਨੂੰ ਕੋਈ ਖ਼ਾਸ ਸਹੂਲਤ ਨਹੀਂ ਦਿੱਤੀ | ਕਬੀਲੇ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਤਾਂ ਉਹ ਇਸ ਜੁਰਮ ਦੀ ਦੁਨੀਆਂ ਨੂੰ ਛੱਡਣ ਲਈ ਤਿਆਰ ਹਨ |
ਇਕ ਸਮਾਜ ਸੇਵੀ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਵਿਨੋਬਾ ਭਾਵੇ ਦੀ ਤਰ੍ਹਾਂ ਮਨੁੱਖਤਾਵਾਦੀ ਸੋਚ ਅਪਣਾਉਂਦਿਆਂ ਇਸ ਕਬੀਲੇ ਨੂੰ ਮੁੜ ਮੁਖਧਾਰਾ ਵਿਚ ਲਿਆਉਣ ਲਈ ਸਰਕਾਰ ਵਲੋਂ ਗੰਭੀਰ ਯਤਨ ਕੀਤੇ ਜਾਣ ਤਾਂ ਇਕ ਬਿਹਤਰ ਸਮਾਜ ਦਾ ਨਿਰਮਾਣ ਹੋ ਸਕਦਾ ਹੈ |

-ਨਾਭਾ |
mohit.imdr0810@gmail.com

ਚੰਡੀਗੜ੍ਹ ਦੇ ਦੋ ਦਰੱਖਤ

1950 ਤੋਂ ਭਾਰਤ ਵਿਚ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਣ ਮਹਾਂਉਤਸਵ ਬਹੁਤ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦਰੱਖਤ ਲਗਾਏ ਜਾਂਦੇ ਹਨ | ਇਨ੍ਹਾਂ ਵਿਚੋਂ ਜੇਕਰ ਅੱਧੇ ਵੀ ਪਰਵਾਨ ਚੜ੍ਹ ਜਾਂਦੇ ਤਾਂ ਹੁਣ ਤੱਕ ਸਾਰਾ ਦੇਸ਼ ਹਰਾ ਭਰਾ ਹੋ ਜਾਣਾ ਸੀ | ਬਾਅਦ ਵਿਚ ਇਨ੍ਹਾਂ ਨਾਜ਼ੁਕ ਬੂਟਿਆਂ ਦੀ ਦੇਖ ਭਾਲ ਨਹੀਂ ਕੀਤੀ ਜਾਂਦੀ ਅਤੇ ਉਹ ਪਾਣੀ ਦੀ ਕਮੀ ਕਰਕੇ ਮਰ ਜਾਂਦੇ ਹਨ ਜਾਂ ਉਨ੍ਹਾਂ ਨੂੰ ਅਵਾਰਾ ਪਸ਼ੂ ਮੁੱਛ ਜਾਂਦੇ ਹਨ | ਸੜਕਾਂ ਚੌੜੀਆਂ ਕਰਨ ਸਮੇਂ ਅਣਗਿਣਤ ਦਰੱਖਤ ਕੱਟ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਨਵੇਂ ਦਰੱਖਤ ਨਾ ਲਗਾਏ ਗਏ ਹਨ ਅਤੇ ਨਾ ਹੀ ਲਗਾਉਣ ਜੋਗੀ ਥਾਂ ਬਚੀ ਹੈ | ਵਿਚਾਲੇ ਐਵੇਂ ਝਾੜੀਆਂ ਜਿਹੀਆਂ ਲਾ ਕੇ ਬੁੱਤਾ ਸਾਰ ਲਿਆ ਹੈ | ਇਹ 'ਮਹਾਂ ਉਤਸਵ' ਸਿਰਫ਼ ਫੋਟੋ ਖਿਚਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ | ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਦੂਜੀ ਵਾਰ ਸੁਖਨਾ ਝੀਲ ਕੰਢੇ ਦਰੱਖਤ ਲਗਾਉਣਾ ਸੀ ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਪਿਛਲੇ ਸਾਲ ਵਾਲਾ ਬੂਟਾ ਵੇਖਣ ਦੀ ਮੰਗ ਕਰ ਕੇ ਭਾਜੜਾਂ ਪਾ ਦਿੱਤੀਆਂ ਸਨ | ਹਰ ਕਿਸੇ ਵਿਚ ਅਜਿਹੀ ਭਾਵਨਾ ਹੋਣੀ ਚਾਹੀਦੀ ਹੈ | ਸੋਸ਼ਲ ਮੀਡੀਆ ਦਰੱਖਤਾਂ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਂਦਾ ਹੈ, ਸ਼ਿਵ ਕੁਮਾਰ ਦਾ ਗੀਤ ਗਾਇਆ ਜਾਂਦਾ ਹੈ ਅਤੇ ਗੱਲ ਖਤਮ | ਆਕਸੀਜਨ, ਠੰਢਕ ਅਤੇ ਬਰਸਾਤ ਦੀ ਕਿਸੇ ਨੂੰ ਲੋੜ ਨਹੀਂ ਜਾਪਦੀ |
ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਨਮਾਨ ਵਿਚ ਪੰਜਾਬ ਦੇ ਹਰੇਕ ਪਿੰਡ ਵਿਚ 550 ਦਰੱਖਤ ਲਗਾਏ ਜਾਣੇ ਹਨ | ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਜੇਕਰ ਇਹ ਸਫ਼ਲਤਾਪੂਰਕ ਸਿਰੇ ਚੜ੍ਹ ਗਿਆ ਤਾਂ ਕੁਦਰਤ ਵਿਚ ਪ੍ਰਮਾਤਮਾ ਦੀ ਹੋਂਦ ਵੇਖਣ ਵਾਲੇ ਗੁਰੂ ਜੀ ਨੂੰ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ | ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ | ਬੂਟੇ ਸਰਕਾਰ ਦੇਵੇਗੀ ਅਤੇ ਇਨ੍ਹਾਂ ਨੂੰ ਸੰਭਾਲਣ ਲਈ ਸਾਰੇ ਪਿੰਡਾਂ ਵਿਚ 'ਵਣ ਮਿੱਤਰ' ਲਾਏ ਜਾਣਗੇ | ਉਨ੍ਹਾਂ ਨੂੰ ਤਨਖਾਹ ਮਿਲੇਗੀ ਅਤੇ ਕਈ ਸਾਲ ਤੱਕ ਬੂਟੇ ਸੰਭਾਲਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ | ਪਰ 'ਟਰੀ ਗਾਰਡ' ਲਾਏ ਬਗੈਰ ਬੂਟਿਆਂ ਨੂੰ ਭੇਡ-ਬੱਕਰੀਆਂ ਅਤੇ ਅਵਾਰਾ ਪਸ਼ੂਆਂ ਤੋਂ ਬਚਾਉਣਾ ਅਸੰਭਵ ਹੈ | ਲੋਹੇ ਦੇ 'ਟਰੀ ਗਾਰਡ' ਚੋਰੀ ਹੋ ਜਾਂਦੇ ਹਨ | ਇਹ ਛਾਂਗੇ ਹੋਏ ਪੁਰਾਣੇ ਦਰੱਖਤਾਂ ਦੀਆਂ ਮੋਟੀਆਂ ਟਾਹਣੀਆਂ ਦੇ ਹੀ ਬਣੇ ਹੋਣੇ ਚਾਹੀਦੇ ਹਨ | ਦਰੱਖਤਾਂ ਦੇ ਰਾਖੇ ਦਰੱਖਤ | ਇਹ ਕੰਮ ਪੰਚਾਇਤਾਂ ਨੂੰ ਕਰਨਾ ਚਾਹੀਦਾ ਹੈ |
ਦਰੱਖਤਾਂ ਦੀ ਰਖਵਾਲੀ ਦੇ ਮਸਲੇ ਵਿਚ ਇਸ ਇਲਾਕੇ ਦਾ ਸਭ ਤੋਂ ਹਰਿਆ-ਭਰਿਆ ਸ਼ਹਿਰ ਚੰਡੀਗੜ੍ਹ ਸਭ ਤੋਂ ਅੱਗੇ ਹੈ | ਉੱਥੇ ਚੌੜੀਆਂ ਸੜਕਾਂ ਦੇ ਨਾਲ ਨਾਲ ਬਹੁਤ ਕਿਸਮ ਦੇ ਉੱਚੇ ਦਰੱਖਤ ਝੂਲਦੇ ਹਨ ਜੋ ਮੁੱਖ ਤੌਰ 'ਤੇ ਮਹਿੰਦਰ ਸਿੰਘ ਰੰਧਾਵਾ ਦੀ ਦੇਣ ਹਨ | ਆਮ ਤੌਰ 'ਤੇ ਇਕ ਸੜਕ 'ਤੇ ਇਕ ਹੀ ਕਿਸਮ ਦੇ ਦਰੱਖਤ ਹਨ—ਅਮਲਤਾਸ, ਗੁਲਮੋਹਰ ਆਦਿ | 16 ਸੈਕਟਰ 'ਚ ਇਕ ਛੋਟੀ ਸੜਕ ਤੇ ਨਿਰੋਲ ਦੁਰਲੱਭ ਰਹੂੜੇ ਹਨ | ਉਨ੍ਹਾਂ ਨੇ ਦਰੱਖਤਾਂ ਤੇ ਉਨ੍ਹਾਂ ਦੇ ਨਾਂਅ ਵੀ ਲਿਖਵਾ ਦਿੱਤੇ ਸਨ | ਹਰੇਕ ਦਰੱਖਤ 'ਤੇ ਨੰਬਰ ਲੱਗਿਆ ਹੈ ਤਾਂ ਕਿ ਚੋਰੀ ਨਾ ਹੋ ਸਕੇ | ਕੱਟਣਾ ਤਾਂ ਦੂਰ, ਕਿਸੇ ਦਰੱਖਤ ਨੂੰ ਸਰਦੀਆਂ ਵਿਚ ਛਾਂਗਿਆ ਵੀ ਨਹੀਂ ਜਾ ਸਕਦਾ | ਨਿਯਮ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ | ਵੈਸੇ ਕਈ ਵਾਰ ਇਹ ਸਖਤਾਈ ਮੁਸੀਬਤ ਵੀ ਬਣ ਜਾਂਦੀ ਹੈ ਅਤੇ ਕੁਝ ਤਾਕਤਵਰ ਲੋਕ ਇਸ ਦੀ ਉਲੰਘਣਾ ਵੀ ਕਰ ਜਾਂਦੇ ਹਨ | ਇਕ ਦੂਜੇ ਦੇ ਬਿਲਕੁਲ ਉਲਟ ਦੋ ਦਿਲਚਸਪ ਉਦਾਹਰਣ ਵਰਨਣਯੋਗ ਹਨ |
ਇਕ ਵਾਰ ਮੈਂ ਮੇਰੇ ਇਕ ਪੁਰਾਣੇ ਵਿਦਿਆਰਥੀ ਨੂੰ ਮਿਲਣ ਉਸ ਦੇ ਘਰ ਗਿਆ | ਉਹ ਉਸ ਸਮੇਂ ਪੰਜਾਬ ਸਰਕਾਰ ਵਿਚ ਉੱਚੀ ਪਦਵੀ 'ਤੇ ਸੀ | ਸੈਕਟਰ ਦਾ ਨੰਬਰ ਤਾਂ ਯਾਦ ਨਹੀਂ, ਪਰ ਉਨ੍ਹਾਂ ਦੀ ਰਿਹਾਇਸ਼ ਇਕ ਬਹੁਤ ਵੱਡੇ ਫ਼ਲੈਟ ਵਿਚ ਸੀ | ਕਾਲੋਨੀ ਦੇ ਮੁੱਖ ਗੇਟ 'ਤੇ ਉਤਰਨ ਸਮੇਂ ਮੈਂ ਵੇਖਿਆ ਕਿ ਇਕ ਮਧਰੇ ਜੇਹੇ ਦਰੱਖਤ ਦਾ ਇਕ ਕੁੱਬਾ ਟਾਹਣਾ ਪੰਜ ਕੁ ਫ਼ੁੱਟ ਦੀ ਉਚਾਈ 'ਤੇ ਸੜਕ ਦੇ ਕਾਫੀ ਅੰਦਰ ਤੱਕ ਝੁਕਿਆ ਹੋਇਆ ਸੀ | ਮੈਨੂੰ ਉਹ ਬਹੁਤ ਖਤਰਨਾਕ ਲੱਗਾ | ਕਿਸੇ ਸਮੇਂ ਦੁਰਘਟਨਾ ਹੋ ਸਕਦੀ ਸੀ | ਹੈਰਾਨੀ ਹੋਈ ਕਿ ਇੰਨੇ ਵੱਡੇ ਅਫ਼ਸਰ ਇਸ ਨੂੰ ਕਟਵਾਉਂਦੇ ਕਿਉਂ ਨਹੀਂ |
ਗੱਲ ਬਾਤ ਕਰਨ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਮੈਥੋਂ ਉਸ ਖ਼ਤਰਨਾਕ ਦਰੱਖਤ ਦੀ ਗੱਲ ਤੋਰੇ ਬਿਨਾਂ ਰਿਹਾ ਨਾ ਗਿਆ | ਉਸ ਨੇ ਦੱਸਿਆ ਕਿ ਇੱਥੇ ਸਾਰੇ ਵੱਡੇ ਅਫ਼ਸਰ ਰਹਿੰਦੇ ਹਨ ਜੋ ਕਾਨੂੰਨ ਦੀ ਪਾਲਣਾ ਕਰਦੇ ਹੋਏ ਇਸ ਟਾਹਣੇ ਨੂੰ ਨਹੀਂ ਕਟਵਾਉਂਦੇ | ਪਹਿਲਾਂ ਇਹ ਟੁੰਡ ਸੜਕ ਤੋਂ ਪਾਸੇ ਸੀ | ਸੜਕ ਚੌੜੀ ਹੋਣ ਸਮੇਂ ਇਹ ਸੜਕ ਦੇ ਉੱਪਰ ਆ ਗਿਆ | ਉਸ ਨੇ ਇਹ ਵੀ ਦੱਸਿਆ ਕਿ ਇਸ ਨੇ ਇਕ ਸਕੂਟਰ ਵਾਲੇ ਦਾ ਸਿਰ ਪਾੜ ਦਿੱਤਾ ਸੀ | ਇਕ ਮੋਬਾਈਲ ਵੇਖਦੀ ਤੁਰੀ ਜਾਂਦੀ ਔਰਤ ਵੀ ਕਾਫੀ ਸੱਟ ਖਾ ਬੈਠੀ ਸੀ | ਇਕ ਸਵੈ-ਸੇਵੀ ਸੰਸਥਾ ਨੇ ਸਬੰਧਤ ਮਹਿਕਮੇ ਤੋਂ ਸਿਰਫ਼ ਇਹ ਟਾਹਣਾ ਕੱਟਣ ਦੀ ਇਜਾਜ਼ਤ ਮੰਗੀ ਸੀ ਜੋ ਹੇਠੋਂ ਉੱਪਰ ਤੱਕ ਰੱਦ ਹੁੰਦੀ ਗਈ | ਅਖੀਰ ਉਹ ਕੇਸ ਪੰਜਾਬ ਦੇ ਗਵਰਨਰ, ਜੋ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ ਸਨ, ਕੋਲ ਵੀ ਗਿਆ | ਉੱਥੋਂ ਵੀ ਇਨਕਾਰ ਹੋ ਗਿਆ | ਸ਼ਾਇਦ ਹੁਣ ਵੀ ਉਹ ਉੱਥੇ ਹੀ ਖੜ੍ਹਾ ਹੋਵੇਗਾ |
ਦੂਸਰਾ ਕੇਸ ਇਕ ਪੁਲਿਸ ਅਫ਼ਸਰ ਨੇ ਕਈ ਸਾਲ ਪਹਿਲਾਂ ਦੱਸਿਆ ਸੀ | ਉਨ੍ਹਾਂ ਦੇ ਬਹੁਤ ਉੱਚੇ ਅਹੁਦੇ 'ਤੇ ਤਾਇਨਾਤ ਇਕ ਅਫ਼ਸਰ ਨੇ ਸ਼ਾਨਦਾਰ ਕੋਠੀ ਬਣਵਾਈ ਸੀ | ਗੇਟ ਬਣਵਾਉਣ ਵੇਲੇ ਇਕ ਸਮੱਸਿਆ ਆ ਗਈ | ਇਕ ਬਹੁਤ ਵੱਡਾ ਦਰੱਖਤ ਕੁਝ ਸਾਹਮਣੇ ਆਉਂਦਾ ਸੀ | ਕਾਫੀ ਸੋਚ ਵਿਚਾਰ ਤੋਂ ਬਾਅਦ ਇਕ ਹੁਸ਼ਿਆਰ ਅਫ਼ਸਰ ਨੇ ਹੱਲ ਕੱਢ ਲਿਆ | ਉਸ ਨੇ ਕੋਠੀ ਦੇ ਮਾਲਕ ਨੂੰ ਛੁੱਟੀ ਲੈ ਕੇ ਕੁਝ ਦਿਨ ਵਿਦੇਸ਼ ਭੇਜ ਦਿੱਤਾ | ਇਕ ਵੱਡੇ ਠੇਕੇਦਾਰ ਨਾਲ ਗੱਲ ਕਰ ਲਈ | ਕਿਸੇ ਬਹਾਨੇ ਸੜਕ ਰਾਤ ਭਰ ਲਈ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤੀ | ਰਾਤੋ ਰਾਤ ਦਰੱਖਤ ਕੱਟਿਆ ਵੀ ਗਿਆ, ਚੁੱਕਿਆ ਵੀ ਗਿਆ ਅਤੇ ਟੋਆ ਭਰ ਕੇ ਸੜਕ ਦੇ ਨਾਲ ਮਿਲਾ ਦਿੱਤਾ ਗਿਆ | ਗੁਆਂਢੀਆਂ ਨੂੰ ਤਾਂ ਪਤਾ ਹੋਣਾ ਹੈ, ਪਰ ਕੋਈ ਨਹੀਂ ਕੁਸਕਿਆ | ਜੇ ਉੱਥੇ ਇਹ ਕੁਝ ਹੋ ਸਕਦਾ ਹੈ ਤਾਂ ਹੋਰ ਸ਼ਹਿਰਾਂ ਵਿਚ ਕੀ ਨਹੀਂ ਹੋ ਸਕਦਾ, ਜਿੱਥੇ ਨੰਬਰ ਵੀ ਘੱਟ ਵੱਧ ਹੀ ਲੱਗੇ ਹੁੰਦੇ ਹਨ |

-305, ਮਾਡਲ ਟਾਊਨ (ਫੇਜ਼-1), ਬਠਿੰਡਾ-151001
ਫੋਨ: 9814941214

ਨਹਿਲੇ 'ਤੇ ਦਹਿਲਾ ਮੈਂ ਰਸਤਾ ਦੇ ਦੇਂਦਾ ਹਾਂ

ਜਾਰਜ ਬਰਨਾਡ ਸ਼ਾਹ ਅੰਗਰੇਜ਼ ਹੁੰਦੇ ਹੋਏ ਵੀ ਸੋਹਣੇ ਨਹੀਂ ਸਨ ਸਗੋਂ ਬਹੁਤ ਹੀ ਭੈੜੀ ਸ਼ਕਲ ਸੂਰਤ ਦੇ ਮਾਲਕ ਸਨ | ਦੂਜੇ ਪਾਸੇ ਉਹ ਸੰਸਾਰ ਪੱਧਰ ਦੇ ਮੰਨੇ ਪ੍ਰਮੰਨੇ ਲੇਖਕ ਸਨ | ਉਨ੍ਹਾਂ ਦੀਆਂ ਲਿਖ਼ਤਾਂ ਦੇ ਦੀਵਾਨੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਵਿਚ ਸਨ | ਲੋਕ ਉਨ੍ਹਾਂ ਨੂੰ ਮਿਲ ਕੇ ਅਤੇ ਉਨ੍ਹਾਂ ਨਾਲ ਹੱਥ ਮਿਲਾ ਕੇ ਫ਼ਖ਼ਰ ਮਹਿਸੂਸ ਕਰਦੇ ਸਨ | ਉਨ੍ਹਾਂ ਨਾਲ ਵਿਆਹ ਕਰਵਾਉਣ ਲਈ ਸੋਹਣੀਆਂ ਮੁਟਿਆਰਾਂ ਬੇਚੈਨ ਰਹਿੰਦੀਆਂ ਸਨ |'
ਇਕ ਵਾਰੀ ਇਕ ਸੰਸਾਰ ਪ੍ਰਸਿੱਧ ਨਾਚੀ ਜਾਰਜ ਬਰਨਾਡਸ਼ਾਹ ਕੋਲ ਆਈ ਅਤੇ ਉਨ੍ਹਾਂ ਸਾਹਵੇਂ ਸ਼ਾਦੀ ਦਾ ਪ੍ਰਸਤਾਵ ਰੱਖਦਿਆਂ ਦਲੀਲ ਦਿੱਤੀ ਕਿ ਸਾਡੀ ਹੋਣ ਵਾਲੀ ਸੰਤਾਨ ਮੇਰੀ ਖ਼ੂਬਸੂਰਤੀ ਅਤੇ ਆਪ ਜੀ ਦੀ ਸਾਹਿਤਕ ਸਮਰੱਥਾ ਅਤੇ ਸਲਾਹੀਅਤਾਂ ਨਾਲ ਮਾਲਾਮਾਲ ਹੋਵੇਗੀ | ਇਹ ਸੁਣ ਕੇ ਬਰਨਾਡਸ਼ਾਹ ਨੇ ਕਿਹਾ, 'ਮੈਂ ਆਪ ਜੀ ਦੇ ਪ੍ਰਸਤਾਵ 'ਤੇ ਫ਼ਖ਼ਰ ਮਹਿਸੂਸ ਕਰਦਾ ਹਾਂ ਪਰ ਜੇਕਰ ਸਾਡੀ ਔਲਾਦ ਨੂੰ ਮੇਰੀ ਸ਼ਕਲ ਸੂਰਤ ਮਿਲੀ ਅਤੇ ਆਪ ਜੀ ਦੀ ਅਕਲ, ਫਿਰ ਤਾਂ ਕਿਆਮਤ ਆ ਜਾਵੇਗੀ |'
ਇਕ ਵਾਰੀ ਬਰਨਾਡਸ਼ਾਹ ਇਕ ਛੋਟੇ ਜਿਹੇ ਰਸਤੇ'ਤੇ ਤੁਰ ਰਹੇ ਸਨ | ਇਹ ਰਸਤਾ ਪਾਣੀ ਨਾਲ ਭਰੀ ਹੋਈ ਜ਼ਮੀਨ ਵਿਚ ਸੀ | ਇਸ ਰਸਤੇ ਦੀ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਜੇਕਰ ਆਹਮਣੇ ਸਾਹਮਣੇ ਦੋ ਬੰਦੇ ਆ ਜਾਣ ਤਾਂ ਇਕ ਬੰਦੇ ਨੂੰ ਇਕ ਪਾਸੇ ਝੁਕ ਕੇ ਦੂਜੇ ਨੂੰ ਲੰਘਾਉਣ ਲਈ ਇਹ ਕੰਮ ਕਰਨਾ ਪੈਂਦਾ ਸੀ | ਉਨ੍ਹਾਂ ਦੇ ਸਾਹਮਣੇ ਜੋ ਬੰਦਾ ਸੀ ਉਹ ਬਰਨਾਡਸ਼ਾਹ ਨੂੰ ਪਛਾਣ ਗਿਆ ਅਤੇ ਉਨ੍ਹਾਂ ਕੋਲ ਆ ਕੇ ਕਹਿਣ ਲੱਗਾ, 'ਮੈਂ ਤੁਹਾਨੂੰ ਲੰਘਾਉਣ ਲਈ ਰਸਤਾ ਦੇ ਦਿਆਂ ਪਰ ਆਦਤ ਹੈ ਮੈਂ ਕਿਸੇ ਵੀ ਬੇਵਕੂਫ਼ ਨੂੰ ਰਸਤਾ ਨਹੀਂ ਦੇਂਦਾ |'
ਇਹ ਸੁਣ ਕੇ ਬਰਨਾਡਸ਼ਾਹ ਨੇ ਖ਼ੁਦ ਇਕ ਪਾਸੇ ਹੁੰਦੇ ਹੋਏ ਆਖਿਆ, '...ਪਰ ਮੈਂ ਰਸਤਾ ਦੇ ਦੇਂਦਾ ਹਾਂ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਪਾਲੀਵੁੱਡ ਝਰੋਖਾ ਨਾਇਕ-ਗਾਇਕ ਪ੍ਰਥਾ ਦਾ ਮੋਢੀ : ਗੁਰਦਾਸ ਮਾਨ

ਗੁਰਦਾਸ ਮਾਨ ਨੂੰ ਗਾਇਕੀ ਦੇ ਖੇਤਰ 'ਚ ਸਥਾਪਤ ਕਰਨ 'ਚ ਜਿਥੇ ਹਰਜੀਤ ਦਾ ਵਿਸ਼ੇਸ਼ ਯੋਗਦਾਨ ਸਮਝਿਆ ਜਾਂਦਾ ਹੈ, ਉਥੇ ਪੰਜਾਬੀ ਸਿਨੇਮਾ 'ਚ ਉਸ ਦੀ ਪਛਾਣ ਨਿਰਦੇਸ਼ਕ ਹਰੀ ਦੱਤ ਨੇ ਬਣਾਈ ਸੀ | ਹਰਜੀਤ ਨੇ ਜਦੋਂ ਉਸ ਨੂੰ ਜਲੰਧਰ ਦੂਰਦਰਸ਼ਨ ਰਾਹੀਂ ਗੀਤ 'ਦਿਲ ਦਾ ਮਾਮਲਾ' ਦੇ ਮਾਧਿਅਮ ਨਾਲ ਦਰਸ਼ਕਾਂ ਦੇ ਰੂ-ਬਰੂ ਕੀਤਾ ਤਾਂ ਲਗਦਾ ਸੀ ਕਿ ਪੰਜਾਬੀ ਗਾਇਕੀ ਰਾਤੋ-ਰਾਤ ਨਵੀਆਂ ਸਿਖ਼ਰਾਂ ਤੱਕ ਪਹੁੰਚ ਗਈ ਸੀ |
ਇਸੇ ਤਰ੍ਹਾਂ ਹੀ ਹਰੀ ਦੱਤ ਨੇ ਉਸ ਨੂੰ 'ਮਾਮਲਾ ਗੜਬੜ ਹੈ' ਫ਼ਿਲਮ ਰਾਹੀਂ ਬਰੇਕ ਦਿੱਤਾ ਸੀ | ਗੁਰਦਾਸ ਨੂੰ ਇਹ ਮੌਕਾ ਵੀ ਸੁਭਾਵਿਕ ਹੀ ਮਿਲਿਆ ਸੀ | ਦਰਅਸਲ ਉਹ ਲੁਧਿਆਣਾ ਆਪਣਾ ਇਕ ਪ੍ਰੋਗਰਾਮ ਪੇਸ਼ ਕਰਨ ਆਇਆ ਸੀ | ਹਾਜ਼ਰ ਸਰੋਤਿਆਂ 'ਚ ਹਰੀ ਦੱਤ ਅਤੇ ਭਾਗ ਸਿੰਘ ਵੀ ਸ਼ਾਮਿਲ ਸਨ | ਹਰੀ ਦੱਤ ਉਸ ਵੇਲੇ ਭਾਗ ਸਿੰਘ ਦੀ ਇਕ ਕਹਾਣੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ | ਉਹ ਨਵੇਂ ਅਦਾਕਾਰਾਂ ਨੂੰ ਆਪਣੀ ਫ਼ਿਲਮ 'ਚ ਮੌਕਾ ਦੇਣਾ ਚਾਹੁੰਦਾ ਸੀ | ਜਦੋਂ ਗੁਰਦਾਸ ਦੀ ਪਰਫਾਰਮੈਂਸ ਨੂੰ ਉਸ ਨੇ ਦੇਖਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਫ਼ਿਲਮ ਦੇ ਨਾਇਕ ਪ੍ਰਤੀ ਖੋਜ ਹੁਣ ਖਤਮ ਹੋ ਗਈ ਹੈ | ਉਸ ਨੇ ਜਦੋਂ ਆਪਣਾ ਫੈਸਲਾ ਭਾਗ ਸਿੰਘ ਨੂੰ ਸੁਣਾਇਆ ਤਾਂ ਉਹ ਵੀ ਬੜਾ ਹੈਰਾਨ ਹੋਇਆ | ਪਰ ਹਰੀ ਦੱਤ ਤਾਂ ਹੀਰਾ ਪਰਖਣਾ ਜਾਣਦਾ ਸੀ | ਇਸ ਲਈ ਉਸ ਨੇ ਤਤਕਾਲ ਰੂਪ 'ਚ ਹੀ ਕੁਝ ਪੈਸੇ ਗੁਰਦਾਸ ਮਾਨ ਨੂੰ ਬਤੌਰ ਸਾਈਨਿੰਗ ਅਮਾਊਾਟ ਦਿੱਤੇ ਅਤੇ ਆਪਣੀ ਫ਼ਿਲਮ ਦੇ ਨਾਇਕ ਵਜੋਂ ਐਲਾਨ ਕਰ ਦਿੱਤਾ | ਕਹਿਣ ਦੀ ਲੋੜ ਨਹੀਂ ਕਿ ਹਰੀ ਦੱਤ ਦਾ ਫੈਸਲਾ ਸਹੀ ਨਿਕਲਿਆ ਅਤੇ ਗੁਰਦਾਸ ਮਾਨ ਬਾਅਦ 'ਚ ਪੰਜਾਬੀ ਸਿਨੇਮਾ ਦਾ ਚਹੇਤਾ ਨਾਇਕ ਬਣ ਕੇ ਉਭਰਿਆ |
ਗੁਰਦਾਸ ਮਾਨ ਦਾ ਜਨਮ ਗਿੱਦੜਬਾਹਾ 'ਚ 4 ਜਨਵਰੀ, 1957 ਨੂੰ ਸ: ਗੁਰਦੇਵ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ ਸੀ | ਗੁਰਦਾਸ ਪੜ੍ਹਾਈ ਨਾਲੋਂ ਵਧੇਰੇ ਖੇਡਾਂ 'ਚ ਰੁਚੀ ਰੱਖਦਾ ਸੀ | ਇਸ ਲਈ ਉਸ ਨੇ ਸਪੋਰਟਸ ਇੰਸਟੀਚਿਊਟ (ਪਟਿਆਲਾ) ਵਿਚ ਦਾਖਲਾ ਲੈ ਲਿਆ | ਇਥੋਂ ਸਬੰਧਿਤ ਡਿਗਰੀ ਲੈਣ ਤੋਂ ਬਾਅਦ ਉਸ ਨੇ ਕੁਝ ਚਿਰ ਡੇਰਾ ਬੱਸੀ ਕਾਲਜ ਵਿਚ ਬਤੌਰ ਅਸਥਾਈ ਲੈਕਚਰਾਰ (ਸਰੀਰਕ ਸਿੱਖਿਆ) ਵੀ ਕੰਮ ਕੀਤਾ | ਇਸੇ ਤਰ੍ਹਾਂ ਪੰਜਾਬ ਬਿਜਲੀ ਬੋਰਡ ਦੇ ਪਟਿਆਲੇ ਵਾਲੇ ਦਫ਼ਤਰ 'ਚ ਵੀ ਉਸ ਨੇ ਕੁਝ ਚਿਰ ਕੰਮ ਕੀਤਾ ਸੀ | ਇਸੇ ਸਮੇਂ ਦੌਰਾਨ ਹੀ ਉਸ ਨੂੰ ਜਲੰਧਰ ਦੂਰਦਰਸ਼ਨ ਦੇ ਇਕ ਪ੍ਰੋਗਰਾਮ 'ਚ ਭਾਗ ਲੈਣ ਦਾ ਮੌਕਾ ਮਿਲਿਆ | ਬਸ ਇਥੋਂ ਹੀ ਗੁਰਦਾਸ ਦੇ ਬਤੌਰ ਪੰਜਾਬੀ ਫ਼ਿਲਮਾਂ ਦੇ ਨਾਇਕ-ਗਾਇਕ ਬਣਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ |
ਬਤੌਰ ਅਭਿਨੇਤਾ ਗੁਰਦਾਸ ਨੇ ਅਨੇਕਾਂ ਮਿਆਰੀ ਫ਼ਿਲਮਾਂ 'ਚ ਕੰਮ ਕੀਤਾ ਹੈ | ਉਸ ਦੀ ਪੰਜਾਬੀ ਸਿਨੇਮਾ 'ਚ ਇਹ ਇਕ ਵਡਮੁੱਲੀ ਦੇਣ ਹੈ ਕਿ ਉਸ ਨੇ ਇਸ ਨੂੰ ਸਸਤੇਪਨ ਦੇ ਦਾਇਰੇ ਤੋਂ ਕੱਢ ਕੇ ਵਿਸ਼ਵ ਪੱਧਰ ਤੱਕ ਪਹੁੰਚਾਉਣ ਦੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ | ਉਸ ਦੀਆਂ ਫ਼ਿਲਮਾਂ 'ਚੋਂ 'ਉੱਚਾ ਦਰ ਬਾਬੇ ਨਾਨਕ ਦਾ' (1982), 'ਲੌਾਗ ਦਾ ਲਿਸ਼ਕਾਰਾ' (1986), 'ਕੁਰਬਾਨੀ ਜੱਟ ਦੀ' (1990), 'ਪ੍ਰਤਿੱਗਿਆ' (1990), 'ਵਾਂਟੇਡ : ਗੁਰਦਾਸ ਮਾਨ' (1994), 'ਕਚਹਿਰੀ' (1994) ਅਤੇ 'ਜ਼ਿੰਦਗੀ ਖ਼ੂਬਸੂਰਤ ਹੈ' (2002) ਆਦਿ ਦੇ ਨਾਂਅ ਆਸਾਨੀ ਨਾਲ ਲਏ ਜਾ ਸਕਦੇ ਹਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1973 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਜਲੰਧਰ ਦੇ ਅਖ਼ਬਾਰਾਂ ਦੇ ਚਾਰ ਮੁੱਖ ਸੰਪਾਦਕ ਬਟਾਲਾ ਵਿਖੇ ਆਏ ਸਨ | ਡਾ: ਸਾਧੂ ਸਿੰਘ ਹਮਦਰਦ, ਗਿ: ਸ਼ਾਦੀ ਸਿੰਘ, ਸ: ਭਰਪੂਰ ਸਿੰਘ ਬਲਬੀਰ ਅਤੇ ਸ੍ਰੀ ਰਮੇਸ਼ | ਇਹ ਚਾਰੇ ਸੰਪਾਦਕ ਡੇਰਾ ਬਾਬਾ ਨਾਨਕ ਵਿਖੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਵੀ ਗਏ ਸਨ | ਇਨ੍ਹਾਂ ਸਾਰਿਆਂ ਨੂੰ ਸ: ਕੁਲਦੀਪ ਸਿੰਘ ਬੇਦੀ ਐਡਵੋਕੇਟ ਨੇ ਬੀੜ ਸਾਹਿਬ ਦੇ ਦਰਸ਼ਨ ਕਰਵਾਏ ਸਨ |

-ਮੋਬਾਈਲ : 98767-41231

16 ਜੁਲਾਈ ਨੂੰ ਸਾਵਣ ਦੀ ਆਮਦ 'ਤੇ ਵਿਸ਼ੇਸ਼

ਸਾਵਣ : ਕੁਦਰਤੀ ਨਿਆਮਤ "ਬਰਸੈ ਮੇਘੁ ਸਖੀ ਘਰਿ ਪਾਹੁਨ ਆਏ"

ਕੁਦਰਤ ਦੀ ਪ੍ਰਭੂਤਾ ਪਿ੍ਥਵੀ 'ਤੇ ਰੁੱਤਾਂ ਦੇ ਆਵਾਗਮਣ ਦਾ ਸਬੱਬ ਬਣਦੀ ਹੈ | ਰੁੱਤਾਂ ਦਾ ਸਦੀਆਂ ਤੋਂ ਸਾਡੇ ਜੀਵਨ ਨਾਲ ਡੂੰਘਾ ਰਿਸ਼ਤਾ ਹੈ | ਆਪਣੀ ਅੱਤ ਵਿਖਾ ਕੇ ਰੁੱਤਾਂ ਮਾਨਵ ਦੇ ਬੜੇ ਇਮਤਿਹਾਨ ਲੈਂਦੀਆਂ ਹਨ ਤੇ ਉਹ ਉਨ੍ਹਾਂ ਪ੍ਰੀਖਿਆਵਾਂ ਵਿਚੋਂ ਪਾਸ ਹੋਣ ਲਈ ਕਦੇ ਆਪਣੇ ਸਰੀਰ ਨੂੰ ਅਨੁਸ਼ਾਸਨ ਦੀ ਅੱਗ ਵਿਚ ਤਪਾਉਂਦਾ ਹੈ ਅਤੇ ਕਦੇ ਅਸੁਰੀ ਤਰੀਕੇ ਅਪਣਾਉਂਦਾ ਹੈ | ਉਸ ਵਲੋਂ ਅਪਣਾਏ ਢੰਗ ਇਕ ਪਾਸੇ ਉਸ ਨੂੰ ਸੁੱਖ-ਸਹੂਲਤਾਂ ਤੇ ਸੁਰੱਖਿਆ ਦਿੰਦੇ ਹਨ ਤੇ ਦੂਜੇ ਪਾਸੇ ਵਾਤਾਵਰਨ ਨੂੰ ਪ੍ਰਦੂਸ਼ਿਤ, ਘਾਤਕ ਤੇ ਵਿਗਾੜ ਕੇ ਉਸ ਦੇ ਜੀਵਨ ਨੂੰ ਛੋਟਾ ਕਰਨ ਦਾ ਕਾਰਨ ਬਣ ਰਹੇ ਹਨ | ਬਾਗਾਂ ਦੀ ਠੰਢੀ ਛਾਂ ਤੇ ਘੜੇ ਦੇ ਪਾਣੀ ਦਾ ਬਦਲ ਏਅਰ ਕੰਡੀਸ਼ਨਰ ਜਾਂ ਫਰਿੱਜ ਕਦੇ ਨਹੀਂ ਬਣ ਸਕਦੇ | ਕਹਿਣ ਤੋਂ ਭਾਵ ਹੈ ਗਰਮੀ ਦੂਰ ਕਰਨ ਵਾਲੇ ਸੁੱਖ-ਸਾਧਨਾਂ ਦੀ ਸਹੂਲਤ ਦੇ ਬਾਵਜੂਦ ਗਰਮੀ ਦੀ ਮਾਰੂ ਗਰਮਾਹਟ ਹਰ ਵਰ੍ਹੇ ਵਧਦੀ ਜਾ ਰਹੀ ਹੈ | ਅੱਤ ਦੀ ਗਰਮੀ ਤੇ ਭਿਆਨਕ ਸਰਦੀ ਅਨੇਕ ਜਾਨਾਂ ਲੈ ਜਾਂਦੀ ਹੈ | ਅਜਿਹੇ ਵੇਲਿਆਂ ਵਿਚ ਕੁਦਰਤ ਦੀ ਓਟ ਲੈ ਕੇ ਬਚਿਆ ਜਾ ਸਕਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਭੇਦ-ਭਾਵ ਦੇ ਆਪਣੀ ਮਮਤਾ ਸਭ ਨੂੰ ਲੁਟਾਉਂਦੀ ਹੈ | ਇਸ ਲਈ ਅਹਿਦ ਕੁਦਰਤ ਦੀ ਰਾਖੀ ਕਰਨ ਦਾ ਲੈਣਾ ਬਣਦਾ ਹੈ ਕਿਉਂਕਿ ਕੁਦਰਤ ਨੂੰ ਨਸ਼ਟ ਕਰਨ ਵਾਲਿਆਂ ਨੂੰ ਕੁਦਰਤ ਬਖ਼ਸ਼ਦੀ ਨਹੀਂ ਜਦੋਂ ਕਿ ਰਖਵਾਲੀ ਕਰਨ ਵਾਲਿਆਂ ਨੂੰ ਇਹ ਜੀਵਨ-ਦਾਨ ਦਿੰਦੀ ਹੈ |
ਇਹ ਕੁਦਰਤ ਦੀ ਸਾਡੇ 'ਤੇ ਮਿਹਰ ਹੀ ਹੈ ਕਿ ਅਸੀਂ ਤਰਤੀਬਵਾਰ ਇਨ੍ਹਾਂ ਛੇ ਰੁੱਤਾਂ (ਬਸੰਤ ਰੁੱਤ-ਚੇਤ ਤੇ ਵੈਸਾਖ, ਗ੍ਰੀਖਮ/ਗਰਮ ਰੁੱਤ-ਜੇਠ ਅਤੇ ਹਾੜ੍ਹ, ਪਾਵਸ/ਵਰਖਾ ਰੁੱਤ- ਸਾਵਣ ਤੇ ਭਾਦੋਂ, ਸਰਦ ਰੁੱਤ-ਅੱਸੂ ਤੇ ਕੱਤਕ, ਹਿਮਕਰ ਰੁੱਤ-ਮੱਘਰ ਤੇ ਪੋਹ, ਸਿਸਿਅਰ/ਸ਼ਿਸ਼ਰ/ਪਤਝੜ ਰੁੱਤ-ਮਾਘ ਤੇ ਫੱਗਣ) ਦਾ ਲੁਤਫ਼ ਲੈਂਦੇ ਹਾਂ | ਇਨ੍ਹਾਂ ਵਿਚੋਂ ਪਾਵਸ ਰੁੱਤ ਕੁਦਰਤ ਨੂੰ ਨਵ੍ਹਾਉਣ ਦੀ ਜ਼ਿੰਮੇਵਾਰੀ ਓਟਦੀ ਹੈ | ਚੌਮਾਸੇ ਵਿਚ ਸਾਵਣ ਜਵਾਨ ਹੁੰਦਾ ਹੈ ਤੇ ਜਵਾਨੀ ਮਸਤਾਨੀ ਹੁੰਦੀ ਹੈ, ਬਾਦਸ਼ਾਹੀਆਂ ਲੋਚਦੀ ਹੈ | ਸਾਵਣ ਚੌਮਾਸੇ ਦਾ 'ਰਾਜਾ ਮਹੀਨਾ' ਬਣ ਜਾਂਦਾ ਹੈ ਕਿਉਂਕਿ ਹਾੜ੍ਹ ਤਾਂ ਸਾਵਣ ਦਾ ਮਾਰਗ ਦਰਸ਼ਨ ਕਰ ਕੇ ਚਲਾ ਜਾਂਦਾ ਹੈ ਤੇ ਸਾਵਣ ਜਿਹੜੀ ਕਸਰ ਛੱਡਦਾ ਹੈ, ਉਹ ਭਾਦੋਂ ਤੇ ਅੱਸੂ ਪੂਰੀ ਕਰਦੇ ਹਨ | ਕਹਿਣ ਤੋਂ ਭਾਵ ਹੈ ਚੌਮਾਸੇ ਦੀ ਅੱਸੀ ਪ੍ਰਤੀਸ਼ਤ ਬਾਰਿਸ਼ ਸਾਵਣ ਵਿਚ ਹੀ ਤਾਂ ਪੈਂਦੀ ਹੈ | ਪਿ੍ਥਵੀ-ਪੁੱਤਰ ਅਣਥੱਕ ਮਿਹਨਤ ਕਰਕੇ ਉਸ ਜਲ ਰਾਹੀਂ ਜੀਰੀ, ਜਵਾਰ, ਬਾਜਰਾ, ਮੂੰਗੀ, ਮੋਠ, ਮਾਂਹ, ਅੰਬ, ਜਾਮਣ, ਅਨਾਰ ਅਤੇ ਤਿਲ ਆਦਿ ਇਕ ਸੌ ਇਕ ਤਰ੍ਹਾਂ ਦਾ ਅੰਨ-ਧਨ ਪੈਦਾ ਕਰਦਾ ਹੈ | ਸਾਵਣ ਮਹੀਨੇ ਧਰਤੀ ਦੀ ਕੁੱਖ ਫਲਦੀ ਹੈ | ਆਪਣੇ ਖੇਤਾਂ ਵਿਚ ਹਰਿਆਲੀ ਵੇਖ ਕਿਸਾਨ ਖ਼ੁਸ਼ੀ ਨਾਲ ਝੂਮ ਉਠਦੇ ਹਨ | ਇਸ ਕਰਕੇ ਪੰਜਾਬੀਆਂ ਦਾ ਸਾਉਣ ਮਹੀਨੇ ਨਾਲ ਜ਼ਿਆਦਾ ਪਿਆਰ ਹੈ ਜੋ ਇਨ੍ਹਾਂ ਦੇ ਰਹਿਣ-ਸਹਿਣ, ਆਚਾਰ-ਵਿਵਹਾਰ, ਦਿਨ-ਤਿਉਹਾਰ, ਖਾਣ-ਪੀਣ, ਪਹਿਰਾਵੇ ਅਤੇ ਲੋਕ-ਸਾਹਿਤ ਵਿਚੋਂ ਪ੍ਰਤੱਖ ਝਲਕਦਾ ਹੈ | ਇਨ੍ਹਾਂ ਵਿਚਾਰਾਂ ਦੀ ਲੋਅ ਵਿਚ ਇਹ ਕਹਿਣਾ ਅਣਉਚਿਤ ਨਹੀਂ ਕਿ ਹਾੜ੍ਹ ਮਹੀਨੇ ਪਾਵਸ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਕਿਸਾਨ ਦਾ ਨਵਾਂ ਵਰ੍ਹਾ ਪਾਵਸ ਤੋਂ ਸ਼ੁਰੂ ਹੁੰਦਾ ਹੈ ਤੇ ਜੇਠ 'ਤੇ ਆ ਕੇ ਮੁੱਕਦਾ ਹੈ | ਇਸੇ ਆਧਾਰ 'ਤੇ ਸਾਡੇ ਕਿਸਾਨ ਸਾਲ ਵਿਚ ਦੋ ਪ੍ਰਕਾਰ ਦੀਆਂ ਯਾਨੀ ਹਾੜ੍ਹੀ (ਰਬੀ) ਤੇ ਸਾਉਣੀ (ਖਰੀਫ਼) ਫ਼ਸਲਾਂ ਪ੍ਰਾਪਤ ਕਰਦੇ ਹਨ | ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸੇ ਕਰਕੇ ਤਾਂ ਕਿਹਾ ਜਾਂਦਾ ਹੈ-ਅੱਧੇ ਹਾੜ੍ਹ ਤਾਂ ਰਾਮ ਵੈਰੀ ਦੇ ਵੀ ਵਰ੍ਹੇ |
ਛੇ ਰੁੱਤਾਂ ਵਿਚੋਂ ਬਸੰਤ ਵਾਂਗ ਵਰਖਾ ਵੀ ਸਾਡੇ ਵਾਤਾਵਰਨ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕਰਦੀ ਹੈ | ਵਰਖਾ ਰੁੱਤ ਗਰਮੀ ਤੋਂ ਅੱਕੇ, ਸੁੱਕੇ ਤੇ ਤੌਬਾ ਕਰ ਚੁੱਕੇ ਜਗਤ ਨੂੰ ਦੁਬਾਰਾ ਸ਼ਕਤੀ ਪ੍ਰਦਾਨ ਕਰਦੀ ਹੈ | ਅਰਥਾਤ ਗਰਮੀ ਵਿਚ ਮਨ ਦੀ ਗੁਆਚੀ ਹੋਈ ਸ਼ਾਂਤੀ, ਵਿਆਕੁਲਤਾ ਤੇ ਸਹਿਜਤਾ ਨੂੰ ਵਾਪਸ ਲਿਆਉਣ ਵਾਲੀ ਤੇ ਮੁੜ ਬਲ ਪ੍ਰਦਾਨ ਕਰਨ ਵਾਲੀ ਪਾਵਸ ਰੁੱਤ ਦੇ ਸਾਉਣ-ਭਾਦੋਂ ਮਹੀਨੇ ਸਭ ਦੇ ਮਨਾਂ ਨੂੰ ਮੋਹ ਲੈਂਦੇ ਹਨ | ਇਨ੍ਹਾਂ ਦੋ ਮਹੀਨਿਆਂ ਵਿਚ ਹੋਣ ਵਾਲੀ ਵਰਖਾ ਜੀਵ-ਜਗਤ ਲਈ ਬੜੀ ਸ਼ੁੱਭ ਮੰਨੀ ਜਾਂਦੀ ਹੈ | ਚੌਪਾਸੀਂ ਜਲ-ਥਲ ਇਕ ਹੋ ਜਾਂਦਾ ਹੈ | ਗੁਰਵਾਕ ਹੈ :
ਰੁਤਿ ਬਰਸੁ ਸੁਹੇਲੀਆ
ਸਾਵਣ ਭਾਦਵੇ ਆਨੰਦ ਜੀਉ¨
(ਰਾਮਕਲੀ ਰੁਤੀ ਮ: ਪ)
ਸਾਉਣ-ਭਾਦੋਂ ਵਿਚ ਪੈਦਾ ਹੋਣ ਵਾਲੀ ਸਰੀਰ ਦੀ ਵਿਸਮਾਦੀ ਹਾਲਤ ਨੂੰ ਭਗਤ ਬੇਣੀ ਜੀ ਨੇ ਇਉਂ ਬਿਆਨਿਆ ਹੈ :
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ¨
ਗੁਰਬਾਣੀ ਵਿਚ ਸਾਵਣ ਦੇ ਮੀਂਹ ਦੇ ਅਨੰਦ ਨੂੰ ਸੱਜਣ ਦੇ ਮਿਲਾਪ ਤੋਂ ਮਿਲਦੇ ਅਨੰਦ ਨਾਲ ਤੁਲਨਾ ਦਿੱਤੀ ਗਈ ਹੈ :
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ¨
ਸਾਡੇ ਇਥੇ ਮੌਨਸੂਨੀ ਬੱਦਲਾਂ ਰਾਹੀਂ ਪੈਣ ਵਾਲੇ ਮੀਂਹ ਦੇ ਚਾਰ ਮਹੀਨੇ ਹੁੰਦੇ ਹਨ; ਹਾੜ੍ਹ, ਸਾਵਣ, ਭਾਦੋਂ ਤੇ ਅੱਸੂ | ਇਨ੍ਹਾਂ ਚਹੁੰਆਂ ਮਹੀਨਿਆਂ ਦੇ ਸਮੁੱਚ ਨੂੰ 'ਚੁਮਾਸਾ' ਕਿਹਾ ਜਾਂਦਾ ਹੈ |
ਕੜਕਵੀਂ ਧੁੱਪ ਤੋਂ ਬਾਅਦ ਹਰ ਬੱਚਾ, ਜਵਾਨ, ਬੁੱਢਾ ਸਾਵਣ ਮਹੀਨੇ ਦੇ ਆਰੰਭ ਲਈ ਤਰਸਦਾ ਹੈ | ਬੱਚਿਆਂ ਨੂੰ ਇਸ ਮਹੀਨੇ ਵਿਚਲਾ ਮੌਸਮ ਬੜਾ ਪਿਆਰਾ ਲਗਦਾ ਹੈ ਜਦੋਂ ਉਹ ਨਿਸ਼ੰਗ ਹੋ ਕੇ ਸੜਕਾਂ 'ਤੇ ਨੱਚਦੇ-ਟੱਪਦੇ ਫਿਰਦੇ ਰਹਿੰਦੇ ਹਨ ਤੇ ਘਰ ਵਾਲੇ ਵੀ ਉਨ੍ਹਾਂ ਨੂੰ ਨਹੀਂ ਰੋਕਦੇ | ਉਹ ਮੀਂਹ ਦੇ ਪਾਣੀ ਵਿਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤਰਾਉਂਦੇ ਹਨ | ਬੱਚਿਆਂ ਵਾਂਗ ਪੰਛੀਆਂ ਦੀ ਚੀਂ-ਚੀਂ ਵੀ ਆਕਾਸ਼ ਵਿਚ ਗੂੰਜਣ ਲਗਦੀ ਹੈ | ਪਿੰਡਾਂ ਵਿਚ ਨਿੰਮ, ਕਿੱਕਰ, ਟਾਹਲੀ ਤੇ ਪਿੱਪਲ ਉਤੇ ਪੰਛੀ ਆਪਸ ਵਿਚ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ | ਪੈਲਾਂ ਪਾਉਂਦੇ ਮੋਰ ਤੇ ਅੰਬਾਂ ਦੇ ਦਰੱਖਤਾਂ 'ਤੇ ਖੁਸ਼ੀ ਵਿਚ ਕੂਕਦੀਆਂ ਕੋਇਲਾਂ ਮੀਂਹ ਆਉਣ ਦਾ ਸੰਦੇਸ਼ ਦਿੰਦੀਆਂ ਹਨ | ਤਿਤਲੀਆਂ, ਭੰਵਰੇ ਖੁਸ਼ੀ ਵਿਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ | ਕਿਸੇ ਸਮੇਂ ਇਨ੍ਹਾਂ ਦਿਨਾਂ ਵਿਚ ਛੱਪੜਾਂ ਵਿਚ ਸੋਹਣੇ ਨੀਲ ਕਮਲ, ਸਫ਼ੈਦ ਕਮਲ, ਲਾਲ ਅਤੇ ਗੁਲਾਬੀ ਕਮਲ ਖਿੜੇ ਨਜ਼ਰ ਆਉਂਦੇ ਸਨ |
ਸਾਵਣ ਮਹੀਨੇ ਦੇ ਪਹਿਲੇ ਮੀਂਹ 'ਤੇ ਹੀ ਲੋਹੇ ਦੀ ਕੜਾਹੀ ਵਿਚ ਸੁਆਦੀ ਪਕਵਾਨ ਘਰਾਂ ਵਿਚ ਪੱਕਣੇ ਸ਼ੁਰੂ ਹੋ ਜਾਂਦੇ ਹਨ ਤੇ ਚਾਰੇ-ਪਾਸੇ ਮਹਿਕ ਫੈਲ ਜਾਂਦੀ ਹੈ | ਖੀਰ, ਮਾਲ੍ਹ-ਪੂੜੇ, ਗੁਲਗਲੇ, ਪਕੌੜੇ ਤਾਂ ਇਸ ਮੌਸਮ ਦੇ ਸ੍ਰੇਸ਼ਟ ਉਪਹਾਰ ਹਨ | ਸਾਵਣ ਮਹੀਨੇ ਦੀ ਮਹੱਤਤਾ ਬਾਰਸ਼ ਰਾਹੀਂ ਆਨੰਦ ਦੇਣ ਦੇ ਨਾਲ-ਨਾਲ ਉਪਜ ਵਿਚ ਵਾਧਾ ਕਰਨ, 'ਤੀਆਂ, ਰੱਖੜੀ, ਜਨਮ ਅਸ਼ਟਮੀ, ਗੁੱਗਾ ਨੌਮੀ/ਨਾਗ-ਪੰਚਮੀ ਦਾ ਤਿਉਹਾਰ' ਲੈ ਕੇ ਆਉਣ ਕਰਕੇ ਹੋਰ ਵੀ ਵਧ ਜਾਂਦੀ ਹੈ | ਨਦੀ, ਨਾਲੇ, ਰਜਬਾਹੇ ਕਿਨਾਰਿਆਂ ਤੋਂ ਬਾਹਰ ਹੋ ਜਾਂਦੇ ਹਨ | ਧਰਤੀ 'ਤੇ ਸਭ ਪਾਸੇ ਹਰਿਆਵਲ ਛਾ ਜਾਂਦੀ ਹੈ | ਮਹਿੰਦੀ ਤੇ ਰਾਤ ਦੀ ਰਾਣੀ ਮਹਿਕਾਂ ਬਖੇਰਦੀ ਹੈ |
ਸਾਉਣ ਮਹੀਨੇ ਦੇ ਜਦੋਂ ਪੰਦਰਾਂ ਦਿਨ ਲੰਘ ਜਾਂਦੇ ਹਨ ਭਾਵ ਮੱਸਿਆ ਟੱਪ ਜਾਂਦੀ ਹੈ ਤਾਂ ਅਗਲੀ ਰਾਤ ਚਾਨਣ ਪੱਖ ਵਾਲੀ ਏਕਮ ਦੀ ਰਾਤ ਹੁੰਦੀ ਹੈ | ਇਸ ਤਿਉਹਾਰ ਦਾ ਕੇਂਦਰ ਚੰਦਰਮਾ ਹੁੰਦਾ ਹੈ | ਦੂਜ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ | ਵਧਦੇ ਚੰਨ ਦੇ ਤੀਜੇ ਦਿਨ ਅਰਥਾਤ ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ ਤੇ ਲਗਪਗ ਤੇਰਾਂ ਦਿਨ ਚਲਦੀਆਂ ਹਨ | ਤੀਜ ਇਕੱਲੀ ਨਹੀਂ ਆਉਂਦੀ, ਆਪਣੇ ਨਾਲ ਸਰਦ ਤੇ ਪਤਝੜ ਰੁੱਤ ਵਿਚ ਮਨਾਏ ਜਾਣ ਵਾਲੇ ਤਿਉਹਾਰਾਂ ਦੀ ਪਟਾਰੀ ਭਰ ਕੇ ਲਿਆਉਂਦੀ ਹੈ | ਇਸੇ ਲਈ ਕਿਹਾ ਜਾਂਦਾ ਹੈ 'ਆਈ ਤੀਜ ਤੇ ਬਖੇਰ ਗਈ ਬੀਜ' | ਮੌਨਸੂਨ ਰੁੱਤ ਵਿਚ ਦਿਸਣ ਵਾਲੇ ਇਕ ਕੀੜੇ ਯਾਨੀ ਚੀਚ ਵਹੁਟੀ ਦਾ ਨਾਂਅ 'ਤੀਜ' ਵੀ ਹੈ | ਭਾਰਤ ਦੇ ਕੁਝ ਹਿੱਸਿਆਂ ਵਿਚ ਇਸ ਤੀਜ ਨੂੰ ਚਾਰੇ ਪਾਸੇ ਹਰਿਆਵਲ ਹੋਣ ਕਾਰਨ 'ਹਰਿਆਲੀ ਤੀਜ' ਵੀ ਕਿਹਾ ਜਾਂਦਾ ਹੈ |
ਬਹੁਵਚਨ ਦੇ ਰੂਪ ਵਿਚ ਵਰਤੇ ਜਾਣ ਵਾਲੇ ਪੰਜਾਬੀ ਸ਼ਬਦ 'ਤੀਆਂ' ਦਾ ਅਰਥ ਹੈ 'ਇਸਤ੍ਰੀ' | ਸ਼ਾਇਦ ਇਸੇ ਕਰਕੇ ਇਹ ਤਿਉਹਾਰ ਮੁਟਿਆਰਾਂ ਲਈ ਖ਼ਾਸ ਖੁਸ਼ੀਆਂ ਤੇ ਉਮਾਹ ਲੈ ਕੇ ਆਉਂਦਾ ਹੈ | ਪੂਰਬੀ ਪੰਜਾਬ ਵਿਚ ਇਸ ਤਿਉਹਾਰ ਨੂੰ 'ਤੀਆਂ' ਅਤੇ ਪੱਛਮੀ ਪੰਜਾਬ ਵਿਚ 'ਸਾਵੇਂ' ਕਿਹਾ ਜਾਂਦਾ ਹੈ | ਮੁਹੰਮਦ ਅਜ਼ੀਮ ਦੁਆਰਾ ਰਚੇ ਬਾਰਾਂਮਾਹ ਵਿਚ ਵੀ ਇਸ ਦਾ ਜ਼ਿਕਰ ਆਉਂਦਾ ਹੈ:
ਆਏ ਸਾਵੇਂ ਸਬਜ਼ ਬਹਾਰਾਂ,
ਸਈਆਂ ਖੇਡਣ ਨਾਲ ਭਤਾਰਾਂ |
ਲੈ ਅੰਗ ਲਾਵਣ ਹਾਰ ਸੀਂਗਾਰਾਂ,
ਕੂਚੇ, ਗਲੀ ਮਹਲ ਬਜ਼ਾਰਾਂ |
ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ 'ਰੱਖੜੀ ' ਤਕ ਚਲਦਾ ਹੈ | ਭੈਣਾਂ, ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਤੋਂ ਬਾਅਦ ਮਾਪਿਆਂ ਘਰੋਂ ਵਿਦਾ ਲੈਂਦੀਆਂ ਹਨ | ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤਾਂ 'ਧੀਆਂ ਜੰਮੀਆਂ, ਤੀਆਂ ਆਰੰਭੀਆਂ' ਤੇ 'ਜਿਸ ਘਰ ਧੀਆਂ ਉਸ ਘਰ ਤੀਜਾਂ' ਵਿਚੋਂ ਸਪਸ਼ਟ ਨਜ਼ਰ ਆਉਂਦੀ ਹੈ | ਮੌਸਮ ਦੀ ਖ਼ੂਬਸੂਰਤੀ ਸਾਉਣ ਦਾ ਰੂਪ ਧਾਰ ਕੇ ਕੁੜੀਆਂ-ਚਿੜੀਆਂ ਦਾ ਸੰਗ ਮਾਨਣ ਲਈ ਉਨ੍ਹਾਂ ਨੂੰ ਸੈਨਤਾਂ ਮਾਰਦੀ ਤਾਂ ਤੀਜ ਵਾਲੇ ਦਿਨ ਦੁਪਹਿਰ ਢਲਦਿਆਂ ਹੀ ਬਿਨਾਂ ਕਿਸੇ ਜਾਤੀ ਭੇਦ-ਭਾਵ ਦੇ ਕਵਾਰੀਆਂ-ਵਿਆਹੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਜੋ ਕਿਸੇ ਰੁੱਖ 'ਤੇ ਪੀਂਘ ਪਾ ਸਕਣ, ਤੀਆਂ ਦੇ ਗੀਤ ਗਾ ਸਕਣ ਤੇ ਫਿਰ ਨੱਚ-ਟੱਪ ਸਕਣ | ਗਹਿਣਿਆਂ ਨਾਲ ਲੱਦੀਆਂ, ਰੰਗ-ਬਰੰਗੇ ਬਾਗ ਲਈ ਸਜੀਆਂ-ਫਬੀਆਂ ਸਾਵਣ ਦੇ ਬਾਰਾਂਮਾਹੇ ਗਾਉਂਦੀਆਂ ਜੋ ਹਾੜ੍ਹ ਮਹੀਨੇ ਦੇ ਕੁਦਰਤੀ ਚਿਤ੍ਰਨ ਤੋਂ ਸ਼ੁਰੂ ਹੁੰਦੇ | ਕੁਝ ਪੌਰਾਣਿਕ ਕਿੱਸਿਆਂ ਤੇ ਕਥਾਵਾਂ 'ਤੇ ਆਧਾਰਿਤ ਹੁੰਦੇ |
ਸਾਉਣ ਮਹੀਨਾ ਮੀਂਹ ਪਿਆ ਪੈਂਦਾ,
ਤੀਆਂ ਲੱਗੀਆਂ ਵਿਹੜੇ ਵਿਚ ਵੇ... |
ਵਰਖਾ ਰੁੱਤ ਕੁਦਰਤੀ ਨਿਆਮਤ ਹੈ | ਇਸ ਲਈ ਸਾਨੂੰ ਕੁਦਰਤ ਦਾ ਉਪਾਸਕ ਬਣਨ ਦੇ ਮਾਰਗ ਪੈਣਾ ਚਾਹੀਦਾ ਹੈ | ਇਸ ਰੁੱਤ ਵਿਚ ਵਣਮਹਾਂਉਤਸਵ ਮਨਾਉਣਾ ਪੁੰਨ ਦਾ ਕੰਮ ਹੈ | ਸਦੀਆਂ ਤੋਂ ਜਾਰੀ ਦੇਸੀ ਰੁੱਖ ਲਾਉਣ ਤੇ ਉਨ੍ਹਾਂ ਬਾਰੇ ਸਮਝ ਰੱਖਣ, ਆਬ-ਓ-ਹਵਾ ਨੂੰ ਸ਼ੁੱਧ ਰੱਖਣ ਤੇ ਛਾਂਦਾਰ ਪੌਦਿਆਂ ਦੀ ਪਿ੍ਤਪਾਲਣਾ ਕਰਨ ਦੀ ਇਹ ਪਰੰਪਰਾ ਜਾਰੀ ਰਹਿਣੀ ਚਾਹੀਦੀ ਹੈ | ਅਸੀਂ ਵਿਕਾਸ ਦੀ ਅੰਨ੍ਹੀ ਦੌੜ ਵਿਚ ਕੁਦਰਤ ਦੇ ਮਗਰ ਪੈ ਕੇ ਰਵਾਇਤੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਜਾ ਰਹੇ ਹਾਂ | ਇਸੇ ਕਰਕੇ ਅੱਜ ਪਾਵਸ ਯਾਨੀ ਮੀਂਹ ਦੇ ਦੇਵਤੇ ਦੇ ਵਾਹਨ ਵਜੋਂ ਬੱਦਲਾਂ ਦਾ ਗਣਿਤ ਉਲਟ-ਪੁਲਟ ਮਿਜਾਜ਼ ਗ਼ੈਰ-ਯਕੀਨੀ, ਚਿੜਚਿੜਾ ਤੇ ਨੀਰਸ ਹੋਣ ਲੱਗ ਪਿਆ ਹੈ | ਕਹਿਣ ਤੋਂ ਭਾਵ ਹੈ ਕੁਦਰਤ ਰੁੱਸਣ ਲੱਗ ਪਈ ਹੈ ਤੇ ਕ੍ਰੋਧਿਤ ਹੋ ਕੇ ਆਪਣਾ ਅਸਰ ਵੀ ਵਿਖਾਉਣ ਲੱਗ ਪਈ ਹੈ | ਇਸੇ ਕਰਕੇ ਕਿਤੇ ਕ੍ਰੋਧਿਤ ਬੱਦਲਾਂ ਦਾ ਡਰਾਉਣਾ ਰੂਪ ਵੇਖਦੇ ਹਾਂ, ਕਿਤੇ ਬੱਦਲਾਂ ਦੀ ਬਿਜਲੀ ਤੋਂ ਮਰਦੇ ਲੋਕ, ਕਿਤੇ ਹੜ੍ਹ ਅਤੇ ਕਿਤੇ ਸੋਕਾ | ਜੇ ਅਸੀਂ ਨਾ ਬਦਲੇ ਤਾਂ ਜਲਵਾਯੂ ਭਾਵ ਪੌਣ-ਪਾਣੀ ਵੀ ਹੁੰਦਾ ਰਹੇਗਾ ਅਤੇ ਅਸੀਂ ਆਪਣੇ ਸਾਹ ਲੈਣ ਲਈ ਜ਼ਰੂਰੀ ਸ਼ੁੱਧ ਹਵਾ ਵੀ ਖ਼ਤਮ ਕਰ ਲਵਾਂਗੇ | ਸ਼ੁੱਧ ਪਾਣੀ ਜੋ ਕਈ ਦ੍ਰਵਾਂ ਦਾ ਘੋਲ ਹੈ, ਅਸੀਂ ਲਗਪਗ ਖ਼ਤਮ ਕਰ ਲਿਆ ਹੈ | ਪਾਣੀ ਦੇ ਬਾਕੀ ਅਸਧਾਰਨ ਰੂਪ ਰਹਿ ਗਏ ਹਨ | ਪਾਣੀ ਦੀ ਮਹੱਤਤਾ ਤੋਂ ਜਾਣੂੰ ਸਾਡੇ ਬਜ਼ੁਰਗ ਕੁੰਡਾਂ, ਖੂਹਾਂ, ਤਲਾਬਾਂ, ਬਉਲੀਆਂ ਰਾਹੀਂ ਪਾਣੀ ਇਕੱਤਰ ਕਰਨ ਦਾ ਵਧੀਆ, ਸਟੀਕ ਤੇ ਸਰਵਕਾਲੀ ਹੱਲ ਜਾਣਦੇ ਸਨ | ਉਹ ਪਾਣੀ ਦੀ ਰੱਖਿਆ ਕਰਨੀ ਜਾਣਦੇ ਸਨ ਅਤੇ ਪਾਣੀ ਦਾਨ ਕਰਨ ਦੀ ਮਹੱਤਤਾ ਤੋਂ ਵੀ ਜਾਣੂ ਸਨ | ਜਲ-ਵਿੱਦਿਆ ਦੇ ਬਲਬੂਤੇ ਹੀ ਤਾਂ ਉਨ੍ਹਾਂ ਨੇ ਖੇਤੀਬਾੜੀ ਸੱਭਿਅਤਾ ਦਾ ਵਿਕਾਸ ਕੀਤਾ ਸੀ ਤੇ ਧਰਤੀ ਦੇ ਜੀਵਨਦਾਤਾ ਗੁਣਾਂ ਨੂੰ ਵੀ ਨਹੀਂ ਸੀ ਮਰਨ ਦਿੱਤਾ | ਪਰੰਤੂ ਅਸੀਂ ਆਧੁਨਿਕਤਾ ਦੇ ਨਾਂ 'ਤੇ ਰਵਾਇਤੀ ਜਲ-ਸ੍ਰੋਤਾਂ ਤੇ ਜਲ-ਭੰਡਾਰਾਂ ਨੂੰ ਖ਼ਤਮ ਕਰ ਦਿੱਤਾ ਹੈ | ਬਰਸਾਤੀ ਪਾਣੀ ਇਕੱਠਾ ਕਰਕੇ ਉਸਦਾ ਸਦਉਪਯੋਗ ਕਰਨ ਦੇ ਤਰੀਕਿਆਂ ਵੱਲ ਅਸੀਂ ਤਵੱਜੋ ਨਹੀਂ ਦੇ ਰਹੇ | ਭਾਰਤ ਵਿਚੋਂ ਪੰਜਾਬ ਵਿਚ ਸਿਰਫ਼ ਸਾਢੇ ਤਿੰਨ ਪ੍ਰਤੀਸ਼ਤ ਜੰਗਲੀ ਖੇਤਰ ਰਹਿ ਗਿਆ ਹੈ | ਯਾਨੀ ਜੰਗਲ ਵੀ ਅਸੀਂ ਲਗਪਗ ਖਤਮ ਕਰ ਦਿੱਤੇ ਹਨ | ਮੇਰੇ ਪੰਜਾਬੀ ਭੈਣ-ਭਰਾਓ ਸੰਭਲੋ, ਸੰਭਲਣ ਦਾ ਸਮਾਂ ਹੈ | ਆਉ! ਕੁਦਰਤ ਵਿਰੋਧੀ ਵਿਕਾਸਵਾਦੀ ਬਾਜ਼ਾਰੂ ਅਰਥ-ਵਿਵਸਥਾ ਦੇ ਅੱਖਾਂ ਮੀਚ ਕੇ ਮਗਰ ਲੱਗਣ ਦੀ ਥਾਂ ਅੰਨ-ਜਲ ਦੇਣ, ਆਪਸੀ ਮੇਲ-ਮਿਲਾਪ ਵਧਾਉਣ ਤੇ ਜੀਵਨ-ਰੌਾਅ ਬਖ਼ਸ਼ਣ ਕਰਨ ਵਾਲੇ ਕੁਦਰਤੀ ਤੋਹਫਿਆਂ ਦੀ ਸਾਂਭ-ਸੰਭਾਲ ਤੇ ਰਖਵਾਲੀ ਕਰਨ ਦਾ ਰਾਹ ਫੜੀਏ | ਭਾਵ ਕੁਦਰਤ ਪ੍ਰੇਮੀ ਬਣੀਏ ਅਤੇ ਆਪਣੇ ਜੀਵਨ ਦੀ ਡੋਰ ਨੂੰ ਬਾਜ਼ਾਰ ਦੇ ਹੱਥਾਂ ਵਿਚ ਨਾ ਸੌਾਪਣ ਦਾ ਪ੍ਰਣ ਕਰੀਏ |

-ਮੋਬਾਈਲ : 85678-86223.

ਥਾਈਲੈਂਡ ਦਾ ਗਹਿਣਾ-2 : ਬਿੱਗ ਬੁੱਧਾ ਫ਼ੁਕੇਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
8. ਧਾਰਮਿਕ ਕਿਤਾਬਾਂ : ਬਹੁਤ ਹੀ ਚੰਗੇ ਗਿਆਨ, ਜ਼ਿੰਦਗੀ ਵਿਚ ਅਨੁਸ਼ਾਸਨ ਰੱਖ ਕੇ ਅੱਗੇ ਵਧਣ ਨਾਲ ਸਬੰਧਿਤ ਕਿਤਾਬਾਂ ਰੱਖੀਆਂ ਗਈਆਂ ਹਨ |
ਥਾਈਲੈਂਡ ਦੇ ਲੋਕ ਆਪਣੇ ਰਾਜਿਆਂ, ਪੁਰਖਾਂ ਦੇ ਪ੍ਰਤੀ ਬਹੁਤ ਪਿਆਰ ਅਤੇ ਆਦਰ ਰੱਖਦੇ ਹਨ | ਇਸ ਗੱਲ ਦਾ ਸਬੂਤ ਇਸ ਤੋਂ ਵੀ ਮਿਲਦਾ ਹੈ ਕਿ ਬਿੱਗ ਬੁੱਧਾ ਕੰਪਲੈਕਸ ਵਿਚ ਰਾਜਾ ਨਰੇਸਆਨ ਅਤੇ ਰਾਜਾ ਕੁਲਾਲੌਗਕੋਰਨ ਦਾ ਬੁੱਤ ਵੀ ਲਗਾਇਆ ਗਿਆ ਹੈ |
ਰਾਜਾ ਨਰੇਸਆਨ (1555-1605) : ਇਸ ਨੇ ਸਿਆਮ (ਥਾਈਲੈਂਡ ਦੇ ਪਹਿਲੇ ਪ੍ਰਸ਼ਾਸਕੀ ਖੇਤਰ) ਨੂੰ ਬਰਮੀਆਂ ਤੋਂ ਆਜ਼ਾਦੀ ਦਿਲਵਾਈ ਸੀ | ਇਸ ਦੇ ਬੁੱਤ ਪੂਰੇ ਦੇਸ਼ ਵਿਚ ਥਾਂ-ਥਾਂ 'ਤੇ ਬਣੇ ਹਨ |
ਰਾਜਾ ਕੁਲਾਲੌਗਕੋਰਨ (1853-1910) : ਜਿਸ ਨੂੰ 'ਪਰਾ ਪੀਆ ਮਾਹਾਰਤ' ਭਾਵ ਬਹੁਤ ਪਿਆਰਾ ਰਾਜਾ ਕਿਹਾ ਜਾਂਦਾ ਹੈ | ਇਸ ਨੇ ਆਧੁਨਿਕੀਕਰਨ, ਗ਼ੁਲਾਮੀ ਖ਼ਤਮ ਕਰਨ ਤੇ ਧਾਰਮਿਕ ਹੱਕਾਂ ਦੀ ਆਜ਼ਾਦੀ ਦਿਵਾਉਣ ਵਰਗੇ ਕੰਮ ਕੀਤੇ | ਇਸ ਰਾਜੇ ਨੇ ਮਹਾਤਮਾ ਬੁੱਧ ਦੀਆਂ ਨਿਸ਼ਾਨੀਆਂ ਅੰਗਰੇਜ਼ੀ ਭਾਰਤ ਤੋਂ ਲਈਆਂ ਸਨ | ਥਾਈ ਲੋਕਾਂ ਦਾ ਮਹਾਤਮਾ ਬੁੱਧ ਵਿਚ ਬਹੁਤ ਗੂੜ੍ਹਾ ਵਿਸ਼ਵਾਸ ਹੈ ਤੇ ਉਨ੍ਹਾਂ ਅਨੁਸਾਰ ਬੁੱਧਾ ਪੂਜਾ ਉਨ੍ਹਾਂ ਦੀ ਹਰ ਖ਼ਾਹਿਸ਼ ਨੂੰ ਪੂਰਾ ਕਰ ਸਕਦੀ ਹੈ | ਪਿੱਪਲ ਪੱਤੀਆਂ ਉੱਪਰ ਆਪਣੀ ਤਮੰਨਾ ਲਿਖ ਕੇ ਲੋਕ ਇਕ ਦਰੱਖਤ 'ਤੇ ਬੰਨ੍ਹ ਦਿੰਦੇ ਹਨ ਅਤੇ ਵਿਸ਼ਵਾਸ ਰੱਖਦੇ ਹਨ ਕਿ ਇਹ ਤਮੰਨਾ ਪੂਰੀ ਹੋਵੇਗੀ |
ਇਕੱਲੇ ਬਿੱਗ ਬੁੱਧਾ ਨੂੰ ਹੀ ਨਹੀਂ, ਆਲੇ-ਦੁਆਲੇ ਨੂੰ ਵੀ ਹਰਾ ਭਰਾ, ਸ਼ਾਂਤੀ ਪੂਰਬਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਬੁੱਧ ਦੇ ਭਗਤਾਂ ਲਈ ਤਾਂ ਇਹ ਅਲੌਕਿਕ ਸ਼ਾਂਤੀ ਦਾ ਕੇਂਦਰ ਹੈ ਹੀ, ਆਮ ਇਨਸਾਨਾਂ ਨੂੰ ਵੀ ਇਥੇ ਆ ਕੇ ਇਕ ਅਲੱਗ ਜਿਹਾ ਸਕੂਨ ਮਿਲਦਾ ਹੈ | ਇਥੋਂ ਵਾਪਿਸ ਜਾਂਦੇ ਹੋਏ ਵੀ ਵਾਰ-ਵਾਰ ਬੁੱਧਾ ਬੁੱਤ ਵੱਲ ਮੁੜ-ਮੁੜ ਕੇ ਵੇਖਣ ਨੂੰ ਜੀਅ ਕਰਦਾ ਹੈ ਤਾਂ ਕਿ ਬੁੱਧਾ ਦੇ ਬੁੱਤ ਦਾ ਸ਼ਾਂਤ ਤੇ ਰਹੱਸਮਈ ਚਿਹਰਾ ਸਦਾ ਲਈ ਅੱਖਾਂ ਵਿਚ ਵਸਾ ਕੇ ਇਸ ਪਵਿੱਤਰ ਜਗ੍ਹਾ ਨੂੰ ਅਲਵਿਦਾ ਆਖੀਏ | (ਸਮਾਪਤ)

-gurjot@ajitjalandhar.com

ਚੰਦਰਯਾਨ-2 ਕੱਲ੍ਹ ਮਾਰੇਗਾ ਉਡਾਰੀ

ਖ਼ਬਰ ਹੈ ਕਿ ਅਮਰੀਕਾ, ਰੂਸ ਤੇ ਚੀਨ ਪਿੱਛੋਂ ਭਾਰਤ ਨੂੰ ਚੰਨ ਉਤੇ ਆਪਣਾ ਲੈਂਡਰ ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਬਣਾਉਣ ਲਈ ਭਾਰਤੀ ਪੁਲਾੜ ਸੰਸਥਾ ਇਸਰੋ ਦਾ ਚੰਦਰਯਾਨ-2 ਕੱਲ੍ਹ 15 ਜੁਲਾਈ ਸਵੇਰੇ 2 ਵੱਜ ਕੇ 51 ਮਿੰਟ ਉਤੇ ਉਡਾਰੀ ਮਾਰੇਗਾ | 10-11 ਵਰ੍ਹੇ ਪਤਾ ਹੀ ਨਹੀਂ ਕਿਵੇਂ ਲੰਘ ਗਏ | ਅਕਤੂਬਰ 2008 ਵਿਚ ਇਸਰੋ ਨੇ ਚੰਦਰਯਾਨ-1 ਲਾਂਚ ਕੀਤਾ ਸੀ, ਜਿਸ ਨੇ ਚੰਨ ਦੀ ਪਰਿਕਰਮਾ ਕੀਤੀ ਤੇ ਦੁਨੀਆ ਨੂੰ ਪੱਕੀ ਖ਼ਬਰ ਦਿੱਤੀ ਕਿ ਚੰਨ ਉਤੇ ਬਰਫ਼ ਦੇ ਰੂਪ ਵਿਚ ਕਾਫ਼ੀ ਪਾਣੀ ਹੈ | ਪੰਡਿਤ ਜਵਾਹਰ ਲਾਲ ਨਹਿਰੂ ਦੀ ਦੂਰ ਦਿ੍ਸ਼ਟੀ ਨੇ ਇਸਰੋ ਤੇ ਵਿਕਰਮ ਸਾਰਾਭਾਈ ਵਰਗਿਆਂ ਨੂੰ ਵੱਡੀਆਂ ਪ੍ਰਾਪਤੀਆਂ ਲਈ ਉਤਸ਼ਾਹਿਤ ਕੀਤਾ | ਨਹਿਰੂ ਦੇ ਜਨਮ ਦਿਨ 14 ਨਵੰਬਰ, 2008 ਨੂੰ ਚੰਦਰਯਾਨ-1 ਨੇ ਚੰਨ ਉਤੇ ਮੂਨਇੰਪੈਕਟ ਪਰੋਬ ਨੂੰ ਟੱਕਰ ਮਾਰ ਕੇ ਚੰਨ ਉਤੇ ਤਿਰੰਗਾ ਗੱਡਣ ਲਈ ਸੁੱਟਿਆ | ਚੰਨ ਦੇ ਦੱਖਣੀ ਧਰੁਵ ਦੇ ਸ਼ੈਕਲਟਨ ਕਰੇਟਰ ਨੇੜੇ ਜਵਾਹਰ ਪੁਆਇੰਟ ਉਤੇ ਤਿਰੰਗਾ ਗੱਡਿਆ ਇਸ ਪਰੋਬ ਨੇ | ਅਗਸਤ 2009 ਤੱਕ ਸਰਗਰਮ ਰਿਹਾ ਇਹ ਮਿਸ਼ਨ ਅਤੇ ਹੁਣ ਜਾ ਰਿਹਾ ਹੈ ਚੰਦਰਯਾਨ-2 ਚੰਨ ਉਤੇ ਇਸਰੋ ਦਾ ਲੈਂਡਰ ਅਤੇ ਰੋਵਰ ਉਤਾਰਨ ਲਈ |
ਚੰਦਰਯਾਨ-1 ਤੋਂ ਚੰਦਰਯਾਨ-2 ਕਈ ਗੱਲਾਂ ਕਰਕੇ ਵੱਖਰਾ ਹੈ | ਪਹਿਲੀ ਵੱਡੀ ਗੱਲ ਤਾਂ ਇਹ ਹੈ ਕਿ ਚੰਦਰਯਾਨ-1 ਚੰਨ ਉਤੇ ਉਤਰਿਆ ਨਹੀਂ ਸੀ | ਚੰਨ ਤੋਂ ਇਕ ਸੌ ਕਿਲੋਮੀਟਰ ਦੂਰ ਰਹਿ ਕੇ ਉਸ ਦੀ ਪਰਿਕਰਮਾ ਕਰਦੇ ਹੋਏ ਆਪਣਾ ਕੰਮ ਕਰਦਾ ਰਿਹਾ | ਦੂਰੋਂ ਤੁਰਿਆ-ਫਿਰਦਾ ਤਸਵੀਰਾਂ ਲੈਂਦਾ ਰਿਹਾ | ਦੂਰੋਂ ਹੀ ਉਸ ਵੱਲ ਪਰੋਬ ਸੁੱਟੀ ਜਿਸ ਨੇ ਚੰਨ ਨਾਲ ਟੱਕਰ ਮਾਰ ਕੇ ਉਸ ਉੱਤੇ ਤਿਰੰਗਾ ਗੱਡਿਆ | ਚੰਦਰਯਾਨ-2 ਦਾ ਉਦੇਸ਼ ਚੰਨ ਉਤੇ ਬੜੇ ਸਹਿਜ ਆਰਾਮ ਨਾਲ ਨਾਜ਼ੁਕ ਵਿਗਿਆਨਕ ਕੈਮਰੇ ਤੇ ਹੋਰ ਸਾਜ਼ੋ-ਸਾਮਾਨ ਲੈ ਕੇ ਉਤਰਨਾ ਹੈ, ਤਾਂ ਜੋ ਕੁਝ ਵੀ ਟੁੱਟੇ, ਭੁਰੇ ਜਾਂ ਖਰਾਬ ਨਾ ਹੋਵੇ | ਲੈਂਡਰ ਦੇ ਅੰਦਰੋਂ ਟਪੂਸੀ ਮਾਰ ਕੇ ਕੁਝ ਦੇਰ ਪਿਛੋਂ ਰੋਵਰ ਨਿਕਲੇਗਾ ਜੋ ਇਕ ਸੈਂਟੀਮੀਟਰ ਪ੍ਰਤੀ ਸਕਿੰਟ ਦੀ ਸਪੀਡ ਉਤੇ ਭਾਵ ਕੀੜੀ ਵਾਂਗ ਚੰਨ ਉੱਤੇ, ਦੂਰ ਤੱਕ ਫਿਰ ਤੁਰ ਕੇ ਚੰਨ ਦੀ ਖ਼ਬਰ ਸਾਰ ਬਾਰੀਕੀ ਨਾਲ ਲਏਗਾ | ਦੂਸਰਾ ਨੁਕਤਾ ਹੈ ਇਸ ਦੀ ਅਤੇ ਇਸ ਨੂੰ ਲਾਂਚ ਕਰਨ ਵਾਲੇ ਰਾਕੇਟ ਦੀ ਤਕਨਾਲੋਜੀ, ਭਾਰ, ਵਿਗਿਆਨਕ ਉਪਕਰਨਾਂ ਤੇ ਉਦੇਸ਼ਾਂ ਦਾ | ਚੰਦਰਯਾਨ-1 ਭਾਂਤ-ਭਾਂਤ ਦੇ ਦੇਸੀ ਵਿਦੇਸ਼ੀ ਉਪਕਰਨਾਂ/ ਕੈਮਰਿਆਂ ਨਾਲ ਚੰਨ ਦਾ ਦੂਰੋਂ ਜਾਇਜ਼ਾ ਲੈਂਦਾ ਰਿਹਾ | ਇਸ ਦੇ ਮਿਨੀ ਸਾਰ ਨਾਂਅ ਦੇ ਰਾਡਾਰ ਨੇ ਚੰਨ ਦੇ ਕਰੇਟਰਾਂ ਵਿਚ ਜੰਮੀ ਹੋਈ ਬਰਫ਼ ਦੀ ਖ਼ਬਰ ਦਿੱਤੀ | ਚੰਨ ਦੀ ਮਿੱਟੀ, ਧਰਤੀ ਦੀ ਖਣਿਜੀ, ਰਸਾਇਣਿਕ ਬਣਤਰ ਦੱਸੀ | ਸਤ੍ਹਾ ਦੀਆਂ ਤਸਵੀਰਾਂ ਖਿੱਚੀਆਂ | ਨਕਸ਼ੇ ਬਣਾਏ, ਉਸ ਕੰਮ ਕਾਰ ਨੂੰ ਚੰਦਰਯਾਨ-2 ਦਾ ਆਰਬਾਈਟਰ ਅੱਗੇ ਤੋਰੀ ਜਾਵੇਗਾ | ਇਹ ਪਹਿਲੇ ਯਾਨ ਵਾਂਗ ਚੰਨ ਦੀ ਪਰਿਕਰਮਾ ਕਰਦੇ ਹੋਏ ਉਸ ਵਰਗਾ, ਉਸ ਤੋਂ ਕੁਝ ਵੱਖਰਾ ਕਾਰਜ ਕਰੀ ਜਾਵੇਗਾ | ਪਰ ਇਹ ਇਕ ਲੈਂਡਰ ਤੇ ਰੋਵਰ ਨੂੰ ਢੇਰ ਸਾਰੇ ਵਿਗਿਆਨਕ ਸੰਦਾਂ ਉਪਕਰਨਾਂ ਨਾਲ ਚੰਨ ਉਤੇ ਉਤਾਰ ਕੇ ਤਜਰਬੇ ਕਰਨ ਲਈ ਛੱਡ ਦੇਵੇਗਾ | ਹੋਰ ਮੁਲਕਾਂ ਨੇ ਚੰਨ ਦੀ ਭੂ-ਮੱਧ ਰੇਖਾ ਨੇੜੇ ਰੋਵਰ ਉਤਾਰੇ ਹਨ | ਅਸੀਂ ਪਹਿਲੀ ਵਾਰ ਚੰਨ ਦੇ ਦੱਖਣੀ ਧਰੁਵ ਨੇੜੇ ਰੋਵਰ ਉਤਾਰ ਕੇ ਉਸ ਦੇ ਇਕ ਨਵੇਂ ਖਿੱਤੇ ਦੀ ਛਾਣਬੀਣ ਕਰਾਂਗੇ |
ਚੰਦਰਯਾਨ-1 ਨੂੰ ਅਸੀਂ ਪੀ.ਐਸ.ਐਲ. ਵੀ. ਨਾਲ ਲਾਂਚ ਕੀਤਾ ਸੀ | ਹੁਣ ਅਸੀਂ ਜੀ.ਐਸ.ਐਲ.ਵੀ. (ਮਾਰਕ-3) ਇਸ ਕੰਮ ਲਈ ਵਰਤਾਂਗੇ | ਪਹਿਲੇ ਯਾਨ ਦਾ ਉਸ ਦੇ ਰਾਕਟ ਸਮੇਤ ਭਾਰ 1380 ਕਿਲੋ ਸੀ | ਨਵਾਂ ਯਾਨ 3290 ਕਿਲੋ ਭਾਰਾ ਹੈ | ਪਹਿਲੇ ਯਾਨ ਵਿਚ 5 ਵਿਗਿਆਨਕ ਉਪਕਰਨ ਇਸਰੋ ਦੇ ਆਪਣੇ ਸਨ ਤੇ 6 ਅਮਰੀਕਨ, ਯੂਰਪੀਅਨ ਤੇ ਬੁਲਗਾਰੀਅਨ ਪੁਲਾੜ ਏਜੰਸੀਆਂ ਦੇ ਸਨ | ਇਸ ਵਾਰ ਅਸੀਂ 13 ਪੇ-ਲੋਡ ਭਾਵ ਭਾਂਤ-ਭਾਂਤ ਦੇ ਵਿਗਿਆਨਕ ਉਪਕਰਨ ਤਿੰਨ ਥਾਵਾਂ ਉਤੇ ਵੰਡ ਕੇ ਕੰਮ ਕਰਨ ਲਈ ਲਿਜਾ ਰਹੇ ਹਾਂ | ਕੁਝ ਆਰਬਾਈਟਰ ਉਤੇ | ਕੁਝ ਲੈਂਡਰ ਉਤੇ | ਕੁਝ ਰੋਵਰ ਉਤੇ | ਚੰਦਰਯਾਨ ਤਾਂ ਅਸੀਂ 15 ਜੁਲਾਈ ਅੰਮਿ੍ਤ ਵੇਲੇ ਲਾਂਚ ਕਰ ਦੇਣਾ ਹੈ ਪਰ ਸਾਡਾ ਲੈਂਡਰ ਚੰਨ ਉਤੇ 6 ਜਾਂ 7 ਸਤੰਬਰ ਨੂੰ ਉਤਰੇਗਾ | ਚੰਦਰਯਾਨ-2 ਬਣਾਉਣ ਲਈ 603 ਕਰੋੜ ਰੁਪਏ ਲੱਗੇ ਹਨ ਅਤੇ ਇਸ ਨੂੰ ਲਾਂਚ ਕਰਨ ਵਾਲੇ ਰਾਕਟ ਜੀ.ਐਸ.ਐਲ.ਵੀ. ਉਤੇ 375 ਕਰੋੜ | ਪੀ.ਐਸ.ਐਲ.ਵੀ. ਦੇ ਮੁਕਾਬਲੇ ਸਾਡਾ ਨਵਾਂ ਰਾਕਟ ਜੀ.ਐਸ.ਐਲ.ਵੀ. ਦੈਂਤ ਆਕਾਰੀ ਹੈ ਅਤੇ ਵੱਡੇ-ਵੱਡੇ ਸੈਟੇਲਾਈਟ/ਯਾਨ ਪੁਲਾੜ ਵਿਚ ਦੂਰ ਤੱਕ ਉਛਾਲ ਸਕਦਾ ਹੈ | ਇਸ ਨੂੰ ਜੀਓ ਸਿੰਕਰੋਨਸ ਆਰਬਿਟ ਵਿਚ 36 ਹਜ਼ਾਰ ਕਿਲੋਮੀਟਰ ਉਚਾਈ ਉਤੇ ਵੱਡੇ ਸੰਚਾਰ ਗ੍ਰਹਿ ਸਥਾਪਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ |
ਚੰਦਰਯਾਨ-2 ਦੀ ਇਕ ਵਿਲੱਖਣਤਾ ਇਹ ਹੈ ਕਿ ਇਸ ਵਿਚ ਦੋ ਬੀਬੀਆਂ ਨੇ ਮਹੱਤਵਪੂਰਨ ਰੋਲ ਨਿਭਾਇਆ ਹੈ | ਇਹ ਹਨ ਪ੍ਰਾਜੈਕਟ ਡਾਇਰੈਕਟਰ ਐਮ. ਵਿਨੀਥਾ ਤੇ ਮਿਸ਼ਨ ਡਾਇਰੈਕਟਰ ਰੀਟੂ ਕਰੀਧਾਲ | ਪੰਜਾਬ ਦੀ ਹਾਜ਼ਰੀ ਲੁਆ ਰਿਹਾ ਹੈ ਸਰਦਾਰ ਮਹਿੰਦਰਪਾਲ ਸਿੰਘ ਜਿਸ ਨੇ ਚੰਦਰਯਾਨ-1 ਵਿਚ ਵੀ ਟੈਸਟਿੰਗ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ | ਉਸ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਚੰਦਰਯਾਨ-1 ਦੇ ਨੇੜਿਓਾ ਦਰਸ਼ਨ ਕਰਵਾਏ ਸਨ ਉਦੋਂ | ...ਖ਼ੈਰ, ਚੰਦਰਯਾਨ-2 ਦੇ ਰੋਵਰ ਤੇ ਲੈਂਡਰ ਚੰਨ ਦਾ ਪੂਰਾ ਇਕ ਦਿਨ ਇਸ ਦੀ ਜਾਂਚ ਪਰਖ ਕਰਨਗੇ | ਚੇਤੇ ਰਹੇ ਕਿ ਚੰਨ ਦਾ ਇਹ ਦਿਨ ਸਾਡੇ ਦੋ ਹਫ਼ਤਿਆਂ ਜਿੱਡਾ ਹੁੰਦਾ ਹੈ ਅਤੇ ਦੋ ਹਫ਼ਤੇ ਲੰਬੀ ਹੀ ਹੁੰਦੀ ਹੈ ਚੰਨ ਦੀ ਰਾਤ | ਲੈਂਡਰ ਤੇ ਰੋਵਰ ਤਾਂ ਬਸ ਦੋ ਹਫ਼ਤੇ ਹੀ ਕੰਮ ਕਰਨਗੇ ਪਰ ਆਰਬਾਈਟਰ ਪੂਰਾ ਸਾਲ ਕੰਮ ਕਰੇਗਾ | ਆਰਬਾਈਟਰ ਦਾ ਨਾਮ ਸਪੇਸ ਕੈਡੇਟ, ਲੈਂਡਰ ਦਾ ਵਿਕਰਮ ਅਤੇ ਰੋਵਰ ਦਾ ਪਰਾਗਿਆਨ ਰੱਖਿਆ ਗਿਆ ਹੈ |
ਲਾਂਚ ਰਾਕਟ ਜੀ.ਐਸ.ਐਲ.ਵੀ. ਨੂੰ ਬਣਾਉਣ ਲਈ ਇਸਰੋ ਦੇ 25 ਸਾਲ ਲੱਗ ਗਏ ਹਨ | 11 ਲਾਂਚ ਟੈਸਟਾਂ ਬਾਅਦ ਪਾਸ ਕੀਤਾ ਗਿਆ ਹੈ ਇਹ | 640 ਟਨ ਭਾਰਾ ਇਹ ਰਾਕੇਟ 4000 ਤੋਂ 8000 ਕਿਲੋ ਭਾਰ ਪੁਲਾੜ ਵਿਚ ਉਛਾਲ ਸਕਦਾ ਹੈ | ਭਾਰ ਦੀ ਮਾਤਰਾ ਉਸ ਉਚਾਈ 'ਤੇ ਨਿਰਭਰ ਹੈ ਜਿਸ ਤੱਕ ਉਸ ਨੂੰ ਪਹੁੰਚਾਉਣਾ ਹੈ | ਇਸ ਦੇ ਮੁਕਾਬਲੇ ਪੀ.ਐਸ.ਐਲ.ਵੀ. ਦੀ ਭਾਰ ਚੁੱਕਣ ਦੀ ਸਮਰੱਥਾ 1750 ਕਿਲੋ ਹੀ ਸੀ | ਆਰਬਾਈਟਰ, ਲੈਂਡਰ ਤੇ ਰੋਵਰ ਜੀ.ਐਸ.ਐਲ.ਵੀ. ਵਿਚ ਬੰਦ ਹਨ | ਆਰਬਾਈਟਰ ਵਿਚ ਲੈਂਡਰ ਅਤੇ ਲੈਂਡਰ ਵਿਚ ਰੋਵਰ | 3 ਵਿਗਿਆਨਕ ਉਪਕਰਨਾਂ ਨਾਲ ਲੈਸ ਵਿਕਰਮ ਸਤੰਬਰ ਵਿਚ ਚੰਨ ਉਤੇ ਆਰਾਮ ਨਾਲ ਲੈਂਡ ਕਰੇਗਾ | ਇਸ ਦੇ ਅੰਦਰ ਹੀ ਬੰਦ ਹੋਵੇਗਾ ਰੋਵਰ | 6 ਪਹੀਆਂ ਵਾਲੇ ਪਰਾਗਿਆਨ ਰੋਵਰ ਦੇ ਪਹੀਆਂ ਉਤੇ ਵੀ ਤਿਰੰਗੇ ਦੇ ਤਿੰਨ ਰੰਗ ਹਨ | ਅੱਧਾ ਕਿਲੋਮੀਟਰ ਕੀੜੀ ਦੀ ਚਾਲ ਤੁਰ ਕੇ ਪਰਾਗਿਆਨ ਆਪਣੇ ਆਸ-ਪਾਸ ਚੰਨ ਦੀ ਧਰਤੀ ਉਤੇ ਪ੍ਰਾਪਤ ਤੱਤਾਂ ਦਾ ਪਤਾ ਲਾਏਗਾ | ਆਰਬਾਈਟਰ ਆਪਣੇ ਵਲੋਂ ਹੀ ਨਹੀਂ, ਲੈਂਡਰ ਤੇ ਰੋਵਰ ਵਲੋਂ ਹੀ ਇਕੱਠੀ ਕੀਤੀ ਸੂਚਨਾ ਧਰਤੀ ਉਤੇ ਭੇਜਣ ਦੀ ਜ਼ਿੰਮੇਵਾਰੀ ਨਿਭਾਏਗਾ |
ਚੰਦਰਯਾਨ-2 ਸ੍ਰੀ ਹਰੀ ਕੋਟਾ ਦੇ ਸਤੀਸ਼ ਧਵਨ ਸਪੇਸ ਲਾਂਚ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ | ਚੇਤੇ ਰਹੇ ਕਿ ਸਤੀਸ਼ ਧਵਨ ਸਾਡੇ ਦੇਸ਼ ਦੇ ਵੱਡੇ ਪੁਲਾੜ ਵਿਗਿਆਨੀ ਹਨ, ਜਿਨ੍ਹਾਂ ਦੇ ਨਾਂਅ ਉਤੇ ਇਹ ਲਾਂਚ ਕੇਂਦਰ ਬਣਾਇਆ ਗਿਆ ਹੈ | ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸਤੀਸ਼ ਧਵਨ ਲੁਧਿਆਣਾ ਦੇ ਸਰਕਾਰੀ ਕਾਲਜ ਵਿਚ ਪੜਿ੍ਹਆ ਸੀ | ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ.ਐਸ.ਸੀ. ਕਰਕੇ ਉਸ ਨੇ ਨਾ ਸਿਰਫ਼ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸਗੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਵੀ | ਉਹ ਇਸਰੋ ਦਾ ਚੇਅਰਮੈਨ ਵੀ ਰਿਹਾ ਹੈ ਅਤੇ ਬੰਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦਾ ਡਾਇਰੈਕਟਰ ਵੀ | ਰਾਸ਼ਟਰਪਤੀ ਕਲਾਮ ਜਿਹਾ ਹੀਰਾ ਉਸ ਨੇ ਹੀ ਤਰਾਸ਼ਿਆ ਸੀ | ਕਲਾਮ ਨੇ ਉਸੇ ਦੇ ਨਿਰਦੇਸ਼ਨ ਤੇ ਮਦਦ ਨਾਲ ਪੀ.ਐਸ.ਐਲ.ਵੀ. ਬਣਾ ਕੇ ਪਰਖਿਆ | ਸਪੱਸ਼ਟ ਹੈ ਕਿ ਦੇਸ਼ ਦੇ ਵਿਕਾਸ ਵਿਚ ਹਿੰਦੂ, ਮੁਸਲਮਾਨ, ਸਿੱਖ, ਮਰਦ, ਔਰਤ ਹਰ ਇਕ ਦਾ ਹਿੱਸਾ ਹੈ | ਹਰ ਇਕ ਦਾ ਹੈ ਇਹ ਦੇਸ਼ | ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦਾ ਹਿੱਸਾ ਹੈ | ਇਹ ਦੇਸ਼ ਕਿਸੇ ਇਕ ਬੰਦੇ ਦਾ ਨਹੀਂ |
ਆਰਬਾਈਟਰ ਵਿਚ 8 ਵਿਗਿਆਨਕ ਉਪਕਰਨ ਫਿਟ ਹਨ | ਨਾਸਾ ਦਾ ਲੇਜ਼ਰ ਰਿਫਲੈਕਟਰ ਅਰੇ ਨਾਸਾ ਦੀ ਦੇਣ ਹੈ | ਬਾਕੀ ਸਤ ਇਸਰੋ ਦੇ ਆਪਣੇ ਹਨ | ਟੈਰੇਕ ਮੈਪਿੰਗ ਕੈਮਰਾ ਤੇ ਮਿੰਨੀ ਸਾਰ ਪਿਛਲੇ ਚੰਦਰਯਾਨ ਉੱਤੇ ਵੀ ਸਨ | ਇਸ ਵਾਰ ਇਹ ਰਤਾ ਸੋਧੇ ਤੇ ਵਿਕਸਤ ਰੂਪ ਵਿਚ ਵਰਤੇ ਜਾ ਰਹੇ ਹਨ | ਇਹ ਚੰਨ ਦੇ ਨਕਸ਼ੇ ਬਣਾਉਣਗੇ | ਉਸ ਉਤਲੀ ਬਰਫ਼ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਗੇ | ਡੂਅਲ ਫਰੀਕਵੈਂਸੀ ਰੇਡੀਓ ਸਾਇੰਸ ਚੰਨ ਦੇ ਆਇਰਨ ਸਫ਼ੀਅਰ ਵਿਚ ਇਲੈਕਟ੍ਰਾਨ ਘਣਤਾ ਦੱਸੇਗਾ | ਇਮੇਜਿੰਗ ਆਈ.ਆਰ. ਸਪੈਕਟਰੋਮੀਟਰ ਖਣਿਜ ਅਤੇ ਜਲ ਕਣਾਂ ਦਾ ਪਤਾ ਲਾਏਗਾ | ਆਰਬਾਈਟਰ ਦਾ ਹਾਈ ਰੈਜ਼ੋਲੂਸ਼ਨ ਕੈਮਰਾ ਲੈਂਡਰ ਦੇ ਉਤਰਨ ਵੇਲੇ ਥਰੀ-ਡੀ ਦਿ੍ਸ਼ ਲੈ ਕੇ ਉਤਾਰੇ ਵਿਚ ਮਮਦ ਕਰੇਗਾ | ਸੋਲਰ ਐਕਸ ਰੇਅ ਮੋਨੀਟਰ ਚੰਨ ਉਤੇ ਸੂਰਜੀ ਰੇਡੀਏਸ਼ਨ ਦਾ ਹਿਸਾਬ ਲਾਏਗਾ | ਕਲਾਸ ਨਾਂਅ ਦਾ ਉਪਕਰਨ ਚੰਨ ਉੱਤੇ ਖਣਿਜੀ ਤੱਤਾਂ ਦੀ ਜਾਂਚ ਲਈ ਭੇਜਿਆ ਗਿਆ ਹੈ |
ਵਿਕਰਮ ਸਾਰਾਭਾਈ ਦੇ ਨਾਂਅ ਉੱਤੇ ਜਾ ਰਿਹਾ ਲੈਂਡਰ ਦੋ ਹਫ਼ਤੇ ਕੰਮ ਕਰੇਗਾ ਚੰਨ ਉੱਤੇ | ਇਹ ਸਾਰਾ ਸਮਾਂ ਇਹ ਬੰਗਲੌਰ ਨੇੜੇ ਬਿਆਲਾਲੂ ਦੇ ਡੀਪ ਸਪੇਸ ਨੈੱਟਵਰਕ ਨੂੰ ਜਾਣਕਾਰੀ ਭੇਜਦਾ ਰਹੇਗਾ | ਆਰਬਾਈਟਰ ਨੇ ਵੀ ਇਸੇ ਨੈੱਟਵਰਕ ਨਾਲ ਸੰਪਰਕ ਰੱਖਣਾ ਹੈ | ਲੈਂਡਰ ਦਾ ਕੁੱਲ ਭਾਰ 1444 ਕਿਲੋ ਹੈ | ਇਹ 650 ਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਹੈ ਜੋ ਇਸ ਦੀਆਂ ਭਾਂਤ-ਭਾਂਤ ਦੀਆਂ ਲੋੜਾਂ ਪੂਰੀਆਂ ਕਰੇਗੀ | ਲੈਂਡਰ ਨੂੰ ਚੰਨ ਦੇ ਦੱਖਣੀ ਧਰੁਵ ਦੇ ਖੇਤਰ ਵਿਚ ਇਕ ਮਿਥੀ ਹੋਈ ਥਾਂ ਉੱਤੇ ਆਰਾਮ ਨਾਲ ਉਤਾਰਿਆ ਜਾਵੇਗਾ | ਇਸ ਵਾਸਤੇ ਵਿਸ਼ੇਸ਼ ਬੈਂਡ ਐਲਟੀਮੀਟਰ, ਹਾਈ ਰੈਜ਼ੋਲੂਸ਼ਨ ਕੈਮਰਾ, ਲੈਂਡਰ ਪੋਜ਼ੀਸ਼ਨ ਡੀਟੈਕਸ਼ਨ ਕੈਮਰਾ, ਲੈਂਡਰ ਹੈਜ਼ਰਡ ਡੀਟੈਕਸ਼ਨ ਐਾਡ ਅਵਾਇਡੈਂਸ ਕੈਮਰਾ ਜਿਹੇ ਢੇਰ ਪ੍ਰਬੰਧ ਕੀਤੇ ਗਏ ਹਨ | ਕਦੇ ਡੇਜ਼ ਤੁਰੰਤ ਅਤੇ ਕਦੇ ਹੌਲੀ ਬਰੇਕਾਂ ਮਾਰਦਾ ਇਹ ਪੰਦਰਾਂ ਮਿੰਟ ਲਾ ਦੇਵੇਗਾ ਚੰਨ ਦੇ ਐਨ ਨੇੜੇ ਜਾ ਕੇ ਵੀ | ਵਿਕਰਮ ਉੱਤੇ ਤਿੰਨ ਯੰਤਰ ਹਨ: ਲੈਂਗਮਿਊਰ ਪਰੋਬ, ਥਰਮਲ ਪਰੋਬ ਤੇ ਸਿਸਮੋ ਮੀਟਰ | ਸਿਸਮੋ ਮੀਟਰ ਚੰਨ ਉੱਤਲੇ ਭੁਚਾਲਾਂ ਦੀ ਜਾਣਕਾਰੀ ਲਈ ਹੈ | ਲੈਂਗਮਿਊਰ ਪਰੋਬ ਚੰਨ ਦੇ ਇਲੈਕਟਰਾਨ ਪਲਾਜ਼ਮਾ ਦੇ ਅਧਿਐਨ ਲਈ ਹੈ | ਚੰਨ ਦੇ ਤਾਪਮਾਨ ਦੇ ਬਦਲਦੇ ਗਰਾਫ਼ ਦੀ ਜਾਣਕਾਰੀ ਚੇਸਟ ਨਾਂਅ ਦੀ ਥਰਮਲ ਪਰੋਬ ਦੇਵੇਗੀ | ਨਾਸਾ ਦਾ ਲੇਜ਼ਰ ਰਿਫਲੈਕਟਰ ਅਰੇ ਚੰਨ ਉੱਤੇ ਤੁਰਦੇ ਫਿਰਦੇ ਵਿਕਰਮ ਉੱਤੇ ਨਜ਼ਰ ਰੱਖੇਗਾ |
ਲਾਂਚ ਉਪਰੰਤ ਚੰਦਰਯਾਨ-2 ਤਿੰਨ ਲੱਖ ਚੁਰਾਸੀ ਹਜ਼ਾਰ ਕਿਲੋਮੀਟਰ ਦਾ ਪੰਧ ਸਿੱਧਾ ਇਕਦਮ ਤੈਅ ਨਹੀਂ ਕਰੇਗਾ | ਪੰਜਾਹ ਦਿਨ ਬਾਅਦ ਸਤੰਬਰ ਛੇ ਜਾਂ ਸੱਤ ਨੂੰ ਇਸ ਦੇ ਆਰਬਾਈਟਰ ਵਲੋਂ ਚੰਨ ਉੱਤੇ ਲੈਂਡਰ ਉਤਾਰਨ ਦਾ ਪ੍ਰੋਗਰਾਮ ਹੈ | ਲੈਂਡਰ ਉਤਾਰਨ ਵੇਲੇ ਹੀ ਨਹੀਂ, ਉਸ ਤੋਂ ਪਹਿਲਾਂ ਤੇ ਪਿੱਛੋਂ ਵੀ ਆਰਬਾਈਟਰ ਚੰਨ ਤੋਂ ਇਕ ਸੌ ਕਿਲੋਮੀਟਰ ਦੂਰੀ ਉੱਤੇ ਉਸ ਦੀ ਪਰਿਕਰਮਾ ਕਰਦਾ ਰਹੇਗਾ | ਇਹ ਪਰਿਕਰਮਾ ਇਹ ਇਕ ਸਾਲ ਲਈ ਕਰੇਗਾ | 12 ਅਗਸਤ, 1919 ਨੂੰ ਜਨਮੇ ਭਾਰਤੀ ਪੁਲਾੜ ਵਿਗਿਆਨ ਦੇ ਮੋਢੀ ਵਿਕਰਮ ਸਾਰਾਭਾਈ ਦਾ ਜਨਮ ਸ਼ਤਾਬਦੀ ਵਰ੍ਹਾ ਹੈ ਇਹ | ਚੰਦਰ ਯਾਨ-2 ਉਸ ਨੂੰ ਵਧੀਆ ਸ਼ਰਧਾਂਜਲੀ ਹੈ ਜੋ ਉਸ ਦੀਆਂ ਪੈੜਾਂ ਉੱਤੇ ਚਲਦੇ ਹੋਏ ਇਸਰੋ ਦੀ ਵੱਡੀ ਪ੍ਰਾਪਤੀ ਹੈ | ਚੇਤੇ ਰਹੇ ਸਾਰਾਭਾਈ ਨੇ ਨੋਬਲ ਪੁਰਸਕਾਰ ਵਿਜੇਤਾ ਸੀ.ਵੀ. ਰਮਨ ਦੀ ਨਿਗਰਾਨੀ ਹੇਠ ਭੌਤਿਕ ਵਿਗਿਆਨ ਦੀ ਡਾਕਟਰੇਟ ਡਿਗਰੀ ਲਈ ਸੀ |
ਪਰਾਗਿਆਨ ਰੋਵਰ ਉਤਲਾ ਲੇਜ਼ਰ ਇੰਡੂਸਡ ਬਰੇਕਡਾਊਨ ਸਪੈਕਟਰੋਸਕੋਪ ਚੰਨ ਦੀ ਮਿੱਟੀ ਵਿਚ ਖਣਿਜਾਂ ਦੀ ਜਾਂਚ ਕਰੇਗਾ | ਰੋਵਰ ਉੱਤੇ ਇਕ ਐਲਫ਼ਾ ਪਾਰਟੀਕਲ ਇੰਡਯੂਸਡ ਸਪੈਕਟਰੋਸਕੋਪ ਵੀ ਹੈ | ਇਹ ਚੰਨ ਦੀਆਂ ਚਟਾਨਾਂ ਵਿਚ ਸੋਡੀਅਮ, ਮੈਗਨੀਸ਼ੀਅਮ, ਅਲਮੀਨੀਅਮ, ਸਿਲੀਕਾਨ, ਯੈਟਰੀਅਮ, ਜ਼ਿਰਕੋਨੀਅਮ ਤੇ ਸਟਰਾਂਸ਼ੀਅਮ ਜਿਹੇ ਤੱਤਾਂ ਦਾ ਪਤਾ ਲਾਏਗਾ |
ਚੰਨ ਉੱਤੇ ਅਮਰੀਕੀ ਝੰਡਾ ਸਭ ਤੋਂ ਪਹਿਲਾਂ ਝੁੱਲਿਆ | ਰੂਸ ਤੇ ਚੀਨ ਵੀ ਆਪਣੇ ਝੰਡੇ ਉਥੇ ਗੱਡ ਚੁੱਕੇ ਹਨ | ਹੁਣ ਅਸੀਂ ਵੀ ਤਿਰੰਗਾ ਗੱਡ ਦਿੱਤਾ ਹੈ ਪਰ ਅੰਤਰਰਾਸ਼ਟਰੀ ਪੁਲਾੜੀ ਸੰਧੀ ਅਨੁਸਾਰ ਚੰਨ ਕਿਸੇ ਵੀ ਇਕ ਦੇਸ਼ ਦੀ ਮਲਕੀਅਤ ਨਾ ਕਦੇ ਸੀ, ਨਾ ਹੀ ਹੋਵੇਗੀ | ਹੱਦਾਂ/ਸਰਹੱਦਾਂ ਤੇ ਸੰਕੀਰਨ ਸੋਚ ਤੋਂ ਉੱਪਰ ਉੱਠੇ ਬਿਨਾਂ ਦੁਨੀਆ ਦੇ ਬਚਣ ਦਾ ਕੋਈ ਰਾਹ ਨਹੀਂ | ਤੰਗ ਨਜ਼ਰ ਸੰਪਰਦਾਇਕ ਸੋਚ ਵਾਲਿਆਂ ਨੂੰ ਇਹ ਗੱਲ ਛੇਤੀ ਤੋਂ ਛੇਤੀ ਸਮਝਣੀ ਪਵੇਗੀ |

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ ਨੰ: 98722-60550.

ਪਾਲੀਵੁੱਡ ਝਰੋਖਾ ਨਵੀਂ ਪੀੜ੍ਹੀ ਦਾ ਚਹੇਤਾ 'ਬੱਬੂ ਮਾਨ'

ਬੱਬੂ ਮਾਨ ਦੀ ਇਕ ਫ਼ਿਲਮ ਦੇ ਗੀਤਕਾਰ ਨੇ ਮੈਨੂੰ ਇਕ ਵਾਰ ਫੋਨ ਕੀਤਾ ਕਿ ਮੈਂ ਬੱਬੂ ਦੀ ਸਬੰਧਿਤ ਫ਼ਿਲਮ ਬਾਰੇ ਠੀਕ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਸੀ | ਉਸ ਨੇ ਮੈਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਮੇਰਾ ਬੱਬੂ ਪ੍ਰਤੀ ਗਿਆਨ ਬਹੁਤ ਘੱਟ ਹੈ ਅਤੇ ਜੇਕਰ ਮੈਂ ਬੱਬੂ ਦਾ ਸਹੀ ਮੁਲਾਂਕਣ ਕਰਨਾ ਹੋਵੇ ਤਾਂ ਉਸ ਲਈ ਮੈਨੂੰ ਉਸ ਦੀ ਸ਼ਖ਼ਸੀਅਤ ਨੂੰ ਨਜ਼ਦੀਕ ਤੋਂ ਹੋ ਕੇ ਦੇਖਣਾ ਪਵੇਗਾ | ਮੈਂ ਆਪਣੇ ਇਸ ਆਲੋਚਕ ਨੂੰ ਉਸ ਵੇਲੇ ਵੀ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਸੇ ਖਾਸ ਕਾਰਨ ਕਰਕੇ ਕਿਸੇ ਵੀ ਫ਼ਿਲਮ ਦੇ ਬਾਰੇ 'ਚ ਰਾਏ ਪ੍ਰਗਟ ਨਹੀਂ ਕਰਦਾ ਹਾਂ, ਮੈਨੂੰ ਸੰਤੁਲਨ ਬਣਾਉਣਾ ਪੈਂਦਾ ਹੈ | ਹਾਂ, ਮੈਂ ਇਹ ਜ਼ਰੂਰ ਉਸ ਵੇਲੇ ਲਿਖਿਆ ਸੀ ਕਿ ਬੱਬੂ ਅੰਦਰ ਜਿਸ ਪ੍ਰਕਾਰ ਦਾ ਜਜ਼ਬਾ ਹੈ, ਉਸ ਦੀ ਤਰਜਮਾਨੀ ਫ਼ਿਲਮਾਂ 'ਚ ਸਹੀ ਪ੍ਰਕਾਰ ਨਾਲ ਹੋਈ ਹੈ |
ਉਪਰੋਕਤ ਘਟਨਾ ਨੂੰ ਕਈ ਸਾਲ ਹੋ ਗਏ ਹਨ | ਮੇਰਾ ਅੱਜ ਵੀ ਯਕੀਨ ਹੈ ਕਿ ਬੱਬੂ ਇਕ ਬਹੁ-ਪੱਖੀ ਸ਼ਖ਼ਸੀਅਤ ਵਾਲਾ ਕਲਾਕਾਰ ਹੈ | ਫ਼ਿਲਮਾਂ 'ਚ ਕਾਮਯਾਬ ਹੋਣ ਲਈ ਉਸ ਨੂੰ ਚੰਗੇ ਪਟਕਥਾ ਲੇਖਕ ਅਤੇ ਨਿਰਦੇਸ਼ਕ ਦੀ ਜ਼ਰੂਰਤ ਹੈ | ਉਸ ਦੀ ਅਭਿਨੈ-ਸ਼ੈਲੀ ਦੀ ਅਸਲੀ ਝਲਕ ਕੁਝ ਹੱਦ ਤੱਕ 'ਹਵਾਏਾ' ਵਿਚੋਂ ਜ਼ਰੂਰ ਮਿਲੀ ਸੀ ਪਰ ਬਾਕੀ ਦੀਆਂ ਫ਼ਿਲਮਾਂ 'ਚ ਉਹ ਆਪਣੀ ਪ੍ਰਤਿਭਾ ਨਾਲ ਸਹੀ ਇਨਸਾਫ਼ ਨਹੀਂ ਕਰ ਸਕਿਆ ਸੀ |
ਇਸ ਪੱਖ ਤੋਂ ਮੈਂ ਇਕ ਦਿ੍ਸ਼ਟਾਂਤ ਪੇਸ਼ ਕਰਨਾ ਚਾਹੁੰਦਾ ਹਾਂ | ਗੁਰਦਾਸ ਮਾਨ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਪਿਛੇ ਹਰੀ ਦੱਤ ਅਤੇ ਮਨੋਜ ਪੰੁਜ ਵਰਗੇ ਨਿਰਦੇਸ਼ਕਾਂ ਦਾ ਹੱਥ ਸੀ | ਹਰਭਜਨ ਮਾਨ ਨੂੰ ਮਨਮੋਹਨ ਸਿੰਘ ਨੇ ਸਟਾਰ ਦਾ ਦਰਜਾ ਦੁਆਇਆ ਸੀ | ਇਸੇ ਹੀ ਤਰ੍ਹਾਂ ਜੇਕਰ ਬੱਬੂ ਨੂੰ ਵੀ ਕੋਈ ਚੰਗਾ ਨਿਰਦੇਸ਼ਕ ਮਿਲ ਜਾਏ ਤਾਂ ਉਹ ਕਮਾਲ ਦੀ ਅਦਾਇਗੀ ਪੇਸ਼ ਕਰ ਸਕਦਾ ਹੈ |
ਵੈਸੇ ਬੱਬੂ ਦਾ ਅਸਲੀ ਨਾਂਅ ਤੇਜਿੰਦਰ ਸਿੰਘ ਮਾਨ ਹੈ | ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖੰਟ ਮਾਨ ਵਿਚ ਉਸ ਦਾ ਜਨਮ 1975 ਵਿਚ ਹੋਇਆ ਸੀ | ਬੱਬੂ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ | ਇਸ ਲਈ ਸੰਗੀਤ ਖੇਤਰ ਵੱਲ ਉਸ ਦਾ ਪ੍ਰੇਰਿਤ ਹੋਣਾ ਸੁਭਾਵਿਕ ਹੀ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਨੇ ਪੰਜਾਬੀ ਅਤੇ ਹਿੰਦੀ ਵਿਚ ਕਈ ਤਰ੍ਹਾਂ ਦੀਆਂ ਸੰਗੀਤ ਐਲਬਮਾਂ ਸਰੋਤਿਆਂ ਦੀ ਨਜ਼ਰ ਕੀਤੀਆਂ ਹਨ ਅਤੇ ਉਸ ਨੂੰ ਅਸੀਮਤ ਸ਼ੋਹਰਤ ਵੀ ਮਿਲੀ ਹੈ |
ਪਰ ਸਾਡਾ ਇਥੇ ਅਸਲੀ ਮੁੱਦਾ ਉਸ ਦੀ ਗਾਇਕੀ ਨਹੀਂ ਬਲਕਿ ਉਸ ਦੀ ਅਭਿਨੈ ਕਲਾ ਹੀ ਹੈ | ਇਸ ਪੱਖ ਤੋਂ ਵੀ ਬੱਬੂ ਨੇ ਵਿਭਿੰਨ ਰੰਗ ਪੇਸ਼ ਕੀਤੇ ਹਨ | ਮਿਸਾਲ ਦੇ ਤੌਰ 'ਤੇ ਜੇਕਰ ਉਸ ਦੀ 'ਰੱਬ ਨੇ ਮਿਲਾਈਆਂ ਜੋੜੀਆਂ' ਇਹ ਨੁਕਤਾ ਪੇਸ਼ ਕਰਦੀ ਸੀ ਕਿ ਪ੍ਰੇਮ ਜੋੜੀਆਂ ਤਾਂ ਕੁਦਰਤ ਦੇ ਸਹਿਯੋਗ ਨਾਲ ਬਣਦੀਆਂ ਹਨ, ਤਾਂ 'ਹਸ਼ਰ', 'ਵਿਚ ਉਸ ਨੇ ਇਹ ਸਿੱਧ ਕੀਤਾ ਕਿ ਨੌਜਵਾਨ ਪੀੜ੍ਹੀ ਹਮਦਰਦੀ ਦੀ ਮੰਗ ਕਰਦੀ ਹੈ | ਇਸੇ ਤਰ੍ਹਾਂ ਹੀ 'ਏਕਮ', 'ਹੀਰੋ ਹਿਟਲਰ', 'ਰੋਮੀਓ' ਵਿਚ ਉਸ ਦਾ ਕੈਨਵਸ ਨਵੀਨਤਾ ਪ੍ਰਦਰਸ਼ਤ ਕਰਦਾ ਸੀ | ਅਫ਼ਸੋਸ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਨੂੰ ਸੰਭਾਵਿਤ ਸਫ਼ਲਤਾ ਨਸੀਬ ਨਹੀਂ ਹੋਈ ਸੀ |
ਫ਼ਿਲਮੀ ਸਫ਼ਰ (ਚੋਣਵੀਆਂ ਫ਼ਿਲਮਾਂ) : 'ਹਵਾਏਾ' (2003), 'ਰੱਬ ਨੇ ਬਣਾਈਆਂ ਜੋੜੀਆਂ' (2006), 'ਹਸ਼ਰ' (2008), 'ਏਕਮ' (2010), 'ਹੀਰੋ ਹਿਟਲਰ ਇਨ ਲਵ' (2011), 'ਦੇਸੀ ਰੋਮੀਓ' (2012), 'ਬਾਜ਼' (2014) | ਇਨ੍ਹਾਂ ਤੋਂ ਇਲਾਵਾ ਉਸ ਨੇ 'ਵਾਹਗਾ' (2007), 'ਵਾਅਦਾ ਰਹਾ' (2008), 'ਕਰੁੱਕ' (2010), 'ਸਾਹਬ ਬੀਵੀ ਔਰ ਗੈਂਗਸਟਰ' (2011), 'ਦਿਲ ਤੈਨੂੰ ਕਰਦਾ ਹੈ ਪਿਆਰ' (2012) ਆਦਿ ਸਿਨੇਮੈਟਿਕ ਕਿਰਤਾਂ ਵਿਚ ਵੀ ਆਪਣੀ ਹਾਜ਼ਰੀ ਲੁਆਈ ਸੀ |
ਬੱਬੂ ਦੀ ਅਭਿਨੈ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਉਹ ਬਹੁਤ ਸੰਵੇਦਨਸ਼ੀਲਤਾ ਨਾਲ ਆਪਣੀ ਭੂਮਿਕਾ ਨੂੰ ਪੇਸ਼ ਕਰਦਾ ਹੈ | ਦੂਜਾ ਪੱਖ ਇਹ ਹੈ ਕਿ ਉਹ ਆਪਣੀ ਪੇਸ਼ਕਾਰੀ 'ਚ ਬਹੁਤ ਹੀ ਮੌਲਿਕ ਹੈ | ਮੁਸ਼ਕਿਲ ਇਹ ਹੈ ਕਿ ਪਟਕਥਾ ਦਾ ਟੈਂਪੋ ਉਸ ਦੇ ਨਾਲ ਇਨਸਾਫ਼ ਨਹੀਂ ਕਰਦਾ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਪੁਰਾਣੇ ਸਿਆਸਤਦਾਨਾਂ ਵਿਚ ਅੱਜ ਵਾਂਗ ਪਾੜਨ ਵਾਲੀ ਗੱਲ ਨਹੀਂ ਸੀ ਹੁੰਦੀ | ਗੁਰਬਚਨ ਸਿੰਘ ਬਾਜਵਾ ਦੀ ਚੋਣ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਆਪ ਬਟਾਲੇ ਉਨ੍ਹਾਂ ਦੀ ਚੋਣ ਵਿਚ ਹਿੱਸਾ ਲੈਣ ਲਈ ਆਏ ਸਨ ਤੇ ਭਾਸ਼ਣ ਵੀ ਦਿੱਤਾ ਸੀ | ਬਾਜਵਾ ਜੀ ਉਸ ਵਕਤ ਅਣਵੰਡੇ ਪੰਜਾਬ ਦੇ ਪੀ.ਡਬਲਿਊ.ਡੀ. ਤੇ ਜੰਗਲਾਤ ਮਹਿਕਮੇ ਦੇ ਵਜ਼ੀਰ ਸਨ | ਉਨ੍ਹਾਂ ਨਾਲ ਜਥੇਦਾਰ ਤੇਜਾ ਸਿੰਘ ਅਕਰਪੁਰੀ ਅਕਾਲੀ ਤੇ ਵਰਿਆਮ ਸਿੰਘ ਕਾਹਲੋਂ ਗੱਲਬਾਤ ਕਰ ਰਹੇ ਸਨ |

-ਮੋਬਾਈਲ : 98767-41231

ਵਣ-ਮਹਾਂਉਤਸਵ 'ਤੇ ਵਿਸ਼ੇਸ਼

ਰੁੱਤ ਰੁੱਖ ਲਾਉਣ ਦੀ ਆਈ...

ਸਾਉਣ ਦਾ ਮਹੀਨਾ, ਧਰਤ 'ਤੇ ਅਜਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ | ਹਾੜ੍ਹ ਮਹੀਨੇ ਦੀ ਕੜਕਦੀ ਧੁੱਪ, ਧਰਤ ਦੀ ਹਿੱਕ ਨੂੰ ਸਾੜ ਕੇ ਰੱਖ ਦਿੰਦੀ ਹੈ | ਸਾਉਣ ਭਾਵ ਬਰਸਾਤ ਦੀ ਆਮਦ ਧਰਤੀ 'ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿਚ ਨਵੀਂ ਜਾਨ ਫੂਕੀ ਦਿੰਦੀ ਹੈ | ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ ਪੌਦੇ ਲਾਉਣ ਲਈ ਸਹਾਈ ਹੁੰਦੇ ਹਨ ਪੰ੍ਰਤੂ ਸਾਉਣ ਮਹੀਨਾ ਖਾਸ ਮੰਨਿਆ ਜਾਂਦਾ ਹੈ:
ਆਇਆ! ਸਾਉਣ ਦਾ ਮਹੀਨਾ
ਰੁੱਖ ਲਾਉਣ ਦਾ ਮਹੀਨਾ |
ਹਰੇ-ਭਰੇ ਜੰਗਲਾਂ ਵਿਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ | ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਕੇ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ | ਹਾਲਾਂਕਿ ਸਾਡੇ ਗੁਰੂਆਂ, ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ:
ਦੇਰ ਆਏ ਦਰੁਸਤ ਆਏ | ਹਾਲਾਂਕਿ ਅਸੀਂ ਬਹੁਤ ਪਿਛੇ ਰਹਿ ਚੁੱਕੇ ਹਾਂ | ਪਰ ਫਿਰ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਅਸੀਂ ਅੱਜ ਵੀ ਆਪਣਾ ਫ਼ਰਜ਼ ਪਛਾਣ ਕੇ ਕਾਰਜ ਸ਼ੁਰੂ ਕਰੀਏ | ਬਰਸਾਤ ਰੁੱਤ ਆ ਚੁੱਕੀ ਹੈ, ਜਿਸ ਨੂੰ ਰੁੱਖ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ | ਇਸ ਮਹੀਨੇ ਵਣ-ਮਹਾਂਉਤਸਵ ਨੂੰ ਵੀ ਓਨੀ ਹੀ ਸ਼ਿੱਦਤ ਨਾਲ ਮਨਾਉਣਾ ਚਾਹੀਦਾ ਹੈ ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ | ਇਨ੍ਹਾਂ ਰੁੱਖਾਂ ਦੁਆਲੇ ਸਿ੍ਸ਼ਟੀ ਦਾ ਸਭ ਚੱਕਰ ਚਲਦਾ ਹੈ | ਸਾਡੀ ਹਰ ਲੋੜ ਦੀ ਪੂਰਤੀ ਇਹ ਕਰਦੇ ਹਨ | ਖ਼ਾਸ ਕਰ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ, ਤਾਂ ਸਾਨੂੰ ਇਨ੍ਹਾਂ ਦੇ ਤਿਉਹਾਰ ਮਨਾਉਣ 'ਚ ਪੂਰਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦੇ ਸਫ਼ਰ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁਝ ਕਹੇ-ਸੁਣੇ ਪੂਰੀ ਕਰਦੇ ਹਨ |
'ਵਣ-ਮਹਾਂਉਤਸਵ' ਨੂੰ ਮਨਾਉਣ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਾਂਗਾ ਕਿ ਸ਼ੁਰੂਆਤੀ ਦਿਨ ਸਮੇਂ ਇਸ ਉਤਸਵ ਦਾ ਨਾਂਅ 'ਰੁੱਖ ਉਗਾਓ ਉਤਸਵ' ਸੀ ਅਤੇ ਸਾਡੇ ਦੇਸ਼ ਵਿਚ ਪਹਿਲਾ ਰੁੱਖ ਉਗਾਓ ਉਤਸਵ ਸੰਨ 1947 ਦੇ ਜੁਲਾਈ ਮਹੀਨੇ 'ਰੁੱਖ ਉਗਾਓ ਸਪਤਾਹ' ਦੇ ਤੌਰ 'ਤੇ ਮਨਾਇਆ ਗਿਆ | ਕੁਝ ਲੋਕਾਂ ਨੇ ਇਸ ਨੂੰ 'ਰੁੱਖ ਬੀਜਣ ਸਪਤਾਹ' ਵੀ ਕਿਹਾ | ਇਸ ਉਤਸਵ ਦੀ ਸ਼ੁਰੂਆਤ ਸਾਡੇ ਦੇਸ਼ ਦੇ ਮਹਾਨ ਨੇਤਾਵਾਂ ਪੰਡਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ ਅਤੇ ਮੌਲਾਨਾ ਅੱਬੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖ਼ਸੀਅਤਾਂ ਨੇ 'ਕਚਨਾਰ' ਦੇ ਬੂਟੇ ਲਾ ਕੇ ਕੀਤੀ ਸੀ | ਸੰਨ 1950 ਵਿਚ ਸ੍ਰੀ ਕੇ.ਐਮ. ਮੁਨਸ਼ੀ ਜੋ ਉਸ ਸਮੇਂ ਭਾਰਤ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸਨ, ਨੇ ਇਸ ਦਾ ਨਾਂਅ ਬਦਲ ਕੇ 'ਵਣ-ਮਹਾਂਉਤਸਵ' ਰੱਖਿਆ | ਉਨ੍ਹਾਂ ਨੇ ਰੁੱਖ ਲਾਉਣ ਦੀ ਲਹਿਰ ਕੌਮੀ ਪੱਧਰ 'ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਇਆ | ਉਨ੍ਹਾਂ ਦੇ ਕਥਨ ਅਨੁਸਾਰ 'ਦੇਸ਼ ਦੀ ਸਮਾਜਿਕ ਆਰਥਿਕ ਦਸ਼ਾ ਵਿਚ ਰੁੱਖਾਂ ਦਾ ਆਪਣਾ ਸਥਾਨ ਹੁੰਦਾ ਹੈ | ਵਣ ਖੇਤੀਬਾੜੀ ਨਾਲ ਸਬੰਧਿਤ ਨਹੀਂ ਹੁੰਦੇ | ਸਾਡੇ ਵਣ ਅਜਿਹੇ ਅਮੁੱਕ ਸੋਮਾ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਲੋਕਾਂ ਵਾਸਤੇ ਖਾਧ ਖੁਰਾਕ ਪ੍ਰਾਪਤ ਕਰ ਸਕਦੇ ਹਾਂ | ਰੁੱਖਾਂ ਦੇ ਹੋਣ ਦਾ ਅਰਥ ਹੋਵੇਗਾ ਪਾਣੀ ਦਾ ਹੋਣਾ ਤੇ ਜੇ ਪਾਣੀ ਆਮ ਹੋਵੇ ਤਾਂ ਖੁਰਾਕ ਆਮ ਹੋ ਸਕਦੀ ਹੈ ਤੇ ਖੁਰਾਕ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਪ੍ਰਥਮ ਲੋੜ ਹੁੰਦੀ ਹੈ |'
ਇਸ ਦਿਨ ਜਾਂ ਮਹੀਨੇ ਰੁੱਖ ਲਾ ਕੇ ਕੰਮ ਖ਼ਤਮ ਨਹੀਂ ਕੀਤਾ ਜਾਂਦਾ ਬਲਕਿ ਸ਼ੁਰੂ ਕੀਤਾ ਜਾਂਦਾ ਹੈ ਜੋ ਕਦੇ ਖਾਦ ਪਾਉਣ, ਪਾਣੀ ਲਾਉਣ, ਪਸ਼ੂ-ਪੰਛੀਆਂ ਤੋਂ ਬਚਾਉਣ, ਸੋਕੇ ਜਾਂ ਹੜ੍ਹਾਂ ਆਦਿ ਤੋਂ ਬਚਾਉਣ ਆਦਿ ਕਰਦਿਆਂ ਫਿਰ ਦੁਬਾਰਾ ਬਰਸਾਤ ਰੁੱਤ ਆ ਜਾਂਦੀ ਹੈ | ਸੋ, ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚਲਦੇ ਰਹਿੰਦੇ ਹਾਂ | ਜੇਕਰ ਰੁੱਖ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸ ਨੂੰ ਸੰਭਾਲਣਾ ਉਸ ਤੋਂ ਵੀ ਵੱਡੀ ਮਹਾਨਤਾ ਹੈ | ਬਲਕਿ ਮੈਂ ਤਾਂ ਇਹ ਸਮਝਦਾ ਹਾਂ ਕਿ ਅੱਜ ਦੀ ਸਥਿਤੀ ਦੇ ਮੱਦੇਨਜ਼ਰ ਸਾਨੂੰ ਨਵੀਂ ਰੀਤ 'ਰੁੱਖ ਬਚਾਓ ਅੰਦੋਲਨ' ਵਰਗਾ ਕੁਝ ਕਰਨਾ ਚਾਹੀਦਾ ਹੈ |
ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ ਪਰ ਫਿਰ ਵੀ ਉਹ ਲੋਕ 'ਰੁੱਖ ਦਿਵਸ', 'ਰੁੱਖਾਂ ਦਾ ਮੇਲਾ' ਅਤੇ 'ਹਰਿਆਵਲ ਸਪਤਾਹ' ਆਦਿ ਖੂਬ ਮਨਾਉਂਦੇ ਹਨ | ਕੈਨੇਡਾ ਵਿਚ 'ਵਣ ਰਕਸ਼ਾ ਸਪਤਾਹ' ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ | ਆਸਟ੍ਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿਚ ਵਾਤਾਵਰਨਿਕ ਹਾਲਤਾਂ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਓ ਖਾਤਰ ਉਤਸਵ ਮਨਾਏ ਜਾਂਦੇ ਹਨ | ਜਾਪਾਨ ਦੇ ਲੋਕ ਤਾਂ ਅਪ੍ਰੈਲ ਮਹੀਨੇ ਦੇ ਇਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ | 'ਹਰਿਆਵਲ ਸਪਤਾਹ' ਨਾਮੀ ਇਸ ਹਫ਼ਤੇ ਨੂੰ ਅੱਗੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਅਨੁਸਾਰ ਜਿਵੇਂ ਕਿ 'ਮਾਰਗ ਹਰਿਆਵਲ ਦਿਵਸ', 'ਗ੍ਰਹਿ ਵਾਟਿਕਾ ਹਰਿਆਵਲ ਦਿਵਸ' ਅਤੇ 'ਸਕੂਲ ਹਰਿਆਵਲ ਦਿਵਸ' ਆਦਿ ਵਿਚ ਵੰਡ ਕੇ ਰੁੱਖ ਲਾਉਣ ਅਤੇ ਪਾਲਣ ਸਬੰਧੀ ਲੋਕਾਂ ਦਾ ਧਿਆਨ ਦਿਵਾਇਆ ਜਾਂਦਾ ਹੈ |
ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਉੱਪਰ ਜਗ੍ਹਾ ਦਿੰਦੇ ਸਨ, ਚਾਹੇ ਉਹ ਘਰ, ਗਲੀ, ਪਿੰਡ ਜਾਂ ਸਾਂਝੀਆਂ ਸੰਸਥਾਵਾਂ ਹੁੰਦੀਆਂ | ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ |
ਅੱਜ ਸਥਿਤੀ ਬਦਲ ਚੁੱਕੀ ਹੈ | ਸਾਡੇ ਵਣ, ਪੀਲੂ, ਜੰਡ, ਕਰੀਰ, ਲਸੂੜੇ, ਬਰਨੇ ਆਦਿ ਅਨੇਕਾਂ ਰੁੱਖ ਦਿਨ-ਬ-ਦਿਨ ਪੰਜਾਬ 'ਚੋਂ ਖਤਮ ਹੋ ਰਹੇ ਹਨ | ਸਾਨੂੰ ਰੁੱਖ ਲਾਉਣ ਵੇਲੇ ਉਨ੍ਹਾਂ ਰੁੱਖਾਂ ਨੂੰ ਤਰਜੀਹ ਜ਼ਿਆਦਾ ਦੇਣੀ ਚਾਹੀਦੀ ਹੈ ਜੋ ਲੋਪ ਹੋਣ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕੇ ਹਨ | ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ, ਹਰ ਰਿਸ਼ਤੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ ਤੇ ਮੁੱਕਣ ਤੋਂ ਬਚਾਏ ਤੇ ਇਨ੍ਹਾਂ ਲਈ ਫਿਕਰਮੰਦ ਹੋਈਏ:
'ਪੀਲਾਂ ਮੁੱਕੀਆਂ, ਟਾਹਲੀਆਂ ਸੁੱਕੀਆਂ
ਸੁੱਕ ਜਾਣ ਨਾ ਰੁੱਖ ਹਰੇ ਭਰੇ
ਆਖ ਨੀ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੋਰਾ ਫਿਕਰ ਕਰੇ |'
ਆਓ, ਅਸੀਂ ਸਭ ਰਲ ਕੇ ਇਸ ਵਣ-ਮਹਾਂਉਤਸਵ 'ਤੇ ਰੁੱਖ ਲਾਉਣ ਅਤੇ ਸੰਭਾਲਣ ਵਾਲੀ ਲਹਿਰ ਵਿਚ ਆਪਣਾ ਖੂਬ ਯੋਗਦਾਨ ਪਾ ਕੇ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ ਅਤੇ ਦੁਆ ਕਰੀਏ ਕਿ ਸਾਡੇ ਮਹਾਨ ਸਾਹਿਤਕਾਰਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਇਸ ਤਰ੍ਹਾਂ ਨਾ ਲਿਖਣਾ ਪਵੇ:
ਇਥੋਂ ਕੁਲ ਪਰਿੰਦੇ ਹੀ ਉੜ ਗਏ
ਇਥੇ ਮੇਘ ਆਉਂਦੇ ਵੀ ਮੁੜ ਗਏ
ਇਥੇ ਕਰਨ ਅੱਜਕਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ |

-ਮੋਬਾਈਲ : 98142-39041.
landscapingpeople@rediffmail.com

ਛੋਟੀ ਕਹਾਣੀ: ਬਦਲਾਅ

'ਮੰਮੀ ਰੋਟੀ ਪਾਓ ਖਾਈਏ, ਭੁੱਖ ਬਹੁਤ ਲੱਗੀ ਆ, ਅੱਜ ਤਾਂ ਸਿਖਰ ਦੁਪਹਿਰਾ ਹੋ ਗਿਆ', ਮਨਜੀਤ ਨੇ ਘਰ ਵੜਦਿਆਂ ਹੀ ਕਿਹਾ |
'ਸੁਵੱਖਤੇ ਦੀ ਬਣੀ ਪਈ ਆ, ਕਿਥੇ ਗੁਜ਼ਾਰਿਆ ਪੁੱਤ ਐਨਾ ਸਮਾਂ', ਮਾਂ ਚਿੰਤਤ ਸੀ |
'ਸੱਥ ਵਿਚ ਕੁਝ ਬਜ਼ੁਰਗ ਪੁਰਾਣੀਆਂ ਗੱਲਾਂ ਕਰਦੇ ਸੀ, ਉਥੇ ਬੈਠ ਗਿਆ ਸਾਂ ਕੁਝ ਪਲ ਬੜਾ ਆਨੰਦ ਆਇਆ, ਮਾਂ ਅੱਜ', ਮਨਜੀਤ ਨੇ ਕਿਹਾ |
ਮੈਂ ਸਦਕੇ ਜਾਵਾਂ ਮੇਰੇ ਲਾਲ ਦੇ, ਸ਼ੁਕਰ ਆ ਰੱਬਾ ਤੇਰਾ ਜੇ ਸਾਡੇ ਨੌਜਵਾਨਾਂ ਨੇ ਇਧਰ ਸੱਥਾਂ ਵੱਲ ਨੂੰ ਪੈਰ ਮੋੜਿਆ | ਨਹੀਂ ਤਾਂ ਨਵੀਂ ਪੀੜ੍ਹੀ ਕੋਲ ਘਰੇ ਮਾਂ-ਬਾਪ ਦੀ ਜਾਂ ਕੋਈ ਰਿਸ਼ਤੇਦਾਰ ਆ ਜੇ ਕਿਸੇ ਨਾਲ ਗੱਲ ਕਰਨ ਸੁਣਨ ਦਾ ਵਕਤ ਹੈਨੀ | ਦਿਨ-ਰਾਤ ਹਰੇਕ ਦੀਆਂ ਉਂਗਲਾਂ ਮੋਬਾਈਲਾਂ 'ਤੇ ਘੰੁਮਦੀਆਂ ਨਜ਼ਰ ਆਉਂਦੀਆਂ, ਤੂੰ ਕਿਵੇਂ ਭੁੱਲ ਕੇ ਸੱਥ ਵਿਚ ਬੈਠ ਗਿਆ ਸੈਂ?'
'ਨਵਾਂ ਸ਼ਬਦ ਸੁਣ ਕੇ ਆਇਆ ਹਾਂ, ਮਾਂ ਕੁਲ੍ਹ ਕੀ ਚੀਜ਼ ਹੁੰਦੀ ਹੈ |'
ਵਧਦੇ ਪਰਿਵਾਰਾਂ ਦੇ ਲ੍ਹਾਣਿਆਂ ਨੂੰ ਪੀੜ੍ਹੀਆਂ ਨੂੰ ਕੁਲ੍ਹਾਂ ਆਖਦੇ ਨੇ | ਅੱਗੇ ਜਦੋਂ ਕਿਸੇ ਲਾਗੀ ਨੂੰ ਘਰ ਵਾਲਿਆਂ ਖ਼ੈਰ ਪਾਉਣੀ ਤਾਂ ਉਸ ਨੇ ਸੌ-ਸੌ ਅਸੀਸਾਂ ਦੇਣੀਆਂ, ਤੁਹਾਡੀ ਪੀੜ੍ਹੀ ਵਧੇ ਫੁੱਲੇ, ਘਰਾਂ ਨੂੰ ਭਾਗ ਲੱਗਣ ਅਮਰ ਵੇਲ ਵਾਂਗੂੰ ਵਧੋ |'
ਜਦੋਂ ਕਿਤੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਜਾਂਦੀ ਤਾਂ ਪਿੰਡ ਵਿਚ ਮਾਤਮ ਛਾ ਜਾਂਦਾ, ਲੋਕ ਚੁੱਲ੍ਹੇ ਅੱਗ ਨਾ ਬਾਲਦੇ ਸਭ ਦੀਆਂ ਅੱਖਾਂ ਨਮ ਹੁੰਦੀਆਂ, ਬਈ ਇਨ੍ਹਾਂ ਦੀ ਤਾਂ ਕੁਲ੍ਹ ਹੀ ਖ਼ਤਮ ਹੋ ਗਈ |
ਹੈਾ ਮੰਮੀ ਹਰ ਰੋਜ਼ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਤੋਂ ਦਰਦਨਾਕ ਖ਼ਬਰਾਂ ਸੁਣਦੇ ਹਾਂ | ਕਿਵੇਂ ਮਾਵਾਂ ਪੁੱਤਾਂ ਦੀਆਂ ਲੋਥਾਂ 'ਤੇ ਲਿਟਦੀਆਂ ਨੇ ਪਿਟਦੀਆਂ ਨੇ, ਭੈਣਾਂ ਦੀਆਂ ਚੀਕਾਂ ਸੁਣ ਦਿਲ ਨੂੰ ਧੂ ਪੈਂਦੀ ਆ, ਬੱਚੇ ਕਿਵੇਂ ਪਿਓ ਦੀ ਉਡੀਕ ਕਰਦੇ ਨੇ, ਵਿਧਵਾ ਹੋਈਆਂ ਨੂੰ ਹੈਰੋਇਨ ਤੇ ਚਿੱਟੇ ਨੇ ਭਰ ਜਵਾਨੀ ਵਿਚ ਹੀ ਸਿਰ 'ਤੇ ਚਿੱਟੀਆਂ ਚੰੁਨੀਆਂ ਲੈਣ ਲਈ ਮਜਬੂਰ ਕਰਤਾ | ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ, ਘਰਾਂ ਦੇ ਕਿੰਨੇ ਹੀ ਚਿਰਾਗ਼ ਬੁਝ ਗਏ |
ਹਾਂ, ਮਨਜੀਤ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਹੀ ਪਰਮਾਤਮਾ ਅੱਗੇ ਇਹੋ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਤੂੰ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਜ਼ਿੰਦਗੀ ਜਿਊਣ ਦਾ ਬਲ ਬਖ਼ਸ਼ੀਂ, ਸਾਡੀ ਗੌਰਮਿੰਟ ਖੌਰੇ ਕਦੋਂ ਜਾਗੂ, ਨਸ਼ਿਆਂ ਦੇ ਸੌਦਾਗਰ ਤਾਂ ਕਾਨੂੰਨ ਅਤੇ ਜੇਲ੍ਹਾਂ ਤੋਂ ਕੋਹਾਂ ਦੂਰ ਨੇ | ਕੀ ਪਤਾ ਸਾਡੇ ਪ੍ਰਬੰਧਕ ਕਦੋਂ ਕੋਈ ਉਪਰਾਲਾ ਕਰਕੇ ਇਨ੍ਹਾਂ ਦੇ ਨੱਥ ਪਾਉਣਗੇ |
ਫਿਰ ਕਿਤੇ ਜਾ ਕੇ ਸਾਡੇ ਨੌਜਵਾਨਾਂ ਦਾ ਭਵਿੱਖ, 'ਰੰਗਲਾ ਪੰਜਾਬ' ਅਤੇ ਬਚਦੀਆਂ ਕੁਲ੍ਹਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ |

-ਪਿੰਡ ਤੇ ਡਾਕ: ਸੈਦੋਕੇ, ਤਹਿ: ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ |
ਮੋਬਾਈਲ : 97795-27418.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX