ਤਾਜਾ ਖ਼ਬਰਾਂ


ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  23 minutes ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  38 minutes ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  46 minutes ago
ਬੰਗਾ, 25 ਅਗਸਤ (ਗੁਰਜਿੰਦਰ ਸਿੰਘ ਗੁਰੂ)- ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਂਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮ੍ਰਿੰਤਪ੍ਰੀਤ ਪੁੱਤਰ ਗੁਰਨਾਮ ਚੰਦ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  about 1 hour ago
ਵਰਸੋਲਾ (ਗੁਰਦਾਸਪੁਰ), 25 ਅਗਸਤ (ਵਰਿੰਦਰ ਸਹੋਤਾ) - ਵਰਸੋਲਾ ਦੇ ਨਾਲ ਲੱਗਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਯੂਸਫ਼ ਮਸੀਹ ਪੁੱਤਰ ਕਮਲਜੀਤ...
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 1 hour ago
ਨਵੀਂ ਦਿੱਲੀ, 25 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਮਨਾਮਾ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੰਦਰ ਵਿਚ ਆਯੋਜਿਤ ਹੋਣ ਵਾਲੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਵਿਚ...
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸਸਕਾਰ ਅੱਜ ਨਿਗਮ ਬੋਧ ਘਾਟ 'ਤੇ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਭਾਜਪਾ ਕਾਰਜਕਰਤਾ ਤੇ ਹੋਰ ਲੋਕ ਅਰੁਣ ਜੇਤਲੀ ਦੇ ਅੰਤਿਮ ਦਰਸ਼ਨ ਕਰ ਸਕਣ ਇਸ ਲਈ ਅੱਜ ਸਵੇਰੇ 10 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਪਾਰਟੀ ਹੈੱਡਕੁਆਟਰ...
ਅੱਜ ਦਾ ਵਿਚਾਰ
. . .  about 2 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਵਧੇਰੀ ਆਮਦਨ ਲਈ ਮੂਲੀ ਦੀ ਸਾਰਾ ਸਾਲ ਕਾਸ਼ਤ

ਉੱਨਤ ਕਿਸਮਾਂ
ਪੰਜਾਬ ਸਫ਼ੈਦ ਮੂਲੀ-2: ਮੁੱਖ ਮੌਸਮ ਦੀ ਇਹ ਕਿਸਮ ਬਿਜਾਈ ਤੋਂ ਤਕਰੀਬਨ 43 ਦਿਨ ਬਾਅਦ ਮੰਡੀਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਬੀ (34 ਸੈਂਟੀਮੀਟਰ), ਦੁੱਧ ਚਿੱਟੀ, ਸਿਰੇ ਤੋਂ ਖੁੰਢੀ ਅਤੇ ਵਾਲ ਰਹਿਤ ਹੁੰਦੀ ਹੈ। ਇਹ ਕਿਸਮ ਤਕਰੀਬਨ 60 ਦਿਨ ਤੱਕ ਖੇਤ ਵਿਚ ਖਾਣ ਯੋਗ ਰਹਿ ਸਕਦੀ ਹੈ। ਇਸ ਦੇ ਪੱਤੇ ਹਰੇ, ਮਦ ਕਟਾਵਾਂ ਵਾਲੇ ਅਤੇ ਸਿੱਧੇ ਖੜ੍ਹੇ ਰਹਿੰਦੇ ਹਨ। ਇਸ ਕਿਸਮ ਦਾ ਔਸਤਨ ਝਾੜ 236 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਪਸੰਦ : ਭਰ ਮੌਸਮ ਦੀ ਫ਼ਸਲ ਵਾਸਤੇ ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਬਿਜਾਈ ਤੋਂ 45 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਮੀ, ਦੁੱਧ ਚਿੱਟੀ, ਇਕਸਾਰ ਮੋਟਾਈ ਵਾਲੀ ਅਤੇ ਵਾਲ ਰਹਿਤ ਹੁੰਦੀ ਹੈ। ਇਸ ਦੇ ਪੱਤੇ ਘੱਟ ਅਤੇ ਸਿੱਧੇ ਖੜ੍ਹੇ ਹੁੰਦੇ ਹਨ। ਮੁੱਖ ਮੌਸਮ ਵਿਚ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੈ ਅਤੇ ਬੇਮੌਸਮੀ ਫ਼ਸਲ 140 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ ।
ਪੂਸਾ ਹਿਮਾਨੀ : ਇਹ ਠੰਢੇ ਇਲਾਕੇ ਦੀ ਕਿਸਮ ਹੈ ਅਤੇ ਜਨਵਰੀ ਦੇ ਦੂਜੇ ਪੰਦਰ੍ਹਵਾੜੇ ਵਿਚ ਬਿਜਾਈ ਲਈ ਢੁਕਵੀਂ ਹੈ। ਮੂਲੀਆਂ ਚਿੱਟੀਆਂ, ਹਰੇ ਪੱਤਿਆਂ ਵਾਲੀਆਂ, ਘੱਟ ਕੌੜੀਆਂ, 30-45 ਸੈਂਟੀਮੀਟਰ ਲੰਮੀਆਂ ਅਤੇ 10-12 ਸੈਂਟੀਮੀਟਰ ਗੋਲਾਈ ਦੀਆਂ ਹੁੰਦੀਆਂ ਹਨ। ਮੂਲੀਆਂ ਬਿਜਾਈ ਤੋਂ 60-65 ਦਿਨਾਂ ਬਾਅਦ ਪੁੱਟਣ ਯੋਗ ਹੁੰਦੀਆਂ ਹਨ ਅਤੇ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
ਪੂਸਾ ਚੇਤਕੀ : ਇਸ ਕਿਸਮ ਦੀ ਮੂਲੀ ਦੁੱਧ ਵਰਗੀ ਚਿੱਟੀ, ਸਾਫ਼, ਦਰਮਿਆਨੀ ਲੰਮੀ (15.5 ਸੈਂਟੀਮੀਟਰ), ਮੋਟੀ (3.5 ਸੈਂਟੀਮੀਟਰ), ਸਿਰੇ ਤੋਂ ਖੁੰਢੀ ਅਤੇ ਕੁਝ ਕੌੜੀ ਹੁੰਦੀ ਹੈ। ਇਸ ਦੇ ਪੱਤੇ ਦਰਮਿਆਨੇ ਆਕਾਰ ਦੇ (40.5 ਸੈਂਟੀਮੀਟਰ) ਤੇ ਬਿਨਾਂ ਕਟਾਵਾਂ ਵਾਲੇ ਹੁੰਦੇ ਹਨ । ਇਹ ਕਿਸਮ ਛੇਤੀ ਪੱਕਦੀ ਹੈ। ਪੰਜਾਬ ਦੀਆਂ ਹਾਲਤਾਂ ਵਿਚ ਚੰਗਾ ਬੀਜ ਪੈਦਾ ਹੁੰਦਾ ਹੈ। ਇਹ ਕਿਸਮ ਅਪ੍ਰੈਲ ਤੋਂ ਅਗਸਤ ਤੱਕ ਬੀਜਣ ਲਈ ਢੁਕਵੀਂ ਹੈ। ਮੂਲੀਆਂ ਦੀ ਔਸਤ ਪੈਦਾਵਾਰ 105 ਕੁਇੰਟਲ ਅਤੇ ਬੀਜ ਦਾ ਝਾੜ 4.5 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ।
ਜਪਾਨੀ ਵ੍ਹਾਈਟ : ਇਹ ਕਿਸਮ ਜਪਾਨ ਤੋਂ ਲਿਆਂਦੀ ਗਈ ਸੀ ਅਤੇ ਮੁੱਖ ਸਮੇਂ ਵਿਚ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦਾ ਪਤਰਾਲ ਦਰਮਿਆਨਾ ਅਤੇ ਪੱਤਿਆਂ ਵਿਚ ਡੂੰਘੀਆਂ ਕਟਾਵਾਂ ਹੁੰਦੀਆਂ ਹਨ। ਇਸ ਕਿਸਮ ਦੀਆਂ ਮੂਲੀਆਂ ਬਿਲਕੁਲ ਚਿੱਟੀਆਂ, ਗੁਲਾਈਦਾਰ ਅਤੇ ਅਖ਼ੀਰਲੇ ਸਿਰੇ ਤੋਂ ਖੁੰਢੀਆਂ ਹੁੰਦੀਆਂ ਹਨ। ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 160 ਕੁਇੰਟਲ ਹੁੰਦੀ ਹੈ।
ਬਿਜਾਈ ਦਾ ਸਮਾਂ : ਭਾਵੇਂ ਮੂਲੀ ਇਕ ਸਰਦ ਰੁੱਤ ਦੀ ਫ਼ਸਲ ਹੈ, ਪਰ ਇਸ ਵਿਚ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕਾਸ਼ਤ ਗਰਮੀ ਅਤੇ ਪੱਤਝੜ ਦੀ ਰੁੱਤ ਵਿਚ ਵੀ ਕੀਤੀ ਜਾ ਸਕਦੀ ਹੈ। ਪੂਸਾ ਚੇਤਕੀ ਤੋਂ ਬਿਨਾਂ ਕਿਸੇ ਵੀ ਕਿਸਮ ਵਿਚ ਗਰਮੀ ਸਹਿਣ ਦੀ ਸਮਰੱਥਾ ਨਹੀਂ। ਦੇਸੀ ਕਿਸਮਾਂ ਨੂੰ ਜੇ ਪਛੇਤਾ ਜਾਂ ਪੱਤਝੜ ਦੀ ਰੁੱਤ ਵਿਚ ਲਾਇਆ ਜਾਵੇ ਤਾਂ ਮੂਲੀ ਬਣਨ ਤੋਂ ਪਹਿਲਾਂ ਹੀ ਨਿੱਸਰ ਆਉਂਦੀਆਂ ਹਨ। ਜੇ ਕਿਸਮ ਦੀ ਸਹੀ ਚੋਣ ਕੀਤੀ ਜਾਵੇ ਤਾਂ ਮੂਲੀ ਦੀ ਕਾਸ਼ਤ ਤਕਰੀਬਨ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਮੂਲੀ ਦੀਆਂਵੱਖ-ਵੱਖ ਕਿਸਮਾਂ ਬੀਜਣ ਦਾ ਸਮਾਂ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਇਸ ਪ੍ਰਕਾਰ ਹੈ:
ਪੂਸਾ ਹਿਮਾਨੀ: ਇਸ ਦੀ ਬਿਜਾਈ ਦਾ ਸਮਾਂ ਜਨਵਰੀ-ਫ਼ਰਵਰੀ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਫ਼ਰਵਰੀ-ਅਪ੍ਰੈਲ ਹੈ।
ਪੰਜਾਬ ਪਸੰਦ: ਇਸ ਦੀ ਬਿਜਾਈ ਦਾ ਸਮਾਂ ਮਾਰਚ ਦਾ ਦੂਜਾ ਪੰਦਰ੍ਹਵਾੜਾ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਅਖੀਰ ਅਪ੍ਰੈਲ-ਮਈ ।
ਪੂਸਾ ਚੇਤਕੀ: ਇਸ ਦੀ ਬਿਜਾਈ ਦਾ ਸਮਾਂ ਅਪ੍ਰੈਲ-ਅਗਸਤ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਮਈ-ਸਤੰਬਰ ਹੈ। ਪੰਜਾਬ ਸਫ਼ੈਦ ਮੂਲੀ-2 : ਪੰਜਾਬ ਪਸੰਦ,ਜਪਾਨੀ ਵ੍ਹਾਈਟ: ਇਸ ਦੀ ਬਿਜਾਈ ਦਾ ਸਮਾਂ ਅੱਧ ਸਤੰਬਰ-ਅਕਤੂਬਰ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਅਕਤੂਬਰ-ਦਸੰਬਰ ਹੈ ।
ਜਾਪਾਨੀ ਵ੍ਹਾਈਟ: ਇਸ ਦੀ ਬਿਜਾਈ ਦਾ ਸਮਾਂ ਨਵੰਬਰ-ਦਸੰਬਰ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਦਸੰਬਰ-ਜਨਵਰੀ ਹੈ ।


-ਯੂਨੀਵਰਸਿਟੀ ਬੀਜ ਫਾਰਮ ਉਸਮਾਂ (ਤਰਨਤਾਰਨ)
ਮੋਬਾਈਲ : 89682-78900.


ਖ਼ਬਰ ਸ਼ੇਅਰ ਕਰੋ

ਝੋਨੇ ਦੇ ਵਧੇਰੇ ਝਾੜ ਲਈ ਹਾਨੀਕਾਰਕ ਕੀੜਿਆਂ ਦਾ ਸੁਚੱਜਾ ਪ੍ਰਬੰਧ ਕਰੋ

ਝੋਨੇ ਦੀ ਪੈਦਾਵਾਰ ਘਟਾਉਣ ਵਾਲੇ ਅਨੇਕਾਂ ਕਾਰਨਾਂ ਵਿਚੋਂ ਕੀੜੇ-ਮਕੌੜਿਆਂ ਦੁਆਰਾ ਹੋਣ ਵਾਲਾ ਨੁਕਸਾਨ ਮਹੱਤਵਪੂਰਨ ਕਾਰਨ ਹੈ। ਇਨ੍ਹਾਂ ਹਾਨੀਕਾਰਕ ਕੀੜਿਆਂ ਦੀ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਰੋਕਥਾਮ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੀ। ਤਣੇ ਦੇ ਗੜੂੰਏਂ (ਪੀਲਾ, ਚਿੱਟਾ ਅਤੇ ਗੁਲਾਬੀ ਗੜੂੰਆਂ) ਪੱਤੇ ਖਾਣ ਵਾਲੇ ਕੀੜੇ (ਪੱਤਾ ਲਪੇਟ ਸੁੰਡੀ ਅਤੇ ਹਿਸਪਾ) ਅਤੇ ਰਸ ਚੂਸਣ ਵਾਲੇ ਬੂਟਿਆਂ ਦੇ ਟਿੱਡੇ ਆਦਿ ਦੀ ਸਰਬਪੱਖੀ ਰੋਕਥਾਮ ਲਈ ਪੀ.ਏ.ਯੂ. ਵਲੋਂ ਸਿਫ਼ਾਰਸ਼ ਹਾਨੀਕਾਰਕ ਕੀੜਿਆਂ ਦੀ ਸਰਬਪੱਖੀ ਰੋਕਥਾਮ ਤਕਨੀਕ ਦਾ ਵਰਨਣ ਕੀਤਾ ਜਾ ਰਿਹਾ ਹੈ:
1. ਤਣੇ ਦੇ ਗੜੂੰਏਂ : ਇਨ੍ਹਾਂ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ ਅਤੇ ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀਆਂ, ਚਿੱਟੀਆਂ ਅਤੇ ਗੁਲਾਬੀ ਸੁੰਡੀਆਂ ਫ਼ਸਲ ਦਾ ਇਕੋ ਜਿਹਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ, ਜਦੋਂ ਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮਂੇ ਤੇ ਬਾਅਦ ਵਿਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ।
ਪੀਲੀਆਂ ਸੁੰਡੀਆਂ ਦੇ ਪੰਤਗਿਆਂ ਦੇ ਅਗਲੇ ਖੰਭ ਪੀਲੇੇ ਹੁੰਦੇ ਹਨ ਅਤੇ ਇਨ੍ਹਾਂ ਉਤੇ ਇਕ ਕਾਲਾ ਨਿਸ਼ਾਨ ਵੀ ਹੁੰਦਾ ਹੈ। ਸਰੀਰ ਦੇ ਆਖਰੀ ਭਾਗਾਂ 'ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ਼ (ਪੂਛ ਜਿਹੀ ਦੀ ਸ਼ਕਲ 'ਚ) ਹੁੰਦੇ ਹਨ। ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਅਤੇ ਚਮਕੀਲੇ ਹੁੰਦੇ ਹਨ, ਪਰ ਗੁਲਾਬੀ ਸੁੰਡੀਆਂ ਦੇ ਪਤੰਗਿਆਂ ਦਾ ਰੰਗ ਭੂਰਾ ਹੁੰਦਾ ਹੈ। ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਦੇ ਮਾਦਾ ਪਤੰਗੇ ਪੱਤਿਆਂ ਉਪਰ (15-100 ਦੇ ਢੇਰਾਂ ਵਿਚ) ਅੰਡੇ ਦਿੰਦੇ ਹਨ। ਗੁਲਾਬੀ ਸੁੰਡੀਆਂ ਦੀਆਂ ਮਾਦਾ ਪੱਤਿਆਂ ਦੇ ਮੁੱਢ ਦੁਆਲੇ ਖੋਲਾਂ ਉਪਰ ਜਾਂ ਇਨ੍ਹਾਂ ਦੇ ਅੰਦਰਲੇ ਪਾਸੇ ਅੰਡੇ ਦਿੰਦੀਆਂ ਹਨ, ਜਿਨ੍ਹਾਂ 'ਚੋਂ 5-8 ਦਿਨਾਂ ਵਿਚ ਸੁੰਡੀਆਂ ਨਿਕਲਦੀਆਂ ਹਨ, ਜੋ ਥੋੜ੍ਹੀ ਦੇਰ ਬਾਅਦ ਹੀ ਗੋਭਾਂ ਵਿਚ ਵੜ ਜਾਂਦੀਆ ਹਨ ਤੇ ਇਨ੍ਹਾਂ ਨੂੰ ਅੰਦਰੋਂ-ਅੰਦਰ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੀਆਂ ਗੋਭਾਂ ਸੁੱਕ ਜਾਂਦੀਆਂ ਹਨ। ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿਚੋਂ ਖਿੱਚੀਆਂ ਜਾ ਸਕਦੀਆਂ ਹਨ। ਜੇਕਰ ਸੁੰਡੀਆਂ ਦਾ ਹਮਲਾ ਪੱਛੜ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿਚ ਦਾਣੇ ਨਹੀਂ ਬਣਦੇ ਅਤੇੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਅਜਿਹੀਆਂ ਦਾਣਿਆਂ ਤੋਂ ਸੱਖ਼ਣੀਆਂ 'ਚਿੱਟੀਆਂ ਮੁੰਜਰਾਂ' ਖੇਤ ਵਿਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।
ਰੋਕਥਾਮ: : ੳ) ਫ਼ਸਲ ਦੀ ਸਮੇਂ ਸਿਰ ਬਿਜਾਈ: ਸਿਫ਼ਾਰਿਸ਼ ਕੀਤੇ ਸਮਂੇ ਅਨੁਸਾਰ ਹੀ ਝੋਨੇ ਦੀ ਬਿਜਾਈ ਕਰੋ। ਇਸ ਨਾਲ ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਨੂੰ ਵਧਣ ਫੁੱਲਣ ਲਈ ਸਮਾਂ ਘੱਟ ਮਿਲੇਗਾ ਅਤੇ ਇਨ੍ਹਾਂ ਦੀ ਗਿਣਤੀ ਨਹੀਂ ਵਧੇਗੀ।
ਅ) ਖਾਦਾਂ ਦੀ ਸਹੀ ਵਰਤੋਂ: ਸਿਫ਼ਾਰਿਸ਼ ਤੋਂ ਵੱਧ ਨਾਈਟਰੋਜਨ ਖਾਦ ਪਾਉਣ ਨਾਲ ਤਣੇ ਦੀਆਂ ਸੁੰਡੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਕਰੋ।
ੲ) ਰਸਾਇਣਕ ਰੋਕਥਾਮ: ਖੇਤ ਵਿਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਗੈਰ-ਬਾਸਮਤੀ ਝੋਨੇ ਵਿਚ 5 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਅਤੇ ਬਾਸਮਤੀ ਝੋਨੇ ਵਿਚ 2 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਨੁਸਾਰ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 98159-02788

ਝੋਨੇ ਦੀ ਖੇਤੀ ਵਿਚ ਵਡਮੁੱਲਾ ਪਾਣੀ ਕਿਵੇਂ ਬਚਾਈਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੇ ਖੇਤਾਂ ਨੂੰ ਕਿਆਰਾ ਵਿਧੀ ਨਾਲ ਪਾਣੀ ਲਗਾਉਣਾ- ਖੇਤਾਂ ਵਿਚ ਕਿਆਰੇ ਪਾ ਕੇ ਝੋਨੇ ਨੂੰ ਪਾਣੀ ਲਗਾਉਣ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕਦਾ ਹੈ। ਹਲਕੀਆਂ ਜ਼ਮੀਨਾਂ ਵਿਚ ਕਿਸਾਨ ਵੀਰਾਂ ਨੂੰ ਇਕ-ਇਕ ਕਨਾਲ ਦੇ 8 ਕਿਆਰੇ ਅਤੇ ਭਾਰੀਆਂ ਜ਼ਮੀਨਾਂ ਵਿਚ ਘੱਟੋ-ਘੱਟ 4 ਕਿਆਰੇ ਪਾ ਕੇ ਝੋਨੇ ਨੂੰ ਪਾਣੀ ਲਗਾਉਣਾ ਚਾਹੀਦਾ ਹੈ। ਇਸ ਨਾਲ ਵੀ ਬੇਸ਼ਕੀਮਤੀ ਪਾਣੀ ਬਚਾਇਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਕਈ ਜ਼ਿੰਮੀਦਾਰ ਬਿਨਾਂ੍ਹ ਕਿਆਰੇ ਪਾਏ ਹੜ੍ਹ ਵਾਲੀ ਵਿਧੀ ਨਾਲ ਪਾਣੀ ਲਗਾਉਂਦੇ ਹਨ, ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਖੇਤ ਵੀ ਦੇਰ ਨਾਲ ਭਰਦੇ ਹਨ।
ਪੀ ਏ ਯੂ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਝੋਨੇ ਵਿਚ ਪਾਣੀ ਪ੍ਰਬੰਧ-ਜ਼ਿੰਮੀਦਾਰਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੱਦੂ ਕੀਤੇ ਝੋਨੇ ਵਿਚ ਸਿਰਫ਼ ਪਹਿਲੇ 15 ਦਿਨ ਪਾਣੀ ਖੜ੍ਹਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਝੋਨੇ ਦੇ ਬੂਟਿਆਂ ਦੀ ਜੜ੍ਹ ਵਧੀਆ ਢੰਗ ਨਾਲ ਲੱਗ ਜਾਂਦੀ ਹੈ। ਨਦੀਨ ਵੀ ਨਾਮਾਤਰ ਹੀ ਹੁੰਦੇ ਹਨ। ਝੋਨੇ ਵਿਚ ਅਗਲਾ ਪਾਣੀ ਉਦੋਂ ਹੀ ਲਗਾਉਣਾ ਚਾਹੀਦਾ ਹੈ ਜਦੋਂ ਪਹਿਲਾ ਪਾਣੀ ਜ਼ਮੀਨ ਵਿਚ ਜ਼ੀਰੇ ਨੂੰ ਦੋ ਦਿਨ ਹੋ ਗਏ ਹੋਣ। ਇਸ ਨਾਲ ਵਡਮੁੱਲੇ ਪਾਣੀ ਦੀ ਬੱਚਤ ਹੋਵੇਗੀ।
ਟੈਂਸ਼ੀਓਮੀਟਰ ਰਾਹੀਂ ਝੋਨੇ ਵਿਚ ਪਾਣੀ ਦਾ ਪ੍ਰਬੰਧ - ਭਾਰੀਆਂ ਅਤੇ ਮੈਰਾ ਜ਼ਮੀਨਾਂ ਵਿਚ ਇਕੋ ਜਿੰਨਾ ਪਾਣੀ ਹੋਣ ਦੇ ਬਾਵਜੂਦ ਵੀ ਫ਼ਸਲ ਲਈ ਪਾਣੀ ਦੀ ਉਪਲਬਧੀ ਭਾਰੀਆਂ ਜ਼ਮੀਨਾਂ ਵਿਚ ਜ਼ਿਆਦਾ ਹੁੰਦੀ ਹੈ। ਫਸਲ ਨੂੰ ਪਾਣੀ ਦੀ ਪ੍ਰਾਪਤੀ ਜ਼ਮੀਨ ਵਿਚਲੇ ਪਾਣੀ ਦੀ ਕੁੱਲ ਮਾਤਰਾ 'ਤੇ ਨਹੀਂ ਸਗੋਂ ਜ਼ਮੀਨ ਦੀ ਪਾਣੀ ਨੂੰ ਖਿੱਚਣ ਦੀ ਮਾਤਰਾ (ਸਕਸ਼ਨ) 'ਤੇ ਨਿਰਭਰ ਕਰਦੀ ਹੈ। ਕਿਸੇ ਵੀ ਇਕ ਸਕਸ਼ਨ 'ਤੇ ਜ਼ਮੀਨ ਵਿਚਲੇ ਕੁੱਲ ਪਾਣੀ ਦੀ ਮਾਤਰਾ ਭਾਰੀਆਂ ਮਿੱਟੀਆਂ ਵਿਚ ਮੈਰਾ ਜਾਂ ਰੇਤਲੀਆਂ ਜ਼ਮੀਨਾਂ ਨਾਲੋਂ ਜ਼ਿਆਦਾ ਹੋਵੇਗੀ। ਫ਼ਸਲ ਦੀ ਸਿੰਚਾਈ ਲਈ ਢੁੱਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰਾਂ੍ਹ ਦੀਆਂ ਜ਼ਮੀਨਾਂ ਵਾਸਤੇ ਲਾਹੇਵੰਦ ਹੈ। ਟੈਂਸ਼ੀਓਮੀਟਰ ਸੈਰਾਮਿਕ ਕੱਪ ਪਾਰਦਰਸ਼ੀ ਟਿਊਬ ਅਤੇ ਗੇਜ਼ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਇਕ ਸਾਧਾਰਨ ਯੰਤਰ ਹੈ। ਬਰੀਕ ਮੁਸਾਮਾਂ ਵਾਲੇ ਸੈਰਾਮਿਕ ਕੱਪ ਨੂੰ ਪਾਰਦਰਸ਼ੀ ਟਿਊਬ ਰਾਹੀਂ ਗੇਜ਼ ਨਾਲ ਜੋੜ ਕੇ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਯੰਤਰ ਵਿਚਲਾ ਪਾਣੀ ਬਰੀਕ ਸੁਰਾਖਾਂ ਵਾਲੇ ਕੱਪ ਰਾਹੀਂ ਆਲੇ ਦੁਆਲੇ ਦੀ ਮਿੱਟੀ ਨਾਲ ਸੰਤੁਲਨ ਵਿਚ ਰਹਿੰਦਾ ਹੈ। ਜਿਉਂ-ਜਿਉਂ ਮਿੱਟੀ ਵਿਚ ਪਾਣੀ ਘਟਦਾ ਹੈ, ਤਿਉਂ-ਤਿਉਂ ਯੰਤਰ ਵਿਚਲਾ ਪਾਣੀ ਮਿੱਟੀ ਵਿਚ ਚਲਿਆ ਜਾਂਦਾ ਹੈ ਅਤੇ ਸਿੱਟੇ ਵਜੋਂ ਪੈਦਾ ਹੋਈ ਸਕਸ਼ਨ ਗੇਜ਼ 'ਤੇ ਪੜ੍ਹੀ ਜਾ ਸਕਦੀ ਹੈ। ਟੈਂਸ਼ੀਓਮੀਟਰ ਨੂੰ ਮਿੱਟੀ ਵਿਚ ਲਗਾਉਣ ਲਈ ਯੰਤਰ ਦੇ ਬਰਾਬਰ ਦੀ ਮੋਟਾਈ ਵਾਲੀ ਟਿਊਬ ਨੂੰ ਧਰਤੀ ਵਿਚ 15-20 ਸੈਂਟੀਮੀਟਰ ਤੱਕ ਗੱਡ ਕੇ ਲੰਬਾ ਸੁਰਾਖ ਬਣਾ ਲਿਆ ਜਾਂਦਾ ਹੈ। ਸੁਰਾਖ ਵਿਚ ਮਿੱਟੀ ਦਾ ਘੋਲ ਪਾਉਣ ਉਪਰੰਤ ਟੈਂਸ਼ੀਓਮੀਟਰ ਨੂੰ ਇਸ ਸੁਰਾਖ ਵਿਚ ਇਸ ਤਰਾਂ੍ਹ ਰੱਖ ਦਿੱਤਾ ਜਾਂਦਾ ਹੈ ਕਿ ਯੰਤਰ ਹੇਠਲਾ ਕੱਪ ਘੋਲ ਤੱਕ ਡੂੰਘਾ ਚਲਿਆ ਜਾਵੇ। ਪਾਣੀ ਨੂੰ ਸੁਰਾਖ ਵਿਚ ਜਾਣ ਤੋਂ ਰੋਕਣ ਲਈ ਯੰਤਰ ਦੇ ਆਲੇ ਦੁਆਲੇ ਦੀ ਥਾਂ ਨੂੰ ਮਿੱਟੀ ਦੇ ਘੋਲ ਨਾਲ ਭਰ ਦਿੱਤਾ ਜਾਂਦਾ ਹੈ। ਮਿੱਟੀ ਵਿਚਲੀ ਸਕਸ਼ਨ ਜਾਣਨ ਲਈ ਯੰਤਰ ਨੂੰ ਸਵੇਰੇ ਸੂਰਜ ਚੜ੍ਹਨ ਉਪਰੰਤ ਪੜ੍ਹ ਕੇ ਗੇਜ਼ ਦੀ ਪੜ੍ਹਤ 150 ਸੈਂਟੀਮੀਟਰ ਤੱਕ ਪਹੁੰਚਣ 'ਤੇ ਹੀ ਪਾਣੀ ਲਾਇਆ ਜਾਂਦਾ ਹੈ। ਜਦੋਂ ਪਾਰਦਰਸ਼ੀ ਟਿਊਬ ਵਿਚਲੇ ਪਾਣੀ ਦੀ ਸਤਹਿ ਦੋ ਸੈਂਟੀਮੀਟਰ ਹੇਠਾਂ ਚਲੀ ਜਾਵੇ ਤਾਂ ਉਸ ਨੂੰ ਮੁੜ ਤੋਂ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਕਿਸਾਨ ਵੀਰਾਂ ਦੀ ਸਹੂਲਤ ਲਈ ਵਿਗਿਆਨੀਆਂ ਨੇ ਗੇਜ਼ ਦੀ ਥਾਂ 'ਤੇ ਦੋ ਰੰਗਾਂ ਵਾਲੀ ਪੱਟੀ ਦਾ ਪ੍ਰਯੋਗ ਕੀਤਾ ਹੈ। ਜਦ ਕਿ ਟੈਂਸ਼ੀਓਮੀਟਰ ਦੇ ਅੰਦਰਲੀ ਛੋਟੀ ਨਾਲ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਵਿਚ ਰਹਿੰਦਾ ਹੈ ਤਾਂ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਅਤੇ ਪਾਣੀ ਦਾ ਪੱਧਰ ਹਰੀ ਤੋਂ ਪੀਲੀ ਪੱਟੀ ਵਿਚ ਆਉਣ 'ਤੇ ਹੀ ਪਾਣੀ ਲਾਉਣਾ ਚਾਹੀਦਾ ਹੈ। ਟੈਂਸ਼ੀਓਮੀਟਰ ਇਕ ਬਹੁਤ ਹੀ ਉਪਯੋਗੀ ਉਪਕਰਨ ਹੈ। ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਇਸ ਦੀ ਵਰਤੋਂ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ।
ਬੈਡਾਂ (ਪਟੜਿਆਂ) 'ਤੇ ਬਿਜਾਈ-ਭਾਰੀਆਂ ਜ਼ਮੀਨਾਂ ਵਿਚ ਝੋਨੇ ਨੂੰ ਬੈਡਾਂ 'ਤੇ ਲਾਉਣ ਨਾਲ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਕਣਕ ਦੀ ਬੈਡਾਂ 'ਤੇ ਬਿਜਾਈ ਕਰਨ ਵਾਲੀ ਮਸ਼ੀਨ ਨਾਲ ਬੈਡ ਬਣਾ ਕੇ ਝੋਨੇ ਦੀ 30 ਦਿਨ ਦੀ ਪਨੀਰੀ ਦੀਆਂ ਦੋ ਕਤਾਰਾਂ ਵਿਚ ਬੂਟੇ ਤੋਂ ਬੂਟੇ ਦਾ ਨੌਂ ਸੈਂਟੀਮੀਟਰ ਫਾਸਲਾ ਰੱਖ ਕੇ ਵੱਟਾਂ ਦੀ ਢਲਾਣ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਦੇ ਨਾਲ ਨਾਲ ਝੋਨੇ ਦੀ ਫ਼ਸਲ ਤੋਂ ਪੂਰਾ ਝਾੜ ਵੀ ਲਿਆ ਜਾ ਸਕਦਾ ਹੈ। ਝੋਨੇ ਦੀ ਸਿੱਧੀ ਬਿਜਾਈ-ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰੋ। ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਲੋਹੇ ਦੀ ਘਾਟ ਆ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਖ 8-10 ਕਿੱਲੋ ਬੀਜ ਪ੍ਰਤੀ ਏਕੜ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਜਾਂ ਪੀ ਏ ਯੂ ਲੱਕੀ ਡਰਿਲ ਨਾਲ ਕੀਤੀ ਜਾ ਸਕਦੀ ਹੈ।
ਸਿਆੜਾਂ ਵਿਚ ਫਾਸਲਾ ਅੱਠ ਇੰਚ ਦਾ ਰੱਖੋ। ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਲਈ 2 ਦਿਨਾਂ ਦੇ ਅੰਦਰ-ਅੰਦਰ ਸਟੌਂਪ 30 ਈ ਸੀ (ਪੈਂਡੀਮੇਥਲਿਨ) ਇਕ ਲੀਟਰ ਪ੍ਰਤੀ ਏਕੜ ਅਤੇ ਬਿਜਾਈ ਤੋਂ 20-25 ਦਿਨ ਬਾਅਦ ਨੋਮਨੀਗੋਲਡ 10 ਐਸ ਸੀ 100 ਮਿ.ਲੀ ਪ੍ਰਤੀ ਏਕੜ ਜਾਂ ਸੈਗਾਮੈਂਟ 50 ਡੀ ਐਫ (ਅਜ਼ਿਮਸਲਫੂਰਾਨ) 16 ਗ੍ਰਾਮ ਏਕੜ ਦੇ ਹਿਸਾਬ ਨਾਲ 30 ਦਿਨਾਂ ਬਾਅਦ ਸਪਰੇਅ ਕਰੋ।
ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਦੀ ਸਾਰੀ ਜ਼ਮੀਨ ਨੂੰ 4 ਹਿੱਸਿਆਂ ਵਿਚ ਫ਼ਸਲਾਂ ਦੀ ਕਾਸ਼ਤ ਮੁਤਾਬਕ ਵੰਡਿਆ ਜਾ ਸਕਦਾ ਹੈ। ਜਿਵੇਂ ਕਿ ਗੰਨੇ ਦੀ ਕਾਸ਼ਤ ਲਈ, ਦਾਲਾਂ ਸਬਜ਼ੀਆਂ ਦੀ ਕਾਸ਼ਤ ਲਈ, ਨਰਮੇ, ਕਪਾਹ ਦੀ ਕਾਸ਼ਤ ਲਈ ਅਤੇ ਝੋਨੇ ਦੀ ਕਾਸ਼ਤ ਲਈ। ਜਿੱਥੋਂ ਤੱਕ ਹੋ ਸਕੇ ਝੋਨੇ ਦੀ ਕਾਸ਼ਤ ਕੇਵਲ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ। ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਅੱਜ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਾਣੀ ਦੇ ਸੋਮਿਆਂ ਦੀ ਸੁਚੱਜੀ ਵਰਤੋਂ ਯਕੀਨੀ ਹੋਵੇ। ਕਿਸਾਨ ਵੀ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸੁਚੱਜੀ ਵਰਤੋਂ ਲਈ ਉਪਰੋਕਤ ਦਿੱਤੀਆਂ ਤਕਨੀਕਾਂ ਦੀ ਵਰਤੋਂ ਕਰਨ ਤਦ ਹੀ ਪਾਣੀ ਦੇ ਸੰਕਟ ਨਾਲ ਨਿਬੜਿਆ ਜਾ ਸਕਦਾ ਹੈ। (ਸਮਾਪਤ)


-ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ।
ਸੰਪਰਕ : 01822-232543

ਖੂਹ

ਪੀ ਜਿਹਨਾਂ ਦਾ ਪਾਣੀ ਰਾਜ਼ੀ ਹੋ ਜਾਂਦੀ ਸੀ ਰੂਹ।
ਦੂਰ ਦੂਰ ਤੱਕ ਦਿਸਦੇ ਨਾ ਹੁਣ ਟਿੰਡਾਂ ਵਾਲੇ ਖੂਹ।
ਠੰਢਾ, ਮਿੱਠਾ, ਸ਼ਰਬਤ ਵਰਗਾ ਸੀ ਜਿਨ੍ਹਾਂ ਦਾ ਪਾਣੀ,
ਪੀ ਕੇ ਪਿਆਸ ਬੁਝਾਉਂਦੇ ਪਸ਼ੂ, ਪੰਛੀ ਅਤੇ ਪ੍ਰਾਣੀ,
ਆਉਂਦੇ ਜਾਂਦੇ ਰਾਹੀ ਆਪਣਾ ਧੋਂਦੇ ਸੀ ਹੱਥ ਮੂੰਹ,
ਦੂਰ ਦੂਰ....।
ਇਨ੍ਹਾਂ ਖੂਹਾਂ ਦੇ ਸਦਕਾ ਸਨ ਫ਼ਸਲਾਂ ਹਰੀਆਂ ਭਰੀਆਂ,
ਕਣਕ, ਜਵਾਰ, ਬਾਜ਼ਰਾ, ਮੱਕੀ ਉੱਚੀਆਂ ਲੰਮੀਆਂ ਚਰ੍ਹੀਆਂ,
ਸਵਰਗਾਂ ਦਾ ਨਜ਼ਾਰਾ ਮਿਲਦਾ ਸੀ ਗਾ ਹੂ-ਬਹੂ।
ਦੂਰ ਦੂਰ...।
ਖੇਤੀਬਾੜੀ ਦਾ ਅੰਗ ਜ਼ਰੂਰੀ ਖੂਹ ਸਨ ਹੋਇਆ ਕਰਦੇ,
ਤਪਦੇ ਹੋਏ ਖੇਤ ਇਹਨਾਂ ਦੇ ਪਾਣੀ ਨਾਲ ਸੀ ਠਰਦੇ,
ਹਰਿਆਈ ਦੇ ਅੰਗ-ਸੰਗ ਰਹਿੰਦੀ ਸੀ ਨਗਰ ਖੇੜੇ ਦੀ ਜੂਹ।
ਦੂਰ ਦੂਰ...।
ਦਿੰਦੀਆਂ ਨਹੀਂ ਸੁਣਾਈ ਕਿਧਰੇ ਟੱਲੀਆਂ ਦੀਆਂ ਟੁਣਕਾਰਾਂ,
ਨਾ ਹੀ ਭਰਦੀਆਂ ਪਾਣੀ ਖੂਹ ਤੋਂ ਘੜਿਆਂ ਵਿਚ ਮੁਟਿਆਰਾਂ,
ਸੱਭਿਆਚਾਰ ਪੁਰਾਣਾ ਨਹੀਂ ਹੁਣ ਹੁੰਦਾ ਰੂ-ਬਰੂ।
ਦੂਰ ਦੂਰ...।
ਭਰੇ ਰਹਿੰਦੇ ਸਨ ਪਾਣੀ ਦੇ ਨਾਲ ਖੂਹਾਂ ਦੇ ਚੁਬੱਚੇ,
ਖ਼ੁਸ਼ ਹੁੰਦੇ ਸੀ ਚੁੱਭੀਆਂ ਲਾ ਕੇ ਇਨ੍ਹਾਂ ਦੇ ਵਿਚ ਬੱਚੇ,
ਜਦੋਂ ਸਾੜਦੀ ਪਿੰਡੇ ਨੂੰ ਸੀ ਜੇਠ ਹਾੜ ਦੀ ਲੂ।
ਦੂਰ ਦੂਰ...।
ਇਹਨਾਂ ਖੂਹਾਂ ਕਾਰਨ ਸੀ ਬੜੀ ਵਿਰਸੇ ਵਿਚ ਅਮੀਰੀ,
ਜਿਸ ਤੋਂ ਹੈ ਅਣਜਾਣ 'ਬੱਗਿਆ' ਅੱਜਕਲ੍ਹ ਦੀ ਪਨੀਰੀ,
ਕਹੇ 'ਰਮੇਸ਼' ਵਿਰਾਸਤ ਸਾਡੀ ਹੋ ਗਈ ਮੰਤਰ ਛੂ।
ਦੂਰ ਦੂਰ ਤੱਕ ਦਿੱਸਦੇ ਨਾ ਹੁਣ ਟਿੰਡਾਂ ਵਾਲੇ ਖੂਹ।


-ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ.8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)। ਮੋਬਾਈਲ :9463132719.

ਲਿਫ਼ਾਫ਼ੇ ਤੇ ਵਾਤਾਵਰਨ

ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ। ਹਰ ਚੀਜ਼ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਹੀ ਮਿਲਦੀ ਸੀ, ਦੁੱਧ, ਦਹੀਂ, ਕੱਪੜੇ, ਆਟਾ, ਦਾਲ, ਕਿਤਾਬਾਂ ਇਥੋਂ ਤੱਕ ਕਿ ਗੋਲ ਗੱਪੇ ਵੀ। ਪਰ ਹੱਦ ਇਹ ਨਹੀਂ ਸੀ, ਹੱਦ ਤਾਂ ਇਹ ਸੀ ਕਿ ਲਿਫ਼ਾਫ਼ਾ ਵਰਤ ਕੇ ਅਸੀਂ ਉਸ ਨੂੰ ਲਾਪ੍ਰਵਾਹੀ ਨਾਲ ਸੁੱਟ ਦਿੰਦੇ ਸੀ। ਇਹ ਕੂੜਾ, ਨਾਲੀਆਂ, ਸੀਵਰ ਤੇ ਦਰਿਆਵਾਂ ਤੱਕ ਨੂੰ ਜਾਮ ਕਰ ਦਿੰਦਾ ਹੈ। ਹੋਰ ਤਾਂ ਹੋਰ ਇਹ ਲਿਫ਼ਾਫੇ ਪਸ਼ੂ ਵੀ ਖਾਣ ਲੱਗ ਪਏ ਕਿਉਂਕਿ ਇਹ ਕਿਸੇ ਨਾ ਕਿਸੇ ਖਾਧ ਪਦਾਰਥ ਨਾਲ ਲਿਬੜੇ ਹੁੰਦੇ ਹਨ। ਇਹ ਲਿਫ਼ਾਫ਼ੇ ਦੁਧਾਰੂ ਪਸ਼ੂਆਂ ਦੇ ਅੰਦਰ ਬੰਨ੍ਹ ਪਾ ਦਿੰਦੇ ਹਨ। ਹੁਣ ਦੇਸ਼ ਦੇ ਕਈ ਸੂਬਿਆਂ ਨੇ ਸਖਤੀ ਨਾਲ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਕਰ ਦਿੱਤੇ ਹਨ। ਹੁਣ ਕਾਗਜ਼ ਆਦਿ ਦੇ ਲਿਫ਼ਾਫ਼ੇ ਹੀ ਚੱਲਣਗੇ। ਆਮ ਘਰ ਜਾਂ ਦੁਕਾਨ ਦੀ ਲੋੜ ਲਈ ਇਹ ਥੋੜ੍ਹੇ ਜਿਹੇ ਗੂੰਦ, ਲੇਟੀ ਜਾਂ ਫੈਵੀਕੋਲ ਨਾਲ ਬਣਾਏ ਜਾ ਸਕਦੇ ਹਨ। ਕਿਸੇ ਵੀ ਵਰਗਾਕਾਰ ਜਾਂ ਚੌਰਸ ਕਾਗਜ਼ ਨੂੰ ਜੋੜ ਲਾ ਕੇ ਤੇ ਇਕ ਪਾਸੇ ਕਿਸ਼ਤੀ ਵਟ ਮਾਰ ਕੇ ਅੱਧੇ ਮਿੰਟ ਵਿਚ ਲਿਫ਼ਾਫ਼ਾ ਬਣਾਇਆ ਜਾ ਸਕਦਾ ਹੈ। ਇਸ ਕੰਮ ਲਈ, ਪੁਰਾਣੀਆਂ ਅਖ਼ਬਾਰਾਂ, ਰਸਾਲੇ, ਰਜਿਸਟਰ, ਅਣਵਿਕੀਆਂ ਕਿਤਾਬਾਂ ਜਾਂ ਹੋਰ ਕਾਗਜ਼ੀ ਰੱਦੀ ਤੋਂ ਮੁਫ਼ਤੋ-ਮੁਫ਼ਤੀ ਲਿਫ਼ਾਫ਼ੇ ਬਣਾਏ ਜਾ ਸਕਦੇ ਹਨ। ਗ਼ਰੀਬ ਲੋਕ ਜਾਂ ਘਰੇਲੂ ਔਰਤਾਂ, ਇਸ ਨੂੰ ਆਮਦਨ ਦਾ ਸਾਧਨ ਵੀ ਬਣਾ ਸਕਦੀਆਂ ਹਨ। ਇਹ ਵਾਤਾਵਰਨ ਨੂੰ ਬਚਾਉਣ ਵੱਲ ਇਕ ਕਦਮ ਵੀ ਹੋਵੇਗਾ।


-ਮੋਬਾ: 98159-45018

ਅਗਸਤ ਮਹੀਨੇ ਦੇ ਕਿਸਾਨਾਂ ਲਈ ਖੇਤੀ ਰੁਝੇਵੇਂ

ਮੱਕੀ : ਮੱਕੀ ਦੇ ਚੰਗੇ ਵਾਧੇ ਲਈ ਢੁਕਵੀਂ ਸਿੰਚਾਈ ਕਰਨੀ ਜ਼ਰੂਰੀ ਹੈ। ਜ਼ਿਆਦਾ ਦੇਰ ਤੱਕ ਪਾਣੀ ਖੜ੍ਹਾ ਮੱਕੀ ਦੀ ਫ਼ਸਲ ਸਹਾਰ ਨਹੀਂ ਸਕਦੀ। ਇਸ ਲਈ ਵਾਧੂ ਖੜ੍ਹਾ ਪਾਣੀ ਖੇਤ ਵਿਚੋਂ ਬਾਹਰ ਕੱਢ ਦਿਓ। ਇਸ ਨਾਲ ਫ਼ਸਲ ਤੇ ਤਣਾ ਗਲਣ ਦਾ ਰੋਗ ਵੀ ਘੱਟ ਲਗਦਾ ਹੈ। ਖੜ੍ਹੇ ਪਾਣੀ ਦਾ ਨੁਕਸਾਨ ਨਜ਼ਰ ਆਵੇ ਤਾਂ 3 ਫੀਸਦੀ ਯੂਰੀਆ ਘੋਲ ਦੇ ਦੋ ਛਿੜਕਾਅ ਹਫ਼ਤੇ ਦੇ ਫਰਕ 'ਤੇ ਕਰਨ ਨਾਲ ਜਾਂ ਵਾਧੂ ਨਾਈਟ੍ਰੋਜਨ 12-24 ਕਿਲੋ (25-50 ਕਿਲੋ ਯੂਰੀਆ) ਪ੍ਰਤੀ ਏਕੜ ਪਾਉਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਪੀ.ਐਮ.ਐਚ.-1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਨੂੰ 37 ਕਿਲੋ ਯੂਰੀਆ ਦੀ ਅਖੀਰਲੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਰ ਪੈਣ 'ਤੇ ਪਾ ਦਿਓ ਪਰ ਪੀ.ਐਮ.ਐਚ. 2/ਕੇਸਰੀ/ਪਰਲ ਪਾਪਕੌਰਨ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਪੱਤਿਆਂ ਦੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ 'ਤੇ ਇੰਡੋਫਿਲ ਐਮ-45, 200 ਗ੍ਰਾਮ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ। ਮੱਕੀ ਦੇ ਗੜੂੰਏਂ ਦੀ ਰੋਕਥਾਮ ਲਈ ਫ਼ਸਲ 'ਤੇ 30 ਮਿ: ਲਿ: ਕੋਰਾਜ਼ਨ 18.5 ਤਾਕਤ ਨੂੰ 60 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਵੀ ਮੱਕੀ (ਪੀ.ਐਮ.ਐਚ.-1 ਜਾਂ ਪੀ.ਐਮ.ਐਚ.-2) ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦਾ ਝਾੜ ਜੂਨ ਵਿਚ ਬੀਜੀ ਫ਼ਸਲ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ। ਬਿਜਾਈ ਕਤਾਰਾਂ ਵਿਚ 60 ਸੈਂ: ਮੀ: ਦੂਰੀ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂ: ਮੀ: ਰੱਖ ਕੇ ਕਰੋ। ਬਿਜਾਈ ਪੱਧਰੀ ਜਾਂ ਵੱਟਾਂ ਦੇ ਇਕ ਪਾਸੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋ। ਇਸ ਫ਼ਸਲ ਨੂੰ ਖਾਦਾਂ ਸਾਉਣੀ ਦੀ ਮੱਕੀ ਵਾਲੀਆਂ ਹੀ ਪਾਓ।
ਕਮਾਦ : ਕਮਾਦ ਦੀ ਫ਼ਸਲ ਡਿਗਣ ਤੋਂ ਰੋਕਣ ਲਈ ਅਗਸਤ ਦੇ ਅਖੀਰ ਤੱਕ ਫ਼ਸਲ ਦੇ ਮੂੰਏਂ ਬੰਨ੍ਹ ਦਿਓ। ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਤੇ ਕਮਾਦ 'ਤੇ ਲੋਹੇ ਤੱਤ ਦੀ ਘਾਟ ਆਮ ਤੌਰ 'ਤੇ ਆ ਜਾਂਦੀ ਹੈ, ਜਿਸ ਦੀਆਂ ਨਿਸ਼ਾਨੀਆਂ ਨਵੇਂ ਪੱਤਿਆਂ 'ਤੇ ਦਿਖਾਈ ਦਿੰਦੀਆਂ ਹਨ। ਨਵੇਂ ਪੱਤੇ ਆਮ ਤੌਰ 'ਤੇ ਪੀਲੇ ਜਾਂ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ। ਇਸ ਤੱਤ ਦੀ ਘਾਟ 1 ਫੀਸਦੀ ਫੈਰਸ ਸਲਫੇਟ (1 ਕਿਲੋ ਫੈਰਸ ਸਲਫੇਟ/100 ਲਿਟਰ ਪਾਣੀ) ਦੇ ਛਿੜਕਾਅ ਕਰਨ ਨਾਲ ਹੀ ਪੂਰੀ ਕਰ ਸਕਦੇ ਹਾਂ। ਹਫ਼ਤੇ ਦੇ ਵਕਫ਼ੇ 'ਤੇ 2-3 ਛਿੜਕਾਅ ਕਰੋ। ਵੱਖਰੀ-ਵੱਖਰੀ ਤਰ੍ਹਾਂ ਦੇ ਗੜੂੰਏਂ ਅਤੇ ਖਾਸ ਕਰਕੇ ਗੁਰਦਾਸਪੁਰੀ ਗੜੂੰਏਂ ਤੋਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਇਹ ਕੰਮ ਹਫ਼ਤੇ ਦੇ ਵਕਫੇ 'ਤੇ ਕਰਦੇ ਰਹੋ ਤਾਂ ਜੋ ਗੜੂੰਆਂ ਫ਼ਸਲ 'ਤੇ ਅਸਰ ਨਾ ਕਰ ਸਕੇ। ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਮਿੱਤਰ ਕੀੜਾ, ਟਰਾਈਕੋਗਰਾਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫ਼ੇ 'ਤੇ 10 ਤੋਂ 12 ਵਾਰ ਖੇਤ ਵਿਚ ਛੱਡੋ। ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ: ਲਿ: ਕਲੋਰਪਾਇਰੀਫਾਸ 10 ਈ.ਸੀ. 400 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਵਿਰਸੇ ਦੀਆਂ ਬਾਤਾਂ

ਮੀਂਹ ਪੈਣੇ ਹੁਣ ਸ਼ੁਰੂ ਹੋ ਗਏ, ਮੌਸਮ ਲੱਗੇ ਪਿਆਰਾ

ਮੀਂਹ ਸ਼ੁਰੂ ਹੋ ਗਏ ਨੇ, ਕਿੰਨੀ ਉਡੀਕ ਕੀਤੀ ਇਨ੍ਹਾਂ ਦੀ। ਮੌਨਸੂਨ ਪੌਣਾਂ ਆਉਣਗੀਆਂ। ਹੁਣ ਇਕ ਹਫ਼ਤਾ ਦੇਰੀ ਨਾਲ ਆਉਣਗੀਆਂ। ਹੁਣ ਤਿੰਨ ਦਿਨ ਦੇਰੀ ਨਾਲ ਹਨ। ਵਕੀਲਾਂ ਦੀਆਂ ਤਰੀਕਾਂ ਵਾਂਗ ਮੌਸਮ ਵਿਭਾਗ ਕਹਿੰਦਾ ਰਿਹਾ। ਪਰ ਪੰਜਾਬ ਦੇ ਕਈ ਹਿੱਸਿਆਂ ਵਿਚ ਚੰਗਾ ਤੇ ਕਈਆਂ ਵਿਚ ਦਰਮਿਆਨਾ ਮੀਂਹ ਹੁਣ ਤੱਕ ਪੈ ਚੁੱਕਾ। ਆਸ ਹੈ ਐਤਕੀਂ ਮੀਂਹ ਚੰਗਾ ਪਵੇਗਾ। ਤਪਦੀ ਗ਼ਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਲੱਗੀ ਹੈ। ਤਾਪਮਾਨ ਜਦੋਂ ਪੰਤਾਲੀ ਤੋਂ ਸੰਤਾਲੀ ਡਿਗਰੀ ਤੱਕ ਪਹੁੰਚ ਕੇ ਪਿੰਡਾ ਸਾੜਦਾ ਹੋਵੇ ਤਾਂ ਮੀਂਹ ਦੀ ਉਡੀਕ ਕਿਉਂ ਨਾ ਹੋਵੇ। ਬਚਪਨ ਯਾਦ ਆਉਂਦਾ ਹੈ। ਜਦੋਂ ਬੱਦਲਵਾਈ ਦੇਖ ਨਿੱਕਰਾਂ ਪਾ ਗਲੀਆਂ 'ਚ ਦੁੜੰਗੇ ਲਾਉਂਦੇ ਆਖਦੇ ਸਾਂ, 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾਦੇ ਜ਼ੋਰੋ ਜ਼ੋਰ।' ਹੁਣ ਉਦੋਂ ਵਾਂਗ ਨਾ ਕਾਲੀ ਘਟਾ ਚੜ੍ਹਦੀ ਹੈ, ਨਾ ਝੜੀਆਂ ਲੱਗਦੀਆਂ ਹਨ। ਪਰ ਮੀਂਹ ਦੇਖ ਉਹ ਵੇਲਾ ਜ਼ਰੂਰ ਚੇਤੇ ਆ ਜਾਂਦਾ। ਹੁਣ ਨਿਆਣਿਆਂ ਨੂੰ ਕਿਹਾ ਜਾਂਦਾ, 'ਬੱਚੇ ਬਾਰਿਸ਼ ਮੇਂ ਨਹੀਂ ਜਾਨਾ, ਬਿਮਾਰ ਹੋ ਜਾਓਗੇ।' ਇਕ ਅਸੀਂ ਸਾਂ, ਜਿਨ੍ਹਾਂ ਨੂੰ ਮੀਂਹ 'ਚ ਨਾ ਨਹਾਉਣ ਦਿੱਤਾ ਤਾਂ ਰੋ-ਰੋ ਬਿਮਾਰ ਹੋ ਜਾਂਦੇ ਸਾਂ।
ਸਭ ਕੁਝ ਬਦਲ ਗਿਆ। ਇਸ ਤਸਵੀਰ ਨੂੰ ਦੇਖ ਕਿੰਨਾ ਕੁਝ ਚੇਤੇ ਆ ਗਿਆ। ਰੁੰਡ-ਮਰੁੰਡ ਦਰੱਖਤ ਵੀ ਜਿਵੇਂ ਬੱਦਲਾਂ ਦੇ ਵਰ੍ਹਣ ਦੀ ਉਡੀਕ ਕਰ ਰਿਹਾ ਹੋਵੇ। ਜਿਵੇਂ ਆਖਦਾ ਹੋਵੇ, 'ਕਰੋ ਕ੍ਰਿਪਾ ਜਨਾਬ, ਅਸੀਂ ਵੀ ਉਡੀਕਵਾਨ ਹਾਂ। ਥੋਡੇ ਬਿਨਾਂ ਸਾਡੀ ਵੀ ਕੀ ਗਤੀ ਹੈ। ਮਨੁੱਖ ਨੇ ਤਾਂ ਪਾਣੀ ਦੇਣਾ ਬੰਦ ਕਰ ਦਿੱਤਾ, ਹੁਣ ਥੋਡੇ 'ਤੇ ਹੀ ਆਸ ਹੈ।'
ਪੰਜਾਬ 'ਚ ਝੋਨਾ ਹੱਦੋਂ ਵੱਧ ਲੱਗਦਾ ਹੋਣ ਕਰਕੇ ਮੀਂਹ ਦੀ ਹੋਰ ਵੀ ਲੋੜ ਰਹਿਣ ਲੱਗੀ ਹੈ। ਧਰਤੀ ਹੇਠਲਾ ਪਾਣੀ ਮੁੱਕ ਰਿਹਾ। ਜੇ ਮੀਂਹ ਪੈਂਦਾ ਰਹੇ ਤਾਂ ਮੋਟਰਾਂ ਧਰਤੀ ਦੀ ਹਿੱਕ ਵਿਚੋਂ ਪਾਣੀ ਨਾ ਖਿੱਚਣ। ਮਹਿੰਗੇ ਭਾਅ ਦਾ ਡੀਜ਼ਲ ਨਾ ਫੂਕਣਾ ਪਵੇ।
ਪਿਛਲੇ ਦਿਨੀਂ ਇਕ ਸੱਜਣ ਨੇ ਆਖਿਆ, 'ਹੁਣ ਮੀਂਹ ਤਾਂ ਨਹੀਂ ਪੈਂਦੇ, ਕਿਉਂਕਿ ਲੋਕ ਜੱਗ ਨਹੀਂ ਕਰਦੇ, ਗੁੱਡੀਆਂ ਨਹੀਂ ਫੂਕਦੇ।' ਉਹਦੀ ਸੋਚ 'ਤੇ ਹੈਰਾਨੀ ਹੋਈ। ਹੁਣ ਤਾਂ ਲੋਕ ਜਿਊਂਦੀਆਂ ਜਾਗਦੀਆਂ ਗੁੱਡੀਆਂ ਫੂਕਣ ਲੱਗ ਗਏ ਨੇ। ਏਦਾਂ ਮੀਂਹ ਨਹੀਂ ਪੈਂਦੇ। ਜਿਹੜੇ ਸੂਬਿਆਂ ਵਿਚ ਹਾਲੇ ਵੀ ਔਰਤਾਂ ਨੂੰ ਮਰਦਾਂ ਨਾਲ ਮਰਨ ਵਾਸਤੇ ਮਜਬੂਰ ਕੀਤਾ ਜਾਂਦਾ, ਉਥੇ ਤਾਂ ਫਿਰ ਹੜ੍ਹ ਹੀ ਆਏ ਰਹਿਣ।'
ਰੁੱਤਾਂ ਬਦਲ ਗਈਆਂ, ਪਰ ਮਨੁੱਖ ਅਗਿਆਨੀ ਸੋਚ ਨਹੀਂ ਬਦਲੀ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋਬਾ: 98141-78883

ਝੋਨੇ ਦੀ ਖੇਤੀ ਵਿਚ ਵਡਮੁੱਲਾ ਪਾਣੀ ਕਿਵੇਂ ਬਚਾਈਏ?

ਪੰਜਾਬ ਵਿਚ ਝੋਨੇ ਦੀ ਕਾਸ਼ਤ ਮੌਜੂਦਾ ਸਾਉਣੀ ਦੀ ਰੁੱਤ ਦੌਰਾਨ ਕਰੀਬਨ 75 ਲੱਖ ਏਕੜ ਰਕਬੇ ਵਿਚ ਕੀਤੀ ਜਾ ਰਹੀ ਹੈ। ਅਨੁਮਾਨ ਮੁਤਾਬਿਕ 6 ਮਹੀਨੇ ਵਿਚ 160 ਲੱਖ ਟਨ ਝੋਨਾ ਪੈਦਾ ਕਰਨ ਲਈ ਤਕਰੀਬਨ 75 ਖਰਬ ਲੀਟਰ ਪਾਣੀ ਦੀ ਖਪਤ ਹੋਵੇਗੀ। ਰਾਜ ਦੇ ਕੁੱਲ ਖੇਤੀ ਯੋਗ ਰਕਬੇ ਵਿਚੋਂ 70 ਫੀਸਦੀ ਖੇਤਰਫ਼ਲ ਵਿਚ ਫ਼ਸਲਾਂ ਨੂੰ ਟਿਊਬਵੈਲਾਂ ਰਾਹੀਂ ਸਿੰਜਿਆ ਜਾ ਰਿਹਾ ਹੈ। ਜ਼ਮੀਨਦੋਜ਼ ਪਾਣੀ ਨੂੰ ਟਿਊਬਵੈਲਾਂ ਰਾਹੀਂ ਬਾਹਰ ਕੱਢਣ ਦੀ ਦਰ 149 ਫੀਸਦੀ (ਸਾਲ 2013) ਤੋਂ ਵਧ ਕੇ 165 ਫੀਸਦੀ (ਸਾਲ 2019) ਹੋ ਗਈ ਹੈ। ਸੂਬੇ ਦੇ 138 ਬਲਾਕਾਂ ਵਿਚੋਂ ਜ਼ਿਆਦਾ ਪਾਣੀ ਕੱਢਣ ਵਾਲੇ ਬਲਾਕਾਂ ਦੀ ਗਿਣਤੀ 109 ਹੋ ਗਈ ਹੈ। 1960-61 ਵਿਚ ਪੰਜਾਬ ਵਿਚ 7445 ਟਿਊਬਵੈਲ ਸਨ, ਜਿਨਾਂ੍ਹ ਦੀ ਗਿਣਤੀ 2017-18 ਵਿਚ ਵਧ ਕੇ 14.76 ਲੱਖ ਹੋ ਗਈ ਹੈ। ਝੋਨੇ ਦੀ ਕਾਸ਼ਤ ਕਰਕੇ 1990 ਤੋਂ 2000 ਦੇ ਵਿਚਾਲੇ 25 ਸੈਂਟੀਮੀਟਰ ਸਾਲਾਨਾ ਦੀ ਦਰ ਨਾਲ ਡਿਗਣ ਵਾਲਾ ਪਾਣੀ ਦਾ ਪੱਧਰ, ਸੰਨ 2000 ਤੋਂ 2008 ਦੇ ਵਿਚਾਲੇ 84 ਸੈਂਟੀਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ ਹੈ। 10 ਸਾਲ ਪਹਿਲਾਂ ਜਿਹੜੇ ਬੋਰ 50-60 ਫੁੱਟ ਤੱਕ ਹੁੰਦੇ ਸਨ, ਓਹੀ ਬੋਰ 80-90 ਫੁੱਟ ਤੱਕ ਪਹੁੰਚ ਚੁੱਕੇ ਹਨ। ਇਸੇ ਕਰਕੇ ਦੁਆਬੇ ਦੇ ਕਿਸਾਨ 150 ਫੁੱਟ ਤੋਂ ਜ਼ਿਆਦਾ ਨੀਵੇਂ ਬੋਰ ਕਰਵਾ ਰਹੇ ਹਨ।
ਝੋਨੇ ਦੀਆਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ - ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਕੇ ਪੰਜਾਬ ਵਿਚ ਝੋਨੇ ਦੀ ਕਾਸ਼ਤ ਅਧੀਨ ਰਕਬਾ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਚਾਲੂ ਸੀਜ਼ਨ ਦੌਰਾਨ ਮੱਕੀ ਦੇ ਅਧੀਨ 1.60 ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਹਰਿਆਣੇ ਵਿਚ ਤਕਰੀਬਨ 39000 ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥੱਲਿਓਂ ਕੱਢ ਕੇ ਮੱਕੀ, ਨਰਮਾ, ਕਪਾਹ ਅਤੇ ਅਰਹਰ ਦੀ ਕਾਸ਼ਤ ਥੱਲੇ ਲਿਆਂਦਾ ਗਿਆ ਹੈ। ਸਾਉਣੀ 2018 ਦੌਰਾਨ ਕਪੂਰਥਲਾ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ 265 ਹੈਕਟੇਅਰ ਵਿਚ ਕੀਤੀ ਗਈ ਸੀ। ਝੋਨੇ ਦੀ ਕਾਸ਼ਤ ਅਧੀਨ ਰਕਬਾ 1.17 ਲੱਖ ਹੈਕਟੇਅਰ ਹੋਣ ਦਾ ਅਨੁਮਾਨ ਹੈ। ਜੋਕਿ ਸਾਉਣੀ 2018 ਦੇ ਵਿਚ 1.19 ਲੱਖ ਹੈਕਟੇਅਰ ਸੀ।
ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ - ਝੋਨੇ ਦੀ ਫ਼ਸਲ ਦੀ ਮਾਰਕਟਿੰਗ ਤੋਂ ਚੰਗੀ ਵੱਟਤ ਹੋਣ ਕਾਰਨ ਜ਼ਿੰਮੀਦਾਰਾਂ ਵੱਲੋਂ ਇਸ ਦੀ ਕਾਸ਼ਤ ਲਗਾਤਾਰ ਕੀਤੀ ਜਾ ਰਹੀ ਹੈ। ਜਦੋਂ ਕਿ ਅੰਕੜਿਆਂ ਮੁਤਾਬਿਕ ਇਕ ਕਿੱਲੋ ਝੋਨਾ ਪੈਦਾ ਕਰਨ ਲਈ ਤਕਰੀਬਨ 4000 ਲੀਟਰ ਪਾਣੀ ਦੀ ਖਪਤ ਕੀਤੀ ਜਾਂਦੀ ਹੈ। ਭਾਵ 18 ਰੁਪਏ ਦੀ ਵੱਟਤ ਲਈ 80,000 ਰੁਪਏ ਦੀ ਕੀਮਤ ਦਾ ਵੱਡਮੁੱਲਾ ਪਾਣੀ ਵਰਤਿਆ ਜਾ ਰਿਹਾ ਹੈ। ਇਕ ਅਨੁਮਾਨ ਮੁਤਾਬਕ ਜੇਕਰ ਅਸੀ ਆਪਣੇ ਪਾਣੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ 2025 ਤੱਕ ਪੰਜਾਬ ਵਿਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਕੁਦਰਤੀ ਸਰੋਤਾਂ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜਿੰਨੀ ਦੇਰ ਝੋਨੇ ਦੀ ਕਾਸ਼ਤ ਦਾ ਕੋਈ ਬਦਲ ਨਹੀਂ ਲੱਭਦਾ, ਜ਼ਿੰਮੀਦਾਰਾਂ ਨੂੰ ਲੰਬਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਗੈਰ-ਮਨਜ਼ੂਰਸ਼ੁਦਾ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਦਾ ਮੋਹ ਛੱਡ ਕੇ ਪੀ ਏ ਯੂ, ਲੁਧਿਆਣਾ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਮਨਜ਼ੂਰਸ਼ੁਦਾ ਕਿਸਮਾਂ ਜਿਵੇਂ ਕਿ ਪੀ ਆਰ 124, ਪੀ ਆਰ 126 ਜਾਂ ਬਾਸਮਤੀ ਦੀਆਂ ਕਿਸਮਾਂ ਜਿਵੇਂ ਕਿ ਪੂਸਾ 1121, ਪੂਸਾ 1509, ਪੂਸਾ ਬਾਸਮਤੀ 1718 ਅਤੇ ਪੂਸਾ ਬਾਸਮਤੀ 1637 ਆਦਿ ਦੀ ਕਾਸ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਕ ਚੰਗਾ ਵਾਹੀਵਾਨ ਹੋਣ ਨਾਤੇ ਵਿਚਾਰ ਇਹ ਬਣਦਾ ਹੈ ਕਿ ਘੱਟ ਤੋਂ ਘੱਟ ਖਰਚੇ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਕੇ ਚੰਗਾ ਝਾੜ ਲਿਆ ਜਾਵੇ ਨਾ ਕਿ ਝੋਨੇ ਦੀਆਂ ਗੈਰ-ਮਨਜੂਰਸ਼ੁਦਾ ਲੰਬੇ ਸਮੇਂ ਵਾਲੀਆਂ ਕਿਸਮਾਂ 'ਤੇ ਵਧੇਰੇ ਖਰਚਾ ਕਰਕੇ ਦਾੜ੍ਹੀ ਨਾਲੋਂ ਮੁੱਛਾਂ ਲੰਬੀਆਂ ਕੀਤੀਆਂ ਜਾਣ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਜ਼ਿਲ੍ਹਾ ਪਸਾਰ ਮਾਹਰ (ਸੀਨੀਅਰ ਮੋਸਟ), ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ। ਸੰਪਰਕ : 01822-232543

ਛੋਟੇ ਤੇ ਬੇਜ਼ਮੀਨੇ ਕਿਸਾਨਾਂ ਲਈ ਵਿਰਸੇ ਦਾ ਵਰਦਾਨ ਬੱਕਰੀ ਪਾਲਣ

ਸਾਡੇ ਸੱਭਿਆਚਾਰ, ਭੁਗੋਲਿਕ ਚੌਗਿਰਦੇ ਅਤੇ ਆਰਥਿਕਤਾ ਵਿਚ ਬੱਕਰੀ ਦੀ ਮੈਂ-ਮੈਂ ਆਮ ਦਿਖਦੀ ਅਤੇ ਸੁਣਦੀ ਸੀ। ਵਿਕਾਸਸ਼ੀਲ ਗਤੀ ਨੇ ਬੱਕਰੀ ਪਾਲਣੀ ਅਤੇ ਮੱਝ ਪਾਲਣ ਨੂੰ ਗਰੀਬ-ਅਮੀਰ ਦੇ ਪਾੜੇ ਵਜੋਂ ਸਥਾਪਤ ਕੀਤਾ। ਗਰੀਬ ਦੇ ਘਰ ਦੀ ਮੁਢਲੀ ਆਰਥਿਕਤਾ ਬੱਕਰੀਆਂ ਉੱਤੇ ਟਿਕੀ ਹੋਈ ਸੀ। ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਦੀ ਪਾਲਣਾ ਗਰੀਬ, ਛੋਟਾ ਕਿਸਾਨ ਅਤੇ ਬੇਜ਼ਮੀਨਾ ਵੀ ਕਰ ਸਕਦਾ ਹੈ। ਇਸ ਦੋ ਥਣੇ ਜਾਨਵਰ ਨੂੰ ਗਰੀਬ ਦਾ ਫਰਿੱਜ ਵੀ ਕਿਹਾ ਜਾਂਦਾ ਸੀ। ਜਦੋਂ ਚਾਹੇ ਉਦੋਂ ਦੋ ਧਾਰਾਂ ਮਾਰ ਕੇ ਦੁੱਧ ਕੱਢਿਆ ਜਾ ਸਕਦਾ ਹੈ। ਇਸ ਸਾਊ ਅਤੇ ਸ਼ਰੀਫ਼ ਜਾਨਵਰ ਨੂੰ ਬੱਚੇ ਅਤੇ ਔਰਤਾਂ ਵੀ ਬੰਨ੍ਹ ਛੱਡ ਸਕਦੀਆਂ ਹਨ।
ਬੱਕਰੀ ਸੱਭਿਆਚਾਰਕ ਵੰਨਗੀ ਨੂੰ ਇਉਂ ਰੂਪਮਾਨ ਕਰਦੀ ਹੈ, 'ਦਰਾਣੀ ਦੁੱਧ ਰਿੜਕੇ, ਜਠਾਣੀ ਦੁੱਧ ਰਿੜਕੇ, ਮੈਂ ਲੈਂਦੀ ਸੀ ਬਿੜਕਾਂ ਵੇ, ਚੰਨਾਂ ਲਿਆ ਬੱਕਰੀ ਦੁੱਧ ਰਿੜਕਾਂ ਵੇ'। ਸਮਾਜਿਕ ਤੱਥ ਹੈ ਕਿਸੇ ਦੀ ਬੱਕਰੀ ਗੁਆਚ ਗਈ ਲੱਭਣ 'ਤੇ ਦੋ ਮਾਲਕਣਾਂ ਬਣ ਗਈਆਂ। ਦੋਵਾਂ ਨੇ ਆਪਣੇ-ਆਪਣੇ ਹੱਕ ਜਤਾਏ। ਪਹਿਲੀ ਕਹਿੰਦੀ ਮੈਂ ਇਸ ਦੇ ਦੁੱਧ 'ਚੋਂ ਘਿਓ ਜੋੜਿਆ ਜੋ ਮੇਰੇ ਘਰ ਪਿਆ ਹੈ। ਦੂਜੀ ਕਹਿੰਦੀ ਬੱਕਰੀ ਦਾ ਦੁੱਧ ਥੋੜ੍ਹਾ ਅਤੇ ਘੱਟ ਫੈਟ ਵਾਲਾ ਹੁੰਦਾ ਹੈ, ਇਸ ਦਾ ਘਿਓ ਨਹੀਂ ਜੁੜ ਸਕਦਾ। ਪੰਚਾਇਤ ਨੇ ਦੋਵਾਂ ਇਸਤਰੀਆਂ ਨੂੰ ਇਕ ਗੜਵੀ ਪਾਣੀ ਦੀ ਦਿੱਤੀ, ਕਿ ਇਸ ਨਾਲ ਇਸ਼ਨਾਨ ਕਰ ਕੇ ਆਓ। ਪਹਿਲੀ ਨੇ ਰੁਮਾਲ ਲੈ ਕੇ ਗਿੱਲਾ ਕਰਕੇ ਸਾਰੇ ਸਰੀਰ 'ਤੇ ਫੇਰਿਆ, ਜਦੋਂ ਕਿ ਦੂਜੀ ਨੇ ਸਰੀਰ ਉੱਪਰ ਪਾਣੀ ਦੀ ਗੜਵੀ ਸੁੱਟ ਲਈ, ਅੱਧੇ ਤੋਂ ਵੱਧ ਸਰੀਰ ਪਾਣੀ ਤੋਂ ਬਿਨਾਂ ਰਹਿ ਗਿਆ। ਆਉਂਦੀ ਸਾਰ ਦੋਵਾਂ ਦੀਆਂ ਦਲੀਲਾਂ ਸੁਣੀਆਂ ਗਈਆਂ। ਪਹਿਲੀ ਇਸਤਰੀ ਨੇ ਰੁਮਾਲ ਨਾਲ ਨਹਾਉਣ ਦੀ ਦਲੀਲ ਦਿੱਤੀ, ਦੂਜੀ ਇਸਤਰੀ ਨੇ ਉਪਰੋਂ ਗੜਵੀ ਪਾਣੀ ਸੁੱਟਣ ਦੀ ਦਲੀਲ ਦਿੱਤੀ। ਪਹਿਲੀ ਇਸਤਰੀ ਦੇ ਸਿਆਣਪ ਅਤੇ ਸੰਜਮ ਨੂੰ ਸਮਝਦੇ ਹੋਏ ਘਿਓ ਜੋੜਨ ਦੀ ਦਲੀਲ ਨਾਲ ਸਰਪੰਚ ਸਹਿਮਤ ਹੋਇਆ ਗਿਆ। ਇਸ ਲਈ ਬੱਕਰੀ ਪਹਿਲੀ ਇਸਤਰੀ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਆਜੜੀ ਅਤੇ ਸ਼ੇਰ ਦੀ ਕਹਾਣੀ ਵੀ ਸਾਡੀ ਸਿੱਖਿਆ ਅਤੇ ਸੱਭਿਆਚਾਰ ਦਾ ਵਿਸ਼ਾ ਹੈ। ਆਮ ਬੱਕਰੀ 14-15 ਮਹੀਨੇ ਦੀ ਸੂਅ ਪੈਂਦੀ ਹੈ। ਬੱਕਰੀ ਗਰਭ ਧਾਰਨ ਤੋਂ 145-156 ਦਿਨਾਂ ਤੱਕ ਸੂਅ ਪੈਂਦੀ ਹੈ। ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਸਬਸਿਡੀ ਅਧੀਨ ਵੀ ਲਿਆਂਦਾ ਗਿਆ ਹੈ। ਅੱਜ ਦੇ ਸਮੇਂ ਨਿਵੇਕਲਾ ਪਹਿਲੂ ਇਹ ਹੈ ਕਿ ਇਸ ਦਾ ਦੁੱਧ ਦਵਾਈ ਦੇ ਤੌਰ 'ਤੇ ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਮਿਸ਼ਨ ਤੰਦਰੁੁਸਤ ਤਹਿਤ ਬੱਕਰੀ ਦੇ ਦੁੱਧ ਤੋਂ ਥੈਲੇਸਿਮੀਆਂ ਦੇ ਇਲਾਜ ਦੀ ਸ਼ੁਰੂਆਤ ਕਰਨਾ ਵਿਚਾਰ ਅਧੀਨ ਹੈ। ਕੁੱਲ ਦੁਨੀਆ ਵਿਚ ਬੱਕਰੀ ਦੀਆਂ 102 ਪ੍ਰਜਾਤੀਆਂ ਹਨ। ਜਦੋਂ ਕਿ ਇਕੱਲੇ ਭਾਰਤ ਵਿਚ 20 ਪ੍ਰਜਾਤੀਆਂ ਹਨ। ਬੱਕਰੀ ਨੂੰ ਗਰੀਬ ਦੀ ਗਾਂ ਵੀ ਕਿਹਾ ਜਾਂਦਾ ਹੈ। ਪਹਿਲੇ ਜ਼ਮਾਨੇ ਵਿਚ ਬੱਕਰੀ ਦੀ ਖੁਰਾਕ ਕਿੱਕਰ ਦੀਆਂ ਫਲੀਆਂ (ਤੁੱਕੇ) ਅਤੇ ਘਾਹ ਬੂਟੀਆਂ ਹੁੰਦੀਆਂ ਸਨ। ਲੋਕ ਇਨ੍ਹਾਂ ਨੂੰ ਚਾਰ ਕੇ ਬਹੁਤੇ ਖਰਚੇ ਤੋਂ ਬਚ ਜਾਂਦੇ ਸਨ। ਦੁੱਧ ਦੇ ਨਾਲ ਇਸ ਜਾਤੀ ਦਾ ਮੀਟ ਵੀ ਕਾਫੀ ਪ੍ਰਚਲਿੱਤ ਹੈ।
ਹੁਣ ਪੰਜਾਬ ਦਾ ਪਸ਼ੂ ਪਾਲਣ ਮਹਿਕਮਾ ਵੀ ਬੱਕਰੀ ਪਾਲਣ ਦੇ ਕਿੱਤੇ ਪ੍ਰਤੀ ਕਿਰਿਆਸ਼ੀਲ ਹੈ। ਪੰਜਾਬ ਸਰਕਾਰ ਵੱਲੋਂ ਬੱਕਰੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। 2013 ਦੀ ਪਸ਼ੂ ਜਨਗਣਨਾ ਅਨੁਸਾਰ ਪੰਜਾਬ ਵਿਚ ਬੱਕਰੀਆਂ ਦੀ ਗਿਣਤੀ 3 ਲੱਖ 27 ਹਜ਼ਾਰ ਤੋਂ ਵੱਧ ਸੀ। ਪਹਿਲੇ ਬੱਕਰੀਆਂ ਦਾ ਇਕੱਠ ਜਿਸਨੂੰ ਇੱਜੜ ਕਹਿੰਦੇ ਸਨ, ਉਸ ਨੂੰ ਚਾਰਨ ਵਾਲੇ ਨੂੰ ਆਜੜੀ ਕਹਿੰਦੇ ਸਨ। ਹੁਣ ਇੱਜੜ ਅਤੇ ਆਜੜੀ ਘੱਟ ਹਨ। ਪਿਛਲੇ ਜ਼ਮਾਨੇ ਦੀ ਤਰ੍ਹਾਂ ਹੁਣ ਇੱਜੜ ਅਤੇ ਆਜੜੀ ਆਮ ਨਹੀਂ ਦਿਖਦੇ। ਸਰਕਾਰ ਦੇ ਉਪਰਾਲਿਆਂ ਕਰਕੇ ਬੱਕਰੀ ਪਾਲਣ ਦਾ ਕਿੱਤਾ ਅਪਣਾਉਣ ਲਈ ਮੁੜ ਸੁਰਜੀਤੀ ਸ਼ੁਰੂ ਹੋਈ ਹੈ, ਪਰ ਮੱਧਮ ਤੋਰ ਹੈ। ਕਈ ਲੋਕ ਸ਼ੌਕ ਅਤੇ ਵਿਹੜੇ ਦੇ ਸ਼ਿੰਗਾਰ ਵਜੋਂ ਵੀ ਬੱਕਰੀ ਪਾਲਦੇ ਹਨ। ਬੱਕਰੀ ਦੀਆਂ ਮੀਂਗਣਾਂ ਦੀ ਖਾਦ ਖੇਤਾਂ ਵਾਸਤੇ ਕਾਫੀ ਉਪਜਾਊ ਰਹਿੰਦੀ ਹੈ। ਅੱਜ ਵੀ ਹਰ ਜ਼ਿਮੀਦਾਰ ਪਰਿਵਾਰ ਨੂੰ ਅਤੇ ਜੋ ਜ਼ਿਮੀਂਦਾਰੀ ਦੇ ਕਿੱਤੇ ਨਾਲ ਸਬੰਧਿਤ ਹਨ, ਬੱਕਰੀ ਪਾਲਣ ਦਾ ਕਿੱਤਾ ਸਹਾਇਕ ਕਿੱਤੇ ਵਜੋਂ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਛੋਟੇ ਅਤੇ ਮੱਧਮ ਕਿਸਾਨਾਂ ਨੂੰ ਆਰਥਿਕ ਹੁਲਾਰਾ ਮਿਲ ਸਕੇ।


-ਮੋਬਾਈਲ : 98781-11445.

ਫ਼ਸਲੀ ਬਿਮਾਰੀਆਂ ਤੋਂ ਬਚਾਅ ਲਈ ਗ਼ੈਰ-ਰਸਾਇਣਕ ਤਰੀਕੇ ਅਪਣਾਓ

ਫ਼ਸਲਾਂ ਦੇ ਉਤਪਾਦਨ ਅਤੇ ਗੁਣਵੱਤਾ ਘਟਾਉਣ ਲਈ ਬਿਮਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਹਰ ਸਾਲ ਵਿਕਾਸਸ਼ੀਲ ਦੇਸ਼ਾਂ ਵਿਚ ਬਿਮਾਰੀਆਂ ਦੇ ਹਮਲੇ ਕਾਰਨ ਫ਼ਸਲਾਂ ਦੇ ਝਾੜ ਦਾ ਤਕਰੀਬਨ 10-15 ਫੀਸਦੀ ਨੁਕਸਾਨ ਹੋ ਜਾਂਦਾ ਹੈ। ਫ਼ਸਲਾਂ ਦੀ ਸੰਘਣੀ ਖੇਤੀ, ਵੱਧ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੀ ਬਿਜਾਈ ਅਤੇ ਵਾਤਾਵਰਨ ਵਿਚ ਬਦਲਾਅ ਆਉਣ ਕਰਕੇ ਫ਼ਸਲਾਂ ਉੱਤੇ ਬਿਮਾਰੀਆਂ ਦਾ ਹਮਲਾ ਵਧ ਰਿਹਾ ਹੈ। ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਲੀਨਾਸ਼ਕ ਜਾਂ ਖੇਤੀ ਰਸਾਇਣਾਂ ਦੀ ਬੇਲੋੜੀ ਅਤੇ ਅੰਧਾਧੁੰਦ ਵਰਤੋਂ ਕਰਨ ਨਾਲ ਬਿਮਾਰੀਆਂ ਦੇ ਜੀਵਾਣੂੰਆਂ ਵਿਚ ਇਨ੍ਹਾਂ ਨਾਲ ਲੜਨ ਦੀ ਸ਼ਕਤੀ ਘੱਟ ਰਹੀ ਹੈ। ਇਸ ਕਰਕੇ ਸਾਡੇ ਵਿਗਿਆਨੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਗ਼ੈਰ-ਰਸਾਇਣਿਕ ਤਰੀਕੇ ਅਪਣਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਵਿਚ ਅਸੀਂ ਬਿਮਾਰੀ ਤੋਂ ਬਚਾਅ ਕਰਨ ਵਾਲੀਆਂ ਕਿਸਮਾਂ, ਖੇਤੀਬਾੜੀ ਦੀ ਕਾਰਜਵਿਧੀ ਵਿਚ ਤਬਦੀਲੀ, ਜੈਵਿਕ ਢੰਗ ਅਪਣਾਅ ਕੇ ਉਲੀਨਾਸ਼ਕਾਂ ਦੀ ਅੰਧਾ ਧੁੰਦ ਵਰਤੋਂ ਨੂੰ ਘਟਾ ਕੇ ਇਨ੍ਹਾਂ ਬਿਮਾਰੀਆਂ 'ਤੇ ਕਾਬੂ ਪਾ ਸਕਦੇ ਹਾਂ। ਇਸ ਲੇਖ ਵਿਚ ਅਜਿਹੇ ਕੁਝ ਢੰਗ ਜਾਂ ਤਰੀਕੇ ਹੇਠਾਂ ਦਿੱਤੇ ਗਏ ਹਨ :-
ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ
ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਬਿਜਾਈ ਸਾਡੀਆਂ ਪ੍ਰਮੁੱਖ ਫ਼ਸਲਾਂ ਖਾਸ ਕਰਕੇ ਕਣਕ, ਝੋਨਾ, ਆਲੂ, ਦਾਲਾਂ, ਕਪਾਹ, ਗੰਨਾ ਆਦਿ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਦਾ ਇਕ ਮਹੱਤਵਪੂਰਨ ਢੰਗ ਹੈ। ਇਨ੍ਹਾਂ ਕਿਸਮਾਂ ਦੀ ਵਰਤੋਂ ਕਰਨਾ ਇਕ ਚੰਗਾ ਤੇ ਲਾਹੇਵੰਦ ਸਰੋਤ ਹੈ, ਕਿਉਂਕਿ ਇਨ੍ਹਾਂ 'ਤੇ ਬਿਮਾਰੀਆਂ ਦੇ ਇਲਾਜ ਲਈ ਵਾਧੂ ਲਾਗਤ ਦੀ ਲੋੜ ਨਹੀਂ ਪੈਂਦੀ ਅਤੇ ਇਹ ਵਾਤਾਵਰਨ ਪ੍ਰਤੀ ਵੀ ਸੁਰੱਖਿਅਤ ਹਨ। ਝੋਨੇ ਦੇ ਝੁਲਸ ਰੋਗ ਦੀ ਰੋਕਥਾਮ ਲਈ ਕਿਸਮਾਂ ਦੀ ਸਹੀ ਚੋਣ ਇਕ ਬਹੁਤ ਹੀ ਭਰੋਸੇਯੋਗ ਢੰਗ ਸਾਬਿਤ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੀਆਂ ਝੋਨੇ ਦੀਆਂ ਕਿਸਮਾਂ ਪੀ ਆਰ 127, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121 ਅਤੇ ਪੰਜਾਬ ਬਾਸਮਤੀ 3, ਪੰਜਾਬ ਵਿਚ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪ੍ਰਚੱਲਿਤ ਸਾਰੀਆਂ ਕਿਸਮਾਂ ਵਿਰੁੱਧ ਲੜਨ ਦੀ ਸਮਰੱਥਾ ਰੱਖਦੀਆਂ ਹਨ। ਦੇਸੀ ਕਪਾਹ ਦੀ ਕਿਸਮ ਐਲ ਡੀ 1019 ਸੋਕਾ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਕਣਕ ਦੀਆਂ ਕੁੰਗੀਆਂ ਖਾਸ ਕਰਕੇ ਪੀਲੀ ਕੁੰਗੀ ਲਈ ਦੀ ਵਰਤੋਂ, ਇਸ ਦੀ ਰੋਕਥਾਮ ਵਿਚ ਸਭ ਤੋਂ ਫਾਇਦੇਮੰਦ ਸਾਬਿਤ ਹੋਈ ਹੈ। ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 677, ਐਚ ਡੀ 1105 ਅਤੇ ਐਚ ਡੀ 3086 ਪੀਲੀ ਕੁੰਗੀ ਦੇ ਵਿਰੁੱਧ ਲੜਨ ਦੀ ਸਮਰੱਥਾ ਰੱਖਣ ਵਾਲੀਆਂ ਚੰਗੀਆਂ ਉਦਾਹਰਣਾਂ ਹਨ। ਇਸੇ ਤਰ੍ਹਾਂ ਦਾਲਾਂ ਵਿਚ ਪੀ ਬੀ ਜੀ-7, ਛੋਲਿਆਂ ਦੇ ਝੁਲਸ ਰੋਗ ਵਿਰੱਧ ਅਤੇ ਮੂੰਗੀ ਦੀਆਂ ਕਿਸਮਾਂ ਐਮ ਐਲ 2056 ਅਤੇ ਐਮ ਐਲ 818, ਸੋਇਆਬੀਨ ਦੀਆਂ ਐਸ ਐਲ 525, ਐਸ ਐਸ 744 ਅਤੇ ਐਸ ਐਲ 958 ਚਿਤਕਬਰੇ ਰੋਗ ਵਿਰੱਧ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਗੰਨੇ ਦੀਆਂ ਕਿਸਮਾਂ ਸੀ ਓ ਪੀ ਬੀ 91, ਸੀ ਓ ਪੀ ਬੀ 92, ਸੀ ਓ ਪੀ ਬੀ 94, ਸੀ ਓ 238 ਅਤੇ ਸੀ ਓ 118, ਕਿਸਮਾਂ ਰੱਤਾ ਰੋਗ ਦਾ ਟਾਕਰਾ ਕਰਦੀਆਂ ਹਨ। ਬਾਜਰੇ ਦੀ ਹਾਈਬ੍ਰਿਡ ਕਿਸਮ ਪੀ ਐਚ ਬੀ -2884 ਹਰੇ ਸਿੱੱਟਿਆਂ ਦਾ ਰੋਗ, ਗੂੰਦੀਆ ਰੋਗ ਅਤੇ ਦਾਣਿਆਂ ਦੀ ਕਾਂਗਿਆਰੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਸਬਜ਼ੀਆਂ ਦੀਆਂ ਫ਼ਸਲਾਂ ਵਿਚ ਜੜ੍ਹਗੰਢ ਨੀਮਾਟੋਡ ਰੋਗ ਦੀ ਰੋਕਥਾਮ ਕਰਨ ਵਿਚ ਵੀ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦਾ ਅਹਿਮ ਯੋਗਦਾਨ ਹੈ। ਉਦਾਹਰਣ ਦੇ ਤੌਰ 'ਤੇ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀ ਗਈ ਟਮਾਟਰਾਂ ਦੀ ਕਿਸਮ ਪੰਜਾਬ ਐਨ ਆਰ 7, ਸਬਜ਼ੀਆਂ ਦੇ ਜੜ੍ਹਗੰਢ ਰੋਗ ਦੀ ਰੋਕਥਾਮ ਕਰਨ ਵਿਚ ਕਾਮਯਾਬ ਰਹੀ ਹੈ। ਇਸੇ ਹੀ ਤਰ੍ਹਾਂ ਟਮਾਟਰਾਂ ਦੀ ਕਿਸਮ ਪੰਜਾਬ ਵਰਖਾ ਬਹਾਰ-4, ਭਿੰਡੀ ਦੀ ਪੰਜਾਬ-8, ਘੀਆ ਕੱਦੂ ਦੀ ਪੰਜਾਬ ਕੋਮਲ ਅਤੇ ਮਿਰਚਾਂ ਦੀ ਪੰਜਾਬ 27 ਵਿਸ਼ਾਣੂੰ ਰੋਗਾਂ ਦਾ ਟਾਕਰਾ ਕਰਨ ਲਈ ਸਮਰੱਥਾ ਰੱਖਦੀਆਂ ਹਨ।
ਰੋਗ ਰਹਿਤ ਬੀਜ ਜਾਂ ਪਨੀਰੀ ਦੀ ਵਰਤੋਂ : ਖੇਤੀ ਦੀ ਬੁਨਿਆਦ ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ 'ਤੇ ਨਿਰਭਰ ਕਰਦੀ ਹੈ। ਚੰਗੀ ਜ਼ਮੀਨ ਵਿਚ ਬੀਜਿਆ ਚੰਗਾ ਬੀਜ ਹੀ ਵੱਧ ਝਾੜ ਦੇ ਕੇ ਸਾਨੂੰ ਮਾਲਾ-ਮਾਲ ਕਰ ਦਿੰਦਾ ਹੈ। ਫ਼ਸਲ ਦੀ ਪੈਦਾਵਾਰ ਵਿਚ 18-20 ਫੀਸਦੀ ਦਾ ਵਾਧਾ ਸੁਧਰੀਆਂ ਕਿਸਮਾਂ ਦੇ ਬੀਜ ਦੀ ਵਰਤੋਂ ਨਾਲ ਹੀ ਸੰਭਵ ਹੈ। ਬੀਜ 'ਤੇ ਬਹੁਤ ਸਾਰੇ ਸੂਖਮ ਜੀਵ ਲੱਗ ਜਾਂਦੇ ਹਨ ਜੋ ਕਿ ਬੀਜ ਦੀ ਸਿਹਤ ਖਰਾਬ ਕਰ ਦਿੰਦੇ ਹਨ ਅਤੇ ਇਨ੍ਹਾਂ ਨੂੰ ਅਸੀਂ ਬੀਜ ਵਾਲੇ ਕੀਟਾਣੂੰਆਂ ਦੇ ਨਾਂਅ ਨਾਲ ਜਾਣਦੇ ਹਾਂ। ਕਿਸਾਨ ਵੀਰ ਅਕਸਰ ਘਰ ਵਿਚ ਰੱਖਿਆ ਬੀਜ ਹੀ ਵਰਤਦੇ ਹਨ। ਅਜਿਹਾ ਬੀਜ ਆਮ ਤੌਰ 'ਤੇ ਬਹੁਤ ਸਾਰੇ ਬੀਜ ਰਾਹੀਂ ਲੱਗਣ ਵਾਲੇ ਰੋਗਾਂ ਦੀ ਮਾਰ ਹੇਠ ਆਉਣ ਕਰਕੇ ਘਟੀਆ ਹੁੰਦਾ ਹੈ, ਇਸ ਲਈ ਤਸਦੀਕਸ਼ੁਦਾ ਰੋਗ ਰਹਿਤ ਨਰੋਏ ਬੀਜ ਜਾਂ ਪਨੀਰੀ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਝੋਨੇ ਵਿਚ ਝੁਲਸ ਰੋਗ, ਸ਼ੀਥ ਰੌਟ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਅਤੇ ਝੰਡਾ ਰੋਗ, ਗੰਨੇ ਵਿਚ ਰੱਤਾ ਰੋਗ, ਮੂੰਗੀ ਅਤੇ ਅਰਹਰ ਵਿਚ ਪੱੱਤਿਆਂ ਦੇ ਧੱੱਬੇ ਆਦਿ ਰੋਗਾਂ ਤੋਂ ਬਚਾਉਣ ਲਈ ਪ੍ਰਮਾਣਿਤ ਅਤੇ ਬਿਮਾਰੀ ਰਹਿਤ ਬੀਜ ਦੀ ਵਰਤੋਂ ਬਹੁਤ ਕਾਰਗਰ ਹੈ।
ਸੂਰਜੀ ਗਰਮੀ ਦੀ ਵਰਤੋਂ : ਪੌਲੀਹਾਊਸ ਵਿਚ ਕਾਸ਼ਤ ਕਰਨ ਵਾਲੀਆਂ ਸਬਜ਼ੀਆਂ ਉਤੇ ਜੜ੍ਹਗੰਢ ਨੀਮਾਟੋਡ, ਸਕਲੈਰੋਟੀਨੀਆ ਅਤੇ ਫੁਜ਼ੇਰੀਅਮ ਉਲੀਆਂ ਆਦਿ ਦਾ ਬਹੁਤ ਜ਼ਿਆਦਾ ਹਮਲਾ ਹੋਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਮਿੱਟੀ ਵਿਚ ਰਹਿਣ ਵਾਲੇ ਇਨ੍ਹਾਂ ਜੀਵਾਣੂੰਆਂ ਨੂੰ ਸੂਰਜੀ ਗਰਮੀ ਵਾਲੇ ਇਲਾਜ ਨਾਲ ਘਟਾਇਆ ਜਾ ਸਕਦਾ ਹੈ। ਮਈ-ਜੂਨ ਦੇ ਮਹੀਨੇ ਖੇਤ ਨੂੰ ਭਰਵਾਂ ਪਾਣੀ ਲਗਾ ਕੇ 50 ਮਾਈਕ੍ਰੋਨ ਦੀ ਪਲਾਸਟਿਕ ਸ਼ੀਟ ਨਾਲ 30 ਦਿਨਾਂ ਲਈ ਢੱਕ ਦਿਓ। ਇਸ ਤਰ੍ਹਾਂ ਕਰਨ ਨਾਲ ਸੂਰਜੀ ਗਰਮੀ ਦੇ ਨਾਲ ਪਲਾਸਟਿਕ ਸ਼ੀਟ ਦੇ ਅੰਦਰ ਮਿੱਟੀ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਨਾਲ ਮਿੱਟੀ ਵਿਚਲੇ ਇਹ ਜੀਵਾਣੂੰ ਮਰ ਜਾਂਦੇ ਹਨ। ਸੂਰਜੀ ਗਰਮੀ ਦੀ ਵਰਤੋਂ ਕਰਕੇ ਅਸੀਂ ਕਣਕ ਅਤੇ ਜੌਆਂ ਦੀ ਕਾਂਗਿਆਰੀ ਦੀ ਰੋਕਥਾਮ ਵੀ ਕਰ ਸਕਦੇ ਹਾਂ।
ਜੈਵਿਕ ਢੰਗਾਂ ਦੀ ਵਰਤੋਂ : ਬਿਮਾਰੀਆਂ ਨੂੰ ਰੋਕਣ ਲਈ ਜੈਵਿਕ ਢੰਗਾਂ ਦੀ ਵਰਤੋਂ ਸਾਡੇ ਵਾਤਾਵਰਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਸਮਤੀ ਦਾ ਝੰਡਾ ਰੋਗ, ਆਲਅੂਾਂ ਦੇ ਖਰੀਂਢ ਅਤੇ ਮਟਰਾਂ ਦੇ ਉਖੇੜੇ ਰੋਗ ਨੂੰ ਮਿੱਤਰ ਉਲੀਆਂ (ਟਰਾਈਕੋਡਰਮਾ ਹਾਰਜ਼ੀਐਨਮ) ਅਤੇ ਮਿੱਤਰ ਜੀਵਾਣੂੰਆਂ (ਸੂਡੋਮੋਨਾਸ ਫਲੋਰੇਸੇਂਸ) ਨਾਲ ਬੀਜ ਦੀ ਸੋਧ ਨਾਲ ਕਾਬੂ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸਬਜ਼ੀਆਂ ਵਾਲੀਆਂ ਜੜ੍ਹ-ਗੰਢ ਰੋਗੀ ਜ਼ਮੀਨਾਂ ਵਿਚ ਲਸਣ/ਪਿਆਜ਼ ਦਾ ਫ਼ਸਲੀ ਚੱਕਰ ਅਪਣਾਉਣ ਨਾਲ ਜੜ੍ਹ-ਗੰਢ ਨੀਮਾਟੋਡ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਸਣ/ਗੇਂਦਾ ਜਾਂ ਤਾਰਾਮੀਰਾ ਦੀ ਹਰੀ ਖਾਦ ਕਰਨ ਨਾਲ ਵੀ ਜੜ੍ਹ-ਗੰਢ ਨੀਮਾਟੋਡ ਰੋਗ ਨੂੰ ਘਟਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਢੈਂਚੇ ਦੀ ਹਰੀ ਖਾਦ ਆਲੂਆਂ ਦੇ ਧੱਫੜੀ ਰੋਗ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।
ਖੇਤੀ ਕਾਰਜ ਵਿਧੀਆਂ ਦੀ ਵਰਤੋਂ : ਖੇਤੀ ਕਾਰਜ ਵਿਧੀਆਂ ਜਿਵੇਂ ਕਿ ਬਿਜਾਈ ਦੇ ਸਮੇਂ ਵਿਚ ਤਬਦੀਲੀ, ਨਦੀਨਾਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ, ਖੇਤਾਂ ਵਿਚ ਪਾਣੀ ਦਾ ਸੁਚੱਜਾ ਪ੍ਰਬੰਧ ਅਤੇ ਬੂਟੇ ਲਗਾਉਣ ਦਾ ਢੰਗ ਆਦਿ ਨਾਲ ਵੀ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਛੋਲਿਆਂ ਅਤੇ ਮਟਰਾਂ ਦੀ ਅਗੇਤੀ ਬਿਜਾਈ ਕਰਨ ਨਾਲ ਉਖੇੜੇ ਰੋਗ ਦਾ ਜ਼ਿਆਦਾ ਹਮਲਾ ਹੁੰਦਾ ਹੈ ਜਦੋਂ ਕਿ ਜੁਲਾਈ ਦੇ ਪਹਿਲੇ ਪੰਦ੍ਹਰਵਾੜੇ ਬਿਜਾਈ ਵਾਲੀ ਫ਼ਸਲ ਇਸ ਦੇ ਹਮਲੇ ਤੋਂ ਬਚ ਜਾਂਦੀ ਹੈ। ਇਸੇ ਹੀ ਤਰ੍ਹਾਂ ਆਲੂ ਦੀ ਸਤੰਬਰ ਬਿਜਾਈ ਵਾਲੀ ਫ਼ਸਲ 'ਤੇ ਪਿਛੇਤੇ ਝੁਲਸ ਰੋਗ ਦਾ ਹਮਲਾ ਨਹੀਂ ਹੁੰਦਾ ਜਦੋਂ ਕਿ ਇਹ ਬਿਮਾਰੀ ਪੱਤਝੜ ਅਤੇ ਬਹਾਰ ਰੁੱਤ ਵਾਲੀ ਫ਼ਸਲ 'ਤੇ ਵਧੇਰੇ ਹਮਲਾ ਕਰਦੀ ਹੈ।
ਨਿੰਬੂ ਜਾਤੀ ਦੇ ਬੂਟੇ ਲਗਾਉਣ ਸਮੇਂ ਪਿਉਂਦੀ ਅੱਖ ਨੂੰ 30-45 ਸੈਟੀਂਮੀਟਰ ਜ਼ਮੀਨ ਤੋਂ ਉਪਰ ਰੱਖਣ ਨਾਲ ਬੂਟਾ ਗੂੰਦੀਆ ਰੋਗ ਤੋਂ ਬਚ ਸਕਦਾ ਹੈ। ਜਦੋਂ ਇਕੋ ਹੀ ਖੇਤ ਵਿਚੋਂ ਲਗਾਤਾਰ ਇਕ ਹੀ ਫ਼ਸਲ ਲਈ ਜਾਂਦੀ ਹੈ ਤਾਂ ਉਸ ਖੇਤ ਵਿਚ ਜ਼ਮੀਨ ਰਾਹੀਂ ਲੱਗਣ ਵਾਲੇ ਰੋਗਾਂ ਦਾ ਹਮਲਾ ਵੱਧ ਜਾਂਦਾ ਹੈ। ਇਸ ਕਰਕੇ ਫ਼ਸਲੀ ਚੱਕਰ ਅਪਣਾਉਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਮਿੱਟੀ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਕਪਾਹ, ਮਟਰ, ਛੋਲੇ, ਅਲਸੀ, ਅਰਹਰ, ਟਮਾਟਰ, ਛੋਲੇ ਆਦਿ ਦੀ ਫੁਜ਼ੇਰੀਅਮ ਵਿਲਟ ਅਤੇ ਗੰਨੇ ਦੇ ਰੱਤਾ ਰੋਗ ਦੀ ਰੋਕਥਾਮ ਕਰਨ ਲਈ ਫ਼ਸਲੀ ਚੱਕਰ ਅਪਣਾਉਣਾ ਕਾਰਗਰ ਸਿੱਧ ਹੁੰਦਾ ਹੈ।
ਬਿਮਾਰੀਆਂ ਦੀ ਰੋਕਥਾਮ ਲਈ ਉਪਰੋਕਤ ਦੱਸੇ ਗਏ ਗ਼ੈਰ-ਰਸਾਇਣਕ ਤਰੀਕੇ ਅਪਣਾਅ ਕੇ ਉਲੀਨਾਸ਼ਕਾਂ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ। ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸੁਰੱਖਿਅਤ ਖੇਤੀ ਦੇ ਇਹ ਢੰਗ ਅਪਣਾਉਣੇ ਜ਼ਰੂਰੀ ਹਨ।


-ਪੌਦਾ ਰੋਗ ਵਿਭਾਗ
ਮੋਬਾਈਲ : 94637-47280

ਕਿੱਥੇ ਲਾਈਏ ਰੁੱਖ

ਅੱਜਕਲ੍ਹ ਚਾਰੇ ਪਾਸੇ ਰੁੱਖ ਲਾਉਣ ਦਾ ਵਿਚਾਰ ਚੱਲ ਰਿਹਾ ਹੈ। ਸ਼ਹਿਰਾਂ ਵਿਚ ਕਈ ਸੰਸਥਾਵਾਂ ਲੱਖਾਂ ਰੁੱਖ ਲਾਉਣ ਦੇ ਦਾਅਵੇ ਕਰ ਰਹੀਆਂ ਹਨ। ਧੜਾਧੜ ਬੂਟੇ ਵੰਡੇ ਜਾ ਰਹੇ ਹਨ। ਇਹ ਸਭ ਕੁਝ ਵਾਤਾਵਰਨ ਨੂੰ ਬਚਾਉਣ ਦੇ ਨਾਂਅ 'ਤੇ ਹੋ ਰਿਹਾ ਹੈ। ਪਰ ਅਸਲ ਵਿਚ ਕੀ ਹੋ ਰਿਹਾ ਹੈ, ਵਿਚਾਰਨ ਵਾਲੀ ਗੱਲ ਹੈ। ਕਿਸੇ ਨੂੰ ਵੀ ਪੁੱਛ ਲਓ, ਉਸ ਨੂੰ ਇਹ ਨਹੀਂ ਪਤਾ ਕਿ ਕਿੱਥੇ ਰੁੱਖ ਲਾਉਣੇ ਹਨ ਤੇ ਪਹਿਲੇ ਦੋ ਚਾਰ ਸਾਲ ਸੰਭਾਲੇਗਾ ਕੌਣ? ਸਿਰਫ ਆਪਣਾ ਨਾਂਅ ਚਮਕਾਉਣ ਲਈ ਇਸ ਭੇਡ ਚਾਲ ਦਾ ਹਿੱਸਾ ਬਣਦੇ ਹਨ। ਕਈਆਂ ਨੇ ਤਾਂ ਚੋਖੀ ਕਮਾਈ ਵੀ ਕਰ ਲਈ ਹੈ। ਰੁੱਖ ਲਾਉਣੇ ਸਾਡੀ ਲੋੜ ਹੈ, ਪਰ ਉਸ ਤੋਂ ਪਹਿਲੋਂ ਇਲਾਕੇ ਦੇ ਪੌਣ ਪਾਣੀ, ਮਿੱਟੀ ਦੀ ਕਿਸਮ ਅਤੇ ਪਹਿਲੋਂ ਲੱਗੇ ਰੁੱਖਾਂ ਅਤੇ ਬਨਸਪਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਜ਼ਰੂਰੀ ਹੈ, ਨਹੀਂ ਤਾਂ ਵਾਤਾਵਰਨ ਤੇ ਧਰਤੀ ਦਾ ਨੁਕਸਾਨ ਵੀ ਹੋ ਸਕਦਾ ਹੈ। ਗੈਰ-ਜ਼ਰੂਰੀ ਤੇ ਨੁਕਸਾਨਦਾਇਕ ਕੀੜੇ-ਮਕੌੜੇ ਵੀ ਵੱਧ ਸਕਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕੇ ਈਕੋ ਬੈਲੰਸ ਰੱਖਣ ਲਈ ਰੁੱਖਾਂ ਦੀ ਇਲਾਕਾਈ ਵੰਡ ਕਰੇ ਤਾਂ ਕਿ ਵਾਤਾਵਰਨ ਅਨੁਕੂਲ ਰਹਿ ਸਕੇ। ਆਪਣੀ ਧਰਤੀ ਲਈ ਭਾਵੁਕ ਹੋਣਾ ਚੰਗੀ ਗੱਲ ਹੈ, ਪਰ ਧਰਤੀ ਪ੍ਰਤੀ ਜ਼ਿੰਮੇਵਾਰ ਹੋਣਾ ਸਿਆਣਪ ਗਿਣੀ ਜਾਵੇਗੀ। ਆਓ, ਰੁੱਖ ਭਾਵੇਂ ਘੱਟ ਲਾਈਏ, ਪਰ ਸਹੀ ਥਾਵਾਂ 'ਤੇ ਲੋੜੀਂਦੇ ਰੁੱਖ ਹੀ ਲਾਈਏ।


-ਮੋਬਾ: 98159-45018

ਆਜਾ ਦੋਸਤਾ ਵੇ ਰਲ ਕੇ...

ਉੱਠ ਗਾਫਿਲਾ ਤੂੰ ਜਾਗ ਕਿਉਂ ਵੱਟ ਲਈ ਏ ਚੁੱਪ ਵੇ,
ਫਿਰ ਪਊ ਪਛਤਾਉਣਾ ਜਦੋਂ ਟੁੱਕੇ ਗਏ ਰੁੱਖ ਵੇ।
ਵੇ ਮਾਰ ਹੰਭਲਾ ਜ਼ਮੀਰਾਂ ਆਪਾਂ ਸੁੱਤੀਆਂ ਜਗਾਈਏ,
ਆਜਾ ਦੋਸਤਾ ਵੇ ਰਲ ਕੇ ਰੁੱਖ, ਪਾਣੀ, ਪੰਛੀ ਬਚਾਈਏ।
ਵਾਤਾਵਰਨ ਨੂੰ ਰੁੱਖ ਸਦਾ ਇਹ ਸਾਫ਼ ਨੇ ਬਣਾਉਂਦੇ,
ਸਾਨੂੰ ਦਿੰਦੇ ਠੰਢੀ ਛਾਂ ਆਪ ਇਹ ਧੁੱਪ ਨੇ ਹੰਢਾਉਂਦੇ।
ਅਰਜਨ, ਆਂਵਲਾ, ਸਹਾਂਜਣਾ ਨੇ ਬੜੇ ਗੁਣਕਾਰੀ,
ਨਿਰੋਗ ਰੱਖਦੇ ਨੇ ਸਾਨੂੰ ਦੂਰ ਭਜਾਉਂਦੇ ਨੇ ਬਿਮਾਰੀ।
ਲਾ ਕੇ ਰੁੱਖ ਆਪਾਂ ਸਾਰੇ ਬਰਸਾਤਾਂ ਮੋੜ ਲਿਆਈਏ,
ਆਜਾ ਦੋਸਤਾ ਵੇ ਰਲ ਕੇ........।

ਹੈ ਬੜੀ ਕੀਮਤੀ ਨਿਆਮਤ ਸਾਡੇ ਜੀਵਨ ਵਿਚ ਪਾਣੀ,
ਜੇ ਆ ਗਈ ਇਸ ਦੀ ਖੜੋਤ ਹੋ ਜੂ ਖ਼ਤਮ ਕਹਾਣੀ।
ਸਾਂਭ ਕੁਦਰਤੀ ਸਰੋਤ ਇਹ ਵਡਮੁੱਲਾ ਸਰਮਾਇਆ,
ਪਾਣੀ ਦੀ ਮਹੱਤਤਾ ਨੂੰ ਗੁਰਾਂ ਬਾਣੀ ਵਿਚ ਫ਼ਰਮਾਇਆ।
ਤੂੰ ਹੋ ਜਾ ਚੌਕੰਨਾ ਘੰਟੀ ਖਤਰੇ ਦੀ ਆਪਾਂ ਨਾ ਵਜਾਈਏ,
ਆਜਾ ਦੋਸਤਾ ਵੇ ਰਲ ਕੇ..........।

ਉੱਡ ਗਏ ਜੇ ਦੂਰ ਮੋਰ, ਕੋਇਲਾਂ, ਘੁੱਗੀਆਂ, ਗੁਟਾਰਾਂ,
ਬਾਗਾਂ ਵਿਚ ਬੋਲਣਾ ਨਾ ਕਿਸੇ ਉੱਡ ਜਾਣੀਆਂ ਬਹਾਰਾਂ।
ਖੁਸ ਗਏ ਜੇ ਸਾਥੋਂ ਬਣ ਕੇ 'ਘਲੋਟੀ' ਰਹਿ ਜਾਊ ਬਾਤ ਵੇ,
ਮਿੱਠੀਆਂ ਆਵਾਜ਼ਾਂ ਨਾਲ ਰੰਗੀਨ ਕੌਣ ਕਰੂ ਪ੍ਰਭਾਤ ਵੇ।
ਆਓ ਆਲ੍ਹਣੇ ਬਣਾ ਕੇ ਪਿੰਡ-ਪਿੰਡ ਆਪਾਂ ਲਟਕਾਈਏ,
ਆ ਜਾ ਦੋਸਤੇ ਵੇ ਰਲ ਕੇ..............।


-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ, ਲੁਧਿਆਣਾ।
ਮੋਬਾ: 98143-81472

ਖੇਤੀ ਸਾਹਿਤ

ਮੇਰੇ ਰੰਗ ਮੇਰੀਆਂ ਯਾਦਾਂ
ਲੇਖਕ : ਸੰਪੂਰਨ ਸਿੰਘ ਚਾਨੀਆਂ
(ਸਟੇਟ ਐਵਾਰਡੀ)
ਪ੍ਰਕਾਸ਼ਕ : ਪੰਜ ਨਾਦ ਪ੍ਰਕਾਸ਼ਨ, ਪੰਜਾਬੀ ਸੱਥ ਲਾਂਬੜਾ (ਜਲੰਧਰ)।
ਮੁੱਲ : 250 ਰੁਪਏ, ਪੰਨੇ : 180
ਸੰਪਰਕ : 94630-25521.


ਹਥਲੀ ਪੁਸਤਕ ਸ: ਸੰਪੂਰਨ ਸਿੰਘ ਚਾਨੀਆਂ ਵਲੋਂ ਲਿਖੀ ਗਈ ਹੈ। ਅਜੋਕੇ ਸਮੇਂ ਵਿਚ ਕਿਸਾਨੀ ਸੰਕਟ ਵਿਚ ਫਸੀ ਹੋਈ ਹੈ। ਕਿਸੇ ਸਮੇਂ ਪੰਜ ਦਰਿਆਵਾਂ ਦੀ ਇਹ ਧਰਤੀ ਅੰਨ ਦਾ ਭੰਡਾਰ ਕਹੀ ਜਾਂਦੀ ਸੀ। ਕਿਸਾਨਾਂ ਨੇ ਹਰਾ ਇਨਕਲਾਬ ਲਿਆ ਕੇ ਆਪਣੀ ਮਿਹਨਤ ਨਾਲ ਅਨਾਜ ਦੀਆਂ ਲਹਿਰਾਂ-ਬਹਿਰਾਂ ਲਗਾ ਦਿੱਤੀਆਂ। ਪਰ ਅੱਜ ਉਹੀ ਕਿਸਾਨ ਮਜਬੂਰੀਵਸ ਖ਼ੁਦਕੁਸ਼ੀਆਂ ਕਰਨ ਦੇ ਰਾਹ ਪੈ ਗਿਆ ਹੈ। ਇਸ ਪੁਸਤਕ ਦਾ ਵਿਸ਼ਾ ਵੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਸੁਝਾਵਾਂ ਨਾਲ ਸਬੰਧਤ ਹੈ। ਸੰਪੂਰਨ ਸਿੰਘ ਚਾਨੀਆਂ ਵਲੋਂ ਲਿਖੇ ਗਏ ਲੇਖ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦੀਆਂ ਯਾਦਾਂ ਅਤੇ ਪੰਜਾਬ ਦੀ ਕਿਸਾਨੀ ਨੂੰ ਪੇਸ਼ ਸਮੱਸਿਆਵਾਂ ਨੂੰ ਨਿਵੇਕਲੇ ਰੂਪ ਵਿਚ ਬਿਆਨ ਕਰਦੇ ਹਨ। ਸ: ਚਾਨੀਆਂ ਖ਼ੁਦ ਇਕ ਕਿਸਾਨ ਅਤੇ ਸੇਵਾਮੁਕਤ ਖੇਤੀਬਾੜੀ ਅਫ਼ਸਰ ਹਨ। ਇਸ ਲਈ ਉਨ੍ਹਾਂ ਬੇਹੱਦ ਸਾਦੇ ਢੰਗ ਨਾਲ ਖੇਤੀਬਾੜੀ ਨਾਲ ਸਬੰਧਿਤ ਆਪਣੇ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੰਬਾ ਸਮਾਂ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਨਾਲ ਬਿਤਾਇਆ। ਹੁਣ ਅਖ਼ਬਾਰਾਂ ਵਿਚ ਛਪੇ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਕੇ ਪੈਰ-ਪੈਰ 'ਤੇ ਦਮ ਤੋੜ ਰਹੀ ਪੰਜਾਬ ਦੀ ਕਿਸਾਨੀ ਦੇ ਰੰਗ-ਰੂਪ ਨੂੰ ਬਦਲਣ ਲਈ ਆਪਣਾ ਪੱਖ ਪੇਸ਼ ਕਰਨ ਦਾ ਯਤਨ ਕੀਤਾ ਹੈ।
ਇਸ ਪੁਸਤਕ ਵਿਚ ਉਨ੍ਹਾਂ ਨੇ ਆਪਣੀ ਪਸੰਦ ਅਤੇ ਕਿੱਤੇ ਨਾਲ ਜੁੜੇ ਚਾਲੀ ਲੇਖਾਂ ਨੂੰ ਪਾਠਕਾਂ ਨਾਲ ਸਾਂਝਿਆ ਕੀਤਾ ਹੈ, ਇਸ ਤੋਂ ਇਲਾਵਾ ਕਾਵਿ-ਕਿਆਰੀ, ਜਿਸ ਵਿਚ ਕਿਸਾਨੀ ਨਾਲ ਜੁੜੀਆਂ 14 ਕਵਿਤਾਵਾਂ ਹਨ, ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਖੇਤੀ ਨਾਲ ਸਬੰਧਿਤ ਲੇਖਾਂ ਵਿਚ ਉਨ੍ਹਾਂ ਨੇ ਫ਼ਸਲਾਂ ਨੂੰ ਬੀਜਣ ਤੋਂ ਲੈ ਕੇ ਉਪਜ ਦੇ ਵੇਚਣ ਤਕ ਕਿਸਾਨੀ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਬੜੀ ਠੇਠ ਭਾਸ਼ਾ ਵਿਚ ਵਰਨਣ ਕੀਤਾ ਹੈ। ਪੁਸਤਕ ਵਿਚ ਮਿੱਟੀ ਦੀ ਪਰਖ ਤੋਂ ਲੈ ਕੇ ਫ਼ਸਲ ਬੀਜਣ, ਸਾਂਭ-ਸੰਭਾਲ, ਫ਼ਸਲ ਨੂੰ ਲੱਗਣ ਵਾਲੇ ਰੋਗਾਂ ਤੋਂ ਬਚਣ ਦੇ ਸੁਝਾਅ ਦੇਣ ਤੋਂ ਇਲਾਵਾ ਅਜੋਕੇ ਸਮੇਂ ਵਿਚ ਨਵੀਆਂ ਕਿਸਮਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।
ਸੰਪੂਰਨ ਸਿੰਘ ਚਾਨੀਆਂ ਦੀ ਇਸ ਪੁਸਤਕ ਵਿਚਲੀ ਭਾਸ਼ਾ ਅਤੇ ਸ਼ਬਦਾਵਲੀ ਪੇਂਡੂ ਪਾਠਕਾਂ ਦੇ ਆਸਾਨੀ ਨਾਲ ਸਮਝ ਆਉਣ ਵਾਲੀ ਹੈ, ਚਾਹੇ ਇਹ ਲੇਖਕ ਦੀ ਪਲੇਠੀ ਪੁਸਤਕ ਹੈ। ਪਰ ਉਸ ਵਲੋਂ ਲਗਾਤਾਰ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਲਿਖਣ ਕਾਰਨ ਇਸ ਪੁਸਤਕ ਵਿਚੋਂ ਉਨ੍ਹਾਂ ਦੇ ਚੰਗੇ ਲਿਖਾਰੀ ਹੋਣ ਦੀ ਝਲਕ ਮਿਲਦੀ ਹੈ। ਲੇਖਾਂ ਤੋਂ ਇਲਾਵਾ ਲੇਖਕ ਨੇ ਪੁਸਤਕ ਦੇ ਅਖ਼ੀਰ 'ਤੇ ਕਾਵਿ-ਕਿਆਰੀ ਵਿਚ ਬਹੁਤ ਸੁੰਦਰ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਹਨ। ਉਮੀਦ ਕਰਦੇ ਹਾਂ ਕਿ ਸ: ਚਾਨੀਆਂ ਭਵਿੱਖ ਵਿਚ ਵੀ ਆਪਣੇ ਲਿਖਣ ਦੇ ਇਸ ਕਾਰਜ ਨੂੰ ਜਾਰੀ ਰੱਖਣਗੇ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਪੁਸਤਕ ਲਈ ਉਹ ਵਧਾਈ ਦੇ ਪਾਤਰ ਹਨ।


-ਹਰਜਿੰਦਰ ਸਿੰਘ
ਮੋਬਾਈਲ : 98726-60161

ਲੰਘੇ ਵੇਲੇ ਦਾ ਬਲਬ ਸੀ ਲਾਲਟੈਨ

ਸਮੇਂ ਦੇ ਬਦਲਣ ਨਾਲ ਭਾਵੇਂ ਸਾਡੇ ਪੰਜਾਬੀ ਵਿਰਸੇ ਵਿਚੋਂ ਕਈ ਚੀਜ਼ਾਂ ਹੌਲੀ-ਹੌਲੀ ਅਲੋਪ ਹੋ ਚੁੱਕੀਆਂ ਹਨ ਪਰ ਜਦੋਂ ਵੀ ਕਦੇ ਵਿਰਾਸਤੀ ਮੇਲਿਆਂ ਜਾਂ ਅਜਾਇਬਘਰਾਂ ਵਿਚ ਅਸੀਂ ਇਨ੍ਹਾਂ ਚੀਜ਼ਾਂ ਨੂੰ ਵੇਖਦੇ ਹਾਂ ਤਾਂ ਸਾਨੂੰ ਉਹ ਪੁਰਾਤਨ ਸਮਾਂ ਯਾਦ ਆ ਜਾਂਦਾ ਹੈ ਜਦੋਂ ਅਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਰਤਦੇ ਹੁੰਦੇ ਸਾਂ।
ਲਾਲਟੈਨ, ਜਿਸ ਤੋਂ ਅੱਜ ਦੀ ਨਵੀਂ ਪੀੜ੍ਹੀ ਸ਼ਾਇਦ ਅਣਜਾਣ ਹੋਵੇ, ਇਕ ਅਜਿਹੀ ਸ਼ੈਅ ਸੀ, ਜੋ ਉਸ ਸਮੇਂ ਘਰਾਂ 'ਚ ਬਿਜਲੀ ਦੀ ਸਹੂਲਤ ਨਾ ਹੋਣ 'ਤੇ ਸਾਨੂੰ ਚਾਨਣ ਦਿੰਦੀ ਸੀ। ਉਦੋਂ ਘਰ ਕੱਚੇ ਹੁੰਦੇ ਸਨ ਤੇ ਲੋਕਾਂ ਦਾ ਰਹਿਣ-ਸਹਿਣ ਵੀ ਸਾਦਾ ਹੁੰਦਾ ਸੀ। ਸ਼ਾਮ ਨੂੰ ਹਨੇਰਾ ਹੋਣ ਤੇ ਕੋਈ ਵੀ ਕੰਮ ਕਰਨ ਲਈ ਲਾਲਟੈਨ ਹੀ ਲੋਕਾਂ ਦਾ ਇਕੋ ਇਕ ਸਹਾਰਾ ਹੁੰਦਾ ਸੀ। ਜਦੋਂ ਵੀ ਰਾਤ ਸਮੇਂ ਲਾਲਟੈਨ ਦੀ ਲੋੜ ਪੈਣੀ ਤਾਂ ਉਸ ਨੂੰ ਕਿੱਲੀ ਤੋਂ ਲਾਹ ਕੇ ਜਗਾ ਲਿਆ ਜਾਂਦਾ ਸੀ। ਲਾਲਟੈਨ ਦੀ ਰੌਸ਼ਨੀ ਸਾਰੇ ਘਰ ਵਿਚ ਗੁਜ਼ਾਰੇ ਜੋਗਾ ਚਾਨਣ ਕਰ ਦਿੰਦੀ ਸੀ। ਰਾਤ ਨੂੰ ਰੋਟੀ ਪਕਾਉਣ, ਬੱਚਿਆਂ ਦੇ ਪੜ੍ਹਨ ਵੇਲੇ, ਵਿਆਹ ਸਮੇਂ, ਬਾਹਰ ਮਾਲ ਡੰਗਰ ਸਾਂਭਣ ਸਮੇਂ, ਖੇਤਾਂ 'ਚ ਜਾਣ ਸਮੇਂ ਤੇ ਹਨ੍ਹੇਰੇ ਚ ਕੋਈ ਵੀ ਚੀਜ਼ ਲੱਭਣ ਵੇਲੇ ਲਾਲਟੈਨ ਦੀਵਾ ਹੀ ਇਕੋ ਇਕ ਸਾਧਨ ਹੁੰਦਾ ਸੀ।
ਲਾਲਟੈਨ ਲੋਹੇ ਦੀਆਂ ਪੱਤੀਆਂ ਤੇ ਤਾਰਾਂ ਨਾਲ ਤਿਆਰ ਕੀਤੀ ਜਾਂਦੀ ਹੈ। ਲਾਲਟੈਨ ਦੇ ਹੇਠਲੇ ਹਿੱਸੇ ਵਿਚ ਟੈਂਕੀ ਹੁੰਦੀ ਸੀ, ਜਿੱਥੇ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ। ਇਸ ਟੈਂਕੀ ਵਿਚ ਇਕ ਬੱਤੀ ਪਾਈ ਜਾਂਦੀ ਸੀ, ਜੋ ਉੱਪਰ ਲੱਗੀ ਚਾਬੀ ਨਾਲ ਲਾਲਟੈਨ ਜਗਾਉਣ ਸਮੇਂ ਲੋੜ ਮੁਤਾਬਕ ਬਾਹਰ ਕੱਢੀ ਜਾਂਦੀ ਸੀ। ਟੈਂਕੀ ਦੇ ਦੋਵਾਂ ਪਾਸਿਆਂ 'ਤੇ ਲੋਹੇ ਦੀਆਂ ਪਤਲੀਆਂ ਪਾਈਪਾਂ ਲਗਾ ਕੇ ਉੱਪਰ ਕਰਕੇ ਇਸ ਨੂੰ ਇਕ ਫਰੇਮ ਦਾ ਰੂਪ ਦਿੱਤਾ ਜਾਂਦਾ ਸੀ। ਇਸ ਫਰੇਮ ਅੰਦਰ ਦੋ ਤਾਰਾਂ ਦੀ ਮਦਦ ਨਾਲ ਕੱਚ ਦਾ ਸ਼ੀਸ਼ਾ (ਚਿਮਨੀ) ਫਿੱਟ ਕੀਤਾ ਜਾਂਦਾ ਸੀ। ਚਿਮਨੀ ਉੱਪਰ ਗੋਲ ਢੱਕਣ ਦਿੱਤਾ ਹੁੰਦਾ ਸੀ ਤੇ ਉੱਪਰ ਲਾਲਟੈਨ ਨੂੰ ਫੜਨ ਲਈ ਕੁੰਡਾ ਲਗਾਇਆ ਜਾਂਦਾ ਸੀ। ਲਾਲਟੈਨ ਜਗਾਉਣ ਸਮੇਂ ਤੀਲਾਂ ਵਾਲੀ ਡੱਬੀ ਤੇ ਮਿੱਟੀ ਦੇ ਤੇਲ ਦੀ ਲੋੜ ਪੈਂਦੀ ਸੀ। ਟੈਂਕੀ ਦੇ ਉੱਪਰ ਸੱਜੇ ਪਾਸੇ ਤੋਂ ਪਹਿਲਾਂ ਚਿਮਨੀ ਨੂੰ ਉੱਪਰ ਚੁੱਕਿਆ ਜਾਂਦਾ ਸੀ ਫਿਰ ਬੱਤੀ ਉੱਪਰ ਕਰਕੇ ਲਾਲਟੈਨ ਜਗਾ ਕੇ ਉਸ ਨੂੰ ਕਿੱਲੀ 'ਤੇ ਟੰਗ ਦਿੱਤਾ ਜਾਂਦਾ ਸੀ।
ਅੱਜਕਲ੍ਹ ਘਰਾਂ ਵਿਚ ਰੌਸ਼ਨੀ ਲਈ ਲਾਲਟੈਨ ਦੀ ਜਗਾ ਬਿਜਲੀ ਦੇ ਬਲਬ, ਟਿਊਬਾਂ ਤੇ ਆਧੁਨਿਕ ਲਾਈਟਾਂ ਆ ਗਈਆਂ ਹਨ। ਭਾਵੇਂ ਅੱਜ ਵੀ ਕਈ ਕੰਪਨੀਆਂ ਸੋਲਰ ਲਾਲਟੈਨਾਂ ਬਣਾ ਰਹੀਆਂ ਹਨ ਪਰ ਅੱਜ ਦੀ ਪੀੜ੍ਹੀ ਨੂੰ ਇਸ ਬਿਜਲੀ ਤੋਂ ਬਿਨਾਂ ਚੱਲਣ ਵਾਲੀ ਲਾਲਟੈਨ ਬਾਰੇ ਕੋਈ ਜਾਣਕਾਰੀ ਨਹੀਂ। ਅੱਜ ਦੇ ਸਮੇਂ ਨਾ ਇਹ ਲਾਲਟੈਨ ਸੌਖੀ ਮਿਲਦੀ ਹੈ ਨਾ ਮਿੱਟੀ ਦਾ ਤੇਲ,ਸਾਡੇ ਦੇਸ਼ ਵਿਚ ਅੱਜ ਵੀ ਕਈ ਘਰਾਂ ਵਿਚ ਬਿਜਲੀ ਨਹੀਂ ਪਹੁੰਚੀ ਇਸ ਕਰਕੇ ਉਹ ਲੋਕ ਅੱਜ ਵੀ ਲਾਲਟੈਨ ਦੀ ਵਰਤੋਂ ਕਰਦੇ ਹਨ ਪਰ ਸਾਡੇ ਪੰਜਾਬ ਵਿਚ ਹੁਣ ਲਾਲਟੈਨ ਦਾ ਚਾਨਣ ਕਿਤੇ ਨਹੀਂ ਹੁੰਦਾ ਤੇ ਘਰ ਦੇ ਇਕ ਖੂੰਜੇ 'ਚ ਪਈ ਹੀ ਮਿਲਦੀ ਹੈ।


-ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX