ਤਾਜਾ ਖ਼ਬਰਾਂ


ਕੈਪਟਨ ਵੱਲੋਂ ਪੀ.ਆਈ.ਐੱਸ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਬਣਨ ਲਈ 5 ਖਿਡਾਰੀਆਂ ਦੇ ਨਾਂਆ ਨੂੰ ਮਿਲੀ ਮਨਜ਼ੂਰੀ
. . .  4 minutes ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ (ਪੀ.ਆਈ.ਐੱਸ) ਦਾ ਮੈਂਬਰ ਬਣਨ ਲਈ ਮਨਜ਼ੂਰੀ ਦੇ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  29 minutes ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  44 minutes ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  59 minutes ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਉੱਘੇ ਪੰਜਾਬੀ ਨਾਵਲਕਾਰ ਨਿਰੰਜਨ ਤਸਨੀਮ ਦਾ ਦੇਹਾਂਤ
. . .  about 1 hour ago
ਜਲੰਧਰ, 17 ਅਗਸਤ- ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਤਸਨੀਮ ਦਾ ਜਨਮ 1 ਮਈ, 1929 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ...
ਬੀ.ਐਸ. ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਅਗਸਤ- ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ 'ਚ ...
ਜਲਦੀ ਹੀ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ- ਸੁਖਬੀਰ ਬਾਦਲ
. . .  about 1 hour ago
ਫ਼ਾਜ਼ਿਲਕਾ, 17 ਅਗਸਤ (ਪ੍ਰਦੀਪ ਕੁਮਾਰ)- ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ...
ਏਮਜ਼ 'ਚ ਲੱਗੀ ਅੱਗ
. . .  about 1 hour ago
ਨਵੀਂ ਦਿੱਲੀ, 17 ਅਗਸਤ- ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ। ਦੱਸਣਯੋਗ...
ਪਾਣੀ ਵਧਣ ਕਾਰਨ ਕੌਮੀ ਹਾਈਵੇਅ 'ਤੇ ਪੈਦਲ ਰਾਹਗੀਰਾਂ ਲਈ ਬਣਿਆ ਰਸਤਾ ਚੜ੍ਹਿਆ ਚੱਕੀ ਦਰਿਆ ਦੀ ਭੇਟ
. . .  about 2 hours ago
ਪਠਾਨਕੋਟ, 17 ਅਗਸਤ (ਸੰਧੂ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਦਰਿਆ 'ਚ ਪਾਣੀ ਦੀ ਆਮਦ ਬਹੁਤ ਵੱਧ ਗਈ ਹੈ ਅਤੇ ਪਠਾਨਕੋਟ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਪੁਲ 'ਤੇ ਰਾਹਗੀਰਾਂ ਲਈ ਬਣਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ। ਇਸ...
ਅਫ਼ਗ਼ਾਨਿਸਤਾਨ ਹਵਾਈ ਹਮਲਿਆਂ 'ਚ 21 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 17 ਅਗਸਤ- ਅਫ਼ਗ਼ਾਨਿਸਤਾਨ ਦੇ ਗ਼ਜ਼ਨੀ ਅਤੇ ਬਲੱਖ ਸੂਬਿਆਂ 'ਚ ਪੰਜ ਦੇ ਹਵਾਈ ਹਮਲਿਆਂ 'ਚ ਘੱਟੋ-ਘੱਟ 21 ਤਾਲਿਬਾਨੀ ਅੱਤਵਾਦੀ ਢੇਰ...
ਹੋਰ ਖ਼ਬਰਾਂ..

ਸਾਡੀ ਸਿਹਤ

ਬਰਸਾਤ ਵਿਚ ਇੰਜ ਰੱਖੋ ਸਿਹਤ ਦਾ ਖ਼ਿਆਲ

ਬਰਸਾਤ ਰੁੱਤ ਦੇ ਆਉਣ ਨਾਲ ਅਸਮਾਨ ਬੱਦਲਾਂ ਨਾਲ ਭਰ ਜਾਂਦਾ ਹੈ ਅਤੇ ਸੂਰਜ ਬੱਦਲਾਂ ਦੇ ਓਹਲੇ ਛੁਪ ਜਾਂਦਾ ਹੈ। ਬਾਰਿਸ਼ ਦੇ ਕਾਰਨ ਨਾਲੀਆਂ ਭਰ ਜਾਂਦੀਆਂ ਹਨ ਅਤੇ ਜਗ੍ਹਾ-ਜਗ੍ਹਾ ਗੰਦਗੀ ਫੈਲ ਜਾਂਦੀ ਹੈ। ਵਾਤਾਵਰਨ ਵਿਚ ਬੈਕਟੀਰੀਆ, ਵਾਇਰਸ, ਮੱਛਰ, ਕੀਟ-ਪਤੰਗੇ ਆਦਿ ਵਧ ਜਾਂਦੇ ਹਨ। ਪਾਣੀ ਗੰਦਾ ਹੋ ਜਾਂਦਾ ਹੈ, ਫਲ, ਸਬਜ਼ੀਆਂ ਖਰਾਬ ਹੋਣ ਲਗਦੇ ਹਨ।
ਇਹ ਸਭ ਮਨੁੱਖ ਨੂੰ ਕਈ ਤਰ੍ਹਾਂ ਨਾਲ ਬਿਮਾਰ ਕਰਦੇ ਹਨ। ਪੀਲੀਆ, ਹੈਜ਼ਾ, ਖੁਜਲੀ, ਫੋੜੇ-ਫਿੰਸੀਆਂ, ਪੇਚਿਸ਼, ਅਤਿਸਾਰ, ਡਾਇਰੀਆ, ਸਰਦੀ, ਖੰਘ, ਜ਼ੁਕਾਮ, ਉਲਟੀ, ਟਾਇਫਾਈਡ, ਫੀਵਰ, ਮਲੇਰੀਆ, ਨਿਮੋਨੀਆ ਆਦਿ ਵਰਗੀਆਂ ਬਿਮਾਰੀਆਂ ਹੋਣ ਲਗਦੀਆਂ ਹਨ।
ਇਸ ਮੌਸਮ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਕਮੀ ਦੇ ਕਾਰਨ ਲੋਕ ਛੇਤੀ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਬਰਸਾਤ ਆਉਂਦੇ ਹੀ ਡਾਕਟਰਾਂ ਕੋਲ ਅਤੇ ਹਸਪਤਾਲਾਂ ਵਿਚ ਮਰੀਜ਼ ਵਧ ਜਾਂਦੇ ਹਨ। ਅਜਿਹੇ ਮੌਸਮ ਵਿਚ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਾਵਧਾਨੀ ਰੱਖ ਕੇ ਇਨ੍ਹਾਂ ਤੋਂ ਬਚਾਅ ਹੀ ਬਿਹਤਰ ਉਪਾਅ ਹੁੰਦਾ ਹੈ। ਬਰਸਾਤ ਦਾ ਮੌਸਮ ਆਉਂਦੇ ਹੀ ਸਰਦੀ, ਜ਼ੁਕਾਮ, ਖੰਘ ਵਰਗੀਆਂ ਸਾਧਾਰਨ ਬਿਮਾਰੀਆਂ ਵੀ ਕਦੇ-ਕਦੇ ਵੱਡਾ ਰੂਪ ਲੈ ਲੈਂਦੀਆਂ ਹਨ। ਇਸ ਲਈ ਬੱਚੇ-ਵੱਡੇ, ਸਾਰਿਆਂ ਨੂੰ ਅਜਿਹੇ ਸਮੇਂ ਵਿਚ ਸਾਵਧਾਨ ਰਹਿਣਾ ਚਾਹੀਦਾ ਹੈ।
ਪ੍ਰਦੂਸ਼ਿਤ ਹੋ ਜਾਂਦਾ ਹੈ ਪਾਣੀ
ਬਰਸਾਤ ਰੁੱਤ ਵਿਚ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਬਹੁਤੀਆਂ ਬਿਮਾਰੀਆਂ ਇਸੇ ਕਾਰਨ ਫੈਲਦੀਆਂ ਹਨ। ਪੇਟ ਵਿਚ ਦਰਦ, ਮਰੋੜ, ਉਲਟੀ, ਟੱਟੀਆਂ, ਪੀਲੀਆ, ਟਾਇਫਾਈਡ, ਫੀਵਰ ਦੀ ਸ਼ਿਕਾਇਤ ਵਧ ਜਾਂਦੀ ਹੈ। ਚਮੜੀ ਗਿੱਲੀ ਰਹਿਣ ਨਾਲ ਫੋੜੇ-ਫਿੰਸੀਆਂ, ਖੁਜਲੀ ਆਦਿ ਦੀ ਸ਼ਿਕਾਇਤ ਹੁੰਦੀ ਹੈ। ਚਮੜੀ ਸੰਕ੍ਰਮਿਤ ਹੋਣ ਲਗਦੀ ਹੈ। ਬਰਸਾਤ ਦੇ ਜਮ੍ਹਾਂ ਪਾਣੀ ਵਿਚ ਮੱਛਰ ਨੂੰ ਪੈਦਾ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੀ ਆਬਾਦੀ ਅਤੇ ਪ੍ਰਕੋਪ ਵਧ ਜਾਂਦਾ ਹੈ। ਅਜਿਹੇ ਵਿਚ ਪਾਣੀ ਜਮ੍ਹਾਂ ਹੋਣ ਨਾ ਦਿਓ। ਜੇ ਬਾਹਰ ਪਾਣੀ ਜਮ੍ਹਾਂ ਹੈ ਤਾਂ ਉਸ ਵਿਚ ਮਿੱਟੀ ਦਾ ਤੇਲ ਅਤੇ ਕੀਟਨਾਸ਼ਕ ਪਾਓ, ਨਹੀਂ ਤਾਂ ਮਲੇਰੀਆ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਗਤੀਸ਼ੀਲ ਰਹੋ, ਤਾਜ਼ਾ, ਸਾਦਾ ਭੋਜਨ ਕਰੋ
ਇਸ ਮੌਸਮ ਵਿਚ ਸਰੀਰਕ ਤੌਰ 'ਤੇ ਗਤੀਸ਼ੀਲ ਰਹੋ। ਹਲਕੀ-ਫੁਲਕੀ ਕਸਰਤ ਕਰੋ। ਇਸ ਨਾਲ ਊਰਜਾਵਾਨ ਬਣੇ ਰਹੋਗੇ ਅਤੇ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਨਹੀਂ ਹੋਵੇਗੀ। ਬਾਹਰ ਖੁੱਲ੍ਹੇ ਵਿਚ ਰੱਖੇ ਖਾਧ ਪਦਾਰਥ ਬਿਮਾਰੀਆਂ ਦਾ ਘਰ ਹੁੰਦੇ ਹਨ, ਇਸ ਲਈ ਬਾਹਰੀ ਚੀਜ਼ ਦਾ ਸੇਵਨ ਨਾ ਕਰੋ। ਗਲੇ-ਸੜੇ ਫਲਾਂ ਤੋਂ ਬਚੋ।
ਗਰਮ, ਤਾਜ਼ਾ, ਸਾਦਾ ਭੋਜਨ ਸੀਮਤ ਮਾਤਰਾ ਵਿਚ ਕਰੋ। ਤਲੀਆਂ, ਭੁੰਨੀਆਂ, ਖੱਟੀਆਂ, ਚਟਪਟੀਆਂ ਚੀਜ਼ਾਂ ਤੋਂ ਬਚੋ। ਤੇਲ ਵਾਲੀਆਂ ਚੀਜ਼ਾਂ ਘੱਟ ਖਾਓ। ਪਾਣੀ ਹਮੇਸ਼ਾ ਸਾਫ਼ ਹੋਵੇ। ਚਮੜੀ ਸੁੱਕੀ ਰੱਖੋ। ਜ਼ਿਆਦਾ ਪਾਣੀ ਵਿਚ ਭਿੱਜਣ ਤੋਂ ਬਚੋ। ਸਬਜ਼ੀ ਅਤੇ ਫਲ ਪੂਰੀ ਤਰ੍ਹਾਂ ਧੋ ਕੇ ਖਾਓ। ਬਰਸਾਤ ਦੀਆਂ ਬਿਮਾਰੀਆਂ ਤੋਂ ਬਚੋ। ਕੋਈ ਪ੍ਰੇਸ਼ਾਨੀ ਹੋਵੇ ਤਾਂ ਡਾਕਟਰ ਨੂੰ ਤੁਰੰਤ ਮਿਲੋ। ਬਿਮਾਰ ਹੋਣ ਤੋਂ ਬਚੋ।
**


ਖ਼ਬਰ ਸ਼ੇਅਰ ਕਰੋ

ਖੂਨ ਦੇ ਦਬਾਅ ਨੂੰ ਕਾਬੂ ਕਰਦੀ ਹੈ ਪਾਲਕ

ਸਾਰਾ ਸਾਲ ਮਿਲਣ ਵਾਲੀ ਪਾਲਕ ਸਾਗ-ਭਾਜੀ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਹ ਸਲਾਦ, ਸਬਜ਼ੀ, ਸੂਪ ਅਤੇ ਰਸ ਦੇ ਰੂਪ ਵਿਚ ਵਰਤੀ ਜਾਂਦੀ ਹੈ। ਇਹ ਵਿਟਾਮਿਨ 'ਏ' ਤੋਂ ਇਲਾਵਾ ਆਇਰਨ, ਮੈਗਨੀਸ਼ੀਅਮ ਅਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ 'ਏ', 'ਸੀ' ਦੀ ਵੀ ਮਾਤਰਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਮੌਜੂਦ ਰੇਸ਼ਾ ਤੱਤ ਪਾਚਣ ਸਟੀਕ ਰੱਖਦਾ ਹੈ। ਪਾਲਕ ਸੱਚਮੁੱਚ ਪਾਲਕ ਦਾ ਕੰਮ ਕਰਦੀ ਹੈ। ਇਹ ਖੂਨ ਦੇ ਦਬਾਅ ਨੂੰ ਕਾਬੂ ਵਿਚ ਰੱਖਦੀ ਹੈ ਅਤੇ ਖੂਨ ਦੀ ਮਾਤਰਾ ਨੂੰ ਵਧਾਉਂਦੀ ਹੈ। ਇਸ ਵਿਚ ਵਿਟਾਮਿਨ 'ਏ' ਨਾਲ ਅੱਖਾਂ ਦੀ ਨਜ਼ਰ ਵਧਦੀ ਹੈ।

ਗਲੇ ਨੂੰ ਸੁਖਦ ਅਹਿਸਾਸ ਦਿੰਦੇ ਪਾਣੀ ਦੇ ਗਰਾਰੇ

ਮੌਸਮ ਬਦਲਣ 'ਤੇ ਠੰਢੇ, ਗਰਮ ਦਾ ਸੇਵਨ ਬਿਨਾਂ ਫਰਕ ਦੇ ਕਰਨ 'ਤੇ, ਜ਼ਿਆਦਾ ਜ਼ੋਰ ਨਾਲ ਉੱਚੀ ਬੋਲਣ 'ਤੇ, ਪ੍ਰਦੂਸ਼ਣ ਵਿਚ ਬਾਹਰ ਜ਼ਿਆਦਾ ਰਹਿਣ 'ਤੇ ਗਲਾ ਖਰਾਬ ਹੋਣਾ, ਦਰਦ ਹੋਣਾ ਇਹ ਆਮ ਸਮੱਸਿਆ ਲੋਕਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣੀ ਰਹਿੰਦੀ ਹੈ। ਹਲਕੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਗਰਾਰੇ ਕਰਨਾ ਓਰਲ ਹੈਲਥ ਲਈ ਚੰਗਾ ਮੰਨਿਆ ਜਾਂਦਾ ਹੈ। ਡਾਕਟਰ ਵੀ ਹੁਣ ਗਰਾਰੇ ਕਰਨ ਦੀ ਸਲਾਹ ਦਿੰਦੇ ਹਨ, ਕਿਉਂਕਿ ਸ਼ੁਰੂਆਤ ਵਿਚ ਗਲਾ ਦਰਦ ਜਾਂ ਖਰਾਬ ਹੋਣ 'ਤੇ ਦਿਨ ਵਿਚ ਦੋ ਤੋਂ ਤਿੰਨ ਵਾਰ ਗਰਾਰੇ ਕਰੋ ਤਾਂ ਲਾਭ ਮਿਲਦਾ ਹੈ।
ਗਰਾਰੇ ਅਤੇ ਕੁਰਲੀ ਕਿਵੇਂ ਕਰੀਏ
ਇਕ ਗਿਲਾਸ ਕੋਸੇ ਪਾਣੀ ਵਿਚ ਅੱਧਾ ਚਮਚ ਨਮਕ ਮਿਲਾ ਲਓ, ਫਿਰ ਇਸ ਪਾਣੀ ਨੂੰ ਮੂੰਹ ਵਿਚ ਭਰ ਕੇ ਮੂੰਹ ਥੋੜ੍ਹਾ ਉੱਪਰ ਕਰਕੇ ਗਰਾਰੇ ਕਰੋ, ਤਾਂ ਕਿ ਗਲੇ ਨੂੰ ਉਸ ਨਮਕ ਮਿਲੇ ਪਾਣੀ ਨਾਲ ਰਾਹਤ ਮਿਲੇ। ਫਿਰ ਪਾਣੀ ਨੂੰ ਸੁੱਟ ਦਿਓ। ਦੁਬਾਰਾ ਭਰ ਕੇ ਫਿਰ ਕਰੋ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਕਈ ਵਾਰ ਦੁਹਰਾਓ। ਧਿਆਨ ਦਿਓ ਕਿ ਨਮਕ ਵਾਲਾ ਪਾਣੀ ਮੂੰਹ ਵਿਚੋਂ ਬਾਹਰ ਸੁੱਟਣਾ ਹੈ, ਉਸ ਨੂੰ ਪੀਣਾ ਨਹੀਂ ਹੈ। ਪੀਣ ਨਾਲ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ ਅਤੇ ਖੂਨ ਦਾ ਦਬਾਅ ਵੀ ਵਧ ਸਕਦਾ ਹੈ। ਕਈ ਵਾਰ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।
ਮੂੰਹ ਵਿਚ ਮਸੂੜਿਆਂ ਦੇ ਸੁੱਜਣ 'ਤੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਮੂੰਹ ਵਿਚ ਭਰੋ ਅਤੇ ਉਸ ਪਾਣੀ ਨੂੰ ਮੂੰਹ ਵਿਚ ਘੁਮਾਓ ਅਤੇ ਬਾਹਰ ਸੁੱਟੋ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਇਕ ਵਾਰ ਵਿਚ 3-4 ਵਾਰ ਕਰੋ ਅਤੇ ਦਿਨ ਵਿਚ 2 ਤੋਂ 3 ਵਾਰ ਕਰੋ।
ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਜਾਂ ਗਲੇ ਦੇ ਅੰਦਰ ਸੋਜ ਹੋਣ 'ਤੇ ਨਮਕ ਦੇ ਪਾਣੀ ਨਾਲ ਗਰਾਰੇ ਕਰਨਾ ਬਿਹਤਰ ਅਤੇ ਆਸਾਨ ਉਪਾਅ ਹੈ। ਨਮਕ ਵਾਲਾ ਪਾਣੀ ਗਲੇ ਦੇ ਸੁੱਜੇ ਹੋਏ ਟਿਸ਼ੂਆਂ ਨੂੰ ਆਰਾਮ ਪਹੁੰਚਾਉਂਦਾ ਹੈ, ਜਿਸ ਨਾਲ ਸੋਜ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ।
ਮੂੰਹ ਵਿਚ ਅਲਸਰ
ਮੂੰਹ ਵਿਚ ਅਲਸਰ ਹੋਣ 'ਤੇ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ 'ਤੇ ਅਲਸਰ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਸੋਜ ਵੀ ਘੱਟ ਹੁੰਦੀ ਹੈ। ਟੌਂਸਲ ਵਿਚ ਵੀ ਗਰਾਰੇ ਲਾਭਦਾਇਕ ਹੁੰਦੇ ਹਨ।
ਸਾਈਨਸ
ਖੋਜ ਕਰਤਾਵਾਂ ਅਨੁਸਾਰ ਸਾਈਨਸ ਦੇ ਰੋਗੀਆਂ ਨੂੰ ਵੀ ਨਮਕ ਵਾਲਾ ਪਾਣੀ ਆਰਾਮ ਪਹੁੰਚਾਉਂਦਾ ਹੈ। ਸਾਈਨਸ ਸਬੰਧਿਤ ਰੋਗੀਆਂ ਨੂੰ ਦਿਨ ਵਿਚ ਘੱਟ ਤੋਂ ਘੱਟ 4 ਵਾਰ ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ।

ਫੋਲੇਟ ਦੀ ਕਮੀ ਤੁਹਾਨੂੰ ਉਦਾਸੀ ਦਾ ਰੋਗੀ ਬਣਾ ਸਕਦੀ ਹੈ

ਜੇ ਵਿਅਕਤੀ ਉਦਾਸੀ ਦਾ ਸ਼ਿਕਾਰ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਭੋਜਨ ਵਿਚ ਪੂਰੀ ਮਾਤਰਾ ਵਿਚ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਬੀਨਸ ਆਦਿ ਨਾ ਲੈ ਰਿਹਾ ਹੋਵੇ, ਜਿਸ ਕਾਰਨ ਉਹ ਇਸ ਰੋਗ ਦਾ ਸ਼ਿਕਾਰ ਹੈ। ਮਾਹਿਰਾਂ ਅਨੁਸਾਰ ਔਰਤਾਂ ਵਿਚ ਫੋਲਿਕ ਐਸਿਡ ਜਾਂ ਫੋਲੇਟ ਦੀ ਕਮੀ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਕਾਰਨ ਹੁੰਦੀ ਹੈ, ਜਿਸ ਵਿਚੋਂ ਉਦਾਸੀ ਵੀ ਇਕ ਰੋਗ ਹੈ। ਫੋਲਿਕ ਐਸਿਡ ਵਿਟਾਮਿਨ 'ਬੀ' ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਲੇਜਿਊਮ, ਸਾਬਤ ਅਨਾਜ, ਸੁੱਕੇ ਮੇਵੇ ਵੀ ਇਸ ਦਾ ਚੰਗਾ ਸਰੋਤ ਹਨ ਅਤੇ ਇਹ ਉਦਾਸੀ ਤੋਂ ਸੁਰੱਖਿਆ ਵੀ ਦਿੰਦਾ ਹੈ। ਮੈਕਗਿਲ ਯੂਨੀਵਰਸਿਟੀ ਦੇ ਡਾ: ਯੰਗ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਫੋਲਿਕ ਐਸਿਡ ਦੀ ਕਮੀ ਨਾਲ ਵਿਅਕਤੀ ਉਦਾਸੀ ਤੋਂ ਪੀੜਤ ਹੋ ਸਕਦਾ ਹੈ ਅਤੇ ਇਸ ਕਮੀ ਦੀ ਪੂਰਤੀ ਹੋ ਜਾਣ ਨਾਲ ਉਹ ਉਦਾਸੀ ਤੋਂ ਮੁਕਤ ਹੋ ਸਕਦਾ ਹੈ। ਇਸ ਅਧਿਐਨ ਵਿਚ ਡਾ: ਯੰਗ ਨੇ ਪਾਇਆ ਕਿ ਫੋਲਿਕ ਐਸਿਡ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਦਾਸੀ ਦੇ ਰੋਗੀਆਂ ਵਿਚ ਫੋਲਿਕ ਐਸਿਡ ਦੀ ਕਮੀ ਵੀ ਦੇਖਣ ਨੂੰ ਮਿਲੀ। ਫੋਲਿਕ ਐਸਿਡ ਦੀ ਕਮੀ ਨਾਲ ਦਿਮਾਗ ਦੇ ਸੇਰੋਟੋਨਿਨ ਪੱਧਰ ਵਿਚ ਗਿਰਾਵਟ ਆਉਂਦੀ ਹੈ। ਫੋਲਿਕ ਐਸਿਡ ਦੀ ਕਮੀ ਜਿਥੇ ਵਿਅਕਤੀ ਨੂੰ ਉਦਾਸੀ ਦਾ ਸ਼ਿਕਾਰ ਬਣਾ ਸਕਦੀ ਹੈ, ਉਥੇ ਡਾ: ਯੰਗ ਅਨੁਸਾਰ ਇਸ ਦੀ ਜ਼ਿਆਦਾ ਮਾਤਰਾ ਲੈਣੀ ਵੀ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਡਾਕਟਰ ਦੀ ਰਾਏ ਲੈ ਕੇ ਹੀ ਇਸ ਦੀ ਸਹੀ ਮਾਤਰਾ ਦਾ ਸੇਵਨ ਕਰੋ।

ਪੀਲੀਆ ਹੁੰਦਾ ਹੈ ਲਿਵਰ ਦੀ ਗੜਬੜੀ ਨਾਲ

ਲਿਵਰ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ, ਜੋ ਪੇਟ ਦੇ ਉੱਪਰਲੇ ਹਿੱਸੇ ਵਿਚ ਸੱਜੇ ਪਾਸੇ ਹੁੰਦਾ ਹੈ। ਇਹ ਭੋਜਨ ਪਚਾਉਣ ਵਿਚ ਸਹਾਇਤਾ ਕਰਦਾ ਹੈ। ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਅਤੇ ਤਬਦੀਲੀਆਂ ਵਿਚ ਇਹ ਵਿਸ਼ੇਸ਼ ਯੋਗਦਾਨ ਪਾਉਂਦਾ ਹੈ। ਜੇ ਲਿਵਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਜਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਅਸੀਂ ਵੱਖ-ਵੱਖ ਬਿਮਾਰੀਆਂ ਦੀ ਪਕੜ ਵਿਚ ਆ ਜਾਂਦੇ ਹਾਂ।
ਗਰਮੀ ਜਾਂ ਬਰਸਾਤ ਦੇ ਦਿਨਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ ਇਕ ਪ੍ਰਮੁੱਖ ਰੋਗ ਹੈ, ਜਿਸ ਨਾਲ ਸਾਡਾ ਲਿਵਰ ਪ੍ਰਭਾਵਿਤ ਹੁੰਦਾ ਹੈ। ਇਹ ਇਕ ਗੰਭੀਰ ਰੋਗ ਹੈ। ਇਲਾਜ ਵਿਚ ਲਾਪ੍ਰਵਾਹੀ ਕਰਨ ਨਾਲ ਰੋਗੀ ਦੀ ਜਾਨ ਵੀ ਜਾ ਸਕਦੀ ਹੈ। ਸਾਡਾ ਲਿਵਰ ਤੰਦਰੁਸਤ ਰਹੇ ਅਤੇ ਇਹ ਠੀਕ ਤਰੀਕੇ ਨਾਲ ਕੰਮ ਕਰਦਾ ਰਹੇ, ਉਸ ਦੇ ਲਈ ਜ਼ਰੂਰੀ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਧਾ ਜਾਵੇ। ਅਸੀਂ ਭੋਜਨ ਦੇ ਰੂਪ ਵਿਚ ਜੋ ਕੁਝ ਵੀ ਗ੍ਰਹਿਣ ਕਰਦੇ ਹਾਂ, ਉਸ ਦਾ ਪਾਚਣ ਹੋ ਕੇ ਰਸ ਬਣਦਾ ਹੈ। ਫਿਰ ਰਸ ਨਾਲ ਖੂਨ ਬਣਦਾ ਹੈ। ਰਸ ਨੂੰ ਖੂਨ ਬਣਾਉਣ ਦਾ ਕੰਮ ਮੁੱਖ ਰੂਪ ਨਾਲ ਲਿਵਰ ਹੀ ਕਰਦਾ ਹੈ। ਲਿਵਰ ਦੇ ਅੰਦਰ ਪਿੱਤਾ ਹੁੰਦਾ ਹੈ, ਜਿਥੋਂ ਦੋ ਨਲੀਆਂ ਨਿਕਲਦੀਆਂ ਹਨ, ਜਿਨ੍ਹਾਂ ਵਿਚੋਂ ਇਕ ਮਿਹਦੇ ਵਿਚ ਜਾਂਦੀ ਹੈ ਅਤੇ ਦੂਜੀ ਖੂਨ ਦਾ ਨਿਰਮਾਣ ਕਰਦੀ ਹੈ।
ਕਿਸੇ ਕਾਰਨ ਨਾਲ ਆਮਾਸ਼ਯ ਵਿਚ ਜਾਣ ਵਾਲੀ ਨਲੀ ਬੰਦ ਹੋ ਜਾਵੇ ਤਾਂ ਪਾਚਣ ਕਿਰਿਆ ਲਈ ਆਮਾਸ਼ਯ ਵਿਚ ਜਾਣ ਵਾਲਾ ਪਿੱਤ ਖੂਨ ਵਿਚ ਮਿਲਣ ਲਗਦਾ ਹੈ ਅਤੇ ਖੂਨ ਦਾ ਬਣਨਾ ਬੰਦ ਹੋ ਜਾਂਦਾ ਹੈ। ਹੌਲੀ-ਹੌਲੀ ਰੋਗੀ ਪੀਲਾ ਪੈ ਜਾਂਦਾ ਹੈ। ਇਸ ਸਥਿਤੀ ਨੂੰ ਪੀਲੀਆ ਕਿਹਾ ਜਾਂਦਾ ਹੈ।
ਲੱਛਣ : ਇਸ ਰੋਗ ਵਿਚ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ-
* ਰੋਗੀ ਦੀਆਂ ਅੱਖਾਂ, ਨਹੁੰ ਅਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ। ਪਖਾਨਾ ਸਫੈਦ ਰੰਗ ਦਾ ਆਉਂਦਾ ਹੈ।
* ਰੋਗ ਵਧ ਜਾਣ 'ਤੇ ਪਸੀਨਾ ਵੀ ਪੀਲਾ ਆਉਣ ਲਗਦਾ ਹੈ।
* ਭੁੱਖ ਨਹੀਂ ਲਗਦੀ। ਕੁਝ ਵੀ ਖਾਣ 'ਤੇ ਉਲਟੀ ਆ ਜਾਂਦੀ ਹੈ।
* ਰੋਗੀ ਕਮਜ਼ੋਰ ਹੋ ਜਾਂਦਾ ਹੈ। ਉਸ ਨੂੰ ਚੱਲਣ-ਫਿਰਨ ਅਤੇ ਪਾਸਾ ਬਦਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ।
ਦੇਸੀ ਇਲਾਜ : * ਮਕੋਯ ਦੇ ਪੱਤਿਆਂ ਦਾ ਰਸ ਉਬਾਲ ਕੇ ਦਿਨ ਵਿਚ 2 ਵਾਰ 2-2 ਚਮਚ ਰੋਗੀ ਨੂੰ ਪਿਲਾਓ।
* ਇਕ ਲਿਟਰ ਸ਼ੁੱਧ ਪਾਣੀ ਵਿਚ 10-12 ਆਲੂਬੁਖਾਰੇ ਅਤੇ 10-12 ਦਾਣੇ ਇਮਲੀ ਦੇ ਪਾ ਦਿਓ। ਸਵੇਰੇ ਮਸਲ, ਛਾਣ ਲਓ ਅਤੇ ਉਸ ਵਿਚ ਖੰਡ ਮਿਲਾ ਲਓ। ਇਸ ਨੂੰ ਦਿਨ ਵਿਚ 3 ਵਾਰ ਰੋਗੀ ਨੂੰ ਸੇਵਨ ਕਰਾਓ। ਲਾਭ ਪ੍ਰਾਪਤ ਹੋਵੇਗਾ।
* ਆਮ ਤੌਰ 'ਤੇ ਪੀਲੀਏ ਦਾ ਰੋਗੀ ਦਸਤ ਦਾ ਸ਼ਿਕਾਰ ਹੋ ਜਾਂਦਾ ਹੈ। ਜੇ ਰੋਗੀ ਨੂੰ ਦਸਤ ਹੋ ਰਹੇ ਹੋਣ ਤਾਂ ਕੁਝ ਹਿੱਸਾ ਸਫੈਦ ਜੀਰਾ ਅਤੇ ਸੌਂਫ ਲੈ ਕੇ ਕੱਚਾ-ਪੱਕਾ ਭੁੰਨ ਲਓ। ਇਸ ਵਿਚ ਖੰਡ ਮਿਲਾ ਕੇ ਅੱਧਾ-ਅੱਧਾ ਚਮਚ ਰੋਗੀ ਨੂੰ ਦਿਨ ਵਿਚ 3 ਵਾਰ ਦਿਓ।
* ਰੋਗੀ ਨੂੰ ਕਬਜ਼ ਹੋਵੇ ਤਾਂ ਉਸ ਨੂੰ ਮਕੋਯ ਦੇ ਪੱਤਿਆਂ ਦਾ ਸਾਗ ਖਵਾਓ।
ਸਾਵਧਾਨੀਆਂ : * ਰੋਗੀ ਨੂੰ ਚਿਕਨਾਈ ਵਾਲੇ ਅਤੇ ਮਾਸਾਹਾਰੀ ਭੋਜਨ ਬਿਲਕੁਲ ਨਾ ਦਿਓ।
* ਪ੍ਰੋਟੀਨ ਵਾਲੇ ਭੋਜਨ ਭਰਪੂਰ ਮਾਤਰਾ ਵਿਚ ਦਿਓ।
* ਪਾਣੀ ਖੂਬ ਪੀਣਾ ਚਾਹੀਦਾ ਹੈ। ਪਾਣੀ ਵਿਚ ਨਿੰਬੂ ਅਤੇ ਖੰਡ ਮਿਲਾ ਕੇ ਪਿਲਾਉਣਾ ਲਾਭਦਾਇਕ ਹੁੰਦਾ ਹੈ।
* ਤਰਲ ਪਦਾਰਥ-ਰਸ, ਲੱਸੀ ਜਾਂ ਦਾਲ ਦੇ ਪਾਣੀ ਦਾ ਸੇਵਨ ਕਰਾਓ।
* ਰੋਗੀ ਨੂੰ ਉਬਲਿਆ ਹੋਇਆ ਅਤੇ ਬਿਨਾਂ ਹਲਦੀ ਵਾਲਾ ਭੋਜਨ ਦਿਓ।
* ਤਾਜ਼ਾ ਅਤੇ ਪਚਣਯੋਗ ਭੋਜਨ ਕਰਨਾ ਚਾਹੀਦਾ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।
* ਰੋਗੀ ਨੂੰ ਦਾਲ, ਟਮਾਟਰ, ਪਾਲਕ ਅਤੇ ਚੁਕੰਦਰ ਆਦਿ ਖਾਣ ਲਈ ਬਿਲਕੁਲ ਨਹੀਂ ਦੇਣੇ ਚਾਹੀਦੇ। **

ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ

ਵਧਦੀ ਉਮਰ ਜੀਵਨ ਦਾ ਇਕ ਜ਼ਰੂਰੀ ਪੜਾਅ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਵਧਦੀ ਉਮਰ ਵਿਚ ਚੁਸਤੀ ਘੱਟ ਹੋਣਾ, ਘੱਟ ਸੁਣਨਾ, ਘੱਟ ਦਿਸਣਾ, ਸਰੀਰ ਦਾ ਢਿੱਲਾ ਹੋਣਾ, ਪਾਚਣ ਪ੍ਰਣਾਲੀ ਦਾ ਕਮਜ਼ੋਰ ਹੋਣਾ ਸਾਧਾਰਨ ਹੈ। ਜੇ ਬੱਚੇ ਇਨ੍ਹਾਂ ਨੂੰ ਆਮ ਵਾਂਗ ਲੈਣ ਅਤੇ ਉਨ੍ਹਾਂ ਦੀ ਸਿਹਤ ਅਤੇ ਖੁਰਾਕ ਦਾ ਧਿਆਨ ਰੱਖਣ ਅਤੇ ਪਿਆਰ ਦੇਣ ਤਾਂ ਬਜ਼ੁਰਗ ਜ਼ਿਆਦਾ ਖੁਸ਼ੀ ਨਾਲ ਆਪਣਾ ਬੁਢਾਪਾ ਕੱਟ ਸਕਦੇ ਹਨ। ਆਓ ਦੇਖੀਏ ਕਿਨ੍ਹਾਂ ਗੱਲਾਂ 'ਤੇ ਗੌਰ ਫਰਮਾ ਕੇ ਅਸੀਂ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਾ ਸਕਦੇ ਹਾਂ।
ਖੁਰਾਕ
* ਉਨ੍ਹਾਂ ਦੀ ਖੁਰਾਕ ਵਿਚ ਫਲ-ਸਬਜ਼ੀਆਂ ਵਧਾ ਦਿਓ। ਘਿਓ, ਖੰਡ, ਨਮਕ, ਚੌਲ, ਮੈਦਾ ਘੱਟ ਕਰ ਦਿਓ ਤਾਂ ਕਿ ਵਧਦੀ ਉਮਰ ਵਿਚ ਆਪਣਾ ਭਾਰ ਕਾਬੂ ਕਰ ਸਕਣ।
* ਕੋਸ਼ਿਸ਼ ਕਰੋ ਕਿ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦਿੱਤਾ ਜਾਵੇ, ਜਿਸ ਵਿਚ ਕਾਰਬੋਹਾਈਡ੍ਰੇਟ ਦੇ ਨਾਲ ਪ੍ਰੋਟੀਨ, ਖਣਿਜ ਵੀ ਮੌਜੂਦ ਹੋਣ ਜਿਵੇਂ ਓਟਸ, ਕਣਕ ਦਾ ਦਲੀਆ, ਅਨਾਜ, ਦਹੀਂ, ਦੁੱਧ, ਪਨੀਰ, ਹਰੀਆਂ ਸਬਜ਼ੀਆਂ, ਦਾਲਾਂ ਦੁਪਹਿਰ ਦੇ ਸਮੇਂ ਅਤੇ ਮੌਸਮੀ ਫਲ ਦਿਓ। ਰਾਤ ਨੂੰ ਅਸਾਨੀ ਨਾਲ ਪਚਣ ਵਾਲਾ ਭੋਜਨ ਸਮੇਂ ਸਿਰ ਦਿਓ।
* ਵਿਟਾਮਿਨਾਂ ਨਾਲ ਭਰਪੂਰ ਫਲ ਅਤੇ ਐਂਟੀ-ਆਕਸੀਡੈਂਟ ਵਾਲੀਆਂ ਚੀਜ਼ਾਂ ਖਾਣ ਨੂੰ ਦਿਓ ਜਿਵੇਂ ਬ੍ਰੋਕਲੀ, ਪਾਲਕ, ਸ਼ਕਰਕੰਦੀ, ਸੀਤਾਫਲ, ਫਲਾਂ ਵਿਚ ਜਾਮਣ, ਬਲਿਊਬੇਰੀ, ਕੀਵੀ, ਸੰਤਰਾ, ਮੌਸੰਮੀ, ਕਿਸ਼ਮਿਸ਼ ਅਤੇ ਅਖਰੋਟ।
* ਰੇਸ਼ੇਦਾਰ ਖਾਧ ਪਦਾਰਥ ਖਾਣ ਨੂੰ ਦਿਓ। ਫਲ-ਸਬਜ਼ੀਆਂ ਦਾ ਸੂਪ, ਸਲਾਦ ਆਦਿ, ਤਾਂ ਕਿ ਪੇਟ ਦੀ ਤਾਲ ਠੀਕ ਰਹੇ।
* ਫਲੈਕਸ ਸੀਡਸ, ਖ਼ਰਬੂਜ਼ਾ, ਤਰਬੂਜ਼ ਅਤੇ ਸੀਤਾਫਲ ਦੇ ਬੀਜ ਭੁੰਨ-ਪੀਸ ਕੇ ਦਿਓ। ਖੁਰਾਕ ਵਿਚ ਸੋਇਆਬੀਨ ਵੀ ਸ਼ਾਮਿਲ ਕਰੋ।
* ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਦਿਓ।
ਉਨ੍ਹਾਂ ਲਈ ਕਸਰਤ ਵੀ ਜ਼ਰੂਰੀ ਹੈ
* ਕੋਸ਼ਿਸ਼ ਕਰੋ ਕਿ ਉਮਰ ਵਧਣ ਦੇ ਨਾਲ ਭਾਰ ਨਾ ਵਧਣ ਦਿਓ। ਭਾਰ 'ਤੇ ਕਾਬੂ ਰੱਖਣ ਲਈ ਉਨ੍ਹਾਂ ਨੂੰ ਹਲਕੀ ਕਸਰਤ ਕਰਨ ਨੂੰ ਉਤਸ਼ਾਹਿਤ ਕਰੋ।
* ਹੱਥਾਂ, ਪੈਰਾਂ, ਗਰਦਨ, ਬਾਹਾਂ, ਉਂਗਲੀਆਂ, ਕਲਾਈਆਂ ਦੀਆਂ ਸੂਖਮ ਕਿਰਿਆਵਾਂ ਸਿਖਾਓ ਤਾਂ ਕਿ ਟੀ. ਵੀ. ਦੇਖਦੇ ਸਮੇਂ ਜਾਂ ਖਾਲੀ ਸਮੇਂ ਵਿਚ ਉਹ ਕਰਦੇ ਰਹਿਣ।
* ਫਿਕਸ ਸਾਈਕਲਿੰਗ, ਯੋਗ ਆਸਣ ਕਰਨ ਨੂੰ ਉਤਸ਼ਾਹਿਤ ਕਰਦੇ ਰਹੋ ਪਰ ਹਰ ਕਸਰਤ ਆਪਣੀ ਸਮਰੱਥਾ ਅਨੁਸਾਰ ਹੀ ਕਰੋ।
* ਸਵੇਰੇ ਅਤੇ ਸ਼ਾਮ ਸਹੂਲਤ ਅਨੁਸਾਰ ਸੈਰ 'ਤੇ ਜਾਓ ਅਤੇ ਦੂਜੇ ਬਜ਼ੁਰਗਾਂ ਨਾਲ ਗੱਲਬਾਤ ਕਰੋ ਤਾਂ ਕਿ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਰਹੇ।
* ਪ੍ਰਾਣਾਯਾਮ, ਧਿਆਨ ਦੀ ਜਾਚ ਵੀ ਉਨ੍ਹਾਂ ਨੂੰ ਕਿਸੇ ਮਾਹਿਰ ਕੋਲੋਂ ਸਿਖਾਓ ਜਾਂ ਆਸ-ਪਾਸ ਯੋਗਾ ਕੇਂਦਰ ਵਿਚ ਉਨ੍ਹਾਂ ਦਾ ਦਾਖ਼ਲਾ ਕਰਾ ਦਿਓ ਤਾਂ ਕਿ ਨਿਯਮਤ ਰੂਪ ਨਾਲ ਉਨ੍ਹਾਂ ਦਾ ਸਰੀਰ ਅਤੇ ਦਿਮਾਗ ਕਿਰਿਆਸ਼ੀਲ ਰਹਿ ਸਕੇ।

ਸਿਹਤ ਖ਼ਬਰਨਾਮਾ

ਕਦੇ-ਕਦਾਈਂ ਹੀ ਵਰਤੋ ਨਾਰੀਅਲ ਤੇਲ

ਦੱਖਣੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਨਾਰੀਅਲ ਦਾ ਤੇਲ ਖਾਣ-ਪੀਣ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਕਦੇ-ਕਦਾਈਂ ਵਰਤਣਾ ਸਿਹਤ ਲਈ ਲਾਭਦਾਇਕ ਹੈ ਪਰ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਵਿਚ ਸੈਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਚੰਗਾ ਅਤੇ ਬੁਰਾ ਦੋਵੇਂ ਕੋਲੈਸਟ੍ਰੋਲ ਵਧ ਜਾਂਦੇ ਹਨ ਜਦੋਂ ਕਿ ਜੈਤੂਨ, ਸੋਇਆਬੀਨ ਵਰਗੇ ਬਨਸਪਤੀ ਤੇਲ ਵਿਚ ਮੂਲ ਰੂਪ ਨਾਲ ਅਨਸੈਚੂਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਮਾੜਾ ਕੋਲੈਸਟ੍ਰੋਲ (ਐਲ.ਡੀ.ਐਲ.) ਘਟਦਾ ਅਤੇ ਚੰਗਾ ਕੋਲੈਸਟ੍ਰੋਲ (ਐਚ.ਡੀ.ਐਲ.) ਵਧਦਾ ਹੈ। ਨਾਰੀਅਲ ਤੇਲ ਮੱਖਣ ਅਤੇ ਸੁਅਰ ਦੇ ਤੇਲ ਦੀ ਤੁਲਨਾ ਵਿਚ ਘੱਟ ਨੁਕਸਾਨਦੇਹ ਹੁੰਦਾ ਹੈ। ਬਨਸਪਤੀ ਤੇਲ ਨਾਲੋਂ ਘੱਟ ਲਾਭਦਾਇਕ ਹੈ ਪਰ ਇਸ ਸਭ ਦੇ ਬਾਵਜੂਦ ਵੀ ਨਾਰੀਅਲ ਤੇਲ ਨੂੰ ਲਗਾਤਾਰ ਨਾ ਵਰਤੋ ਸਗੋਂ ਕਦੇ-ਕਦੇ ਵਰਤਿਆ ਜਾ ਸਕਦਾ ਹੈ। ਨਾਰੀਅਲ ਪਾਣੀ ਸਭ ਤੋਂ ਲਾਭਦਾਇਕ ਹੈ। ਕੱਚਾ ਨਾਰੀਅਲ ਵੀ ਲਾਭਦਾਇਕ ਹੈ ਪਰ ਸੁੱਕੇ ਨਾਰੀਅਲ ਵਿਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਅੱਖਾਂ ਪ੍ਰਤੀ ਸਭ ਤੋਂ ਲਾਪ੍ਰਵਾਹ ਹਨ ਭਾਰਤੀ

ਆਪਣੀਆਂ ਦੋ ਅੱਖਾਂ ਦੀ ਬਦੌਲਤ ਅਸੀਂ ਸਭ ਕੁਝ ਦੇਖਦੇ ਅਤੇ ਸਮਝਦੇ ਹਾਂ। ਅੱਖਾਂ ਨਾਲ ਦੇਖੀਆਂ ਗਈਆਂ ਚੀਜ਼ਾਂ ਨੂੰ ਸਭ ਤੋਂ ਵੱਡਾ ਸੱਚ ਮੰਨਿਆ ਜਾਂਦਾ ਹੈ ਪਰ ਭਾਰਤੀ ਆਪਣੀਆਂ ਦੋ ਅੱਖਾਂ ਦੇ ਪ੍ਰਤੀ ਸਭ ਤੋਂ ਜ਼ਿਆਦਾ ਲਾਪ੍ਰਵਾਹ ਹਨ। ਲੱਖਾਂ ਅਜਿਹੇ ਭਾਰਤੀ ਮਿਲ ਜਾਣਗੇ, ਜਿਨ੍ਹਾਂ ਨੇ ਸ਼ਾਇਦ ਹੀ ਕਿਸੇ ਡਾਕਟਰ ਕੋਲੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਹੋਵੇ। ਭਾਰਤੀ ਥੋੜ੍ਹਾ-ਬਹੁਤ ਵੀ ਅੱਖਾਂ ਨਾਲ ਦਿਸਦੇ ਰਹਿਣ 'ਤੇ ਆਪਣਾ ਕੰਮ ਚਲਾ ਲੈਂਦੇ ਹਨ। ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਧਿਆਨ ਦਿੰਦੇ ਹਨ।
ਦੇਸ਼ ਵਿਚ ਅੱਖਾਂ ਦੇ ਰੋਗੀਆਂ ਦੀ ਇਕ ਵਿਸ਼ਾਲ ਆਬਾਦੀ ਹੈ। ਅੰਤਰਰਾਸ਼ਟਰੀ ਖੋਜ ਦੇ ਮੁਤਾਬਿਕ ਭਾਰਤੀਆਂ ਲਈ ਅੱਖਾਂ ਦੀ ਤੰਦਰੁਸਤੀ ਸਭ ਤੋਂ ਅਖੀਰਲੇ ਸਿਰੇ 'ਤੇ ਹੈ। 58 ਫੀਸਦੀ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਨੂੰ ਕੋਈ ਸਮੱਸਿਆ ਨਹੀਂ ਹੈ। 10 ਵਿਚੋਂ ਇਕ ਵਿਅਕਤੀ ਅਜਿਹਾ ਹੁੰਦਾ ਹੈ ਜਿਸ ਨੇ ਅੱਖਾਂ ਦੀ ਕਦੇ ਜਾਂਚ ਨਹੀਂ ਕਰਵਾਈ ਹੁੰਦੀ। 70 ਫੀਸਦੀ ਲੋਕ ਅੱਖਾਂ ਦੀ ਆਮ ਜਾਂਚ ਵੀ ਨਹੀਂ ਕਰਵਾਉਂਦੇ। ਇਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।

ਵਿਚਾਰ ਸਾਂਝੇ ਕਰੋ ਅਤੇ ਤੰਦਰੁਸਤ ਰਹੋ

ਜਿਸ ਤਰ੍ਹਾਂ ਮਨੁੱਖ ਦੀਆਂ ਬਹੁਤੀਆਂ ਸਰੀਰਕ-ਮਾਨਸਿਕ ਕਿਰਿਆਵਾਂ ਜਿਵੇਂ ਦਿਲ ਦੀ ਧੜਕਣ, ਨਾੜੀ ਚੱਲਣਾ, ਸਾਹ ਲੈਣਾ, ਖੂਨ ਦਾ ਪਰਿਸੰਚਰਣ ਹੋਣਾ, ਸੋਚਣਾ, ਚਿੰਤਨ ਕਰਨਾ, ਸਮਝਣਾ ਆਦਿ ਸਿਹਤ ਨਾਲ ਸਬੰਧਿਤ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਉਸ ਦੀ ਬੋਲਣ ਦੀ ਕਿਰਿਆ ਵੀ ਸਿਹਤ ਨਾਲ ਸਬੰਧ ਰੱਖਦੀ ਹੈ। ਇਸ ਲਈ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਉਸ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਆਮ ਤੌਰ 'ਤੇ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਪ੍ਰਤੱਖ ਰੂਪ ਨਾਲ ਮਾਨਸਿਕ ਸਿਹਤ ਨੂੰ ਹੀ ਪ੍ਰਭਾਵਿਤ ਕਰਦਾ ਹੈ, ਕਿਉਂਕਿ ਮਾਨਸਿਕ ਸਿਹਤ ਅਤੇ ਸਰੀਰਕ ਸਿਹਤ ਦੋਵੇਂ ਇਕ-ਦੂਜੇ ਨਾਲ ਪਰਸਪਰ ਜੁੜੇ ਹੋਏ ਹਨ ਅਤੇ ਦੋਵੇਂ ਇਕ-ਦੂਜੇ ਨੂੰ ਕਿਸੇ ਨਾ ਕਿਸੇ ਰੂਪ ਨਾਲ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਸ ਲਈ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਪ੍ਰਤੱਖ ਰੂਪ ਨਾਲ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਤਾਂ ਕਰਦਾ ਹੀ ਹੈ, ਪਰੋਕਸ਼ ਰੂਪ ਨਾਲ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ।
ਬੋਲਣ ਦੀ ਕਿਰਿਆ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ। ਇਸ ਦੀ ਕਮੀ ਵਿਚ ਮਨੁੱਖ ਦਾ ਸਮਾਜਿਕ ਜੀਵਨ ਔਖਾ ਹੈ। ਮਨੁੱਖ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਵਾਤਾਵਰਨ ਦੀਆਂ ਜਿਨ੍ਹਾਂ ਮੁਸ਼ਕਿਲਾਂ ਅਤੇ ਸਥਿਤੀਆਂ ਨੂੰ ਦੇਖਦਾ, ਸੁਣਦਾ, ਮਹਿਸੂਸ ਕਰਦਾ ਅਤੇ ਸਮਝਦਾ ਹੈ, ਉਸ ਦੇ ਪ੍ਰਤੀ ਉਸ ਦੇ ਮਨ ਵਿਚ ਪ੍ਰਤੀਕਿਰਿਆ ਜ਼ਰੂਰੀ ਰੂਪ ਨਾਲ ਹੁੰਦੀ ਹੈ। ਅੱਜ ਅਨੇਕ ਮਨੋਵਿਗਿਆਨਕ ਪ੍ਰਯੋਗਾਂ, ਖੋਜਾਂ ਦੁਆਰਾ ਇਹ ਸਿੱਧ ਹੋ ਚੁੱਕਾ ਹੈ ਕਿ ਮਨੁੱਖੀ ਮਨ ਦੇ ਅੰਦਰ ਹਰੇਕ ਕਿਰਿਆ-ਪ੍ਰਤੀਕਿਰਿਆ ਦਾ ਪ੍ਰਗਟਾਵਾ ਜ਼ਰੂਰੀ ਹੈ, ਚਾਹੇ ਪ੍ਰਗਟਾਵਾ ਕਿਸੇ ਵੀ ਰੂਪ ਵਿਚ ਹੋਵੇ।
ਮਨੁੱਖ ਆਪਣੇ ਅੰਦਰ ਸਾਰੀਆਂ ਕਿਰਿਆਵਾਂ-ਪ੍ਰਤੀਕਿਰਿਆਵਾਂ ਦਾ ਪ੍ਰਗਟਾਵਾ ਅਨੇਕ ਕਿਰਿਆਤਮਕ ਸਾਧਨਾਂ ਦੁਆਰਾ ਕਰਦਾ ਹੈ, ਜਿਸ ਵਿਚ ਸਭ ਤੋਂ ਪ੍ਰਮੁੱਖ ਸਾਧਨ ਹੈ ਬੋਲ ਕੇ ਪ੍ਰਗਟ ਕਰਨ ਦਾ। ਪ੍ਰਗਟਾਵੇ ਦੇ ਕਿਰਿਆਤਮਕ ਸਾਧਨਾਂ ਵਿਚ ਬਹੁਤੇ ਜਾਂ ਤਾਂ ਮੁਸ਼ਕਿਲ ਹੁੰਦੇ ਹਨ ਜਾਂ ਉਨ੍ਹਾਂ ਨੂੰ ਸਮਾਜਿਕ ਪ੍ਰਵਾਨਗੀ ਪ੍ਰਾਪਤ ਨਹੀਂ ਹੁੰਦੀ ਪਰ ਬੋਲਣਾ ਅਜਿਹਾ ਸਾਧਨ ਹੈ, ਜੋ ਵਿਅਕਤੀ ਦੀਆਂ ਸਾਰੀਆਂ ਪ੍ਰਤੀਕਿਰਿਆਵਾਂ ਦਾ ਪ੍ਰਗਟਾਵਾ ਉਚਿਤ ਢੰਗ ਨਾਲ ਕਰਾ ਸਕਦਾ ਹੈ। ਇਸ ਵਾਸਤੇ ਵਿਅਕਤੀ ਦੀ ਭਾਸ਼ਾ ਸਮਰੱਥਾ ਦਾ ਥੋੜ੍ਹਾ ਵਿਕਸਿਤ ਹੋਣਾ ਜ਼ਰੂਰੀ ਹੈ।
ਕਦੇ-ਕਦੇ ਵਿਅਕਤੀ ਆਪਣੇ ਤਣਾਅ ਦਾ ਪ੍ਰਗਟਾਵਾ ਅਭਿਸ਼ਟ ਵਿਅਕਤੀ ਵੱਲ ਕਰਨ ਵਿਚ ਅਸਮਰੱਥ ਹੋਣ 'ਤੇ ਉਸ ਦੇ ਭਾਵ ਹੋਰ ਚੀਜ਼ਾਂ ਜਾਂ ਵਿਅਕਤੀਆਂ ਵੱਲ ਤੋੜ-ਮਰੋੜ ਕੇ ਕਰ ਦਿੰਦਾ ਹੈ ਅਤੇ ਤਣਾਅਮੁਕਤ ਹੁੰਦਾ ਹੈ। ਕਦੇ-ਕਦੇ ਉਹ ਅਣਜਾਣ ਵਿਅਕਤੀ ਦੇ ਸਾਹਮਣੇ ਵੀ ਆਪਣੀ ਭੜਾਸ ਕੱਢਦਾ ਹੈ।
ਇਸ ਤਰ੍ਹਾਂ ਬੋਲ ਕੇ ਪ੍ਰਗਟਾਵਾ ਸਭ ਤੋਂ ਸੌਖਾ, ਸੁਲਭ ਅਤੇ ਵਧੀਆ ਸਾਧਨ ਹੈ, ਜਿਸ ਰਾਹੀਂ ਤਣਾਅ ਤੋਂ ਛੁਟਕਾਰਾ ਤਾਂ ਮਿਲ ਹੀ ਜਾਂਦਾ ਹੈ, ਨਾਲ-ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵੀ ਬਣੀ ਰਹਿੰਦੀ ਹੈ। ਸਿਹਤ ਕਾਇਮ ਰਹਿਣ 'ਤੇ ਸਾਡੇ ਅੰਦਰ ਅਨੇਕ ਚੰਗੇ ਗੁਣਾਂ ਦਾ ਵਿਕਾਸ ਵੀ ਹੁੰਦਾ ਹੈ।
ਉਪਰੋਕਤ ਗੱਲਾਂ ਦਾ ਅਰਥ ਇਹ ਨਹੀਂ ਕਿ ਜ਼ਿਆਦਾ ਬੋਲਣਾ ਸਦਾ ਲਾਭਦਾਇਕ ਹੀ ਹੁੰਦਾ ਹੈ। ਇਕ ਨਿਸਚਿਤ ਸੀਮਾ ਤੋਂ ਜ਼ਿਆਦਾ ਬੋਲਣਾ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਬੋਲਦੇ ਸਮੇਂ ਜਿਸ ਤਰ੍ਹਾਂ ਦੀ ਭਾਸ਼ਾ ਮਨ ਵਿਚ ਆਵੇ, ਗਾਲੀ-ਗਲੋਚ ਹੋਵੇ ਜਾਂ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲੀ, ਸਭ ਬੋਲਦੇ ਜਾਓ।
ਬੋਲਣ ਵਿਚ ਜਿੰਨੀ ਹੀ ਉੱਚ ਪੱਧਰੀ ਅਤੇ ਸੰਤੁਲਿਤ ਭਾਸ਼ਾ ਦੀ ਵਰਤੋਂ ਕਰੋਗੇ, ਸਮਾਜ ਵਿਚ ਮਾਣ-ਇੱਜ਼ਤ ਵੀ ਓਨੇ ਹੀ ਚੰਗੇ ਢੰਗ ਦਾ, ਓਨੇ ਹੀ ਜ਼ਿਆਦਾ ਦਿਨਾਂ ਤੱਕ ਬਰਕਰਾਰ ਰਹੇਗਾ ਅਤੇ ਅਸੀਂ ਤੰਦਰੁਸਤ ਵੀ ਰਹੋਗੇ। ਉਪਰੋਕਤ ਗੱਲਾਂ ਤੋਂ ਇਹ ਵੀ ਸਮਝਣਾ ਚਾਹੀਦਾ ਕਿ ਜ਼ਿਆਦਾ ਬੋਲਣਾ ਕਿਸੇ ਵਿਅਕਤੀ ਦੀ ਸਿਹਤ ਨੂੰ ਪੂਰੀ ਤਰ੍ਹਾਂ ਠੀਕ ਰੱਖਣ ਦੀ ਦਵਾਈ ਹੈ, ਸਗੋਂ ਇਹ ਵਿਅਕਤੀ ਨੂੰ ਤੰਦਰੁਸਤ ਬਣਾਈ ਰੱਖਣ ਲਈ ਜ਼ਰੂਰੀ ਵੱਖ-ਵੱਖ ਦਸ਼ਾਵਾਂ ਵਿਚੋਂ ਇਕ ਹੈ।

ਕਿਉਂ ਹੁੰਦੀਆਂ ਹਨ ਇਹ ਬਿਮਾਰੀਆਂ?

ਜਿੰਨੇ ਅਸੀਂ ਤੰਦਰੁਸਤੀ ਸਬੰਧੀ ਜਾਗਰੂਕ ਹੋ ਰਹੇ ਹਾਂ, ਓਨੀਆਂ ਹੀ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਪਹਿਲੇ ਸਮੇਂ ਵਿਚ ਵੀ ਇਹੀ ਬਿਮਾਰੀਆਂ ਹੁੰਦੀਆਂ ਸਨ ਪਰ ਉਦੋਂ ਬਿਮਾਰੀ ਨੂੰ ਜਾਂਚਣ-ਪਰਖਣ ਲਈ ਏਨੀਆਂ ਸਹੂਲਤਾਂ ਨਹੀਂ ਸਨ। ਲੋਕ ਡਾਕਟਰਾਂ ਕੋਲ ਤਾਂ ਬਹੁਤ ਘੱਟ ਜਾਂਦੇ ਸਨ, ਬਸ ਕੁਝ ਘਰੇਲੂ ਇਲਾਜ ਕਰ ਲੈਂਦੇ ਸੀ ਜਾਂ ਫਿਰ ਹਕੀਮਾਂ, ਵੈਦਾਂ ਕੋਲ ਚਲੇ ਜਾਂਦੇ ਸੀ, ਜੋ ਨਬਜ਼ ਦੇਖ ਕੇ ਕੁਝ ਜੜ੍ਹੀ ਬੂਟੀਆਂ ਤੋਂ ਬਣੀਆਂ ਦਵਾਈਆਂ ਉਨ੍ਹਾਂ ਨੂੰ ਦੇ ਦਿੰਦੇ ਸਨ।
ਕੁਝ ਖਾਨਦਾਨੀ ਬਿਮਾਰੀਆਂ ਹਨ ਜੋ ਸ਼ੁਰੂ ਤੋਂ ਸਰੀਰ ਵਿਚ ਹੁੰਦੀਆਂ ਹਨ ਜਾਂ ਕਿਸੇ ਵੀ ਉਮਰ ਵਿਚ ਅਚਾਨਕ ਘਰ ਕਰ ਲੈਂਦੀਆਂ ਹਨ ਅਤੇ ਪਤਾ ਹੀ ਨਹੀਂ ਲਗਦਾ। ਮਰਦਾਂ ਨੇ ਵੀ ਤੁਰਨਾ-ਫਿਰਨਾ ਘੱਟ ਕਰ ਦਿੱਤਾ ਹੈ। ਬਹੁਤੇ ਵੱਡੇ ਸ਼ਹਿਰਾਂ ਵਿਚ ਆਵਾਜਾਈ ਸਬੰਧੀ ਪ੍ਰੇਸ਼ਾਨੀਆਂ ਤੋਂ ਬਚਣ ਲਈ ਸਾਈਕਲਾਂ ਦੀ ਜਗ੍ਹਾ ਸਕੂਟਰਾਂ ਅਤੇ ਕਾਰਾਂ ਨੇ ਲੈ ਲਈ ਹੈ। ਆਵਾਜਾਈ ਦੇ ਸਾਧਨਾਂ ਵਿਚ ਵਾਧੇ ਨਾਲ ਵੀ ਕਈ ਬਿਮਾਰੀਆਂ ਫੈਲਦੀਆਂ ਜਾ ਰਹੀਆਂ ਹਨ।
ਖਾਣ-ਪੀਣ ਦੇ ਤਰੀਕਿਆਂ ਵਿਚ ਬਦਲਾਅ ਆਉਣ ਨਾਲ ਵੀ ਨਵੀਆਂ-ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ। ਚੀਨੀ ਭੋਜਨ ਅਤੇ ਫਾਸਟ ਫੂਡ ਖਾਣੇ ਸਬੰਧੀ ਸਮੱਸਿਆਵਾਂ ਨੂੰ ਆਸਾਨ ਤਾਂ ਕਰਦੇ ਹਨ ਪਰ ਇਨ੍ਹਾਂ ਵਿਚ ਤੇਲ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੇ ਸੇਵਨ ਨਾਲ ਮੋਟਾਪਾ, ਸਿਰਦਰਦ ਅਤੇ ਕਬਜ਼ ਤਾਂ ਆਮ ਸਮੱਸਿਆ ਹੀ ਬਣ ਚੁੱਕੀ ਹੈ। ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ।
ਬਿਮਾਰੀ ਦਾ ਪਤਾ ਲਗਦੇ ਹੀ ਉਸ ਦੇ ਲੱਛਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਾਕਟਰ ਨਾਲ ਸਮੇਂ ਸਿਰ ਸੰਪਰਕ ਕਰੋ ਅਤੇ ਉਸ ਦੇ ਕਹੇ ਅਨੁਸਾਰ ਜੋ ਟੈਸਟ ਜ਼ਰੂਰੀ ਹੋਵੇ, ਉਹ ਕਰਵਾ ਲਓ। ਰਿਪੋਰਟ ਆਉਣ 'ਤੇ ਡਾਕਟਰ ਨੂੰ ਮਿਲ ਕੇ ਸਹੀ ਦਵਾਈਆਂ ਦੀ ਜਾਣਕਾਰੀ ਲਓ ਅਤੇ ਇਲਾਜ ਕਰਵਾਓ। ਲਾਪ੍ਰਵਾਹੀ ਨਾਲ ਕੁਝ ਵੀ ਹੋ ਸਕਦਾ ਹੈ। ਕੁਝ ਆਮ ਬਿਮਾਰੀਆਂ ਨੂੰ ਲੱਛਣਾਂ ਦੇ ਅਨੁਸਾਰ ਜਾਣੋ। ਉਨ੍ਹਾਂ ਨੂੰ ਰੋਕਣ ਲਈ ਪਹਿਲਾ ਕਦਮ ਕੀ ਉਠਾਉਣਾ ਚਾਹੀਦਾ ਹੈ, ਇਸ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ-
ਸ਼ੂਗਰ : ਇਹ ਬਿਮਾਰੀ ਜ਼ਿਆਦਾਤਰ ਖਾਨਦਾਨੀ ਹੈ। ਜੇ ਘਰ ਵਿਚ ਮਾਂ ਨੂੰ ਇਹ ਬਿਮਾਰੀ ਹੈ ਤਾਂ ਬੱਚਿਆਂ ਨੂੰ ਇਸ ਬਿਮਾਰੀ ਦਾ ਖਤਰਾ ਜ਼ਿਆਦਾ ਹੈ। ਪਿਤਾ ਦੀ ਇਸ ਬਿਮਾਰੀ ਨਾਲ ਬੱਚਿਆਂ ਨੂੰ ਇਸ ਦਾ ਖਤਰਾ ਘੱਟ ਹੈ। ਸ਼ੂਗਰ ਵਿਚ ਰੋਗੀ ਦੇ ਖੂਨ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਲੱਛਣ : ਅਜਿਹੇ ਵਿਚ ਲਗਾਤਾਰ ਪਿਆਸ ਵਧ ਜਾਂਦੀ ਹੈ। ਵਾਰ-ਵਾਰ ਕਾਫੀ ਪਿਸ਼ਾਬ ਆਉਣ ਲਗਦਾ ਹੈ। ਹਰ ਸਮੇਂ ਥਕਾਨ ਮਹਿਸੂਸ ਹੁੰਦੀ ਹੈ ਜਦੋਂ ਕਿ ਭੁੱਖ ਵਧ ਜਾਂਦੀ ਹੈ ਅਤੇ ਭਾਰ ਘੱਟ ਹੋਣ ਲਗਦਾ ਹੈ। ਖੁਜਲੀ ਅਤੇ ਚਰਮ ਰੋਗ ਬਹੁਤ ਲੰਮੇ ਸਮੇਂ ਤੱਕ ਠੀਕ ਨਹੀਂ ਹੁੰਦੇ।
ਇਸ ਦੇ ਲੱਛਣ ਦਿਖਾਈ ਦੇਣ 'ਤੇ ਪਿਸ਼ਾਬ ਅਤੇ ਖੂਨ ਵਿਚ ਸ਼ੱਕਰ ਕਿੰਨੀ ਹੈ, ਇਸ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਰਿਪੋਰਟ ਦੇ ਆਧਾਰ 'ਤੇ ਡਾਕਟਰ ਨਾਲ ਸਲਾਹ ਕਰਕੇ ਲੋੜ ਹੋਣ 'ਤੇ ਇਲਾਜ ਸ਼ੁਰੂ ਕਰਵਾਓ। ਭਾਰ ਘੱਟ ਰੱਖੋ। ਖਾਣੇ ਵਿਚ ਵੱਧ ਤੋਂ ਵੱਧ ਪ੍ਰੋਟੀਨ, ਘੱਟ ਚਿਕਨਾਈ ਅਤੇ ਰੇਸ਼ੇ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰੋ। ਲਸਣ, ਪਿਆਜ਼ ਅਤੇ ਮੇਥੀ ਦਾ ਭਰਪੂਰ ਸੇਵਨ ਕਰੋ। ਸ਼ੂਗਰ ਰੋਗ ਵਿਚ ਗਠੀਏ ਦੀ ਬਿਮਾਰੀ ਨੂੰ ਹੋਰ ਬੜਾਵਾ ਮਿਲਦਾ ਹੈ। ਪਿੱਤੇ ਵਿਚ ਪੱਥਰੀ ਬਣਦੀ ਹੈ, ਦੰਦਾਂ ਵਿਚ ਸੜਨ ਪੈਦਾ ਹੁੰਦੀ ਹੈ। ਔਰਤਾਂ ਵਿਚ ਸਤਨ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ।
ਤਣਾਅ : ਤਣਾਅ ਜ਼ਿਆਦਾਤਰ ਉਦਾਸ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ। ਤਣਾਅ ਤੋਂ ਖੁਦ ਨੂੰ ਬਚਾਉਣ ਲਈ ਹਮੇਸ਼ਾ ਆਪਣੇ-ਆਪ ਨੂੰ ਰੁੱਝੇ ਰੱਖੋ। ਇਕੱਲੇਪਨ ਤੋਂ ਦੂਰ ਰਹੋ। ਮਨ ਵਿਚ ਉਠਣ ਵਾਲੀਆਂ ਭਾਵਨਾਵਾਂ ਨੂੰ ਦਬਾਓ ਨਾ। ਜੇ ਕਦੇ ਰੋਣ ਨੂੰ ਮਨ ਕਰੇ ਤਾਂ ਰੋ ਕੇ ਆਪਣਾ ਮਨ ਹਲਕਾ ਕਰੋ। ਤਣਾਅ ਤੋਂ ਬਚਣ ਲਈ ਕਸਰਤ ਕਰਦੇ ਰਹੋ। ਫਿਰ ਵੀ ਲਗਾਤਾਰ ਦੋ ਹਫਤੇ ਤੱਕ ਮਨ ਉਦਾਸ ਰਹੇ, ਸੁਸਤੀ ਮਹਿਸੂਸ ਹੋਵੇ, ਨੀਂਦ ਵੀ ਨਾ ਆਵੇ, ਖਾਣਾ ਖਾਣ ਵਿਚ ਦਿਲਚਸਪੀ ਨਾ ਰਹੇ ਤਾਂ ਅਜਿਹੇ ਵਿਚ ਮਨੋਚਿਕਿਤਸਕ ਨਾਲ ਸੰਪਰਕ ਕਰੋ। ਤਣਾਅ ਇਕ ਬਿਮਾਰੀ ਹੈ, ਇਸ ਦਾ ਇਲਾਜ ਜ਼ਰੂਰ ਕਰਾਓ।
ਆਰਥਰਾਈਟਿਸ : ਇਸ ਬਿਮਾਰੀ ਵਿਚ ਜੋੜਾਂ ਵਿਚ ਸੋਜ, ਜਕੜਨ ਅਤੇ ਰੇਂਗਣ ਵਾਲਾ ਦਰਦ ਰਹਿੰਦਾ ਹੈ। ਜੇ ਤੁਹਾਡੇ ਖਾਨਦਾਨ ਵਿਚ ਹੈ ਤਾਂ ਖਤਰਾ ਹੋਰ ਜ਼ਿਆਦਾ ਹੋ ਜਾਂਦਾ ਹੈ। ਇਸ ਬਿਮਾਰੀ ਨਾਲ ਇਨਸਾਨ ਤਰ੍ਹਾਂ ਕਮਜ਼ੋਰ ਬਣ ਜਾਂਦਾ ਹੈ। ਇਸ ਦੀ ਤਕਲੀਫ ਵਿਸ਼ੇਸ਼ ਤੌਰ 'ਤੇ ਰੀੜ੍ਹ, ਗੋਡੇ, ਧੌਣ ਅਤੇ ਨਿਤੰਬਾਂ ਵਿਚ ਰਹਿੰਦੀ ਹੈ।
ਇਸ ਤੋਂ ਆਪਣਾ ਬਚਾਅ ਕਰਨ ਲਈ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਪਵੇਗੀ। ਖਾਣੇ ਵਿਚ ਰੈੱਡ ਮੀਟ, ਦੁੱਧ ਤੋਂ ਬਣੇ ਪਦਾਰਥ, ਮੱਖਣ, ਪੇਸਟ੍ਰੀਜ਼, ਪੀਜ਼ਾ, ਮਠਿਆਈਆਂ ਆਦਿ ਤੋਂ ਪ੍ਰਹੇਜ਼ ਰੱਖੋ, ਕਿਉਂਕਿ ਇਸ ਵਿਚ ਸੰਤ੍ਰਪਤ ਚਰਬੀ ਹੋਣ ਕਾਰਨ ਸਰੀਰ ਵਿਚ ਸੋਜ ਵਧਦੀ ਹੈ। ਆਪਣਾ ਭਾਰ ਕਾਬੂ ਵਿਚ ਰੱਖੋ ਤਾਂ ਕਿ ਜੋੜਾਂ ਨੂੰ ਭਾਰ ਘੱਟ ਚੁੱਕਣਾ ਪਵੇ। ਵਿਟਾਮਿਨ 'ਸੀ' ਦਾ ਸੇਵਨ ਕਰੋ, ਕਿਉਂਕਿ ਇਹ ਕਾਰਟੀਲੇਜ ਨੂੰ ਲਚੀਲਾ ਬਣਾਉਣ ਵਿਚ ਸਹਾਇਤਾ ਦਿੰਦਾ ਹੈ।

ਸਿਹਤ ਦਾ ਖ਼ਜ਼ਾਨਾ ਹੈ ਦੁੱਧ ਅਤੇ ਇਸ ਤੋਂ ਬਣੇ ਪਦਾਰਥ

ਦੁੱਧ ਅਤੇ ਇਸ ਤੋਂ ਬਣੇ ਪਦਾਰਥ ਪੋਸ਼ਟਿਕ, ਗੁਣਕਾਰੀ, ਸਵਾਦੀ ਅਤੇ ਪਚਣਯੋਗ ਹੁੰਦੇ ਹਨ। ਇਹ ਸਭ ਪਦਾਰਥ ਦੂਜੇ ਪੋਸ਼ਟਿਕ ਪਦਾਰਥਾਂ ਦੀ ਤੁਲਨਾ ਵਿਚ ਸਸਤੇ ਅਤੇ ਸੁਲਭ ਹਨ।
ਦੁੱਧ ਇਕ ਸੰਤੁਲਿਤ ਭੋਜਨ ਹੈ, ਕਿਉਂਕਿ ਇਸ ਵਿਚ ਵਿਟਾਮਿਨ 'ਸੀ' ਨੂੰ ਛੱਡ ਕੇ ਭੋਜਨ ਦੇ ਸਾਰੇ ਗੁਣ ਪਾਏ ਜਾਂਦੇ ਹਨ। ਹਰੇਕ 100 ਗ੍ਰਾਮ ਗਾਂ ਦੇ ਦੁੱਧ ਤੋਂ 65 ਕੈਲੋਰੀ ਅਤੇ ਮੱਝ ਦੇ ਦੁੱਧ ਤੋਂ 117 ਕੈਲੋਰੀ ਮਿਲਦੀ ਹੈ। ਦੁੱਧ ਵਿਚ ਉੱਤਮ ਕੁਆਲਿਟੀ ਦਾ ਪ੍ਰੋਟੀਨ ਪਾਇਆ ਜਾਂਦਾ ਹੈ।
ਸੰਸਕ੍ਰਿਤ ਵਿਚ ਕਿਹਾ ਗਿਆ ਹੈ ਕਿ ਦੁੱਧ ਦਾ ਭੋਜਨ ਅੰਮ੍ਰਿਤ ਬਰਾਬਰ ਹੈ। ਚਾਣਕਿਆ ਨੇ ਵੀ ਕਿਹਾ ਹੈ, 'ਦੁੱਧ ਸਰੀਰ ਨੂੰ ਛੇਤੀ ਵਧਾਉਂਦਾ ਹੈ।' ਅਸਲ ਵਿਚ ਦੁੱਧ ਇਕ ਵਧੀਆ ਟਾਨਿਕ ਦਾ ਕੰਮ ਕਰਦਾ ਹੈ।
ਘਿਓ : ਇਹ ਸਭ ਤੋਂ ਵੱਧ ਕੈਲੋਰੀ ਦੇਣ ਵਾਲਾ ਪਦਾਰਥ ਹੈ। ਹਰੇਕ 100 ਗ੍ਰਾਮ ਘਿਓ ਨਾਲ 990 ਕੈਲੋਰੀ ਮਿਲਦੀ ਹੈ। ਇਸ ਵਿਚ 98 ਫੀਸਦੀ ਚਰਬੀ ਹੁੰਦੀ ਹੈ। ਇਸ ਲਈ ਪਤਲੇ-ਦੁਬਲੇ ਵਿਅਕਤੀ ਲਈ ਭਰਪੂਰ ਮਾਤਰਾ ਵਿਚ ਘਿਓ ਦਾ ਸੇਵਨ ਲਾਭਦਾਇਕ ਹੈ। ਘਿਓ ਪਤਲੇਪਨ ਨੂੰ ਦੂਰ ਕਰਕੇ ਸਰੀਰ ਨੂੰ ਪੁਸ਼ਟ ਅਤੇ ਸਡੌਲ ਬਣਾਉਂਦਾ ਹੈ। ਸਰੀਰ ਦੇ ਰੁੱਖੇਪਣ ਨੂੰ ਦੂਰ ਕਰਕੇ ਚਮੜੀ ਅਤੇ ਚਿਹਰੇ ਨੂੰ ਮੁਲਾਇਮ, ਚਮਕੀਲਾ ਅਤੇ ਮੁਲਾਇਮ ਬਣਾਈ ਰੱਖਦਾ ਹੈ।
ਮੱਖਣ : ਮੱਖਣ ਨੂੰ ਨਵਨੀਤ ਵੀ ਕਹਿੰਦੇ ਹਨ। ਇਹ ਵੀ ਘਿਓ ਦੀ ਤਰ੍ਹਾਂ ਪੋਸ਼ਟਿਕ ਅਤੇ ਗੁਣਕਾਰੀ ਹੈ। ਇਸ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਚਰਬੀ ਹੁੰਦੀ ਹੈ। ਇਸ ਵਿਚ ਵਿਟਾਮਿਨ 'ਏ', ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਹੁੰਦੇ ਹਨ। ਇਹ ਵੀ ਘਿਓ ਵਾਂਗ ਸਰੀਰ ਨੂੰ ਸਿਨਗਧਤਾ ਪ੍ਰਦਾਨ ਕਰਦਾ ਹੈ, ਊਰਜਾ ਅਤੇ ਫੁਰਤੀ ਦਿੰਦਾ ਹੈ।
ਪਨੀਰ : ਦੁੱਧ ਅਤੇ ਘਿਓ ਵਾਂਗ ਪਨੀਰ ਵੀ ਬਹੁਤ ਪੋਸ਼ਟਿਕ ਹੈ। ਇਸ ਵਿਚ 24 ਫੀਸਦੀ ਪ੍ਰੋਟੀਨ, 25 ਫੀਸਦੀ ਚਰਬੀ, 4.2 ਫੀਸਦੀ ਖਣਿਜ ਲਵਣ, 6.3 ਫੀਸਦੀ ਕਾਰਬੋਹਾਈਡ੍ਰੇਟ ਅਤੇ 2.1 ਫੀਸਦੀ ਲੌਹਾਂਸ਼ ਹੁੰਦਾ ਹੈ। ਹਰੇਕ 100 ਗ੍ਰਾਮ ਪਨੀਰ ਨਾਲ 348 ਕੈਲੋਰੀ ਮਿਲਦੀ ਹੈ। ਇਹ ਊਰਜਾ ਦੀ ਪੂਰਤੀ ਕਰਦਾ ਹੈ। ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਵਿਚ ਸਹਾਇਕ ਹੈ।
ਦਹੀਂ-ਲੱਸੀ : ਦਹੀਂ ਪਚਣਯੋਗ ਅਤੇ ਠੰਢੀ ਤਸੀਰ ਵਾਲਾ ਹੁੰਦਾ ਹੈ। ਪੋਸ਼ਟਿਕ ਅਤੇ ਸਵਾਦੀ ਤਾਂ ਹੈ ਹੀ। ਇਹ ਅਨੇਕ ਉਦਰ ਰੋਗਾਂ ਵਿਚ ਲਾਭਦਾਇਕ ਹੈ। ਇਹ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ ਅਤੇ ਖਣਿਜ-ਲੂਣ ਨਾਲ ਭਰਪੂਰ ਹੁੰਦਾ ਹੈ। ਖੱਟਾ ਦਹੀਂ ਨਹੀਂ ਖਾਣਾ ਚਾਹੀਦਾ। ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ, ਕਿਉਂਕਿ ਰਾਤ ਨੂੰ ਦਹੀਂ ਦੇ ਸੇਵਨ ਨਾਲ ਕਫ ਵਿਚ ਵਾਧਾ ਹੁੰਦਾ ਹੈ।
ਲੱਸੀ ਵੀ ਦਹੀਂ ਦੇ ਬਰਾਬਰ ਗੁਣਕਾਰੀ ਹੈ। ਇਸ ਨੂੰ ਮੱਠਾ ਅਤੇ ਤਕਰ ਵੀ ਕਹਿੰਦੇ ਹਨ।
ਲੱਸੀ ਵਿਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਦਹੀਂ ਵਿਚ ਹੁੰਦੇ ਹਨ ਪਰ ਅਲਪ ਮਾਤਰਾ ਵਿਚ। ਉਸ ਵਿਚ 97.5 ਫੀਸਦੀ ਪਾਣੀ ਹੁੰਦਾ ਹੈ। ਇਸ ਲਈ ਇਹ ਤਨ ਨੂੰ ਤਰਾਵਟ ਪ੍ਰਦਾਨ ਕਰਦੀ ਹੈ। ਤੰਦਰੁਸਤ ਰਹਿਣ ਲਈ ਇਨ੍ਹਾਂ ਪਦਾਰਥਾਂ ਦਾ ਸੇਵਨ ਜ਼ਰੂਰੀ ਹੈ।
**

ਤੰਦਰੁਸਤ ਰਹੋ ਬਰਸਾਤ ਦੇ ਮੌਸਮ ਵਿਚ

ਸਾਉਣ-ਭਾਦੋਂ ਜਾਂ ਫਿਰ ਜੁਲਾਈ-ਅਗਸਤ ਦੇ ਦੋ ਮਹੀਨੇ ਖੁਸ਼ਗਵਾਰ ਮੀਂਹ ਦੀ ਰਿਮਝਿਮ ਲੈ ਕੇ ਆਉਂਦੇ ਹਨ। ਇਸ ਮੌਸਮ ਵਿਚ ਕਿਸਾਨ ਤਾਂ ਖੁਸ਼ੀ ਨਾਲ ਝੂਮਦੇ ਹੀ ਹਨ, ਨੌਜਵਾਨ ਤਨ, ਮਨ ਵੀ ਮਸਤੀ ਵਿਚ ਝੂਮਣ ਲਗਦੇ ਹਨ। ਪਕਵਾਨਾਂ ਅਤੇ ਪੱਕੇ ਅੰਬਾਂ ਨੂੰ ਖਾਣ ਦਾ ਮਜ਼ਾ ਹੀ ਕੁਝ ਹੋਰ ਵੀ, ਮੀਂਹ ਦੀਆਂ ਧਾਰਾਂ ਦੇ ਵਿਚ।
ਪਰ ਇਹ ਮਸਤੀ, ਮੌਜ ਅਤੇ ਝੂਮਣ, ਖਾਣ-ਪੀਣ ਦਾ ਮਜ਼ਾ ਵੀ ਤੰਦਰੁਸਤ ਅਤੇ ਸਿਹਤਮੰਦ ਤਨ, ਮਨ ਹੀ ਲੈ ਸਕਦਾ ਹੈ। ਮੀਂਹ ਦਾ ਮੌਸਮ ਖੁਸ਼ਗਵਾਰ ਅਤੇ ਸੁਹਾਵਣਾ ਹੋਣ ਦੇ ਨਾਲ-ਨਾਲ ਬੜਾ ਨਾਜ਼ੁਕ ਵੀ ਹੁੰਦਾ ਹੈ। ਪਲ ਵਿਚ ਗਰਮੀ, ਪਲ ਵਿਚ ਮੀਂਹ ਮੌਸਮ ਦੇ ਉਤਰਾਅ-ਚੜ੍ਹਾਅ ਨੂੰ ਨੂੰ ਬਲ ਦਿੰਦਾ ਹੈ। ਇਨ੍ਹਾਂ ਦਿਨਾਂ ਵਿਚ ਤਾਪਮਾਨ ਦੇ ਜ਼ਿਆਦਾ ਹੋਣ ਅਤੇ ਵਾਤਾਵਰਨ ਵਿਚ ਨਮੀ ਦੇ ਹੋਣ ਅਤੇ ਪਸੀਨਾ ਆਉਣ ਨਾਲ ਸਰਦ-ਗਰਮ ਹੋਣ ਅਤੇ ਜ਼ੁਕਾਮ ਹੋਣ ਦੀ ਪ੍ਰਬਲ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਧੁੱਪ ਵਿਚੋਂ ਤੁਰੰਤ ਉੱਠ ਕੇ ਭਿੱਜਣ ਤੋਂ ਬਚਣਾ ਚਾਹੀਦਾ ਹੈ।
ਘਰੋਂ ਬਾਹਰ ਜਾਂਦੇ ਸਮੇਂ ਰੇਨਕੋਟ ਜਾਂ ਛਤਰੀ ਜ਼ਰੂਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਅਚਾਨਕ ਹੀ ਆਏ ਬੱਦਲਾਂ ਨਾਲ ਵਰ੍ਹਿਆ ਮੀਂਹ ਤੁਹਾਡੀ ਸਿਹਤ ਦਾ ਦੁਸ਼ਮਣ ਨਾ ਬਣ ਜਾਵੇ।
ਬਰਸਾਤ ਦੇ ਮੌਸਮ ਵਿਚ ਅਨੇਕ ਕੀਟਾਣੂ ਅਤੇ ਵਾਇਰਸ ਵੀ ਵਾਤਾਵਰਨ ਵਿਚ ਆ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸਿਹਤ ਨਰਮ ਪੈਂਦੇ ਹੀ ਇਹ ਟੁੱਟ ਪੈਂਦੇ ਹਨ। ਜ਼ੁਕਾਮ, ਬੁਖਾਰ, ਮਲੇਰੀਆ ਅਤੇ ਵਾਇਰਲ ਤਾਂ ਜਿਵੇਂ ਨਿਸ਼ਾਨ ਹੀ ਲਗਾਈ ਬੈਠੇ ਰਹਿੰਦੇ ਹਨ। ਇਹੀ ਨਹੀਂ, ਅਨੇਕਾਂ ਕੀੜੇ-ਮਕੌੜੇ ਵੀ ਜ਼ਮੀਨ ਵਿਚ ਪਾਣੀ ਭਰਨ ਨਾਲ ਬਾਹਰ ਨਿਕਲ ਆਉਂਦੇ ਹਨ। ਇਸ ਲਈ ਨੰਗੇ ਪੈਰ ਜ਼ਮੀਨ 'ਤੇ ਚੱਲਣ ਤੋਂ ਖਾਸ ਤੌਰ 'ਤੇ ਹਨੇਰੇ ਵਿਚ ਬਚਣਾ ਚਾਹੀਦਾ ਹੈ।
ਬਰਸਾਤ ਦੇ ਮੌਸਮ ਵਿਚ ਬੱਚੇ ਮੀਂਹ ਸ਼ੁਰੂ ਹੁੰਦਿਆਂ ਹੀ ਨਹਾਉਣ ਨਿਕਲ ਪੈਂਦੇ ਹਨ, ਜੋ ਖਤਰਾ ਦਾ ਸਬੱਬ ਵੀ ਬਣ ਸਕਦਾ ਹੈ, ਕਿਉਂਕਿ ਇਕ ਤਾਂ ਬੱਚਿਆਂ ਦਾ ਸਰੀਰ ਕੋਮਲ ਹੁੰਦਾ ਹੈ, ਉੱਪਰੋਂ ਵਾਤਾਵਰਨ ਵਿਚ ਵਾਯੂਮੰਡਲ ਵਿਚ ਜੰਮੇ ਧੂਲ ਕਣ ਅਤੇ ਗੈਸਾਂ ਉਸ ਪਾਣੀ ਵਿਚ ਘੁਲ ਕੇ ਆਉਂਦੀਆਂ ਹਨ ਜੋ ਚਮੜੀ ਵਿਚ ਸੰਕ੍ਰਮਣ ਕਰ ਸਕਦੀਆਂ ਹਨ। ਇਸ ਲਈ ਨਹਾਉਣ ਨੂੰ ਜੀਅ ਕਰੇ ਤਾਂ ਮੀਂਹ ਸ਼ੁਰੂ ਹੋਣ ਤੋਂ 10-15 ਮਿੰਟ ਬਾਅਦ ਹੀ ਬੱਚਿਆਂ ਨੂੰ ਬਾਹਰ ਨਿਕਲਣ ਦਿਓ।
ਬੱਚਿਆਂ ਨੂੰ ਪਾਣੀ ਵਿਚ ਖੇਡਣਾ ਬਹੁਤ ਚੰਗਾ ਲਗਦਾ ਹੈ। ਇਸ ਲਈ ਉਹ ਗਲੀਆਂ ਵਿਚ ਇਕੱਠੇ ਹੋਏ ਪਾਣੀ ਵਿਚ ਨਿਕਲ ਜਾਂਦੇ ਹਨ। ਇਹ ਗੰਦਾ ਪਾਣੀ ਉਨ੍ਹਾਂ ਦੇ ਨਰਮ ਪੈਰਾਂ ਵਿਚ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ ਅਤੇ ਅਨੇਕ ਚਮੜੀ ਰੋਗ ਪੈਦਾ ਕਰ ਸਕਦਾ ਹੈ। ਇਸ ਲਈ ਬੱਚਿਆਂ ਨੂੰ ਗੰਦੇ ਪਾਣੀ ਤੋਂ ਬਚਾਓ ਅਤੇ ਬਰਸਾਤ ਵਿਚ ਨਹਾਉਣ ਤੋਂ ਬਾਅਦ ਵੀ ਸਾਫ਼ ਪਾਣੀ ਨਾਲ ਜ਼ਰੂਰ ਨਹਿਲਾਓ।
ਜੇ ਬਰਸਾਤ ਵਿਚ ਤੁਸੀਂ ਭਿੱਜ ਜਾਓ ਤਾਂ ਘਰ ਆਉਂਦੇ ਹੀ ਸਭ ਤੋਂ ਪਹਿਲਾਂ ਸਾਫ ਤੌਲੀਏ ਨਾਲ ਸਰੀਰ ਪੂੰਝ ਕੇ ਤੁਰੰਤ ਹੀ ਸੁੱਕੇ ਕੱਪੜੇ ਪਹਿਨ ਕੇ ਖਾਜ, ਖਾਰਸ਼ ਅਤੇ ਫਫੂੰਦ ਦੇ ਹਮਲੇ ਤੋਂ ਬਚੋ। ਇਕ-ਦੂਜੇ ਦੇ ਅੰਦਰੂਨੀ ਕੱਪੜੇ ਤਾਂ ਇਨ੍ਹਾਂ ਦਿਨਾਂ ਵਿਚ ਭੁੱਲ ਕੇ ਵੀ ਨਾ ਪਹਿਨੋ।
ਚੱਪਲ ਜਾਂ ਜੁੱਤੀ ਵੀ ਅਜਿਹੀ ਪਹਿਨੋ, ਜਿਸ ਦੇ ਥੱਲੇ ਸਪਾਟ ਜਾਂ ਫਿਸਲਣ ਵਾਲੇ ਨਾ ਹੋਣ। ਚਮੜੇ ਦੀ ਚੱਪਲ-ਜੁੱਤੀ ਭਿੱਜ ਕੇ ਖਰਾਬ ਹੋ ਹੀ ਜਾਂਦੀ ਹੈ, ਇਨਫੈਕਸ਼ਨ ਦਾ ਕਾਰਨ ਵੀ ਬਣ ਜਾਂਦੀ ਹੈ। ਇਸ ਲਈ ਇਸ ਮੌਸਮ ਵਿਚ ਪਲਾਸਟਿਕ, ਨਾਈਲੋਨ ਜਾਂ ਸਿੰਥੈਟਿਕ ਜੁੱਤੀ-ਚੱਪਲ ਵਰਤੀ ਜਾ ਸਕਦੀ ਹੈ ਪਰ ਪਹਿਲਾਂ ਦੇਖ ਲਓ ਕਿ ਤੁਹਾਡੀ ਚਮੜੀ ਨੂੰ ਇਨ੍ਹਾਂ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ।
ਇਨ੍ਹਾਂ ਦਿਨਾਂ ਵਿਚ ਖਾਣ-ਪੀਣ 'ਤੇ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਨ ਤਾਂ ਪਕੌੜੇ ਅਤੇ ਗਰਮਾ-ਗਰਮ ਸਮੋਸਿਆਂ ਵੱਲ ਦੌੜਦਾ ਹੈ ਪਰ ਪਾਚਣ ਤੰਤਰ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਕਿਰਿਆਸ਼ੀਲ ਨਹੀਂ ਰਹਿੰਦਾ। ਸੋ, ਤਲੇ-ਭੁੰਨੇ, ਤੇਜ਼ ਮਸਾਲਿਆਂ ਵਾਲੇ ਚਟਪਟੇ ਪਦਾਰਥਾਂ ਤੋਂ ਜਿਥੋਂ ਤੱਕ ਸੰਭਵ ਹੋਵੇ, ਪ੍ਰਹੇਜ਼ ਕਰੋ।
ਕੱਚੇ ਅਤੇ ਕੀਟਾਣੂ ਰਹਿਤ ਸਲਾਦ ਅਤੇ ਤਾਜ਼ੇ ਫਲਾਂ ਦਾ ਸੇਵਨ ਧੋ ਕੇ ਕਰੋ। ਇਨ੍ਹਾਂ ਦਿਨਾਂ ਵਿਚ ਮੌਸਮੀ ਫਲਾਂ ਵਿਚ ਅੰਬ, ਖੀਰਾ, ਨਾਸ਼ਪਾਤੀ, ਸੇਬ, ਜਾਮਣ, ਆੜੂ, ਅਮਰੂਦ ਆਦਿ ਦਾ ਸੇਵਨ ਸਿਹਤ ਲਈ ਲਾਭਦਾਇਕ ਹੁੰਦਾ ਹੈ। ਬਾਜ਼ਾਰ ਵਿਚੋਂ ਕੱਟੇ ਹੋਏ ਅਤੇ ਸੜੇ-ਗਲੇ ਫਲ ਕਦੇ ਨਾ ਖਾਓ।
ਭੋਜਨ ਵਿਚ ਦਲੀਆ, ਖਿਚੜੀ, ਸੱਤੂ, ਚੌਲ ਅਤੇ ਚਪਾਤੀ ਲੈ ਸਕਦੇ ਹੋ ਪਰ ਠੰਢੇ, ਬੇਹੇ ਭੋਜਨ ਵਿਚ ਬੈਕਟੀਰੀਆ ਹੋ ਸਕਦਾ ਹੈ। ਇਸ ਲਈ ਤਾਜ਼ਾ ਹੀ ਖਾਓ। ਬਹੁਤ ਜ਼ਿਆਦਾ ਅੰਬ ਵੀ ਫੋੜੇ-ਫਿਨਸੀਆਂ ਦਾ ਕਾਰਨ ਬਣਦੇ ਹਨ, ਇਸ ਲਈ ਅੰਬ ਦੇ ਨਾਲ ਭਰਪੂਰ ਮਾਤਰਾ ਵਿਚ ਦੁੱਧ ਲਓ ਜਾਂ ਫਿਰ ਮੈਂਗੋ ਸ਼ੇਕ ਦੇ ਰੂਪ ਵਿਚ ਅੰਬ ਦੇ ਗੁਣਾਂ ਦਾ ਲਾਭ ਲਓ।
ਬਰਸਾਤ ਦੇ ਮੌਸਮ ਵਿਚ ਚਮੜੀ ਦੀ ਰੱਖਿਆ ਲਈ ਕਿਸੇ ਚੰਗੀ ਕਿਸਮ ਦੀ ਕ੍ਰੀਮ ਵਰਤੋ। ਐਂਟੀਸੈਪਟਿਕ ਜਾਂ ਹਰਬਲ ਕ੍ਰੀਮ ਚੰਗੀ ਰਹਿੰਦੀ ਹੈ। ਹਾਂ, ਮਾਇਸਚਰਾਈਜ਼ਰ ਅਤੇ ਤੇਲੀ ਕ੍ਰੀਮ ਤੋਂ ਬਚੋ, ਕਿਉਂਕਿ ਇਨ੍ਹਾਂ ਦਿਨਾਂ ਵਿਚ ਵੈਸੇ ਹੀ ਚਮੜੀ ਅਕਸਰ ਨਮ ਅਤੇ ਤੇਲੀ ਰਹਿੰਦੀ ਹੈ। ਇਸ ਲਈ ਇਨ੍ਹਾਂ ਨਾਲ ਚਮੜੀ ਦੇ ਮੁਸਾਮ ਬੰਦ ਹੋਣ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ।
ਤਾਂ ਫਿਰ ਆਓ, ਬਰਸਾਤ ਦਾ ਮੌਸਮ ਹੈ। ਆਪਣੇ-ਆਪ ਨੂੰ ਤੰਦਰੁਸਤ ਰੱਖ ਕੇ ਇਸ ਦਾ ਪੂਰਾ ਲੁਤਫ ਉਠਾਈਏ।
**

ਕੁਝ ਕੁਦਰਤੀ ਦਰਦ ਨਿਵਾਰਕ ਜੋ ਨੁਕਸਾਨ ਨਹੀਂ ਪਹੁੰਚਾਉਂਦੇ

ਥੋੜ੍ਹੀ-ਬਹੁਤ ਤਕਲੀਫ ਹੋਣ 'ਤੇ ਡਾਕਟਰ ਕੋਲ ਜਾਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਐਲੋਪੈਥੀ ਦਵਾਈਆਂ ਦਰਦ ਤਾਂ ਠੀਕ ਕਰ ਦਿੰਦੀਆਂ ਹਨ, ਨਾਲ ਹੀ ਕਦੇ-ਕਦੇ ਆਪਣਾ ਮਾੜਾ ਅਸਰ ਵੀ ਛੱਡ ਜਾਂਦੀਆਂ ਹਨ, ਜਿਸ ਨੂੰ ਠੀਕ ਕਰਨ ਲਈ ਵੀ ਦਵਾਈ ਖਾਣੀ ਪੈਂਦੀ ਹੈ। ਸਰੀਰ ਵਿਚ ਕਿਤੇ ਵੀ ਦਰਦ ਹੋਣ 'ਤੇ ਇਕਦਮ ਦਰਦ ਨਿਵਾਰਕ ਨਾ ਖਾਓ, ਜਦੋਂ ਤੱਕ ਦਰਦ ਅਸਹਿਣਯੋਗ ਨਾ ਹੋਵੇ। ਥੋੜ੍ਹੇ ਦਰਦ ਵਿਚ ਪਹਿਲਾਂ ਆਪਣੇ ਕਿਚਨ ਡਾਕਟਰ ਨੂੰ ਅਜ਼ਮਾਓ। ਹੋ ਸਕਦਾ ਹੈ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਵੇ।
ਲੌਂਗ : ਸਿਰਦਰਦ, ਗਠੀਆ ਅਤੇ ਦੰਦ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਅਜ਼ਵਾਇਣ : ਅਜ਼ਵਾਇਣ ਦਾ ਸੇਵਨ ਪੇਟ ਦਰਦ, ਗੈਸ ਅਤੇ ਅਫਾਰਾ ਤੋਂ ਰਾਹਤ ਦਿਵਾਉਂਦਾ ਹੈ।
ਨਿੰਬੂ : ਨਿੰਬੂ ਵਿਚ ਅਜਿਹੇ ਦਰਦਨਿਵਾਰਕ ਗੁਣ ਹੁੰਦੇ ਹਨ, ਜਿਸ ਨਾਲ ਦਰਦ ਵਿਚ ਆਰਾਮ ਮਿਲਦਾ ਹੈ। ਨਿੰਬੂ ਦੇ ਰਸ ਨੂੰ ਕੋਸੇ ਪਾਣੀ ਵਿਚ ਮਿਲਾਓ। ਇਸ ਵਿਚ ਕੱਪੜਾ ਡੁਬੋ ਕੇ ਥੋੜ੍ਹਾ ਨਿਚੋੜ ਕੇ ਦਰਦ ਵਾਲੀ ਜਗ੍ਹਾ 'ਤੇ ਰੱਖੋ। 5 ਤੋਂ 10 ਮਿੰਟ ਤੱਕ ਅਜਿਹਾ ਕਰਨ ਨਾਲ ਦਰਦ ਵਿਚ ਰਾਹਤ ਮਿਲਦੀ ਹੈ।
ਹਲਦੀ : ਹਲਦੀ ਵਿਚ ਵੀ ਐਂਟੀਆਕਸੀਡੈਂਟਸ ਅਤੇ ਕਰਕਿਊਮਿਨ ਨਾਮਕ ਤੱਤ ਪਾਏ ਜਾਂਦੇ ਹਨ, ਜੋ ਜ਼ਖਮ ਨੂੰ ਵੀ ਭਰਦੇ ਹਨ ਅਤੇ ਦਰਦ ਤੋਂ ਵੀ ਰਾਹਤ ਦਿਵਾਉਂਦੇ ਹਨ। ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਹਲਦੀ ਦਾ ਨਿਯਮਤ ਸੇਵਨ ਸਬਜ਼ੀ ਵਿਚ ਅਤੇ ਦੁੱਧ ਵਿਚ ਕਰੋ। ਨਜ਼ਲਾ-ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ।
ਅਦਰਕ : ਅਦਰਕ ਦਾ ਨਿਯਮਤ ਸੇਵਨ ਪੇਟ ਨਾਲ ਸਬੰਧਤ ਵਿਕਾਰਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਬੁਖਾਰ ਹੋਣ 'ਤੇ ਜਾਂ ਗਲੇ ਵਿਚ ਦਰਦ ਹੋਣ 'ਤੇ ਅਦਰਕ ਦਾ ਸੇਵਨ ਲਾਭ ਪਹੁੰਚਾਉਂਦਾ ਹੈ। ਇਸ ਦਾ ਸੇਵਨ ਸਬਜ਼ੀ, ਚਾਹ, ਸ਼ਹਿਦ ਵਿਚ ਮਿਲਾ ਕੇ ਕਰ ਸਕਦੇ ਹੋ। ਅਦਰਕ ਦਾ ਅਚਾਰ ਵੀ ਸਰਦੀਆਂ ਵਿਚ ਲੈ ਸਕਦੇ ਹੋ।
ਹਿੰਗ : ਹਿੰਗ ਦਾ ਸੇਵਨ ਸਾਡੀ ਬਦਹਜ਼ਮੀ, ਪੇਟਦਰਦ, ਗੈਸ, ਉਲਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਹਿੰਗ ਨੂੰ ਪਾਣੀ ਵਿਚ ਘੋਲ ਕੇ ਨਾਭੀ ਦੇ ਆਸ-ਪਾਸ ਲਗਾਉਣ ਨਾਲ ਪੇਟ ਦਰਦ ਅਤੇ ਗੈਸ ਤੋਂ ਰਾਹਤ ਮਿਲਦੀ ਹੈ।
ਮੇਥੀ : ਮੇਥੀ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਸ਼ੂਗਰ ਨੂੰ ਕੰਟ੍ਰੋਲ ਵਿਚ ਰੱਖਦੇ ਹਨ ਅਤੇ ਇਸ ਦਾ ਸੇਵਨ ਸਰੀਰ ਵਿਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
ਕੌਫੀ : ਸਿਰਦਰਦ ਹੋਣ 'ਤੇ ਕੌਫੀ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ। ਕੈਫੀਨ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਵਿਚ ਸੋਜ ਵਧਾਉਣ ਵਾਲੀਆਂ ਖੂਨ ਕੋਸ਼ਿਕਾਵਾਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਨਮਕ : ਨਮਕ ਮਿਲੇ ਪਾਣੀ ਨਾਲ ਇਸ਼ਨਾਨ ਕਰਨ 'ਤੇ ਥਕਾਵਟ ਦੂਰ ਹੁੰਦੀ ਹੈ, ਗਲਾ ਖਰਾਬ ਹੋਣ 'ਤੇ ਨਮਕ ਮਿਲੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਆਰਾਮ ਮਿਲਦਾ ਹੈ।
ਚੈਰੀ : ਚੈਰੀ ਖਾਣ ਅਤੇ ਉਸ ਦਾ ਜੂਸ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸੇ ਕਾਰਨ ਇਸ ਨੂੰ 'ਪਾਵਰਹਾਊਸ ਆਫ ਨਿਊਟ੍ਰੀਸ਼ਨ' ਵੀ ਕਿਹਾ ਜਾਂਦਾ ਹੈ। ਮਾਸਪੇਸ਼ੀਆਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਇਸ ਵਿਚ ਮੌਜੂਦ ਤੱਤ ਦਰਦ ਪੈਦਾ ਕਰਨ ਵਾਲੇ ਇੰਜ਼ਾਇਮਸ ਨੂੰ ਰੋਕਣ ਵਿਚ ਮਦਦ ਕਰਦੇ ਹਨ।

ਖ਼ਤਰਨਾਕ ਹੋ ਸਕਦਾ ਹੈ ਲੋੜ ਤੋਂ ਵੱਧ ਪਾਣੀ ਪੀਣਾ

ਇਕ ਦਿਨ ਵਿਚ ਕਿੰਨਾ ਪਾਣੀ ਪੀਂਦੇ ਹੋ ਤੁਸੀਂ? ਸ਼ਾਇਦ 8 ਤੋਂ 10 ਗਿਲਾਸ ਜਾਂ ਇਸ ਤੋਂ ਵੀ ਜ਼ਿਆਦਾ। ਹੋ ਸਕਦਾ ਹੈ ਪਾਣੀ ਦੀ ਬੋਤਲ ਵੀ ਨਾਲ ਰੱਖਦੇ ਹੋਵੋ। ਕਾਰਨ ਬਹੁਤ ਸਾਰੇ ਹਨ। ਕਿਸੇ ਨੂੰ ਲਗਦਾ ਹੈ ਕਿ ਪਾਣੀ ਪੀਣ ਨਾਲ ਭਾਰ ਘਟਦਾ ਹੈ। ਕੋਈ ਖੂਬਸੂਰਤ ਚਮੜੀ ਦੀ ਖ਼ਾਤਰ ਪਾਣੀ ਪੀਂਦਾ ਹੈ। ਅਜਿਹਾ ਨਹੀਂ ਹੈ ਕਿ ਪਾਣੀ ਬਾਰੇ ਮਸ਼ਹੂਰ ਸਾਰੇ ਫਾਇਦੇ ਸੱਚ ਨਹੀਂ ਹਨ ਪਰ ਇਕ ਸੱਚ ਇਹ ਵੀ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣਾ ਸਾਡੇ ਲਈ ਨੁਕਸਾਨਦੇਹ ਵੀ ਹੈ।
ਬਹੁਤੇ ਲੋਕ ਸਿਰਫ ਪਾਣੀ ਦੇ ਫਾਇਦਿਆਂ ਬਾਰੇ ਹੀ ਜਾਣਦੇ ਹੁੰਦੇ ਹਨ। ਲੋੜ ਤੋਂ ਜ਼ਿਆਦਾ ਪਾਣੀ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ, ਇਹ ਘੱਟ ਲੋਕ ਹੀ ਜਾਣਦੇ ਹਨ। ਮਾਹਿਰ ਮੰਨਦੇ ਹਨ ਕਿ ਜੇ ਇਨਸਾਨ ਲੋੜ ਤੋਂ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਉਸ ਦੇ ਗੁਰਦਿਆਂ 'ਤੇ ਵਾਧੂ ਦਬਾਅ ਪੈਂਦਾ ਹੈ, ਜੋ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਪੈਂਸਿਲਵੇਨੀਆ ਯੂਨੀਵਰਸਿਟੀ ਦੇ ਗੁਰਦਿਆਂ ਦੇ ਮਾਹਿਰ ਡਾਕਟਰ ਅਨੁਸਾਰ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਗੁਰਦਿਆਂ ਨੂੰ ਆਪਣੀ ਸਮਰੱਥਾ ਤੋਂ ਵੱਧ ਕੰਮ ਕਰਨਾ ਪੈਂਦਾ ਹੈ। ਉਹ ਅੱਗੇ ਲਿਖਦੇ ਹਨ ਕਿ ਵਿਅਕਤੀ ਨੂੰ ਇਕ ਦਿਨ ਵਿਚ 10 ਗਿਲਾਸ ਜਾਂ 3 ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ, ਵਰਗੀ ਸਲਾਹ ਕਿਥੋਂ ਆਈ ਹੈ, ਇਸ ਦਾ ਕਿਸੇ ਨੂੰ ਪਤਾ ਨਹੀਂ ਹੈ। ਇਸ ਸਲਾਹ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਵੇਲਨੇਸ ਮਾਹਿਰ ਡਾਕਟਰ ਮੰਨਦੀ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਦਿਲ ਫੇਲ੍ਹ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਅਸਲ ਵਿਚ ਪਿਛਲੇ ਕੁਝ ਸਾਲਾਂ ਵਿਚ ਪਾਣੀ ਦਾ ਏਨਾ ਪ੍ਰਚਾਰ ਕੀਤਾ ਗਿਆ ਹੈ ਕਿ ਹਰ ਵਿਅਕਤੀ ਪਾਣੀ ਨੂੰ ਸਿਹਤ ਲਈ ਤਾਕਤਵਰ ਸਮਝਣ ਲੱਗਾ ਹੈ। ਉਸ ਨੂੰ ਲਗਦਾ ਹੈ ਕਿ ਸਿਹਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਹੀ ਹੈ ਕਿ ਖੂਬ ਪਾਣੀ ਪੀਤਾ ਜਾਵੇ। ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਪਰ ਕਿੰਨਾ ਪਾਣੀ ਪੀਣਾ ਚਾਹੀਦਾ ਹੈ, ਇਸ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਹੈ। ਸਿਹਤ ਮਾਹਿਰਾਂ ਦਾ ਮਤਲਬ ਪਾਣੀ ਦੀ ਉਸ ਮਾਤਰਾ ਤੋਂ ਹੁੰਦਾ ਹੈ, ਜਿਸ ਨੂੰ ਅਸੀਂ ਰੋਜ਼ ਲੈਂਦੇ ਹਨ, ਜੋ ਖਾਣੇ ਦੀਆਂ ਵੱਖ-ਵੱਖ ਚੀਜ਼ਾਂ ਦੇ ਜ਼ਰੀਏ ਵੀ ਸਾਡੇ ਸਰੀਰ ਵਿਚ ਜਾਂਦਾ ਹੈ। ਸਬਜ਼ੀ ਤੋਂ ਲੈ ਕੇ ਫਲ ਤੱਕ ਹਰ ਚੀਜ਼ ਵਿਚ ਪਾਣੀ ਦਾ ਅੰਸ਼ ਹੁੰਦਾ ਹੈ। ਇਹ ਅੰਸ਼ ਵੀ ਸਾਡੀ ਸਿਹਤ 'ਤੇ ਉਹੀ ਅਸਰ ਕਰਦਾ ਹੈ ਜੋ ਪਾਣੀ ਆਪਣੇ ਸ਼ੁੱਧ ਰੂਪ ਵਿਚ ਕਰਦਾ ਹੈ।
ਪਾਣੀ ਦੇ ਫਾਇਦੇ ਦਾ ਏਨਾ ਪ੍ਰਚਾਰ ਕੀਤਾ ਗਿਆ ਕਿ ਲੋਕ ਭੁੱਲ ਗਏ ਕਿ ਹੱਦ ਤੋਂ ਵੱਧ ਕਿਸੇ ਵੀ ਚੀਜ਼ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ, ਪਾਣੀ ਦਾ ਵੀ। ਪਾਣੀ ਦੇ ਫਾਇਦੇ ਆਪਣੀ ਜਗ੍ਹਾ ਪਰ ਇਹ ਵੀ ਸੱਚ ਹੈ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਗੁਰਦੇ ਅਤੇ ਦਿਲ 'ਤੇ ਦਬਾਅ ਵਧਦਾ ਹੈ।
ਜੇ ਤੁਸੀਂ ਟੀ. ਵੀ., ਰੇਡੀਓ ਜਾਂ ਮੈਗਜ਼ੀਨ ਪੜ੍ਹ ਕੇ ਆਪਣੇ ਲਈ ਪਾਣੀ ਦੀ ਮਾਤਰਾ ਤੈਅ ਕਰਦੇ ਹੋ ਤਾਂ ਸ਼ਾਇਦ ਇਕ ਦਿਨ ਵਿਚ 18 ਗਿਲਾਸ ਪਾਣੀ ਪੀਂਦੇ ਹੋਵੋਗੇ। ਤੁਸੀਂ ਸੋਚਦੇ ਹੋਵੋਗੇ ਕਿ ਸਿਹਤ ਮਾਹਿਰ ਏਨੇ ਹੀ ਪਾਣੀ ਦੀ ਸਲਾਹ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਮਾਹਿਰ ਪਾਣੀ ਦੀ ਉਸ ਸਮਗਰ ਮਾਤਰਾ ਦੀ ਗੱਲ ਕਰਦੇ ਹਨ, ਜਿਸ ਦਾ ਸੇਵਨ ਅਸੀਂ ਰੋਜ਼ ਕਰਦੇ ਹਾਂ। ਜਿਵੇਂ ਸਬਜ਼ੀਆਂ ਅਤੇ ਫਲਾਂ ਦੇ ਜ਼ਰੀਏ ਲਿਆ ਜਾਣ ਵਾਲਾ ਪਾਣੀ, ਹਰੀ ਚਾਹ, ਚੌਲਾਂ ਰਾਹੀਂ ਮਿਲਣ ਵਾਲਾ ਪਾਣੀ ਅਤੇ ਦੁੱਧ ਰਾਹੀਂ ਮਿਲਣ ਵਾਲਾ ਪਾਣੀ। ਇਸ ਤੋਂ ਬਾਅਦ ਪਿਆਸ ਮਹਿਸੂਸ ਹੋਣ 'ਤੇ ਸ਼ੁੱਧ ਪਾਣੀ।
ਜ਼ਿਆਦਾ ਪਾਣੀ ਦੇ ਨੁਕਸਾਨ
ਸਿਹਤ ਮਾਹਿਰ ਮੰਨਦੇ ਹਨ ਕਿ ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਗੁਰਦਿਆਂ 'ਤੇ ਜ਼ਿਆਦਾ ਦਬਾਅ ਪੈ ਸਕਦਾ ਹੈ, ਜੋ ਨੁਕਸਾਨਦਾਇਕ ਹੈ। ਲੋੜ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਵਿਚ ਮੌਜੂਦ ਉਹ ਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਨ੍ਹਾਂ ਨਾਲ ਖਾਣਾ ਪਚਦਾ ਹੈ। ਨਤੀਜੇ ਵਜੋਂ ਖਾਣਾ ਦੇਰ ਨਾਲ ਪਚਣ ਲਗਦਾ ਹੈ। ਕਈ ਵਾਰ ਖਾਣਾ ਠੀਕ ਤਰ੍ਹਾਂ ਪਚਦਾ ਹੀ ਨਹੀਂ।

ਸਿਹਤ ਖ਼ਬਰਨਾਮਾ

ਹਾਨੀਕਾਰਕ ਬੈਕਟੀਰੀਆ ਨੂੰ ਨਸ਼ਟ ਕਰਦੀ ਹੈ ਬ੍ਰੋਕਲੀ

ਹਾਲ ਹੀ ਵਿਚ ਹੋਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਬ੍ਰੋਕਲੀ ਵਿਚ ਇਕ ਅਜਿਹਾ ਤੱਤ ਪਾਇਆ ਗਿਆ ਹੈ, ਜੋ ਉਸ ਬੈਕਟੀਰੀਆ ਨੂੰ ਨਸ਼ਟ ਕਰਦਾ ਹੈ, ਜੋ ਪੇਟ ਦੇ ਕੈਂਸਰ ਦਾ ਕਾਰਨ ਹੈ। ਪੇਟ ਦੇ ਕੈਂਸਰ ਦਾ ਇਕ ਕਾਰਨ ਹੇਲਿਕੋਬੇਕਟਰ ਪਾਇਲੋਰੀ ਬੈਕਟੀਰੀਆ ਵੀ ਹੈ ਅਤੇ ਇਸ ਬੈਕਟੀਰੀਆ ਨੂੰ ਨਸ਼ਟ ਕਰਨ ਵਿਚ ਬ੍ਰੋਕਲੀ ਦਾ ਸੇਵਨ ਲਾਭਦਾਇਕ ਹੈ। ਵੈਸੇ ਤਾਂ ਅਜਿਹੇ ਐਂਟੀਬਾਇਓਟਿਕਸ ਨੂੰ ਨਸ਼ਟ ਕਰਦੇ ਸਮੇਂ ਚੰਗੇ ਬੈਕਟੀਰੀਆ ਨੂੰ ਵੀ ਪਚਾਉਣ ਵਿਚ ਸਹਾਇਕ ਹੁੰਦੇ ਹਨ। ਇਸ ਲਈ ਹੁਣ ਬਾਲਟੀਮੋਰ ਵਿਚ ਜਾਂਸ ਹਾਪਿਕੰਸ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਦ ਫਰੈਂਚ ਨੈਸ਼ਨਲ ਸਾਇੰਟਿਫਿਕ ਰਿਸਰਚ ਸੈਂਟਰ ਦੇ ਮਾਹਿਰਾਂ ਦੀ ਟੀਮ ਇਹ ਦੇਖਣ ਲੱਗੀ ਹੈ ਕਿ ਇਸ ਬੈਕਟੀਰੀਆ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਸਿਰਫ ਬ੍ਰੋਕਲੀ ਦੇ ਸੇਵਨ ਨਾਲ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਸ ਖੋਜ ਦੇ ਮਾਹਿਰ ਜੈੱਡ ਫੇਹੇ ਅਨੁਸਾਰ ਦੱਖਣੀ ਅਮਰੀਕਾ, ਏਸ਼ੀਆ ਅਤੇ ਅਫਰੀਕਾ ਦੇ ਕੁਝ ਭਾਗਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਇਸ ਬੈਕਟੀਰੀਆ ਦੇ ਇਨਫੈਕਸ਼ਨ ਤੋਂ ਪੀੜਤ ਹਨ।
ਪ੍ਰੋਟੀਨ ਦੀ ਸੀਮਤ ਮਾਤਰਾ ਦਾ ਸੇਵਨ ਜ਼ਰੂਰੀ ਹੈ

ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਭੋਜਨ ਵਿਚ 30 ਫੀਸਦੀ ਪ੍ਰੋਟੀਨ, 50 ਫੀਸਦੀ ਕਾਰਬੋਹਾਈਡ੍ਰੇਟ ਅਤੇ 20 ਫੀਸਦੀ ਚਰਬੀ ਲੈਣੀ ਸਹੀ ਹੈ। ਭੋਜਨ ਵਿਚ ਪ੍ਰੋਟੀਨ ਦੀ ਏਨੀ ਮਾਤਰਾ ਭਾਰ ਕਾਬੂ ਤਾਂ ਰੱਖਦੀ ਹੀ ਹੈ, ਨਾਲ ਹੀ ਸ਼ੂਗਰ, ਤਣਾਅ, ਕੈਂਸਰ ਅਤੇ ਦਿਲ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਨਾਲ ਲੜਨ ਵਿਚ ਵੀ ਸਹਾਇਕ ਸਿੱਧ ਹੁੰਦੀ ਹੈ ਪਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਹੁਤ ਜ਼ਿਆਦਾ ਪ੍ਰੋਟੀਨ ਅਤੇ ਬਹੁਤ ਜ਼ਿਆਦਾ ਕਾਰਬੋਹਾਈਡ੍ਰੇਟ ਲੈਣਾ ਠੀਕ ਨਹੀਂ ਹੈ। ਭੋਜਨ ਵਿਚ ਵੱਖ-ਵੱਖ ਤਰ੍ਹਾਂ ਦੇ ਤੱਤ ਲੈਣੇ ਚਾਹੀਦੇ ਹਨ, ਜਿਸ ਨਾਲ ਵਿਚ ਪੋਸ਼ਕ ਤੱਤਾਂ ਦੀ ਲੋੜ ਦੀ ਪੂਰਤੀ ਹੋ ਸਕੇ। ਇਸ ਲਈ ਅਨਾਜ, ਚੌਲ, ਫਲਾਂ, ਸਬਜ਼ੀਆਂ ਨਾਲ ਡੇਅਰੀ ਉਤਪਾਦਾਂ ਅਤੇ ਪ੍ਰੋਟੀਨ ਦੀ ਮਾਤਰਾ ਸੀਮਤ ਲੈਣੀ ਚਾਹੀਦੀ ਹੈ। ਸਾਡੇ ਸਰੀਰ ਨੂੰ ਅਨੁਮਾਨਤ 50 ਫੀਸਦੀ ਕੈਲੋਰੀ ਕਾਰਬੋਹਾਈਡ੍ਰੇਟਸ ਤੋਂ ਮਿਲਣੀ ਚਾਹੀਦੀ ਹੈ, 30 ਫੀਸਦੀ ਤੋਂ ਘੱਟ ਚਰਬੀ ਤੋਂ ਅਤੇ ਬਾਕੀ ਪ੍ਰੋਟੀਨ ਤੋਂ। ਜੇ ਤੁਸੀਂ ਭਾਰ ਘੱਟ ਕਰ ਰਹੇ ਹੋ ਤਾਂ ਜਿੰਨੀ ਕੈਲੋਰੀ ਤੁਸੀਂ ਖਰਚ ਸਕਦੇ ਹੋ, ਉਸ ਤੋਂ ਘੱਟ ਦਾ ਸੇਵਨ ਕਰੋ ਅਤੇ ਨਾਲ ਹੀ ਕਸਰਤ ਜ਼ਰੂਰ ਕਰੋ। ਤਾਂ ਹੀ ਤੁਸੀਂ ਭਾਰ ਘੱਟ ਕਰ ਸਕੋਗੇ ਅਤੇ ਚੰਗੀ ਸਿਹਤ ਪਾ ਸਕੋਗੇ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX