ਤਾਜਾ ਖ਼ਬਰਾਂ


ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  2 minutes ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  8 minutes ago
ਤਿਰੂਵਨੰਤਪੁਰਮ, 23 ਅਗਸਤ- ਤਾਮਿਲਨਾਡੂ 'ਚ ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਗੁਆਂਢੀ ਸੂਬੇ ਕੇਰਲ ਦੇ ਸਾਰੇ ਜ਼ਿਲ੍ਹਿਆਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਰਲ ਦੇ ਡੀ. ਜੀ. ਪੀ. ਲੋਕਨਾਥ....
ਹੜ੍ਹ ਪੀੜਤਾਂ ਲਈ ਬਾਘਾ ਪੁਰਾਣਾ ਤੋਂ ਰਾਸ਼ਨ ਸਮਗਰੀ ਰਵਾਨਾ
. . .  10 minutes ago
ਬਾਘਾ ਪੁਰਾਣਾ, 23 ਅਗਸਤ (ਬਲਰਾਜ ਸਿੰਗਲਾ) - ਪੰਜਾਬ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਸਹਾਇਤਾ ....
ਮੂਡੀਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ
. . .  20 minutes ago
ਨਵੀਂ ਦਿੱਲੀ, 23 ਅਗਸਤ- ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਸਾਲ 2019 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 6.2 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਭਾਰਤੀ ਅਰਥ ਵਿਵਸਥਾ ਦੇ 6.8 ਫ਼ੀਸਦੀ ਦੀ ਦਰ ਤੋਂ ਅੱਗੇ ਵਧਣ...
ਬੀਬਾ ਬਾਦਲ ਨੇ ਹੜ੍ਹ ਪੀੜਤਾਂ ਲਈ ਤਕਸੀਮ ਕਰਵਾਏ ਰਾਸ਼ਨ ਦੇ 7 ਟਰੱਕ
. . .  22 minutes ago
ਸੁਲਤਾਨਪੁਰ ਲੋਧੀ, 23 ਅਗਸਤ (ਥਿੰਦ, ਹੈਪੀ, ਲਾਡੀ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ...
ਵੈਨ 'ਤੇ ਪਲਟਿਆ ਟੈਂਕਰ, ਅੱਠ ਲੋਕਾਂ ਦੀ ਮੌਤ
. . .  38 minutes ago
ਜੈਪੁਰ, 23 ਅਗਸਤ- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਅੱਜ ਦੁਪਹਿਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਜ਼ਿਲ੍ਹਾ ਐੱਸ. ਪੀ. ਭੁਵਨ ਭੂਸ਼ਨ ਨੇ ਦੱਸਿਆ ਕਿ ਚਾਰਭੁਜਾ ਥਾਣਾ ਖੇਤਰ...
ਖੱਡ 'ਚ ਡਿੱਗੀ ਮਨੀਮਹੇਸ਼ ਜਾ ਰਹੇ ਸ਼ਰਧਾਲੂਆਂ ਦੀ ਗੱਡੀ, 2 ਮੌਤਾਂ
. . .  43 minutes ago
ਡਮਟਾਲ, 23 ਅਗਸਤ (ਰਾਕੇਸ਼ ਕੁਮਾਰ)- ਮਨੀ ਮਹੇਸ਼ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਦੇ ਖੱਡ 'ਚ ਡਿੱਗਣ ਕਾਰਨ 2 ਸ਼ਰਧਾਲੂਆਂ ਦੀ ਮੌਤ...
ਈ. ਡੀ. ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਗੋਇਲ ਦੇ ਦਿੱਲੀ ਅਤੇ ਮੁੰਬਈ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ
. . .  57 minutes ago
ਨਵੀਂ ਦਿੱਲੀ, 23 ਅਗਸਤ- ਫ਼ੌਰਨ ਐਕਸਚੇਂਜ ਮੈਨੇਜਮੈਂਟ ਐਕਟ (ਐੱਫ. ਈ. ਐੱਮ. ਏ.) ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੇ ਟਿਕਾਣਿਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਤਲਾਸ਼ੀ ਮੁਹਿੰਮ...
ਅਸੀਂ ਚੁਨੌਤੀਆਂ ਦਾ ਸਾਹਮਣਾ ਗੱਲਾਂ ਨਾਲ ਨਹੀਂ, ਸਗੋਂ ਠੋਸ ਕਾਰਵਾਈ ਨਾਲ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  59 minutes ago
ਨਵੀਂ ਦਿੱਲੀ, 23 ਅਗਸਤ- ਜੀ 7 ਸੰਮੇਲਨ ਦੇ ਲਈ ਫਰਾਂਸ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੋਂ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨਾਲ ਦੁਵੱਲੀ ਮੁਲਾਕਾਤ...
ਭਾਜਪਾ ਅਤੇ ਅਕਾਲੀ ਦਲ ਵਲੋਂ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 23 ਅਗਸਤ- ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹ ਧਾਰਾ 370 ਨੂੰ...
ਹੋਰ ਖ਼ਬਰਾਂ..

ਲੋਕ ਮੰਚ

ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਕਦਰ ਜ਼ਰੂਰੀ

ਵਾਤਾਵਰਨ ਦਿਵਸ ਤੋਂ ਅਗਲੀ ਸਵੇਰ ਜਿਉਂ ਹੀ ਅਖ਼ਬਾਰ ਪੜ੍ਹਿਆ ਛੋਟੇ-ਛੋਟੇ ਬੂਟਿਆਂ ਨਾਲ ਵੱਖ-ਵੱਖ ਵਿਦਿਆਰਥੀਆਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੇਖ ਇਕ ਵਾਰ ਤਾਂ ਇੰਜ ਲੱਗਿਆ ਕਿ ਲੋਕ ਆਲਮੀ ਤਪਸ਼ ਨੂੰ ਘੱਟ ਕਰਨ ਲਈ ਕਾਫ਼ੀ ਜਾਗਰੂਕ ਹੋ ਰਹੇ ਨੇ। ਪਰ ਜੇਕਰ ਲੋਕ ਏਨੇ ਹੀ ਚੌਕਸ ਨੇ ਫਿਰ ਹੁਣ ਨੂੰ ਤਾਂ ਪੂਰਾ ਪੰਜਾਬ ਹਰਿਆ-ਭਰਿਆ ਹੋ ਜਾਣਾ ਸੀ। ਆਪਣੇ ਵਲ ਜ਼ਰਾ ਝਾਤ ਮਾਰਿਓ ਕਿਤੇ ਅਸੀਂ ਤਸਵੀਰਾਂ ਖਿਚਵਾਉਣ ਤੱਕ ਹੀ ਤਾਂ ਸੀਮਤ ਨਹੀਂ? ਕੋਈ ਸਮਾਂ ਸੀ ਜਦ ਪੇਂਡੂ ਲੋਕਾਂ ਦੀਆਂ ਸਿਖ਼ਰ ਦੁਪਹਿਰਾਂ ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਥੱਲੇ ਬੀਤਦੀਆਂ ਸੀ, ਪਰ ਹੁਣ ਬਨਾਉਟੀ ਏ. ਸੀ. ਕਮਰਿਆਂ ਦੀਆਂ ਠੰਢੀਆਂ ਹਵਾਵਾਂ ਖ਼ੂਨ ਜਮਾਈ ਰੱਖਦੀਆਂ ਨੇ। ਲੋਕਾਂ ਵਿਚ ਸਹਿਣ ਦੇ ਮਾਦੇ ਨਹੀਂ ਰਹੇ। ਰੁੱਖਾਂ ਨੇ ਸਿਖ਼ਰ ਦਪਹਿਰਾਂ ਦੀਆਂ ਧੁੱਪਾਂ, ਹਾੜ੍ਹੀ-ਸਾਉਣੀ ਦੇ ਨਾੜ ਦੀਆਂ ਅੱਗਾਂ ਦੀ ਤਪਸ਼ ਨੂੰ ਆਪਣੇ ਮਲੂਕ ਪਿੰਡਿਆਂ 'ਤੇ ਸਹਿ ਅਤੇ ਜ਼ਹਿਰੀਲਾ ਪਾਣੀ ਪੀ ਸਾਨੂੰ ਸਿਰ ਲੁਕਾਉਣ ਲਈ ਛਾਂ ਅਤੇ ਪੀਣ ਲਈ ਅੰਮ੍ਰਿਤ ਵਰਗਾ ਪਾਣੀ, ਸ਼ੁੱਧ-ਸਾਫ਼ ਹਵਾ ਸਾਨੂੰ ਦਿੱਤੀ ਪਰ ਅਸੀਂ ਅਹਿਸਮਾਨਫ਼ਰਮੋਸ਼ ਹੋ ਰੁੱਖਾਂ ਵਲੋਂ ਮੂੰਹ ਫੇਰ ਭੱਜੇ ਫਿਰ ਰਹੇ ਹਾਂ। ਸਮੁੱਚੀ ਕਾਇਨਾਤ ਵਿਚ ਆਪਣੇ-ਆਪ ਨੂੰ ਸਭ ਤੋਂ ਸਿਆਣਾ ਸਮਝਣ ਦਾ ਭੁਲੇਖਾ ਪਾਲੀ ਬੈਠੇ ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਰੁੱਖਾਂ ਦੀ ਹੋਂਦ ਤੋਂ ਬਗ਼ੈਰ ਗੁਜ਼ਾਰਾ ਨਹੀਂ। ਪੰਜਾਬ 'ਚ ਲੋਕ ਇਸ ਵਿਸ਼ੇ 'ਤੇ ਕਾਫ਼ੀ ਚਿੰਤਤ ਤਾਂ ਨੇ ਪਰ ਅਸੀਂ ਮੁਫ਼ਤ 'ਚ ਕੁਝ ਵੀ ਕਰਨ ਨੂੰ ਤਿਆਰ ਨਹੀਂ। ਵਾਤਾਵਰਨ ਬਚਾਉਣ ਲਈ ਕਿਸੇ ਸੰਸਥਾ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਸਮੂਹ ਕਿਸਾਨ ਵਰਗ ਅਤੇ ਹੋਰ ਜਿਨ੍ਹਾਂ ਨੂੰ ਸਬਸਿਡੀ ਤਹਿਤ ਮੁਫ਼ਤ ਬਿਜਲੀ ਦੀ ਸਹੂਲਤ ਹੈ, ਉਨ੍ਹਾਂ ਵਾਸਤੇ ਦਸ-ਦਸ ਬੂਟੇ ਲਗਾਉਣਾ ਤੇ ਪਾਲਣਾ ਲਾਜ਼ਮੀ ਕੀਤਾ ਜਾਵੇ। ਸਾਡੀ ਵਾਤਾਵਰਨ ਪ੍ਰਤੀ ਸੋਚ ਏਨੀ ਕੁ ਗੰਧਲੀ ਹੋ ਚੁੱਕੀ ਹੈ, ਅਸੀਂ ਆਪਣੇ ਨਿੱਜੀ ਮੁਨਾਫ਼ੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਰੁੱਖਾਂ ਦੇ ਹਾਉਕਿਆਂ ਨੂੰ ਸੁਣਨ ਲਈ ਸਾਡੇ ਕੋਲ ਵਕਤ ਨਹੀਂ। ਬਰਸਾਤ ਦਾ ਮੌਸਮ ਸਾਡੇ ਬੂਹਿਆਂ ਦੀ ਕਗਾਰ 'ਤੇ ਹੈ। ਉਂਝ ਤਾਂ ਰੁੱਖ ਭਾਵੇਂ ਸਾਰਾ ਸਾਲ ਲਾਏ ਜਾ ਸਕਦੇ ਨੇ ਪਰ ਬਰਸਾਤ ਦਾ ਮੌਸਮ ਸਭ ਤੋਂ ਢੁਕਵਾਂ ਹੈ ਕਿਉਂਕਿ ਪਾਣੀ ਦੀ ਘਾਟ ਨਹੀਂ ਹੁੰਦੀ। ਰੁੱਖਾਂ ਨਾਲ ਬਹੁਤ ਸਾਰੇ ਪਸ਼ੂ-ਪੰਛੀਆਂ ਦਾ ਜੀਵਨ ਪੰਧ ਜੁੜਿਆ ਹੋਇਆ ਹੈ। ਪੰਛੀਆਂ ਨੇ ਆਪਣੇ ਹੱਕਾਂ ਲਈ ਕੋਈ ਬਗ਼ਾਵਤ, ਧਰਨਾ ਸਾਡੇ ਵਾਂਗ ਨਹੀਂ ਦਿੱਤਾ ਫਿਰ ਵੀ ਅਸੀਂ ਉਨ੍ਹਾਂ ਦੀ ਖਾਮੋਸ਼ੀ ਨੂੰ ਸਮਝ ਨਹੀਂ ਰਹੇ। ਰੁੱਖਾਂ ਦੇ ਵਿਲੱਖਣ ਸੰਸਾਰ ਬਿਨਾਂ ਸਾਡੀ ਜ਼ਿੰਦਗੀ ਵੀਰਾਨ ਹੈ। ਕਈ ਸਮਾਜ ਸੇਵੀ ਸੰਸਥਾਵਾਂ ਦੁਆਰਾ ਵੰਡੇ ਜਾ ਰਹੇ ਪੌਦਿਆਂ ਨੂੰ ਬੜੇ ਚਾਵਾਂ ਨਾਲ ਲੈ ਤਾਂ ਲੈਂਦੇ ਹਾਂ ਪਰ ਬਾਅਦ ਵਿਚ ਅਸੀਂ ਫਿਰ ਲਾਪ੍ਰਵਾਹੀ ਵਰਤਦੇ ਹਾਂ। ਉਹ ਪੌਦਾ ਪਾਣੀ ਬਿਨਾਂ ਸੁੱਕ-ਸੁੱਕ ਮਰਦਾ ਹੈ। ਤੇਜ਼ੀ ਨਾਲ ਪਲੀਤ ਹੋ ਰਹੇ ਵਾਤਾਵਰਨ ਨੂੰ ਅਤੇ ਆਪਣੇ ਆਪ ਨੂੰ ਜੇਕਰ ਥੋੜ੍ਹਾ ਬਹੁਤਾ ਨਿਰੋਗ ਰੱਖਣਾ ਚਾਹੁੰਦੇ ਹੋ ਤਾਂ ਰੁੱਖਾਂ ਨਾਲ ਜ਼ਰੂਰ ਮੁਹੱਬਤ ਕਰੋ। ਆਓ! ਅਮਲਤਾਸ ਦੇ ਖਿੜ੍ਹੇ ਹੋਏ ਸੁਗੰਧਤ ਫੁੱਲਾਂ ਵਰਗੇ ਰਸੂਖ਼ਵਾਨ ਦੋਸਤੋ, ਇਸ ਬਰਸਾਤ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਾ ਮਾਨਵਤਾ ਦੀ ਭਲਾਈ ਭਰੇ ਕਾਰਜ ਵਿਚ ਆਪਣਾ ਯੋਗਦਾਨ ਪਾਓ ਤਾਂ ਕਿ ਆਉਂਦੀਆਂ ਨਸਲਾਂ ਆਪਣੇ ਪੂਰਵਜਾਂ 'ਤੇ ਫ਼ਖਰ ਮਹਿਸੂਸ ਕਰਨ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 98156-88236.


ਖ਼ਬਰ ਸ਼ੇਅਰ ਕਰੋ

ਕਿਵੇਂ ਮਿਲੇ ਪੰਜਾਬ ਨੂੰ ਸਸਤੀ ਬਿਜਲੀ?

ਪੰਜਾਬ ਵਿਚ ਬਿਜਲੀ ਸਾਰੇ ਦੇਸ਼ ਨਾਲੋਂ ਮਹਿੰਗੀ ਹੈ। ਹੁਣੇ ਜਿਹੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ 'ਚ 2.14 ਫ਼ੀਸਦੀ ਵਾਧਾ ਕੀਤਾ ਹੈ। ਬਿਜਲੀ ਦੀ ਔਸਤ ਦਰ 6.53 ਪ੍ਰਤੀ ਯੂਨਿਟ ਤੋਂ 6.63 ਰੁਪਏ ਹੋ ਗਈ ਹੈ। ਇਸ ਤੋਂ ਬਿਨਾਂ ਬਿਜਲੀ ਡਿਊਟੀ, ਗਊ ਸੈੱਸ, ਬੁਨਿਆਦੀ ਢਾਂਚਾ ਆਦਿ। 35 ਪੈਸੇ ਪ੍ਰਤੀ ਯੂਨਿਟ ਬੋਝ ਪਵੇਗਾ ਤੇ ਇਹ ਦਰ 7.98 ਰੁਪਏ ਪ੍ਰਤੀ ਯੂਨਿਟ ਹੋ ਜਾਵੇਗੀ। ਬਿਜਲੀ ਸਸਤੀ ਮਿਲਣ ਲਈ ਕੁਝ ਕੁ ਸੁਝਾਅ ਪੇਸ਼ ਕੀਤੇ ਜਾਂਦੇ ਹਨ : ਕਾਰਪੋਰੇਸ਼ਨ ਵਲੋਂ ਸਮੇਂ-ਸਮੇਂ ਸਿਰ ਤਕਨਾਲੋਜੀ ਅਪਗ੍ਰੇਡ ਕੀਤੀ ਜਾਵੇ। ਥਰਮਲ ਪਲਾਂਟਾਂ ਵਿਚ ਕੋਲੇ ਦੀ ਘੱਟ ਖਪਤ ਕਰਨ ਵਾਲੇ ਸੁਪਰ ਕਰਿਟੀਕਲ ਤਕਨਾਲੋਜੀ ਵਰਤੀ ਜਾਵੇ, ਜਿਵੇਂ ਪ੍ਰਾਈਵੇਟ ਖੇਤਰ ਦੇ ਪਲਾਂਟ ਵਰਤਦੇ ਹਨ। ਪਾਵਰ ਕਾਰਪੋਰੇਸ਼ਨ ਵਲੋਂ ਵੱਡੀ ਪੱਧਰ 'ਤੇ ਸੋਲਰ ਪਾਵਰ ਪਲਾਂਟ ਲਗਾਏ ਜਾਣ। ਰਹਿੰਦੇ ਖਪਤਕਾਰਾਂ ਦੇ ਮੀਟਰ ਘਰਾਂ ਤੋਂ ਬਾਹਰ ਕੱਢੇ ਜਾਣ। ਖਰਾਬ ਤੇ ਸੜੇ ਹੋਏ ਮੀਟਰਾਂ ਨੂੰ ਬਿਨਾਂ ਦੇਰੀ ਬਦਲਿਆ ਜਾਵੇ। ਪਿਛਵਾੜਾ ਕੋਲੇ ਦੀ ਖਾਣ ਚਾਲੂ ਕਰ ਕੇ ਕੋਲਾ ਸਸਤਾ ਮਿਲਣ ਕਰਕੇ ਬਿਜਲੀ ਦੀਆਂ ਕੀਮਤਾਂ ਘਟਣਗੀਆਂ। ਬੰਦ ਪਏ ਥਰਮਲ ਪਲਾਂਟਾਂ ਤੋਂ ਸਿੱਖਿਅਤ ਮੁਲਾਜ਼ਮਾਂ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ। ਪੰਜਾਬ ਸਰਕਾਰ ਉਦੈ ਸਕੀਮ ਅਧੀਨ ਬਿਜਲੀ ਵਿਭਾਗ ਨੂੰ ਗ੍ਰਾਂਟ ਦੇਵੇ ਤੇ ਇਕਿਊਟੀ ਦੇ ਤੌਰ 'ਤੇ ਹਿੱਸਾ ਪਾਵੇ। ਵੱਡੇ ਜ਼ਿਮੀਂਦਾਰਾਂ ਤੇ ਸਨਅਤਕਾਰਾਂ ਦੀ ਸਬਸਿਡੀ ਬੰਦ ਕਰਨ ਨਾਲ ਸਰਕਾਰ 'ਤੇ ਬੋਝ ਘਟੇਗਾ ਤੇ ਬਿਜਲੀ ਸਸਤੀ ਮਿਲੇਗੀ। ਪੰਜਾਬ ਨੂੰ ਲੰਬੇ ਸਮੇਂ ਤੋਂ ਆਪਣੇ ਪਾਣੀਆਂ 'ਤੇ ਪਣ ਬਿਜਲੀ ਪ੍ਰਾਜੈਕਟਾਂ ਦਾ ਕੰਟਰੋਲ ਦਿੱਤਾ ਜਾਵੇ। ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਖ਼ਤਮ ਕੀਤੇ ਜਾਣ ਤੇ ਹਰ ਸਾਲ ਜਾਂਦਾ 1300 ਕਰੋੜ ਰੁਪਿਆ ਬਚਾਇਆ ਜਾਵੇ। ਹਰ ਸਾਲ ਹੁੰਦੀ 800 ਕਰੋੜ ਰੁਪਏ ਦੀ ਬਿਜਲੀ ਚੋਰੀ ਰੋਕਣ ਦੇ ਕਾਰਗਰ ਢੰਗ ਅਪਣਾਏ ਜਾਣ। ਜਲਖੇੜੀ ਪਾਵਰ ਪਲਾਂਟ ਜੋ ਪਰਾਲੀ ਨਾਲ ਚਲਦਾ ਹੈ, ਸਸਤੀ ਬਿਜਲੀ ਪੈਦਾ ਕਰਦਾ ਹੈ। ਇਸ ਨੇ 80 ਹਜ਼ਾਰ ਮੀਟ੍ਰਿਕ ਟਨ ਪਰਾਲੀ ਵਰਤ ਕੇ 56940 ਲੱਖ ਯੂਨਿਟ ਬਿਜਲੀ ਪੈਦਾ ਕਰਨੀ ਹੈ। ਅਜਿਹੇ ਹੋਰ ਪਲਾਂਟ ਲਾਏ ਜਾਣ, ਨਾਲੇ ਪਰਾਲੀ ਦੀ ਸੁਚੱਜੀ ਸੰਭਾਲ ਹੋ ਸਕੇਗੀ। ਸੋ ਜੇਕਰ ਪੰਜਾਬ ਸਰਕਾਰ ਉੱਪਰ ਦੱਸੇ ਸੁਝਾਵਾਂ 'ਤੇ ਅਮਲ ਕਰੇ ਤਾਂ ਪੰਜਾਬ ਵਿਚ ਵੀ ਬਿਜਲੀ ਸਭ ਤੋਂ ਮਹਿੰਗੀ 10.44 ਪੈਸੇ ਪ੍ਰਤੀ ਯੂਨਿਟ ਹੈ, ਚੰਡੀਗੜ੍ਹ ਦੀ ਦਰ 4.36 ਪੈਸੇ ਪ੍ਰਤੀ ਯੂਨਿਟ ਦੀ ਦਰ 'ਤੇ ਲਿਆਂਦੀ ਜਾ ਸਕਦੀ ਹੈ।

-ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਲੁਧਿਆਣਾ-142027.

ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਮਾਤਾ-ਪਿਤਾ ਦਾ ਸਤਿਕਾਰ

ਜਿੰਨਾ ਪਿਆਰ ਮਾਂ-ਬਾਪ ਨੇ ਦਿੱਤਾ ਓਨਾ ਪਿਆਰ ਕਿਸੇ ਰਿਸ਼ਤੇਦਾਰ ਕੋਲੋਂ ਵੀ ਨਹੀ ਮਿਲਣਾ। ਅੱਜ ਦੇ ਸਮੇਂ ਵਿਚ ਜੋ ਵੀ ਬਜ਼ੁਰਗ ਬੈਠੇ ਹਨ, ਉਹ ਗੁਣਾਂ ਦਾ ਖਜ਼ਾਨਾ ਹਨ। ਜੋ ਇਨਸਾਨ ਬਜ਼ੁਰਗਾਂ ਦਾ ਸਤਿਕਾਰ ਕਰਦਾ ਹੈ, ਉਨ੍ਹਾਂ ਦੀ ਹਰ ਇਕ ਜ਼ਰੂਰਤ ਨੂੰ ਪੂਰਾ ਕਰਦਾ, ਉਸ ਇਨਸਾਨ ਦੇ ਅੰਦਰ ਉਨ੍ਹਾਂ ਬਜ਼ੁਰਗਾਂ ਦੇ ਸੰਸਕਾਰ ਜਮ੍ਹਾਂ ਹੋ ਜਾਂਦੇ ਹਨ। ਸਾਰੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਮਾਤਾ-ਪਿਤਾ ਨੇ ਦਿਨ-ਰਾਤ ਇਕ ਕਰ ਕੇ ਸਾਨੂੰ ਕਿਵੇਂ ਪਾਲਿਆ, ਪਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਮਾਤਾ-ਪਿਤਾ ਨੂੰ ਹੀ ਅੱਖਾਂ ਕੱਢਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਮਾਤਾ-ਪਿਤਾ ਦੀ ਬਦੌਲਤ ਹੀ ਇਸ ਦੁਨੀਆ 'ਤੇ ਆਏ ਹਾਂ ਅਤੇ ਇਹ ਰੰਗ-ਬਿਰੰਗੀ ਦੁਨੀਆ ਦੇਖ ਰਹੇ ਹਾਂ। ਇਹ ਸਭ ਮਾਤਾ-ਪਿਤਾ ਦੀ ਹੀ ਬਦੌਲਤ ਹੈ। ਜਿਨ੍ਹਾਂ ਮਾਤਾ- ਪਿਤਾ ਨੇ ਚਾਰ ਬੱਚਿਆਂ ਨੂੰ ਪਾਲਿਆ ਪਰ ਅੱਜ ਉਹ ਚਾਰ ਬੱਚੇ ਇਕ ਮਾਂ-ਬਾਪ ਨੂੰ ਨਹੀਂ ਸਾਂਭ ਸਕਦੇ। ਅੱਜਕਲ੍ਹ ਅਨਾਥ ਆਸ਼ਰਮ ਦੇ ਵਿਚ ਬਜ਼ੁਰਗ ਮਾਤਾ-ਪਿਤਾ ਰਹਿ ਰਹੇ ਹਨ, ਕਿੰਨੀ ਸ਼ਰਮ ਦੀ ਗੱਲ ਹੈ। ਹਰੇਕ ਮਾਤਾ-ਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਸਾਡਾ ਬੱਚਾ ਵਧੀਆ ਮਾਰਗ ਉੱਤੇ ਚੱਲੇ। ਮੰਦਿਰ, ਗੁਰਦੁਆਰੇ ਰੋਜ਼ ਜਾਣਾ ਪਰ ਮਾਤਾ-ਪਿਤਾ ਨੂੰ ਪੁੱਛਣਾ ਨਹੀਂ, ਉਸ ਇਨਸਾਨ ਦਾ ਮੰਦਿਰ, ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ। ਜੋ ਇਨਸਾਨ ਮਾਤਾ-ਪਿਤਾ ਦੀ ਸੇਵਾ ਕਰਦਾ, ਸਤਿਕਾਰ ਕਰਦਾ, ਇਕ ਦਿਨ ਪਰਮਾਤਮਾ ਨੇ ਉਸ ਨੂੰ ਫਲ ਜ਼ਰੂਰ ਦੇਣਾ ਹੈ। ਜੋ ਇਨਸਾਨ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ, ਉਨ੍ਹਾਂ ਬਜ਼ੁਰਗਾਂ ਦੇ ਜਾਣ ਮਗਰੋਂ, ਸਾਰੀ ਉਮਰ ਇਨਸਾਨ ਦੇ ਮਨ ਅੰਦਰ ਪਛਤਾਵਾ ਬਣਿਆ ਰਹਿੰਦਾ ਹੈ। ਕਈ ਲੋਕ ਅਜਿਹੇ ਹਨ ਜੋ ਮਾਤਾ-ਪਿਤਾ ਤੋਂ ਅੱਕ ਜਾਂਦੇ ਹਨ। ਮੈਂ ਇਕ ਨੌਜਵਾਨ ਨੂੰ ਜਾਣਦਾ ਹਾਂ ਜੋ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਨੂੰ ਨਹੀਂ ਬੁਲਾ ਰਿਹਾ ਅਤੇ ਆਪਣੀਆਂ ਦੋ ਧੀਆਂ ਦੇ ਵਿਆਹ ਉੱਤੇ ਵੀ ਆਪਣੇ ਪਿਤਾ ਨੂੰ ਨਹੀਂ ਬੁਲਾਇਆ। ਦੱਸੋ, ਉਸ ਪਿਤਾ ਦੀ ਆਤਮਾ ਕੀ ਕਹਿੰਦੀ ਹੋਊ। ਜੋ ਔਲਾਦ ਮਾਤਾ-ਪਿਤਾ ਦੀ ਆਤਮਾ ਨੂੰ ਦੁਖੀ ਕਰਦੀ ਹੈ, ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦੀ। ਅਸੀਂ ਆਪਣੇ ਵਲੋਂ ਮਾਤਾ-ਪਿਤਾ ਸੇਵਾ ਕਰ ਸਕਦੇ ਹਾਂ, ਉਨ੍ਹਾਂ ਦਾ ਇਲਾਜ ਕਰਵਾ ਸਕਦੇ ਹਾਂ, ਪਰ ਜਦੋਂ ਮੁਕੱਦਰ ਹਾਰ ਜਾਏ, ਅਸੀਂ ਕੁਝ ਨਹੀਂ ਕਰ ਸਕਦੇ। ਜਦ ਕੋਈ ਪਰਿਵਾਰ ਦਾ ਜੀਅ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਤਾਂ ਉਸ ਦੀ ਜੀਅ ਦੀ ਘਾਟ ਬਾਅਦ ਵਿਚ ਪਤਾ ਚੱਲਦੀ ਹੈ, ਉਹ ਘਾਟ ਸਾਰੀ ਉਮਰ ਪੂਰੀ ਨਹੀਂ ਹੁੰਦੀ।

-ਵਿਦਿਆਰਥੀ (ਬੀ.ਬੀ.ਏ.), ਮੁੱਲਾਂਪੁਰ ਮੰਡੀ (ਲੁਧਿਆਣਾ)। ਮੋਬਾਈਲ : 81958-86787

ਕੁਦਰਤੀ ਜਲ ਸਰੋਤਾਂ ਨੂੰ ਤੇਜ਼ੀ ਨਾਲ ਪਲੀਤ ਕਰ ਰਹੀਆਂ ਹਨ ਸਨਅਤੀ ਇਕਾਈਆਂ

ਇਕ ਸਿਹਤਮੰਦ ਵਿਅਕਤੀ ਲਈ ਸਾਫ਼ ਅਤੇ ਸਵੱਛ ਪਾਣੀ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਸਾਫ਼-ਸੁਥਰੀ ਹਵਾ ਦੀ। ਧਰਤੀ ਦਾ 70 ਫ਼ੀਸਦੀ ਹਿੱਸਾ ਪਾਣੀ ਅਤੇ 30 ਫ਼ੀਸਦੀ ਹਿੱਸਾ ਜ਼ਮੀਨ ਹੈ। ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਇਸ 'ਤੇ ਪ੍ਰਦੂਸ਼ਣ ਦੀ ਮਾਰ ਵੀ ਘੱਟ ਨਹੀਂ ਹੈ। ਪਾਣੀ ਨੂੰ ਪ੍ਰਦੂਸ਼ਣ ਕਰਨ ਲਈ ਸਾਡੀਆਂ ਫੈਕਟਰੀਆਂ ਅਤੇ ਕਾਰਖਾਨੇ ਸਭ ਤੋਂ ਵੱਧ ਜ਼ਿੰਮੇਵਾਰ ਹਨ। ਸਾਡੇ ਦੇਸ਼ ਵਿਚ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਸਨਅਤੀ ਇਕਾਈਆਂ ਦੁਆਰਾ ਵਰਤੋਂ ਬਾਅਦ ਛੱਡਿਆ ਜਾ ਰਿਹਾ ਜ਼ਹਿਰੀਲਾ ਪਾਣੀ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਮਹਾਂਨਗਰਾਂ ਦਾ ਤਰਲ ਰੂਪ ਵਿਚ ਸਨਅਤੀ ਕਚਰਾ ਵੱਡੀ ਮਾਤਰਾ ਵਿਚ ਦਰਿਆਵਾਂ/ਨਦੀਆਂ ਆਦਿ ਵਿਚ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਦਰਿਆਵਾਂ/ਨਦੀਆਂ ਦੀ ਸਥਿਤੀ ਏਨੀ ਬਦਤਰ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ 'ਈ' ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿਸ ਦਾ ਭਾਵ ਇਹ ਹੈ ਕਿ ਇਹ ਪਾਣੀ ਨਾ ਤਾਂ ਪਸ਼ੂਆਂ ਦੇ ਪੀਣਯੋਗ ਅਤੇ ਨਾ ਹੀ ਫ਼ਸਲਾਂ ਪੈਦਾ ਕਰਨ ਦੇ ਅਨੁਕੂਲ ਰਿਹਾ ਹੈ। ਇਕ ਅਨੁਮਾਨ ਮੁਤਾਬਕ ਯਮੁਨਾ ਨਦੀ ਵਿਚ ਸੀਵਰੇਜ ਅਤੇ ਸਨਅਤੀ ਇਕਾਈਆਂ ਰੋਜ਼ਾਨਾ 25 ਤੋਂ 30 ਕਰੋੜ ਲੀਟਰ ਗੰਦਾ ਪਾਣੀ ਸੁੱਟ ਰਹੀਆਂ ਹਨ। ਇਹ ਨਦੀ ਅੱਜ ਵਿਸ਼ਵ ਦੀਆਂ ਸਭ ਤੋਂ ਪਲੀਤ ਹੋ ਚੁੱਕੀਆਂ ਨਦੀਆਂ ਵਿਚ ਸ਼ੁਮਾਰ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਪੀਣਯੋਗ ਪਾਣੀ ਕੋਲੀਫਾਰਮ (ਇਕ ਕਿਸਮ ਦੇ ਬੈਕਟੀਰੀਆ) ਰਹਿਤ ਹੋਣਾ ਚਾਹੀਦਾ ਹੈ, ਪਰ ਯਮੁਨਾ ਦਾ ਇਹ ਪਾਣੀ ਰਾਜਧਾਨੀ ਦਿੱਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ 100 ਮਿ.ਲੀ. ਲਿਟਰ ਪਾਣੀ ਵਿਚ 7500 ਤੋਂ 8000 ਤੱਕ ਕੋਲੀਫਾਰਮ ਪਾਏ ਗਏ ਹਨ। ਇਕੱਲੀ ਯਮੁਨਾ ਹੀ ਨਹੀਂ ਦੇਸ਼ ਵਿਚ 20 ਦੇ ਕਰੀਬ ਹੋਰ ਦਰਿਆ ਹਨ, ਜੋ ਜਲ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿਚ ਲੁਧਿਆਣਾ ਦਾ ਬੁੱਢਾ ਨਾਲਾ ਸ਼ਾਮਿਲ ਹੈ। ਇਹ ਨਾਲਾ ਮਾਲਵਾ ਪੱਟੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਨਅਤੀ ਇਕਾਈਆਂ ਦਾ ਦੂਸ਼ਿਤ ਪਾਣੀ ਡਿੱਗਣ ਕਾਰਨ ਧਰਤੀ ਹੇਠਲੇ ਪਾਣੀ ਵਿਚ ਵੀ ਕਾਪਰ, ਮਰਕਰੀ, ਕੈਡੀਅਮ, ਕਰੋਮੀਅਮ ਆਦਿ ਭਾਰੀ ਧਾਤਾਂ ਸ਼ਾਮਿਲ ਹੋਣ ਕਾਰਨ ਇਹ ਪਾਣੀ ਵੀ ਮਨੁੱਖੀ ਵਰਤੋਂ ਯੋਗ ਨਹੀਂ ਰਿਹਾ। ਸਰਵੇਖਣ ਅਨੁਸਾਰ ਸਬਜ਼ੀਆਂ, ਮਨੁੱਖੀ ਦੁੱਧ ਦੇ ਸੈਂਪਲਾਂ ਵਿਚ ਵੀ ਇਹ ਤੱਤ ਸਾਹਮਣੇ ਆਏ ਹਨ। ਇਨ੍ਹਾਂ ਮਾਰੂ ਰਸਾਇਣਾਂ ਕਾਰਨ ਮਨੁੱਖੀ ਡੀ. ਐਨ. ਏ. ਵਿਚ ਤਬਦੀਲੀ ਆਉਣ ਲੱਗੀ ਹੈ। ਜੋ ਪੰਜਾਬੀਆਂ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਆਪਣੇ ਸੱਭਿਆਚਾਰ ਪ੍ਰਤੀ ਸੁਚੇਤ ਹੋਣ ਦੀ ਲੋੜ

ਸੱਭਿਆਚਾਰ ਕਿਸੀ ਸਮੂਹ ਦੀ ਵਿਸ਼ੇਸ਼ ਜੀਵਨ ਜਾਂਚ ਹੁੰਦੀ ਹੈ ਜਿਸ ਵਿਚ ਉਸ ਸਮੂਹ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਨਾਲ ਸਬੰਧਿਤ ਹਰ ਪਹਿਲੂ ਸ਼ਾਮਿਲ ਹੁੰਦਾ ਹੈ। ਲੋਕਾਂ ਦਾ ਖਾਣ-ਪੀਣ, ਕੰਮ ਧੰਦੇ, ਕਲਾ, ਰਹਿਣ-ਸਹਿਣ, ਖੇਡਾਂ, ਰਸਮ ਰਿਵਾਜ, ਮੇਲੇ ਅਤੇ ਤਿਉਹਾਰ ਸਭ ਕੁਝ ਸੱਭਿਆਚਾਰ ਵਿਚ ਸ਼ਾਮਿਲ ਹੁੰਦੇ ਹਨ। ਸਮੇਂ ਦੇ ਤਰੱਕੀ ਕਰਨ ਨਾਲ ਹਰ ਖੇਤਰ ਵਿਚ ਨਵੀਆਂ ਖੋਜਾਂ ਹੋਈਆਂ ਹਨ ਜਿਸ ਦੇ ਫਲਸਰੂਪ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ। ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਨੇ ਕ੍ਰਾਂਤੀਕਾਰੀ ਢੰਗ ਨਾਲ ਦੁਨੀਆ ਨੂੰ ਬਹੁਤ ਸੀਮਤ ਕਰ ਦਿੱਤਾ ਹੈ, ਜਿਸ ਕਾਰਨ ਵੱਖ-ਵੱਖ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦੇ ਲੋਕਾਂ ਵਿਚ ਆਪਸੀ ਮਿਲਵਰਤਨ ਬਹੁਤ ਜ਼ਿਆਦਾ ਵਧਿਆ ਹੈ। ਇਸ ਮਿਲਵਰਤਨ ਦੇ ਨਤੀਜੇ ਵਜੋਂ ਇਕ-ਦੂਜੇ ਸੱਭਿਆਚਾਰਾਂ ਨਾਲ ਸਬੰਧਿਤ ਲੋਕਾਂ ਦੇ ਰਹਿਣ ਸਹਿਣ, ਖਾਣ-ਪੀਣ, ਰਸਮਾਂ-ਰਿਵਾਜ, ਖੇਡਾਂ ਅਤੇ ਕੰਮ ਧੰਦਿਆਂ 'ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ, ਜਿਸ ਕਾਰਨ ਵੱਖ-ਵੱਖ ਸੱਭਿਆਚਾਰ ਰੱਲਗੱਡ ਹੋਏ ਹਨ। ਬਿਨਾਂ ਸ਼ੱਕ ਕੋਈ ਵੀ ਤਬਦੀਲੀ ਕੁਦਰਤੀ ਵਰਤਾਰਾ ਹੁੰਦਾ ਹੈ ਅਤੇ ਨਵੀਨਤਾ ਦਾ ਸੰਚਾਰ ਅਤੇ ਪ੍ਰਸਾਰ ਹੁੰਦਾ ਰਹਿਣਾ ਚਾਹੀਦਾ ਹੈ। ਪਰ ਇਹ ਤਬਦੀਲੀ ਕੁਦਰਤ ਨੂੰ ਢਾਹ ਲਾਉਣ ਵਾਲੀ, ਆਪਸੀ ਭਾਈਚਾਰੇ ਨੂੰ ਖ਼ਤਮ ਕਰਨ ਵਾਲੀ ਅਤੇ ਪੁਰਵਜ਼ਾਂ ਦੇ ਸੁਚੱਜੇ ਅਸੂਲਾਂ ਨੂੰ ਖਤਮ ਕਰਨ ਵਾਲੀ ਨਹੀਂ ਹੋਣੀ ਚਾਹੀਦੀ। ਕੁਦਰਤ ਨੇ ਕਿਸੇ ਵੀ ਖੇਤਰ ਦੇ ਬਾਸ਼ਿੰਦਿਆਂ ਲਈ ਖਾਣ-ਪੀਣ ਦੀ ਪੈਦਾਵਾਰ ਉਥੋਂ ਦੇ ਵਾਤਾਵਰਨ ਜਾਂ ਹਾਲਾਤਾਂ ਅਨੁਸਾਰ ਰੱਖੀ ਹੋਈ ਹੈ। ਠੰਢੇ ਸਥਾਨਾਂ 'ਤੇ ਗਰਮ ਤਾਸੀਰ ਅਤੇ ਗਰਮ ਸਥਾਨਾਂ 'ਤੇ ਠੰਢੀ ਤਾਸੀਰ ਵਾਲੀਆਂ ਪੈਦਾਵਾਰਾਂ ਹੁੰਦੀਆਂ ਹਨ। ਅੱਜ ਸਾਡੇ ਖਾਣ-ਪੀਣ 'ਤੇ ਚੀਨੀ, ਦੱਖਣ ਭਾਰਤੀ ਅਤੇ ਵਿਦੇਸ਼ੀ ਖਾਣਿਆਂ ਦਾ ਪ੍ਰਭਾਵ ਹੈ ਜੋ ਸਾਡੇ ਕੁਦਰਤੀ ਮਾਹੌਲ ਦੇ ਅਨੁਕੂਲ ਨਾ ਹੋਣ ਕਾਰਨ ਸਾਡੀ ਸਿਹਤ ਨੂੰ ਖਰਾਬ ਕਰ ਰਿਹਾ ਹੈ। ਸਾਡੇ ਪਹਿਰਾਵੇ 'ਤੇ ਆਧੁਨਿਕਤਾ ਅਤੇ ਪੱਛਮੀ ਪ੍ਰਭਾਵ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਿਹਾ ਹੈ। ਸਮੇਂ ਦੀ ਘਾਟ, ਆਪਸੀ ਮਿਲਵਰਤਨ ਦੀ ਘਾਟ, ਆਧੁਨਿਕੀਕਰਨ ਅਤੇ ਮਸ਼ੀਨੀਕਰਨ ਅਤੇ ਹੋਰ ਕਾਰਨਾਂ ਕਰਕੇ ਰਸਮ ਰਿਵਾਜਾਂ, ਮੇਲੇ, ਤਿਉਹਾਰ, ਲੋਕ ਖੇਡਾਂ, ਕੰਮ ਧੰਦੇ ਅਤੇ ਲੋਕ ਕਲਾ ਨੂੰ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ। ਅੱਜ ਵਿਆਹਾਂ ਮੌਕੇ ਗਾਏ ਜਾਂਦੇ ਸੁਹਾਗ, ਘੋੜੀਆਂ, ਸਿੱਠਣੀਆਂ ਆਦਿ ਆਪਣੇ ਆਖਰੀ ਸਾਹ ਗਿਣ ਰਹੇ ਹਨ। ਆਧੁਨਿਕੀਕਰਨ, ਮਸ਼ੀਨੀਕਰਨ ਅਤੇ ਪੱਛਮੀਕਰਨ ਦੇ ਪ੍ਰਭਾਵ ਅਤੇ ਛਲਾਵੇ ਨੇ ਅਵੇਸਲੀਆਂ ਕੌਮਾਂ ਦੇ ਸੱਭਿਆਚਾਰ ਨੂੰ ਵੱਡੀ ਢਾਹ ਲਾ ਕੇ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ। ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਟੁੱਟੀਆਂ ਕੌਮਾਂ ਤੇਜ਼ ਰਫਤਾਰੀ ਨਾਲ ਗੁਲਾਮੀ ਅਤੇ ਖ਼ਤਮ ਹੋਣ ਵੱਲ ਜਾ ਰਹੀਆਂ ਹਨ, ਜਿਨ੍ਹਾਂ ਵਿਚ ਪੰਜਾਬੀ ਕੌਮ ਸਭ ਤੋਂ ਮੂਹਰੇ ਜਾਪ ਰਹੀ ਹੈ। ਜੇਕਰ ਸਮਾਂ ਰਹਿੰਦੇ ਨਾ ਸੰਭਲੇ ਤਾਂ ਪੰਜਾਬੀ ਸੱਭਿਆਚਾਰ ਵੀ ਤੇਜ਼ੀ ਨਾਲ ਖ਼ਾਤਮੇ ਵੱਲ ਜਾ ਰਿਹਾ ਹੈ। ਅਮੀਰ ਪੰਜਾਬੀ ਵਿਰਾਸਤ ਦੀ ਸੰਭਾਲ ਹਿੱਤ ਹਰ ਸੁਹਿਰਦ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਕਰੀਏ ਅਤੇ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਹਰ ਸੰਭਵ ਯਤਨ ਕਰੀਏ ।

-ਸ.ਸ.ਸ.ਸਕੂਲ ਬਾਸੋਵਾਲ (ਸ੍ਰੀ ਅਨੰਦਪੁਰ ਸਾਹਿਬ)
ਮੋਬਾ : 9463026700

ਔਕੜਾਂ ਸਹਿ ਕੇ ਹੀ ਖ਼ੁਸ਼ਹਾਲ ਬਣਦੀ ਹੈ ਜ਼ਿੰਦਗੀ

ਅੱਜ ਦਾ ਮਨੁੱਖ ਬੜੀ ਦੁਬਿਧਾ 'ਚ ਹੈ। ਹਰ ਪਾਸੇ ਹਰ ਖੇਤਰ 'ਚ ਹਰ ਘੜੀ ਉਸ ਦੇ ਦਿਮਾਗ਼ 'ਚ ਉਤੇਜਨਾ ਭਰੀਆਂ ਸਵਾਲਾਂ ਦੀਆਂ ਕਤਾਰਾਂ ਲੱਗੀਆਂ ਪਈਆਂ ਰਹਿੰਦੀਆਂ ਹਨ। ਅਜਿਹੇ ਵਿਚ ਹਰ ਵਰਗ ਦਾ ਮਨੁੱਖ ਅੰਦਰੋਂ ਅੰਦਰੀ ਕਈ ਮਨ-ਘੜਤ ਯੋਜਨਾਵਾਂ ਬਣਾਉਂਦਾ ਰਹਿੰਦਾ ਹੈ। ਇਸ ਸਭ ਕਸ਼ਮਕਸ਼ ਵਿਚ ਸਭ ਤੋਂ ਜ਼ਰੂਰੀ ਹੰਦਾ ਹੈ, ਖ਼ੁਦ 'ਤੇ ਵਿਸ਼ਵਾਸ ਭਾਵ ਆਤਮ-ਵਿਸ਼ਵਾਸ, ਅੱਜ ਦੇ ਦੌਰ ਦੀ ਸਮੱਸਿਆ ਇਹ ਹੈ ਕਿ ਮਨੁੱਖ ਆਸ ਪਾਸ ਤੇ ਵਾਤਾਵਰਨ, ਚਿੰਤਾਵਾਂ, ਤਣਾਅ 'ਚ ਰਹਿਣ ਕਰਕੇ ਆਪਣਾ ਆਪ ਵੀ ਖੋ ਦਿੰਦਾ ਹੈ। ਅਸੀਂ ਅਕਸਰ ਅਖ਼ਬਾਰਾਂ 'ਚ ਖ਼ੁਦਕੁਸ਼ੀਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੇ ਕਾਰਨ ਵੀ ਅਜੀਬ ਹੁੰਦੇ ਹਨ। ਜਮਾਤ ਚੋਂ ਘੱਟ ਨੰਬਰ ਆਉਣ 'ਤੇ ਘਾਟਾ ਪੈਣ 'ਤੇ, ਕਰਜ਼ੇ ਨਾਲ, ਅਜਿਹੇ ਵਿਚ ਦੇਖਿਆ ਜਾਏ ਤਾਂ ਸਿਰਫ ਸਾਇੰਸ ਨੇ ਹੀ ਤਰੱਕੀ ਕੀਤੀ ਹੈ। ਸਾਡਾ ਮਨੁੱਖੀ ਜੀਵਨ ਤਾਂ ਪਿੱਛੇ ਹੀ ਹੁੰਦਾ ਜਾ ਰਿਹਾ ਹੈ। ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਸੰਘਰਸ਼ ਕਰਨਾ ਨਹੀਂ ਛੱਡਿਆ ਤੇ ਅੰਤ ਤੱਕ ਲੜਦੇ ਰਹੇ ਤੇ ਅਖੀਰ ਉਨ੍ਹਾਂ ਨੇ ਦੁਨੀਆ 'ਤੇ ਆਪਣੀ ਛਾਪ ਛੱਡੀ। ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਕਹਾਣੀ ਕੋਲੋਨਲ ਸੈਂਡਰਸ ਦੀ ਹੈ । ਜੋ ਕਿ ਕੇ. ਐਫ. ਸੀ. ਦੇ ਸੰਸਥਾਪਕ ਸਨ, ਇਹ ਅਮਰੀਕਾ ਦੇ ਸਨ। ਕਈ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਦਿੜ੍ਹ ਇਰਾਦੇ ਨਾਲ ਭਰਪੂਰ ਸੈਂਡਰਸ 65 ਸਾਲ ਦੀ ਉਮਰ 'ਚ ਕਾਮਯਾਬ ਹੋਏ। ਇਕ ਅਨੁਮਾਨ ਅਨੁਸਾਰ 2017 ਤੱਕ ਕੇ. ਐਫ. ਸੀ. ਦੀਆਂ 22000 ਬ੍ਰਾਂਚਾਂ ਪੂਰੇ ਸੰਸਾਰ ਵਿਚ ਖੁੱਲ੍ਹ ਗਈਆਂ ਸਨ। ਇਸ ਤੋਂ ਜ਼ਿਆਦਾ ਅਸਫ਼ਲਤਾ ਤੇ ਜਿੱਤ ਦੀ ਉਦਾਹਰਣ ਸ਼ਾਇਦ ਹੀ ਕਿੱਤੇ ਮਿਲਦੀ ਹੋਵੇ। ਇਸ ਤਰ੍ਹਾਂ ਮਨੁੱਖ ਨੂੰ ਆਪਣੇ 'ਤੇ ਯਕੀਨ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ। ਤੁਹਾਡੇ ਇਰਾਦੇ ਹੀ ਏਨੇ ਮਜ਼ਬੂਤ ਹੋਣ ਕਿ ਸਫ਼ਲਤਾ ਤੁਹਾਡੇ ਪੈਰ ਚੁੰਮੇ। ਫੇਲ੍ਹ ਹੋਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਜਿੰਨੇ ਕਿਸੇ ਦੀ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਹੁੰਦੇ ਹਨ। ਉਸ ਦਾ ਅੰਤ ਵੀ ਉਨ੍ਹਾਂ ਹੀ ਮਜ਼ੇਦਾਰ ਤੇ ਧੜੱਲੇਦਾਰ ਹੁੰਦਾ ਹੈ। ਪਹਾੜੀ ਦ੍ਰਿਸ਼ ਕਿੰਨੇ ਸੋਹਣੇ ਤੇ ਅਦਭੁੱਤ ਹੁੰਦੇ ਪਰ ਉਨ੍ਹਾਂ ਨੂੰ ਜਾਣ ਵਾਲਾ ਰਸਤਾ ਓਨਾ ਹੀ ਟੇਡਾ-ਮੇਡਾ ਤੇ ਦਿੱਕਤਾਂ ਭਰਿਆ ਹੁੰਦਾ ਹੈ। ਹਾਰ ਮੰਨ ਜਾਣੀ ਮਨੁੱਖੀ ਖੇਡ ਦਾ ਹਿੱਸਾ ਨਹੀਂ। ਜੋ ਬੰਦਾ ਕਦੇ ਹਾਰਿਆ ਜਾਂ ਮਸ਼ਕਿਲਾ ਦਾ ਸਾਹਮਣਾ ਨਹੀਂ ਕਰਿਆ ਹੁੰਦਾ, ਉਹ ਹਮੇਸ਼ਾ ਛੋਟੀ-ਛੋਟੀ ਗੱਲ 'ਤੇ ਹੀ ਘਬਰਾ ਜਾਏਗਾ ਤੇ ਜ਼ਿੰਦਗੀ 'ਚ ਹਮੇਸ਼ਾ ਵੱਡੇ ਫ਼ੈਸਲੇ ਲੈਣੋਂ ਝਿਜਕੇਗਾ। ਇਸ ਦੇ ਉਲਟ ਜਿਸ ਦੀ ਜ਼ਿੰਦਗੀ 'ਚ ਔਖ, ਦੁੱਖ ਤੇ ਅਸਫਲਤਾਵਾਂ ਆਈਆਂ ਹਨ ਉਹ ਸਹਿਜੇ ਹੀ ਆਪਣੇ ਜੀਵਨ ਦੇ ਕਿਸੇ ਵੀ ਪੜਾਅ ਨੂੰ ਬੜੇ ਸੰਜੀਦਾ ਢੰਗ ਨਾਲ ਨੇਪਰੇ ਚਾੜ ਲਵੇਗਾ। ਰਾਹ ਦੀਆਂ ਔਕੜਾਂ ਹੀ ਮਨੁੱਖ ਨੂੰ ਜ਼ਿੰਦਗੀ ਦੀਆਂ ਰਮਜ਼ਾਂ ਪੜ੍ਹਾਉਂਦੀਆਂ ਹਨ। ਸੋ ਮੇਰੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਂ ਹਰ ਕਿਸੇ ਵਰਗ ਦੇ ਵਿਅਕਤੀ ਨੂੰ ਇਕੋ ਬੇਨਤੀ ਹੈ ਕਿ ਆਪਣੇ-ਆਪ 'ਤੇ ਯਕੀਨ ਰੱਖੋ। ਸੋ ਆਪਣਾ ਦਿੜ੍ਹ ਇਰਾਦਾ ਤੇ ਹੌਸਲਾ ਕਦੇ ਨਾ ਡਿਗਣ ਦਿਓ, ਬਾਜ਼ੀ ਨੂੰ ਅੰਤ ਤੱਕ ਖੇਡੋ ਜਿੱਤ ਤੁਹਾਡੇ ਕਦਮਾਂ 'ਚ ਹੋਵੇਗੀ। ਜੁਝਾਰੂ ਵਿਅਕਤੀ ਕਦੇ ਅਸਫ਼ਲ ਨਹੀਂ ਹੋ ਸਕਦਾ। ਕਿਉਂਕਿ ਇਮਤਿਹਾਨ ਵੀ ਉਨ੍ਹਾਂ ਦੇ ਹੁੰਦੇ ਹਨ ਜਿਨ੍ਹਾਂ 'ਚ ਕੋਈ ਕਾਬਿਲੀਅਤ ਹੁੰਦੀ ਹੈ। ਇਰਾਦੇ ਨੇਕ ਤੇ ਦ੍ਰਿੜ੍ਹ ਰੱਖੋ ਕਾਮਯਾਬੀ ਤੁਹਾਡੇ ਪੈਰਾਂ 'ਚ ਹੋਵੇਗੀ।

-ਮੋਬਾਈਲ : 88470-27796

ਖੇਡਾਂ ਨੂੰ ਜੰਗ ਦਾ ਮੈਦਾਨ ਨਾ ਬਣਾਓ

ਖੇਡਾਂ ਮਨੁੱਖੀ ਜੀਵਨ ਦਾ ਇਕ ਅਹਿਮ ਅੰਗ ਹਨ। ਜਿਥੇ ਖੇਡਾਂ ਮਨੁੱਖੀ ਸਰੀਰ ਨੂੰ ਚੁਸਤ-ਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ ਉੱਥੇ ਹੀ ਇਹ ਖਿਡਾਰੀਆਂ ਵਿਚ ਆਪਸੀ ਪ੍ਰੇਮ-ਪਿਆਰ, ਸਬਰ, ਸਿਦਕ, ਮਿਹਨਤ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਆਦਿ ਨੈਤਿਕ ਗੁਣ ਵੀ ਕੁੱਟ-ਕੁੱਟ ਕੇ ਭਰਨ ਦਾ ਕੰਮ ਕਰਦੀਆਂ ਹਨ। ਅੱਜ ਦੇ ਸਮੇਂ ਖੇਡਾਂ ਮਨੋਰੰਜਨ ਦਾ ਬਹੁਤ ਵੱਡਾ ਖੇਤਰ ਬਣ ਚੁੱਕੀਆਂ ਹਨ। ਇਸ ਲਈ ਇਨ੍ਹਾਂ ਖੇਡਾਂ ਦੇ ਟੀ.ਵੀ ਪ੍ਰਸਾਰਨ ਅਧਿਕਾਰ ਪ੍ਰਾਪਤ ਕਰਨ ਲਈ ਕੰਪਨੀਆਂ ਦੀ ਆਪਸ ਵਿਚ ਹੋੜ ਲੱਗੀ ਰਹਿੰਦੀ ਹੈ। ਫਿਰ ਮੋਟੀ ਕਮਾਈ ਕਰਨ ਜਾਂ ਆਪਣੇ ਚੈਨਲ ਦੀ ਟੀ.ਆਰ.ਪੀ. ਵਧਾਉਣ ਕੁਝ ਮੀਡੀਆ ਚੈਨਲ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਈ ਕਸਰ ਨਹੀਂ ਛੱਡ ਰਹੇ। ਅਜਿਹਾ ਮਾਹੌਲ ਬਣਾਉਣ ਨਾਲ ਉਨ੍ਹਾਂ ਨੂੰ ਤਾਂ ਵਿੱਤੀ ਲਾਭ ਹੁੰਦਾ ਹੈ ਪਰੰਤੂ ਇਸ ਪ੍ਰਕਾਰ ਦੇ ਮਾਹੌਲ ਨਾਲ ਖਿਡਾਰੀਆਂ ਅਤੇ ਖੇਡ-ਪ੍ਰੇਮੀਆਂ 'ਤੇ ਬੜਾ ਹੀ ਨਾਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਕਈ ਵਾਰ ਤਾਂ ਇਸ ਦਾ ਪ੍ਰਤੱਖ ਅਸਰ ਕਿਸੇ ਦੇਸ਼ ਦੀ ਟੀਮ ਦੇ ਹਾਰ ਜਾਣ ਕਾਰਨ ਦਰਸ਼ਕਾਂ ਦੀ ਆਪਸੀ ਖਹਿਬਾਜ਼ੀ ਜਾਂ ਖਿਡਾਰੀਆਂ ਦੇ ਘਰਾਂ ਉੱਤੇ ਕਾਲਾ ਤੇਲ ਸੁੱਟਣ ਤੱਕ ਵੀ ਜਾ ਪਹੁੰਚਦਾ ਹੈ, ਇਸ ਤਰ੍ਹਾਂ ਦਾ ਵਿਵਹਾਰ ਇਕ ਘਟੀਆ ਤਹਿਜ਼ੀਬ ਦਾ ਪ੍ਰਗਟਾਵਾ ਕਰਦਾ ਹੈ। ਸਾਨੂੰ ਹਾਰ-ਜਿੱਤ ਦੋਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਖੇਡਾਂ ਨੂੰ ਦੁਨੀਆ ਦੇ ਦੇਸ਼ਾਂ ਵਿਚ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰਕ ਸਾਂਝ ਵਧਾਉਣ ਦੀ ਕੜੀ ਵਜੋਂ ਵੇਖਿਆ ਜਾਂਦਾ ਹੈ। ਪਰੰਤੂ ਨਾਕਾਰਾਤਮਕ ਵਿਗਿਆਪਨ ਅਤੇ ਪਬਲਿਸਿਟੀ ਇਸ ਦੇ ਬਿਲਕੁਲ ਉਲਟ ਕੰਮ ਕਰਦੀ ਹੈ। ਕਿਸੇ ਵੀ ਟੀਮ ਦੇ ਹਾਰਨ ਉਪਰੰਤ ਉਸ ਟੀਮ ਦੇ ਖਿਡਾਰੀਆਂ ਨੂੰ ਰੱਜ ਕੇ ਭੰਡਿਆ ਜਾਂਦਾ ਹੈ ਜਿਵੇਂ ਕਿ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਭਾਰਤ ਹੱਥੋਂ ਮੌਜੂਦਾ ਵਿਸ਼ਵ ਕੱਪ ਦੌਰਾਨ ਹੋਈ ਹਾਰ ਤੋਂ ਬਾਅਦ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਹੀ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਦਰਸ਼ਕਾਂ ਦੀਆਂ ਅਸੱਭਿਅਕ ਟਿੱਪਣੀਆਂ ਝੱਲਣੀਆਂ ਪਈਆਂ ਸਨ ਜਦੋਂ ਉਨ੍ਹਾਂ ਨੂੰ 2017 ਵਿਚ ਆਈ. ਸੀ. ਸੀ. ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਾਕਿਸਤਾਨ ਨੇ ਹਰਾ ਦਿੱਤਾ ਸੀ। ਸੋ, ਅੱਜ ਦੇ ਸਮੇਂ ਲੋੜ ਹੈ ਕਿ ਖੇਡਾਂ ਨੂੰ ਵਪਾਰਕ ਹਿੱਤਾਂ ਲਈ ਜੰਗ ਦਾ ਮੈਦਾਨ ਬਣਾ ਕੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਜਾਵੇ। ਖੇਡਾਂ ਨਸਲ, ਧਰਮ, ਰੰਗ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀਆਂ ਹਨ। ਖੇਡਾਂ ਦਾ ਜ਼ਿੰਦਗੀ ਦੇ ਹੋਰ ਦਿਲਕਸ਼ ਰੰਗਾਂ ਵਾਂਗ ਆਜ਼ਾਦ ਅਤੇ ਖੁੱਲ੍ਹੀ ਸੋਚ ਨਾਲ ਅਨੰਦ ਉਠਾਉਣਾ ਚਾਹੀਦਾ ਹੈ।

-ਕੰਪਿਊਟਰ ਅਧਿਆਪਕ, ਸ.ਹ.ਸ ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ । ਮੋ: 94655-76022

ਸਵੇਰ ਦੀ ਸਭਾ ਵਿਚ ਅਧਿਆਪਕ ਦੀ ਭੂਮਿਕਾ

ਹਰ ਸਕੂਲ ਵਿਚ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦਾ ਉਦੇਸ਼ ਹੁੰਦਾ ਹੈ ਮੇਲ-ਮਿਲਾਪ। ਸਵੇਰ ਦੀ ਸਭਾ ਵਿਚ ਸਾਰੇ ਅਧਿਆਪਕ ਤੇ ਵਿਦਿਆਰਥੀ ਜੁੜਦੇ ਹਨ। ਰਾਸ਼ਟਰੀ ਗਾਣ ਜਾਂ ਪ੍ਰਮਾਤਮਾ ਦੇ ਨਾਂਅ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸਵੇਰ ਦੀ ਸਭਾ ਇਕ ਅਜਿਹਾ ਮੰਚ ਹੈ ਜਿਥੇ ਜ਼ਰੂਰੀ ਸੂਚਨਾਵਾਂ ਅਤੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਕ-ਦੂਜੇ ਨੂੰ ਜਾਣਨ ਲਈ ਜਾਂ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲਈ ਸਵੇਰ ਦੀ ਸਭਾ ਸਭ ਤੋਂ ਉਤਮ ਸਥਾਨ ਹੈ ਇਕ ਅਧਿਆਪਕ ਆਪਣੀ ਜ਼ਿੰਦਗੀ ਵਿਚ ਹਰ ਵੇਲੇ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰ ਇਸਦਾ ਫਾਇਦਾ ਤਾਂ ਹੀ ਹੈ ਜੇ ਉਹ ਸਵੇਰ ਦੀ ਸਭਾ ਵਿਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝਾ ਕਰੇ। ਇਕ ਅਧਿਆਪਕ ਆਪਣੀ ਜਮਾਤ ਵਿਚ ਜਦੋਂ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਹ ਸਿਰਫ਼ ਇਕ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੀ ਹੈ, ਜਦੋਂ ਕਿ ਸਵੇਰ ਦੀ ਸਭਾ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਹਾਜ਼ਰ ਹੁੰਦੇ ਹਨ, ਜੋ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹਰ ਅਧਿਆਪਕ ਨੂੰ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਕਿਉਂਕਿ ਹਰ ਅਧਿਆਪਕ ਕੋਲ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੁੰਦੀ ਹੈ। ਲੋੜ ਹੈ ਉਨ੍ਹਾਂ ਨੂੰ ਆਪਣੀ ਝਿਜਕ ਦੂਰ ਕਰਨ ਦੀ। ਸਾਰੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਹੀ ਉਹ ਚੰਗੇ ਬੁਲਾਰੇ ਬਣ ਸਕਦੇ ਹਨ। ਸਵੇਰ ਦੀ ਸਭਾ ਵਿਚ ਮਹੀਨੇ ਵਿਚ ਇਕ-ਦੋ ਵਾਰ ਕਿਸੇ ਵੀ ਸਮਾਜ ਸੇਵੀਆਂ, ਸੇਵਾ-ਮੁਕਤ ਅਧਿਆਪਕਾਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਨੂੰ ਬੁਲਾ ਕੇ ਬੱਚਿਆਂ ਦੇ ਨਾਲ ਰੂਬਰੂ ਕੀਤਾ ਜਾ ਸਕਦਾ ਹੈ। ਅਧਿਆਪਕ ਦੂਜੇ ਸਰਕਾਰੀ ਕਰਮਚਾਰੀਆ ਨਾਲੋਂ ਭਿੰਨ ਹੈ ਕਿਉਂਕਿ ਉਸ ਦਾ ਵਾਹ ਫਾਈਲਾਂ ਨਾਲ ਨਹੀਂ ਸਗੋਂ ਭਵਿੱਖ ਦੇ ਇਨਸਾਨਾਂ ਤੇ ਦੇਸ਼ ਦੇ ਨਿਰਮਾਤਾ ਨਾਲ ਪੈਂਦਾ ਹੈ, ਇਸ ਲਈ ਅਧਿਆਪਕ ਨੂੰ ਸਵੇਰ ਦੀ ਸਭਾ ਵਿਚ ਆਪਣੀ ਜ਼ਿੰਮੇਵਾਰੀ ਤੋਂ ਕਦੇ ਮੂੰਹ ਨਹੀਂ ਮੋੜਨਾ ਚਾਹੀਦਾ।

-ਸ.ਹ.ਸ. ਖੇੜੀ (ਸੰਗਰੂਰ), ਮੋ: 9592094819

ਹੜਤਾਲਾਂ ਅਤੇ ਆਮ ਲੋਕ

ਅੱਜਕਲ੍ਹ ਦੇਖਣ ਵਿਚ ਆ ਰਿਹਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਜਥੇਬੰਦੀ ਆਪਣੀਆਂ ਮੰਗਾਂ ਨਾ ਪੂਰੀਆਂ ਹੁੰਦੀਆਂ ਦੇਖ ਹੜਤਾਲਾਂ ਕਰ ਦਿੰਦੀ ਹੈ। ਬੇਸ਼ੱਕ ਭਾਰਤ ਦੇਸ਼ ਵਿਚ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣਾ ਕੋਈ ਗ਼ਲਤ ਕੰਮ ਨਹੀਂ ਹੈ ਪਰ ਵੱਖਰੇ-ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਕੀਤੀਆਂ ਹੜਤਾਲਾਂ ਦਾ ਸਿੱਧਾ ਪ੍ਰਭਾਵ ਆਮ ਨਾਗਰਿਕਾਂ 'ਤੇ ਪੈਂਦਾ ਹੈ। ਜਥੇਬੰਦੀਆਂ ਵਲੋਂ ਕੀਤੀਆਂ ਹੜਤਾਲਾਂ ਕਾਰਨ ਆਮ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਅਤੇ ਆਉਣ-ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਪਿਛਲੇ ਦਿਨੀਂ ਸਫ਼ਾਈ ਸੇਵਕਾਂ ਵਲੋਂ ਕੂੜਾ-ਕਰਕਟ ਨਾ ਚੁੱਕਣ ਸਬੰਧੀ ਵੀ ਹੜਤਾਲ ਕੀਤੀ ਗਈ, ਜਿਸ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ। ਇਸ ਨਾਲ ਆਮ ਲੋਕਾਂ ਨੂੰ ਬਦਬੂ ਦੇ ਨਾਲ-ਨਾਲ ਸਾਹ ਲੈਣਾ ਵੀ ਔਖਾ ਹੋ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਹਨੇਰੀ ਆਉਣ ਕਾਰਨ ਸਾਰਾ ਕੂੜਾ ਦੂਰ-ਦੂਰ ਤੱਕ ਫੈਲ ਗਿਆ ਤੇ ਇਹ ਕੂੜਾ ਕਰਕਟ ਲੋਕਾਂ ਦੇ ਘਰਾਂ ਵਿਚ ਵੜਨ ਦੇ ਨਾਲ-ਨਾਲ ਰੇਹੜੀਆਂ ਵਾਲਿਆਂ ਦੇ ਖਾਣ-ਪੀਣ ਵਾਲੀਆਂ ਵਸਤਾਂ ਵਿਚ ਪੈ ਗਿਆ, ਜਿਸ ਕਾਰਨ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆਮ ਲੋਕਾਂ ਦਾ ਆਉਣਾ ਲਾਜ਼ਮੀ ਹੈ ਤੇ ਇਸ ਤੋਂ ਉਤਪੰਨ ਹੋਈਆਂ ਬਿਮਾਰੀਆਂ ਮਹਾਂਮਾਰੀ ਦਾ ਰੂਪ ਵੀ ਧਾਰ ਸਕਦੀਆਂ ਹਨ। ਬੇਸ਼ੱਕ ਹੜਤਾਲ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ, ਉਨ੍ਹਾਂ ਨੂੰ ਆਪਣੇ ਬਣਦੇ ਹੱਕ ਮਿਲਣੇ ਚਾਹੀਦੇ ਹਨ ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਉਹ ਕਿਹੜੇ ਹੱਕਾਂ ਦੀ ਉਮੀਦ ਰੱਖਦੇ ਹਨ। ਉਨ੍ਹਾਂ ਦਾ ਗੁੱਸਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਹੈ ਨਾ ਕਿ ਆਮ ਨਾਗਰਿਕਾਂ ਨੂੰ ਤੰਗ ਕਰਨਾ। ਇਸ ਲਈ ਜ਼ਰੂਰਤ ਹੈ ਕਿ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਜਥੇਬੰਦੀਆਂ ਸਰਕਾਰੀ ਅਧਿਕਾਰੀਆਂ, ਸਰਕਾਰ ਦੇ ਪ੍ਰਤੀਨਿਧਾਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਟੱਕਰ ਲੈਣ ਨਾ ਕਿ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰ ਕੇ। ਇਸ ਸਬੰਧੀ ਸਮੇਂ ਦੀਆਂ ਸਰਕਾਰਾਂ ਨੂੰ ਵੀ ਕਰਮਚਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਕੋਈ ਨਾ ਕੋਈ ਰਸਤਾ ਲੱਭਣਾ ਚਾਹੀਦਾ ਹੈ ਤਾਂ ਜੋ ਹੜਤਾਲੀ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।

-ਮੋ: 94174-25749.

ਸਾਈਕਲ ਚਲਾਉਣ 'ਚ ਸ਼ਰਮ ਨਾ ਕਰੋ

ਸਾਈਕਲ ਇਕ ਅਜਿਹਾ ਹਲਕਾ ਜਿਹਾ ਦੋਪਹੀਆ ਵਾਹਨ ਹੈ, ਜਿਸ ਨੂੰ ਕਿਸੇ ਈਂਧਨ ਜਾਂ ਖਰਚੇ ਤੋਂ ਬਗੈਰ ਬੱਚੇ ਤੋਂ ਬੁੱਢੇ ਤੱਕ ਹਰ ਕੋਈ ਚਲਾ ਸਕਦਾ ਹੈ। ਮਨੁੱਖੀ ਸ਼ਕਤੀ ਨਾਲ ਚੱਲਣ ਵਾਲਾ ਬਿਨਾਂ ਇੰਜਣ ਤੋਂ, ਘੱਟ ਕੀਮਤ ਵਾਲਾ, ਘੱਟ ਖਰਚ ਵਾਲਾ ਤੇ ਆਸਾਨੀ ਨਾਲ ਮੁਰੰਮਤ ਹੋਣ ਵਾਲਾ ਇਹ ਇਕ ਅਜਿਹਾ ਸਾਧਨ ਹੈ, ਜੋ ਹਰ ਬੰਦੇ ਦੀ ਪਹੁੰਚ ਵਿਚ ਹੈ। ਇਕ ਵਾਰ ਥੋੜ੍ਹੇ ਜਿਹੇ ਪੈਸੇ ਲਾ ਕੇ ਸਾਰੀ ਉਮਰ ਮੁਫ਼ਤ ਦੀ ਸਵਾਰੀ ਕਰੋ। ਸਾਈਕਲ ਆਵਾਜਾਈ ਦੇ ਸਾਧਨ ਵਜੋਂ ਹੀ ਨਹੀਂ, ਬਲਕਿ ਸਿੱਖਿਆ, ਸਿਹਤ ਸੰਭਾਲ ਅਤੇ ਖੇਡਾਂ ਵਿਚ ਵੀ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਕੋਈ ਸਮਾਂ ਸੀ ਕਿ ਲੋਕ ਪੈਦਲ ਹੀ ਜਾਂਦੇ ਸਨ। 19ਵੀਂ ਸਦੀ ਵਿਚ ਮਸ਼ੀਨੀ ਯੁੱਗ ਦੀ ਸ਼ੁਰੂਆਤ ਨੇ ਜਦੋਂ ਸਾਈਕਲ ਦੀ ਕਾਢ ਨੂੰ ਜਨਮ ਦਿੱਤਾ ਤਾਂ ਪਿੰਡਾਂ ਵਿਚ ਟਾਵੇਂ-ਟਾਵੇਂ ਸਾਈਕਲ ਨਜ਼ਰ ਆਉਣ ਲੱਗੇ। ਇਸ ਨੇ ਮਨੁੱਖੀ ਜੀਵਨ ਵਿਚ ਆਵਾਜਾਈ ਨੂੰ ਸਰਲ ਬਣਾ ਦਿੱਤਾ। ਜ਼ਿੰਦਗੀ ਨੂੰ ਸਾਵੀਂ ਰਫਤਾਰ ਦੇਣ ਵਾਲੇ ਇਸ ਸਾਥੀ ਨੂੰ ਅੱਜ ਆਵਾਜਾਈ ਦਾ ਘਟੀਆ ਸਾਧਨ ਸਮਝ ਕੇ ਤੇ ਵਰਤੋਂ 'ਚ ਲਿਆਉਣ ਲਈ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਪੜ੍ਹਿਆ-ਲਿਖਿਆ ਤਬਕਾ ਸਾਈਕਲ ਚਲਾਉਣ ਨੂੰ ਸ਼ਾਨ ਦੇ ਖਿਲਾਫ ਸਮਝਣ ਲੱਗਿਆ ਹੈ। ਪੰਜਾਬੀ ਲੋਕ ਫੋਕੀ ਦਿਖਾਵੇਬਾਜ਼ੀ ਤੋਂ ਕਦੇ ਬਾਜ਼ ਨਹੀਂ ਆਉਂਦੇ। ਉਂਜ ਅਸੀਂ ਹਰ ਕੰਮ ਵਿਚ ਵਿਦੇਸ਼ੀ ਲੋਕਾਂ ਦੀ ਰੀਸ ਕਰਦੇ ਹਾਂ, ਫਿਰ ਸਾਈਕਲ ਦੀ ਸਵਾਰੀ ਸਾਨੂੰ ਕਿਉਂ ਨੀਵਾਂ ਮਹਿਸੂਸ ਕਰਵਾਉਂਦੀ ਹੈ? ਜਦਕਿ ਵਿਦੇਸ਼ਾਂ ਵਿਚ ਤਾਂ ਵੱਡੀਆਂ-ਵੱਡੀਆਂ ਹਸਤੀਆਂ ਤੱਕ ਸਾਈਕਲ ਦੀ ਸਵਾਰੀ ਕਰਦੀਆਂ ਹਨ। ਮੋਟਰ ਵਾਹਨਾਂ ਕਾਰਨ ਦੁਰਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਇਨ੍ਹਾਂ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਵਿਚ ਪ੍ਰਦੂਸ਼ਣ ਤੇ ਆਲਮੀ ਤਪਸ਼ ਨੂੰ ਵਧਾਉਂਦਾ ਹੈ, ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਮੋਟਰ ਵਾਹਨਾਂ ਦੀ ਵਰਤੋਂ ਘਟਾ ਕੇ ਵਾਤਾਵਰਨ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਈਏ ਅਤੇ ਪੈਟਰੋਲੀਅਮ ਦੀ ਸੰਭਾਲ ਕਰੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਾ ਲਾਭ ਉਠਾ ਸਕਣ। ਜਿਹੜੇ ਲੋਕ ਬਹੁਤ ਸਾਈਕਲ ਚਲਾਉਂਦੇ ਹਨ, ਉਹ ਸਦਾ ਤੰਦਰੁਸਤ ਰਹਿੰਦੇ ਹਨ ਤੇ ਤੰਦਰੁਸਤ ਲੰਮੀਆਂ ਉਮਰਾਂ ਭੋਗਦੇ ਹਨ। ਸਹੀ ਮਾਅਨੇ ਵਿਚ ਦੇਖਿਆ ਜਾਵੇ ਤਾਂ ਤੁਹਾਡੇ ਸਰੀਰ ਨੂੰ ਜਿੰਨਾ ਲਾਭ ਸਸਤਾ ਸਾਈਕਲ ਚਲਾਉਣ ਨਾਲ ਪਹੁੰਚਦਾ ਹੈ, ਓਨਾ ਸ਼ਾਇਦ ਲੱਖਾਂ ਦੀਆਂ ਮਸ਼ੀਨਾਂ ਵੀ ਫਾਇਦੇਮੰਦ ਸਾਬਤ ਨਹੀਂ ਹੋ ਸਕਦੀਆਂ। ਸਾਈਕਲ ਚਲਾਉਣ ਵਾਲੇ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ 43 ਫੀਸਦੀ ਘੱਟ ਹੋ ਜਾਂਦਾ ਹੈ। ਇਸ ਨਾਲ ਧੜਕਣ ਨਾਰਮਲ ਅਤੇ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਅੱਜਕਲ੍ਹ ਨੌਜਵਾਨ ਭਾਰ ਘਟਾਉਣ ਲਈ ਜਿੰਮ ਵਿਚ ਜਾ ਕੇ ਖੂਬ ਪਸੀਨਾ ਕੱਢਦੇ ਹਨ, ਪਰ ਰੋਜ਼ਾਨਾ ਕੁਝ ਸਮਾਂ ਸਾਈਕਲ ਚਲਾਉਣ ਨਾਲ ਸਰੀਰ 'ਚ ਮੌਜੂਦ ਵਾਧੂ ਚਰਬੀ ਜਲਦੀ ਘੱਟ ਹੋ ਜਾਂਦੀ ਹੈ। ਸਾਈਕਲ ਚਲਾਉਣ ਨਾਲ ਸਾਡਾ ਸਰੀਰ ਮਜ਼ਬੂਤ ਹੋ ਜਾਂਦਾ ਹੈ ਅਤੇ ਸਾਡੀ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ।

ਮੋਬਾ: 94178-31583

ਪੰਚਾਇਤੀ ਆਮਦਨ ਦਾ ਮੁੱਖ ਸਰੋਤ ਸ਼ਾਮਲਾਤ ਜ਼ਮੀਨਾਂ

ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਨੂੰ ਲੀਹ ਉੱਤੇ ਲੈ ਕੇ ਆਉਣ ਲਈ ਸਰਕਾਰ ਵਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਗਏ। ਇਸੇ ਪ੍ਰਸੰਗ ਵਿਚ ਸ਼ਾਮਲਾਤ ਜ਼ਮੀਨਾਂ ਦਾ ਅਧਿਆਇ ਜੁੜਦਾ ਹੈ। 1961 ਤੋਂ ਪਹਿਲਾਂ ਸ਼ਾਮਲਾਤ ਜ਼ਮੀਨਾਂ ਸਬੰਧੀ ਕੋਈ ਪਰਿਭਾਸ਼ਾ ਨਹੀਂ ਸੀ। ਇਸ ਲਈ ਪੰਜਾਬ ਪਿੰਡ ਕਾਮਨਲੈਂਡਜ਼ (ਰੈਗੂਲੇਸ਼ਨ) ਐਕਟ 1961 ਦੀ ਸਥਾਪਨਾ ਕਰਕੇ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਕੀਤੀ ਗਈ। ਇਸ ਐਕਟ ਤੋਂ ਪਹਿਲਾਂ ਜ਼ਮੀਨੀ ਮਾਲਕਾਂ ਨੂੰ ਸ਼ਾਮਲਾਤ ਦੇ ਹਿੱਸੇ ਦਾ ਅਧਿਕਾਰ ਸੀ ਜਦੋਂ ਕਿ ਗੈਰ ਮਾਲਕ ਡੰਗਰ ਚਾਰਨ ਅਤੇ ਲੱਕੜਾਂ ਇਕੱਠੀਆਂ ਕਰਨ ਤੱਕ ਸੀਮਤ ਸਨ। ਇਸ ਐਕਟ ਦੀ ਸਥਾਪਨਾ ਨਾਲ ਸ਼ਾਮਲਾਤ ਜ਼ਮੀਨਾਂ ਦੇ ਪ੍ਰਬੰਧ ਵਿਚ ਪਿੰਡ ਦਾ ਹਰ ਵੋਟਰ ਹਿੱਸੇਦਾਰ ਬਣਿਆ। 1961 ਦੇ ਐਕਟ ਤਹਿਤ ਨਜਾਇਜ਼ ਕਬਜ਼ੇ ਛੁਡਾਉਣ ਲਈ ਕੁਲੈਕਟਰ ਪੰਚਾਇਤ ਲੈਂਡ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ। ਹਰ ਸਾਲ ਗ੍ਰਾਮ ਪੰਚਾਇਤਾਂ ਇਨ੍ਹਾਂ ਅਦਾਲਤਾਂ ਜ਼ਰੀਏ ਸ਼ਾਮਲਾਤਾਂ ਤੋਂ ਨਜਾਇਜ਼ ਕਬਜ਼ੇ ਛੁਡਵਾ ਰਹੀਆਂ ਹਨ। 2017 ਵਿਚ ਪੰਜਾਬ ਕੋਲ 1,70,033 ਏਕੜ ਸ਼ਾਮਲਾਤ ਤੇ ਸਾਂਝੀਆਂ ਜ਼ਮੀਨਾਂ ਸਨ, ਜਿਨ੍ਹਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਚਾਇਤਾਂ ਹਰ ਸਾਲ ਮਈ-ਜੂਨ ਮਹੀਨੇ ਅਖ਼ਬਾਰੀ ਇਸ਼ਤਿਹਾਰ ਦੇ ਕੇ ਸ਼ਾਮਲਾਤਾਂ ਦੀ ਬੋਲੀ ਕਰਦੀਆਂ ਹਨ। ਇਸ ਨਾਲ ਪੰਚਾਇਤਾਂ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਪੰਚਾਇਤ ਸੰਮਤੀਆਂ ਦੀ ਆਮਦਨ ਵੀ ਵਧਦੀ ਹੈ। ਸ਼ਾਮਲਾਤ ਜ਼ਮੀਨਾਂ ਦੇ ਤਬਾਦਲੇ ਲਈ ਨੀਤੀ ਵੀ ਨਿਰਧਾਰਤ ਕੀਤੀ ਗਈ ਹੈ। ਪਰ ਇਨ੍ਹਾਂ ਤਬਾਦਲਿਆਂ ਦੀ ਕਾਗਜ਼ੀ ਕਾਰਵਾਈ ਲੰਬੀ ਹੋਣ ਕਰਕੇ ਆਮ ਬੰਦੇ ਹੰਭ ਜਾਂਦੇ ਹਨ। ਸ਼ਾਮਲਾਤ ਜ਼ਮੀਨਾਂ ਨੂੰ ਦਾਨ ਦੇਣ ਲਈ 1964 ਦੇ ਰੂਲ 13-ਏ ਅਧੀਨ ਭੂਮੀ ਹੀਣਾਂ ਅਤੇ ਗਰੀਬਾਂ ਨੂੰ ਰਹਿਣ ਲਈ ਜ਼ਮੀਨ ਦੇਣ ਦਾ ਉਪਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ, ਪਸ਼ੂ ਹਸਪਤਾਲ ਅਤੇ ਡਿਸਪੈਂਸਰੀ ਲਈ ਵੀ ਜ਼ਮੀਨ ਦਾਨ ਦਿੱਤੀ ਜਾ ਸਕਦੀ ਹੈ। ਪਿੰਡਾਂ ਦੇ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖ ਕੇ 1961 ਦੇ ਐਕਟ ਤਹਿਤ ਪਸ਼ੂਆਂ ਦੀ ਚਰਾਂਦ ਅਤੇ ਸੁੱਕੀ ਲੱਕੜ ਚੁੱਕਣ ਦੀ ਖੁੱਲ੍ਹ ਹੈ। ਜਦੋਂ ਤੋਂ ਸਰਕਾਰ ਨੇ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਦੀ ਰਾਖੀ ਲਈ ਨਿਯਮ ਐਕਟ ਨਿਰਧਾਰਿਤ ਕੀਤੇ ਹਨ, ਉਦੋਂ ਤੋਂ ਸ਼ਾਮਲਾਤ ਜ਼ਮੀਨਾਂ ਸਬੰਧੀ ਜਾਗਰੂਕਤਾ ਪੈਦਾ ਹੋਈ ਹੈ। ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਇਨ੍ਹਾਂ ਦੀ ਰਾਖੀ ਲਈ ਕੰਨੀ ਕਤਰਾਉਂਦੇ ਹਨ। ਕਾਰਨ ਇਹ ਕਿ ਕੋਈ ਕਿਸੇ ਨਾਲ ਵਿਗਾੜਨਾ ਨਹੀਂ ਚਾਹੁੰਦਾ। ਕਈ ਪੰਚਾਇਤਾਂ ਕੋਲ ਇਨ੍ਹਾਂ ਦੀ ਰਾਖੀ ਲਈ ਫੰਡ ਨਹੀਂ ਹੁੰਦੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸ਼ਾਮਲਾਤ ਜ਼ਮੀਨਾਂ ਲਈ ਸੌਖੀ ਅਤੇ ਵੱਖਰੀ ਨੀਤੀ ਨਿਰਧਾਰਿਤ ਕਰਕੇ ਆਪਣੇ ਪੱਧਰ 'ਤੇ ਫੈਸਲੇ ਕਰੇ। ਜੋ ਸ਼ਾਮਲਾਤਾਂ ਵਿਚ ਮਕਾਨ ਬਣਾ ਚੁੱਕੇ ਹਨ, ਉਨ੍ਹਾਂ ਨੂੰ ਨਿਯਮਿਤ ਕਰੇ। ਇਸ ਨਾਲ ਕਈ ਕਿਸਮ ਦੇ ਝਗੜਿਆਂ ਅਤੇ ਭਾਈਚਾਰਕ ਏਕਤਾ ਨੂੰ ਲਗਦੀ ਸੱਟ ਤੋਂ ਬਚਿਆ ਜਾ ਸਕਦਾ ਹੈ।

-ਅਬਿਆਣਾ ਕਲਾਂ। ਮੋਬਾ: 98781-11445

ਬਚਪਨ 'ਤੇ ਮੰਡਰਾਉਂਦਾ ਹਿੰਸਾ ਦਾ ਖ਼ਤਰਾ

ਬੱਚੇ ਕਿਸੇ ਵੀ ਸਮਾਜ ਅਤੇ ਦੇਸ਼ ਦਾ ਭਵਿਖ ਹੁੰਦੇ ਹਨ ਪਰ ਇਸ ਨੂੰ ਦੁਖਾਂਤ ਹੀ ਸਮਝਿਆ ਜਾਵੇਗਾ ਕਿ ਅੱਜ ਬਚਪਨ ਬੜਾ ਉਦਾਸ ਤੇ ਧੁੰਦਲਾ ਨਜ਼ਰ ਆ ਰਿਹਾ ਹੈ। ਕਦੀ ਪ੍ਰਮੁੱਖ ਅਖ਼ਬਾਰਾਂ ਦੇ 'ਬਾਲ ਪੰਨੇ' ਬਾਲ ਮਨੋਵਿਗਿਆਨ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਜੀਵਨ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਅਤੇ ਬਾਲ ਕਥਾ ਪੇਸ਼ ਕਰਦੇ ਸਨ ਪਰ ਅੱਜ ਉਹ ਬਾਲ ਪੰਨੇ ਸੁੰਗੜ ਗਏ ਹਨ। ਦੂਸਰੇ ਪਾਸੇ ਵੱਖ-ਵੱਖ ਟੀ.ਵੀ. ਚੈਨਲਾਂ ਰਾਹੀਂ ਪਰੋਸੀ ਜਾ ਰਹੀ ਅਸ਼ਲੀਲਤਾ ਕਾਰਨ ਬੱਚਿਆਂ ਦਾ ਬਚਪਨ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਵਿਗਾੜਨ 'ਚ ਹਿੰਸਕ ਫਿਲਮਾਂ ਵੀ ਕੋਈ ਕਸਰ ਨਹੀਂ ਛੱਡ ਰਹੀਆਂ। ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਜੁਰਮ ਹੈ, ਪਰ ਸਾਡੇ ਦੇਸ਼ ਦੀ ਇਹ ਤ੍ਰਾਸਦੀ ਰਹੀ ਹੈ ਕਿ ਇਥੇ ਬਚਪਨ ਨੂੰ ਬਚਾਉਣ ਦੀ ਚਿੰਤਾ ਸਿਰਫ਼ ਖੋਖਲੇ ਆਦਰਸ਼ਵਾਦ ਦੇ ਦਾਇਰੇ 'ਚ ਹੀ ਸਿਮਟ ਕੇ ਰਹਿ ਗਈ ਹੈ। ਕਿਧਰੇ ਬਸਤਿਆਂ ਦੇ ਬੋਝ ਹੇਠ ਬੱਚਿਆਂ ਦਾ ਬਚਪਨ ਦੱਬਿਆ ਗਿਆ ਹੈ ਅਤੇ ਕਿਤੇ ਸਿੱਖਿਆ ਤੇ ਸਿਹਤ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿਣ ਵਾਲੇ ਬੱਚੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਥੇ ਹੀ ਬਸ ਨਹੀਂ, ਉਹ ਇਕ ਪਾਸੇ ਮਨੁੱਖੀ ਅੱਤਿਆਚਾਰ ਤੋਂ ਪੀੜਤ ਹਨ, ਦੂਸਰੇ ਪਾਸੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਫਲਸਰੂਪ ਘਰੇਲੂ ਫੁੱਟ ਦਾ ਮਾਰੂ ਪ੍ਰਭਾਵ ਇਨ੍ਹਾਂ ਬੱਚਿਆਂ 'ਤੇ ਪੈ ਰਿਹਾ ਹੈ। ਬੱਚਿਆਂ ਦੇ ਬਚਪਨ ਨਾਲ ਸਬੰਧਿਤ ਅਜਿਹੇ ਕਈ ਸਵਾਲਾਂ 'ਤੇ ਸੰਜੀਦਗੀ ਨਾਲ ਚਰਚਾ ਕਰਨ ਦੀ ਜ਼ਰੂਰਤ ਹੈ। ਅਕਸਰ ਮਾਪੇ ਆਪਣੇ ਬੱੱੱਚਿਆਂ ਦੇ ਮਨੋਵਿਗਿਆਨ ਨੂੰ ਸਮਝੇ ਬਿਨਾਂ ਉਨ੍ਹਾਂ 'ਤੇ ਆਪਣੀਆਂ ਇੱਛਾਵਾਂ ਠੋਸ ਦਿੰਦੇ ਹਨ। ਉਨ੍ਹਾਂ 'ਤੇ ਪ੍ਰੀਖਿਆ ਵਿਚੋਂ ਚੰਗੇ ਅੰਕ ਲੈਣ ਲਈ ਦਬਾਅ ਬਣਾਉਂਦੇ ਹਨ। ਅਸਲ ਵਿਚ ਇਹ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬੱਚੇ ਚਾਹੁੰਦੇ ਕੀ ਹਨ? ਉਨ੍ਹਾਂ ਦੀਆਂ ਇੱਛਾਵਾਂ ਨੂੰ ਸਹੀ ਢੰਗ ਨਾਲ ਸਮਝਣ ਲਈ ਮਾਪਿਆਂ ਨੂੰ ਆਪਣੇ ਅੰਦਰ ਵੀ ਇਕ ਮਨੋਵਿਗਿਆਨਕ ਨਜ਼ਰੀਆ ਵਿਕਸਤ ਕਰਨਾ ਹੋਵੇਗਾ। ਅਕਸਰ ਇਹ ਵੇਖਣ ਵਿਚ ਆਇਆ ਹੈ ਕਿ ਮਾਂ-ਪਿਓ ਜਿਸ ਟੀਚੇ ਨੂੰ ਆਪ ਹਾਸਲ ਨਹੀਂ ਕਰ ਸਕੇ, ਉਹ ਉਸ ਟੀਚੇ ਤੱਕ ਆਪਣੇ ਬੱਚਿਆਂ ਨੂੰ ਪਹੁੰਚਾਉਣ ਲਈ ਹਰ ਕੋਸ਼ਿਸ਼ ਕਰਦੇ ਹਨ। ਇਸ ਮਕਸਦ ਦੀ ਪੂਰਤੀ ਲਈ ਉਹ ਬੱਚੇ 'ਤੇ ਟਿਊਸ਼ਨ, ਕੋਚਿੰਗ ਅਤੇ ਹੋਰ ਵਸੀਲਿਆਂ ਰਾਹੀਂ ਦਬਾਅ ਬਣਾਉਂਦੇ ਹਨ ਭਾਵ ਉਨ੍ਹਾਂ ਦੇ ਬਚਪਨ ਨਾਲ ਖਿਲਵਾੜ ਕਰਦੇ ਹਨ, ਇਹ ਜਾਣਨ ਤੋਂ ਬਿਨਾਂ ਕਿ ਉਨ੍ਹਾਂ ਦੇ ਬੱਚੇ ਵਿਚ ਉਸ ਟੀਚੇ ਤੱਕ ਪਹੁੰਚਣ ਦੀ ਸਮਰੱਥਾ ਵੀ ਹੈ ਕਿ ਨਹੀਂ। ਸਸਪੈਂਸ, ਥ੍ਰਿਲਰ, ਹਾਰਰ ਸ਼ੋਅ, ਸੋਪ ਓਪੇਰਾ ਆਦਿ ਵੇਖਣ ਵਾਲੇ ਬੱਚਿਆਂ 'ਤੇ ਬੜਾ ਡੂੰਘਾ ਮਨੋਵਿਗਿਆਨਕ ਤੇ ਭਾਵਨਾਤਮਕ ਅਸਰ ਪੈਂਦਾ ਹੈ। ਜ਼ਰੂਰਤ ਹੈ ਬੱਚਿਆਂ ਦੇ ਬਚਪਨ ਨੂੰ ਟੀ.ਵੀ. ਤੇ ਫਿਲਮਾਂ ਵਿਚ ਵਿਖਾਈ ਜਾ ਰਹੀ ਹਿੰਸਾ, ਮਾਰਧਾੜ ਤੇ ਅਸ਼ਲੀਲਤਾ ਦੇ ਮੰਡਰਾ ਰਹੇ ਖਤਰੇ ਤੋਂ ਬਚਾਈਏ।

-ਪ੍ਰੀਤ ਨਗਰ, ਡਾਕ: ਚੌਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਪਸ਼ੂ ਪਾਲਣ ਧੰਦੇ ਪ੍ਰਤੀ ਲੋਕਾਂ ਦਾ ਘਟਦਾ ਰੁਝਾਨ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਜ਼ਿਆਦਾ ਵਸੋਂ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਹੈ। ਖੇਤੀਬਾੜੀ ਧੰਦੇ ਵਿਚ ਜਿਥੇ ਕਿਸਾਨਾਂ ਨੇ ਖੂਬ ਮਿਹਨਤ ਕਰਕੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ, ਉਥੇ ਜੀਵਨ ਪੱਧਰ ਵੀ ਉੱਚਾ ਚੁੱਕਿਆ ਅਤੇ ਤਰੱਕੀ ਦੇ ਬੇਸ਼ੁਮਾਰ ਝੰਡੇ ਗੱਡੇ। ਖੇਤੀ ਦੇ ਨਾਲ-ਨਾਲ ਕਿਸਾਨਾਂ ਵਲੋਂ ਸਹਾਇਕ ਧੰਦੇ ਵਜੋਂ ਅਪਣਾਏ ਪਸ਼ੂ ਪਾਲਣ ਧੰਦੇ ਨਾਲ ਜਿਥੇ ਕਿਸਾਨਾਂ ਨੇ ਵੱਡੀ ਮਾਤਰਾ ਵਿਚ ਦੁੱਧ ਪੈਦਾ ਕਰਕੇ ਆਪਣੇ ਘਰ ਦੇ ਦੁੱਧ, ਦਹੀਂ, ਲੱਸੀ ਅਤੇ ਘਿਓ ਨਾਲ ਆਪਣੀ ਨਿਰੋਈ ਸਿਹਤ ਦੀ ਸਿਰਜਣਾ ਕੀਤੀ, ਉਥੇ ਦੁੱਧ ਦਾ ਵੱਡੀ ਪੱਧਰ 'ਤੇ ਵਪਾਰ ਕਰਕੇ ਆਪਣੀ ਆਮਦਨ ਵਿਚ ਵੀ ਚੋਖਾ ਵਾਧਾ ਕੀਤਾ। ਅੱਜ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੁਆਰਾ ਪੈਦਾ ਕੀਤੇ ਜਾ ਰਹੇ ਦੁੱਧ ਦੀਆਂ ਕੀਮਤਾਂ ਵਿਚ ਜਿਥੇ ਨਾਮਾਤਰ ਵਾਧਾ ਹੋ ਰਿਹਾ ਹੈ, ਉਥੇ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ (ਫੀਡ), ਦਵਾਈਆਂ ਅਤੇ ਸਾਂਭ-ਸੰਭਾਲ ਦੇ ਖਰਚੇ ਲਗਾਤਾਰ ਅਸਮਾਨ ਨੂੰ ਛੂੰਹਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜਿਥੇ ਸਮੇਂ ਦੀਆਂ ਸਰਕਾਰਾਂ ਵਲੋਂ ਪਸ਼ੂਆਂ ਦੀ ਨਸਲ ਸੁਧਾਰ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ, ਉਥੇ ਪਿੰਡਾਂ ਵਿਚਲੇ ਪਸ਼ੂ-ਹਸਪਤਾਲ ਵੀ ਕਿਸਾਨਾਂ ਦੇ ਪਸ਼ੂਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਬਹੁਤੇ ਕਾਰਗਰ ਸਿੱਧ ਨਹੀਂ ਹੋ ਰਹੇ। ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਵੀ ਹਨ ਜਿਥੇ ਜਾਂ ਤਾਂ ਪਸ਼ੂ ਹਸਪਤਾਲ ਹੀ ਨਹੀਂ ਹਨ, ਜੇ ਹਸਪਤਾਲ ਹਨ ਤਾਂ ਉਥੇ ਕੋਈ ਡਾਕਟਰ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਨਿੱਜੀ ਡਾਕਟਰਾਂ ਕੋਲੋਂ ਮਹਿੰਗੇ ਖਰਚੇ 'ਤੇ ਕਰਵਾਉਣਾ ਪੈ ਰਿਹਾ ਹੈ। ਪਸ਼ੂ ਘੱਟ ਅਤੇ ਦੁੱਧ ਜ਼ਿਆਦਾ ਮਾਤਰਾ ਵਿਚ ਹੋਣਾ ਕਿਤੇ ਨਾ ਕਿਤੇ ਨਕਲੀ ਦੁੱਧ ਦੇ ਹੋ ਰਹੇ ਪੱਧਰ ਦੇ ਕਾਰੋਬਾਰ ਪ੍ਰਤੀ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ। ਨਕਲੀ ਦੁੱਧ ਕਾਰਨ ਜਿਥੇ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ, ਉਥੇ ਅਸਲੀ ਦੁੱਧ ਦੀਆਂ ਕੀਮਤਾਂ ਵਿਚ ਘੱਟ ਵਾਧਾ ਹੋ ਰਿਹਾ ਹੈ। ਹਰ ਸਾਲ ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਵੱਖ-ਵੱਖ ਥਾਵਾਂ ਉੱਪਰ ਛਾਪੇ ਮਾਰ ਕੇ ਨਕਲੀ ਦੁੱਧ ਪ੍ਰਤੀ ਕਾਰਵਾਈ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਵਾ ਕੇ ਆਪਣੀ ਖਾਨਾਪੂਰਤੀ ਕਰ ਲਈ ਜਾਂਦੀ ਹੈ ਅਤੇ ਬਾਅਦ ਵਿਚ ਇਹ ਧੰਦਾ ਬੇਖੌਫ ਉਵੇਂ ਦਾ ਉਵੇਂ ਹੀ ਚਲਦਾ ਰਹਿੰਦਾ ਹੈ। ਸੋ, ਸਰਕਾਰ ਨੂੰ ਕਿਸਾਨਾਂ ਦੇ ਡੁੱਬਦੇ ਜਾ ਰਹੇ ਇਸ ਸਹਾਇਕ ਧੰਦੇ ਨੂੰ ਬਚਾਉਣ ਲਈ ਜਿਥੇ ਬਾਜ਼ਾਰਾਂ ਵਿਚ ਨਕਲੀ ਵਿਕ ਰਹੇ ਦੁੱਧ ਦੇ ਧੰਦੇ ਪ੍ਰਤੀ ਬੇਹੱਦ ਸਖ਼ਤੀ ਵਾਲਾ ਰੁਖ਼ ਅਖ਼ਤਿਆਰ ਕਰਨਾ ਚਾਹੀਦਾ ਹੈ, ਉਥੇ ਇਸ ਧੰਦੇ ਉੱਪਰ ਹੋਣ ਵਾਲੇ ਸਭ ਤਰ੍ਹਾਂ ਦੇ ਖਰਚਿਆਂ ਉੱਪਰ ਖਾਸ ਰਿਆਇਤਾਂ ਦੇਣ ਵੱਲ ਤਵੱਜੋ ਦੇਣੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਕਿਸਾਨੀ ਦੇ ਹੋਰ ਨਿਘਾਰ ਵੱਲ ਜਾਣ ਦੇ ਨਾਲ-ਨਾਲ ਨਕਲੀ ਦੁੱਧ ਅਤੇ ਇਸ ਤੋਂ ਬਣੇ ਖਾਧ ਪਦਾਰਥ ਖਾ-ਖਾ ਕੇ ਅਜੋਕਾ ਪੰਜਾਬ ਭਿਆਨਕ ਬਿਮਾਰੀਆਂ ਦਾ ਘਰ ਬਣ ਜਾਵੇਗਾ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਚੰਗੀ ਸੇਧ ਲੈਣ ਲਈ ਕਿਤਾਬਾਂ ਨਾਲ ਜੁੜਨ ਨੌਜਵਾਨ

ਵਰਤਮਾਨ ਸਮੇਂ ਪੰਜਾਬੀਆਂ ਦੇ ਸਾਹਮਣੇ ਇਕ ਚੁਣੌਤੀ ਆਪਣੀ ਕੁਰਾਹੇ ਪਈ ਜਵਾਨੀ ਨੂੰ ਸਾਂਭਣ ਦੀ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਕੇ ਬਿਖੜੇ ਰਾਹਾਂ ਵੱਲ ਵਗ ਤੁਰੀ ਹੈ। ਸਾਡੀ ਨਵੀਂਂ ਪੀੜ੍ਹੀ ਮੌਜੂਦਾ ਸਮੇਂ ਨਸ਼ੇ, ਗੈਂਗਵਾਰ, ਫੋਕੀ ਸ਼ੁਹਰਤ, ਵਿਖਾਵੇਬਾਜ਼ੀ, ਲੱਚਰ ਸੱਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਇਨ੍ਹਾਂ ਸਮਾਜਿਕ ਕੁਰੀਤੀਆ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਮੁਕਤ ਕਰਵਾਉਣ ਦਾ ਇਕ ਸਾਰਥਿਕ ਹੱਲ ਹੋ ਸਕਦਾ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਕਿਤਾਬ ਸੱਭਿਆਚਾਰ ਨਾਲ ਜੋੜੀਏ। ਇਸ ਕਾਰਜ ਲਈ ਸਾਨੂੰ ਸਭ ਤੋਂ ਪਹਿਲਾਂ ਪਿੰਡ-ਪਿੰਡ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਹਰ ਇਨਸਾਨ ਆਪਣੇ ਵਿੱਤ ਅਨੁਸਾਰ ਆਪਣੇ ਘਰ ਵਿਚ ਹੀ ਇਕ ਛੋਟੀ ਲਾਇਬ੍ਰੇਰੀ ਉਸਾਰਦਾ ਪਰ ਅਸੀਂ ਪੰਜਾਬੀ ਮੌਜੂਦਾ ਸਮੇਂ ਸਾਹਿਤ ਪੜ੍ਹਨ-ਲਿਖਣ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ, ਸਾਡੇ ਤਾਂ ਬਹੁਤੇ ਘਰਾਂ ਵਿਚ ਰੋਜ਼ਾਨਾ ਅਖ਼ਬਾਰ ਵੀ ਨਹੀਂ ਪੜ੍ਹਿਆ ਜਾਂਦਾ, ਚੰਗੀਆਂ ਸੇਧ ਦੇਣ ਵਾਲੀਆ ਕਿਤਾਬਾਂ ਤਾਂ ਬਹੁਤ ਦੂਰ ਦੀ ਗੱਲ ਹੋ ਚੁੱਕੀ ਹੈ। ਇਸ ਸੰਦਰਭ ਵਿਚ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਜਾਗਰੂਕ ਵਰਗ ਨੂੰ ਪਹਿਲ ਦੇ ਅਧਾਰ ਉੱਤੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿਚ ਲਾਇਬ੍ਰੇਰੀ ਖੁਲ੍ਹਵਾਉਣ ਲਈ ਆਪਣੀ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਚੰਗੀਆ ਕਿਤਾਬਾਂ ਕਿਸੇ ਵੀ ਇਨਸਾਨ ਦੇ ਵਿਅਕਤੀਤਵ ਵਿਚ ਹੈਰਾਨੀਜਨਕ ਤਬਦੀਲੀ ਲਿਆਉਣ ਵਿਚ ਸਹਾਈ ਹੋ ਸਕਦੀਆਂ ਹਨ। ਇਤਿਹਾਸ ਵਿਚ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੇ ਜੀਵਨ ਸੰਘਰਸ਼ ਨੂੰ ਪੜ੍ਹ ਕੇ ਸਾਡੀ ਨੌਜਵਾਨ ਪੀੜ੍ਹੀ ਆਪਣੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਗਾ ਸਕਦੀ ਹੈ। ਅੱਜ ਦੇ ਸਮੇਂ ਸੂਚਨਾ ਤਕਨੀਕ ਨੇ ਹਰੇਕ ਖੇਤਰ ਵਿਚ ਆਪਣੀ ਛਾਪ ਛੱਡੀ ਹੈ, ਪਰ ਇਸ ਦੇ ਕਈ ਨਕਾਰਾਤਮਿਕ ਪਹਿਲੂ ਵੀ ਸਾਡੇ ਸਾਹਮਣੇ ਆਏ ਹਨ। ਜਿਵੇਂ ਵਰਤਮਾਨ ਸਮੇਂ ਸਾਡੀ ਜਵਾਨੀ ਘੰਟਿਆਂਬੱਧੀ ਸੋਸ਼ਲ ਮੀਡੀਆ ਉੱਤੇ ਊਟ-ਪਟਾਂਗ ਵੀਡੀਓ ਵੇਖਣ ਵਿਚ ਆਪਣਾ ਕੀਮਤੀ ਸਮਾਂ ਅਜਾਈਂ ਗਵਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ, ਇਕੱਲਾ ਲਾਇਬ੍ਰੇਰੀ ਬਣਾਉਣ ਜਾਂ ਵੱਡੀ ਗਿਣਤੀ ਦੀਆਂ ਕਿਤਾਬਾਂ ਰੱਖਣ ਨਾਲ ਗੱਲ ਨਹੀਂ ਬਣਨੀ ਸਗੋਂ ਲਾਇਬ੍ਰੇਰੀ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ।

-ਕੰਪਿਊਟਰ ਅਧਿਆਪਕ, ਸ: ਹਾ: ਸਕੂਲ, ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 94655-76022

 

ਨਸ਼ੇ ਦੇ ਰੁਝਾਨ 'ਤੇ ਠੱਲ੍ਹ ਪਾਉਣ ਦੀ ਲੋੜ

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਦੇਸ਼-ਭਗਤਾਂ, ਦਾਨੀਆਂ ਦੀ ਜਨਮ ਭੂਮੀ ਹੈ। ਸੰਸਾਰ ਦੇ ਕਿਸੇ ਕੋਨੇ ਝਾਤੀ ਮਾਰੀਏ ਤਾਂ ਇਸ ਧਰਤੀ ਦੇ ਜਾਇਆਂ ਦੀ ਪਛਾਣ ਹੀ ਨਿਰਾਲੀ ਹੈ। ਪੰਜਾਬੀਆਂ ਦਾ ਖਾਣ-ਪੀਣ ਖੁੱਲ੍ਹਾ-ਡੁੱਲ੍ਹਾ ਹੈ। ਭਲਿਆਂ ਸਮਿਆਂ 'ਚ ਕੋਈ ਪ੍ਰਾਹੁਣਾ ਘਰ ਆਉਂਦਾ ਤਾਂ ਚਾਹ, ਦੁੱਧ, ਲੱਸੀ ਨਾਲ ਮਹਿਮਾਨ-ਨਿਵਾਜੀ ਦੀ ਖਿਦਮਤ ਹੁੰਦੀ ਜਾਂ ਕਿਤੇ ਬਾਹਰ ਕੋਈ ਕੰਮ-ਕਾਰ ਲਈ ਘਰੋਂ ਤੁਰਦਾ ਗੁੜ ਦੀ ਰੋੜੀ ਨਾਲ ਮੂੰਹ 'ਚ ਮਿਠਾਸ ਭਰਦਾ ਸੀ ਪਰ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਨੇ ਜਕੜ ਲਿਆ ਹੈ। ਕੋਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਅ ਰਿਹਾ ਹੈ ਅਤੇ ਕੋਈ ਪੁਲਿਸ 'ਤੇ ਉਂਗਲੀ ਉਠਾ ਰਿਹਾ ਹੈ ਪਰ ਜਦੋਂ ਮਚਦੀ ਅੱਗ ਦੇ ਭਾਂਬੜ ਆਪਣੇ ਘਰ ਵੱਲ ਆਉਂਦੇ ਨੇ ਤਾਂ ਠੀਕਰਾ ਕਿਸੇ ਸਿਰ ਤਾਂ ਭੰਨਣਾ ਹੀ ਪੈਣਾ। ਜਿਨ੍ਹਾਂ ਮਾਪਿਆਂ ਦੀ ਔਲਾਦ ਆਗਿਆਕਾਰ ਹੋਵੇ, ਮਿਹਨਤੀ ਅਤੇ ਸਮੇਂ ਦੀ ਹਾਣੀ ਹੋਵੇ, ਉਸ ਵਰਗਾ ਸਵਰਗ ਨਹੀਂ ਪਰ ਜੇਕਰ ਭੈੜੀ ਸੰਗਤ ਦੀ ਰੰਗਤ ਚੜ੍ਹ ਜਾਵੇ ਤਾਂ ਉਸ ਵਰਗਾ ਨਰਕ ਨਹੀਂ। ਵਕਤ ਲੰਘੇ ਤੋਂ ਦਹਾੜਾਂ ਮਾਰ ਕੇ ਪਿੱਟਣ ਦਾ ਕੀ ਫਾਇਦਾ, ਜਦੋਂ ਸਮਾਂ ਬੀਤ ਚੁੱਕਾ ਹੋਵੇ, ਅਸੀਂ ਕਈ ਵਾਰ ਬੇਲੋੜਾ ਮਾਣ ਕਰਕੇ ਲਾਡਲੀ ਔਲਾਦ ਦਾ ਨੁਕਸਾਨ ਅਤੇ ਆਪਣੇ-ਆਪ ਨਾਲ ਧੋਖਾ ਕਰ ਲੈਂਦੇ ਹਾਂ। ਪਰ ਫੜ-ਫੜ ਸੁਧਾਰ ਘਰ ਭੇਜਣ ਦੀ ਬਜਾਏ ਇਨ੍ਹਾਂ ਮਾੜੇ ਰਸਤੇ ਤੁਰੇ ਨੌਜਵਾਨਾਂ ਨੂੰ ਸਮਝਾਉਣ, ਨਸ਼ਾ ਛੁਡਾਊ ਕੇਂਦਰ 'ਚ ਵੱਧ ਤੋਂ ਵੱਧ ਕਾਉਂਸਲਿੰਗ ਦੀ ਲੋੜ ਹੈ। ਸੁਧਾਰ ਘਰਾਂ 'ਚ ਵੀ ਕਲਾਸਾਂ ਲਗਾ ਕੇ ਮਾੜੇ ਕੰਮਾਂ, ਨਸ਼ਿਆਂ ਤੋਂ ਜਾਗਰੂਕ ਕਰਨਾ ਚਾਹੀਦਾ ਪਰ ਇਹ ਕਾਰਜ ਕਰਨ ਲਈ ਸਰਕਾਰ ਅਤੇ ਸਿਆਸੀ ਲੋਕਾਂ ਦੇ ਇਰਾਦੇ ਸਾਫ਼ ਅਤੇ ਨੇਕ ਹੋਣੇ ਚਾਹੀਦੇ ਹਨ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਲੋਕਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਸੈਮੀਨਾਰ ਕਰਾਉਣੇ ਚਾਹੀਦੇ ਹਨ ਅਤੇ ਪੁਲਿਸ ਨੂੰ ਲੋਕਾਂ ਦੇ ਹੋਰ ਨੇੜੇ ਹੋਣਾ ਚਾਹੀਦਾ ਹੈ। ਗੁੱਸੇ ਦੇ ਲਹਿਜੇ ਨਾਲੋਂ ਹੋ ਸਕਦਾ ਪਿਆਰ ਨਾਲ ਵਿਗੜੇ ਨੌਜਵਾਨਾਂ ਨੂੰ ਮੋੜਿਆ ਜਾ ਸਕੇ। ਕੁਝ ਜਵਾਨੀ ਨੂੰ ਤਾਂ ਨਸ਼ੇ ਨੇ ਆਪਣੀ ਜਕੜ ਵਿਚ ਲੈ ਲਿਆ ਅਤੇ ਕੁਝ ਪ੍ਰਦੇਸਾਂ ਦਾ ਰੁਖ਼ ਅਖ਼ਤਿਆਰ ਕਰ ਗਈ ਹੈ। ਜਿਹੜੇ ਵਪਾਰੀ ਨਸ਼ੇ ਦਾ ਵਪਾਰ ਕਰਦੇ ਹਨ, ਉਨ੍ਹਾਂ ਨਾਲ ਨਰਮੀ ਨਾ ਵਰਤੀ ਜਾਵੇ, ਇਮਾਨਦਾਰੀ ਨਾਲ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਮਾੜੇ ਅਨਸਰਾਂ ਦੀ ਪਿੱਠ ਨਹੀਂ ਥਾਪੜਨੀ ਚਾਹੀਦੀ। ਪੰਜਾਬ ਦੀ ਧਰਤੀ ਧਾਹਾਂ ਮਾਰ-ਮਾਰ ਪੁਕਾਰ ਰਹੀ ਹੈ। ਦੁੱਧ-ਮੱਖਣਾਂ ਨਾਲ ਪਲੇ ਪੁੱਤਾਂ ਨੂੰ ਨਸ਼ੇ ਦਾ ਦੈਂਤ ਨਿਗਲ ਰਿਹਾ ਹੈ। ਪੁਲਿਸ ਇਮਾਨਦਾਰੀ ਨਾਲ ਇਸ ਸਮੇਂ ਨਾਲ ਨਜਿੱਠੇ ਅਤੇ ਨਸ਼ਾ ਵਪਾਰੀਆਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਣਾ ਚਾਹੀਦਾ ਹੈ, ਤਾਂ ਹੀ ਇਸ ਭਾਗਾਂ-ਨਸੀਬਾਂ ਵਾਲੀ ਧਰਤੀ ਦੀ ਲੱਜ-ਪੱਤ ਰਹੇਗੀ।

-ਪਿੰਡ ਤੇ ਡਾਕ: ਜਲਾਲਦੀਵਾਲ।
ਮੋਬਾ: 98141-11305

ਵਿਦੇਸ਼ ਨਾਲੋਂ ਆਪਣਾ ਦੇਸ਼ ਚੰਗਾ

ਸਾਡੇ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ ਬਹੁਤ ਪੈਰ ਪਸਾਰ ਚੁੱਕੀ ਹੈ। ਗਰੀਬ ਨੂੰ ਮਜ਼ਦੂਰੀ ਨਹੀਂ ਮਿਲਦੀ, ਪੜ੍ਹੇ-ਲਿਖੇ ਨੂੰ ਕੋਈ ਰੁਜ਼ਗਾਰ ਨੌਕਰੀ ਨਹੀਂ ਮਿਲ ਰਹੀ, ਮਜ਼ਦੂੁਰ ਮਜ਼ਦੂਰੀ ਦੀ ਭਾਲ 'ਚ ਦਰ-ਦਰ ਭਟਕ ਰਿਹਾ, ਪੜ੍ਹਿਆ-ਲਿਖਿਆ ਆਪਣੀਆਂ ਡਿਗਰੀਆਂ ਲੈ ਕੇ ਘੁੰਮ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਦੀ ਇਕੋ-ਇਕ ਕਿਰਨ ਆਈਲਟਸ ਪਾਸ ਕਰਕੇ ਵਿਦੇਸ਼ਾਂ ਵਿਚ ਜਾਣਾ, ਜਿਸ ਲਈ ਉਹ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਭਾਵ ਜ਼ਮੀਨ-ਜਾਇਦਾਦ ਵੇਚ ਵੱਟ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਵਿਦੇਸ਼ ਚਲੇ ਜਾਂਦੇ ਹਨ। ਉਨ੍ਹਾਂ ਨੂੰ ਉਥੇ ਜਾ ਕੇ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ, ਇਸ ਲਈ ਉਨ੍ਹਾਂ ਨੂੰ ਉਥੇ ਜਾ ਕੇ ਮਜ਼ਦੂਰੀ ਹੀ ਕਰਨੀ ਪੈਂਦੀ ਹੈ। ਨੌਜਵਾਨ ਆਪਣੇ ਦੇਸ਼ ਵਿਚ ਮਜ਼ਦੂਰੀ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਹਨ ਜਦੋਂਕਿ ਉਹ ਅੱਖਾਂ ਤੋਂ ਉਹਲੇ ਵਿਦੇਸ਼ ਵਿਚ ਜਾ ਕੇ ਸਖ਼ਤ ਮਿਹਨਤ ਕਰਦੇ ਹਨ। ਵਿਦੇਸ਼ ਜਾਣ ਲਈ ਜੋ ਰੁਪਏ ਪੈਸਾ ਬਰਬਾਦ ਕਰਦੇ ਹਨ ਉਨ੍ਹਾਂ ਨਾਲ ਉਹ ਇਥੇ ਆਪਣੀ ਖ਼ੁਦਮੁਖਤਿਆਰੀ ਵਾਲਾ ਕੰਮ ਕਰ ਸਕਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਅਤੇ ਸਾਡੇ ਨੌਜਵਾਨ ਵਰਗ ਮੁੰਡੇ ਭਾਵੇਂ ਕੁੜੀਆਂ ਨੂੰ ਬਾਹਰ ਜਾਣ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ।
ਸਾਡੇ ਲੋਕ ਜਦੋਂ ਆਪਣਾ ਇਥੋਂ ਦਾ ਕਿੱਤਾ ਛੱਡ ਕੇ ਬਾਹਰ ਜਾਂਦੇ ਹਨ ਤਾਂ ਉਹ ਆਪਣਾ ਕਿੱਤਾ ਪ੍ਰਵਾਸੀ ਮਜ਼ਦੂਰਾਂ ਨੂੰ ਸੌਂਪ ਕੇ ਜਾਂਦੇ ਹਨ। ਜੇ ਮੰਨ ਲਿਆ ਜਾਵੇ ਕਿ ਬਿਹਾਰ ਤੋਂ ਲੋਕ ਪੰਜਾਬ ਵਿਚ ਜ਼ਿਆਦਾ ਮਜ਼ਦੂਰੀ ਅਤੇ ਰੁਜ਼ਗਾਰ ਮਿਲਣ ਕਰਕੇ ਹੀ ਆਉਂਦੇ ਹਨ ਅਤੇ ਸਾਡੇ ਨੌਜਵਾਨ ਇਥੋਂ ਜ਼ਿਆਦਾ ਪੈਸਾ ਕਮਾਉਣ ਲਈ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ। ਪੰਜਾਬ ਦੀ ਖੇਤੀ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੈ। ਸਾਡੇ ਲੋਕ ਕੰਮ ਕਰਨ ਦੀ ਬਜਾਏ ਅੱਜ ਵੀ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਵਿਚ ਰੇਲਵੇ ਸਟੇਸ਼ਨਾਂ 'ਤੇ ਬੈਠੇ ਹਨ ਜਦੋਂ ਕਿ ਉਨ੍ਹਾਂ ਦੀ ਉਡੀਕ ਵਿਚ ਸਮਾਂ ਨਸ਼ਟ ਕਰਨ ਦੀ ਥਾਂ ਖ਼ੁਦ ਵੀ ਕੰਮ ਕਰ ਸਕਦੇ ਹਨ। ਕਿੰਨਾ ਚੰਗਾ ਹੁੰਦਾ ਜੇਕਰ ਸਾਡਾ ਨੌਜਵਾਨ ਬਾਹਰ ਜਾਣ ਦੀ ਬਜਾਏ ਇਥੇ ਮਨ ਲਾ ਕੇ ਕੰਮ ਕਰੇ, ਸਾਡਾ ਪੈਸਾ ਸਾਡੇ ਦੇਸ਼ ਵਿਚ ਹੀ ਰਹਿ ਜਾਵੇ, ਜਿਸ ਨਾਲ ਸਾਡਾ ਦੇਸ਼ ਵੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇ, ਪਰ ਸਾਡੀਆ ਮਾੜੀਆਂ ਸਰਕਾਰਾਂ, ਮਾੜੇ ਲੀਡਰ ਸਾਡੇ ਪੰਜਾਬ ਦੇ ਬਾਰੇ ਸੋਚਦੇ ਹੀ ਨਹੀਂ। ਇਥੇ ਰੁਜ਼ਗਾਰ ਦੀ ਕੋਈ ਘਾਟ ਨਹੀਂ, ਹਰ ਮਹਿਕਮੇ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਜੇਕਰ ਝਾਤ ਮਾਰੀਏ ਤੇ ਵੇਖੀਏ, ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਾਡਾ ਸੂਬਾ ਮਜ਼ੂਦਰੀ ਦੇ ਰਿਹਾ ਹੈ, ਜੇਕਰ ਇਹੀ ਮਜ਼ਦੂਰੀ ਸਾਡੇ ਨੌਜਵਾਨਾਂ ਨੂੰ ਦਿੱਤੀਆ ਜਾਣ ਤਾਂ ਸ਼ਾਇਦ ਉਹ ਵਿਦੇਸ਼ਾਂ ਵਿਚ ਨਾ ਜਾਣ ਤੇ ਇਥੋਂ ਦਾ ਪੈਸਾ ਉਥੇ ਜਾ ਕੇ ਨਾ ਬਰਬਾਦ ਕਰਨ, ਆਪਣੀਆਂ ਜਾਇਦਾਦਾਂ ਬਚਾ ਕੇ ਇਥੇ ਹੀ ਕਾਮਯਾਬ ਹੋ ਸਕਦੇ ਹਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਡੀਆਂ ਸਰਕਾਰਾਂ ਤੇ ਲੀਡਰਾਂ ਦੀ ਸੋਚ ਬਦਲੇ ਤਾਂ ਉਹ ਵਿਦੇਸ਼ ਜਾਣ ਲਈ ਗੁਰੇਜ਼ ਕਰਨ ਅਤੇ ਕਹਿਣ ਕਿ ਵਿਦੇਸ਼ ਨਾਲੋਂ ਸਾਡਾ ਹੀ ਦੇਸ਼ ਚੰਗਾ ਹੈ।

-ਮੋਬਾ: 94632-59121

ਸੋਸ਼ਲ ਮੀਡੀਆ 'ਤੇ ਮਸਰੂਫ਼ ਨੌਜਵਾਨ ਪੀੜ੍ਹੀ

ਕੋਈ ਸਮਾਂ ਸੀ, ਜਦੋਂ ਸੋਸ਼ਲ ਮੀਡੀਆ ਨੇ ਨਵੇਂ-ਨਵੇਂ ਪੈਰ ਪਸਾਰੇ ਸਨ, ਹਰ ਕੋਈ ਇਸ ਦਾ ਪ੍ਰਸੰਸਕ ਸੀ, ਕਿਉਂਕਿ ਇਸ 'ਤੇ ਦਿਖਾਈਆਂ ਜਾਣ ਵਾਲੀਆਂ ਸੱਚੀਆਂ ਘਟਨਾਵਾਂ ਨੇ ਲੋਕਾਂ ਦਾ ਧਿਆਨ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਵਲੋਂ ਹਟਾ ਕੇ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਲੋਕਾਂ ਦੀ ਇਹ ਧਾਰਨਾ ਬਣ ਗਈ ਸੀ ਕਿ ਜਿਹੜੀ ਖ਼ਬਰ ਨੂੰ ਅਖ਼ਬਾਰਾਂ 'ਚ ਦੂਜੇ ਦਿਨ ਪੜ੍ਹਨਾ ਹੁੰਦਾ ਸੀ, ਉਹ ਉਸੇ ਸਮੇਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਕੇ ਦੇਸ਼-ਵਿਦੇਸ਼ਾਂ ਦੀ ਸੈਰ ਕਰਨ ਲੱਗ ਜਾਂਦੀ ਹੈ, ਪਰ ਇਹ ਦੌਰ ਕੁਝ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਛੇਤੀ ਹੀ ਸੋਸ਼ਲ ਮੀਡੀਆ ਵਲੋਂ ਲੋਕਾਂ ਦੀ ਨਜ਼ਰ 'ਚ ਆਪਣੀ ਭਰੋਸੇਯੋਗਤਾ ਨੂੰ ਖੋ ਦਿੱਤਾ ਗਿਆ, ਕਿਉਂਕਿ ਕੁਝ ਘਟੀਆ ਲੋਕਾਂ ਵਲੋਂ ਪਰੋਸੀ ਜਾਣ ਵਾਲੀ ਘਟੀਆ ਕਿਸਮ ਦੀ ਸਮੱਗਰੀ ਨੇ ਸਾਫ਼ ਕਿਰਦਾਰਾਂ ਵਾਲੇ ਲੋਕਾਂ ਦੇ ਦਿਲਾਂ 'ਚ ਸੋਸ਼ਲ ਮੀਡੀਆ ਪ੍ਰਤੀ ਘਿਰਣਾ ਪੈਦਾ ਕਰ ਦਿੱਤੀ ਹੈ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ 'ਤੇ ਦਿਖਾਈ ਜਾਣ ਵਾਲੀ ਸੱਚੀ ਘਟਨਾ ਵੀ ਝੂਠੀ ਜਾਪਣ ਲੱਗੀ ਹੈ। ਅੱਜ ਦੇ ਨੌਜਵਾਨ ਤਾਂ ਹਾਲੇ ਵੀ ਇਸ ਦੀ ਗ੍ਰਿਫ਼ਤ 'ਚ ਬੁਰੀ ਤਰ੍ਹਾਂ ਕੈਦ ਹਨ, ਉਹ ਘੰਟਿਆਂਬੱਧੀ ਸੋਸ਼ਲ ਮੀਡੀਆ 'ਤੇ ਵਿਅਸਤ ਹੋ ਕੇ ਆਪਣੇ ਮੁੱਲਵਾਨ ਸਮੇਂ ਨੂੰ ਅਜਾਈਂ ਗੁਆ ਰਹੇ ਹਨ। ਬੇਸ਼ੱਕ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦਾ ਇਲਮ ਕੁਝ ਸਾਲਾਂ ਬਾਅਦ ਲੱਗੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਕੀਮਤੀ ਸਮੇਂ ਨੂੰ ਭੰਗ ਦੇ ਭਾੜੇ ਖਰਾਬ ਕਰ ਦਿੱਤਾ ਹੈ, ਪਰ ਉਸ ਵਕਤ ਕੀਤੇ ਗਏ ਪਛਤਾਵੇ ਦਾ ਉਨ੍ਹਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਗਿਆ ਵਿਦਿਆਰਥੀ ਵਰਗ ਆਪਣੀ ਪੜ੍ਹਾਈ ਦੇ ਸਮਿਆਂ ਦੌਰਾਨ ਵੀ ਸੋਸ਼ਲ ਮੀਡੀਆ 'ਤੇ ਲੱਗਾ ਰਹਿੰਦਾ ਹੈ। ਇੱਥੋਂ ਤੱਕ ਕਿ ਇਨ੍ਹਾਂ ਵਿੱਦਿਅਕ ਅਦਾਰਿਆਂ 'ਚ ਪੜ੍ਹਾਉਣ ਵਾਲੇ ਅਧਿਆਪਕ ਤੇ ਅਧਿਆਪਕਾਵਾਂ ਵੀ ਵਿਦਿਆਰਥੀਆਂ ਦੇ ਸਾਹਮਣੇ ਬੈਠੇ ਸੋਸ਼ਲ ਮੀਡੀਆ 'ਤੇ ਮਸਰੂਫ ਦੇਖੇ ਜਾ ਸਕਦੇ ਹਨ। ਕਈ ਵਾਰ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਸਮਾਜ ਦੇ ਗਲਤ ਅਨਸਰ ਝੂਠੀਆਂ ਅਫਵਾਹਾਂ ਫੈਲਾ ਕੇ ਦੇਸ਼ ਅੰਦਰ ਅਮਨ-ਅਮਾਨ ਨਾਲ ਰਹਿ ਰਹੇ ਲੋਕਾਂ ਅੰਦਰ ਨਫ਼ਰਤਾਂ ਭਰ ਦਿੰਦੇ ਹਨ। ਸੋ, ਮੁੱਦੇ ਦੀ ਗੱਲ ਤਾਂ ਇਹੀ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਜਿੱਦਾਂ ਦਾ ਮਰਜ਼ੀ ਹੋਵੇ, ਪਰ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਦੀ ਹੋਂਦ ਕਾਰਨ ਖ਼ਤਰੇ ਵਿਚ ਹੈ। ਮਾਪਿਆਂ ਨੂੰ ਲੋੜ ਹੈ ਕਿ ਉਹ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਰਾਂ ਨੂੰ ਇਸ ਦੇ ਕਾਲੇ ਸਾਏ ਤੋਂ ਵੀ ਦੂਰ ਰੱਖਣ, ਤਾਂ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਸਿਰਜ ਸਕਣ। ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਇਸ ਦੁਨੀਆ 'ਚ ਕੋਈ ਵੀ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ, ਇਨਸਾਨ ਦੀ ਸੋਚ ਉਸ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ। ਇਸ ਲਈ ਮਾੜਾ ਇੰਟਰਨੈੱਟ ਨਹੀਂ, ਸੋਸ਼ਲ ਮੀਡੀਆ ਨਹੀਂ, ਬਲਕਿ ਮਾੜੀ ਤਾਂ ਸਾਡੀ ਵਰਤੋਂ ਹੈ। ਆਓ, ਸਾਰੇ ਰਲ਼ ਕੇ ਸਾਂਝੇ ਉਪਰਾਲੇ ਕਰੀਏ ਤੇ ਇਸ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਸਮਾਜ ਲਈ ਕੋਈ ਚੰਗਾ ਸੁਨੇਹਾ ਘਰ-ਘਰ ਪਹੁੰਚਾਈਏ।

-ਪੀ.ਐੱਚ.ਡੀ. ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX