ਤਾਜਾ ਖ਼ਬਰਾਂ


ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ ਜਦੋਂ ਮੈਨੂੰ ਚੱਕਰ ਆਏ

ਇਕ ਦਿਨ ਮੈਨੂੰ ਦਫਤਰ ਬੈਠੇ-ਬੈਠੇ ਚੱਕਰ ਆਉਣ ਲੱਗੇ | ਜਦੋਂ ਨਾਲ ਘਬਰਾਹਟ ਵੀ ਸ਼ੁਰੂ ਹੋ ਗਈ ਤਾਂ ਮੈਂ ਘਰ ਆ ਗਿਆ |
ਅਗਲੇ ਦਿਨ ਵੀ ਜਦੋਂ ਮੈਂ ਦਫਤਰ ਨਹੀਂ ਗਿਆ ਤਾਂ ਦਫ਼ਤਰ ਵਾਲੇ ਘਰ ਪਤਾ ਲੈਣ ਆਉਣ ਲੱਗੇ |
ਸ਼ਰਮਾ ਜੀ ਤੁਸੀਂ ਇਨ੍ਹਾਂ ਚੱਕਰਾਂ ਨੂੰ ਐਨੇ ਹਲਕੇ ਨਾ ਲਓ | ਕਈ ਵਾਰੀ ਇਹ ਬਹੁਤ ਵੱਡੀ ਬਿਮਾਰੀ ਦਾ ਰੂਪ ਲੈ ਜਾਂਦੇ ਐ... ਮੇਰੇ ਦਫਤਰ ਦੇ ਨਰੈਣ ਸਿੰਘ ਨੇ ਆਪਣਾ ਤਜਰਬਾ ਦੱਸਿਆ |
ਸਾਡੇ ਦਫਤਰ ਦਾ ਬਚਿੱਤਰ ਸਿੰਘ ਬਹੁਤ ਰੱਬ ਨੂੰ ਮੰਨਣ ਵਾਲਾ ਤੇ ਭਗਤ ਬੰਦੈ | ਉਹ ਡੋਲੂ 'ਚ ਪਾਣੀ ਲੈ ਕੇ ਆ ਗਿਆ ਤੇ ਕਹਿੰਦਾ ਸਾਬ੍ਹ ਜੀ ਇਹ ਆਮ ਪਾਣੀ ਨਹੀਂ ਹੈ, ਬਾਬਾ ਜੀ ਦਾ ਮੰਤਰਿਆ ਜਲ ਐ, ਮੇਰੇ ਨਾ-ਨਾ ਕਰਦੇ ਵੀ ਮੈਨੂੰ ਇਕ ਗਿਲਾਸ ਪਿਲਾ ਈ ਗਿਆ |
ਕਿਸੇ ਨੇ ਮੇਰੀ ਭੈਣ ਨੂੰ ਦੱਸ 'ਤਾ, ਉਹ ਤਾਂ ਸ਼ਾਮ ਨੂੰ ਜੀਜਾ ਜੀ ਨੂੰ ਨਾਲ ਲੈ ਕੇ ਆ ਗਈ | 'ਜੀਜਾ ਜੀ, ਅਜੇ ਗੱਡੀ ਲਾ ਹੀ ਰਹੇ ਸਨ ਉਹ ਭੱਜ ਕੇ ਅੰਦਰ ਆ ਗਈ, 'ਕੀ ਹੋਇਆ, ਕੀ ਹੋਇਆ ਮੇਰੇ ਵੀਰ ਨੂੰ ... ਬੇੜਾ ਬਹਿ ਜੇ ਇਹੋ ਜਿਹੇ ਲੋਕਾਂ ਦਾ... ਜਿਨ੍ਹਾਂ ਨੇ ਮੇਰੇ ਵੀਰ ਨੂੰ ਕੁਝ ਕੀਤੈ |'
ਮੈਂ ਕਿਹਾ ਭੈਣੇ ਐਹੋ ਜਿਹੀ ਕੋਈ ਗੱਲ ਨੀਂ, ਮੈਨੂੰ ਕਿਸੇ ਨੇ ਕੀ ਕਰਨੈ | ਕੱਲ੍ਹ ਦਾ ਟਾਈਮ ਲਿਐ, ਵਖਾਵਾਂਗੇ ਡਾਕਟਰ ਨੂੰ |
ਤੂੰ ਬਹੁਤ ਸਿਆਣਾ ਨਾ ਬਣ, ਮੈਂ ਸਭ ਜਾਣਦੀ ਐਾ, ਇਨ੍ਹਾਂ ਕਰਨ-ਕਰਾਉਣ ਵਾਲਿਆਂ ਨੂੰ ... ਤੂੰ ਗੱਲ ਸੁਣ... ਗੁੱਟ ਕਰ ਆਪਣਾ... ਵੇਖਾਂ ਕੀ ਵਿਗਾੜਦੀ ਐ ਓਪਰੀ ਕਸਰ ਤੇਰਾ... ਮੇਰਾ ਫੁੱਲ ਜਿਹਾ ਵੀਰ ਮੁਰਝਾ ਕੇ ਰੱਖ 'ਤਾ... ਧਾਗਾ ਕਰਵਾ ਕੇ ਲਿਆਈ ਆਂ, ਡੇਰੇ ਵਾਲੇ ਬਾਬਾ ਜੀ ਤੋਂ... ਕਹਿ ਕੇ ਜਿਉਂ ਲੱਗੀ ਮੇਰੇ ਗੁੱਟ 'ਤੇ ਧਾਗਾ ਲਪੇਟਣ | ਮੈਨੂੰ ਲਗਦੈ ਰੱਖੜੀ ਵਾਲੇ ਦਿਨ ਕਿਸੇ ਵੀਰ ਦੇ ਗੁੱਟ 'ਤੇ ਏਨੀ ਵੱਡੀ ਰੱਖੜੀ ਨਹੀਂ ਬੰਨ੍ਹੀ ਹੋਣੀ ਜਿੰਨਾ ਮੇਰੇ ਗੁੱਟ 'ਤੇ ਧਾਗਾ ਬੰਨ੍ਹ 'ਤਾ |
ਮੇਰੇ ਗੁਆਂਢ 'ਚ ਇਕ ਮਾਤਾ ਜੀ ਐ | ਉਹ ਆ ਗਏ ਤੇ ਕਹਿੰਦੇ... ਲੈ ਪੁੱਤ ਇਹ ਧਾਗਾ ਗੱਲ 'ਚ ਪਾ ਲੈ | 108 ਗੰਢਾਂ ਮਾਰ ਕੇ ਧਾਗੇ 'ਚ ਤਬੀਤ ਪਾ ਕੇ ਦਿੱਤੈ ਪੰਡਿਤ ਜੀ ਨੇ, ਲੈ ਵੇਖੀਂ, ਹੁਣ ਲੱਗੀ ਨਜ਼ਰ ਕਿਵੇਂ ਭੱਜਦੀ ਐ |
ਅਸੀਂ ਅਗਲੇ ਦਿਨ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੇ ਐਕਸਰੇ ਕੀਤਾ ਤੇ ਕਹਿੰਦਾ, ਸਰਵਾਈਕਲ ਦੀ ਬਿਮਾਰੀ ਐ | ਥੋੜ੍ਹੀ ਦਵਾਈ ਲਿਖ ਕੇ ਦੇ ਰਿਹਾ ਹਾਂ ਤੇ ਨਾਲ ਐਕਸਰਸਾਈਜ਼ (ਕਸਰਤ) ਕਰੋ, ਚੱਕਰ ਠੀਕ ਹੋ ਜਾਣਗੇ | ਕੋਈ ਘਬਰਾਉਣ ਦੀ ਲੋੜ ਨਹੀਂ |
ਮੈਨੂੰ ਨੀ ਪਤਾ ਬਾਬਾ ਜੀ ਦੇ ਦਿੱਤੇ ਜਲ ਨੇ ਜਾਂ ਡੇਰੇ ਵਾਲੇ ਬਾਬੇ ਦੇ ਦਿੱਤੇ ਧਾਗੇ ਨੇ ਜਾਂ ਪੰਡਿਤ ਜੀ ਦੇ ਤਬੀਤ ਨੇ ਜਾਂ ਫਿਰ ਡਾਕਟਰ ਦੀ ਦਵਾਈ ਨੇ... ਕਿਹਨੇ ਠੀਕ ਕੀਤੈ ਪਰ ਮੈਂ ਹੁਣ ਬਿਲਕੁਲ ਠੀਕ ਆਂ |

-221/ਸੀ, ਬਲਾਕ ਨੰ: 12, ਸੀ.ਐਚ.ਬੀ. ਫਲੈਟ, ਸੈਕਟਰ-63, ਚੰਡੀਗੜ੍ਹ |


ਖ਼ਬਰ ਸ਼ੇਅਰ ਕਰੋ

ਸੁਪਨਿਆਂ ਦੀ ਮੌਤ

ਛੱਲੀਆਂ ਪਿਛਲੇ ਦੋ ਤਿੰਨ ਦਿਨ ਤੋਂ ਸੂਤ ਕੱਤਣ ਲਗ ਪਈਆਂ ਸਨ | ਫ਼ਸਲ ਵੀ ਐਤਕੀਂ ਭਰਵੀਂ ਸੀ | ਦੇਖਦਿਆਂ ਨਜ਼ਰ ਲਗਦੀ ਸੀ | ਹੁੰਦੀ ਕਿਉਂ ਨਾ, ਪੂਰੇ ਜੂਨ ਮਹੀਨੇ ਦੀ ਪਿੰਡਾ ਲੂੰਹਦੀ ਧੁੱਪ ਵਿਚ ਖੇਤ ਤਿਆਰ ਕਰਦਿਆਂ ਪੂਰੇ ਟੱਬਰ ਦੇ ਤਨ ਸੜ ਗਏ ਸਨ | ਕਾਲੀ ਸਿਆਹ ਮੱਕੀ ਦੇ ਟਾਂਢੇ ਲੱਕੜਾਂ ਵਾਂਗ ਖੜ੍ਹੇ ਸਨ | ਖੇਤ ਵਿਚ ਵੜਨ ਜਿੰਨੀ ਵੀ ਵਿਰਲ ਨਹੀਂ ਸੀ | ਟਾਂਢੇ ਗਿੱਠ ਰੋਜ਼ ਵਧਦੇ ਪ੍ਰਤੀਤ ਹੁੰਦੇ |
'ਚਲੋ, ਐਤਕੀਂ ਟੱਬਰ ਦੇ ਛੇ ਮਹੀਨਿਆਂ ਦੇ ਗੁਜ਼ਾਰੇ ਜੋਗੇ ਦਾਣਿਆਂ ਦੇ ਨਾਲ-ਨਾਲ ਦੁਕਾਨ ਵਾਲੇ ਲਾਲੇ ਦੇ ਉਧਾਰ ਦਾ ਭਾਰ ਵੀ ਹੌਲਾ ਹੋ ਜੂ, ਜੇ ਕੁੱਝ ਰਹਿ ਵੀ ਗਏ ਤਾਂ ਖਾਤਾ ਚਲਦਾ ਰਹੂ | ਛੋਟੇ ਜੱਸੇ ਦੇ ਡਿਪਲੋਮੇ ਦੀ ਫੀਸ ਵੀ ਆਈ ਸਮਝੋ, ਵੱਡਾ ਤਾਂ ਵਿਚਾਰਾ ਪੜ੍ਹਨੋਂ ਰਹਿ ਗਿਆ ਫੀਸ ਖੁਣੋਂ | ਤੰਗੀਆਂ-ਤੁਰਸ਼ੀਆਂ ਵੀ ਬੰਦੇ ਦੀ ਪੇਸ਼ ਨੀ ਜਾਣ ਦਿੰਦੀਆਂ', ਜੀਤਾ ਮਨ ਹੀ ਮਨ ਵਿਚਾਰਾਂ ਕਰ ਰਿਹਾ ਸੀ |
ਅੱਜ ਉਹ ਰਾਤ ਦੀ ਰਖਵਾਲੀ ਲਈ ਮਣ੍ਹਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ | ਪਿਛਲੇ ਕਈ ਦਿਨਾਂ ਤੋਂ ਗੁਆਂਢ ਵਾਲੇ ਖੇਤਾਂ ਵਿਚ ਰੰਗ-ਬਿਰੰਗੀਆਂ ਛੱਤਾਂ ਵਾਲੇ ਕਾਫੀ ਮਣ੍ਹੇ ਵਜੂਦ ਵਿਚ ਆ ਗਏ ਸਨ ਜਿਵੇਂ ਫ਼ੌਜੀਆਂ ਨੇ ਦੁਸ਼ਮਣ ਦਾ ਟਾਕਰਾ ਕਰਨ ਲਈ ਬੀਆਬਾਨ ਵਿਚ ਪਹੁੰਚ ਕੇ ਤੰਬੂ ਲਾਏ ਹੋਣ | ਖੇਤ ਦੇ ਨਾਲ ਲਗਦੇ ਚੋਅ ਵਿਚੋਂ ਕੱਲ੍ਹ ਗੱਡਣ ਲਈ ਥੰਮ੍ਹੀਆਂ ਵੱਢੀਆਂ ਸਨ ਅਤੇ ਮੰਜਾ ਟਿਕਾਉਣ ਲਈ ਬੱਲੀਆਂ | ਮੰਜਾ ਸ਼ਾਮ ਨੂੰ ਲੈ ਆਵਾਂਗਾ , ਇਹ ਸੋਚ ਕੇ ਵੱਡੇ ਕਾਕੇ ਨੂੰ ਮਣ੍ਹੇ 'ਤੇ ਛੱਤ ਪਾਉਣ ਲਈ ਪੌਲੀਥੀਨ ਬਜ਼ਾਰੋਂ ਲਿਆਉਣ ਵਾਸਤੇ ਕਹਿ ਆਇਆ ਸੀ | ਚੋਅ ਦੇ ਕੰਢੇ ਮਣ੍ਹਾ ਬਣਾਉਣ ਲਈ ਉਸ ਨੇ ਥਾਂ ਦੀ ਚੋਣ ਕਰ ਲਈ | ਪਿਛਲੇ ਸਾਲ ਵੀ ਇਸੇ ਥਾਂ 'ਤੇ ਮਣ੍ਹਾ ਬਣਾਇਆ ਸੀ | ਆਪਣੇ ਗੁਆਂਢੀ ਖੇਤ ਵਾਲੇ ਕਸ਼ਮੀਰੇ ਨਾਲ ਜੰਗਲੀ ਜਾਨਵਰਾਂ ਦੀ ਮੋਰਚਾਬੰਦੀ ਲਈ ਸਲਾਹ ਕੀਤੀ ਸੀ | ਚੋਅ ਵਾਲੇ ਪਾਸਿਓਾ ਉਹ ਬਿੜਕ ਰੱਖਦਾ ਅਤੇ ਦੂਜੇ ਪਾਸੇ ਤੋਂ ਕਸ਼ਮੀਰਾ ਛੇੜਾ ਹੁੰਦੇ ਹੀ ਹੜਾਤ-ਹੜਾਤ ਸ਼ੁਰੂ ਕਰ ਦਿੰਦਾ | ਫਿਰ ਵੀ ਬਾਹਲਾ ਨੁਕਸਾਨ ਹੋ ਗਿਆ ਸੀ | ਮਹਿੰਗੇ ਬੀਅ ਅਤੇ ਸਪਰੇਆਂ ਦੀ ਕੀਮਤ ਵੀ ਨਹੀਂ ਸੀ ਮੁੜੀ |
ਜੀਤੇ ਦੀ ਨਜ਼ਰ ਫਿਰ ਮੱਕੀ ਦੇ ਭਰਵੇਂ ਖੇਤ ਵੱਲ ਪਈ | ਸੂਤ-ਨਸਾਰੇ ਪਈ ਮੱਕੀ ਵਿਚੋਂ ਜਿਵੇਂ ਉਸ ਨੂੰ ਮਿੱਠੀ-ਮਿੱਠੀ ਖੁਸ਼ਬੋ ਆਉਣ ਲੱਗੀ | ਉਹ ਮਨ ਹੀ ਮਨ ਕਈ ਵਿਉਂਤਾਂ ਘੜਨ ਲੱਗਾ | ਉਸਦੇ ਹੱਥ ਆਪ-ਮੁਹਾਰੇ ਜੁੜ ਗਏ | 'ਮਿਹਰ ਕਰੀਂ ਰੱਬਾ! ਐਤਕੀਂ ਸੁੱਖੀਂ-ਸਾਂਦੀਂ ਫ਼ਸਲ ਘਰ ਪਹੁੰਚ ਜਾਵੇ |' ਕਿਤੇ ਪਿਛਲੇ ਸਾਲ ਵਾਂਗ... | ਥੰਮ੍ਹੀਆਂ ਗੱਡ ਕੇ ਬੱਲੀਆਂ ਬੰਨ੍ਹ ਲਈਆਂ | ਅੱਜ ਦੁਪਹਿਰ ਤੱਕ ਇਹ ਕੰਮ ਮੁੱਕ ਜਾਵੇ ਤਾਂ ਮੈਂ ਰਾਤ ਨੂੰ ਰਾਖੀ ਕਰਨ ਵਾਲਾ ਬਣਾ | ਕਿਤੇ ਉਹੀ ਗੱਲ ਨਾ ਹੋਵੇ | ਮੇਰੀ ਢਿੱਲ-ਮੱਠ ਕਾਰਨ ਕਿਤੇ ਜਾਨਵਰ ਝੱਟ ਹੀ ਮਾਰ ਜਾਣ | ਬਾਅਦ ਵਿਚ ਪਛਤਾਵੇ ਦੇ ਡਰੋਂ ਉਹ ਰਾਤ ਨੂੰ ਬਿਸਤਰਾ ਘਰੋਂ ਚੁੱਕ ਲਿਆਇਆ ਸੀ | ਇਹ ਤਿੰਨ ਮਹੀਨੇ ਹੁਣ ਖੇਤ ਵਿਚ ਹੀ ਕੱਟਣੇ ਸਨ | ਇਨ੍ਹਾਂ ਡਰਾਉਣੀਆਂ ਰਾਤਾਂ ਵਿਚ ਉਸਦਾ ਕੁੱਤਾ ਸ਼ੇਰੂ ਹੀ ਉਸਦਾ ਸਾਥੀ ਹੁੰਦਾ | ਸ਼ੇਰੂ ਸਾਏ ਵਾਂਗ ਉਸਦੇ ਅੰਗ-ਸੰਗ ਰਹਿੰਦਾ | ਆਲੇ-ਦੁਆਲੇ ਤੋਂ ਆਉਂਦੀ ਆਵਾਜ਼ ਨੂੰ ਮਹਿਸੂਸ ਕਰਦਿਆਂ ਹੀ ਕੰਨ ਚੁੱਕਦਾ ਅਤੇ ਉੱਧਰ ਨੂੰ ਦੌੜਦਾ | ਸ਼ੇਰੂ ਦੀ ਪਰਵਰਿਸ਼ ਪਰਿਵਾਰਕ ਮੈਂਬਰ ਵਾਂਗ ਹੋਈ ਸੀ | ਘਰ ਦੇ ਜੀਆਂ ਵਾਂਗ ਉਸ ਨੂੰ ਰੋਟੀ ਅਤੇ ਦਵਾ-ਦਾਰੂ ਦਾ ਖਿਆਲ ਰੱਖਿਆ ਜਾਂਦਾ | ਸ਼ੇਰੂ ਵੀ ਆਪਣਾ ਧਰਮ ਨਿਭਾਅ ਰਿਹਾ ਸੀ | ਸਾਰੀ-ਸਾਰੀ ਰਾਤ ਮਣ੍ਹੇ ਹੇਠ ਕਦੇ ਮੁੜ੍ਹਕੇ ਵਿਚ, ਕਦੇ ਮੀਂਹ ਵਿਚ ਨਿਰਵਿਘਨ ਆਪਣੀ ਡਿਊਟੀ 'ਤੇ ਤਾਇਨਾਤ ਰਹਿੰਦਾ | ਸਾਲ ਦੇ ਤਿੰਨ ਮਹੀਨੇ ਦੇ ਦਿਨ-ਰਾਤ ਉਹ ਮਣ੍ਹੇ ਵਾਲੇ ਖੇਤ ਵਿਚ ਹੀ ਕੱਟਦਾ |
ਜੀਤੇ ਦਾ ਅੱਜ ਖੇਤ ਵਿਚ ਪਹਿਲਾ ਦਿਨ ਸੀ | ਮਣ੍ਹੇ 'ਤੇ ਲੇਟਦਿਆਂ ਉਸਦਾ ਧਿਆਨ ਕੁੱਝ ਖੇਤਾਂ ਦੁਆਲੇ ਲੱਗੀਆਂ ਜਾਲੀਦਾਰ ਵਾੜਾਂ ਵੱਲ੍ਹ ਗਿਆ | ਪਿੰਡ ਦੇ ਇੱਕਾ-ਦੁੱਕਾ ਸਰਦੇ-ਪੁੱਜਦੇ ਘਰਾਂ ਨੇ ਪਹਿਲਾਂ ਕੰਡਿਆਲੀ ਤਾਰ ਲਗਾ ਲਈ ਸੀ | ਹੁਣ ਜਾਲੀਦਾਰ ਤਾਰਾਂ ਲਗਵਾ ਕੇ ਅਰਾਮ ਦੀ ਨੀਂਦ ਸੌਾਦੇ ਨੇ | ਪਰ... | ਹਮਾਤੜਾਂ ਦਾ ਤਾਂ ਸਭ ਰੱਬ ਆਸਰੇ ਹੀ ਹੈ | ਸਾਡੇ ਲਈ ਤਾਂ ਦਿੱਲੀ ਹਾਲੇ ਬਹੁਤ ਦੂਰ ਐ |' ਉਜਾੜੇ ਦੇ ਡਰੋਂ ਹੁਣ ਕੋਈ ਕਮਾਦ ਹੀ ਨਹੀਂ ਬੀਜਦਾ | ਦੇਸੀ ਗੁੜ-ਸ਼ੱਕਰ ਖਾਧਿਆਂ ਮੁੱਦਤਾਂ ਬੀਤ ਚੱਲੀਆਂ ਨੇ | ਕੋਈ ਵੇਲਾ ਸੀ ਇਨ੍ਹਾਂ ਚੀਜ਼ਾਂ ਨਾਲ ਕੋਠੀਆਂ-ਭੜੋਲੇ ਭਰੇ ਰਹਿੰਦੇ ਸਨ | ਉਸਦੇ ਅੰਦਰ ਖਿਆਲਾਂ ਦੀ ਚਕਲੀ ਗੇੜੇ ਦੇਣ ਲੱਗੀ | ਗਿਣਤੀਆਂ-ਮਿਣਤੀਆਂ ਵਿਚ ਪਤਾ ਨੀ ਕਦੋਂ ਅੱਖ ਲਗ ਗਈ |
ਦੋ ਦਿਨ ਤਾਂ ਸੁੱਖੀਂ-ਸਾਦੀਂ ਬੀਤ ਗਏ ਸਨ | ਚੋਅ ਦੇ ਘਾਟ ਵਾਲੇ ਪਾਸਿਓਾ ਜਾਨਵਰਾਂ ਦਾ ਝੁੰਡ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਸ਼ੇਰੂ ਅਜਿਹਾ ਹਮਲਾਵਰ ਰੁਖ ਅਖਤਿਆਰ ਕਰਦਾ ਕਿ ਪੂਰੇ ਝੁੰਡ ਨੂੰ ਰਸਤਾ ਬਦਲਣਾ ਪੈਂਦਾ | ਮਣ੍ਹੇ 'ਤੇ ਬੈਠਾ ਬੈਟਰੀਆਂ ਮਾਰਦਾ ਜੀਤਾ ਸ਼ੇਰੂ ਨੂੰ ਸ਼ਾਬਾਸ਼ੇ ਦਿੰਦਾ ਫਿਰ ਮੰਜੇ 'ਤੇ ਪੈ ਜਾਂਦਾ | ਥੋੜ੍ਹੀ ਦੇਰ ਬਾਅਦ ਫਿਰ ਅਜਿਹਾ ਹੀ ਵਾਪਰ ਜਾਂਦਾ | ਜਾਗੋ-ਮੀਟੀ ਵਿਚ ਹੀ ਰਾਤ ਲੰਘ ਜਾਂਦੀ | ਸਵੇਰੇ ਸਾਰੇ ਦਿਨ ਦੀ ਚਲੋ-ਚਲ ਸ਼ੁਰੂ ਹੋ ਜਾਂਦੀ | ਚੋਅ ਤੋਂ ਪਾਰ ਦੋ ਕੁ ਕਨਾਲ ਦੀ ਟਾਕੀ ਵਿਚ ਵੱਡੇ ਕਾਕੇ ਮੁਖਤਿਆਰ ਨੇ ਮਣ੍ਹਾ ਬਣਾਇਆ ਸੀ | ਪਿਛਲੇ ਸਾਲ ਪੇਠੇ ਦੀ ਫ਼ਸਲ 'ਚੋਂ ਕੁੱਝ ਵੀ ਪੱਲੇ ਨਹੀਂ ਸੀ ਪਿਆ | ਐਤਕੀਂ ਮੱਕੀ ਬੀਜੀ ਸੀ | ਖੇਤ ਦੂਰ ਹੋਣ ਕਰਕੇ ਓਨੀ ਦੇਖਭਾਲ ਤਾਂ ਨਹੀਂ ਸੀ ਹੋਈ ਪਰ ਫਿਰ ਵੀ ਚਾਰ ਮਣ ਦਾਣਿਆਂ ਦੀ ਆਸ ਸੀ |
'' ਇਹ ਵੀ ਕੀ ਮੁਸੀਬਤ ਐ , ਸਾਡੇ ਇਲਾਕੇ ਵਿਚ , ਰਾਖੀ ਤੋਂ ਬਿਨਾਂ ਕੋਠੀ ਤੱਕ ਦਾਣੇ ਨੀਂ ਅਪੜਦੇ |' ਪਰਿਵਾਰ ਦੇ ਕਈ-ਕਈ ਜੀਅ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਵੱਖ-ਵੱਖ ਖੇਤਾਂ ਵਿਚ ਰਾਖੀ ਕਰਦੇ ਹਨ | ਪੀਪੇ ਵਜਾ ਕੇ, ਪੂਰੀ ਰਾਤ ਹੜਾਤ-ਹੜਾਤ, ਫਿਰ ਵੀ ਫ਼ਸਲ ਦਾ ਕੋਈ ਵਸਾਹ ਨਹੀਂ | ਬਰਸਾਤ ਦੇ ਦਿਨਾਂ ਵਿਚ ਸੌ ਕੀੜੇ-ਕੰਡੇ ਦਾ ਡਰ ਬਣਿਆ ਰਹਿੰਦਾ ਹੈ, ਪਰ ਰਾਖੀ........ | ਇਹ ਤਾਂ ਮਜਬੂਰੀ ਐ | ਇਸਦੇ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ | ਮਣ੍ਹੇ 'ਤੇ ਪਿੱਠ ਸਿੱਧੀ ਕਰਦਿਆਂ ਪਿਛਲੇ ਸਾਲ ਦੀ ਦੁਖਦਾਈ ਘਟਨਾ ਜੀਤੇ ਦੀਆਂ ਯਾਦਾਂ ਵਿਚ ਤਰੋ-ਤਾਜ਼ਾ ਹੋ ਗਈ |
ਦੁਪਹਿਰ ਤੋਂ ਹੀ ਝੜੀ ਲੱਗੀ ਹੋਈ ਸੀ | ਕਰਮਾ ਪਿਛਲੇ ਤਿੰਨ ਸਾਲ ਤੋਂ ਤਬੀਅਤ ਠੀਕ ਨਾ ਹੋਣ ਕਾਰਨ ਦਵਾਈ ਖਾ ਰਿਹਾ ਸੀ | ਦਿਨ ਢਲਦੇ ਹੀ ਉਸ ਨੇ ਰਾਤ ਵਾਲੀ ਰੋਟੀ ਦੀਆਂ ਮੋਟੀਆਂ-ਮੋਟੀਆਂ ਬੁਰਕੀਆਂ ਦਿਨ ਖੜ੍ਹੇ ਹੀ ਖਾ ਲਈਆਂ | ਰਾਤ ਵਾਲੀ ਦਵਾਈ ਦੀ ਖੁਰਾਕ ਪਾਣੀ ਨਾਲ ਅੰਦਰ ਲੰਘਾ ਕੇ ਸਿਰ 'ਤੇ ਮੋਮਜਾਮੇ ਦਾ ਬੋਰੂ ਤਾਣ ਕੇ ਕਾਹਲੇ ਕਦਮੀਂ ਖੇਤ ਵੱਲ ਨੂੰ ਹੋ ਤੁਰਿਆ |
''ਕੁੱਤੇ ਦੀ ਰੋਟੀ ਰਹਿ ਗਈ', ਕਰਮੇ ਦੀ ਘਰਵਾਲੀ ਦੇਸੋ ਨੇ ਪਿੱਛੋਂ ਆਵਾਜ਼ ਮਾਰੀ ਸੀ | ਸਿਹਤ ਠੀਕ ਨਾ ਹੋਣ ਦਾ ਵਾਸਤਾ ਪਾ ਕੇ ਉਸਦੀ ਘਰਵਾਲੀ ਦੇਸੋ ਨੇ ਉਸ ਦਿਨ ਖੇਤ ਨਾ ਜਾਣ ਦੀ ਸਲਾਹ ਦਿੱਤੀ ਪਰ ਉਸਦੇ ਜਵਾਬ ਮੂਹਰੇ ਦੇਸੋ ਨਿਰਉੱਤਰ ਹੋ ਗਈ ਸੀ | ਪਿਛਲੇ ਹਫ਼ਤੇ ਉਹ ਤਬੀਅਤ ਠੀਕ ਨਾ ਹੋਣ ਕਰਕੇ ਖੇਤ ਦੇਰੀ ਨਾਲ ਪੁੱਜਿਆ ਸੀ | ਮੇਰੇ ਖੇਤ ਪੁੱਜਦੇ ਨੂੰ ਜਾਨਵਰ ਦੋਧੇ ਮੱਕੀ ਦੀਆਂ ਦਸ-ਬਾਰਾਂ ਭਰੀਆਂ ਖ਼ਰਾਬ ਕਰ ਗਏ ਸਨ |
'ਪਸ਼ੂਆਂ ਨੂੰ ਕੁਤਰ ਕੇ ਵੀ ਕਿੰਨੀਆਂ ਕੁ ਪਾਉਣੀਆਂ ਨੇ |' ਕਰਮਾ ਬੁੜ-ਬੜਾਉਂਦਾ ਤੁਰ ਪਿਆ ਸੀ |
'ਪਿਛਲੀ ਕੀਤੀ-ਕਰਾਈ ਸਭ ਖੂਹ ਵਿਚ ਪੈ ਜਾਣੀ ਐ, ਜੇ ਇਕ ਵੀ ਨਾਗਾ ਪੈ ਗਿਆ ਤਾਂ ਖੇਤ ਚੋਂ ਲਿਆਂਵਾਂਗੇ ਕੀ?'
'ਇਹ ਉਮਰ ਘਰ ਤੋਂ ਦੋ ਮੀਲ ਦੂਰ ਮਣ੍ਹੇ ਤੇ ਚੜ੍ਹ ਕੇ ਬੇਆਰਾਮ ਹੋਣ ਦੀ ਥੋੜ੍ਹਾ ਆ' ਦੇਸੋ ਅੰਦਰੋ-ਅੰਦਰੀ ਹਉਕਾ ਭਰਦੀ |
ਕਰਮਾ ਖੇਤ ਤੱਕ ਪਹੁੰਚਣ ਤੱਕ ਦੇ ਉੱਚੇ-ਨੀਵੇਂ ਰਸਤਿਆਂ ਵਿਚ ਹੱਥ ਵਿਚ ਫੜੀ ਸੋਟੀ ਦੇ ਆਸਰੇ ਕਾਰਨ ਦੋ-ਤਿੰਨ ਵਾਰ ਤਿਲ੍ਹਕਣ ਤੋਂ ਮਸਾਂ ਬਚਿਆ ਸੀ | ਚੀਕਣੀ ਮਿੱਟੀ ਸੀਮਿੰਟ ਵਾਂਗ ਬੂਟਾਂ ਨਾਲ ਚਿੰਬੜਨ ਕਰਕੇ ਬੂਟਾਂ ਦਾ ਭਾਰ ਕਈ ਗੁਣਾ ਵੱਧ ਹੋ ਗਿਆ ਸੀ | ਆਖਰ ਔਖਾ-ਸੌਖਾ ਉਹ ਪੌਡਿਆਂ ਰਾਹੀਂ ਮਣ੍ਹੇ 'ਤੇ ਜਾ ਚੜਿ੍ਹਆ ਸੀ |
ਪੂਰੀ ਰਾਤ ਵਰ੍ਹਨ ਕਰਕੇ ਮੀਂਹ ਦਾ ਜ਼ੋਰ ਲੱਗ ਗਿਆ ਸੀ | ਹੁਣ ਆਸਮਾਨ ਸ਼ੀਸ਼ੇ ਵਾਂਗ ਸਾਫ ਸੀ | ਸਵੇਰੇ ਉੱਠਦੇ ਸਾਰ ਹੀ ਦੇਸੋ ਨੂੰ ਅੱਚਵੀ ਜਿਹੀ ਲਗ ਗਈ |
'ਉਹ ਤਾਂ ਐਸ ਵੇਲੇ ਆ ਜਾਂਦਾ ਸੀ, ਸਗੋਂ ਮੈਨੂੰ ਰੋਜ਼ 'ਵਾਜ਼ ਮਾਰ ਕੇ ਜਗਾਉਂਦਾ ਸੀ |' ਚਿੰਤਾਤਰ ਹੋਈ ਕਰਮੇ ਦੀ ਘਰਵਾਲੀ ਦੇਸੋ ਨੇ ਆਪਣੇ ਦਿਓਰ ਛਿੰਦੇ ਨੂੰ ਖੇਤ ਵੱਲ ਭੇਜਿਆ | ਕਿਤੇ ਗਰਮ-ਸਰਦ ਹੋ ਕੇ ਸਿਹਤ ਜ਼ਿਆਦਾ ਖ਼ਰਾਬ ਨਾ ਹੋ ਗਈ ਹੋਵੇ | ਮਾੜੇ ਖਿਆਲ ਮਨ ਵਿਚ ਆਉਣ ਨਾਲ ਦੇਸੋ ਦੀ ਸਵੇਰ ਦੀ ਚਾਹ ਚੁੱਲ੍ਹੇ 'ਤੇ ਧਰਨ ਦੀ ਹਿੰਮਤ ਨਹੀਂ ਸੀ ਪੈ ਰਹੀ |
ਉਹੀ ਗੱਲ ਹੋਈ ਜਿਸਦਾ ਡਰ ਸੀ | ਕਰਮਾ ਮਣ੍ਹੇ 'ਤੇ ਆਕੜਿਆ ਰਹਿ ਗਿਆ ਸੀ | ਮਣ੍ਹੇ ਦੀ ਥੰਮ੍ਹੀ ਨਾਲ ਬੈਠਾ ਉਸਦਾ ਕੁੱਤਾ ਭੌਾਕਣ ਦੀ ਬਜਾਇ ਚਊਾ-ਚਊਾ ਕਰ ਰਿਹਾ ਸੀ, ਜਿਵੇਂ ਉਸ ਨੂੰ ਪਤਾ ਲਗ ਗਿਆ ਹੋਵੇ ਕਿ ਮੇਰਾ ਮਾਲਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ |
ਅੱਧੀ ਰਾਤ ਬਹੁਤ ਪਿੱਛੇ ਰਹਿ ਗਈ ਸੀ | ਜੀਤੇ ਦੀਆਂ ਸੋਚਾਂ ਦੀ ਲੜੀ ਇਕਦਮ ਟੁੱਟੀ ਜਦੋਂ ਸ਼ੇਰੂ ਗੋਲੀ ਵਾਂਗ ਮੱਕੀ ਦੇ ਟਾਂਢਿਆਂ ਵਿਚ ਕਾੜ-ਕਾੜ ਵੱਜਦਾ ਹੋਇਆ ਗੁਆਂਢੀ ਗਾਮੇ ਦੇ ਖੇਤ ਵੱਲ ਨੂੰ ਦੌੜਿਆ | ਉਸਨੇ ਜਦੋਂ ਸ਼ੇਰੂ ਦੀ ਨਿਸ਼ਾਨਦੇਹੀ 'ਤੇ ਬੈਟਰੀ ਮਾਰੀ ਤਾਂ ਜਾਨਵਰਾਂ ਦਾ ਝੁੰਡ ਹਰਲ-ਹਰਲ ਕਰਦਾ ਖੇਤ ਦਾ ਬੰਨਾ ਪਾਰ ਕਰ ਚੁੱਕਿਆ ਸੀ | ਸ਼ੇਰੂ ਪੂਰਾ ਜ਼ੋਰ ਲਗਾ ਕੇ ਇਸ ਝੁੰਡ ਨੂੰ ਖਦੇੜਨ ਲਈ ਪੂਰੀ ਵਾਹ ਲਾ ਰਿਹਾ ਸੀ | ਇਸ ਝੁੰਡ ਦੀ ਅਗਵਾਈ ਵਾਲਾ ਜਾਨਵਰ ਮਸਤ ਹਾਥੀ ਵਾਂਗ ਅੱਗੇ ਵਧ ਰਿਹਾ ਸੀ | ਉਹ ਮਣ੍ਹੇ 'ਤੇ ਬੈਠਾ ਕਦੇ ਬੈਟਰੀ ਮਾਰਦਾ, ਕਦੇ ਪੀਪਾ ਵਜਾਉਂਦਾ, ਫਿਰ ਪੂਰੇ ਜ਼ੋਰ ਨਾਲ ਹੜਾਤ-ਹੜਾਤ ਕਰਨ ਲੱਗਾ | ਝੁੰਡ ਦੇ ਮੋਹਰੀ ਜਾਨਵਰ ਜਿਸਦਾ ਭਾਰ ਕੁਇੰਟਲਾਂ ਵਿਚ ਜਾਪਦਾ ਸੀ, ਨੇ ਸ਼ੇਰੂ ਦੇ ਅਜਿਹੀ ਠੁੱਡ ਮਾਰੀ ਕਿ ਇਕ ਵਾਰ ਤਾਂ ਉਹ ਹਮਲਾਵਰ ਰੁਖ ਵਿਚ ਭੌਾਕਦਾ-ਭੌਾਕਦਾ ਚਊਾ-ਚਊਾ ਕਰਨ ਲਗ ਪਿਆ | ਜੀਤੇ ਦਾ ਦਿਲ ਕੀਤਾ ਕਿ ਮਣ੍ਹੇ ਤੋਂ ਥੱਲੇ ਉਤਰ ਕੇ ਫ਼ਸਲ ਦੇ ਵੈਰੀਆਂ ਨੂੰ ਭਜਾ ਦੇਵੇ ਪਰ ਗੱਲ ਵੱਸ ਤੋਂ ਬਾਹਰੀ ਸੀ | ਉਸ ਕੋਲ ਮਣ੍ਹੇ ਨਾਲ ਬੰਨ੍ਹੇ ਪੀਪੇ ਨੂੰ ਵਜਾ ਕੇ ਹੜਾਤ-ਹੜਾਤ ਕਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ | ਸ਼ੇਰੂ ਹਿੰਮਤ ਕਰ ਕੇ ਫਿਰ ਉੱਠਿਆ ਜਿਵੇਂ ਕਹਿ ਰਿਹਾ ਹੋਵੇ ਕਿ ਉਹ ਖੂਨ ਦੇ ਆਖਰੀ ਕਤਰੇ ਤੱਕ ਵਫ਼ਾ ਦਾ ਮੁੱਲ ਮੋੜੇਗਾ | ਹੁਣ ਸ਼ੇਰੂ ਦੀ ਆਵਾਜ਼ ਪਹਿਲਾਂ ਵਰਗੀ ਨਹੀਂ ਸੀ | ਜਾਨਵਰ ਦੀ ਦੂਜੀ ਠੁੱਡ ਨਾਲ ਸ਼ੇਰੂ ਦੀ ਚਊਾ-ਚਊਾ ਚੁੱਪ ਵਿਚ ਬਦਲ ਗਈ ਸੀ | ਜੀਤੇ ਨੇੇ ਬੈਟਰੀ ਮਾਰੀ ਤਾਂ ਖੂਨ ਨਾਲ ਲੱਥ-ਪੱਥ ਸ਼ੇਰੂ ਸਹਿਕ ਰਿਹਾ ਸੀ | ਜਾਨਵਰਾਂ ਦਾ ਪੂਰਾ ਟੋਲਾ ਮਿੰਟਾਂ ਵਿਚ ਪੂਰਾ ਖੇਤ ਲਤਾੜ ਗਿਆ ਸੀ | ਸੌ ਹੱਥ ਰੱਸਾ ਸਿਰ 'ਤੇ ਗੰਢ | ਜੀਤੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਦੇ ਸਰੀਰ ਦਾ ਵਜ਼ਨ ਕਈ ਗੁਣਾ ਵਧ ਗਿਆ ਹੋਵੇ | ਪੱਥਰ ਵਰਗਾ ਬੇਜਾਨ | ਘੁਸਮੁਸੇ ਤੋਂ ਬਾਅਦ ਹਲਕੀ ਜਿਹੀ ਲੋਅ ਵਿਚ ਸ਼ੇਰੂ ਖ਼ੂਨ ਵਿਚ ਰੰਗਿਆ ਮਣ੍ਹੇ ਲਾਗੇ ਨਿਢਾਲ ਪਿਆ ਸੀ ਅਤੇ ਪੂਰੇ ਖੇਤ ਵਿਚ ਮੱਕੀ ਦੇ ਟਾਂਢੇ ਲਾਸ਼ਾਂ ਵਾਂਗ ਵਿਛੇ ਪਏ ਸਨ | ਫ਼ਸਲਾਂ ਦੇ ਰਖਵਾਲੇ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਸਨ ਪਰ ਜੀਤਾ ਮਣ੍ਹੇ 'ਤੇ ਬੈਠਾ ਹੋਇਆ ਆਪਣੇ ਸੁਪਨਿਆਂ ਦੀ ਮੌਤ ਨੂੰ ਤੱਕਦਾ ਡੂੰਘੀਆਂ ਸੋਚਾਂ ਵਿਚ ਗੁਆਚ ਗਿਆ ਸੀ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ |
ਸੰਪਰਕ : 94638-51568

ਵਿਅੰਗ ਮੌਨ ਵਰਤ

ਜ਼ਨਾਨੀਆਂ ਕਰਵਾ-ਚੌਥ ਜਿਹਾ ਔਖੇ ਤੋਂ ਔਖਾ ਵਰਤ ਹੱਸ-ਹੱਸ ਕੇ ਰੱਖ ਲੈਂਦੀਆਂ ਹਨ | ਸਤੀ ਜਿਹੀ ਰਸਮ ਬੜੀ ਆਸਾਨੀ ਨਾਲ ਨਿਭਾਅ ਦਿੰਦੀਆਂ ਸਨ ਪਰ ਮੌਨ ਵਰਤ ਜਿਹਾ ਸੌਖਾ ਜਿਹਾ ਵਰਤ ਰੱਖਣ ਲਈ ਪੰਜਾਹ ਨਹੀਂ ਸੌ ਵਾਰ ਸੋਚਦੀਆਂ ਹਨ | ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਚੁਟਕਲਾ ਤਾਂ ਸੁਣਿਆ ਹੀ ਹੋਵੇਗਾ:
'ਦੋ ਔਰਤਾਂ ਇਕ ਛੋਟੇ ਜਿਹੇ ਕਮਰੇ ਵਿਚ ਇਕ ਘੰਟੇ ਤੋਂ ਚੁੱਪਚਾਪ ਬੈਠੀਆਂ ਸਨ |'
ਪਤਨੀ ਦੀ ਕਿੱਟੀ ਪਾਰਟੀ ਦੀਆਂ ਸਹੇਲੀਆਂ ਨੇ ਇਸ ਵਰਤ ਨੂੰ ਇਕ ਚੈਲਿੰਜ ਵਾਂਗ ਲਿਆ ਹੈ | ਹਲਵਾਈਆਂ ਦੀ ਭੂਟੋ ਆਪਣਾ ਮੋਟਾ ਲੱਕ ਹਿਲਾ ਹਿਲਾ ਕਹਿ ਰਹੀ ਸੀ, 'ਲੈ ਭੈਣੇ, ਮੌਨ ਵਰਤ ਰੱਖਣਾ ਕੀ ਔਖਾ ਐ | ਚੁੱਪ ਈ ਵੱਟਣੀ ਹੁੰਦੀ ਐ | ਕਈ ਵਾਰ ਆਪਾਂ ਆਪਣੀ ਸੱਸ ਜਾਂ ਸਹੁਰੇ ਦੀ ਗੱਲ ਸੁਣ ਕੇ ਚੁੱਪ ਈ ਤਾਂ ਵੱਟ ਲੈਂਦੀਆਂ ਹਾਂ | ਇਹੋ ਜਿਹੇ ਚੰਦਰੇ ਲੋਕਾਂ ਨਾਲ ਮਗਜ਼ ਖਪਾਈ ਕਰਨ ਦਾ ਕੀ ਫੈਦਾ? ਇਕ ਚੁੱਪ ਸੌ ਸੁੱਖ |'
ਉਸ ਦੀ ਇਸ ਗੱਲ 'ਤੇ ਕੱਪੜੇ ਵਾਲਿਆਂ ਦੀ ਕੌੜੀ ਗਿੱਧਾ ਜਿਹਾ ਪਾਉਂਦਿਆਂ ਆਖਣ ਲੱਗੀ, 'ਲੈ ਭੈਣੇ, ਜੇ ਕੋਈ ਐਵੇਂ ਈ ਸਿਰ 'ਤੇ ਚੜ੍ਹਦਾ ਆਊ ਤਾਂ ਉਹਨੂੰ ਲਾਹੁਣਾ ਤਾਂ ਪੈਂਦਾ ਈ ਐ | ਚੁੱਪ ਕਰਕੇ ਕੋਈ ਕਿੰਨੀ ਕੁ ਦੇਰ ਇਨ੍ਹਾਂ ਦੀ ਬਕਵਾਸ ਸੁਣਦਾ ਰਹੂ? ਫਾਲਤੂ ਗੱਲਾਂ ਸੁਣ-ਸੁਣ ਆਪਣਾ ਤਾਂ, ਸੱਚ ਜਾਣੋ, ਚਿੱਤ ਕਾਹਲਾ ਪੈਣ ਲੱਗ ਜਾਂਦੈ | ਜਵਾਬ ਤਾਂ ਦੇਣਾ ਈ ਪੈਂਦੈ | ਅਸੀਂ ਵੀ ਧੜੀ-ਧੜੀ ਅੰਨ ਖਾਂਦੇ ਈ ਆਂ |'
ਸੁਣਦਿਆਂ ਹੀ ਲੋਹਟੀਆਂ ਦੀ ਮਿਆਊਾ ਬਿੱਲੀ ਵਾਂਗ ਪੂਛ ਜਿਹੀ ਹਿਲਾਉਂਦੀ ਹੋਈ ਭੁੜਕ ਪਈ ਸੀ, 'ਇਹ ਭਲਾ ਕੀ ਗੱਲ ਹੋਈ? ਅਗਲਾ ਸਿਰ 'ਤੇ ਮੋਰੀਆਂ ਕਰੀ ਜਾਵੇ, ਅਖੇ ਚੁੱਪ ਈ ਭਲੀ ਐ | ਰੱਬ ਨੇ ਅਹਿ ਗਿੱਠ ਦੀ ਜ਼ਬਾਨ ਕਾਹਦੇ ਵਾਸਤੇ ਦਿੱਤੀ ਐ | ਜਿਵੇਂ ਕਹਿੰਦੇ ਆਂ ਨੋ ਹੌਰਨ ਪਲੀਜ਼, ਬਈ ਕਹਿਣ ਵਾਲਿਆਂ ਨੂੰ ਮੰੂਹ ਫੜ ਕੇ ਪੁੱਛੋ ਬਈ ਜੇ ਬਜੌਣਾ ਈ ਨੀ ਤਾਂ ਖੋਤੇ ਦੇ ਕੰਨ ਜਿੱਡਾ ਹੌਰਨ ਗੱਡੀ 'ਤ ਲਾਇਆ ਕਾਹਦੇ ਵਾਸਤੇ ਆ? ਇਹੋ ਗੱਲ ਜੀਭ ਦੀ ਐ, ਬਈ ਜੇ ਬੋਲਣਾ ਈ ਨੀ, ਤਾਂ ਇਹਨੂੰ ਕਰਨਾ ਕੀ ਐ?'
ਗੱਲ ਏਦਾਂ ਈ ਭੰਬਲਭੂਸੇ 'ਚ ਪਈ ਰਹਿਣੀ ਸੀ ਜੇ ਘਰ ਦੀ ਮਾਲਕਣ ਸ੍ਰੀਮਤੀ ਟੈਟੂ ਮੋਰਚਾ ਨਾ ਸੰਭਾਲਦੀ | ਉਸ ਨੇ ਸਹਿਜ ਮਤੇ ਨਾਲ ਬੋਲਦਿਆਂ ਆਖਿਆ, 'ਭੈਣੋ, ਇਹ ਕਿਹੜਾ ਆਪਣੀ ਕਿੱਟੀ ਪਾਰਟੀ ਦੀ ਰੀਤ ਈ ਬਣ ਜਾਣੀ ਐਾ? ਕਿਹੜਾ ਆਪਾਂ ਕੋਈ ਪਰਮਾਨੈਂਟ ਫੀਚਰ ਬਣਾ ਲੈਣਾ ਇਹਨੂੰ | ਆਪਾਂ ਤਾਂ ਇਕ ਚੈਲਿੰਜ ਦਾ ਜਵਾਬ ਈ ਦੇਣੈਂ, ਬਈ ਦੋ ਔਰਤਾਂ ਹੀ ਨਹੀਂ ਵੀਹ ਔਰਤਾਂ ਵੀ ਇਕੋ ਕਮਰੇ 'ਚ ਚੁੱਪਚਾਪ ਬਹਿ ਸਕਦੀਆਂ ਨੇ | ਔਰਤਾਂ ਵੱਡੀਆਂ-ਵੱਡੀਆਂ ਕੁਰਬਾਨੀਆਂ, ਵੱਡੇ-ਵੱਡੇ ਦੁੱਖ ਸਹਿ ਸਕਦੀਆਂ ਨੇ | ਵੱਡੇ-ਵੱਡੇ ਸੰਕਟਾਂ 'ਚੋਂ ਪਾਰ ਲੰਘ ਸਕਦੀਆਂ ਨੇ | ਆਓ, ਆਪਾਂ ਜਗਤ ਨੂੰ ਦਿਖਾ ਦੇਈਏ ਕਿ ਵੀਹ-ਵੀਹ ਔਰਤਾਂ ਵੀ, ਕੋਲ-ਕੋਲ ਬਹਿ ਕੇ ਚੁੱਪ ਰਹਿ ਸਕਦੀਆਂ ਨੇ | ਮੌਨ ਵਰਤ ਰੱਖ ਸਕਦੀਆਂ ਨੇ |'
ਸ੍ਰੀਮਤੀ ਟੈਟੂ ਦੀ ਜਜ਼ਬਾਤੀ ਸਪੀਚ ਸੁਣ ਕੇ ਸਾਰੀਆਂ ਕਿੱਟੀ ਪਾਰਟਨਰਾਂ ਭਾਵੁਕ ਹੋ ਕੇ ਜੋਸ਼ ਵਿਚ ਆ ਗਈਆਂ | ਉਨ੍ਹਾਂ ਦੇ ਡੌਲੇ ਜੋਸ਼ 'ਚ ਫੜਕਣ ਲੱਗ ਪਏ | ਨੱਕ ਦੇ ਕੋਕੇ ਲਿਸ਼ਕਣ ਲੱਗ ਪਏ | ਇਕ ਦੋ ਜਣੀਆਂ ਨੇ ਤਾਂ ਜੋਸ਼ 'ਚ ਬਾਹਾਂ ਚੁੱਕ, ਮੁੱਕੀਆਂ ਵੱਟ-ਵੱਟ, ਨਾਅਰੇ ਵੀ ਮਾਰ ਦਿੱਤੇ ਸਨ:
'ਸਾਡਾ ਏਕਾ ਜ਼ਿੰਦਾਬਾਦ,
ਸਾਡਾ ਏਕਾ ਜ਼ਿੰਦਾਬਾਦ |
ਮੌਨ ਵਰਤ ਲੱਗ ਕੇ ਰਹੂਗਾ |
ਚੁੱਪ 'ਤੇ ਪਹਿਰਾ ਲੱਗ ਕੇ ਰਹੂਗਾ |'
ਤੇ ਕਿੱਟੀ ਪਾਰਟੀ ਵਲੋਂ 'ਮੌਨ ਵਰਤ' ਰੱਖਣ ਦਾ ਰੈਜੂਲਿਊਸ਼ਨ ਬਹੁਮਤ ਨਾਲ ਪਾਸ ਹੋ ਗਿਆ ਸੀ |
ਕਿੱਟੀ ਪਾਰਟੀ ਦਾ ਸਾਰਾ ਸਾਮਾਨ ਡਾਈਨਿੰਗ ਟੇਬਲ 'ਤੇ ਤਿਆਰ-ਬਰ-ਤਿਆਰ ਪਿਆ ਸੀ | ਵਿਚ-ਵਿਚਾਲੇ ਮੌਨ ਵਰਤ ਦਾ ਮਤਾ ਬਹੁਮਤ ਨਾਲ ਪਾਸ ਹੋ ਗਿਆ ਸੀ | ਖਾਣ-ਪੀਣ ਦਾ ਕੰਮ ਮੌਨ ਵਰਤ ਟੁੱਟਣ ਤੋਂ ਬਾਅਦ ਹੀ ਕਰਨ ਦਾ ਨਿਰਣਾ ਵੀ ਬਹੁਮਤ ਨਾਲ ਪਾਸ ਹੋ ਗਿਆ ਸੀ | ਕਿੱਟੀ ਪਾਰਟੀ ਵਾਲੀਆਂ ਸਾਰੀਆਂ ਸਹੇਲੀਆਂ ਚੁੱਪ ਵੱਟੀ ਬੈਠੀਆਂ ਸਨ | ਲੱਗ ਰਿਹਾ ਸੀ ਜਿਵੇਂ ਉਹ ਕਿਸੇ ਕਿੱਟੀ ਪਾਰਟੀ 'ਤੇ ਨਾ ਆ ਕੇ ਕਿਸੇ ਦੇ ਸੱਸ-ਸਹੁਰੇ ਦੀ ਮਰਗ 'ਤੇ ਆਈਆਂ ਬੈਠੀਆਂ ਹੋਣ | ਫਰਕ ਸਿਰਫ਼ ਏਨਾ ਹੀ ਸੀ ਕਿ ਉਹ ਭੰੁਜੇ ਦਰੀ 'ਤੇ ਬਹਿਣ ਦੀ ਥਾਵੇਂ ਕੁਰਸੀਆਂ 'ਤੇ ਡਟੀਆਂ ਹੋਈਆਂ ਸਨ |
ਹਾਲੇ ਬੈਠੀਆਂ ਨੂੰ ਦਸ ਕੁ ਮਿੰਟ ਹੀ ਹੋਏ ਸਨ ਕਿ ਹਲਵਾਈਆਂ ਦੀ ਭੂਟੋ ਦੀ ਨਿਗ੍ਹਾ ਸਾਹਮਣੇ ਟੇਬਲ 'ਤੇ ਪਏ ਤਾਜ਼ਾ ਸਮੋਸਿਆਂ ਵੱਲ ਚਲੀ ਗਈ | ਕੋਲ ਦੋ ਤਿੰਨ ਤਰ੍ਹਾਂ ਦੀ ਚਟਨੀ ਵੀ ਪਈ ਸੀ | ਉਸ ਦੀ ਤਾਂ ਜੀਭ ਈ ਪਾਣੀ ਛੱਡਣ ਲੱਗ ਪਈ | ਉਸ ਇਕ ਚਿੱਟ 'ਤੇ 'ਇਕ ਸਮੋਸਾ ਵਿਦ ਚਟਨੀ ਪਲੀਜ਼' ਲਿਖ ਕੇ ਕੰਮ ਵਾਲੀ ਕੁੜੀ ਜੁਗਨੀ ਨੂੰ ਫੜਾ ਦਿੱਤੀ | ਜੁਗਨੀ ਪਰੇਡ 'ਚ ਖਲੋਤੇ ਫੌਜੀ ਵਾਂਗ ਝੱਟ ਸਮੋਸੇ ਵਾਲੀ ਪਲੇਟ ਫੜਾ ਗਈ | ਬਾਕੀਆਂ ਨੂੰ ਉਸ ਦੀ ਚਪੜ-ਚਪੜ ਡਿਸਟਰਬ ਕਰਨ ਲੱਗ ਪਈ | ਹਾਲੇ ਉਹ ਆਪਣੇ ਕੰਮ 'ਚ ਰੱੁਝੀ ਹੀ ਹੋਈ ਸੀ ਕਿ ਉਦੋਂ ਹੀ ਬਜਾਜਾਂ ਦੀ ਕੌੜੀ ਨੇ ਵੀ ਆਪਣੀ ਚਿੱਟ ਜੁਗਨੀ ਹੱਥ ਥਮਾ ਦਿੱਤੀ, 'ਵਨ ਟਿੱਕੀ ਵਿਦ ਚਟਨੀ ਪਲੀਜ਼' ਟਿੱਕੀ ਵਾਲੀ ਪਲੇਟ ਫੜਦਿਆਂ ਹੀ ਉਸ ਟਿੱਕੀ ਵਿਚ ਮਿਰਚਾਂ ਹੋਣ ਕਾਰਨ 'ਸ਼ੰੂ...ਸ਼ੰੂ..' ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਫਿਰ ਤਾਂ ਸਮਝੋ ਝਪਟੋ-ਝਪਟੀ ਸ਼ੁਰੂ ਹੋ ਗਈ | ਧੜਾਧੜ ਚਿੱਟਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ | ਵਾਤਾਵਰਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁੜਕਣ ਲੱਗ ਪਈਆਂ | ਵੱਟੀ ਚੁੱਪ ਚੁੱਪ 'ਚ ਹੀ ਉਨ੍ਹਾਂ ਨੇ ਕਿੱਟੀ ਪਾਰਟੀ ਵਾਲਾ ਕੰਮ ਸਮੇਟ ਲਿਆ ਸੀ | ਟੇਬਲ ਗੰਜੀ ਦੇ ਸਿਰ ਵਾਂਗ ਸਫਾ ਚੱਟ ਹੋ ਗਿਆ ਸੀ |
ਏਨੇ 'ਚ ਮੌਨ ਵਰਤ ਦਾ ਸਮਾਂ ਵੀ ਪੂਰਨ ਹੋ ਗਿਆ ਸੀ |
ਆਪੋ-ਆਪਣੇ ਘਰ ਪਰਤਣ ਵੇਲੇ ਹਰੇਕ ਦਾ ਆਪੋ-ਆਪਣਾ ਪ੍ਰਤੀਕਰਮ ਸੀ | ਹਲਵਾਈਆਂ ਦੀ ਭੂਟੋ ਕਹਿ ਰਹੀ ਸੀ, 'ਸੁਆਦ ਨੀ ਆਇਆ | ਅੱਜ ਭੜਾਸ ਤਾਂ ਨਿਕਲੀ ਈ ਨੀਂ, ਅੰਦਰ ਭਰਿਆ-ਭਰਿਆ ਪਿਐ |'
ਬਜਾਜਾਂ ਦੀ ਕੌੜੀ ਨੇ ਆਖਿਆ, 'ਮੇਰੇ ਤਾਂ ਭੈਣ ਆਪ ਅੰਦਰ ਇਕ ਗੋਲਾ ਜਿਹਾ ਬਣਿਆ ਪਿਆ | ਆਏਾ ਘੁਕੀ ਜਾਂਦੈ ਜਿਵੇਂ... |'
ਸ੍ਰੀਮਤੀ ਟੈਟੂ ਨੇ ਵੀ ਮੋਰਚਾ ਸੰਭਾਲਦਿਆਂ ਆਖ ਦਿੱਤਾ ਸੀ, 'ਮੇਰੇ ਤਾਂ ਪੇਟ 'ਚ ਕਈ ਗੋਲੇ ਘੰੁਮੀ ਜਾਂਦੇ ਆ | ਟੱਸ ਟੱਸ ਹੋਈ ਜਾਂਦੀ ਐ |'
ਉਨ੍ਹਾਂ ਸਾਰੀਆਂ ਨੇ ਸਿੱਟਾ ਕੱਢਿਆ ਕਿ ਚੁੱਪ ਰਹਿਣਾ ਬਹੁਤ ਖ਼ਤਰਨਾਕ ਹੁੰਦਾ ਐ | ਆਪਾਂ ਨੂੰ ਮੁੜ ਕਦੀ ਮੌਨ ਵਰਤ ਜਿਹੇ ਪਚੜੇ 'ਚ ਨਾ ਪੈ ਕੇ ਕਿੱਟੀ ਪਾਰਟੀ ਦਾ ਆਨੰਦ ਮਾਨਣਾ ਚਾਹੀਦੈ | ਜੁਗਨੀ ਨੇ, ਕਿੱਟੀ ਪਾਰਟੀ ਤੋਂ ਬਾਅਦ ਦੱਸਿਆ ਕਿ 'ਕੱਠੀਆਂ ਹੋਈਆਂ ਚਿੱਟਾਂ ਦਾ ਇਕ ਚੰਗਾ ਡਿਮਾਂਡ ਚਾਰਟਰ ਬਣ ਗਿਆ ਸੀ | ਬਾਅਦ ਵਿਚ ਪਤਾ ਲੱਗਿਆ ਹੈ ਕਿ ਉਸ ਦਿਨ ਦੇ ਮੌਨ ਵਰਤ ਕਾਰਨ ਸਾਰੀਆਂ ਸਹੇਲੀਆਂ ਨੂੰ ਕਈ ਦਿਨ ਅਫਰੇਵੇਂ ਦੀ ਸ਼ਿਕਾਇਤ ਰਹੀ ਸੀ |

-ਮੋਬਾਈਲ : 94635-37050.

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ | ਉਨ੍ਹਾਂ ਦੇ ਆਖਰੀ ਸਾਹ ਲੈਣ ਸਮੇਂ ਤਾਂ ਬੱਚਿਆਂ ਨੂੰ ਵੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੀ ਉਨ੍ਹਾਂ ਦੇ ਕੋਲ ਹੋਣ |
• ਬਚਪਨ ਵਿਚ ਬਿਸਤਰਾ ਗਿੱਲਾ ਕਰਦਾ ਸੀ, ਜਵਾਨੀ ਵਿਚ ਅਜਿਹੀ ਕੋਈ ਗੱਲ ਨਾ ਕਰਨਾ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ |
• ਸਮਾਰਟ ਫੋਨ ਦੀ ਆਦਤ ਤੇ ਲਗਾਤਾਰ ਵਰਤੋਂ ਨਾਲ ਨੌਜਵਾਨ ਬੱਚਿਆਂ ਦੇ 'ਤਣਾਅ, ਬੇਚੈਨੀ ਅਤੇ ਉਨੀਂਦਰੇ ਵਰਗੀਆਂ ਬਿਮਾਰੀਆਂ ਦੀ ਮਾਰ ਹੇਠ ਆਉਣ ਦਾ ਖਤਰਾ ਵੱਧ ਜਾਂਦਾ ਹੈ | ਦੱਖਣੀ ਕੋਰੀਆ ਦੀ, ਕੋਰੀਆ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਅਜਿਹੀ ਖੋਜ ਕੀਤੀ ਹੈ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁਰੇ ਕੰਮਾਂ ਦਾ ਤਿਆਗ ਕਰਨ ਪਰ ਆਪਣੇ ਮਾਂ-ਬਾਪ ਦਾ ਨਹੀਂ |
• ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ |
• ਪੰਦਰਾਂ ਸਾਲ ਦੀ ਉਮਰ ਵਿਚ ਬੱਚਿਆਂ ਦਾ ਮਾਪਿਆਂ ਨਾਲ ਅਤੇ 50 ਸਾਲ ਦੀ ਉਮਰ ਵਿਚ ਸੰਸਾਰ ਨਾਲ ਮਤਭੇਦ ਆਰੰਭ ਹੋ ਜਾਂਦਾ ਹੈ |
• ਬੱਚਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਦਿਲ ਖ਼ੁਦਾ ਦਾ ਮੰਦਰ ਹੈ ਤੇ ਸਭ ਕੁਝ ਇਸ ਦੇ ਅੰਦਰ ਹੈ | ਜਦ ਮਾਂ-ਬਾਪ ਦਾ ਦਿਲ ਟੁਟਦਾ ਹੈ ਤਾਂ ਰੱਬ ਵੀ ਰੋ ਪੈਂਦਾ ਹੈ | ਕਿਸੇ ਮਹਾਨ ਵਿਦਵਾਨ ਦੀਆਂ ਪੰਕਤੀਆਂ ਹਨ ਕਿ:
ਹੋਰ ਭਾਵੇਂ ਕੁਝ ਵੀ ਢਾਹ ਦੇ,
ਢਾਹ ਦੇ ਜੋ ਕੁਝ ਢਹਿੰਦਾ |
ਪਰ ਕਿਸੇ ਦਾ ਦਿਲ ਨਾ ਢਾਵੀਂ,
ਕਿਉਂਕਿ ਰੱਬ ਦਿਲਾਂ 'ਚ ਰਹਿੰਦਾ |
• ਤੁਸੀਂ ਕੋਈ ਵੀ ਹੋਵੋ, ਜ਼ਿੰਦਗੀ ਤੁਹਾਨੂੰ ਕਿਤੇ ਵੀ ਲੈ ਜਾਵੇ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਕ ਮਾਂ ਦੇ ਬੱਚੇ ਹੋ, ਪਿਤਾ ਦਾ ਸੁਪਨਾ ਹੋ, ਪਰਿਵਾਰ ਦਾ ਭਵਿੱਖ ਹੋ, ਦੋਸਤ ਦਾ ਦਿਲ ਹੋ ਅਤੇ ਕਿਸੇ ਦੀ ਜ਼ਿੰਦਗੀ ਹੋ | ਇਸ ਲਈ ਹਮੇਸ਼ਾ ਆਪਣਾ ਖਿਆਲ ਰੱਖੋ |
• ਵੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਦੀ ਦਵਾਈ ਅਤੇ ਟੈਸਟਾਂ ਲਈ ਤਾਂ ਬੱਚਿਆਂ ਕੋਲੋਂ ਪੈਸੇ ਮੁੱਕ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਭੋਗ ਸਮੇਂ ਸਾਰੇ ਪਿੰਡ ਨੂੰ ਸੱਦਾ ਦੇ ਕੇ ਜਲੇਬੀਆਂ ਤੇ ਪੂਰੀਆਂ ਖੁਆਉਂਦੇ ਹਨ ਅਤੇ ਬਾਅਦ ਵਿਚ ਮਾਣ ਮਹਿਸੂਸ ਕਰਦੇ ਹਨ ਕਿ ਇਸ ਪ੍ਰੋਗਰਾਮ ਵਿਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੀ, ਬੱਲੇ-ਬੱਲੇ ਕਰਵਾ ਦਿੱਤੀ ਜਾਂਦੀ ਹੈ ਪਰ ਇਥੇ ਇਹ ਵੀ ਵਰਣਨਯੋਗ ਹੈ ਕਿ ਫੋਕੀ ਸ਼ੋਹਰਤ ਬਹੁਤੀ ਦੇਰ ਤੱਕ ਨਹੀਂ ਚਲਦੀ ਤੇ ਆਖਰ ਨੂੰ ਸੱਚ ਸਾਹਮਣੇ ਆ ਹੀ ਜਾਂਦਾ ਹੈ |
• ਮੇਰਾ ਅਨੁਮਾਨ ਹੈ ਕਿ ਜੇ ਬੰਦੇ ਨੇ ਮਰਨਾ ਨਾ ਹੁੰਦਾ ਤਾਂ ਕਿਸੇ ਨੇ ਬੱਚਿਆਂ ਦੀ ਦੇਖ-ਭਾਲ ਜਾਂ ਸਾਂਭ-ਸੰਭਾਲ ਨਹੀਂ ਸੀ ਕਰਨੀ |
• ਜਦੋਂ ਬੱਚੇ ਇਹ ਸਮਝ ਜਾਣਗੇ ਕਿ ਸਾਡੇ ਮਾਂ-ਪਿਓ ਨੇ ਸਾਡੇ ਪਾਲਣ-ਪੋਸ਼ਣ ਵਿਚ ਕੀ-ਕੀ ਪ੍ਰੇਸ਼ਾਨੀਆਂ ਸਹਿਣ ਕੀਤੀਆਂ ਹਨ ਤਾਂ ਫਿਰ ਬੱਚੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਸਿੱਖ ਜਾਣਗੇ |
• ਅੱਜਕਲ੍ਹ ਮਾਂ-ਪਿਓ ਦੀ ਸੇਵਾ ਕਰਨ ਵਾਲੇ ਸਰਵਣ ਵਰਗੇ ਪੁੱਤ ਬਹੁਤ ਹੀ ਵਿਰਲੇ ਮਿਲਦੇ ਹਨ |
• ਬੱਚੇ ਭਾਵੇਂ ਆਪਣੇ ਮਾਤਾ-ਪਿਤਾ ਨੂੰ ਆਪਣੇ ਸਰੀਰ ਦੀ ਚਮੜੀ ਦੀਆਂ ਜੁੱਤੀਆਂ ਵੀ ਬਣਵਾ ਕੇ ਪਹਿਨਾ ਦੇਣ ਤਾਂ ਵੀ ਉਹ ਉਨ੍ਹਾਂ ਦੇ ਕਰਜ਼ੇ ਤੋਂ ਮੁਕਤ ਨਹੀਂ ਹੋ ਸਕਦੇ |
• ਮਾਤਾ-ਪਿਤਾ ਨੂੰ ਦੁੱਖ ਦੇਣ ਵਾਲੇ ਬੱਚੇ ਕਦੇ ਵੀ ਜੀਵਨ 'ਚ ਸੁਖੀ ਨਹੀਂ ਹੋ ਸਕਦੇ, ਪਰਮਾਤਮਾ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਦੇ |
• ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਮਾਪਿਆਂ ਨਾਲੋਂ ਵੱਧ ਸਨਮਾਨ ਦੇ ਹੱਕਦਾਰ ਹਨ | (ਚਲਦਾ)

ਮੋਬਾਈਲ : 99155-63406.

ਹੁਣ ਜਾਗੋ ਆਈਆ

ਸ਼ਹਿਦ ਕਿੰਨਾ ਮਿੱਠਾ ਹੁੰਦਾ ਹੈ!
ਪਰ ਸ਼ਹਿਦ ਪੈਦਾ ਕਰਨ ਵਾਲੀਆਂ ਸ਼ਹਿਦ ਦੀਆਂ ਮੱਖੀਆਂ, ਇਹ ਕਿੰਨੀਆਂ ਖ਼ਤਰਨਾਕ ਹੁੰਦੀਆਂ ਹਨ, ਇਹ ਜਦ ਆਪਣੇ ਛੱਤੇ 'ਚੋਂ ਨਿਕਲ ਕੇ ਹਮਲਾ ਕਰ ਦੇਣ ਤਾਂ ਵੱਡੇ-ਵੱਡਿਆਂ ਦੀ ਭੂਤਨੀ ਭੁਲਾ ਦਿੰਦੀਆਂ ਹਨ | ਇਨ੍ਹਾਂ ਦਾ ਡੰਗ ਐਨਾ ਤਿੱਖਾ ਹੁੰਦਾ ਹੈ ਕਿ ਜਿਹਦੇ 'ਤੇ ਟੁੱਟ ਕੇ ਪੈ ਜਾਣ, ਉਹਦੀਆਂ ਤਾਂ ਦਰਦ ਨਾਲ ਚਾਂਘਰਾਂ ਕਢਾ ਦਿੰਦੀਆਂ ਹਨ |
ਦੁਨੀਆ ਦੀ ਸਭ ਤੋਂ ਵੱਡੀ ਲਾਇਲਾਜ ਬਿਮਾਰੀ ਸ਼ੂਗਰ, ਮਧੂਮੇਹ ਵੀ ਸ਼ਹਿਦ ਦੀ ਦੇਣ ਹੈ—ਪਹਿਲਾਂ, ਪੰਜਾਬੀ 'ਚ ਜਵਾਨ ਕੁੜੀਆਂ ਨੂੰ ਇਹ ਵਾਰਨਿੰਗ ਦਿੱਤੀ ਜਾਂਦੀ ਸੀ, 'ਮੰੁਡਿਆਂ ਤੋਂ ਬਚ ਕੇ ਰਹੀਂ |'
ਹੁਣ ਵਾਰਨਿੰਗ, ਬਿਲਕੁਲ ਬਦਲ ਕੇ ਮੁੰਡਿਆਂ ਲਈ ਹੋ ਗਈ ਹੈ, 'ਵੇ ਕੁੜੀਆਂ ਤੋਂ ਬਚ ਕੇ ਰਹੀਂ |' ਇਹ ਮਿੱਠੀਆਂ ਤਾਂ ਹੈਨ ਹੀ ਪਰ ਮਧੂ ਮੱਖੀਆਂ ਨੇ, ਇਹ ਟੁੱਟ ਕੇ ਪੈ ਜਾਣ ਤਾਂ ਛੇੜਨ ਵਾਲੇ ਦੀ ਖ਼ੈਰ ਨਹੀਂ |
ਪਹਿਲਾਂ ਕਿੱਦਾਂ ਕਹਿੰਦੇ ਸਨ, ਕੋਮਲ-ਅੰਗਨੀ ਔਰਤ ਨੂੰ ਤਾਂ 'ਪੈਰ ਦੀ ਜੁੱਤੀ' ਤੱਕ ਸਮਝਿਆ ਸੀ | ਹੁਣ ਤਾਂ ਇਹ ਪੈਰਾਂ ਤੋਂ ਜੁੱਤੀ ਲਾਹ ਕੇ ਐਸਾ ਸਿਰ ਖੜਕਾਉਂਦੀਆਂ ਹਨ ਕਿ ਸਿਰ ਵਿਚ ਬਣੇ ਦਿਮਾਗ਼ ਦੇ ਚਾਰੇ ਖਾਨਿਆਂ ਨੂੰ ਦਰੁਸਤ ਕਰ ਦਿੰਦੀਆਂ ਹਨ ਤੇ ਇਹ ਪੱਕਾ ਸੁਨੇਹਾ ਉਨ੍ਹਾਂ 'ਚ ਉਮਰ ਭਰ ਲਈ ਦਰਜ ਕਰ ਦਿੰਦੀਆਂ ਹਨ ਕਿ 'ਤੇਰਾ ਸਿਰ ਤੇ ਮੇਰੀ ਜੁੱਤੀ |'
ਸੈਂਡਲ ਨਾਲ ਭਰੇ ਬਾਜ਼ਾਰ ਵਿਚ ਇਕ ਰੋਮੀਓ ਦਾ ਸਿਰ ਖੜਕਾਉਂਦਿਆਂ ਮੈਂ ਆਪ ਇਕ ਜੂਲੀਅਟ ਨੂੰ ਵੇਖਿਆ ਹੈ | ਭੜਕੀ ਹੋਈ ਲੜਕੀ ਦੇ ਬੋਲ ਸਨ, 'ਠਹਿਰ ਕੰਜਰ ਦਿਆ, ਮੈਂ ਤੇਰੀ ਆਸ਼ਕੀ ਇਥੇ ਹੀ ਕੱਢ ਦਿਆਂਗੀ |' ਜਿਹੜਾ ਇਕ ਪਲ ਪਹਿਲਾਂ ਉਹਨੂੰ ਆਖ ਰਿਹਾ ਸੀ, 'ਸੁਹਣਿਓ, ਮੱਖਣ ਦੇ ਪੇੜਿਓ, ਮਲਾਈ ਦੇ ਡੂਨਿਓ ਉਹ ਹੁਣ ਉਹਨੂੰ 'ਭੈਣ ਜੀ... ਭੈਣ ਜੀ...' ਆਖ ਕੇ ਪੈਰੀਂ ਪੈ-ਪੈ ਮਿੰਨਤਾਂ ਕਰ ਰਿਹਾ ਸੀ, 'ਬਖਸ਼ ਦਿਓ, ਮੁਆਫ਼ ਕਰ ਦਿਓ |'
ਫਿਰ ਉਹਨੇ ਕੰਨ ਫੜਾ ਕੇ ਬੈਠਕਾਂ ਕੱਢ ਕੇ ਜੁੜੀ ਭੀੜ ਦੇ ਸਾਹਮਣੇ ਇਹ ਪ੍ਰਣ ਕੀਤਾ ਸੀ, 'ਫੇਰ ਅੱਗੋਂ ਤੋਂ, ਇਹੋ ਜਿਹਾ ਕੰਮ ਨਹੀਂ ਕਰਾਂਗਾ |'
ਮੱਖਣਾਂ ਦੇ ਪੇੜਿਆਂ ਨੇ ਤੌਬਾ-ਤੌਬਾ ਕਰਾ ਦਿੱਤੀ ਸੀ ਕਿ ਕੁੜੀ ਹੁਣ ਉਹ ਨਹੀਂ ਰਹੀ ਕਿ ਮੱਖਣ ਵਾਂਗ ਪਿਘਲ ਜਾਏਗੀ |
ਉਹ ਤਾਂ 'ਮੈਰੀਕੋਮ' ਹੈ, ਘਸੰੁਨ ਮਾਰ-ਮਾਰ ਕੇ ਬੁਥਾੜ ਸੁਜਾ ਦਏ |
ਇਹ ਸੱਚ ਹੈ ਕਿ ਸਾਡਾ ਸਮਾਜ 'ਮਰਦ ਪ੍ਰਧਾਨ' ਹੈ | ਅੱਜ ਵੀ ਵਿਆਹੀ ਹੋਈ ਭਾਰਤੀ ਇਸਤਰੀ ਨੂੰ ਆਪਣੇ ਹਸਬੈਂਡ ਨੂੰ 'ਜੀ' ਕਹਿ ਕੇ ਸੰਬੋਧਨ ਕਰਨਾ ਪੈਂਦਾ ਹੈ |
ਪਤੀ ਉਹਨੂੰ 'ਤੂੰ' ਕਹਿ ਕੇ ਹੀ ਬੁਲਾਉਂਦਾ ਹੈ, 'ਤੂੰ ਕਿਥੇ ਗਈ ਸੀ?'
'ਆਹ ਕੀ ਸਿਆਪਾ ਪਾਇਆ ਹੋਇਆ ਈ?'
'ਚੱਲ ਛੇਤੀ ਤਿਆਰ ਹੋ... ਲੱਗੀ ਪਈ ਏਾ ਪੌਡਰ ਮਲਣ, ਤੇਰਾ ਮੇਕਅੱਪ ਹੀ ਨਹੀਂ ਮੁੱਕਦਾ... |'
ਆਦਿ-ਜੁਗਾਦਿ... ਮਿਹਣੇ-ਤਾਹਨੇ...'
ਹੁਣ ਨਵੇਂ ਯੁੱਗ ਦੀ ਹਵਾ ਆਈ ਹੈ, ਮਰਦ ਦੀ ਜਾਤ ਮੰੁਡਿਆਂ ਨੇ ਮਰਨਾ ਤਾਂ ਕੁੜੀਆਂ ਚਿੜੀਆਂ 'ਤੇ ਹੀ ਹੈ ਪਰ ਹੁਣ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਪੜ੍ਹੀਆਂ -ਲਿਖੀਆਂ, ਵਿਆਹੀਆਂ ਕੁੜੀਆਂ ਆਪਣੇ ਹਸਬੈਂਡ ਨੂੰ ਸਿੱਧਾ ਨਾਂਅ ਨਾਲ ਬੁਲਾਉਂਦੀਆਂ ਹਨ, 'ਰਮਨ ਤੂੰ ਵੇਟ ਕਰ, ਮੈਨੂੰ ਤਿਆਰ ਹੋਣ 'ਚ ਜ਼ਰਾ ਟਾਈਮ ਲੱਗੇਗਾ |'
ਆਦਿ-ਜੁਗਾਦਿ |
ਕੁੜੀਆਂ ਪੜ੍ਹ-ਲਿਖ ਗਈਆਂ ਨੇ ਕਈ ਤਾਂ ਆਪਣੇ ਹਸਬੈਂਡ ਤੋਂ ਵੀ ਜ਼ਿਆਦਾ ਪੜ੍ਹੀਆਂ-ਲਿਖੀਆਂ ਨੇ, ਸਭੇ ਨੌਕਰੀਆਂ ਕਰਦੀਆਂ ਨੇ, ਕਈਆਂ ਦੀ ਤਨਖਾਹ ਤਾਂ ਆਪਣੇ ਹਜ਼ਬੈਂਡ ਤੋਂ ਵੀ ਜ਼ਿਆਦਾ ਹੈ | ਔਰਤ ਨੂੰ ਕੁਦਰਤ ਤੇ ਸੰਵਿਧਾਨ 'ਚ ਮਿਲੀ ਆਪਣੀ ਬਰਾਬਰੀ ਦਾ ਅਹਿਸਾਸ ਹੈ ਅਤੇ ਉਹ ਹਰ ਮੈਦਾਨ ਵਿਚ ਅਜਿਹੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਹੜਾ ਪਹਿਲਾਂ 'ਮਰਦ' ਲਈ ਹੀ ਰਿਜ਼ਰਵ ਸਮਝਿਆ ਜਾਂਦਾ ਸੀ | ਸਕੂਟੀਆਂ, ਸਕੂਟਰ, ਕਾਰਾਂ, ਜੀਪਾਂ, ਟਰੈਕਟਰ ਤਾਂ 'ਲੇਡੀਜ਼' ਚਲਾਉਂਦੀਆਂ ਹਨ ਇਹ ਤਾਂ ਆਮ ਗੱਲ ਹੈ ਹੁਣ ਤਾਂ ਕੁੜੀਆਂ ਹਵਾਈ ਜਹਾਜ਼ਾਂ ਦੀਆਂ ਪਾਇਲਟ ਹਨ, ਵੱਡੇ-ਵੱਡੇ ਬੈਂਕਾਂ ਦੀਆਂ ਕੰਪਨੀਆਂ ਦੀਆਂ ਮੁਖੀ ਹਨ | ਮੰੁਬਈ 'ਚ ਤਾਂ ਲੋਕਲ ਰੇਲ ਗੱਡੀਆਂ 'ਚ ਇਕ ਮੁਸਲਮਾਨ ਕੁੜੀ ਇੰਜਣ ਡਰਾਈਵਰ ਹੈ | ਆਟੋ ਰਿਕਸ਼ਾ ਤਾਂ ਪਹਿਲਾਂ ਹੀ ਕਈ ਔਰਤਾਂ ਚਲਾਉਂਦੀਆਂ ਹਨ | ਹੁਣ ਇਕ ਨਵੀਂ ਖ਼ਬਰ ਆਈ ਹੈ ਕਿ 'ਪ੍ਰਤਿਕਸ਼ਾ ਦਾਸ' ਨਾਂਅ ਦੀ ਇਕੱਲੀ ਕੁੜੀ ਹੈ, ਜਿਹੜੀ ਮੰੁਬਈ ਮਹਾਂਨਗਰ ਵਿਚ ਬੱਸ ਡਰਾਈਵਰ ਬਣੀ ਹੈ | ਇਹ ਹੁਣ ਸੜਕਾਂ 'ਤੇ ਸਵਾਰੀਆਂ ਨਾਲ ਭਰੀ ਬੱਸ ਚਲਾਏਗੀ |
ਹੁਣ ਤਾਂ ਏਅਰ ਫੋਰਸ ਤੇ ਸਾਡੀ ਫੌਜ ਵਿਚ ਵੀ ਟਰੇਂਡ ਹੋਈਆਂ ਕੁੜੀਆਂ ਨੇ ਇਹ ਮੰਗ ਕੀਤੀ ਹੈ ਕਿ ਉਹ ਜੇਕਰ ਜੰਗ ਛਿੜੇ ਤਾਂ ਉਸ ਵਿਚ ਵੀ ਹਿੱਸਾ ਲੈ ਕੇ ਜੂਝਣ ਲਈ ਤਿਆਰ-ਬਰ-ਤਿਆਰ ਹਨ | ਉਹ ਇਸੇ ਆਸ ਵਿਚ ਹਨ ਕਿ ਕਦ ਉਨ੍ਹਾਂ ਨੂੰ ਫ਼ੌਜ ਵਲੋਂ ਇਹਦੀ ਆਗਿਆ ਦਿੱਤੀ ਜਾਵੇਗੀ |
ਜੁਝਾਰੂ ਔਰਤਾਂ, ਜਿਹੜੀਆਂ ਮੈਦਾਨ-ਏ-ਜੰਗ ਵਿਚ ਸੂਰਮਗਤੀ ਵਿਖਾ ਚੁੱਕੀਆਂ ਹਨ, ਉਹ ਹਨ : * ਖੂਬ ਲੜੀ ਮਰਦਾਨੀ, ਵੋਹ ਤੋ ਝਾਂਸੀ ਵਾਲੀ ਰਾਨੀ ਥੀ... * ਸਿੱਖਾਂ 'ਚੋਂ ਸਿੰਘਣੀ, ਮਾਈ ਭਾਗੋ ਨੇ ਵੀ ਕਿਰਪਾਨ ਧੂਹ ਕੇ ਕਈ ਦੁਸ਼ਮਣਾਂ ਦੇ ਆਹੂ ਲਾਹੇ ਸਨ |
ਪਰ ਇਹ ਤਾਂ ਬਹੁਤ ਥੋੜ੍ਹੇ ਹਨ |
ਹਾਂ, ਚੰਬਲ ਦੇ ਡਾਕੂਆਂ ਵਿਚੋਂ ਇਕ ਔਰਤ ਵੀ ਡਾਕੂਆਂ ਦੀ ਸਰਦਾਰ ਰਹੀ, ਇਹ ਮਗਰੋਂ ਭਾਰਤ ਦੀ ਪਾਰਲੀਮੈਂਟ ਦੀ ਮੈਂਬਰ ਵੀ ਚੁਣੀ ਗਈ | ਇਸ ਦੀ ਇਕ ਵੈਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ |
ਔਰਤ ਅਬਲਾ ਹੈ, ਨਿਰਬਲ ਹੈ, ਦੁਖਿਆਰੀ ਹੈ, ਇਸ ਦੀਆਂ ਮਿਸਾਲਾਂ ਬਹੁਤ ਹਨ |
ਮਾਪੇ ਆਪਣੀ ਧੀ ਨੂੰ ਕਿਸ ਨਾਲ ਪਰਣਾ ਰਹੇ ਹਨ, ਉਸ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ, ਮਗਰੋਂ ਪਤਾ ਲਗਦਾ ਕਿ ਉਸ ਵਿਚਾਰੀ ਨੂੰ ਕਿਸ ਬੇਢੰਗੇ ਮੰੁਡੇ ਨਾਲ ਨਰੜ ਦਿੱਤਾ ਗਿਆ ਹੈ |
ਜੋੜੀਆਂ ਜਗ ਥੋੜ੍ਹੀਆਂ
ਪਰ ਨਰੜ ਬਥੇਰੇ |
ਗਏ ਉਹ ਜ਼ਮਾਨੇ... ਅੱਜ ਦੀਆਂ ਪੜ੍ਹੀਆਂ-ਲਿਖੀਆਂ ਹਨ | ਕਿਸੇ ਦੀ ਅੱਖ ਪਸੰਦ ਨਹੀਂ, ਕਿਸੇ ਦਾ ਨੱਕ ਪਸੰਦ ਨਹੀਂ, ਕਿਸੇ ਦਾ ਬੂਥਾ ਪਸੰਦ ਨਹੀਂ | ਕਿਸੇ ਦਾ ਕੱਦ ਛੋਟਾ, ਕੋਈ ਪਤਲਾ, ਕੋਈ ਮੋਟਾ... ਪਹਿਲਾਂ ਮਾਪੇ ਮੰੁਡਿਆਂ ਦੀਆਂ ਫੋਟੋ ਵਿਖਾਉਂਦੇ ਹਨ, 'ਤੂੰ ਆਪੇ ਪਸੰਦ ਕਰ ਲੈ', ਫਿਰ ਆਹਮੋ-ਸਾਹਮਣੇ ਵੀ ਬਹਾ ਦਿੰਦੇ ਹਨ, ਆਪਣੀ ਪਸੰਦ ਵਾਲਾ ਵਰ ਆਪ ਚੁਣਦੀਆਂ ਹਨ | ਕਈਆਂ ਨੇ ਤਾਂ ਪਹਿਲਾਂ ਹੀ ਆਪਣੀ ਪਸੰਦ ਚੁਣ ਲਈ ਹੁੰਦੀ ਹੈ |
ਨਾਰੀ ਤੂੰ ਨਾਰਾਇਣੀ
ਹੂੰ...ਅ... | ਤੂੰ ਰਾਜਾ ਹੈਾ ਕਿ ਨਹੀਂ, ਮੈਂ ਹਾਂ ਰਾਣੀ |
ਮੈਂ ਮਹਾਂਨਗਰਾਂ ਦੀ ਗੱਲ ਕਰ ਰਿਹਾ ਹਾਂ... ਹੁਣ ਤਾਂ ਘੰੁਡ ਚੁਕਾਈ... ਖਤਮ | ਲੋੜ ਹੀ ਨਹੀਂ... ਇੰਟਰਨੈੱਟ ਕਮਾਲ ਤੋਂ ਸਭ ਜਾਣੂ ਹਨ |
ਆਹ ਵੇਖਿਆ ਜੇ ਨਾ, ਟੀ.ਐਮ.ਸੀ. ਦੀ ਟਿਕਟ 'ਤੇ ਬੰਗਾਲ 'ਚੋਂ ਜਿੱਤ ਕੇ ਆਈ ਐਮ.ਪੀ. ਫ਼ਿਲਮੀ ਹੀਰੋਇਨ ਨੇ ਕਿੱਦਾਂ ਇਕ ਹਿੰਦੂ ਜੈਨੀ ਤੋਂ ਆਪਣੀ ਮਾਂਗ 'ਚ ਸਿੰਧੂਰ ਭਰਾਇਆ ਹੈ... ਉਹਨੇ ਸੁਹਾਗ ਬਿੰਦੀ ਵੀ ਲਾਈ ਹੈ, ਚੂੜਾ ਵੀ ਪਹਿਨਿਆ ਹੈ... ਮੌਲਵੀਆਂ ਨੇ ਫਤਵਾ ਦਿੱਤਾ... ਬੇਪ੍ਰਵਾਹ |
ਬਦਲਾਓ ਸਮੇਂ ਦੀ ਮੰਗ ਹੈ... ਸਮਾਂ ਸੱਚਮੁੱਚ ਬਦਲ ਗਿਆ ਹੈ... ਬਦਲ ਰਿਹਾ ਹੈ... ਔਰਤ ਬਦਲ ਰਹੀ ਹੈ... ਬਦਲ ਗਈ ਹੈ... |
••

ਨਹਿਲੇ 'ਤੇ ਦਹਿਲਾ ਛੇ ਗਲਾਸ ਵੀ ਲੈ ਜਾਓ

ਜਨਾਬ ਦੀਵਾਨ ਸਿੰਘ ਮਫ਼ਤੂਨ ਰਿਆਸਤ ਨਾਂਅ ਦੇ ਅਖ਼ਬਾਰ ਦੇ ਸੰਪਾਦਕ ਸਨ | ਹਿੰਦੁਸਤਾਨ ਵਿਚ ਜਿੰਨੀਆਂ ਰਿਆਸਤਾਂ ਸਨ ਇਹ ਉਨ੍ਹਾਂ ਬਾਰੇ ਚੰਗਾ-ਮੰਦਾ ਲਿਖਿਆ ਕਰਦੇ ਸਨ | ਇਸ ਲਈ ਬਹੁਤੇ ਰਿਆਸਤਾਂ ਦੇ ਰਾਜੇ ਉਨ੍ਹਾਂ ਤੋਂ ਖੌਫ਼ ਖਾਂਦੇ ਸਨ | ਕਈ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਨੂੰ ਆਨੇ-ਬਹਾਨੇ ਹਰ ਤਰ੍ਹਾਂ ਦੇ ਤੋਹਫ਼ੇ ਭੇਜਦੇ ਰਹਿੰਦੇ ਸਨ | ਇਨ੍ਹਾਂ ਗੱਲਾਂ ਬਾਰੇ ਉਨ੍ਹਾਂ ਦੇ ਨੇੜਲੇ ਮਿੱਤਰ ਚੰਗੀ ਤਰ੍ਹਾਂ ਜਾਣਦੇ ਸਨ |
ਇਕ ਵਾਰੀ ਇਕ ਰਿਆਸਤ ਦੇ ਰਾਜੇ ਨੇ ਉਨ੍ਹਾਂ ਨੂੰ ਇਕ ਸੁਰਾਹੀ ਅਤੇ ਛੇ ਗਲਾਸਾਂ ਦਾ ਵਿਸਕੀ ਦਾ ਸੈੱਟ ਭੇਜਿਆ | ਸੁਰਾਹੀ ਅਤੇ ਗਲਾਸਾਂ 'ਤੇ ਜੋ ਨਾਕਾਸ਼ੀ ਕੀਤੀ ਹੋਈ ਸੀ, ਉਹ ਵੇਖਣ ਅਤੇ ਸਲਾਹੁਣਯੋਗ ਸੀ | ਮਫ਼ਤੂਨ ਸਾਹਬ ਨੇ ਥ੍ਰੀ ਸਟਾਰ ਬਰਾਂਡੀ ਦੀ ਬੋਤਲ ਮੰਗਵਾਈ ਅਤੇ ਉਸ ਨੂੰ ਸੁਰਾਹੀ ਵਿਚ ਪਾ ਦਿੱਤਾ | ਅਜੇ ਇਕ ਪੈੱਗ ਹੀ ਬਣਾਇਆ ਸੀ ਕਿ ਉਨ੍ਹਾਂ ਦੇ ਇਕ ਮਿੱਤਰ ਜਨਾਬ ਸ਼ੇਖ਼ ਜੀਆ ਉੱਲ ਹੱਕ ਸਾਹਬ ਆ ਗਏ | ਸਰਦਾਰ ਸਾਹਬ ਤੁਰੰਤ ਦੂਜਾ ਗਲਾਸ ਮੰਗਵਾਇਆ ਅਤੇ ਪੈੱਗ ਬਣਾ ਕੇ ਮੌਲਾਨਾ ਸਾਹਬ ਨੂੰ ਪੇਸ਼ ਕੀਤਾ | ਮੌਲਾਨਾ ਨੇ ਇਕ ਦੇ ਬਾਅਦ ਇਕ ਕਰ ਕੇ ਪੰਜ ਪੈੱਗ ਪੀ ਲਏ ਅਤੇ ਸੁਰਾਹੀ, ਜਿਸ ਵਿਚ ਅੱਧੀ ਬੋਤਲ ਬਰਾਂਡੀ ਪਈ ਸੀ, ਚੁੱਕ ਕੇ ਆਪਣੇ ਥੈਲੇ ਵਿਚ ਪਾ ਲਈ ਅਤੇ ਉੱਠ ਖੜ੍ਹੇ ਹੋਏ ਅਤੇ ਸਰਦਾਰ ਮਫ਼ਤੂਨ ਜੀ ਨੂੰ ਕਹਿਣ ਲੱਗੇ, 'ਚੰਗਾ ਸਰਦਾਰ ਜੀ ਹੁਣ ਆਗਿਆ ਦਿਓ |' ਮਫਤੂਨ ਸਾਹਬ ਨੇ ਪੁੱਛਿਆ, 'ਮੌਲਾਨਾ ਇਹ ਸੁਰਾਹੀ ਥੈਲੇ ਵਿਚ ਕਿਉਂ ਰੱਖ ਲਈ?' ਮੌਲਾਨਾ ਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ, 'ਸਰਦਾਰ ਜੀ ਇਹ ਸੁਰਾਹੀ ਤੁਹਾਡੇ ਕੋਲ ਤਾਂ ਰਹੇਗੀ ਨਹੀਂ | ਕੋਈ ਨਾ ਕੋਈ ਇਹਨੂੰ ਲੈ ਜਾਏਗਾ | ਜਦੋਂ ਕਿਸੇ ਹੋਰ ਨੇ ਲੈ ਜਾਣੀ ਹੈ ਤਾਂ ਮੈਂ ਹੀ ਕਿਉਂ ਨਾ ਲੈ ਜਾਵਾਂ?' ਇਹ ਸੁਣ ਕੇ ਮਫ਼ਤੂਨ ਸਾਹਬ ਨੇ ਜ਼ੋਰ ਦਾ ਠਹਾਕਾ ਲਗਾਇਆ ਅਤੇ ਕਿਹਾ, 'ਰੁਕ ਜਾਓ, ਇਹਦੇ ਨਾਲ ਆਏ ਛੇ ਗਲਾਸ ਵੀ ਲੈ ਹੀ ਜਾਓ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਕਾਵਿ-ਮਹਿਫ਼ਲ

• ਯਸ਼ਪਾਲ 'ਮਿੱਤਵਾ' •
ਤਸਵੀ ਫੇਰੀ ਮੈਂ ਲੱਖ ਵਾਰੀ ਹਾਲਤ ਬਦਲੀ ਨਾ ਹਾਲਾਤ |
ਓਹੀ ਛੱਤ ਰਹੀ ਸਿਰ ਮੇਰੇ ਓਹੀ ਦਿਨ ਤੇ ਓਹੀ ਰਾਤ |

ਸੁਰਖ਼ਾਬ ਇਕ ਆ ਕੇ ਬੈਠਾ ਚੁਗ ਕੇ ਮੇਰੇ ਦਿਲ ਦਾ ਚੋਗ |
ਖੰਭ ਫੈਲਾ ਕੇ ਐਸਾ ਉੱਡਿਆ ਫਿਰ ਨਾ ਮਾਰੀ ਪੰਛੀ ਝਾਤ |

ਰੇਤੇ ਦਾ ਮੈਂ ਟਿੱਲਾ ਨੲੀਂ ਹਾਂ ਜੋ ਉੱਡ ਜਾਵਾਂ ਬੁੱਲਿ੍ਹਆਂ ਨਾਲ |
ਮੈਂ ਹਿੰਮਤੀ ਫ਼ੌਲਾਦੀ ਜਿਗਰਾ ਮੈਂ ਦੇ ਸਕਦਾਂ ਸਭ ਨੂੰ ਮਾਤ |

ਦਾਨ ਕਰਾਂ ਮੈਂ ਸੁੱਚੇ ਮੋਤੀ ਸੁਖ਼ਣਾਂ ਸੁੱਖਾਂ ਮੈਂ ਪੰਜ ਰੋਟ |
ਮੈਂ ਹੁੰਗਾਰੇ ਭਰਦਾ ਜਾਵਾਂ ਜੇ ਉਹ ਪਾਉਂਦੇ ਜਾਵਣ ਬਾਤ |

ਇਕ ਜੀਅ ਕਰਦਾ ਕੋਲ ਬਿਠਾ ਕੇ ਪੁੱਛਾਂ ਅੱਜ ਤੂੰ ਦਿਲ ਦੀ ਦੱਸ |
ਨਵਿਆਂ ਦੇ ਸੰਗ ਮਿਲ ਕੇ ਤੇਰੇ ਬਿਖਰੇ ਤਾਂ ਨੲੀਂ ਹਨ ਜਜ਼ਬਾਤ |

ਨੁਕਸਾਨ ਨਫ਼ਾ ਨਾ ਤੱਕਿਆ ਕੀਤਾ ਰੱਜ ਕੁਦਰਤ ਨਾਲ ਖਿਲਵਾੜ |
ਕਿੰਝ ਲਿਆਵਾਂ ਮੋੜ ਕੇ ਚਿੜੀਆਂ ਮੇਰੀ ਕਿੱਥੇ ਹੁਣ ਔਕਾਤ |

ਚਿਹਰੇ ਉਤੇ ਅਜਬ ਖਮਾਰੀ ਵੱਖਰਾ ਇਕ ਇਕ ਹੈ ਅੰਦਾਜ਼ |
ਅੱਖਾਂ ਨਾਲ ਉਹ ਅੱਖ ਮਿਲਾਵਣ ਸਰਘੀ ਤੱਕ ਲੰਘ ਜਾਵੇ ਰਾਤ |

ਇਕ ਮਾਲਾ ਦੇ ਮਾਣਕ ਮੋਤੀ ਭੈਣ ਭਰਾ ਸਭ ਰਿਸ਼ਤੇਦਾਰ |
ਮਿੱਤਵਾ ਜੋੜ ਸਕੇ ਤਾਂ ਜੋੜੀਂ ਕਰਦੀਂ ਸਾਰੀ ਖ਼ੁਸ਼ ਕਾਇਨਾਤ |

-ਮੋਬਾਈਲ : 98764-98603.


ਗੁਆਚੇ ਵਕਤ ਦਾ ਅਹਿਸਾਸ ਹੈ, ਮੈਂ ਸਿਰ ਝੁਕਾ ਲੈਨਾ |
ਬਣਾ ਕੇ ਮੋਰ ਕਾਗਜ਼ ਤੇ ਹੀ ਮੈਂ ਪੈਲਾਂ ਪਵਾ ਲੈਨਾ |

ਚੁਰਾ ਜੱਜੇ ਦੇ ਪੈਰਾਂ 'ਚੋਂ ਧਰਾਂ ਬਿੰਦੀ ਤੇਰੇ ਮੱਥੇ,
ਸਜ਼ਾ ਜੋ ਵੀ ਮਿਲੇ ਮੈਨੂੰ ਖਿੜੇ ਮੱਥੇ ਸਜਾ ਲੈਨਾ |

ਬੜਾ ਖ਼ੁਸ਼ ਹਾਂ ਕਿ ਤੇਰੇ ਚੇਤਿਆਂ 'ਚੋਂ ਇਹ ਨਹੀਂ ਮਿਟਦਾ,
ਜਿਵੇਂ ਮਾਂ ਝਿੜਕਦੀ ਹੋਵੇ ਕਿ ਮੈਂ ਬਸਤਾ ਗੁਆ ਲੈਨਾ |

ਕਿਸੇ ਨੇ ਨਾ ਸੁਲ੍ਹਾ ਆਪਣੀ ਕਰਾਉਣੀ ਮੰਨ ਲੈ ਮੇਰੀ,
ਕਿ ਤੂੰ ਮੈਨੂੰ ਮਨਾ ਯਾਰਾ ਤੇ ਮੈਂ ਤੈਨੂੰ ਮਨਾ ਲੈਨਾ |

ਤੁਸੀਂ ਜੇ ਕੱਟ ਦਿੱਤੀ ਜੀਭ ਮੇਰੀ ਫੇਰ ਕੀ ਹੋਇਆ,
ਅਮਨ ਦਾ ਗੀਤ ਉਹ ਮੈਂ ਤਾਂ ਅਜੇ ਵੀ ਗੁਣਗੁਣਾ ਲੈਨਾ |

ਹਜ਼ਾਰਾਂ ਵਾਰ ਸੂਰਜ ਪੁੱਛਦਾ ਹੁਣ ਮੈਂ ਚੜ੍ਹਾਂ ਜਾਂ ਨਾ,
ਕਲਮ ਦੀ ਨੋਕ 'ਤੇ ਮੈਂ ਜਦ ਕਦੇ ਜੁਗਨੂੰ ਬਿਠਾ ਲੈਨਾ |

-ਮੋਬਾਈਲ : 98140-29880.


ਖ਼ੁਦਕੁਸ਼ੀਆਂ ਦੀ ਥਾਂ ਖ਼ਾਬ ਦੇਹ ਮੇਰੇ ਮਾਲਿਕਾ,
ਧੜਕਣ ਲਈ ਅੱਖਰਾਂ ਨੂੰ ਰਬਾਬ ਦੇਹ ਮੇਰੇ ਮਾਲਿਕਾ |

ਜਿਸ ਦੀ ਕੁੱਖੋਂ ਨਾਨਕ, ਫਰੀਦ ਤੇ ਵਾਰਿਸ ਜਨਮੇ,
ਐਸਾ ਸਰਸਬਜ਼ ਪੰਜਾਬ ਦੇਹ ਮੇਰੇ ਮਾਲਿਕਾ |

ਕਲਮਾਂ ਤੇ ਕਰੰੂਬਲਾਂ ਨੂੰ ਖਿੜਨ ਦੀ ਜਾਚ ਦੱਸ
ਮਹਿਕਾਂ ਵੰਡਦਾ ਗੂੜ੍ਹਾ ਗੁਲਾਬ ਦੇਹ ਮੇਰੇ ਮਾਲਿਕਾ |

ਕਰਜ਼ਿਆਂ ਤੇ ਕੰਗਾਲੀਆਂ ਨਾਲ ਕਿਉਂ ਮਰਨ ਦਾਤੇ,
ਜਜ਼ਬਾ ਜਿਊਣ ਦਾ ਬੇਹਿਸਾਬ ਦੇਹ ਮੇਰੇ ਮਾਲਿਕਾ |

ਥਾਂ ਥਾਂ ਅਜੇ ਵੀ ਮਾਸੂਮੀਅਤ ਦੇ ਕਤਲ ਹੁੰਦੇ,
ਹਾਅ ਮਾਰਨ ਦੇ ਲਈ ਨਵਾਬ ਦੇਹ ਮੇਰੇ ਮਾਲਿਕਾ |

ਰੇਤ ਹੋ ਚਲੇ ਹਾਂ ਸਤਲੁਜ ਤੇ ਬਿਆਸ ਵਾਂਗੂੰ
ਪਿਘਲ ਜਾਣ ਲਈ ਹੁਸਨ-ਆਫ਼ਤਾਬ ਦੇਹ ਮੇਰੇ ਮਾਲਿਕਾ |

ਮਾਰੂ ਹਥਿਆਰਾਂ ਦੀ ਥਾਂ ਕੋਮਲ ਹੱਥਾਂ ਲਈ,
ਦਿਲ ਵਾਂਗ ਧੜਕਦੀ ਕਿਤਾਬ ਦੇਹ ਮੇਰੇ ਮਾਲਿਕਾ |

ਤੜਪਣ ਲਾ ਦਿੱਤਾ ਸੰਗਮਰਮਰੀ ਮੁਹੱਬਤਾਂ ਨੇ,
ਕਾਵਿਕ ਅਤੇ ਕੱਚੀ ਢਾਬ ਦੇਹ ਮੇਰੇ ਮਾਲਿਕਾ |

ਚੌਧਰ ਤੇ ਚਤੁਰਾਈਆਂ ਦੀ ਬਜਾਏ ਕੁਲਵੰਤ ਨੂੰ ,
ਅੱਖਰਾਂ ਦੀ ਪੰੁਗਰਨਸ਼ੀਲ ਦਾਬ ਦੇਹ ਮੇਰੇ ਮਾਲਿਕਾ |

-97, ਮਾਡਲ ਟਾਊਨ, ਕਪੂਰਥਲਾ |
ਫੋਨ : 01822-235343, 502556.



• ਮਨਦੀਪ ਸਿੰਘ ਧੜਾਕ'
ਬੜਾ ਕੁਝ ਬਦਲਿਆ ਹੈ ਅੱਜਕਲ੍ਹ ਯਾਰੋ ਘਰਾਂ ਅੰਦਰ,
ਰਹੀ ਅਪਣੱਤ ਨਾ ਪਹਿਲਾਂ ਜਿਹੀ ਅੱਜਕਲ੍ਹ ਗਰਾਂ ਅੰਦਰ |

ਭਲਾ ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ,
ਭਰੀ ਪਰਵਾਜ਼ ਨਾ ਜਿਸ ਨੇ ਕਦੇ ਅਪਣੇ ਪਰਾਂ ਅੰਦਰ |

ਕੀ ਲੈ ਜਾਣਾ ਹੈ ਏਥੋਂ ਬੰਦਿਆ ਕਰਕੇ ਮੇਰੀ-ਮੇਰੀ,
ਮੁਸਾਫਿਰ ਵਾਂਗ ਆਏ ਹਾਂ, ਅਸੀਂ ਜਗ ਦੀ ਸਰਾਂ ਅੰਦਰ |

ਬੜੀ ਚਰਚਾ ਹੈ ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ,
ਮਗਰ ਮਹਿਫੂਜ਼ ਨਹੀਂ ਹੈ ਫੇਰ ਵੀ ਨਾਹੀ ਘਰਾਂ ਅੰਦਰ |

ਕਿਤਾਬਾਂ ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸ਼ਨ,
ਹਨੇਰੇ ਨੂੰ ਭਜਾਵਾਂ ਦੂਰ, ਦੀਵੇ ਮੈਂ ਧਰਾਂ ਅੰਦਰ |

ਤੈਨੂੰ ਲੱਗੇ ਮੈਂ ਸ਼ਾਇਰ ਬਣ ਗਿਆ ਵਿਛੜ ਕੇ ਤੇਰੇ ਤੋਂ,
ਕਿਵੇਂ ਦੱਸਾਂ ਤੈਨੂੰ ਸਜਣਾ, ਕਿਨ੍ਹੇ ਦੁਖੜੇ ਜਹਾਂ ਅੰਦਰ |

-ਪਿੰਡ ਧੜਾਕ ਕਲਾਂ, ਜ਼ਿਲ੍ਹਾ ਮੋਹਾਲੀ |
ਮੋਬਾਈਲ : 99881-11124.


ਹੌਲੀ-ਹੌਲੀ ਭੁੱਲਦਾ ਜਾਂਦਾ ਸੱਜਣ ਦਾ ਸਿਰਨਾਵਾਂ
ਕਿਧਰ ਜਾਵਾਂ |
ਕਾਸ਼ ਕਿਤੇ ਜੇ ਮੁੜ ਆ ਜਾਵੇ, ਉਸ ਨੂੰ ਕੋਲ ਬਿਠਾਵਾਂ
ਗਲ ਨਾਲ ਲਾਵਾਂ |
ਹਿਜਰ ਤਿਰੇ ਵਿਚ ਤੀਲਾ ਤੀਲਾ ਹੋਈ ਜਿੰਦ ਨਿਮਾਣੀ
ਇਹ ਮਰਜਾਣੀ,
ਕੋਠੇ ਚੜ੍ਹ ਕੇ ਨਿੱਤ ਉਡੀਕਾਂ ਨਾਲੇ ਔਸੀ ਪਾਵਾਂ
ਕਾਂਗ ਉਡਾਵਾਂ |
ਰੋਜ਼ੀ-ਰੋਟੀ ਖਾਤਰ ਤੋਰੇ ਹੱਥੀਂ ਰਾਜ ਦੁਲਾਰੇ
ਪੁੱਤਰ ਪਿਆਰੇ,
ਸੰੁਨੇ ਪਏ ਚੁਬਾਰੇ ਤੱਕ ਕੇ ਉੱਚੀ ਰੋਵਣ ਮਾਵਾਂ
ਕਰਨ ਦੁਆਵਾਂ |
ਜਿਸ ਥਾਂ ਸਾਂਝ ਮੁਹੱਬਤ ਵਾਲੇ ਹੱਸੇ ਉੱਚੀ ਹਾਸੇ,
ਵਾਂਗ ਪਿਤਾਸੇ |
ਸਾਨੂੰ ਮਕਮਲ ਵਾਂਗੂੰ ਜਾਪਣ ਸੱਜਣ ਜੀ ਉਹ ਰਾਹਵਾਂ
ਜਦ ਵੀ ਜਾਵਾਂ |
ਪੱਥਰ ਉਤੇ ਲੀਕ ਬਣੇ ਨੇ ਕੀਤੇ ਸੀ ਜੋ ਵਾਅਦੇ,
ਨਾਲ ਇਰਾਦੇ,
ਇਸ਼ਕ ਇਬਾਦਤ ਯਾਰ ਖੁਦਾ ਹੈ ਅਪਣੇ ਬੋਲ ਪੁਗਾਵਾਂ
ਧਰਮ ਨਿਭਾਵਾਂ |
ਅੱਖਰ ਅੱਖਰ ਚਾਨਣ ਵੰਡਣ ਸ਼ਬਦਾਂ ਵਿਚ ਖੁਸ਼ਬੋਈ
ਸੋਚ ਨਿਰੋਈ,
ਅੰਬਰ ਵਿਚੋਂ ਨੂਰ ਵਰਸਦਾ ਜਦ ਮੈਂ ਉੱਚੀ ਗਾਵਾਂ
ਇਹ ਕਵਿਤਾਵਾਂ |
ਖਾਬਾਂ ਦੇ ਵਿਚ ਆਣ ਖਲੋਵੇ ਮੇਰਾ ਦਿਲਬਰ ਜਾਨੀ,
ਕਰ ਮਨਮਾਨੀ,
ਦਿਲ ਕਰਦਾ ਹੈ ਉਸ ਨੂੰ ਪੱਖੋਂ ਪਲਕਾਂ ਹੇਠ ਬਿਠਾਵਾਂ
ਲੈ ਕੇ ਲਾਵਾਂ |

-ਪਿੰਡ ਪੱਖੋਂ ਕਲਾਂ (ਬਰਨਾਲਾ) | ਮੋਬਾਈਲ : 94651-96946.

ਬਿਰਧ ਘਰ

21 ਜੂਨ, ਸ਼ੁੱਕਰਵਾਰ 'ਅਜੀਤ' 'ਚ ਇਕ ਖ਼ਬਰ ਪੜ੍ਹ ਕੇ ਇਕ ਆਤਮਿਕ ਖ਼ੁਸ਼ੀ ਦਾ ਸੰਚਾਰ ਹੋਇਆ ਕਿ ਪ੍ਰਵਾਸੀ ਸਿੱਖ, ਪੱਡਾ ਭਰਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਵਲੋਂ ਪਿੰਡ ਦੇਹਰੀਵਾਲ 'ਚ 'ਗੁਰੂ ਨਾਨਕ ਬਿਰਧ ਆਸ਼ਰਮ' ਦੀ ਸਥਾਪਨਾ ਕੀਤੀ ਹੈ, ਜਿਹੜਾ 23 ਜੂਨ ਨੂੰ ਸਮਾਜ ਦੇ ਸਪੁਰਦ ਕੀਤਾ ਜਾਵੇਗਾ | (ਹੁਣ ਤਾੲੀਂ ਇਹ ਸਮਾਜ ਦੇ ਸਪੁਰਦ ਕੀਤਾ ਜਾ ਚੁੱਕਿਆ ਹੋਣਾ ਹੈ). ਇਸ ਦਾ ਮੁੱਖ ਉਦੇਸ਼ ਹੈ-ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ |
ਇਕ ਚੀਸ ਵੀ ਉਠੀ ਹੈ ਧੁਰ ਅੰਦਰੋਂ ਕਿ ਕਿਹਾ ਜ਼ਮਾਨਾ ਆ ਗਿਆ ਹੈ ਕਿ ਇਹ ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਹੈ | ਉਨ੍ਹਾਂ ਦੇ ਜਨਮਦਾਤਾ, ਉਨ੍ਹਾਂ ਦੀ ਪਾਲਣਾ-ਪੋਸ਼ਣਾ ਕਰਨ ਵਾਲੇ ਮਾਤਾ-ਪਿਤਾ, ਬੁਢਾਪੇ 'ਚ ਪ੍ਰਵੇਸ਼ ਕਰਦਿਆਂ ਹੀ ਉਨ੍ਹਾਂ ਲਈ ਬੇਗਾਨੇ ਹੋ ਜਾਂਦੇ ਹਨ | ਉਨ੍ਹਾਂ ਲਈ ਭਾਰ ਬਣ ਜਾਂਦੇ ਹਨ, ਕਿਥੇ ਤਾਂ ਮਾਪੇ, ਆਪਣੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੋਏ, ਕੁਸੰਗਤੀ 'ਚ ਲਿਬੜੇ ਪੁੱਤਾਂ ਨੂੰ ਪਾਰਖਤੀ ਦਿਆ ਕਰਦੇ ਸਨ, ਹੁਣ ਪੁੱਤ-ਨੂੰਹਾਂ, ਇਕ 'ਅਛੂਤਾਂ' ਵਾਲੀ, 'ਭਿੱਟ' ਨਾ ਜਈਏ, ਵਾਲੀ ਕੁਪ੍ਰਥਾ ਨੂੰ ਸੰਜੀਵ ਕਰਦਿਆਂ ਉਨ੍ਹਾਂ ਨੂੰ ਅਣ-ਐਲਾਨੀ ਪਾਰਖਤੀ ਦੇ ਕੇ, ਉਨ੍ਹਾਂ ਨੂੰ ਆਪਣੇ ਘਰਾਂ 'ਚੋਂ ਬੇਘਰ ਕਰ ਦਿੰਦੇ ਹਨ |
26 ਜੂਨ ਨੂੰ ਮੁੰਬਈ 'ਚ ਛਪਦੇ ਅਖ਼ਬਾਰ 'ਮੰੁਬਈ ਮਿਰਰ' (Mumbai Mirror) ਦੀ ਮੁੱਖ ਹੈੱਡਲਾਈਨ ਨੇ ਤਾਂ ਆਤਮਾ ਨੂੰ ਹੀ ਝੰਜੋੜ ਦਿੱਤਾ... ਸਾਰ ਇਉਂ ਹੈ:
71 ਸਾਲਾਂ ਦਾ ਬਜ਼ੁਰਗ ਬਿ੍ਜੇਸ਼ ਸੋਨੀ, ਅਮੀਰ ਨਹੀਂ ਸੀ | ਇਕ ਗਰੀਬਾਂ ਵਾਲੀ ਚਾਲ 'ਚ ਉਹਦਾ ਇਕ ਆਮ ਜਿਹਾ ਘਰ ਸੀ | ਉਸੇ ਚਾਲ 'ਚ ਉਹ ਆਪਣੀ ਪਤਨੀ ਚਮੇਲੀ ਦੇਵੀ ਨਾਲ ਮਿਲ ਕੇ ਚਾਹ ਦੀ ਦੁਕਾਨ ਚਲਾਉਂਦਾ ਸੀ | ਚਮੇਲੀ ਦੇਵੀ 69 ਸਾਲ ਦੀ ਹੈ | ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਪ੍ਰਦੀਪ ਨੂੰ ਬੜੇ ਲਾਡ-ਪਿਆਰ ਨਾਲ ਪਾਲਿਆ ਸੀ ਤੇ ਉਹਦਾ ਵਿਆਹ ਚਾਂਦਨੀ ਨਾਂਅ ਦੀ ਕੁੜੀ ਨਾਲ ਕਰ ਦਿੱਤਾ ਸੀ | ਉਨ੍ਹਾਂ ਨੂੰ ਲੱਗਾ ਪੁੱਤਰ-ਨੂੰਹ ਦੋਵੇਂ ਉਨ੍ਹਾਂ ਦੀ ਬਹੁਤ ਸੇਵਾ ਕਰਨਗੇ, ਉਨ੍ਹਾਂ ਦਾ ਉਪਰਲਾ ਵਿਹਾਰ ਇਹੋ ਭੁਲੇਖਾ ਪਾਉਂਦਾ ਸੀ ਪਰ ਅੰਦਰੋਂ ਉਹ ਕਿਹੜੀ ਚਾਲ ਚਲ ਰਹੇ ਸਨ, ਇਹਦਾ ਉਨ੍ਹਾਂ ਨੂੰ ਰਤਾ ਵੀ ਸ਼ੱਕ ਸ਼ੁਬਾਹ ਨਹੀਂ ਸੀ | ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਨ੍ਹਾਂ ਦੇ ਲਾਡਲੇ ਪੁੱਤ ਨੇ ਬਿਜਲੀ ਦਾ ਬਿੱਲ ਆਪਣੇ ਨਾਂਅ ਕਰਵਾ ਲਿਆ ਤੇ ਕਿਵੇਂ ਉਹ ਚਾਹ ਦੀ ਦੁਕਾਨ ਵਾਲੀ ਰੋਜ਼ਾਨਾ ਆਮਦਨੀ ਆਪਣੇ ਪੱਲੇ ਜਮ੍ਹਾ ਕਰ ਰਿਹਾ ਹੈ | ਇਕ ਦਿਨ ਅਚਾਨਕ ਦੋਵਾਂ ਨੂੰ ਨੂੰ ਹ-ਪੁੱਤ ਨੇ ਘਰੋਂ ਕੱਢ ਦਿੱਤਾ | ਦੁਕਾਨ ਤੇ ਮਕਾਨ ਦੋਵਾਂ 'ਤੇ ਕਬਜ਼ਾ ਕਰ ਲਿਆ | ਜਿਹੜੀ ਛੱਤ ਆਪਣੇ ਪੈਸਿਆਂ ਨਾਲ ਆਪਣੇ ਹੱਥਾਂ ਨਾਲ ਬਣਾਈ ਸੀ-ਉਹ ਮਿੰਟਾਂ-ਸਕਿੰਟਾਂ 'ਚ ਬੇਗਾਨੀ ਹੋ ਗਈ | ਘਰੋਂ ਬਾਹਰ ਸੜਕ 'ਤੇ ਆ ਗਏ ਦੋਵੇਂ ਬਜ਼ੁਰਗ ਪਤੀ-ਪਤਨੀ | ਉਪਰ ਆਕਾਸ਼ ਸੀ, ਥੱਲੇ ਧਰਤੀ.... ਧਰਤੀ 'ਤੇ ਪੈਰ ਰੱਖਣ ਦੀ ਥਾਂ ਤਾਂ ਸੀ, ਸਿਰ ਛੁਪਾਉਣ ਦੀ ਕੋਈ ਥਾਂ ਨਹੀਂ ਸੀ | ਜੇ ਸਕਿਆਂ ਨੇ ਪ੍ਰਵਾਹ ਨਹੀਂ ਸੀ ਕੀਤੀ ਤਾਂ ਬੇਗਾਨੇ ਕਿਵੇਂ ਬਹੁੜਦੇ | 'ਬੁੱਢੇ' ਬਿ੍ਜੇਸ਼ ਸੋਨੀ ਨੇ ਬੋਰੀਵਲੀ ਦੇ ਰੇਲਵੇ ਪਲੇਟਫਾਰਮ 10 'ਤੇ ਆਪਣਾ ਟਿਕਾਣਾ ਬਣਾ ਲਿਆ | ਵਿਚਾਰੀ ਬੁੱਢੀ ਮਾਂ ਨੇ ਸ਼ਿਵਾ ਮੰਦਿਰ 'ਚ ਆਸਰਾ ਲੈ ਲਿਆ | ਪੂਰੇ ਤਿੰਨ ਸਾਲ ਪਤੀ-ਪਤਨੀ ਇਕ-ਦੂਜੇ ਤੋਂ ਦੂਰ, ਨੇੜੇ-ਨੇੜੇ ਹੁੰਦਿਆਂ ਵੀ ਬੇਗਾਨਿਆਂ ਵਾਂਗ ਰਹਿਣ ਲਈ ਬੇਵੱਸ, ਮਜਬੂਰ ਹੋ ਗਏ | ਨੂੰ ਹ-ਪੁੱਤ ਤਾਂ ਉਸੇ ਪਲ ਤੋਂ ਬੇਗਾਨੇ ਹੋ ਚੁੱਕੇ ਸਨ | ਉਹ ਤਾਂ ਬਾਤ ਪੁੱਛਣ ਵੀ ਨਾ ਆਏ |
ਦੋਵੇਂ ਬਜ਼ੁਰਗਾਂ ਕੋਲ ਨਾ ਤਾਂ ਪੈਸੇ ਸਨ ਕਿ ਕਿਸੇ ਵਕੀਲ ਨੂੰ ਕਰਕੇ, ਅਦਾਲਤ 'ਚ ਕੇਸ ਕਰ ਸਕਣ | ਉਹ ਸਰਕਾਰੀ ਦਫ਼ਤਰਾਂ 'ਚ ਭੱਜਦੇ ਰਹੇ | ਇਕ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਸਰਕਾਰੀ ਐਕਟ-ਵੈਲਫੇਅਰ ਆਫ਼ ਸੀਨੀਅਰ ਮਾਤਾ-ਪਿਤਾ ਤੇ ਸ਼ਹਿਰੀਆਂ ਲਈ 2007 ਐਕਟ ਹੈ, ਜਿਸ ਅਧੀਨ ਉਹ ਡਿਪਟੀ ਕੁਲੈਕਟਰ ਪਾਸ ਜਾ ਕੇ ਅਪੀਲ ਕਰ ਸਕਦੇ ਹਨ | ਉਥੋਂ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ | ਦੋਵੇਂ ਬੁੱਢੇ ਪਤੀ-ਪਤਨੀ ਪਹੁੰਚ ਗਏ ਡੀ.ਸੀ. (ਕੁਲੈਕਟਰ) ਦੇ ਦਫਤਰ ਵਿਚ, ਅਪੀਲ ਦਾਖਲ ਕਰ ਦਿੱਤੀ ਤੇ....
...ਤਿੰਨ ਸਾਲ ਮਗਰੋਂ ਸਰਕਾਰੀ ਆਰਡਰ ਆ ਗਿਆ | ਉਨ੍ਹਾਂ ਦੇ ਹੱਕ 'ਚ ਸਰਕਾਰੀ ਅਮਲੇ ਨੇ ਆ ਕੇ, ਉਨ੍ਹਾਂ ਦੇ ਪੁੱਤ-ਨੂੰਹ ਦੋਵਾਂ ਨੂੰ ਘਰੋਂ ਬਾਹਰ ਕੱਢ ਕੇ, ਉਨ੍ਹਾਂ ਨੂੰ ਆਪਣੀ ਓਹੀ ਛੱਤ ਵਾਪਸ ਕਰਵਾ ਦਿੱਤੀ |
ਆਪਣੀ ਛੱਤ ਥੱਲੇ, ਆਪਣੇ ਆਸ਼ਿਆਨੇ 'ਚ, ਮੁੜ ਪਹੁੰਚ ਕੇ, ਸੋਨੀ ਨੇ ਅੱਖਾਂ 'ਚੋਂ ਅੱਥਰੂ ਕੇਰਦਿਆਂ ਆਪਣੇ ਪੁੱਤ ਬਾਰੇ ਆਪਣੀ ਵੇਦਨਾ ਪ੍ਰਗਟਾਈ, ਕਿਨੇ ਪਿਆਰ-ਦੁਲਾਰ ਨਾਲ ਉਨ੍ਹਾਂ ਪਾਲਿਆ ਸੀ, ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਐਦਾਂ ਦਾ ਨਿਕਲੇਗਾ?'
ਇਸੇ ਮੰੁਬਈ ਨਗਰ 'ਚ ਇਕ ਅਰਬਾਂਪਤੀ ਬਜ਼ੁਰਗ ਨੂੰ ਵੀ ਸਕੇ ਪੁੱਤਰ ਹੱਥੋਂ ਇਹੋ ਇਸੇ ਤਰ੍ਹਾਂ ਘਰ-ਬਦਰ ਹੋਣਾ ਪਿਆ ਹੈ | ਪਤੈ ਇਕ ਬਹੁਤ ਵੱਡੀ ਤੇ ਪ੍ਰਸਿੱਧ ਕੰਪਨੀ, ਜਿਹਦੀ ਟੈਗ ਲਾਈਨ ਹੈ... 'The complete Man' (ਮੁਕੰਮਲ ਆਦਮੀ) |
ਇਸ ਸਮੇਂ ਬੰਬਈ ਹਾਈਕੋਰਟ 'ਚ ਦੋਵਾਂ ਦਾ ਕੇਸ ਚਲ ਰਿਹਾ ਹੈ | ਇਹ ਨਹੀਂ ਕਿ ਬਜ਼ੁਰਗ ਸਿੰਘਾਨੀਆ ਸੜਕ 'ਤੇ ਆ ਗਿਆ ਹੈ | ਪੈਸੇ ਵਾਲਿਆਂ ਦੇ ਕਈ ਆਲੀਸ਼ਾਨ ਆਸ਼ਿਆਨੇ ਹੁੰਦੇ ਹਨ | ਬਜ਼ੁਰਗ ਸਿੰਘਾਨੀਆ ਨੇ ਸਰਬ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਹੈ 'ਆਪਣੇ ਜਿਊਾਦੇ ਜੀਅ, ਆਪਣੀ ਔਲਾਦ ਨੂੰ ਆਪਣੀ ਜਾਇਦਾਦ ਤੇ ਘਰ ਦੀ ਮਲਕੀਅਤ ਦੇ ਹੱਕ ਹਰਗਿਜ਼ ਹਰਗਿਜ਼ ਲਿਖ ਕੇ ਨਾ ਦੇਣਾ |' ਉਹਨੇ ਆਪਣੀ ਆਪ ਬੀਤੀ ਤੇ ਅੰਗਰੇਜ਼ੀ 'ਚ ਇਕ ਕਿਤਾਬ ਲਿਖੀ ਹੈ, 'The 9ncomplete Man' (ਨਾ-ਮੁਕੰਮਲ ਆਦਮੀ) |
ਇਹ ਬਿਰਧ ਘਰ ਵੀ ਪੱਛਮ ਦੀ ਦੇਣ ਹੈ, ਉਥੇ ਹੀ 'ਓਲਡ ਏਜ਼ ਹੋਮਜ਼' ਦੀ ਸਥਾਪਨਾ ਹੋਈ, ਹੁਣ ਸਾਡੇ ਦੇਸ਼ 'ਚ ਪੰਜਾਬ 'ਚ ਵੀ, ਇਹਦਾ ਆਗਮਨ ਹੋ ਗਿਆ ਹੈ | ਮੈਨੂੰ ਯਾਦ ਹੈ, ਕੋਈ ਪੰਝੀ ਵਰ੍ਹੇ ਪਹਿਲਾਂ ਮੈਂ ਜਦ ਭਾਇੰਦਰ ਰਹਿੰਦਾ ਸਾਂ ਤਾਂ ਇਥੇ ਪੰਜਾਬੋਂ ਇਕ ਸੱਜਣ ਬਚਿਆਂ ਦਾ ਕੀਰਤਨੀ ਜਥਾ ਲੈ ਕੇ ਆਏ ਸਨ, ਕੀਰਤਨ ਮਗਰੋਂ ਉਨ੍ਹਾਂ ਦੀ ਇਹੀ ਅਪੀਲ ਹੁੰਦੀ 'ਸਾਡੀ ਇੱਛਾ ਹੈ, ਲੁਧਿਆਣਾ ਵਿਚ ਇਕ ਬਿਰਧ ਆਸ਼ਰਮ ਖੋਲ੍ਹਣ ਦੀ', ਸੇਵਾ ਲਈ, ਜਿੰਨਾ ਦਾਨ ਦੇ ਸਕਦੇ ਹੋ, ਦੇਵੋ ਜੀ | ਉਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਸੋਹਣ ਸਿੰਘ ਜੀ ਨੇ ਚੰਗੀ ਰਕਮ ਦਾਨ ਦੇਣ ਤੋਂ ਪਹਿਲਾਂ ਮੈਨੂੰ ਮੁਸਕਰਾ ਕੇ ਕਿਹਾ ਸੀ, 'ਚਲੋ ਅਸੀਂ ਪਹਿਲਾਂ ਹੀ ਬੁਕਿੰਗ ਕਰਾ ਲਈਏ |

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬੱਚਿਆਂ ਨੂੰ ਸਮਝਾਉਣ ਲਈ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ 'ਭਾਵੇਂ ਲੱਖ ਕਰੋ ਤੁਸੀਂ ਪੂਜਾ ਅਤੇ ਤੀਰਥ ਕਰੋ ਹਜ਼ਾਰ | ਮਾਂ-ਬਾਪ ਨੂੰ ਠੁਕਰਾਇਆ ਤਾਂ ਸਭ ਕੁਝ ਬੇਕਾਰ |'
• ਸ਼ਿਅਰ: ਬੜਾ ਹੁੰਦਾ ਮਾਨ, ਮਾਪਿਆਂ ਨੂੰ ਪੁੱਤ ਦਾ,
ਭਾਵੇਂ ਅਸੀਂ ਖੋਟੇ ਜਾਂ ਖਰੇ |
• ਬੱਚੇ ਹਮੇਸ਼ਾ ਚਾਰ ਕਾਰਨਾਂ ਕਰਕੇ ਝੂਠ ਬੋਲਦੇ ਹਨ, ਸਜ਼ਾ ਤੋਂ ਬਚਣ ਲਈ, ਗੁੱਸੇ ਨੂੰ ਟਾਲਣ ਲਈ, ਕਿਸੇ ਗ਼ਲਤੀ ਨੂੰ ਛੁਪਾਉਣ ਲਈ ਅਤੇ ਝੂਠ-ਸੱਚ ਵਿਚ ਅੰਤਰ ਨਾ ਜਾਣਨ ਕਰਕੇ |
• ਸੰਨ 1980 ਵਿਚ ਪੰਜਾਬ ਦਾ ਜੱਟ ਸੋਚਦਾ ਸੀ ਕਿ ਉਸ ਦਾ ਬੱਚਾ (ਪੁੱਤ) ਦੱਬ ਕੇ ਵਾਹੇ ਤੇ ਰੱਜ ਕੇ ਖਾਏ |
-ਸੰਨ 1990 ਵਿਚ ਸੋਚਦਾ ਸੀ ਕਿ ਮੇਰਾ ਪੁੱਤ ਕੈਨੇਡਾ ਜਾਵੇ |
-ਸੰਨ 2000 ਵਿਚ ਸੋਚਦਾ ਸੀ ਕਿ ਬਾਹਰਲੇ ਮੁਲਕਾਂ ਵਿਚ ਧੱਕੇ ਖਾਣ ਨਾਲੋਂ ਘਰ ਦੀ ਰੋਟੀ ਖਾਵੇ |
-ਸੰਨ 2010 ਵਿਚ ਉਸ ਨੂੰ ਇਹ ਚਿੰਤਾ ਸੀ ਕਿ ਬੇਰੁਜ਼ਗਾਰ ਰਹਿ ਕੇ ਕਿਤੇ ਸ਼ਰਾਬ ਨਾ ਪੀਣ ਲੱਗ ਜਾਵੇ |
-ਸੰਨ 2016 ਵਿਚ ਇਹ ਸੋਚਦਾ ਸੀ ਕਿ ਕੰਮ ਚਾਹੇ ਕਰੇ ਨਾ ਕਰੇ, ਕਿਤੇ 'ਚਿੱਟੇ' ਤੇ ਨਾ ਲੱਗ ਜਾਵੇ |
• ਨੇਕ ਬੱਚੇ ਖਾਨਦਾਨ ਦਾ ਨਾਂਅ ਰੌਸ਼ਨ ਕਰ ਦਿੰਦੇ ਹਨ, ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਸਾਰਾ ਸੰਸਾਰ ਜਗਮਗਾ ਉਠਦਾ ਹੈ |
• ਇਕ ਚੰਗਾ ਪੁੱਤਰ ਜੋ ਮਾਂ-ਬਾਪ ਨੂੰ ਬੁਢਾਪੇ ਵਿਚ ਸਹਾਰਾ ਦਿੰਦਾ ਹੈ, ਉਹ ਤਾਂ ਇਕ ਹੀ ਬਹੁਤ ਹੁੰਦਾ ਹੈ |
• ਆਦਮੀ ਨੂੰ ਸੁੱਖ ਅਤੇ ਸ਼ਾਂਤੀ ਇਨ੍ਹਾਂ ਥਾਵਾਂ 'ਤੇ ਹੀ ਮਿਲਦੀ ਹੈ—ਘਰ ਵਿਚ, ਬੱਚਿਆਂ ਦੇ ਨਾਲ, ਇਸਤਰੀ ਕੋਲ, ਧਾਰਮਿਕ ਸਥਾਨ ਅਤੇ ਸਾਧੂ-ਸੰਨਿਆਸੀਆਂ ਕੋਲ |
• ਆਪਣੇ ਮਾਤਾ-ਪਿਤਾ ਦਾ ਸਿਰ ਨੀਵਾਂ ਕਰਨ ਵਾਲੀ ਔਲਾਦ ਕਦੇ ਸੁਖੀ ਨਹੀਂ ਰਹਿ ਸਕਦੀ | ਇਸ ਲਈ ਬੱਚਿਆਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਮਾਤਾ-ਪਿਤਾ ਦਾ ਨਾਂਅ ਰੌਸ਼ਨ ਹੋਵੇ |
• ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ 'ਮਹਾਨ ਅਸੀਂ ਖੁਦ ਬਣਨਾ ਹੁੰਦਾ ਹੈ, ਵੰਸ਼ ਦੀ ਮਹਾਨਤਾ ਕੰਮ ਨਹੀਂ ਆਉਂਦੀ |'
• ਬੱਚਿਆਂ ਦੀ ਸੋਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ 'ਜੋ ਖਾਣ-ਪੀਣ ਨੂੰ ਦਿੰਦਾ ਹੈ, ਉਹ ਜੇਕਰ ਇਕ ਅੱਧ ਕੌੜੀ ਗੱਲ ਕਹਿ ਵੀ ਦੇਵੇ ਤਾਂ ਉਸ ਨੂੰ ਵੀ ਖਾਣ-ਪਹਿਨਣ ਵਿਚ ਹੀ ਸਮਝਣਾ ਚਾਹੀਦਾ ਹੈ |'
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਫ਼ਰਜ਼ ਦੀ ਪੂਰਤੀ ਕਰਨ | ਇਸ ਤੋਂ ਵੱਧ ਉਹ ਕੁਝ ਕਰ ਨਹੀਂ ਸਕਦੇ ਅਤੇ ਘੱਟ ਕਰਨ ਬਾਰੇ ਉਨ੍ਹਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ |
• ਜਿਹੜੇ ਬੱਚੇ ਸਾਰੀ ਉਮਰ ਸਮਝਦਾਰ ਅਤੇ ਲਾਇਕ ਬਣ ਕੇ ਰਹਿੰਦੇ ਹਨ, ਉਹ ਆਪਣੇ ਮਾਂ-ਬਾਪ ਲਈ ਇਕ ਤੋਹਫ਼ਾ ਹੁੰਦੇ ਹਨ |
• ਬੱਚਿਆਂ ਨੂੰ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਦੋ ਚੀਜ਼ਾਂ ਕਦੇ ਨਾ ਝੁਕਣ ਦੇਣ-ਇਕ ਬਾਪ ਦਾ ਸਿਰ ਤੇ ਦੂਜੀ ਮਾਂ ਦੀ ਅੱਖ |
• ਬੱਚਿਆਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਾਂ-ਪਿਓ ਦੀ ਸੇਵਾ ਨਾ ਕਰਨ ਵਾਲੇ ਨੂੰ ਪਵਿੱਤਰ ਗੁਰਬਾਣੀ ਨੇ ਬੇਈਮਾਨ ਦਾ ਦਰਜਾ ਦਿੱਤਾ ਹੈ |
• ਪੰਜਾਹ ਸਾਲ ਦੀ ਉਮਰ ਤੋਂ ਉੱਪਰ ਮਾਂ-ਬਾਪ ਵੀ ਬੱਚਿਆਂ ਤੋਂ ਪਿਆਰ ਅਤੇ ਆਦਰ ਦੀ ਆਸ ਰੱਖਦੇ ਹਨ | ਹੋਣਹਾਰ ਬੱਚੇ ਆਪਣੇ ਮਾਂ-ਬਾਪ ਦੇ ਆਖਰਲੇ ਸਵਾਸਾਂ ਤੱਕ ਉਨ੍ਹਾਂ ਦੀ ਆਸ ਪੂਰੀ ਕਰਦੇ ਹਨ | ਭਾਵ ਜੇਕਰ ਕੁਝ ਲੈਣਾ ਚਾਹੁੰਦੇ ਹੋ ਤਾਂ ਦੇਣਾ ਵੀ ਸਿੱਖੋ |
• ਮਾਂ ਗਰਭ ਵਿਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ | ਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀ: ਕਰੋੜਪਤੀ

ਪੂਰੇ ਪਿੰਡ 'ਚ ਜੰਗਲ ਦੀ ਅੱਗ ਵਾਂਗ ਗੱਲ ਫੈਲ ਗਈ ਸੀ ਕਿ ਦੁਕਾਨਦਾਰ ਲਾਲਾ ਕਰੋੜੀ ਮੱਲ ਦੀ ਇਕ ਸੜਕ ਹਾਦਸੇ 'ਚ ਥਾਏਾ ਮੌਤ ਹੋ ਗਈ ਹੈ |
ਕਰੋੜੀ ਮੱਲ ਦਾ ਅਸਲ ਨਾਂਅ ਤਾਂ ਕਿਸ਼ੋਰੀ ਮੱਲ ਸੀ | ਪਰ ਵਾਧੂ ਪੈਸੇ-ਧੇਲੇ ਵਾਲਾ ਹੋਣ ਕਰਕੇ ਲੋਕ ਉਹਨੂੰ ਕਰੋੜੀ ਮੱਲ ਹੀ ਕਹਿੰਦੇ ਹੁੰਦੇ ਸਨ | ਲੋਕਾਂ ਵਿਚ ਚਰਚਾ ਸੀ ਕਿ ਉਹ ਕਰੋੜਪਤੀ ਹੈ |
ਕਰੋੜੀ ਮੱਲ ਵਿਆਜੂ ਪੈਸੇ ਦਿੰਦਾ ਹੁੰਦਾ ਸੀ ਤੇ ਬਾਕਾਇਦਾ ਪੱਕੇ ਕਾਗਜ਼ (ਪਰਨੋਟ) 'ਤੇ ਲਿਖ ਕੇ ਦਿੰਦਾ ਹੁੰਦਾ ਸੀ | ਪੈਸੇ-ਧੇਲੇ ਦੇ ਮਾਮਲੇ 'ਚ ਉਹ ਆਪਣੇ ਸਕੇ ਪਿਓ 'ਤੇ ਵੀ ਵਿਸ਼ਵਾਸ ਨਹੀਂ ਸੀ ਕਰਦਾ ਹੁੰਦਾ |
ਪਿੰਡ ਦੇ ਬਹੁਤ ਸਾਰੇ ਲੋਕ ਕਰੋੜੀ ਮੱਲ ਦੇ ਕਰਜ਼ਾਈ ਸਨ | ਉਹਨੇ ਕਈਆਂ ਦੇਣਦਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਸੀ | ਗਹਿਣਾ-ਗੱਟਾ ਹੜੱਪਿਆ ਸੀ | ਵਿਹੜੇ ਵਾਲਿਆਂ ਦੀਆਂ ਗਾਵਾਂ-ਮੱਝਾਂ ਖੋਲ੍ਹੀਆਂ ਸਨ |
ਕਰੋੜੀ ਮੱਲ ਸਿਰੇ ਦਾ ਕੋਰਾ-ਕਰਾਰਾ, ਚੀਪੜ ਤੇ ਮਤਲਬੀ ਬੰਦਾ ਸੀ | ਪੁੱਜ ਕੇ ਪੈਸੇ ਦਾ ਲੋਭੀ... ਲੋਕ ਢਿੱਡੋਂ ਉਹਤੋਂ ਦੁਖੀ ਸਨ | ਪਿੱਠ ਪਿੱਛੇ ਚੰਗਾ-ਮੰਦਾ ਵੀ ਬੋਲਦੇ ਸੀ, ਪਰ ਗਰਜ਼ਾਂ ਮਾਰੇ ਲੋਕ ਉਹਦੀ ਛਿਹਾਨੀ ਭਰਦੇ ਸੀ |
ਅੱਜ ਕਰੋੜੀ ਮੱਲ ਨਹੀਂ ਸੀ ਰਿਹਾ | ਲਾਸ਼ ਅਜੇ ਪਿੰਡ ਨਹੀਂ ਸੀ ਪਹੁੰਚੀ | ਲੋਕ ਗਲੀਆਂ, ਮੋੜਾਂ 'ਤੇ ਖੜ੍ਹ ਕੇ ਘੁਸਰ-ਮੁਸਰ ਕਰ ਰਹੇ ਸਨ | ਕੋਈ ਖੁੱਲ੍ਹ ਕੇ ਨਹੀਂ ਸੀ ਬੋਲ ਰਿਹਾ |
ਨਛੱਤਰ ਅਮਲੀ ਨੇ ਆਪਣੇ ਚਿੱਤੋਂ ਅਫ਼ਸੋਸ ਪ੍ਰਗਟ ਕਰਦਿਆਂ ਜੋ ਕੁਝ ਕਿਹਾ, 'ਉਹ ਜਿਵੇਂ ਬਹੁਗਿਣਤੀ ਲੋਕਾਂ ਦੀ ਤਰਜਮਾਨੀ ਕਰਦਾ ਸੀ |'
ਅਮਲੀ ਮੰੂਹ ਭਰ ਕੇ ਬੋਲਿਆ, 'ਸਾਲੇ ਨੇ ਲੁੱਟ ਈ ਬਹੁਤ ਮਚਾਈ ਹੋਈ ਸੀ... ਊਾ ਬਈ ਬਾਹਲਾ ਮਾੜਾ ਹੋਇਐ... |'
ਅਮਲੀ ਦੀ ਗੱਲ ਸੁਣ ਕੇ ਕਈ ਜਣੇ ਬੁੱਕਲਾਂ 'ਚ ਮੰੂਹ ਦੇਈ ਮੁਸਕੜੀਆ ਹੱਸਦੇ ਰਹੇ |

-ਡਾਕ: ਬਾੜੀਆਂ ਕਲਾ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 98788-05238.

ਐਡਮਿੰਟਨ ਵਿਖੇ ਪੁਸਤਕ ਵਿਮੋਚਨ, ਰੂ-ਬਰੂ ਅਤੇ ਵਿਚਾਰ ਚਰਚਾ

ਸਵੇਟ ਹਨਸੇਨ ਸਕੂਲ ਐਡਮਿੰਟਨ ਕੈਨੇਡਾ ਵਿਖੇ ਇਕ ਵਿਸ਼ੇਸ਼ ਪੁਸਤਕ ਵਿਮੋਚਨ ਤੇ ਵਿਚਾਰ-ਚਰਚਾ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਬਾਲਮ ਅਤੇ ਲੇਖਕ ਬਲਦੇਵ ਰਾਜ ਨੇ ਸ਼ਿਰਕਤ ਕੀਤੀ | ਪ੍ਰਧਾਨਗੀ ਦੇ ਫਰਜ਼ ਅਦਾ ਕੀਤੇ ਇਸ ਕੈਂਪ ਦੇ ਸੰਚਾਲਕ ਵਰਿੰਦਰ ਪਾਲ ਸਿੰਘ ਭੁੱਲਰ ਨੇ |
ਇਸ ਮੌਕੇ 'ਤੇ ਪ੍ਰਸਿੱਧ ਲੇਖਕ ਡਾ: ਅਗਨੀ ਸ਼ੇਖਰ ਦੀ ਪੁਸਤਕ 'ਜਵਾਹਰ ਟਨਲ' (ਕਵਿਤਾਵਾਂ) ਅਤੇ ਬਲਦੇਵ ਰਾਜ ਦੀ ਅੰਗਰੇਜ਼ੀ ਪੁਸਤਕ 'ਦਾ ਪਾਵਰ ਆਫ਼ ਪੌਜ਼ੇਟਿਵ ਥਿੰਕਿੰਗ ਐਾਡ ਐਟੀਚਿਊਟ' ਦਾ ਵਿਮੋਚਨ ਕੀਤਾ ਗਿਆ |
ਇਸ ਮੌਕੇ 'ਤੇ ਪੁਸਤਕਾਂ ਦੇ ਸੰਦਰਭ ਵਿਚ ਬੋਲਦੇ ਹੋਏ ਬਲਵਿੰਦਰ ਬਾਲਮ ਨੇ ਕਿਹਾ ਕਿ 'ਜਵਾਹਰ ਟਨਲ' ਪੁਸਤਕ ਜੋ ਹਿੰਦੀ ਵਿਚ ਲਿਖੀ ਗਈ ਹੈ ਅਤੇ ਇਸ ਦਾ ਪੰਜਾਬੀ ਅਨੁਵਾਦ 'ਸ਼ਿਰਾਜਾ ਮੈਗਜ਼ੀਨ' ਜੰਮੂ-ਕਸ਼ਮੀਰ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਬਿੰਬ ਪ੍ਰਤੀਕਾਂ ਨੂੰ ਸਹੀ ਢੁਕਵੀਂ ਸ਼ਬਦਾਵਲੀ ਦੇ ਕੇ ਅਰਥਾਂ ਦੀ ਪਰਿਭਾਸ਼ਾ ਨਾਲ ਇਨਸਾਫ਼ ਕੀਤਾ ਹੈ | ਇਹ ਪੁਸਤਕ ਮੌਜੂਦਾ ਮਾਹੌਲ ਅਤੇ ਜੰਮੂ-ਕਸ਼ਮੀਰ ਦੀ ਵਰਤਮਾਨ ਤ੍ਰਾਸਦੀ ਦੀ ਮੰੂਹ ਬੋਲਦੀ ਤਸਵੀਰ ਹੈ |
ਬਲਦੇਵ ਰਾਜ ਦੀ ਪੁਸਤਕ ਵਿਚ ਮੁਹਾਵਰੇ ਅਤੇ ਲਕੋਕਤੀਆਂ ਦੀ ਭਰਮਾਰ ਹੈ ਜੋ ਇਨਸਾਨੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀ ਹੈ | ਨੌਜਵਾਨਾਂ ਲਈ ਇਹ ਪੁਸਤਕ ਇਕ ਵਰਦਾਨ ਹੈ |
ਕਵਿਤਾਵਾਂ ਦੇ ਦੌਰ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਕੀਮਤੀ ਵਿਚਾਰ ਰੱਖੇ | ਸਮਾਗਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਵਰਿੰਦਰ ਭੁੱਲਰ, ਵਿਦਾਨ ਪੁਰਾਣੀ, ਅਮਨ ਬਾਸੀ, ਅਰਵਿੰਦਰ ਭੁੱਲਰ, ਦਰਸ਼ਨ ਸ਼ਰਮਾ, ਨਵੀ ਬਾਸੀ, ਸਰਵਜੀਤ ਮਾਹਿਲ, ਜਸਲੀਨ ਕੌਰ, ਅਰਵਿੰਦਰ ਕੌਰ ਆਰਟਿਸਟ, ਸਤਿੰਦਰ, ਹਰਜਿੰਦਰ ਸਿੰਘ, ਬਲਬੀਰ ਕੌਰ, ਕਰਨ ਪ੍ਰਤਾਪ ਸਿੰਘ, ਆਮੀਨ, ਸੁਕਰਾਤ, ਬਲਬੀਰ ਕੌਰ, ਐਸਮੀਨ ਆਦਿ ਨੇ ਸ਼ਿਰਕਤ ਕੀਤੀ |

ਦੂਜਾ ਸਮਾਗਮ ਮੈਤੋਜ ਲਾਇਬ੍ਰੇਰੀ ਐਡਮਿੰਟਨ (ਕੈਨੇਡਾ) ਵਿਖੇ ਪ੍ਰੋ: ਦਲਬੀਰ ਸਿੰਘ ਰਿਆੜ ਦੀ ਕਾਵਿ-ਪੁਸਤਕ 'ਵਿਚ ਤਲਵੰਡੀ ਹੋਇਆ' ਦੀ ਰਿਲੀਜ਼ ਸਮੇਂ ਕਰਵਾਇਆ ਗਿਆ ਤੇ ਬਾਅਦ 'ਚ ਰੂ-ਬਰੂ ਪ੍ਰੋਗਰਾਮ ਵੀ ਹੋਇਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ: ਦਲਬੀਰ ਸਿੰਘ ਰਿਆੜ ਅਤੇ ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਬਲਵਿੰਦਰ 'ਬਾਲਮ' ਅਤੇ ਅੰਗਰੇਜ਼ੀ ਦੇ ਲੇਖਕ ਬਲਦੇਵ ਰਾਜ ਨੇ ਸ਼ਿਰਕਤ ਕੀਤੀ |
ਰੂ-ਬਰੂ ਦੌਰ ਵਿਚ ਰਿਆੜ ਨੇ ਆਪਣੀ ਜੀਵਨਸ਼ੈਲੀ ਅਤੇ ਕ੍ਰਿਤੀਤਵ ਸ਼ੈਲੀ ਉੱਪਰ ਖੁੱਲ੍ਹ ਕੇ ਚਾਨਣਾ ਪਾਇਆ ਅਤੇ ਆਪਣੀਆਂ ਧਾਰਮਿਕ ਤੇ ਸਮਾਜਿਕ ਸਰੋਕਾਰਾਂ ਨਾਲ ਮਾਲਾਮਾਲ ਹੋਈਆਂ ਕਵਿਤਾਵਾਂ ਵੀ ਸੁਣਾਈਆਂ |
ਇਸ ਮੌਕੇ 'ਤੇ ਬਲਵਿੰਦਰ ਬਾਲਮ ਨੇ ਬੋਲਦਿਆਂ ਕਿਹਾ ਕਿ ਪ੍ਰੋ: ਰਿਆੜ ਦੀ ਕਾਵਿ-ਪੁਸਤਕ ਇਕ ਪਥ ਪ੍ਰਦਰਸ਼ਨ ਦਾ ਕੰਮ ਕਰਦੀ ਹੈ, ਜਿਥੋਂ ਧਾਰਮਿਕ ਕਵਿਤਾਵਾਂ ਦੀ ਸ਼ੁੱਧਤਾ ਸਮਾਜ ਨੂੰ ਤਰਕਮਈ-ਵਿਉਂਤਮਈ ਕਰਮਠ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ, ਉਥੇ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਦੇ ਖੂਬ ਬਖੀਏ ਵੀ ਉਧੇੜਦੀਆਂ ਹਨ | ਪ੍ਰੋ: ਰਿਆੜ ਨੇ ਗੁਰੂ ਸਾਹਿਬਾਨ ਦੇ ਜੀਵਨ, ਸੰਘਰਸ਼, ਕੁਰਬਾਨੀਆਂ, ਸੇਵਾ ਭਾਵਨਾ, ਸਿਦਕ, ਸੱਚਾਈ ਆਦਿ ਉੱਪਰ ਲਿਖ ਕੇ ਕੁੱਜੇ ਵਿਚ ਸਮੰੁਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਸ ਨੇ ਰਿਸ਼ਤਿਆਂ ਦੀ ਟੁੱਟ-ਭੱਜ, ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਿਆਂ ਖਿਲਾਫ਼ ਅਤੇ ਪ੍ਰਾਚੀਨ ਤੇ ਆਧੁਨਿਕ ਬਿੰਬ ਪ੍ਰਤੀਕਾਂ ਦੇ ਧਰਾਤਲ ਤੇ ਯਥਾਰਥ ਹਾਲਾਤਾਂ ਨੂੰ ਆਪਣੀ ਅੱਖਰ ਜਨਨੀ ਦੇ ਜ਼ਰੀਏ ਸ਼ਬਦਾਂ ਵਿਚ ਪਰੋ ਕੇ ਕਾਵਿ-ਚਿੰਤਨ ਨਾਲ ਇਨਸਾਫ਼ ਕੀਤਾ ਹੈ |
ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਬਲਦੇਵ ਰਾਜ, ਹਰਜਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਮੁਖ ਸਿੰਘ, ਸੁਖਦਰਸ਼ਨ ਸਿੰਘ, ਹਰਸਿਮਰ ਰਿਆੜ, ਰਾਜਨ ਖੇਤਰਪਾਲ, ਹਰਜਿੰਦਰ ਆਦਿ ਨੇ ਵੀ ਵਿਚਾਰ ਰੱਖੇ |

-ਬਲਵਿੰਦਰ 'ਬਾਲਮ' ਗੁਰਦਾਸਪੁਰ
ਐਡਮਿੰਟਨ ਕੈਨੇਡਾ | ਮੋਬਾਈਲ : 98156-25409.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX