ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਹੋਰ ਖ਼ਬਰਾਂ..

ਬਾਲ ਸੰਸਾਰ

ਸੱਪਾਂ ਦੀ ਦੁਨੀਆ

ਸਾਡੇ ਦੇਸ਼ ਵਿਚ ਸੱਪਾਂ ਦੀਆਂ ਜਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਸਿਰਫ 12 ਫੀਸਦੀ ਹੀ ਜ਼ਹਿਰੀਲੀਆਂ ਹਨ | ਸਾਡੇ ਆਲੇ-ਦੁਆਲੇ ਦਿਖਾਈ ਦੇਣ ਵਾਲੇ ਸੱਪਾਂ ਵਿਚ ਜ਼ਿਆਦਾਤਰ ਜ਼ਹਿਰ ਤੋਂ ਰਹਿਤ ਹੁੰਦੇ ਹਨ | ਸੱਪਾਂ ਪ੍ਰਤੀ ਮਨੱੁਖ ਦੇ ਡਰ ਦਾ ਮੂਲ ਕਾਰਨ ਉਸ ਦਾ ਜ਼ਹਿਰੀਲਾ ਹੋਣਾ ਹੀ ਹੈ ਪਰ ਕੁਝ ਮਨੋਵਿਗਿਆਨੀਆਂ ਅਨੁਸਾਰ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਅਸਲ ਕਾਰਨ ਸੱਪ ਦਾ ਜ਼ਹਿਰ ਨਾ ਹੋ ਕੇ ਸਦਮਾ ਹੁੰਦਾ ਹੈ | ਦੂਜਾ ਪਹਿਲੂ ਇਹ ਹੈ ਕਿ ਸੱਪ ਚੂਹਿਆਂ ਨੂੰ ਖਾ ਕੇ ਭਾਰਤ ਵਿਚ ਤਕਰੀਬਨ 18 ਕਰੋੜ ਲੋਕਾਂ ਦਾ ਭੋਜਨ ਹਰ ਸਾਲ ਬਚਾਉਂਦੇ ਹਨ | ਭਾਰਤ ਹੀ ਨਹੀਂ, ਕਈ ਹੋਰ ਦੇਸ਼ਾਂ ਵਿਚ ਨਾਗ ਪੂਜਾ ਦੀ ਪਰੰਪਰਾ ਦਾ ਜ਼ਿਕਰ ਮਿਲਦਾ ਹੈ | ਮਿਸਰ ਵਿਚ ਨੀਲ ਨਦੀ ਦੇ ਕਿਨਾਰੇ ਹਜ਼ਾਰਾਂ ਸੱਪਾਂ ਦੇ ਵਿਸ਼ੇਸ਼ ਪੂਜਾ ਸਥਾਨ ਬਣੇ ਸਨ | ਇਸ਼ਨਾਨ ਉਪਰੰਤ ਕੁਆਰੀਆਂ ਕੁੜੀਆਂ ਪਾਣੀ ਅਤੇ ਫੱੁਲਾਂ ਨਾਲ ਸੱਪਾਂ ਦੇ ਸਥਾਨਾਂ ਦੀ ਪੂਜਾ ਕਰਦੀਆਂ ਸਨ, ਤਾਂ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਹੋਣ | ਮਿਸਰ ਦੇ ਕਈ ਪ੍ਰਾਚੀਨ ਸਮਰਾਟਾਂ ਦੇ ਮੁਕਟ ਵਿਚ ਵੀ 'ਨਾਗ ਦੀ ਮੂਰਤੀ' ਬਣੀ ਹੁੰਦੀ ਸੀ | ਉਥੋਂ ਦੀ ਸੰਸਕ੍ਰਿਤੀ ਵਿਚ ਨਾਗ ਪੂਜਾ ਦੀ ਪਰੰਪਰਾ ਚਾਲੀ ਹਜ਼ਾਰ ਸਾਲ ਪੁਰਾਣੀ ਹੈ | ਇਥੋਂ ਦੇ ਕਈ ਬੱੁਧ ਮੱਠਾਂ ਵਿਚ ਵੀ ਭਗਵਾਨ ਬੱੁਧ ਦੀਆਂ ਮੂਰਤੀਆਂ ਦੇ ਇਰਦ-ਗਿਰਦ ਕਈ ਸੋਨੇ, ਚਾਂਦੀ ਅਤੇ ਲਾਲ ਪੱਥਰਾਂ ਨਾਲ ਤਰਾਸ਼ੇ ਅਨੋਖੇ ਸੱਪਾਂ ਦੇ ਸਥਾਨ ਬਣੇ ਹਨ, ਜਿਨ੍ਹਾਂ ਦੀ ਹਰ ਪੂਰਨਮਾਸ਼ੀ ਨੂੰ ਪੂਜਾ ਹੁੰਦੀ ਹੈ | ਇਥੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬੱੁਧ ਨੂੰ ਸੱਪਾਂ ਨਾਲ ਅਥਾਹ ਪ੍ਰੇਮ ਸੀ | ਮਲੇਸ਼ੀਆ ਵਿਚ ਸੱਪਾਂ ਦਾ ਇਕ ਅਨੋਖਾ ਮੰਦਰ ਹੈ, ਜਿਸ ਨੂੰ 'ਕੋਰ-ਸੁਰਕਾਂਗ' ਨਾਂਅ ਨਾਲ ਜਾਣਿਆ ਜਾਂਦਾ ਹੈ |
ਨਾਰਵੇ ਦੇ ਇਤਿਹਾਸ ਵਿਚ ਨਾਗ ਨੂੰ ਧਰਤੀ ਦਾ ਸਵਾਮੀ ਕਿਹਾ ਜਾਂਦਾ ਹੈ | ਭਾਰਤ ਵਾਂਗ ਉਥੇ ਵੀ ਵਰਖਾ ਦੇ ਮੌਸਮ ਵਿਚ ਨਾਗ ਪੂਜਾ ਦੀ ਪਰੰਪਰਾ ਹੈ | ਬੇਬੀਲੋਨੀਆਂ ਵਿਚ ਤਾਂ ਸੱਪ ਨੂੰ ਧਰਤੀ ਦਾ ਵੀਰ ਪੱੁਤਰ ਕਿਹਾ ਜਾਂਦਾ ਹੈ | ਇਸ ਦੀ ਵਿਸ਼ੇਸ਼ ਪੂਜਾ ਉਸ ਸਮੇਂ ਕੀਤੀ ਜਾਂਦੀ ਸੀ, ਜਦ ਅਸਮਾਨ ਵਿਚ ਇੰਦਰ ਧਨੁਸ਼ ਨਿਕਲਿਆ ਹੋਵੇ | ਦੱਖਣੀ ਅਫਰੀਕਾ ਦੇ ਕੁਝ ਜੀਵ ਵਿਗਿਆਨੀਆਂ ਨੇ ਸੱਪਾਂ ਦੀਆਂ ਵੱਖ-ਵੱਖ ਨਸਲਾਂ 'ਤੇ ਖੋਜ ਕਰਕੇ ਇਹ ਸਾਬਤ ਕੀਤਾ ਹੈ ਕਿ ਸੱਪ ਬਹੁਤ ਘੱਟ ਵਿਕਸਿਤ ਬੱੁਧੀ ਵਾਲਾ ਜੀਵ ਹੈ ਅਤੇ ਇਸ ਦੀ ਯਾਦ ਸ਼ਕਤੀ ਏਨੀ ਨਹੀਂ ਹੈ ਕਿ ਇਹ ਕਿਸੇ ਘਟਨਾਕ੍ਰਮ ਨੂੰ ਯਾਦ ਰੱਖ ਸਕੇ | ਇਹ ਤੱਥ ਸਰਾਸਰ ਬੇਬੁਨਿਆਦ ਹੈ ਕਿ ਸੱਪ ਆਪਣੇ ਦੁਸ਼ਮਣ ਤੋਂ ਬਦਲਾ ਲੈਂਦਾ ਹੈ | ਸੋ, ਫ਼ਿਲਮੀ ਕਹਾਣੀਆਂ ਤੋਂ ਸੁਚੇਤ ਰਹੋ, ਉਹ ਸਿਰਫ ਵਹਿਮ ਹੈ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 97813-76990


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਚਮਕਦੇ ਦੰਦ

ਆਸ਼ੂ ਦਾ ਸੁਭਾਅ ਬਹੁਤ ਅਵੇਸਲਾ ਸੀ | ਉਸ ਨੂੰ ਸਕੂਲ ਜਾਣ ਲਈ ਅਕਸਰ ਹੀ ਦੇਰ ਹੋ ਜਾਂਦੀ ਸੀ, ਕਿਉਂਕਿ ਉਹ ਸਵੇਰੇ ਸਮੇਂ ਸਿਰ ਨਹੀਂ ਉੱਠਦਾ ਸੀ | ਉਸ ਦੇ ਮੰਮੀ ਉਸ ਨੂੰ ਬੁਰਸ਼ ਕਰਨ ਲਈ ਕਹਿੰਦੇ ਤਾਂ ਉਹ ਉਨ੍ਹਾਂ ਦਾ ਕਹਿਣਾ ਟਾਲ ਦਿੰਦਾ | ਉਹ ਬਿਨਾਂ ਬੁਰਸ਼ ਕੀਤਿਆਂ ਹੀ ਨਾਸ਼ਤਾ ਕਰ ਲੈਂਦਾ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਉਸ ਦਾ ਪੀ.ਟੀ. ਅਧਿਆਪਕ ਜਦੋਂ ਬੱਚਿਆਂ ਨੂੰ ਕਹਿੰਦਾ ਕਿ 'ਜਿਹੜੇ ਬੱਚੇ ਬੁਰਸ਼ ਕਰਕੇ ਨਹੀਂ ਆਏ, ਉਹ ਬੱਚੇ ਬਾਹਰ ਆ ਜਾਓ' ਤਾਂ ਉਹ ਅਧਿਆਪਕ ਨੂੰ ਝੂਠ ਹੀ ਕਹਿ ਦਿੰਦਾ ਕਿ ਉਹ ਬੁਰਸ਼ ਕਰਕੇ ਆਇਆ ਹੈ | ਹੌਲੀ-ਹੌਲੀ ਉਸ ਦੇ ਦੰਦਾਂ ਦੀ ਚਮਕ ਵੀ ਪੇਤਲੀ ਪੈਣ ਲੱਗੀ | ਉਸ ਦੇ ਦੰਦ ਵੀ ਖਰਾਬ ਹੋਣ ਲੱਗੇ | ਛੱੁਟੀਆਂ ਹੁੰਦੇ ਹੀ ਉਹ ਆਪਣੇ ਭੂਆ ਜੀ ਕੋਲ ਚਲਾ ਗਿਆ | ਉਸ ਦੇ ਭੂਆ ਜੀ ਦੇ ਦੋ ਬੱਚੇ ਸਨ-ਜਪਨੂਰ ਅਤੇ ਜਪਰੋਜ | ਉਨ੍ਹਾਂ ਦੇ ਦੰਦ ਸ਼ੀਸ਼ੇ ਵਾਂਗ ਚਮਕਦੇ ਸਨ | ਦੇਖਣ ਨੂੰ ਬਹੁਤ ਸੋਹਣੇ ਲਗਦੇ ਸਨ | ਆਸ਼ੂ ਦਾ ਦਿਲ ਕਰੇ ਕਿ ਉਹ ਉਨ੍ਹਾਂ ਨੂੰ ਪੱੁਛੇ ਕਿ ਉਨ੍ਹਾਂ ਦੰਦ ਐਨੇ ਸੋਹਣੇ ਕਿਵੇਂ ਹਨ? ਪਰ ਉਹ ਉਨ੍ਹਾਂ ਨੂੰ ਪੱੁਛਣ ਵਿਚ ਸ਼ਰਮ ਮਹਿਸੂਸ ਕਰ ਰਿਹਾ ਸੀ |
ਉਹ ਸਵੇਰੇ ਉੱਠਦਿਆਂ ਹੀ ਬੁਰਸ਼ ਕਰਦੇ | ਦੇਖੋ-ਦੇਖੀ ਬੁਰਸ਼ ਤਾਂ ਉਸ ਨੂੰ ਵੀ ਕਰਨਾ ਪੈਂਦਾ ਪਰ ਉਹ ਸਿਰਫ ਆਪਣੇ ਭੂਆ ਜੀ ਨੂੰ ਵਿਖਾਉਣ ਲਈ ਹੀ ਬੁਰਸ਼ ਕਰਦਾ | ਜਪਨੂਰ ਅਤੇ ਜਪਰੋਜ ਦਾ ਮਨ ਕਰਦਾ ਕਿ ਉਹ ਉਸ ਨੂੰ ਬੁਰਸ਼ ਕਰਨਾ ਸਿਖਾਉਣ ਪਰ ਉਹ ਇਹ ਸੋਚ ਕੇ ਕਿ ਉਹ ਬੁਰਾ ਨਾ ਮੰਨ ਜਾਵੇ, ਸਭ ਕੁਝ ਦੇਖ ਕੇ ਵੀ ਚੱੁਪ ਰਹਿੰਦੇ | ਇਕ ਦਿਨ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੱੁਤਾ ਪਿਆ ਸੀ | ਅਚਾਨਕ ਉਸ ਦੀਆਂ ਦਾੜ੍ਹਾਂ ਵਿਚ ਦਰਦ ਹੋਣ ਲੱਗ ਪਈ | ਕੁਝ ਸਮਾਂ ਤਾਂ ਉਹ ਦਰਦ ਸਹਿੰਦਾ ਰਿਹਾ ਪਰ ਜਦੋਂ ਉਸ ਤੋਂ ਦਰਦ ਸਹਾਰਿਆ ਨਾ ਗਿਆ ਤਾਂ ਉਸ ਨੂੰ ਆਪਣੇ ਭੂਆ ਜੀ ਨੂੰ ਉਠਾਉਣਾ ਹੀ ਪਿਆ | ਉਸ ਦੇ ਭੂਆ ਜੀ ਨੇ ਉਸ ਨੂੰ ਦਰਦ ਦੀ ਗੋਲੀ ਦੇ ਕੇ ਉਸ ਦਾ ਦਰਦ ਹਟਾ ਦਿੱਤਾ | ਸਵੇਰੇ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ਡਾਕਟਰ ਨੇ ਉਸ ਨੂੰ ਕਿਹਾ, 'ਬੇਟਾ, ਠੀਕ ਢੰਗ ਨਾਲ ਹਰ ਰੋਜ਼ ਬੁਰਸ਼ ਨਾ ਕਰਨ ਕਾਰਨ ਤੇਰੇ ਦੰਦ ਖਰਾਬ ਹੋ ਚੱੁਕੇ ਹਨ | ਲੰਬੇ ਸਮੇਂ ਤੱਕ ਤੇਰਾ ਇਲਾਜ ਚੱਲੇਗਾ | ਤੇਰੇ ਇਕ-ਦੋ ਦੰਦ ਟੀਕੇ ਲਗਾ ਕੇ ਠੀਕ ਵੀ ਕਰਨੇ ਪੈਣਗੇ |' ਡਾਕਟਰ ਦੀਆਂ ਗੱਲਾਂ ਸੁਣ ਕੇ ਉਹ ਚੀਖਾਂ ਮਾਰਨ ਲੱਗ ਪਿਆ ਪਰ ਉਹ ਉਸ ਦਾ ਸੁਪਨਾ ਹੀ ਸੀ | ਉਹ ਬੈੱਡ 'ਤੇ ਉੱਠ ਕੇ ਬੈਠ ਗਿਆ | ਉਸ ਦੀਆਂ ਚੀਖਾਂ ਸੁਣ ਕੇ ਉਸ ਦੇ ਭੂਆ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਚੀਖਾਂ ਮਾਰਨ ਦਾ ਕਾਰਨ ਪੱੁਛਿਆ | ਉਸ ਨੇ ਸਾਰਾ ਕੁਝ ਦੱਸ ਦਿੱਤਾ | ਰਾਤ ਨੂੰ ਤਾਂ ਉਹ ਸੌਾ ਗਿਆ | ਸਵੇਰੇ ਉੱਠਣ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਖੁਦ ਉਸ ਦੇ ਕੋਲ ਖਲੋ ਕੇ ਬੁਰਸ਼ ਕਰਨਾ ਸਿਖਾਇਆ | ਨਾਸ਼ਤਾ ਕਰਨ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ, 'ਆਸ਼ੂ ਬੇਟਾ, ਰਾਤ ਵਾਲੀ ਘਟਨਾ ਸੁਪਨਾ ਨਹੀਂ, ਸਗੋਂ ਸੱਚ ਸੀ | ਜਿਹੜੇ ਬੱਚੇ ਠੀਕ ਢੰਗ ਨਾਲ ਬੁਰਸ਼ ਨਹੀਂ ਕਰਦੇ, ਸਮੇਂ ਸਿਰ ਦੰਦਾਂ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਨੂੰ ਡਾਕਟਰਾਂ ਕੋਲ ਜਾਣਾ ਹੀ ਪੈਂਦਾ ਹੈ | ਉਨ੍ਹਾਂ ਦੇ ਦੰਦਾਂ ਵਿਚ ਖਰਾਬੀ ਆ ਹੀ ਜਾਂਦੀ ਹੈ |'
ਉਹ ਥੋੜ੍ਹੀ ਦੇਰ ਤਾਂ ਚੱੁਪ ਰਿਹਾ ਪਰ ਉਸ ਤੋਂ ਪੱੁਛਣ ਤੋਂ ਬਿਨਾਂ ਰਿਹਾ ਨਾ ਗਿਆ | ਉਸ ਨੇ ਆਪਣੇ ਭੂਆ ਜੀ ਨੂੰ ਸਵਾਲ ਕੀਤਾ, 'ਭੂਆ ਜੀ, ਜਪਨੂਰ ਅਤੇ ਜਪਰੋਜ ਦੇ ਦੰਦ ਮੋਤੀਆਂ ਵਾਂਗ ਕਿਵੇਂ ਚਮਕ ਰਹੇ ਹਨ?' ਉਸ ਦੇ ਭੂਆ ਜੀ ਬੋਲੇ, 'ਬੇਟਾ, ਤੇਰੇ ਦੰਦ ਵੀ ਮੋਤੀਆਂ ਵਾਂਗ ਹੀ ਚਮਕ ਸਕਦੇ ਹਨ, ਜੇਕਰ ਤੰੂ ਵੀ ਉਨ੍ਹਾਂ ਵਾਂਗ ਸਵੇਰੇ ਉੱਠ ਕੇ ਬੁਰਸ਼ ਕਰੇਂ, ਉਹ ਵੀ ਠੀਕ ਢੰਗ ਨਾਲ | ਉਹ ਤਾਂ ਤੈਨੂੰ ਕਈ ਦਿਨ ਤੋਂ ਸਮਝਾਉਣਾ ਚਾਹੁੰਦੇ ਸਨ |' ਉਸ ਨੂੰ ਭੂਆ ਜੀ ਦੀ ਨਸੀਹਤ ਸਮਝ ਆ ਗਈ | ਉਸ ਨੇ ਵੀ ਆਪਣੇ ਦੰਦਾਂ ਨੂੰ ਠੀਕ ਢੰਗ ਨਾਲ ਬੁਰਸ਼ ਕਰਨਾ ਸ਼ੁਰੂ ਕਰ ਦਿੱਤਾ | ਉਸ ਦੇ ਮੰਮੀ ਨੇ ਸ਼ੁਕਰ ਮਨਾਇਆ ਕਿ ਉਸ ਨੂੰ ਵੀ ਦੰਦਾਂ ਦੀ ਸੰਭਾਲ ਦਾ ਗਿਆਨ ਹੋ ਗਿਆ ਹੈ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |

ਬੁਝਾਰਤ-54

ਟੋਟੇ ਜੋੜ ਬਣਾਇਆ ਕੁਦਰਤ,
ਕੰਨ ਵਿਚ ਸਮਝਾਇਆ ਕੁਦਰਤ |
ਵੰਡਣੀ ਹੈ ਤੂੰ ਸਦਾ ਮਿਠਾਸ,
ਕੁੜੱਤਣ ਦੇ ਨਹੀਂ ਜਾਣਾ ਪਾਸ |
ਗਰਮੀ ਵਿਚ ਮੈਂ ਪਿਆਸ ਬੁਝਾਵਾਂ,
ਤਪਦੇ ਸੀਨੇ ਵਿਚ ਠੰਢ ਪਾਵਾਂ |
ਦੋ ਧੀਆਂ ਤੇ ਇਕ ਹੈ ਪੁੱਤਰ,
ਬੱਚਿਓ ਬਾਤ ਦਾ ਦਿਓ ਹੁਣ ਉੱਤਰ |
'ਭਲੂਰੀਆ' ਜੀ ਇਹ ਬਾਤ ਹੈ ਔਖੀ,
ਥੋੜ੍ਹੀ ਜਿਹੀ ਕਰ ਦਿਓ ਸੌਖੀ |
ਨਿਸ਼ਾਨੀ ਦੱਸ ਦਿੰਨਾ ਮੈਂ ਮੋਟੀ,
ਸ਼ਕਲ ਇਸ ਦੀ ਵਾਂਗ ਹੈ ਸੋਟੀ |
—0—
ਸੁਣ ਕੇ ਝੱਟ ਸੀ ਬੋਲਿਆ ਚੰਨਾ,
'ਭਲੂਰੀਆ' ਜੀ ਇਹ ਮਿੱਠਾ 'ਗੰਨਾ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਚੁਟਕਲੇ

• ਇਕ ਸਰਕਾਰੀ ਦਫ਼ਤਰ ਦੇ ਬਾਹਰ ਇਕ ਸੂਚਨਾ ਬੋਰਡ 'ਤੇ ਲਿਖਿਆ ਸੀ, 'ਕਿਰਪਾ ਕਰਕੇ ਰੌਲਾ ਨਾ ਪਾਓ |' ਇਕ ਸ਼ਰਾਰਤੀ ਬੱਚੇ ਨੇ ਉਸ ਦੇ ਅੱਗੇ ਵੱਡੇ ਸ਼ਬਦਾਂ ਵਿਚ ਲਿਖ ਦਿੱਤਾ, 'ਨਹੀਂ ਤਾਂ ਅਸੀਂ ਜਾਗ ਜਾਵਾਂਗੇ |'
• ਇਕ ਨੇਤਾ ਜੀ ਨੇ ਹਸਪਤਾਲ ਦੇ ਨਵੇਂ ਬਣੇ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕਰਦੇ ਹੋਏ ਆਪਣੇ ਭਾਸ਼ਣ ਵਿਚ ਕਿਹਾ, 'ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਸਪਤਾਲ ਵਾਲਿਆਂ ਨੇ ਇਹ ਥੀਏਟਰ ਬਣਾਇਆ ਹੈ, ਜਿਸ ਦਾ ਰੋਗੀਆਂ ਦੇ ਮਨੋਰੰਜਨ ਲਈ ਹੋਣਾ ਬਹੁਤ ਜ਼ਰੂਰੀ ਹੈ |'
• ਅਮਨ (ਸ਼ਿੰਕੂ ਬਾਬੂ ਨੂੰ )-ਤੁਸੀਂ ਆਪਣੇ ਦਫਤਰ ਵਿਚ ਸਿਰਫ ਵਿਆਹੇ ਹੋਏ ਪੁਰਸ਼ ਹੀ ਕਿਉਂ ਨੌਕਰ ਰੱਖਦੇ ਹੋ?
ਸ਼ਿੰਕੂ ਬਾਬੂ-ਯਾਰ, ਇਸ ਲਈ ਕਿ ਜਦੋਂ ਮੈਂ ਉਨ੍ਹਾਂ ਨੂੰ ਗਾਲਾਂ ਦਿੰਦਾ ਹਾਂ ਤਾਂ ਘਰ ਦੀ ਆਦਤ ਪੈਣ ਕਰਕੇ ਉਨ੍ਹਾਂ ਨੂੰ ਬੁਰਾ ਨਹੀਂ ਲਗਦਾ |
• ਤਮੰਨਾ (ਦੁਕਾਨਦਾਰ ਨੂੰ )-ਭਾਈ ਸਾਹਿਬ, ਤੁਸੀਂ ਤਾਂ ਕਿਹਾ ਸੀ ਕਿ ਇਹ ਬਲਬ ਦੀ ਇਕ ਮਹੀਨੇ ਦੀ ਗਾਰੰਟੀ ਹੈ ਪਰ ਇਹ ਤਾਂ ਪੰਦਰਾਂ ਦਿਨ ਵਿਚ ਹੀ ਫਿਊਜ਼ ਹੋ ਗਿਆ |
ਦੁਕਾਨਦਾਰ-ਤੁਹਾਨੂੰ ਨਹੀਂ ਪਤਾ ਮੈਡਮ, ਪੰਦਰਾਂ ਦਿਨ ਤੱਕ ਇਹ ਸਾਡੀ ਦੁਕਾਨ ਵਿਚ ਵੀ ਜਗਦਾ ਰਿਹਾ ਹੈ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਗੀਤ: ਛੱੁਟੀਆਂ ਦੇ ਦਿਨ

ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਖੇਡੇ-ਮੱਲ੍ਹੇ ਖੂਬ, ਬੜਾ ਘੁੰਮ ਲਿਆ ਸਾਰੇ |
ਪਹਿਲੋਂ ਅਸੀਂ ਛੱੁਟੀਆਂ 'ਚ ਗਏ ਨਾਨਕੇ |
ਸਕੂਲ ਵਾਲਾ ਕੰਮ ਵੀ ਮੁਕਾਇਆ ਆਣ ਕੇ |
ਸਾਰਿਆਂ ਨੂੰ ਅਸੀਂ ਬੜੇ ਲਗਦੇ ਪਿਆਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਕੀਤੀਆਂ ਪੜ੍ਹਾਈਆਂ ਅਸੀਂ, ਐਸ਼ ਪੂਰੀ ਲੱੁਟੀ |
ਪਤਾ ਵੀ ਨਾ ਲੱਗੇ ਕਦੋਂ ਬੀਤ ਜਾਵੇ ਛੱੁਟੀ?
ਗੱੁਸੇ ਨਾ ਕੋਈ ਹੋਏ, ਕੋਈ ਝਿੜਕਾਂ ਨਾ ਮਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਰੱਜ-ਰੱਜ ਸੱੁਤੇ, ਨਾ ਕੋਈ ਤੜਕੇ ਜਗਾਉਂਦਾ |
ਨਿੱਕੀ-ਨਿੱਕੀ ਗੱਲ ਉੱਤੇ, ਰੋਕ ਨਾ ਕੋਈ ਲਾਉਂਦਾ |
ਮਾਪਿਆਂ ਦੇ ਨਾਲ ਹੋ ਕੇ ਕੰਮ ਕਈ ਸਵਾਰੇ |
ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਛੱੁਟੀਆਂ 'ਚ 'ਚਿੱਟੀ' ਜਾ ਕੇ, ਰੌਣਕਾਂ ਸੀ ਲਾਈਆਂ |
ਦੱੁਧ-ਚਾਹ ਦੇ ਨਾਲ ਸਾਨੂੰ ਬਰਫੀਆਂ ਖਿਲਾਈਆਂ |
ਇਹੋ ਜਿਹੇ ਮੌਕੇ ਨਹੀਂ ਲੱਭਣੇ ਦੁਬਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਆਓ ਕਿਤਾਬਾਂ ਦੀ ਕਰੀਏ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫ਼ਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ | ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ |
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ | ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ | ਕੁਝ ਬੱਚੇ ਤੇ ਉਨਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਦਿੰਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ | ਕਿਤਾਬਾਂ ਫਟਣ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ |
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ | ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਜਿਸ ਨਾਲ ਕਿਤਾਬ ਦੀ ਜਿਲਦ ਵਿਚਕਾਰਲਾ ਧਾਗਾ ਟੁੱਟ ਜਾਵੇਗਾ | ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ | ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ | ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ | ਅੱਜਕਲ੍ਹ ਕਿਤਾਬਾਂ ਵਾਸਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ | ਸੋ ਆਓ, ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ | ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ |

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ | ਮੋਬਾ: 94630-57786

ਅਨਮੋਲ ਬਚਨ

• ਜੋ ਲੋਕ ਦੂਜਿਆਂ ਦੇ ਦਰਦ ਨੂੰ ਸਮਝਦੇ ਹਨ, ਉਹ ਕਦੇ ਵੀ ਕਿਸੇ ਦੇ ਦਰਦ ਦੀ ਵਜ੍ਹਾ ਨਹੀਂ ਬਣਦੇ |
• ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |
• ਪ੍ਰਵਾਹ ਹੀ ਦੱਸਦੀ ਹੈ ਕਿ ਸਾਨੂੰ ਦੂਜਿਆਂ ਦਾ ਕਿੰਨਾ ਖਿਆਲ ਹੈ, ਨਹੀਂ ਤਾਂ ਕੋਈ ਤਰਾਜੂ ਨਹੀਂ ਹੁੰਦਾ ਰਿਸ਼ਤਿਆਂ ਨੂੰ ਤੋਲਣ ਲਈ |
• ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ |
• ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੰੂਹਦੇ ਹਨ |
• ਜ਼ਿੰਦਗੀ ਦੀਆਂ ਠੋਕਰਾਂ ਸਿਰਫ ਉਨ੍ਹਾਂ ਨੂੰ ਹੀ ਸਜ਼ਾ ਦਿੰਦੀਆਂ ਹਨ, ਜਿਨ੍ਹਾਂ ਨੂੰ ਰੱਬ ਦਾ ਨਾਂਅ ਲੈ ਕੇ ਸੰਭਲ ਜਾਣ ਦੀ ਆਦਤ ਹੋਵੇ |
• ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਪਰ ਜਿਥੇ ਕਦਰ ਹੀ ਨਾ ਹੋਵੇ, ਉਥੇ ਰਿਸ਼ਤੇ ਨਿਭਾਉਣੇ ਮੁਸ਼ਕਿਲ ਹੋ ਜਾਂਦੇ ਹਨ |

-ਬਲਵਿੰਦਰ ਜੀਤ ਕੌਰ ਬਾਜਵਾ,
ਚੱਕਲਾਂ (ਰੋਪੜ) | ਮੋਬਾ: 94649-18164

ਬਾਲ ਕਵਿਤਾ: ਕਿਤਾਬ

ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ,
ਮੈਂ ਬੱਚਿਓ ਇਕ ਕਿਤਾਬ ਹਾਂ |
ਮੈਂ ਝੋਲੀ ਵਿਚ ਸਮਾਈ ਬੈਠੀ ਹਾਂ,
ਲੱਖਾਂ ਕੋਹਾਂ ਦਾ ਗਿਆਨ ਜੀ |
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਅੱਖਰਾਂ ਦੇ ਸਹਾਰੇ ਸ਼ਬਦਾਂ ਦਾ ਬਣਾਉਂਦੀ ਹਾਰ |
ਤਸਵੀਰਾਂ ਮੇਰੇ ਸ਼ਿੰਗਾਰ ਦਾ ਆਧਾਰ ਹਨ |
ਤੁਹਾਡੇ ਛੋਟੇ-ਵੱਡੇ ਬਸਤਿਆਂ ਦੀ ਪਹਿਚਾਣ ਹਾਂ |
ਮੈਂ ਬੜੀ........... |
ਮੇਰੀ ਕਦਰ ਕਰੋ ਮੈਂ ਕਦਰ ਵਧਾਵਾਂਗੀ |
ਪੜ੍ਹੋ ਮੈਨੂੰ ਮਨ ਦੀਆਂ ਅੱਖਾਂ ਨਾਲ |
ਸੱਤ ਸਮੁੰਦਰੋਂ ਪਾਰ ਲੈ ਜਾਵਾਂਗੀ
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਮੈਂ ਬੱਚਿਓ ਇਕ ਕਿਤਾਬ ਹਾਂ |

-ਜਤਿੰਦਰ ਕੌਰ,
ਹੈੱਡ ਟੀਚਰ, ਸੀ.ਐਸ. ਸਕੂਲ ਮਾਨਗੜ੍ਹ (ਅੰਮਿ੍ਤਸਰ) | ਮੋਬਾ: 88728-69779

ਲੜੀਵਾਰ ਨਾਵਲ-8: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਹਾਂ ਵੀਰ ਜੀ, ਬਹੁਤ ਸੈਰ ਕੀਤੀ, ਕਈ ਜਗ੍ਹਾ ਘੁੰਮੀਆਂ | ਰੇਡੀਓ ਸਟੇਸ਼ਨ, ਟੀ. ਵੀ. ਸਟੇਸ਼ਨ, ਸੋਢਲ ਮੰਦਰ ਤੇ ਸਭ ਤੋਂ ਵੱਧ ਕੇ ਮੈਂ ਦੇਖਿਆ ਅੱਪੂ ਘਰ... |'
'ਅੱਛਾ, ਅੱਪੂ ਘਰ 'ਚ ਕੀ-ਕੀ ਦੇਖਿਆ?'
'ਦੇਖਣ ਨੂੰ ਤਾਂ ਉਥੇ ਬਹੁਤ ਕੁਝ ਸੀ, ਝੂਲੇ, ਟ੍ਰੇਨ ਦੀ ਸੈਰ, ਬੋਟਿੰਗ ਤੇ ਸਭ ਤੋਂ ਵਧੀਆ ਸਨ-ਡਾਇਨਾਸੋਰ ਦੇ ਮਾਡਲ... |'
'ਇਹ ਡਾਇਨਾਸੋਰ ਕੀ ਹੁੰਦੇ ਨੇ ਪ੍ਰੀਤ?' ਤਜਿੰਦਰ ਨੇ ਉਤਸੁਕਤਾ ਨਾਲ ਪੱੁਛਿਆ |
'ਇਹ ਡਾਇਨਾਸੋਰ ਬਹੁਤ ਵੱਡੇ ਆਕਾਰ ਦੇ ਜਾਨਵਰ ਹੁੰਦੇ ਹਨ, ਜਿਹੜੇ ਕਿ ਲੱਖਾਂ ਸਾਲ ਪਹਿਲਾਂ ਇਸ ਧਰਤੀ ਉੱਪਰ ਰਿਹਾ ਕਰਦੇ ਸਨ | ਹੁਣ ਭਾਵੇਂ ਉਹ ਖ਼ਤਮ ਹੋ ਗਏ ਹਨ, ਪਰ ਫਿਰ ਵੀ ਉਨ੍ਹਾਂ ਦੀਆਂ ਡੈੱਡ ਬਾਡੀਜ਼ ਪੋਲਜ਼ (ਧਰੁਵਾਂ) 'ਤੇ ਪਈਆਂ ਹਨ | ਧਰੁਵਾਂ 'ਤੇ ਕਿਉਂਕਿ ਠੰਢ ਬਹੁਤ ਹੁੰਦੀ ਏ ਤੇ ਠੰਢ ਵਿਚ ਕੋਈ ਵੀ ਚੀਜ਼ ਜਲਦੀ ਖਰਾਬ ਨਹੀਂ ਹੁੰਦੀ...' ਪ੍ਰੀਤ ਆਖ ਰਹੀ ਸੀ |
'ਪਰ ਇਹ ਡਾਇਨਾਸੋਰ ਜਲੰਧਰ ਕਿਸ ਤਰ੍ਹਾਂ ਆ ਗਏ?' ਰਾਜਨ ਨੇ ਇਹ ਗੱਲ ਪੱੁਛੀ ਤਾਂ ਸਾਰੇ ਬੱਚੇ ਹੱਸ ਪਏ |
'ਵੀਰ ਜੀ! ਜਲੰਧਰ ਦੇ ਅੱਪੂ-ਘਰ ਦੇ ਡਾਇਨਾਸੋਰ ਅਸਲੀ ਡਾਇਨਾਸੋਰ ਨਹੀਂ ਹਨ | ਇਹ ਤਾਂ ਉਨ੍ਹਾਂ ਦੇ ਮਾਡਲ (ਨਮੂਨੇ) ਬਣਾਏ ਗਏ ਹਨ, ਜਿਹੜੇ ਕਿ ਬਿਜਲੀ ਨਾਲ ਚਲਦੇ ਹਨ | ਇਨ੍ਹਾਂ ਉੱਪਰ ਬੈਠ ਕੇ ਬੱਚੇ ਝੂਟੇ ਲੈਂਦੇ ਹਨ |'
'ਅੱਛਾ ਬਈ ਹੁਣ ਤੁਸੀਂ ਅੱਪੂ ਘਰ ਦੀ ਸੈਰ ਹੀ ਕਰੀ ਜਾਓਗੇ ਜਾਂ ਕਿ ਮੇਰੀ ਗੱਲ ਵੀ ਸੁਣੋਗੇ? ਡੌਲੀ ਨੇ ਦੂਜੇ ਬੱਚਿਆਂ ਦਾ ਖਿਆਲ ਆਪਣੇ ਵੱਲ ਕਰਦਿਆਂ ਆਖਿਆ |
'ਹਾਂ ਦੱਸ ਬਈ ਡੌਲੀ, ਤੰੂ ਕੀ ਕਹਿਣਾ ਏ? ਤੰੂ ਵੀ ਕਿਤੇ ਗਈ ਸੀ ਛੱੁਟੀਆਂ 'ਚ...?' ਗੌਰਵ ਨੇ ਪੱੁਛਿਆ |
'ਨਹੀਂ ਵੀਰੇ, ਮੈਂ ਕਿਥੇ ਜਾਣਾ ਸੀ | ਮੈਨੂੰ ਵੀ ਤੇਰੇ ਵਾਂਗੰੂ ਛੱੁਟੀਆਂ 'ਚ ਜ਼ੁਕਾਮ ਹੋ ਗਿਆ ਸੀ... ਪਰ ਮੈਂ ਗੱਲ ਕਰਨ ਲੱਗੀ ਸੀ ਗੱਡੀ ਦੀ... |'
'ਹਾਂ ਹਾਂ ਸੌਰੀ ਬਈ ਦੋਸਤੋ! ਸਾਡਾ ਮੇਨ ਟਾਪਿਕ ਤੇ ਅੱਜ ਮਿਸ ਈ ਹੋ ਚੱਲਿਆ ਸੀ... ਡੌਲੀ ਦੱਸੋ ਜ਼ਰਾ ਛੱੁਟੀਆਂ ਵਿਚ ਮਾਲਵਾ ਐਕਸਪ੍ਰੈੱਸ ਦੀ ਕੀ ਪ੍ਰਾਗਰੈਸ ਰਹੀ?' ਰਾਜਨ ਨੇ ਉਤਸੁਕਤਾ ਨਾਲ ਪੱੁਛਿਆ |
'ਮਾਲਵਾ ਐਕਸਪ੍ਰੈੱਸ ਦੇ ਠਹਿਰਾਅ ਤੋਂ ਇਲਾਵਾ ਹੁਣ ਦਾਦਾ ਜੀ ਸਟੇਸ਼ਨ ਦੇ ਪਲੇਟਫਾਰਮ 'ਤੇ ਇਕ ਕਰਵਡ ਸ਼ੈੱਡ (ਛੱਤ ਵਾਲਾ ਸ਼ੈੱਡ) ਬਣਵਾਉਣ ਦੀ ਮੰਗ ਵੀ ਕਰ ਰਹੇ ਨੇ, ਕਿਉਂਕਿ ਬਾਰਸ਼ ਜਾਂ ਧੱੁਪ ਵਿਚ ਯਾਤਰੀਆਂ ਨੂੰ ਬਾਹਰ ਬੈਠਣਾ ਪੈਂਦਾ ਏ |'
'ਚੱਲੋ ਇਹ ਵੀ ਠੀਕ ਮੰਗ ਡਿਮਾਂਡ (ਮੰਗ) ਏ... ਪਰ ਸਾਨੂੰ ਮਾਲਵਾ ਐਕਸਪ੍ਰੈੱਸ ਬਾਰੇ ਦੱਸੋ... ਸਾਡੀਆਂ ਭਾਵਨਾਵਾਂ ਇਸ ਗੱਡੀ ਨਾਲ ਜੁੜ ਚੱੁਕੀਆਂ ਨੇ... | ਕਦੋਂ ਰੁਕ ਰਹੀ ਏ ਗੱਡੀ ਦਸੂਹੇ ਸਟੇਸ਼ਨ 'ਤੇ?'
'ਦੇਖੋ ਵੀਰ ਜੀ! ਇਸ ਤਰ੍ਹਾਂ ਦੇ ਵੱਡੇ ਕੰਮ ਏਨੀ ਜਲਦੀ ਨਹੀਂ ਹੋਇਆ ਕਰਦੇ | ਥੋੜ੍ਹਾ ਸਮਾਂ ਜ਼ਰੂਰ ਲਗਦਾ ਏ | ਦਾਦਾ ਜੀ ਨੂੰ ਸਥਾਨਕ ਐਮ.ਐਲ.ਏ., ਐਮ. ਪੀ. ਤੇ ਹੋਰ ਸਮਾਜਿਕ ਸੰਸਥਾਵਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਏ | ਇਸ ਹੱਕੀ ਮੰਗ ਬਾਰੇ ਜਲੰਧਰ ਦੀ ਲੋਕਲ ਪ੍ਰੈੱਸ ਆਪਣੇ ਸੰਪਾਦਕੀ ਜਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਆਪਣੇ ਅਖ਼ਬਾਰ ਵਿਚ ਛਾਪਦੇ ਰਹਿੰਦੇ ਨੇ | ਬਾਕੀ ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ ਏ | ਇਕ ਨਾ ਇਕ ਦਿਨ ਲੋਕਾਂ ਦੀ ਇਹ ਮੰਗ ਵੀ ਪੂਰੀ ਹੋ ਜਾਵੇਗੀ |' ਡੌਲੀ ਆਖ ਰਹੀ ਸੀ | (ਬਾਕੀ ਅਗਲੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX