ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  about 1 hour ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 3 hours ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 3 hours ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 3 hours ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 3 hours ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 3 hours ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 4 hours ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 4 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 4 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 5 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਵਧੇਰੀ ਆਮਦਨ ਲਈ ਮੂਲੀ ਦੀ ਸਾਰਾ ਸਾਲ ਕਾਸ਼ਤ

ਉੱਨਤ ਕਿਸਮਾਂ
ਪੰਜਾਬ ਸਫ਼ੈਦ ਮੂਲੀ-2: ਮੁੱਖ ਮੌਸਮ ਦੀ ਇਹ ਕਿਸਮ ਬਿਜਾਈ ਤੋਂ ਤਕਰੀਬਨ 43 ਦਿਨ ਬਾਅਦ ਮੰਡੀਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਬੀ (34 ਸੈਂਟੀਮੀਟਰ), ਦੁੱਧ ਚਿੱਟੀ, ਸਿਰੇ ਤੋਂ ਖੁੰਢੀ ਅਤੇ ਵਾਲ ਰਹਿਤ ਹੁੰਦੀ ਹੈ। ਇਹ ਕਿਸਮ ਤਕਰੀਬਨ 60 ਦਿਨ ਤੱਕ ਖੇਤ ਵਿਚ ਖਾਣ ਯੋਗ ਰਹਿ ਸਕਦੀ ਹੈ। ਇਸ ਦੇ ਪੱਤੇ ਹਰੇ, ਮਦ ਕਟਾਵਾਂ ਵਾਲੇ ਅਤੇ ਸਿੱਧੇ ਖੜ੍ਹੇ ਰਹਿੰਦੇ ਹਨ। ਇਸ ਕਿਸਮ ਦਾ ਔਸਤਨ ਝਾੜ 236 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਪਸੰਦ : ਭਰ ਮੌਸਮ ਦੀ ਫ਼ਸਲ ਵਾਸਤੇ ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਬਿਜਾਈ ਤੋਂ 45 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦੀ ਮੂਲੀ ਲੰਮੀ, ਦੁੱਧ ਚਿੱਟੀ, ਇਕਸਾਰ ਮੋਟਾਈ ਵਾਲੀ ਅਤੇ ਵਾਲ ਰਹਿਤ ਹੁੰਦੀ ਹੈ। ਇਸ ਦੇ ਪੱਤੇ ਘੱਟ ਅਤੇ ਸਿੱਧੇ ਖੜ੍ਹੇ ਹੁੰਦੇ ਹਨ। ਮੁੱਖ ਮੌਸਮ ਵਿਚ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੈ ਅਤੇ ਬੇਮੌਸਮੀ ਫ਼ਸਲ 140 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ ।
ਪੂਸਾ ਹਿਮਾਨੀ : ਇਹ ਠੰਢੇ ਇਲਾਕੇ ਦੀ ਕਿਸਮ ਹੈ ਅਤੇ ਜਨਵਰੀ ਦੇ ਦੂਜੇ ਪੰਦਰ੍ਹਵਾੜੇ ਵਿਚ ਬਿਜਾਈ ਲਈ ਢੁਕਵੀਂ ਹੈ। ਮੂਲੀਆਂ ਚਿੱਟੀਆਂ, ਹਰੇ ਪੱਤਿਆਂ ਵਾਲੀਆਂ, ਘੱਟ ਕੌੜੀਆਂ, 30-45 ਸੈਂਟੀਮੀਟਰ ਲੰਮੀਆਂ ਅਤੇ 10-12 ਸੈਂਟੀਮੀਟਰ ਗੋਲਾਈ ਦੀਆਂ ਹੁੰਦੀਆਂ ਹਨ। ਮੂਲੀਆਂ ਬਿਜਾਈ ਤੋਂ 60-65 ਦਿਨਾਂ ਬਾਅਦ ਪੁੱਟਣ ਯੋਗ ਹੁੰਦੀਆਂ ਹਨ ਅਤੇ ਔਸਤ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
ਪੂਸਾ ਚੇਤਕੀ : ਇਸ ਕਿਸਮ ਦੀ ਮੂਲੀ ਦੁੱਧ ਵਰਗੀ ਚਿੱਟੀ, ਸਾਫ਼, ਦਰਮਿਆਨੀ ਲੰਮੀ (15.5 ਸੈਂਟੀਮੀਟਰ), ਮੋਟੀ (3.5 ਸੈਂਟੀਮੀਟਰ), ਸਿਰੇ ਤੋਂ ਖੁੰਢੀ ਅਤੇ ਕੁਝ ਕੌੜੀ ਹੁੰਦੀ ਹੈ। ਇਸ ਦੇ ਪੱਤੇ ਦਰਮਿਆਨੇ ਆਕਾਰ ਦੇ (40.5 ਸੈਂਟੀਮੀਟਰ) ਤੇ ਬਿਨਾਂ ਕਟਾਵਾਂ ਵਾਲੇ ਹੁੰਦੇ ਹਨ । ਇਹ ਕਿਸਮ ਛੇਤੀ ਪੱਕਦੀ ਹੈ। ਪੰਜਾਬ ਦੀਆਂ ਹਾਲਤਾਂ ਵਿਚ ਚੰਗਾ ਬੀਜ ਪੈਦਾ ਹੁੰਦਾ ਹੈ। ਇਹ ਕਿਸਮ ਅਪ੍ਰੈਲ ਤੋਂ ਅਗਸਤ ਤੱਕ ਬੀਜਣ ਲਈ ਢੁਕਵੀਂ ਹੈ। ਮੂਲੀਆਂ ਦੀ ਔਸਤ ਪੈਦਾਵਾਰ 105 ਕੁਇੰਟਲ ਅਤੇ ਬੀਜ ਦਾ ਝਾੜ 4.5 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ।
ਜਪਾਨੀ ਵ੍ਹਾਈਟ : ਇਹ ਕਿਸਮ ਜਪਾਨ ਤੋਂ ਲਿਆਂਦੀ ਗਈ ਸੀ ਅਤੇ ਮੁੱਖ ਸਮੇਂ ਵਿਚ ਪਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਦਾ ਪਤਰਾਲ ਦਰਮਿਆਨਾ ਅਤੇ ਪੱਤਿਆਂ ਵਿਚ ਡੂੰਘੀਆਂ ਕਟਾਵਾਂ ਹੁੰਦੀਆਂ ਹਨ। ਇਸ ਕਿਸਮ ਦੀਆਂ ਮੂਲੀਆਂ ਬਿਲਕੁਲ ਚਿੱਟੀਆਂ, ਗੁਲਾਈਦਾਰ ਅਤੇ ਅਖ਼ੀਰਲੇ ਸਿਰੇ ਤੋਂ ਖੁੰਢੀਆਂ ਹੁੰਦੀਆਂ ਹਨ। ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 160 ਕੁਇੰਟਲ ਹੁੰਦੀ ਹੈ।
ਬਿਜਾਈ ਦਾ ਸਮਾਂ : ਭਾਵੇਂ ਮੂਲੀ ਇਕ ਸਰਦ ਰੁੱਤ ਦੀ ਫ਼ਸਲ ਹੈ, ਪਰ ਇਸ ਵਿਚ ਅਜਿਹੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕਾਸ਼ਤ ਗਰਮੀ ਅਤੇ ਪੱਤਝੜ ਦੀ ਰੁੱਤ ਵਿਚ ਵੀ ਕੀਤੀ ਜਾ ਸਕਦੀ ਹੈ। ਪੂਸਾ ਚੇਤਕੀ ਤੋਂ ਬਿਨਾਂ ਕਿਸੇ ਵੀ ਕਿਸਮ ਵਿਚ ਗਰਮੀ ਸਹਿਣ ਦੀ ਸਮਰੱਥਾ ਨਹੀਂ। ਦੇਸੀ ਕਿਸਮਾਂ ਨੂੰ ਜੇ ਪਛੇਤਾ ਜਾਂ ਪੱਤਝੜ ਦੀ ਰੁੱਤ ਵਿਚ ਲਾਇਆ ਜਾਵੇ ਤਾਂ ਮੂਲੀ ਬਣਨ ਤੋਂ ਪਹਿਲਾਂ ਹੀ ਨਿੱਸਰ ਆਉਂਦੀਆਂ ਹਨ। ਜੇ ਕਿਸਮ ਦੀ ਸਹੀ ਚੋਣ ਕੀਤੀ ਜਾਵੇ ਤਾਂ ਮੂਲੀ ਦੀ ਕਾਸ਼ਤ ਤਕਰੀਬਨ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਮੂਲੀ ਦੀਆਂਵੱਖ-ਵੱਖ ਕਿਸਮਾਂ ਬੀਜਣ ਦਾ ਸਮਾਂ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਇਸ ਪ੍ਰਕਾਰ ਹੈ:
ਪੂਸਾ ਹਿਮਾਨੀ: ਇਸ ਦੀ ਬਿਜਾਈ ਦਾ ਸਮਾਂ ਜਨਵਰੀ-ਫ਼ਰਵਰੀ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਫ਼ਰਵਰੀ-ਅਪ੍ਰੈਲ ਹੈ।
ਪੰਜਾਬ ਪਸੰਦ: ਇਸ ਦੀ ਬਿਜਾਈ ਦਾ ਸਮਾਂ ਮਾਰਚ ਦਾ ਦੂਜਾ ਪੰਦਰ੍ਹਵਾੜਾ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਅਖੀਰ ਅਪ੍ਰੈਲ-ਮਈ ।
ਪੂਸਾ ਚੇਤਕੀ: ਇਸ ਦੀ ਬਿਜਾਈ ਦਾ ਸਮਾਂ ਅਪ੍ਰੈਲ-ਅਗਸਤ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਮਈ-ਸਤੰਬਰ ਹੈ। ਪੰਜਾਬ ਸਫ਼ੈਦ ਮੂਲੀ-2 : ਪੰਜਾਬ ਪਸੰਦ,ਜਪਾਨੀ ਵ੍ਹਾਈਟ: ਇਸ ਦੀ ਬਿਜਾਈ ਦਾ ਸਮਾਂ ਅੱਧ ਸਤੰਬਰ-ਅਕਤੂਬਰ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਅਕਤੂਬਰ-ਦਸੰਬਰ ਹੈ ।
ਜਾਪਾਨੀ ਵ੍ਹਾਈਟ: ਇਸ ਦੀ ਬਿਜਾਈ ਦਾ ਸਮਾਂ ਨਵੰਬਰ-ਦਸੰਬਰ ਹੈ ਅਤੇ ਮੂਲੀ ਤਿਆਰ ਹੋਣ ਦਾ ਸਮਾਂ ਦਸੰਬਰ-ਜਨਵਰੀ ਹੈ ।


-ਯੂਨੀਵਰਸਿਟੀ ਬੀਜ ਫਾਰਮ ਉਸਮਾਂ (ਤਰਨਤਾਰਨ)
ਮੋਬਾਈਲ : 89682-78900.


ਖ਼ਬਰ ਸ਼ੇਅਰ ਕਰੋ

ਝੋਨੇ ਦੇ ਵਧੇਰੇ ਝਾੜ ਲਈ ਹਾਨੀਕਾਰਕ ਕੀੜਿਆਂ ਦਾ ਸੁਚੱਜਾ ਪ੍ਰਬੰਧ ਕਰੋ

ਝੋਨੇ ਦੀ ਪੈਦਾਵਾਰ ਘਟਾਉਣ ਵਾਲੇ ਅਨੇਕਾਂ ਕਾਰਨਾਂ ਵਿਚੋਂ ਕੀੜੇ-ਮਕੌੜਿਆਂ ਦੁਆਰਾ ਹੋਣ ਵਾਲਾ ਨੁਕਸਾਨ ਮਹੱਤਵਪੂਰਨ ਕਾਰਨ ਹੈ। ਇਨ੍ਹਾਂ ਹਾਨੀਕਾਰਕ ਕੀੜਿਆਂ ਦੀ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਰੋਕਥਾਮ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦੀ। ਤਣੇ ਦੇ ਗੜੂੰਏਂ (ਪੀਲਾ, ਚਿੱਟਾ ਅਤੇ ਗੁਲਾਬੀ ਗੜੂੰਆਂ) ਪੱਤੇ ਖਾਣ ਵਾਲੇ ਕੀੜੇ (ਪੱਤਾ ਲਪੇਟ ਸੁੰਡੀ ਅਤੇ ਹਿਸਪਾ) ਅਤੇ ਰਸ ਚੂਸਣ ਵਾਲੇ ਬੂਟਿਆਂ ਦੇ ਟਿੱਡੇ ਆਦਿ ਦੀ ਸਰਬਪੱਖੀ ਰੋਕਥਾਮ ਲਈ ਪੀ.ਏ.ਯੂ. ਵਲੋਂ ਸਿਫ਼ਾਰਸ਼ ਹਾਨੀਕਾਰਕ ਕੀੜਿਆਂ ਦੀ ਸਰਬਪੱਖੀ ਰੋਕਥਾਮ ਤਕਨੀਕ ਦਾ ਵਰਨਣ ਕੀਤਾ ਜਾ ਰਿਹਾ ਹੈ:
1. ਤਣੇ ਦੇ ਗੜੂੰਏਂ : ਇਨ੍ਹਾਂ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ ਅਤੇ ਇਹ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀਆਂ, ਚਿੱਟੀਆਂ ਅਤੇ ਗੁਲਾਬੀ ਸੁੰਡੀਆਂ ਫ਼ਸਲ ਦਾ ਇਕੋ ਜਿਹਾ ਨੁਕਸਾਨ ਕਰਦੀਆਂ ਹਨ। ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਤੋਂ ਪਹਿਲਾਂ, ਜਦੋਂ ਕਿ ਗੁਲਾਬੀ ਸੁੰਡੀਆਂ ਮੁੰਜਰਾਂ ਪੈਣ ਸਮਂੇ ਤੇ ਬਾਅਦ ਵਿਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ।
ਪੀਲੀਆਂ ਸੁੰਡੀਆਂ ਦੇ ਪੰਤਗਿਆਂ ਦੇ ਅਗਲੇ ਖੰਭ ਪੀਲੇੇ ਹੁੰਦੇ ਹਨ ਅਤੇ ਇਨ੍ਹਾਂ ਉਤੇ ਇਕ ਕਾਲਾ ਨਿਸ਼ਾਨ ਵੀ ਹੁੰਦਾ ਹੈ। ਸਰੀਰ ਦੇ ਆਖਰੀ ਭਾਗਾਂ 'ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ਼ (ਪੂਛ ਜਿਹੀ ਦੀ ਸ਼ਕਲ 'ਚ) ਹੁੰਦੇ ਹਨ। ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਅਤੇ ਚਮਕੀਲੇ ਹੁੰਦੇ ਹਨ, ਪਰ ਗੁਲਾਬੀ ਸੁੰਡੀਆਂ ਦੇ ਪਤੰਗਿਆਂ ਦਾ ਰੰਗ ਭੂਰਾ ਹੁੰਦਾ ਹੈ। ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਦੇ ਮਾਦਾ ਪਤੰਗੇ ਪੱਤਿਆਂ ਉਪਰ (15-100 ਦੇ ਢੇਰਾਂ ਵਿਚ) ਅੰਡੇ ਦਿੰਦੇ ਹਨ। ਗੁਲਾਬੀ ਸੁੰਡੀਆਂ ਦੀਆਂ ਮਾਦਾ ਪੱਤਿਆਂ ਦੇ ਮੁੱਢ ਦੁਆਲੇ ਖੋਲਾਂ ਉਪਰ ਜਾਂ ਇਨ੍ਹਾਂ ਦੇ ਅੰਦਰਲੇ ਪਾਸੇ ਅੰਡੇ ਦਿੰਦੀਆਂ ਹਨ, ਜਿਨ੍ਹਾਂ 'ਚੋਂ 5-8 ਦਿਨਾਂ ਵਿਚ ਸੁੰਡੀਆਂ ਨਿਕਲਦੀਆਂ ਹਨ, ਜੋ ਥੋੜ੍ਹੀ ਦੇਰ ਬਾਅਦ ਹੀ ਗੋਭਾਂ ਵਿਚ ਵੜ ਜਾਂਦੀਆ ਹਨ ਤੇ ਇਨ੍ਹਾਂ ਨੂੰ ਅੰਦਰੋਂ-ਅੰਦਰ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੀਆਂ ਗੋਭਾਂ ਸੁੱਕ ਜਾਂਦੀਆਂ ਹਨ। ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿਚੋਂ ਖਿੱਚੀਆਂ ਜਾ ਸਕਦੀਆਂ ਹਨ। ਜੇਕਰ ਸੁੰਡੀਆਂ ਦਾ ਹਮਲਾ ਪੱਛੜ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿਚ ਦਾਣੇ ਨਹੀਂ ਬਣਦੇ ਅਤੇੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਅਜਿਹੀਆਂ ਦਾਣਿਆਂ ਤੋਂ ਸੱਖ਼ਣੀਆਂ 'ਚਿੱਟੀਆਂ ਮੁੰਜਰਾਂ' ਖੇਤ ਵਿਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ।
ਰੋਕਥਾਮ: : ੳ) ਫ਼ਸਲ ਦੀ ਸਮੇਂ ਸਿਰ ਬਿਜਾਈ: ਸਿਫ਼ਾਰਿਸ਼ ਕੀਤੇ ਸਮਂੇ ਅਨੁਸਾਰ ਹੀ ਝੋਨੇ ਦੀ ਬਿਜਾਈ ਕਰੋ। ਇਸ ਨਾਲ ਪੀਲੀਆਂ ਅਤੇ ਚਿੱਟੀਆਂ ਸੁੰਡੀਆਂ ਨੂੰ ਵਧਣ ਫੁੱਲਣ ਲਈ ਸਮਾਂ ਘੱਟ ਮਿਲੇਗਾ ਅਤੇ ਇਨ੍ਹਾਂ ਦੀ ਗਿਣਤੀ ਨਹੀਂ ਵਧੇਗੀ।
ਅ) ਖਾਦਾਂ ਦੀ ਸਹੀ ਵਰਤੋਂ: ਸਿਫ਼ਾਰਿਸ਼ ਤੋਂ ਵੱਧ ਨਾਈਟਰੋਜਨ ਖਾਦ ਪਾਉਣ ਨਾਲ ਤਣੇ ਦੀਆਂ ਸੁੰਡੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਕਰੋ।
ੲ) ਰਸਾਇਣਕ ਰੋਕਥਾਮ: ਖੇਤ ਵਿਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਗੈਰ-ਬਾਸਮਤੀ ਝੋਨੇ ਵਿਚ 5 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਅਤੇ ਬਾਸਮਤੀ ਝੋਨੇ ਵਿਚ 2 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਨੁਸਾਰ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 98159-02788

ਝੋਨੇ ਦੀ ਖੇਤੀ ਵਿਚ ਵਡਮੁੱਲਾ ਪਾਣੀ ਕਿਵੇਂ ਬਚਾਈਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੇ ਖੇਤਾਂ ਨੂੰ ਕਿਆਰਾ ਵਿਧੀ ਨਾਲ ਪਾਣੀ ਲਗਾਉਣਾ- ਖੇਤਾਂ ਵਿਚ ਕਿਆਰੇ ਪਾ ਕੇ ਝੋਨੇ ਨੂੰ ਪਾਣੀ ਲਗਾਉਣ ਦਾ ਸੁਚੱਜਾ ਪ੍ਰਬੰਧ ਕੀਤਾ ਜਾ ਸਕਦਾ ਹੈ। ਹਲਕੀਆਂ ਜ਼ਮੀਨਾਂ ਵਿਚ ਕਿਸਾਨ ਵੀਰਾਂ ਨੂੰ ਇਕ-ਇਕ ਕਨਾਲ ਦੇ 8 ਕਿਆਰੇ ਅਤੇ ਭਾਰੀਆਂ ਜ਼ਮੀਨਾਂ ਵਿਚ ਘੱਟੋ-ਘੱਟ 4 ਕਿਆਰੇ ਪਾ ਕੇ ਝੋਨੇ ਨੂੰ ਪਾਣੀ ਲਗਾਉਣਾ ਚਾਹੀਦਾ ਹੈ। ਇਸ ਨਾਲ ਵੀ ਬੇਸ਼ਕੀਮਤੀ ਪਾਣੀ ਬਚਾਇਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਕਈ ਜ਼ਿੰਮੀਦਾਰ ਬਿਨਾਂ੍ਹ ਕਿਆਰੇ ਪਾਏ ਹੜ੍ਹ ਵਾਲੀ ਵਿਧੀ ਨਾਲ ਪਾਣੀ ਲਗਾਉਂਦੇ ਹਨ, ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ ਅਤੇ ਖੇਤ ਵੀ ਦੇਰ ਨਾਲ ਭਰਦੇ ਹਨ।
ਪੀ ਏ ਯੂ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਝੋਨੇ ਵਿਚ ਪਾਣੀ ਪ੍ਰਬੰਧ-ਜ਼ਿੰਮੀਦਾਰਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੱਦੂ ਕੀਤੇ ਝੋਨੇ ਵਿਚ ਸਿਰਫ਼ ਪਹਿਲੇ 15 ਦਿਨ ਪਾਣੀ ਖੜ੍ਹਾ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਝੋਨੇ ਦੇ ਬੂਟਿਆਂ ਦੀ ਜੜ੍ਹ ਵਧੀਆ ਢੰਗ ਨਾਲ ਲੱਗ ਜਾਂਦੀ ਹੈ। ਨਦੀਨ ਵੀ ਨਾਮਾਤਰ ਹੀ ਹੁੰਦੇ ਹਨ। ਝੋਨੇ ਵਿਚ ਅਗਲਾ ਪਾਣੀ ਉਦੋਂ ਹੀ ਲਗਾਉਣਾ ਚਾਹੀਦਾ ਹੈ ਜਦੋਂ ਪਹਿਲਾ ਪਾਣੀ ਜ਼ਮੀਨ ਵਿਚ ਜ਼ੀਰੇ ਨੂੰ ਦੋ ਦਿਨ ਹੋ ਗਏ ਹੋਣ। ਇਸ ਨਾਲ ਵਡਮੁੱਲੇ ਪਾਣੀ ਦੀ ਬੱਚਤ ਹੋਵੇਗੀ।
ਟੈਂਸ਼ੀਓਮੀਟਰ ਰਾਹੀਂ ਝੋਨੇ ਵਿਚ ਪਾਣੀ ਦਾ ਪ੍ਰਬੰਧ - ਭਾਰੀਆਂ ਅਤੇ ਮੈਰਾ ਜ਼ਮੀਨਾਂ ਵਿਚ ਇਕੋ ਜਿੰਨਾ ਪਾਣੀ ਹੋਣ ਦੇ ਬਾਵਜੂਦ ਵੀ ਫ਼ਸਲ ਲਈ ਪਾਣੀ ਦੀ ਉਪਲਬਧੀ ਭਾਰੀਆਂ ਜ਼ਮੀਨਾਂ ਵਿਚ ਜ਼ਿਆਦਾ ਹੁੰਦੀ ਹੈ। ਫਸਲ ਨੂੰ ਪਾਣੀ ਦੀ ਪ੍ਰਾਪਤੀ ਜ਼ਮੀਨ ਵਿਚਲੇ ਪਾਣੀ ਦੀ ਕੁੱਲ ਮਾਤਰਾ 'ਤੇ ਨਹੀਂ ਸਗੋਂ ਜ਼ਮੀਨ ਦੀ ਪਾਣੀ ਨੂੰ ਖਿੱਚਣ ਦੀ ਮਾਤਰਾ (ਸਕਸ਼ਨ) 'ਤੇ ਨਿਰਭਰ ਕਰਦੀ ਹੈ। ਕਿਸੇ ਵੀ ਇਕ ਸਕਸ਼ਨ 'ਤੇ ਜ਼ਮੀਨ ਵਿਚਲੇ ਕੁੱਲ ਪਾਣੀ ਦੀ ਮਾਤਰਾ ਭਾਰੀਆਂ ਮਿੱਟੀਆਂ ਵਿਚ ਮੈਰਾ ਜਾਂ ਰੇਤਲੀਆਂ ਜ਼ਮੀਨਾਂ ਨਾਲੋਂ ਜ਼ਿਆਦਾ ਹੋਵੇਗੀ। ਫ਼ਸਲ ਦੀ ਸਿੰਚਾਈ ਲਈ ਢੁੱਕਵਾਂ ਸਮਾਂ ਪਤਾ ਕਰਨ ਲਈ ਇਹ ਵਿਧੀ ਹਰ ਤਰਾਂ੍ਹ ਦੀਆਂ ਜ਼ਮੀਨਾਂ ਵਾਸਤੇ ਲਾਹੇਵੰਦ ਹੈ। ਟੈਂਸ਼ੀਓਮੀਟਰ ਸੈਰਾਮਿਕ ਕੱਪ ਪਾਰਦਰਸ਼ੀ ਟਿਊਬ ਅਤੇ ਗੇਜ਼ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਇਕ ਸਾਧਾਰਨ ਯੰਤਰ ਹੈ। ਬਰੀਕ ਮੁਸਾਮਾਂ ਵਾਲੇ ਸੈਰਾਮਿਕ ਕੱਪ ਨੂੰ ਪਾਰਦਰਸ਼ੀ ਟਿਊਬ ਰਾਹੀਂ ਗੇਜ਼ ਨਾਲ ਜੋੜ ਕੇ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਯੰਤਰ ਵਿਚਲਾ ਪਾਣੀ ਬਰੀਕ ਸੁਰਾਖਾਂ ਵਾਲੇ ਕੱਪ ਰਾਹੀਂ ਆਲੇ ਦੁਆਲੇ ਦੀ ਮਿੱਟੀ ਨਾਲ ਸੰਤੁਲਨ ਵਿਚ ਰਹਿੰਦਾ ਹੈ। ਜਿਉਂ-ਜਿਉਂ ਮਿੱਟੀ ਵਿਚ ਪਾਣੀ ਘਟਦਾ ਹੈ, ਤਿਉਂ-ਤਿਉਂ ਯੰਤਰ ਵਿਚਲਾ ਪਾਣੀ ਮਿੱਟੀ ਵਿਚ ਚਲਿਆ ਜਾਂਦਾ ਹੈ ਅਤੇ ਸਿੱਟੇ ਵਜੋਂ ਪੈਦਾ ਹੋਈ ਸਕਸ਼ਨ ਗੇਜ਼ 'ਤੇ ਪੜ੍ਹੀ ਜਾ ਸਕਦੀ ਹੈ। ਟੈਂਸ਼ੀਓਮੀਟਰ ਨੂੰ ਮਿੱਟੀ ਵਿਚ ਲਗਾਉਣ ਲਈ ਯੰਤਰ ਦੇ ਬਰਾਬਰ ਦੀ ਮੋਟਾਈ ਵਾਲੀ ਟਿਊਬ ਨੂੰ ਧਰਤੀ ਵਿਚ 15-20 ਸੈਂਟੀਮੀਟਰ ਤੱਕ ਗੱਡ ਕੇ ਲੰਬਾ ਸੁਰਾਖ ਬਣਾ ਲਿਆ ਜਾਂਦਾ ਹੈ। ਸੁਰਾਖ ਵਿਚ ਮਿੱਟੀ ਦਾ ਘੋਲ ਪਾਉਣ ਉਪਰੰਤ ਟੈਂਸ਼ੀਓਮੀਟਰ ਨੂੰ ਇਸ ਸੁਰਾਖ ਵਿਚ ਇਸ ਤਰਾਂ੍ਹ ਰੱਖ ਦਿੱਤਾ ਜਾਂਦਾ ਹੈ ਕਿ ਯੰਤਰ ਹੇਠਲਾ ਕੱਪ ਘੋਲ ਤੱਕ ਡੂੰਘਾ ਚਲਿਆ ਜਾਵੇ। ਪਾਣੀ ਨੂੰ ਸੁਰਾਖ ਵਿਚ ਜਾਣ ਤੋਂ ਰੋਕਣ ਲਈ ਯੰਤਰ ਦੇ ਆਲੇ ਦੁਆਲੇ ਦੀ ਥਾਂ ਨੂੰ ਮਿੱਟੀ ਦੇ ਘੋਲ ਨਾਲ ਭਰ ਦਿੱਤਾ ਜਾਂਦਾ ਹੈ। ਮਿੱਟੀ ਵਿਚਲੀ ਸਕਸ਼ਨ ਜਾਣਨ ਲਈ ਯੰਤਰ ਨੂੰ ਸਵੇਰੇ ਸੂਰਜ ਚੜ੍ਹਨ ਉਪਰੰਤ ਪੜ੍ਹ ਕੇ ਗੇਜ਼ ਦੀ ਪੜ੍ਹਤ 150 ਸੈਂਟੀਮੀਟਰ ਤੱਕ ਪਹੁੰਚਣ 'ਤੇ ਹੀ ਪਾਣੀ ਲਾਇਆ ਜਾਂਦਾ ਹੈ। ਜਦੋਂ ਪਾਰਦਰਸ਼ੀ ਟਿਊਬ ਵਿਚਲੇ ਪਾਣੀ ਦੀ ਸਤਹਿ ਦੋ ਸੈਂਟੀਮੀਟਰ ਹੇਠਾਂ ਚਲੀ ਜਾਵੇ ਤਾਂ ਉਸ ਨੂੰ ਮੁੜ ਤੋਂ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਕਿਸਾਨ ਵੀਰਾਂ ਦੀ ਸਹੂਲਤ ਲਈ ਵਿਗਿਆਨੀਆਂ ਨੇ ਗੇਜ਼ ਦੀ ਥਾਂ 'ਤੇ ਦੋ ਰੰਗਾਂ ਵਾਲੀ ਪੱਟੀ ਦਾ ਪ੍ਰਯੋਗ ਕੀਤਾ ਹੈ। ਜਦ ਕਿ ਟੈਂਸ਼ੀਓਮੀਟਰ ਦੇ ਅੰਦਰਲੀ ਛੋਟੀ ਨਾਲ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਵਿਚ ਰਹਿੰਦਾ ਹੈ ਤਾਂ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਅਤੇ ਪਾਣੀ ਦਾ ਪੱਧਰ ਹਰੀ ਤੋਂ ਪੀਲੀ ਪੱਟੀ ਵਿਚ ਆਉਣ 'ਤੇ ਹੀ ਪਾਣੀ ਲਾਉਣਾ ਚਾਹੀਦਾ ਹੈ। ਟੈਂਸ਼ੀਓਮੀਟਰ ਇਕ ਬਹੁਤ ਹੀ ਉਪਯੋਗੀ ਉਪਕਰਨ ਹੈ। ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਇਸ ਦੀ ਵਰਤੋਂ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ।
ਬੈਡਾਂ (ਪਟੜਿਆਂ) 'ਤੇ ਬਿਜਾਈ-ਭਾਰੀਆਂ ਜ਼ਮੀਨਾਂ ਵਿਚ ਝੋਨੇ ਨੂੰ ਬੈਡਾਂ 'ਤੇ ਲਾਉਣ ਨਾਲ 25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਕਣਕ ਦੀ ਬੈਡਾਂ 'ਤੇ ਬਿਜਾਈ ਕਰਨ ਵਾਲੀ ਮਸ਼ੀਨ ਨਾਲ ਬੈਡ ਬਣਾ ਕੇ ਝੋਨੇ ਦੀ 30 ਦਿਨ ਦੀ ਪਨੀਰੀ ਦੀਆਂ ਦੋ ਕਤਾਰਾਂ ਵਿਚ ਬੂਟੇ ਤੋਂ ਬੂਟੇ ਦਾ ਨੌਂ ਸੈਂਟੀਮੀਟਰ ਫਾਸਲਾ ਰੱਖ ਕੇ ਵੱਟਾਂ ਦੀ ਢਲਾਣ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਵਿਧੀ ਨਾਲ ਪਾਣੀ ਦੀ ਬੱਚਤ ਦੇ ਨਾਲ ਨਾਲ ਝੋਨੇ ਦੀ ਫ਼ਸਲ ਤੋਂ ਪੂਰਾ ਝਾੜ ਵੀ ਲਿਆ ਜਾ ਸਕਦਾ ਹੈ। ਝੋਨੇ ਦੀ ਸਿੱਧੀ ਬਿਜਾਈ-ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰੋ। ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਲੋਹੇ ਦੀ ਘਾਟ ਆ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਖ 8-10 ਕਿੱਲੋ ਬੀਜ ਪ੍ਰਤੀ ਏਕੜ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਜਾਂ ਪੀ ਏ ਯੂ ਲੱਕੀ ਡਰਿਲ ਨਾਲ ਕੀਤੀ ਜਾ ਸਕਦੀ ਹੈ।
ਸਿਆੜਾਂ ਵਿਚ ਫਾਸਲਾ ਅੱਠ ਇੰਚ ਦਾ ਰੱਖੋ। ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਲਈ 2 ਦਿਨਾਂ ਦੇ ਅੰਦਰ-ਅੰਦਰ ਸਟੌਂਪ 30 ਈ ਸੀ (ਪੈਂਡੀਮੇਥਲਿਨ) ਇਕ ਲੀਟਰ ਪ੍ਰਤੀ ਏਕੜ ਅਤੇ ਬਿਜਾਈ ਤੋਂ 20-25 ਦਿਨ ਬਾਅਦ ਨੋਮਨੀਗੋਲਡ 10 ਐਸ ਸੀ 100 ਮਿ.ਲੀ ਪ੍ਰਤੀ ਏਕੜ ਜਾਂ ਸੈਗਾਮੈਂਟ 50 ਡੀ ਐਫ (ਅਜ਼ਿਮਸਲਫੂਰਾਨ) 16 ਗ੍ਰਾਮ ਏਕੜ ਦੇ ਹਿਸਾਬ ਨਾਲ 30 ਦਿਨਾਂ ਬਾਅਦ ਸਪਰੇਅ ਕਰੋ।
ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਦੀ ਸਾਰੀ ਜ਼ਮੀਨ ਨੂੰ 4 ਹਿੱਸਿਆਂ ਵਿਚ ਫ਼ਸਲਾਂ ਦੀ ਕਾਸ਼ਤ ਮੁਤਾਬਕ ਵੰਡਿਆ ਜਾ ਸਕਦਾ ਹੈ। ਜਿਵੇਂ ਕਿ ਗੰਨੇ ਦੀ ਕਾਸ਼ਤ ਲਈ, ਦਾਲਾਂ ਸਬਜ਼ੀਆਂ ਦੀ ਕਾਸ਼ਤ ਲਈ, ਨਰਮੇ, ਕਪਾਹ ਦੀ ਕਾਸ਼ਤ ਲਈ ਅਤੇ ਝੋਨੇ ਦੀ ਕਾਸ਼ਤ ਲਈ। ਜਿੱਥੋਂ ਤੱਕ ਹੋ ਸਕੇ ਝੋਨੇ ਦੀ ਕਾਸ਼ਤ ਕੇਵਲ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ। ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਅੱਜ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਾਣੀ ਦੇ ਸੋਮਿਆਂ ਦੀ ਸੁਚੱਜੀ ਵਰਤੋਂ ਯਕੀਨੀ ਹੋਵੇ। ਕਿਸਾਨ ਵੀ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸੁਚੱਜੀ ਵਰਤੋਂ ਲਈ ਉਪਰੋਕਤ ਦਿੱਤੀਆਂ ਤਕਨੀਕਾਂ ਦੀ ਵਰਤੋਂ ਕਰਨ ਤਦ ਹੀ ਪਾਣੀ ਦੇ ਸੰਕਟ ਨਾਲ ਨਿਬੜਿਆ ਜਾ ਸਕਦਾ ਹੈ। (ਸਮਾਪਤ)


-ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ।
ਸੰਪਰਕ : 01822-232543

ਖੂਹ

ਪੀ ਜਿਹਨਾਂ ਦਾ ਪਾਣੀ ਰਾਜ਼ੀ ਹੋ ਜਾਂਦੀ ਸੀ ਰੂਹ।
ਦੂਰ ਦੂਰ ਤੱਕ ਦਿਸਦੇ ਨਾ ਹੁਣ ਟਿੰਡਾਂ ਵਾਲੇ ਖੂਹ।
ਠੰਢਾ, ਮਿੱਠਾ, ਸ਼ਰਬਤ ਵਰਗਾ ਸੀ ਜਿਨ੍ਹਾਂ ਦਾ ਪਾਣੀ,
ਪੀ ਕੇ ਪਿਆਸ ਬੁਝਾਉਂਦੇ ਪਸ਼ੂ, ਪੰਛੀ ਅਤੇ ਪ੍ਰਾਣੀ,
ਆਉਂਦੇ ਜਾਂਦੇ ਰਾਹੀ ਆਪਣਾ ਧੋਂਦੇ ਸੀ ਹੱਥ ਮੂੰਹ,
ਦੂਰ ਦੂਰ....।
ਇਨ੍ਹਾਂ ਖੂਹਾਂ ਦੇ ਸਦਕਾ ਸਨ ਫ਼ਸਲਾਂ ਹਰੀਆਂ ਭਰੀਆਂ,
ਕਣਕ, ਜਵਾਰ, ਬਾਜ਼ਰਾ, ਮੱਕੀ ਉੱਚੀਆਂ ਲੰਮੀਆਂ ਚਰ੍ਹੀਆਂ,
ਸਵਰਗਾਂ ਦਾ ਨਜ਼ਾਰਾ ਮਿਲਦਾ ਸੀ ਗਾ ਹੂ-ਬਹੂ।
ਦੂਰ ਦੂਰ...।
ਖੇਤੀਬਾੜੀ ਦਾ ਅੰਗ ਜ਼ਰੂਰੀ ਖੂਹ ਸਨ ਹੋਇਆ ਕਰਦੇ,
ਤਪਦੇ ਹੋਏ ਖੇਤ ਇਹਨਾਂ ਦੇ ਪਾਣੀ ਨਾਲ ਸੀ ਠਰਦੇ,
ਹਰਿਆਈ ਦੇ ਅੰਗ-ਸੰਗ ਰਹਿੰਦੀ ਸੀ ਨਗਰ ਖੇੜੇ ਦੀ ਜੂਹ।
ਦੂਰ ਦੂਰ...।
ਦਿੰਦੀਆਂ ਨਹੀਂ ਸੁਣਾਈ ਕਿਧਰੇ ਟੱਲੀਆਂ ਦੀਆਂ ਟੁਣਕਾਰਾਂ,
ਨਾ ਹੀ ਭਰਦੀਆਂ ਪਾਣੀ ਖੂਹ ਤੋਂ ਘੜਿਆਂ ਵਿਚ ਮੁਟਿਆਰਾਂ,
ਸੱਭਿਆਚਾਰ ਪੁਰਾਣਾ ਨਹੀਂ ਹੁਣ ਹੁੰਦਾ ਰੂ-ਬਰੂ।
ਦੂਰ ਦੂਰ...।
ਭਰੇ ਰਹਿੰਦੇ ਸਨ ਪਾਣੀ ਦੇ ਨਾਲ ਖੂਹਾਂ ਦੇ ਚੁਬੱਚੇ,
ਖ਼ੁਸ਼ ਹੁੰਦੇ ਸੀ ਚੁੱਭੀਆਂ ਲਾ ਕੇ ਇਨ੍ਹਾਂ ਦੇ ਵਿਚ ਬੱਚੇ,
ਜਦੋਂ ਸਾੜਦੀ ਪਿੰਡੇ ਨੂੰ ਸੀ ਜੇਠ ਹਾੜ ਦੀ ਲੂ।
ਦੂਰ ਦੂਰ...।
ਇਹਨਾਂ ਖੂਹਾਂ ਕਾਰਨ ਸੀ ਬੜੀ ਵਿਰਸੇ ਵਿਚ ਅਮੀਰੀ,
ਜਿਸ ਤੋਂ ਹੈ ਅਣਜਾਣ 'ਬੱਗਿਆ' ਅੱਜਕਲ੍ਹ ਦੀ ਪਨੀਰੀ,
ਕਹੇ 'ਰਮੇਸ਼' ਵਿਰਾਸਤ ਸਾਡੀ ਹੋ ਗਈ ਮੰਤਰ ਛੂ।
ਦੂਰ ਦੂਰ ਤੱਕ ਦਿੱਸਦੇ ਨਾ ਹੁਣ ਟਿੰਡਾਂ ਵਾਲੇ ਖੂਹ।


-ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ.8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)। ਮੋਬਾਈਲ :9463132719.

ਲਿਫ਼ਾਫ਼ੇ ਤੇ ਵਾਤਾਵਰਨ

ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ। ਹਰ ਚੀਜ਼ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਹੀ ਮਿਲਦੀ ਸੀ, ਦੁੱਧ, ਦਹੀਂ, ਕੱਪੜੇ, ਆਟਾ, ਦਾਲ, ਕਿਤਾਬਾਂ ਇਥੋਂ ਤੱਕ ਕਿ ਗੋਲ ਗੱਪੇ ਵੀ। ਪਰ ਹੱਦ ਇਹ ਨਹੀਂ ਸੀ, ਹੱਦ ਤਾਂ ਇਹ ਸੀ ਕਿ ਲਿਫ਼ਾਫ਼ਾ ਵਰਤ ਕੇ ਅਸੀਂ ਉਸ ਨੂੰ ਲਾਪ੍ਰਵਾਹੀ ਨਾਲ ਸੁੱਟ ਦਿੰਦੇ ਸੀ। ਇਹ ਕੂੜਾ, ਨਾਲੀਆਂ, ਸੀਵਰ ਤੇ ਦਰਿਆਵਾਂ ਤੱਕ ਨੂੰ ਜਾਮ ਕਰ ਦਿੰਦਾ ਹੈ। ਹੋਰ ਤਾਂ ਹੋਰ ਇਹ ਲਿਫ਼ਾਫੇ ਪਸ਼ੂ ਵੀ ਖਾਣ ਲੱਗ ਪਏ ਕਿਉਂਕਿ ਇਹ ਕਿਸੇ ਨਾ ਕਿਸੇ ਖਾਧ ਪਦਾਰਥ ਨਾਲ ਲਿਬੜੇ ਹੁੰਦੇ ਹਨ। ਇਹ ਲਿਫ਼ਾਫ਼ੇ ਦੁਧਾਰੂ ਪਸ਼ੂਆਂ ਦੇ ਅੰਦਰ ਬੰਨ੍ਹ ਪਾ ਦਿੰਦੇ ਹਨ। ਹੁਣ ਦੇਸ਼ ਦੇ ਕਈ ਸੂਬਿਆਂ ਨੇ ਸਖਤੀ ਨਾਲ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਕਰ ਦਿੱਤੇ ਹਨ। ਹੁਣ ਕਾਗਜ਼ ਆਦਿ ਦੇ ਲਿਫ਼ਾਫ਼ੇ ਹੀ ਚੱਲਣਗੇ। ਆਮ ਘਰ ਜਾਂ ਦੁਕਾਨ ਦੀ ਲੋੜ ਲਈ ਇਹ ਥੋੜ੍ਹੇ ਜਿਹੇ ਗੂੰਦ, ਲੇਟੀ ਜਾਂ ਫੈਵੀਕੋਲ ਨਾਲ ਬਣਾਏ ਜਾ ਸਕਦੇ ਹਨ। ਕਿਸੇ ਵੀ ਵਰਗਾਕਾਰ ਜਾਂ ਚੌਰਸ ਕਾਗਜ਼ ਨੂੰ ਜੋੜ ਲਾ ਕੇ ਤੇ ਇਕ ਪਾਸੇ ਕਿਸ਼ਤੀ ਵਟ ਮਾਰ ਕੇ ਅੱਧੇ ਮਿੰਟ ਵਿਚ ਲਿਫ਼ਾਫ਼ਾ ਬਣਾਇਆ ਜਾ ਸਕਦਾ ਹੈ। ਇਸ ਕੰਮ ਲਈ, ਪੁਰਾਣੀਆਂ ਅਖ਼ਬਾਰਾਂ, ਰਸਾਲੇ, ਰਜਿਸਟਰ, ਅਣਵਿਕੀਆਂ ਕਿਤਾਬਾਂ ਜਾਂ ਹੋਰ ਕਾਗਜ਼ੀ ਰੱਦੀ ਤੋਂ ਮੁਫ਼ਤੋ-ਮੁਫ਼ਤੀ ਲਿਫ਼ਾਫ਼ੇ ਬਣਾਏ ਜਾ ਸਕਦੇ ਹਨ। ਗ਼ਰੀਬ ਲੋਕ ਜਾਂ ਘਰੇਲੂ ਔਰਤਾਂ, ਇਸ ਨੂੰ ਆਮਦਨ ਦਾ ਸਾਧਨ ਵੀ ਬਣਾ ਸਕਦੀਆਂ ਹਨ। ਇਹ ਵਾਤਾਵਰਨ ਨੂੰ ਬਚਾਉਣ ਵੱਲ ਇਕ ਕਦਮ ਵੀ ਹੋਵੇਗਾ।


-ਮੋਬਾ: 98159-45018

ਅਗਸਤ ਮਹੀਨੇ ਦੇ ਕਿਸਾਨਾਂ ਲਈ ਖੇਤੀ ਰੁਝੇਵੇਂ

ਮੱਕੀ : ਮੱਕੀ ਦੇ ਚੰਗੇ ਵਾਧੇ ਲਈ ਢੁਕਵੀਂ ਸਿੰਚਾਈ ਕਰਨੀ ਜ਼ਰੂਰੀ ਹੈ। ਜ਼ਿਆਦਾ ਦੇਰ ਤੱਕ ਪਾਣੀ ਖੜ੍ਹਾ ਮੱਕੀ ਦੀ ਫ਼ਸਲ ਸਹਾਰ ਨਹੀਂ ਸਕਦੀ। ਇਸ ਲਈ ਵਾਧੂ ਖੜ੍ਹਾ ਪਾਣੀ ਖੇਤ ਵਿਚੋਂ ਬਾਹਰ ਕੱਢ ਦਿਓ। ਇਸ ਨਾਲ ਫ਼ਸਲ ਤੇ ਤਣਾ ਗਲਣ ਦਾ ਰੋਗ ਵੀ ਘੱਟ ਲਗਦਾ ਹੈ। ਖੜ੍ਹੇ ਪਾਣੀ ਦਾ ਨੁਕਸਾਨ ਨਜ਼ਰ ਆਵੇ ਤਾਂ 3 ਫੀਸਦੀ ਯੂਰੀਆ ਘੋਲ ਦੇ ਦੋ ਛਿੜਕਾਅ ਹਫ਼ਤੇ ਦੇ ਫਰਕ 'ਤੇ ਕਰਨ ਨਾਲ ਜਾਂ ਵਾਧੂ ਨਾਈਟ੍ਰੋਜਨ 12-24 ਕਿਲੋ (25-50 ਕਿਲੋ ਯੂਰੀਆ) ਪ੍ਰਤੀ ਏਕੜ ਪਾਉਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਪੀ.ਐਮ.ਐਚ.-1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਨੂੰ 37 ਕਿਲੋ ਯੂਰੀਆ ਦੀ ਅਖੀਰਲੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਰ ਪੈਣ 'ਤੇ ਪਾ ਦਿਓ ਪਰ ਪੀ.ਐਮ.ਐਚ. 2/ਕੇਸਰੀ/ਪਰਲ ਪਾਪਕੌਰਨ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਪੱਤਿਆਂ ਦੇ ਝੁਲਸ ਰੋਗ ਦੀ ਰੋਕਥਾਮ ਲਈ ਫ਼ਸਲ 'ਤੇ ਇੰਡੋਫਿਲ ਐਮ-45, 200 ਗ੍ਰਾਮ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ। ਮੱਕੀ ਦੇ ਗੜੂੰਏਂ ਦੀ ਰੋਕਥਾਮ ਲਈ ਫ਼ਸਲ 'ਤੇ 30 ਮਿ: ਲਿ: ਕੋਰਾਜ਼ਨ 18.5 ਤਾਕਤ ਨੂੰ 60 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਵੀ ਮੱਕੀ (ਪੀ.ਐਮ.ਐਚ.-1 ਜਾਂ ਪੀ.ਐਮ.ਐਚ.-2) ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦਾ ਝਾੜ ਜੂਨ ਵਿਚ ਬੀਜੀ ਫ਼ਸਲ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ। ਬਿਜਾਈ ਕਤਾਰਾਂ ਵਿਚ 60 ਸੈਂ: ਮੀ: ਦੂਰੀ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂ: ਮੀ: ਰੱਖ ਕੇ ਕਰੋ। ਬਿਜਾਈ ਪੱਧਰੀ ਜਾਂ ਵੱਟਾਂ ਦੇ ਇਕ ਪਾਸੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋ। ਇਸ ਫ਼ਸਲ ਨੂੰ ਖਾਦਾਂ ਸਾਉਣੀ ਦੀ ਮੱਕੀ ਵਾਲੀਆਂ ਹੀ ਪਾਓ।
ਕਮਾਦ : ਕਮਾਦ ਦੀ ਫ਼ਸਲ ਡਿਗਣ ਤੋਂ ਰੋਕਣ ਲਈ ਅਗਸਤ ਦੇ ਅਖੀਰ ਤੱਕ ਫ਼ਸਲ ਦੇ ਮੂੰਏਂ ਬੰਨ੍ਹ ਦਿਓ। ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਤੇ ਕਮਾਦ 'ਤੇ ਲੋਹੇ ਤੱਤ ਦੀ ਘਾਟ ਆਮ ਤੌਰ 'ਤੇ ਆ ਜਾਂਦੀ ਹੈ, ਜਿਸ ਦੀਆਂ ਨਿਸ਼ਾਨੀਆਂ ਨਵੇਂ ਪੱਤਿਆਂ 'ਤੇ ਦਿਖਾਈ ਦਿੰਦੀਆਂ ਹਨ। ਨਵੇਂ ਪੱਤੇ ਆਮ ਤੌਰ 'ਤੇ ਪੀਲੇ ਜਾਂ ਚਿੱਟੇ ਰੰਗ ਦੇ ਨਜ਼ਰ ਆਉਂਦੇ ਹਨ। ਇਸ ਤੱਤ ਦੀ ਘਾਟ 1 ਫੀਸਦੀ ਫੈਰਸ ਸਲਫੇਟ (1 ਕਿਲੋ ਫੈਰਸ ਸਲਫੇਟ/100 ਲਿਟਰ ਪਾਣੀ) ਦੇ ਛਿੜਕਾਅ ਕਰਨ ਨਾਲ ਹੀ ਪੂਰੀ ਕਰ ਸਕਦੇ ਹਾਂ। ਹਫ਼ਤੇ ਦੇ ਵਕਫ਼ੇ 'ਤੇ 2-3 ਛਿੜਕਾਅ ਕਰੋ। ਵੱਖਰੀ-ਵੱਖਰੀ ਤਰ੍ਹਾਂ ਦੇ ਗੜੂੰਏਂ ਅਤੇ ਖਾਸ ਕਰਕੇ ਗੁਰਦਾਸਪੁਰੀ ਗੜੂੰਏਂ ਤੋਂ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਇਹ ਕੰਮ ਹਫ਼ਤੇ ਦੇ ਵਕਫੇ 'ਤੇ ਕਰਦੇ ਰਹੋ ਤਾਂ ਜੋ ਗੜੂੰਆਂ ਫ਼ਸਲ 'ਤੇ ਅਸਰ ਨਾ ਕਰ ਸਕੇ। ਤਣੇ ਦੇ ਗੜੂੰਏਂ ਦੀ ਰੋਕਥਾਮ ਲਈ ਮਿੱਤਰ ਕੀੜਾ, ਟਰਾਈਕੋਗਰਾਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫ਼ੇ 'ਤੇ 10 ਤੋਂ 12 ਵਾਰ ਖੇਤ ਵਿਚ ਛੱਡੋ। ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ: ਲਿ: ਕਲੋਰਪਾਇਰੀਫਾਸ 10 ਈ.ਸੀ. 400 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਵਿਰਸੇ ਦੀਆਂ ਬਾਤਾਂ

ਮੀਂਹ ਪੈਣੇ ਹੁਣ ਸ਼ੁਰੂ ਹੋ ਗਏ, ਮੌਸਮ ਲੱਗੇ ਪਿਆਰਾ

ਮੀਂਹ ਸ਼ੁਰੂ ਹੋ ਗਏ ਨੇ, ਕਿੰਨੀ ਉਡੀਕ ਕੀਤੀ ਇਨ੍ਹਾਂ ਦੀ। ਮੌਨਸੂਨ ਪੌਣਾਂ ਆਉਣਗੀਆਂ। ਹੁਣ ਇਕ ਹਫ਼ਤਾ ਦੇਰੀ ਨਾਲ ਆਉਣਗੀਆਂ। ਹੁਣ ਤਿੰਨ ਦਿਨ ਦੇਰੀ ਨਾਲ ਹਨ। ਵਕੀਲਾਂ ਦੀਆਂ ਤਰੀਕਾਂ ਵਾਂਗ ਮੌਸਮ ਵਿਭਾਗ ਕਹਿੰਦਾ ਰਿਹਾ। ਪਰ ਪੰਜਾਬ ਦੇ ਕਈ ਹਿੱਸਿਆਂ ਵਿਚ ਚੰਗਾ ਤੇ ਕਈਆਂ ਵਿਚ ਦਰਮਿਆਨਾ ਮੀਂਹ ਹੁਣ ਤੱਕ ਪੈ ਚੁੱਕਾ। ਆਸ ਹੈ ਐਤਕੀਂ ਮੀਂਹ ਚੰਗਾ ਪਵੇਗਾ। ਤਪਦੀ ਗ਼ਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਲੱਗੀ ਹੈ। ਤਾਪਮਾਨ ਜਦੋਂ ਪੰਤਾਲੀ ਤੋਂ ਸੰਤਾਲੀ ਡਿਗਰੀ ਤੱਕ ਪਹੁੰਚ ਕੇ ਪਿੰਡਾ ਸਾੜਦਾ ਹੋਵੇ ਤਾਂ ਮੀਂਹ ਦੀ ਉਡੀਕ ਕਿਉਂ ਨਾ ਹੋਵੇ। ਬਚਪਨ ਯਾਦ ਆਉਂਦਾ ਹੈ। ਜਦੋਂ ਬੱਦਲਵਾਈ ਦੇਖ ਨਿੱਕਰਾਂ ਪਾ ਗਲੀਆਂ 'ਚ ਦੁੜੰਗੇ ਲਾਉਂਦੇ ਆਖਦੇ ਸਾਂ, 'ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰ੍ਹਾਦੇ ਜ਼ੋਰੋ ਜ਼ੋਰ।' ਹੁਣ ਉਦੋਂ ਵਾਂਗ ਨਾ ਕਾਲੀ ਘਟਾ ਚੜ੍ਹਦੀ ਹੈ, ਨਾ ਝੜੀਆਂ ਲੱਗਦੀਆਂ ਹਨ। ਪਰ ਮੀਂਹ ਦੇਖ ਉਹ ਵੇਲਾ ਜ਼ਰੂਰ ਚੇਤੇ ਆ ਜਾਂਦਾ। ਹੁਣ ਨਿਆਣਿਆਂ ਨੂੰ ਕਿਹਾ ਜਾਂਦਾ, 'ਬੱਚੇ ਬਾਰਿਸ਼ ਮੇਂ ਨਹੀਂ ਜਾਨਾ, ਬਿਮਾਰ ਹੋ ਜਾਓਗੇ।' ਇਕ ਅਸੀਂ ਸਾਂ, ਜਿਨ੍ਹਾਂ ਨੂੰ ਮੀਂਹ 'ਚ ਨਾ ਨਹਾਉਣ ਦਿੱਤਾ ਤਾਂ ਰੋ-ਰੋ ਬਿਮਾਰ ਹੋ ਜਾਂਦੇ ਸਾਂ।
ਸਭ ਕੁਝ ਬਦਲ ਗਿਆ। ਇਸ ਤਸਵੀਰ ਨੂੰ ਦੇਖ ਕਿੰਨਾ ਕੁਝ ਚੇਤੇ ਆ ਗਿਆ। ਰੁੰਡ-ਮਰੁੰਡ ਦਰੱਖਤ ਵੀ ਜਿਵੇਂ ਬੱਦਲਾਂ ਦੇ ਵਰ੍ਹਣ ਦੀ ਉਡੀਕ ਕਰ ਰਿਹਾ ਹੋਵੇ। ਜਿਵੇਂ ਆਖਦਾ ਹੋਵੇ, 'ਕਰੋ ਕ੍ਰਿਪਾ ਜਨਾਬ, ਅਸੀਂ ਵੀ ਉਡੀਕਵਾਨ ਹਾਂ। ਥੋਡੇ ਬਿਨਾਂ ਸਾਡੀ ਵੀ ਕੀ ਗਤੀ ਹੈ। ਮਨੁੱਖ ਨੇ ਤਾਂ ਪਾਣੀ ਦੇਣਾ ਬੰਦ ਕਰ ਦਿੱਤਾ, ਹੁਣ ਥੋਡੇ 'ਤੇ ਹੀ ਆਸ ਹੈ।'
ਪੰਜਾਬ 'ਚ ਝੋਨਾ ਹੱਦੋਂ ਵੱਧ ਲੱਗਦਾ ਹੋਣ ਕਰਕੇ ਮੀਂਹ ਦੀ ਹੋਰ ਵੀ ਲੋੜ ਰਹਿਣ ਲੱਗੀ ਹੈ। ਧਰਤੀ ਹੇਠਲਾ ਪਾਣੀ ਮੁੱਕ ਰਿਹਾ। ਜੇ ਮੀਂਹ ਪੈਂਦਾ ਰਹੇ ਤਾਂ ਮੋਟਰਾਂ ਧਰਤੀ ਦੀ ਹਿੱਕ ਵਿਚੋਂ ਪਾਣੀ ਨਾ ਖਿੱਚਣ। ਮਹਿੰਗੇ ਭਾਅ ਦਾ ਡੀਜ਼ਲ ਨਾ ਫੂਕਣਾ ਪਵੇ।
ਪਿਛਲੇ ਦਿਨੀਂ ਇਕ ਸੱਜਣ ਨੇ ਆਖਿਆ, 'ਹੁਣ ਮੀਂਹ ਤਾਂ ਨਹੀਂ ਪੈਂਦੇ, ਕਿਉਂਕਿ ਲੋਕ ਜੱਗ ਨਹੀਂ ਕਰਦੇ, ਗੁੱਡੀਆਂ ਨਹੀਂ ਫੂਕਦੇ।' ਉਹਦੀ ਸੋਚ 'ਤੇ ਹੈਰਾਨੀ ਹੋਈ। ਹੁਣ ਤਾਂ ਲੋਕ ਜਿਊਂਦੀਆਂ ਜਾਗਦੀਆਂ ਗੁੱਡੀਆਂ ਫੂਕਣ ਲੱਗ ਗਏ ਨੇ। ਏਦਾਂ ਮੀਂਹ ਨਹੀਂ ਪੈਂਦੇ। ਜਿਹੜੇ ਸੂਬਿਆਂ ਵਿਚ ਹਾਲੇ ਵੀ ਔਰਤਾਂ ਨੂੰ ਮਰਦਾਂ ਨਾਲ ਮਰਨ ਵਾਸਤੇ ਮਜਬੂਰ ਕੀਤਾ ਜਾਂਦਾ, ਉਥੇ ਤਾਂ ਫਿਰ ਹੜ੍ਹ ਹੀ ਆਏ ਰਹਿਣ।'
ਰੁੱਤਾਂ ਬਦਲ ਗਈਆਂ, ਪਰ ਮਨੁੱਖ ਅਗਿਆਨੀ ਸੋਚ ਨਹੀਂ ਬਦਲੀ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋਬਾ: 98141-78883

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX