ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ : ਚਿੰਤਾਮੁਕਤ ਅਭਿਨੇਤਰੀ

'ਕਿੱਕ', 'ਜੁੜਵਾ-2' ਕਾਮਯਾਬ ਫ਼ਿਲਮਾਂ ਵਾਲੀ ਸ੍ਰੀਲੰਕਨ ਤੇ ਹੁਣ ਬੀ-ਟਾਊਨ ਦੀ ਸਟਾਰ ਨਾਇਕਾ ਜੈਕਲਿਨ ਫਰਨਾਂਡਿਜ਼ ਰੋਜ਼ ਹੀ ਉਠਦੇ-ਸਾਰ ਆਪਣੇ ਫੋਨ 'ਤੇ 'ਸੋਸ਼ਲ ਐਪਸ' ਦੀ ਵਰਤੋਂ ਕਰਦੀ ਹੈ। ਨਵਾਂ ਵੀਡੀਓ ਜੈਕੀ ਨੇ ਪਾਇਆ ਹੈ ਜਿਸ 'ਚ ਐਤਵਾਰ ਨੂੰ ਵੀ ਉਹ ਘਰੇ ਆਰਾਮ ਕਰਨ ਦੀ ਥਾਂ ਕੰਮ ਕਰ ਰਹੀ ਹੈ। 'ਅਲਾਦੀਨ' ਤੋਂ 'ਡਰਾਈਵ' ਤੱਕ ਪਹੁੰਚੀ ਇਹ ਨਾਇਕਾ ਪ੍ਰਭਾਵ ਦੇ ਰਹੀ ਹੈ ਕਿ ਕੰਮ ਹੀ ਪੂਜਾ ਹੈ। ਆਰਾਮ-ਹਰਾਮ ਹੈ। ਇਧਰ ਉਸ ਦੀ ਤੈਰਾਕੀ ਪਹਿਰਾਵੇ 'ਚ ਆਈ ਤਸਵੀਰ ਨੇ ਧੁੰਮਾਂ ਪਾਈਆਂ ਹੋਈਆਂ ਹਨ। 'ਟਿਕ-ਟਾਕ' ਬਿਨਾਂ ਉਸ ਦੀ ਜ਼ਿੰਦਗੀ ਅਧੂਰੀ ਹੈ। 'ਆਓ! ਸਜ-ਧਜ ਚੱਲੀਏ' ਕੈਪਸ਼ਨ ਦੇ ਕੇ ਉਹ 'ਲਾਈਵ' ਹੋਈ ਹੈ ਤੇ ਘੱਟ ਤੋਂ ਘੱਟ ਦੋ ਕਰੋੜ ਦੇ ਕਰੀਬ ਕੁਮੈਂਟ ਇਹੀ ਸਨ ਕਿ ਐਸ਼ ਤੇ ਕੰਮ। ਮਸਤੀ 'ਤੇ ਰੂਪ ਸੱਜਾ ਸਭ ਕੁਝ ਜੈਕਲਿਨ ਤੋਂ ਸਿੱਖਣ ਵਾਲਾ ਕਾਮਯਾਬ ਹੈ। ਖ਼ਬਰ ਸੀ ਕਿ ਜੈਕਲਿਨ ਨੇ ਆਖਿਰ ਉਰਦੂ 'ਤੇ ਮੁਹਾਰਤ ਪਾ ਹੀ ਲਈ ਹੈ। ਬਿਲਕੁਲ ਸੱਚ ਹੈ। ਪ੍ਰਭਾਸ਼ ਨੇ 'ਸਾਹੋ' 'ਚ ਜੈਕਲਿਨ 'ਤੇ ਇਕ ਗੀਤ ਪਾਇਆ ਹੈ। 300 ਕਰੋੜ ਦੇ ਬਜਟ ਵਾਲੀ ਇਹ ਫ਼ਿਲਮ ਮੋਟੀ ਰਕਮ, ਮਸ਼ਹੂਰੀ ਤੇ ਇਕ ਹੋਰ ਫ਼ਿਲਮ ਖਾਤੇ 'ਚ ਜੈਕਲਿਨ ਨੂੰ ਦੇਵੇਗੀ। ਮਨੋਜ ਵਾਜਪਾਈ ਨਾਲ ਵੈੱਬ ਲੜੀ 'ਮਿਸਿਜ਼ ਸੀਰੀਅਲ ਕਿੱਲਰ' ਕਰਨ ਵਾਲੀ ਜੈਕੀ ਦੀ ਨਜ਼ਰ ਹੁਣ ਫ਼ਿਲਮ 'ਅਰਥ' ਦੇ ਰੀਮੇਕ 'ਤੇ ਹੈ। 1982 'ਚ ਆਈ ਮਹੇਸ਼ ਭੱਟ ਦੀ ਇਸ ਫ਼ਿਲਮ 'ਚ ਹੁਣ ਰੀਮੇਕ ਵਾਲੇ ਹਿੱਸੇ ਲਈ ਦੱਖਣ ਦੀ ਰੋਵਤੀ ਦੇ ਨਾਲ ਜੈਕੀ ਵੀ ਹੋਵੇਗੀ ਤੇ ਉਹ ਸਮਿਤਾ ਪਾਟਿਲ ਦਾ ਕਿਰਦਾਰ ਨਿਭਾਏਗੀ। ਇੰਸਟਾਗ੍ਰਾਮ 'ਤੇ 3 ਕਰੋੜ ਉਸ ਦੇ ਫਾਲੋਅਰਜ਼ ਹੋ ਗਏ ਹਨ। ਭਾਰਤ ਨੂੰ ਮਿਸਟਰ ਸੁਪਰ ਨੈਸ਼ਨਲ ਖਿਤਾਬ ਦਿਵਾ ਚੁੱਕੇ ਪ੍ਰਾਥਮੇਸ਼ ਨਾਲ ਵੀ ਜੈਕਲਿਨ ਦੇ ਨਵੀਂ ਫ਼ਿਲਮ ਕਰਨ ਦੀ ਖ਼ਬਰ ਹੈ। ਆਪਣੀ ਪਾਲਤੂ ਬਿੱਲੀ, 'ਮਿਆਊਂ ਮਿਆਊਂ' ਨਾਲ ਜੈਕਲਿਨ ਫਰਨਾਂਡਿਜ਼ ਸਮਾਂ ਬਤੀਤ ਕਰ ਪਿਆਰ ਦੇ ਲਮਹੇ ਹੀ ਮਹਿਸੂਸ ਕਰ ਰਹੀ ਹੈ। ਜੈਕੀ ਆਪਣੀਆਂ ਬਿੱਲੀਆਂ ਨਾਲ ਬਹੁਤ ਪਿਆਰ ਕਰਦੀ ਹੈ। ਕਈ ਵਾਰ ਚਮੜੀ ਦੀ ਸਮੱਸਿਆ ਹੁੰਦੀ ਹੈ ਪਰ ਜੈਕਲਿਨ ਅਨੁਸਾਰ ਇਹ ਖਾਨਦਾਨੀ ਹੈ ਤੇ ਇਹ ਉਸ ਨੂੰ ਆਪਣੀ ਮਾਂ ਤੋਂ ਮਿਲੀ ਹੈ। ਸਭ ਸਹੀ ਚੱਲ ਰਿਹਾ ਹੈ, ਭਵਿੱਖ ਦੀ ਤਾਂ ਉਸ ਨੂੰ ਚਿੰਤਾ ਹੀ ਨਹੀਂ ਹੈ।


ਖ਼ਬਰ ਸ਼ੇਅਰ ਕਰੋ

ਫ਼ਾਤਿਮਾ ਸਨਾ ਸ਼ੇਖ਼

ਦੁਨੀਆ ਦੋ ਧਾਰੀ

ਲੋਕ ਬਹੁਤ ਸਿਆਣੇ ਹਨ, ਘੱਟੋ-ਘੱਟ ਦੂਸਰਿਆਂ ਦੇ ਮਾਮਲੇ 'ਚ ਤਾਂ 'ਬੋਲਡ' ਫਾਤਿਮਾ ਸਨਾ ਸ਼ੇਖ ਨੇ ਆਪਣੀ ਨਵੀਂ ਤਸਵੀਰ ਨਾਲ ਲੋਕ ਨਾਰਾਜ਼ ਕਰ ਲਏ। ਲੋਕਾਂ ਨੇ ਕਿਹਾ ਕਿ ਧਾਰਮਿਕ ਦਿਨ ਦੇ ਮੌਕੇ ਫਾਤਿਮਾ ਦੀ 'ਬੋਲਡ' ਤਸਵੀਰ ਆਉਣੀ ਦਰਸਾ ਰਹੀ ਹੈ ਕਿ ਅਕਲ ਤੋਂ ਉਹ ਕੋਰੀ ਹੈ। 'ਦੰਗਲ' ਵਾਲੀ ਫਾਤਿਮਾ ਕੋਲ ਹੁਣ ਕੰਮ ਹੈ। 'ਭੂਤ ਪੁਲਿਸ' ਫ਼ਿਲਮ ਉਹ ਸੈਫ਼ ਅਲੀ ਖ਼ਾਨ ਨਾਲ ਕਰ ਰਹੀ ਹੈ। ਪਵਨ ਕ੍ਰਿਪਲਾਨੀ ਫਾਤਿਮਾ ਨੂੰ ਇਸ 'ਭੂਤ ਪੁਲਿਸ' 'ਚ ਨਿਰਦੇਸ਼ਿਤ ਕਰ ਰਹੇ ਹਨ। ਫਾਤਿਮਾ ਜਾਣਦੀ ਹੈ ਕਿ ਇਹ ਉਦਯੋਗ ਸਤਾਉਂਦਾ ਬਹੁਤ ਹੈ। ਖਾਹਮਖਾਹ ਪ੍ਰੇਸ਼ਾਨੀਆਂ ਦਿੰਦਾ ਹੈ। ਅਪਾਰਸ਼ਕਤੀ ਖੁਰਾਨਾ ਤੇ ਆਮਿਰ ਖ਼ਾਨ ਨਾਲ ਨਾਂਅ ਜੁੜਨ 'ਤੇ ਉਹ ਬੇਪ੍ਰਵਾਹ ਹੈ, ਕਿਉਂਕਿ ਜਾਣਦੀ ਹੈ ਕਿ ਇਹ ਸਭ ਉਸ ਦੀ ਦਿੱਖ ਖਰਾਬ ਕਰਨ ਦੀ ਗੱਲ ਹੈ। 'ਚਾਚੀ 420' ਤੋਂ ਚੱਲਣ ਵਾਲੀ ਫਾਤਿਮਾ ਨੇ ਕਿਹਾ ਸੀ ਕਿ ਉਸ ਨਾਲ ਵੀ ਸੋਸ਼ਣ ਕਰਨ ਦੀ ਕੋਸ਼ਿਸ਼ ਹੋਈ ਹੈ। ਫਿਰ ਵੀ ਉਹ ਇਸ ਦਾ ਖੁਲਾਸਾ ਨਹੀਂ ਕਰੇਗੀ। ਗੱਲ 'ਭੂਤ ਪੁਲਿਸ' ਫ਼ਿਲਮ ਦੀ ਤਾਂ ਫਾਤਿਮਾ ਇਸ ਨੂੰ ਭਾਰਤ ਦੀ ਪਹਿਲੀ ਡਰਾਉਣੀ ਕਾਮੇਡੀ ਫਰੈਂਚਾਈਨਜ਼ ਫ਼ਿਲਮ ਕਹਿ ਰਹੀ ਹੈ। ਫਾਕਸ ਸਟਾਰ ਦੀ 'ਭੂਤ ਪੁਲਿਸ', 'ਰਾਗਿਨੀ ਐਮ.ਐਮ.ਐਸ.' ਜਿਹੀ ਹੈ, ਫਾਤਿਮਾ ਨੇ ਉਦਾਹਰਨ ਦਿੱਤੀ ਹੈ। ਦੋ ਸਾਲ ਤੱਕ ਉਸ ਨੇ ਆਪਣਾ ਜਨਮ ਦਿਨ ਨਹੀਂ ਸੀ ਮਨਾਇਆ। ਕਾਰਨ ਚਿੰਤਾ ਸੀ ਪਰ ਜ਼ਾਹਿਰ ਨਹੀਂ ਕੀਤੀ। ਲੋਕਾਂ ਨੇ ਉਸ ਨੂੰ ਬਾਲੀਵੁੱਡ ਦੀ ਨਵੀਂ ਕੈਟਰੀਨਾ ਕੈਫ਼ ਤੱਕ ਕਿਹਾ ਪਰ ਫਾਤਿਮਾ ਦਾ ਜਵਾਬ ਸੀ ਕਿ ਇਹੀ ਲੋਕ ਨਾਸ਼ਤਾ ਕਿਸੇ ਧਾਰਮਿਕ ਦਿਨ ਕਰਦੇ ਹੋਏ, ਸੈਲਫ਼ੀ ਖਿੱਚ ਪਾ ਦੇਈਏ ਤਾਂ ਧਾਰਮਿਕ ਭਾਵਨਾਵਾਂ ਦੀ ਆੜ 'ਚ ਪ੍ਰੇਸ਼ਾਨ ਕਰਦੇ ਹਨ। ਦੁਨੀਆ ਦੇ ਦੋ ਰੰਗ ਹਨ। ਬਚ ਜਾਵੋ ਇਸ ਜ਼ਾਲਿਮ ਦੁਨੀਆ ਤੋਂ। 'ਦਬੰਗ', 'ਠੱਗਜ਼ ਆਫ਼ ਹਿੰਦੁਸਤਾਨ' ਤੇ ਹੁਣ 'ਭੂਤ ਪੁਲਿਸ' ਹੌਲੀ-ਹੌਲੀ ਹੀ ਸਹੀ ਉਹ ਆਪਣੇ ਰਸਤੇ 'ਤੇ ਕਾਮਯਾਬੀ ਦੀਆਂ ਪੈੜਾਂ ਦੇ ਨਿਸ਼ਾਨ ਛੱਡ ਰਹੀ ਹੈ। 'ਭੂਤ ਪੁਲਿਸ' ਕਰੇਗੀ ਨਵਾਂ ਕੁਝ ਉਸ ਦੇ ਕੈਰੀਅਰ 'ਚ ਤੇ ਫਾਤਿਮਾ ਸਨਾ ਸ਼ੇਖ਼ ਇਕ ਦਿਨ ਰੁੱਝੀ ਹੋਈ, ਸਟਾਰ ਅਭਿਨੇਤਰੀ ਅਖਵਾਏਗੀ। ਇਹ ਯਕੀਨ ਉਸ ਨੂੰ ਹੈ ਤੇ ਆਤਮ-ਵਿਸ਼ਵਾਸੀ ਲੋਕ ਕਾਮਯਾਬ ਪੱਕੇ ਹੁੰਦੇ ਹਨ।

ਜਾਨ ਅਬਰਾਹਮ

'ਮਾਚੋਮੈਨ' ਦਾ 'ਅਟੈਕ'

ਇਧਰ ਇਕ ਹੋਰ ਪੰਗਾ 'ਬਾਟਲਾ ਹਾਊਸ' ਫ਼ਿਲਮ ਦਾ ਪਿਆ ਹੋਇਆ ਹੈ। ਇਸ 'ਚ ਗੀਤ 'ਓ ਸਾਕੀ ਸਾਕੀ' ਨੂੰ ਲੈ ਕੇ ਵਾਵੇਲਾ ਮਚਿਆ ਹੋਇਆ ਹੈ। ਇਹ 15 ਸਾਲ ਪਹਿਲਾਂ ਆਈ 'ਮੁਸਾਫਿਰ' ਫ਼ਿਲਮ ਦੇ ਗਾਣੇ ਦਾ ਪੁਨਰ ਹਿੱਸਾ ਹੈ। ਪੁਰਾਣਾ ਗਾਣਾ ਵਿਸ਼ਾਲ ਸ਼ੇਖਰ ਦੇ ਸੰਗੀਤ 'ਚ ਸੀ ਤੇ ਇਹ ਕੋਇਨਾ ਮਿੱਤਰਾ 'ਤੇ ਫ਼ਿਲਮਾਇਆ ਗਿਆ ਸੀ। ਸੁਨਿਧੀ ਚੌਹਾਨ-ਸੁਖਵਿੰਦਰ ਸਿੰਘ ਦਾ ਗਾਇਆ ਹੋਇਆ ਸੀ। 'ਬਾਟਲਾ ਹਾਊਸ' ਦੇ ਗਾਣੇ ਦਾ ਨਵਾਂ ਹਿੱਸਾ ਕੋਇਨਾ ਨੂੰ ਪਸੰਦ ਨਹੀਂ। 'ਬਾਟਲਾ ਹਾਊਸ' 'ਚ ਜਾਨ ਅਬਰਾਹਮ ਹੈ। ਜਾਨ ਜੋ ਆਜ਼ਾਦੀ ਦਿਹਾੜੇ 'ਤੇ 'ਬਾਟਲਾ ਹਾਊਸ' ਲੈ ਕੇ ਅਗਲੇ ਸਾਲ ਤੱਕ, 'ਸਤਿਆਮੇਵ ਜਯਤੇ-2' ਲਿਆਉਣਾ ਚਾਹੁੰਦਾ ਹੈ ਪਰ 'ਸਾਕੀ' ਦੇ ਪੰਗੇ 'ਚ ਉਸ ਦੀ 'ਬਾਟਲਾ ਹਾਊਸ' ਫਸ ਗਈ ਹੈ। ਇਧਰ ਜਾਨ ਨੇ ਸਾਰਾ ਕੁਝ ਜੋ ਹੋਊ ਦੇਖਿਆ ਜਾਵੇਗਾ 'ਤੇ ਛੱਡ ਕੇ ਨਵੀਂ ਫ਼ਿਲਮ 'ਅਟੈਕ' ਪ੍ਰਾਪਤ ਕੀਤੀ ਹੈ। ਬਾਲੀਵੁੱਡ ਦੇ 'ਮਾਚੋਮੈਨ' ਜਾਨ ਅਬਰਾਹਮ ਨੇ ਨੋਰਾ ਫਤੇਹੀ ਨੂੰ ਕਿਸਮਤ ਦੀ ਪੁੜੀ ਕਿਹਾ ਹੈ। 'ਸਤਿਆਮੇਵ ਜਯਤੇ' ਤੋਂ ਬਾਅਦ 'ਬਾਟਲਾ ਹਾਊਸ' 'ਚ ਫਿਰ ਨੋਰਾ ਫਤੇਹੀ ਹੀ ਹੈ। 'ਬਾਟਲਾ ਹਾਊਸ' 'ਚ ਜਾਨ ਨੇ ਡੀ.ਸੀ.ਪੀ. ਸੰਜੀਵ ਕੁਮਾਰ ਦਾ ਕਿਰਦਾਰ ਅਦਾ ਕੀਤਾ ਹੈ। 19 ਸਤੰਬਰ, 2008 ਨੂੰ 'ਬਾਟਲਾ ਹਾਊਸ' ਮੁਕਾਬਲਾ ਸੰਜੀਵ ਨੇ ਹੀ ਕੀਤਾ ਸੀ। 'ਪਾਗਲਪੰਤੀ' ਵੀ ਜਾਨ ਕੋਲ ਹੈ। ਇਕ ਖੜਕੇ-ਦੜਕੇ ਵਾਲਾ ਦ੍ਰਿਸ਼ ਦਿੰਦਾ ਜਾਨ ਜ਼ਖ਼ਮੀ ਹੋ ਗਿਆ ਤੇ ਹੁਣ 20 ਦਿਨ ਦੇ ਡਾਕਟਰੀ ਆਰਾਮ ਦੇ ਹੁਕਮ ਨੇ ਤੇ 'ਸਾਕੀ' ਦੇ ਵਿਵਾਦ ਨੇ ਜਾਨ ਦੀ ਚਿੰਤਾ ਵਧਾਈ ਹੈ। 'ਸਤਿਆਮੇਵ ਜਯਤੇ' ਸੱਚ ਦੀ ਜਿੱਤ ਹੋਊ ਤੇ 'ਬਾਟਲਾ ਹਾਊਸ' ਸ਼ਾਨ ਨਾਲ ਆਏਗੀ, ਜਾਨ ਕਹਿ ਤਾਂ ਇਹੀ ਰਿਹਾ ਹੈ। ਅਕਸ਼ੈ ਕੁਮਾਰ ਦੀ 'ਮੰਗਲ ਮਿਸ਼ਨ' ਸਾਹਮਣੇ ਆਪਣੀ ਫ਼ਿਲਮ ਲਾਉਣ ਨੂੰ ਉਹ ਕੋਈ ਈਰਖਾ ਦਾ 'ਅਟੈਕ' ਨਹੀਂ ਮੰਨਦਾ, ਬਲਕਿ ਸੰਯੋਗ ਹੀ ਕਹਿੰਦਾ ਹੈ ਕਿ 'ਮਾਚੋਮੈਨ' ਦੀ 'ਪਾਗਲਪੰਤੀ' ਵੀ ਚੰਗੀ ਲੱਗਦੀ ਹੈ। ਵੈਸੇ ਵੀ ਕਾਮਯਾਬੀ ਦੇ ਰੱਥ 'ਤੇ ਜਾਨ ਅਬਰਾਹਮ ਸਵਾਰ ਹੈ, ਫਿਰ ਕਿਸੇ 'ਅਟੈਕ' ਦੀ ਕੀ ਪ੍ਰਵਾਹ?


-ਸੁਖਜੀਤ ਕੌਰ

ਐਮੀ ਜੈਕਸਨ

ਆਧੁਨਿਕਤਾ ਦੀ ਪ੍ਰਤੀਕ

ਜਾਰਜ ਪੀ. ਦੀ ਧਰਮਪਤਨੀ ਬਣ ਚੁੱਕੀ ਅਭਿਨੇਤਰੀ ਐਮੀ ਜੈਕਸਨ ਪਿਛਲੇ ਮਹੀਨੇ ਕੁੜਮਾਈ ਦੀ ਸ਼ਾਨਦਾਰ ਪਾਰਟੀ ਦੇ ਚੁੱਕੀ ਹੈ। ਹਾਲਾਂਕਿ ਐਮੀ ਦਾ ਵਿਆਹ 2020 'ਚ ਹੋਣਾ ਹੈ। ਪਾਰਟੀ ਤੋਂ ਬਾਅਦ ਐਮੀ ਰੋਮ ਗਈ ਤੇ ਉਥੇ ਕਿਸ਼ਤੀ 'ਚ ਬੈਠ ਕੇ ਚਿੱਟੇ ਰੰਗ ਦਾ ਪਹਿਰਾਵਾ ਉਹ ਵੀ ਤੰਗ ਪਹਿਨ ਕੇ ਉਸ ਨੇ 'ਤਸਵੀਰ' ਪੋਸਟ ਕਰ ਕੇ ਦਿਖਾਇਆ। ਤਾਮਿਲ ਫ਼ਿਲਮਾਂ ਨਾਲ ਅਭਿਨੈ ਖੇਤਰ 'ਚ ਆਈ ਐਮੀ ਨੇ 'ਏਕ ਦੀਵਾਨਾ ਥਾ', 'ਸਿੰਘ ਇਜ਼ ਬਲਿੰਗ', '...ਫਰੀਕੀ ਅਲੀ' ਆਦਿ ਫ਼ਿਲਮਾਂ ਕੀਤੀਆਂ ਹਨ। ਟਾਪਲੈੱਸ ਹੋ ਕੇ ਸੂਟ-ਪੈਂਟ ਪਹਿਨਣ ਦੇ ਤਰੀਕੇ ਵੀ ਕੋਈ ਐਮੀ ਤੋਂ ਪੁੱਛੇ। ਖ਼ੈਰ ਐਮੀ ਹੁਣ ਫ਼ਿਲਮਾਂ ਦੀ ਥਾਂ ਆਪਣੇ ਹੋਣ ਜਾ ਰਹੇ ਵਿਆਹ, ਮਾਂ ਬਣਨ ਦੇ ਸੁਪਨੇ ਤੇ ਮੰਗੇਤਰ ਸਬੰਧੀ ਗੱਲਾਂ ਕਰ ਰਹੀ ਹੈ। '2.0' ਨਾਲ ਚਰਚਿਤ ਹੋਈ ਐਮੀ ਜੈਕਸਨ ਦਾ ਮੰਗੇਤਰ ਜਾਰਜ ਕਰੋੜਪਤੀ ਹੈ। ਲੰਡਨ 'ਚ ਕਈ ਹੋਟਲ ਤੇ ਕਾਫ਼ੀ ਜਾਇਦਾਦ ਉਸ ਦੀ ਹੈ। 'ਗਾਡ ਫਾਦਰ' ਅਕਸ਼ੈ ਨਾਲ ਫਲਾਪ ਫ਼ਿਲਮ ਤੇ ਰਜਨੀਕਾਂਤ ਨਾਲ ਹਿੱਟ ਫ਼ਿਲਮ ਤੇ ਐਮੀ ਦੱਖਣ ਦੀ ਸਟਾਰ ਨਾਇਕਾ ਹੈ। ਐਮੀ ਮੁਟਿਆਰਾਂ ਨੂੰ ਦੱਸ ਰਹੀ ਹੈ ਕਿ ਕਸਰਤ ਬਹੁਤ ਜ਼ਰੂਰੀ ਹੈ। ਐਮੀ ਜੈਕਸਨ ਆਧੁਨਿਕ ਖਿਆਲਾਂ ਵਾਲੀ ਅਭਿਨੇਤਰੀ ਹੈ ਤੇ ਹੁਣ ਆਧੁਨਿਕ ਤਰੀਕੇ ਨਾਲ ਵਿਆਹ ਕਰਵਾ ਰਹੀ ਹੈ।

ਸੰਜੀਦਾ ਸਿਨੇਮਾ ਦੀ ਵਿਲੱਖਣ ਪੇਸ਼ਕਾਰੀ 'ਅਰਦਾਸ ਕਰਾਂ'

ਹੰਬਲ ਮੋਸਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫ਼ਿਲਮ 'ਅਰਦਾਸ ਕਰਾਂ' ਜ਼ਿੰਦਗੀ ਤੋਂ ਨਿਰਾਸ਼ ਹੋਏ ਮਨੁੱਖ ਨੂੰ ਹੱਸ ਕੇ ਜਿਊਣ ਦਾ ਤਰੀਕਾ ਦੱਸਦੀ ਹੈ। ਸੁੱਖ-ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਦੁੱਖ ਸਮੇਂ ਹਿੰਮਤ ਹਾਰ ਜਾਣਾ ਆਮ ਗੱਲ ਹੈ ਪਰ ਇਹ ਫ਼ਿਲਮ ਅਜਿਹੇ ਹਾਲਾਤ 'ਚ ਘਿਰੇ ਮਨੁੱਖ ਨੂੰ ਜ਼ਿੰਦਗੀ ਨਾਲ ਲੜਨ ਦਾ ਵੱਲ ਸਿਖਾਉਂਦੀ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਇਹ ਕਹਾਣੀ ਦੋ ਪੀੜ੍ਹੀਆਂ ਦੇ ਫਾਸਲੇ ਨੂੰ ਬਿਆਨ ਕਰਦੀ ਹੈ। ਇਹ ਹਰੇਕ ਘਰ ਦੀ ਕਹਾਣੀ ਹੈ, ਚਾਹੇ ਉਹ ਘਰ ਪੰਜਾਬ ਦਾ ਹੋਵੇ ਜਾਂ ਫਿਰ ਵਿਦੇਸ਼ ਦਾ। ਵੱਖ ਵੱਖ ਜਾਤਾਂ-ਧਰਮਾਂ ਦੀ ਕਹਾਣੀ ਨੂੰ ਇਕ ਧਾਗੇ 'ਚ ਪ੍ਰੋਅ ਕੇ ਬਣਾਈ ਇਹ ਫ਼ਿਲਮ ਜ਼ਿੰਦਗੀ ਦਾ ਹਰੇਕ ਰੰਗ ਪੇਸ਼ ਕਰਦੀ ਹੈ। ਸਾਡੀ ਪਹਿਲੀ ਫ਼ਿਲਮ 'ਅਰਦਾਸ' ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਨੂੰ ਇਕ ਨਵੇਂ ਮਨੋਰੰਜਨ ਸਮੇਤ ਸਮਾਜਿਕ ਸੁਨੇਹੇ ਦਾ ਫਰਜ ਨਿਭਾਏਗੀ।
ਫ਼ਿਲਮ ਦਾ ਨਿਰਦੇਸ਼ਨ ਖੁਦ ਗਿੱਪੀ ਗਰੇਵਾਲ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਵੀ ਗਿੱਪੀ ਗਰੇਵਾਲ ਦਾ ਲਿਖਿਆ ਹੈ। ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਫ਼ਿਲਮ ਦੇ ਸਿਨਮੇਟੋਗਰਾਫ਼ਰ ਬਲਜੀਤ ਸਿੰਘ ਦਿਓ ਹਨ। ਫ਼ਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮੇਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ, ਕੁਲਜਿੰਦਰ ਸਿੱਧੂ, ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਸਿੰਘ ਗਰੇਵਾਲ ਵੀ ਬਾਲ ਕਲਾਕਾਰ ਦੇ ਰੂਪ 'ਚ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਵੇਗਾ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ ਜੋ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਅੱਜ 19 ਜੁਲਾਈ ਨੂੰ ਇਹ ਫ਼ਿਲਮ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਡੀ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।


-ਸੁਰਜੀਤ ਜੱਸਲ

ਦਿਲਜੀਤ ਨਾਲ ਨਜ਼ਰ ਆਏਗੀ ਕ੍ਰਿਤੀ ਸੈਨਨ

ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ਬਰਦਸਤ ਅਦਾਕਾਰੀ ਨਾਲ ਕੀਤੀ। ਉਸ ਦੀ ਪਹਿਲੀ ਫਿਲਮ ਤੋਂ ਬਾਅਦ ਉਸ ਦੀ ਮੰਗ ਫਿਲਮ ਸਨਅਤ ਵਿਚ ਘੱਟ ਹੋ ਗਈ। ਪਰ ਕ੍ਰਿਤੀ ਨੇ ਆਪਣੇ ਕਰੀਅਰ ਨੂੰ ਨਕਾਰਾਤਮਕ ਰੂਪ ਵਿਚ ਨਹੀਂ ਲਿਆ। ਚਾਹੇ ਉਸ ਨੂੰ ਫਿਲਮਾਂ ਮਿਲੀਆਂ ਪਰ ਉਹ ਵੀ ਕੁਝ ਖ਼ਾਸ ਨਹੀਂ ਸਨ। ਕ੍ਰਿਤੀ ਨੇ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਅਰਜੁਨ ਪਟਿਆਲਾ' ਕੀਤੀ ਹੈ। ਜਿਥੇ ਕ੍ਰਿਤੀ ਪਹਿਲੀ ਵਾਰ ਦਿਲਜੀਤ ਦੋਸਾਂਝ ਨਾਲ ਨਜ਼ਰ ਆਏਗੀ ਉਥੇ ਪਹਿਲੀ ਵਾਰ ਉਹ ਪੱਤਰਕਾਰ ਦਾ ਕਿਰਦਾਰ ਨਿਭਾਉਂਦੀ ਵੀ ਨਜ਼ਰ ਆਏਗੀ। ਇਸ ਫਿਲਮ ਵਿਚ ਇਨ੍ਹਾਂ ਦੋਵਾਂ ਤੋਂ ਇਲਾਵਾ ਤੀਜੀ ਮੁੱਖ ਭੂਮਿਕਾ 'ਚ ਹੀਰੋ ਵਰੁਣ ਸ਼ਰਮਾ ਹੈ। ਇਸ ਤਿੱਕੜੀ ਦਾ ਕਮਾਲ ਹੁਣ ਜਲਦੀ ਹੀ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗਾ। ਕੰਪਨੀ ਵਲੋਂ ਇਸ ਦੇ ਟ੍ਰੇਲਰ ਨੂੰ ਹਾਲੇ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ। ਫਿਲਮ ਐਕਸ਼ਨ, ਡਰਾਮਾ, ਰੋਮਾਂਸ ਤੇ ਕਾਮੇਡੀ ਨਾਲ ਭਰਪੂਰ ਹੈ। ਰਾਹੁਲ ਢੋਲਕੀਆ ਵਲੋਂ ਨਿਰਦੇਸ਼ਤ ਇਸ ਫਿਲਮ ਬਾਰੇ ਕ੍ਰਿਤੀ ਦਾ ਕਹਿਣਾ ਹੈ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਚੰਗੀ ਫਿਲਮ ਦਾ ਇੰਤਜ਼ਾਰ ਕਰ ਰਹੀ ਸੀ ਜੋ ਮੈਨੂੰ ਹੁਣ ਮਿਲ ਗਈ ਹੈ। ਮੈਨੂੰ ਉਮੀਦ ਹੈ ਕਿ ਇਹ ਇਕ ਕਮਰਸ਼ੀਅਲ ਫਿਲਮ ਸਾਬਤ ਹੋਵੇਗੀ। ਨਾਲ ਹੀ ਕ੍ਰਿਤੀ ਅਕਸ਼ੈ ਦੇ ਨਾਲ 'ਹਾਊਸਫੁਲ' ਦੀ ਲੜੀ ਵਿਚ ਵੀ ਕੰਮ ਕਰ ਰਹੀ ਹੈ। ਅਰਜੁਨ ਕਪੂਰ ਦੀ 'ਪਾਨੀਪਤ' ਦੀ ਸ਼ੂਟਿੰਗ ਵੀ ਹਾਲੇ ਚਲ ਰਹੀ ਹੈ। ਕ੍ਰਿਤੀ ਜਲਦੀ ਹੀ 'ਨੇਟਫਲਿਕਸ' ਦੇ ਸੋਸ਼ਲ ਮੀਡੀਆ 'ਤੇ ਇਕ ਛੋਟੀ ਫਿਲਮ ਵਿਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕਰੇਗੀ। ਇਸ ਪ੍ਰਾਜੈਕਟ ਦਾ ਨਾਂਅ ਹੈ 'ਦ ਬਾਰਡ ਆਫ਼ ਬਲੱਡ' ਜੋ ਕਿ ਬਿਲਾਲ ਸਿਦੀਕੀ ਵਲੋਂ ਬਣਾਈ ਜਾਵੇਗੀ।

'ਦੁਲਹਨ ਬਣਨ ਦਾ ਰੋਮਾਂਚ ਹੀ ਵੱਖਰਾ ਹੈ' : ਪੀਆ ਵਾਜਪਾਈ

ਗਾਇਕ ਮੁਹੰਮਦ ਕਲਾਮ ਦੀ ਆਵਾਜ਼ ਨਾਲ ਸਜੇ ਗੀਤ 'ਤੇਰਾ ਸ਼ਹਿਰ...' ਲਈ ਬਣਾਏ ਗਏ ਵੀਡੀਓ ਵਿਚ ਅਭਿਨੇਤਰੀ ਪੀਆ ਵਾਜਪਾਈ ਤੇ ਹਿਮਾਂਸ਼ ਕੋਹਲੀ ਨੂੰ ਚਮਕਾਇਆ ਗਿਆ ਹੈ। ਸ਼ੇਬੀ ਸਿੰਘ ਵਲੋਂ ਨਿਰਦੇਸ਼ਿਤ ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਪੀਆ ਨੂੰ ਦੁਲਹਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਕੈਮਰੇ ਲਈ ਵਿਆਹ ਦਾ ਜੋੜਾ ਪਹਿਣਨ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਨੂੰ ਵੀਡੀਓ ਐਲਬਮ ਦੇ ਥੀਮ ਬਾਰੇ ਦੱਸਿਆ ਗਿਆ ਅਤੇ ਇਹ ਕਿਹਾ ਗਿਆ ਕਿ ਇਥੇ ਮੈਨੂੰ ਦੁਲਹਨ ਦੇ ਰੂਪ ਵਿਚ ਦਿਖਾਇਆ ਜਾਵੇਗਾ ਤਾਂ ਮੈਂ ਰੋਮਾਂਚਿਤ ਹੋ ਉੱਠੀ ਸੀ। ਆਮ ਤੌਰ 'ਤੇ ਹਰ ਕੁੜੀ ਦਾ ਸੁਪਨਾ ਹੁੰਦਾ ਹੈ ਖ਼ੁਦ ਨੂੰ ਦੁਲਹਨ ਦੇ ਰੂਪ ਵਿਚ ਸਜਿਆਂ ਦੇਖਣਾ। ਇਹ ਮੌਕਾ ਜ਼ਿੰਦਗੀ ਵਿਚ ਇਕ ਵਾਰ ਆਉਂਦਾ ਹੈ ਅਤੇ ਉਹ ਵੀ ਕੈਮਰੇ ਸਾਹਮਣੇ। ਜਿਸ ਦਿਨ ਸ਼ੂਟਿੰਗ ਲਈ ਨਿਕਲੀ ਸੀ, ਉਦੋਂ ਰਸਤੇ 'ਚ ਇਹੀ ਸੋਚ ਕੇ ਰੋਮਾਂਚਿਤ ਹੋ ਰਹੀ ਸੀ ਕਿ ਦੁਲਹਨ ਦੇ ਜੋੜੇ ਵਿਚ ਮੈਂ ਕਿਵੇਂ ਦੀ ਲੱਗਾਂਗੀ। ਹਾਂ, ਇਹ ਤਣਾਅ ਵੀ ਸੀ ਕਿ ਜੋੜਾ ਜ਼ਿਆਦਾ ਭਾਰੀ ਨਾ ਹੋਵੇ ਕਿਉਂਕਿ ਭਾਰੀ ਜੋੜੇ ਨੂੰ ਪੂਰਾ ਦਿਨ ਪਾ ਕੇ ਸ਼ੂਟਿੰਗ ਕਰਨਾ ਕਾਫ਼ੀ ਮੁਸ਼ਕਿਲ ਕੰਮ ਹੁੰਦਾ ਹੈ। ਸੈੱਟ 'ਤੇ ਜਦੋਂ ਤਿਆਰ ਹੋ ਕੇ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਿਆ ਤਾਂ ਅਹਿਸਾਸ ਹੋਇਆ ਕਿ ਦੁਲਹਨ ਬਣਨ ਦਾ ਰੋਮਾਂਚ ਹੀ ਕੁਝ ਹੋਰ ਹੁੰਦਾ ਹੈ। ਮੈਂ ਇਸ ਸ਼ੂਟਿੰਗ ਦੀ ਇਕ ਖ਼ਾਸ ਤਸਵੀਰ ਆਪਣੇ ਕਮਰੇ ਵਿਚ ਸਜਾ ਰੱਖੀ ਹੈ ਅਤੇ ਇਹ ਤਸਵੀਰ ਮੈਨੂੰ ਇਸ ਬਿਹਤਰੀਨ ਅਨੁਭਵ ਦੀ ਯਾਦ ਦਿਵਾਉਂਦੀ ਰਹਿੰਦੀ ਹੈ। ਇਸ ਵੀਡੀਓ ਵਿਚ ਵਿਆਹ ਚਰਚ ਵਿਚ ਹੁੰਦਾ ਹੈ ਦਿਖਾਇਆ ਗਿਆ ਹੈ। ਸੋ, ਕੈਥਲਿਕ ਧਰਮ ਦੀ ਰਸਮ ਦਾ ਵੀ ਅਨੁਭਵ ਮਿਲ ਗਿਆ।
'ਤੇਰਾ ਸ਼ਹਿਰ...' ਗੀਤ 'ਤੇ ਬਣੇ ਇਸ ਵੀਡੀਓ ਦਾ ਫ਼ਿਲਮਾਂਕਣ ਕੁਝ ਇਸ ਅੰਦਾਜ਼ ਵਿਚ ਕੀਤਾ ਗਿਆ ਹੈ ਕਿ ਇਸ ਵਿਚ ਦੋ ਪ੍ਰੇਮੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਮੁੰਡੇ ਨੂੰ 'ਸਾਇਲੈਂਟ ਲਵਰ' ਦੇ ਤੌਰ 'ਤੇ ਦਿਖਾਇਆ ਗਿਆ ਹੈ।

-ਮੁੰਬਈ ਪ੍ਰਤੀਨਿਧ

ਅਸਲੀ ਘਟਨਾ 'ਤੇ ਬਣੀ 'ਬਾਟਲਾ ਹਾਊਸ'

19 ਸਤੰਬਰ, 2008 ਵਾਲੇ ਦਿਨ ਦਿੱਲੀ ਦੇ ਜ਼ਾਮੀਆ ਨਗਰ ਇਲਾਕੇ ਵਿਚ ਸਥਿਤ ਇਮਾਰਤ ਬਾਟਲਾ ਹਾਊਸ 'ਤੇ ਪੁਲਿਸ ਨੇ ਧਾਵਾ ਬੋਲ ਕੇ ਇੰਡੀਅਨ ਮੁਜ਼ਾਹਦੀਨ ਦੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਅਤੇ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਘਟਨਾ ਨੂੰ ਰਾਜਨੀਤੀ ਦਾ ਜਾਮਾ ਪਵਾ ਕੇ ਕੁਝ ਰਾਜਨੀਤਕ ਪਾਰਟੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਪੁਲਿਸ 'ਤੇ ਇਥੋਂ ਤੱਕ ਇਲਜ਼ਾਮ ਲਗਾਇਆ ਗਿਆ ਕਿ ਉਹ ਬੇਕਸੂਰ ਵਿਦਿਆਰਥੀਆਂ ਦੀਆਂ ਹੱਤਿਆਵਾਂ ਕਰ ਰਹੀ ਹੈ। ਉਦੋਂ ਅੱਤਵਾਦੀਆਂ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ ਦਿੱਲੀ ਪੁਲਿਸ ਦੇ ਮੋਹਨ ਚੰਦ ਸ਼ਰਮਾ ਸ਼ਹੀਦ ਹੋਏ ਸਨ।
ਹੁਣ ਇਸ ਘਟਨਾ 'ਤੇ ਨਿਰਦੇਸ਼ਕ ਨਿਖਿਲ ਆਡਵਾਨੀ ਨੇ ਉਸ ਵਿਵਾਦਤ ਇਮਾਰਤ ਦੇ ਨਾਂਅ ਤੋਂ ਫ਼ਿਲਮ ਬਣਾਈ ਹੈ ਅਤੇ ਇਸ ਵਿਚ ਪੁਲਿਸ ਦੀ ਕਾਰਵਾਈ ਨੂੰ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ। ਜਾਨ ਆਬ੍ਰਾਹਮ ਵਲੋਂ ਇਥੇ ਡੀ. ਸੀ. ਪੀ. ਸੰਜੀਵ ਕੁਮਾਰ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਇਨ੍ਹਾਂ ਦੀ ਪਤਨੀ ਦੀ ਭੂਮਿਕਾ ਵਿਚ ਹੈ ਮ੍ਰਿਣਾਲ ਠਾਕੁਰ। ਜਾਨ ਆਪਣੇ ਲਈ ਇਹ ਫ਼ਿਲਮ ਕਾਫੀ ਅਹਿਮ ਮੰਨਦੇ ਹਨ ਕਿਉਂਕਿ ਇਥੇ ਉਨ੍ਹਾਂ ਦਾ ਜੋ ਕਿਰਦਾਰ ਹੈ ਉਹ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ।


-ਮੁੰਬਈ ਪ੍ਰਤੀਨਿਧ

ਜਸਬੀਰ ਜੱਸੀ ਹੁਣ ਬਾਲੀਵੁੱਡ ਦੇ ਪਰਦੇ 'ਤੇ

'ਦਿਲ ਲੈ ਗਈ ਕੁੜੀ ਗੁਜਰਾਤ ਦੀ...' ਗਾ ਕੇ ਮਸ਼ਹੂਰ ਹੋਏ ਗਾਇਕ ਜਸਬੀਰ ਜੱਸੀ ਦਾ ਸਬੰਧ ਅਭਿਨੈ ਨਾਲ ਵੀ ਰਿਹਾ ਹੈ। ਕਦੀ ਉਹ ਰੰਗਮੰਚ 'ਤੇ ਅਭਿਨੈ ਕਰਿਆ ਕਰਦੇ ਸਨ ਅਤੇ ਬਾਅਦ ਵਿਚ 'ਖ਼ਸ਼ੀਆਂ', 'ਹੀਰ ਰਾਂਝਾ' ਸਮੇਤ ਕੁਝ ਪੰਜਾਬੀ ਫ਼ਿਲਮਾਂ ਵੀ ਕੀਤੀਆਂ। ਹੁਣ ਅਦਾਕਾਰ ਦੇ ਤੌਰ 'ਤੇ ਜੱਸੀ ਨੇ ਬਾਲੀਵੁੱਡ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਹੈ ਅਤੇ ਇਨ੍ਹੀਂ ਦਿਨੀਂ ਉਹ ਹਿੰਦੀ ਫ਼ਿਲਮ 'ਬੈਂਡ ਆਫ਼ ਮਹਾਰਾਜਾ' ਵਿਚ ਅਭਿਨੈ ਕਰ ਰਹੇ ਹਨ। ਆਪਣੀ ਇਸ ਪਹਿਲੀ ਹਿੰਦੀ ਫ਼ਿਲਮ ਵਿਚ ਉਹ ਇਕ ਇਸ ਤਰ੍ਹਾਂ ਬੰਦੇ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਫਕਰੀਨਾ ਤਬੀਅਤ ਦਾ ਹੈ। ਉਹ ਇਕ ਪਾਸੇ ਹਿੰਦੀ ਫ਼ਿਲਮ ਵੀ ਕਰ ਰਹੇ ਹਨ ਅਤੇ ਉਨ੍ਹਾਂ ਅਨੁਸਾਰ ਇਸ ਵਿਚ ਉਨ੍ਹਾਂ ਦੀ ਵੱਖਰੀ ਜਿਹੀ ਭੂਮਿਕਾ ਹੈ।
ਗਾਇਕ ਬਾਦਸ਼ਾਹ ਨੂੰ ਅਦਾਕਾਰ ਦੇ ਤੌਰ 'ਤੇ ਚਮਕਾਉਂਦੀ ਫ਼ਿਲਮ 'ਖਾਨਦਾਨੀ ਸ਼ਫਾਖਾਨਾ' ਵਿਚ ਜੱਸੀ ਵਲੋਂ ਗਾਏ ਗੀਤ 'ਕੋਕਾ...' ਨੂੰ ਨਵੇਂ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਨ੍ਹੀਂ ਦਿਨੀਂ ਇਹ ਸੰਗੀਤ ਦੇ ਚਾਰਟ 'ਤੇ ਸਿਖਰ 'ਤੇ ਚੱਲ ਰਿਹਾ ਹੈ।
ਜੱਸੀ ਬਾਰੇ ਇਹ ਮਸ਼ਹੂਰ ਹੈ ਕਿ ਉਹ ਉਨ੍ਹਾਂ ਗੀਤਾਂ ਨੂੰ ਗਾਉਣ ਤੋਂ ਸਾਫ਼ ਮਨ੍ਹਾਂ ਕਰ ਦਿੰਦੇ ਹਨ ਜਿਸ ਵਿਚ ਅਸ਼ਲੀਲਤਾ ਝਲਕਦੀ ਹੋਵੇ ਜਾਂ ਸ਼ਰਾਬ ਦਾ ਪ੍ਰਚਾਰ ਹੋਵੇ। ਇਸ ਤਰ੍ਹਾਂ ਦੇ ਗੀਤ ਨਕਾਰ ਕੇ ਉਨ੍ਹਾਂ ਨੂੰ ਕਈ ਵਾਰ ਨੁਕਸਾਨ ਵੀ ਚੁੱਕਣਾ ਪਿਆ ਪਰ ਉਹ ਇਸ ਗੱਲ ਨਾਲ ਸਬਰ ਲੈਂਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਜੱਸੀ ਨੇ ਇਹੀ ਨੀਤੀ ਫ਼ਿਲਮਾਂ ਦੀ ਚੋਣ ਦੇ ਮਾਮਲੇ ਵਿਚ ਵੀ ਅਪਣਾ ਰੱਖੀ ਹੈ। ਇਨ੍ਹੀਂ ਦਿਨੀਂ ਉਹ ਦੋ ਪੰਜਾਬੀ ਫ਼ਿਲਮਾਂ 'ਦੇਸ਼ ਪੰਜਾਬ' ਤੇ 'ਸਿਖ ਸੋਲ' 'ਤੇ ਵੀ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਫ਼ਿਲਮਾਂ ਰਾਹੀਂ ਵੀ ਸਹੀ ਸੰਦੇਸ਼ ਪੇਸ਼ ਕੀਤਾ ਜਾਵੇਗਾ। 'ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਹਰ ਫ਼ਿਲਮ ਵਿਚ ਦਰਸ਼ਕਾਂ ਲਈ ਕੁਝ ਗ੍ਰਹਿਣ ਕਰਨ ਲਾਇਕ ਚੰਗੀ ਗੱਲ ਹੋਵੇ। ਕਿਤੇ ਗੁਰਬਾਣੀ ਤੋਂ ਲਿਆ ਗਿਆ ਸੰਦੇਸ਼ ਹੋਵੇ ਜਾਂ ਏਕਤਾ ਜਾਂ ਫਿਰ ਸਮਾਜ ਪ੍ਰਤੀ ਫ਼ਰਜ਼ ਵਾਲਾ ਸੰਦੇਸ਼ ਹੋਵੇ', ਉਹ ਕਹਿੰਦੇ ਹਨ।
ਜੱਸੀ ਇਸ ਗੱਲੋਂ ਤੋਂ ਕਾਫੀ ਖਫ਼ਾ ਤੇ ਨਰਾਜ ਹੈ ਕਿ ਲੋਕ ਕਲਾ ਦੇ ਨਾਂਅ 'ਤੇ ਗੰਦਗੀ ਫੈਲਾਉਂਦੇ ਹਨ। 'ਮੈਂ ਇਸ ਤਰ੍ਹਾਂ ਦੇ ਕੰਮ ਨੂੰ 'ਕਲਚਰ ਕ੍ਰਾਈਮ' ਦਾ ਨਾਂਅ ਦਿੰਦਾ ਹਾਂ। ਇਸ ਤਰ੍ਹਾਂ ਦੇ ਲੋਕਾਂ ਦੀਆਂ ਹਰਕਤਾਂ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ।


-ਮੁੰਬਈ ਪ੍ਰਤੀਨਿਧ

21 ਜੁਲਾਈ ਨੂੰ ਜਨਮ ਦਿਨ 'ਤੇ ਵਿਸ਼ੇਸ਼

ਸਵ: ਗਾਇਕ ਜੋੜੀ ਚਮਕੀਲਾ-ਅਮਰਜੋਤ

ਲੁਧਿਆਣਾ ਨੇੜੇ ਗਿੱਲਾਂ ਵਾਲੀ ਨਹਿਰ ਉੱਪਰ ਜਾਖਲ-ਲੁਧਿਆਣਾ ਰੇਲਵੇ ਲਾਇਨ 'ਤੇ ਸਥਿਤ ਛੋਟੇ ਜਿਹੇ ਪਿੰਡ ਦੁੱਗਰੀ ਵਿਚ ਗ਼ਰੀਬ ਪਰਿਵਾਰ ਵਿਚ ਜਨਮਿਆਂ ਚਮਕੀਲਾ ਮਰਨ ਤੱਕ ਇੱਥੋਂ ਦੀ ਮਿੱਟੀ ਤੇ ਲੋਕਾਂ ਨਾਲ ਜੁੜਿਆ ਰਿਹਾ।
ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਗਾਇਕੀ ਦੇ ਵਿਚ ਪ੍ਰਵੇਸ਼ ਕੀਤਾ ਤੇ ਬਾਅਦ ਵਿਚ ਅਮਰਜੋਤ ਨਾਲ ਵਿਆਹ ਬੰਧਨ ਵਿਚ ਬੱਝ ਕੇ ਗੀਤ ਰਿਕਾਰਡ ਕਰਵਾਏ ਤੇ ਅਖਾੜੇ ਲਾਏ। ਸੰਨ 1979 ਤੋਂ ਲੈ ਕੇ 1988 ਤੱਕ ਚਮਕੀਲਾ ਲੋਕਾਂ ਦੀ ਪਹਿਲੀ ਪਸੰਦ ਸੀ। ਚਮਕੀਲੇ ਨੂੰ ਤੂੰਬੀ, ਢੋਲਕ ਤੇ ਹਰਮੋਨੀਅਮ ਵਜਾਉਣ ਵਿਚ ਪੂਰੀ ਮੁਹਾਰਤ ਹਾਸਲ ਸੀ। ਉਸ ਨੇ, ਉਸ ਦੌਰ ਵਿਚ ਲੋਕਾਂ ਦਾ ਮਨੋਰੰਜਨ ਕੀਤਾ, ਜਦੋਂ ਸਾਊਂਡ ਸਿਸਟਮ ਦਾ ਪ੍ਰਬੰਧ ਕੋਈ ਬਹੁਤਾ ਵਧੀਆ ਨਹੀਂ ਸੀ। ਹਿੱਕ ਦੇ ਜ਼ੋਰ ਨਾਲ ਚਮਕੀਲੇ ਨੇ ਇਕ ਦਿਨ ਵਿਚ ਤਿੰਨ-ਤਿੰਨ ਅਖਾੜੇ ਵੀ ਲਾਏ। ਸੰਨ 1986 ਵਿਚ ਉਸ ਨੇ 293 ਅਖਾੜੇ ਲਾ ਕੇ 280 ਅਖਾੜੇ ਲਾਉਣ ਦਾ ਰਿਕਾਰਡ ਤੋੜਿਆ, 1987 ਵਿਚ ਉਸ ਨੇ 363 ਅਖਾੜੇ ਲਾਏ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਪੰਜਾਬੀਆਂ ਤੋਂ ਲੈ ਕੇ ਗ਼ੈਰ-ਪੰਜਾਬੀਆਂ ਤੱਕ ਲੋਕ ਚਮਕੀਲੇ ਦੀ ਗਾਇਕੀ ਦੇ ਮੁਰੀਦ ਸਨ। ਉਹਦੀ ਘੁੱਗੀ ਰੰਗੀ ਅੰਬੈਸਡਰ ਕਾਰ ਰਾਜਸਥਾਨ ਤੱਕ ਵੀ ਅਖਾੜੇ ਲਾਉਣ ਜਾਂਦੀ ਰਹੀ। ਰੁਮਾਂਟਿਕ ਗੀਤ ਲਿਖਣ ਕਰਕੇ ਚਮਕੀਲਾ, ਅਕਸਰ ਆਲੋਚਨਾਵਾਂ ਦਾ ਸ਼ਿਕਾਰ ਰਿਹਾ ਪਰ ਉਦਾਸ ਲਹਿਜੇ ਵਾਲੇ ਗੀਤਾਂ 'ਕੀ ਜ਼ੋਰ ਗਰੀਬਾਂ ਦਾ', 'ਪੱਤਣਾਂ 'ਤੇ ਕੂਕ ਪਵੇ' ਤੇ 'ਰੋਂਦੀ ਕੁਰਲਾਉਂਦੀ ਨੂੰ' ਨਾਲ ਉਸ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਉੱਘੇ ਗੀਤਕਾਰ ਸਵਰਨ ਸਿਵੀਏ ਨੇ 'ਬਾਬਾ ਤੇਰਾ ਨਨਕਾਣਾ', 'ਕੰਧੇ ਸਰਹਿੰਦ ਦੀਏ', 'ਦਸਤਾਰਾ ਕੇਸਰੀ', 'ਪਟਨੇ ਸ਼ਹਿਰ ਵਿਚ ਚੰਨ ਚੜ੍ਹਿਆ', 'ਬਾਬਾ ਦੀਪ ਸਿੰਘ' ਤੇ ਕਈ ਹੋਰ ਧਾਰਮਿਕ ਗੀਤ ਰਿਕਾਰਡ ਕਰਵਾ ਕੇ ਚਮਕੀਲੇ ਦੀ ਦਿੱਖ ਨੂੰ ਹੋਰ ਨਿਖਾਰਿਆ। ਇਸ ਖੇਤਰ ਵਿਚ ਵੀ ਲੋਕਾਂ ਨੇ ਉਸ ਨੂੰ ਮਣਾਂ-ਮੂੰਹੀਂ ਪਿਆਰ ਦਿੱਤਾ।
21 ਜੁਲਾਈ ਨੂੰ ਪਿੰਡ ਦੁੱਗਰੀ ਵਿਚ ਉਸ ਦੇ ਪਰਿਵਾਰ ਵਲੋਂ ਚਮਕੀਲੇ ਦਾ 59ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿੱਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।


-ਮੇਜਰ ਸਿੰਘ ਜਖੇਪਲ
ਪਿੰਡ ਅਤੇ ਡਾਕ ਜਖੇਪਲ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ।

ਕੈਲਾਸ਼ ਖ਼ੇਰ ਦੀ 'ਨਵੀਂ ਉਡਾਨ'

ਨਵੇਂ ਗਾਇਕ-ਗਾਇਕਾਵਾਂ ਲਈ ਕੈਲਾਸ਼ ਖ਼ੇਰ ਵਲੋਂ ਇਕ ਚੰਗੀ ਖ਼ਬਰ ਆਈ ਹੈ। ਪ੍ਰਤਿਭਾਸ਼ਾਲੀ ਗਾਇਕਾਂ ਲਈ ਉਨ੍ਹਾਂ ਵਲੋਂ 'ਨਵੀਂ ਉਡਾਨ' ਨਾਮੀ ਇਕ ਕੰਸੈਪਟ ਪੇਸ਼ ਕੀਤਾ ਗਿਆ ਹੈ। ਇਸ ਕੰਸੈਪਟ ਰਾਹੀਂ ਲੱਭੀਆਂ ਗਈਆਂ ਪ੍ਰਤਿਭਾਵਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਲਈ ਕੈਲਾਸ਼ ਖ਼ੇਰ ਵਲੋਂ ਜੋ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਉਥੇ ਮੁੱਖ ਮਹਿਮਾਨ ਦੇ ਤੌਰ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜ਼ੂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ।
ਇਸ ਮੌਕੇ 'ਨਵੀਂ ਉਡਾਨ' ਦੇ ਕੰਸੈਪਟ 'ਤੇ ਰੌਸ਼ਨੀ ਪਾਉਂਦੇ ਹੋਏ ਕੈਲਾਸ਼ ਖ਼ੇਰ ਨੇ ਕਿਹਾ, 'ਸਾਡੇ ਦੇਸ਼ ਵਿਚ ਪ੍ਰਤਿਭਾ ਤਾਂ ਬਹੁਤ ਹੈ, ਜ਼ਰੂਰਤ ਹੈ ਸਹੀ ਪ੍ਰਤਿਭਾ ਲੱਭਣ ਦੀ। ਅੱਜ ਚੈਨਲਾਂ 'ਤੇ ਰਿਆਲਿਟੀ ਸ਼ੋਅ ਦੇ ਨਾਂਅ 'ਤੇ ਜੋ ਗਾਇਕ ਲੱਭੇ ਜਾਂਦੇ ਹਨ, ਉਨ੍ਹਾਂ ਵਿਚ ਫ਼ਿਲਮੀ ਗੀਤ ਗਾਉਣ ਦੀ ਕਾਬਲੀਅਤ ਦੇਖੀ ਜਾਂਦੀ ਹੈ। ਇਹ ਦੇਖਿਆ ਜਾਂਦਾ ਹੈ ਕਿ ਉਹ ਕਿਸ ਨਾਮੀ ਗਾਇਕ ਦੀ ਨਕਲ ਕਿਸ ਹੱਦ ਤਕ ਸਫ਼ਲਤਾਪੂਰਨ ਕਰ ਸਕਦੇ ਹਨ। ਇਸ ਸ਼ੋਅ ਰਾਹੀਂ ਬਾਲੀਵੁੱਡ ਗਾਇਕ ਪੈਦਾ ਹੁੰਦੇ ਹਨ, ਜਦ ਕਿ 'ਨਵੀਂ ਉਡਾਨ' ਰਾਹੀਂ ਜਦੋਂ ਸਾਡੀ ਟੀਮ ਵਲੋਂ ਗਾਇਕ ਲੱਭੇ ਜਾਂਦੇ ਹਨ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਦੀ ਗਾਇਕੀ ਵਿਚ ਸਚਾਈ ਕਿੰਨੀ ਹੈ। ਉਹ ਸੁਰ ਵਿਚ ਹੈ ਜਾਂ ਨਹੀਂ। ਇਸ ਟੀਮ ਵਲੋਂ ਲੱਭੀ ਗਈ ਪ੍ਰਤਿਭਾ ਨੂੰ ਫਿਲਟਰ ਪ੍ਰੋਸੈਸ ਵਿਚੀਂ ਲੰਘਣਾ ਪੈਂਦਾ ਹੈ। ਭਾਵ ਚਾਰ ਜੱਜਾਂ ਦੇ ਪੈਨਲ ਵਲੋਂ ਉਸ ਦੀ ਪ੍ਰਤਿਭਾ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਜੱਜ ਹਨ ਰੇਖਾ ਭਾਰਦਵਾਜ, ਹੰਸਰਾਜ ਹੰਸ, ਹਰੀਪ੍ਰਸਾਦ ਚੌਰਸੀਆ ਅਤੇ ਮੈਂ ਖ਼ੁਦ। ਜੋ ਪ੍ਰਤਿਯੋਗੀ ਇਸ ਪੈਨਲ ਦੀ ਨਜ਼ਰ ਵਿਚ ਸਹੀ ਸਾਬਤ ਹੁੰਦਾ ਹੈ, ਉਸ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਫਿਰ ਸਰਟੀਫਿਕੇਟ ਵੀ। ਇਸ ਕੰਸੈਪਟ ਦੇ ਨਾਂਅ ਵਿਚ ਉਡਾਨ ਸ਼ਬਦ ਸ਼ਾਮਿਲ ਹੈ। ਸੋ, ਅਸੀਂ ਇਨ੍ਹਾਂ ਪ੍ਰਤੀਯੋਗੀਆਂ ਨੂੰ ਉਡਾਨ ਲਈ ਪੰਖ ਦਿੱਤੇ ਹਨ। ਉਨ੍ਹਾਂ ਦੀ ਪਰਵਾਜ਼ ਲਈ ਨਵਾਂ ਆਸਮਾਨ ਦਿੰਦੇ ਹਨ। ਅਸੀਂ ਉਨ੍ਹਾਂ ਨੂੰ ਕਰਾਰ ਦੀਆਂ ਸ਼ਰਤਾਂ ਰਾਹੀਂ ਬੰਨ੍ਹ ਕੇ ਨਹੀਂ ਰੱਖਦੇ। ਕਿਸੇ ਵੀ ਕਲਾਕਾਰ ਨੂੰ ਚੁਣਨ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ਨਦੀ ਹੈ ਜਾਂ ਨਹਿਰ/ਨਦੀ ਆਪਣਾ ਰਸਤਾ ਖ਼ੁਦ ਬਣਾਉਂਦੀ ਹੈ ਜਦ ਕਿ ਨਹਿਰ ਬਣਾਉਣੀ ਪੈਂਦੀ ਹੈ। ਇਥੇ ਅਸੀਂ ਨਦੀ ਵਰਗੇ ਕਲਾਕਾਰ ਚੁਣਦੇ ਹਾਂ। ਇਹ ਕਲਾਕਾਰ ਸੰਗੀਤ ਦੀ ਦੁਨੀਆ ਵਿਚ ਟਿਕੇ ਰਹਿਣ, ਇਸ ਲਈ ਇਨ੍ਹਾਂ ਤੋਂ ਸ਼ੋਅ ਵੀ ਕਰਵਾਏ ਜਾਂਦੇ ਹਨ ਤਾਂ ਕਿ ਚੰਗੀ ਆਮਦਨ ਵੀ ਹੋਵੇ ਅਤੇ ਰੋਟੀ ਦੀ ਚਿੰਤਾ ਨਾ ਹੋਵੇ। ਸਾਡਾ ਮਕਸਦ ਲੋਕ ਸੰਗੀਤ ਨੂੰ ਜਿਊਂਦਾ ਰੱਖਣਾ ਤੇ ਇਸ ਨੂੰ ਅੱਗੇ ਲੈ ਜਾਣਾ ਹੈ। ਲੋਕ ਸੰਗੀਤ ਸਾਡੀ ਨਿਸ਼ਾਨੀ ਹੈ। ਇਸ ਦੀ ਰੱਖਿਆ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ।' ਉਥੇ ਕਿਰਨ ਰਿਜੀਜ਼ੂ ਨੇ ਵੀ ਕੈਲਾਸ਼ ਖ਼ੇਰ ਦੇ ਇਸ ਕਦਮ ਦੀ ਤਾਰੀਫ਼ ਕੀਤੀ ਅਤੇ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

'ਮਿਸ਼ਨ ਮੰਗਲ' 15 ਅਗਸਤ ਨੂੰ

ਇਨ੍ਹੀਂ ਦਿਨੀਂ ਕਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣੀਆਂ ਹਨ ਜਿਸ ਵਿਚ ਦੇਸ਼ ਨਾਲ ਜੁੜੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਹਾਣੀ ਦਾ ਜਾਮਾ ਪਵਾ ਕੇ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ। 'ਦ ਗਾਜ਼ੀ ਅਟੈਕ', 'ਪਰਮਾਣੂ', 'ਰੈੱਡ', 'ਉੜੀ' ਆਦਿ ਫ਼ਿਲਮਾਂ ਇਸ ਸੂਚੀ ਵਿਚ ਆਉਂਦੀਆਂ ਹਨ। ਹੁਣ 'ਮਿਸ਼ਨ ਮੰਗਲ' ਦੇ ਰੂਪ ਵਿਚ ਇਕ ਹੋਰ ਫ਼ਿਲਮ ਆ ਰਹੀ ਹੈ, ਜਿਸ ਵਿਚ ਸਾਡੇ ਦੇਸ਼ ਦੀ ਸੰਸਥਾ 'ਇਸਰੋ' ਤੇ ਇਸ ਨਾਲ ਜੁੜੇ ਵਿਗਿਆਨੀਆਂ ਦੀ ਇਕ ਵੱਡੀ ਉਪਲਬੱਧੀ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਇਹ ਫ਼ਿਲਮ ਜਗਨ ਸ਼ਕਤੀ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਜਦੋਂ ਅਕਸ਼ੈ ਕੁਮਾਰ 'ਹਾਲੀਡੇ' ਤੇ 'ਪੈਡਮੈਨ' ਵਿਚ ਕੰਮ ਕਰ ਰਹੇ ਸਨ, ਉਦੋਂ ਜਗਨ ਇਨ੍ਹਾਂ ਫ਼ਿਲਮਾਂ ਦੇ ਨਾਲ ਬਤੌਰ ਸਹਾਇਕ ਨਿਰਦੇਸ਼ਕ ਜੁੜੇ ਹੋਏ ਸਨ। ਜਗਨ ਦੇ ਇਕ ਨੇੜਲੇ ਰਿਸ਼ਤੇਦਾਰ ਇੰਡੀਅਨ ਸਪੇਸ ਰੀਸਰਚ ਆਰਗੇਨਾਈਜ਼ੇਸ਼ਨ (ਇਸਰੋ) ਵਿਚ ਨੌਕਰੀ ਕਰਦੇ ਸਨ ਅਤੇ ਉਹ 'ਮਾਰਸ ਆਰਬਿਟਰ ਮਿਸ਼ਨ' ਟੀਮ ਦੇ ਮੈਂਬਰ ਵੀ ਸਨ। ਇਨ੍ਹਾਂ ਜ਼ਰੀਏ ਜਗਨ ਨੂੰ ਪਤਾ ਲੱਗਿਆ ਕਿ ਭਾਰਤੀ ਵਿਗਿਆਨੀਆਂ ਵਲੋਂ ਛੱਡੇ ਗਏ ਮੰਗਲਯਾਨ ਲਈ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਗਈ ਸੀ। ਸਾਡੇ ਵਿਗਿਆਨੀਆਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਵਿਚ ਜਗਨ ਨੂੰ ਫ਼ਿਲਮ ਦੀ ਕਹਾਣੀ ਨਜ਼ਰ ਆਈ ਅਤੇ ਤਿੰਨ ਸਾਲ ਤੱਕ ਖੋਜ ਕਰਨ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਦੀ ਕਹਾਣੀ ਤਿਆਰ ਕੀਤੀ। ਇਹ ਕਹਾਣੀ ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਸੁਣਾਈ ਅਤੇ ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ।
ਅਕਸ਼ੈ ਵਲੋਂ ਇਸ ਵਿਚ ਇਸਰੋ ਦੇ ਵਿਗਿਆਨੀ ਦੀ ਭੂਮਿਕਾ ਨਿਭਾਈ ਗਈ ਹੈ। ਇਸਰੋ ਵਿਚ ਔਰਤ ਵਿਗਿਆਨੀ ਵੀ ਕਾਫੀ ਗਿਣਤੀ ਵਿਚ ਹਨ। ਸੋ, ਫ਼ਿਲਮ ਵਿਚ ਔਰਤ ਵਿਗਿਆਨੀਆਂ ਦੇ ਤੌਰ 'ਤੇ ਸੋਨਾਕਸ਼ੀ ਸਿਨਹਾ, ਵਿੱਦਿਆ ਬਾਲਨ, ਤਾਪਸੀ ਪੰਨੂੰ ਨਿਤਿਆ ਮੈਨਨ ਤੇ ਕੀਰਤੀ ਕੁਲਹਰੀ ਨੂੰ ਚਮਕਾਇਆ ਗਿਆ ਹੈ।
ਆਮ ਭਾਰਤੀ ਨਾਗਰਿਕ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਕਿਸੇ ਉੱਪਗ੍ਰਹਿ ਨੂੰ ਪੁਲਾੜ ਵਿਚ ਛੱਡਣ ਵਿਚ ਲਈ ਕੀ ਕੁਝ ਕਰਨਾ ਪੈਂਦਾ ਹੈ, ਕਿਸ ਤਰ੍ਹਾਂ ਦੀ ਖੋਜ ਕਰਨੀ ਪੈਂਦੀ ਹੈ। ਹੁਣ ਇਸ ਫ਼ਿਲਮ ਰਾਹੀਂ ਇਸਰੋ ਦੀ ਕਾਰਜਪ੍ਰਣਾਲੀ 'ਤੇ ਰੌਸ਼ਨੀ ਪਾਈ ਜਾਵੇਗੀ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX