ਤਾਜਾ ਖ਼ਬਰਾਂ


ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  13 minutes ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  about 1 hour ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  about 1 hour ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 minute ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  about 2 hours ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  about 2 hours ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  about 2 hours ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  about 2 hours ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  about 3 hours ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ

ਗੁ: ਝਿੜਾ ਸਾਹਿਬ ਕਾਂਝਲਾ (ਸੰਗਰੂਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਪੰਜਾਬ ਸਰਕਾਰ ਵਲੋਂ ਕੁਝ ਚੋਣਵੇਂ ਅਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਗੁਰੂ ਸਾਹਿਬ ਦੇ ਚਰਨ ਪਏ, ਉਨ੍ਹਾਂ ਵਿਚ ਗੁਰਦੁਆਰਾ ਝਿੜਾ ਸਾਹਿਬ ਪਿੰਡ ਕਾਂਝਲਾ ਦੀ ਪਵਿੱਤਰ ਧਰਤੀ ਵੀ ਸ਼ੁਮਾਰ ਹੈ। ਇਹ ਅਸਥਾਨ ਮਸਤੂਆਣਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਸੰਗਰੂਰ, ਬਾਲੀਆਂ ਬਰਨਾਲਾ ਸੜਕ ਉੱਤੇ ਸਥਿਤ ਹੈ। ਧੂਰੀ ਤੋਂ ਇਹ ਗੁਰੂ ਘਰ 12 ਕਿੱਲੋਮੀਟਰ ਅਤੇ ਸੰਗਰੂਰ ਤੋਂ 10 ਕਿੱਲੋਮੀਟਰ ਦੀ ਦੂਰੀ ਉੱਤੇ ਹੈ। ਗੁਰਦੁਆਰਾ ਝਿੜਾ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਸ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਮੇਂ-ਦਰ-ਸਮੇਂ ਇਸ ਧਰਤੀ ਉੱਤੇ ਆਏ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਝਿੜਾ ਸਾਹਿਬ ਦੇ ਇਤਿਹਾਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰਕ ਅਤੇ ਸੰਸਾਰਕ ਸੁੱਖਾਂ ਦਾ ਤਿਆਗ ਕਰਦਿਆਂ ਸੁਲਤਾਨਪੁਰ ਦੀ ਧਰਤੀ ਤੋਂ ਪਹਿਲੀ ਉਦਾਸੀ ਸ਼ੁਰੂ ਕਰਦਿਆਂ ਤਕਰੀਬਨ 6500 ਮੀਲ ਦਾ ਪੈਂਡਾ 7 ਸਾਲਾਂ ਵਿਚ ਤੈਅ ਕਰਦਿਆਂ ਵਾਪਸੀ ਸਮੇਂ ਦਿੱਲੀ ਤੋਂ ਜੀਂਦ, ਪੇਹਵਾ, ਅਨਦਾਣਾ, ਸੁਨਾਮ, ਕਮਾਲਪੁਰ, ਮੰਗਵਾਲ (ਗੁਰਦੁਆਰਾ ਨਾਨਕਿਆਣਾ ਸਾਹਿਬ) ਤੋਂ ਅਕੋਈ ਸਾਹਿਬ ਹੁੰਦਿਆਂ ਆਪਣੇ ਸਾਥੀ ਭਾਈ ਮਰਦਾਨਾ ਸਮੇਤ ਇਸ ਅਸਥਾਨ ਉੱਤੇ ਪੁੱਜੇ। ਜਦ ਗੁਰੂ ਸਾਹਿਬ ਇੱਥੇ ਆਏ ਤਾਂ ਇਸ ਅਸਥਾਨ ਉੱਤੇ ਉਸ ਸਮੇਂ ਇਕ ਦਰੱਖ਼ਤਾਂ ਦਾ ਝੁੰਡ (ਝਿੜਾ) ਸੀ।
ਵਿਚਾਰਕਾਂ ਅਨੁਸਾਰ ਸਤਿਗੁਰਾਂ ਦੇ ਪ੍ਰਵਚਨਾਂ ਅਨੁਸਾਰ ਕੁਝ ਸਮੇਂ ਬਾਅਦ ਇੱਥੇ ਨਗਰ ਆਬਾਦ ਹੋ ਗਿਆ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਉੱਤੇ ਸੰਗਤਾਂ ਨੇ ਮਿੱਟੀ ਦਾ ਉੱਚਾ ਥੜ੍ਹਾ ਬਣਾ ਦਿੱਤਾ। ਬਿਕਰਮੀ 1617 (1560 ਈ:) ਵਿਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਕੀ ਡਰੋਲੀ ਤੋਂ ਨਾਨਕਮਤਾ ਜਾਣ ਸਮੇਂ 101 ਘੋੜ ਸਵਾਰਾਂ ਸਮੇਤ ਇਸ ਅਸਥਾਨ ਉੱਤੇ ਪੁੱਜੇ। ਇਤਿਹਾਸਕ ਮੱਤ ਅਨੁਸਾਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ। ਕੀਰਤਪੁਰ ਤੋਂ ਪਟਿਆਲਾ, ਆਲੋਅਰਖ, ਭਵਾਨੀਗੜ੍ਹ, ਫੱਗੂਵਾਲਾ, ਘਰਾਚੋਂ, ਸੁਨਾਮ, ਗੁਰਦੁਆਰਾ ਨਾਨਕਿਆਣਾ ਸਾਹਿਬ, ਅਕੋਈ ਤੋਂ ਹੁੰਦੇ ਹੋਏ 7 ਮਾਘ ਬਿਕਰਮੀ 1722 ਨੂੰ ਇਸ ਅਸਥਾਨ ਉੱਤੇ ਪੁੱਜੇ। ਉਸ ਸਮੇਂ ਉਨ੍ਹਾਂ ਨਾਲ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ। ਪਿੰਡ ਵਾਸੀਆਂ ਨੇ ਬਹੁਤ ਸੇਵਾ ਕੀਤੀ। ਬਾਅਦ ਵਿਚ ਸੰਤ ਅਤਰ ਸਿੰਘ ਨੇ ਇਸ ਅਸਥਾਨ ਉੱਤੇ 40 ਦੀਵਾਨ ਲਾ ਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਪ੍ਰੇਰਿਆ। ਦਰਬਾਰ ਸਾਹਿਬ ਦੀ ਨੀਂਹ ਵੈਸਾਖ 7 ਬਿਕਰਮੀ 1969 (18 ਅਪ੍ਰੈਲ, 1912) ਨੂੰ ਰੱਖੀ ਅਤੇ ਗੁਰਦੁਆਰਾ ਝਿੜਾ ਸਾਹਿਬ ਦੀ ਸੇਵਾ ਸੰਤਾਂ ਨੇ ਆਪਣੀ ਦੇਖ-ਰੇਖ ਹੇਠ ਕਰਵਾਈ। 1965 ਵਿਚ ਇਹ ਗੁਰਦੁਆਰਾ ਸੈਕਸ਼ਨ 87 ਅਧੀਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆ ਗਿਆ ਹੈ।
1996 ਵਿਚ ਬਾਬਾ ਹਰਬੰਸ ਸਿੰਘ ਨੇ ਇਸ ਅਸਥਾਨ ਦੀ ਸੇਵਾ ਆਰੰਭ ਕਰਵਾਈ ਅਤੇ ਹੁਣ ਪ੍ਰਧਾਨ ਦਰਸ਼ਨ ਸਿੰਘ ਕਾਂਝਲਾ ਅਤੇ ਮੈਨੇਜਰ ਮਲਕੀਤ ਸਿੰਘ ਦੀ ਸਾਂਝੀ ਰਹਿਨੁਮਾਈ ਹੇਠ ਗੁਰਪੁਰਬ, ਸੰਤ ਅਤਰ ਸਿੰਘ ਦੀ ਬਰਸੀ 19, 20 ਅਤੇ 21 ਮਾਘ ਨੂੰ ਮਨਾਉਣ ਤੋਂ ਇਲਾਵਾ ਸੰਤ ਬਿਸ਼ਨ ਸਿੰਘ ਦੀ ਬਰਸੀ 1 ਭਾਦੋਂ ਨੂੰ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ। ਗੁਰੂ-ਘਰ 6 ਏਕੜ ਵਿਚ ਅਤੇ ਗੁਰਦੁਆਰਾ ਸਾਹਿਬ ਕੋਲ ਵਾਹੀਯੋਗ 40 ਏਕੜ ਜ਼ਮੀਨ ਹੈ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਰਾਜ ਸਰਕਾਰ ਵਲੋਂ ਉਨ੍ਹਾਂ ਥਾਵਾਂ ਦੀ ਪਹਿਚਾਣ ਕਰਦਿਆਂ ਉਨ੍ਹਾਂ ਨਗਰਾਂ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ। ਅੱਜ ਇਹ ਗੁਰੂ-ਘਰ ਕੇਵਲ ਸੰਗਰੂਰ ਵਿਚ ਹੀ ਨਹੀਂ, ਬਲਕਿ ਦੇਸ਼-ਵਿਦੇਸ਼ ਵਿਚ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਵਜੋਂ ਮਕਬੂਲ ਹੈ।


-ਅਮਨਦੀਪ ਸਿੰਘ ਬਿੱਟਾ
ਮੋਬਾ: 98140-21672
ਸਤਨਾਮ ਸਿੰਘ ਦਮਦਮੀ
ਮੋਬਾ: 97814-37111


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਦੇਵ ਜੀ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸੰਦੇਸ਼ ਦੇਣ ਲਈ ਦੇਸ਼-ਦੁਨੀਆ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਜਨਮ ਸਾਖੀਆਂ ਮੌਜੂਦ ਹਨ, ਜਿਹੜੀਆਂ ਗੁਰੂ ਜੀ ਦੀ ਸਿੱਖਿਆ, ਸਫ਼ਰ ਅਤੇ ਸਿਧਾਂਤ ਸਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਜਨਮ ਸਾਖੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਹਰ ਧਰਮ ਦੇ ਸ਼ਰਧਾਲੂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸ਼ੁੱਭ ਕਾਰਜ ਕਰਨ 'ਤੇ ਜ਼ੋਰ ਦਿੰਦੇ ਸਨ। ਗੁਰੂ ਜੀ ਜਬਰੀ ਧਰਮ ਪਰਿਵਰਨ ਦੇ ਖ਼ਿਲਾਫ਼ ਸਨ ਅਤੇ ਉਹ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਨੂੰ ਉਸ ਦੇ ਆਪਣੇ ਧਰਮ ਗ੍ਰੰਥ ਦੀਆਂ ਸਦਾਚਾਰਕ ਸਿੱਖਿਆਵਾਂ ਧਾਰਨ ਕਰਨ 'ਤੇ ਜ਼ੋਰ ਦਿੰਦੇ ਸਨ। ਉਹ ਮੁਸਲਮਾਨ ਨੂੰ ਚੰਗਾ ਮੁਸਲਮਾਨ ਅਤੇ ਹਿੰਦੂ ਨੂੰ ਚੰਗਾ ਹਿੰਦੂ ਬਣਨ ਦੀ ਸਿੱਖਿਆ ਦਿੰਦੇ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਧਰਮਾਂ ਦੇ ਲੋਕ ਉਨ੍ਹਾਂ ਦੇ ਸ਼ਰਧਾਲੂ ਬਣਦੇ ਜਾ ਰਹੇ ਸਨ।
ਗੁਰੂ ਨਾਨਕ ਸਾਹਿਬ ਨੇ ਜਿਹੜੇ ਅਸਥਾਨਾਂ ਦੀ ਯਾਤਰਾ ਕੀਤੀ, ਉਥੇ ਗੁਰਧਾਮ ਕਾਇਮ ਹਨ। ਗੁਰੂ ਨਾਨਕ ਨਾਮ-ਲੇਵਾ ਸੰਗਤ ਇਨ੍ਹਾਂ ਦੀ ਸੇਵਾ-ਸੰਭਾਲ ਕਰਦੀ ਹੈ। ਇਨ੍ਹਾਂ ਅਸਥਾਨਾਂ ਦੀ ਯਾਤਰਾ ਕਰਨਾ ਸਿੱਖ ਆਪਣਾ ਧਾਰਮਿਕ ਫ਼ਰਜ਼ ਸਮਝਦੇ ਹਨ। ਜਿਹੜੇ ਗੁਰਧਾਮਾਂ ਦੀ ਸੇਵਾ-ਸੰਭਾਲ ਵਿਚ ਸਰਹੱਦਾਂ ਰੋੜਾ ਬਣ ਗਈਆਂ ਹਨ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਲਈ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ। ਬਹੁਤੇ ਗੁਰਧਾਮ ਮੌਜੂਦਾ ਪਾਕਿਸਤਾਨ ਵਿਚ ਸਥਿਤ ਹਨ, ਜਿਥੇ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਅਤੇ ਕਈ ਵਾਰੀ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਗੁਰਧਾਮ ਪਾਕਿਸਤਾਨ ਤੋਂ ਅੱਗੇ ਅਰਬ ਦੇਸ਼ਾਂ ਵਿਚ ਮੌਜੂਦ ਹਨ, ਉਥੇ ਜਾਣਾ ਹੋਰ ਵਧੇਰੇ ਮੁਸ਼ਕਿਲ ਹੋ ਜਾਂਦਾ ਹੈ। ਮੱਕਾ-ਮਦੀਨਾ ਤੱਕ ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਹੋਣ ਦੇ ਠੋਸ ਸਬੂਤ ਮੌਜੂਦ ਹਨ, ਜਿਨ੍ਹਾਂ ਦੀ ਸੇਵਾ-ਸੰਭਾਲ ਸਥਾਨਕ ਸ਼ਰਧਾਲੂਆਂ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਜਦੋਂ ਕਿਤੇ ਇਨ੍ਹਾਂ ਦੇਸ਼ਾਂ ਵਿਚ ਮੌਜੂਦ ਗੁਰੂ ਜੀ ਦੀਆਂ ਨਿਸ਼ਾਨੀਆਂ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸਿੱਖਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਨਾਲ ਸਬੰਧਿਤ ਇਕ ਦਸਤਾਵੇਜ਼ ਡਾ: ਜਸਬੀਰ ਸਿੰਘ ਸਰਨਾ ਰਾਹੀਂ ਸਾਹਮਣੇ ਆਇਆ ਹੈ। ਇਸ ਦਸਤਾਵੇਜ਼ ਦੀ ਸਮੱਗਰੀ ਸਈਦ ਪ੍ਰਿਥੀਪਾਲ ਸਿੰਘ ਨੇ ਆਪਣੇ ਭਾਸ਼ਨਾਂ ਰਾਹੀਂ ਪ੍ਰਦਾਨ ਕੀਤੀ ਸੀ।
1902 ਵਿਚ ਕਸ਼ਮੀਰ ਵਿਖੇ ਮੁਜ਼ੱਫ਼ਰ ਹੁਸੈਨ ਸ਼ਾਹ ਦੇ ਘਰ ਪੈਦਾ ਹੋਏ ਇਕ ਬੱਚੇ ਦਾ ਨਾਂ ਸਈਦ ਮੁਸ਼ਤਾਕ ਹੁਸੈਨ ਰੱਖਿਆ ਗਿਆ। ਪਿੰਡ ਤੋਂ ਮੁਢਲੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਉੱਚ ਵਿੱਦਿਆ ਗ੍ਰਹਿਣ ਕਰਨ ਲਈ ਮੱਕੇ ਮਦੀਨੇ ਗਿਆ ਅਤੇ ਵਾਪਸ ਆ ਕੇ ਗੁਰੂ-ਘਰ ਨਾਲ ਜੁੜ ਗਿਆ। 1935 ਵਿਚ ਪਰਿਵਾਰ ਸਮੇਤ ਸਿੰਘ ਸਜ ਗਿਆ। ਸਿੱਖੀ ਧਾਰਨ ਕਰਨ ਉਪਰੰਤ ਇਸ ਦਾ ਨਾਂਅ ਸਈਦ ਮੁਸ਼ਤਾਕ ਹੁਸੈਨ ਤੋਂ ਸਈਦ ਪ੍ਰਿਥੀਪਾਲ ਸਿੰਘ, ਇਸ ਦੀ ਪਤਨੀ ਦਾ ਨਾਂਅ ਗੁਲਜ਼ਾਰ ਬੇਗ਼ਮ ਤੋਂ ਇੰਦਰਜੀਤ ਕੌਰ ਅਤੇ ਪੁੱਤਰ ਦਾ ਨਾਂਅ ਮਹਿਮੂਦ ਨਜ਼ੀਰ ਤੋਂ ਭਗਤ ਸਿੰਘ ਰੱਖਿਆ ਗਿਆ ਜਿਸ ਨੂੰ ਬਾਅਦ ਵਿਚ ਸੰਤ ਪ੍ਰਿਥੀਪਾਲ ਸਿੰਘ (ਸਈਦ) ਵੀ ਕਿਹਾ ਜਾਣ ਲੱਗਿਆ। ਦੇਸ਼-ਵਿਦੇਸ਼ ਦੇ ਵੱਖ-ਵੱਖ ਨਗਰਾਂ ਵਿਚ ਇਨ੍ਹਾਂ ਨੇ ਬਹੁਤ ਹੀ ਭਾਵਪੂਰਤ ਭਾਸ਼ਨ ਦਿੱਤੇ, ਜਿਨ੍ਹਾਂ ਨੂੰ ਸੁਣਨ ਲਈ ਸਿੱਖ ਦੂਰੋਂ-ਨੇੜਿਉਂ ਆ ਜੁੜਦੇ ਸਨ। ਇਨ੍ਹਾਂ ਦੁਆਰਾ ਦਿੱਤੇ ਗਏ ਭਾਸ਼ਨਾਂ ਨੂੰ ਇਕ ਸਿੱਖ ਸ਼ਰਧਾਲੂ ਨੇ ਲਿਖ ਲਿਆ ਅਤੇ ਇਹ ਇਕ ਦਸਤਾਵੇਜ਼ ਦੇ ਰੂਪ ਵਿਚ ਸੰਭਾਲ ਲਏ ਗਏ। ਭਾਵੇਂ ਕਿ ਮੌਖਿਕ ਇਤਿਹਾਸ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਪਰ ਇਹ ਬਹੁਤ ਹੀ ਰੌਚਿਕ ਅਤੇ ਭਾਵਪੂਰਤ ਹੁੰਦੀਆਂ ਹਨ ਜਿਹੜੀਆਂ ਕਿ ਪੜ੍ਹਨ-ਸੁਣਨ ਵਾਲਿਆਂ ਨੂੰ ਆਕਰਸ਼ਿਤ ਕਰਦੀਆਂ ਹਨ। ਦਸਤਾਵੇਜ਼ੀ ਇਤਿਹਾਸ ਦਾ ਮੁੱਢ ਵੀ ਕਈ ਵਾਰੀ ਮੌਖਿਕ ਇਤਿਹਾਸ ਰਾਹੀਂ ਹੀ ਬੱਝਦਾ ਹੈ। ਮੌਖਿਕ ਇਤਿਹਾਸ 'ਤੇ ਅਧਾਰਿਤ ਇਸ ਦਸਤਾਵੇਜ਼ ਵਿਚ ਅਨੇਕਾਂ ਨਾਵਾਂ, ਥਾਵਾਂ, ਨਗਰਾਂ, ਪਸ਼ੂ-ਪੰਛੀਆਂ, ਮਾਰਗਾਂ ਅਤੇ ਸ਼ਖ਼ਸੀਅਤਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਤੋਂ ਜਿਥੇ ਵਿਦਿਆਰਥੀ ਅਤੇ ਖੋਜਾਰਥੀ ਲਾਹਾ ਲੈ ਸਕਦੇ ਹਨ, ਉਥੇ ਇਹ ਜਨ-ਸਧਾਰਨ ਦੀ ਜਾਣਕਾਰੀ ਵਿਚ ਵੀ ਲਾਹੇਵੰਦ ਵਾਧਾ ਕਰਦਾ ਹੈ। ਮੱਕਾ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਕਿਸੇ ਵੀ ਗ਼ੈਰ-ਮੁਸਲਮਾਨ ਦੇ ਜਾਣ ਦੀ ਮਨਾਹੀ ਹੈ। ਗੁਰੂ ਜੀ ਨੇ ਇਸ ਅਸਥਾਨ ਦੀ ਯਾਤਰਾ ਹੀ ਨਹੀਂ ਕੀਤੀ, ਬਲਕਿ ਇਥੋਂ ਦੀ ਧਾਰਮਿਕ ਸ਼੍ਰੇਣੀ ਨੂੰ ਮਹੱਤਵਪੂਰਨ ਸੰਦੇਸ਼ ਵੀ ਦਿੱਤਾ ਸੀ, ਜਿਸ ਦਾ ਵਿਸਥਾਰਪੂਰਵਕ ਵਰਨਣ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵੀ ਕੀਤਾ ਹੈ-
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ। (ਵਾਰ 1, ਪਉੜੀ 33)
ਗੁਰੂ ਜੀ ਦੀ ਅਰਬ ਦੇਸ਼ਾਂ ਦੀ ਯਾਤਰਾ ਸਬੰਧੀ ਉਕਤ ਦਸਤਾਵੇਜ਼ ਵਿਚ ਦੋ ਕਿਤਾਬਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਵਿਚ ਇਕ ਹੈ 'ਸਿਯਾਹਤੋ ਬਾਬਾ ਨਾਨਕ ਫ਼ਕੀਰ' ਭਾਵ ਸਫ਼ਰਨਾਮਾ ਬਾਬਾ ਨਾਨਕ ਫ਼ਕੀਰ ਅਤੇ ਦੂਜਾ ਹੈ 'ਤਵਾਰੀਖ਼ ਅਰਬ'। ਸਈਦ ਦੱਸਦਾ ਹੈ ਕਿ ਇਨ੍ਹਾਂ ਵਿਚੋਂ ਪਹਿਲੀ ਕਿਤਾਬ ਤਾਜਦੀਨ ਦੀ ਅਤੇ ਦੂਜੀ ਖ਼ਵਾਜ਼ਾ ਜੈਨਲਉਬਦੀਨ ਦੀ ਲਿਖੀ ਹੋਈ ਹੈ। ਇਨ੍ਹਾਂ ਦੋਵੇਂ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੈ ਜਿਸ ਤੋਂ ਉਨ੍ਹਾਂ ਦੀ ਅਰਬ ਯਾਤਰਾ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਜਦੀਨ ਦਾ ਕਰਤਾ ਦੱਸਦਾ ਹੈ ਕਿ ਉਸ ਨੇ ਗੁਰੂ ਨਾਨਕ ਸਾਹਿਬ ਨਾਲ ਅਰਬ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਜਿਹੜੀਆਂ ਕਰਾਮਾਤਾਂ ਅਤੇ ਘਟਨਾਵਾਂ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਕਲਮਬੱਧ ਕਰਕੇ ਇਕ ਕਿਤਾਬ ਦਾ ਰੂਪ ਦਿੱਤਾ, ਜਿਸ ਦੀ ਇਕ ਕਾਪੀ ਮਦੀਨੇ ਦੀ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਸੀ।
ਖ਼ਵਾਜ਼ਾ ਜੈਨਲਉਬਦੀਨ ਮੱਕੇ ਦਾ ਵਸਨੀਕ ਸੀ ਅਤੇ ਇਹ ਕਾਜ਼ੀ ਰੁਕਨਦੀਨ ਦੇ ਨਾਲ ਉਸ ਸਮੇਂ ਕਾਅਬੇ ਵਿਖੇ ਪੁੱਜਾ ਸੀ ਜਦੋਂ ਸ਼ਹਿਰ ਵਿਚ ਇਹ ਰੌਲਾ ਪੈ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਅਬਾ ਘੁਮਾ ਦਿੱਤਾ ਹੈ। ਇਹ ਲਿਖਦਾ ਹੈ ਕਿ ਕਾਅਬਾ ਵਿਖੇ ਕਾਜ਼ੀ ਰੁਕਨਦੀਨ ਨੇ ਬਾਬਾ ਜੀ ਨੂੰ ਤਿੰਨ ਸਵਾਲ ਕੀਤੇ ਜਿਹੜੇ ਸੰਗੀਤ, ਕੇਸਾਂ ਅਤੇ ਖ਼ਾਨਾ ਕਾਅਬਾ ਨਾਲ ਸਬੰਧਿਤ ਸਨ। ਕੁਰਾਨ ਦੇ ਹਵਾਲੇ ਨਾਲ ਅਰਬੀ ਭਾਸ਼ਾ ਵਿਚ ਗੁਰੂ ਜੀ ਦੇ ਉੱਤਰ ਸੁਣ ਕੇ ਕਾਜ਼ੀ ਦੇ ਮਨ ਵਿਚ ਗੁਰੂ ਜੀ ਪ੍ਰਤੀ ਸ਼ਰਧਾ ਪੈਦਾ ਹੋ ਗਈ ਅਤੇ ਬਾਅਦ ਵਿਚ ਇਹ ਗੁਰੂ ਜੀ ਦਾ ਮੁਰੀਦ ਬਣ ਗਿਆ। ਗੁਰੂ ਜੀ ਦੇ ਮੱਕੇ ਤੋਂ ਮਦੀਨੇ ਜਾਣ ਸਮੇਂ ਇਸ ਨੇ ਉਨ੍ਹਾਂ ਨੂੰ ਇਕ ਰੇਸ਼ਮੀ ਚੋਗਾ (ਚੋਲਾ) ਪੇਸ਼ ਕੀਤਾ, ਜਿਸ 'ਤੇ ਕੁਰਾਨ ਸ਼ਰੀਫ਼ ਦੀਆਂ ਕੁਝ ਆਇਤਾਂ ਅਤੇ ਗੁਰੂ ਜੀ ਦੀ ਸਿਫ਼ਤ-ਸਲਾਹ ਲਿਖੀ ਹੋਈ ਸੀ। ਗੁਰੂ ਜੀ ਆਪਣਾ ਆਸਾ (ਸੋਟਾ) ਅਤੇ ਇਕ ਖੜਾਂਵ ਇਸ ਨੂੰ ਨਿਸ਼ਾਨੀ ਵਜੋਂ ਦੇ ਗਏ ਸਨ। ਗੁਰੂ ਜੀ ਦੇ ਜਾਣ ਪਿੱਛੋਂ ਕਾਜ਼ੀ ਰੁਕਨਦੀਨ ਨੂੰ ਕਾਫ਼ਰ ਹੋਣ ਦਾ ਫ਼ਤਵਾ ਲਾਇਆ ਗਿਆ ਅਤੇ ਜੂਨ ਮਹੀਨੇ 22 ਦਿਨ ਤਸੀਹੇ ਦਿੱਤੇ ਗਏ ਅਤੇ ਆਖ਼ਰੀ ਦਿਨ ਗੁਰੂ ਜੀ ਦਾ ਸੰਦੇਸ਼ ਦਿੰਦਾ ਹੋਇਆ ਇਹ ਇਸ ਦੁਨੀਆ ਤੋਂ ਕੂਚ ਕਰ ਗਿਆ। ਖ਼ਵਾਜ਼ਾ ਜੈਨਲਉਬਦੀਨ ਦੱਸਦਾ ਹੈ ਕਿ ਮੱਕੇ ਫੇਰੀ ਦੌਰਾਨ ਕਾਜ਼ੀ ਨੇ ਗੁਰੂ ਜੀ ਨੂੰ 360 ਸਵਾਲ ਕੀਤੇ ਅਤੇ ਗੁਰੂ ਜੀ ਨੇ ਸਭਨਾਂ ਦਾ ਤਸੱਲੀਬਖ਼ਸ਼ ਉੱਤਰ ਦਿਤਾ ਸੀ। ਇਹ ਸਵਾਲ-ਜਵਾਬ ਇਸ ਦੀ ਕਿਤਾਬ ਵਿਚ ਦਰਜ ਦੱਸੇ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਦਾ ਕੇਵਲ ਇਕੋ ਉਦੇਸ਼ ਸੀ ਕਿ ਲੋਕਾਈ ਨੂੰ ਪ੍ਰਭੂ-ਮਾਰਗ ਅਨੁਸਾਰ ਸਦਾਚਾਰਕ ਜੀਵਨ ਬਸਰ ਕਰਨ ਦੀ ਪ੍ਰੇਰਨਾ ਦੇਣਾ। ਜਦੋਂ ਗੁਰੂ ਜੀ ਨੂੰ ਕੋਈ ਪੀਰ ਇਹ ਕਹਿੰਦਾ ਹੈ ਕਿ ਕਿਸੇ ਧਨਾਢ ਜਾਂ ਹੰਕਾਰੀ ਨੂੰ ਸਿੱਧੇ ਰਾਹ ਪਾਓ ਤਾਂ ਗੁਰੂ ਜੀ ਕਹਿੰਦੇ ਹਨ, 'ਮੈਂ ਆਇਆ ਹੀ ਇਸੇ ਲਈ ਹਾਂ। ਖੁਦਾ ਭਲਾ ਕਰੇਗਾ।' ਅਨੇਕਾਂ ਘਟਨਾਵਾਂ ਇਸ ਦਸਤਾਵੇਜ਼ ਵਿਚ ਦਰਜ ਹਨ ਜਦੋਂ ਗੁਰੂ ਜੀ ਹੰਕਾਰੀਆਂ ਦੇ ਹੰਕਾਰ ਦਾ ਨਾਸ਼, ਕ੍ਰੋਧੀਆਂ ਨੂੰ ਸ਼ਾਂਤ ਅਤੇ ਧਾਰਮਿਕ ਆਗੂਆਂ ਨੂੰ ਸਿੱਧੇ ਰਾਹ ਪਾਉਂਦੇ ਹਨ। ਸਮੁੱਚੇ ਅਰਬ ਦੇ ਪ੍ਰਮੁੱਖ ਨਗਰਾਂ ਦੀ ਯਾਤਰਾ ਕਰਨ ਦੇ ਪ੍ਰਮਾਣ ਇਸ ਵਿਚੋਂ ਮਿਲਦੇ ਹਨ। ਜਿਹੜੇ ਨਗਰਾਂ ਦਾ ਜ਼ਿਕਰ ਇਸ ਦਸਤਾਵੇਜ਼ ਵਿਚ ਆਇਆ ਹੈ, ਉਨ੍ਹਾਂ ਦੇ ਨਾਂਅ ਇਹ ਹਨ-ਉੱਮਰਾ, ਅਦਨ, ਇਨੂਲਸ (ਈਰਾਨ ਦਾ ਸ਼ਹਿਰ), ਸਖੋਰ ਸ਼ਹਿਰ, ਕਰਾਚੀ, ਕੂਫ਼ਾ (ਕਰਬਲਾ), ਕੈ ਕੈ (ਮਿਸਰ ਦਾ ਸ਼ਹਿਰ), ਜੱਦਾਹ, ਡੇਰਾ ਇਸਮਾਈਲ ਖ਼ਾਨ, ਪਠਾਨਵਲੀ, ਬਹਿਤੁਲ ਮਕੂਸ, ਬਗ਼ਦਾਦ, ਮਠਨਕੋਟ, ਮਦੀਨਾ, ਮੱਕਾ, ਲਾਹੌਰ ਆਦਿ।
ਇਨ੍ਹਾਂ ਨਗਰਾਂ ਦੀ ਯਾਤਰਾ ਦੌਰਾਨ ਜਿਹੜੇ ਪ੍ਰਮੁੱਖ ਅਸਥਾਨਾਂ 'ਤੇ ਗੁਰੂ ਜੀ ਨੇ ਡੇਰਾ ਲਾਇਆ ਸੀ ਜਾਂ ਜਿਥੇ ਗੁਰੂ ਜੀ ਦੀ ਯਾਦ ਵਿਚ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਦੇ ਨਾਂਅ ਹਨ-ਅਕਾਲ ਬੁੰਗਾ (ਕਰਾਚੀ ਬੰਦਰਗਾਹ ਨੇੜੇ), ਅਦਨ ਦਾ ਕਿਬਲਾ, ਅੰਮ੍ਰਿਤਸਰ, ਸਾਧੂ ਬੇਲਾ, ਹੁਜਰਾ ਨਾਨਕ ਸ਼ਾਹ ਕਲੰਦਰ (ਬਹਿਤੁਲ ਮਕੂਸ), ਹੁਜਰਾ ਬਾਬਾ ਨਾਨਕ ਫ਼ਕੀਰ (ਮੱਕੇ ਦੇ ਪੱਛਮ ਵੱਲ), ਨਾਨਕ ਸ਼ਾਹ ਕਲੰਦਰ (ਜੱਦਾਹ ਸ਼ਰੀਫ਼), ਵਲੀ-ਹਿੰਦ ਮਸੀਤ (ਉੱਮਰਾ), ਨਾਨਕ ਵਲੀ ਹਿੰਦ (ਕੂਫ਼ਾ ਦੇ ਕਬਰਸਤਾਨ ਵਿਖੇ), ਮਠਨਕੋਟ, ਵਲੀ ਹਿੰਦ ਚਸ਼ਮਾ (ਬਗ਼ਦਾਦ) ਆਦਿ।
ਅਰਬ ਦੇਸ਼ਾਂ ਦੇ ਸਫ਼ਰ ਦੌਰਾਨ ਲਗਪਗ ਹਰ ਵਰਗ ਦੇ ਲੋਕ ਗੁਰੂ ਜੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਚਾਰ-ਚਰਚਾ ਕਰਨ ਲਈ ਆਉਂਦੇ ਸਨ। ਕਈ ਥਾਵਾਂ 'ਤੇ ਗੁਰੂ ਜੀ ਨੂੰ ਕਾਫ਼ਰ ਕਹਿ ਕੇ ਮਾਰਨ ਦਾ ਯਤਨ ਕੀਤਾ ਗਿਆ ਪਰ ਜਦੋਂ ਕ੍ਰੋਧ ਦੇ ਭਰੇ-ਪੀਤੇ ਲੋਕ ਗੁਰੂ ਜੀ ਦੇ ਦਰਸ਼ਨ ਕਰਦੇ ਤਾਂ ਉਨ੍ਹਾਂ ਦਾ ਮਨ ਸ਼ਾਂਤ ਹੋ ਜਾਂਦਾ। ਗੁਰੂ ਜੀ ਦੇ ਕੌਤਕ ਦੇਖ ਕੇ ਕਈ ਮੰਨੇ-ਪ੍ਰਮੰਨੇ ਪੀਰ ਉਨ੍ਹਾਂ ਨੂੰ ਨਬੀ ਦਾ ਦਰਜਾ ਦਿੰਦੇ ਹਨ। ਉਨ੍ਹਾਂ ਦੀਆਂ ਅਧਿਆਤਮਿਕ ਅਤੇ ਅਲੌਕਿਕ ਸ਼ਕਤੀਆਂ ਨੂੰ ਦੇਖ ਕੇ ਕਿਹਾ ਗਿਆ ਕਿ 'ਖੁਦਾਵੰਦ ਕਰੀਮ ਆਲਮਗੀਰ ਜਾਮਾ ਪਹਿਨ ਕੇ ਦੁਨੀਆ ਦਾ ਸਫ਼ਰ ਕਰ ਰਹੇ ਹਨ'। ਜਿਹੜੇ ਉਨ੍ਹਾਂ ਦਾ ਦਰਸ਼ਨ ਕਰ ਲੈਂਦੇ ਹਨ ਉਹ ਬਖ਼ਸ਼ੇ ਜਾਂਦੇ ਹਨ, ਦੋਜ਼ਖ਼ ਦੀ ਅੱਗ ਤੋਂ ਬਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੰਨਤ ਨਸੀਬ ਹੁੰਦੀ ਹੈ। ਇਸ ਸਫ਼ਰਨਾਮੇ ਵਿਚ ਜਿਹੜੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਆਇਆ ਹੈ ਉਹ ਹਨ-ਅਹਿਮਦ ਸਾਦਿਕ, ਅਬਦੁਲ ਰਹਿਮਾਨ ਦਸਤਗੀਰ (ਬਗ਼ਦਾਦ ਦਾ ਪੀਰ), ਅਮਰ ਰਜ਼ਾ (ਬਹਿਲੋਲ ਪੀਰ ਦਾ ਮੁਰੀਦ), ਅਲੀ (ਹਜ਼ਰਤ), ਆਇਸ਼ਾ, ਅੱਛਰ ਸਿੰਘ ਜਥੇਦਾਰ (ਲਾਹੌਰ ਦੇ ਗੁਰਦੁਆਰੇ ਦਾ ਪ੍ਰਧਾਨ), ਇਬਨੇ ਅਸਵੁੱਧ, ਇਬਨੇ ਵਲਿਦ ਕਾਜ਼ੀ (ਸਈਦ), ਇਬਨੇ ਵਾਹਿਦ (ਸੂਫ਼ੀ), ਇਬਰਾਹੀਮ (ਹਜ਼ਰਤ), ਇਮਾਮ ਦੀਨ ਸ਼ਾਹ (ਸਈਦ ਪ੍ਰਿਥੀਪਾਲ ਸਿੰਘ ਦਾ ਸ਼ਗਿਰਦ), ਈਸਾ (ਹਜ਼ਰਤ), ਸਲੀਮਾ, ਸ਼ਾਹ ਸ਼ਰਫ਼ (ਹੱਜ ਕਰਨ ਵਾਲੇ ਇਕ ਕਬੀਲੇ ਦਾ ਸਰਦਾਰ), ਹਾਜ਼ੀ ਗ਼ੁਲਾਮ ਅਹਿਮਦ (ਕੁਰੈਸ਼ ਕਬੀਲੇ ਦਾ ਸਰਦਾਰ), ਹੁਸੈਨ, ਕਾਰੂੰ ਹਮੀਦ (ਮਿਸਰ ਦਾ ਬਾਦਸ਼ਾਹ), ਗੁਰਮੁਖ ਸਿੰਘ ਮੁਸਾਫ਼ਿਰ, ਗ਼ੁਲਾਮ ਕਾਦਰ (ਇਮਾਮ), ਗ਼ੁਲਾਮ ਯਹੀਆ ਖ਼ਾਨ (ਸਲੀਮਾ ਦਾ ਪਤੀ ਅਤੇ ਕੂਫ਼ਾ ਦਾ ਸੌਦਾਗਰ), ਜੀਵਣ (ਮੱਕੇ ਦੀ ਮਸਜਿਦ ਦਾ ਸੇਵਾਦਾਰ), ਜੈਨਲਉਬਦੀਨ (ਖਵਾਜ਼ਾ, ਲਿਖਾਰੀ), ਜ਼ਫ਼ਰ (ਇਮਾਮ), ਤਾਜਦੀਨ (ਲਿਖਾਰੀ), ਦਾਊਦ (ਹਜ਼ਰਤ), ਪਾਸ਼ਾਹਾਲੀ (ਕਾਜ਼ੀ), ਪੀਰ ਜਲਾਲ (ਮਿਸਰ ਦੇ ਬਾਦਸ਼ਾਹ ਦਾ ਮੁਰਸ਼ਦ), ਬਹਿਲੋਲ (ਬਗ਼ਦਾਦ ਦੇ ਬਾਹਰ ਦਜ਼ਲਾ ਦਰਿਆ ਕੰਢੇ ਰਹਿਣ ਵਾਲਾ ਫ਼ਕੀਰ), ਬਾਬਾ ਨੋਕੰਠੀ ਦਾਸ (ਉਦਾਸੀ ਸਾਧੂ), ਮਹਿਬੂਬ ਰਹਿਮਾਨ (ਖ਼ਵਾਜ਼ਾ ਜੈਨਲਉਬਦੀਨ ਦੇ ਖ਼ਾਨਦਾਨ ਵਿਚੋਂ), ਮਜੀਦ (ਮਿਸਰ ਦਾ ਵਸਨੀਕ), ਮੁਹੰਮਦ ਸਾਹਿਬ (ਹਜ਼ਰਤ), ਮੂਸਾ (ਹਜ਼ਰਤ), ਮੋਹਨ ਸਿੰਘ ਜਥੇਦਾਰ, ਯਾਕੂਬ ਇਬਨੇ ਸਹਿਲੱਬ, ਰੁਕਨਦੀਨ (ਕਾਜ਼ੀ)। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨਵਰਸਿਟੀ, ਪਟਿਆਲਾ।

ਸੰਤਾਂ-ਮਹਾਂਪੁਰਖਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰੂ ਪੰਥ ਸਿਧਾਂਤ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਤੱਕ ਇਕ ਨਿਰਮਲ ਖ਼ਾਲਸਾ ਪੰਥ ਸੀ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਸਰੋਤ ਅਤੇ ਜ਼ਰੀਆ ਕਲਯੁਗੀ ਜੀਵਨ ਦਾ ਕੀਰਤਨ ਰਾਹੀਂ ਉਦਾਰ ਕਰਨਾ ਸੀ। ਕੀਰਤਨ ਬਿਨਾਂ ਕੋਈ ਸਤਿਸੰਗ ਅਤੇ ਸੰਮੇਲਨ ਨਹੀਂ ਸੀ ਹੋਇਆ ਕਰਦਾ। ਸੰਨ 1925 ਵਿਚ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੰਨੇ-ਪ੍ਰਮੰਨੇ ਨਿਰਮਲੇ ਮਹੰਤ, ਸੰਤ ਅਤੇ ਉਦਾਸੀ ਮਹਾਂਪੁਰਖ ਦੀਵਾਨਾਂ ਵਿਚ ਕੀਰਤਨ ਕਰਿਆ ਕਰਦੇ ਸਨ। ਸਾਧੂ ਬਿਰਤੀ ਹੋਣ ਕਰਕੇ ਉਨ੍ਹਾਂ ਵਲੋਂ ਗਾਇਨ ਕੀਤੇ ਜਾਂਦੇ ਕੀਰਤਨ ਦਾ ਸੰਗਤਾਂ ਉੱਤੇ ਬਹੁਤ ਅਸਰ ਹੁੰਦਾ ਸੀ। ਸੰਤ ਬਾਬਾ ਮਿਸ਼ਰਾ ਸਿੰਘ ਕੀਰਤਨਕਾਰ ਨਿਰਮਲ ਡੇਰਾ ਅੰਮ੍ਰਿਤਸਰ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂਸਰ ਦੇ ਉੱਚ ਕੋਟੀ ਦੇ ਤਕਰੀਬਨ ਇਕ ਹਜ਼ਾਰ ਤੋਂ ਵੱਧ ਨਿਰਮਲੇ ਸੰਤ ਮਹੰਤ ਗੁਰਮਤਿ ਕੀਰਤਨ ਦੇ ਮਹਾਨ ਗਿਆਤਾ ਅਤੇ ਸ਼ਾਸਤਰਕਾਰ ਸਨ। ਇਸ ਲੇਖ ਰਾਹੀਂ ਅਸੀਂ ਉਨ੍ਹਾਂ ਮਹਾਂਪੁਰਖ ਕੀਰਤਨੀਆਂ ਵਿਚੋਂ ਕੁਝ ਇਕ ਦਾ ਜ਼ਿਕਰ ਕਰਾਂਗੇ।
1. ਬਾਬਾ ਸ਼ਾਮ ਸਿੰਘ ਅਡਣਸ਼ਾਹੀ : ਆਪ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮਹਾਨ ਕੀਰਤਨੀਏ ਭਾਈ ਮਨਸਾ ਸਿੰਘ ਦੇ ਸਮਕਾਲੀ ਹੋਏ ਹਨ। ਆਪ ਦਾ ਜਨਮ ਸੰਨ 1803 ਵਿਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਸੰਗੀਤ ਵੱਲ ਸੀ। ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਈਜਾਦ ਕੀਤੇ ਇਕ ਨਵੇਂ ਸਾਜ਼ ਸਾਰੰਦਾ ਨਾਲ ਕੀਰਤਨ ਦਾ ਰਿਆਜ਼ ਕੀਤਾ ਅਤੇ ਇਸ ਵਿਚ ਏਨੇ ਪ੍ਰਪੱਕ ਹੋ ਗਏ ਕਿ ਤਕਰੀਬਨ 78 ਸਾਲ ਦੇ ਰਿਕਾਰਡ ਸਮੇਂ ਤੱਕ ਉਹ ਇਸ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਤੜਕਸਾਰ 2 ਵਜੇ ਦੀ ਤਿੰਨ ਪਹਿਰੇ ਦੀ ਡਿਊਟੀ ਦੌਰਾਨ ਕੀਰਤਨ ਕਰਦੇ ਰਹੇ। ਉਨ੍ਹਾਂ ਨੇ ਕਦੇ ਵੀ ਇਸ ਡਿਊਟੀ ਵਿਚ ਨਾਗਾ ਨਹੀਂ ਸੀ ਪੈਣ ਦਿੱਤਾ। ਸੰਨ 1884-85 ਵਿਚ ਉਨ੍ਹਾਂ ਨੇ ਬਾਬੂ ਸੀਤਾ ਰਾਮ ਮੁਰਦਾਬਾਦੀ ਦੀ ਸ਼ਾਗਿਰਦੀ ਕੀਤੀ ਅਤੇ ਹਰਮੋਨੀਅਮ ਵੀ ਸਿੱਖਿਆ। ਉਨ੍ਹਾਂ ਨੇ ਪੁਸਤਕ 'ਹਰਿ ਭਗਤਿ ਪ੍ਰੇਮਾਕਰ' ਸੰਨ 1913 ਵਿਚ ਲਿਖੀ। ਗੁਰੂ-ਘਰ ਦੀ ਕੀਰਤਨ ਰਾਹੀਂ ਮਹਾਨ ਸੇਵਾ ਕਰਦੇ ਹੋਏ ਮਹੰਤ ਸ਼ਾਮ ਸਿੰਘ 125 ਸਾਲ ਦੀ ਉਮਰ ਭੋਗ ਕੇ ਸੰਨ 1928 ਵਿਚ ਬ੍ਰਹਮਲੀਨ ਹੋ ਗਏ। ਉਨ੍ਹਾਂ ਦਾ ਸਾਰੰਦਾ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿਚ ਇਕ ਨਿਸ਼ਾਨੀ ਵਜੋਂ ਰੱਖਿਆ ਗਿਆ ਹੈ।
2. ਮਹੰਤ ਗੱਜਾ ਸਿੰਘ : ਇਹ ਵੀ 19ਵੀਂ ਸਦੀ ਦੇ ਇਕ ਗੁਰਮਤਿ ਸੰਗੀਤ ਦੇ ਮਹਾਨ ਫਨਕਾਰ ਸਨ। ਇਨ੍ਹਾਂ ਦਾ ਜਨਮ ਸੰਨ 1849 ਵਿਚ ਹੋਇਆ। ਮਹੰਤ ਗੱਜਾ ਸਿੰਘ ਅਤਿਅੰਤ ਮੁਸ਼ਕਿਲ ਸਾਜ਼ ਤਾਊਸ ਵਜਾਉਣ ਦੇ ਏਡੇ ਪ੍ਰਵੀਨ ਅਤੇ ਮੰਨੇ ਹੋਏ ਕਲਾਕਾਰ ਸਨ ਕਿ ਜਿਸ ਨੇ ਵੀ ਉਨ੍ਹਾਂ ਦਾ ਤਾਊਸ ਨਾਲ ਗਾਇਨ/ਕੀਰਤਨ ਸੁਣਿਆ, ਉਸ ਨੇ ਉਨ੍ਹਾਂ ਨੂੰ ਆਪਣੇ ਦਿਲ ਵਿਚ ਹੀ ਸਮਾ ਲਿਆ। ਉਨ੍ਹਾਂ ਦੀ ਸਰਬਸ੍ਰੇਸ਼ਠ ਸੰਗੀਤ ਕਲਾ ਨੂੰ ਵੇਖਦੇ ਹੋਏ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਨੇ ਉਨ੍ਹਾਂ ਨੂੰ ਸੰਨ 1862 ਵਿਚ ਦਰਬਾਰੀ ਗਾਇਕ ਦਾ ਦਰਜਾ ਦੇ ਕੇ ਪਟਿਆਲਾ ਲੈ ਆਂਦਾ ਸੀ। ਆਪਣੇ ਸਮੇਂ ਦੀ ਬਹੁਤ ਵੱਡੀ ਫਨਕਾਰਾ ਗੌਹਰ ਜਾਨ, ਜੋ ਰੱਜ ਕੇ ਸੁਰੀਲੀ ਸੀ, ਉਹਨੇ ਇਕ ਵਾਰ ਮਹਾਰਾਜਾ ਪਟਿਆਲਾ ਦੇ ਸੱਦੇ ਨੂੰ ਠੁਕਰਾ ਕੇ ਪਟਿਆਲੇ ਆਉਣ ਤੋਂ ਨਾਂਹ ਕਰ ਦਿੱਤੀ। ਉਹ ਕਲਕੱਤੇ ਰਹਿੰਦੀ ਸੀ। ਮਹਾਰਾਜੇ ਦੀ ਨਿਰਾਸ਼ਾ ਨੂੰ ਵੇਖ ਕੇ ਮਹੰਤ ਜੀ ਕਲਕੱਤੇ ਨੂੰ ਰਵਾਨਾ ਹੋ ਗਏ। ਉਥੇ ਤਾਊਸ ਨਾਲ ਕੀਰਤਨ ਕਰਦਿਆਂ ਵੇਖ ਕੇ ਗੌਹਰ ਜਾਨ ਉਨ੍ਹਾਂ ਦੇ ਚਰਨਾਂ ਉੱਤੇ ਢੇਰੀ ਹੋ ਗਈ ਅਤੇ ਆਖਿਆ 'ਮੈਂ ਆਪ ਕੀ ਬਾਂਦੀ (ਦਾਸੀ) ਹੂੰ, ਮੈਂ ਆਪਕਾ ਹੁਕਮ ਬਜਾ ਲੂੰਗੀ' ਅਤੇ ਇਸ ਤਰ੍ਹਾਂ ਉਸ ਨੇ ਪਟਿਆਲੇ ਆ ਕੇ ਗਾਇਆ। ਮਹੰਤ ਗੱਜਾ ਸਿੰਘ ਦਾ ਸਿੱਕਾ ਉਸਤਾਦ ਅਲੀ ਬਖਸ਼ ਖਾਨ, ਭਾਈ ਮਹਿਬੂਬ ਅਲੀ, ਉਸਤਾਦ ਗਾਮਨ ਖਾਨ ਵਰਗੇ ਵੱਡੇ ਕਲਾਕਾਰ ਵੀ ਮੰਨਦੇ ਸਨ। ਮਹੰਤ ਗੱਜਾ ਸਿੰਘ ਨੇ ਗੁਰਮਤਿ ਸੰਗੀਤ ਬਾਰੇ ਦੋ ਕਿਤਾਬਾਂ ਲਿਖੀਆਂ-'ਗੁਰਮਤਿ ਸੰਗੀਤ ਨਿਰਣਯੇ' ਅਤੇ 'ਗੁਰਮਤਿ ਸੰਗੀਤ'। ਗੁਰਮਤਿ ਸੰਗੀਤ ਦੀ ਮਹਾਨ ਸੇਵਾ ਕਰਦਿਆਂ ਤਾਊਸ ਦੇ ਧਰੂ ਤਾਰੇ ਮਹੰਤ ਗੱਜਾ ਸਿੰਘ ਸੰਨ 1916 ਵਿਚ ਚੜ੍ਹਾਈ ਕਰ ਗਏ।
3. ਸੰਤ ਸੁਜਾਨ ਸਿੰਘ : ਸੰਤ ਸੁਜਾਨ ਸਿੰਘ ਅਣਵੰਡੇ ਭਾਰਤ ਦੇ ਅਤਿ ਸੁਰੀਲੇ ਅਤੇ ਮਹਾਨ ਗੁਣੀਜਨ ਕੀਰਤਨਕਾਰ ਹੋਏ ਹਨ। ਉਨ੍ਹਾਂ ਦਾ ਕੀਰਤਨ ਕਰਨ ਦਾ ਇਕ ਵਿਲੱਖਣ ਅੰਦਾਜ਼ ਸੀ। ਉਨ੍ਹਾਂ ਦੀ ਆਵਾਜ਼ ਏਨੀ ਸੁਰੀਲੀ ਸੀ ਅਤੇ ਵਿਆਖਿਆ ਦਾ ਢੰਗ ਏਨਾ ਨਿਵੇਕਲਾ ਸੀ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸੰਤ ਸੁਜਾਨ ਸਿੰਘ ਦਾ ਜਨਮ 25 ਅਕਤੂਬਰ, 1911 ਨੂੰ ਜ਼ਿਲ੍ਹਾ ਝੰਗ (ਪਾਕਿਸਤਾਨ) ਦੇ ਪਿੰਡ ਬਾਘ ਵਿਚ ਹੋਇਆ। ਸੰਤ ਭੋਲਾ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਕੀਰਤਨ ਦੀ ਦਾਤ ਮਿਲੀ। ਦੇਸ਼ ਦੀ ਵੰਡ ਤੋਂ ਬਾਅਦ ਸੰਨ 1949 ਵਿਚ ਉਹ ਕਰੋਲ ਬਾਗ ਦਿੱਲੀ ਆ ਗਏ ਅਤੇ ਉਥੇ ਕੀਰਤਨ ਦੀਆਂ ਛਹਿਬਰਾਂ ਲੱਗਣ ਲੱਗ ਪਾਈਆਂ। ਇਕ ਵਾਰੀ ਉਨ੍ਹਾਂ ਨੂੰ ਕੀਰਤਨ ਗਾਇਨ ਕਰਦਿਆਂ ਸੁਣ ਕੇ ਗ਼ਜ਼ਲ ਦੀ ਮਹਾਨ ਫਨਕਾਰਾ ਬੇਗ਼ਮ ਅਖ਼ਤਰ ਉਨ੍ਹਾਂ ਦੇ ਚਰਨਾਂ ਉੱਤੇ ਢਹਿ ਪਈ। ਸੰਤ ਸੁਜਾਨ ਸਿੰਘ ਜ਼ਿਆਦਾਤਰ ਕੱਵਾਲੀ ਅੰਦਾਜ਼ ਵਿਚ ਕੀਰਤਨ ਗਾਇਨ ਕਰਦੇ ਸਨ ਅਤੇ ਸੁਰ ਦੇ ਬਹੁਤ ਪੱਕੇ ਸਨ। ਉਹ ਪਹਿਲੀ ਜਨਵਰੀ, 1970 ਨੂੰ ਚੋਲਾ ਤਿਆਗ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸੰਤ ਸੁਰਜੀਤ ਸਿੰਘ ਅਤੇ ਸੰਤ ਗੁਰਮੁਖ ਸਿੰਘ ਇਹ ਸੇਵਾ ਨਿਭਾਉਂਦੇ ਰਹੇ।
4. ਸੰਤ ਸਰਵਣ ਸਿੰਘ ਗੰਧਰਬ ਡੁਮੇਲੀ : ਸੰਤ ਸਰਵਣ ਸਿੰਘ ਦਾ ਜਨਮ ਫਗਵਾੜੇ ਲਾਗਲੇ ਪਿੰਡ ਭੁੱਲਾਰਾਈ ਵਿਖੇ ਹੋਇਆ। ਬਚਪਨ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਲੋਅ ਜਾਂਦੀ ਰਹੀ। ਘਰਦਿਆਂ ਨੇ ਉਨ੍ਹਾਂ ਨੂੰ ਡੁਮੇਲੀ ਵਾਲੇ ਸੰਤ ਦਲੀਪ ਸਿੰਘ ਦੇ ਸਨਮੁਖ ਕਰ ਦਿੱਤਾ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਸੰਗੀਤ ਦੀ ਡਬਲ ਐਮ.ਏ. ਕੀਤੀ। ਉਹ ਸਿਤਾਰ, ਦਿਲਰੁਬਾ ਅਤੇ ਜਲਤਰੰਗ ਸਮੇਤ ਅਨੇਕ ਸਾਜ਼ ਵਜਾਉਣ ਦੇ ਮਾਹਿਰ ਸਨ। ਉਨ੍ਹਾਂ ਨੇ ਸਿਤਾਰ ਦੀ ਸਿੱਖਿਆ ਵਿਸ਼ਵ ਪ੍ਰਸਿੱਧ ਪੰਡਿਤ ਰਵੀ ਸ਼ੰਕਰ ਤੋਂ ਪ੍ਰਾਪਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀਆਂ ਗੁਰਮਤਿ ਸੰਗੀਤ ਬਾਰੇ ਦੋ ਕਿਤਾਬਾਂ ਵੀ ਪ੍ਰਕਾਸ਼ਿਤ ਕੀਤੀਆਂ। ਆਪਣੇ ਪਿੰਡ ਭੁੱਲਾਰਾਈ ਵਿਖੇ ਹੀ ਸੰਤ ਸਰਵਣ ਸਿੰਘ ਗੰਧਰਬ ਨੇ ਇਕ ਨਿਪੁੰਨ ਸੰਗੀਤ ਵਿਦਿਆਲੇ ਦੀ ਸਥਾਪਨਾ ਵੀ ਕੀਤੀ ਅਤੇ ਗੁਰਮਤਿ ਸੰਗੀਤ ਦੀ ਵਿੱਦਿਆ ਨੂੰ ਅਗਾਂਹ ਵਿਦਿਆਰਥੀਆਂ ਨਾਲ ਜੋੜਿਆ। ਉਨ੍ਹਾਂ ਦੇ ਸ਼ਾਗਿਰਦਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਸ਼੍ਰੋਮਣੀ ਰਾਗੀ ਸਵਰਗੀ ਭਾਈ ਬੰਤਾ ਸਿੰਘ, ਭਾਈ ਸੱਜਣ ਸਿੰਘ ਅਤੇ ਹੋਰ ਅਨੇਕਾਂ ਸ਼ਾਮਿਲ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਕਾਲੀ ਫੂਲਾ ਸਿੰਘ

ਆਪ ਦਾ ਜਨਮ 1761 ਈ: ਵਿਚ ਨਿਸ਼ਾਨਾਂ ਵਾਲੀ ਮਿਸਲ ਦੇ ਯੋਧੇ ਸ: ਈਸ਼ਰ ਸਿੰਘ ਦੇ ਘਰ ਪਿੰਡ ਸ਼ੀਹਾਂ ਵਿਖੇ ਹੋਇਆ। ਹਾਲੇ ਇਨ੍ਹਾਂ ਦੀ ਉਮਰ ਸਿਰਫ ਇਕ ਸਾਲ ਹੀ ਸੀ ਕਿ ਧਰਮੀ ਪਿਤਾ ਵੱਡੇ ਘੱਲੂਘਾਰੇ ਦੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸਰੀਰ ਤਿਆਗ ਗਏ। ਸਿਦਕੀ ਮਾਤਾ ਨੇ ਗੁਰਬਾਣੀ ਦੀਆਂ ਲੋਰੀਆਂ ਦਿੱਤੀਆਂ। ਭਾਈ ਨਰੈਣ ਸਿੰਘ ਨੇ ਧਾਰਮਿਕ ਵਿੱਦਿਆ ਦਿੱਤੀ। ਦਸ ਸਾਲ ਦੀ ਉਮਰ ਵਿਚ ਹੀ ਹੋਣਹਾਰ ਬਾਲਕ ਨੇ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ ਸਨ। ਕੁਝ ਸਮੇਂ ਵਿਚ ਹੀ ਉਹ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵਿਚ ਵੀ ਨਿਪੁੰਨ ਹੋ ਗਿਆ। ਛੇਤੀ ਹੀ ਇਨ੍ਹਾਂ ਦੀ ਮਾਤਾ ਦਾ ਅੰਤਿਮ ਸਮਾਂ ਵੀ ਆ ਗਿਆ ਪਰ ਚਲਾਣੇ ਤੋਂ ਪਹਿਲਾਂ ਮਹਾਨ ਮਾਂ ਨੇ ਆਪਣੇ ਇਕਲੌਤੇ ਲਾਲ ਨੂੰ ਸੇਵਾ ਅਤੇ ਸਿੱਖੀ ਵਿਚ ਪ੍ਰਪੱਕ ਰਹਿਣ ਦੀ ਤਾਕੀਦ ਕੀਤੀ। ਨੌਜਵਾਨ ਫੂਲਾ ਸਿੰਘ ਨੇ ਆਪਣਾ ਘਰ-ਬਾਰ ਅਤੇ ਜ਼ਮੀਨ-ਜਾਇਦਾਦ ਵੰਡ ਦਿੱਤੀ ਅਤੇ ਮਿਸਲ ਸ਼ਹੀਦਾਂ ਵਿਚ ਸ਼ਾਮਿਲ ਹੋ ਗਏ। 30 ਕੁ ਵਰ੍ਹਿਆਂ ਦੀ ਉਮਰ ਵਿਚ ਹੀ ਉਹ ਆਪਣੀ ਬੇਮਿਸਾਲ ਹਿੰਮਤ, ਸਿੱਖੀ-ਸਿਦਕ, ਦੂਰਅੰਦੇਸ਼ੀ ਅਤੇ ਬਹਾਦਰੀ ਕਾਰਨ ਇਕ ਜਥੇ ਦੇ ਜਥੇਦਾਰ ਬਣ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਅਕਾਲੀ ਸਿੰਘਾਂ ਦਾ ਮੁਖੀ ਮੰਨ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਬੰਧ ਸੌਂਪ ਦਿੱਤਾ। ਭਾਵੇਂ ਸਿੰਘ ਸਾਹਿਬ ਸਦਾ ਹੀ ਖ਼ਾਲਸਾ ਰਾਜ ਦੇ ਅਣਥੱਕ ਸੇਵਾਦਾਰ ਰਹੇ ਪਰ ਉਨ੍ਹਾਂ ਨੇ ਮਹਾਰਾਜੇ ਦੀ ਅਧੀਨਗੀ ਕਬੂਲ ਨਾ ਕੀਤੀ ਅਤੇ ਸੁਤੰਤਰ ਹੀ ਵਿਚਰੇ। ਮਹਾਰਾਜਾ ਉਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ। ਇਥੋਂ ਤੱਕ ਕਿ ਉਨ੍ਹਾਂ ਦੁਆਰਾ ਲਾਈ ਕੋਰੜਿਆਂ ਦੀ ਸਜ਼ਾ ਵੀ ਪ੍ਰਵਾਨ ਕੀਤੀ।
ਅਕਾਲੀ ਜੀ ਅੰਗਰੇਜ਼ਾਂ ਦੇ ਸਖ਼ਤ ਖ਼ਿਲਾਫ਼ ਸਨ ਅਤੇ ਮਹਾਰਾਜੇ ਦੀ ਅੰਗਰੇਜ਼ਾਂ ਨਾਲ ਸੰਧੀ ਦੇ ਵੀ ਵਿਰੁੱਧ ਸਨ। ਜਿਥੇ ਵੀ ਕੋਈ ਖ਼ਤਰੇ ਵਾਲੀ ਥਾਂ ਹੁੰਦੀ ਸੀ, ਅਕਾਲੀ ਜੀ ਆਪਣੇ ਨਿਹੰਗ ਸਿੰਘਾਂ ਦਾ ਜਥਾ ਲੈ ਕੇ ਪਹੁੰਚਦੇ ਅਤੇ ਅੱਗੇ ਹੋ ਕੇ ਵਾਰ ਝਲਦੇ ਸਨ। ਇਨ੍ਹਾਂ ਨੇ ਮਹਾਰਾਜੇ ਦੀਆਂ ਅਨੇਕਾਂ ਮੁਹਿੰਮਾਂ ਅਤੇ ਲੜਾਈਆਂ ਵਿਚ ਭਾਗ ਲਿਆ ਅਤੇ ਬਹਾਦਰੀ ਦੇ ਬਾਕਮਾਲ ਕਾਰਨਾਮੇ ਕੀਤੇ। ਉਹ ਹਰ ਕੰਮ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਕੇ ਆਰੰਭ ਕਰਦੇ ਸਨ ਅਤੇ ਫਿਰ ਕਦੇ ਪਿੱਛੇ ਨਹੀਂ ਮੁੜਦੇ ਸਨ। ਅਟਕ ਦਰਿਆ ਨੂੰ ਪਾਰ ਕਰਨਾ, ਜੈਕਾਰੇ ਗੂੰਜਾਉਂਦੇ ਹੋਏ ਵੈਰੀ ਦੇ ਮੋਰਚਿਆਂ ਵਿਚ ਵੜ ਜਾਣਾ, ਹੱਥੋ-ਹੱਥੀ ਲੜਾਈ ਵਿਚ ਦੁਸ਼ਮਣ ਨੂੰ ਖ਼ਤਮ ਕਰ ਦੇਣਾ, ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ, ਸਿਰਫ ਰੱਬ ਤੋਂ ਸਿਵਾ ਹੋਰ ਕਿਸੇ ਤੋਂ ਨਾ ਡਰਨਾ ਉਨ੍ਹਾਂ ਦੇ ਬਾਂਕੇ ਸੁਭਾਅ ਦਾ ਕਮਾਲ ਸਨ। ਉਨ੍ਹਾਂ ਨੇ ਅਜਿੱਤ ਸਮਝੇ ਜਾਂਦੇ ਗਾਜ਼ੀਆਂ ਪਠਾਣਾਂ ਨੂੰ ਆਪਣੀ ਤਲਵਾਰ ਦਾ ਲੋਹਾ ਮੰਨਵਾ ਦਿੱਤਾ ਸੀ। ਨੌਸ਼ਹਿਰੇ ਦੀ ਜੰਗ ਵਿਚ ਉਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ। ਅਚਾਨਕ ਇਕ ਪਠਾਣ ਨੇ ਚਟਾਨ ਦੇ ਉਹਲੇ ਵਿਚ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਆਪਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਉਹ ਸ਼ਹੀਦੀ ਪਾ ਗਏ। ਮਹਾਰਾਜੇ ਨੇ ਸੇਜਲ ਅੱਖਾਂ ਨਾਲ ਆਪ ਦਾ ਸਸਕਾਰ ਦਰਿਆ ਲੁੰਡੇ (ਕਾਬਲ) ਦੇ ਕਿਨਾਰੇ ਸਰਕਾਰੀ ਸਨਮਾਨਾਂ ਨਾਲ ਕੀਤਾ। ਉਨ੍ਹਾਂ ਦੀ ਯਾਦਗਾਰ ਅੱਜ ਵੀ ਨੌਸ਼ਹਿਰੇ ਵਿਖੇ ਲੁੰਡੇ ਦਰਿਆ ਦੇ ਕਿਨਾਰੇ ਕਾਇਮ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਹਾਦਰ ਜਥੇਦਾਰ ਦੀ ਯਾਦ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ 'ਬੁਰਜ ਬਾਬਾ ਫੂਲਾ ਸਿੰਘ ਅਕਾਲੀ' ਤਾਮੀਰ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਸਾਰੀ ਦਰਸ਼ਨੀ ਡਿਓੜੀ ਕਰ ਰਹੀ ਸੇਵਾ ਸੰਭਾਲ ਦੀ ਮੰਗ

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਲੋਂ ਮਾਈ ਸੇਵਾ ਬਾਜ਼ਾਰ ਨੂੰ ਮੁੜਦੇ ਰਸਤੇ 'ਤੇ ਸਥਾਪਿਤ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਦਰਸ਼ਨੀ ਡਿਓੜੀ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਅਤੇ ਇਸ ਦੀ ਡਾਟ ਵਿਚ ਡੂੰਘੀਆਂ ਦਰਾੜਾਂ ਪੈ ਚੁੱਕੀਆਂ ਹਨ। ਇਸ ਦੇ ਇਲਾਵਾ ਰੱਖ-ਰਖਾਅ ਦੀ ਕਮੀ ਦੇ ਚੱਲਦਿਆਂ ਹਾਲ ਹੀ ਵਿਚ ਨੋਇਡਾ ਦੀ ਆਰਟ ਕੰਜ਼ਰਵੇਸ਼ਨ ਸਲਿਊਸ਼ਨ ਸੰਸਥਾ ਵਲੋਂ ਮਾਹਿਰਾਂ ਦੀ ਦੇਖ-ਰੇਖ ਵਿਚ ਡਿਉੜੀ ਦੀਆਂ ਦੀਵਾਰਾਂ ਅਤੇ ਛੱਤਾਂ 'ਤੇ ਕੀਤੀ ਖ਼ੂਬਸੂਰਤ ਮੀਨਾਕਾਰੀ ਵੀ ਨਸ਼ਟ ਹੋ ਰਹੀ ਹੈ।
ਪਹਿਲਾਂ ਗੁਰਦੁਆਰਾ ਦਰਸ਼ਨੀ ਡਿਓੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਡਿਉੜੀ ਦੇ ਹੇਠਾਂ ਕੀਤਾ ਜਾਂਦਾ ਸੀ ਪਰ ਫਿਰ ਪ੍ਰਕਾਸ਼ ਕਰਨ ਦਾ ਸਥਾਨ ਉਪਰਲੀ ਮੰਜ਼ਿਲ 'ਤੇ ਬਣਾ ਲਿਆ ਗਿਆ, ਜਿੱਥੇ ਜਾਣ ਲਈ ਡਿਉੜੀ ਦੇ ਇਕ ਪਾਸੇ ਬਾਜ਼ਾਰ ਵਲੋਂ ਛੋਟੀਆਂ ਅਤੇ ਤੰਗ ਪੌੜੀਆਂ ਬਣਾਈਆਂ ਗਈਆਂ ਹਨ। ਦੇਸ਼ ਦੀ ਵੰਡ ਅਤੇ ਉਸ ਦੇ ਲੰਬਾ ਸਮਾਂ ਬਾਅਦ ਤੱਕ ਵੀ ਉਪਰੋਕਤ ਇਤਿਹਾਸਕ ਗੁਰਦੁਆਰੇ ਵਿਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ 'ਚ ਹੋਣ ਵਾਲੀ ਆਰਤੀ ਸਮੇਂ ਬਾਜ਼ਾਰ ਵਿਚਲੀਆਂ ਦੁਕਾਨਾਂ ਦੇ ਸਭ ਧਰਮਾਂ ਦੇ ਦੁਕਾਨਦਾਰ ਅਤੇ ਬਾਜ਼ਾਰ ਵਿਚ ਆਉਣ ਵਾਲੇ ਗਾਹਕ ਹੱਥ ਜੋੜ ਖੜ੍ਹੇ ਹੋ ਜਾਇਆ ਕਰਦੇ ਸਨ। ਇਹ ਰਵਾਇਤ ਪਿਛਲੇ ਕਈ ਵਰ੍ਹਿਆਂ ਤੋਂ ਬੰਦ ਹੈ ਅਤੇ ਪੰਜ-ਆਬ ਹੈਰੀਟੇਜ ਫਾਊਂਡੇਸ਼ਨ ਨਾਮੀ ਸੰਸਥਾ ਵਲੋਂ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਵਿਸ਼ਵਾਸ 'ਚ ਲੈ ਕੇ ਇਸ ਰਵਾਇਤ ਨੂੰ ਮੁੜ ਸ਼ੁਰੂ ਕੀਤੇ ਜਾਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਗੁਰੂ ਸਾਹਿਬ ਦੇ ਵਕਤ ਇਸ ਡਿਉੜੀ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਦੇ ਹਿੱਸੇ ਵਿਚ ਕੋਈ ਆਬਾਦੀ ਨਹੀਂ ਸੀ ਅਤੇ ਸਿਰਫ਼ ਗੁਰੂ ਕੇ ਮਹਿਲ ਅਤੇ ਟੋਭਾ ਭਾਈ ਸਾਲ੍ਹੋ ਦੇ ਇਰਦ-ਗਿਰਦ ਹੀ ਕੁਝ ਕੁ ਘਰ ਮੌਜੂਦ ਸਨ। ਦੱਸਣਯੋਗ ਹੈ ਕਿ ਗੁਰੂ ਕੇ ਮਹਿਲ ਗੁਰੂ ਸਾਹਿਬ ਦਾ ਰਿਹਾਇਸ਼ੀ ਮਕਾਨ ਹੈ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਉਸਾਰੀ ਗਈ ਇਹ ਸਭ ਤੋਂ ਪਹਿਲੀ ਰਿਹਾਇਸ਼ੀ ਇਮਾਰਤ ਹੈ, ਜਿਸ ਦਾ ਨਿਰਮਾਣ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਮੁਕੰਮਲ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਜੀ ਵੀ ਇੱਥੇ ਨਿਵਾਸ ਕਰਦੇ ਸਨ ਅਤੇ ਛੇਵੇਂ ਸਤਿਗੁਰਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸੂਰਜ ਮੱਲ ਜੀ, ਅਣੀ ਰਾਇ ਜੀ ਅਤੇ ਬਾਬਾ ਅਟੱਲ ਰਾਇ ਜੀ ਦਾ ਜਨਮ ਵੀ ਇਸੇ ਅਸਥਾਨ 'ਤੇ ਹੋਇਆ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ' ਪੁਸਤਕ ਵਿਚ ਪੁਰਾਤਨ ਪੁਸਤਕਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਜੀ ਨੇ ਉਪਰੋਕਤ ਦਰਸ਼ਨੀ ਡਿਉੜੀ ਰਾਮਦਾਸਪੁਰ (ਪੁਰਾਣੇ ਸ਼ਹਿਰ) ਦੀ ਬਣਵਾਈ ਸੀ ਅਤੇ ਉਹ ਜਦ ਗੁਰੂ ਕੇ ਮਹਿਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਆਉਂਦੇ ਸਨ ਤਾਂ ਇਸ ਥਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਿਆਂ ਸਾਰ ਨਤਮਸਤਕ ਕਰਿਆ ਕਰਦੇ ਸਨ। ਇਸੇ ਪ੍ਰਕਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੀ ਗੁਰੂ ਕੇ ਮਹਿਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਿਆਂ ਇਸ ਡਿਉੜੀ ਦੇ ਸਥਾਨ ਤੋਂ ਸੱਚਖੰਡ ਦੇ ਦਰਸ਼ਨ ਕਰਦੇ ਸਨ। ਗੁਰਦੁਆਰਾ ਦਰਸ਼ਨੀ ਡਿਉੜੀ ਦੀ ਮੌਜੂਦਾ ਹਾਲਤ ਨੂੰ ਲੈ ਕੇ ਸੰਗਤਾਂ ਅਤੇ ਉਪਰੋਕਤ ਬਾਜ਼ਾਰ ਦੇ ਦੁਕਾਨਦਾਰਾਂ ਵਿਚ ਨਿਰਾਸ਼ਤਾ ਬਣੀ ਹੋਈ ਹੈ ਅਤੇ ਉਨ੍ਹਾਂ ਵਲੋਂ ਇਸ ਅਸਥਾਨ ਨੂੰ ਜਿਉਂ ਦਾ ਤਿਉਂ ਰੱਖਦਿਆਂ ਇਸ ਦੀ ਨਵਉਸਾਰੀ ਦੀ ਮੰਗ ਕੀਤੀ ਜਾ ਰਹੀ ਹੈ।


-ਅੰਮ੍ਰਿਤਸਰ। ਮੋਬਾ: 93561-27771

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਅਨੋਖੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ

ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਜੀ ਨੇ ਸੰਸਾਰ ਭਰ ਵਿਚ ਸ਼ਹੀਦੀ ਦੀ ਇਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ। ਉਹ ਸਦਾ-ਸਦਾ ਲਈ ਰਹਿੰਦੀ ਦੁਨੀਆ ਤੱਕ ਜੱਗ ਤੇ ਝੂਲਦਾ ਰਹੇਗਾ ਤੇ ਭਾਈ ਸਾਹਿਬ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ। ਜ਼ਾਲਮ ਹੁਕਮਰਾਨ ਕਈ ਸਦੀਆਂ ਭੋਲੀ-ਭਾਲੀ ਜਨਤਾ ਨੂੰ ਲੁੱਟਦੇ, ਕੁੱਟਦੇ ਤੇ ਡੰਡੇ ਦੇ ਜ਼ੋਰ ਨਾਲ ਰਾਜ ਕਰਦੇ ਰਹੇ। ਭਾਈ ਤਾਰੂ ਸਿੰਘ ਪਿੰਡ ਪੂਹਲਾ ਦਾ ਰਹਿਣ ਵਾਲਾ ਗੁਰਸਿੱਖ ਸੀ। ਇਤਿਹਾਸ ਵਿਚ ਆਉਂਦਾ ਹੈ ਕਿ ਭਾਈ ਤਾਰੂ ਸਿੰਘ ਜੱਟ ਸੰਧੂ ਸਨ। ਛੋਟੇ ਜਿਹੇ ਕਿਸਾਨ ਸਨ। ਇਨ੍ਹਾਂ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਸਨ। ਉਹ ਮੁਕਤਸਰ ਸਾਹਿਬ ਦੀ ਲੜਾਈ ਵਿਚ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਸ਼ਹੀਦੀ ਜਾਮ ਪੀ ਗਏ ਸਨ। ਘਰ ਵਿਚ ਮਾਤਾ ਤੇ ਇਕ ਭੈਣ ਸੀ ਜੋ ਵਿਆਹੀ ਹੋਈ ਸੀ, ਪਰ ਉਸਦਾ ਪਤੀ ਗੁਜ਼ਰ ਚੁੱਕਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਬੜੇ ਔਖੇ ਦਿਨ ਵੇਖਣੇ ਪਏ। ਉਸ ਸਮੇਂ ਹਕੂਮਤ ਨੇ ਸਿੱਖਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ। ਸਿੱਖ ਜੰਗਲਾਂ ਵਿਚ ਜਾ ਛੁਪੇ ਸਨ। ਭਾਈ ਸਾਹਿਬ ਜੋ ਕੁੱਝ ਕਮਾਉਂਦੇ ਸਨ, ਸਿੱਖਾਂ ਨੂੰ ਜੰਗਲਾਂ ਬੇਲਿਆਂ ਵਿਚ ਜਾ ਕੇ ਲੰਗਰ ਪਾਣੀ ਛਕਾ ਆਉਂਦੇ ਸਨ। ਪਿੰਡ ਪੂਹਲੇ ਦੇ ਲਾਗੇ ਹੀ ਇਕ ਰੱਖ ਵਿਚ ਕਦੇ ਕਦਾਈ ਕੁਝ ਸਿੰਘ ਆ ਕੇ ਠਹਿਰ ਜਾਂਦੇ ਸਨ, ਜੋ ਹਕੂਮਤ ਨਾਲ ਗਾਹੇ-ਬਗਾਹੇ ਟੱਕਰ ਲੈ ਲੈਂਦੇ ਸਨ। ਭਾਈ ਸਾਹਿਬ ਲੰਗਰ ਤਿਆਰ ਕਰ ਕੇ ਉਸ ਰੱਖ ਵਿਚ ਰਾਤ ਨੂੰ ਉਨ੍ਹਾਂ ਸਿੱਖਾਂ ਨੂੰ ਛਕਾ ਆਉਂਦੇ ਤੇ ਨਾਲੇ ਹੋਰ ਵੀ ਕਈ ਪ੍ਰਕਾਰ ਦੀ ਮਦਦ (ਸੂਹ ਵਗੈਰਾ) ਦੇ ਆਉਂਦੇ ਸਨ। ਜਦ ਇਸ ਸਾਰੀ ਗੱਲ ਦਾ ਪਤਾ ਜ਼ਾਲਮ ਹਕੂਮਤ ਦੇ ਮੁਖਬਿਰ ਜੰਡਿਆਲਾ ਨਿਵਾਸੀ ਹਰਭਗਤ ਨਿਰੰਜਨੀਏ ਨੂੰ ਲੱਗਾ ਤਾਂ ਉਸ ਨੇ ਝੱਟ ਜਾ ਕੇ ਸੂਬੇਦਾਰ ਜ਼ਕਰੀਆਂ ਖਾਂ ਨੂੰ ਇਤਲਾਹ ਦਿੱਤੀ ਕਿ ਇਕ ਸਿੱਖ ਜਿਸ ਦਾ ਨਾਂਅ ਭਾਈ ਤਾਰੂ ਸਿੰਘ ਹੈ ਤੇ ਉਹ ਪਿੰਡ ਪੂਹਲਿਆਂ ਦਾ ਰਹਿਣ ਵਾਲਾ ਹੈ, ਹਕੂਮਤ ਦੇ ਵਿਰੋਧੀਆਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਹੈ ਤੇ ਲੰਗਰ ਪਾਣੀ ਵੀ ਛਕਾਉਂਦਾ ਹੈ। ਆਪ ਵੀ ਉਨ੍ਹਾਂ ਨਾਲ ਰਲ ਕੇ ਰਾਤ ਨੂੰ ਲੁੱਟਾਂ-ਖੋਹਾਂ ਕਰਦਾ ਤੇ ਸੰਨ੍ਹਾਂ ਲਾਉਂਦਾ ਹੈ। ਜ਼ਕਰੀਆਂ ਖਾਂ ਦੇ ਹੁਕਮ ਮੁਤਾਬਿਕ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਂ ਦੀ ਕਚਹਿਰੀ ਵਿਚ ਪੇਸ਼ ਕਰਨ ਉਪਰੰਤ ਹਕੂਮਤ ਨੇ ਬਾਗ਼ੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ ਡਾਕੇ ਤੇ ਹੋਰ ਕਈ ਤਰ੍ਹਾਂ ਦੇ ਮਨਘੜ੍ਹਤ ਦੋਸ਼ ਲਾ ਕੇ ਭਾਈ ਸਾਹਿਬ ਨੂੰ ਕੇਸ ਕਤਲ ਕਰਵਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਲਲਕਾਰ ਕੇ ਕਿਹਾ ਕਿ ਇਹ ਕਦੇ ਨਹੀ ਹੋ ਸਕਦਾ, ਇਸ ਸਿੱਖ ਦਾ ਸਿੱਦਕ ਕੇਸਾਂ, ਸੁਆਸਾਂ ਨਾਲ ਨਿਭੇਗਾ। ਇਹ ਗੱਲ ਸੁਣ ਕੇ ਜ਼ਕਰੀਆ ਖਾਂ ਗੁੱਸੇ ਵਿਚ ਆ ਗਿਆ।
ਭਾਈ ਸਾਹਿਬ ਦੇ ਨਾਂਹ ਕਰਨ ਤੇ ਅੰਤ ਵਿਚ ਫਤਵਾ ਦਿੱਤਾ ਗਿਆ ਕਿ ਇਸ ਦੀ ਖੋਪਰੀ ਉਤਾਰ ਦਿੱਤੀ ਜਾਵੇ। ਜਲਾਦਾਂ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ। ਖ਼ੂਨ ਦੀਆਂ ਧਾਰਾਂ ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ। ਆਪ ਅਡੋਲ ਚਿੱਤ ਜਪੁ ਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ। ਭਾਈ ਤਾਰੂ ਸਿੰਘ ਜੀ ਨੂੰ ਕਚਹਿਰੀ ਦੇ ਬਾਹਰ ਸੁੱਟ ਦਿੱਤਾ ਗਿਆ। ਉੱਥੋਂ ਕੁਝ ਸਿੱਖ ਸਰਕਾਰੀ ਕਾਰਵਾਈ ਪੂਰੀ ਕਰ ਕੇ ਭਾਈ ਸਾਹਿਬ ਨੂੰ ਨੇੜੇ ਦੀ ਧਰਮਸ਼ਾਲਾ ਵਿਚ ਲੈ ਗਏ। ਉੱਥੇ ਭਾਈ ਸਾਹਿਬ ਦਾ ਜਿੰਨਾ ਇਲਾਜ ਸੰਭਵ ਸੀ, ਓਨਾ ਕੀਤਾ ਗਿਆ। ਥੋੜ੍ਹੇ ਦਿਨ ਬਾਅਦ ਜ਼ਕਰੀਆ ਖਾਂ ਬਿਮਾਰ ਹੋ ਗਿਆ ਤੇ ਕਾਜ਼ੀਆਂ ਅਤੇ ਹਕੀਮਾਂ ਦੇ ਇਲਾਜ ਦੇ ਬਾਵਜੂਦ ਬਚ ਨਾ ਸਕਿਆ। ਖੋਪਰੀ ਉਤਾਰਨ ਤੋਂ 22 ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਵੀ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਭਾਈ ਤਾਰੂ ਸਿੰਘ ਜੀ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਅਸਥਾਨ 'ਤੇ ਕੀਤਾ ਗਿਆ। ਭਾਈ ਸਾਹਿਬ ਜੀ ਨੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿਚ ਇਕ ਵੱਖਰੀ ਮਿਸਾਲ ਕਾਇਮ ਕੀਤੀ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022.
dharmindersinghchabba@gmail.com

ਪ੍ਰਸਿੱਧ ਪ੍ਰਾਚੀਨ ਮੰਦਰ

ਆਦਿ ਹਿਮਾਨੀ ਚਮੁੰਡਾ ਦੇਵੀ ਮੰਦਰ

ਸਮੁੱਚੇ ਹਿਮਾਚਲ ਪ੍ਰਦੇਸ਼ ਨੂੰ ਦੇਵਤਿਆਂ ਦਾ ਘਰ ਮੰਨਿਆ ਜਾਂਦਾ ਹੈ। ਪੂਰੇ ਹਿਮਾਚਲ ਪ੍ਰਦੇਸ਼ ਵਿਚ ਲਗਪਗ ਦੋ ਹਜ਼ਾਰ ਤੋਂ ਵੱਧ ਪ੍ਰਾਚੀਨ ਮੰਦਰ ਹਨ। ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਚਮੁੰਡਾ ਦੇਵੀ ਨਾਂਅ ਦਾ ਕਸਬਾ ਆਉਂਦਾ ਹੈ। ਇਥੋਂ 13 ਕਿਲੋਮੀਟਰ ਦੀ ਦੂਰੀ 'ਤੇ ਉੱਤਰ-ਪੂਰਬ ਵਿਚਬਾਣ ਗੰਗਾ ਨਦੀ ਕਿਨਾਰੇ ਪਹਾੜ ਦੀ ਚੋਟੀ 'ਤੇ ਸਥਿਤ ਹੈ ਵਿਸ਼ਵ ਪ੍ਰਸਿੱਧ ਪ੍ਰਾਚੀਨ 'ਆਦਿ ਹਿਮਾਨੀ ਚਮੁੰਡਾ ਦੇਵੀ ਮੰਦਰ', ਜੋ ਸਮੁੰਦਰੀ ਤਲ ਤੋਂ 3185 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਹ ਪ੍ਰਾਚੀਨ ਮੰਦਰ 1660 ਵਿਚ ਰਾਜਾ ਚੰਦਰ ਭਾਨ ਚੰਦ ਕਟੋਚ ਨੇ ਬਣਵਾਇਆ ਸੀ। ਭਾਰਤ ਦੇ ਪ੍ਰਾਚੀਨ 51 ਸ਼ਕਤੀਪੀਠਾਂ ਵਿਚ ਇਸ ਮੰਦਰ ਦਾ ਜ਼ਿਕਰ ਆਉਂਦਾ ਹੈ। ਪੁਰਾਤਨ ਮਿਥਿਹਾਸਕ ਹਵਾਲਿਆਂ ਅਨੁਸਾਰ ਇਸ ਸਥਾਨ 'ਤੇ ਮਾਤਾ ਦੁਰਗਾ ਆਪਣਾ ਰੂਪ ਬਦਲ ਕੇ ਰਹਿ ਰਹੀ ਸੀ। ਇਥੇ ਹੀ ਜੰਗਲੀ ਖੇਤਰ ਵਿਚ ਰਹਿੰਦੇ ਦੋ ਰਾਖਸ਼ਸ਼ ਚੰਡ ਤੇ ਮੁੰਡ ਨੇ ਮਾਤਾ ਉੱਪਰ ਹਮਲਾ ਕਰ ਦਿੱਤਾ ਸੀ। ਮਾਤਾ ਕ੍ਰੋਧਿਤ ਹੋ ਗਈ ਸੀ ਅਤੇ ਆਪਣੇ ਅਸਲੀ ਰੂਪ ਵਿਚ ਆ ਕੇ ਦੋ ਭਾਰੀ ਪੱਥਰਾਂ ਨਾਲ ਚੰਡ ਤੇ ਮੁੰਡ ਦਾ ਨਰਸੰਘਾਰ ਕਰ ਦਿੱਤਾ ਸੀ। ਜਿਨ੍ਹਾਂ ਪੱਥਰਾਂ ਨਾਲ ਉਨ੍ਹਾਂ ਨੂੰ ਮਾਰਿਆ ਗਿਆ ਸੀ, ਉਨ੍ਹਾਂ ਵਿਚੋਂ ਅੱਜ ਵੀ ਇਕ ਪੱਥਰ ਨੇੜੇ ਸ਼ਿਵ ਜੀ ਮੰਦਰ ਵਿਚ ਸੁਸ਼ੋਭਿਤ ਹੈ। ਇਨ੍ਹਾਂ ਰਾਖਸ਼ਸ਼ਾਂ ਦੇ ਨਾਂਅ 'ਤੇ ਹੀ ਚਮੁੰਡਾ ਦੇਵੀ ਮਾਤਾ ਦਾ ਨਾਮਕਰਨ ਹੋਇਆ ਹੈ।
ਸਾਲ 1992 ਤੱਕ ਇਸ ਮੰਦਰ ਦੀ ਹਾਲਤ ਬਹੁਤ ਖਸਤਾ ਰਹੀ ਹੈ। ਇਸ ਇਲਾਕੇ ਦੇ ਪ੍ਰਸਿੱਧ ਸ਼ਰਧਾਲੂ ਮਿਸਟਰ ਪੀ.ਡੀ. ਸੈਣੀ ਨੇ ਲਗਾਤਾਰ ਵੀਹ ਸਾਲ ਸੇਵਾ ਕਰਕੇ ਇਸ ਦਾ ਪੁਨਰ-ਨਿਰਮਾਣ ਕੀਤਾ ਸੀ। ਸਾਲ 2013 ਵਿਚ ਹਿਮਾਚਲ ਸਰਕਾਰ ਵਲੋਂ ਇਸ ਮੰਦਰ ਨੂੰ ਆਪਣੇ ਅਧੀਨ ਕਰ ਲਿਆ ਗਿਆ ਸੀ। ਸਾਲ 2014 ਵਿਚ ਅਸਮਾਨੀ ਬਿਜਲੀ ਡਿੱਗਣ ਅਤੇ ਜੰਗਲ ਨੂੰ ਅੱਗ ਲੱਗ ਜਾਣ ਕਾਰਨ ਇਹ ਮੰਦਰ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਸੀ। ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਕਾਰਨ ਅੱਜ ਵੀ ਇਸ ਦੇ ਪੁਨਰ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ। ਚਮੁੰਡਾ ਦੇਵੀ ਕਸਬੇ ਤੋਂ ਇਸ ਮੰਦਰ ਦਾ ਸਫ਼ਰ ਪਥਰੀਲਾ ਤੇ ਕਠਿਨ ਹੈ। ਅੱਧੇ ਸਫ਼ਰ ਤੱਕ ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਹੈ। ਪਹਾੜੀ ਸਫ਼ਰ ਦੀ ਥਕਾਵਟ ਦੂਰ ਕਰਨ ਲਈ ਰਸਤੇ ਵਿਚ ਚਾਹ-ਪਾਣੀ ਦੀਆਂ ਦੁਕਾਨਾਂ ਆਮ ਮਿਲ ਜਾਂਦੀਆਂ ਹਨ। ਮੰਦਰ ਉੱਪਰ ਰਹਿਣ ਦਾ ਪੂਰਾ ਪ੍ਰਬੰਧ ਹੈ। ਮੰਦਰ ਦੇ ਆਲੇ-ਦੁਆਲੇ ਦਾ ਦ੍ਰਿਸ਼ ਮਨਮੋਹਕ ਤੇ ਰੌਚਕ ਹੈ। ਪਰਬਤਆਰੋਹੀਆਂ ਲਈ ਇਹ ਇਕ ਸੁੰਦਰ ਟਰੈਕ ਵੀ ਹੈ। ਬਹੁਤ ਸਾਰੇ ਪਰਬਤਆਰੋਹੀ ਅਕਸਰ ਇਸ ਸਫ਼ਰ ਦਾ ਅਨੰਦ ਮਾਣਦੇ ਹਨ। ਸਰਦੀਆਂ ਵਿਚ ਇਥੇ ਬਰਫ਼ਬਾਰੀ ਵੀ ਹੁੰਦੀ ਹੈ, ਜਿਸ ਨਾਲ ਮੰਦਰ ਬਰਫ਼ ਨਾਲ ਢਕਿਆ ਜਾਂਦਾ ਹੈ। ਇਹ ਇਲਾਕਾ ਜੰਗਲੀ ਹੋਣ ਕਾਰਨ ਅਕਸਰ ਇਥੇ ਜੰਗਲੀ ਜਾਨਵਰ ਵੀ ਦਿਖਾਈ ਦਿੰਦੇ ਹਨ ਪਰ ਪਰਬਤਆਰੋਹੀ ਬਿਨਾਂ ਕਿਸੇ ਭੈਅ ਦੇ ਇਸ ਕੁਦਰਤੀ ਮਾਹੌਲ ਦਾ ਪੂਰਾ ਅਨੰਦ ਮਾਣਦੇ ਹਨ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਹਉ ਗੋਸਾਈ ਦਾ ਪਹਿਲਵਾਨੜਾ॥

ਸਿਰੀਰਾਗੁ ਮਹਲਾ ੫
ਹਉ ਗੋਸਾਈ ਦਾ ਪਹਿਲਵਾਨੜਾ॥
ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ
ਦਯੁ ਬੈਠਾ ਵੇਖੈ ਆਪਿ ਜੀਉ॥ ੧੭॥
ਵਾਤ ਵਜਨਿ ਟੰਮਕ ਭੇਰੀਆ॥
ਮਲ ਲਥੇ ਲੈਦੇ ਫੇਰੀਆ॥
ਨਿਹਤੇ ਪੰਜਿ ਜੁਆਨ ਮੈ
ਗੁਰ ਥਾਪੀ ਦਿਤੀ ਕੰਡਿ ਜੀਉ॥ ੧੮॥
ਸਭ ਇਕਠੇ ਹੋਇ ਆਇਆ॥
ਘਰਿ ਜਾਸਨਿ ਵਾਟ ਵਟਾਇਆ॥
ਗੁਰਮੁਖਿ ਲਾਹਾ ਲੈ ਗਏ॥
ਮਨਮੁਖ ਚਲੇ ਮੂਲੁ ਗਵਾਇ ਜੀਉ॥ ੧੯॥
ਤੂੰ ਵਰਨਾ ਚਿਹਨਾ ਬਾਹਰਾ॥
ਹਰਿ ਦਿਸਹਿ ਹਾਜਰੁ ਜਾਹਰਾ॥
ਸੁਣਿ ਸੁਣਿ ਤੁਝੈ ਧਿਆਇਦੇ
ਤੇਰੇ ਭਗਤ ਰਤੇ ਗੁਣਤਾਸੁ ਜੀਉ॥ ੨੦॥
ਮੈ ਜੁਗਿ ਜੁਗਿ ਦਯੈ ਸੇਵੜੀ॥
ਗੁਰ ਕਟੀ ਮਿਹਡੀ ਜੇਵੜੀ॥
ਹਉ ਬਾਹੁੜਿ ਛਿੰਝ ਨ ਨਚਊ
ਨਾਨਕ ਅਉਸਰੁ ਲਧਾ ਭਾਲਿ ਜੀਉ॥ ੨੧॥ ੨॥ ੨੯॥ (ਅੰਗ 74)
ਪਦ ਅਰਥ : ਹਉ-ਮੈਂ। ਗੋਸਾਈ-ਮਾਲਕ ਪ੍ਰਭੂ। ਪਹਿਲਵਾਨੜਾ-ਛੋਟਾ ਜਿਹਾ ਪਹਿਲਵਾਨ। ਦੁਮਾਲੜਾ-ਕੁਸ਼ਤੀ ਵਿਚ ਬਾਕੀ ਪਹਿਲਵਾਨਾਂ ਨੂੰ ਹਰਾ ਕੇ ਪੱਗ ਦਾ ਜੋ ਸਰੋਪਾ ਮਿਲਦਾ ਹੈ, ਇਸ ਨੂੰ ਦਮਾਲੜਾ ਆਖਦੇ ਹਨ। ਇਸ ਦਮਾਲੜੇ ਨੂੰ ਪਹਿਲਾਂ ਬਾਂਸ 'ਤੇ ਟੰਗ ਕੇ ਸਾਰਿਆਂ ਨੂੰ ਦਿਖਾਇਆ ਜਾਂਦਾ ਹੈ। ਦਯੁ-ਪਰਮਾਤਮਾ। ਵਾਤ-ਵਾਜੇ। ਟੰਮਕ-ਛੋਟੇ ਨਗਾਰੇ। ਭੇਰੀਆ-ਤੂਤਣੀਆਂ। ਮਲ-ਪਹਿਲਵਾਨ। ਲਥੇ-ਨਿਤਰੇ ਹਨ। ਲੈਦੇ ਫੇਰੀਆ-ਫੇਰੀਆਂ ਲੈ ਰਹੇ ਹਨ। ਨਿਹਤੇ-ਕਾਬੂ ਕਰ ਲਏ, ਵੱਸ ਵਿਚ ਕਰ ਲਏ। ਕੰਡਿ-ਪਿੱਠ 'ਤੇ। ਇਕਠੇ ਹੋਇ ਆਇਆ-ਇਕੱਠੇ ਹੋ ਕੇ ਆਉਂਦੇ ਹਨ। ਘਰਿ ਜਾਸਨਿ-ਪਰ ਜਦੋਂ ਘਰ ਨੂੰ ਜਾਂਦੇ ਹਨ। ਵਾਟ ਵਟਾਇਆ-ਰਸਤੇ ਨੂੰ ਬਦਲਾ ਕੇ ਜਾਂਦੇ ਹਨ, ਵੱਖ ਵੱਖ ਰਸਤੇ ਜਾਂਦੇ ਹਨ। ਗੁਰਮੁਖਿ ਲਾਹਾ ਲੈ ਗਏ-ਗੁਰੂ ਅਨੁਸਾਰੀ ਤਾਂ ਇਥੋਂ ਨਾਮ ਦਾ ਲਾਹਾ ਖੱਟ ਜਾਂਦੇ ਹਨ। ਮਨਮੁਖ-ਆਪਣੇ ਮਨ ਦੇ ਆਖੇ ਲੱਗਣ ਵਾਲਾ। ਮੂਲੁ ਗਵਾਇ ਜੀਉ-ਆਪਣੀ ਪਹਿਲੀ ਵੀ ਰਾਸ ਪੂੰਜੀ ਗਵਾ ਬੈਠਦਾ ਹੈ।
ਵਰਨਾ-ਰੂਪਾਂ, ਰੰਗਾਂ। ਚਿਹਨਾ-ਚਿਹਨ ਚੱਕਰ। ਬਾਹਰਾ-ਰਹਿਤ ਹੈਂ। ਹਾਜਰੁ ਜਾਹਰਾ-ਹਾਜ਼ਰ ਨਾਜ਼ਰ। ਸੁਣਿ ਸੁਣਿ-(ਤੇਰੀਆਂ ਵਡਿਆਈਆਂ) ਸੁਣ ਸੁਣ ਕੇ। ਰਤੇ-ਨਾਮ ਰੰਗ ਵਿਚ ਰੰਗੇ ਰਹਿੰਦੇ ਹਨ। ਗੁਣਤਾਸੁ-ਗੁਣਾਂ ਦਾ ਖਜ਼ਾਨਾ ਪ੍ਰਭੂ। ਜੁਗਿ ਜੁਗਿ-ਸਦਾ। ਦਯੈ-ਪਰਮਾਤਮਾ ਦੀ। ਸੇਵੜੀ-ਸੇਵਾ ਭਗਤੀ। ਮਿਹਡੀ-ਮੇਰੀ। ਜੇਵੜੀ-(ਮੋਹ ਦੀ) ਫਾਹੀ। ਹਉ-ਮੈਂ। ਬਾਹੁੜਿ-ਮੁੜ। ਨ ਨਚਊ-ਨਹੀਂ ਨੱਚਾਂਗਾ। ਅਉਸਰੁ-ਮੌਕਾ, ਸਮਾਂ। ਲਧਾ-ਲੱਭ ਲਿਆ ਹੈ।
ਮਨੁੱਖੀ ਮਨ ਕਦੇ ਸਥਿਰ ਹੋ ਕੇ ਨਹੀਂ ਬੈਠਦਾ, ਸਦਾ ਮਾਇਆ ਦੇ ਪਿੱਛੇ ਲੱਗ ਕੇ ਦੌੜ-ਭੱਜ ਕਰਦਾ ਰਹਿੰਦਾ ਹੈ। ਪੰਛੀਆਂ ਵਾਂਗ ਕਦੇ ਆਕਾਸ਼ ਚੜ੍ਹ ਜਾਂਦਾ ਹੈ, ਜਿਸ ਸਦਕਾ ਪੰਜ ਚੋਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਇਸ ਦੀ ਗੁਣਾਂ ਵਾਲੀ ਪੂੰਜੀ ਨੂੰ ਲੁੱਟਦੇ ਰਹਿੰਦੇ ਹਨ ਪਰ ਜਦੋਂ ਗੁਰੂ ਦੇ ਸ਼ਬਦ ਦੁਆਰਾ ਇਨ੍ਹਾਂ ਪੰਜ ਚੋਰਾਂ ਨੂੰ ਸਰੀਰ ਰੂਪੀ ਨਗਰ ਵਿਚੋਂ ਕੱਢ ਦੇਈਏ ਤਾਂ ਇਹ ਸਰੀਰ ਰੂਪੀ ਨਗਰ ਵਸ ਜਾਂਦਾ ਹੈ ਅਰਥਾਤ ਮਨ ਮਾਇਆ ਦੇ ਪਿੱਛੇ ਦੌੜਨ ਤੋਂ ਹਟ ਜਾਂਦਾ ਹੈ ਅਤੇ ਇਹ ਫਿਰ ਸਥਿਰ ਹੋ ਜਾਂਦਾ ਹੈ। ਫਲਸਰੂਪ ਇਸ ਨੂੰ ਫਿਰ ਸੋਭਾ ਤੇ ਵਡਿਆਈ ਮਿਲਦੀ ਹੈ। ਰਾਗੁ ਪ੍ਰਭਾਤੀ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਮਨੁ ਮਾਇਆ ਮਨੁ ਧਾਇਆ
ਮਨੁ ਪੰਖੀ ਆਕਾਸਿ॥
ਤਸਕਰ ਸਬਦਿ ਨਿਵਾਰਿਆ
ਨਗਰੁ ਵੁਠਾ ਸਾਬਾਸਿ॥
(ਰਾਗ ਪ੍ਰਭਾਤੀ ਮਹਲਾ ੧, ਅੰਗ 1330)
ਧਾਇਆ-ਦੌੜ ਭੱਜ ਕਰਦਾ ਹੈ। ਤਸਕਰ-ਕਾਮਾਦਿਕ, ਚੋਰ। ਨਿਵਾਰਿਆ-ਅੰਦਰੋਂ ਕੱਢ ਦਿੱਤਾ। ਨਗਰੁ-ਸਰੀਰ ਰੂਪੀ ਨਗਰ। ਵੁਠਾ-ਵਸ ਜਾਂਦਾ ਹੈ। ਸਾਬਾਸਿ-ਵਡਿਆਈ ਮਿਲਦੀ ਹੈ, ਸੋਭਾ ਹੁੰਦੀ ਹੈ।
ਪਰ ਜਦੋਂ ਗੁਰੂ ਕਰਤਾਰ ਬਖਸ਼ਿਸ਼ ਦਾ (ਸਿਰ 'ਤੇ) ਹੱਥ ਧਰਦਾ ਹੈ ਤਾਂ ਇਸ ਨੂੰ ਸ੍ਰੇਸ਼ਟ ਰੱਬੀ ਸਿਫਤ ਸਾਲਾਹ ਦਾ ਅਜਿਹਾ ਖਜ਼ਾਨਾ ਮਿਲ ਜਾਂਦਾ ਹੈ, ਜਿਸ ਦੀ ਬਰਕਤ ਨਾਲ ਕਾਮਾਦਿਕ ਪੰਜੇ ਚੋਰਾਂ ਨੂੰ ਮਾਰ ਕੇ ਫਿਰ ਇਹ ਆਤਮਿਕ ਅਨੰਦ ਨੂੰ ਮਾਣਦਾ ਹੈ-
ਮਨੁ ਦਾਤਾ ਮਨੁ ਮੰਗਤਾ
ਮਨ ਸਿਰਿ ਗੁਰੁ ਕਰਤਾਰੁ॥
ਪੰਚ ਮਾਰਿ ਸੁਖੁ ਪਾਇਆ
ਐਸਾ ਬ੍ਰਹਮੁ ਵੀਚਾਰੁ॥ (ਅੰਗ 1330)
ਪੰਚ ਮਾਰਿ-ਕਾਮਾਦਿਕ ਪੰਜੇ ਵਿਕਾਰਾਂ ਨੂੰ ਮਾਰ ਕੇ। ਬ੍ਰਹਮੁ ਵੀਚਾਰੁ-ਰੱਬੀ ਸਿਫਤ ਸਾਲਾਹ।
ਕਾਮਾਦਿਕ ਪੰਜ ਵਿਕਾਰਾਂ ਨੂੰ ਗੁਰਬਾਣੀ ਵਿਚ ਮਹਾਂਵਲੀ, ਪਹਿਲਵਾਨ ਆਦਿ ਕਰਕੇ ਗਰਦਾਨਿਆ ਗਿਆ ਹੈ, ਕਿਉਂਕਿ ਇਨ੍ਹਾਂ (ਵਿਕਾਰਾਂ) 'ਤੇ ਕਾਬੂ ਪਾਉਣਾ ਬੜਾ ਕਠਿਨ ਹੈ ਪਰ ਜੋ ਪ੍ਰਾਣੀ ਨਾਮ ਰੂਪੀ ਸਿਮਰਨ ਦੀ ਸੱਚੀ ਭੇਟਾ ਪ੍ਰਭੂ ਨੂੰ ਅਰਪਨ ਕਰਦਾ ਹੈ, ਪਰਮਾਤਮਾ ਅਜਿਹੇ ਪ੍ਰਾਣੀ 'ਤੇ ਮਿਹਰਬਾਨ ਹੋ ਕੇ ਉਸ ਦੇ ਪੰਜੇ ਹੀ ਮਹਾਂਵਲੀ ਭਾਵ ਪੰਜੇ ਹੀ ਵਿਕਾਰ ਬੰਨ੍ਹ ਦਿੰਦਾ ਹੈ, ਜਿਸ ਸਦਕਾ ਅਜਿਹੇ ਜਗਿਆਸੂ ਦੇ ਸਾਰੇ ਹੀ ਰੋਗ ਸੁਭਾਵਿਕ ਹੀ ਮਿਟ ਜਾਂਦੇ ਹਨ, ਖ਼ਤਮ ਹੋ ਜਾਂਦੇ ਹਨ ਅਤੇ ਫਿਰ ਉਹ ਸਦਾ ਪਵਿੱਤਰ ਆਤਮਾ ਵਾਲਾ ਸਦਾ ਅਰੋਗ ਰਹਿੰਦਾ ਹੈ ਭਾਵ ਉਸ ਨੂੰ ਫਿਰ ਕਿਸੇ ਪ੍ਰਕਾਰ ਦੇ ਰੋਗ ਆਦਿ ਨਹੀਂ ਪੋਂਹਦੇ। ਅਜਿਹਾ ਪ੍ਰਾਣੀ ਫਿਰ ਸਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ। ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਸੀ, ਉਸ ਦਾ ਹੀ ਸਰੂਪ ਹੋ ਜਾਂਦਾ ਹੈ-
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥
ਰੋਗ ਸੋਗ ਸਭਿ ਮਿਟ ਗਏ
ਨਿਤ ਨਵਾ ਨਰੋਆ॥
ਦਿਨੁ ਰੈਣਿ ਨਾਮੁ ਧਿਆਇਦਾ
ਫਿਰਿ ਪਾਇ ਨ ਮੋਆ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥
(ਰਾਗੁ ਬਸੰਤੁ ਕੀ ਵਾਰ ਮਹਲਾ ੫, ਅੰਗ 1193)
ਪੰਜੇ-ਕਾਮਆਦਿਕ ਪੰਜੇ ਹੀ ਵਿਕਾਰ। ਮਹਾਂਬਲੀ-ਬਲਵਾਨ। ਢੋਆ-ਭੇਟਾ। ਦਯੁ-ਪ੍ਰਭੂ। ਰੈਣਿ-ਰਾਤ।
ਅੱਖਰੀਂ ਅਰਥ : ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦਾ ਮੈਂ ਛੋਟਾ ਜਿਹਾ ਪਹਿਲਵਾਨ ਸੀ ਪਰ ਗੁਰੂ ਦੇ ਮਿਲਾਪ ਸਦਕਾ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ। ਜਗਤ ਰੂਪੀ ਛਿੰਝ ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਜਿਸ ਨੂੰ ਪ੍ਰਭੂ ਆਪ ਬੈਠਾ ਦੇਖ ਰਿਹਾ ਹੈ। ਵਾਜੇ, ਢੋਲ, ਤੂਤਣੀਆਂ ਆਦਿ ਵੱਜ ਰਹੇ ਹਨ ਭਾਵ ਸਭ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਪਹਿਲਵਾਨ ਵੀ ਆ ਇਕੱਠੇ ਹੋ ਗਏ ਹਨ ਅਤੇ ਪਿੜ ਅਰਥਾਤ ਜਗਤ ਅਖਾੜੇ ਵਿਚ ਫੇਰੀਆਂ ਲੈ ਰਹੇ ਹਨ। ਜਦੋਂ ਗੁਰੂ ਨੇ ਮੇਰੀ ਪਿੱਠ 'ਤੇ ਥਾਪੜਾ ਦਿੱਤਾ ਤਾਂ ਮੈਂ ਪੰਜੇ ਕਾਮਾਦਿਕ ਵਿਰੋਧੀ ਜੁਆਨ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਆਪਣੇ ਕਾਬੂ ਵਿਚ ਕਰ ਲਏ ਹਨ। ਇਥੇ ਇਸ ਜਗਤ ਅਖਾੜੇ ਵਿਚ ਸਭ ਇਕੱਠੇ ਹੋ ਕੇ ਆਏ ਹਨ ਪਰ ਆਪਣੇ ਘਰੀਂ ਜਾਣ ਵੇਲੇ (ਆਪਣੇ ਆਪਣੇ ਕੀਤੇ ਕਰਮਾਂ ਅਨੁਸਾਰ) ਵੱਖਰੇ-ਵੱਖਰੇ ਟਿਕਾਣਿਆਂ 'ਤੇ ਪੁੱਜ ਜਾਣਗੇ ਭਾਵ ਵੱਖ-ਵੱਖ ਜੂਨਾਂ ਵਿਚ ਪੈ ਜਾਣਗੇ। ਜਿਹੜੇ ਗੁਰੂ ਦੇ ਦਰਸਾਏ ਮਾਰਗ 'ਤੇ ਤੁਰੇ, ਉਹ ਨਾਮ ਸਿਮਰਨ ਦਾ ਲਾਹਾ ਖੱਟ ਕੇ ਲੈ ਗਏ ਪਰ ਆਪਹੁਦਰੇ ਮਨਮੁਖ ਆਪਣੀ ਪਹਿਲੀ ਕੀਤੀ ਕਮਾਈ (ਕੀਤੇ ਚੰਗੇ ਕੰਮ) ਵੀ ਗਵਾ ਲੈਂਦੇ ਹਨ।
ਹੇ ਪ੍ਰਭੂ, ਤੇਰਾ ਨਾ ਕੋਈ ਰੂਪ ਰੰਗ ਹੈ ਅਤੇ ਨਾ ਹੀ ਕੋਈ ਚਿਹਨ ਚੱਕਰ ਹੈ ਪਰ ਫਿਰ ਵੀ ਤੂੰ ਆਪਣੇ ਭਗਤ ਜਨਾਂ ਨੂੰ ਹਾਜ਼ਰ ਨਾਜ਼ਰ ਦਿਸਦਾ ਹੈਂ, ਪ੍ਰਤੀਤ ਹੁੰਦਾ ਹੈ। ਤੇਰੇ ਭਗਤ ਜਨ ਵਡਿਆਈਆਂ ਸੁਣ-ਸੁਣ ਕੇ ਤੈਨੂੰ ਸਿਮਰਦੇ ਹਨ। ਹੇ ਪ੍ਰਭੂ, ਤੂੰ ਗੁਣਾਂ ਦਾ ਖਜ਼ਾਨਾ ਹੈਂ ਅਤੇ ਤੇਰੇ ਭਗਤ ਜਨ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ।
ਪੰਚਮ ਗੁਰਦੇਵ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਸਦਾ ਹੀ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ, ਜਿਸ ਸਦਕਾ ਗੁਰੂ ਨੇ ਮੇਰੀ ਮੋਹ ਦੀ ਫਾਹੀ ਕੱਟ ਦਿੱਤੀ ਹੈ। ਹੁਣ ਗੁਰੂ ਦੀ ਕਿਰਪਾ ਸਦਕਾ ਮੈਂ ਮੁੜ ਇਸ ਜਗਤ ਅਖਾੜੇ ਵਿਚ ਨਹੀਂ ਨੱਚਾਂਗਾ ਭਾਵ ਮੁੜ ਜਨਮ ਨਹੀਂ ਲਵਾਂਗਾ। ਗੁਰੂ ਦੀ ਕਿਰਪਾ ਸਦਕਾ ਢੂੰਡ ਕੇ ਮੈਂ ਭਗਤੀ ਦਾ ਅਵਸਰ ਪ੍ਰਾਪਤ ਕਰ ਲਿਆ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਖ਼ਸੀਅਤ ਵਿਕਾਸ ਦਾ ਸਾਰ ਹੈ : ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਵਿਕਾਸ ਸਬੰਧੀ ਲਿਖਦੇ ਹਨ ਕਿ ਮਨੁੱਖੀ ਸ਼ਖ਼ਸੀਅਤ ਦਾ ਅਨੋਖਾ ਕੇਂਦਰ ਪੰਜ ਪਰਦਿਆਂ ਨਾਲ ਢਕਿਆ ਹੈ। ਇਹ ਹਨ ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤੇ ਅਨੰਦਮਈ ਕੋਸ਼। ਇਹ ਸਾਰੇ ਪਰਦੇ ਸਾਡੇ ਸਰੀਰ ਵਿਚ ਵਿਆਪਕ ਹਨ ਅਤੇ ਸਾਡੀਆਂ ਕਿਰਿਆਵਾਂ ਨੂੰ ਕਾਬੂ ਕਰਦੇ ਹਨ। ਸ਼ਖ਼ਸੀਅਤ ਦੇ ਵਿਕਾਸ ਤੋਂ ਭਾਵ ਹੈ ਵਿਅਕਤੀ ਦੇ ਉੱਚ ਆਦਰਸ਼ਾਂ ਨਾਲ ਤਾਲਮੇਲ ਪੈਦਾ ਕਰਨਾ। ਅੰਨਮਈ ਕੋਸ਼ ਸਾਡੇ ਸਰੀਰ ਅਤੇ ਗਿਆਨ ਇੰਦਰੀਆਂ ਨਾਲ ਸਬੰਧ ਰੱਖਦਾ ਹੈ। ਜਿਹੜਾ ਵਿਅਕਤੀ ਕੇਵਲ ਇਸ ਕੋਸ਼ ਨਾਲ ਜੁੜਿਆ ਰਹਿੰਦਾ ਹੈ ਅਤੇ ਮਾਨਸਿਕ ਕੋਸ਼ ਦੀ ਵਰਤੋਂ ਨਹੀਂ ਕਰਦਾ, ਉਹ ਪਸ਼ੂਆਂ ਸਮਾਨ ਜੀਵਨ ਬਤੀਤ ਕਰਦਾ ਹੈ, ਕਿਉਂਕਿ ਉਸ ਦਾ ਸੁਖ-ਦੁੱਖ ਸਿਰਫ ਇੰਦਰੀਆਂ ਤੱਕ ਸੀਮਤ ਰਹਿੰਦਾ ਹੈ।
ਇੱਛਾਵਾਂ, ਪੁਰਾਣੀਆਂ ਆਦਤਾਂ, ਗ਼ਲਤ ਸੁਭਾਅ, ਜੋਸ਼ ਅਤੇ ਬੁਰੇ ਸੰਸਕਾਰਾਂ ਕਾਰਨ ਮਨ ਦੇ ਨੀਵੇਂ ਪੱਧਰ ਨਾਲ ਸੰਘਰਸ਼ ਕਰਨ ਨਾਲ ਹੀ ਵਿਅਕਤੀ ਦਾ ਵਿਕਾਸ ਹੁੰਦਾ ਹੈ। ਸਾਡੇ ਮਨ ਦਾ ਨੀਵੇਂ ਪੱਧਰ ਨਾਲ ਜਿੰਨਾ ਘੱਟ ਤਾਲਮੇਲ ਅਤੇ ਉੱਚੇ ਪੱਧਰ ਨਾਲ ਜਿੰਨਾ ਵੱਧ ਤਾਲਮੇਲ ਹੋਵੇਗਾ ਅਤੇ ਅਸੀਂ ਜਿੰਨੀ ਵੱਧ ਅਕਲ ਜਾਂ ਬੁੱਧੀ ਦੀ ਵਰਤੋਂ ਕਰਾਂਗੇ, ਓਨੀ ਹੀ ਸ਼ਖ਼ਸੀਅਤ ਨਿੱਖਰੇਗੀ। ਇਸ ਲਈ ਮਨ ਨੂੰ ਕਾਬੂ ਰੱਖਣ, ਪੁਰਾਣੀਆਂ ਆਦਤਾਂ ਨੂੰ ਕਾਬੂ ਰੱਖਣ ਅਤੇ ਨਵੀਆਂ ਲਾਭਕਾਰੀ/ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਹ ਸੰਘਰਸ਼ ਹੀ ਸਾਨੂੰ ਪੂਰਨ ਅਤੇ ਸੱਭਿਅਕ ਬਣਾਉਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਬਰਸੀ 'ਤੇ ਵਿਸ਼ੇਸ਼

ਮਾਲਵੇ ਦੇ ਗੁਰਮਤਿ ਪ੍ਰਚਾਰਕ : ਭਾਈ ਰੂਪ ਚੰਦ

ਮਾਲਵੇ ਦੇ ਗੁਰਮਤਿ ਪ੍ਰਚਾਰਕ ਰੂਪ ਚੰਦ ਦਾ ਜਨਮ 15 ਵਿਸਾਖ, 1671 ਬਿਕਰਮੀ (ਸੰਨ 1614 ਈ:) ਨੂੰ ਪਿੰਡ ਤੁਕਲਾਣੀ ਵਿਖੇ ਮਾਤਾ ਸੂਰਤੀ ਦੀ ਕੁੱਖੋਂ ਭਾਈ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਕ ਸਾਲ ਦੀ ਉਮਰ ਵਿਚ ਭਾਈ ਰੂਪ ਚੰਦ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਈ। ਮਾਤਾ ਸੂਰਤੀ ਨੇ ਬਾਲਕ ਨੂੰ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦਿਆਂ ਲੋਰੀਆਂ ਦਿੱਤੀਆਂ। ਗੁਰਬਾਣੀ ਰੂਪੀ ਗੁਰੂ ਦਾ ਹੱਥ ਮਾਤਾ ਹਮੇਸ਼ਾ ਬਾਲਕ ਦੇ ਸਿਰ 'ਤੇ ਰੱਖਦੀ। ਆਪ ਦੇ ਮਾਤਾ-ਪਿਤਾ ਦਾ ਉਦੇਸ਼ ਸੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਨ੍ਹਾਂ ਅਸੂਲਾਂ ਦੀ ਪਾਣ ਭਾਈ ਰੂਪ ਚੰਦ ਨੂੰ ਚੜ੍ਹਾਈ ਗਈ।
ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਦੇ ਨਾਂਅ 'ਤੇ ਆਪਣੇ ਹੱਥੀਂ ਮੋਹੜੀ ਗੱਡੀ। ਗੁਰੂ ਸਾਹਿਬ ਨੇ ਭਾਈ ਰੂਪ ਚੰਦ ਤੋਂ ਜਲ ਛਕ ਕੇ ਨਗਰ ਵਸਾਉਣ ਦਾ ਵਰ ਦਿੱਤਾ। ਬਠਿੰਡਾ ਜ਼ਿਲ੍ਹੇ ਦਾ ਇਹ ਇਤਿਹਾਸ ਪਿੰਡ ਹੈ। ਗੁਰੂ ਸਾਹਿਬ ਇਥੇ 6 ਮਹੀਨੇ 9 ਦਿਨ, 9 ਪਲ, 9 ਘੜੀਆਂ ਠਹਿਰੇ। ਭਾਈ ਰੂਪ ਚੰਦ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਸਾਹਿਬ ਨੇ ਭਾਈ ਰੂਪ ਚੰਦ ਨੂੰ 'ਭਾਈ' ਦੀ ਉਪਾਧੀ ਦਿੱਤੀ। ਉਥੋਂ ਵਿਦਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਇਕ ਕ੍ਰਿਪਾਨ ਅਤੇ ਇਕ ਚੋਲਾ ਪਹਿਨਣ ਦੀ ਬਖਸ਼ਿਸ਼ ਕੀਤੀ ਪਰ ਭਾਈ ਰੂਪ ਚੰਦ ਸ਼ਰਧਾ ਵੱਸ ਦੋਵੇਂ ਦਾਤਾਂ ਸਿਰ 'ਤੇ ਰੱਖ ਕੇ ਖੜ੍ਹਾ ਰਿਹਾ। ਗੁਰੂ ਜੀ ਨੇ ਇਕ ਹੋਰ ਵਰ ਦਿੱਤਾ। ਤੇਰੀ ਜ਼ਬਾਨ ਵਿਚ ਵੀ ਤਲਵਾਰ ਜਿੰਨੀ ਸ਼ਕਤੀ ਹੋਵੇਗੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਿਦਰਾਣੇ ਵਾਲੀ ਜੰਗ ਦੀ ਫਤਹਿ ਪਿੱਛੋਂ ਪਿੰਡ ਭਾਈ ਰੂਪਾ ਵਿਖੇ ਦਰਸ਼ਨ ਦਿੱਤੇ। ਇਥੇ ਗੁਰੂ ਸਾਹਿਬ ਨੇ ਭਾਈ ਰੂਪ ਚੰਦ ਤੋਂ ਮਿੱਸਾ ਪ੍ਰਸ਼ਾਦਾ, ਦਹੀਂ, ਮੱਖਣ ਛਕ ਕੇ ਭਾਈ ਕਿਆਂ ਨੂੰ ਲੰਗਰ ਚਲਾਉਣ ਦਾ ਹੁਕਮ ਦਿੱਤਾ। ਗੁਰਮਤਿ ਦੇ ਮਹਾਨ ਪ੍ਰਚਾਰਕ, ਬ੍ਰਹਮ ਗਿਆਨੀ ਭਾਈ ਰੂਪ ਚੰਦ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਵਣ ਵਦੀ 1, ਸੰਮਤ 1766 ਬਿਕਰਮੀ (ਸੰਨ 1709 ਈ:) ਨੂੰ 95 ਸਾਲ ਦੀ ਉਮਰ ਬਤੀਤ ਕਰਕੇ ਸੱਚਖੰਡ ਪਿਆਨਾ ਕਰ ਗਏ। ਬ੍ਰਹਮ ਗਿਆਨੀ ਭਾਈ ਰੂਪ ਚੰਦ ਦੀ 310ਵੀਂ ਬਰਸੀ 17 ਜੁਲਾਈ ਦਿਨ ਬੁੱਧਵਾਰ ਨੂੰ ਸਮਾਧ ਭਾਈ (ਮੋਗਾ) ਵਿਖੇ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।


-1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ। karnailsinghma@gmail.com

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ 'ਰਾਗੁ ਮਲਾਰ'

ਮਹਾਨ ਭਾਰਤ ਦੇਸ਼ 'ਚ ਹਰ ਸਾਲ ਆਉਂਦੀ ਜੇਠ-ਹਾੜ੍ਹ ਮਹੀਨਿਆਂ ਦੀ 'ਗ੍ਰੀਖਮ ਰੁੱਤ' ਦੇ ਹੋ ਜਾਣ ਤੋਂ ਬਾਅਦ ਸਾਵਣ-ਭਾਦਰੋਂ ਮਹੀਨਿਆਂ 'ਚ ਵਰਖਾ ਰੁੱਤ ਦਾ ਅਜਿਹਾ ਸਮਾਂ ਆਉਂਦਾ ਹੈ, ਜਿਸ ਦੌਰਾਨ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਹੋਣ ਸਦਕਾ ਖੁੱਲ੍ਹੇ ਅਸਮਾਨ 'ਚ ਬੱਦਲਾਂ ਦੇ ਨਾਲ ਕਾਲੀ ਘਟਾ ਦਾ ਆਉਣਾ, ਬਿਜਲੀ ਦਾ ਚਮਕਣਾ, ਗਰਜਣ ਦੀ ਆਵਾਜ਼ ਦਾ ਪੈਦਾ ਹੋਣਾ ਤੇ ਇਕ ਝੜੀ ਦੇ ਰੂਪ ਵਿਚ ਮੀਂਹ ਦਾ ਕਈ ਦਿਨਾਂ ਤੱਕ ਪੈਣਾ, ਮੋਰ ਤੇ ਬਬੀਹਾ ਵਰਗੇ ਪੰਛੀਆਂ ਦੁਆਰਾ ਬੋਲਣ ਤੋਂ ਇਲਾਵਾ ਜਿਥੇ ਇਹ ਸਾਰੇ ਵਰਣਿਤ ਪਹਿਲੂ ਚਰਚਾ 'ਚ ਰਹਿੰਦੇ ਹਨ, ਉਥੇ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਦੀ ਮਹਾਨ ਸ਼ਬਦ ਕੀਰਤਨ ਚੌਕੀ ਦੀ ਮਰਿਆਦਾ 'ਚ ਉਚੇਚੇ ਤੌਰ 'ਤੇ ਹਰ ਸਾਲ 'ਰਾਗੁ ਮਲਾਰ' ਵਿਚ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਗਾਇਨ ਕੀਤਾ ਜਾਂਦਾ ਪਵਿੱਤਰ ਸ਼ਬਦ ਕੀਰਤਨ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਾਗੁ ਮਲਾਰ ਸਬੰਧੀ ਇਸ ਤਰ੍ਹਾਂ ਕਿਰਪਾ ਕਰਦੇ ਹਨ-
ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥ (ਅੰਗ 1283)
ਇਕ ਅਧਿਐਨ ਮੁਤਾਬਿਕ ਸੰਗੀਤਕ, ਸਾਹਿਤਕ, ਇਤਿਹਾਸਕ, ਪ੍ਰਕ੍ਰਿਤਕ ਤੋਂ ਇਲਾਵਾ ਚੋਟੀ ਦੇ ਚਿੱਤਰਕਾਰਾਂ ਦੁਆਰਾ ਬਣਾਏ ਗਏ ਕਲਾਤਮਿਕ ਚਿੱਤਰਾਂ 'ਚੋਂ ਪ੍ਰਗਟ ਹੁੰਦੇ ਵਿਰਾਸਤੀ ਭਾਵਾਂ ਦਾ ਸ਼ਿੰਗਾਰ ਬਣੇ ਇਸ ਮਨਮੋਹਣੇ ਰਾਗ ਨੂੰ 'ਹਿੰਦੁਸਤਾਨੀ ਸ਼ਾਸਤਰੀ ਸੰਗੀਤ' ਦੀ ਘਰਾਣੇਦਾਰ ਗਾਇਨ-ਵਾਦਨ ਪ੍ਰੰਪਰਾ 'ਚ ਰਾਗੁ ਮਲਾਰ ਨੂੰ 'ਰਾਗ ਮਲਹਾਰ' ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਸਾਹਿਤਕ ਦ੍ਰਿਸ਼ਟੀ ਤੋਂ 'ਮਲਹਾਰ' ਦੇ ਸ਼ਾਬਦਿਕ ਅਰਥ ਕਰਦਿਆਂ ਚੋਟੀ ਦੇ ਵਿਦਵਾਨਾਂ ਅਨੁਸਾਰ 'ਵਰਖਾ ਦੀ ਰੁੱਤ' ਵਿਚ ਮੀਂਹ ਪੈਣ ਨਾਲ ਧਰਤੀ 'ਤੇ ਗੰਦਗੀ ਦੀ ਸਫ਼ਾਈ ਹੋ ਜਾਂਦੀ ਹੈ, ਇਸੇ ਕਰਕੇ ਹੀ ਇਸ ਰਾਗ ਦਾ ਨਾਮ 'ਮਲਹਾਰ' ਹੈ। ਸੰਗੀਤਕ ਪੱਖ ਤੋਂ ਗੁਰਮਤਿ ਸੰਗੀਤ ਦੀ ਪਰੰਪਰਾ ਵਿਚ ਸ਼ੁੱਧ ਗੰਧਾਰ ਵਾਲਾ ਰਾਗੁ ਮਲਾਰ ਜਿਥੇ ਸੁਰਾਤਮਕ ਆਧਾਰ ਹੈ, ਉਥੇ ਹੋਰ ਦਿਲਚਸਪ ਪਹਿਲੂ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਰਾਗ ਮਲਾਰ, ਸ਼ੁੱਧ ਮਲਾਰ ਤੇ ਸ਼ਾਸਤਰੀ ਸੰਗੀਤ ਦੇ ਮਹਾਨ ਸੰਗੀਤ ਸਮਰਾਟ 'ਮੀਆਂ ਤਾਨਸੇਨ' ਦੇ ਰਾਗ 'ਮੀਆਂ ਮਲਹਾਰ' ਬਾਰੇ ਬਾਖੂਬੀ ਜ਼ਿਕਰ ਹੁੰਦਾ ਹੈ। ਦਰਅਸਲ ਮਲਾਰ ਇਕ ਵੱਖਰਾ ਰਾਗ ਹੈ, ਕਿਉਂਕਿ ਮਲਾਰ ਨੂੰ ਨਾਂਅ ਦੇ ਪੱਖੋਂ ਸ਼ੁੱਧ ਮਲਾਰ ਭਾਵ ਮਲਾਰ ਰਾਗ ਦਾ ਸ਼ੁੱਧ ਰੂਪ ਸਮਝਣ ਦਾ ਭਰਮ ਪੈਦਾ ਹੋ ਜਾਂਦਾ ਹੈ। ਇਸ ਦੁਬਿਧਾ ਤੋਂ ਬਾਹਰ ਨਿਕਲਣ ਲਈ ਸੁਰਾਤਮਕ ਪਹਿਲੂ ਤੋਂ ਰਾਗੁ ਮਲਾਰ ਦੀ (ਗੁਰਮਤਿ ਸੰਗੀਤ ਵਾਲੇ) ਦੀ ਪਹਿਚਾਣ ਜਾਤੀ ਸੰਪੂਰਨ-ਸੰਪੂਰਨ ਤੇ ਥਾਟ ਖਮਾਜ ਹੈ ਜਦਕਿ ਰਾਗ ਸ਼ੁੱਧ ਮਲਾਰ ਰਾਗ ਦੁਰਗਾ ਵਰਗਾ ਹੈ। ਪਾਠਕ ਇਸ ਗੱਲ ਨੂੰ ਧਿਆਨ ਵਿਚ ਲੈਣ ਕਿ ਸਥਿਤੀ ਬਿਲਕੁਲ ਉਸੇ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਰਾਗ ਸਾਰੰਗ ਤੇ ਸ਼ੁੱਧ ਸਾਰੰਗ ਨੂੰ ਅਣਜਾਣੇ 'ਚ ਹੀ ਸਮਝਣ ਦੀ ਗ਼ਲਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮੀਆਂ ਤਾਨਸੇਨ ਦਾ ਰਚਿਤ ਰਾਗ 'ਮੀਆਂ ਮਲਹਾਰ' ਹੈ, ਜਿਸ ਵਿਚ ਕੋਮਲ ਗੰਧਾਰ ਦਾ ਗੁਣੀ ਜਨ ਪ੍ਰਯੋਗ ਕਰਦੇ ਹਨ। ਅਹਿਮ ਗੱਲ ਇਹ ਵੀ ਹੈ ਕਿ ਇਸ ਰਾਗ ਵਿਚ ਦੋ ਛੋਟੇ ਖਿਆਲ ਬਹੁਤ ਹੀ ਪ੍ਰਸਿੱਧ ਹਨ, ਜਿਨ੍ਹਾਂ 'ਚ (1) ਬੋਲ ਰੇ ਪਪੀਅਰਾ, (2) ਬਿਜਰੀ ਚਮਕੇ ਬਰਸੇ ਬੰਦਿਸ਼ਾਂ ਦਾ ਗਾਇਨ ਤਿੰਨ ਤਾਲ ਵਿਚ ਕੀਤਾ ਜਾਂਦਾ ਹੈ।
ਮਲਹਾਰ ਦੀ ਆਪਣੀ ਸੁਰਾਤਮਿਕ ਹੋਂਦ ਤੋਂ ਇਲਾਵਾ ਇਸ ਦੇ ਹੋਰ ਪ੍ਰਕਾਰ ਜਿਵੇਂ-ਸ਼ੁੱਧ ਮਲਹਾਰ, ਮੀਆਂ ਮਲਹਾਰ, ਮੇਘ ਮਲਹਾਰ, ਸੂਰ ਮਲਹਾਰ, ਗੌਂਡ ਮਲਹਾਰ, ਰਾਮਦਾਸੀ ਮਲਹਾਰ, ਨਟ ਮਲਹਾਰ, ਛਾਇਆ ਮਲਹਾਰ, ਸੋਰਠ ਮਲਹਾਰ, ਮੀਰਾ ਬਾਈ ਦੀ ਮਲਹਾਰ, ਦੇਸ ਮਲਹਾਰ, ਦੇਸੀ ਮਲਹਾਰ, ਜੈਅੰਤ ਮਲਹਾਰ, ਕਾਨੜਾ ਮਲਹਾਰ, ਨਾਇਕੀ ਮਲਹਾਰ, ਚੰਚਲਸ ਮਲਹਾਰ, ਪਟ ਮਲਹਾਰ, ਰੂਪ ਮੰਜਰੀ ਮਲਹਾਰ, ਤਿਲਕ ਮਲਹਾਰ, ਸਵੇਤ ਮਲਹਾਰ, ਕੇਦਾਰ ਮਲਹਾਰ, ਅੰਜਨੀ ਮਲਹਾਰ, ਜਾਨਕੀ ਮਲਹਾਰ, ਚੰਦ੍ਰ ਮਲਹਾਰ, ਅਰੁਣਾ ਮਲਹਾਰ, ਚਰਜੂ ਕੀ ਮਲਹਾਰ, ਸਾਮੰਤ ਮਲਹਾਰ, ਜੋਗ ਮਲਹਾਰ ਅਤੇ ਗੌਂਡਗਿਰੀ ਮਲਹਾਰ ਆਦਿ ਪ੍ਰਕਾਰ ਰਾਗ ਹੋਂਦ ਵਿਚ ਦੱਸੇ ਜਾਂਦੇ ਹਨ।
ਗੁਰਮਤਿ ਸੰਗੀਤ ਦੀ ਮਹਾਨ ਮਰਿਆਦਾ ਵਿਚ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਾਜ਼ਰ ਹਜ਼ੂਰੀ ਰਾਗੀ ਜਥੇ ਵਲੋਂ ਰਾਗੁ ਮਲਾਰ ਵਿਚ ਆਰੰਭਕ ਆਲਾਪ ਉਪਰੰਤ ਬਿਲੰਵਤ ਲੈਅ 'ਚ ਇਕ ਤਾਲ 'ਚ (ਜ਼ਿਆਦਾਤਰ) ਮੰਗਲਾਚਰਨ ਉਪਰੰਤ ਤਿੰਨ ਤਾਲ, ਇਕ ਤਾਲ, ਰੂਪਕ, ਝੱਪ ਤਾਲ ਜਾਂ ਫਰੋਦਸਤ ਤਾਲ ਆਦਿ 'ਚ ਸ਼ਬਦ ਦਾ ਗਾਇਨ ਕਰਨ ਸਮੇਂ ਪਹਿਲਾਂ ਤਾਲਬੱਧ ਅਲਾਪ, ਬੋਲ ਆਲਾਪ, ਬੋਲ ਬਾਂਟ ਤੋਂ ਇਲਾਵਾ ਆਕਾਰ 'ਚ ਤਾਨਾਂ (ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਰਗਮ ਨੂੰ ਗਾਇਨ ਕਰਨ ਦੀ ਆਗਿਆ ਨਹੀਂ ਹੈ) ਤੇ ਬੋਲਤਾਨਾਂ ਆਦਿ ਦਾ ਪ੍ਰਯੋਗ ਕਰਦਿਆਂ ਸ਼ਬਦ ਦੀ ਪ੍ਰਧਾਨਤਾ ਨੂੰ ਵੀ ਬਰਕਰਾਰ ਰੱਖਿਆ ਜਾਂਦਾ ਹੈ। ਸ਼ਬਦ ਗਾਇਨ ਸਮੇਂ ਜੋੜੀ ਵਾਲਾ ਗੁਰਸਿੱਖ ਵੀਰ ਸਥਾਈ ਦੇ ਗਾਇਨ ਸਮੇਂ ਛੋਟੀਆਂ-ਛੋਟੀਆਂ ਤਿਹਾਈਆਂ, ਮੁਖੜੇ, ਮੋਹਰੇ, ਟੁਕੜੇ ਤੇ ਪਰਨਾਂ ਦਾ ਬਾਖੂਬੀ ਵਾਦਨ ਕਰਦਾ ਹੈ। ਨਾਲ-ਨਾਲ ਤੰਤੀ ਸਾਜ਼ ਵਾਲਾ ਗੁਰਸਿੱਖ ਵੀਰ ਗਾਇਨ ਦੀ ਹੂ-ਬ-ਹੂ ਸੰਗਤ ਕਰਕੇ ਹਾਜ਼ਰੀ ਲਗਵਾਉਂਦਾ ਹੈ। ਜ਼ਿਕਰਯੋਗ ਹੈ ਕਿ 'ਪੜਤਾਲ' ਗਾਇਕੀ ਦੀ ਇਸ ਰਾਗ ਵਿਚ ਵਿਸ਼ੇਸ਼ਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਤਰਤੀਬ ਅਨੁਸਾਰ 1254 ਅੰਗ ਤੋਂ ਆਰੰਭ ਹੁੰਦੇ ਇਸ ਸਤਿਕਾਰਯੋਗ ਰਾਗ ਨੂੰ ਸਤਾਈਵਾਂ ਸਥਾਨ ਬਖਸ਼ਿਸ਼ ਹੈ, ਜਿਸ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 14, ਤੀਜੇ ਮਹਾਰਾਜ ਜੀ ਦੇ 16, ਚੌਥੇ ਪਾਤਸ਼ਾਹ ਜੀ ਦੇ 9 ਅਤੇ 31 ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਇਸ ਰਾਗ ਵਿਚ 'ਮਲਾਰ ਮਹਲਾ ੪ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਦੋ ਸ਼ਬਦ 1265 ਤੇ 1266 ਅੰਗ 'ਤੇ ਅਤੇ ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩' ਦੇ ਸਿਰਲੇਖ ਹੇਠ ਅੰਗ 1271 ਤੋਂ 1273 ਤੱਕ 8 ਸ਼ਬਦ ਦਰਜ ਹਨ। ਅੰਗ 1278 ਤੋਂ 1291 ਤੱਕ 'ਵਾਰ ਮਲਾਰੁ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ' ਵਿਚ ਪਵਿੱਤਰ ਗੁਰਬਾਣੀ ਦਰਜ ਹੈ, ਜਿਸ ਦੀਆਂ ਕੁੱਲ 28 ਪਉੜੀਆਂ ਦਰਜ ਹਨ। ਯਾਦ ਰਹੇ, ਇਨ੍ਹਾਂ ਪਉੜੀਆਂ ਵਿਚ ਦਰਜ ਗੁਰਬਾਣੀ ਵਿਚ ਪਉੜੀ ਸੰਖਿਆ 27 ਪੰਜਵੇਂ ਗੁਰੂ ਮਹਾਰਾਜ ਜੀ ਦੀ ਰਚਨਾ ਹੈ ਜਦਕਿ 27 ਪਉੜੀਆਂ ਪਹਿਲੇ ਪਾਤਸ਼ਾਹ ਜੀ ਦੀਆਂ ਹਨ। ਸਤਿਗੁਰੂ ਜੀ ਦੀ ਰਹਿਮਤ ਸਦਕਾ ਇਸ ਵਾਰ ਵਿਚ ਕੁੱਲ 58 ਸਲੋਕ ਵੀ ਦਰਜ ਹਨ, ਜਿਨ੍ਹਾਂ 'ਚ ਪਉੜੀ ਸੰਖਿਆ 21 ਨਾਲ 4 ਸਲੋਕ, ਹੋਰ ਸਾਰੀਆਂ ਪਉੜੀਆਂ ਨਾਲ 2-2 ਸਲੋਕ ਦਰਜ ਹਨ। ਕ੍ਰਮਵਾਰ ਸਲੋਕਾਂ ਦੀ ਰਚਨਾ ਅਨੁਸਾਰ ਪਹਿਲੇ ਪਾਤਸ਼ਾਹ ਜੀ ਦੇ 24, ਦੂਜੇ ਪਾਤਸ਼ਾਹ ਜੀ ਦੇ 5, ਤੀਜੇ ਪਾਤਸ਼ਾਹ ਜੀ ਦੇ 27 ਅਤੇ 2 ਸਲੋਕ ਪੰਜਵੇਂ ਪਾਤਸ਼ਾਹ ਜੀ ਦੇ ਦਰਜ ਹਨ। ਅੰਗ 1292 ਤੋਂ 1293 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਨਾਮਦੇਵ ਜੀ ਦੇ 2 ਸ਼ਬਦ ਅਤੇ 3 ਸ਼ਬਦ ਭਗਤ ਰਵਿਦਾਸ ਜੀ ਦੇ ਦਰਜ ਹਨ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ)-144410. ਮੋਬਾ: 98789-24026

ਧਾਰਮਿਕ ਸਾਹਿਤ

ਤੇਰਾ ਕੋਈ ਨਾ ਸਾਨੀ
ਲੇਖਕ : ਡਾ: ਅਮਰਜੀਤ ਕੌਰ ਨਾਜ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ
ਕੀਮਤ : 125, ਪੰਨੇ : 70
ਸੰਪਰਕ : 98850-16918


ਲੇਖਿਕਾ ਨੇ ਇਸ ਤੋਂ ਪਹਿਲਾਂ 4 ਗਜ਼ਲ-ਸੰਗ੍ਰਹਿ, ਬਾਲ ਸਾਹਿਤ, ਵਿਆਕਰਨ ਆਦਿ ਸਮੇਤ 52 ਪੁਸਤਕਾਂ ਦੀ ਰਚਨਾ ਕੀਤੀ ਹੈ। ਵਿਚਾਰ ਗੋਚਰੀ ਪੁਸਤਕ ਦਾ ਮੁੱਖ ਮੰਤਵ ਅਜੋਕੇ ਮਸ਼ੀਨੀ ਯੁੱਗ ਅੰਦਰ ਮਸ਼ੀਨ ਬਣ ਕੇ ਰਹਿ ਗਏ ਲੋਕਾਂ, ਖਾਸ ਕਰ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣਾ ਹੈ, ਤਾਂ ਕਿ ਉਹ ਗੁਰਮਤਿ ਮਾਰਗ ਦੇ ਪਾਂਧੀ ਬਣ ਸਕਣ। ਪੁਸਤਕ ਪ੍ਰਸਿੱਧ ਗੁਰਮਤਿ ਵਿਆਖਿਆਕਾਰ ਭਾਈ ਪਰਮਜੀਤ ਸਿੰਘ ਖ਼ਾਲਸਾ ਅਨੰਦਪੁਰ ਸਾਹਿਬ ਵਾਲਿਆਂ ਨੂੰ ਸਮਰਪਿਤ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਬੜੀਆਂ ਹੀ ਭਾਵ ਪੂਰਤ ਅਤੇ ਮਨ ਨੂੰ ਟੁੁੁੰਬਣ ਵਾਲੀਆਂ ਹਨ। ਕੁਝ ਵੰਨਗੀਆਂ :
ਇਕ ਦੂਜੇ ਨੂੰ ਦੇਂਦੇ ਤੋਹਫ਼ੇ ਮੁਸਕਣੀ ਤੇ ਪਿਆਰ ਦੇ,
ਮਹਿਕ ਵੰਡਦੇ ਨੇ ਦਸਮੇਸ਼ ਦੇ ਦਰਬਾਰ ਦੇ। (ਪੰਨਾ : 21)
ਤੋਹਫ਼ੇ ਵਿਚ ਵੀ ਸਿਰਫ਼ ਬਗ਼ਾਵਤ ਦੇਣੀ ਪੈਂਦੀ ਹੈ,
ਸੱਚ ਦੀ ਰਾਖੀ ਲਈ ਸ਼ਹਾਦਤ ਦੇਣੀ ਪੈਂਦੀ ਹੈ। (ਪੰਨਾ : 24)
ਕੇਸਗੜ੍ਹ ਸਾਹਿਬ ਦੀ ਵਿਸਾਖੀ, ਬੋਲੇ ਗੁਰੂ ਗੋਬਿੰਦ ਸਿੰਘ, ਜਾਗੋ ਜਾਗੋ ਜਾਗੋ, ਹਿੰਦੂ ਧਰਮ ਦਾ ਰਾਖਾ, ਮੇਰਾ ਪਾਤਸ਼ਾਹ ਤਿੰਨ ਪਹਿਰੀ ਕਵਿਤਾ, ਭਾਈ ਮਨੀ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਸਿਰਲੇਖਾਂ ਅਧੀਨ ਕਾਵਿ-ਰਚਨਾਵਾਂ ਪਾਠਕਾਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਪਾਉਣ ਵਾਲੀਆਂ ਹਨ। ਪੁਸਤਕ ਵਿਚਲੇ ਕੁਝ ਦੋਹੇ ਕਮਾਲ ਦੇ ਹਨ-
ਸੱਚੇ ਦਿਲ ਤੋਂ ਕਰੇ ਜੋ ਬਾਣੀ ਦਾ ਸਤਿਕਾਰ,
ਉਸ ਦੀ ਡੁੱਬਦੀ ਬੇੜੀ ਨੂੰ ਵਾਹਿਗੁਰੂ ਕਰਦਾ ਪਾਰ।
(ਪੰਨਾ : 51)
ਪੁਸਤਕ ਪਾਠਕਾਂ ਨੂੰ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨ ਦੇ ਸਮਰੱਥ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX