ਤਾਜਾ ਖ਼ਬਰਾਂ


ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  14 minutes ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  about 1 hour ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  about 1 hour ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  about 2 hours ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  about 2 hours ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  about 2 hours ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  about 2 hours ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  about 2 hours ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  about 3 hours ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ ਜਦੋਂ ਮੈਨੂੰ ਚੱਕਰ ਆਏ

ਇਕ ਦਿਨ ਮੈਨੂੰ ਦਫਤਰ ਬੈਠੇ-ਬੈਠੇ ਚੱਕਰ ਆਉਣ ਲੱਗੇ | ਜਦੋਂ ਨਾਲ ਘਬਰਾਹਟ ਵੀ ਸ਼ੁਰੂ ਹੋ ਗਈ ਤਾਂ ਮੈਂ ਘਰ ਆ ਗਿਆ |
ਅਗਲੇ ਦਿਨ ਵੀ ਜਦੋਂ ਮੈਂ ਦਫਤਰ ਨਹੀਂ ਗਿਆ ਤਾਂ ਦਫ਼ਤਰ ਵਾਲੇ ਘਰ ਪਤਾ ਲੈਣ ਆਉਣ ਲੱਗੇ |
ਸ਼ਰਮਾ ਜੀ ਤੁਸੀਂ ਇਨ੍ਹਾਂ ਚੱਕਰਾਂ ਨੂੰ ਐਨੇ ਹਲਕੇ ਨਾ ਲਓ | ਕਈ ਵਾਰੀ ਇਹ ਬਹੁਤ ਵੱਡੀ ਬਿਮਾਰੀ ਦਾ ਰੂਪ ਲੈ ਜਾਂਦੇ ਐ... ਮੇਰੇ ਦਫਤਰ ਦੇ ਨਰੈਣ ਸਿੰਘ ਨੇ ਆਪਣਾ ਤਜਰਬਾ ਦੱਸਿਆ |
ਸਾਡੇ ਦਫਤਰ ਦਾ ਬਚਿੱਤਰ ਸਿੰਘ ਬਹੁਤ ਰੱਬ ਨੂੰ ਮੰਨਣ ਵਾਲਾ ਤੇ ਭਗਤ ਬੰਦੈ | ਉਹ ਡੋਲੂ 'ਚ ਪਾਣੀ ਲੈ ਕੇ ਆ ਗਿਆ ਤੇ ਕਹਿੰਦਾ ਸਾਬ੍ਹ ਜੀ ਇਹ ਆਮ ਪਾਣੀ ਨਹੀਂ ਹੈ, ਬਾਬਾ ਜੀ ਦਾ ਮੰਤਰਿਆ ਜਲ ਐ, ਮੇਰੇ ਨਾ-ਨਾ ਕਰਦੇ ਵੀ ਮੈਨੂੰ ਇਕ ਗਿਲਾਸ ਪਿਲਾ ਈ ਗਿਆ |
ਕਿਸੇ ਨੇ ਮੇਰੀ ਭੈਣ ਨੂੰ ਦੱਸ 'ਤਾ, ਉਹ ਤਾਂ ਸ਼ਾਮ ਨੂੰ ਜੀਜਾ ਜੀ ਨੂੰ ਨਾਲ ਲੈ ਕੇ ਆ ਗਈ | 'ਜੀਜਾ ਜੀ, ਅਜੇ ਗੱਡੀ ਲਾ ਹੀ ਰਹੇ ਸਨ ਉਹ ਭੱਜ ਕੇ ਅੰਦਰ ਆ ਗਈ, 'ਕੀ ਹੋਇਆ, ਕੀ ਹੋਇਆ ਮੇਰੇ ਵੀਰ ਨੂੰ ... ਬੇੜਾ ਬਹਿ ਜੇ ਇਹੋ ਜਿਹੇ ਲੋਕਾਂ ਦਾ... ਜਿਨ੍ਹਾਂ ਨੇ ਮੇਰੇ ਵੀਰ ਨੂੰ ਕੁਝ ਕੀਤੈ |'
ਮੈਂ ਕਿਹਾ ਭੈਣੇ ਐਹੋ ਜਿਹੀ ਕੋਈ ਗੱਲ ਨੀਂ, ਮੈਨੂੰ ਕਿਸੇ ਨੇ ਕੀ ਕਰਨੈ | ਕੱਲ੍ਹ ਦਾ ਟਾਈਮ ਲਿਐ, ਵਖਾਵਾਂਗੇ ਡਾਕਟਰ ਨੂੰ |
ਤੂੰ ਬਹੁਤ ਸਿਆਣਾ ਨਾ ਬਣ, ਮੈਂ ਸਭ ਜਾਣਦੀ ਐਾ, ਇਨ੍ਹਾਂ ਕਰਨ-ਕਰਾਉਣ ਵਾਲਿਆਂ ਨੂੰ ... ਤੂੰ ਗੱਲ ਸੁਣ... ਗੁੱਟ ਕਰ ਆਪਣਾ... ਵੇਖਾਂ ਕੀ ਵਿਗਾੜਦੀ ਐ ਓਪਰੀ ਕਸਰ ਤੇਰਾ... ਮੇਰਾ ਫੁੱਲ ਜਿਹਾ ਵੀਰ ਮੁਰਝਾ ਕੇ ਰੱਖ 'ਤਾ... ਧਾਗਾ ਕਰਵਾ ਕੇ ਲਿਆਈ ਆਂ, ਡੇਰੇ ਵਾਲੇ ਬਾਬਾ ਜੀ ਤੋਂ... ਕਹਿ ਕੇ ਜਿਉਂ ਲੱਗੀ ਮੇਰੇ ਗੁੱਟ 'ਤੇ ਧਾਗਾ ਲਪੇਟਣ | ਮੈਨੂੰ ਲਗਦੈ ਰੱਖੜੀ ਵਾਲੇ ਦਿਨ ਕਿਸੇ ਵੀਰ ਦੇ ਗੁੱਟ 'ਤੇ ਏਨੀ ਵੱਡੀ ਰੱਖੜੀ ਨਹੀਂ ਬੰਨ੍ਹੀ ਹੋਣੀ ਜਿੰਨਾ ਮੇਰੇ ਗੁੱਟ 'ਤੇ ਧਾਗਾ ਬੰਨ੍ਹ 'ਤਾ |
ਮੇਰੇ ਗੁਆਂਢ 'ਚ ਇਕ ਮਾਤਾ ਜੀ ਐ | ਉਹ ਆ ਗਏ ਤੇ ਕਹਿੰਦੇ... ਲੈ ਪੁੱਤ ਇਹ ਧਾਗਾ ਗੱਲ 'ਚ ਪਾ ਲੈ | 108 ਗੰਢਾਂ ਮਾਰ ਕੇ ਧਾਗੇ 'ਚ ਤਬੀਤ ਪਾ ਕੇ ਦਿੱਤੈ ਪੰਡਿਤ ਜੀ ਨੇ, ਲੈ ਵੇਖੀਂ, ਹੁਣ ਲੱਗੀ ਨਜ਼ਰ ਕਿਵੇਂ ਭੱਜਦੀ ਐ |
ਅਸੀਂ ਅਗਲੇ ਦਿਨ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੇ ਐਕਸਰੇ ਕੀਤਾ ਤੇ ਕਹਿੰਦਾ, ਸਰਵਾਈਕਲ ਦੀ ਬਿਮਾਰੀ ਐ | ਥੋੜ੍ਹੀ ਦਵਾਈ ਲਿਖ ਕੇ ਦੇ ਰਿਹਾ ਹਾਂ ਤੇ ਨਾਲ ਐਕਸਰਸਾਈਜ਼ (ਕਸਰਤ) ਕਰੋ, ਚੱਕਰ ਠੀਕ ਹੋ ਜਾਣਗੇ | ਕੋਈ ਘਬਰਾਉਣ ਦੀ ਲੋੜ ਨਹੀਂ |
ਮੈਨੂੰ ਨੀ ਪਤਾ ਬਾਬਾ ਜੀ ਦੇ ਦਿੱਤੇ ਜਲ ਨੇ ਜਾਂ ਡੇਰੇ ਵਾਲੇ ਬਾਬੇ ਦੇ ਦਿੱਤੇ ਧਾਗੇ ਨੇ ਜਾਂ ਪੰਡਿਤ ਜੀ ਦੇ ਤਬੀਤ ਨੇ ਜਾਂ ਫਿਰ ਡਾਕਟਰ ਦੀ ਦਵਾਈ ਨੇ... ਕਿਹਨੇ ਠੀਕ ਕੀਤੈ ਪਰ ਮੈਂ ਹੁਣ ਬਿਲਕੁਲ ਠੀਕ ਆਂ |

-221/ਸੀ, ਬਲਾਕ ਨੰ: 12, ਸੀ.ਐਚ.ਬੀ. ਫਲੈਟ, ਸੈਕਟਰ-63, ਚੰਡੀਗੜ੍ਹ |


ਖ਼ਬਰ ਸ਼ੇਅਰ ਕਰੋ

ਸੁਪਨਿਆਂ ਦੀ ਮੌਤ

ਛੱਲੀਆਂ ਪਿਛਲੇ ਦੋ ਤਿੰਨ ਦਿਨ ਤੋਂ ਸੂਤ ਕੱਤਣ ਲਗ ਪਈਆਂ ਸਨ | ਫ਼ਸਲ ਵੀ ਐਤਕੀਂ ਭਰਵੀਂ ਸੀ | ਦੇਖਦਿਆਂ ਨਜ਼ਰ ਲਗਦੀ ਸੀ | ਹੁੰਦੀ ਕਿਉਂ ਨਾ, ਪੂਰੇ ਜੂਨ ਮਹੀਨੇ ਦੀ ਪਿੰਡਾ ਲੂੰਹਦੀ ਧੁੱਪ ਵਿਚ ਖੇਤ ਤਿਆਰ ਕਰਦਿਆਂ ਪੂਰੇ ਟੱਬਰ ਦੇ ਤਨ ਸੜ ਗਏ ਸਨ | ਕਾਲੀ ਸਿਆਹ ਮੱਕੀ ਦੇ ਟਾਂਢੇ ਲੱਕੜਾਂ ਵਾਂਗ ਖੜ੍ਹੇ ਸਨ | ਖੇਤ ਵਿਚ ਵੜਨ ਜਿੰਨੀ ਵੀ ਵਿਰਲ ਨਹੀਂ ਸੀ | ਟਾਂਢੇ ਗਿੱਠ ਰੋਜ਼ ਵਧਦੇ ਪ੍ਰਤੀਤ ਹੁੰਦੇ |
'ਚਲੋ, ਐਤਕੀਂ ਟੱਬਰ ਦੇ ਛੇ ਮਹੀਨਿਆਂ ਦੇ ਗੁਜ਼ਾਰੇ ਜੋਗੇ ਦਾਣਿਆਂ ਦੇ ਨਾਲ-ਨਾਲ ਦੁਕਾਨ ਵਾਲੇ ਲਾਲੇ ਦੇ ਉਧਾਰ ਦਾ ਭਾਰ ਵੀ ਹੌਲਾ ਹੋ ਜੂ, ਜੇ ਕੁੱਝ ਰਹਿ ਵੀ ਗਏ ਤਾਂ ਖਾਤਾ ਚਲਦਾ ਰਹੂ | ਛੋਟੇ ਜੱਸੇ ਦੇ ਡਿਪਲੋਮੇ ਦੀ ਫੀਸ ਵੀ ਆਈ ਸਮਝੋ, ਵੱਡਾ ਤਾਂ ਵਿਚਾਰਾ ਪੜ੍ਹਨੋਂ ਰਹਿ ਗਿਆ ਫੀਸ ਖੁਣੋਂ | ਤੰਗੀਆਂ-ਤੁਰਸ਼ੀਆਂ ਵੀ ਬੰਦੇ ਦੀ ਪੇਸ਼ ਨੀ ਜਾਣ ਦਿੰਦੀਆਂ', ਜੀਤਾ ਮਨ ਹੀ ਮਨ ਵਿਚਾਰਾਂ ਕਰ ਰਿਹਾ ਸੀ |
ਅੱਜ ਉਹ ਰਾਤ ਦੀ ਰਖਵਾਲੀ ਲਈ ਮਣ੍ਹਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ | ਪਿਛਲੇ ਕਈ ਦਿਨਾਂ ਤੋਂ ਗੁਆਂਢ ਵਾਲੇ ਖੇਤਾਂ ਵਿਚ ਰੰਗ-ਬਿਰੰਗੀਆਂ ਛੱਤਾਂ ਵਾਲੇ ਕਾਫੀ ਮਣ੍ਹੇ ਵਜੂਦ ਵਿਚ ਆ ਗਏ ਸਨ ਜਿਵੇਂ ਫ਼ੌਜੀਆਂ ਨੇ ਦੁਸ਼ਮਣ ਦਾ ਟਾਕਰਾ ਕਰਨ ਲਈ ਬੀਆਬਾਨ ਵਿਚ ਪਹੁੰਚ ਕੇ ਤੰਬੂ ਲਾਏ ਹੋਣ | ਖੇਤ ਦੇ ਨਾਲ ਲਗਦੇ ਚੋਅ ਵਿਚੋਂ ਕੱਲ੍ਹ ਗੱਡਣ ਲਈ ਥੰਮ੍ਹੀਆਂ ਵੱਢੀਆਂ ਸਨ ਅਤੇ ਮੰਜਾ ਟਿਕਾਉਣ ਲਈ ਬੱਲੀਆਂ | ਮੰਜਾ ਸ਼ਾਮ ਨੂੰ ਲੈ ਆਵਾਂਗਾ , ਇਹ ਸੋਚ ਕੇ ਵੱਡੇ ਕਾਕੇ ਨੂੰ ਮਣ੍ਹੇ 'ਤੇ ਛੱਤ ਪਾਉਣ ਲਈ ਪੌਲੀਥੀਨ ਬਜ਼ਾਰੋਂ ਲਿਆਉਣ ਵਾਸਤੇ ਕਹਿ ਆਇਆ ਸੀ | ਚੋਅ ਦੇ ਕੰਢੇ ਮਣ੍ਹਾ ਬਣਾਉਣ ਲਈ ਉਸ ਨੇ ਥਾਂ ਦੀ ਚੋਣ ਕਰ ਲਈ | ਪਿਛਲੇ ਸਾਲ ਵੀ ਇਸੇ ਥਾਂ 'ਤੇ ਮਣ੍ਹਾ ਬਣਾਇਆ ਸੀ | ਆਪਣੇ ਗੁਆਂਢੀ ਖੇਤ ਵਾਲੇ ਕਸ਼ਮੀਰੇ ਨਾਲ ਜੰਗਲੀ ਜਾਨਵਰਾਂ ਦੀ ਮੋਰਚਾਬੰਦੀ ਲਈ ਸਲਾਹ ਕੀਤੀ ਸੀ | ਚੋਅ ਵਾਲੇ ਪਾਸਿਓਾ ਉਹ ਬਿੜਕ ਰੱਖਦਾ ਅਤੇ ਦੂਜੇ ਪਾਸੇ ਤੋਂ ਕਸ਼ਮੀਰਾ ਛੇੜਾ ਹੁੰਦੇ ਹੀ ਹੜਾਤ-ਹੜਾਤ ਸ਼ੁਰੂ ਕਰ ਦਿੰਦਾ | ਫਿਰ ਵੀ ਬਾਹਲਾ ਨੁਕਸਾਨ ਹੋ ਗਿਆ ਸੀ | ਮਹਿੰਗੇ ਬੀਅ ਅਤੇ ਸਪਰੇਆਂ ਦੀ ਕੀਮਤ ਵੀ ਨਹੀਂ ਸੀ ਮੁੜੀ |
ਜੀਤੇ ਦੀ ਨਜ਼ਰ ਫਿਰ ਮੱਕੀ ਦੇ ਭਰਵੇਂ ਖੇਤ ਵੱਲ ਪਈ | ਸੂਤ-ਨਸਾਰੇ ਪਈ ਮੱਕੀ ਵਿਚੋਂ ਜਿਵੇਂ ਉਸ ਨੂੰ ਮਿੱਠੀ-ਮਿੱਠੀ ਖੁਸ਼ਬੋ ਆਉਣ ਲੱਗੀ | ਉਹ ਮਨ ਹੀ ਮਨ ਕਈ ਵਿਉਂਤਾਂ ਘੜਨ ਲੱਗਾ | ਉਸਦੇ ਹੱਥ ਆਪ-ਮੁਹਾਰੇ ਜੁੜ ਗਏ | 'ਮਿਹਰ ਕਰੀਂ ਰੱਬਾ! ਐਤਕੀਂ ਸੁੱਖੀਂ-ਸਾਂਦੀਂ ਫ਼ਸਲ ਘਰ ਪਹੁੰਚ ਜਾਵੇ |' ਕਿਤੇ ਪਿਛਲੇ ਸਾਲ ਵਾਂਗ... | ਥੰਮ੍ਹੀਆਂ ਗੱਡ ਕੇ ਬੱਲੀਆਂ ਬੰਨ੍ਹ ਲਈਆਂ | ਅੱਜ ਦੁਪਹਿਰ ਤੱਕ ਇਹ ਕੰਮ ਮੁੱਕ ਜਾਵੇ ਤਾਂ ਮੈਂ ਰਾਤ ਨੂੰ ਰਾਖੀ ਕਰਨ ਵਾਲਾ ਬਣਾ | ਕਿਤੇ ਉਹੀ ਗੱਲ ਨਾ ਹੋਵੇ | ਮੇਰੀ ਢਿੱਲ-ਮੱਠ ਕਾਰਨ ਕਿਤੇ ਜਾਨਵਰ ਝੱਟ ਹੀ ਮਾਰ ਜਾਣ | ਬਾਅਦ ਵਿਚ ਪਛਤਾਵੇ ਦੇ ਡਰੋਂ ਉਹ ਰਾਤ ਨੂੰ ਬਿਸਤਰਾ ਘਰੋਂ ਚੁੱਕ ਲਿਆਇਆ ਸੀ | ਇਹ ਤਿੰਨ ਮਹੀਨੇ ਹੁਣ ਖੇਤ ਵਿਚ ਹੀ ਕੱਟਣੇ ਸਨ | ਇਨ੍ਹਾਂ ਡਰਾਉਣੀਆਂ ਰਾਤਾਂ ਵਿਚ ਉਸਦਾ ਕੁੱਤਾ ਸ਼ੇਰੂ ਹੀ ਉਸਦਾ ਸਾਥੀ ਹੁੰਦਾ | ਸ਼ੇਰੂ ਸਾਏ ਵਾਂਗ ਉਸਦੇ ਅੰਗ-ਸੰਗ ਰਹਿੰਦਾ | ਆਲੇ-ਦੁਆਲੇ ਤੋਂ ਆਉਂਦੀ ਆਵਾਜ਼ ਨੂੰ ਮਹਿਸੂਸ ਕਰਦਿਆਂ ਹੀ ਕੰਨ ਚੁੱਕਦਾ ਅਤੇ ਉੱਧਰ ਨੂੰ ਦੌੜਦਾ | ਸ਼ੇਰੂ ਦੀ ਪਰਵਰਿਸ਼ ਪਰਿਵਾਰਕ ਮੈਂਬਰ ਵਾਂਗ ਹੋਈ ਸੀ | ਘਰ ਦੇ ਜੀਆਂ ਵਾਂਗ ਉਸ ਨੂੰ ਰੋਟੀ ਅਤੇ ਦਵਾ-ਦਾਰੂ ਦਾ ਖਿਆਲ ਰੱਖਿਆ ਜਾਂਦਾ | ਸ਼ੇਰੂ ਵੀ ਆਪਣਾ ਧਰਮ ਨਿਭਾਅ ਰਿਹਾ ਸੀ | ਸਾਰੀ-ਸਾਰੀ ਰਾਤ ਮਣ੍ਹੇ ਹੇਠ ਕਦੇ ਮੁੜ੍ਹਕੇ ਵਿਚ, ਕਦੇ ਮੀਂਹ ਵਿਚ ਨਿਰਵਿਘਨ ਆਪਣੀ ਡਿਊਟੀ 'ਤੇ ਤਾਇਨਾਤ ਰਹਿੰਦਾ | ਸਾਲ ਦੇ ਤਿੰਨ ਮਹੀਨੇ ਦੇ ਦਿਨ-ਰਾਤ ਉਹ ਮਣ੍ਹੇ ਵਾਲੇ ਖੇਤ ਵਿਚ ਹੀ ਕੱਟਦਾ |
ਜੀਤੇ ਦਾ ਅੱਜ ਖੇਤ ਵਿਚ ਪਹਿਲਾ ਦਿਨ ਸੀ | ਮਣ੍ਹੇ 'ਤੇ ਲੇਟਦਿਆਂ ਉਸਦਾ ਧਿਆਨ ਕੁੱਝ ਖੇਤਾਂ ਦੁਆਲੇ ਲੱਗੀਆਂ ਜਾਲੀਦਾਰ ਵਾੜਾਂ ਵੱਲ੍ਹ ਗਿਆ | ਪਿੰਡ ਦੇ ਇੱਕਾ-ਦੁੱਕਾ ਸਰਦੇ-ਪੁੱਜਦੇ ਘਰਾਂ ਨੇ ਪਹਿਲਾਂ ਕੰਡਿਆਲੀ ਤਾਰ ਲਗਾ ਲਈ ਸੀ | ਹੁਣ ਜਾਲੀਦਾਰ ਤਾਰਾਂ ਲਗਵਾ ਕੇ ਅਰਾਮ ਦੀ ਨੀਂਦ ਸੌਾਦੇ ਨੇ | ਪਰ... | ਹਮਾਤੜਾਂ ਦਾ ਤਾਂ ਸਭ ਰੱਬ ਆਸਰੇ ਹੀ ਹੈ | ਸਾਡੇ ਲਈ ਤਾਂ ਦਿੱਲੀ ਹਾਲੇ ਬਹੁਤ ਦੂਰ ਐ |' ਉਜਾੜੇ ਦੇ ਡਰੋਂ ਹੁਣ ਕੋਈ ਕਮਾਦ ਹੀ ਨਹੀਂ ਬੀਜਦਾ | ਦੇਸੀ ਗੁੜ-ਸ਼ੱਕਰ ਖਾਧਿਆਂ ਮੁੱਦਤਾਂ ਬੀਤ ਚੱਲੀਆਂ ਨੇ | ਕੋਈ ਵੇਲਾ ਸੀ ਇਨ੍ਹਾਂ ਚੀਜ਼ਾਂ ਨਾਲ ਕੋਠੀਆਂ-ਭੜੋਲੇ ਭਰੇ ਰਹਿੰਦੇ ਸਨ | ਉਸਦੇ ਅੰਦਰ ਖਿਆਲਾਂ ਦੀ ਚਕਲੀ ਗੇੜੇ ਦੇਣ ਲੱਗੀ | ਗਿਣਤੀਆਂ-ਮਿਣਤੀਆਂ ਵਿਚ ਪਤਾ ਨੀ ਕਦੋਂ ਅੱਖ ਲਗ ਗਈ |
ਦੋ ਦਿਨ ਤਾਂ ਸੁੱਖੀਂ-ਸਾਦੀਂ ਬੀਤ ਗਏ ਸਨ | ਚੋਅ ਦੇ ਘਾਟ ਵਾਲੇ ਪਾਸਿਓਾ ਜਾਨਵਰਾਂ ਦਾ ਝੁੰਡ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਸ਼ੇਰੂ ਅਜਿਹਾ ਹਮਲਾਵਰ ਰੁਖ ਅਖਤਿਆਰ ਕਰਦਾ ਕਿ ਪੂਰੇ ਝੁੰਡ ਨੂੰ ਰਸਤਾ ਬਦਲਣਾ ਪੈਂਦਾ | ਮਣ੍ਹੇ 'ਤੇ ਬੈਠਾ ਬੈਟਰੀਆਂ ਮਾਰਦਾ ਜੀਤਾ ਸ਼ੇਰੂ ਨੂੰ ਸ਼ਾਬਾਸ਼ੇ ਦਿੰਦਾ ਫਿਰ ਮੰਜੇ 'ਤੇ ਪੈ ਜਾਂਦਾ | ਥੋੜ੍ਹੀ ਦੇਰ ਬਾਅਦ ਫਿਰ ਅਜਿਹਾ ਹੀ ਵਾਪਰ ਜਾਂਦਾ | ਜਾਗੋ-ਮੀਟੀ ਵਿਚ ਹੀ ਰਾਤ ਲੰਘ ਜਾਂਦੀ | ਸਵੇਰੇ ਸਾਰੇ ਦਿਨ ਦੀ ਚਲੋ-ਚਲ ਸ਼ੁਰੂ ਹੋ ਜਾਂਦੀ | ਚੋਅ ਤੋਂ ਪਾਰ ਦੋ ਕੁ ਕਨਾਲ ਦੀ ਟਾਕੀ ਵਿਚ ਵੱਡੇ ਕਾਕੇ ਮੁਖਤਿਆਰ ਨੇ ਮਣ੍ਹਾ ਬਣਾਇਆ ਸੀ | ਪਿਛਲੇ ਸਾਲ ਪੇਠੇ ਦੀ ਫ਼ਸਲ 'ਚੋਂ ਕੁੱਝ ਵੀ ਪੱਲੇ ਨਹੀਂ ਸੀ ਪਿਆ | ਐਤਕੀਂ ਮੱਕੀ ਬੀਜੀ ਸੀ | ਖੇਤ ਦੂਰ ਹੋਣ ਕਰਕੇ ਓਨੀ ਦੇਖਭਾਲ ਤਾਂ ਨਹੀਂ ਸੀ ਹੋਈ ਪਰ ਫਿਰ ਵੀ ਚਾਰ ਮਣ ਦਾਣਿਆਂ ਦੀ ਆਸ ਸੀ |
'' ਇਹ ਵੀ ਕੀ ਮੁਸੀਬਤ ਐ , ਸਾਡੇ ਇਲਾਕੇ ਵਿਚ , ਰਾਖੀ ਤੋਂ ਬਿਨਾਂ ਕੋਠੀ ਤੱਕ ਦਾਣੇ ਨੀਂ ਅਪੜਦੇ |' ਪਰਿਵਾਰ ਦੇ ਕਈ-ਕਈ ਜੀਅ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਵੱਖ-ਵੱਖ ਖੇਤਾਂ ਵਿਚ ਰਾਖੀ ਕਰਦੇ ਹਨ | ਪੀਪੇ ਵਜਾ ਕੇ, ਪੂਰੀ ਰਾਤ ਹੜਾਤ-ਹੜਾਤ, ਫਿਰ ਵੀ ਫ਼ਸਲ ਦਾ ਕੋਈ ਵਸਾਹ ਨਹੀਂ | ਬਰਸਾਤ ਦੇ ਦਿਨਾਂ ਵਿਚ ਸੌ ਕੀੜੇ-ਕੰਡੇ ਦਾ ਡਰ ਬਣਿਆ ਰਹਿੰਦਾ ਹੈ, ਪਰ ਰਾਖੀ........ | ਇਹ ਤਾਂ ਮਜਬੂਰੀ ਐ | ਇਸਦੇ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ | ਮਣ੍ਹੇ 'ਤੇ ਪਿੱਠ ਸਿੱਧੀ ਕਰਦਿਆਂ ਪਿਛਲੇ ਸਾਲ ਦੀ ਦੁਖਦਾਈ ਘਟਨਾ ਜੀਤੇ ਦੀਆਂ ਯਾਦਾਂ ਵਿਚ ਤਰੋ-ਤਾਜ਼ਾ ਹੋ ਗਈ |
ਦੁਪਹਿਰ ਤੋਂ ਹੀ ਝੜੀ ਲੱਗੀ ਹੋਈ ਸੀ | ਕਰਮਾ ਪਿਛਲੇ ਤਿੰਨ ਸਾਲ ਤੋਂ ਤਬੀਅਤ ਠੀਕ ਨਾ ਹੋਣ ਕਾਰਨ ਦਵਾਈ ਖਾ ਰਿਹਾ ਸੀ | ਦਿਨ ਢਲਦੇ ਹੀ ਉਸ ਨੇ ਰਾਤ ਵਾਲੀ ਰੋਟੀ ਦੀਆਂ ਮੋਟੀਆਂ-ਮੋਟੀਆਂ ਬੁਰਕੀਆਂ ਦਿਨ ਖੜ੍ਹੇ ਹੀ ਖਾ ਲਈਆਂ | ਰਾਤ ਵਾਲੀ ਦਵਾਈ ਦੀ ਖੁਰਾਕ ਪਾਣੀ ਨਾਲ ਅੰਦਰ ਲੰਘਾ ਕੇ ਸਿਰ 'ਤੇ ਮੋਮਜਾਮੇ ਦਾ ਬੋਰੂ ਤਾਣ ਕੇ ਕਾਹਲੇ ਕਦਮੀਂ ਖੇਤ ਵੱਲ ਨੂੰ ਹੋ ਤੁਰਿਆ |
''ਕੁੱਤੇ ਦੀ ਰੋਟੀ ਰਹਿ ਗਈ', ਕਰਮੇ ਦੀ ਘਰਵਾਲੀ ਦੇਸੋ ਨੇ ਪਿੱਛੋਂ ਆਵਾਜ਼ ਮਾਰੀ ਸੀ | ਸਿਹਤ ਠੀਕ ਨਾ ਹੋਣ ਦਾ ਵਾਸਤਾ ਪਾ ਕੇ ਉਸਦੀ ਘਰਵਾਲੀ ਦੇਸੋ ਨੇ ਉਸ ਦਿਨ ਖੇਤ ਨਾ ਜਾਣ ਦੀ ਸਲਾਹ ਦਿੱਤੀ ਪਰ ਉਸਦੇ ਜਵਾਬ ਮੂਹਰੇ ਦੇਸੋ ਨਿਰਉੱਤਰ ਹੋ ਗਈ ਸੀ | ਪਿਛਲੇ ਹਫ਼ਤੇ ਉਹ ਤਬੀਅਤ ਠੀਕ ਨਾ ਹੋਣ ਕਰਕੇ ਖੇਤ ਦੇਰੀ ਨਾਲ ਪੁੱਜਿਆ ਸੀ | ਮੇਰੇ ਖੇਤ ਪੁੱਜਦੇ ਨੂੰ ਜਾਨਵਰ ਦੋਧੇ ਮੱਕੀ ਦੀਆਂ ਦਸ-ਬਾਰਾਂ ਭਰੀਆਂ ਖ਼ਰਾਬ ਕਰ ਗਏ ਸਨ |
'ਪਸ਼ੂਆਂ ਨੂੰ ਕੁਤਰ ਕੇ ਵੀ ਕਿੰਨੀਆਂ ਕੁ ਪਾਉਣੀਆਂ ਨੇ |' ਕਰਮਾ ਬੁੜ-ਬੜਾਉਂਦਾ ਤੁਰ ਪਿਆ ਸੀ |
'ਪਿਛਲੀ ਕੀਤੀ-ਕਰਾਈ ਸਭ ਖੂਹ ਵਿਚ ਪੈ ਜਾਣੀ ਐ, ਜੇ ਇਕ ਵੀ ਨਾਗਾ ਪੈ ਗਿਆ ਤਾਂ ਖੇਤ ਚੋਂ ਲਿਆਂਵਾਂਗੇ ਕੀ?'
'ਇਹ ਉਮਰ ਘਰ ਤੋਂ ਦੋ ਮੀਲ ਦੂਰ ਮਣ੍ਹੇ ਤੇ ਚੜ੍ਹ ਕੇ ਬੇਆਰਾਮ ਹੋਣ ਦੀ ਥੋੜ੍ਹਾ ਆ' ਦੇਸੋ ਅੰਦਰੋ-ਅੰਦਰੀ ਹਉਕਾ ਭਰਦੀ |
ਕਰਮਾ ਖੇਤ ਤੱਕ ਪਹੁੰਚਣ ਤੱਕ ਦੇ ਉੱਚੇ-ਨੀਵੇਂ ਰਸਤਿਆਂ ਵਿਚ ਹੱਥ ਵਿਚ ਫੜੀ ਸੋਟੀ ਦੇ ਆਸਰੇ ਕਾਰਨ ਦੋ-ਤਿੰਨ ਵਾਰ ਤਿਲ੍ਹਕਣ ਤੋਂ ਮਸਾਂ ਬਚਿਆ ਸੀ | ਚੀਕਣੀ ਮਿੱਟੀ ਸੀਮਿੰਟ ਵਾਂਗ ਬੂਟਾਂ ਨਾਲ ਚਿੰਬੜਨ ਕਰਕੇ ਬੂਟਾਂ ਦਾ ਭਾਰ ਕਈ ਗੁਣਾ ਵੱਧ ਹੋ ਗਿਆ ਸੀ | ਆਖਰ ਔਖਾ-ਸੌਖਾ ਉਹ ਪੌਡਿਆਂ ਰਾਹੀਂ ਮਣ੍ਹੇ 'ਤੇ ਜਾ ਚੜਿ੍ਹਆ ਸੀ |
ਪੂਰੀ ਰਾਤ ਵਰ੍ਹਨ ਕਰਕੇ ਮੀਂਹ ਦਾ ਜ਼ੋਰ ਲੱਗ ਗਿਆ ਸੀ | ਹੁਣ ਆਸਮਾਨ ਸ਼ੀਸ਼ੇ ਵਾਂਗ ਸਾਫ ਸੀ | ਸਵੇਰੇ ਉੱਠਦੇ ਸਾਰ ਹੀ ਦੇਸੋ ਨੂੰ ਅੱਚਵੀ ਜਿਹੀ ਲਗ ਗਈ |
'ਉਹ ਤਾਂ ਐਸ ਵੇਲੇ ਆ ਜਾਂਦਾ ਸੀ, ਸਗੋਂ ਮੈਨੂੰ ਰੋਜ਼ 'ਵਾਜ਼ ਮਾਰ ਕੇ ਜਗਾਉਂਦਾ ਸੀ |' ਚਿੰਤਾਤਰ ਹੋਈ ਕਰਮੇ ਦੀ ਘਰਵਾਲੀ ਦੇਸੋ ਨੇ ਆਪਣੇ ਦਿਓਰ ਛਿੰਦੇ ਨੂੰ ਖੇਤ ਵੱਲ ਭੇਜਿਆ | ਕਿਤੇ ਗਰਮ-ਸਰਦ ਹੋ ਕੇ ਸਿਹਤ ਜ਼ਿਆਦਾ ਖ਼ਰਾਬ ਨਾ ਹੋ ਗਈ ਹੋਵੇ | ਮਾੜੇ ਖਿਆਲ ਮਨ ਵਿਚ ਆਉਣ ਨਾਲ ਦੇਸੋ ਦੀ ਸਵੇਰ ਦੀ ਚਾਹ ਚੁੱਲ੍ਹੇ 'ਤੇ ਧਰਨ ਦੀ ਹਿੰਮਤ ਨਹੀਂ ਸੀ ਪੈ ਰਹੀ |
ਉਹੀ ਗੱਲ ਹੋਈ ਜਿਸਦਾ ਡਰ ਸੀ | ਕਰਮਾ ਮਣ੍ਹੇ 'ਤੇ ਆਕੜਿਆ ਰਹਿ ਗਿਆ ਸੀ | ਮਣ੍ਹੇ ਦੀ ਥੰਮ੍ਹੀ ਨਾਲ ਬੈਠਾ ਉਸਦਾ ਕੁੱਤਾ ਭੌਾਕਣ ਦੀ ਬਜਾਇ ਚਊਾ-ਚਊਾ ਕਰ ਰਿਹਾ ਸੀ, ਜਿਵੇਂ ਉਸ ਨੂੰ ਪਤਾ ਲਗ ਗਿਆ ਹੋਵੇ ਕਿ ਮੇਰਾ ਮਾਲਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ |
ਅੱਧੀ ਰਾਤ ਬਹੁਤ ਪਿੱਛੇ ਰਹਿ ਗਈ ਸੀ | ਜੀਤੇ ਦੀਆਂ ਸੋਚਾਂ ਦੀ ਲੜੀ ਇਕਦਮ ਟੁੱਟੀ ਜਦੋਂ ਸ਼ੇਰੂ ਗੋਲੀ ਵਾਂਗ ਮੱਕੀ ਦੇ ਟਾਂਢਿਆਂ ਵਿਚ ਕਾੜ-ਕਾੜ ਵੱਜਦਾ ਹੋਇਆ ਗੁਆਂਢੀ ਗਾਮੇ ਦੇ ਖੇਤ ਵੱਲ ਨੂੰ ਦੌੜਿਆ | ਉਸਨੇ ਜਦੋਂ ਸ਼ੇਰੂ ਦੀ ਨਿਸ਼ਾਨਦੇਹੀ 'ਤੇ ਬੈਟਰੀ ਮਾਰੀ ਤਾਂ ਜਾਨਵਰਾਂ ਦਾ ਝੁੰਡ ਹਰਲ-ਹਰਲ ਕਰਦਾ ਖੇਤ ਦਾ ਬੰਨਾ ਪਾਰ ਕਰ ਚੁੱਕਿਆ ਸੀ | ਸ਼ੇਰੂ ਪੂਰਾ ਜ਼ੋਰ ਲਗਾ ਕੇ ਇਸ ਝੁੰਡ ਨੂੰ ਖਦੇੜਨ ਲਈ ਪੂਰੀ ਵਾਹ ਲਾ ਰਿਹਾ ਸੀ | ਇਸ ਝੁੰਡ ਦੀ ਅਗਵਾਈ ਵਾਲਾ ਜਾਨਵਰ ਮਸਤ ਹਾਥੀ ਵਾਂਗ ਅੱਗੇ ਵਧ ਰਿਹਾ ਸੀ | ਉਹ ਮਣ੍ਹੇ 'ਤੇ ਬੈਠਾ ਕਦੇ ਬੈਟਰੀ ਮਾਰਦਾ, ਕਦੇ ਪੀਪਾ ਵਜਾਉਂਦਾ, ਫਿਰ ਪੂਰੇ ਜ਼ੋਰ ਨਾਲ ਹੜਾਤ-ਹੜਾਤ ਕਰਨ ਲੱਗਾ | ਝੁੰਡ ਦੇ ਮੋਹਰੀ ਜਾਨਵਰ ਜਿਸਦਾ ਭਾਰ ਕੁਇੰਟਲਾਂ ਵਿਚ ਜਾਪਦਾ ਸੀ, ਨੇ ਸ਼ੇਰੂ ਦੇ ਅਜਿਹੀ ਠੁੱਡ ਮਾਰੀ ਕਿ ਇਕ ਵਾਰ ਤਾਂ ਉਹ ਹਮਲਾਵਰ ਰੁਖ ਵਿਚ ਭੌਾਕਦਾ-ਭੌਾਕਦਾ ਚਊਾ-ਚਊਾ ਕਰਨ ਲਗ ਪਿਆ | ਜੀਤੇ ਦਾ ਦਿਲ ਕੀਤਾ ਕਿ ਮਣ੍ਹੇ ਤੋਂ ਥੱਲੇ ਉਤਰ ਕੇ ਫ਼ਸਲ ਦੇ ਵੈਰੀਆਂ ਨੂੰ ਭਜਾ ਦੇਵੇ ਪਰ ਗੱਲ ਵੱਸ ਤੋਂ ਬਾਹਰੀ ਸੀ | ਉਸ ਕੋਲ ਮਣ੍ਹੇ ਨਾਲ ਬੰਨ੍ਹੇ ਪੀਪੇ ਨੂੰ ਵਜਾ ਕੇ ਹੜਾਤ-ਹੜਾਤ ਕਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ | ਸ਼ੇਰੂ ਹਿੰਮਤ ਕਰ ਕੇ ਫਿਰ ਉੱਠਿਆ ਜਿਵੇਂ ਕਹਿ ਰਿਹਾ ਹੋਵੇ ਕਿ ਉਹ ਖੂਨ ਦੇ ਆਖਰੀ ਕਤਰੇ ਤੱਕ ਵਫ਼ਾ ਦਾ ਮੁੱਲ ਮੋੜੇਗਾ | ਹੁਣ ਸ਼ੇਰੂ ਦੀ ਆਵਾਜ਼ ਪਹਿਲਾਂ ਵਰਗੀ ਨਹੀਂ ਸੀ | ਜਾਨਵਰ ਦੀ ਦੂਜੀ ਠੁੱਡ ਨਾਲ ਸ਼ੇਰੂ ਦੀ ਚਊਾ-ਚਊਾ ਚੁੱਪ ਵਿਚ ਬਦਲ ਗਈ ਸੀ | ਜੀਤੇ ਨੇੇ ਬੈਟਰੀ ਮਾਰੀ ਤਾਂ ਖੂਨ ਨਾਲ ਲੱਥ-ਪੱਥ ਸ਼ੇਰੂ ਸਹਿਕ ਰਿਹਾ ਸੀ | ਜਾਨਵਰਾਂ ਦਾ ਪੂਰਾ ਟੋਲਾ ਮਿੰਟਾਂ ਵਿਚ ਪੂਰਾ ਖੇਤ ਲਤਾੜ ਗਿਆ ਸੀ | ਸੌ ਹੱਥ ਰੱਸਾ ਸਿਰ 'ਤੇ ਗੰਢ | ਜੀਤੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਦੇ ਸਰੀਰ ਦਾ ਵਜ਼ਨ ਕਈ ਗੁਣਾ ਵਧ ਗਿਆ ਹੋਵੇ | ਪੱਥਰ ਵਰਗਾ ਬੇਜਾਨ | ਘੁਸਮੁਸੇ ਤੋਂ ਬਾਅਦ ਹਲਕੀ ਜਿਹੀ ਲੋਅ ਵਿਚ ਸ਼ੇਰੂ ਖ਼ੂਨ ਵਿਚ ਰੰਗਿਆ ਮਣ੍ਹੇ ਲਾਗੇ ਨਿਢਾਲ ਪਿਆ ਸੀ ਅਤੇ ਪੂਰੇ ਖੇਤ ਵਿਚ ਮੱਕੀ ਦੇ ਟਾਂਢੇ ਲਾਸ਼ਾਂ ਵਾਂਗ ਵਿਛੇ ਪਏ ਸਨ | ਫ਼ਸਲਾਂ ਦੇ ਰਖਵਾਲੇ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਸਨ ਪਰ ਜੀਤਾ ਮਣ੍ਹੇ 'ਤੇ ਬੈਠਾ ਹੋਇਆ ਆਪਣੇ ਸੁਪਨਿਆਂ ਦੀ ਮੌਤ ਨੂੰ ਤੱਕਦਾ ਡੂੰਘੀਆਂ ਸੋਚਾਂ ਵਿਚ ਗੁਆਚ ਗਿਆ ਸੀ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ |
ਸੰਪਰਕ : 94638-51568

ਵਿਅੰਗ ਮੌਨ ਵਰਤ

ਜ਼ਨਾਨੀਆਂ ਕਰਵਾ-ਚੌਥ ਜਿਹਾ ਔਖੇ ਤੋਂ ਔਖਾ ਵਰਤ ਹੱਸ-ਹੱਸ ਕੇ ਰੱਖ ਲੈਂਦੀਆਂ ਹਨ | ਸਤੀ ਜਿਹੀ ਰਸਮ ਬੜੀ ਆਸਾਨੀ ਨਾਲ ਨਿਭਾਅ ਦਿੰਦੀਆਂ ਸਨ ਪਰ ਮੌਨ ਵਰਤ ਜਿਹਾ ਸੌਖਾ ਜਿਹਾ ਵਰਤ ਰੱਖਣ ਲਈ ਪੰਜਾਹ ਨਹੀਂ ਸੌ ਵਾਰ ਸੋਚਦੀਆਂ ਹਨ | ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਚੁਟਕਲਾ ਤਾਂ ਸੁਣਿਆ ਹੀ ਹੋਵੇਗਾ:
'ਦੋ ਔਰਤਾਂ ਇਕ ਛੋਟੇ ਜਿਹੇ ਕਮਰੇ ਵਿਚ ਇਕ ਘੰਟੇ ਤੋਂ ਚੁੱਪਚਾਪ ਬੈਠੀਆਂ ਸਨ |'
ਪਤਨੀ ਦੀ ਕਿੱਟੀ ਪਾਰਟੀ ਦੀਆਂ ਸਹੇਲੀਆਂ ਨੇ ਇਸ ਵਰਤ ਨੂੰ ਇਕ ਚੈਲਿੰਜ ਵਾਂਗ ਲਿਆ ਹੈ | ਹਲਵਾਈਆਂ ਦੀ ਭੂਟੋ ਆਪਣਾ ਮੋਟਾ ਲੱਕ ਹਿਲਾ ਹਿਲਾ ਕਹਿ ਰਹੀ ਸੀ, 'ਲੈ ਭੈਣੇ, ਮੌਨ ਵਰਤ ਰੱਖਣਾ ਕੀ ਔਖਾ ਐ | ਚੁੱਪ ਈ ਵੱਟਣੀ ਹੁੰਦੀ ਐ | ਕਈ ਵਾਰ ਆਪਾਂ ਆਪਣੀ ਸੱਸ ਜਾਂ ਸਹੁਰੇ ਦੀ ਗੱਲ ਸੁਣ ਕੇ ਚੁੱਪ ਈ ਤਾਂ ਵੱਟ ਲੈਂਦੀਆਂ ਹਾਂ | ਇਹੋ ਜਿਹੇ ਚੰਦਰੇ ਲੋਕਾਂ ਨਾਲ ਮਗਜ਼ ਖਪਾਈ ਕਰਨ ਦਾ ਕੀ ਫੈਦਾ? ਇਕ ਚੁੱਪ ਸੌ ਸੁੱਖ |'
ਉਸ ਦੀ ਇਸ ਗੱਲ 'ਤੇ ਕੱਪੜੇ ਵਾਲਿਆਂ ਦੀ ਕੌੜੀ ਗਿੱਧਾ ਜਿਹਾ ਪਾਉਂਦਿਆਂ ਆਖਣ ਲੱਗੀ, 'ਲੈ ਭੈਣੇ, ਜੇ ਕੋਈ ਐਵੇਂ ਈ ਸਿਰ 'ਤੇ ਚੜ੍ਹਦਾ ਆਊ ਤਾਂ ਉਹਨੂੰ ਲਾਹੁਣਾ ਤਾਂ ਪੈਂਦਾ ਈ ਐ | ਚੁੱਪ ਕਰਕੇ ਕੋਈ ਕਿੰਨੀ ਕੁ ਦੇਰ ਇਨ੍ਹਾਂ ਦੀ ਬਕਵਾਸ ਸੁਣਦਾ ਰਹੂ? ਫਾਲਤੂ ਗੱਲਾਂ ਸੁਣ-ਸੁਣ ਆਪਣਾ ਤਾਂ, ਸੱਚ ਜਾਣੋ, ਚਿੱਤ ਕਾਹਲਾ ਪੈਣ ਲੱਗ ਜਾਂਦੈ | ਜਵਾਬ ਤਾਂ ਦੇਣਾ ਈ ਪੈਂਦੈ | ਅਸੀਂ ਵੀ ਧੜੀ-ਧੜੀ ਅੰਨ ਖਾਂਦੇ ਈ ਆਂ |'
ਸੁਣਦਿਆਂ ਹੀ ਲੋਹਟੀਆਂ ਦੀ ਮਿਆਊਾ ਬਿੱਲੀ ਵਾਂਗ ਪੂਛ ਜਿਹੀ ਹਿਲਾਉਂਦੀ ਹੋਈ ਭੁੜਕ ਪਈ ਸੀ, 'ਇਹ ਭਲਾ ਕੀ ਗੱਲ ਹੋਈ? ਅਗਲਾ ਸਿਰ 'ਤੇ ਮੋਰੀਆਂ ਕਰੀ ਜਾਵੇ, ਅਖੇ ਚੁੱਪ ਈ ਭਲੀ ਐ | ਰੱਬ ਨੇ ਅਹਿ ਗਿੱਠ ਦੀ ਜ਼ਬਾਨ ਕਾਹਦੇ ਵਾਸਤੇ ਦਿੱਤੀ ਐ | ਜਿਵੇਂ ਕਹਿੰਦੇ ਆਂ ਨੋ ਹੌਰਨ ਪਲੀਜ਼, ਬਈ ਕਹਿਣ ਵਾਲਿਆਂ ਨੂੰ ਮੰੂਹ ਫੜ ਕੇ ਪੁੱਛੋ ਬਈ ਜੇ ਬਜੌਣਾ ਈ ਨੀ ਤਾਂ ਖੋਤੇ ਦੇ ਕੰਨ ਜਿੱਡਾ ਹੌਰਨ ਗੱਡੀ 'ਤ ਲਾਇਆ ਕਾਹਦੇ ਵਾਸਤੇ ਆ? ਇਹੋ ਗੱਲ ਜੀਭ ਦੀ ਐ, ਬਈ ਜੇ ਬੋਲਣਾ ਈ ਨੀ, ਤਾਂ ਇਹਨੂੰ ਕਰਨਾ ਕੀ ਐ?'
ਗੱਲ ਏਦਾਂ ਈ ਭੰਬਲਭੂਸੇ 'ਚ ਪਈ ਰਹਿਣੀ ਸੀ ਜੇ ਘਰ ਦੀ ਮਾਲਕਣ ਸ੍ਰੀਮਤੀ ਟੈਟੂ ਮੋਰਚਾ ਨਾ ਸੰਭਾਲਦੀ | ਉਸ ਨੇ ਸਹਿਜ ਮਤੇ ਨਾਲ ਬੋਲਦਿਆਂ ਆਖਿਆ, 'ਭੈਣੋ, ਇਹ ਕਿਹੜਾ ਆਪਣੀ ਕਿੱਟੀ ਪਾਰਟੀ ਦੀ ਰੀਤ ਈ ਬਣ ਜਾਣੀ ਐਾ? ਕਿਹੜਾ ਆਪਾਂ ਕੋਈ ਪਰਮਾਨੈਂਟ ਫੀਚਰ ਬਣਾ ਲੈਣਾ ਇਹਨੂੰ | ਆਪਾਂ ਤਾਂ ਇਕ ਚੈਲਿੰਜ ਦਾ ਜਵਾਬ ਈ ਦੇਣੈਂ, ਬਈ ਦੋ ਔਰਤਾਂ ਹੀ ਨਹੀਂ ਵੀਹ ਔਰਤਾਂ ਵੀ ਇਕੋ ਕਮਰੇ 'ਚ ਚੁੱਪਚਾਪ ਬਹਿ ਸਕਦੀਆਂ ਨੇ | ਔਰਤਾਂ ਵੱਡੀਆਂ-ਵੱਡੀਆਂ ਕੁਰਬਾਨੀਆਂ, ਵੱਡੇ-ਵੱਡੇ ਦੁੱਖ ਸਹਿ ਸਕਦੀਆਂ ਨੇ | ਵੱਡੇ-ਵੱਡੇ ਸੰਕਟਾਂ 'ਚੋਂ ਪਾਰ ਲੰਘ ਸਕਦੀਆਂ ਨੇ | ਆਓ, ਆਪਾਂ ਜਗਤ ਨੂੰ ਦਿਖਾ ਦੇਈਏ ਕਿ ਵੀਹ-ਵੀਹ ਔਰਤਾਂ ਵੀ, ਕੋਲ-ਕੋਲ ਬਹਿ ਕੇ ਚੁੱਪ ਰਹਿ ਸਕਦੀਆਂ ਨੇ | ਮੌਨ ਵਰਤ ਰੱਖ ਸਕਦੀਆਂ ਨੇ |'
ਸ੍ਰੀਮਤੀ ਟੈਟੂ ਦੀ ਜਜ਼ਬਾਤੀ ਸਪੀਚ ਸੁਣ ਕੇ ਸਾਰੀਆਂ ਕਿੱਟੀ ਪਾਰਟਨਰਾਂ ਭਾਵੁਕ ਹੋ ਕੇ ਜੋਸ਼ ਵਿਚ ਆ ਗਈਆਂ | ਉਨ੍ਹਾਂ ਦੇ ਡੌਲੇ ਜੋਸ਼ 'ਚ ਫੜਕਣ ਲੱਗ ਪਏ | ਨੱਕ ਦੇ ਕੋਕੇ ਲਿਸ਼ਕਣ ਲੱਗ ਪਏ | ਇਕ ਦੋ ਜਣੀਆਂ ਨੇ ਤਾਂ ਜੋਸ਼ 'ਚ ਬਾਹਾਂ ਚੁੱਕ, ਮੁੱਕੀਆਂ ਵੱਟ-ਵੱਟ, ਨਾਅਰੇ ਵੀ ਮਾਰ ਦਿੱਤੇ ਸਨ:
'ਸਾਡਾ ਏਕਾ ਜ਼ਿੰਦਾਬਾਦ,
ਸਾਡਾ ਏਕਾ ਜ਼ਿੰਦਾਬਾਦ |
ਮੌਨ ਵਰਤ ਲੱਗ ਕੇ ਰਹੂਗਾ |
ਚੁੱਪ 'ਤੇ ਪਹਿਰਾ ਲੱਗ ਕੇ ਰਹੂਗਾ |'
ਤੇ ਕਿੱਟੀ ਪਾਰਟੀ ਵਲੋਂ 'ਮੌਨ ਵਰਤ' ਰੱਖਣ ਦਾ ਰੈਜੂਲਿਊਸ਼ਨ ਬਹੁਮਤ ਨਾਲ ਪਾਸ ਹੋ ਗਿਆ ਸੀ |
ਕਿੱਟੀ ਪਾਰਟੀ ਦਾ ਸਾਰਾ ਸਾਮਾਨ ਡਾਈਨਿੰਗ ਟੇਬਲ 'ਤੇ ਤਿਆਰ-ਬਰ-ਤਿਆਰ ਪਿਆ ਸੀ | ਵਿਚ-ਵਿਚਾਲੇ ਮੌਨ ਵਰਤ ਦਾ ਮਤਾ ਬਹੁਮਤ ਨਾਲ ਪਾਸ ਹੋ ਗਿਆ ਸੀ | ਖਾਣ-ਪੀਣ ਦਾ ਕੰਮ ਮੌਨ ਵਰਤ ਟੁੱਟਣ ਤੋਂ ਬਾਅਦ ਹੀ ਕਰਨ ਦਾ ਨਿਰਣਾ ਵੀ ਬਹੁਮਤ ਨਾਲ ਪਾਸ ਹੋ ਗਿਆ ਸੀ | ਕਿੱਟੀ ਪਾਰਟੀ ਵਾਲੀਆਂ ਸਾਰੀਆਂ ਸਹੇਲੀਆਂ ਚੁੱਪ ਵੱਟੀ ਬੈਠੀਆਂ ਸਨ | ਲੱਗ ਰਿਹਾ ਸੀ ਜਿਵੇਂ ਉਹ ਕਿਸੇ ਕਿੱਟੀ ਪਾਰਟੀ 'ਤੇ ਨਾ ਆ ਕੇ ਕਿਸੇ ਦੇ ਸੱਸ-ਸਹੁਰੇ ਦੀ ਮਰਗ 'ਤੇ ਆਈਆਂ ਬੈਠੀਆਂ ਹੋਣ | ਫਰਕ ਸਿਰਫ਼ ਏਨਾ ਹੀ ਸੀ ਕਿ ਉਹ ਭੰੁਜੇ ਦਰੀ 'ਤੇ ਬਹਿਣ ਦੀ ਥਾਵੇਂ ਕੁਰਸੀਆਂ 'ਤੇ ਡਟੀਆਂ ਹੋਈਆਂ ਸਨ |
ਹਾਲੇ ਬੈਠੀਆਂ ਨੂੰ ਦਸ ਕੁ ਮਿੰਟ ਹੀ ਹੋਏ ਸਨ ਕਿ ਹਲਵਾਈਆਂ ਦੀ ਭੂਟੋ ਦੀ ਨਿਗ੍ਹਾ ਸਾਹਮਣੇ ਟੇਬਲ 'ਤੇ ਪਏ ਤਾਜ਼ਾ ਸਮੋਸਿਆਂ ਵੱਲ ਚਲੀ ਗਈ | ਕੋਲ ਦੋ ਤਿੰਨ ਤਰ੍ਹਾਂ ਦੀ ਚਟਨੀ ਵੀ ਪਈ ਸੀ | ਉਸ ਦੀ ਤਾਂ ਜੀਭ ਈ ਪਾਣੀ ਛੱਡਣ ਲੱਗ ਪਈ | ਉਸ ਇਕ ਚਿੱਟ 'ਤੇ 'ਇਕ ਸਮੋਸਾ ਵਿਦ ਚਟਨੀ ਪਲੀਜ਼' ਲਿਖ ਕੇ ਕੰਮ ਵਾਲੀ ਕੁੜੀ ਜੁਗਨੀ ਨੂੰ ਫੜਾ ਦਿੱਤੀ | ਜੁਗਨੀ ਪਰੇਡ 'ਚ ਖਲੋਤੇ ਫੌਜੀ ਵਾਂਗ ਝੱਟ ਸਮੋਸੇ ਵਾਲੀ ਪਲੇਟ ਫੜਾ ਗਈ | ਬਾਕੀਆਂ ਨੂੰ ਉਸ ਦੀ ਚਪੜ-ਚਪੜ ਡਿਸਟਰਬ ਕਰਨ ਲੱਗ ਪਈ | ਹਾਲੇ ਉਹ ਆਪਣੇ ਕੰਮ 'ਚ ਰੱੁਝੀ ਹੀ ਹੋਈ ਸੀ ਕਿ ਉਦੋਂ ਹੀ ਬਜਾਜਾਂ ਦੀ ਕੌੜੀ ਨੇ ਵੀ ਆਪਣੀ ਚਿੱਟ ਜੁਗਨੀ ਹੱਥ ਥਮਾ ਦਿੱਤੀ, 'ਵਨ ਟਿੱਕੀ ਵਿਦ ਚਟਨੀ ਪਲੀਜ਼' ਟਿੱਕੀ ਵਾਲੀ ਪਲੇਟ ਫੜਦਿਆਂ ਹੀ ਉਸ ਟਿੱਕੀ ਵਿਚ ਮਿਰਚਾਂ ਹੋਣ ਕਾਰਨ 'ਸ਼ੰੂ...ਸ਼ੰੂ..' ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਫਿਰ ਤਾਂ ਸਮਝੋ ਝਪਟੋ-ਝਪਟੀ ਸ਼ੁਰੂ ਹੋ ਗਈ | ਧੜਾਧੜ ਚਿੱਟਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ | ਵਾਤਾਵਰਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁੜਕਣ ਲੱਗ ਪਈਆਂ | ਵੱਟੀ ਚੁੱਪ ਚੁੱਪ 'ਚ ਹੀ ਉਨ੍ਹਾਂ ਨੇ ਕਿੱਟੀ ਪਾਰਟੀ ਵਾਲਾ ਕੰਮ ਸਮੇਟ ਲਿਆ ਸੀ | ਟੇਬਲ ਗੰਜੀ ਦੇ ਸਿਰ ਵਾਂਗ ਸਫਾ ਚੱਟ ਹੋ ਗਿਆ ਸੀ |
ਏਨੇ 'ਚ ਮੌਨ ਵਰਤ ਦਾ ਸਮਾਂ ਵੀ ਪੂਰਨ ਹੋ ਗਿਆ ਸੀ |
ਆਪੋ-ਆਪਣੇ ਘਰ ਪਰਤਣ ਵੇਲੇ ਹਰੇਕ ਦਾ ਆਪੋ-ਆਪਣਾ ਪ੍ਰਤੀਕਰਮ ਸੀ | ਹਲਵਾਈਆਂ ਦੀ ਭੂਟੋ ਕਹਿ ਰਹੀ ਸੀ, 'ਸੁਆਦ ਨੀ ਆਇਆ | ਅੱਜ ਭੜਾਸ ਤਾਂ ਨਿਕਲੀ ਈ ਨੀਂ, ਅੰਦਰ ਭਰਿਆ-ਭਰਿਆ ਪਿਐ |'
ਬਜਾਜਾਂ ਦੀ ਕੌੜੀ ਨੇ ਆਖਿਆ, 'ਮੇਰੇ ਤਾਂ ਭੈਣ ਆਪ ਅੰਦਰ ਇਕ ਗੋਲਾ ਜਿਹਾ ਬਣਿਆ ਪਿਆ | ਆਏਾ ਘੁਕੀ ਜਾਂਦੈ ਜਿਵੇਂ... |'
ਸ੍ਰੀਮਤੀ ਟੈਟੂ ਨੇ ਵੀ ਮੋਰਚਾ ਸੰਭਾਲਦਿਆਂ ਆਖ ਦਿੱਤਾ ਸੀ, 'ਮੇਰੇ ਤਾਂ ਪੇਟ 'ਚ ਕਈ ਗੋਲੇ ਘੰੁਮੀ ਜਾਂਦੇ ਆ | ਟੱਸ ਟੱਸ ਹੋਈ ਜਾਂਦੀ ਐ |'
ਉਨ੍ਹਾਂ ਸਾਰੀਆਂ ਨੇ ਸਿੱਟਾ ਕੱਢਿਆ ਕਿ ਚੁੱਪ ਰਹਿਣਾ ਬਹੁਤ ਖ਼ਤਰਨਾਕ ਹੁੰਦਾ ਐ | ਆਪਾਂ ਨੂੰ ਮੁੜ ਕਦੀ ਮੌਨ ਵਰਤ ਜਿਹੇ ਪਚੜੇ 'ਚ ਨਾ ਪੈ ਕੇ ਕਿੱਟੀ ਪਾਰਟੀ ਦਾ ਆਨੰਦ ਮਾਨਣਾ ਚਾਹੀਦੈ | ਜੁਗਨੀ ਨੇ, ਕਿੱਟੀ ਪਾਰਟੀ ਤੋਂ ਬਾਅਦ ਦੱਸਿਆ ਕਿ 'ਕੱਠੀਆਂ ਹੋਈਆਂ ਚਿੱਟਾਂ ਦਾ ਇਕ ਚੰਗਾ ਡਿਮਾਂਡ ਚਾਰਟਰ ਬਣ ਗਿਆ ਸੀ | ਬਾਅਦ ਵਿਚ ਪਤਾ ਲੱਗਿਆ ਹੈ ਕਿ ਉਸ ਦਿਨ ਦੇ ਮੌਨ ਵਰਤ ਕਾਰਨ ਸਾਰੀਆਂ ਸਹੇਲੀਆਂ ਨੂੰ ਕਈ ਦਿਨ ਅਫਰੇਵੇਂ ਦੀ ਸ਼ਿਕਾਇਤ ਰਹੀ ਸੀ |

-ਮੋਬਾਈਲ : 94635-37050.

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ | ਉਨ੍ਹਾਂ ਦੇ ਆਖਰੀ ਸਾਹ ਲੈਣ ਸਮੇਂ ਤਾਂ ਬੱਚਿਆਂ ਨੂੰ ਵੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੀ ਉਨ੍ਹਾਂ ਦੇ ਕੋਲ ਹੋਣ |
• ਬਚਪਨ ਵਿਚ ਬਿਸਤਰਾ ਗਿੱਲਾ ਕਰਦਾ ਸੀ, ਜਵਾਨੀ ਵਿਚ ਅਜਿਹੀ ਕੋਈ ਗੱਲ ਨਾ ਕਰਨਾ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ |
• ਸਮਾਰਟ ਫੋਨ ਦੀ ਆਦਤ ਤੇ ਲਗਾਤਾਰ ਵਰਤੋਂ ਨਾਲ ਨੌਜਵਾਨ ਬੱਚਿਆਂ ਦੇ 'ਤਣਾਅ, ਬੇਚੈਨੀ ਅਤੇ ਉਨੀਂਦਰੇ ਵਰਗੀਆਂ ਬਿਮਾਰੀਆਂ ਦੀ ਮਾਰ ਹੇਠ ਆਉਣ ਦਾ ਖਤਰਾ ਵੱਧ ਜਾਂਦਾ ਹੈ | ਦੱਖਣੀ ਕੋਰੀਆ ਦੀ, ਕੋਰੀਆ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਅਜਿਹੀ ਖੋਜ ਕੀਤੀ ਹੈ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁਰੇ ਕੰਮਾਂ ਦਾ ਤਿਆਗ ਕਰਨ ਪਰ ਆਪਣੇ ਮਾਂ-ਬਾਪ ਦਾ ਨਹੀਂ |
• ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ |
• ਪੰਦਰਾਂ ਸਾਲ ਦੀ ਉਮਰ ਵਿਚ ਬੱਚਿਆਂ ਦਾ ਮਾਪਿਆਂ ਨਾਲ ਅਤੇ 50 ਸਾਲ ਦੀ ਉਮਰ ਵਿਚ ਸੰਸਾਰ ਨਾਲ ਮਤਭੇਦ ਆਰੰਭ ਹੋ ਜਾਂਦਾ ਹੈ |
• ਬੱਚਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਦਿਲ ਖ਼ੁਦਾ ਦਾ ਮੰਦਰ ਹੈ ਤੇ ਸਭ ਕੁਝ ਇਸ ਦੇ ਅੰਦਰ ਹੈ | ਜਦ ਮਾਂ-ਬਾਪ ਦਾ ਦਿਲ ਟੁਟਦਾ ਹੈ ਤਾਂ ਰੱਬ ਵੀ ਰੋ ਪੈਂਦਾ ਹੈ | ਕਿਸੇ ਮਹਾਨ ਵਿਦਵਾਨ ਦੀਆਂ ਪੰਕਤੀਆਂ ਹਨ ਕਿ:
ਹੋਰ ਭਾਵੇਂ ਕੁਝ ਵੀ ਢਾਹ ਦੇ,
ਢਾਹ ਦੇ ਜੋ ਕੁਝ ਢਹਿੰਦਾ |
ਪਰ ਕਿਸੇ ਦਾ ਦਿਲ ਨਾ ਢਾਵੀਂ,
ਕਿਉਂਕਿ ਰੱਬ ਦਿਲਾਂ 'ਚ ਰਹਿੰਦਾ |
• ਤੁਸੀਂ ਕੋਈ ਵੀ ਹੋਵੋ, ਜ਼ਿੰਦਗੀ ਤੁਹਾਨੂੰ ਕਿਤੇ ਵੀ ਲੈ ਜਾਵੇ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਕ ਮਾਂ ਦੇ ਬੱਚੇ ਹੋ, ਪਿਤਾ ਦਾ ਸੁਪਨਾ ਹੋ, ਪਰਿਵਾਰ ਦਾ ਭਵਿੱਖ ਹੋ, ਦੋਸਤ ਦਾ ਦਿਲ ਹੋ ਅਤੇ ਕਿਸੇ ਦੀ ਜ਼ਿੰਦਗੀ ਹੋ | ਇਸ ਲਈ ਹਮੇਸ਼ਾ ਆਪਣਾ ਖਿਆਲ ਰੱਖੋ |
• ਵੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਦੀ ਦਵਾਈ ਅਤੇ ਟੈਸਟਾਂ ਲਈ ਤਾਂ ਬੱਚਿਆਂ ਕੋਲੋਂ ਪੈਸੇ ਮੁੱਕ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਭੋਗ ਸਮੇਂ ਸਾਰੇ ਪਿੰਡ ਨੂੰ ਸੱਦਾ ਦੇ ਕੇ ਜਲੇਬੀਆਂ ਤੇ ਪੂਰੀਆਂ ਖੁਆਉਂਦੇ ਹਨ ਅਤੇ ਬਾਅਦ ਵਿਚ ਮਾਣ ਮਹਿਸੂਸ ਕਰਦੇ ਹਨ ਕਿ ਇਸ ਪ੍ਰੋਗਰਾਮ ਵਿਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੀ, ਬੱਲੇ-ਬੱਲੇ ਕਰਵਾ ਦਿੱਤੀ ਜਾਂਦੀ ਹੈ ਪਰ ਇਥੇ ਇਹ ਵੀ ਵਰਣਨਯੋਗ ਹੈ ਕਿ ਫੋਕੀ ਸ਼ੋਹਰਤ ਬਹੁਤੀ ਦੇਰ ਤੱਕ ਨਹੀਂ ਚਲਦੀ ਤੇ ਆਖਰ ਨੂੰ ਸੱਚ ਸਾਹਮਣੇ ਆ ਹੀ ਜਾਂਦਾ ਹੈ |
• ਮੇਰਾ ਅਨੁਮਾਨ ਹੈ ਕਿ ਜੇ ਬੰਦੇ ਨੇ ਮਰਨਾ ਨਾ ਹੁੰਦਾ ਤਾਂ ਕਿਸੇ ਨੇ ਬੱਚਿਆਂ ਦੀ ਦੇਖ-ਭਾਲ ਜਾਂ ਸਾਂਭ-ਸੰਭਾਲ ਨਹੀਂ ਸੀ ਕਰਨੀ |
• ਜਦੋਂ ਬੱਚੇ ਇਹ ਸਮਝ ਜਾਣਗੇ ਕਿ ਸਾਡੇ ਮਾਂ-ਪਿਓ ਨੇ ਸਾਡੇ ਪਾਲਣ-ਪੋਸ਼ਣ ਵਿਚ ਕੀ-ਕੀ ਪ੍ਰੇਸ਼ਾਨੀਆਂ ਸਹਿਣ ਕੀਤੀਆਂ ਹਨ ਤਾਂ ਫਿਰ ਬੱਚੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਸਿੱਖ ਜਾਣਗੇ |
• ਅੱਜਕਲ੍ਹ ਮਾਂ-ਪਿਓ ਦੀ ਸੇਵਾ ਕਰਨ ਵਾਲੇ ਸਰਵਣ ਵਰਗੇ ਪੁੱਤ ਬਹੁਤ ਹੀ ਵਿਰਲੇ ਮਿਲਦੇ ਹਨ |
• ਬੱਚੇ ਭਾਵੇਂ ਆਪਣੇ ਮਾਤਾ-ਪਿਤਾ ਨੂੰ ਆਪਣੇ ਸਰੀਰ ਦੀ ਚਮੜੀ ਦੀਆਂ ਜੁੱਤੀਆਂ ਵੀ ਬਣਵਾ ਕੇ ਪਹਿਨਾ ਦੇਣ ਤਾਂ ਵੀ ਉਹ ਉਨ੍ਹਾਂ ਦੇ ਕਰਜ਼ੇ ਤੋਂ ਮੁਕਤ ਨਹੀਂ ਹੋ ਸਕਦੇ |
• ਮਾਤਾ-ਪਿਤਾ ਨੂੰ ਦੁੱਖ ਦੇਣ ਵਾਲੇ ਬੱਚੇ ਕਦੇ ਵੀ ਜੀਵਨ 'ਚ ਸੁਖੀ ਨਹੀਂ ਹੋ ਸਕਦੇ, ਪਰਮਾਤਮਾ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਦੇ |
• ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਮਾਪਿਆਂ ਨਾਲੋਂ ਵੱਧ ਸਨਮਾਨ ਦੇ ਹੱਕਦਾਰ ਹਨ | (ਚਲਦਾ)

ਮੋਬਾਈਲ : 99155-63406.

ਹੁਣ ਜਾਗੋ ਆਈਆ

ਸ਼ਹਿਦ ਕਿੰਨਾ ਮਿੱਠਾ ਹੁੰਦਾ ਹੈ!
ਪਰ ਸ਼ਹਿਦ ਪੈਦਾ ਕਰਨ ਵਾਲੀਆਂ ਸ਼ਹਿਦ ਦੀਆਂ ਮੱਖੀਆਂ, ਇਹ ਕਿੰਨੀਆਂ ਖ਼ਤਰਨਾਕ ਹੁੰਦੀਆਂ ਹਨ, ਇਹ ਜਦ ਆਪਣੇ ਛੱਤੇ 'ਚੋਂ ਨਿਕਲ ਕੇ ਹਮਲਾ ਕਰ ਦੇਣ ਤਾਂ ਵੱਡੇ-ਵੱਡਿਆਂ ਦੀ ਭੂਤਨੀ ਭੁਲਾ ਦਿੰਦੀਆਂ ਹਨ | ਇਨ੍ਹਾਂ ਦਾ ਡੰਗ ਐਨਾ ਤਿੱਖਾ ਹੁੰਦਾ ਹੈ ਕਿ ਜਿਹਦੇ 'ਤੇ ਟੁੱਟ ਕੇ ਪੈ ਜਾਣ, ਉਹਦੀਆਂ ਤਾਂ ਦਰਦ ਨਾਲ ਚਾਂਘਰਾਂ ਕਢਾ ਦਿੰਦੀਆਂ ਹਨ |
ਦੁਨੀਆ ਦੀ ਸਭ ਤੋਂ ਵੱਡੀ ਲਾਇਲਾਜ ਬਿਮਾਰੀ ਸ਼ੂਗਰ, ਮਧੂਮੇਹ ਵੀ ਸ਼ਹਿਦ ਦੀ ਦੇਣ ਹੈ—ਪਹਿਲਾਂ, ਪੰਜਾਬੀ 'ਚ ਜਵਾਨ ਕੁੜੀਆਂ ਨੂੰ ਇਹ ਵਾਰਨਿੰਗ ਦਿੱਤੀ ਜਾਂਦੀ ਸੀ, 'ਮੰੁਡਿਆਂ ਤੋਂ ਬਚ ਕੇ ਰਹੀਂ |'
ਹੁਣ ਵਾਰਨਿੰਗ, ਬਿਲਕੁਲ ਬਦਲ ਕੇ ਮੁੰਡਿਆਂ ਲਈ ਹੋ ਗਈ ਹੈ, 'ਵੇ ਕੁੜੀਆਂ ਤੋਂ ਬਚ ਕੇ ਰਹੀਂ |' ਇਹ ਮਿੱਠੀਆਂ ਤਾਂ ਹੈਨ ਹੀ ਪਰ ਮਧੂ ਮੱਖੀਆਂ ਨੇ, ਇਹ ਟੁੱਟ ਕੇ ਪੈ ਜਾਣ ਤਾਂ ਛੇੜਨ ਵਾਲੇ ਦੀ ਖ਼ੈਰ ਨਹੀਂ |
ਪਹਿਲਾਂ ਕਿੱਦਾਂ ਕਹਿੰਦੇ ਸਨ, ਕੋਮਲ-ਅੰਗਨੀ ਔਰਤ ਨੂੰ ਤਾਂ 'ਪੈਰ ਦੀ ਜੁੱਤੀ' ਤੱਕ ਸਮਝਿਆ ਸੀ | ਹੁਣ ਤਾਂ ਇਹ ਪੈਰਾਂ ਤੋਂ ਜੁੱਤੀ ਲਾਹ ਕੇ ਐਸਾ ਸਿਰ ਖੜਕਾਉਂਦੀਆਂ ਹਨ ਕਿ ਸਿਰ ਵਿਚ ਬਣੇ ਦਿਮਾਗ਼ ਦੇ ਚਾਰੇ ਖਾਨਿਆਂ ਨੂੰ ਦਰੁਸਤ ਕਰ ਦਿੰਦੀਆਂ ਹਨ ਤੇ ਇਹ ਪੱਕਾ ਸੁਨੇਹਾ ਉਨ੍ਹਾਂ 'ਚ ਉਮਰ ਭਰ ਲਈ ਦਰਜ ਕਰ ਦਿੰਦੀਆਂ ਹਨ ਕਿ 'ਤੇਰਾ ਸਿਰ ਤੇ ਮੇਰੀ ਜੁੱਤੀ |'
ਸੈਂਡਲ ਨਾਲ ਭਰੇ ਬਾਜ਼ਾਰ ਵਿਚ ਇਕ ਰੋਮੀਓ ਦਾ ਸਿਰ ਖੜਕਾਉਂਦਿਆਂ ਮੈਂ ਆਪ ਇਕ ਜੂਲੀਅਟ ਨੂੰ ਵੇਖਿਆ ਹੈ | ਭੜਕੀ ਹੋਈ ਲੜਕੀ ਦੇ ਬੋਲ ਸਨ, 'ਠਹਿਰ ਕੰਜਰ ਦਿਆ, ਮੈਂ ਤੇਰੀ ਆਸ਼ਕੀ ਇਥੇ ਹੀ ਕੱਢ ਦਿਆਂਗੀ |' ਜਿਹੜਾ ਇਕ ਪਲ ਪਹਿਲਾਂ ਉਹਨੂੰ ਆਖ ਰਿਹਾ ਸੀ, 'ਸੁਹਣਿਓ, ਮੱਖਣ ਦੇ ਪੇੜਿਓ, ਮਲਾਈ ਦੇ ਡੂਨਿਓ ਉਹ ਹੁਣ ਉਹਨੂੰ 'ਭੈਣ ਜੀ... ਭੈਣ ਜੀ...' ਆਖ ਕੇ ਪੈਰੀਂ ਪੈ-ਪੈ ਮਿੰਨਤਾਂ ਕਰ ਰਿਹਾ ਸੀ, 'ਬਖਸ਼ ਦਿਓ, ਮੁਆਫ਼ ਕਰ ਦਿਓ |'
ਫਿਰ ਉਹਨੇ ਕੰਨ ਫੜਾ ਕੇ ਬੈਠਕਾਂ ਕੱਢ ਕੇ ਜੁੜੀ ਭੀੜ ਦੇ ਸਾਹਮਣੇ ਇਹ ਪ੍ਰਣ ਕੀਤਾ ਸੀ, 'ਫੇਰ ਅੱਗੋਂ ਤੋਂ, ਇਹੋ ਜਿਹਾ ਕੰਮ ਨਹੀਂ ਕਰਾਂਗਾ |'
ਮੱਖਣਾਂ ਦੇ ਪੇੜਿਆਂ ਨੇ ਤੌਬਾ-ਤੌਬਾ ਕਰਾ ਦਿੱਤੀ ਸੀ ਕਿ ਕੁੜੀ ਹੁਣ ਉਹ ਨਹੀਂ ਰਹੀ ਕਿ ਮੱਖਣ ਵਾਂਗ ਪਿਘਲ ਜਾਏਗੀ |
ਉਹ ਤਾਂ 'ਮੈਰੀਕੋਮ' ਹੈ, ਘਸੰੁਨ ਮਾਰ-ਮਾਰ ਕੇ ਬੁਥਾੜ ਸੁਜਾ ਦਏ |
ਇਹ ਸੱਚ ਹੈ ਕਿ ਸਾਡਾ ਸਮਾਜ 'ਮਰਦ ਪ੍ਰਧਾਨ' ਹੈ | ਅੱਜ ਵੀ ਵਿਆਹੀ ਹੋਈ ਭਾਰਤੀ ਇਸਤਰੀ ਨੂੰ ਆਪਣੇ ਹਸਬੈਂਡ ਨੂੰ 'ਜੀ' ਕਹਿ ਕੇ ਸੰਬੋਧਨ ਕਰਨਾ ਪੈਂਦਾ ਹੈ |
ਪਤੀ ਉਹਨੂੰ 'ਤੂੰ' ਕਹਿ ਕੇ ਹੀ ਬੁਲਾਉਂਦਾ ਹੈ, 'ਤੂੰ ਕਿਥੇ ਗਈ ਸੀ?'
'ਆਹ ਕੀ ਸਿਆਪਾ ਪਾਇਆ ਹੋਇਆ ਈ?'
'ਚੱਲ ਛੇਤੀ ਤਿਆਰ ਹੋ... ਲੱਗੀ ਪਈ ਏਾ ਪੌਡਰ ਮਲਣ, ਤੇਰਾ ਮੇਕਅੱਪ ਹੀ ਨਹੀਂ ਮੁੱਕਦਾ... |'
ਆਦਿ-ਜੁਗਾਦਿ... ਮਿਹਣੇ-ਤਾਹਨੇ...'
ਹੁਣ ਨਵੇਂ ਯੁੱਗ ਦੀ ਹਵਾ ਆਈ ਹੈ, ਮਰਦ ਦੀ ਜਾਤ ਮੰੁਡਿਆਂ ਨੇ ਮਰਨਾ ਤਾਂ ਕੁੜੀਆਂ ਚਿੜੀਆਂ 'ਤੇ ਹੀ ਹੈ ਪਰ ਹੁਣ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਪੜ੍ਹੀਆਂ -ਲਿਖੀਆਂ, ਵਿਆਹੀਆਂ ਕੁੜੀਆਂ ਆਪਣੇ ਹਸਬੈਂਡ ਨੂੰ ਸਿੱਧਾ ਨਾਂਅ ਨਾਲ ਬੁਲਾਉਂਦੀਆਂ ਹਨ, 'ਰਮਨ ਤੂੰ ਵੇਟ ਕਰ, ਮੈਨੂੰ ਤਿਆਰ ਹੋਣ 'ਚ ਜ਼ਰਾ ਟਾਈਮ ਲੱਗੇਗਾ |'
ਆਦਿ-ਜੁਗਾਦਿ |
ਕੁੜੀਆਂ ਪੜ੍ਹ-ਲਿਖ ਗਈਆਂ ਨੇ ਕਈ ਤਾਂ ਆਪਣੇ ਹਸਬੈਂਡ ਤੋਂ ਵੀ ਜ਼ਿਆਦਾ ਪੜ੍ਹੀਆਂ-ਲਿਖੀਆਂ ਨੇ, ਸਭੇ ਨੌਕਰੀਆਂ ਕਰਦੀਆਂ ਨੇ, ਕਈਆਂ ਦੀ ਤਨਖਾਹ ਤਾਂ ਆਪਣੇ ਹਜ਼ਬੈਂਡ ਤੋਂ ਵੀ ਜ਼ਿਆਦਾ ਹੈ | ਔਰਤ ਨੂੰ ਕੁਦਰਤ ਤੇ ਸੰਵਿਧਾਨ 'ਚ ਮਿਲੀ ਆਪਣੀ ਬਰਾਬਰੀ ਦਾ ਅਹਿਸਾਸ ਹੈ ਅਤੇ ਉਹ ਹਰ ਮੈਦਾਨ ਵਿਚ ਅਜਿਹੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਹੜਾ ਪਹਿਲਾਂ 'ਮਰਦ' ਲਈ ਹੀ ਰਿਜ਼ਰਵ ਸਮਝਿਆ ਜਾਂਦਾ ਸੀ | ਸਕੂਟੀਆਂ, ਸਕੂਟਰ, ਕਾਰਾਂ, ਜੀਪਾਂ, ਟਰੈਕਟਰ ਤਾਂ 'ਲੇਡੀਜ਼' ਚਲਾਉਂਦੀਆਂ ਹਨ ਇਹ ਤਾਂ ਆਮ ਗੱਲ ਹੈ ਹੁਣ ਤਾਂ ਕੁੜੀਆਂ ਹਵਾਈ ਜਹਾਜ਼ਾਂ ਦੀਆਂ ਪਾਇਲਟ ਹਨ, ਵੱਡੇ-ਵੱਡੇ ਬੈਂਕਾਂ ਦੀਆਂ ਕੰਪਨੀਆਂ ਦੀਆਂ ਮੁਖੀ ਹਨ | ਮੰੁਬਈ 'ਚ ਤਾਂ ਲੋਕਲ ਰੇਲ ਗੱਡੀਆਂ 'ਚ ਇਕ ਮੁਸਲਮਾਨ ਕੁੜੀ ਇੰਜਣ ਡਰਾਈਵਰ ਹੈ | ਆਟੋ ਰਿਕਸ਼ਾ ਤਾਂ ਪਹਿਲਾਂ ਹੀ ਕਈ ਔਰਤਾਂ ਚਲਾਉਂਦੀਆਂ ਹਨ | ਹੁਣ ਇਕ ਨਵੀਂ ਖ਼ਬਰ ਆਈ ਹੈ ਕਿ 'ਪ੍ਰਤਿਕਸ਼ਾ ਦਾਸ' ਨਾਂਅ ਦੀ ਇਕੱਲੀ ਕੁੜੀ ਹੈ, ਜਿਹੜੀ ਮੰੁਬਈ ਮਹਾਂਨਗਰ ਵਿਚ ਬੱਸ ਡਰਾਈਵਰ ਬਣੀ ਹੈ | ਇਹ ਹੁਣ ਸੜਕਾਂ 'ਤੇ ਸਵਾਰੀਆਂ ਨਾਲ ਭਰੀ ਬੱਸ ਚਲਾਏਗੀ |
ਹੁਣ ਤਾਂ ਏਅਰ ਫੋਰਸ ਤੇ ਸਾਡੀ ਫੌਜ ਵਿਚ ਵੀ ਟਰੇਂਡ ਹੋਈਆਂ ਕੁੜੀਆਂ ਨੇ ਇਹ ਮੰਗ ਕੀਤੀ ਹੈ ਕਿ ਉਹ ਜੇਕਰ ਜੰਗ ਛਿੜੇ ਤਾਂ ਉਸ ਵਿਚ ਵੀ ਹਿੱਸਾ ਲੈ ਕੇ ਜੂਝਣ ਲਈ ਤਿਆਰ-ਬਰ-ਤਿਆਰ ਹਨ | ਉਹ ਇਸੇ ਆਸ ਵਿਚ ਹਨ ਕਿ ਕਦ ਉਨ੍ਹਾਂ ਨੂੰ ਫ਼ੌਜ ਵਲੋਂ ਇਹਦੀ ਆਗਿਆ ਦਿੱਤੀ ਜਾਵੇਗੀ |
ਜੁਝਾਰੂ ਔਰਤਾਂ, ਜਿਹੜੀਆਂ ਮੈਦਾਨ-ਏ-ਜੰਗ ਵਿਚ ਸੂਰਮਗਤੀ ਵਿਖਾ ਚੁੱਕੀਆਂ ਹਨ, ਉਹ ਹਨ : * ਖੂਬ ਲੜੀ ਮਰਦਾਨੀ, ਵੋਹ ਤੋ ਝਾਂਸੀ ਵਾਲੀ ਰਾਨੀ ਥੀ... * ਸਿੱਖਾਂ 'ਚੋਂ ਸਿੰਘਣੀ, ਮਾਈ ਭਾਗੋ ਨੇ ਵੀ ਕਿਰਪਾਨ ਧੂਹ ਕੇ ਕਈ ਦੁਸ਼ਮਣਾਂ ਦੇ ਆਹੂ ਲਾਹੇ ਸਨ |
ਪਰ ਇਹ ਤਾਂ ਬਹੁਤ ਥੋੜ੍ਹੇ ਹਨ |
ਹਾਂ, ਚੰਬਲ ਦੇ ਡਾਕੂਆਂ ਵਿਚੋਂ ਇਕ ਔਰਤ ਵੀ ਡਾਕੂਆਂ ਦੀ ਸਰਦਾਰ ਰਹੀ, ਇਹ ਮਗਰੋਂ ਭਾਰਤ ਦੀ ਪਾਰਲੀਮੈਂਟ ਦੀ ਮੈਂਬਰ ਵੀ ਚੁਣੀ ਗਈ | ਇਸ ਦੀ ਇਕ ਵੈਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ |
ਔਰਤ ਅਬਲਾ ਹੈ, ਨਿਰਬਲ ਹੈ, ਦੁਖਿਆਰੀ ਹੈ, ਇਸ ਦੀਆਂ ਮਿਸਾਲਾਂ ਬਹੁਤ ਹਨ |
ਮਾਪੇ ਆਪਣੀ ਧੀ ਨੂੰ ਕਿਸ ਨਾਲ ਪਰਣਾ ਰਹੇ ਹਨ, ਉਸ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ, ਮਗਰੋਂ ਪਤਾ ਲਗਦਾ ਕਿ ਉਸ ਵਿਚਾਰੀ ਨੂੰ ਕਿਸ ਬੇਢੰਗੇ ਮੰੁਡੇ ਨਾਲ ਨਰੜ ਦਿੱਤਾ ਗਿਆ ਹੈ |
ਜੋੜੀਆਂ ਜਗ ਥੋੜ੍ਹੀਆਂ
ਪਰ ਨਰੜ ਬਥੇਰੇ |
ਗਏ ਉਹ ਜ਼ਮਾਨੇ... ਅੱਜ ਦੀਆਂ ਪੜ੍ਹੀਆਂ-ਲਿਖੀਆਂ ਹਨ | ਕਿਸੇ ਦੀ ਅੱਖ ਪਸੰਦ ਨਹੀਂ, ਕਿਸੇ ਦਾ ਨੱਕ ਪਸੰਦ ਨਹੀਂ, ਕਿਸੇ ਦਾ ਬੂਥਾ ਪਸੰਦ ਨਹੀਂ | ਕਿਸੇ ਦਾ ਕੱਦ ਛੋਟਾ, ਕੋਈ ਪਤਲਾ, ਕੋਈ ਮੋਟਾ... ਪਹਿਲਾਂ ਮਾਪੇ ਮੰੁਡਿਆਂ ਦੀਆਂ ਫੋਟੋ ਵਿਖਾਉਂਦੇ ਹਨ, 'ਤੂੰ ਆਪੇ ਪਸੰਦ ਕਰ ਲੈ', ਫਿਰ ਆਹਮੋ-ਸਾਹਮਣੇ ਵੀ ਬਹਾ ਦਿੰਦੇ ਹਨ, ਆਪਣੀ ਪਸੰਦ ਵਾਲਾ ਵਰ ਆਪ ਚੁਣਦੀਆਂ ਹਨ | ਕਈਆਂ ਨੇ ਤਾਂ ਪਹਿਲਾਂ ਹੀ ਆਪਣੀ ਪਸੰਦ ਚੁਣ ਲਈ ਹੁੰਦੀ ਹੈ |
ਨਾਰੀ ਤੂੰ ਨਾਰਾਇਣੀ
ਹੂੰ...ਅ... | ਤੂੰ ਰਾਜਾ ਹੈਾ ਕਿ ਨਹੀਂ, ਮੈਂ ਹਾਂ ਰਾਣੀ |
ਮੈਂ ਮਹਾਂਨਗਰਾਂ ਦੀ ਗੱਲ ਕਰ ਰਿਹਾ ਹਾਂ... ਹੁਣ ਤਾਂ ਘੰੁਡ ਚੁਕਾਈ... ਖਤਮ | ਲੋੜ ਹੀ ਨਹੀਂ... ਇੰਟਰਨੈੱਟ ਕਮਾਲ ਤੋਂ ਸਭ ਜਾਣੂ ਹਨ |
ਆਹ ਵੇਖਿਆ ਜੇ ਨਾ, ਟੀ.ਐਮ.ਸੀ. ਦੀ ਟਿਕਟ 'ਤੇ ਬੰਗਾਲ 'ਚੋਂ ਜਿੱਤ ਕੇ ਆਈ ਐਮ.ਪੀ. ਫ਼ਿਲਮੀ ਹੀਰੋਇਨ ਨੇ ਕਿੱਦਾਂ ਇਕ ਹਿੰਦੂ ਜੈਨੀ ਤੋਂ ਆਪਣੀ ਮਾਂਗ 'ਚ ਸਿੰਧੂਰ ਭਰਾਇਆ ਹੈ... ਉਹਨੇ ਸੁਹਾਗ ਬਿੰਦੀ ਵੀ ਲਾਈ ਹੈ, ਚੂੜਾ ਵੀ ਪਹਿਨਿਆ ਹੈ... ਮੌਲਵੀਆਂ ਨੇ ਫਤਵਾ ਦਿੱਤਾ... ਬੇਪ੍ਰਵਾਹ |
ਬਦਲਾਓ ਸਮੇਂ ਦੀ ਮੰਗ ਹੈ... ਸਮਾਂ ਸੱਚਮੁੱਚ ਬਦਲ ਗਿਆ ਹੈ... ਬਦਲ ਰਿਹਾ ਹੈ... ਔਰਤ ਬਦਲ ਰਹੀ ਹੈ... ਬਦਲ ਗਈ ਹੈ... |
••

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX