ਤਾਜਾ ਖ਼ਬਰਾਂ


ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਪੋਹ ਮਹੀਨੇ ਦੀ ਅਰਦਾਸ
. . .  0 minutes ago
ਬਟਾਲਾ, 16 ਦਸੰਬਰ (ਕਮਲ ਕਾਹਲੋਂ)- ਪੋਹ ਮਹੀਨੇ ਦੀ ਸੰਗਰਾਂਦ ਦੀ ਦਿਹਾੜਾ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਭਾਰਤ...
ਜਾਮੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ, ਘਰਾਂ ਨੂੰ ਪਰਤ ਰਹੇ ਹਨ ਵਿਦਿਆਰਥੀ
. . .  28 minutes ago
ਨਵੀਂ ਦਿੱਲੀ, 16 ਦਸੰਬਰ- ਲੰਘੇ ਦਿਨ ਹੋਏ ਭਾਰੀ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੁੱਟੀਆਂ ਦੇ ਐਲਾਨ ਤੋਂ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ 'ਤੇ ਅੱਜ ਫ਼ੈਸਲਾ ਸੁਣਾਏਗੀ ਕੋਰਟ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਅੱਜ ਉਨਾਓ ਜਬਰ ਜਨਾਹ ਮਾਮਲੇ 'ਚ ਦੋਸ਼ੀ ਕੁਲਦੀਪ ਸੇਂਗਰ 'ਤੇ ਫ਼ੈਸਲਾ ਸੁਣਾ...
ਪ੍ਰਦਰਸ਼ਨ ਦੇ ਖ਼ਤਮ ਹੁੰਦਿਆਂ ਹੀ ਖੋਲ੍ਹੇ ਗਏ ਦਿੱਲੀ ਦੇ ਮੈਟਰੋ ਸਟੇਸ਼ਨ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਜਾਮੀਆ ਸਮੇਤ ਕੁੱਝ ਇਲਾਕਿਆਂ 'ਚ ਸੋਮਵਾਰ ਵੀ ਸਥਿਤੀ ...
ਝਾਰਖੰਡ ਵਿਧਾਨਸਭਾ ਚੋਣਾਂ ਦੇ ਚੌਥੇ ਪੜਾਅ ਦੇ ਲਈ ਵੋਟਿੰਗ ਸ਼ੁਰੂ
. . .  about 2 hours ago
ਰਾਂਚੀ, 16 ਦਸੰਬਰ- ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਲਈ ਅੱਜ ਸਵੇਰੇ 7 ਵਜੇ ਤੋਂ 15 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ...
ਅੱਜ ਦਾ ਵਿਚਾਰ
. . .  about 2 hours ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪਤਝੜੀ ਬੂਟੇ ਲਗਾਉਣ ਦਾ ਢੁਕਵਾਂ ਸਮਾਂ

ਪੰਜਾਬ ਵਿਚ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਰੁੱਖਾਂ ਦੀ ਗਿਣਤੀ ਬਹੁਤ ਘੱਟ ਹੈ। ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਇਕ ਮਹੱਤਵਪੂਰਨ ਪ੍ਰਾਪਤੀ ਪੰਜਾਬ ਵਿਚ ਰੁੱਖਾਂ ਦਾ ਲਗਣਾ ਹੈ। ਰੁੱਖ ਹਵਾ ਨੂੰ ਸਾਫ਼ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕੁਝ ਸਾਲ ਪਹਿਲਾਂ ਪਿੰਡਾਂ ਵਿਚ ਚੋਖੇ ਰੁੱਖ ਹੁੰਦੇ ਸਨ ਪਰ ਹੁਣ ਪਿੰਡ ਵੀ ਰੁੱਖ ਵਿਹੁਣੇ ਹੋ ਗਏ ਹਨ। ਹੁਣ ਤਾਂ ਰੁੱਖ ਕੇਵਲ ਸੜਕਾਂ ਦੇ ਕੰਢੇ ਹੀ ਨਜ਼ਰ ਆਉਂਦੇ ਹਨ।
ਪੰਜਾਬ ਜਿਥੇ ਸਾਰੇ ਛੇ ਮੌਸਮ ਆਉਂਦੇ ਹਨ ਅਤੇ ਸਾਰੀ ਧਰਤੀ ਸੇਂਜੂ ਹੈ ਉਥੇ ਫ਼ਲਦਾਰ ਬੂਟਿਆਂ ਹੇਠ ਵੀ ਮਸਾਂ 79 ਹਜ਼ਾਰ ਹੈਕਟਰ ਧਰਤੀ ਹੈ। ਇਸ ਵਿਚੋਂ ਅੱਧ ਤੋਂ ਵੱਧ ਧਰਤੀ ਕੇਵਲ ਕਿੰਨੂ ਹੇਠ ਹੀ ਹੈ। ਕੁਝ ਰਕਬੇ ਵਿਚ ਜੇਕਰ ਮੰਡੀ ਲਈ ਨਹੀਂ ਤਾਂ ਘੱਟੋ ਘੱਟ ਘਰ ਦੀ ਲੋੜ ਲਈ ਕੁਝ ਫ਼ਲਾਂ ਵਾਲੇ ਰੁੱਖ ਹਰੇਕ ਕਿਸਾਨ ਨੂੰ ਲਗਾਉਣੇ ਚਾਹੀਦੇ ਹਨ। ਅਸੀਂ ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਨੂੰ ਆਪਣੀ ਬੰਬੀ ਉਤੇ ਪੰਜ ਰੁੱਖ ਲਗਾਉਣ ਦੀ ਅਪੀਲ ਕਰਦੇ ਆ ਰਹੇ ਹਨ। ਕੁਝ ਪਿੰਡਾਂ ਵਿਚ ਇਸ ਉਤੇ ਅਮਲ ਸ਼ੁਰੂ ਹੋ ਗਿਆ ਹੈ।
ਪੰਜਾਬ ਵਿਚ ਜਨਵਰੀ ਦਾ ਮਹੀਨਾ ਪਤਝੜੀ ਰੁੱਖ ਲਗਾਉਣ ਲਈ ਢੁਕਵਾਂ ਹੈ। ਇਸ ਮਹੀਨੇ ਬੂਟੇ ਸੁੱਤੇ ਪਏ ਹੁੰਦੇ ਹਨ ਜਿਸ ਕਰਕੇ ਨੰਗੀਆਂ ਜੜ੍ਹਾਂ ਨਾਲ ਹੀ ਲਗਾਏ ਜਾ ਸਕਦੇ ਹਨ। ਇੰਝ ਬੂਟਿਆ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਸੌਖਾ ਹੈ। ਅੰਗੂਰ, ਨਾਸ਼ਪਤੀ, ਆੜੂ, ਅਲੂਚਾ, ਫ਼ਾਲਸਾ, ਅੰਜੀਰ ਦੇ ਬੂਟੇ ਪੋਹ ਦੇ ਮਹੀਨੇ ਭਾਵ ਦਸੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਜਨਵਰੀ ਦੇ ਪਹਿਲੇ ਪੰਦ੍ਹਰਵਾੜੇ ਵਿਚ ਲਗਾ ਦੇਣੇ ਚਾਹੀਦੇ ਹਨ। ਪੰਜਾਬ ਵਿਚ ਇਨ੍ਹਾਂ ਫ਼ਾਲਾਂ ਦੀ ਸਫ਼ਲ ਕਾਸ਼ਤ ਕੀਤੀ ਜਾ ਸਕਦੀ ਹੈ।
ਸੁਪੀਰੀਅਰ ਸੀਡਲੈਸ, ਪੰਜਾਬ ਮੈਕ ਪਰਪਲ, ਫਲੇਮ ਸੀਡਲੈਸ, ਬਿਊਟੀ ਸੀਡਲੈਸ ਅਤੇ ਪਰਲਿਟ ਅੰਗੂਰਾਂ ਦੀਆਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ ਅਲੂਚੇ ਦੀਆਂ ਉੱਨਤ ਕਿਸਮਾਂ ਹਨ। ਭਗਵਾ, ਗਨੇਸ਼ ਅਤੇ ਕੰਧਾਰੀ ਅਨਾਰ ਦੀਆਂ ਵਧੀਆ ਕਿਸਮਾਂ ਹਨ। ਫ਼ਾਲਸੇ ਦੇ ਬੂਟੇ ਬੀਜਾਂ ਤੋਂ ਆਪ ਹੀ ਤਿਆਰ ਕੀਤੇ ਜਾ ਸਕਦੇ ਹਨ। ਯੂਨੀਵਰਸਿਟੀ ਵਲੋਂ ਅੰਜ਼ੀਰ ਦੀ ਬਰਾਊਨ ਟਰਕੀ ਸਿਫਾਰਸ਼ ਕੀਤੀ ਕਿਸਮ ਹੈ।
ਬੂਟੇ ਲਗਾਉਣ ਲਈ ਹੁਣ ਟੋਏ ਪੁੱਟ ਲੈਣੇ ਚਾਹੀਦੇ ਹਨ। ਇਹ ਟੋਏ ਇਕ ਮੀਟਰ ਘੇਰੇ ਵਾਲੇ ਤੇ ਇਕ ਮੀਟਰ ਡੂੰਘੇ ਪੁਟੇ ਜਾਣ। ਇਹ ਟੋਏ ਅੱਧੀ ਉਪਰਲੀ ਮਿੱਟੀ ਲੈ ਕੇ ਅਤੇ ਅੱਧੀ ਰੂੜੀ ਰਲਾ ਕੇ ਭਰੋ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਟੋਏ ਵਿਚ 30 ਗ੍ਰਾਮ ਲਿੰਡੇਨ 5 ਪ੍ਰਤੀਸ਼ਤ ਦਾ ਧੂੜਾ ਜਾਂ 15 ਮਿਲੀਲਿਟਰ ਕਲੋਰੋਪਾਈਫਾਸ 20 ਈ ਸੀ ਜ਼ਰੂਰ ਪਾਵੋ। ਬੂਟੇ ਹਮੇਸ਼ਾਂ ਸਰਕਾਰੀ ਜਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਨਰਸਰੀ ਤੋਂ ਸਹੀ ਉਮਰ, ਸਿਫਾਰਸ਼ ਕੀਤੀ ਕਿਸਮ ਅਤੇ ਸਿਹਤਮੰਦ ਲੈਣੇ ਚਾਹੀਦੇ ਹਨ। ਬੂਟੇ ਲਗਾਉਣ ਸਮੇਂ, ਅੰਗੂਰ, ਅਲੂਚਾ ਅਤੇ ਅਨਾਰ ਦੇ ਬੂਟਿਆਂ ਵਿਚਕਾਰ 10 ਫੁੱਟ, ਆੜੂ ਦੇ ਬੂਟਿਆਂ ਵਿਚਕਾਰ 22 ਫੁਟ, ਨਾਸ਼ਪਤੀ ਦੇ ਬੂਟਿਆਂ ਵਿਚਕਾਰ 25 ਫੁੱਟ ਅਤੇ ਫ਼ਾਲਸੇ ਦੇ ਬੂਟਿਆਂ ਵਿਚ ਪੰਜ ਫੁੱਟ ਫਾਸਲਾ ਰਖਿਆ ਜਾਵੇ। ਨਾਸ਼ਪਤੀ ਦੇ ਬੂਟਿਆਂ ਵਿਚਕਾਰ ਫ਼ਾਸਲਾ ਵਧ ਹੋਣ ਕਰਕੇ ਇਨ੍ਹਾਂ ਵਿਚਕਾਰ ਆੜੂ, ਅਲੂਚਾ, ਫ਼ਾਲਸਾ ਦੇ ਬੂਟੇ ਲਗਾ ਲੈਣੇ ਚਾਹੀਦੇ ਹਨ।
ਰੁੱਖ ਅਤੇ ਬੂਟੇ ਮਨੁੱਖ ਦੀਆਂ ਮੁਢਲੀਆਂ ਲੋੜਾਂ ਰੋਟੀ ਤੇ ਕਪੜੇ ਦਾ ਪ੍ਰਬੰਧ ਕਰਦੇ ਹਨ ਤੇ ਹੋਰ ਸੌ ਤਰ੍ਹਾਂ ਦੇ ਕੰਮ ਸੁਆਰਦੇ ਹਨ। ਰੁੱਖ ਬੂਟੇ ਹੀ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ। ਜੇਕਰ ਧਰਤੀ ਉਤੇ ਰੁੱਖ ਤੇ ਬੂਟੇ ਨਾ ਹੋਣ ਤਾਂ ਇਥੇ ਕਿਸੇ ਤਰ੍ਹਾਂ ਦਾ ਵੀ ਜੀਵਨ ਸੰਭਵ ਨਹੀਂ ਹੈ। ਫ਼ਲਦਾਰ ਬੂਟੇ ਲਗਾਉਣ ਦੇ ਨਾਲੋ ਨਾਲ ਕੁਝ ਰੁੱਖ ਵੀ ਲਗਾਉਣੇ ਚਾਹੀਦੇ ਹਨ। ਜਿਵੇਂ ਪਹਿਲਾਂ ਲਿਖਿਆ ਹੈ ਹੁਣ ਪਾਪੂਲਰ, ਸਫੈਦਾ, ਬਰਮਾ ਡੇਕ ਦੇ ਰੁੱਖ ਲਗਾਏ ਜਾ ਸਕਦੇ ਹਨ। ਜੇਕਰ ਵੱਟਾਂ ਉਤੇ ਰੁੱਖ ਲਗਾਉਣੇ ਹਨ ਤਾਂ ਇਨ੍ਹਾਂ ਵਿਚਕਾਰ ਤਿੰਨ ਮੀਟਰ ਦਾ ਫ਼ਾਸਲਾ ਰਖਿਆ ਜਾਵੇ। ਪਤਝੜੀ ਰੁੱਖਾਂ ਦਾ ਫ਼ਸਲਾਂ ਉਤੇ ਵੀ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ।


ਖ਼ਬਰ ਸ਼ੇਅਰ ਕਰੋ

ਵੱਧ ਝਾੜ ਦੇਣ ਵਾਲੀ ਜਵੀ ਦੀ ਕਿਸਮ ਲਾਓ

ਪੰਜਾਬ ਵਿਚ ਹਾੜ੍ਹੀ ਵਿਚ ਜਵੀ ਇਕ ਮੁੱਖ ਗੈਰ-ਫ਼ਲੀਦਾਰ ਚਾਰਾ ਹੈ। ਖੁਰਾਕੀ ਪੱਖ ਤੋਂ ਜਵੀ ਦਾ ਨੰਬਰ ਬਰਸੀਮ ਤੋਂ ਦੂਜੇ ਨੰਬਰ 'ਤੇ ਆਉਂਦਾ ਹੈ ਅਤੇ ਇਸ ਵਿਚ ਕੁਦਰਤੀ ਤੱਤ ਜਿਵੇਂ ਕਿ ਨਿਸ਼ਾਸਤਾ, ਰੇਸ਼ਾ, ਪ੍ਰੋਟੀਨ, ਖਣਿਜ ਪਦਾਰਥ ਅਧਿਕ ਮਾਤਰਾ ਵਿਚ ਹੁੰਦੇ ਹਨ। ਜਵੀ ਦੇ ਚਾਰੇ ਨੂੰ ਹਰਾ ਵਰਤਿਆ ਜਾਂਦਾ ਹੈ ਪਰ ਇਹ ਸੁਕਾ ਕੇ ਜਾਂ ਸਾਈਲੇਜ਼ ਬਣਾ ਕੇ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਵਿਚ ਸਾਲ 2016-17 ਦੌਰਾਨ ਇਸ ਦੀ ਕਾਸ਼ਤ 1.04 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਗਈ ਸੀ। ਜਵੀ ਦੀ ਫ਼ਸਲ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਉਗਾਈ ਜਾ ਸਕਦੀ ਹੈ ਪਰ ਕੱਲਰ ਜਾਂ ਸੇਮ ਵਾਲੀ ਜ਼ਮੀਨ ਇਸ ਲਈ ਢੁਕਵੀਂ ਨਹੀਂ ਹੁੰਦੀ ਹੈ ।
ਜਵੀ ਦੀ ਨਵੀਂ ਕਿਸਮ ਓ.ਐਲ-12 ਦੇ ਪੌਦੇ ਉਚੇ, ਜ਼ਿਆਦਾ ਪੱਤੇਦਾਰ ਅਤੇ ਬੂਝਾ ਮਾਰਨ ਵਾਲੇ, ਪੱਤੇ ਲੰਮੇ ਅਤੇ ਚੌੜੇ ਹੁੰਦੇ ਹਨ। ਪੀ.ਏ.ਯੂ. ਵਿੱਖੇ ਕੀਤੇ ਗਏ ਖੋਜ ਤਜਰਬਿਆਂ ਵਿਚ ਓ.ਐਲ-12 ਦਾ ਹਰੇ ਚਾਰੇ ਅਤੇ ਸੁੱਕੇ ਮਾਦੇ ਦਾ ਝਾੜ ਲੜੀਵਾਰ 744.6 ਅਤੇ 147.6 ਕੁਇੰਟਲ ਪ੍ਰਤੀ ਏਕੜ ਰਿਹਾ ਜੋ ਕਿ ਓ.ਐਲ-11 ਦੇ ਮੁਕਾਬਲੇ ਲੜੀਵਾਰ 5.2 ਅਤੇ 16.3 ਪ੍ਰਤੀਸ਼ਤ ਵੱਧ ਸੀ। ਓ.ਐਲ-12 ਵਿਚ ਖੁਰਾਕੀ ਤੱਤ ਓ.ਐਲ 11, ਓ.ਐਲ 9 ਅਤੇ ਕੈਂਟ ਨਾਲੋਂ ਜ਼ਿਆਦਾ ਹੁੰਦੇ ਹਨ ਜੋ ਕਿ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਵਿਚ ਵਾਧਾ ਕਰਨ ਵਿਚ ਸਹਾਈ ਹੋਏਗਾ ਅਤੇ ਦੁੱਧ ਦੀ ਕੁਆਲਿਟੀ ਨੂੰ ਵੀ ਵਧਾਏਗਾ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ। ਇਹ ਕਿਸਮ ਪੱਤਿਆਂ ਦੇ ਝੁਲਸ ਰੋਗ ਦਾ ਕਾਫ਼ੀ ਹੱਦ ਤੱਕ ਟਾਕਰਾ ਕਰਦੀ ਹੈ। ਇਸ ਦੇ ਬੀਜ ਦਾ ਔਸਤ ਝਾੜ 8.6 ਕੁਇੰਟਲ ਪ੍ਰਤੀ ਏਕੜ ਹੈ। ਹਰੇ ਚਾਰੇ ਦਾ ਵੱਧ ਝਾੜ ਦੇਣ ਦੀ ਸਮਰੱਥਾ ਅਤੇ ਕੀੜਿਆਂ ਤੇ ਬਿਮਾਰੀਆਂ ਦਾ ਟਾਕਰਾ ਕਰਨ ਕਰਕੇ ਇਹ ਕਿਸਮ ਜ਼ਿਮੀਦਾਰਾਂ ਲਈ ਲਾਹੇਵੰਦ ਹੋਵੇਗੀ। ਇਨ੍ਹਾਂ ਗੁਣਾਂ ਕਰਕੇ ਇਕ ਕਟਾਈ ਦੇਣ ਵਾਲੀ ਇਹ ਕਿਸਮ ਪੰਜਾਬ ਦੇ ਸੇਂਜੂ ਇਲਾਕਿਆਂ ਵਿਚ ਬੀਜਣ ਲਈ ਸਿਫ਼ਾਰਸ਼ ਕੀਤੀ ਗਈ ਹੈ। ਕਾਸ਼ਤ ਦੇ ਉੱਨਤ ਢੰਗ ਅਪਣਾ ਕੇ ਕਿਸਾਨ ਵੀਰ ਇਸ ਕਿਸਮ ਦਾ ਵਧੇਰੇ ਅਤੇ ਪੌਸ਼ਟਿਕ ਚਾਰਾ ਲੈ ਸਕਦੇ ਹਨ ।
ਕਾਸ਼ਤਕਾਰੀ ਢੰਗ
ਬਿਜਾਈ ਦਾ ਸਮਾਂ ਤੇ ਬੀਜਣ ਦਾ ਢੰਗ : ਜਵੀ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਤਾਂ ਜੋ ਖੇਤ ਨਦੀਨਾਂ ਤੋਂ ਰਹਿਤ ਹੋ ਜਾਵੇ। ਫ਼ਸਲ ਦੇ ਮੁੱਢਲੇ ਵਾਧੇ ਸਮੇਂ ਵੀ ਨਦੀਨਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਇਸ ਲਈ ਖੇਤ ਨੂੰ ਤਿੰਨ ਵਾਰ ਵਾਹੋ ਅਤੇ ਹਰ ਵਹਾਈ ਪਿਛੋਂ ਸੁਹਾਗਾ ਫੇਰੋ। ਸਮੇਂ ਸਿਰ ਬੀਜੀ ਫ਼ਸਲ ਵੱਧ ਝਾੜ ਦਿੰਦੀ ਹੈ ਅਤੇ ਜਵੀ ਦਾ ਵਾਧਾ ਠੰਢੇ ਮੌਸਮ ਵਿਚ ਵੱਧ ਹੁੰਦਾ ਹੈ ਸੋ ਇਸ ਕਰਕੇ ਅਕਤੂਬਰ ਦੇ ਅਖੀਰ ਤੱਕ ਜਵੀ ਦੀ ਬਿਜਾਈ ਦਾ ਢੁਕਵਾਂ ਸਮਾਂ ਹੈ। ਇਕ ਏਕੜ ਲਈ 25 ਕਿਲੋ ਬੀਜ ਵਰਤੋ। ਬਿਜਾਈ ਦੌਰਾਨ ਸਿਆੜਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ। ਜਵੀ ਦੀ ਬਿਜਾਈ ਬਿਨਾਂ ਵਹਾਏ ਵੀ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ ਬਾਸਮਤੀ ਤੋਂ ਬਾਅਦ ਜਵੀ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਕੰਬਾਇਨ ਨਾਲ ਝੋਨੇ ਦੀ ਕਟਾਈ ਹੋਣ ਉਪਰੰਤ, ਸਟਬਲ ਸ਼ੇਵਰ ਮਾਰਕੇ ਪਰਾਲੀ ਨੂੰ ਅੱਗ ਲਾਉਣ ਤੋਂ ਬਗੈਰ, 'ਪੀ ਏ ਯੂ ਹੈਪੀ ਸੀਡਰ' ਨਾਲ ਜਵੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜਵੀ ਅਤੇ ਰਾਇਆ ਦਾ ਮਿਸ਼ਰਤ ਚਾਰਾ ਲੈਣ ਲਈ ਜਵੀ ਦੀ ਬਿਜਾਈ ਉਪਰ ਦੱਸੇ ਢੰਗ ਨਾਲ ਕਰੋ। ਬਿਜਾਈ ਤੋਂ ਬਾਅਦ ਇਸ ਵਿਚ ਇਕ ਕਿਲੋ ਰਾਇਆ ਪ੍ਰਤੀ ਏਕੜ ਦਾ ਛੱਟਾ ਦੇ ਕੇ ਸੁਹਾਗਾ ਫੇਰ ਦਿਉ। ਇਹ ਮਿਸ਼ਰਤ ਚਾਰਾ ਬਿਜਾਈ ਤੋਂ 55-65 ਦਿਨਾਂ ਬਾਅਦ ਜਿਸ ਵੇਲੇ ਚਾਰੇ ਦੀ ਥੁੜ ਹੁੰਦੀ ਹੈ ਖ਼ੁਰਾਕੀ ਤੱਤਾਂ ਨਾਲ ਭਰਪੂਰ ਵਧੇਰੇ ਚਾਰਾ ਦਿੰਦਾ ਹੈ।
ਖਾਦਾਂ : ੳ.ਐਲ-12 ਜਵੀ ਦੀ ਕਿਸਮ ਨੂੰ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬੀਜਣ ਸਮੇਂ ਪਾ ਦਿਓ। ਬਿਜਾਈ ਤੋਂ 30-40 ਦਿਨ ਬਾਅਦ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਹੋਰ ਪਾਓ ।
ਸਿੰਚਾਈ : ਜਵੀ ਨੂੰ ਰੌਣੀ ਸਮੇਤ ਤਿੰਨ ਤੋਂ ਚਾਰ ਪਾਣੀ ਕਾਫ਼ੀ ਹੁੰਦੇ ਹਨ।
ਗੋਡੀ : ਇਸ ਫ਼ਸਲ ਨੂੰ ਆਮ ਤੌਰ 'ਤੇ ਗੋਡੀ ਦੀ ਲੋੜ ਨਹੀਂ ਪਰ ਜੇ ਘਾਹ ਫੂਸ ਜ਼ਿਆਦਾ ਹੋ ਜਾਵੇ ਤਾਂ ਇਕ ਗੋਡੀ ਕਰ ਦੇਣੀ ਚਾਹੀਦੀ ਹੈ।
ਕਟਾਈ : ੳ.ਐਲ-12 ਜਵੀ ਦੀ ਕਟਾਈ ਗੋਭ ਵਿਚ ਸਿੱਟਾ ਬਣਨ ਤੋਂ ਲੈ ਕੇ ਦੁਧੀਆ ਦਾਣਿਆਂ ਦੀ ਹਾਲਤ ਵਿਚ ਚਾਰੇ ਲਈ ਕਰ ਲੈਣੀ ਚਾਹੀਦੀ ਹੈ ।


-ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ।

ਕਣਕ ਦੀ ਫ਼ਸਲ ਵਿਚ ਨਦੀਨਾਂ 'ਤੇ ਕਾਬੂ ਕਿਵੇਂ ਪਾਈਏ?

ਪੰਜਾਬ ਦੇ ਕੁੱਲ ਰਕਬੇ ਦਾ 83 ਫ਼ੀਸਦੀ ਰਕਬਾ ਕਾਸ਼ਤ - ਅਧੀਨ ਹੈ। ਇਸ ਵਿਚੋਂ ਹਾੜੀ ਦੇ ਮੌਸਮ 'ਚ 34 - 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਬੀਜੀ ਜਾਂਦੀ ਹੈ ਅਤੇ ਸਾਉਣੀ ਦੇ ਮੌਸਮ 'ਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ਤੇ ਝੋਨੇ ਦੀ ਕਾਸ਼ਤ ਹੁੰਦੀ ਹੈ। ਕਣਕ ਹਾੜੀ ਅਤੇ ਝੋਨਾ ਸਾਉਣੀ 'ਚ ਰਾਜ ਦੀਆਂ ਮੁੱਖ ਫ਼ਸਲਾਂ ਹਨ। ਲਗਪਗ 93 ਫ਼ੀਸਦੀ ਰਕਬੇ 'ਤੇ ਹੁਣ ਕਣਕ ਦੀ ਬਿਜਾਈ ਹੋ ਚੁੱਕੀ ਹੈ। ਕਣਕ ਦੀ ਫ਼ਸਲ 'ਚ ਗੁੱਲੀ ਡੰਡੇ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਗਈ ਹੈ। ਕਈ ਥਾਵਾਂ 'ਤੇ ਜਿੱਥੇ ਇਸ 'ਤੇ ਕਾਬੂ ਨਾ ਪਾਇਆ ਗਿਆ ਹੋਵੇ, ਇਹ 50 ਫ਼ੀਸਦੀ ਤੱਕ ਉਤਪਾਦਕਤਾ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਵੀ ਕਈ ਨਦੀਨ ਹਨ ਜੋ ਫ਼ਸਲ ਨੂੰ ਪ੍ਰਭਾਵਿਤ ਕਰਦੇ ਹਨ ਜਿਵੇਂ ਕਈ ਤਰ੍ਹਾਂ ਦੇ ਘਾਹ, ਚੌੜੇ ਪੱਤਿਆਂ ਵਾਲੇ ਨਦੀਨ, ਜੰਗਲੀ ਜਵੀ, ਬੂੰਈ, ਜੰਗਲੀ ਪਾਲਕ, ਬਾਥੂ, ਮੈਣਾ, ਮੈਣੀ, ਕੰਡਿਆਲੀ ਪਾਲਕ, ਆਦਿ। ਫ਼ਸਲ ਤੋਂ ਪੂਰਾ ਝਾੜ ਪ੍ਰਾਪਤ ਕਰਨ ਲਈ ਇਨ੍ਹਾਂ ਨਦੀਨਾਂ ਵਿਸ਼ੇਸ਼ ਕਰ ਕੇ ਜਿਨ੍ਹਾਂ ਜ਼ਮੀਨਾਂ 'ਚ ਝੋਨੇ ਦੀ ਕਾਸ਼ਤ ਕੀਤੀ ਗਈ ਹੋਵੇ ਗੁੱਲੀ ਡੰਡਾ ਨੂੰ ਕਾਬੂ ਕਰਨਾ ਜ਼ਰੂਰੀ ਹੈ। ਇਹ ਨਦੀਨ ਖੁਰਾਕੀ ਤੱਤਾਂ, ਪਾਣੀ, ਧੁੱਪ ਤੇ ਰੌਸ਼ਨੀ ਲਈ ਫ਼ਸਲ ਦਾ ਮੁਕਾਬਲਾ ਕਰਦੇ ਹਨ। ਇਹ ਨਦੀਨ ਫ਼ਸਲ ਦੇ ਜੰਮਣ ਸਮੇਂ ਪਹਿਲੇ ਪਾਣੀ ਤੋਂ ਪਹਿਲਾਂ, ਪਹਿਲੇ ਪਾਣੀ ਤੋਂ ਬਾਅਦ ਜਾਂ ਦੂਜੇ ਪਾਣੀ ਤੋਂ ਬਾਅਦ ਜਾਂ ਫੇਰ ਜੇ ਬਾਰਿਸ਼ ਹੋ ਜਾਵੇ ਉਸ ਵੇਲੇ ਪੈਦਾ ਹੁੰਦੇ ਹਨ। ਗ਼ੈਰ-ਰਸਾਇਣਕ ਤਰੀਕਿਆਂ ਨਾਲ ਵੀ ਇਨ੍ਹਾਂ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜਿਵੇਂ ਕਿ ਜ਼ਮੀਨ ਦੀ ਉਪਰਲੀ ਸਤਿਹ ਨੂੰ ਸੁਕਾਉਣਾ, ਫ਼ਸਲੀ ਵਿਭਿੰਨਤਾ, ਸ਼ੁੱਧ ਤੇ ਸਾਫ ਬੀਜ ਦਾ ਉਪਯੋਗ ਅਤੇ ਸਹੀ ਢੰਗ ਨਾਲ ਬਿਜਾਈ ਰਾਹੀਂ। ਪ੍ਰੰਤੂ ਇਹ ਤਰੀਕੇ ਆਮ ਕਿਸਾਨਾਂ ਦੀ ਵਰਤੋਂ 'ਚ ਨਹੀਂ। ਦਰਮਿਆਨੀਆਂ ਤੇ ਭਾਰੀ ਜ਼ਮੀਨਾਂ ਵਿਚ ਬੈੱਡ ਪਲਾਂਟਰ ਨਾਲ ਕਣਕ ਨੂੰ ਬੈੱਡਾਂ ਉਤੇ ਬੀਜਣ ਨਾਲ ਗੁੱਲੀ ਡੰਡਾ ਅਤੇ ਹੋਰ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਬਿਜਾਈ ਕੀਤਿਆਂ ਫ਼ਸਲ ਦਾ ਨਾੜ ਵੀ ਮਜ਼ਬੂਤ ਹੁੰਦਾ ਹੈ ਕਿਉਂਕਿ ਕਤਾਰਾਂ ਦੇ ਦੋਨੋਂ ਪਾਸਿਓਂ ਫ਼ਸਲ ਨੂੰ ਰੌਸ਼ਨੀ ਤੇ ਧੁੱਪ ਮਿਲਦੇ ਹਨ। ਇਸ ਢੰਗ ਨਾਲ ਬਿਜਾਈ ਕਰ ਕੇ ਟਰੈਕਟਰ ਨਾਲ ਗੋਡੀ ਰਾਹੀਂ ਖਾਲਾਂ ਵਿਚ ਉੱਗੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਿਜਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਤੇ ਖੇਤ ਤਿਆਰ ਕਰਨ ਤੋਂ ਬਾਅਦ ਉੱਪਰਲੀ ਸਤਹਿ ਸੁਕਾ ਕੇ ਜੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਨਦੀਨਾਂ ਦੇ ਪਹਿਲੇ ਲੌਅ ਦੀ ਰੋਕਥਾਮ ਹੋ ਜਾਂਦੀ ਹੈ ਜੋ ਨਦੀਨ ਜ਼ਮੀਨ ਦੀ ਉੱਪਰਲੀ ਸਤਹਿ ਤੋਂ ਉੱਗਦੇ ਹਨ। ਫ਼ਸਲੀ-ਵਿਭਿੰਨਤਾ ਨਾਲ ਵੀ ਨਦੀਨਾਂ ਅਤੇ ਗੁੱਲੀ ਡੰਡੇ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਵਿਧੀ ਰਾਹੀਂ ਝੋਨੇ ਦੀ ਥਾਂ ਕੋਈ ਹੋਰ ਫ਼ਸਲ ਜਿਵੇਂ ਕਿ ਨਰਮਾ, ਮੱਕੀ, ਕਮਾਦ ਆਦਿ ਦੀ ਫ਼ਸਲ ਲੈ ਲਈ ਜਾਵੇ। ਲੇਜ਼ਰ ਕਰਾਹੇ ਦੀ ਵਰਤੋਂ ਕਰ ਕੇ ਵੀ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪੂਰੇ ਖੇਤ ਵਿਚ ਇਕਸਾਰ ਪਾਣੀ ਲਗਾਉਣ ਅਤੇ ਫ਼ਸਲਾਂ ਦੇ ਇਕਸਾਰ ਵਾਧੇ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰਨਾ ਲੋੜੀਂਦਾ ਹੈ। ਲੇਜ਼ਰ ਕਰਾਹੇ ਨਾਲ ਪੱਧਰ ਕੀਤੇ ਖੇਤ ਵਿਚ ਨਦੀਨਨਾਸ਼ਕ ਵੀ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ। ਕਤਾਰਾਂ ਵਿਚ ਅਗੇਤੀ ਅਕਤੂਬਰ ਦੇ ਆਖ਼ਰੀ ਹਫ਼ਤੇ ਵਿਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਬਿਜਾਈ ਕਰ ਲਈ ਜਾਵੇ ਤਾਂ ਵੀ ਗੁੱਲੀ ਡੰਡੇ ਜਾਂ ਹੋਰ ਨਦੀਨਾਂ ਦੇ ਪਹਿਲੇ ਲੌਅ ਨੂੰ ਘਟਾਇਆ ਜਾ ਸਕਦਾ ਹੈ। ਕਣਕ ਦੀ ਬਿਜਾਈ, ਝੋਨੇ ਦੀ ਖੜ੍ਹੀ ਪਰਾਲੀ ਵਿਚ ਜੇ ਹੈਪੀ ਸੀਡਰ ਨਾਲ ਕਰ ਲਈ ਜਾਵੇ ਤਾਂ ਵੀ ਗੁੱਲੀ ਡੰਡੇ ਤੇ ਹੋਰ ਨਦੀਨਾਂ ਦੀ ਸਮੱਸਿਆ ਤੇ ਰੋਕਥਾਮ ਹੋ ਜਾਂਦੀ ਹੈ। ਖੜ੍ਹੇ ਨਾੜ ਨੂੰ ਚੋਪਰ ਨਾਲ ਕੁਤਰ ਕੇ ਝੋਨੇ ਦੀ ਪਰਾਲੀ ਨੂੰ ਇਕੱਠਾ ਕਰ ਕੇ ਫੇਰ ਜ਼ੀਰੋ ਡਰਿੱਲ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਜਿਸ ਉਪਰੰਤ ਨਦੀਨਾਂ ਦੀ ਸਮੱਸਿਆ ਘਟੇਗੀ।
ਆਮ ਕਿਸਾਨ ਗੁੱਲੀ ਡੰਡਾ ਤੇ ਹੋਰ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਹੀ ਵਰਤਦੇ ਹਨ। ਗੁੱਲੀ ਡੰਡੇ ਨੂੰ ਖ਼ਤਮ ਕਰਨ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਆਮ ਤੌਰ 'ਤੇ ਬਿਜਾਈ ਤੋਂ ਦੋ ਦਿਨ ਦੇ ਅੰਦਰ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿਚ ਕੀਤੀ ਜਾ ਸਕਦੀ ਹੈ। ਨਦੀਨ ਨਾਸ਼ਕ ਕਈ ਗਰੁੱਪਾਂ ਵਿਚ ਉਪਲੱਬਧ ਹਨ। ਬਿਜਾਈ ਸਮੇਂ ਨਦੀਨ ਉੱਗਣ ਤੋਂ ਪਹਿਲਾਂ ਵਰਤਣ ਲਈ, ਪਹਿਲੀ ਸਿੰਜਾਈ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਵਰਤਣ ਲਈ, ਪਹਿਲੀ ਸਿੰਜਾਈ ਤੋਂ ਬਾਅਦ ਨਦੀਨ ਉੱਗਣ ਤੋਂ ਬਾਅਦ ਵਰਤਣ ਲਈ ਆਦਿ। ਤਰਤੀਬਵਾਰ ਪੈਂਡੀਮੈਥਾਲਿਨ ਗਰੁੱਪ, ਆਈਸੋਪ੍ਰੋਟਯੂਰਾਨ ਗਰੁੱਪ, ਸਲਫੋਸਲਫੂਰਾਨ ਗਰੁੱਪ ਅਤੇ ਕਲੋਡੀਨਾਫੌਪ, ਪਿਨੋਕਸਾਡਿਨ ਗਰੁੱਪ ਦੇ ਬਰਾਂਡ ਉਪਲੱਬਧ ਹਨ। ਜੇ ਗੁੱਲੀ ਡੰਡੇ ਦੇ ਨਾਲ ਕੰਡਿਆਲੀ ਪਾਲਕ ਹੋਵੇ ਤਾਂ ਮੈਟਸਲਫੂਰਾਨ ਗਰੁੱਪ ਦੇ ਨਦੀਨ ਨਾਸ਼ਕ ਵਰਤਣੇ ਚਾਹੀਦੇ ਹਨ। ਜੇ ਗੁੱਲੀ ਡੰਡੇ ਨਾਲ ਚੌੜੇ ਪੱਤਿਆਂ ਵਾਲੇ ਨਦੀਨਾਂ ਵਿਚ ਮਕੋਹ, ਕੰਡਿਆਲੀ ਪਾਲਕ ਤੇ ਹਿਰਨ ਖੁਰੀ ਹੋਵੇ ਤਾਂ ਮੈਟਸਲਫੂਰਾਨ + ਕਾਰਫੈਟਨਰਾਜ਼ੋਨ ਗਰੁੱਪ ਦੇ ਨਦੀਨ ਨਾਸ਼ਕ ਵਰਤਣੇ ਚਾਹੀਦੇ ਹਨ। ਗੁੱਲੀ ਡੰਡੇ ਨਾਲ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ ਲਈ ਸਲਫੋਸਫੂਰਾਨ + ਮੈਟਸਲਫੂਰਾਨ - ਟੋਟਲ ਨਦੀਨ ਨਾਸ਼ਕ ਵਰਤਣਾ ਚਾਹੀਦਾ ਹੈ। ਪਿਛਲੇ ਸਾਲ ਕਿਸਾਨਾਂ ਵੱਲੋਂ ਕੀਤੇ ਗਏ ਤਜਰਬਿਆਂ ਦੇ ਆਧਾਰ 'ਤੇ ਦੇਖਿਆ ਗਿਆ ਹੈ ਕਿ ਜੇ ਗੁੱਲੀ ਡੰਡਾ ਪ੍ਰਚਲਿਤ ਨਦੀਨ ਨਾਸ਼ਕਾਂ ਨਾਲ ਨਾ ਮਰਦਾ ਹੋਵੇ ਤਾਂ ਸ਼ਗਨ 21-11 (ਕਲੋਡੀਨਾਫੋਪ + ਮੈਟਰੀਬਿਊਜ਼ਿਨ) ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸ਼ਗਨ 21-11 ਨੂੰ ਉੱਨਤ ਪੀ. ਬੀ. ਡਬਲਿਊ. 550 ਕਿਸਮ ਦੀ ਕਣਕ ਤੇ ਨਹੀਂ ਛਿੜਕਣਾ ਚਾਹੀਦਾ ਕਿਉਂਕਿ ਉਸ ਫ਼ਸਲ ਤੇ ਇਸ ਦਾ ਮਾੜਾ ਅਸਰ ਹੋਵੇਗਾ।
ਨਦੀਨ ਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਿਚ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਬਾਅਦ ਪਾਣੀ ਭਰਵਾਂ ਨਹੀਂ ਲਾਉਣਾ ਚਾਹੀਦਾ ਹਲਕਾ ਲਾਉਣਾ ਚਾਹੀਦਾ ਹੈ। ਛਿੜਕਾਅ ਤੋਂ ਬਾਅਦ ਸਪਰੇਅ ਪੰਪ ਨੂੰ ਪਾਣੀ ਨਾਲ ਧੋ ਕੇ ਅਤੇ ਫੇਰ ਕੱਪੜੇ ਧੋਣ ਵਾਲੇ ਸੋਡੇ ਦੇ 0.5 ਫ਼ੀਸਦੀ ਘੋਲ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜ਼ੈਟ ਨੌਜ਼ਲ ਵਰਤਣੀ ਚਾਹੀਦੀ ਹੈ ਅਤੇ ਨਦੀਨ ਉੱਗਣ ਤੋਂ ਬਾਅਦ ਵਰਤਣ ਵਾਲੇ ਨਦੀਨ ਨਾਸ਼ਕਾਂ ਲਈ ਫਲੈਟ ਫੈਨ ਨੌਜ਼ਲ ਵਰਤਣੀ ਚਾਹੀਦੀ ਹੈ। ਮਸ਼ੀਨੀ ਸਪਰੇਅ ਜੋ ਪਿਛਲੇ 2-3 ਸਾਲਾਂ ਤੋਂ ਖੇਤੀਬਾੜੀ ਵਿਭਾਗ ਦੀ ਸਿਫ਼ਾਰਸ਼ 'ਤੇ ਕੀਤੇ ਜਾ ਰਹੇ ਹਨ, ਬੜੇ ਪ੍ਰਭਾਵਸ਼ਾਲੀ ਸਾਬਤ ਹੋਏ ਹਨ। ਜਿੱਥੇ ਇਹ ਸਪਰੇਅ ਮਸ਼ੀਨਾਂ ਉਪਲੱਬਧ ਹੋਣ, ਕਿਸਾਨਾਂ ਨੂੰ ਇਨ੍ਹਾਂ ਰਾਹੀਂ ਸਪਰੇਅ ਕਰਵਾਉਣੇ ਚਾਹੀਦੇ ਹਨ। ਇਹ ਵਧੇਰੇ ਪ੍ਰਭਾਵਸ਼ਾਲੀ ਪਾਏ ਗਏ ਹਨ। ਜਿਹੜੇ ਬੂਟੇ ਛਿੜਕਾਅ ਤੋਂ ਬਾਵਜੂਦ ਵੀ ਬਚ ਜਾਣ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਬੂਟਿਆਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣ ਤਾਂ ਜੋ ਕਣਕ ਦੀ ਅਗਲੀ ਫ਼ਸਲ ਵਿਚ ਨਦੀਨਾਂ ਦੀ ਸਮੱਸਿਆ ਨਾ ਆਵੇ। ਨਦੀਨ ਨਾਸ਼ਕਾਂ ਦੀ ਵਰਤੋਂ ਅਦਲ-ਬਦਲ ਕੇ ਕਰਨੀ ਚਾਹੀਦੀ ਹੈ। ਇਕੋ ਕਿਸਮ ਦੇ ਨਦੀਨ ਵਾਰ - ਵਾਰ ਵਰਤਣ ਨਾਲ ਨਦੀਨਾਂ ਵਿਚ ਉਸ ਜ਼ਹਿਰ ਪ੍ਰਤੀ ਸਹਿਣਸ਼ੀਲਤਾ ਵੱਧ ਜਾਂਦੀ ਹੈ।
ਸੋਧ : ਪਿਛਲੇ 3 ਦਸੰਬਰ ਦੇ ਅੰਕ ਵਿਚ 'ਹਾੜ੍ਹੀ ਦੇ ਮੌਸਮ ਵਿਚ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ' ਨੂੰ 'ਸਾਉਣੀ ਦੇ ਮੌਸਮ ਵਿਚ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ' ਪੜ੍ਹਿਆ ਜਾਵੇ।

-ਸੰਪਾਦਕ
-ਮੋਬਾਈਲ : 98152-36307

ਜੱਟੀ ਪੰਦਰਾਂ ਮੁਰੱਬਿਆਂ ਵਾਲੀ

ਕਿਹੜੇ ਮੁਰੱਬੇ ਤੇ ਕਿਹੜੀ ਜੱਟੀ? ਨਾ ਹੁਣ ਮੁਰੱਬੇ ਰਹਿ ਗਏ, ਤੇ ਨਾ ਹੀ ਜੱਟੀ ਕੋਲ ਸੁਵੱਖ਼ਤੇ ਖੇਤ 'ਚ ਗੇੜਾ ਮਾਰਨ ਦਾ ਵਕਤ ਹੈ। ਹੁਣ ਤਾਂ ਦੁਨੀਆ ਹੋਰ ਹੀ ਕੰਮਾਂ 'ਚ ਉਲਝੀ ਪਈ ਹੈ। ਭਾਵੇਂ ਅੱਜਕਲ੍ਹ ਖੇਤਾਂ ਵਿਚ ਕਣਕਾਂ ਗਿੱਠ-ਗਿੱਠ ਹੋ ਗਈਆਂ ਹਨ, ਜਿਨ੍ਹਾਂ 'ਤੇ ਤਰੇਲ ਮੋਤੀਆਂ ਵਾਂਗ ਚਮਕਦੀ ਹੈ, ਪਰ ਜੱਟ ਤਾਂ ਹਾਲੇ ਪਰਾਲੀ ਸਾੜਨ ਦੇ ਮੁਕੱਦਮੇ ਭੁਗਤਣ ਦੀ ਤਿਆਰੀ ਵਿਚ ਹੈ। ਜਿਹੜੇ ਲੋਕ ਅੱਜ ਇਸ ਹਰੀ ਕਣਕ ਦੀ ਮਹਿਕ ਨਹੀਂ ਮਾਣ ਰਹੇ, ਫ਼ਿਜ਼ਾ ਵਿਚ ਲੱਖਾਂ ਏਕੜ ਕਣਕ ਤੋਂ ਪੈਦਾ ਹੋ ਰਹੀ ਸ਼ੁੱਧ ਹਵਾ ਨਹੀਂ ਦੇਖ ਸਕਦੇ, ਉਹ ਕਾਰਖਾਨਿਆਂ ਦਾ ਧੂੰਆਂ, ਭੱਠੀਆਂ 'ਚ ਬਲਦਾ ਤੇਲ, ਕਾਰਾਂ, ਬੱਸਾਂ, ਟਰੱਕਾਂ 'ਚੋਂ ਨਿਕਲਦਾ ਮਾਰੂ ਅਦਿੱਖ ਧੂੰਆਂ ਵੀ ਨਹੀਂ ਦੇਖ ਰਹੇ। ਸਾਰਾ ਸਾਲ ਫਸਲਾਂ ਰਾਹੀਂ ਤਾਜ਼ੀ ਹਵਾ ਖਾਣ ਵਾਲਿਓ ਅਫ਼ਸਰੋ, ਲੀਡਰੋ ਤੇ ਸ਼ਹਿਰੀਓ, ਹੁਣ ਇਸ ਦਾਤੇ ਬਾਰੇ ਵੀ ਕੁਝ ਸੋਚ ਲਵੋ। ਜੇ ਹੋਰ ਕੁਝ ਨਹੀਂ ਤਾਂ ਹਫ਼ਤੇ ਵਿਚ ਇਕ ਵਾਰੀ ਪੇਂਡੂ ਇਲਾਕੇ ਵਿਚ ਗੇੜਾ ਹੀ ਮਾਰ ਆਇਆ ਕਰੋ। ਦਖਿਓ ਫੇਰ ਕੁਦਰਤ ਤੁਹਾਡੇ ਅੰਦਰ ਕਿਵੇਂ ਸਹਿਜ ਭਰਦੀ ਹੈ, ਤੁਹਾਡੀ ਅੰਦਰਲੀ ਨਫ਼ਰਤ ਨੂੰ ਖ਼ਤਮ ਕਰਦੀ ਹੈ। ਫੇਰ ਇਸੇ ਕਣਕ ਦੇ ਬਣੇ ਬਿਸਕੁਟ, ਕੇਕ ਖਾ ਖਾ ਕੇ ਜਸ਼ਨ ਮਨਾਈ ਜਾਇਓ।

-ਮੋਬਾ: 98159-45018

ਸਮੇਂ-ਸਮੇਂ ਦੀ ਗੱਲ

ਨਾ ਹੁਣ ਰਹੇ ਸਰੀਰ ਤੇ ਨਾ ਖੁਰਾਕਾਂ ਰਹੀਆਂ ਨੇ,
ਹਰ ਕੋਈ ਖਾਣ ਤੋਂ ਪਹਿਲਾਂ-ਪਿੱਛੋਂ ਗੋਲੀਆਂ ਲੈਂਦਾ ਏ।

ਹੁਣ ਨਾ ਪਹਿਲਾਂ ਵਾਂਗੂੰ ਮੰਜੇ ਡਹਿਣ ਦਲਾਨਾਂ 'ਚ,
'ਕੱਲਾ-'ਕੱਲਾ ਜੀਅ 'ਕੱਲੇ ਕਮਰੇ ਵਿਚ ਪੈਂਦਾ ਹੈ।

ਕਿੱਥੇ ਪਚਦੀ ਰੋਟੀ ਹੁਣ ਮਸ਼ੀਨੀ ਤੰਦੂਰਾਂ ਦੀ,
ਬਣਿਆ ਪਿਆ ਤੇਜ਼ਾਬ ਮੇਰੇ ਹਰ ਕੋਈ ਕਹਿੰਦਾ ਏ।

ਗੁੱਸੇ ਗਿਲ੍ਹੇ ਹੱਡਾਂ ਦੇ ਵਿਚ ਬਹੁਤੇ ਰਚ ਗਏ ਨੇੇ,
ਕੌਣ ਕਿਸੇ ਦੀ ਦੱਸੋ ਇਥੇ ਗੱਲ ਕੋਈ ਸਹਿੰਦਾ ਏ।

ਨਾ ਕੜ੍ਹਦਾ ਹੈ ਦੁੱਧ ਹਾਰੇ ਨਾ ਲੱਭਣ ਮੱਖਣੀਆਂ ਜੀ,
ਜੀਹਨੂੰ ਦੇਖੋ ਹਰ ਕੋਈ ਪੀਜ਼ੇ ਹੱਟ 'ਤੇ ਮਿਲਦਾ ਏ।

ਕਰਜ਼ੇ ਵਾਲੀ ਸਕੀਮ ਨਾ ਕੋਈ ਖੁੰਝਜੇ ਹੱਥਾਂ 'ਚੋਂ,
ਜਦ ਮੁੜਦਾ ਨਹੀਂ ਫੇਰ ਅਖੀਰ ਨੂੰ ਫਾਹੇ ਲੈਂਦਾ ਏ।

ਜੋ ਦੁੱਧਾਂ ਨਾਲ ਪਾਲੇ ਉਹੀ ਫੜਨ ਗਲਾਵਿਆਂ ਨੂੰ ,
ਗੱਲਾਂ ਸੋਲਾਂ ਆਨੇ ਸੱਚ 'ਸੁਖਾਣੇ ਸੁੱਖਾ' ਕਹਿੰਦਾ ਏ।


-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ) ਮੋਬਾ : 98554-48646

ਵਕਤ ਦੀ ਰਫ਼ਤਾਰ, ਨਿਗਲ ਗਈ ਬਲਦਾਂ ਦੇ ਗਲ ਟੱਲੀਆਂ ਦੀ ਟੁਣਕਾਰ

ਪੁਰਾਤਨ ਵੇਲੇ 'ਚ ਮਨੁੱਖ ਦੁਆਰਾ ਪਹੀਏ ਦੀ ਕਾਢ ਕੱਢਣ ਮਗਰੋਂ ਅਗਲੀ ਪੁਲਾਂਘ ਪੁੱਟਦੇ ਹੋਏ ਆਪਣੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਬੈਲਗੱਡੀ ਇਜਾਦ ਕੀਤੀ ਗਈ ਸੀ। ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਵੀ ਉਜਾੜੇ ਦਾ ਸੰਤਾਪ ਹੰਢਾਉਂਦੇ ਸ਼ਰਨਾਰਥੀ ਪਰਿਵਾਰਾਂ ਵਲੋਂ ਦੇਸ਼ ਦੇ ਇਕ ਟਿਕਾਣੇ ਤੋਂ ਦੂਜੇ ਟਿਕਾਣੇ ਤੱਕ ਦਾ ਲੰੰਮਾ ਪੈਂਡਾ ਮੁਕਾਉਣ ਲਈ ਬੈਲਗੱਡੀਆਂ ਦੀ ਹੀ ਵਰਤੋਂ ਕੀਤੀ ਗਈ ਸੀ। ਪਰ ਸਦੀਆਂ ਤੋਂ ਮਨੁੱਖ ਦਾ ਸਾਥ ਨਿਭਾਉਂਦੀ ਆ ਰਹੀ ਬੈਲਗੱਡੀ ਅੱਜ ਦੀ ਇੱਕੀਵੀਂ ਸਦੀ 'ਚ ਆਪਣਾ ਵਜੂਦ ਗੁਆਉਂਦੀ ਨਜ਼ਰ ਆ ਰਹੀ ਹੈ। ਕਿਉਂਕਿ ਸੁਭਾਅ ਤੋਂ ਸੁਆਰਥੀ ਮਨੁੱਖ ਨੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਹੌਲੀ-ਹੌਲੀ ਇਸ ਦਾ ਤਿਆਗ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ-ਪਹਿਲਾਂ ਬੈਲਗੱਡੀ ਦੇ ਪਹੀਏ ਲੱਕੜ ਦੇ ਕਾਰੀਗਰਾਂ ਵਲੋਂ ਲੱਕੜੀ ਦੇ ਹੀ ਤਿਆਰ ਕੀਤੇ ਜਾਂਦੇ ਸਨ ਪਰ ਵਕਤ ਦੀ ਰਫ਼ਤਾਰ ਨਾਲ ਜਦੋਂ ਬਾਲ ਬੇਅਰਿੰਗ ਦੀ ਕਾਢ ਨਿਕਲੀ ਤਾਂ ਬੈਲਗੱਡੀ 'ਚ ਵੀ ਲੱਕੜ ਦੇ ਪਹੀਆਂ ਦੀ ਥਾਂ ਰਬੜ ਦੇ ਟਾਇਰ ਫਿੱਟ ਕੀਤੇ ਜਾਣ ਲੱਗੇ।
ਚੌਥੇ ਪਹਿਰ 'ਚ ਟੱਲੀਆਂ ਦੀ ਟੁਣਕਾਰ ਨਾਲ ਕੀਤੀ ਜਾਂਦੀ ਸੀ ਵਾਹੀ : ਪੁਰਾਣੇ ਵੇਲੇ 'ਚ ਪੰਜਾਬ ਦੇ ਜ਼ਿਆਦਾਤਰ ਕਿਸਾਨ ਇਨ੍ਹਾਂ ਬਲਦਾਂ ਦੀ ਮਦਦ ਨਾਲ ਹੀ ਖੇਤੀਬਾੜੀ ਦੇ ਸਾਰੇ ਕੰਮ ਕਰਦੇ ਹੁੰਦੇ ਸਨ। ਰਾਤ ਦੇ ਤੀਜੇ ਪਹਿਰ ਉੱਠ ਕੇ ਬਲਦਾਂ ਨੂੰ ਪੱਠੇ ਪਾਉਣ ਮਗਰੋਂ ਚੌਥੇ ਪਹਿਰ ਇਨ੍ਹਾਂ ਦੇ ਗੱਲ 'ਚ ਬੰਨ੍ਹੀਆਂ ਟੱਲੀਆਂ ਦੀ ਟੁਣਕਾਰ ਨਾਲ ਹੀ ਖੇਤਾਂ 'ਚ ਵਾਹੀ ਕੀਤੀ ਜਾਂਦੀ ਸੀ। ਉਸ ਵੇਲੇ ਬਲਦਾਂ ਨਾਲ ਵਾਹੀ ਕਰਨ ਤੋਂ ਇਲਾਵਾ ਸੁਹਾਗਾ ਫੇਰਨ, ਹਲਟ ਗੇੜਨ ਅਤੇ ਆਥਣ ਵੇਲੇ ਆਪਣੇ ਘਰਾਂ ਨੂੰ ਪੱਠੇ ਲੈ ਕੇ ਆਉਣ ਲਈ ਵੀ ਬਲਦਾਂ ਵਾਲੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਪੁਰਾਤਨ ਬਜ਼ੁਰਗਾਂ ਮੁਤਾਬਿਕ ਉਸ ਵੇਲੇ ਬੈਲਗੱਡੀ ਦਾ ਸਾਧਨ ਹੀ ਸਭ ਤੋਂ ਸਸਤਾ ਤੇ ਸੁਖਾਲਾ ਹੁੰਦਾ ਸੀ। ਇੱਥੋਂ ਤੱਕ ਕਿ ਆਮ ਤੌਰ 'ਤੇ ਸ਼ਹਿਰ ਜਾਣ ਵੇਲੇ ਵੀ ਲੋਕ ਸਵੇਰ ਸਮੇਂ ਤੋਂ ਹੀ ਚਾਈਂ-ਚਾਈਂ ਇਨ੍ਹਾਂ ਬੈਲਗੱਡੀਆਂ 'ਤੇ ਸਵਾਰ ਹੋ ਕੇ ਖ਼ਰੀਦਦਾਰੀ ਕਰਨ ਗਏ ਦੇਰ ਸ਼ਾਮ ਨੂੰ ਹੀ ਘਰ ਵਾਪਸ ਪਰਤਦੇ ਸਨ। ਇਸ ਦਾ ਜ਼ਿਕਰ ਲੋਕ ਬੋਲੀਆਂ 'ਚ ਵੀ ਮਿਲਦਾ ਹੈ, 'ਪਿੰਡਾਂ ਵਿਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਲੱਲੀਆਂ, ਉੱਥੋਂ ਦੇ ਦੋ ਬਲਦ ਸੁਣੀਂਦੇ, ਗਲ ਵਿਚ ਉਨ੍ਹਾਂ ਦੇ ਟੱਲੀਆਂ।'
ਟ੍ਰੈਕਟਰਾਂ ਦੇ ਆਉਣ ਨਾਲ ਗਊ ਦੇ ਜਾਇਆਂ ਦੀ ਵੁੱਕਤ ਘਟੀ : ਆਧੁਨਿਕ ਸਮੇਂ ਦੇ ਦੌਰ 'ਚ ਮਸ਼ੀਨੀਕਰਨ ਹੋ ਜਾਣ ਕਰਕੇ ਮਨੁੱਖ ਵਲੋਂ ਘੱਟ ਸਮੇਂ 'ਚ ਵੱਧ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਸ਼ਾਇਦ ਇਸੇ ਕਰਕੇ ਹੀ ਆਵਾਜਾਈ ਦੇ ਸਾਧਨ ਇੰਨੇ ਜ਼ਿਆਦਾ ਵਿਕਸਿਤ ਹੋ ਚੁੱਕੇ ਹਨ ਕਿ ਬੈਂਕਾਂ ਵਾਲੇ ਹਰ ਤਰ੍ਹਾਂ ਦੇ ਕਿਸਾਨਾਂ ਦੀ ਸਹੂਲਤ ਲਈ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਟ੍ਰੈਕਟਰ ਵੀ ਆਸਾਨ ਕਿਸ਼ਤਾਂ 'ਤੇ ਮੁੱਹਈਆ ਕਰਵਾ ਰਹੇ ਹਨ। ਸ਼ਾਇਦ ਇਸੇ ਕਰਕੇ ਹੀ ਇਨ੍ਹਾਂ ਗਊ ਦੇ ਜਾਇਆਂ ਦੀ ਵੁੱਕਤ ਦਿਨੋ-ਦਿਨ ਘਟਦੀ ਜਾ ਰਹੀ ਹੈ।
ਦੋ ਬਲਦਾਂ ਵਾਲੀ ਬੈਲਗੱਡੀ ਤਾਂ ਹੁਣ ਕਿਤੇ ਟਾਂਵੀ-ਟਾਂਵੀ ਨਜ਼ਰ ਆਉਂਦੀ ਹੈ ਪਰ ਪਿੰਡਾਂ ਦੇ ਵਿਰਲੇ ਘਰਾਂ 'ਚ ਹੀ ਇਸ ਵੇਲੇ ਇਕ ਬਲਦ ਵਾਲੀ ਬੈਲਗੱਡੀ ਦੀ ਵਰਤੋਂ ਸਿਰਫ ਖੇਤਾਂ 'ਚੋਂ ਪੱਠੇ ਲਿਆਉਣ ਲਈ ਹੀ ਕੀਤੀ ਜਾ ਰਹੀ ਹੈ। ਜ਼ਿਆਦਾ ਖੇਤੀਬਾੜੀ ਅਤੇ ਵੱਧ ਡੰਗਰ ਰੱਖਣ ਵਾਲੇ ਕਿਸਾਨ ਤਾਂ ਸਮਾਂ ਬਚਾਉਣ ਲਈ ਟ੍ਰੈਕਟਰ ਟਰਾਲੀ 'ਤੇ ਹੀ ਪੱਠੇ ਢੋਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਕਈ ਥਾਵਾਂ 'ਤੇ ਤਾਂ ਛੋਟੇ ਕਿਸਾਨਾਂ ਨੇ ਛੋਟੀਆਂ ਰੇਹੜੀਆਂ ਦੇ ਅੱਗੇ ਹੀ ਮੋਟਰਸਾਈਕਲ ਫਿੱਟ ਕਰਵਾ ਲਏ ਹਨ ਜੋ ਸਿਰਫ ਨਾ-ਮਾਤਰ ਤੇਲ ਦਾ ਖ਼ਰਚਾ ਕਰਕੇ ਘੱਟ ਸਮੇਂ 'ਚ ਹੀ ਫੁਰਤੀ ਨਾਲ ਆਪਣੇ ਕੰਮ ਨਿਬੇੜ ਰਹੇ ਹਨ। ਕਈ ਕਾਮੇ ਤੇ ਫੇਰੀ ਵਾਲੇ ਵੀ ਇਨ੍ਹਾਂ ਜੁਗਾੜੂ ਰੇਹੜੀਆਂ ਤੀ ਵਰਤੋਂ ਆਪਣੇ ਕੰਮਕਾਜ ਲਈ ਕਰ ਰਹੇ ਹਨ ਸ਼ਾਇਦ ਇਸੇ ਕਰਕੇ ਹੀ ਹੁਣ ਲੋਕ ਬਲਦਾਂ ਨੂੰ ਪਾਲਣ ਦਾ ਕੰਮ ਹੌਲੀ-ਹੌਲੀ ਛੱਡਦੇ ਜਾ ਰਹੇ ਹਨ।
ਮਹਿੰਗਾਈ ਕਰਕੇ ਬਲਦਾਂ ਦੀ ਸਾਂਭ-ਸੰਭਾਲ ਹੋਈ ਮੁਸ਼ਕਿਲ : ਅੱਜਕਲ੍ਹ ਪੀੜ੍ਹੀ-ਦਰ-ਪੀੜ੍ਹੀ ਜ਼ਮੀਨਾਂ ਵੰਡੀਆਂ ਜਾਣ ਕਰਕੇ ਵਾਹੀਯੋਗ ਰਕਬੇ ਵੀ ਘਟਦੇ ਜਾ ਰਹੇ ਹਨ। ਅਜਿਹੀ ਹਾਲਤ 'ਚ ਇਨ੍ਹਾਂ ਬਲਦਾਂ ਦੇ ਰੱਖ-ਰਖਾਅ ਅਤੇ ਖੁਰਾਕ ਦੇ ਤੌਰ 'ਤੇ ਪਾਏ ਜਾਣ ਵਾਲੇ ਪੱਠਿਆਂ ਨੂੰ ਮੁੱਲ ਲੈਣ ਨਾਲੋਂ ਲੋਕਾਂ ਨੂੰ 50 ਰੁਪਏ ਦਾ ਪੈਟਰੋਲ ਮੋਟਰਸਾਈਕਲ 'ਚ ਪੁਆਉਣਾ ਕਿਤੇ ਸੁਖ਼ਾਲਾ ਲੱਗਦਾ ਹੈ। ਇਸੇ ਕਰਕੇ ਹੀ ਪੁਰਾਤਨ ਸਮੇਂ 'ਚ ਆਪਣੀ ਸਰਕਾਰੀ ਕਾਇਮ ਰੱਖਣ ਵਾਲੀ ਬੈਲਗੱਡੀ ਦਾ ਸਰੂਪ ਹੌਲੀ-ਹੌਲੀ ਦੋ ਬਲਦਾਂ ਵਾਲੀ ਬੈਲਗੱਡੀ ਤੋਂ ਸੁੰਗੜ ਕੇ ਇਕ ਬਲਦ ਵਾਲੀ ਬੈਲਗੱਡੀ ਦਾ ਹੋ ਗਿਆ ਹੈ ਤੇ ਆਧੁਨਿਕਤਾ ਦੇ ਦੌਰ 'ਚ ਹੁਣ ਇਕ ਬਲਦ ਵਾਲੀ ਬੈਲਗੱਡੀ ਵੀ ਅਲੋਪ ਹੋਣ ਕੰਢੇ ਹੈ। ਇੰਝ ਜਾਪਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬੀ ਸੱਭਿਆਚਾਰ ਦੀ ਨਿਸ਼ਾਨੀ ਇਹ ਬੈਲਗੱਡੀਆਂ ਵੀ ਹੌਲੀ-ਹੌਲੀ ਆਪਣਾ ਵਜੂਦ ਗੁਆ ਕੇ ਸਮੇਂ ਦੀ ਹੋਂਦ 'ਚ ਸਮਾ ਜਾਣਗੀਆਂ।


-ਮੋਬਾਈਲ : 98725-54147.

ਅੰਨ ਦਾਤਾ ਅੱਜ ਦਾਤੇ ਤੋਂ

ਪੰਡ ਕਰਜ਼ੇ ਦੀ ਹੋਈ ਪਈ, ਕਿਸਾਨ ਦੇ ਸਿਰ ਭਾਰੀ ਏ।
ਅੰਨ-ਦਾਤਾ ਦਾਤੇ ਤੋਂ ਅੱਜ, ਬਣਿਆ ਕਿਵੇਂ ਲਾਚਾਰੀ ਏ।
ਫ਼ਸਲ ਓਨੀਂ ਹੁੰਦੀ ਨਹੀਓਂ, ਜਿੰਨਾ ਖਰਚਾ ਆਉਂਦਾ ਏ।
ਉਪਜ ਉੇਗਾਵੇ ਏਥੇ ਕੋਈ, ਮੁੱਲ ਕੋਈ ਹੋਰ ਲਾਉਂਦਾ ਏ।
ਵਿਹਲੜ ਏਹਨੂੰ ਖਾਂਦੇ ਨੇ, ਇਹ ਕੈਸੀ ਖੇਡ ਨਿਆਰੀ ਏ।
ਅੰਨ-ਦਾਤਾ ਦਾਤੇ ਤੋਂ ਅੱਜ....।
ਨਵੇਂ ਰੋਜ਼ ਨਵੀਆਂ ਗ਼ਰਜ਼ਾਂ, ਮੂੰਹ ਵੇਖੋ ਕਿਵੇਂ ਅੱਡਿਆ ਏ।
ਲੱਕ ਤੋੜਵੀਂ ਮਹਿੰਗਾਈ ਨੇ, ਕਚੂੰਭਰ ਇਹਦਾ ਕੱਢਿਆ ਏ।
ਮਿੱਟੀ ਦੇ ਨਾਲ ਮਿੱਟੀ ਹੋਵੇ, ਫੇਰ ਵੀ ਪੱਲੇ ਖ਼ੁਆਰੀ ਏ।
ਅੰਨ ਦਾਤਾ ਅੱਜ ਦਾਤੇ ਤੋਂ.....।
ਔਖਾ ਸੌਖਾ ਹੋ ਕੇ ਜਦਂੋ ਵੀ, ਬੱਚੇ ਆਪਣੇ ਪੜ੍ਹਾਉਂਦਾ ਏ।
ਚੰਗਾ ਪਾਲਣ ਪੋਸ਼ਣ ਕਰ, ਆਪਣਾ ਫਰਜ਼ ਨਿਭਾਉੇਂਦਾ ਏ।
ਪੜ੍ਹੇ ਲਿਖੇ ਬੱਚਿਆਂ ਨੂੰ ਫਿਰ, ਡਰਾਉਂਦੀ ਬੇਰੁਜ਼ਗਾਰੀ ਏ।
ਅੰਨ ਦਾਤਾ ਅੱਜ ਦਾਤੇ ਤੋਂ.....।
ਰਸਮੋਂ ਰਿਵਾਜਾਂ ਉੱਪਰ ਜੇ ਤੂੰ, ਆਪਣਾ ਖਰਚ ਘਟਾ ਲਵੇਂ।
ਖੇਤੀਬਾੜੀ ਦੇ ਸਹਾਇਕ ਧੰਦੇ, ਇੱਕ ਦੋ ਜੇ ਅਪਣਾ ਲਵੇਂ।
ਫੇਰ ਹੀ ਸਿਰ ਤੋਂ ਲੱਥੇਗੀ, ਇਹ ਕਰਜ਼ੇ ਵਾਲੀ ਖ਼ਾਰੀ ਏ।
ਅੰਨ ਦਾਤਾ ਅੱਜ ਦਾਤੇ ਤੋਂ.....।
ਸਰਕਾਰ ਦਾ ਵੀ ਫਰਜ਼ ਹੈ ਜੋ, ਚੰਗੀ ਤਰ੍ਹਾਂ ਨਿਭਾਵੇ ਹੁਣ।
ਘਾਟੇ ਵਾਲੇ ਇਸ ਕਿੱਤੇ ਨੂੰ, ਲਾਭਕਾਰੀ ਕਿੱਤਾ ਬਣਾਵੇ ਹੁਣ।
ਖ਼ੁਦਕੁਸ਼ੀਆਂ ਨੂੰ ਰੋਕਣਾ ਵੀ, ਸਰਕਾਰ ਦੀ ਜ਼ਿੰਮੇਵਾਰੀ ਏ।
ਅੰਨ ਦਾਤਾ ਅੱਜ ਦਾਤੇ ਤੋਂ....।
ਆਪਣੇ ਜੀਆਂ ਬਾਰੇ ਵੀ ਸੋਚ, ਖੁਦਕੁਸ਼ੀ ਦਾ ਨੋਟ ਨਾ ਲਿਖ।
ਖੁਦਕੁਸ਼ੀ ਕੋਈ ਹੱਲ ਨਹੀਂ, ਮੁਸ਼ਕਿਲਾਂ ਨਾਲ ਲੜਨਾ ਸਿੱਖ।
'ਤਲਵੰਡੀ'ਤੋਂ ਤੇਰੀ ਮੰਦੀ ਹਾਲਤ, ਜਾਂਦੀ ਨਹੀਂ ਸਹਾਰੀ ਏ।
ਅੰਨ ਦਾਤਾ ਅੱਜ ਦਾਤੇ ਤੋਂ....।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 9463542896.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX