ਤਾਜਾ ਖ਼ਬਰਾਂ


ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  13 minutes ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  about 1 hour ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  about 1 hour ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 minute ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  about 2 hours ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  about 2 hours ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  about 2 hours ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  about 2 hours ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  about 3 hours ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਹੋਰ ਖ਼ਬਰਾਂ..

ਦਿਲਚਸਪੀਆਂ

ਕੁਰਸੀ

1947 ਦੀ ਵੰਡ ਸਮੇਂ ਲਹਿੰਦੇ ਪੰਜਾਬ ਵਿਚੋਂ ਚੜ੍ਹਦੇ ਪੰਜਾਬ ਵੱਲ ਆਇਆ ਬਚਨਾ ਆਪਣੀ ਪਤਨੀ ਕਰਮੀ ਨਾਲ ਥਾਂ-ਥਾਂ ਧੱਕੇ-ਠੇਡੇ ਖਾਂਦਾ, ਲੁੱਟਿਆ-ਪੁੱਟਿਆ, ਫਟੇ-ਪੁਰਾਣੇ ਤਨ ਦੇ ਕੱਪੜਿਆਂ ਵਿਚ ਇੱਕ ਛੋਟੇ ਜਿਹੇ ਪਿੰਡ ਵਿਚ ਆ ਠਹਿਰਿਆ | ਉਸ ਪਿੰਡ ਦੇ ਲੋਕਾਂ ਨੇ ਤਰਸ ਖਾ ਕੇ ਪਿੰਡ ਵਿਚ ਹੀ ਵੰਡ ਵੇਲੇ ਦੇ ਖਾਲੀ ਹੋਏ ਇਕ ਘਰ ਵਿਚ ਉਸ ਨੂੰ ਪਨਾਹ ਦੇ ਦਿੱਤੀ | ਰਲ ਮਿਲ ਕੇ ਕੁਝ ਦਿਨ ਦਾ ਅੰਨਦਾਣਾ ਵੀ ਪਾ ਦਿੱਤਾ | ਕਿਸੇ ਤਕਨੀਕੀ ਕੰਮ ਦੀ ਜਾਣਕਾਰੀ ਨਾ ਹੋਣ ਕਰਕੇ ਮਿਹਨਤ-ਮਜ਼ਦੂਰੀ ਕਰਦਾ ਪਿੰਡ ਵਿਚ ਵਿਆਹਾਂ ਦਾ ਕੰਮ ਕਰਨ ਲੱਗ ਪਿਆ | ਇਸੇ ਮਿਹਨਤ ਮਜ਼ਦੂਰੀ ਨਾਲ ਘਰ ਦਾ ਗੁਜ਼ਰ-ਬਸਰ ਚਲਣ ਲੱਗ ਪਿਆ ਸੀ | ਉਸ ਦੀ ਪਤਨੀ ਵੀ ਉੁਸ ਦਾ ਚੰਗਾ ਸਾਥ ਦਿੰਦੀ | ਪਿੰਡ ਵਿਚ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਕਹਿੰਦਾ, ਬਚਨਾ ਝੱਟ ਕਰ ਦਿੰਦਾ | ਕੋਈ ਮਿਹਨਤਾਨਾ ਦਿੰਦਾ ਕੋਈ ਨਾ ਦਿੰਦਾ, ਕੋਈ ਹੱਲਾਸ਼ੇਰੀ ਦੇ ਦਿੰਦਾ ਤੇ ਕੋਈ ਦਬਕਾ ਵੀ ਮਾਰ ਦਿੰਦਾ | ਲੈ ਦੇ ਕੇ ਪਰਿਵਾਰਕ ਹਾਲਤ ਤਰਸਯੋਗ ਹੀ ਸੀ | ਸਮਾਜਿਕ ਮਾਣ-ਤਾਣ ਨਾ-ਮਾਤਰ ਹੀ ਸੀ |
ਪਿੰਡ ਦੇ ਕਿਸੇ ਸਲਾਹ-ਮਸ਼ਵਰੇ ਵਿਚ ਉਸ ਦੀ ਕੋਈ ਸੱਦ-ਪੁੱਛ ਨਹੀਂ ਸੀ | ਜਦ ਕਿਤੇ ਪੰਚਾਇਤ ਜੁੜਦੀ, ਬਚਨਾ ਉਸ ਵਿਚ ਜਾਂਦਾ ਜ਼ਰੂਰ ਪਰ ਹਾਲ ਅਜਿਹਾ ਸੀ ਕਿ ਸਭ ਕੁਰਸੀਆਂ-ਮੰਜਿਆਂ 'ਤੇ ਬੈਠੇ ਹੁੰਦੇ ਤੇ ਬਚਨਾ ਭੁੰਜੇ ਹੀ ਬੈਠਾ ਹੁੰਦਾ ਜਾਂ ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਦਾ ਹੀ ਨਜ਼ਰ ਆਉਂਦਾ | ਉਹ ਇਸ ਪਿੰਡ ਦਾ ਅਹਿਸਾਨ ਵੀ ਮੰਨਦਾ ਸੀ ਕਿ ਇਸ ਪਿੰਡ ਨੇ ਉਸਨੂੰ ਘਰ ਤੇ ਰੁਜ਼ਗਾਰ ਦਿੱਤਾ ਸੀ |
ਜਸਦੇਵ, ਬਚਨੇ-ਕਰਮੀ ਦਾ ਬੇਟਾ ਹੁਣ ਜਵਾਨ ਹੋ ਗਿਆ ਸੀ | ਊਚ-ਨੀਚ ਸਮਝਣ ਜੋਗਾ ਹੋ ਗਿਆ ਸੀ | ਸਿਹਤ ਤੋਂ ਚੰਗਾ, ਪੜ੍ਹਾਈ ਵਿਚ ਅੱਵਲ ਰਹਿਣ ਵਾਲਾ, ਖੇਡਾਂ ਵਿਚ ਵੀ ਚੰਗਾ ਨਿਕਲਿਆ | ਬਚਨੇ ਨੂੰ ਉਸ ਦੀਆਂ ਸਭ ਪਾਸਿਓਾ ਸਿਫਤਾਂ ਹੀ ਮਿਲਦੀਆਂ ਸਨ | ਇਸੇ ਕਰਕੇ ਅੱਤ ਦੀ ਗ਼ਰੀਬੀ ਵਿਚ ਵੀ ਬਚਨੇ ਨੇ ਜਸਦੇਵ ਨੂੰ ਪੜ੍ਹਾਈ ਲਈ ਤੋਰੀ ਰੱਖਿਆ |
ਭਰੀ ਪੰਚਾਇਤ ਵਿਚ ਜਾਂ ਹੋਰ ਕੰਮਾਂ ਵਿਚ ਜਸਦੇਵ ਜਦ ਆਪਣੇ ਬਾਪ ਨੂੰ ਹੇਠਾਂ ਬੈਠੇ ਦੇਖਦਾ ਜਾਂ ਵਗਾਰਾਂ ਕਰਦੇ ਦੇਖਦਾ ਤਾਂ ਕਈ ਵਾਰ ਪਿਉ-ਪੁੱਤ ਦੀਆਂ ਨਜ਼ਰਾਂ ਮਿਲ ਕੇ ਨੀਵੀਆਂ ਹੋ ਜਾਂਦੀਆਂ | ਘਰ ਆ ਕੇ ਕਦੇ ਗੱਲਬਾਤ ਕਦੇ ਥੋੜਾ ਬਹਿਸ-ਮੁਬਾਹਿਸਾ ਵੀ ਹੋ ਜਾਂਦਾ | ਅੰਦਰੋਂ ਦੋਵੇਂ ਪਿਉ-ਪੁੱਤ ਅਜਿਹੀ ਸਮਾਜਿਕ ਦਸ਼ਾ 'ਤੇ ਖਿਝ-ਖਿਝ ਜਾਂਦੇ ਸਨ | ਬਚਨਾ ਆਪਣੇ ਪੁੱਤ ਜਸਦੇਵ ਨੂੰ ਸਮਝਾਉਂਦਾ ਕਿ ਪੁੱਤ ਪੜ੍ਹਦਾ ਜਾਹ, ਦਿਨ ਜ਼ਰੂਰ ਬਦਲਣਗੇ |
ਚੰਗੀ ਪੜ੍ਹਾਈ ਤੇ ਚੰਗੀ ਸਿਹਤ ਦਾ ਨਤੀਜਾ ਹੀ ਸੀ ਕਿ ਜਸਦੇਵ ਇੰਸਪੈਕਟਰ ਭਰਤੀ ਹੋ ਗਿਆ | ਬਚਨੇ ਤੇ ਕਰਮੀ ਦੇ ਵਿਹੜੇ ਵਧਾਈਆਂ ਦਾ ਤਾਂਤਾ ਲੱਗ ਗਿਆ | ਬਚਨਾ ਤੇ ਕਰਮੀ ਦੋਵੇਂ ਫੁੱਲੇ ਨਹੀਂ ਸਮਾ ਰਹੇ ਸਨ, ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਮਨਾ ਰਹੇ ਸਨ |
ਅੱਜ ਟ੍ਰੇਨਿਗ ਤੋਂ ਬਾਅਦ ਜਸਦੇਵ ਪਹਿਲੀ ਵਾਰ ਛੁੱਟੀ ਲੈ ਕੇ ਪਿੰਡ ਆ ਰਿਹਾ ਸੀ, ਪਿੰਡ ਵਿਚ ਜਸ਼ਨ ਵਰਗਾ ਮਾਹੌਲ ਸੀ | ਪਿੰਡ ਦੇ ਪੰਚਾਇਤ ਘਰ ਵਿਚ ਜਸਦੇਵ ਦੇ ਸਨਮਾਨ ਲਈ ਸਭ ਲੋਕ ਜੁੜੇ ਸਨ | ਜਿਥੇ ਬਚਨੇ ਤੇ ਜਸਦੇਵ ਨੂੰ ਬੁਲਾਇਆ ਗਿਆ | ਬਚਨੇ ਦੇ ਮਨ ਵਿਚ ਰਹਿ-ਰਹਿ ਕੇ ਕਈ ਵਿਚਾਰ ਉੱਠ ਰਹੇ ਸਨ | ਦੋਵੇਂ ਪਿਉ-ਪੁੱਤਰਾਂ ਨੇ ਦੇਖਿਆ ਕਿ ਪੰਚਾਇਤ ਘਰ ਵਿਚ ਸਭ ਪਤਵੰਤੇ ਕੁਰਸੀਆਂ ਉਪਰ ਬਿਰਾਜਮਾਨ ਸਨ | ਮੋਹਤਬਰਾਂ ਦੀਆਂ ਕੁਰਸੀਆਂ ਵਿਚ ਦੋ ਕੁਰਸੀਆਂ ਖਾਲੀ ਸਨ ਜਿਨ੍ਹਾਂ ਉੱਪਰ ਬਚਨੇ ਤੇ ਜਸਦੇਵ ਨੂੰ ਬਿਠਾਇਆ ਗਿਆ | ਤਹਿਰੀਰਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ | ਤਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ | ਅੱਜ ਪਹਿਲਾ ਦਿਨ ਸੀ ਜਦ ਦੋਵੇਂ ਪਿਉ-ਪੁੱਤਰ ਮੋਹਤਬਾਰਾਂ ਤੇ ਦੂਜਿਆਂ ਲੋਕਾਂ ਵਿਚ ਬਰਾਬਰ ਕੁਰਸੀਆਂ ਉੱਤੇ ਬੈਠੇ ਸਨ |

-ਜਲੰਧਰ | ਮੋਬਾਈਲ : 9855053839


ਖ਼ਬਰ ਸ਼ੇਅਰ ਕਰੋ

ਤੇਈਆ

ਮਾਸਟਰ ਜੀ ਕੱਲ੍ਹ ਦੀ ਮੈਨੂੰ ਛੁੱਟੀ ਦੇ ਦਿਓ, ਮੈਂ ਸਕੂਲ ਨਹੀਂ ਆਉਣਾ | ਮੇਰੀ ਬੀਬੀ ਕਹਿੰਦੀ ਸੀ ਕਿ ਪੁੱਤ ਤੂੰ ਮਾਸਟਰ ਜੀ ਤੋਂ ਕੱਲ੍ਹ ਦੀ ਛੁੱਟੀ ਲੈ ਆੲੀਂ | ਤੈਨੂੰ ਕੱਲ੍ਹ ਨੂੰ ਬੁਖਾਰ ਚੜ੍ਹਨਾ ਐ | ਮਾਸਟਰ ਜੀ ਨੇ ਬੱਚੇ ਨੂੰ ਡਾਂਟਦਿਆਂ ਕਿਹਾ ਕਿ ਤੇਰੀ ਮਾਂ ਅੰਤਰਜਾਮੀ ਐ ਕਿ ਤੈਨੂੰ ਕੱਲ੍ਹ ਨੂੰ ਬੁਖਾਰ ਹੋਣਾ ਹੈ | ਬੱਚੇ ਨੇ ਡਰਦਿਆਂ-ਡਰਦਿਆਂ ਕਿਹਾ ਮਾਸਟਰ ਜੀ ਮੈਨੂੰ ਕੱਲ੍ਹ ਵੀ ਬਾਹਲਾ ਭੈੜਾ ਬੁਖਾਰ ਚੜਿ੍ਹਆ ਸੀ, ਨਾਲੇ ਐਤਵਾਰ ਵਾਲੇ ਦਿਨ ਚੌਥੇ, ਮੈਂ ਤਾਂ ਨਾਲ ਵਾਲੇ ਡਾਕਟਰ ਤੋਂ ਟੀਕਾ ਵੀ ਲਵਾ ਲਿਆ ਸੀ | ਤੁਹਾਨੂੰ ਕਿੰਨੀ ਵਾਰ ਕਿਹਾ ਬਈ ਮੱਛਰ ਬਹੁਤ ਵਧ ਗਿਆ ਐ ਆਪਣੀ ਬੱਚਤ ਰੱਖਿਆ ਕਰੋ ਮਲੇਰੀਆ, ਡੇਂਗੂ, ਚਿਕਨਗੁਨੀਆ ਦਾ ਪ੍ਰਕੋਪ ਚੱਲ ਰਿਹਾ ਐ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਇਆ ਕਰੋ, ਘਰ ਦੇ ਆਲੇ-ਦੁਆਲੇ ਦੀ ਸਫਾਈ ਰੱਖਿਆ ਕਰੋ, ਪਾਣੀ ਨੂੰ ਹਮੇਸ਼ਾ ਢਕ ਕੇ ਰੱਖਿਆ ਕਰੋ, ਖੜ੍ਹੇ ਪਾਣੀ 'ਤੇ ਮੱਛਰ ਜ਼ਿਆਦਾ ਵਧਦਾ ਹੈ | ਨਹੀਂ, ਮਾਸਟਰ ਜੀ ਮੱਛਰ ਦਾ ਸਾਡੇ ਘਰੇ ਦਾਣਾ ਵੀ ਨਹੀਂ, ਨਾਲੇ ਅਸੀਂ 'ਮੱਛਰਦਾਨੀ' ਲਾ ਕੇ ਸੌਾਦੇ ਆਂ | ਮੇਰਾ ਨਾਨਾ ਫ਼ੌਜੀ ਸੀ, ਉਸ ਨੇ ਸਾਨੂੰ ਕੰਟੀਨ 'ਚੋਂ ਮੱਛਰਦਾਨੀ ਲਿਆ ਕੇ ਦਿੱਤੀ ਸੀ, ਪਿਛਲੇ ਸਾਲ | ਤਾਈ ਪ੍ਰਸਿੰਨੀ ਮੇਰੀ ਬੀਬੀ ਨੂੰ ਕਹਿੰਦੀ ਸੀ, ਕੁੜੇ ਮੰੁਡੇ ਨੂੰ ਕੋਈ ਥੌਲਾ-ਥੱਪਾ ਪਵਾ ਲਿਆ ਜਾਂ ਭਜਨੇ ਅਮਲੀ ਤੋਂ ਪਾਣੀ ਕਰਵਾ ਕੇ ਪਿਆ, ਇਸ ਨੂੰ | ਮੈਨੂੰ ਤਾਂ ਲਗਦਾ ਐ ਜੁਆਕ ਨੂੰ ਕਿਤੇ 'ਤੇਈਆ' ਨਾ ਚੜ੍ਹਦਾ ਹੋਵੇ |

-ਅਜੈਬ ਧਾਲੀਵਾਲ
ਝੁਨੀਰ (ਮਾਨਸਾ) | ਮੋਬਾਈਲ : 98764-40589.

ਗੱਲ ਪਤੇ ਦੀ

ਤੜਕੇ ਖੇਤਾਂ ਵੱਲ ਤੋਰਾ-ਫੇਰਾ ਕਰ ਕੇ ਘਰ ਵੱਲ ਵਾਪਸ ਆ ਰਿਹਾ ਸਾਂ ਕਿ ਨਿਆਈਾ ਵਾਲੇ ਖੇਤ ਕੋਲ ਤਾਇਆ ਗੱਜਣ ਸਿਉਂ ਟੱਕਰ ਗਿਆ | ਮੈਂ ਕਿਹਾ 'ਹੋਰ ਬਈ ਤਾਊ ਕੈਮ ਆ ਸਿਹਤਾਂ, ਕਿੰਨੇ ਲਾ 'ਤੇ ਕਣਕ ਦੇ ਵੱਢ ਨੂੰ ਪਾਣੀ ਫਿਰ |'
ਤਾਏ ਨੇ ਬੜਾ ਹੁੱਬ ਕੇ ਦੱਸਿਆ 'ਭਤੀਜ ਪਾਣੀ ਤਾਂ ਪਹਿਲਾਂ ਕੰਪੂਟਰ ਕਰਾਹਾ ਲਵਾ ਕੇ ਤਿੰਨ ਚਾਰ ਲਾ 'ਤੇ, ਆਹ ਜਦੋਂ ਰਾਤ ਰੋਟੀ ਖਾ ਕੇ ਖੇਤ ਵੱਲ ਆਇਆ ਤਾਂ ਲੈਟ ਚੱਲੀ ਜਾਂਦੀ ਸੀ, ਮੈਂ ਸੋਚਿਆ ਵੀ ਮੋਟਰਾਂ ਵਿਹਲੀਆਂ ਈ ਖੜ੍ਹੀਆਂ, ਚੱਲ ਛੱਡ ਦਿੰਨੇ ਆਂ, ਵਾਹਣ ਹੋਰ ਠੰਢਾ ਹੋਜੂ, ਝੋਨਾ ਨਾ ਮੱਚੂ, ਨਾ ਈ ਹਜੇ ਫੱਕ ਤਿਆਰ ਹੋਈ ਆ, ਨਾਲੇ ਸ਼ੇਰਾ ਮੁਖਤ ਲੈਟ ਐ ਆਪਾਂ ਕਿਹੜਾ ਬਿੱਲ ਭਰਨੈਂ, ਆਹ ਦੇਖ ਸਾਰਾ ਪਟਾ ਇੱਕੋ ਨੱਕੇ ਡੱਟ ਤਾ ਤੜਕੇ ਨੂੰ ' |
ਫਿਰ ਮੈਨੂੰ ਪੁੱਛਣ ਲੱਗਾ ਕਿ 'ਤੂੰ ਕਰਤੇ ਵਾਹਣ ਠੰਢੇ ਕੇ ਨਈਾ' | ਮੈਂ ਕਿਹਾ ਤਾਇਆ ਆਪਾਂ ਤਾਂ ਮੀਂਹ ਦੀ ਗਿੱਲ 'ਤੇ ਈ ਵਾਹ ਦਿੱਤਾ ਸੀ ਸਾਰਾ ਵਾਹਣ, ਹੁਣ ਐਵੇਂ ਪਾਣੀ ਦੀ ਕੀ ਲੋੜ ਆ ਵਾਰ-ਵਾਰ, ਨਾਲੇ ਵਾਹਣ ਠੰਢਾ-ਠੁੰਢਾ ਕਰਨ ਆਲਾ ਤਾਂ ਲੋਕਾਂ ਦਾ ਵਹਿਮ ਆ, ਭਾਪਾ ਤਾਂ ਕਹਿੰਦਾ ਸੀ ਲਾ ਦੇ ਹੋਰ ਪਾਣੀ ਪਰ ਇਹ ਨਿਰੀ ਦੁਰਵਰਤੋਂ ਆ ਪਾਣੀ ਦੀ' |
ਇਹ ਸੁਣ ਤਾਇਆ ਅੱਬੜਵਾਹੇ ਬੋਲਿਆ ਉਹ ਜਾਹ ਓਏ ਵੱਡਿਆ ਪਾੜਿ੍ਹਆ, ਸਾਡੀ ਸਾਰੀ ਉਮਰ ਖੇਤਾਂ 'ਚ ਈ ਲੰਘੀ ਆ, ਤੂੰ ਕੱਲ੍ਹ ਦਾ ਛੋਹਰ ਮੈਨੂੰ ਮੱਤਾਂ ਨਾ ਦੇ, ਜਾਹ ਯਾਰ ਤੇਰਾ ਤਾਂ ਮਤਾ ਈ ਹੋਰ ਆ' | ਮੈਂ ਕਿਹਾ 'ਗੱਲ ਮਤੇ ਦੀ ਨਈਾ ਪਤੇ ਦੀ ਆ, ਯਾਦ ਰੱਖੀਂ ਤਾਊ ਸਾਬ੍ਹ ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਈਾ ਜਦ ਅਸੀਂ ਪਾਣੀ ਪੀਣ ਲਈ ਵੀ ਤਰਸਾਂਗੇ, ਨਾਲੇ ਤੁਸੀਂ ਤਾਂ ਆਵਦਾ ਟੈਮ ਟਪਾ ਲਿਆ ਔਖਾ ਤਾਂ ਸਾਡੀ ਪੀੜ੍ਹੀ ਨੂੰ ਹੋ ਜਾਣੈ' |
ਉਸ ਨੇ ਮੇਰੀ ਗੱਲ ਦਾ ਕੋਈ ਗੌਰਾ ਨਾ ਕੀਤਾ | ਤਾਇਆ ਬੋਲਦਾ 'ਹੋਰ ਗੱਲਾਂ ਛੱਡ ਯਾਰ ਵਾਹਣ ਠੰਢੇ ਕਰਨ ਨਾਲ ਤੂੰ ਦੇਖਲੀਂ ਸਾਡੇ ਝੋਨੇ ਦੀ ਡੁੱਸ ਈ ਹੋਰ ਹੋਊ' | ਮੈਂ ਕਿਹਾ ਤਾਇਆ ਇਹ ਗੱਲ ਤੇਰੇ ਮਤੇ ਦੀ ਆ ਪਤੇ ਦੀ ਨਈਾ | ਤਾਇਆ ਪਿੱਛੇ ਬੁੜ-ਬੁੜ ਕਰ ਰਿਹਾ ਸੀ |

-ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ | ਮੋਬਾਈਲ : 7009728427.

ਕੈਨੇਡਾ ਜਾਵੇਂਗੀ?

ਸਰਦਾ-ਪੁਜਦਾ ਜ਼ਿਮੀਂਦਾਰ ਪਰਿਵਾਰ, 'ਕੱਲਾ ਪਿਓ ਤੇ 'ਕੱਲਾ ਪੁੱਤ | ਪੁੱਤ ਜਵਾਨ ਹੋਇਆ ਤਾਂ ਮਾਪਿਆਂ ਨੂੰ ਵਿਆਹ ਦੇ ਸੁਪਨੇ ਆਉਣਾ ਸੁਭਾਵਿਕ ਸੀ | ਹੁਣ ਸਵਾਲ ਸੀ ਕਿ ਕੁੜੀ ਕਿੱਦਾਂ ਦੀ ਲੱਭੀ ਜਾਵੇ? ਪੁੱਤ ਪੜ੍ਹਨ 'ਚ ਠੀਕ-ਠਾਕ ਹੀ ਸੀ ਪਰ ਪੈਲੀ ਚੰਗੀ ਆਉਂਦੀ ਸੀ | ਚਲਦੇ-ਚਲਾਉਂਦੇ ਗੱਲ ਪਹੁੰਚ ਗਈ ਕੈਨੇਡਾ | ਉਹ ਕੁੜੀ ਲੱਭੀ ਜਾਵੇ ਜਿਹੜੀ ਪਹੁੰਚਾਵੇ ਸਾਡਾ ਪੁੱਤ ਕੈਨੇਡਾ | ਪੜ੍ਹੀ-ਲਿਖੀ ਕੁੜੀ ਦੀ ਭਾਲ ਹੋਣ ਲੱਗੀ | ਵਿਚੋਲਿਆਂ (ਵਿਚ-ਔਲਿਆਂ) ਨੇ ਦੱਸ ਪਾਈ ਤੇ ਅਖੀਰ ਕੁੜੀ ਵੇਖਣ-ਵਿਖਾਉਣ ਦਾ ਦਿਨ ਵੀ ਆ ਗਿਆ | ਮੰੁਡਾ ਆਪਣੇ ਮਾਪਿਆਂ ਸਮੇਤ ਕੁੜੀ ਵੇਖਣ ਪਹੁੰਚ ਗਿਆ | ਰਸਮੀ ਗੱਲਾਂਬਾਤਾਂ ਹੋਈਆਂ ਤੇ ਚਾਹ-ਪਾਣੀ ਦਾ ਦੌਰ ਚੱਲਿਆ | ਇਸ ਤੋਂ ਬਾਅਦ ਮੰੁਡੇ ਦੀ ਮਾਂ ਨੇ ਕੁੜੀ ਨੂੰ ਪੁੱਛਿਆ, 'ਪੁੱਤ, ਆਈਲੈਟਸ ਕਰੇਂਗੀ? ਕੈਨੇਡਾ ਜਾਵੇਂਗੀ?' ਕੁੜੀ ਦਾ ਸਿਰ ਹਾਂ ਵਿਚ ਹਿਲਦਾ ਵੇਖ ਕੇ ਸਾਰਿਆਂ ਦੇ ਚਿਹਰੇ 'ਤੇ ਖੁਸ਼ੀ ਦੌੜ ਪਈ | ਮੰੁਡੇ ਤੇ ਮੰੁਡੇ ਦੀ ਮਾਂ ਨੇ ਇਕਦਮ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਰਿਸ਼ਤਾ ਪੱਕਾ ਹੋ ਗਿਆ |

-ਨਰਿੰਦਰਪਾਲ ਕੌਰ
738/7, ਗੁਰੂ ਨਾਨਕ ਨਗਰ, ਪਟਿਆਲਾ |

ਖ਼ੁਸ਼ੀ

ਅੱਜ ਜਦੋਂ ਰਾਣੋ, ਪ੍ਰਸਿੰਨ ਕੌਰ ਦੇ ਘਰ ਕੰਮ ਕਰਨ ਲਈ ਆਈ ਤਾਂ ਉਸ ਦਾ ਚਿਹਰਾ ਖਿੜਿਆ-ਖਿੜਿਆ ਸੀ | ਉਹ ਫਰਸ਼ 'ਤੇ ਲੀਰ ਵੀ ਪੂਰਨ ਸਿਲਾਈ ਵਾਂਗ ਮਾਰ ਕੇ ਝੱਟ ਵਿਹਲੀ ਹੋ ਗਈ | ਉਹ ਪੂਰੀ ਖ਼ੁਸ਼ ਮੂੜ ਵਿਚ ਸੀ | ਪ੍ਰਸਿੰਨ ਕੌਰ ਨੇ ਪਹਿਲਾਂ ਵੀ ਜਦੋਂ ਆਂਢ-ਗੁਆਂਢ ਦਾ ਲਾਗੇ-ਚਾਗੇ ਦੇ ਘਰਾਂ ਦੀਆਂ ਵੰਨ-ਸੁਵੰਨੀਆਂ ਗੱਲਾਂ ਸੁਣਨੀਆਂ ਹੁੰਦੀਆਂ ਤਾਂ ਰਾਣੋ ਨੂੰ ਚਾਹ ਬਣਾ ਕੇ ਆਪ ਪੀਣ ਅਤੇ ਉਸ ਨੂੰ ਪਿਲਾਉਣ ਵਾਸਤੇ ਆਖਦੀ ਪਰ ਅੱਜ ਤਾਂ ਪ੍ਰਸਿੰਨ ਕੌਰ ਉਸ ਦੀ ਖ਼ੁਸ਼ੀ ਦਾ ਰਾਜ ਜਾਣਨਾ ਚਾਹੁੰਦੀ ਸੀ | ਅੱਜ ਉਸ ਨੇ ਖ਼ੁਦ ਚਾਹ ਬਣਾ ਪਿਆਲਾ ਰਾਣੋ ਦੇ ਹੱਥ ਦੇ ਦਿੱਤਾ | ਚਾਹ ਦਾ ਘੁੱਟ ਭਰਦਿਆਂ ਹੀ ਰਾਣੋ ਦੀ ਖ਼ੁਸ਼ੀ ਆਪ ਮੁਹਾਰੇ ਬਾਹਰ ਆ ਗਈ |
'ਬੀਬੀ ਜੀ ਮੈਨੂੰ ਇਕ ਹੋਰ ਘਰ ਦਾ ਕੰਮ ਮਿਲ ਗਿਆ |'
'ਕਿਹੜੇ ਘਰ ਦਾ?'
'ਪਟਵਾਰੀ ਦੇ ਘਰ ਦਾ |'
'ਪਰ ਉਸ ਘਰੇ ਤਾਂ ਤੂੰ ਪਹਿਲਾਂ ਹੀ ਕੰਮ ਕਰਦੀ ਸੀ |'
'ਬੀਬੀ ਜੀ ਇਹੀ ਤਾਂ ਖ਼ੁਸ਼ੀ ਵਾਲੀ ਗੱਲ ਏ | ਕੰਮ ਤਾਂ ਉਹੀ ਕਰਨਾ ਏ ਪਰ ਨੂੰ ਹ-ਪੁੱਤ ਅੱਡ ਹੋਣ ਕਾਰਨ, ਉਥੇ ਇਕ ਹਜ਼ਾਰ ਦੀ ਬਜਾਏ ਦੋ ਹਜ਼ਾਰ ਮਿਲਿਆ ਕਰਨਗੇ | ਬੀਬੀ ਜੀ ਹੁਣ ਮੈਂ ਵੀ ਆਪਣੀ ਧੀ ਨੂਰਾਂ ਨੂੰ ਤੁਹਾਡੇ ਪੋਤਰੇ ਵਾਲੇ ਸਕੂਲ ਦਾਖ਼ਲ ਕਰਾ ਦੇਣਾ ਏਾ |' ਰਾਣੋ ਦੀ ਗੱਲ ਸੁਣਦਿਆਂ ਹੀ ਪ੍ਰਸਿੰਨ ਕੌਰ ਦੇ ਹੱਥ ਫੜਿਆ ਕੱਪ ਕੰਬਣ ਲੱਗ ਪਿਆ |

-ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ (ਅੰਮਿ੍ਤਸਰ)-143105.

ਸਾਉਣ ਦੇ ਮਹੀਨੇ 'ਤੇ ਵਿਸ਼ੇਸ਼ ਸਾਉਣ ਦਾ ਮਹੀਨਾ ਏ

* ਜਸਵੰਤ ਸਿਘ ਸੇਖਵਾਂ *
ਸਿੱਲ੍ਹੀ ਸਿੱਲ੍ਹੀ ਠੰਢੀ ਠੰਢੀ ਪੌਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏਂ।

ਬੱਦਲਾਂ ਦੇ ਝੁੰਡ ਆ ਗਏ ਨੇਰ੍ਹਾ ਜਿਹਾ ਛਾ ਗਿਆ,
ਰੋਹੀਆਂ ਵਿਚ ਪਾਣੀਆਂ ਦਾ ਹੜ੍ਹ ਜਿਹਾ ਆ ਗਿਆ,
ਪਾਣੀਆਂ 'ਚ ਕਿਸ਼ਤੀਆਂ ਤਰਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਤਿੱਖੇ ਨੇ ਛਰਾਟੇ ਤੇ ਹਵਾਵਾਂ ਨੇ ਅਵੱਲੀਆਂ,
ਕੋਠੇ ਉਤੇ ਮੰਜੀਆਂ ਨੂੰ ਗਿੱਲਾ ਕਰ ਚੱਲੀਆਂ,
ਮੰਜੀਆਂ ਡਿਓੜੀ ਵਿਚ ਡਾਹੁਣ ਦਾ ਮੀਹਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਛਾਈਆਂ ਨੀਲੇ ਅੰਬਰੀਂ ਘਟਾਵਾਂ ਘਨਘੋਰ ਨੇ,
ਪੱਬਾਂ ਭਾਰ ਹੋਈ ਜਾਂਦੇ ਮੋਰਨੀ ਤੇ ਮੋਰ ਨੇ,
ਕੋਇਲ ਆਖੇ ਬਾਗ਼ਾਂ ਵਿਚ ਗਾਉਣ ਦਾ ਮਹੀਨਾ ਏਂ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਧੋਤੇ ਗਏ ਪੱਤੇ ਅਤੇ ਰੁੱਖਾਂ ਦੀਆਂ ਟਹਿਣੀਆਂ,
ਡਾਰਾਂ ਨੇ ਪਰਿੰਦਿਆਂ ਦੀਆਂ ਏਥੇ ਹੀ ਬਹਿਣੀਆਂ,
ਆਲ੍ਹਣੇ ਵੀ ਫਿਰ ਤੋਂ ਬਣਾਉਣ ਦਾ ਮਹੀਨਾ ਏਂ
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਹਾਸਾ ਤੇ ਮਖੌਲ ਠੱਠਾ ਤੀਆਂ ਵਿਚ ਨਾਰਾਂ ਦਾ,
ਝੱਲਿਆ ਨਾ ਜਾਏ ਰੂਪ ਤਿੱਲੇ ਦੀਆਂ ਤਾਰਾਂ ਦਾ,
ਉੱਚੀ ਪਿੱਪਲੀ ਤੇ ਪੀਂਘਾਂ ਪਾਉਣ ਦਾ ਮੀਹਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਵਾਰੋ ਵਾਰੀ ਪਾਉਣ ਗਿੱਧਾ ਬੰਨ੍ਹ ਬੰਨ੍ਹ ਟੋਲੀਆਂ,
ਕੋਈ ਪਾਵੇ ਕਿੱਕਲੀ ਤੇ ਕੋਈ ਪਾਵੇ ਬੋਲੀਆਂ,
ਖੀਰ, ਪੂੜੇ ਖਾਣ ਤੇ ਖੁਆਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਮਾਹੀਆ ਸਰਹੱਦਾਂ ਉੱਤੇ ਬੈਠਾ ਬੜੀ ਦੂਰ ਏ,
ਚਿੱਠੀਆਂ ਦੇ ਰਾਹੀਂ ਯਾਦਾਂ ਭੇਜਦਾ ਜ਼ਰੂਰ ਏ,
ਚਿੱਠੀਆਂ ਹੀ ਸੀਨੇ ਨਾਲ ਲਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਾਉਣ ਓਹੀ ਮਾਣਦੇ ਨੇ ਜਿਹੜੇ ਤੇ ਵਿਆਹੇ ਨੇ,
ਛੜੇ ਤਾਂ ਵਿਚਾਰੇ ਕਾਹਦੇ ਦੁਨੀਆ 'ਤੇ ਆਏ ਨੇ,
ਉਨ੍ਹਾਂ ਲਈ ਤਾਂ ਸੀਨੇ ਅੱਗ ਲਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਾਉਣ ਦੇਵੇ ਦੁੱਖ ਵੀ ਗ਼ਰੀਬੀ ਦੇ ਜੋ ਮਾਰੇ ਨੇ,
ਚੋਣ ਛੱਤਾਂ ਢੱਠ ਜਾਂਦੇ ਕੁੱਲੀਆਂ ਤੇ ਢਾਰੇ ਨੇ,
ਕੱਚੇ ਕੋਠਿਆਂ 'ਤੇ ਮਿੱਟੀ ਪਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਚੇਤਾ ਆਇਆ ਸੇਖਵਾਂ ਨੂੰ ਕੀਤੇ ਇਕਰਾਰ ਦਾ,
ਜਾਪਦਾ ਏ ਦੂਰੋਂ ਉਹਨੂੰ 'ਵਾਜਾਂ ਕੋਈ ਮਾਰਦਾ,
ਓਹਦੇ ਨਾਲ ਮੀਂਹ 'ਚ ਨਹਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਿੱਲ੍ਹੀ ਸਿੱਲ੍ਹੀ ਠੰਢੀ ਠੰਢੀ ਪੌਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਮੋਬਾਈਲ : 98184-89010.

ਕ੍ਰਿਸ਼ਮਾ

ਹਰਿੰਦਰ ਕਿਸੇ ਕੰਪਨੀ 'ਚ ਕੰਮ ਕਰਦਾ ਸੀ | ਚੰਗੀ ਸੈਲਰੀ ਸੀ, ਪਰ ਕਿਸੇ ਕਾਰਨ ਉਸ ਨੂੰ ਜਵਾਬ ਮਿਲ ਗਿਆ, ਫਿਰ ਉਸ ਨੂੰ ਕਿਸੇ ਕੰਪਨੀ 'ਚ ਕੰਮ ਨਾ ਮਿਲਿਆ | ਜਦੋਂ ਕਈ ਮਹੀਨੇ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਬੇਰੁਜ਼ਗਾਰੀ ਤੋਂ ਘਬਰਾ ਜਿਹਾ ਗਿਆ | ਫਿਰ ਇਕ ਦਿਨ ਕਿਸੇ ਨੇ ਦੱਸ ਪਾਈ ਕਿ ਫਲਾਣੇ ਕਾਰਖਾਨੇ ਵਿਚ ਇਕ ਸਕਿਉਰਿਟੀ ਗਾਰਡ ਦੀ ਜਗ੍ਹਾ ਮਿਲ ਸਕਦੀ ਹੈ | ਮਰਦਾ ਕੀ ਨਾ ਕਰਦਾ | ਉਹ ਉਥੇ ਪਹੁੰਚ ਗਿਆ ਤੇ ਉਹ ਨੌਕਰੀ ਉਸ ਨੂੰ ਮਿਲ ਗਈ | ਜਦ ਉਸ ਨੇ ਆਪਣਾ ਸਕਿਉਰਿਟੀ ਰੂਮ ਦੇਖਿਆ ਤਾਂ ਹੈਰਾਨ ਰਹਿ ਗਿਆ | ਇਕ ਗੰਦਾ ਜਿਹਾ ਕਮਰਾ ਸੀ ਤੇ ਅੰਦਰ ਤਿੰਨ ਕੁੱਤੇ ਕੋਨਿਆਂ 'ਚ ਬੈਠੇ ਹੋਏ ਸਨ ਤੇ ਮੰਜੇ 'ਤੇ ਇਕ ਬਾਬਾ ਬੈਠਾ ਹੋਇਆ ਸੀ |
ਉਸ ਨੇ ਬਾਹਰ ਦੇਖਿਆ ਇਕ ਦਰੱਖਤ ਸੀ ਉਸ ਦੀ ਛਾਂ ਦੋ ਵਜੇ ਤੱਕ ਰਹਿ ਸਕਦੀ ਸੀ | ਸੋ, ਉਸ ਨੇ ਆਪਣਾ ਕੁਰਸੀ ਮੇਜ਼ ਉਥੇ ਹੀ ਰੱਖ ਲਿਆ | ਲੜਕਾ ਚਲਾਨ ਲੈ ਕੇ ਆਇਆ | ਹਰਿੰਦਰ ਨੇ ਚਲਾਨ ਐਾਟਰੀ ਕਰਨਾ ਸੀ ਤੇ ਮੋਹਰ ਲਾਉਣੀ ਸੀ | ਹੁਣ ਥੋੜ੍ਹੀ ਜਿਹੀ ਧੁੱਪ ਆ ਗਈ | ਲੜਕੇ ਨੇ ਕਿਹਾ, 'ਭਾਅ ਜੀ ਹੁਣ ਤੁਸੀਂ ਸਕਿਉਰਿਟੀ ਰੂਮ 'ਚ ਚਲੇ ਜਾਵੋ, ਉਸ ਦਾ ਚਲਾਨ ਐਾਟਰੀ ਕਰ ਲਿਆ ਤੇ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ | ਉਸ ਦੇ ਜਾਣ ਤੋਂ ਬਾਅਦ ਅਸਮਾਨ 'ਤੇ ਬੱਦਲ ਛਾ ਗਏ, ਫਿਰ ਠੰਢੀ ਹਵਾ ਵਗਣ ਲੱਗੀ ਤੇ ਬਾਅਦ ਵਿਚ ਮੀਂਹ ਪੈਣ ਲੱਗਾ |
ਵਾਹ ਓਏ ਮਿਹਰਾਂ ਦਿਆ ਦਾਤਿਆ ਤੂੰ ਮੇਰੇ ਅੰਦਰ ਦੀ ਆਵਾਜ਼ ਸੁਣ ਲਈ ਤੇ ਆਪਣੇ ਮਿਹਰਾਂ ਦੇ ਖਜ਼ਾਨੇ ਖੋਲ੍ਹ ਦਿੱਤੇ-ਨਹੀਂ ਰੀਸਾਂ ਤੇਰੀਆਂ |

-7468-ਮਾਇਆਪੁਰੀ, ਲੁਧਿਆਣਾ |

ਹੀਟ ਵੇਵ

ਆਥਣ ਵੇਲੇ, ਕੁਝ ਔਰਤਾਂ ਪਾਰਕ ਵਿਚ ਇਕੱਠੀਆਂ ਬੈਠ ਕੇ ਅਕਸਰ ਦੁੱਖ-ਸੁੱਖ ਕਰਦੀਆਂ ਰਹਿੰਦੀਆਂ ਹਨ | ਹਾਏ! ਕਿੰਨੀ ਗਰਮੀ ਸ਼ੁਰੂ ਹੋ ਗਈ ਹੈ | ਪੱਖਿਆਂ ਦੀ ਹਵਾ ਗਰਮ ਲੱਗਦੀ ਹੈ', ਭਜਨ ਨੇ ਕਿਹਾ |
'ਭਜਨ ਜੀ, ਜੇ ਪੱਖਿਆਂ ਦੀ ਹਵਾ ਗਰਮ ਲਗਦੀ ਹੈ ਤਾਂ ਕੂਲਰ ਵਾਲੇ ਕਮਰੇ ਵਿਚ ਸੌਾ ਜਾਇਆ ਕਰੋ', ਸਵਿਤਾ ਨੇ ਬੜੇ ਪਿਆਰ ਨਾਲ ਕਿਹਾ |
ਵਿਚੋਂ ਗੱਲ ਟੋਕਦਿਆਂ ਰਮਿੰਦਰ ਬੋਲੀ, 'ਦੇਖੋ, ਗਰਮੀ, ਸਰਦੀ, ਬਰਸਾਤ ਸਾਰੀਆਂ ਰੁੱਤਾਂ ਆਉਣੀਆਂ ਹਨ ਤਾਂ ਬਰਦਾਸ਼ਤ ਕਰਨ ਦੀ ਹਿੰਮਤ ਚਾਹੀਦੀ ਹੈ | ਲੂ ਤੋਂ ਬਚਣ ਲਈ ਖੁਰਾਕ ਚੰਗੀ ਜਿਵੇਂ ਦੁੱਧ, ਲੱਸੀ, ਸ਼ਰਦਾਈ ਬਣਾ ਕੇ ਪੀ ਲਈਏ |'
'ਆਂਟੀ ਜੀ, ਸ਼ਰਦਾਈ ਕਿਵੇਂ ਬਣਾਉਂਦੇ ਹੋ?'
'ਅੱਜਕਲ੍ਹ ਖਰਬੂਜ਼ੇ, ਹਦਵਾਣੇ ਕਾਫ਼ੀ ਆ ਜਾਂਦੇ ਹਨ | ਉਨ੍ਹਾਂ ਦੇ ਬੀਜਾਂ ਨੂੰ ਧੋ ਕੇ ਸਾਫ਼ ਕਰ ਕੇ ਰੱਖੀਏ | ਕੁਝ ਬੀਜ, ਬਾਦਾਮ ਤੇ ਨਿੱਕੀਆਂ ਦੋ-ਤਿੰਨ ਲਾਚੀਆਂ ਪਾ ਕੇ ਕੁੱਟ ਕੇ ਪੁਣ ਕੇ ਤਿਆਰ ਕਰਕੇ ਕੁਝ ਠੰਢਾ ਦੁੱਧ ਪਾ ਦੇਈਏ ਤੇ ਸ਼ਾਮ ਨੂੰ ਪੀ ਲਈਏ | ਸਿਹਤ ਲਈ ਚੰਗੀ ਖੁਰਾਕ ਹੈ | ਗਰਮੀ ਦੀ ਲੂ ਤੋਂ ਬਚਿਆ ਜਾ ਸਕਦਾ ਹੈ |'
ਵਿਚੋਂ ਦੋ-ਤਿੰਨ ਔਰਤਾਂ ਬੋਲੀਆਂ, 'ਅੱਗੇ ਤਾਂ ਸਾਰਾ ਕੁਝ ਕਰਦੇ ਸੀ, ਪਰ ਅੱਜਕਲ੍ਹ ਦੀਆਂ ਵਹੁਟੀਆਂ ਖਰਬੂਜ਼ਿਆਂ ਦੇ ਬੀਜ ਕੂੜੇ ਵਿਚ ਸੁੱਟ ਦਿੰਦੀਆਂ ਹਨ ਕਿ ਕੌਣ ਵੱਖਰਾ ਕਰਦਾ ਰਹੇ?'
'ਦੇਖੋ, ਮਿਹਨਤ ਕਰ ਕੇ ਹੀ ਸਰੀਰ ਦੀ ਪਰਵਰਿਸ਼ ਹੁੰਦੀ ਹੈ', ਰਮਿੰਦਰ ਬੋਲੀ |
ਸਵੱਛ ਭਾਰਤ ਬਣਾਉਣਾ ਹੈ ਤਾਂ ਬੀਜਾਂ ਦੀ ਸੰਭਾਲ ਕਰ ਕੇ ਕੂੜਾ ਵੀ ਤਾਂ ਘਟਾਉਣਾ ਹੈ |

-ਐਮ.ਏ.ਬੀ.ਟੀ.
ਮੋਬਾਈਲ : 95175-83411.

ਇਨਸਾਨੀਅਤ ਦਾ ਮੁੱਲ

ਮੇਰੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ | ਮੈਨੂੰ ਇਸ ਨੂੰ ਨਵਿਆਉਣ (ਰੀਨਿਊ ਕਰਵਾਉਣ) ਦੀ ਕੋਈ ਖਾਸ ਜ਼ਰੂਰਤ ਨਹੀਂ ਸੀ | ਇਸ ਦਾ ਕਾਰਨ ਉਣਾਸੀ ਸਾਲ ਦੀ ਉਮਰ ਅਤੇ ਸਰੀਰਕ ਕਮਜ਼ੋਰੀ ਸੀ | ਹੁਣ ਮੈਂ ਸਥਾਨਕ ਸ਼ਹਿਰ ਵਿਚ ਹੀ ਸਕੂਟਰੀ ਚਲਾਉਂਦਾ ਹਾਂ | ਕਦੇ-ਕਦੇ ਜਦੋਂ ਜੀਅ ਕਰਦਾ ਹੈ ਤਾਂ ਸਕੂਟਰ ਵੀ ਚਲਾ ਲੈਂਦਾ ਹਾਂ ਪਰ ਡਰਾਈਵਿੰਗ ਲਾਇਸੈਂਸ ਪਹਿਚਾਣ ਪੱਤਰ ਦਾ ਕੰਮ ਵੀ ਕਰਦਾ ਹੈ | ਇਸ ਲਈ ਮੈਂ ਇਸ ਨੂੰ ਨਵਿਆਉਣਾ ਚਾਹੁੰਦਾ ਸੀ ਪਰ ਇਹ ਡੀ.ਟੀ.ਓ. ਦੇ ਦਫ਼ਤਰ 'ਚੋਂ ਰੀਨਿਊ ਹੋਣਾ ਸੀ | ਜ਼ਿਲ੍ਹਾ ਹੈੱਡਕੁਆਰਟਰ ਸਾਡੇ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਹੈ | ਕਈ ਦਿਨ ਉਥੇ ਜਾਣ ਲਈ ਜੱਕੋ-ਤੱਕੋ ਕਰਦਾ ਰਿਹਾ | ਇਕ ਦਿਨ ਮਨ ਬਣਾ ਲਿਆ ਕਿ ਕੱਲ੍ਹ ਨੂੰ ਜ਼ਰੂਰ ਜਾਣਾ ਹੈ | ਗਰਮੀ ਦਾ ਮੌਸਮ ਸੀ | ਸੂਰਜ ਚੜ੍ਹਨ ਤੋਂ ਪਹਿਲਾਂ ਹੀ ਅੱਤ ਦੀ ਗਰਮੀ ਸੀ | ਹੁੰਮਸ ਜ਼ਿਆਦਾ ਹੋਣ ਕਾਰਨ ਦਿਲ ਘਾਊਾ-ਮਾਊਾ ਹੁੰਦਾ ਸੀ | ਪਰ ਇਹ ਸਾਰੀਆਂ ਉਲਟ ਸਥਿਤੀਆਂ, ਮੇਰੇ ਪੱਕੇ ਇਰਾਦੇ ਅੱਗੇ ਟਿਕ ਨਹੀਂ ਸਕੀਆਂ | ਮੈਨੂੰ ਇਹ ਦੱਸਿਆ ਗਿਆ ਸੀ ਕਿ ਨਵਾਂ ਲਾਇਸੈਂਸ ਬਣਾਉਣ ਲਈ ਜਾਂ ਲਾਇਸੈਂਸ ਰਿਨਿਊ ਕਰਵਾਉਣ ਲਈ ਡੀ.ਟੀ.ਓ. ਦੇ ਦਫ਼ਤਰ 9 ਵਜੇ ਤੋਂ ਪਹਿਲਾਂ ਹੀ ਲੰਮੀਆਂ-ਲੰਮੀਆਂ ਲਾਇਨਾਂ ਲੱਗ ਜਾਂਦੀਆਂ ਹਨ | ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਖੱਜਲ-ਖੁਆਰੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਨਾ | ਮੈਂ ਸਾਢੇ ਅੱਠ ਵਜੇ, ਉਸ ਦਫ਼ਤਰ ਪੁੱਜ ਗਿਆ | ਦਫ਼ਤਰ ਵਿਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਾਊਾਟਰ ਸਨ | ਪਰ ਇਹ ਕਾਊਾਟਰ ਹਾਲੇ ਖੁੱਲ੍ਹੇ ਨਹੀਂ ਸਨ | ਇਨ੍ਹਾਂ ਦੀਆਂ ਖਿੜਕੀਆਂ ਬੰਦ ਸਨ | ਕਾਊਾਟਰਾਂ 'ਤੇ ਲਾਈਨਾਂ ਤਾਂ ਜ਼ੂਰਰ ਲੱਗੀਆਂ ਸਨ ਪਰ ਇਨ੍ਹਾਂ ਵਿਚ ਲੋਕੀਂ ਘੱਟ ਸਨ | ਪੁੱਛਗਿੱਛ ਕਰਨ ਉਪਰੰਤ ਪਤਾ ਲੱਗਿਆ ਕਿ ਖਿੜਕੀਆਂ ਸਾਢੇ ਨੌਾ ਵਜੇ ਖੁੱਲ੍ਹਣੀਆਂ ਹਨ |
ਮੈਂ ਉਸ ਕਾਊਾਟਰ 'ਤੇ ਖੜ੍ਹਾ ਹੋ ਗਿਆ ਜਿਥੋਂ ਲੋੜੀਂਦੇ ਫਾਰਮ ਅਤੇ ਫਾਈਲ ਮਿਲਣੀ ਸੀ | ਮੇਰੀ ਨਾਲ ਲਗਦੀ ਲਾਈਨ ਵਿਚ ਮੇਰੇ ਬਰਾਬਰ 'ਤੇ ਇਕ ਸੱਜਣ ਖੜ੍ਹੇ ਸਨ | ਉਨ੍ਹਾਂ ਦੇ ਹੱਥ ਵਿਚ ਇਕ ਫਾਈਲ ਸੀ | ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਵੀ ਲਾਇਸੈਂਸ ਨਵਿਆਉਣ ਲਈ ਆਏ ਹਨ | ਉੱਤਰ ਹਾਂ ਵਿਚ ਮਿਲਿਆ | ਕਿਉਂਕਿ ਖਿੜਕੀਆਂ ਖੁੱਲ੍ਹਣ ਵਿਚ ਸਮਾਂ ਕਾਫ਼ੀ ਸੀ, ਇਸ ਲਈ ਮੈਂ ਉਨ੍ਹਾਂ ਤੋਂ ਲੋੜੀਂਦੀ ਸੂਚਨਾ ਲੈਣ ਲੱਗ ਪਿਆ, ਥੋੜ੍ਹਾ ਬਹੁਤ ਸਮਝਾ ਕੇ, ਉਨ੍ਹਾਂ ਨੇ ਫਾਈਲ ਮੈਨੂੰ ਦੇ ਦਿੱਤੀ | ਮੈਂ ਉਸ ਫਾਈਲ ਵਿਚ ਲੱਗੇ ਦਸਤਾਵੇਜ਼ਾਂ ਨੂੰ ਦੇਖਿਆ, ਉਹ ਇਕਦਮ ਪਹਿਲਾਂ ਹੀ ਫਾਰਮ ਆਦਿ ਲੈ ਗਏ ਸਨ ਅਤੇ ਉਸ ਦਿਨ ਮੁਕੰਮਲ ਕਰਕੇ ਲੈ ਆਏ ਸਨ |
ਗਰਮੀ ਹੋਰ ਵਧ ਗਈ ਸੀ | ਕੁਝ ਫਾਈਲ ਨੂੰ ਦੇਖ ਕੇ ਅਤੇ ਕੁਝ ਗਰਮੀ ਕਾਰਨ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ | ਜਾਪਦਾ ਸੀ ਕਿ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ | ਕਾਊਾਟਰ ਖੁੱਲ੍ਹ ਗਿਆ ਅਤੇ ਮੈਂ ਫਾਈਲ ਲੈ ਲਈ | ਮੇਰੇ ਲਈ ਖੜ੍ਹਾ ਹੋਣਾ ਮੁਸ਼ਕਿਲ ਹੋ ਰਿਹਾ ਸੀ | ਮੈਂ ਏਧਰ-ਉਧਰ ਧਿਆਨ ਮਾਰਿਆ | ਪਰ ਮੈਨੂੰ ਬੈਠਣ ਲਈ ਕੋਈ ਜਗ੍ਹਾ ਨਜ਼ਰ ਨਹੀਂ ਆਈ | ਖੜ੍ਹੇ ਹੋਣ ਲਈ ਕੋਈ ਛਾਂ ਵੀ ਨਹੀਂ ਸੀ | ਕੁਝ ਮੀਟਰ ਦੂਰੀ 'ਤੇ ਇਕ ਕਮਰਾ ਸੀ | ਉਸ ਦੀ ਇਕ ਦੀਵਾਰ ਨਾਲ ਬੰਨੀ ਸੀ | ਬੰਨੀ 'ਤੇ ਥੋੜ੍ਹੀ ਜਿਹੀ ਛਾਂ ਸੀ | ਮੈਂ ਉਥੇ ਜਾ ਕੇ ਬੈਠ ਗਿਆ | ਇੰਨੇ ਨੂੰ ਇਕ ਸੱਜਣ ਮੇਰੇ ਕੋਲ ਆਏ | ਪੁੱਛਣ ਲੱਗੇ ਇਥੇ ਕੋਈ ਕੰਮ ਆਏ ਹੋ | ਮੈਂ ਸੋਚਿਆ ਕਿ ਅੱਜਕਲ੍ਹ ਜ਼ਮਾਨਾ ਖਰਾਬ ਹੈ, ਲੋਕ ਕਈ ਤਰ੍ਹਾਂ ਦੇ ਜਾਲ ਵਿਚ ਫਸਾ ਕੇ ਠੱਗ ਲੈਂਦੇ ਹਨ | ਮੈਂ ਉਸ ਨੂੰ ਬੇਰੁਖ਼ੀ ਨਾਲ ਉੱਤਰ ਦਿੱਤਾ ਕਿ ਆਇਆ ਤਾਂ ਕੰਮ ਹੀ ਸੀ ਪਰ ਹੁਣ ਵਾਪਸ ਜਾ ਰਿਹਾ ਹਾਂ | ਉਸ ਨੇ ਫੇਰ ਪੁੱਛਿਆ, 'ਕਿਥੋਂ ਆਏ ਹੋ?' ਮੈਂ ਉੱਤਰ ਦਿੱਤਾ ਕਿ ਮੈਂ ਕਰਤਾਰਪੁਰ ਤੋਂ ਆਇਆ ਹਾਂ | ਮੈਨੂੰ ਕੋਈ ਏਨਾ ਜ਼ਰੂਰੀ ਕੰਮ ਨਹੀਂ ਸੀ | ਲਾਇਸੈਂਸ ਰੀਨਿਊ ਕਰਵਾਉਣਾ ਸੀ | ਫਿਰ ਕਿਸੇ ਦਿਨ ਕਰਵਾ ਲਵਾਂਗਾ, ਉਹਨੇ ਮੈਨੂੰ ਉਤਸ਼ਾਹਿਤ ਕਰਦੇ ਹੋਏ ਆਖਿਆ ਕਿ ਏਨੀ ਗਰਮੀ ਵਿਚ ਆਏ ਹੋ, ਕੰਮ ਕਰਵਾ ਕੇ ਹੀ ਜਾਓ | ਵਾਰ-ਵਾਰ ਤੁਹਾਡੇ ਲਈ ਆਉਣਾ ਔਖਾ ਹੈ | ਉਸ ਨੇ ਮੈਨੂੰ ਆਖਿਆ ਕਿ ਆਪਣਾ ਪੁਰਾਣਾ ਲਾਇਲੈਂਸ, ਤਿੰਨ ਫੋਟੋ ਅਤੇ ਫਾਈਲ ਮੈਨੂੰ ਦੇ ਦਿਓ | ਮੈਂ ਫਾਈਲ ਭਰ ਦਿੰਦਾ ਹਾਂ | ਸੰਦੇਹ ਦਾ ਸ਼ਿਕਾਰ ਹੋਣ ਦੇ ਬਾਵਜੂਦ ਮੈਂ ਉਸ ਨੂੰ ਇਹ ਸਭ ਕੁਝ ਫੜਾ ਦਿੱਤਾ | ਫਾਈਲ ਝੱਟਪਟ ਭਰ ਲਈ ਗਈ | ਫੋਟੋ ਚਿਪਕਾ ਦਿੱਤੀਆਂ ਗਈਆਂ | ਉਸ ਨੇ ਅਦਬ ਨਾਲ ਮੈਨੂੰ ਆਪਣੇ ਪਿਛੇ-ਪਿੱਛੇ ਆਉਣ ਲਈ ਆਖਿਆ | ਮੈਂ ਬਦੋ ਰੂਹੀ, ਉਸ ਦੇ ਪਿੱਛੇ-ਪਿੱਛੇ ਚੱਲ ਪਿਆ | ਉਸ ਨੇ ਮੈਨੂੰ ਪੇਸੇ ਜਮ੍ਹਾਂ ਕਰਵਾਉਣ ਵਾਲੇ ਕਾਊਾਟਰ 'ਤੇ ਲੱਗੀ ਲਾਈਨ ਵਿਚ ਖੜ੍ਹਾ ਕਰ ਦਿੱਤਾ | ਆਪ ਮੇਰੇ ਬਰਾਬਰ ਖੜ੍ਹਾ ਰਿਹਾ | ਫੀਸ ਜਮ੍ਹਾਂ ਹੋ ਗਈ | ਫਿਰ ਉਹ ਮੈਨੂੰ ਇਕ ਕਮਰੇ ਵਿਚ ਲੈ ਗਿਆ ਜਿਥੇ ਮੈਡੀਕਲ ਹੋਣਾ ਸੀ | ਆਪ ਉਹ ਬਾਹਰ ਖੜ੍ਹਾ ਰਿਹਾ, ਮੈਡੀਕਲ ਹੋਣ ਤੋਂ ਬਾਅਦ, ਸਕੈਨਿੰਗ ਕਰਵਾਈ ਅਤੇ ਫਿਰ ਮੈਨੂੰ ਉਹ, ਉਸ ਖਿੜਕੀ 'ਤੇ ਲੈ ਗਿਆ ਜਿਥੋਂ ਫੋਟੋ ਖਿਚਵਾਉਣ ਲਈ ਪਰਚੀ ਮਿਲਣੀ ਸੀ | ਨਾਲ-ਨਾਲ ਉਹ ਮੈਨੂੰ ਖ਼ਬਰਦਾਰ ਕਰ ਰਿਹਾ ਸੀ ਕਿ ਆਪਣਾ ਬਟੂਆ ਅਤੇ ਪਰਚੀ ਸੰਭਾਲ ਕੇ ਰੱਖਣਾ | ਫਿਰ ਫੋਟੋ ਖਿੱਚਣ ਵਾਲੇ ਕਾਊਾਟਰ 'ਤੇ ਲੈ ਗਿਆ | ਫੋਟੋ ਖਿੱਚੀ ਗਈ | ਉਸ ਨੇ ਮੈਨੂੰ ਆਖਿਆ ਕਿ ਤੁਹਾਡਾ ਸਾਰਾ ਕੰਮ ਹੋ ਗਿਆ ਹੈ, ਇਕ ਖਿੜਕੀ ਵੱਲ ਇਸ਼ਾਰਾ ਕਰਦਿਆਂ, ਉਸ ਨੇ ਮੈਨੂੰ ਆਖਿਆ ਕਿ ਪੰਦਰਾਂ ਦਿਨਾਂ ਬਾਅਦ ਉਹ ਪਰਚੀ ਦੇ ਕੇ ਆਪਣਾ ਲਾਇਸੈਂਸ ਲੈ ਜਾਣ | ਇਸ ਸਾਰੀ ਪ੍ਰਕਿਰਿਆ ਵਿਚ ਇਕ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ | ਮੈਂ ਅੰਦਰੋ-ਅੰਦਰ ਬੜਾ ਸ਼ਰਮਿੰਦਾ ਸੀ ਕਿਉਂਕਿ ਮੈਂ ਉਸ ਨੂੰ ਇਸ ਸਮੇਂ ਵਿਚ ਸੰਦੇਹ ਨਾਲ ਹੀ ਦੇਖਿਆ | ਮੈਂ ਉਸ ਨੂੰ ਆਖਿਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਹੈ, ਮੈਨੂੰ ਗਾਈਡ ਕੀਤਾ ਹੈ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ | ਨਾਲ ਹੀ, ਮੈਂ ਇਕ ਸੌ ਰੁਪਏ ਦਾ ਨੋਟ ਜੇਬ੍ਹ ਵਿਚੋਂ ਕੱਢਿਆ ਤੇ ਉਸ ਦੇ ਹੱਥ 'ਤੇ ਰੱਖ ਦਿੱਤਾ | ਉਸ ਨੇ ਝੱਟਪਟ ਇਹ ਨੋਟ ਮੁੜ ਮੇਰੀ ਜੇਬ ਵਿਚ ਪਾ ਦਿੱਤਾ | ਉਸ ਨੇ ਆਖਿਆ ਕਿ ਮੈਂ ਕੋਈ ਖਾਸ ਕੰਮ ਨਹੀਂ ਕੀਤਾ | ਮੈਂ ਤਾਂ ਕੇਵਲ ਇਨਸਾਨੀਅਤ ਦਾ ਹੀ ਧਰਮ ਨਿਭਾਇਆ ਹੈ ਅਤੇ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ | ਹੱਥ ਮਿਲਾਏ ਗਏ ਇਕ-ਦੂਜੇ ਨੂੰ ਅਲਵਿਦਾ ਆਖਿਆ ਗਿਆ | ਮੇਰੇ ਕਦਮ ਬੱਸ ਅੱਡੇ ਵੱਲ ਅੱਗੇ ਵਧ ਰਹੇ ਸਨ | ਉਸ ਸੱਜਣ ਦੀ ਕੂਹਣੀ ਤੋਂ ਪਾਟੀ ਹੋਈ ਕਮੀਜ਼, ਉਸ ਦੀ ਸਾਦਗੀ, ਉਸ ਦਾ ਭੋਲਾਪਨ ਅਤੇ ਉਸ ਦੀ ਨੇਕਨੀਅਤੀ ਮੇਰੇ ਮਨ 'ਤੇ ਵਾਰ-ਵਾਰ ਲਿਸ਼ਕਾਰੇ ਮਾਰਦੀ ਸੀ, ਉਸ ਦੇ ਇਹ ਸ਼ਬਦ 'ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ' ਮੇਰੇ ਕੰਨਾਂ ਵਿਚ ਗੰੂਜ-ਗੰੂਜ ਕੇ ਮੈਨੂੰ ਸਮਝ ਦੇ ਰਹੇ ਸਨ ਕਿ ਇਨਸਾਨੀਅਤ ਹੀ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ' ਅਤੇ ਇਸ ਦਾ ਮੁੱਲ ਚੁਕਾਇਆ ਨਹੀਂ ਜਾ ਸਕਦਾ |

-ਸੇਵਾਮੁਕਤ ਲੈਕਚਰਾਰ, ਕਰਤਾਰਪੁਰ (ਜਲੰਧਰ) |
ਮੋਬਾਈਲ : 98726-10035

ਕਾਵਿ-ਮਹਿਫ਼ਲ

• ਰਾਮਿੰਦਰ ਬੇਰੀ •
ਭਰਨ ਲਈ ਪਰਵਾਜ਼ ਬਥੇਰਾ ਦਿੱਤਾ ਸਾਥ ਹਵਾਵਾਂ ਨੇ,
ਕਰੀਏ ਕੀ ਪਰ ਜਾਣ ਕੋਈ ਨਾ ਦਿੱਤੀ ਪੇਸ਼ 'ਤਲਾਵਾਂ' ਨੇ |
ਭੰਨੀ ਗਈ ਨਾ ਠਾਰੀ ਮੇਰੀ ਕਿਸੇ ਅਖੌਤੀ ਅੱਗ ਕੋਲੋਂ,
ਨਿੱਘਾ ਕੀਤਾ ਆਖਿਰ ਮੈਨੂੰ ਆਪਣੀਆਂ ਹੀ ਬਾਹਵਾਂ ਨੇ |
ਸਤਲੁਜ, ਜੇਹਲਮ ਵੰਡਣ ਵਾਲੇ ਦਿਲ ਦੀਆਂ ਰਮਜ਼ਾਂ ਕੀ ਜਾਣਨ,
ਹਿਰਦਿਆਂ ਅੰਦਰ ਵਗਦੀਆਂ ਕਿੰਨੀਆਂ ਰਾਵੀ ਅਤੇ ਝਨਾਵਾਂ ਨੇ |
ਕਦੇ ਤਾਂ ਪੁੱਤ ਪਰਤਣਗੇ ਘਰ ਨੂੰ ਸੁੱਖਾਂ ਸੱੁਖਦੀਆਂ ਝੱਲੀਆਂ ਹੋਈਆਂ,
ਧੁੱਪੇ ਖੜ੍ਹੀਆਂ ਸੁੱਕ ਚੱਲੀਆਂ ਪਰ ਫਿਰ ਵੀ ਠੰਢੀਆਂ ਛਾਵਾਂ ਨੇ |
ਸੂਖ਼ਮ, ਭਾਵੁਕ, ਭੋਲੇ, ਪਿਆਰੇ ਰੰਗ ਇਨ੍ਹਾਂ ਵਿਚ ਭਰ 'ਬੇਰੀ',
ਗੀਤ, ਗ਼ਜ਼ਲ, ਕਵਿਤਾਵਾਂ ਇਹ ਸਭ ਨਾਜ਼ੁਕ ਕਲਮ ਕਲਾਵਾਂ ਨੇ |
ਰੱਬਾ ਕੋਈ ਉਸਤਾਦ ਬਣਾ ਲੈ, ਧੋ ਲੈ ਦਾਗ਼ ਤੇ ਸੋਧ ਕਰਾ ਲੈ,
ਵਰਕੇ ਕਾਲੇ ਕੀਤੇ ਜਿਹੜੇ ਤੇਰੀਆਂ ਕੁਝ ਰਚਨਾਵਾਂ ਨੇ |
ਅਪਣੀ ਮਾਂ ਬੋਲੀ ਨੂੰ ਉੱਚਾ ਦਰਜਾ ਤੇ ਸਤਿਕਾਰ ਦਿਓ,
ਸਿੱਖੋ ਭਾਵੇਂ ਦੁਨੀਆ ਦੇ ਵਿਚ ਜਿੰਨੀਆਂ ਵੀ ਭਾਸ਼ਾਵਾਂ ਨੇ |

-1324/4-ਬੀ, ਗੁਰੂ ਅੰਗਦ ਨਗਰ, ਮੁਕਤਸਰ-152026. ਮੋਬਾਈਲ : 98724-61719.

• ਗੁਰਚਰਨ ਨੂਰਪੁਰ •
ਮੇਰੇ ਸਾਹਵੇਂ ਰੱਖਿਆ ਉਹਨੇ ਸਦਾ ਹੀ ਇਕ ਸਵਾਲ,
ਏਨੇ ਦਰਦ ਨੂੰ ਕਿਵੇਂ ਲਿਖੇਂਗਾ ਦੱਸ ਕਲਮ ਦੇ ਨਾਲ |
ਪੌਣ ਸਮੇਂ ਦੀ ਝਾੜ ਲੈ ਗਈ ਸਾਰੇ ਕੂਲੇ ਪੱਤੇ,
ਬਿਰਖਾਂ ਉਤੇ ਪਹਿਲਾਂ ਵਾਲਾ ਹੁਣ ਨਾ ਰਿਹਾ ਜਲਾਲ |
ਸੁਣਿਆ ਮਾਵਾਂ ਪੁੱਤਰਾਂ ਕੋਲੋਂ ਡਰਦੀਆਂ ਨੇ ਹੁਣ ਉਥੇ,
ਸੁਣ ਨਹੀਂ ਹੁੰਦਾ ਮੇਰੇ ਤੋਂ ਹੁਣ ਆਪਣੇ ਪਿੰਡ ਦਾ ਹਾਲ |
ਲੋਕਾਂ ਦੀ ਹਰ ਲੋੜ 'ਤੇ ਗਲਬਾ ਪਾਉਣ ਨੂੰ ਫਿਰਦਾ ਜਿਹੜਾ,
ਦੱਸ ਦੇੲੀਂ ਉਹਨੂੰ ਕੀ ਕੁਝ ਜਾਣਾ ਅੰਤ ਸਮੇਂ ਨੂੰ ਨਾਲ |
ਮੱਛੀਆਂ ਦੇ ਹੱਕਾਂ ਲਈ ਪਾਣੀ ਹਾਅ ਦਾ ਨਾਅਰਾ ਮਾਰਨ,
ਜਾਣ ਕੇ ਬੋਲਾ ਬਣਦਾ ਬੰਦਾ ਸੁੱਟਣ ਲੱਗਾ ਜਾਲ |
ਧਰਮ ਕਰਮ ਦੇ ਬਿਰਖਾਂ ਉਤੇ ਥਾਂ ਥਾਂ ਬਹਿ ਗਏ ਤੋਤੇ,
ਰਟੇ ਰਟਾਏ ਬੋਲ ਬੋਲਦੇ ਬੋਲਣ ਨਾਲ ਕਮਾਲ |

-ਜ਼ੀਰਾ | ਮੋਬਾਈਲ : 98550-51099.

• ਰਾਜਦੀਪ 'ਤੂਰ' •
ਪਿਆਰ ਮੁਹੱਬਤ ਵਾਲੇ ਸਾਰੇ ਨਕਸ਼ ਮਿਟਾਏ ਬੰਦੇ ਨੇ,
ਅਪਣੇ ਮਨ ਵਿਚ ਨਫ਼ਰਤ ਵਾਲੇ ਬੀਜ ਉਗਾਏ ਬੰਦੇ ਨੇ |
ਬੰਦਾ ਬੰਦੇ ਦੇ ਜ਼ਖ਼ਮਾਂ ਲਈ ਮਲ੍ਹਮ ਕਦੇ ਨਾ ਬਣ ਸਕਿਆ,
ਬੰਦੇ ਹੱਥੋਂ ਰੋਜ਼ ਹਜ਼ਾਰਾਂ ਜ਼ਖ਼ਮ ਉਠਾਏ ਬੰਦੇ ਨੇ |
ਰੱਬ ਨੇ ਤਾਂ ਇਸ ਦੁਨੀਆ ਤੇ ਇਨਸਾਨ ਬਣਾ ਕੇ ਭੇਜੇ ਸੀ,
ਹਿੰਦੂ, ਮੁਸਲਿਮ, ਸਿੱਖ, ਇਸਾਈ ਭੇਖ ਬਣਾਏ ਬੰਦੇ ਨੇ |
ਬੇ-ਰੌਣਕ ਹਰ ਚਿਹਰੇ ਪਿੱਛੇ ਇਸਦੀ ਕਾਰਸਤਾਨੀ ਹੈ,
ਬੰਦੇ ਵਿਚੋਂ ਬੰਦੇ ਵਾਲੇ ਰੰਗ ਚੁਰਾਏ ਬੰਦੇ ਨੇ |
ਜੇ ਕਿਧਰੇ ਸ਼ੈਤਾਨ ਸੁਣੇ ਤਾਂ ਕੰਬ ਉਠੇ ਰੂਹ ਉਸਦੀ ਵੀ,
ਆਪਣਿਆਂ ਦੇ ਉਤੇ ਐਨੇ ਜ਼ੁਲਮ ਕਮਾਏ ਬੰਦੇ ਨੇ |

-ਮੋਬਾਈਲ : 97803-00247.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX