ਤਾਜਾ ਖ਼ਬਰਾਂ


ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  about 1 hour ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 2 hours ago
ਮਹਿਲ ਕਲਾਂ ,24 ਅਗਸਤ (ਤਰਸੇਮ ਸਿੰਘ ਚੰਨਣਵਾਲ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕਲਾਲਾ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ...
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  about 3 hours ago
ਕੋਟਕਪੂਰਾ, 24 ਅਗਸਤ (ਮੋਹਰ ਸਿੰਘ ਗਿੱਲ)-ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ 23 ਸਾਲਾ ਨੌਜਵਾਨ ਰੌਕਸੀ ਚਾਵਲਾ ਦੀ ਮ੍ਰਿਤਕ ਦੇਹ ਅੱਜ ਜਿਉਂ ਹੀ ਉਸ ਦੇ ਘਰ ਪੁੱਜੀ ਤਾਂ ਘਰ 'ਚ ...
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  about 3 hours ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਖ਼ੁਰਾਕ, ਸਿਵਲ ਤੇ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੰਜਾਬ....
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  about 3 hours ago
ਸਮਾਧ ਭਾਈ, 24 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਘੋਲੀਆ ਖ਼ੁਰਦ ਦੀ ਦਾਣਾ ਮੰਡੀ 'ਚ ਨਸ਼ਾ ਮੁਕਤ ਕਰਨ ...
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  about 3 hours ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਕ ਪੱਤਰ...
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ...
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  about 4 hours ago
ਨਵੀਂ ਦਿੱਲੀ, 24 ਅਗਸਤ- ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ ਦਿੱਤੀ ਪਹੁੰਚ ਗਿਆ...
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  about 4 hours ago
ਸ੍ਰੀਨਗਰ, 24 ਅਗਸਤ- ਜੰਮੂ-ਕਸ਼ਮੀਰ ਦੇ ਪ੍ਰਮੁੱਖ ਯੋਜਨਾ ਸਕੱਤਰ ਰੋਹਿਤ ਕਾਂਸਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  about 4 hours ago
ਸ੍ਰੀਨਗਰ, 24 ਅਗਸਤ- ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਨੇਤਾਵਾਂ ਦੇ ਅੱਜ ਸ੍ਰੀਨਗਰ ਆਉਣ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ, ''ਹੁਣ ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਦੀ ਲੋੜ ਉਸ ਸਮੇਂ ਸੀ, ਜਦੋਂ ਉਨ੍ਹਾਂ ਦੇ ਸਹਿਯੋਗੀ ਸੰਸਦ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਗੁੜ੍ਹਤੀ

ਮਾਈ ਅੱਕੀ ਦੀਆਂ ਸੋਚਾਂ ਉਹਦੇ ਅਤੀਤ ਵਿਚ ਘੁੰਮ ਰਹੀਆਂ ਹਨ | ਉਸ ਨੂੰ ਯਾਦ ਆ ਰਿਹਾ ਹੈ ਆਪਣਾ ਇਕਲੌਤਾ ਪੁੱਤਰ ਦੀਪ ਤੇ ਉਹਦੀ ਵਹੁਟੀ ਜੱਸੀ | ਏਸ ਛੋਟੇ ਜਿਹੇ ਪਰਿਵਾਰ ਨਾਲ ਘਰ ਵਿਚ ਕਿੰਨੀਆਂ ਖ਼ੁਸ਼ੀਆਂ ਸਨ | ਕਿੰਨੇ ਖੇੜੇ ਸਨ | ਉਹਦੀ ਨੂੰ ਹ ਤੇ ਪੁੱਤਰ ਹਸੰੂ-ਹਸੂੰ ਕਰਦੇ ਚਿਹਰੇ ਲੈ ਕੇ ਉਹਦੇ ਆਲੇ-ਦੁਆਲੇ ਘੁੰਮਦੇ ਤੇ ਉਹਦੇ ਸਾਹੀਂ ਵਿਸਮਦੇ ਸਨ | ਉਹਦੀਆਂ ਲੋੜਾਂ ਦਾ ਕਿੰਨਾ ਖਿਆਲ ਰੱਖਦੇ ਸਨ! ਕਿਸੇ ਵੀ ਫ਼ਿਕਰ-ਚਿੰਤਾ ਨੂੰ ਉਸ ਦੇ ਲਾਗੇ ਨਹੀਂ ਢੁੱਕਣ ਦਿੰਦੇ ਸਨ | ਏਸ ਨਿੱਕੀ ਜਿਹੀ ਟੱਬਰੀ ਨਾਲ ਉਹ ਬੜੀ ਖ਼ੁਸ਼ ਸੀ | ਬਹੁਤ ਹੀ ਸੰਤੁਸ਼ਟ | ਸਾਊ ਤੇ ਆਗਿਆਕਾਰ ਨੂੰਹ-ਪੁੱਤਰ ਦੇ ਪਿਆਰ ਦੀ ਰੌਸ਼ਨੀ ਨਾਲ ਅਕਸਰ ਉਸ ਦੀ ਆਤਮਾ ਜਿਵੇਂ ਝਮ-ਝਮ ਕਰਨ ਲੱਗ ਜਾਂਦੀ ਸੀ |
ਤੇ ਫੇਰ ਇਕ ਮਨਹੂਸ ਦਿਨ ਚੜਿ੍ਹਆ ਤੇ ਉਸ ਦਾ ਪੁੱਤਰ ਦੀਪ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ | ਘਰ ਵਿਚ ਇਕਦਮ ਮਾਤਮ ਛਾ ਗਿਆ | ਹਉਕਿਆਂ ਨਾਲ ਦਰਦ ਭਰੀ ਆਵਾਜ਼ ਤੇ ਹੰਝੂਆਂ ਦੀ ਕਰੁੱਤੀ ਬਰਸਾਤ ਨੇ ਘਰ ਵਿਚੋਂ ਜਿਵੇਂ ਖ਼ੁਸ਼ੀਆਂ ਖੇੜੇ ਉਡਾ ਦਿੱਤੇ ਸਨ |
ਬਹੁਤ ਚਿਰ ਨਾ ਹੋਇਆ ਸੱਟ ਤੇ ਇਕ ਹੋਰ ਗਹਿਰੀ ਸੱਟ ਨੇ ਮਾਈ ਅੱਕੀ ਨੂੰ ਜਿਵੇਂ ਹਿਲਾ ਕੇ ਰੱਖ ਦਿੱਤਾ ਸੀ | ਦੀਪ ਦੀ ਮੌਤ ਤੋਂ ਛੇ ਮਹੀਨੇ ਬਾਅਦ ਉਸ ਦੀ ਨੂੰਹ ਵੀ ਇਕ ਬੱਚੀ ਨੂੰ ਜਨਮ ਦੇ ਕੇ ਜਣੇਪੇ ਦੀ ਘਟਨਾ ਦਾ ਸ਼ਿਕਾਰ ਹੋ ਕੇ ਦਮ ਤੋੜ ਗਈ |
ਮਾਈ ਅੱਕੀ ਉਦੋਂ ਅੰਦਰੋਂ ਜਿਵੇਂ ਟੁੱਟ ਗਈ ਸੀ | ਮਨ ਵਿਚਲੇ ਸਾਰੇ ਇਰਾਦੇ ਤੇ ਉਹੀਆਂ ਅੱਖਾਂ ਵਿਚਲੇ ਸਾਰੇ ਸੁਫ਼ਨੇ ਜਿਵੇਂ ਖਿਲਰ ਕੇ ਮਿੱਟੀ ਵਿਚ ਗੁਆਚ ਗਏ ਸਨ |
ਦੁਖੀ ਮਨ ਨਾਲ ਉਸ ਨੇ ਪੁੱਤਰ ਵਾਂਗ ਹੀ ਨੂੰਹ ਦੇ ਮਰਗ ਦੀਆਂ ਸਾਰੀਆਂ ਰਸਮਾਂ ਭਰੇ ਮਨ ਨਾਲ ਨਿਭਾਈਆਂ ਤੇ ਆਪਣੀ ਨਿੱਕੀ ਜਿਹੀ ਨਵੀਂ ਜੰਮੀ ਪੋਤੀ ਸੁੱਖੀ ਨੂੰ ਗੋਦ ਵਿਚ ਲੈ ਕੇ ਉਹ ਘੰਟਿਆਂ ਤੱਕ ਉਸ ਨੂੰ ਪਰਚਾਉਂਦੀ ਤੇ ਲੋਰੀਆਂ ਦਿੰਦੀ ਰਹਿੰਦੀ | ਪੋਤੀ ਜਿਵੇਂ ਉਸ ਦੀ ਰੂਹ ਦਾ ਇਕ ਹਿੱਸਾ ਬਣ ਗਈ ਸੀ | ਨਿੱਕੀ ਜਿਹੀ ਧੜਕਦੀ ਨਰਮ ਨਾਜ਼ੁਕ ਜਿੰਦ! ਨਰਮ ਗੋਰੇ ਮਾਸ ਦਾ ਖ਼ੂਬਸੂਰਤ ਲੋਥੜਾ | ਉਹਦੀ ਗੋਦ ਵਿਚ ਬੈਠੀ ਇਹ ਨਿੱਕੀ ਜਿਹੀ ਬੱਚੀ ਜਦੋਂ ਮੰਦ-ਮੰਦ ਮੁਸਕਰਾਉਂਦੀ ਤਾਂ ਉਸ ਦੀ ਆਤਮਾ ਵਿਚ ਜਿਵੇਂ ਅਨੇਕਾਂ ਫੁਲਝੜੀਆਂ ਜਗ ਪੈਂਦੀਆਂ ਤੇ ਉਹਦੇ ਮਨ ਵਿਚ ਜਿਵੇਂ ਗੁਲਾਬ ਦੇ ਅਣਗਿਣਤ ਖ਼ੂਬਸੂਰਤ ਫ਼ੁੱਲ ਖਿੜ ਜਾਂਦੇ | ਉਸ ਦਾ ਸਾਰੇ ਦਾ ਸਾਰਾ ਅੰਦਰ ਜਿਵੇਂ ਇਕ ਅਨੂਪਮ ਤੇ ਸੁਖਾਵੀਂ ਵਾਸ਼ਨਾ ਨਾਲ ਭਰ ਜਾਂਦਾ ਤੇ ਉਹ ਬੱਚੀ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲੈਂਦੀ | ਬੱਚੀ ਦੀ ਛਾਤੀ ਦੀ ਨਿੱਕੀ-ਨਿੱਕੀ ਧੜਕਣ ਉਸ ਦੀ ਛਾਤੀ ਵਿਚਲੀ ਧੜਕਣ ਨਾਲ ਰਲ ਜਾਂਦੀ ਤੇ ਮਾਈ ਅੱਕੀ ਨੂੰ ਚੰਗਾ-ਚੰਗਾ ਮਹਿਸੂਸ ਹੁੰਦਾ |
ਏਨੀ ਨਿੱਕੀ ਬੱਚੀ ਨੂੰ ਸ਼ਾਇਦ ਉਹ ਸਹੀ ਸਲਾਮਤ ਨਾ ਰੱਖ ਸਕਦੀ | ਬੱਚੀ ਨੂੰ ਜਿਊਾਦਿਆਂ ਰੱਖਣ ਦਾ ਕੰਮ ਅਸਲ ਵਿਚ ਪਿੰਡ ਵਿਚ ਡਿਸਪੈਂਸਰੀ ਦੀ ਨਰਸ ਪਰਵੀਨ ਨੇ ਹੀ ਕੀਤਾ ਸੀ | ਉਹ ਬੱਚੀ ਦੇ ਇਲਾਜ ਤੇ ਦੇਖ-ਭਾਲ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਰਹਿੰਦੀ ਤੇ ਆਪਣੇ ਛੋਟੇ ਜਿਹੇ ਪੁੱਤਰ ਦੇ ਨਾਲ ਬੱਚੀ ਸੁੱਖੀ ਨੂੰ ਵੀ ਆਪਣਾ ਦੁੱਧ ਚੁੰਘਾ ਦਿੰਦੀ ਸੀ |
ਮਾਈ ਅੱਕੀ ਨੂੰ ਇਹ ਵੀ ਯਾਦ ਆਇਆ, ਜਦ ਸੁੱਖੀ ਜੰਮੀ ਸੀ ਤਾਂ ਪਿੰਡ 'ਚੋਂ ਬੀਬੀ ਦਲੇਰ ਕੌਰ ਵੀ ਆਈ ਸੀ | ਦਲੇਰ ਕੌਰ ਨੇ ਸੁੱਖੀ ਨੂੰ ਗੁੜ੍ਹਤੀ ਦੇ ਕੇ ਗੋਦ ਵਿਚ ਚੁੱਕ ਲਿਆ ਸੀ | ਸਾਰੇ ਕਹਿਣ ਲੱਗ ਪਏ ਸਨ ਕਿ ਮਾਈ ਅੱਕੀ ਦੀ ਪੋਤੀ ਦਲੇਰ ਕੌਰ ਕੋਲੋਂ ਗੁੜ੍ਹਤੀ ਲੈ ਕੇ ਉਹਦੇ ਵਾਂਗ ਦਲੇਰ ਬਣੇਗੀ ਤੇ ਜ਼ੁਲਮ-ਜਬਰ ਦਾ ਟਾਕਰਾ ਕਰੇਗੀ |
ਬੀਬੀ ਦਲੇਰ ਕੌਰ ਅਕਸਰ ਸਵੇਰੇ-ਸ਼ਾਮ ਮਾਈ ਅੱਕੀ ਦੇ ਘਰ ਆਉਂਦੀ ਰਹਿੰਦੀ ਤੇ ਉਹਦੀ ਪੋਤੀ ਨੂੰ ਕੁੱਛੜ ਚੁੱਕ ਕੇ ਬਹੁਤ ਖ਼ੁਸ਼ ਹੁੰਦੀ | ਉਹ ਬੱਚੀ ਦੀਆਂ ਨਾਜ਼ੁਕ ਖਾਖਾਂ 'ਤੇ ਲੱਗੀ ਮਿੱਟੀ ਆਪਣੀ ਚੁੰਨੀ ਦੇ ਲੜ ਨਾਲ ਸਾਫ਼ ਕਰਦੀ ਤੇ ਕਈ ਵਾਰ ਬੱਚੀ ਸੁੱਖੀ ਦੇ ਨੱਕ 'ਚੋਂ ਵਗਦਾ ਪਾਣੀ ਦਲੇਰ ਕੌਰ ਦੇ ਕੱਪੜਿਆਂ ਨੂੰ ਲੱਗ ਜਾਂਦਾ ਤਾਂ ਮਾਈ ਅੱਕੀ ਬੱਚੀ ਨੂੰ ਉਹਦੇ ਕੋਲੋਂ ਫੜ ਲੈਣਾ ਚਾਹੁੰਦੀ ਪਰ ਦਲੇਰ ਕੌਰ ਨਾ ਮੰਨਦੀ |
ਬੁਰੀ ਤਰ੍ਹਾਂ ਟੁੱਟ ਕੇ ਖਿੱਲਰ ਗਏ ਆਪਣੇ ਪਰਿਵਾਰ ਬਾਰੇ ਸੋਚਦੀ-ਸੋਚਦੀ ਮਾਈ ਅੱਕੀ ਬੀਬੀ ਦਲੇਰ ਕੌਰ ਬਾਰੇ ਸੋਚਣ ਲੱਗ ਪਈ | ਬੜੀ ਜਭੇ ਵਾਲੀ ਤੇ ਜੁਰੱਅਤ ਵਾਲੀ ਔਰਤ ਸੀ ਦਲੇਰ ਕੌਰ! ਡਿਗੇ ਢੱਠੇ ਤੇ ਦੁਖੀਆਂ ਨੂੰ ਸਹਾਰਾ ਦੇਣ ਲਈ ਨੱਸ ਕੇ ਪਹੁੰਚਦੀ ਸੀ | ਪਿੰਡ ਤੇ ਇਲਾਕੇ ਦੇ ਵੈਲੀ ਐਬੀ ਲੋਕ ਉਸ ਤੋਂ ਡਰਦੇ ਥਰ-ਥਰ ਕੰਬਦੇ ਸਨ | ਉਸ ਦੇ ਬੂਹੇ ਅੱਗੋਂ ਲੰਘਦਿਆਂ ਹੁੱਲ੍ਹੜਬਾਜ਼ ਸ਼ਰਾਬੀਆਂ ਦਾ ਨਸ਼ਾ ਉੱਤਰ ਜਾਂਦਾ ਸੀ ਤੇ ਲੋਕਾਂ ਨੂੰ ਦਬਾਅ ਕੇ ਰੱਖਣ ਵਾਲੇ ਕੈਂਧ ਤੇ ਧੱਕੜ ਲੋਕਾਂ ਦੇ ਗਲ ਵਿਚ ਉਹ ਸਾਫਾ ਪਾ ਕੇ ਉਨ੍ਹਾਂ ਨੂੰ ਝਟਕੇ ਮਾਰ ਦਿੰਦੀ ਸੀ |
ਮਾਈ ਅੱਕੀ ਨੂੰ ਯਾਦ ਆਇਆ ਇਕ ਵਾਰ ਤਾਂ ਹੱਦ ਹੀ ਹੋ ਗਈ ਸੀ | ਪਿੰਡ ਦੀ ਇਕ ਧੀ ਦਾ ਵਿਆਹ ਹੋਇਆ ਸੀ | ਬਰਾਤ ਤੁਰਦਿਆਂ ਕੁਵੇਲਾ ਹੋ ਗਿਆ ਤੇ ਉਜਾੜ ਵਿਚੋਂ ਲੰਘਦਿਆਂ ਸ਼ਰਾਰਤੀਆਂ ਨੇ ਵਿਅ੍ਹਾਂਦੜ ਕੁੜੀ ਦੇ ਡੋਲੇ 'ਤੇ ਹਮਲਾ ਕਰ ਦਿੱਤਾ ਤੇ ਵਿਅ੍ਹਾਂਦੜ ਕੁੜੀ ਨੂੰ ਧੱਕੇ ਨਾਲ ਡੋਲੇ ਵਿਚੋਂ ਖਿੱਚ ਕੇ ਲੈ ਗਏ |
ਡੋਲਾ ਲਿਜਾਣ ਵਾਲੇ ਲੋਕ ਬੇਵੱਸ ਹੋ ਕੇ ਮੁੜ ਪਿੰਡ ਨੂੰ ਆ ਗਏ | ਸਾਰੇ ਇਲਾਕੇ ਅੰਦਰ ਹਾਹਾਕਾਰ ਮਚ ਗਈ | ਪੰਚਾਇਤਾਂ ਤੇ ਭਾਈਚਾਰਾ ਜਿਵੇਂ ਬੇਵੱਸ ਹੋ ਗਿਆ | ਗੱਲ ਥਾਣੇ ਪਹੁੰਚ ਗਈ | ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਅਪਰਾਧੀਆਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ |
ਇਸੇ ਸਮੇਂ ਬੀਬੀ ਦਲੇਰ ਕੌਰ ਨੂੰ ਕਿਸੇ ਨੇ ਦੱਸਿਆ ਕਿ ਉਧਾਲੀ ਗਈ ਕੁੜੀ ਤੇ ਉਸ ਦੇ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲ ਸਕਣਾ | ਕਿਉਂਕਿ ਇਲਾਕੇ ਦੇ ਵੱਡੇ ਸਿਆਸੀ ਨੇਤਾ ਅਪਰਾਧੀਆਂ ਦੀ ਡਟ ਕੇ ਮਦਦ ਕਰ ਰਹੇ ਸਨ | ਦੱਸਣ ਵਾਲੇ ਨੇ ਬੀਬੀ ਦਲੇਰ ਨੂੰ ਇਹ ਵੀ ਕਿਹਾ ਸੀ, 'ਹੁਣ ਤਾਂ ਪੁਲਿਸ, ਕਾਨੂੰਨ, ਪੰਚਾਇਤਾਂ ਤੇ ਭਾਈਚਾਰਾ ਜਾਪਦਾ ਹੈ ਸਾਰੇ ਸੌਾ ਗਏ ਹਨ, ਬੀਬੀ ਹੁਣ ਉੱਠ ਕੇ ਕੁਝ ਕਰ!'
ਇਲਾਕੇ ਦੇ ਕਈ ਚੰਗੇ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਅਨੇਕਾਂ ਲੋਕ ਅਕਸਰ ਬੀਬੀ ਦਲੇਰ ਕੌਰ ਦੇ ਸੰਪਰਕ ਵਿਚ ਰਹਿੰਦੇ ਸਨ | ਇਨ੍ਹਾਂ ਲੋਕਾਂ ਦੀ ਸਹਾਇਤਾ ਨਾਲ ਬੀਬੀ ਦਲੇਰ ਕੌਰ ਨੇ ਅਪਰਾਧੀਆਂ ਦੇ ਟਿਕਾਣੇ ਦੀ ਸੂਹ ਕੱਢ ਲਈ ਸੀ | ਪਿੰਡ ਦੇ ਤਿੰਨ-ਚਾਰ ਨੌਜਵਾਨਾਂ ਨੂੰ ਨਾਲ ਲੈ ਕੇ ਤੇ ਆਪ ਆਪਣਾ ਖੂੰਡਾ ਲੈ ਕੇ ਉਨ੍ਹਾਂ ਦੇ ਅੱਗੇ ਹੋ ਕੇ ਚੱਲ ਪਈ ਸੀ ਤੇ ਅਪਰਾਧੀਆਂ ਦੇ ਉਸ ਟਿਕਾਣੇ ਤੱਕ ਪਹੁੰਚ ਗਈ | ਜਿੱਥੇ ਨਵੀਂ ਵਿਆਹੀ ਲੜਕੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ |
ਕੁੜੀ ਨੂੰ ਉਧਾਲ ਕੇ ਲਿਜਾਣ ਵਾਲਿਆਂ ਵਿਚੋਂ ਦੋ ਬੰਦੇ ਟਿਕਾਣੇ 'ਤੇ ਹਾਜ਼ਰ ਸਨ | ਜਾਂਦਿਆਂ ਹੀ ਬੀਬੀ ਦਲੇਰ ਕੌਰ ਨੇ ਬਿਜਲੀ ਵਰਗੀ ਫੁਰਤੀ ਨਾਲ ਤੇ ਜ਼ੋਰ ਨਾਲ ਦੋ-ਦੋ ਖੂੰਡੇ ਇਕ ਬਦਮਾਸ਼ ਦੇ ਮੌਰਾਂ 'ਤੇ ਠੋਕ ਕੇ ਮਾਰੇ ਤੇ ਪਿੱਛੋਂ ਪਿੰਡ ਦੇ ਨੌਜਵਾਨਾਂ ਨੇ ਦੋਵਾਂ ਗੁੰਡਿਆਂ ਨੂੰ ਫੜ ਕੇ ਘੜੀਸ ਲਿਆ ਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਤੌਣੀ ਲਾਹੀ | ਫੇਰ ਬੀਬੀ ਦਲੇਰ ਕੌਰ ਨੇ ਸਹਿਮੀ ਹੋਈ ਕੁੜੀ ਨੂੰ ਜੱਫੀ ਪਾਈ ਤੇ ਪਿਆਰ ਦੇ ਕੇ ਆਪਣੇ ਨਾਲ ਪਿੰਡ ਲੈ ਆਂਦਾ ਸੀ | ਅਜਿਹੀ ਜੁਰੱਅਤ ਲਈ ਬੀਬੀ ਦਲੇਰ ਕੌਰ ਦੀ ਸਾਰੇ ਇਲਾਕੇ ਵਿਚ ਧੰਨ-ਧੰਨ ਹੋਈ ਸੀ |
ਅੱਜ ਬੀਬੀ ਦਲੇਰ ਕੌਰ ਜਿਊਾਦੀ ਨਹੀਂ ਸੀ | ਮਾਈ ਅੱਕੀ ਅੰਦਰੋਂ ਤੇਜ਼ ਪੀੜਾਂ ਨਾਲ ਵਿੰਨ੍ਹੀ ਪਈ ਹੈ ਤੇ ਵਾਰ-ਵਾਰ ਉਸ ਨੂੰ ਬੀਬੀ ਦਲੇਰ ਕੌਰ ਯਾਦ ਆ ਰਹੀ ਹੈ |
ਮਾਈ ਅੱਕੀ ਦੀ ਪੋਤੀ ਸੁੱਖੀ ਜਿਸ ਨੂੰ ਉਸ ਨੇ ਚਾਵਾਂ ਨਾਲ ਪੋਰਿ੍ਹਆਂ-ਪੋਰਿ੍ਹਆਂ ਕਰਕੇ ਪਾਲਿਆ ਸੀ ਤੇ ਸਕੂਲ 'ਚ ਪੜ੍ਹਾ ਕੇ ਉਸ ਨੂੰ ਚਾਅ ਨਾਲ ਕਾਲਜ ਵਿਚ ਦਾਖ਼ਲ ਕਰਵਾਇਆ ਸੀ |
ਹਫ਼ਤਾ ਕੁ ਪਹਿਲਾਂ ਮਾਈ ਅੱਕੀ ਦੀ ਪੋਤੀ ਨੂੰ ਕਾਲਜ ਤੋਂ ਆਉਂਦਿਆਂ ਇਕ ਸੁੰਨਸਾਨ ਥਾਂ ਤੋਂ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ ਤੇ ਅਜੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀਂ ਲੱਗੀ | ਸਾਰਾ ਪਿੰਡ ਤੇ ਇਲਾਕਾ ਹੈਰਾਨ ਹੈ | ਸਾਰੇ ਲੋਕ ਪ੍ਰੇਸ਼ਾਨ ਹਨ | ਲੋਕਾਂ ਨੇ ਕੁੜੀ ਨੂੰ ਉਧਾਲਣ ਵਾਲੇ ਬਦਮਾਸ਼ਾਂ ਨੂੰ ਤੇ ਕੁੜੀ ਨੂੰ ਲੱਭਣ ਲਈ ਕੋਈ ਕਸਰ ਨਹੀਂ ਛੱਡੀ | ਪੰਚਾਇਤਾਂ ਤੇ ਭਾਈਚਾਰੇ ਨੇ ਵੀ ਯਤਨ ਕੀਤੇ ਤੇ ਪੁਲਿਸ ਨੇ ਵੀ ਵਿਖਾਵੇ ਵਾਲੀ ਰਸਮੀ ਕਾਰਵਾਈ ਕੀਤੀ ਪਰ ਕੁੜੀ ਨੂੰ ਤੇ ਅਪਰਾਧੀਆਂ ਨੂੰ ਲੱਭਣ ਵਾਲੀ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ |
ਮਾਈ ਅੱਕੀ ਬਹੁਤ ਨਿਰਾਸ਼ ਤੇ ਪ੍ਰੇਸ਼ਾਨ ਹੈ | ਉਸ ਦਾ ਜਿਵੇਂ ਸਭ ਕੁਝ ਉੱਜੜ ਗਿਆ ਹੈ | ਵਾਰ¸ਵਾਰ ਉਸ ਨੂੰ ਬੀਬੀ ਦਲੇਰ ਕੌਰ ਯਾਦ ਆ ਰਹੀ ਹੈ | ਮਾਈ ਅੱਕੀ ਨੂੰ ਜਿੱਥੇ ਸੁੱਖੀ ਨਾਲ ਪਿਆਰ ਹੈ | ਉੱਥੇ ਉਸ 'ਤੇ ਪੂਰਾ ਵਿਸ਼ਵਾਸ ਵੀ ਹੈ | ਆਖਿਰ ਉਸ ਕੁੜੀ ਨੂੰ ਬੀਬੀ ਦਲੇਰ ਕੌਰ ਨੇ ਗੁੜ੍ਹਤੀ ਦਿੱਤੀ ਹੋਈ ਹੈ | ਮਾਈ ਅੱਕੀ ਦੇ ਮਨ ਅੰਦਰ ਆਸ ਦੀ ਮੱਧਮ ਤੇ ਬੁਝਣ-ਬੁਝਣ ਕਰਦੀ ਹੋਈ ਜੋਤ ਅਜੇ ਜਗ ਰਹੀ ਹੈ | ਉਸ ਨੂੰ ਯਕੀਨ ਹੈ ਕਿ ਉਸ ਦੀ ਬੇਟੀ ਹਾਰ ਨਹੀਂ ਮੰਨੇਗੀ | ਉਹ ਗੁੰਡਾਗਰਦੀ ਦਾ ਤਕੜੀ ਹੋ ਕੇ ਟਾਕਰਾ ਕਰੇਗੀ ਤੇ ਸਹੀ ਸਲਾਮਤ ਮੇਰੇ ਕੋਲ ਘਰ ਆ ਜਾਵੇਗੀ |
ਜਿਵੇਂ-ਜਿਵੇਂ ਮਾਈ ਅੱਕੀ ਆਪਣੇ ਦਿਲ 'ਚ ਹੌਸਲੇ ਦੀ ਨਵੀਂ ਉਸਾਰੀ ਕਰ ਰਹੀ ਹੈ, ਤਿਵੇਂ-ਤਿਵੇਂ ਉਸ ਦੀ ਹਿੰਮਤ ਤੇ ਹੌਸਲਾ ਭਾਰੀ ਝੜੀ ਵਿਚ ਖੜ੍ਹੀ ਪੁਰਾਣੀ ਕੰਧ ਵਾਂਗ ਡਿਗੂੰ-ਡਿਗੂੰ ਕਰਦਾ ਜਾਪ ਰਿਹਾ ਹੈ | ਵਾਰ-ਵਾਰ ਮਾਈ ਅੱਕੀ ਦੀਆਂ ਬੰਜਰ ਅਤੇ ਵੀਰਾਨ ਅੱਖਾਂ ਵਿਚੋਂ ਵਗਦੇ ਅੱਥਰੂ ਉਹਦੀਆਂ ਖਾਖਾਂ ਦੀਆਂ ਬੇਤਰਤੀਬੀਆਂ ਝੁਰੜੀਆਂ ਵਿਚੋਂ ਵਗਦੇ ਹੋਏ ਉਸ ਦੀ ਮੈਲੀ ਜਿਹੀ ਚੁੰਨੀ ਦੇ ਪੱਲੇ ਵਿਚ ਡਿਗ ਰਹੇ ਹਨ |
ਮਾਈ ਅੱਕੀ ਅਜੇ ਆਪਣੇ ਮਨ ਦੇ ਉੱਪਰ ਹੇਠ ਹੋਣ ਦੇ ਝਟਕਿਆਂ ਤੇ ਵਹਿੰਦੋਆਣੀਆਂ ਵਿਚੋਂ ਲੰਘ ਰਹੀ ਹੈ ਤੇ ਉਹਦੇ ਗਵਾਂਢ 'ਚੋਂ ਜਾਗਰ ਮਿਸਤਰੀ ਦਾ ਮੁੰਡਾ ਬਾਰੂ ਨੱਸ ਕੇ ਮਾਈ ਅੱਕੀ ਕੋਲ ਅਇਆ ਤੇ ਰੋਣਹਾਕੇ ਅੰਦਾਜ਼ ਵਿਚ ਬੋਲਿਆ | 'ਬੇਬੇ ਅਨਰਥ ਹੋ ਗਿਆ ਹੈ!' ਇਹ ਆਖ ਕੇ ਆਪਣੇ ਹੱਥ ਵਿਚ ਫੜੀ ਅੱਜ ਦੀ ਅਖ਼ਬਾਰ ਦੇ ਦੋ ਪੰਨੇ ਖੋਲ੍ਹ ਕੇ ਉਨ੍ਹਾਂ ਵਿਚ ਛਪੀ ਸਨਸਨੀ ਭਰੀ ਖ਼ਬਰ ਮਾਈ ਅੱਕੀ ਨੂੰ ਸਣਾਉਣ ਲੱਗ ਪਿਆ ਹੈ |
'ਭਰਤਪੁਰ ਥਾਣੇ ਦੀ ਪੁਲਿਸ ਨੇ ਜਬਰ ਜਨਾਹ ਤੋਂ ਬਾਅਦ ਕਤਲ ਕੀਤੀ ਗਈ ਪਿੰਡ ਨਵੇਂ ਮਜ਼ਾਰੇ ਦੀ ਲੜਕੀ ਸੁਖਵਿੰਦਰ ਸੁੱਖੀ ਦੀ ਲਾਸ਼ ਕੱਲ੍ਹ ਰਾਤ ਬਰਾਮਦ ਕਰ ਲਈ ਹੈ ਤੇ ਨਾਲ ਹੀ ਮਾਰੇ ਗਏ ਇਕ ਅਗਵਾਕਾਰ ਦੀ ਲਾਸ਼ ਤੇ ਜ਼ਖ਼ਮੀ ਹਾਲਤ ਵਿਚ ਦੋ ਹੋਰ ਅਗਵਾਰਕਾਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਦੇ ਅਨੁਸਾਰ ਬਹਾਦਰ ਲੜਕੀ ਨੇ ਆਪਣੀ ਅਸਮਤ ਦੀ ਰਾਖ਼ੀ ਲਈ ਅਗਵਾਕਾਰ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਅਗਵਾਕਾਰਾਂ ਵਿਚੋਂ ਇਕ ਬਦਮਾਸ਼ ਦੇ ਹੱਥੋਂ ਗੰਡਾਸਾ ਖੋਹ ਕੇ ਦੋ ਅਗਵਾਕਾਰਾਂ ਨੂੰ ਜ਼ਖਮੀ ਕਰ ਦਿੱਤਾ ਤੇ ਇਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਅੱਜ ਸਵੇਰੇ ਲੜਕੀ ਦੀ ਲਾਸ਼ ਉਸ ਦੇ ਪਿੰਡ ਲਿਆਂਦੀ ਜਾ ਰਹੀ ਹੈ |'
ਇਹ ਖ਼ਬਰ ਸੁਣ ਕੇ ਮਾਈ ਅੱਕੀ ਦੇ ਮਨ ਵਿਚ ਹੌਲ ਪਿਆ ਹੈ ਤੇ ਉਸ ਨੇ ਆਪਣੀ ਛਾਤੀ 'ਤੇ ਜ਼ੋਰ-ਜ਼ੋਰ ਨਾਲ ਦੋਹੱਥੜ ਮਾਰਦਿਆਂ ਮਨ 'ਚ ਬੀਬੀ ਦਲੇਰ ਕੌਰ ਨੂੰ ਯਾਦ ਕਰ ਕੇ ਆਖਿਆ | 'ਅੱਜ ਜੇ ਉਹ ਜਿਊਾਦੀ ਹੁੰਦੀ...' ਤੇ ਏਸ ਤੋਂ ਅਗਲੇ ਉਸ ਦੇ ਰੁਦਨ ਭਰੇ ਬੋਲ ਉਹਦੇ ਖੁਰਦੁਰੇ ਬੁੱਲ੍ਹਾਂ ਵਿਚ ਹੀ ਕਿਤੇ ਗੁਆਚ ਗਏ |

-ਸੰਪਰਕ : 94631-33991.


ਖ਼ਬਰ ਸ਼ੇਅਰ ਕਰੋ

ਕਣਕਾਂ ਲੰਮੀਆਂ....?


ਹਿੰਦੁਸਤਾਨ ਦਾ ਕੋਈ ਮਹੱਲਾ, ਕੋਈ ਗਲੀ ਅਜਿਹੀ ਨਹੀਂ, ਜਿਥੇ ਇਕ 'ਆਕਾਸ਼ਵਾਣੀ' ਨਾ ਹੋਵੇ | ਆਹੋ ਜੀ, ਇਕ ਲੇਡੀ ਕ੍ਰੈਕਟਰ ਤਾਂ ਐਸਾ ਹੁੰਦੀ ਹੀ ਹੈ, ਜਿਹੜੀ ਚੁਣ-ਚੁਣ ਕੇ ਆਂਢੀਆਂ-ਗੁਆਂਢੀਆਂ ਦੀਆਂ ਖ਼ਬਰਾਂ, ਉਹ ਵੀ ਸਵਾਦਲੀਆਂ, ਭੇਦ ਭਰੀਆਂ, ਇਕ ਘਰ ਦੀਆਂ ਦੂਜਿਆਂ ਘਰਾਂ 'ਚ ਨਾ ਸੁਣਾਉਂਦੀ ਹੋਵੇ | ਐਦਾਂ ਦੀਆਂ ਕਨਸੋਆਂ... |
'ਭੀਤੋ ਦੀ ਮਾਂ... ਸੁਣੀ ਆ, ਆਹ ਖ਼ਬਰ | ਕਰਮੋ ਦੀ ਧੀ ਲਾਲੀ... |'
'ਸੱਚੀਂ? ਉਹ ਤਾਂ ਆਪਣੀ ਧੀ ਦੀਆਂ ਸਿਫ਼ਤਾਂ ਕਰਨੋਂ ਨਹੀਂ ਸੀ ਥੱਕਦੀ | ਅਖੇ ਮੇਰੀ ਕੁੜੀ ਤਾਂ ਅੰਦਰੋਂ ਬਾਹਰ ਪੈਰ ਨਹੀਂ ਰੱਖਦੀ |'
ਤੁਸੀਂ ਸਮਝ ਹੀ ਗਏ ਹੋਵੋਗੇ, ਇਸੇ ਮਹੀਨੇ ਪਿਛਲੇ ਹਫ਼ਤੇ ਬਰੇਲੀ ਤੋਂ ਇਕ ਐਮ.ਐਲ.ਏ. ਦੀ ਧੀ ਆਪਣੇ ਦਲਿਤ ਪ੍ਰੇਮੀ ਨਾਲ ਘਰੋਂ ਭੱਜ ਗਈ ਤੇ ਉਸ ਨਾਲ ਵਿਆਹ ਕਰਵਾ ਲਿਆ | ਦੋਵੇਂ ਭੱਜੇ ਫਿਰਦੇ ਸਨ, ਕੁੜੀ ਦੇ ਬਿਆਨ ਅਨੁਸਾਰ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਦੇ ਪਿਤਾ ਦੇ ਖਾਸਮ-ਖਾਸ ਲੋਕ, ਦੋਵਾਂ ਨੂੰ ਲੱਭਣ ਲਈ ਜਿਸ ਹੋਟਲ 'ਚ ਉਨ੍ਹਾਂ ਨੇ ਪਨਾਹ ਲੈ ਰੱਖੀ ਸੀ, ਉਥੋਂ ਤਾੲੀਂ ਤਾਂ ਪਹੁੰਚ ਹੀ ਗਏ ਸਨ | ਪਰ ਉਥੋਂ ਵੀ ਪਿਛਲੇ ਦਰਵਾਜ਼ੇ ਤੋਂ ਜਾਨ ਬਚਾ ਕੇ ਉਹ ਭੱਜੇ ਤੇ ਸਿੱਧਾ ਅਦਾਲਤ 'ਚ ਗੁਹਾਰ ਲਾਈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ | ਕਾਨੂੰਨ ਨੇ, ਇਸ ਆਧਾਰ 'ਤੇ 'ਤੇ, ਸੁਰੱਖਿਆ ਦੇ ਦਿੱਤੀ ਹੈ ਕਿਉਂਕਿ ਉਹ ਹੁਣ ਬਾਲਗ ਹਨ, ਇਸ ਲਈ ਉਨ੍ਹਾਂ ਨੂੰ ਵਿਆਹ ਬੰਧਨ 'ਚ ਬੰਨ੍ਹਣ ਤੇ ਜ਼ਿੰਦਗੀ ਜਿੱਦਾਂ ਜਿਊਣੀ ਚਾਹੁਣ, ਵਿਆਹ ਕਰਨ ਦਾ ਪੂਰਾ ਅਧਿਕਾਰ ਹੈ | ਟੀ.ਵੀ. ਚੈਨਲਾਂ 'ਤੇ 'ਭੱਜ ਗਈ...' ਜਿਨ੍ਹਾਂ ਜੰਮਿਆ, ਜਿਨ੍ਹਾਂ ਪਾਲਿਆ-ਪੋਸਿਆ ਉਹ ਉਸ ਨੂੰ ਜਿਊਾਦਿਆਂ ਨਹੀਂ ਛੱਡਣਗੇ | ਹਾਲਾਂਕਿ ਐਮ.ਐਲ.ਏ. ਪਿਤਾ ਨੇ ਇਹ ਆਖ ਕੇ ਗੋਂਗਲੂਆਂ 'ਤੇ ਪਾਣੀ ਪਾ ਕੇ ਪੱਲਾ ਝਾੜ ਲਿਆ ਹੈ ਕਿ 'ਹੁਣ ਉਹ ਬਾਲਗ ਹੈ, ਉਹ ਜਿਹਦੇ ਨਾਲ ਜਿਥੇ ਰਹੇ, ਉਹਦਾ ਅਧਿਕਾਰ ਹੈ, ਮੈਂ ਬਸ ਐਨਾ ਹੀ ਕਹਾਂਗਾ ਕਿ ਉਹ ਜਿਥੇ ਰਹੇ, ਜਿਸ ਤਰ੍ਹਾਂ ਰਹੇ, ਖ਼ੁਸ਼ ਰਹੇ |'
ਪਰ... 'ਪਿਆਰ ਕੀਆ ਤੋ ਡਰਨਾ ਕਯਾ', 'ਆਸ਼ਕਾਂ ਨੂੰ ਕਬਰਾਂ ਉਡੀਕਦੀਆਂ |'
ਪੰਜਾਬ ਦੀਆਂ ਪ੍ਰੇਮ ਕਥਾਵਾਂ... ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ... ਤੇ ਅੰਗਰੇਜ਼ੀ ਦੀ ਬਹੁਚਰਚਿਤ ਰੋਮੀਓ-ਜੂਲੀਅਟ, ਬੇਸ਼ੱਕ ਇਹ ਸਭੇ ਪ੍ਰੇਮ ਜੋੜੀਆਂ ਇਕੋ ਮਜ਼੍ਹਬ ਵਾਲੀਆਂ ਸਨ, ਪਰ ਇਨ੍ਹਾਂ ਸਭਨਾਂ ਦਾ ਅੰਤ, ਸੁਖਾਂਤ ਨਹੀਂ ਹੈ, ਇਸ ਧਰਤੀ 'ਤੇ ਜਿਊਾਦਿਆਂ ਮਿਲ ਨਹੀਂ ਸਕੇ, ਹਾਂ ਜੇਕਰ ਸੱਚਮੁੱਚ ਉੱਪਰ ਕੋਈ ਸਵਰਗ ਹੈ ਤਾਂ ਹੋ ਸਕਦੈ ਉਥੇ ਹੀ ਮਿਲੇ ਹੋਣਗੇ | ਇਕ ਹਿੰਦੀ ਫ਼ਿਲਮ ਬਣਾਈ ਸੀ, ਐਲ.ਵੀ. ਪ੍ਰਸਾਦ ਨੇ... 'ਏਕ ਦੂਜੇ ਕੇ ਲੀਏ' | ਇਸ ਵਿਚ ਰਤੀ ਅਗਨੀਹੋਤਰੀ ਤੇ ਕਮਲ ਹਸਨ ਹੀਰੋਇਨ ਤੇ ਹੀਰੋ ਸਨ | ਘੱਟ ਹੀ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਦੇ ਕਲਾਈਮੈਕਸ ਦੋ ਤਰ੍ਹਾਂ ਫ਼ਿਲਮਾਏ ਗਏ ਸਨ, ਇਕ 'ਚ ਤਾਂ ਪੰ੍ਰਪਰਾਗਤ ਦੋਵੇਂ ਪ੍ਰੇਮੀ ਅੰਤ 'ਚ ਮਰ ਜਾਂਦੇ ਹਨ, ਦੂਜੇ 'ਚ ਦੋਵਾਂ ਨੂੰ ਜਿਊਾਦਿਆਂ ਹੀ ਮਿਲਾ ਦਿੱਤਾ ਗਿਆ ਸੀ | ਪਰ ਜਦ ਫ਼ਿਲਮ ਰਿਲੀਜ਼ ਕੀਤੀ ਗਈ ਤਾਂ ਉਨ੍ਹਾਂ ਦੋਵਾਂ ਦਾ ਮਰਨ ਵਾਲਾ ਕਲਾਈਮੈਕਸ ਹੀ ਰੱਖਿਆ ਗਿਆ, ਇਹ ਫ਼ਿਲਮ ਸੁਪਰ-ਡੁਪਰਹਿੱਟ ਹੋਈ |
ਮੇਰੇ ਇਕ ਬੜੇ ਚੰਗੇ ਮੁਸਲਮਾਨ ਦੋਸਤ ਨੇ ਇਕ ਹਿੰਦੂ ਕੁੜੀ ਨਾਲ ਵਿਆਹ ਕੀਤਾ ਹੈ, ਉਨ੍ਹਾਂ ਦੇ ਘਰ ਦੋ ਲੜਕੇ ਪੈਦਾ ਹੋਏ | ਮੰੁਡੇ ਵੱਡੇ ਹੋ ਗਏ | ਇਕ ਦਿਨ ਮੇਰਾ ਦੋਸਤ ਬੜਾ ਪਛਤਾਵੇ ਤੇ ਗੁੱਸੇ ਦੇ ਮੂਡ 'ਚ ਸੀ | ਮੈਂ ਪੁੱਛਿਆ, ਤਾਂ ਉਸ ਨੇ ਕਿਹਾ, ਮੇਰੇ ਵੱਡੇ ਮੰੁਡੇ ਨੇ ਇਕ ਕੁੜੀ ਭਜਾ ਕੇ ਉਹਦੇ ਨਾਲ ਵਿਆਹ ਕਰ ਲਿਆ ਹੈ ਤੇ ਇਕ ਕਿਰਾਏ ਦਾ ਮਕਾਨ ਲੈ ਕੇ ਉਸੇ ਵਿਚ ਰਹਿ ਰਿਹਾ ਹੈ |'
ਮੈਂ ਪੁੱਛਿਆ, 'ਕੀ ਉਸ ਨੇ ਕਿਸੇ ਦੂਜੇ ਧਰਮ ਵਾਲੀ ਕੁੜੀ ਨਾਲ ਵਿਆਹ ਕੀਤਾ ਹੈ?'
'ਨਹੀਂ, ਉਸ ਨੇ ਅਫਸੋਸੇ ਹੋਏ ਮਨ ਨਾਲ ਕਿਹਾ, ਕੁੜੀ ਤਾਂ ਮੁਸਲਮਾਨ ਹੀ ਹੈ, ਪਰ ਉਹ 'ਸ਼ੀਆ' ਹੈ ਤੇ ਅਸੀਂ 'ਸੰੁਨੀ' ਹਾਂ |
ਮੈਂ ਹੱਸੇ ਬਿਨਾਂ ਰਹਿ ਨਾ ਸਕਿਆ, ਹਾਲਾਂਕਿ ਮੈਨੂੰ ਪਤਾ ਹੈ ਕਿ ਸ਼ੀਆ ਤੇ ਸੰੁਨੀ, ਇਕ ਦੂਜੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ | ਸਮਝੋ ਇਕ ਹੀ ਧਰਮ ਵਿਚ ਨਫ਼ਰਤ ਦੀ ਦੀਵਾਰ ਹੈ |
ਮੈਂ ਤਨਜ਼ ਕੀਤਾ, 'ਓਏ ਤੂੰ ਆਪ ਤਾਂ ਹਿੰਦੂ ਕੁੜੀ ਨਾਲ ਵਿਆਹ ਕੀਤਾ ਹੈ, ਆਪਣੇ ਵੇਲੇ ਜਾਤ-ਪਾਤ, ਹਿੰਦੂ-ਮੁਸਲਿਮ ਭੁੱਲ ਗਿਆ ਸੈਂ |'
ਮੰਨੋਗੇ ਨਹੀਂ, ਉਹ ਉਸੇ ਵੇਲੇ ਮੈਨੂੰ ਆਪਣੇ ਪੁੱਤਰ-ਨੂੰਹ ਦੇ ਘਰ ਲੈ ਗਿਆ, ਜਿਥੇ ਉਹ ਕਿਰਾਏ 'ਤੇ ਰਹਿ ਰਹੇ ਸਨ, ਉਹਨੇ ਦੋਵਾਂ ਨੂੰ ਗਲੇ ਲਾ ਲਿਆ | ਹੁਣ ਉਹ ਇਕੱਠੇ ਆਪਣੇ ਫਲੈਟ ਵਿਚ ਵੀ ਰਹਿ ਰਹੇ ਹਨ | ਹੁਣ ਤਾਂ ਉਹ ਦੋਵਾਂ ਬੇਟਿਆਂ ਦੇ ਬੱਚਿਆਂ ਦੇ ਦਾਦਾ-ਦਾਦੀ ਬਣ ਗਏ ਹਨ |
ਜਾਤ-ਪਾਤ, ਛੋਟੀ ਜਾਤ, ਵੱਡੀ ਜਾਤ, ਗੋਤਰ, ਇਹ ਵੀ ਮੁੱਖ ਕਾਰਨ ਨੇ... ਆਪਣੇ ਹੀ ਬੱਚਿਆਂ ਵਿਰੁੱਧ ਨਫ਼ਰਤ ਦੀ ਅੱਗ ਭੜਕਾਉਣ ਦੇ... ਆਨਰ ਕਿਲਿੰਗ... ਇਸੇ ਦਾ ਪ੍ਰਮਾਣ ਹੈ |
ਹੀਰ-ਰਾਂਝਾ 'ਚ ਹੀਰ ਦਾ ਵਿਆਹ ਸੈਦੇ ਨਾਲ ਮਿਥਿਆ ਗਿਆ ਸੀ | ਹੀਰ ਦੀ ਸਹੇਲੀ ਪਿਛਲੇ ਪਾਸਿਉਂ ਕੰ ਧ ਟੱਪ ਕੇ ਰਾਂਝੇ ਨੂੰ ਉਸ ਦੇ ਕਮਰੇ ਵਿਚ ਲੈ ਆਈ ਸੀ ਪਰ ਰਾਂਝੇ ਨੇ ਉਸ ਨੂੰ ਭਜਾ ਕੇ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਉਹ ਉਹਦੇ ਮਾਤਾ-ਪਿਤਾ ਦੀ ਇੱਜ਼ਤ ਨੂੰ ਦਾਗ਼ਦਾਰ ਨਹੀਂ ਸੀ ਕਰਨਾ ਚਾਹੁੰਦਾ, ਬੇਸ਼ੱਕ ਉਹ ਵਿਆਹੀ ਗਈ, ਹੀਰ ਦੇ ਸਹੁਰੇ ਘਰ ਅਲਖ ਜਗਾਉਣ ਪਹੁੰਚ ਗਿਆ |
ਸਾਹਿਬਾਂ ਨੂੰ ਮਿਰਜ਼ਾ ਆਪਣੀ ਬੱਕੀ 'ਤੇ ਚੜ੍ਹਾ ਕੇ ਭਜਾ ਕੇ ਲੈ ਗਿਆ ਪਰ ਸਾਹਿਬਾਂ ਦੇ ਭਰਾਵਾਂ ਨੇ ਉਹਦੇ ਪਿਛੇ ਘੋੜੇ ਦੌੜਾ ਦਿੱਤੇ, ਖਾਨਦਾਨ ਦੀ ਇੱਜ਼ਤ ਬਚਾਉਣੀ ਸੀ...
ਨੀ ਤੂੰ ਮੰਦਾ ਕੀਤਾ ਸਾਹਿਬਾਂ
ਮੇਰਾ ਤਰਕਸ਼ ਟੰਗਿਆ ਜੰਡ |
ਸੱਤੇ ਭਰਾਵਾਂ ਨੇ ਆ ਕੇ ਮਿਰਜ਼ੇ ਨੂੰ ਪਾਰ ਬੁਲਾ ਦਿੱਤਾ |
ਇਹ ਵਿਸ਼ਾ ਬਹੁਤ ਚਰਚਿਤ ਹੈ... ਸਦੀਆਂ ਤੋਂ ਇਸ 'ਤੇ ਮੈਂ ਵੀ ਇਕ ਹਿੰਦੀ ਫ਼ਿਲਮ 'ਆਨਰ ਕਿਲਿੰਗ' ਲਿਖੀ ਸੀ, ਜਿਸ ਨੂੰ ਡਾਇਰੈਕਟਰ ਅਵਤਾਰ ਭੋਗਲ ਨੇ ਲੰਡਨ 'ਚ ਫ਼ਿਲਮਾਇਆ ਸੀ | ਕੁੜੀ ਪਾਕਿਸਤਾਨੀ ਮੁਸਲਮਾਨ ਸੀ ਤੇ ਮੰੁਡਾ ਸਿੱਖ | ਇਹ ਵੀ ਘਰੋਂ ਭੱਜ ਗਏ ਸਨ, ਇਕ ਅਗਿਆਤ ਥਾਂ 'ਤੇ ਚਲੇ ਗਏ ਸਨ, ਇਨ੍ਹਾਂ ਘਰ ਔਲਾਦ ਵਾਲਾ ਫੁੱਲ ਵੀ ਖਿੜ ਗਿਆ ਪਰ ਕਿਥੇ ਛੱਡਦੇ ਨੇ 'ਇੱਜ਼ਤ' ਦਾ ਬਦਲਾ ਲੈਣ ਵਾਲੇ | ਅਚਾਨਕ ਦੋਵਾਂ ਨੂੰ ਲੱਭ ਕੇ ਦੋਵਾਂ ਨੂੰ ਗੋਲੀਆਂ ਨਾਲ ਭੰੁਨ ਸੁੱਟਿਆ... ਪਹਿਲਾਂ ਜਿਨ੍ਹਾਂ-ਜਿਨ੍ਹਾਂ ਵੀ ਫ਼ਿਲਮ ਵੇਖੀ, ਅਸ਼-ਅਸ਼ ਕਰ ਉਠੇ ਪਰ ਜਦ ਰਿਲੀਜ਼ ਹੋਈ ਤਾਂ ਬੰਦਾ ਨਹੀਂ ਵੜਿਆ ਥੀਏਟਰਾਂ 'ਚ | ਸਿਰਫ਼ ਲੰਡਨ 'ਚ ਚੱਲੀ, ਪਾਕਿਸਤਾਨ 'ਚ ਤਾਂ ਬੈਨ ਹੋ ਗਈ |
ਅੰਤਿਕਾ : ਵਿਆਂਹਦੜ ਜੋੜੀ ਨੂੰ ਅਲਾਹਾਬਾਦ ਹਾਈਕੋਰਟ ਵਲੋਂ ਕਾਨੂੰਨੀ ਸ਼ਰਨ ਮਿਲ ਗਈ ਹੈ ਪਰ ਖ਼ਬਰ ਇਹ ਹੈ ਕਿ ਕੁੜੀ ਦਾ ਪਿਤਾ ਪ੍ਰੇਸ਼ਾਨ ਹੈ, ਕੁੜੀ ਦੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਹੈ, ਕੁੜੀ ਦੀ ਮਾਂ ਮੰਜੇ 'ਤੇ ਡਿੱਗੀ ਹੈ ਕੁਝ ਖਾ-ਪੀ ਨਹੀਂ ਰਹੀ, ਇਹੋ ਇੱਛਾ ਜ਼ਾਹਿਰ ਕੀਤੀ ਹੈ, ਮੈਨੂੰ ਜ਼ਹਿਰ ਦੇ ਦਿਓ, ਮੈਂ ਮਰ ਜਾਵਾਂ |
ਮਾਏ ਨੀ ਮਾਏ, ਤੂੰ ਮੈਨੂੰ ਜਨਮ ਦਿੱਤਾ, ਮੈਂ ਤੈਨੂੰ ਨਮੋਸ਼ੀ ਦਿੱਤੀ | ਮਾਂ ਦੀ ਵੇਦਨਾ ਹੈ ਨਾ...
'ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀ ਮਾਏ |'
••

ਸਾਹਿਤ ਸਭਾ ਫ਼ਰੀਦਕੋਟ ਦੇ ਸੰਦਰਭ ਵਿਚ ਹਰਚੰਦ ਸਿੰਘ ਸੇਖੋਂ ਦੀ ਭੂਮਿਕਾ

1947 ਵਿਚ ਦੇਸ਼ ਦੇ ਵੰਡਾਰੇ ਤੋਂ ਬਾਅਦ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਫ਼ਰੀਦਕੋਟ ਵਿਖੇ ਆਣ ਟਿਕੇ, ਕੁਝ ਨੌਜਵਾਨ ਕਵੀ ਉਨ੍ਹਾਂ ਦੀ ਸੰਗਤ ਮਾਣਨ ਲੱਗੇ, ਜਿਨ੍ਹਾਂ ਵਿਚ ਬਿਸਮਿਲ ਫ਼ਰੀਦਕੋਟੀ, ਹਰੀ ਸਿੰਘ ਤਾਂਗੜੀ, ਸੰਪੂਰਨ ਸਿੰਘ ਝੱਲਾ, ਮਧਹੋਸ਼ ਫ਼ਰੀਦਕੋਟੀ ਸ਼ਾਮਿਲ ਸਨ | ਫਿਰ ਨੂਰਪੁਰੀ ਫ਼ਰੀਦਕੋਟ ਤੋਂ ਜਲੰਧਰ ਚਲੇ ਗਏ | ਫਲਸਰੂਪ ਸਾਹਿਤ ਸਭਾ ਫ਼ਰੀਦਕੋਟ ਹੋਂਦ ਵਿਚ ਆਈ ਜਿਸ ਦੇ ਅਸਲ ਬਾਨੀ ਬਿਸਮਿਲ ਫ਼ਰੀਦਕੋਟੀ ਹੀ ਸਨ | ਬਾਅਦ ਵਿਚ ਹੋਰ ਲੇਖਕ ਤੇ ਬੁੱਧੀਜੀਵੀ ਇਸ ਕਾਫ਼ਲੇ ਵਿਚ ਸ਼ਾਮਿਲ ਹੁੰਦੇ ਗਏ, ਜਿਨ੍ਹਾਂ ਵਿਚ ਹਰਚੰਦ ਸਿੰਘ ਸੇਖੋਂ, ਸੂਰਤ ਸਿੰਘ ਗਿੱਲ, ਬਾਬੂ ਸਿੰਘ ਮਾਨ, ਕੇਵਲ ਸਿੰਘ ਗਿੱਲ ਅਤੇ ਨਵਰਾਹੀ ਘੁਗਿਆਣਵੀ ਵੀ ਸ਼ਾਮਲ ਸਨ |
1974 ਵਿਚ ਬਿਸਮਿਲ ਦੇ ਦਿਹਾਂਤ ਨਾਲ ਸਭਾ ਵਿਚ ਇਕ ਵੱਡਾ ਮੋੜ ਆਇਆ | ਬਿਸਮਿਲ ਦੇ ਪ੍ਰਸੰਸਕਾਂ ਅਤੇ ਹੋਰ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਬਿਸਮਿਲ ਦਾ ਪੁਖਤਾ ਕਲਾਮ 'ਖੌਲਦੇ ਸਾਗਰ' ਪੁਸਤਕ ਰੂਪ ਵਿਚ ਸਾਹਮਣੇ ਆਇਆ ਜਿਸ ਦੀ ਖੂਬ ਚਰਚਾ ਹੋਈ | ਸਾਹਿਤ ਸਭਾ ਫ਼ਰੀਦਕੋਟ ਦਾ ਦੂਜਾ ਦੌਰ 1977 ਵਿਚ ਸ਼ੁਰੂ ਹੁੰਦਾ ਹੈ ਜਦੋਂ ਸਰਕਾਰੀ ਬਲਬੀਰ ਸਕੂਲ ਫ਼ਰੀਦਕੋਟ ਅਤੇ ਗੌਰਮਿੰਟ ਬਰਜਿੰਦਰਾ ਕਾਲਜ ਵਿਚ ਕਈ ਉਘੇ ਲੇਖਕ ਜੁੜ ਗਏ | ਵੱਡੇ ਅੰਬ ਥੱਲੇ ਬੈਠਕਾਂ ਹੁੰਦੀਆਂ | 1978 ਵਿਚ ਬਿਸਮਿਲ ਦੀ ਛੇਵੀਂ ਬਰਸੀ ਮੌਕੇ ਗੌ: ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਇਕ ਇਤਿਹਾਸਕ ਕਵੀ ਦਰਬਾਰ ਹੋਇਆ ਜਿਸ ਵਿਚ ਪੰਜਾਬ ਦੇ ਤਕਰੀਬਨ ਇਕ ਸੌ ਉਘੇ ਕਵੀਆਂ ਨੇ ਸ਼ਿਰਕਤ ਕੀਤੀ | ਇਸ ਦੌਰ ਵਿਚ ਹਰਚੰਦ ਸਿੰਘ ਸੇਖੋਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੇਖਕਾਂ ਦੀ ਅਗਵਾਈ ਕੀਤੀ | ਸੇਖੋਂ ਇਕ ਸ਼ਾਂਤ ਸੁਭਾਅ ਅਤੇ ਨੇਕ ਮਨੁੱਖ ਹੈ | ਉਹ ਫਾਰਸੀ, ਅੰਗਰੇਜ਼ੀ ਤੇ ਪੰਜਾਬੀ ਦੀ ਐਮ.ਏ. ਹੈ | ਉਹ ਸਾਹਿਤ ਦਾ ਮਹਾਨ ਪਾਠਕ ਹੈ ਜੋ ਹੁਣ ਵੀ 87 ਸਾਲ ਦੀ ਉਮਰ ਵਿਚ ਸਾਹਿਤ ਪੜ੍ਹਨ ਵਿਚ ਮਸ਼ਰੂਫ਼ ਹੈ | ਅੱਜਕਲ੍ਹ ਉਹ ਆਪਣੇ ਜੱਦੀ ਪਿੰਡ ਮਚਾਕੀ ਕਲਾਂ (ਨੇੜੇ ਫ਼ਰੀਦਕੋਟ) ਵਿਖੇ ਜ਼ਿੰਦਗੀ ਦੀ ਸ਼ਾਮ ਬੜੀ ਸ਼ਾਨ ਨਾਲ ਬਿਤਾ ਰਿਹਾ ਹੈ | ਅੱਜਕਲ੍ਹ ਉਹ ਪਿੰਡ ਤੋਂ ਬਾਹਰ ਨਹੀਂ ਜਾਂਦਾ | ਮੇਰਾ ਪਿੰਡ ਘੁਗਿਆਣਾ ਉਸ ਦੇ ਗਰਾਂ ਦੇ ਲਾਗੇ ਹੀ ਹੈ | ਮੈਨੂੰ ਜਦੋਂ ਮੌਕਾ ਮਿਲਦਾ ਹੈ, ਮੈਂ ਲੰਘਦਾ ਟੱਪਦਾ ਸੇਖੋਂ ਨੂੰ ਮਿਲ ਆਉਂਦਾ ਹਾਂ | ਮੈਂ ਉਸ ਦੀ ਚੰਗੀ ਸਿਹਤ ਅਤੇ ਲਮੇਰੀ ਉਮਰ ਦੀ ਕਾਮਨਾ ਕਰਦਾ ਹੋਇਆ ਪਾਠਕਾਂ ਨਾਲ ਉਸ ਦੀ ਜਾਣ-ਪਛਾਣ ਕਰਵਾਉਣ ਦੀ ਖ਼ੁਸ਼ੀ ਲੈ ਰਿਹਾ ਹਾਂ |

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਫੋਨ : 98150-02302.

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੇ ਤੁਹਾਡੀ ਯੋਜਨਾ ਇਕ ਸਾਲ ਦੀ ਹੈ ਤਾਂ ਝੋਨਾ ਲਾਓ | ਜੇ ਤੁਹਾਡੀ ਯੋਜਨਾ ਦਸਾਂ ਸਾਲਾਂ ਦੀ ਹੈ ਤਾਂ ਦਰੱਖਤ ਲਗਾਓ ਪਰ ਜੇ ਤੁਹਾਡੀ ਯੋਜਨਾ ਸੌ ਸਾਲਾਂ ਦੀ ਹੈ ਤਾਂ ਬੱਚਿਆਂ ਨੂੰ ਪੜ੍ਹਾਓ |
• ਹੀਣਭਾਵਨਾ ਬੱਚੇ ਨੂੰ ਸੁਸਤ ਬਣਾਉਂਦੀ ਹੈ ਅਤੇ ਬੱਚੇ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਰੁਕ ਜਾਂਦਾ ਹੈ | ਇਸ ਲਈ ਬੱਚਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ |
• ਮਾਪੇ ਆਪਣੇ ਬੱਚਿਆਂ ਤੋਂ ਬਹੁਤੇ ਕੁਝ ਦੀ ਆਸ ਨਹੀਂ ਕਰਦੇ ਪਰ ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਜਿੰਨਾ ਪਿਆਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਚਪਨ ਵਿਚ ਦਿੱਤਾ ਸੀ, ਉਸ ਦਾ ਕਰਜ਼ਾ ਮਾਪਿਆਂ ਨੂੰ ਬੁਢਾਪੇ ਵਿਚ ਜ਼ਰੂਰ ਵਾਪਸ ਕਰਨ |
• ਜਿਹੜਾ ਕੰਮ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਾ ਕਰਨ, ਉਹ ਕੰਮ ਸਾਨੂੰ ਖੁਦ ਵੀ ਕਦੇ ਨਹੀਂ ਕਰਨਾ ਚਾਹੀਦਾ |
• ਬੱਚੇ ਦੀ ਕੀਮਤ ਜਾਂ ਕਰਤੱਵ ਕੀ ਹੈ, ਇਸ ਬਾਰੇ ਉਹ ਪਰਿਵਾਰ ਹੀ ਦੱਸ ਸਕਦਾ ਹੈ ਜਿਸ ਪਰਿਵਾਰ ਵਿਚ ਕੋਈ ਬੱਚਾ ਨਾ ਹੋਵੇ | ਇਸ ਸ਼ਿਅਰ ਵਿਚ ਬੜੀ ਵੱਡੀ ਸਚਾਈ ਦੱਸੀ ਗਈ ਹੈ:
ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ,
ਇਕਨਾ ਦੇ ਘਰ ਧੀਆਂ, ਧੀਆਂ ਘਰ ਦੋਹਤਰੇ |
ਇਕਨਾ ਦੇ ਘਰ ਇਕ ਹੀ, ਜੰਮ ਕੇ ਜਾਏ ਮਰ,
ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਤੇ ਇੰਜ ਕਰ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮੋਬਾਈਲ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ ਕਿਉਂਕਿ ਮੋਬਾਈਲ ਦੀ ਵਧ ਰਹੀ ਵਰਤੋਂ ਠੀਕ ਨਹੀਂ ਹੈ |
• ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਰੱਬ, ਨਾ ਦਿਖਾਈ ਦੇਣ ਵਾਲੀ ਪਰਮ ਸ਼ਕਤੀ ਹੈ ਪਰ ਮਾਂ-ਪਿਓ ਦਿਖਾਈ ਦੇਣ ਵਾਲੇ ਵਾਲੇ ਰੱਬ ਹਨ, ਜਿਹੜਾ ਬੱਚਾ ਮਾਂ-ਬਾਪ ਦੇ ਚਰਨਾਂ ਵਿਚ ਝੁਕ ਜਾਂਦਾ ਹੈ, ਉਸ ਦੀ ਝੋਲੀ ਕਦੇ ਵੀ ਖਾਲੀ ਨਹੀਂ ਹੁੰਦੀ |
• ਮਾਂ ਬੱਚੇ ਦੇ ਬਾਹਰ ਜਾਣ ਤੋਂ ਲੈ ਕੇ, ਵਾਪਸ ਆਉਣ ਤੱਕ ਉਸ ਦੀ ਰਾਹ ਦੇਖਦੀ ਹੈ | ਬੱਚੇ ਦੇ ਪ੍ਰਤੀ ਮਾਂ ਦੀ ਚਿੰਤਾ ਨੂੰ ਬਸ ਉਹੀ ਸਮਝ ਸਕਦਾ ਹੈ | ਜਿਹੜਾ ਬੱਚਾ ਸ਼ੁਰੂ ਤੋਂ ਹੀ ਆਪਣੀ ਮਾਂ ਦਾ ਹਰ ਕੰਮ ਵਿਚ ਹੱਥ ਵਟਾਉਂਦਾ ਹੈ ਤੇ ਕਿਰਤ ਕਰਦਾ ਹੈ ਤਾਂ ਉਹ ਆਪਣੀ ਪਤਨੀ ਲਈ ਵੀ ਮਦਦਗਾਰ ਸਾਬਤ ਹੋਵੇਗਾ |
• ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੇ ਵਿਵਾਦਾਂ ਦਾ ਸਮਾਧਾਨ ਸ਼ਬਦਾਂ ਨਾਲ ਕਰਨ, ਹਥਿਆਰਾਂ ਨਾਲ ਨਹੀਂ | ਘਰ ਵਿਚ ਇਕ ਦੂਜੇ ਦੀ ਮਦਦ ਕਰਨ ਅਜਿਹਾ ਕਰਨ ਨਾਲ ਉਹ ਸਮਾਜ ਵਿਚ ਵੀ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਚੇਤੰਨ ਹੋਣਗੇ |
• ਮਾਂ ਇਸ ਧਰਤੀ ਦੀ ਮਾਲਣ ਹੈ ਤੇ ਬੱਚੇ ਟਹਿਕਦੇ ਫੁੱਲ | ਇਸ ਲਈ ਜੇ ਅਸੀਂ 'ਇਨ ਚਿਰਾਗੋਂ ਕੀ ਹਿਫਾਜ਼ਤ ਵਕਤ ਪਰ ਨਾ ਕਰ ਸਕੇ ਤਾਂ ਰੋਸ਼ਨੀ ਮਿਟ ਜਾਏਗੀ ਔਰ ਧੰੂਆਂ ਰਹਿ ਜਾਏਗਾ |'
• ਬੱਚੇ ਤਾਂ ਸਿਰਫ਼ ਕੱਚੀ ਮਿੱਟੀ ਵਾਂਗ ਹੁੰਦੇ ਹਨ, ਉਨ੍ਹਾਂ ਨੂੰ ਆਪਾਂ ਜਿਵੇਂ ਮਰਜ਼ੀ ਸਵਾ ਸਕਦੇ ਹਾਂ | ਬੱਚੇ ਨੂੰ ਜੇਕਰ ਕੋਈ ਤੋਹਫ਼ਾ/ਗਿਫ਼ਟ ਜਾਂ ਖਿਡੌਣਾ ਨਾ ਦਿੱਤਾ ਜਾਵੇ ਤਾਂ ਉਹ ਕੁਝ ਦੇਰ ਲਈ ਰੋਏਗਾ ਪਰ ਜੇ ਉਸ ਨੂੰ ਚੰਗੇ ਸੰਸਕਾਰ ਨਾ ਦਿੱਤੇ ਜਾਣ ਤਾਂ ਉਹ ਜੀਵਨ ਭਰ ਰੋਏਗਾ |
• ਇਨਸਾਨ ਦੀ ਜ਼ਿੰਦਗੀ ਦੀ ਹਾਰ-ਜਿੱਤ ਦਾ ਫੈਸਲਾ ਉਸ ਦੇ ਬੱਚੇ ਕਰਦੇ ਹਨ | ਜੇਕਰ ਉਹ ਸੰਸਕਾਰੀ ਅਤੇ ਕਮਾਊ ਹੋਣ ਤਾਂ ਜਿੱਤ ਹੈ | ਜੇਕਰ ਬੱਚੇ ਬੇਕਾਰ ਅਤੇ ਆਵਾਰਾ ਹੋਣ ਤਾਂ ਕਰੋੜਾਂ ਦੀ ਪੂੰਜੀ ਹੁੰਦੇ ਹੋਏ ਵੀ ਹਾਰ ਹੈ |
• ਬੱਚਿਆਂ ਨੂੰ ਬੇਗਾਨਿਆਂ ਦੇ ਰਹਿਮ 'ਤੇ ਪਾਲਣ ਨਾਲੋਂ ਦਾਦਾ-ਦਾਦੀ ਦੀ ਦੇਖ-ਰੇਖ ਵਿਚ ਪਾਲਣਾ ਹਜ਼ਾਰ ਦਰਜ਼ੇ ਚੰਗਾ ਹੁੰਦਾ ਹੈ |
• ਪ੍ਰੇਮ ਤੇ ਅਨੁਸ਼ਾਸਨ ਦੇ ਮਾਹੌਲ ਵਿਚ ਪਲੇ ਬੱਚੇ ਵੱਡੇ ਹੋ ਕੇ ਮਾਂ-ਪਿਓ ਨੂੰ ਹੋਰ ਵਧ ਸਨਮਾਨ ਦਿੰਦੇ ਹਨ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਬਣਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ ਮਰ ਜਾਣਾ ਬਦਰੀ

ਹਰ ਮਨੁੱਖ ਨੂੰ ਆਪਣੇ ਬਚਪਨ ਦੀਆਂ ਗੱਲਾਂ, ਦੋਸਤੀਆਂ, ਥਾਵਾਂ ਅਤੇ ਮਾੜੀਆਂ ਗੱਲਾਂ ਵੀ ਯਾਦ ਰਹਿੰਦੀਆਂ ਹਨ | ਉਹ ਜ਼ਿੰਦਗੀ ਵਿਚ ਕਿੰਨੀ ਵੀ ਤਰੱਕੀ ਕਰ ਜਾਏ, ਆਪਣੇ ਬਾਲਪਨ ਦੇ ਸਾਥੀ ਨੂੰ ਨਹੀਂ ਭੁੱਲ ਸਕਦਾ | ਜੇਕਰ ਕੋਈ ਬਚਪਨ ਦਾ ਸਾਥੀ ਮਿਲ ਜਾਏ ਤੇ ਉਹ ਉਸ ਨੂੰ ਬਚਪਨ ਦੇ ਨਾਂਅ ਨਾਲ ਹੀ ਬੁਲਾਉਂਦਾ ਹੈ | ਇਸ ਦੇ ਪਿੱਛੇ ਬਚਪਨ ਦੇ ਉਹ ਦਿਨ ਅਤੇ ਮਾਹੌਲ ਹੁੰਦਾ ਹੈ ਜਿਸ ਨੂੰ ਅਸੀਂ ਲੋੜ ਸਮੇਂ ਹੀ ਯਾਦ ਕਰਦੇ ਹਾਂ |
ਜਨਾਬ ਮਹਾਸ਼ਾ ਸੁਦਰਸ਼ਨ ਅਤੇ ਮਸ਼ਹੂਰ ਸ਼ਾਇਰ ਜਨਾਬ ਮੇਲਾ ਰਾਮ 'ਵਫ਼ਾ' ਦੀ ਪਤਨੀ ਇਕੋ ਪਿੰਡ ਦੇ ਜੰਮਪਲ ਸਨ | ਇਕ ਵਾਰੀ ਮਹਾਸ਼ਾ ਸੁਦਰਸ਼ਨ ਜੀ ਮੇਲਾ ਰਾਮ 'ਵਫ਼ਾ' ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ | ਵਫ਼ਾ ਸਾਹਬ ਨੇ ਉਨ੍ਹਾਂ ਨੂੰ ਬੜੇ ਆਦਰ ਨਾਲ ਕਮਰੇ ਵਿਚ ਬਿਠਾਇਆ ਅਤੇ ਆਪ ਨਾਲ ਦੇ ਕਮਰੇ ਵਿਚ ਬੈਠੀ ਆਪਣੀ ਪਤਨੀ ਨੂੰ ਕੁਝ ਸਮਝਾਉਣ ਲਈ ਗਏ | ਉਨ੍ਹਾਂ ਆਪਣੀ ਪਤਨੀ ਨੂੰ ਕਿਹਾ, 'ਘਰ ਵਿਚ ਇਕ ਬਹੁਤ ਹੀ ਸਤਿਕਾਰਯੋਗ ਮਹਿਮਾਨ ਆਏ ਨੇ, ਤੂੰ ਬਾਜ਼ਾਰੋਂ ਕੁਝ ਖਾਣ-ਪੀਣ ਦਾ ਸਾਮਾਨ ਲੈ ਆ |'
ਉਨ੍ਹਾਂ ਦੀ ਪਤਨੀ ਬਾਜ਼ਾਰੋਂ ਸਾਮਾਨ ਲੈ ਕੇ ਜਦੋਂ ਵਾਪਸ ਆਈ ਤਾਂ ਮਹਾਸ਼ਾ ਸੁਦਰਸ਼ਨ ਨੂੰ ਵੇਖ ਕੇ ਪੁੱਛਣ ਲੱਗੀ, 'ਮਹਿਮਾਨ ਕਿਥੇ ਨੇ?' ਜਨਾਬ ਵਫ਼ਾ ਸਾਹਬ ਨੇ ਮਹਾਸ਼ਾ ਸੁਦਰਸ਼ਨ ਵੱਲ ਇਸ਼ਾਰਾ ਕਰ ਕੇ ਕਿਹਾ, 'ਇਹੀ ਮਹਿਮਾਨ ਹੈ ਆਪਣਾ |' ਇਹ ਸੁਣ ਕੇ ਉਨ੍ਹਾਂ ਦੀ ਪਤਨੀ ਨੇ ਆਪਣੇ ਬਚਪਨ ਦੇ ਹਾਣੀ ਦਾ ਨਾਂਅ ਲੈਂਦਿਆਂ ਕਿਹਾ, 'ਇਹ ਮਰ ਜਾਣਾ ਤਾਂ ਬਦਰੀ ਏ | ਬੜਾ ਸ਼ਰਾਰਤੀ ਹੁੰਦਾ ਸੀ | ਹੁਣ ਭਾਵੇਂ ਸ਼ਰੀਫ਼ ਦਿਸਦਾ ਹੈ |' ਦੋਸਤੋ, ਬਚਪਨ ਦੇ ਦਿਨ ਬੜੇ ਸੁਹਾਵਨੇ ਹੁੰਦੇ ਹਨ | ਇਹ ਮਨੁੱਖ ਦੀ ਅਣਵੰਡੀ ਦੌਲਤ ਹੁੰਦੀ ਹੈ | ਸ਼ਾਲਾ ਸਭ ਨੂੰ ਆਪਣਾ ਬਾਲਪਨ ਨਾ ਭੁੱਲੇ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਮਿੰਨੀ ਕਹਾਣੀ: ਫ੍ਰੀ ਹੈਾਡ

ਘੱਟ ਹੀ ਇਉਂ ਹੁੰਦਾ ਸੀ... ਪਰ ਅੱਜ ਸਾਰਾ ਪਰਿਵਾਰ ਖਾਣੇ ਦੀ ਮੇਜ਼ 'ਤੇ ਇਕੱਠਾ ਹੋ ਗਿਆ ਸੀ | ਦਾਦਾ ਜੀ-ਦਾਦੀ ਜੀ ਇਕ ਕੋਨੇ ਵਿਚ, ਖਾਲੀ ਹੱਥ ਬੈਠੇ ਸਨ... ਬਾਕੀ ਸਾਰੇ ਟੱਬਰ ਦੇ ਜੀਆਂ ਦੇ ਹੱਥਾਂ ਵਿਚ ਆਪਣੇ-ਆਪਣੇ ਸੈੱਲ ਫੋਨ ਸਨ ਤੇ ਸਾਰੇ ਦੇ ਸਾਰੇ 'ਆਨਲਾਈਨ' ਸਨ |
ਫੋਨ ਵੀ ਚੱਲ ਰਹੇ ਸਨ... ਖਾਣਾ ਵੀ |
ਦਾਦੀ ਜੀ, ਕਾਲਜ ਪੜ੍ਹਦੇ ਪੋਤਰੇ ਸ਼ਵਿੰਦਰ ਵੱਲ ਦੇਖ ਰਹੇ ਸਨ, ਜੋ ਖੱਬੇ ਹੱਥ ਵਿਚ ਫੋਨ ਫੜੀ ਸੱਜੇ ਹੱਥ ਵਿਚ ਚਮਚ ਨਾਲ ਖਾਮਾ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਹਰ ਵਾਰ ਖਾਣਾ ਮੰੂਹ ਵਿਚ ਪਾਉਣ ਲਈ ਉਹ ਅੱਗੇ ਵੱਲ ਝੁਕਦਾ, ਫਿਰ ਚਮਚ ਰੱਖ ਫੋਨ ਸਕਰੀਨ ਨੂੰ ਟੱਚ ਕਰਨ ਲੱਗ ਜਾਂਦਾ | ਵਾਰ-ਵਾਰ ਇਉਂ ਕਰਦੇ ਸ਼ਵਿੰਦਰ ਨੂੰ ਦੇਖ ਦਾਦਾ ਜੀ ਮੁਸਕਰਾ ਰਹੇ ਸਨ |
'ਕੋਈ ਐਸਾ ਤਰੀਕਾ ਹੋਣਾ ਚਾਹੀਦੈ, ਜੋ ਬੰਦੇ ਦੇ ਦੋਵੇਂ ਹੱਥ 'ਬਿਜ਼ੀ' ਹੋਣ ਤਾਂ ਵੀ ਬੰਦਾ ਸੌਖਿਆਂ ਹੀ ਖਾਣਾ ਖਾ ਸਕੇ, ਉਹ ਵੀ 'ਫ੍ਰੀ ਹੈਾਡ |'
ਸਭ ਉਸ ਦੀ ਗੱਲ 'ਤੇ ਮੁਸਕਰਾ ਰਹੇ ਸਨ |
'ਹੈਗਾ ਇਕ ਤਰੀਕਾ... ਇਸ ਤਰ੍ਹਾਂ ਦਾ ਵੀ... ਆਪਣੇ 'ਟੌਮੀ' ਤੋਂ ਸਿੱਖਣਾ ਪਵੇਗਾ | ਉਸ ਦੇ ਗਲ ਵਿਚ ਸੰਗਲੀ ਹੁੰਦੀ ਹੈ... ਫਿਰ ਵੀ ਉਹ ਵਧੀਆ ਖਾਣਾ ਖਾ ਲੈਂਦਾ ਹੈ, ਉਹ ਵੀ 'ਫ੍ਰੀ ਹੈਾਡ'... |'
'ਖਾਣੇ ਵਾਲਾ ਮੇਜ਼ ਥੋੜ੍ਹਾ ਜਿਹਾ ਹੋਰ ਉੱਚਾ ਕਰਾਉਣਾ ਪਵੇਗਾ |'
ਦਾਦੀ ਜੀ ਨੇ ਵੀ ਸੁਰ ਮਿਲਾਈ |
ਸਾਰੇ ਜਣੇ ਮੁਸਕਰਾ ਰਹੇ ਸਨ... ਸ਼ਵਿੰਦਰ ਵੀ ਹੱਸ ਰਿਹਾ ਸੀ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113.
ਫੋਨ : 94173-32911.

ਵਿਅੰਗ ਜਦੋਂ ਮੈਨੂੰ ਚੱਕਰ ਆਏ

ਇਕ ਦਿਨ ਮੈਨੂੰ ਦਫਤਰ ਬੈਠੇ-ਬੈਠੇ ਚੱਕਰ ਆਉਣ ਲੱਗੇ | ਜਦੋਂ ਨਾਲ ਘਬਰਾਹਟ ਵੀ ਸ਼ੁਰੂ ਹੋ ਗਈ ਤਾਂ ਮੈਂ ਘਰ ਆ ਗਿਆ |
ਅਗਲੇ ਦਿਨ ਵੀ ਜਦੋਂ ਮੈਂ ਦਫਤਰ ਨਹੀਂ ਗਿਆ ਤਾਂ ਦਫ਼ਤਰ ਵਾਲੇ ਘਰ ਪਤਾ ਲੈਣ ਆਉਣ ਲੱਗੇ |
ਸ਼ਰਮਾ ਜੀ ਤੁਸੀਂ ਇਨ੍ਹਾਂ ਚੱਕਰਾਂ ਨੂੰ ਐਨੇ ਹਲਕੇ ਨਾ ਲਓ | ਕਈ ਵਾਰੀ ਇਹ ਬਹੁਤ ਵੱਡੀ ਬਿਮਾਰੀ ਦਾ ਰੂਪ ਲੈ ਜਾਂਦੇ ਐ... ਮੇਰੇ ਦਫਤਰ ਦੇ ਨਰੈਣ ਸਿੰਘ ਨੇ ਆਪਣਾ ਤਜਰਬਾ ਦੱਸਿਆ |
ਸਾਡੇ ਦਫਤਰ ਦਾ ਬਚਿੱਤਰ ਸਿੰਘ ਬਹੁਤ ਰੱਬ ਨੂੰ ਮੰਨਣ ਵਾਲਾ ਤੇ ਭਗਤ ਬੰਦੈ | ਉਹ ਡੋਲੂ 'ਚ ਪਾਣੀ ਲੈ ਕੇ ਆ ਗਿਆ ਤੇ ਕਹਿੰਦਾ ਸਾਬ੍ਹ ਜੀ ਇਹ ਆਮ ਪਾਣੀ ਨਹੀਂ ਹੈ, ਬਾਬਾ ਜੀ ਦਾ ਮੰਤਰਿਆ ਜਲ ਐ, ਮੇਰੇ ਨਾ-ਨਾ ਕਰਦੇ ਵੀ ਮੈਨੂੰ ਇਕ ਗਿਲਾਸ ਪਿਲਾ ਈ ਗਿਆ |
ਕਿਸੇ ਨੇ ਮੇਰੀ ਭੈਣ ਨੂੰ ਦੱਸ 'ਤਾ, ਉਹ ਤਾਂ ਸ਼ਾਮ ਨੂੰ ਜੀਜਾ ਜੀ ਨੂੰ ਨਾਲ ਲੈ ਕੇ ਆ ਗਈ | 'ਜੀਜਾ ਜੀ, ਅਜੇ ਗੱਡੀ ਲਾ ਹੀ ਰਹੇ ਸਨ ਉਹ ਭੱਜ ਕੇ ਅੰਦਰ ਆ ਗਈ, 'ਕੀ ਹੋਇਆ, ਕੀ ਹੋਇਆ ਮੇਰੇ ਵੀਰ ਨੂੰ ... ਬੇੜਾ ਬਹਿ ਜੇ ਇਹੋ ਜਿਹੇ ਲੋਕਾਂ ਦਾ... ਜਿਨ੍ਹਾਂ ਨੇ ਮੇਰੇ ਵੀਰ ਨੂੰ ਕੁਝ ਕੀਤੈ |'
ਮੈਂ ਕਿਹਾ ਭੈਣੇ ਐਹੋ ਜਿਹੀ ਕੋਈ ਗੱਲ ਨੀਂ, ਮੈਨੂੰ ਕਿਸੇ ਨੇ ਕੀ ਕਰਨੈ | ਕੱਲ੍ਹ ਦਾ ਟਾਈਮ ਲਿਐ, ਵਖਾਵਾਂਗੇ ਡਾਕਟਰ ਨੂੰ |
ਤੂੰ ਬਹੁਤ ਸਿਆਣਾ ਨਾ ਬਣ, ਮੈਂ ਸਭ ਜਾਣਦੀ ਐਾ, ਇਨ੍ਹਾਂ ਕਰਨ-ਕਰਾਉਣ ਵਾਲਿਆਂ ਨੂੰ ... ਤੂੰ ਗੱਲ ਸੁਣ... ਗੁੱਟ ਕਰ ਆਪਣਾ... ਵੇਖਾਂ ਕੀ ਵਿਗਾੜਦੀ ਐ ਓਪਰੀ ਕਸਰ ਤੇਰਾ... ਮੇਰਾ ਫੁੱਲ ਜਿਹਾ ਵੀਰ ਮੁਰਝਾ ਕੇ ਰੱਖ 'ਤਾ... ਧਾਗਾ ਕਰਵਾ ਕੇ ਲਿਆਈ ਆਂ, ਡੇਰੇ ਵਾਲੇ ਬਾਬਾ ਜੀ ਤੋਂ... ਕਹਿ ਕੇ ਜਿਉਂ ਲੱਗੀ ਮੇਰੇ ਗੁੱਟ 'ਤੇ ਧਾਗਾ ਲਪੇਟਣ | ਮੈਨੂੰ ਲਗਦੈ ਰੱਖੜੀ ਵਾਲੇ ਦਿਨ ਕਿਸੇ ਵੀਰ ਦੇ ਗੁੱਟ 'ਤੇ ਏਨੀ ਵੱਡੀ ਰੱਖੜੀ ਨਹੀਂ ਬੰਨ੍ਹੀ ਹੋਣੀ ਜਿੰਨਾ ਮੇਰੇ ਗੁੱਟ 'ਤੇ ਧਾਗਾ ਬੰਨ੍ਹ 'ਤਾ |
ਮੇਰੇ ਗੁਆਂਢ 'ਚ ਇਕ ਮਾਤਾ ਜੀ ਐ | ਉਹ ਆ ਗਏ ਤੇ ਕਹਿੰਦੇ... ਲੈ ਪੁੱਤ ਇਹ ਧਾਗਾ ਗੱਲ 'ਚ ਪਾ ਲੈ | 108 ਗੰਢਾਂ ਮਾਰ ਕੇ ਧਾਗੇ 'ਚ ਤਬੀਤ ਪਾ ਕੇ ਦਿੱਤੈ ਪੰਡਿਤ ਜੀ ਨੇ, ਲੈ ਵੇਖੀਂ, ਹੁਣ ਲੱਗੀ ਨਜ਼ਰ ਕਿਵੇਂ ਭੱਜਦੀ ਐ |
ਅਸੀਂ ਅਗਲੇ ਦਿਨ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੇ ਐਕਸਰੇ ਕੀਤਾ ਤੇ ਕਹਿੰਦਾ, ਸਰਵਾਈਕਲ ਦੀ ਬਿਮਾਰੀ ਐ | ਥੋੜ੍ਹੀ ਦਵਾਈ ਲਿਖ ਕੇ ਦੇ ਰਿਹਾ ਹਾਂ ਤੇ ਨਾਲ ਐਕਸਰਸਾਈਜ਼ (ਕਸਰਤ) ਕਰੋ, ਚੱਕਰ ਠੀਕ ਹੋ ਜਾਣਗੇ | ਕੋਈ ਘਬਰਾਉਣ ਦੀ ਲੋੜ ਨਹੀਂ |
ਮੈਨੂੰ ਨੀ ਪਤਾ ਬਾਬਾ ਜੀ ਦੇ ਦਿੱਤੇ ਜਲ ਨੇ ਜਾਂ ਡੇਰੇ ਵਾਲੇ ਬਾਬੇ ਦੇ ਦਿੱਤੇ ਧਾਗੇ ਨੇ ਜਾਂ ਪੰਡਿਤ ਜੀ ਦੇ ਤਬੀਤ ਨੇ ਜਾਂ ਫਿਰ ਡਾਕਟਰ ਦੀ ਦਵਾਈ ਨੇ... ਕਿਹਨੇ ਠੀਕ ਕੀਤੈ ਪਰ ਮੈਂ ਹੁਣ ਬਿਲਕੁਲ ਠੀਕ ਆਂ |

-221/ਸੀ, ਬਲਾਕ ਨੰ: 12, ਸੀ.ਐਚ.ਬੀ. ਫਲੈਟ, ਸੈਕਟਰ-63, ਚੰਡੀਗੜ੍ਹ |

ਸੁਪਨਿਆਂ ਦੀ ਮੌਤ

ਛੱਲੀਆਂ ਪਿਛਲੇ ਦੋ ਤਿੰਨ ਦਿਨ ਤੋਂ ਸੂਤ ਕੱਤਣ ਲਗ ਪਈਆਂ ਸਨ | ਫ਼ਸਲ ਵੀ ਐਤਕੀਂ ਭਰਵੀਂ ਸੀ | ਦੇਖਦਿਆਂ ਨਜ਼ਰ ਲਗਦੀ ਸੀ | ਹੁੰਦੀ ਕਿਉਂ ਨਾ, ਪੂਰੇ ਜੂਨ ਮਹੀਨੇ ਦੀ ਪਿੰਡਾ ਲੂੰਹਦੀ ਧੁੱਪ ਵਿਚ ਖੇਤ ਤਿਆਰ ਕਰਦਿਆਂ ਪੂਰੇ ਟੱਬਰ ਦੇ ਤਨ ਸੜ ਗਏ ਸਨ | ਕਾਲੀ ਸਿਆਹ ਮੱਕੀ ਦੇ ਟਾਂਢੇ ਲੱਕੜਾਂ ਵਾਂਗ ਖੜ੍ਹੇ ਸਨ | ਖੇਤ ਵਿਚ ਵੜਨ ਜਿੰਨੀ ਵੀ ਵਿਰਲ ਨਹੀਂ ਸੀ | ਟਾਂਢੇ ਗਿੱਠ ਰੋਜ਼ ਵਧਦੇ ਪ੍ਰਤੀਤ ਹੁੰਦੇ |
'ਚਲੋ, ਐਤਕੀਂ ਟੱਬਰ ਦੇ ਛੇ ਮਹੀਨਿਆਂ ਦੇ ਗੁਜ਼ਾਰੇ ਜੋਗੇ ਦਾਣਿਆਂ ਦੇ ਨਾਲ-ਨਾਲ ਦੁਕਾਨ ਵਾਲੇ ਲਾਲੇ ਦੇ ਉਧਾਰ ਦਾ ਭਾਰ ਵੀ ਹੌਲਾ ਹੋ ਜੂ, ਜੇ ਕੁੱਝ ਰਹਿ ਵੀ ਗਏ ਤਾਂ ਖਾਤਾ ਚਲਦਾ ਰਹੂ | ਛੋਟੇ ਜੱਸੇ ਦੇ ਡਿਪਲੋਮੇ ਦੀ ਫੀਸ ਵੀ ਆਈ ਸਮਝੋ, ਵੱਡਾ ਤਾਂ ਵਿਚਾਰਾ ਪੜ੍ਹਨੋਂ ਰਹਿ ਗਿਆ ਫੀਸ ਖੁਣੋਂ | ਤੰਗੀਆਂ-ਤੁਰਸ਼ੀਆਂ ਵੀ ਬੰਦੇ ਦੀ ਪੇਸ਼ ਨੀ ਜਾਣ ਦਿੰਦੀਆਂ', ਜੀਤਾ ਮਨ ਹੀ ਮਨ ਵਿਚਾਰਾਂ ਕਰ ਰਿਹਾ ਸੀ |
ਅੱਜ ਉਹ ਰਾਤ ਦੀ ਰਖਵਾਲੀ ਲਈ ਮਣ੍ਹਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ | ਪਿਛਲੇ ਕਈ ਦਿਨਾਂ ਤੋਂ ਗੁਆਂਢ ਵਾਲੇ ਖੇਤਾਂ ਵਿਚ ਰੰਗ-ਬਿਰੰਗੀਆਂ ਛੱਤਾਂ ਵਾਲੇ ਕਾਫੀ ਮਣ੍ਹੇ ਵਜੂਦ ਵਿਚ ਆ ਗਏ ਸਨ ਜਿਵੇਂ ਫ਼ੌਜੀਆਂ ਨੇ ਦੁਸ਼ਮਣ ਦਾ ਟਾਕਰਾ ਕਰਨ ਲਈ ਬੀਆਬਾਨ ਵਿਚ ਪਹੁੰਚ ਕੇ ਤੰਬੂ ਲਾਏ ਹੋਣ | ਖੇਤ ਦੇ ਨਾਲ ਲਗਦੇ ਚੋਅ ਵਿਚੋਂ ਕੱਲ੍ਹ ਗੱਡਣ ਲਈ ਥੰਮ੍ਹੀਆਂ ਵੱਢੀਆਂ ਸਨ ਅਤੇ ਮੰਜਾ ਟਿਕਾਉਣ ਲਈ ਬੱਲੀਆਂ | ਮੰਜਾ ਸ਼ਾਮ ਨੂੰ ਲੈ ਆਵਾਂਗਾ , ਇਹ ਸੋਚ ਕੇ ਵੱਡੇ ਕਾਕੇ ਨੂੰ ਮਣ੍ਹੇ 'ਤੇ ਛੱਤ ਪਾਉਣ ਲਈ ਪੌਲੀਥੀਨ ਬਜ਼ਾਰੋਂ ਲਿਆਉਣ ਵਾਸਤੇ ਕਹਿ ਆਇਆ ਸੀ | ਚੋਅ ਦੇ ਕੰਢੇ ਮਣ੍ਹਾ ਬਣਾਉਣ ਲਈ ਉਸ ਨੇ ਥਾਂ ਦੀ ਚੋਣ ਕਰ ਲਈ | ਪਿਛਲੇ ਸਾਲ ਵੀ ਇਸੇ ਥਾਂ 'ਤੇ ਮਣ੍ਹਾ ਬਣਾਇਆ ਸੀ | ਆਪਣੇ ਗੁਆਂਢੀ ਖੇਤ ਵਾਲੇ ਕਸ਼ਮੀਰੇ ਨਾਲ ਜੰਗਲੀ ਜਾਨਵਰਾਂ ਦੀ ਮੋਰਚਾਬੰਦੀ ਲਈ ਸਲਾਹ ਕੀਤੀ ਸੀ | ਚੋਅ ਵਾਲੇ ਪਾਸਿਓਾ ਉਹ ਬਿੜਕ ਰੱਖਦਾ ਅਤੇ ਦੂਜੇ ਪਾਸੇ ਤੋਂ ਕਸ਼ਮੀਰਾ ਛੇੜਾ ਹੁੰਦੇ ਹੀ ਹੜਾਤ-ਹੜਾਤ ਸ਼ੁਰੂ ਕਰ ਦਿੰਦਾ | ਫਿਰ ਵੀ ਬਾਹਲਾ ਨੁਕਸਾਨ ਹੋ ਗਿਆ ਸੀ | ਮਹਿੰਗੇ ਬੀਅ ਅਤੇ ਸਪਰੇਆਂ ਦੀ ਕੀਮਤ ਵੀ ਨਹੀਂ ਸੀ ਮੁੜੀ |
ਜੀਤੇ ਦੀ ਨਜ਼ਰ ਫਿਰ ਮੱਕੀ ਦੇ ਭਰਵੇਂ ਖੇਤ ਵੱਲ ਪਈ | ਸੂਤ-ਨਸਾਰੇ ਪਈ ਮੱਕੀ ਵਿਚੋਂ ਜਿਵੇਂ ਉਸ ਨੂੰ ਮਿੱਠੀ-ਮਿੱਠੀ ਖੁਸ਼ਬੋ ਆਉਣ ਲੱਗੀ | ਉਹ ਮਨ ਹੀ ਮਨ ਕਈ ਵਿਉਂਤਾਂ ਘੜਨ ਲੱਗਾ | ਉਸਦੇ ਹੱਥ ਆਪ-ਮੁਹਾਰੇ ਜੁੜ ਗਏ | 'ਮਿਹਰ ਕਰੀਂ ਰੱਬਾ! ਐਤਕੀਂ ਸੁੱਖੀਂ-ਸਾਂਦੀਂ ਫ਼ਸਲ ਘਰ ਪਹੁੰਚ ਜਾਵੇ |' ਕਿਤੇ ਪਿਛਲੇ ਸਾਲ ਵਾਂਗ... | ਥੰਮ੍ਹੀਆਂ ਗੱਡ ਕੇ ਬੱਲੀਆਂ ਬੰਨ੍ਹ ਲਈਆਂ | ਅੱਜ ਦੁਪਹਿਰ ਤੱਕ ਇਹ ਕੰਮ ਮੁੱਕ ਜਾਵੇ ਤਾਂ ਮੈਂ ਰਾਤ ਨੂੰ ਰਾਖੀ ਕਰਨ ਵਾਲਾ ਬਣਾ | ਕਿਤੇ ਉਹੀ ਗੱਲ ਨਾ ਹੋਵੇ | ਮੇਰੀ ਢਿੱਲ-ਮੱਠ ਕਾਰਨ ਕਿਤੇ ਜਾਨਵਰ ਝੱਟ ਹੀ ਮਾਰ ਜਾਣ | ਬਾਅਦ ਵਿਚ ਪਛਤਾਵੇ ਦੇ ਡਰੋਂ ਉਹ ਰਾਤ ਨੂੰ ਬਿਸਤਰਾ ਘਰੋਂ ਚੁੱਕ ਲਿਆਇਆ ਸੀ | ਇਹ ਤਿੰਨ ਮਹੀਨੇ ਹੁਣ ਖੇਤ ਵਿਚ ਹੀ ਕੱਟਣੇ ਸਨ | ਇਨ੍ਹਾਂ ਡਰਾਉਣੀਆਂ ਰਾਤਾਂ ਵਿਚ ਉਸਦਾ ਕੁੱਤਾ ਸ਼ੇਰੂ ਹੀ ਉਸਦਾ ਸਾਥੀ ਹੁੰਦਾ | ਸ਼ੇਰੂ ਸਾਏ ਵਾਂਗ ਉਸਦੇ ਅੰਗ-ਸੰਗ ਰਹਿੰਦਾ | ਆਲੇ-ਦੁਆਲੇ ਤੋਂ ਆਉਂਦੀ ਆਵਾਜ਼ ਨੂੰ ਮਹਿਸੂਸ ਕਰਦਿਆਂ ਹੀ ਕੰਨ ਚੁੱਕਦਾ ਅਤੇ ਉੱਧਰ ਨੂੰ ਦੌੜਦਾ | ਸ਼ੇਰੂ ਦੀ ਪਰਵਰਿਸ਼ ਪਰਿਵਾਰਕ ਮੈਂਬਰ ਵਾਂਗ ਹੋਈ ਸੀ | ਘਰ ਦੇ ਜੀਆਂ ਵਾਂਗ ਉਸ ਨੂੰ ਰੋਟੀ ਅਤੇ ਦਵਾ-ਦਾਰੂ ਦਾ ਖਿਆਲ ਰੱਖਿਆ ਜਾਂਦਾ | ਸ਼ੇਰੂ ਵੀ ਆਪਣਾ ਧਰਮ ਨਿਭਾਅ ਰਿਹਾ ਸੀ | ਸਾਰੀ-ਸਾਰੀ ਰਾਤ ਮਣ੍ਹੇ ਹੇਠ ਕਦੇ ਮੁੜ੍ਹਕੇ ਵਿਚ, ਕਦੇ ਮੀਂਹ ਵਿਚ ਨਿਰਵਿਘਨ ਆਪਣੀ ਡਿਊਟੀ 'ਤੇ ਤਾਇਨਾਤ ਰਹਿੰਦਾ | ਸਾਲ ਦੇ ਤਿੰਨ ਮਹੀਨੇ ਦੇ ਦਿਨ-ਰਾਤ ਉਹ ਮਣ੍ਹੇ ਵਾਲੇ ਖੇਤ ਵਿਚ ਹੀ ਕੱਟਦਾ |
ਜੀਤੇ ਦਾ ਅੱਜ ਖੇਤ ਵਿਚ ਪਹਿਲਾ ਦਿਨ ਸੀ | ਮਣ੍ਹੇ 'ਤੇ ਲੇਟਦਿਆਂ ਉਸਦਾ ਧਿਆਨ ਕੁੱਝ ਖੇਤਾਂ ਦੁਆਲੇ ਲੱਗੀਆਂ ਜਾਲੀਦਾਰ ਵਾੜਾਂ ਵੱਲ੍ਹ ਗਿਆ | ਪਿੰਡ ਦੇ ਇੱਕਾ-ਦੁੱਕਾ ਸਰਦੇ-ਪੁੱਜਦੇ ਘਰਾਂ ਨੇ ਪਹਿਲਾਂ ਕੰਡਿਆਲੀ ਤਾਰ ਲਗਾ ਲਈ ਸੀ | ਹੁਣ ਜਾਲੀਦਾਰ ਤਾਰਾਂ ਲਗਵਾ ਕੇ ਅਰਾਮ ਦੀ ਨੀਂਦ ਸੌਾਦੇ ਨੇ | ਪਰ... | ਹਮਾਤੜਾਂ ਦਾ ਤਾਂ ਸਭ ਰੱਬ ਆਸਰੇ ਹੀ ਹੈ | ਸਾਡੇ ਲਈ ਤਾਂ ਦਿੱਲੀ ਹਾਲੇ ਬਹੁਤ ਦੂਰ ਐ |' ਉਜਾੜੇ ਦੇ ਡਰੋਂ ਹੁਣ ਕੋਈ ਕਮਾਦ ਹੀ ਨਹੀਂ ਬੀਜਦਾ | ਦੇਸੀ ਗੁੜ-ਸ਼ੱਕਰ ਖਾਧਿਆਂ ਮੁੱਦਤਾਂ ਬੀਤ ਚੱਲੀਆਂ ਨੇ | ਕੋਈ ਵੇਲਾ ਸੀ ਇਨ੍ਹਾਂ ਚੀਜ਼ਾਂ ਨਾਲ ਕੋਠੀਆਂ-ਭੜੋਲੇ ਭਰੇ ਰਹਿੰਦੇ ਸਨ | ਉਸਦੇ ਅੰਦਰ ਖਿਆਲਾਂ ਦੀ ਚਕਲੀ ਗੇੜੇ ਦੇਣ ਲੱਗੀ | ਗਿਣਤੀਆਂ-ਮਿਣਤੀਆਂ ਵਿਚ ਪਤਾ ਨੀ ਕਦੋਂ ਅੱਖ ਲਗ ਗਈ |
ਦੋ ਦਿਨ ਤਾਂ ਸੁੱਖੀਂ-ਸਾਦੀਂ ਬੀਤ ਗਏ ਸਨ | ਚੋਅ ਦੇ ਘਾਟ ਵਾਲੇ ਪਾਸਿਓਾ ਜਾਨਵਰਾਂ ਦਾ ਝੁੰਡ ਚੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਸ਼ੇਰੂ ਅਜਿਹਾ ਹਮਲਾਵਰ ਰੁਖ ਅਖਤਿਆਰ ਕਰਦਾ ਕਿ ਪੂਰੇ ਝੁੰਡ ਨੂੰ ਰਸਤਾ ਬਦਲਣਾ ਪੈਂਦਾ | ਮਣ੍ਹੇ 'ਤੇ ਬੈਠਾ ਬੈਟਰੀਆਂ ਮਾਰਦਾ ਜੀਤਾ ਸ਼ੇਰੂ ਨੂੰ ਸ਼ਾਬਾਸ਼ੇ ਦਿੰਦਾ ਫਿਰ ਮੰਜੇ 'ਤੇ ਪੈ ਜਾਂਦਾ | ਥੋੜ੍ਹੀ ਦੇਰ ਬਾਅਦ ਫਿਰ ਅਜਿਹਾ ਹੀ ਵਾਪਰ ਜਾਂਦਾ | ਜਾਗੋ-ਮੀਟੀ ਵਿਚ ਹੀ ਰਾਤ ਲੰਘ ਜਾਂਦੀ | ਸਵੇਰੇ ਸਾਰੇ ਦਿਨ ਦੀ ਚਲੋ-ਚਲ ਸ਼ੁਰੂ ਹੋ ਜਾਂਦੀ | ਚੋਅ ਤੋਂ ਪਾਰ ਦੋ ਕੁ ਕਨਾਲ ਦੀ ਟਾਕੀ ਵਿਚ ਵੱਡੇ ਕਾਕੇ ਮੁਖਤਿਆਰ ਨੇ ਮਣ੍ਹਾ ਬਣਾਇਆ ਸੀ | ਪਿਛਲੇ ਸਾਲ ਪੇਠੇ ਦੀ ਫ਼ਸਲ 'ਚੋਂ ਕੁੱਝ ਵੀ ਪੱਲੇ ਨਹੀਂ ਸੀ ਪਿਆ | ਐਤਕੀਂ ਮੱਕੀ ਬੀਜੀ ਸੀ | ਖੇਤ ਦੂਰ ਹੋਣ ਕਰਕੇ ਓਨੀ ਦੇਖਭਾਲ ਤਾਂ ਨਹੀਂ ਸੀ ਹੋਈ ਪਰ ਫਿਰ ਵੀ ਚਾਰ ਮਣ ਦਾਣਿਆਂ ਦੀ ਆਸ ਸੀ |
'' ਇਹ ਵੀ ਕੀ ਮੁਸੀਬਤ ਐ , ਸਾਡੇ ਇਲਾਕੇ ਵਿਚ , ਰਾਖੀ ਤੋਂ ਬਿਨਾਂ ਕੋਠੀ ਤੱਕ ਦਾਣੇ ਨੀਂ ਅਪੜਦੇ |' ਪਰਿਵਾਰ ਦੇ ਕਈ-ਕਈ ਜੀਅ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਵੱਖ-ਵੱਖ ਖੇਤਾਂ ਵਿਚ ਰਾਖੀ ਕਰਦੇ ਹਨ | ਪੀਪੇ ਵਜਾ ਕੇ, ਪੂਰੀ ਰਾਤ ਹੜਾਤ-ਹੜਾਤ, ਫਿਰ ਵੀ ਫ਼ਸਲ ਦਾ ਕੋਈ ਵਸਾਹ ਨਹੀਂ | ਬਰਸਾਤ ਦੇ ਦਿਨਾਂ ਵਿਚ ਸੌ ਕੀੜੇ-ਕੰਡੇ ਦਾ ਡਰ ਬਣਿਆ ਰਹਿੰਦਾ ਹੈ, ਪਰ ਰਾਖੀ........ | ਇਹ ਤਾਂ ਮਜਬੂਰੀ ਐ | ਇਸਦੇ ਬਿਨਾਂ ਕੋਈ ਹੋਰ ਚਾਰਾ ਵੀ ਨਹੀਂ | ਮਣ੍ਹੇ 'ਤੇ ਪਿੱਠ ਸਿੱਧੀ ਕਰਦਿਆਂ ਪਿਛਲੇ ਸਾਲ ਦੀ ਦੁਖਦਾਈ ਘਟਨਾ ਜੀਤੇ ਦੀਆਂ ਯਾਦਾਂ ਵਿਚ ਤਰੋ-ਤਾਜ਼ਾ ਹੋ ਗਈ |
ਦੁਪਹਿਰ ਤੋਂ ਹੀ ਝੜੀ ਲੱਗੀ ਹੋਈ ਸੀ | ਕਰਮਾ ਪਿਛਲੇ ਤਿੰਨ ਸਾਲ ਤੋਂ ਤਬੀਅਤ ਠੀਕ ਨਾ ਹੋਣ ਕਾਰਨ ਦਵਾਈ ਖਾ ਰਿਹਾ ਸੀ | ਦਿਨ ਢਲਦੇ ਹੀ ਉਸ ਨੇ ਰਾਤ ਵਾਲੀ ਰੋਟੀ ਦੀਆਂ ਮੋਟੀਆਂ-ਮੋਟੀਆਂ ਬੁਰਕੀਆਂ ਦਿਨ ਖੜ੍ਹੇ ਹੀ ਖਾ ਲਈਆਂ | ਰਾਤ ਵਾਲੀ ਦਵਾਈ ਦੀ ਖੁਰਾਕ ਪਾਣੀ ਨਾਲ ਅੰਦਰ ਲੰਘਾ ਕੇ ਸਿਰ 'ਤੇ ਮੋਮਜਾਮੇ ਦਾ ਬੋਰੂ ਤਾਣ ਕੇ ਕਾਹਲੇ ਕਦਮੀਂ ਖੇਤ ਵੱਲ ਨੂੰ ਹੋ ਤੁਰਿਆ |
''ਕੁੱਤੇ ਦੀ ਰੋਟੀ ਰਹਿ ਗਈ', ਕਰਮੇ ਦੀ ਘਰਵਾਲੀ ਦੇਸੋ ਨੇ ਪਿੱਛੋਂ ਆਵਾਜ਼ ਮਾਰੀ ਸੀ | ਸਿਹਤ ਠੀਕ ਨਾ ਹੋਣ ਦਾ ਵਾਸਤਾ ਪਾ ਕੇ ਉਸਦੀ ਘਰਵਾਲੀ ਦੇਸੋ ਨੇ ਉਸ ਦਿਨ ਖੇਤ ਨਾ ਜਾਣ ਦੀ ਸਲਾਹ ਦਿੱਤੀ ਪਰ ਉਸਦੇ ਜਵਾਬ ਮੂਹਰੇ ਦੇਸੋ ਨਿਰਉੱਤਰ ਹੋ ਗਈ ਸੀ | ਪਿਛਲੇ ਹਫ਼ਤੇ ਉਹ ਤਬੀਅਤ ਠੀਕ ਨਾ ਹੋਣ ਕਰਕੇ ਖੇਤ ਦੇਰੀ ਨਾਲ ਪੁੱਜਿਆ ਸੀ | ਮੇਰੇ ਖੇਤ ਪੁੱਜਦੇ ਨੂੰ ਜਾਨਵਰ ਦੋਧੇ ਮੱਕੀ ਦੀਆਂ ਦਸ-ਬਾਰਾਂ ਭਰੀਆਂ ਖ਼ਰਾਬ ਕਰ ਗਏ ਸਨ |
'ਪਸ਼ੂਆਂ ਨੂੰ ਕੁਤਰ ਕੇ ਵੀ ਕਿੰਨੀਆਂ ਕੁ ਪਾਉਣੀਆਂ ਨੇ |' ਕਰਮਾ ਬੁੜ-ਬੜਾਉਂਦਾ ਤੁਰ ਪਿਆ ਸੀ |
'ਪਿਛਲੀ ਕੀਤੀ-ਕਰਾਈ ਸਭ ਖੂਹ ਵਿਚ ਪੈ ਜਾਣੀ ਐ, ਜੇ ਇਕ ਵੀ ਨਾਗਾ ਪੈ ਗਿਆ ਤਾਂ ਖੇਤ ਚੋਂ ਲਿਆਂਵਾਂਗੇ ਕੀ?'
'ਇਹ ਉਮਰ ਘਰ ਤੋਂ ਦੋ ਮੀਲ ਦੂਰ ਮਣ੍ਹੇ ਤੇ ਚੜ੍ਹ ਕੇ ਬੇਆਰਾਮ ਹੋਣ ਦੀ ਥੋੜ੍ਹਾ ਆ' ਦੇਸੋ ਅੰਦਰੋ-ਅੰਦਰੀ ਹਉਕਾ ਭਰਦੀ |
ਕਰਮਾ ਖੇਤ ਤੱਕ ਪਹੁੰਚਣ ਤੱਕ ਦੇ ਉੱਚੇ-ਨੀਵੇਂ ਰਸਤਿਆਂ ਵਿਚ ਹੱਥ ਵਿਚ ਫੜੀ ਸੋਟੀ ਦੇ ਆਸਰੇ ਕਾਰਨ ਦੋ-ਤਿੰਨ ਵਾਰ ਤਿਲ੍ਹਕਣ ਤੋਂ ਮਸਾਂ ਬਚਿਆ ਸੀ | ਚੀਕਣੀ ਮਿੱਟੀ ਸੀਮਿੰਟ ਵਾਂਗ ਬੂਟਾਂ ਨਾਲ ਚਿੰਬੜਨ ਕਰਕੇ ਬੂਟਾਂ ਦਾ ਭਾਰ ਕਈ ਗੁਣਾ ਵੱਧ ਹੋ ਗਿਆ ਸੀ | ਆਖਰ ਔਖਾ-ਸੌਖਾ ਉਹ ਪੌਡਿਆਂ ਰਾਹੀਂ ਮਣ੍ਹੇ 'ਤੇ ਜਾ ਚੜਿ੍ਹਆ ਸੀ |
ਪੂਰੀ ਰਾਤ ਵਰ੍ਹਨ ਕਰਕੇ ਮੀਂਹ ਦਾ ਜ਼ੋਰ ਲੱਗ ਗਿਆ ਸੀ | ਹੁਣ ਆਸਮਾਨ ਸ਼ੀਸ਼ੇ ਵਾਂਗ ਸਾਫ ਸੀ | ਸਵੇਰੇ ਉੱਠਦੇ ਸਾਰ ਹੀ ਦੇਸੋ ਨੂੰ ਅੱਚਵੀ ਜਿਹੀ ਲਗ ਗਈ |
'ਉਹ ਤਾਂ ਐਸ ਵੇਲੇ ਆ ਜਾਂਦਾ ਸੀ, ਸਗੋਂ ਮੈਨੂੰ ਰੋਜ਼ 'ਵਾਜ਼ ਮਾਰ ਕੇ ਜਗਾਉਂਦਾ ਸੀ |' ਚਿੰਤਾਤਰ ਹੋਈ ਕਰਮੇ ਦੀ ਘਰਵਾਲੀ ਦੇਸੋ ਨੇ ਆਪਣੇ ਦਿਓਰ ਛਿੰਦੇ ਨੂੰ ਖੇਤ ਵੱਲ ਭੇਜਿਆ | ਕਿਤੇ ਗਰਮ-ਸਰਦ ਹੋ ਕੇ ਸਿਹਤ ਜ਼ਿਆਦਾ ਖ਼ਰਾਬ ਨਾ ਹੋ ਗਈ ਹੋਵੇ | ਮਾੜੇ ਖਿਆਲ ਮਨ ਵਿਚ ਆਉਣ ਨਾਲ ਦੇਸੋ ਦੀ ਸਵੇਰ ਦੀ ਚਾਹ ਚੁੱਲ੍ਹੇ 'ਤੇ ਧਰਨ ਦੀ ਹਿੰਮਤ ਨਹੀਂ ਸੀ ਪੈ ਰਹੀ |
ਉਹੀ ਗੱਲ ਹੋਈ ਜਿਸਦਾ ਡਰ ਸੀ | ਕਰਮਾ ਮਣ੍ਹੇ 'ਤੇ ਆਕੜਿਆ ਰਹਿ ਗਿਆ ਸੀ | ਮਣ੍ਹੇ ਦੀ ਥੰਮ੍ਹੀ ਨਾਲ ਬੈਠਾ ਉਸਦਾ ਕੁੱਤਾ ਭੌਾਕਣ ਦੀ ਬਜਾਇ ਚਊਾ-ਚਊਾ ਕਰ ਰਿਹਾ ਸੀ, ਜਿਵੇਂ ਉਸ ਨੂੰ ਪਤਾ ਲਗ ਗਿਆ ਹੋਵੇ ਕਿ ਮੇਰਾ ਮਾਲਕ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ |
ਅੱਧੀ ਰਾਤ ਬਹੁਤ ਪਿੱਛੇ ਰਹਿ ਗਈ ਸੀ | ਜੀਤੇ ਦੀਆਂ ਸੋਚਾਂ ਦੀ ਲੜੀ ਇਕਦਮ ਟੁੱਟੀ ਜਦੋਂ ਸ਼ੇਰੂ ਗੋਲੀ ਵਾਂਗ ਮੱਕੀ ਦੇ ਟਾਂਢਿਆਂ ਵਿਚ ਕਾੜ-ਕਾੜ ਵੱਜਦਾ ਹੋਇਆ ਗੁਆਂਢੀ ਗਾਮੇ ਦੇ ਖੇਤ ਵੱਲ ਨੂੰ ਦੌੜਿਆ | ਉਸਨੇ ਜਦੋਂ ਸ਼ੇਰੂ ਦੀ ਨਿਸ਼ਾਨਦੇਹੀ 'ਤੇ ਬੈਟਰੀ ਮਾਰੀ ਤਾਂ ਜਾਨਵਰਾਂ ਦਾ ਝੁੰਡ ਹਰਲ-ਹਰਲ ਕਰਦਾ ਖੇਤ ਦਾ ਬੰਨਾ ਪਾਰ ਕਰ ਚੁੱਕਿਆ ਸੀ | ਸ਼ੇਰੂ ਪੂਰਾ ਜ਼ੋਰ ਲਗਾ ਕੇ ਇਸ ਝੁੰਡ ਨੂੰ ਖਦੇੜਨ ਲਈ ਪੂਰੀ ਵਾਹ ਲਾ ਰਿਹਾ ਸੀ | ਇਸ ਝੁੰਡ ਦੀ ਅਗਵਾਈ ਵਾਲਾ ਜਾਨਵਰ ਮਸਤ ਹਾਥੀ ਵਾਂਗ ਅੱਗੇ ਵਧ ਰਿਹਾ ਸੀ | ਉਹ ਮਣ੍ਹੇ 'ਤੇ ਬੈਠਾ ਕਦੇ ਬੈਟਰੀ ਮਾਰਦਾ, ਕਦੇ ਪੀਪਾ ਵਜਾਉਂਦਾ, ਫਿਰ ਪੂਰੇ ਜ਼ੋਰ ਨਾਲ ਹੜਾਤ-ਹੜਾਤ ਕਰਨ ਲੱਗਾ | ਝੁੰਡ ਦੇ ਮੋਹਰੀ ਜਾਨਵਰ ਜਿਸਦਾ ਭਾਰ ਕੁਇੰਟਲਾਂ ਵਿਚ ਜਾਪਦਾ ਸੀ, ਨੇ ਸ਼ੇਰੂ ਦੇ ਅਜਿਹੀ ਠੁੱਡ ਮਾਰੀ ਕਿ ਇਕ ਵਾਰ ਤਾਂ ਉਹ ਹਮਲਾਵਰ ਰੁਖ ਵਿਚ ਭੌਾਕਦਾ-ਭੌਾਕਦਾ ਚਊਾ-ਚਊਾ ਕਰਨ ਲਗ ਪਿਆ | ਜੀਤੇ ਦਾ ਦਿਲ ਕੀਤਾ ਕਿ ਮਣ੍ਹੇ ਤੋਂ ਥੱਲੇ ਉਤਰ ਕੇ ਫ਼ਸਲ ਦੇ ਵੈਰੀਆਂ ਨੂੰ ਭਜਾ ਦੇਵੇ ਪਰ ਗੱਲ ਵੱਸ ਤੋਂ ਬਾਹਰੀ ਸੀ | ਉਸ ਕੋਲ ਮਣ੍ਹੇ ਨਾਲ ਬੰਨ੍ਹੇ ਪੀਪੇ ਨੂੰ ਵਜਾ ਕੇ ਹੜਾਤ-ਹੜਾਤ ਕਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ | ਸ਼ੇਰੂ ਹਿੰਮਤ ਕਰ ਕੇ ਫਿਰ ਉੱਠਿਆ ਜਿਵੇਂ ਕਹਿ ਰਿਹਾ ਹੋਵੇ ਕਿ ਉਹ ਖੂਨ ਦੇ ਆਖਰੀ ਕਤਰੇ ਤੱਕ ਵਫ਼ਾ ਦਾ ਮੁੱਲ ਮੋੜੇਗਾ | ਹੁਣ ਸ਼ੇਰੂ ਦੀ ਆਵਾਜ਼ ਪਹਿਲਾਂ ਵਰਗੀ ਨਹੀਂ ਸੀ | ਜਾਨਵਰ ਦੀ ਦੂਜੀ ਠੁੱਡ ਨਾਲ ਸ਼ੇਰੂ ਦੀ ਚਊਾ-ਚਊਾ ਚੁੱਪ ਵਿਚ ਬਦਲ ਗਈ ਸੀ | ਜੀਤੇ ਨੇੇ ਬੈਟਰੀ ਮਾਰੀ ਤਾਂ ਖੂਨ ਨਾਲ ਲੱਥ-ਪੱਥ ਸ਼ੇਰੂ ਸਹਿਕ ਰਿਹਾ ਸੀ | ਜਾਨਵਰਾਂ ਦਾ ਪੂਰਾ ਟੋਲਾ ਮਿੰਟਾਂ ਵਿਚ ਪੂਰਾ ਖੇਤ ਲਤਾੜ ਗਿਆ ਸੀ | ਸੌ ਹੱਥ ਰੱਸਾ ਸਿਰ 'ਤੇ ਗੰਢ | ਜੀਤੇ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਦੇ ਸਰੀਰ ਦਾ ਵਜ਼ਨ ਕਈ ਗੁਣਾ ਵਧ ਗਿਆ ਹੋਵੇ | ਪੱਥਰ ਵਰਗਾ ਬੇਜਾਨ | ਘੁਸਮੁਸੇ ਤੋਂ ਬਾਅਦ ਹਲਕੀ ਜਿਹੀ ਲੋਅ ਵਿਚ ਸ਼ੇਰੂ ਖ਼ੂਨ ਵਿਚ ਰੰਗਿਆ ਮਣ੍ਹੇ ਲਾਗੇ ਨਿਢਾਲ ਪਿਆ ਸੀ ਅਤੇ ਪੂਰੇ ਖੇਤ ਵਿਚ ਮੱਕੀ ਦੇ ਟਾਂਢੇ ਲਾਸ਼ਾਂ ਵਾਂਗ ਵਿਛੇ ਪਏ ਸਨ | ਫ਼ਸਲਾਂ ਦੇ ਰਖਵਾਲੇ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਸਨ ਪਰ ਜੀਤਾ ਮਣ੍ਹੇ 'ਤੇ ਬੈਠਾ ਹੋਇਆ ਆਪਣੇ ਸੁਪਨਿਆਂ ਦੀ ਮੌਤ ਨੂੰ ਤੱਕਦਾ ਡੂੰਘੀਆਂ ਸੋਚਾਂ ਵਿਚ ਗੁਆਚ ਗਿਆ ਸੀ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ |
ਸੰਪਰਕ : 94638-51568

ਵਿਅੰਗ ਮੌਨ ਵਰਤ

ਜ਼ਨਾਨੀਆਂ ਕਰਵਾ-ਚੌਥ ਜਿਹਾ ਔਖੇ ਤੋਂ ਔਖਾ ਵਰਤ ਹੱਸ-ਹੱਸ ਕੇ ਰੱਖ ਲੈਂਦੀਆਂ ਹਨ | ਸਤੀ ਜਿਹੀ ਰਸਮ ਬੜੀ ਆਸਾਨੀ ਨਾਲ ਨਿਭਾਅ ਦਿੰਦੀਆਂ ਸਨ ਪਰ ਮੌਨ ਵਰਤ ਜਿਹਾ ਸੌਖਾ ਜਿਹਾ ਵਰਤ ਰੱਖਣ ਲਈ ਪੰਜਾਹ ਨਹੀਂ ਸੌ ਵਾਰ ਸੋਚਦੀਆਂ ਹਨ | ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਚੁਟਕਲਾ ਤਾਂ ਸੁਣਿਆ ਹੀ ਹੋਵੇਗਾ:
'ਦੋ ਔਰਤਾਂ ਇਕ ਛੋਟੇ ਜਿਹੇ ਕਮਰੇ ਵਿਚ ਇਕ ਘੰਟੇ ਤੋਂ ਚੁੱਪਚਾਪ ਬੈਠੀਆਂ ਸਨ |'
ਪਤਨੀ ਦੀ ਕਿੱਟੀ ਪਾਰਟੀ ਦੀਆਂ ਸਹੇਲੀਆਂ ਨੇ ਇਸ ਵਰਤ ਨੂੰ ਇਕ ਚੈਲਿੰਜ ਵਾਂਗ ਲਿਆ ਹੈ | ਹਲਵਾਈਆਂ ਦੀ ਭੂਟੋ ਆਪਣਾ ਮੋਟਾ ਲੱਕ ਹਿਲਾ ਹਿਲਾ ਕਹਿ ਰਹੀ ਸੀ, 'ਲੈ ਭੈਣੇ, ਮੌਨ ਵਰਤ ਰੱਖਣਾ ਕੀ ਔਖਾ ਐ | ਚੁੱਪ ਈ ਵੱਟਣੀ ਹੁੰਦੀ ਐ | ਕਈ ਵਾਰ ਆਪਾਂ ਆਪਣੀ ਸੱਸ ਜਾਂ ਸਹੁਰੇ ਦੀ ਗੱਲ ਸੁਣ ਕੇ ਚੁੱਪ ਈ ਤਾਂ ਵੱਟ ਲੈਂਦੀਆਂ ਹਾਂ | ਇਹੋ ਜਿਹੇ ਚੰਦਰੇ ਲੋਕਾਂ ਨਾਲ ਮਗਜ਼ ਖਪਾਈ ਕਰਨ ਦਾ ਕੀ ਫੈਦਾ? ਇਕ ਚੁੱਪ ਸੌ ਸੁੱਖ |'
ਉਸ ਦੀ ਇਸ ਗੱਲ 'ਤੇ ਕੱਪੜੇ ਵਾਲਿਆਂ ਦੀ ਕੌੜੀ ਗਿੱਧਾ ਜਿਹਾ ਪਾਉਂਦਿਆਂ ਆਖਣ ਲੱਗੀ, 'ਲੈ ਭੈਣੇ, ਜੇ ਕੋਈ ਐਵੇਂ ਈ ਸਿਰ 'ਤੇ ਚੜ੍ਹਦਾ ਆਊ ਤਾਂ ਉਹਨੂੰ ਲਾਹੁਣਾ ਤਾਂ ਪੈਂਦਾ ਈ ਐ | ਚੁੱਪ ਕਰਕੇ ਕੋਈ ਕਿੰਨੀ ਕੁ ਦੇਰ ਇਨ੍ਹਾਂ ਦੀ ਬਕਵਾਸ ਸੁਣਦਾ ਰਹੂ? ਫਾਲਤੂ ਗੱਲਾਂ ਸੁਣ-ਸੁਣ ਆਪਣਾ ਤਾਂ, ਸੱਚ ਜਾਣੋ, ਚਿੱਤ ਕਾਹਲਾ ਪੈਣ ਲੱਗ ਜਾਂਦੈ | ਜਵਾਬ ਤਾਂ ਦੇਣਾ ਈ ਪੈਂਦੈ | ਅਸੀਂ ਵੀ ਧੜੀ-ਧੜੀ ਅੰਨ ਖਾਂਦੇ ਈ ਆਂ |'
ਸੁਣਦਿਆਂ ਹੀ ਲੋਹਟੀਆਂ ਦੀ ਮਿਆਊਾ ਬਿੱਲੀ ਵਾਂਗ ਪੂਛ ਜਿਹੀ ਹਿਲਾਉਂਦੀ ਹੋਈ ਭੁੜਕ ਪਈ ਸੀ, 'ਇਹ ਭਲਾ ਕੀ ਗੱਲ ਹੋਈ? ਅਗਲਾ ਸਿਰ 'ਤੇ ਮੋਰੀਆਂ ਕਰੀ ਜਾਵੇ, ਅਖੇ ਚੁੱਪ ਈ ਭਲੀ ਐ | ਰੱਬ ਨੇ ਅਹਿ ਗਿੱਠ ਦੀ ਜ਼ਬਾਨ ਕਾਹਦੇ ਵਾਸਤੇ ਦਿੱਤੀ ਐ | ਜਿਵੇਂ ਕਹਿੰਦੇ ਆਂ ਨੋ ਹੌਰਨ ਪਲੀਜ਼, ਬਈ ਕਹਿਣ ਵਾਲਿਆਂ ਨੂੰ ਮੰੂਹ ਫੜ ਕੇ ਪੁੱਛੋ ਬਈ ਜੇ ਬਜੌਣਾ ਈ ਨੀ ਤਾਂ ਖੋਤੇ ਦੇ ਕੰਨ ਜਿੱਡਾ ਹੌਰਨ ਗੱਡੀ 'ਤ ਲਾਇਆ ਕਾਹਦੇ ਵਾਸਤੇ ਆ? ਇਹੋ ਗੱਲ ਜੀਭ ਦੀ ਐ, ਬਈ ਜੇ ਬੋਲਣਾ ਈ ਨੀ, ਤਾਂ ਇਹਨੂੰ ਕਰਨਾ ਕੀ ਐ?'
ਗੱਲ ਏਦਾਂ ਈ ਭੰਬਲਭੂਸੇ 'ਚ ਪਈ ਰਹਿਣੀ ਸੀ ਜੇ ਘਰ ਦੀ ਮਾਲਕਣ ਸ੍ਰੀਮਤੀ ਟੈਟੂ ਮੋਰਚਾ ਨਾ ਸੰਭਾਲਦੀ | ਉਸ ਨੇ ਸਹਿਜ ਮਤੇ ਨਾਲ ਬੋਲਦਿਆਂ ਆਖਿਆ, 'ਭੈਣੋ, ਇਹ ਕਿਹੜਾ ਆਪਣੀ ਕਿੱਟੀ ਪਾਰਟੀ ਦੀ ਰੀਤ ਈ ਬਣ ਜਾਣੀ ਐਾ? ਕਿਹੜਾ ਆਪਾਂ ਕੋਈ ਪਰਮਾਨੈਂਟ ਫੀਚਰ ਬਣਾ ਲੈਣਾ ਇਹਨੂੰ | ਆਪਾਂ ਤਾਂ ਇਕ ਚੈਲਿੰਜ ਦਾ ਜਵਾਬ ਈ ਦੇਣੈਂ, ਬਈ ਦੋ ਔਰਤਾਂ ਹੀ ਨਹੀਂ ਵੀਹ ਔਰਤਾਂ ਵੀ ਇਕੋ ਕਮਰੇ 'ਚ ਚੁੱਪਚਾਪ ਬਹਿ ਸਕਦੀਆਂ ਨੇ | ਔਰਤਾਂ ਵੱਡੀਆਂ-ਵੱਡੀਆਂ ਕੁਰਬਾਨੀਆਂ, ਵੱਡੇ-ਵੱਡੇ ਦੁੱਖ ਸਹਿ ਸਕਦੀਆਂ ਨੇ | ਵੱਡੇ-ਵੱਡੇ ਸੰਕਟਾਂ 'ਚੋਂ ਪਾਰ ਲੰਘ ਸਕਦੀਆਂ ਨੇ | ਆਓ, ਆਪਾਂ ਜਗਤ ਨੂੰ ਦਿਖਾ ਦੇਈਏ ਕਿ ਵੀਹ-ਵੀਹ ਔਰਤਾਂ ਵੀ, ਕੋਲ-ਕੋਲ ਬਹਿ ਕੇ ਚੁੱਪ ਰਹਿ ਸਕਦੀਆਂ ਨੇ | ਮੌਨ ਵਰਤ ਰੱਖ ਸਕਦੀਆਂ ਨੇ |'
ਸ੍ਰੀਮਤੀ ਟੈਟੂ ਦੀ ਜਜ਼ਬਾਤੀ ਸਪੀਚ ਸੁਣ ਕੇ ਸਾਰੀਆਂ ਕਿੱਟੀ ਪਾਰਟਨਰਾਂ ਭਾਵੁਕ ਹੋ ਕੇ ਜੋਸ਼ ਵਿਚ ਆ ਗਈਆਂ | ਉਨ੍ਹਾਂ ਦੇ ਡੌਲੇ ਜੋਸ਼ 'ਚ ਫੜਕਣ ਲੱਗ ਪਏ | ਨੱਕ ਦੇ ਕੋਕੇ ਲਿਸ਼ਕਣ ਲੱਗ ਪਏ | ਇਕ ਦੋ ਜਣੀਆਂ ਨੇ ਤਾਂ ਜੋਸ਼ 'ਚ ਬਾਹਾਂ ਚੁੱਕ, ਮੁੱਕੀਆਂ ਵੱਟ-ਵੱਟ, ਨਾਅਰੇ ਵੀ ਮਾਰ ਦਿੱਤੇ ਸਨ:
'ਸਾਡਾ ਏਕਾ ਜ਼ਿੰਦਾਬਾਦ,
ਸਾਡਾ ਏਕਾ ਜ਼ਿੰਦਾਬਾਦ |
ਮੌਨ ਵਰਤ ਲੱਗ ਕੇ ਰਹੂਗਾ |
ਚੁੱਪ 'ਤੇ ਪਹਿਰਾ ਲੱਗ ਕੇ ਰਹੂਗਾ |'
ਤੇ ਕਿੱਟੀ ਪਾਰਟੀ ਵਲੋਂ 'ਮੌਨ ਵਰਤ' ਰੱਖਣ ਦਾ ਰੈਜੂਲਿਊਸ਼ਨ ਬਹੁਮਤ ਨਾਲ ਪਾਸ ਹੋ ਗਿਆ ਸੀ |
ਕਿੱਟੀ ਪਾਰਟੀ ਦਾ ਸਾਰਾ ਸਾਮਾਨ ਡਾਈਨਿੰਗ ਟੇਬਲ 'ਤੇ ਤਿਆਰ-ਬਰ-ਤਿਆਰ ਪਿਆ ਸੀ | ਵਿਚ-ਵਿਚਾਲੇ ਮੌਨ ਵਰਤ ਦਾ ਮਤਾ ਬਹੁਮਤ ਨਾਲ ਪਾਸ ਹੋ ਗਿਆ ਸੀ | ਖਾਣ-ਪੀਣ ਦਾ ਕੰਮ ਮੌਨ ਵਰਤ ਟੁੱਟਣ ਤੋਂ ਬਾਅਦ ਹੀ ਕਰਨ ਦਾ ਨਿਰਣਾ ਵੀ ਬਹੁਮਤ ਨਾਲ ਪਾਸ ਹੋ ਗਿਆ ਸੀ | ਕਿੱਟੀ ਪਾਰਟੀ ਵਾਲੀਆਂ ਸਾਰੀਆਂ ਸਹੇਲੀਆਂ ਚੁੱਪ ਵੱਟੀ ਬੈਠੀਆਂ ਸਨ | ਲੱਗ ਰਿਹਾ ਸੀ ਜਿਵੇਂ ਉਹ ਕਿਸੇ ਕਿੱਟੀ ਪਾਰਟੀ 'ਤੇ ਨਾ ਆ ਕੇ ਕਿਸੇ ਦੇ ਸੱਸ-ਸਹੁਰੇ ਦੀ ਮਰਗ 'ਤੇ ਆਈਆਂ ਬੈਠੀਆਂ ਹੋਣ | ਫਰਕ ਸਿਰਫ਼ ਏਨਾ ਹੀ ਸੀ ਕਿ ਉਹ ਭੰੁਜੇ ਦਰੀ 'ਤੇ ਬਹਿਣ ਦੀ ਥਾਵੇਂ ਕੁਰਸੀਆਂ 'ਤੇ ਡਟੀਆਂ ਹੋਈਆਂ ਸਨ |
ਹਾਲੇ ਬੈਠੀਆਂ ਨੂੰ ਦਸ ਕੁ ਮਿੰਟ ਹੀ ਹੋਏ ਸਨ ਕਿ ਹਲਵਾਈਆਂ ਦੀ ਭੂਟੋ ਦੀ ਨਿਗ੍ਹਾ ਸਾਹਮਣੇ ਟੇਬਲ 'ਤੇ ਪਏ ਤਾਜ਼ਾ ਸਮੋਸਿਆਂ ਵੱਲ ਚਲੀ ਗਈ | ਕੋਲ ਦੋ ਤਿੰਨ ਤਰ੍ਹਾਂ ਦੀ ਚਟਨੀ ਵੀ ਪਈ ਸੀ | ਉਸ ਦੀ ਤਾਂ ਜੀਭ ਈ ਪਾਣੀ ਛੱਡਣ ਲੱਗ ਪਈ | ਉਸ ਇਕ ਚਿੱਟ 'ਤੇ 'ਇਕ ਸਮੋਸਾ ਵਿਦ ਚਟਨੀ ਪਲੀਜ਼' ਲਿਖ ਕੇ ਕੰਮ ਵਾਲੀ ਕੁੜੀ ਜੁਗਨੀ ਨੂੰ ਫੜਾ ਦਿੱਤੀ | ਜੁਗਨੀ ਪਰੇਡ 'ਚ ਖਲੋਤੇ ਫੌਜੀ ਵਾਂਗ ਝੱਟ ਸਮੋਸੇ ਵਾਲੀ ਪਲੇਟ ਫੜਾ ਗਈ | ਬਾਕੀਆਂ ਨੂੰ ਉਸ ਦੀ ਚਪੜ-ਚਪੜ ਡਿਸਟਰਬ ਕਰਨ ਲੱਗ ਪਈ | ਹਾਲੇ ਉਹ ਆਪਣੇ ਕੰਮ 'ਚ ਰੱੁਝੀ ਹੀ ਹੋਈ ਸੀ ਕਿ ਉਦੋਂ ਹੀ ਬਜਾਜਾਂ ਦੀ ਕੌੜੀ ਨੇ ਵੀ ਆਪਣੀ ਚਿੱਟ ਜੁਗਨੀ ਹੱਥ ਥਮਾ ਦਿੱਤੀ, 'ਵਨ ਟਿੱਕੀ ਵਿਦ ਚਟਨੀ ਪਲੀਜ਼' ਟਿੱਕੀ ਵਾਲੀ ਪਲੇਟ ਫੜਦਿਆਂ ਹੀ ਉਸ ਟਿੱਕੀ ਵਿਚ ਮਿਰਚਾਂ ਹੋਣ ਕਾਰਨ 'ਸ਼ੰੂ...ਸ਼ੰੂ..' ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਫਿਰ ਤਾਂ ਸਮਝੋ ਝਪਟੋ-ਝਪਟੀ ਸ਼ੁਰੂ ਹੋ ਗਈ | ਧੜਾਧੜ ਚਿੱਟਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ | ਵਾਤਾਵਰਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਸੁੜਕਣ ਲੱਗ ਪਈਆਂ | ਵੱਟੀ ਚੁੱਪ ਚੁੱਪ 'ਚ ਹੀ ਉਨ੍ਹਾਂ ਨੇ ਕਿੱਟੀ ਪਾਰਟੀ ਵਾਲਾ ਕੰਮ ਸਮੇਟ ਲਿਆ ਸੀ | ਟੇਬਲ ਗੰਜੀ ਦੇ ਸਿਰ ਵਾਂਗ ਸਫਾ ਚੱਟ ਹੋ ਗਿਆ ਸੀ |
ਏਨੇ 'ਚ ਮੌਨ ਵਰਤ ਦਾ ਸਮਾਂ ਵੀ ਪੂਰਨ ਹੋ ਗਿਆ ਸੀ |
ਆਪੋ-ਆਪਣੇ ਘਰ ਪਰਤਣ ਵੇਲੇ ਹਰੇਕ ਦਾ ਆਪੋ-ਆਪਣਾ ਪ੍ਰਤੀਕਰਮ ਸੀ | ਹਲਵਾਈਆਂ ਦੀ ਭੂਟੋ ਕਹਿ ਰਹੀ ਸੀ, 'ਸੁਆਦ ਨੀ ਆਇਆ | ਅੱਜ ਭੜਾਸ ਤਾਂ ਨਿਕਲੀ ਈ ਨੀਂ, ਅੰਦਰ ਭਰਿਆ-ਭਰਿਆ ਪਿਐ |'
ਬਜਾਜਾਂ ਦੀ ਕੌੜੀ ਨੇ ਆਖਿਆ, 'ਮੇਰੇ ਤਾਂ ਭੈਣ ਆਪ ਅੰਦਰ ਇਕ ਗੋਲਾ ਜਿਹਾ ਬਣਿਆ ਪਿਆ | ਆਏਾ ਘੁਕੀ ਜਾਂਦੈ ਜਿਵੇਂ... |'
ਸ੍ਰੀਮਤੀ ਟੈਟੂ ਨੇ ਵੀ ਮੋਰਚਾ ਸੰਭਾਲਦਿਆਂ ਆਖ ਦਿੱਤਾ ਸੀ, 'ਮੇਰੇ ਤਾਂ ਪੇਟ 'ਚ ਕਈ ਗੋਲੇ ਘੰੁਮੀ ਜਾਂਦੇ ਆ | ਟੱਸ ਟੱਸ ਹੋਈ ਜਾਂਦੀ ਐ |'
ਉਨ੍ਹਾਂ ਸਾਰੀਆਂ ਨੇ ਸਿੱਟਾ ਕੱਢਿਆ ਕਿ ਚੁੱਪ ਰਹਿਣਾ ਬਹੁਤ ਖ਼ਤਰਨਾਕ ਹੁੰਦਾ ਐ | ਆਪਾਂ ਨੂੰ ਮੁੜ ਕਦੀ ਮੌਨ ਵਰਤ ਜਿਹੇ ਪਚੜੇ 'ਚ ਨਾ ਪੈ ਕੇ ਕਿੱਟੀ ਪਾਰਟੀ ਦਾ ਆਨੰਦ ਮਾਨਣਾ ਚਾਹੀਦੈ | ਜੁਗਨੀ ਨੇ, ਕਿੱਟੀ ਪਾਰਟੀ ਤੋਂ ਬਾਅਦ ਦੱਸਿਆ ਕਿ 'ਕੱਠੀਆਂ ਹੋਈਆਂ ਚਿੱਟਾਂ ਦਾ ਇਕ ਚੰਗਾ ਡਿਮਾਂਡ ਚਾਰਟਰ ਬਣ ਗਿਆ ਸੀ | ਬਾਅਦ ਵਿਚ ਪਤਾ ਲੱਗਿਆ ਹੈ ਕਿ ਉਸ ਦਿਨ ਦੇ ਮੌਨ ਵਰਤ ਕਾਰਨ ਸਾਰੀਆਂ ਸਹੇਲੀਆਂ ਨੂੰ ਕਈ ਦਿਨ ਅਫਰੇਵੇਂ ਦੀ ਸ਼ਿਕਾਇਤ ਰਹੀ ਸੀ |

-ਮੋਬਾਈਲ : 94635-37050.

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ | ਉਨ੍ਹਾਂ ਦੇ ਆਖਰੀ ਸਾਹ ਲੈਣ ਸਮੇਂ ਤਾਂ ਬੱਚਿਆਂ ਨੂੰ ਵੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੀ ਉਨ੍ਹਾਂ ਦੇ ਕੋਲ ਹੋਣ |
• ਬਚਪਨ ਵਿਚ ਬਿਸਤਰਾ ਗਿੱਲਾ ਕਰਦਾ ਸੀ, ਜਵਾਨੀ ਵਿਚ ਅਜਿਹੀ ਕੋਈ ਗੱਲ ਨਾ ਕਰਨਾ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ |
• ਸਮਾਰਟ ਫੋਨ ਦੀ ਆਦਤ ਤੇ ਲਗਾਤਾਰ ਵਰਤੋਂ ਨਾਲ ਨੌਜਵਾਨ ਬੱਚਿਆਂ ਦੇ 'ਤਣਾਅ, ਬੇਚੈਨੀ ਅਤੇ ਉਨੀਂਦਰੇ ਵਰਗੀਆਂ ਬਿਮਾਰੀਆਂ ਦੀ ਮਾਰ ਹੇਠ ਆਉਣ ਦਾ ਖਤਰਾ ਵੱਧ ਜਾਂਦਾ ਹੈ | ਦੱਖਣੀ ਕੋਰੀਆ ਦੀ, ਕੋਰੀਆ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਅਜਿਹੀ ਖੋਜ ਕੀਤੀ ਹੈ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁਰੇ ਕੰਮਾਂ ਦਾ ਤਿਆਗ ਕਰਨ ਪਰ ਆਪਣੇ ਮਾਂ-ਬਾਪ ਦਾ ਨਹੀਂ |
• ਜਿਸ ਘਰ ਵਿਚ ਵੱਡੇ ਝੂਠ ਬੋਲਦੇ ਹੋਣ, ਉਥੇ ਬੱਚੇ ਸੱਚ ਬੋਲਣ ਵਾਲੇ ਕਿਵੇਂ ਹੋ ਸਕਦੇ ਹਨ |
• ਪੰਦਰਾਂ ਸਾਲ ਦੀ ਉਮਰ ਵਿਚ ਬੱਚਿਆਂ ਦਾ ਮਾਪਿਆਂ ਨਾਲ ਅਤੇ 50 ਸਾਲ ਦੀ ਉਮਰ ਵਿਚ ਸੰਸਾਰ ਨਾਲ ਮਤਭੇਦ ਆਰੰਭ ਹੋ ਜਾਂਦਾ ਹੈ |
• ਬੱਚਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਦਿਲ ਖ਼ੁਦਾ ਦਾ ਮੰਦਰ ਹੈ ਤੇ ਸਭ ਕੁਝ ਇਸ ਦੇ ਅੰਦਰ ਹੈ | ਜਦ ਮਾਂ-ਬਾਪ ਦਾ ਦਿਲ ਟੁਟਦਾ ਹੈ ਤਾਂ ਰੱਬ ਵੀ ਰੋ ਪੈਂਦਾ ਹੈ | ਕਿਸੇ ਮਹਾਨ ਵਿਦਵਾਨ ਦੀਆਂ ਪੰਕਤੀਆਂ ਹਨ ਕਿ:
ਹੋਰ ਭਾਵੇਂ ਕੁਝ ਵੀ ਢਾਹ ਦੇ,
ਢਾਹ ਦੇ ਜੋ ਕੁਝ ਢਹਿੰਦਾ |
ਪਰ ਕਿਸੇ ਦਾ ਦਿਲ ਨਾ ਢਾਵੀਂ,
ਕਿਉਂਕਿ ਰੱਬ ਦਿਲਾਂ 'ਚ ਰਹਿੰਦਾ |
• ਤੁਸੀਂ ਕੋਈ ਵੀ ਹੋਵੋ, ਜ਼ਿੰਦਗੀ ਤੁਹਾਨੂੰ ਕਿਤੇ ਵੀ ਲੈ ਜਾਵੇ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਇਕ ਮਾਂ ਦੇ ਬੱਚੇ ਹੋ, ਪਿਤਾ ਦਾ ਸੁਪਨਾ ਹੋ, ਪਰਿਵਾਰ ਦਾ ਭਵਿੱਖ ਹੋ, ਦੋਸਤ ਦਾ ਦਿਲ ਹੋ ਅਤੇ ਕਿਸੇ ਦੀ ਜ਼ਿੰਦਗੀ ਹੋ | ਇਸ ਲਈ ਹਮੇਸ਼ਾ ਆਪਣਾ ਖਿਆਲ ਰੱਖੋ |
• ਵੇਖਿਆ ਜਾਂਦਾ ਹੈ ਕਿ ਮਾਤਾ-ਪਿਤਾ ਦੀ ਦਵਾਈ ਅਤੇ ਟੈਸਟਾਂ ਲਈ ਤਾਂ ਬੱਚਿਆਂ ਕੋਲੋਂ ਪੈਸੇ ਮੁੱਕ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਭੋਗ ਸਮੇਂ ਸਾਰੇ ਪਿੰਡ ਨੂੰ ਸੱਦਾ ਦੇ ਕੇ ਜਲੇਬੀਆਂ ਤੇ ਪੂਰੀਆਂ ਖੁਆਉਂਦੇ ਹਨ ਅਤੇ ਬਾਅਦ ਵਿਚ ਮਾਣ ਮਹਿਸੂਸ ਕਰਦੇ ਹਨ ਕਿ ਇਸ ਪ੍ਰੋਗਰਾਮ ਵਿਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੀ, ਬੱਲੇ-ਬੱਲੇ ਕਰਵਾ ਦਿੱਤੀ ਜਾਂਦੀ ਹੈ ਪਰ ਇਥੇ ਇਹ ਵੀ ਵਰਣਨਯੋਗ ਹੈ ਕਿ ਫੋਕੀ ਸ਼ੋਹਰਤ ਬਹੁਤੀ ਦੇਰ ਤੱਕ ਨਹੀਂ ਚਲਦੀ ਤੇ ਆਖਰ ਨੂੰ ਸੱਚ ਸਾਹਮਣੇ ਆ ਹੀ ਜਾਂਦਾ ਹੈ |
• ਮੇਰਾ ਅਨੁਮਾਨ ਹੈ ਕਿ ਜੇ ਬੰਦੇ ਨੇ ਮਰਨਾ ਨਾ ਹੁੰਦਾ ਤਾਂ ਕਿਸੇ ਨੇ ਬੱਚਿਆਂ ਦੀ ਦੇਖ-ਭਾਲ ਜਾਂ ਸਾਂਭ-ਸੰਭਾਲ ਨਹੀਂ ਸੀ ਕਰਨੀ |
• ਜਦੋਂ ਬੱਚੇ ਇਹ ਸਮਝ ਜਾਣਗੇ ਕਿ ਸਾਡੇ ਮਾਂ-ਪਿਓ ਨੇ ਸਾਡੇ ਪਾਲਣ-ਪੋਸ਼ਣ ਵਿਚ ਕੀ-ਕੀ ਪ੍ਰੇਸ਼ਾਨੀਆਂ ਸਹਿਣ ਕੀਤੀਆਂ ਹਨ ਤਾਂ ਫਿਰ ਬੱਚੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਸਿੱਖ ਜਾਣਗੇ |
• ਅੱਜਕਲ੍ਹ ਮਾਂ-ਪਿਓ ਦੀ ਸੇਵਾ ਕਰਨ ਵਾਲੇ ਸਰਵਣ ਵਰਗੇ ਪੁੱਤ ਬਹੁਤ ਹੀ ਵਿਰਲੇ ਮਿਲਦੇ ਹਨ |
• ਬੱਚੇ ਭਾਵੇਂ ਆਪਣੇ ਮਾਤਾ-ਪਿਤਾ ਨੂੰ ਆਪਣੇ ਸਰੀਰ ਦੀ ਚਮੜੀ ਦੀਆਂ ਜੁੱਤੀਆਂ ਵੀ ਬਣਵਾ ਕੇ ਪਹਿਨਾ ਦੇਣ ਤਾਂ ਵੀ ਉਹ ਉਨ੍ਹਾਂ ਦੇ ਕਰਜ਼ੇ ਤੋਂ ਮੁਕਤ ਨਹੀਂ ਹੋ ਸਕਦੇ |
• ਮਾਤਾ-ਪਿਤਾ ਨੂੰ ਦੁੱਖ ਦੇਣ ਵਾਲੇ ਬੱਚੇ ਕਦੇ ਵੀ ਜੀਵਨ 'ਚ ਸੁਖੀ ਨਹੀਂ ਹੋ ਸਕਦੇ, ਪਰਮਾਤਮਾ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਦੇ |
• ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਮਾਪਿਆਂ ਨਾਲੋਂ ਵੱਧ ਸਨਮਾਨ ਦੇ ਹੱਕਦਾਰ ਹਨ | (ਚਲਦਾ)

ਮੋਬਾਈਲ : 99155-63406.

ਹੁਣ ਜਾਗੋ ਆਈਆ

ਸ਼ਹਿਦ ਕਿੰਨਾ ਮਿੱਠਾ ਹੁੰਦਾ ਹੈ!
ਪਰ ਸ਼ਹਿਦ ਪੈਦਾ ਕਰਨ ਵਾਲੀਆਂ ਸ਼ਹਿਦ ਦੀਆਂ ਮੱਖੀਆਂ, ਇਹ ਕਿੰਨੀਆਂ ਖ਼ਤਰਨਾਕ ਹੁੰਦੀਆਂ ਹਨ, ਇਹ ਜਦ ਆਪਣੇ ਛੱਤੇ 'ਚੋਂ ਨਿਕਲ ਕੇ ਹਮਲਾ ਕਰ ਦੇਣ ਤਾਂ ਵੱਡੇ-ਵੱਡਿਆਂ ਦੀ ਭੂਤਨੀ ਭੁਲਾ ਦਿੰਦੀਆਂ ਹਨ | ਇਨ੍ਹਾਂ ਦਾ ਡੰਗ ਐਨਾ ਤਿੱਖਾ ਹੁੰਦਾ ਹੈ ਕਿ ਜਿਹਦੇ 'ਤੇ ਟੁੱਟ ਕੇ ਪੈ ਜਾਣ, ਉਹਦੀਆਂ ਤਾਂ ਦਰਦ ਨਾਲ ਚਾਂਘਰਾਂ ਕਢਾ ਦਿੰਦੀਆਂ ਹਨ |
ਦੁਨੀਆ ਦੀ ਸਭ ਤੋਂ ਵੱਡੀ ਲਾਇਲਾਜ ਬਿਮਾਰੀ ਸ਼ੂਗਰ, ਮਧੂਮੇਹ ਵੀ ਸ਼ਹਿਦ ਦੀ ਦੇਣ ਹੈ—ਪਹਿਲਾਂ, ਪੰਜਾਬੀ 'ਚ ਜਵਾਨ ਕੁੜੀਆਂ ਨੂੰ ਇਹ ਵਾਰਨਿੰਗ ਦਿੱਤੀ ਜਾਂਦੀ ਸੀ, 'ਮੰੁਡਿਆਂ ਤੋਂ ਬਚ ਕੇ ਰਹੀਂ |'
ਹੁਣ ਵਾਰਨਿੰਗ, ਬਿਲਕੁਲ ਬਦਲ ਕੇ ਮੁੰਡਿਆਂ ਲਈ ਹੋ ਗਈ ਹੈ, 'ਵੇ ਕੁੜੀਆਂ ਤੋਂ ਬਚ ਕੇ ਰਹੀਂ |' ਇਹ ਮਿੱਠੀਆਂ ਤਾਂ ਹੈਨ ਹੀ ਪਰ ਮਧੂ ਮੱਖੀਆਂ ਨੇ, ਇਹ ਟੁੱਟ ਕੇ ਪੈ ਜਾਣ ਤਾਂ ਛੇੜਨ ਵਾਲੇ ਦੀ ਖ਼ੈਰ ਨਹੀਂ |
ਪਹਿਲਾਂ ਕਿੱਦਾਂ ਕਹਿੰਦੇ ਸਨ, ਕੋਮਲ-ਅੰਗਨੀ ਔਰਤ ਨੂੰ ਤਾਂ 'ਪੈਰ ਦੀ ਜੁੱਤੀ' ਤੱਕ ਸਮਝਿਆ ਸੀ | ਹੁਣ ਤਾਂ ਇਹ ਪੈਰਾਂ ਤੋਂ ਜੁੱਤੀ ਲਾਹ ਕੇ ਐਸਾ ਸਿਰ ਖੜਕਾਉਂਦੀਆਂ ਹਨ ਕਿ ਸਿਰ ਵਿਚ ਬਣੇ ਦਿਮਾਗ਼ ਦੇ ਚਾਰੇ ਖਾਨਿਆਂ ਨੂੰ ਦਰੁਸਤ ਕਰ ਦਿੰਦੀਆਂ ਹਨ ਤੇ ਇਹ ਪੱਕਾ ਸੁਨੇਹਾ ਉਨ੍ਹਾਂ 'ਚ ਉਮਰ ਭਰ ਲਈ ਦਰਜ ਕਰ ਦਿੰਦੀਆਂ ਹਨ ਕਿ 'ਤੇਰਾ ਸਿਰ ਤੇ ਮੇਰੀ ਜੁੱਤੀ |'
ਸੈਂਡਲ ਨਾਲ ਭਰੇ ਬਾਜ਼ਾਰ ਵਿਚ ਇਕ ਰੋਮੀਓ ਦਾ ਸਿਰ ਖੜਕਾਉਂਦਿਆਂ ਮੈਂ ਆਪ ਇਕ ਜੂਲੀਅਟ ਨੂੰ ਵੇਖਿਆ ਹੈ | ਭੜਕੀ ਹੋਈ ਲੜਕੀ ਦੇ ਬੋਲ ਸਨ, 'ਠਹਿਰ ਕੰਜਰ ਦਿਆ, ਮੈਂ ਤੇਰੀ ਆਸ਼ਕੀ ਇਥੇ ਹੀ ਕੱਢ ਦਿਆਂਗੀ |' ਜਿਹੜਾ ਇਕ ਪਲ ਪਹਿਲਾਂ ਉਹਨੂੰ ਆਖ ਰਿਹਾ ਸੀ, 'ਸੁਹਣਿਓ, ਮੱਖਣ ਦੇ ਪੇੜਿਓ, ਮਲਾਈ ਦੇ ਡੂਨਿਓ ਉਹ ਹੁਣ ਉਹਨੂੰ 'ਭੈਣ ਜੀ... ਭੈਣ ਜੀ...' ਆਖ ਕੇ ਪੈਰੀਂ ਪੈ-ਪੈ ਮਿੰਨਤਾਂ ਕਰ ਰਿਹਾ ਸੀ, 'ਬਖਸ਼ ਦਿਓ, ਮੁਆਫ਼ ਕਰ ਦਿਓ |'
ਫਿਰ ਉਹਨੇ ਕੰਨ ਫੜਾ ਕੇ ਬੈਠਕਾਂ ਕੱਢ ਕੇ ਜੁੜੀ ਭੀੜ ਦੇ ਸਾਹਮਣੇ ਇਹ ਪ੍ਰਣ ਕੀਤਾ ਸੀ, 'ਫੇਰ ਅੱਗੋਂ ਤੋਂ, ਇਹੋ ਜਿਹਾ ਕੰਮ ਨਹੀਂ ਕਰਾਂਗਾ |'
ਮੱਖਣਾਂ ਦੇ ਪੇੜਿਆਂ ਨੇ ਤੌਬਾ-ਤੌਬਾ ਕਰਾ ਦਿੱਤੀ ਸੀ ਕਿ ਕੁੜੀ ਹੁਣ ਉਹ ਨਹੀਂ ਰਹੀ ਕਿ ਮੱਖਣ ਵਾਂਗ ਪਿਘਲ ਜਾਏਗੀ |
ਉਹ ਤਾਂ 'ਮੈਰੀਕੋਮ' ਹੈ, ਘਸੰੁਨ ਮਾਰ-ਮਾਰ ਕੇ ਬੁਥਾੜ ਸੁਜਾ ਦਏ |
ਇਹ ਸੱਚ ਹੈ ਕਿ ਸਾਡਾ ਸਮਾਜ 'ਮਰਦ ਪ੍ਰਧਾਨ' ਹੈ | ਅੱਜ ਵੀ ਵਿਆਹੀ ਹੋਈ ਭਾਰਤੀ ਇਸਤਰੀ ਨੂੰ ਆਪਣੇ ਹਸਬੈਂਡ ਨੂੰ 'ਜੀ' ਕਹਿ ਕੇ ਸੰਬੋਧਨ ਕਰਨਾ ਪੈਂਦਾ ਹੈ |
ਪਤੀ ਉਹਨੂੰ 'ਤੂੰ' ਕਹਿ ਕੇ ਹੀ ਬੁਲਾਉਂਦਾ ਹੈ, 'ਤੂੰ ਕਿਥੇ ਗਈ ਸੀ?'
'ਆਹ ਕੀ ਸਿਆਪਾ ਪਾਇਆ ਹੋਇਆ ਈ?'
'ਚੱਲ ਛੇਤੀ ਤਿਆਰ ਹੋ... ਲੱਗੀ ਪਈ ਏਾ ਪੌਡਰ ਮਲਣ, ਤੇਰਾ ਮੇਕਅੱਪ ਹੀ ਨਹੀਂ ਮੁੱਕਦਾ... |'
ਆਦਿ-ਜੁਗਾਦਿ... ਮਿਹਣੇ-ਤਾਹਨੇ...'
ਹੁਣ ਨਵੇਂ ਯੁੱਗ ਦੀ ਹਵਾ ਆਈ ਹੈ, ਮਰਦ ਦੀ ਜਾਤ ਮੰੁਡਿਆਂ ਨੇ ਮਰਨਾ ਤਾਂ ਕੁੜੀਆਂ ਚਿੜੀਆਂ 'ਤੇ ਹੀ ਹੈ ਪਰ ਹੁਣ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਪੜ੍ਹੀਆਂ -ਲਿਖੀਆਂ, ਵਿਆਹੀਆਂ ਕੁੜੀਆਂ ਆਪਣੇ ਹਸਬੈਂਡ ਨੂੰ ਸਿੱਧਾ ਨਾਂਅ ਨਾਲ ਬੁਲਾਉਂਦੀਆਂ ਹਨ, 'ਰਮਨ ਤੂੰ ਵੇਟ ਕਰ, ਮੈਨੂੰ ਤਿਆਰ ਹੋਣ 'ਚ ਜ਼ਰਾ ਟਾਈਮ ਲੱਗੇਗਾ |'
ਆਦਿ-ਜੁਗਾਦਿ |
ਕੁੜੀਆਂ ਪੜ੍ਹ-ਲਿਖ ਗਈਆਂ ਨੇ ਕਈ ਤਾਂ ਆਪਣੇ ਹਸਬੈਂਡ ਤੋਂ ਵੀ ਜ਼ਿਆਦਾ ਪੜ੍ਹੀਆਂ-ਲਿਖੀਆਂ ਨੇ, ਸਭੇ ਨੌਕਰੀਆਂ ਕਰਦੀਆਂ ਨੇ, ਕਈਆਂ ਦੀ ਤਨਖਾਹ ਤਾਂ ਆਪਣੇ ਹਜ਼ਬੈਂਡ ਤੋਂ ਵੀ ਜ਼ਿਆਦਾ ਹੈ | ਔਰਤ ਨੂੰ ਕੁਦਰਤ ਤੇ ਸੰਵਿਧਾਨ 'ਚ ਮਿਲੀ ਆਪਣੀ ਬਰਾਬਰੀ ਦਾ ਅਹਿਸਾਸ ਹੈ ਅਤੇ ਉਹ ਹਰ ਮੈਦਾਨ ਵਿਚ ਅਜਿਹੀਆਂ ਪੁਲਾਂਘਾਂ ਪੁੱਟ ਰਹੀ ਹੈ, ਜਿਹੜਾ ਪਹਿਲਾਂ 'ਮਰਦ' ਲਈ ਹੀ ਰਿਜ਼ਰਵ ਸਮਝਿਆ ਜਾਂਦਾ ਸੀ | ਸਕੂਟੀਆਂ, ਸਕੂਟਰ, ਕਾਰਾਂ, ਜੀਪਾਂ, ਟਰੈਕਟਰ ਤਾਂ 'ਲੇਡੀਜ਼' ਚਲਾਉਂਦੀਆਂ ਹਨ ਇਹ ਤਾਂ ਆਮ ਗੱਲ ਹੈ ਹੁਣ ਤਾਂ ਕੁੜੀਆਂ ਹਵਾਈ ਜਹਾਜ਼ਾਂ ਦੀਆਂ ਪਾਇਲਟ ਹਨ, ਵੱਡੇ-ਵੱਡੇ ਬੈਂਕਾਂ ਦੀਆਂ ਕੰਪਨੀਆਂ ਦੀਆਂ ਮੁਖੀ ਹਨ | ਮੰੁਬਈ 'ਚ ਤਾਂ ਲੋਕਲ ਰੇਲ ਗੱਡੀਆਂ 'ਚ ਇਕ ਮੁਸਲਮਾਨ ਕੁੜੀ ਇੰਜਣ ਡਰਾਈਵਰ ਹੈ | ਆਟੋ ਰਿਕਸ਼ਾ ਤਾਂ ਪਹਿਲਾਂ ਹੀ ਕਈ ਔਰਤਾਂ ਚਲਾਉਂਦੀਆਂ ਹਨ | ਹੁਣ ਇਕ ਨਵੀਂ ਖ਼ਬਰ ਆਈ ਹੈ ਕਿ 'ਪ੍ਰਤਿਕਸ਼ਾ ਦਾਸ' ਨਾਂਅ ਦੀ ਇਕੱਲੀ ਕੁੜੀ ਹੈ, ਜਿਹੜੀ ਮੰੁਬਈ ਮਹਾਂਨਗਰ ਵਿਚ ਬੱਸ ਡਰਾਈਵਰ ਬਣੀ ਹੈ | ਇਹ ਹੁਣ ਸੜਕਾਂ 'ਤੇ ਸਵਾਰੀਆਂ ਨਾਲ ਭਰੀ ਬੱਸ ਚਲਾਏਗੀ |
ਹੁਣ ਤਾਂ ਏਅਰ ਫੋਰਸ ਤੇ ਸਾਡੀ ਫੌਜ ਵਿਚ ਵੀ ਟਰੇਂਡ ਹੋਈਆਂ ਕੁੜੀਆਂ ਨੇ ਇਹ ਮੰਗ ਕੀਤੀ ਹੈ ਕਿ ਉਹ ਜੇਕਰ ਜੰਗ ਛਿੜੇ ਤਾਂ ਉਸ ਵਿਚ ਵੀ ਹਿੱਸਾ ਲੈ ਕੇ ਜੂਝਣ ਲਈ ਤਿਆਰ-ਬਰ-ਤਿਆਰ ਹਨ | ਉਹ ਇਸੇ ਆਸ ਵਿਚ ਹਨ ਕਿ ਕਦ ਉਨ੍ਹਾਂ ਨੂੰ ਫ਼ੌਜ ਵਲੋਂ ਇਹਦੀ ਆਗਿਆ ਦਿੱਤੀ ਜਾਵੇਗੀ |
ਜੁਝਾਰੂ ਔਰਤਾਂ, ਜਿਹੜੀਆਂ ਮੈਦਾਨ-ਏ-ਜੰਗ ਵਿਚ ਸੂਰਮਗਤੀ ਵਿਖਾ ਚੁੱਕੀਆਂ ਹਨ, ਉਹ ਹਨ : * ਖੂਬ ਲੜੀ ਮਰਦਾਨੀ, ਵੋਹ ਤੋ ਝਾਂਸੀ ਵਾਲੀ ਰਾਨੀ ਥੀ... * ਸਿੱਖਾਂ 'ਚੋਂ ਸਿੰਘਣੀ, ਮਾਈ ਭਾਗੋ ਨੇ ਵੀ ਕਿਰਪਾਨ ਧੂਹ ਕੇ ਕਈ ਦੁਸ਼ਮਣਾਂ ਦੇ ਆਹੂ ਲਾਹੇ ਸਨ |
ਪਰ ਇਹ ਤਾਂ ਬਹੁਤ ਥੋੜ੍ਹੇ ਹਨ |
ਹਾਂ, ਚੰਬਲ ਦੇ ਡਾਕੂਆਂ ਵਿਚੋਂ ਇਕ ਔਰਤ ਵੀ ਡਾਕੂਆਂ ਦੀ ਸਰਦਾਰ ਰਹੀ, ਇਹ ਮਗਰੋਂ ਭਾਰਤ ਦੀ ਪਾਰਲੀਮੈਂਟ ਦੀ ਮੈਂਬਰ ਵੀ ਚੁਣੀ ਗਈ | ਇਸ ਦੀ ਇਕ ਵੈਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ |
ਔਰਤ ਅਬਲਾ ਹੈ, ਨਿਰਬਲ ਹੈ, ਦੁਖਿਆਰੀ ਹੈ, ਇਸ ਦੀਆਂ ਮਿਸਾਲਾਂ ਬਹੁਤ ਹਨ |
ਮਾਪੇ ਆਪਣੀ ਧੀ ਨੂੰ ਕਿਸ ਨਾਲ ਪਰਣਾ ਰਹੇ ਹਨ, ਉਸ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਸੀ ਹੁੰਦਾ, ਮਗਰੋਂ ਪਤਾ ਲਗਦਾ ਕਿ ਉਸ ਵਿਚਾਰੀ ਨੂੰ ਕਿਸ ਬੇਢੰਗੇ ਮੰੁਡੇ ਨਾਲ ਨਰੜ ਦਿੱਤਾ ਗਿਆ ਹੈ |
ਜੋੜੀਆਂ ਜਗ ਥੋੜ੍ਹੀਆਂ
ਪਰ ਨਰੜ ਬਥੇਰੇ |
ਗਏ ਉਹ ਜ਼ਮਾਨੇ... ਅੱਜ ਦੀਆਂ ਪੜ੍ਹੀਆਂ-ਲਿਖੀਆਂ ਹਨ | ਕਿਸੇ ਦੀ ਅੱਖ ਪਸੰਦ ਨਹੀਂ, ਕਿਸੇ ਦਾ ਨੱਕ ਪਸੰਦ ਨਹੀਂ, ਕਿਸੇ ਦਾ ਬੂਥਾ ਪਸੰਦ ਨਹੀਂ | ਕਿਸੇ ਦਾ ਕੱਦ ਛੋਟਾ, ਕੋਈ ਪਤਲਾ, ਕੋਈ ਮੋਟਾ... ਪਹਿਲਾਂ ਮਾਪੇ ਮੰੁਡਿਆਂ ਦੀਆਂ ਫੋਟੋ ਵਿਖਾਉਂਦੇ ਹਨ, 'ਤੂੰ ਆਪੇ ਪਸੰਦ ਕਰ ਲੈ', ਫਿਰ ਆਹਮੋ-ਸਾਹਮਣੇ ਵੀ ਬਹਾ ਦਿੰਦੇ ਹਨ, ਆਪਣੀ ਪਸੰਦ ਵਾਲਾ ਵਰ ਆਪ ਚੁਣਦੀਆਂ ਹਨ | ਕਈਆਂ ਨੇ ਤਾਂ ਪਹਿਲਾਂ ਹੀ ਆਪਣੀ ਪਸੰਦ ਚੁਣ ਲਈ ਹੁੰਦੀ ਹੈ |
ਨਾਰੀ ਤੂੰ ਨਾਰਾਇਣੀ
ਹੂੰ...ਅ... | ਤੂੰ ਰਾਜਾ ਹੈਾ ਕਿ ਨਹੀਂ, ਮੈਂ ਹਾਂ ਰਾਣੀ |
ਮੈਂ ਮਹਾਂਨਗਰਾਂ ਦੀ ਗੱਲ ਕਰ ਰਿਹਾ ਹਾਂ... ਹੁਣ ਤਾਂ ਘੰੁਡ ਚੁਕਾਈ... ਖਤਮ | ਲੋੜ ਹੀ ਨਹੀਂ... ਇੰਟਰਨੈੱਟ ਕਮਾਲ ਤੋਂ ਸਭ ਜਾਣੂ ਹਨ |
ਆਹ ਵੇਖਿਆ ਜੇ ਨਾ, ਟੀ.ਐਮ.ਸੀ. ਦੀ ਟਿਕਟ 'ਤੇ ਬੰਗਾਲ 'ਚੋਂ ਜਿੱਤ ਕੇ ਆਈ ਐਮ.ਪੀ. ਫ਼ਿਲਮੀ ਹੀਰੋਇਨ ਨੇ ਕਿੱਦਾਂ ਇਕ ਹਿੰਦੂ ਜੈਨੀ ਤੋਂ ਆਪਣੀ ਮਾਂਗ 'ਚ ਸਿੰਧੂਰ ਭਰਾਇਆ ਹੈ... ਉਹਨੇ ਸੁਹਾਗ ਬਿੰਦੀ ਵੀ ਲਾਈ ਹੈ, ਚੂੜਾ ਵੀ ਪਹਿਨਿਆ ਹੈ... ਮੌਲਵੀਆਂ ਨੇ ਫਤਵਾ ਦਿੱਤਾ... ਬੇਪ੍ਰਵਾਹ |
ਬਦਲਾਓ ਸਮੇਂ ਦੀ ਮੰਗ ਹੈ... ਸਮਾਂ ਸੱਚਮੁੱਚ ਬਦਲ ਗਿਆ ਹੈ... ਬਦਲ ਰਿਹਾ ਹੈ... ਔਰਤ ਬਦਲ ਰਹੀ ਹੈ... ਬਦਲ ਗਈ ਹੈ... |
••





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX