ਤਾਜਾ ਖ਼ਬਰਾਂ


ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  1 day ago
ਤਰਨ ਤਾਰਨ , 17 ਫਰਵਰੀ {ਅਜੀਤ ਬਿਉਰੋ }- ਮਾਨਯੋਗ ਸ੍ਰੀ ਧਰੁਵ ਦਹੀਆਂ ਆਈ.ਪੀ.ਐੱਸ ਐੱਸ.ਐੱਸ.ਪੀ ਤਰਨ ਤਾਰਨ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋਂ ਅੱਜ ...
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  1 day ago
ਲੋਹੀਆਂ ਖ਼ਾਸ, 17 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਥੱਲੇ ਆਣ ਕੇ 10 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ...
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਰਾਏਕੋਟ ,17 ਫਰਵਰੀ (ਸੁਸ਼ੀਲ )- ਰਾਏਕੋਟ ਵਿਖੇ ਤਹਿਸੀਲਦਾਰ ਵਜੋਂ ਤਾਇਨਾਤ ਜਸਵਿੰਦਰ ਸਿੰਘ ਟਿਵਾਣਾ ਦਾ ਅੱਜ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ ।ਤਹਿਸੀਲ ਟਿਵਾਣਾ ਰਾਏਕੋਟ ਆਪਣੀ ਡਿਊਟੀ ਖ਼ਤਮ ...
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਲੋਹਟਬੱਦੀ, 17 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ) - ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸੰਤ ਸਵਾਮੀ ਦਵਿੰਦਰਾ ਨੰਦ ਮਹਾਰਾਜ ਸੰਚਾਲਕ ਅਵਧੂਤ ਕੁਟੀਆ ਥੋਪੀਆ ...
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਚੰਡੀਗੜ੍ਹ, 17 ਫਰਵਰੀ (ਅਜੀਤ ਬਿਊਰੋ)- ਲੌਂਗੋਵਾਲ ਸਕੂਲ ਵੈਨ ਦੁਖਾਂਤ ਵਿਚ ਚਾਰ ਬੱਚਿਆਂ ਨੂੰ ਬਚਾ ਕੇ ਹਿੰਮਤ ਦਿਖਾਉਣ ਵਾਲੀ 9 ਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਦਾ ਸਰਕਾਰ ਸਨਮਾਨ ਕਰੇਗੀ । ਮੁੱਖ ਮੰਤਰੀ ਕੈਪਟਨ ...
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਫਰਵਰੀ- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ 125...
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਨੱਥੂਵਾਲਾ ਗਰਬੀ , 17 ਫਰਵਰੀ (ਸਾਧੂ ਰਾਮ ਲੰਗੇਆਣਾ)- ਪਿੰਡ ਮਾਹਲਾ ਕਲਾਂ ਤੋਂ ਹਰੀਏਵਾਲਾ ਲਿੰਕ ਰੋਡ ਤੇ ਆਪਣੇ ਮੋਟਰਸਾਈਕਲ ਤੇ ਸਵਾਰ ਫਾਈਨਾਂਸ ਮੁਲਾਜ਼ਮ ਕੋਲੋਂ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ...
ਬਸਪਾ ਵੱਲੋਂ ਅੰਮ੍ਰਿਤਪਾਲ ਭੌਸਲੇ ਨੂੰ ਬਣਾਇਆ ਗਿਆ ਜਲੰਧਰ ਦਿਹਾਤੀ ਦਾ ਪ੍ਰਧਾਨ
. . .  1 day ago
ਫਿਲੌਰ, 17 ਫਰਵਰੀ (ਇੰਦਰਜੀਤ ਚੰਦੜ੍ਹ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ...
ਲੌਂਗੋਵਾਲ ਵੈਨ ਹਾਦਸੇ ਦੀ ਐਕਸ਼ਨ ਕਮੇਟੀ ਨੇ ਸਹਾਇਤਾ ਰਾਸ਼ੀ ਨੂੰ ਨਕਾਰਿਆ
. . .  1 day ago
ਲੌਂਗੋਵਾਲ, 17 ਫਰਵਰੀ (ਵਿਨੋਦ, ਖੰਨਾ) - ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ...
ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  1 day ago
ਤਪਾ ਮੰਡੀ, 17 ਫਰਵਰੀ (ਵਿਜੇ ਸ਼ਰਮਾ/ਪ੍ਰਵੀਨ ਗਰਗ) - ਸੂਬੇ 'ਚ ਪਹਿਲਾ ਅਕਾਲੀਆਂ ਨੇ ਜਨਤਾ ਨੂੰ ਖੂਬ ਲੁੱਟਿਆ, ਜਦ ਪੰਜਾਬ ਦੀ ਸੱਤਾ ਇੰਨਾ ਤੋਂ ਚਲੀ ਗਈ ਤਾਂ ਹੁਣ ਗੋਲਕ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਸੋਨਮ

ਲੁੱਟ ਦਾ ਸ਼ਿਕਾਰ ਹੋਈ

ਕੱਲ੍ਹ ਨੂੰ ਯਾਨੀ ਸਨਿਚਰਵਾਰ ਫ਼ਿਲਮਾਂ ਦੇ ਨਾਮਵਰ ਸਨਮਾਨ ਸਮਾਰੋਹ 'ਫ਼ਿਲਮ ਫੇਅਰ ਐਵਾਰਡ' ਦਾ ਸ਼ੋਅ ਅਸਮ 'ਚ ਹੋ ਰਿਹਾ ਹੈ। ਸੋਨਮ ਕਪੂਰ ਨੇ ਖਾਸ ਸੁਨੇਹੇ ਇਸ ਸਮਾਰੋਹ ਲਈ ਦਿੱਤੇ ਹਨ ਤੇ ਪਰਦਾ ਰਸਮ ਸਮੇਂ ਮੁੰਬਈ 'ਚ ਵੀ ਸ਼ਿਰਕਤ ਕੀਤੀ। ਮੂੰਹ ਦੀ ਬੜਬੋਲੀ ਸੋਨਮ ਕਪੂਰ ਨੇ ਭਾਜਪਾ ਦੇ ਨੇਤਾ ਅਨੰਤ ਹੈਗੜੇ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਿਸ ਤਰ੍ਹਾਂ ਦੇ ਨੇਤਾ ਹਨ ਜੋ ਮਹਾਤਮਾ ਗਾਂਧੀ ਨੂੰ 'ਡਰਾਮਾ ਨੇਤਾ' ਕਹਿ ਰਹੇ ਹਨ। ਇਧਰ ਉਹ ਦੂਸਰਿਆਂ 'ਤੇ ਟੀਕਾ ਟਿੱਪਣੀ ਕਰ ਰਹੀ ਹੈ, ਉਧਰ ਬ੍ਰਿਟਿਸ਼ ਏਅਰਵੇਜ਼ 'ਚ ਸੋਨਮ ਦਾ ਸਾਮਾਨ ਗੁਆਚ ਗਿਆ ਹੈ ਤੇ ਹੁਣ ਉਹ ਭਵਿੱਖ 'ਚ ਇਸ ਏਅਰਵੇਜ਼ 'ਚ ਯਾਤਰਾ ਕਰਨ ਤੋਂ ਨਾਂਹ ਕਰ ਰਹੀ ਹੈ। ਲੰਡਨ 'ਚ ਹੀ ਉਬੇਰ 'ਤੇ ਸਵਾਰੀ ਕਰ ਰਹੀ ਸੋਨਮ ਨੂੰ ਇਸ ਦੇ ਡਰਾਈਵਰ ਦੀਆਂ ਗੱਲਾਂ ਤੇ ਚੀਕਾਂ ਨੇ ਸਤਾਇਆ ਤੇ ਉਸ ਨੇ ਟਵੀਟ ਕੀਤਾ ਕਿ ਸਰਕਾਰੀ ਬੱਸ ਜਾਂ ਰੇਲ 'ਤੇ ਸਫ਼ਰ ਕਰੋ, ਉਬੇਰ ਵਾਲੇ ਦਿਮਾਗ਼ ਚੱਟ ਜਾਂਦੇ ਹਨ। ਮਤਲਬ ਕਿ ਅੰਗਰੇਜ਼ਾਂ ਦੇ ਦੇਸ਼ 'ਚ ਦੋ ਵਾਰ ਧੋਖਾ ਖਾ ਗਈ, ਲੁੱਟੀ-ਪੁੱਟੀ ਗਈ ਸੋਨਮ ਕਪੂਰ। ਸੋਸ਼ਲ ਮੀਡੀਆ ਜ਼ਹਿਰ ਹੈ, ਸੋਨਮ ਨੇ ਕਿਹਾ ਤੇ ਨਾਲ ਹੀ ਮਸ਼ਵਰਾ ਦਿੱਤਾ ਕਿ ਬਚੋ ਇਹ ਜ਼ਹਿਰ ਹੌਲੀ-ਹੌਲੀ ਤੁਹਾਨੂੰ ਮਾਰ ਦੇਵੇਗੀ। 'ਜ਼ੋਯਾ ਫੈਕਟਰ' ਤੋਂ ਬਾਅਦ ਤਕਰੀਬਨ ਉਦਾਸ ਅਵਸਥਾ 'ਚ ਸੋਨਮ ਕਪੂਰ ਨਾਲ ਹੋਈਆਂ ਘਟਨਾਵਾਂ ਤੇ ਉਸ ਦੇ ਟਵੀਟ ਦੇਖ ਫ਼ਿਲਮ ਪ੍ਰੇਮੀਆਂ ਨੇ ਕਿਹਾ ਕਿ ਸੋਨਮ ਦੀ ਸਿਆਣਪ ਬਚਾ ਦੇਵੇਗੀ, ਵਰਨਾ ਅਸੀਂ ਅਣਜਾਣ ਜ਼ਹਿਰ ਪੀ ਕੇ ਮਰ ਹੀ ਜਾਂਦੇ... ਵਿਅੰਗ ਹੈ ਸੋਨਮ ਤੇ ਇਹ ਪ੍ਰਸੰਕਾਂ ਦਾ ਤੇ ਪਿਤਾ ਅਨਿਲ ਕਪੂਰ ਦੀ ਦਾਊਦ ਇਬਰਾਹੀਮ ਨਾਲ ਤਸਵੀਰ ਤੇ ਸੋਨਮ ਨੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਤਰ੍ਹਾਂ ਕਿਹਾ ਕਿ ਹੋਏਗੀ ਇਹ ਕਿਸੇ ਕ੍ਰਿਕਟ ਮੈਚ ਦੌਰਾਨ ਲਈ ਗਈ ਫੋਟੋ।


ਖ਼ਬਰ ਸ਼ੇਅਰ ਕਰੋ

ਨੋਰਾ ਫਤੇਹੀ

ਮੇਹਰ ਸਾਈਂ ਦੀ

ਜਦ ਵੀ ਪਰਦੇ 'ਤੇ ਨੋਰਾ ਫਤੇਹੀ ਡਾਂਸ ਕਰਦੀ ਹੈ ਤਾਂ ਉਹ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ। ਉਸ ਦਾ ਹਰ ਡਾਂਸ ਨੰਬਰ ਹਿੱਟ ਹੋ ਜਾਂਦਾ ਹੈ। ਐਵਾਰਡ ਦੀ ਖ਼ਾਤਰ ਉਹ ਰੋ ਪੈਂਦੀ ਹੈ। ਡਾਇਰੈਕਟਰ ਰੋਮੀ ਡਿਸੂਜ਼ਾ ਨਾਲ ਸਨਮਾਨ ਦੀ ਸ਼ੀਲਡ ਖ਼ਾਤਰ ਉਹ ਹੱਥੋ-ਪਾਈ ਹੋ ਗਈ। ਐਵਾਰਡਾਂ ਦੀ ਭੁੱਖੀ ਹੈ ਨੋਰਾ ਫਤੇਹੀ। 'ਬਾਟਲਾ ਹਾਊਸ', 'ਸਟਰੀਟ ਡਾਂਸਰ' ਲਈ ਉਸ ਨੇ ਭਾਸ਼ਨ ਤਿਆਰ ਕੀਤੇ। ਸਭ ਦਾ ਮਤਲਬ ਇਹੀ ਸੀ ਕਿ ਇਹ ਫ਼ਿਲਮਾਂ ਉਸ ਨੂੰ ਵੱਡੇ-ਵੱਡੇ ਪੁਰਸਕਾਰ ਦਿਵਾਉਣਗੀਆਂ ਪਰ ਭੁੱਖ ਸ਼ਾਂਤ ਨਹੀਂ ਹੋ ਸਕੀ। ਇਹ 'ਬਿੱਗ ਬੌਸ' ਹੀ ਸੀ ਜਿਸ ਨੇ ਨੋਰਾ ਦੀ ਜ਼ਿੰਦਗੀ ਬਦਲ ਦਿੱਤੀ। ਨੋਰਾ ਮੈਡਮ ਨੂੰ 29 ਸਾਲ ਦੀ ਉਮਰ ਤੱਕ ਆਖਿਰਸ਼ੋਹਰਤ ਤੇ ਦੌਲਤ ਦੇ ਦਰਸ਼ਨ ਹੋ ਹੀ ਗਏ ਹਨ। 'ਕਿਆ ਬਾਤ ਹੈ' ਹਾਰਡੀ ਸੰਧੂ ਦੇ ਇਸ ਗੀਤ ਨੇ ਨੋਰਾ ਦਾ ਨਾਂਅ ਸੁਰਖੀਆਂ 'ਚ ਲਿਆਂਦਾ ਤੇ ਫਿਰ ਤਾਂ ਆਈਟਮ ਗਾਣਿਆਂ ਦੀ ਲੜੀ ਹੀ ਉਸ ਨਾਲ ਜੁੜ ਗਈ। ਅੱਜ ਦੀ ਸਟਾਰ ਨੋਰਾ ਦੇ ਬੀਤੇ ਦਿਨਾਂ ਦੀ ਯਾਦ ਵੀ ਤਾਜ਼ਾ ਕਰ ਲਵੋ ਕਿ ਵਿਚਾਰੀ ਪੀ.ਜੀ. ਵਿਚ ਕਮਰਾ ਕਿਰਾਏ 'ਤੇ ਲੈ ਕੇ ਦਿਨ ਕੱਟਦੀ ਰਹੀ। ਕਮਰਾ ਇਕ ਤੇ ਲੜਕੀਆਂ ਅੱਠ-ਵਿਚਾਰੀ ਨੋਰਾ ਦਾ ਸੰਘਰਸ਼। ਹਿੰਦੀ ਆਉਂਦੀ ਨਹੀਂ ਸੀ ਤੇ ਪਤਾ ਹੀ ਨਾ ਲੱਗਣਾ ਕਿ ਇੱਲ ਦਾ ਨਾਂਅ ਕੋਕੋ ਹੀ ਹੈ। ਕੋਈ ਉਸ ਦੇ ਜਿਸਮ 'ਤੇ, ਕੋਈ ਚਿਹਰੇ 'ਤੇ ਭੈੜੇ ਵਿਚਾਰ ਪੇਸ਼ ਕਰਦਾ ਸੀ ਤਾਂ ਉਹ ਸੜ-ਭੁੱਜ ਜਾਂਦੀ ਸੀ। ਟੈਸਟ ਦੇ-ਦੇ ਅੱਕ ਜਾਂਦੀ ਸੀ, ਗੱਲ ਨਹੀਂ ਸੀ ਬਣਦੀ। ਇਕ ਵਾਰ ਤਾਂ ਉਹ ਵੇਟਰ ਵੀ ਬਣੀ ਤੇ ਪੈਸੇ ਦੀ ਖ਼ਾਤਰ ਉਸ ਨੇ ਲਾਟਰੀਆਂ ਵੀ ਵੇਚੀਆਂ। ਗ਼ਰੀਬ ਦੀ ਧੀ ਬਣ ਕੇ ਸੰਘਰਸ਼ ਕੀਤਾ ਤੇ ਅੱਜ 8 ਕੁੜੀਆਂ ਨਾਲ ਪੀ.ਜੀ. ਦੇ ਇਕ ਕਮਰੇ ਵਿਚ ਕਦੇ ਰਹਿਣ ਵਾਲੀ ਵੇਟਰ, ਲਾਟਰੀ ਵਾਲੀ ਨੋਰਾ ਫਤੇਹੀ ਸਟਾਰ ਬਣ ਚੁੱਕੀ ਹੈ... ਸਟਾਰ...। ਸਮਾਂ ਉਸ ਦੀ ਗੱਲ ਮੰਨ ਚਲ ਰਿਹਾ ਹੈ। ਦਿਨ ਬਦਲਦਿਆਂ ਦੇਰ ਨਾ ਲਗਦੀ ਜੇ ਹੋਵੇ ਤੇਰੀ ਮੇਹਰ ਸਾਈਆਂ...।

ਸ਼ਰਧਾ ਕਪੂਰ

ਲੇਡੀ ਸਿੰਘਮ!

ਬਾਲੀਵੁੱਡ ਦੀਆਂ ਹਸਤੀਆਂ ਅਫ਼ਵਾਹਾਂ ਨਾਲ ਲੈ ਕੇ ਹੀ ਘੁੰਮਦੀਆਂ ਹਨ। 'ਸਟਰੀਟ ਡਾਂਸਰ-3 ਡੀ' ਦੇ ਪ੍ਰਚਾਰ ਨੂੰ ਲੈ ਕੇ ਸ਼ਰਧਾ ਕਪੂਰ ਅਫ਼ਵਾਹਾਂ ਦੇ ਬਾਜ਼ਾਰ ਨਾਲ ਹੀ ਰੁਝੀ ਹੋਈ ਹੈ। ਖ਼ਬਰਾਂ ਆਈਆਂ ਕਿ ਮਸ਼ਹੂਰ ਫੋਟੋਗ੍ਰਾਫਰ ਰਾਕੇਸ਼ ਸ੍ਰੇਸ਼ਠ ਨਾਲ ਸ਼ਰਧਾ ਦਾ ਦਿਲ ਘੁਲਿਆ-ਮਿਲਿਆ ਹੋਇਆ ਹੈ। 'ਸਟਰੀਟ ਡਾਂਸਰ-3 ਡੀ' ਪ੍ਰਤੀ ਲੋਕ ਹੁੰਗਾਰੇ ਤੋਂ ਸੰਤੁਸ਼ਟ ਸ਼ਰਧਾ ਦਾ ਕਹਿਣਾ ਹੈ ਕਿ ਉਡਣ ਦਿਓ ਅਫ਼ਵਾਹਾਂ ਪਰ ਉਹ ਕੋਈ ਵਿਆਹ ਨਹੀਂ ਕਰਵਾ ਰਹੀ ਤੇ ਰਾਕੇਸ਼ ਸ੍ਰੇਸ਼ਠ ਉਸ ਦਾ ਦੋਸਤ ਹੈ ਤੇ ਸਿਰਫ਼ ਤੇ ਸਿਰਫ਼ ਦੋਸਤ ਹੈ। ਪਿਤਾ ਸ਼ਕਤੀ ਕਪੂਰ ਪਹਿਲਾਂ ਹੀ ਸ਼ਰਧਾ ਦੇ ਵਿਆਹ ਨੂੰ ਕੋਰੀ ਅਫ਼ਵਾਹ ਕਹਿ ਚੁੱਕੇ ਹਨ। ਸ਼ਰਧਾ ਨੂੰ ਉਹ ਆਪਣੇ ਘਰ ਦੀ 'ਲੇਡੀ ਸਿੰਘਮ' ਕਹਿੰਦੇ ਹਨ। ਚੰਗਿਆਈ ਲਈ ਖੜ੍ਹੀ ਹੁੰਦੀ ਹੈ ਸ਼ਰਧਾ ਤੇ ਸ਼ਰਧਾ ਦੀ ਮਾਂ ਵੀ ਬੁਰਾਈ ਦੇ ਖ਼ਿਲਾਫ਼ ਲੜਦੀ ਰਹੀ ਹੈ। 'ਸਾਹੋ' ਨੇ ਬਿਹਤਰੀਨ ਅਭਿਨੇਤਰੀ ਵਜੋਂ ਸ਼ਰਧਾ ਦੀ ਦਿੱਖ ਬਣਾਈ ਹੈ। ਸ਼ਰਧਾ ਨੇ ਆਪਣੇ ਵੀਰ ਸਿਧਾਂਤ ਕਪੂਰ ਲਈ ਦੁਆ ਕੀਤੀ ਹੈ ਕਿ ਉਹ ਲੋਕਪ੍ਰਿਆ ਗਾਇਕ ਬਣੇ। ਸ਼ਰਧਾ ਦਾ ਵੀਰ ਸਿਧਾਂਤ ਹਾਲਾਂਕਿ ਹੀਰੋ ਵਜੋਂ ਵੀ ਆ ਰਿਹਾ ਹੈ। 'ਬਾਗੀ-3' ਦੀ ਤਾਂ ਹਰ ਵੇਲੇ ਹੀ ਉਹ ਗੱਲ ਕਰਦੀ ਹੈ ਕਿ ਇਸ ਦਾ ਵਿਸ਼ਾ ਹੀ ਨਿਵੇਕਲਾ ਹੈ। 'ਨੋ ਮੇਕਅੱਪ ਨੋ ਲੁੱਕ' ਸਰਦੀਆਂ 'ਚ ਜ਼ਿਆਦਾ ਉਹ ਇਸ ਨਿਯਮ 'ਤੇ ਹੀ ਚਲਦੀ ਰਹੀ ਹੈ। ਵਰੁਣ ਧਵਨ ਨਾਲ ਉਸ ਦਾ ਬਚਪਨ ਬੀਤਿਆ ਹੈ। ਸ੍ਰੀਦੇਵੀ ਤੇ ਮਾਧੁਰੀ ਦੀਕਸ਼ਤ ਦੀ ਪ੍ਰਸੰਸਕਾ ਸ਼ਰਧਾ ਕਪੂਰ ਉਰਫ਼ ਘਰ ਦੀ 'ਲੇਡੀ ਸਿੰਘਮ' ਚਾਹੇ ਕੈਰੀਅਰ ਪ੍ਰਤੀ ਗੰਭੀਰ ਹੈ ਤੇ ਰੁਮਾਂਸ ਤੋਂ ਪਰਾਂ ਹੋਣ ਦਾ ਦਾਅਵਾ ਕਰਦੀ ਹੈ ਪਰ ਰਾਤ ਦੇ ਖਾਣੇ 'ਤੇ ਤਿੰਨ ਦਿਨ ਪਹਿਲਾਂ ਫਿਰ ਉਸ ਨਾਲ ਫੋਟੋਗ੍ਰਾਫਰ ਰਾਕੇਸ਼ ਸ੍ਰੇਸ਼ਟ ਸੀ...?

ਵਿੱਕੀ ਕੌਸ਼ਲ

'ਭੂਤ' ਅਸ਼ਵਥਾਮਾ

'ਦਾ ਇਮੋਟਰਲ ਅਸ਼ਵਥਾਮਾ' ਇਹ ਨਵੀਂ ਫ਼ਿਲਮ ਵਿੱਕੀ ਕੌਸ਼ਲ ਦੀ ਖਾਸ ਮਹੱਤਵ ਵਾਲੀ ਫ਼ਿਲਮ ਹੈ। 'ਅਸ਼ਵਥਾਮਾ' ਬਣਨ ਲਈ ਵਿੱਕੀ ਖਾਸ ਹੀ ਤਿਆਰੀਆਂ ਕਰ ਰਿਹਾ ਹੈ। ਚਾਰ ਮਹੀਨੇ ਦੀ ਫ਼ੌਜੀਆਂ ਦੀ ਤਰ੍ਹਾਂ ਸਖ਼ਤ ਟ੍ਰੇਨਿਗ ਕੌਸ਼ਲ ਬੁਆਏ ਲੈ ਰਿਹਾ ਹੈ। ਖੂਬ ਮੁੜ੍ਹਕਾ ਵਹਾਉਣ ਲਈ ਉਹ ਤਿਆਰ ਹੈ। ਜਾਪਾਨੀ ਮਾਰਸ਼ਲ ਆਰਟ ਉਸ ਨੇ ਸਿੱਖਣਾ ਹੈ, ਨਾਲ ਹੀ ਤੀਰਅੰਦਾਜ਼ੀ ਦੇ ਗੁਰ ਵੀ ਸਿੱਖ ਰਿਹਾ ਹੈ। ਵਿੱਕੀ ਨੇ 'ਅਸ਼ਵਥਾਮਾ' ਬਣਨ ਲਈ ਤਲਵਾਰਬਾਜ਼ੀ ਬਾਕਾਇਦਾ ਨਿਹੰਗ ਸਿੰਘ ਦੇ ਯੂ-ਟਿਊਬ 'ਤੇ ਦ੍ਰਿਸ਼ ਦੇਖ ਕੇ ਸਿੱਖੀ ਹੈ ਤੇ ਉਸ 'ਚ ਉਹ ਕਾਫੀ ਸੁਧਾਰ ਲਿਆ ਰਿਹਾ ਹੈ। ਕਿਰਦਾਰ 'ਚ ਹੋਰ ਜਾਨ ਪਾਉਣ ਲਈ ਵਿੱਕੀ ਆਪਣਾ ਭਾਰ 'ਇਕ ਕੁਇੰਟਲ 15 ਕਿਲੋ ਤੱਕ ਕਰ ਸਕਦਾ ਹੈ। ਬਿਲਕੁਲ 'ਅਸ਼ਵਥਾਮਾ' ਲੱਗੇ। ਕਸਰ 'ਕੌਸ਼ਲ ਬੁਆਏ' ਨੇ ਰਹਿਣ ਨਹੀਂ ਦੇਣੀ। ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਇਹ ਫ਼ਿਲਮ ਤੇਲਗੂ, ਤਾਮਿਲ, ਭੋਜਪੁਰੀ ਤੇ ਕੰਨੜ ਭਾਸ਼ਾ 'ਚ ਵੀ ਬਣ ਰਹੀ ਹੈ। ਅੰਦਾਜ਼ਾ ਹੈ ਕਿ ਇਹ ਫ਼ਿਲਮ ਅਗਲੇ ਸਾਲ ਤੱਕ ਸਿਨੇਮਾ ਪਰਦਿਆਂ ਦਾ ਸ਼ਿੰਗਾਰ ਬਣ ਜਾਵੇਗੀ। ਉਧਰ ਕਰਨ ਜੌਹਰ ਵੀ 'ਭੂਤ' ਕੱਢਣ ਲਈ ਤਿਆਰ ਹੈ। 'ਭੂਤ ਦਾ ਹਾਉਂਟਡਸ਼ਿਪ' ਕਰਨ ਜੌਹਰ ਦੀ ਪਹਿਲੀ ਡਰਾਉਣੀ ਫ਼ਿਲਮ ਹੈ। ਫ਼ਿਲਮ ਦਾ ਨਾਇਕ ਵਿੱਕੀ ਹੀ ਹੈ। 'ਭੂ' 'ਭੂ' 'ਭੂਤ' ਦਾ ਟ੍ਰੇਲਰ ਆ ਕੇ ਹੁੰਗਾਰਾ ਵੀ ਚੰਗਾ ਲੈ ਰਿਹਾ ਹੈ। 'ਭੂਤ', 'ਅਸ਼ਵਥਾਮਾ' ਵਿੱਕੀ ਕੌਸ਼ਲ ਇਸ ਸਮੇਂ ਕੈਟਰੀਨਾ ਕੈਫ਼ ਦੀਆਂ ਗੱਲਾਂ ਵੀ ਕੁਝ ਜ਼ਿਆਦਾ ਹੀ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਵਿੱਕੀ ਕੌਸ਼ਲ ਨੇ ਕਿਹਾ ਕਿ ਕੈਟਰੀਨਾ ਕੈਫ਼ ਨਾਲ ਉਸ ਦਾ ਕੋਈ ਉਹੋ ਜਿਹਾ ਚੱਕਰ ਨਹੀਂ ਹੈ। ਯੂ-ਟਿਊਬਰ ਸਨਸਨੀ ਭੁਵਨ ਬਾਮ ਨੇ ਤਾਂ ਵਿੱਕੀ ਕੌਸ਼ਲ ਨੂੰ ਔਰਤਾਂ ਜਿਹਾ ਚਿਹਰਾ ਕਹਿ ਕੇ ਕਹਾਣੀ ਹੀ ਪਲਟ ਦਿੱਤੀ ਹੈ ਤਾਂ ਹੀ 'ਅਸ਼ਵਥਾਮਾ' 'ਤੇ ਪੂਰਾ ਜ਼ੋਰ ਲਾ ਕੇ 'ਕੌਸ਼ਲ ਬੁਆਏ' ਸਾਬਤ ਕਰੇਗਾ ਕਿ ਉਹ ਔਰਤਾਂ ਜਿਹਾ ਚਿਹਰਾ ਨਹੀਂ ਹੈ, ਬਲਕਿ 'ਖਾਲਸ ਮਰਦਾਨਾ' ਚਿਹਰਾ ਹੈ।


-ਸੁਖਜੀਤ ਕੌਰ

ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਤੇ ਹਾਸੇ ਨਾਲ ਭਰਪੂਰ ਫ਼ਿਲਮ 'ਸੁਫ਼ਨਾ'

ਫ਼ਿਲਮ ਸੁਫ਼ਨਾ ਦਾ ਨਿਰਦੇਸ਼ਨ ਕਰਨ ਤੇ ਲਿਖਣ ਵਾਲੇ ਜਗਦੀਪ ਸਿੱਧੂ ਅਤੇ ਐਮੀ ਵਿਰਕ ਦੀ ਜੋੜੀ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੀ ਜੋੜੀ ਵੀ ਆਖਿਆ ਜਾਂਦਾ ਹੈ। ਫ਼ਿਲਮ 'ਸੁਫ਼ਨਾ' ਫ਼ਿਲਮ ਉਸ ਦੇ ਬਚਪਨ ਦਾ ਇਕ ਵੱਡਾ ਸੁਪਨਾ ਹੈ, ਜੋ ਫ਼ਿਲਮੀ ਪਰਦੇ 'ਤੇ ਹੁਣ ਸੱਚ ਹੋਣ ਜਾ ਰਿਹਾ ਹੈ। ਇਸ ਫ਼ਿਲਮ ਵਿਚ ਉਸ ਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਹੈ। ਫ਼ਿਲਮ ਦਾ ਸੰਗੀਤ-ਗੀਤ ਰੂਹ ਨੂੰ ਸਕੂਨ ਦੇਣ ਵਾਲਾ ਤੇ ਬਹੁਤ ਹੀ ਦਿਲਚਸਪ ਹੈ ਜਿਸ ਨੂੰ ਬੀ. ਪਰਾਕ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਫ਼ਿਲਮ ਦੇ ਗੀਤ ਜਾਨੀ ਦੇ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਐਮੀ ਵਿਰਕ, ਕਮਲ ਖਾਨ, ਬੀ. ਪਰਾਕ, ਹਸ਼ਮਤ ਸੁਲਤਾਨਾ ਨੇ ਦਿੱਤੀ ਹੈ। ਫਿਲਮ ਵਿਚ ਕੁੱਲ 6 ਗੀਤ ਹਨ। ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਕਿ ਜ਼ਿੰਦਗੀ ਸੁਪਨਿਆਂ ਦਾ ਸੰਸਾਰ ਹੈ। ਇਹ ਫ਼ਿਲਮ ਵੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਦੀ ਗੱਲ ਕਰਦੀ ਹੈ। ਇਹ ਸੁਪਨੇ ਕਿਵੇਂ ਸੱਚ ਹੁੰਦੇ ਹਨ, ਇਹੋ ਇਸ ਫ਼ਿਲਮੀ ਕਹਾਣੀ ਦਾ ਸੱਚ ਹੈ। ਫ਼ਿਲਮ ਦਾ ਨਾਇਕ ਐਮੀ ਵਿਰਕ ਪੰਜਾਬੀ ਪਰਦੇ ਦਾ ਸਰਗਰਮ ਅਦਾਕਾਰ ਹੈ,ਜਦਕਿ ਤਾਨੀਆ ਨੂੰ ਵੀ ਦਰਸ਼ਕ 'ਕਿਸਮਤ, ਗੁੱਡੀਆਂ ਪਟੋਲੇ' ਆਦਿ ਫ਼ਿਲਮਾਂ 'ਚ ਵੇਖ ਚੁੱਕੇ ਹਨ। ਇਹ ਉਸ ਦੀ ਮਿਹਨਤ ਅਤੇ ਲਗਨ ਹੈ, ਕਿ ਉਹ ਇਸ ਫ਼ਿਲਮ 'ਚ ਐਮੀ ਵਿਰਕ ਦੀ ਨਾਇਕਾ ਬਣੀ ਹੈ।
ਖੂਬਸੂਰਤ ਅਦਾਕਾਰਾ ਤਾਨੀਆ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁੱਜ ਕੇ ਅਮੀਰ ਹੈ, ਉੱਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਰੁਮਾਂਟਿਕ ਤੇ ਸੰਗੀਤਕ ਮਨੋਰੰਜਨ ਦਾ ਸੁਮੇਲ ਇਹ ਫ਼ਿਲਮ ਤਾਨੀਆ ਦੀ ਅਦਾਕਾਰੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਦਰਸ਼ਕਾਂ ਨੂੰ ਚੇਤੇ ਹੋਵੇਗਾ ਕਿ ਜਗਦੀਪ ਅਤੇ ਐਮੀ ਵਿਰਕ ਦੀ ਜੋੜੀ ਨੇ ਵਿਆਹ ਸੱਭਿਆਚਾਰ ਦੇ ਸਿਨਮੇ 'ਚ 'ਕਿਸਮਤ' ਵਰਗੀ ਇੱਕ ਰੁਮਾਂਟਿਕ ਫ਼ਿਲਮ ਬਣਾ ਕੇ ਪੰਜਾਬੀ ਦਰਸ਼ਕਾਂ ਦੇ ਨਜ਼ਰੀਏ ਨੂੰ ਬਦਲਿਆ ਸੀ। 'ਕਿਸਮਤ' ਨੂੰ ਮਿਲੀ ਵੱਡੀ ਸਫ਼ਲਤਾ ਨੇ ਹੀ ਦੁਬਾਰਾ ਫਿਰ ਇਕ ਪਿਆਰ ਮੁਹੱਬਤਾਂ ਦੀ ਬਾਤ ਪਾਉਂਦੀ ਫ਼ਿਲਮ 'ਸੁਫ਼ਨਾ' ਦਾ ਨਿਰਮਾਣ ਕੀਤਾ ਹੈ ਜੋ 14 ਫਰਵਰੀ ਨੂੰ ਵੈਲਏਨਟਾਈਨ ਡੇ 'ਤੇ ਵਿਸ਼ਵ ਭਰ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਗੀਤ 'ਕਬੂਲ ਏ' ਖੂਬਸੂਰਤ ਲ਼ਫਜ਼ਾਂ 'ਚ ਪਰੋਇਆ ਗੀਤ ਹੈ, ਜੋ ਪੂਰੀ ਤਰ੍ਹਾਂ ਤਾਨੀਆ ਦੀ ਭਾਵਨਾਤਮਿਕ ਅਦਾਕਾਰੀ ਅਤੇ ਖੂਬਸੂਰਤ ਨ੍ਰਿਤ ਦੀ ਪੇਸ਼ਕਾਰੀ ਕਰਦਾ ਹੈ। ਫ਼ਿਲਮ ਦੇ ਗੀਤ ਜਾਨ ਦਿਆਂਗੇ, ਚੰਨਾ ਵੇ ਸਮੇਤ ਸਾਰੇ ਗੀਤ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ।
ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਫ਼ਿਲਮ ਦਾ ਫਸਟ ਲੁੱਕ ਗੀਤ ਪੂਰੀ ਤਰ੍ਹਾਂ ਨਾਇਕਾ ਪ੍ਰਧਾਨ ਹੋਣ ਦੀ ਪ੍ਰਤੀਨਿਧਤਾ ਕਰਦਾ ਹੋਵੇ। ਪੰਜ ਪਾਣੀ ਫ਼ਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਰਾਜਸਥਾਨ ਤੇ ਪੰਜਾਬ ਦੇ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੁਕੇਸ਼ਨਾਂ 'ਤੇ ਫ਼ਿਲਮਾਈ ਇਹ ਫ਼ਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ।


-ਪੁਨੀਤ ਬਾਵਾ
ਵਿਸ਼ੇਸ਼ ਪ੍ਰਤੀਨਿਧ ਲੁਧਿਆਣਾ।

ਅਨੁਸ਼ਕਾ ਸ਼ਰਮਾ

ਬੀਵੀ ਹੋ ਤੋ ਐਸੀ

ਪਤੀ ਦੇਵ ਮੈਦਾਨ ਵਿਚ ਹਾਰ ਰਹੇ ਹੋਣ ਤੇ ਪਤਨੀ ਨੂੰ ਠੰਢਾ ਕੱਢੇ ਨਾਮੁਮਕਿਨ ਗੱਲ ਹੈ। ਭਾਰਤੀ ਕ੍ਰਿਕਟ ਟੀਮ ਇਕ ਰੋਜ਼ਾ ਕ੍ਰਿਕਟ ਲੜੀ ਨਿਊਜ਼ੀਲੈਂਡ ਤੋਂ ਹਾਰ ਗਈ ਤੇ ਕਪਤਾਨ ਪਤੀ ਵਿਰਾਟ ਕੋਹਲੀ ਦੀ ਘਰੇਲੂ ਕਪਤਾਨਣੀ ਅਨੁਸ਼ਕਾ ਸ਼ਰਮਾ ਫਟਾਫਟ ਆਨਲਾਈਨ ਟਿਕਟਾਂ ਬੁੱਕ ਕਰਵਾ ਨਿਊਜ਼ੀਲੈਂਡ ਦਿਲਾਸੇ ਦੇਣ ਪਹੁੰਚ ਗਈ। 'ਹੀ ਕੀਵੀ' ਲਿਖ ਕੇ 'ਚਿੜੀ' ਦਾ ਪ੍ਰਤੀਕ ਪਾ ਕੇ ਫੋਟੋ ਵੀ ਸਮਾਜਿਕ ਮੀਡੀਆ 'ਤੇ ਅਨੂ ਮੈਡਮ ਨੇ ਪਾ ਦਿੱਤੀ। ਅਨੂ ਚਾਹੁੰਦੀ ਹੈ ਕਿ ਪਤਨੀ ਦਾ ਉਤਸ਼ਾਹ ਪਾ ਕੇ ਘੱਟੋ-ਘੱਟ 21 ਫਰਵਰੀ ਨੂੰ ਸ਼ੁਰੂ ਹੋ ਰਿਹਾ ਟੈਸਟ ਮੈਚ ਉਸ ਦਾ ਪਤੀ ਆਪਣੀ ਟੀਮ ਨੂੰ ਜਿਤਵਾ ਦੇਵੇ। ਬੀਵੀ ਹੋ ਤੋ ਐਸੀ। ਕੁਝ ਸਮੇਂ ਤੋਂ ਫ਼ਿਲਮਾਂ ਪ੍ਰਤੀ ਉਹ ਚੁੱਪ ਬੈਠੀ ਹੋਈ ਹੈ। ਕੈਮਰੇ ਤੋਂ ਦੂਰ ਰਹਿ ਕੇ ਜੀਵਨ ਦਾ ਸੰਤੁਲਨ ਬਣਾ ਰਹੀ ਹੈ। ਹਾਂ, ਹੁਣ ਉਸ ਨੇ ਨਿੱਜੀ ਫੋਟੋ ਫ਼ਿਲਮਾਂਕਣ ਆਪਣਾ ਕਰਵਾਇਆ ਹੈ। ਕੰਮ ਦੀ ਗਤੀ ਆਪ ਹੀ ਹੌਲੀ ਕੀਤੀ ਹੈ। ਜਿਨ੍ਹਾਂ ਵਸਤੂਆਂ ਨਾਲ ਜੀਵਨ ਵਧੀਆ ਰਹੇ, ਉਹ ਅਪਣਾ ਰਹੀ ਹੈ। ਹਾਂ ਔਰਤ ਕ੍ਰਿਕਟਰ ਝੂਲਨ ਗੋਸਵਾਮੀ 'ਤੇ ਬਣਨ ਜਾ ਰਹੀ ਫ਼ਿਲਮ 'ਚ ਅਨੂ ਦੇ ਹੋਣ ਦੀ ਖ਼ਬਰ ਛਪ ਗਈ ਹੈ ਤੇ ਕਿਤੇ ਛਪ ਰਹੀ ਹੈ। ਵਿਆਹ ਦੇ ਦੋ ਸਾਲ ਬਾਅਦ ਵੀ ਘਰ ਆਂਗਨ ਖਾਲੀ ਦੇ ਸਵਾਲ 'ਤੇ ਸ਼ਰਮਾਉਣ ਵਾਲੀ ਅਨੁਸ਼ਕਾ ਸ਼ਰਮਾ ਹੁਣ ਕੁਝ ਦਿਨ ਸਵਿਟਜ਼ਰਲੈਂਡ ਜਾਏਗੀ ਤੇ ਤਰੋਤਾਜ਼ਾ ਹੋ ਕੇ ਸ਼ਾਇਦ ਡੇਢ ਸਾਲ ਬਾਅਦ ਫਿਰ ਪੂਰੀ ਤਰ੍ਹਾਂ ਨਾ ਸਹੀ ਹੌਲੀ-ਹੌਲੀ ਗਤੀ ਨਾਲ ਫ਼ਿਲਮਾਂ ਲਈ ਸਰਗਰਮ ਹੋਵੇਗੀ। ਹੁਣ ਤੇਜ਼ ਗੇਂਦਬਾਜ਼ੀ ਕਰਦੀ ਪਰਦੇ 'ਤੇ ਨਜ਼ਰ ਆਏਗੀ ਅਨੁਸ਼ਕਾ ਸ਼ਰਮਾ ਝੂਲਨ ਗੋਸਵਾਮੀ ਦੇ ਰੂਪ 'ਚ ਜਿਸ ਨੇ 200 ਵਿਕਟ ਲੈ ਕੇ ਇਤਿਹਾਸ ਰਚਿਆ ਹੈ ਤੇ ਹਾਂ 'ਗਲੈਮਰਜ਼ ਚੁਆਇਸ ਫ਼ਿਲਮ ਫੇਅਰ ਐਵਾਰਡ' ਵੀ ਅਨੂ ਨੇ ਹਾਸਲ ਕਰ ਲਿਆ ਹੈ... ਸਾਬਾਸ਼।

ਸ਼ਰੁਤੀ ਨੇ ਗਲੈਮਰਸ ਦਿੱਖ ਤੋਂ ਤੌਬਾ ਕੀਤੀ

ਕਮਲ ਹਾਸਨ ਅਤੇ ਸਾਰਿਕਾ ਦੀ ਬੇਟੀ ਸ਼ਰੁਤੀ ਹਾਸਨ ਨੇ ਦੱਖਣ ਦੀਆਂ ਫ਼ਿਲਮਾਂ ਵਿਚ ਤਾਂ ਕਾਫੀ ਕੰਮ ਕੀਤਾ ਪਰ ਉਸ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸ ਨੂੰ ਬਾਲੀਵੁੱਡ ਵਿਚ ਉਹ ਥਾਂ ਨਹੀਂ ਮਿਲ ਸਕੀ ਜਿਸ ਦੀ ਉਹ ਹੱਕਦਾਰ ਸੀ। ਹਾਲਾਂਕਿ ਹਿੰਦੀ ਫ਼ਿਲਮ ਇੰਡਸਟਰੀ ਵਿਚ ਆਗਮਨ ਕਰ ਕੇ ਸ਼ਰੁਤੀ ਨੇ 'ਲਕ', 'ਡੀ. ਡੇਅ', 'ਦਿਲ ਤੋ ਬੱਚਾ ਹੈ ਜੀ', 'ਰਮਈਆ ਵਸਤਾਵਈਆ', 'ਗੱਬਰ ਇਜ਼ ਬੈਕ', 'ਵੈਲਕਮ ਬੈਕ', 'ਰਾਕੀ ਹੈਂਡਸਮ', 'ਬਹਿਨ ਹੋਗੀ ਤੇਰੀ' ਆਦਿ ਫ਼ਿਲਮਾਂ ਕੀਤੀਆਂ ਪਰ ਫਿਰ ਵੀ ਉਸ ਨੂੰ ਟੌਪ ਦੀ ਗਿਣਤੀ ਵਿਚ ਕਦੀ ਨਹੀਂ ਲਿਆ ਗਿਆ।
ਇਨ੍ਹੀਂ ਦਿਨੀਂ ਲੰਡਨ ਵਿਚ ਰਹਿ ਕੇ ਗਾਇਕਾ ਦੇ ਤੌਰ 'ਤੇ ਖ਼ੁਦ ਨੂੰ ਸਥਾਪਿਤ ਕਰਨ ਵਿਚ ਰੁੱਝੀ ਸ਼ਰੁਤੀ ਨੇ ਹੁਣ ਗਲੈਮਰਸ ਦਿੱਖ ਤੋਂ ਤੌਬਾ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਕਿਸੇ ਹਿੰਦੀ ਫ਼ਿਲਮ ਲਈ ਹਾਂ ਕਰੇਗੀ ਜਦੋਂ ਠੋਸ ਭੂਮਿਕਾ ਦੀ ਪੇਸ਼ਕਸ਼ ਹੋਵੇਗੀ ਅਤੇ ਆਪਣੀ ਅਭਿਨੈ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਨਾਲ ਹੀ ਉਹ ਨਾਰੀ ਪ੍ਰਧਾਨ ਭੂਮਿਕਾਵਾਂ ਨੂੰ ਤਵੱਜੋਂ ਦੇਣਾ ਪਸੰਦ ਕਰੇਗੀ।
ਆਪਣੀ ਇਸ ਗੱਲ 'ਤੇ ਅਮਲ ਕਰਦੇ ਹੋਏ ਸ਼ਰੁਤੀ ਨੇ ਹੁਣ ਇਕ ਲਘੂ ਫ਼ਿਲਮ 'ਦੇਵੀ' ਸਾਈਨ ਕੀਤੀ ਹੈ ਅਤੇ ਇਸ ਵਿਚ ਕਾਜੋਲ ਮੁੱਖ ਭੂਮਿਕਾ ਵਿਚ ਹੈ। ਇਸ ਫ਼ਿਲਮ ਲਈ ਮਨਜ਼ੂਰੀ ਦੇਣ ਬਾਰੇ ਇਹ ਸਟਾਰ ਪੁੱਤਰੀ ਕਹਿੰਦੀ ਹੈ, 'ਇਸ ਫ਼ਿਲਮ ਵਿਚ ਔਰਤਾਂ ਦੇ ਹੱਕ ਬਾਰੇ ਆਵਾਜ਼ ਬੁਲੰਦ ਕੀਤੀ ਗਈ ਹੈ। ਸਾਡੇ ਦੇਸ਼ ਵਿਚ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਗਿਆ ਹੈ ਪਰ ਅਸਲੀਅਤ ਕੀ ਹੈ, ਕੋਈ ਨਹੀਂ ਜਾਣਦਾ। ਫ਼ਿਲਮ ਵਿਚ ਮੇਰੀ ਭੂਮਿਕਾ ਦਮਦਾਰ ਤਾਂ ਹੈ ਹੀ, ਨਾਲ ਹੀ ਇਸ ਵਿਚ ਕੰਮ ਕਰਕੇ ਇਸ ਗੱਲ ਦਾ ਸੰਤੋਖ ਵੀ ਮਿਲ ਰਿਹਾ ਹੈ ਕਿ ਮੈਂ ਕਿਤੇ ਨਾ ਕਿਤੇ ਔਰਤ ਸਸ਼ਕਤੀਕਰਨ ਦਾ ਹਿੱਸਾ ਵੀ ਬਣੀ ਹਾਂ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਥੇ ਮੈਨੂੰ ਕਾਜੋਲ ਵਰਗੀ ਸੀਨੀਅਰ ਅਭਿਨੇਤਰੀ ਦੇ ਨਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ ਹੈ। ਸੱਚ ਕਹਾਂ ਤਾਂ ਇਸ ਫ਼ਿਲਮ ਵਿਚ ਕੰਮ ਕਰਕੇ ਮੇਰੇ ਅੰਦਰ ਦੀ ਅਭਿਨੇਤਰੀ ਤੇ ਔਰਤ ਦੋਵਾਂ ਨੂੰ ਸੰਤੁਸ਼ਟੀ ਮਿਲ ਰਹੀ ਹੈ।'
ਉਮੀਦ ਹੈ ਕਿ ਇਸ ਲਗੂ ਫ਼ਿਲਮ ਤੋਂ ਸ਼ਰੂਤੀ ਦੀ ਬਾਲੀਵੁੱਡ ਵਿਚ ਨਵੀਂ ਪਾਰੀ ਢੰਗ ਨਾਲ ਸ਼ੁਰੂ ਹੋਵੇਗੀ।


-ਇੰਦਰਮੋਹਨ ਪੰਨੂੰ

'ਦਰਦਾਂ ਦੀ ਫ਼ਰਦ' ਨਾਲ ਚਰਚਾ 'ਚ ਹੈ ਦਿਲਬਾਗ ਚਹਿਲ

ਅੱਜ ਦੀ ਪੰਜਾਬੀ ਗਾਇਕੀ 'ਚ ਮਾਰਧਾੜ, ਕਬਜ਼ਿਆਂ, ਅਸਲੇ ਅਤੇ ਅਸ਼ਲੀਲਤਾ ਭਰਪੂਰ ਗੀਤਾਂ ਦਾ ਬੋਲਬਾਲਾ ਹੈ। ਜਿਨ੍ਹਾਂ ਨੂੰ ਪਰਿਵਾਰ ਵਿਚ ਬੈਠ ਕੇ ਸੁਣਨਾ ਤਾਂ ਦੂਰ ਦੀ ਗੱਲ, ਸਗੋਂ ਸੂਝਵਾਨ ਵਿਅਕਤੀ ਤਾਂ ਅਜਿਹੇ ਗੀਤਾਂ ਨੂੰ ਇੱਕਲਿਆਂ ਬੈਠ ਕੇ ਸੁਣਨ 'ਚ ਵੀ ਸ਼ਰਮ ਮਹਿਸੂਸ ਕਰਦਾ ਹੈ। ਅਜੋਕੇ ਦੌਰ ਵਿਚ ਸਾਹਿਤਕ ਤੇ ਸੱਭਿਆਚਾਰ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਹੋਣਾ ਬੜੇ ਹੌਸਲੇ ਵਾਲੀ ਗੱਲ ਹੈ। ਇਹ ਹੌਸਲਾ ਆਪਣੇ ਕਾਲਜ ਦੇ ਸਮੇਂ ਤੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਜੁੜੇ ਹੋਏ ਪੁਰਸੋਜ਼ ਆਵਾਜ਼ ਦੇ ਮਾਲਕ ਦਿਲਬਾਗ ਚਹਿਲ ਨੇ ਕੀਤਾ ਹੈ। ਦਿਲਬਾਗ ਚਹਿਲ ਦਾ ਸਿੰਗਲ ਟਰੈਕ 'ਦਰਦਾਂ ਦੀ ਫ਼ਰਦ' ਅੱਜਕਲ੍ਹ ਸਰੋਤਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਵਸਨੀਕ ਜ਼ੋਰਾਵਰ ਸਿੱਧੂ ਦੇ ਲਿਖੇ ਤੇ ਦਿਲਬਾਗ ਵਲੋਂ ਰੂਹਦਾਰੀ ਨਾਲ਼ ਗਾਏ ਇਸ ਗੀਤ ਨੂੰ ਸੁਣ ਕੇ ਲੰਮੀ ਔੜ ਤੋਂ ਬਾਅਦ ਪਈਆਂ ਕਣੀਆਂ ਵਰਗਾ ਅਹਿਸਾਸ ਹੁੰਦਾ ਹੈ। ਗੀਤ ਵਿਚਲੀ ਸ਼ਬਦਾਵਲੀ ਜਿੱਥੇ ਪੰਜਾਬੀ ਬੋਲੀ ਦੇ ਵਿਸਰ ਰਹੇ ਸ਼ਬਦਾਂ ਤੇ ਪੇਂਡੂ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਕਰਵਾਉਂਦੀ ਹੈ, ਉੱਥੇ ਦਿਲਬਾਗ ਚਹਿਲ ਨੇ ਆਪਣੀ ਬੁਲੰਦ ਆਵਾਜ਼ ਵਿਚ ਇਕ ਬਿਰਹਨ ਦੀ ਵੇਦਨਾ ਨੂੰ ਨਿੱਠ ਕੇ ਗਾਇਆ ਹੈ। ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਲੰਮਾ ਸਮਾਂ ਸੰਗਤ ਮਾਨਣ ਵਾਲੇ ਦਿਲਬਾਗ ਨੇ ਫੋਕੀ ਸ਼ੋਹਰਤ ਲਈ ਹਲਕੀ ਤੇ ਦੋ ਅਰਥੀ ਸ਼ਬਦਾਵਲੀ ਵਾਲੇ ਗੀਤਾਂ ਦਾ ਸਹਾਰਾ ਨਹੀਂ ਲਿਆ, ਉਹ ਸਗੋਂ ਹਮੇਸ਼ਾ ਹੀ ਆਪਣੇ ਨਿਵੇਕਲੇ ਅੰਦਾਜ਼ ਨਾਲ਼ ਸਾਫ਼-ਸੁਥਰੇ ਪਰਿਵਾਰਕ ਗੀਤ ਗਾ ਕੇ ਪੰਜਾਬੀ ਗਾਇਕੀ ਦੇ ਖੇਤਰ ਨੂੰ ਮੋਕਲਾ ਕਰ ਰਿਹਾ ਹੈ। ਦਿਲਬਾਗ ਚਹਿਲ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ ਦੀ ਰਚਨਾ 'ਮੋਤੀ ਸਿਤਾਰੇ ਫੁੱਲ ਵੇ' ਗਾ ਕੇ ਪੰਜਾਬੀ ਗਾਇਕੀ ਦੇ ਪਿੜ ਵਿਚ ਉੱਚ ਦੁਮਾਲੜਾ ਸਥਾਨ ਬਣਾਉਣ 'ਚ ਸਫ਼ਲ ਰਿਹਾ ਤੇ ਲਗਾਤਾਰ ਸੰਗੀਤਕ ਮਹਿਫ਼ਲ ਦਾ ਸ਼ਿੰਗਾਰ ਬਣਦਾ ਆ ਰਿਹਾ ਹੈ। ਪੰਜਾਬੀ ਗਾਇਕੀ ਤੇ ਅਦਾਕਾਰੀ ਦੇ ਖੇਤਰ ਦੀ ਨਾਮਵਾਰ ਹਸਤੀ ਹਰਭਜਨ ਮਾਨ ਨਾਲ਼ ਸਟੇਜ ਸਾਂਝੀ ਕਰਨ ਦਾ ਸ਼ਰਫ਼ ਦਿਲਬਾਗ ਚਹਿਲ ਨੂੰ ਹਾਸਲ ਹੈ। ਪੰਜਾਬੀ ਗਾਇਕੀ ਦੇ ਮਿਆਰ ਨੂੰ ਸਾਬਤ ਕਦਮੀਂ ਰੱਖਣ ਲਈ ਅਜਿਹੇ ਗਾਇਕਾਂ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣਾ ਪੰਜਾਬ ਦੇ ਸੂਝਵਾਨ ਸਰੋਤਿਆਂ ਦਾ ਇਖ਼ਲਾਕੀ ਫਰਜ਼ ਹੈ। ਪੰਜਾਬੀ ਗਾਇਕੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਦਿਲਬਾਗ ਚਹਿਲ ਵੱਲੋਂ ਪਾਏ ਗਏ ਯੋਗਦਾਨ ਦਾ ਸਵਾਗਤ ਕਰਨਾ ਬਣਦਾ ਹੈ।


-ਨਿੱਜੀ ਪੱਤਰ ਪ੍ਰੇਰਕ, ਪੰਜਗਰਾਈਂ ਕਲਾਂ (ਫ਼ਰੀਦਕੋਟ)

ਸ੍ਰੀਲੰਕਾ ਤੋਂ ਆਈ ਹਰਭਜਨ ਦੀ ਹੀਰੋਇਨ

ਅਭਿਨੇਤਰੀ ਗੀਤਾ ਬਸਰਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ 'ਤੇ ਵੀ ਅਭਿਨੈ ਦਾ ਰੰਗ ਚੜ੍ਹਨ ਲੱਗਿਆ ਹੈ। ਇਹ ਉਸੇ ਰੰਗ ਦਾ ਅਸਰ ਹੈ ਕਿ ਦੱਖਣ ਦੇ ਨਿਰਮਾਤਾ ਜੇ. ਪੀ. ਆਰ. ਤੇ ਸਟਾਲਿਨ ਨੇ ਆਪਣੀ ਅਗਲੀ ਫ਼ਿਲਮ 'ਫ੍ਰੈਂਡਸ਼ਿਪ' ਲਈ ਹਰਭਜਨ ਨੂੰ ਬਤੌਰ ਹੀਰੋ ਸਾਈਨ ਕਰ ਲਿਆ ਹੈ। ਭਾਵ ਹੁਣ ਹਰਭਜਨ ਦਾ ਨਾਂਅ ਉਨ੍ਹਾਂ ਕ੍ਰਿਕਟਰਾਂ ਦੀ ਸੂਚੀ ਵਿਚ ਆ ਗਿਆ ਹੈ ਜੋ ਆਪਣੀ ਖੇਡ ਦੇ ਨਾਲ-ਨਾਲ ਅਭਿਨੈ ਲਈ ਵੀ ਯਾਦ ਕੀਤੇ ਜਾਂਦੇ ਹਨ। ਇਸ ਸੂਚੀ ਵਿਚ ਸਲੀਮ ਦੁਰਾਨੀ, ਸੰਦੀਪ ਪਾਟਿਲ, ਸਈਅਦ ਕਿਰਮਾਨੀ, ਸੁਨੀਲ ਗਾਵਸਕਰ, ਅਜੈ ਜਡੇਜਾ, ਵਿਨੋਦ ਕਾਂਬਲੀ, ਸਲਿਲ ਅੰਕੋਲਾ, ਸ੍ਰੀਸੰਤ ਆਦਿ ਨਾਵਾਂ ਦੇ ਨਾਲ ਹੁਣ ਹਰਭਜਨ ਦਾ ਨਾਂਅ ਵੀ ਦਰਜ ਹੋ ਗਿਆ ਹੈ।
ਜਿਥੋਂ ਤੱਕ 'ਫ੍ਰੈਂਡਸ਼ਿਪ' ਦੀ ਨਾਇਕਾ ਦਾ ਸਵਾਲ ਹੈ ਤਾਂ ਇਥੇ ਨਾਇਕਾ ਦੀ ਭੂਮਿਕਾ ਲਈ ਲੋਸਲਿਯਾ ਮਾਰੀਆਨੇਸਨ ਨੂੰ ਕਰਾਰਬੱਧ ਕੀਤਾ ਗਿਆ ਹੈ। ਲੋਸਲਿਯਾ ਖ਼ਬਰ ਐਂਕਰ ਹੈ ਅਤੇ ਉਹ ਤਾਮਿਲ ਵਰਸ਼ਨ ਵਾਲੇ 'ਬਿੱਗ ਬੌਸ-3' ਦੀ ਪ੍ਰਤੀਯੋਗੀ ਵੀ ਸੀ। ਉਦੋਂ ਇਸ ਸ਼ੋਅ ਦਾ ਸੰਚਾਲਨ ਕਮਲ ਹਾਸਨ ਵਲੋਂ ਕੀਤਾ ਗਿਆ ਸੀ। ਲੋਸਲਿਯਾ ਸ੍ਰੀਲੰਕਾ ਦੀ ਵਾਸੀ ਹੈ ਅਤੇ ਹੁਣ 'ਫ੍ਰੈਂਡਸ਼ਿਪ' ਜ਼ਰੀਏ ਉਹ ਫ਼ਿਲਮ ਇੰਡਸਟਰੀ ਵਿਚ ਆਪਣੀ ਪਛਾਣ ਬਣਾਉਣ ਆ ਰਹੀ ਹੈ।
ਇਹ ਫ਼ਿਲਮ ਜਾਨ ਪਾਲ ਰਾਜ ਤੇ ਸ਼ਾਮ ਸੂਰਿਆ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾਵਾਂ ਵਿਚ ਵੀ ਇਹ ਬਣਾਈ ਜਾ ਰਹੀ ਹੈ।


-ਮੁੰਬਈ ਪ੍ਰਤੀਨਿਧ

'ਸ਼ੁਕਰਾਨਾ' ਤੋਂ ਪੂਜਾ ਡਡਵਾਲ ਦੀ ਨਵੀਂ ਸ਼ੁਰੂਆਤ

ਨੱਬੇ ਦੇ ਦਹਾਕੇ ਵਿਚ ਬਾਲੀਵੁੱਡ ਦੇ ਗਲਿਆਰਿਆਂ ਵਿਚ ਚਾਰ ਪੂਜਾ ਨਾਮੀ ਹੀਰੋਇਨਾਂ ਦੀ ਗੂੰਜ ਬਹੁਤ ਸੁਣਾਈ ਦਿੰਦੀ ਸੀ। ਇਹ ਸਨ ਪੂਜਾ ਭੱਟ, ਪੂਜਾ ਬੇਦੀ, ਪੂਜਾ ਬੱਤਰਾ ਅਤੇ ਪੂਜਾ ਡਡਵਾਲ। ਇਨ੍ਹਾਂ ਵਿਚੋਂ ਪੂਜਾ ਡਡਵਾਲ ਦਾ ਨਾਂਅ ਉਦੋਂ ਕਾਫੀ ਚਰਚਾ ਵਿਚ ਆਇਆ ਸੀ, ਜਦੋਂ ਫ਼ਿਲਮ 'ਵੀਰਗਤੀ' ਪ੍ਰਦਰਸ਼ਿਤ ਹੋਈ ਸੀ। ਲੇਖਕ ਤੋਂ ਨਿਰਦੇਸ਼ਕ ਬਣੇ ਕੇ.ਕੇ. ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਨਾਇਕ ਸਲਮਾਨ ਖਾਨ ਸਨ ਅਤੇ ਇਸ ਵਿਚ ਪੂਜਾ ਨੂੰ ਅਤੁਲ ਅਗਨੀਹੋਤਰੀ ਦੀ ਨਾਇਕਾ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ।
ਕੁਝ ਫ਼ਿਲਮਾਂ ਤੇ ਲੜੀਵਾਰਾਂ ਵਿਚ ਕੰਮ ਕਰਨ ਤੋਂ ਬਾਅਦ ਪੂਜਾ ਨੇ ਅਭਿਨੈ ਤੋਂ ਦੂਰੀ ਬਣਾ ਲਈ ਸੀ ਅਤੇ ਉਹ ਗੁੰਮਨਾਮ ਜ਼ਿੰਦਗੀ ਜਿਊਣ ਲੱਗੀ ਸੀ। ਪਿਛਲੇ ਸਾਲ ਪੂਜਾ ਦਾ ਨਾਂਅ ਅਚਾਨਕ ਉਦੋਂ ਸੁਰਖੀਆਂ ਵਿਚ ਆ ਗਿਆ ਜਦੋਂ ਇਹ ਖ਼ਬਰ ਫੈਲੀ ਕਿ ਉਹ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਹੈ ਅਤੇ ਗੁਰਬਤ ਦਾ ਸ਼ਿਕਾਰ ਵੀ ਹੈ। ਉਦੋਂ ਸਲਮਾਨ ਉਸ ਦੀ ਮਦਦ ਨੂੰ ਅੱਗੇ ਆਏ ਅਤੇ ਪੂਜਾ ਨੂੰ ਸਿਹਤਮੰਦ ਕਰਨ ਵਿਚ ਵੱਡਾ ਯੋਗਦਾਨ ਦਿੱਤਾ ਤੇ ਆਰਥਿਕ ਮਦਦ ਵੀ ਕੀਤੀ। ਹੁਣ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਈ ਪੂਜਾ ਬਾਲੀਵੁੱਡ ਵਿਚ ਆਪਣੀ ਨਵੀਂ ਸ਼ੁਰੂਆਤ ਕਰ ਰਹੀ ਹੈ ਅਤੇ ਲਘੂ ਫ਼ਿਲਮ 'ਸ਼ੁਕਰਾਨਾ ਗੁਰੂ ਨਾਨਕ ਦੇਵ ਜੀ ਕਾ' ਤੋਂ ਉਹ ਦੁਬਾਰਾ ਅਭਿਨੈ ਦੇ ਖੇਤਰ ਵਿਚ ਆ ਗਈ ਹੈ। ਵੀਹ ਮਿੰਟ ਵਾਲੀ ਇਸ ਫ਼ਿਲਮ ਦਾ ਨਿਰਮਾਣ ਵਿਕਾਸ ਗੋਲੀ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਸੁਰਿੰਦਰ ਸਿੰਘ। ਹਿੰਦੀ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੇ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਜਿਨ੍ਹਾਂ 'ਤੇ ਮੁਸੀਬਤ ਆ ਪੈਂਦੀ ਹੈ ਪਰ ਅਖ਼ੀਰ ਸਭ ਠੀਕ ਹੋ ਜਾਂਦਾ ਹੈ।
ਨਿਰਦੇਸ਼ਕ ਸੁਰਿੰਦਰ ਸਿੰਘ ਅਨੁਸਾਰ ਉਨ੍ਹਾਂ ਨੇ ਯੂ-ਟਿਊਬ 'ਤੇ ਪੂਜਾ ਦਾ ਇਕ ਵੀਡੀਓ ਦੇਖਿਆ ਸੀ ਅਤੇ ਲੱਗਿਆ ਕਿ ਆਪਣੀ ਫ਼ਿਲਮ ਲਈ ਇਹ ਸਹੀ ਰਹੇਗੀ। ਖ਼ੁਦ ਪੂਜਾ ਵੀ ਇਸ ਫ਼ਿਲਮ ਰਾਹੀਂ ਆਪਣੀ ਨਵੀਂ ਸ਼ੁਰੂਆਤ ਤੋਂ ਕਾਫੀ ਉਤਸ਼ਾਹੀ ਹੈ। ਉਹ ਕਹਿੰਦੀ ਹੈ, 'ਇਕ ਸਮਾਂ ਉਹ ਸੀ ਜਦੋਂ ਮੇਰਾ ਸੁਪਰ ਪਾਵਰ 'ਤੇ ਵਿਸ਼ਵਾਸ ਨਹੀਂ ਸੀ। ਬਾਅਦ ਵਿਚ ਮੇਰੀ ਜ਼ਿੰਦਗੀ ਵਿਚ ਏਨਾ ਕੁਝ ਵਾਪਰ ਗਿਆ ਕਿ ਮੈਂ ਮੌਤ ਦੇ ਨੇੜੇ ਪਹੁੰਚ ਗਈ ਸੀ ਪਰ ਮੇਰੀ ਜਾਨ ਬਚ ਗਈ ਅਤੇ ਅੱਜ ਇਥੇ ਹਾਂ। ਇਸ ਫ਼ਿਲਮ ਤੋਂ ਬਾਅਦ ਪੂਜਾ ਇਕ ਹੋਰ ਫ਼ਿਲਮ 'ਬਿਊਟੀਫੁੱਲ ਵਾਈਫ' ਵਿਚ ਵੀ ਟਾਈਟਲ ਭੂਮਿਕਾ ਨਿਭਾਅ ਰਹੀ ਹੈ ਅਤੇ ਇਹ ਵੀ ਸੁਰਿੰਦਰ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਖ਼ਬਰਾਂ

ਹੁਣ ਸਿੱਕਮ ਵਿਚ ਆਯੋਜਿਤ
ਹੋਵੇਗਾ ਫ਼ਿਲਮ ਸਮਾਰੋਹ

ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦਾ ਸਮੂਹ ਆਪਣੀ ਬੇਹੱਦ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ ਹੈ। ਕੁਦਰਤ ਨੇ ਇਥੇ ਬਹੁਤ ਸੁੰਦਰਤਾ ਬਿਖੇਰੀ ਹੈ ਪਰ ਰੜਕਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੂਬਿਆਂ ਦੀ ਕੁਦਰਤੀ ਖੂਬਸੂਰਤੀ ਨੂੰ ਹਿੰਦੀ ਫ਼ਿਲਮਾਂ ਦਾ ਪਰਦਾ ਜ਼ਿਆਦਾ ਨਸੀਬ ਨਹੀਂ ਹੋ ਸਕਿਆ ਹੈ। ਬੰਗਲਾ ਤੇ ਅਸਾਮੀ ਫ਼ਿਲਮਾਂ ਦੀ ਸ਼ੂਟਿੰਗ ਤਾਂ ਉਥੇ ਹੁੰਦੀ ਰਹਿੰਦੀ ਹੈ ਪਰ ਜਿਥੋਂ ਤੱਕ ਹਿੰਦੀ ਫ਼ਿਲਮਾਂ ਦਾ ਸਵਾਲ ਹੈ ਤਾਂ 'ਕੋਇਲਾ' ਵਰਗੀਆਂ ਇੱਕਾ-ਦੁੱਕਾ ਫ਼ਿਲਮਾਂ ਉਥੇ ਫ਼ਿਲਮਾਈਆਂ ਗਈਆਂ ਹਨ।
ਹੁਣ ਉਥੋਂ ਦੀਆਂ ਲੁਕੇਸ਼ਨਾਂ ਵੱਲ ਬਾਲੀਵੁੱਡ ਦਾ ਧਿਆਨ ਖਿੱਚਣ ਲਈ ਸਿੱਕਮ ਵਿਚ ਫ਼ਿਲਮ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਆਯੋਜਨ 28 ਫਰਵਰੀ ਤੋਂ 1 ਮਾਰਚ 2020 ਤੱਕ ਹੋਵੇਗਾ। ਇਸ ਵਿਚ ਸ਼ਾਮਲ ਹੋਣ ਲਈ ਰਣਧੀਰ ਕਪੂਰ, ਰਾਹੁਲ ਰਵੈਲ ਅਤੇ ਕੈਮਰਾਮੈਨ ਵਿਨੋਦ ਪ੍ਰਧਾਨ ਉਥੇ ਜਾਣਗੇ ਅਤੇ ਵਿਨੋਦ ਪ੍ਰਧਾਨ ਨੂੰ ਆਊਟਸਟੈਂਡਿੰਗ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।
ਇਸ ਸਮਾਰੋਹ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਪ੍ਰੈੱਸ ਗੱਲਬਾਤ ਵਿਚ ਸਿੱਕਮ ਸਰਕਾਰ ਵਲੋਂ ਨਮਰਤਾ ਥਾਪਾ ਤੇ ਡਾ: ਰਾਹੁਲ ਬੈਨਰਜੀ ਮੌਜੂਦ ਸਨ ਅਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉੱਤਰ-ਪੂਰਬੀ ਸੂਬਿਆਂ ਵਿਚ ਫ਼ਿਲਮ ਉਦਯੋਗ ਦੇ ਵਿਕਾਸ ਦੀ ਬਹੁਤ ਸੰਭਾਵਨਾ ਹੈ। ਸਿੱਕਮ ਵਿਚ ਸਿਰਫ਼ ਤਿੰਨ ਸਿਨੇਮਾਘਰ ਹਨ। ਇਸੇ ਤੋਂ ਅੰਦਾਜ਼ਾ ਆ ਸਕਦਾ ਹੈ ਕਿ ਉਥੇ ਫ਼ਿਲਮ ਇੰਡਸਟਰੀ ਦੇ ਵਿਕਾਸ ਲਈ ਕਿੰਨਾ ਵੱਡਾ ਮੌਕਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੂਟਿੰਗ ਦੀ ਪਰਮਿਸ਼ਨ ਆਦਿ ਦੇ ਸਿਲਸਿਲੇ ਵਿਚ ਸਿੱਕਮ ਸਰਕਾਰ ਵਲੋਂ 'ਸਿੰਗਲ ਵਿੰਡੋ' ਪ੍ਰਣਾਲੀ ਲਾਗੂ ਕੀਤੀ ਗਈ ਹੈ।
'ਸੂਰਿਆਵੰਸ਼ੀ' ਵਿਚ ਜੈਕੀ ਸ਼ਰਾਫ

ਰੋਹਿਤ ਸ਼ੈਟੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ 'ਸੂਰਿਆਵੰਸ਼ੀ' ਬਾਰੇ ਤਾਜ਼ਾ ਖ਼ਬਰ ਇਹ ਆਈ ਹੈ ਕਿ ਇਸ ਵਿਚ ਜੈਕੀ ਸ਼ਰਾਫ ਨੂੰ ਵੀ ਕਾਸਟ ਕੀਤਾ ਗਿਆ ਹੈ। ਅਕਸ਼ੈ ਕੁਮਾਰ, ਕੈਟਰੀਨਾ ਕੈਫ਼, ਅਭਿਮੰਨਿਊ ਸਿੰਘ ਆਦਿ ਨੂੰ ਚਮਕਾਉਂਦੀ ਇਸ ਪੁਲਿਸੀਆ ਫ਼ਿਲਮ ਬਾਰੇ ਇਹ ਕਿਹਾ ਜਾਣ ਲੱਗਿਆ ਸੀ ਕਿ ਇਸ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਪਰ ਹੁਣ ਜੈਕੀ ਸ਼ਰਾਫ ਦਾ ਦਾਖਲਾ ਹੋਣ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹਾਲੇ ਕੁਝ ਸ਼ੂਟਿੰਗ ਬਾਕੀ ਹੈ। ਫ਼ਿਲਮ ਦਾ ਹਿੱਸਾ ਬਣੇ ਜੈਕੀ ਦਾ ਕਹਿਣਾ ਹੈ ਕਿ ਇਸ ਵਿਚ ਕੰਮ ਕਰਨਾ ਉਨ੍ਹਾਂ ਲਈ ਭਾਵੁਕਤਾ ਵਾਲਾ ਅਨੁਭਵ ਰਿਹਾ ਕਿਉਂਕਿ ਕਦੀ ਉਨ੍ਹਾਂ ਨੇ ਐਕਸ਼ਨ ਨਿਰਦੇਸ਼ਕ ਸ਼ੈਟੀ ਦੇ ਨਾਲ ਕੰਮ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਬੇਟੇ ਰੋਹਿਤ ਦੇ ਨਾਲ ਕੰਮ ਕਰ ਰਹੇ ਹਨ।

ਹਸਪਤਾਲਾਂ ਵਿਚ ਗੂੰਜੇਗਾ ਸ਼ਾਨ ਦਾ ਗੀਤ

ਸੰਗੀਤਕਾਰ ਹਿਤੇਸ਼ ਮਿਸ਼ਰਾ ਨੇ ਗਾਇਕ ਸ਼ਾਨ ਦੀ ਆਵਾਜ਼ ਵਿਚ ਇਕ ਗੀਤ ਸੁਰਬੱਧ ਕੀਤਾ ਹੈ ਅਤੇ ਇਸ ਦੇ ਬੋਲ ਹਨ, 'ਹੌਸਲਾ ਤੂ ਕਭੀ ਨਾ ਹਾਰਨਾ... ਰਵੀ ਬਸਨੇਤ ਵਲੋਂ ਲਿਖੇ ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਫ਼ਿਲਮ, ਸੀਰੀਅਲ ਜਾਂ ਲਘੂ ਫ਼ਿਲਮ ਲਈ ਨਹੀਂ ਸਗੋਂ1 ਕੈਂਸਰ ਦੇ ਮਰੀਜ਼ਾਂ ਲਈ ਲਿਖਿਆ ਗਿਆ ਹੈ। ਇਸ ਗੀਤ ਦਾ ਨਿਰਮਾਣ ਕੈਂਸਰ ਦੀ ਦਵਾਈ ਬਣਾਉਣ ਵਾਲੀ ਕੰਪਨੀ ਵਲੋਂ ਕੀਤਾ ਗਿਆ ਹੈ ਅਤੇ ਕੈਂਸਰ ਦੇ ਮਰੀਜ਼ਾਂ ਵਿਚ ਨਵੀਂ ਉਮੀਦ, ਨਵਾਂ ਵਿਸ਼ਵਾਸ ਜਗਾਉਣ ਦੇ ਇਰਾਦੇ ਨਾਲ ਇਹ ਤਿਆਰ ਕੀਤਾ ਗਿਆ ਹੈ।
ਗੀਤ ਨੂੰ ਤਿਆਰ ਕਰਨ ਦੀ ਵਜ੍ਹਾ ਦਸਦੇ ਹੋਏ ਹਿਤੇਸ਼ ਮਿਸ਼ਰਾ ਕਹਿੰਦੇ ਹਨ, 'ਇਕ ਜ਼ਮਾਨਾ ਉਹ ਸੀ ਜਦੋਂ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਣ 'ਤੇ ਇਹ ਮੰਨਿਆ ਜਾਂਦਾ ਸੀ ਕਿ ਹੁਣ ਉਸ ਦੀ ਜ਼ਿੰਦਗੀ ਦਾ ਅੰਤ ਨੇੜੇ ਹੈ। ਲੋਕਾਂ ਵਿਚ 'ਕੈਂਸਰ ਭਾਵ ਲਾਈਫ਼ ਕੈਂਸਲ' ਦਾ ਭਰਮ ਫੈਲਿਆ ਹੋਇਆ ਸੀ ਅਤੇ ਇਸ ਭਰਮ ਨੂੰ ਫੈਲਾਉਣ ਵਿਚ 'ਆਨੰਦ', 'ਅੱਖੀਓਂ ਕੇ ਝਰੋਖੋਂ ਸੇ', 'ਸਫ਼ਰ', 'ਹਰਜਾਈ', 'ਅਨੁਰਾਗ', 'ਅੰਜਲੀ' ਆਦਿ ਫ਼ਿਲਮਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ।
ਅੱਜ ਮੈਡੀਸਿਨ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਚੌਥੀ ਸਟੇਜ ਦੇ ਕੈਂਸਰ ਦੇ ਮਰੀਜ਼ ਨੂੰ ਵੀ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਪਰ ਅੱਜ ਵੀ ਕੈਂਸਰ ਨਾਂਅ ਸੁਣਦੇ ਹੀ ਮਰੀਜ਼ ਆਪਣੀ ਜ਼ਿੰਦਗੀ ਤੋਂ ਨਾਉਮੀਦ ਹੋਣ ਲਗਦਾ ਹੈ। ਇਸ ਤਰ੍ਹਾਂ ਮਰੀਜ਼ ਨੂੰ ਹਿੰਮਤ, ਹੌਸਲਾ ਤੇ ਉਮੀਦ ਦੇਣ ਦੇ ਇਰਾਦੇ ਨਾਲ ਇਹ ਗੀਤ ਬਣਾਇਆ ਗਿਆ ਹੈ। ਇਸ ਗੀਤ ਵਿਚ ਪੇਸ਼ ਕੀਤੇ ਗਏ ਸੰਦੇਸ਼ ਦੀ ਵਜ੍ਹਾ ਨਾਲ ਕਈ ਹਸਪਤਾਲਾਂ ਵਿਚ ਸਾਊਂਡ ਸਿਸਟਮ ਰਾਹੀਂ ਇਸ ਨੂੰ ਵਜਾਇਆ ਜਾਵੇਗਾ ਤਾਂ ਕਿ ਮਰੀਜ਼ ਦੇ ਦਿਲ ਵਿਚ ਸਿਹਤਮੰਦ ਹੋਣ ਦੀ ਤਮੰਨਾ ਪੈਦਾ ਹੋਵੇ।'
ਖ਼ੁਦ ਸ਼ਾਨ ਵੀ ਆਪਣੇ ਇਸ ਗੀਤ ਨੂੰ ਮਿਊਜ਼ਿਕ ਥੈਰੇਪੀ ਦਾ ਹਿੱਸਾ ਦੱਸਦੇ ਹਨ।
**

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX