ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  6 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  17 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  23 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  38 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  47 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  51 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  56 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੜੇ ਕੀਮਤੀ ਹੁੰਦੇ ਹਨ ਫੁਰਸਤ ਦੇ ਪਲ

ਦੇਖਿਆ ਜਾਵੇ ਤਾਂ ਘਰੇਲੂ ਔਰਤਾਂ ਨੂੰ ਤਾਂ ਸਵੇਰ ਤੋਂ ਸ਼ਾਮ ਤੱਕ ਰਸੋਈ ਦੇ ਕੰਮ ਤੋਂ ਹੀ ਵਿਹਲ ਨਹੀਂ ਮਿਲਦਾ। ਪਹਿਲਾਂ ਉਠਦੇ ਹੀ ਬੈੱਡ-ਟੀ, ਫਿਰ ਬੱਚਿਆਂ ਦੀ ਸਕੂਲ ਦੀ ਤਿਆਰੀ, ਉਨ੍ਹਾਂ ਦੇ ਟਿਫ਼ਨਾਂ ਦੀ ਤਿਆਰੀ ਅਤੇ ਪਤੀ ਦੇਵ ਨੂੰ ਦਫ਼ਤਰ ਭੇਜਣਾ। ਉਸ ਤੋਂ ਪਿੱਛੋਂ ਘਰ ਦੇ ਕੰਮ, ਫਿਰ ਆਪ ਵੀ ਨਹਾਉਣਾ-ਧੋਣਾ। ਇਸ ਸਭ ਕੁਝ ਤੋਂ ਪਿੱਛੋਂ ਦੁਪਹਿਰ ਦੇ ਭੋਜਨ ਦੀ ਤਿਆਰੀ ਅਤੇ ਉਪਰੰਤ ਰਾਤ ਦਾ ਖਾਣ-ਪੀਣ ਦਾ ਪ੍ਰਬੰਧ, ਭਾਵ ਵਿਹਲ ਮਿਲਣਾ ਬਹੁਤ ਮੁਸ਼ਕਿਲ। ਹਾਂ, ਜੇ ਘਰ 'ਚ ਕੰਮ ਵਾਲੀ ਆਉਂਦੀ ਹੈ ਤਾਂ ਕੁਝ ਸਮਾਂ ਮਿਲ ਸਕਦਾ ਹੈ।
ਚਲੋ ਕਿਸੇ ਤਰ੍ਹਾਂ ਵੀ ਹੋਵੇ, ਫੁਰਸਤ 'ਚ ਮਿਲੇ ਸਮੇਂ ਦਾ ਬਹੁਤ ਸੁਚੱਜੇ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ। ਕੁਝ ਅਰਾਮ ਕਰਨਾ ਵੀ ਜ਼ਰੂਰੀ ਹੈ। ਅਖ਼ਬਾਰ ਜਾਂ ਟੀ. ਵੀ. ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਘਰ ਦੀ ਚਾਰਦੀਵਾਰੀ ਤੋਂ ਬਾਹਰ ਵੀ ਲੋਕਾਂ ਨਾਲ ਮੇਲ-ਜੋਲ ਰੱਖਣਾ, ਰਿਸ਼ਤੇਦਾਰਾਂ ਦੇ ਦੁੱਖ-ਸੁਖ ਵਿਚ ਸ਼ਾਮਿਲ ਹੋਣ ਤੋਂ ਇਲਾਵਾ ਸਮਾਜ ਸੁਧਾਰ ਅਤੇ ਪਰਉਪਕਾਰ ਦੇ ਕੰਮਾਂ ਵਿਚ ਵੀ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਆਪਣੇ ਗੁਆਂਢੀਆਂ ਨਾਲ ਮੇਲ-ਮਿਲਾਪ ਰੱਖਣਾ ਬਹੁਤ ਹੀ ਜ਼ਰੂਰੀ ਹੈ। ਔਖੇ-ਸੌਖੇ ਵੇਲੇ ਗੁਆਂਢੀ ਹੀ ਕੰਮ ਆਉਂਦੇ ਹਨ, ਰਿਸ਼ਤੇਦਾਰ ਤਾਂ ਬਾਅਦ ਵਿਚ ਹੀ ਪਹੁੰਚਣਗੇ। ਹਜ਼ਰਤ ਮੁਹੰਮਦ ਸਾਹਿਬ ਦਾ ਫ਼ਰਮਾਨ ਸੀ ਕਿ ਖਾਣਾ ਖਾਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਤੁਹਾਡੇ ਆਸ-ਪਾਸ ਕੋਈ ਸ਼ਖ਼ਸ ਭੁੱਖਾ ਤਾਂ ਨਹੀਂ। ਕਿੰਨੀ ਵਧੀਆ ਗੱਲ ਹੈ।
ਹੋ ਸਕੇ ਤਾਂ ਮੁਹੱਲੇ ਦੀ ਇਸਤਰੀ ਸਭਾ ਜਾਂ ਸਮਾਜ ਸੁਧਾਰ ਸਭਾ ਬਣਾ ਲੈਣੀ ਚਾਹੀਦੀ ਹੈ। ਬਹੁਤ ਸਾਰੀਆਂ ਥਾਵਾਂ 'ਤੇ ਇਸਤਰੀ ਸਭਾਵਾਂ ਬਣੀਆਂ ਹੋਈਆਂ ਵੀ ਹਨ। ਤੁਸੀਂ ਆਪਣੀ ਪ੍ਰੇਰਨਾ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਸਕਦੇ ਹੋ। ਕਈ ਵਾਰੀ ਛੋਟੀ-ਛੋਟੀ ਗੱਲ ਤੋਂ ਜਿਵੇਂ ਬੱਚਿਆਂ ਦੀ ਲੜਾਈ ਤੋਂ ਝਗੜਾ ਵਧ ਜਾਂਦਾ ਹੈ, ਪਤੀ-ਪਤਨੀ ਦੀ ਤੂੰ-ਤੂੰ, ਮੈਂ-ਮੈਂ ਤੋਂ ਝਗੜਾ ਵਧ ਜਾਂਦਾ ਹੈ ਆਦਿ। ਉਸ ਵਿਚ ਤੁਹਾਡੀ ਸਭਾ ਹਾਲਾਤ ਠੀਕ ਕਰਨ ਵਿਚ ਕਾਫੀ ਉਸਾਰੂ ਰੋਲ ਅਦਾ ਕਰ ਸਕਦੀ ਹੈ। ਆਂਢ-ਗੁਆਂਢ ਵਿਚ ਕੋਈ ਬਿਮਾਰ ਪੈ ਸਕਦਾ ਹੈ, ਜੇ ਉਹ ਹਸਪਤਾਲ ਦਾਖਲ ਹੈ ਤਾਂ ਉਸ ਦੀ ਖ਼ਬਰ-ਸੁਰਤ ਲਈ ਤੁਸੀਂ ਜਾ ਸਕਦੇ ਹੋ। ਜੇ ਚਾਹੋ ਤਾਂ ਉਸ ਦੀ ਪੈਸੇ-ਧੇਲੇ ਨਾਲ ਮਦਦ ਵੀ ਕੀਤੀ ਜਾ ਸਕਦੀ ਹੈ, ਕਿਸੇ ਦੇ ਘਰ ਮਹਿਮਾਨ ਆ ਜਾਣ ਤਾਂ ਕੰਮ-ਕਾਰ ਵਿਚ ਉਸ ਘਰ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ। ਕਹਿਣ ਤੋਂ ਭਾਵ ਪਰਉਪਕਾਰ ਦੇ ਕੰਮਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਹਨ ਪਰ ਕਿਸੇ ਦੇ ਕੰਮ ਆਉਣਾ ਹੀ ਅਸਲ ਜੀਵਨ ਹੈ। ਫੁਰਸਤ ਦੇ ਸਮੇਂ ਜਾਂ ਆਪਣੇ ਕੰਮਾਂ 'ਚੋਂ ਸਮਾਂ ਬਚਾ ਕੇ ਅਸੀਂ ਲੋਕ ਭਲਾਈ ਦੇ ਕੰਮਾਂ ਦਾ ਅਨੰਦ ਮਾਣ ਸਕਦੇ ਹਾਂ।


ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345


ਖ਼ਬਰ ਸ਼ੇਅਰ ਕਰੋ

ਮੁਸਕਰਾਉਣਾ ਵੀ ਇਕ ਕਲਾ ਹੈ

ਮੁਸਕਰਾਉਣਾ ਸਿਹਤਮੰਦ ਮਨ ਦੀ ਨਿਸ਼ਾਨੀ ਹੈ। ਮੁਸਕਰਾਉਂਦੇ ਚਿਹਰੇ ਆਪਣੇ ਜੀਵਨ ਨੂੰ ਤਾਂ ਖੁਸ਼ਗਵਾਰ ਬਣਾਉਂਦੇ ਹੀ ਹਨ, ਨਾਲ ਹੀ ਆਪਣੇ ਘਰ-ਪਰਿਵਾਰ, ਦੋਸਤ-ਮਿੱਤਰ, ਸਾਥੀ ਕਰਮਚਾਰੀ, ਗੱਲ ਕੀ ਸਾਰੇ ਸਮਾਜ ਨੂੰ ਖੁਸ਼ੀਆਂ-ਖੇੜਿਆਂ ਨਾਲ ਭਰ ਦਿੰਦੇ ਹਨ। ਉਹ ਜਿਨ੍ਹਾਂ ਨੂੰ ਮਿਲਦੇ ਹਨ ਜਾਂ ਜਿਥੋਂ ਦੀ ਲੰਘ ਜਾਂਦੇ ਹਨ, ਕੁਝ ਕਹਿ ਜਾਂਦੇ ਹਨ। ਬੁੱਲ੍ਹਾਂ 'ਤੇ ਆਈ ਮੁਸਕਰਾਹਟ ਸਾਡੀ ਅੰਦਰਲੀ ਖੁਸ਼ੀ ਦਾ ਪ੍ਰਤੀਕ ਹੁੰਦੀ ਹੈ। ਕਈ ਵਾਰ ਅਸੀਂ ਮਨੋ-ਮਨ ਬਹੁਤ ਪ੍ਰੇਸ਼ਾਨ ਹੁੰਦੇ ਹਾਂ ਪਰ ਆਪਣੀ ਪ੍ਰੇਸ਼ਾਨੀ ਦਾ ਬੋਝ ਦੂਜਿਆਂ 'ਤੇ ਨਹੀਂ ਪਾਉਂਦੇ। ਦਿਲ ਦੇ ਦਰਦ ਨੂੰ ਅੰਦਰ ਦਬਾ ਕੇ ਜਿਸ ਨੂੰ ਵੀ ਮਿਲਦੇ ਹਾਂ, ਮੁਸਕਰਾ ਕੇ ਮਿਲਦੇ ਹਾਂ। ਬਸ ਇਹੀ ਕਲਾ ਹੈ। ਇਹ ਵਰਤਾਰਾ ਸਾਨੂੰ ਹੌਲੀ-ਹੌਲੀ ਪ੍ਰੇਸ਼ਾਨੀ ਤੋਂ ਮੁਕਤ ਕਰਦਾ ਹੈ। ਸਵਸਥ ਤੇ ਨਿਰੋਗ ਜੀਵਨ ਬਖਸ਼ਦਾ ਹੈ।
ਕੁਝ ਲੋਕ ਬਹੁਤ ਸੜੀਅਲ, ਗੁਸੈਲੇ ਤੇ ਖਿਝੂ ਹੁੰਦੇ ਹਨ, ਜਿਸ ਨੂੰ ਮਿਲਦੇ ਹਨ, ਸੜੇ ਮੱਥੇ ਮਿਲਦੇ ਹਨ। ਇਹ ਆਦਤ ਉਨ੍ਹਾਂ ਨੂੰ ਮਨੋਰੋਗੀ ਬਣਾ ਦਿੰਦੀ ਹੈ। ਅਜਿਹੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਾ ਖਾਣਾ ਹਜ਼ਮ ਹੁੰਦਾ ਹੈ, ਨਾ ਚਿਹਰੇ 'ਤੇ ਰੌਣਕ ਆਉਂਦੀ ਹੈ। ਸ਼ੂਗਰ, ਬੀ. ਪੀ., ਵੱਧ ਕੋਲੈਸਟ੍ਰੋਲ ਤੇ ਹੋਰ ਕਈ ਤਕਲੀਫਾਂ ਲਈ ਦਵਾਈਆਂ ਖਾਣ ਦੇ ਆਦੀ ਬਣ ਜਾਂਦੇ ਹਨ। ਬਸ ਉਦਾਸ ਤੇ ਨਿਰਾਸ਼ ਨਜ਼ਰ ਆਉਂਦੇ ਹਨ। ਮੁਸਕਰਾਹਟ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਸੁੰਦਰਤਾ ਦੀ ਪ੍ਰਤੀਕ ਹੈ। ਮਨੁੱਖੀ ਜ਼ਿੰਦਗੀ ਦਾ ਆਧਾਰ ਹੈ। ਸਰੀਰਕ ਅਰੋਗਤਾ ਲਈ ਰੱਖਿਆ ਗਿਆ ਇਕ ਚੰਗਾ ਕਦਮ ਹੈ। ਸਵੇਰ ਸਾਰ ਉੱਠਦੇ ਸਮੇਂ ਇਕ-ਦੂਜੇ ਨੂੰ ਮੁਸਕਰਾ ਕੇ ਮਿਲਣਾ, ਸੈਰ ਕਰਦੇ ਸਮੇਂ ਕਿਸੇ ਨੂੰ ਖੁਸ਼ ਹੋ ਕੇ ਬੁਲਾ ਲੈਣਾ, ਵੱਡਿਆਂ ਦਾ ਸਤਿਕਾਰ ਤੇ ਬੱਚਿਆਂ ਨੂੰ ਮੁਸਕਰਾਹਟ ਭਰਿਆ ਪਿਆਰ, ਪਰਮਾਤਮਾ ਦੀ ਭਗਤੀ ਤੇ ਕੁਦਰਤ ਦੀ ਰਾਖੀ ਕੁਝ ਅਜਿਹੇ ਗੁਣ ਹਨ, ਜੋ ਹਮੇਸ਼ਾ ਇਨਸਾਨ ਨੂੰ ਖਿੜਿਆ-ਖਿੜਿਆ ਰੱਖਦੇ ਹਨ। ਬਸ ਸਾਡੀ ਸੋਚ ਸੁਚਾਰੂ ਹੋਣੀ ਚਾਹੀਦੀ ਹੈ।
ਅੱਜ ਪੈਸੇ ਦੀ ਅੰਨ੍ਹੀ ਦੌੜ ਨੇ ਸਾਨੂੰ ਹੱਸਣਾ, ਮੁਸਕਰਾਉਣਾ ਭੁਲਾ ਦਿੱਤਾ ਹੈ। ਮੁਕਾਬਲੇ ਦਾ ਯੁੱਗ ਹੈ, ਰਿਸ਼ਤਿਆਂ ਦਾ ਲਹੂ ਸਫੈਦ ਹੋਈ ਜਾ ਰਿਹੈ। ਬਿਨਾਂ ਸ਼ੱਕ ਪੈਸਾ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੈ, ਕਮਾਉਣਾ ਚਾਹੀਦਾ ਹੈ ਪਰ ਖੁਸ਼ਕ ਜੀਵਨ ਤੋਂ ਦੂਰ ਰਹਿ ਕੇ ਖੁਸ਼ੀਆਂ-ਖੇੜੇ ਵੰਡਦਿਆਂ, ਹੱਸਦਿਆਂ-ਮੁਸਕੁਰਾਉਂਦਿਆਂ, ਦਾਤਾਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਿਆਂ, ਸਬਰ-ਸੰਤੋਖ, ਪਿਆਰ-ਮੁਹੱਬਤ, ਨਿਮਰਤਾ ਦਾ ਪੱਲਾ ਫੜਦਿਆਂ ਜੇ ਜਿਊਣ ਦੀ ਜਾਚ ਸਿੱਖ ਲਈਏ ਤੇ ਮੁਸਕਰਾਹਟ ਹਿਰਦੇ ਅੰਦਰੋਂ ਨਿਕਲ ਕੇ ਆਪਮੁਹਾਰੇ ਬੁੱਲ੍ਹਾਂ 'ਤੇ ਆ ਜਾਵੇਗੀ। ਅੱਜ ਦਾ ਯੁੱਗ ਯੋਗ ਦਾ ਯੁੱਗ ਹੈ। ਹਰ ਇਨਸਾਨ ਸਿਹਤ ਲਈ ਫਿਕਰਮੰਦ ਹੈ। ਯੋਗ ਤੰਦਰੁਸਤੀ ਦਾ ਰਾਜ਼ ਹੈ। ਉੱਚੀ-ਉੱਚੀ ਹੱਸਣਾ ਤੇ ਮੁਸਕਰਾਉਣਾ ਯੋਗ ਦੀਆਂ ਉੱਤਮ ਕਿਰਿਆਵਾਂ ਹਨ। ਆਓ ਹੱਸੀਏ ਵੀ, ਮੁਸਕਰਾਈਏ ਵੀ। ਕੋਈ ਮੁੱਲ ਨਹੀਂ ਲੱਗਣਾ, ਪਵਿੱਤਰਤਾ ਭਰੀ ਮੁਸਕਰਾਹਟ ਸਰੀਰਕ ਪਵਿੱਤਰਤਾ ਲਈ ਸਹਾਈ ਹੋਵੇਗੀ।

ਮੌਨਸੂਨ ਵਿਚ ਰੱਖੋ ਪੈਰਾਂ ਦੀ ਦੇਖਭਾਲ

ਮੌਨਸੂਨ ਦੇ ਮੌਸਮ ਦੀ ਸਭ ਤੋਂ ਵੱਡੀ ਮਾਰ ਤੁਹਾਡੇ ਪੈਰਾਂ ਨੂੰ ਝੱਲਣੀ ਪੈਂਦੀ ਹੈ ਜਦੋਂ ਚਿੱਕੜ ਨਾਲ ਭਰੇ ਰਾਹਾਂ, ਪਾਣੀ ਨਾਲ ਭਰੀਆਂ ਗਲੀਆਂ, ਨਮੀ ਨਾਲ ਭਰੇ ਠੰਢੇ ਵਾਤਾਵਰਨ ਅਤੇ ਸਿੱਲ੍ਹ ਵਿਚ ਚੱਲਣ ਨਾਲ ਜੁੱਤੀ ਚਿਪਚਿਪੀ ਹੋ ਜਾਂਦੀ ਹੈ ਅਤੇ ਪੈਰਾਂ ਵਿਚੋਂ ਬਦਬੂਦਾਰ ਪਸੀਨਾ ਨਿਕਲਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਪੈਰਾਂ ਵਿਚ ਦਾਦ, ਖਾਜ, ਖੁਜਲੀ ਅਤੇ ਲਾਲ ਚਕੱਤੇ ਪੈ ਜਾਂਦੇ ਹਨ। ਮੌਨਸੂਨ ਦੇ ਮੌਸਮ ਵਿਚ ਪੈਰਾਂ ਦੀ ਦੇਖਭਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤੁਸੀਂ ਕੁਝ ਸਾਧਾਰਨ ਸਾਵਧਾਨੀਆਂ ਅਤੇ ਆਯੁਰਵੈਦਿਕ ਇਲਾਜਾਂ ਨਾਲ ਪੈਰਾਂ ਅਤੇ ਉਂਗਲੀਆਂ ਦੇ ਸੰਕ੍ਰਮਣ ਨਾਲ ਹੋਣ ਵਾਲੇ ਰੋਗਾਂ ਤੋਂ ਬਚ ਸਕਦੇ ਹੋ।
ਪਸੀਨੇ ਦੇ ਨਾਲ ਨਿਕਲਣ ਵਾਲੇ ਗੰਦੇ ਦ੍ਰਵਾਂ ਨੂੰ ਹਰ ਰੋਜ਼ ਧੋ ਕੇ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਬਦਬੂ ਨੂੰ ਰੋਕਿਆ ਜਾ ਸਕੇ ਅਤੇ ਪੈਰ ਤਾਜ਼ਗੀ ਅਤੇ ਸਫ਼ਾਈ ਦਾ ਅਹਿਸਾਸ ਕਰ ਸਕਣ। ਸਵੇਰੇ ਨਹਾਉਂਦੇ ਸਮੇਂ ਆਪਣੇ ਪੈਰਾਂ ਦੀ ਸਫਾਈ 'ਤੇ ਵਿਸ਼ੇਸ਼ ਧਿਆਨ ਦਿਓ। ਪੈਰਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਪੈਰਾਂ ਅਤੇ ਉਂਗਲੀਆਂ ਦੇ ਵਿਚ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਜੇ ਤੁਸੀਂ ਬੰਦ ਜੁੱਤੀ ਪਹਿਨਦੇ ਹੋ ਤਾਂ ਜੁੱਤੀ ਦੇ ਅੰਦਰ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਬਰਸਾਤ ਦੇ ਮੌਸਮ ਦੌਰਾਨ ਸਲਿੱਪਰ ਅਤੇ ਖੁੱਲ੍ਹੇ ਸੈਂਡਲ ਪਹਿਨਣਾ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ, ਕਿਉਂਕਿ ਇਸ ਨਾਲ ਪੈਰਾਂ ਵਿਚ ਹਵਾ ਦਾ ਵੱਧ ਤੋਂ ਵੱਧ ਸੰਚਾਲਨ ਹੁੰਦਾ ਹੈ ਅਤੇ ਪਸੀਨੇ ਨੂੰ ਸੁੱਕਣ ਵਿਚ ਵੀ ਮਦਦ ਮਿਲਦੀ ਹੈ ਪਰ ਖੁੱਲ੍ਹੇ ਸੈਂਡਲਾਂ ਕਾਰਨ ਪੈਰਾਂ 'ਤੇ ਗੰਦਗੀ ਅਤੇ ਧੂੜ ਜੰਮ ਜਾਂਦੀ ਹੈ, ਜਿਸ ਨਾਲ ਪੈਰਾਂ ਦੀ ਸਫ਼ਾਈ 'ਤੇ ਅਸਰ ਪੈਂਦਾ ਹੈ। ਦਿਨ ਭਰ ਦੀ ਥਕਾਨ ਤੋਂ ਬਾਅਦ ਘਰ ਪਹੁੰਚਣ 'ਤੇ ਠੰਢੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਭਿਉਂ ਲਓ ਅਤੇ ਉਸ ਤੋਂ ਬਾਅਦ ਪੈਰਾਂ ਨੂੰ ਖੁੱਲ੍ਹੀ ਜਗ੍ਹਾ 'ਤੇ ਸੁੱਕਣ ਦਿਓ। ਬਰਸਾਤ ਦੇ ਗਰਮ ਅਤੇ ਨਮੀ ਭਰੇ ਮੌਸਮ ਵਿਚ ਪੈਰਾਂ ਦੀ ਗਿੱਲੀ ਚਮੜੀ ਹੋਣ ਨਾਲ 'ਇਥਲੀਟ ਫੁੱਟ' ਨਾਮਕ ਬਿਮਾਰੀ ਪੈਰਾਂ ਨੂੰ ਘੇਰ ਲੈਂਦੀ ਹੈ। ਜੇ ਸ਼ੁਰੂਆਤ ਵਿਚ ਇਸ ਦੀ ਅਣਦੇਖੀ ਕਰੋ ਤਾਂ ਇਹ ਪੈਰਾਂ ਵਿਚ ਦਾਦ, ਖਾਜ, ਖੁਜਲੀ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਦੌਰ ਵਿਚ ਐਂਟੀ-ਫੰਗਲ ਦਵਾਈਆਂ ਕਾਫੀ ਪ੍ਰਭਾਵੀ ਸਾਬਤ ਹੁੰਦੀਆਂ ਹਨ। ਬਰਸਾਤ ਦੌਰਾਨ ਨਮੀ ਭਰੇ ਮੌਸਮ ਵਿਚ ਤੰਗ ਜੁੱਤੀ ਪਹਿਨਣ ਨਾਲ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ, ਜਿਸ ਨਾਲ ਬੈਕਟੀਰੀਅਲ ਸੰਕ੍ਰਮਣ ਦੀ ਵਜ੍ਹਾ ਨਾਲ ਪੈਰਾਂ ਦੀ ਸਥਿਤੀ ਵਿਗੜ ਸਕਦੀ ਹੈ। ਇਸ ਮੌਸਮ ਵਿਚ ਜ਼ੁਰਾਬਾਂ ਪਹਿਨਣ ਤੋਂ ਪ੍ਰਹੇਜ਼ ਕਰਦੇ ਹੋਏ ਖੁੱਲ੍ਹੀ ਜੁੱਤੀ ਪਹਿਨੋ। ਟੈਲਕਮ ਪਾਊਡਰ ਦੀ ਵਰਤੋਂ ਕਰੋ ਅਤੇ ਪੈਰਾਂ ਨੂੰ ਵੱਧ ਤੋਂ ਵੱਧ ਖੁਸ਼ਕ ਰੱਖੋ। ਜੇ ਜੁਰਾਬਾਂ ਪਹਿਨਣਾ ਜ਼ਰੂਰੀ ਹੋਵੇ ਤਾਂ ਸੂਤੀ ਜੁਰਾਬਾਂ ਪਹਿਨੋ। ਅਸਲ ਵਿਚ ਗਰਮ-ਸਿੱਲ੍ਹੇ ਮੌਸਮ ਵਿਚ ਪੈਰਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਖੁੱਲ੍ਹਾ ਰੱਖਣਾ ਚਾਹੀਦਾ ਹੈ। ਕਿਸੇ ਵੀ ਸੈਲੂਨ ਵਿਚ ਹਫਤੇ ਵਿਚ ਇਕ ਵਾਰ ਪੈਰਾਂ ਦੀ ਸਫ਼ਾਈ ਕਰਵਾ ਲਓ। ਇਸ ਨਾਲ ਪੈਰਾਂ ਨੂੰ ਆਰਾਮਦੇਹ ਅਤੇ ਚੰਗੀ ਸਥਿਤੀ ਵਿਚ ਰੱਖਣ ਵਿਚ ਮਦਦ ਮਿਲੇਗੀ। ਮੌਨਸੂਨ ਵਿਚ ਪੈਰਾਂ ਦੀ ਦੇਖਭਾਲ ਲਈ ਕੁਝ ਹੇਠ ਲਿਖੇ ਘਰੇਲੂ ਇਲਾਜ ਵੀ ਅਪਣਾਏ ਜਾ ਸਕਦੇ ਹਨ-
'ਪੈਰ ਧੋਣੇ' : ਬਾਲਟੀ ਵਿਚ ਇਕ-ਚੌਥਾਈ ਗਰਮ ਪਾਣੀ, ਅੱਧਾ ਕੱਪ ਖੁਰਖੁਰਾ ਨਮਕ, ਦਸ ਬੂੰਦਾਂ ਨਿੰਬੂ ਰਸ ਜਾਂ ਸੰਤਰੇ ਦਾ ਸੁਗੰਧਿਤ ਤੇਲ ਪਾਓ। ਜੇ ਤੁਹਾਡੇ ਪੈਰਾਂ ਵਿਚੋਂ ਜ਼ਿਆਦਾ ਪਸੀਨਾ ਨਿਕਲਦਾ ਹੈ ਤਾਂ ਕੁਝ ਬੂੰਦਾਂ ਟੀ-ਆਇਲ ਨੂੰ ਮਿਲਾ ਲਓ, ਕਿਉਂਕਿ ਇਸ ਵਿਚ ਰੋਗਾਣੂ ਰੋਧਕ ਤੱਤ ਮੌਜੂਦ ਹੁੰਦੇ ਹਨ ਅਤੇ ਇਹ ਪੈਰਾਂ ਦੀ ਬਦਬੂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਸ ਮਿਸ਼ਰਨ ਵਿਚ 10-15 ਮਿੰਟ ਤੱਕ ਪੈਰਾਂ ਨੂੰ ਭਿਉਂ ਕੇ ਬਾਅਦ ਵਿਚ ਸੁਕਾ ਲਓ।
ਪੈਰਾਂ ਲਈ ਲੋਸ਼ਨ : 3 ਚਮਚ ਗੁਲਾਬ ਜਲ, 2 ਚਮਚ ਨਿੰਬੂ ਰਸ ਅਤੇ ਇਕ ਚਮਚ ਸ਼ੁੱਧ ਗਲਿਸਰੀਨ ਦਾ ਮਿਸ਼ਰਨ ਤਿਆਰ ਕਰਕੇ ਇਸ ਨੂੰ ਪੈਰਾਂ 'ਤੇ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਪੈਰਾਂ ਨੂੰ ਤਾਜ਼ੇ, ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਸੁਕਾ ਲਓ।
ਖੁਸ਼ਕ ਪੈਰਾਂ ਦੀ ਦੇਖਭਾਲ : ਇਕ ਬਾਲਟੀ ਦੇ ਚੌਥੇ ਹਿੱਸੇ ਤੱਕ ਠੰਢਾ ਪਾਣੀ ਭਰੋ ਅਤੇ ਇਸ ਪਾਣੀ ਵਿਚ ਦੋ ਚਮਚ ਸ਼ਹਿਦ, ਇਕ ਚਮਚ ਹਰਬਲ ਸ਼ੈਂਪੂ, ਇਕ ਚਮਚ ਬਦਾਮ ਤੇਲ ਮਿਲਾ ਕੇ ਇਸ ਮਿਸ਼ਰਨ ਵਿਚ 20 ਮਿੰਟ ਤੱਕ ਪੈਰ ਭਿਉਂ ਕੇ ਰੱਖੋ ਅਤੇ ਬਾਅਦ ਵਿਚ ਪੈਰਾਂ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਕੇ ਸੁਕਾ ਲਓ।
ਠੰਢਾ ਮਾਲਿਸ਼ ਤੇਲ : 100 ਮਿ: ਲਿ: ਜੈਤੂਨ ਤੇਲ, 2 ਨੀਲਗਿਰੀ ਤੇਲ, 2 ਚਮਚ ਰੋਜ਼ਮੇਰੀ ਤੇਲ, 3 ਚਮਚ ਖਸ ਜਾਂ ਗੁਲਾਬ ਦਾ ਤੇਲ ਮਿਲਾ ਕੇ ਇਸ ਮਿਸ਼ਰਨ ਨੂੰ ਹਵਾਬੰਦ ਸ਼ੀਸ਼ੇ ਦੇ ਡੱਬੇ ਵਿਚ ਪਾ ਲਓ। ਇਸ ਮਿਸ਼ਰਨ ਨੂੰ ਹਰ ਰੋਜ਼ ਪੈਰਾਂ ਦੀ ਮਸਾਜ ਵਿਚ ਵਰਤੋ। ਇਸ ਨਾਲ ਪੈਰਾਂ ਨੂੰ ਠੰਢਕ ਮਿਲੇਗੀ ਅਤੇ ਇਹ ਚਮੜੀ ਨੂੰ ਸੁਰੱਖਿਆ ਪ੍ਰਦਾਨ ਕਰਕੇ ਇਸ ਨੂੰ ਠੀਕ ਰੱਖੇਗਾ।

ਸ਼ਖ਼ਸੀਅਤ ਦੇ ਮਹੱਤਵ ਤੋਂ ਕਿੰਨੇ ਵਾਕਿਫ਼ ਹੋ?

ਸਮਾਰਟ, ਫਿੱਟ, ਆਕਰਸ਼ਕ ਅਤੇ ਦੂਜਿਆਂ ਤੋਂ ਵੱਖਰੇ ਦਿਸਣਾ। ਅੱਜ ਦੀ ਤਾਰੀਖ ਵਿਚ ਹਰ ਔਰਤ ਇਹੀ ਚਾਹੁੰਦੀ ਹੈ। ਪਰ ਕੀ ਸ਼ਖ਼ਸੀਅਤ ਦੇ ਮਾਅਨੇ ਇਹੀ ਹਨ ਜਾਂ ਕੁਝ ਹੋਰ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਸਮਝ ਨੂੰ ਪਰਖਦੇ ਹਾਂ।
1. ਤੁਹਾਡੇ ਮੁਤਾਬਿਕ ਅੱਜ ਦੀ ਤਾਰੀਖ ਵਿਚ ਬਾਹਰੀ ਦਿੱਖ ਬਹੁਤ ਮਾਅਨੇ ਰੱਖਦੀ ਹੈ, ਕਿਉਂਕਿ-
(ਕ) ਇਸ ਨਾਲ ਸਾਡੇ ਵਿਚ ਆਤਮਵਿਸ਼ਵਾਸ ਦਿਸਦਾ ਹੈ।
(ਖ) ਇਸ ਨਾਲ ਸਾਡੀ ਸੁੰਦਰਤਾ ਨਿੱਖਰ ਕੇ ਸਾਹਮਣੇ ਆਉਂਦੀ ਹੈ।
(ਗ) ਇਸ ਨਾਲ ਸਾਡੇ ਅਨੁਸ਼ਾਸਨ ਵਿਚ ਰਹਿਣ ਦਾ ਪਤਾ ਲਗਦਾ ਹੈ।
2. ਤੁਹਾਡੇ ਮੁਤਾਬਿਕ ਸ਼ਖ਼ਸੀਅਤ ਦਾ ਮਤਲਬ ਹੈ-
(ਕ) ਸੁੰਦਰਤਾ ਪ੍ਰਸਾਧਨਾਂ ਨਾਲ ਆਪਣੀ ਦਿੱਖ ਮੁਤਾਬਿਕ ਸੰਵਰਨਾ। (ਖ) ਆਤਮਵਿਸ਼ਵਾਸ ਨਾਲ ਭਰਿਆ ਅਤੇ ਆਕਰਸ਼ਕ ਦਿਸਣਾ। (ਗ) ਸਹਿਜ ਅਤੇ ਦੋਸਤਾਨਾ ਦਿਸਣਾ।
3. ਹੇਅਰ ਕੱਟ ਹਮੇਸ਼ਾ-
(ਕ) ਸਾਡੀ ਸ਼ਖ਼ਸੀਅਤ ਨੂੰ ਪ੍ਰਭਾਵੀ ਬਣਾਉਣ ਵਾਲਾ ਹੋਵੇ। (ਖ) ਬਿਲਕੁਲ ਰਿਵਾਜ ਮੁਤਾਬਿਕ ਹੋਵੇ।
(ਗ) ਸਭ ਤੋਂ ਵੱਖਰਾ ਹੋਵੇ।
4. ਬੋਲਦੇ ਸਮੇਂ ਉਹ ਕੀ ਚੀਜ਼ ਹੈ, ਜਿਸ ਨਾਲ ਸਾਡੀ ਸ਼ਖ਼ਸੀਅਤ ਦੀ ਝਲਕ ਮਿਲਦੀ ਹੈ?
(ਕ) ਸਾਡੇ ਬੋਲਣ ਦਾ ਅੰਦਾਜ਼। (ਖ) ਸ਼ੁੱਧ ਜ਼ਬਾਨ।
(ਗ) ਅੱਖਾਂ ਨਾਲ ਅੱਖਾਂ ਮਿਲਾ ਕੇ ਆਤਮਵਿਸ਼ਵਾਸ ਨਾਲ ਪਰਿਪੂਰਨ ਗੱਲ ਕਰਨ ਦਾ ਢੰਗ।
5. ਸਾਡਾ ਸਲੀਕਾ ਕਦੋਂ ਸਾਡੀ ਸ਼ਖ਼ਸੀਅਤ ਨੂੰ ਵਧਾਉਣ ਵਾਲਾ ਹੁੰਦਾ ਹੈ?
(ਕ) ਜਦੋਂ ਅਸੀਂ ਕਿਸੇ ਨਾਲ ਸਾਕਾਰਾਤਮਿਕ ਵਿਵਹਾਰ ਕਰਦੇ ਹਾਂ।
(ਖ) ਜਦੋਂ ਅਸੀਂ ਕਿਸੇ 'ਤੇ ਆਪਣਾ ਪ੍ਰਭਾਵ ਜਮਾ ਲੈਂਦੇ ਹਾਂ।
(ਗ) ਜਦੋਂ ਅਸੀਂ ਕਿਸੇ 'ਤੇ ਆਪਣੀ ਤਾਕਤ ਦੀ ਮੋਹਰ ਲਗਾ ਦਿੰਦੇ ਹਾਂ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਦੇ ਦਿੱਤੇ ਗਏ ਤਿੰਨ ਬਦਲਾਂ ਵਿਚੋਂ ਉਸੇ ਬਦਲ 'ਤੇ ਸਹੀ ਦਾ ਨਿਸ਼ਾਨਾ ਲਗਾਇਆ ਹੈ, ਜੋ ਤੁਹਾਡੇ ਮੁਤਾਬਿਕ ਸਹੀ ਹੈ ਤਾਂ ਫਿਰ ਤੁਹਾਡੇ ਚੁਣੇ ਗਏ ਬਦਲਾਂ ਨਾਲ ਹਾਸਲ ਅੰਕਾਂ ਦੇ ਆਧਾਰ 'ਤੇ ਆਓ ਜਾਣਦੇ ਹਾਂ ਕਿ ਤੁਸੀਂ ਸ਼ਖ਼ਸੀਅਤ ਦੇ ਮਹੱਤਵ ਤੋਂ ਕਿੰਨੇ ਵਾਕਿਫ਼ ਹੋ?
ਕ-ਜੇ ਤੁਹਾਨੂੰ ਕੁਲ ਮਿਲਾ ਕੇ 10 ਜਾਂ ਇਸ ਤੋਂ ਘੱਟ ਅੰਕ ਮਿਲੇ ਹਨ ਤਾਂ ਤੁਹਾਡੇ ਲਈ ਸ਼ਖ਼ਸੀਅਤ ਦਾ ਮਹੱਤਵ ਸੁੰਦਰਤਾ ਪ੍ਰਸਾਧਨਾਂ ਨਾਲ ਆਪਣੇ-ਆਪ ਨੂੰ ਰੰਗ ਲੈਣਾ ਹੀ ਹੈ। ਬਿਨਾਂ ਸ਼ੱਕ ਕੁਝ ਮਾਮਲਿਆਂ ਵਿਚ ਸੁੰਦਰਤਾ ਪ੍ਰਸਾਧਨ ਵੀ ਸਾਡੀ ਸ਼ਖ਼ਸੀਅਤ 'ਤੇ ਆਪਣੀ ਛਾਪ ਛੱਡਦੇ ਹਨ ਪਰ ਉਹ ਸਾਡੀ ਸ਼ਖ਼ਸੀਅਤ ਦੇ ਕੇਂਦਰੀ ਤੱਤ ਨਹੀਂ ਹਨ। ਜ਼ਾਹਿਰ ਹੈ ਤੁਸੀਂ ਸ਼ਖ਼ਸੀਅਤ ਦੇ ਮਹੱਤਵ ਤੋਂ ਪੂਰੀ ਤਰ੍ਹਾਂ ਵਾਕਿਫ਼ ਨਹੀਂ ਹੋ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ ਇਸ ਤੋਂ ਘੱਟ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸ਼ਖ਼ਸੀਅਤ ਦੇ ਮਹੱਤਵ ਤੋਂ ਕਿਸੇ ਹੱਦ ਤੱਕ ਵਾਕਿਫ਼ ਹੋ, ਪਰ ਅਸਲੀਅਤ ਵਿਚ ਤੁਹਾਡੀ ਇਹ ਸਾਰੀ ਜਾਣਕਾਰੀ ਸੁਣੀਆਂ-ਸੁਣਾਈਆਂ ਗੱਲਾਂ 'ਤੇ ਹੀ ਆਧਾਰਿਤ ਹੈ। ਹਾਲਾਂਕਿ ਤੁਸੀਂ ਬਹੁਤ ਤੇਜ਼ੀ ਨਾਲ ਆਪਣੀ ਸ਼ਖ਼ਸੀਅਤ ਦਾ ਮੇਕਓਵਰ ਕਰ ਸਕਦੇ ਹੋ ਪਰ ਤੁਸੀਂ ਇਸ ਦੇ ਚੌਤਰਫਾ ਮਹੱਤਵ ਨੂੰ ਨਹੀਂ ਸਮਝਦੇ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 15 ਤੋਂ ਜ਼ਿਆਦਾ ਅਤੇ ਵੱਧ ਤੋਂ ਵੱਧ 25 ਹਨ ਤਾਂ ਨਿਸਚਿਤ ਰੂਪ ਨਾਲ ਤੁਸੀਂ ਸ਼ਖ਼ਸੀਅਤ ਦੇ ਨਾ ਸਿਰਫ ਭੌਤਿਕ, ਸਗੋਂ ਇਸ ਦੇ ਦਾਰਸ਼ਨਿਕ ਮਹੱਤਵ ਨੂੰ ਵੀ ਬਾਖੂਬੀ ਸਮਝਦੇ ਹੋ। ਸਿਰਫ ਸਮਝਦੇ ਹੀ ਨਹੀਂ ਹੋ, ਲਗਾਤਾਰ ਆਪਣੇ ਆਕਰਸ਼ਕ ਅਤੇ ਆਤਮੀ ਵਿਅਕਤਿਤਵ ਦੇ ਜ਼ਰੀਏ ਸ਼ਖ਼ਸੀਅਤ ਵਿਚ ਚਾਰ ਚੰਦ ਵੀ ਲਗਾਉਣਾ ਜਾਣਦੇ ਹੋ।


-ਪਿੰਕੀ ਅਰੋੜਾ

ਮੌਨਸੂਨ ਵਿਚ ਕਰੋ ਮਸਤੀ

ਕੀੜੇ-ਮਕੌੜਿਆਂ ਦੀ ਕਰੋ ਛੁੱਟੀ

ਘਰ ਦੀਆਂ ਸਿੱਲ੍ਹ ਨਾਲ ਭਰੀਆਂ ਹਨੇਰੀਆਂ ਥਾਵਾਂ, ਦੀਵਾਰਾਂ ਦੀਆਂ ਦਰਾੜਾਂ ਵਿਚ ਆਪਣਾ ਅੱਡਾ ਬਣਾ ਕੇ ਰਹਿਣ ਵਾਲੇ ਕੀੜੇ-ਮਕੌੜੇ ਜਿਵੇਂ ਕਾਕਰੋਚ, ਮੱਖੀ, ਮੱਛਰ, ਸਿਉਂਕ, ਕਿਰਲੀ, ਇਹ ਸਭ ਬਰਸਾਤ ਦਾ ਮੌਸਮ ਆਉਂਦੇ ਹੀ ਘਰ ਵਿਚ ਇਧਰ-ਉਧਰ ਦਿਖਾਈ ਦੇਣ ਲਗਦੇ ਹਨ। ਇਨ੍ਹਾਂ ਨੂੰ ਰੋਕਣ ਲਈ ਕੀ ਕਰੀਏ-
ਕੀੜੀਆਂ
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਕਾਲੀਆਂ ਅਤੇ ਲਾਲ ਕੀੜੀਆਂ ਇਧਰ-ਉਧਰ ਦਿਸਣ ਲਗਦੀਆਂ ਹਨ। ਰਸੋਈ ਵਿਚ ਖਾਣ-ਪੀਣ ਵਾਲੀ ਕੋਈ ਚੀਜ਼ ਥੋੜ੍ਹੀ ਦੇਰ ਲਈ ਖੁੱਲ੍ਹੀ ਰੱਖੀ ਨਹੀਂ ਕਿ ਉਸ ਦੇ ਆਸ-ਪਾਸ ਇਨ੍ਹਾਂ ਦਾ ਜਮਾਵੜਾ ਹੋ ਜਾਂਦਾ ਹੈ। ਮਿੱਠੀਆਂ ਚੀਜ਼ਾਂ ਵਿਚ ਜੇ ਇਹ ਪੈ ਜਾਣ ਤਾਂ ਇਨ੍ਹਾਂ ਨੂੰ ਕੱਢਣਾ ਮੁਸ਼ਕਿਲ ਹੁੰਦਾ ਹੈ। ਇਹ ਖਾਧ ਪਦਾਰਥਾਂ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਲਾਲ ਕੀੜੀਆਂ ਜੇ ਸਰੀਰ 'ਤੇ ਲੜ ਜਾਣ ਤਾਂ ਚਮੜੀ ਲਾਲ ਹੋ ਜਾਂਦੀ ਹੈ ਅਤੇ ਬਹੁਤ ਬੇਚੈਨੀ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਤੋਂ ਸੁਰੱਖਿਆ ਲਈ ਸਭ ਤੋਂ ਪਹਿਲਾਂ ਰਸੋਈ ਦੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖੋ। ਜਿਥੇ ਕੀੜੀਆਂ ਹੋਣ, ਉਥੇ ਲਛਮਣ ਰੇਖਾ ਪਾਓ। ਇਨ੍ਹਾਂ ਦੇ ਟਿਕਾਣਿਆਂ 'ਤੇ ਨਜ਼ਰ ਰੱਖੋ, ਉਨ੍ਹਾਂ 'ਤੇ ਹਲਦੀ ਪਾਓ ਜਾਂ ਸੀਮੈਂਟ ਨਾਲ ਬੰਦ ਕਰਵਾਓ।
ਕਾਕਰੋਚ
ਰਸੋਈ ਦੀਆਂ ਨਾਲੀਆਂ ਦੇ ਆਸ-ਪਾਸ ਹਨੇਰੀਆਂ ਥਾਵਾਂ 'ਤੇ ਰਹਿਣ ਵਾਲੇ ਕਾਕਰੋਚ ਵੈਸੇ ਤਾਂ ਪੂਰਾ ਸਾਲ ਹੀ ਘਰ ਵਿਚ ਇਧਰ-ਉਧਰ ਘੁੰਮਦੇ ਰਹਿੰਦੇ ਹਨ ਪਰ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਦਾ ਪ੍ਰਕੋਪ ਕਈ ਗੁਣਾ ਵਧ ਜਾਂਦਾ ਹੈ। ਇਨ੍ਹਾਂ ਨੂੰ ਖ਼ਤਮ ਕਰਨ ਲਈ ਰਸੋਈ ਦੀ ਸਾਫ਼-ਸਫ਼ਾਈ ਰੱਖਣੀ ਜ਼ਰੂਰੀ ਹੈ। ਰਾਤ ਦੇ ਸਮੇਂ ਜੂਠੇ ਭਾਂਡੇ ਛੱਡਣ ਨਾਲ ਵੀ ਕਾਕਰੋਚ ਜ਼ਿਆਦਾ ਹੁੰਦੇ ਹਨ। ਰਸੋਈ ਦੀ ਸਿੰਕ ਜਾਂ ਵਾਸ਼ਬੇਸਿਨ ਦੀਆਂ ਨਾਲੀਆਂ ਵਿਚ ਫਿਨਾਈਲ ਦੀਆਂ ਗੋਲੀਆਂ ਪਾਉਣ ਨਾਲ ਕਾਕਰੋਚ ਉਸ ਰਸਤੇ ਰਾਹੀਂ ਘਰ ਵਿਚ ਨਹੀਂ ਆਉਣਗੇ। ਇਸ ਤੋਂ ਇਲਾਵਾ ਬੋਰਿਕ ਐਸਿਡ ਵਿਚ ਕੱਪੜੇ ਧੋਣ ਵਾਲਾ ਸਾਬਣ ਮਿਲਾ ਕੇ ਉਸ ਦੀਆਂ ਗੋਲੀਆਂ ਬਣਾ ਕੇ ਰਸੋਈ ਦੇ ਉਨ੍ਹਾਂ ਹਿੱਸਿਆਂ ਵਿਚ ਰੱਖੋ, ਜਿਥੇ ਇਨ੍ਹਾਂ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ।
ਕਿਰਲੀਆਂ
ਘਰ ਦੀਆਂ ਕੰਧਾਂ, ਕਮਰੇ ਦੀਆਂ ਛੱਤਾਂ ਅਤੇ ਰਸੋਈ ਵਿਚ ਵੱਡੀਆਂ ਹੀ ਨਹੀਂ, ਛੋਟੀਆਂ ਕਿਰਲੀਆਂ ਦੇ ਬੱਚੇ ਵੀ ਇਧਰ-ਉਧਰ ਘੁੰਮਦੇ ਰਹਿੰਦੇ ਹਨ। ਕਈ ਵਾਰ ਤਾਂ ਇਹ ਖਾਧ ਪਦਾਰਥਾਂ ਵਿਚ ਡਿਗ ਕੇ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਇਨ੍ਹਾਂ ਨੂੰ ਘਰ ਵਿਚੋਂ ਭਜਾਉਣ ਲਈ ਸਭ ਤੋਂ ਪਹਿਲਾਂ ਘਰ ਦੀਆਂ ਦੀਵਾਰਾਂ ਨੂੰ ਸਾਫ਼-ਸੁਥਰਾ ਰੱਖੋ। ਦੀਵਾਰਾਂ ਦੀ ਸਫ਼ਾਈ ਫੋਟੋ ਫਰੇਮਾਂ ਅਤੇ ਦੂਜੀਆਂ ਤਸਵੀਰਾਂ ਨੂੰ ਹਟਾ ਕੇ ਚੰਗੀ ਤਰ੍ਹਾਂ ਕਰੋ। ਇਨ੍ਹਾਂ ਨੂੰ ਝਾੜੂ ਨਾਲ ਹੇਠਾਂ ਸੁੱਟ ਕੇ ਘਰੋਂ ਬਾਹਰ ਸੁੱਟੋ। ਘਰ ਵਿਚ ਮੋਰਪੰਖ ਰੱਖਣ ਨਾਲ ਵੀ ਕਿਰਲੀ ਨਹੀਂ ਆਉਂਦੀ।
ਚੂਹੇ
ਚੂਹੇ ਤਾਂ ਹਰ ਮੌਸਮ ਵਿਚ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਇਹ ਖਾਧ ਪਦਾਰਥਾਂ ਨੂੰ ਜ਼ਹਿਰੀਲਾ ਕਰਨ ਦੇ ਨਾਲ-ਨਾਲ ਦੂਜੀਆਂ ਚੀਜ਼ਾਂ ਨੂੰ ਵੀ ਕੁਤਰ ਕੇ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਨੂੰ ਦੂਰ ਭਜਾਉਣ ਲਈ ਕਿਤਾਬਾਂ ਦੇ ਰੈਕ, ਕੱਪੜਿਆਂ ਵਾਲੀਆਂ ਅਲਮਾਰੀਆਂ ਵਿਚ ਫਿਨਾਈਲ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਮਾਰਨ ਲਈ ਚੂਹੇ ਮਾਰਨ ਵਾਲੀ ਦਵਾਈ ਪਾਈ ਜਾ ਸਕਦੀ ਹੈ। ਫੜਨ ਲਈ ਪਿੰਜਰੇ ਦੀ ਵਰਤੋਂ ਕਰੋ। ਪਿੰਜਰੇ ਵਿਚ ਫੜਨ ਤੋਂ ਬਾਅਦ ਇਨ੍ਹਾਂ ਨੂੰ ਘਰ ਤੋਂ ਬਹੁਤ ਦੂਰ ਛੱਡੋ ਤਾਂ ਕਿ ਇਹ ਦੁਬਾਰਾ ਵਾਪਸ ਨਾ ਆ ਸਕਣ।
ਸਿਉਂਕ
ਬਰਸਾਤ ਦੇ ਮੌਸਮ ਵਿਚ ਹਵਾ ਵਿਚ ਨਮੀ ਵਧਣ ਨਾਲ ਸਿਉਂਕ ਲੱਕੜੀ ਦੀਆਂ ਚੀਜ਼ਾਂ, ਅਲਮਾਰੀਆਂ, ਕੱਪੜੇ ਆਦਿ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਿਉਂਕ ਸਿੱਲ੍ਹ ਵਾਲੀ ਜਗ੍ਹਾ 'ਤੇ ਜਨਮ ਲੈਂਦੀ ਹੈ, ਇਸ ਲਈ ਲੱਕੜੀ ਦੀ ਅਲਮਾਰੀ ਜਾਂ ਜਿਨ੍ਹਾਂ ਥਾਵਾਂ 'ਤੇ ਸਾਮਾਨ ਸਟੋਰ ਹੋਵੇ, ਉਨ੍ਹਾਂ ਦੀ ਨਿਯਮਤ ਸਫ਼ਾਈ ਕਰਨੀ ਚਾਹੀਦੀ ਹੈ। ਸਮੇਂ-ਸਮੇਂ 'ਤੇ ਕੱਪੜਿਆਂ ਅਤੇ ਕਾਗਜ਼ਾਂ ਨੂੰ ਧੁੱਪ ਲਗਵਾਉਂਦੇ ਰਹੋ, ਕਿਉਂਕਿ ਕਈ ਵਾਰ ਜਦੋਂ ਕੋਈ ਚੀਜ਼ ਇਕ ਹੀ ਜਗ੍ਹਾ 'ਤੇ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਉਸ ਵਿਚ ਵੀ ਸਿਉਂਕ ਪੈਦਾ ਹੋ ਜਾਂਦੀ ਹੈ। ਸਿਉਂਕ ਨੂੰ ਖ਼ਤਮ ਕਰਨ ਲਈ ਬਾਜ਼ਾਰ ਵਿਚੋਂ ਜੋ ਦਵਾਈ ਮਿਲਦੀ ਹੈ, ਉਸ ਨੂੰ ਸਰਿੰਜ ਵਿਚ ਭਰ ਕੇ ਲਗਾਇਆ ਜਾਂਦਾ ਹੈ। ਲੱਕੜੀ ਦੀ ਅਲਮਾਰੀ ਵਿਚ ਸਿਉਂਕ ਲੱਗਣ 'ਤੇ ਉਸ ਵਿਚ ਚੂਨਾ ਛਿੜਕ ਦਿਓ।
ਮੱਖੀਆਂ
ਮੱਖੀਆਂ ਨਾਲ ਹੈਜਾ, ਬੁਖਾਰ, ਟਾਇਫਾਈਡ ਆਦਿ ਰੋਗ ਫੈਲਦੇ ਹਨ। ਇਨ੍ਹਾਂ ਤੋਂ ਬਚਾਅ ਲਈ ਘਰ ਅਤੇ ਬਾਹਰ ਦੀ ਸਾਫ਼-ਸਫ਼ਾਈ 'ਤੇ ਖਾਸ ਧਿਆਨ ਦਿਓ। ਕੂੜੇ-ਕਚਰੇ ਦੇ ਡੱਬਿਆਂ ਨੂੰ ਢਕ ਕੇ ਰੱਖੋ ਅਤੇ ਘਰ ਵਿਚ ਫਿਨਾਈਲ, ਫਟਕੜੀ ਦਾ ਪੋਚਾ ਨਿਯਮਤ ਲਗਾਓ। ਇਸ ਨਾਲ ਮੱਖੀਆਂ ਫਰਸ਼ 'ਤੇ ਨਹੀਂ ਲਗਦੀਆਂ। ਘਰ ਦੇ ਦਰਵਾਜ਼ੇ-ਖਿੜਕੀਆਂ ਹਰ ਸਮੇਂ ਖੁੱਲ੍ਹੇ ਰੱਖਣ ਨਾਲ ਵੀ ਘਰ ਦੇ ਅੰਦਰ ਮੱਖੀਆਂ ਆਉਂਦੀਆਂ ਹਨ। ਇਸ ਲਈ ਦਿਨ ਦੇ ਸਮੇਂ ਇਨ੍ਹਾਂ ਨੂੰ ਬੰਦ ਰੱਖੋ।
ਮੱਛਰ
ਮਲੇਰੀਆ, ਚਿਕਨਗੁਨੀਆ, ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਪ੍ਰਕੋਪ ਤਾਂ ਬਰਸਾਤ ਦੇ ਮੌਸਮ ਵਿਚ ਜ਼ਿਆਦਾ ਵਧ ਜਾਂਦਾ ਹੈ। ਮੱਛਰਾਂ ਤੋਂ ਬਚਾਅ ਲਈ ਘਰ ਅਤੇ ਬਾਹਰ ਦੀ ਸਾਫ਼-ਸਫ਼ਾਈ 'ਤੇ ਖਾਸ ਧਿਆਨ ਦਿਓ। ਮੱਛਰ ਭਜਾਉਣ ਵਾਲੀ ਮਸ਼ੀਨ ਕਾਇਲ ਦੀ ਰਾਤ ਸਮੇਂ ਵਰਤੋਂ ਕਰੋ। ਰਾਤ ਸਮੇਂ ਜਾਲੀ ਵਾਲੇ ਦਰਵਾਜ਼ੇ ਬੰਦ ਰੱਖੋ। ਨਿੰਮ ਦੇ ਪੱਤੇ ਅਤੇ ਕਪੂਰ ਆਦਿ ਦੇ ਧੂੰਏਂ ਨਾਲ ਇਨ੍ਹਾਂ ਨੂੰ ਭਜਾਇਆ ਜਾ ਸਕਦਾ ਹੈ। ਘਰ ਵਿਚ ਕੂਲਰ ਦੇ ਪਾਣੀ ਨੂੰ ਰੋਜ਼ ਸਾਫ਼ ਕਰੋ ਅਤੇ ਉਸ ਵਿਚ ਮਿੱਟੀ ਦਾ ਤੇਲ ਪਾਓ ਤਾਂ ਕਿ ਉਸ ਵਿਚ ਮੱਛਰ ਨਾ ਪੈਦਾ ਹੋਵੇ।

ਸਾਉਣ-ਔਰਤ ਲਈ ਖ਼ੁਸ਼ੀਆਂ-ਖੇੜਿਆਂ ਦਾ ਮਹੀਨਾ

ਸਾਉਣ ਦਾ ਮਹੀਨਾ ਸਾਲ ਦੇ ਬਾਕੀ ਸਾਰੇ ਮਹੀਨਿਆਂ ਦੇ ਮੁਕਾਬਲੇ ਵੱਧ ਰੰਗੀਲਾ ਹੈ ਅਤੇ ਔਰਤਾਂ ਲਈ ਖਾਸ ਕਰਕੇ ਇਸ ਮਹੀਨੇ ਦਾ ਮਹੱਤਵ ਹੋਰ ਵਧ ਜਾਂਦਾ ਹੈ, ਕਿਉਂਕਿ ਇਹ ਔਰਤਾਂ ਦੀ ਆਜ਼ਾਦੀ ਦਾ ਮਹੀਨਾ ਹੈ। ਸਿਰਫ ਮਹੀਨਾ ਹੀ ਨਹੀਂ, ਸਗੋਂ ਇਕ ਖਾਸ ਕਿਸਮ ਦਾ ਤਿਉਹਾਰ ਜਿਸ ਨੂੰ ਕਿ 'ਸਾਵਣ ਮਹੀਨੇ ਦਾ ਤਿਉਹਾਰ' ਵੀ ਕਿਹਾ ਜਾ ਸਕਦਾ ਹੈ। ਇਹ ਨਾ ਕੇਵਲ ਗਰਮ ਰੁੱਤ ਵਿਚ ਤਬਦੀਲੀ ਦਾ ਪ੍ਰਤੀਕ ਹੈ, ਬਲਕਿ ਇਸ ਮਹੀਨੇ ਦੀ ਉਡੀਕ ਉਹ ਔਰਤਾਂ ਬੜੀ ਬੇਸਬਰੀ ਨਾਲ ਕਰਦੀਆਂ ਹਨ। ਸਾਉਣ ਮਹੀਨਾ ਇਕ ਮੌਕਾ ਹੈ ਵਿਆਹ ਤੋਂ ਬਾਅਦ ਪੁਰਾਣੀਆਂ ਸਹੇਲੀਆਂ ਨੂੰ ਮੁੜ ਮਿਲਣ ਦਾ, ਦਿਲ ਅੰਦਰ ਚਿਰਾਂ ਤੋਂ ਦੱਬੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦਾ, ਮਰਦ ਪ੍ਰਧਾਨ ਸਮਾਜ ਦੀਆਂ ਕਈ ਬੰਦਸ਼ਾਂ ਤੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਦਾ, ਕਈ ਰਿਸ਼ਤਿਆਂ ਦੀਆਂ ਪਾਬੰਦੀਆਂ ਅਤੇ ਫਰਜ਼ਾਂ ਤੋਂ ਕੁਝ ਸਮੇਂ ਲਈ ਨਿਜਾਤ ਪਾਉਣ ਦਾ। ਗਿੱਧਾ, ਬੋਲੀਆਂ ਤੇ ਪੀਂਘਾਂ ਝੂਟਣਾ ਇਸ ਤਰ੍ਹਾਂ ਹੈ, ਜਿਵੇਂ ਗਰਮੀ ਨਾਲ ਮਚ ਰਹੀ ਧਰਤੀ 'ਤੇ ਅਚਾਨਕ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਂਦਾ ਹੈ। ਔਰਤ ਕਦੇ ਨਹੀਂ ਚਾਹੁੰਦੀ ਕਿ ਮਰਦ ਉਨ੍ਹਾਂ ਦੇ ਇਨ੍ਹਾਂ ਜਸ਼ਨਾਂ ਵਿਚ ਕੋਈ ਦਖਲਅੰਦਾਜ਼ੀ ਕਰੇ, ਕਿਉਂਕਿ ਔਰਤ ਦੀ ਨਿੱਜੀ ਜ਼ਿੰਦਗੀ ਵਿਚ ਮਰਦ ਦੀ ਦਖਲਅੰਦਾਜ਼ੀ ਐਨੀ ਵੱਧ ਹੈ ਕਿ ਉਸ ਨੂੰ ਇਸ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਅ ਸਕੇ। ਨਰਮ ਤੇ ਗੋਰੀਆਂ ਤਲੀਆਂ 'ਤੇ ਮਹਿੰਦੀ ਦੇ ਵੇਲ-ਬੂਟੇ, ਗਿੱਧੇ ਵਿਚ ਤਾੜੀਆਂ ਦਾ ਸੰਗੀਤ, ਮਨ ਦੀਆਂ ਪਰਤਾਂ ਨੂੰ ਫਰੋਲਣ ਦਾ ਖੁੱਲ੍ਹਾ ਸਮਾਂ, ਮਨਪਸੰਦ ਸ਼ਿੰਗਾਰ ਕਰਨ ਦੀ ਖੁਸ਼ੀ, ਕੁਦਰਤ ਦੀ ਗੋਦ ਵਿਚ ਖੇਡਣ-ਕੁੱਦਣ ਦਾ ਅਨੰਦ, ਵੰਗਾਂ ਅਤੇ ਪੰਜੇਬਾਂ ਦੀ ਛਣਕਾਰ ਆਦਿ ਜ਼ਿੰਦਗੀ ਦੀ ਲੈਅ, ਤਾਲ ਅਤੇ ਗਤੀ ਵਿਚ ਸੁਮੇਲ ਲਿਆਉਂਦਾ ਹੈ। ਦਿਲ ਦੇ ਨੰਗੇ ਚਿੱਟੇ ਭਾਵਾਂ ਦਾ ਸਿੱਧਾ ਪ੍ਰਸਾਰਨ, ਤਨ ਅਤੇ ਮਨ 'ਤੇ ਪਈਆਂ ਝਰੀਟਾਂ ਦੀਆਂ ਪੀੜਾਂ ਨੂੰ ਆਪਸ ਵਿਚ ਵੰਡਣ ਦਾ ਸਬੱਬ ਸਾਉਣ ਹੀ ਦਿੰਦਾ ਹੈ। ਕੁੜੀਆਂ-ਚਿੜੀਆਂ ਅਤੇ ਵਿਆਹੀਆਂ ਔਰਤਾਂ ਆਪਣੀਆਂ ਭਾਵਨਾਵਾਂ ਦਾ ਬੇਖੌਫ ਪ੍ਰਗਟਾਵਾ ਕਰਦੀਆਂ ਹਨ। ਰੁੱਖ, ਬੂਟੇ ਅਤੇ ਔਰਤ ਧਰਤੀ ਅਤੇ ਸੰਸਾਰ ਦੀ ਪ੍ਰਤੀਨਿਧਤਾ ਕਰਦੇ ਹਨ। ਹਵਾ, ਪਾਣੀ, ਧਰਤੀ ਅਤੇ ਮਨੁੱਖਤਾ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਵੱਧ ਤੋਂ ਵੱਧ ਔਰਤ ਦਾ ਸਤਿਕਾਰ, ਰੁੱਖਾਂ ਅਤੇ ਪਾਣੀ ਦੇ ਸੋਮਿਆਂ ਦੀ ਸੰਭਾਲ। ਸਾਉਣ ਮਹੀਨੇ ਸੰਕਲਪ ਇਹ ਹੋਣੇ ਚਾਹੀਦੇ ਹਨ, ਕਿਉਂਕਿ ਜੇ ਰੁੱਖ ਨਹੀਂ ਹੋਣਗੇ ਤਾਂ ਪੀਂਘਾਂ ਤੇ ਪੰਛੀ ਕਿੱਥੇ ਹੋਣਗੇ ਤੇ ਜੇ ਧੀਆਂ ਨਹੀਂ ਹੋਣਗੀਆਂ ਤਾਂ ਸਮਾਜ ਵਿਚ ਤੰਦਰੁਸਤੀ ਤੇ ਖੁਸ਼ਹਾਲੀ ਕਿਵੇਂ ਹੋਵੇਗੀ।


ਪਿੰਡ ਗੋਲੇਵਾਲਾ, ਫਰੀਦਕੋਟ,
ਮੋਬਾ: 94179-49079

ਬੱਚਿਆਂ ਨੂੰ ਪਾਈਏ ਕੰਮ ਦੀ ਆਦਤ

ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੁਕਵੀਂ ਅਗਵਾਈ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ ਬੈੱਡ ਆਦਿ ਨੂੰ ਸਾਫ਼ ਕਰਨਾ ਕੋਈ ਮੁਸ਼ਕਿਲ ਨਹੀਂ ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ-ਘੱਟ ਐਤਵਾਰ (ਛੁੱਟੀ ਵਾਲੇ ਦਿਨ) ਇਨ੍ਹਾਂ ਚੀਜ਼ਾਂ ਦੀ ਸਫ਼ਾਈ ਜ਼ਰੂਰ ਕਰਨ। ਉਹ ਆਪਣਾ ਮੰਜਾ-ਬਿਸਤਰਾ ਆਪ ਵਿਛਾਉਣ ਅਤੇ ਸਵੇਰੇ ਉੱਠਣ 'ਤੇ ਉਹਨੂੰ ਆਪ ਹੀ ਇਕੱਠਾ ਕਰਨ, ਠੀਕ ਕਰੇ। ਚਾਦਰਾਂ ਨੂੰ ਸਲੀਕੇ ਨਾਲ ਵਿਛਾਉਣ ਜਾਂ ਉਨ੍ਹਾਂ ਨੂੰ ਤਹਿ ਕਰਕੇ ਠੀਕ ਥਾਂ 'ਤੇ ਰੱਖਣ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਣ। ਧੋਤੇ ਹੋਏ ਕੱਪੜਿਆਂ ਦੀ ਤਹਿ ਕਰਨ ਅਤੇ ਠੀਕ ਥਾਂ 'ਤੇ ਰੱਖਣ ਵਿਚ ਮਾਪਿਆਂ ਦੀ ਮਦਦ ਕਰਨ।
ਘਰ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਜਾਂ ਤਾਂ ਇਕੱਲੀ ਮਾਂ ਹੀ ਕਰਦੀ ਹੈ ਜਾਂ ਕਦੇ-ਕਦੇ ਪਿਤਾ ਹੱਥ ਵਟਾਉਂਦਾ ਹੈ। ਘਰ ਦੇ ਕੰਮਾਂ ਵਿਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ, ਭਾਵੇਂ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ਵਿਚ ਮੁੰਡਾ-ਕੁੜੀ ਹਰੇਕ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ਵਿਚ ਦੋਵੇਂ ਜਾਂ ਕੋਈ ਇਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ਉੱਤੇ ਹੀ ਪੈਂਦਾ ਹੈ। ਮਾਂ ਅਤੇ ਪਿਤਾ ਦੋਵਾਂ ਨੂੰ ਰਲ-ਮਿਲ ਕੇ ਹੀ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ-ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿਚ ਇਸ ਪ੍ਰਤੀ ਸ਼ੌਕ ਅਤੇ ਲਗਨ ਵੀ ਪੈਦਾ ਹੋਵੇਗੀ।
ਕਈ ਘਰਾਂ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਫਲਾਨਾ ਕੰਮ ਕੁੜੀਆਂ ਦੇ ਕਰਨ ਵਾਲਾ ਹੈ ਅਤੇ ਫਲਾਨਾ ਮੁੰਡਿਆਂ ਦੇ। ਜਿਥੇ ਅੱਜ ਕੁੜੀਆਂ ਸਕੂਟਰ, ਮੋਟਰਸਾਈਕਲ, ਕਾਰਾਂ ਚਲਾਉਂਦੀਆਂ ਹਨ, ਤਾਂ ਕੀ ਮੁੰਡਿਆਂ ਨੂੰ ਰਸੋਈ ਦੇ ਕੰਮ ਨਹੀਂ ਸਿੱਖਣੇ ਚਾਹੀਦੇ? ਕਿਉਂਕਿ ਬਿਨਾਂ ਹੱਥ-ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਹਨ। ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ ਦੇ ਸਾਫ਼-ਸੁਫ਼ਾਈ, ਭਾਂਡੇ ਧੋਣ-ਮਾਂਜਣ ਜਾਂ ਨਿੱਕੇ-ਮੋਟੇ ਕੱਪੜੇ ਧੋਣ ਦੇ ਕੰਮਾਂ ਵਿਚ ਨਹੀਂ ਲਾਇਆ ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਦੱਸਣੀ ਚਾਹੀਦੀ ਹੈ, ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।
ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਿਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ/ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ-ਕਾਪੀਆਂ ਨੂੰ ਕੱਢ ਕੇ, ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ-ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜੁਮੈਟਰੀ ਬਾਕਸ ਵਿਚਲਾ ਸਾਮਾਨ ਸਾਫ਼ ਕਰਕੇ ਰੱਖਣਾ, ਕਿਤਾਬਾਂ/ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਾਮਾਨ ਰੱਖਣਾ, ਜੁੱਤੀਆਂ ਨੂੰ ਥਾਂ ਸਿਰ/ਸ਼ੂਜ਼ ਰੈਕ ਵਿਚ ਰੱਖਣਾ ਆਦਿ ਕਿੰਨੇ ਹੀ ਨਿੱਕੇ-ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖ-ਰੇਖ ਹੇਠ ਸਿਖਾ ਸਕਦੇ ਹਨ।
ਜੇ ਬੱਚੇ ਨੂੰ ਘਰੇ ਇਕੱਲਿਆਂ ਛੱਡਣਾ ਪੈ ਰਿਹਾ ਹੈ ਤਾਂ ਉਹਨੂੰ ਦੱਸੋ ਕਿ ਘਰ ਨੂੰ ਅੰਦਰੋਂ ਕਿਵੇਂ ਬੰਦ ਕਰਨਾ ਹੈ, ਕਿਵੇਂ ਦਰਵਾਜ਼ਾ ਖੋਲ੍ਹਣਾ ਹੈ। ਤਾਲਾ ਕਿਵੇਂ ਲਾਉਣਾ ਹੈ, ਕਿਵੇਂ ਖੋਲ੍ਹਣਾ ਹੈ। ਗੈਸ ਸਟੋਵ ਜਗਾਉਣਾ ਤੇ ਬੰਦ ਕਰਨਾ, ਪੁਰਾਣੇ ਕਾਗਜ਼ਾਂ ਤੋਂ ਮਨੋਰੰਜਨ ਲਈ ਲਿਫਾਫੇ ਬਣਾਉਣੇ, ਪੁਰਾਣੀਆਂ ਚੀਜ਼ਾਂ ਤੋਂ ਕਲਾਤਮਕ ਚੀਜ਼ਾਂ ਬਣਾਉਣੀਆਂ ਆਦਿ ਅਜਿਹੇ ਕੰਮ ਹਨ, ਜਿਹੜੇ ਅੱਗੇ ਚੱਲ ਕੇ ਬੱਚਿਆਂ ਨੂੰ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਿਚ ਸਹਾਈ ਹੁੰਦੇ ਹਨ।


navsangeetsingh1957@gmail.com

ਬਰਸਾਤ ਦੇ ਮੌਸਮ ਵਿਚ ਸੁੰਦਰਤਾ ਸਾਵਧਾਨੀਆਂ

ਬਰਸਾਤ ਦੇ ਮੌਸਮ ਦੌਰਾਨ ਦਿਨ ਦੇ ਸਮੇਂ ਦਾ ਮੇਕਅੱਪ ਹਲਕਾ, ਸਰਲ ਅਤੇ ਸੂਖਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਅਸਟ੍ਰਿੰਜਿੰਟ ਲੋਸ਼ਨ ਨੂੰ ਬਰਾਬਰ ਮਾਤਰਾ ਵਿਚ ਗੁਲਾਬ ਜਲ ਵਿਚ ਮਿਲਾ ਕੇ ਫਰਿੱਜ ਵਿਚ ਰੱਖ ਦਿਓ ਅਤੇ ਚਮੜੀ ਦੀ ਸਫ਼ਾਈ ਤੋਂ ਬਾਅਦ ਠੰਢੇ ਲੋਸ਼ਨ ਨੂੰ ਸੂਤੀ ਕੱਪੜੇ ਦੇ ਪੈਡ ਨਾਲ ਚਮੜੀ ਨੂੰ ਰੰਗਤ ਪ੍ਰਦਾਨ ਕਰਨ ਲਈ ਵਰਤੋ। ਇਸ ਨਾਲ ਨਾ ਸਿਰਫ ਚਮੜੀ ਨੂੰ ਚਮਕ ਮਿਲੇਗੀ, ਸਗੋਂ ਇਸ ਨਾਲ ਚਮੜੀ ਦੇ ਛੇਕ ਬੰਦ ਕਰਨ ਵਿਚ ਵੀ ਮਦਦ ਮਿਲੇਗੀ। ਇਕ ਬਰਫ਼ ਦੇ ਟੁਕੜੇ ਨੂੰ ਸਾਫ਼ ਕੱਪੜੇ ਵਿਚ ਲਪੇਟ ਕੇ ਇਸ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਓ। ਇਸ ਨਾਲ ਚਿਹਰੇ ਦੇ ਮੁਸਾਮ ਬੰਦ ਕਰਨ ਵਿਚ ਮਦਦ ਮਿਲੇਗੀ। ਜੇ ਤੁਸੀਂ ਪਾਊਡਰ ਵਰਤ ਰਹੇ ਹੋ ਤਾਂ ਹਲਕੀ ਗਿੱਲੀ ਸਪੰਜ ਨਾਲ ਪੂਰੇ ਚਿਹਰੇ ਅਤੇ ਧੌਣ 'ਤੇ ਲਗਾਓ, ਜਿਸ ਨਾਲ ਇਹ ਚਮੜੀ 'ਤੇ ਜੰਮ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ। ਵਾਟਰਪਰੂਫ ਮਸਕਾਰਾ ਅਤੇ ਆਈ-ਲਾਈਨਰ ਨਾਲ ਅੱਖਾਂ ਦੇ ਮੇਕਅੱਪ ਨੂੰ ਗਰਮ ਰੁੱਤ ਵਿਚ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਆਪਣੀਆਂ ਪਲਕਾਂ ਨੂੰ ਭੂਰੇ ਜਾਂ ਸਲੇਟੀ ਰੰਗ ਦੀ ਲਾਈਨ ਨਾਲ ਢਕੋ ਅਤੇ ਇਹ ਦਿਨ ਭਰ ਤੁਹਾਨੂੰ ਸੌਮਯ ਸੁਭਾਗ ਪ੍ਰਦਾਨ ਕਰਨਗੀਆਂ। ਲਿਪਸਟਿਕ ਵਰਤਦੇ ਸਮੇਂ ਹਲਕੇ ਗੁਲਾਬੀ ਰੰਗ, ਭੂਰੇ ਜਾਂ ਬੈਂਗਣੀ ਰੰਗ ਵਰਗੇ ਹਲਕੇ ਰੰਗਾਂ ਦੀ ਵਰਤੋਂ ਕਰੋ। ਬਸ਼ਰਤੇ ਇਹ ਤੁਹਾਡੀ ਚਮੜੀ ਦੇ ਰੰਗ ਦੇ ਅਨੁਕੂਲ ਹੋਵੇ। ਜੇ ਤੁਹਾਡੀ ਚਮੜੀ ਦਾ ਰੰਗ ਪੀਲਾ ਹੈ ਤਾਂ ਨਾਰੰਗੀ ਸ਼ੇਡ ਦੀ ਬਜਾਏ ਗੁਲਾਬੀ ਸ਼ੇਡ ਅਪਣਾਓ। ਯਾਦ ਰੱਖੋ ਕਿ ਰੰਗ ਬਹੁਤਾ ਚਮਕੀਲਾ ਨਹੀਂ ਹੋਣਾ ਚਾਹੀਦਾ।
ਬਰਸਾਤ ਦੇ ਮੌਸਮ ਵਿਚ ਮਲਾਈਦਾਰ ਅਤੇ ਤੇਲੀ ਪਦਾਰਥਾਂ ਨਾਲ ਬਣੇ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸ਼ੁੱਧ ਗਲਿਸਰੀਨ ਅਤੇ ਸ਼ਹਿਦ ਦੀ ਵਰਤੋਂ ਨਾਲ ਜ਼ਿਆਦਾ ਪਸੀਨਾ ਆ ਸਕਦਾ ਹੈ। ਮਲਾਈਦਾਰ ਫਾਊਂਡੇਸ਼ਨ ਅਤੇ ਆਈ ਸ਼ੈਡੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਾਊਡਰ ਸ਼ੇਡ ਅਤੇ ਬਲਸ਼ਰ ਜ਼ਿਆਦਾ ਸਾਰਥਿਕ ਹੁੰਦੇ ਹਨ। ਪ੍ਰਸਾਧਨ ਸਮੱਗਰੀ ਵਿਚ ਹਲਕੀ ਭੀਨੀ ਸੁਗੰਧ ਹੋਣੀ ਚਾਹੀਦੀ ਹੈ।
ਬਰਸਾਤ ਦੇ ਮੌਸਮ ਦੌਰਾਨ ਕੁਦਰਤੀ ਉਤਪਾਦਾਂ ਵਿਚ ਗੁਲਾਬ ਜਲ ਅਤੇ ਗੁਲਾਬ ਆਧਾਰਿਤ ਚਮੜੀ ਟਾਨਿਕ ਫਾਇਦੇਮੰਦ ਮੰਨੇ ਜਾ ਸਕਦੇ ਹਨ। ਗੁਲਾਬ ਕੁਦਰਤੀ ਤੌਰ 'ਤੇ ਸ਼ੀਤਲਤਾ ਵਰਧਕ ਮੰਨਿਆ ਜਾਂਦਾ ਹੈ। ਖੀਰਾ, ਪਪੀਤਾ, ਨਿੰਬੂ ਰਸ, ਖਸ ਨਾਲ ਬਣੇ ਸੁੰਦਰਤਾ ਉਤਪਾਦਾਂ ਨੂੰ ਗਰਮੀ ਦੌਰਾਨ ਸੁੰਦਰਤਾ ਸਬੰਧੀ ਸਮੱਸਿਆਵਾਂ ਲਈ ਵਰਤਿਆ ਜਾ ਸਕਦਾ ਹੈ।
ਬਰਸਾਤ ਦੇ ਮੌਸਮ ਵਿਚ ਦੁਲਹਨਾਂ ਦੇ ਸੁੰਦਰਤਾ ਸ਼ਿੰਗਾਰ ਨੂੰ ਸ਼ੁੱਭ ਦਿਨ ਤੋਂ ਤਿੰਨ ਹਫ਼ਤੇ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ। ਵੱਖ-ਵੱਖ ਤਰੀਕਿਆਂ ਤੇ ਡੂੰਘੇ ਅਧਿਐਨ ਤੋਂ ਬਾਅਦ ਜੋ ਤੁਹਾਨੂੰ ਪਸੰਦ ਆਵੇ, ਉਸ ਨੂੰ ਅਪਣਾਉਣਾ ਚਾਹੀਦਾ ਹੈ ਪਰ ਜੇਕਰ ਸ਼ਾਦੀ ਰਾਤ ਦੇ ਸਮੇਂ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਗੂੜ੍ਹੇ ਰੰਗਾਂ ਦੀ ਵਰਤੋਂ ਕਰੋ, ਕਿਉਂਕਿ ਚਮਕਦਾਰ ਰੰਗਾਂ ਨਾਲ ਦੁਲਹਨਾਂ ਦੀ ਆਭਾ ਫਿੱਕੀ ਦਿਖਾਈ ਦੇਵੇਗੀ। ਵਿਆਹ ਦੌਰਾਨ ਮੱਥੇ ਦੀ ਬਿੰਦੀ ਸੁੰਦਰਤਾ ਦਾ ਅਟੁੱਟ ਅੰਗ ਮੰਨੀ ਜਾਂਦੀ ਹੈ। ਆਪਣੀ ਪੋਸ਼ਾਕ ਨਾਲ ਮਿਲਦੇ-ਜੁਲਦੇ ਰੰਗ ਦੀ ਚਮਕਦਾਰ ਬਿੰਦੀ ਦੀ ਵਰਤੋਂ ਕਰੋ।

ਇੰਜ ਕਰੋ ਫਰਿੱਜ ਦੀ ਦੇਖਭਾਲ

* ਫਰਿੱਜ ਨੂੰ ਕੰਧ ਨਾਲ ਜੋੜ ਕੇ ਨਾ ਰੱਖੋ ਅਤੇ ਹਵਾਦਾਰ ਜਗ੍ਹਾ 'ਤੇ ਕੰਧ ਤੋਂ ਘੱਟੋ-ਘੱਟ 6 ਇੰਚ ਅਤੇ ਦੂਜੇ ਦੋਵਾਂ ਪਾਸਿਆਂ ਦੀ ਕੰਧ ਤੋਂ ਦੂਰੀ ਘੱਟੋ-ਘੱਟ 4 ਇੰਚ ਹੋਵੇ।
* ਹਰੇਕ ਹਫ਼ਤੇ ਫਰਿੱਜ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਫਰਿੱਜ ਦੀ ਸਫ਼ਾਈ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਬੰਦ ਕਰ ਦਿਓ।
* ਫਰਿੱਜ ਵਿਚ ਕਦੇ ਵੀ ਗਰਮ ਸਾਮਾਨ ਨਾ ਰੱਖੋ। ਗਰਮ ਸਾਮਾਨ ਪਹਿਲਾਂ ਠੰਢਾ ਹੋਣ ਦਿਓ, ਫਿਰ ਰੱਖੋ। ਇਸੇ ਤਰ੍ਹਾਂ ਫਰਿੱਜ ਵਿਚੋਂ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰਨ ਲਈ ਚੁੱਲ੍ਹੇ 'ਤੇ ਨਾ ਰੱਖੋ। ਉਸ ਨੂੰ ਪਹਿਲਾਂ ਆਮ ਤਾਪਮਾਨ ਵਿਚ ਆਉਣ ਦਿਓ, ਫਿਰ ਲੋੜ ਮੁਤਾਬਿਕ ਸਮੱਗਰੀ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰੋ।
* ਫਰਿੱਜ ਦੇ ਚਾਲੂ ਰਹਿਣ 'ਤੇ ਦਰਵਾਜ਼ਾ ਦੇਰ ਤੱਕ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਨਾਲ ਫਰਿੱਜ ਦੇ ਅੰਦਰ ਦਾ ਤਾਪਮਾਨ ਵਧੇਗਾ ਅਤੇ ਠੰਢਾ ਕਰਨ ਵਿਚ ਬੇਲੋੜੀ ਬਿਜਲੀ ਦੀ ਖਪਤ ਵਧੇਗੀ।
* ਫਰਿੱਜ ਦੀ ਬਾਹਰੀ ਸਤ੍ਹਾ 'ਤੇ ਬਰਫ਼ ਨਾ ਜੰਮੇ। ਜੇ ਜੰਮੇ ਤਾਂ ਡੀਫ੍ਰਾਸਟ ਕਰ ਦਿਓ। ਜੇ ਬਰਫ਼ ਜੰਮ ਜਾਵੇ ਤਾਂ ਉਸ ਨੂੰ ਚਾਕੂ ਜਾਂ ਕਿਸੇ ਨੋਕਦਾਰ ਚੀਜ਼ ਨਾਲ ਉਖਾੜਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਫਰਿੱਜ ਖਰਾਬ ਹੋ ਸਕਦੀ ਹੈ।
* ਫਰਿੱਜ ਦੇ ਤਾਪਮਾਨ ਨੂੰ ਇਕਦਮ ਘੱਟ ਜਾਂ ਵੱਧ ਨਾ ਕਰੋ, ਸਗੋਂ ਹੌਲੀ-ਹੌਲੀ ਘੱਟ ਜਾਂ ਵੱਧ ਕਰੋ।
* ਜੇ ਬਰਫ਼ ਦੇ ਟੁਕੜਿਆਂ ਦੀ ਲੋੜ ਨਾ ਹੋਵੇ ਤਾਂ ਬਰਫ਼ ਦੀ ਟਰੇਅ ਵਿਚ ਪਾਣੀ ਨਾ ਪਾਓ। ਫਰਿੱਜ ਵਿਚ ਇਕ ਵਾਰ ਬਰਫ਼ ਜੰਮ ਜਾਣ ਤੋਂ ਬਾਅਦ ਵਰਤ ਲਓ ਜਾਂ ਸੁੱਟ ਦਿਓ ਪਰ ਪਿਘਲ ਜਾਣ ਤੋਂ ਬਾਅਦ ਦੁਬਾਰਾ ਬਰਫ਼ ਬਣਨ 'ਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
* ਫਰਿੱਜ ਨੂੰ ਝਟਕੇ ਨਾਲ ਅਤੇ ਵਾਰ-ਵਾਰ ਨਾ ਖੋਲ੍ਹੋ। ਇਸ ਨਾਲ ਫਰਿੱਜ ਦਾ ਬਲਬ ਫਿਊਜ਼ ਹੋ ਸਕਦਾ ਹੈ ਅਤੇ ਦਰਵਾਜ਼ੇ ਦੇ ਚੌਖਟ 'ਤੇ ਲੱਗੀ ਰਬੜ ਖਰਾਬ ਹੋ ਸਕਦੀ ਹੈ।
* ਪੱਕੇ ਹੋਏ ਖਾਧ ਪਦਾਰਥਾਂ ਨੂੰ ਢੱਕਣ ਵਾਲੇ ਭਾਂਡਿਆਂ ਵਿਚ ਬੰਦ ਕਰਕੇ ਹੀ ਫਰਿੱਜ ਵਿਚ ਰੱਖਣਾ ਚਾਹੀਦਾ ਹੈ। ਘੱਟ ਤਾਪਮਾਨ 'ਤੇ ਫਰਿੱਜ ਨੂੰ ਚਲਾਉਣ 'ਤੇ ਖਾਧ ਪਦਾਰਥ ਜ਼ਿਆਦਾ ਦਿਨਾਂ ਤੱਕ ਸੁਰੱਖਿਅਤ ਰਹਿੰਦੇ ਹਨ।
* ਸਬਜ਼ੀਆਂ ਹਮੇਸ਼ਾ ਧੋ ਕੇ ਅਤੇ ਸੁਕਾ ਕੇ ਹੀ ਫਰਿੱਜ ਵਿਚ ਰੱਖਣੀਆਂ ਚਾਹੀਦੀਆਂ ਹਨ।
ਵਿਸ਼ਵਾਸ ਹੈ ਕਿ ਏਨੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਤੁਹਾਡੀ ਫਰਿੱਜ ਜ਼ਿਆਦਾ ਦਿਨਾਂ ਤੱਕ ਚੱਲੇਗੀ ਅਤੇ ਤੁਹਾਨੂੰ ਰੋਜ਼-ਰੋਜ਼ ਮਕੈਨਿਕ ਨਹੀਂ ਬੁਲਾਉਣਾ ਪਵੇਗਾ।
**

ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?

ਪੁੰਗਰੇ ਅਨਾਜ ਹਮੇਸ਼ਾ ਤੋਂ ਪੌਸ਼ਟਿਕ ਖਾਧ ਪਦਾਰਥ ਦੇ ਰੂਪ ਵਿਚ ਮਸ਼ਹੂਰ ਰਹੇ ਹਨ। ਹਾਲ ਦੇ ਸਾਲਾਂ ਵਿਚ ਜਿਵੇਂ-ਜਿਵੇਂ ਲੋਕਾਂ ਵਿਚ ਸਿਹਤ ਪ੍ਰਤੀ ਚੇਤਨਤਾ ਵਧੀ ਹੈ, ਉਵੇਂ-ਉਵੇਂ ਪੁੰਗਰੇ ਅਨਾਜਾਂ ਦੀ ਵਰਤੋਂ ਵਿਚ ਵੀ ਵਾਧਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਬਾਜ਼ਾਰ ਵਿਚ ਵੱਡੇ ਪੈਮਾਨੇ 'ਤੇ ਰੇਡੀ ਟੂ ਈਟ ਪੁੰਗਰੇ ਅਨਾਜ ਉਪਲਬਧ ਹਨ, ਪਰ ਇਨ੍ਹਾਂ ਬਾਰੇ ਸਮੇਂ-ਸਮੇਂ 'ਤੇ ਕਈ ਕਿਸਮ ਦੀ ਖੋਜ ਸਮੱਗਰੀ ਵੀ ਮੀਡੀਆ ਵਿਚ ਆਉਂਦੀ ਰਹਿੰਦੀ ਹੈ, ਜੋ ਇਨ੍ਹਾਂ ਦੀ ਵਰਤੋਂ 'ਤੇ ਕਈ ਕਿਸਮ ਦੇ ਸਵਾਲ ਉਠਾਉਂਦੀ ਰਹਿੰਦੀ ਹੈ। ਤੁਸੀਂ ਇਨ੍ਹਾਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਜਾਣਕਾਰੀ ਨੂੰ ਪਰਖਦੇ ਹਾਂ।
1. ਸਿਹਤ ਲਈ ਕਿਸ ਪੱਧਰ ਦੇ ਪੁੰਗਰੇ ਅਨਾਜ ਬਿਹਤਰ ਹੁੰਦੇ ਹਨ?
(ਕ) ਬਸ ਪੂੰਗ ਫੁੱਟਿਆ ਹੀ ਹੋਵੇ।
(ਖ) ਪੂੰਗ ਕਈ ਦਿਨ ਪੁਰਾਣਾ ਹੋ ਚੁੱਕਾ ਹੋਵੇ।
(ਗ) ਜਦੋਂ ਮਰਜ਼ੀ, ਉਸ ਦੀ ਪੌਸ਼ਟਿਕਤਾ ਵਿਚ ਕੋਈ ਫਰਕ ਨਹੀਂ ਪੈਂਦਾ।
2. ਪੁੰਗਰੇ ਅਨਾਜ ਭਾਵ ਸਪ੍ਰਾਊਟਸ ਵਿਚ ਕਿਹੜੇ ਵਿਟਾਮਿਨ ਸਭ ਤੋਂ ਜ਼ਿਆਦਾ ਪਾਏ ਜਾਂਦੇ ਹਨ?
(ਕ) 'ਈ' ਅਤੇ 'ਕੇ'।
(ਖ) 'ਡੀ' ਅਤੇ 'ਈ'।
(ਗ) 'ਏ' ਅਤੇ 'ਸੀ'।
3. ਐਂਟੀਆਕਸੀਡੈਂਟ ਸੁੱਕੇ ਅਨਾਜ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜਾਂ ਪੁੰਗਰੇ ਵਿਚ?
(ਕ) ਸੁੱਕੇ ਵਿਚ।
(ਖ) ਪੁੰਗਰੇ ਵਿਚ।
(ਗ) ਦੋਵਾਂ ਵਿਚ ਬਰਾਬਰ।
4. ਕੀ ਬਜ਼ੁਰਗਾਂ ਲਈ ਵੀ ਪੁੰਗਰੇ ਅਨਾਜ ਫਾਇਦੇਮੰਦ ਹੁੰਦੇ ਹਨ?
(ਕ) ਹਾਂ। (ਖ) ਨਹੀਂ, ਕਿਉਂਕਿ ਉਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ।
(ਗ) ਇਹ ਤਾਂ ਅਜ਼ਮਾ ਕੇ ਹੀ ਪਤਾ ਲੱਗ ਸਕਦਾ ਹੈ।
5. ਕੀ ਪੁੰਗਰੇ ਅਨਾਜ ਵਿਚ ਚਰਬੀ, ਫੈਟੀ ਐਸਿਡ ਵਿਚ ਬਦਲ ਜਾਂਦੀ ਹੈ?
(ਕ) ਨਹੀਂ। (ਖ) ਹਾਂ। (ਗ) ਕਦੇ-ਕਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਸ ਲਈ ਦਿੱਤੇ ਗਏ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਪੁੰਗਰੇ ਅਨਾਜਾਂ ਸਬੰਧੀ ਕਿੰਨਾ ਜਾਣਦੇ ਹੋ?
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਪੁੰਗਰੇ ਅਨਾਜ ਖਾਣ ਤੋਂ ਭਾਵੇਂ ਤੁਹਾਨੂੰ ਕੋਈ ਪ੍ਰਹੇਜ਼ ਨਾ ਹੋਵੇ ਪੁੰਗਰੇ ਅਨਾਜਾਂ ਬਾਰੇ ਤੁਹਾਡੀ ਵਿਗਿਆਨਕ ਜਾਣਕਾਰੀ ਬਹੁਤ ਸੀਮਤ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜਾਂ ਨੂੰ ਇਕ ਸਿਹਤਮੰਦ ਖਾਧ ਸਮੱਗਰੀ ਮੰਨਦੇ ਹੋ, ਸਗੋਂ ਬਹੁਤ ਕੁਝ ਇਸ ਦੇ ਫਾਇਦਿਆਂ ਬਾਰੇ ਵੀ ਜਾਣਦੇ ਹੋ। ਪਰ ਸਮੱਗਰਤਾ ਵਿਚ ਪੁੰਗਰੇ ਅਨਾਜਾਂ ਨੂੰ ਲੈ ਕੇ ਇਕ ਵਿਗਿਆਨਕ ਦਿਸ਼ਾਬੋਧ ਦੀ ਤੁਹਾਡੇ ਵਿਚ ਕਮੀ ਹੈ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜ ਖਾਣੇ ਪਸੰਦ ਕਰਦੇ ਹੋ, ਸਗੋਂ ਇਨ੍ਹਾਂ ਦੀ ਸਿਹਤ ਸਬੰਧੀ ਖਾਸੀਅਤਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਨਾਲ ਹੀ ਤੁਸੀਂ ਦੂਜਿਆਂ ਨੂੰ ਵੀ ਪੁੰਗਰੇ ਅਨਾਜ ਖਾਣ ਲਈ ਉਤਸ਼ਾਹਿਤ ਕਰਦੇ ਹੋ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX