ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  7 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  18 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  24 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  39 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  48 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  52 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  57 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਹੋਰ ਖ਼ਬਰਾਂ..

ਸਾਡੀ ਸਿਹਤ

ਬਰਸਾਤ ਵਿਚ ਬਚੋ ਡੇਂਗੂ ਦੇ ਪ੍ਰਕੋਪ ਤੋਂ

ਬਰਸਾਤ ਦੀ ਸ਼ੁਰੂਆਤ ਦੇ ਨਾਲ ਹੀ ਕਈ ਬਿਮਾਰੀਆਂ ਦੇ ਨਾਲ-ਨਾਲ ਡੇਂਗੂ ਬੁਖਾਰ ਦਾ ਪ੍ਰਕੋਪ ਵੀ ਵਧ ਜਾਂਦਾ ਹੈ। ਇਹ ਬੁਖਾਰ ਇਕ ਖ਼ਤਰਨਾਕ ਬਿਮਾਰੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਰੋਗੀ ਦਾ ਇਲਾਜ ਜੇ ਜਲਦੀ ਨਾਲ ਕਰਾਇਆ ਜਾਵੇ ਤਾਂ ਰੋਗੀ ਦੀ ਜਾਨ ਤੱਕ ਜਾ ਸਕਦੀ ਹੈ। ਇਸ ਰੁੱਤ ਵਿਚ ਜਗ੍ਹਾ-ਜਗ੍ਹਾ ਵਰਖਾ ਦੇ ਪਾਣੀ ਦੇ ਜਮ੍ਹਾਂ ਹੋ ਜਾਣ ਨਾਲ ਡੇਂਗੂ ਦਾ ਪ੍ਰਕੋਪ ਵਧ ਜਾਂਦਾ ਹੈ।
ਡੇਂਗੂ ਰੋਗ ਦਾ ਕਾਰਨ ਬੈਕਟੀਰੀਆ ਤੋਂ ਵੀ ਛੋਟੇ ਕੀਟਾਣੂ, ਵਾਇਰਸ ਅਤੇ ਵਿਸ਼ਾਣੂ ਹੁੰਦੇ ਹਨ। ਇਹ ਵਿਸ਼ਾਣੂ ਛੇ ਤਰ੍ਹਾਂ ਦੇ ਹੁੰਦੇ ਹਨ। ਮੱਛਰਾਂ ਦੇ ਕੱਟਣ ਨਾਲ ਇਹ ਵਿਸ਼ਾਣੂ ਮਨੁੱਖੀ ਸਰੀਰ ਵਿਚ ਪਹੁੰਚ ਜਾਂਦੇ ਹਨ। ਵਿਸ਼ੇਸ਼ ਰੂਪ ਨਾਲ 'ਏਡੀਜ਼ ਇਜਿਪਟੀ' ਨਾਮਕ ਮੱਛਰਾਂ ਦੀ ਪ੍ਰਜਾਤੀ ਡੇਂਗੂ ਬੁਖਾਰ ਫੈਲਾਉਣ ਲਈ ਜ਼ਿੰਮੇਵਾਰ ਮੰਨੀ ਜਾਂਦੀ ਹੈ।
ਮੱਛਰਾਂ ਦੇ ਕੱਟਣ ਤੋਂ ਬਾਅਦ ਰੋਗ ਦੇ ਲੱਛਣ 5 ਤੋਂ 6 ਦਿਨਾਂ ਬਾਅਦ ਦਿਖਾਈ ਦੇਣ ਲਗਦੇ ਹਨ। ਬਿਮਾਰੀ ਦੀ ਗੰਭੀਰਤਾ, ਵੱਖ-ਵੱਖ ਰੋਗੀਆਂ ਵਿਚ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਕੁਝ ਮਰੀਜ਼ਾਂ ਵਿਚ ਰੋਗ 7 ਤੋਂ 10 ਦਿਨਾਂ ਦੇ ਅੰਦਰ ਹੀ ਅਤਿਅੰਤ ਗੰਭੀਰ ਸਥਿਤੀ ਵਿਚ ਪਹੁੰਚ ਜਾਂਦਾ ਹੈ ਜਦੋਂ ਕਿ ਕਈ ਮਰੀਜ਼ਾਂ ਵਿਚ ਰੋਗ ਮਾਮੂਲੀ ਅਵਸਥਾ ਤੱਕ ਹੀ ਸੀਮਤ ਰਹਿੰਦਾ ਹੈ।
ਸ਼ੁਰੂ ਵਿਚ ਦੋ ਦਿਨਾਂ ਤੱਕ ਸਿਰਦਰਦ, ਕਮਜ਼ੋਰੀ ਰਹਿੰਦੀ ਹੈ। ਸਰੀਰ ਵਿਚ ਦਰਦ ਹੋਣ ਦੇ ਨਾਲ ਹੀ ਪਿੱਠ, ਕਮਰ ਅਤੇ ਜੋੜਾਂ ਵਿਚ ਜ਼ਿਆਦਾ ਦਰਦ ਹੁੰਦੀ ਰਹਿੰਦੀ ਹੈ। ਅੱਖਾਂ ਦੇ ਚਾਰੋ ਪਾਸੇ ਦੀਆਂ ਹੱਡੀਆਂ ਵਿਚ ਵੀ ਤੇਜ਼ ਦਰਦ ਹੁੰਦੀ ਹੈ। ਇਥੋਂ ਤੱਕ ਕਿ ਨਜ਼ਰ ਇਧਰ-ਉਧਰ ਚਲਾਉਣ ਵਿਚ ਵੀ ਮੁਸ਼ਕਿਲ ਹੁੰਦੀ ਹੈ। ਇਸ ਹਾਲਤ ਵਿਚ ਪ੍ਰਕਾਸ਼ ਅਸਹਿਣਯੋਗ ਲਗਦਾ ਹੈ ਅਤੇ ਅੱਖਾਂ ਵਿਚੋਂ ਹੰਝੂ ਨਿਕਲਦੇ ਰਹਿੰਦੇ ਹਨ, ਉਲਟੀ ਆਉਣ ਦੀ ਸੰਭਾਵਨਾ ਜਾਂ ਉਲਟੀ ਆਉਣ ਲਗਦੀ ਹੈ। ਭੁੱਖ ਅਤੇ ਨੀਂਦ ਚਲੀ ਜਾਂਦੀ ਹੈ ਅਤੇ ਮਰੀਜ਼ ਤਣਾਅਗ੍ਰਸਤ ਹੋ ਕੇ ਉਦਾਸ ਰਹਿਣ ਲਗਦਾ ਹੈ।
ਦੂਜੇ-ਤੀਜੇ ਦਿਨ ਲੱਛਣ ਅਸਥਾਈ ਰੂਪ ਨਾਲ ਦੂਰ ਹੋ ਜਾਂਦੇ ਹਨ ਪਰ ਦੁਬਾਰਾ ਇਕ-ਦੋ ਦਿਨ ਬਾਅਦ ਉਪਰੋਕਤ ਲੱਛਣ ਤੇਜ਼ ਬੁਖਾਰ ਦੇ ਨਾਲ ਦਿਸਦੇ ਹਨ। ਧੌਣ ਦੇ ਦੋਵੇਂ ਪਾਸੇ ਦੀਆਂ ਲਸਿਕਾ ਗ੍ਰੰਥੀਆਂ ਦਾ ਆਕਾਰ ਵੀ ਵਧ ਜਾਂਦਾ ਹੈ। ਸਰੀਰ 'ਤੇ ਛੋਟੇ-ਛੋਟੇ ਦਾਣੇ ਵੀ ਉਭਰਨ ਲਗਦੇ ਹਨ। ਸ਼ੁਰੂ ਵਿਚ ਇਹ ਦਾਣੇ ਦੋਵੇਂ ਹੱਥਾਂ ਦੇ ਪ੍ਰਸ਼ਠ ਭਾਗਾਂ ਅਤੇ ਦੋਵੇਂ ਪੈਰਾਂ 'ਤੇ ਆਉਂਦੇ ਹਨ, ਫਿਰ ਹੌਲੀ-ਹੌਲੀ ਭੁਜਾਵਾਂ, ਜਾਂਘਾਂ ਅਤੇ ਸੀਨੇ ਅਤੇ ਪਿੱਠ 'ਤੇ ਫੈਲ ਜਾਂਦੇ ਹਨ। ਇਸ ਬਿਮਾਰੀ ਵਿਚ ਜਦੋਂ ਬੁਖਾਰ ਦੇ ਨਾਲ ਸਰੀਰ 'ਤੇ ਉੱਭਰੇ ਦਾਣਿਆਂ ਵਿਚੋਂ ਹੌਲੀ-ਹੌਲੀ ਖੂਨ ਰਿਸਣ ਲਗਦਾ ਹੈ ਤਾਂ ਇਸ ਨੂੰ ਖੂਨੀ ਬੁਖਾਰ ਕਿਹਾ ਜਾਂਦਾ ਹੈ। ਇਹ ਲੱਛਣ ਖਤਰਨਾਕ ਮੰਨਿਆ ਜਾਂਦਾ ਹੈ।
ਡੇਂਗੂ ਦੀ ਗੰਭੀਰ ਹਾਲਤ ਨੂੰ ਕੁਝ ਡਾਕਟਰ 'ਯੈਲੋ ਫੀਵਰ' ਵੀ ਸਮਝ ਲੈਂਦੇ ਹਨ ਪਰ ਪਿਸ਼ਾਬ ਦੀ ਜਾਂਚ ਨਾਲ ਸਹੀ ਪਤਾ ਲਗਦਾ ਹੈ। ਖੂਨ ਦੀ ਜਾਂਚ ਵਿਚ ਐਂਟੀਬਾਡੀਜ਼ ਦਾ ਕਾਊਂਟ ਵਧ ਜਾਂਦਾ ਹੈ, ਕਿਉਂਕਿ ਡੇਂਗੂ ਦੇ ਵਿਸ਼ਾਣੂ ਖੂਨ ਵਿਚ ਵੀ ਹੁੰਦੇ ਹਨ। ਖੂਨ ਦੀ ਜਾਂਚ ਨਾਲ ਇਸ ਦਾ ਸਪੱਸ਼ਟ ਪਤਾ ਲੱਗ ਜਾਂਦਾ ਹੈ।
ਡੇਂਗੂ ਬੁਖਾਰ ਦਾ ਹਾਲੇ ਤੱਕ ਕੋਈ ਵਿਸ਼ੇਸ਼ ਇਲਾਜ ਉਪਲਬਧ ਨਹੀਂ ਹੈ। ਦੂਜੀਆਂ ਦਰਦਨਿਵਾਰਕ ਦਵਾਈਆਂ ਰਾਹੀਂ ਹੀ ਸਰੀਰ ਦੇ ਦਰਦ ਨੂੰ ਘੱਟ ਕੀਤਾ ਜਾਂਦਾ ਹੈ। ਖੂਨ ਵਗਣ ਦੇ ਕਾਰਨ ਹੋਈ ਖੂਨ ਦੀ ਕਮੀ ਨੂੰ ਰਕਤਾਧਾਨ ਦੁਆਰਾ ਪੂਰਾ ਕੀਤਾ ਜਾਂਦਾ ਹੈ। ਖੂਨੀ ਬੁਖਾਰ ਦੀ ਸਥਿਤੀ ਵਿਚ 'ਕਰਟੀਕੋਸਟੇਰਾਈਟਸ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਡੇਂਗੂ ਬੁਖਾਰ ਹੋ ਜਾਵੇ ਅਤੇ ਉਸ ਦਾ ਇਲਾਜ ਕਰਾਇਆ ਜਾਵੇ, ਇਸ ਤੋਂ ਬਿਹਤਰ ਹੁੰਦਾ ਹੈ ਕਿ ਇਸ ਤੋਂ ਬਚਣ ਦੇ ਉਪਾਅ ਕੀਤੇ ਜਾਣ। ਇਹ ਰੋਗ ਕਾਫੀ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਲਈ ਇਸ ਤੋਂ ਬਚਣ ਦੇ ਉਪਾਵਾਂ 'ਤੇ ਵਿਸ਼ੇਸ਼ ਰੂਪ ਨਾਲ ਧਿਆਨ ਦੇਣਾ ਚਾਹੀਦਾ ਹੈ। ਹੇਠ ਲਿਖੇ ਉਪਾਅ ਕਰਨ ਨਾਲ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ-
* ਰੁਕੇ ਹੋਏ ਪਾਣੀ ਅਤੇ ਗੰਦਗੀ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਵਿਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
* ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ 'ਆਰਗੇਨੋਫਾਸਫੋਰਸ' ਕੀਟਨਾਸ਼ਕ ਦਵਾਈ ਦਾ ਛਿੜਕਾਅ ਮਕਾਨ ਦੇ ਅੰਦਰ ਜਾਂ ਆਸ-ਪਾਸ ਕਰਦੇ ਰਹਿਣਾ ਚਾਹੀਦਾ ਹੈ।
* ਪੀਣ ਵਾਲੇ ਪਾਣੀ ਵਿਚ ਵੀ ਆਰਗੇਨੋਫਾਸਫੋਰਸ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਨਾਲ ਪਾਣੀ ਵਿਚ 3 ਮਹੀਨੇ ਤੱਕ ਲਾਰਵਾ ਪੈਦਾ ਨਹੀਂ ਹੁੰਦਾ। ਨਾਲ ਹੀ ਇਸ ਨਾਲ ਪਾਣੀ ਦਾ ਸਵਾਦ ਵੀ ਨਹੀਂ ਵਿਗੜਦਾ ਅਤੇ ਮਨੁੱਖੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ।
* ਮੱਛਰ ਨਾ ਕੱਟੇ, ਇਸ ਵਾਸਤੇ ਮੱਛਰਦਾਨੀ ਦੀ ਵਰਤੋਂ ਜਾਂ ਮੱਛਰ ਭਜਾਉਣ ਦੇ ਹੋਰ ਉਪਾਵਾਂ ਨੂੰ ਕੀਤਾ ਜਾਣਾ ਚਾਹੀਦਾ ਹੈ।
* ਬਰਸਾਤ ਦੇ ਮੌਸਮ ਵਿਚ ਏਡੀਜ਼ ਮੱਛਰਾਂ ਦਾ ਪ੍ਰਕੋਪ ਜ਼ਿਆਦਾ ਵਧ ਜਾਂਦਾ ਹੈ, ਇਸ ਲਈ ਇਸ ਮੌਸਮ ਵਿਚ ਮੱਛਰਾਂ ਤੋਂ ਬਚੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
* ਬੁਖਾਰ ਹੁੰਦੇ ਹੀ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਲਾਪ੍ਰਵਾਹੀ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।


ਖ਼ਬਰ ਸ਼ੇਅਰ ਕਰੋ

ਕੁਦਰਤੀ ਪ੍ਰਕਿਰਿਆ ਹੈ ਬੱਚਿਆਂ ਦੇ ਦੰਦ ਨਿਕਲਣਾ

ਪਰਿਵਾਰ ਵਿਚ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਦੀ ਨਜ਼ਰ ਉਸ ਦੇ ਵਿਕਾਸ 'ਤੇ ਟਿਕੀ ਰਹਿੰਦੀ ਹੈ ਕਿ ਕਦੋਂ ਬੱਚੇ ਨੇ ਪਹਿਲੀ ਮੁਸਕਾਨ ਦਿੱਤੀ, ਕਦੋਂ ਹੱਥ-ਪੈਰ ਹਿਲਾਏ, ਪਲਟੀ ਮਾਰੀ, ਬੈਠਣਾ, ਖਿਸਕਣਾ, ਖੜ੍ਹਾ ਹੋਣਾ, ਚੱਲਣਾ ਆਦਿ। ਇਹ ਕਿਰਿਆਵਾਂ ਮਾਤਾ-ਪਿਤਾ ਦੇ ਅਨੰਦ ਨੂੰ ਹੋਰ ਵਧਾ ਦਿੰਦੀਆਂ ਹਨ।
ਆਓ ਜਾਣੀਏ ਬੱਚਿਆਂ ਦੇ ਦੰਦ ਨਿਕਲਦੇ ਸਮੇਂ ਕੀ ਤਬਦੀਲੀਆਂ ਅਤੇ ਪ੍ਰੇਸ਼ਾਨੀਆਂ ਆਉਂਦੀਆਂ ਹਨ-
* ਬੱਚਾ ਜਦੋਂ ਗਰਭ ਵਿਚ ਹੁੰਦਾ ਹੈ ਤਾਂ ਉਸ ਦੇ ਦੰਦ ਦੇ ਬਣਨ ਦੀ ਸ਼ੁਰੂਆਤ ਹੋ ਜਾਂਦੀ ਹੈ। ਬਾਅਦ ਵਿਚ ਕੈਲਸ਼ਿਫਿਕੇਸ਼ਨ ਹੁੰਦਾ ਅਤੇ ਮਿਨਰਲਜ਼ ਜੰਮਣ ਲਗਦੇ ਹਨ।
* ਦੰਦ ਨਿਕਲਦਾ ਕੁਦਰਤੀ ਪ੍ਰਕਿਰਿਆ ਹੈ। ਬਹੁਤੇ ਬੱਚਿਆਂ ਦੇ ਦੰਦ ਨਿਕਲਣ ਦੀ ਸ਼ੁਰੂਆਤ 7 ਮਹੀਨੇ ਦੇ ਹੋਣ 'ਤੇ ਹੋ ਜਾਂਦੀ ਹੈ। ਹਰ ਬੱਚੇ ਦੇ ਦੰਦ ਨਿਕਲਣ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ।
* ਬੱਚੇ ਦੇ ਦੁੱਧ ਵਾਲੇ 20 ਦੰਦ ਹੁੰਦੇ ਹਨ। ਇਹ ਇਕੱਠੇ ਨਹੀਂ, ਸਗੋਂ ਇਕ-ਇਕ ਕਰਕੇ ਨਿਕਲਦੇ ਹਨ। ਪਹਿਲਾ ਦੰਦ ਨਿਕਲਣ ਤੋਂ ਬਾਅਦ ਲਗਪਗ ਹਰ ਮਹੀਨੇ ਇਕ ਦੰਦ ਹੋਰ ਆ ਜਾਂਦਾ ਹੈ।
* 23 ਤੋਂ 30 ਮਹੀਨੇ ਦੀ ਉਮਰ ਤੱਕ ਬੱਚੇ ਦੇ 20 ਦੰਦ ਨਿਕਲ ਆਉਂਦੇ ਹਨ।
* ਦੰਦ ਨਿਕਲਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਬੱਚਾ ਮੂੰਹ ਵਿਚ ਉਂਗਲੀ, ਹੱਥ, ਹਰ ਚੀਜ਼ ਮੂੰਹ ਵਿਚ ਪਾਉਣ ਲਗਦਾ ਹੈ। ਸਭ ਤੋਂ ਪਹਿਲਾਂ ਬੱਚੇ ਦੇ ਸਾਹਮਣੇ ਵਾਲੇ ਦੰਦ ਆਉਂਦੇ ਹਨ, ਫਿਰ ਕੇਰਾਈਨ ਭਾਵ ਨੁਕੀਲੇ ਦੰਦ, ਬਾਅਦ ਵਿਚ ਦਾੜ੍ਹਾਂ ਨਿਕਲਦੀਆਂ ਹਨ।
* ਕਦੇ-ਕਦੇ ਕਿਸੇ ਨਵਜਨਮੇ ਬੱਚੇ ਦੇ ਜਨਮ ਤੋਂ ਹੀ ਦੰਦ ਹੁੰਦੇ ਹਨ ਪਰ ਅਜਿਹਾ ਬਹੁਤ ਘੱਟ ਬੱਚਿਆਂ ਨਾਲ ਹੁੰਦਾ ਹੈ।
* ਬਹੁਤ ਸਾਰੇ ਬੱਚਿਆਂ ਨੂੰ ਦੰਦ ਨਿਕਲਣ ਦੌਰਾਨ ਬੁਖਾਰ ਹੋ ਜਾਂਦਾ ਹੈ। ਬੱਚਾ ਦੁੱਧ ਪੀਣਾ, ਖਾਣਾ ਬੰਦ ਕਰ ਦਿੰਦਾ ਹੈ ਅਤੇ ਭੁੱਖੇ ਰਹਿਣ ਕਾਰਨ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਇਹ ਸਭ ਆਮ ਪ੍ਰਕਿਰਿਆ ਹੈ।
* ਤੇਜ਼ ਬੁਖਾਰ, ਜ਼ਿਆਦਾ ਟੱਟੀਆਂ ਲੱਗਣ 'ਤੇ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਓ ਤਾਂ ਕਿ ਬੱਚੇ ਦੇ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।
* ਬੱਚਿਆਂ ਦੇ ਆਸ-ਪਾਸ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ, ਉਨ੍ਹਾਂ ਦੇ ਖਿਡੌਣੇ ਗਰਮ ਪਾਣੀ ਨਾਲ ਧੋਂਦੇ ਰਹੋ ਅਤੇ ਬੱਚਿਆਂ ਦੇ ਹੱਥ ਵਾਰ-ਵਾਰ ਧੋਂਦੇ ਰਹੋ।

ਟਹਿਲਣਾ ਬਹੁਤ ਫਾਇਦੇਮੰਦ ਕਸਰਤ ਹੈ

ਆਪਣੀ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਅਤੇ ਕਿਸੇ ਕਾਰਨ ਸਿਹਤ ਨੂੰ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਕੀਤੀਆਂ ਜਾਣ ਵਾਲੀਆਂ ਅਨੇਕਾਂ ਕਸਰਤਾਂ ਵਿਚੋਂ ਟਹਿਲਣਾ ਸਭ ਤੋਂ ਵੱਧ ਮਹੱਤਵਪੂਰਨ ਹੈ। ਇਹ ਸਰੀਰਕ ਪੱਖੋਂ ਓਨਾ ਹੀ ਲਾਭਦਾਇਕ ਹੈ, ਜਿੰਨਾ ਮਾਨਸਿਕ ਪੱਖੋਂ।
* ਬ੍ਰਹਾ-ਮਹੂਰਤ ਨੂੰ ਟਹਿਲਣ ਦਾ ਸਭ ਤੋਂ ਵਧੀਆ ਸਮਾਂ ਦੱਸਿਆ ਗਿਆ ਹੈ। ਕਾਰਨ ਕਿ ਵਿਦਵਾਨਾਂ ਅਨੁਸਾਰ ਇਸ ਸਮੇਂ ਪ੍ਰਾਣਵਾਯੂ ਦੀ ਵਾਤਾਵਰਨ ਵਿਚ ਬਹੁਤਾਤ ਹੁੰਦੀ ਹੈ। ਸਵੇਰੇ ਹਵਾ ਦੀ ਸ਼ੁੱਧਤਾ, ਸ਼ੀਤਲਤਾ ਅਤੇ ਤਾਜ਼ਗੀ ਦਾ ਪਾਨ ਕਰਕੇ ਵਿਅਕਤੀ ਪੂਰਾ ਤਰੋਤਾਜ਼ਾ ਹੋ ਜਾਂਦਾ ਹੈ।
* ਪੈਦਲ ਚੱਲਣਾ ਸਿਰਫ ਟਹਿਲਣਾ ਨਹੀਂ ਹੈ। ਟਹਿਲਣ ਦੇ ਨਾਲ-ਨਾਲ ਜਦੋਂ ਆਰੋਗਵਰਧਕ ਮਾਨਤਾ ਜੁੜੀ ਹੁੰਦੀ ਹੈ ਤਾਂ ਇਸ ਦਾ ਸਰਬੋਤਮ ਲਾਭ ਮਿਲਦਾ ਹੈ। ਕੋਸ਼ਿਸ਼ ਅਤੇ ਭਾਵਨਾ ਦਾ ਮਿਸ਼ਰਣ ਹੀ ਟਹਿਲਣ ਵਾਲੇ ਨੂੰ ਸ਼ਕਤੀ ਦਿੰਦਾ ਹੈ। ਮਨ ਵਿਚ ਆਰੋਗ ਵਾਤਾਵਰਨ ਦੀ ਕਾਮਨਾ ਭਰ ਕੇ ਸਵੇਰ ਵੇਲੇ ਟਹਿਲਣ ਨਾਲ ਸ਼ਕਤੀਹੀਣ ਅਤੇ ਰੋਗੀ ਵਿਅਕਤੀ ਆਪਣੀ ਤੰਦਰੁਸਤੀ ਨੂੰ ਮੁੜ ਲਿਆ ਸਕਦਾ ਹੈ। ਟਹਿਲਣ ਵਿਚ ਇਕ ਨਿਯਮਤ ਯਤਨ, ਸਰਲਤਾ, ਕ੍ਰਮਬੱਧਤਾ ਤੇਜ਼ੀ, ਉਤਸ਼ਾਹ ਅਤੇ ਸਾਵਧਾਨੀ ਜ਼ਰੂਰੀ ਹੈ।
* ਟਹਿਲਦੇ ਸਮੇਂ ਸਰੀਰ ਸਿੱਧਾ ਰੱਖਣਾ ਚਾਹੀਦਾ ਹੈ। ਮੋਢੇ ਦੱਬੇ ਹੋਏ, ਸੀਨਾ ਉੱਭਰਿਆ ਹੋਇਆ, ਸਿਰ ਥੋੜ੍ਹਾ ਪਿੱਛੇ ਨੂੰ, ਨਿਗ੍ਹਾ ਇਕਦਮ ਸਾਹਮਣੇ ਰਹੇ। ਸਰੀਰ ਦੇ ਅੰਦਰ ਚੁਸਤੀ ਹੋਵੇ ਪਰ ਮਾਸਪੇਸ਼ੀਆਂ ਦੀ ਸਹਿਜਤਾ ਬਣੀ ਰਹਿਣੀ ਚਾਹੀਦੀ ਹੈ।
* ਮੂੰਹ ਬੰਦ ਕਰਕੇ ਡੂੰਘੇ ਸਾਹ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੂੰਘੇ ਸਾਹ ਲੈਣ ਨਾਲ ਸੰਪੂਰਨ ਫੇਫੜੇ ਕਿਰਿਆਸ਼ੀਲ ਹੋ ਜਾਂਦੇ ਹਨ। ਡੂੰਘੇ ਸਾਹ ਨਾਲ ਹਰ ਪਲ ਲਾਭਦਾਇਕ ਹੈ ਪਰ ਟਹਿਲਦੇ ਸਮੇਂ ਇਸ ਦਾ ਖਿਆਲ ਵਿਸ਼ੇਸ਼ ਰੂਪ ਨਾਲ ਰੱਖਿਆ ਜਾਣਾ ਚਾਹੀਦਾ ਹੈ।
* ਟਹਿਲਦੇ ਵਕਤ ਸਰੀਰ 'ਤੇ ਕੱਪੜੇ ਘੱਟ ਅਤੇ ਹਲਕੇ ਰਹਿਣ। ਇਸ ਨਾਲ ਰੋਮਾਂ ਅਤੇ ਪੂਰੀ ਚਮੜੀ ਨੂੰ ਵੀ ਉੱਤਮ ਹਵਾ ਦਾ ਫੁਰਤੀਦਾਇਕ ਸਪਰਸ਼ ਪ੍ਰਾਪਤ ਹੁੰਦਾ ਹੈ।
* ਟਹਿਲਣ ਦੇ ਨਾਲ-ਨਾਲ ਉਸ ਦੀ ਲੰਬਾਈ, ਸਮਾਂ ਅਤੇ ਗਤੀ ਵੀ ਨਿਰਧਾਰਤ ਹੈ। ਤੰਦਰੁਸਤ ਵਿਅਕਤੀ ਪ੍ਰਤੀ ਘੰਟਾ 3 ਤੋਂ 4 ਮੀਲ ਦੇ ਵਿਚ ਚੱਲਣ। ਬਿਮਾਰ, ਕਮਜ਼ੋਰ, ਬਜ਼ੁਰਗ, ਬਾਲਕ ਜਾਂ ਮੋਟੇ ਆਦਮੀ ਅਤੇ ਔਰਤਾਂ ਆਪਣੀ ਸਰੀਰਕ ਸਮਰੱਥਾ ਦਾ ਧਿਆਨ ਰੱਖ ਕੇ ਚਾਲ ਨਿਰਧਾਰਤ ਕਰਨ।
* ਟਹਿਲਣ ਦੀ ਲੋੜ ਪੈਦਲ ਚੱਲਣ ਨਾਲ ਵੀ ਪੂਰੀ ਹੋ ਸਕਦੀ ਹੈ। ਬਹੁਤ ਜ਼ਿਆਦਾ ਰੁੱਝੇ ਰਹਿਣ ਵਾਲੇ ਵਿਅਕਤੀ ਪੈਦਲ ਚਲਦੇ ਸਮੇਂ ਹੀ ਟਹਿਲਣ ਵਰਗੀ ਮਨੋਭੂਮੀ ਬਣਾ ਕੇ ਟਹਿਲਣ ਦਾ ਲਾਭ ਲੈ ਸਕਦੇ ਹਨ।
ਉਪਰੋਕਤ ਨਿਰਦੇਸ਼ਾਂ ਦਾ ਪਾਲਣ ਕਰਕੇ ਕੋਈ ਵੀ ਵਿਅਕਤੀ ਟਹਿਲਣ ਦੇ ਲਾਭ ਪ੍ਰਾਪਤ ਕਰ ਸਕਦਾ ਹੈ।

ਬਿਹਤਰ ਨੀਂਦ ਲਈ ਬੱਚੇ ਨੂੰ ਰੋਣ ਦਿਓ

ਆਮ ਤੌਰ 'ਤੇ ਨਵਪ੍ਰਸੂਤਾ ਮਾਵਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਅਤੇ ਕਈ ਵਾਰ ਤਾਂ ਉਹ ਇਸ ਦੇ ਕਾਰਨ ਤਣਾਅਗ੍ਰਸਤ ਹੋ ਜਾਂਦੀਆਂ ਹਨ। ਖੋਜ ਕਰਤਾਵਾਂ ਨੇ ਪਾਇਆ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਰੋਂਦੇ ਹੀ ਚੁੱਪ ਨਾ ਕਰਵਾਉਣ ਅਤੇ ਉਨ੍ਹਾਂ ਨੂੰ ਕੁਝ ਦੇਰ ਤੱਕ ਰੋਣ ਦੇਣ ਤਾਂ ਬੱਚੇ ਥੱਕ ਕੇ ਸੌਂ ਜਾਣਗੇ ਅਤੇ ਮਾਵਾਂ ਵੀ ਬਿਹਤਰ ਨੀਂਦ ਲੈ ਸਕਣਗੀਆਂ। ਇਸ ਖੋਜ ਲਈ ਆਸਟ੍ਰੇਲੀਅਨ ਖੋਜ ਕਰਤਾਵਾਂ ਨੇ 6 ਤੋਂ 12 ਮਹੀਨੇ ਦੇ ਬੱਚਿਆਂ ਦੀਆਂ ਮਾਵਾਂ ਨੂੰ ਚੁਣਿਆ ਜੋ ਨੀਂਦ ਪੂਰੀ ਨਾ ਹੋਣ ਦੀ ਸਮੱਸਿਆ ਤੋਂ ਪੀੜਤ ਸਨ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਬੱਚਿਆਂ ਨੂੰ ਥੋੜ੍ਹੀ ਦੇਰ ਰੋ ਲੈਣ ਤੋਂ ਬਾਅਦ ਚੁੱਪ ਕਰਾਉਣ, ਜਿਸ ਨਾਲ ਹੌਲੀ-ਹੌਲੀ ਉਹ ਖੁਦ ਹੀ ਥੱਕ ਕੇ ਸੌਣਾ ਸਿੱਖ ਜਾਣ। ਡਾਕਟਰਾਂ ਅਨੁਸਾਰ ਲਗਪਗ 50 ਫੀਸਦੀ ਮਾਂ-ਬਾਪ ਦੀ ਨੀਂਦ ਪੂਰੀ ਨਹੀਂ ਹੁੰਦੀ ਅਤੇ 15 ਫੀਸਦੀ ਮਾਵਾਂ ਤਣਾਅਗ੍ਰਸਤ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਜੀਵਨ 'ਤੇ ਵੀ ਮਾੜਾ ਅਸਰ ਪੈਂਦਾ ਹੈ। ਬਹੁਤ ਸੰਭਵ ਹੈ ਕਿ ਇਹ ਤਜਰਬਾ ਮਾਂ ਅਤੇ ਬੱਚਾ ਦੋਵਾਂ ਦੀ ਨੀਂਦ ਲਈ ਲਾਭਦਾਇਕ ਹੋਵੇ।

ਮੋਟਾਪਾ : ਕੁਝ ਭੁਲੇਖੇ

ਮੀਡੀਆ ਦੀ ਕਿਰਪਾ ਨਾਲ ਲੋਕਾਂ ਵਿਚ ਇਹ ਜਾਗਰੂਕਤਾ ਤਾਂ ਆਈ ਹੈ ਕਿ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਲਈ ਭਾਰ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਜੋ ਲੋਕ ਮੋਟੇ ਹਨ, ਲਗਾਤਾਰ ਪਤਲੇ ਹੋਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ ਪਰ ਕਈ ਗ਼ਲਤ-ਫਹਿਮੀਆਂ ਦੇ ਕਾਰਨ ਉਹ ਕੁਝ ਗ਼ਲਤ ਕਦਮ ਵੀ ਉਠਾ ਲੈਂਦੇ ਹਨ ਤਾਂ ਕਿ ਭਾਰ ਛੇਤੀ ਘੱਟ ਹੋਵੇ। ਆਓ ਦੇਖੀਏ ਕੀ ਹਨ ਇਹ ਭੁਲੇਖੇ-
ਸਰਦੀਆਂ ਵਿਚ ਭਾਰ ਵਧਦਾ ਹੈ : ਅਜਿਹਾ ਨਹੀਂ ਹੈ ਕਿ ਗਰਮੀਆਂ ਵਿਚ ਭਾਰ ਨਹੀਂ ਵਧਦਾ ਅਤੇ ਸਰਦੀਆਂ ਵਿਚ ਹੀ ਵਧਦਾ ਹੈ। ਸਰਦੀਆਂ ਵਿਚ ਸਰੀਰ ਨੂੰ ਗਰਮ ਰੱਖਣ ਲਈ ਸਾਡਾ ਸਰੀਰ ਜ਼ਿਆਦਾ ਕੈਲੋਰੀ ਖਰਚ ਕਰਦਾ ਹੈ ਅਤੇ ਸਾਡੀ ਖੁਰਾਕ ਵਧ ਜਾਂਦੀ ਹੈ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਸਰਦੀਆਂ ਵਿਚ ਮੋਟੇ ਹੋ ਰਹੇ ਹੋ ਤਾਂ ਇਸ ਦਾ ਕਾਰਨ ਵੱਧ ਕੈਲੋਰੀ ਵਾਲੀ ਖੁਰਾਕ, ਜ਼ਿਆਦਾ ਮਿੱਠੇ ਦਾ ਸੇਵਨ ਅਤੇ ਲੋੜੀਂਦੀ ਕਸਰਤ ਨਾ ਕਰਨਾ ਹੈ।
ਵੱਧ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਦਾ ਸੇਵਨ ਘੱਟ ਕਰਨਾ : ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੀ ਸੋਚ ਜ਼ਿਆਦਾ ਕੰਮ ਨਹੀਂ ਕਰਦੀ, ਕਿਉਂਕਿ ਅਸੀਂ ਭੋਜਨ ਵਿਚ ਦਾਲ, ਚੌਲ, ਰੋਟੀ, ਸਬਜ਼ੀ ਦਾ ਸੇਵਨ ਕਰਦੇ ਹਾਂ, ਜਿਸ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫਾਈਬਰ ਸੰਤੁਲਤ ਮਾਤਰਾ ਵਿਚ ਹੁੰਦੇ ਹਨ ਜੋ ਸਰੀਰ ਵਿਚ ਠੀਕ ਸੰਤੁਲਨ ਬਣਾਈ ਰੱਖਦੇ ਹਨ। ਵੱਧ ਪ੍ਰੋਟੀਨ ਵਾਲੀ ਖੁਰਾਕ ਅਤੇ ਘੱਟ ਕਾਰਬੋ ਡਾਈਟ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਰੁਟੀਨ ਵਿਚ ਪੀਜ਼ਾ, ਬ੍ਰੈੱਡ, ਪਾਸਤਾ, ਕੇਕ, ਪੇਸਟਰੀਜ਼ ਦਾ ਸੇਵਨ ਕਰਦੇ ਹਨ। ਅਜਿਹੇ ਭੋਜਨ ਦੇ ਸੇਵਨ ਨਾਲ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਦੀ ਮਾਤਰਾ ਵਿਚ ਸਰੀਰ ਸੰਤੁਲਨ ਨਹੀਂ ਬਣਾਉਂਦਾ। ਇਸ ਲਈ ਸਾਡੇ ਦੇਸ਼ ਵਿਚ ਅਜਿਹੀ ਖੁਰਾਕ ਜ਼ਿਆਦਾ ਸਫ਼ਲ ਨਹੀਂ ਹੈ।
ਵੱਧ ਪ੍ਰੋਟੀਨ ਅਤੇ ਘੱਟ ਕਾਰਬ ਡਾਈਟ ਨਾਲ ਸਾਡੇ ਸਰੀਰ ਦੇ ਹੈਪੀ ਹਾਰਮੋਨਸ ਤੇਜ਼ੀ ਨਾਲ ਘਟਦੇ ਹਨ ਅਤੇ ਅਸੀਂ ਤਣਾਅ, ਚਿੜਚਿੜੇਪਨ ਦੇ ਸ਼ਿਕਾਰ ਹੋ ਸਕਦੇ ਹਾਂ। ਅਜਿਹੇ ਕਾਰਬੋਹਾਈਡ੍ਰੇਟਸ ਨੂੰ ਖੁਰਾਕ ਵਿਚ ਸ਼ਾਮਿਲ ਕਰੋ, ਜਿਨ੍ਹਾਂ ਚਿ ਗਲਾਈਸੀਮਿਕ ਇੰਡੈਕਸ ਘੱਟ ਹੋਵੇ ਅਤੇ ਸਰੀਰ ਨੂੰ ਊਰਜਾ ਦੇਰ ਤੱਕ ਮਿਲ ਸਕੇ ਜਿਵੇਂ ਚੋਕਰ ਵਾਲਾ ਆਟਾ, ਭੂਰੇ ਚੌਲ, ਜਵਾਰ ਆਦਿ।
ਪਾਰਟੀ ਵਿਚ ਜਾਣ ਤੋਂ ਪਹਿਲਾਂ ਪੇਟ ਨੂੰ ਭੁੱਖਾ ਰੱਖਣਾ ਚਾਹੀਦਾ : ਇਹ ਗ਼ਲਤ ਹੈ। ਕਿਸੇ ਵੀ ਪਾਰਟੀ ਵਿਚ ਜਾਣ ਤੋਂ ਪਹਿਲਾਂ ਜੇ ਤੁਸੀਂ ਜ਼ਿਆਦਾ ਸਮਾਂ ਭੁੱਖੇ ਰਹਿੰਦੇ ਹੋ ਤਾਂ ਤੁਸੀਂ ਉਥੇ ਭੁੱਖ ਤੋਂ ਜ਼ਿਆਦਾ ਖਾਂਦੇ ਹੋ। ਜ਼ਿਆਦਾ ਸਮੇਂ ਤੱਕ ਕੁਝ ਨਾ ਖਾਣ ਨਾਲ ਸਰੀਰ ਵਿਚ ਫੈਟਸ ਇਕੱਠੇ ਹੋਣ ਲਗਦੇ ਹਨ ਅਤੇ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਬਿਹਤਰ ਹੈ ਕੈਲੋਰੀ ਨੂੰ ਸੁਤੰਲਿਤ ਕਰੋ, ਸੀਮਤ ਖਾਓ। ਫ੍ਰਾਈਡ ਸਨੈਕਸ ਦੀ ਜਗ੍ਹਾ ਤਾਜ਼ੇ ਫਲ, ਸਲਾਦ ਖਾਓ, ਚਬਾ-ਚਬਾ ਕੇ ਖਾਓ, ਪਾਣੀ ਖੂਬ ਪੀਓ।
ਸਵੇਰ ਦਾ ਨਾਸ਼ਤਾ ਭਾਰੀ ਅਤੇ ਰਾਤ ਦਾ ਖਾਣਾ ਹਲਕਾ ਕਰੋ : ਭਾਰੀ ਨਾਸ਼ਤੇ ਦਾ ਅਰਥ ਇਹ ਨਹੀਂ ਕਿ ਖੂਬ ਸਾਰੇ ਪੂੜੀਆਂ, ਪਰੌਂਠੇ ਖਾਓ। ਨਾਸ਼ਤਾ ਅਜਿਹਾ ਕਰੋ ਜੋ ਤੁਹਾਨੂੰ ਦਿਨ ਭਰ ਊਰਜਾ ਦੇਵੇ। ਚਾਹੋ ਤਾਂ ਉਸ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹੋ ਜਿਵੇਂ ਜੇ ਤੁਸੀਂ ਜਿਮ ਜਾਂਦੇ ਹੋ ਤਾਂ ਇਕ ਕੱਪ ਚਾਹ ਨਾਲ ਥੋੜ੍ਹੇ ਜਿਹੇ ਸੁੱਕੇ ਮੇਵੇ ਜਾਂ ਕੋਈ ਫਲ ਖਾ ਕੇ ਜਾਓ ਅਤੇ ਦਫਤਰ ਜਾਣ ਤੋਂ ਪਹਿਲਾਂ ਦੁੱਧ ਨਾਲ ਕਾਰਨਫਲੈਕਸ ਜਾਂ ਓਟਸ, ਦਲੀਆ, ਪਰੌਂਠਾ, ਉਪਮਾ, ਪੋਹੇ ਵਿਚੋਂ ਕੋਈ ਇਕ ਚੀਜ਼ ਖਾ ਸਕਦੇ ਹੋ। ਇਸ ਨਾਲ ਪੇਟ ਵੀ ਭਰਿਆ ਰਹੇਗਾ ਅਤੇ ਊਰਜਾ ਵੀ ਸਰੀਰ ਵਿਚ ਬਣੀ ਰਹੇਗੀ। ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਵਿਚ ਸਬਜ਼ੀਆਂ ਦਾ ਸਲਾਦ ਖਾਓ।
ਦਿਨ ਵਿਚ ਚੋਕਰ ਵਾਲੀ ਰੋਟੀ ਜਾਂ ਚੌਲ, ਸਬਜ਼ੀ, ਦਾਲ ਆਦਿ ਲਓ। ਇਸੇ ਤਰ੍ਹਾਂ ਰਾਤ ਨੂੰ ਜੋ ਲੋਕ 10 ਤੋਂ 11 ਵਜੇ ਤੱਕ ਸੌਂ ਜਾਂਦੇ ਹਨ, ਉਨ੍ਹਾਂ ਨੂੰ ਰਾਤ ਦਾ ਭੋਜਨ ਪਚਣਯੋਗ ਅਤੇ 7 ਤੋਂ 8 ਵਜੇ ਤੱਕ ਕਰ ਲੈਣਾ ਚਾਹੀਦਾ ਹੈ। ਜੋ ਲੋਕ ਰਾਤ ਦੀ ਸ਼ਿਫਟ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਪੇਟ ਭਰ ਕੇ ਖਾਣਾ ਚਾਹੀਦਾ ਹੈ ਤਾਂ ਕਿ ਕੰਮ ਕਰਨ ਦੀ ਊਰਜਾ ਬਣੀ ਰਹੇ। 3-4 ਘੰਟੇ ਬਾਅਦ ਫਲ, ਉਬਲਿਆ ਆਂਡਾ, ਸ਼ਾਕਾਹਾਰੀ ਸੈਂਡਵਿਚ ਵਿਚੋਂ ਕੋਈ ਇਕ ਜ਼ਰੂਰ ਖਾਓ। ਰਾਤ ਦੇ ਭੋਜਨ ਵਿਚ ਵੀ ਫਾਈਬਰ ਵਾਲੇ ਖਾਧ ਪਦਾਰਥਾਂ ਨੂੰ ਜਗ੍ਹਾ ਦਿਓ ਜਿਵੇਂ ਹਰੀਆਂ ਸਬਜ਼ੀਆਂ, ਸਲਾਦ ਆਦਿ। ਰਾਤ ਨੂੰ ਕਾਰਬੋਹਾਈਡ੍ਰੇਟ ਦਾ ਸੇਵਨ ਘੱਟ ਕਰੋ।
ਜ਼ਿਆਦਾ ਮਿੱਠੇ ਫਲਾਂ ਦਾ ਸੇਵਨ ਕਰਨਾ ਠੀਕ ਨਹੀਂ : ਜੋ ਲੋਕ ਆਪਣੇ ਭਾਰ 'ਤੇ ਕਾਬੂ ਪਾ ਰਹੇ ਹੋਣ, ਉਹ ਆਪਣੀ ਪਲੇਟ ਵਿਚ ਬਿਨਾਂ ਸੋਚੇ-ਸਮਝੇ ਕੇਲਾ, ਚੀਕੂ, ਅੰਬ, ਅੰਗੂਰ ਵਰਗੇ ਫਲਾਂ ਨੂੰ ਜਗ੍ਹਾ ਹੀ ਨਹੀਂ ਦਿੰਦੇ, ਜੋ ਠੀਕ ਨਹੀਂ ਹੈ। ਮੌਸਮੀ ਫਲ ਜ਼ਰੂਰ ਸੀਮਤ ਮਾਤਰਾ ਵਿਚ ਖਾਓ, ਕਿਉਂਕਿ ਉਨ੍ਹਾਂ ਵਿਚ ਜੋ ਪੌਸ਼ਟਿਕ ਤੱਤ ਹੁੰਦੇ ਹਨ, ਉਹ ਸਾਡੇ ਸਰੀਰ ਨੂੰ ਮਿਲਦੇ ਹਨ। ਜਿਮ ਜਾਣ ਵਾਲੇ ਲੋਕਾਂ ਨੂੰ ਕੇਲੇ ਦਾ ਸੇਵਨ ਊਰਜਾ ਦਿੰਦਾ ਹੈ। ਚੀਕੂ ਵਿਚ ਕਾਪਰ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਹੁੰਦੇ ਹਨ, ਨਾਲ ਹੀ ਫਾਈਬਰ ਵੀ ਕਾਫੀ ਹੁੰਦਾ ਹੈ। ਸੀਮਤ ਮਾਤਰਾ ਵਿਚ ਚੀਕੂ ਦਾ ਸੇਵਨ ਵੀ ਕਰੋ।
ਕੈਲੋਰੀ ਜ਼ਿਆਦਾ ਖਪਤ ਕਰਨਾ ਚਾਹੁੰਦੇ ਹੋ ਤਾਂ ਕਸਰਤ ਵੀ ਜ਼ਿਆਦਾ ਕਰੋ : 350 ਕੈਲੋਰੀ ਨੂੰ ਖਪਤ ਕਰਨ ਲਈ 20 ਮਿੰਟ ਤੱਕ ਟ੍ਰੇਡਮਿਲ 'ਤੇ ਚੱਲਣਾ ਹੁੰਦਾ ਹੈ। ਜੇ ਕਿਸੇ ਦਿਨ ਤੁਸੀਂ ਆਪਣੀ ਨਿਯਮਤ ਖੁਰਾਕ ਨਾਲੋਂ ਜ਼ਿਆਦਾ ਖਾਂਦੇ ਹੋ ਤਾਂ ਉਸ ਨੂੰ ਵੀ ਖਪਤ ਕਰਨ ਦੀ ਲੋੜ ਹੁੰਦੀ ਹੈ। ਇਸ ਦਾ ਅਰਥ ਹੈ ਕਿ ਤੁਹਾਨੂੰ ਜ਼ਿਆਦਾ ਕਸਰਤ ਦੀ ਲੋੜ ਹੁੰਦੀ ਹੈ, ਪਰ ਅਜਿਹਾ ਕਰਨਾ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਲੋੜ ਤੋਂ ਜ਼ਿਆਦਾ ਕਸਰਤ ਜੋੜਾਂ ਵਿਚ ਦਰਦ, ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

ਬੁਢਾਪੇ ਵਿਚ ਵੀ ਕੁਝ ਸਿੱਖੋ, ਕੁਝ ਕਰੋ

ਬੁਢਾਪੇ ਨੂੰ ਜੀਵਨ ਦਾ ਆਖਰੀ ਪੜਾਅ ਮੰਨਿਆ ਜਾਂਦਾ ਹੈ। ਇਸ ਲਈ ਬੁਢਾਪੇ ਵਿਚ ਮਾਨਸਿਕਤਾ ਕੁਝ ਨਵਾਂ ਸਿੱਖਣ ਦੀ ਨਹੀਂ ਹੁੰਦੀ। ਇਸ ਹਾਲਤ ਵਿਚ ਕੁਝ ਸਿੱਖਣ ਦਾ ਫੈਸਲਾ ਲੈਣਾ ਬਹੁਤ ਮੁਸ਼ਕਿਲ ਕੰਮ ਹੈ। ਬਹੁਤੇ ਵਿਅਕਤੀ ਸਿਖਾਏ ਜਾਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਹੁਣ ਸਿੱਖਣ ਨਾਲ ਕੀ ਫਾਇਦਾ?
ਇਕ ਗੱਲ ਹੋਰ ਹੈ। ਹਰ ਨਵੀਂ ਸਿੱਖਿਆ ਇਕ ਨਵਾਂ ਵਿਚਾਰ ਦਿੰਦੀ ਹੈ। ਇਹ ਨਵਾਂ ਵਿਚਾਰ ਜੀਵਨ ਵਿਚ ਬਦਲਾਅ ਲਿਆਉਂਦਾ ਹੈ। ਇਸ ਉਮਰ ਵਿਚ ਆਮ ਤੌਰ 'ਤੇ ਕੋਈ ਬਦਲਾਅ ਨਹੀਂ ਚਾਹੁੰਦਾ। ਇਹ ਬਦਲਾਅ ਬਜ਼ੁਰਗਾਂ ਨੂੰ ਤਾਂ ਅਜੀਬ ਲਗਦਾ ਹੀ ਹੈ, ਸਾਡੇ ਆਪਣਿਆਂ ਅਤੇ ਜਾਣੂਆਂ ਨੂੰ ਵੀ ਅਜੀਬ ਲਗਦਾ ਹੈ। ਇਸ ਨੂੰ ਉਹ ਸਵੀਕਾਰ ਕਰਨ ਨੂੰ ਤਤਪਰ ਨਹੀਂ ਹੁੰਦੇ। ਇਸ ਲਈ ਇਸ ਵਾਤਾਵਰਨ ਵਿਚ ਜੇ ਕੋਈ ਬਜ਼ੁਰਗ ਕੁਝ ਨਵਾਂ ਕਰਨ ਨੂੰ ਤਤਪਰ ਹੋਵੇ ਵੀ ਤਾਂ ਸੰਕੋਚ ਕਰਦਾ ਹੈ।
ਭਾਰਤੀ ਦਰਸ਼ਨ ਅਤੇ ਸ਼ਾਸਤਰਾਂ ਵਿਚ ਬਜ਼ੁਰਗ ਅਵਸਥਾ ਦਾ ਬੜਾ ਸਨਮਾਨ ਹੈ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਨਮਾਨ ਉਮਰ ਦਾ ਨਹੀਂ ਹੈ। ਇਹ ਸਨਮਾਨ ਉਨ੍ਹਾਂ ਦੇ ਗਿਆਨ ਅਤੇ ਤਜਰਬੇ ਦਾ ਹੁੰਦਾ ਹੈ। ਛੋਟੇ-ਵੱਡੇ ਦਾ ਨਿਰਣਾ ਤਿਆਗ, ਤਪੱਸਿਆ ਅਤੇ ਵਿਧਾ ਨਾਲ ਹੁੰਦਾ ਹੈ। ਅਵਸਥਾ ਦੇ ਕਾਰਨ ਸਨਮਾਨ ਤਾਂ ਅੰਤਿਮ ਕਾਰਨ ਹੈ।
ਸਾਡੇ ਜੀਵਨ ਵਿਚ ਬੁਢਾਪੇ ਤੱਕ ਅਸੀਂ ਜੋ ਨਾ ਕਰ ਸਕੀਏ, ਉਸ ਨੂੰ ਜੇ ਬੁਢਾਪੇ ਦੌਰਾਨ ਕਰ ਜਾਈਏ ਤਾਂ ਇਹ ਸਮੇਂ ਦਾ ਸਦਉਪਯੋਗ ਹੈ। ਅੱਜ ਦਾ ਯੁੱਗ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ। ਇਸ ਵਿਚ ਬਦਲਾਅ ਬਹੁਤ ਤੇਜ਼ੀ ਨਾਲ ਆਉਂਦੇ ਹਨ। ਪਿਛਲੇ 150 ਸਾਲਾਂ ਵਿਚ ਜੋ ਬਦਲਾਅ ਆਏ ਹਨ, ਉਨ੍ਹਾਂ ਨੇ ਦੁਨੀਆ ਦੀ ਜੀਵਨ ਸ਼ੈਲੀ ਬਦਲ ਦਿੱਤੀ।
ਦੁਨੀਆ ਵਿਚ ਬਦਲਾਅ ਦੀ ਹਵਾ ਚੱਲੀ ਹੈ। ਇਸ ਵਾਤਾਵਰਨ ਵਿਚ ਜੇ ਬਜ਼ੁਰਗ ਵਿਅਕਤੀ ਖਾਲੀ ਬੈਠਾ ਰਿਹਾ ਅਤੇ ਨਿਕੰਮੀਆਂ ਗੱਲਾਂ ਵਿਚ ਸਮਾਂ ਖਰਚ ਕਰਦਾ ਰਿਹਾ ਤਾਂ ਸੋਚੋ ਉਸ ਦਾ ਸਨਮਾਨ ਕਿਸ ਆਧਾਰ 'ਤੇ ਹੋਵੇਗਾ। ਇਸ ਲਈ ਅੱਜ ਦੇ ਇਸ ਪਰਿਵਰਤਨਕਾਰੀ ਯੁੱਗ ਵਿਚ ਸਭ ਦੇ ਨਾਲ ਬਜ਼ੁਰਗਾਂ ਨੂੰ ਵੀ ਬਦਲਣਾ ਚਾਹੀਦਾ ਹੈ ਅਤੇ ਬਦਲਦੇ ਸਮੇਂ ਵਿਚ ਆਪਣੇ ਤਜਰਬੇ ਦੇ ਆਧਾਰ 'ਤੇ ਮਾਰਗਦਰਸ਼ਨ ਦੀ ਮਸ਼ਾਲ ਨੂੰ ਜਗਦੀ ਰੱਖਣਾ ਚਾਹੀਦਾ ਹੈ।
ਸਿੱਖਣਾ ਕਿਸੇ ਵੀ ਕੰਮ ਵਿਚ ਬਹੁਤ ਮਹੱਤਵ ਰੱਖਦਾ ਹੈ। ਬੁਢਾਪੇ ਵਿਚ ਸਰੀਰ ਭਾਵੇਂ ਮੁਸ਼ਕਿਲ ਮਿਹਨਤ ਨਾ ਕਰ ਸਕੇ ਪਰ ਸਿੱਖ ਉਹ ਛੇਤੀ ਜਾਂਦਾ ਹੈ, ਕਿਉਂਕਿ ਉਸ ਦੇ ਨਾਲ ਤਜਰਬਾ ਹੁੰਦਾ ਹੈ।
ਸਿੱਖਣ ਦਾ ਲਾਭ : ਅਸਲ ਵਿਚ ਕੁਝ ਵੀ ਸਿੱਖਣਾ ਸਾਡੀ ਰੁਚੀ 'ਤੇ ਨਿਰਭਰ ਕਰਦਾ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਸਾਡੀ ਰੁਚੀ ਦੇ ਅਨੁਸਾਰ ਜੇ ਕੁਝ ਸਿੱਖਿਆ ਜਾਵੇ ਤਾਂ ਉਤਸ਼ਾਹ, ਉਮੰਗ ਬਣਿਆ ਰਹਿੰਦਾ ਹੈ। ਬਜ਼ੁਰਗ ਅਵਸਥਾ ਵਿਚ ਇਹ ਉਤਸ਼ਾਹ ਅਤੇ ਉਮੰਗ ਹੀ ਸਾਡੀ ਸਿਹਤ ਦਾ ਰੱਖਿਆ ਹੁੰਦਾ ਹੈ। ਜੇ ਅਸੀਂ ਲਗਨ ਨਾਲ ਕੁਝ ਵੀ ਕਰਦੇ ਹਾਂ ਤਾਂ ਬੁਢਾਪੇ ਭਾਵੇਂ ਹੀ ਬਣਿਆ ਰਹੇ, ਇਹ ਸਾਨੂੰ ਪ੍ਰੇਸ਼ਾਨੀ ਨਹੀਂ ਦਿੰਦਾ। ਅਸੀਂ ਤਣਾਅ ਵਿਚ ਨਹੀਂ ਰਹਿੰਦੇ। ਸਾਡੇ ਆਪਣੇ ਸਾਡਾ ਜ਼ਿਆਦਾ ਸਨਮਾਨ ਕਰਦੇ ਹਨ। ਅਸੀਂ ਪ੍ਰੇਰਨਾ ਦੇ ਕੇਂਦਰ ਬਣਦੇ ਹਾਂ।
ਨਵਾਂ ਨਾ ਸਿੱਖਣ ਦਾ ਨੁਕਸਾਨ : ਜੇ ਅਸੀਂ ਬੁਢਾਪੇ ਨੂੰ ਸਿਰਫ ਆਰਾਮ ਲਈ ਸੁਰੱਖਿਅਤ ਸਮਝਦੇ ਹਾਂ ਤਾਂ ਉਸ ਦੇ ਵੱਡੇ ਖਤਰੇ ਹਨ। ਸਾਨੂੰ ਸਾਡੀ ਕੁਦਰਤ ਦੇ ਅਨੁਸਾਰ ਕੁਝ ਨਾ ਕੁਝ ਕਰਨ ਲਈ ਪਾਬੰਦ ਹੋਣਾ ਹੀ ਪਵੇਗਾ। ਜਦੋਂ ਅਸੀਂ ਕੁਝ ਫਾਇਦੇਮੰਦ ਕੰਮਾਂ ਵੱਲ ਪ੍ਰਵ੍ਰਿਤ ਨਹੀਂ ਹੁੰਦੇ ਤਾਂ ਅਸੀਂ ਨਿਠੱਲੇ ਸਮਝੇ ਜਾਂਦੇ ਹਾਂ ਅਤੇ ਟੁੱਟਣ ਲਗਦੇ ਹਾਂ। ਇਕ ਜਗ੍ਹਾ ਦੇਰ ਤੱਕ ਬੈਠੇ ਰਹਿਣ, ਲੰਮੇ ਪਏ ਰਹਿਣ ਕਾਰਨ ਕਈ ਵਾਰ ਬਜ਼ੁਰਗ ਦੀ ਕੁੱਲ੍ਹੇ ਦੀ ਹੱਡੀ ਟੁੱਟ ਸਕਦੀ ਹੈ। ਅਕਸਰ ਅਸੀਂ ਅਜਿਹਾ ਦੇਖਦੇ ਵੀ ਹਾਂ। ਗਤੀਹੀਣ ਵਿਅਕਤੀ ਕੋਲ ਨਾ ਤਾਂ ਤੰਦਰੁਸਤ ਸਰੀਰ ਰਹਿੰਦਾ ਹੈ ਅਤੇ ਨਾ ਸੰਪਤੀ।
ਇਸ ਲਈ ਸਦਾ ਗਤੀਸ਼ੀਲ ਬਣੇ ਰਹੋ। ਕੁਝ ਨਾ ਕੁਝ ਸਿੱਖੋ। ਆਪਣੀ ਰੁਚੀ ਦੇ ਅਨੁਸਾਰ ਕੁਝ ਕਰੋ। ਧਿਆਨ ਸਿੱਖੋ, ਯੋਗ ਸਿੱਖੋ, ਪ੍ਰਾਰਥਨਾ ਕਰੋ। ਬਿਮਾਰੀ ਤੋਂ ਛੁਟਕਾਰਾ ਪਾਉਣ ਅਤੇ ਖੁਸ਼ ਰਹਿਣ ਦਾ ਇਹੀ ਇਕ ਰਸਤਾ ਹੈ। ਬਜ਼ੁਰਗ ਅਵਸਥਾ ਵਿਚ ਵੀ ਕੁਝ ਕਰੋ।

ਸਿਹਤ ਖ਼ਬਰਨਾਮਾ

ਤਣਾਅ ਲਈ ਬਿਹਤਰ ਹੈ ਮਨੋਚਿਕਿਤਸਾ

ਤਣਾਅ ਦਾ ਇਲਾਜ ਮਨੋਚਿਕਿਤਸਾ ਦੁਆਰਾ ਕੀਤਾ ਜਾਂਦਾ ਹੈ ਅਤੇ ਦਵਾਈਆਂ ਦੁਆਰਾ ਵੀ। ਵਿਸ਼ਵ ਵਿਚ ਅਰਬਾਂ ਰੁਪਏ ਦੀਆਂ ਐਂਟੀਡਿਪ੍ਰੈਸੈਂਟ ਦਵਾਈਆਂ ਹਰ ਸਾਲ ਵਿਕਦੀਆਂ ਹਨ। ਅਮਰੀਕਨ ਸਾਈਕੇਟ੍ਰਿਕ ਐਸੋਸੀਏਸ਼ਨ ਵਿਚ ਪੇਸ਼ ਇਕ ਰਿਪੋਰਟ ਅਨੁਸਾਰ ਮਨੋਚਿਕਿਤਸਾ ਦਵਾਈਆਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਹੈ। ਜੇ ਲੰਬੇ ਸਮੇਂ ਤੱਕ ਇਲਾਜ ਕੀਤਾ ਜਾਣਾ ਹੋਵੇ ਤਾਂ ਮਨੋਚਿਕਿਤਸਾ ਲੈਣਾ ਦਵਾਈਆਂ ਨਾਲੋਂ ਸਸਤਾ ਪੈਂਦਾ ਹੈ ਅਤੇ ਇਸ ਦੇ ਕੋਈ ਮਾੜੇ ਪ੍ਰਭਾਵ ਵੀ ਨਹੀਂ ਹੁੰਦੇ। ਵੈਸੇ ਭਾਰਤ ਵਿਚ ਹੋ ਸਕਦਾ ਹੈ ਇਹ ਸੱਚ ਨਾ ਹੋਵੇ, ਕਿਉਂਕਿ ਇਥੇ ਮਨੋਚਿਕਿਤਸਕਾਂ ਦੀਆਂ ਦਰਾਂ ਕਾਫੀ ਜ਼ਿਆਦਾ ਹਨ। ਇਸ ਰਿਪੋਰਟ ਨਾਲ ਦਵਾਈਆਂ ਦੀਆਂ ਕੰਪਨੀਆਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ।
ਘਰ ਦੇ ਕੰਮਾਂ ਨਾਲ ਭਾਰ ਨਹੀਂ ਘਟਦਾ

ਬ੍ਰਿਟੇਨ ਦੇ ਖੋਜ ਕਰਤਾਵਾਂ ਨੇ ਇਕ ਖੋਜ ਤੋਂ ਬਾਅਦ ਸਿੱਟਾ ਕੱਢਿਆ ਹੈ ਕਿ ਘਰ ਦੇ ਕੰਮ ਜਿਵੇਂ ਘਰ ਦੀ ਸਫਾਈ ਆਦਿ ਨਾਲ ਭਾਰ ਘੱਟ ਹੋਣ ਵਿਚ ਕੋਈ ਸਹਾਇਤਾ ਨਹੀਂ ਮਿਲਦੀ। ਇਥੋਂ ਤੱਕ ਕਿ ਵੈਕਿਊਮ ਚਲਾਉਣ, ਫਰਸ਼ 'ਤੇ ਪੋਚਾ ਲਗਾਉਣ ਅਤੇ ਖਿੜਕੀਆਂ ਧੋਣ ਨਾਲ ਵੀ ਸਿਹਤ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਦੀ ਜਗ੍ਹਾ ਤੇਜ਼ ਗਤੀ ਨਾਲ ਸੈਰ ਜ਼ਿਆਦਾ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।
ਪਿਛਲੇ ਕੁਝ ਸਾਲਾਂ ਤੋਂ ਕੁਝ ਸਿਹਤ ਮਾਹਿਰ ਨਿਯਮਤ ਕਸਰਤ ਦੀ ਜਗ੍ਹਾ ਘਰ ਦੇ ਕੰਮ ਵੱਲ ਝੁਕਣ ਲੱਗੇ ਸਨ, ਕਿਉਂਕਿ ਘਰ ਦੇ ਕੰਮਾਂ ਨੂੰ ਅਸਾਨੀ ਨਾਲ ਸਾਡੀ ਰੋਜ਼ਮਰਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਬ੍ਰਿਸਟਲ ਵਿਸ਼ਵ ਵਿਦਿਆਲਾ ਦੇ ਖੋਜ ਕਰਤਾ ਡਾ: ਡੀ.ਏ. ਲਾਲਰ ਦੁਆਰਾ ਕੀਤੀ ਗਈ ਇਸ ਖੋਜ ਅਨੁਸਾਰ ਹਫ਼ਤੇ ਵਿਚ ਘੱਟ ਤੋਂ ਘੱਟ 3 ਵਾਰ ਤੇਜ਼ ਤੁਰਨ ਵਰਗੀ ਕਸਰਤ ਕਰਨੀ ਜ਼ਿਆਦਾ ਲਾਭਦਾਇਕ ਹੈ।

ਬਰਸਾਤ ਵਿਚ ਇੰਜ ਰੱਖੋ ਸਿਹਤ ਦਾ ਖ਼ਿਆਲ

ਬਰਸਾਤ ਰੁੱਤ ਦੇ ਆਉਣ ਨਾਲ ਅਸਮਾਨ ਬੱਦਲਾਂ ਨਾਲ ਭਰ ਜਾਂਦਾ ਹੈ ਅਤੇ ਸੂਰਜ ਬੱਦਲਾਂ ਦੇ ਓਹਲੇ ਛੁਪ ਜਾਂਦਾ ਹੈ। ਬਾਰਿਸ਼ ਦੇ ਕਾਰਨ ਨਾਲੀਆਂ ਭਰ ਜਾਂਦੀਆਂ ਹਨ ਅਤੇ ਜਗ੍ਹਾ-ਜਗ੍ਹਾ ਗੰਦਗੀ ਫੈਲ ਜਾਂਦੀ ਹੈ। ਵਾਤਾਵਰਨ ਵਿਚ ਬੈਕਟੀਰੀਆ, ਵਾਇਰਸ, ਮੱਛਰ, ਕੀਟ-ਪਤੰਗੇ ਆਦਿ ਵਧ ਜਾਂਦੇ ਹਨ। ਪਾਣੀ ਗੰਦਾ ਹੋ ਜਾਂਦਾ ਹੈ, ਫਲ, ਸਬਜ਼ੀਆਂ ਖਰਾਬ ਹੋਣ ਲਗਦੇ ਹਨ।
ਇਹ ਸਭ ਮਨੁੱਖ ਨੂੰ ਕਈ ਤਰ੍ਹਾਂ ਨਾਲ ਬਿਮਾਰ ਕਰਦੇ ਹਨ। ਪੀਲੀਆ, ਹੈਜ਼ਾ, ਖੁਜਲੀ, ਫੋੜੇ-ਫਿੰਸੀਆਂ, ਪੇਚਿਸ਼, ਅਤਿਸਾਰ, ਡਾਇਰੀਆ, ਸਰਦੀ, ਖੰਘ, ਜ਼ੁਕਾਮ, ਉਲਟੀ, ਟਾਇਫਾਈਡ, ਫੀਵਰ, ਮਲੇਰੀਆ, ਨਿਮੋਨੀਆ ਆਦਿ ਵਰਗੀਆਂ ਬਿਮਾਰੀਆਂ ਹੋਣ ਲਗਦੀਆਂ ਹਨ।
ਇਸ ਮੌਸਮ ਵਿਚ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਕਮੀ ਦੇ ਕਾਰਨ ਲੋਕ ਛੇਤੀ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਬਰਸਾਤ ਆਉਂਦੇ ਹੀ ਡਾਕਟਰਾਂ ਕੋਲ ਅਤੇ ਹਸਪਤਾਲਾਂ ਵਿਚ ਮਰੀਜ਼ ਵਧ ਜਾਂਦੇ ਹਨ। ਅਜਿਹੇ ਮੌਸਮ ਵਿਚ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਾਵਧਾਨੀ ਰੱਖ ਕੇ ਇਨ੍ਹਾਂ ਤੋਂ ਬਚਾਅ ਹੀ ਬਿਹਤਰ ਉਪਾਅ ਹੁੰਦਾ ਹੈ। ਬਰਸਾਤ ਦਾ ਮੌਸਮ ਆਉਂਦੇ ਹੀ ਸਰਦੀ, ਜ਼ੁਕਾਮ, ਖੰਘ ਵਰਗੀਆਂ ਸਾਧਾਰਨ ਬਿਮਾਰੀਆਂ ਵੀ ਕਦੇ-ਕਦੇ ਵੱਡਾ ਰੂਪ ਲੈ ਲੈਂਦੀਆਂ ਹਨ। ਇਸ ਲਈ ਬੱਚੇ-ਵੱਡੇ, ਸਾਰਿਆਂ ਨੂੰ ਅਜਿਹੇ ਸਮੇਂ ਵਿਚ ਸਾਵਧਾਨ ਰਹਿਣਾ ਚਾਹੀਦਾ ਹੈ।
ਪ੍ਰਦੂਸ਼ਿਤ ਹੋ ਜਾਂਦਾ ਹੈ ਪਾਣੀ
ਬਰਸਾਤ ਰੁੱਤ ਵਿਚ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਬਹੁਤੀਆਂ ਬਿਮਾਰੀਆਂ ਇਸੇ ਕਾਰਨ ਫੈਲਦੀਆਂ ਹਨ। ਪੇਟ ਵਿਚ ਦਰਦ, ਮਰੋੜ, ਉਲਟੀ, ਟੱਟੀਆਂ, ਪੀਲੀਆ, ਟਾਇਫਾਈਡ, ਫੀਵਰ ਦੀ ਸ਼ਿਕਾਇਤ ਵਧ ਜਾਂਦੀ ਹੈ। ਚਮੜੀ ਗਿੱਲੀ ਰਹਿਣ ਨਾਲ ਫੋੜੇ-ਫਿੰਸੀਆਂ, ਖੁਜਲੀ ਆਦਿ ਦੀ ਸ਼ਿਕਾਇਤ ਹੁੰਦੀ ਹੈ। ਚਮੜੀ ਸੰਕ੍ਰਮਿਤ ਹੋਣ ਲਗਦੀ ਹੈ। ਬਰਸਾਤ ਦੇ ਜਮ੍ਹਾਂ ਪਾਣੀ ਵਿਚ ਮੱਛਰ ਨੂੰ ਪੈਦਾ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੀ ਆਬਾਦੀ ਅਤੇ ਪ੍ਰਕੋਪ ਵਧ ਜਾਂਦਾ ਹੈ। ਅਜਿਹੇ ਵਿਚ ਪਾਣੀ ਜਮ੍ਹਾਂ ਹੋਣ ਨਾ ਦਿਓ। ਜੇ ਬਾਹਰ ਪਾਣੀ ਜਮ੍ਹਾਂ ਹੈ ਤਾਂ ਉਸ ਵਿਚ ਮਿੱਟੀ ਦਾ ਤੇਲ ਅਤੇ ਕੀਟਨਾਸ਼ਕ ਪਾਓ, ਨਹੀਂ ਤਾਂ ਮਲੇਰੀਆ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਗਤੀਸ਼ੀਲ ਰਹੋ, ਤਾਜ਼ਾ, ਸਾਦਾ ਭੋਜਨ ਕਰੋ
ਇਸ ਮੌਸਮ ਵਿਚ ਸਰੀਰਕ ਤੌਰ 'ਤੇ ਗਤੀਸ਼ੀਲ ਰਹੋ। ਹਲਕੀ-ਫੁਲਕੀ ਕਸਰਤ ਕਰੋ। ਇਸ ਨਾਲ ਊਰਜਾਵਾਨ ਬਣੇ ਰਹੋਗੇ ਅਤੇ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਨਹੀਂ ਹੋਵੇਗੀ। ਬਾਹਰ ਖੁੱਲ੍ਹੇ ਵਿਚ ਰੱਖੇ ਖਾਧ ਪਦਾਰਥ ਬਿਮਾਰੀਆਂ ਦਾ ਘਰ ਹੁੰਦੇ ਹਨ, ਇਸ ਲਈ ਬਾਹਰੀ ਚੀਜ਼ ਦਾ ਸੇਵਨ ਨਾ ਕਰੋ। ਗਲੇ-ਸੜੇ ਫਲਾਂ ਤੋਂ ਬਚੋ।
ਗਰਮ, ਤਾਜ਼ਾ, ਸਾਦਾ ਭੋਜਨ ਸੀਮਤ ਮਾਤਰਾ ਵਿਚ ਕਰੋ। ਤਲੀਆਂ, ਭੁੰਨੀਆਂ, ਖੱਟੀਆਂ, ਚਟਪਟੀਆਂ ਚੀਜ਼ਾਂ ਤੋਂ ਬਚੋ। ਤੇਲ ਵਾਲੀਆਂ ਚੀਜ਼ਾਂ ਘੱਟ ਖਾਓ। ਪਾਣੀ ਹਮੇਸ਼ਾ ਸਾਫ਼ ਹੋਵੇ। ਚਮੜੀ ਸੁੱਕੀ ਰੱਖੋ। ਜ਼ਿਆਦਾ ਪਾਣੀ ਵਿਚ ਭਿੱਜਣ ਤੋਂ ਬਚੋ। ਸਬਜ਼ੀ ਅਤੇ ਫਲ ਪੂਰੀ ਤਰ੍ਹਾਂ ਧੋ ਕੇ ਖਾਓ। ਬਰਸਾਤ ਦੀਆਂ ਬਿਮਾਰੀਆਂ ਤੋਂ ਬਚੋ। ਕੋਈ ਪ੍ਰੇਸ਼ਾਨੀ ਹੋਵੇ ਤਾਂ ਡਾਕਟਰ ਨੂੰ ਤੁਰੰਤ ਮਿਲੋ। ਬਿਮਾਰ ਹੋਣ ਤੋਂ ਬਚੋ।
**

ਖੂਨ ਦੇ ਦਬਾਅ ਨੂੰ ਕਾਬੂ ਕਰਦੀ ਹੈ ਪਾਲਕ

ਸਾਰਾ ਸਾਲ ਮਿਲਣ ਵਾਲੀ ਪਾਲਕ ਸਾਗ-ਭਾਜੀ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਹ ਸਲਾਦ, ਸਬਜ਼ੀ, ਸੂਪ ਅਤੇ ਰਸ ਦੇ ਰੂਪ ਵਿਚ ਵਰਤੀ ਜਾਂਦੀ ਹੈ। ਇਹ ਵਿਟਾਮਿਨ 'ਏ' ਤੋਂ ਇਲਾਵਾ ਆਇਰਨ, ਮੈਗਨੀਸ਼ੀਅਮ ਅਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ 'ਏ', 'ਸੀ' ਦੀ ਵੀ ਮਾਤਰਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਮੌਜੂਦ ਰੇਸ਼ਾ ਤੱਤ ਪਾਚਣ ਸਟੀਕ ਰੱਖਦਾ ਹੈ। ਪਾਲਕ ਸੱਚਮੁੱਚ ਪਾਲਕ ਦਾ ਕੰਮ ਕਰਦੀ ਹੈ। ਇਹ ਖੂਨ ਦੇ ਦਬਾਅ ਨੂੰ ਕਾਬੂ ਵਿਚ ਰੱਖਦੀ ਹੈ ਅਤੇ ਖੂਨ ਦੀ ਮਾਤਰਾ ਨੂੰ ਵਧਾਉਂਦੀ ਹੈ। ਇਸ ਵਿਚ ਵਿਟਾਮਿਨ 'ਏ' ਨਾਲ ਅੱਖਾਂ ਦੀ ਨਜ਼ਰ ਵਧਦੀ ਹੈ।

ਗਲੇ ਨੂੰ ਸੁਖਦ ਅਹਿਸਾਸ ਦਿੰਦੇ ਪਾਣੀ ਦੇ ਗਰਾਰੇ

ਮੌਸਮ ਬਦਲਣ 'ਤੇ ਠੰਢੇ, ਗਰਮ ਦਾ ਸੇਵਨ ਬਿਨਾਂ ਫਰਕ ਦੇ ਕਰਨ 'ਤੇ, ਜ਼ਿਆਦਾ ਜ਼ੋਰ ਨਾਲ ਉੱਚੀ ਬੋਲਣ 'ਤੇ, ਪ੍ਰਦੂਸ਼ਣ ਵਿਚ ਬਾਹਰ ਜ਼ਿਆਦਾ ਰਹਿਣ 'ਤੇ ਗਲਾ ਖਰਾਬ ਹੋਣਾ, ਦਰਦ ਹੋਣਾ ਇਹ ਆਮ ਸਮੱਸਿਆ ਲੋਕਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣੀ ਰਹਿੰਦੀ ਹੈ। ਹਲਕੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਗਰਾਰੇ ਕਰਨਾ ਓਰਲ ਹੈਲਥ ਲਈ ਚੰਗਾ ਮੰਨਿਆ ਜਾਂਦਾ ਹੈ। ਡਾਕਟਰ ਵੀ ਹੁਣ ਗਰਾਰੇ ਕਰਨ ਦੀ ਸਲਾਹ ਦਿੰਦੇ ਹਨ, ਕਿਉਂਕਿ ਸ਼ੁਰੂਆਤ ਵਿਚ ਗਲਾ ਦਰਦ ਜਾਂ ਖਰਾਬ ਹੋਣ 'ਤੇ ਦਿਨ ਵਿਚ ਦੋ ਤੋਂ ਤਿੰਨ ਵਾਰ ਗਰਾਰੇ ਕਰੋ ਤਾਂ ਲਾਭ ਮਿਲਦਾ ਹੈ।
ਗਰਾਰੇ ਅਤੇ ਕੁਰਲੀ ਕਿਵੇਂ ਕਰੀਏ
ਇਕ ਗਿਲਾਸ ਕੋਸੇ ਪਾਣੀ ਵਿਚ ਅੱਧਾ ਚਮਚ ਨਮਕ ਮਿਲਾ ਲਓ, ਫਿਰ ਇਸ ਪਾਣੀ ਨੂੰ ਮੂੰਹ ਵਿਚ ਭਰ ਕੇ ਮੂੰਹ ਥੋੜ੍ਹਾ ਉੱਪਰ ਕਰਕੇ ਗਰਾਰੇ ਕਰੋ, ਤਾਂ ਕਿ ਗਲੇ ਨੂੰ ਉਸ ਨਮਕ ਮਿਲੇ ਪਾਣੀ ਨਾਲ ਰਾਹਤ ਮਿਲੇ। ਫਿਰ ਪਾਣੀ ਨੂੰ ਸੁੱਟ ਦਿਓ। ਦੁਬਾਰਾ ਭਰ ਕੇ ਫਿਰ ਕਰੋ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਕਈ ਵਾਰ ਦੁਹਰਾਓ। ਧਿਆਨ ਦਿਓ ਕਿ ਨਮਕ ਵਾਲਾ ਪਾਣੀ ਮੂੰਹ ਵਿਚੋਂ ਬਾਹਰ ਸੁੱਟਣਾ ਹੈ, ਉਸ ਨੂੰ ਪੀਣਾ ਨਹੀਂ ਹੈ। ਪੀਣ ਨਾਲ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ ਅਤੇ ਖੂਨ ਦਾ ਦਬਾਅ ਵੀ ਵਧ ਸਕਦਾ ਹੈ। ਕਈ ਵਾਰ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।
ਮੂੰਹ ਵਿਚ ਮਸੂੜਿਆਂ ਦੇ ਸੁੱਜਣ 'ਤੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਮੂੰਹ ਵਿਚ ਭਰੋ ਅਤੇ ਉਸ ਪਾਣੀ ਨੂੰ ਮੂੰਹ ਵਿਚ ਘੁਮਾਓ ਅਤੇ ਬਾਹਰ ਸੁੱਟੋ। ਇਸ ਤਰ੍ਹਾਂ ਇਸ ਪ੍ਰਕਿਰਿਆ ਨੂੰ ਇਕ ਵਾਰ ਵਿਚ 3-4 ਵਾਰ ਕਰੋ ਅਤੇ ਦਿਨ ਵਿਚ 2 ਤੋਂ 3 ਵਾਰ ਕਰੋ।
ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਜਾਂ ਗਲੇ ਦੇ ਅੰਦਰ ਸੋਜ ਹੋਣ 'ਤੇ ਨਮਕ ਦੇ ਪਾਣੀ ਨਾਲ ਗਰਾਰੇ ਕਰਨਾ ਬਿਹਤਰ ਅਤੇ ਆਸਾਨ ਉਪਾਅ ਹੈ। ਨਮਕ ਵਾਲਾ ਪਾਣੀ ਗਲੇ ਦੇ ਸੁੱਜੇ ਹੋਏ ਟਿਸ਼ੂਆਂ ਨੂੰ ਆਰਾਮ ਪਹੁੰਚਾਉਂਦਾ ਹੈ, ਜਿਸ ਨਾਲ ਸੋਜ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ।
ਮੂੰਹ ਵਿਚ ਅਲਸਰ
ਮੂੰਹ ਵਿਚ ਅਲਸਰ ਹੋਣ 'ਤੇ ਨਮਕ ਵਾਲੇ ਪਾਣੀ ਨਾਲ ਗਰਾਰੇ ਕਰਨ 'ਤੇ ਅਲਸਰ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਸੋਜ ਵੀ ਘੱਟ ਹੁੰਦੀ ਹੈ। ਟੌਂਸਲ ਵਿਚ ਵੀ ਗਰਾਰੇ ਲਾਭਦਾਇਕ ਹੁੰਦੇ ਹਨ।
ਸਾਈਨਸ
ਖੋਜ ਕਰਤਾਵਾਂ ਅਨੁਸਾਰ ਸਾਈਨਸ ਦੇ ਰੋਗੀਆਂ ਨੂੰ ਵੀ ਨਮਕ ਵਾਲਾ ਪਾਣੀ ਆਰਾਮ ਪਹੁੰਚਾਉਂਦਾ ਹੈ। ਸਾਈਨਸ ਸਬੰਧਿਤ ਰੋਗੀਆਂ ਨੂੰ ਦਿਨ ਵਿਚ ਘੱਟ ਤੋਂ ਘੱਟ 4 ਵਾਰ ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ।

ਫੋਲੇਟ ਦੀ ਕਮੀ ਤੁਹਾਨੂੰ ਉਦਾਸੀ ਦਾ ਰੋਗੀ ਬਣਾ ਸਕਦੀ ਹੈ

ਜੇ ਵਿਅਕਤੀ ਉਦਾਸੀ ਦਾ ਸ਼ਿਕਾਰ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਭੋਜਨ ਵਿਚ ਪੂਰੀ ਮਾਤਰਾ ਵਿਚ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਬੀਨਸ ਆਦਿ ਨਾ ਲੈ ਰਿਹਾ ਹੋਵੇ, ਜਿਸ ਕਾਰਨ ਉਹ ਇਸ ਰੋਗ ਦਾ ਸ਼ਿਕਾਰ ਹੈ। ਮਾਹਿਰਾਂ ਅਨੁਸਾਰ ਔਰਤਾਂ ਵਿਚ ਫੋਲਿਕ ਐਸਿਡ ਜਾਂ ਫੋਲੇਟ ਦੀ ਕਮੀ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਕਾਰਨ ਹੁੰਦੀ ਹੈ, ਜਿਸ ਵਿਚੋਂ ਉਦਾਸੀ ਵੀ ਇਕ ਰੋਗ ਹੈ। ਫੋਲਿਕ ਐਸਿਡ ਵਿਟਾਮਿਨ 'ਬੀ' ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਲੇਜਿਊਮ, ਸਾਬਤ ਅਨਾਜ, ਸੁੱਕੇ ਮੇਵੇ ਵੀ ਇਸ ਦਾ ਚੰਗਾ ਸਰੋਤ ਹਨ ਅਤੇ ਇਹ ਉਦਾਸੀ ਤੋਂ ਸੁਰੱਖਿਆ ਵੀ ਦਿੰਦਾ ਹੈ। ਮੈਕਗਿਲ ਯੂਨੀਵਰਸਿਟੀ ਦੇ ਡਾ: ਯੰਗ ਦੁਆਰਾ ਕੀਤੀ ਗਈ ਇਕ ਖੋਜ ਅਨੁਸਾਰ ਫੋਲਿਕ ਐਸਿਡ ਦੀ ਕਮੀ ਨਾਲ ਵਿਅਕਤੀ ਉਦਾਸੀ ਤੋਂ ਪੀੜਤ ਹੋ ਸਕਦਾ ਹੈ ਅਤੇ ਇਸ ਕਮੀ ਦੀ ਪੂਰਤੀ ਹੋ ਜਾਣ ਨਾਲ ਉਹ ਉਦਾਸੀ ਤੋਂ ਮੁਕਤ ਹੋ ਸਕਦਾ ਹੈ। ਇਸ ਅਧਿਐਨ ਵਿਚ ਡਾ: ਯੰਗ ਨੇ ਪਾਇਆ ਕਿ ਫੋਲਿਕ ਐਸਿਡ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਦਾਸੀ ਦੇ ਰੋਗੀਆਂ ਵਿਚ ਫੋਲਿਕ ਐਸਿਡ ਦੀ ਕਮੀ ਵੀ ਦੇਖਣ ਨੂੰ ਮਿਲੀ। ਫੋਲਿਕ ਐਸਿਡ ਦੀ ਕਮੀ ਨਾਲ ਦਿਮਾਗ ਦੇ ਸੇਰੋਟੋਨਿਨ ਪੱਧਰ ਵਿਚ ਗਿਰਾਵਟ ਆਉਂਦੀ ਹੈ। ਫੋਲਿਕ ਐਸਿਡ ਦੀ ਕਮੀ ਜਿਥੇ ਵਿਅਕਤੀ ਨੂੰ ਉਦਾਸੀ ਦਾ ਸ਼ਿਕਾਰ ਬਣਾ ਸਕਦੀ ਹੈ, ਉਥੇ ਡਾ: ਯੰਗ ਅਨੁਸਾਰ ਇਸ ਦੀ ਜ਼ਿਆਦਾ ਮਾਤਰਾ ਲੈਣੀ ਵੀ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਡਾਕਟਰ ਦੀ ਰਾਏ ਲੈ ਕੇ ਹੀ ਇਸ ਦੀ ਸਹੀ ਮਾਤਰਾ ਦਾ ਸੇਵਨ ਕਰੋ।

ਪੀਲੀਆ ਹੁੰਦਾ ਹੈ ਲਿਵਰ ਦੀ ਗੜਬੜੀ ਨਾਲ

ਲਿਵਰ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ, ਜੋ ਪੇਟ ਦੇ ਉੱਪਰਲੇ ਹਿੱਸੇ ਵਿਚ ਸੱਜੇ ਪਾਸੇ ਹੁੰਦਾ ਹੈ। ਇਹ ਭੋਜਨ ਪਚਾਉਣ ਵਿਚ ਸਹਾਇਤਾ ਕਰਦਾ ਹੈ। ਸਰੀਰ ਵਿਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਅਤੇ ਤਬਦੀਲੀਆਂ ਵਿਚ ਇਹ ਵਿਸ਼ੇਸ਼ ਯੋਗਦਾਨ ਪਾਉਂਦਾ ਹੈ। ਜੇ ਲਿਵਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਜਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਅਸੀਂ ਵੱਖ-ਵੱਖ ਬਿਮਾਰੀਆਂ ਦੀ ਪਕੜ ਵਿਚ ਆ ਜਾਂਦੇ ਹਾਂ।
ਗਰਮੀ ਜਾਂ ਬਰਸਾਤ ਦੇ ਦਿਨਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ ਇਕ ਪ੍ਰਮੁੱਖ ਰੋਗ ਹੈ, ਜਿਸ ਨਾਲ ਸਾਡਾ ਲਿਵਰ ਪ੍ਰਭਾਵਿਤ ਹੁੰਦਾ ਹੈ। ਇਹ ਇਕ ਗੰਭੀਰ ਰੋਗ ਹੈ। ਇਲਾਜ ਵਿਚ ਲਾਪ੍ਰਵਾਹੀ ਕਰਨ ਨਾਲ ਰੋਗੀ ਦੀ ਜਾਨ ਵੀ ਜਾ ਸਕਦੀ ਹੈ। ਸਾਡਾ ਲਿਵਰ ਤੰਦਰੁਸਤ ਰਹੇ ਅਤੇ ਇਹ ਠੀਕ ਤਰੀਕੇ ਨਾਲ ਕੰਮ ਕਰਦਾ ਰਹੇ, ਉਸ ਦੇ ਲਈ ਜ਼ਰੂਰੀ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਧਾ ਜਾਵੇ। ਅਸੀਂ ਭੋਜਨ ਦੇ ਰੂਪ ਵਿਚ ਜੋ ਕੁਝ ਵੀ ਗ੍ਰਹਿਣ ਕਰਦੇ ਹਾਂ, ਉਸ ਦਾ ਪਾਚਣ ਹੋ ਕੇ ਰਸ ਬਣਦਾ ਹੈ। ਫਿਰ ਰਸ ਨਾਲ ਖੂਨ ਬਣਦਾ ਹੈ। ਰਸ ਨੂੰ ਖੂਨ ਬਣਾਉਣ ਦਾ ਕੰਮ ਮੁੱਖ ਰੂਪ ਨਾਲ ਲਿਵਰ ਹੀ ਕਰਦਾ ਹੈ। ਲਿਵਰ ਦੇ ਅੰਦਰ ਪਿੱਤਾ ਹੁੰਦਾ ਹੈ, ਜਿਥੋਂ ਦੋ ਨਲੀਆਂ ਨਿਕਲਦੀਆਂ ਹਨ, ਜਿਨ੍ਹਾਂ ਵਿਚੋਂ ਇਕ ਮਿਹਦੇ ਵਿਚ ਜਾਂਦੀ ਹੈ ਅਤੇ ਦੂਜੀ ਖੂਨ ਦਾ ਨਿਰਮਾਣ ਕਰਦੀ ਹੈ।
ਕਿਸੇ ਕਾਰਨ ਨਾਲ ਆਮਾਸ਼ਯ ਵਿਚ ਜਾਣ ਵਾਲੀ ਨਲੀ ਬੰਦ ਹੋ ਜਾਵੇ ਤਾਂ ਪਾਚਣ ਕਿਰਿਆ ਲਈ ਆਮਾਸ਼ਯ ਵਿਚ ਜਾਣ ਵਾਲਾ ਪਿੱਤ ਖੂਨ ਵਿਚ ਮਿਲਣ ਲਗਦਾ ਹੈ ਅਤੇ ਖੂਨ ਦਾ ਬਣਨਾ ਬੰਦ ਹੋ ਜਾਂਦਾ ਹੈ। ਹੌਲੀ-ਹੌਲੀ ਰੋਗੀ ਪੀਲਾ ਪੈ ਜਾਂਦਾ ਹੈ। ਇਸ ਸਥਿਤੀ ਨੂੰ ਪੀਲੀਆ ਕਿਹਾ ਜਾਂਦਾ ਹੈ।
ਲੱਛਣ : ਇਸ ਰੋਗ ਵਿਚ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ-
* ਰੋਗੀ ਦੀਆਂ ਅੱਖਾਂ, ਨਹੁੰ ਅਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ। ਪਖਾਨਾ ਸਫੈਦ ਰੰਗ ਦਾ ਆਉਂਦਾ ਹੈ।
* ਰੋਗ ਵਧ ਜਾਣ 'ਤੇ ਪਸੀਨਾ ਵੀ ਪੀਲਾ ਆਉਣ ਲਗਦਾ ਹੈ।
* ਭੁੱਖ ਨਹੀਂ ਲਗਦੀ। ਕੁਝ ਵੀ ਖਾਣ 'ਤੇ ਉਲਟੀ ਆ ਜਾਂਦੀ ਹੈ।
* ਰੋਗੀ ਕਮਜ਼ੋਰ ਹੋ ਜਾਂਦਾ ਹੈ। ਉਸ ਨੂੰ ਚੱਲਣ-ਫਿਰਨ ਅਤੇ ਪਾਸਾ ਬਦਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ।
ਦੇਸੀ ਇਲਾਜ : * ਮਕੋਯ ਦੇ ਪੱਤਿਆਂ ਦਾ ਰਸ ਉਬਾਲ ਕੇ ਦਿਨ ਵਿਚ 2 ਵਾਰ 2-2 ਚਮਚ ਰੋਗੀ ਨੂੰ ਪਿਲਾਓ।
* ਇਕ ਲਿਟਰ ਸ਼ੁੱਧ ਪਾਣੀ ਵਿਚ 10-12 ਆਲੂਬੁਖਾਰੇ ਅਤੇ 10-12 ਦਾਣੇ ਇਮਲੀ ਦੇ ਪਾ ਦਿਓ। ਸਵੇਰੇ ਮਸਲ, ਛਾਣ ਲਓ ਅਤੇ ਉਸ ਵਿਚ ਖੰਡ ਮਿਲਾ ਲਓ। ਇਸ ਨੂੰ ਦਿਨ ਵਿਚ 3 ਵਾਰ ਰੋਗੀ ਨੂੰ ਸੇਵਨ ਕਰਾਓ। ਲਾਭ ਪ੍ਰਾਪਤ ਹੋਵੇਗਾ।
* ਆਮ ਤੌਰ 'ਤੇ ਪੀਲੀਏ ਦਾ ਰੋਗੀ ਦਸਤ ਦਾ ਸ਼ਿਕਾਰ ਹੋ ਜਾਂਦਾ ਹੈ। ਜੇ ਰੋਗੀ ਨੂੰ ਦਸਤ ਹੋ ਰਹੇ ਹੋਣ ਤਾਂ ਕੁਝ ਹਿੱਸਾ ਸਫੈਦ ਜੀਰਾ ਅਤੇ ਸੌਂਫ ਲੈ ਕੇ ਕੱਚਾ-ਪੱਕਾ ਭੁੰਨ ਲਓ। ਇਸ ਵਿਚ ਖੰਡ ਮਿਲਾ ਕੇ ਅੱਧਾ-ਅੱਧਾ ਚਮਚ ਰੋਗੀ ਨੂੰ ਦਿਨ ਵਿਚ 3 ਵਾਰ ਦਿਓ।
* ਰੋਗੀ ਨੂੰ ਕਬਜ਼ ਹੋਵੇ ਤਾਂ ਉਸ ਨੂੰ ਮਕੋਯ ਦੇ ਪੱਤਿਆਂ ਦਾ ਸਾਗ ਖਵਾਓ।
ਸਾਵਧਾਨੀਆਂ : * ਰੋਗੀ ਨੂੰ ਚਿਕਨਾਈ ਵਾਲੇ ਅਤੇ ਮਾਸਾਹਾਰੀ ਭੋਜਨ ਬਿਲਕੁਲ ਨਾ ਦਿਓ।
* ਪ੍ਰੋਟੀਨ ਵਾਲੇ ਭੋਜਨ ਭਰਪੂਰ ਮਾਤਰਾ ਵਿਚ ਦਿਓ।
* ਪਾਣੀ ਖੂਬ ਪੀਣਾ ਚਾਹੀਦਾ ਹੈ। ਪਾਣੀ ਵਿਚ ਨਿੰਬੂ ਅਤੇ ਖੰਡ ਮਿਲਾ ਕੇ ਪਿਲਾਉਣਾ ਲਾਭਦਾਇਕ ਹੁੰਦਾ ਹੈ।
* ਤਰਲ ਪਦਾਰਥ-ਰਸ, ਲੱਸੀ ਜਾਂ ਦਾਲ ਦੇ ਪਾਣੀ ਦਾ ਸੇਵਨ ਕਰਾਓ।
* ਰੋਗੀ ਨੂੰ ਉਬਲਿਆ ਹੋਇਆ ਅਤੇ ਬਿਨਾਂ ਹਲਦੀ ਵਾਲਾ ਭੋਜਨ ਦਿਓ।
* ਤਾਜ਼ਾ ਅਤੇ ਪਚਣਯੋਗ ਭੋਜਨ ਕਰਨਾ ਚਾਹੀਦਾ ਹੈ ਅਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।
* ਰੋਗੀ ਨੂੰ ਦਾਲ, ਟਮਾਟਰ, ਪਾਲਕ ਅਤੇ ਚੁਕੰਦਰ ਆਦਿ ਖਾਣ ਲਈ ਬਿਲਕੁਲ ਨਹੀਂ ਦੇਣੇ ਚਾਹੀਦੇ। **

ਬਜ਼ੁਰਗਾਂ ਦਾ ਰੱਖੋ ਵਿਸ਼ੇਸ਼ ਧਿਆਨ

ਵਧਦੀ ਉਮਰ ਜੀਵਨ ਦਾ ਇਕ ਜ਼ਰੂਰੀ ਪੜਾਅ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਵਧਦੀ ਉਮਰ ਵਿਚ ਚੁਸਤੀ ਘੱਟ ਹੋਣਾ, ਘੱਟ ਸੁਣਨਾ, ਘੱਟ ਦਿਸਣਾ, ਸਰੀਰ ਦਾ ਢਿੱਲਾ ਹੋਣਾ, ਪਾਚਣ ਪ੍ਰਣਾਲੀ ਦਾ ਕਮਜ਼ੋਰ ਹੋਣਾ ਸਾਧਾਰਨ ਹੈ। ਜੇ ਬੱਚੇ ਇਨ੍ਹਾਂ ਨੂੰ ਆਮ ਵਾਂਗ ਲੈਣ ਅਤੇ ਉਨ੍ਹਾਂ ਦੀ ਸਿਹਤ ਅਤੇ ਖੁਰਾਕ ਦਾ ਧਿਆਨ ਰੱਖਣ ਅਤੇ ਪਿਆਰ ਦੇਣ ਤਾਂ ਬਜ਼ੁਰਗ ਜ਼ਿਆਦਾ ਖੁਸ਼ੀ ਨਾਲ ਆਪਣਾ ਬੁਢਾਪਾ ਕੱਟ ਸਕਦੇ ਹਨ। ਆਓ ਦੇਖੀਏ ਕਿਨ੍ਹਾਂ ਗੱਲਾਂ 'ਤੇ ਗੌਰ ਫਰਮਾ ਕੇ ਅਸੀਂ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਾ ਸਕਦੇ ਹਾਂ।
ਖੁਰਾਕ
* ਉਨ੍ਹਾਂ ਦੀ ਖੁਰਾਕ ਵਿਚ ਫਲ-ਸਬਜ਼ੀਆਂ ਵਧਾ ਦਿਓ। ਘਿਓ, ਖੰਡ, ਨਮਕ, ਚੌਲ, ਮੈਦਾ ਘੱਟ ਕਰ ਦਿਓ ਤਾਂ ਕਿ ਵਧਦੀ ਉਮਰ ਵਿਚ ਆਪਣਾ ਭਾਰ ਕਾਬੂ ਕਰ ਸਕਣ।
* ਕੋਸ਼ਿਸ਼ ਕਰੋ ਕਿ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦਿੱਤਾ ਜਾਵੇ, ਜਿਸ ਵਿਚ ਕਾਰਬੋਹਾਈਡ੍ਰੇਟ ਦੇ ਨਾਲ ਪ੍ਰੋਟੀਨ, ਖਣਿਜ ਵੀ ਮੌਜੂਦ ਹੋਣ ਜਿਵੇਂ ਓਟਸ, ਕਣਕ ਦਾ ਦਲੀਆ, ਅਨਾਜ, ਦਹੀਂ, ਦੁੱਧ, ਪਨੀਰ, ਹਰੀਆਂ ਸਬਜ਼ੀਆਂ, ਦਾਲਾਂ ਦੁਪਹਿਰ ਦੇ ਸਮੇਂ ਅਤੇ ਮੌਸਮੀ ਫਲ ਦਿਓ। ਰਾਤ ਨੂੰ ਅਸਾਨੀ ਨਾਲ ਪਚਣ ਵਾਲਾ ਭੋਜਨ ਸਮੇਂ ਸਿਰ ਦਿਓ।
* ਵਿਟਾਮਿਨਾਂ ਨਾਲ ਭਰਪੂਰ ਫਲ ਅਤੇ ਐਂਟੀ-ਆਕਸੀਡੈਂਟ ਵਾਲੀਆਂ ਚੀਜ਼ਾਂ ਖਾਣ ਨੂੰ ਦਿਓ ਜਿਵੇਂ ਬ੍ਰੋਕਲੀ, ਪਾਲਕ, ਸ਼ਕਰਕੰਦੀ, ਸੀਤਾਫਲ, ਫਲਾਂ ਵਿਚ ਜਾਮਣ, ਬਲਿਊਬੇਰੀ, ਕੀਵੀ, ਸੰਤਰਾ, ਮੌਸੰਮੀ, ਕਿਸ਼ਮਿਸ਼ ਅਤੇ ਅਖਰੋਟ।
* ਰੇਸ਼ੇਦਾਰ ਖਾਧ ਪਦਾਰਥ ਖਾਣ ਨੂੰ ਦਿਓ। ਫਲ-ਸਬਜ਼ੀਆਂ ਦਾ ਸੂਪ, ਸਲਾਦ ਆਦਿ, ਤਾਂ ਕਿ ਪੇਟ ਦੀ ਤਾਲ ਠੀਕ ਰਹੇ।
* ਫਲੈਕਸ ਸੀਡਸ, ਖ਼ਰਬੂਜ਼ਾ, ਤਰਬੂਜ਼ ਅਤੇ ਸੀਤਾਫਲ ਦੇ ਬੀਜ ਭੁੰਨ-ਪੀਸ ਕੇ ਦਿਓ। ਖੁਰਾਕ ਵਿਚ ਸੋਇਆਬੀਨ ਵੀ ਸ਼ਾਮਿਲ ਕਰੋ।
* ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਦਿਓ।
ਉਨ੍ਹਾਂ ਲਈ ਕਸਰਤ ਵੀ ਜ਼ਰੂਰੀ ਹੈ
* ਕੋਸ਼ਿਸ਼ ਕਰੋ ਕਿ ਉਮਰ ਵਧਣ ਦੇ ਨਾਲ ਭਾਰ ਨਾ ਵਧਣ ਦਿਓ। ਭਾਰ 'ਤੇ ਕਾਬੂ ਰੱਖਣ ਲਈ ਉਨ੍ਹਾਂ ਨੂੰ ਹਲਕੀ ਕਸਰਤ ਕਰਨ ਨੂੰ ਉਤਸ਼ਾਹਿਤ ਕਰੋ।
* ਹੱਥਾਂ, ਪੈਰਾਂ, ਗਰਦਨ, ਬਾਹਾਂ, ਉਂਗਲੀਆਂ, ਕਲਾਈਆਂ ਦੀਆਂ ਸੂਖਮ ਕਿਰਿਆਵਾਂ ਸਿਖਾਓ ਤਾਂ ਕਿ ਟੀ. ਵੀ. ਦੇਖਦੇ ਸਮੇਂ ਜਾਂ ਖਾਲੀ ਸਮੇਂ ਵਿਚ ਉਹ ਕਰਦੇ ਰਹਿਣ।
* ਫਿਕਸ ਸਾਈਕਲਿੰਗ, ਯੋਗ ਆਸਣ ਕਰਨ ਨੂੰ ਉਤਸ਼ਾਹਿਤ ਕਰਦੇ ਰਹੋ ਪਰ ਹਰ ਕਸਰਤ ਆਪਣੀ ਸਮਰੱਥਾ ਅਨੁਸਾਰ ਹੀ ਕਰੋ।
* ਸਵੇਰੇ ਅਤੇ ਸ਼ਾਮ ਸਹੂਲਤ ਅਨੁਸਾਰ ਸੈਰ 'ਤੇ ਜਾਓ ਅਤੇ ਦੂਜੇ ਬਜ਼ੁਰਗਾਂ ਨਾਲ ਗੱਲਬਾਤ ਕਰੋ ਤਾਂ ਕਿ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਰਹੇ।
* ਪ੍ਰਾਣਾਯਾਮ, ਧਿਆਨ ਦੀ ਜਾਚ ਵੀ ਉਨ੍ਹਾਂ ਨੂੰ ਕਿਸੇ ਮਾਹਿਰ ਕੋਲੋਂ ਸਿਖਾਓ ਜਾਂ ਆਸ-ਪਾਸ ਯੋਗਾ ਕੇਂਦਰ ਵਿਚ ਉਨ੍ਹਾਂ ਦਾ ਦਾਖ਼ਲਾ ਕਰਾ ਦਿਓ ਤਾਂ ਕਿ ਨਿਯਮਤ ਰੂਪ ਨਾਲ ਉਨ੍ਹਾਂ ਦਾ ਸਰੀਰ ਅਤੇ ਦਿਮਾਗ ਕਿਰਿਆਸ਼ੀਲ ਰਹਿ ਸਕੇ।

ਸਿਹਤ ਖ਼ਬਰਨਾਮਾ

ਕਦੇ-ਕਦਾਈਂ ਹੀ ਵਰਤੋ ਨਾਰੀਅਲ ਤੇਲ

ਦੱਖਣੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਨਾਰੀਅਲ ਦਾ ਤੇਲ ਖਾਣ-ਪੀਣ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਕਦੇ-ਕਦਾਈਂ ਵਰਤਣਾ ਸਿਹਤ ਲਈ ਲਾਭਦਾਇਕ ਹੈ ਪਰ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਵਿਚ ਸੈਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਚੰਗਾ ਅਤੇ ਬੁਰਾ ਦੋਵੇਂ ਕੋਲੈਸਟ੍ਰੋਲ ਵਧ ਜਾਂਦੇ ਹਨ ਜਦੋਂ ਕਿ ਜੈਤੂਨ, ਸੋਇਆਬੀਨ ਵਰਗੇ ਬਨਸਪਤੀ ਤੇਲ ਵਿਚ ਮੂਲ ਰੂਪ ਨਾਲ ਅਨਸੈਚੂਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਮਾੜਾ ਕੋਲੈਸਟ੍ਰੋਲ (ਐਲ.ਡੀ.ਐਲ.) ਘਟਦਾ ਅਤੇ ਚੰਗਾ ਕੋਲੈਸਟ੍ਰੋਲ (ਐਚ.ਡੀ.ਐਲ.) ਵਧਦਾ ਹੈ। ਨਾਰੀਅਲ ਤੇਲ ਮੱਖਣ ਅਤੇ ਸੁਅਰ ਦੇ ਤੇਲ ਦੀ ਤੁਲਨਾ ਵਿਚ ਘੱਟ ਨੁਕਸਾਨਦੇਹ ਹੁੰਦਾ ਹੈ। ਬਨਸਪਤੀ ਤੇਲ ਨਾਲੋਂ ਘੱਟ ਲਾਭਦਾਇਕ ਹੈ ਪਰ ਇਸ ਸਭ ਦੇ ਬਾਵਜੂਦ ਵੀ ਨਾਰੀਅਲ ਤੇਲ ਨੂੰ ਲਗਾਤਾਰ ਨਾ ਵਰਤੋ ਸਗੋਂ ਕਦੇ-ਕਦੇ ਵਰਤਿਆ ਜਾ ਸਕਦਾ ਹੈ। ਨਾਰੀਅਲ ਪਾਣੀ ਸਭ ਤੋਂ ਲਾਭਦਾਇਕ ਹੈ। ਕੱਚਾ ਨਾਰੀਅਲ ਵੀ ਲਾਭਦਾਇਕ ਹੈ ਪਰ ਸੁੱਕੇ ਨਾਰੀਅਲ ਵਿਚ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਅੱਖਾਂ ਪ੍ਰਤੀ ਸਭ ਤੋਂ ਲਾਪ੍ਰਵਾਹ ਹਨ ਭਾਰਤੀ

ਆਪਣੀਆਂ ਦੋ ਅੱਖਾਂ ਦੀ ਬਦੌਲਤ ਅਸੀਂ ਸਭ ਕੁਝ ਦੇਖਦੇ ਅਤੇ ਸਮਝਦੇ ਹਾਂ। ਅੱਖਾਂ ਨਾਲ ਦੇਖੀਆਂ ਗਈਆਂ ਚੀਜ਼ਾਂ ਨੂੰ ਸਭ ਤੋਂ ਵੱਡਾ ਸੱਚ ਮੰਨਿਆ ਜਾਂਦਾ ਹੈ ਪਰ ਭਾਰਤੀ ਆਪਣੀਆਂ ਦੋ ਅੱਖਾਂ ਦੇ ਪ੍ਰਤੀ ਸਭ ਤੋਂ ਜ਼ਿਆਦਾ ਲਾਪ੍ਰਵਾਹ ਹਨ। ਲੱਖਾਂ ਅਜਿਹੇ ਭਾਰਤੀ ਮਿਲ ਜਾਣਗੇ, ਜਿਨ੍ਹਾਂ ਨੇ ਸ਼ਾਇਦ ਹੀ ਕਿਸੇ ਡਾਕਟਰ ਕੋਲੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਹੋਵੇ। ਭਾਰਤੀ ਥੋੜ੍ਹਾ-ਬਹੁਤ ਵੀ ਅੱਖਾਂ ਨਾਲ ਦਿਸਦੇ ਰਹਿਣ 'ਤੇ ਆਪਣਾ ਕੰਮ ਚਲਾ ਲੈਂਦੇ ਹਨ। ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਧਿਆਨ ਦਿੰਦੇ ਹਨ।
ਦੇਸ਼ ਵਿਚ ਅੱਖਾਂ ਦੇ ਰੋਗੀਆਂ ਦੀ ਇਕ ਵਿਸ਼ਾਲ ਆਬਾਦੀ ਹੈ। ਅੰਤਰਰਾਸ਼ਟਰੀ ਖੋਜ ਦੇ ਮੁਤਾਬਿਕ ਭਾਰਤੀਆਂ ਲਈ ਅੱਖਾਂ ਦੀ ਤੰਦਰੁਸਤੀ ਸਭ ਤੋਂ ਅਖੀਰਲੇ ਸਿਰੇ 'ਤੇ ਹੈ। 58 ਫੀਸਦੀ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਨੂੰ ਕੋਈ ਸਮੱਸਿਆ ਨਹੀਂ ਹੈ। 10 ਵਿਚੋਂ ਇਕ ਵਿਅਕਤੀ ਅਜਿਹਾ ਹੁੰਦਾ ਹੈ ਜਿਸ ਨੇ ਅੱਖਾਂ ਦੀ ਕਦੇ ਜਾਂਚ ਨਹੀਂ ਕਰਵਾਈ ਹੁੰਦੀ। 70 ਫੀਸਦੀ ਲੋਕ ਅੱਖਾਂ ਦੀ ਆਮ ਜਾਂਚ ਵੀ ਨਹੀਂ ਕਰਵਾਉਂਦੇ। ਇਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।

ਵਿਚਾਰ ਸਾਂਝੇ ਕਰੋ ਅਤੇ ਤੰਦਰੁਸਤ ਰਹੋ

ਜਿਸ ਤਰ੍ਹਾਂ ਮਨੁੱਖ ਦੀਆਂ ਬਹੁਤੀਆਂ ਸਰੀਰਕ-ਮਾਨਸਿਕ ਕਿਰਿਆਵਾਂ ਜਿਵੇਂ ਦਿਲ ਦੀ ਧੜਕਣ, ਨਾੜੀ ਚੱਲਣਾ, ਸਾਹ ਲੈਣਾ, ਖੂਨ ਦਾ ਪਰਿਸੰਚਰਣ ਹੋਣਾ, ਸੋਚਣਾ, ਚਿੰਤਨ ਕਰਨਾ, ਸਮਝਣਾ ਆਦਿ ਸਿਹਤ ਨਾਲ ਸਬੰਧਿਤ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਉਸ ਦੀ ਬੋਲਣ ਦੀ ਕਿਰਿਆ ਵੀ ਸਿਹਤ ਨਾਲ ਸਬੰਧ ਰੱਖਦੀ ਹੈ। ਇਸ ਲਈ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਉਸ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਆਮ ਤੌਰ 'ਤੇ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਪ੍ਰਤੱਖ ਰੂਪ ਨਾਲ ਮਾਨਸਿਕ ਸਿਹਤ ਨੂੰ ਹੀ ਪ੍ਰਭਾਵਿਤ ਕਰਦਾ ਹੈ, ਕਿਉਂਕਿ ਮਾਨਸਿਕ ਸਿਹਤ ਅਤੇ ਸਰੀਰਕ ਸਿਹਤ ਦੋਵੇਂ ਇਕ-ਦੂਜੇ ਨਾਲ ਪਰਸਪਰ ਜੁੜੇ ਹੋਏ ਹਨ ਅਤੇ ਦੋਵੇਂ ਇਕ-ਦੂਜੇ ਨੂੰ ਕਿਸੇ ਨਾ ਕਿਸੇ ਰੂਪ ਨਾਲ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਸ ਲਈ ਵਿਅਕਤੀ ਦਾ ਘੱਟ ਜਾਂ ਜ਼ਿਆਦਾ ਬੋਲਣਾ ਪ੍ਰਤੱਖ ਰੂਪ ਨਾਲ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਤਾਂ ਕਰਦਾ ਹੀ ਹੈ, ਪਰੋਕਸ਼ ਰੂਪ ਨਾਲ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਰਹਿੰਦਾ ਹੈ।
ਬੋਲਣ ਦੀ ਕਿਰਿਆ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ। ਇਸ ਦੀ ਕਮੀ ਵਿਚ ਮਨੁੱਖ ਦਾ ਸਮਾਜਿਕ ਜੀਵਨ ਔਖਾ ਹੈ। ਮਨੁੱਖ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਵਾਤਾਵਰਨ ਦੀਆਂ ਜਿਨ੍ਹਾਂ ਮੁਸ਼ਕਿਲਾਂ ਅਤੇ ਸਥਿਤੀਆਂ ਨੂੰ ਦੇਖਦਾ, ਸੁਣਦਾ, ਮਹਿਸੂਸ ਕਰਦਾ ਅਤੇ ਸਮਝਦਾ ਹੈ, ਉਸ ਦੇ ਪ੍ਰਤੀ ਉਸ ਦੇ ਮਨ ਵਿਚ ਪ੍ਰਤੀਕਿਰਿਆ ਜ਼ਰੂਰੀ ਰੂਪ ਨਾਲ ਹੁੰਦੀ ਹੈ। ਅੱਜ ਅਨੇਕ ਮਨੋਵਿਗਿਆਨਕ ਪ੍ਰਯੋਗਾਂ, ਖੋਜਾਂ ਦੁਆਰਾ ਇਹ ਸਿੱਧ ਹੋ ਚੁੱਕਾ ਹੈ ਕਿ ਮਨੁੱਖੀ ਮਨ ਦੇ ਅੰਦਰ ਹਰੇਕ ਕਿਰਿਆ-ਪ੍ਰਤੀਕਿਰਿਆ ਦਾ ਪ੍ਰਗਟਾਵਾ ਜ਼ਰੂਰੀ ਹੈ, ਚਾਹੇ ਪ੍ਰਗਟਾਵਾ ਕਿਸੇ ਵੀ ਰੂਪ ਵਿਚ ਹੋਵੇ।
ਮਨੁੱਖ ਆਪਣੇ ਅੰਦਰ ਸਾਰੀਆਂ ਕਿਰਿਆਵਾਂ-ਪ੍ਰਤੀਕਿਰਿਆਵਾਂ ਦਾ ਪ੍ਰਗਟਾਵਾ ਅਨੇਕ ਕਿਰਿਆਤਮਕ ਸਾਧਨਾਂ ਦੁਆਰਾ ਕਰਦਾ ਹੈ, ਜਿਸ ਵਿਚ ਸਭ ਤੋਂ ਪ੍ਰਮੁੱਖ ਸਾਧਨ ਹੈ ਬੋਲ ਕੇ ਪ੍ਰਗਟ ਕਰਨ ਦਾ। ਪ੍ਰਗਟਾਵੇ ਦੇ ਕਿਰਿਆਤਮਕ ਸਾਧਨਾਂ ਵਿਚ ਬਹੁਤੇ ਜਾਂ ਤਾਂ ਮੁਸ਼ਕਿਲ ਹੁੰਦੇ ਹਨ ਜਾਂ ਉਨ੍ਹਾਂ ਨੂੰ ਸਮਾਜਿਕ ਪ੍ਰਵਾਨਗੀ ਪ੍ਰਾਪਤ ਨਹੀਂ ਹੁੰਦੀ ਪਰ ਬੋਲਣਾ ਅਜਿਹਾ ਸਾਧਨ ਹੈ, ਜੋ ਵਿਅਕਤੀ ਦੀਆਂ ਸਾਰੀਆਂ ਪ੍ਰਤੀਕਿਰਿਆਵਾਂ ਦਾ ਪ੍ਰਗਟਾਵਾ ਉਚਿਤ ਢੰਗ ਨਾਲ ਕਰਾ ਸਕਦਾ ਹੈ। ਇਸ ਵਾਸਤੇ ਵਿਅਕਤੀ ਦੀ ਭਾਸ਼ਾ ਸਮਰੱਥਾ ਦਾ ਥੋੜ੍ਹਾ ਵਿਕਸਿਤ ਹੋਣਾ ਜ਼ਰੂਰੀ ਹੈ।
ਕਦੇ-ਕਦੇ ਵਿਅਕਤੀ ਆਪਣੇ ਤਣਾਅ ਦਾ ਪ੍ਰਗਟਾਵਾ ਅਭਿਸ਼ਟ ਵਿਅਕਤੀ ਵੱਲ ਕਰਨ ਵਿਚ ਅਸਮਰੱਥ ਹੋਣ 'ਤੇ ਉਸ ਦੇ ਭਾਵ ਹੋਰ ਚੀਜ਼ਾਂ ਜਾਂ ਵਿਅਕਤੀਆਂ ਵੱਲ ਤੋੜ-ਮਰੋੜ ਕੇ ਕਰ ਦਿੰਦਾ ਹੈ ਅਤੇ ਤਣਾਅਮੁਕਤ ਹੁੰਦਾ ਹੈ। ਕਦੇ-ਕਦੇ ਉਹ ਅਣਜਾਣ ਵਿਅਕਤੀ ਦੇ ਸਾਹਮਣੇ ਵੀ ਆਪਣੀ ਭੜਾਸ ਕੱਢਦਾ ਹੈ।
ਇਸ ਤਰ੍ਹਾਂ ਬੋਲ ਕੇ ਪ੍ਰਗਟਾਵਾ ਸਭ ਤੋਂ ਸੌਖਾ, ਸੁਲਭ ਅਤੇ ਵਧੀਆ ਸਾਧਨ ਹੈ, ਜਿਸ ਰਾਹੀਂ ਤਣਾਅ ਤੋਂ ਛੁਟਕਾਰਾ ਤਾਂ ਮਿਲ ਹੀ ਜਾਂਦਾ ਹੈ, ਨਾਲ-ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵੀ ਬਣੀ ਰਹਿੰਦੀ ਹੈ। ਸਿਹਤ ਕਾਇਮ ਰਹਿਣ 'ਤੇ ਸਾਡੇ ਅੰਦਰ ਅਨੇਕ ਚੰਗੇ ਗੁਣਾਂ ਦਾ ਵਿਕਾਸ ਵੀ ਹੁੰਦਾ ਹੈ।
ਉਪਰੋਕਤ ਗੱਲਾਂ ਦਾ ਅਰਥ ਇਹ ਨਹੀਂ ਕਿ ਜ਼ਿਆਦਾ ਬੋਲਣਾ ਸਦਾ ਲਾਭਦਾਇਕ ਹੀ ਹੁੰਦਾ ਹੈ। ਇਕ ਨਿਸਚਿਤ ਸੀਮਾ ਤੋਂ ਜ਼ਿਆਦਾ ਬੋਲਣਾ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਬੋਲਦੇ ਸਮੇਂ ਜਿਸ ਤਰ੍ਹਾਂ ਦੀ ਭਾਸ਼ਾ ਮਨ ਵਿਚ ਆਵੇ, ਗਾਲੀ-ਗਲੋਚ ਹੋਵੇ ਜਾਂ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲੀ, ਸਭ ਬੋਲਦੇ ਜਾਓ।
ਬੋਲਣ ਵਿਚ ਜਿੰਨੀ ਹੀ ਉੱਚ ਪੱਧਰੀ ਅਤੇ ਸੰਤੁਲਿਤ ਭਾਸ਼ਾ ਦੀ ਵਰਤੋਂ ਕਰੋਗੇ, ਸਮਾਜ ਵਿਚ ਮਾਣ-ਇੱਜ਼ਤ ਵੀ ਓਨੇ ਹੀ ਚੰਗੇ ਢੰਗ ਦਾ, ਓਨੇ ਹੀ ਜ਼ਿਆਦਾ ਦਿਨਾਂ ਤੱਕ ਬਰਕਰਾਰ ਰਹੇਗਾ ਅਤੇ ਅਸੀਂ ਤੰਦਰੁਸਤ ਵੀ ਰਹੋਗੇ। ਉਪਰੋਕਤ ਗੱਲਾਂ ਤੋਂ ਇਹ ਵੀ ਸਮਝਣਾ ਚਾਹੀਦਾ ਕਿ ਜ਼ਿਆਦਾ ਬੋਲਣਾ ਕਿਸੇ ਵਿਅਕਤੀ ਦੀ ਸਿਹਤ ਨੂੰ ਪੂਰੀ ਤਰ੍ਹਾਂ ਠੀਕ ਰੱਖਣ ਦੀ ਦਵਾਈ ਹੈ, ਸਗੋਂ ਇਹ ਵਿਅਕਤੀ ਨੂੰ ਤੰਦਰੁਸਤ ਬਣਾਈ ਰੱਖਣ ਲਈ ਜ਼ਰੂਰੀ ਵੱਖ-ਵੱਖ ਦਸ਼ਾਵਾਂ ਵਿਚੋਂ ਇਕ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX