ਤਾਜਾ ਖ਼ਬਰਾਂ


ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  4 minutes ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  15 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  21 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  36 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  45 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  49 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  54 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਹੋਰ ਖ਼ਬਰਾਂ..

ਲੋਕ ਮੰਚ

ਜੀਵਨਸ਼ੈਲੀ ਵਿਚ ਵਧ ਰਿਹਾ ਤਣਾਅ

ਮਾਨਸਿਕ ਤਣਾਅ ਅੱਜ ਦੀ ਜੀਵਨਸ਼ੈਲੀ ਵਿਚ ਰੋਗ ਬਣਦਾ ਜਾ ਰਿਹਾ ਹੈ। ਲਗਾਤਾਰ ਹੋ ਰਹੇ ਤਕਨੀਕੀ ਵਿਕਾਸ ਸਦਕਾ ਮਸ਼ੀਨੀਕਰਨ 'ਤੇ ਮਨੁੱਖ ਦੀ ਨਿਰਭਰਤਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸ ਤਰ੍ਹਾਂ ਅੱਜ ਦਾ ਸਮਾਜ ਤੇਜ਼ੀ ਨਾਲ ਮਸ਼ੀਨੀਕਰਨ ਵੱਲ ਵਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਤਣਾਅ ਵੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਬੱਚੇ, ਨੌਜਵਾਨ ਅਤੇ ਬਜ਼ੁਰਗ ਬਹੁਤੇ ਅੱਜ ਤਣਾਅ ਦਾ ਸ਼ਿਕਾਰ ਹਨ। ਮਾਪਿਆਂ ਦਾ ਬੱਚਿਆਂ ਨੂੰ ਪੂਰਾ ਸਮਾਂ ਨਾ ਦੇਣਾ, ਨੌਜਵਾਨ ਭਵਿੱਖ ਦੇ ਪ੍ਰਤੀ ਅਤੇ ਬਜ਼ੁਰਗ ਇਕੱਲੇਪਣ ਦੀ ਸਮੱਸਿਆ ਕਰਕੇ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਸਮੱਸਿਆ ਤਾਂ ਹਰ ਇਕ ਦੀ ਜ਼ਿੰਦਗੀ ਵਿਚ ਆਉਂਦੀ ਹੈ ਪਰ ਅਜਿਹੇ ਵਿਅਕਤੀ, ਜੋ ਕਿ ਦਿਮਾਗ ਅਤੇ ਮਨ ਵਿਚ ਸਹੀ ਤਾਲਮੇਲ ਪੈਦਾ ਨਹੀਂ ਕਰ ਸਕਦੇ, ਇਸ ਦੇ ਸ਼ਿਕਾਰ ਛੇਤੀ ਹੋ ਜਾਂਦੇ ਹਨ। ਆਪਸੀ ਪਰਿਵਾਰਕ ਸਾਂਝ ਦੀ ਥਾਂ ਸੋਸ਼ਲ ਮੀਡੀਆ ਨੇ ਲੈ ਲਈ ਹੈ। ਜ਼ਿੰਦਗੀ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਕਿਸੇ ਨਾਲ ਸਾਂਝਾ ਕਰਨ ਦਾ ਸਮਾਂ ਹੀ ਕਿਸੇ ਕੋਲ ਨਹੀਂ ਹੈ। ਜੀਵਨ ਜਿਊਣ ਵਿਚ ਵੱਡੇ ਪੱਧਰ 'ਤੇ ਆ ਰਹੀਆਂ ਤਬਦੀਲੀਆਂ, ਵਧ ਰਹੀਆਂ ਇੱਛਾਵਾਂ, ਵੱਧ ਤੋਂ ਵੱਧ ਆਰਥਿਕ ਲਾਭ ਦੀ ਪ੍ਰਾਪਤੀ ਅਤੇ ਤਕਨੀਕੀ ਉਪਕਰਨਾਂ ਦੀ ਬੇਲੋੜੀ ਵਰਤੋਂ ਕਰਨਾ ਆਦਿ ਅਜਿਹੇ ਬਹੁਤ ਸਾਰੇ ਕਾਰਨ ਹਨ, ਜੋ ਤਣਾਅ ਨੂੰ ਪੈਦਾ ਕਰਨ ਦਾ ਮੁਢਲਾ ਕਾਰਨ ਬਣਦੇ ਹਨ। ਵਿਗਿਆਨ ਦੀ ਹੋਈ ਤਰੱਕੀ ਨੇ ਅਜਿਹੀਆਂ ਮਸ਼ੀਨਾਂ ਨੂੰ ਜਨਮ ਦਿੱਤਾ ਹੈ ਜੋ ਆਪਣੇ-ਆਪ ਹੀ ਕੰਮ ਕਰਦੀਆਂ ਹਨ ਤੇ ਇਨ੍ਹਾਂ ਨੂੰ ਚਲਾਉਣ ਲਈ ਮਨੁੱਖੀ ਸਰੀਰਕ ਮਿਹਨਤ ਦੀ ਬਹੁਤੀ ਜ਼ਰੂਰਤ ਹੀ ਨਹੀਂ ਪੈਂਦੀ। ਪੁਰਾਤਨ ਸਮੇਂ ਵਿਚ ਕੰਮ ਲੋਕਾਂ ਦੁਆਰਾ ਹੱਥੀਂ ਹੀ ਆਪਣੀ ਸਰੀਰਕ ਸ਼ਕਤੀ ਦੇ ਬਲ ਰਾਹੀਂ ਕੀਤਾ ਜਾਂਦਾ ਸੀ। ਕੰਮ ਕਰਕੇ ਥੱਕਿਆ-ਟੁੱਟਿਆ ਵਿਅਕਤੀ ਰੱਜ ਕੇ ਸੌਂਦਾ ਸੀ ਤੇ ਭਰਪੂਰ ਨੀਂਦ ਦਾ ਅਨੰਦ ਮਾਣਦਾ ਸੀ। ਚੰਗੀ ਨੀਂਦ ਸਾਡੇ ਸਰੀਰ ਦੀ ਥਕਾਵਟ ਨੂੰ ਤਾਂ ਦੂਰ ਕਰਦੀ ਹੀ ਹੈ, ਨਾਲ ਹੀ ਮਾਨਸਿਕ ਤਣਾਅ ਨੂੰ ਵੀ ਦੂਰ ਰੱਖਦੀ ਹੈ। ਵਧੀ ਤਕਨੀਕ ਨੇ ਮਨੁੱਖ ਨੂੰ ਸਰੀਰਕ ਤੌਰ 'ਤੇ ਕੰਮ ਕਰਨ ਤੋਂ ਤਾਂ ਨਿਜਾਤ ਦਿਵਾ ਦਿੱਤੀ ਹੈ ਪਰ ਨਾਲ ਹੀ ਇਸ ਨੇ ਉਸ ਦੀ ਮਾਨਸਿਕ ਸ਼ਕਤੀ ਨੂੰ ਵੀ ਸੁੰਗੜਾ ਦਿੱਤਾ ਹੈ। ਹੱਥੀਂ ਕੰਮ ਨਾ ਕਰਨ ਕਰਕੇ ਉਹ ਅੰਦਰੋਂ ਆਪਣੀ ਮਜ਼ਬੂਤੀ ਨੂੰ ਖੋਹ ਚੁੱਕਾ ਹੈ। ਭਵਿੱਖ ਦੇ ਸੁਪਨਿਆਂ ਦੀ ਪੂਰਤੀ ਕਰਨ ਹਿਤ ਆਪਣੇ ਅਸਲ ਟੀਚਿਆਂ ਤੋਂ ਏਨਾ ਕੁ ਭਟਕ ਗਿਆ ਹੈ ਕਿ ਉਹ ਭਵਿੱਖ ਨੂੰ ਸੰਵਾਰਨ ਦੇ ਚੱਕਰ ਵਿਚ ਆਪਣੇ ਵਰਤਮਾਨ ਨੂੰ ਵੀ ਖਰਾਬ ਕਰ ਰਿਹਾ ਹੈ। ਮਾਨਸਿਕ ਉਲਝਣਾਂ ਨੇ ਉਸ ਦੇ ਅੰਦਰਲੇ ਸਬਰ, ਸੰਤੋਖ ਨੂੰ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ। ਸਾਡੀਆਂ ਭਾਵਨਾਵਾਂ ਸਾਡੇ ਕਾਬੂ ਤੋਂ ਬਾਹਰ ਹੋ ਚੁੱਕੀਆਂ ਹਨ। ਲੋੜ ਹੈ ਚੰਗੀ ਸੋਚ, ਹਾਂ-ਪੱਖੀ ਭਾਵਨਾਵਾਂ ਅਤੇ ਆਪਣੀਆਂ ਇੱਛਾਵਾਂ ਨੂੰ ਸੀਮਤ, ਨਿਰਧਾਰਤ ਕਰਨ ਦੀ, ਤਾਂ ਕਿ ਅਸੀਂ ਤਣਾਅ ਅਤੇ ਪ੍ਰੇਸ਼ਾਨੀਆਂ ਤੋਂ ਨਿਜਾਤ ਪਾ ਸਕੀਏ।

-ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾ: 98556-00701


ਖ਼ਬਰ ਸ਼ੇਅਰ ਕਰੋ

ਕਿਵੇਂ ਹੋਣਗੇ ਆਪਣੀ ਸੁਰੱਖਿਆ ਲਈ ਬੇਫਿਕਰ?

ਜੇ ਅਸੀਂ ਅੱਜਕਲ੍ਹ ਦੇਸ਼ ਵਿਚ ਵਧ ਰਹੇ ਅਪਰਾਧਿਕ ਮਾਮਲਿਆਂ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਲਗਪਗ ਸਭ ਸੂਬਿਆਂ ਵਿਚ ਇਹ ਅਪਰਾਧਿਕ ਮਾਮਲੇ ਵਧਦੇ ਹੀ ਜਾਂਦੇ ਹਨ ਅਤੇ ਹਰ ਪਾਸੇ ਹਿੰਸਾ ਦਾ ਬੋਲਬਾਲਾ ਹੀ ਨਜ਼ਰ ਆਉਂਦਾ ਹੈ। ਅਜਿਹੇ ਹਾਲਾਤ ਵਿਚ ਸ਼ਾਂਤੀ ਪਸੰਦ ਨਾਗਰਿਕਾਂ ਲਈ ਆਪਣੀ ਸੁਰੱਖਿਆ ਦੀ ਚਿੰਤਾ ਵਧਦੀ ਹੀ ਜਾਂਦੀ ਹੈ। ਕਈ ਵਾਰ ਤਾਂ ਬਿਨਾਂ ਕਿਸੇ ਕਾਰਨ ਹੀ ਆਮ ਸ਼ਹਿਰੀਆਂ 'ਤੇ ਇਹ ਹਿੰਸਾ ਥੋਪ ਦਿੱਤੀ ਜਾਂਦੀ ਹੈ। ਇਹ ਗੱਲ ਵੀ ਸਾਫ਼ ਹੈ ਕਿ ਅਜਿਹੇ ਅਪਰਾਧਿਕ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਸਾਡੀ ਸੁਰੱਖਿਆ ਲਈ ਕੇਵਲ ਪੁਲਿਸ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੁੰਦਾ ਹੈ। ਪਰ ਗ੍ਰਹਿ ਮੰਤਰਾਲੇ ਦੀ ਆਪਣੀ ਰਿਪੋਰਟ ਤਾਂ ਬਹੁਤ ਹੀ ਮਨ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਸਮੇਂ ਦੇਸ਼ ਵਿਚ 5 ਲੱਖ 28 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਇਸ ਸਥਿਤੀ ਵਿਚ ਕੌਣ ਕਰੇਗਾ ਆਮ ਸ਼ਹਿਰੀਆਂ ਦੀ ਸੁਰੱਖਿਆ ਦਾ ਕੰਮ ਜਾਂ ਪੁਲਿਸ ਨੂੰ ਛੱਡ ਲੋਕ ਹੋਰ ਕਿਸ 'ਤੇ ਆਪਣੀ ਸੁਰੱਖਿਆ ਲਈ ਨਿਰਭਰ ਹੋਣ? ਇਨ੍ਹਾਂ ਅੰਕੜਿਆਂ ਅਨੁਸਾਰ ਇਹ ਵੀ ਦੱਸਿਆ ਗਿਆ ਹੈ ਕਿ ਸਭ ਸੂਬਿਆਂ ਵਿਚ ਪੁਲਿਸ ਬਲ 'ਚ 23,79,728 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਕੇਵਲ 18,51,332 ਨੂੰ ਹੀ ਭਰਿਆ ਗਿਆ ਹੈ ਅਤੇ ਇਨ੍ਹਾਂ ਦੇ ਭਰਨ ਦੀ ਤਰੀਕ 1 ਜਨਵਰੀ, 2018 ਦੱਸੀ ਗਈ ਹੈ, ਜਿਸ ਦਾ ਭਾਵ ਹੈ ਕਿ ਉਸ ਤੋਂ ਬਾਅਦ ਤਾਂ ਹੋਰ ਹਜ਼ਾਰਾਂ ਪੁਲਿਸ ਮੁਲਾਜ਼ਮ ਸੇਵਾਮੁਕਤ ਹੋ ਚੁੱਕੇ ਹੋਣਗੇ ਅਤੇ ਆਮ ਲੋਕ ਸੁਰੱਖਿਆ ਤੋਂ ਵਾਂਝੇ ਹੋ ਗਏ ਹੋਣਗੇ। ਯੂ.ਪੀ. ਵਿਚ ਜੋ 2,85,540 ਪੁਲਿਸ ਆਸਾਮੀਆਂ ਖਾਲੀ ਪਈਆਂ ਸਨ, ਉਹ ਭਰਨ ਦੇ ਬਾਵਜੂਦ ਵੀ 1,28,952 ਅਸਾਮੀਆਂ ਅਜੇ ਵੀ ਖਾਲੀ ਹਨ। ਇਸੇ ਤਰ੍ਹਾਂ ਬਿਹਾਰ ਵਿਚ ਕੁੱਲ 1,28,286 ਮਨਜ਼ੂਰ ਅਸਾਮੀਆਂ ਵਿਚੋਂ 50,291 ਖਾਲੀ ਹਨ। ਪੱਛਮੀ ਬੰਗਾਲ ਵਿਚ 48,981 ਅਤੇ ਮਹਾਂਰਾਸ਼ਟਰ ਵਿਚ 26,195 ਅਹੁਦੇ ਖਾਲੀ ਹਨ? ਇਸੇ ਤਰ੍ਹਾਂ ਬਾਕੀ ਸੂਬਿਆਂ ਦਾ ਵੀ ਇਹੀ ਹਾਲ ਹੈ। ਮੱਧ ਪ੍ਰਦੇਸ਼ ਵਿਚ 22,355, ਤਾਮਿਲਨਾਡੂ ਪੁਲਿਸ ਵਿਚ 22,420, ਕਰਨਾਟਕ ਵਿਚ 21,943, ਗੁਜਰਾਤ 21,070, ਝਾਰਖੰਡ 18,931, ਰਾਜਸਥਾਨ ਵਿਚ 18,003 ਅਹੁਦੇ ਖਾਲੀ ਹਨ, ਪਰ ਇਨ੍ਹਾਂ ਅੰਕੜਿਆਂ ਵਿਚ ਪੰਜਾਬ ਦਾ ਵੇਰਵਾ ਨਹੀਂਂ ਦੱਸਿਆ ਗਿਆ ਪਰ ਪੰਜਾਬ ਵਿਚ ਵੀ ਪੁਲਿਸ ਦਾ ਹਰ ਅਹੁਦਾ ਭਰਿਆ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਪੁਲਿਸ ਦੀ ਨਿਗਰਾਨੀ ਦੀ ਵਧੇਰੇ ਲੋੜ ਹੈ। ਇਹ ਗੱਲ ਵੀ ਅਫ਼ਸੋਸ ਵਾਲੀ ਹੈ ਕਿ ਜਦੋਂ ਦੇਸ਼ ਵਿਚ ਬੇਰੁਜ਼ਗਾਰੀ ਸਿਖਰਾਂ 'ਤੇ ਹੋਵੇ ਅਤੇ ਦੇਸ਼ ਦੇ ਨੌਜਵਾਨ ਲੜਕੇ-ਲੜਕੀਆਂ ਚੰਗੀ ਨੌਕਰੀ ਲਈ ਮਾਰੇ-ਮਾਰੇ ਫਿਰਦੇ ਹੋਣ, ਤਾਂ ਏਨੀ ਵੱਡੀ ਸੰਖਿਆ ਵਿਚ ਪੁਲਿਸ ਜਿਹੇ ਮਹਿਕਮੇ ਵਿਚ ਪੋਸਟਾਂ ਦਾ ਖਾਲੀ ਹੋਣਾ ਸਰਕਾਰ ਦੀ ਬੇਰੁਖ਼ੀ ਦਾ ਹੀ ਸਬੂਤ ਬਣਦੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਕਿ ਲੋਕਾਂ ਨੂੰ ਬਣਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ। ਮੋਬਾ: 98764-52223

ਕਦੋਂ ਬਿਹਤਰ ਹੋਵੇਗੀ ਕਿਸਾਨ ਦੀ ਦਸ਼ਾ?

ਅੱਜ ਖੇਤੀ ਨਿਘਾਰ ਵੱਲ ਜਾ ਰਹੀ ਹੈ। ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਕਿਸਾਨ ਨੂੰ ਜਾਗਰੂਕ ਹੋਣ ਦੀ। ਜੇਕਰ ਸੱਚਮੁਚ ਸਰਕਾਰ ਗੰਭੀਰ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਤਾਂ ਉਸ ਨੂੰ ਜਲਦੀ ਹੀ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਕਿਸਾਨ ਦੇ ਹਿਤਾਂ ਦਾ ਖਿਆਲ ਰੱਖਿਆ ਜਾਵੇ। ਸਿਆਸੀ ਪਾਰਟੀਆਂ ਝੂਠੇ ਵਾਅਦੇ ਕਰਕੇ, ਲਾਲਚ ਦੇ ਕੇ ਚੋਣਾਂ ਤਾਂ ਸਰ ਕਰ ਲੈਂਦੀਆਂ ਹਨ ਪਰ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਕੁਝ ਨਾ ਦੇਣਾ ਹੁੰਦਾ ਹੈ। ਸਿਆਸਤਦਾਨ ਆਪਣਾ ਫਾਇਦਾ ਲੈ ਲੈਂਦੇ ਹਨ ਪਰ ਆਮ ਲੋਕਾਂ ਦੇ ਹਿੱਸੇ ਗਰੀਬੀ, ਲਾਚਾਰੀ ਤੇ ਭੁੱਖਮਰੀ ਆਉਂਦੀ ਹੈ। ਭਾਰਤੀ ਖੇਤੀ ਖੇਤਰ ਵਿਚ ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦੇ ਰੂਪ ਵਿਚ ਰਸਾਇਣਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦਾ ਫਾਇਦਾ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ ਵਿਚਲੇ ਬੰਦਿਆਂ ਨੂੰ ਬਹੁਤ ਮੁਨਾਫਾ ਦੇ ਕੇ ਵਿਕਰੀ ਜ਼ਿਆਦਾ ਵਧਾ ਕੇ ਲਾਭ ਲੈ ਰਹੀਆਂ ਹਨ, ਜਿਸ ਨਾਲ ਧਰਤੀ ਹੇਠਲਾ ਪਾਣੀ, ਹਵਾ, ਮਿੱਟੀ ਦਿਨੋ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ। ਪੰਜਾਬ ਵਿਚ ਮਾਲਵਾ ਪੱਟੀ ਨੂੰ ਕੈਂਸਰ ਪੱਟੀ ਕਰਾਰ ਦੇ ਦਿੱਤਾ ਗਿਆ ਹੈ। ਦਿਨੋ-ਦਿਨ ਕਿਸਾਨ ਕਰਜ਼ਦਾਰ ਹੋ ਰਿਹਾ ਹੈ। ਇਕ ਦਿਨ ਉਹ ਖੇਤੀ ਦੇ ਧੰਦੇ ਤੋਂ ਵਾਂਝੇ ਹੋ ਜਾਣਗੇ। ਜ਼ਿਮੀਂਦਾਰ ਨੂੰ ਆਪਣੇ-ਆਪ ਨੂੰ ਸਹੀ ਰੱਖਣ ਲਈ ਕਮਾਈ ਵਧਾਉਣੀ ਪਵੇਗੀ। ਕਿਸਾਨਾਂ ਦੀ ਬਿਹਤਰੀ ਲਈ ਸਰਕਾਰ ਨੇ ਕਈ ਕਮੇਟੀਆਂ ਬਣਾਈਆਂ। ਕਮੇਟੀਆਂ ਨੇ ਚੰਗੀਆਂ ਸਿਫਾਰਸ਼ਾਂ ਕੀਤੀਆਂ ਪਰ ਕਿਸਾਨਾਂ ਦੀ ਹਾਲਤ ਵਿਚ ਕੋਈ ਸੁਧਾਰ ਨਾ ਆਇਆ। ਸਾਰੇ ਦੇਸ਼ ਵਿਚ ਕਿਸਾਨ ਇਕੱਠੇ ਹੋਣ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਪਰ ਕਿਸਾਨ ਯੂਨੀਅਨਾਂ ਦੇ ਆਗੂ ਸਰਕਾਰ ਕੋਲ ਵਿਕ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਵਿਚੋਂ ਕਈ ਲੋਕਾਂ ਨੇ ਸਰਕਾਰ ਨਾਲ ਰਲ ਕੇ ਆਪਣੇ ਨਿੱਜੀ ਫਾਇਦੇ ਲੈ ਲਏ ਹਨ ਪਰ ਕਿਸਾਨ ਉਸੇ ਤਰ੍ਹਾਂ ਹੀ ਆਪਣੀ ਗੁਰਬਤ ਵਿਚ ਰੁਲ ਰਿਹਾ ਹੈ ਪਰ ਇਨ੍ਹਾਂ ਆਗੂਆਂ ਨੇ ਆਪਣੇ ਘਰ ਭਰ ਲਏ। ਸੋਚੋ ਕਿਸਾਨ ਕਿਧਰ ਜਾਵੇ? ਇਸ ਦੀ ਦਸ਼ਾ ਕਦੋਂ ਬਿਹਤਰ ਹੋਵੇਗੀ?

-ਪਿੰਡ ਝੱਤਰੇ, ਤਹਿ: ਜ਼ੀਰਾ (ਫਿਰੋਜ਼ਪੁਰ)। ਮੋਬਾ: 78144-90249

ਸਮਾਜ ਦੇ ਸੁਧਾਰ ਲਈ ਮਾਨਸਿਕਤਾ ਬਦਲਣ ਦੀ ਲੋੜ

ਮਨੁੱਖ ਆਪਣੇ-ਆਪ ਨੂੰ ਸੱਭਿਅਕ ਸਮਾਜਿਕ ਪ੍ਰਾਣੀ ਕਹਾਉਂਦਾ ਹੈ ਅਤੇ ਆਪਣੇ-ਆਪ ਨੂੰ ਇਸ ਧਰਤੀ 'ਤੇ ਮੌਜੂਦ ਹਰ ਜੀਵ-ਜੰਤੂ ਤੋਂ ਸਰਬੋਤਮ ਸਮਝਦਾ ਹੈ ਅਤੇ ਅਜਿਹਾ ਹੈ ਵੀ, ਪਰ ਜਦੋਂ ਕੁਦਰਤ ਦੀ ਬੇਹੁਰਮਤੀ, ਕੁਦਰਤ ਨਾਲ ਛੇੜਛਾੜ ਦੀਆਂ ਘਟਨਾਵਾਂ ਅਤੇ ਸੱਭਿਅਕ ਸਮਾਜ ਦੇ ਸੰਚਾਲਨ ਲਈ ਮਨੁੱਖ ਵਲੋਂ ਆਪ ਹੀ ਬਣਾਏ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਤਾਂ ਮਨੁੱਖ ਦੀ ਸਰਬੋਤਮਤਾ 'ਤੇ ਸ਼ੱਕ ਹੁੰਦਾ ਹੈ। ਭਾਵੇਂ ਸਾਰੀ ਮਨੁੱਖ ਜਾਤੀ ਇਸ ਤਰ੍ਹਾਂ ਦੀ ਨਹੀਂਂ ਹੈ ਪਰ ਬਹੁਗਿਣਤੀ ਮਨੁੱਖ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਕੋਈ ਵੀ ਜੀਵ-ਜੰਤੂ ਜਿਸ ਕੁਦਰਤੀ ਮਾਹੌਲ ਵਿਚ ਰਹਿੰਦਾ ਹੈ, ਉਸ ਨੂੰ ਨੁਕਸਾਨ ਨਹੀਂਂ ਪਹੁੰਚਾਉਂਦਾ ਪਰ ਸਰਬੋਤਮ ਕਹਾਉਣ ਵਾਲਾ ਮਨੁੱਖ ਪੈਸੇ ਦੀ ਹੋੜ, ਹੈਂਕੜਬਾਜ਼ੀ ਪੁਗਾਉਣ ਦੇ ਚੱਕਰ ਵਿਚ ਪਾਣੀ ਦੀ ਦੁਰਵਰਤੋ, ਜੰਗਲਾਂ ਦਾ ਖਾਤਮਾ, ਮਾਈਨਿੰਗ, ਰਹਿਣਯੋਗ ਵਾਤਾਵਰਨ ਦਾ ਖਾਤਮਾ, ਹਥਿਆਰਾਂ ਦੀ ਦੁਰਵਰਤੋਂ, ਕਈ ਤਰ੍ਹਾਂ ਦੇ ਪ੍ਰਦੂਸ਼ਣ ਫੈਲਾ ਕੇ ਆਪਣੇ ਰਹਿਣ ਵਾਲੇ ਮਾਹੌਲ ਨੂੰ ਖਤਰਨਾਕ ਹੱਦ ਤੱਕ ਗੰਧਲਾ ਕਰ ਬੈਠੇ ਹਨ। ਇੱਥੋ ਤੱਕ ਕਿ ਨਰੋਏ, ਸਿਹਤਮੰਦ ਅਤੇ ਸੱਭਿਅਕ ਸਮਾਜ ਦੀ ਸਿਰਜਣਾ ਹਿੱਤ ਬਣਾਏ ਕਾਨੂੰਨਾਂ ਅਤੇ ਨਿਯਮਾਂ ਨੂੰ ਤੋੜਨ ਵਿਚ ਆਪਣੀ ਸ਼ਾਨ ਸਮਝਦੇ ਹਨ। ਟ੍ਰੈਫਿਕ ਨਿਯਮ ਜੋ ਮਨੁੱਖਾਂ ਦੀ ਸੁਰੱਖਿਆ ਹਿੱਤ ਬਣਾਏ ਗਏ ਹਨ ਪਰ ਕਈ ਲੋਕ ਇਨ੍ਹਾਂ ਨਿਯਮਾਂ ਨੂੰ ਤੋੜਦੇ ਹਨ ਅਤੇ ਆਪਣੇ ਨਾਲ-ਨਾਲ ਹੋਰਨਾਂ ਦੀ ਜਾਨ ਵੀ ਖਤਰੇ ਵਿਚ ਪਾਉਂਦੇ ਹਨ। ਅਸੀਂ ਲੋਕ ਆਪਣੇ ਘਰ ਦਾ ਗੰਦ, ਕੂੜਾ-ਕਰਕਟ ਸਹੀ ਥਾਂ ਸੁੱਟਣ ਦੀ ਥਾਂ ਸਰਵਜਨਕ ਥਾਵਾਂ, ਸੜਕਾਂ ਕਿਨਾਰੇ, ਗਲੀਆਂ, ਮੋੜਾਂ, ਨਾਲੀਆਂ ਆਦਿ ਵਿਚ ਸੁੱਟਣ ਨੂੰ ਤਰਜੀਹ ਦਿੰਦੇ ਹਾਂ, ਜੋ ਕਿ ਜਿੱਥੇ ਆਲੇ-ਦੁਆਲੇ ਨੂੰ ਬਦਸੂਰਤ ਬਣਾਉਂਦੇ ਹਨ, ਉੱਥੇ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਸੜਕਾਂ, ਗਲੀਆਂ ਜਨਤਕ ਥਾਵਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਆਦਿ 'ਤੇ ਖੁੱਲ੍ਹੇ ਵਿਚ ਥੁੱਕਣਾ, ਪਿਸ਼ਾਬ ਕਰਨਾ ਬਹੁਤ ਆਮ ਗੱਲ ਹੈ। ਸਰਕਾਰਾਂ ਨੂੰ ਆਪਣੇ ਨਾਗਰਿਕਾਂ ਨੂੰ ਸਿਰਫ ਇਨ੍ਹਾਂ ਗ਼ਲਤ ਹਰਕਤਾਂ ਤੋਂ ਰੋਕਣ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨੀ ਪੈ ਰਹੀ ਹੈ। ਜਦੋਂ ਇਹੀ ਲੋਕ ਵਿਦੇਸ਼ਾਂ ਦੀ ਧਰਤੀ ਜਾਂ ਜਿੱਥੇ ਪ੍ਰਸ਼ਾਸਨ ਅਤੇ ਪੁਲਿਸ ਦਾ ਡੰਡਾ ਸਖਤ ਹੁੰਦਾ ਹੈ, ਅਜਿਹੀਆਂ ਥਾਵਾਂ 'ਤੇ ਜਾਂਦੇ ਹਨ ਤਾਂ ਬਿਲਕੁਲ ਸਿੱਧੇ ਹੋਏ ਹੁੰਦੇ ਹਨ। ਅਜਿਹੀਆਂ ਘਟੀਆ ਕਾਰਵਾਈਆਂ ਕਰਨ ਵਾਲਾ ਭਾਵੇਂ ਸਿੱਧੇ ਤੌਰ 'ਤੇ ਮੁੱਖ ਦੋਸ਼ੀ ਹੈ ਪਰ ਪ੍ਰਸ਼ਾਸਨ, ਪੁਲਿਸ ਤੰਤਰ, ਸਬੰਧਿਤ ਵਿਭਾਗ ਅਤੇ ਕਰਮਚਾਰੀ ਜੋ ਅਜਿਹੇ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ, ਉਹ ਵੀ ਦੋਸ਼ੀ ਹਨ। ਰਾਜਨੀਤਕ, ਪ੍ਰਸ਼ਾਸਨਿਕ ਅਤੇ ਸਬੰਧਿਤ ਵਿਭਾਗਾਂ ਦੀ ਇੱਛਾ ਸ਼ਕਤੀ ਦੀ ਘਾਟ, ਨਲਾਇਕੀ ਅਤੇ ਮੌਕਾਪ੍ਰਸਤ ਪਹੁੰਚ, ਇਸ ਬਿਮਾਰ ਮਾਨਸਿਕਤਾ ਨੂੰ ਪ੍ਰਫੁੱਲਿਤ ਕਰਦੀਆਂ ਹਨ। ਵਿਦੇਸ਼ਾਂ ਦੀਆਂ ਸਿਫਤਾਂ ਕਰਨ ਨਾਲੋਂ ਸਾਨੂੰ ਸਭ ਨੂੰ ਮੌਕਾਪ੍ਰਸਤੀ ਅਤੇ ਨਿੱਜੀ ਗਰਜਾਂ ਛੱਡ ਕੇ ਆਪਣੇ ਪੰਜਾਬ ਅਤੇ ਦੇਸ਼ ਨੂੰ ਬਾਬੇ ਨਾਨਕ ਦੇ ਖਾਬਾਂ ਦਾ ਪੰਜਾਬ ਸਿਰਜਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

-ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਸ੍ਰੀ ਅਨੰਦਪੁਰ ਸਾਹਿਬ)। ਮੋਬਾ: 94630-26700

ਬੰਦ ਹੋਣ ਵਿਆਹਾਂ ਦੀਆਂ ਬੇਲੋੜੀਆਂ ਰਸਮਾਂ

ਜਿਵੇਂ-ਜਿਵੇਂ ਵਿੱਦਿਆ ਦਾ ਪਸਾਰ ਹੋ ਰਿਹਾ ਹੈ, ਬੇਲੋੜੇ ਰਸਮੋ-ਰਿਵਾਜ ਬੰਦ ਹੋਣੇ ਚਾਹੀਦੇ ਸਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਰਸਮੋ-ਰਿਵਾਜ ਘਟਣ ਦੀ ਬਜਾਏ ਵਧਦੇ ਹੀ ਜਾਂਦੇ ਹਨ। ਮੈਂ ਆਪਣੇ ਨਿੱਜੀ ਤਜਰਬੇ ਤੋਂ ਇਹ ਗੱਲ ਵੇਖੀ ਹੈ ਕਿ ਵਿਆਹ ਵਿਚ ਸਭ ਤੋਂ ਵੱਧ ਔਖਾ ਕਾਰਜ ਕਾਰਡ ਅਤੇ ਡੱਬੇ ਵੰਡਣ ਦਾ ਹੁੰਦਾ ਹੈ। ਕਈ ਵਾਰ ਵਿਆਹ ਦਾ ਕਾਰਡ ਡੱਬਾ ਦੇਣ ਗਿਆਂ ਦੇ ਦੁਰਘਟਨਾਵਾਂ ਵੀ ਹੋਈਆਂ ਹਨ ਭਾਵ ਰੰਗ ਵਿਚ ਭੰਗ ਵੀ ਪਈ ਹੈ ਪਰ ਅਸੀਂ ਫੇਰ ਵੀ ਬਿਨਾਂ ਸੋਚੇ-ਸਮਝੇ, ਵਿਚਾਰੇ ਅਜਿਹੇ ਬੇਲੋੜੇ ਰੀਤੀ ਰਿਵਾਜ ਨਿਭਾਈ ਜਾ ਰਹੇ ਹਾਂ। ਜਦੋਂ ਵਿਆਹ ਪੈਲੇਸਾਂ ਵਿਚ ਹੋ ਰਹੇ ਹਨ, ਜਿੱਥੇ ਖਾਣ-ਪੀਣ ਦਾ ਬਹੁਤ ਹੀ ਵਧੀਆਂ ਪ੍ਰਬੰਧ ਕੀਤਾ ਜਾਂਦਾ ਹੈ, ਅਨੇਕਾਂ ਕਿਸਮਾਂ ਦੀਆਂ ਮਠਿਆਈਆਂ ਅਤੇ ਭੋਜਨ ਖਾਣ ਨੂੰ ਮਿਲਦੇ ਹਨ, ਤੁਸੀਂ ਆਪ ਹੀ ਸੋਚੋ ਫੇਰ ਡੱਬਿਆਂ ਦੀ ਕੀ ਲੋੜ ਰਹਿ ਜਾਂਦੀ ਹੈ? ਉਂਜ ਤਾਂ ਅਸੀਂ ਹੋਰ ਅਨੇਕਾਂ ਕਾਰਜਾਂ ਲਈ ਟੈਲੀਫੋਨਾਂ ਦੀ ਵਰਤੋਂ ਕਰਦੇ ਹਾਂ, ਕੀ ਇਹ ਸਾਡੇ ਫੋਨ ਵਿਆਹ ਦੇ ਸੱਦੇ ਨਹੀਂਂ ਦੇ ਸਕਦੇ? ਦੇ ਸਕਦੇ ਹਨ! ਪਰ ਅਸੀਂ ਪਹਿਲਕਦਮੀ ਕਰਨ ਦੀ ਹਿੰਮਤ ਨਹੀਂਂ ਕਰਦੇ, ਰੀਸੋ-ਰੀਸੀ ਔਖੇ ਜ਼ਰੂਰ ਹੋਈ ਜਾਂਦੇ ਹਾਂ। ਪਹਿਲਾਂ ਹੀ ਟ੍ਰੈਫਿਕ ਵਧਣ ਕਾਰਨ ਸਾਡੇ ਦੇਸ਼ ਵਿਚ ਸਾਰੇ ਸਾਲ ਅੰਦਰ 5 ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ ਅਤੇ ਡੇਢ ਲੱਖ ਦੇ ਕਰੀਬ ਮੌਤਾਂ ਹੁੰਦੀਆਂ ਹਨ। ਜੇ ਅਸੀਂ ਅਜਿਹੇ ਬੇਲੋੜੇ ਰਸਮੋ-ਰਿਵਾਜ ਬੰਦ ਕਰ ਦਈਏ ਤਾਂ ਸੜਕਾਂ 'ਤੇ ਟ੍ਰੈਫਿਕ ਦੀ ਭੀੜ ਵੀ ਘਟ ਜਾਵੇ ਅਤੇ ਐਂਕਸੀਡੈਂਟ ਵੀ ਘਟ ਜਾਣ। ਘਰ ਦੇ 2-4 ਜੀਅ ਤਾਂ ਵਿਆਹ ਤੱਕ ਅਜਿਹੇ ਕੰਮ ਵਿਚ ਲੱਗੇ ਰਹਿੰਦੇ ਹਨ ਜਦੋਂ ਕਿ ਵਿਆਹ ਦੇ ਵਿਚ ਹੋਰ ਜ਼ਰੂਰੀ ਐਨੇ ਕੰੰਮ ਹੁੰਦੇ ਹਨ ਜੋ ਕਿ ਦੇਰ ਹੋਣ ਕਾਰਨ ਸਾਰੇ ਪਰਿਵਾਰ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਰਹਿੰਦੇ ਹਨ। ਜੇ ਵਿਆਹ ਦੇ ਰੁਝੇਵਿਆਂ ਕਾਰਨ ਦੂਰ-ਦੂਰਾਡੇ ਕਿਸੇ ਰਿਸ਼ਤੇਦਾਰੀ ਵਿਚ ਡੱਬਾ ਨਾ ਪਹੁੰਚੇ, ਉਹ ਇਸੇ ਗੱਲ 'ਤੇ ਨਾਰਾਜ਼ ਹੋ ਕੇ ਵਿਆਹ ਵਿਚ ਸ਼ਾਮਿਲ ਹੀ ਨਹੀਂਂ ਹੁੰਦੇ। ਮੈਂ ਤਾਂ ਹੈਰਾਨ ਹਾਂ, ਕਈ ਵਿਆਹਾਂ ਵਿਚ ਵੇਖਿਆ ਹੈ ਪੈਲੇਸਾਂ ਵਿਚ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਖਵਾ ਕੇ ਵੀ ਰਿਸ਼ਤੇਦਾਰਾਂ ਨੂੰ ਡੱਬੇ ਵੰਡੇ ਜਾਂਦੇ ਹੁੰਦੇ ਹਨ। ਅੱਜ ਤੋਂ 40-50 ਸਾਲ ਪਹਿਲਾਂ ਵੀ ਵਿਆਹ-ਸ਼ਾਦੀਆਂ ਹੁੰਦੀਆਂ ਸਨ, ਕੋਈ ਡੱਬਾ ਕਾਰਡ ਨਹੀਂਂ ਦਿੱਤੇ ਜਾਂਦੇ ਸਨ, ਛੋਟੀ ਜਿਹੀ ਪਰਚੀ ਲਿਖ ਕੇ ਰਾਜੇ ਜਾਂ ਕਿਸੇ ਹੋਰ ਲਾਗੀ ਨੂੰ ਰਿਸ਼ਤੇਦਾਰੀਆਂ ਵਿਚ ਭੇਜ ਦਿੱਤਾ ਜਾਂਦਾ ਸੀ। ਪਿੰਡ ਵਿਚ ਉਸੇ ਰਾਜੇ ਜਾਂ ਲਾਗੀ ਨੇ ਜ਼ਬਾਨੀ ਸੁਨੇਹੇ ਲਾ ਦੇਣੇ ਹੁੰਦੇ ਸਨ। ਲੋਕ ਕਿੰਨੇ ਸੌਖੇ ਸਨ, ਕਿੰਨੀ ਸਾਦਗੀ ਸੀ। । ਕੋਈ ਸਮਾਂ ਸੀ ਜਦੋਂ ਸਾਦੇ ਲੱਡੂਆਂ ਨੂੰ ਵੇਖ ਕੇ ਵੀ ਚਾਅ ਚੜ੍ਹਦਾ ਸੀ। ਹੁਣ ਅੱਧਾ ਪੰਜਾਬ ਤਾਂ ਸ਼ੂਗਰ ਦਾ ਮਰੀਜ਼ ਹੈ। ਪੰਜਾਬ ਵਿਚ ਇਹ ਭੈੜੀ ਰਸਮ ਅਮੀਰਾਂ ਜਾਂ ਦੋ ਨੰਬਰ ਦੇ ਪੈਸੇ ਵਾਲਿਆਂ ਨੇ ਲਿਆਂਦੀ ਹੈ। ਭੇਡ ਚਾਲ ਦੀ ਬਿਮਾਰੀ ਕਾਰਨ ਰੀਸੋ-ਰੀਸੀ ਗਰੀਬ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਮੈਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਮੈਦਾਨ ਵਿਚ ਆਉਣ, ਐਨੀ ਲੱਕ-ਤੋੜਵੀਂ ਮਹਿੰਗਾਈ ਦੇ ਦੌਰ ਵਿਚ ਅਜਿਹੇ ਬੇਲੋੜੇ ਕਾਰਜਾਂ ਨੂੰ ਬੰਦ ਕਰਨ ਦੀ ਪਹਿਲਕਦਮੀ ਕਰਨ ਤਾਂ ਕਿ ਅਸੀਂ ਇਨ੍ਹਾਂ ਰਸਮੋ-ਰਿਵਾਜਾਂ ਕਾਰਨ ਝਲਦੇ ਦੁੱਖਾਂ-ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕੀਏ। ਮੈਂ ਆਪਣੀ ਲਿਖਤ ਆਪਣੇ ਇਕ ਸ਼ਿਅਰ ਨਾਲ ਸਮਾਪਤ ਕਰਨ ਦੀ ਆਗਿਆ ਚਾਹਾਂਗਾ।

-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896

ਗਰਮੀ ਤੋਂ ਬਚਾਅ ਲਈ ਏ. ਸੀ. ਨਹੀਂਂ, ਦਰੱਖ਼ਤ ਲਾਉਣ ਦੀ ਲੋੜ

ਅੰਤਾਂ ਦੀ ਪੈ ਰਹੀ ਗਰਮੀ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਸੰਨਾਟਾ ਛਾਇਆ ਆਮ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਗਰਮੀ ਤੋਂ ਬਚਾਅ ਲਈ ਸੜਕਾਂ 'ਤੇ ਜਾਂਦੇ ਲੋਕ ਮੂੰਹ 'ਤੇ ਕੱਪੜਾ, ਛਤਰੀ, ਸਿਰ 'ਤੇ ਗਿੱਲਾ ਕੱਪੜਾ ਰੱਖ ਕੇ ਗਰਮੀ ਤੋਂ ਬਚਾਅ ਲਈ ਵੱਖ-ਵੱਖ ਕਿਸਮ ਦੇ ਨੁਕਤੇ ਵਰਤਦੇ ਦਿਖਾਈ ਦੇ ਰਹੇ ਹਨ, ਉੱਥੇ ਹੀ ਲੋਕ ਇਲੈਟ੍ਰੋਨਿਕਸ ਦੀਆਂ ਦੁਕਾਨਾਂ 'ਤੇ ਏ.ਸੀ. ਅਤੇ ਇਲੈਕਟ੍ਰੋਨਿਕ ਕੂਲਰ ਖਰੀਦਦੇ ਵੀ ਆਮ ਦਿਖਾਈ ਦੇ ਰਹੇ ਹਨ। ਬੇਹੱਦ ਗਰਮੀ ਪੈਣ ਕਾਰਨ ਜ਼ਿਆਦਾਤਰ ਮਾਰ ਗਰੀਬ ਵਰਗ ਨੂੰ ਪੈ ਰਹੀ ਹੈ, ਜੋ ਏ. ਸੀ. ਖਰੀਦਣ ਤੋਂ ਅਸਮਰੱਥ ਹਨ ਅਤੇ ਕੂਲਰ ਨਾਲ ਠੰਢਕ ਮਹਿਸੂਸ ਨਹੀਂਂ ਕਰ ਸਕਦੇ। ਇਸ ਲਈ ਗਰੀਬ ਵਰਗ ਦੇ ਲੋਕ ਗਰਮੀ ਦੇ ਸਤਾਏ ਗਰਮੀ ਦੇ ਸੇਕ ਨਾਲ ਸੜਨ ਲਈ ਮਜਬੂਰ ਹਨ ਪਰ ਜੋ ਲੋਕ ਏ.ਸੀ. ਖ਼ਰੀਦ ਲੈਂਦੇ ਹਨ, ਜਦਕਿ ਏ.ਸੀ. ਤੋਂ ਲੱਗਣ ਵਾਲੀਆਂ ਬਿਮਾਰੀਆਂ ਦੇ ਪੂਰੀ ਜ਼ਿੰਦਗੀ ਲਈ ਸ਼ਿਕਾਰ ਹੋ ਜਾਂਦੇ ਹਨ। ਇਸੇ ਲਈ ਬਿਮਾਰੀਆਂ ਤੋਂ ਬਚਣ ਲਈ ਅਤੇ ਦਿਨੋ-ਦਿਨ ਵਧਦੇ ਤਾਪਮਾਨ ਦੇ ਹੱਲ ਲਈ ਏ.ਸੀ. ਲਾਉਣ ਦੀ ਬਜਾਏ ਸਾਨੂੰ ਦਰੱਖ਼ਤ ਲਾਉਣ ਦੀ ਅਹਿਮ ਲੋੜ ਹੈ, ਜਿਸ ਵਾਸਤੇ ਨਾ ਤਾਂ ਸਾਡੀਆਂ ਸਰਕਾਰਾਂ ਕੋਈ ਉਪਰਾਲਾ ਕਰ ਰਹੀਆਂ ਹਨ ਅਤੇ ਨਾ ਹੀ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਕੋਈ ਅਹਿਮ ਕਦਮ ਚੁੱਕ ਰਹੇ ਹਾਂ। ਗਰਮੀ ਤੋਂ ਰਾਹਤ ਪਾਉਣ ਲਈ ਭਵਿੱਖ ਵਿਚ ਤਦ ਹੀ ਬਚਿਆ ਜਾ ਸਕਦਾ ਹੈ, ਜੇਕਰ ਸਾਡੀਆਂ ਸਰਕਾਰਾਂ ਦਰੱਖ਼ਤ ਲਵਾਉਣ ਲਈ ਕੋਈ ਕਦਮ ਚੁੱਕਣਗੀਆਂ ਅਤੇ ਜਨਤਾ ਵੀ ਆਪਣਾ ਫ਼ਰਜ਼ ਸਮਝ ਕੇ ਆਪਣੇ ਆਲੇ-ਦੁਆਲੇ ਖਾਲੀ ਪਈਆਂ ਥਾਵਾਂ 'ਚ ਦਰੱਖਤ ਲਾਵੇਗੀ। ਪਿਛਲੇ ਕਈ ਸਾਲਾਂ ਵਿਚ ਸੜਕਾਂ ਚੌੜੀਆਂ ਹੋਣ ਕਾਰਨ ਸੜਕਾਂ ਦੇ ਕਿਨਾਰਿਆਂ ਅਤੇ ਹੋਰਨਾਂ ਥਾਵਾਂ ਤੋਂ ਹੋਈ ਦਰੱਖ਼ਤਾਂ ਦੀ ਕਟਾਈ ਕਾਰਨ ਤਾਪਮਾਨ ਵਿਚ ਕਈ ਫ਼ੀਸਦੀ ਵਾਧਾ ਹੋਇਆ ਹੈ, ਜੋ ਕਿ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਸਿੱਧ ਹੋ ਰਿਹਾ ਹੈ ਅਤੇ ਜਿਸ ਦਾ ਜ਼ਿਆਦਾਤਰ ਨੁਕਸਾਨ ਹੇਠਲੇ ਵਰਗ ਨੂੰ ਭੁਗਤਣਾ ਪੈ ਰਿਹਾ ਹੈ, ਗਰਮੀ ਦਾ ਅਸਲੀ ਸੇਕ ਸਰਹੱਦ 'ਤੇ ਖੜ੍ਹੇ ਸੁਰੱਖਿਆ ਬਲਾਂ, ਖੇਤਾਂ 'ਚ ਕੰਮ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਪੁੱਛੋ ਜੋ ਏ.ਸੀ. ਤਾਂ ਬਹੁਤ ਦੂਰ, ਬਿਨਾਂ ਪੱਖੇ ਤੋਂ ਕੰਮ ਕਰਦੇ ਹਨ, ਜਿਨ੍ਹਾਂ ਨੂੰ ਸਿਰਫ ਦਰੱਖਤਾਂ ਤੋਂ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਦਾ ਹੀ ਸਹਾਰਾ ਹੁੰਦਾ ਹੈ। ਇਸ ਲਈ ਵਧ ਰਹੇ ਤਾਪਮਾਨ ਨੂੰ ਰੋਕਣ ਲਈ ਅੱਜ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਦੀਆਂ ਸੰਪਰਕ ਸੜਕਾਂ ਅਤੇ ਮੁੱਖ ਮਾਰਗਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਵਾਏ, ਜਿਵੇਂ ਅੰਗਰੇਜ਼ ਆਪਣੇ ਸ਼ਾਸਨ ਦੌਰਾਨ ਲਗਾਉਂਦੇ ਸਨ ਅਤੇ ਭਲਾਈ ਸੰਸਥਾਵਾਂ ਤੇ ਜਨਤਾ ਨੂੰ ਮੁਫ਼ਤ ਦਰੱਖਤ ਮੁਹੱਈਆ ਕਰਵਾਏ, ਜੋ ਕਿ ਦਰੱਖ਼ਤ ਲਗਾਉਣ 'ਚ ਦਿਲਚਸਪੀ ਰੱਖਦੀ ਹੋਵੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੰਮਾਂਕਾਰਾਂ ਅਤੇ ਤਣਾਅ ਭਰੀ ਜ਼ਿੰਦਗੀ ਵਿਚੋਂ ਆਪਣਾ ਸਮਾਂ ਕੱਢ ਕੇ ਦਰੱਖ਼ਤ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਜਨਤਾ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਵੀ ਦੇਵੇ, ਤਾਂ ਕਿ ਭਵਿੱਖ ਵਿਚ ਹੋਰ ਵੀ ਸੰਸਥਾਵਾਂ ਅਤੇ ਲੋਕ ਦਰੱਖ਼ਤ ਲਗਾਉਣ ਲਈ ਉਤਸ਼ਾਹਿਤ ਹੋਣ।

-ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 90828-60003

ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਨੀਤੀਆਂ ਬਦਲੇ ਸਰਕਾਰ

26 ਸਾਲ ਪੁਰਾਣੀ ਜੈੱਟ ਏਅਰਵੇਜ਼ ਨੂੰ ਪਏ ਘਾਟੇ ਕਾਰਨ ਤਾਲਾ ਲੱਗਣ ਕਰਕੇ 22,000 ਉੱਚ ਵਰਗ ਤੇ ਮੱਧ ਵਰਗ ਦੀਆਂ ਨੌਕਰੀਆਂ ਹੋ ਗਈਆਂ। ਇਸ ਤੋਂ ਪਹਿਲਾਂ ਸਹਾਰਾ ਏਅਰਲਾਈਨ, ਕਿੰਗਫਿਸ਼ਰ ਤੇ ਹੁਣ ਜੈੱਟ ਏਅਰਵੇਜ਼ ਦਾ ਪੱਖ ਨਹੀਂ ਸੁਣਿਆ ਗਿਆ। ਕਾਰਨ ਮਹਿੰਗਾ ਤੇਲ ਤੇ ਹਵਾਈ ਅੱਡਿਆਂ 'ਤੇ ਲੱਗਣ ਵਾਲਾ ਟੈਕਸ ਜੀ.ਐਸ.ਟੀ. ਤੋਂ ਬਾਹਰ ਰੱਖਿਆ ਗਿਆ। ਜੇਕਰ ਤੇਲ ਜੀ.ਐਸ.ਟੀ. ਦੇ ਅਧੀਨ ਹੁੰਦਾ ਤਾਂ ਜੈੱਟ ਏਅਰਵੇਜ਼ ਖਰਚ-ਆਮਦਨ ਦੇ ਸੰਤੁਲਨ ਨੂੰ ਬਣਾਈ ਰੱਖਦੀ। ਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਹਨ। ਪ੍ਰੇਮ ਜੀ ਯੂਨੀਵਰਸਿਟੀ ਦਾ ਇਕ ਅਧਿਐਨ ਦੱਸਦਾ ਹੈ ਕਿ ਨੋਟਬੰਦੀ ਦੇ ਕਾਰਨ 50 ਲੱਖ ਨੌਕਰੀਆਂ ਖ਼ਤਮ ਹੋ ਗਈਆਂ ਤੇ ਭਾਰਤੀ ਸਮਾਜ ਵਿਚ ਬੇਰੁਜ਼ਗਾਰੀ ਦਾ ਬੋਲਬਾਲਾ ਵਧਿਆ, ਪਰ ਕੇਂਦਰ ਸਰਕਾਰ ਦੇ ਪਸੰਦੀਦਾ ਕਾਰਪੋਰੇਟ ਮੁਨਾਫ਼ੇ ਵਿਚ ਰਹੇ ਪਰ ਹੇਠਲੇ ਵਰਗ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ ਦਾ ਦਿਵਾਲਾ ਨਿਕਲ ਰਿਹਾ ਹੈ। ਮੇਰੇ ਆਪਣੇ 'ਨਿਕੜੇ ਜਿਹੇ ਸੂਬੇ' ਪੰਜਾਬ ਵਿਚ ਹਾਲਾਤ ਬਦ ਤੋਂ ਬਦਤਰ ਹਨ। ਬੇਰੁਜ਼ਗਾਰ ਜਵਾਨੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਹੈ। ਕਿਸਾਨ ਖੁਦਕੁਸ਼ੀਆਂ ਲਗਾਤਾਰ ਜਾਰੀ ਹਨ। 'ਘਰ ਘਰ ਰੁਜ਼ਗਾਰ' ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸਰਕਾਰ ਨੇ ਪੜ੍ਹਿਆਂ-ਲਿਖਿਆਂ ਦੇ ਹੱਥਾਂ ਵਿਚ 5-7 ਹਜ਼ਾਰ ਰੁਪਏ ਦੇ ਨਿਯੁਕਤੀ ਪੱਤਰ ਦੇ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਮਹਿੰਗਾਈ ਦੇ ਜ਼ਮਾਨੇ ਵਿਚ ਰਾਜਨੀਤੀਵਾਨਾਂ ਤੋਂ ਸਮਾਜ ਠੱਗਿਆ ਮਹਿਸੂਸ ਕਰ ਰਿਹਾ ਹੈ। ਭਾਰਤ ਸਰਕਾਰ ਨੂੰ ਸੰਸਾਰ ਅੰਦਰ ਆਪਣਾ ਰੁਤਬਾ ਵਧਾਉਣ ਲਈ ਲੋਕ ਹਿਤ, ਗਰੀਬ ਪੱਖੀ ਫੈਸਲੇ ਪਹਿਲ ਦੇ ਆਧਾਰ 'ਤੇ ਕਰਨੇ ਪੈਣਗੇ ਅਤੇ ਆਪਣੀਆਂ ਨੀਤੀਆਂ ਵਿਚ ਸੁਧਾਰ ਕਰ ਕੇ ਗ਼ਰੀਬ ਵਰਗ ਵੱਲ ਧਿਆਨ ਦੇਣਾ ਪਵੇਗਾ ਨਹੀਂ ਤਾਂ ਭਾਰਤੀ ਸਮਾਜ ਵਿਚ ਸਮਾਜਕ ਤੇ ਆਰਥਿਕ ਪਾੜਾ ਹੋਰ ਵਧੇਗਾ।

-ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ (ਗੁਰਦਾਸਪੁਰ)।

ਅਲੋਪ ਹੋ ਰਿਹਾ ਹੈ ਆਪਸੀ ਭਾਈਚਾਰਾ

ਅੱਜਕਲ੍ਹ ਦੀ ਵਿਅਸਤ ਜ਼ਿੰਦਗੀ ਵਿਚ ਲੋਕਾਂ ਵਿਚ ਆਪਸੀ ਭਾਈਚਾਰਾ ਖ਼ਤਮ ਹੋ ਰਿਹਾ ਹੈ। ਪੁਰਾਣੇ ਸਮੇਂ ਵਿਚ ਮਨੋਰੰਜਨ ਦਾ ਸਾਧਨ ਪਿੰਡ ਦੀਆਂ ਸੱਥਾਂ ਹੁੰਦੀਆਂ ਸਨ, ਜਿਥੇ ਬੈਠ ਕੇ ਲੋਕ ਤਾਸ਼ ਖੇਡਦੇ ਸਨ ਅਤੇ ਦੁੱਖ-ਸੁਖ ਸਾਂਝੇ ਕਰਦੇ ਸਨ। ਪਿੰਡ ਦੀਆਂ ਸੱਥਾਂ ਇਕ ਇਹੋ ਜਿਹੀ ਜਗ੍ਹਾ 'ਤੇ ਹੁੰਦੀਆਂ ਸਨ ਜਿਥੇ ਤਾਜ਼ੀ ਹਵਾ ਮਿਲਦੀ ਸੀ। ਉਸ ਸਮੇਂ ਪਿੰਡ ਦੇ ਬਜ਼ੁਰਗ ਸੱਥਾਂ ਦੀ ਰੌਣਕ ਹੁੰਦੇ ਸਨ। ਇਹ ਗੱਲ ਕਿਸੇ ਨੇ ਸੱਚ ਕਹੀ ਹੈ ਕਿ ਉਦੋਂ ਘਰ ਕੱਚੇ ਸੀ ਤੇ ਦਿਲ ਸੱਚੇ ਸੀ, ਲੋਕਾਂ ਵਿਚ ਜ਼ਿੰਦਗੀ ਜਿਊਣ ਦੀ ਆਸ ਸੀ ਅਤੇ ਇਕ-ਦੂਜੇ 'ਤੇ ਵਿਸ਼ਵਾਸ ਸੀ।
ਅੱਜ ਬੱਚੇ ਅਤੇ ਬਜ਼ੁਰਗ ਪੈਸੇ ਦੀ ਦੌੜ ਵਿਚ ਫਸੇ ਹੋਏ ਹਨ। ਅਜੋਕੇ ਸਮੇਂ ਪਿੰਡ ਦੀਆਂ ਸੱਥਾਂ ਦੀ ਥਾਂ ਟੈਕਨਾਲੋਜੀ ਨੇ ਲੈ ਲਈ ਹੈ। ਅੱਜਕਲ੍ਹ ਆਪਸ ਵਿਚ ਇਕੱਠੇ ਬੈਠ ਕੇ ਗੱਲਾਂ ਕਰਨ ਦੀ ਬਜਾਏ ਇਕੱਲੇ ਬੈਠ ਕੇ ਮੋਬਾਈਲ 'ਤੇ ਸਮਾਂ ਬਤੀਤ ਕਰਨਾ ਚੁਣਦੇ ਹਾਂ। ਪਹਿਲਾਂ ਅਸੀਂ ਮੋਬਾਈਲ ਫੋਨ ਦੀ ਜਗ੍ਹਾ ਸੁਨੇਹਾ ਦੇਣ ਲਈ ਚਿੱਠੀਆਂ ਦੀ ਵਰਤੋਂ ਕਰਦੇ ਸੀ, ਅੱਜਕਲ੍ਹ ਚਿੱਠੀਆਂ ਵੀ ਅਲੋਪ ਹੋ ਗਈਆਂ ਹਨ। ਅਜੋਕੇ ਸਮੇਂ ਵਿਚ ਬੱਚੇ ਆਪਣੇ ਮਾਤਾ-ਪਿਤਾ ਨਾਲ ਦੁੱਖ-ਸੁਖ ਸਾਂਝੇ ਕਰਨ ਦੀ ਬਜਾਏ ਵਟਸਐਪ, ਫੇਸਬੁੱਕ, ਟਵਿੱਟਰ 'ਤੇ ਸਮਾਂ ਬਤੀਤ ਕਰਦੇ ਹਨ। ਟੈਕਨਾਲੋਜੀ ਭਾਵੇਂ ਸਾਡੇ ਲਈ ਵਰਦਾਨ ਹੈ, ਪਰ ਇਸ ਦੀ ਗ਼ਲਤ ਵਰਤੋਂ ਸਾਡੇ ਲਈ ਸਰਾਪ ਵੀ ਸਿੱਧ ਹੋ ਸਕਦੀ ਹੈ। ਉਹ ਵੀ ਦਿਨ ਹੁੰਦੇ ਸੀ ਜਦੋਂ ਰਾਤ ਨੂੰ ਅਸੀਂ ਬਜ਼ੁਰਗਾਂ ਕੋਲੋਂ ਬਾਤਾਂ ਸੁਣਦੇ ਸੀ, ਬੁਝਾਰਤਾਂ ਬੁੱਝਦੇ ਸੀ, ਜਿਸ ਨਾਲ ਦਿਮਾਗ ਦੀ ਸ਼ਕਤੀ ਤੇਜ਼ ਹੁੰਦੀ ਸੀ ਅਤੇ ਲੋਕ ਜ਼ਿੰਦਗੀ ਦਾ ਅਸਲ ਅਨੰਦ ਮਾਣਦੇ ਸੀ। ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਕਿਸੇ ਕੋਲ ਸਮਾਂ ਨਹੀਂਂ ਹੈ, ਜਿਸ ਕਰਕੇ ਲੋਕ ਆਪਣੀਆਂ ਗੱਲਾਂ ਦਿਲ ਵਿਚ ਹੀ ਦੱਬ ਲੈਂਦੇ ਹਨ, ਜਿਸ ਕਰਕੇ ਲੋਕ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਅਜੋਕੇ ਸਮੇਂ ਵਿਚ ਪਰਿਵਾਰ ਇਕੱਠੇ ਰਹਿਣ ਦੀ ਬਜਾਏ ਅਲੱਗ ਰਹਿਣਾ ਪਸੰਦ ਕਰਦੇ, ਜਿਸ ਕਰਕੇ ਬੱਚਿਆਂ ਵਿਚ ਬਜ਼ੁਰਗ ਉਹ ਭਾਵਨਾਵਾਂ ਜਾਗ੍ਰਿਤ ਨਹੀਂਂ ਕਰ ਸਕਦੇ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਜੇ ਸਾਡੀ ਆਲੇ-ਦੁਆਲੇ ਸਮਾਂ ਰਹਿੰਦੇ ਇਹ ਠੀਕ ਨਾ ਹੋਇਆ ਤਾਂ ਆਉਣ ਵਾਲੀ ਪੀੜ੍ਹੀ ਲਈ ਘਾਤਕ ਸਿੱਧ ਹੋ ਸਕਦਾ ਹੈ।

ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਕਦਰ ਜ਼ਰੂਰੀ

ਵਾਤਾਵਰਨ ਦਿਵਸ ਤੋਂ ਅਗਲੀ ਸਵੇਰ ਜਿਉਂ ਹੀ ਅਖ਼ਬਾਰ ਪੜ੍ਹਿਆ ਛੋਟੇ-ਛੋਟੇ ਬੂਟਿਆਂ ਨਾਲ ਵੱਖ-ਵੱਖ ਵਿਦਿਆਰਥੀਆਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੇਖ ਇਕ ਵਾਰ ਤਾਂ ਇੰਜ ਲੱਗਿਆ ਕਿ ਲੋਕ ਆਲਮੀ ਤਪਸ਼ ਨੂੰ ਘੱਟ ਕਰਨ ਲਈ ਕਾਫ਼ੀ ਜਾਗਰੂਕ ਹੋ ਰਹੇ ਨੇ। ਪਰ ਜੇਕਰ ਲੋਕ ਏਨੇ ਹੀ ਚੌਕਸ ਨੇ ਫਿਰ ਹੁਣ ਨੂੰ ਤਾਂ ਪੂਰਾ ਪੰਜਾਬ ਹਰਿਆ-ਭਰਿਆ ਹੋ ਜਾਣਾ ਸੀ। ਆਪਣੇ ਵਲ ਜ਼ਰਾ ਝਾਤ ਮਾਰਿਓ ਕਿਤੇ ਅਸੀਂ ਤਸਵੀਰਾਂ ਖਿਚਵਾਉਣ ਤੱਕ ਹੀ ਤਾਂ ਸੀਮਤ ਨਹੀਂ? ਕੋਈ ਸਮਾਂ ਸੀ ਜਦ ਪੇਂਡੂ ਲੋਕਾਂ ਦੀਆਂ ਸਿਖ਼ਰ ਦੁਪਹਿਰਾਂ ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਥੱਲੇ ਬੀਤਦੀਆਂ ਸੀ, ਪਰ ਹੁਣ ਬਨਾਉਟੀ ਏ. ਸੀ. ਕਮਰਿਆਂ ਦੀਆਂ ਠੰਢੀਆਂ ਹਵਾਵਾਂ ਖ਼ੂਨ ਜਮਾਈ ਰੱਖਦੀਆਂ ਨੇ। ਲੋਕਾਂ ਵਿਚ ਸਹਿਣ ਦੇ ਮਾਦੇ ਨਹੀਂ ਰਹੇ। ਰੁੱਖਾਂ ਨੇ ਸਿਖ਼ਰ ਦਪਹਿਰਾਂ ਦੀਆਂ ਧੁੱਪਾਂ, ਹਾੜ੍ਹੀ-ਸਾਉਣੀ ਦੇ ਨਾੜ ਦੀਆਂ ਅੱਗਾਂ ਦੀ ਤਪਸ਼ ਨੂੰ ਆਪਣੇ ਮਲੂਕ ਪਿੰਡਿਆਂ 'ਤੇ ਸਹਿ ਅਤੇ ਜ਼ਹਿਰੀਲਾ ਪਾਣੀ ਪੀ ਸਾਨੂੰ ਸਿਰ ਲੁਕਾਉਣ ਲਈ ਛਾਂ ਅਤੇ ਪੀਣ ਲਈ ਅੰਮ੍ਰਿਤ ਵਰਗਾ ਪਾਣੀ, ਸ਼ੁੱਧ-ਸਾਫ਼ ਹਵਾ ਸਾਨੂੰ ਦਿੱਤੀ ਪਰ ਅਸੀਂ ਅਹਿਸਮਾਨਫ਼ਰਮੋਸ਼ ਹੋ ਰੁੱਖਾਂ ਵਲੋਂ ਮੂੰਹ ਫੇਰ ਭੱਜੇ ਫਿਰ ਰਹੇ ਹਾਂ। ਸਮੁੱਚੀ ਕਾਇਨਾਤ ਵਿਚ ਆਪਣੇ-ਆਪ ਨੂੰ ਸਭ ਤੋਂ ਸਿਆਣਾ ਸਮਝਣ ਦਾ ਭੁਲੇਖਾ ਪਾਲੀ ਬੈਠੇ ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਰੁੱਖਾਂ ਦੀ ਹੋਂਦ ਤੋਂ ਬਗ਼ੈਰ ਗੁਜ਼ਾਰਾ ਨਹੀਂ। ਪੰਜਾਬ 'ਚ ਲੋਕ ਇਸ ਵਿਸ਼ੇ 'ਤੇ ਕਾਫ਼ੀ ਚਿੰਤਤ ਤਾਂ ਨੇ ਪਰ ਅਸੀਂ ਮੁਫ਼ਤ 'ਚ ਕੁਝ ਵੀ ਕਰਨ ਨੂੰ ਤਿਆਰ ਨਹੀਂ। ਵਾਤਾਵਰਨ ਬਚਾਉਣ ਲਈ ਕਿਸੇ ਸੰਸਥਾ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਸਮੂਹ ਕਿਸਾਨ ਵਰਗ ਅਤੇ ਹੋਰ ਜਿਨ੍ਹਾਂ ਨੂੰ ਸਬਸਿਡੀ ਤਹਿਤ ਮੁਫ਼ਤ ਬਿਜਲੀ ਦੀ ਸਹੂਲਤ ਹੈ, ਉਨ੍ਹਾਂ ਵਾਸਤੇ ਦਸ-ਦਸ ਬੂਟੇ ਲਗਾਉਣਾ ਤੇ ਪਾਲਣਾ ਲਾਜ਼ਮੀ ਕੀਤਾ ਜਾਵੇ। ਸਾਡੀ ਵਾਤਾਵਰਨ ਪ੍ਰਤੀ ਸੋਚ ਏਨੀ ਕੁ ਗੰਧਲੀ ਹੋ ਚੁੱਕੀ ਹੈ, ਅਸੀਂ ਆਪਣੇ ਨਿੱਜੀ ਮੁਨਾਫ਼ੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ। ਰੁੱਖਾਂ ਦੇ ਹਾਉਕਿਆਂ ਨੂੰ ਸੁਣਨ ਲਈ ਸਾਡੇ ਕੋਲ ਵਕਤ ਨਹੀਂ। ਬਰਸਾਤ ਦਾ ਮੌਸਮ ਸਾਡੇ ਬੂਹਿਆਂ ਦੀ ਕਗਾਰ 'ਤੇ ਹੈ। ਉਂਝ ਤਾਂ ਰੁੱਖ ਭਾਵੇਂ ਸਾਰਾ ਸਾਲ ਲਾਏ ਜਾ ਸਕਦੇ ਨੇ ਪਰ ਬਰਸਾਤ ਦਾ ਮੌਸਮ ਸਭ ਤੋਂ ਢੁਕਵਾਂ ਹੈ ਕਿਉਂਕਿ ਪਾਣੀ ਦੀ ਘਾਟ ਨਹੀਂ ਹੁੰਦੀ। ਰੁੱਖਾਂ ਨਾਲ ਬਹੁਤ ਸਾਰੇ ਪਸ਼ੂ-ਪੰਛੀਆਂ ਦਾ ਜੀਵਨ ਪੰਧ ਜੁੜਿਆ ਹੋਇਆ ਹੈ। ਪੰਛੀਆਂ ਨੇ ਆਪਣੇ ਹੱਕਾਂ ਲਈ ਕੋਈ ਬਗ਼ਾਵਤ, ਧਰਨਾ ਸਾਡੇ ਵਾਂਗ ਨਹੀਂ ਦਿੱਤਾ ਫਿਰ ਵੀ ਅਸੀਂ ਉਨ੍ਹਾਂ ਦੀ ਖਾਮੋਸ਼ੀ ਨੂੰ ਸਮਝ ਨਹੀਂ ਰਹੇ। ਰੁੱਖਾਂ ਦੇ ਵਿਲੱਖਣ ਸੰਸਾਰ ਬਿਨਾਂ ਸਾਡੀ ਜ਼ਿੰਦਗੀ ਵੀਰਾਨ ਹੈ। ਕਈ ਸਮਾਜ ਸੇਵੀ ਸੰਸਥਾਵਾਂ ਦੁਆਰਾ ਵੰਡੇ ਜਾ ਰਹੇ ਪੌਦਿਆਂ ਨੂੰ ਬੜੇ ਚਾਵਾਂ ਨਾਲ ਲੈ ਤਾਂ ਲੈਂਦੇ ਹਾਂ ਪਰ ਬਾਅਦ ਵਿਚ ਅਸੀਂ ਫਿਰ ਲਾਪ੍ਰਵਾਹੀ ਵਰਤਦੇ ਹਾਂ। ਉਹ ਪੌਦਾ ਪਾਣੀ ਬਿਨਾਂ ਸੁੱਕ-ਸੁੱਕ ਮਰਦਾ ਹੈ। ਤੇਜ਼ੀ ਨਾਲ ਪਲੀਤ ਹੋ ਰਹੇ ਵਾਤਾਵਰਨ ਨੂੰ ਅਤੇ ਆਪਣੇ ਆਪ ਨੂੰ ਜੇਕਰ ਥੋੜ੍ਹਾ ਬਹੁਤਾ ਨਿਰੋਗ ਰੱਖਣਾ ਚਾਹੁੰਦੇ ਹੋ ਤਾਂ ਰੁੱਖਾਂ ਨਾਲ ਜ਼ਰੂਰ ਮੁਹੱਬਤ ਕਰੋ। ਆਓ! ਅਮਲਤਾਸ ਦੇ ਖਿੜ੍ਹੇ ਹੋਏ ਸੁਗੰਧਤ ਫੁੱਲਾਂ ਵਰਗੇ ਰਸੂਖ਼ਵਾਨ ਦੋਸਤੋ, ਇਸ ਬਰਸਾਤ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਾ ਮਾਨਵਤਾ ਦੀ ਭਲਾਈ ਭਰੇ ਕਾਰਜ ਵਿਚ ਆਪਣਾ ਯੋਗਦਾਨ ਪਾਓ ਤਾਂ ਕਿ ਆਉਂਦੀਆਂ ਨਸਲਾਂ ਆਪਣੇ ਪੂਰਵਜਾਂ 'ਤੇ ਫ਼ਖਰ ਮਹਿਸੂਸ ਕਰਨ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 98156-88236.

ਕਿਵੇਂ ਮਿਲੇ ਪੰਜਾਬ ਨੂੰ ਸਸਤੀ ਬਿਜਲੀ?

ਪੰਜਾਬ ਵਿਚ ਬਿਜਲੀ ਸਾਰੇ ਦੇਸ਼ ਨਾਲੋਂ ਮਹਿੰਗੀ ਹੈ। ਹੁਣੇ ਜਿਹੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ 'ਚ 2.14 ਫ਼ੀਸਦੀ ਵਾਧਾ ਕੀਤਾ ਹੈ। ਬਿਜਲੀ ਦੀ ਔਸਤ ਦਰ 6.53 ਪ੍ਰਤੀ ਯੂਨਿਟ ਤੋਂ 6.63 ਰੁਪਏ ਹੋ ਗਈ ਹੈ। ਇਸ ਤੋਂ ਬਿਨਾਂ ਬਿਜਲੀ ਡਿਊਟੀ, ਗਊ ਸੈੱਸ, ਬੁਨਿਆਦੀ ਢਾਂਚਾ ਆਦਿ। 35 ਪੈਸੇ ਪ੍ਰਤੀ ਯੂਨਿਟ ਬੋਝ ਪਵੇਗਾ ਤੇ ਇਹ ਦਰ 7.98 ਰੁਪਏ ਪ੍ਰਤੀ ਯੂਨਿਟ ਹੋ ਜਾਵੇਗੀ। ਬਿਜਲੀ ਸਸਤੀ ਮਿਲਣ ਲਈ ਕੁਝ ਕੁ ਸੁਝਾਅ ਪੇਸ਼ ਕੀਤੇ ਜਾਂਦੇ ਹਨ : ਕਾਰਪੋਰੇਸ਼ਨ ਵਲੋਂ ਸਮੇਂ-ਸਮੇਂ ਸਿਰ ਤਕਨਾਲੋਜੀ ਅਪਗ੍ਰੇਡ ਕੀਤੀ ਜਾਵੇ। ਥਰਮਲ ਪਲਾਂਟਾਂ ਵਿਚ ਕੋਲੇ ਦੀ ਘੱਟ ਖਪਤ ਕਰਨ ਵਾਲੇ ਸੁਪਰ ਕਰਿਟੀਕਲ ਤਕਨਾਲੋਜੀ ਵਰਤੀ ਜਾਵੇ, ਜਿਵੇਂ ਪ੍ਰਾਈਵੇਟ ਖੇਤਰ ਦੇ ਪਲਾਂਟ ਵਰਤਦੇ ਹਨ। ਪਾਵਰ ਕਾਰਪੋਰੇਸ਼ਨ ਵਲੋਂ ਵੱਡੀ ਪੱਧਰ 'ਤੇ ਸੋਲਰ ਪਾਵਰ ਪਲਾਂਟ ਲਗਾਏ ਜਾਣ। ਰਹਿੰਦੇ ਖਪਤਕਾਰਾਂ ਦੇ ਮੀਟਰ ਘਰਾਂ ਤੋਂ ਬਾਹਰ ਕੱਢੇ ਜਾਣ। ਖਰਾਬ ਤੇ ਸੜੇ ਹੋਏ ਮੀਟਰਾਂ ਨੂੰ ਬਿਨਾਂ ਦੇਰੀ ਬਦਲਿਆ ਜਾਵੇ। ਪਿਛਵਾੜਾ ਕੋਲੇ ਦੀ ਖਾਣ ਚਾਲੂ ਕਰ ਕੇ ਕੋਲਾ ਸਸਤਾ ਮਿਲਣ ਕਰਕੇ ਬਿਜਲੀ ਦੀਆਂ ਕੀਮਤਾਂ ਘਟਣਗੀਆਂ। ਬੰਦ ਪਏ ਥਰਮਲ ਪਲਾਂਟਾਂ ਤੋਂ ਸਿੱਖਿਅਤ ਮੁਲਾਜ਼ਮਾਂ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ। ਪੰਜਾਬ ਸਰਕਾਰ ਉਦੈ ਸਕੀਮ ਅਧੀਨ ਬਿਜਲੀ ਵਿਭਾਗ ਨੂੰ ਗ੍ਰਾਂਟ ਦੇਵੇ ਤੇ ਇਕਿਊਟੀ ਦੇ ਤੌਰ 'ਤੇ ਹਿੱਸਾ ਪਾਵੇ। ਵੱਡੇ ਜ਼ਿਮੀਂਦਾਰਾਂ ਤੇ ਸਨਅਤਕਾਰਾਂ ਦੀ ਸਬਸਿਡੀ ਬੰਦ ਕਰਨ ਨਾਲ ਸਰਕਾਰ 'ਤੇ ਬੋਝ ਘਟੇਗਾ ਤੇ ਬਿਜਲੀ ਸਸਤੀ ਮਿਲੇਗੀ। ਪੰਜਾਬ ਨੂੰ ਲੰਬੇ ਸਮੇਂ ਤੋਂ ਆਪਣੇ ਪਾਣੀਆਂ 'ਤੇ ਪਣ ਬਿਜਲੀ ਪ੍ਰਾਜੈਕਟਾਂ ਦਾ ਕੰਟਰੋਲ ਦਿੱਤਾ ਜਾਵੇ। ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਖ਼ਤਮ ਕੀਤੇ ਜਾਣ ਤੇ ਹਰ ਸਾਲ ਜਾਂਦਾ 1300 ਕਰੋੜ ਰੁਪਿਆ ਬਚਾਇਆ ਜਾਵੇ। ਹਰ ਸਾਲ ਹੁੰਦੀ 800 ਕਰੋੜ ਰੁਪਏ ਦੀ ਬਿਜਲੀ ਚੋਰੀ ਰੋਕਣ ਦੇ ਕਾਰਗਰ ਢੰਗ ਅਪਣਾਏ ਜਾਣ। ਜਲਖੇੜੀ ਪਾਵਰ ਪਲਾਂਟ ਜੋ ਪਰਾਲੀ ਨਾਲ ਚਲਦਾ ਹੈ, ਸਸਤੀ ਬਿਜਲੀ ਪੈਦਾ ਕਰਦਾ ਹੈ। ਇਸ ਨੇ 80 ਹਜ਼ਾਰ ਮੀਟ੍ਰਿਕ ਟਨ ਪਰਾਲੀ ਵਰਤ ਕੇ 56940 ਲੱਖ ਯੂਨਿਟ ਬਿਜਲੀ ਪੈਦਾ ਕਰਨੀ ਹੈ। ਅਜਿਹੇ ਹੋਰ ਪਲਾਂਟ ਲਾਏ ਜਾਣ, ਨਾਲੇ ਪਰਾਲੀ ਦੀ ਸੁਚੱਜੀ ਸੰਭਾਲ ਹੋ ਸਕੇਗੀ। ਸੋ ਜੇਕਰ ਪੰਜਾਬ ਸਰਕਾਰ ਉੱਪਰ ਦੱਸੇ ਸੁਝਾਵਾਂ 'ਤੇ ਅਮਲ ਕਰੇ ਤਾਂ ਪੰਜਾਬ ਵਿਚ ਵੀ ਬਿਜਲੀ ਸਭ ਤੋਂ ਮਹਿੰਗੀ 10.44 ਪੈਸੇ ਪ੍ਰਤੀ ਯੂਨਿਟ ਹੈ, ਚੰਡੀਗੜ੍ਹ ਦੀ ਦਰ 4.36 ਪੈਸੇ ਪ੍ਰਤੀ ਯੂਨਿਟ ਦੀ ਦਰ 'ਤੇ ਲਿਆਂਦੀ ਜਾ ਸਕਦੀ ਹੈ।

-ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਲੁਧਿਆਣਾ-142027.

ਸੱਭਿਅਕ ਸਮਾਜ ਦੀ ਨਿਸ਼ਾਨੀ ਹੈ ਮਾਤਾ-ਪਿਤਾ ਦਾ ਸਤਿਕਾਰ

ਜਿੰਨਾ ਪਿਆਰ ਮਾਂ-ਬਾਪ ਨੇ ਦਿੱਤਾ ਓਨਾ ਪਿਆਰ ਕਿਸੇ ਰਿਸ਼ਤੇਦਾਰ ਕੋਲੋਂ ਵੀ ਨਹੀ ਮਿਲਣਾ। ਅੱਜ ਦੇ ਸਮੇਂ ਵਿਚ ਜੋ ਵੀ ਬਜ਼ੁਰਗ ਬੈਠੇ ਹਨ, ਉਹ ਗੁਣਾਂ ਦਾ ਖਜ਼ਾਨਾ ਹਨ। ਜੋ ਇਨਸਾਨ ਬਜ਼ੁਰਗਾਂ ਦਾ ਸਤਿਕਾਰ ਕਰਦਾ ਹੈ, ਉਨ੍ਹਾਂ ਦੀ ਹਰ ਇਕ ਜ਼ਰੂਰਤ ਨੂੰ ਪੂਰਾ ਕਰਦਾ, ਉਸ ਇਨਸਾਨ ਦੇ ਅੰਦਰ ਉਨ੍ਹਾਂ ਬਜ਼ੁਰਗਾਂ ਦੇ ਸੰਸਕਾਰ ਜਮ੍ਹਾਂ ਹੋ ਜਾਂਦੇ ਹਨ। ਸਾਰੇ ਲੋਕਾਂ ਨੂੰ ਪਤਾ ਹੈ ਕਿ ਸਾਡੇ ਮਾਤਾ-ਪਿਤਾ ਨੇ ਦਿਨ-ਰਾਤ ਇਕ ਕਰ ਕੇ ਸਾਨੂੰ ਕਿਵੇਂ ਪਾਲਿਆ, ਪਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਮਾਤਾ-ਪਿਤਾ ਨੂੰ ਹੀ ਅੱਖਾਂ ਕੱਢਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਮਾਤਾ-ਪਿਤਾ ਦੀ ਬਦੌਲਤ ਹੀ ਇਸ ਦੁਨੀਆ 'ਤੇ ਆਏ ਹਾਂ ਅਤੇ ਇਹ ਰੰਗ-ਬਿਰੰਗੀ ਦੁਨੀਆ ਦੇਖ ਰਹੇ ਹਾਂ। ਇਹ ਸਭ ਮਾਤਾ-ਪਿਤਾ ਦੀ ਹੀ ਬਦੌਲਤ ਹੈ। ਜਿਨ੍ਹਾਂ ਮਾਤਾ- ਪਿਤਾ ਨੇ ਚਾਰ ਬੱਚਿਆਂ ਨੂੰ ਪਾਲਿਆ ਪਰ ਅੱਜ ਉਹ ਚਾਰ ਬੱਚੇ ਇਕ ਮਾਂ-ਬਾਪ ਨੂੰ ਨਹੀਂ ਸਾਂਭ ਸਕਦੇ। ਅੱਜਕਲ੍ਹ ਅਨਾਥ ਆਸ਼ਰਮ ਦੇ ਵਿਚ ਬਜ਼ੁਰਗ ਮਾਤਾ-ਪਿਤਾ ਰਹਿ ਰਹੇ ਹਨ, ਕਿੰਨੀ ਸ਼ਰਮ ਦੀ ਗੱਲ ਹੈ। ਹਰੇਕ ਮਾਤਾ-ਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਸਾਡਾ ਬੱਚਾ ਵਧੀਆ ਮਾਰਗ ਉੱਤੇ ਚੱਲੇ। ਮੰਦਿਰ, ਗੁਰਦੁਆਰੇ ਰੋਜ਼ ਜਾਣਾ ਪਰ ਮਾਤਾ-ਪਿਤਾ ਨੂੰ ਪੁੱਛਣਾ ਨਹੀਂ, ਉਸ ਇਨਸਾਨ ਦਾ ਮੰਦਿਰ, ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ। ਜੋ ਇਨਸਾਨ ਮਾਤਾ-ਪਿਤਾ ਦੀ ਸੇਵਾ ਕਰਦਾ, ਸਤਿਕਾਰ ਕਰਦਾ, ਇਕ ਦਿਨ ਪਰਮਾਤਮਾ ਨੇ ਉਸ ਨੂੰ ਫਲ ਜ਼ਰੂਰ ਦੇਣਾ ਹੈ। ਜੋ ਇਨਸਾਨ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ, ਉਨ੍ਹਾਂ ਬਜ਼ੁਰਗਾਂ ਦੇ ਜਾਣ ਮਗਰੋਂ, ਸਾਰੀ ਉਮਰ ਇਨਸਾਨ ਦੇ ਮਨ ਅੰਦਰ ਪਛਤਾਵਾ ਬਣਿਆ ਰਹਿੰਦਾ ਹੈ। ਕਈ ਲੋਕ ਅਜਿਹੇ ਹਨ ਜੋ ਮਾਤਾ-ਪਿਤਾ ਤੋਂ ਅੱਕ ਜਾਂਦੇ ਹਨ। ਮੈਂ ਇਕ ਨੌਜਵਾਨ ਨੂੰ ਜਾਣਦਾ ਹਾਂ ਜੋ ਪਿਛਲੇ 10 ਸਾਲਾਂ ਤੋਂ ਆਪਣੇ ਪਿਤਾ ਨੂੰ ਨਹੀਂ ਬੁਲਾ ਰਿਹਾ ਅਤੇ ਆਪਣੀਆਂ ਦੋ ਧੀਆਂ ਦੇ ਵਿਆਹ ਉੱਤੇ ਵੀ ਆਪਣੇ ਪਿਤਾ ਨੂੰ ਨਹੀਂ ਬੁਲਾਇਆ। ਦੱਸੋ, ਉਸ ਪਿਤਾ ਦੀ ਆਤਮਾ ਕੀ ਕਹਿੰਦੀ ਹੋਊ। ਜੋ ਔਲਾਦ ਮਾਤਾ-ਪਿਤਾ ਦੀ ਆਤਮਾ ਨੂੰ ਦੁਖੀ ਕਰਦੀ ਹੈ, ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦੀ। ਅਸੀਂ ਆਪਣੇ ਵਲੋਂ ਮਾਤਾ-ਪਿਤਾ ਸੇਵਾ ਕਰ ਸਕਦੇ ਹਾਂ, ਉਨ੍ਹਾਂ ਦਾ ਇਲਾਜ ਕਰਵਾ ਸਕਦੇ ਹਾਂ, ਪਰ ਜਦੋਂ ਮੁਕੱਦਰ ਹਾਰ ਜਾਏ, ਅਸੀਂ ਕੁਝ ਨਹੀਂ ਕਰ ਸਕਦੇ। ਜਦ ਕੋਈ ਪਰਿਵਾਰ ਦਾ ਜੀਅ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਤਾਂ ਉਸ ਦੀ ਜੀਅ ਦੀ ਘਾਟ ਬਾਅਦ ਵਿਚ ਪਤਾ ਚੱਲਦੀ ਹੈ, ਉਹ ਘਾਟ ਸਾਰੀ ਉਮਰ ਪੂਰੀ ਨਹੀਂ ਹੁੰਦੀ।

-ਵਿਦਿਆਰਥੀ (ਬੀ.ਬੀ.ਏ.), ਮੁੱਲਾਂਪੁਰ ਮੰਡੀ (ਲੁਧਿਆਣਾ)। ਮੋਬਾਈਲ : 81958-86787

ਕੁਦਰਤੀ ਜਲ ਸਰੋਤਾਂ ਨੂੰ ਤੇਜ਼ੀ ਨਾਲ ਪਲੀਤ ਕਰ ਰਹੀਆਂ ਹਨ ਸਨਅਤੀ ਇਕਾਈਆਂ

ਇਕ ਸਿਹਤਮੰਦ ਵਿਅਕਤੀ ਲਈ ਸਾਫ਼ ਅਤੇ ਸਵੱਛ ਪਾਣੀ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਸਾਫ਼-ਸੁਥਰੀ ਹਵਾ ਦੀ। ਧਰਤੀ ਦਾ 70 ਫ਼ੀਸਦੀ ਹਿੱਸਾ ਪਾਣੀ ਅਤੇ 30 ਫ਼ੀਸਦੀ ਹਿੱਸਾ ਜ਼ਮੀਨ ਹੈ। ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਇਸ 'ਤੇ ਪ੍ਰਦੂਸ਼ਣ ਦੀ ਮਾਰ ਵੀ ਘੱਟ ਨਹੀਂ ਹੈ। ਪਾਣੀ ਨੂੰ ਪ੍ਰਦੂਸ਼ਣ ਕਰਨ ਲਈ ਸਾਡੀਆਂ ਫੈਕਟਰੀਆਂ ਅਤੇ ਕਾਰਖਾਨੇ ਸਭ ਤੋਂ ਵੱਧ ਜ਼ਿੰਮੇਵਾਰ ਹਨ। ਸਾਡੇ ਦੇਸ਼ ਵਿਚ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਸਨਅਤੀ ਇਕਾਈਆਂ ਦੁਆਰਾ ਵਰਤੋਂ ਬਾਅਦ ਛੱਡਿਆ ਜਾ ਰਿਹਾ ਜ਼ਹਿਰੀਲਾ ਪਾਣੀ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਮਹਾਂਨਗਰਾਂ ਦਾ ਤਰਲ ਰੂਪ ਵਿਚ ਸਨਅਤੀ ਕਚਰਾ ਵੱਡੀ ਮਾਤਰਾ ਵਿਚ ਦਰਿਆਵਾਂ/ਨਦੀਆਂ ਆਦਿ ਵਿਚ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਦਰਿਆਵਾਂ/ਨਦੀਆਂ ਦੀ ਸਥਿਤੀ ਏਨੀ ਬਦਤਰ ਹੋ ਚੁੱਕੀ ਹੈ ਕਿ ਇਨ੍ਹਾਂ ਨੂੰ 'ਈ' ਸ਼੍ਰੇਣੀ ਵਿਚ ਰੱਖਿਆ ਗਿਆ ਹੈ, ਜਿਸ ਦਾ ਭਾਵ ਇਹ ਹੈ ਕਿ ਇਹ ਪਾਣੀ ਨਾ ਤਾਂ ਪਸ਼ੂਆਂ ਦੇ ਪੀਣਯੋਗ ਅਤੇ ਨਾ ਹੀ ਫ਼ਸਲਾਂ ਪੈਦਾ ਕਰਨ ਦੇ ਅਨੁਕੂਲ ਰਿਹਾ ਹੈ। ਇਕ ਅਨੁਮਾਨ ਮੁਤਾਬਕ ਯਮੁਨਾ ਨਦੀ ਵਿਚ ਸੀਵਰੇਜ ਅਤੇ ਸਨਅਤੀ ਇਕਾਈਆਂ ਰੋਜ਼ਾਨਾ 25 ਤੋਂ 30 ਕਰੋੜ ਲੀਟਰ ਗੰਦਾ ਪਾਣੀ ਸੁੱਟ ਰਹੀਆਂ ਹਨ। ਇਹ ਨਦੀ ਅੱਜ ਵਿਸ਼ਵ ਦੀਆਂ ਸਭ ਤੋਂ ਪਲੀਤ ਹੋ ਚੁੱਕੀਆਂ ਨਦੀਆਂ ਵਿਚ ਸ਼ੁਮਾਰ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਪੀਣਯੋਗ ਪਾਣੀ ਕੋਲੀਫਾਰਮ (ਇਕ ਕਿਸਮ ਦੇ ਬੈਕਟੀਰੀਆ) ਰਹਿਤ ਹੋਣਾ ਚਾਹੀਦਾ ਹੈ, ਪਰ ਯਮੁਨਾ ਦਾ ਇਹ ਪਾਣੀ ਰਾਜਧਾਨੀ ਦਿੱਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਏਨਾ ਦੂਸ਼ਿਤ ਹੋ ਚੁੱਕਾ ਹੈ ਕਿ 100 ਮਿ.ਲੀ. ਲਿਟਰ ਪਾਣੀ ਵਿਚ 7500 ਤੋਂ 8000 ਤੱਕ ਕੋਲੀਫਾਰਮ ਪਾਏ ਗਏ ਹਨ। ਇਕੱਲੀ ਯਮੁਨਾ ਹੀ ਨਹੀਂ ਦੇਸ਼ ਵਿਚ 20 ਦੇ ਕਰੀਬ ਹੋਰ ਦਰਿਆ ਹਨ, ਜੋ ਜਲ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿਚ ਲੁਧਿਆਣਾ ਦਾ ਬੁੱਢਾ ਨਾਲਾ ਸ਼ਾਮਿਲ ਹੈ। ਇਹ ਨਾਲਾ ਮਾਲਵਾ ਪੱਟੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਨਅਤੀ ਇਕਾਈਆਂ ਦਾ ਦੂਸ਼ਿਤ ਪਾਣੀ ਡਿੱਗਣ ਕਾਰਨ ਧਰਤੀ ਹੇਠਲੇ ਪਾਣੀ ਵਿਚ ਵੀ ਕਾਪਰ, ਮਰਕਰੀ, ਕੈਡੀਅਮ, ਕਰੋਮੀਅਮ ਆਦਿ ਭਾਰੀ ਧਾਤਾਂ ਸ਼ਾਮਿਲ ਹੋਣ ਕਾਰਨ ਇਹ ਪਾਣੀ ਵੀ ਮਨੁੱਖੀ ਵਰਤੋਂ ਯੋਗ ਨਹੀਂ ਰਿਹਾ। ਸਰਵੇਖਣ ਅਨੁਸਾਰ ਸਬਜ਼ੀਆਂ, ਮਨੁੱਖੀ ਦੁੱਧ ਦੇ ਸੈਂਪਲਾਂ ਵਿਚ ਵੀ ਇਹ ਤੱਤ ਸਾਹਮਣੇ ਆਏ ਹਨ। ਇਨ੍ਹਾਂ ਮਾਰੂ ਰਸਾਇਣਾਂ ਕਾਰਨ ਮਨੁੱਖੀ ਡੀ. ਐਨ. ਏ. ਵਿਚ ਤਬਦੀਲੀ ਆਉਣ ਲੱਗੀ ਹੈ। ਜੋ ਪੰਜਾਬੀਆਂ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਆਪਣੇ ਸੱਭਿਆਚਾਰ ਪ੍ਰਤੀ ਸੁਚੇਤ ਹੋਣ ਦੀ ਲੋੜ

ਸੱਭਿਆਚਾਰ ਕਿਸੀ ਸਮੂਹ ਦੀ ਵਿਸ਼ੇਸ਼ ਜੀਵਨ ਜਾਂਚ ਹੁੰਦੀ ਹੈ ਜਿਸ ਵਿਚ ਉਸ ਸਮੂਹ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਨਾਲ ਸਬੰਧਿਤ ਹਰ ਪਹਿਲੂ ਸ਼ਾਮਿਲ ਹੁੰਦਾ ਹੈ। ਲੋਕਾਂ ਦਾ ਖਾਣ-ਪੀਣ, ਕੰਮ ਧੰਦੇ, ਕਲਾ, ਰਹਿਣ-ਸਹਿਣ, ਖੇਡਾਂ, ਰਸਮ ਰਿਵਾਜ, ਮੇਲੇ ਅਤੇ ਤਿਉਹਾਰ ਸਭ ਕੁਝ ਸੱਭਿਆਚਾਰ ਵਿਚ ਸ਼ਾਮਿਲ ਹੁੰਦੇ ਹਨ। ਸਮੇਂ ਦੇ ਤਰੱਕੀ ਕਰਨ ਨਾਲ ਹਰ ਖੇਤਰ ਵਿਚ ਨਵੀਆਂ ਖੋਜਾਂ ਹੋਈਆਂ ਹਨ ਜਿਸ ਦੇ ਫਲਸਰੂਪ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ। ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਨੇ ਕ੍ਰਾਂਤੀਕਾਰੀ ਢੰਗ ਨਾਲ ਦੁਨੀਆ ਨੂੰ ਬਹੁਤ ਸੀਮਤ ਕਰ ਦਿੱਤਾ ਹੈ, ਜਿਸ ਕਾਰਨ ਵੱਖ-ਵੱਖ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦੇ ਲੋਕਾਂ ਵਿਚ ਆਪਸੀ ਮਿਲਵਰਤਨ ਬਹੁਤ ਜ਼ਿਆਦਾ ਵਧਿਆ ਹੈ। ਇਸ ਮਿਲਵਰਤਨ ਦੇ ਨਤੀਜੇ ਵਜੋਂ ਇਕ-ਦੂਜੇ ਸੱਭਿਆਚਾਰਾਂ ਨਾਲ ਸਬੰਧਿਤ ਲੋਕਾਂ ਦੇ ਰਹਿਣ ਸਹਿਣ, ਖਾਣ-ਪੀਣ, ਰਸਮਾਂ-ਰਿਵਾਜ, ਖੇਡਾਂ ਅਤੇ ਕੰਮ ਧੰਦਿਆਂ 'ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ, ਜਿਸ ਕਾਰਨ ਵੱਖ-ਵੱਖ ਸੱਭਿਆਚਾਰ ਰੱਲਗੱਡ ਹੋਏ ਹਨ। ਬਿਨਾਂ ਸ਼ੱਕ ਕੋਈ ਵੀ ਤਬਦੀਲੀ ਕੁਦਰਤੀ ਵਰਤਾਰਾ ਹੁੰਦਾ ਹੈ ਅਤੇ ਨਵੀਨਤਾ ਦਾ ਸੰਚਾਰ ਅਤੇ ਪ੍ਰਸਾਰ ਹੁੰਦਾ ਰਹਿਣਾ ਚਾਹੀਦਾ ਹੈ। ਪਰ ਇਹ ਤਬਦੀਲੀ ਕੁਦਰਤ ਨੂੰ ਢਾਹ ਲਾਉਣ ਵਾਲੀ, ਆਪਸੀ ਭਾਈਚਾਰੇ ਨੂੰ ਖ਼ਤਮ ਕਰਨ ਵਾਲੀ ਅਤੇ ਪੁਰਵਜ਼ਾਂ ਦੇ ਸੁਚੱਜੇ ਅਸੂਲਾਂ ਨੂੰ ਖਤਮ ਕਰਨ ਵਾਲੀ ਨਹੀਂ ਹੋਣੀ ਚਾਹੀਦੀ। ਕੁਦਰਤ ਨੇ ਕਿਸੇ ਵੀ ਖੇਤਰ ਦੇ ਬਾਸ਼ਿੰਦਿਆਂ ਲਈ ਖਾਣ-ਪੀਣ ਦੀ ਪੈਦਾਵਾਰ ਉਥੋਂ ਦੇ ਵਾਤਾਵਰਨ ਜਾਂ ਹਾਲਾਤਾਂ ਅਨੁਸਾਰ ਰੱਖੀ ਹੋਈ ਹੈ। ਠੰਢੇ ਸਥਾਨਾਂ 'ਤੇ ਗਰਮ ਤਾਸੀਰ ਅਤੇ ਗਰਮ ਸਥਾਨਾਂ 'ਤੇ ਠੰਢੀ ਤਾਸੀਰ ਵਾਲੀਆਂ ਪੈਦਾਵਾਰਾਂ ਹੁੰਦੀਆਂ ਹਨ। ਅੱਜ ਸਾਡੇ ਖਾਣ-ਪੀਣ 'ਤੇ ਚੀਨੀ, ਦੱਖਣ ਭਾਰਤੀ ਅਤੇ ਵਿਦੇਸ਼ੀ ਖਾਣਿਆਂ ਦਾ ਪ੍ਰਭਾਵ ਹੈ ਜੋ ਸਾਡੇ ਕੁਦਰਤੀ ਮਾਹੌਲ ਦੇ ਅਨੁਕੂਲ ਨਾ ਹੋਣ ਕਾਰਨ ਸਾਡੀ ਸਿਹਤ ਨੂੰ ਖਰਾਬ ਕਰ ਰਿਹਾ ਹੈ। ਸਾਡੇ ਪਹਿਰਾਵੇ 'ਤੇ ਆਧੁਨਿਕਤਾ ਅਤੇ ਪੱਛਮੀ ਪ੍ਰਭਾਵ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਿਹਾ ਹੈ। ਸਮੇਂ ਦੀ ਘਾਟ, ਆਪਸੀ ਮਿਲਵਰਤਨ ਦੀ ਘਾਟ, ਆਧੁਨਿਕੀਕਰਨ ਅਤੇ ਮਸ਼ੀਨੀਕਰਨ ਅਤੇ ਹੋਰ ਕਾਰਨਾਂ ਕਰਕੇ ਰਸਮ ਰਿਵਾਜਾਂ, ਮੇਲੇ, ਤਿਉਹਾਰ, ਲੋਕ ਖੇਡਾਂ, ਕੰਮ ਧੰਦੇ ਅਤੇ ਲੋਕ ਕਲਾ ਨੂੰ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ। ਅੱਜ ਵਿਆਹਾਂ ਮੌਕੇ ਗਾਏ ਜਾਂਦੇ ਸੁਹਾਗ, ਘੋੜੀਆਂ, ਸਿੱਠਣੀਆਂ ਆਦਿ ਆਪਣੇ ਆਖਰੀ ਸਾਹ ਗਿਣ ਰਹੇ ਹਨ। ਆਧੁਨਿਕੀਕਰਨ, ਮਸ਼ੀਨੀਕਰਨ ਅਤੇ ਪੱਛਮੀਕਰਨ ਦੇ ਪ੍ਰਭਾਵ ਅਤੇ ਛਲਾਵੇ ਨੇ ਅਵੇਸਲੀਆਂ ਕੌਮਾਂ ਦੇ ਸੱਭਿਆਚਾਰ ਨੂੰ ਵੱਡੀ ਢਾਹ ਲਾ ਕੇ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ। ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਟੁੱਟੀਆਂ ਕੌਮਾਂ ਤੇਜ਼ ਰਫਤਾਰੀ ਨਾਲ ਗੁਲਾਮੀ ਅਤੇ ਖ਼ਤਮ ਹੋਣ ਵੱਲ ਜਾ ਰਹੀਆਂ ਹਨ, ਜਿਨ੍ਹਾਂ ਵਿਚ ਪੰਜਾਬੀ ਕੌਮ ਸਭ ਤੋਂ ਮੂਹਰੇ ਜਾਪ ਰਹੀ ਹੈ। ਜੇਕਰ ਸਮਾਂ ਰਹਿੰਦੇ ਨਾ ਸੰਭਲੇ ਤਾਂ ਪੰਜਾਬੀ ਸੱਭਿਆਚਾਰ ਵੀ ਤੇਜ਼ੀ ਨਾਲ ਖ਼ਾਤਮੇ ਵੱਲ ਜਾ ਰਿਹਾ ਹੈ। ਅਮੀਰ ਪੰਜਾਬੀ ਵਿਰਾਸਤ ਦੀ ਸੰਭਾਲ ਹਿੱਤ ਹਰ ਸੁਹਿਰਦ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਕਰੀਏ ਅਤੇ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਹਰ ਸੰਭਵ ਯਤਨ ਕਰੀਏ ।

-ਸ.ਸ.ਸ.ਸਕੂਲ ਬਾਸੋਵਾਲ (ਸ੍ਰੀ ਅਨੰਦਪੁਰ ਸਾਹਿਬ)
ਮੋਬਾ : 9463026700

ਔਕੜਾਂ ਸਹਿ ਕੇ ਹੀ ਖ਼ੁਸ਼ਹਾਲ ਬਣਦੀ ਹੈ ਜ਼ਿੰਦਗੀ

ਅੱਜ ਦਾ ਮਨੁੱਖ ਬੜੀ ਦੁਬਿਧਾ 'ਚ ਹੈ। ਹਰ ਪਾਸੇ ਹਰ ਖੇਤਰ 'ਚ ਹਰ ਘੜੀ ਉਸ ਦੇ ਦਿਮਾਗ਼ 'ਚ ਉਤੇਜਨਾ ਭਰੀਆਂ ਸਵਾਲਾਂ ਦੀਆਂ ਕਤਾਰਾਂ ਲੱਗੀਆਂ ਪਈਆਂ ਰਹਿੰਦੀਆਂ ਹਨ। ਅਜਿਹੇ ਵਿਚ ਹਰ ਵਰਗ ਦਾ ਮਨੁੱਖ ਅੰਦਰੋਂ ਅੰਦਰੀ ਕਈ ਮਨ-ਘੜਤ ਯੋਜਨਾਵਾਂ ਬਣਾਉਂਦਾ ਰਹਿੰਦਾ ਹੈ। ਇਸ ਸਭ ਕਸ਼ਮਕਸ਼ ਵਿਚ ਸਭ ਤੋਂ ਜ਼ਰੂਰੀ ਹੰਦਾ ਹੈ, ਖ਼ੁਦ 'ਤੇ ਵਿਸ਼ਵਾਸ ਭਾਵ ਆਤਮ-ਵਿਸ਼ਵਾਸ, ਅੱਜ ਦੇ ਦੌਰ ਦੀ ਸਮੱਸਿਆ ਇਹ ਹੈ ਕਿ ਮਨੁੱਖ ਆਸ ਪਾਸ ਤੇ ਵਾਤਾਵਰਨ, ਚਿੰਤਾਵਾਂ, ਤਣਾਅ 'ਚ ਰਹਿਣ ਕਰਕੇ ਆਪਣਾ ਆਪ ਵੀ ਖੋ ਦਿੰਦਾ ਹੈ। ਅਸੀਂ ਅਕਸਰ ਅਖ਼ਬਾਰਾਂ 'ਚ ਖ਼ੁਦਕੁਸ਼ੀਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੇ ਕਾਰਨ ਵੀ ਅਜੀਬ ਹੁੰਦੇ ਹਨ। ਜਮਾਤ ਚੋਂ ਘੱਟ ਨੰਬਰ ਆਉਣ 'ਤੇ ਘਾਟਾ ਪੈਣ 'ਤੇ, ਕਰਜ਼ੇ ਨਾਲ, ਅਜਿਹੇ ਵਿਚ ਦੇਖਿਆ ਜਾਏ ਤਾਂ ਸਿਰਫ ਸਾਇੰਸ ਨੇ ਹੀ ਤਰੱਕੀ ਕੀਤੀ ਹੈ। ਸਾਡਾ ਮਨੁੱਖੀ ਜੀਵਨ ਤਾਂ ਪਿੱਛੇ ਹੀ ਹੁੰਦਾ ਜਾ ਰਿਹਾ ਹੈ। ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਸੰਘਰਸ਼ ਕਰਨਾ ਨਹੀਂ ਛੱਡਿਆ ਤੇ ਅੰਤ ਤੱਕ ਲੜਦੇ ਰਹੇ ਤੇ ਅਖੀਰ ਉਨ੍ਹਾਂ ਨੇ ਦੁਨੀਆ 'ਤੇ ਆਪਣੀ ਛਾਪ ਛੱਡੀ। ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਕਹਾਣੀ ਕੋਲੋਨਲ ਸੈਂਡਰਸ ਦੀ ਹੈ । ਜੋ ਕਿ ਕੇ. ਐਫ. ਸੀ. ਦੇ ਸੰਸਥਾਪਕ ਸਨ, ਇਹ ਅਮਰੀਕਾ ਦੇ ਸਨ। ਕਈ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਦਿੜ੍ਹ ਇਰਾਦੇ ਨਾਲ ਭਰਪੂਰ ਸੈਂਡਰਸ 65 ਸਾਲ ਦੀ ਉਮਰ 'ਚ ਕਾਮਯਾਬ ਹੋਏ। ਇਕ ਅਨੁਮਾਨ ਅਨੁਸਾਰ 2017 ਤੱਕ ਕੇ. ਐਫ. ਸੀ. ਦੀਆਂ 22000 ਬ੍ਰਾਂਚਾਂ ਪੂਰੇ ਸੰਸਾਰ ਵਿਚ ਖੁੱਲ੍ਹ ਗਈਆਂ ਸਨ। ਇਸ ਤੋਂ ਜ਼ਿਆਦਾ ਅਸਫ਼ਲਤਾ ਤੇ ਜਿੱਤ ਦੀ ਉਦਾਹਰਣ ਸ਼ਾਇਦ ਹੀ ਕਿੱਤੇ ਮਿਲਦੀ ਹੋਵੇ। ਇਸ ਤਰ੍ਹਾਂ ਮਨੁੱਖ ਨੂੰ ਆਪਣੇ 'ਤੇ ਯਕੀਨ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ। ਤੁਹਾਡੇ ਇਰਾਦੇ ਹੀ ਏਨੇ ਮਜ਼ਬੂਤ ਹੋਣ ਕਿ ਸਫ਼ਲਤਾ ਤੁਹਾਡੇ ਪੈਰ ਚੁੰਮੇ। ਫੇਲ੍ਹ ਹੋਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਜਿੰਨੇ ਕਿਸੇ ਦੀ ਜ਼ਿੰਦਗੀ 'ਚ ਉਤਰਾਅ ਚੜ੍ਹਾਅ ਹੁੰਦੇ ਹਨ। ਉਸ ਦਾ ਅੰਤ ਵੀ ਉਨ੍ਹਾਂ ਹੀ ਮਜ਼ੇਦਾਰ ਤੇ ਧੜੱਲੇਦਾਰ ਹੁੰਦਾ ਹੈ। ਪਹਾੜੀ ਦ੍ਰਿਸ਼ ਕਿੰਨੇ ਸੋਹਣੇ ਤੇ ਅਦਭੁੱਤ ਹੁੰਦੇ ਪਰ ਉਨ੍ਹਾਂ ਨੂੰ ਜਾਣ ਵਾਲਾ ਰਸਤਾ ਓਨਾ ਹੀ ਟੇਡਾ-ਮੇਡਾ ਤੇ ਦਿੱਕਤਾਂ ਭਰਿਆ ਹੁੰਦਾ ਹੈ। ਹਾਰ ਮੰਨ ਜਾਣੀ ਮਨੁੱਖੀ ਖੇਡ ਦਾ ਹਿੱਸਾ ਨਹੀਂ। ਜੋ ਬੰਦਾ ਕਦੇ ਹਾਰਿਆ ਜਾਂ ਮਸ਼ਕਿਲਾ ਦਾ ਸਾਹਮਣਾ ਨਹੀਂ ਕਰਿਆ ਹੁੰਦਾ, ਉਹ ਹਮੇਸ਼ਾ ਛੋਟੀ-ਛੋਟੀ ਗੱਲ 'ਤੇ ਹੀ ਘਬਰਾ ਜਾਏਗਾ ਤੇ ਜ਼ਿੰਦਗੀ 'ਚ ਹਮੇਸ਼ਾ ਵੱਡੇ ਫ਼ੈਸਲੇ ਲੈਣੋਂ ਝਿਜਕੇਗਾ। ਇਸ ਦੇ ਉਲਟ ਜਿਸ ਦੀ ਜ਼ਿੰਦਗੀ 'ਚ ਔਖ, ਦੁੱਖ ਤੇ ਅਸਫਲਤਾਵਾਂ ਆਈਆਂ ਹਨ ਉਹ ਸਹਿਜੇ ਹੀ ਆਪਣੇ ਜੀਵਨ ਦੇ ਕਿਸੇ ਵੀ ਪੜਾਅ ਨੂੰ ਬੜੇ ਸੰਜੀਦਾ ਢੰਗ ਨਾਲ ਨੇਪਰੇ ਚਾੜ ਲਵੇਗਾ। ਰਾਹ ਦੀਆਂ ਔਕੜਾਂ ਹੀ ਮਨੁੱਖ ਨੂੰ ਜ਼ਿੰਦਗੀ ਦੀਆਂ ਰਮਜ਼ਾਂ ਪੜ੍ਹਾਉਂਦੀਆਂ ਹਨ। ਸੋ ਮੇਰੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਂ ਹਰ ਕਿਸੇ ਵਰਗ ਦੇ ਵਿਅਕਤੀ ਨੂੰ ਇਕੋ ਬੇਨਤੀ ਹੈ ਕਿ ਆਪਣੇ-ਆਪ 'ਤੇ ਯਕੀਨ ਰੱਖੋ। ਸੋ ਆਪਣਾ ਦਿੜ੍ਹ ਇਰਾਦਾ ਤੇ ਹੌਸਲਾ ਕਦੇ ਨਾ ਡਿਗਣ ਦਿਓ, ਬਾਜ਼ੀ ਨੂੰ ਅੰਤ ਤੱਕ ਖੇਡੋ ਜਿੱਤ ਤੁਹਾਡੇ ਕਦਮਾਂ 'ਚ ਹੋਵੇਗੀ। ਜੁਝਾਰੂ ਵਿਅਕਤੀ ਕਦੇ ਅਸਫ਼ਲ ਨਹੀਂ ਹੋ ਸਕਦਾ। ਕਿਉਂਕਿ ਇਮਤਿਹਾਨ ਵੀ ਉਨ੍ਹਾਂ ਦੇ ਹੁੰਦੇ ਹਨ ਜਿਨ੍ਹਾਂ 'ਚ ਕੋਈ ਕਾਬਿਲੀਅਤ ਹੁੰਦੀ ਹੈ। ਇਰਾਦੇ ਨੇਕ ਤੇ ਦ੍ਰਿੜ੍ਹ ਰੱਖੋ ਕਾਮਯਾਬੀ ਤੁਹਾਡੇ ਪੈਰਾਂ 'ਚ ਹੋਵੇਗੀ।

-ਮੋਬਾਈਲ : 88470-27796

ਖੇਡਾਂ ਨੂੰ ਜੰਗ ਦਾ ਮੈਦਾਨ ਨਾ ਬਣਾਓ

ਖੇਡਾਂ ਮਨੁੱਖੀ ਜੀਵਨ ਦਾ ਇਕ ਅਹਿਮ ਅੰਗ ਹਨ। ਜਿਥੇ ਖੇਡਾਂ ਮਨੁੱਖੀ ਸਰੀਰ ਨੂੰ ਚੁਸਤ-ਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ ਉੱਥੇ ਹੀ ਇਹ ਖਿਡਾਰੀਆਂ ਵਿਚ ਆਪਸੀ ਪ੍ਰੇਮ-ਪਿਆਰ, ਸਬਰ, ਸਿਦਕ, ਮਿਹਨਤ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਆਦਿ ਨੈਤਿਕ ਗੁਣ ਵੀ ਕੁੱਟ-ਕੁੱਟ ਕੇ ਭਰਨ ਦਾ ਕੰਮ ਕਰਦੀਆਂ ਹਨ। ਅੱਜ ਦੇ ਸਮੇਂ ਖੇਡਾਂ ਮਨੋਰੰਜਨ ਦਾ ਬਹੁਤ ਵੱਡਾ ਖੇਤਰ ਬਣ ਚੁੱਕੀਆਂ ਹਨ। ਇਸ ਲਈ ਇਨ੍ਹਾਂ ਖੇਡਾਂ ਦੇ ਟੀ.ਵੀ ਪ੍ਰਸਾਰਨ ਅਧਿਕਾਰ ਪ੍ਰਾਪਤ ਕਰਨ ਲਈ ਕੰਪਨੀਆਂ ਦੀ ਆਪਸ ਵਿਚ ਹੋੜ ਲੱਗੀ ਰਹਿੰਦੀ ਹੈ। ਫਿਰ ਮੋਟੀ ਕਮਾਈ ਕਰਨ ਜਾਂ ਆਪਣੇ ਚੈਨਲ ਦੀ ਟੀ.ਆਰ.ਪੀ. ਵਧਾਉਣ ਕੁਝ ਮੀਡੀਆ ਚੈਨਲ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਕੋਈ ਕਸਰ ਨਹੀਂ ਛੱਡ ਰਹੇ। ਅਜਿਹਾ ਮਾਹੌਲ ਬਣਾਉਣ ਨਾਲ ਉਨ੍ਹਾਂ ਨੂੰ ਤਾਂ ਵਿੱਤੀ ਲਾਭ ਹੁੰਦਾ ਹੈ ਪਰੰਤੂ ਇਸ ਪ੍ਰਕਾਰ ਦੇ ਮਾਹੌਲ ਨਾਲ ਖਿਡਾਰੀਆਂ ਅਤੇ ਖੇਡ-ਪ੍ਰੇਮੀਆਂ 'ਤੇ ਬੜਾ ਹੀ ਨਾਕਾਰਾਤਮਕ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਕਈ ਵਾਰ ਤਾਂ ਇਸ ਦਾ ਪ੍ਰਤੱਖ ਅਸਰ ਕਿਸੇ ਦੇਸ਼ ਦੀ ਟੀਮ ਦੇ ਹਾਰ ਜਾਣ ਕਾਰਨ ਦਰਸ਼ਕਾਂ ਦੀ ਆਪਸੀ ਖਹਿਬਾਜ਼ੀ ਜਾਂ ਖਿਡਾਰੀਆਂ ਦੇ ਘਰਾਂ ਉੱਤੇ ਕਾਲਾ ਤੇਲ ਸੁੱਟਣ ਤੱਕ ਵੀ ਜਾ ਪਹੁੰਚਦਾ ਹੈ, ਇਸ ਤਰ੍ਹਾਂ ਦਾ ਵਿਵਹਾਰ ਇਕ ਘਟੀਆ ਤਹਿਜ਼ੀਬ ਦਾ ਪ੍ਰਗਟਾਵਾ ਕਰਦਾ ਹੈ। ਸਾਨੂੰ ਹਾਰ-ਜਿੱਤ ਦੋਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਖੇਡਾਂ ਨੂੰ ਦੁਨੀਆ ਦੇ ਦੇਸ਼ਾਂ ਵਿਚ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰਕ ਸਾਂਝ ਵਧਾਉਣ ਦੀ ਕੜੀ ਵਜੋਂ ਵੇਖਿਆ ਜਾਂਦਾ ਹੈ। ਪਰੰਤੂ ਨਾਕਾਰਾਤਮਕ ਵਿਗਿਆਪਨ ਅਤੇ ਪਬਲਿਸਿਟੀ ਇਸ ਦੇ ਬਿਲਕੁਲ ਉਲਟ ਕੰਮ ਕਰਦੀ ਹੈ। ਕਿਸੇ ਵੀ ਟੀਮ ਦੇ ਹਾਰਨ ਉਪਰੰਤ ਉਸ ਟੀਮ ਦੇ ਖਿਡਾਰੀਆਂ ਨੂੰ ਰੱਜ ਕੇ ਭੰਡਿਆ ਜਾਂਦਾ ਹੈ ਜਿਵੇਂ ਕਿ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਭਾਰਤ ਹੱਥੋਂ ਮੌਜੂਦਾ ਵਿਸ਼ਵ ਕੱਪ ਦੌਰਾਨ ਹੋਈ ਹਾਰ ਤੋਂ ਬਾਅਦ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਹੀ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਦਰਸ਼ਕਾਂ ਦੀਆਂ ਅਸੱਭਿਅਕ ਟਿੱਪਣੀਆਂ ਝੱਲਣੀਆਂ ਪਈਆਂ ਸਨ ਜਦੋਂ ਉਨ੍ਹਾਂ ਨੂੰ 2017 ਵਿਚ ਆਈ. ਸੀ. ਸੀ. ਕ੍ਰਿਕਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਾਕਿਸਤਾਨ ਨੇ ਹਰਾ ਦਿੱਤਾ ਸੀ। ਸੋ, ਅੱਜ ਦੇ ਸਮੇਂ ਲੋੜ ਹੈ ਕਿ ਖੇਡਾਂ ਨੂੰ ਵਪਾਰਕ ਹਿੱਤਾਂ ਲਈ ਜੰਗ ਦਾ ਮੈਦਾਨ ਬਣਾ ਕੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਜਜ਼ਬਾਤਾਂ ਨਾਲ ਨਾ ਖੇਡਿਆ ਜਾਵੇ। ਖੇਡਾਂ ਨਸਲ, ਧਰਮ, ਰੰਗ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਸੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀਆਂ ਹਨ। ਖੇਡਾਂ ਦਾ ਜ਼ਿੰਦਗੀ ਦੇ ਹੋਰ ਦਿਲਕਸ਼ ਰੰਗਾਂ ਵਾਂਗ ਆਜ਼ਾਦ ਅਤੇ ਖੁੱਲ੍ਹੀ ਸੋਚ ਨਾਲ ਅਨੰਦ ਉਠਾਉਣਾ ਚਾਹੀਦਾ ਹੈ।

-ਕੰਪਿਊਟਰ ਅਧਿਆਪਕ, ਸ.ਹ.ਸ ਲਕਸੀਹਾਂ, ਜ਼ਿਲ੍ਹਾ ਹੁਸ਼ਿਆਰਪੁਰ । ਮੋ: 94655-76022

ਸਵੇਰ ਦੀ ਸਭਾ ਵਿਚ ਅਧਿਆਪਕ ਦੀ ਭੂਮਿਕਾ

ਹਰ ਸਕੂਲ ਵਿਚ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਦਾ ਉਦੇਸ਼ ਹੁੰਦਾ ਹੈ ਮੇਲ-ਮਿਲਾਪ। ਸਵੇਰ ਦੀ ਸਭਾ ਵਿਚ ਸਾਰੇ ਅਧਿਆਪਕ ਤੇ ਵਿਦਿਆਰਥੀ ਜੁੜਦੇ ਹਨ। ਰਾਸ਼ਟਰੀ ਗਾਣ ਜਾਂ ਪ੍ਰਮਾਤਮਾ ਦੇ ਨਾਂਅ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸਵੇਰ ਦੀ ਸਭਾ ਇਕ ਅਜਿਹਾ ਮੰਚ ਹੈ ਜਿਥੇ ਜ਼ਰੂਰੀ ਸੂਚਨਾਵਾਂ ਅਤੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਕ-ਦੂਜੇ ਨੂੰ ਜਾਣਨ ਲਈ ਜਾਂ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲਈ ਸਵੇਰ ਦੀ ਸਭਾ ਸਭ ਤੋਂ ਉਤਮ ਸਥਾਨ ਹੈ ਇਕ ਅਧਿਆਪਕ ਆਪਣੀ ਜ਼ਿੰਦਗੀ ਵਿਚ ਹਰ ਵੇਲੇ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰ ਇਸਦਾ ਫਾਇਦਾ ਤਾਂ ਹੀ ਹੈ ਜੇ ਉਹ ਸਵੇਰ ਦੀ ਸਭਾ ਵਿਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਂਝਾ ਕਰੇ। ਇਕ ਅਧਿਆਪਕ ਆਪਣੀ ਜਮਾਤ ਵਿਚ ਜਦੋਂ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਹ ਸਿਰਫ਼ ਇਕ ਦਾਇਰੇ ਤੱਕ ਹੀ ਸੀਮਤ ਰਹਿ ਜਾਂਦੀ ਹੈ, ਜਦੋਂ ਕਿ ਸਵੇਰ ਦੀ ਸਭਾ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਹਾਜ਼ਰ ਹੁੰਦੇ ਹਨ, ਜੋ ਵਡਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹਰ ਅਧਿਆਪਕ ਨੂੰ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਕਿਉਂਕਿ ਹਰ ਅਧਿਆਪਕ ਕੋਲ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਹੁੰਦੀ ਹੈ। ਲੋੜ ਹੈ ਉਨ੍ਹਾਂ ਨੂੰ ਆਪਣੀ ਝਿਜਕ ਦੂਰ ਕਰਨ ਦੀ। ਸਾਰੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਹੀ ਉਹ ਚੰਗੇ ਬੁਲਾਰੇ ਬਣ ਸਕਦੇ ਹਨ। ਸਵੇਰ ਦੀ ਸਭਾ ਵਿਚ ਮਹੀਨੇ ਵਿਚ ਇਕ-ਦੋ ਵਾਰ ਕਿਸੇ ਵੀ ਸਮਾਜ ਸੇਵੀਆਂ, ਸੇਵਾ-ਮੁਕਤ ਅਧਿਆਪਕਾਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਨੂੰ ਬੁਲਾ ਕੇ ਬੱਚਿਆਂ ਦੇ ਨਾਲ ਰੂਬਰੂ ਕੀਤਾ ਜਾ ਸਕਦਾ ਹੈ। ਅਧਿਆਪਕ ਦੂਜੇ ਸਰਕਾਰੀ ਕਰਮਚਾਰੀਆ ਨਾਲੋਂ ਭਿੰਨ ਹੈ ਕਿਉਂਕਿ ਉਸ ਦਾ ਵਾਹ ਫਾਈਲਾਂ ਨਾਲ ਨਹੀਂ ਸਗੋਂ ਭਵਿੱਖ ਦੇ ਇਨਸਾਨਾਂ ਤੇ ਦੇਸ਼ ਦੇ ਨਿਰਮਾਤਾ ਨਾਲ ਪੈਂਦਾ ਹੈ, ਇਸ ਲਈ ਅਧਿਆਪਕ ਨੂੰ ਸਵੇਰ ਦੀ ਸਭਾ ਵਿਚ ਆਪਣੀ ਜ਼ਿੰਮੇਵਾਰੀ ਤੋਂ ਕਦੇ ਮੂੰਹ ਨਹੀਂ ਮੋੜਨਾ ਚਾਹੀਦਾ।

-ਸ.ਹ.ਸ. ਖੇੜੀ (ਸੰਗਰੂਰ), ਮੋ: 9592094819

ਹੜਤਾਲਾਂ ਅਤੇ ਆਮ ਲੋਕ

ਅੱਜਕਲ੍ਹ ਦੇਖਣ ਵਿਚ ਆ ਰਿਹਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਜਥੇਬੰਦੀ ਆਪਣੀਆਂ ਮੰਗਾਂ ਨਾ ਪੂਰੀਆਂ ਹੁੰਦੀਆਂ ਦੇਖ ਹੜਤਾਲਾਂ ਕਰ ਦਿੰਦੀ ਹੈ। ਬੇਸ਼ੱਕ ਭਾਰਤ ਦੇਸ਼ ਵਿਚ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣਾ ਕੋਈ ਗ਼ਲਤ ਕੰਮ ਨਹੀਂ ਹੈ ਪਰ ਵੱਖਰੇ-ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਕੀਤੀਆਂ ਹੜਤਾਲਾਂ ਦਾ ਸਿੱਧਾ ਪ੍ਰਭਾਵ ਆਮ ਨਾਗਰਿਕਾਂ 'ਤੇ ਪੈਂਦਾ ਹੈ। ਜਥੇਬੰਦੀਆਂ ਵਲੋਂ ਕੀਤੀਆਂ ਹੜਤਾਲਾਂ ਕਾਰਨ ਆਮ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਕੰਮਾਂ ਅਤੇ ਆਉਣ-ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਪਿਛਲੇ ਦਿਨੀਂ ਸਫ਼ਾਈ ਸੇਵਕਾਂ ਵਲੋਂ ਕੂੜਾ-ਕਰਕਟ ਨਾ ਚੁੱਕਣ ਸਬੰਧੀ ਵੀ ਹੜਤਾਲ ਕੀਤੀ ਗਈ, ਜਿਸ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ। ਇਸ ਨਾਲ ਆਮ ਲੋਕਾਂ ਨੂੰ ਬਦਬੂ ਦੇ ਨਾਲ-ਨਾਲ ਸਾਹ ਲੈਣਾ ਵੀ ਔਖਾ ਹੋ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਹਨੇਰੀ ਆਉਣ ਕਾਰਨ ਸਾਰਾ ਕੂੜਾ ਦੂਰ-ਦੂਰ ਤੱਕ ਫੈਲ ਗਿਆ ਤੇ ਇਹ ਕੂੜਾ ਕਰਕਟ ਲੋਕਾਂ ਦੇ ਘਰਾਂ ਵਿਚ ਵੜਨ ਦੇ ਨਾਲ-ਨਾਲ ਰੇਹੜੀਆਂ ਵਾਲਿਆਂ ਦੇ ਖਾਣ-ਪੀਣ ਵਾਲੀਆਂ ਵਸਤਾਂ ਵਿਚ ਪੈ ਗਿਆ, ਜਿਸ ਕਾਰਨ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆਮ ਲੋਕਾਂ ਦਾ ਆਉਣਾ ਲਾਜ਼ਮੀ ਹੈ ਤੇ ਇਸ ਤੋਂ ਉਤਪੰਨ ਹੋਈਆਂ ਬਿਮਾਰੀਆਂ ਮਹਾਂਮਾਰੀ ਦਾ ਰੂਪ ਵੀ ਧਾਰ ਸਕਦੀਆਂ ਹਨ। ਬੇਸ਼ੱਕ ਹੜਤਾਲ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ, ਉਨ੍ਹਾਂ ਨੂੰ ਆਪਣੇ ਬਣਦੇ ਹੱਕ ਮਿਲਣੇ ਚਾਹੀਦੇ ਹਨ ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਉਹ ਕਿਹੜੇ ਹੱਕਾਂ ਦੀ ਉਮੀਦ ਰੱਖਦੇ ਹਨ। ਉਨ੍ਹਾਂ ਦਾ ਗੁੱਸਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਹੈ ਨਾ ਕਿ ਆਮ ਨਾਗਰਿਕਾਂ ਨੂੰ ਤੰਗ ਕਰਨਾ। ਇਸ ਲਈ ਜ਼ਰੂਰਤ ਹੈ ਕਿ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਜਥੇਬੰਦੀਆਂ ਸਰਕਾਰੀ ਅਧਿਕਾਰੀਆਂ, ਸਰਕਾਰ ਦੇ ਪ੍ਰਤੀਨਿਧਾਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਟੱਕਰ ਲੈਣ ਨਾ ਕਿ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕਰ ਕੇ। ਇਸ ਸਬੰਧੀ ਸਮੇਂ ਦੀਆਂ ਸਰਕਾਰਾਂ ਨੂੰ ਵੀ ਕਰਮਚਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਕੋਈ ਨਾ ਕੋਈ ਰਸਤਾ ਲੱਭਣਾ ਚਾਹੀਦਾ ਹੈ ਤਾਂ ਜੋ ਹੜਤਾਲੀ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।

-ਮੋ: 94174-25749.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX