ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹੋਰ ਖ਼ਬਰਾਂ..

ਖੇਡ ਜਗਤ

ਕਬੱਡੀ ਦੀ ਦੁਨੀਆ ਦੇ ਖੌਫ਼ਨਾਕ ਜਾਫੀਆਂ ਦੀ ਗੱਲ ਕਰਦਿਆਂ...

ਸਰਕਲ ਸਟਾਈਲ ਕਬੱਡੀ ਪੰਜਾਬੀ ਖਿੱਤੇ ਦੀ ਹਰਮਨ ਪਿਆਰੀ ਖੇਡ ਹੈ। ਇਸ ਖੇਡ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਵਧੇਰੇ ਖਿਡਾਰੀਆਂ ਦੀ ਹਾਲਤ ਭਾਵੇਂ ਇੰਨੀ ਵਧੀਆ ਨਹੀਂ ਹੈ। ਕਬੱਡੀ ਖੇਡ ਨੂੰ ਦੁਨੀਆ ਭਰ ਵਿਚ ਪ੍ਰਸਿੱਧ ਕਰਨ ਵਾਲੇ ਕੁਝ ਇਕ ਖਿਡਾਰੀਆਂ ਦੀ ਜੇ ਗੱਲ ਕਰੀਏ ਤਾਂ ਇਹ ਨਾਂਅ ਬੜੇ ਮਾਣ ਨਾਲ ਲਏ ਜਾਂਦੇ ਹਨ।
ਰਾਣਾ ਵੰਝ
ਮਾਝੇ ਦੀ ਧਰਤੀ ਦਾ ਜੰਮਪਲ ਰਣਜੀਤ ਸਿੰਘ ਰਾਣਾ ਵੰਝ ਕਬੱਡੀ ਦੀ ਦੁਨੀਆ ਦਾ ਆਫਤ ਜਾਫੀ ਹੋਇਆ ਹੈ। ਉਹਦੀ ਖੇਡ ਦਾ ਐਨਾ ਖੌਫ ਸੀ ਕਿ ਮਾਲਵੇ, ਦੁਆਬੇ ਦੇ ਵਧੇਰੇ ਧਾਵੀ ਉਸ ਨਾਲ ਖੇਡਣ ਤੋਂ ਕੰਨੀ ਕਤਰਾਉਂਦੇ ਸਨ। ਰਾਣੇ ਵੰਝ ਨੂੰ ਲੋਕ ਥੱਪੜ ਵਾਲੀ ਮਸ਼ੀਨ ਕਹਿੰਦੇ ਸਨ। ਰੂਪੋਵਾਲ ਚੌਗਾਵਾਂ ਪਿੰਡ ਦਾ ਰਾਣਾ ਵੰਝ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਆਪਣੀ ਖੇਡ ਦਾ ਲੋਹਾ ਮੰਨਵਾ ਚੁੱਕਾ ਹੈ। ਉਸ ਨੂੰ ਦੇਖ ਕੇ ਕਈ ਵਾਰ ਧਾਵੀਆਂ ਨੂੰ ਬੁਖਾਰ ਚੜ੍ਹ ਜਾਂਦਾ ਸੀ।
ਸੁਖਰਾਜ ਗੁਰਦਾਸਪੁਰੀਆ
ਬਟਾਲੇ ਨੇੜਲੇ ਪਿੰਡ ਕੋਟਲਾ ਨਵਾਬ ਦਾ ਸੁਖਰਾਜ ਸਿੰਘ ਵੀ ਪੰਜਾਬ ਦੀ ਕਬੱਡੀ ਵਿਚ ਕਹਿਰ ਜਾਫੀ ਵਜੋਂ ਜਾਣਿਆ ਜਾਂਦਾ ਹੈ, ਉਸ ਦੀ ਖੇਡ ਦਾ ਜਲਵਾ ਜਿਨ੍ਹਾਂ ਨੇ ਵੇਖਿਆ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਰਾਣੇ ਵੰਝ ਤੋਂ ਬਾਅਦ ਉਹ ਮਾਝੇ ਦਾ ਅਜਿਹਾ ਖਿਡਾਰੀ ਹੋਇਆ, ਜਿਸ ਦੀ ਤਾਬ ਹਰ ਕੋਈ ਨਹੀਂ ਝੱਲ ਸਕਦਾ ਸੀ। ਕਬੱਡੀ ਦੀ ਦੁਨੀਆ ਵਿਚ ਉਸ ਦਾ ਨਾਂਅ ਵੀ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।
ਫੌਜੀ ਕੁਰੜ ਛਾਪਾ
ਮਾਲਵੇ ਦੀ ਕਬੱਡੀ ਵਿਚ ਜਗਜੀਤ ਸਿੰਘ ਫੌਜੀ ਕੁਰੜ ਦੀ ਖੇਡ ਨੇ ਕਬੱਡੀ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਹੈ। ਅੰਗਰੇਜ਼ਾਂ ਵਰਗਾ ਲੰਮ-ਸਲੰਮਾ, ਗੋਰੇ ਨਿਛੋਹ ਰੰਗ ਦਾ ਫੌਜੀ 'ਵਨ ਮੈਨ ਆਰਮੀ' ਦੇ ਤੌਰ 'ਤੇ ਖੇਡਦਾ ਸੀ। ਪੰਜਾਬ ਰਾਜ ਬਿਜਲੀ ਬੋਰਡ ਲਈ ਉਹ ਕਈ ਸਾਲ ਖੇਡਦਾ ਰਿਹਾ। ਡੈਨੀਅਨ ਤੂਫਾਨ ਨੂੰ ਜੱਫੇ ਲਾਉਣ ਵਾਲੇ ਜਾਫੀਆਂ ਵਿਚ ਉਸ ਦਾ ਵੱਡਾ ਸ਼ੁਮਾਰ ਹੈ। ਫੌਜੀ ਨੂੰ ਵੇਖ ਕੇ ਰੇਡਰ ਮੈਦਾਨ ਛੱਡ ਕੇ ਭੱਜ ਜਾਂਦੇ ਸਨ।
ਰੌਂਤਿਆਂ ਵਾਲਾ ਫੌਜੀ
ਮੋਗੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਰੌਂਤੇ ਦਾ ਸੁਰਜੀਤ ਸਿੰਘ ਫੌਜੀ ਵੀ ਕਬੱਡੀ ਦਾ ਅੱਥਰਾ ਜਾਫੀ ਹੋਇਆ ਹੈ। ਜਿਹੜਾ ਧਾਵੀ ਨੂੰ ਫੜਦਾ ਘੱਟ ਤੇ ਕੁੱਟਦਾ ਬਹੁਤ ਸੀ। ਫੌਜੀ ਦੀ ਮਾਰ ਸਹਿਣ ਦਾ ਹਰ ਧਾਵੀ ਵਿਚ ਦਮ ਨਹੀਂ ਸੀ। ਉਹ ਕੈਨੇਡਾ ਦੀ ਹਰਜੀਤ ਕਲੱਬ ਵਲੋਂ ਖੇਡਿਆ, ਜਿਸ ਦੀਆਂ ਲੋਕ ਅੱਜ ਵੀ ਉਦਾਹਰਨਾਂ ਦਿੰਦੇ ਹਨ। ਫੌਜੀ ਦੇ ਸੁਭਾਅ ਵਾਂਗ ਉਸ ਦੀ ਖੇਡ ਵੀ ਅੜਬ ਰਵੱਈਏ ਵਾਲੀ ਸੀ।
ਜਿੰਦਰ ਖਾਨੋਵਾਲ
ਦੁਆਬੇ ਦੀ ਧਰਤੀ 'ਤੇ ਕਬੱਡੀ ਦੇ ਗੜ੍ਹ ਨਕੋਦਰ ਨੇੜਲੇ ਪਿੰਡ ਖਾਨੋਵਾਲ ਦੇ ਹਰਜਿੰਦਰ ਸਿੰਘ ਨੂੰ ਕਬੱਡੀ ਜਗਤ ਵਿਚ 'ਜਹਾਜ਼' ਦੇ ਨਾਂਅ ਨਾਲ ਵੀ ਸੱਦਿਆ ਗਿਆ ਹੈ, ਜਿਸ ਦੇ ਮਾਰੇ ਥੱਪੜਾਂ ਦੇ ਖੜਕੇ ਦੂਰ ਤੱਕ ਸੁਣਾਈ ਦਿੰਦੇ ਸਨ। ਕਬੱਡੀ ਦੀ ਲੰਮੀ ਪਾਰੀ ਖੇਡਣ ਤੋਂ ਬਾਅਦ ਉਸ ਨੇ ਨਵੀਂ ਪਨੀਰੀ ਨੂੰ ਕਬੱਡੀ ਨਾਲ ਜੋੜਨ ਲਈ ਦਸਮੇਸ਼ ਕਲੱਬ ਨਕੋਦਰ ਅਕੈਡਮੀ ਸਥਾਪਿਤ ਕੀਤੀ।
ਪੱਪੂ ਚੂਹੜਚੱਕ
ਮੋਗਾ ਨੇੜਲੇ ਪਿੰਡ ਚੂਹੜਚੱਕ ਦਾ ਗੁਰਸ਼ਰਨ ਸਿੰਘ ਪੱਪੂ ਕਬੱਡੀ ਦਾ ਵੱਡਾ ਮੱਲ ਸਾਬਤ ਹੋਇਆ ਹੈ, ਜਿਸ ਨੇ ਆਪਣੀਆਂ ਬਾਹਵਾਂ ਦੇ ਜ਼ੋਰ ਨਾਲ ਕਹਿੰਦੇ-ਕਹਾਉਂਦੇ ਧਾਵੀਆਂ ਨੂੰ ਰੋਕਿਆ ਹੈ। ਲੋਕ-ਗੀਤ ਵਾਂਗ ਪੱਪੂ ਦਾ ਨਾਂਅ ਕਬੱਡੀ ਪ੍ਰੇਮੀਆਂ ਦੇ ਮੂੰਹ ਚੜ੍ਹਿਆ ਹੋਇਆ ਹੈ।
ਸੋਨੀ ਸੁਨੇਤ
ਕਬੱਡੀ ਵਿਚ ਜਤਿੰਦਰ ਸਿੰਘ ਸੋਨੀ ਸੁਨੇਤ ਨੂੰ ਲੋਕ 'ਚੀਨ ਦੀ ਕੰਧ' ਕਹਿ ਕੇ ਬੁਲਾਉਂਦੇ ਸਨ। ਉਹ ਦੋ ਵਾਰ ਕੈਨੇਡਾ ਕੱਪ ਦਾ ਸਰਬੋਤਮ ਜਾਫੀ ਰਿਹਾ ਹੈ। 2009 ਵਿਚ ਇਕ ਮੈਚ ਵਿਚ 2 ਲੱਖ ਦੇ ਜੱਫੇ ਲਾਉਣ ਦਾ ਰਿਕਾਰਡ ਵੀ ਸੋਨੀ ਸੁਨੇਤ ਦੇ ਨਾਂਅ ਹੈ। ਬਗਲ ਭਰਨਾ, ਗੁੱਟ ਫੜਨਾ ਤੇ ਕੈਂਚੀ ਮਾਰਨ ਵਰਗੇ ਉਸ ਦੇ ਮੁੱਖ ਦਾਅ ਰਹੇ ਹਨ। ਕਬੱਡੀ ਵਿਚ ਪੂਰਾ ਇਕ ਦਹਾਕਾ ਸੋਨੀ ਸੁਨੇਤ ਦਾ ਨਾਂਅ ਚੱਲਿਆ ਹੈ।
ਮੰਗਤ ਸਿੰਘ ਮੰਗੀ ਬੱਗਾਪਿੰਡ
ਅਜੋਕੇ ਦੌਰ ਦੇ ਵੱਡੇ ਜਾਫੀਆਂ ਵਿਚ ਮੰਗੀ ਬੱਗਾਪਿੰਡ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੰਜਾਬ ਵਿਸ਼ਵ ਕੱਪ ਵਿਚ ਲਗਾਤਾਰ 2010-11 ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨ ਦੇ ਨਾਲ-ਨਾਲ ਸਰਬੋਤਮ ਜਾਫੀ ਦੇ ਤੌਰ 'ਤੇ ਟਰੈਕਟਰ ਜਿੱਤਣ ਦਾ ਮਾਣ ਵੀ ਇਸ ਖਿਡਾਰੀ ਦੇ ਨਾਂਅ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਵੱਡੀਆਂ ਖੇਡ ਕਲੱਬਾਂ ਲਈ ਖੇਡਣਾ ਤੇ ਮੈਚ ਦੇ ਰੁਖ਼ ਬਦਲਣ ਵਾਲੇ ਖਿਡਾਰੀਆਂ ਵਿਚ ਮੰਗੀ ਬੱਗਾਪਿੰਡ ਦਾ ਨਾਂਅ ਬੜੇ ਫਖਰ ਨਾਲ ਲਿਆ ਜਾਂਦਾ ਹੈ। ਕੈਨੇਡਾ ਵਿਸ਼ਵ ਕੱਪ ਸਮੇਤ ਉਹ ਵਿਦੇਸ਼ਾਂ ਦੇ ਅਨੇਕਾਂ ਖੇਡ ਮੇਲਿਆਂ ਦਾ ਅੱਵਲ ਨੰਬਰ ਜਾਫੀ ਰਿਹੈ।
ਅਰਸ਼ ਚੋਹਲਾ ਸਾਹਿਬ
ਚੋਹਲਾ ਸਾਹਿਬ ਦੇ ਅਰਸ਼ ਨੂੰ ਕਬੱਡੀ ਵਿਚ ਲੋਕ ਡੀ.ਟੀ.ਓ. ਵੀ ਕਹਿੰਦੇ ਹਨ। ਛੋਟੀ ਉਮਰੇ ਅਰਸ਼ ਨੇ ਕਬੱਡੀ ਦੇ ਅੰਬਰ ਨੂੰ ਛੂਹ ਲਿਆ ਹੈ। 2013 ਵਿਚ ਇੰਗਲੈਂਡ ਖੇਡ ਸੀਜ਼ਨ ਸਮੇਤ 2018 ਕੈਨੇਡਾ ਸੀਜ਼ਨ ਤੇ ਵਿਸ਼ਵ ਕੱਪ ਕੈਨੇਡਾ ਦਾ ਉਹ ਬੈਸਟ ਜਾਫੀ ਚੁਣਿਆ ਗਿਆ ਹੈ। ਬਾਬਾ ਭਗਵਾਨ ਸਿੰਘ ਅਕੈਡਮੀ ਮਾਝਾ ਭਗਵਾਨਪੁਰ ਵਲੋਂ ਖੇਡਦਿਆਂ ਅਰਸ਼ 2019 ਵਿਚ ਸ੍ਰੀ ਅਨੰਦਪੁਰ ਸਾਹਿਬ ਸਮੇਤ ਪੰਜਾਬ ਖੇਡ ਸੀਜ਼ਨ ਦਾ ਵੀ ਸਰਬੋਤਮ ਜਾਫੀ ਹੈ। ਉੱਚੇ-ਲੰਮੇ ਕੱਦ-ਕਾਠ ਵਾਲੇ ਮਝੈਲ ਗੱਭਰੂ ਨੇ ਕਬੱਡੀ ਖੇਡ ਨੂੰ ਹੋਰ ਹੁਲਾਰਾ ਦਿੱਤਾ ਹੈ, ਜਿਸ ਦੀ ਖੇਡ ਦੀ ਗੁੱਡੀ ਅੰਬਰੀਂ ਚੜ੍ਹੀ ਹੋਈ ਹੈ।
ਇਹ ਕੁਝ ਇਕ ਖਿਡਾਰੀ ਹਨ, ਜਿਨ੍ਹਾਂ ਦਾ ਨਾਂਅ ਲੋਕ-ਗੀਤਾਂ ਵਾਂਗ ਪੰਜਾਬੀਆਂ ਦੇ ਬੁੱਲ੍ਹਾਂ 'ਤੇ ਚੜ੍ਹਿਆ ਹੋਇਆ ਹੈ, ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨ ਕਬੱਡੀ ਨਾਲ ਜੁੜ ਰਹੇ ਹਨ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਇਨ੍ਹਾਂ ਖਿਡਾਰੀਆਂ 'ਤੇ ਹਮੇਸ਼ਾ ਮਾਣ ਰਹੇਗਾ।


-ਸੰਗਰੂਰ। ਮੋਬਾ: 98724-59691


ਖ਼ਬਰ ਸ਼ੇਅਰ ਕਰੋ

ਪੈਰਾ-ਬੈਡਮਿੰਟਨ ਚੈਂਪੀਅਨ ਨੂੰ ਸਟੇਟ ਐਵਾਰਡ ਤਾਂ ਮਿਲ ਗਿਆ, ਪਰ ਨੌਕਰੀ ਨਾ ਮਿਲੀ

ਲੰਘੀ 9 ਜੁਲਾਈ ਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਹਯਾਤ ਹੋਟਲ 'ਚ ਸੂਬੇ ਦੇ ਬਿਹਤਰੀਨ ਖਿਡਾਰੀਆਂ ਲਈ ਸਟੇਟ ਦੇ ਸਭ ਤੋਂ ਵੱਡੇ ਐਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਕੁੱਲ 101 ਖਿਡਾਰੀਆਂ ਨੇ ਇਸ ਐਵਾਰਡ ਸਮਾਰੋਹ 'ਚ ਸਨਮਾਨ ਹਾਸਲ ਕੀਤਾ। ਮੈਨੂੰ ਵੀ ਇਸ ਸਮਾਰੋਹ 'ਚ ਜਾਣ ਦਾ ਮੌਕਾ ਮਿਲਿਆ, ਜਿਸ ਦਾ ਮੁੱਖ ਕਾਰਨ ਉਨ੍ਹਾਂ ਖਿਡਾਰੀਆਂ ਦੇ ਇਸ ਮਹਾਨ ਐਵਾਰਡ ਨੂੰ ਹਾਸਲ ਕਰਨ ਦੀ ਖੁਸ਼ੀ ਦੇ ਨਾਲ-ਨਾਲ ਉਨ੍ਹਾਂ ਦੇ ਮਨ ਅੰਦਰ ਚੱਲ ਰਹੇ ਦੁੱਖ ਦਾ ਅਹਿਸਾਸ ਕਰਨਾ ਸੀ ਤੇ ਦੂਜਾ ਮੇਰੇ ਪਰਮ ਮਿੱਤਰ ਕੌਮਾਂਤਰੀ ਸਾਈਕਲਿਸਟ ਜਗਦੀਪ ਕਾਹਲੋਂ ਨੂੰ ਸਨਮਾਨਿਤ ਹੁੰਦੇ ਹੋਏ ਦੇਖਣਾ ਸੀ। ਇਸ ਐਵਾਰਡ ਫੰਕਸ਼ਨ 'ਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ। ਇਕ ਤਰਫ ਤਾਂ ਇਸ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕਿ ਦੇਰ ਆਏ ਦਰੁਸਤ ਆਏ, ਇਸ ਸਰਕਾਰ ਨੇ ਪਿਛਲੇ 8 ਸਾਲਾਂ ਤੋਂ ਅੜੇ ਇਸ ਐਵਾਰਡ ਨੂੰ ਦੇਣ ਦਾ ਜ਼ਿੰਮਾ ਤਾਂ ਚੁੱਕਿਆ ਹੀ, ਪਰ ਨਾਲ ਹੀ ਸਰਕਾਰ ਦੀਆਂ ਕਮਜ਼ੋਰੀਆਂ ਦੇਖ ਥੋੜ੍ਹਾ ਮਨ ਉਦਾਸ ਵੀ ਹੋਇਆ ਕਿ ਅਜਿਹੇ ਐਵਾਰਡ ਦੇਣ ਨਾਲ ਖਿਡਾਰੀਆਂ ਨੂੰ ਸਿਰਫ ਇਕ ਮਾਣ ਹੀ ਮਿਲਦਾ ਹੈ, ਰੋਟੀ ਨਹੀਂ ਮਿਲਦੀ।
ਐਵਾਰਡ ਸਮਾਰੋਹ ਦੌਰਾਨ ਇਨ੍ਹਾਂ ਮਹਾਨ ਖਿਡਾਰੀਆਂ 'ਚੋਂ ਤਕਰੀਬਨ 8 ਜਾਂ 10 ਖਿਡਾਰੀਆਂ ਨਾਲ ਨਿੱਜੀ ਤੌਰ 'ਤੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਜਿਸ 'ਚ ਸਭ ਤੋਂ ਪਹਿਲਾ ਖਿਡਾਰੀ ਜੋ ਮਿਲਿਆ, ਉਹ ਸੀ ਅਬੋਹਰ ਜ਼ਿਲ੍ਹੇ ਦੇ ਪਿੰਡ ਤੇਲੂਪੁਰਾ ਦਾ ਅਪੰਗ ਖਿਡਾਰੀ ਸੰਜੀਵ ਕੁਮਾਰ। ਸੰਜੀਵ ਕੁਮਾਰ ਭਾਰਤ ਦਾ ਇਕਲੌਤਾ ਹੀ ਪੈਰਾਬੈਡਮਿੰਟਨ ਖਿਡਾਰੀ ਹੈ, ਜੋ ਭਾਰਤ ਨੂੰ ਕੌਮਾਂਤਰੀ ਪੱਧਰ 'ਤੇ ਕਾਫੀ ਤਗਮੇ ਦੁਆ ਚੁੱਕਾ ਹੈ। ਸੰਜੀਵ ਇਸ ਐਵਾਰਡ ਫੰਕਸ਼ਨ 'ਚ ਆਪਣੀ ਵਿਧਵਾ ਮਾਂ ਤੇ ਆਪਣੇ ਭਰਾ ਨਾਲ ਆਇਆ ਸੀ। ਪਰਿਵਾਰ ਦੇ ਚਿਹਰਿਆਂ 'ਤੇ ਆਪਣੇ ਪੁੱਤ ਨੂੰ ਮਿਲ ਰਹੇ ਐਵਾਰਡ ਦੀ ਖੁਸ਼ੀ ਨਾਲੋਂ ਕਿਤੇ ਜ਼ਿਆਦਾ ਆਪਣੇ ਪੁੱਤ ਕੋਲ ਨੌਕਰੀ ਨਾ ਹੋਣ ਦਾ ਗਮ ਸੀ। ਇੰਜ ਲੱਗ ਰਿਹਾ ਸੀ ਜਿਵੇਂ ਸੰਜੀਵ ਦੀ ਮਾਂ ਆਪਣੇ ਪੁੱਤ ਲਈ ਨੌਕਰੀ ਦੀ ਫਰਿਆਦ ਕਰਨ ਇਸ ਸਮਾਗਮ 'ਚ ਆਈ ਹੋਵੇ। ਸੰਜੀਵ ਸਾਲ 2017-18 'ਚ ਵਿਸ਼ਵ ਚੈਂਪੀਅਨਸ਼ਿਪ 'ਚ 3 ਸੋਨ ਤਗਮੇ ਜਿੱਤ ਚੁੱਕਾ ਹੈ। ਸੰਜੀਵ ਨੇ ਕਿਹਾ ਕਿ ਉਸ ਨੂੰ ਐਵਾਰਡ ਮਿਲਣ ਦੀ ਖੁਸ਼ੀ ਤਾਂ ਹੈ ਹੀ, ਪਰ ਸਭ ਤੋਂ ਵੱਡਾ ਗਮ ਹੈ ਕਿ ਭਾਰਤ ਤੇ ਪੰਜਾਬ ਲਈ ਇੰਨੇ ਤਗਮੇ ਹਾਸਲ ਕਰਕੇ ਵੀ ਉਸ ਦੀ ਝੋਲੀ ਅੱਜ ਖਾਲੀ ਹੈ ਤੇ ਉਹ ਦਿਹਾੜੀ ਜੋਤਾ ਕਰਨ ਲਈ ਮਜਬੂਰ ਹੈ। ਉਸ ਨੇ ਕਿਹਾ ਕਿ ਉਹ ਐਵਾਰਡ ਵੀ ਕਿਸ ਕੰਮ ਦੇ ਜੋ ਤੁਹਾਨੂੰ ਨੌਕਰੀ ਹੀ ਨਾ ਦੁਆ ਸਕਣ ਤੇ ਪਰਿਵਾਰ ਦਾ ਪੇਟ ਹੀ ਨਾ ਪਾਲਿਆ ਜਾ ਸਕੇ। ਸੰਜੀਵ ਦੇ ਦੱਸਣ ਅਨੁਸਾਰ ਉਸ ਨੇ ਲੋਕਲ ਮੰਤਰੀ ਕੀ, ਸਗੋਂ ਮੁੱਖ ਮੰਤਰੀ ਤੱਕ ਆਪਣੀ ਫਰਿਆਦ ਲਾਈ ਹੈ, ਪਰ ਅਜੇ ਤੱਕ ਉਸ ਨੂੰ ਨੌਕਰੀ ਨਹੀਂ ਮਿਲੀ। ਉਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਉਸ ਨੂੰ ਜਨਵਰੀ ਮਹੀਨੇ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ। ਪਰ 6 ਮਹੀਨੇ ਨਿਕਲਣ ਤੋਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਸੰਜੀਵ ਨੇ ਉਨ੍ਹਾਂ ਪੈਸਿਆਂ ਨਾਲ ਇਕ ਅੰਤਰਰਾਸ਼ਟਰੀ ਚੱਕਰ ਲਾਇਆ ਅਤੇ ਉਥੋਂ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ। ਜਿੱਥੋਂ ਤੱਕ ਖਰਚੇ ਦੀ ਗੱਲ ਹੈ, ਤਾਂ ਸੰਜੀਵ ਨੂੰ ਖੇਡ ਵਿਭਾਗ ਨਾਲ ਭਾਰੀ ਰੋਸ ਹੈ ਕਿ ਉਸ ਨੂੰ ਖੇਡ ਵਿਭਾਗ ਕੋਈ ਵੀ ਸਹਾਇਤਾ ਪ੍ਰਦਾਨ ਨਹੀਂ ਕਰਦਾ। ਉਸ ਨੇ ਦੱਸਿਆ ਕਿ ਖੇਡ ਮੰਤਰੀ ਨੇ ਵੀ ਨੌਕਰੀ ਦੇਣ ਦਾ ਸਿਰਫ ਭਰੋਸਾ ਹੀ ਦਿੱਤਾ। ਉਸ ਨੇ ਕਿਹਾ ਕਿ ਉਹ ਲੋਕਾਂ ਕੋਲੋਂ ਉਧਾਰ ਲੈ-ਲੈ ਕੇ ਜਾਂ ਘਰ ਦਾ ਸੋਨਾ ਗਿਰਵੀ ਰੱਖ ਕੇ ਕੁਆਲੀਫਾਈ ਮੈਚ ਖੇਡ ਰਿਹਾ ਹੈ। ਸੰਜੀਵ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਸਰਕਾਰ ਕ੍ਰਿਕਟ ਖਿਡਾਰੀਆਂ ਨੂੰ ਨੌਕਰੀ ਦੇ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਨੌਕਰੀ ਦੇ ਸਕਦੀ? ਉਸ ਨੇ ਕਿਹਾ ਕਿ ਪੰਜਾਬ 'ਚ ਅਪੰਗ ਖਿਡਾਰੀਆਂ ਦੀ ਕੋਈ ਸਾਰ ਨਹੀਂ ਲੈਂਦਾ ਤੇ ਉਨ੍ਹਾਂ ਵਰਗੇ ਖਿਡਾਰੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ।
ਉਥੇ ਹੀ ਇਕ ਹੋਰ ਸਰੀਰਕ ਤੌਰ 'ਤੇ ਅਪੰਗ ਖਿਡਾਰੀ ਪੈਰਾਲਿਫਟਰ ਰਾਜਿੰਦਰ ਸਿੰਘ ਰਹੇਲੂ ਨਾਲ ਮੁਲਾਕਾਤ ਹੋਈ, ਜੋ ਵੀ ਪੰਜਾਬ ਸਰਕਾਰ ਤੋਂ ਖ਼ਫ਼ਾ ਹੀ ਨਜ਼ਰ ਆਏ। ਰਹੇਲੂ ਦਾ ਕਹਿਣਾ ਸੀ ਕਿ ਪੰਜਾਬ 'ਚ ਪੈਰਾ ਖਿਡਾਰੀਆਂ ਦਾ ਕੋਈ ਵਰਤਮਾਨ ਤੇ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰਾਊਂਡ ਪੱਧਰ 'ਤੇ ਸਾਡੇ ਵਰਗੇ ਖਿਡਾਰੀਆਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਖਾਸ ਲੋੜ ਹੈ। ਅਜਿਹੇ ਹੋਰ ਵੀ ਖਿਡਾਰੀ ਮਿਲੇ, ਜਿਨ੍ਹਾਂ ਦੇ ਚਿਹਰਿਆਂ 'ਤੇ ਸਟੇਟ ਦਾ ਸਭ ਤੋਂ ਵੱਡਾ ਐਵਾਰਡ ਮਿਲਣ ਦੀ ਬਣਾਉਟੀ ਖ਼ੁਸ਼ੀ ਸੀ, ਪਰ ਮਨ 'ਚ ਨੌਕਰੀਆਂ ਨਾ ਲੱਗਣ ਦੇ ਗਮਾਂ ਦੇ ਪਹਾੜ ਸਨ। ਸਰਕਾਰ ਵਲੋਂ ਅਜਿਹੇ ਫੰਕਸ਼ਨ ਕਰਨੇ ਜਿਥੇ ਲਾਜ਼ਮੀ ਹਨ, ਉਥੇ ਹੀ ਅਜਿਹੇ ਖਿਡਾਰੀਆਂ ਦੀ ਜ਼ਿੰਦਗੀ ਬਣਾਉਣ ਲਈ ਉਨ੍ਹਾਂ ਨੂੰ ਨੌਕਰੀਆਂ ਦੇਣੀਆਂ ਵੀ ਬਹੁਤ ਲਾਜ਼ਮੀ ਹਨ। ਵੈਸੇ ਵੀ ਸਰਕਾਰੀ ਅਦਾਰਿਆਂ 'ਚ ਢਿੱਡਲ ਤੇ ਵਿਹਲੜ ਸਰਕਾਰੀ ਅਫਸਰਾਂ ਦੀ ਥੋੜ ਨਹੀਂ ਹੈ। ਜੇ ਉਹੋ ਜਿਹੇ ਵਿਹਲੇ ਅਫਸਰਾਂ ਦੀ ਥਾਂ ਅਜਿਹੇ ਸੂਝਵਾਨ ਨੌਜਵਾਨ ਖਿਡਾਰੀਆਂ ਨੂੰ ਅਫਸਰ ਲਾ ਦਿੱਤਾ ਜਾਵੇ ਤਾਂ ਪੰਜਾਬ ਖੁਦ-ਬ-ਖੁਦ ਨੌਜਵਾਨਾਂ ਦੇ ਹੱਥ 'ਚ ਆ ਜਾਏਗਾ ਤੇ ਪੰਜਾਬ ਦੀ ਤਰੱਕੀ ਨਿਸ਼ਚਤ ਹੈ।
ਖ਼ੈਰ, ਤਾਜ਼ੇ ਹੀ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਐਵਾਰਡ ਵੰਡੇ ਹਨ, ਉਮੀਦ ਕਰਦੇ ਹਾਂ ਕਿ ਭਵਿੱਖ 'ਚ ਵੀ ਸਰਕਾਰ ਇਹੋ ਜਿਹੇ ਖਿਡਾਰੀਆਂ ਦੀ ਸਾਰ ਲੈਂਦੀ ਰਹੇਗੀ। ਕਿਤੇ ਇਹ ਨਾ ਹੋਵੇ ਕਿ ਜਿਵੇਂ 8 ਸਾਲ ਬਾਅਦ ਹੁਣ ਸਰਕਾਰ ਨੇ ਖਿਡਾਰੀਆਂ ਦੀ ਸਾਰ ਲਈ, ਉਸੇ ਤਰ੍ਹਾਂ ਭਵਿੱਖ 'ਚ ਵੀ ਅਜਿਹਾ ਹੀ ਕੁਝ ਹੋਵੇ। ਸਭ ਤੋਂ ਵੱਡੀ ਗੱਲ, ਐਵਾਰਡਾਂ ਦੇ ਨਾਲ ਨਾਲ ਇਨ੍ਹਾਂ ਖਿਡਾਰੀਆਂ ਨੂੰ ਨੌਕਰੀਆਂ ਦੀਆਂ ਚਿੱਠੀਆਂ ਵੀ ਜੇ ਸਰਕਾਰ ਮੌਕੇ 'ਤੇ ਹੀ ਵੰਡ ਦੇਵੇ ਤਾਂ ਮੇਰੇ ਪੰਜਾਬ ਦੀ ਜਵਾਨੀ ਜਹਾਜ਼ਾਂ ਦੀਆਂ ਤਾਕੀਆਂ ਫੜ ਅਮਰੀਕਾ ਤੇ ਕੈਨੇਡਾ ਜਾਣ ਲਈ ਮਜਬੂਰ ਨਾ ਹੋਵੇ।


-ਮੋਬਾ: 95015-82626

ਸੰਸਾਰ ਪੱਧਰ 'ਤੇ 100 ਮੀਟਰ ਦਾ ਗੋਲਡ ਤਗਮਾ ਜਿੱਤਣ ਵਾਲੀ ਪਹਿਲੀ ਔਰਤ ਅਥਲੀਟ ਹੈ ਦੂਤੀ ਚੰਦ

'ਮੈਨੂੰ ਹੇਠਾਂ ਸੁੱਟੋਗੇ, ਤਾਂ ਮੈਂ ਹੋਰ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਆਵਾਂਗੀ।' ਨਾਪੋਲੀ ਵਿਚ ਆਯੋਜਿਤ ਸੰਸਾਰ ਪੱਧਰ ਦੀ ਪ੍ਰਤੀਯੋਗਤਾ 'ਵਰਲਡ ਯੂਨੀਵਰਸੀਏਡ' ਵਿਚ 100 ਮੀਟਰ ਦਾ ਸੋਨ ਤਗਮਾ ਜਿੱਤਣ ਤੋਂ ਬਾਅਦ ਦੂਤੀ ਚੰਦ ਨੇ ਇਹ ਟਵੀਟ ਕੀਤਾ। ਸੰਸਾਰ ਪੱਧਰ ਦੀ ਕਿਸੇ ਵੀ ਕੌਮਾਂਤਰੀ ਪ੍ਰਤੀਯੋਗਤਾ ਵਿਚ 100 ਮੀਟਰ ਦਾ ਸੋਨ ਤਗਮਾ ਜਿੱਤਣ ਵਾਲੀ ਦੂਤੀ ਚੰਦ ਪਹਿਲੀ ਭਾਰਤੀ ਔਰਤ ਅਥਲੀਟ ਹੈ। ਇਤਿਹਾਸ ਬਣਾਉਣ ਤੋਂ ਬਾਅਦ ਇਹ ਟਵੀਟ ਦੂਤੀ ਚੰਦ ਦਾ ਖ਼ਾਸ ਅੰਦਾਜ਼ ਸੀ। ਆਪਣੇ ਉਨ੍ਹਾਂ ਆਲੋਚਕਾਂ ਨੂੰ ਉੱਤਰ ਦੇਣ ਦਾ ਜੋ ਸਮੇਂ-ਸਮੇਂ 'ਤੇ ਉਸ ਦੇ ਸਾਧਾਰਨ ਮਨੁੱਖ ਹੋਣ 'ਤੇ ਸ਼ੱਕ ਕਰਦੇ ਰਹੇ ਹਨ ਅਤੇ ਉਸ ਦੀ ਨਿੱਜੀ ਪਸੰਦ 'ਤੇ ਸਵਾਲ ਉਠਾਉਂਦੇ ਰਹੇ ਹਨ।
ਬਾਅਦ ਵਿਚ ਇਟਲੀ ਦੇ ਦੱਖਣੀ ਸ਼ਹਿਰ ਨਾਪੋਲੀ ਵਿਚ ਹੀ ਆਪਣੇ ਉਕਤ ਟਵੀਟ ਦੀ ਵਿਆਖਿਆ ਕਰਦੇ ਹੋਏ ਦੂਤੀ ਚੰਦ ਨੇ ਦੱਸਿਆ, 'ਉਹ ਸੰਦੇਸ਼ ਮੇਰੇ ਪਰਿਵਾਰ, ਮੇਰੀ ਵੱਡੀ ਭੈਣ ਸਰਸਵਤੀ ਅਤੇ ਮਾਂ ਅਖੂਜੀ ਲਈ ਸੀ, ਜੋ ਮੇਰੇ ਸਮਲਿੰਗੀ ਸਬੰਧ ਦੇ ਵਿਰੋਧ ਵਿਚ ਹਨ। ਇਹ ਸੋਨ ਤਗਮਾ ਉਨ੍ਹਾਂ ਲੋਕਾਂ ਲਈ ਮੇਰਾ ਜਵਾਬ ਹੈ ਅਤੇ ਮੇਰੇ ਆਲੋਚਕਾਂ ਲਈ ਵੀ ਕਿ ਮੈਂ ਦੋਵਾਂ ਗੱਲਾਂ ਦਾ ਪ੍ਰਬੰਧਨ ਕਰ ਸਕਦੀ ਹਾਂ-ਆਪਣੀ ਚੁਣੀ ਹੋਈ ਪਾਰਟਨਰ ਦੇ ਨਾਲ ਨਿੱਜੀ ਜੀਵਨ ਅਤੇ ਆਪਣਾ ਅਥਲੈਟਿਕਸ ਕਰੀਅਰ। ਮੈਨੂੰ ਉਨ੍ਹਾਂ ਦੀ ਸਲਾਹ ਨਹੀਂ ਚਾਹੀਦੀ। ਮੈਂ ਆਪਣੇ ਨਿਰਣੇ ਲੈਣ ਲਈ ਦ੍ਰਿੜ੍ਹ ਹਾਂ। ਇਹ ਤਗਮਾ ਸ਼ਾਇਦ ਉਨ੍ਹਾਂ ਸਾਰਿਆਂ ਨੂੰ ਖਾਮੋਸ਼ ਕਰ ਦੇਵੇ, ਜੋ ਮੇਰੇ ਬਾਰੇ ਵਿਚ, ਮੇਰੀ ਹੋਂਦ ਦੇ ਬਾਰੇ ਵਿਚ ਅਤੇ ਮੇਰੇ ਜੀਵਨ ਸਾਥੀ ਚੋਣ ਬਾਰੇ ਵਿਚ ਟਿੱਪਣੀ ਕਰ ਰਹੇ ਹਨ।'
ਵਰਣਨਯੋਗ ਹੈ ਕਿ ਦੂਤੀ ਚੰਦ ਨੇ ਆਪਣੇ ਸਬੰਧਾਂ ਦਾ ਸਰਵਜਨਕ ਐਲਾਨ ਇਸੇ ਸਾਲ 19 ਮਈ ਨੂੰ ਕੀਤਾ ਸੀ। ਇਹ ਭਾਰਤੀ ਖੇਡ ਸੰਸਾਰ ਵਿਚ ਅਤਿ ਮਹੱਤਵਪੂਰਨ ਪਲ ਸੀ। ਵੱਖ-ਵੱਖ ਖੇਡਾਂ ਦੇ ਅਨੇਕ ਖਿਡਾਰੀਆਂ ਬਾਰੇ ਇਹ ਅਫ਼ਵਾਹ (ਜਾਂ ਸੱਚ) ਤਾਂ ਅਕਸਰ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਉਹ ਸਮਲਿੰਗੀ ਹੈ, ਪਰ ਖੁੱਲ੍ਹ ਕੇ ਸਾਹਮਣੇ ਆਉਣ ਦਾ ਸਾਹਸ ਦੂਤੀ ਚੰਦ ਨੇ ਹੀ ਦਿਖਾਇਆ ਹੈ। ਹਾਲਾਂਕਿ ਉਨ੍ਹਾਂ ਦੇ ਇਸ ਐਲਾਨ 'ਤੇ ਉਨ੍ਹਾਂ ਦੇ ਘਰ ਪਰਿਵਾਰ ਵਲੋਂ ਜ਼ਬਰਦਸਤ ਵਿਰੋਧ ਹੋ ਰਿਹਾ, ਪਰ ਬਾਕੀ ਲੋਕਾਂ ਨੇ ਉਨ੍ਹਾਂ ਦੇ ਨਿਰਣੇ ਦਾ ਖੁੱਲ੍ਹ ਕੇ ਸਵਾਗਤ ਕੀਤਾ, ਜਿਸ ਤੋਂ ਉਹ ਕਾਫ਼ੀ ਖ਼ੁਸ਼ ਹੈ। ਉਹ ਦੱਸਦੀ ਹੈ, 'ਮੈਨੂੰ ਸੈਂਕੜੇ ਫੋਨ ਆਏ। ਮੈਂ ਜਾਣਦੀ ਸੀ ਕਿ ਮੇਰਾ ਐਲਾਨ ਖ਼ਬਰ ਬਣੇਗੀ, ਪਰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਵੱਡੀ ਚਰਚਾ ਦਾ ਵਿਸ਼ਾ ਬਣ ਜਾਵੇਗੀ, ਲੋਕ ਇਸ 'ਤੇ ਬਹਿਸ ਕਰਨਗੇ, ਟਵੀਟ ਕਰਨਗੇ ਅਤੇ ਮੇਰੇ ਤੋਂ ਇਸ 'ਤੇ ਗੱਲਾਂ ਕਰਨਾ ਚਾਹੁਣਗੇ।'
ਐਕਟਰ ਤੇ ਲੇਖਿਕ ਟਵਿੰਕਲ ਖੰਨਾ ਨੇ ਇਸ 'ਤੇ ਸਾਕਾਰਾਤਮਕ ਟਿੱਪਣੀ ਕੀਤੀ। ਅਮਰੀਕਨ ਟਾਕ ਹੋਸਟ ਐਲਨ ਡੀਜੇਨਰਸ ਨੇ ਟਵੀਟ ਕੀਤਾ ਅਤੇ ਭਾਰਤ ਦੇ ਸਾਬਕਾ ਹਾਕੀ ਕਪਤਾਨ ਵਿਰੇਨ ਰਸਕੁਝਨਾ ਨੇ ਮੇਰੇ ਸਮਰਥਨ ਵਿਚ ਲੇਖ ਲਿਖਿਆ। ਇਸੇ ਤਰ੍ਹਾਂ ਦੂਤੀ ਚੰਦ ਨੇ ਹੁਣ ਜੋ ਇਤਿਹਾਸ ਰਚਿਆ ਹੈ, ਉਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਲੈ ਕੇ ਫ਼ਿਲਮ ਤੇ ਖੇਡਾਂ ਦੀ ਦੁਨੀਆ ਦੀਆਂ ਹਸਤੀਆਂ ਤੱਕ ਨੇ ਉਸ ਨੂੰ ਮੁਬਾਰਕਬਾਦ ਦਿੱਤੀ ਹੈ। ਪੂਰੇ ਦੇਸ਼ ਨੂੰ ਉਨ੍ਹਾਂ ਦੀ ਉਪਲਬੱਧੀ 'ਤੇ ਫ਼ਖਰ ਹੈ। ਸਾਰਿਆਂ ਨੂੰ ਉਮੀਦ ਹੈ ਕਿ ਉਹ ਟੋਕੀਓ ਉਲੰਪਿਕਸ ਵਿਚ ਵੀ ਕੁਝ ਵਿਸ਼ੇਸ਼ ਕਰੇਗੀ। ਨਾਪੋਲੀ ਵਿਚ ਚਾਕਾ ਗੋਪਾਲਪੁਰ ਪਿੰਡ, ਓਡੀਸ਼ਾ ਦੀ 23 ਸਾਲਾ ਦੂਤੀ ਚੰਦ ਨੇ ਸੋਨ ਤਗਮਾ ਹਾਸਲ ਕਰਨ ਲਈ 11.32 ਸੈਕਿੰਡ ਦਾ ਸਮਾਂ ਲਿਆ ਅਤੇ ਉਹ ਸ਼ੁਰੂ ਤੋਂ ਅਖੀਰ ਤੱਕ ਸਭ ਤੋਂ ਅੱਗੇ ਰਹੀ। ਅੱਠ ਔਰਤਾਂ ਦੇ ਫਾਈਨਲ ਵਿਚ ਉਹ ਬਲਾਕ ਤੋਂ ਸਭ ਤੋਂ ਪਹਿਲਾਂ ਨਿਕਲੀ ਅਤੇ ਆਖਰੀ ਸਮੇਂ ਵਿਚ ਸਵਿਟਜ਼ਰਲੈਂਡ ਦੀ ਡੇਲ ਪੋਂਟੇ (11.33 ਸੈਕਿੰਡ) ਨੂੰ ਹਰਾ ਕੇ ਜੇਤੂ ਰਹੀ। ਪੋਡੀਅਮ 'ਤੇ ਤੀਜਾ ਥਾਂ ਜਰਮਨੀ ਦੀ ਲੀਜਾ ਕਵਾ ਯੀ (11.39 ਸੈਕਿੰਡ) ਨੇ ਲਿਆ।
ਕੌਮੀ ਰਿਕਾਰਡ ਧਾਰਕ (11.24 ਸੈਕਿੰਡ) ਦੂਤੀ ਚੰਦ ਭਾਰਤ ਦੀ ਦੂਜੀ ਔਰਤ ਦੌੜਾਕ ਹੈ, ਜਿਸ ਨੇ ਸੰਸਾਰ ਪ੍ਰਤੀਯੋਗਤਾ ਵਿਚ ਸੋਨ ਤਗਮਾ ਜਿੱਤਿਆ ਹੈ। ਪਿਛਲੇ ਸਾਲ ਆਸਾਮ ਦੀ ਹਿਮਾ ਦਾਸ ਨੇ ਵਰਲਡ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦਾ ਸੋਨ ਤਗਮਾ ਜਿੱਤਿਆ ਸੀ। ਪਰ ਹਿਮਾ ਦੀ ਸਫ਼ਲਤਾ ਜੂਨੀਅਰ ਪੱਧਰ 'ਤੇ ਆਈ ਸੀ ਅਤੇ ਦੂਤੀ ਚੰਦ ਸੀਨੀਅਰ ਪੱਧਰ 'ਤੇ ਕਾਮਯਾਬ ਹੋਈ ਹੈ। ਦੂਤੀ ਚੰਦ ਨੇ ਜਕਾਰਤਾ ਏਸ਼ਿਆਡ 2018 ਵਿਚ ਦੋਨੋਂ 100 ਮੀਟਰ ਤੇ 200 ਮੀਟਰ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਵਰਲਡ ਯੂਨੀਵਰਸਇਏਡ ਵਿਚ ਸੋਨ ਤਗਮਾ ਜਿੱਤਣ ਵਾਲੀ ਉਹ ਦੂਜੀ ਭਾਰਤੀ ਹੈ। ਇੰਦਰਜੀਤ ਸਿੰਘ ਨੇ ਇਸ ਪ੍ਰਤੀਯੋਗਤਾ ਦੇ 2015 ਦੇ ਮੁਕਾਬਲੇ ਵਿਚ ਸ਼ਾਟਪੁੱਟ ਦਾ ਸੋਨ ਤਗਮਾ ਜਿੱਤਿਆ ਸੀ।
ਦੂਤੀ ਚੰਦ ਦੱਸਦੀ ਹੈ, 'ਪਿਛਲੇ ਕੁਝ ਸਾਲ ਮੇਰੇ ਲਈ ਕਾਫੀ ਦਰਦ ਭਰੇ ਰਹੇ ਹਨ ਕਿ ਇਕ ਸਾਧਾਰਨ ਮਨੁੱਖ ਦੇ ਰੂਪ ਵਿਚ ਮੇਰੀ ਹੋਂਦ 'ਤੇ ਵਾਰ-ਵਾਰ ਪ੍ਰਸ਼ਨ ਚੁੱਕੇ ਗਏ। ਜਦੋਂ ਮੈਂ ਇਸ ਮੁਸ਼ਕਿਲ 'ਚੋਂ ਉੱਭਰੀ ਤਾਂ ਲੋਕ ਮੇਰੇ ਸਮਲਿੰਗੀ ਸਬੰਧ 'ਤੇ ਹਾਏ-ਤੌਬਾ ਕਰਨ ਲੱਗੇ। ਮੈਂ ਦੁਨੀਆ ਨੂੰ ਦੱਸਣਾ ਚਾਹਾਂਗੀ ਕਿ ਮੈਂ ਖੁਸ਼ ਹਾਂ ਅਤੇ ਮੈਂ ਜਾਣਦੀ ਹਾਂ ਕਿ ਓਡੀਸ਼ਾ ਵਿਚ ਮੇਰੀ ਸਾਥੀ ਮੇਰੇ ਤੋਂ ਵੀ ਜ਼ਿਆਦਾ ਖੁਸ਼ ਹੋਵੇਗੀ। ਜਦੋਂ ਉਹ ਮੇਰੇ ਜੀਵਨ ਵਿਚ ਆਈ ਹੈ, ਮੈਂ ਸਭ ਥਾਂ ਤਗਮਾ ਜਿੱਤ ਰਹੀ ਹਾਂ। ਉਸ ਨੇ ਮੇਰੀ ਜਿੱਤ ਲਈ ਪ੍ਰਾਰਥਨਾ ਕੀਤੀ ਅਤੇ ਉਸ ਦੀ ਦੁਆ ਕਬੂਲ ਹੋ ਗਈ।' ਦੂਤੀ ਚੰਦ ਹੁਣ ਆਪਣੀ ਰਫ਼ਤਾਰ 'ਤੇ ਧਿਆਨ ਦੇਣ ਲੱਗੀ ਹੈ, ਪਹਿਲਾਂ 30 ਮੀਟਰ ਦੇ ਦੌਰਾਨ ਅਤੇ ਫਿਰ ਅਖੀਰ ਤੱਕ ਉਸ ਨੂੰ ਘੱਟ ਨਹੀਂ ਕਰਦੀ ਹੈ, ਜਿਸ ਨਾਲ ਉਸ ਦੀ ਟਾਈਮਿੰਗ ਵਿਚ ਸੁਧਾਰ ਆਇਆ ਹੈ। ਪਹਿਲਾਂ ਦੀ ਤਰ੍ਹਾਂ ਹੁਣ ਉਹ ਹੀਟਸ ਤੇ ਸੈਮੀ ਫਾਈਨਲ ਵਿਚ ਜ਼ਿਆਦਾ ਕੋਸ਼ਿਸ਼ ਨਹੀਂ ਕਰਦੀ, ਬਲਕਿ ਫਾਈਨਲ ਦੌੜ ਲਈ ਆਪਣੀ ਊਰਜਾ ਬਚਾ ਕੇ ਰੱਖਦੀ ਹੈ। -0-

ਦੋਵੇਂ ਲੱਤਾਂ ਨਾ ਹੋਣ ਦੇ ਬਾਵਜੂਦ ਵੀ ਤੈਰਾਕੀ ਵਿਚ ਜਿੱਤੇ ਸੋਨ ਤਗਮੇ ਗੋਪੀਚੰਦ ਨੇ

'ਮਾਂ ਕਾ ਨੰਨ੍ਹਾ ਪਿਤਾ ਕਾ ਦੁਲਾਰਾ ਹੂੰ, ਛੂਹਤੇ ਹੂੰਏ ਆਸਮਾਨ ਕਾ ਚਮਕਤਾ ਤਾਰਾ ਹੂੰ, ਮੁਜੇ ਅਪਾਹਜ ਮੱਤ ਕਹੀਏ, ਮੈਂ ਆਨੇ ਵਾਲੇ ਕੱਲ੍ਹ ਕਾ ਰੌਸ਼ਨ ਸਿਤਾਰਾ ਹੂੰ।' ਜੀ ਹਾਂ, ਇਹ ਆਉਣ ਵਾਲੇ ਕੱਲ੍ਹ ਦਾ ਰੌਸ਼ਨ ਸਿਤਾਰਾ ਹੈ ਕਰਨਾਟਕ ਪ੍ਰਾਂਤ ਦਾ ਗੋਪੀਚੰਦ, ਜਿਹੜਾ ਦੋਵੇਂ ਲੱਤਾਂ ਤੋਂ ਅਪਾਹਜ ਹੈ ਪਰ ਤੈਰਾਕੀ ਦੇ ਖੇਤਰ ਵਿਚ ਉਹ ਨੰਨ੍ਹੀ ਉਮਰ ਵਿਚ ਹੀ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਉਹ ਮਾਣਮੱਤਾ ਸੋਨ ਤਗਮਾ ਵਿਜੇਤਾ ਹੈ। ਗੋਪੀਚੰਦ ਦਾ ਜਨਮ ਕਰਨਾਟਕ ਪ੍ਰਾਂਤ ਦੇ ਤਹਿਸੀਲ ਬਲਾਰੀ ਦੇ ਦਰੋਜੀ ਸਾਂਦਰ ਵਿਚ ਪਿਤਾ ਰਾਜਾਸ਼ੇਖਰ ਦੇ ਘਰ ਮਾਤਾ ਵਿਸਾਂਤਾ ਦੀ ਕੁੱਖੋਂ 14 ਜੁਲਾਈ, 2006 ਵਿਚ ਹੋਇਆ ਅਤੇ ਇਕ ਦਿਨ ਗੋਪੀਚੰਦ ਆਪਣੇ ਘਰ ਦੇ ਸਾਹਮਣੇ ਸੜਕ ਪਾਰ ਕਰ ਰਿਹਾ ਸੀ ਤਾਂ ਉਸ ਨੂੰ ਆ ਰਹੀ ਤੇਜ਼ ਰਫ਼ਤਾਰ ਸਰਕਾਰੀ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਆਖਰ ਗੋਪੀਚੰਦ ਦੀ ਜਾਨ ਤਾਂ ਬਚ ਗਈ ਪਰ ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ ਅਤੇ ਵੀਲ੍ਹਚੇਅਰ ਦੇ ਸਹਾਰੇ ਤੁਰਨ ਲਈ ਮਜਬੂਰ ਹੋ ਗਿਆ। ਮਾਂ-ਬਾਪ ਨੇ ਆਖਰ ਉਸ ਨੂੰ ਸਕੂਲੀ ਵਿੱਦਿਆ ਲਈ ਬਲਾਰੀ ਦੇ ਹੀ ਕੇਂਦਰੀ ਵਿਦਿਆਲਿਆ ਵਿਚ ਦਾਖਲ ਕਰਵਾ ਦਿੱਤਾ ਜਿੱਥੇ ਉਸ ਦਾ ਬਾਪ ਉਸ ਨੂੰ ਆਪ ਹੀ ਛੱਡ ਕੇ ਆਉਂਦਾ ਅਤੇ ਆਪ ਹੀ ਲੈ ਕੇ ਆਉਂਦਾ ਅਤੇ ਅੱਜ ਉਹ ਛੇਵੀਂ ਕਲਾਸ ਦਾ ਵਿਦਿਆਰਥੀ ਹੈ। ਸਕੂਲ ਪੜ੍ਹਦੇ ਹੀ ਬਲਾਰੀ ਸ਼ਹਿਰ ਦੀ ਸਮਾਜ ਸੇਵਕਾ ਅਤੇ ਤੈਰਾਕੀ ਦੀ ਕੋਚ ਜੋ ਕਿ ਸਿਰਫ ਅਪਾਹਜ ਬੱਚਿਆਂ ਨੂੰ ਹੀ ਤੈਰਾਕੀ ਦੇ ਖੇਤਰ ਵਿਚ ਤਰਾਸ਼ਦੀ ਹੈ, ਰਜਨੀ ਲਾਕਾ ਦੀ ਨਜ਼ਰ ਗੋਪੀਚੰਦ 'ਤੇ ਪਈ ਤਾਂ ਉਸ ਨੂੰ ਗੋਪੀਚੰਦ ਅੰਦਰ ਤੈਰਾਕੀ ਦੇ ਖੇਤਰ ਵਿਚ ਛੁਪੀ ਹੋਈ ਪ੍ਰਤਿਭਾ ਦਾ ਅਹਿਸਾਸ ਹੋਇਆ। ਬਸ ਉਸੇ ਹੀ ਦਿਨ ਤੋਂ ਉਸ ਨੇ ਗੋਪੀਚੰਦ ਦੀ ਉਂਗਲ ਫੜ ਲਈ ਅਤੇ ਆਪਣੇ ਕੈਂਪ ਵਿਚ ਬਣਾਏ ਹੋਏ ਸਵਿਮਿੰਗ ਪੂਲ ਵਿਚ ਹੋਰ ਬੱਚਿਆਂ ਦੇ ਨਾਲ ਟ੍ਰੇਨਿੰਗ ਦੇਣ ਲੱਗੀ। ਕੋਚ ਰਜਨੀ ਲਾਕਾ ਗੋਪੀਚੰਦ ਨੂੰ ਸਾਲ 2006 ਵਿਚ ਬੈਂਗਲੂਰੂ ਵਿਖੇ ਹੋਈ ਸਟੇਟ ਪੈਰਾ ਸਵਿਮਿੰਗ ਮੀਟ ਵਿਚ ਲੈ ਕੇ ਗਈ, ਜਿੱਥੇ ਗੋਪੀਚੰਦ ਨੇ 200 ਮੀਟਰ ਸਵਿਮਿੰਗ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਅਤੇ 50 ਮੀਟਰ ਬੈਕ ਸਟਰੋਕ ਸਵਿਮਿੰਗ ਵਿਚ ਦੂਸਰਾ, 50 ਮੀਟਰ ਫਰੀ ਸਟਾਈਲ ਵਿਚ ਦੂਸਰਾ ਅਤੇ 50 ਮੀਟਰ ਬਰੈਸਟ ਸਟਰੋਕ ਵਿਚ ਵੀ ਦੂਸਰਾ ਸਥਾਨ ਹਾਸਲ ਕਰਕੇ 3 ਸਿਲਵਰ ਤਗਮੇ ਆਪਣੇ ਨਾਂਅ ਕਰਕੇ ਆਪਣਾ ਅਤੇ ਆਪਣੀ ਕੋਚ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
ਸਾਲ 2006 ਵਿਚ ਹੀ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਜੋ ਰਾਜਸਥਾਨ ਪ੍ਰਾਂਤ ਦੇ ਸ਼ਹਿਰ ਜੈਪੁਰ ਵਿਖੇ ਹੋਈ, ਉਸ ਵਿਚ ਵੀ ਗੋਪੀਚੰਦ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ, ਜਿੱਥੇ ਉਸ ਨੇ 200 ਮੀਟਰ, 50 ਮੀਟਰ ਬੈਕ ਸਟਰੋਕ ਅਤੇ 50 ਮੀਟਰ ਫਰੀ ਸਟਾਈਲ ਵਿਚ ਵੀ ਪਹਿਲਾ ਸਥਾਨ ਹਾਸਲ ਕਰਕੇ 3 ਸੋਨ ਤਗਮੇ ਜਿੱਤ ਕੇ ਆਪਣੇ ਪ੍ਰਾਂਤ ਦਾ ਨਾਂਅ ਰੌਸ਼ਨ ਕੀਤਾ। ਸਾਲ 2017 ਵਿਚ ਹੀ ਕਰਨਾਟਕ ਪ੍ਰਾਂਤ ਦੇ ਹੀ ਗੋਪੀਚੰਦ ਦੇ ਆਪਣੇ ਹੀ ਸ਼ਹਿਰ ਬਲਾਰੀ ਵਿਖੇ ਹੋਈ ਸਟੇਟ ਪੈਰਾ ਸਵਿਮਿੰਗ ਮੀਟ ਵਿਚ 200 ਮੀਟਰ, 50 ਮੀਟਰ ਬੈਕ ਸਟਰੋਕ ਅਤੇ 100 ਮੀਟਰ ਬਟਰਫਲਾਈ ਵਿਚ ਵੀ ਪਹਿਲਾ ਸਥਾਨ ਹਾਸਲ ਕਰਕੇ ਤਿੰਨੇ ਹੀ ਸਵਿਮਿੰਗ ਦੌੜਾਂ ਵਿਚ 3 ਸੋਨ ਤਗਮਿਆਂ 'ਤੇ ਜਾ ਕਾਬਜ਼ ਹੋਇਆ। ਸਾਲ 2017 ਵਿਚ ਰਾਜਸਥਾਨ ਦੇ ਸ਼ਹਿਰ ਉਦੇਪੁਰ ਵਿਚ ਹੋਈ ਨੈਸ਼ਨਲ ਪੈਰਾ ਸਵਿਮਿੰਗ ਚੈਂਪੀਅਨਸ਼ਿਪ ਵਿਚ ਵੀ ਗੋਪੀਚੰਦ ਨੇ ਆਪਣਾ ਜਿੱਤ ਦਾ ਇਤਿਹਾਸ ਦੁਹਰਾਉਂਦਿਆਂ 200 ਮੀਟਰ, 50 ਮੀਟਰ ਫਰੀ ਸਟਾਈਲ ਅਤੇ 100 ਮੀਟਰ ਬਟਰਫਲਾਈ ਸਵਿਮਿੰਗ ਦੌੜ ਵਿਚ ਵੀ ਪਹਿਲਾ ਸਥਾਨ ਹਾਸਲ ਕਰਕੇ 3 ਸੋਨ ਤਗਮੇ ਆਪਣੇ ਨਾਂਅ ਕਰਕੇ ਆਪਣੀ ਜਿੱਤ ਨੂੰ ਬਰਕਰਾਰ ਰੱਖਿਆ। ਇਥੇ ਹੀ ਬਸ ਨਹੀਂ, ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ੍ਰੀ ਲੰਕਾ ਵਿਚ ਅੰਤਰਰਾਸ਼ਟਰੀ ਪੈਰਾ ਖੇਡਾਂ ਵਿਚ ਪ੍ਰਦਰਸ਼ਨ ਕਰਦਿਆਂ 200 ਮੀਟਰ ਅਤੇ 100 ਮੀਟਰ ਬਟਰਫਲਾਈ ਵਿਚ 2 ਸੋਨ ਤਗਮੇ ਜਿੱਤ ਕੇ ਛੋਟੀ ਉਮਰ ਵਿਚ ਹੀ ਭਾਰਤ ਮਾਤਾ ਦੀ ਝੋਲੀ ਸੋਨ ਤਗਮੇ ਪਾਉਣ ਦਾ ਮਾਣ ਹਾਸਲ ਕੀਤਾ। ਗੋਪੀਚੰਦ ਦੀ ਕੋਚ ਰਜਨੀ ਲਾਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੋਪੀਚੰਦ ਕਰਨਾਟਕ ਦਾ ਹੀ ਨਹੀਂ, ਸਗੋਂ ਛੋਟੀ ਉਮਰ ਵਿਚ ਭਾਰਤ ਦਾ ਵੱਡਾ ਮਾਣ ਬਣੇਗਾ ਅਤੇ ਉਹ ਆਉਣ ਵਾਲੀਆਂ ਉਲੰਪਕ ਖੇਡਾਂ ਜੋ ਟੋਕੀਓ ਵਿਚ ਸਾਲ 2020 ਵਿਚ ਹੋ ਰਹੀਆਂ ਹਨ, ਵਿਚ ਵੀ ਭਾਰਤ ਦੀ ਪ੍ਰਤੀਨਿਧਤਾ ਕਰੇਗਾ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

'ਭਾਰਤ ਰਤਨ' ਪੁਰਸਕਾਰ ਦਾ ਸਹੀ ਹੱਕਦਾਰ ਹੈ ਬਲਬੀਰ ਸਿੰਘ

ਬਲਬੀਰ ਸਿੰਘ ਹਾਕੀ ਦਾ 'ਗੋਲ ਕਿੰਗ' ਹੈ। ਉਲੰਪਿਕ ਖੇਡਾਂ ਦੇ ਕਿਸੇ ਵੀ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਉਲੰਪਿਕ ਰਿਕਾਰਡ ਅਜੇ ਵੀ ਉਸ ਦੇ ਨਾਂਅ ਹੈ। ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਉਸ ਨੇ ਹਾਲੈਂਡ ਵਿਰੁੱਧ 5 ਗੋਲ ਕੀਤੇ ਸਨ। ਉਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਸੋਨ ਤਗਮਾ ਜਿੱਤਿਆ ਸੀ। 2012 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਮੌਕੇ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕਾਨਿਕ ਉਲੰਪੀਅਨ' ਚੁਣੇ ਗਏ, ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ 2 ਤੇ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ।
ਉਲੰਪਿਕ ਖੇਡਾਂ ਦੇ 3 ਸੋਨ ਤਗਮੇ, ਏਸ਼ਿਆਈ ਖੇਡਾਂ ਦਾ 1 ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ 7 ਤਗਮੇ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਭਾਰਤ ਸਰਕਾਰ ਨੇ ਅਜੇ ਤਕ 'ਪਦਮਸ੍ਰੀ' ਤੱਕ ਹੀ ਸੀਮਤ ਰੱਖਿਆ ਹੋਇਐ। ਉਲਟਾ ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਸ ਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ 'ਗੁਆ' ਦਿੱਤੀਆਂ ਹਨ। ਇਹ ਹਾਲ ਹੈ ਉਲੰਪਿਕ ਖੇਡਾਂ 'ਚੋਂ ਭਾਰਤ ਲਈ ਸਭ ਤੋਂ ਵੱਧ ਵਾਰ ਸੋਨ ਤਗਮਾ ਜਿੱਤਣ ਵਾਲੀ ਖੇਡ ਹਾਕੀ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ!
1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਉਲੰਪਿਕ ਸੋਨ ਤਗਮੇ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਉਹ ਤਾਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਤਗਮੇ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ 'ਸਾਈ' ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ 'ਜਾਂਦੇ' ਰਹਿਣੇ ਸਨ! ਬਲਬੀਰ ਸਿੰਘ ਨੇ ਹਾਕੀ ਦੀ ਖੇਡ ਬਾਰੇ 'ਦੀ ਗੋਲਡਨ ਯਾਰਡਸਟਿਕ' ਪੁਸਤਕ ਵੀ ਲਿਖੀ, ਜਿਸ ਦਾ ਮੁੱਖਬੰਦ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਨੇ ਲਿਖਿਆ-
'ਇਕ ਉਲੰਪੀਅਨ ਵਜੋਂ ਮੈਨੂੰ 'ਗੋਲਡਨ ਹੈਟ ਟ੍ਰਿਕ' ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤੱਕ ਪਹੁੰਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼-ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਸ ਦੇ ਵਿਖਾਏ ਖੇਡ ਮਾਰਗ 'ਤੇ ਚੱਲਣਗੇ। ਉਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ, ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।
2014 ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਬਲਬੀਰ ਸਿੰਘ ਨੂੰ 'ਭਾਰਤ ਰਤਨ' ਪੁਰਸਕਾਰ ਦਿੱਤਾ ਜਾਵੇ, ਜਿਸ ਦਾ ਉਹ ਸਹੀ ਹੱਕਦਾਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਭਾਰਤ ਵਿਚ ਸਭ ਤੋਂ ਵੱਧ ਹਨ। ਇਹ ਤੱਥ ਇੰਟਰਨੈਸ਼ਨਲ ਉਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ। ਧਿਆਨ ਚੰਦ ਨੇ ਐਂਗਲੋ ਇੰਡੀਅਨ ਖਿਡਾਰੀਆਂ ਵਾਲੀ ਟੀਮ ਨਾਲ ਬ੍ਰਿਟਿਸ਼ ਇੰਡੀਆ ਲਈ 3 ਸੋਨ ਤਗਮੇ ਜਿੱਤੇ ਸਨ, ਜਿਨ੍ਹਾਂ ਨਾਲ ਯੂਨੀਅਨ ਜੈਕ ਝੁਲਾਏ ਗਏ ਸਨ, ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਨਿਰੋਲ ਭਾਰਤੀ ਖਿਡਾਰੀਆਂ ਨਾਲ 3 ਸੋਨ ਤਗਮੇ ਜਿੱਤੇ ਤੇ ਤਿਰੰਗੇ ਲਹਿਰਾਏ ਹਨ।
ਬਲਬੀਰ ਸਿੰਘ ਦਾ ਜਨਮ ਸੁਤੰਤਰਤਾ ਸੰਗਰਾਮ ਵਿਚ ਜੇਲ੍ਹਾਂ ਕੱਟਣ ਵਾਲੇ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ, 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਉਹ ਸਹੀ ਅਰਥਾਂ ਵਿਚ ਰਾਸ਼ਟਰਵਾਦੀ ਅਤੇ ਖੁੱਲ੍ਹੇ ਦਿਲ ਵਾਲਾ ਮਾਨਵਵਾਦੀ ਇਨਸਾਨ ਹੈ। ਕ੍ਰਿਕਟ ਦੇ ਨੌਜਵਾਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਪੁਰਸਕਾਰ ਚਿਰੋਕਣਾ ਦੇ ਦਿੱਤਾ ਗਿਆ ਹੈ। ਪਰ ਬਲਬੀਰ ਸਿੰਘ ਨੂੰ?
ਇਨ੍ਹੀਂ ਦਿਨੀਂ ਉਲੰਪਿਕ ਰਤਨ ਬਲਬੀਰ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਰਾਣਾ ਗੁਰਮੀਤ ਸਿੰਘ ਖੇਡ ਮੰਤਰੀ ਨੇ ਪੀ. ਜੀ. ਆਈ. ਜਾ ਕੇ ਉਸ ਦਾ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਨਾਲ ਮਾਣ-ਸਨਮਾਨ ਕੀਤਾ ਹੈ। ਇਹ ਵੀ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਲਿਖਣਗੇ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇ।
ਸੈਂਚਰੀ ਨੇੜੇ ਢੁੱਕਾ ਬਲਬੀਰ ਸਿੰਘ ਹਾਲ ਦੀ ਘੜੀ ਮੌਤ ਨਾਲ ਅੰਤਲਾ ਮੈਚ ਖੇਡ ਰਿਹੈ। ਮੈਂ ਉਸ ਦੀ ਜੀਵਨੀ ਦਾ ਨਾਂਅ 'ਗੋਲਡਨ ਗੋਲ' ਰੱਖਿਆ ਹੈ। ਉਸ ਦੀਆਂ ਅੰਤਲੀਆਂ ਸਤਰਾਂ ਹਨ-'ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?' ਬਲਬੀਰ ਸਿੰਘ ਦਾ ਕਹਿਣਾ ਹੈ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।'
ਕੀ ਭਾਰਤ ਸਰਕਾਰ ਬਲਬੀਰ ਸਿੰਘ ਦੇ 'ਗੋਲਡਨ ਗੋਲ' ਦੀ ਉਡੀਕ ਵਿਚ ਹੈ? ਵੇਖਦੇ ਹਾਂ ਬਲਬੀਰ ਸਿੰਘ ਨੂੰ 'ਭਾਰਤ ਰਤਨ' ਉਹਦੇ ਜਿਊਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX