ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਆਲਮੀ ਤਪਸ਼ ਦੁਨੀਆ ਲਈ ਸਭ ਤੋਂ ਵੱਡਾ ਖਤਰਾ

ਸਾਡੇ ਗ੍ਰਹਿ ਤੋਂ ਬਿਨਾਂ ਸੂਰਜ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਜ਼ਿਆਦਾ ਠੰਢੇ ਹਨ ਜਾਂ ਜ਼ਿਆਦਾ ਤੱਤੇ | ਸਿੱਟੇ ਵਜੋਂ, ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ 'ਤੇ ਜ਼ਿੰਦਗੀ ਨਹੀਂ ਮੌਲਦੀ | ਵਜ੍ਹਾ, ਉਹ ਸਾਵਾਂ ਤਾਪਮਾਨ ਹੈ, ਜਿਹੜਾ ਜੀਵਨ ਉਤਪਤੀ ਲਈ ਜ਼ਰੂਰੀ ਹੈ | ਪਰ ਕੀ ਧਰਤੀ ਉੱਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ? ਖ਼ੈਰ ਨਹੀਂ ਦਿਸਦੀ |
ਦੁਨੀਆ ਨੂੰ ਖ਼ਤਰਾ : ਵਿਗਿਆਨਕ ਭਾਈਚਾਰੇ ਅਨੁਸਾਰ, ਇਸ ਸਮੇਂ ਦੁਨੀਆ ਨੂੰ ਜੋ ਸਭ ਤੋਂ ਵੱਡਾ ਖ਼ਤਰਾ ਹੈ, ਉਹ ਹੈ ਆਲਮੀ-ਤਪਸ਼ ਭਾਵ ਗਲੋਬਲ-ਵਾਰਮਿੰਗ | ਇਸ ਦੀ 'ਬਦੌਲਤ' ਹੀ ਦੁਨੀਆ ਹੜ੍ਹ, ਸੋਕਾ, ਸਮੁੰਦਰੀ ਤੂਫਾਨ, ਭੁੱਖਮਰੀ ਅਤੇ ਨਵੀਆਂ ਬਿਮਾਰੀਆਂ ਤੋਂ ਮੁਕਤੀ ਪਾਉਣ ਵਿਚ ਨਾ ਸਿਰਫ ਮੁਸ਼ਕਿਲ 'ਚ ਹੈ ਸਗੋਂ ਇਸ ਨਾਲ ਜੁੜੀਆਂ ਅਲਾਮਤਾਂ ਵਿਚ ਹੋਰ ਵਾਧਾ ਹੋ ਰਿਹਾ ਹੈ | 'ਸੰਸਾਰ ਮੌਸਮ ਜਥੇਬੰਦੀ' ਦੀ ਕਰੀਬ ਦਸ ਸਦੀਆਂ ਦੇ ਅੰਕੜਿਆਂ ਦੇ ਤੁਲਨਾਤਮਿਕ ਅਧਿਐਨ ਉਪਰੰਤ ਚੇਤਾਵਨੀ, ਗਰਮ ਹੋ ਰਹੀ ਧਰਤੀ ਇਕ ਖ਼ਤਰਨਾਕ ਨਤੀਜੇ ਵੱਲ ਵਧ ਰਹੀ ਹੈ | ਤਾਪਮਾਨ ਵਿਚ ਵਾਧੇ ਦੇ ਇਸ ਸਿਲਸਿਲੇ ਨੇ ਬੀਤੇ ਤਿੰਨ-ਚਾਰ ਦਹਾਕਿਆਂ ਤੋਂ ਜ਼ਿਆਦਾ ਜ਼ੋਰ ਫੜਿਆ ਹੈ, ਜਦੋਂ ਤੋਂ ਪੂਰੀ ਦੁਨੀਆ ਵਿਚ ਉਦਯੋਗਿਕ ਗਤੀਵਿਧੀਆਂ ਅਤੇ ਖਣਿਜ ਤੇਲਾਂ ਦੀ ਵਰਤੋਂ ਵਿਚ ਜ਼ੋਰਦਾਰ ਵਾਧਾ ਹੋਇਆ ਹੈ |
ਗਰਮ ਮਿਜਾਜ਼ ਦੇ ਕਾਰਨ : ਮੌਸਮ ਵਿਗਿਆਨੀਆਂ ਨੇ ਜੋ ਕਾਰਨ ਲੱਭੇ ਹਨ, ਵੱਡਾ ਦੋਸ਼ ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ ਅਤੇ ਦੂਸਰੀਆਂ ਗ੍ਰੀਨ ਹਾਊਸ ਗੈਸਾਂ (ਮੀਥੈਨ, ਨਾਈਟ੍ਰੇਸ ਆਕਸਾਈਡ ਆਦਿ) ਦੀ ਦਿਨੋ-ਦਿਨ ਵੱਧਦੀ ਮਾਤਰਾ ਦਾ ਹੈ | ਘਣੀ ਖੇਤੀ ਨੇ ਵੀ ਇਸ ਵਿਚ ਤਿੱਖਾ ਵਾਧਾ ਕੀਤਾ ਹੈ | ਉਦਯੋਗਿਕ ਕ੍ਰਾਂਤੀ ਤੋਂ ਬਾਅਦ ਵਿਸ਼ਵ ਵਿਚ ਕਾਰਬਨ ਡਾਇਆਕਸਾਈਡ ਦਾ ਉਤਪਾਦਨ ਵਧਿਆ ਹੈ | ਉਦਯੋਗ ਕੋਲਾ, ਪੈਟਰੋਕੈਮੀਕਲ ਅਤੇ ਕੁਦਰਤੀ ਗੈਸਾਂ ਜਿਹੇ ਹਾਈਡ੍ਰੋਕਾਰਬਨ ਬਾਲਣ 'ਤੇ ਨਿਰਭਰ ਹੋ ਕੇ ਰਹਿ ਗਏ ਹਨ | ਪਿਛਲੀ ਸਦੀ ਵਿਚ ਤਾਪਮਾਨ 1.08 ਡਿਗਰੀ ਫਾਰਨਹੀਟ ਤੋਂ 1.26 ਡਿਗਰੀ ਫਾਰਨਹੀਟ ਵਧਿਆ ਹੈ ਜੋ ਇਸ ਗੱਲ ਦਾ ਸੂਚਕ ਹੈ ਕਿ ਕਿਵੇਂ ਧਰਤੀ ਦੇ ਹਰੇ-ਭਰੇ ਪਿੰਡੇ ਨੂੰ ਜ਼ਹਿਰੀਲੇ ਧੂੰਏ ਵਿਚ ਲਿਪਟੇ ਗਰਮ ਗ੍ਰਹਿ ਵਿਚ ਤਬਦੀਲ ਕੀਤਾ ਜਾ ਰਿਹਾ ਹੈ | ਜਿਹੜਾ ਉਸ ਓਜ਼ੋਨ ਪਰਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਜੋ ਮਾਰੂ ਸੂਰਜੀ ਪਰਾਬੈਂਗਣੀ ਕਿਰਨਾਂ ਨੂੰ ਸਾਡੇ ਤਾੲੀਂ ਪਹੁੰਚਣ ਤੋਂ ਰੋਕਦੀ ਹੈ | ਓਜ਼ੋਨ ਪਰਤ ਵਿਚ ਆਪਣੇ-ਆਪ ਨੂੰ ਮੁਰੰਮਤ ਕਰਨ ਦੀ ਵਿਵਸਥਾ ਹੈ ਬਸ਼ਰਤੇ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦਾ ਉੱਥੇ ਪਹੁੰਚਣਾ ਬੰਦ ਹੋਵੇ |
ਹੋਰ ਕਾਰਨ ਅਤੇ ਮੌਸਮੀ ਤਬਦੀਲੀ: ਕੋਈ ਇਕ ਵਜ੍ਹਾ ਇਸ ਤਬਦੀਲੀ ਦਾ ਕਾਰਨ ਨਹੀਂ ਹੈ | ਏਅਰ ਕੰਡੀਸ਼ਨਰਾਂ, ਰੈਫਰਿਜਰੇਟਰਾਂ ਅਤੇ ਫੋਮ ਉਦਯੋਗਾਂ ਤੋਂ ਨਿਕਲਣ ਵਾਲੀਆਂ ਕਲੋਰੋ-ਫਲੋਰੋ ਕਾਰਬਨ ਗੈਸਾਂ, ਬਨਾਵਟੀ ਖਾਦਾਂ, ਕੀੜੇਮਾਰ-ਨਦੀਨਨਾਸ਼ਕ, ਵਾਹਨਾਂ ਦਾ ਧੂੰਆਂ, ਧੂੰਆਂ ਰਾਲੀ, ਜੰਗਲਾਂ ਦੀ ਅੱਗ, ਸ਼ੋਰ-ਪ੍ਰਦੂਸ਼ਨ, ਰਸਾਇਣਕ ਗਤੀ ਵਿਧੀਆਂ, ਪ੍ਰਮਾਣੂ ਤੇ ਪੁਲਾੜ ਖੋਜਾਂ, ਪੈਟਰੋ-ਕੈਮੀਕਲ ਦੀ ਅੰਨ੍ਹੇਵਾਹ ਵਰਤੋਂ ਅਤੇ ਮਾਰੂ ਹਥਿਆਰਾਂ ਦਾ ਰੁਝਾਨ ਆਦਿ, ਕਿਸੇ ਨਾ ਕਿਸੇ ਰੂਪ ਵਿਚ ਵਾਤਾਵਰਨ ਅੰਦਰ ਘੁਸਪੈਠ ਹੋ ਰਹੀ ਹੈ | ਧਰਤੀ ਦੇ ਰੇਗਿਸਤਾਨੀਕਰਨ ਲਈ ਵੀ ਇਹੋ ਕਾਰਕ ਜ਼ਿੰਮੇਵਾਰ ਹਨ | ਸਿੱਟੇ ਵਜੋਂ, ਸਮੁੰਦਰੀ ਉਠਾਅ, ਅਨੇਕਾਂ ਖ਼ਤਰਨਾਕ ਰੋਗ ਵੀ ਵਧਦੇ ਤਾਪਮਾਨ ਕਾਰਨ ਹੀ ਪੈਰ ਪਸਾਰ ਰਹੇ ਹਨ | ਧਰਤੀ ਦੀ ਹਰੀ ਪੱਟੀ, ਗਰਮੀ ਸੋਖਣ ਵਾਲੇ ਬਰਫੀਲੇ ਖੰਡ ਅਤੇ ਜਲ ਸੋਮੇ ਘਟਦੇ ਜਾ ਰਹੇ ਹਨ ਜਿਸ ਨਾਲ ਮੌਸਮ ਅਤੇ ਰੁੱਤ ਬਦਲਾਅ ਨੇ ਸਿਫਤੀ ਤਬਦੀਲੀ ਦੀ ਰਾਹ ਫੜ ਲਈ ਹੈ |
ਬਰਫੀਲੇ ਸੋਮੇ ਪਿਘਲ ਜਾਣਗੇ: ਜੇ ਆਲਮੀ-ਤਪਸ਼ ਦੀ ਦਰ ਇਹੋ ਰਹੀ ਤਾਂ 2050 ਤੱਕ ਤਾਪਮਾਨ ਵਿਚ 4 ਤੋਂ 6 ਡਿਗਰੀ ਸੈਲਸੀਅਸ ਦਾ ਸ਼ਰਤੀਆ ਵਾਧਾ ਹੋਣਾ ਨਿਸ਼ਚਿਤ ਹੈ | ਸੰਨ 2001 ਵਿਚ ਅੰਟਾਰਟਿਕਾ ਵਿਚ 1200 ਵਰਗ ਮੀਲ ਦਾ ਬਰਫੀਲਾ ਟਾਪੂ ਦੇਖਦੇ-ਦੇਖਦੇ ਪੰਘਰ ਗਿਆ ਸੀ | ਕਾਰਨ, ਅੰਟਾਰਟਿਕਾ ਦੇ ਜਿਸ ਪੂਰਬੀ ਤੱਟੀ ਇਲਾਕੇ ਨਾਲ ਲੱਗਦਾ ਇਹ ਵਿਸ਼ਾਲ ਬਰਫ ਖੰਡ ਗਾਇਬ ਹੋਇਆ ਉੱਥੇ ਤਾਪਮਾਨ ਵਿਚ ਸਿਫਤੀ ਵਾਧਾ ਨੋਟ ਕੀਤਾ ਗਿਆ ਸੀ | ਕੋਈ ਸ਼ੱਕ ਨਹੀਂ ਕਿ ਕਿਲੀ-ਮੰਜ਼ਾਰੋਂ ਪਰਬਤ ਦੀਆਂ ਬਰਫੀਲੀਆਂ ਸਿਖਰਾਂ ਨੂੰ ਵੀ ਇਹ ਤਪਸ਼ ਹੋਰ 6-7 ਦਹਾਕਿਆਂ ਤਾੲੀਂ 75 ਫ਼ੀਸਦੀ ਪੰਘਰਾ ਦੇਵੇ | ਸਾਡੇ ਗੰਗੋਤਰੀ ਗਲੇਸ਼ੀਅਰ ਨੂੰ ਅੱਠ ਮੀਟਰ ਪਿੱਛੇ ਖਿਸਕਾ ਦੇਣ ਅਤੇ 1972 ਤੋਂ ਬਾਅਦ ਵੇਨਜੂਏਲਾ ਸਥਿਤ 6 ਹਿਮ ਸਿਖਰਾਂ ਵਿਚੋਂ 4 ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਣ ਪਿੱਛੇ ਵੀ ਆਲਮੀ-ਤਪਸ਼ ਦਾ ਹੀ ਹੱਥ ਸੀ | ਮਹਿਜ਼ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਵੀ ਪਹਿਲਾਂ ਭਾਰੀ ਹੜ੍ਹਾਂ, ਫਿਰ ਸੋਕਾ, ਸਮੁੰਦਰੀ ਉਠਾਅ ਉਪਰੰਤ ਕਈ ਤਟਵਰਤੀ ਨੀਵੇਂ ਦੇਸ਼ਾਂ ਨੂੰ ਨਿਗਲ ਜਾਣ ਦਾ ਕਾਰਨ ਬਣ ਸਕਦਾ ਹੈ |
ਜਲ-ਸੰਕਟ: ਇਹ ਗਲੇਸ਼ੀਅਰ ਹੀ ਹਨ ਜਿਨ੍ਹਾਂ ਵਿਚੋਂ ਵੱਡੀਆਂ ਨਦੀਆਂ ਹੋਂਦ ਵਿਚ ਆਈਆਂ | ਗੰਗਾ, ਸਿੰਧੂ ਅਤੇ ਬ੍ਰਹਮਪੁਤਰ ਆਦਿ ਇਨ੍ਹਾਂ ਦੀ ਹੀ ਦੇਣ ਹੈ | ਸਾਨੂੰ ਉਪਜਾਊ ਖਿੱਤੇ ਬਖਸ਼ੇ | ਨਦੀਆਂ ਦੁਆਲੇ ਹੀ ਮਨੁੱਖੀ ਸੱਭਿਆਤਾਵਾਂ ਦਾ ਉਗਮਨ ਹੋਇਆ | ਵਿਕਾਸ ਵਿਚ ਇਹਨਾਂ ਘਣੇ ਬਰਫ ਸੋਮਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਜੇ ਤਾਪਮਾਨ ਦੇ ਵਾਧੇ ਦੀ ਰਫਤਾਰ ਇਹੋ ਰਹੀ ਤਾਂ 2035 ਤੱਕ ਇਨ੍ਹਾਂ ਦਾ ਵਜੂਦ ਖ਼ਤਮ ਹੋ ਜਾਣ ਦਾ ਅੰਦੇਸ਼ਾ ਹੈ | 'ਇੰਟਰਨੈਸ਼ਨਲ ਕਮਿਸ਼ਨ ਫਾਰ ਸਨੋਅ ਐਾਡ ਆਈਸ' ਅਨੁਸਾਰ ਜੇ ਧਰਤੀ ਦਾ ਤਾਪਮਾਨ ਇਵੇਂ ਹੀ ਵਧਦਾ ਰਿਹਾ ਤਾਂ ਇਹ ਭਾਣਾ ਜਲਦੀ ਵੀ ਵਾਪਰ ਸਕਦਾ ਹੈ | 'ਵਰਕਿੰਗ ਗਰੁੱਪ ਆਫ ਹਿਮਾਲਿਆ ਗਲੇਸ਼ੀਆਲੋਜੀ' ਮੁਤਾਬਿਕ ਮੌਜੂਦਾ 5 ਲੱਖ ਵਰਗ ਕਿਲੋਮੀਟਰ ਦਾ ਹਿਮ-ਖੇਤਰ ਸੁੰਗੜ ਕੇ ਬਹੁਤ ਛੇਤੀ ਇਕ ਲੱਖ ਵਰਗ ਕਿਲੋਮੀਟਰ ਰਹਿ ਜਾਵੇਗਾ | ਗਲੇਸ਼ੀਅਰ ਜੋ ਜਲ-ਕੁੰਡਾਂ ਅਤੇ ਦਰਿਆਵਾਂ ਦੇ ਜਨਮ ਸੋਮੇ ਹਨ, ਤੋਂ ਅਸੀਂ ਹੱਥ ਧੋ ਬੈਠਾਂਗੇ | ਫਿਰ 'ਬਿਨ ਪਾਨੀ ਸਬ ਸੂਨ' ਦੀ ਕਹਾਵਤ ਝੁਠਲਾਈ ਨਹੀਂ ਜਾ ਸਕੇਗੀ |
ਬੂਟੇ ਤੇ ਜੰਤੂਆਂ 'ਤੇ ਦੁਰਪ੍ਰਭਾਵ: 'ਨੇਚਰ ਪੱਤਿ੍ਕਾ' 'ਚ ਜੀਵ ਵਿਗਿਆਨ ਦੇ ਇਕ ਖੋਜ ਪੱਤਰ ਅਨੁਸਾਰ, ਛੇ ਮਹੱਤਵਪੂਰਨ ਖਿੱਤਿਆਂ, ਦੁਨੀਆ ਦੇ 20 ਫ਼ੀਸਦੀ ਖੇਤਰ, ਵਿਚ ਕਰਵਾਈ ਗਈ ਖੋਜ ਨੇ ਸਾਬਤ ਕੀਤਾ ਹੈ, ਗਲੋਬਲ ਵਾਰਮਿੰਗ ਕਾਰਨ ਹਜ਼ਾਰਾਂ ਪ੍ਰਜਾਤੀਆਂ ਦੇ ਜੀਵਨ 'ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ | ਖੋਜ ਵਿਚ ਬੂਟਿਆਂ, ਥਣਧਾਰੀ ਜੀਵਾਂ, ਚਿੜੀਆਂ; ਰੀਂਘਣ ਵਾਲੇ ਜਾਨਵਰਾਂ, ਡੱਡੂਆਂ, ਤਿਤਲੀਆਂ ਅਤੇ ਦੂਜੀਆਂ ਮਹੱਤਵਪੂਰਨ, ਜੀਵ ਪ੍ਰਜਾਤੀਆਂ ਨੂੰ ਵਿਸ਼ੇਸ਼ ਰੂਪ ਵਿਚ ਸ਼ਾਮਿਲ ਕੀਤਾ, ਅਨੁਸਾਰ 2.2 ਤੋਂ 4 ਡਿਗਰੀ ਫਾਰਨਹੀਟ ਨਾਲ ਹੀ 20 ਤੋਂ 30 ਫੀਸਦੀ ਜੀਵ ਵਿਭਿੰਨਤਾ ਉੱਤੇ ਮਾਰੂ ਅਸਰ ਪਵੇਗਾ | ਜੇ ਹਾਲਤ ਇਹੋ ਰਹੀ ਤਾਂ 2050 ਤੱਕ ਸਾਡੀ ਧਰਤੀ ਉਤੇ ਮੌਜੂਦ ਪੇੜ-ਪੌਦਿਆਂ ਦਾ 50 ਫ਼ੀਸਦੀ ਸਫਾਇਆਂ ਹੋ ਜਾਵੇਗਾ | ਖੋਜ ਵਿਚ ਦੁਨੀਆ ਭਰ ਵਿਚ ਸਥਾਪਤ ਪ੍ਰਯੋਗਸ਼ਾਲਾਵਾਂ ਦੇ ਜ਼ਰੀਏ ਕੁੱਲ ਮਿਲਾ ਕੇ 1103 ਜਾਤੀਆਂ 'ਤੇ ਨਜ਼ਰ ਰੱਖੀ ਗਈ | ਅਧਿਐਨ ਦਾ ਨਤੀਜਾ, ਇਨ੍ਹਾਂ ਵਿਚੋਂ 15 ਤੋਂ 37 ਫੀਸਦੀ ਜਾਤੀਆਂ 2050 ਤੱਕ ਵਾਤਾਵਰਨੀ ਤਬਦੀਲੀ ਕਾਰਨ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ | ਜਿੱਥੋਂ ਤੱਕ ਬੂਟਿਆਂ ਅਤੇ ਜੀਵ-ਜੰਤੂਆਂ ਦੀ ਗੱਲ ਹੈ ਤਾਂ ਇਸ ਵਕਤ ਧਰਤੀ 'ਤੇ ਕਰੀਬ 22 ਲੱਖ ਨਸਲਾਂ ਵਿਚੋਂ, ਪਹਿਲਾਂ ਖ਼ਤਮ ਹੋ ਚੁੱਕੀਆਂ ਤੋਂ ਬਿਨਾਂ, 12 ਹਜ਼ਾਰ ਪ੍ਰਜਾਤੀਆਂ ਤਾਂ ਹੁਣ ਹੀ ਛੁਪਣ-ਛੋਤ ਹੋ ਜਾਣ ਦੇ ਕਿਨਾਰੇ ਹਨ | ਭੀਸ਼ਣ ਤਪਸ਼ ਕਾਰਨ ਰੁੱਤਾਂ ਬਦਲਾਅ ਅਤੇ ਧਰਤੀ ਦੀ ਥਰਥਰਾਹਟ (ਅੰਦਰੂਨੀ ਉਥਲ-ਪੁਥਲ) ਕਾਰਨ ਵੀ ਇਨ੍ਹਾਂ ਨੂੰ ਖ਼ਤਰੇ ਖੜ੍ਹੇ ਹੋਏ ਹਨ |
ਥਰਥਰਾਹਟ: ਰੁੱਤ ਬਦਲਾਅ, ਮੀਂਹ ਅਨਿਯਮਤਤਾ ਅਤੇ ਸੁੱਕਦੇ ਜਾ ਰਹੇ ਜਲ ਸਰੋਤਾਂ ਕਾਰਨ ਪੈਦਾ ਹੋ ਰਿਹਾ ਜਲ-ਸੰਕਟ ਧਰਤੀ ਦੇ ਗਰਮ ਮਿਜਾਜ਼ ਦਾ ਸਿੱਟਾ ਹੈ | ਵਧਦੀ ਆਬਾਦੀ ਦੀਆਂ ਜ਼ਰੂਰਤਾਂ ਪੈਦਾ ਕਰਨ, ਮੁਨਾਫੇ ਦੀ ਲਾਲਸਾਈ ਪ੍ਰਵਿਰਤੀ,ਕੁਦਰਤੀ ਸਰੋਤਾਂ ਉੱਤੇ ਕੀਤੇ ਤਾਬੜ ਤੋੜ ਹੱਲੇ ਨੇ ਧਰਤੀ ਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ ਹੈ | ਧਰਤੀ ਦਾ ਖੋਖਲਾਪਣ ਜ਼ਮੀਨ ਧਸਣ ਵਰਗੀਆਂ ਦੁਰਘਟਨਾਵਾਂ ਨੂੰ ਜਨਮ ਦੇਵੇਗਾ | ਸਿੱਟਾ; ਭੁਚਾਲਾਂ ਦਾ ਖਤਰਾ ਅਤੇ ਰੁੱਤਾਂ 'ਚ ਤਿੱਖੀਆਂ ਤਬਦੀਲੀਆਂ | ਇਸੇ ਤਪਸ਼ ਕਾਰਨ ਸਾਈਬੇਰੀਆ ਦੇ 32 ਗਲੇਸ਼ੀਅਰ ਪਿਘਲਣ ਨਾਲ ਉੱਥੇ 2.4 ਤੋਂ 5.6 ਰੈਕਟਰ ਦੇ ਭੁਚਾਲ ਝਟਕੇ ਨੋਟ ਕੀਤੇ ਗਏ |
ਰੁੱਤਾਂ ਜਾਂਦੀਆਂ ਲੱਗਣਗੀਆਂ : ਜੇ ਬਰਸਾਤ, ਜਿਸ ਬਾਰੇ ਪਤਾ ਨਹੀਂ ਹੁੰਦਾ ਕਿੰਨੀ ਕੁ ਪੈਣੀ ਹੈ, ਨੂੰ ਸ਼ਾਮਿਲ ਨਾ ਵੀ ਕੀਤਾ ਜਾਵੇ ਤਦ ਵੀ ਛੇ ਰੁੱਤਾਂ ਵਾਲਾ ਭਾਰਤੀ ਉਪਮਹਾਂਦੀਪ ਸਿਰਫ ਦੋ ਰੁੱਤਾਂ ਅਰਥਾਤ ਗਰਮੀ ਅਤੇ ਸਰਦੀ ਵਾਲਾ ਖਿੱਤਾ ਬਣ ਕੇ ਰਹਿ ਗਿਆ ਹੈ | ਇਨ੍ਹਾਂ ਦੋਵਾਂ ਰੁੱਤਾਂ ਦੀ ਵੀ ਨਾ ਸਿਰਫ ਸਮਾਂ-ਮਿਆਦ ਵਧ-ਘਟ ਰਹੀ ਹੈ ਸਗੋਂ ਇਸ ਦੇ ਤਾਪਮਾਨ ਬਾਰੇ ਵੀ ਅਨਿਸਚਿਤਾ ਬਣੀ ਰਹਿੰਦੀ ਹੈ | ਰੁੱਤਾਂ ਦੇ ਰਿਵਾਇਤੀ ਤਾਪਮਾਨ ਅਤੇ ਸਮੇਂ ਵਿਚ ਗੜਬੜ ਹੋ ਗਈ | ਹੋਰ ਵੀ ਬਹੁਤ ਕੁਝ ਸਾਡੀ ਧਰਤੀ 'ਤੇ ਵਾਪਰ ਰਿਹਾ ਹੈ ਜਿਸ ਲਈ ਆਲਮੀ-ਤਪਸ਼ ਹੀ ਜ਼ਿੰਮੇਵਾਰ ਹੈ | 1900 ਵਿਚ ਜੋ 1.6 ਡਿਗਰੀ ਫਾਰਨਹੀਟ ਦਾ ਵਾਧਾ, 1970 ਵਿਚ 3 ਡਿਗਰੀ ਅਤੇ ਉਸ ਦੇ 21 ਵੀਂ ਸਦੀ ਦੇ ਅੰਤ ਤੀਕ 8 ਡਿਗਰੀ ਫਰਨਹੀਟ ਤੋਂ ਵਧ ਜਾਣ ਦੀ ਸੰਭਾਵਨਾ ਹੈ ਜੋ ਸਾਰਾ ਕੁਝ ਉਥਲ-ਪੁਥਲ ਕਰ ਕੇ ਰੱਖ ਦੇਵੇਗਾ |
ਸਭ-ਕੁਝ ਬਦਲਣਾ ਪੈ ਜਾਵੇਗਾ : ਫਿਰ ਛੇ ਰੁੱਤਾਂ ਤੋਂ ਦੋ ਜਾਂ ਤਿੰਨ ਰੁੱਤਾਂ 'ਚ ਸੁੰਗੜ ਜਾਣ ਦਾ ਅਰਥ ਹੈ ਬਹੁ-ਭਾਂਤੀ ਵੰਨ-ਸੁਵੰਨਤਾ ਤੋਂ ਦੋ ਜਾਂ ਤਿੰਨ 'ਚ ਤਬਦੀਲ ਹੋ ਜਾਣਾ | ਤਦ ਨਾ ਤਾਂ ਰੁੱਤਾਂ ਦੀ ਵੰਨਗੀ ਥਿਆਵੇਗੀ ਅਤੇ ਨਾ ਹੀ ਇਸ ਬਹੁ-ਵੰਨਗੀ ਤਹਿਤ ਕੁਦਰਤ ਵਲੋਂ ਪਰੋਸੀਆਂ ਜਾਣ ਵਾਲੀਆਂ ਨਿਆਮਤਾਂ | ਬੰਦਾ ਸਿਰਫ ਦੋ-ਰੁੱਤਾਂ ਦੀਆਂ ਪੈਦਾਵਾਰਾਂ ਨੂੰ ਖਾਣ-ਹੰਢਾਉਣ ਅਤੇ ਪਹਿਨਣ-ਪਚਰਨ ਲਈ ਨਰੜਿਆ ਜਾਵੇਗਾ | ਬਹੁ-ਭਾਂਤੀ ਬਨਸਪਤੀ ਅਤੇ ਜੀਵਾਂ ਦੀ ਤਾਂ ਗੱਲ ਹੀ ਛੱਡੋ ਸਾਨੂੰ ਆਪਣੇ ਕੱਪੜੇ-ਲੱਤੇ, ਰਹਿਣ ਸਹਿਣ, ਮਨ-ਪ੍ਰਚਾਵਿਆਂ, ਰੈਣ-ਬਸੇਰਿਆਂ ਗੱਲ ਕੀ; ਸਮੁੱਚੀ ਜੀਵਨ ਸ਼ੈਲੀ ਵਿਚ ਵੀ ਤਿੱਖੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ | ਇਹ ਤਬਦੀਲੀਆਂ ਚਲੰਤ ਜੀਵਨ ਰੇਖਾ ਉੱਤੇ ਤਿੱਖਾ ਪ੍ਰਭਾਵ ਪਾਉਣਗੀਆਂ | ਇਸ ਨਾਲ ਤਿੱਖੀਆਂ ਰਾਜਨੀਤਕ ਤਬਦੀਲੀਆਂ ਸਮੇਤ ਜ਼ਿੰਦਗੀ ਵੀ ਸਹਿਜ ਨਹੀਂ ਰਹੇਗੀ |
ਮੁੱਕਦੀ ਗੱਲ : ਪਤਾ ਨਹੀਂ, ਮਨੁੱਖ ਦੀ ਵਾਰੀ ਕਦੋਂ ਆ ਜਾਵੇ? ਸਿਰਫ ਇਹੋ ਫਿਕਰਮੰਦੀ ਦਾ ਸਵਾਲ ਨਹੀਂ | ਮੁੱਦਾ ਤਾਂ ਇਹ ਹੈ, ਕਿ ਕੁਦਰਤੀ ਸੋਮਿਆਂ, ਜਲ, ਬਨਸਪਤੀ ਅਤੇ ਜੀਵ ਜੰਤੂਆਂ ਨੂੰ ਬਚਾਉਣ ਦਾ ਹੱਲ ਕੀਤਾ ਜਾਵੇ | ਮਨੁੱਖ ਵੀ ਤਾਂ ਹੀ ਬਚੇਗਾ ਜੇ ਆਲਮੀ-ਤਪਸ਼ ਨੂੰ ਸਦੀਵੀ ਅਲਵਿਦਾ ਆਖੀ ਜਾਵੇ | ਇਸ ਲਈ ਸਾਨੂੰ ਉਸ ਸੰਸਾਰਿਕ ਨਿਜ਼ਾਮ ਨੂੰ ਵੀ ਨਕਾਰਨਾ ਪਵੇਗਾ, ਜਿਹੜਾ ਭਾਈਚਾਰਕ ਬਰਾਬਰਤਾ ਅਤੇ ਕੁਦਰਤੀ ਸਹਿਹੋਂਦ ਦੀ ਬਜਾਏ ਪਦਾਰਥਕ ਸਹੂਲਤਾਂ ਅਤੇ ਮੁਨਾਫ਼ਿਆਂ ਮਗਰ ਹਫਲਿਆ ਫਿਰਦੈ | ਜੇ ਅਸੀਂ ਨਾ ਸੰਭਲੇ ਤਾਂ ਕੁਝ ਨਹੀਂ ਬਚੇਗਾ ਹੋਰ ਅੱਧੀ ਸਦੀ ਬਾਅਦ |

-ਮੋਬਾਈਲ : 94634-39075.


ਖ਼ਬਰ ਸ਼ੇਅਰ ਕਰੋ

ਦਰਵਾਜ਼ੇ 'ਤੇ ਖੜ੍ਹੀ ਗ਼ੁਲਾਮਾਂ ਦੀ ਨਵੀਂ ਫ਼ੌਜ ਇੰਟਰਨੈੱਟ ਦੇ ਰੋਬੋਟ

ਇਨ੍ਹੀਂ ਦਿਨੀਂ ਤਕਨੀਕ ਦੀ ਰਫ਼ਤਾਰ ਨੂੰ ਲੈ ਕੇ ਕੈਲੀਫੋਰਨੀਆ ਜੋ ਕਿ ਆਧੁਨਿਕ ਤਕਨੀਕ ਦਾ ਹੱਬ ਮੰਨਿਆ ਜਾਂਦਾ ਹੈ, ਵਿਚ ਇਕ ਮਜ਼ਾਕ ਬਹੁਤ ਆਮ ਹੈ | ਇਥੇ ਲੋਕ ਆਪਸ ਵਿਚ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਸ਼ੁੱਕਰਵਾਰ ਦੀ ਸ਼ਾਮ ਜਦੋਂ ਉਨ੍ਹਾਂ ਦੀ 'ਵੀਕੈਂਡ' ਦੀ ਛੁੱਟੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਜਦੋਂ ਸੋਮਵਾਰ ਨੂੰ ਵਾਪਸ ਦਫ਼ਤਰ ਆਉਣਗੇ ਤਾਂ ਉਸੇ ਤਕਨੀਕ 'ਤੇ ਕੰਮ ਕਰਨਗੇ, ਜਿਸ ਤਕਨੀਕ ਵਿਚ ਕੰਮ ਕਰਦੇ ਹੋਏ 'ਵੀਕੈਂਡ' ਦੀ ਛੁੱਟੀ 'ਤੇ ਗਏ ਸੀ ਜਾਂ ਕੋਈ ਨਵੀਂ ਤਕਨੀਕ ਵਿਚ ਕੰਮ ਕਰਨਾ ਪਵੇਗਾ | ਇਹ ਮਜ਼ਾਕ ਜਾਂ ਜੁਮਲਾ ਇਸ ਲਈ ਹਰਮਨਪਿਆਰਾ ਹੈ ਕਿਉਂਕਿ ਕੰਪਿਊਟਰ ਤਕਨੀਕ ਖ਼ਾਸ ਤੌਰ 'ਤੇ ਇੰਟਰਨੈੱਟ ਨਾਲ ਜੁੜੀ ਹੋਈ ਤਕਨੀਕ, ਇਨ੍ਹੀਂ ਦਿਨੀਂ ਬਹੁਤ ਤੂਫ਼ਾਨੀ ਰਫ਼ਤਾਰ ਨਾਲ ਬਦਲ ਰਹੀ ਹੈ | ਇਸੇ ਤੇਜ਼ ਰਫ਼ਤਾਰ ਤਕਨੀਕੀ ਦਾ ਨਵਾਂ ਨਤੀਜਾ ਹੈ 'ਬਾਟਸ' ਜਾਂ 'ਵੈੱਬ ਰੋਬੋਟ' |
ਜੇਕਰ ਅਸੀਂ ਹਾਲ ਹੀ ਦੇ ਸਾਲਾਂ ਵਿਚ ਇੰਟਰਨੈੱਟ ਦੀਆਂ ਸਰਗਰਮੀਆਂ 'ਤੇ ਨਜ਼ਰ ਮਾਰੀਏ ਤਾਂ ਦੇਖਾਂਗੇ ਕਿ ਪਹਿਲਾਂ ਵੈੱਬਸਾਈਟਾਂ ਆਈਆਂ | ਫਿਰ ਉਹ ਪੁਰਾਣੀਆਂ ਪੈਣ ਲੱਗੀਆਂ ਤੇ ਐਪਸ ਆ ਗਏ ਅਤੇ ਉਨ੍ਹਾਂ ਦੀਆਂ ਹਰ ਪਾਸੇ ਧੁੰਮਾਂ ਪੈ ਗਈਆਂ | ਹੁਣ ਐਪਸ ਵੀ ਬਹੁਤ ਆਮ ਹੋ ਚੁੱਕੇ ਹਨ ਜਾਂ ਇੰਜ ਕਹਿ ਲਓ ਕਿ ਪੁਰਾਣੇ ਹੋ ਚੁੱਕੇ ਹਨ | ਇਸ ਲਈ ਤਕਨੀਕ ਦੇ ਦਰਵਾਜ਼ੇ 'ਤੇ 'ਬਾਟਸ' ਜਾਂ 'ਵੈੱਬ ਰੋਬੋਟ' ਨੇ ਦਸਤਕ ਦੇ ਦਿੱਤੀ ਹੈ | ਵੈੱਬ ਰੋਬੋਟ ਇਕ ਸਾਫ਼ਟਵੇਅਰ ਅਪਲੀਕੇਸ਼ਨ ਹੈ ਜੋ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪਣੇ ਜ਼ਿੰਮੇ ਸੌਾਪੇ ਗਏ ਕੰਮ ਨੂੰ ਚਲਾ ਕੇ ਪੂਰਾ ਕਰਦਾ ਹੈ | 'ਬਾਟਸ' ਜਾਂ 'ਵੈੱਬ ਰੋਬੋਟਸ' ਇਸ ਲਈ ਨਿਸ਼ਾਨ ਅਤੇ ਮਸ਼ੀਨ ਵਿਚਾਲੇ ਸੰਭਾਵਨਾਵਾਂ ਨਾਲ ਭਰੀ ਸਭ ਤੋਂ ਮਹੱਤਵਪੂਰਨ ਲੜੀ ਹੈ | ਕਿਉਂਕਿ ਅਸੀਂ ਭਵਿੱਖ ਦੇ ਜਿਨ੍ਹਾਂ ਹਿਊਮਨਾਈਡ ਰੋਬੋਟਸ ਜਾਂ ਮਨੁੱਖਾਂ ਵਰਗੀ ਬੌਧਿਕ ਤਾਕਤ ਵਾਲੇ ਰੋਬੋਟਾਂ ਬਾਰੇ ਕਲਪਨਾ ਕਰਦੇ ਹਾਂ, ਇਹ ਉਸੇ ਕਲਪਨਾ ਦਾ ਸ਼ੁਰੂਆਤੀ ਪੜਾਅ ਹੈ | ਇਕ ਤਰ੍ਹਾਂ ਨਾਲ ਵੈੱਬ ਰੋਬੋਟ ਇਨਸਾਨ ਅਤੇ ਮਸ਼ੀਨ ਵਿਚਾਲੇ ਦੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਲੜੀ ਹੈ | ਫਿਲਹਾਲ 'ਬਾਟਸ' ਇਸ ਤਰ੍ਹਾਂ ਕੰਮ ਵੀ ਕਰ ਸਕਦਾ ਹੈ ਜੋ ਸਾਧਾਰਨ ਪੱਧਰ ਦੇ ਹਨ ਅਤੇ ਜੋ ਲਗਾਤਾਰ ਦੁਹਰਾਓ ਪ੍ਰਕਿਰਿਆ ਵਿਚ ਹਮੇਸ਼ਾ ਖ਼ਤਮ ਹੁੰਦੇ ਹਨ |
ਅਸਲ ਵਿਚ ਪਿਛਲੇ 5 ਸਾਲਾਂ ਦੇ ਅੰਦਰ ਸੇਵਾ ਖੇਤਰ ਵਿਚ ਹੋਣ ਵਾਲੇ ਸਾਰੇ ਕੰਮਾਂ ਵਿਚੋਂ 60 ਫ਼ੀਸਦੀ ਤੋਂ ਜ਼ਿਆਦਾ ਕੰਮ ਇਨਸਾਨ ਤੋਂ ਲੈ ਕੇ ਮਸ਼ੀਨਾਂ ਨੂੰ ਸੌਾਪ ਦਿੱਤੇ ਗਏ ਹਨ, ਜਿਸ ਕਾਰਨ ਕੰਮ ਦੀ ਰਫ਼ਤਾਰ ਵਿਚ ਤਾਂ ਵਾਧਾ ਹੋਇਆ ਹੀ ਹੈ, ਗ਼ਲਤੀਆਂ 'ਤੇ ਵੀ ਸਖ਼ਤ ਰੋਕ ਲੱਗੀ ਹੈ | ਬੈਂਕਾਂ ਵਿਚ ਪੈਸੇ ਜਮ੍ਹਾਂ ਕਰਨਾ, ਪੈਸੇ ਕਢਾਉਣਾ, ਪਾਸ ਬੁੱਕ ਅਪਡੇਟ ਕਰਨ ਤੋਂ ਲੈ ਕੇ ਸਾਰੇ ਵੱਖ-ਵੱਖ ਕਿਸਮ ਦੇ 16-17 ਕੰਮ ਅੱਜ ਦੀ ਤਰੀਕ ਵਿਚ ਮਸ਼ੀਨਾਂ ਕਰਨ ਲੱਗੀਆਂ ਹਨ | ਇਹ ਮਸ਼ੀਨਾਂ ਹਾਲੇ ਵੀ ਪੂਰੀ ਤਰ੍ਹਾਂ ਨਾਲ ਆਪਣੇ-ਆਪ ਕੰਮ ਨਹੀਂ ਕਰ ਸਕਦੀਆਂ | ਇਹ ਮਸ਼ੀਨਾਂ ਇਨਸਾਨ ਵਲੋਂ ਆਪ ਚਲਾਉਣ 'ਤੇ ਨਿਰਭਰ ਹਨ | ਕਹਿਣ ਦਾ ਭਾਵ ਇਹ ਹੈ ਕਿ ਇਨ੍ਹਾਂ ਤੋਂ ਕੰਮ ਕਰਾਉਣ ਲਈ ਇਨਸਾਨ ਨੂੰ ਇਨ੍ਹਾਂ ਦੇ ਨਾਲ ਲੱਗਣਾ ਪੈਂਦਾ ਹੈ | ਜਿਵੇਂ—ਬੈਂਕਾਂ ਵਿਚ ਲੱਗੀ ਪਾਸ ਬੁੱਕ ਅਪਡੇਟ ਕਰਨ ਵਾਲੀ ਮਸ਼ੀਨ ਆਪਣੇ-ਆਪ ਪਾਸ ਬੁੱਕ ਨੂੰ ਅਪਡੇਟ ਨਹੀਂ ਕਰ ਸਕਦੀ, ਸਾਨੂੰ ਹਾਲੇ ਵੀ ਕਈ ਪੜਾਵਾਂ ਵਿਚੀਂ ਲੰਘ ਕੇ ਨਤੀਜਾ ਹਾਸਿਲ ਕਰਨਾ ਪੈਂਦਾ ਹੈ |
ਪਰ ਭਵਿੱਖ ਵਿਚ ਇਨਸਾਨ ਆਪਣੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮਸ਼ੀਨਾਂ ਨੂੰ ਸੌਾਪਣ ਦੀ ਖ਼ਾਹਿਸ਼ ਰੱਖਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਉਸ ਨੂੰ ਇਨ੍ਹਾਂ ਮਸ਼ੀਨਾਂ ਦੇ ਨਾਲ ਘੱਟੋ-ਘੱਟ ਸੰਪਰਕ ਵਿਚ ਵੀ ਰਹਿਣਾ ਪਵੇ | ਅਸਲ ਵਿਚ ਵੈੱਬ ਰੋਬੋਟ ਉਸੇ ਸੁਪਨੇ ਵਲ ਵਧਦੇ ਕਦਮ ਦਾ ਪਹਿਲਾ ਮੁਕਾਮ ਹੈ | ਹਾਲਾਂਕਿ ਇਹ ਹਾਲੇ ਬਹੁਤ ਸਾਧਾਰਨ ਅਤੇ ਸਥੂਲ ਰੂਪ ਨਾਲ ਪ੍ਰੋਗਰਾਮ ਦੇ ਰੂਪ ਵਿਚ ਕੁਝ ਤੈਅਸ਼ੁਦਾ ਕੰਮ ਹੀ ਪੂਰੇ ਕਰ ਸਕਦਾ ਹੈ, ਪਰ ਭਵਿੱਖ ਵਿਚ ਇਹ ਸਾਰੇ ਮੁਸ਼ਕਿਲ ਅਤੇ ਆਪਣੇ-ਆਪ ਹੋਣ ਵਾਲੇ ਕੰਮ ਵੀ ਸੌਾਖਿਆਂ ਹੀ ਕਰਨਗੇ | ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਵੈੱਬ ਰੋਬੋਟ ਇਨਸਾਨ ਅਤੇ ਮਸ਼ੀਨ ਵਿਚਾਲੇ ਆਪਸੀ ਸੰਵਾਦ ਸਮਰੱਥਾ ਦਾ ਨਤੀਜਾ ਹੈ | ਭਾਵੇਂ ਹਾਲੇ ਇਹ ਸ਼ੁਰੂਆਤੀ ਦੌਰ ਦੇ ਕਮਜ਼ੋਰ ਰੋਬੋਟ ਹੋਣ ਪਰ ਛੇਤੀ ਹੀ ਇਹ ਉਸ ਪੱਧਰ 'ਤੇ ਪਹੁੰਚ ਜਾਣਗੇ, ਜਿਥੇ ਮਸ਼ੀਨਾਂ ਦੀ ਇਨਸਾਨਾਂ 'ਤੇ ਨਿਰਭਰਤਾ ਖ਼ਤਮ ਹੋ ਜਾਂਦੀ ਹੈ | 'ਬਾਟਸ' ਅਸਲ ਵਿਚ ਪਹਿਲੇ ਇਸ ਤਰ੍ਹਾਂ ਦੇ ਤਕਨੀਕੀ ਉਪਕਰਨ ਹਨ ਜੋ ਆਪਣੇ-ਆਪ ਭਾਵ ਬਿਨਾਂ ਕਿਸੇ ਇਨਸਾਨੀ ਮਦਦ ਦੇ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ | ਇਸ ਲਈ 'ਬਾਟਸ' ਹੁਣ ਤੱਕ ਦੇ ਸਭ ਤੋਂ ਸੰਜੀਦਾ ਯੰਤਰੀਕਰਨ ਦੇ ਪ੍ਰਤੀਨਿਧੀ ਹੈ |
ਅਸਲ ਵਿਚ 'ਬਾਟਸ' ਖ਼ੁਦ ਸੰਦੇਸ਼ ਦੇਣ ਵਾਲਾ ਖ਼ਾਸ ਪ੍ਰੋਗਰਾਮ ਹੈ ਜੋ ਬਿਨਾਂ ਇਨਸਾਨੀ ਮਦਦ ਦੇ ਕੰਪਿਊਟਰ ਜ਼ਰੀਏ ਹਾਸਲ ਸੰਦੇਸ਼ਾਂ ਦਾ ਜਵਾਬ ਦੇਣ ਦਾ ਕੰਮ ਕਰਦਾ ਹੈ | ਸੋ, ਕਹਿਣਾ ਚਾਹੀਦਾ ਹੈ ਕਿ ਇਹ ਇਕ ਬਹੁਤ ਸ਼ੁਰੂਆਤੀ ਦੌਰ ਦੀ ਰਿਸੈਪਸ਼ਨਿਸ਼ਟ ਦੀ ਤਰ੍ਹਾਂ ਹੈ, ਜੋ ਕੰਪਨੀ ਜਾਂ ਕਿਸੇ ਸੰਗਠਨ ਲਈ ਆਈਆਂ ਸਾਰੀਆਂ ਚਿੱਠੀਆਂ ਦਾ ਜਵਾਬ ਬਿਨਾਂ ਕੰਪਨੀ ਦੇ ਮਹੱਤਵਪੂਰਨ ਲੋਕਾਂ ਨੂੰ ਪਰੇਸ਼ਾਨ ਕੀਤੇ ਆਪਣੇ-ਆਪ ਹੀ ਦਿੰਦੀ ਸੀ | 'ਬਾਟਸ' ਵੀ ਇਹੀ ਕਰਦਾ ਹੈ | ਇਹ ਇਕ ਖ਼ਾਸ ਪ੍ਰੋਗਰਾਮ ਹੈ ਜੋ ਸੰਦੇਸ਼ ਦਾ ਜਵਾਬ ਆਪਣੇ-ਆਪ ਦਿੰਦਾ ਹੈ | ਪਰ ਇਹ ਮਹਿਜ਼ ਸੰਦੇਸ਼ ਦਾ ਜਵਾਬ ਮਾਤਰ ਹੀ ਨਹੀਂ ਦਿੰਦਾ ਸਗੋਂ ਇਸ ਤਰ੍ਹਾਂ ਦੇ ਸਾਰੇ ਕੰਮ ਕਰਨ ਵਿਚ ਮਾਹਿਰ ਵੀ ਹੈ, ਜਿਥੇ ਸਕ੍ਰਿਪਟਿੰਗ ਅਤੇ ਦੋਹਰਾਓ ਦੇ ਵਿਗਿਆਨਕ ਨਿਯਮ ਲਾਗੂ ਹੁੰਦੇ ਹਨ | ਇਸ ਲਈ ਇਹ ਖਰੀਦਦਾਰੀ ਵਿਚ ਮਦਦ ਕਰਦਾ ਹੈ ਅਤੇ ਹਰ ਤਰ੍ਹਾਂ ਦੀਆਂ ਗਾਈਡਲਾਈਨਜ਼ ਦਿੰਦਾ ਹੈ |
ਹਾਲਾਂਕਿ ਸਿਧਾਂਤਕ ਰੂਪ ਵਿਚ ਇਹ ਕੋਈ ਨਵੀਂ ਤਕਨੀਕ ਨਹੀਂ ਹੈ ਪਰ ਵਿਹਾਰਕ ਰੂਪ ਵਿਚ ਇਹ ਤਕਨੀਕੀ ਦੁਨੀਆ ਦੀ ਨਵੀਂ ਖੋਜ ਹੈ | ਅੱਜ ਸੰਦੇਸ਼ ਦੀ ਤਰ੍ਹਾਂ ਹੀ ਬਹੁਤ ਕਿਸਮ ਦੇ ਕੰਮ ਵੱਖ-ਵੱਖ ਵੈੱਬ ਰੋਬੋਟ ਦੇ ਰਹੇ ਹਨ | ਸਿਹਤ, ਮੌਸਮ ਅਤੇ ਵਾਤਾਵਰਨ ਵਰਗੇ ਖੇਤਰਾਂ ਤੋਂ ਲੈ ਕੇ ਟ੍ਰੈਫਿਕ ਆਵਾਜਾਈ ਦੇ ਖੇਤਰ ਵਿਚ ਵੀ ਇਨ੍ਹਾਂ ਨੂੰ ਲਗਾਇਆ ਗਿਆ ਹੈ | 'ਬਾਟਸ' ਹੁਣ ਤੱਕ ਦੇ ਨੈੱਟ ਨਾਲ ਸੰਭਵ ਹੋਣ ਵਾਲੇ ਕੰਮਾਂ ਨੂੰ ਹੋਰ ਤੇਜ਼ ਅਤੇ ਹੋਰ ਜ਼ਿਆਦਾ ਯਕੀਨੀ ਨਤੀਜੇ ਦੇਣ ਵਾਲਾ ਬਣਾ ਦਿੰਦਾ ਹੈ | ਜਿਵੇਂ—ਫਿਲਹਾਲ ਜਦੋਂ ਸਾਨੂੰ ਕੋਈ ਕੈਬ ਬੁੱਕ ਕਰਨੀ ਪੈਂਦੀ ਹੈ ਤਾਂ ਨਾ ਤਾਂ ਉਸ ਦੀ ਵੈੱਬਸਾਈਟ 'ਤੇ ਜਾਣਾ ਪੈਂਦਾ ਹੈ ਅਤੇ ਨਾ ਹੀ ਉਸ ਦੇ ਐਪ ਨੂੰ ਹੀ ਵਾਰ-ਵਾਰ ਕਲਿੱਕ ਕਰਨ ਦੀ ਜ਼ਰੂਰਤ ਰਹਿੰਦੀ ਹੈ | ਤੁਸੀਂ ਆਪਣੇ ਮੈਸੇਜਿੰਗ ਐਪ ਨਾਲ ਹੀ ਕੈਬ ਜਾਂ ਕੋਈ ਵੀ ਹੋਰ ਕੰਮ ਕਰ ਸਕਦੇ ਹੋ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਹੂਲਤ ਲਈ ਵੱਖ ਤੋਂ ਕੋਈ ਭੁਗਤਾਨ ਵੀ ਨਹੀਂ ਕਰਨਾ ਪੈਂਦਾ | ਇਸ ਲਈ ਮੰਨਿਆ ਜਾ ਰਿਹਾ ਹੈ ਕਿ 'ਬਾਟਸ' ਬਹੁਤ ਹੀ ਛੇਤੀ ਹਿੰਦੁਸਤਾਨ ਵਿਚ ਛਾ ਜਾਵੇਗਾ, ਜੋ ਸਹੀ ਮਾਅਨਿਆਂ ਵਿਚ ਰੋਬੋਟ ਯੁੱਗ ਨੂੰ ਖਿੱਚ ਕੇ ਦਰਵਾਜ਼ੇ 'ਤੇ ਲਿਆਏਗਾ |

-ਫਿਊਚਰ ਮੀਡੀਆ ਨੈੱਟਵਰਕ

ਹਿਮਾਚਲ ਦੀਆਂ ਅਗਿਆਤ ਲੋਕ-ਕਲਾਵਾਂ

ਪੱਥਰ ਦੀਆਂ ਬੇਸ਼ਕੀਮਤੀ ਸ਼ਿਲਪਕਲਾਵਾਂ ਨਾਲ ਸਜੀਆਂ ਦੀਵਾਰਾਂ ਅਤੇ ਦੋ ਵਾਰ ਬੈਗ ਜਾਂਚ ਕਰਵਾਉਣ ਤੋਂ ਬਾਅਦ ਮੈਂ ਵਿਸ਼ਾਲ ਸੁੰਦਰ 'ਨੈਸ਼ਨਲ ਟੂਰਿਜ਼ਮ ਆਫ਼ ਇੰਡੀਆ' ਯਾਦਗਾਰ ਵਿਚ ਦਾਖ਼ਲ ਹੋਈ, ਜੋ ਭਾਰਤ ਦੀਆਂ ਪੁਰਾਤਨ ਖੋਜਾਂ ਦੀ ਗੌਰਵਸ਼ਾਲੀ ਥਾਂ ਹੈ | ਭਵਨ ਦੇ ਔਸਤ ਰਖ-ਰਖਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੈਂ ਪਹਿਲੀ ਮੰਜ਼ਿਲ 'ਤੇ 'ਮਾਸਟਰ ਪੀਸਿਜ਼ ਆਫ਼ ਹਿਮਾਚਲ ਫੋਕ ਆਰਟ' ਪ੍ਰਦਰਸ਼ਨੀ ਤਕ ਪਹੁੰਚੀ | ਪ੍ਰਦਰਸ਼ਨੀ ਵਿਚ ਪੇਂਡੂ ਹਿਮਾਚਲ ਪ੍ਰਦੇਸ਼ ਦੀ 13ਵੀਂ ਤੋਂ 19ਵੀਂ ਸਦੀ ਤਕ ਦਾ ਅਨੋਖਾ ਬੇਸ਼ਕੀਮਤੀ ਸੰਗ੍ਰਹਿ ਪ੍ਰਦਰਸ਼ਿਤ ਹੈ, ਜਿਨ੍ਹਾਂ ਵਿਚੋਂ ਕੁਝ ਪ੍ਰਦਰਸ਼ਨਾਂ ਨੂੰ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਗਿਆ ਹੈ |
ਪ੍ਰਦਰਸ਼ਨਾਂ ਦੇ ਕਿਊਰੇਟਰ ਸ੍ਰੀ ਬੀ. ਐਨ. ਆਰੀਅਨ ਨੇ ਸਾਨੂੰ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਉਨ੍ਹਾਂ ਦੇ ਪਿਤਾ ਕੇ. ਸੀ. ਆਰੀਅਨ ਦੀਆਂ 220 ਨਿੱਜੀ ਕਲਾਕ੍ਰਿਤਾਂ ਪ੍ਰਦਰਸ਼ਿਤ ਹਨ ਅਤੇ ਉਹ ਕਲਾ ਇਤਿਹਾਸਕਾਰ ਸਨ ਜਿਨ੍ਹਾਂ ਨੇ 23 ਪੁਸਤਕਾਂ ਲਿਖੀਆਂ | ਫਿਰ ਮੇਰੀ 'ਹਿਮਾਚਲ ਦੇਵ ਭੂਮੀ' ਦੀ ਯਾਤਰਾ ਸ਼ੁਰੂ ਹੋਈ ਜਿਸ ਵਿਚ ਨਿਰਾਲੀਆਂ, ਵਿਚਿੱਤਰ ਧਾਤੂ ਕਲਾਕ੍ਰਿਤੀਆਂ, ਮੋਹਰਾਂ, ਮੁਖੌਟੇ, ਚੰਬਾ ਮੰਡੀ ਰੁਮਾਲ, ਪੱਥਰ ਮੂਰਤੀਆਂ, ਲੱਕੜੀ 'ਤੇ ਖੁਦਾਈ, ਚਿੱਤਰਕਲਾਵਾਂ, ਚਾਂਦੀ ਦੇ ਗਹਿਣੇ ਤੇ ਚਮੜੇ ਦੀਆਂ ਵਸਤਾਂ ਸ਼ਾਮਿਲ ਸਨ, ਜਿਨ੍ਹਾਂ 'ਤੇ ਬਣੇ ਦੇਵੀ-ਦੇਵਤਾ, ਜਿਵੇਂ ਦੇਵ-ਭੂਮੀ ਦਾ ਨਾਂਅ ਸਹੀ ਸਿੱਧ ਕਰ ਰਹੇ ਹੋਣ |
ਪਿੱਤਲ ਵਿਚ ਲੋਕ ਕਲਾ : ਪਹਿਲੀ ਪ੍ਰਦਰਸ਼ਨੀ ਅਤਿ ਆਕਰਸ਼ਕ ਛੋਟੇ ਆਕਾਰ ਦੀ ਧਾਤੂ-ਮੂਰਤੀਆਂ ਦੀ ਹੈ ਜੋ 12ਵੀਂ ਤੋਂ 18ਵੀਂ ਸਦੀ ਦਰਮਿਆਨ ਬਣਾਈਆਂ ਗਈਆਂ ਸਨ | ਸੰਭਵ ਹੈ ਕਿ ਮਾਸਟਰ ਸ਼ਿਲਪਕਾਰਾਂ ਨੇ ਪੇਂਡੂ ਸਥਾਨਕ ਪੂਜਾ ਥਾਂ ਜਾਂ ਧਨਵਾਨ ਪਰਿਵਾਰ ਦੇ ਗ੍ਰਹਿ ਮੰਦਰ ਲਈ ਬਣਾਈਆਂ ਹੋਣਗੀਆਂ | ਸ਼ਿਲਪਕਾਰ ਹਿੰਦੂ ਪੌਰਾਣਿਕ ਕਥਾਵਾਂ ਅਤੇ ਪਰੰਪਰਿਕ ਲੋਕ ਕਥਾਵਾਂ ਤੋਂ ਭਲੀ-ਭਾਂਤ ਜਾਣੂ ਸਨ | ਦੁਰਗਾ ਦਾ ਮਹਿਸ਼ਾਸੁਰ ਕਤਲ ਜਾਂ ਨਰਸਿੰਘ ਵਲੋਂ ਹਰਨਾਖ਼ਸ਼ ਦਾ ਕਤਲ ਵਰਗੀਆਂ ਕਲਾਵਾਂ 'ਤੇ ਆਧਾਰਿਤ ਧਾਤੂ ਸ਼ਿਲਪ ਬੜੇ ਹਰਮਨਪਿਆਰੇ ਸਨ, ਨਾਲ ਹੀ ਉਨ੍ਹਾਂ ਦੀਆਂ ਕਲਾਕ੍ਰਿਤਾਂ 'ਤੇ ਰਾਜ-ਦਰਬਾਰ ਦੇ ਸ਼ਿਲਪਕਾਰਾਂ ਅਤੇ ਨਗਰ ਦੇ ਸ਼ਿਲਪਕਾਰਾਂ ਦੀਆਂ ਸ਼ੈਲੀਆਂ ਦਾ ਪ੍ਰਭਾਵ ਸਪੱਸ਼ਟ ਝਲਕਦਾ ਹੈ |
ਰਹੱਸਮਈ ਮੋਹਰਾ-ਮੁਖੌਟਾ : ਇਸ ਤੋਂ ਅੱਗੇ ਵਿਸ਼ਾਲ ਮੋਹਰਾ-ਮੁਕੌਟਾ ਭਾਗ ਦੇਖ ਕੇ ਪ੍ਰਸਿੱਧ 10 ਦਿਨਾ ਕੁੱਲੂ ਦਸਿਹਰਾ ਅਤੇ ਮੰਡੀ ਮਹਾਸ਼ਿਵਰਾਤਰੀ ਦੀ ਯਾਦ ਆਈ | ਇਨ੍ਹਾਂ ਤਿਉਹਾਰਾਂ ਵਿਚ ਦੇਵੀ-ਦੇਵਤਿਆਂ ਨੂੰ ਪਿੰਡ ਦਾ ਚੱਕਰ ਲੱਕੜੀ ਦੇ ਰੱਥ 'ਤੇ ਲਗਵਾਇਆ ਜਾਂਦਾ ਹੈ ਅਤੇ ਇਹ ਮੋਹਰਾ ਵਲੋਂ ਸੰਭਵ ਹੈ ਕਿਉਂਕਿ ਅਸਲੀ ਮੂਰਤੀ ਤਾਂ ਮੰਦਰ ਵਿਚ ਸਥਾਪਿਤ ਰਹਿੰਦੀ ਹੈ ਅਤੇ ਮੋਹਰਾ ਵਿਚ ਉਨ੍ਹਾਂ ਦਾ ਚਿੰਨ੍ਹ ਹੈ | ਬਾਰੀਕ ਨੱਕਾਸ਼ੀ ਵਾਲੇ ਪਿੱਤਲ, ਚਾਂਦੀ ਜਾਂ ਪਿੱਤਲ ਵਿਚ ਸੋਨਾ ਮਿਸ਼ਰਿਤ ਮੋਹਰੇ 13ਵੀਂ ਤੋਂ 18ਵੀਂ ਸਦੀ ਤਕ ਦੇ ਸਨ |
ਵੱਖਰੀ ਕਢਾਈ ਦੇ ਹਿਮਾਚਲੀ ਰੁਮਾਲ : ਬਿਲਾਸਪੁਰ ਸ਼ੈਲੀ ਦੀ 19ਵੀਂ ਸਦੀ ਦੀ ਪਹਾੜੀ ਚਿੱਤਰਕਲਾ ਨੂੰ ਸਲਾਹੁੰਦੇ ਹੋਏ ਅਸੀਂ, ਪ੍ਰਦਰਸ਼ਨੀ ਦੇ ਰੁਮਾਲ ਭਾਗ ਵਿਚ ਗਏ | ਦੀਵਾਰਾਂ 'ਤੇ ਕ੍ਰੀਮ ਜਾਂ ਲਾਲ ਪਿੱਠਭੂਮੀ ਵਾਲੇ ਚੰਬਾ, ਮੰਡੀ, ਕਾਂਗੜਾ, ਕੁੱਲੂ ਅਤੇ ਬਿਲਾਸਪੁਰ ਦੇ ਕਲਾਤਮਕ ਕਢਾਈ ਵਾਲੇ ਰੁਮਾਲ ਸਜੇ ਹੋਏ ਸਨ ਜਿਨ੍ਹਾਂ ਦਾ ਪ੍ਰਚਲਿਤ ਨਾਂਅ 'ਚੰਬਾ ਰੁਮਾਲ' ਹੈ | ਪ੍ਰਦਰਸ਼ਨੀ 'ਤੇ ਇਸ ਸ਼ੈਲੀ ਵਿਚ ਬਣੀ ਚੌਪਰ-ਖੇਡ, ਚੋਲੀਆਂ, ਕਮਰਬੰਦ ਧਿਆਨ ਖਿੱਚਦੇ ਹਨ | ਔਖੀ ਦੋਰੁਖਾ ਕਢਾਈ ਵਿਚ ਬਣੇ ਰੁਮਾਲਾਂ 'ਤੇ ਰਾਮਾਇਣ, ਕ੍ਰਿਸ਼ਨ ਲੀਲ੍ਹਾ, ਮਹਾਭਾਰਤ ਦਿ੍ਸ਼, ਵਿਸ਼ਣੂ ਅਤੇ ਸ਼ਿਵ ਨਾਲ ਸਬੰਧਿਤ ਸੁੰਦਰ ਕਢਾਈ ਸੀ | ਸਦੀਆਂ ਤੋਂ ਰੰਗੀਨ ਰੁਮਾਲ ਹਰਮਨਪਿਆਰੇ ਅਤੇ ਮਨਮੋਹਕ ਹਨ ਅਤੇ ਇਨ੍ਹਾਂ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਪੇਂਡੂ ਔਰਤਾਂ ਦੀਆਂ ਕਲਾਕਿ੍ਤਾਂ ਹਨ ਜੋ ਸਾਲਾਂ ਤਕ ਲੁਕੀਆਂ ਰਹੀਆਂ |
ਲੱਕੜੀ ਨੱਕਾਸ਼ੀ : ਇਕ ਕਲਾ - ਸਾਡੇ ਸਭ ਪਾਸੇ ਲੱਕੜੀ ਦੇ ਅਨੋਖੇ ਮੁਖੌਟੇ ਸਨ ਜੋ ਧਾਰਮਿਕ ਅਨੁਸ਼ਾਠਾਨਾਂ ਵਿਚ ਪਾਏ ਜਾਂਦੇ ਸਨ, ਜਿਵੇਂ ਰਾਮਾਇਣ ਜਾਂ ਦੁਰਗਾ ਨਾਟਕ, ਨਿ੍ਤ ਜਾਂ ਵਿਸ਼ੇਸ਼ ਅਗਨੀ ਅਨੁਸ਼ਠਾਨ | ਸ੍ਰੀ ਬੀ. ਐਨ. ਆਰੀਅਨ ਨੇ ਦੱਸਿਆ ਕਿ ਇਥੇ ਪ੍ਰਦਰਸ਼ਿਤ ਲੱਕੜੀ ਦੇ ਪੈਨਲਜ਼ ਜੋ ਲੋਕ ਕਲਾ ਸ਼ੈਲੀ ਵਿਚ ਖੋਦੇ ਗਏ ਹਨ, ਨੂੰ ਉਨ੍ਹਾਂ ਦੇ ਪਿਤਾ ਨੇ ਕੁੱਲੂ ਵਿਚ ਦੇਖਿਆ ਸੀ ਅਤੇ ਉਹ ਥਾਂ ਬਾਅਦ ਵਿਚ ਜੰਗਲ ਦੀ ਅੱਗ ਵਿਚ ਸੁਆਹ ਹੋ ਗਈ |
ਪੱਥਰ ਸ਼ਿਲਪਕਲਾ : 12ਵੀਂ ਤੋਂ 20ਵੀਂ ਸਦੀ ਦੀ ਪੱਥਰ ਸ਼ਿਲਪਕਲਾ ਵਿਚ ਜ਼ਿਆਦਾਤਰ ਗਣੇਸ਼ ਅਤੇ ਦੁਰਗਾ ਦੀਆਂ ਮੂਰਤੀਆਂ ਸਨ | ਸਥਾਨਕ ਲੋਕ ਕਲਾ ਸ਼ੈਲੀ ਵਿਚ ਬਣੀਆਂ ਇਹ ਮੂਰਤੀਆਂ ਸ਼ਾਇਦ ਕੁਝ ਵੀਰਾਨ ਮੰਦਰਾਂ ਜਾਂ ਘਰਾਂ ਦੇ ਮੰਦਰਾਂ ਦਾ ਹਿੱਸਾ ਹੋ ਸਕਦੀਆਂ ਹਨ |
ਰਵਾਇਤੀ ਚਾਂਦੀ ਦੇ ਗਹਿਣੇ ਅਤੇ ਲੈਦਰ ਕਲਾ : ਜਗਮਗਾਉਂਦੇ ਚਾਂਦੀ ਦੇ ਗਹਿਣਿਆਂ ਦੇ ਪ੍ਰਦਰਸ਼ਨ ਵਿਚ ਸਭ ਤੋਂ ਪਹਿਲਾਂ ਨਜ਼ਰ ਚਾਂਦੀ ਦੇ ਸੁੰਦਰ ਵਿਆਹ ਵਾਲੇ ਸਿਹਰੇ 'ਤੇ ਪਈ ਜੋ ਪਰੰਪਰਾ ਅਨੁਸਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਾੜੇ ਵਲੋਂ ਮੱਥੇ 'ਤੇ ਸਜਾਇਆ ਜਾਂਦਾ ਹੈ | ਉਸ 'ਤੇ ਸਪੱਸ਼ਟ ਰੂਪ 'ਚ ਦੇਵਤਿਆਂ ਦੀ ਨੱਕਾਸ਼ੀ ਕੀਤੀ ਜਾਂਦੀ ਹੈ | ਬਾਰੀਕੀ ਨਾਲ ਬਣੇ ਹੋਰ ਕਲਾਤਮਿਕ ਚਾਂਦੀ ਦੇ ਪ੍ਰਸੰਸਾਯੋਗ ਗਹਿਣਿਆਂ ਨੂੰ ਦੇਖ ਕੇ ਅਸੀਂ ਲੈਦਰ ਭਾਗ ਵਿਚ ਗਏ ਜਿਥੇ ਅਨੋਖੇ ਚਮੜੇ ਦਾ ਸਾਮਾਨ ਸਜਿਆ ਹੋਇਆ ਦੇਖਿਆ, ਜਿਨ੍ਹਾਂ ਵਿਚੋਂ ਮੁੱਖ ਹੈ ਗਡਰੀਏ-ਗੱਦੀ ਭਾਈਚਾਰੇ ਵਲੋਂ ਵਰਤੀ ਜਾਣ ਵਾਲੀ ਸੁੰਦਰ ਚਮੜੇ ਦੀ ਥੈਲੀ | ਗੱਦੀ ਥੈਲੀ ਨੂੰ ਊਨੀ ਰੱਸੀ ਨਾਲ, ਮਰਦ ਅਤੇ ਔਰਤਾਂ ਆਪਣੇ ਲੱਕ ਨਾਲ ਬੰਨ੍ਹ ਕੇ ਰੱਖਦੇ ਸਨ ਜਿਸ ਦੇ ਨਾਲ ਛੋਟੇ ਸ਼ੀਸ਼ੇ ਦੇ ਆਲੇ-ਦੁਆਲੇ ਕਾਲੇ-ਸਫ਼ੈਦ ਮੋਤੀਆਂ ਨਾਲ ਸਜਾ ਕੇ ਪੀਸ ਜੋੜੇ ਜਾਂਦੇ ਸਨ |
ਸ੍ਰੀ ਕੇ. ਸੀ. ਆਰੀਅਨ ਨੂੰ ਇਕ ਸ਼ਰਧਾਂਜਲੀ : ਪ੍ਰਦਰਸ਼ਨੀ ਦੇ ਅੰਤ ਵਿਚ ਮੇਰਾ ਧਿਆਨ 'ਆਰਟ ਹਿਸਟੋਰੀਅਨ' ਸ੍ਰੀ ਕੇ. ਸੀ. ਆਰੀਅਨ ਦੇ ਸੰਘਰਸ਼ਪੂਰਨ ਜੀਵਨ ਵੱਲ ਚਲਾ ਗਿਆ ਜਿਨ੍ਹਾਂ ਨੇ ਲਗਪਗ 70 ਸਾਲ ਪਹਿਲਾਂ ਸੁੰਦਰ ਪੇਂਡੂ ਥਾਵਾਂ ਅਤੇ ਜੰਗਲੀ ਥਾਵਾਂ 'ਤੇ ਜਾ-ਜਾ ਕੇ ਉਥੇ ਪ੍ਰਦਰਸ਼ਿਤ 220 ਕਲਾਕ੍ਰਿਤੀਆਂ ਇਕੱਠੀਆਂ ਕੀਤੀਆਂ | ਉਸ ਸਮੇਂ ਕਲਾਤਮਿਕ ਸੰਸਕ੍ਰਿਤੀ ਦੇ ਵਿਰੋਧ ਵਿਚ ਵੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕੀਤਾ ਪਰ ਉਹ ਪਿੱਛੇ ਨਹੀਂ ਹਟੇ ਅਤੇ ਅਨੇਕਾਂ ਕਲਾਕ੍ਰਿਤਾਂ ਨੂੰ ਗੁੰਮਨਾਮੀ ਦੇ ਹਨੇਰੇ ਵਿਚ ਗੁਆਚਣ ਤੋਂ ਬਚਾ ਕੇ ਸੁਰੱਖਿਅਤ ਕਰਨ ਵਿਚ ਸਫਲ ਹੋਏ |
ਉਨ੍ਹਾਂ ਦੇ ਪੁੱਤਰ ਬੀ. ਐਨ. ਆਰੀਅਨ ਨੇ ਦੱਸਿਆ ਕਿ ਮਾਸਟਰ ਪੀਸਿਜ਼ ਆਫ਼ ਹਿਮਾਚਲ ਫੋਕ ਆਰਟ ਪ੍ਰਦਰਸ਼ਨੀ 31 ਜੁਲਾਈ ਤੱਕ ਭਾਰਤ ਦੇ ਨੈਸ਼ਨਲ ਟੂਰਿਜ਼ਮ (ਕੌਮੀ ਯਾਦਗਾਰੀ) ਦਿੱਲੀ ਵਿਚ ਲੱਗੀ ਹੈ ਜਿਸ ਤੋਂ ਬਾਅਦ ਕਲਾਕ੍ਰਿਤਾਂ ਆਪਣੇ ਪੱਕੇ ਟਿਕਾਣੇ 'ਹੋਮ ਆਫ਼ ਫੋਕ ਆਰਟ ਟੂਰਿਜ਼ਮ', ਗੁਰੂਗ੍ਰਾਮ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ |

seemaanandchopra@gmail.com

ਸਨਮਾਨਜਨਕ ਜ਼ਿੰਦਗੀ ਚਾਹੁੰਦੇ ਹਨ ਸਾਂਸੀ ਕਬੀਲੇ ਦੇ ਲੋਕ-2

'ਜੰਮਦੇ ਬੱਚੇ ਨੂੰ ਅਪਰਾਧੀ ਕਰਾਰ ਦੇਣਾ, 15 ਸਾਲ ਦੇ ਹੁੰਦੇ ਉਸ ਬੱਚੇ ਨੂੰ ਥਾਣੇ ਬੁਲਾ ਕੇ ਅਪਰਾਧੀਆਂ ਦੀ ਤਰ੍ਹਾਂ ਉਸ ਦਾ ਜੀਵਨ ਬਿਓਰਾ ਸਮੇਤ ਉਂਗਲਾਂ ਦੇ ਨਿਸ਼ਾਨ ਥਾਣਾ ਰਜਿਸਟਰ ਵਿਚ ਦਰਜ ਕਰਨਾ ਤੇ ਉਸ ਨੂੰ ਹਰ ਰੋਜ਼ ਜ਼ਰਾਇਮ ਪੇਸ਼ਾ ਲੋਕਾਂ ਦੀ ਤਰ੍ਹਾਂ ਥਾਣੇ ਵਿਚ ਹਾਜ਼ਰੀ ਲੁਆਉਣੀ ਪਵੇ ਸਿਰਫ ਇਸ ਕਰਕੇ ਕਿ ਉਹ ਇੱਕ ਖਾਸ ਕਬੀਲੇ ਨਾਲ ਤਾਅਲੁਕ ਰੱਖਦਾ ਹੈ ਤਾਂ ਸੋਚੋ ਉਸਦੀ ਮਾਨਸਿਕਤਾ 'ਤੇ ਕੀ ਅਸਰ ਪੈਂਦਾ ਹੋਵੇਗਾ |' ਉਕਤ ਸ਼ਬਦ ਇੱਕ ਅੰਗਰੇਜ਼ ਅਫ਼ਸਰ ਸਿਟੀ ਮੈਜਿਸਟ੍ਰੇਟ ਲੋਏਡ ਜੋਨਸ ਦੇ ਹਨ ਜੋ ਉਨ੍ਹਾਂ ਨੇ 1947 ਵਿਚ 'ਕਿ੍ਮੀਨਲ ਟ੍ਰਾਈਬ ਐਕਟ' ਬਾਰੇ ਕਹੇ | ਜਦੋਂ ਕਿ ਅੰਗਰੇਜ਼ਾਂ ਵਲੋਂ ਬਣਾਏ ਇਸ ਐਕਟ ਦੇ ਮੁਤਾਬਕ ਜੋ ਵੀ ਕਬੀਲਾ/ਸਮੂਹ ਕਿ੍ਮਿਨਲ ਟ੍ਰਾਈਬ ਐਕਟ ਦੀ ਸੂਚੀ ਵਿਚ ਦਰਜ ਹੋ ਜਾਂਦਾ ਸੀ, ਉਸ ਦੇ ਸਾਰੇ ਹੱਕ-ਹਕੂਕ ਖਤਮ ਹੋ ਜਾਂਦੇ ਸਨ | ਇਸ ਦੇ ਨਾਲ ਹੀ ਉਸ ਦੇ ਹੱਕ ਮੰਗਣ, ਲੜਨ ਤੇ ਅਦਾਲਤ ਜਾਣ ਦੇ ਵੀ ਅਧਿਕਾਰ ਖਤਮ ਹੋ ਜਾਂਦੇ | ਸਥਾਨਕ ਆਗੂਆਂ ਸਰਪੰਚ, ਤਹਿਸੀਲ/ਜ਼ਿਲਾ ਮੈਜਿਸਟ੍ਰੇਟ ਦਾ ਨਿਰਣਾ ਹੀ ਅੰਤਿਮ ਹੁੰਦਾ ਸੀ | ਇਸ ਐਕਟ ਨੇ ਇਨ੍ਹਾਂ ਦਾ ਸ਼ੋਸ਼ਣ ਕਰਨ ਦਾ ਰਾਹ ਪੱਧਰਾ ਕੀਤਾ ਤੇ ਇਨ੍ਹਾਂ ਦੀ ਜ਼ਿੰਦਗੀ ਗੁਲਾਮਾਂ ਤੋਂ ਵੀ ਬਦਤਰ ਬਣ ਗਈ |
ਆਰਕਿਆਲੋਜੀਕਲ ਲਾਇਬ੍ਰੇਰੀ ਆਫ ਇੰਡਿਆ ਵਿਚ ਦਰਜ 1965 ਵਿਚ ਛਪੀ ਪ੍ਰੋ: ਸ਼ੇਰ ਸਿੰਘ ਸ਼ੇਰ ਦੀ ਪੁਸਤਕ 'ਦਾ ਸਾਂਸੀਜ਼ ਆਫ ਪੰਜਾਬ' ਵਿਚ ਸਾਂਸੀ ਕਬੀਲੇ ਦੇ ਪਿਛੋਕੜ, ਸ਼ੋਸ਼ਣ, ਅਪਰਾਧਿਕ ਗਤੀਵਿਧੀਆਂ ਤੇ ਮੌਜੂਦਾ ਹਾਲਤ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ | ਅੰਗਰੇਜ਼ਾਂ ਵੇਲੇ ਇਸ ਐਕਟ ਦੇ ਸੈਕਸ਼ਨ 17 ਤਹਿਤ ਸਿਰਫ ਇੱਕ ਸਕੂਲ ਅਧਿਆਪਕ ਦੇ ਕਹਿਣ 'ਤੇ ਹੀ ਸਾਂਸੀ ਬੱਚੇ ਨੂੰ ਉਸ ਦੇ ਮਾਪਿਆਂ ਤੋਂ ਦੂਰ ਭੇਜਣ ਦੀ ਵਿਵਸਥਾ ਸੀ | ਸਮੇਂ ਦੀ ਸਰਕਾਰ ਕਿਸੇ ਵੀ ਕਬੀਲੇ ਨੂੰ 'ਅਪਰਾਧੀ ਕਬੀਲੇ' ਵਜੋਂ ਘੋਸ਼ਿਤ ਕਰ ਸਕਦੀ ਸੀ ਜਿਸ ਮਗਰੋਂ ਉਹ ਪੁਲਿਸ ਪ੍ਰਸ਼ਾਸਨ ਜਾਂ ਪਿੰਡ ਦੇ ਚੌਧਰੀਆਂ ਦੇ ਮੁਹਤਾਜ ਹੋ ਜਾਂਦੇ ਸਨ | ਇਨ੍ਹਾਂ ਨੂੰ ਅੱਧੀ ਰਾਤ ਦੇ ਸਮੇਂ ਪਿੰਡ ਦੇ ਚੌਧਰੀ ਜਾਂ ਪੁਲਿਸ ਕੋਲ ਹਾਜ਼ਰੀ ਲੁਆਉਣੀ ਪੈਂਦੀ ਸੀ | ਕਿਸੇ ਕੰਮ ਕਸਬਾ ਜਾਂ ਪਿੰਡ ਛੱਡਣ ਤੋਂ ਪਹਿਲਾਂ ਕੰਮ ਦਾ ਵੇਰਵਾ ਤੇ ਸਬੂਤ ਦੇ ਕੇ ਸਬੰਧਤ ਪ੍ਰਸ਼ਾਸਨ ਤੋਂ ਪਾਸ ਲੈ ਕੇ ਹੀ ਉਹ ਆਪਣੀ ਰਿਹਾਇਸ਼ਗਾਹ ਤੋਂ ਬਾਹਰ ਜਾ ਸਕਦੇ ਸਨ | ਹੁਕਮ ਅਦੂਲੀ ਕਰਨ ਵਾਲੇ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਉਮਰ ਕੈਦ ਤੱਕ ਦੀ ਸਜ਼ਾ ਵੀ ਦੇ ਸਕਦਾ ਸੀ | ਇਸ ਤਰ੍ਹਾਂ ਹਕੂਮਤੀ ਤੇ ਗ਼ੈਰ-ਹਕੂਮਤੀ ਸ਼ੋਸ਼ਣ ਦਾ ਸ਼ਿਕਾਰ ਇਹ ਬਰਾਦਰੀ ਬੇਕਸੂਰ ਹੀ ਅਪਰਾਧ ਦੀ ਦੁਨੀਆ ਵਿਚ ਧੱਕੀਂਦੀ ਚਲੀ ਗਈ |
ਸੰਨ 1871 ਵਿਚ ਗਵਰਨਰ-ਇਨ-ਕੌਾਸਲ ਸਾਹਮਣੇ ਇਸ ਐਕਟ ਉੱਪਰ ਗੰਭੀਰ ਬਹਿਸ ਹੋਈ ਜਿਸ ਵਿਚ ਲਾਅ ਕੌਾਸਲ ਦੇ ਮੈਂਬਰ ਟੀ. ਵੀ. ਸਟੀਫਨ ਨੇ ਐਕਟ ਦੇ ਹੱਕ ਵਿਚ ਵੋਟ ਕੀਤਾ | ਉਨ੍ਹਾਂ ਦੀ ਦਲੀਲ ਸੀ ਕਿ ਭਾਰਤ ਵਿਚ ਜਾਤੀ ਆਧਾਰਿਤ ਕਿੱਤੇ ਹਨ ਜੋ ਜਨਮ ਦੇ ਆਧਾਰ 'ਤੇ ਅਪਣਾਏ ਜਾਂਦੇ ਹਨ | ਇਸ ਤਰ੍ਹਾਂ ਇਹ ਐਕਟ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂਅ 'ਤੇ ਲਾਗੂ ਕੀਤਾ ਗਿਆ ਪਰ ਜਾਗਰੂਕ ਲੋਕਾਂ ਵਲੋਂ ਇਸ ਐਕਟ ਦਾ ਵਿਰੋਧ ਵੀ ਹੁੰਦਾ ਰਿਹਾ | ਮਾਸਟਰ ਦੀਨ ਦਿਆਲ ਨੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ | ਉਨ੍ਹਾਂ 1929 ਤੋਂ 1952 ਤੱਕ ਇਸ ਦੇ ਖਾਰਜ ਹੋਣ ਤੱਕ ਪੈਰਾਂ ਵਿਚ ਚੱਪਲ ਨਾ ਪਾਈ ਤੇ ਨੰਗੇ ਪੈਰੀਂ ਇਸ ਦਾ ਵਿਰੋਧ ਜਾਰੀ ਰੱਖਿਆ | 1936 ਵਿਚ ਨੈਲੋਰ (ਆਂਧਰਾ ਪ੍ਰਦੇਸ਼) ਵਿਖੇ ਭਾਸ਼ਣ ਦੌਰਾਨ ਜਵਾਹਰ ਲਾਲ ਨਹਿਰੂ ਨੇ ਇਸ ਦੀਆਂ ਕਈ ਧਾਰਾਵਾਂ ਨੂੰ ਹੈਵਾਨੀ ਧਾਰਾਵਾਂ ਕਹਿੰਦਿਆਂ ਐਕਟ ਨੂੰ ਇਨਸਾਨੀਅਤ ਤੇ ਨਿਆਂ ਦੇ ਨਿਜ਼ਾਮ ਦੇ ਵਿਰੁੱਧ ਦੱਸਿਆ | ਕਬੀਲੇ ਨੇ ਇਸ ਕਾਲੇ ਕਾਨੂੰਨ ਦੇ ਖਾਤਮੇ ਉਤੇ ਸੁੱਖ ਦਾ ਸਾਹ ਲਿਆ ਤੇ 31 ਅਗਸਤ, 1952 ਨੂੰ ਆਜ਼ਾਦੀ ਦਿਹਾੜੇ ਵਜੋਂ ਮਨਾਇਆ | ਉਹ 15 ਅਗਸਤ ਦੀ ਥਾਂ 31 ਅਗਸਤ ਨੂੰ ਹੀ ਆਪਣਾ ਸੁਤੰਤਰਤਾ ਦਿਵਸ ਮੰਨਦੇ ਹਨ |
ਸੰਨ 1931 ਦੀ ਮਰਦਮਸ਼ੁਮਾਰੀ ਵਿਚ ਪੰਜਾਬ ਵਿਚ ਵਸੇ ਸਾਂਸੀ ਕਬੀਲੇ ਦੇ 37‚ ਲੋਕਾਂ ਨੂੰ ਹੀ ਕਿਸੇ ਤਰ੍ਹਾਂ ਦੇ ਅਪਰਾਧ ਵਿਚ ਦਰਜ ਕੀਤਾ ਸੀ ਬਾਕੀ ਦੀ ਆਬਾਦੀ ਆਪਣੀ ਰੋਟੀ-ਰੋਜ਼ੀ ਮਜ਼ਦੂਰੀ ਜਾਂ ਪਸ਼ੂ ਆਦਿ ਪਾਲ ਕੇ ਗੁਜ਼ਾਰਾ ਕਰ ਰਹੀ ਸੀ ਪਰ ਉਂਜ ਪੂਰੀ ਦੀ ਪੂਰੀ ਕੌਮ ਨੂੰ ਹੀ ਜਮਾਂਦਰੂ ਅਪਰਾਧੀ ਕਰਾਰ ਦਿੱਤਾ ਗਿਆ ਸੀ | ਭਾਵੇਂ ਐਕਟ ਦੇ ਸੈਕਸ਼ਨ 16 ਦੇ ਤਹਿਤ ਅਪਰਾਧੀ ਕਬੀਲੇ ਦੇ ਸੁਧਾਰ ਲਈ ਵੀ ਵਿਵਸਥਾ ਸੀ | ਪਰ ਇਹ ਸਮੇਂ ਦੀਆਂ ਸਰਕਾਰਾਂ ਉਤੇ ਨਿਰਭਰ ਹੋਣ ਕਾਰਨ ਬਹੁਤਾ ਫਾਇਦੇਮੰਦ ਸਾਬਤ ਨਾ ਹੋਇਆ | ਸਰਕਾਰਾਂ ਦੇ ਚਹੇਤੇ ਹੀ ਬੇਆਬਾਦ ਜ਼ਮੀਨਾਂ ਤੇ ਫੈਕਟਰੀਆਂ ਵਿਚ ਛੋਟਾ-ਮੋਟਾ ਕੰਮ ਹਾਸਲ ਕਰਨ ਵਿਚ ਕਾਮਯਾਬ ਹੋ ਸਕੇ ਪਰ ਕਾਨੂੰਨ ਦੀ ਭਿਆਨਕਤਾ ਨੇ ਇਨ੍ਹਾਂ ਨੂੰ ਜੁਰਮ ਦੀ ਦੁਨੀਆ ਵੱਲ ਧੱਕਣ ਦਾ ਹੀ ਕਾਰਜ ਕੀਤਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98768-21695.
mohit.imdr0810@gmail.com

ਕੁਦਰਤੀ ਝਰਨਿਆਂ ਤੇ ਨਜ਼ਾਰਿਆਂ ਵਾਲਾ ਕਸੌਲੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਸੌਲੀ ਕਲੱਬ : ਕਸੌਲੀ ਰੀਡਿੰਗ ਤੇ ਅਸੰਬਲੀ ਕਮਰੇ ਸੰਨ 1880 'ਚ ਬਣਾਏ ਗਏ | 17 ਸਾਲਾਂ ਬਾਅਦ 7 ਮਈ, 1897 'ਚ ਬਿ੍ਗੇਡੀਅਰ ਜਨਰਲ ਸਾਈਮਨ ਸਰਹਿੰਦ ਡਵੀਜ਼ਨ ਦੀ ਅਗਵਾਈ ਹੇਠ ਅਫ਼ਸਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਇਨ੍ਹਾਂ ਕਮਰਿਆਂ ਨੂੰ ਕਿਸੇ ਸੰਸਥਾ 'ਚ ਤਬਦੀਲ ਕੀਤਾ ਜਾਵੇ | ਸਿੱਟੇ ਵਜੋਂ ਸੰਨ 1897 'ਚ ਕਸੌਲੀ ਕਲੱਬ ਹੋਂਦ 'ਚ ਆਈ ਤੇ ਇਸ ਨੂੰ ਰਜਿਸਟਰਾਰ ਦਫਤਰ ਲਾਹੌਰ ਵਿਖੇ 21 ਸਤੰਬਰ, 1898 ਨੂੰ 'ਕਸੌਲੀ ਕਲੱਬ ਲਿਮਟਿਡ' ਵਜੋਂ ਰਜਿਸਟਰ ਕਰਵਾ ਲਿਆ ਗਿਆ |
ਕੁਝ ਸਾਲ ਪਹਿਲਾਂ ਲੱਕੜੀ ਦੀ ਬੇਹੱਦ ਖੂਬਸੂਰਤ ਕਾਰੀਗਰੀ ਨਾਲ ਉਸਾਰੀ ਗਈ ਕਲੱਬ ਨੂੰ ਅੱਗ ਲੱਗ ਗਈ ਸੀ ਜਿਸ ਨੂੰ ਮੁੱਢ ਤੋਂ ਸੁਰਜੀਤ ਕੀਤਾ ਗਿਆ | ਇਸ ਆਲੀਸ਼ਾਨ ਇਮਾਰਤ ਵਿਚ ਇਕ ਲਾਇਬ੍ਰੇਰੀ, ਰੀਡਿੰਗ ਰੂਮ ਅੰਤਰੰਗ ਗੇਮਾਂ ਦੇ ਨਾਲ ਕਲੱਬ ਦਾ ਦਫਤਰ ਤੇ ਮੈਦਾਨੀ ਖੇਡਾਂ ਵਾਸਤੇ ਢੁੱਕਵੀਆਂ ਗਰਾਊਾਡਾਂ ਹਨ ਤੇ ਰਿਹਾਇਸ਼ੀ ਕਮਰੇ ਵੀ ਹਨ |
ਇਸ ਮੰਨੀ-ਪ੍ਰਮੰਨੀ ਕਲੱਬ 'ਚ ਕਈ ਕਿਸਮ ਦੇ ਸਮਾਗਮ ਕਰਵਾਏ ਜਾਂਦੇ ਹਨ ਤੇ ਹਰ ਸਾਲ ਜੂਨ ਦੇ ਮਹੀਨੇ 'ਕਸੌਲੀ ਹਫ਼ਤਾ' ਵੀ ਮਨਾਇਆ ਜਾਂਦਾ ਹੈ, ਜਿਸ ਵਿਚ ਹਰ ਕਿਸਮ ਦੀਆਂ ਖੇਡਾਂ ਦੇ ਮੁਕਾਬਲੇ, ਰੰਗਾਰੰਗ ਪ੍ਰੋਗਰਾਮ ਤੋਂ ਇਲਾਵਾ ਸਟ੍ਰੇਟਿਜਿਕ ਸੈੱਲ ਕਸੌਲੀ ਵਲੋਂ ਲੈਫ: ਜਨਰਲ ਕਮਲ ਡਾਵਰ ਦੀ ਦੇਖ-ਰੇਖ ਹੇਠ ਮਹੱਤਵਪੂਰਨ ਸੈਮੀਨਾਰ ਵੀ ਕਰਵਾਏ ਜਾਂਦੇ ਹਨ | ਜ਼ਿਕਰਯੋਗ ਹੈ ਕਿ 10 ਜੂਨ ਨੂੰ ਦੇਸ਼ ਦੀ ਵਿਦੇਸ਼ ਨੀਤੀ ਤੇ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਮੁੱਖ ਰਖਦਿਆਂ ਸਟ੍ਰੈਟਿਜਿਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਾਬਕਾ ਅੰਬੈਸਡਰ ਕੇ. ਸੀ. ਸਿੰਘ, ਆਰਮੀ ਕਮਾਂਡਰ ਲੈਫ: ਜਨਰਲ ਸੁਰਿੰਦਰ ਸਿੰਘ ਤੋਂ ਇਲਾਵਾ ਕਈ ਉਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ |
ਸੱਨ ਸੈੱਟ ਪੁਆਇੰਟ (ਹੱਡ ਬੀਤੀ) : ਛਾਉਣੀ ਵਾਲੀ ਸੜਕ 'ਤੇ ਗਿਲਬਰਟ ਹਾਊਸ ਤੇ ਏਅਰ ਫੋਰਸ ਸਟੇਸ਼ਨ ਵੱਲ ਨੂੰ ਜਾਂਦਿਆਂ ਸ਼ਾਮ ਦੇ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ | ਕਸੌਲੀ ਕਲੱਬ ਦੇ ਨਜ਼ਦੀਕ ਫ਼ੌਜ ਵਲੋਂ ਚੈੱਕ ਪੁਆਇੰਟ ਕਾਇਮ ਕੀਤਾ ਹੋਇਆ, ਜਿਥੋਂ ਗੱਡੀ ਬਗੈਰ ਇਜਾਜ਼ਤ ਤੋਂ ਸਨ ਸੈੱਟ ਪੁਆਇੰਟ ਤੱਕ ਤੇ ਅੱਗੇ ਲਿਜਾਣਾ ਮਨ੍ਹਾਂ ਹੈ, ਪੰ੍ਰਤੂ ਜਦੋਂ ਕੁਝ ਛਾਉਣੀਆਂ ਸਿਵਲ ਟ੍ਰੈਫਿਕ ਵਾਸਤੇ ਵੀ ਖੋਲ੍ਹ ਦਿੱਤੀਆਂ ਗਈਆਂ ਤਾਂ ਫਿਰ ਇਨ੍ਹਾਂ ਨੂੰ ਕੌਣ ਰੋਕੇ? ਖ਼ੈਰ, ਹੁਣ ਫਿਰ ਇਹ ਰੋਕ ਲਾਗੂ ਹੋ ਗਈ ਹੈ | ਹੁਣ ਵੀ ਛਾਉਣੀ ਵਾਲੀ ਸੜਕ 'ਤੇ ਸੈਰ ਕਰਨ ਤੇ ਕੁਦਰਤ ਦਾ ਨਜ਼ਾਰਾ ਤੇ ਮਹਿਕਦੇ ਫੁੱਲਾਂ ਦਾ ਲੁਤਫ਼ ਲੈਣ ਦੀ ਬਜਾਏ ਕਈ ਸੈਲਾਨੀ ਗੱਡੀਆਂ 'ਤੇ ਹੀ ਸਫ਼ਰ ਕਰਨਾ ਬਿਹਤਰ ਸਮਝਦੇ ਹਨ | ਸਨ ਸੈੱਟ ਪੁਆਇੰਟ 'ਤੇ ਜਿਥੇ ਗੱਡੀ ਖੜ੍ਹੀ ਕਰਨਾ ਮਨ੍ਹਾਂ ਹੈ, ਉਥੇ ਹੀ ਗੱਡੀ ਦਿਖਾਈ ਦੇਵੇਗੀ |
ਇਕ ਦਿਨ ਮੈਂ ਸੈਰ ਕਰਦਾ ਜਾ ਰਿਹਾ ਸੀ ਤਾਂ ਦੇਖਿਆ ਕਿ ਸੈਲਾਨੀ ਖਾਸ ਕਿਸਮ ਦੇ ਪੰਛੀਆਂ ਦੀ ਫੋਟੋ ਖਿੱਚਣ ਦੀ ਤਲਾਸ਼ 'ਚ ਸਨ | ਮੈਂ ਉਨ੍ਹਾਂ ਦੀ ਫੋਟੋ ਖਿੱਚ ਲਈ ਤੇ ਨਜ਼ਦੀਕ ਜਾ ਕੇ ਪੁੱਛਿਆ ਕਿ ਕਿਥੋਂ ਆਏ ਹੋ? ਪਤਾ ਲੱਗਾ ਕਿ ਇਕ ਤਾਂ ਕੋਲਕਾਤਾ ਤੇ ਦੂਸਰਾ ਦਿੱਲੀ ਤੋਂ ਇਥੇ ਪਹੁੰਚ ਕੇ ਆਪਣੇ ਸ਼ੌਕ ਪੂਰੇ ਕਰਦੇ ਫਿਰਦੇ ਹਨ |
ਫਿਰ ਇਕ ਦਿਨ ਸਵੇਰੇ ਕੋਈ ਸਾਡੇ ਪੰਜ ਵਜੇ ਦੇ ਕਰੀਬ ਮੈਂ ਜਨਰਲ ਹਰਬਖ਼ਸ਼ ਸਿੰਘ ਦਵਾਰ ਦੇ ਨਜ਼ਦੀਕ ਚੜ੍ਹਦੇ ਸੂਰਜ ਵੱਲ ਵੇਖ ਰਿਹਾ ਸੀ ਤਾਂ ਕਿ ਗੱਡੀ ਮੇਰੇ ਕੋਲ ਆ ਕੇ ਰੁਕੀ, ਜਿਸ ਵਿਚ ਬੈਠੇ ਮੈਂਬਰ ਮੈਨੂੰ ਕਹਿਣ ਲੱਗੇ, ਸਾਨੂੰ ਸਨ ਸੈੱਟ ਪੁਆਇੰਟ ਦੀ ਜਗ੍ਹਾ ਦੱਸੋ? ਖ਼ੈਰ ਮੈਂ ਉਨ੍ਹਾਂ ਨੂੰ ਕਿਹਾ ਭਲਿਓ ਲੋਕੋ ਪਹਿਲਾਂ ਚੜ੍ਹਦੇ ਸੂਰਜ ਨੂੰ ਸਜਦਾ ਕਰੋ, ਫਿਰ ਸ਼ਾਮ ਨੂੰ ਇਸੇ ਇਲਾਕੇ 'ਚ ਪਹੁੰਚ ਜਾਣਾ |
ਅੱਖੀਂ ਡਿੱਠਾ ਝਰਨਾ : ਪਰਬਤੀ ਇਲਾਕੇ ਹਮੇਸ਼ਾ ਹੀ ਕਰੋੜਾਂ ਦੇਵੀ-ਦੇਵਤਿਆਂ ਦੀ ਭੂਮੀ ਮੰਨੇ ਜਾਂਦੇ ਰਹੇ ਹਨ, ਜਿਥੇ ਕਿਸੇ ਕਿਸਮ ਦੇ ਕੁਦਰਤੀ ਸੋਮਿਆਂ ਦੀ ਘਾਟ ਮਹਿਸੂਸ ਨਹੀਂ ਸੀ ਹੁੰਦੀ | ਇਹ ਵੀ ਇਕ ਕਾਰਨ ਹੈ ਕਿ ਕੁੱਲੂ ਦਾ ਦੁਸਹਿਰਾ ਮਸ਼ਹੂਰ ਹੈ |
ਇਸ ਅਜੋਕੇ ਯੁੱਗ ਅੰਦਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਸੰੁਦਰ ਹਿਮਾਲਿਆ ਦੀ ਗੋਦ 'ਚ ਵਸੇ ਸ਼ਹਿਰਾਂ/ਕਸਬਿਆਂ ਜਿਵੇਂ ਕਿ ਸ਼ਿਮਲਾ, ਨੈਨੀਤਾਲ, ਕੁੱਲੂ, ਮਨਾਲੀ, ਲੇਹ ਤੇ ਕਸੌਲੀ ਵਗੈਰਾ 'ਚ ਵੀ ਪਾਣੀ ਦੀ ਕਿੱਲਤ ਜ਼ੋਰ ਫੜਦੀ ਜਾ ਰਹੀ ਹੈ |
ਜਦੋਂ 1840 ਦੇ ਦਹਾਕੇ 'ਚ ਕਸੌਲੀ ਵਿਖੇ ਛਾਉਣੀ ਸਥਾਪਤ ਕਰਨ ਵਾਲੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਪਾਣੀ ਦੀ ਤਲਾਸ਼ ਵੀ ਸ਼ੁਰੂ ਹੋ ਗਈ | ਉਸ ਸਮੇਂ ਕਸੌਲੀ ਦੀ ਖਿੰਡਰੀ-ਪੰੁਡਰੀ ਵਸੋਂ ਦੀ ਗਿਣਤੀ ਕੁਝ ਸੈਂਕੜਿਆਂ ਤੱਕ ਸੀਮਤ ਸੀ | ਸੰਨ 2011 ਦੀ ਜਨਗਣਨਾ ਅਨੁਸਾਰ ਕੈਂਟ ਬੋਰਡ ਦੀ ਆਬਾਦੀ ਵਧ ਕੇ 3885 ਹੋ ਗਈ ਹੈ ਅਤੇ ਸੈਲਾਨੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਦੋਂ ਕਿ ਪਾਣੀ ਦੇ ਸੋਮੇ ਸੁੱਕਦੇ ਜਾ ਰਹੇ ਹਨ |
ਕਸੌਲੀ ਛਾਉਣੀ ਨੂੰ ਪਾਣੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਐਮ.ਈ.ਐਸ. ਦੀ ਹੈ | ਇਸ ਵਾਸਤੇ ਮੈਂ ਜਾਣਕਾਰੀ ਪ੍ਰਾਪਤ ਕਰਨ ਖਾਤਰ ਉਨ੍ਹਾਂ ਦੇ ਦਫਤਰ ਪਹੁੰਚਿਆ | ਬ੍ਰੀਫਿੰਗ ਦੌਰਾਨ ਪਤਾ ਲੱਗਾ ਕਿ ਕਸੌਲੀ ਨੂੰ 40 ਫ਼ੀਸਦੀ ਸਪਲਾਈ ਆਰ.ਸੀ.ਸੀ. ਪਾਣੀ ਦੇ ਸੋਮੇ ਦੇ ਜ਼ਰੀਏ ਤੇ 40 ਫ਼ੀਸਦੀ ਹੀ ਦੱਖਣ 'ਚ ਪੈਂਦੇ ਕੁਦਰਤੀ ਝਰਨੇ ਤੋਂ ਕੀਤੀ ਜਾਂਦੀ ਹੈ, ਬਾਕੀ ਪਾਣੀ ਦੀ ਜੋ ਸਪਲਾਈ ਗੰਬੀਰ ਦਰਿਆ ਤੋਂ ਹੁੰਦੀ ਸੀ, ਜੋ ਹੁਣ ਸੁੱਕ ਚੁੱਕਿਆ ਹੈ |
ਸਾਊਥ ਸਪਰਿੰਗ, ਕਸੌਲੀ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਸਫਰਮੋਨਾ ਪਿੰਡ ਦੇ ਨਜ਼ਦੀਕ ਪ੍ਰਵਾਣੂੰ ਨੂੰ ਵੱਲ ਨੂੰ ਅੱਧੀ ਕੱਚੀ-ਪੱਕੀ ਛੋਟੀ ਜਿਹੀ ਸੜਕ 'ਤੇ ਪੈਂਦਾ ਹੈ ਜੋ ਕਿ ਸਮੰੁਦਰੀ ਤਲ ਤੋਂ ਤਕਰੀਬਨ 4500 ਫੁੱਟ ਦੀ ਉਚਾਈ 'ਤੇ ਹੈ |
ਐਮ.ਈ.ਐਸ. ਦੇ ਪਿਤਾ-ਪੁਰਖੀ ਇਕ ਮੁਲਾਜ਼ਮ ਨੇ ਮੇਰੀ ਅਗਵਾਈ ਕੀਤੀ | ਮੌਕੇ 'ਤੇ ਪਹੁੰਚ ਕੇ ਜਦੋਂ ਮੈਂ ਅੱਖੀਂ ਡਿੱਠਾ ਤਾਂ ਸੋਚਾਂ 'ਚ ਡੁੱਬ ਗਿਆ ਕਿ ਕਿਵੇਂ 100 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਜਦੋਂ ਕਿ ਪ੍ਰਵਾਨੂੰ ਤੋਂ ਕਸੌਲੀ ਤੱਕ ਪਹੁੰਚਣ ਵਾਸਤੇ ਘੋੜ ਸਵਾਰੀ ਕਰਨੀ ਪੈਂਦੀ ਸੀ ਜਾਂ ਫਿਰ ਟੁੱਟੀ ਭੱਜੀ ਛੋਟੀ ਸੜਕ 'ਤੇ ਕਦੇ ਕੋਈ ਟਾਂਗਾ ਹੀ ਚਲਦਾ ਸੀ ਤਾਂ ਕਿਵੇਂ ਅਧਿਕਾਰੀਆਂ ਨੇ ਟਨਾਂ-ਮੰੂਹੀਂ ਵਜ਼ਨ ਵਾਲੇ ਲੰਮੇ ਗਾਰਡਰ ਤੇ ਹੋਰ ਮਸ਼ੀਨਰੀ ਸਾਊਥ ਸਪਰਿੰਗ ਤੱਕ ਪਹੰੁਚਾਈ ਹੋਵੇਗੀ?
ਕੁਦਰਤ ਦੀ ਇਸ ਨਿਹਮਤ ਵਾਲੇ ਝਰਨੇ ਨੂੰ ਸੀਲ ਬੰਦ ਕੀਤਾ ਹੋਇਆ ਹੈ ਤੇ ਇਸ ਦੇ ਅੰਦਰ ਨਾ ਤਾਂ ਕੋਈ ਪ੍ਰਵੇਸ਼ ਕਰ ਸਕਦਾ ਹੈ ਤੇ ਨਾ ਹੀ ਕੋਈ ਛੇੜਛਾੜ ਕਰ ਸਕਦਾ ਹੈ | ਕਈ ਦਹਾਕਿਆਂ ਦੀ ਮਿਹਨਤ ਉਪਰੰਤ ਇਸ ਚਸ਼ਮੇ ਨੂੰ ਕਸੌਲੀ ਤੱਕ ਪਹੁੰਚਾਉਣ ਖਾਤਰ ਸੰਨ 1930 ਵਿਚ ਚਾਲੂ ਕੀਤਾ ਗਿਆ | ਇਸ ਝਰਨੇ 'ਚੋਂ ਜੋ ਪਾਣੀ ਫੁਟਦਾ ਹੈ, ਉਸ ਨੂੰ ਬੇਹੱਦ ਸਾਫ਼-ਸੁਥਰੇ ਪਾਣੀ ਦੇ ਟੈਂਕਾਂ 'ਚ ਇਕੱਠਿਆਂ ਕਰਕੇ ਸ਼ੁਰੂ 'ਚ ਕਰੂਡ ਤੇਲ ਪੰਪ ਨਾਲ 2500 ਫੁੱਟ ਦੇ ਕਰੀਬ ਪਾਈਪਾਂ ਦੇ ਜ਼ਰੀਏ ਉੱਚਾ ਚੁੱਕ ਕੇ ਕਸੌਲੀ ਪਹੁੰਚਾਇਆ ਜਾਂਦਾ ਹੈ |
ਪਾਣੀ ਵਾਸਤੇ ਜੋ ਮੀਟਰ ਲਗਾਇਆ ਗਿਆ, ਉਹ ਇੰਗਲੈਂਡ 'ਚ ਇਕ ਸਦੀ ਪਹਿਲਾਂ ਦਾ ਬਣਿਆ ਹੋਇਆ ਹੈ ਜੋ ਅੱਜ ਵੀ ਕੰਮ ਕਰ ਰਿਹਾ ਹੈ | ਇਹ ਆਪਣੇ-ਆਪ 'ਚ ਇਕ ਮਿਸਾਲ ਹੈ | 40 ਕੁ ਸਾਲ ਪਹਿਲਾਂ ਕਰੂਡ ਆਇਲ ਪੰਪ ਨੂੰ ਬਦਲ ਕੇ ਹੁਣ ਸੈਂਟਰੀਫਿਊਗਲ ਪੰਪ ਦੇ ਜ਼ਰੀਏ ਪਾਣੀ ਕਸੌਲੀ ਪਹੁੰਚਾਇਆ ਜਾਂਦਾ ਹੈ | ਅਪ੍ਰੈਲ ਤੋਂ ਜੂਨ ਦੇ ਮਹੀਨੇ ਤੱਕ ਸਾਊਥ ਸਪਰਿੰਗ ਹਰ ਰੋਜ਼ 1.60 ਲੱਖ ਲਿਟਰ ਪਾਣੀ ਮੁਹੱਈਆ ਕਰਦਾ ਹੈ, ਤੇ ਅਗਸਤ ਤੋਂ ਅਕਤੂਬਰ ਦਰਮਿਆਨ ਇਸ ਦੀ ਸਮਰੱਥਾ ਵੱਧ ਕੇ 6.50 ਲੱਖ ਲਿਟਰ ਪ੍ਰਤੀ ਦਿਨ ਹੋ ਜਾਂਦੀ ਹੈ |
ਇਸ ਚਸ਼ਮੇ ਦੇ ਪਾਣੀ ਨੂੰ ਕਿਸੇ ਕਿਸਮ ਦੇ ਇਲਾਜ ਦੀ ਜ਼ਰੂਰਤ ਨਹੀਂ ਬਲਕਿ ਇਸ ਖਣਿਜ ਯੁਕਤ ਜਲ ਨੂੰ ਕੇਵਲ ਨਜ਼ਦੀਕੀ ਪਿੰਡ ਸਫਰਮੈਨਾ ਦੇ ਵਸਨੀਕਾਂ ਵਾਸਤੇ ਇਕ ਟੂਟੀ ਲਗਾਈ ਗਈ ਹੈ ਜਿਸ ਨੂੰ ਸਿੱਧੇ ਤੌਰ 'ਤੇ ਪੀਣ ਦਾ ਆਪਣਾ ਹੀ ਨਜ਼ਾਰਾ ਹੈ |
ਪਾਣੀ ਦੀ ਘਾਟ ਤੇ ਵਧ ਰਹੀ ਤਪਸ਼ ਦਾ ਪ੍ਰਭਾਵ ਪਹਾੜੀ ਇਲਾਕਿਆਂ 'ਚ ਵੀ ਪੈਣਾ ਸ਼ੁਰੂ ਹੋ ਗਿਆ ਹੈ ਤੇ ਕਸੌਲੀ ਇਨ੍ਹਾਂ ਵਿਚੋਂ ਇਕ ਹੈ | ਇਸ ਸਿਲਸਿਲੇ 'ਚ ਮੇਰੀ ਗੱਲਬਾਤ ਭੂ-ਵਿਗਿਆਨੀ ਡਾ: ਰਿਤੇਸ਼ ਆਰੀਆ, ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ ਐਨ.ਜੀ.ਓ. ਦੇ ਮੁਖੀ ਸ੍ਰੀ ਮਹੀਪ ਡਾਗਰ ਤੇ ਉਥੇ ਦੇ ਵਸਨੀਕ ਕਰਨਲ (ਰਿਟਾ:) ਚਰਨਜੀਤ ਸਿੰਘ ਨਾਲ ਵੀ ਹੋਈ ਤੇ ਪਾਣੀ ਦੀ ਸਮੱਸਿਆ ਬਾਰੇ ਚਰਚਾ ਵੀ ਹੋਈ | ਇਨ੍ਹਾਂ ਸੂਝਵਾਨ ਵਿਅਕਤੀਆਂ ਵਲੋਂ ਕਈ ਕਿਸਮ ਦੀਆਂ ਤਜਵੀਜ਼ਾਂ ਵੀ ਸਰਕਾਰ ਤੇ ਛਾਉਣੀ ਦੇ ਦਫਤਰ ਵੀ ਭੇਜੀਆਂ ਜਾਂਦੀਆਂ ਰਹੀਆਂ ਪੰ੍ਰਤੂ ਕੋਈ ਠੋਸ ਕਾਰਵਾਈ ਦਿਖਾਈ ਨਹੀਂ ਦੇ ਰਹੀ | ਯੋਜਨਾਬੱਧ ਢੰਗ ਨਾਲ ਸ਼ਾਂਤਮਈ, ਇਕਾਂਤ, ਸ਼ੁੱਧ ਵਾਤਾਵਰਨ ਤੇ ਕੁਦਰਤੀ ਨਿਆਮਤ ਨਾਲ ਭਰਪੂਰ ਕਸੌਲੀ ਦੇ ਇਲਾਕੇ ਦੀ ਦੇਖ-ਭਾਲ ਕਰਨੀ ਬਣਦੀ ਹੈ ਤਾਂ ਕਿ ਇਹ ਆਪਣੀ ਵਿਰਾਸਤੀ ਹੋਂਦ ਹੀ ਨਾ ਗੁਆ ਬੈਠੇ?
ਜਦੋਂ ਗੋਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਹਿੰਦੁਸਤਾਨ ਮੁਲਕ ਛੱਡਣਾ ਪਵੇਗਾ ਤਾਂ ਉਨ੍ਹਾਂ ਨੇ ਅਤਿ ਸੰੁਦਰ ਬੰਗਲੇ ਵੇਚਣੇ ਸ਼ੁਰੂ ਕਰ ਦਿੱਤੇ | ਅਣਵੰਡੇ ਪੰਜਾਬ ਦੇ ਕੁਝ ਅਮੀਰ ਘਰਾਣਿਆਂ ਨੇ ਗਰਮੀਆਂ ਬਿਤਾਉਣ ਵਾਸਤੇ ਇਹ ਬੰਗਲੇ ਖਰੀਦਣੇ ਸ਼ੁਰੂ ਕਰ ਦਿੱਤੇ | ਖ਼ੁਸ਼ਵੰਤ ਸਿੰਘ ਨੂੰ ਵੀ ਆਪਣੇ ਸਹੁਰਾ ਸਾਹਿਬ ਸ: ਤੇਜਾ ਸਿੰਘ ਮਲਿਕ ਪਾਸੋਂ ਇਕ ਆਲੀਸ਼ਾਨ ਬੰਗਲਾ ਵਿਰਾਸਤ 'ਚ ਮਿਲਿਆ, ਜੋ ਕਿ ਉਨ੍ਹਾਂ ਨੇ ਉਸ ਸਮੇਂ 13,000 ਰੁਪਏ ਨਾਲ ਖਰੀਦਿਆ ਸੀ | ਅੱਜਕਲ੍ਹ ਕੋਈ ਵੀ ਬੰਗਲਾ ਵਿਕਾਊ ਨਹੀਂ ਤੇ ਨਾ ਹੀ ਛਾਉਣੀ ਅੰਦਰ ਕੋਈ ਨਵੀਂ ਉਸਾਰੀ ਕਰ ਸਕਦਾ ਹੈ | (ਸਮਾਪਤ)

ਫੋਨ : 0172-2740991.

ਪਾਲੀਵੁੱਡ ਝਰੋਖਾ ਨਾਇਕ-ਗਾਇਕ ਪ੍ਰਥਾ ਦਾ ਮੋਢੀ :ਗੁਰਦਾਸ ਮਾਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀ ਦੱਤ ਨੂੰ ਮੈਂ ਇਕ ਵਾਰ ਪੁੱਛਿਆ ਸੀ ਕਿ ਗੁਰਦਾਸ ਮਾਨ ਗਾਇਕ ਵਧੀਆ ਹੈ ਜਾਂ ਕਿ ਨਾਇਕ | ਉਸ ਦਾ ਜਵਾਬ ਇਹ ਸੀ, 'ਦੋਵਾਂ ਪ੍ਰਤਿਭਾਵਾਂ ਦੀ ਤੁਲਨਾ ਕਰਨੀ ਠੀਕ ਨਹੀਂ | ਪਰ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਗੁਰਦਾਸ ਦੀ ਅਭਿਨੈ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਾਲ ਅਜੇ ਫ਼ਿਲਮਾਂ 'ਚ ਪੇਸ਼ ਨਹੀਂ ਕੀਤਾ ਗਿਆ | ਉਹ ਇਕ ਵਧੀਆ ਅਦਾਕਾਰ ਹੈ ਅਤੇ ਪ੍ਰਪੱਕ ਅਭਿਨੇਤਾ ਦੀ ਤਰ੍ਹਾਂ ਆਪਣੀਆਂ ਭੂਮਿਕਾਵਾਂ ਨਿਭਾਉਂਦਾ ਹੈ |'
ਮਿਸਾਲ ਦੇ ਤੌਰ 'ਤੇ 'ਦੇਸ ਹੋਇਆ ਪ੍ਰਦੇਸ' (2004) ਵਿਚ ਉਸ ਨੇ ਪੰਜਾਬ ਦੇ ਉਸ ਸੰਤਾਪ ਨੂੰ ਦੁਖਾਂਤਕ ਤਰਜ਼ਾਂ ਅਨੁਸਾਰ ਪੇਸ਼ ਕੀਤਾ ਸੀ ਜਿਹੜਾ ਕਿ 1980 ਵਿਚ ਇਸ ਪ੍ਰਾਂਤ ਨੇ ਭੋਗਿਆ ਸੀ | ਇਸ ਵਿਚ ਉਸ ਨੇ ਗੁਰਦੇਵ ਸਿੰਘ ਸੋਮਲ ਨਾਂਅ ਦੇ ਇਕ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਸੀ ਜਿਹੜਾ ਕਿ ਹਾਲਾਤ ਦਾ ਸ਼ਿਕਾਰ ਹੋ ਜਾਂਦਾ ਹੈ | ਕਹਾਣੀ ਕਈ ਮੋੜ ਲੈਂਦੀ ਹੈ ਅਤੇ ਉਨ੍ਹਾਂ ਨੌਜਵਾਨਾਂ ਦੀ ਗਾਥਾ ਵੀ ਪੇਸ਼ ਕਰਦੀ ਹੈ ਜਿਹੜੇ ਅਨੈਤਿਕ ਢੰਗ ਨਾਲ ਵਿਦੇਸ਼ ਜਾਂਦੇ ਹਨ |
ਇਸੇ ਤਰ੍ਹਾਂ ਹੀ 'ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ' ਵਿਚ ਉਸ ਨੇ ਕਵੀ ਵਾਰਿਸ ਦੀ ਭੂਮਿਕਾ ਨਿਭਾਈ ਕੀਤੀ ਸੀ | ਇਹ ਇਕ ਪੀਰੀਅਡ ਫ਼ਿਲਮ ਸੀ ਅਤੇ ਗੁਰਦਾਸ ਮਾਨ ਨੇ ਵਾਰਿਸ ਸ਼ਾਹ ਦੀ ਕਾਵਿ-ਪ੍ਰਤਿਭਾ ਦਾ ਆਧਾਰ ਅਤੇ ਉਸ ਦੀ ਤ੍ਰਾਸਦੀ ਦਾ ਸਹੀ ਨਕਸ਼ਾ ਖਿੱਚਿਆ ਸੀ | ਉਲਟ ਪ੍ਰਸਥਿਤੀਆਂ ਨੇ ਕਿਵੇਂ ਵਾਰਿਸ ਸ਼ਾਹ ਦੀ ਕਾਵਿ-ਪ੍ਰਤਿਭਾ ਨੂੰ ਨਿਖਾਰਿਆ—ਇਸ ਪੱਖ ਦਾ ਦਿਲਚਸਪ ਚਿਤਰਨ ਗੁਰਦਾਸ ਮਾਨ ਨੇ ਕੀਤਾ ਸੀ | ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ 'ਤੇ ਵੀ ਬਹੁਤ ਹੀ ਚਰਚਿਤ ਹੋਈ ਸੀ | ਇਹ ਸ਼ਾਇਦ ਪੰਜਾਬ ਦੀ ਪਹਿਲੀ ਫ਼ਿਲਮ ਸੀ, ਜਿਸ ਨੂੰ ਆਸਕਰ ਇਨਾਮ ਲਈ ਭੇਜਿਆ ਗਿਆ ਸੀ |
'ਸ਼ਹੀਦ-ਏ-ਮੁਹੱਬਤ ਬੂਟਾ ਸਿੰਘ' ਵਿਚ ਗੁਰਦਾਸ ਨੇ ਦੇਸ਼ ਵੰਡ ਦੇ ਦੁਖਾਂਤ ਨੂੰ ਭਾਵੁਕ ਅਰਥਾਂ ਵਿਚ ਪੇਸ਼ ਕੀਤਾ ਸੀ | ਉਸ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਮੁਲਕਾਂ ਦੀ ਵੰਡ ਸਿਰਫ਼ ਇਲਾਕਿਆਂ ਦੀ ਵੰਡ ਹੀ ਨਹੀਂ ਹੁੰਦੀ ਸਗੋਂ ਇਹ ਦਿਲਾਂ ਜਾਂ ਜਜ਼ਬਾਤਾਂ ਦੀ ਵੀ ਕਤਲਗਾਹ ਹੁੰਦੀ ਹੈ |
ਪੰਜਾਬੀ ਸਿਨੇਮਾ ਦੇ ਪ੍ਰਤੀ ਗੁਰਦਾਸ ਮਾਨ ਇੰਨਾ ਪ੍ਰਤੀਬੱਧ ਰਿਹਾ ਹੈ ਕਿ ਉਸ ਨੇ ਖੁਦ ਇਕ ਬੈਨਰ (ਸਾੲੀਂ ਪ੍ਰੋਡਕਸ਼ਨਜ਼) ਸਥਾਪਤ ਕੀਤਾ ਹੈ | ਨਿਰਦੇਸ਼ਕ ਮਨੋਜ ਪੰੁਜ ਦੇ ਨਾਲ ਰਲ ਕੇ ਉਸ ਨੇ ਸੁਹਜਾਤਮਿਕ ਕਲਾਤਮਿਕ ਪੰਜਾਬੀ ਸਿਨੇਮਾ ਨੂੰ ਪ੍ਰੋਤਸਾਹਨ ਦਿੱਤਾ ਸੀ | ਪਰ ਅਫ਼ਸੋਸ ਕਿ ਮਨੋਜ ਪੰੁਜ ਦੀ ਅਚਾਨਕ ਹੋਈ ਮੌਤ ਨੇ ਉਸ ਦੇ ਇਹ ਸੁਪਨੇ ਅਧੂਰੇ ਹੀ ਰਹਿਣ ਦਿੱਤੇ ਸਨ |
ਵੈਸੇ ਗੁਰਦਾਸ ਨੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਕੁਝ ਕੁ ਹਿੰਦੀ ਫ਼ਿਲਮਾਂ 'ਚ ਵੀ ਸੰਖੇਪ ਪਰ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਦੀ 'ਵੀਰਜ਼ਾਰਾ' ਵਿਚਲੀ ਮੌਜੂਦਗੀ ਕਾਫ਼ੀ ਕੁਝ ਕਹਿ ਦਿੰਦੀ ਹੈ |
ਨਿੱਜੀ ਤੌਰ 'ਤੇ ਗੁਰਦਾਸ ਮਾਨ ਇਕ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹੈ | ਉਸ ਨੂੰ ਕੁਝ ਕੁ ਸੜਕ ਹਾਦਸਿਆਂ ਦਾ ਵੀ ਸ਼ਿਕਾਰ ਹੋਣਾ ਪਿਆ | ਇਕ ਸੜਕ ਹਾਦਸੇ 'ਚ ਉਸ ਦੇ ਨਾਲ ਬੈਠੇ ਦੋਸਤ ਡਰਾਈਵਰ ਦੀ ਮੌਤ ਹੋ ਗਈ ਸੀ | ਗੁਰਦਾਸ ਨੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਕਲਮ ਦਾ ਸਹਾਰਾ ਲੈ ਕੇ ਇਕ ਭਾਵ ਪੂਰਤ ਗੀਤ ਲਿਖਿਆ ਅਤੇ ਗਾਇਆ ਵੀ ਸੀ |
ਪਰਿਵਾਰਕ ਤੌਰ 'ਤੇ ਉਸ ਦੀ ਪਤਨੀ (ਮਨਜੀਤ ਮਾਨ) ਅਤੇ ਬੇਟਾ ਉਸ ਦੇ ਘਰ ਸੰਸਾਰ ਨੂੰ ਰੌਸ਼ਨੀ ਪ੍ਰਦਾਨ ਕਰਦੇ ਹਨ ਪਰ ਗੁਰਦਾਸ ਮਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਪੰਜਾਬੀ ਸਿਨੇਮਾ ਦੇ ਖੇਤਰ 'ਚ ਇਹ ਹੈ ਕਿ ਉਸ ਨੇ ਤੰਦਰੁਸਤ ਸਿਨੇਮਾ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਹੀ ਨਾਲ ਗਾਇਕ-ਨਾਇਕ ਦੀ ਪ੍ਰਥਾ ਨੂੰ ਵੀ ਪੰਜਾਬੀ ਸਿਨੇਮਾ ਦੇ ਸੰਦਰਭ 'ਚ ਪੂਰੀ ਤਰ੍ਹਾਂ ਨਾਲ ਸਥਾਪਤ ਕੀਤਾ ਸੀ |
ਇਹ ਗੁਰਦਾਸ ਦਾ ਹੀ ਅਸਰ ਸੀ ਕਿ ਉਸ ਤੋਂ ਪ੍ਰੇਰਨਾ ਲੈ ਕੇ ਹਰਭਜਨ ਮਾਨ, ਬੱਬੂ ਮਾਨ, ਜੈਜੀ ਬੈਂਸ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਸਰਬਜੀਤ ਚੀਮਾ ਅਤੇ ਲਖਵਿੰਦਰ ਵਡਾਲੀ ਨੇ ਵੀ ਆਪੋ-ਆਪਣੀ ਅਭਿਨੈ ਕਲਾ ਦੇ ਜੌਹਰ ਦਿਖਾਏ ਹਨ | ਅੱਜ ਜੇਕਰ ਪਾਲੀਵੁੱਡ ਦੀਆਂ ਫ਼ਿਲਮਾਂ ਦੇ ਸੰਕਲਪ 'ਤੇ ਜੇਕਰ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ 90 ਫ਼ੀਸਦੀ ਤੋਂ ਵੀ ਵੱਧ ਫ਼ਿਲਮਾਂ ਦੇ ਪਿੱਛੇ ਕੋਈ ਨਾ ਕੋਈ ਗਾਇਕ ਖੜ੍ਹਾ ਨਜ਼ਰ ਆਉਂਦਾ ਹੈ | ਇਸ ਪ੍ਰਥਾ ਦੇ ਲਾਭ ਵੀ ਹਨ ਅਤੇ ਹਾਨੀਆਂ ਵੀ, ਪਰ ਉਹ ਇਕ ਅਲੱਗ ਵਿਸ਼ਾ ਹੈ | ਫਿਲਹਾਲ ਤਾਂ ਸਾਡਾ ਮਕਸਦ ਗੁਰਦਾਸ ਮਾਨ ਦੀ ਅਭਿਨੈ ਕਲਾ ਦੇ ਪ੍ਰਭਾਵਾਂ ਦਾ ਨਿਰੀਖਣ ਕਰਨਾ ਹੀ ਹੈ |
ਬੇਸ਼ੱਕ ਗੁਰਦਾਸ ਮਾਨ ਇਕ ਸ਼ਿਲਾਲੇਖ ਦੀ ਤਰ੍ਹਾਂ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਨਜ਼ਰ ਆਉਂਦਾ ਹੈ | ਰਹੀ ਉਸ ਦੀ ਗਾਇਕੀ ਦੀ ਗੱਲ ਤਾਂ ਉਹ ਇਕ ਵਿਸ਼ੇਸ਼ ਵਿਸਥਾਰ ਦੀ ਮੰਗ ਕਰਦੀ ਹੈ | ਸੰਖੇਪ 'ਚ ਇਹੀ ਕਿਹਾ ਜਾ ਸਕਦਾ ਹੈ ਕਿ ਬਤੌਰ ਗਾਇਕ ਵੀ ਉਸ ਦਾ ਇਕ ਵਿਲੱਖਣ ਸਥਾਨ ਹੈ | ਆਪਣੀਆਂ ਐਲਬਮਾਂ ਅਤੇ ਫ਼ਿਲਮੀ ਗੀਤਾਂ ਰਾਹੀਂ ਉਸ ਨੇ ਪੰਜਾਬੀ ਸੱਭਿਆਚਾਰ ਦੇ ਬਹੁ-ਰੰਗੇ ਸੁਭਾਅ ਦੇ ਹੀ ਸੋਹਲੇ ਗਾਏ ਹਨ | ਉਹ ਸ਼ਾਇਦ ਪਹਿਲਾ ਪੰਜਾਬੀ ਗਾਇਕ ਹੈ ਜਿਸ ਨੂੰ ਐਲਬਰਟ ਹਾਲ (ਲੰਡਨ) ਵਿਚ ਇਕ ਤੋਂ ਵੱਧ ਵਾਰੀ ਪਰਫਾਰਮ ਕਰਨ ਦੇ ਮੌਕੇ ਮਿਲੇ ਹਨ |
ਪਰ ਇਸ ਪ੍ਰਾਪਤੀ ਦੇ ਬਾਵਜੂਦ ਵੀ ਗੁਰਦਾਸ ਮਾਨ 'ਚ ਹਲੀਮੀ ਅਜੇ ਵੀ ਕਾਇਮ ਹੈ | ਐਲਬਰਟ ਹਾਲ 'ਚ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਸ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, 'ਮੈਨੂੰ ਇਸ ਹਾਲ 'ਚੋਂ ਅਜੇ ਵੀ, ਨੁਸਰਤ ਸਾਹਿਬ ਅਤੇ ਲਤਾ ਜੀ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ | ਮੈਨੂੰ ਡਰ ਹੈ ਕਿ ਮੇਰੀ ਆਵਾਜ਼ ਕਿਤੇ ਇਨ੍ਹਾਂ ਆਵਾਜ਼ਾਂ ਦੇ ਥੱਲੇ ਦੱਬ ਹੀ ਨਾ ਜਾਏ |'

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਡਾ: ਐਮ.ਐਸ. ਰੰਧਾਵਾ ਨੂੰ ਸਮਰਪਿਤ ਮੇਰਾ ਅਮਲਤਾਸ

ਠੰਢ ਜਲਦੀ ਉੱਤਰ ਆਈ ਲਗਦੀ ਸੀ ਇਸ ਵਾਰ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚਲੇ ਆਪਣੇ ਘਰ ਦੇ ਸਾਹਮਣੇ ਵਾਲੀ ਕੰਧ ਦੇ ਬਾਹਰ ਵਾਲੇ ਘਾਹ ਨੂੰ ਰਾਤ ਨੂੰ ਪਾਣੀ ਲਾ ਰਿਹਾ ਸੀ ਤਾਂ ਉਸ ਵਿਚ ਖੜ੍ਹੇ ਅਮਲਤਾਸ ਦੇ ਰੁੱਖ ਵੱਲ ਨਜ਼ਰ ਗਈ ਤਾਂ ਉਦਾਸ ਜਿਹਾ ਲੱਗਿਆ ਮੈਨੂੰ 'ਉਹ' | ਕੁਮਲਾਏ ਹੋਏ ਪੱਤੇ, ਝੁਕੀਆਂ ਹੋਈਆਂ ਟਾਹਣੀਆਂ ਤੇ ਖੁਰਦਰਾ ਜਿਹਾ ਮੁੱਢ ਵੇਖ ਕੇ ਜੀਅ ਕੀਤਾ ਪੁੱਛਾਂ, ਕੀ ਗੱਲ ਹੈ? 'ਤੂੰ ਖੁਦ ਕਈ ਦਿਨਾਂ ਦਾ ਬੜਾ ਉਦਾਸ ਫਿਰਦਾ ਹੈਾ, ਇਸੇ ਕਰਕੇ ਤੈਨੂੰ ਸ਼ਾਇਦ ਮੈਂ ਉਦਾਸ ਲੱਗਿਆ ਹੋਵਾਂ, ਮੈਂ ਠੀਕ ਠਾਕ ਹਾਂ |', ਮੇਰੇ ਬੋਲਣ ਤੋਂ ਪਹਿਲਾਂ ਅਚਾਨਕ ਜਿਵੇਂ ਕਿਸੇ ਖੂਹ ਵਿਚੋਂ ਆਵਾਜ਼ ਆਈ ਹੋਵੇ | 'ਮੈਨੂੰ ਲੱਗਿਆ, ਸਰਦੀ ਆਉਣ ਕਰਕੇ ਤੂੰ ਆਉਣ ਵਾਲੀ ਪਤਝੜ ਬਾਰੇ ਸੋਚ ਰਿਹਾ ਹੋਵੇਂ | ਆਪਣੇ ਪੱਤਿਆਂ ਦਾ ਵਿਛੜਨਾ ਕਿਹੜੇ ਰੁੱਖ ਨੂੰ ਚੰਗਾ ਲਗਦਾ ਹੋਵੇਗਾ |' 'ਹਾਂ | ਪਰ ਜਦੋਂ ਮੇਰੇ ਪੱਤੇ ਝੜ ਕੇ ਡਿੱਗਣਗੇ ਤਾਂ ਸੁੱਕ ਕੇ ਹਵਾ ਨਾਲ ਦੂਰ-ਦੂਰ ਖਿੱਲਰ ਜਾਣਗੇ, ਲੋਕਾਂ ਦੇ ਪੈਰ ਉਨ੍ਹਾਂ ਨੂੰ ਮਿੱਟੀ ਵਿਚ ਰਲਾ ਦੇਣਗੇ, ਬਰਸਾਤ ਦੇ ਪਾਣੀ 'ਚ ਘੁਲ ਕੇ ਦੁਬਾਰਾ ਮੇਰੇ ਵੱਲ ਆਉਣਗੇ ਤੇ ਮੇਰੀਆਂ ਜੜ੍ਹਾਂ ਰਾਹੀਂ ਹੁੰਦੇ ਹੋਏ ਟਾਹਣੀਆਂ ਵਿਚੋਂ ਕਰੰੂਬਲਾਂ ਬਣ ਕੇ ਫੁਟਣਗੇ | ਤੈਨੂੰ ਸ਼ਾਇਦ ਪਤਾ ਨਹੀਂ ਜਿਹੜੀ ਵੀ ਜੀਵਤ ਚੀਜ਼ ਹੈ, ਉਹ ਕਦੇ ਨਹੀਂ ਮਰਦੀ, ਉਹ ਸਦੀਵੀ ਹੈ | ਮੈਂ ਕਦੇ ਵੀ ਮਰਾਂਗਾ ਨਹੀਂ, ਮੇਰੇ 'ਤੇ ਬੈਠਣ ਵਾਲੇ ਪੰਛੀਆਂ ਨੇ ਮੈਨੂੰ ਸਦੀਵੀ ਬਣਾ ਦਿੱਤਾ ਹੈ, ਉਨ੍ਹਾਂ ਨੇ ਮੈਨੂੰ ਆਪਣੀਆਂ ਵਿੱਠਾਂ ਨਾਲ ਪਤਾ ਨਹੀਂ ਕਿੱਥੇ-ਕਿੱਥੇ ਉਗਾ ਦਿੱਤਾ ਹੈ | ਤੂੰ ਵੀ ਸਦੀਵੀ ਹੈਾ, ਸਦਾ ਜ਼ਿੰਦਾ ਰਹੇਂਗਾ, ਆਪਣੇ ਬੱਚੇ, ਉਨ੍ਹਾਂ ਦਿਆਂ ਬੱਚਿਆਂ ਅਤੇ ਅੱਗੇ ਉਨ੍ਹਾਂ ਦਿਆਂ ਬੱਚਿਆਂ ਦੇ ਹਾਸਿਆਂ ਵਿਚ ਹੱਸਦਾ ਰਹੇਂਗਾ ਅਤੇ ਕਦੇ ਉਨ੍ਹਾਂ ਦੇ ਹੰਝੂ ਬਣ ਕੇ ਵਹਿੰਦਾ ਰਹੇਂਗਾ | ਤੈਨੂੰ ਕੀ ਲਗਦੈ ਬਈ ਤੇਰੇ ਦਾਦੇ ਪੜਦਾਦੇ ਮਰ ਚੁੱਕੇ ਹਨ? ਨਹੀਂ | ਉਹ ਸਾਰੇ, ਜਦੋਂ ਤੂੰ ਖ਼ੁਸ਼ੀ 'ਚ ਹੇਕ ਲਾ ਕੇ ਗਾਉਂਦਾ ਹੰੁਨੈ, ਤੇਰੇ ਨਾਲ ਗਾਉਂਦੇ ਹਨ, ਸੁਰ ਨਾਲ ਸੁਰ ਮਿਲਾ ਕੇ, ਉਹ ਗੀਤ ਤੇਰੇ ਇਕੱਲੇ ਦੇ ਨਹੀਂ ਹੁੰਦੇ |' ਮੈਂ ਅਮਲਤਾਸ ਦੀਆਂ ਗੱਲਾਂ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਆਸ-ਪਾਸ ਘਾਹ 'ਤੇ ਨਿਰੰਤਰ ਪਾਣੀ ਛਿੜਕ ਰਿਹਾ ਸੀ | ਮੈਂ ਤਾਂ ਰੁੱਖ ਦੇ ਬੋਲਣ 'ਤੇ ਉਸ ਦੀ ਯਾਦਸ਼ਕਤੀ ਬਾਰੇ ਸੋਚ ਵੀ ਨਹੀਂ ਸੀ ਸਕਦਾ | 'ਨਹੀਂ, ਮੈਂ ਸਭ ਕੁਝ ਸਮਝਦਾ ਹਾਂ | ਸਿਰਫ਼ ਚੱਲ ਨਹੀਂ ਸਕਦਾ ਮਨੁੱਖ ਵਾਂਗ | ਮੈਂ ਤਾਂ ਆਪਣੇ 'ਤੇ ਬੈਠਣ ਵਾਲੇ ਹਰ ਪੰਛੀ ਨਾਲ ਗੱਲਾਂ ਵੀ ਕਰਦਾ ਹਾਂ | ਉਹ ਮੈਨੂੰ ਇਹ ਵੀ ਦੱਸਦੇ ਰਹਿੰਦੇ ਹਨ ਕਿ ਤੂੰ ਅੱਜ ਕਿੱਥੇ-ਕਿੱਥੇ ਗਿਆ ਸੀ | ਤੇਰੀਆਂ ਗੱਲਾਂ ਅਸੀਂ ਕਈ-ਕਈ ਵਾਰ ਘੰਟਿਆਂਬੱਧੀ ਕਰਦੇ ਰਹਿੰਦੇ ਹਾਂ | ਤੈਨੂੰ ਕਿਹੜੇ-ਕਿਹੜੇ ਫੁੱਲ ਪਸੰਦ ਹਨ, ਮੈਂ ਤਾਂ ਇਹ ਵੀ ਦੱਸ ਸਕਦਾ ਹਾਂ |' 'ਅੱਛਾ |' ਮੇਰੇ ਮੰੂਹੋਂ ਨਿਕਲਿਆ | 'ਤੈਨੂੰ ਡੇਲੀਆ, ਪੈਂਜੀ, ਡੇਜ਼ੀ, ਜਰੇਨੀਅਮ, ਪਟੂਨੀਆ, ਜਰਬਰਾ, ਗੇਂਦਾ, ਗਜਨੀਆ ਤੇ ਫਲੋਕਸ ਪਸੰਦ ਹਨ ਪਰ ਆਈਸ ਪਲਾਂਟ ਬਿਲਕੁਲ ਨਹੀਂ |' 'ਹਾਂ, ਉਸ ਦਾ ਫੁੱਲ ਇਕ ਦਿਨ ਖਿੜ ਕੇ ਦੂਸਰੇ ਦਿਨ ਐਾ ਹੋ ਜਾਂਦੈ ਜਿਵੇਂ ਸ਼ਰਾਬੀ ਜ਼ਿਆਦਾ ਪੀ ਕੇ ਗੁੱਥਾ-ਮੁੱਥਾ ਹੋ ਕੇ ਪਿਆ ਹੋਵੇ', ਮੈਂ ਕਿਹਾ | 'ਤੂੰ ਬਹੁਤ ਦਿਨਾਂ ਤੋਂ ਉਦਾਸ ਹੈਾ, ਘਰੋਂ ਤੇਰੇ ਗਾਉਣ ਦੀ ਆਵਾਜ਼ ਵੀ ਨਹੀਂ ਆਈ, ਕਿੰਨੇ ਦਿਨ ਹੋ ਗਏ, ਕੀ ਗੱਲ ਹੈ?' 'ਕੁਝ ਵੀ ਤਾਂ ਨਹੀਂ', ਅੱਭੜਵਾਹੇ ਮੇਰੇ ਮੰੂਹੋਂ ਨਿਕਲਿਆ | 'ਚੱਲ ਤੇਰੀ ਮਰਜ਼ੀ ਜੇ ਨਹੀਂ ਦੱਸਣਾ ਤਾਂ | ਤੈਨੂੰ ਪਤੈ ਪਾਣੀ ਦੀ ਵੀ ਯਾਦਸ਼ਕਤੀ ਹੁੰਦੀ ਹੈ?' 'ਨਹੀਂ |' ਮੇਰੇ ਮੰੂਹੋਂ ਨਿਕਲਿਆ | 'ਤੂੰ ਨਿੱਕਾ ਹੁੰਦਾ ਜਿਹੜੇ ਵੀ ਨਦੀ ਨਾਲਿਆਂ, ਛੱਪੜਾਂ ਵਿਚ ਨਹਾਤਾ ਹੈਾ ਉਹ ਪਾਣੀ ਜਿਥੇ ਵੀ ਹੈ ਤੇਰੀ ਯਾਦ ਸਮੋਈ ਬੈਠਾ ਹੈ, ਤੈਨੂੰ ਪਹਿਚਾਣਦਾ ਹੈ ਉਹ ਅੱਜ ਵੀ |' ਤੇ ਮੈਨੂੰ ਯਾਦ ਆਇਆ ਨਿੱਕੇ ਹੁੰਦੇ ਮੇਰੇ ਪਿੰਡ ਦੀ ਨਹਿਰ ਦੇ ਪੁਲ ਤੋਂ ਛਾਲ ਮਾਰਨ ਤੋਂ ਪਹਿਲਾਂ ਮੈਨੂੰ ਨਿਹਾਰਦਾ ਹੋਇਆ ਉਸ ਦਾ ਪਾਣੀ | 'ਤੂੰ ਵੀ ਤਾਂ ਕਦੇ ਉਦਾਸ ਹੁੰਦਾ ਹੋਵੇਂਗਾ', ਮੈਂ ਪੁੱਛਿਆ? 'ਹਾਂ ਜਦੋਂ ਧੰੂਆਂ ਅਤੇ ਧੂੜ ਆਪਣੇ ਹੱਦ ਬੰਨ੍ਹੇ ਪਾਰ ਕਰ ਜਾਂਦੇ ਹਨ ਅਤੇ ਮੇਰੇ 'ਤੇ ਪਾਏ ਹੋਏ ਪੰਛੀਆਂ ਦੇ ਆਲ੍ਹਣਿਆਂ 'ਚ ਬੋਟ ਔਖੇ ਸਾਹ ਲੈਂਦੇ ਹਨ ਜਾਂ ਪਟਾਕਿਆਂ ਦੀ ਆਵਾਜ਼ ਨਾਲ ਸਹਿਮ ਜਾਂਦੇ ਹਨ |' ਮੈਂ ਸ਼ਰਮਸਾਰ ਹੋਏ ਨੇ ਗੱਲ ਨੂੰ ਟਾਲਣ ਲਈ ਪੁੱਛਿਆ, 'ਕਿਹੜਾ ਪੰਛੀ ਤੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ?' ਕੁਝ ਦੇਰ ਦੀ ਚੁੱਪੀ ਤੋਂ ਬਾਅਦ ਉਹ ਬੋਲਿਆ, 'ਮੈਨੂੰ ਜੋ ਸਭ ਤੋਂ ਪਸੰਦ ਸੀ, ਉਸ ਨੂੰ ਦੇਖਿਆਂ ਕਈ ਸਾਲ ਹੋ ਚੁੱਕੇ ਹਨ | 'ਕੀ ਮਤਲਬ?' ਮੈਂ ਉਤਸੁਕਤਾ ਨਾਲ ਪੁੱਛਿਆ | 'ਚਿੜੀਆਂ, ਚਿੜੀਆਂ ਬਹੁਤ ਪਿਆਰੀਆਂ ਸੀ ਮੈਨੂੰ, ਪਰ ਪਤਾ ਨਹੀਂ ਕਿੱਥੇ ਚਲੀਆਂ ਗਈਆਂ? ਸਦਾ ਖੁਸ਼ ਰਹਿੰਦੀਆਂ ਸੀ ਉਹ, ਹਮੇਸ਼ਾ ਚਹਿਕਦੀਆਂ, ਟਹਿਕਦੀਆਂ, ਇਕ ਟਾਹਣੀ ਤੋਂ ਦੂਜੀ, ਦੂਜੀ ਤੋਂ ਤੀਜੀ ਤੇ ਸਦਾ ਫੁਦਕਦੀਆਂ ਰਹਿੰਦੀਆਂ, ਕਦੇ ਉਦਾਸ ਨਹੀਂ ਸੀ ਵੇਖਿਆ ਮੈਂ ਉਨ੍ਹਾਂ ਨੂੰ | ਖੁਸ਼ ਰਿਹਾ ਕਰ ਤੂੰ ਵੀ', ਉਸ ਨੇ ਮੈਨੂੰ ਨਸੀਹਤ ਦਿੱਤੀ | 'ਤੈਨੂੰ ਪਤੈ ਜਦੋਂ ਹਵਾ ਥੱਕ ਜਾਂਦੀ ਹੈ ਤਾਂ ਉਹ ਮੇਰੇ ਪੱਤਿਆਂ 'ਤੇ ਆ ਕੇ ਸੌਾ ਜਾਂਦੀ ਹੈ? ਉਦੋਂ ਮੈਂ ਆਪਣਾ ਕੋਈ ਵੀ ਪੱਤਾ ਹਿੱਲਣ ਨਹੀਂ ਦਿੰਦਾ ਤਾਂ ਜੋ ਹਵਾ ਦੀ ਅੱਖ ਨਾ ਖੁੱਲ੍ਹ ਜਾਵੇ |'
'ਹਾਂ ਸੱਚ! ਦੁਪਹਿਰ ਤੋਂ ਬਾਅਦ ਜਦੋਂ ਸੂਰਜ ਦੀਆਂ ਕਿਰਨਾਂ ਕਦੇ-ਕਦੇ ਥੱਕ ਜਾਂਦੀਆਂ ਹਨ ਤਾਂ ਉਹ ਸੂਰਜ ਤੋਂ ਅੱਖ ਬਚਾ ਕੇ ਮੇਰੇ ਪੱਤਿਆਂ ਹੇਠ ਆ ਕੇ ਲੁਕ ਜਾਂਦੀਆਂ ਹਨ ਅਤੇ ਜਦੋਂ ਸੂਰਜ ਪੱਛਮ ਵੱਲ ਛੁਪਣ ਲਗਦਾ ਹੈ ਤਾਂ ਮਲਕੜੇ ਜਿਹੇ ਦੜ ਕੇ ਉਸ ਦੇ ਨਾਲ ਹੀ ਜਾ ਰਲਦੀਆਂ ਹਨ |' ਮੈਨੂੰ ਰੁੱਖ ਦੀ ਵਿਸ਼ਾਲਤਾ ਦੇਖ ਕੇ ਆਪਣੇ-ਆਪ 'ਤੇ ਸ਼ਰਮ ਆਉਣ ਲੱਗੀ ਅਤੇ ਪਾਣੀ ਦੀ ਪਾਈਪ ਲੈ ਕੇ ਥੋੜ੍ਹਾ ਅੱਗੇ ਹੋ ਗਿਆ | 'ਤੇਰੀ ਕਿੰਨੀ ਕੁ ਉਮਰ ਹੋਵੇਗੀ?' ਮੈਂ ਸੁਭਾਵਿਕ ਹੀ ਪੁੱਛਿਆ | 'ਪੰਜਾਹ ਕੁ ਸਾਲ, ਤੈਨੂੰ ਪਤੈ ਸਾਨੂੰ ਸਾਰਿਆਂ ਨੂੰ ਡਾਕਟਰ ਰੰਧਾਵਾ ਨੇ ਲਵਾਇਆ ਸੀ ਆਪ ਕੋਲ ਖੜ੍ਹੇ ਹੋ ਕੇ | ਬਹੁਤ ਪਿਆਰ ਕਰਦਾ ਸੀ ਉਹ ਸਾਨੂੰ, ਸਾਰੀ ਯੂਨੀਵਰਸਿਟੀ ਦੇ ਰੁੱਖ ਅਤੇ ਵੇਲ ਬੂਟੇ ਧਾੲੀਂ ਰੋਏ ਸੀ ਉਸ ਦੇ ਜਾਣ 'ਤੇ | ਸੁਣਿਆ ਹੈ ਕਿ ਉਸ ਦੀ ਘਰਵਾਲੀ ਅਜੇ ਵੀ ਖਰੜ ਵਾਲੇ ਘਰ 'ਚ ਰਹਿੰਦੀ ਹੈ, ਲੈ ਕੇ ਆ ਨਾ ਉਸ ਨੂੰ , ਕਿਸੇ ਦਿਨ ਇਥੇ |' 'ਉਹ ਸੌ ਸਾਲ ਤੋਂ ਉੱਪਰ ਹੋ ਚੁੱਕੀ ਐ, ਆਉਣਾ ਮੁਸ਼ਕਿਲ ਹੈ ਉਸ ਦਾ', ਮੈਂ ਕਿਹਾ | 'ਫਿਰ ਵੀ ਜੇ ਕਿਤੇ ਤੰੂ ਉਸ ਨੂੰ ਖੁੱਲ੍ਹੀ ਜੀਪ 'ਚ ਬਿਠਾ ਕੇ ਲਿਆਵੇਂ, ਖਾਸ ਤੌਰ 'ਤੇ ਫੁੱਲਾਂ ਦੀ ਰੁੱਤੇ ਤਾਂ ਅਸੀਂ ਸਾਰੀ ਯੂਨੀਵਰਸਿਟੀ ਦੇ ਰੁੱਖ, ਫੁੱਲਾਂ ਦੀ ਬਾਰਿਸ਼ ਕਰਾਂਗੇ ਉਸ ਉਤੇ ਅਤੇ ਨਾਲ-ਨਾਲ ਉੱਚੀ ਉੱਚੀ ਬੋਲਾਂਗੇ, 'ਡਾ: ਰੰਧਾਵਾ ਅਮਰ ਰਹੇ, ਡਾ: ਰੰਧਾਵਾ ਜ਼ਿੰਦਾਬਾਦ |' ਮੈਂ ਅਮਲਤਾਸ ਦੀ ਡਾ: ਰੰਧਾਵਾ ਪ੍ਰਤੀ ਸ਼ਰਧਾ ਜਾਣ ਕੇ ਹੈਰਾਨ ਰਹਿ ਗਿਆ | 'ਤੈਨੂੰ ਕਿਹੜੀ ਰੁੱਤ ਜ਼ਿਆਦਾ ਪਸੰਦ ਹੈ?' ਮੈਂ ਜਾਗਰੂਕਤਾਵੱਸ ਪੁੱਛਿਆ | 'ਸਾਰੀਆਂ ਹੀ ਰੁੱਤਾਂ ਮੈਨੂੰ ਚੰਗੀਆਂ ਲਗਦੀਆਂ ਹਨ | ਸਰਦੀਆਂ 'ਚ ਮੇਰੇ ਪੱਤਿਆਂ 'ਤੇ ਪਈ ਤਰੇਲ ਇੰਜ ਲਗਦੀ ਹੈ ਜਿਵੇਂ ਮੈਨੂੰ ਮੋਤੀਆਂ ਨਾਲ ਸ਼ਿੰਗਾਰ ਦਿੱਤਾ ਹੋਵੇ ਕਿਸੇ ਨੇ, ਕਈ ਪੱਤੇ ਸ਼ਰਾਰਤ ਨਾਲ ਹਿਲਜੁਲ ਕਰਕੇ ਤਰੇਲ ਦੀਆਂ ਬੰੂਦਾਂ ਨੂੰ ਥੱਲੇ ਵਾਲੇ ਪੱਤੇ 'ਤੇ ਧੱਕ ਦਿੰਦੇ ਹਨ ਤੇ ਉਹ ਅੱਗੇ ਤੋਂ ਅੱਗੇ ਪਈਆਂ ਬੰੂਦਾਂ ਨੂੰ ਧਰਤੀ 'ਤੇ ਪਟਕਾ ਮਾਰਦੀਆਂ ਹਨ | ਉੱਪਰ ਵਾਲੇ ਪੱਤੇ ਤਾੜੀਆਂ ਮਾਰਦੇ ਹਨ ਤੇ ਥੱਲੇ ਭਿੱਜੇ ਹੋਏ ਪੱਤੇ ਨੀਵੀਂ ਪਾ ਸ਼ਰਮਾਅ ਜਾਂਦੇ ਹਨ | ਪਤਝੜ 'ਚ ਮੈਂ ਨੰਗ-ਧੜੰਗਾ ਸੂਰਜ ਦੇਵਤਾ ਦੀ ਪੂਜਾ ਕਰਦਾ ਹਾਂ ਤੇ ਆਸ ਪਾਸ ਖੁੱਲ੍ਹ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦਾ ਹਾਂ | ਬਹਾਰ ਰੁੱਤੇ ਪੱਤਿਆਂ ਨਾਲ ਭਰਦੇ ਭਰਦੇ ਗਰਮੀ ਦੀ ਰੁੱਤ ਆ ਜਾਂਦੀ ਹੈ ਤੇ ਫਿਰ ਕੁਦਰਤ ਸਾਰੀਆਂ ਟਾਹਣੀਆਂ ਨੂੰ ਸੋਨੇ ਰੰਗੇ ਫੁੱਲਾਂ ਨਾਲ ਲੱਦ ਦਿੰਦੀ ਹੈ |' 'ਤੂੰ ਵੇਖਿਆ ਸੀ ਨਾ? ਲੋਕ ਫੋਟੋਆਂ ਖਿਚਦੇ ਹਨ ਮੇਰੇ ਸਾਹਮਣੇ ਖੜ੍ਹੇ ਹੋ ਕੇ, ਮੈਂ ਫੁੱਲਿਆ ਨਹੀਂ ਸਮਾਉਂਦਾ | ਸਾਰੇ ਸਾਲ ਦੀ ਮਿੱਟੀ ਘੱਟਾ, ਧੰੂਆਂ-ਧੱਪਾ ਬਰਸਾਤ ਲਾਹ ਦਿੰਦੀ ਹੈ ਆ ਕੇ |' 'ਤੈਨੂੰ ਡਰ ਨੀ ਲਗਦਾ ਜਦੋਂ ਮੀਂਹ ਨਾਲ ਝੱਖੜ ਚਲਦੇ ਹਨ', ਮੈਂ ਪੁੱਛਿਆ?' 'ਝੱਖੜ 'ਚ ਨਹਾਉਣ ਦਾ ਅਲੱਗ ਹੀ ਮਜ਼ਾ ਹੈ, ਜਿਵੇਂ ਕੁੜੀ ਮੰੁਡੇ ਨੂੰ ਤੁਸੀਂ ਵਿਆਹ ਵੇਲੇ ਵਟਣਾ ਮਲ-ਮਲ ਕੇ ਨਹਾਉਂਦੇ ਹੋ, ਝੱਖੜ ਵੀ ਮੈਨੂੰ ਆਉਣ ਵਾਲੇ ਬਾਕੀ ਦੇ ਸਾਲ ਲਈ ਝਾਵੇਂ ਵਾਂਗ ਰਗੜ-ਰਗੜ ਕੇ ਨਿਖਾਰ ਦਿੰਦਾ ਹੈ |' 'ਤੂੰ ਬੜਾ ਬੇਖੌਫ ਹੈਾ', ਪਾਣੀ ਵਾਲੀ ਪਾਈਪ ਨੂੰ ਸਮੇਟਦੇ ਹੋਏ ਮੈਂ ਬੋਲਿਆ | 'ਹੋਣਾ ਪੈਂਦਾ ਹੈ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ | ਤੂੰ ਨਿੱਕੀ-ਨਿੱਕੀ ਗੱਲ ਨੂੰ ਦਿਲ ਨਾਲ ਨਾ ਲਾਇਆ ਕਰ, ਮੈਂ ਹਾਂ ਨਾ ਇਥੇ ਖੜ੍ਹਾ | ਤੇਰਾ ਕੀ ਖਿਆਲ ਹੈ, ਜਦੋਂ ਤੁਸੀਂ ਘਰ ਨੂੰ ਜੰਦਰਾ ਮਾਰ ਕੇ ਚਲੇ ਜਾਂਦੇ ਹੋ, ਮੈਂ ਚੈਨ ਨਾਲ ਖੜ੍ਹਾ ਰਹਿਨਾ? ਹਰ ਆਏ ਗਏ ਦੀ ਸਾਰ ਰੱਖਦਾ ਹਾਂ |' ਮੈਂ ਝੁਕ ਕੇ ਪਾਈਪ ਇਕੱਠੀ ਕਰਕੇ ਉਠਿਆ ਤਾਂ ਮੇਰੇ ਸਿਰ 'ਤੇ ਕੁਝ ਪੱਤਿਆਂ ਨੇ ਸਪਰਸ਼ ਕੀਤਾ | ਮੈਨੂੰ ਮਹਿਸੂਸ ਹੋਇਆ ਜਿਵੇਂ ਅਮਲਤਾਸ ਨੇ ਮੇਰਾ ਸਿਰ ਪਲੋਸਿਆ ਹੋਵੇ | ਕੰਧ ਤੋਂ ਅੰਦਰ ਪਾਈਪ ਸੁੱਟ ਕੇ ਮੇਨ ਗੇਟ ਨੂੰ ਕੰੁਡਾ ਲਾ ਕੇ ਜਦੋਂ ਅੰਦਰ ਆਇਆ ਤਾਂ ਮੁੜ ਕੇ ਦੇਖਿਆ, ਬੜੇ ਮਾਣ ਅਤੇ ਸਤਿਕਾਰ ਨਾਲ ਉਹ ਮੇਰੇ ਘਰ ਵੱਲ ਝੁਕਿਆ ਹੋਇਆ ਸੀ... |

-ਮੋਬਾਈਲ : 75085-02300.

ਭੁੱਲੀਆਂ ਵਿਸਰੀਆਂ ਯਾਦਾਂ

1995 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਸਮੇਂ ਸ੍ਰੀ ਜਗਦੀਸ਼ ਸਾਹਨੀ ਐਮ.ਐਲ.ਏ. ਨੂੰ ਸੱਦਿਆ ਗਿਆ ਸੀ, ਤਸਵੀਰ ਵਿਚ ਉਨ੍ਹਾਂ ਨੂੰ ਸਵਾਗਤੀ ਕਮੇਟੀ ਦੇ ਮੈਂਬਰ ਜੀ ਆਇਆਂ ਆਖ ਰਹੇ ਸਨ | ਉਨ੍ਹਾਂ ਨਾਲ ਖੜ੍ਹੇ ਹਨ ਸ: ਵਸਣ ਸਿੰਘ ਰੰਧਾਵਾ, ਕੈਪਟਨ ਮਿਲਖਾ ਸਿੰਘ, ਸ: ਵਿਰਸਾ ਸਿੰਘ ਮੱਲ੍ਹੀ ਤਹਿਸੀਲਦਾਰ, ਪਾਲ ਸਿੰਘ ਵਿਰਕ ਤੇ ਹੋਰ ਸਾਥੀ |

ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX