ਤਾਜਾ ਖ਼ਬਰਾਂ


ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  11 minutes ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  32 minutes ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  57 minutes ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 1 hour ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 1 hour ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 2 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਤਾਜ਼ੀਆਂ ਸਬਜ਼ੀਆਂ ਖਾਓ ਤੰਦਰੁਸਤੀ ਵਧਾਓ

ਸਬਜ਼ੀਆਂ ਦਾ ਮਨੁੱਖੀ ਖੁਰਾਕ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਫਲਾਂ ਨੂੰ ਛੱਡ ਕੇ ਇਨ੍ਹਾਂ ਵਿਚ ਸਾਰੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਹੋਰ ਖਾਣ ਵਾਲੇ ਸਾਰੇ ਪਦਾਰਥਾਂ ਵਿਚ ਨਹੀਂ ਮਿਲਦੇ। ਸਬਜ਼ੀਆਂ ਦਾ ਸੰਤੁਲਿਤ ਭੋਜਨ ਵਿਚ ਅਹਿਮ ਸਥਾਨ ਹੈ। ਸਬਜ਼ੀਆਂ ਵਿਚ ਕਾਫੀ ਮਾਤਰਾ ਵਿਚ ਕਾਰਬੋਹਾਈਡਰੇਟਸ ਪ੍ਰੋਟੀਨ ਧਾਤਾਂ ਵਿਟਾਮਿਨ ਆਦਿ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਲੋੜੀਂਦੇ ਹੁੰਦੇ ਹਨ। ਪਾਲਕ ਪੱਤੇ ਵਾਲਾ ਸਲਾਦ ਅਤੇ ਬੰਦ ਗੋਭੀ ਵਿਚ ਪਾਣੀ ਅਤੇ ਸੈਲਲੋਜ਼ ਕਾਫੀ ਮਾਤਰਾ ਵਿਚ ਮਿਲਦੇ ਹਨ। ਇਸ ਲਈ ਪੱਤੇ ਵਾਲੀਆਂ ਸਬਜ਼ੀਆਂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਪਾਚਣ ਸ਼ਕਤੀ ਵਧਾਉਂਦੀਆਂ ਹਨ। ਆਲੂ ਅਤੇ ਸ਼ਕਰਕੰਦੀ ਤੋਂ ਸਾਨੂੰ ਉੂਰਜਾ ਮਿਲਦੀ ਹੈ ਕੁਝ ਹੋਰ ਸਬਜ਼ੀਆਂ ਜਿਵੇਂ ਕਿ ਪਾਲਕ ਦੇ ਪੱਤੇ, ਮੇਥੇ ਦੇ ਪੱਤੇ, ਧਨੀਆ, ਪਿਆਜ਼, ਸ਼ਲਗਮ, ਮੂਲੀ, ਗਾਜਰ, ਖੀਰਾ ਆਦਿ ਜੇਕਰ ਕੱਚੀਆਂ ਖਾਧੀਆਂ ਜਾਣ ਤਾਂ ਹੋਰ ਵੀ ਲਾਭਦਾਇਕ ਸਾਬਤ ਹੁੰਦੀਆਂ ਹਨ। ਸਬਜ਼ੀਆਂ ਨੂੰ ਬਹੁਤਾ ਉਬਾਲਣਾ ਨਹੀਂ ਚਾਹੀਦਾ ਕਿਉਂਕਿ ਉਬਾਲਣ ਨਾਲ ਇਨ੍ਹਾਂ ਵਿਚ ਵਿਟਾਮਿਨ ਅਤੇ ਕਈ ਹੋਰ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ।
ਨਿਰਾਸ਼ਾ ਵਾਲੀ ਗੱਲ ਹੈ ਕਿ ਬਜ਼ਾਰ ਤੋਂ ਮੁੱਲ ਮਿਲਣ ਵਾਲੀ ਸਬਜ਼ੀ ਜ਼ਿਆਦਾ ਮਹਿੰਗੀ ਹੁੁੰਦੀ ਹੈ। ਨਾਲ ਹੀ ਇਹ ਤਾਜ਼ੀ ਵੀ ਨਹੀਂ ਹੁੰਦੀ ਅਤੇ ਇਸ ਉਪਰ ਲੋੜ ਤੋਂ ਵੱਧ ਕੀਟਨਾਸ਼ਕ ਸਪਰੇਆਂ ਦਾ ਛਿੜਕਾਅ ਵੀ ਹੋਇਆ ਹੁੰਦਾ ਹੈ। ਇਸ ਕਾਰਨ ਇਹ ਸਬਜ਼ੀ ਸਾਡੀ ਸਿਹਤ ਲਈ ਠੀਕ ਨਹੀਂ ਹੁੁੰਦੀ। ਜਿੱਥੋਂ ਤੱਕ ਹੋ ਸਕੇ ਸਬਜ਼ੀਆਂ ਘਰੇਲੂ ਬਗੀਚੀਆਂ ਵਿਚ ਉਗਾ ਕੇ ਖਾਣ ਲਈ ਇਸਤੇਮਾਲ ਕਰੀਏ ਅਤੇ ਮਨੁੱਖੀ ਤੰਦਰੁਸਤੀ ਨੂੰ ਕਾਇਮ ਰੱਖੀਏ।
ਸਬਜ਼ੀਆਂ ਵਿਚ ਖੁਰਾਕੀ ਅਤੇ ਮੈਡੀਸ਼ਨਲ ਤੰਤ
ਮਟਰ: ਮਟਰਾ ਵਿਚ ਪ੍ਰੋਟੀਨ ਕਾਰੋਬਹਾਈਡਰੇਟਸ ਅਤੇ ਵਿਟਾਮਿਨ 'ਏ' ਤੇ 'ਸੀ' ਕੈਲਸ਼ੀਅਮ ਅਤੇ ਫਾਸਫੋਰਸ ਬਹੁਤ ਮਾਤਰਾ ਹੁੰਦਾ ਹੈ।
ਬੈਂਗਣ: ਬੈਂਗਣ ਵਿਚ ਪ੍ਰੋਟੀਨ ਅਤੇ ਵਿਟਾਮਿਨ ਬਹੁਤ ਮਾਤਰਾ ਵਿਚ ਹੁੰਦਾ ਹੈ। ਚਿੱਟੇ ਬੈਂਗਣ ਸ਼ੂਗਰ ਦੇ ਮਰੀਜ਼ ਵਾਸਤੇ ਬਹੁਤ ਫਾਇਦੇਮੰਦ ਹਨ।
ਆਲੂ: ਆਲੂ ਵਿਚ ਪ੍ਰੋਟੀਨ ਕਾਰੋਬਹਾਈਡ੍ਰੇਟਸ, ਵਿਟਾਮਿਨ ਅਤੇ ਫਾਸਫੋਰਸ ਬਹੁਤ ਮਾਤਰਾ ਵਿਚ ਹੈ।
ਟਮਾਟਰ: ਟਮਾਟਰ ਵਿਚ ਵਿਟਾਮਿਨ 'ਸੀ' ਬਹੁਤ ਮਾਤਰਾ ਵਿਚ ਹੁੰਦਾ ਹੈ। ਟਮਾਟਰਾਂ ਦਾ ਰਸ ਖ਼ੂਨ ਸਾਫ ਕਰਨ ਵਾਸਤੇ ਅਤੇ ਪੇਟ ਵਾਸਤੇ ਲਾਹੇਵੰਦ ਹੈ। ਮੂੰਹ ਦੇ ਛਾਲੇ ਵੀ ਟਮਾਟਰ ਦੇ ਰਸ ਨਾਲ ਠੀਕ ਹੁੰਦੇ ਹਨ।
ਕਰੇਲਾ: ਕਰੇਲੇ ਵਿਚ ਵਿਟਾਮਿਨ ਬਹੁਤ ਮਾਤਰਾ 'ਚ ਹੁੰਦਾ ਹੈ। ਕਰੇਲੇ ਸ਼ੂਗਰ ਦੇ ਮਰੀਜ਼ ਵਾਸਤੇ ਅਤੇ ਖੂਨ ਦੇ ਦੌਰੇ ਵਾਸਤੇ ਬਹੁਤ ਫਾਇਦੇਮੰਦ ਹਨ।
ਖੀਰਾ: ਇਹ ਗਰਮੀਆਂ ਤੋਂ ਬਚਾਉਣ ਅਤੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਹਨ। ਇਸ ਨਾਲ ਕਬਜ਼ ਅਤੇ ਪੀਲੀਆ ਵੀ ਠੀਕ ਹੁੰਦਾ ਹੇ।
ਭਿੰਡੀ : ਭਿੰਡੀ ਵਿਚ ਪ੍ਰੋਟੀਨ ਅਤੇ ਵਿਟਾਮਿਨ ਬਹੁਤ ਮਾਤਰਾ 'ਚ ਹੁੰਦਾ ਹੈ। ਭਿੰਡੀ ਆਇਓਡੀਨ ਦੀ ਕਮੀ ਅਤੇ ਕਮਜ਼ੋਰੀ ਨੂੰ ਦੂਰ ਕਰਦੀ ਹੈ।
ਮੂਲੀ: ਇਸ ਨਾਲ ਕਬਜ਼, ਪੀਲੀਆ ਅਤੇ ਹਾਜ਼ਮਾ ਠੀਕ ਹੁੰਦਾ ਹੈ।
ਪਿਆਜ਼ : ਪਿਆਜ਼ ਵਿਚ ਪ੍ਰੋਟੀਨ ਕਾਰੋਬਹਾਈਡ੍ਰੇਟਸ ਅਤੇ ਵਿਟਾਮਿਨ 'ਸੀ' ਕੈਲਸ਼ੀਅਮ ਅਤੇ ਫਾਸਫੋਰਸ ਬਹੁਤ ਮਾਤਰਾ ਵਿਚ ਹੁੰਦਾ ਹੈ। ਇਹ ਲੂ ਲੱਗਣ ਅਤੇ ਚਮੜੀ ਦੇ ਰੋਗਾਂ ਵਾਸਤੇ ਬਹੁਤ ਫਾਇਦੇਮੰਦ ਹੈ।
ਲਸਣ: ਇਹ ਖੂਨ ਵਿਚ ਕੋਲੈਸਟ੍ਰੋਲ ਘਟਾਉਣ ਵਾਸਤੇ ਲਾਹੇਵੰਦ ਹੈ।
ਗਾਜਰਾਂ : ਲਾਲ ਗਾਜਰਾਂ ਵਿਟਾਮਨ ਏ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਵਿਚ ਬੀਟਾ ਕੈਰੋਟੀਨ ਜ਼ਿਆਦਾ ਹੁੰਦੀਆਂ ਹਨ। ਕਾਲੀ ਗਾਜਰ ਐਥੋਸਾਈਨਿਨ ਅਤੇ ਫਿਨੋਲਿਜ ਨਾਲ ਭਰਪੂਰ ਹੈ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਵਿਚ ਲੋਹੇ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਖ਼ੂਨ ਦੀ ਕਮੀ ਨੂੰ ਪੂਰਾ ਕਰਦੀ ਹੈ। ਇਸ ਵਿਚ ਕੈਲਸ਼ੀਅਮ ਵੀ ਕਾਫੀ ਹੁੰਦਾ ਹੈ।
ਬਰੋਕਲੀ: ਬਰੋਕਲੀ ਵਿਚ ਪ੍ਰੋਟੀਨ, ਵਿਟਾਮਿਨ ਲੋਹਾ ਕੈਲਸ਼ੀਅਮ ਥਾਇਆਮੀਨ ਨਾਇਸੀਨ ਅਤੇ ਰਿਬੋਫਲਾਵਿਨ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਜਾਮਨੀ ਰੰਗ ਦੀ ਬਰੋਕਲੀ ਵਿਚ ਗਲੂਕੋਸੀਨੋਲੇਟ 72-212 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਪਾਇਆ ਜਾਂਦਾ ਹੈ। ਇਹ ਸੀਰਮ ਕੋਲੈਸਟਰੋਲ ਘਟਾਉਣ ਵਿਚ ਵੀ ਮਦਦ ਕਰਦਾ ਹੈ।


-ਯੂਨੀਵਰਸਿਟੀ ਬੀਜ ਫਾਰਮ ਉਸਮਾ (ਤਰਨ ਤਾਰਨ)
ਮੋਬਾਈਲ : 8968278900 ajaykpau@gmail.com


ਖ਼ਬਰ ਸ਼ੇਅਰ ਕਰੋ

ਬਰਸਾਤਾਂ ਵਿਚ ਅਮਰੂਦ ਦੇ ਬਾਗ਼ਾਂ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਓ

ਪੰਜਾਬ ਦੇ ਤਾਜ਼ੇ ਅੰਕੜਿਆਂ ਮੁਤਾਬਕ ਅਮਰੂਦ ਹੇਠ ਰਕਬਾ 9142 ਹੈਕਟੇਅਰ ਹੈ, ਜਿਸ ਤੋਂ 2,06,106 ਮੀਟਰਕ ਟਨ ਪੈਦਾਵਾਰ ਹੁੰਦੀ ਹੈ। ਇਹ ਸਾਲ ਵਿਚ ਦੋ ਵਾਰ ਫ਼ਲ ਦਿੰਦਾ ਹੈ ਜਿਵੇਂ ਕਿ ਬਰਸਾਤੀ ਫ਼ਸਲ ਅਤੇ ਸਿਆਲੂ ਫ਼ਸਲ। ਅਮਰੂਦ 'ਤੇ ਸਮੇਂ-ਸਮੇਂ 'ਤੇ ਵੱਖ-ਵੱਖ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੁੰਦਾ ਹੈ। ਪਰ ਬਰਸਾਤੀ ਫ਼ਸਲ 'ਤੇ ਇਨ੍ਹਾਂ ਰੋਗਾਂ ਦਾ ਕਾਫ਼ੀ ਹੱਲਾ ਹੋਣ ਕਾਰਨ ਹਰ ਸਾਲ ਬਾਗ਼ਬਾਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਬਰਸਾਤੀ ਮੌਸਮ ਵਿਚ ਵਾਤਾਵਰਨ ਵਿਚਲੀ ਸਿੱਲ੍ਹ, ਇਨ੍ਹਾਂ ਬਿਮਾਰੀਆਂ ਅਤੇ ਕੀੜਿਆਂ ਦੇ ਲਈ ਬਹੁਤ ਅਨੁਕੂਲ ਹੁੰਦੀ ਹੈ। ਅਜਿਹੀਆਂ ਹਾਲਤਾਂ ਵਿਚ ਬੂਟਿਆਂ ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਬੜੀ ਤੇਜ਼ ਰਫ਼ਤਾਰ ਨਾਲ ਵਧਦਾ ਹੈ। ਇਸ ਲਈ ਬਹੁਤ ਹੀ ਜ਼ਰੂਰੀ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਅਮਰੂਦ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਦੀ ਸਹੀ ਪਹਿਚਾਣ ਅਤੇ ਰੋਕਥਾਮ ਵੇਲੇ ਸਿਰ ਕੀਤੀ ਜਾਵੇ, ਤਾਂ ਜੋ ਇਨ੍ਹਾਂ ਬੂਟਿਆਂ ਤੋਂ ਵੱਧ ਤੋਂ ਵੱਧ ਮਿਆਰੀ ਝਾੜ ਲਿਆ ਜਾਵੇ। ਇਸ ਲੇਖ ਰਾਹੀਂ ਅਮਰੂਦ ਦੇ ਬੂਟਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀਆਂ ਨਿਸ਼ਾਨੀਆਂ, ਕਾਰਨ ਅਤੇ ਸਰਬਪੱਖੀ ਰੋਕਥਾਮ ਦੇ ਨੁਕਤੇ ਵਿਸਥਾਰ ਸਹਿਤ ਦੱਸੇ ਜਾ ਰਹੇ ਹਨ, ਤਾਂ ਜੋ ਬਾਗ਼ਬਾਨ ਉਚਿੱਤ ਸਮੇਂ 'ਤੇ ਇਸ ਦੀ ਰੋਕਥਾਮ ਕਰਕੇ ਵੱਧ ਤੋਂ ਵੱਧ ਮੁਨਾਫ਼ਾ ਲੈ ਸਕਣ।
1. ਮੁਰਝਾਉਣਾ: ਅਮਰੂਦ ਦੀ ਕਾਸ਼ਤ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿਚੋਂ ਮੁਰਝਾਉਣਾ ਇਕ ਗੰਭੀਰ ਸਮੱਸਿਆ ਹੈ। ਇਸ ਰੋਗ ਦੇ ਚਿੰਨ ਬੂਟਿਆਂ ਦੇ ਮੁੱਢਾਂ ਉੱਤੇ ਉੱਲੀ ਨਾਲ ਹਮਲਾ ਹੋ ਜਾਣ ਤੋਂ ਕਈ ਮਹੀਨੇ ਬਾਅਦ ਪ੍ਰਗਟ ਹੁੰਦੇ ਹਨ। ਬਾਗ਼ ਵਿਚ ਬੂਟਿਆਂ ਦੀਆਂ ਟਾਹਣੀਆਂ ਦਾ ਸੁੱਕਣਾ, ਪੱਤਿਆਂ ਦਾ ਪੀਲਾ ਹੋਣਾ ਅਤੇ ਬੂਟਿਆਂ ਦਾ ਅਚਾਨਕ ਮੁਰਝਾ ਜਾਣਾ ਇਸ ਬਿਮਾਰੀ ਦੀਆਂ ਮੁੱਖ ਨਿਸ਼ਾਨੀਆਂ ਹਨ। ਟਾਹਣੀਆਂ ਉਪਰੋਂ ਹੇਠਾਂ ਨੂੰ ਸੁੱਕਣ ਲੱਗ ਜਾਂਦੀਆਂ ਹਨ, ਜਿਸਦੇ ਸਿੱਟੇ ਵਜੋਂ ਟਾਹਣੀਆਂ ਰੋਡੀਆਂ ਹੋ ਜਾਂਦੀਆਂ ਹਨ ਤੇ ਕਾਲੇ ਰੰਗ ਵਿਚ ਬਦਲ ਜਾਂਦੀਆਂ ਹਨ। ਇਹ ਨਿਸ਼ਾਨੀਆਂ ਬੂਟਿਆਂ ਤੇ ਸਾਰਾ ਸਾਲ ਆਉਂਦੀਆਂ ਹਨ, ਪਰ ਗਰਮ ਮੌਸਮ ਦੌਰਾਨ ਸਪੱਸ਼ਟ ਹੁੰਦੀਆਂ ਹਨ। ਬੂਟਿਆਂ ਦੇ ਅਚਾਨਕ ਮੁਰਝਾਉਣ ਵਾਲੀ ਹਾਲਤ ਵਿਚ ਪੱਤੇ ਹੇਠਾਂ ਵੱਲ ਝੁਕ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ। ਬਾਅਦ ਵਿਚ ਭੂਰੇ ਰੰਗ ਦੇ ਹੋ ਜਾਂਦੇ ਹਨ ਅਤੇ ਬੂਟੇ ਦੇ ਨਾਲ ਹੀ ਲੱਗੇ ਰਹਿੰਦੇ ਹਨ। ਜੜ੍ਹਾਂ ਦੀ ਛਿੱਲ ਤੇ ਲੱਕੜ ਵਿਚਕਾਰਲੀ ਥਾਂ ਦਾ ਰੰਗ ਬਦਲ ਜਾਂਦਾ ਹੈ। ਅਜਿਹੇ ਲੱਛਣ ਵਰਖਾ ਰੁੱਤ ਦੌਰਾਨ ਬਾਗ਼ਾਂ ਵਿਚ ਆਮ ਨਜ਼ਰ ਆਉਂਦੇ ਹਨ ਅਤੇ ਬੂਟੇ ਥੋੜੇ ਦਿਨਾਂ ਬਾਅਦ ਹੀ ਮੁਰਝਾ ਜਾਂਦੇ ਹਨ। ਇਹ ਬਿਮਾਰੀ ਸਤੰਬਰ ਤੋਂ ਅਕਤੂਬਰ ਤੱਕ ਵਧ ਜਾਂਦੀ ਹੈ। ਕਈ ਵਾਰੀ ਬੂਟੇ ਦਾ ਇਕ ਹਿੱਸਾ ਜਾਂ ਇਕ ਪਾਸੇ ਦੀ ਟਾਹਣੀ 'ਤੇ ਅਸਰ ਹੁੰਦਾ ਹੈ ਅਤੇ ਬਾਕੀ ਹਿੱਸੇ ਸਿਹਤਮੰਦ ਹੁੰਦੇ ਹਨ। ਅਜਿਹੇ ਬੂਟੇ ਇਕ ਸਾਲ ਬਾਅਦ ਮਰ ਜਾਂਦੇ ਹਨ। ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਵੀ ਇਸ ਬਿਮਾਰੀ ਦੇ ਹਮਲੇ ਨਾਲ ਪੈਦਾ ਹੋਈਆਂ ਨਿਸ਼ਾਨੀਆਂ ਵਾਂਗ ਹੀ ਨਜ਼ਰ ਆਉਂਦੀਆਂ ਹਨ। ਜ਼ਿੰਕ ਦੀ ਘਾਟ ਨਾਲ ਬੂਟਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਤੇ ਨਾੜੀਆਂ ਦੇ ਵਿਚਾਲੇ ਦਾ ਰੰਗ ਪੀਲਾ ਤੇ ਫਿੱਕਾ ਪੀਲਾ ਹੋਇਆ ਹੁੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 95010-30274

ਆੜ੍ਹਤੀਏ ਵੀ ਖੇਤੀ ਪ੍ਰਣਾਲੀ ਦਾ ਅਹਿਮ ਧੁਰਾ ਹਨ

ਇਕ ਵਾਰ ਫਿਰ ਮੁੜ ਤੋਂ ਆੜ੍ਹਤੀਆ ਏਜੰਸੀ ਦੀ ਹੋਂਦ ਖ਼ਤਰੇ 'ਚ ਪੈ ਗਈ ਜਾਪਦੀ ਹੈ। ਅਜਿਹਾ ਆੜ੍ਹਤੀਆ ਐਸੋਸੀਏਸ਼ਨ ਵਿਚ ਚਲ ਰਹੀ ਚਰਚਾ ਤੋਂ ਵੀ ਪ੍ਰਤੀਤ ਹੁੰਦਾ ਹੈ। ਕੈਪਟਨ ਸਰਕਾਰ ਦੇ ਪਹਿਲੇ ਦੌਰ 'ਚ ਵੀ ਇਹ ਸਮੱਸਿਆ ਵਿਚਾਰੀ ਜਾਂਦੀ ਰਹੀ ਪ੍ਰੰਤੂ ਫਿਰ ਅਕਾਲੀ ਸਰਕਾਰ ਦੇ ਦੌਰਾਨ ਵੀ ਇਸ 'ਤੇ ਵਿਚਾਰ ਹੁੰਦਾ ਰਿਹਾ ਅਤੇ ਇਹ ਏਜੰਸੀ ਲੜਖੜਾਉਂਦੀ ਰਹੀ ਪ੍ਰੰਤੂ ਆਪਣੇ ਅਹਿਮ ਰੋਲ ਕਾਰਨ ਜੀਵਤ ਰਹੀ। ਹੁਣ ਫਿਰ ਕੈਪਟਨ ਸਰਕਾਰ ਦੇ ਦੂਜੇ ਦੌਰ ਵਿਚ ਕੇਂਦਰ ਨੇ ਜੋ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ ਰਹੀ ਕਣਕ ਤੇ ਝੋਨੇ ਦੀ ਖਰੀਦ ਸਬੰਧੀ ਚਿੱਠਾ ਮੰਗਿਆ ਹੈ, ਉਹ ਆੜ੍ਹਤੀਆ ਏਜੰਸੀ ਨੂੰ ਹੀ ਨਹੀਂ ਐਮ. ਐਸ. ਪੀ. ਨੂੰ ਖ਼ਤਮ ਕਰਨ ਵੱਲ ਇਕ ਕਦਮ ਹੈ। ਕਣਕ ਤੇ ਝੋਨੇ ਦੀ ਐਮ ਐਸ ਪੀ ਅਤੇ ਆੜ੍ਹਤੀਆ ਦੋਵੇਂ ਹੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਬੜੀ ਅਹਿਮੀਅਤ ਰੱਖਦੇ ਹਨ। ਜਦੋਂ ਪਿੱਛੇ ਜਿਹੇ ਕਿਸਾਨਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਫ਼ਸਲ ਦੀ ਅਦਾਇਗੀ ਦੇ ਸਿੱਧੇ ਚੈੱਕ ਲੈਣਾ ਚਾਹੁੰਦੇ ਹਨ ਜਾਂ ਆੜ੍ਹਤੀਆਂ ਰਾਹੀਂ ਅਦਾਇਗੀ ਚਾਹੁੰਦੇ ਹਨ। ਉਨ੍ਹਾਂ ਵਿਚੋਂ ਨਾ ਮਾਤਰ ਕਿਸਾਨਾਂ ਨੇ ਹੀ ਸਿੱਧੀ ਅਦਾਇਗੀ ਲੈਣ ਦੀ ਸਹਿਮਤੀ ਦਿੱਤੀ ਸੀ। ਕਿਸਾਨਾਂ ਵਿਸ਼ੇਸ਼ ਕਰ ਕੇ ਛੋਟੇ ਤੇ ਕੰਢੇ ਦੇ ਕਿਸਾਨਾਂ ਲਈ ਆੜ੍ਹਤੀਆ ਵਪਾਰਕ ਪ੍ਰਣਾਲੀ 'ਚ ਸਹਾਇਤਾ ਦਾ ਇਕ ਅਹਿਮ ਧੁਰਾ ਹੈ। ਆੜ੍ਹਤੀਆਂ ਨੂੰ ਚਾਰੇ ਪਾਸਿਓਂ ਨਿੰਦਿਆ ਗਿਆ ਹੈ ਕਿ ਇਹ ਏਜੰਸੀ ਕਿਸਾਨਾਂ ਦਾ ਸ਼ੋਸ਼ਣ ਕਰਦੀ ਹੈ। ਪ੍ਰੰਤੂ ਆਪਣੀਆਂ ਸੇਵਾਵਾਂ ਕਾਰਨ ਇਸ ਏਜੰਸੀ ਨੂੰ ਉਪਰਾਲਿਆਂ ਦੇ ਬਾਵਜੂਦ ਖ਼ਤਮ ਨਹੀਂ ਕੀਤਾ ਜਾ ਸਕਿਆ। ਆੜ੍ਹਤੀਏ ਘਰੇਲੂ ਅਤੇ ਖੇਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸਾਨਾਂ ਨੂੰ ਕਰਜ਼ਾ ਦਿੰਦੇ ਹਨ। ਆੜ੍ਹਤੀਆਂ ਤੇ ਕਿਸਾਨਾਂ ਦਾ ਬੜਾ ਡੂੰਘਾ ਤੇ ਅਟੁੱਟ ਰਿਸ਼ਤਾ ਚਲਿਆ ਆ ਰਿਹਾ ਹੈ। ਕੀ ਬਿਮਾਰੀ, ਖ਼ੁਸ਼ੀ, ਗਮੀ ਤੇ ਘਰ ਦੀਆਂ ਜ਼ਰੂਰੀ ਲੋੜਾਂ ਲਈ ਆੜ੍ਹਤੀਆ ਕਿਸਾਨ ਦੀ ਸਹਾਇਤਾ ਕਰਦਾ ਹੈ। ਬਿਮਾਰੀ ਜਾਂ ਗਮੀ ਦੀ ਹਾਲਤ ਵਿਚ ਉਹ ਰਾਤ ਨੂੰ ਵੀ ਲੋੜ ਪੈਣ 'ਤੇ ਬਿਨਾਂ ਲਿਖੇ ਪੜ੍ਹੇ ਹੱਥੀਂ ਪੈਸਾ ਦੇ ਦਿੰਦਾ ਹੈ। ਛੋਟੇ ਕਿਸਾਨ ਤਾਂ ਹਮੇਸ਼ਾਂ ਹੀ ਆਰਥਕ ਸਹਾਇਤਾ ਲਈ ਆੜ੍ਹਤੀਆਂ ਕੋਲ ਪਹੁੰਚਦੇ ਹਨ ਕਿਉਂਕਿ ਜਿਨ੍ਹਾਂ ਖਰਚਿਆਂ ਲਈ ਬੈਂਕਾਂ ਦੇ ਕਾਗਜ਼ਾਤ ਮੁਕੰਮਲ ਕਰਨੇ ਬੜੇ ਮੁਸ਼ਕਲ ਹਨ। (ਕਿਉਂਕਿ ਬਿਨਾਂ ਸੀਕਿਉਰਟੀ ਇਨ੍ਹਾਂ ਨੂੰ ਕਰਜ਼ਾ ਨਹੀਂ ਦਿੰਦੇ) ਜਦੋਂ ਕਿ ਆੜ੍ਹਤੀਆ ਅਜਿਹੇ ਸਮੇਂ ਕਿਸਾਨ ਦੀ ਮਦਦ 'ਤੇ ਆਉਂਦਾ ਹੈ। ਮੁੱਖ ਤੌਰ 'ਤੇ ਆੜ੍ਹਤੀਆ ਹੀ ਭੂਤ ਵਿਚ ਕਿਸਾਨਾਂ ਨੂੰ ਕਰਜ਼ਾ ਮੁਹੱਈਆ ਕਰਦਾ ਰਿਹਾ ਹੈ। ਹੁਣ ਵੀ ਉਹ ਫ਼ਸਲ ਦੀ ਅਦਾਇਗੀ ਲਈ ਪੇਸ਼ਗੀ ਕਿਸਾਨਾਂ ਨੂੰ ਦੇ ਦਿੰਦਾ ਹੈ ਅਤੇ ਜਦੋਂ ਖਰੀਦ ਏਜੰਸੀਆਂ ਤੋਂ ਰਕਮ ਆਉਂਦੀ ਹੈ ਤਾਂ ਉਹ ਪੇਸ਼ਗੀ ਅਡਜਸਟ ਕਰ ਲੈਂਦਾ ਹੈ। ਅਜਿਹੀ ਪੇਸ਼ਗੀ ਲਈ ਉਹ ਕਈ ਵਾਰ ਕਿਸਾਨਾਂ ਤੋਂ ਸੂਦ ਵੀ ਨਹੀਂ ਲੈਂਦਾ। ਆੜ੍ਹਤੀਆ ਇਸ ਲਈ ਵੀ ਦੋਸ਼ੀ ਠਹਿਰਾਈਆ ਜਾਂਦਾ ਹੈ ਕਿ ਉਹ ਸੂਦ ਦਰ ਬੜੀ ਵੱਧ ਚਾਰਜ ਕਰਦਾ ਹੈ ਪ੍ਰੰਤੂ ਇਨ੍ਹਾਂ ਸਾਲਾਂ ਵਿਚ ਇਸ ਸਥਿਤੀ 'ਚ ਕਾਫੀ ਪ੍ਰੀਵਰਤਨ ਆਇਆ ਹੈ। ਹੁਣ ਆੜ੍ਹਤੀਆ ਆਮ ਤੌਰ 'ਤੇ ਕਿਸਾਨਾਂ ਤੋਂ 18 ਪ੍ਰਤੀਸ਼ਤ ਤੋਂ ਵੱਧ ਸੂਦ ਚਾਰਜ ਨਹੀਂ ਕਰਦਾ। ਜੋ ਆੜ੍ਹਤੀਆਂ ਨੂੰ ਬੈਂਕ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਲਿਮਿਟਾਂ ਪ੍ਰਵਾਨ ਕਰਦੇ ਹਨ, ਉਹ 11-12 ਪ੍ਰਤੀਸ਼ਤ ਦੀ ਦਰ 'ਤੇ ਪ੍ਰਤੀ ਮਹੀਨਾ ਸੂਦ ਲੈਂਦੇ ਹਨ ਜੋ ਹੋਰ ਬੈਂਕ ਦੇ ਖਰਚਿਆਂ ਨੂੰ ਸ਼ਾਮਿਲ ਕਰ ਕੇ ਕਈ ਵੇਰ 14 ਪ੍ਰਤੀਸ਼ਤ ਤੱਕ ਬੈਠਦਾ ਹੈ। ਕਿਉਂਕਿ ਕਿਸਾਨਾਂ ਨੂੰ ਬੈਂਕਾਂ ਜਾਂ ਸਰਕਾਰੀ ਸਭਾਵਾਂ ਤੋਂ 7 ਪ੍ਰਤੀਸ਼ਤ ਦੀ ਦਰ 'ਤੇ ਕਰਜ਼ਾ ਮਿਲਦਾ ਹੈ, ਇਸ ਲਈ ਆੜ੍ਹਤੀਏ ਵਲੋਂ ਚਾਰਜ ਕੀਤਾ ਜਾ ਰਿਹਾ 18 ਪ੍ਰਤੀਸ਼ਤ ਸੂਦ ਵੀ ਆਲੋਚਨਾ ਦਾ ਵਿਸ਼ਾ ਬਣਿਆ ਹੋਇਆ ਹੈ। ਛੋਟੇ ਕਿਸਾਨਾਂ ਨੂੰ ਜਿਨ੍ਹਾਂ ਜ਼ਿੰਮੇ ਇਕ ਸੀਮਿਤ ਰਕਮ ਕਰਜ਼ੇ ਵਜੋਂ ਹੁੰਦੀ ਹੈ ਅਤੇ ਨਾਲ ਉਹ ਰੈਗੂਲਰ ਕਰਜ਼ੇ ਦੀ ਵਾਪਸੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਬੈਂਕਾਂ ਤੇ ਸਹਿਕਾਰੀ ਸਭਾਵਾਂ ਤੋਂ 3 ਪ੍ਰਤੀਸ਼ਤ ਦੀ ਹੋਰ ਛੂਟ ਮਿਲ ਜਾਂਦੀ ਹੈ। ਜੇ ਆੜ੍ਹਤੀਏ ਨੇ ਕਿਸਾਨ ਤੋਂ 18 ਪ੍ਰਤੀਸ਼ਤ ਤੋਂ ਵੀ ਘੱਟ ਸੂਦ ਲੈਣਾ ਹੈ ਤਾਂ ਉਸ ਨੂੰ ਵੀ ਬੈਂਕਾਂ ਤੋਂ ਕਿਸਾਨਾਂ ਨੂੰ ਕਰਜ਼ੇ ਦੇਣ ਲਈ 7 ਪ੍ਰਤੀਸ਼ਤ ਦੀ ਦਰ ਤੇ ਰਕਮ ਮਿਲਣੀ ਚਾਹੀਦੀ ਹੈ। ਫਿਰ ਆੜ੍ਹਤੀਏ ਬਰਾਮਦਕਾਰਾਂ ਅਤੇ ਮਿੱਲਾਂ ਲਈ ਵੀ ਫ਼ਸਲ ਦੀ ਖਰੀਦ ਕਰ ਕੇ ਦਿੰਦੇ ਹਨ ਜੋ ਆੜ੍ਹਤੀਆਂ ਨੂੰ ਮਹੀਨਿਆਂ ਤੱਕ ਰਕਮ ਦੀ ਅਦਾਇਗੀ ਨਹੀਂ ਕਰਦੇ। ਉਹ ਬੋਝ ਵੀ ਆੜ੍ਹਤੀਏ ਨੂੰ ਵਪਾਰਕ ਪ੍ਰਣਾਲੀ ਦੌਰਾਨ ਬਰਦਾਸ਼ਤ ਕਰਨਾ ਪੈਂਦਾ ਹੈ। ਕੁਝ ਅਜਿਹੇ ਕਿਸਾਨ ਹਨ ਜਿਨ੍ਹਾਂ 'ਤੇ ਸਿਆਸੀ ਰੰਗ ਚੜ੍ਹਿਆ ਹੋਇਆ ਹੈ, ਉਹ ਆੜ੍ਹਤੀਆਂ ਤੋਂ ਵੱਡੀਆਂ-ਵੱਡੀਆਂ ਰਕਮਾਂ ਲਈ ਬੈਠੇ ਹਨ ਜੋ ਉਹ ਵਾਪਸ ਨਹੀਂ ਕਰ ਰਹੇ। ਆੜ੍ਹਤੀਏ ਨੂੰ ਉਹ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਅਜਿਹੇ ਕਰਜ਼ੇ ਕਰੋੜਾਂ ਤੱਕ ਪਹੁੰਚ ਗਏ ਹਨ। ਇੱਥੋਂ ਤੱਕ ਕਿ ਕਈ ਆੜ੍ਹਤੀਏ ਤਾਂ ਅਤਿ ਦੁਖੀ ਹਨ ਅਤੇ ਜੇ ਉਨ੍ਹਾਂ ਨੂੰ ਕੋਈ ਹੋਰ ਰੁਜ਼ਗਾਰ ਮਿਲ ਜਾਵੇ ਤੇ ਉਨ੍ਹਾਂ ਦਾ ਪੈਸਾ ਵਾਪਸ ਹੋ ਜਾਵੇ ਤਾਂ ਉਹ ਇਸ ਪੇਸ਼ੇ ਨੂੰ ਤਰਕ ਕਰਨ ਨੂੰ ਵੀ ਤਿਆਰ ਹਨ। ਕੁਝ ਆੜ੍ਹਤੀਏ ਕੁਝ ਕਿਸਾਨਾਂ ਨਾਲ ਆਪਣਾ ਪੁਰਾਣਾ ਰਿਸ਼ਤਾ ਦੇਖਦੇ ਹੋਏ, ਉਨ੍ਹਾਂ ਦੀਆਂ ਕਿਸ਼ਤਾਂ ਬੈਂਕਾਂ ਤੇ ਸਹਿਕਾਰੀ ਸਭਾਵਾਂ 'ਚ ਮੋੜਨ ਲਈ ਵੀ ਸਹਾਇਤਾ ਦੇ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ 3 ਪ੍ਰਤੀਸ਼ਤ ਦੀ ਸੂਦ ਵਿਚ ਛੂਟ ਮਿਲ ਜਾਵੇ। ਇਸ ਤਰ੍ਹਾਂ ਆੜ੍ਹਤੀਆ ਕਿਸਾਨ ਦਾ ਮਿੱਤਰ ਵੀ ਕਿਹਾ ਜਾਂਦਾ ਹੈ ਜਦੋਂ ਕਿ ਉਸ ਨੂੰ ਕਿਸਾਨਾਂ ਦਾ ਖੂਨ ਚੂਸਕ ਤੱਕ ਵੀ ਕਹਿ ਕੇ ਨਿੰਦਿਆ ਗਿਆ ਹੈ। ਫਿਰ ਆੜ੍ਹਤੀਏ ਨੂੰ ਵਿਚੋਲਾ ਕਹਿ ਕੇ ਵੀ ਨਿੰਦਿਆ ਜਾਂਦਾ ਹੈ। ਜਦੋਂ ਕਿ ਉਹ ਕਿਸਾਨਾਂ ਦੀ ਫ਼ਸਲ ਦੀ ਮੰਡੀ 'ਚ ਸਾਂਭ ਸੰਭਾਲ ਕਰਦਾ ਹੈ। ਜੇ ਕੋਈ ਕਿਸਾਨ ਗਿੱਲੀ ਫ਼ਸਲ ਲੈ ਆਉਂਦਾ ਹੈ, ਉਸ ਨੂੰ ਸੁਕਾ ਕੇ ਉਸ ਦਾ ਮੰਡੀਕਰਨ ਕਰਦਾ ਹੈ। ਫਿਰ ਕਿਸਾਨ ਦਾ ਖਾਣ ਪੀਣ ਤੇ ਆਰਾਮ ਵੀ ਦੇਖਦਾ ਹੈ। ਜਿਸ ਲਈ ਉਹ 2.5 ਪ੍ਰਤੀਸ਼ਤ ਆੜ੍ਹਤ ਹੀ ਲੈਂਦਾ ਹੈ।
ਜਿਨ੍ਹਾਂ ਆੜ੍ਹਤੀਆਂ ਨੇ ਖੇਤੀ ਸਮੱਗਰੀ ਦੀਆਂ ਦੁਕਾਨਾਂ ਵੀ ਖੋਲ੍ਹ ਰੱਖੀਆਂ ਹਨ ਅਤੇ ਚਿੱਟ ਸਿਸਟਮ ਚਲਦਾ ਹੈ, ਉਸ ਵਿਚ ਕਿਸਾਨਾਂ ਦੀ ਲੁੱਟ ਜ਼ਰੂਰ ਕੀਤੀ ਜਾਂਦੀ ਹੈ। ਜੋ ਨਿੰਦਣਯੋਗ ਹੈ ਅਤੇ ਜਿਸ ਨੂੰ ਕਾਨੂੰਨਨ ਖ਼ਤਮ ਕਰਨਾ ਚਾਹੀਦਾ ਹੈ। ਹੁਣ ਤਾਂ ਕੁਝ ਵੱਡੇ-ਵੱਡੇ ਕਿਸਾਨਾਂ ਨੇ ਵੀ ਆੜ੍ਹਤ ਦੀਆਂ ਦੁਕਾਨਾਂ ਖ੍ਹੋਲ ਲਈਆਂ। ਜਿਨ੍ਹਾਂ 'ਤੇ ਉਹ ਆਪਣੀ ਫ਼ਸਲ ਵੀ ਵੇਚਦੇ ਹਨ ਅਤੇ ਹੋਰ ਗੁਆਂਢੀਆਂ ਤੇ ਰਿਸ਼ਤੇਦਾਰਾਂ ਅਤੇ ਮਿਲਣ ਜੁਲਣ ਵਾਲੇ ਕਿਸਾਨਾਂ ਦੀ ਫ਼ਸਲ ਦਾ ਵੀ ਮੰਡੀਕਰਨ ਕਰਦੇ ਹਨ। ਉਹ ਵੀ ਆੜ੍ਹਤੀਏ ਹੀ ਕਹਾਉਂਦੇ ਹਨ। ਪ੍ਰੰਤੂ ਉਨ੍ਹਾਂ ਕੋਲ ਏਨੀ ਫ਼ਸਲ ਦੀ ਆਮਦ ਨਹੀਂ ਜਿੰਨੀ ਰਵਾਇਤੀ ਆੜ੍ਹਤੀਆਂ ਕੋਲ। ਭਾਵੇਂ ਦਿਨੋ ਦਿਨ ਉਹ ਮਜ਼ਬੂਤ ਹੋ ਰਹੇ ਹਨ।
ਜੋ ਆੜ੍ਹਤੀਆਂ ਨੂੰ ਖ਼ਤਮ ਕਰਨ ਸਬੰਧੀ ਗੱਲ ਚੱਲ ਰਹੀ ਹੈ। ਕੀ ਖਰੀਦ ਏਜੰਸੀ ਹਰ ਮੰਡੀ 'ਚ ਆਪਣੀਆਂ ਦੁਕਾਨਾਂ ਖੋਲ੍ਹੇਗੀ। ਸਿੱਧੀ ਫ਼ਸਲ ਦੀ ਖਰੀਦ ਕਿਸਾਨਾਂ ਦੇ ਖੇਤਾਂ ਤੋਂ ਕੀਤੀ ਜਾਣੀ ਤਾਂ ਮੁਸ਼ਕਿਲ ਹੈ। ਮੰਡੀ ਵਿਚ ਕੋਈ ਕਿਸਾਨ ਦਾ ਠਿਕਾਣਾ ਤੇ ਫ਼ਸਲ ਸੁੱਟਣ ਦੀ ਥਾਂ ਬਣਾਉਣੀ ਪਵੇਗੀ ਜਾਂ ਫਿਰ ਵੇਅਰਹਾਊਸ ਹੋਣ ਜੋ ਤੁਰੰਤ ਬਣਾਉਣੇ ਸੰਭਵ ਨਹੀਂ।


-ਮੋਬਾਈਲ : 98152-36307

ਆਪੋ-ਆਪਣਾ ਵਿਰਸਾ

ਹਰ ਖਿੱਤੇ ਦੇ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਸੱਭਿਆਚਾਰ ਅਨੁਸਾਰ ਜੀਵਨ ਜੀਵੇ। ਉਸ ਨੂੰ ਪੁਰਾਣੇ ਵਸਤਰ-ਸ਼ਸਤਰ ਤੇ ਖੁਰਾਕ ਚੰਗੀ ਲੱਗਦੀ ਹੈ। ਉਸ ਨੂੰ ਲੋਕ-ਗੀਤਾਂ ਵਿਚੋਂ ਸਕੂਨ ਮਿਲਦਾ ਹੈ। ਉਸ ਨੂੰ ਪੁਰਾਣੇ ਘਰਾਂ, ਖੇਤਾਂ ਜਾਂ ਜੀਵਾਂ ਵਿਚੋਂ ਮਹਿਕ ਆਉਂਦੀ ਹੈ। ਉਸ ਨੂੰ ਲਗਦਾ ਹੈ ਕਿ ਉਸ ਦਾ ਵਿਰਸਾ ਹੀ ਦੁਨੀਆ ਵਿਚ ਉੱਤਮ ਹੈ, ਕਈ ਤਾਂ ਆਪਣੇ ਵਿਰਸੇ ਨੂੰ ਅਮੀਰ ਵੀ ਕਹੀ ਜਾਂਦੇ ਹਨ। ਪਰ ਕੀ ਅਸੀਂ ਜਾਣਦੇ ਹਾਂ ਕਿ ਕੁੱਲ ਦੁਨੀਆ ਦੇ ਮਨੁੱਖਾਂ ਦੇ ਸੁਭਾਅ, ਖਾਹਿਸ਼ਾਂ, ਸੁਆਦ ਤੇ ਵਿਕਾਰ ਤਕਰੀਬਨ ਇਕੋ ਜਿਹੇ ਹਨ। ਹਰ ਕਿਸਮ ਦੇ ਚੰਗੇ, ਸਾਊ, ਇਮਾਨਦਾਰ, ਬੇਈਮਾਨ, ਠੱਗ, ਚੁਸਤ ਜਾਂ ਜਾਹਲ ਆਦਿ ਕਿਸਮਾਂ ਦੇ ਲੋਕ ਹਰ ਖਿੱਤੇ ਜਾਂ ਕੌਮਾਂ ਵਿਚ ਹੁੰਦੇ ਹਨ। ਹੋਰ ਤਾਂ ਹੋਰ ਵਿਰਾਸਤੀ ਵਸਤਰਾਂ ਦੇ ਰੰਗ ਤੇ ਮੂਲ ਆਕਾਰ ਵੀ ਮਿਲਦੇ-ਜੁਲਦੇ ਹੁੰਦੇ ਹਨ। ਇਹ ਤਾਂ ਸ਼ਕਲਾਂ ਤੋਂ ਹੀ ਪਤਾ ਲਗਦਾ ਹੈ ਕਿ ਕੌਣ ਕਿੱਥੋਂ ਦਾ ਹੈ। ਗੀਤ-ਸੰਗੀਤ ਦੇ ਵਿਸ਼ੇ ਤੱਕ ਇਕੋ ਜਿਹੇ ਹੁੰਦੇ ਹਨ। ਦੁਨੀਆ ਦੀਆਂ ਭਾਸ਼ਾਵਾਂ ਵਿਚ ਵੀ ਚੌਥਾ ਹਿੱਸਾ ਵਸਤੂ ਉਚਾਰਨ ਮਿਲਦਾ-ਜੁਲਦਾ ਹੁੰਦਾ ਹੈ। ਅਸਲ ਵਿਚ ਥੋੜ੍ਹੀ ਬਹੁਤ ਵਿਲੱਖਣਤਾ ਨਾਲ ਸਾਰੀ ਮਨੁੱਖਤਾ ਕੁਦਰਤ ਨੇ ਇਕੋ ਜਿਹੀ ਬਣਾਈ ਹੈ। ਬਸ ਇਹ ਗ਼ੈਰ-ਜ਼ਰੂਰੀ ਵੰਡੀਆਂ ਹੀ ਮਨੁੱਖ ਦੀ ਡੱਡੂ ਸੋਚ ਨੇ ਪਾਈਆਂ ਹਨ। -

ਮੋਬਾ: 98159-45018

ਮੁੱਕ ਗਿਆ ਜੇ ਪਾਣੀ

* ਮੱਖਣ ਸਿੰਘ ਗਿੱਲ *

ਮੁੱਕ ਗਿਆ ਜੇ ਪਾਣੀ ਤਾਂ ਹੋਜੂ ਖ਼ਤਮ ਕਹਾਣੀ ਜੀ,
ਆ ਜਾਓ ਰਲਕੇ ਆਪਾਂ ਸਾਰੇ ਸਾਂਭੀਏ ਪਾਣੀ ਜੀ।
ਪਾਣੀ ਵਾਲੀਆਂ ਫ਼ਸਲਾਂ ਲਈ ਕੱਢੀਏ ਰਾਹ ਨਿਰਾਲਾ ਜੀ,
ਇਕ-ਇਕ ਉਪਰਾਲਾ ਕਰ ਦੇਊ ਸਾਡਾ ਜੀਣ ਸੁਖਾਲਾ ਜੀ।
ਛੋਟੀਆਂ-ਛੋਟੀਆਂ ਗੱਲਾਂ ਨਾਲ ਬਣ ਜਾਵੇ ਨਵੀਂ ਕਹਾਣੀ ਜੀ।
ਆ ਜਾਓ ਰਲ ਕੇ ਆਪਾਂ...।

ਪਹਿਲਾਂ ਪਾਣੀ ਜੀਓ ਦਾਂ ਗੁਰਾਂ ਦਿੱਤਾ ਹੋਕਾ ਸੀ,
ਦੂਰ ਮਨਾਂ 'ਚੋਂ ਸਾਡੇ ਉਨ੍ਹਾਂ ਕੀਤਾ ਸੋਕਾ ਜੀ।
ਹਾਲਤ ਹੋ ਗਈ ਮਾੜੀ ਫਸ ਗਈ ਤੰਦ ਜੋ ਤਾਣੀ ਜੀ।
ਆ ਜਾਓ ਰਲ ਕੇ ਆਪਾਂ...।

ਪਾਣੀ ਨਾਲ ਹੀ ਸਾਰਾ ਜੀਵਨ ਪਾਣੀ ਨਾਲ ਬਹਾਰਾਂ ਨੇ.
ਪਾਣੀ ਨਾਲ ਹੀ ਜੰਗਲ ਬੇਲੇ ਪਾਣੀ ਨਾਲ ਗੁਲਜ਼ਾਰਾਂ ਨੇ।
ਪਾਣੀ ਨਾਲ ਹੀ ਉਤਪੰਨ ਹੋਇਆ ਕੀ ਰਾਜਾ ਕੀ ਰਾਣੀ ਜੀ।
ਆ ਜਾਓ ਰਲ ਕੇ ਆਪਾਂ...।

ਪਾਣੀ ਵਰਗਾ ਸੱਚਾ ਸੁੱਚਾ ਹੋਰ ਕੋਈ ਸਰਮਾਇਆ ਨਹੀਂ।
ਬਿਨ ਪਾਣੀ ਕੋਈ ਜੀਵਨ ਹੋਊ ਇਹ ਕਿਸੇ ਫੁਰਮਾਇਆ ਨਹੀਂ।
ਖੁੱਸ ਜਾਣੇ ਲੱਖਾਂ ਜੀਵ ਤੇ ਜੰਤੂ ਖੁੱਸ ਗਏ ਕਈ ਪ੍ਰਾਣੀ ਜੀ।
ਆ ਜਾਓ ਰਲ ਕੇ ਆਪਾਂ...।

ਹੁਣ ਤਾਂ ਸਾਰੇ ਫ਼ਰਜ਼ ਪਛਾਣੋਂ ਸੋਚ ਨਵੀਂ ਅਪਣਾ ਲਈਏ।
ਛੱਡ ਕੇ ਸੌੜੀ ਸੋਚ ਦੇ ਤਾਈਂ ਰਾਹ ਨਵੇਂ ਬਣਾ ਲਈਏ।
'ਗਿੱਲ' ਕੱਢ ਕੇ ਰੱਖਣੀ ਪੈਣੀ ਪਾਣੀ ਵਿਚੋਂ ਮਧਾਣੀ ਜੀ।
ਆ ਜਾਓ ਰਲ ਕੇ ਆਪਾਂ...।


-ਸੰਤੂ ਨੰਗਲ (ਅੰਮ੍ਰਿਤਸਰ)। ਮੋਬਾਈਲ : 98144-16722.

ਝੋਨੇ ਦੇ ਵਧੇਰੇ ਝਾੜ ਲਈ ਹਾਨੀਕਾਰਕ ਕੀੜਿਆਂ ਦਾ ਸੁਚੱਜਾ ਪ੍ਰਬੰਧ ਕਰੋ

2. ਪੱਤਾ ਲਪੇਟ ਸੁੰਡੀ: ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ 'ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਖੇਤ ਵਿਚ ਚੱਲਣ ਨਾਲ ਬੂਟੇ ਹਿੱਲਣ 'ਤੇ ਇਹ ਪਤੰਗੇ ਤੇਜ਼ੀ ਨਾਲ ਉੱਡ ਕੇ ਲਾਗਲੇ ਬੂਟਿਆਂ 'ਤੇ ਬੈਠਦੇ ਰਹਿੰਦੇ ਹਨ। ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇਕ-ਇਕ ਜਾਂ ਦੋ-ਦੋ ਕਰਕੇ ਅੰਡੇ ਦਿੰਦੇ ਹਨ। ਇਨਾਂ੍ਹ 'ਚੋਂ ਨਿਕਲੀਆਂ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆਂ ਹਨ ਪਰ ਵੱਡੀਆ ਹੋਣ 'ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁਖ਼ ਲਪੇਟ ਲੈਂਦੀਆਂ ਹਨ ਅਤੇ ਅੰਦਰੋਂ ਹਰਾ ਮਾਦਾ ਖਾਂਦੀਆਂ ਰਹਿੰਦੀਆਂ ਹਨ। ਹਮਲੇ ਵਾਲੇ ਬੂਟਿਆਂ ਦੇ ਪੱਤਿਆਂ 'ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਅਤੇ ਉਹ ਜਾਲੀਦਾਰ ਲੱਗਣ ਲੱਗ ਜਾਂਦੇ ਹਨ । ਇਸ ਕੀੜੇ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ।
ਰੋਕਥਾਮ: ੳ) ਰੋਕਥਾਮ ਦੇ ਆਮ ਢੰਗ: ਫ਼ਸਲ ਦੇ ਨਿਸਰਣ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ 'ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ 'ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇਕ ਸਿਰੇ ਤੋਂ ਦੂਸਰੇ ਸਿਰੇ 'ਤੇ ਜਾਓ ਅਤੇ ਫਿਰ ਉਨ੍ਹੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਅ) ਖਾਦਾਂ ਦੀ ਸਹੀ ਵਰਤੋਂ: ਨਾਈਟਰੋਜਨ ਤੱਤ ਵਾਲੀਆਂ ਖਾਦਾਂ ਵੱਧ ਪਾਉਣ ਨਾਲ ਇਸ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ।
ੲ) ਰਸਾਇਣਕ ਰੋਕਥਾਮ: ਖੇਤ ਵਿਚ ਖੜ੍ਹੀ ਫ਼ਸਲ 'ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇ ਤਾਂ ਸਿਫਾਰਸ਼ ਕਿਸੇ ਇਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
3. ਬੂਟਿਆਂ ਦੇ ਟਿੱਡੇ: ਪੰਜਾਬ ਵਿਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਬੂਟਿਆਂ ਦੇ ਮੁੱਢ ਉਪਰਲੇ ਪੱਤਿਆਂ ਦੇ ਖੋਲਾਂ ਵਿਚ ਅੰਡੇ ਦਿੰਦੇ ਹਨ। ਬੱਚੇ ਅਤੇ ਬਾਲਗ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ ਬੂਟੇ ਦੇ ਪੱਤੇ ਉਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ 'ਤੇ ਕਾਲੀ ਉਲੀ ਵੀ ਲੱਗ ਜਾਂਦੀ ਹੈ।
ਰੋਕਥਾਮ: ਖਾਦਾਂ ਦੀ ਸਹੀ ਵਰਤੋਂ: ਵੱਧ ਨਾਈਟਰੋਜਨ ਖਾਦ ਪਾਉਣ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ। ਸੋ, ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ।
ਚੇਤਾਵਨੀਆਂ
ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ, ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ 'ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ।
ਜੇ ਕੀੜੇ ਦਾ ਹਮਲਾ ਦੌਗੀਆਂ/ ਧੌੜੀਆਂ ਵਿਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੌੜੀਆਂ ਉਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ 'ਤੇ ਕਰੋ, ਕਿੳਂੁਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ 'ਤੇ ਹੀ ਹੁੁੰਦੀ ਹੈ।
ਮਿਥੇ 'ਆਰਥਿਕ ਕਗਾਰ' ਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਵਿਚੋਂ ਕਿਸੇ ਇਕ ਦੀ ਵਰਤੋਂ ਕਰਕੇ ਇਨ੍ਹਾਂ ਦੀ ਰੋਕਥਾਮ ਕਰੋ, ਨਹੀਂ ਤਾਂ ਇਨ੍ਹਾਂ ਦੀ ਗਿਣਤੀ 'ਤੇ ਹਮਲਾ ਵਧਦਾ ਰਹਿੰਦਾ ਹੈੈ ਅਤੇ ਫ਼ਸਲ ਵੱਡੀ ਹੋਣ 'ਤੇ ਛਿੜਕਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਖੇਤੀ ਜ਼ਹਿਰਾਂ ਦੀ ਬੇਲੋੜੀ ਵਰਤੋਂ, ਨਾ ਕੇਵਲ ਸਮੱਸਿਆ ਨੂੰ ਵਧਾਉਂਦੀ ਹੈ, ਬਲਕਿ ਖੇਤੀ ਲਾਗਤਾਂ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵੀ ਵਧਾਉਂਦੀ ਹੈ। ਇਸ ਲਈ ਝੋਨੇ ਦੀ ਸਫ਼ਲ ਕਾਸ਼ਤ ਲਈ ਸਰਬਪੱਖੀ ਕੀਟ ਪ੍ਰਬੰਧਨ ਨੂੰ ਅਪਣਾਇਆ ਜਾਵੇ ਤਾਂ ਜੋ ਕੀਟਨਾਸ਼ਕਾਂ ਅਤੇ ਖਾਦਾਂ ਦੀ ਸੀਮਤ ਵਰਤੋਂ ਨਾਲ ਵਧੇਰੇ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ।


-ਮੋਬਾਈਲ : 98159-02788

ਅਗਸਤ ਮਹੀਨੇ ਦੇ ਰੁਝੇਵੇਂ

ਸ਼ਹਿਦ ਦੀਆਂ ਮੱਖੀਆਂ ਪਾਲਣਾ : ਕਟੁੰਬਾਂ ਦਾ ਨਿਰੀਖਣ ਤੇਜ਼ੀ ਨਾਲ ਕਰੋ। ਜੇ ਖੁਰਾਕ ਦੀ ਘਾਟ ਹੋਵੇ ਅਤੇ ਬਾਹਰੋਂ ਖੁਰਾਕ ਦੀ ਆਮਦ ਦੀ ਅਣਹੋਂਦ ਦੀ ਸੂਰਤ ਵਿਚ ਇਕ ਹਿੱਸਾ ਖੰਡ ਅਤੇ ਇਕ ਹਿੱਸਾ ਪਾਣੀ ਦਾ ਘੋਲ ਬਣਾ ਕੇ ਸ਼ਾਮ ਵੇਲੇ ਸਾਰੇ ਕਟੁੰਬਾਂ ਨੂੰ ਖੁਰਾਕ ਵਜੋਂ ਦਿਓ। ਤਰਜੀਹ ਦੇ ਤੌਰ 'ਤੇ ਇਹ ਫੀਡ ਡਵੀਜ਼ਨ ਬੋਰਡ ਫੀਡਰ ਰਾਹੀਂ ਜਾਂ ਸਿੱਧਿਆਂ ਹੀ ਖਾਲੀ ਬਣੇ ਹੋਏ ਛੱਤਿਆਂ ਵਿਚ ਦਿਓ। ਰੋਬਿੰਗ ਤੋਂ ਬਚਣ ਅਤੇ ਲੋੜ ਪੈਣ 'ਤੇ ਇਸ ਦੇ ਰੋਕਣ ਦੇ ਉਪਰਾਲੇ ਕਰੋ। ਬਰੂਡ ਦੇ ਵਾਧੇ ਲਈ ਪੀ.ਏ.ਯੂ. ਪਰਾਗ ਬਦਲ (ਪੋਲਣ ਸਬਸਟੀਚਿਊਟ/ਸਪਲੀਮੈਂਟ) ਖੁਰਾਕ ਦਿਓ। ਕਟੁੰਬਾਂ ਨੂੰ ਮੋਮੀ ਕੀੜੇ, ਕਾਲੇ ਕੀੜੇ, ਦੰਦਈਏ ਅਤੇ ਹਰੀ ਚਿੜੀਆਂ ਦੇ ਹਮਲੇ ਤੋਂ ਬਚਾਓ। ਵਾਧੂ ਸਟੋਰ ਕੀਤੇ ਛੱਤਿਆਂ ਨੂੰ ਮੋਮੀ ਕੀੜੇ ਦੇ ਹਮਲੇ ਤੋਂ ਬਚਾਉਣ ਦੇ ਉਪਰਾਲੇ ਕਰੋ। ਕਮਜ਼ੋਰ, ਰਾਣੀ-ਰਹਿਤ ਅਤੇ ਲੇਇੰਗ ਵਰਕਰ ਕਟੁੰਬਾਂ ਨੂੰ ਸਬੰਧਿਤ ਤਰੀਕੇ ਅਨੁਸਾਰ ਰਾਣੀ ਵਾਲੇ ਕਟੁੰਬਾਂ ਨਾਲ ਮਿਲਾਓ। ਕਟੁੰਬਾਂ ਨੂੰ ਉੱਚੇ ਸਟੈਂਡਾਂ ਉੱਤੇ ਹੀ ਰੱਖੋ ਅਤੇ ਥੋੜ੍ਹਾ ਜਿਹਾ ਮੂਹਰਲੇ ਪਾਸੇ ਝੁਕਾ ਕੇ ਰੱਖੋ ਤਾਂ ਕਿ ਮੀਂਹ ਦਾ ਪਾਣੀ ਕਟੁੰਬਾਂ ਦੇ ਅੰਦਰ ਵੜ ਅਤੇ ਖੜੋ ਨਾ ਸਕੇ। ਕਟੁੰਬਾਂ ਨੂੰ ਇਸ ਮੌਸਮ ਵਿਚ ਨੀਵੀਂ ਜਗ੍ਹਾ 'ਤੇ ਨਾ ਛੱਡੋ, ਸਗੋਂ ਉੱਚੀ ਜਗ੍ਹਾ 'ਤੇ ਰੱਖੋ। ਕਟੁੰਬਾਂ ਦੇ ਹੇਠੋਂ ਅਤੇ ਆਸੇ-ਪਾਸਿਓਂ ਨਦੀਨਾਂ ਨੂੰ ਸਾਫ਼ ਕਰਦੇ ਰਹੋ। ਅੰਦਰਲੇ ਢੱਕਣ ਦੀ ਜਾਲੀ ਦੇ ਸੁਰਾਖ ਪ੍ਰੋਪੋਲਿਸ ਨਾਲ ਬੰਦ ਨਹੀਂ ਹੋਣੇ ਚਾਹੀਦੇ, ਸਗੋਂ ਬਿਲਕੁਲ ਸਾਫ਼ ਹੋਣੇ ਚਾਹੀਦੇ ਹਨ।
ਮੁਰਗੀ ਪਾਲਣ : ਗਰਮੀਆਂ ਦੇ ਮੌਸਮ ਵਿਚ ਮੁਰਗੀਆਂ ਦੀ ਖੁਰਾਕ ਵਿਚ 15-20 ਫੀਸਦੀ ਤੱਕ ਪ੍ਰੋਟੀਨ, ਵਿਟਾਮਿਨ ਅਤੇ ਧਾਤਾਂ ਵਧਾ ਦੇਣੇ ਚਾਹੀਦੇ ਹਨ। ਖੁਰਾਕ ਨੂੰ 15 ਦਿਨਾਂ ਤੋਂ ਵੱਧ ਸਟੋਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਉੱਲੀ ਲੱਗ ਸਕਦੀ ਹੈ। ਮੁਰਗੀਆਂ ਹੇਠਲੀ ਸੁੱਕ ਨੂੰ ਸਿੱਲ੍ਹਾ ਨਹੀਂ ਹੋਣ ਦੇਣਾ ਚਾਹੀਦਾ। ਸੋ, ਸੁੱਕ ਨੂੰ ਹਫਤੇ ਵਿਚ 2-3 ਵਾਰੀ ਹਿਲਾਉਂਦੇ ਰਹਿਣਾ ਚਾਹੀਦਾ ਹੈ। ਮੁਰਗੀਆਂ ਦੀ ਸਿਹਤ ਦਾ ਇਸ ਮੌਸਮ ਵਿਚ ਖਾਸ ਖਿਆਲ ਰੱਖੋ। ਉਨ੍ਹਾਂ ਨੂੰ ਤਾਜ਼ਾ ਅਤੇ ਸਾਫ਼ ਪਾਣੀ ਦਿਓ। ਜੇ ਮੁਰਗੀਆਂ ਵਿਚ ਕੋਈ ਬਿਮਾਰੀ ਜਾਂ ਆਂਡਿਆਂ ਵਿਚ ਗਿਰਾਵਟ ਆਵੇ ਤਾਂ ਮਾਹਿਰ ਨਾਲ ਸੰਪਰਕ ਕਰੋ।
ਸ਼ੈੱਡ ਹਵਾਦਾਰ ਹੋਣੇ ਚਾਹੀਦੇ ਹਨ। ਇਸ ਕੰਮ ਲਈ ਛੱਤ ਵਾਲੇ ਪੱਖੇ ਜਾਂ ਹਵਾ ਬਾਹਰ ਸੁੱਟਣ ਵਾਲੇ ਪੱਖਿਆਂ ਦੀ ਮਦਦ ਲੈਣੀ ਚਾਹੀਦੀ ਹੈ। ਮੱਖੀਆਂ ਉੱਪਰ ਕਾਬੂ ਪਾਉਣਾ ਚਾਹੀਦਾ ਹੈ, ਖਾਸ ਕਰਕੇ ਪਿੰਜਰੇ ਘਰਾਂ ਵਿਚ।


ਸੰਯੋਜਕ : ਅਮਰਜੀਤ ਸਿੰਘ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX