ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹੋਰ ਖ਼ਬਰਾਂ..

ਦਿਲਚਸਪੀਆਂ

ਕੁਰਸੀ

1947 ਦੀ ਵੰਡ ਸਮੇਂ ਲਹਿੰਦੇ ਪੰਜਾਬ ਵਿਚੋਂ ਚੜ੍ਹਦੇ ਪੰਜਾਬ ਵੱਲ ਆਇਆ ਬਚਨਾ ਆਪਣੀ ਪਤਨੀ ਕਰਮੀ ਨਾਲ ਥਾਂ-ਥਾਂ ਧੱਕੇ-ਠੇਡੇ ਖਾਂਦਾ, ਲੁੱਟਿਆ-ਪੁੱਟਿਆ, ਫਟੇ-ਪੁਰਾਣੇ ਤਨ ਦੇ ਕੱਪੜਿਆਂ ਵਿਚ ਇੱਕ ਛੋਟੇ ਜਿਹੇ ਪਿੰਡ ਵਿਚ ਆ ਠਹਿਰਿਆ | ਉਸ ਪਿੰਡ ਦੇ ਲੋਕਾਂ ਨੇ ਤਰਸ ਖਾ ਕੇ ਪਿੰਡ ਵਿਚ ਹੀ ਵੰਡ ਵੇਲੇ ਦੇ ਖਾਲੀ ਹੋਏ ਇਕ ਘਰ ਵਿਚ ਉਸ ਨੂੰ ਪਨਾਹ ਦੇ ਦਿੱਤੀ | ਰਲ ਮਿਲ ਕੇ ਕੁਝ ਦਿਨ ਦਾ ਅੰਨਦਾਣਾ ਵੀ ਪਾ ਦਿੱਤਾ | ਕਿਸੇ ਤਕਨੀਕੀ ਕੰਮ ਦੀ ਜਾਣਕਾਰੀ ਨਾ ਹੋਣ ਕਰਕੇ ਮਿਹਨਤ-ਮਜ਼ਦੂਰੀ ਕਰਦਾ ਪਿੰਡ ਵਿਚ ਵਿਆਹਾਂ ਦਾ ਕੰਮ ਕਰਨ ਲੱਗ ਪਿਆ | ਇਸੇ ਮਿਹਨਤ ਮਜ਼ਦੂਰੀ ਨਾਲ ਘਰ ਦਾ ਗੁਜ਼ਰ-ਬਸਰ ਚਲਣ ਲੱਗ ਪਿਆ ਸੀ | ਉਸ ਦੀ ਪਤਨੀ ਵੀ ਉੁਸ ਦਾ ਚੰਗਾ ਸਾਥ ਦਿੰਦੀ | ਪਿੰਡ ਵਿਚ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਕਹਿੰਦਾ, ਬਚਨਾ ਝੱਟ ਕਰ ਦਿੰਦਾ | ਕੋਈ ਮਿਹਨਤਾਨਾ ਦਿੰਦਾ ਕੋਈ ਨਾ ਦਿੰਦਾ, ਕੋਈ ਹੱਲਾਸ਼ੇਰੀ ਦੇ ਦਿੰਦਾ ਤੇ ਕੋਈ ਦਬਕਾ ਵੀ ਮਾਰ ਦਿੰਦਾ | ਲੈ ਦੇ ਕੇ ਪਰਿਵਾਰਕ ਹਾਲਤ ਤਰਸਯੋਗ ਹੀ ਸੀ | ਸਮਾਜਿਕ ਮਾਣ-ਤਾਣ ਨਾ-ਮਾਤਰ ਹੀ ਸੀ |
ਪਿੰਡ ਦੇ ਕਿਸੇ ਸਲਾਹ-ਮਸ਼ਵਰੇ ਵਿਚ ਉਸ ਦੀ ਕੋਈ ਸੱਦ-ਪੁੱਛ ਨਹੀਂ ਸੀ | ਜਦ ਕਿਤੇ ਪੰਚਾਇਤ ਜੁੜਦੀ, ਬਚਨਾ ਉਸ ਵਿਚ ਜਾਂਦਾ ਜ਼ਰੂਰ ਪਰ ਹਾਲ ਅਜਿਹਾ ਸੀ ਕਿ ਸਭ ਕੁਰਸੀਆਂ-ਮੰਜਿਆਂ 'ਤੇ ਬੈਠੇ ਹੁੰਦੇ ਤੇ ਬਚਨਾ ਭੁੰਜੇ ਹੀ ਬੈਠਾ ਹੁੰਦਾ ਜਾਂ ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਦਾ ਹੀ ਨਜ਼ਰ ਆਉਂਦਾ | ਉਹ ਇਸ ਪਿੰਡ ਦਾ ਅਹਿਸਾਨ ਵੀ ਮੰਨਦਾ ਸੀ ਕਿ ਇਸ ਪਿੰਡ ਨੇ ਉਸਨੂੰ ਘਰ ਤੇ ਰੁਜ਼ਗਾਰ ਦਿੱਤਾ ਸੀ |
ਜਸਦੇਵ, ਬਚਨੇ-ਕਰਮੀ ਦਾ ਬੇਟਾ ਹੁਣ ਜਵਾਨ ਹੋ ਗਿਆ ਸੀ | ਊਚ-ਨੀਚ ਸਮਝਣ ਜੋਗਾ ਹੋ ਗਿਆ ਸੀ | ਸਿਹਤ ਤੋਂ ਚੰਗਾ, ਪੜ੍ਹਾਈ ਵਿਚ ਅੱਵਲ ਰਹਿਣ ਵਾਲਾ, ਖੇਡਾਂ ਵਿਚ ਵੀ ਚੰਗਾ ਨਿਕਲਿਆ | ਬਚਨੇ ਨੂੰ ਉਸ ਦੀਆਂ ਸਭ ਪਾਸਿਓਾ ਸਿਫਤਾਂ ਹੀ ਮਿਲਦੀਆਂ ਸਨ | ਇਸੇ ਕਰਕੇ ਅੱਤ ਦੀ ਗ਼ਰੀਬੀ ਵਿਚ ਵੀ ਬਚਨੇ ਨੇ ਜਸਦੇਵ ਨੂੰ ਪੜ੍ਹਾਈ ਲਈ ਤੋਰੀ ਰੱਖਿਆ |
ਭਰੀ ਪੰਚਾਇਤ ਵਿਚ ਜਾਂ ਹੋਰ ਕੰਮਾਂ ਵਿਚ ਜਸਦੇਵ ਜਦ ਆਪਣੇ ਬਾਪ ਨੂੰ ਹੇਠਾਂ ਬੈਠੇ ਦੇਖਦਾ ਜਾਂ ਵਗਾਰਾਂ ਕਰਦੇ ਦੇਖਦਾ ਤਾਂ ਕਈ ਵਾਰ ਪਿਉ-ਪੁੱਤ ਦੀਆਂ ਨਜ਼ਰਾਂ ਮਿਲ ਕੇ ਨੀਵੀਆਂ ਹੋ ਜਾਂਦੀਆਂ | ਘਰ ਆ ਕੇ ਕਦੇ ਗੱਲਬਾਤ ਕਦੇ ਥੋੜਾ ਬਹਿਸ-ਮੁਬਾਹਿਸਾ ਵੀ ਹੋ ਜਾਂਦਾ | ਅੰਦਰੋਂ ਦੋਵੇਂ ਪਿਉ-ਪੁੱਤ ਅਜਿਹੀ ਸਮਾਜਿਕ ਦਸ਼ਾ 'ਤੇ ਖਿਝ-ਖਿਝ ਜਾਂਦੇ ਸਨ | ਬਚਨਾ ਆਪਣੇ ਪੁੱਤ ਜਸਦੇਵ ਨੂੰ ਸਮਝਾਉਂਦਾ ਕਿ ਪੁੱਤ ਪੜ੍ਹਦਾ ਜਾਹ, ਦਿਨ ਜ਼ਰੂਰ ਬਦਲਣਗੇ |
ਚੰਗੀ ਪੜ੍ਹਾਈ ਤੇ ਚੰਗੀ ਸਿਹਤ ਦਾ ਨਤੀਜਾ ਹੀ ਸੀ ਕਿ ਜਸਦੇਵ ਇੰਸਪੈਕਟਰ ਭਰਤੀ ਹੋ ਗਿਆ | ਬਚਨੇ ਤੇ ਕਰਮੀ ਦੇ ਵਿਹੜੇ ਵਧਾਈਆਂ ਦਾ ਤਾਂਤਾ ਲੱਗ ਗਿਆ | ਬਚਨਾ ਤੇ ਕਰਮੀ ਦੋਵੇਂ ਫੁੱਲੇ ਨਹੀਂ ਸਮਾ ਰਹੇ ਸਨ, ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਮਨਾ ਰਹੇ ਸਨ |
ਅੱਜ ਟ੍ਰੇਨਿਗ ਤੋਂ ਬਾਅਦ ਜਸਦੇਵ ਪਹਿਲੀ ਵਾਰ ਛੁੱਟੀ ਲੈ ਕੇ ਪਿੰਡ ਆ ਰਿਹਾ ਸੀ, ਪਿੰਡ ਵਿਚ ਜਸ਼ਨ ਵਰਗਾ ਮਾਹੌਲ ਸੀ | ਪਿੰਡ ਦੇ ਪੰਚਾਇਤ ਘਰ ਵਿਚ ਜਸਦੇਵ ਦੇ ਸਨਮਾਨ ਲਈ ਸਭ ਲੋਕ ਜੁੜੇ ਸਨ | ਜਿਥੇ ਬਚਨੇ ਤੇ ਜਸਦੇਵ ਨੂੰ ਬੁਲਾਇਆ ਗਿਆ | ਬਚਨੇ ਦੇ ਮਨ ਵਿਚ ਰਹਿ-ਰਹਿ ਕੇ ਕਈ ਵਿਚਾਰ ਉੱਠ ਰਹੇ ਸਨ | ਦੋਵੇਂ ਪਿਉ-ਪੁੱਤਰਾਂ ਨੇ ਦੇਖਿਆ ਕਿ ਪੰਚਾਇਤ ਘਰ ਵਿਚ ਸਭ ਪਤਵੰਤੇ ਕੁਰਸੀਆਂ ਉਪਰ ਬਿਰਾਜਮਾਨ ਸਨ | ਮੋਹਤਬਰਾਂ ਦੀਆਂ ਕੁਰਸੀਆਂ ਵਿਚ ਦੋ ਕੁਰਸੀਆਂ ਖਾਲੀ ਸਨ ਜਿਨ੍ਹਾਂ ਉੱਪਰ ਬਚਨੇ ਤੇ ਜਸਦੇਵ ਨੂੰ ਬਿਠਾਇਆ ਗਿਆ | ਤਹਿਰੀਰਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ | ਤਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ | ਅੱਜ ਪਹਿਲਾ ਦਿਨ ਸੀ ਜਦ ਦੋਵੇਂ ਪਿਉ-ਪੁੱਤਰ ਮੋਹਤਬਾਰਾਂ ਤੇ ਦੂਜਿਆਂ ਲੋਕਾਂ ਵਿਚ ਬਰਾਬਰ ਕੁਰਸੀਆਂ ਉੱਤੇ ਬੈਠੇ ਸਨ |

-ਜਲੰਧਰ | ਮੋਬਾਈਲ : 9855053839


ਖ਼ਬਰ ਸ਼ੇਅਰ ਕਰੋ

ਤੇਈਆ

ਮਾਸਟਰ ਜੀ ਕੱਲ੍ਹ ਦੀ ਮੈਨੂੰ ਛੁੱਟੀ ਦੇ ਦਿਓ, ਮੈਂ ਸਕੂਲ ਨਹੀਂ ਆਉਣਾ | ਮੇਰੀ ਬੀਬੀ ਕਹਿੰਦੀ ਸੀ ਕਿ ਪੁੱਤ ਤੂੰ ਮਾਸਟਰ ਜੀ ਤੋਂ ਕੱਲ੍ਹ ਦੀ ਛੁੱਟੀ ਲੈ ਆੲੀਂ | ਤੈਨੂੰ ਕੱਲ੍ਹ ਨੂੰ ਬੁਖਾਰ ਚੜ੍ਹਨਾ ਐ | ਮਾਸਟਰ ਜੀ ਨੇ ਬੱਚੇ ਨੂੰ ਡਾਂਟਦਿਆਂ ਕਿਹਾ ਕਿ ਤੇਰੀ ਮਾਂ ਅੰਤਰਜਾਮੀ ਐ ਕਿ ਤੈਨੂੰ ਕੱਲ੍ਹ ਨੂੰ ਬੁਖਾਰ ਹੋਣਾ ਹੈ | ਬੱਚੇ ਨੇ ਡਰਦਿਆਂ-ਡਰਦਿਆਂ ਕਿਹਾ ਮਾਸਟਰ ਜੀ ਮੈਨੂੰ ਕੱਲ੍ਹ ਵੀ ਬਾਹਲਾ ਭੈੜਾ ਬੁਖਾਰ ਚੜਿ੍ਹਆ ਸੀ, ਨਾਲੇ ਐਤਵਾਰ ਵਾਲੇ ਦਿਨ ਚੌਥੇ, ਮੈਂ ਤਾਂ ਨਾਲ ਵਾਲੇ ਡਾਕਟਰ ਤੋਂ ਟੀਕਾ ਵੀ ਲਵਾ ਲਿਆ ਸੀ | ਤੁਹਾਨੂੰ ਕਿੰਨੀ ਵਾਰ ਕਿਹਾ ਬਈ ਮੱਛਰ ਬਹੁਤ ਵਧ ਗਿਆ ਐ ਆਪਣੀ ਬੱਚਤ ਰੱਖਿਆ ਕਰੋ ਮਲੇਰੀਆ, ਡੇਂਗੂ, ਚਿਕਨਗੁਨੀਆ ਦਾ ਪ੍ਰਕੋਪ ਚੱਲ ਰਿਹਾ ਐ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਇਆ ਕਰੋ, ਘਰ ਦੇ ਆਲੇ-ਦੁਆਲੇ ਦੀ ਸਫਾਈ ਰੱਖਿਆ ਕਰੋ, ਪਾਣੀ ਨੂੰ ਹਮੇਸ਼ਾ ਢਕ ਕੇ ਰੱਖਿਆ ਕਰੋ, ਖੜ੍ਹੇ ਪਾਣੀ 'ਤੇ ਮੱਛਰ ਜ਼ਿਆਦਾ ਵਧਦਾ ਹੈ | ਨਹੀਂ, ਮਾਸਟਰ ਜੀ ਮੱਛਰ ਦਾ ਸਾਡੇ ਘਰੇ ਦਾਣਾ ਵੀ ਨਹੀਂ, ਨਾਲੇ ਅਸੀਂ 'ਮੱਛਰਦਾਨੀ' ਲਾ ਕੇ ਸੌਾਦੇ ਆਂ | ਮੇਰਾ ਨਾਨਾ ਫ਼ੌਜੀ ਸੀ, ਉਸ ਨੇ ਸਾਨੂੰ ਕੰਟੀਨ 'ਚੋਂ ਮੱਛਰਦਾਨੀ ਲਿਆ ਕੇ ਦਿੱਤੀ ਸੀ, ਪਿਛਲੇ ਸਾਲ | ਤਾਈ ਪ੍ਰਸਿੰਨੀ ਮੇਰੀ ਬੀਬੀ ਨੂੰ ਕਹਿੰਦੀ ਸੀ, ਕੁੜੇ ਮੰੁਡੇ ਨੂੰ ਕੋਈ ਥੌਲਾ-ਥੱਪਾ ਪਵਾ ਲਿਆ ਜਾਂ ਭਜਨੇ ਅਮਲੀ ਤੋਂ ਪਾਣੀ ਕਰਵਾ ਕੇ ਪਿਆ, ਇਸ ਨੂੰ | ਮੈਨੂੰ ਤਾਂ ਲਗਦਾ ਐ ਜੁਆਕ ਨੂੰ ਕਿਤੇ 'ਤੇਈਆ' ਨਾ ਚੜ੍ਹਦਾ ਹੋਵੇ |

-ਅਜੈਬ ਧਾਲੀਵਾਲ
ਝੁਨੀਰ (ਮਾਨਸਾ) | ਮੋਬਾਈਲ : 98764-40589.

ਗੱਲ ਪਤੇ ਦੀ

ਤੜਕੇ ਖੇਤਾਂ ਵੱਲ ਤੋਰਾ-ਫੇਰਾ ਕਰ ਕੇ ਘਰ ਵੱਲ ਵਾਪਸ ਆ ਰਿਹਾ ਸਾਂ ਕਿ ਨਿਆਈਾ ਵਾਲੇ ਖੇਤ ਕੋਲ ਤਾਇਆ ਗੱਜਣ ਸਿਉਂ ਟੱਕਰ ਗਿਆ | ਮੈਂ ਕਿਹਾ 'ਹੋਰ ਬਈ ਤਾਊ ਕੈਮ ਆ ਸਿਹਤਾਂ, ਕਿੰਨੇ ਲਾ 'ਤੇ ਕਣਕ ਦੇ ਵੱਢ ਨੂੰ ਪਾਣੀ ਫਿਰ |'
ਤਾਏ ਨੇ ਬੜਾ ਹੁੱਬ ਕੇ ਦੱਸਿਆ 'ਭਤੀਜ ਪਾਣੀ ਤਾਂ ਪਹਿਲਾਂ ਕੰਪੂਟਰ ਕਰਾਹਾ ਲਵਾ ਕੇ ਤਿੰਨ ਚਾਰ ਲਾ 'ਤੇ, ਆਹ ਜਦੋਂ ਰਾਤ ਰੋਟੀ ਖਾ ਕੇ ਖੇਤ ਵੱਲ ਆਇਆ ਤਾਂ ਲੈਟ ਚੱਲੀ ਜਾਂਦੀ ਸੀ, ਮੈਂ ਸੋਚਿਆ ਵੀ ਮੋਟਰਾਂ ਵਿਹਲੀਆਂ ਈ ਖੜ੍ਹੀਆਂ, ਚੱਲ ਛੱਡ ਦਿੰਨੇ ਆਂ, ਵਾਹਣ ਹੋਰ ਠੰਢਾ ਹੋਜੂ, ਝੋਨਾ ਨਾ ਮੱਚੂ, ਨਾ ਈ ਹਜੇ ਫੱਕ ਤਿਆਰ ਹੋਈ ਆ, ਨਾਲੇ ਸ਼ੇਰਾ ਮੁਖਤ ਲੈਟ ਐ ਆਪਾਂ ਕਿਹੜਾ ਬਿੱਲ ਭਰਨੈਂ, ਆਹ ਦੇਖ ਸਾਰਾ ਪਟਾ ਇੱਕੋ ਨੱਕੇ ਡੱਟ ਤਾ ਤੜਕੇ ਨੂੰ ' |
ਫਿਰ ਮੈਨੂੰ ਪੁੱਛਣ ਲੱਗਾ ਕਿ 'ਤੂੰ ਕਰਤੇ ਵਾਹਣ ਠੰਢੇ ਕੇ ਨਈਾ' | ਮੈਂ ਕਿਹਾ ਤਾਇਆ ਆਪਾਂ ਤਾਂ ਮੀਂਹ ਦੀ ਗਿੱਲ 'ਤੇ ਈ ਵਾਹ ਦਿੱਤਾ ਸੀ ਸਾਰਾ ਵਾਹਣ, ਹੁਣ ਐਵੇਂ ਪਾਣੀ ਦੀ ਕੀ ਲੋੜ ਆ ਵਾਰ-ਵਾਰ, ਨਾਲੇ ਵਾਹਣ ਠੰਢਾ-ਠੁੰਢਾ ਕਰਨ ਆਲਾ ਤਾਂ ਲੋਕਾਂ ਦਾ ਵਹਿਮ ਆ, ਭਾਪਾ ਤਾਂ ਕਹਿੰਦਾ ਸੀ ਲਾ ਦੇ ਹੋਰ ਪਾਣੀ ਪਰ ਇਹ ਨਿਰੀ ਦੁਰਵਰਤੋਂ ਆ ਪਾਣੀ ਦੀ' |
ਇਹ ਸੁਣ ਤਾਇਆ ਅੱਬੜਵਾਹੇ ਬੋਲਿਆ ਉਹ ਜਾਹ ਓਏ ਵੱਡਿਆ ਪਾੜਿ੍ਹਆ, ਸਾਡੀ ਸਾਰੀ ਉਮਰ ਖੇਤਾਂ 'ਚ ਈ ਲੰਘੀ ਆ, ਤੂੰ ਕੱਲ੍ਹ ਦਾ ਛੋਹਰ ਮੈਨੂੰ ਮੱਤਾਂ ਨਾ ਦੇ, ਜਾਹ ਯਾਰ ਤੇਰਾ ਤਾਂ ਮਤਾ ਈ ਹੋਰ ਆ' | ਮੈਂ ਕਿਹਾ 'ਗੱਲ ਮਤੇ ਦੀ ਨਈਾ ਪਤੇ ਦੀ ਆ, ਯਾਦ ਰੱਖੀਂ ਤਾਊ ਸਾਬ੍ਹ ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਈਾ ਜਦ ਅਸੀਂ ਪਾਣੀ ਪੀਣ ਲਈ ਵੀ ਤਰਸਾਂਗੇ, ਨਾਲੇ ਤੁਸੀਂ ਤਾਂ ਆਵਦਾ ਟੈਮ ਟਪਾ ਲਿਆ ਔਖਾ ਤਾਂ ਸਾਡੀ ਪੀੜ੍ਹੀ ਨੂੰ ਹੋ ਜਾਣੈ' |
ਉਸ ਨੇ ਮੇਰੀ ਗੱਲ ਦਾ ਕੋਈ ਗੌਰਾ ਨਾ ਕੀਤਾ | ਤਾਇਆ ਬੋਲਦਾ 'ਹੋਰ ਗੱਲਾਂ ਛੱਡ ਯਾਰ ਵਾਹਣ ਠੰਢੇ ਕਰਨ ਨਾਲ ਤੂੰ ਦੇਖਲੀਂ ਸਾਡੇ ਝੋਨੇ ਦੀ ਡੁੱਸ ਈ ਹੋਰ ਹੋਊ' | ਮੈਂ ਕਿਹਾ ਤਾਇਆ ਇਹ ਗੱਲ ਤੇਰੇ ਮਤੇ ਦੀ ਆ ਪਤੇ ਦੀ ਨਈਾ | ਤਾਇਆ ਪਿੱਛੇ ਬੁੜ-ਬੁੜ ਕਰ ਰਿਹਾ ਸੀ |

-ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ | ਮੋਬਾਈਲ : 7009728427.

ਕੈਨੇਡਾ ਜਾਵੇਂਗੀ?

ਸਰਦਾ-ਪੁਜਦਾ ਜ਼ਿਮੀਂਦਾਰ ਪਰਿਵਾਰ, 'ਕੱਲਾ ਪਿਓ ਤੇ 'ਕੱਲਾ ਪੁੱਤ | ਪੁੱਤ ਜਵਾਨ ਹੋਇਆ ਤਾਂ ਮਾਪਿਆਂ ਨੂੰ ਵਿਆਹ ਦੇ ਸੁਪਨੇ ਆਉਣਾ ਸੁਭਾਵਿਕ ਸੀ | ਹੁਣ ਸਵਾਲ ਸੀ ਕਿ ਕੁੜੀ ਕਿੱਦਾਂ ਦੀ ਲੱਭੀ ਜਾਵੇ? ਪੁੱਤ ਪੜ੍ਹਨ 'ਚ ਠੀਕ-ਠਾਕ ਹੀ ਸੀ ਪਰ ਪੈਲੀ ਚੰਗੀ ਆਉਂਦੀ ਸੀ | ਚਲਦੇ-ਚਲਾਉਂਦੇ ਗੱਲ ਪਹੁੰਚ ਗਈ ਕੈਨੇਡਾ | ਉਹ ਕੁੜੀ ਲੱਭੀ ਜਾਵੇ ਜਿਹੜੀ ਪਹੁੰਚਾਵੇ ਸਾਡਾ ਪੁੱਤ ਕੈਨੇਡਾ | ਪੜ੍ਹੀ-ਲਿਖੀ ਕੁੜੀ ਦੀ ਭਾਲ ਹੋਣ ਲੱਗੀ | ਵਿਚੋਲਿਆਂ (ਵਿਚ-ਔਲਿਆਂ) ਨੇ ਦੱਸ ਪਾਈ ਤੇ ਅਖੀਰ ਕੁੜੀ ਵੇਖਣ-ਵਿਖਾਉਣ ਦਾ ਦਿਨ ਵੀ ਆ ਗਿਆ | ਮੰੁਡਾ ਆਪਣੇ ਮਾਪਿਆਂ ਸਮੇਤ ਕੁੜੀ ਵੇਖਣ ਪਹੁੰਚ ਗਿਆ | ਰਸਮੀ ਗੱਲਾਂਬਾਤਾਂ ਹੋਈਆਂ ਤੇ ਚਾਹ-ਪਾਣੀ ਦਾ ਦੌਰ ਚੱਲਿਆ | ਇਸ ਤੋਂ ਬਾਅਦ ਮੰੁਡੇ ਦੀ ਮਾਂ ਨੇ ਕੁੜੀ ਨੂੰ ਪੁੱਛਿਆ, 'ਪੁੱਤ, ਆਈਲੈਟਸ ਕਰੇਂਗੀ? ਕੈਨੇਡਾ ਜਾਵੇਂਗੀ?' ਕੁੜੀ ਦਾ ਸਿਰ ਹਾਂ ਵਿਚ ਹਿਲਦਾ ਵੇਖ ਕੇ ਸਾਰਿਆਂ ਦੇ ਚਿਹਰੇ 'ਤੇ ਖੁਸ਼ੀ ਦੌੜ ਪਈ | ਮੰੁਡੇ ਤੇ ਮੰੁਡੇ ਦੀ ਮਾਂ ਨੇ ਇਕਦਮ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਰਿਸ਼ਤਾ ਪੱਕਾ ਹੋ ਗਿਆ |

-ਨਰਿੰਦਰਪਾਲ ਕੌਰ
738/7, ਗੁਰੂ ਨਾਨਕ ਨਗਰ, ਪਟਿਆਲਾ |

ਖ਼ੁਸ਼ੀ

ਅੱਜ ਜਦੋਂ ਰਾਣੋ, ਪ੍ਰਸਿੰਨ ਕੌਰ ਦੇ ਘਰ ਕੰਮ ਕਰਨ ਲਈ ਆਈ ਤਾਂ ਉਸ ਦਾ ਚਿਹਰਾ ਖਿੜਿਆ-ਖਿੜਿਆ ਸੀ | ਉਹ ਫਰਸ਼ 'ਤੇ ਲੀਰ ਵੀ ਪੂਰਨ ਸਿਲਾਈ ਵਾਂਗ ਮਾਰ ਕੇ ਝੱਟ ਵਿਹਲੀ ਹੋ ਗਈ | ਉਹ ਪੂਰੀ ਖ਼ੁਸ਼ ਮੂੜ ਵਿਚ ਸੀ | ਪ੍ਰਸਿੰਨ ਕੌਰ ਨੇ ਪਹਿਲਾਂ ਵੀ ਜਦੋਂ ਆਂਢ-ਗੁਆਂਢ ਦਾ ਲਾਗੇ-ਚਾਗੇ ਦੇ ਘਰਾਂ ਦੀਆਂ ਵੰਨ-ਸੁਵੰਨੀਆਂ ਗੱਲਾਂ ਸੁਣਨੀਆਂ ਹੁੰਦੀਆਂ ਤਾਂ ਰਾਣੋ ਨੂੰ ਚਾਹ ਬਣਾ ਕੇ ਆਪ ਪੀਣ ਅਤੇ ਉਸ ਨੂੰ ਪਿਲਾਉਣ ਵਾਸਤੇ ਆਖਦੀ ਪਰ ਅੱਜ ਤਾਂ ਪ੍ਰਸਿੰਨ ਕੌਰ ਉਸ ਦੀ ਖ਼ੁਸ਼ੀ ਦਾ ਰਾਜ ਜਾਣਨਾ ਚਾਹੁੰਦੀ ਸੀ | ਅੱਜ ਉਸ ਨੇ ਖ਼ੁਦ ਚਾਹ ਬਣਾ ਪਿਆਲਾ ਰਾਣੋ ਦੇ ਹੱਥ ਦੇ ਦਿੱਤਾ | ਚਾਹ ਦਾ ਘੁੱਟ ਭਰਦਿਆਂ ਹੀ ਰਾਣੋ ਦੀ ਖ਼ੁਸ਼ੀ ਆਪ ਮੁਹਾਰੇ ਬਾਹਰ ਆ ਗਈ |
'ਬੀਬੀ ਜੀ ਮੈਨੂੰ ਇਕ ਹੋਰ ਘਰ ਦਾ ਕੰਮ ਮਿਲ ਗਿਆ |'
'ਕਿਹੜੇ ਘਰ ਦਾ?'
'ਪਟਵਾਰੀ ਦੇ ਘਰ ਦਾ |'
'ਪਰ ਉਸ ਘਰੇ ਤਾਂ ਤੂੰ ਪਹਿਲਾਂ ਹੀ ਕੰਮ ਕਰਦੀ ਸੀ |'
'ਬੀਬੀ ਜੀ ਇਹੀ ਤਾਂ ਖ਼ੁਸ਼ੀ ਵਾਲੀ ਗੱਲ ਏ | ਕੰਮ ਤਾਂ ਉਹੀ ਕਰਨਾ ਏ ਪਰ ਨੂੰ ਹ-ਪੁੱਤ ਅੱਡ ਹੋਣ ਕਾਰਨ, ਉਥੇ ਇਕ ਹਜ਼ਾਰ ਦੀ ਬਜਾਏ ਦੋ ਹਜ਼ਾਰ ਮਿਲਿਆ ਕਰਨਗੇ | ਬੀਬੀ ਜੀ ਹੁਣ ਮੈਂ ਵੀ ਆਪਣੀ ਧੀ ਨੂਰਾਂ ਨੂੰ ਤੁਹਾਡੇ ਪੋਤਰੇ ਵਾਲੇ ਸਕੂਲ ਦਾਖ਼ਲ ਕਰਾ ਦੇਣਾ ਏਾ |' ਰਾਣੋ ਦੀ ਗੱਲ ਸੁਣਦਿਆਂ ਹੀ ਪ੍ਰਸਿੰਨ ਕੌਰ ਦੇ ਹੱਥ ਫੜਿਆ ਕੱਪ ਕੰਬਣ ਲੱਗ ਪਿਆ |

-ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ (ਅੰਮਿ੍ਤਸਰ)-143105.

ਸਾਉਣ ਦੇ ਮਹੀਨੇ 'ਤੇ ਵਿਸ਼ੇਸ਼ ਸਾਉਣ ਦਾ ਮਹੀਨਾ ਏ

* ਜਸਵੰਤ ਸਿਘ ਸੇਖਵਾਂ *
ਸਿੱਲ੍ਹੀ ਸਿੱਲ੍ਹੀ ਠੰਢੀ ਠੰਢੀ ਪੌਣ ਦਾ ਮਹੀਨਾ ਏ।
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏਂ।

ਬੱਦਲਾਂ ਦੇ ਝੁੰਡ ਆ ਗਏ ਨੇਰ੍ਹਾ ਜਿਹਾ ਛਾ ਗਿਆ,
ਰੋਹੀਆਂ ਵਿਚ ਪਾਣੀਆਂ ਦਾ ਹੜ੍ਹ ਜਿਹਾ ਆ ਗਿਆ,
ਪਾਣੀਆਂ 'ਚ ਕਿਸ਼ਤੀਆਂ ਤਰਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਤਿੱਖੇ ਨੇ ਛਰਾਟੇ ਤੇ ਹਵਾਵਾਂ ਨੇ ਅਵੱਲੀਆਂ,
ਕੋਠੇ ਉਤੇ ਮੰਜੀਆਂ ਨੂੰ ਗਿੱਲਾ ਕਰ ਚੱਲੀਆਂ,
ਮੰਜੀਆਂ ਡਿਓੜੀ ਵਿਚ ਡਾਹੁਣ ਦਾ ਮੀਹਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਛਾਈਆਂ ਨੀਲੇ ਅੰਬਰੀਂ ਘਟਾਵਾਂ ਘਨਘੋਰ ਨੇ,
ਪੱਬਾਂ ਭਾਰ ਹੋਈ ਜਾਂਦੇ ਮੋਰਨੀ ਤੇ ਮੋਰ ਨੇ,
ਕੋਇਲ ਆਖੇ ਬਾਗ਼ਾਂ ਵਿਚ ਗਾਉਣ ਦਾ ਮਹੀਨਾ ਏਂ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਧੋਤੇ ਗਏ ਪੱਤੇ ਅਤੇ ਰੁੱਖਾਂ ਦੀਆਂ ਟਹਿਣੀਆਂ,
ਡਾਰਾਂ ਨੇ ਪਰਿੰਦਿਆਂ ਦੀਆਂ ਏਥੇ ਹੀ ਬਹਿਣੀਆਂ,
ਆਲ੍ਹਣੇ ਵੀ ਫਿਰ ਤੋਂ ਬਣਾਉਣ ਦਾ ਮਹੀਨਾ ਏਂ
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਹਾਸਾ ਤੇ ਮਖੌਲ ਠੱਠਾ ਤੀਆਂ ਵਿਚ ਨਾਰਾਂ ਦਾ,
ਝੱਲਿਆ ਨਾ ਜਾਏ ਰੂਪ ਤਿੱਲੇ ਦੀਆਂ ਤਾਰਾਂ ਦਾ,
ਉੱਚੀ ਪਿੱਪਲੀ ਤੇ ਪੀਂਘਾਂ ਪਾਉਣ ਦਾ ਮੀਹਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਵਾਰੋ ਵਾਰੀ ਪਾਉਣ ਗਿੱਧਾ ਬੰਨ੍ਹ ਬੰਨ੍ਹ ਟੋਲੀਆਂ,
ਕੋਈ ਪਾਵੇ ਕਿੱਕਲੀ ਤੇ ਕੋਈ ਪਾਵੇ ਬੋਲੀਆਂ,
ਖੀਰ, ਪੂੜੇ ਖਾਣ ਤੇ ਖੁਆਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਮਾਹੀਆ ਸਰਹੱਦਾਂ ਉੱਤੇ ਬੈਠਾ ਬੜੀ ਦੂਰ ਏ,
ਚਿੱਠੀਆਂ ਦੇ ਰਾਹੀਂ ਯਾਦਾਂ ਭੇਜਦਾ ਜ਼ਰੂਰ ਏ,
ਚਿੱਠੀਆਂ ਹੀ ਸੀਨੇ ਨਾਲ ਲਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਾਉਣ ਓਹੀ ਮਾਣਦੇ ਨੇ ਜਿਹੜੇ ਤੇ ਵਿਆਹੇ ਨੇ,
ਛੜੇ ਤਾਂ ਵਿਚਾਰੇ ਕਾਹਦੇ ਦੁਨੀਆ 'ਤੇ ਆਏ ਨੇ,
ਉਨ੍ਹਾਂ ਲਈ ਤਾਂ ਸੀਨੇ ਅੱਗ ਲਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਾਉਣ ਦੇਵੇ ਦੁੱਖ ਵੀ ਗ਼ਰੀਬੀ ਦੇ ਜੋ ਮਾਰੇ ਨੇ,
ਚੋਣ ਛੱਤਾਂ ਢੱਠ ਜਾਂਦੇ ਕੁੱਲੀਆਂ ਤੇ ਢਾਰੇ ਨੇ,
ਕੱਚੇ ਕੋਠਿਆਂ 'ਤੇ ਮਿੱਟੀ ਪਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਚੇਤਾ ਆਇਆ ਸੇਖਵਾਂ ਨੂੰ ਕੀਤੇ ਇਕਰਾਰ ਦਾ,
ਜਾਪਦਾ ਏ ਦੂਰੋਂ ਉਹਨੂੰ 'ਵਾਜਾਂ ਕੋਈ ਮਾਰਦਾ,
ਓਹਦੇ ਨਾਲ ਮੀਂਹ 'ਚ ਨਹਾਉਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਸਿੱਲ੍ਹੀ ਸਿੱਲ੍ਹੀ ਠੰਢੀ ਠੰਢੀ ਪੌਣ ਦਾ ਮਹੀਨਾ ਏ,
ਸਾਉਣ ਦਾ ਮਹੀਨਾ ਏ ਜੀ ਸਾਉਣ ਦਾ ਮਹੀਨਾ ਏ।

ਮੋਬਾਈਲ : 98184-89010.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX