ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਗੁੜ੍ਹਤੀ

ਮਾਈ ਅੱਕੀ ਦੀਆਂ ਸੋਚਾਂ ਉਹਦੇ ਅਤੀਤ ਵਿਚ ਘੁੰਮ ਰਹੀਆਂ ਹਨ | ਉਸ ਨੂੰ ਯਾਦ ਆ ਰਿਹਾ ਹੈ ਆਪਣਾ ਇਕਲੌਤਾ ਪੁੱਤਰ ਦੀਪ ਤੇ ਉਹਦੀ ਵਹੁਟੀ ਜੱਸੀ | ਏਸ ਛੋਟੇ ਜਿਹੇ ਪਰਿਵਾਰ ਨਾਲ ਘਰ ਵਿਚ ਕਿੰਨੀਆਂ ਖ਼ੁਸ਼ੀਆਂ ਸਨ | ਕਿੰਨੇ ਖੇੜੇ ਸਨ | ਉਹਦੀ ਨੂੰ ਹ ਤੇ ਪੁੱਤਰ ਹਸੰੂ-ਹਸੂੰ ਕਰਦੇ ਚਿਹਰੇ ਲੈ ਕੇ ਉਹਦੇ ਆਲੇ-ਦੁਆਲੇ ਘੁੰਮਦੇ ਤੇ ਉਹਦੇ ਸਾਹੀਂ ਵਿਸਮਦੇ ਸਨ | ਉਹਦੀਆਂ ਲੋੜਾਂ ਦਾ ਕਿੰਨਾ ਖਿਆਲ ਰੱਖਦੇ ਸਨ! ਕਿਸੇ ਵੀ ਫ਼ਿਕਰ-ਚਿੰਤਾ ਨੂੰ ਉਸ ਦੇ ਲਾਗੇ ਨਹੀਂ ਢੁੱਕਣ ਦਿੰਦੇ ਸਨ | ਏਸ ਨਿੱਕੀ ਜਿਹੀ ਟੱਬਰੀ ਨਾਲ ਉਹ ਬੜੀ ਖ਼ੁਸ਼ ਸੀ | ਬਹੁਤ ਹੀ ਸੰਤੁਸ਼ਟ | ਸਾਊ ਤੇ ਆਗਿਆਕਾਰ ਨੂੰਹ-ਪੁੱਤਰ ਦੇ ਪਿਆਰ ਦੀ ਰੌਸ਼ਨੀ ਨਾਲ ਅਕਸਰ ਉਸ ਦੀ ਆਤਮਾ ਜਿਵੇਂ ਝਮ-ਝਮ ਕਰਨ ਲੱਗ ਜਾਂਦੀ ਸੀ |
ਤੇ ਫੇਰ ਇਕ ਮਨਹੂਸ ਦਿਨ ਚੜਿ੍ਹਆ ਤੇ ਉਸ ਦਾ ਪੁੱਤਰ ਦੀਪ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ | ਘਰ ਵਿਚ ਇਕਦਮ ਮਾਤਮ ਛਾ ਗਿਆ | ਹਉਕਿਆਂ ਨਾਲ ਦਰਦ ਭਰੀ ਆਵਾਜ਼ ਤੇ ਹੰਝੂਆਂ ਦੀ ਕਰੁੱਤੀ ਬਰਸਾਤ ਨੇ ਘਰ ਵਿਚੋਂ ਜਿਵੇਂ ਖ਼ੁਸ਼ੀਆਂ ਖੇੜੇ ਉਡਾ ਦਿੱਤੇ ਸਨ |
ਬਹੁਤ ਚਿਰ ਨਾ ਹੋਇਆ ਸੱਟ ਤੇ ਇਕ ਹੋਰ ਗਹਿਰੀ ਸੱਟ ਨੇ ਮਾਈ ਅੱਕੀ ਨੂੰ ਜਿਵੇਂ ਹਿਲਾ ਕੇ ਰੱਖ ਦਿੱਤਾ ਸੀ | ਦੀਪ ਦੀ ਮੌਤ ਤੋਂ ਛੇ ਮਹੀਨੇ ਬਾਅਦ ਉਸ ਦੀ ਨੂੰਹ ਵੀ ਇਕ ਬੱਚੀ ਨੂੰ ਜਨਮ ਦੇ ਕੇ ਜਣੇਪੇ ਦੀ ਘਟਨਾ ਦਾ ਸ਼ਿਕਾਰ ਹੋ ਕੇ ਦਮ ਤੋੜ ਗਈ |
ਮਾਈ ਅੱਕੀ ਉਦੋਂ ਅੰਦਰੋਂ ਜਿਵੇਂ ਟੁੱਟ ਗਈ ਸੀ | ਮਨ ਵਿਚਲੇ ਸਾਰੇ ਇਰਾਦੇ ਤੇ ਉਹੀਆਂ ਅੱਖਾਂ ਵਿਚਲੇ ਸਾਰੇ ਸੁਫ਼ਨੇ ਜਿਵੇਂ ਖਿਲਰ ਕੇ ਮਿੱਟੀ ਵਿਚ ਗੁਆਚ ਗਏ ਸਨ |
ਦੁਖੀ ਮਨ ਨਾਲ ਉਸ ਨੇ ਪੁੱਤਰ ਵਾਂਗ ਹੀ ਨੂੰਹ ਦੇ ਮਰਗ ਦੀਆਂ ਸਾਰੀਆਂ ਰਸਮਾਂ ਭਰੇ ਮਨ ਨਾਲ ਨਿਭਾਈਆਂ ਤੇ ਆਪਣੀ ਨਿੱਕੀ ਜਿਹੀ ਨਵੀਂ ਜੰਮੀ ਪੋਤੀ ਸੁੱਖੀ ਨੂੰ ਗੋਦ ਵਿਚ ਲੈ ਕੇ ਉਹ ਘੰਟਿਆਂ ਤੱਕ ਉਸ ਨੂੰ ਪਰਚਾਉਂਦੀ ਤੇ ਲੋਰੀਆਂ ਦਿੰਦੀ ਰਹਿੰਦੀ | ਪੋਤੀ ਜਿਵੇਂ ਉਸ ਦੀ ਰੂਹ ਦਾ ਇਕ ਹਿੱਸਾ ਬਣ ਗਈ ਸੀ | ਨਿੱਕੀ ਜਿਹੀ ਧੜਕਦੀ ਨਰਮ ਨਾਜ਼ੁਕ ਜਿੰਦ! ਨਰਮ ਗੋਰੇ ਮਾਸ ਦਾ ਖ਼ੂਬਸੂਰਤ ਲੋਥੜਾ | ਉਹਦੀ ਗੋਦ ਵਿਚ ਬੈਠੀ ਇਹ ਨਿੱਕੀ ਜਿਹੀ ਬੱਚੀ ਜਦੋਂ ਮੰਦ-ਮੰਦ ਮੁਸਕਰਾਉਂਦੀ ਤਾਂ ਉਸ ਦੀ ਆਤਮਾ ਵਿਚ ਜਿਵੇਂ ਅਨੇਕਾਂ ਫੁਲਝੜੀਆਂ ਜਗ ਪੈਂਦੀਆਂ ਤੇ ਉਹਦੇ ਮਨ ਵਿਚ ਜਿਵੇਂ ਗੁਲਾਬ ਦੇ ਅਣਗਿਣਤ ਖ਼ੂਬਸੂਰਤ ਫ਼ੁੱਲ ਖਿੜ ਜਾਂਦੇ | ਉਸ ਦਾ ਸਾਰੇ ਦਾ ਸਾਰਾ ਅੰਦਰ ਜਿਵੇਂ ਇਕ ਅਨੂਪਮ ਤੇ ਸੁਖਾਵੀਂ ਵਾਸ਼ਨਾ ਨਾਲ ਭਰ ਜਾਂਦਾ ਤੇ ਉਹ ਬੱਚੀ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲੈਂਦੀ | ਬੱਚੀ ਦੀ ਛਾਤੀ ਦੀ ਨਿੱਕੀ-ਨਿੱਕੀ ਧੜਕਣ ਉਸ ਦੀ ਛਾਤੀ ਵਿਚਲੀ ਧੜਕਣ ਨਾਲ ਰਲ ਜਾਂਦੀ ਤੇ ਮਾਈ ਅੱਕੀ ਨੂੰ ਚੰਗਾ-ਚੰਗਾ ਮਹਿਸੂਸ ਹੁੰਦਾ |
ਏਨੀ ਨਿੱਕੀ ਬੱਚੀ ਨੂੰ ਸ਼ਾਇਦ ਉਹ ਸਹੀ ਸਲਾਮਤ ਨਾ ਰੱਖ ਸਕਦੀ | ਬੱਚੀ ਨੂੰ ਜਿਊਾਦਿਆਂ ਰੱਖਣ ਦਾ ਕੰਮ ਅਸਲ ਵਿਚ ਪਿੰਡ ਵਿਚ ਡਿਸਪੈਂਸਰੀ ਦੀ ਨਰਸ ਪਰਵੀਨ ਨੇ ਹੀ ਕੀਤਾ ਸੀ | ਉਹ ਬੱਚੀ ਦੇ ਇਲਾਜ ਤੇ ਦੇਖ-ਭਾਲ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਰਹਿੰਦੀ ਤੇ ਆਪਣੇ ਛੋਟੇ ਜਿਹੇ ਪੁੱਤਰ ਦੇ ਨਾਲ ਬੱਚੀ ਸੁੱਖੀ ਨੂੰ ਵੀ ਆਪਣਾ ਦੁੱਧ ਚੁੰਘਾ ਦਿੰਦੀ ਸੀ |
ਮਾਈ ਅੱਕੀ ਨੂੰ ਇਹ ਵੀ ਯਾਦ ਆਇਆ, ਜਦ ਸੁੱਖੀ ਜੰਮੀ ਸੀ ਤਾਂ ਪਿੰਡ 'ਚੋਂ ਬੀਬੀ ਦਲੇਰ ਕੌਰ ਵੀ ਆਈ ਸੀ | ਦਲੇਰ ਕੌਰ ਨੇ ਸੁੱਖੀ ਨੂੰ ਗੁੜ੍ਹਤੀ ਦੇ ਕੇ ਗੋਦ ਵਿਚ ਚੁੱਕ ਲਿਆ ਸੀ | ਸਾਰੇ ਕਹਿਣ ਲੱਗ ਪਏ ਸਨ ਕਿ ਮਾਈ ਅੱਕੀ ਦੀ ਪੋਤੀ ਦਲੇਰ ਕੌਰ ਕੋਲੋਂ ਗੁੜ੍ਹਤੀ ਲੈ ਕੇ ਉਹਦੇ ਵਾਂਗ ਦਲੇਰ ਬਣੇਗੀ ਤੇ ਜ਼ੁਲਮ-ਜਬਰ ਦਾ ਟਾਕਰਾ ਕਰੇਗੀ |
ਬੀਬੀ ਦਲੇਰ ਕੌਰ ਅਕਸਰ ਸਵੇਰੇ-ਸ਼ਾਮ ਮਾਈ ਅੱਕੀ ਦੇ ਘਰ ਆਉਂਦੀ ਰਹਿੰਦੀ ਤੇ ਉਹਦੀ ਪੋਤੀ ਨੂੰ ਕੁੱਛੜ ਚੁੱਕ ਕੇ ਬਹੁਤ ਖ਼ੁਸ਼ ਹੁੰਦੀ | ਉਹ ਬੱਚੀ ਦੀਆਂ ਨਾਜ਼ੁਕ ਖਾਖਾਂ 'ਤੇ ਲੱਗੀ ਮਿੱਟੀ ਆਪਣੀ ਚੁੰਨੀ ਦੇ ਲੜ ਨਾਲ ਸਾਫ਼ ਕਰਦੀ ਤੇ ਕਈ ਵਾਰ ਬੱਚੀ ਸੁੱਖੀ ਦੇ ਨੱਕ 'ਚੋਂ ਵਗਦਾ ਪਾਣੀ ਦਲੇਰ ਕੌਰ ਦੇ ਕੱਪੜਿਆਂ ਨੂੰ ਲੱਗ ਜਾਂਦਾ ਤਾਂ ਮਾਈ ਅੱਕੀ ਬੱਚੀ ਨੂੰ ਉਹਦੇ ਕੋਲੋਂ ਫੜ ਲੈਣਾ ਚਾਹੁੰਦੀ ਪਰ ਦਲੇਰ ਕੌਰ ਨਾ ਮੰਨਦੀ |
ਬੁਰੀ ਤਰ੍ਹਾਂ ਟੁੱਟ ਕੇ ਖਿੱਲਰ ਗਏ ਆਪਣੇ ਪਰਿਵਾਰ ਬਾਰੇ ਸੋਚਦੀ-ਸੋਚਦੀ ਮਾਈ ਅੱਕੀ ਬੀਬੀ ਦਲੇਰ ਕੌਰ ਬਾਰੇ ਸੋਚਣ ਲੱਗ ਪਈ | ਬੜੀ ਜਭੇ ਵਾਲੀ ਤੇ ਜੁਰੱਅਤ ਵਾਲੀ ਔਰਤ ਸੀ ਦਲੇਰ ਕੌਰ! ਡਿਗੇ ਢੱਠੇ ਤੇ ਦੁਖੀਆਂ ਨੂੰ ਸਹਾਰਾ ਦੇਣ ਲਈ ਨੱਸ ਕੇ ਪਹੁੰਚਦੀ ਸੀ | ਪਿੰਡ ਤੇ ਇਲਾਕੇ ਦੇ ਵੈਲੀ ਐਬੀ ਲੋਕ ਉਸ ਤੋਂ ਡਰਦੇ ਥਰ-ਥਰ ਕੰਬਦੇ ਸਨ | ਉਸ ਦੇ ਬੂਹੇ ਅੱਗੋਂ ਲੰਘਦਿਆਂ ਹੁੱਲ੍ਹੜਬਾਜ਼ ਸ਼ਰਾਬੀਆਂ ਦਾ ਨਸ਼ਾ ਉੱਤਰ ਜਾਂਦਾ ਸੀ ਤੇ ਲੋਕਾਂ ਨੂੰ ਦਬਾਅ ਕੇ ਰੱਖਣ ਵਾਲੇ ਕੈਂਧ ਤੇ ਧੱਕੜ ਲੋਕਾਂ ਦੇ ਗਲ ਵਿਚ ਉਹ ਸਾਫਾ ਪਾ ਕੇ ਉਨ੍ਹਾਂ ਨੂੰ ਝਟਕੇ ਮਾਰ ਦਿੰਦੀ ਸੀ |
ਮਾਈ ਅੱਕੀ ਨੂੰ ਯਾਦ ਆਇਆ ਇਕ ਵਾਰ ਤਾਂ ਹੱਦ ਹੀ ਹੋ ਗਈ ਸੀ | ਪਿੰਡ ਦੀ ਇਕ ਧੀ ਦਾ ਵਿਆਹ ਹੋਇਆ ਸੀ | ਬਰਾਤ ਤੁਰਦਿਆਂ ਕੁਵੇਲਾ ਹੋ ਗਿਆ ਤੇ ਉਜਾੜ ਵਿਚੋਂ ਲੰਘਦਿਆਂ ਸ਼ਰਾਰਤੀਆਂ ਨੇ ਵਿਅ੍ਹਾਂਦੜ ਕੁੜੀ ਦੇ ਡੋਲੇ 'ਤੇ ਹਮਲਾ ਕਰ ਦਿੱਤਾ ਤੇ ਵਿਅ੍ਹਾਂਦੜ ਕੁੜੀ ਨੂੰ ਧੱਕੇ ਨਾਲ ਡੋਲੇ ਵਿਚੋਂ ਖਿੱਚ ਕੇ ਲੈ ਗਏ |
ਡੋਲਾ ਲਿਜਾਣ ਵਾਲੇ ਲੋਕ ਬੇਵੱਸ ਹੋ ਕੇ ਮੁੜ ਪਿੰਡ ਨੂੰ ਆ ਗਏ | ਸਾਰੇ ਇਲਾਕੇ ਅੰਦਰ ਹਾਹਾਕਾਰ ਮਚ ਗਈ | ਪੰਚਾਇਤਾਂ ਤੇ ਭਾਈਚਾਰਾ ਜਿਵੇਂ ਬੇਵੱਸ ਹੋ ਗਿਆ | ਗੱਲ ਥਾਣੇ ਪਹੁੰਚ ਗਈ | ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਅਪਰਾਧੀਆਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ |
ਇਸੇ ਸਮੇਂ ਬੀਬੀ ਦਲੇਰ ਕੌਰ ਨੂੰ ਕਿਸੇ ਨੇ ਦੱਸਿਆ ਕਿ ਉਧਾਲੀ ਗਈ ਕੁੜੀ ਤੇ ਉਸ ਦੇ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲ ਸਕਣਾ | ਕਿਉਂਕਿ ਇਲਾਕੇ ਦੇ ਵੱਡੇ ਸਿਆਸੀ ਨੇਤਾ ਅਪਰਾਧੀਆਂ ਦੀ ਡਟ ਕੇ ਮਦਦ ਕਰ ਰਹੇ ਸਨ | ਦੱਸਣ ਵਾਲੇ ਨੇ ਬੀਬੀ ਦਲੇਰ ਨੂੰ ਇਹ ਵੀ ਕਿਹਾ ਸੀ, 'ਹੁਣ ਤਾਂ ਪੁਲਿਸ, ਕਾਨੂੰਨ, ਪੰਚਾਇਤਾਂ ਤੇ ਭਾਈਚਾਰਾ ਜਾਪਦਾ ਹੈ ਸਾਰੇ ਸੌਾ ਗਏ ਹਨ, ਬੀਬੀ ਹੁਣ ਉੱਠ ਕੇ ਕੁਝ ਕਰ!'
ਇਲਾਕੇ ਦੇ ਕਈ ਚੰਗੇ ਤੇ ਸਰਬੱਤ ਦਾ ਭਲਾ ਚਾਹੁਣ ਵਾਲੇ ਅਨੇਕਾਂ ਲੋਕ ਅਕਸਰ ਬੀਬੀ ਦਲੇਰ ਕੌਰ ਦੇ ਸੰਪਰਕ ਵਿਚ ਰਹਿੰਦੇ ਸਨ | ਇਨ੍ਹਾਂ ਲੋਕਾਂ ਦੀ ਸਹਾਇਤਾ ਨਾਲ ਬੀਬੀ ਦਲੇਰ ਕੌਰ ਨੇ ਅਪਰਾਧੀਆਂ ਦੇ ਟਿਕਾਣੇ ਦੀ ਸੂਹ ਕੱਢ ਲਈ ਸੀ | ਪਿੰਡ ਦੇ ਤਿੰਨ-ਚਾਰ ਨੌਜਵਾਨਾਂ ਨੂੰ ਨਾਲ ਲੈ ਕੇ ਤੇ ਆਪ ਆਪਣਾ ਖੂੰਡਾ ਲੈ ਕੇ ਉਨ੍ਹਾਂ ਦੇ ਅੱਗੇ ਹੋ ਕੇ ਚੱਲ ਪਈ ਸੀ ਤੇ ਅਪਰਾਧੀਆਂ ਦੇ ਉਸ ਟਿਕਾਣੇ ਤੱਕ ਪਹੁੰਚ ਗਈ | ਜਿੱਥੇ ਨਵੀਂ ਵਿਆਹੀ ਲੜਕੀ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ |
ਕੁੜੀ ਨੂੰ ਉਧਾਲ ਕੇ ਲਿਜਾਣ ਵਾਲਿਆਂ ਵਿਚੋਂ ਦੋ ਬੰਦੇ ਟਿਕਾਣੇ 'ਤੇ ਹਾਜ਼ਰ ਸਨ | ਜਾਂਦਿਆਂ ਹੀ ਬੀਬੀ ਦਲੇਰ ਕੌਰ ਨੇ ਬਿਜਲੀ ਵਰਗੀ ਫੁਰਤੀ ਨਾਲ ਤੇ ਜ਼ੋਰ ਨਾਲ ਦੋ-ਦੋ ਖੂੰਡੇ ਇਕ ਬਦਮਾਸ਼ ਦੇ ਮੌਰਾਂ 'ਤੇ ਠੋਕ ਕੇ ਮਾਰੇ ਤੇ ਪਿੱਛੋਂ ਪਿੰਡ ਦੇ ਨੌਜਵਾਨਾਂ ਨੇ ਦੋਵਾਂ ਗੁੰਡਿਆਂ ਨੂੰ ਫੜ ਕੇ ਘੜੀਸ ਲਿਆ ਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਤੌਣੀ ਲਾਹੀ | ਫੇਰ ਬੀਬੀ ਦਲੇਰ ਕੌਰ ਨੇ ਸਹਿਮੀ ਹੋਈ ਕੁੜੀ ਨੂੰ ਜੱਫੀ ਪਾਈ ਤੇ ਪਿਆਰ ਦੇ ਕੇ ਆਪਣੇ ਨਾਲ ਪਿੰਡ ਲੈ ਆਂਦਾ ਸੀ | ਅਜਿਹੀ ਜੁਰੱਅਤ ਲਈ ਬੀਬੀ ਦਲੇਰ ਕੌਰ ਦੀ ਸਾਰੇ ਇਲਾਕੇ ਵਿਚ ਧੰਨ-ਧੰਨ ਹੋਈ ਸੀ |
ਅੱਜ ਬੀਬੀ ਦਲੇਰ ਕੌਰ ਜਿਊਾਦੀ ਨਹੀਂ ਸੀ | ਮਾਈ ਅੱਕੀ ਅੰਦਰੋਂ ਤੇਜ਼ ਪੀੜਾਂ ਨਾਲ ਵਿੰਨ੍ਹੀ ਪਈ ਹੈ ਤੇ ਵਾਰ-ਵਾਰ ਉਸ ਨੂੰ ਬੀਬੀ ਦਲੇਰ ਕੌਰ ਯਾਦ ਆ ਰਹੀ ਹੈ |
ਮਾਈ ਅੱਕੀ ਦੀ ਪੋਤੀ ਸੁੱਖੀ ਜਿਸ ਨੂੰ ਉਸ ਨੇ ਚਾਵਾਂ ਨਾਲ ਪੋਰਿ੍ਹਆਂ-ਪੋਰਿ੍ਹਆਂ ਕਰਕੇ ਪਾਲਿਆ ਸੀ ਤੇ ਸਕੂਲ 'ਚ ਪੜ੍ਹਾ ਕੇ ਉਸ ਨੂੰ ਚਾਅ ਨਾਲ ਕਾਲਜ ਵਿਚ ਦਾਖ਼ਲ ਕਰਵਾਇਆ ਸੀ |
ਹਫ਼ਤਾ ਕੁ ਪਹਿਲਾਂ ਮਾਈ ਅੱਕੀ ਦੀ ਪੋਤੀ ਨੂੰ ਕਾਲਜ ਤੋਂ ਆਉਂਦਿਆਂ ਇਕ ਸੁੰਨਸਾਨ ਥਾਂ ਤੋਂ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ ਤੇ ਅਜੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀਂ ਲੱਗੀ | ਸਾਰਾ ਪਿੰਡ ਤੇ ਇਲਾਕਾ ਹੈਰਾਨ ਹੈ | ਸਾਰੇ ਲੋਕ ਪ੍ਰੇਸ਼ਾਨ ਹਨ | ਲੋਕਾਂ ਨੇ ਕੁੜੀ ਨੂੰ ਉਧਾਲਣ ਵਾਲੇ ਬਦਮਾਸ਼ਾਂ ਨੂੰ ਤੇ ਕੁੜੀ ਨੂੰ ਲੱਭਣ ਲਈ ਕੋਈ ਕਸਰ ਨਹੀਂ ਛੱਡੀ | ਪੰਚਾਇਤਾਂ ਤੇ ਭਾਈਚਾਰੇ ਨੇ ਵੀ ਯਤਨ ਕੀਤੇ ਤੇ ਪੁਲਿਸ ਨੇ ਵੀ ਵਿਖਾਵੇ ਵਾਲੀ ਰਸਮੀ ਕਾਰਵਾਈ ਕੀਤੀ ਪਰ ਕੁੜੀ ਨੂੰ ਤੇ ਅਪਰਾਧੀਆਂ ਨੂੰ ਲੱਭਣ ਵਾਲੀ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ |
ਮਾਈ ਅੱਕੀ ਬਹੁਤ ਨਿਰਾਸ਼ ਤੇ ਪ੍ਰੇਸ਼ਾਨ ਹੈ | ਉਸ ਦਾ ਜਿਵੇਂ ਸਭ ਕੁਝ ਉੱਜੜ ਗਿਆ ਹੈ | ਵਾਰ¸ਵਾਰ ਉਸ ਨੂੰ ਬੀਬੀ ਦਲੇਰ ਕੌਰ ਯਾਦ ਆ ਰਹੀ ਹੈ | ਮਾਈ ਅੱਕੀ ਨੂੰ ਜਿੱਥੇ ਸੁੱਖੀ ਨਾਲ ਪਿਆਰ ਹੈ | ਉੱਥੇ ਉਸ 'ਤੇ ਪੂਰਾ ਵਿਸ਼ਵਾਸ ਵੀ ਹੈ | ਆਖਿਰ ਉਸ ਕੁੜੀ ਨੂੰ ਬੀਬੀ ਦਲੇਰ ਕੌਰ ਨੇ ਗੁੜ੍ਹਤੀ ਦਿੱਤੀ ਹੋਈ ਹੈ | ਮਾਈ ਅੱਕੀ ਦੇ ਮਨ ਅੰਦਰ ਆਸ ਦੀ ਮੱਧਮ ਤੇ ਬੁਝਣ-ਬੁਝਣ ਕਰਦੀ ਹੋਈ ਜੋਤ ਅਜੇ ਜਗ ਰਹੀ ਹੈ | ਉਸ ਨੂੰ ਯਕੀਨ ਹੈ ਕਿ ਉਸ ਦੀ ਬੇਟੀ ਹਾਰ ਨਹੀਂ ਮੰਨੇਗੀ | ਉਹ ਗੁੰਡਾਗਰਦੀ ਦਾ ਤਕੜੀ ਹੋ ਕੇ ਟਾਕਰਾ ਕਰੇਗੀ ਤੇ ਸਹੀ ਸਲਾਮਤ ਮੇਰੇ ਕੋਲ ਘਰ ਆ ਜਾਵੇਗੀ |
ਜਿਵੇਂ-ਜਿਵੇਂ ਮਾਈ ਅੱਕੀ ਆਪਣੇ ਦਿਲ 'ਚ ਹੌਸਲੇ ਦੀ ਨਵੀਂ ਉਸਾਰੀ ਕਰ ਰਹੀ ਹੈ, ਤਿਵੇਂ-ਤਿਵੇਂ ਉਸ ਦੀ ਹਿੰਮਤ ਤੇ ਹੌਸਲਾ ਭਾਰੀ ਝੜੀ ਵਿਚ ਖੜ੍ਹੀ ਪੁਰਾਣੀ ਕੰਧ ਵਾਂਗ ਡਿਗੂੰ-ਡਿਗੂੰ ਕਰਦਾ ਜਾਪ ਰਿਹਾ ਹੈ | ਵਾਰ-ਵਾਰ ਮਾਈ ਅੱਕੀ ਦੀਆਂ ਬੰਜਰ ਅਤੇ ਵੀਰਾਨ ਅੱਖਾਂ ਵਿਚੋਂ ਵਗਦੇ ਅੱਥਰੂ ਉਹਦੀਆਂ ਖਾਖਾਂ ਦੀਆਂ ਬੇਤਰਤੀਬੀਆਂ ਝੁਰੜੀਆਂ ਵਿਚੋਂ ਵਗਦੇ ਹੋਏ ਉਸ ਦੀ ਮੈਲੀ ਜਿਹੀ ਚੁੰਨੀ ਦੇ ਪੱਲੇ ਵਿਚ ਡਿਗ ਰਹੇ ਹਨ |
ਮਾਈ ਅੱਕੀ ਅਜੇ ਆਪਣੇ ਮਨ ਦੇ ਉੱਪਰ ਹੇਠ ਹੋਣ ਦੇ ਝਟਕਿਆਂ ਤੇ ਵਹਿੰਦੋਆਣੀਆਂ ਵਿਚੋਂ ਲੰਘ ਰਹੀ ਹੈ ਤੇ ਉਹਦੇ ਗਵਾਂਢ 'ਚੋਂ ਜਾਗਰ ਮਿਸਤਰੀ ਦਾ ਮੁੰਡਾ ਬਾਰੂ ਨੱਸ ਕੇ ਮਾਈ ਅੱਕੀ ਕੋਲ ਅਇਆ ਤੇ ਰੋਣਹਾਕੇ ਅੰਦਾਜ਼ ਵਿਚ ਬੋਲਿਆ | 'ਬੇਬੇ ਅਨਰਥ ਹੋ ਗਿਆ ਹੈ!' ਇਹ ਆਖ ਕੇ ਆਪਣੇ ਹੱਥ ਵਿਚ ਫੜੀ ਅੱਜ ਦੀ ਅਖ਼ਬਾਰ ਦੇ ਦੋ ਪੰਨੇ ਖੋਲ੍ਹ ਕੇ ਉਨ੍ਹਾਂ ਵਿਚ ਛਪੀ ਸਨਸਨੀ ਭਰੀ ਖ਼ਬਰ ਮਾਈ ਅੱਕੀ ਨੂੰ ਸਣਾਉਣ ਲੱਗ ਪਿਆ ਹੈ |
'ਭਰਤਪੁਰ ਥਾਣੇ ਦੀ ਪੁਲਿਸ ਨੇ ਜਬਰ ਜਨਾਹ ਤੋਂ ਬਾਅਦ ਕਤਲ ਕੀਤੀ ਗਈ ਪਿੰਡ ਨਵੇਂ ਮਜ਼ਾਰੇ ਦੀ ਲੜਕੀ ਸੁਖਵਿੰਦਰ ਸੁੱਖੀ ਦੀ ਲਾਸ਼ ਕੱਲ੍ਹ ਰਾਤ ਬਰਾਮਦ ਕਰ ਲਈ ਹੈ ਤੇ ਨਾਲ ਹੀ ਮਾਰੇ ਗਏ ਇਕ ਅਗਵਾਕਾਰ ਦੀ ਲਾਸ਼ ਤੇ ਜ਼ਖ਼ਮੀ ਹਾਲਤ ਵਿਚ ਦੋ ਹੋਰ ਅਗਵਾਰਕਾਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਦੇ ਅਨੁਸਾਰ ਬਹਾਦਰ ਲੜਕੀ ਨੇ ਆਪਣੀ ਅਸਮਤ ਦੀ ਰਾਖ਼ੀ ਲਈ ਅਗਵਾਕਾਰ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਅਗਵਾਕਾਰਾਂ ਵਿਚੋਂ ਇਕ ਬਦਮਾਸ਼ ਦੇ ਹੱਥੋਂ ਗੰਡਾਸਾ ਖੋਹ ਕੇ ਦੋ ਅਗਵਾਕਾਰਾਂ ਨੂੰ ਜ਼ਖਮੀ ਕਰ ਦਿੱਤਾ ਤੇ ਇਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਅੱਜ ਸਵੇਰੇ ਲੜਕੀ ਦੀ ਲਾਸ਼ ਉਸ ਦੇ ਪਿੰਡ ਲਿਆਂਦੀ ਜਾ ਰਹੀ ਹੈ |'
ਇਹ ਖ਼ਬਰ ਸੁਣ ਕੇ ਮਾਈ ਅੱਕੀ ਦੇ ਮਨ ਵਿਚ ਹੌਲ ਪਿਆ ਹੈ ਤੇ ਉਸ ਨੇ ਆਪਣੀ ਛਾਤੀ 'ਤੇ ਜ਼ੋਰ-ਜ਼ੋਰ ਨਾਲ ਦੋਹੱਥੜ ਮਾਰਦਿਆਂ ਮਨ 'ਚ ਬੀਬੀ ਦਲੇਰ ਕੌਰ ਨੂੰ ਯਾਦ ਕਰ ਕੇ ਆਖਿਆ | 'ਅੱਜ ਜੇ ਉਹ ਜਿਊਾਦੀ ਹੁੰਦੀ...' ਤੇ ਏਸ ਤੋਂ ਅਗਲੇ ਉਸ ਦੇ ਰੁਦਨ ਭਰੇ ਬੋਲ ਉਹਦੇ ਖੁਰਦੁਰੇ ਬੁੱਲ੍ਹਾਂ ਵਿਚ ਹੀ ਕਿਤੇ ਗੁਆਚ ਗਏ |

-ਸੰਪਰਕ : 94631-33991.


ਖ਼ਬਰ ਸ਼ੇਅਰ ਕਰੋ

ਕਣਕਾਂ ਲੰਮੀਆਂ....?


ਹਿੰਦੁਸਤਾਨ ਦਾ ਕੋਈ ਮਹੱਲਾ, ਕੋਈ ਗਲੀ ਅਜਿਹੀ ਨਹੀਂ, ਜਿਥੇ ਇਕ 'ਆਕਾਸ਼ਵਾਣੀ' ਨਾ ਹੋਵੇ | ਆਹੋ ਜੀ, ਇਕ ਲੇਡੀ ਕ੍ਰੈਕਟਰ ਤਾਂ ਐਸਾ ਹੁੰਦੀ ਹੀ ਹੈ, ਜਿਹੜੀ ਚੁਣ-ਚੁਣ ਕੇ ਆਂਢੀਆਂ-ਗੁਆਂਢੀਆਂ ਦੀਆਂ ਖ਼ਬਰਾਂ, ਉਹ ਵੀ ਸਵਾਦਲੀਆਂ, ਭੇਦ ਭਰੀਆਂ, ਇਕ ਘਰ ਦੀਆਂ ਦੂਜਿਆਂ ਘਰਾਂ 'ਚ ਨਾ ਸੁਣਾਉਂਦੀ ਹੋਵੇ | ਐਦਾਂ ਦੀਆਂ ਕਨਸੋਆਂ... |
'ਭੀਤੋ ਦੀ ਮਾਂ... ਸੁਣੀ ਆ, ਆਹ ਖ਼ਬਰ | ਕਰਮੋ ਦੀ ਧੀ ਲਾਲੀ... |'
'ਸੱਚੀਂ? ਉਹ ਤਾਂ ਆਪਣੀ ਧੀ ਦੀਆਂ ਸਿਫ਼ਤਾਂ ਕਰਨੋਂ ਨਹੀਂ ਸੀ ਥੱਕਦੀ | ਅਖੇ ਮੇਰੀ ਕੁੜੀ ਤਾਂ ਅੰਦਰੋਂ ਬਾਹਰ ਪੈਰ ਨਹੀਂ ਰੱਖਦੀ |'
ਤੁਸੀਂ ਸਮਝ ਹੀ ਗਏ ਹੋਵੋਗੇ, ਇਸੇ ਮਹੀਨੇ ਪਿਛਲੇ ਹਫ਼ਤੇ ਬਰੇਲੀ ਤੋਂ ਇਕ ਐਮ.ਐਲ.ਏ. ਦੀ ਧੀ ਆਪਣੇ ਦਲਿਤ ਪ੍ਰੇਮੀ ਨਾਲ ਘਰੋਂ ਭੱਜ ਗਈ ਤੇ ਉਸ ਨਾਲ ਵਿਆਹ ਕਰਵਾ ਲਿਆ | ਦੋਵੇਂ ਭੱਜੇ ਫਿਰਦੇ ਸਨ, ਕੁੜੀ ਦੇ ਬਿਆਨ ਅਨੁਸਾਰ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਦੇ ਪਿਤਾ ਦੇ ਖਾਸਮ-ਖਾਸ ਲੋਕ, ਦੋਵਾਂ ਨੂੰ ਲੱਭਣ ਲਈ ਜਿਸ ਹੋਟਲ 'ਚ ਉਨ੍ਹਾਂ ਨੇ ਪਨਾਹ ਲੈ ਰੱਖੀ ਸੀ, ਉਥੋਂ ਤਾੲੀਂ ਤਾਂ ਪਹੁੰਚ ਹੀ ਗਏ ਸਨ | ਪਰ ਉਥੋਂ ਵੀ ਪਿਛਲੇ ਦਰਵਾਜ਼ੇ ਤੋਂ ਜਾਨ ਬਚਾ ਕੇ ਉਹ ਭੱਜੇ ਤੇ ਸਿੱਧਾ ਅਦਾਲਤ 'ਚ ਗੁਹਾਰ ਲਾਈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ | ਕਾਨੂੰਨ ਨੇ, ਇਸ ਆਧਾਰ 'ਤੇ 'ਤੇ, ਸੁਰੱਖਿਆ ਦੇ ਦਿੱਤੀ ਹੈ ਕਿਉਂਕਿ ਉਹ ਹੁਣ ਬਾਲਗ ਹਨ, ਇਸ ਲਈ ਉਨ੍ਹਾਂ ਨੂੰ ਵਿਆਹ ਬੰਧਨ 'ਚ ਬੰਨ੍ਹਣ ਤੇ ਜ਼ਿੰਦਗੀ ਜਿੱਦਾਂ ਜਿਊਣੀ ਚਾਹੁਣ, ਵਿਆਹ ਕਰਨ ਦਾ ਪੂਰਾ ਅਧਿਕਾਰ ਹੈ | ਟੀ.ਵੀ. ਚੈਨਲਾਂ 'ਤੇ 'ਭੱਜ ਗਈ...' ਜਿਨ੍ਹਾਂ ਜੰਮਿਆ, ਜਿਨ੍ਹਾਂ ਪਾਲਿਆ-ਪੋਸਿਆ ਉਹ ਉਸ ਨੂੰ ਜਿਊਾਦਿਆਂ ਨਹੀਂ ਛੱਡਣਗੇ | ਹਾਲਾਂਕਿ ਐਮ.ਐਲ.ਏ. ਪਿਤਾ ਨੇ ਇਹ ਆਖ ਕੇ ਗੋਂਗਲੂਆਂ 'ਤੇ ਪਾਣੀ ਪਾ ਕੇ ਪੱਲਾ ਝਾੜ ਲਿਆ ਹੈ ਕਿ 'ਹੁਣ ਉਹ ਬਾਲਗ ਹੈ, ਉਹ ਜਿਹਦੇ ਨਾਲ ਜਿਥੇ ਰਹੇ, ਉਹਦਾ ਅਧਿਕਾਰ ਹੈ, ਮੈਂ ਬਸ ਐਨਾ ਹੀ ਕਹਾਂਗਾ ਕਿ ਉਹ ਜਿਥੇ ਰਹੇ, ਜਿਸ ਤਰ੍ਹਾਂ ਰਹੇ, ਖ਼ੁਸ਼ ਰਹੇ |'
ਪਰ... 'ਪਿਆਰ ਕੀਆ ਤੋ ਡਰਨਾ ਕਯਾ', 'ਆਸ਼ਕਾਂ ਨੂੰ ਕਬਰਾਂ ਉਡੀਕਦੀਆਂ |'
ਪੰਜਾਬ ਦੀਆਂ ਪ੍ਰੇਮ ਕਥਾਵਾਂ... ਹੀਰ-ਰਾਂਝਾ, ਸੱਸੀ-ਪੁਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ... ਤੇ ਅੰਗਰੇਜ਼ੀ ਦੀ ਬਹੁਚਰਚਿਤ ਰੋਮੀਓ-ਜੂਲੀਅਟ, ਬੇਸ਼ੱਕ ਇਹ ਸਭੇ ਪ੍ਰੇਮ ਜੋੜੀਆਂ ਇਕੋ ਮਜ਼੍ਹਬ ਵਾਲੀਆਂ ਸਨ, ਪਰ ਇਨ੍ਹਾਂ ਸਭਨਾਂ ਦਾ ਅੰਤ, ਸੁਖਾਂਤ ਨਹੀਂ ਹੈ, ਇਸ ਧਰਤੀ 'ਤੇ ਜਿਊਾਦਿਆਂ ਮਿਲ ਨਹੀਂ ਸਕੇ, ਹਾਂ ਜੇਕਰ ਸੱਚਮੁੱਚ ਉੱਪਰ ਕੋਈ ਸਵਰਗ ਹੈ ਤਾਂ ਹੋ ਸਕਦੈ ਉਥੇ ਹੀ ਮਿਲੇ ਹੋਣਗੇ | ਇਕ ਹਿੰਦੀ ਫ਼ਿਲਮ ਬਣਾਈ ਸੀ, ਐਲ.ਵੀ. ਪ੍ਰਸਾਦ ਨੇ... 'ਏਕ ਦੂਜੇ ਕੇ ਲੀਏ' | ਇਸ ਵਿਚ ਰਤੀ ਅਗਨੀਹੋਤਰੀ ਤੇ ਕਮਲ ਹਸਨ ਹੀਰੋਇਨ ਤੇ ਹੀਰੋ ਸਨ | ਘੱਟ ਹੀ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਦੇ ਕਲਾਈਮੈਕਸ ਦੋ ਤਰ੍ਹਾਂ ਫ਼ਿਲਮਾਏ ਗਏ ਸਨ, ਇਕ 'ਚ ਤਾਂ ਪੰ੍ਰਪਰਾਗਤ ਦੋਵੇਂ ਪ੍ਰੇਮੀ ਅੰਤ 'ਚ ਮਰ ਜਾਂਦੇ ਹਨ, ਦੂਜੇ 'ਚ ਦੋਵਾਂ ਨੂੰ ਜਿਊਾਦਿਆਂ ਹੀ ਮਿਲਾ ਦਿੱਤਾ ਗਿਆ ਸੀ | ਪਰ ਜਦ ਫ਼ਿਲਮ ਰਿਲੀਜ਼ ਕੀਤੀ ਗਈ ਤਾਂ ਉਨ੍ਹਾਂ ਦੋਵਾਂ ਦਾ ਮਰਨ ਵਾਲਾ ਕਲਾਈਮੈਕਸ ਹੀ ਰੱਖਿਆ ਗਿਆ, ਇਹ ਫ਼ਿਲਮ ਸੁਪਰ-ਡੁਪਰਹਿੱਟ ਹੋਈ |
ਮੇਰੇ ਇਕ ਬੜੇ ਚੰਗੇ ਮੁਸਲਮਾਨ ਦੋਸਤ ਨੇ ਇਕ ਹਿੰਦੂ ਕੁੜੀ ਨਾਲ ਵਿਆਹ ਕੀਤਾ ਹੈ, ਉਨ੍ਹਾਂ ਦੇ ਘਰ ਦੋ ਲੜਕੇ ਪੈਦਾ ਹੋਏ | ਮੰੁਡੇ ਵੱਡੇ ਹੋ ਗਏ | ਇਕ ਦਿਨ ਮੇਰਾ ਦੋਸਤ ਬੜਾ ਪਛਤਾਵੇ ਤੇ ਗੁੱਸੇ ਦੇ ਮੂਡ 'ਚ ਸੀ | ਮੈਂ ਪੁੱਛਿਆ, ਤਾਂ ਉਸ ਨੇ ਕਿਹਾ, ਮੇਰੇ ਵੱਡੇ ਮੰੁਡੇ ਨੇ ਇਕ ਕੁੜੀ ਭਜਾ ਕੇ ਉਹਦੇ ਨਾਲ ਵਿਆਹ ਕਰ ਲਿਆ ਹੈ ਤੇ ਇਕ ਕਿਰਾਏ ਦਾ ਮਕਾਨ ਲੈ ਕੇ ਉਸੇ ਵਿਚ ਰਹਿ ਰਿਹਾ ਹੈ |'
ਮੈਂ ਪੁੱਛਿਆ, 'ਕੀ ਉਸ ਨੇ ਕਿਸੇ ਦੂਜੇ ਧਰਮ ਵਾਲੀ ਕੁੜੀ ਨਾਲ ਵਿਆਹ ਕੀਤਾ ਹੈ?'
'ਨਹੀਂ, ਉਸ ਨੇ ਅਫਸੋਸੇ ਹੋਏ ਮਨ ਨਾਲ ਕਿਹਾ, ਕੁੜੀ ਤਾਂ ਮੁਸਲਮਾਨ ਹੀ ਹੈ, ਪਰ ਉਹ 'ਸ਼ੀਆ' ਹੈ ਤੇ ਅਸੀਂ 'ਸੰੁਨੀ' ਹਾਂ |
ਮੈਂ ਹੱਸੇ ਬਿਨਾਂ ਰਹਿ ਨਾ ਸਕਿਆ, ਹਾਲਾਂਕਿ ਮੈਨੂੰ ਪਤਾ ਹੈ ਕਿ ਸ਼ੀਆ ਤੇ ਸੰੁਨੀ, ਇਕ ਦੂਜੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ | ਸਮਝੋ ਇਕ ਹੀ ਧਰਮ ਵਿਚ ਨਫ਼ਰਤ ਦੀ ਦੀਵਾਰ ਹੈ |
ਮੈਂ ਤਨਜ਼ ਕੀਤਾ, 'ਓਏ ਤੂੰ ਆਪ ਤਾਂ ਹਿੰਦੂ ਕੁੜੀ ਨਾਲ ਵਿਆਹ ਕੀਤਾ ਹੈ, ਆਪਣੇ ਵੇਲੇ ਜਾਤ-ਪਾਤ, ਹਿੰਦੂ-ਮੁਸਲਿਮ ਭੁੱਲ ਗਿਆ ਸੈਂ |'
ਮੰਨੋਗੇ ਨਹੀਂ, ਉਹ ਉਸੇ ਵੇਲੇ ਮੈਨੂੰ ਆਪਣੇ ਪੁੱਤਰ-ਨੂੰਹ ਦੇ ਘਰ ਲੈ ਗਿਆ, ਜਿਥੇ ਉਹ ਕਿਰਾਏ 'ਤੇ ਰਹਿ ਰਹੇ ਸਨ, ਉਹਨੇ ਦੋਵਾਂ ਨੂੰ ਗਲੇ ਲਾ ਲਿਆ | ਹੁਣ ਉਹ ਇਕੱਠੇ ਆਪਣੇ ਫਲੈਟ ਵਿਚ ਵੀ ਰਹਿ ਰਹੇ ਹਨ | ਹੁਣ ਤਾਂ ਉਹ ਦੋਵਾਂ ਬੇਟਿਆਂ ਦੇ ਬੱਚਿਆਂ ਦੇ ਦਾਦਾ-ਦਾਦੀ ਬਣ ਗਏ ਹਨ |
ਜਾਤ-ਪਾਤ, ਛੋਟੀ ਜਾਤ, ਵੱਡੀ ਜਾਤ, ਗੋਤਰ, ਇਹ ਵੀ ਮੁੱਖ ਕਾਰਨ ਨੇ... ਆਪਣੇ ਹੀ ਬੱਚਿਆਂ ਵਿਰੁੱਧ ਨਫ਼ਰਤ ਦੀ ਅੱਗ ਭੜਕਾਉਣ ਦੇ... ਆਨਰ ਕਿਲਿੰਗ... ਇਸੇ ਦਾ ਪ੍ਰਮਾਣ ਹੈ |
ਹੀਰ-ਰਾਂਝਾ 'ਚ ਹੀਰ ਦਾ ਵਿਆਹ ਸੈਦੇ ਨਾਲ ਮਿਥਿਆ ਗਿਆ ਸੀ | ਹੀਰ ਦੀ ਸਹੇਲੀ ਪਿਛਲੇ ਪਾਸਿਉਂ ਕੰ ਧ ਟੱਪ ਕੇ ਰਾਂਝੇ ਨੂੰ ਉਸ ਦੇ ਕਮਰੇ ਵਿਚ ਲੈ ਆਈ ਸੀ ਪਰ ਰਾਂਝੇ ਨੇ ਉਸ ਨੂੰ ਭਜਾ ਕੇ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਉਹ ਉਹਦੇ ਮਾਤਾ-ਪਿਤਾ ਦੀ ਇੱਜ਼ਤ ਨੂੰ ਦਾਗ਼ਦਾਰ ਨਹੀਂ ਸੀ ਕਰਨਾ ਚਾਹੁੰਦਾ, ਬੇਸ਼ੱਕ ਉਹ ਵਿਆਹੀ ਗਈ, ਹੀਰ ਦੇ ਸਹੁਰੇ ਘਰ ਅਲਖ ਜਗਾਉਣ ਪਹੁੰਚ ਗਿਆ |
ਸਾਹਿਬਾਂ ਨੂੰ ਮਿਰਜ਼ਾ ਆਪਣੀ ਬੱਕੀ 'ਤੇ ਚੜ੍ਹਾ ਕੇ ਭਜਾ ਕੇ ਲੈ ਗਿਆ ਪਰ ਸਾਹਿਬਾਂ ਦੇ ਭਰਾਵਾਂ ਨੇ ਉਹਦੇ ਪਿਛੇ ਘੋੜੇ ਦੌੜਾ ਦਿੱਤੇ, ਖਾਨਦਾਨ ਦੀ ਇੱਜ਼ਤ ਬਚਾਉਣੀ ਸੀ...
ਨੀ ਤੂੰ ਮੰਦਾ ਕੀਤਾ ਸਾਹਿਬਾਂ
ਮੇਰਾ ਤਰਕਸ਼ ਟੰਗਿਆ ਜੰਡ |
ਸੱਤੇ ਭਰਾਵਾਂ ਨੇ ਆ ਕੇ ਮਿਰਜ਼ੇ ਨੂੰ ਪਾਰ ਬੁਲਾ ਦਿੱਤਾ |
ਇਹ ਵਿਸ਼ਾ ਬਹੁਤ ਚਰਚਿਤ ਹੈ... ਸਦੀਆਂ ਤੋਂ ਇਸ 'ਤੇ ਮੈਂ ਵੀ ਇਕ ਹਿੰਦੀ ਫ਼ਿਲਮ 'ਆਨਰ ਕਿਲਿੰਗ' ਲਿਖੀ ਸੀ, ਜਿਸ ਨੂੰ ਡਾਇਰੈਕਟਰ ਅਵਤਾਰ ਭੋਗਲ ਨੇ ਲੰਡਨ 'ਚ ਫ਼ਿਲਮਾਇਆ ਸੀ | ਕੁੜੀ ਪਾਕਿਸਤਾਨੀ ਮੁਸਲਮਾਨ ਸੀ ਤੇ ਮੰੁਡਾ ਸਿੱਖ | ਇਹ ਵੀ ਘਰੋਂ ਭੱਜ ਗਏ ਸਨ, ਇਕ ਅਗਿਆਤ ਥਾਂ 'ਤੇ ਚਲੇ ਗਏ ਸਨ, ਇਨ੍ਹਾਂ ਘਰ ਔਲਾਦ ਵਾਲਾ ਫੁੱਲ ਵੀ ਖਿੜ ਗਿਆ ਪਰ ਕਿਥੇ ਛੱਡਦੇ ਨੇ 'ਇੱਜ਼ਤ' ਦਾ ਬਦਲਾ ਲੈਣ ਵਾਲੇ | ਅਚਾਨਕ ਦੋਵਾਂ ਨੂੰ ਲੱਭ ਕੇ ਦੋਵਾਂ ਨੂੰ ਗੋਲੀਆਂ ਨਾਲ ਭੰੁਨ ਸੁੱਟਿਆ... ਪਹਿਲਾਂ ਜਿਨ੍ਹਾਂ-ਜਿਨ੍ਹਾਂ ਵੀ ਫ਼ਿਲਮ ਵੇਖੀ, ਅਸ਼-ਅਸ਼ ਕਰ ਉਠੇ ਪਰ ਜਦ ਰਿਲੀਜ਼ ਹੋਈ ਤਾਂ ਬੰਦਾ ਨਹੀਂ ਵੜਿਆ ਥੀਏਟਰਾਂ 'ਚ | ਸਿਰਫ਼ ਲੰਡਨ 'ਚ ਚੱਲੀ, ਪਾਕਿਸਤਾਨ 'ਚ ਤਾਂ ਬੈਨ ਹੋ ਗਈ |
ਅੰਤਿਕਾ : ਵਿਆਂਹਦੜ ਜੋੜੀ ਨੂੰ ਅਲਾਹਾਬਾਦ ਹਾਈਕੋਰਟ ਵਲੋਂ ਕਾਨੂੰਨੀ ਸ਼ਰਨ ਮਿਲ ਗਈ ਹੈ ਪਰ ਖ਼ਬਰ ਇਹ ਹੈ ਕਿ ਕੁੜੀ ਦਾ ਪਿਤਾ ਪ੍ਰੇਸ਼ਾਨ ਹੈ, ਕੁੜੀ ਦੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਹੈ, ਕੁੜੀ ਦੀ ਮਾਂ ਮੰਜੇ 'ਤੇ ਡਿੱਗੀ ਹੈ ਕੁਝ ਖਾ-ਪੀ ਨਹੀਂ ਰਹੀ, ਇਹੋ ਇੱਛਾ ਜ਼ਾਹਿਰ ਕੀਤੀ ਹੈ, ਮੈਨੂੰ ਜ਼ਹਿਰ ਦੇ ਦਿਓ, ਮੈਂ ਮਰ ਜਾਵਾਂ |
ਮਾਏ ਨੀ ਮਾਏ, ਤੂੰ ਮੈਨੂੰ ਜਨਮ ਦਿੱਤਾ, ਮੈਂ ਤੈਨੂੰ ਨਮੋਸ਼ੀ ਦਿੱਤੀ | ਮਾਂ ਦੀ ਵੇਦਨਾ ਹੈ ਨਾ...
'ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀ ਮਾਏ |'
••

ਸਾਹਿਤ ਸਭਾ ਫ਼ਰੀਦਕੋਟ ਦੇ ਸੰਦਰਭ ਵਿਚ ਹਰਚੰਦ ਸਿੰਘ ਸੇਖੋਂ ਦੀ ਭੂਮਿਕਾ

1947 ਵਿਚ ਦੇਸ਼ ਦੇ ਵੰਡਾਰੇ ਤੋਂ ਬਾਅਦ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਫ਼ਰੀਦਕੋਟ ਵਿਖੇ ਆਣ ਟਿਕੇ, ਕੁਝ ਨੌਜਵਾਨ ਕਵੀ ਉਨ੍ਹਾਂ ਦੀ ਸੰਗਤ ਮਾਣਨ ਲੱਗੇ, ਜਿਨ੍ਹਾਂ ਵਿਚ ਬਿਸਮਿਲ ਫ਼ਰੀਦਕੋਟੀ, ਹਰੀ ਸਿੰਘ ਤਾਂਗੜੀ, ਸੰਪੂਰਨ ਸਿੰਘ ਝੱਲਾ, ਮਧਹੋਸ਼ ਫ਼ਰੀਦਕੋਟੀ ਸ਼ਾਮਿਲ ਸਨ | ਫਿਰ ਨੂਰਪੁਰੀ ਫ਼ਰੀਦਕੋਟ ਤੋਂ ਜਲੰਧਰ ਚਲੇ ਗਏ | ਫਲਸਰੂਪ ਸਾਹਿਤ ਸਭਾ ਫ਼ਰੀਦਕੋਟ ਹੋਂਦ ਵਿਚ ਆਈ ਜਿਸ ਦੇ ਅਸਲ ਬਾਨੀ ਬਿਸਮਿਲ ਫ਼ਰੀਦਕੋਟੀ ਹੀ ਸਨ | ਬਾਅਦ ਵਿਚ ਹੋਰ ਲੇਖਕ ਤੇ ਬੁੱਧੀਜੀਵੀ ਇਸ ਕਾਫ਼ਲੇ ਵਿਚ ਸ਼ਾਮਿਲ ਹੁੰਦੇ ਗਏ, ਜਿਨ੍ਹਾਂ ਵਿਚ ਹਰਚੰਦ ਸਿੰਘ ਸੇਖੋਂ, ਸੂਰਤ ਸਿੰਘ ਗਿੱਲ, ਬਾਬੂ ਸਿੰਘ ਮਾਨ, ਕੇਵਲ ਸਿੰਘ ਗਿੱਲ ਅਤੇ ਨਵਰਾਹੀ ਘੁਗਿਆਣਵੀ ਵੀ ਸ਼ਾਮਲ ਸਨ |
1974 ਵਿਚ ਬਿਸਮਿਲ ਦੇ ਦਿਹਾਂਤ ਨਾਲ ਸਭਾ ਵਿਚ ਇਕ ਵੱਡਾ ਮੋੜ ਆਇਆ | ਬਿਸਮਿਲ ਦੇ ਪ੍ਰਸੰਸਕਾਂ ਅਤੇ ਹੋਰ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਬਿਸਮਿਲ ਦਾ ਪੁਖਤਾ ਕਲਾਮ 'ਖੌਲਦੇ ਸਾਗਰ' ਪੁਸਤਕ ਰੂਪ ਵਿਚ ਸਾਹਮਣੇ ਆਇਆ ਜਿਸ ਦੀ ਖੂਬ ਚਰਚਾ ਹੋਈ | ਸਾਹਿਤ ਸਭਾ ਫ਼ਰੀਦਕੋਟ ਦਾ ਦੂਜਾ ਦੌਰ 1977 ਵਿਚ ਸ਼ੁਰੂ ਹੁੰਦਾ ਹੈ ਜਦੋਂ ਸਰਕਾਰੀ ਬਲਬੀਰ ਸਕੂਲ ਫ਼ਰੀਦਕੋਟ ਅਤੇ ਗੌਰਮਿੰਟ ਬਰਜਿੰਦਰਾ ਕਾਲਜ ਵਿਚ ਕਈ ਉਘੇ ਲੇਖਕ ਜੁੜ ਗਏ | ਵੱਡੇ ਅੰਬ ਥੱਲੇ ਬੈਠਕਾਂ ਹੁੰਦੀਆਂ | 1978 ਵਿਚ ਬਿਸਮਿਲ ਦੀ ਛੇਵੀਂ ਬਰਸੀ ਮੌਕੇ ਗੌ: ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਇਕ ਇਤਿਹਾਸਕ ਕਵੀ ਦਰਬਾਰ ਹੋਇਆ ਜਿਸ ਵਿਚ ਪੰਜਾਬ ਦੇ ਤਕਰੀਬਨ ਇਕ ਸੌ ਉਘੇ ਕਵੀਆਂ ਨੇ ਸ਼ਿਰਕਤ ਕੀਤੀ | ਇਸ ਦੌਰ ਵਿਚ ਹਰਚੰਦ ਸਿੰਘ ਸੇਖੋਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੇਖਕਾਂ ਦੀ ਅਗਵਾਈ ਕੀਤੀ | ਸੇਖੋਂ ਇਕ ਸ਼ਾਂਤ ਸੁਭਾਅ ਅਤੇ ਨੇਕ ਮਨੁੱਖ ਹੈ | ਉਹ ਫਾਰਸੀ, ਅੰਗਰੇਜ਼ੀ ਤੇ ਪੰਜਾਬੀ ਦੀ ਐਮ.ਏ. ਹੈ | ਉਹ ਸਾਹਿਤ ਦਾ ਮਹਾਨ ਪਾਠਕ ਹੈ ਜੋ ਹੁਣ ਵੀ 87 ਸਾਲ ਦੀ ਉਮਰ ਵਿਚ ਸਾਹਿਤ ਪੜ੍ਹਨ ਵਿਚ ਮਸ਼ਰੂਫ਼ ਹੈ | ਅੱਜਕਲ੍ਹ ਉਹ ਆਪਣੇ ਜੱਦੀ ਪਿੰਡ ਮਚਾਕੀ ਕਲਾਂ (ਨੇੜੇ ਫ਼ਰੀਦਕੋਟ) ਵਿਖੇ ਜ਼ਿੰਦਗੀ ਦੀ ਸ਼ਾਮ ਬੜੀ ਸ਼ਾਨ ਨਾਲ ਬਿਤਾ ਰਿਹਾ ਹੈ | ਅੱਜਕਲ੍ਹ ਉਹ ਪਿੰਡ ਤੋਂ ਬਾਹਰ ਨਹੀਂ ਜਾਂਦਾ | ਮੇਰਾ ਪਿੰਡ ਘੁਗਿਆਣਾ ਉਸ ਦੇ ਗਰਾਂ ਦੇ ਲਾਗੇ ਹੀ ਹੈ | ਮੈਨੂੰ ਜਦੋਂ ਮੌਕਾ ਮਿਲਦਾ ਹੈ, ਮੈਂ ਲੰਘਦਾ ਟੱਪਦਾ ਸੇਖੋਂ ਨੂੰ ਮਿਲ ਆਉਂਦਾ ਹਾਂ | ਮੈਂ ਉਸ ਦੀ ਚੰਗੀ ਸਿਹਤ ਅਤੇ ਲਮੇਰੀ ਉਮਰ ਦੀ ਕਾਮਨਾ ਕਰਦਾ ਹੋਇਆ ਪਾਠਕਾਂ ਨਾਲ ਉਸ ਦੀ ਜਾਣ-ਪਛਾਣ ਕਰਵਾਉਣ ਦੀ ਖ਼ੁਸ਼ੀ ਲੈ ਰਿਹਾ ਹਾਂ |

-ਨਵਰਾਹੀ ਘੁਗਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ | ਫੋਨ : 98150-02302.

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੇ ਤੁਹਾਡੀ ਯੋਜਨਾ ਇਕ ਸਾਲ ਦੀ ਹੈ ਤਾਂ ਝੋਨਾ ਲਾਓ | ਜੇ ਤੁਹਾਡੀ ਯੋਜਨਾ ਦਸਾਂ ਸਾਲਾਂ ਦੀ ਹੈ ਤਾਂ ਦਰੱਖਤ ਲਗਾਓ ਪਰ ਜੇ ਤੁਹਾਡੀ ਯੋਜਨਾ ਸੌ ਸਾਲਾਂ ਦੀ ਹੈ ਤਾਂ ਬੱਚਿਆਂ ਨੂੰ ਪੜ੍ਹਾਓ |
• ਹੀਣਭਾਵਨਾ ਬੱਚੇ ਨੂੰ ਸੁਸਤ ਬਣਾਉਂਦੀ ਹੈ ਅਤੇ ਬੱਚੇ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਰੁਕ ਜਾਂਦਾ ਹੈ | ਇਸ ਲਈ ਬੱਚਿਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ |
• ਮਾਪੇ ਆਪਣੇ ਬੱਚਿਆਂ ਤੋਂ ਬਹੁਤੇ ਕੁਝ ਦੀ ਆਸ ਨਹੀਂ ਕਰਦੇ ਪਰ ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਜਿੰਨਾ ਪਿਆਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਚਪਨ ਵਿਚ ਦਿੱਤਾ ਸੀ, ਉਸ ਦਾ ਕਰਜ਼ਾ ਮਾਪਿਆਂ ਨੂੰ ਬੁਢਾਪੇ ਵਿਚ ਜ਼ਰੂਰ ਵਾਪਸ ਕਰਨ |
• ਜਿਹੜਾ ਕੰਮ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਾ ਕਰਨ, ਉਹ ਕੰਮ ਸਾਨੂੰ ਖੁਦ ਵੀ ਕਦੇ ਨਹੀਂ ਕਰਨਾ ਚਾਹੀਦਾ |
• ਬੱਚੇ ਦੀ ਕੀਮਤ ਜਾਂ ਕਰਤੱਵ ਕੀ ਹੈ, ਇਸ ਬਾਰੇ ਉਹ ਪਰਿਵਾਰ ਹੀ ਦੱਸ ਸਕਦਾ ਹੈ ਜਿਸ ਪਰਿਵਾਰ ਵਿਚ ਕੋਈ ਬੱਚਾ ਨਾ ਹੋਵੇ | ਇਸ ਸ਼ਿਅਰ ਵਿਚ ਬੜੀ ਵੱਡੀ ਸਚਾਈ ਦੱਸੀ ਗਈ ਹੈ:
ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ,
ਇਕਨਾ ਦੇ ਘਰ ਧੀਆਂ, ਧੀਆਂ ਘਰ ਦੋਹਤਰੇ |
ਇਕਨਾ ਦੇ ਘਰ ਇਕ ਹੀ, ਜੰਮ ਕੇ ਜਾਏ ਮਰ,
ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਤੇ ਇੰਜ ਕਰ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮੋਬਾਈਲ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ ਕਿਉਂਕਿ ਮੋਬਾਈਲ ਦੀ ਵਧ ਰਹੀ ਵਰਤੋਂ ਠੀਕ ਨਹੀਂ ਹੈ |
• ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਰੱਬ, ਨਾ ਦਿਖਾਈ ਦੇਣ ਵਾਲੀ ਪਰਮ ਸ਼ਕਤੀ ਹੈ ਪਰ ਮਾਂ-ਪਿਓ ਦਿਖਾਈ ਦੇਣ ਵਾਲੇ ਵਾਲੇ ਰੱਬ ਹਨ, ਜਿਹੜਾ ਬੱਚਾ ਮਾਂ-ਬਾਪ ਦੇ ਚਰਨਾਂ ਵਿਚ ਝੁਕ ਜਾਂਦਾ ਹੈ, ਉਸ ਦੀ ਝੋਲੀ ਕਦੇ ਵੀ ਖਾਲੀ ਨਹੀਂ ਹੁੰਦੀ |
• ਮਾਂ ਬੱਚੇ ਦੇ ਬਾਹਰ ਜਾਣ ਤੋਂ ਲੈ ਕੇ, ਵਾਪਸ ਆਉਣ ਤੱਕ ਉਸ ਦੀ ਰਾਹ ਦੇਖਦੀ ਹੈ | ਬੱਚੇ ਦੇ ਪ੍ਰਤੀ ਮਾਂ ਦੀ ਚਿੰਤਾ ਨੂੰ ਬਸ ਉਹੀ ਸਮਝ ਸਕਦਾ ਹੈ | ਜਿਹੜਾ ਬੱਚਾ ਸ਼ੁਰੂ ਤੋਂ ਹੀ ਆਪਣੀ ਮਾਂ ਦਾ ਹਰ ਕੰਮ ਵਿਚ ਹੱਥ ਵਟਾਉਂਦਾ ਹੈ ਤੇ ਕਿਰਤ ਕਰਦਾ ਹੈ ਤਾਂ ਉਹ ਆਪਣੀ ਪਤਨੀ ਲਈ ਵੀ ਮਦਦਗਾਰ ਸਾਬਤ ਹੋਵੇਗਾ |
• ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੇ ਵਿਵਾਦਾਂ ਦਾ ਸਮਾਧਾਨ ਸ਼ਬਦਾਂ ਨਾਲ ਕਰਨ, ਹਥਿਆਰਾਂ ਨਾਲ ਨਹੀਂ | ਘਰ ਵਿਚ ਇਕ ਦੂਜੇ ਦੀ ਮਦਦ ਕਰਨ ਅਜਿਹਾ ਕਰਨ ਨਾਲ ਉਹ ਸਮਾਜ ਵਿਚ ਵੀ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਚੇਤੰਨ ਹੋਣਗੇ |
• ਮਾਂ ਇਸ ਧਰਤੀ ਦੀ ਮਾਲਣ ਹੈ ਤੇ ਬੱਚੇ ਟਹਿਕਦੇ ਫੁੱਲ | ਇਸ ਲਈ ਜੇ ਅਸੀਂ 'ਇਨ ਚਿਰਾਗੋਂ ਕੀ ਹਿਫਾਜ਼ਤ ਵਕਤ ਪਰ ਨਾ ਕਰ ਸਕੇ ਤਾਂ ਰੋਸ਼ਨੀ ਮਿਟ ਜਾਏਗੀ ਔਰ ਧੰੂਆਂ ਰਹਿ ਜਾਏਗਾ |'
• ਬੱਚੇ ਤਾਂ ਸਿਰਫ਼ ਕੱਚੀ ਮਿੱਟੀ ਵਾਂਗ ਹੁੰਦੇ ਹਨ, ਉਨ੍ਹਾਂ ਨੂੰ ਆਪਾਂ ਜਿਵੇਂ ਮਰਜ਼ੀ ਸਵਾ ਸਕਦੇ ਹਾਂ | ਬੱਚੇ ਨੂੰ ਜੇਕਰ ਕੋਈ ਤੋਹਫ਼ਾ/ਗਿਫ਼ਟ ਜਾਂ ਖਿਡੌਣਾ ਨਾ ਦਿੱਤਾ ਜਾਵੇ ਤਾਂ ਉਹ ਕੁਝ ਦੇਰ ਲਈ ਰੋਏਗਾ ਪਰ ਜੇ ਉਸ ਨੂੰ ਚੰਗੇ ਸੰਸਕਾਰ ਨਾ ਦਿੱਤੇ ਜਾਣ ਤਾਂ ਉਹ ਜੀਵਨ ਭਰ ਰੋਏਗਾ |
• ਇਨਸਾਨ ਦੀ ਜ਼ਿੰਦਗੀ ਦੀ ਹਾਰ-ਜਿੱਤ ਦਾ ਫੈਸਲਾ ਉਸ ਦੇ ਬੱਚੇ ਕਰਦੇ ਹਨ | ਜੇਕਰ ਉਹ ਸੰਸਕਾਰੀ ਅਤੇ ਕਮਾਊ ਹੋਣ ਤਾਂ ਜਿੱਤ ਹੈ | ਜੇਕਰ ਬੱਚੇ ਬੇਕਾਰ ਅਤੇ ਆਵਾਰਾ ਹੋਣ ਤਾਂ ਕਰੋੜਾਂ ਦੀ ਪੂੰਜੀ ਹੁੰਦੇ ਹੋਏ ਵੀ ਹਾਰ ਹੈ |
• ਬੱਚਿਆਂ ਨੂੰ ਬੇਗਾਨਿਆਂ ਦੇ ਰਹਿਮ 'ਤੇ ਪਾਲਣ ਨਾਲੋਂ ਦਾਦਾ-ਦਾਦੀ ਦੀ ਦੇਖ-ਰੇਖ ਵਿਚ ਪਾਲਣਾ ਹਜ਼ਾਰ ਦਰਜ਼ੇ ਚੰਗਾ ਹੁੰਦਾ ਹੈ |
• ਪ੍ਰੇਮ ਤੇ ਅਨੁਸ਼ਾਸਨ ਦੇ ਮਾਹੌਲ ਵਿਚ ਪਲੇ ਬੱਚੇ ਵੱਡੇ ਹੋ ਕੇ ਮਾਂ-ਪਿਓ ਨੂੰ ਹੋਰ ਵਧ ਸਨਮਾਨ ਦਿੰਦੇ ਹਨ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਬਣਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ ਮਰ ਜਾਣਾ ਬਦਰੀ

ਹਰ ਮਨੁੱਖ ਨੂੰ ਆਪਣੇ ਬਚਪਨ ਦੀਆਂ ਗੱਲਾਂ, ਦੋਸਤੀਆਂ, ਥਾਵਾਂ ਅਤੇ ਮਾੜੀਆਂ ਗੱਲਾਂ ਵੀ ਯਾਦ ਰਹਿੰਦੀਆਂ ਹਨ | ਉਹ ਜ਼ਿੰਦਗੀ ਵਿਚ ਕਿੰਨੀ ਵੀ ਤਰੱਕੀ ਕਰ ਜਾਏ, ਆਪਣੇ ਬਾਲਪਨ ਦੇ ਸਾਥੀ ਨੂੰ ਨਹੀਂ ਭੁੱਲ ਸਕਦਾ | ਜੇਕਰ ਕੋਈ ਬਚਪਨ ਦਾ ਸਾਥੀ ਮਿਲ ਜਾਏ ਤੇ ਉਹ ਉਸ ਨੂੰ ਬਚਪਨ ਦੇ ਨਾਂਅ ਨਾਲ ਹੀ ਬੁਲਾਉਂਦਾ ਹੈ | ਇਸ ਦੇ ਪਿੱਛੇ ਬਚਪਨ ਦੇ ਉਹ ਦਿਨ ਅਤੇ ਮਾਹੌਲ ਹੁੰਦਾ ਹੈ ਜਿਸ ਨੂੰ ਅਸੀਂ ਲੋੜ ਸਮੇਂ ਹੀ ਯਾਦ ਕਰਦੇ ਹਾਂ |
ਜਨਾਬ ਮਹਾਸ਼ਾ ਸੁਦਰਸ਼ਨ ਅਤੇ ਮਸ਼ਹੂਰ ਸ਼ਾਇਰ ਜਨਾਬ ਮੇਲਾ ਰਾਮ 'ਵਫ਼ਾ' ਦੀ ਪਤਨੀ ਇਕੋ ਪਿੰਡ ਦੇ ਜੰਮਪਲ ਸਨ | ਇਕ ਵਾਰੀ ਮਹਾਸ਼ਾ ਸੁਦਰਸ਼ਨ ਜੀ ਮੇਲਾ ਰਾਮ 'ਵਫ਼ਾ' ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ | ਵਫ਼ਾ ਸਾਹਬ ਨੇ ਉਨ੍ਹਾਂ ਨੂੰ ਬੜੇ ਆਦਰ ਨਾਲ ਕਮਰੇ ਵਿਚ ਬਿਠਾਇਆ ਅਤੇ ਆਪ ਨਾਲ ਦੇ ਕਮਰੇ ਵਿਚ ਬੈਠੀ ਆਪਣੀ ਪਤਨੀ ਨੂੰ ਕੁਝ ਸਮਝਾਉਣ ਲਈ ਗਏ | ਉਨ੍ਹਾਂ ਆਪਣੀ ਪਤਨੀ ਨੂੰ ਕਿਹਾ, 'ਘਰ ਵਿਚ ਇਕ ਬਹੁਤ ਹੀ ਸਤਿਕਾਰਯੋਗ ਮਹਿਮਾਨ ਆਏ ਨੇ, ਤੂੰ ਬਾਜ਼ਾਰੋਂ ਕੁਝ ਖਾਣ-ਪੀਣ ਦਾ ਸਾਮਾਨ ਲੈ ਆ |'
ਉਨ੍ਹਾਂ ਦੀ ਪਤਨੀ ਬਾਜ਼ਾਰੋਂ ਸਾਮਾਨ ਲੈ ਕੇ ਜਦੋਂ ਵਾਪਸ ਆਈ ਤਾਂ ਮਹਾਸ਼ਾ ਸੁਦਰਸ਼ਨ ਨੂੰ ਵੇਖ ਕੇ ਪੁੱਛਣ ਲੱਗੀ, 'ਮਹਿਮਾਨ ਕਿਥੇ ਨੇ?' ਜਨਾਬ ਵਫ਼ਾ ਸਾਹਬ ਨੇ ਮਹਾਸ਼ਾ ਸੁਦਰਸ਼ਨ ਵੱਲ ਇਸ਼ਾਰਾ ਕਰ ਕੇ ਕਿਹਾ, 'ਇਹੀ ਮਹਿਮਾਨ ਹੈ ਆਪਣਾ |' ਇਹ ਸੁਣ ਕੇ ਉਨ੍ਹਾਂ ਦੀ ਪਤਨੀ ਨੇ ਆਪਣੇ ਬਚਪਨ ਦੇ ਹਾਣੀ ਦਾ ਨਾਂਅ ਲੈਂਦਿਆਂ ਕਿਹਾ, 'ਇਹ ਮਰ ਜਾਣਾ ਤਾਂ ਬਦਰੀ ਏ | ਬੜਾ ਸ਼ਰਾਰਤੀ ਹੁੰਦਾ ਸੀ | ਹੁਣ ਭਾਵੇਂ ਸ਼ਰੀਫ਼ ਦਿਸਦਾ ਹੈ |' ਦੋਸਤੋ, ਬਚਪਨ ਦੇ ਦਿਨ ਬੜੇ ਸੁਹਾਵਨੇ ਹੁੰਦੇ ਹਨ | ਇਹ ਮਨੁੱਖ ਦੀ ਅਣਵੰਡੀ ਦੌਲਤ ਹੁੰਦੀ ਹੈ | ਸ਼ਾਲਾ ਸਭ ਨੂੰ ਆਪਣਾ ਬਾਲਪਨ ਨਾ ਭੁੱਲੇ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਮਿੰਨੀ ਕਹਾਣੀ: ਫ੍ਰੀ ਹੈਾਡ

ਘੱਟ ਹੀ ਇਉਂ ਹੁੰਦਾ ਸੀ... ਪਰ ਅੱਜ ਸਾਰਾ ਪਰਿਵਾਰ ਖਾਣੇ ਦੀ ਮੇਜ਼ 'ਤੇ ਇਕੱਠਾ ਹੋ ਗਿਆ ਸੀ | ਦਾਦਾ ਜੀ-ਦਾਦੀ ਜੀ ਇਕ ਕੋਨੇ ਵਿਚ, ਖਾਲੀ ਹੱਥ ਬੈਠੇ ਸਨ... ਬਾਕੀ ਸਾਰੇ ਟੱਬਰ ਦੇ ਜੀਆਂ ਦੇ ਹੱਥਾਂ ਵਿਚ ਆਪਣੇ-ਆਪਣੇ ਸੈੱਲ ਫੋਨ ਸਨ ਤੇ ਸਾਰੇ ਦੇ ਸਾਰੇ 'ਆਨਲਾਈਨ' ਸਨ |
ਫੋਨ ਵੀ ਚੱਲ ਰਹੇ ਸਨ... ਖਾਣਾ ਵੀ |
ਦਾਦੀ ਜੀ, ਕਾਲਜ ਪੜ੍ਹਦੇ ਪੋਤਰੇ ਸ਼ਵਿੰਦਰ ਵੱਲ ਦੇਖ ਰਹੇ ਸਨ, ਜੋ ਖੱਬੇ ਹੱਥ ਵਿਚ ਫੋਨ ਫੜੀ ਸੱਜੇ ਹੱਥ ਵਿਚ ਚਮਚ ਨਾਲ ਖਾਮਾ ਖਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਹਰ ਵਾਰ ਖਾਣਾ ਮੰੂਹ ਵਿਚ ਪਾਉਣ ਲਈ ਉਹ ਅੱਗੇ ਵੱਲ ਝੁਕਦਾ, ਫਿਰ ਚਮਚ ਰੱਖ ਫੋਨ ਸਕਰੀਨ ਨੂੰ ਟੱਚ ਕਰਨ ਲੱਗ ਜਾਂਦਾ | ਵਾਰ-ਵਾਰ ਇਉਂ ਕਰਦੇ ਸ਼ਵਿੰਦਰ ਨੂੰ ਦੇਖ ਦਾਦਾ ਜੀ ਮੁਸਕਰਾ ਰਹੇ ਸਨ |
'ਕੋਈ ਐਸਾ ਤਰੀਕਾ ਹੋਣਾ ਚਾਹੀਦੈ, ਜੋ ਬੰਦੇ ਦੇ ਦੋਵੇਂ ਹੱਥ 'ਬਿਜ਼ੀ' ਹੋਣ ਤਾਂ ਵੀ ਬੰਦਾ ਸੌਖਿਆਂ ਹੀ ਖਾਣਾ ਖਾ ਸਕੇ, ਉਹ ਵੀ 'ਫ੍ਰੀ ਹੈਾਡ |'
ਸਭ ਉਸ ਦੀ ਗੱਲ 'ਤੇ ਮੁਸਕਰਾ ਰਹੇ ਸਨ |
'ਹੈਗਾ ਇਕ ਤਰੀਕਾ... ਇਸ ਤਰ੍ਹਾਂ ਦਾ ਵੀ... ਆਪਣੇ 'ਟੌਮੀ' ਤੋਂ ਸਿੱਖਣਾ ਪਵੇਗਾ | ਉਸ ਦੇ ਗਲ ਵਿਚ ਸੰਗਲੀ ਹੁੰਦੀ ਹੈ... ਫਿਰ ਵੀ ਉਹ ਵਧੀਆ ਖਾਣਾ ਖਾ ਲੈਂਦਾ ਹੈ, ਉਹ ਵੀ 'ਫ੍ਰੀ ਹੈਾਡ'... |'
'ਖਾਣੇ ਵਾਲਾ ਮੇਜ਼ ਥੋੜ੍ਹਾ ਜਿਹਾ ਹੋਰ ਉੱਚਾ ਕਰਾਉਣਾ ਪਵੇਗਾ |'
ਦਾਦੀ ਜੀ ਨੇ ਵੀ ਸੁਰ ਮਿਲਾਈ |
ਸਾਰੇ ਜਣੇ ਮੁਸਕਰਾ ਰਹੇ ਸਨ... ਸ਼ਵਿੰਦਰ ਵੀ ਹੱਸ ਰਿਹਾ ਸੀ |

-ਪਿੰ੍ਰ: ਗੁਲਵੰਤ ਮਲੌਦਵੀ
ਨੇੜੇ ਰੇਲਵੇ ਸਟੇਸ਼ਨ ਘਨੌਲੀ, ਪਿੰਡ ਤੇ ਡਾਕ: ਘਨੌਲੀ, ਜ਼ਿਲ੍ਹਾ ਰੂਪਨਗਰ-140113.
ਫੋਨ : 94173-32911.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX