ਤਾਜਾ ਖ਼ਬਰਾਂ


ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  12 minutes ago
ਵਾਸ਼ਿੰਗਟਨ, 20 ਸਤੰਬਰ - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਦੇਰ ਰਾਤ ਗੋਲੀਬਾਰੀ ਹੋਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਜਿਸ ਸਥਾਨ 'ਤੇ ਗੋਲੀਆਂ ਚਲੀਆਂ ਹਨ। ਉਹ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਤੋਂ...
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  58 minutes ago
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ) - ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਘਾ ਪੁਰਾਣਾ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ...
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 1 hour ago
ਜੇਨੇਵਾ, 20 ਸਤੰਬਰ - ਦੁਨੀਆ ਨੂੰ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਖਿਲਾਫ ਗੁਮਰਾਹ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਇਕ ਵਾਰ ਅਸਫਲ ਹੋ ਗਈ। ਬੀਤੇ ਕੱਲ੍ਹ 19 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਕਸ਼ਮੀਰ 'ਤੇ ਮਤਾ ਪੇਸ਼ ਕਰਨ ਦਾ ਅੰਤਿਮ ਦਿਨ ਸੀ, ਪਰੰਤੂ ਪਾਕਿਸਤਾਨ ਇਸ...
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 1 hour ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ 'ਚ ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਤਹਿਤ ਮੋਟਰਸਾਈਕਲ...
ਅੱਜ ਦਾ ਵਿਚਾਰ
. . .  about 1 hour ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ

ਗੁਰਦੁਆਰਾ ਕਮਾਲਪੁਰ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਤੋਂ ਵਾਪਸੀ ਸਮੇਂ ਪਿੰਡ ਕਮਾਲਪੁਰ (ਸੰਗਰੂਰ) ਦੀ ਧਰਤੀ 'ਤੇ ਚਰਨ ਪਾਏ ਸਨ। ਗੁਰੂ ਨਾਨਕ ਦੇਵ ਜੀ ਹਰਿਆਣਾ ਦੇ ਸ਼ਹਿਰ ਜੀਂਦ, ਭਾਗਲ, ਚੀਕਾ, ਖਰੌਦੀ, ਚੋਆ ਨਦੀ ਪਾਰ ਕਰਕੇ ਪਿੰਡ ਕਮਾਲਪੁਰ ਪਹੁੰਚੇ। ਕਮਾਲਪੁਰ ਪਿੰਡ ਦੇ ਨੇੜੇ ਇਕ ਧਾਰਮਿਕ ਸਥਾਨ ਵਿਚ ਇਕ ਰਾਤ ਰਹੇ। ਦਿੱਲੀ-ਸੰਗਰੂਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਦਿੜ੍ਹਬਾ ਸ਼ਹਿਰ ਤੋਂ 6 ਕਿਲੋਮੀਟਰ ਦੂਰ ਚੜ੍ਹਦੇ ਵੱਲ ਪਿੰਡ ਕਮਾਲਪੁਰ ਸਥਿਤ ਹੈ। ਇਹ ਸਥਾਨ ਕਮਾਲਪੁਰ, ਦਿਆਲਗੜ੍ਹ ਜੇਜੀਆ, ਘਨੌੜ ਰਾਜਪੂਤਾਂ, ਖਨਾਲ ਕਲਾਂ ਅਤੇ ਸੰਤਪੁਰਾ ਦੀ ਹੱਦ 'ਤੇ ਸਥਿਤ ਹੈ। ਇਸ ਸਥਾਨ 'ਤੇ ਪਹਿਲਾਂ ਸੰਗਤਾਂ ਨੇ ਗੁਰੂ-ਘਰ ਬਣਾਇਆ। ਬਾਅਦ ਵਿਚ ਇਸ ਸਥਾਨ 'ਤੇ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਕਾਰ ਸੇਵਾ ਵਾਲਿਆਂ ਨੇ ਸੁੰਦਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਹੁਣ ਕਾਰ ਸੇਵਾ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਵਿਚ ਚੱਲ ਰਹੀ ਹੈ। ਦਰਬਾਰ ਸਾਹਿਬ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ। ਮੱਸਿਆ ਦੇ ਦਿਹਾੜੇ 'ਤੇ ਨੇੜਲੇ ਇਕ ਦਰਜਨ ਤੋਂ ਵੱਧ ਪਿੰਡਾਂ ਦੀ ਸੰਗਤ ਇਸ ਸਥਾਨ 'ਤੇ ਨਤਮਸਤਕ ਹੋਣ ਲਈ ਆਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਵਿੰਦਰ ਸਿੰਘ, ਮੀਤ ਪ੍ਰਧਾਨ ਸੁੱਚਾ ਸਿੰਘ, ਮੈਂਬਰ ਮਨਜੀਤ ਸਿੰਘ, ਜਰਨੈਲ ਸਿੰਘ ਅਤੇ ਯੋਗ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ-ਘਰ ਦੀ ਮਹਾਨਤਾ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਕਰਮ ਸਿੰਘ ਪਟਿਆਲੇ ਵਾਲਿਆਂ ਨੇ 75 ਵਿੱਘੇ ਜ਼ਮੀਨ ਦਾਨ ਦਿੱਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਪਹਿਲੀ ਪਾਤਸ਼ਾਹੀ ਗੁਰਦੁਆਰਾ ਕਰੀਬ 4 ਏਕੜ ਵਿਚ ਬਣਿਆ ਹੋਇਆ ਹੈ, ਜਿਸ ਵਿਚ ਸਰੋਵਰ, ਲੰਗਰ ਹਾਲ, ਹਰੇ ਭਰੇ ਪਾਰਕ, ਕਾਰ ਪਾਰਕਿੰਗ ਆਦਿ ਵੀ ਬਣੀ ਹੋਈ ਹੈ। ਗੁਰੂ-ਘਰ ਅੰਦਰ ਸੰਗਤਾਂ ਲਈ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਕਮਾਲਪੁਰ ਦੇ ਨੇੜੇ ਵੀ ਕੁਝ ਸਮਾਂ ਰੁਕੇ, ਜਿੱਥੇ ਗੁਰਦੁਆਰਾ ਨਾਨਕਸਰ ਬਣਿਆ ਹੋਇਆ ਹੈ। ਗੁਰਦੁਆਰਾ ਪਹਿਲੀ ਪਾਤਸ਼ਾਹੀ ਸਥਾਨ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਵੀ ਚਰਨ ਪਾਏ ਸਨ। ਜਦ ਗੁਰੂ ਹਰਿਗੋਬਿੰਦ ਸਾਹਿਬ ਇਸ ਸਥਾਨ 'ਤੇ ਆਏ ਤਾਂ ਇਲਾਕੇ ਵਿਚ ਕੋਹੜ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਥੜ੍ਹਾ ਵੀ ਬਣਵਾਇਆ। ਇਸ ਧਾਰਮਿਕ ਸਥਾਨ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ, ਛੇਵੀਂ ਪਾਤਸ਼ਾਹੀ ਅਤੇ ਨੌਵੀਂ ਪਾਤਸ਼ਾਹੀ ਪਿੰਡ ਕਮਾਲਪੁਰ ਵੀ ਕਿਹਾ ਜਾਂਦਾ ਹੈ। ਨੰਬਰਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਸੰਗਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੀ ਸੇਵਾ ਵਿਚ ਹਮੇਸ਼ਾ ਜੁਟੀ ਰਹਿੰਦੀ ਹੈ। ਕਾਲੇਕਾ ਪਰਿਵਾਰ ਨੇ ਗੁਰੂ-ਘਰ ਵਿਚ ਅਥਾਹ ਸ਼ਰਧਾ ਰੱਖਦਿਆਂ ਗੁਰੂ -ਘਰ ਨੂੰ ਕਰੀਬ 11 ਏਕੜ ਜ਼ਮੀਨ ਦਾਨ ਕੀਤੀ ਸੀ, ਜਿਸ ਕਰਕੇ ਗੁਰੂ-ਘਰ ਕੋਲ ਵਾਹੀਯੋਗ ਜ਼ਮੀਨ ਵੀ ਹੈ। ਪਿਛਲੇ ਇਕ ਦਹਾਕੇ ਤੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸੰਗਤਾਂ ਨੂੰ ਸੁਣਾਈ ਜਾਂਦੀ ਹੈ। ਗੁਰੂਆਂ ਦੀ ਕਿਰਪਾ ਨਾਲ ਇਤਿਹਾਸਕ ਗੁਰੂ-ਘਰ ਦੀ ਕਾਰ ਸੇਵਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਇਲਾਕੇ ਭਰ 'ਚੋਂ ਸੰਗਤਾਂ ਸੇਵਾ ਲਈ ਗੁਰੂ-ਘਰ ਆਉਂਦੀਆਂ ਹਨ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਦਾ ਐਲਾਨ ਕੀਤਾ ਹੈ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਪਿੰਡ ਕਮਾਲਪੁਰ ਦੇ ਲੋਕਾਂ ਨੇ ਆਸ ਪ੍ਰਗਟ ਕੀਤੀ ਕਿ ਪਿੰਡ ਨੂੰ ਸਮੇਂ ਅਨੁਸਾਰ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ।


-ਹਰਬੰਸ ਸਿੰਘ ਛਾਜਲੀ,
ਦਿੜ੍ਹਬਾ ਮੰਡੀ।
ਮੋਬਾ: 94172-61281


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਵਾਤਾਵਰਨ ਦੀ ਸ਼ੁੱਧਤਾ ਲਈ ਪਹਿਲ ਕਰੇ ਸ਼੍ਰੋਮਣੀ ਕਮੇਟੀ

ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ 'ਚ ਸਾਢੇ 5 ਲੱਖ ਰੁੱਖ-ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਨ ਦੇ ਗੰਭੀਰ ਵਿਗਾੜਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਭਾਈਚਾਰੇ ਤੱਕ ਪਹਿਲੀ ਪਾਤਸ਼ਾਹੀ ਦਾ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਪ੍ਰੇਮ ਦਾ ਨਾਯਾਬ ਸੁਨੇਹਾ ਪਹੁੰਚਾਇਆ ਜਾ ਸਕੇ। ਇਸ ਦੇ ਨਾਲ ਹੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ 550 ਦੀਆਂ ਰਵਾਇਤੀ ਕਿਸਮਾਂ ਦੇ ਬੂਟਿਆਂ ਵਾਲਾ ਇਕ ਇਤਿਹਾਸਕ ਬਾਗ਼ ਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਹਰੇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਨੂੰ '13-13' ਰੁੱਖ ਲਗਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ, ਵਿੱਦਿਅਕ ਅਤੇ ਸਿਹਤ ਸੰਸਥਾਵਾਂ ਨੂੰ ਵਧੇਰੇ ਕੁਦਰਤ-ਪੱਖੀ ਬਣਾਉਣ ਲਈ 'ਸੂਰਜੀ ਊਰਜਾ' ਦੇ ਪ੍ਰਾਜੈਕਟ ਲਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਵਾਤਾਵਰਨ ਦੀ ਸੰਭਾਲ ਲਈ ਧਾਰਮਿਕ ਯਤਨ
ਨਿਰਸੰਦੇਹ ਅੱਜ ਦੇ ਵਾਤਾਵਰਨ ਦੇ ਭਾਰੀ ਖ਼ਤਰਿਆਂ-ਸੰਕਟਾਂ ਦਾ ਸਾਹਮਣਾ ਕਰ ਰਹੇ ਯੁੱਗ ਵਿਚ ਸ਼੍ਰੋਮਣੀ ਕਮੇਟੀ ਵਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਇਹ ਯਤਨ ਵੱਡਾ ਸਾਰਥਿਕ ਉਪਰਾਲਾ ਸਾਬਤ ਹੋ ਸਕਦੇ ਹਨ, ਬਸ਼ਰਤੇ ਜੇਕਰ ਇਨ੍ਹਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਸਕੇ। ਕੁਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਸਾਢੇ 3 ਲੱਖ ਰੁੱਖ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਅਮਲੀ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਸਕਿਆ। ਪਿਛਲੇ ਅਰਸੇ ਦੌਰਾਨ ਇਤਿਹਾਸਕ ਗੁਰਦੁਆਰਿਆਂ 'ਚ ਕਾਰ ਸੇਵਾ ਦੇ ਨਾਂਅ 'ਤੇ ਸੰਗਮਰਮਰ ਲਗਾਉਣ ਅਤੇ ਇਮਾਰਤੀ ਸੁੰਦਰੀਕਰਨ ਕਰਦਿਆਂ ਗੁਰਦੁਆਰਿਆਂ ਦੇ ਚੌਗਿਰਦੇ ਵਿਚੋਂ ਹਰਿਆਲੀ, ਰੁੱਖਾਂ-ਬੂਟਿਆਂ ਅਤੇ ਪੁਰਾਤਨ ਬਾਗ਼ਾਂ ਦਾ ਵੱਡੀ ਪੱਧਰ 'ਤੇ ਉਜਾੜਾ ਕੀਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਰਗੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਦੇ ਨੇੜੇ ਇਤਿਹਾਸਕ ਗੁਰੂ ਕਾ ਬਾਗ਼ ਅਲੋਪ ਹੋ ਗਿਆ ਅਤੇ ਪਰਿਕਰਮਾ ਵਿਚਲੀਆਂ ਇਤਿਹਾਸਕ ਬੇਰੀਆਂ ਦੀ ਹੋਂਦ 'ਤੇ ਵੀ ਪੌਣ-ਪਾਣੀ 'ਚ ਵਿਗਾੜ ਦੇ ਮਾਰੂ ਅਸਰ ਪੈਣੇ ਸ਼ੁਰੂ ਹੋ ਗਏ।
ਤਕਰੀਬਨ ਡੇਢ ਦਹਾਕਾ ਪਹਿਲਾਂ 2006 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਹੁੰਦਿਆਂ ਹੁਣ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਵਾਤਾਵਰਨ-ਪੱਖੀ ਬਣਾਉਣ ਲਈ ਪਰਿਕਰਮਾ ਦੀਆਂ ਛੱਤਾਂ 'ਤੇ ਸਹਾਰਨਪੁਰ ਤੋਂ ਬੂਟੇ ਲਿਆ ਕੇ ਵਿਸ਼ੇਸ਼ ਗਮਲਿਆਂ ਵਿਚ ਲਾਉਣ ਦੇ ਯਤਨ ਕੀਤੇ ਸਨ ਤਾਂ ਉਸ ਵੇਲੇ ਵਾਤਾਵਰਨ ਪ੍ਰਤੀ ਏਨੀ ਚੇਤਨਾ ਤੇ ਅਹਿਮੀਅਤ ਦੀ ਅਣਹੋਂਦ ਹੋਣ ਕਾਰਨ ਇਹ ਯਤਨ ਸਫ਼ਲ ਨਹੀਂ ਹੋ ਸਕੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚਲੀਆਂ ਦੁਨੀਆ ਦੀਆਂ ਸਭ ਤੋਂ ਪੁਰਾਤਨ ਇਤਿਹਾਸਕ ਬੇਰੀਆਂ ਸੁੱਕਣ ਲੱਗੀਆਂ ਅਤੇ ਵਧ ਰਹੇ ਪ੍ਰਦੂਸ਼ਣ ਦੇ ਮਾਰੂ ਅਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਸੁਨਹਿਰੀ ਇਮਾਰਤ 'ਤੇ ਦਿਖਾਈ ਦੇਣ ਲੱਗੇ ਤਾਂ ਵਾਤਾਵਰਨ ਮਾਹਿਰਾਂ ਅਤੇ ਵਿਗਿਆਨੀਆਂ ਦੀ ਸਹਾਇਤਾ ਲਈ ਜਾਣ ਲੱਗੀ। ਇਤਿਹਾਸਕ ਬੇਰੀਆਂ ਦੀ ਸੁਰੱਖਿਆ ਅਤੇ ਪ੍ਰਫੁੱਲਤਾ ਲਈ ਉਨ੍ਹਾਂ ਦੁਆਲੇ ਵਿਗਿਆਨੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਮੀਨ ਨੂੰ ਕੁਦਰਤੀ ਰੂਪ ਦਿੱਤਾ ਜਾਣ ਲੱਗਾ। ਵਾਤਾਵਰਨ ਮਾਹਿਰਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਆਲੇ-ਦੁਆਲੇ ਪ੍ਰਦੂਸ਼ਣ ਘਟਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ। ਪਿਛਲੇ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਲਈ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲਗਾ ਕੇ ਆਲੂ ਅਤੇ ਮੱਕੀ ਦੀ ਰਹਿੰਦ-ਖੂੰਹਦ ਤੋਂ ਬਣੇ ਗਲਣਸ਼ੀਲ ਤੇ ਕੁਦਰਤ-ਪੱਖੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਾ ਵਿਸ਼ਵ ਦਾ ਪਹਿਲਾ ਧਾਰਮਿਕ ਅਸਥਾਨ ਬਣਨ ਦੀ ਪਹਿਲਕਦਮੀ ਬਦਲੇ ਕੌਮਾਂਤਰੀ ਸੰਸਥਾਵਾਂ 'ਆਈ.ਐਚ.ਏ. ਫਾਊਂਡੇਸ਼ਨ' ਅਤੇ 'ਅਰਥ ਡੇਅ ਨੈੱਟਵਰਕ' ਅਮਰੀਕਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਗੈਰ-ਰਵਾਇਤੀ ਕਿਸਮ ਦਾ ਤਿਆਰ ਕੀਤਾ ਗਿਆ 'ਵਰਟੀਕਲ ਗਾਰਡਨ' ਖਿੱਚ ਦਾ ਕੇਂਦਰ ਬਣ ਰਿਹਾ ਹੈ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਨਾਲ ਸਰਾਵਾਂ ਅਤੇ ਇਮਾਰਤਾਂ ਦੀਆਂ ਕੰਧਾਂ 'ਤੇ ਪਲਾਸਟਿਕ ਦੀਆਂ ਬੋਤਲਾਂ ਵਿਚ ਲਗਪਗ 35 ਹਜ਼ਾਰ ਪ੍ਰਕਾਰ ਦੇ ਫੁੱਲਦਾਰ ਬੂਟੇ ਲਾਏ ਗਏ ਹਨ।
ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਇਕ ਖੂਬਸੂਰਤ 'ਗੁਰੂ ਕਾ ਬਾਗ' ਵੀ ਤਿਆਰ ਕੀਤਾ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸਰਾਵਾਂ ਅਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੀਆਂ ਛੱਤਾਂ 'ਤੇ 'ਰੂਫ ਗਾਰਡਨ' (ਛੱਤ ਉੱਤੇ ਬਗੀਚਾ) ਤਿਆਰ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਲੰਗਰ 'ਚ ਵਰਤੀ ਜਾਣ ਵਾਲੀ ਕਣਕ ਅਤੇ ਸਬਜ਼ੀਆਂ ਲਈ 'ਸਤਲਾਣੀ ਸਾਹਿਬ' ਵਿਖੇ ਸ਼੍ਰੋਮਣੀ ਕਮੇਟੀ ਦੇ ਫਾਰਮ ਹਾਊਸ 'ਚ ਜੈਵਿਕ ਖੇਤੀ ਦੀ ਸ਼ੁਰੂਆਤ ਅਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦਾ ਇਕ ਵੱਖਰਾ ਵਾਤਾਵਰਨ ਵਿਭਾਗ ਗਠਿਤ ਕਰਕੇ ਸਿੱਖ ਚੇਤਨਾ ਦੇ ਪ੍ਰਸੰਗ 'ਚ ਵਾਤਾਵਰਨ ਦੀ ਸੰਭਾਲ ਦੀ ਲੋੜ ਨੂੰ ਉਭਾਰਨ ਦਾ ਬੀੜਾ ਚੁੱਕਿਆ ਸੀ ਪਰ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਪੰਥ ਵਲੋਂ ਕੌਮਾਂਤਰੀ ਪੱਧਰ 'ਤੇ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ 'ਤੇ ਅਜੋਕੇ ਵਿਸ਼ਵ ਪ੍ਰਸੰਗ 'ਚ ਵਾਤਾਵਰਨ ਚੁਣੌਤੀਆਂ ਦੇ ਹੱਲ ਲਈ ਵਾਤਾਵਰਨ ਦੀ ਸੰਭਾਲ ਅਤੇ ਕੁਦਰਤ ਪ੍ਰੇਮ ਦੇ ਸਿੱਖ ਸੰਕਲਪਾਂ ਨੂੰ ਸਾਹਮਣੇ ਲਿਆਉਣ ਦੀ ਅਹਿਮੀਅਤ ਵਧ ਜਾਂਦੀ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਗੁਰਦੁਆਰਿਆਂ ਦੇ ਆਲੇ-ਦੁਆਲੇ ਕੁਦਰਤ-ਪੱਖੀ ਵਾਤਾਵਰਨ ਦੀ ਸਿਰਜਣਾ ਲਈ ਜੋ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਨੂੰ ਅਮਲੀ ਰੂਪ 'ਚ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਓਨੀ ਹੀ ਜ਼ਿਆਦਾ ਬਣਦੀ ਹੈ।
ਸਿੱਖ ਧਰਮ 'ਚ ਵਾਤਾਵਰਨ ਚੇਤਨਾ
ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਵਾਤਾਵਰਨ ਚੇਤਨਾ ਅਤੇ ਕੁਦਰਤ ਪ੍ਰੇਮ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਵਾਕ 'ਬਲਿਹਾਰੀ ਕੁਦਰਤਿ ਵਸਿਆ॥' ਸੱਚੇ ਧਰਮ ਦੇ ਨਿਭਾਅ 'ਚ ਵਾਤਾਵਰਨ ਅਤੇ ਕੁਦਰਤ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ। ਬਾਕੀ ਧਰਮਾਂ ਨਾਲੋਂ ਸਿੱਖ ਧਰਮ ਦਾ ਇਕ ਨਿਆਰਾਪਨ ਇਹ ਵੀ ਹੈ ਕਿ ਸਿੱਖ ਫ਼ਲਸਫ਼ੇ ਵਿਚ 'ਖਾਲਕ ਅਤੇ ਖਲਕ' (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ-ਦੂਜੇ ਦੇ ਪੂਰਕ ਮੰਨਿਆ ਗਿਆ ਹੈ। 'ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥' ਜੇਕਰ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ; ਵਣਸਪਤੀ, ਪਹਾੜ, ਰੁੱਖ, ਹਵਾ ਅਤੇ ਧਰਤੀ, ਜਲ ਤੇ ਅਕਾਸ਼ ਵਿਚ ਰਹਿਣ ਵਾਲੇ ਪ੍ਰਾਣੀ ਸਲਾਮਤ ਨਹੀਂ ਰਹਿਣਗੇ ਤਾਂ ਫਿਰ ਮਨੁੱਖ ਵਲੋਂ ਪਰਮਾਤਮਾ ਦੀ ਕੀਤੀ ਭਜਨ-ਬੰਦਗੀ ਕਿਸ ਲੇਖੇ? ਵਿਸ਼ਵ ਪੱਧਰ 'ਤੇ ਵਾਤਾਵਰਨ ਪ੍ਰਤੀ ਸਮੱਸਿਆ ਦੇ ਮੱਦੇਨਜ਼ਰ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਿਰਤੀ ਪ੍ਰੇਮ ਨੂੰ ਸਮਰਪਿਤ ਜੀਵਨ ਵਿਸ਼ੇਸ਼ ਤੌਰ 'ਤੇ ਚਾਨਣ-ਮੁਨਾਰਾ ਹੈ। ਆਪ ਜੀ ਨੇ ਕੀਰਤਪੁਰ ਸਾਹਿਬ ਵਿਖੇ ਨੌਲੱਖਾ ਬਾਗ਼ ਬਣਾਇਆ ਹੋਇਆ ਸੀ, ਜਿੱਥੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ-ਰੋਗਾਂ ਦੀ ਨਵਿਰਤੀ ਲਈ ਦੁਰਲੱਭ ਕਿਸਮ ਦੀਆਂ ਜੜ੍ਹੀ-ਬੂਟੀਆਂ ਨਾਲ ਦੁਖੀਆਂ-ਰੋਗੀਆਂ ਦੀ ਹਿਕਮਤ ਵੀ ਕੀਤੀ ਜਾਂਦੀ ਸੀ। ਆਪ ਜੀ ਪ੍ਰਾਕਿਰਤੀ ਤੇ ਵਣ-ਜੀਵਨ ਪ੍ਰਤੀ ਏਨੇ ਸੰਵੇਦਨਸ਼ੀਲ ਸਨ ਕਿ ਇਕ ਦਿਨ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਾਗ਼ 'ਚ ਟਹਿਲਦਿਆਂ ਆਪ ਜੀ ਦੇ ਚੋਲੇ ਦੀ ਕਲੀ ਨਾਲ ਅੜ ਕੇ ਇਕ ਫੁੱਲ ਟੁੱਟ ਗਿਆ ਅਤੇ ਆਪ ਜੀ ਦੇ ਕੋਮਲ ਮਨ ਨੂੰ ਬੇਹੱਦ ਦੁੱਖ ਲੱਗਾ। ਗੁਰੂ ਦਾਦੇ ਤੋਂ ਸਿੱਖਿਆ ਮਿਲੀ, 'ਦਾਮਨ ਸੰਕੋਚ ਚਲੋ'। ਦਸ ਗੁਰੂ ਸਾਹਿਬਾਨ ਨੇ ਜਿਹੜੇ-ਜਿਹੜੇ ਵੀ ਨਗਰ ਵਸਾਏ ਜਾਂ ਜਿੱਥੇ-ਜਿੱਥੇ ਵੀ ਟਿਕਾਣਾ ਕੀਤਾ, ਉਥੇ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਜਲ ਦੇ ਸੋਮਿਆਂ ਦੇ ਕੰਢੇ ਨਗਰ ਵਸਾਉਣੇ ਅਤੇ ਇਤਿਹਾਸਕ ਗੁਰਦੁਆਰਿਆਂ 'ਚ ਅੱਜ ਵੀ ਪੁਰਾਤਨ ਰੁੱਖਾਂ ਦੀ ਮੌਜੂਦਗੀ ਇਸ ਅਹਿਮੀਅਤ ਨੂੰ ਦਰਸਾਉਂਦੇ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ,
ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail : ts1984buttar@yahoo.com

ਸੰਤਾਂ-ਮਹਾਂਪੁਰਖਾਂ ਦੀ ਗੁਰਮਤਿ ਸੰਗੀਤ ਨੂੰ ਦੇਣ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
5. ਸੰਤ ਬਹਾਦਰ ਸਿੰਘ ਜਲੰਧਰ : ਸੰਤ ਬਹਾਦਰ ਸਿੰਘ 20ਵੀਂ ਸਦੀ ਦੇ ਉੱਚ ਕੋਟੀ ਦੇ ਕੀਰਤਨਕਾਰ ਹੋਏ ਹਨ। ਉਨ੍ਹਾਂ ਦੀ ਕੀਰਤਨ ਗਾਇਨ ਸ਼ੈਲੀ ਸੰਤ ਸੁਜਾਨ ਸਿੰਘ ਵਾਲੀ ਸੀ। ਉਹ ਰਾਗ ਸੰਗੀਤ ਦੇ ਧਨੀ ਅਤੇ ਉੱਚ ਕੋਟੀ ਦੇ ਵਿਆਖਿਆਕਾਰ ਸਨ। ਗੁਰਬਾਣੀ ਕੀਰਤਨ ਦੌਰਾਨ ਉਹ ਹੋਰਨਾਂ ਧਰਮਾਂ ਦੀਆਂ ਰਚਨਾਵਾਂ ਵੀ ਸੰਗੀਤਬੱਧ ਕਰਕੇ ਸਮਾਂ ਸਿਰਜ ਦਿੰਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਅਤਿ ਸੁਰੀਲਾ ਸਪੁੱਤਰ ਗੁਰਮੁਖ ਸਿੰਘ ਬਹੁਤ ਸਮਾਂ ਸਾਥੀ ਵਜੋਂ ਕੀਰਤਨ ਗਾਇਨ ਕਰਦਾ ਰਿਹਾ। ਫੇਰ ਉਹ ਅਮਰੀਕਾ ਜਾ ਕੇ ਵਸ ਗਏ।
6. ਸੰਤ ਸਤਨਾਮ ਸਿੰਘ ਕਿਸ਼ਨਗੜ੍ਹ : ਸ਼ਾਸਤਰੀ ਸੰਗੀਤ ਦੇ ਮਹਾਨ ਗਾਇਕ ਹੋਣ ਦੇ ਨਾਲ-ਨਾਲ ਸੰਤ ਸਤਨਾਮ ਸਿੰਘ ਗੁਰਬਾਣੀ ਨੂੰ ਸ਼ੁੱਧ ਰਾਗਾਂ ਵਿਚ ਗਾਉਣ ਵਾਲੇ ਮਹਾਨ ਗੁਣੀਜਨ ਸਨ। ਉਨ੍ਹਾਂ ਦਾ ਜਨਮ ਪਿਤਾ ਮਾਸਟਰ ਜੀਤ ਰਾਮ ਦੇ ਘਰ ਪਿੰਡ ਚਮਿਆਰੀ, ਨੇੜੇ ਭੋਗਪੁਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਸੰਗੀਤ ਵਿਚ ਉਨ੍ਹਾਂ ਦੀ ਡੂੰਘੀ ਰੁਚੀ ਸੀ ਅਤੇ ਇਸੇ ਸਦਕਾ ਉਨ੍ਹਾਂ ਪੰਡਿਤ ਮਨੀ ਪ੍ਰਸਾਦ ਅਤੇ ਹੋਰ ਗੁਣੀਜਨਾਂ ਤੋਂ ਸ਼ਾਸਤਰੀ ਸੰਗੀਤ ਦੀ ਤਾਲੀਮ ਹਾਸਲ ਕੀਤੀ। ਉਨ੍ਹਾਂ ਨੇ ਪਿੰਡ ਕਿਸ਼ਨਗੜ੍ਹ ਵਿਚ ਸੰਤ ਕੁਟੀਆ ਸਥਾਪਤ ਕੀਤੀ, ਜਿਹੜੀ ਕਿ ਮਗਰੋਂ ਸੰਗੀਤ ਦਾ ਕੇਂਦਰ ਬਣ ਗਈ। ਇਥੇ ਉਹ ਅਕਸਰ ਰਾਗ ਸੰਗੀਤ, ਗੁਰਬਾਣੀ ਸੰਗੀਤ, ਕਵੀ ਦਰਬਾਰ ਅਤੇ ਗੋਸ਼ਟੀਆਂ ਆਦਿ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਸਨ। ਅਨੇਕਾਂ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਦਿੱਤੀ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਡਿਗਰੀ ਪੱਧਰ ਤੱਕ ਦੀ ਪੜ੍ਹਾਈ ਵੀ ਕਰਾਈ, ਜੋ ਹੁਣ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ। ਸੰਤ ਜੀ ਨੇ ਅਨਹਦ ਰਾਗਾ ਟਿਊਟੋਰੀਅਲਜ਼ ਇੰਟਰਨੈਸ਼ਨਲ ਦੇ ਬਾਨੀ ਪ੍ਰਧਾਨ ਵਜੋਂ ਇਸ ਸੰਸਥਾ ਦੀਆਂ ਇਟਲੀ, ਸਪੇਨ, ਜਰਮਨੀ, ਸਵਿਟਜ਼ਰਲੈਂਡ, ਯੂ.ਕੇ. ਅਤੇ ਅਮਰੀਕਾ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਦੇ ਵੱਡੇ-ਵੱਡੇ ਸੰਗੀਤ ਸੰਮੇਲਨਾਂ ਵਿਚ ਵੀ ਗਾਇਆ। ਹਰਿਵੱਲਭ ਸੰਗੀਤ ਸੰਮੇਲਨ ਜਲੰਧਰ, ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਵੱਖ-ਵੱਖ ਕੇਂਦਰਾਂ ਅਤੇ ਭਾਰਤ ਦੀਆਂ ਬਹਤ ਸਾਰੀਆਂ ਯੂਨੀਵਰਸਿਟੀਆਂ ਵੀ ਉਨ੍ਹਾਂ ਨੂੰ ਗਾਇਨ ਲਈ ਬੁਲਾਉਂਦੀਆਂ ਸਨ। 'ਸੰਗੀਤ ਸੁਰਮਨੀ' ਸਮੇਤ ਉਨ੍ਹਾਂ ਨੂੰ ਅਨੇਕਾਂ ਕੌਮੀ ਅਤੇ ਕੌਮਾਂਤਰੀ ਐਵਾਰਡ ਮਿਲੇ। ਨਿਰਛਲ ਅਤੇ ਹਸਮੁੱਖ, ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਸੰਤ ਸਤਨਾਮ ਸਿੰਘ ਲੰਘੇ ਸਾਲ 3 ਅਕਤੂਬਰ ਨੂੰ ਆਪਣੇ ਲੱਖਾਂ ਕਦਰਦਾਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਦੇ ਰਾਗਾਂ ਅਤੇ ਸੰਗੀਤ ਦੀ ਲਹਿਰ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
7. ਸੰਤ ਈਸ਼ਰ ਸਿੰਘ ਰਾੜੇ ਵਾਲੇ : ਇਨ੍ਹਾਂ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿਚ 5 ਅਗਸਤ, 1905 ਈ: ਨੂੰ ਸ: ਰਾਮ ਸਿੰਘ ਨੰਬਰਦਾਰ ਦੇ ਘਰ ਮਾਈ ਰਤਨ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦਾ ਪਰਿਵਾਰਿਕ ਨਾਂਅ ਗੁਲਾਬ ਸਿੰਘ ਸੀ। ਇਨ੍ਹਾਂ ਨੇ ਮੁਢਲੀ ਤਾਲੀਮ ਪਿੰਡ ਚੁਲੈਲੇ ਤੋਂ ਪ੍ਰਾਪਤ ਕੀਤੀ ਅਤੇ ਫਿਰ ਪਟਿਆਲਾ ਨਗਰ ਵਿਚ ਰਹਿ ਰਹੀ ਆਪਣੀ ਭੂਆ ਕੋਲ ਠਹਿਰ ਕੇ ਅੱਗੋਂ ਪੜ੍ਹਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦੀ ਰੁਚੀ ਸ਼ੁਰੂ ਤੋਂ ਹੀ ਧਾਰਮਿਕ ਸੀ। ਪਟਿਆਲਾ ਦੀ ਠਹਿਰ ਦੌਰਾਨ ਉਹ ਸੰਤ ਅਤਰ ਸਿੰਘ ਰੇਰੂ ਵਾਲੇ ਦੇ ਸੇਵਕਾਂ ਬਾਬਾ ਕਿਸ਼ਨ ਸਿੰਘ ਅਤੇ ਬਾਬਾ ਹੀਰਾ ਸਿੰਘ ਦੇ ਸੰਪਰਕ ਵਿਚ ਆਏ। ਉਨ੍ਹਾਂ ਦੀ ਸੰਗਤ ਵਿਚ ਆ ਕੇ ਸੰਤ ਈਸ਼ਰ ਸਿੰਘ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਅਤੇ ਧਰਮ ਪ੍ਰਚਾਰ, ਕਥਾ ਵਿਖਿਆਨ ਦੇ ਨਾਲ-ਨਾਲ ਗੁਰਮਤਿ ਸੰਗੀਤ ਦੀ ਲੋਅ ਨੂੰ ਦੂਰ-ਦੂਰ ਤੱਕ ਪ੍ਰਜਵਲਿਤ ਕੀਤਾ। ਇਕ ਵਾਰ ਬਾਬਾ ਹੀਰਾ ਸਿੰਘ ਦੇ ਨਾਲ ਸੰਤ ਬਾਬਾ ਅਤਰ ਸਿੰਘ ਦੀ ਹਜ਼ੂਰੀ ਵਿਚ ਪਹੁੰਚੇ ਅਤੇ ਫਿਰ ਸੰਤ ਜੀ ਦੇ ਹੋ ਕੇ ਰਹਿ ਗਏ। ਸੰਤ ਜੀ ਤੋਂ ਅੰਮ੍ਰਿਤ ਪਾਨ ਕਰਕੇ ਆਪ ਗੁਲਾਬ ਸਿੰਘ ਤੋਂ ਈਸ਼ਰ ਸਿੰਘ ਬਣ ਗਏ। ਸੰਨ 1924 ਈ: ਤੋਂ ਆਪ ਰੇਰੂ ਸਾਹਿਬ ਹੀ ਰਹਿਣ ਲੱਗ ਗਏ। ਹੁਣ ਰਾੜਾ ਸਾਹਿਬ (ਕਰਮਸਰ) ਨਾਂਅ ਦਾ ਇਕ ਵਿਸ਼ਾਲ ਅਸਥਾਨ ਆਪ ਦੀ ਗੁਰਮਤਿ ਸੰਗੀਤ ਨੂੰ ਦੇਣ ਦੇ ਨਾਲ-ਨਾਲ ਲੋਕ-ਸੇਵਾ ਅਤੇ ਧਰਮ ਪ੍ਰਚਾਰਕ ਰੁਚੀ ਦਾ ਪ੍ਰਤੀਕ ਵੀ ਬਣਿਆ ਹੋਇਆ ਹੈ। ਸੰਤ ਬਾਬਾ ਈਸ਼ਰ ਸਿੰਘ ਨੇ ਆਪਣਾ ਸੰਗ ਕਰਨ ਵਾਲਿਆਂ ਨੂੰ ਕੀਰਤਨ ਰਾਹੀਂ ਭਜਨ ਬੰਦਗੀ ਦਾ ਅਜਿਹਾ ਮਾਰਗ ਦਿਖਾਇਆ, ਜੋ ਮੌਜੂਦਾ ਸਮੇਂ ਵੀ ਸੰਗਤ ਨੂੰ ਨਾਮ ਸਿਮਰਨ ਨਾਲ ਰੁਸ਼ਨਾ ਰਿਹਾ ਹੈ।
8. ਸੰਤ ਅਮੀਰ ਸਿੰਘ : ਸੰਤ ਅਮੀਰ ਸਿੰਘ ਦਾ ਜਨਮ ਪਿਤਾ ਤਿਰਲੋਕ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਸੰਨ 1971 ਵਿਚ ਪਿੰਡ ਠਰਵਾਮਾਜਰਾ, ਜ਼ਿਲ੍ਹਾ ਕਰਨਾਲ (ਹਰਿਆਣਾ) ਵਿਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਧਾਰਮਿਕ ਸੀ ਅਤੇ ਇਸੇ ਰੁਚੀ ਸਦਕਾ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਲੇਖੇ ਲਗਾਉਣ ਦਾ ਫ਼ੈਸਲਾ ਕੀਤਾ। ਇਕ ਸੁਭਾਗੇ ਦਿਹਾੜੇ ਕਥਾ ਦੌਰਾਨ ਸੰਤ ਸੁੱਚਾ ਸਿੰਘ ਨਾਲ ਉਨ੍ਹਾਂ ਦਾ ਸਬੱਬੀ ਮੇਲ ਹੋ ਗਿਆ। ਉਹ ਜਵੱਦੀ ਆ ਗਏ ਅਤੇ ਕਥਾ ਅਤੇ ਖੋਜ ਕਾਰਜ ਨਿਰੰਤਰ ਜਾਰੀ ਰੱਖੇ। ਪ੍ਰਸੰਨ ਹੋ ਕੇ ਸੰਤ ਸੁੱਚਾ ਸਿੰਘ ਨੇ ਉਨ੍ਹਾਂ ਨੂੰ ਟਕਸਾਲ ਦੇ ਹੈੱਡ ਗ੍ਰੰਥੀ ਦੀ ਸੇਵਾ ਸੌਂਪੀ। ਸੰਤ ਸੁੱਚਾ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਿੱਖ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਜਵੱਦੀ ਟਕਸਾਲ ਦੇ ਮੁਖੀ ਦੀ ਸੇਵਾ ਸੌਂਪੀ ਗਈ।
ਇਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਸਮੇਂ ਪ੍ਰਧਾਨ ਰਹੇ ਸੰਤ ਫ਼ਤਹਿ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਪ੍ਰਬੁੱਧ ਕੀਰਤਨਕਾਰ ਸਨ। ਸੰਤ ਫ਼ਤਹਿ ਸਿੰਘ ਵਲੋਂ ਗਾਇਆ ਇਕ ਸ਼ਬਦ 'ਮਿਹਰਵਾਨ ਸਾਹਿਬ ਮੇਰਾ ਮਿਹਰਵਾਨ' ਪੰਜਾਬੀ ਦੀ ਪਲੇਠੀ ਅਤੇ ਕੌਮੀ ਐਵਾਰਡ ਜੇਤੂ ਫ਼ਿਲਮ 'ਨਾਨਕ ਨਾਮ ਜਹਾਜ਼ ਹੈ' ਵਿਚ ਸ਼ਾਮਿਲ ਕੀਤਾ ਗਿਆ। ਜਦੋਂ ਉਹ ਇਹ ਸ਼ਬਦ ਪੜ੍ਹਦੇ ਤਾਂ ਸੰਗਤਾਂ ਵਿਸਮਾਦ ਵਿਚ ਆ ਜਾਂਦੀਆਂ-ਜਿਸਦਾ ਸਾਹਿਬੁ ਡਾਢਾ ਹੋਇ॥ ਤਿਸ ਨੋ ਮਾਰਿ ਨ ਸਾਕੈ ਕੋਇ॥ ਮੌਜੂਦਾ ਸਮੇਂ ਵਿਚ ਆਪਣੀ ਵਿਲੱਖਣ ਸ਼ੈਲੀ ਰਾਹੀਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਅਨੂਪ ਸਿੰਘ ਊਨਾ ਵਾਲੇ ਅਤੇ ਬਾਬਾ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ (ਜਲੰਧਰ) ਵਾਲੇ ਵੀ ਕੀਰਤਨ ਖੇਤਰ ਵਿਚ ਉੱਘਾ ਨਾਂਅ ਪੈਦਾ ਕਰ ਚੁੱਕੇ ਹਨ। (ਸਮਾਪਤ)


-ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ਼ਹੀਦ ਬੀਬੀ ਭੀਖਣ ਕੌਰ

ਇਤਿਹਾਸ ਦੇ ਸੁਨਹਿਰੀ ਵਰਕਿਆਂ ਉੱਤੇ ਸਿੰਘਣੀਆਂ ਦੀ ਬੀਰਤਾ, ਪਵਿੱਤਰਤਾ, ਸੂਝ, ਰੌਸ਼ਨ ਦਿਮਾਗੀ ਅਤੇ ਸ਼ਹਾਦਤ ਦੇ ਚਿੱਤਰ ਉਲੀਕੇ ਹੋਏ ਹਨ। ਇਨ੍ਹਾਂ ਦੇ ਸਰੀਰਕ ਚੋਲੇ ਭਾਵੇਂ ਇਸਤਰੀਆਂ ਦੇ ਸਨ ਪਰ ਇਨ੍ਹਾਂ ਨੇ ਅਕਹਿ ਅਤੇ ਅਸਹਿ ਕਸ਼ਟ ਸਹਾਰ ਕੇ ਵੀ ਕੋਈ ਕਮਜ਼ੋਰੀ ਨਾ ਦਿਖਾਈ। ਜਤ, ਸਤ ਅਤੇ ਧਰਮ ਕਾਇਮ ਰੱਖ ਕੇ ਇਹ ਬੁਲੰਦ ਆਤਮਾਵਾਂ ਰਣਤੱਤੇ ਵਿਚ ਜੂਝੀਆਂ ਅਤੇ ਆਤਮਿਕ ਬਲ ਕਾਰਨ ਵੱਡੇ-ਵੱਡੇ ਬਲਵਾਨਾਂ ਨੂੰ ਪਛਾੜ ਗਈਆਂ। ਸ੍ਰੀ ਦਸਮੇਸ਼ ਪਾਤਸ਼ਾਹ ਦੇ ਪਿਆਰੇ ਸਿੰਘ ਭਾਈ ਆਲਮ ਸਿੰਘ ਦੀ ਸੁਪਤਨੀ ਬੀਬੀ ਭਿੱਖਾਂ ਸਿਦਕ, ਦ੍ਰਿੜ੍ਹਤਾ ਅਤੇ ਚੜ੍ਹਦੀ ਕਲਾ ਦੀ ਮਿਸਾਲ ਸੀ। ਅੰਮ੍ਰਿਤ ਛਕ ਕੇ ਇਸ ਦਾ ਨਾਂਅ ਭੀਖਣ ਕੌਰ ਹੋ ਗਿਆ। ਇਹ ਬੀਬੀਆਂ ਦੇ ਜਥੇ ਵਿਚ ਸ਼ਾਮਿਲ ਹੋ ਗਈ, ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਜੂਝ ਕੇ ਇਨਸਾਨੀਅਤ ਦੀ ਸੇਵਾ ਲਈ ਜੰਗਲਾਂ-ਬੇਲਿਆਂ ਦੀਆਂ ਭਿਆਨਕ ਔਕੜਾਂ ਸਹਾਰਦੇ ਹੋਏ ਆਪਣਾ-ਆਪ ਮਨੁੱਖਤਾ ਨੂੰ ਅਰਪਣ ਕਰ ਦਿੱਤਾ। ਪਹਾੜੀ ਰਾਜਿਆਂ ਵਲੋਂ ਹੋਈ ਪਹਿਲੀ ਜੰਗ ਵਿਚ ਇਸ ਜਥੇ ਨੇ ਕਮਾਲ ਦੀ ਬਹਾਦਰੀ ਦਿਖਾਈ। ਜਦੋਂ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਨੇ 8 ਮਹੀਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ ਤਾਂ ਇਨ੍ਹਾਂ ਬੀਬੀਆਂ ਨੇ ਦੂਜੀ ਰੱਖਿਆ ਪੰਗਤੀ ਦੀ ਸੇਵਾ ਨਿਭਾਈ। ਇਹ ਸਿੰਘਾਂ ਨਾਲ ਮੈਦਾਨੇ ਜੰਗ ਵਿਚ ਜਾਂਦੀਆਂ ਅਤੇ ਜਿੰਨਾ ਚਿਰ ਸਿੰਘ ਮੁਗ਼ਲਾਂ ਨਾਲ ਜੂਝਦੇ, ਇਹ ਪਾਣੀ ਢੋਅ ਲਿਆਉਂਦੀਆਂ, ਲੰਗਰ ਤਿਆਰ ਕਰਦੀਆਂ, ਜ਼ਖਮੀਆਂ ਦੀ ਮਲ੍ਹਮ ਪੱਟੀ ਅਤੇ ਦੇਖਭਾਲ ਕਰਦੀਆਂ। ਜਦੋਂ ਪੋਹ ਦੀਆਂ ਕਾਲੀਆਂ-ਠੰਢੀਆਂ ਰਾਤਾਂ ਵਿਚ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਤਾਂ ਤਿਆਰ-ਬਰ-ਤਿਆਰ ਬੀਬੀਆਂ ਵੀ ਨਾਲ ਸਨ। ਮੁਗ਼ਲਾਂ ਨੇ ਆਪਣੀਆਂ ਕਸਮਾਂ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ।
ਸਰਸਾ 'ਤੇ ਹੋਈ ਭਿਆਨਕ ਜੰਗ ਵਿਚ ਸ੍ਰੀ ਦਸਮੇਸ਼ ਜੀ ਦਾ ਪਰਿਵਾਰ ਅਤੇ ਸਿੰਘ ਬਿਖਰ ਗਏ। ਜਰਨੈਲ ਆਲਮ ਸਿੰਘ ਅਤੇ ਬੀਬੀ ਭੀਖਣ ਕੌਰ ਵੀ ਵੈਰੀਆਂ ਦੇ ਆਹੂ ਲਾਹ ਰਹੇ ਸਨ। ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬੀਬੀ ਅਮਰ ਕੌਰ, ਬੀਬੀ ਕਰਮ ਕੌਰ ਅਤੇ ਬੀਬੀ ਭੀਖਣ ਕੌਰ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਸੀ ਕਿ ਇਨ੍ਹਾਂ 'ਤੇ ਤੁਰਕਾਂ, ਗੁੱਜਰਾਂ ਅਤੇ ਰੰਘੜਾਂ ਨੇ ਹਮਲਾ ਕਰ ਦਿੱਤਾ। ਬੀਬੀ ਭੀਖਣ ਕੌਰ ਨੇ ਉੱਚੀ ਆਵਾਜ਼ ਵਿਚ ਕਿਹਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਸਰਸਾ ਪਾਰ ਕਰ ਜਾਓ, ਮੈਂ ਦੁਸ਼ਮਣਾਂ ਨੂੰ ਰੋਕਦੀ ਹਾਂ। ਰਾਜੇ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ ਆਪਣੀ ਫੌਜ ਨੂੰ ਲਲਕਾਰਨ ਲੱਗਾ ਕਿ ਤੁਸੀਂ ਇਕ ਸਿੰਘਣੀ ਨੂੰ ਨਹੀਂ ਮਾਰ ਸਕਦੇ? ਬੀਬੀ ਦੇ ਇਕ ਹੱਥ ਵਿਚ ਬਰਛਾ ਅਤੇ ਦੂਜੇ ਹੱਥ ਵਿਚ ਤਲਵਾਰ ਸੀ। ਪਿੱਠ 'ਤੇ ਬੰਨ੍ਹੀ ਢਾਲ ਦੁਸ਼ਮਣਾਂ ਦੇ ਵਾਰ ਰੋਕ ਰਹੀ ਸੀ। ਇਸ ਸ਼ੇਰਨੀ ਨੇ ਪਹਾੜੀਆਂ, ਗੁੱਜਰਾਂ ਅਤੇ ਰੰਘੜਾਂ ਨੂੰ ਗਾਜਰਾਂ-ਮੂਲੀਆਂ ਵਾਂਗ ਕੱਟ ਦਿੱਤਾ। ਅਜਮੇਰ ਚੰਦ ਹਾਥੀ 'ਤੇ ਚੜ੍ਹ ਕੇ ਬੀਬੀ ਵੱਲ ਵਧਿਆ ਤਾਂ ਉਸ ਨੇ ਪੰਘੂੜੇ ਦਾ ਰੱਸਾ ਵੱਢ ਦਿੱਤਾ ਅਤੇ ਰਾਜਾ ਹਾਥੀ ਤੋਂ ਇਕ ਪਾਸੇ ਲੁੜਕ ਗਿਆ। ਇਕ ਹੱਥ ਨਾਲ ਫੌਜਾਂ ਨਾਲ ਜੂਝਦੀ ਹੋਈ ਬੀਬੀ ਨੇ ਦੂਜੇ ਹੱਥ ਨਾਲ ਵਾਰ ਕਰਕੇ ਪੰਘੂੜੇ ਦਾ ਦੂਜਾ ਰੱਸਾ ਵੀ ਵੱਢ ਦਿੱਤਾ ਅਤੇ ਹਾਥੀ ਦੀ ਸੁੰਡ ਲਾਹ ਸੁੱਟੀ। ਦਰਦ ਨਾਲ ਚਿੰਘਾੜਦਾ ਹਾਥੀ ਆਪਣੀ ਹੀ ਫੌਜ ਨੂੰ ਮਿੱਧਦਾ ਹੋਇਆ ਪਿੱਛੇ ਭੱਜ ਗਿਆ। ਕਾਇਰ ਅਜਮੇਰ ਚੰਦ ਪੰਘੂੜੇ ਹੇਠ ਲੁਕ ਗਿਆ। ਬਿਜਲੀ ਦੀ ਫੁਰਤੀ ਨਾਲ ਬੀਬੀ ਨੇ ਅਜਿਹੇ ਵਾਰ ਕੀਤੇ ਕਿ ਚਾਰੇ ਪਾਸੇ ਹਾਹਾਕਾਰ ਮਚ ਗਈ। ਅਖੀਰ ਤੁਰਕ ਅਤੇ ਪਠਾਣੀ ਫੌਜ ਨੇ ਚਾਰੇ ਪਾਸਿਓਂ ਵਾਰ ਕਰਕੇ ਇਸ ਵੀਰ ਬੱਚੀ ਨੂੰ ਸ਼ਹੀਦ ਕਰ ਦਿੱਤਾ। ਬੀਬੀ ਭੀਖਣ ਕੌਰ ਨੇ ਸਿੱਧ ਕਰ ਦਿੱਤਾ ਕਿ ਇਸ਼ਕ ਦੇ ਪਿਆਲੇ ਦਾ ਸੁਆਦ ਸਿਰ ਦੇ ਕੇ ਹੀ ਚਖਿਆ ਜਾਂਦਾ ਹੈ।

ਲਾਹੌਰ ਰੈਜ਼ੀਡੈਂਟ ਵਲੋਂ ਜਾਰੀ ਐਲਾਨ ਕੇਂਦਰੀ ਸਿੱਖ ਅਜਾਇਬ ਘਰ 'ਚ ਸੁਰੱਖਿਅਤ

ਐਂਗਲੋ-ਸਿੱਖ ਯੁੱਧਾਂ ਦੌਰਾਨ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਹੋਈ ਹਾਰ ਦੇ ਬਾਅਦ ਸੰਨ 1846 ਵਿਚ ਲਾਹੌਰ ਦਰਬਾਰ ਦਾ ਅੰਗਰੇਜ਼ੀ ਹਕੂਮਤ ਨਾਲ ਇਕ ਅਹਿਦਨਾਮਾ ਹੋਇਆ, ਜਿਸ ਦੇ ਚਲਦਿਆਂ ਮਹਾਰਾਜਾ ਦਲੀਪ ਸਿੰਘ ਦੀ ਨਾਬਾਲਗ਼ੀ ਵਿਚ ਉਸ ਦੇ ਰਾਜ ਦਾ ਪ੍ਰਬੰਧ ਕਰਨ ਲਈ ਸਿੱਖ ਸਰਦਾਰਾਂ ਦੀ ਇਕ ਕੌਂਸਲ ਬਣਾਈ ਗਈ, ਜਿਸ ਦਾ ਰੈਜ਼ੀਡੈਂਟ (ਰਾਜ ਪ੍ਰਤੀਨਿਧੀ) ਪ੍ਰਮੁੱਖ ਸਰ ਹੈਨਰੀ ਐਮ. ਲਾਰੈਂਸ ਨੂੰ ਥਾਪਿਆ ਗਿਆ। ਲਾਰੈਂਸ ਨੇ ਇਸ ਅਹੁਦੇ 'ਤੇ ਨਿਯੁਕਤ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮੱਖਣ ਸਿੰਘ ਦੀ ਸ਼ਿਕਾਇਤ 'ਤੇ 24 ਮਾਰਚ, 1847 ਨੂੰ ਲਾਹੌਰ ਦਰਬਾਰ ਤੋਂ ਇਕ ਐਲਾਨ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਲਹਿਣਾ ਸਿੰਘ ਦੇ ਨਾਂਅ ਜਾਰੀ ਕੀਤਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬ-ਘਰ ਵਿਚ ਮੌਜੂਦ ਇਹ ਐਲਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ 14''×10'' ਆਕਾਰ ਦੇ ਪਿੱਤਲ ਦੇ ਪੱਤਰੇ 'ਤੇ ਅੰਗਰੇਜ਼ੀ, ਹਿੰਦੀ, ਉਰਦੂ ਤੇ ਪੰਜਾਬੀ 'ਚ ਉੱਕਰਿਆ ਹੋਇਆ ਹੈ ਕਿ 'ਅੰਮ੍ਰਿਤਸਰ ਦੇ ਪੁਜਾਰੀਆਂ ਦੀ ਸ਼ਿਕਾਇਤ 'ਤੇ ਗਵਰਨਰ ਜਨਰਲ ਦੇ ਹੁਕਮ ਅਨੁਸਾਰ ਸਭ ਨੂੰ ਖ਼ਬਰਦਾਰ ਕੀਤਾ ਜਾਂਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਵਿਚ ਕੋਈ ਜੁੱਤੀ ਪਹਿਨੇ ਹੋਏ ਨਾ ਜਾਵੇ। ਪਰਿਕਰਮਾ ਵਿਚ ਜਾਣ ਤੋਂ ਪਹਿਲਾਂ ਤਾਲ ਦੇ ਕਿਨਾਰੇ ਦੇ ਬੁੰਗੇ ਵਿਚ ਜੋੜੇ ਉਤਾਰ ਦਿੱਤੇ ਜਾਣ। ਅੰਮ੍ਰਿਤਸਰ 'ਚ ਗਊ ਹੱਤਿਆ ਨਾ ਹੋਵੇ ਅਤੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਦੁਖਾਇਆ ਨਾ ਜਾਵੇ, ਨਾ ਉਨ੍ਹਾਂ ਦੇ ਮਾਮਲਿਆਂ ਵਿਚ ਕੋਈ ਮੁਦਾਖ਼ਲਤ ਕੀਤੀ ਜਾਵੇ।'
ਦੱਸਿਆ ਜਾਂਦਾ ਹੈ ਕਿ ਬ੍ਰਿਟਿਸ਼ ਈਸਟ ਇੰਡੀਆ ਟ੍ਰੇਡਿੰਗ ਕੰਪਨੀ ਦੇ ਅਧਿਕਾਰੀਆਂ ਮੇਜਰ ਮੈਨ ਵੈਰਿੰਗ ਅਤੇ ਕੈਪਟਨ ਨਾਈਵੇਡ ਨੇ ਜੁੱਤੀਆਂ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਇਨਕਾਰ ਕੀਤਾ ਸੀ, ਜਿਸ ਦਾ ਸਿੱਖਾਂ ਨੂੰ ਬਹੁਤ ਗਿਲਾ ਸੀ ਅਤੇ ਇਸ ਸੰਬੰਧੀ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਰੈਜ਼ੀਡੈਂਟ ਲਾਹੌਰ ਵਲੋਂ ਇਹ ਐਲਾਨ ਜਾਰੀ ਕੀਤਾ ਗਿਆ। ਉਪਰੋਕਤ ਐਲਾਨ ਦੇ ਜਲਦੀ ਬਾਅਦ ਹੈਨਰੀ ਐਮ. ਲਾਰੈਂਸ ਵਲੋਂ ਦੂਜਾ ਐਲਾਨ ਜਾਰੀ ਕੀਤਾ ਗਿਆ। ਜਿਸ ਵਿਚ ਲਿਖਿਆ ਗਿਆ-'ਗ਼ੈਰ ਮੁਲਕੀ ਜੋ ਯਾਤਰੂ ਇਸ ਹਰਿਮੰਦਰ ਦੀ ਤਸਵੀਰ ਦਸਤੀ, ਖਾਕਾ ਜਾਂ ਫੋਟੋ ਲੈਣਾ ਚਾਹੇ, ਉਥੇ ਵਾਜਬ ਹੈ ਕਿ ਕਿਸੇ ਕਿਸਮ ਦਾ ਸਟੂਲ ਜਾਂ ਕੁਰਸੀ ਉੱਪਰ ਬੈਠ ਕੇ ਐਸਾ ਨਾ ਕਰੇ, ਕਿਉਂਕਿ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਵਿਚ ਹੇਠ ਜ਼ਮੀਨ ਉੱਪਰ ਪ੍ਰਕਾਸ਼ ਹਨ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਨਾਲ ਗ੍ਰੰਥ ਸਾਹਿਬ ਤੋਂ ਉੱਚਾ ਬੈਠਣਾ ਬੇਅਦਬੀ ਹੈ।'
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸਬੰਧਿਤ ਪੁਰਾਣੀਆਂ ਲਿਖਤਾਂ ਅਨੁਸਾਰ ਪਿੱਤਲ ਦੀ ਤਖ਼ਤੀ ਉੱਪਰ ਉੱਕਰਿਆ ਇਹ ਐਲਾਨ ਮੌਕੇ ਦੇ ਗ੍ਰੰਥੀ ਸਿੰਘ ਪਾਸ ਮੌਜੂਦ ਸੀ, ਪਰ ਹੁਣ ਇਸ ਦੀ ਮੌਜੂਦਗੀ ਬਾਰੇ ਕਿਸੇ ਪਾਸ ਕੋਈ ਜਾਣਕਾਰੀ ਨਹੀਂ ਹੈ।
ਉਪਰੋਕਤ ਸਰਕਾਰੀ ਹੁਕਮਾਂ ਦੇ ਬਾਅਦ 4 ਅਗਸਤ, 1847 ਨੂੰ ਪ੍ਰੈਜ਼ੀਡੈਂਟ ਲਾਹੌਰ ਦਰਬਾਰ ਆਰਥਰ ਕੱਕ ਵਲੋਂ ਤੀਜਾ ਐਲਾਨ ਜਾਰੀ ਕਰਦਿਆਂ ਕਿਹਾ ਗਿਆ ਕਿ ਜੋ ਲੋਕ ਸੈਰ ਜਾਂ ਦਰਸ਼ਨਾਂ ਦੀ ਇੱਛਾ ਨਾਲ ਅੰਮ੍ਰਿਤਸਰ ਪਹੁੰਚਣ, ਉਨ੍ਹਾਂ ਲਈ ਜ਼ਰੂਰੀ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਥਾਣੇਦਾਰ, ਕੋਤਵਾਲ ਜਾਂ ਡਿਊਟੀ ਅਫ਼ਸਰ ਪੁਲਿਸ ਚੌਕੀ ਦਰਬਾਰ ਸਾਹਿਬ ਜੋ ਇਸ ਹੁਕਮ ਨੂੰ ਆਪਣੇ ਪਾਸ ਰੱਖੇ ਤੇ ਉਨ੍ਹਾਂ ਨੂੰ ਦਿਖਾਏ ਅਤੇ ਉਨ੍ਹਾਂ ਦੀ ਅਗਵਾਈ ਵਿਚ ਚੱਲਣ। ਜੇਕਰ ਉਨ੍ਹਾਂ ਨੂੰ ਉਨ੍ਹਾਂ ਦੀ ਸੈਰ ਵਿਚ ਕੋਈ ਗੱਲ ਉਲਟ ਜਾਂ ਨਾਮੁਨਾਸਬ ਮਾਲੂਮ ਹੋਵੇ ਤਾਂ ਲਿਖ ਜਾਣ ਤਾਂ ਕਿ ਉਸ ਉੱਪਰ ਗੌਰ ਹੋਵੇ। ਉਨ੍ਹਾਂ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਹਰਿਮੰਦਰ ਸਾਹਿਬ, ਪਰਿਕਰਮਾ ਜਾਂ ਕੋਈ ਹੋਰ ਜਗ੍ਹਾ ਜੋ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਹੋਵੇ, ਵਿਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੀ ਜੁੱਤੀ ਜਾਂ ਬੂਟ ਉਤਾਰ ਦੇਣ। ਅਗਰ ਉਹ ਐਸਾ ਨਾ ਕਰਨਾ ਚਾਹੁਣ ਤਾਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਨੂੰ ਬਦਲ ਲੈਣਾ ਚਾਹੀਦਾ ਹੈ। ਇਸ ਦੇ ਬਾਅਦ ਚੌਥਾ ਅਤੇ ਅੰਤਿਮ ਐਲਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਟੀ. ਮਰਸਰ ਵਲੋਂ ਜਾਰੀ ਕੀਤਾ ਗਿਆ, ਜਿਸ ਵਿਚ ਉਸ ਨੇ ਲਿਖਿਆ ਕਿ ਸਿੱਖਾਂ ਦੇ ਇਸ ਮੰਦਰ ਤੇ ਮੰਦਰ ਨਾਲ ਸਬੰਧਿਤ ਹੋਰ ਅਸਥਾਨਾਂ ਵਿਚ ਜਾਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਥੇ ਜਾ ਕੇ ਤੰਬਾਕੂ ਤੇ ਉਸ ਤੋਂ ਬਣੀ ਕਿਸੇ ਹੋਰ ਚੀਜ਼ ਦੀ ਵਰਤੋਂ ਨਾ ਕਰਨ।
ਪ੍ਰਾਪਤ ਵੇਰਵਿਆਂ ਅਨੁਸਾਰ ਅੰਗਰੇਜ਼ੀ ਸ਼ਾਸਨ ਸਮੇਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਉਪਰੋਕਤ ਚਾਰੋਂ ਆਦੇਸ਼ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਰਸਤੇ 'ਤੇ ਦੀਵਾਰ ਨਾਲ ਲਗਾਏ ਗਏ ਸਨ।


-ਅੰਮ੍ਰਿਤਸਰ। ਮੋਬਾ: 93561-27771

ਜਨਮ ਦਿਨ 'ਤੇ ਵਿਸ਼ੇਸ਼

ਮਹਾਂਕਵੀ ਭਾਈ ਸੰਤੋਖ ਸਿੰਘ

ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਗੁਰਦੁਆਰਾ ਸਾਹਿਬਾਨ ਵਿਚ ਬੜੀ ਸ਼ਰਧਾ ਤੇ ਪ੍ਰੇਮ ਨਾਲ ਕੀਤੀ ਜਾਂਦੀ ਹੈ। ਇਸ ਗ੍ਰੰਥ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਵਲੋਂ ਹੋਰ ਗ੍ਰੰਥਾਂ ਵਿਚੋਂ ਹਵਾਲੇ ਦੇ ਕੇ ਵਿਚਾਰਾਂ ਨੂੰ ਵਿਸਥਾਰ ਦਿੱਤਾ ਜਾਂਦਾ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਸਿੱਖ ਪੰਥ ਦੀ ਮਹਾਨ ਹਸਤੀ ਤੇ ਦੂਰਦਰਸ਼ੀ ਵਿਦਵਾਨ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਇਨ੍ਹਾਂ ਦੇ ਪਿਤਾ ਭਾਈ ਦੇਵਾ ਸਿੰਘ ਨਿਰਮਲੇ ਸੰਤਾਂ ਦੀ ਸੰਗਤ ਕਰਦੇ ਸਨ। ਇਸੇ ਕਰਕੇ ਭਾਈ ਦੇਵਾ ਸਿੰਘ ਆਤਮ-ਰਸੀ ਮਾਲਕ ਸਨ। ਭਾਈ ਸੰਤੋਖ ਸਿੰਘ ਦਾ ਜਨਮ ਉਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੂਰ ਦੀ ਸਰਾਂ ਵਿਖੇ 22 ਜੁਲਾਈ ਅਰਥਾਤ 7 ਸਾਵਣ, 1787 ਈ: ਵਿਚ ਭਾਈ ਦੇਵਾ ਸਿੰਘ ਤੇ ਮਾਤਾ ਰਾਜ ਦੇਈ ਦੇ ਗ੍ਰਹਿ ਵਿਖੇ ਹੋਇਆ। ਧਾਰਮਿਕ ਵਿੱਦਿਆ ਭਾਈ ਸੰਤੋਖ ਸਿੰਘ ਨੂੰ ਵਿਰਸੇ ਵਿਚੋਂ ਹੀ ਮਿਲ ਗਈ। ਇਸ ਦਾ ਵਿਲਾਸ ਭਾਈ ਸੰਤ ਸਿੰਘ ਦੀ ਨਿਗਰਾਨੀ ਵਿਚ ਹੋਇਆ। ਜਦੋਂ ਕਾਵਿ-ਰਚਨਾ ਸ਼ੁਰੂ ਕੀਤੀ, ਸਭ ਤੋਂ ਪਹਿਲਾਂ ਇਕ ਪੁਰਾਤਨ ਗ੍ਰੰਥ 'ਅਮਰਕੋਸ਼' ਦਾ ਅਨੁਵਾਦ 'ਨਾਮ ਕੋਸ਼' ਦੇ ਰੂਪ ਵਿਚ ਕਰਕੇ ਆਪਣੇ ਗਿਆਨ-ਭੰਡਾਰ ਵਿਚ ਵਾਧਾ ਕੀਤਾ। ਇਸ ਤੋਂ ਪਿੱਛੋਂ 'ਗੁਰੂ ਨਾਨਕ ਪ੍ਰਕਾਸ਼' ਦੀ ਰਚਨਾ ਸ਼ੁਰੂ ਕੀਤੀ। ਲਗਪਗ 36 ਸਾਲ ਦੀ ਆਯੂ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਜਗਾਧਰੀ ਨੇੜੇ ਬੂੜੀ ਰਿਆਸਤ ਵਿਚ ਚਲੇ ਗਏ। ਇਥੇ ਇਨ੍ਹਾਂ ਦੀ ਸ਼ਾਦੀ ਬੀਬੀ ਰਾਮ ਕੌਰ ਨਾਲ ਹੋਈ। ਤਿੰਨ ਚਾਰ ਸਾਲ ਵਿਚ ਹੀ ਭਾਈ ਸਾਹਿਬ ਦੀ ਵਿਦਵਤਾ ਨੂੰ ਸਿੱਖ ਜਗਤ ਵਿਚ ਮਾਣ-ਵਡਿਆਈ ਮਿਲਣੀ ਸ਼ੁਰੂ ਹੋ ਗਈ। 1827 ਈ: ਵਿਚ ਕੈਥਲ ਰਿਆਸਤ ਨੇ ਭਾਈ ਸਾਹਿਬ ਨੂੰ ਆਪਣੇ ਰਾਜ ਦਾ ਰਾਜ-ਕਵੀ ਬਣਾ ਲਿਆ। ਉਥੇ ਹੀ ਆਪ ਨੇ ਸਭ ਤੋਂ ਪਹਿਲਾਂ 'ਗ੍ਰੰਥ ਗੰਜਨੀ ਟੀਕਾ' ਅਤੇ ਫਿਰ 'ਬਾਲਮੀਕੀ ਰਮਾਇਣ ਭਾਸ਼ਾ' ਅਤੇ 'ਆਤਮ ਪੁਰਾਣ' ਦੀ ਰਚਨਾ ਕੀਤੀ।
'ਗੁਰ ਪ੍ਰਤਾਪ ਸੂਰਜ' ਗ੍ਰੰਥ ਲਿਖਣ ਲਈ ਸੱਤ ਸਾਲ ਦਾ ਸਮਾਂ ਲੱਗਾ। ਇਹ ਮਹਾਨ ਗ੍ਰੰਥ 1843 ਈ: ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ 4 ਸਾਲ ਬਾਅਦ ਮੁਕੰਮਲ ਹੋਇਆ। ਮਹਾਂਕਵੀ ਸੰਤੋਖ ਸਿੰਘ ਨੇ ਭਾਰਤੀ ਦਰਸ਼ਨ, ਜੋਤਿਸ਼ ਸ਼ਾਸਤਰ, ਕਾਵਿ-ਸ਼ਾਸਤਰ ਤੇ ਧਰਮ ਸਾਧਨਾਂ ਦਾ ਅਧਿਐਨ ਇਕ ਨਿਸ਼ਠਾਵਾਨ ਵਿਦਵਾਨ ਵਜੋਂ ਕੀਤਾ। ਪੁਰਾਤਨ ਭਾਰਤੀ ਗਰੰਥਾਂ ਦੀ ਸੰਪੂਰਨ ਜਾਣਕਾਰੀ ਵਿਚ ਵੀ ਆਪ ਨਿਪੁੰਨ ਸਨ।
'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀ ਮਹਾਨ ਰਚਨਾ ਤੋਂ ਪਿੱਛੋਂ ਆਪ ਕੇਵਲ ਤਿੰਨ ਕੁ ਮਹੀਨੇ ਹੀ ਸਰੀਰਕ ਰੂਪ 'ਚ ਇਸ ਸੰਸਾਰ ਵਿਚ ਰਹੇ। 56-57 ਸਾਲ ਦੀ ਉਮਰ ਭੋਗ ਕੇ ਆਪ ਆਪਣੇ ਅਨੇਕਾਂ ਸਨੇਹੀਆਂ ਨੂੰ ਅਛੋਪਲੇ ਜਿਹੇ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸਿੱਖ ਜਗਤ ਵਿਚ ਆਪ ਜੀ ਦੀ ਯਾਦ ਸਦੀਵੀ ਬਣੀ ਰਹੇਗੀ।


bhagwansinghjohal@gmail.com

ਸਿੱਖਾਂ, ਹਿੰਦੂਆਂ ਅਤੇ ਪਾਰਸੀਆਂ ਦਾ ਸਾਂਝਾ ਧਰਮ ਸਥਾਨ, ਆਤਿਸ਼ਗਾਹ ਮੰਦਰ, ਬਾਕੂ (ਆਜ਼ਰਬਾਈਜ਼ਾਨ)

ਸਿੱਖ ਅਤੇ ਹਿੰਦੂ ਧਰਮ ਇਸ ਵੇਲੇ ਤਕਰੀਬਨ ਸਾਰੀ ਦੁਨੀਆ ਵਿਚ ਫੈਲੇ ਹੋਏ ਹਨ। ਦੁਨੀਆ ਦਾ ਕੋਈ ਹੀ ਦੇਸ਼ ਹੋਵੇਗਾ, ਜਿੱਥੇ ਕੋਈ ਨਵਾਂ ਜਾਂ ਪ੍ਰਾਚੀਨ ਮੰਦਰ-ਗੁਰਦੁਆਰਾ ਨਾ ਮਿਲਦਾ ਹੋਵੇ। ਬਾਕੂ, ਕਿਸੇ ਸਮੇਂ ਸੋਵੀਅਤ ਸੰਘ ਦਾ ਹਿੱਸਾ ਰਹੇ ਦੇਸ਼ ਆਜ਼ਰਬਾਈਜ਼ਾਨ ਦਾ ਰਾਜਧਾਨੀ ਸ਼ਹਿਰ ਹੈ। ਇਸ ਦੇ ਉੱਪਨਗਰ ਸੁਰਾਖਾਨੀ ਵਿਚ ਇਹ ਅਗਨੀ ਮੰਦਰ ਸਥਿਤ ਹਨ। ਮੰਨਿਆ ਜਾਂਦਾ ਹੈ ਕਿ ਇਹ ਮੰਦਰ ਹਜ਼ਾਰਾਂ ਸਾਲ ਪੁਰਾਣੇ ਹਨ। ਹਿੰਦੂ ਮਾਨਤਾਵਾਂ ਅਨੁਸਾਰ ਜਦੋਂ ਵਿਸ਼ਣੂ ਨੇ ਆਪਣੇ ਚੱਕਰ ਨਾਲ ਸ਼ਿਵ ਭਗਵਾਨ ਦੀ ਪਤਨੀ ਸਤੀ ਦਾ ਸਰੀਰ ਕੱਟ ਦਿੱਤਾ ਤਾਂ ਉਸ ਦਾ ਦਿਲ ਇਥੇ ਡਿੱਗਿਆ ਸੀ। ਇਸ ਮੰਦਰ ਦਾ ਫਾਰਸੀ ਨਾਂਅ ਅਤਿਸ਼ਗਾਹ ਹੈ, ਆਤਿਸ਼ ਦਾ ਮਤਲਬ ਹੈ ਅਗਨੀ ਅਤੇ ਗਾਹ ਮਤਲਬ ਹੈ ਟਿਕਾਣਾ। ਇਸ ਇਲਾਕੇ ਵਿਚ ਕੁਦਰਤੀ ਤੇਲ ਅਤੇ ਗੈਸ ਦੀ ਭਰਮਾਰ ਹੈ। ਕਈ ਥਾਵਾਂ ਤੋਂ ਆਪਣੇ-ਆਪ ਗੈਸ ਤੇ ਤੇਲ ਰਿਸਦਾ ਰਹਿੰਦਾ ਸੀ। ਇਸੇ ਗੈਸ ਦੇ ਜਲਣ ਕਰ ਕੇ ਇਹ ਅਗਨੀ ਬਲਦੀ ਸੀ। ਪਾਰਸੀ ਮਾਨਤਾਵਾਂ ਮੁਤਾਬਕ ਇਸਲਾਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਇੱਥੇ ਇਕ ਪਾਰਸੀ ਅਗਨੀ ਮੰਦਰ ਹੁੰਦਾ ਸੀ। ਆਜ਼ਰਬਾਈਜ਼ਾਨ ਵਿਚ ਇਸਲਾਮੀ ਰਾਜ ਆਉਣ ਕਾਰਨ ਅਗਨੀ ਪੂਜਾ 'ਤੇ ਪਾਬੰਦੀ ਲਗਾ ਦਿੱਤੀ ਗਈ ਤੇ ਮੰਦਰ ਢਾਹ ਦਿੱਤਾ ਗਿਆ। ਪਾਰਸੀਆਂ ਨੂੰ ਆਪਣਾ ਧਰਮ ਬਚਾਉਣ ਲਈ ਭਾਰਤ ਵੱਲ ਪ੍ਰਵਾਸ ਕਰਨਾ ਪਿਆ।
ਇਹ ਸਥਾਨ ਮੌਜੂਦਾ ਸਰੂਪ ਵਿਚ 17ਵੀਂ-18ਵੀਂ ਸਦੀ ਦੌਰਾਨ ਹੋਂਦ ਵਿਚ ਆਇਆ, ਜਦੋਂ ਭਾਰਤ ਤੋਂ ਤੇ ਖਾਸ ਤੌਰ 'ਤੇ ਪੰਜਾਬ ਤੋਂ ਹਿੰਦੂ-ਸਿੱਖ ਵਪਾਰੀ ਸਿਲਕ ਰੂਟ ਰਾਹੀਂ ਵਪਾਰ ਕਰਨ ਮੱਧ ਏਸ਼ੀਆ ਆਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਜਗ੍ਹਾ ਧਰਤੀ ਵਿਚੋਂ ਆਪਣੇ-ਆਪ ਅਗਨੀ ਨਿਕਲਦੀ ਹੈ ਤਾਂ ਉਨ੍ਹਾਂ ਇਸ ਜਗ੍ਹਾ ਦੀ ਯਾਤਰਾ ਕਰਨੀ ਆਰੰਭ ਕਰ ਦਿੱਤੀ। ਇਸ ਮੰਦਰ ਸਮੂਹ ਦਾ ਪਹਿਲਾ ਮੰਦਰ 1713 ਈਸਵੀ ਵਿਚ ਬਣ ਕੇ ਤਿਆਰ ਹੋਇਆ ਸੀ, ਜਿਸ ਦਾ ਅਕਾਰ 18 ਵਰਗ ਫੁੱਟ ਹੈ। ਮੰਦਰ ਸਮੂਹ ਦੀ ਬਾਕੀ ਉਸਾਰੀ ਤਕਰੀਬਨ ਸੌ ਸਾਲ ਤੱਕ ਚਲਦੀ ਰਹੀ ਤੇ 1810 ਈਸਵੀ ਵਿਚ ਮੁਕੰਮਲ ਹੋਈ। ਇਥੇ ਮੰਦਰ ਤੋਂ ਇਲਾਵਾ ਲੋਕਾਂ ਦੇ ਠਹਿਰਨ ਵਾਸਤੇ 25 ਕਮਰਿਆਂ ਦੀ ਸਰਾਂ, ਘੋੜਿਆਂ ਵਾਸਤੇ ਤਬੇਲੇ ਅਤੇ ਹਿੰਦ-ਸਿੱਖੂ ਰਹੁ ਰੀਤਾਂ ਅਨੁਸਾਰ ਮ੍ਰਿਤਕਾਂ ਦਾ ਅੰਤਿਮ-ਸੰਸਕਾਰ ਕਰਨ ਵਾਸਤੇ ਸ਼ਮਸ਼ਾਨਘਾਟ ਵੀ ਬਣਿਆ ਹੋਇਆ ਹੈ।
ਇਹ ਮੰਦਰ ਖਾਸ ਤੌਰ 'ਤੇ ਪੰਜਾਬੀ ਹਿੰਦੂਆਂ-ਸਿੱਖਾਂ ਦੁਆਰਾ ਬਣਾਇਆ ਗਿਆ ਲਗਦਾ ਹੈ, ਕਿਉਂਕਿ ਇਕ ਤਾਂ ਸਾਰੇ ਭਾਰਤ ਤੋਂ ਪੰਜਾਬ ਹੀ ਬਾਕੂ ਦੇ ਨਜ਼ਦੀਕ ਹੈ, ਦੂਸਰਾ ਇਸ ਵਿਚ ਸੰਸਕ੍ਰਿਤ, ਦੇਵਨਾਗਰੀ ਤੋਂ ਇਲਾਵਾ ਗੁਰਮੁਖੀ ਵਿਚ ਅਨੇਕ ਸ਼ਿਲਾਵਾਂ ਲੱਗੀਆਂ ਹੋਈਆਂ ਹਨ। ਗੁਰਬਾਣੀ ਦੇ ਅਨੇਕਾਂ ਸਲੋਕਾਂ ਤੋਂ ਇਲਾਵਾ ਇਕ ਸ਼ਿਲਾ ਉੱਪਰ ਪੂਰਾ ਮੂਲ ਮੰਤਰ ਖੁਦਿਆ ਹੋਇਆ ਹੈ। ਇਸ ਮੰਦਰ ਵਿਚ ਸੱਤ ਜਗ੍ਹਾ ਧਰਤੀ ਵਿਚੋਂ ਕੁਦਰਤੀ ਗੈਸ ਨਿਕਲਣ ਕਾਰਨ ਹਮੇਸ਼ਾ ਅੱਗ ਦੀਆਂ ਲਾਟਾਂ ਨਿਕਦੀਆਂ ਰਹਿੰਦੀਆਂ ਸਨ। ਮੁੱਖ ਮੰਦਰ ਵਿਚ 3 ਫੁੱਟ ਡੂੰਘਾ, 4 ਫੁੱਟ ਘੇਰੇ ਵਾਲਾ ਹਵਨ ਕੁੰਡ ਬਣਿਆ ਹੋਇਆ ਹੈ। ਇਸ ਹਵਨ ਕੁੰਡ ਵਿਚ ਹੀ ਸਭ ਤੋਂ ਵੱਡੀ ਨੀਲੇ ਰੰਗ ਦੀ ਲਾਟ ਨਿਕਲਦੀ ਸੀ। ਸਾਰੇ ਧਾਰਮਿਕ ਯੱਗ ਇਸੇ ਹਵਨ ਕੁੰਡ ਵਿਚ ਕੀਤੇ ਜਾਂਦੇ ਸਨ।
ਇਕ ਸਮੇਂ ਇਹ ਮੰਦਰ ਐਨਾ ਮਸ਼ਹੂਰ ਸੀ ਕਿ ਵੇਲੇ ਦਾ ਰੂਸੀ ਬਾਦਸ਼ਾਹ ਜ਼ਾਰ ਅਲੈਗਜ਼ੈਂਡਰ ਤੀਸਰਾ, 1883 ਈਸਵੀ ਵਿਚ ਆਪਣੇ ਬਾਕੂ ਦੌਰੇ ਦੌਰਾਨ ਖਾਸ ਤੌਰ 'ਤੇ ਇਸ ਨੂੰ ਵੇਖਣ ਆਇਆ। ਉਸ ਨੇ ਕਾਫੀ ਸਮਾਂ ਮੰਦਰ ਵਿਚ ਗੁਜ਼ਾਰਿਆ ਤੇ ਸਾਰੇ ਧਾਰਮਿਕ ਕਰਮਕਾਂਡਾਂ ਨੂੰ ਬੜੇ ਗਹੁ ਨਾਲ ਵੇਖਿਆ। ਪਰ ਇਸ ਮੰਦਰ ਦਾ ਸੁਨਹਿਰੀ ਦੌਰ ਜਲਦੀ ਹੀ ਖਤਮ ਹੋ ਗਿਆ। ਸੋਵੀਅਤ ਸਮੇਂ ਦੌਰਾਨ ਬਾਕੂ ਏਰੀਏ ਵਿਚੋਂ ਐਨੇ ਵੱਡੇ ਪੱਧਰ 'ਤੇ ਕੁਦਰਤੀ ਗੈਸ ਕੱਢੀ ਗਈ ਕਿ 1969 ਈਸਵੀ ਵਿਚ ਇਹ ਅੱਗ ਹਮੇਸ਼ਾ ਲਈ ਬੁਝ ਗਈ। ਇਸ ਕਰਕੇ ਪੁਜਾਰੀ ਇਥੋਂ ਚਲੇ ਗਏ ਤੇ ਸ਼ਰਧਾਲੂ ਵੀ ਹੌਲੀ-ਹੌਲੀ ਆਉਣੇ ਬੰਦ ਹੋ ਗਏ। ਅੱਜਕਲ੍ਹ ਇਹ ਮੰਦਰ ਬਹੁਤ ਵੱਡਾ ਟੂਰਿਸਟ ਆਕਰਸ਼ਣ ਬਣ ਚੁੱਕਾ ਹੈ। ਸੈਲਾਨੀਆਂ ਨੂੰ ਸਾਰਾ ਪੁਰਾਣਾ ਧਾਰਮਿਕ ਵਰਤਾਰਾ ਪਾਈਪਾਂ ਰਾਹੀਂ ਸਪਲਾਈ ਕੀਤੀ ਜਾਂਦੀ ਗੈਸ ਰਾਹੀਂ ਵਿਖਾਇਆ ਜਾਂਦਾ ਹੈ। ਅਫਸੋਸ ਹੈ ਕਿ ਇਨਸਾਨੀ ਲਾਲਚ ਨੇ ਇਕ ਧਾਰਮਿਕ ਤੇ ਇਤਿਹਾਸਕ ਧਰੋਹਰ ਖਤਮ ਕਰ ਦਿੱਤੀ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਸ਼ਬਦ ਵਿਚਾਰ

ਪਹਿਲੈ ਪਹਰੇ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥

ੴ ਸਤਿਗੁਰ ਪ੍ਰਸਾਦਿ॥
ਸਿਰੀਰਾਗੁ ਮਹਲਾ ੧ ਪਹਰੈ ਘਰੁ ੧॥
ਪਹਿਲੈ ਪਹਰੇ ਰੈਣਿ ਕੈ ਵਣਜਾਰਿਆ ਮਿਤ੍ਰਾ
ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ
ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ
ਉਰਧ ਧਿਆਨਿ ਲਿਵ ਲਾਗਾ॥
ਨਾ ਮਰਜਾਦੁ ਆਇਆ ਕਲਿ ਭੀਤਰਿ
ਬਾਹੁੜਿ ਜਾਸੀ ਨਾਗਾ॥
ਜੈਸੀ ਕਲਮ ਵੁੜੀ ਹੈ ਮਸਤਕਿ
ਤੈਸੀ ਜੀਅੜੇ ਪਾਸਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ
ਹੁਕਮਿ ਪਇਆ ਗਰਭਾਸਿ॥ ੧॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਵਿਸਰਿ ਗਇਆ ਧਿਆਨੁ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ
ਜਿਉ ਜਸੁਦਾ ਘਰਿ ਕਾਨੁ॥
ਹਥੋ ਹਥਿ ਨਚਾਈਐ ਪ੍ਰਾਣੀ
ਮਾਤ ਕਹੈ ਸੁਤੁ ਮੇਰਾ॥
ਚੇਤਿ ਅਚੇਤ ਮੂੜ ਮਨ ਮੇਰੇ
ਅੰਤਿ ਨਹੀ ਕਛੁ ਤੇਰਾ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ
ਮਨ ਭੀਤਰਿ ਧਰਿ ਗਿਆਨੁ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ
ਵਿਸਰਿ ਗਿਆ ਧਿਆਨੁ॥ ੨॥ (ਅੰਗ 74-75)
ਪਦ ਅਰਥ : ਪਹਿਲੇ ਪਹਰੇ-ਪਹਿਲੇ ਪਹਿਰ ਵਿਚ। ਰੈਣਿ ਕੈ-ਜੀਵਨ ਰੂਪੀ ਰਾਤ ਦੇ। ਵਣਜਾਰਿਆ ਮਿਤ੍ਰਾ-ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ, ਹੇ ਮਿੱਤਰ। ਹੁਕਮਿ-ਪਰਮਾਤਮਾ ਦੇ ਹੁਕਮ ਅਨੁਸਾਰ। ਪਇਆ ਗਰਭਾਸਿ-ਮਾਂ ਦੇ ਪੇਟ ਵਿਚ ਪਿਆ। ਉਰਧ-ਪੁੱਠਾ ਲਟਕ ਕੇ। ਤਪੁ ਕਰੇ-ਤਪ ਕਰ ਰਿਹਾ ਸੀ। ਖਸਮ-ਮਾਲਕ ਪ੍ਰਭੂ। ਸੇਤੀ-ਅੱਗੇ। ਅਰਦਾਸਿ ਵਖਾਣੈ-ਅਰਦਾਸ ਕਰ ਰਿਹਾ ਸੀ, ਬੇਨਤੀ ਕਰ ਰਿਹਾ ਸੀ। ਲਿਵ ਲਾਗਾ-ਸੁਰਤ ਲੱਗੀ ਹੋਈ ਸੀ। ਨਾ ਮਰਜਾਦੁ-ਮਰਿਆਦਾ ਦੇ ਉਲਟ ਅਰਥਾਤ ਬਿਨਾਂ ਬਸਤਰਾਂ, ਨੰਗਾ। ਕਲਿ ਭੀਤਰਿ-ਸੰਸਾਰ ਵਿਚ। ਬਾਹੁੜਿ-ਮੁੜ। ਜਾਸੀ ਨਾਗਾ-ਨੰਗਾ ਹੀ ਤੁਰ ਜਾਵੇਂਗਾ। ਵੁੜੀ ਹੈ-ਚੱਲੀ ਹੈ। ਮਸਤਕਿ-ਮੱਥੇ 'ਤੇ। ਤੈਸੀ-ਉਹੋ ਜਿਹੀ। ਜੀਅੜੇ-ਜੀਵ ਦੇ। ਪਹਿਲੈ ਪਹਰੈ-ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰ ਵਿਚ। ਹੁਕਮਿ-ਪਰਮਾਤਮਾ ਦੇ ਹੁਕਮ ਅਨੁਸਾਰ। ਵਿਸਰਿ ਗਇਆ ਧਿਆਨੁ-(ਪ੍ਰਭੂ ਵਲੋਂ) ਧਿਆਨ ਭੁੱਲ ਜਾਂਦਾ ਹੈ। ਹਥੋ ਹਥਿ-ਹੱਥੋ ਹੱਥੀ। ਨਚਾਈਐ-ਨਚਾਇਆ ਜਾਂਦਾ ਹੈ, (ਖੁਸ਼ੀ ਵਿਚ) ਖਿਡਾਇਆ ਜਾਂਦਾ ਹੈ। ਜਸੁਦਾ-ਯਸ਼ੋਦਾ ਮਈਆ। ਕਾਨੁ-ਸ੍ਰੀ ਕ੍ਰਿਸ਼ਨ ਜੀ। ਸੁਤੁ-ਪੁੱਤਰ। ਅਚੇਤ ਮੂੜ ਮਨ-ਗਾਫਲ ਤੇ ਮੂਰਖ ਮਨ। ਚੇਤਿ-ਚੇਤੇ ਰੱਖ। ਰਚਿ ਰਚਿਆ-ਰਚਨਾ ਰਚੀ ਹੈ, ਪੈਦਾ ਕਰਕੇ ਸੰਵਾਰਿਆ ਵੀ ਹੈ। ਤਿਸਹਿ-ਉਸ (ਪਰਮਾਤਮਾ) ਨੂੰ। ਮਨ ਭੀਤਰਿ-ਮਨ ਵਿਚ। ਨ ਜਾਣੈ-ਯਾਦ ਨਹੀਂ ਕਰਦਾ। ਧਰਿ ਗਿਆਨੁ-ਮਨ ਵਿਚ ਗਿਆਨ ਧਾਰਨ ਕਰਕੇ। ਵਿਸਰਿ ਗਿਆ ਧਿਆਨੁ-ਪਰਮਾਤਮਾ ਦਾ ਧਿਆਨ ਭੁੱਲ ਜਾਂਦਾ ਹੈ।
ਜਿੰਨੀ ਦੇਰ ਬੱਚਾ ਮਾਂ ਦੇ ਪੇਟ ਵਿਚ ਹੁੰਦਾ ਹੈ, ਉਹ ਪੁੱਠਾ ਲਟਕਦਾ ਹੋਇਆ ਪ੍ਰਭੂ ਅੱਗੇ ਅਰਦਾਸ ਕਰਦਾ ਰਹਿੰਦਾ ਹੈ ਕਿ ਹੇ ਪ੍ਰਭੂ, ਮੈਨੂੰ ਇਸ ਅਗਨਕੁੰਡ 'ਚੋਂ ਬਾਹਰ ਕੱਢ। ਜਦੋਂ ਉਹ ਮਾਂ ਦੇ ਪੇਟ 'ਚੋਂ ਬਾਹਰ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ (ਦੁੱਧ ਰੂਪੀ) ਮਾਇਆ ਆ ਚਿੰਬੜਦੀ ਹੈ। ਇਸ ਤਰ੍ਹਾਂ ਮਾਤਾ ਦੇ ਪੇਟ ਵਿਚ ਜੋ ਲਿਵ ਵਾਹਿਗੁਰੂ ਨਾਲ ਲੱਗੀ ਹੁੰਦੀ ਹੈ, ਪੇਟ 'ਚੋਂ ਬਾਹਰ ਆਉਂਦੇ ਹੀ ਮਾਇਕ ਪਦਾਰਥਾਂ ਵਿਚ ਲੱਗ ਜਾਂਦੀ ਹੈ ਅਤੇ ਪਰਮਾਤਮਾ ਵਿਚ ਲੱਗੀ ਲਿਵ ਟੁੱਟ ਜਾਂਦੀ ਹੈ। ਬਾਣੀ ਰਾਮਕਲੀ ਮਹਲਾ ੩ ਅਨੰਦ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਜੈਸੀ ਅਗਨਿ ਉਦਰ ਮਹਿ
ਤੈਸੀ ਬਾਹਰਿ ਮਾਇਆ॥
ਮਾਇਆ ਅਗਨਿ ਸਭ ਇਕੋ ਜੇਹੀ
ਕਰਤੈ ਖੇਲੁ ਰਚਾਇਆ॥
ਜਾ ਤਿਸੁ ਭਾਣਾ ਤਾ ਜੰਮਿਆ
ਪਰਵਾਰਿ ਭਲਾ ਭਾਇਆ॥
ਲਿਵ ਛੁੜਕੀ ਲਗੀ ਤ੍ਰਿਸਨਾ
ਮਾਇਆ ਅਮਰੁ ਵਰਤਾਇਆ॥ (ਅੰਗ 921)
ਉਦਰ ਮਹਿ-ਪੇਟ ਵਿਚ। ਬਾਹਰਿ-ਸੰਸਾਰ ਵਿਚ। ਕਰਤੈ-ਕਰਤਾਰ ਨੇ। ਜਾ ਤਿਸੁ ਭਾਣਾ-ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਿਆ। ਭਲਾ ਭਾਇਆ-ਪਿਆਰ ਲੱਗਣ ਲੱਗ ਪਿਆ। ਲਿਵ ਛੁੜਕੀ-ਲਿਵ ਟੁੱਟ ਜਾਂਦੀ ਹੈ। ਲਗੀ ਤ੍ਰਿਸ਼ਨਾ-ਮਾਇਆ ਦੀ ਭੁੱਖ ਲੱਗਣ ਨਾਲ। ਮਾਇਆ ਅਮਰੁ ਵਰਤਾਇਆ-ਮਾਇਆ ਆਪਣਾ ਜ਼ੋਰ ਆ ਪਾਉਂਦੀ ਹੈ।
ਭਾਵ ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ, ਤਿਵੇਂ ਹੀ ਬਾਹਰ ਮਾਇਆ ਹੈ। ਕਰਤੇ ਵਲੋਂ ਅਜਿਹੀ ਖੇਡ ਰਚੀ ਹੋਈ ਹੈ ਕਿ ਮਾਂ ਦੇ ਪੇਟ ਦੀ ਅੰਦਰਲੀ ਅੱਗ ਅਤੇ ਬਾਹਰਲੀ ਮਾਇਆ ਮਾਨੋ ਇਕੋ ਜਿਹੀਆਂ ਹਨ। ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਾਂ ਜੀਵ ਪੈਦਾ ਹੁੰਦਾ ਹੈ, ਜੋ ਪਰਿਵਾਰ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਇਸ ਪਿਆਰ ਵਿਚ ਫਸ ਕੇ ਉਸ ਦੀ ਪਰਮਾਤਮਾ ਨਾਲੋਂ ਲਿਵ ਟੁੱਟ ਜਾਂਦੀ ਹੈ ਅਤੇ ਉਸ ਨੂੰ ਮਾਇਆ ਦੀ ਭੁੱਖ ਲੱਗਣ ਨਾਲ ਮਾਇਆ ਉਸ 'ਤੇ ਜ਼ੋਰ ਆ ਪਾਉਂਦੀ ਹੈ।
ਇਸ ਮਾਇਆ ਕਾਰਨ ਹੀ ਪਰਮਾਤਮਾ ਭੁੱਲ ਜਾਂਦਾ ਹੈ ਅਤੇ ਦੁਨਿਆਵੀ ਮੋਹ ਪੈਦਾ ਹੋ ਜਾਂਦਾ ਹੈ। ਇਸ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਾਣੀ ਅੰਦਰ ਹੋਰ-ਹੋਰ ਪਿਆਰ ਆ ਪੈਦਾ ਹੁੰਦਾ ਹੈ-
ਏਹ ਮਾਇਆ ਜਿਤੁ ਹਰਿ ਵਿਸਰੈ
ਮੋਹੁ ਉਪਜੈ ਭਾਉ ਦੂਜਾ ਲਾਇਆ॥
(ਅੰਗ 921)
ਜਿਤੁ ਹਰਿ ਵਿਸਰੈ-ਜਿਸ ਕਾਰਨ (ਜੀਵ ਨੂੰ) ਪਰਮਾਤਮਾ ਭੁੱਲ ਜਾਂਦਾ ਹੈ। ਭਾਉ ਦੂਜਾ-ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੂਜੇ ਨਾਲ ਪਿਆਰ (ਪਾਉਣਾ)।
ਅੱਖਰੀਂ ਅਰਥ : ਪ੍ਰਭੂ ਦੇ ਨਾਮ ਦਾ ਵਣਜ ਕਰਨ ਆਏ ਹੇ ਵਣਜਾਰੇ ਭਾਵ ਜੀਵ ਮਿੱਤਰ, ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰੇ ਮਾਂ ਦੇ ਗਰਭ ਵਿਚ ਪਿਆ। ਹੇ ਵਣਜਾਰੇ ਮਿੱਤਰ, ਇਥੇ ਮਾਂ ਦੇ ਪੇਟ ਵਿਚ ਉਲਟਾ ਲਮਕ ਕੇ ਤੂੰ ਤਪ ਕਰਦਾ ਰਿਹਾ ਅਤੇ (ਇਸ ਅਗਨ 'ਚੋਂ ਬਾਹਰ ਕੱਢਣ ਲਈ) ਪ੍ਰਭੂ ਅੱਗੇ ਅਰਦਾਸ ਕਰਦਾ ਰਿਹਾ। ਮਾਂ ਦੇ ਪੇਟ ਵਿਚ ਉਲਟੇ ਲਮਕਦੇ ਹੋਏ ਜੀਵ ਦੀ ਪ੍ਰਭੂ ਵਿਚ ਲਿਵ ਲੱਗੀ ਰਹਿੰਦੀ ਹੈ, ਧਿਆਨ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਜੀਵ ਇਸ ਜਗਤ ਵਿਚ ਨੰਗਾ ਹੀ ਆਉਂਦਾ ਹੈ ਅਤੇ ਨੰਗਾ ਹੀ ਇਥੋਂ ਤੁਰ ਜਾਵੇਗਾ।
ਜੀਵ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ ਜੀਵ ਦੇ ਮੱਥੇ 'ਤੇ ਜਿਹੋ ਜਿਹੀ ਕਲਮ ਚਲਦੀ ਹੈ, ਜਗਤ ਵਿਚ ਆ ਕੇ ਉਸ ਪਾਸ ਅਜਿਹੀ ਹੀ ਕਰਮਾਂ ਦੀ ਰਾਸ ਪੂੰਜੀ ਹੁੰਦੀ ਹੈ। ਜਗਤ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ (ਜੀਵਨ ਰੂਪੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਪੈਂਦਾ ਹੈ।
ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿੱਤਰ, ਜੀਵਨ ਰੂਪੀ ਰਾਤ ਦੇ ਦੂਜੇ ਪਹਰ ਵਿਚ ਸੰਸਾਰ ਵਿਚ ਜਨਮ ਲੈ ਕੇ ਉਸ ਨੂੰ (ਬਾਲਕ ਨੂੰ) ਪਰਮਾਤਮਾ ਦਾ ਉਹ ਧਿਆਨ ਭੁੱਲ ਜਾਂਦਾ ਹੈ ਜੋ ਉਸ ਦਾ ਮਾਂ ਦੇ ਪੇਟ ਵਿਚ ਹੋਣ ਸਮੇਂ ਸੀ। ਹੁਣ (ਸਾਕ ਸਬੰਧੀਆਂ ਵਲੋਂ) ਉਸ ਨੂੰ ਹੱਥੋ-ਹੱਥ ਇਸ ਤਰ੍ਹਾਂ ਨਚਾਇਆ ਅਰਥਾਤ ਖਿਡਾਇਆ ਜਾਂਦਾ ਹੈ ਜਿਵੇਂ ਜਸ਼ੋਧਾ ਮਈਆ ਵਲੋਂ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ ਨਚਾਇਆ ਅਰਥਾਤ ਖਿਡਾਇਆ ਜਾਂਦਾ ਸੀ ਭਾਵ ਇਸ ਤਰ੍ਹਾਂ ਨਚਾਇਆ-ਖਿਡਾਇਆ ਕਿ ਉਸ ਨੂੰ ਹੋਰ ਕਿਸੇ ਦੀ ਸੁੱਧ-ਬੁੱਧ ਹੀ ਨਾ ਰਹੀ ਅਤੇ ਮਾਤਾ ਨੂੰ ਪੁੱਤਰ ਤੋਂ ਬਿਨਾਂ ਹੋਰ ਕੁਝ ਸੁੱਝਦਾ ਹੀ ਨਹੀਂ।
ਹੇ ਮੇਰੇ ਗਾਫਲ ਤੇ ਮੂਰਖ ਮਨ, ਚੇਤੇ ਰੱਖ, ਅੰਤ ਵੇਲੇ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ। ਜਿਸ ਪ੍ਰਭੂ ਨੇ ਇਸ ਨੂੰ ਬਣਾ-ਸੰਵਾਰ ਕੇ ਪੈਦਾ ਕੀਤਾ ਹੈ, ਹੁਣ ਜੀਵ ਉਸ ਪ੍ਰਭੂ ਨੂੰ ਜਾਣਦਾ ਤੱਕ ਨਹੀਂ। ਇਸ ਲਈ ਹੇ ਜੀਵ, ਉਸ ਨਾਲ ਗੂੜ੍ਹੀ ਸਾਂਝ ਪਾ, ਮਨ ਵਿਚ ਪ੍ਰਭੂ ਦੇ ਗਿਆਨ ਨੂੰ ਧਾਰਨ ਕਰ।
ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਸੰਸਾਰ ਵਿਚ ਜਨਮ ਲੈ ਕੇ ਜੀਵਨ ਰੂਪੀ ਰਾਤ ਦੇ ਦੂਜੇ ਪਹਿਰ ਵਿਚ ਜੀਵ ਨੂੰ ਪਰਮਾਤਮਾ ਦਾ ਧਿਆਨ ਵੀ ਭੁੱਲ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਾਕਾਰਾਤਮਕ ਸੋਚ, ਤਿਆਗ, ਸੇਵਾ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ

ਸਵਾਮੀ ਵਿਵੇਕਾਨੰਦ ਵਿਅਕਤੀ ਦੇ ਆਪਣੇ ਅੰਦਰ ਮੌਜੂਦ ਆਤਮਵਿਸ਼ਵਾਸ ਨੂੰ ਸ਼ਖ਼ਸੀਅਤ ਵਿਕਾਸ ਦਾ ਮੂਲ ਆਧਾਰ ਮੰਨਦੇ ਹਨ। ਪਰਮਾਤਮਾ ਪ੍ਰਤੀ ਵਿਸ਼ਵਾਸ ਵੀ ਆਤਮਵਿਸ਼ਵਾਸ ਤੋਂ ਬਾਅਦ ਹੈ। ਜੇ ਕਿਸੇ ਨੂੰ ਇਹ ਵਿਸ਼ਵਾਸ ਹੋਵੇ ਕਿ ਸਰੀਰ ਜਾਂ ਮਨ ਨਹੀਂ, ਸਗੋਂ ਆਤਮਾ ਹੀ ਉਸ ਦਾ ਸੱਚਾ ਸਰੂਪ ਹੈ ਤਾਂ ਉਹ ਪੱਕਾ ਚਰਿੱਤਰਵਾਨ, ਬਿਹਤਰ ਇਨਸਾਨ ਹੋਵੇਗਾ। ਸਵਾਮੀ ਜੀ ਸਪੱਸ਼ਟ ਸ਼ਬਦਾਂ ਵਿਚ ਮਨੁੱਖੀ ਕਮਜ਼ੋਰੀ ਨੂੰ ਨਕਾਰਦੇ ਹਨ। ਮਜ਼ਬੂਤ ਚਰਿੱਤਰ ਦੇ ਨਿਰਮਾਣ ਲਈ ਸਾਡੀ ਅੰਤਰ ਆਤਮਾ 'ਤੇ ਆਧਾਰਿਤ ਪੌਸ਼ਟਿਕ ਵਿਚਾਰਾਂ ਦੀ ਲੋੜ ਹੈ। ਕੇਵਲ ਸਤਕਰਮ ਕਰਦੇ ਰਹੋ, ਬੁਰੇ ਸੰਸਕਾਰਾਂ ਨੂੰ ਰੋਕਣ ਦਾ ਇਹ ਇਕੋ-ਇਕ ਉਪਾਅ ਹੈ। ਵਾਰ-ਵਾਰ ਅਭਿਆਸ ਹੀ ਚਰਿੱਤਰ ਹੈ। ਇਹ ਅਭਿਆਸ ਹੀ ਸਾਡਾ ਚਰਿੱਤਰ ਸੁਧਾਰਦਾ ਹੈ। ਇਸ ਤੋਂ ਇਲਾਵਾ ਆਪਣੇ-ਆਪ ਨੂੰ ਅਤੇ ਦੂਜਿਆਂ ਨੂੰ ਕਮਜ਼ੋਰ ਸਮਝਣਾ ਵੀ ਪਾਪ ਹੈ। ਅਸਫਲਤਾਵਾਂ ਅਤੇ ਭੁੱਲਾਂ ਪ੍ਰਤੀ ਅਜਿਹਾ ਨਜ਼ਰੀਆ ਰੱਖੋ ਕਿ ਵਾਰ-ਵਾਰ ਅਸਫਲ ਹੋਣ 'ਤੇ ਵੀ ਹੌਸਲਾ ਨਾ ਹਾਰੋ। ਵਿਵੇਕਾਨੰਦ ਜੀ ਮੁੜ ਕੋਸ਼ਿਸ਼ ਕਰਨ ਦੀ ਸਲਾਹ ਦਿੰਦੇ ਹਨ।
ਮਨੁੱਖ ਆਪਣੀ ਕਿਸਮਤ ਦਾ ਆਪ ਨਿਰਮਾਤਾ ਹੈ। ਸਾਡੀ ਜੋ ਵਰਤਮਾਨ ਅਵਸਥਾ ਹੈ, ਉਸ ਪ੍ਰਤੀ ਵੀ ਆਪ ਹੀ ਜ਼ਿੰਮੇਵਾਰ ਹਾਂ ਅਤੇ ਜੋ ਕੁਝ ਭਵਿੱਖ ਵਿਚ ਵਾਪਰਨਾ ਹੈ, ਉਸ ਦੀ ਸ਼ਕਤੀ ਵੀ ਸਾਡੇ ਅੰਦਰ ਹੀ ਹੈ। ਚਰਿੱਤਰ ਨਿਰਮਾਣ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਸਵਾਮੀ ਵਿਵੇਕਾਨੰਦ ਨਿਸ਼ਕਾਮ ਸੇਵਾ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਬਰਸੀ 'ਤੇ ਵਿਸ਼ੇਸ਼

ਵਿੱਦਿਆ ਸਾਗਰ ਸੰਤ ਅਮਰ ਸਿੰਘ ਕਿਰਤੀ

ਨਾਮ ਬਾਣੀ ਦੇ ਰਸੀਏ, ਕਹਿਣੀ ਕਥਨੀ ਦੇ ਪੂਰੇ, ਗੁਰਬਾਣੀ ਅਰਥਾਂ ਦੇ ਗੂੜ੍ਹ ਗਿਆਤਾ ਸੰਤ ਅਮਰ ਸਿੰਘ ਕਿਰਤੀ ਨੇ ਅਨੇਕਾਂ ਸਿੰਘਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਕੇ ਸਮਾਜ 'ਚ ਸਤਿਕਾਰਯੋਗ ਥਾਂ ਦਿਵਾਈ। ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖ਼ਾਲਸਾ ਜਥਾ ਭਿੰਡਰਾਂ ਵਾਲਿਆਂ ਦੇ ਜਥੇ 'ਚ ਸ਼ਾਮਿਲ ਹੋ ਕੇ ਆਪ ਨੇ ਮਹਾਂਪੁਰਸ਼ਾਂ ਪਾਸੋਂ ਗੁਰਮਤਿ, ਗੁਰ ਇਤਿਹਾਸ, ਗੁਰਬਾਣੀ ਬੋਧ, ਕਥਾ ਵਿਚਾਰ ਪ੍ਰਾਪਤ ਕੀਤੀ। ਆਪ ਦਾ ਜਨਮ ਸੰਨ 1919 ਨੂੰ ਸ: ਘਮੰਡ ਸਿੰਘ ਅਤੇ ਮਾਤਾ ਰਾ ਕੌਰ ਦੇ ਘਰ ਪਿੰਡ ਟਿੱਬਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਸਨ। ਮਾਪਿਆਂ ਨੇ ਆਪ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਚਰਨੀਂ ਲਗਾ ਦਿੱਤਾ। ਉਨ੍ਹਾਂ ਦੇ ਹੁਕਮ ਅਨੁਸਾਰ ਆਪ ਨੇ ਪਿੰਡ ਫੱਤਾ ਮਾਲੋਕਾ (ਮਾਨਸਾ) ਵਿਖੇ ਗੁਰੂ-ਘਰ ਦੀ ਸੇਵਾ ਸੰਭਾਲੀ। ਕਿਰਤੀ ਜੀ ਨੇ ਇਸ ਪਿੰਡ ਵਿਖੇ ਤਕਰੀਬਨ ਅੱਧੀ ਸਦੀ (45 ਸਾਲ) ਸੇਵਾ ਨਿਭਾਉਂਦਿਆਂ ਜਿੱਥੇ ਅਨੇਕਾਂ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਸਿੱਖਿਆ ਦਿੱਤੀ, ਉੱਥੇ ਬਹੁਤ ਸਾਰੇ ਸਿੰਘਾਂ ਨੂੰ ਕਥਾਵਾਚਕ ਵੀ ਬਣਾਇਆ। ਆਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਸੀ। ਪਿੰਡ ਫੱਤਾ ਮਾਲੋਕਾ ਵਿਖੇ ਰਹਿੰਦਿਆਂ ਆਪ ਨੇ ਜਿੱਥੇ ਇਲਾਕੇ 'ਚ ਅਨੇਕਾਂ ਗੁਰੂ-ਘਰਾਂ ਦੀ ਉਸਾਰੀ ਕਰਵਾਈ, ਉੱਥੇ ਅੰਮ੍ਰਿਤ ਪ੍ਰਚਾਰ ਦੀ ਲਹਿਰ ਵੀ ਤੋਰੀ। ਆਪ ਨੇ ਲੋਕਾਂ ਨੂੰ ਅੰਧ-ਵਿਸ਼ਵਾਸ 'ਚੋਂ ਕੱਢ ਕੇ ਗੁਰਮਤਿ ਦੇ ਲੜ ਲਾਇਆ ਅਤੇ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਦਿੱਤੀ। ਆਪ ਦੇ ਚੇਲਿਆਂ ਵਿਚ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਗਿਆਨੀ ਹਰਭਜਨ ਸਿੰਘ ਢੁੱਡੀਕੇ, ਗਿਆਨੀ ਦੀਦਾਰ ਸਿੰਘ, ਗਿਆਨੀ ਕੌਰ ਸਿੰਘ, ਭਾਈ ਹਰਚਰਨ ਸਿੰਘ ਕਮਾਣੇ ਵਾਲੇ, ਭਾਈ ਜਸਬੀਰ ਸਿੰਘ ਦਿੱਲੀ, ਗਿਆਨੀ ਮਹਿਮਾ ਸਿੰਘ, ਸੰਤ ਬੱਗਾ ਸਿੰਘ, ਗਿਆਨੀ ਨਛੱਤਰ ਸਿੰਘ ਤੇ ਮਾਘ ਸਿੰਘ ਆਦਿ ਗੁਰਮਤਿ ਦਾ ਜਸ ਫੈਲਾਅ ਰਹੇ ਹਨ। 1994 ਵਿਚ ਆਪ ਗੁਰੂ ਚਰਨਾਂ 'ਚ ਜਾ ਬਿਰਾਜੇ। ਸੰਤ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਹਰਚਰਨ ਸਿੰਘ ਕਮਾਣੇ ਵਾਲਿਆਂ ਦੀ ਅਗਵਾਈ ਵਿਚ ਸੰਤ ਕਿਰਤੀ ਦੀ 25ਵੀਂ ਬਰਸੀ 21 ਤੋਂ 23 ਜੁਲਾਈ ਤੱਕ ਗੁਰੂ-ਘਰ ਫੱਤਾ ਮਾਲੋਕਾ ਵਿਖੇ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਈ ਜਾ ਰਹੀ ਹੈ।


-ਗੁਰਚੇਤ ਸਿੰਘ ਫੱਤੇਵਾਲੀਆ,
ਮਾਨਸਾ। ਮੋਬਾ: 94177-74558

ਧਾਰਮਿਕ ਸਾਹਿਤ

ਨਜ਼ਰਾਨਾ
ਲੇਖਕ : ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਾਹਲੋਂ
ਪ੍ਰਕਾਸ਼ਕ : ਲੇਖਕ ਆਪ
ਪੰਨੇ : 80, ਕੀਮਤ : 200
ਸੰਪਰਕ : 80949-39300


ਪ੍ਰਿੰਸੀਪਲ ਕਾਹਲੋਂ ਨੇ ਆਪਣੀ ਇਸ 9ਵੀਂ ਪੁਸਤਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ। ਇਸ ਵਿਚ ਉਸ ਦੀਆਂ ਕੁਝ ਕਵਿਤਾਵਾਂ ਤੋਂ ਇਲਾਵਾ 9 ਅੰਗਰੇਜ਼ੀ ਕਵਿਤਾਵਾਂ ਵੀ ਸ਼ਾਮਿਲ ਹਨ। ਲੇਖਕ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ਦੇ ਵੱਖ-ਵੱਖ ਰੂਪਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਕਈ ਹੋਰਨਾਂ ਵਿਸ਼ਿਆਂ ਨੂੰ ਵੀ ਛੋਹਿਆ ਹੈ। ਆਕਾਰ ਦੇ ਹਿਸਾਬ ਨਾਲ ਇਹ ਲੰਮੀਆਂ ਕਵਿਤਾਵਾਂ ਹਨ। ਲੇਖਕ ਦਾ ਬਿਆਨੀਆਂ ਢੰਗ ਬੜਾ ਰੌਚਕ ਅਤੇ ਬੋਲੀ ਸਰਲ ਤੇ ਸ਼ਰਧਾ ਭਰਪੂਰ ਹੈ। ਕੁਝ ਵੰਨਗੀਆਂ ਪੇਸ਼ ਹਨ-
ਗੁਰੂ ਨਾਨਕ ਦੇ 550 ਸਾਲਾ ਗੁਰਪੁਰਬ ਦੀ ਲੱਖ ਲੱਖ ਵਧਾਈ।
ਐ ਗੁਰੂ ਨਾਨਕ ਅੱਜ ਤੈਨੂੰ ਸਿਜਦਾ ਕਰਦੀ ਹੈ ਸਭ ਲੁਕਾਈ।
ਧਰਮ ਤੇ ਸੰਸਾਰ, ਮੁਸੀਬਤਾਂ, ਲੋਕਰਾਜ, ਕਿਸਮਤ, ਮਨ, ਸੁਪਨੇ, ਕਰਮ, ਉੱਚੇ ਰੁਤਬੇ, ਦਾਤਾ ਤੇ ਮੰਗਤਾ, ਗਿਆਨ ਸਿਰਲੇਖਾਂ ਹੇਠ ਕਵਿਤਾਵਾਂ ਦੇ ਨਾਲ-ਨਾਲ ਹਿਊਮਨ ਬ੍ਰੇਨ, ਡੈਸਟਿਨੀ, ਵਿੱਲਪਾਵਰ ਅਤੇ ਡੈੱਥ ਸਮੇਤ ਕੁਝ ਅੰਗਰੇਜ਼ੀ ਕਵਿਤਾਵਾਂ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਬਿਹਤਰੀਨ ਕਿਸਮ ਦੀਆਂ ਹਨ। ਦੋ ਰੰਗੀਨ ਤਸਵੀਰਾਂ ਵਾਲੀ ਇਹ ਖੂਬਸੂਰਤ ਪੁਸਤਕ ਇਕ ਵਧੀਆ ਰਚਨਾ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710


ਸਿੱਖਾਂ ਦੀ ਵਚਿੱਤਰ ਗਾਥਾ

ਲੇਖਕ : ਡਾ: ਸਰੂਪ ਸਿੰਘ ਅਲੱਗ
ਪ੍ਰਕਾਸ਼ਕ : ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਟਰੱਸਟ, ਲੁਧਿਆਣਾ।
ਪੰਨੇ : 124, ਭੇਟਾ : ਭੇਟਾ ਰਹਿਤ
ਸੰਪਰਕ : 98153-23523


ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਡਾ: ਸਰੂਪ ਸਿੰਘ ਅਲੱਗ ਸ਼ਲਾਘਾਯੋਗ ਉਪਰਾਲਾ ਕਰ ਰਿਹਾ ਹੈ। ਇਸ ਖੇਤਰ ਵਿਚ ਹੁਣ ਤੱਕ ਉਸ ਦੀਆਂ 109 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਕਾਰਜ ਉਹ ਨਿਸ਼ਕਾਮ ਸੇਵਾ ਵਜੋਂ ਕਰ ਰਿਹਾ ਹੈ। ਹਥਲੀ ਪੁਸਤਕ ਵਿਚ ਸਿੱਖਾਂ ਨਾਲ ਸਬੰਧਤ ਬੀਰਰਸੀ ਤੇ ਪਰਉਪਕਾਰੀ ਕਥਾਵਾਂ ਨੂੰ ਕਲਮਬੱਧ ਕੀਤਾ ਗਿਆ ਹੈ। ਸਿੱਖ ਕੌਮ ਨੇ ਭਾਰਤੀ ਇਤਿਹਾਸ ਅਤੇ ਵਿਸ਼ਵ ਸਮਾਜ ਅੰਦਰ ਬੇਮਿਸਾਲ ਲੀਹਾਂ ਪਾਈਆਂ ਹਨ। ਗੁਰੂ ਸਾਹਿਬਾਨ ਦੀਆਂ ਅਦੁੱਤੀ ਕੁਰਬਾਨੀਆਂ ਅਤੇ ਮਹਾਨ ਸੇਵਾਵਾਂ ਦਾ ਵਰਨਣ ਇਸ ਪੁਸਤਕ ਵਿਚ ਕੀਤਾ ਗਿਆ ਹੈ।
ਪੁਸਤਕ ਵਿਚ ਉਕਤ ਵਿਸ਼ੇ ਨਾਲ ਸਬੰਧਤ 20 ਲੇਖ ਦਰਜ ਕੀਤੇ ਗਏ ਹਨ, ਜਿਵੇਂ ਕਿ ਸਿੱਖਾਂ ਦੀ ਵਚਿੱਤਰ ਗਾਥਾ, ਸਟੈਚਿਊ ਆਫ ਲਿਬਰਟੀ ਨਾਲ ਸਿੱਖਾਂ ਦਾ ਵੀ ਗਹਿਰਾ ਸਬੰਧ, ਸਰਬੰਸਦਾਨੀ ਗੁਰਪਿਤਾ ਦੇ ਚੋਜ ਨਿਰਾਲੇ, ਨਾਨਕ ਨਿਰੰਕਾਰੀ ਦੀ ਅਜਬ ਨਿਆਰੀ ਤੇ ਪਰਉਪਕਾਰੀ ਪਿਆਰੀ ਸਿੱਖੀ, ਸਿੱਖ ਬੀਬੀਆਂ ਦੀ ਵਚਿੱਤਰ ਸੇਵਾ ਭਾਵਨਾ ਤੇ ਸਨਮਾਨਜਨਕ ਕੁਰਬਾਨੀਆਂ, ਸਿੱਖਾਂ ਦੀਆਂ ਧਾਰਮਿਕ ਸਦਭਾਵਨਾ ਭਰੀਆਂ ਅਦਭੁਤ ਝਲਕੀਆਂ, ਗੁਰੂ ਸਾਹਿਬਾਨ ਦੀ ਅਪਾਰ ਸ਼ਕਤੀ ਦਾ ਗੌਰਵਮਈ ਵਿਲੱਖਣ ਪ੍ਰਭਾਵ ਆਦਿ। ਪੁਸਤਕ ਦੀ ਛਪਾਈ ਤੇ ਦਿੱਖ ਸੁੰਦਰ ਹੈ, ਭਾਸ਼ਾ ਬੜੀ ਸਰਲ ਤੇ ਰੌਚਕ ਹੈ। ਨਵੀਂ ਪੀੜ੍ਹੀ ਲਈ ਆਪਣੇ ਗੌਰਵਮਈ ਵਿਰਸੇ ਤੋਂ ਸੇਧ ਲੈਣ ਲਈ ਇਹ ਪੁਸਤਕ ਬਹੁਤ ਲਾਭਦਾਇਕ ਹੈ। ਉਮੀਦ ਹੈ ਲੇਖਕ ਦੀਆਂ ਬਾਕੀ ਪੁਸਤਕਾਂ ਵਾਂਗ ਇਹ ਪੁਸਤਕ ਵੀ ਪਾਠਕਾਂ ਲਈ ਪ੍ਰੇਰਨਾ ਸਰੋਤ ਸਿੱਧ ਹੋਵੇਗੀ।


-ਕੰਵਲਜੀਤ ਸਿੰਘ ਸੂਰੀ
ਮੋਬਾ: 93573-24241

ਗੁਰੂ ਨਾਨਕ ਦੇਵ ਜੀ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਅਰਬ ਦੇ ਪਹਾੜਾਂ, ਦਰਿਆਵਾਂ ਅਤੇ ਰੇਗਿਸਤਾਨੀ ਇਲਾਕਿਆਂ ਵਿਚੋਂ ਲੰਘਦੇ ਗੁਰੂ ਜੀ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ। ਉਹ ਸਭ ਨੂੰ ਗਲ ਨਾਲ ਲਾਉਂਦੇ ਹਨ ਅਤੇ ਸਭਨਾਂ ਨੂੰ ਖੁਦਾ ਦੀ ਉਸਤਤ ਕਰਨ 'ਤੇ ਜ਼ੋਰ ਦਿੰਦੇ ਹਨ। ਕੀਰਤਨ ਨੂੰ ਉਹ ਪ੍ਰਭੂ-ਕੀਰਤੀ ਦਾ ਸਾਧਨ ਮੰਨਦੇ ਹਨ। ਇਸਲਾਮ ਵਿਚ ਸੰਗੀਤ ਦੀ ਮਨਾਹੀ ਹੋਣ ਕਰਕੇ ਜਦੋਂ ਉਹ ਕੀਰਤਨ ਸੁਣਦੇ ਹਨ ਤਾਂ ਪਹਿਲਾਂ ਕ੍ਰੋਧਿਤ ਹੋ ਜਾਂਦੇ ਹਨ ਅਤੇ ਗੁਰੂ ਜੀ ਨੂੰ ਮਾਰਨ ਦਾ ਵਿਚਾਰ ਲੈ ਕੇ ਉਨ੍ਹਾਂ ਕੋਲ ਜਾਂਦੇ ਹਨ ਪਰ ਜਦੋਂ ਗੁਰੂ ਜੀ ਦੀ ਉਨ੍ਹਾਂ 'ਤੇ ਦ੍ਰਿਸ਼ਟੀ ਪੈਂਦੀ ਹੈ ਤਾਂ ਉਨ੍ਹਾਂ ਦੇ ਮਨ ਵਿਚੋਂ ਸਮੂਹ ਨਕਾਰਾਤਮਿਕ ਅੰਸ਼ ਖ਼ਤਮ ਹੋ ਜਾਂਦੇ ਹਨ ਅਤੇ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ। ਗੁਰੂ ਜੀ ਅਰਬੀ ਵਿਚ ਲਿਖਿਆ ਹੋਇਆ ਜਪੁਜੀ ਸਾਹਿਬ ਦਾ ਗੁਟਕਾ ਦੇ ਕੇ ਉਨ੍ਹਾਂ ਨੂੰ ਸਦੀਵ ਕਾਲ ਲਈ ਇਕ ਪਰਮਾਤਮਾ ਨਾਲ ਜੁੜਨ ਦਾ ਸੰਦੇਸ਼ ਦਿੰਦੇ। ਵਿਭਿੰਨ ਸਾਖੀਆਂ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਅਰਬ ਵਿਚ ਕਈ ਕਬੀਲੇ ਮੌਜੂਦ ਸਨ ਜਿਹੜੇ ਆਪਣੇ ਕਬੀਲੇ ਦੇ ਕਾਨੂੰਨ ਅਨੁਸਾਰ ਜੀਵਨ ਬਸਰ ਕਰਦੇ ਹਨ। ਭਾਵੇਂ ਕਿ ਕਈ ਕਬੀਲੇ ਇਸਲਾਮ ਧਾਰਨ ਕਰ ਚੁੱਕੇ ਸਨ ਪਰ ਉਨ੍ਹਾਂ 'ਤੇ ਕਬੀਲਿਆਈ ਪ੍ਰਭਾਵ ਮੌਜੂਦ ਸੀ। ਗੁਰੂ ਜੀ ਉਨ੍ਹਾਂ ਨੂੰ ਸਥਾਨਕ ਪ੍ਰਭਾਵ ਤੋਂ ਮੁਕਤ ਕਰ ਕੇ ਬ੍ਰਹਿਮੰਡ ਦੀ ਅਸੀਮ ਸ਼ਕਤੀ ਨਾਲ ਜੋੜਦੇ।
ਗੁਰੂ ਜੀ ਬਹੁਤ ਹੀ ਸੁਖੈਨ ਸਥਾਨਕ ਭਾਸ਼ਾ ਵਿਚ ਆਪਣੀ ਗੱਲ ਕਰਦੇ ਹਨ, ਜਿਹੜੀ ਕਿ ਛੇਤੀ ਹੀ ਲੋਕ-ਮਨਾਂ 'ਤੇ ਅਸਰ ਕਰਦੀ। ਇਕ ਸਾਖੀ ਵਿਚ ਦੱਸਿਆ ਗਿਆ ਹੈ ਕਿ ਮਿਸਰ ਦੇ ਬਾਦਸ਼ਾਹ ਦਾ ਪੀਰ ਜਲਾਲ ਉਸ ਤੋਂ ਇਸ ਕਰਕੇ ਦੁਖੀ ਸੀ ਕਿ ਉਹ ਬਹੁਤ ਕੰਜੂਸ ਹੈ, ਧਨ ਇਕੱਤਰ ਕਰਦਾ ਹੈ ਅਤੇ ਪਰਉਪਾਕਰੀ ਕਾਰਜਾਂ ਤੋਂ ਦੂਰ ਰਹਿੰਦਾ ਹੈ। ਪੀਰ ਜਲਾਲ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਾਹ ਪਾਉਣ। ਪੀਰ ਜਲਾਲ ਬਾਦਸ਼ਾਹ ਨੂੰ ਲੈ ਕੇ ਗੁਰੂ ਜੀ ਕੋਲ ਆਉਂਦਾ ਹੈ ਤਾਂ ਗੁਰੂ ਜੀ ਉਸ ਨੂੰ ਇਕ ਸੂਈ ਦੇ ਕੇ ਕਹਿੰਦੇ ਹਨ ਕਿ ਇਸ ਨੂੰ ਸੰਭਾਲ ਕੇ ਰੱਖਣਾ, ਅਗਲੇ ਜਹਾਨ ਵਿਚ ਵਾਪਸ ਲਵਾਂਗੇ। ਬਾਦਸ਼ਾਹ ਕਹਿੰਦਾ ਹੈ ਕਿ ਅਗਲੇ ਜਹਾਨ ਵਿਚ ਤਾਂ ਕੁਝ ਵੀ ਨਾਲ ਨਹੀਂ ਜਾਂਦਾ ਤਾਂ ਗੁਰੂ ਜੀ ਬਚਨ ਕਰਦੇ ਹਨ ਕਿ ਜਿਹੜੇ ਚਾਲੀ ਗੰਜ ਦੌਲਤ ਇਕੱਠੀ ਕੀਤੀ ਹੈ, ਉਸ ਦਾ ਕੀ ਕਰੋਗੇ? ਬਾਦਸ਼ਾਹ ਨੂੰ ਗਿਆਨ ਹੋ ਗਿਆ ਅਤੇ ਗੁਰੂ ਜੀ ਨੂੰ ਮਾਰਗ ਪਾਉਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਉਹ ਦੌਲਤ ਲੋਕਾਂ ਵਿਚ ਵੰਡ ਕੇ ਪਰਮਾਤਮਾ ਦੀ ਬੰਦਗੀ ਕਰਨ ਅਤੇ ਲੋਕ-ਭਲਾਈ ਦੇ ਕਾਰਜ ਕਰਨ ਲਈ ਕਿਹਾ, ਬੰਧਨਾਂ ਤੋਂ ਨਿਜਾਤ ਪਾਉਣ ਦਾ ਇਹ ਸੌਖਾ ਤਰੀਕਾ ਸਮਝਾਇਆ।
ਗੁਰੂ ਜੀ ਸਤਿ ਕਰਤਾਰ ਨਾਲ ਜੁੜੇ ਰਹਿਣ ਦਾ ਬਚਨ ਕਰਦੇ ਸਨ। ਉਹ ਜਿਸ ਵੀ ਸ਼ਖ਼ਸ ਨੂੰ ਮਿਲਦੇ ਤਾਂ ਉਪਦੇਸ਼ ਕਰਦੇ ਤੈਨੂੰ ਕਰਤਾਰ ਚਿੱਤ ਆਵੇ। ਗੁਰੂ ਜੀ ਜਿਸ ਅਸਥਾਨ 'ਤੇ ਜਾ ਕੇ ਬੈਠ ਜਾਂਦੇ, ਉਪਦੇਸ਼ ਦਿੰਦੇ, ਕੀਰਤਨ ਕਰਦੇ, ਉਹ ਅਸਥਾਨ ਵਿਸ਼ੇਸ਼ ਰੂਪ ਗ੍ਰਹਿਣ ਕਰ ਜਾਂਦਾ। ਸਾਖੀਕਾਰ ਦੱਸਦਾ ਹੈ ਕਿ ਜਿਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਹੈ, ਉਹ ਧਰਤੀ ਬੇਜ਼ਾਰ ਨਹੀਂ ਰਹੀ, ਉਥੇ ਕੁਦਰਤ ਦੀਆਂ ਨਿਆਮਤਾਂ ਪ੍ਰਗਟ ਹੋਈਆਂ।
ਛੋਟੇ ਜਿਹੇ ਕਿਤਾਬਚੇ ਦੇ ਰੂਪ ਵਿਚ ਸਾਹਮਣੇ ਆਇਆ ਇਹ ਸਫ਼ਰਨਾਮਾ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਅਤੇ ਪ੍ਰੇਰਨਾ ਦਾ ਪ੍ਰਗਟਾਵਾ ਕਰਦਾ ਹੈ। ਸਫ਼ਰਨਾਮੇ ਦਾ ਕਰਤਾ ਗੁਰੂ ਜੀ ਦੀ ਸ਼ਖ਼ਸੀਅਤ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਦੈਵੀ ਪੁਰਖ ਸਿੱਧ ਕਰਨ ਦਾ ਸਫ਼ਲ ਯਤਨ ਕਰਦਾ ਹੈ। ਜਿਹੜੇ ਸਰੋਤਾਂ ਦੀ ਉਹ ਵਰਤੋਂ ਕਰਦਾ ਹੈ, ਉਹ ਗੁਰੂ ਜੀ ਦੇ ਸਮਾਕਲੀਆਂ ਦੁਆਰਾ ਲਿਖੇ ਗਏ ਮੰਨਦਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਬਾਕੀ ਨਾ ਰਹੇ। ਸਿੱਧੇ ਤੌਰ 'ਤੇ ਗੁਰੂ ਜੀ ਨਾਲ ਜੋੜਨ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣ ਵਾਲਾ ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ। (ਸਮਾਪਤ)


-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨਵਰਸਿਟੀ, ਪਟਿਆਲਾ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX