ਤਾਜਾ ਖ਼ਬਰਾਂ


ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  14 minutes ago
ਵਾਸ਼ਿੰਗਟਨ, 20 ਸਤੰਬਰ - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਦੇਰ ਰਾਤ ਗੋਲੀਬਾਰੀ ਹੋਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਜਿਸ ਸਥਾਨ 'ਤੇ ਗੋਲੀਆਂ ਚਲੀਆਂ ਹਨ। ਉਹ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਤੋਂ...
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  about 1 hour ago
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ) - ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਘਾ ਪੁਰਾਣਾ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ...
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 1 hour ago
ਜੇਨੇਵਾ, 20 ਸਤੰਬਰ - ਦੁਨੀਆ ਨੂੰ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਖਿਲਾਫ ਗੁਮਰਾਹ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਇਕ ਵਾਰ ਅਸਫਲ ਹੋ ਗਈ। ਬੀਤੇ ਕੱਲ੍ਹ 19 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਕਸ਼ਮੀਰ 'ਤੇ ਮਤਾ ਪੇਸ਼ ਕਰਨ ਦਾ ਅੰਤਿਮ ਦਿਨ ਸੀ, ਪਰੰਤੂ ਪਾਕਿਸਤਾਨ ਇਸ...
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 1 hour ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ 'ਚ ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਤਹਿਤ ਮੋਟਰਸਾਈਕਲ...
ਅੱਜ ਦਾ ਵਿਚਾਰ
. . .  about 1 hour ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦੀਪਿਕਾ ਰੋਮੀ ਕਪਿਲ ਦੀ ਭੂਮਿਕਾ 'ਚ

ਅਨੀਸ਼ਾ ਪਾਦੂਕੋਨ ਉਹ ਕਰਮਾਂ ਵਾਲੀ ਹੈ, ਜਿਸ ਨੂੰ ਦੀਪੀ ਜਿਹੀ ਪਿਆਰੀ ਦੋਸਤ ਕਹਿ ਲਵੋ ਜਾਂ ਮਾਂ ਜਾਂ ਫਿਰ 'ਗਾਡ-ਫਾਦਰ' ਦੀਦੀ ਮਿਲੀ ਹੈ। ਦੀਪਿਕਾ ਪਾਦੂਕੋਨ ਇੰਸਟਾ ਦੀ ਵਰਤੋਂ ਬਹੁਤ ਕਰਦੀ ਹੈ। ਦੀਪੀ ਨੇ ਦੀਦੀ ਅਨੀਸ਼ਾ ਦਾ ਮੱਥਾ ਚੁੰਮਦਿਆਂ ਦੀ ਫੋਟੋ ਇੰਸਟਾਗ੍ਰਾਮ 'ਤੇ ਪਾਈ। ਲੰਡਨ 'ਚ ਦੋਵਾਂ ਭੈਣਾਂ ਨੇ ਖੇਡਾਂ ਦਾ ਅਨੰਦ ਮਾਣਿਆ। ਲਗਜ਼ਰੀ ਬਰਾਂਡ ਗਲਫ਼ ਲੋਰੇਨ ਦੀ ਚਿੱਟੀ ਵਰਦੀ ਦੀਪਿਕਾ ਨੇ ਆਪ ਵੀ ਪਾਈ ਤੇ ਦੀਦੀ ਅਨੀਸ਼ਾ ਨੂੰ ਵੀ ਪਵਾਈ। 'ਬੰਡਲ ਆਫ਼ ਜੁਆਏ', ਹੈਸ਼ਟੈਗ ਦੀਪਿਕਾ ਨੇ ਇੰਸਟਾ 'ਤੇ ਪਾਇਆ। ਇਥੇ ਹੀ ਦੀਪਿਕਾ ਪਾਦੂਕੋਨ ਨੇ ਕਪਿਲ ਦੇਵ 'ਤੇ ਬਣ ਰਹੀ ਫ਼ਿਲਮ '83' ਦੀ ਸ਼ੂਟਿੰਗ ਕੀਤੀ। 1983 ਦੇ ਕ੍ਰਿਕਟ ਵਿਸ਼ਵ ਕੱਪ 'ਚ ਕਪਿਲ ਦੇਵ ਦੀ ਅਗਵਾਈ ਤੇ ਕਪਿਲ ਦੇਵ ਨੂੰ ਸਮਰਪਿਤ ਇਹ ਫ਼ਿਲਮ ਬਣ ਰਹੀ ਹੈ। ਦੀਪੀ ਇਸ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਬਣੀ ਹੈ। ਇਧਰ 'ਛਪਾਕ' ਨਾਲ ਵੀ ਉਹ ਲੋਕਾਂ ਦਾ ਧਿਆਨ ਖਿੱਚਣ ਵਾਲੀ ਹੈ। ਵਿਆਹੁਤਾ ਹੋ ਕੇ ਰਣਵੀਰ ਸਿੰਘ ਨਾਲ '83' ਦੀਪੀ ਦੀ ਪਹਿਲੀ ਆ ਰਹੀ ਫ਼ਿਲਮ ਹੋਵੇਗੀ। ਇਧਰ ਅਮਿਤਾਬ ਬੱਚਨ ਵਾਲੀ ਹਿੱਟ ਫ਼ਿਲਮ 'ਸੱਤੇ ਪੇ ਸੱਤਾ' ਦਾ ਨਵਾਂ ਹਿੱਸਾ ਯਾਨਿ ਰੀਮੇਕ ਬਣੇਗਾ। ਖ਼ਬਰ ਸੀ ਰਿਤਿਕ ਦੇ ਨਾਲ ਦੀਪਿਕਾ ਪਾਦੂਕੋਨ ਹੋਵੇਗੀ। ਹੁਣ ਪਤਾ ਲੱਗਿਆ ਹੈ ਕਿ ਦੀਪਿਕਾ ਦੀ ਥਾਂ ਕੈਟੀ ਲੈ ਕੇ ਦੀਪਿਕਾ ਨੂੰ ਅਹਿਸਾਸ ਕਰਵਾਏਗੀ ਕਿ 'ਕੁਆਰੀ ਨਾਇਕਾ' ਤੇ 'ਵਿਆਹੁਤਾ ਹੀਰੋਇਨ' 'ਚ ਫਰਕ ਹੁੰਦਾ ਹੈ। 'ਦਾ ਰਿਵਿਊ ਵਿਦ ਸਿਮੀ ਗਰੇਵਾਲ' ਟੀ.ਵੀ. ਦਾ ਚਰਚਿਤ ਸ਼ੋਅ ਫਿਰ ਸ਼ੁਰੂ ਹੋਣ ਜਾ ਰਿਹਾ ਹੈ। 15 ਸਾਲ ਬਾਅਦ ਸਿੰਮੀ ਹੁਣ ਇਸ ਨੂੰ ਆਪਣੇ ਯੂ-ਟਿਊਬ ਚੈਨਲ 'ਤੇ ਲੈ ਕੇ ਆ ਰਹੀ ਹੈ। ਸ਼ੋਅ ਦੀ ਸ਼ੁਰੂਆਤ ਦੀਪਿਕਾ ਤੋਂ ਹੋਣ ਜਾ ਰਹੀ ਹੈ। ਮਤਲਬ ਕਿ 'ਸੱਤੇ ਪੇ ਸੱਤਾ' ਚਾਹੇ ਕੈਟਰੀਨਾ 'ਕੁਆਰੀ', 'ਵਿਆਹੀ' ਦਾ ਸਾੜਾ ਦੀਪਿਕਾ ਨੂੰ ਦੇ ਕੇ ਖੋਹ ਲਵੇ ਪਰ ਦੀਪਿਕਾ ਵੀ ਕਿਸੇ ਦੀ ਨੂੰਹ-ਧੀ ਤੋਂ ਘੱਟ ਨਹੀਂ, ਸਿੰਮੀ ਦੇ ਸ਼ੋਅ 'ਚ ਉਲ੍ਹਾਮੇਂ ਲਾਹੇਗੀ।


ਖ਼ਬਰ ਸ਼ੇਅਰ ਕਰੋ

ਭੂਮੀ ਪੇਡਨੇਕਰ ਸ਼ੂਟਰ ਦਾਦੀ!

'ਦਮ ਲਗਾ ਕੇ ਹਈਸ਼ਾ' ਵਾਲੀ ਭੂਮੀ ਪੇਡਨੇਕਰ ਨੇ ਆਪਣਾ ਜਨਮ ਦਿਨ ਪਿਛਲੇ ਹਫ਼ਤੇ ਮਨਾਇਆ। ਇਸ ਸਮੇਂ ਭੂਮੀ ਦੀ ਖਾਸ ਸਹੇਲੀ ਅਨੰਨਿਆ ਪਾਂਡੇ ਪਹੁੰਚੀ ਹੋਈ ਸੀ। ਭੂਮੀ ਨਾਲ ਅਨੰਨਿਆ ਨੇ ਫੋਟੋ ਖਿਚਵਾਈ, ਮੀਡੀਆ 'ਤੇ ਪਾਈ ਤੇ ਲਿਖਿਆ 'ਨੋ ਪਤੀ, ਨੋ ਪ੍ਰਾਬਲਮ-ਜਨਮ ਦਿਨ ਮੁਬਾਰਕ।' ਮੈਂ ਸਿਰਫ਼ ਖਾਣਾ ਹੀ ਵੰਡਾਂਗੀ ਤੇ ਅਨੰਨਿਆ ਪਾਂਡੇ ਨਾਲ 'ਸਾਂਝੀ ਥਾਲੀ' ਇਕੋ ਹੀ ਥਾਲੀ 'ਚ ਖਾਣਾ ਖਾਵਾਂਗੀ। ਅੱਧੀ ਰੋਟੀ ਉਹਦੀ, ਅੱਧੀ ਭੂਮੀ ਦੀ, ਦਾਲ-ਸਬਜ਼ੀ ਇਕ ਹੀ ਕੌਲੀ 'ਚ, ਰੋਟੀਆਂ ਇਕੋ ਹੀ ਥਾਲੀ 'ਚ, ਹੈ ਕਿ ਨਹੀਂ ਸੱਚਾ ਪ੍ਰੇਮ ਭੂਮੀ ਦਾ। ਕਾਰਤਿਕ ਆਰੀਅਨ ਨਾਲ 'ਪਤੀ-ਪਤਨੀ ਔਰ ਵੋਹ' ਦੇ ਰੀਮੇਕ 'ਚ ਭੂਮੀ ਤੇ ਅਨੰਨਿਆ ਆ ਰਹੀਆਂ ਹਨ। 6 ਦਸੰਬਰ ਨੂੰ ਭੂਮੀ ਦੀ ਇਹ ਨਵੀਂ ਰੀਮੇਕ ਫ਼ਿਲਮ ਆਏਗੀ। ਟੀ-ਸੀਰੀਜ਼ ਦੀ ਇਸ ਫ਼ਿਲਮ ਤੋਂ ਭੂਮੀ ਨੂੰ ਬਹੁਤ ਉਮੀਦਾਂ ਹਨ। ਕੁਝ ਸਭ ਤੋਂ ਵੱਖਰਾ ਹੋਏ 'ਚ ਭੂਮੀ ਦਾ ਯਕੀਨ ਹੁੰਦਾ ਹੈ। 'ਸਾਂਡ ਕੀ ਆਂਖ' ਫ਼ਿਲਮ 'ਚ ਦਵਾਈ ਲਾਉਣ ਕਾਰਨ ਭੂਮੀ ਦਾ ਚਿਹਰਾ ਛਾਲਿਆਂ ਨਾਲ ਭਰ ਗਿਆ। ਕੁਦਰਤੀ ਹੱਲ ਡਾਕਟਰ ਤੋਂ ਜਾਣ ਕੇ ਵਰਤ ਕੇ ਵਿਚਾਰੀ ਸਾੜੇ ਵਾਲੇ ਮੂੰਹ ਨਾਲ ਹੀ ਸ਼ੂਟਿੰਗ ਕਰਦੀ ਰਹੀ। ਦਰਦ ਨਾਲ ਚੀਕਦੀ ਰਹੀ ਪਰ 'ਸਾਂਡ ਕੀ ਆਂਖ' ਦੇ ਨਿਰਮਾਤਾ ਨੂੰ ਲੱਖਾਂ ਦੇ ਨੁਕਸਾਨ ਤੋਂ ਬਚਾ ਲਿਆ। ਆਪਣੀ ਜਾਨ ਨੂੰ ਜ਼ਰੂਰ ਜੋਖ਼ਮ 'ਚ ਭੂਮੀ ਨੇ ਪਾ ਦਿੱਤਾ। 'ਚੰਦਰੋ ਤੋਮਰ' ਉਹ 'ਸਾਂਡ ਕੀ ਆਂਖ' 'ਚ ਬਣੀ ਹੈ। ਉਮਰ ਦਰਾਜ ਔਰਤ ਸ਼ਾਰਪ ਸ਼ੂਟਰ ਦਾ ਕਿਰਦਾਰ ਇਸ 'ਚ ਉਹ ਤਾਪਸੀ ਪੰਨੂੰ ਨਾਲ ਨਿਭਾਅ ਰਹੀ ਹੈ। ਬੁੱਢੀ ਔਰਤ ਦੇ ਮੇਕਅੱਪ ਨੇ ਇਸ ਫ਼ਿਲਮ ਲਈ ਭੂਮੀ ਨੂੰ ਬਹੁਤ ਸਰੀਰਕ ਕਸ਼ਟ ਦਿੱਤਾ। ਸ਼ੂਟਰ ਦਾਦੀ ਬਣੀ 'ਸਾਂਡ ਕੀ ਆਂਖ' ਵਾਲੀ ਭੂਮੀ ਦੀ ਇਸ ਕੁਰਬਾਨੀ ਨੇ ਤਾਪਸੀ ਪੰਨੂੰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਤਨ ਬੁੱਢਾ ਹੁੰਦਾ ਹੈ, ਮਨ ਨਹੀਂ-ਇਸ 'ਤੇ ਹੀ ਸਾਰੀ ਉਮਰ ਚੱਲਾਂਗੀ, ਭੂਮੀ ਨੇ ਇਹ ਸਭ ਨੂੰ ਕਿਹਾ ਹੈ।

ਫ਼ਿਲਮ 'ਬੋਲੇ ਚੂੜੀਆਂ' ਦਾ ਹਿੱਸਾ ਬਣੀ ਤਮੰਨਾ ਭਾਟੀਆ

ਅਜੇ ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਨਵਾਜੁੱਦੀਨ ਦੀ ਨਵੀਂ ਫ਼ਿਲਮ 'ਬੋਲੇ ਚੂੜੀਆਂ' ਆ ਰਹੀ ਹੈ। ਇਸ ਫ਼ਿਲਮ ਵਿਚ ਲੀਡ ਰੋਲ ਵਿਚ ਤਮੰਨਾ ਭਾਟੀਆ ਨੇ ਮੌਨੀ ਰਾਏ ਦੀ ਥਾਂ ਲਈ ਹੈ। ਆਪਣੀ ਨਵੀਂ ਰੁਮਾਂਟਿਕ ਫ਼ਿਲਮ ਨੂੰ ਲੈ ਕੇ ਤਮੰਨਾ ਭਾਟੀਆ ਕਾਫੀ ਖੁਸ਼ ਹੈ। ਫ਼ਿਲਮ ਵਿਚ ਤਮੰਨਾ ਦੀ ਭੂਮਿਕਾ ਲਵ ਇੰਟਰੈਸਟ ਵਾਲਾ ਹੋਵੇਗੀ। ਤਮੰਨਾ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਚੰਗੀ ਕਹਾਣੀ ਅਤੇ ਚੰਗੇ ਕਿਰਦਾਰ ਵਾਲੀ ਫ਼ਿਲਮ ਦੀ ਉਡੀਕ ਕਰ ਰਹੀ ਸੀ ਤਾਂ ਉਸ ਨੂੰ ਇਸ ਫ਼ਿਲਮ ਵਿਚ ਮੌਕਾ ਮਿਲ ਗਿਆ। ਇਸ ਲਈ ਉਹ ਇਸ ਨੂੰ ਕਿਵੇਂ ਹੱਥੋਂ ਜਾਣ ਦਿੰਦੀ। ਮੌਨੀ ਵਲੋਂ ਫ਼ਿਲਮ ਛੱਡਣ ਦਾ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਇੰਡਸਟਰੀ ਵਿਚ ਆਏ ਦਿਨ ਕਲਾਕਾਰਾਂ ਵਿਚਕਾਰ ਮਤਭੇਦ ਪੈਦਾ ਹੁੰਦੇ ਰਹਿੰਦੇ ਹਨ। ਕਈ ਵਾਰ ਇਹ ਮੱਤਭੇਦ ਨਿਰਮਾਤਾ ਅਤੇ ਨਿਰਦੇਸ਼ਕ ਕਾਰਨ ਵੀ ਹੁੰਦੇ ਹਨ ਅਤੇ ਕਈ ਵਾਰ ਆਪਸੀ ਵੀ ਹੁੰਦੇ ਹਨ। ਮੈਂ ਕਿਸੇ ਤੋਂ ਕੁਝ ਨਹੀਂ ਲੈਣਾ-ਦੇਣਾ। ਮੈਂ ਕੰਮ ਕਰਦੀ ਹਾਂ। ਕੰਮ ਨਾਲ ਮਤਲਬ ਹੈ ਮੈਨੂੰ। ਤਮੰਨਾ ਕੰਗਨਾ ਦੀ ਫ਼ਿਲਮ 'ਕੁਈਨ' ਦੇ ਵਿਸਥਾਰ ਵਿਚ ਵੀ ਕੰਮ ਕਰ ਰਹੀ ਹਾਂ, ਜੋ ਕਿ ਤਮਿਲ ਵਿਚ ਬਣ ਰਹੀ ਹੈ। ਨਾਲ ਹੀ ਇਕ ਪੀਰੀਅਡ ਡਰਾਮਾ ਫ਼ਿਲਮ ਵੀ ਕਰ ਰਹੀ ਹਾਂ। ਇਸ ਤੋਂ ਇਲਾਵਾ ਫ਼ਿਲਮ ਵਿਚ ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਅਤੇ ਦੱਖਣ ਦੇ ਸੁਪਰ ਸਟਾਰ ਚਿਰੰਜੀਵੀ ਵੀ ਹਨ। ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਮਿਲਕ ਬਿਊਟੀ ਕਾਫੀ ਉਤਸ਼ਾਹਤ ਹੈ।

ਵਰੁਣ ਧਵਨ

ਪੱਪੂ ਨਲਾਇਕ ਨਹੀਂ

ਡੇਵਿਡ ਧਵਨ ਦੇ ਹੀਰੋ ਪੁੱਤਰ ਵਰੁਣ ਧਵਨ ਦੇ ਸਿਰ ਸਿਹਰਾ ਬੱਝਣ ਦੀਆਂ ਖ਼ਬਰਾਂ ਗਰਮ ਹਨ। ਖ਼ਬਰ ਆਈ ਹੈ ਕਿ ਆਪਣੀ ਜਾਨੇ ਜਹਾਂ ਨਤਾਸ਼ਾ ਦਲਾਲ ਨਾਲ 'ਸੱਤ ਫੇਰੇ' ਵਰੁਣ ਇਸ ਸਾਲ ਦੇ ਅੰਤ 'ਚ ਕ੍ਰਿਸਮਸ ਤੋਂ ਪਹਿਲਾਂ ਲੈ ਕੇ ਲੰਡਨ ਕ੍ਰਿਸਮਸ ਹਨੀਮੂਨ ਟੂਰ 'ਤੇ ਜਾਏਗਾ। ਵਰੁਣ ਨੇ ਇਕ ਵਿਦੇਸ਼ੀ ਮੈਗਜ਼ੀਨ ਨੂੰ ਦਿੱਤੀ ਤਾਜ਼ਾ ਇੰਟਰਵਿਊ 'ਚ ਇਨ੍ਹਾਂ ਖ਼ਬਰਾਂ ਨੂੰ 'ਅਫ਼ਵਾਹਾਂ ਦਾ ਪੁਲੰਦਾ' ਕਹਿ ਕੇ ਵਿਆਹ ਦੀ ਕਹਾਣੀ 'ਤੇ ਫੁੱਲ ਸਟਾਪ ਲਾ ਦਿੱਤਾ ਹੈ। ਖ਼ੈਰ ਹੁਣ 'ਵਿਆਹ ਦੇ ਲੱਡੂ' ਦੂਰ ਦੀ ਗੱਲ, ਅਗਲੇ ਮਹੀਨੇ ਦੀ ਪੰਜ ਤਰੀਕ ਨੂੰ ਵਰੁਣ ਦੀ ਨਵੀਂ ਫ਼ਿਲਮ 'ਕੁਲੀ ਨੰਬਰ ਵੰਨ' ਦਾ ਰੀਮੇਕ ਸ਼ੁਰੂ ਹੋ ਰਿਹਾ ਹੈ। ਵਰੁਣ ਦੇ ਨਾਲ ਪੁਰਾਣਾ ਅਭਿਨੇਤਾ ਜਾਨੀ ਲੀਵਰ ਵੀ ਹੋਏਗਾ। 7 ਸਾਲ ਦੇ ਫ਼ਿਲਮੀ ਕਰੀਅਰ 'ਚ ਕਾਮਯਾਬੀਆਂ ਦੇ ਤਗਮੇ ਮੋਢੇ 'ਤੇ ਲਾਉਣ ਵਾਲੇ ਵਰੁਣ ਧਵਨ ਦੀ ਫ਼ਿਲਮ 'ਕਲੰਕ' ਫਲਾਪ ਹੋਈ ਤਾਂ ਵਰੁਣ ਨੇ ਕਿਹਾ ਕਿ ਹੁਸ਼ਿਆਰ ਬੱਚੇ ਦਾ ਫੇਲ੍ਹ ਹੋਣਾ ਵੀ ਜ਼ਰੂਰੀ ਹੁੰਦਾ ਹੈ, ਵਰਨਾ ਕਾਮਯਾਬੀ ਦੇ ਲੋਭ 'ਚ ਖਾਹਮਖਾਹ ਦਾ 'ਡਿਪ੍ਰੈਸ਼ਨ' ਆ ਜਾਏ ਤਾਂ ਦਿਮਾਗ ਦੀ ਬਿਮਾਰੀ 'ਤੇ ਬਹੁਤ ਨੋਟ ਲਗਦੇ ਹਨ। ਸਿਆਣਾ ਮੁੰਡਾ ਹੈ ਵਰੁਣ ਧਵਨ, ਹਰ ਗੱਲ ਸੰਭਾਲ ਲੈਂਦਾ ਹੈ। ਮੌਕਾ ਕੱਢ ਲੈਂਦਾ ਹੈ। ਸੱਪ ਵੀ ਮਰ ਜਾਂਦਾ ਹੈ ਤੇ ਸੋਟੀ ਵੀ ਨਹੀਂ ਟੁੱਟਦੀ। ਬਚਪਨ ਤੋਂ ਹੀ ਸ਼ਰਾਰਤੀ ਰਿਹਾ ਹੈ ਵਰੁਣ ਧਵਨ। ਨਵੀਂ ਹੀਰੋਇਨ ਅਨੰਨਿਆ ਪਾਂਡੇ ਤਾਂ ਦੁਨੀਆ ਖਰੀਦਣ ਦੀ ਥਾਂ ਵਰੁਣ ਨੂੰ ਆਪਣੇ ਲਈ ਖਰੀਦ ਲਵੇ ਜੇ ਹੱਟੀ 'ਤੇ ਉਹ ਮੁੱਲ ਵਿਕਦਾ ਹੋਵੇ। ਐਨਾ ਆਕਰਸ਼ਣ ਵਰੁਣ ਦਾ ਹੈ ਜੋ ਬਚਪਨ 'ਚ ਰੈਸਲਿੰਗ ਦਾ ਸ਼ੌਕੀਨ ਸੀ। ਘਰ 'ਚ ਉਸ ਦਾ ਨਾਂਅ 'ਪੱਪੂ' ਹੈ। 'ਬਦਲਾਪੁਰ' ਨੇ ਵਰੁਣ ਹਿੱਟ ਕੀ ਕੀਤਾ ਕਿ 'ਕਲੰਕ' ਨੇ ਕਲੰਕ ਲੁਆਇਆ ਵਰਨਾ ਪੱਪੂ ਤਾਂ ਹੁਸ਼ਿਆਰ ਸੀ....।


-ਸੁਖਜੀਤ ਕੌਰ

ਸੈੱਟ 'ਤੇ ਭਾਵੁਕ ਹੋਈ ਸੋਨਾਕਸ਼ੀ

ਕਹਿੰਦੇ ਹਨ ਨਾ ਕਿ ਇਨਸਾਨ ਆਪਣਾ ਪਹਿਲਾ ਪਿਆਰ ਕਦੀ ਨਹੀਂ ਭੁੱਲਦਾ। ਉਸੇ ਤਰ੍ਹਾਂ ਕਲਾਕਾਰ ਵੀ ਆਪਣੀ ਪਹਿਲੀ ਫ਼ਿਲਮ ਕਦੀ ਨਹੀਂ ਭੁੱਲ ਪਾਉਂਦਾ ਹੈ, ਜਿਸ ਫ਼ਿਲਮ ਦੇ ਦਮ 'ਤੇ ਉਸ ਨੇ ਗਲੈਮਰ ਦੀ ਦੁਨੀਆ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਹੁੰਦਾ ਹੈ। ਉਸ ਫ਼ਿਲਮ ਦੀ ਉਸ ਦੇ ਦਿਲ ਵਿਚ ਵਿਸ਼ੇਸ਼ ਥਾਂ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਸੋਨਾਕਸ਼ੀ ਸਿਨਹਾ ਦੇ ਦਿਲ ਵਿਚ ਆਪਣੀ ਪਹਿਲੀ ਫ਼ਿਲਮ 'ਦਬੰਗ' ਵਿਸ਼ੇਸ਼ ਤੌਰ ਸਮਾਈ ਹੋਈ ਹੈ।
ਇਨ੍ਹੀਂ ਦਿਨੀਂ ਸੋਨਾਕਸ਼ੀ 'ਦਬੰਗ-3' ਦੀ ਸ਼ੂਟਿੰਗ ਵਿਚ ਰੁੱਝੀ ਹੈ ਅਤੇ ਇਥੇ ਉਹ ਇਕ ਵਾਰ ਫਿਰ 'ਰੱਜੋ' ਦੀ ਭੂਮਿਕਾ ਨਿਭਾਅ ਰਹੀ ਹੈ। ਜਦੋਂ ਸੋਨਾਕਸ਼ੀ ਪਹਿਲੇ ਦਿਨ ਸ਼ੂਟਿੰਗ ਕਰਨ ਪਹੁੰਚੀ ਤਾਂ ਉਹ ਕਾਫ਼ੀ ਭਾਵੁਕ ਹੋ ਗਈ ਸੀ। ਉਸ ਦੀਆਂ ਅੱਖਾਂ ਨਮ ਹੋ ਗਈਆਂ ਸਨ। ਇਸ ਭਾਵੁਕ ਅਨੁਭਵ ਬਾਰੇ ਉਹ ਕਹਿੰਦੀ ਹੈ, 'ਇਸ ਫ਼ਿਲਮ ਨੇ ਮੈਨੂੰ ਬਾਲੀਵੁੱਡ ਵਿਚ ਸਥਾਪਤ ਕੀਤਾ। ਇਸ ਤੋਂ ਪਹਿਲਾਂ ਮੇਰੀ ਪਛਾਣ ਸ਼ਤਰੂਘਨ ਸਿਨਹਾ ਦੀ ਬੇਟੀ ਦੇ ਰੂਪ ਵਿਚ ਸੀ ਪਰ ਫ਼ਿਲਮ ਦੀ ਬਦੌਲਤ ਮੈਨੂੰ ਅਭਿਨੇਤਰੀ ਦੇ ਰੂਪ ਵਿਚ ਨਵੀਂ ਪਛਾਣ ਮਿਲੀ। 'ਦਬੰਗ' ਨੂੰ ਰਿਲੀਜ਼ ਹੋਏ 9 ਸਾਲ ਹੋ ਗਏ ਹਨ। ਖ਼ਾਸ ਗੱਲ ਤਾਂ ਇਹ ਹੈ ਕਿ 'ਦਬੰਗ-3' ਮੇਰੇ ਕਰੀਅਰ ਦੀ 25ਵੀਂ ਪ੍ਰਦਰਸ਼ਿਤ ਫ਼ਿਲਮ ਹੋਵੇਗੀ। ਜਦੋਂ ਇਹ ਫ਼ਿਲਮ ਸ਼ੁਰੂ ਹੋਈ ਸੀ, ਉਦੋਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਦਾ ਭਾਗ ਦੂਜਾ ਤੇ ਤੀਜਾ ਵੀ ਬਣੇਗਾ। ਤੀਜੇ ਭਾਗ ਨੂੰ ਪ੍ਰਭੂਦੇਵਾ ਨਿਰੇਦਸ਼ਿਤ ਕਰ ਰਹੇ ਹਨ। 'ਰਾਉਡੀ ਰਾਠੌਰ' ਤੋਂ ਇਕ ਅਰਸੇ ਬਾਅਦ ਮੈਂ ਦੁਬਾਰਾ ਉਨ੍ਹਾਂ ਦੇ ਨਾਲ ਕੰਮ ਕਰ ਰਹੀ ਹਾਂ। ਹੁਣ ਜਦੋਂ ਪਹਿਲੇ ਦਿਨ ਮੈਂ ਸੈੱਟ 'ਤੇ ਗਈ ਤਾਂ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹ ਸਾਰੀਆਂ ਗੱਲਾਂ ਯਾਦ ਆ ਗਈਆਂ ਕਿ ਮੈਨੂੰ ਕਿਸ ਤਰ੍ਹਾਂ ਸਭ ਗੱਲਾਂ ਸਮਝਾਈਆਂ ਜਾਂਦੀਆਂ ਸਨ। ਪਹਿਲੀ ਫ਼ਿਲਮ ਦੀ ਸ਼ੂਟਿੰਗ ਦੇ ਦਿਨ ਯਾਦ ਕਰ ਕੇ ਜਿਵੇਂ ਮੈਂ ਭੂਤਕਾਲ ਵਿਚ ਚਲੀ ਗਈ ਸੀ ਪਰ ਜਲਦੀ ਹੀ ਮੌਜੂਦਾ ਸਮੇਂ ਵਿਚ ਪਰਤ ਆਈ ਕਿਉਂਕਿ ਇਥੇ ਪਹਿਲੇ ਦਿਨ ਮੇਰੇ 'ਤੇ ਗਾਣਾ ਫ਼ਿਲਮਾਇਆ ਜਾ ਰਿਹਾ ਸੀ। ਉਹ ਟਾਈਟਲ ਗੀਤ ਸੀ ਅਤੇ ਦੋ ਵਰਸ਼ਨ ਤੋਂ ਬਾਅਦ ਹੁਣ ਇਸ ਤੀਜੇ ਭਾਗ ਵਿਚ 'ਰੱਜੋ' ਨੂੰ ਟਾਈਟਲ ਗੀਤ ਵਿਚ ਪੇਸ਼ ਕੀਤਾ ਜਾਵੇਗਾ। 'ਦਬੰਗ' ਨਾਲ ਮੇਰਾ ਇਸ ਤਰ੍ਹਾਂ ਦਾ ਸਬੰਧ ਬਣ ਗਿਆ ਹੈ ਕਿ ਮੈਂ ਚਾਹਾਂਗੀ ਕਿ ਹਰ ਦੋ-ਤਿੰਨ ਸਾਲ ਬਾਅਦ ਇਸ ਦਾ ਵਿਸਥਾਰ ਹੁੰਦਾ ਰਹੇ।
ਭਾਵ ਉਹ 'ਰੱਜੋ' ਬਣ-ਬਣ ਕਦੀ ਥੱਕੇਗੀ ਨਹੀਂ।


-ਇੰਦਰਮੋਹਨ ਪੰਨੂੰ

ਰਾਸ਼ੀ ਖੰਨਾ

ਰਾਸ਼ੀ ਠੀਕ-ਠਾਕ ਹੈ

ਤੇਲਗੂ ਫ਼ਿਲਮਾਂ ਨਾਲ ਪ੍ਰਵੇਸ਼ ਤੇ ਤਾਮਿਲ ਫ਼ਿਲਮਾਂ ਨਾਲ ਨਾਂਅ ਬਣਿਆ ਅਭਿਨੇਤਰੀ ਰਾਸ਼ੀ ਖੰਨਾ ਦਾ, ਜਿਸ ਨੇ 'ਹਿੰਦੀ' ਤੇ 'ਮਦਰਾਸ ਕੈਫੇ' ਫ਼ਿਲਮਾਂ ਵੀ ਕੀਤੀਆਂ। 2014 'ਚ ਤਾਮਿਲ ਤੇ 2018 'ਚ ਤਾਮਿਲ ਦੀ ਹੀ 'ਇਮਾਇਕਾ ਨੋਡੀਗਾਲ' ਨੇ ਰਾਸ਼ੀ ਨੂੰ ਹੋਰ ਮਕਬੂਲੀਅਤ ਦਿੱਤੀ। ਨਵੀਂ ਦਿੱਲੀ 'ਚ ਜਨਮ ਲਿਆ ਹੈ। ਦਿੱਲੀ ਦੇਸ਼ ਦਾ ਦਿਲ ਹੈ ਤਾਂ ਰਾਸ਼ੀ ਦੇ ਦਿਲ 'ਚ ਵੀ ਦਿੱਲੀ ਵਸਦੀ ਹੈ। ਵੈਸੇ ਪੜ੍ਹਾਕੂ ਵੀ ਉਹ ਰਹੀ ਹੈ ਤੇ ਅੰਗਰੇਜ਼ੀ 'ਚ ਬੀ.ਏ. ਫਸਟ ਪੁਜ਼ੀਸ਼ਨ 'ਚ ਕੀਤੀ। 'ਕੈਮਿਊ' ਕਰ ਚੁੱਕੀ ਰਾਸ਼ੀ ਖੰਨਾ ਨੇ 'ਬੰਗਾਲ ਟਾਈਗਰ', 'ਸੁਪਰੀਮ' ਤੇ ਚਾਰ ਹੋਰ ਤੇਲਗੂ ਫ਼ਿਲਮਾਂ ਵੀ ਕੀਤੀਆਂ। ਜਾਨ ਅਬਰਾਹਮ ਨੇ ਰਾਸ਼ੀ ਨੂੰ ਕਾਫ਼ੀ ਉਤਸ਼ਾਹਿਤ ਕੀਤਾ। ਟਾਲੀਵੁੱਡ 'ਚ ਲਗਾਤਾਰ 4 ਸਾਲ ਰਾਸ਼ੀ ਕਾਫ਼ੀ ਮਕਬੂਲ ਰਹੀ। ਰਾਸ਼ੀ ਦੀ ਆਕੜ ਵੀ ਬਹੁਤ ਹੈ ਤੇ ਉਸ ਨੇ ਤੇਲਗੂ ਫ਼ਿਲਮ 'ਚ ਆਈਟਮ ਨੰਬਰ ਕਰਨ ਤੋਂ ਨਾਂਹ ਕਰ ਦਿੱਤੀ। ਤਾਮਿਲ ਫ਼ਿਲਮ 'ਜਿਲ' ਦੇ ਰਿਲੀਜ਼ ਪ੍ਰਚਾਰ 'ਤੇ ਰਾਸ਼ੀ ਨੇ ਕਿਹਾ ਕਿ ਆਈਟਮ ਕਰ ਲਿਆ ਤਾਂ ਹੀਰੋਇਨ ਬਣੀ-ਬਣੀ ਆਪਣੇ ਕਿਰਦਾਰ ਨੂੰ ਸੱਟ ਮਾਰ ਲਵਾਂਗੀ ਤੇ ਠੱਪਾ ਹੀ 'ਆਈਟਮ' ਦਾ ਲੱਗ ਜਾਵੇਗਾ। ਤੇਜਾ ਨਾਲ ਦੱਖਣ ਲਈ ਉਹ 'ਕਿੱਕ' ਫ਼ਿਲਮ ਕਰ ਰਹੀ ਹੈ। ਤੇਲਗੂ ਦੀਆਂ ਕਈ 'ਡੱਬ' ਹਿੰਦੀ ਫ਼ਿਲਮਾਂ ਲਈ ਵੀ ਰਾਸ਼ੀ ਨੇ ਸਹਿਯੋਗ ਦਿੱਤਾ ਹੈ। 29 ਸਾਲ ਦੀ ਰਾਸ਼ੀ ਆਪਣੀਆਂ ਭੂਰੀਆਂ ਅੱਖਾਂ ਤੇ ਕਾਲੀਆਂ ਜ਼ੁਲਫਾਂ ਨੂੰ ਲਹਿਰਾਉਂਦੀ ਠੇਠ ਪੰਜਾਬੀ ਬੋਲਦੀ ਹੈ ਤੇ ਇਹ ਪੰਜਾਬਣ ਕੁੜੀ ਕਿਸੇ ਵੱਡੀ ਪੰਜਾਬੀ ਫ਼ਿਲਮ ਨੂੰ ਕਰਨਾ ਆਪਣਾ ਧੰਨਭਾਗ ਸਮਝੇਗੀ। 5 ਫੁੱਟ 6 ਇੰਚ ਤੇ 57 ਕਿਲੋ ਭਾਰ ਸਰੀਰਕ ਵਾਲੀ ਰਾਸ਼ੀ ਹਿੱਟ ਹੀਰੋਇਨ ਦੇ ਅਨੁਕੂਲ ਹੈ।
**

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਕਮਾਲ 'ਚੱਲ ਮੇਰਾ ਪੁੱਤ'

ਪਿਛਲੇ ਕਈ ਦਿਨਾਂ ਤੋਂ ਅਮਰਿੰਦਰ ਗਿੱਲ ਦੀ ਚਰਚਾ 'ਚੱਲ ਮੇਰਾ ਪੁੱਤ' ਕਰਕੇ ਹੋ ਰਹੀ ਹੈ। 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟਰੇਲਰ ਜਿਸ ਦਿਨ ਤੋਂ ਜਾਰੀ ਹੋਇਆ ਹੈ, ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਡਰਾਮਿਆਂ ਵਿਚ ਨਜ਼ਰ ਆਉਣ ਵਾਲੇ ਵੱਡੇ ਚਿਹਰੇ ਇਸ ਫ਼ਿਲਮ ਦਾ ਹਿੱਸਾ ਹਨ। ਉਹ ਕਲਾਕਾਰ ਜਿਹੜੇ ਕਦੇ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਏ, ਉਹ ਚੜ੍ਹਦੇ ਪੰਜਾਬ ਦੇ ਨਾਇਕ ਨਾਲ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਕਮਾਲ ਹੈ। ਹਰ ਗੱਲ 'ਤੇ ਹਾਸਾ। ਇਹ ਫ਼ਿਲਮ ਪਰਿਵਾਰਕ ਹੀ ਹੋਵੇਗੀ, ਸਾਰੇ ਜਾਣਦੇ ਹਨ।
ਫ਼ਿਲਮ ਵਿਚ ਪ੍ਰਵਾਸ ਦੀ ਜ਼ਿੰਦਗੀ ਬਿਆਨ ਕੀਤੀ ਗਈ ਹੈ। ਕਿਵੇਂ ਇੰਗਲੈਂਡ ਗਏ ਮੁੰਡਿਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਕਿਵੇਂ ਉਹ ਪੌਂਡਾਂ ਲਈ ਸੰਘਰਸ਼ ਕਰਦੇ ਹਨ। ਪਾਕਿਸਤਾਨੀ ਕਾਮੇਡੀਅਨ ਨਾਸੁਰ ਚੁਨੌਟੀ, ਅਕਰਮ ਉਦਾਸ ਅਤੇ ਇਫ਼ਤਕਾਰ ਠਾਕੁਰ ਨੇ 'ਚੱਲ ਮੇਰਾ ਪੁੱਤ' ਵਿਚ ਅਹਿਮ ਕਿਰਦਾਰ ਨਿਭਾਇਆ ਹੈ। ਰਾਕੇਸ਼ ਧਵਨ ਵਲੋਂ ਲਿਖੀ ਅਤੇ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਪ੍ਰਤੀ ਸਿਨੇਮਾਘਰਾਂ ਵਿਚ ਉਤਸ਼ਾਹ ਡੁੱਲ੍ਹ-ਡੁੱਲ੍ਹ ਪੈਂਦਾ ਹੈ।
ਫ਼ਿਲਮ ਵਿਚ ਅਮਰਿੰਦਰ ਗਿੱਲ ਨਾਲ ਹੀਰੋਇਨ ਵਜੋਂ ਸਿੰਮੀ ਚਾਹਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਗੁਰਸ਼ਬਦ ਅਤੇ ਹਰਦੀਪ ਗਿੱਲ ਦਾ ਕਮਾਲ ਦਾ ਕਿਰਦਾਰ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।
'ਰਿਦਮ ਬੁਆਏਜ਼' 'ਤੇ ਇਸ ਗੱਲੋਂ ਮਾਣ ਕਰਨਾ ਬਣਦਾ ਹੈ ਕਿ ਹਰ ਫ਼ਿਲਮ ਵਿਚ ਕੁੱਝ ਵੱਖਰਾ ਪੇਸ਼ ਕੀਤਾ। ਸਾਰਥਿਕ ਫ਼ਿਲਮਾਂ ਪੇਸ਼ ਕਰਨ ਵਿਚ ਇਸ ਟੀਮ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਦੇ ਸਮੇਂ ਵਿਚ ਜਦੋਂ ਕਈ ਫ਼ਿਲਮਾਂ ਵਿਚ ਸਿਵਾਏ ਘਿਸੇ-ਪਿਟੇ ਚੁਟਕਲਿਆਂ ਦੇ ਕੁਝ ਨਹੀਂ ਹੁੰਦਾ ਤਾਂ ਉਸ ਵੇਲੇ ਅਮਰਿੰਦਰ ਦੀਆਂ ਫ਼ਿਲਮਾਂ ਵਿਚਲੀ ਤਾਜ਼ਗੀ ਹੀ ਸਭ ਤੋਂ ਵੱਡਾ ਹਾਸਲ ਹੈ।
ਸਭ ਤੋਂ ਮਾਣਮੱਤੀ ਗੱਲ ਇਹ ਹੈ ਕਿ ਅਮਰਿੰਦਰ ਹੋਛਾ ਨਹੀਂ। ਉਸ ਨੇ ਵਾਧੂ ਪ੍ਰਚਾਰ ਨਾਲੋਂ ਗੁਣਵੱਤਾ ਵੱਲ ਖਿਆਲ ਕੀਤਾ ਹੈ। ਉਹ ਆਪਣੀਆਂ ਕਦਰਾਂ-ਕੀਮਤਾਂ ਬਾਰੇ ਜਾਣਦਾ ਹੈ। 'ਚੱਲ ਮੇਰਾ ਪੁੱਤ' ਜਿੱਥੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਲਈ ਪਿਆਰ ਦਾ ਸੁਨੇਹਾ ਹੈ, ਉਥੇ ਇਹ ਦੱਸਣ ਵਿਚ ਯੋਗਦਾਨ ਪਾ ਰਹੀ ਹੈ ਕਿ ਸਾਡਾ ਮਨੋਰੰਜਨ ਇਕ ਹੈ, ਬੋਲੀ ਇਕ ਹੈ, ਆਦਤਾਂ ਇਕ ਹਨ। ਦੋਵਾਂ ਦੇਸ਼ਾਂ ਦੇ 90 ਫ਼ੀਸਦੀ ਤੋਂ ਵੱਧ ਲੋਕ ਪਿਆਰ, ਸਤਿਕਾਰ ਨਾਲ ਮਿਲਣਾ ਚਾਹੁੰਦੇ ਹਨ, ਪਰ ਮੁੱਠੀ ਭਰ ਲੋਕਾਂ ਨੇ ਜ਼ਹਿਰ ਦੀ ਖੇਤੀ ਕਰਨ ਦਾ ਕੰਮ ਕੀਤਾ ਹੈ। 'ਚੱਲ ਮੇਰਾ ਪੁੱਤ' ਤੋਂ ਪੰਜਾਬੀ ਸਿਨੇਮੇ ਨੂੰ ਬੇਹੱਦ ਆਸਾਂ ਹਨ।


-ਸਵਰਨ ਸਿੰਘ ਟਹਿਣਾ

ਆਈਟਮ ਡਾਂਸ ਮੈਂ ਆਪਣੀਆਂ ਸ਼ਰਤਾਂ 'ਤੇ ਕਰਾਂਗੀ-ਮਲਿਕਾ ਸ਼ੇਰਾਵਤ

ਹਾਲ ਹੀ ਵਿਚ ਉਸ ਨੇ ਤੂਸ਼ਾਰ ਕਪੂਰ ਨਾਲ ਇਕ ਵੈੱਬ ਸੀਰੀਜ਼ 'ਬੂ...ਸਬਕੀ...' ਵਿਚ ਉਸ ਨੇ ਫਿਰ ਹੈਰਾਨਕੁਨ ਪੇਸ਼ਕਾਰੀ ਕੀਤੀ ਹੈ। ਵੈਸੇ ਉਸ ਤੋਂ ਹੁਣ ਵੀ ਇਸੇ ਤਰ੍ਹਾਂ ਦੀ ਉਤੇਜਕ ਪੇਸ਼ਕਾਰੀ ਦੀ ਉਮੀਦ ਕੀਤੀ ਜਾਂਦੀ ਹੈ। ਜ਼ਾਹਿਰ ਹੈ ਉਸ ਦੇ ਬਿਆਨ ਵੀ ਬਹੁਤ ਬੋਲਡ ਹੁੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਭਿਨੇਤਰੀ ਮਲਿਕਾ ਸ਼ੇਰਾਵਤ ਆਪਣੀ ਇਸ ਪਹਿਚਾਣ ਕਰਕੇ ਹੀ ਜ਼ਿਆਦਾ ਮਸ਼ਹੂਰ ਹੈ। ਪਿਛਲੇ ਸਾਲਾਂ ਵਿਚ ਉਸ ਦੇ ਜੀਵਨ ਵਿਚ ਕਈ ਬਦਲਾਅ ਆਏ ਹਨ। ਇਕ ਵਿਦੇਸ਼ੀ ਵਿਅਕਤੀ ਨਾਲ ਵਿਆਹ ਕੀਤਾ, ਇਕ ਬੇਟੇ ਦੀ ਮਾਂ ਬਣੀ। ਉਹ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਨੂੰ ਜ਼ਰਾ ਵੀ ਨਹੀਂ ਉਭਾਰਨਾ ਚਾਹੁੰਦੀ। ਉਸ ਨਾਲ ਗੱਲਬਾਤ ਕਰਨਾ ਸੰਭਵ ਨਹੀਂ ਹੈ। ਉਹ ਵਿਦੇਸ਼ ਚੱਕਰ ਵੀ ਅਕਸਰ ਲਾਉਂਦੀ ਰਹਿੰਦੀ ਹੈ ਅਤੇ ਇਸੇ ਦੌਰਾਨ ਉਹ ਵਿਦੇਸ਼ੀ ਫ਼ਿਲਮਾਂ 'ਚ ਵੀ ਕੰਮ ਕਰ ਲੈਂਦੀ ਹੈ। ਹੁਣ ਇਹ ਹੈਰਾਨੀ ਦੀ ਗੱਲ ਹੈ ਕਿ ਉਸ ਦੀਆਂ ਵਿਦੇਸ਼ੀ ਫ਼ਿਲਮਾਂ ਦਾ ਨਾਂਅ ਉਸ ਦੇ ਪ੍ਰਸੰਸਕਾਂ ਨੂੰ ਵੀ ਯਾਦ ਨਹੀਂ ਹੁੰਦਾ। ਪਰ ਦੇਸ਼ ਦੀ ਇਹ ਜਾਟਣੀ ਸਾਫ਼ ਲਫ਼ਜ਼ਾਂ 'ਚ ਕਹਿੰਦੀ ਹੈ ਕਿ ਉਸ ਨੂੰ ਭਾਰਤ ਵਿਚ ਰਹਿਣਾ ਬਹੁਤ ਪਸੰਦ ਹੈ।
ਕਦੀ ਉਸ ਦੇ ਆਈਟਮ ਨੰਬਰ ਦੀ ਬੜੀ ਧੁੰਮ ਹੁੰਦੀ ਸੀ। 'ਗੁਰੂ', 'ਤੇਜ਼', 'ਥੈਂਕ ਯੂ' ਵਰਗੀਆਂ ਕਈ ਫ਼ਿਲਮਾਂ ਵਿਚ ਉਸ ਦੇ ਆਈਟਮ ਨੰਬਰ ਖੂਬ ਲੋਕਪ੍ਰਿਯਾ ਹੋਏ। ਅੱਜ ਵੀ ਧਮਾਕੇਦਾਰ ਪੇਸ਼ਕਸ਼ ਮਿਲੇ ਤਾਂ ਉਹ ਆਈਟਮ ਨੰਬਰ ਕਰਨ ਤੋਂ ਵੀ ਉਸ ਨੂੰ ਕੋਈ ਗੁਰੇਜ਼ ਨਹੀਂ ਹੈ। ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਆਈਟਮ ਨੰਬਰ ਫ਼ਿਲਮ ਦਾ ਵਪਾਰਕ ਮੁੱਲ ਵਧਾਉਂਦੇ ਹਨ। ਹੁਣ ਤੱਕ ਮੇਰੇ 'ਤੇ ਫ਼ਿਲਮਾਏ ਗਏ ਸਾਰੇ ਆਈਟਮ ਨੰਬਰ ਬਹੁਤ ਲੋਕਪ੍ਰਿਯਾ ਹੋਏ ਹਨ। ਕਦੀ ਮੇਰੇ ਪ੍ਰਸੰਸਕਾਂ ਨੇ ਮੈਨੂੰ ਆਈਟਮ ਕੁਈਨ ਕਿਹਾ ਸੀ। ਮੈਂ ਸਮਝਦੀ ਹਾਂ ਕਿ ਇਹ ਸਭ ਉਨ੍ਹਾਂ ਦੇ ਪਿਆਰ ਦਾ ਨਤੀਜਾ ਹੈ। ਹਾਂ, ਇਕ ਗੱਲ ਤਾਂ ਤੈਅ ਹੈ ਕਿ ਅਜਿਹੇ ਸਾਰੇ ਆਈਟਮ ਡਾਂਸ ਮੈਂ ਆਪਣੀਆਂ ਸ਼ਰਤਾਂ 'ਤੇ ਹੀ ਕਰਦੀ ਹਾਂ।


-ਅਸੀਮ ਚੱਕਰਵਰਤੀ

ਬਾਦਸ਼ਾਹ ਉਤਰੇ ਅਭਿਨੈ ਦੇ ਮੈਦਾਨ ਵਿਚ

ਸੰਗੀਤ ਦੀ ਦੁਨੀਆ ਵਿਚ ਬਾਦਸ਼ਾਹ ਦਾ ਵੱਡਾ ਨਾਂਅ ਹੈ ਅਤੇ 'ਖ਼ਾਨਦਾਨੀ ਸ਼ਫਾਖਾਨ' ਫ਼ਿਲਮ ਵਿਚ ਵੀ ਉਨ੍ਹਾਂ ਨੂੰ ਸਟਾਰ ਗਾਇਕ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਹੈ ਗੱਭਰੂ ਘਾਤਕ। ਇਸ ਕਿਰਦਾਰ ਨੂੰ ਨਿਭਾਉਣ ਬਾਰੇ ਉਹ ਕਹਿੰਦੇ ਹਨ, 'ਮੇਰੇ ਸੰਗੀਤ ਨਿਰਮਾਤਾ ਕੰਪਨੀ ਨਾਲ ਚੰਗੇ ਸਬੰਧ ਹਨ ਅਤੇ ਉਹ ਇਸ ਫ਼ਿਲਮ ਦੇ ਨਿਰਮਾਤਾ ਹਨ। ਜਦੋਂ ਭੂਸ਼ਣ ਕੁਮਾਰ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਮੇਰੇ ਤੋਂ ਐਕਟਿੰਗ ਹੋ ਜਾਵੇਗੀ ਤਾਂ ਮੈਂ ਵੀ ਹਾਂ ਕਹਿ ਦਿੱਤੀ। ਬਾਅਦ ਵਿਚ ਜਦੋਂ ਸ਼ੂਟਿੰਗ ਦਾ ਸਮਾਂ ਆਇਆ ਤਾਂ ਪਤਾ ਲੱਗਿਆ ਕਿ ਐਕਟਿੰਗ ਕਰਨਾ ਬੱਚਿਆਂ ਦੀ ਖੇਡ ਨਹੀਂ ਹੁੰਦੀ। ਮੈਂ ਤਾਂ ਸਮਝਿਆ ਸੀ ਕਿ ਸੰਵਾਦ ਰਟ ਕੇ ਕੈਮਰੇ ਸਾਹਮਣੇ ਬੋਲ ਦੇਵਾਂਗਾ ਅਤੇ ਕੰਮ ਹੋ ਜਾਵੇਗਾ ਪਰ ਜਦੋਂ ਸੈੱਟ 'ਤੇ ਪਹੁੰਚਿਆ ਉਦੋਂ ਪਤਾ ਲੱਗਿਆ ਕਿ ਮਾਰਕ ਕੀ ਹੁੰਦਾ ਹੈ। ਕਿਊ ਦੇਣਾ ਕਿਸ ਨੂੰ ਕਹਿੰਦੇ ਹਨ। ਸੋਲੋ ਐਕਟਿੰਗ ਕਿਸ ਨੂੰ ਕਹਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਮੇਰੇ ਸਾਹਮਣੇ ਕੋਈ ਕਲਾਕਾਰ ਨਹੀਂ ਹੁੰਦਾ ਸੀ ਅਤੇ ਮੈਨੂੰ ਹਵਾ ਵਿਚ ਦੇਖ ਕੇ ਕੁਝ ਇਸ ਅੰਦਾਜ਼ ਵਿਚ ਸੰਵਾਦ ਬੋਲਣੇ ਪੈਂਦੇ ਸਨ ਜਿਵੇਂ ਸਾਹਮਣੇ ਕੋਈ ਖੜ੍ਹਾ ਹੋਵੇ। ਪਰ ਇਕ ਮੁਸ਼ਕਿਲ ਇਹ ਵੀ ਰਹੀ ਕਿ ਸਟੇਜ 'ਤੇ ਮੈਂ ਕੁਝ ਵੀ ਗਾਉਂਦਾ ਹਾਂ ਤਾਂ ਲੋਕ ਬਹੁਤ ਤਾੜੀਆਂ ਮਾਰਦੇ ਹਨ। ਇਸ ਨਾਲ ਹੋਰ ਮੂਡ ਬਣਦਾ ਹੈ। ਇਥੇ ਕੋਈ ਤਾੜੀ ਵਜਾਉਣ ਵਾਲਾ ਨਹੀਂ ਹੁੰਦਾ ਸੀ। ਇਸ ਤਰ੍ਹਾਂ ਮੂਡ ਬਣੇ ਵੀ ਤਾਂ ਕਿਵੇਂ। ਮੈਂ ਖ਼ੁਦ ਹੌਲੀ ਆਵਾਜ਼ ਵਿਚ ਗੱਲ ਕਰਨਾ ਪਸੰਦ ਕਰਦਾ ਹਾਂ। ਇਥੇ ਮੈਨੂੰ ਦੱਸਿਆ ਗਿਆ ਕਿ ਗੱਬਰੂ ਘਾਤਕ ਦਾ ਕਿਰਦਾਰ ਉੱਚਾ ਬੋਲਣ ਵਾਲਾ ਹੈ ਅਤੇ ਉਹ ਗੱਲ ਵੀ ਉੱਚੀ ਆਵਾਜ਼ ਵਿਚ ਕਰਦਾ ਹੈ। ਮੈਂ ਸੋਚਿਆ ਕਿ ਮੈਂ ਮੀਕਾ ਦੀ ਨਕਲ ਮਾਰ ਕੇ ਇਹ ਕਿਰਦਾਰ ਨਿਭਾਅ ਜਾਵਾਂਗਾ ਪਰ ਜਦੋਂ ਪਤਾ ਲੱਗਿਆ ਕਿ ਇਹ ਤਾਂ ਮੀਕਾ ਤੋਂ ਵੀ ਦਸ ਗੁਣਾ ਜ਼ਿਆਦਾ ਉੱਚੀ ਆਵਾਜ਼ ਵਿਚ ਹੈ। ਫਿਰ ਮੈਨੂੰ ਇਸ 'ਤੇ ਚੰਗੀ ਤਰ੍ਹਾਂ ਮਿਹਨਤ ਕਰਨੀ ਪਈ ਸੀ।'
ਹੁਣ ਜਦੋਂ ਬਾਦਸ਼ਾਹ ਅਭਿਨੇਤਾ ਬਣ ਗਏ ਹਨ ਤਾਂ ਇਸ ਗੱਲ ਤੋਂ ਸਾਫ਼ ਇਨਕਾਰ ਕਰਦੇ ਹਨ ਕਿ ਹੁਣ ਉਹ ਸੰਗੀਤ ਤੋਂ ਦੂਰੀ ਬਣਾ ਲੈਣਗੇ। ਉਹ ਕਹਿੰਦੇ ਹਨ, 'ਸੰਗੀਤ ਮੇਰਾ ਪਹਿਲਾ ਪਿਆਰ ਹੈ। ਸੰਗੀਤ ਦੀ ਵਜ੍ਹਾ ਨਾਲ ਮੈਨੂੰ ਕਈ ਚੀਜ਼ਾਂ ਛੱਡਣੀਆਂ ਪਈਆਂ। ਮੈਂ ਭਲਾ ਸੰਗੀਤ ਨੂੰ ਕਿਵੇਂ ਛੱਡ ਸਕਦਾ ਹਾਂ। ਫ਼ਿਲਮ ਮੈਂ ਉਦੋਂ ਹੀ ਕਰਾਂਗਾ ਜਦੋਂ ਭੂਮਿਕਾ ਤੇ ਪ੍ਰਾਜੈਕਟ ਦਮਦਾਰ ਹੋਵੇਗਾ।'
ਉਹ ਪੰਜਾਬੀ ਫ਼ਿਲਮਾਂ ਕਰਨ ਨੂੰ ਵੀ ਰਾਜ਼ੀ ਹਨ ਬਸ਼ਰਤੇ ਕਹਾਣੀ ਤੇ ਫ਼ਿਲਮ ਦਾ ਸਕੇਲ ਚੰਗਾ ਹੋਵੇ।
ਉਮੀਦ ਹੈ ਕਿ ਹੁਣ ਅਭਿਨੈ ਵਿਚ ਉਹ ਸ਼ਾਹਰੁਖ ਦੀ ਤਰ੍ਹਾਂ ਨਾਂਅ ਕਮਾਉਣ ਵਿਚ ਕਾਮਯਾਬ ਹੋਣਗੇ।
**

'ਤਾਰਕ ਮਹਿਤਾ...' ਨੇ ਜ਼ਿੰਦਗੀ ਬਦਲ ਦਿੱਤੀ : ਸਮਰਾਟ ਸੋਨੀ

ਹਰਿਆਣਾ ਦੇ ਰੋਹਤਕ ਵਿਚ ਰਹਿੰਦੇ ਦੁਲੀ ਚੰਦ ਸੋਨੀ ਉਂਜ ਤਾਂ ਪੇਸ਼ੇ ਤੋਂ ਸੁਨਾਰ ਹਨ ਪਰ ਉਨ੍ਹਾਂ ਨੂੰ ਅਭਿਨੈ ਦਾ ਵੀ ਸ਼ੌਕ ਰਿਹਾ ਹੈ। ਇਸੇ ਸ਼ੌਕ ਦੇ ਚਲਦਿਆਂ ਉਨ੍ਹਾਂ ਨੇ ਰੰਗਮੰਚ 'ਤੇ ਅਭਿਨੈ ਕੀਤਾ, ਨਾਲ ਹੀ ਦੋ ਹਰਿਆਣਵੀ ਫ਼ਿਲਮਾਂ 'ਚੰਦਰਾਵਲ' ਤੇ 'ਛੈਲ ਗਾਭਰੂ' ਵਿਚ ਵੀ ਛੋਟੀਆਂ-ਮੋਟੀਆਂ ਭੂਮਿਕਾਵਾਂ ਕੀਤੀਆਂ। ਅਭਿਨੈ ਦੀ ਦੁਨੀਆ ਵਿਚ ਵੱਡਾ ਨਾਂਅ ਕਮਾਉਣ ਦੀ ਉਨ੍ਹਾਂ ਦੀ ਇੱਛਾ ਅਧੂਰੀ ਰਹੀ ਅਤੇ ਹੁਣ ਉਨ੍ਹਾਂ ਦਾ ਬੇਟਾ ਸਮਰਾਟ ਆਪਣੇ ਪਿਤਾ ਦੇ ਅਧੂਰੇ ਸੁਪਨੇ ਪੂਰੇ ਕਰ ਰਿਹਾ ਹੈ।
ਸਮਰਾਟ ਜਦੋਂ ਛੋਟਾ ਸੀ ਉਦੋਂ ਪਿਤਾ ਦੇ ਨਾਲ ਨਾਟਕਾਂ ਦੀ ਰਿਹਰਸਲ ਵਿਚ ਜਾਇਆ ਕਰਦਾ ਸੀ ਅਤੇ ਉਥੇ ਉਨ੍ਹਾਂ ਵਿਚ ਅਭਿਨੈ ਪ੍ਰਤੀ ਆਕਰਸ਼ਣ ਪੈਦਾ ਹੋਇਆ। ਪਰਿਵਾਰ ਰੋਹਤਕ ਤੋਂ ਜਦੋਂ ਦਿੱਲੀ ਆ ਗਿਆ ਤਾਂ ਸਮਰਾਟ ਨੇ ਸਾੜ੍ਹੀ ਦੀ ਦੁਕਾਨ ਵਿਚ ਬਤੌਰ ਸੇਲਜ਼ਮੈਨ ਕੰਮ ਕਰਨਾ ਸ਼ੁਰੂ ਕੀਤਾ। ਇਸੇ ਦੌਰਾਨ ਇਕ ਦਿਨ ਉਹ ਦਿੱਲੀ ਵਿਚ ਦੂਰਦਰਸ਼ਨ ਦੇ ਲੜੀਵਾਰ 'ਕ੍ਰਾਈਮ ਰਿਪੋਰਟਰ' ਦੀ ਸ਼ੂਟਿੰਗ ਦੇਖਣ ਪਹੁੰਚ ਗਿਆ। ਉਸ ਦੇ ਨਸੀਬ ਨਾਲ ਉਥੇ ਇਕ ਕਲਾਕਾਰ ਦੀ ਜ਼ਰੂਰਤ ਸੀ ਅਤੇ ਜਦੋਂ ਸਹਾਇਕ ਦੀ ਨਜ਼ਰ ਉਸ 'ਤੇ ਪਈ ਤਾਂ ਉਸ ਨੇ ਬੁਲਾ ਕੇ ਨਿਰਦੇਸ਼ਕ ਸਾਹਮਣੇ ਖੜ੍ਹਾ ਕਰ ਦਿੱਤਾ। ਇਹ ਪਹਿਲਾ ਮੌਕਾ ਸੀ ਜਦੋਂ ਸਮਰਾਟ ਆਪਣੀ ਜ਼ਿੰਦਗੀ ਵਿਚ ਸ਼ੂਟਿੰਗ ਦਾ ਕੈਮਰਾ ਦੇਖ ਰਿਹਾ ਸੀ। ਇਥੇ ਉਸ 'ਤੇ ਕੁਝ ਐਕਸ਼ਨ ਦ੍ਰਿਸ਼ ਫ਼ਿਲਮਾਏ ਗਏ ਅਤੇ ਚਿਹਰੇ 'ਤੇ ਨਕਲੀ ਖੂਨ ਵੀ ਲਗਾਇਆ ਗਿਆ। ਸਵਾ ਮਹੀਨੇ ਦੇ ਸੰਘਰਸ਼ ਤੋਂ ਬਾਅਦ ਇਕ ਸੀਰੀਅਲ 'ਕਬੂਲ ਹੈ' ਵਿਚ ਅੱਤਵਾਦੀ ਦੀ ਭੂਮਿਕਾ ਮਿਲ ਗਈ। ਇਥੋਂ ਸ਼ੁਰੂਆਤ ਹੋਈ ਅਤੇ ਫਿਰ 'ਨੀਲੀ ਛੱਤਰੀਵਾਲੇ', 'ਮਹਾਰਕਸ਼ਕ ਦੇਵੀ', 'ਗੰਗਾ', 'ਆਰੰਭ', 'ਸ਼ਕਤੀ', 'ਯੇ ਹੈਂ ਮੁਹੱਬਤੇਂ', 'ਦੀਆ ਔਰ ਬਾਤੀ ਹਮ' ਆਦਿ ਅਨੇਕ ਲੜੀਵਾਰ ਕੀਤੇ। ਕੰਮ ਤਾਂ ਮਿਲਦਾ ਗਿਆ ਪਰ ਹੁਣ ਤੱਕ ਉਹ ਨਾਂਅ ਨਹੀਂ ਮਿਲਿਆ ਸੀ ਜੋ ਉਹ ਕਮਾਉਣਾ ਚਾਹੁੰਦਾ ਸੀ।
ਨਾਂਅ ਕਮਾਉਣ ਦੀ ਇੱਛਾ ਉਦੋਂ ਪੂਰੀ ਹੋਈ ਜਦੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਉਨ੍ਹਾਂ ਨੂੰ ਸੂਰਮਾ ਭਰਾ ਦੀ ਭੂਮਿਕਾ ਮਿਲੀ। ਇਸ ਭੂਮਿਕਾ ਬਾਰੇ ਉਹ ਕਹਿੰਦੇ ਹਨ, 'ਤਕਰੀਬਨ ਦੋ ਮਹੀਨੇ ਤੱਕ ਮੇਰਾ ਟ੍ਰੈਕ ਚੱਲਿਆ ਸੀ। ਇਸ ਲੜੀਵਾਰ ਨੇ ਮੇਰਾ ਕੰਮ ਤੇ ਨਾਂਅ ਘਰ-ਘਰ ਤੱਕ ਪਹੁੰਚਾ ਦਿੱਤਾ। ਹਾਲਾਂਕਿ ਮੇਰਾ ਟਰੈਕ ਨਵੰਬਰ ਤੇ ਦਸੰਬਰ ਮਹੀਨੇ ਵਿਚ ਪ੍ਰਸਾਰਿਤ ਹੋਇਆ ਸੀ ਪਰ ਅੱਜ ਵੀ ਲੋਕ ਮੈਨੂੰ ਸੂਰਮਾ ਭਾਈ ਦੇ ਨਾਂਅ ਨਾਲ ਬੁਲਾਉਂਦੇ ਹਨ। ਸੱਚਮੁਚ, 'ਤਾਰਕ ਮਹਿਤਾ...' ਨੇ ਜ਼ਿੰਦਗੀ ਬਦਲ ਦਿੱਤੀ।
ਇਸ ਲੜੀਵਾਰ ਵਿਚ ਉਨ੍ਹਾਂ ਦਾ ਕੰਮ ਦੇਖ ਕੇ ਰਜਨੀਕਾਂਤ ਦੀ ਫ਼ਿਲਮ 'ਦਰਬਾਰ' ਵਿਚ ਕਾਸਟ ਕੀਤਾ ਗਿਆ ਅਤੇ ਉਦੋਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਆਸਕਰ ਮਿਲ ਗਿਆ ਹੈ ਜਦੋਂ ਰਜਨੀਕਾਂਤ ਨੇ ਉਨ੍ਹਾਂ ਦੇ ਅਭਿਨੈ ਦੀ ਤਾਰੀਫ਼ ਕੀਤੀ। ਉਹ ਯਸ਼ਰਾਜ ਬੈਨਰ ਦੀ 'ਡ੍ਰਾਈਵ' ਵੀ ਕਰ ਰਹੇ ਹਨ ਤੇ 'ਧੂਲ' ਵਿਚ ਨੇਤਾ ਦੀ ਭੂਮਿਕਾ ਵਿਚ ਮੁੱਖ ਖ਼ਲਨਾਇਕ ਬਣੇ ਹਨ। ਉਨ੍ਹਾਂ ਦੀ ਇਕ ਹੋਰ ਫ਼ਿਲਮ 'ਓਮ' ਵੀ ਨਿਰਮਾਣ ਅਧੀਨ ਹੈ।

ਹੁਣ ਹਿਮੇਸ਼ ਰੇਸ਼ਮੀਆ ਦੋਹਰੀ ਭੂਮਿਕਾ ਵਿਚ

ਇਕ ਹੀ ਫ਼ਿਲਮ ਵਿਚ ਕਿਸੇ ਕਲਾਕਾਰ ਵਲੋਂ ਦੋ ਵੱਖ-ਵੱਖ ਭੂਮਿਕਾਵਾਂ ਨਿਭਾਉਣਾ ਚੁਣੌਤੀਪੂਰਨ ਕੰਮ ਹੁੰਦਾ ਹੈ। ਪਹਿਲਾਂ ਕਈ ਕਲਾਕਾਰਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਕੇ ਫ਼ਿਲਮ ਨੂੰ ਯਾਦਗਾਰ ਬਣਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿਚ 'ਰਾਮ ਔਰ ਸ਼ਿਆਮ', 'ਸੱਚਾ ਝੂਠਾ', 'ਸੀਤਾ ਔਰ ਗੀਤਾ', 'ਚਾਲਬਾਜ਼', 'ਡਾਨ', 'ਹਮ ਦੋਨੋ', 'ਅੰਗੂਰ', 'ਸ਼ਰਮੀਲੀ', 'ਆਖਰੀ ਰਾਸਤਾ', 'ਬੜੇ ਮੀਆਂ ਛੋਟੇ ਮੀਆਂ', 'ਧੂਮ-3' ਆਦਿ ਨਾਂਅ ਸ਼ਾਮਿਲ ਹਨ। ਹੁਣ ਛੇਤੀ ਹੀ ਹਿਮੇਸ਼ ਰੇਸ਼ਮੀਆ ਵੀ ਪਰਦੇ 'ਤੇ ਦੋਹਰੀ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ।
ਸੰਗੀਤਕਾਰ ਤੋਂ ਅਦਾਕਾਰ ਬਣੇ ਹਿਮੇਸ਼ ਨੇ 'ਆਪ ਕਾ ਸੁਰੂਰ', 'ਕਰਜ਼', 'ਰੇਡੀਓ', 'ਦਮਦਮਾਦਮ', 'ਖਿਲਾੜੀ' 786' ਆਦਿ ਫ਼ਿਲਮਾਂ ਵਿਚ ਕੰਮ ਕੀਤਾ ਹੈ। ਹੁਣ ਨਿਰਦੇਸ਼ਕ ਰਾਕਾ ਵਲੋਂ ਨਿਰਦੇਸ਼ਿਤ ਕੀਤੀ ਗਈ 'ਹੈਪੀ ਹਾਰਡੀ ਐਂਡ ਹੀਰ' ਵਿਚ ਉਨ੍ਹਾਂ ਨੂੰ ਦੋਹਰੀ ਭੂਮਿਕਾ ਵਿਚ ਚਮਕਾਇਆ ਗਿਆ ਹੈ। ਇਸ ਵਿਚ ਉਹ ਹਰਸ਼ਵਰਧਨ ਭੱਟ ਦੇ ਕਿਰਦਾਰ ਵਿਚ ਗੁਜਰਾਤੀ ਬਣੇ ਹਨ ਤੇ ਹਰਪ੍ਰੀਤ ਸਿੰਘ ਲਾਂਬਾ ਦੇ ਕਿਰਦਾਰ ਵਿਚ ਸਰਦਾਰ ਬਣੇ ਹਨ। ਹਰਪ੍ਰੀਤ ਸਿੰਘ ਵਿਆਹਿਆ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਨਾਂਅ ਹੀਰ ਹੈ। ਹੀਰ ਦੀ ਭੂਮਿਕਾ ਨੂੰ ਸੋਨੀਆ ਮਾਨ ਵਲੋਂ ਅੰਜਾਮ ਦਿੱਤਾ ਗਿਆ ਹੈ।
ਇਥੇ ਗੁਜਰਾਤੀ ਹਿਮੇਸ਼ ਨੂੰ ਲੰਡਨ ਵਿਚ ਰਹਿ ਰਹੇ ਕਾਰੋਬਾਰੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜਦੋਂ ਕਿ ਹਰਪ੍ਰੀਤ ਸਿੰਘ ਪੰਜਾਬ ਵਿਚ ਰਹਿੰਦਾ ਹੁੰਦਾ ਹੈ। ਹਮਸ਼ਕਲ ਨੂੰ ਲੈ ਕੇ ਆਮ ਤੌਰ 'ਤੇ ਪੈਦਾ ਹੁੰਦੀ ਗੜਬੜ ਇਥੇ ਉਦੋਂ ਹੁੰਦੀ ਹੈ ਜਦੋਂ ਹਰਪ੍ਰੀਤ ਆਪਣੀ ਬੀਵੀ ਦੇ ਨਾਲ ਲੰਡਨ ਘੁੰਮਣ ਜਾਂਦਾ ਹੈ। ਉਥੇ ਦੋ ਹਮਸ਼ਕਲਾਂ ਦੀ ਵਜ੍ਹਾ ਕਰਕੇ ਕੀ ਉਲਝਣਾਂ ਪੈਦਾ ਹੋ ਜਾਂਦੀਆਂ ਹਨ, ਇਹ ਇਸ ਦੀ ਕਹਾਣੀ ਹੈ। ਹਿਮੇਸ਼ ਖ਼ੁਦ ਗੁਜਰਾਤੀ ਹੈ, ਇਸ ਲਈ ਹਰਸ਼ਵਰਧਨ ਭੱਟ ਦੇ ਕਿਰਦਾਰ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਹਾਂ, ਹਰਪ੍ਰੀਤ ਦੇ ਕਿਰਦਾਰ ਲਈ ਵਿਸ਼ੇਸ਼ ਵਰਕਸ਼ਾਪ ਲਗਾਉਣੀ ਪਈ ਸੀ ਅਤੇ ਹਿਮੇਸ਼ ਨੂੰ ਪੰਜਾਬੀਆਂ ਵਾਲਾ ਅੰਦਾਜ਼ ਸਿੱਖਣਾ ਪਿਆ ਸੀ।
ਹੁਣ ਦੇਖੋ, ਉਨ੍ਹਾਂ ਦੀ ਇਹ ਫ਼ਿਲਮ ਦੋਹਰੀ ਭੂਮਿਕਾ ਵਾਲੀਆਂ ਯਾਦਗਾਰ ਫ਼ਿਲਮਾਂ ਦੀ ਸੂਚੀ ਵਿਚ ਨਾਂਅ ਦਰਜ ਕਰਵਾ ਸਕਣ ਵਿਚ ਸਫ਼ਲ ਹੁੰਦੀ ਹੈ ਜਾਂ ਨਹੀਂ।


-ਮੁੰਬਈ ਪ੍ਰਤੀਨਿਧ

ਫਲੈਸ਼ ਬੈਕ

ਪੰਜਾਬੀ ਫ਼ਿਲਮ : ਦੋ ਲੱਛੀਆਂ

ਫ਼ਿਲਮ 'ਦੋ ਲੱਛੀਆਂ' ਦੋ ਲੜਕੀਆਂ ਦੀ ਕਹਾਣੀ ਹੈ। ਇਕ ਵੱਡੀ ਲੱਛੀ ਤੇ ਇਕ ਛੋਟੀ ਲੱਛੀ। ਫ਼ਿਲਮ 'ਚ ਗੋਪਾਲ ਸਹਿਗਲ ਸੋਹਣੇ ਦੇ ਕਿਰਦਾਰ 'ਚ, ਇੰਦਰਾ ਬਿੱਲੀ, ਕ੍ਰਿਸ਼ਨਾ ਕੁਮਾਰੀ, ਦਲਜੀਤ ਤੇ ਸੁੰਦਰ ਦੀਆਂ ਮੁੱਖ ਭੂਮਿਕਾਵਾਂ ਹਨ। ਖਰੈਤੀ ਭੈਂਗਾ ਦਾ ਹਮੇਸ਼ਾ ਦੀ ਤਰ੍ਹਾਂ ਵਧੀਆ ਰੋਲ ਹੈ। ਪਹਿਲੀਆਂ ਪੰਜਾਬੀ ਫ਼ਿਲਮਾਂ ਦੀ ਖਰੈਤੀ ਭੈਂਗਾ ਸ਼ਾਨ ਹੋਇਆ ਕਰਦਾ ਸੀ। ਇਨ੍ਹਾਂ ਦੀਆਂ ਅੱਖਾਂ ਤੇ ਖਾਸ ਡਾਇਲਾਗ ਵੀ ਚਰਚਿਤ ਹੁੰਦੇ ਸਨ। ਜਿਵੇਂ 'ਮੈਂ ਕਿਹਾ ਜੀ ਤੁਸੀਂ ਲੱਛੀ 'ਤੇ ਸੱਜੀ ਅੱਖ ਰੱਖੀ ਹੈ ਜਾਂ ਖੱਬੀ।' ਗੋਪਾਲ ਸਹਿਗਲ ਦੇ ਬੋਲਣ ਦਾ ਅੰਦਾਜ਼ ਪਹਿਲਾਂ ਵਾਂਗ ਹੀ ਹੈ। ਪਿੰਡ ਦਾ ਸ਼ਾਹੂਕਾਰ ਖਰੈਤੀ ਭੈਂਗਾ ਹੈ, ਜਿਸ ਦੀ ਕਾਮੇਡੀ ਜ਼ਿਆਦਾ ਝਲਕਦੀ ਹੈ, ਚਾਹੇ ਉਹ ਸਧਾਰਨ ਗੱਲ ਕਰੇ ਜਾਂ ਗੰਭੀਰ।
ਦੁੱਧ ਘਰ-ਘਰ ਵੇਚ ਕੇ ਗੁਜ਼ਾਰਾ ਕਰਨ ਵਾਲੀਆਂ ਲੱਛੀਆਂ ਦਾ ਵਾਹ ਕਈ ਤਰ੍ਹਾਂ ਦੇ ਬੰਦਿਆਂ ਨਾਲ ਪੈਂਦਾ ਹੈ। ਪਿੰਡ 'ਚ ਸ਼ਰਾਬੀ ਵੀ ਹਨ, ਜਿਨ੍ਹਾਂ ਦਾ ਕੰਮ ਸ਼ਰਾਬ ਲਈ ਕੋਈ ਨਾ ਕੋਈ ਜੁਗਾੜ ਕਰਨਾ ਹੁੰਦਾ ਹੈ। ਫਿਰ ਇਹ ਆਪਣੇ ਨਸ਼ੇ ਲਈ ਭੈਂਗੇ ਸ਼ਾਹ ਲਈ ਕਈ ਪੁੱਠੀਆਂ ਚਾਲਾਂ ਚਲਦੇ ਹਨ। ਇਕ-ਦੂਜੇ ਨੂੰ ਬਦਨਾਮ ਕਰਦੇ ਹਨ। ਸੁੰਦਰ ਹਰੇਕ ਫ਼ਿਲਮ 'ਚ ਖੂਬ ਜਚਦਾ ਹੈ। ਸੁੰਦਰ ਦੀ ਕੁਦਰਤੀ ਕੀਤੀ ਐਕਟਿੰਗ ਹਰੇਕ ਫ਼ਿਲਮ 'ਚ ਵਧੀਆ ਲੱਗਦੀ ਹੈ।
ਪਹਿਲੀਆਂ ਫ਼ਿਲਮਾਂ 'ਚ ਸ਼ਾਹੂਕਾਰ ਅਕਸਰ ਹੀ ਗ਼ਰੀਬੀ ਦਾ ਫਾਇਦਾ ਉਠਾ ਕੇ, ਆਪਣਾ ਉੱਲੂ ਸਿੱਧਾ ਕਰਦੇ ਰਹਿੰਦੇ ਹਨ। ਜਿਵੇਂ ਇਸ ਫ਼ਿਲਮ 'ਚ ਭੈਂਗੇ ਸ਼ਾਹ ਜ਼ਬਰਦਸਤੀ ਲੱਛੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਸ਼ਰਾਬੀਆਂ ਦਾ ਸਹਾਰਾ ਲੈ ਕੇ ਬਦਨਾਮ ਵੀ ਕਰਦਾ ਹੈ, ਪਰ ਅਖੀਰ 'ਤੇ ਸੱਚੇ ਪਿਆਰ ਦੀ ਜਿੱਤ ਹੁੰਦੀ ਹੈ।
ਫ਼ਿਲਮ ਦਾ ਸੰਗੀਤ ਬਹੁਤ ਵਧੀਆ ਹੈ। ਅੱਜ ਵੀ ਇਸ ਫ਼ਿਲਮ ਦੇ ਸਦਾਬਹਾਰ ਗੀਤ ਕੰਨਾਂ 'ਚ ਗੂੰਜਦੇ ਹਨ। ਜਿਵੇਂ 'ਤੇਰੀ ਕਣਕ ਦੀ ਰਾਖੀ ਮੁੰਡਿਆ', 'ਹਾਏ ਨੀ ਮੇਰਾ ਬਾਲਮ', 'ਇਕ ਪਿੰਡ ਦੋ ਲੱਛੀਆਂ', 'ਭਾਵੇਂ ਬੋਲ ਤੇ ਭਾਵੇਂ ਨਾ ਬੋਲ', 'ਗੋਰਾ ਰੰਗ ਨਾ ਹੋ ਜਾਏ ਕਾਲਾ' ਆਦਿ ਹਨ।
1960 'ਚ ਬਣੀ ਇਸ ਫ਼ਿਲਮ ਦਾ ਨਿਰਮਾਣ ਮੁਲਖ ਰਾਜ ਭਾਖੜੀ ਤੇ ਨਿਰਦੇਸ਼ਕ ਜੁਗਲ ਕਿਸ਼ੋਰ ਦਾ ਸੀ। ਸੰਗੀਤ ਹੰਸਰਾਜ ਬਹਿਲ ਦਾ ਸੀ ਤੇ ਗੀਤ ਲਿਖੇ ਸਨ ਵਰਮਾ ਮਲਿਕ ਨੇ। ਇਹ ਬਲੈਕ ਐਂਡ ਵਾਈਟ ਫ਼ਿਲਮ ਆਪਣੇ ਸਮੇਂ ਦੀ ਹਿੱਟ ਫ਼ਿਲਮ ਰਹੀ ਹੈ। ਪਤਾ ਲੱਗਾ ਹੈ ਕਿ ਅੱਜਕਲ੍ਹ ਕਈ ਬਲੈਕ ਐਂਡ ਵਾਈਟ ਫ਼ਿਲਮਾਂ ਨੂੰ ਰੰਗਦਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਇਹ ਫ਼ਿਲਮ ਵੀ ਸ਼ਾਮਿਲ ਹੈ।


-ਤਰਸੇਮ ਬੱਧਣ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX