ਤਾਜਾ ਖ਼ਬਰਾਂ


ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  14 minutes ago
ਵਾਸ਼ਿੰਗਟਨ, 20 ਸਤੰਬਰ - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਦੇਰ ਰਾਤ ਗੋਲੀਬਾਰੀ ਹੋਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਜਿਸ ਸਥਾਨ 'ਤੇ ਗੋਲੀਆਂ ਚਲੀਆਂ ਹਨ। ਉਹ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਤੋਂ...
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  about 1 hour ago
ਬਾਘਾ ਪੁਰਾਣਾ, 20 ਸਤੰਬਰ (ਬਲਰਾਜ ਸਿੰਗਲਾ) - ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਘਾ ਪੁਰਾਣਾ ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ...
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 1 hour ago
ਜੇਨੇਵਾ, 20 ਸਤੰਬਰ - ਦੁਨੀਆ ਨੂੰ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਖਿਲਾਫ ਗੁਮਰਾਹ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਇਕ ਵਾਰ ਅਸਫਲ ਹੋ ਗਈ। ਬੀਤੇ ਕੱਲ੍ਹ 19 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਕਸ਼ਮੀਰ 'ਤੇ ਮਤਾ ਪੇਸ਼ ਕਰਨ ਦਾ ਅੰਤਿਮ ਦਿਨ ਸੀ, ਪਰੰਤੂ ਪਾਕਿਸਤਾਨ ਇਸ...
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 1 hour ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ 'ਚ ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਤਹਿਤ ਮੋਟਰਸਾਈਕਲ...
ਅੱਜ ਦਾ ਵਿਚਾਰ
. . .  about 1 hour ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਨਸ਼ੇ

ਮਾਸਟਰ ਅਜਮੇਲ ਸਿੰਘ ਬੜਾ ਹੈਰਾਨ ਸੀ ਕਿ ਪਵਿੱਤਰ ਸਿੰਘ ਸਾਰੇ ਪੇਪਰਾਂ ਵਿਚ ਪਹਿਲੇ ਸਥਾਨ 'ਤੇ ਆ ਰਿਹਾ ਸੀ, ਸਾਲਾਨਾ ਪ੍ਰੀਖਿਆ ਸਮੇਂ ਏਨਾ ਕਿਉਂ ਪਛੜ ਗਿਆ | ਉਸ ਨੇ ਕਾਰਨ ਜਾਣਨ ਲਈ ਪਵਿੱਤਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਬੜੇ ਪਿਆਰ ਅਤੇ ਹਮਦਰਦੀ ਨਾਲ ਪੁੱਛਿਆ, 'ਬੇਟਾ! ਸੱਚ ਦੱਸ ਕੀ ਗੱਲ ਹੈ? ਮੈਂ ਤੇਰੀ ਮਦਦ ਕਰਾਂਗਾ?' ਪਵਿੱਤਰ ਸਿੰਘ ਪਹਿਲਾਂ ਤਾਂ ਟਾਲ ਮਟੋਲ ਕਰ ਰਿਹਾ ਸੀ | ਮਾਸਟਰ ਜੀ ਦੇ ਜ਼ਿਆਦਾ ਜ਼ੋਰ ਪਾਉਣ ਅਤੇ ਹਮਦਰਦੀ ਜਿਤਾਉਣ 'ਤੇ ਉਹ ਫੁੱਟ-ਫੁੱਟ ਕੇ ਰੋ ਪਿਆ ਸੀ | ਮਾਸਟਰ ਜੀ ਸਮਝ ਗਏ ਸਨ ਸੀ ਕਿ ਜ਼ਰੂਰ ਕੋਈ ਖਾਸ ਕਾਰਨ ਹੈ | ਪਵਿੱਤਰ ਸਿੰਘ ਨੇ ਦੱਸਿਆ, 'ਮੇਰੇ ਡੈਡੀ ਜੀ ਪਹਿਲਾਂ ਤਾਂ ਥੋੜ੍ਹੀ ਜਿਹੀ ਸ਼ਰਾਬ ਪੀਂਦੇ ਸਨ, ਅਰਾਮ ਨਾਲ ਰੋਟੀ ਖਾ ਕੇ ਪੈ ਜਾਂਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਏ ਹਨ | ਮੰਮੀ ਜਦੋਂ ਟੋਕਦੀ ਜਾਂ ਰੋਕਦੀ ਹੈ ਤਾਂ ਉਸ ਨੂੰ ਵੀ ਮਾਰਦੇ ਕੁੱਟਦੇ ਹਨ | ਰੋਟੀ ਵਾਲੇ ਭਾਂਡੇ ਚੁੱਕ-ਚੁੱਕ ਮਾਰਦੇ ਹਨ | ਰੁੱਸ ਕੇ ਬਾਹਰ ਨੂੰ ਭਜਦੇ ਹਨ ਜਦੋਂ ਅਸੀਂ ਰੋਕਦੇ ਹਾਂ ਤਾਂ ਸਾਨੂੰ ਵੀ ਮਾਰਦੇ ਹਨ ਅਤੇ ਗੰਦੀਆਂ ਗਾਲਾਂ ਕੱਢਦੇ ਹਨ | ਸਰ ਜੀ ਏਸੇ ਕਰਕੇ ਪੇਪਰਾਂ ਤੋਂ ਪਹਿਲਾਂ ਅਤੇ ਪੇਪਰਾਂ ਦੇ ਵਿਚ ਮੇਰੇ ਕੋਲੋਂ ਬਿਲਕੁੱਲ ਪੜ੍ਹ ਨਹੀਂ ਹੋਇਆ |' ਬਾਕੀ ਬੱਚੇ ਵੀ ਨਾਲ ਹੀ ਦੱਸਣ ਲੱਗ ਪਏ, 'ਇਸ ਦਾ ਡੈਡੀ ਸਾਰੀ ਰਾਤ ਰੌਲਾ ਪਾਉਂਦਾ ਰਹਿੰਦਾ ਹੈ ਅਤੇ ਲਲਕਾਰੇ ਮਾਰਦਾ ਰਹਿੰਦਾ ਹੈ | ਇਕ ਹੋਰ ਬੋਲਿਆ ਕਹਿੰਦਾ ਹੱਥ ਵਿਚ ਡਾਂਗ ਲੈ ਕੇ ਕਈ ਵਾਰ ਗਲੀ ਵਿਚ ਗੇੜੇ ਵੀ ਮਾਰਦਾ ਹੈ | ਉਸ ਨੂੰ ਵੇਖ ਕੇ ਲੋਕ ਰਾਹ ਛੱਡ ਦਿੰਦੇ ਹਨ | ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਹਨ, ਕਈ ਵੇਰ ਜ਼ਿਆਦਾ ਪੀ ਕੇ ਗਲੀ ਵਿਚ ਡਿਗ ਵੀ ਪੈਂਦਾ ਹੈ | ਉਸ ਨੂੰ ਕੋਈ ਵੀ ਨਹੀਂ ਚੁੱਕਦਾ |' ਮਾਸਟਰ ਜੀ ਨੇ ਸਾਰਾ ਕੁੱਝ ਸੁਣ ਕੇ ਬੱਚਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ, 'ਪਿਆਰੇ ਬੱਚਿਓ! ਵੇਖਿਆ ਇਹ ਨਸ਼ੇ ਕਿੰਨੇ ਮਾੜੀ ਚੀਜ਼ ਹਨ | ਕਿਵੇਂ ਪਵਿੱਤਰ ਸਿੰਘ ਸਿੰਘ ਪਹਿਲੇ ਨੰਬਰ ਤੇ ਆਉਂਦਾ-ਆਉਂਦਾ ਪਿਛਲੇ ਨੰਬਰ 'ਤੇ ਪਹੁੰਚ ਗਿਆ |' ਵਿਚੋਂ ਹੀ ਇਕ ਹੋਰ ਮੁੰਡਾ ਬੋਲ ਪਿਆ, 'ਸਰ ਜੀ! ਭਿੰਦੇ ਦਾ ਚਾਚਾ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ | ਇਸ ਦੀ ਚਾਚੀ ਦੁਖੀ ਹੋ ਕੇ ਆਪਣੇ ਬੱਚੇ ਨਾਲ ਲੈ ਕੇ ਪੇਕੇ ਪਿੰਡ ਚਲੀ ਗਈ ਹੈ | ਉਹ ਕੋਈ ਵੀ ਨਸ਼ਾ ਨਹੀਂ ਛੱਡਦਾ | ਚਿੱਟੇ ਦੇ ਵੀ ਟੀਕੇ ਲਾਉਂਦਾ ਹੈ | ਤਿੰਨ ਕਿੱਲੇ ਜ਼ਮੀਨ ਸੀ ਜਿਸ ਵਿਚੋਂ ਦੋ ਵੇਚ ਦਿੱਤੇ ਹਨ | ਪੁਲਿਸ ਕਈ ਵੇਰ ਉਸ ਨੂੰ ਫੜ ਕੇ ਲੈ ਗਈ ਹੈ ਪਹਿਲਾਂ –ਪਹਿਲਾਂ ਤਾਂ ਪਿੰਡ ਵਾਲੇ ਉਸ ਨੂੰ ਛੁਡਵਾ ਲਿਆਉਂਦੇ ਸਨ | ਹੁਣ ਉਸ ਦੇ ਮਗਰ ਕੋਈ ਨਹੀਂ ਜਾਂਦਾ' | ਹੁਣ ਮਾਸਟਰ ਜੀ ਨੇ ਫੇਰ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ, 'ਪਿਆਰੇ ਬੱਚਿਓ ! ਹੁਣ ਤੁਸੀਂ ਆਪ ਹੀ ਦੱਸੋ ਕਿ ਨਸ਼ੇ ਕਿੰਨੇ ਮਾੜੀ ਚੀਜ਼ ਹਨ'? ਸਾਰੇ ਬੱਚੇ ਇਕੱਠੇ ਬੋਲੇ, 'ਸਰ ਜੀ ਨਸ਼ੇ ਬਹੁਤ ਮਾੜੇ ਹੁੰਦੇ ਹਨ' | ਪਿਆਰੇ ਬੱਚਿਓ! ਅੱਜ ਤੁਸੀਂ ਪ੍ਰਣ ਕਰੋ ਅਤੇ ਮੇਰੇ ਨਾਲ ਵਾਅਦਾ ਕਰੋ ਕਿ ਵੱਡੇ ਹੋ ਕੇ ਕੋਈ ਵੀ ਨਸ਼ਾ ਕਦੀ ਵੀ ਨਹੀਂ ਕਰੋਂਗੇ | 'ਸਰ ਜੀ! ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਕੋਈ ਵੀ ਨਸ਼ਾ ਕਦੀ ਵੀ ਨਹੀਂ ਕਰਾਂਗੇ' | ਮਾਸਟਰ ਜੀ ਨੇ ਆਖਿਆ, 'ਮੈਂ ਪਵਿੱਤਰ ਸਿੰਘ ਦੇ ਪਿਤਾ ਜੀ ਅਤੇ ਭਿੰਦੇ ਦੇ ਚਾਚਾ ਜੀ ਦਾ ਨਸ਼ਾ ਵੀ ਨਸ਼ਾ ਛੁਡਾਊ ਕੈਂਪ ਵਿਚ ਲਿਜਾਕੇ ਉਨ੍ਹਾਂ ਦਾ ਇਲਾਜ਼ ਕਰਵਾਵਾਂਗਾ |
ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਗੱਤਿਆਂ ਉਪਰ ਨਸ਼ੇ ਕਿੰਨੇ ਮਾੜੇ ਹੁੰਦੇ ਹਨ ਉਨ੍ਹਾਂ ਬਾਰੇ ਮਾਟੋ ਲਿਖ ਕੇ ਦਿੰਦਾ ਹਾਂ ਆਪਾਂ ਸਾਰੇ ਪਿੰਡ ਵਿਚ ਇਕੱਠਿਆਂ ਨੇ ਚੱਕਰ ਲਾਉਣਾ ਹੈ?' ਮਾਸਟਰ ਜੀ ਅਗਵਾਈ ਕਰ ਰਹੇ ਸਨ ਸਾਰੇ ਬੱਚੇ ਦੋ-ਦੋ ਦੀਆਂ ਲਾਈਨਾਂ ਵਿਚ ਬੜੇ ਜ਼ੋਰ ਸ਼ੋਰ ਨਾਲ ਨਾਅਰੇ ਮਾਰ ਰਹੇ ਸਨ | ਸਾਰਾ ਪਿੰਡ ਘਰਾਂ ਤੋਂ ਬਾਹਰ ਆ ਗਿਆ ਸੀ | ਪਿੰਡ ਦੇ ਹਰ ਇਕ ਆਦਮੀ ਦੀ ਜ਼ਬਾਨ ਤੇ ਏਹੀ ਸੀ ਕਿ ਮਾਸਟਰ ਹੋਵੇ ਤਾਂ ਅਜਮੇਲ ਸਿੰਘ ਵਰਗਾ ਹੀ ਹੋਵੇ |

-ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖਾ (ਲੁੁਧਿਆਣਾ) ਮੋਬਾਈਲ : 9463542896.


ਖ਼ਬਰ ਸ਼ੇਅਰ ਕਰੋ

ਤਸਵੀਰ ਦੇਖੋ ਤੇ ਛੇਤੀ ਛੇਤੀ ਬੁੱਝੋ ਬਾਤ ਉਤੋਂ ਪੈਂਦੀ ਜਾਂਦੀ ਰਾਤ

1. ਸੰਗਮਰਮਰੀ ਕੋਠੜੀ, ਦਰਵਾਜ਼ਾ ਕੋਈ ਨੀਂ |
2. ਨੀਲੀ ਲੀਰੇ ਮੋਤੀ ਬੱਝੇ, ਦਿਨੇ ਗੁਆਚੇ ਰਾਤੀਂ ਲੱਭੇ |
3. ਕਟੋਰੇ 'ਚ ਕਟੋਰਾ, ਪੁੱਤ ਪਿਓ ਨਾਲੋਂ ਗੋਰਾ |
4. ਤੇਰੀ ਮਾਂ ਦੀਆਂ ਖੂਹ 'ਚ ਲੱਤਾਂ |
5. ਮੋਟੀ ਗੋਗੜ ਲਾਲੋ ਲਾਲ, ਕਰੇ ਸੁਆਦੀ ਫੋਕੀ ਦਾਲ |
6. ਹਰੀ ਸੀ ਮਨ ਭਰੀ ਸੀ, ਨਾਲ ਮੋਤੀਆਂ ਜੜੀ ਸੀ, ਬਾਪੂ ਜੀ ਦੇ ਖੇਤ ਵਿਚ ਲੈ ਦੁਸ਼ਾਲਾ ਖੜ੍ਹੀ ਸੀ |
7. ਪਰ ਨਾ ਹਿਲਾਵੇ, ਉਡਦਾ ਜਾਵੇ |

-ਜੋਧ ਸਿੰਘ ਮੋਗਾ
ਮੋਬਾਈਲ : 62802-58057.

ਸੜਕ ਕੰਢੇ ਲੱਗੇ ਮੀਲ ਪੱਥਰਾਂ ਦੇ ਵੱਖ-ਵੱਖ ਰੰਗ ਕਿਉਂ?

ਪਿਆਰੇ ਬਾਲ ਸਾਥੀਓ, ਕਿਸੇ ਵਹੀਕਲ 'ਤੇ ਸਫ਼ਰ ਕਰਦਿਆਂ ਤੁਸੀਂ ਸੜਕ ਕੰਢੇ ਲੱਗੇ ਮੀਲ ਪੱਥਰ ਤਾਂ ਵੇਖੇ ਹੀ ਹੋਣਗੇ, ਜਿਨ੍ਹਾਂ ਉੱਪਰ ਕਿਸੇ ਸ਼ਹਿਰ, ਕਸਬੇ ਜਾਂ ਪਿੰਡ ਦਾ ਨਾਂਅ ਅਤੇ ਦੂਰੀ ਅੰਕਿਤ ਹੁੰਦੀ ਹੈ | ਆਮ ਤੌਰ 'ਤੇ ਇਹ ਮੀਲ ਪੱਥਰ ਇਕ-ਇਕ ਕਿਲੋਮੀਟਰ ਦੀ ਦੂਰੀ 'ਤੇ ਲੱਗੇ ਹੁੰਦੇ ਹਨ, ਜੋ ਸਾਨੂੰ ਆਪਣੀ ਮੰਜ਼ਿਲ ਦੀ ਸਹੀ ਦਿਸ਼ਾ ਵੱਲ ਜਾਣ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਦੂਰੀ ਅਤੇ ਸਥਾਨ ਦਰਸਾਉਣ ਵਾਲੇ ਇਨ੍ਹਾਂ ਮੀਲ ਪੱਥਰਾਂ ਦਾ ਰੰਗ ਵੀ ਵੱਖ-ਵੱਖ ਹੁੰਦਾ ਹੈ, ਜਿਵੇਂ ਕਿ ਪੀਲਾ, ਹਰਾ, ਕਾਲਾ, ਨੀਲਾ ਅਤੇ ਨਾਰੰਗੀ | ਜਦ ਤੁਸੀਂ ਇਨ੍ਹਾਂ ਮੀਲ ਪੱਥਰਾਂ ਦੇ ਉਪਰਲੇ ਹਿੱਸੇ 'ਚ ਵੱਖੋ-ਵੱਖ ਰੰਗਾਂ ਦੀ ਪੱਟੀ (ਸਟਰਾਈਪ) ਵੇਖਦੇ ਹੋ ਤਾਂ ਅਕਸਰ ਜ਼ਰੂਰ ਹੀ ਸੋਚਦੇ ਹੋਵੋਗੇ ਕਿ ਇਨ੍ਹਾਂ ਰੰਗਾਂ ਦਾ ਕੀ ਅਰਥ ਹੈ? ...ਅਤੇ ਆਓ, ਅਸੀਂ ਇਸ ਬਾਰੇ ਜਾਣਦੇ ਹਾਂ |
ਜੇ ਸਫ਼ਰ ਕਰਦੇ ਸਮੇਂ ਤੁਹਾਨੂੰ ਸੜਕ ਕੰਢੇ ਲੱਗੇ ਮੀਲ ਪੱਥਰਾਂ ਦੇ ਉਪਰਲੇ ਪਾਸੇ ਪੀਲੇ ਰੰਗ ਦੀ ਪੱਟੀ ਅਤੇ ਹੇਠਲੇ ਹਿੱਸੇ 'ਤੇ ਸਫੇਦ ਰੰਗ ਦੀ ਪੱਟੀ ਦਿਖਾਈ ਦੇਵੇ ਤਾਂ ਇਹ ਦੱਸਦੇ ਹਨ ਕਿ ਤੁਸੀਂ ਰਾਸ਼ਟਰੀ ਮਾਰਗ 'ਤੇ ਜਾ ਰਹੇ ਹੋ | ਰਾਸ਼ਟਰੀ ਮਾਰਗ ਸੂਬਿਆਂ ਅਤੇ ਵੱਡੇ ਸ਼ਹਿਰਾਂ ਨੂੰ ਆਪਸ 'ਚ ਜੋੜਦੇ ਹਨ ਅਤੇ ਇਨ੍ਹਾਂ ਸੜਕਾਂ ਦੀ ਦੇਖ-ਰੇਖ ਕੇਂਦਰ ਸਰਕਾਰ ਕਰਦੀ ਹੈ |
ਇਸੇ ਤਰ੍ਹਾਂ ਜੇ ਉਪਰੋਂ ਹਰੇ ਅਤੇ ਹੇਠਾਂ ਸਫੇਦ ਰੰਗ ਵਾਲੇ ਮੀਲ ਪੱਥਰ ਦਿਸਣ ਤਾਂ ਸਮਝ ਲਵੋ ਕਿ ਤੁਸੀਂ ਰਾਸ਼ਟਰੀ ਮਾਰਗ ਤੋਂ ਹੋ ਕੇ ਰਾਜ ਮਾਰਗ 'ਤੇ ਸਫ਼ਰ ਕਰ ਰਹੇ ਹੋ | ਰਾਜ ਮਾਰਗ ਰਾਜਾਂ ਅਤੇ ਜ਼ਿਲਿ੍ਹਆਂ ਨੂੰ ਮਿਲਾਉਂਦੇ ਹਨ ਅਤੇ ਰਾਜ ਮਾਰਗ ਦੀ ਮੁਰੰਮਤ ਅਤੇ ਦੇਖ-ਰੇਖ ਸੂਬਾ ਸਰਕਾਰ ਕਰਦੀ ਹੈ |
ਜੇ ਉਪਰੋਂ ਕਾਲੇ, ਨੀਲੇ ਅਤੇ ਹੇਠਾਂ ਸਫੇਦ ਰੰਗ ਵਾਲੇ ਮੀਲ ਪੱਥਰ ਲੱਗੇ ਹੋਣ ਤਾਂ ਜਾਣ ਲਵੋ ਕਿ ਤੁਸੀਂ ਕਿਸੇ ਸ਼ਹਿਰ ਜਾਂ ਜ਼ਿਲ੍ਹੇ ਵਿਚ ਹੋ ਅਤੇ ਇਨ੍ਹਾਂ ਸੜਕਾਂ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੁੰਦੀ ਹੈ |
ਸੜਕ ਕੰਢੇ ਲੱਗੇ ਸੰਤਰੀ ਜਾਂ ਨਾਰੰਗੀ ਰੰਗ ਦੇ ਮੀਲ ਪੱਥਰ ਸਾਨੂੰ ਸਪੱਸ਼ਟ ਕਰਦੇ ਹਨ ਕਿ ਅਸੀਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ ਬਣੀ ਸੜਕ 'ਤੇ ਚੱਲ ਰਹੇ ਅਤੇ ਕਿਸੇ ਪਿੰਡ ਵਿਚ ਦਾਖਲ ਹੋ ਰਹੇ ਹਾਂ | ਇਸ ਤਰੀਕੇ ਦੇ ਮੀਲ ਪੱਥਰਾਂ ਦੇ ਰੰਗਾਂ ਦੀ ਪਛਾਣ ਤੋਂ ਸਾਨੂੰ ਪਤਾ ਲਗਦਾ ਹੈ ਕਿ ਅਸੀਂ ਕਿੱਥੇ ਹਾਂ?... ਕਿਥੇ ਜਾ ਰਹੇ ਹਾਂ? ਕਿਸ ਸ਼ਹਿਰ, ਪਿੰਡ, ਕਸਬੇ ਵਿਚ ਦਾਖਲ ਹੋ ਰਹੇ ਹਾਂ? ਅਤੇ ਸਾਡੀ ਮੰਜ਼ਿਲ ਕਿੰਨੀ ਕੁ ਦੂਰ ਹੈ?
ਪਿਆਰੇ ਦੋਸਤੋ! ਅਕਸਰ ਕਈ ਵਾਰ ਵੇਖਣ 'ਚ ਆਉਂਦਾ ਹੈ ਕਿ ਇਨ੍ਹਾਂ ਸੜਕਾਂ ਕੰਢੇ ਲੱਗੇ ਮੀਲ ਪੱਥਰਾਂ ਜਾਂ ਦਿਸ਼ਾ ਸੂਚਕ ਬੋਰਡਾਂ ਉੱਪਰ ਲਿਖੇ ਅੰਕੜਿਆਂ ਜਾਂ ਰੰਗਾਂ ਨੂੰ ਕਈ ਸ਼ਰਾਰਤੀ ਅਨਸਰ ਜਾਂ ਬੱਚੇ ਖੁਰਚ, ਤੋੜ-ਮਰੋੜ ਕੇ ਮਿਟਾਉਣ ਦੀ ਕੋਸ਼ਿਸ਼ ਕਰਦਿਆਂ ਆਪਣਾ ਨਾਂਅ ਜਾਂ ਕੁਝ ਹੋਰ ਊਲ-ਜਲੂਲ ਲਿਖ ਦਿੰਦੇ ਹਨ ਜੋ ਕਿ ਗ਼ਲਤ ਰੁਝਾਨ ਹੈ ਕਿਉਂਕਿ ਇਸ ਤਰ੍ਹਾਂ ਸਫ਼ਰ ਕਰਨ ਵਾਲੇ ਮੁਸਾਫਰਾਂ, ਲੋਕਾਂ ਨੂੰ ਆਪਣੀ ਮੰਜ਼ਿਲ ਦੀ ਸਹੀ ਸਥਿਤੀ, ਦਿਸ਼ਾ ਅਤੇ ਦੂਰੀ ਜਾਣਨ ਲਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 98726-48140.

ਚੁਟਕਲੇ

• ਪਤਨੀ ਤਿਆਰ ਹੋ ਕੇ ਆਪਣੇ ਪਤੀ ਨੂੰ ਪੁੱਛਦੀ ਐ 'ਜੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ?'
ਪਤੀ-ਕਸਮ ਨਾਲ ਦਿਲ ਕਰਦੈ ਤੈਨੂੰ ਪਾਕਿਸਤਾਨ ਵਿਚ ਸੁੱਟ ਆਵਾਂ |
ਪਤਨੀ (ਗੁੱਸੇ 'ਚ)-ਕੀ ਮਤਲਬ?
ਪਤੀ-ਮਤਲਬ ਕਮਲੀਏ ਬੰਬ ਲੱਗ ਰਹੀ ਐਾ |
• ਇਕ ਆਦਮੀ ਸਹੁਰੇ ਘਰ ਗਿਆ, ਉਹਦੀ ਸੱਸ ਚਾਰ ਦਿਨ ਰੋਟੀ ਨਾਲ ਸਾਗ ਹੀ ਖੁਆਈ ਗਈ | ਪੰਜਵੇਂ ਦਿਨ ਸੱਸ ਨੇ ਜਵਾਈ ਨੂੰ ਪੁੱਛਿਆ, 'ਪੁੱਤਰ ਜੀ ਅੱਜ ਕੀ ਖਾਓਗੇ?'
ਜਵਾਈ-ਮੈਨੂੰ ਆਪਣਾ ਖੇਤ ਹੀ ਦਿਖਾ ਦਿਓ, ਮੈਂ ਆਪ ਹੀ ਚਰ ਆਉਂਦਾ ਹਾਂ |
• ਪਤੀ (ਪਤਨੀ ਨੂੰ )-ਜਦ ਤੈਨੂੰ ਮੇਰੇ 'ਤੇ ਗੁੱਸਾ ਆਉਂਦੈ ਤਾਂ ਤੂੰ ਗੁੱਸਾ ਕਿਸ 'ਤੇ ਕੱਢਦੀ ਐਾ?
ਪਤਨੀ-ਟਾਇਲਟ ਸਾਫ ਕਰਕੇ |
ਪਤੀ-ਹਾ-ਹਾ-ਹਾ, ਬੇਵਕੂਫ ਔਰਤ ਉਹ ਕਿਵੇਂ?
ਪਤਨੀ-ਤੁਹਾਡੇ ਟੂਥ ਬੁਰਸ਼ ਨਾਲ ਸਾਫ ਕਰਕੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ | ਮੋਬਾ: 94174-47986

ਬੁਝਾਰਤ-55

ਬੱਚਿਓ ਮੇਰਾ ਰੋਜ਼ ਦਾ ਕੰਮ,
ਖੂਹ ਵਿਚ ਮਾਰਾਂ ਛਾਲ ਧੜੰਮ |
ਖੂਹ ਦੇ ਵਿਚ ਵੀ ਨੱਚਾਂ ਗਾਵਾਂ,
ਘੁੰਮ-ਘੁੰਮ ਕੇ ਕਿੱਕਲੀ ਪਾਵਾਂ |
ਕੁਝ ਸਮੇਂ ਵਿਚ ਕੰਮ ਮੁਕਾ ਕੇ,
ਆ ਜਾਵਾਂ ਮੈਂ ਬਾਹਰ ਨਹਾ ਕੇ |
ਰੋਜ਼ ਜੰਮਾਂ ਇਕ ਪੁੱਤ, ਇਕ ਧੀ,
ਬੱਚਿਓ ਬਾਤ ਦਾ ਉੱਤਰ ਕੀ |
ਅੰਕਲ ਬਹੁਤ ਹੀ ਔਖੀ ਬਾਤ,
ਬੁੱਝ ਨੀ ਸਕਦੇ ਸਾਰੀ ਰਾਤ |
ਇਕ ਵਾਰੀ ਦੱਸ ਦੇਵੋ ਉੱਤਰ,
ਫਿਰ ਨੀ ਭੁੱਲਦੇ ਥੋਡੇ ਪੁੱਤਰ |
—0—
ਸੁਣ ਲੋ ਰਾਜੇ, ਸੁਣ ਲੈ ਰਾਣੀ,
ਇਹ ਹੈ ਦੁੱਧ ਦੇ ਵਿਚ ਮਧਾਣੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਲੜੀਵਾਰ ਨਾਵਲ-10; ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਉਸ ਵੇਲੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਦੂਜੇ ਦਿਨ ਅੱਧੀ ਛੱੁਟੀ ਸਮੇਂ ਖਿਲੀ ਹੋਈ ਧੱੁਪ ਵਿਚ ਅੱਠਵੀਂ ਜਮਾਤ ਦੇ ਬੱਚੇ ਬਗੀਚੇ ਵਿਚ ਬੈਠੇ ਸਨ | ਆਪਣਾ-ਆਪਣਾ ਰੋਟੀ ਵਾਲਾ ਡੱਬਾ ਖੋਲ੍ਹ ਕੇ ਖਾਣਾ ਖਾਣ ਪਿੱਛੋਂ ਉਹ ਗੱਲਬਾਤ ਕਰਨ ਲੱਗੇ |
'ਗੌਰਵ ਹਾਅ ਬਈ ਤੇਰੇ ਹੱਥ ਵਿਚ ਕਿਹੜਾ ਮੈਗਜ਼ੀਨ ਏ, ਜ਼ਰਾ ਸਾਨੂੰ ਵੀ ਵਿਖਾ |' ਤਜਿੰਦਰ ਨੇ ਗੌਰਵ ਦੇ ਹੱਥ ਵਿਚ ਫੜਿਆ ਰਸਾਲਾ ਦੇਖ ਕੇ ਪੱੁਛਿਆ |
'ਇਹ ਸਾਇੰਸ ਮੈਗਜ਼ੀਨ ਏ, ਇਹਦੇ ਵਿਚ ਸਾਇੰਸ ਦੀਆਂ ਤੇ ਹੋਰ ਬਹੁਤ ਸਾਰੀ ਆਮ ਜਾਣਕਾਰੀ ਹੁੰਦੀ ਏ | ਮੇਰੇ ਡੈਡੀ ਲਿਆਏ ਸਨ | ਡੈਡੀ ਦੇ ਕਹਿਣ 'ਤੇ ਮੈਂ ਆਪਣੇ ਵਿਹਲੇ ਸਮੇਂ 'ਚ ਇਹ ਪੜ੍ਹਦਾ ਰਹਿੰਨਾ |'
'ਇਹ ਤਾਂ ਬਹੁਤ ਚੰਗੀ ਗੱਲ ਏ ਵੀਰ ਜੀ... ਸਾਨੂੰ ਵੀ ਕੁਝ ਪੜ੍ਹ ਕੇ ਸੁਣਾਵੋ | ਸਾਡੀ ਵੀ ਨਾਲਿਜ ਵਿਚ ਵਾਧਾ ਹੋਵੇ |'
'ਜ਼ਰੂਰ! ਜ਼ਰੂਰ! ਮੈਂ ਤੁਹਾਨੂੰ ਸੁਣਾਉਣ ਵਾਸਤੇ ਹੀ ਤਾਂ ਮੈਗਜ਼ੀਨ ਲੈ ਕੇ ਆਇਆ ਹਾਂ | ਅੱਜ ਤੁਹਾਨੂੰ ਮੈਂ ਇਸ ਵਿਚੋਂ ਸੂਰਜ, ਮੰਗਲ ਤੇ ਸ਼ੱੁਕਰ ਗ੍ਰਹਿਆਂ ਬਾਰੇ ਦਿਲਚਸਪ ਜਾਣਕਾਰੀ ਪੜ੍ਹ ਕੇ ਸੁਣਾਵਾਂਗਾ | ਜ਼ਰਾ ਧਿਆਨ ਨਾਲ ਸੁਣਨਾ |' ਸਾਰਿਆਂ ਨੂੰ ਗੌਰਵ ਨੇ ਇਸ ਤਰ੍ਹਾਂ ਉੱਚੀ ਆਵਾਜ਼ ਵਿਚ ਕਿਹਾ ਜਿਵੇਂ ਕੋਈ ਅਧਿਆਪਕ ਬੱਚਿਆਂ ਨੂੰ ਆਖ ਰਿਹਾ ਹੋਵੇ |
'ਜ਼ਰੂਰ ਸੌਰਵ ਸਰ ਜੀ ਜ਼ਰੂਰ... ਤੁਸੀਂ ਸ਼ੁਰੂ ਕਰੋ |' ਰਾਜਨ ਨੇ ਹੱਸਦਿਆਂ ਕਿਹਾ | ਦੂਜੇ ਬੱਚੇ ਵੀ ਹੱਸ ਪਏ |
'ਅੱਛਾ ਬਈ ਦੋਸਤੋ, ਪਹਿਲਾਂ ਤੇ ਅਸੀਂ ਕਹਿੰਦੇ ਹੁੰਦੇ ਸੀ ਪਈ ਸੂਰਜ ਇਕ ਜਗ੍ਹਾ ਖੜ੍ਹਾ ਏ ਤੇ ਧਰਤੀ ਇਸ ਦੇ ਦੁਆਲੇ ਘੁੰਮਦੀ ਏ | ਇਹ ਗੱਲ ਠੀਕ ਏ, ਪਰ ਸੂਰਜ ਆਪਣੀ ਧੁਰੀ ਦੁਆਲੇ ਜ਼ਰੂਰ ਘੁੰਮਦਾ ਏ | ਸੂਰਜ ਇਹ ਚੱਕਰ 24 ਦਿਨਾਂ ਤੋਂ ਲੈ ਕੇ 32 ਦਿਨਾਂ ਵਿਚ ਪੂਰਾ ਕਰਦਾ ਏ | ਸੂਰਜ ਦੇ ਅੰਦਰ ਅਕਸਰ ਹਾਈਡ੍ਰੋਜਨ 'ਤੇ ਹੀਲੀਅਮ ਦੀ ਸੰਯੋਜਨ ਕਿਰਿਆ ਹੁੰਦੀ ਰਹਿੰਦੀ ਏ, ਉਥੇ ਬਹੁਤ ਉੱਚਾ ਤਾਪਮਾਨ ਪੈਦਾ ਹੋ ਜਾਂਦਾ ਹੈ | ਅੱਗ ਦੀਆਂ ਲਾਟਾਂ ਕਈ ਵਾਰੀ 3 ਲੱਖ ਕਿਲੋਮੀਟਰ ਉੱਚੀਆਂ ਉੱਠ ਜਾਂਦੀਆਂ ਹਨ | ਸੂਰਜ ਦੀ ਰੌਸ਼ਨੀ ਦੀਆਂ ਕਿਰਨਾਂ 2000 ਕਿਲੋਮੀਟਰ ਮੋਟੀ ਸਤਹਿ ਵਿਚੋਂ ਦੀ ਲੰਘਦੀਆਂ ਹਨ ਤੇ ਸਾਡੇ ਤੱਕ ਪਹੁੰਚਣ ਲਈ 8 ਮਿੰਟ 16.6 ਸੈਕਿੰਡ ਦਾ ਸਮਾਂ ਲੈਂਦੀਆਂ ਹਨ |'
'ਬਹੁਤ ਵਧੀਆ ਤੇ ਹੁਣ ਹੋਰ ਕਾਹਦੇ ਬਾਰੇ ਦੱਸੋਗੇ ਸਰ ਜੀ?' ਪ੍ਰੀਤ ਨੇ ਗੌਰਵ ਨੂੰ ਮੈਗਜ਼ੀਨ ਦੇ ਵਰਕੇ ਪਰਤਦਿਆਂ ਦੇਖ ਕੇ ਕਿਹਾ |
'ਮੈਡਮ ਜੀ, ਹੁਣ ਮੈਂ ਤੁਹਾਨੂੰ ਮੰਗਲ ਤੇ ਸ਼ੱੁਕਰ ਬਾਰੇ ਦੱਸਾਂਗਾ |' ਗੌਰਵ ਨੇ ਵੀ ਪ੍ਰੀਤ ਦੀ ਨਕਲ ਕਰਦਿਆਂ ਪ੍ਰੀਤ ਨੂੰ ਆਖਿਆ |
'ਮੰਗਲ ਗ੍ਰਹਿ ਵੀ ਸਾਡੀ ਧਰਤੀ ਵਾਂਗ ਆਪਣੀ ਧੁਰੀ ਦੁਆਲੇ ਚੱਕਰ ਲਗਾਉਂਦਾ ਹੈ |' ਗੌਰਵ ਨੇ ਪੜ੍ਹਨਾ ਸ਼ੁਰੂ ਕੀਤਾ |
'ਇਹ ਗ੍ਰਹਿ ਸੂਰਜ ਦੁਆਲੇ 687 ਦਿਨਾਂ ਵਿਚ ਇਕ ਚੱਕਰ ਲਗਾਉਂਦਾ ਹੈ | ਮੰਗਲ, ਧਰਤੀ ਵਾਂਗ ਸੂਰਜ ਤੋਂ ਠੀਕ ਉਲਟ ਦੂਜੇ ਪਾਸੇ ਵੱਧ ਦੂਰੀ 'ਤੇ ਸਥਿਤ ਹੈ, ਜਿਸ ਕਾਰਨ ਮੰਗਲ ਗ੍ਰਹਿ ਬਾਰੇ ਖੋਜਾਂ ਕਰਨੀਆਂ ਵਿਗਿਆਨੀਆਂ ਲਈ ਬਹੁਤ ਲਾਭਕਾਰੀ ਹਨ | ਇਸੇ ਗ੍ਰਹਿ ਉੱਪਰ ਆਕਸੀਜਨ, ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਹੋਣ ਦੇ ਸੰਕੇਤ ਮਿਲਦੇ ਹਨ | ਬਾਕੀ ਲਿਖਿਆ ਏ ਪਈ ਸ਼ੱੁਕਰ ਗ੍ਰਹਿ ਬਾਰੇ ਖੋਜ ਅਜੇ ਜਾਰੀ ਏ | ਰੂਸ ਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਪੁਲਾੜ ਵਿਚ 'ਅੱਪ ਜੱਸੂ' ਨਾਂਅ ਦਾ ਸਟੇਸ਼ਨ ਕਾਇਮ ਕੀਤਾ ਏ | ਬਾਕੀ ਦੋਸਤੋ ਮੈਂ ਕੱਲ੍ਹ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ, ਕਿਉਂਕਿ ਅੱਧੀ ਛੱੁਟੀ ਦਾ ਵਕਤ ਥੋੜ੍ਹਾ ਰਹਿ ਗਿਆ ਏ... |'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ

ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ,
ਉਹੋ ਜਿਹਾ ਸਾਉਣ ਕਦੇ ਮੁੜ ਕੇ ਨਾ ਆਇਆ |
ਪੰਜ ਸੱਤ ਦਿਨ ਜਦੋਂ ਮੀਂਹ ਪੈਂਦਾ ਰਹਿਣਾ,
ਮੀਂਹ ਨੇ ਵੀ ਹਟਣ ਵਾਲਾ ਨਾਂਅ ਨਾ ਫੇਰ ਲੈਣਾ,
ਕੰਧ ਤੇ ਮੁਸਾਫਰ ਰਹਿਣਾ ਗੱਡਿਆ-ਗਡਾਇਆ,
ਉਹੋ ਜਿਹਾ ਸਾਉਣ ਕਦੇ ਮੁੜ ਕੇ ਨਾ ਆਇਆ |
ਝੱਟ-ਪਟ ਬੋਰੀ ਦੀ ਬਣਾ ਲੈਣੀ ਛਤਰੀ,
ਓਹੋ ਜਿਹੀ ਰੰਗੀਲੀ ਰੁੱਤ ਮੁੜਕੇ ਨਾ ਟੱਕਰੀ,
ਖੀਰ ਪੂੜੇ ਖਾ ਕੇ ਅਨੰਦ ਰਹਿਣਾ ਛਾਇਆ,
ਉਹੋ ਜਿਹਾ ਸਾਉਣ...
ਚੜ੍ਹ ਚੜ੍ਹ ਜਾਮਣਾਂ ਤੇ ਜੰਮੂ ਅਸੀਂ ਖਾਣੇ,
ਖਾ ਖਾ ਜੰਮੂ ਸਾਡੇ ਝੱਗੇ ਰੰਗੇ ਜਾਣੇ,
ਮਾਂ ਨੇ ਕਹਿਣਾ ਝੱਗਾ ਦੱਸ ਕਿਥੋਂ ਇਹ ਰੰਗਾਇਆ,
ਉਹੋ ਜਿਹਾ ਸਾਵਣ....
ਮੀਂਹ ਨਾਲ ਕੱਚਾ ਕੋਠਾ ਕਿਸੇ ਦਾ ਜੇ ਚੋਣਾ,
ਔਖਾ ਹੋ ਜਾਣਾ ਹੇਠ ਬਹਿਣਾ ਤੇ ਖਲੋਣਾ,
ਕੋਠਾ ਉਹਦੇ ਨਾਲ 'ਚਰਨ' ਲਿਪਿਆ-ਲਪਾਇਆ,
ਉਹੋ ਜਿਹਾ ਸਾਵਣ...
ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ,
ਉਹੋ ਜਿਹਾ ਸਾਵਣ ਕਦੇ ਮੁੜ ਕੇ ਨਾ ਆਇਆ |

-ਚਰਨ ਸੀਚੇਵਾਲਵੀ
428, ਗੁਰੂ ਨਾਨਕਪੁਰਾ, ਵੈਸਟ, ਡਾਕ: ਚੁਗਿੱਟੀ, ਜਲੰਧਰ-144009. ਮੋਬਾ : 098888-02323.

ਬਾਲ ਗੀਤ: ਪੜ੍ਹੋ ਕਿਤਾਬਾਂ ਨੂੰ

ਬੱਚਿਓ ਲਾਇਬ੍ਰੇਰੀ ਆਓ ਪੜ੍ਹੋ ਕਿਤਾਬਾਂ ਨੂੰ |
ਆਪਣਾ ਪੜ੍ਹ ਕੇ ਗਿਆਨ ਵਧਾਓ ਪੜ੍ਹੋ ਕਿਤਾਬਾਂ ਨੂੰ |
ਕੀ ਹੋਇਆ ਸੀ? ਕੀ ਹੋਇਆ? ਕੱਲ੍ਹ ਕੀ ਹੋਵੇਗਾ?
ਖੁਦ ਹੀ ਸੋਚੋ ਧਿਆਨ ਲਗਾਓ ਪੜ੍ਹੋ ਕਿਤਾਬਾਂ ਨੂੰ |
ਪ੍ਰੋ: ਪੂਰਨ ਸਿੰਘ, ਬੁੱਲ੍ਹੇ, ਵਾਰਿਸ ਪੜ੍ਹ ਲਓ ਨਾਨਕ ਸਿੰਘ,
ਪਰ ਸ਼ਿਵ ਬਟਾਲਵੀ ਨਾ ਭੁੱਲ ਜਾਓ ਪੜ੍ਹੋ ਕਿਤਾਬਾਂ ਨੂੰ |
ਚੰਨ ਸੂਰਜ ਤੇ ਧਰਤੀ ਬਾਰੇ ਸਭ ਕੁਝ ਦੱਸਣ ਇਹ,
ਖੋਲ੍ਹ ਕਿਤਾਬਾਂ ਨਜ਼ਰ ਟਿਕਾਓ ਪੜ੍ਹੋ ਕਿਤਾਬਾਂ ਨੂੰ |
ਦੇਸ਼ ਦੀ ਖਾਤਰ ਵਾਰ ਗਏ ਵੀਰ ਆਪਣੀਆਂ ਜਿੰਦਾਂ ਨੂੰ ,
ਚੇਤੇ ਕਰਕੇ ਸੀਸ ਝੁਕਾਓ ਪੜ੍ਹੋ ਕਿਤਾਬਾਂ ਨੂੰ |
ਆਪਣੇ-ਆਪ ਨੂੰ ਜੋੜ ਕੇ ਰੱਖੋ ਨਾਲ ਕਿਤਾਬਾਂ ਦੇ,
ਯਾਰੀ ਇਨ੍ਹਾਂ ਨਾਲ ਨਿਭਾਓ ਪੜ੍ਹੋ ਕਿਤਾਬਾਂ ਨੂੰ |
ਮਾਂ-ਬੋਲੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵੀ,
ਹੱਸਦੇ ਗਾਉਂਦੇ ਸਿੱਖਦੇ ਜਾਓ ਪੜ੍ਹੋ ਕਿਤਾਬਾਂ ਨੂੰ |
ਨਵੀਆਂ-ਨਵੀਆਂ ਪੈੜਾਂ ਪਾਉਂਦੇ ਅੱਗੇ ਵਧ ਚਲੋ,
ਸੁਘੜ ਸਿਆਣੇ ਬਾਲ ਕਹਾਓ ਪੜ੍ਹੋ ਕਿਤਾਬਾਂ ਨੂੰ |
'ਮਿੱਤਵਾ' ਜਿਹੜੇ ਅਨਪੜ੍ਹ ਰਹਿ ਗਏ ਭੈਣ-ਭਰਾਵਾਂ ਨੂੰ ,
ਵਿੱਦਿਆ ਬਾਰੇ ਸਭ ਸਮਝਾਓ, ਪੜ੍ਹੋ ਕਿਤਾਬਾਂ ਨੂੰ |

-ਯਸ਼ਪਾਲ ਮਿੱਤਵਾ
ਮੋਬਾਈਲ : 98764-98603.

ਰੌਚਿਕ ਜਾਣਕਾਰੀ

1. ਇੱਲ ਸਭ ਪੰਛੀਆਂ ਨਾਲੋਂ ਉੱਚਾ ਉੱਡਦੀ ਹੈ |
2. ਮੋਰ ਨੂੰ ਸਭ ਪੰਛੀਆਂ ਨਾਲੋਂ ਜ਼ਿਆਦਾ ਸੁਣਦਾ ਹੈ |
3. ਕੁੱਤਾ ਆਪਣੀ ਜੀਭ ਨਾਲ ਨਮੀ ਖਿੱਚਦਾ ਹੈ |
4. ਚੂਹਾ ਬਿਨਾਂ ਪਾਣੀ ਪੀਤੇ ਕਈ ਦਿਨ ਰਹਿ ਸਕਦਾ ਹੈ |
5. ਐਤਵਾਰ ਦੀ ਛੁੱਟੀ 1813 ਵਿਚ ਸ਼ੁਰੂ ਹੋਈ ਸੀ |
6. ਸੱਪ ਆਪਣੀ ਜੀਭ ਨਾਲ ਸੰੁਘਦਾ ਹੈ |
7. ਜੋਕ ਦੇ ਖ਼ੂਨ ਦਾ ਰੰਗ ਨੀਲਾ ਹੁੰਦਾ ਹੈ |

-ਅਵਤਾਰ ਸਿੰਘ 'ਕਰੀਰ'
ਮੋਗਾ | ਮੋਬਾਈਲ : 82838-00190.

ਬਾਲ ਕਵਿਤਾ: ਸਾਫ਼-ਸੁਥਰੇ

ਸਾਫ਼ ਸੁਥਰੇ ਬਣ ਕੇ ਰਹਿਣਾ,
ਰੋਜ਼ ਸਵੇਰੇ ਉਠ ਕੇ ਨਹਾਉਣਾ |
ਬੱਚਿਓ, ਆਲਸ ਕਦੇ ਨਾ ਕਰਨਾ
ਨਹਾਉਣ ਤੋਂ ਪਹਿਲਾਂ ਬੁਰਸ਼ ਹੈ ਕਰਨਾ |
ਫਿਰ ਸਕੂਲ ਦੀ ਵਰਦੀ ਪਾਣਾ,
ਸਮੇਂ ਸਿਰ ਹੀ ਭੋਜਨ ਖਾਣਾ |
ਫਿਰ ਸਕੂਲ ਦਾ ਬੈਗ ਉਠਾ ਕੇ,
ਹੱਸਦੇ-ਹੱਸਦੇ ਸਕੂਲ ਹੈ ਜਾਣਾ |
ਕਲਾਸ ਵਿਚ ਕਦੇ ਗੰਦ ਨਾ ਪਾਉਣਾ,
ਨਾ ਹੀ ਬੱਚਿਓ ਸ਼ੋਰ ਮਚਾਉਣਾ,
ਅਧਿਆਪਕਾਂ ਦਾ ਸਤਿਕਾਰ ਹੈ ਕਰਨਾ,
ਲਾ ਕੇ ਦਿਲ ਹਮੇਸ਼ਾ ਪੜ੍ਹਨਾ |
ਬੱਚਿਓ-ਬੋਲਣਾ ਹਮੇਸ਼ਾ ਸੱਚ,
ਬਜ਼ੁਰਗਾਂ ਤੋਂ ਲੈਣੀ ਚੰਗੀ ਮੱਤ |
ਬਜ਼ੁਰਗ ਹੁੰਦੇ ਸਾਡੇ ਪਾਲਣ ਹਾਰੇ,
'ਬਸਰਾ' ਰੱਖੇ ਜਾਨ ਤੋਂ ਪਿਆਰੇ |

-ਮਨਪ੍ਰੀਤ ਕੌਰ ਬਸਰਾ
ਪਿੰਡ ਗਿੱਲਾਂ, ਡਾਕ: ਚਮਿਆਰਾ, ਜ਼ਿਲ੍ਹਾ ਜਲੰਧਰ | ਮੋਬਾਈਲ : 97790-43348.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX