ਤਾਜਾ ਖ਼ਬਰਾਂ


ਬੰਗਾ 'ਚ ਵੀ ਖੋਲ੍ਹਿਆ ਜਾਵੇਗਾ ਗੁਰੂ ਨਾਨਕ ਮੋਦੀਖ਼ਾਨਾ - ਹੇੜੀਆਂ
. . .  52 minutes ago
ਬੰਗਾ, 3 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂ ਨਾਨਕ ਮੋਦੀਖ਼ਾਨਾ ਖੋਲ੍ਹਿਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਪ੍ਰਬੰਧਕ ਸਤਨਾਮ ਸਿੰਘ ਹੇੜੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਰਿੰਦਰਪਾਲ ਸਿੰਘ ਮਾਹਲ, ਮੋਹਣ ਸਿੰਘ ਕੰਦੋਲਾ, ਸ਼ਮਿੰਦਰ ਸਿੰਘ ਗਰਚਾ...
ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈ ਤੀਸਰੀ ਮੌਤ
. . .  about 1 hour ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਤੀਸਰੀ ਮੌਤ ਹੋ ਗਈ ...
ਮਾਨਸਾ 'ਚ ਨੌਜਵਾਨ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 1 hour ago
ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ ਇਕ ਨੌਜਵਾਨ ਦੀ ਕੋਰੋਨਾ ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ, 65 ਮਾਮਲਿਆਂ ਦੀ ਪੁਸ਼ਟੀ, 3 ਮੌਤਾਂ
. . .  about 1 hour ago
ਲੁਧਿਆਣਾ, 3 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਫਿਰ ਕੋਰੋਨਾ ਵਾਇਰਸ ਦਾ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਸਿਵਲ ਸਰਜਨ ...
ਕੋਰੋਨਾ ਦੇ ਮੱਦੇਨਜ਼ਰ 13 ਸਤੰਬਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਮੁਲਤਵੀ
. . .  about 1 hour ago
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਨੂੰ ਮੁਕੰਮਲ ਬੰਦ ਰੱਖਣ ਦੇ ਹੁਕਮ
. . .  about 1 hour ago
ਡੇਰਾ ਬਾਬਾ ਨਾਨਕ, 3 ਜੁਲਾਈ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)- ਅੱਜ ਡੇਰਾ ਬਾਬਾ ਨਾਨਕ ਤੋਂ ਕੋਰੋਨਾ ਦੇ 7 ਨਵੇਂ ਮਾਮਲੇ ...
ਕਿਸਾਨ ਆਗੂ ਦੀ ਰਿਹਾਈ ਮਗਰੋਂ ਟਾਂਡਾ 'ਚ ਤਿੰਨ ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ
. . .  about 1 hour ago
ਟਾਂਡਾ ਉੜਮੁੜ, 3 ਜੁਲਾਈ (ਦੀਪਕ ਬਹਿਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਹੋਈ ਗ੍ਰਿਫ਼ਤਾਰੀ ਤੋਂ ....
ਅਗਵਾ ਹੋਈ 4 ਸਾਲਾ ਬੱਚੀ ਦਾ ਮਾਮਲਾ ਪੁਲਿਸ ਨੇ ਚਾਰ ਘੰਟਿਆਂ 'ਚ ਸੁਲਝਾਇਆ
. . .  about 1 hour ago
ਸੁਲਤਾਨਪੁਰ ਲੋਧੀ, 3 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ ਤੋਂ...
ਦਿੱਲੀ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 1 hour ago
ਸ਼ਿਵ ਸੈਨਿਕਾਂ ਨੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਕੀਤਾ ਫੂਕਿਆ ਪੁਤਲਾ
. . .  about 2 hours ago
ਅਜਨਾਲਾ, 3 ਜੁਲਾਈ (ਐੱਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਂਕ 'ਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ...
ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵੱਲੋਂ ਵਰਕਸ਼ਾਪ ਦੇ ਗੇਟ ਮੂਹਰੇ ਰੋਸ ਵਿਖਾਵਾ
. . .  about 2 hours ago
ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਅੱਜ ਕੇਂਦਰ ਸਰਕਾਰ ...
ਬਿਜਲੀ ਸ਼ਾਰਟ ਸਰਕਟ ਹੋਣ ਕਾਰਨ ਘਰ 'ਚ ਲੱਗੀ ਅੱਗ
. . .  about 2 hours ago
ਨੂਰਪੁਰ ਬੇਦੀ, 3 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਦੇ ਪਿੰਡ ਕੁੰਭੇ ਵਾਲ ਵਿਖੇ ਅੱਜ ਦੁਪਹਿਰ ਕਰੀਬ ਦੋ ਵਜੇ ਬਿਜਲੀ ਸ਼ਾਰਟ ਸਰਕਟ...
ਪਾਕਿ 'ਚ ਹਾਦਸੇ ਦੌਰਾਨ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 2 hours ago
ਨਵੀਂ ਦਿੱਲੀ, 3 ਜੁਲਾਈ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਦਰਸ਼ਨ ਕਰਦੇ ਪਰਤ....
ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਅੰਮ੍ਰਿਤਸਰ, 3 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ, 3 ਜੁਲਾਈ (ਚੌਹਾਨ/ਸੰਧੂ/ਆਸ਼ੀਸ਼ ਸ਼ਰਮਾ) - ਜ਼ਿਲ੍ਹਾ ਪਠਾਨਕੋਟ 'ਚ ਅੱਜ 2 ਹੋਰ ਕੋਰੋਨਾ ਮਰੀਜ਼ਾਂ ...
ਪੋਸਕੋ ਐਕਟ ਤਹਿਤ ਦਰਜ਼ ਕੇਸ 'ਚ ਮਦਦ ਦੇ ਨਾਮ 'ਤੇ ਕੀਤੀ ਪੌਣੇ ਪੰਜ ਲੱਖ ਦੀ ਧੋਖਾਧੜੀ
. . .  about 3 hours ago
ਪੱਤਰਕਾਰ ਮੁਖ਼ਤਿਆਰ ਸਿੰਘ ਧੰਜੂ ਨਹੀ ਰਹੇ
. . .  about 3 hours ago
ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ) - ਪੱਤਰਕਾਰ ਮੁਖ਼ਤਿਆਰ ਸਿੰਘ ਧੰਜੂ ਨਹੀ ਰਹੇ। ਉਹ ਕਰੀਬ 65 ਸਾਲਾ...
ਮਾਰਕੀਟ ਕਮੇਟੀ ਰਾਮਾਂ ਮੰਡੀ ਦੇ ਸੁਖਜੀਤ ਬੰਟੀ ਚੇਅਰਮੈਨ 'ਤੇ ਬਲਜੀਤ ਕੌਰ ਦੀਪਾ ਬੰਗੀ ਬਣੇ ਵਾਇਸ ਚੇਅਰਮੈਨ
. . .  about 3 hours ago
ਰਾਮ ਮੰਡੀ, 3 ਜੁਲਾਈ (ਅਮਰਜੀਤ ਸਿੰਘ ਲਹਿਰੀ)- ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ...
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਰੈਫਰੈਂਡਮ 2020 ਦੇ ਲੱਗੇ ਪੋਸਟਰ
. . .  about 3 hours ago
ਤਲਵੰਡੀ ਸਾਬੋ 03 ਜੁਲਾਈ (ਰਣਜੀਤ ਸਿੱਖ ਰਾਜੂ)- ਖ਼ਾਲਿਸਤਾਨ ਪੱਖੀਆਂ ਵੱਲੋਂ ਵਿਦੇਸ਼ਾਂ 'ਚੋ ਚਲਾਈ ਜਾ ਰਹੀ ਰੈਫਰੈਂਡਮ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  about 3 hours ago
ਲੁਧਿਆਣਾ, 3 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼...
ਪਰਮਪਾਲ ਸਿੰਘ ਤਖ਼ਤੂਪੁਰਾ ਬਣੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ
. . .  about 3 hours ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੇ ਅਨੁਸਾਰ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ...
ਖੇਮਕਰਨ ਸਰਹੱਦ ਤੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ
. . .  about 3 hours ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਖੇਮਕਰਨ ਸੈਕਟਰ 'ਚ ਹਿੰਦ-ਪਾਕਿ ਸਰਹੱਦ ਤੋਂ ਅੱਜ ਸਪੈਸ਼ਲ ਨਾਰਕੋਟਿਕਸ ਸੈਲ ਤਰਨਤਾਰਨ ....
ਭਾਈ ਕਰਮਜੀਤ ਸਿੰਘ ਸੁਨਾਮ ਅਕਾਲੀ ਦਲ 'ਚ ਹੋਏ ਸ਼ਾਮਲ
. . .  about 3 hours ago
ਲੌਂਗੋਵਾਲ, 3 ਜੁਲਾਈ (ਵਿਨੋਦ/ਖੰਨਾ) - ਕੇਂਦਰੀ ਹਕੂਮਤਾਂ ਵੱਲੋਂ ਸਿੱਖ ਭਾਈਚਾਰੇ ਨਾਲ ਤਸ਼ੱਦਦ ਕੀਤੇ ਜਾਣ ਦੇ ਖ਼ਿਲਾਫ਼ ਮਰਹੂਮ ਪ੍ਰਧਾਨ ਮੰਤਰੀ...
'ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਇਮਤਿਹਾਨ ਲਈ ਡੇਟਸ਼ੀਟ 'ਚ ਤਬਦੀਲੀ
. . .  about 3 hours ago
ਗੁਆਂਢ 'ਚ ਰਹਿੰਦੇ ਵਿਅਕਤੀ ਨੇ ਆਪਣੇ ਗੁਆਂਢੀ 'ਤੇ ਪਾਇਆ ਤੇਜ਼ਾਬ
. . .  about 4 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਸ੍ਰੀ ਨਿਵਾਸ ਰਾਮਾਨੁਜਨ

ਭਾਰਤ ਦੀ ਧਰਤੀ 'ਤੇ ਰਾਮਾਨੁਜਨ ਵਰਗੇ ਮਹਾਨ ਗਣਿਤ ਵਿਗਿਆਨੀ ਪੈਦਾ ਹੋਏ ਹਨ ਜੋ ਵਿਸ਼ਵ ਵਿਚ ਅੰਕਾਂ ਦਾ ਅਨੁਭਵੀ ਖਿਡਾਰੀ ਬਣ ਕੇ ਉੱਭਰਿਆ। ਉਹ ਛੋਟੀ ਉਮਰੇ ਹੀ ਸਾਨੂੰ ਅਲਵਿਦਾ ਆਖ ਗਿਆ। ਆਓ ਰਾਮਾਨੁਜਨ ਦੇ ਬਚਪਨ ਦੀਆਂ ਕੁਝ ਨਿੱਕੀਆਂ-ਨਿੱਕੀਆਂ ਗੱਲਾਂ, ਆਦਤਾਂ, ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਰਾਮਾਨੁਜਨ ਤਿੰਨ ਸਾਲ ਦੀ ਉਮਰ ਤੱਕ ਬੋਲਣ ਨਹੀਂ ਸੀ ਲੱਗਿਆ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਹ ਦੇਰ ਨਾਲ ਬੋਲਣ ਵਾਲਾ ਬੱਚਾ ਇਕ ਦਿਨ ਜੀਨੀਅਸ ਕਹਿਲਾਵੇਗਾ। ਜਦੋਂ ਸਕੂਲ ਪੜ੍ਹਨ ਲੱਗਿਆ ਤਾਂ ਅਧਿਆਪਕਾਂ ਨੂੰ ਊਟਪਟਾਂਗ ਸਵਾਲ ਪੁੱਛਦਾ। ਜਿਵੇਂ ਦੁਨੀਆ ਦਾ ਪਹਿਲਾ ਆਦਮੀ ਕਿਹੜਾ ਸੀ? ਧਰਤੀ ਅਤੇ ਬੱਦਲਾਂ ਵਿਚਕਾਰ ਦੂਰੀ ਕਿੰਨੀ ਹੈ? ਅਧਿਆਪਕ ਰਾਮਾਨੁਜਨ ਦੇ ਸਵਾਲਾਂ ਨੂੰ ਫਜ਼ੂਲ ਸਮਝਦੇ ਸਨ।
ਉਦੋਂ ਉਹ ਸਕੂਲ ਵਿਚ ਹੀ ਪੜ੍ਹਦਾ ਸੀ, ਜਦੋਂ ਉਸ ਨੇ ਕਾਲਜ ਪੱਧਰ ਦਾ ਗਣਿਤ ਪੜ੍ਹ ਲਿਆ ਸੀ। ਉਹ ਤਿਕੋਣਮਿਤੀ ਦੇ ਔਖੇ ਸਵਾਲ ਹੱਲ ਕਰ ਲੈਂਦਾ ਸੀ। ਉਸ ਨੂੰ ਹੱਲ ਕਰਨ ਲਈ ਸਵਾਲ ਨਾ ਲੱਭਦੇ ਤਾਂ ਖ਼ੁਦ ਹੀ ਸਵਾਲ ਤਿਆਰ ਕਰ ਲੈਂਦਾ ਅਤੇ ਉਨ੍ਹਾਂ ਨੂੰ ਹੱਲ ਕਰਨ ਬੈਠ ਜਾਂਦਾ ਸੀ। ਇਸ ਨਾਲ ਉਸ ਦੀ ਸ਼ੋਭਾ ਦੂਰ ਦੂਰ ਤੱਕ ਫੈਲ ਗਈ ਸੀ। ਇਕ ਦਿਨ ਅਧਿਆਪਕ ਉਸ ਦੀ ਕਲਾਸ ਨੂੰ ਪੜ੍ਹਾ ਰਿਹਾ ਸੀ: ਜੇ ਪੰਜ ਅੰਬ ਪੰਜ ਬੰਦਿਆਂ ਵਿਚਕਾਰ ਵੰਡੀਏ ਤਾਂ ਹਰੇਕ ਬੰਦੇ ਨੂੰ ਇਕ ਅੰਬ ਮਿਲੇਗਾ। ਯਾਨਿ ਕਿ ਕਿਸੇ ਅੰਕ ਨੂੰ ਉਸੇ ਅੰਕ ਨਾਲ ਤਕਸੀਮ ਕਰਨ ਨਾਲ ਉੱਤਰ 'ਇਕ' ਹੀ ਆਵੇਗਾ। ਨਿੱਕਾ ਰਾਮਾਨੁਜਨ ਵਿਚਾਲੇ ਹੀ ਬੋਲ ਪਿਆ,ਜੇ ਸਿਫ਼ਰ ਨੂੰ ਸਿਫ਼ਰ ਨਾਲ ਵੰਡੀਏ,ਤਾਂ ਵੀ ਉੱਤਰ ਇਕ ਹੀ ਆਵੇਗਾ? ਅਧਿਆਪਕ ਉਸ ਦੀ ਸੋਚਣੀ ਤੋਂ ਦੰਗ ਰਹਿ ਗਿਆ ਸੀ। ਉਹ ਕੋਈ ਵੀ ਜਵਾਬ ਨਹੀਂ ਸੀ ਦੇ ਸਕਿਆ। ਦੂਜੀ ਕਲਾਸ ਵਿਚ ਰਾਮਾਨੁਜਨ ਸਟਾਕ ਦੇ ਸਵਾਲ ਕੱਢ ਲੈਂਦਾ ਸੀ। ਤੀਜੀ ਵਿਚ ਅਲਜ਼ਬਰਾ ਅਤੇ ਤਿਕੋਣਮਿਤੀ ਦੇ ਔਖੇ ਸਵਾਲ ਹੱਲ ਕਰ ਲੈਂਦਾ ਸੀ।
ਗਣਿਤ ਦਾ ਉਸ ਨੂੰ ਐਨਾ ਜਨੂੰਨ ਸੀ ਕਿ ਗਿਆਰ੍ਹਵੀਂ ਦੀ ਪ੍ਰੀਖਿਆ ਦੌਰਾਨ ਗਣਿਤ ਵਿਚੋਂ ਉਸ ਦੇ ਵੱਧ ਤੋਂ ਵੱਧ ਨੰਬਰ ਆਏ ਸਨ ਅਤੇ ਬਾਕੀ ਵਿਸ਼ਿਆਂ ਵਿਚ ਉਹ ਫੇਲ੍ਹ ਹੋ ਗਿਆ ਸੀ। ਉਸ ਨੂੰ ਪੜ੍ਹਨ ਦਾ ਐਨਾ ਸ਼ੌਕ ਸੀ ਕਿ ਪੂਰੀ ਪੂਰੀ ਰਾਤ ਸਲੇਟ ਉੱਤੇ ਗਣਿਤ ਦੇ ਨਵੇਂ ਸੂਤਰ ਲਿਖਦਾ ਰਹਿੰਦਾ। ਫਿਰ ਉਨ੍ਹਾਂ ਸੂਤਰਾਂ ਨੂੰ ਇਕ ਰਜਿਸਟਰ 'ਤੇ ਉਤਾਰ ਲੈਂਦਾ ਸੀ। ਇਸ ਰਜਿਸਟਰ ਨੂੰ ਰਾਮਾਨੁਜਨ ਸਦਾ ਆਪਣੇ ਕੋਲ ਰੱਖਦਾ ਸੀ। ਉਸ ਨੇ ਜਿਓਮਿਤੀ ਦੀਆਂ ਕਿੰਨੀਆਂ ਹੀ ਥਿਊਰਮਾਂ ਖ਼ੁਦ ਖੋਜੀਆਂ ਸਨ। ਕਈ ਨਵੇਂ ਪਰਿਮੇਯ ਉਸ ਨੇ ਸੁਪਨੇ ਵਿਚ ਦੇਖੇ ਸਨ ਅਤੇ ਅੱਧੀ ਰਾਤ ਨੂੰ ਉੱਠ ਕੇ ਕਾਪੀ ਉੱਤੇ ਲਿਖੇ ਸਨ। ਰਾਮਾਨੁਜਨ ਦਾ ਪਰਿਵਾਰ ਕੁੱਲ ਦੇਵੀ ਨਾਮਗਿਰੀ ਨੂੰ ਮੰਨਦਾ ਸੀ। ਰਾਮਾਨੁਜਨ ਆਪਣੇ ਖੋਜੇ ਸੂਤਰਾਂ ਅਤੇ ਥਿਊਰਮਾਂ ਦਾ ਸਿਹਰਾ ਕੁੱਲ ਦੇਵੀ ਨਾਮਗਿਰੀ ਨੂੰ ਦਿੰਦਾ ਸੀ। ਕਲਾਸ ਵਿਚੋਂ ਫੇਲ੍ਹ ਹੋਣ ਨਾਲ ਉਸ ਦਾ ਵਜ਼ੀਫ਼ਾ ਬੰਦ ਹੋ ਗਿਆ ਸੀ।
ਪੜ੍ਹਾਈ ਵਿਚਾਲੇ ਰੁਕ ਗਈ ਸੀ। ਰਾਮਾਨੁਜਨ ਸਕੂਲੋਂ ਹਟ ਗਿਆ ਅਤੇ ਕੰਮ ਦੀ ਭਾਲ ਕਰਦਾ ਆਪਣਾ ਥਿਊਰਮਾਂ ਵਾਲਾ ਰਜਿਸਟਰ ਵੀ ਨਾਲ ਲੈ ਕੇ ਜਾਂਦਾ ਸੀ। ਉਸ ਦੀ ਸ਼ਖ਼ਸੀਅਤ ਵਿਚ ਹੋਰ ਵੀ ਬੜੇ ਗੁਣ ਸਨ। ਘਰੇ ਆਰਥਿਕ ਤੰਗੀ ਸੀ। ਕਦੀ-ਕਦੀ ਉਨ੍ਹਾਂ ਨੂੰ ਪਹਿਨਣ ਲਈ ਪੂਰੇ ਕੱਪੜੇ ਅਤੇ ਖਾਣ ਨੂੰ ਭੋਜਨ ਵੀ ਨਾ ਨਸੀਬ ਹੁੰਦਾ। ਉਸ ਦਾ ਕੋਈ ਦੋਸਤ ਨਾ ਬਣਦਾ। ਸਵਾਲ ਹੱਲ ਕਰਦੇ ਸਮੇਂ ਕੋਈ ਵੀ ਪਰਿਵਾਰਕ ਮੈਂਬਰ ਉਸ ਦੇ ਨੇੜੇ ਨਾ ਜਾਂਦਾ। ਉਹ ਡਰਦੇ ਸਨ ਕਿ ਕਿਤੇ ਉਸ ਦੇ ਖਿਆਲਾਂ ਦੀ ਲੜੀ ਟੁੱਟ ਨਾ ਜਾਵੇ। ਉਹ ਕੱਟੜ ਸਨਾਤਨੀ ਵਿਚਾਰਾਂ ਵਾਲਾ ਵੈਸ਼ਨੋ ਮੁੰਡਾ ਸੀ। ਉਹ ਹਰ ਰੋਜ਼ ਸਵੇਰੇ ਉੱਠ ਕੇ ਨਹਾਉਂਦਾ ਸੀ। ਇਹ ਆਦਤ ਉਸ ਦੀ ਸਾਰੀ ਉਮਰ ਬਣੀ ਰਹੀ। ਇੰਗਲੈਂਡ ਦੀ ਕਹਿਰ ਦੀ ਸਰਦੀ ਵਿਚ ਵੀ ਉਹ ਠੰਢੇ ਪਾਣੀ ਨਾਲ ਨਹਾਉਣੋਂ ਨਹੀਂ ਸੀ ਹਟਿਆ। ਖ਼ੁਦ ਖਾਣਾ ਬਣਾਉਂਦਾ ਅਤੇ ਚੌਂਕਾ ਚੁੱਲ੍ਹਾ ਕਰਦਾ ਰਿਹਾ।
ਭਰ ਜਵਾਨੀ ਵਿਚ 32 ਸਾਲਾਂ ਦਾ ਰਾਮਾਨੁਜਨ ਸਾਥੋਂ ਸਦਾ ਲਈ ਵਿਛੜ ਗਿਆ ਸੀ। ਉਸ ਦੇ ਜਨਮ ਦਿਨ ਨੂੰ ਕੌਮੀ ਗਣਿਤ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ।

-ਮੋਬਾਈਲ : 97806-67686


ਖ਼ਬਰ ਸ਼ੇਅਰ ਕਰੋ

ਕਹਾਣੀ

ਚਿੱਟਾ ਕਾਂ

ਕਾਂ ਕਈ ਦਿਨ ਸੋਚਦਾ ਰਿਹਾ। ਕਈ ਦਿਨ ਸੋਚਣ ਤੋਂ ਬਾਅਦ ਕਾਂ ਨੂੰ ਖਿਆਲ ਆਇਆ ਕਿ ਕਿਸਾਨ ਉਸ ਦੇ ਕਾਲ਼ੇ ਰੰਗ ਨੂੰ ਨਫ਼ਰਤ ਕਰਦਾ ਹੈ।
'ਗੋਰੇ-ਚਿੱਟੇ ਰੰਗ ਕਰਕੇ ਕਿਸਾਨ, ਕਬੂਤਰ ਨੂੰ ਪਿਆਰ ਕਰਦਾ ਹੈ। ਜੇ ਕਿਧਰੇ ਮੇਰਾ ਰੰਗ ਵੀ ਚਿੱਟਾ ਹੋਵੇ, ਫਿਰ ਕਿਸਾਨ ਮੈਨੂੰ ਵੀ ਪਿਆਰ ਕਰੇ।' ਕਾਂ ਨੇ ਸੋਚਿਆ ਤੇ ਕਾਂ ਨੇ ਵੀ ਗੋਰਾ-ਚਿੱਟਾ ਹੋਣ ਦਾ ਫੈਸਲਾ ਕਰ ਲਿਆ।
ਗੋਰਾ-ਚਿੱਟਾ ਹੋਣ ਲਈ ਹੁਣ ਕਾਂ ਰੋਜ਼ਾਨਾ ਨਹਿਰ 'ਤੇ ਜਾਣ ਲੱਗ ਪਿਆ। ਨਹਿਰ 'ਤੇ ਜਾਕੇ ਕਾਂ ਵਾਰ-ਵਾਰ ਅੰਗਰੇਜ਼ੀ ਸਾਬਣ ਲਾ ਕੇ ਨਹਾਉਂਦਾ। ਕਾਂ ਚੰਗੀ ਤਰ੍ਹਾਂ ਨਹਾਉਣ ਤੋਂ ਬਾਅਦ ਪਾਊਡਰ ਵੀ ਲਾਉਂਦਾ ਸੀ। ਕਾਂ ਨੂੰ ਅੰਗਰੇਜ਼ੀ ਸਾਬਣ ਨਾਲ ਨਹਾਉਂਦੇ ਨੂੰ ਤੇ ਪਾਉਡਰ ਲਾਉਂਦੇ ਨੂੰ ਕਈ ਦਿਨ ਹੋ ਗਏ ਸਨ। ਕਾਂ ਰੋਜ਼ਾਨਾ ਨਹਾ-ਧੋ ਕੇ ਸ਼ੀਸ਼ਾ ਵੇਖਦਾ ਸੀ ਤੇ ਸ਼ੀਸ਼ਾ ਵੇਖ ਕੇ ਕਾਂ ਦਾ ਮਨ ਖਰਾਬ ਹੋ ਜਾਂਦਾ। ਅਜੇ ਤਕ ਕਾਂ ਦੇ ਰੰਗ ਦਾ ਭੋਰਾ ਵੀ ਫ਼ਰਕ ਨਹੀਂ ਪਿਆ ਸੀ।
ਕਾਂ ਕਈ ਦਿਨ ਵੇਖਦਾ ਰਿਹਾ। ਉਸਦਾ ਕਾਲਾ ਰੰਗ ਟੱਸ ਤੋਂ ਮੱਸ ਨਾ ਹੋਇਆ। ਹਾਰ ਕੇ ਕਾਂ ਗੋਰੇ-ਚਿੱਟੇ ਹੋਣ ਦਾ ਕੋਈ ਹੋਰ ਢੰਗ ਸੋਚਣ ਲੱਗ ਪਿਆ।
ਕਾਂ ਸੋਚਦਾ-ਸੋਚਦਾ ਸ਼ਹਿਰ ਚਲਾ ਗਿਆ। ਕਾਂ ਨੂੰ ਪੂਰੀ ਉਮੀਦ ਸੀ ਕਿ ਸ਼ਹਿਰ ਵਿੱਚੋਂ ਉਸਨੂੰ ਗੋਰੇ-ਚਿੱਟੇ ਹੋਣ ਦਾ ਕੋਈ ਨਾ ਕੋਈ ਢੰਗ ਲੱਭ ਜਾਵੇਗਾ।
ਸ਼ਹਿਰ ਆਕੇ ਕਾਂ ਨੇ ਇਕ ਨਾਈ ਨੂੰ ਲੋਕਾਂ ਦੇ ਵਾਲ ਰੰਗਦੇ ਵੇਖਿਆ। ਕਾਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।
'ਮੈਂ ਵੀ ਨਾਈ ਤੋਂ ਖੰਭ ਰੰਗਵਾ ਕੇ ਚਿੱਟਾ ਬਣ ਸਕਦਾ ਹਾਂ।' ਕਾਂ ਨੇ ਸੋਚਿਆ ਤੇ ਉਹ ਵੀ ਆਪਣੇ ਖੰਭ ਰੰਗਵਾਉਣ ਲਈ ਪੈਂਟਰ ਕੋਲ ਪਹੁੰਚ ਗਿਆ।
ਕਾਂ ਨੇ ਪੈਂਟਰ ਨੂੰ ਖੰਭ ਚਿੱਟੇ ਕਰ ਦੇਣ ਲਈ ਆਖਿਆ।
ਗੋਰਾ-ਚਿੱਟਾ ਬਣ ਕੇ ਕਾਂ ਨੇ ਆਪਣੇ ਲਈ ਮੁਸੀਬਤ ਸਹੇੜ ਲਈ ਸੀ, ਫਿਰ ਵੀ ਉਹ ਬੇਹਦ ਖੁਸ਼ ਸੀ। ਉਸਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ ਤੇ ਉਹ ਚਾਈਂ-ਚਾਈਂ ਆਪਣੇ ਮਿੱਤਰ ਕਬੂਤਰ ਨੂੰ ਮਿਲਣ ਤੁਰ ਪਿਆ।
ਕਾਂ ਨੂੰ ਪੂਰੀ ਉਮੀਦ ਸੀ ਕਿ ਹੁਣ ਕਿਸਾਨ, ਉਸਦੀ ਕਬੂਤਰ ਵਾਂਗ ਹੀ ਸੇਵਾ ਕਰੇਗਾ। ਪਰ ਕਾਂ ਨੂੰ ਵੇਖਕੇ ਕਿਸਾਨ ਪਹਿਲਾਂ ਨਾਲੋਂ ਵੀ ਵਧੇਰੇ ਗੁੱਸੇ ਵਿਚ ਆ ਗਿਆ।
'ਕਾਵਾਂ ਕਾਣਿਆ! ਮੈਨੂੰ ਪਹਿਲਾਂ ਤੇਰੀ ਬੋਲੀ ਤੇ ਚਲਾਕੀ ਭਰੀਆਂ ਆਦਤਾਂ ਹੀ ਭੈੜੀਆਂ ਲਗਦੀਆਂ ਸਨ, ਹੁਣ ਤੇਰੀ ਸ਼ਕਲ ਵੀ ਭੇੜੀ ਲੱਗਣ ਲੱਗ ਪਈ ਆ।' ਕਿਸਾਨ ਨੇ ਆਖਿਆ ਤੇ ਉਹ ਇੱਟ-ਵੱਟਾ ਲੈ ਕੇ ਕਾਂ ਨੂੰ ਮਾਰਨ ਭੱਜਾ। ਕਾਂ ਨੇ ਝਕਾਨੀ ਦੇ ਕੇ ਮਸਾਂ ਜਾਨ ਬਚਾਈ।
ਹੁਣ ਕਾਂ ਨੂੰ ਸਮਝ ਲੱਗ ਗਈ ਸੀ ਕਿ ਗੋਰਾ-ਚਿੱਟਾ ਬਣ ਕੇ ਉਸਨੇ ਐਵੇਂ ਹੀ ਆਪਣੀ ਚਮੜੀ ਤੇ ਖੰਭ ਖਰਾਬ ਕਰ ਲਏ ਸਨ। ਕਿਸੇ ਦੂਸਰੇ ਕੋਲੋਂ ਪਿਆਰ ਤੇ ਸਤਿਕਾਰ ਲੈਣ ਲਈ ਗੋਰੇ-ਚਿੱਟੇ ਬਣਨ ਦੀ ਜ਼ਰੂਰਤ ਨਹੀਂ ਹੈ। ਸਗੋਂ ਆਪਣੀ ਬੋਲੀ ਵਿਚ ਮਿਠਾਸ ਘੋਲਣ ਦੀ ਜ਼ਰੂਰਤ ਹੈ ਤੇ ਮੰਦੀਆਂ ਆਦਤਾਂ ਦਾ ਤਿਆਗ ਕਰਨ ਦੀ ਜ਼ਰੂਰਤ ਹੈ। ਕਾਂ ਹੁਣ ਆਪਣੇ ਪਿੰਡੇ 'ਤੇ ਲੱਗੇ ਰੰਗ ਨੂੰ ਲਾਹੁਣ ਦਾ ਕੋਈ ਢੰਗ ਸੋਚਣ ਲੱਗ ਪਿਆ।

-ਇਕਬਾਲ ਸਿੰਘ ਹਮਜਾਪੁਰ,
ਪਿੰਡ ਤੇ ਡਾ: ਹਮਜਾਪੁਰ, ਫ਼ਤਿਆਬਾਦ-125051
ਮੋਬਾਈਲ : 09416592149

ਬਾਲ ਕਵਿਤਾ

ਤੋਤਾ

ਸਾਡੇ ਘਰ ਇਕ ਤੋਤਾ ਆਇਆ,
ਰੱਬ ਨੇ ਕਿੰਨਾ ਸੋਹਣਾ ਬਣਾਇਆ।

ਲਾਲ ਚੁੰਝ ਤੇ ਗਲ ਵਿਚ ਗਾਨੀ,
ਹਰਾ ਰੰਗ ਹੈ ਉਸ ਦੀ ਨਿਸ਼ਾਨੀ ।

ਪਿੰਜਰੇ ਦੇ ਵਿਚ ਤੋਤਾ ਰਹਿੰਦਾ
ਟਿਕ ਕੇ ਉਹ ਕਦੇ ਨਾ ਬਹਿੰਦਾ।

ਬੰਦਿਆਂ ਵਾਂਗ ਹੈ ਤੋਤਾ ਬੋਲੇ
ਸਾਰਿਆਂ ਦੇ ਹੈ ਭੇਦ ਉਹ ਖੋਲ੍ਹੇ।

ਸਾਰਾ ਦਿਨ ਹੈ ਸ਼ੋਰ ਮਚਾਉਂਦਾ
ਸਭ ਦਾ ਨਾਮ ਲੈ ਕੇ ਬੁਲਾਉਂਦਾ।

ਟਿਕ ਟਿਕ ਕਰਕੇ ਮਿਰਚਾਂ ਖਾਵੇ
ਭੁੱਖ ਲੱਗੇ ਤਾਂ ਰੌਲਾ ਪਾਵੇ।

ਪੰਛੀਆਂ ਵਿਚੋਂ ਪੰਛੀ ਨਿਆਰਾ
ਸਾਡੇ ਵਾਂਗ ਹੈ ਬੋਲੇ ਸਾਰਾ।

'ਪਰਵਿੰਦਰ ਸੁੱਖ' ਕਰੇ ਅਰਜ਼ੋਈ
ਪੰਛੀਆਂ ਨੂੰ ਨਾ ਮਾਰੋ ਕੋਈ।

-ਪਰਵਿੰਦਰ ਕੌਰ ਸੁੱਖ
ਨਿਊ ਜਨਤਾ ਨਗਰ ਲੁਧਿਆਣਾ
ਮੋਬਾਈਲ : 81960-63335

ਸਿਆਣਪ ਦਾ ਥੱਪੜ

ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦਾ ਸੀ। ਮੇਰਾ ਅਧਿਆਪਕ ਬਹੁਤ ਮਿਹਨਤੀ ਤੇ ਸਖਤ ਸੀ। ਸਮੇਂ ਸਿਰ ਸਕੂਲ ਪਹੁੰਚਣਾ ਤੇ ਬੱਚਿਆਂ ਨੂੰ ਪੜ੍ਹਾਉਣਾ ਉਸ ਦਾ ਧਰਮ ਸੀ। ਇਕ ਦਿਨ ਇਕ ਘਟਨਾ ਵਾਪਰੀ। ਮੈਂ ਤੇ ਮੇਰਾ ਮਿੱਤਰ ਸਲੇਟੀ ਖਾ ਰਹੇ ਸਾਂ। ਮਾਸਟਰ ਜੀ ਨੇ ਸਾਨੂੰ ਸਲੇਟੀ ਖਾਂਦੇ ਵੇਖ ਲਿਆ ਤੇ ਸਾਨੂੰ ਮੁਰਗਾ ਬਣਨ ਲਈ ਕਿਹਾ। ਉਸ ਤੋਂ ਪਹਿਲਾਂ ਇਕ ਜ਼ੋਰਦਾਰ ਥੱਪੜ ਲਗਾਇਆ। ਅਸੀਂ ਮੁਰਗਾ ਬਣ ਗਏ। ਜਦੋਂ ਮਾਸਟਰ ਕਿਸੇ ਦੂਸਰੇ ਕੰਮ ਲਈ ਦੂਸਰੇ ਪਾਸੇ ਚਲੇ ਗਏ ਅਸੀਂ ਘਰ ਨੂੰ ਦੌੜ ਗਏ। ਮੈਂ ਤੇ ਮੇਰੇ ਦੋਸਤ ਨੇ ਘਰ ਜਾ ਕੇ ਆਪਣੇ-ਆਪਣੇ ਪਿਤਾ ਨੂੰ ਜਾ ਕੇ ਦੱਸਿਆ ਕਿ ਸਾਨੂੰ ਮਾਸਟਰ ਜੀ ਨੇ ਮਾਰਿਆ ਹੈ। ਮੇਰੇ ਪਿਤਾ ਨੇ ਮੈਨੂੰ ਸਾਈਕਲ ਦੇ ਅੱਗੇ ਡੰਡੇ ਉਪਰ ਬਿਠਾਇਆ ਤੇ ਚੰਗੀ ਭੁਗਤ ਸਵਾਰੀ ਤੇ ਮੈਂ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ। ਸੂਕਲ ਦੀ ਦੂਰੀ ਘਰ ਤੋਂ ਇਕ ਕਿਲੋਮੀਟਰ ਦੀ ਸੀ। ਪਿਤਾ ਜੀ ਮੈਨੂੰ ਲੈ ਕੇ ਸਕੂਲ ਮਾਸਟਰ ਜੀ ਕੋਲ ਪਹੁੰਚੇ ਤੇ ਮਾਸਟਰ ਜੀ ਨੂੰ ਕਿਹਾ ਕਿ ਤੁਸੀਂ ਇਸ ਨੂੰ ਘਰ ਕਿਉਂ ਜਾਣ ਦਿੱਤਾ ਅਤੇ ਕਾਰਨ ਪੁੱਛਿਆ। ਮਾਸਟਰ ਜੀ ਦੇ ਸਾਹਮਣੇ ਵੀ ਚੰਗੀ ਭੁਗਤ ਸੁਆਰੀ। ਮਾਸਟਰ ਜੀ ਨੇ ਮੇਰੇ ਪਿਤਾ ਜੀ ਨੂੰ ਰੋਕ ਕੇ ਮੈਨੂੰ ਆਪਣੀ ਗੋਦੀ ਵਿਚ ਲੈ ਲਿਆ ਤੇ ਪਿਆਰ ਨਾਲ ਸਮਝਾਇਆ ਕਿ ਸਲੇਟੀ ਨਹੀਂ ਖਾਣੀ। ਪ੍ਰੰਤੂ ਮੇਰੇ ਦੋਸਤ ਦੇ ਪਿਤਾ ਜੀ ਮੋਟਰ ਸਾਈਕਲ 'ਤੇ ਆਏ ਤੇ ਮਾਸਟਰ ਜੀ ਨੂੰ ਬੁਰਾ-ਭਲਾ ਕਹਿਣ ਲੱਗੇ। ਉਨ੍ਹਾਂ ਦੇ ਬੋਲਣ ਦੀ ਭਾਸ਼ਾ ਅਸੱਭਿਅਕ ਸੀ। ਪ੍ਰੰਤੂ ਮਾਸਟਰ ਜੀ ਨੇ ਏਨਾ ਹੀ ਕਿਹਾ ਕਿ ਸਰਦਾਰ ਜੀ ਇਹ ਬੱਚੇ ਮੇਰੇ ਹਨ, ਇਨ੍ਹਾਂ ਦਾ ਖਿਆਲ ਰੱਖਣਾ ਮੇਰੀ ਜ਼ਿੰਮੇਵਾਰੀ ਹੈ। ਪ੍ਰੰਤੂ ਉਹ ਫਿਰ ਵੀ ਬੋਲਦੇ ਗਏ। ਉਸ ਦਿਨ ਤੋਂ ਬਾਅਦ ਮਾਸਟਰ ਜੀ ਨੇ ਮੈਨੂੰ ਹੋਰ ਵੀ ਮਿਹਨਤ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਬਦੌਲਤ ਮੈਂ ਅਧਿਆਪਕ ਬਣਿਆ, ਉਸ ਥੱਪੜ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।

-ਸ. ਪ੍ਰ. ਸ. ਹਕੀਕਤਪੁਰਾ, ਸੰਗਰੂਰ।

ਬਾਲ ਨਾਵਲ-31

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਅਸੀਂ ਵੀ ਸਾਰੇ ਆਪਣਾ ਹੋਮਵਰਕ ਵੇਲੇ ਸਿਰ ਮੁਕਾ ਕੇ ਬਾਅਦ ਵਿਚ ਫੇਰ ਮੌਜ ਕਰਾਂਗੇ', ਪੰਮੀ ਨੇ ਆਪਣਾ ਵਿਚਾਰ ਦੱਸਿਆ।
'ਬਿਲਕੁਲ ਠੀਕ, ਅਸੀਂ ਸਾਰੇ ਵੀ ਕੋਮਲ ਵਾਂਗ ਆਪਣਾ ਹੋਮ ਵਰਕ ਵੇਲੇ ਸਿਰ ਕਰਾਂਗੇ। ਪਰ ਅੱਗੋਂ ਕਹਾਣੀ ਦਾ ਕੀ ਹੋਇਆ', ਸਾਰੇ ਬੱਚੇ ਇਕੱਠੇ ਬੋਲ ਪਏ।
'ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਜਦੋਂ ਸਕੂਲ ਖੁੱਲ੍ਹੇ ਤਾਂ ਜਿਹੜੇ ਬੱਚਿਆਂ ਨੇ ਹੋਮ ਵਰਕ ਪੂਰਾ ਕੀਤਾ ਸੀ, ਉਹ ਤਾਂ ਖ਼ੁਸ਼ੀ ਖ਼ੁਸ਼ੀ ਸਕੂਲ ਜਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣਾ ਚਾਹੁੰਦੇ ਸਨ। ਜਿਨ੍ਹਾਂ ਨੇ ਹੋਮ ਵਰਕ ਕੀਤਾ ਹੀ ਨਹੀਂ ਜਾਂ ਅੱਧ ਪਚੱਧਾ ਕੀਤਾ ਸੀ, ਉਹ ਸਕੂਲ ਜਾਣ ਤੋਂ ਕੰਨੀ ਕਤਰਾ ਰਹੇ ਸਨ।'
'ਕੰਨੀ ਕਤਰਾ ਰਹੇ ਕੀ ਹੁੰਦੈ, ਨਾਨਾ ਜੀ?'
'ਕੰਨੀ ਕਤਰਾਉਣ ਦਾ ਮਤਲਬ ਹੁੰਦਾ ਹੈ, ਕਿਸੇ ਦੇ ਸਾਹਮਣੇ ਜਾਣ ਤੋਂ ਝਿਜਕਣਾ।'
'ਠੀਕ ਹੈ ਨਾਨਾ ਜੀ, ਹੁਣ ਸਮਝ ਲੱਗ ਗਈ। ਜਿਹੜੇ ਬੱਚਿਆਂ ਨੇ ਹੋਮਵਰਕ ਨਹੀਂ ਸੀ ਕੀਤਾ, ਉਹ ਆਪਣੇ ਅਧਿਆਪਕਾਂ ਦੇ ਸਾਹਮਣੇ ਜਾਣ ਤੋਂ ਝਿਜਕ ਰਹੇ ਸਨ ਯਾਨੀ ਕੰਨੀ ਕਤਰਾ ਰਹੇ ਸਨ', ਸੁਖਮਨੀ ਨੂੰ ਇਸ ਮੁਹਾਵਰੇ ਦੀ ਪੂਰੀ ਸਮਝ ਲੱਗ ਗਈ ਲਗਦੀ ਸੀ।
'ਸਕੂਲ ਖੁੱਲ੍ਹਣ ਤੋਂ ਤਿੰਨ-ਚਾਰ ਦਿਨ ਬਾਅਦ ਅਧਿਆਪਕਾਂ ਨੇ ਬੱਚਿਆਂ ਦਾ ਹੋਮ ਵਰਕ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹਿਸਾਬ ਦੇ ਅਧਿਆਪਕ ਨੇ ਸਾਰੇ ਬੱਚਿਆਂ ਦਾ ਹੋਮ ਵਰਕ ਚੈੱਕ ਕੀਤਾ ਤਾਂ ਇਕ ਸਵਾਲ ਸਾਰੇ ਬੱਚਿਆਂ ਦਾ ਗ਼ਲਤ ਸੀ। ਉਹ ਕੇਵਲ ਕੋਮਲ ਦਾ ਠੀਕ ਸੀ। ਅਧਿਆਪਕ ਨੇ ਕੋਮਲ ਨੂੰ ਬੁਲਾ ਕੇ ਸਾਰੀ ਕਲਾਸ ਦੇ ਸਾਹਮਣੇ ਉਸ ਨੂੰ ਸ਼ਾਬਾਸ਼ ਦਿੱਤੀ। ਇਕ ਕਿਤਾਬ ਇਨਾਮ ਵਜੋਂ ਵੀ ਦਿੱਤੀ। ਪਰ ਕੋਮਲ ਨੇ ਇਨਾਮ ਲੈਣ ਤੋਂ ਨਾਂਹ ਕਰਦਿਆਂ ਕਿਹਾ ਕਿ 'ਮੈਂ ਇਸ ਇਨਾਮ ਦੀ ਹੱਕਦਾਰ ਨਹੀਂ ਕਿਉਂਕਿ ਇਹ ਸਵਾਲ ਜਿਹੜਾ ਸਾਰਿਆਂ ਦਾ ਗ਼ਲਤ ਹੈ, ਮੇਰੇ ਕੋਲੋਂ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਹੀਂ ਸੀ ਨਿਕਲਿਆ। ਉਹ ਸਵਾਲ ਮੈਂ ਆਪਣੇ ਚਾਚਾ ਦੀ ਕੋਲੋਂ ਕਢਵਾਇਆ ਸੀ।' ਕੋਮਲ ਦੀ ਸੱਚੀ ਗੱਲ ਸੁਣ ਕੇ ਉਸ ਦੇ ਅਧਿਆਪਕ ਬਹੁਤ ਖ਼ੁਸ਼ ਹੋਏ। ਹੁਣ ਉਨ੍ਹਾਂ ਨੇ ਕੋਮਲ ਨੂੰ ਇਕ ਦੀ ਥਾਂ ਦੋ ਕਿਤਾਬਾਂ ਇਨਾਮ ਦੀਆਂ ਦੇਂਦੇ ਹੋਏ ਕਿਹਾ, 'ਇਕ ਕਿਤਾਬ ਤੇਰੀ ਸਾਰਾ ਹੋਮ ਵਰਕ ਕਰਨ ਦੀ ਹੈ ਅਤੇ ਦੂਸਰੀ ਕਿਤਾਬ ਤੇਰੀ ਸਾਰਿਆਂ ਸਾਹਮਣੇ ਸੱਚ ਬੋਲਣ ਦੀ ਹਿੰਮਤ ਦੀ ਹੈ।'
'ਅਸੀਂ ਵੀ ਮਿਹਨਤ ਨਾਲ ਪੜ੍ਹਾਈ ਕਰਾਂਗੇ ਅਤੇ ਹਮੇਸ਼ਾ ਸੱਚ ਬੋਲਾਂਗੇ', ਸਾਰੇ ਬੱਚੇ ਇਕੱਠੇ ਬੋਲ ਪਏ।
ਕਹਾਣੀ ਖ਼ਤਮ ਹੁੰਦਿਆਂ ਹੀ ਗਵਾਂਢ ਦੇ ਦੋਵੇਂ ਬੱਚੇ ਆਪਣੇ ਘਰ ਨੂੰ ਦੌੜ ਗਏ।
ਛੋਟੀ ਪੰਮੀ ਅਤੇ ਨਵਰਾਜ ਵੀ ਸੌਂਦੇ ਜਾਂਦੇ ਸਨ। ਉਨ੍ਹਾਂ ਵੱਲ ਵੇਖ ਕੇ ਨਾਨਾ ਜੀ ਨੇ ਕਿਹਾ, 'ਚਲੋ, ਹੁਣ ਆਪੋ ਆਪਣੀਆਂ ਮੰਜੀਆਂ 'ਤੇ ਜਾ ਕੇ ਸੌਂ ਜਾਓ।'
ਸਾਰੇ ਬੱਚੇ ਜਾ ਕੇ ਲੇਟ ਗਏ। ਕੁਝ ਮਿੰਟਾਂ ਬਾਅਦ ਹੀ ਜਦੋਂ ਨਾਨਾ ਜੀ ਨੇ ਉਨ੍ਹਾਂ ਨੂੰ ਵੇਖਿਆ ਤਾਂ ਬੱਚੇ ਘੂਕ ਸੁੱਤੇ ਪਏ ਸਨ।
-14-
ਅੱਜ ਸਵੇਰੇ ਜਲਦੀ ਹੀ ਨਾਨਾ ਜੀ ਕਿਸੇ ਕੰਮ ਲਈ ਚਲੇ ਗਏ ਸਨ। ਸ਼ਾਮ ਨੂੰ ਜਦੋਂ ਉਹ ਘਰ ਆਏ ਤਾਂ ਆਉਂਦਿਆਂ ਹੀ ਬੱਚਿਆਂ ਨੇ ਉਨ੍ਹਾਂ ਦੁਆਲੇ ਘੇਰਾ ਪਾ ਲਿਆ। ਨਾਨੀ ਜੀ ਨੇ ਉਨ੍ਹਾਂ ਨੂੰ ਬਥੇਰਾ ਕਿਹਾ ਕਿ, 'ਤੁਹਾਡੇ ਨਾਨਾ ਜੀ ਸਵੇਰ ਦੇ ਥੱਕੇ ਆਏ ਹਨ, ਉਨ੍ਹਾਂ ਨੂੰ ਮੂੰਹ-ਹੱਥ ਧੋ ਕੇ ਚਾਹ ਵਗੈਰਾ ਪੀ ਲੈਣ ਦਿਓ।' ਪਰ ਬੱਚਿਆਂ ਵਿਚ ਐਨਾ ਸਬਰ ਕਿੱਥੇ? ਉਹ ਤਾਂ ਸਾਰੇ ਦਿਨ ਦੀਆਂ ਗੱਲਾਂ ਜਲਦੀ ਤੋਂ ਜਲਦੀ ਨਾਨਾ ਜੀ ਨੂੰ ਸੁਣਾਉਣੀਆਂ ਚਾਹੁੰਦੇ ਸਨ। (ਚਲਦਾ)

-ਮੋਬਾਈਲ : 98889-24664

ਨਵੇਂ ਅਸੂਲ

ਲੰਮੇ ਅਰਸੇ ਦੇ ਪਿੱਛੋਂ ਖੁੱਲੂਗੇ ਸਕੂਲ ਯਾਰੋ।
ਨਵੇਂ ਅਪਣਾਉਣੇ ਪੈਣੇ ਜੀਊਣ ਦੇ ਅਸੂਲ ਯਾਰੋ।
ਹੱਥ ਜੋੜ ਸਾਥੀਆਂ ਨੂੰ ਦੂਰੋਂ ਹੀ ਬੁਲਾਵਾਂਗੇ।
ਬੈਂਚਾਂ 'ਤੇ ਬੈਠਣੇ ਦੀ ਦੂਰੀ ਵੀ ਵਧਾਵਾਂਗੇ।
ਸਮੇਂ ਨਾਲ ਸਾਰਾ ਕੁਝ ਕਰਾਂਗੇ ਕਬੂਲ ਯਾਰੋ।
ਨਵੇਂ ਅਪਣਾਉਣੇ...............................।
ਕਾਪੀਆਂ ਕਿਤਾਬਾਂ ਬਦਲਾਈਆਂ ਨਹੀਉਂ ਜਾਣੀਆਂ।
ਇੱਕੋ ਭਾਂਡੇ ਯਾਰਾਂ ਨਾਲ ਰੋਟੀਆਂ ਨ੍ਹੀਂ ਖਾਣੀਆਂ।
ਟੀਚਰਾਂ ਦੇ ਦੱਸੇ ਸਭ ਮੰਨਣੇ ਨੇ ਰੂਲ ਯਾਰੋ।
ਨਵੇਂ ਅਪਣਾਉਣੇ..................................।
ਵਾਰ-ਵਾਰ ਧੋਂਦੇ ਰਹਿਣਾ ਹੱਥ ਅਸੀਂ ਆਪਣੇ।
ਮਾਸਕਾਂ 'ਚ ਟੀਚਰ ਵੀ ਓਪਰੇ ਜਿਹੇ ਜਾਪਣੇ।
ਚੁਟਕਲੇ ਨਵੇਂ-ਨਵੇਂ ਹੋਣੇ ਮਕਬੂਲ ਯਾਰੋ।
ਨਵੇਂ ਅਪਣਾਉਣੇ..................................।
ਆਨਲਾਈਨ ਬੜਾ ਕੁਝ ਟੀਚਰਾਂ ਪੜ੍ਹਾਇਆ ਏ।
ਸਮਝਾਂਗੇ ਜਿਹੜਾ ਸਾਨੂੰ ਸਮਝ ਨਾ ਆਇਆ ਏ।
ਬੋਲਣਾ ਨ੍ਹੀਂ ਅਸੀਂ ਹੁਣ ਊਲ-ਜਲੂਲ ਯਾਰੋ।
ਨਵੇਂ ਅਪਣਾਉਣੇ ................................।

-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀ'
ਯੂਬਾ ਸਿਟੀ, ਕੈਲੀਫੋਰਨੀਆ (ਅਮਰੀਕਾ)
ਸੰਪਰਕ : 001-360-448-1989

ਚੁਟਕਲੇ

* ਪਿਤਾ (ਰਾਜੀਵ ਨੂੰ) ਬੇਟਾ, ਕੀ ਵੱਡਾ ਹੋ ਕੇ ਤੂੰ ਮੇਰਾ ਨਾਂਅ ਰੌਸ਼ਨ ਕਰੇਂਗਾ?
ਰਾਜੀਵ-ਉਹ ਤਾਂ ਮੈਂ ਹੁਣ ਵੀ ਕਰ ਰਿਹਾ ਹਾਂ।
ਪਿਤਾ-ਉਹ ਕਿਵੇਂ?
ਰਾਜੀਵ-ਤੁਹਾਡੀ ਨੇਮ ਪਲੇਟ ਉਤੇ ਬੱਲਬ ਜਗਾ ਕੇ।
* ਪਤਨੀ (ਗੁੱਸੇ ਨਾਲ) ਮੇਰੇ ਤਾਂ ਕਰਮ ਫੁੱਟ ਗਏ ਹਨ, ਜਿਹੜੀ ਮੈਂ ਤੁਹਾਡੇ ਪੱਲੇ ਬੱਝ ਗਈ, ਵਰਨਾ ਤੇਰੇ ਨਾਲੋਂ ਵੀ ਚੰਗੇ ਵਰ ਮਿਲ ਸਕਦੇ ਸੀ।
ਪਤੀ-ਸੁੱਚਮੁੱਚ ਚੰਗੇ ਰਹੇ ਹੋਣਗੇ, ਤਦ ਤਾਂ ਤੇਰੀ ਚੁੰਗਲ ਵਿਚ ਆਉਣ ਤੋਂ ਬਚ ਗਏ।
* ਮਾਸਟਰ ਭੂਸ਼ਨ (ਲੱਕੀ ਨੂੰ) ਤੁਹਾਡੇ ਪਿਤਾ ਜੀ ਕੀ ਮਰਦੇ ਦਮ ਤੱਕ ਹੋਸ਼ ਵਿਚ ਸਨ?
ਲੱਕੀ-ਹਾਲੇ ਤਾਂ ਪਤਾ ਨਹੀਂ, ਉਦੋਂ ਹੀ ਪਤਾ ਚੱਲੇਗਾ ਜਦੋਂ ਵਸੀਅਤਨਾਮਾ ਖੁੱਲ੍ਹੇਗਾ।
* ਥਾਣੇਦਾਰ (ਰੇਖਾ ਨੂੰ)-ਤੁਹਾਡੇ ਘਰ ਵਿਚ ਚੋਰੀ ਕਦੋਂ ਹੋਈ?
ਰੇਖਾ-ਅੱਜ ਦੁਪਹਿਰ ਜਦ ਮੈਂ ਘਰ ਵਿਚ ਨਹੀਂ ਸੀ।
ਥਾਣੇਦਾਰ-ਤੁਸੀਂ ਉਸ ਸਮੇਂ ਕਿੱਥੇ ਗਏ ਸੀ।
ਰੇਖਾ-ਆਪਣੀ ਗੁਆਂਢਣ ਦੇ ਘਰ ਗਈ ਸੀ, ਉਸ ਨੂੰ ਘਰ ਦੀ ਸੁਰੱਖਿਆ ਦੇ ਤਰੀਕੇ ਦੱਸਣ।

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ।
ਮੋਬਾਈਲ : 98140-9791
7.

ਕਿਵੇਂ ਮਾਪੀ ਜਾਂਦੀ ਹੈ ਤਾਰਿਆਂ ਦੇ ਵਿਚਕਾਰ ਦੀ ਦੂਰੀ

ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਰਾਤ ਦੇ ਸਮੇਂ ਅਸਮਾਨ ਵਿਚ ਟਿਮਟਿਮਾਉਂਦੇ ਹੋਏ ਬਹੁਤ ਸਾਰੇ ਤਾਰੇ ਦੇਖੇ ਹੋਣਗੇ। ਇਹ ਤਾਰੇ ਬਹੁਤ ਛੋਟੇ ਦਿਸਦੇ ਹਨ, ਪਰ ਅਸਲ ਵਿਚ ਇਹ ਤਾਰੇ ਬਹੁਤ ਵੱਡੇ ਆਕਾਰ ਦੇ ਹੁੰਦੇ ਹਨ, ਪਰ ਧਰਤੀ ਤੋਂ ਐਨੀ ਦੂਰ ਹੁੰਦੇ ਹਨ ਕਿ ਬਹੁਤ ਛੋਟੇ ਦਿਸਦੇ ਹਨ। ਹੁਣ ਤੁਹਾਡੇ ਮਨ ਵਿਚ ਇਹ ਪ੍ਰਸ਼ਨ ਉੱਠਦਾ ਹੋਵੇਗਾ ਕਿ ਆਖਰ ਏਨਾ ਤਾਰਿਆਂ ਦੀ ਦੂਰੀ ਨੂੰ ਕਿਵੇਂ ਮਾਪਿਆਂ ਜਾਂਦਾ ਹੈ?
ਤਾਰਿਆਂ ਤੋਂ ਧਰਤੀ ਦੀ ਦੂਰੀ ਜਾਂ ਫਿਰ ਉਨ੍ਹਾਂ ਦੀ ਆਪਸ ਵਿਚ ਦੂਰੀ ਨੂੰ ਨਾਪਣ ਲਈ ਪ੍ਰਕਾਸ਼ ਵਰ੍ਹਾ ਮਤਲਬ ਲਾਈਟ ਈਯਰ ਯੂਨਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਤੁਸੀਂ ਸੋਚ ਰਹੋਗੇ ਇਹ ਪ੍ਰਕਾਸ਼ ਵਰ੍ਹਾ ਕੀ ਹੁੰਦਾ ਹੈ? ਇਕ ਵਰ੍ਹਾ ਵਿਚ ਪ੍ਰਕਾਸ਼ ਜਿੰਨੀ ਦੂਰੀ ਭੈਅ ਕਰਦਾ ਹੈ, ਉਸ ਨੂੰ ਇਕ ਪ੍ਰਕਾਸ਼ ਵਰ੍ਹਾ ਕਹਿੰਦੇ ਹਨ। ਇਕ ਪ੍ਰਕਾਸ਼ ਵਰ੍ਹਾ ਲਗਪਗ 96,46,00,00,00,000 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ।
ਧਰਤੀ ਦੇ ਸਭ ਤੋਂ ਕਰੀਬੀ ਤਾਰੇ ਦਾ ਨਾਂਅ ਅਲਫ਼ਾ ਸੇਂਟੂਰੀ ਹੈ। ਇਹ ਸਾਡੇ ਤੋਂ ਚਾਰ ਪ੍ਰਕਾਸ਼ ਵਰ੍ਹਾ ਦੂਰ ਸਥਿਤ ਹੈ। ਕਿਸੇ ਤਾਰੇ ਦੀ ਧਰਤੀ ਤੋਂ ਦੂਰੀ ਦਾ ਪਤਾ ਲਗਾਉਣ ਦੇ ਲਈ ਖਗੋਲ ਸ਼ਾਸਤਰੀ ਧਰਤੀ ਦੀਆਂ ਦੋ ਉਲਟ ਥਾਵਾਂ ਤੋਂ ਉਸ ਤਾਰੇ ਦਾ ਨਿਰੀਖਣ ਕਰਦੇ ਹਨ ਜਾਂ ਛੇ ਮਹੀਨੇ ਦੇ ਬਾਅਦ ਉਸ ਤਾਰੇ ਦਾ ਨਿਰੀਖਣ ਕਰਦੇ ਹਨ, ਜਦ ਧਰਤੀ ਸੂਰਜ ਦਾ ਚੱਕਰ ਲਗਾਉਂਦੇ ਹੋਏ ਆਪਣੀ ਉਲਟ ਦਿਸ਼ਾ ਵਿਚ ਆ ਜਾਂਦੀ ਹੈ।
ਜਦ ਉਹ ਇਹੋ ਜਿਹਾ ਕਰਦੇ ਹਨ ਤਾਂ ਇਹੋ ਜਿਹਾ ਪ੍ਰਤੀਤ ਹੁੰਦਾ ਹੈ ਕਿ ਤਾਰੇ ਨੇ ਆਪਣੀ ਪੁਜ਼ੀਸ਼ਨ ਬਦਲ ਲਈ ਹੈ। ਪੁਜ਼ੀਸ਼ਨ ਵਿਚ ਇਹ ਜਿਹੜੀ ਤਬਦੀਲੀ ਹੁੰਦੀ ਹੈ, ਉਸ ਨੂੰ ਪੈਰਲੱਕਸ ਕਹਿੰਦੇ ਹਨ। ਫਿਰ ਇਸ ਨੂੰ ਮਾਪ ਕੇ ਖਗੋਲ ਸ਼ਾਸਤਰੀ ਤਾਰੇ ਦੀ ਦੂਰੀ ਦੀ ਗਿਣਤੀ ਕਰਦੇ ਹਨ।

-ਨਿਰਮਲ 'ਪ੍ਰੇਮੀ' ਰਾਮਗੜ੍ਹ
ਪਿੰਡ ਰਾਮਗੜ੍ਹ, ਡਾਕ: ਫਿਲੌਰ-144410. ਜ਼ਿਲ੍ਹਾ ਜਲੰਧਰ।
ਮੋਬਾਈਲ : 94631-61691.

ਬਾਲ ਕਵਿਤਾ

ਆਨਲਾਈਨ ਮੁਕਾਬਲੇ...

ਕਹਿੰਦੇ ਮੈਡਮ ਬੱਚਿਓ ਪੇਂਟਿੰਗ ਬਣਾਓ,
ਘਰ ਬੈਠੇ ਕਲਾ ਦੇ ਜੌਹਰ ਵਿਖਾਓ।
ਚਮਕਾਓ ਨਾਮ ਬਣ ਕੇ ਕਲਾਕਾਰ,
ਰੰਗਾਂ ਦੀ ਦੁਨੀਆ ਹੈ ਸ਼ਾਨਦਾਰ।
ਵਿਹਲੇ ਸਮੇਂ ਦਾ ਹੈ ਸਦਉਪਯੋਗ,
ਹੱਥੋਂ ਜਾਣ ਨਾ ਦਿਓ ਇਹ ਸੰਜੋਗ।
ਪੜ੍ਹਦੇ-ਪੜ੍ਹਦੇ ਕੁਝ ਸਿੱਖ ਜਾਓ,
ਸੁੰਦਰ-ਸੁੰਦਰ ਤਸਵੀਰਾਂ ਬਣਾਓ।
ਪੰਛੀ, ਤਾਰੇ, ਫੁੱਲਾਂ ਦੀ ਕਿਆਰੀ,
ਕਲਪਨਾ ਦੀ ਤੁਸੀਂ ਲਾਓ ਉਡਾਰੀ।
ਆਸੇ ਪਾਸੇ ਵੇਖੋ ਸੁੰਦਰ ਨਜ਼ਾਰੇ,
ਕਾਗਜ਼ ਉੱਪਰ ਉਤਾਰ ਲਵੋ ਸਾਰੇ।
ਆਨਲਾਈਨ ਮੁਕਾਬਲੇ ਦੀ ਤਿਆਰੀ,
ਤੁਹਾਡੀ ਵੇਖਣੀ ਅਸਾਂ ਕਲਾਕਾਰੀ।
ਵਧੀਆ ਚਿੱਤਰ ਨੂੰ ਮਿਲੇਗਾ ਸਨਮਾਨ,
ਇਸ ਗੱਲ ਦਾ 'ਵਿਵੇਕ' ਤੂੰ ਰੱਖੀ ਧਿਆਨ।

-ਵਿਵੇਕ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ।
ਮੋਬਾਈਲ : 94633-8405
1Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX