ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 2 hours ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਥਾ: ਭੜਾਸ

'ਸਮਾਂ ਬਦਲੇ ਤਾਂ ਰਿਸ਼ਤੇ ਵੀ ਬਦਲਦੇ ਨੇ ਜ਼ਮਾਨੇ ਵਿਚ |
ਜੋ ਰਿਸ਼ਤੇ ਖੋ ਗਏ ਥਲ ਵਿਚ ਉਨ੍ਹਾਂ ਨੂੰ ਭਾਲਣਾ ਮੁਸ਼ਕਿਲ |'
ਮਹਿੰਦਰ ਸਿੰਘ ਨੂੰ ਨਵੀਂ ਨਵੇਲੀ ਦੁਲਹਨ ਨਾਲ ਵੇਖ ਕੇ ਮੇਰੇ ਪੈਰਾਂ ਥੱਲਿਓਾ ਜ਼ਮੀਨ ਖਿਸਕ ਗਈ ਸੀ | ਅਜੇ ਤਾਂ ਤਿੰਨ ਮਹੀਨੇ ਵੀ ਨਹੀਂ ਹੋਏ ਉਸ ਦੀ ਵਹੁਟੀ ਸਿਮਰਤ ਨੂੰ ਮਰਿਆਂ | ਮੈਂ ਉਨ੍ਹਾਂ ਨੂੰ ਵੇਖ ਕੇ ਰੁਕ ਗਿਆ ਸੀ | ਦੁਆ ਸਲਾਮ ਕਰਨ ਤੋਂ ਬਾਅਦ ਮੈਂ ਉਸ ਨੂੰ ਇਕ ਪਾਸੇ ਕਰ ਕੇ ਪੁੱਛ ਹੀ ਲਿਆ—
'ਇਹ ਕੀ? ਅਜੇ ਤਾਂ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ |' ਉਸ ਵੱਲ ਵੇਖ ਕੇ ਮੈਂ ਉਸ ਨੂੰ ਸਵਾਲ ਦਾਿਗ਼ਆ ਸੀ | ਉਹ ਮੇਰਾ ਸਵਾਲ ਸੁਣ ਕੇ ਇਕਦਮ ਤ੍ਰਬਕ ਪਿਆ ਸੀ ਤੇ ਮੈਨੂੰ ਉਹ ਆਪਣੀ ਵਹੁਟੀ ਕੋਲੋਂ ਥੋੜ੍ਹਾ ਹੋਰ ਪਰ੍ਹਾਂ ਲੈ ਗਿਆ ਸੀ ਤਾਂ ਕਿ ਉਸ ਨੂੰ ਕੁਝ ਸੁਣਾਈ ਨਾ ਦੇਵੇ | ਮੈਂ ਵੀ ਉਸ ਦੇ ਅੰਦਰ ਦੀ ਗੱਲ ਨੂੰ ਸਮਝ ਗਿਆ ਸੀ | ਇਸ ਲਈ ਉਸ ਨੂੰ ਹੌਲੀ ਜਿਹੀ ਪੁੱਛਿਆ—
'ਕਦੋਂ ਕੀਤਾ ਇਹ ਵਿਆਹ? ਸਾਨੂੰ ਦੱਸਿਆ ਤੱਕ ਨਹੀਂ | ਚੁੱਪ-ਚਪੀਤੇ ਭਿਣਕ ਵੀ ਨਹੀਂ ਨਿਕਲਣ ਦਿੱਤੀ |' ਮੈਂ ਉਸ ਦਾ ਅੰਦਰ ਫਰੋਲਣ ਦਾ ਯਤਨ ਕੀਤਾ ਸੀ | ਉਹ ਸ਼ਰਮਿੰਦਾ ਹੋਇਆ, ਸੁਣਦਾ ਰਿਹਾ ਕੁਝ ਚਿਰ | ਫਿਰ ਉਸ ਨੇ ਆਪਣੇ ਆਪ ਨੂੰ ਥੋੜ੍ਹਾ ਸੰਭਾਲਿਆ ਤੇ ਕਹਿਣ ਲੱਗਾ—
'ਬਸ ਮਹੀਨਾ ਪਹਿਲਾਂ |' ਉਸ ਨੇ ਹੁਣ ਆਪਣਾ ਚਿਹਰਾ ਥੋੜ੍ਹਾ ਉੱਪਰ ਚੁੱਕ ਲਿਆ ਸੀ ਤੇ ਉਸ ਵੱਲ ਸਰਸਰੀ ਜਿਹੀ ਨਜ਼ਰ ਮਾਰੀ ਸੀ |
'ਥੋੜ੍ਹਾ ਚਿਰ ਹੋਰ ਸਬਰ ਕਰ ਲੈਣਾ ਸੀ | ਏਨਾ ਵੀ ਉਤਾਵਲਾਪਨ ਕੀ ਸੀ? ਅਜਿਹੀ ਕਿਹੜੀ ਆਫ਼ਤ ਆ ਡਿੱਗੀ ਸੀ?'
'ਕੀ ਦੱਸਾਂ ਯਾਰ, ਘਰ ਵਾਲੇ ਤੇ ਹੋਰ ਰਿਸ਼ਤੇਦਾਰੀ ਕਾਹਲੀ ਪੈ ਗੀ ਸੀ | ਮੈਥੋਂ ਨਾਂਹ ਨਹੀਂ ਹੋ ਸਕੀ |' ਬੜੇ ਹੀ ਸਲੀਕੇ ਨਾਲ ਉਸ ਨੇ ਗੱਲ ਦੂਸਰਿਆਂ 'ਤੇ ਥੋਪਣੀ ਚਾਹੀ ਸੀ |
'ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਗੱਲ ਦੂਸਰਿਆਂ ਦੇ ਸਿਰ ਮੜ੍ਹਦੇ ਹੋਏ | ਥੋੜ੍ਹਾ ਚਿਰ ਹੋਰ ਠਹਿਰ ਜਾਂਦਾ ਤਾਂ ਕੋਈ ਪਹਾੜ ਤਾਂ ਨਹੀਂ ਸੀ ਡਿੱਗ ਪੈਣਾ | ਅਜੇ ਤਾਂ ਘਰ ਵਾਲੀ ਦੀ ਬਰਸੀ ਵੀ ਨਹੀਂ ਹੋਈ | ਮਸਾਂ ਤਿੰਨ ਮਹੀਨੇ ਹੀ ਪੂਰੇ ਹੋਏ ਹਨ, ਉਸ ਨੂੰ ਮਰਿਆਂ | ਅਜੇ ਤਾਂ ਉਨ੍ਹਾਂ ਦੀ ਤਸਵੀਰ ਵੀ ਤੇਰੀਆਂ ਅੱਖਾਂ ਵਿਚ ਤੈਰਦੀ ਹੋਣੀ ਹੈ |'
ਮੈਂ ਉਸ 'ਤੇ ਪੂਰੀ ਤਰ੍ਹਾਂ ਬਰਸ ਪਿਆ ਸੀ |
'ਕਿੰਨੀ ਮਾੜੀ ਗੱਲ ਹੈ | ਇੰਝ ਤਾਂ ਪਸ਼ੂ ਵੀ ਨਹੀਂ ਕਰਦੇ | ਉਹ ਵੀ ਆਪਣੇ ਟੱਬਰ ਵਿਚ ਕਿਸੇ ਦੀ ਮੌਤ 'ਤੇ ਕਈ ਦਿਨ, ਮਹੀਨੇ ਤੱਕ ਸ਼ੋਕ ਮਨਾਉਂਦੇ ਹਨ, ਖਾਣਾ ਤੱਕ ਨਹੀਂ ਖਾਂਦੇ |' ਮੈਂ ਉਸ 'ਤੇ ਆਪਣੀ ਖਿਝ ਪ੍ਰਗਟ ਕਰਨੀ ਚਾਹੀ ਸੀ |
ਉਹ ਹੁਣ ਕੁਝ ਵੀ ਨਹੀਂ ਬੋਲਿਆ ਸੀ | ਉਸ ਦਾ ਚਿਹਰਾ ਤਿਲਮਿਲਾ ਗਿਆ ਸੀ | ਉਸ ਦੇ ਅੰਦਰ ਅਜੀਬ ਤਰ੍ਹਾਂ ਦਾ ਰੋਹ ਉਮੜ ਪਿਆ ਸੀ | ਉਹ ਹੁਣ ਮੇਰੇ ਕੋਲ ਖਲੋਣਾ ਇਕ ਪਲ ਲਈ ਵੀ ਮਾੜਾ ਸਮਝ ਰਿਹਾ ਸੀ | ਇੰਝ ਉਹ ਥੋੜ੍ਹੀ ਦੂਰ ਖੜ੍ਹੀ ਆਪਣੀ ਨਵ-ਵਿਆਹੀ ਵਹੁਟੀ ਨੂੰ ਨਾਲ ਲੈ ਕੇ ਚਲਾ ਗਿਆ ਸੀ | ਮੈਂ ਉਨ੍ਹਾਂ ਵੱਲ ਬਿੱਟ ਬਿੱਟ ਵੇਖਦਾ ਰਿਹਾ |

-255, ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ, ਪਠਾਨਕੋਟ-145023.
ਮੋਬਾਈਲ : 94644-25912.


ਖ਼ਬਰ ਸ਼ੇਅਰ ਕਰੋ

ਨਾਵਲ ਸਿਰਜਣਾ ਦਾ ਉੱਚ ਦੋਮਾਲੜਾ ਬੁਰਜ ਸੀ ਪ੍ਰੋ: ਨਰਿੰਜਨ ਤਸਨੀਮ

ਪਿਛਲੀ ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਸਾਡੇ ਵੱਡ ਵਡੇਰੇ ਪ੍ਰੋ: ਨਰਿੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤਕ, ਇਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਸੀ ਅਸਾਂ ਜਸਵੰਤ ਸਿੰਘ ਕੰਵਲ ਦੀ ਸਦਾਰਤ ਥੱਲੇ |
ਪ੍ਰੋ: ਨਰਿੰਜਨ ਤਸਨੀਮ ਅੰਬਰਸਰ ਵਿਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ 2019 ਨੂੰ ਸ਼ਾਮੀਂ ਚਾਰ ਵਜੇ ਆਖਰੀ ਫ਼ਤਹਿ ਬੁਲਾ ਗਏ |  
ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰ ਕੇ ਆਪ ਨੇ ਉਰਦੂ ਅਤੇ ਪੰਜਾਬੀ ਵਿਚ ਸਾਹਿਤ ਸਿਰਜਣਾ ਆਰੰਭੀ | 1929 ਵਿਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿਚ ਅੰਮਿ੍ਤਸਰ ਦੇ ਕਾਲਜਾਂ ਵਿਚ ਪੜ੍ਹਦਿਆਂ ਹੀ ਉਰਦੂ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਤੋਂ ਹੋਇਆ ਜਦ ਉਨ੍ਹਾਂ ਨੇ ਉਰਦੂ ਵਿਚ ਪਹਿਲਾ ਨਾਵਲ 'ਸੋਗਵਾਰ' ਲਿਖਿਆ | ਇਹ ਨਾਵਲ 1960 ਵਿਚ ਪ੍ਰਕਾਸ਼ਤ ਹੋਇਆ | 1962 ਵਿਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ 'ਮੋਨਾਲੀਜ਼ਾ' ਛਪ ਕੇ ਹਿੰਦ-ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ |  ਤਸਨੀਮ ਨੇ ਪੰਜਾਬੀ ਵਿਚ ਸਾਹਿਤ ਸਿਰਜਣਾ 'ਪਰਛਾਵੇਂ' ਨਾਵਲ ਨਾਲ ਸ਼ੁਰੂ ਕੀਤੀ ਅਤ 1966 ਵਿਚ ਉਨ੍ਹਾਂ ਦਾ ਪਹਿਲਾ ਪੰਜਾਬੀ ਨਾਵਲ 'ਕਸਕ' ਛਪ ਕੇ ਆਇਆ |  ਸਾਲ 2000 ਤੀਕ ਉਨ੍ਹਾਂ ਦੇ 10 ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿਚ ਇਕੋ ਜਿੰਨੀ ਸਲਾਹੀ ਗਈ |  
ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਸਕੀ |  ਪ੍ਰੋ: ਤਸਨੀਮ ਪੰਜਾਬੀ ਭਾਸ਼ਾ ਵਿਭਾਗ ਦੇ ਸਾਹਿੱਤ ਰਤਨ ਪੁਸਕਾਰ ਨਾਲ ਸਨਮਾਨਿਤ ਲੇਖਕ ਸਨ | ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਵਿਚ ਸ: ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਪੰਜਾਬ ਦੇ ਸਿੱਖਿਆ ਮੰਤਰੀ ਸ: ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ | ਭਾਰਤੀ ਸਾਹਿਤ ਅਕਾਡਮੀ ਵਲੋਂ ਤਸਨੀਮ ਹੁਰਾਂ ਨੂੰ 1999 ਵਿਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |  
ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿਚ ਨਿਵਾਜਿਆ |  ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਆਪ 1998-99 ਦੌਰਾਨ ਫੈਲੋ ਰਹੇ |  ਸਾਰੀ ਜ਼ਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ: ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ | ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ | ਅੰਗਰੇਜ਼ੀ ਵਿਚ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ | ਅੰਗਰੇਜ਼ੀ ਅਖ਼ਬਾਰਾਂ ਵਿਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ: ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੁੰ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲਥਾਇਆ ਹੈ | 
ਕਪੂਰਥਲਾ, ਫਰੀਦਕੋਟ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮਾਂ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਵੀ ਪੋਸਟ ਗਰੈਜੂਏਟ ਅੰਗਰੇਜ਼ੀ ਕਲਾਸਾਂ ਪੜ੍ਹਾਉਣ ਦਾ ਮਾਣ ਮਿਲਿਆ ਪਰ ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਸਨ | ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਵਿਸ਼ਾਲ ਨਗਰ ਇਲਾਕੇ ਵਿਚ ਵਸਦੇ ਪ੍ਰੋ: ਤਸਨੀਮ ਉਮਰ ਦੇ 89ਵੇਂ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ |  
ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਉਨ੍ਹਾਂ ਦੇ 10 ਨਾਵਲਾਂ ਦਾ ਇਕੱਠਾ ਖੂਬਸੂਰਤ ਪ੍ਰਕਾਸ਼ਨ ਕਰਨਾ ਪੰਜਾਬੀ ਜ਼ੁਬਾਨ ਲਈ ਸੁਹਾਗਵੰਤਾ ਕਦਮ ਸੀ |  
ਤਸਨੀਮ ਹੁਰਾਂ ਦੇ ਜਾਣ 'ਤੇ ਪੁਰਾਣੇ ਬਜ਼ੁਰਗ ਭਾਈ ਜੋਧ ਸਿੰਘ, ਪ੍ਰੋ: ਮੋਹਨ ਸਿੰਘ , ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ, ਸ. ਸ. ਨਰੂਲਾ, ਕਿ੍ਸ਼ਨ ਅਦੀਬ ਤੇ ਕਈ ਹੋਰ ਚਿਹਰੇ ਯਾਦ ਆ ਰਹੇ ਹਨ, ਜਿਨ੍ਹਾਂ ਦੇ ਹੁੰਦਿਆਂ ਲੁਧਿਆਣਾ ਕਿੰਨਾ ਅਮੀਰ ਹੁੰਦਾ ਸੀ |  ਪ੍ਰੋ: ਮੋਹਨ ਸਿੰਘ ਦੇ ਸ਼ਿਅਰ ਨਾਲ ਗੱਲ ਮੁਕਾਵਾਂਗਾ |  
ਫੁੱਲ ਹਿੱਕ ਵਿਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,  
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ |

-ਮੋਬਾਈਲ : 98726-31199

ਜਲ-ਥਲ ਜਲ-ਥਲ, ਪੂਰਾ ਹਿੰਦੁਸਤਾਨ

ਜੂਨ ਦਾ ਮਹੀਨਾ ਸੀ, ਲੋਕੀਂ ਕੀ ਮਹਾਰਾਸ਼ਟਰ 'ਚ, ਕੀ ਪੰਜਾਬ 'ਚ, ਕੀ ਦੂਜਿਆਂ ਸੂਬਿਆਂ ਵਿਚ, ਤੰਗ ਆਏ ਪਏ ਸਨ ਗਰਮੀ ਤੋਂ | ਕਈ ਥਾੲੀਂ ਤਾਂ ਪਾਰਾ ਐਨਾ ਚੜ੍ਹ ਚੁੱਕਿਆ ਸੀ ਕਿ ਸਾਹ ਲੈਣਾ ਮੁਹਾਲ ਸੀ, ਪੱਖੇ ਕਿਹੜਾ ਘਰ ਹੈ, ਜਿਥੇ ਫੁਲਸਪੀਡ 'ਤੇ ਦਿਨ-ਰਾਤ ਨਹੀਂ ਚਲ ਰਹੇ ਸਨ | ਵੱਡਿਆਂ ਘਰਾਂ 'ਚ ਤਾਂ ਏਅਰ ਕੰਡੀਸ਼ਨਰ ਚਲ ਰਹੇ ਸਨ |
ਗੁਰਦੁਆਰਿਆਂ 'ਚ, ਸੰਗਤ ਦੀ ਸਭ ਤੋਂ ਉੱਤਮ ਸੇਵਾ ਪੱਖਾਂ ਝੱਲਣ ਵਾਲੀ ਸਮਝੀ ਜਾਂਦੀ ਸੀ, ਵੱਡਾ ਹੱਥ ਪੱਖਾ ਦੋਵਾਂ ਹੱਥਾਂ 'ਚ ਲਈ ਕਈ ਸੇਵਾਦਾਰ ਪੱਖਾ ਝੱਲ ਰਹੇ ਹੁੰਦੇ ਸਨ | ਇਸ ਸੇਵਾ ਨੂੰ ਕਿੰਨਾ ਉੱਤਮ ਸਮਝਿਆ ਜਾਂਦਾ ਸੀ |
ਪੱਖਾਂ ਫੇਰਾਂ, ਪਾਣੀ ਢੋਆਂ | ਗਰਮੀਆਂ ਦੀ ਰੁੱਤ 'ਚ ਇਹੀ ਤੇ ਦੋ ਸੇਵਾਵਾਂ ਉੱਤਮ ਹਨ...
ਜਲ ਛਕਾਉਣ, ਹਵਾ 'ਚ ਪੱਖੇ ਨਾਲ ਹਰਕਤ ਕਰਕੇ, ਸੰਗਤ ਨੂੰ ਗਰਮੀ ਤੋਂ ਰਾਹਤ ਪਹੁੰਚਾਉਣੀ |
ਬਿਜਲੀ ਨੂੰ ਸਵਿੱਚ ਦਬਾਓ ਤਾਂ ਹੀ ਪੱਖਾ ਚਲਦਾ ਹੈ ਪਰ ਸਵਿੱਚ ਵਾਰ-ਵਾਰ ਦੱਬਣ 'ਤੇ ਵੀ ਪੱਖਾ ਆਪਣੀ ਥਾਂ ਤੋਂ ਹਿਲਦਾ ਨਹੀਂ ਸੀ, ਬਿਜਲੀ ਗੁੱਲ, ਪੱਖਾ ਵਿਚਾਰਾ ਕੀ ਕਰੇ?
ਇਕ ਵਾਰ ਫਿਰ ਲੋਕੀਂ ਪੱਖੀਆਂ ਫੜ ਲੈਂਦੇ...
ਮਨ ਅੰਦਰੋਂ ਆਵਾਜ਼ ਉਠਦੀ, 'ਹਾਏ ਗਰਮੀ... ਹਾਏ ਗਰਮੀ...' ਕਈ-ਕਈ ਘੰਟੇ ਬਿਜਲੀ ਗੁੱਲ ਰਹਿੰਦੀ... ਕੱਪੜੇ ਪਸੀਨੇ ਨਾਲ ਤਰ-ਬਤਰ ਹੋ ਜਾਂਦੇ | ਸ਼ੁਕਰ ਕਰੀ ਦਾ ਸੀ ਜਦ ਕਈ ਘੰਟਿਆਂ ਮਗਰੋਂ ਬਿਜਲੀ ਆ ਜਾਂਦੀ ਸੀ | ਫਿਰ ਬਿਜਲੀ ਦੇ ਪੱਖੇ... ਮੇਜ਼ 'ਤੇ ਰੱਖਣ ਵਾਲੇ ਵੀ ਆ ਗਏ ਸਨ, ਪੁਰਾਣੇ ਘਰਾਂ 'ਚ ਪੁਰਾਣੇ ਜਿਹੇ ਮੇਜ਼ ਹੁੰਦੇ ਸਨ, ਜਿਨ੍ਹਾਂ ਦੀਆਂ ਚੂਲ੍ਹਾਂ ਹਿੱਲੀਆਂ ਹੁੰਦੀਆਂ ਸਨ... ਪੱਖਾ ਚਲਦਾ ਸੀ ਤਾਂ ਖੂਬ ਜ਼ੋਰ ਨਾਲ ਖੜਖੜ ਮੇਜ਼ ਵੀ ਹਿਲਦਾ ਸੀ | ਸੱਚ ਇਹ ਹੈ ਕਿ ਪੱਖੇ ਦੀ ਆਵਾਜ਼ ਘੱਟ ਆਉਂਦੀ ਸੀ, ਮੇਜ਼ ਖੂਬ ਖੜਖੜ ਕਰਦਾ ਸੀ | ਫਿਰ ਪੱਖੇ ਵੀ ਪੁਰਾਣੇ ਹੋ ਜਾਂਦੇ ਸਨ, ਮੇਜ਼ ਉਹੀਓ ਰਹਿੰਦਾ ਸੀ |
ਹੁਣ ਤਾਂ ਜ਼ਮਾਨਾ ਬਦਲ ਗਿਆ ਹੈ | ਥੋੜ੍ਹੇ ਦਿਨ ਪਹਿਲਾਂ ਮੇਰੇ ਇਕ ਫਿਲਮੀ ਦੋਸਤ ਦੇ ਘਰ ਉਹਦਾ ਇਕ ਪਿਆਰਾ ਮਿੱਤਰ ਸ਼ਾਇਦ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਉਹਨੂੰ ਮਿਲਣ ਆਇਆ ਸੀ | ਦੋਸਤ ਦੇ ਘਰ ਅੱਜ ਵੀ ਛੱਤ 'ਤੇ ਲੱਗੇ ਮਾਡਰਨ ਜਿਹੇ ਪੱਖੇ ਚੱਲ ਰਹੇ ਸਨ | ਜ਼ਿਆਦਾ ਸਾਊਾਡ ਨਹੀਂ ਕਰ ਰਹੇ ਸਨ, ਇੰਗਲੈਂਡ ਵਾਲੇ ਦੋਸਤ ਨੂੰ ਗਰਮੀ ਲੱਗ ਰਹੀ ਸੀ |
ਆਮ ਕਰਕੇ ਜੂਨ ਦੇ ਮਹੀਨੇ ਦੀ 6-7 ਤਾਰੀਖ ਨੂੰ ਮੰੁਬਈ 'ਚ ਪਹਿਲੀ ਬਾਰਿਸ਼ ਹੋ ਜਾਂਦੀ ਹੈ | ਇਸ ਵਾਰ ਠੀਕ 6-7 ਜੂਨ ਨੂੰ ਬਾਰਿਸ਼ ਨੇ ਵਾਅਦਾ ਨਹੀਂ ਨਿਭਾਇਆ | ਲੋਕੀਂ ਗਿਲਾ ਕਰ ਰਹੇ ਸਨ, ਪਤਾ ਨਹੀਂ ਕੀ ਹੋ ਗਿਆ ਹੈ, ਮੌਸਮ ਨੂੰ ਬਰਸਾਤ ਲੇਟ-ਲੇਟ-ਲੇਟ ਹੀ ਹੋ ਰਹੀ ਹੈ | ਗਰਮੀ ਨਾਲ ਜਾਨ ਜਾ ਰਹੀ ਹੈ | ਅਸਮਾਨ ਸਾਫ਼ ਸੀ, ਹੁਣ ਤਾੲੀਂ ਤਾਂ ਬੱਦਲ ਛਾ ਜਾਣੇ ਚਾਹੀਦੇ ਸਨ | ਪਰ ਦੋ ਦਿਨ ਮਗਰੋਂ ਹੀ ਬਾਹਰ ਗਲੀ 'ਚੋਂ ਨਿੱਕੇ ਨਿਆਣਿਆਂ ਦਾ ਖ਼ੁਸ਼ੀ ਭਰਿਆ ਸ਼ੋਰ ਸੁਣਾਈ ਦਿੱਤਾ... ਮਰਾਠੀ 'ਚ ਚਹਿਕ ਰਹੇ ਸਨ, 'ਪਾਊਸ ਆਲਾ... ਪਾਊਸ ਆਲਾ...' (ਭਾਵ ਬਾਰਿਸ਼ ਆ ਗਈ... ਮੀਂਹ ਆ ਗਿਆ) |
ਫਿਰ ਵੇਖਿਆ, ਸੱਚਮੁੱਚ ਉੱਪਰ ਅਸਮਾਨ ਕਾਲੇ ਬੱਦਲਾਂ ਨਾਲ ਭਰਿਆ ਪਿਆ ਹੈ, ਬੱਦਲ ਗਰਜੇ, ਬਿਜਲੀ ਕੜਕੀ, ਝਮਾਝਮਾ... ਬਾਰਿਸ਼ ਹੋ ਗਈ... ਬੱਚੇ ਤਾਂ ਨੰਗ-ਮੁਨੰਗੇ ਬਾਰਿਸ਼ 'ਚ ਭਿਜਦੇ ਨੱਚਣ ਲੱਗੇ | ਉਹ ਮਰਾਠੀ 'ਚ ਓਦਾਂ ਹੀ ਉੱਚੀ-ਉੱਚੀ ਬਾਰਿਸ਼ ਨੂੰ ਖੁਸ਼ਆਮਦੀਦ ਕਹਿ ਰਹੇ ਸਨ, ਜਿਵੇਂ ਪੰਜਾਬ 'ਚ ਏਦਾਂ ਹੀ ਗਲੀਆਂ 'ਚ ਨੱਚਦੇ ਗਾਉਂਦੇ ਸਨ...
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਾ ਦੇ ਜ਼ੋਰੋ-ਜ਼ੋਰ |
ਮੀਂਹ ਐਥੇ ਵੀ ਜ਼ੋਰ ਫੜੀ ਜਾ ਰਿਹਾ ਸੀ, ਮਿੰਟਾਂ-ਸਕਿੰਟਾਂ 'ਚ ਸੁਸਾਇਟੀ 'ਚ ਪਾਣੀ ਭਰ ਗਿਆ | ਬਾਹਰੋਂ ਹੋਰ ਵੀ ਬੱਚੇ ਆ ਕੇ ਨਹਾਉਣ ਲੱਗੇ... ਹੁਣ ਤਾਂ ਰਤਾ ਵੱਡੀ ਉਮਰ ਵਾਲੇ ਮੰੁਡੇ-ਕੁੜੀਆਂ ਵੀ ਆ ਗਏ... ਨਾਲੇ ਘਰੇਲੂ ਸੁਆਣੀਆਂ ਵੀ ਆ ਗਈਆਂ | ਬੁਰੀ ਤਰ੍ਹਾਂ ਭਿੱਜ ਰਹੀਆਂ ਸਨ ਪਰ ਹਰੇਕ ਚਿਹਰੇ 'ਤੇ ਆਨੰਦ ਦਾ ਪ੍ਰਗਟਾਵਾ ਸੀ | ਲੋਕੀਂ ਇਕ-ਦੂਜੇ 'ਤੇ ਹੱਥਾਂ ਨਾਲ ਬੁੱਕ ਭਰ ਭਰ ਕੇ ਮੀਂਹ ਦਾ ਪਾਣੀ ਸੁੱਟ ਰਹੇ ਸਨ |
ਰਾਤ ਪੈ ਗਈ...ਮੀਂਹ ਬੰਦ ਨਹੀਂ ਹੋਇਆ | ਸੱਚਮੁੱਚ ਤਾਪਮਾਨ ਥੋੜ੍ਹਾ ਘੱਟ ਹੋਇਆ, ਕਈ ਦਿਨਾਂ ਬਾਅਦ ਆਰਾਮ ਦੀ ਨੀਂਦ ਆ ਗਈ... ਪਰ ਅਚਾਨਕ ਅੱਧੀ ਰਾਤੀਂ ਬਾਹਰੋਂ ਲੋਕਾਂ ਦਾ ਸ਼ੋਰ ਸੁਣ ਕੇ ਨੀਂਦ ਟੁੱਟ ਗਈ, ਦਰਵਾਜ਼ਾ ਖੋਲ੍ਹ ਕੇ ਵੇਖਿਆ... ਵਿਹੜੇ ਵਿਚ ਪਾਣੀ ਐਨਾ ਭਰ ਗਿਆ ਸੀ ਕਿ ਜਿਨ੍ਹਾਂ ਦੇ ਥੜ੍ਹੇ ਛੋਟੇ ਸਨ, ਉਨ੍ਹਾਂ ਦੇ ਘਰਾਂ 'ਚ ਵੜ ਗਿਆ ਸੀ | ਜਲਮਗਨ-ਜਲਮਗਨ ਸੀ, ਪੂਰੀ ਸੁਸਾਇਟੀ... ਸ਼ੁਕਰ ਹੈ, ਕੁਝ ਕੁ ਘਰਾਂ 'ਚ ਪਾਣੀ ਬਾਹਰ ਕੱਢਣ ਵਾਲੇ ਪੰਪ ਸਨ, ਸਭ ਇਕ-ਦੂਜੇ ਦੀ ਮਦਦ ਕਰ ਰਹੇ ਸਨ, ਪਰ ਪਾਣੀ ਨਾ ਵਧਣਾ ਬੰਦ ਹੋਇਆ ਸੀ, ਨਾ ਘਟਣਾ... ਸਵੇਰੇ ਕਈ ਲੋਕਾਂ ਦੇ ਘਰਾਂ ਦਾ ਫਰਨੀਚਰ ਆਦਿ ਸਭ ਖਰਾਬ ਹੋ ਗਿਆ ਸੀ | ਉਪਰੋਂ ਉਸ ਦਿਨ ਹਾਈ ਟਾਈਡ ਸੀ, ਸਮੰੁਦਰ ਪਾਣੀ ਨੂੰ ਵਸੂਲ ਨਹੀਂ ਰਿਹਾ ਸੀ |
ਸਵੇਰੇ ਕੁਝ ਰਾਹਤ ਮਿਲੀ, ਹੌਲੀ-ਹੌਲੀ ਪਾਣੀ ਘਟਦਾ ਜਾ ਰਿਹਾ ਸੀ, ਪਰ ਦੋ ਦਿਨਾਂ ਮਗਰੋਂ ਫਿਰ ਉਹੀਓ ਹਾਲ |
ਜਿਸ ਰੱਬ ਨੂੰ ਲੋਕੀਂ ਮਿੰਨਤਾਂ, ਤਰਲੇ ਕਰ ਰਹੇ ਸਨ, 'ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ |'
ਉਹਨੂੰ ਹੀ ਸੜ ਬਲ ਕੇ ਕੋਸ ਰਹੇ ਸਨ, 'ਓਏ ਹੁਣ ਬਸ ਵੀ ਕਰ |'
ਪਿਛਲੇ ਜੁਲਾਈ-ਅਗਸਤ 'ਚ ਤਾਂ ਇਉਂ ਮੀਂਹ ਵਰਿਆ ਕਿ ਮੰੁਬਈ ਮਹਾਂਨਗਰ ਦੀਆਂ ਸੜਕਾਂ ਵਗਦੇ ਦਰਿਆ ਬਣੀਆਂ ਹੋਈਆਂ ਸਨ | ਐਨੀ ਬਾਰਿਸ਼, ਇਸ ਵੇਗ ਨਾਲ ਘੱਟ ਹੀ ਹੋਈ ਸੀ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ, ਕਮਰੇ, ਰਸੋਈਆਂ, ਜਲਮਗਨ ਸਨ |
ਮੰੁਬਈ ਮਹਾਂਨਗਰ ਨੂੰ ਛੱਡੋ, ਸਾਰੇ ਮਹਾਰਾਸ਼ਟਰ ਦਾ ਬੁਰਾ ਹਾਲ ਸੀ | ਕਿਹੜਾ ਸ਼ਹਿਰ ਹੈ, ਜਿਥੇ ਹੜ੍ਹਾਂ ਵਾਲਾ ਜਲਥਲ ਨਹੀਂ ਸੀ |
ਹਾਂ ਮਹਾਰਾਸ਼ਟਰ ਦੇ ਮਰਾਠਾਵਾੜ 'ਚ ਪਾਣੀ ਦੀ ਇਕ ਬੰੂਦ ਨਹੀਂ ਟਪਕੀ, ਉਥੇ ਅਜੇ ਵੀ ਸੋਕਾ ਪਿਆ ਹੋਇਆ ਹੈ | ਲੋਕੀਂ ਬਾਰਿਸ਼ ਨੂੰ ਤਰਸ ਰਹੇ ਹਨ |
ਇਹੀ ਹੈ ਕੁਦਰਤ ਦੇ ਚੋਜ |
ਬਾਕੀ ਪੂਰੇ ਹਿੰਦੁਸਤਾਨ ਦੇ ਲਗਪਗ ਹਰ ਸੂਬੇ ਵਿਚ ਬਾਰਿਸ਼ ਨੇ ਇਹੀ ਕਹਿਰ ਵਰਤਾਇਆ ਹੈ | ਤੁਸੀਂ ਟੀ.ਵੀ. 'ਤੇ ਸ਼ਾਖਸ਼ਾਤ ਹਾਲ-ਬੇਹਾਲ ਲੋਕਾਂ ਦਾ ਵੇਖ ਲਿਆ ਹੋਣਾ ਹੈ | ਲੋਕਾਂ ਦੇ ਘਰ ਢਹਿ ਗਏ ਹਨ, ਪੂਰੀਆਂ ਇਮਾਰਤਾਂ ਗਰਕ ਹੋ ਗਈਆਂ ਹਨ, ਹਜ਼ਾਰਾਂ ਜਾਨਾਂ ਪਾਣੀ ਲੈ ਡੁੱਬਾ ਹੈ | ਤੁਸੀਂ ਆਖ ਨਹੀਂ ਸਕਦੇ 'ਪਾਨੀ ਰੇ ਪਾਨੀ ਤੇਰਾ ਰੰਗ ਕੈਸਾ' ਰੰਗ ਤਾਂ ਕੁਦਰਤ ਹੈ, ਮਨੁੱਖ ਨੂੰ ਲਾਹਨਤ ਹੈ, ਹੋਰ ਕੱਟੋ ਜੰਗਲ... ਪੈਸੇ ਦੇ ਲਾਲਚ ਪਿੱਛੇ ਹੋਰ ਖ਼ਤਮ ਕਰੋ ਹਰਿਆਵਲ | ਸੀਮੈਂਟ ਤੇ ਜੰਗਲ ਉਸਾਰੇ ਜੋ... ਇਹ ਹਾਲ ਹੋਣਾ ਹੀ ਸੀ |

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਾਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਕੰਮ ਚਾਹੁਣ ਨਾਲ ਨਹੀਂ ਹੁੰਦੇ, ਕਰਨ ਨਾਲ ਹੁੰਦੇ ਹਨ, ਜਿਵੇਂ ਸੁੱਤੇ ਪਏ ਸ਼ੇਰ ਦੇ ਮੰੂਹ ਵਿਚ ਹਿਰਨ ਕਦੇ ਆਪਣੇ-ਆਪ ਨਹੀਂ ਜਾ ਡਿਗਦਾ |
• ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ |
• ਬਾਜ (ਪੰਛੀ) ਤੋਂ ਵੀ ਕੰਮ/ਮਿਹਨਤ ਕਰਨ ਦੀ ਸਿੱਖਿਆ ਲਈ ਜਾ ਸਕਦੀ ਹੈ ਕਿਉਂਕਿ ਵੇਖਿਆ ਜਾਂਦਾ ਹੈ ਕਿ ਮੀਂਹ (ਬਰਸਾਤ) ਵਿਚ ਸਭ ਪੰਛੀ ਕਿਤੇ ਨਾ ਕਿਤੇ ਪਨਾਹ ਲੈਂਦੇ ਹਨ, ਪਰ ਬਾਜ ਬਦਲਾਂ ਤੋਂ ਉਪਰ ਉਡਾਰੀ ਭਰਦਾ ਰਹਿੰਦਾ ਹੈ |
• ਕਿਸੇ ਕੰਮ ਦੀ ਸ਼ਕਤੀ, ਘਰ-ਪਰਿਵਾਰ ਦੀ ਦਰੁੱਸਤ ਹਾਲਤ ਅਤੇ ਪੂਰਨਤਾ ਤੋਂ ਹਾਸਲ ਕੀਤੀ ਜਾਂਦੀ ਹੈ |
• ਜਿਹੜੇ ਕੋਈ ਕੰਮ ਨਹੀਂ ਕਰਦੇ, ਵਿਹਲੜ ਤੇ ਆਲਸੀ ਕਿਸਮ ਦੇ ਹੁੰਦੇ ਹਨ, ਉਨ੍ਹਾਂ ਬਾਰੇ ਇਹ ਕਹਾਵਤ ਆਮ ਪ੍ਰਚੱਲਿਤ ਹੈ ਕਿ 'ਕੰਮ ਦੇ ਨਾ ਕਾਜ ਦੇ, ਦੁਸ਼ਮਣ ਅਨਾਜ ਦੇ' |
• ਪੰਜਾਬੀ ਦਾ ਇਕ ਇਕ ਪ੍ਰਸਿੱਧ ਸ਼ਾਇਰ ਕੰਮ ਬਾਰੇ ਇੰਜ ਲਿਖਦਾ ਹੈ:
ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇਥੇ ਉਸ ਦਾ ਕੋਈ ਵੀ ਗਮਖ਼ਾਰ ਨਹੀਂ |
ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਵਿਚ ਹੁੰਦੀ ਉਸ ਦੀ ਹਾਰ ਨਹੀਂ |
• ਆਸਾਨ ਤੋਂ ਆਸਾਨ ਕੰਮ ਵੀ ਸ਼ੁਰੂਆਤ 'ਚ ਮੁਸ਼ਕਿਲ ਲਗਦਾ ਹੈ |
• ਕੰਮ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਦਾ ਜੀਵਨ ਸੁਖਮਈ ਹੁੰਦਾ ਹੈ |
• ਗਮ ਅਤੇ ਉਦਾਸੀ ਦਾ ਸਰਬੋਤਮ ਇਲਾਜ ਕੰਮ ਕਾਰ ਵਿਚ ਰੱੁਝੇ ਰਹਿਣਾ ਹੈ |
• ਜਿਥੇ ਕੋਈ ਉੱਦਮ ਨਾ ਹੋਵੇ, ਉਥੇ ਕਿਸੇ ਆਸ ਦੀ ਵੀ ਇੱਛਾ ਨਹੀਂ ਰੱਖਣੀ ਚਾਹੀਦੀ |
• ਕ੍ਰਿਸ਼ਮੇ ਹੁੰਦੇ ਹਨ ਪਰ ਬਿਨਾਂ ਕੰਮ ਤੋਂ ਨਹੀਂ ਹੁੰਦੇ | ਕ੍ਰਿਸ਼ਮਾ ਆਦਿ ਕਰਨ ਲਈ ਹਰ ਵਿਅਕਤੀ ਨੂੰ ਭਾਰੀ ਮਿਹਨਤ ਕਰਨੀ ਪੈਂਦੀ ਹੈ |
• ਉਦਾਰਤਾ ਨਾਲ ਕੀਤਾ ਹਰ ਕੰਮ ਸਵਰਗ ਵੱਲ ਇਕ ਕਦਮ ਹੈ |
• ਕੰਮ ਕਰਨ ਵਾਲੇ ਤੋਂ ਬਿਨਾਂ ਵਿਕਾਸ ਅਤੇ ਖੁਸ਼ਹਾਲੀ ਦੀ ਕਲਪਨਾ ਰੇਤ 'ਚ ਕਿਸ਼ਤੀ ਚਲਾਉਣ ਸਮਾਨ ਹੁੰਦੀ ਹੈ |
• ਸਿੰਘ ਦੀ ਸੂਰਬੀਰਤਾ ਅਤੇ ਫੁੱਲ ਦੀ ਕੋਮਲਤਾ ਵਾਂਗ ਜੀਵਨ ਭਰ ਕੰਮ ਕਰਦੇ ਰਹੋ |
• ਮਨੁੱਖਤਾ ਦੀ ਸੇਵਾ ਤੋਂ ਵਧ ਕੇ ਵੱਡਾ ਕੰਮ ਕੋਈ ਹੋਰ ਨਹੀਂ ਹੋ ਸਕਦਾ |
• ਉੱਦਮ ਕਰਨ ਨਾਲ ਗ਼ਰੀਬੀ ਖਤਮ ਹੋ ਜਾਂਦੀ ਹੈ |
• ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਉਪਦੇਸ਼ ਦਿੱਤਾ ਸੀ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ |
• ਹਰਕਤ ਇਨਸਾਨੀ ਜ਼ਿੰਦਗੀ ਦਾ ਆਧਾਰ ਹੈ | ਜੇਕਰ ਸਾਡਾ ਦਿਲ ਹਰਕਤ ਕਰਨੀ ਬੰਦ ਕਰ ਦੇਵੇ ਤਾਂ ਇਹ ਜਿਸਮ ਖਾਕ ਦੀ ਢੇਰੀ ਹੈ |
• ਰੁਝੇਵੇਂ (ਸਰਗਰਮੀ) ਨਾਲ ਵਿਸ਼ਵਾਸ ਅਤੇ ਸਾਹਸ (ਹੌਸਲਾ) ਆਉਂਦੇ ਹਨ | ਜੇਕਰ ਤੁਸੀਂ ਡਰ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਬਾਹਰ ਨਿਕਲ ਕੇ ਕੰਮ ਵਿਚ ਜੁੱਟ ਜਾਓ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਰਾਹ

ਪਿੰਡੋਂ ਬਾਹਰ ਨਹਿਰ ਦੇ ਪੁਲ 'ਤੇ ਬਣੇ ਡੇਰੇ 'ਚ ਬੈਠੇ ਬਾਬੇ ਦੀ ਹਰ ਪਾਸੇ ਚਰਚਾ ਸੀ | ਅੱਜ ਸਵੇਰੇ ਆਪਣੀ ਪਤਨੀ ਅਮਰੋ ਨੂੰ ਨਿੱਕੀਆਂ-ਨਿੱਕੀਆਂ ਗੰਢਾਂ ਵਾਲੇ ਕਾਲੇ ਧਾਗੇ ਨਾਲ ਬੰਨਿ੍ਹਆ ਬੂਟਾ ਚੁੱਕੀ ਆਉਂਦਿਆਂ ਦੇਖਿਆ ਤਾਂ ਵਿਹੜੇ 'ਚ ਅਲਾਣੀ ਜਿਹੀ ਮੰਜੀ 'ਤੇ ਸੋਚਾਂ 'ਚ ਡੁੱਬਿਆ ਨਾਜਰ ਅੱਗ ਬਬੂਲਾ ਹੋ ਉੱਠਿਆ |
'ਨਾ ਟਲੀ ਤੂੰ ਵੀ, ਚੱਕ ਲਿਆੲੀਂ ਰਿਧੀਆਂ-ਸਿੱਧੀਆਂ ਕਰ ਦੂਣੀ ਚੌਣੀ ਤਰੱਕੀ ਕਰਨ ਵਾਲਾ ਵਿਹੜੇ 'ਚ ਲਾਉਣ ਨੂੰ |'
'ਅਸੀਂ ਰੋਜ਼ ਤਰਕਸ਼ੀਲਾਂ ਦੇ ਨਾਲ ਲੋਕਾਂ 'ਚ ਭਕਾਈ ਮਾਰਦੇ ਫਿਰਦੇ ਆਂ ਕਿ ਭਾਈ ਨਾ ਫਸਿਓ ਇਨ੍ਹਾਂ ਪਾਖੰਡੀਆਂ ਦੇ ਜਾਲ 'ਚ | ਪਰ ਇਥੇ ਸੁਣਦਾ ਕੋਈ ਸਾਡੀ ਗੱਲ? ਕੋਈ ਨੀਂ ਅੱਜ ਹੀ ਚਕਾਉਨਾ ਡੰਡਾ ਡੇਰਾ ਇਸ ਬੂਬਨੇ ਦਾ ਜਿਹੜਾ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ |'
ਦਿਨ ਚੜ੍ਹਦੇ ਨਾਲ ਨਾਜਰ ਪਿੰਡ ਦੇ ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਉਥੇ ਜਾ ਪਹੁੰਚਿਆ | ਰੋਹ 'ਚ ਆਏ ਬੰਦਿਆਂ ਨੂੰ ਦੇਖ ਸਾਧ ਅੱਗੋਂ ਬੜੀ ਨਿਮਰਤਾ ਨਾਲ ਪੇਸ਼ ਆਇਆ, ਕਹਿੰਦਾ, 'ਭਾਈ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਫੇਰ ਜੋ ਮਰਜ਼ੀ ਐ ਕਰ ਲੈਣਾ | ਪੁੱਠੀ ਦੁਨੀਆ ਨੂੰ ਸਿੱਧੇ ਰਾਹ ਪਾਉਣਾ ਬੜਾ ਔਖਾ ਕੰਮ ਐ | ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਇਸ ਕੰਮ 'ਤੇ, ਪਰ ਕਿਸੇ ਦੇ ਕੰਨ 'ਤੇ ਜੰੂ ਨੀਂ ਸਰਕੀ | ਮੇਰਾ ਮਕਸਦ ਤਾਂ ਵੱਧ ਤੋਂ ਵੱਧ ਵਾਤਾਵਰਨ ਨੂੰ ਸਾਫ਼ ਰੱਖਣ ਦਾ ਏ, ਇਹੋ ਜਿਹੇ ਬੂਟੇ ਲਾ ਕੇ | ਪਹਿਲਾਂ ਮੇਰੇ ਕਹੇ 'ਤੇ ਕੋਈ ਇਕ ਬੂਟਾ ਨਹੀਂ ਸੀ ਲਾਉਂਦਾ | ਜਦੋਂ ਤੋਂ ਆਪਣਾ ਪਿੰਡ ਛੱਡ ਆਹ ਭਗਵਾਂ ਭੇਸ ਧਾਰਿਆ ਹੈ ਤਾਂ ਬੂਟੇ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਨੇ |'
ਇਹ ਸੁਣ ਨਾਜਰ ਸਿੰਘ ਆਏ ਬੰਦਿਆਂ ਦੀ ਜਿਵੇਂ ਜੁਬਾਨ ਠਾਕੀ ਗਈ ਹੋਵੇ | ਉਹ ਚੁੱਪ-ਚਾਪ ਉਹਨੀਂ ਪੈਰੀਂ ਪਿੰਡ ਵੱਲ ਨੂੰ ਜਾਂਦੇ ਰਾਹ ਪੈ ਗਏ |

-ਪਿੰਡ ਤੇ ਡਾਕ: ਕੋਹਾੜਾ, ਜ਼ਿਲ੍ਹਾ ਲੁਧਿਆਣਾ-141112. ਫੋਨ : 84370-48523.

ਏ. ਟੀ. ਐਮ.

ਮੈਂ ਤੇ ਮੇਰੀ ਬੇਟੀ ਬਾਜ਼ਾਰ ਕੁਝ ਸਾਮਾਨ ਖਰੀਦਣ ਜਾ ਰਹੇ ਸੀ | ਅਚਾਨਕ ਰਸਤੇ ਵਿਚ ਯਾਦ ਆਇਆ ਕਿ ਬਟੂਆ ਤਾਂ ਮੈਂ ਘਰ ਹੀ ਭੁੱਲ ਆਇਆ ਹਾਂ | ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਸੀ ਕਿ ਹੁਣ ਕੀ ਕਰਾਂਗੇ ਫਿਰ ਦੁਬਾਰਾ ਪੈਸੇ ਲੈਣ ਲਈ ਘਰ ਜਾਣਾ ਪਵੇਗਾ | ਘਰ ਤੋਂ ਅਸੀਂ ਕਾਫੀ ਦੂਰ ਨਿਕਲ ਆਏ ਸੀ | ਫਿਰ ਇਕਦਮ ਯਾਦ ਆਇਆ ਕਿ ਕੱਲ੍ਹ ਮੈਂ ਆਫਿਸ ਤੋਂ ਵਾਪਸ ਆਉਂਦਿਆਂ ਗੱਡੀ ਵਿਚ ਪੈਟਰੋਲ ਪੁਆਇਆ ਸੀ ਤੇ ਮੈਂ ਪੇਮੈਂਟ ਏ. ਟੀ. ਐਮ. ਰਾਹੀਂ ਕੀਤੀ ਸੀ 'ਤੇ ਉਹ ਏ. ਟੀ. ਐਮ. ਵਾਪਸ ਮੈੈਂ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ ਸੀ | ਮੈਂ ਦੇਖਿਆ ਤਾਂ ਉਹ ਉਥੇ ਹੀ ਪਿਆ ਸੀ | ਮੇਰੀ ਜਾਨ ਵਿਚ ਜਾਨ ਆਈ | ਬੇਟੀ ਨੇ ਮੇਰੇ ਵੱਲ ਵੇਖ ਕੇ ਕਿਹਾ ਕਿ ਪਾਪਾ ਤੁਸੀਂ ਐਵੇਂ ਘਬਰਾ ਰਹੇ ਸੀ | ਦੇਖੋਂ ਅਸੀਂ ਕਿੰਨੀ ਤਰੱਕੀ ਕਰ ਲਈ ਹੈ | ਅੱਜ ਏ.ਟੀ.ਐਮ. ਕਾਰਡ ਰਾਹੀਂ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪੈਸੇ ਕਢਵਾ ਲਵੋਂ ਜਾਂ ਫ਼ਿਰ ਕਿਸੇ ਹੋਰ ਕੰਮ ਲਈ ਵਰਤ ਲਵੋ | ਫਲਾਣਾ ਟਾਈਮ ਹੁੰਦਾ ਤਾਂ ਤੁਸੀਂ ਸੋਚ ਸਕਦੇ ਕਿ ਕੀ ਹੁੰਦਾ | ਸਾਨੂੰ ਪੈਸੇ ਲੈਣ ਲਈ ਘਰ ਵਾਪਸ ਜਾਣਾ ਪੈਂਦਾ | ਮੈਂ ਕਿਹਾ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਏ.ਟੀ.ਐਮ. ਪੁਰਾਣੇ ਟਾਈਮ ਤੇ ਹੁੰਦੇ ਸੀ ਫਰਕ ਸਿਰਫ਼ ਇੰਨਾ ਸੀ ਕਿ ਉਨ੍ਹਾਂ ਏ.ਟੀ.ਐਮ. ਦੇ ਨਾਲ ਵੱਡੀਆਂ-ਵੱਡੀਆਂ ਜ਼ਰੂਰਤਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਸਨ ਪਰ ਹਾਂ ਛੋਟੀਆਂ-2 ਲੋੜਾਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਸਨ | ਮੇਰੀਆਂ ਗੱਲਾਂ ਸੁਣ ਕੇ ਮੇਰੀ ਬੇਟੀ ਦੀ ਹੈਰਾਨਗੀ ਵਧਦੀ ਜਾ ਰਹੀ ਸੀ | ਉਸ ਨੇ ਕਿਹਾ ਪਾਪਾ ਤੁਸੀਂ ਸੱਚੀ ਕਹਿ ਰਹੇ ਹੋ ? ਮੈਂ ਕਿਹਾ ਹਾਂ ਪੁੱਤਰ ਸੱਚੀਂ-ਮੁੱਚੀ, ਉਸ ਨੇ ਫ਼ਿਰ ਕਿਹਾ ਪਾਪਾ ਉਹ ਕਿਵੇਂ? ਪੁੱਤਰ ਤੇਰੇ ਬੀਜੀ ਦੇ ਦੁਪੱਟੇ ਦੀ ਨੁੱਕਰ ਵਿਚ ਇਕ ਗੰਢ ਬੱਝੀ ਹੁੰਦੀ ਸੀ ਜਿਸ ਵਿਚ ਹਮੇਸ਼ਾ ਕੁਝ ਪੈਸੇ ਬੱਝੇ ਰਹਿੰਦੇ ਸਨ | ਲੋੜ ਪੈਣ 'ਤੇ ਸਾਡੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਉਨ੍ਹਾਂ ਪੈਸਿਆਂ ਨਾਲ ਪੂਰੀਆਂ ਹੋ ਜਾਂਦੀਆਂ ਤੇ ਕਈ ਵਾਰ ਵੱਡੀਆਂ ਵੀ | ਮੈਂ ਕਿਹਾ ਹੋਇਆ ਨਾ ਸਾਡੇ ਬੀਜੀ ਦਾ ਦੁਪੱਟਾ ਪੁਰਾਣੇ ਜ਼ਮਾਨੇ ਦਾ ਏ.ਟੀ.ਐਮ., ਬੇਟੀ ਇਹ ਸੁਣ ਕੇ ਹੱਸ ਪਈ ਸੀ | ਹੱਸਦਿਆਂ-ਹੱਸਦਿਆਂ ਉਸ ਨੇ ਕਿਹਾ ਕਿ ਪਾਪਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਸ ਏ.ਟੀ.ਐਮ. ਯਾਨਿ ਕਿ ਬੀਜੀ ਦੇ ਦੁਪੱਟੇ ਵਿਚੋਂ ਕੋਈ ਵੀ ਪੈਸੇ ਕੱਢ ਸਕਦਾ ਸੀ ਪਰ ਹੁਣ ਵਾਲੇ ਏ.ਟੀ.ਐਮ. 'ਤੇ ਪਾਸਵਰਡ ਹੁੰਦਾ ਹੈ | ਫ਼ਰਕ ਹੋਇਆ ਕਿ ਨਾ? ਮੈਂ ਹੱਸ ਕੇ ਕਿਹਾ ਹਾਂ ਪੁੱਤਰ ਤੂੰ ਠੀਕ ਕਹਿ ਰਹੀ ਹੈਂ ਪਰ ਪਾਸਵਰਡ ਉਂਦੋਂ ਵੀ ਹੁੰਦਾ ਸੀ ਉਸ ਨੇ ਪੁੱਛਿਆ ਉਹ ਕਿਵੇਂ? ਮੈਂ ਕਿਹਾ ਪੁੱਤਰ ਬੀਜੀ ਵਲੋਂ ਘੁੱਟ ਕੇ ਦੁਪੱਟੇ ਨੂੰ ਦਿੱਤੀਆਂ ਗੱਢਾਂ ਹੀ ਉਸਦਾ ਪਾਸਵਰਡ ਹੁੰਦਾ ਸੀ ਜਿਸ ਨੂੰ ਖੋਲ੍ਹਣਾ ਸਾਡੇ ਬੱਚਿਆਂ ਦੇ ਵੱਸ ਦੀ ਗੱਲ ਨਹੀਂ ਸੀ ਹੁੰਦੀ | ਬਸ ਫ਼ਰਕ ਸਿਰਫ਼ ਏਨਾ ਸੀ ਕਿ ਬੀਜੀ ਵਾਲੇ ਏ.ਟੀ.ਐਮ. ਦਾ ਖਾਤਾ ਦਿਲ ਦੇ ਨਾਲ ਜੁੜਿਆ ਹੁੰਦਾ ਸੀ | ਅੱਜਕਲ੍ਹ ਦੇ ਏ.ਟੀ.ਐਮ. ਦਾ ਖਾਤਾ ਬੈਂਕਾਂ ਦੇ ਨਾਲ ਜੁੜਿਆ ਹੁੰਦਾ ਹੈ | ਸ਼ਾਇਦ ਉਹ ਇਸ ਗੱਲ ਨੂੰ ਸਮਝ ਸਕੀ ਹੋਵੇ ਜਾਂ ਨਾ ਮੈਨੂੰ ਨਹੀਂ ਪਤਾ ਪਰ ਮੈਂ ਇਹ ਕਹਿ ਕੇ ਗੱਡੀ ਤੋਰ ਲਈ |

-2974, ਗਲੀ ਨੰ: 1, ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ, ਅੰਮਿ੍ਤਸਰ |
ਮੋਬਾਈਲ : 98552-50502

ਦਿਲ 'ਚ ਵਾਸਾ

ਘਰ ਦਾ ਪਲੱਸਤਰ ਹੋ ਰਿਹਾ ਸੀ | ਮਿਸਤਰੀ ਮੇਰੇ ਸੁਭਾਅ ਨੂੰ ਭਾਂਪਦਿਆਂ ਬੋਲਿਆ, 'ਮਾਸਟਰ ਜੀ, ਇਕ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲਿਆ ਦਿਓ, ਆਪਣੇ ਮੇਨ ਗੇਟ ਦੇ ਉੱਪਰ ਫਿਟ ਕਰ ਦਿਆਂਗੇ |'
ਮੈਂ ਮਿਸਤਰੀ ਦੀ ਇਹ ਕਹੀ ਗੱਲ ਅਣਸੁਣੀ ਕਰ ਕੇ ਕਿਸੇ ਹੋਰ ਕੰਮ ਵੱਲ ਧਿਆਨ ਮੋੜ ਲਿਆ | ਮਿਸਤਰੀ ਇਹ ਸਮਝਿਆ ਕਿ ਮਾਸਟਰ ਜੀ ਨੇ ਮੇਰੀ ਗੱਲ ਸੁਣੀ ਨਹੀਂ ਜਾਂ ਭੁੱਲ 'ਗੇ |
ਚੱਲਦੇ ਕੰਮ ਵਿਚ ਚਾਹ ਪੀ ਕੇ ਇਕ ਪਾਸੇ ਗਿਲਾਸ ਰੱਖਦਾ ਮਿਸਤਰੀ ਫਿਰ ਬੋਲਿਆ, 'ਮਾਸਟਰ ਜੀ ਚੌਧਰੀਆਂ ਦੀ ਦੁਕਾਨ ਤੋਂ ਧਾਰਮਿਕ ਰਹਿਬਰ ਦੀ ਗਲੇਜ਼ਡ ਟਾਈਲ ਲੈ ਆਓ, ਆਪਣੇ ਮੇਨ ਗੇਟ ਦੇ ਮੱਥੇ 'ਤੇ ਫਿਟ ਕਰ ਦਿਆਂਗੇ |'
ਮੈਂ ਹੁਣ ਵੀ ਚੁੱਪ ਰਿਹਾ | ਮੇਰੇ ਮੰੂਹ ਵੱਲ ਤੱਕਦਾ ਮਿਸਤਰੀ ਦੁਬਾਰਾ ਬੋਲਿਆ, 'ਕਿਉਂ ਮਾਸਟਰ ਜੀ ਵਧੀਆ ਲੱਗੂ... |'
ਮਿਸਤਰੀ ਸਾਹਬ ਜੀ ਜਿਨ੍ਹਾਂ ਦੀ ਤਸਵੀਰ ਤੁਸੀਂ ਘਰ ਦੇ ਮੇਨ ਗੇਟ 'ਤੇ ਲਾਉਣ ਬਾਰੇ ਕਹਿ ਰਹੇ ਹੋ, ਉਹ ਤਾਂ ਸਾਡੇ ਹਿਰਦੇ ਵਿਚ ਵਸਦੇ ਐ | ਇਉਂ ਲਾਉਣ ਤਾਂ ਦਿਖਾਵੇਬਾਜ਼ੀ ਹੋ ਜਾਵੇਗੀ ਤੇ ਫਿਰ ਆਪਾਂ ਉਨ੍ਹਾਂ ਤਸਵੀਰਾਂ ਦੀ ਬੇਅਦਬੀ ਕਰਦੇ ਹਾਂ | ਕਿੰਨਾ ਉੱਚਾ ਨੀਵਾਂ ਝੂਠ ਤੂਫਾਨ ਬੋਲਦੇ ਆਂ, ਇਹਦੇ ਨਾਲੋਂ ਤਾਂ ਚੰਗਾ ਹੈ ਕਿ... |'
ਮਿਸਤਰੀ ਨੇ ਮੋੜਵਾਂ ਹੁੰਗਾਰਾ ਭਰਦਿਆਂ ਕਿਹਾ, 'ਮਾਸਟਰ ਜੀ ਗੱਲ ਕਰਨ ਦਾ ਸੁਆਦ ਹੀ ਆ ਗਿਆ | ਗੱਲ ਤਾਂ ਤੁਹਾਡੀ ਖਰੀ ਤੇ ਸਹੀ ਹੈ... ਐਨਾ ਕਹਿ ਮੁੜ ਮਿਸਤਰੀ ਕੰਮ 'ਚ ਰੁਝ ਗਿਆ |

-ਸ਼ਿਵਪੁਰੀ, ਧੂਰੀ (ਪੰਜਾਬ) | ਮੋਬਾਈਲ : 094646-97781.

ਕੰਮ

• ਕਿਸੇ ਵੀ ਜੀਵ ਨੂੰ , ਉਸ ਦੇ ਆਲ੍ਹਣੇ ਵਿਚ ਖਾਣ ਨੂੰ ਨਹੀਂ ਮਿਲਦਾ | ਸਭ ਨੂੰ ਆਪਣੇ ਆਲ੍ਹਣੇ ਤੋਂ ਬਾਹਰ ਆ ਕੇ ਖੁਰਾਕ ਦੀ ਭਾਲ ਕਰਨ ਲਈ, ਹੱਥਾਂ-ਪੈਰਾਂ ਨੂੰ ਹਰਕਤ ਵਿਚ ਲਿਆਉਣਾ ਹੀ ਪੈਂਦਾ ਹੈ | ਇਹ ਹਰਕਤ ਹੀ ਕੰਮ ਹੈ |
• ਬਿਨਾਂ ਕੋਸ਼ਿਸ਼ ਦੇ ਸਰੀਰਕ ਜਾਂ ਬੌਧਿਕ ਰੂਪ ਨਾਲ ਕੋਈ ਵਿਕਾਸ ਨਹੀਂ ਹੁੰਦਾ ਅਤੇ ਕੋਸ਼ਿਸ਼ ਦਾ ਅਰਥ ਹੈ ਕੰਮ |
• ਸਾਡਾ ਕੰਮ ਸਾਡੀਆਂ ਸਮਰੱਥਾਵਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ |
• ਕੰਮ ਉਹ ਵਸਤੂ ਨਹੀਂ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਹਾਰ ਹੁੰਦੀ ਹੈ | ਅਸਲ ਵਿਚ ਉਹ ਵਸਤੂ ਚਿੰਤਾ ਹੈ |
• ਸ਼ੁਭ ਸਮਾਂ ਸ਼ੁਰੂ ਹੋਣ ਨਾਲ ਕੰਮ ਸ਼ੁਭ ਨਹੀਂ ਹੁੰਦਾ ਸਗੋਂ ਕੰਮ ਸ਼ੁਰੂ ਹੋਣ ਨਾਲ ਸਮਾਂ ਸ਼ੁਭ ਹੋ ਜਾਂਦਾ ਹੈ | ਕੰਮ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਹੈ | ਕੰਮ ਤੋਂ ਬਿਨਾਂ ਜ਼ਿੰਦਗੀ ਜਿਊਣ ਯੋਗ ਨਹੀਂ ਰਹਿੰਦੀ |
• ਮਨੁੱਖ ਦੇ ਕਰਮ (ਕੰਮ) ਉਸ ਦੇ ਵਿਚਾਰਾਂ ਦੀ ਸਭ ਤੋਂ ਵੱਡੀ ਵਿਆਖਿਆ ਹੈ |
• ਕਰਮ ਉਹ ਸ਼ੀਸ਼ਾ ਹੈ ਜੋ ਸਾਡਾ ਸਰੂਪ ਸਾਨੂੰ ਦਿਖਾ ਦਿੰਦਾ ਹੈ | ਇਸ ਲਈ ਸਾਨੂੰ ਕਰਮ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ |
• ਇਨਐਕਸ਼ਨ ਤੋਂ ਸ਼ੱਕ ਅਤੇ ਡਰ ਪੈਦਾ ਹੁੰਦਾ ਹੈ | ਐਕਸ਼ਨ ਤੋਂ ਵਿਸ਼ਵਾਸ ਅਤੇ ਹੌਸਲਾ ਪੈਂਦਾ ਹੁੰਦਾ ਹੈ | ਜੇ ਤੁਸੀਂ ਡਰ ਤੇ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਸ ਬਾਰੇ ਘਰ ਬਹਿ ਕੇ ਨਾ ਸੋਚੋ, ਬਾਹਰ ਨਿਕਲੋ ਅਤੇ ਕੰਮ ਵਿਚ ਰੁਝ ਹੋ ਜਾਓ |
• ਕੰਮ ਦੀਆਂ ਕਿਸਮਾਂ : ਮਿਹਨਤ ਮਜ਼ਦੂਰੀ ਵਾਲਾ ਕੰਮ, ਕਿਸਾਨੀ ਕੰਮ, ਪੜ੍ਹਾਉਣ ਦਾ ਕੰਮ, ਕਲੈਰੀਕਲ ਕੰਮ, ਚੰਗਾ-ਮਾੜਾ ਕੰਮ, ਵੱਡਾ-ਛੋਟਾ ਕੰਮ, ਅਫਸਰੀ ਕੰਮ ਆਦਿ |
• ਵੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ | ਇਕ ਉਹ ਜੋ ਕੰਮ ਕਰਦੇ ਹਨ ਤੇ ਦੂਸਰੇ ਉਹ ਜੋ ਕੰਮ ਕਰਨ ਦਾ ਦਾਅਵਾ ਕਰਦੇ ਹਨ | ਮੇਰੇ ਖਿਆਲ ਵਿਚ ਪਹਿਲੀ ਕਿਸਮ ਦੇ ਲੋਕਾਂ 'ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
• ਸਿਆਣਿਆਂ ਦਾ ਕਹਿਣਾ ਹੈ ਕਿ ਸੋਹਣਾ ਉਹ ਜੋ ਸੋਹਣੇ ਕੰਮ ਕਰੇ | ਸਾਡੇ ਸਮਾਜ ਵਿਚ ਚੰਮ ਕਰਕੇ ਸੋਹਣੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਕੰਮ ਕਰਕੇ ਸੋਹਣਿਆਂ ਦੀ ਗਿਣਤੀ ਘੱਟ ਹੁੰਦੀ ਹੈ |
• ਉਹੀ ਕੰਮ ਸ਼੍ਰੇਸ਼ਠ ਹੁੰਦਾ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਆਨੰਦ ਹਾਸਲ ਹੋਵੇ |
• ਜਿਹੜਾ ਕੰਮ ਤੁਹਾਨੂੰ ਸਾਰਿਆਂ ਤੋਂ ਲੁਕਾ ਕੇ ਕਰਨਾ ਪਵੇ, ਉਸ ਕੰਮ ਨੂੰ ਕਰਨਾ ਹੀ ਨਹੀਂ ਚਾਹੀਦਾ |
• ਉਹ ਕੰਮ ਜਿਹੜੇ ਸਾਨੂੰ ਮਜਬੂਰੀਵਸ, ਮਿਥੇ ਸਮੇਂ 'ਤੇ ਖਾਸ ਤਰੀਕੇ ਨਾਲ ਕਰਨੇ ਪੈਂਦੇ ਹਨ, ਉਨ੍ਹਾਂ ਵਿਚ ਸਾਨੂੰ ਥਕਾਵਟ ਦਾ ਅਹਿਸਾਸ ਹੁੰਦਾ ਹੈ |
• ਸਭ ਤੋਂ ਔਖਾ ਕੰਮ ਹੱਥ ਬਚਾ ਕੇ ਕੰਡਿਆਂ ਵਿਚੋਂ ਫੁੱਲ ਤੋੜਨਾ ਹੈ |
• ਅੱਠ ਘੰਟਿਆਂ ਤੋਂ ਵੱਧ ਸੌਣਾ/ਆਰਾਮ ਕਰਨਾ ਸਿਹਤ ਪੱਖੋਂ ਵੀ ਨੁਕਸਾਨਦੇਹ ਹੈ | ਇਸ ਲਈ 16 ਘੰਟੇ ਕੰਮ ਕਰਨਾ ਜ਼ਰੂਰੀ ਹੈ |
• ਕੰਮ ਕਰਨ ਦੀ ਸਿੱਖਿਆ ਕੀੜੀ ਤੋਂ ਲੈਣੀ ਚਾਹੀਦੀ ਹੈ | ਕੀੜੀ ਕੰਮ ਬਹੁਤ ਕਰਦੀ ਹੈ ਪਰ ਖਾਮੋਸ਼ ਰਹਿੰਦੀ ਹੈ |
• ਜੇਕਰ ਕੋਈ ਮਸ਼ੀਨ ਲਗਾਤਾਰ ਖੜ੍ਹੀ ਰਹੇ ਤਾਂ ਉਹ ਵੀ ਖਰਾਬ ਹੋ ਜਾਂਦੀ ਹੈ | ਹਰਕਤ ਵਿਚ ਹੀ ਬਰਕਤ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਮਿੰਨੀ ਕਹਾਣੀ ਗੰਡ ਗੰਡੋਏ

ਜਸਵੀਰ ਸਿੰਘ ਨੇ ਆਪਣੇ ਮਿੱਤਰ ਜਸਦੇਵ ਸਿੰਘ ਨੂੰ ਪੁੱਛਿਆ, 'ਤੁਹਾਡੇ ਪਿੰਡ ਵਿਚ ਅੱਜ ਸੁਰਜੀਤ ਸਿੰਘ ਦਾ ਭੋਗ ਸੀ | ਮੈਂ ਤੁਹਾਨੂੰ ਉਥੇ ਵੇਖਿਆ ਨਹੀਂ, ਕੀ ਗੱਲ ਪਤਾ ਹੀ ਨ੍ਹੀਂ ਲੱਗਾ'? 'ਦਰਅਸਲ ਮੈਂ ਗੰਡ ਗੰਡੋਇਆਂ ਦੇ ਭੋਗ 'ਤੇ ਨਹੀਂ ਜਾਂਦਾ' | ਜਸਦੇਵ ਸਿੰਘ ਨੇ ਜਵਾਬ ਦਿੱਤਾ | 'ਮੈਂ ਸਮਝਿਆ ਨਹੀਂ ਗੰਡ ਗੰਡੋਇਆਂ ਬਾਰੇ ਖੁੱਲ੍ਹ ਕੇ ਦੱਸੋ ਇਹ ਕੀ ਹੁੰਦੇ ਹਨ'? 'ਅਸਲ ਵਿਚ ਕੁਝ ਲੋਕ ਮਰਕੇ ਵੀ ਜਿਊਾਦੇ ਹਨ ਕੁੱਝ ਜਿਊਾਦੇ ਵੀ ਮਰੇ ਹੁੰਦੇ ਹਨ | ਜੋ ਲੋਕ ਮਰ ਕੇ ਜਿਊਾਦੇ ਹਨ ਮੈਂ ਉਹਨਾਂ ਦੇ ਇਕਲੇ ਭੋਗ ਤੇ ਹੀ ਨਹੀਂ ਜਾਂਦਾ ਬਲਕਿ ਸਸਕਾਰ ਅਤੇ ਫੁੱਲਾਂ ਤੇ ਵੀ ਜਾਂਦਾ ਹਾਂ, ਬਾਅਦ ਵਿਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਦੁਖ–ਸੁਖ ਵੀ ਉਸ ਪਰਿਵਾਰ ਦੇ ਕੰਮ ਆ ਸਕਾਂ | ਪਰ ਜੋ ਲੋਕ ਜਿਊਾਦੇ ਹੀ ਮਰੇ ਹੁੰਦੇ ਹਨ ਉਹਨਾਂ ਦਾ ਕਾਹਦਾ ਦੁੱਖ ਕਾਹਦਾ ਸਸਕਾਰ ਅਤੇ ਕਾਹਦਾ ਭੋਗ ਹੁੰਦਾ ਹੈ' |
ਜਸਵੀਰ ਸਿੰਘ ਨੇ ਜਸਦੇਵ ਸਿੰਘ ਨੂੰ ਆਖਿਆ, 'ਫਿਲਾਸਫੀ ਜਿਹੀ ਨਾ ਘੋਟ ਸਰਲ ਸ਼ਬਦਾਂ ਵਿਚ ਦੱਸ ਜਿਊਾਦੇ ਮਰੇ ਤੋਂ ਕੀ ਭਾਵ ਹੈ'? 'ਜਿਊਾਦੇ ਮਰੇ ਤੋਂ ਭਾਵ ਹੈ ਕਿ ਗੰਡ ਗੰਡੋਇਆਂ ਵਾਂਗਰ ਇਕ ਥਾਂ ਪੈਦਾ ਹੁੰਦੇ ਹਨ ਉਥੇ ਹੀ ਮਰ ਜਾਂਦੇ ਹਨ | ਯਾਨਿ ਕਿ ਸਮਾਜ, ਕੌਮ ਅਤੇ ਦੇਸ਼ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀਂ ਹੁੰਦਾ, ਕਿਸੇ ਗਰੀਬ ਗੁਰਬੇ ਦੇ ਉਹ ਕੰਮ ਨਹੀਂ ਆਉਂਦੇ, ਕੰਮ ਆਉਣਾ ਤਾਂ ਦੂਰ ਦੀ ਗੱਲ ਉਹ ਫੋਕੀ ਹਮਦਰਦੀ ਵੀ ਨਹੀਂ ਜਤਾ ਸਕਦੇ | ਹੱਕ, ਸੱਚ, ਨਿਆਂ 'ਤੇ ਉਹ ਖੜ੍ਹ ਨਹੀਂ ਸਕਦੇ ਬੋਲ ਨਹੀਂ ਸਕਦੇ ਲੜਨਾ ਮਰਨਾ ਤਾਂ ਦੂਰ ਦੀ ਗੱਲ ਹੈ | ਅਜਿਹੇ ਲੋਕਾਂ ਦੇ ਚਲੇ ਜਾਣ 'ਤੇ ਤਾਂ ਧਰਤੀ ਮਾਂ ਵੀ ਸ਼ੁਕਰ ਮਨਾਉਂਦੀ ਹੋਵੇਗੀ ਕਿ ਕਿਸੇ ਇਕ ਅਕਿ੍ਤਘਣ ਦਾ ਭਾਰ ਤਾਂ ਮੇਰੇ ਤੋਂ ਘਟਿਆ ਹੈ | ਸੋ ਏਸੇ ਕਰਕੇ ਤੁਸੀਂ ਸਮਝ ਹੀ ਗਏ ਹੋਵੋਂਗੇ ਕਿ ਮੈਂ ਗੰਡ ਗੰਡੋਇਆਂ ਦੇ ਭੋਗ 'ਤੇ ਕਿਉਂ ਨਹੀਂ ਜਾਂਦਾ' | ਜਸਵੀਰ ਸਿੰਘ ਦੀ ਹੁਣ ਪੂਰੀ ਤਰ੍ਹਾਂ ਸੰਤੁਸ਼ਟੀ ਹੋ ਚੁੱਕੀ ਸੀ |

-ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ) ਮੋਬਾਈਲ : 9463542896.

ਕਹਾਣੀ ਦਰਾੜ

ਪੰਮੀ ਰਾਤ ਨੂੰ ਆਪਣੇ ਬਿਸਤਰੇ 'ਤੇ ਪਈ ਕੰਧ 'ਚ ਪਈ ਦਰਾੜ ਵੱਲ ਬੜੇ ਹੀ ਗਹੁ ਨਾਲ ਵੇਖ ਰਹੀ ਸੀ | ਉਸ ਨੂੰ ਵਾਰ-ਵਾਰ ਮਿਸਤਰੀ ਦੇ ਸ਼ਬਦ ਯਾਦ ਆ ਰਹੇ ਸਨ, ਇਹ ਦਰਾੜ ਤਾਂ ਸੀਮੈਂਟ ਦੀ ਉਪਰਲੀ ਤਹਿ 'ਤੇ ਹੀ ਹੈ, ਵੈਸੇ ਵਿਚੋਂ ਜੋੜ ਮਜ਼ਬੂਤ ਹੈ | ਕਈ ਵਾਰ ਬਾਹਰਲੀ ਗਰਮੀ-ਸਰਦੀ ਕਰਕੇ ਦੋ ਕੰਧਾਂ ਦੇ ਜੋੜ 'ਤੇ ਕੀਤੇ ਸੀਮੈਂਟ ਵਿਚ ਪਾੜ ਪੈ ਹੀ ਜਾਂਦਾ ਹੈ |
ਪੰਮੀ ਦੇ ਵਿਆਹ ਨੂੰ ਦੋ ਸਾਲ ਹੋ ਗਏ ਸਨ ਅਤੇ ਸਾਲ ਭਰ ਤੋਂ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ | ਉਸ ਦੀ ਜ਼ਿੰਦਗੀ ਵਿਚ ਚੱਲੀਆਂ ਗਰਮ-ਸਰਦ ਹਵਾਵਾਂ ਦੇ ਬੁੱਲਿ੍ਹਆਂ ਨਾਲ ਯਾਦਾਂ ਦੇ ਸਫ਼ੇ ਪਲਟਣ ਲੱਗੇ | ਉਸ ਦੇ ਵਿਆਹ ਤੋਂ ਕੋਈ 6 ਕੁ ਮਹੀਨਿਆਂ ਬਾਅਦ ਹੀ ਉਸ ਦੇ ਸਹੁਰੇ ਘਰ ਦਾ ਮਾਹੌਲ ਤਣਾਅ ਭਰਿਆ ਰਹਿਣ ਲੱਗਾ ਸੀ | ਇਸ ਦਾ ਕਾਰਨ ਸੀ ਕਿ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਕਿਵੇਂ ਨਾ ਕਿਵੇਂ ਉਹ ਦੋਵੇਂ ਵਿਦੇਸ਼ ਚਲੇ ਜਾਣ | ਉਨ੍ਹਾਂ ਨੇ ਹਰ ਸੰਭਵ-ਅਸੰਭਵ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਕੋਈ ਵੀ ਦਲੀਲ ਬੱਤਖ ਦੇ ਖੰਭਾਂ 'ਤੇ ਪਈ ਪਾਣੀ ਦੀ ਬੂੰਦ ਵਾਂਗ ਨਹੀਂ ਅਟਕ ਰਹੀ ਤਾਂ ਕਲੇਸ਼ ਹੋਰ ਵੱਧ ਗਿਆ | ਪੰਮੀ ਨੇ ਖਾਣਾ-ਪੀਣਾ, ਤਿਆਰ ਹੋਣਾ ਛੱਡ ਦਿੱਤਾ | ਇਸ ਗੱਲ ਤੋਂ ਸੱਸ-ਸਹੁਰਾ ਦੁਖੀ, ਪਤੀ ਦੁਖੀ ਅਤੇ ਨਾਲੇ ਪੰਮੀ ਆਪ ਦੁਖੀ | ਘਰ ਵਿਚ ਕਿਸੇ ਨਾ ਕਿਸੇ ਗੱਲ 'ਤੇ ਲੜਾਈ ਹੁੰਦੀ ਰਹਿੰਦੀ, ਤਾਅਨੇ-ਮਿਹਣੇ ਹੁੰਦੇ ਰਹਿੰਦੇ |
ਕਦੇ-ਕਦੇ ਪੰਮੀ ਦੀ ਸੱਸ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ, ਉਸ ਦੀ ਪਸੰਦ ਦਾ ਖਾਣ-ਪਾਣ ਮੰਗਵਾ ਕੇ ਦਿੰਦੀ ਤਾਂ ਪੰਮੀ ਨੂੰ ਆਪਣੀ ਦਾਦੀ ਸੱਸ ਦੀਆਂ ਗੱਲਾਂ ਯਾਦ ਆ ਜਾਂਦੀਆਂ | ਉਹ ਕਹਿੰਦੀ ਹੁੰਦੀ ਸੀ, 'ਤੇਰੀ ਸੱਸ ਮੂੰਹ ਦੀ ਮਿੱਠੀ ਹੈ ਪਰ ਦਿਲ ਦੀ ਬਹੁਤ ਖੋਟੀ ਹੈ, ਦਿਖਾਵੇ ਕਰਨੇ ਤਾਂ ਕੋਈ ਇਸ ਤੋਂ ਸਿੱਖੇ | ਉਹੋ ਜਿਹਾ ਹੀ ਪੁੱਤ ਹੈ |' ਉਹ ਟੱਸ ਤੋਂ ਮੱਸ ਨਾ ਹੁੰਦੀ | ਫੇਰ ਉਸ ਨੂੰ ਯਾਦ ਆਇਆ ਉਹ ਦਿਨ ਜਿਸ ਦਿਨ ਉਸ ਦਾ ਪਤੀ ਦਫ਼ਤਰੋਂ ਜਲਦੀ ਆ ਗਿਆ ਸੀ, ਕਿੰਨਾ ਉਦਾਸ ਸੀ ਉਹ ਭਰੀਆਂ ਅੱਖਾਂ ਨਾਲ ਤਰਲੇ ਭਰੀ ਆਵਾਜ਼ 'ਚ ਬੋਲਿਆ ਸੀ, 'ਪੰਮਾ ਮੈਂ ਤੈਨੂੰ ਖੁਸ਼ ਵੇਖਣਾ ਚਾਹੁੰਦਾ ਹਾਂ, ਸਾਲ ਭਰ ਹੋ ਗਿਆ ਵਿਆਹ ਨੂੰ ਛੱਡ ਇਹ ਕਲੇਸ਼-ਝਗੜੇ, ਜੇ ਤੂੰ ਕਹੇਂ ਤਾਂ ਆਪਾਂ ਅੱਡ ਰਹਿਣਾ ਸ਼ੁਰੂ ਕਰ ਦਿੰਦੇ ਹਾਂ....ਇੱਥੇ ਨਹੀਂ ਤਾਂ ਕਿਸੇ ਹੋਰ ਸ਼ਹਿਰ ਵਿਚ.... |' 'ਪਰ ਰਹਿਣਾ ਇੰਡੀਆ ਵਿਚ ਹੀ ਹੈ' ਉਸ ਨੇ ਵਿਅੰਗ ਕੀਤਾ ਸੀ | ਇਸ 'ਤੇ ਕਿੰਨਾ ਭੜਕਿਆ ਸੀ ਉਸ ਦਾ ਪਤੀ ਅਤੇ ਗੁੱਸੇ 'ਚ ਅੱਗ ਬਗੋਲਾ ਹੋ ਕੇ ਬੋਲਿਆ ਸੀ, 'ਹਾਂ-ਹਾਂ ਮੈਂ ਇੰਡੀਆ ਵਿਚ ਹੀ ਰਹਾਂਗਾ ਅਤੇ ਇੰਡੀਆ ਵਿਚ ਹੀ ਮਰਾਂਗਾ...... ਕੀ ਕਮੀ ਹੈ ਇੱਥੇ ? ਮੇਰੀ ਨੌਕਰੀ ਹੈ, ਜ਼ਮੀਨ-ਜਾਇਦਾਦ ਹੈ, ਮਾਂ-ਪਿਓ ਕਮਾਉਂਦੇ ਹਨ...ਤੂੰ ਵੀ ਲੱਗ ਸਕਦੀ ਏ.....ਹੋਰ ਤੈਨੂੰ ਕੀ ਚਾਹੀਦਾ ਹੈ ?.....ਬਹੁਤ ਹੋ ਗਿਆ ਬਸ....ਅੱਜ ਤੋਂ ਬਾਅਦ ਮੈਂ ਤੈਨੂੰ ਕੁਝ ਨਹੀਂ ਕਹਿਣਾ.....ਸਮਝੀ ਤੂੰ.... | ਹਮੇਸ਼ਾ ਦੀ ਤਰ੍ਹਾਂ ਪੰਮੀ ਨੇ ਸਾਰੀ ਗੱਲ ਫੋਨ 'ਤੇ ਆਪਣੇ ਮਾਂ-ਪਿਓ ਨੂੰ ਦੱਸ ਦਿੱਤੀ, ਦੋ ਕੁ ਦਿਨਾਂ ਬਾਅਦ ਉਹ ਆਏ ਅਤੇ ਸੌ ਉਲਾਂਭੇ ਦੇ ਕੇ ਪੰਮੀ ਨੂੰ ਆਪਣੇ ਨਾਲ ਲੈ ਕੇ ਚਲੇ ਗਏ |
ਪਿਛਲੇ ਸਾਲ ਵਿਚ ਪੰਮੀ ਨੂੰ ਕੈਨੇਡਾ ਭੇਜਣ ਲਈ ਫਾਇਲਾਂ ਤਿਆਰ ਕਰਵਾਈਆਂ ਗਈਆਂ, ਪਾਸਪੋਰਟ ਬਣਵਾਇਆ ਗਿਆ ਅਤੇ ਆਈਲੈਟਸ ਦਾ ਇਮਤਿਹਾਨ ਪਾਸ ਕਰਵਾਇਆ ਗਿਆ | ਪੰਮੀ ਦੇ ਸਹੁਰਿਆਂ ਵਲੋਂ ਕਈ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਗੱਲ ਕਰਨ ਆਏ ਪਰ ਉਸ ਦੇ ਮਾਂ-ਪਿਓ ਨੇ ਇਕ ਨਾ ਸੁਣੀ | ਫੇਰ ਇਕ ਦਿਨ ਉਸ ਦੀ ਸੱਸ ਅਤੇ ਉਸ ਦਾ ਪਤੀ ਆਏ ਤਾਂ ਵੀ ਉਨ੍ਹਾਂ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ | ਉਨਾਂ ਦੇ ਜਾਣ ਮਗਰੋਂ ਪੰਮੀ ਦਾ ਪਿਓ ਬਹੁਤ ਬੋਲਿਆ, 'ਮੈਂ ਤਾਂ ਦਹੇਜ ਦਾ ਕੇਸ ਕਰਕੇ ਮਾਂ-ਪੁੱਤ ਨੂੰ ਜੇਲ੍ਹ ਕਰਵਾ ਦਿੰਦਾ ਪਰ ਤੇਰੇ ਬਾਹਰ ਜਾਣ ਵਿਚ ਅੜਿੱਕਾ ਲਗਦੈ.....ਹੁਣ ਵੀ 25 ਲੱਖ ਲੈ ਕੇ ਖਹਿੜਾ ਛੱਡਾਂਗੇ....ਭੁੱਖੀ ਮਾਰਤੀ ਸਾਡੀ ਕੁੜੀ....ਨਾ ਕੋਈ ਸੁੱਖ ਨਾ ਆਰਾਮ....ਗੋਲ਼ੀ ਬਣਾ ਕੇ ਰੱਖੀ ਸੀ ਵਿਚਾਰੀ.... |'
ਪੰਮੀ ਸੋਚ ਰਹੀ ਸੀ ਕਿ ਉਹ ਪੇਕੇ ਘਰ ਕਿੰਨਾ ਕੰਮ ਕਰਦੀ ਹੈ, ਘਰ ਦੀ ਸਾਫ਼-ਸਫ਼ਾਈ, ਝਾੜੂ-ਪੋਚਾ ਸਾਰਾ ਉਸ ਦੇ ਜਿੰਮੇ ਹੀ ਹੈ, ਭਤੀਜੇ ਨੂੰ ਤਿਆਰ ਕਰਕੇ ਸਕੂਲ ਭੇਜਣਾ, ਕੱਪੜੇ ਸੰਭਾਲਣੇ ਅਤੇ ਪ੍ਰੈਸ ਕਰਨੇ ਆਦਿ ਜੇ ਕਿਸੇ ਦਿਨ ਉਹ ਕੰਮ ਨਾ ਕਰਦੀ ਤਾਂ ਉਸ ਦੀ ਭਾਬੀ ਸਿਰ ਬੰਨ੍ਹ ਕੇ ਪੈ ਜਾਂਦੀ, ਉਸ ਦਾ ਭਰਾ ਕਿਵੇਂ ਖਿੱਝ ਕੇ ਉਸ ਨੂੰ ਅਵਾਜ਼ਾਂ ਮਾਰ ਕੇ ਕਹਿੰਦਾ, 'ਤੈਨੂੰ ਪਤਾ ਨਹੀਂ ਲਗਦਾ ਤੇਰੀ ਭਾਬੀ ਦਾ ਸਿਰ ਦੁਖਦਾ ਹੈ....ਤੇ ਨਾਲ ਹੀ ਉਹ ਕਈ ਕੰਮ ਗਿਣਵਾ ਦਿੰਦਾ |' ਕਈ ਵਾਰ ਮਾਂ ਕਹਿੰਦੀ , 'ਤੇਰੇ ਪਿਓ ਨੇ ਇਹ ਸਬਜ਼ੀ ਨਹੀਂ ਖਾਣੀ....ਨਾਲ ਕੁਝ ਹੋਰ ਬਣਾ ਦੇਵੀਂ |' ਛੋਟਾ ਭਰਾ ਜਿਸ ਨੂੰ ਸੈੱਟ ਕਰਨ ਲਈ ਉਹ ਕੈਨੇਡਾ ਜਾ ਰਹੀ ਸੀ, ਸਾਰਾ ਦਿਨ ਵਿਹਲਾ ਆਵਾਰਾ ਫਿਰਦਾ ਰਹਿੰਦੈ ....ਘਰ ਸਾਰਿਆਂ 'ਤੇ ਰੋਹਬ ਮਾਰਦੈ.... ਬੁਲਾਇਆ ਨਹੀਂ ਸੀ ਬੋਲਦਾ | ਇਕ ਦਿਨ ਉਸ ਦੀ ਮਾਂ ਨੇ ਕਿਵੇਂ ਸਾਜਰੇ ਉਸ ਨੂੰ ਝੰਜੋੜ ਕੇ ਉਠਾ ਕੇ ਕਿਹਾ ਸੀ, 'ਨੀ ਪੰਮੀ! ਉਠ ਤੇਰੇ ਪਿਓ ਨੇ ਜਾਣਾ ਹੈ, ਕੱਪੜੇ ਪ੍ਰੈੱਸ ਕਰਦੇ...ਉਹ ਤਾਂ ਗਾਲ੍ਹਾਂ ਕੱਢੀ ਜਾਂਦਾ ਹੈ....' ਪੰਮੀ ਦੇ ਕੰਨਾਂ ਵਿਚ ਉਸ ਦੇ ਪਿਓ ਦੀ ਆਵਾਜ਼ ਪੈ ਰਹੀ ਸੀ, 'ਇੱਥੇ ਕੰਮ ਕਰਦਿਆਂ ਦੇ ਤਾਂ ਹੱਥ ਟੁੱਟਦੇ ਐ, ਖਾਣ ਨੂੰ ਸਾਰਿਆਂ ਨੂੰ ਚਾਹੀਦਾ |'
ਪੰਮੀ ਦੇ ਮਾਮਾ-ਮਾਮੀ ਕੈਨੇਡਾ ਰਹਿੰਦੇ ਸਨ | ਉਨ੍ਹਾਂ ਨਾਲ ਫੋਨ 'ਤੇ ਅਕਸਰ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਸਨ | ਪਰਸੋਂ ਉਸ ਦੀ ਮਾਂ ਮਾਮੀ ਨਾਲ ਗੱਲ ਕਰ ਰਹੀ ਸੀ, 'ਕੋਈ ਗੱਲ ਨੀ ਜੇ ਚਾਲੀ-ਪੰਤਾਲੀ ਸਾਲ ਦਾ ਹੈ, ਦੋ ਮੁੰਡੇ ਹਨ ਤਾਂ ਕੀ ਹੋਇਆ....ਆਪਾਂ ਨੂੰ ਤਾਂ ਇਕ ਵਾਰੀ ਇਹੀ ਹੈ ਕਿ ਕਿਵੇਂ ਨਾ ਕਿਵੇਂ ਪੰਮੀ ਕੈਨੇਡਾ ਪਹੁੰਚ ਜਾਵੇ |' ਇਹ ਗੱਲ ਪੰਮੀ ਦੇ ਪੁੱਛਣ 'ਤੇ ਉਸ ਦੀ ਮਾਂ ਨੇ ਇਸ ਨੂੰ ਇਕ ਆਮ ਜਿਹੀ ਗੱਲ ਬਣਾ ਕੇ ਕਿਹਾ ਸੀ, 'ਇਹ ਤਾਂ ਧੀਏ ਸਾਰੀਆਂ ਕਾਗਜ਼ੀ ਗੱਲਾਂ ਨੇ, ਨਾਲੇ ਤੇਰੀ ਉਮਰ ਹੀ ਕੀ ਹੈ , ਆ ਦੋ-ਤਿੰਨ ਸਾਲਾਂ ਨੂੰ ਤਲਾਕ ਦੇ ਦਿਆਂਗੇ...ਫੇਰ ਦੇਖੀਂ ਇੰਡੀਆ ਤੋਂ ਕਿਵੇਂ ਪੱਚੀ-ਪੱਚੀ ਕਿੱਲਿਆਂ ਵਾਲਿਆਂ ਦੇ ਰਿਸ਼ਤੇ ਤੇਰੇ ਪੈਰੀਂ ਡਿੱਗਣਗੇ |'
ਪੰਮੀ ਦੀ ਛਾਤੀ 'ਚ ਦੋ ਸਾਲਾਂ ਦਾ ਦੱਬਿਆ ਲਾਵਾ ਫੁੱਟ ਪਿਆ ਤੇ ਸਮੁੰਦਰ ਦੀਆਂ ਛੱਲਾਂ ਬਣ ਕੇ ਅੱਖਾਂ ਰਾਹੀਂ ਵਹਿ ਤੁਰਿਆ, ਕੋਈ ਛੱਲ ਗੁੱਸੇ ਦੀ ਆਈ , ਕੋਈ ਪਛਤਾਵੇ ਦੀ , ਕੋਈ ਆਪਣੇਪਨ ਦੀ ਤੇ ਕੋਈ ਛੱਲ ਆਈ ਪਿਆਰ ਦੀ | ਸਾਰੀ ਰਾਤ ਦਰਦ ਦਾ ਸੈਲਾਬ ਅੱਖਾਂ ਰਾਹੀਂ ਵਹਿੰਦਾ ਰਿਹਾ ਤੇ ਸਿਰਾਹਣਾ ਗੱਚ ਹੋਈ ਗਿਆ | ਤੂਫਾਨ ਆਉਣ ਤੋਂ ਬਾਅਦ ਜਿਵੇਂ ਸਮੁੰਦਰ ਸ਼ਾਂਤ ਹੋ ਜਾਂਦਾ ਹੈ, ਪੰਮੀ ਵੀ ਸਵੇਰੇ ਸ਼ਾਂਤ ਚਿੱਤ ਉੱਠੀ | ਉਸ ਨੇ ਆਪਣਾ ਮੋਬਾਈਲ ਚੁੱਕਿਆ, ਫੇਰ ਉਸ ਨੂੰ ਯਾਦ ਆਇਆ ਕਿ ਉਸ ਨੇ ਤਾਂ ਆਪਣੇ ਪਤੀ ਦਾ ਨੰਬਰ ਹੀ ਡਲੀਟ ਕਰ ਦਿੱਤਾ ਸੀ.....ਅਗਲੇ ਹੀ ਪਲ਼ ਉਸ ਦੇ ਬੁੱਲਾਂ 'ਤੇ ਨਿੰਮਾ ਜਿਹਾ ਹਾਸਾ ਆ ਗਿਆ..... ਸ਼ਾਇਦ ਇਹ ਸੋਚ ਕੇ ਕਿ ਇਕ ਇਹੀ ਤਾਂ ਨੰਬਰ ਹੈ ਜੋ ਦਿਲ ਅਤੇ ਦਿਮਾਗ ਤੋਂ ਡਲੀਟ ਨਹੀਂ ਸੀ ਹੋਇਆ.... |

-ਗਿੱਦੜਬਾਹਾ,
ਮੋਬਾਈਲ: 82888-42066.

ਨਹਿਲੇ 'ਤੇ ਦਹਿਲਾ ਮੌਲਾਨਾ ਝੂਠ ਨਹੀਂ ਬੋਲ ਰਹੇ

ਜਨਾਬ ਅਨਵਰ ਸਾਬਰੀ ਸਾਹਬ ਬਹੁਤ ਅੱਛੇ ਸ਼ਾਇਰ ਸਨ | ਉਨ੍ਹਾਂ ਦੀ ਸ਼ਾਇਰੀ ਸੁਣ ਕੇ ਸਰੋਤੇ ਦੇਰ ਤੱਕ ਵਾਹ-ਵਾਹ ਕਰ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕਰਦੇ ਰਹਿੰਦੇ ਸਨ | ਉਨ੍ਹਾਂ ਦੀ ਇਸ਼ਕੀਆ ਸ਼ਾਇਰੀ ਨੌਜਵਾਨਾਂ ਲਈ ਖ਼ਾਸ ਤੌਰ 'ਤੇ ਪ੍ਰੇਰਨਾਦਾਇਕ ਹੁੰਦੀ ਸੀ | ਬੇਸ਼ੱਕ ਉਹ ਇਕ ਚੰਗੇ ਸ਼ਾਇਰ ਸਨ ਪਰ ਝੂਠ ਬੋਲਣਾ, ਆਪਣੇ-ਆਪ ਨੂੰ ਵੱਡੇ ਖਾਨਦਾਨ ਦਾ ਮੈਂਬਰ ਹੋਣਾ ਦੱਸ ਕੇ ਆਪਣੇ-ਆਪ ਨੂੰ ਵੱਡਾ ਸਾਬਤ ਕਰਨਾ ਉਨ੍ਹਾਂ ਦੀ ਆਦਤ ਸੀ | ਇਸ ਲਈ ਉਹ ਵੱਡੇ ਤੋਂ ਵੱਡਾ ਝੂਠ ਬੋਲ ਦਿੰਦੇ ਸਨ |
ਇਕ ਵਾਰੀ ਉਹ ਆਪਣੇ ਦੋਸਤਾਂ ਨਾਲ ਇਕ ਗੱਡੀ ਵਿਚ ਅਲੀਗੜ੍ਹ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਇਕ ਕਬਰਸਤਾਨ ਆ ਗਿਆ | ਉਨ੍ਹਾਂ ਨੇ ਇਕ ਕਬਰ ਨੂੰ ਸਲਾਮ ਕਰਦੇ ਹੋਏ ਵਾ ਅਲੈਕਮ ਸਲਾਮ ਆਖਿਆ | ਉਨ੍ਹਾਂ ਦੇ ਨਾਲ ਬੈਠੇ ਇਕ ਦੋਸਤ ਨੇ ਪੁੱਛਿਆ, 'ਤੁਸੀਂ ਕਿਸ ਦੇ ਸਲਾਮ ਦੇ ਜਵਾਬ ਵਿਚ ਵਾਅਲੈਕਮ ਸਲਾਮ ਆਖਿਆ?'
ਜਨਾਬ ਅਨਵਰ ਸਾਬਰੀ ਨੇ ਕਿਹਾ, 'ਸਾਡੇ ਪੁਰਖਿਆਂ ਵਿਚੋਂ ਕੋਈ ਇਸ ਕਬਰ ਵਿਚ ਦਫ਼ਨ ਹੈ | ਇਸ ਲਈ ਆਪਣੇ ਮਹਾਨ ਬਜ਼ੁਰਗਾਂ ਨੂੰ ਸਲਾਮ ਕੀਤਾ |' ਦਿੱਲੀ ਪਹੁੰਚਣ 'ਤੇ ਗੱਡੀ ਵਿਚ ਸਫ਼ਰ ਕਰ ਰਹੇ ਦੋਸਤਾਂ ਨੇ ਜਨਾਬ ਗੋਪਾਲ ਮਿੱਤਲ ਸਾਹਬ ਨੂੰ ਕਿਹਾ, 'ਵੇਖੋ ਅਨਵਰ ਸਾਬਰੀ ਸਾਹਬ ਕਿੰਨਾ ਝੂਠ ਬੋਲਦੇ ਹਨ | ਜਿਹੜੀ ਕਬਰ ਨੂੰ ਉਹ ਆਪਣੇ ਬਜ਼ੁਰਗ ਦੀ ਕਬਰ ਦੱਸਦੇ ਹਨ ਉਹ ਕਬਰ ਤਾਂ ਇਕ ਅੰਗਰੇਜ਼ ਅਫ਼ਸਰ ਦੇ ਪਾਲਤੂ ਕੁੱਤੇ ਦੀ ਕਬਰ ਹੈ |'
ਇਹ ਸੁਣ ਕੇ ਜਨਾਬ ਗੋਪਾਲ ਮਿੱਤਲ ਨੇ ਕਿਹਾ, 'ਤੁਸੀਂ ਜੋ ਦੱਸ ਰਹੇ ਹੋ ਉਹ ਬਿਲਕੁਲ ਠੀਕ ਹੈ, ਬਿਲਕੁਲ ਸੱਚ ਹੈ ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਾਬਰੀ ਸਾਹਬ ਝੂਠ ਬੋਲ ਰਹੇ ਨੇ | ਉਹ ਝੂਠ ਨਹੀਂ ਬੋਲ ਰਹੇ ਆਪਣੇ ਪੁਰਖੇ ਬਾਰੇ ਸੱਚ ਹੀ ਦੱਸ ਰਹੇ ਨੇ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

...ਤਾਂ ਮੁਮਕਿਨ ਹੈ


ਮੇਰੇ ਘਰ ਇਕ ਛੋਟੀ ਜਿਹੀ ਪੇਂਟਿੰਗ ਲੱਗੀ ਹੋਈ ਹੈ, ਜਿਸ 'ਚ ਇਕ ਪੰਜਾਬਣ ਮੁਟਿਆਰ, ਪਰੰਪਰਾਗਤ ਚਰਖਾ ਕੱਤ ਰਹੀ ਹੈ, ਉਹਦੇ ਨੇੜੇ ਰੰੂ ਦੀਆਂ ਪੂਣੀਆਂ ਦੀ ਟੋਕਰੀ ਭਰੀ ਪਈ ਹੈ, ਕਿੰਨਾ ਸ਼ਾਨਦਾਰ ਪੋਜ਼ ਹੈ, ਉਸ ਦਾ | ਇਕ ਹੱਥ ਨਾਲ ਚਰਖਾ ਘੰੁਮਾ ਰਹੀ ਹੈ, ਦੂਜੇ ਨਾਲ ਤੱਕਲੇ ਤੋਂ ਸੂਤ ਦੀ ਤੰਦ ਖਿੱਚ ਰਹੀ ਹੈ | ਕਿੰਨਾ ਪੁਰਾਣਾ ਗੀਤ ਹੈ, ਜਿਹੜਾ ਸੂਤ ਕੱਤਦੀ ਦਾ ਇਹ ਦਿ੍ਸ਼ ਸਾਕਾਰ ਕਰ ਰਿਹਾ ਹੈ |
ਕੱਤਿਆ ਕਰੰੂ ਤੇਰਾ ਰੰੂ,
ਮੈਂ ਦਿਨੇ-ਰਾਤ ਕੱਤਿਆ ਕਰੰੂ... |
ਪਹਿਲਾਂ ਇਹ ਚਰਖਾ ਪੰਜਾਬੀ ਕੁੜੀਆਂ ਤੇ ਔਰਤਾਂ ਹੀ ਕੱਤਿਆ ਕਰਦੀਆਂ ਸਨ, ਕੋਈ ਐਸੀ ਮਿਸਾਲ ਨਹੀਂ ਹੈ ਕਿ ਇਹੋ ਰਾਂਗਲਾ ਚਰਖਾ, ਕੋਈ ਜਵਾਨ ਪੰਜਾਬੀ ਮੰੁਡੇ ਜਾਂ ਮਰਦ ਨੇ ਕੱਤਿਆ ਹੋਵੇ |
ਭਾਰਤ 'ਚ ਇਕੋ ਇਕ ਮਿਸਾਲ ਹੈ ਕਿ ਗੁਜਰਾਤ 'ਚ ਮਹਾਤਮਾ ਗਾਂਧੀ ਨੇ ਆਪਣੇ ਗੁਜਰਾਤੀ ਸਟਾਈਲ ਦਾ ਚਰਖਾ ਕੱਤਿਆ ਹੈ (ਕੱਤਿਆ ਉਹ ਵੀ ਰੰੂ ਹੀ ਕਰਦੇ ਸਨ, ਪਰ ਪੂਣੀ ਕੱਤਦਿਆਂ ਉਹ ਕੋਈ ਗੁਜਰਾਤੀ ਗੀਤ ਵੀ ਨਾਲ-ਨਾਲ ਗਾਉਂਦੇ ਸਨ, ਪਤਾ ਨਹੀਂ, ਸ਼ਾਇਦ ਇਹ ਗਾਉਂਦੇ ਹੋਣ-ਵੈਸ਼ਨਵ ਜਨ, ਤੇਤੇ ਹੀ ਕਹੀਏ, ਜੋ ਪੀੜ ਪਰਾਈ ਜਾਣੇ ਰੇ... |'
ਅੰਮਿ੍ਤਾ ਪ੍ਰੀਤਮ ਨੇ ਚਰਖੇ ਦੀ ਘੂਕਰ ਦਾ ਇਉਂ ਲਿਖ ਕੇ ਅੰਤ ਕਰ ਦਿੱਤਾ...
ਭਲਾ ਹੋਇਆ ਮੇਰਾ ਚਰਖਾ ਟੁੱਟਾ,
ਜਿੰਦ ਅਜਾਬੋਂ ਛੁੱਟੀ |
ਪੰਜਾਬੋਂ, ਪੰਜਾਬਣ ਸੁਆਣੀਆਂ ਦੀ ਜਿੰਦ ਇਸ ਅਜ਼ਾਬੋਂ ਛੁੱਟੀ ਹੈ, ਪਰ ਇਕ ਚਰਖਾ, ਪੰਡਿਤ ਨਹਿਰੂ ਜੀ, ਐਸਾ ਅਜ਼ਾਬ ਵਾਲਾ ਛੱਡ ਗਏ ਹਨ, ਜਿਹੜਾ ਕਲੇਸ਼ ਵਾਲੀਆਂ ਪੂਣੀਆਂ ਦਿਨੇ ਰਾਤੀਂ ਕੱਤਦਿਆਂ-ਕੱਤਦਿਆਂ ਸਾਰੇ ਭਾਰਤੀ ਜਨ ਤੇ ਜੰਮੂ-ਕਸ਼ਮੀਰ ਦੇ ਲੋਕੀਂ 70 ਸਾਲਾਂ ਤੋਂ ਤੰਗ ਆ ਚੁੱਕੇ ਹਨ... 'ਮਸਲਾ ਕਸ਼ਮੀਰ |'
ਮੋਦੀ ਵੀ, ਗਾਂਧੀ ਵਾਲਾ ਚਰਖਾ ਤਾਂ ਚਲਾ ਚੁੱਕਾ ਹੈ, ਚਲਾਉਂਦਾ ਵੀ ਹੈ, ਕਾਂਗਰਸੀ ਤਾਂ ਕੱਤ-ਕੱਤ ਨਿਹਾਲ ਹੋਏ ਪਰ ਕਸ਼ਮੀਰੀ ਪੂਣੀਆਂ ਧਾਰਾ 35-ਏ ਤੇ 370, ਕਦੇ ਤਕਲਾ ਤੋੜ ਦਿੰਦੀਆਂ, ਕਦੇ ਚਰਖਾ ਚੱਲਣੋਂ ਬੰਦ ਹੋ ਜਾਂਦਾ | ਚਰਖੇ ਦੀ ਘੂਕਰ ਨਹੀਂ, ਲੋਕਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ, ਕਿੰਨੀਆਂ ਮੌਤਾਂ ਸ਼ਹਿਰੀਆਂ ਦੀਆਂ ਸ਼ਹਾਦਤ ਦੇਣ ਵਾਲੇ ਫ਼ੌਜੀਆਂ ਦੀਆਂ... |
ਜਦ ਪਾਕਿਸਤਾਨ ਬਣਿਆ ਸੀ ਤਾਂ ਉਸ ਸਮੇਂ ਦੇ ਉਸਤਾਦ ਕਵੀ ਨੇ ਭਾਰਤ ਫੇਰੀ 'ਤੇ ਇਹ ਸੱਚਾਈ ਬਿਆਨ ਕਰਕੇ, ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਜਨਤਾ ਨੂੰ ਸੰਦੇਸ਼ ਦਿੱਤਾ ਸੀ...
ਮੋਏ ਅਸੀਂ ਵੀ ਹਾਂ
ਮੋਏ ਤੁਸੀਂ ਵੀ ਹੋ
ਰੋਏ ਅਸੀਂ ਵੀ ਹਾਂ,
ਰੋਏ ਤੁਸੀਂ ਵੀ ਹੋ |
ਮੈਨੂੰ ਯਾਦ ਹੈ, ਕਈ ਸਾਲ ਪਹਿਲਾਂ ਮੈਂ 'ਕੌਮੀ ਦਰਦ' ਪੰਜਾਬੀ ਅਖ਼ਬਾਰ 'ਚ ਇਹੋ ਹੀ ਕਾਲਮ ਆਤਿਸ਼ਬਾਜ਼ੀ ਲਿਖਿਆ ਕਰਦਾ ਸਾਂ-ਉਸ ਵੇਲੇ ਵੀ ਪਾਕਿਸਤਾਨ ਨੇ ਕਸ਼ਮੀਰ ਵਾਲਾ ਪੰਗਾ ਪਾਇਆ ਹੋਇਆ ਸੀ | ਪਾਕਿਸਤਾਨ ਦੀ ਇਕੋ-ਇਕ ਮੰਗ ਸੀ ਪਈ-ਕਸ਼ਮੀਰ ਦਾ ਮਸਲਾ ਹੱਲ ਕਰਨਾ, ਦੋਵਾਂ ਦੇਸ਼ਾਂ ਦੇ ਰਿਸ਼ਤੇ ਮੁੜ ਦੋਸਤਾਨਾ ਕਰਨ ਹਿਤ ਬਹੁਤ ਜ਼ਰੂਰੀ ਹੈ, ਉਸ ਸਮੇਂ ਦਿੱਲੀ ਸਰਕਾਰ 'ਤੇ ਅਕਾਲੀ ਦਲ ਵਿਚਾਲੇ ਚੰਡੀਗੜ੍ਹ ਵਾਲੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਚੱਲ ਰਹੀ ਸੀ, ਸੰਤ ਫਤਹਿ ਸਿੰਘ ਜਦ ਦਿੱਲੀ ਪੁੱਜੇ ਤਾਂ ਸੰਤ ਫਤਹਿ ਸਿੰਘ ਨੇ ਕਸ਼ਮੀਰ ਦਾ ਮਸਲਾ ਹੱਲ ਕਰਨ ਲਈ ਇਕ ਠੋਸ ਫਾਰਮੂਲਾ ਤਤਕਾਲੀ ਪ੍ਰਧਾਨ ਮੰਤਰੀ ਨੂੰ ਸੁਝਾਇਆ ਸੀ |
ਪਰ ਪ੍ਰਾਈਮ ਮਨਿਸਟਰ ਨੇ 35-ਏ ਤੇ ਸੰਵਿਧਾਨ ਦੀ ਧਾਰਾ 370 ਵਾਲੀ ਮਜਬੂਰੀ ਦੱਸਦਿਆਂ ਕਿਹਾ ਸੀ, ਮੁਮਕਿਨ ਨਹੀਂ ਹੈ, ਕਿਉਂਕਿ ਇਨ੍ਹਾਂ ਧਾਰਾਵਾਂ ਅਨੁਸਾਰ ਸਿਵਾਏ ਕਸ਼ਮੀਰ ਦੇ ਲੋਕਲ ਵਾਸੀਆਂ ਤੋਂ ਸਿਵਾ ਕੋਈ ਵੀ ਹੋਰ ਭਾਰਤੀ ਕੋਈ ਵੀ ਇਥੇ ਵਸ ਨਹੀਂ ਸਕਦਾ | ਮਜਬੂਰੀ ਦਾ ਨਾਂਅ ਸ਼ੁਕਰੀਆ | ਹੋਰ ਤਾਂ ਹੋਰ ਜੇਕਰ ਕਸ਼ਮੀਰੀ ਬਸ਼ਿੰਦੇ ਨੇ ਕਸ਼ਮੀਰ ਤੋਂ ਬਾਹਰ ਵਿਆਹ ਕਰ ਲਿਆ ਤਾਂ ਖਾਸ ਕਰਕੇ ਕਸ਼ਮੀਰੀ ਕੁੜੀਆਂ ਨੇ ਤਾਂ ਉਹ ਵੀ ਆਪਣੇ ਕਸ਼ਮੀਰ 'ਚ ਜ਼ਮੀਨ-ਜਾਇਦਾਦ ਨਹੀਂ ਖਰੀਦ ਸਕਦੀਆਂ ਹਾਂ, ਜੇਕਰ ਕਿਸੇ ਕਸ਼ਮੀਰੀ ਨੇ ਕਸ਼ਮੀਰ ਤੋਂ ਬਾਹਰ ਸ਼ਾਦੀ-ਵਿਆਹ ਰਚਾ ਲਿਆ ਤਾਂ ਉਸ ਨੂੰ ਤੇ ਉਸ ਦੀ ਔਲਾਦ ਨੂੰ ਜ਼ਮੀਨਾਂ ਖਰੀਦਣ ਦਾ ਹੱਕ ਪ੍ਰਾਪਤ ਹੈ |
ਉਧਰ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕਬਜ਼ੇ 'ਚ ਹੈ, ਉਸੇ ਸਾਰੇ ਹਿੱਸੇ 'ਚ ਪਾਕਿਸਤਾਨ ਨੇ ਆਪਣੇ ਸਾਰੇ ਪੰਜਾਬੀ ਉੱਚ-ਅਧਿਕਾਰੀ ਵਸਾ ਰੱਖੇ ਹਨ | ਵਿਚਾਰੇ ਕਸ਼ਮੀਰੀ ਬਸ, ਉਨ੍ਹਾਂ ਦੇ ਗੁਲਾਮ ਹਨ, ਗਰੀਬੀ 'ਚ ਜਿਉਂ ਰਹੇ ਹਨ | ਇਧਰ ਭਾਰਤੀਆਂ ਨੇ ਵੀ ਖਾਸ ਸੁਣਾ ਦਿੱਤਾ ਹੈ, ਪਾਕਿਸਤਾਨ ਨੂੰ :
'ਦੂਧ ਮਾਂਗੋਗੇ ਤੋ ਖੀਰ ਦਿਆਂਗੇ,
ਕਸ਼ਮੀਰ ਮਾਂਗੋਗੇ ਤਾਂ ਚੀਰ ਦਿਆਂਗੇ |
ਬੜਾ ਪੈਸਾ ਭੇਜਿਆ ਹੈ, ਕਸ਼ਮੀਰੀ ਲੋਕਾਂ ਨੂੰ , ਪਰ ਉਥੇ ਦੇ ਕਹਿੰਦੇ-ਕਹਾਉਂਦੇ ਲੀਡਰਾਂ ਨੇ ਲੁੱਟ-ਲੁੱਟ ਆਪਣੇ ਆਲੀਸ਼ਾਨ ਘਰ ਬਣਾ ਲਏ ਹਨ, ਗ਼ਰੀਬਾਂ ਨੂੰ ਕੌਡੀ ਵੀ ਨਹੀਂ ਬਖ਼ਸ਼ੀ, ਮੂਲ ਨਿਵਾਸੀਆਂ 'ਚ |
ਉਹ ਉਸੇ ਗਰੀਬੀ 'ਚ ਦਿਨ ਕੱਟ ਰਹੇ ਹਨ, ਕਈ ਪਿੰਡਾਂ 'ਚ ਤਾਂ ਅਜੇ ਤਾੲੀਂ ਬਿਜਲੀ ਵੀ ਨਹੀਂ ਪਹੁੰਚੀ |
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ... ਮੋਦੀ ਅਚਿੰਤੇ ਹੀ ਬਾਜ਼ ਬਣ ਕੇ ਇਨ੍ਹਾਂ ਮੁਫ਼ਤਖੋਰਾਂ 'ਤੇ ਟੁੱਟ ਪਿਆ ਐਸ ਵੇਲੇ ਕਸ਼ਮੀਰ ਦੇ ਬਹੁਤੇ ਨੇਤਾ ਸਭੇ ਪੁਲਿਸ ਹਿਰਾਸਤ 'ਚ ਹਨ | ਹੁਰੀਅਤ ਨੇਤਾ ਦੀ ਪੁਛ ਹੀ ਨਹੀਂ ਰਹੀ | ਮਹਿਬੂਬਾ ਮੁਫ਼ਤੀ ਤੇ ਵੀ ਘੁਟਾਲਾ ਕਰਨ ਦੇ ਦੋਸ਼ 'ਚ ਸੀ.ਬੀ.ਆਈ. ਤੇ ਈ.ਡੀ. ਵਲੋਂ ਨੋਟਿਸ ਜਾਰੀ ਹੋ ਚੁੱਕੇ ਹਨ |
ਨਰਿੰਦਰ ਭਾਈ ਮੋਦੀ ਨੇ ਆਪਣੇ ਪਲਾਨ ਦੀ ਧੰੂ ਨਹੀਂ ਕੱਢਣ ਦਿੱਤੀ | ਉਰੀ ਵਾਲੀ ਸਰਜੀਕਲ ਸਟ੍ਰਾਈਕ ਵੀ ਇਸੇ ਤਰ੍ਹਾਂ ਕੀਤੀ ਸੀ, ਬਾਲਾਕੋਟ ਤੇ ਹਵਾਈ ਹੱਲਾ ਏਦਾਂ ਹੀ ਗੁਪਤ ਰੱਖ ਕੇ ਕੀਤਾ ਸੀ, ਹੁਣ ਕਸ਼ਮੀਰ 'ਚ ਵੀ ਚੁੱਪ-ਚਾਪ ਨਕਸ਼ਾ ਹੀ ਬਦਲ ਦਿੱਤਾ | ਲੋਕਾਂ ਨੇ ਇਕ-ਦੂਜੇ ਨੂੰ ਪੁੱਛਿਆ ਸੀ, 'ਕੀ ਮੋਦੀ ਕਸ਼ਮੀਰ 'ਚੋਂ ਧਾਰਾ 370 ਤੇ 35-ਏ ਹਟਾ ਸਕਦਾ ਹੈ, ਇਕੋ ਜਵਾਬ ਨਹੀਂ, ਵਿਸ਼ਵਾਸ ਸੀ ਸਭਨਾਂ ਦਾ, 'ਮੋਦੀ ਹੈ ਤਾਂ ਮੁਮਕਿਨ ਹੈ |'





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX